ਪੁਸਤਕਾਲਾਧੁਰ ਇਜ਼ਲਾਸ

ਧੁਰ ਇਜ਼ਲਾਸ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

ਹਜ਼ਰਤ ਮੁਹੰਮਦ ਕਹੇ ਆ ਗਿਆ ਤਿੰਨ ਅੱਸੂ, ਅਸਲ ਪ੍ਰਭ ਦਾ ਹੁਕਮ ਜਣਾਈਆ। ਹੈਰਾਨ ਹੋ ਕੇ ਕਿਹਾ ਮਸੀਹ ਯਸੂ, ਯੇ ਅਲਫ਼ ਤੋਂ ਬਾਹਰ ਤਕਾਈਆ । ਮੂਸਾ ਕਹੇ ਕੀ ਖੇਲ ਦੱਸੂ, ਧੁਰ ਦਾ ਹੁਕਮ ਦ੍ਰਿੜਾਈਆ। ਤੇਈ ਅਵਤਾਰ ਕਹਿਣ ਕਿਸ ਦੁਵਾਰੇ ਵਸੂ, ਗ੍ਰਹਿ ਮੰਦਰ ਇਕ ਸੁਹਾਈਆ। ਗੁਰ ਦਸ ਕਹਿਣ ਕਿਹੜੀ ਰਚਨਾ ਰਚੂ, ਰਚਣਹਾਰਾ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਸੁਣੋ ਦੁਲਾਰੇ ਬੱਚੂ, ਸਭ ਨੂੰ ਦਿਆਂ ਸਮਝਾਈਆ। ਬਿਨ ਕਦਮਾਂ ਤੋਂ ਬ੍ਰਹਿਮੰਡ ਖੰਡ ਕੱਛੂ, ਕਸ਼ਮਕਸ਼ ਵੇਖੇ ਜਗਤ ਲੋਕਾਈਆ। ਕੁਛ ਵਾਸਤਾ ਪਾਇਆ ਰਾਮ ਅੱਗੇ ਲੱਛੂ, ਲਛਮਣ ਧਿਆਨ ਲਗਾਈਆ। ਬਲਰਾਮ ਕ੍ਰਿਸ਼ਨ ਨੂੰ ਕਿਹਾ ਕਲਜੁਗ ਕਿਸ ਬਿਧ ਨੱਠੂ, ਸਚ ਦੇਣਾ ਸਮਝਾਈਆ। ਮੂਸਾ ਕਹੇ ਹਾਏ ਸਭ ਦੀ ਜੜ੍ਹ ਪੱਟੂ, ਪੇੜ ਪੁਰਾਣਾ ਰਹਿਣ ਕੋਇ ਨਾ ਪਾਈਆ। ਈਸਾ ਕਹੇ ਕਿਸੇ ਨੂੰ ਰਹਿਣ ਨਹੀਂ ਦੇਣਾ ਭਾੜੇ ਦਾ ਟੱਟੂ, ਬੋਝ ਜਗਤ ਨਾ ਕੋਇ ਉਠਾਈਆ। ਮੁਹੰਮਦ ਕਹੇ ਕਿਹੜੀ ਦਿਸ਼ਾ ਨੱਠੂ, ਚੌਦਾਂ ਤਬਕ ਨਾ ਕੋਇ ਵਡਿਆਈਆ। ਸਤਿਗੁਰ ਸ਼ਬਦ ਕਹੇ ਸਭ ਨੂੰ ਭੁਆਵੇ ਵਾਂਗ ਲੱਟੂ, ਡੋਰੀ ਇਕੋ ਵਾਰ ਖਿਚਾਈਆ। ਨਾਨਕ ਕਿਹਾ ਕਿਸ ਦੇ ਨਾਲ ਹੱਸੂ, ਹਸਤੀ ਇਕ ਪਰਗਟਾਈਆ। ਗੋਬਿੰਦ ਕਿਹਾ ਆਪਣੀ ਧਾਰ ਨਾਲ ਵਸੂ, ਬਾਕੀ ਕਰੇ ਸਰਬ ਜੁਦਾਈਆ। ਮੁਹੰਮਦ ਕਿਹਾ ਕੀ ਕੁਛ ਖਾਊ ਪੀਊ ਛਕੂ, ਸ਼ਹਿਨਸ਼ਾਹ ਧੁਰਦਰਗਾਹੀਆ। ਈਸਾ ਕਹੇ ਤੋਬਾ ਸਭ ਦਾ ਬੰਨੂੰ ਮੱਕੂ, ਮੁਕੰਮਲ ਹੁਕਮ ਜਣਾਈਆ। ਮੂਸਾ ਕਹੇ ਕਿਹੜਾ ਨਾਮ ਰਟੂ, ਰੱਟਾ ਸਰਬ ਚੁਕਾਈਆ। ਤੇਈ ਅਵਤਾਰ ਕਹਿਣ ਸਭ ਦੀਆਂ ਡੋਰਾਂ ਕੱਟੂ, ਖੰਡਾ ਤੇਜ਼ ਧਾਰ ਚਮਕਾਈਆ। ਸਤਿਗੁਰ ਸ਼ਬਦ ਕਹੇ ਸਭ ਨੂੰ ਆਪਣੇ ਖ਼ਾਨੇ ਵਿਚ ਸੱਟੂ, ਸਿਰ ਸਕੇ ਨਾ ਕੋਇ ਉਠਾਈਆ। ਨਾਨਕ ਕਿਹਾ ਆਪਣੀ ਕਰਨੀ ਤੋਂ ਕਦੇ ਨਾ ਹਟੂ, ਹਟਵਾਣੇ ਸਾਰੇ ਲਏ ਖਪਾਈਆ। ਗੋਬਿੰਦ ਕਿਹਾ ਇਕ ਅੰਮ੍ਰਿਤ ਨਿਰਾਲਾ ਝੱਟੂ, ਜਾਮ ਅਗੰਮੀ ਦਏ ਪਿਆਈਆ। ਮੁਹੰਮਦ ਕਿਹਾ ਕੀ ਹੱਟ ਬਾਜ਼ਾਰੋਂ ਵੱਟੂ, ਸਭ ਦੀ ਕੀਮਤ ਚੁਕਾਈਆ । ਈਸਾ ਕਿਹਾ ਮੈਂ ਓਸ ਦੇ ਚਰਨਾਂ ਢੱਠੂ, ਢਹਿ ਕੇ ਸੀਸ ਨਿਵਾਈਆ। ਮੂਸਾ ਕਹੇ ਦੋ ਜਹਾਨ ਕੋਈ ਨਾ ਬਚੂ, ਲੇਖਾ ਵੇਖੇ ਥਾਉਂ ਥਾਈਂਆ। ਸਤਿਗੁਰ ਸ਼ਬਦ ਕਹੇ ਮੈਂ ਖਿੜ ਖਿੜ ਹੱਸੂੰ, ਹੱਸਤੀ ਇਕੋ ਨਜ਼ਰ ਆਵੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਈਆ ।

ਮੁਹੰਮਦ ਕਹੇ ਮੈਨੂੰ ਵਖਾਵਣ ਲੱਗਾ ਕੌਣ, ਬਿਨ ਅੱਖਾਂ ਅੱਖ ਪਰਗਟਾਈਆ। ਯਸੂ ਕਹੇ ਮੈਨੂੰ ਠੋਕਰਾਂ ਨਾਲ ਲੱਗਾ ਹਿਲੌਣ, ਸੁੱਤਿਆਂ ਅੱਖ ਖੁਲ੍ਹਾਈਆ। ਮੂਸਾ ਆਖੇ ਚਾਰ ਕੁੰਟ ਲੱਗਾ ਭਵੌਣ, ਦਿਸ਼ਾ ਰਹਿਣ ਕੋਇ ਨਾ ਪਾਈਆ। ਤੇਈ ਅਵਤਾਰ ਕਹਿਣ ਸਾਨੂੰ ਲੱਗਾ ਕੁਛ ਸੁਣੌਣ, ਹੁਕਮ ਧੁਰਦਰਗਾਹੀਆ । ਨਾਨਕ ਨਿਰਗੁਣ ਕਹੇ ਮੈਨੂੰ ਲੱਗਾ ਵਖੌਣ, ਦੋ ਜਹਾਨਾਂ ਜਗਤ ਸ਼ਾਹੀਆ। ਗੋਬਿੰਦ ਕਹੇ ਮੈਨੂੰ ਲੱਗਾ ਬੁਲੌਣ, ਇਸ਼ਾਰੇ ਨਾਲ ਦ੍ਰਿੜਾਈਆ । ਸਤਿਗੁਰ ਸ਼ਬਦ ਕਹੇ ਬੱਚਿਓ, ਨਹੀਂ ਤੁਹਾਡਾ ਸਭ ਕੁਛ ਲੱਗਾ ਮੁਕੌਣ, ਮੁਕਾਬਲਾ ਰਹਿਣ ਕੋਇ ਨਾ ਪਾਈਆ। ਓਧਰੋਂ ਨੇਤਰ ਰੋ ਪਈ ਪੌਣ, ਨੈਣਾਂ ਨੀਰ ਵਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਪਰਗਟਾਈਆ।

ਮੁਹੰਮਦ ਕਹੇ ਯਾ ਮੁਬੀਨ ਮੇਰੇ ਅੱਲਾ, ਅਲਾਹ ਤੇਰੀ ਸਰਨਾਈਆ। ਈਸਾ ਕਹੇ ਕਿਉਂ ਕੁਰਲਾਵੇਂਇਕੱਲਾ, ਕਲਮੇ ਵਾਲਿਆ ਦਏਂ ਦੁਹਾਈਆ। ਮੂਸਾ ਕਹੇ ਭਰਾਵੋ ਮੈਨੂੰ ਵੀ ਫੜ ਲੈਣ ਦਿਓ ਪੱਲਾ, ਭੈ ਮੇਰੇ ਅੰਦਰ ਆਈਆ। ਤੇਈ ਅਵਤਾਰ ਕਹਿਣ ਅਸੀਂ ਛੱਡ ਦਿਤੇ ਜਲ ਥਲਾ, ਜੰਗਲਾਂ ਵਿਚ ਨਾ ਕੋਇ ਵਡਿਆਈਆ। ਨਾਨਕ ਨਿਰਗੁਣ ਕਹੇ ਤੇਰਾ ਹੋਵੇ ਭਲਾ, ਤੇਰੀ ਬੇਪਰਵਾਹੀਆ । ਗੋਬਿੰਦ ਕਹੇ ਮੈਂ ਸਨਮੁਖ ਹੋ ਕੇ ਖਲਾ, ਚਰਨ ਧਿਆਨ ਲਗਾਈਆ। ਸਤਿਗੁਰ ਸ਼ਬਦ ਕਹੇ ਸਾਰੇ ਕਹੋ ਪੁਰਖ ਅਕਾਲ ਹੋ ਗਿਆ ਝੱਲਾ, ਝਲਕ ਸਭ ਦੀ ਆਪਣੇ ਵਿਚ ਮਿਲਾਈਆ। ਮੁਹੰਮਦ ਕਹੇ ਮੈਥੋਂ ਹੁਕਮ ਨਹੀਂ ਜਾਂਦਾ ਠੱਲਾ, ਅੱਗੇ ਹੋ ਨਾ ਕੋਇ ਅਟਕਾਈਆ। ਈਸਾ ਕਹੇ ਮੈਂ ਨਿੱਕਾ ਜਿਹਾ ਡਲਾ, ਰੁੜ੍ਹਦਿਆਂ ਅੱਗੇ ਨਾ ਕੋਇ ਅਟਕਾਈਆ । ਮੂਸਾ ਕਹੇ ਕਿਧਰੋਂ ਬੋਲ ਦਿੱਤਾ ਹੱਲਾ, ਹੁਕਮ ਆਪਣਾ ਕਟਕ ਚੜ੍ਹਾਈਆ। ਤੇਈ ਅਵਤਾਰ ਕਹਿਣ ਸਾਡਾ ਸਾਹ ਨਾ ਪੈਂਦਾ ਵਿਚ ਖਲਾ, ਖ਼ਬਰੇ ਕੀ ਕੀ ਹੋਰ ਸੁਣਾਈਆ। ਨਾਨਕ ਕਹੇ ਮੇਰਾ ਥੱਲਿਉਂ ਘੱਸ ਗਿਆ ਤਲਾ, ਫਿਰ ਫਿਰ ਸੇਵ ਕਮਾਈਆ। ਗੋਬਿੰਦ ਕਹੇ ਕੁਛ ਮੇਰਾ ਲੇਖ ਹੋਇਆ ਜਿਸ ਵੇਲੇ ਮੇਲ ਕੀਤਾ ਡੱਲਾ, ਲੇਖਾ ਲਿਖਿਆ ਬਿਨ ਸ਼ਾਹੀਆ। ਸਤਿਗੁਰ ਸ਼ਬਦ ਕਹੇ ਸਭ ਦੇ ਨਾਲ ਕੀਤਾ ਵਲ ਛਲਾ, ਨਾਮ ਛੁਣਛਣੇ ਸਭ ਦੇ ਹੱਥ ਫੜਾਈਆ। ਮੁਹੰਮਦ ਕਹੇ ਮੈਨੂੰ ਕਹਿੰਦਾ ਮੈਂ ਤੇਰਾ ਅੱਲ੍ਹਾ, ਨੂਰ ਨੂਰ ਵਿਚੋਂ ਚਮਕਾਈਆ । ਈਸਾ ਕਹੇ ਮੈਂ ਤੈਨੂੰ ਆਪਣਾ ਆਪ ਬਣਾ ਕੇ ਘੱਲਾ, ਘਾਇਲ ਕਰ ਲੋਕਾਈਆ। ਮੂਸਾ ਕਹੇ ਮੈਂ ਝਲਕ ਨੂਰ ਕੀਤਾ ਝੱਲਾ, ਸੁੱਧ ਰਹੀ ਨਾ ਰਾਈਆ। ਤੇਈ ਅਵਤਾਰ ਕਹਿਣ ਸਾਨੂੰ ਕੱਛਾਂ ਮੱਛਾਂ ਨੂੰ ਪਾ ਕੇ ਵਿਚ ਡੱਲਾਂ, ਡੰਡੌਤ ਡੰਡੇ ਨਾਲ ਕਰਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਪੁਰਖ ਅਕਾਲ ਦਾ ਬਚਨ ਤੁਸੀਂ ਸੁਣਦੇ ਰਹੇ ਬਿਨਾਂ ਕੰਨਾਂ, ਕਿਉਂ ਕੰਨਾਂ ਨਾਲ ਜਗਤ ਸੁਣਾਈਆ। ਓ ਨੱਢਿਓ ਬੱਚਿਓ ਧੁਰ ਸੁਵਾਮੀ ਨੂੰ ਤੁਸਾਂ ਕਰ ਕੇ ਅੰਨ੍ਹਾਂ, ਅੱਖਰਾਂ ਦੀ ਕੀਤੀ ਚਤਰਾਈਆ। ਦੀਨਾਂ ਮਜ਼੍ਹਬਾਂ ਦਾ ਪਾ ਕੇ ਬੰਨ੍ਹਾ, ਬੰਦਗੀ ਵਿਚ ਬੰਦੇ ਦਿਤੇ ਰੁਲਾਈਆ।

ਮੁਹੰਮਦ ਕਹੇ ਮੇਰੇ ਕੁਰਾਨ ਦਾ ਤੀਜਾ ਪੰਨਾ, ਨਾਵੀਂ ਸਤਰ ਸਤਾਹ ਦਏ ਹਿਲਾਈਆ। ਈਸਾ ਕਹੇ ਮੈਂ ਇਕ ਦਿਨ ਤੱਕਿਆ ਸੀ ਵਲ ਚੰਨਾ, ਆਪਣੀ ਅੱਖ ਉਠਾਈਆ। ਮੇਰਾ ਮਾਹੀ ਆਇਆ ਭੰਨਾ, ਫੜ ਕੇ ਕੰਨੋਂ ਚਾਰੋਂ ਕੁੰਟ ਦਿਤਾ ਭੁਆਈਆ। ਮੂਸਾ ਕਹੇ ਮੈਂ ਨੂਰ ਵੇਖਿਆ ਵਿਚ ਤਨਾਂ, ਮੁੱਠੀ ਅੱਖਾਂ ਉਤੇ ਟਿਕਾਈਆ। ਤੇਈ ਅਵਤਾਰ ਕਹਿਣ ਸਾਡੇ ਅੰਦਰ ਵਜਾਏ ਟੱਲਾ, ਆਵਾਜ਼ ਆਪਣੀ ਆਪ ਸੁਣਾਈਆ। ਨਾਨਕ ਕਹੇ ਮੇਰਾ ਮਨਾਇਆ ਮੰਨਾ, ਮਾਨਸ ਦੀ ਜਾਤ ਦਿਤੀ ਸਮਝਾਈਆ। ਗੋਬਿੰਦ ਕਹੇ ਮੈਂ ਪੜ੍ਹਿਆ ਨਹੀਂ ਮੁਕਤਾ ਕੰਨਾ, ਸਿਹਾਰੀ ਬਿਹਾਰੀ ਨਾ ਓਟ ਤਕਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਸਾਰਿਆਂ ਨੂੰ ਲਾ ਕੇ ਵਿਚ ਤਮ੍ਹਾਂ, ਦੀਨਾਂ ਮਜ਼੍ਹਬਾਂ ਵਿਚ ਦਿਤਾ ਅੜਾਈਆ ।

ਮੁਹੰਮਦ ਕਹੇ ਮੈਨੂੰ ਪੈ ਗਿਆ ਗ਼ਮਾ, ਹਾਏ ਕੀ ਦਿਤਾ ਸੁਣਾਈਆ। ਈਸਾ ਕਹੇ ਹੁਣ ਕੀ ਖੇਲ

ਹੋਣਾ ਨਵਾਂ, ਸਾਡੀ ਚਲੀ ਨਾ ਕੋਇ ਚਤਰਾਈਆ। ਮੂਸਾ ਕਹੇ ਕਿਸ ਦੀ ਕਰਨੀ ਹੋਣੀ ਰਵਾਂ, ਰਵਾਨਗੀ ਸਾਡੇ ਹੱਥ ਫੜਾਈਆ। ਤੇਈ ਅਵਤਾਰ ਕਹਿਣ ਭਰਾਵੋ ਕੋਈ ਵਸਾਹ ਨਹੀਂ ਜੇ ਦਮਾਂ, ਦਾਮਨਗੀਰ ਜੇ ਪੱਲੂ ਲਏ ਛੁਡਾਈਆ। ਨਾਨਕ ਨਿਰਗੁਣ ਕਹੇ ਇਹ ਓਸੇ ਦਾ ਕੰਮਾ, ਜੋ ਆਪਣੀ ਕਾਰ ਕਮਾਈਆ। ਗੋਬਿੰਦ ਕਹੇ ਨਾ ਹਰਖ਼ ਸੋਗ ਨਾ ਗ਼ਮਾ, ਖ਼ੁਸ਼ੀਆਂ ਸੀਸ ਨਿਵਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਤੁਹਾਡਾ ਸਰੀਰ ਤੁਹਾਡੀ ਮਾਤਾ ਪਿਤਾ ਜੰਮਾ, ਨੂਰ ਮੇਰਾ ਜਹੂਰ ਤੁਹਾਡੇ ਵਿਚ ਕਰੇ ਰੁਸ਼ਨਾਈਆ। ਤੁਹਾਨੂੰ ਦੇ ਕੇ ਮਾਟੀ ਚੰਮਾ, ਖਾਟਾਂ ਉਤੇ ਦਿੱਤਾ ਸੁਵਾਈਆ।

ਮੁਹੰਮਦ ਕਹੇ ਹਾਏ ਮੇਰੀਏ ਅੰਮਾਂ, ਅੰਮੜੀ ਨਜ਼ਰ ਕੋਇ ਨਾ ਆਈਆ । ਈਸਾ ਕਹੇ ਕਿਸ ਦੇ ਕੋਲੋਂ ਮੰਗਾਂ, ਆਪਣੀ ਝੋਲੀ ਡਾਹੀਆ। ਮੂਸਾ ਕਹੇ ਮੇਰੀਆਂ ਥੱਕ ਗਈਆਂ ਟੰਗਾਂ, ਭੱਜਿਆ ਵਾਹੋ ਦਾਹੀਆ । ਤੇਈ ਅਵਤਾਰ ਕਹਿਣ ਹੁਣ ਕਿਹੜੀ ਵਖਾਈਏ ਗੰਗਾ, ਗੰਗੋਤਰੀ ਨਜ਼ਰ ਕੋਇ ਨਾ ਆਈਆ। ਨਾਨਕ ਨਿਰਗੁਣ ਕਹੇ ਓਸੇ ਦਾ ਖੇਲ ਚੰਗਾ, ਜੋ ਓਸੇ ਰਿਹਾ ਭਾਈਆ। ਗੋਬਿੰਦ ਕਹੇ ਜੇ ਸਾਰੀ ਸ੍ਰਿਸ਼ਟੀ ਅੰਦਰ ਮਚਾ ਦਏ ਦੰਗਾ, ਮੇਰੀ ਖ਼ੁਸ਼ੀ ਬਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਸਦਾ ਬਹੁ ਰੰਗਾ, ਭੇਵ ਕੋਇ ਨਾ ਪਾਈਆ। ਮੁਹੰਮਦ ਕਹੇ ਮੈਨੂੰ ਬੁੱਢੇ ਨੂੰ ਦੇ ਦਿਓ ਡੰਡਾ, ਹੌਲੀ ਹੌਲੀ ਤੁਰ ਕੇ ਪੰਧ ਮੁਕਾਈਆ । ਈਸਾ ਕਹੇ ਮੈਂ ਟੋਹ ਕੇ ਵੇਖਿਆ ਆ ਗਿਆ ਕੰਢਾ, ਕਿਨਾਰਾ ਅਗਲਾ ਨਜ਼ਰੀ ਆਈਆ। ਮੂਸਾ ਕਹੇ ਮੈਂ ਸੁਣ ਕੇ ਹੋ ਗਿਆ ਠੰਡਾ, ਬਲ ਰਿਹਾ ਨਾ ਰਾਈਆ । ਤੇਈ ਅਵਤਾਰ ਕਹਿਣ ਸਾਡੀਆਂ ਖੋਹ ਲਈਆਂ ਸਭ ਵੰਡਾਂ, ਹਿੱਸਾ ਨਜ਼ਰ ਕੋਇ ਨਾ ਆਈਆ। ਨਾਨਕ ਕਹੇ ਨਿਰਗੁਣ ਹੁਣ ਕਿਸੇ ਨੂੰ ਪੂਜਣ ਦੇਣਾ ਨਹੀਂ ਕਰੀਰਾਂ ਜੰਡਾਂ, ਸੀਸ ਅਵਰ ਨਾ ਕੋਇ ਨਿਵਾਈਆ। ਗੋਬਿੰਦ ਕਹੇ ਮੈਂ ਛੁਡੌਣਾ ਲੋਹਾਰ ਤਰਖਾਣ ਦਾ ਖੰਡਾ, ਖੰਡਰਾਂ ਵਿਚ ਆਪਣਾ ਆਪ ਪਰਗਟਾਈਆ। ਸਤਿਗੁਰ ਸ਼ਬਦ ਕਹੇ ਓ ਗੁਰ ਅਵਤਾਰ ਪੈਗ਼ੰਬਰੋ ਪੁਰਖ ਅਕਾਲ ਦਾ ਖੇਲ ਜੋਤੀ ਨੂਰ ਸ਼ੈਤਾਨੀ ਵਿਚ ਬੰਦਾ, ਗੰਦਾ ਸਭ ਨੂੰ ਰਿਹਾ ਕਰਾਈਆ। ਮੁਹੰਮਦ ਕਹੇ ਮੇਰਾ ਸਿਰ ਨੰਗਾ, ਗਰਮੀ ਰਹੀ ਸਤਾਈਆ। ਈਸਾ ਕਹੇ ਮੈਨੂੰ ਹੋ ਲੈਣ ਦੇ ਠੰਡਾ, ਉਹ ਆਬੇਹਯਾਤ ਨਜ਼ਰ ਕੋਇ ਨਾ ਆਈਆ। ਮੂਸਾ ਕਹੇ ਬਿਰਥਾ ਗਿਆ ਧੰਦਾ, ਪਿਛਲੀ ਕੀਤੀ ਰਹੀ ਨਾ ਰਾਈਆ। ਤੇਈ ਅਵਤਾਰ ਕਹਿਣ ਬੌਹੜੀ ਕੋਈ ਰਹਿਣ ਨਹੀਂ ਦਿੱਤਾ ਪੰਡਾ, ਬੋਧ ਅਗਾਧ ਕਰੇ ਨਾ ਕੋਇ ਪੜ੍ਹਾਈਆ। ਨਾਨਕ ਕਹੇ ਸਤਿ ਪੁਰਖ ਦਾ ਸਤਿ ਧਰਮ ਦਾ ਵੇਖੋ ਝੰਡਾ, ਇਕੋ ਨਜ਼ਰੀ ਆਈਆ। ਗੋਬਿੰਦ ਕਹੇ ਇਹ ਮੇਰਾ ਲੇਖ ਮੰਗਾ, ਸਭ ਨੂੰ ਮਿਲੇ ਵਡਿਆਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਪ੍ਰਭ ਦਾ ਖੇਲ ਸਦਾ ਦੋ ਰੰਗਾ, ਭੇਵ ਅਭੇਦ ਨਾ ਕਿਸੇ ਦ੍ਰਿੜਾਈਆ।

ਮੁਹੰਮਦ ਕਹੇ ਮੈਨੂੰ ਕਿਸ ਕਿਹਾ ਗ਼ੁਲਾਮ, ਨਫਰ ਕਰ ਕੇ ਰਿਹਾ ਬੁਲਾਈਆ। ਈਸਾ ਕਹੇ ਮੈਨੂੰ ਕਰ ਲੈਣ ਦੇ ਸਲਾਮ, ਆ ਗਿਆ ਧੁਰਦਰਗਾਹੀਆ । ਮੂਸਾ ਕਹੇ ਸੱਜਣੋ ਮੈਂ ਹੋਰ ਸੁਣੀ ਕਲਾਮ, ਕਲਮਾ ਦਿਤਾ ਬਦਲਾਈਆ। ਤੇਈ ਅਵਤਾਰ ਕਹਿਣ ਫੇਰ ਕੌਣ ਜਪੂਗਾ ਰਾਮ, ਰਮਤਾ ਰਮਤਾ ਸਭ ਦੀ ਕਰੇ ਸਫ਼ਾਈਆ। ਨਾਨਕ ਨਿਰਗੁਣ ਕਹੇ ਇਹ ਓਸੇ ਦੀ ਸ਼ਾਨ ਮਹਾਨ, ਜੋ ਸ਼ਹਿਨਸ਼ਾਹ ਅਖਵਾਈਆ। ਗੋਬਿੰਦ ਕਹੇ ਜਿਸ ਨੇ ਛੱਡ ਦਿਤੇ ਤੀਰ ਕਮਾਨ, ਚਿੱਲਿਆਂ ਹੱਥ ਨਾ ਕੋਇ ਲਗਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਇਹ ਖੇਲ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ।

ਮੁਹੰਮਦ ਕਹੇ ਕੀ ਵੇਲਾ ਹੋਇਆ ਫ਼ਜਰ, ਫ਼ਜ਼ਲ ਅੱਲਾ ਰਿਹਾ ਕਮਾਈਆ । ਈਸਾ ਕਹੇ ਮੁਹੰਮਦਾ ਰੋਂਦੀ ਫਿਰਦੀ ਅਜ਼ਲ, ਰੋ ਰੋ ਕੁਰਲਾਈਆ। ਮੂਸਾ ਕਹੇ ਨੇੜੇ ਆ ਗਈ ਮੁਕਾ ਕੇ ਮਜ਼ਲ, ਗਜ਼ਲ ਆਪਣੀ ਰਹੀ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਪਣਾ ਆਪਣਾ ਵੇਖੋ ਵਜ਼ਨ, ਕਵਣ ਕਵਣ ਭਾਰ

ਉਠਾਈਆ। ਨਾਨਕ ਕਹੇ ਅਸੀਂ ਸਾਰੇ ਬਣੇ ਰਹੇ ਕਜ਼ਨ, ਕਜ਼ਾ ਕੋਲੋਂ ਸਰੀਰ ਨਾ ਸਕੇ ਬਚਾਈਆ। ਗੋਬਿੰਦ ਕਹੇ ਮੇਰਾ ਓਸ ਦੇ ਨਾਲ ਪਰਨ, ਜੋ ਪਰਾਣਪਤ ਨਜ਼ਰੀ ਆਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਅੱਗੇ ਵਾਸਤੇ ਇਕੋ ਸਾਰੇ ਕਬੂਲ ਕਰੋ ਸਰਨ, ਸਰਨ ਇਕੋ ਮੰਗ ਮੰਗਾਈਆ।

ਮੁਹੰਮਦ ਕਹੇ ਕਿਸ ਬਿਧ ਛੱਡਾਂ ਚੌਦਾਂ ਲੋਕ, ਹਾਏ ਹਾਏ ਕਰ ਸੁਣਾਈਆ। ਈਸਾ ਕਹੇ ਕਾਹਨੂੰ ਮੰਗੀ ਵੀਹਵੀਂ ਸਦੀ ਬਹੁਤ, ਉਨੀਸਾ ਪੰਧ ਚੁਕਾਈਆ। ਮੂਸਾ ਕਹੇ ਮੈਂ ਸੋਚ ਨਾ ਸਕਿਆ ਸੋਚ, ਪਰਵਰਦਿਗਾਰ ਕੀ ਹੁਕਮ ਵਰਤਾਈਆ। ਤੇਈ ਅਵਤਾਰ ਕਹਿਣ ਅਸੀਂ ਕੱਢ ਨਾ ਸਕੇ ਖੋਟ, ਦੀਨ ਦੁਨੀ ਸਾਫ਼ ਕਰਾਈਆ। ਨਾਨਕ ਨਿਰਗੁਣ ਕਹੇ ਇਹ ਪ੍ਰਭ ਦੇ ਅਗੰਮੀ ਚੋਜ, ਚੋਜੀ ਹੋ ਕੇ ਆਪ ਕਰਾਈਆ।

ਗੋਬਿੰਦ ਕਹੇ ਨਾ ਹਰਖ ਕੋਈ ਨਾ ਸੋਗ, ਚਿੰਤਾ ਗ਼ਮ ਨਾ ਕੋਇ ਰਖਾਈਆ। ਸਤਿਗੁਰ ਕਹੇ ਬੱਚੂ ਤੁਹਾਨੂੰ ਸਾਰਿਆਂ ਨੂੰ ਸ੍ਰਿਸ਼ਟੀ ਵਾਲਾ ਭੋਗਾਇਆ ਭੋਗ, ਬਚਿਆ ਰਹਿਣ ਕੋਇ ਨਾ ਪਾਈਆ। ਅੱਗੇ ਪੀਹੜੀ ਕਿਸੇ ਚੱਲਣ ਨਹੀਂ ਦਿੱਤੀ ਦੋਹਤ ਪੋਤ, ਬੰਸਾਵਲੀ ਨਾ ਕੋਇ ਅਖਵਾਈਆ। ਤੁਹਾਡੇ ਵੇਖ ਕੇ ਵਿਦਿਆ ਵਾਲੇ ਕੋਸ਼, ਕਿਛ ਆਪਣਾ ਹਾਲ ਸੁਣਾਈਆ। ਤੱਤਾਂ ਵਾਲਾ ਦੇ ਕੇ ਤੁਹਾਨੂੰ ਪੋਸ਼, ਪੱਛਮ ਦੱਖਣ ਉਤਰ ਪੂਰਬ ਦਿੱਤਾ ਭੁਵਾਈਆ। ਓਦੋਂ ਤੁਹਾਨੂੰ ਔਣ ਨਹੀਂ ਦਿੱਤੀ ਸੋਚ, ਕਿਉਂ ਮਜ਼੍ਹਬਾਂ ਵਿਚ ਫਸਾਈਆ। ਸਚਖੰਡ ਦੇ ਆਲ੍ਹਣੇ ਵਿਚੋਂ ਕੱਢ ਕੇ ਬੋਟ, ਚੋਗ ਜਗਤ ਵਾਲੀ ਚੁਗਾਈਆ। ਅੱਖਰਾਂ ਵਾਲਾ ਦੱਸ ਕੇ ਜੋਗ, ਮਾਲਾ ਮਣਕਿਆਂ ਵਾਲੀ ਦ੍ਰਿੜਾਈਆ। ਨੂਰ ਦੇ ਕੇ ਆਪਣੀ ਜੋਤ, ਚੰਨ ਕੀਤਾ ਰੁਸ਼ਨਾਈਆ। ਇਸ਼ਾਰੇ ਦੇ ਕੇ ਲੋਕ ਪਰਲੋਕ, ਸੰਦੇਸੇ ਦਿਤੇ ਸੁਣਾਈਆ। ਤੁਸਾਂ ਓਹੋ ਸਮਝਿਆ ਬਹੁਤ, ਆਪਣੀ ਖ਼ੁਸ਼ੀ ਬਣਾਈਆ। ਸਾਨੂੰ ਭੰਡਾਰਾ ਮਿਲਿਆ ਅਤੋਟ, ਅਤੁੱਟ ਦਿੱਤਾ ਵਰਤਾਈਆ। ਇਹ ਤੁਹਾਨੂੰ ਛੋਟੀ ਜਿਹੀ ਦਿਤੀ ਸੀ ਮੋਖ, ਮੁਖ਼ਤਾਰਨਾਮਾ ਹੱਥ ਨਾ ਕਿਸੇ ਫੜਾਈਆ। ਸਤਿਗੁਰ ਸ਼ਬਦ ਕਹੇ ਮੈਂ ਤੁਹਾਡੇ ਅੰਦਰੋਂ ਭਾਂਡੇ ਲਏ ਪੋਚ, ਮਿਹਰ ਨਿਗਹ ਫਿਰਾਈਆ। ਦੇ ਕੇ ਨੇਤਰ ਇਕੋ ਲੋਚ, ਅੱਖ ਨਾਲ ਮਿਲਾਈਆ। ਕੱਢ ਕੇ ਹਰਖ਼ ਸੋਗ, ਸਗਲ ਰਮਿਆ ਦਿਤਾ ਵਖਾਈਆ। ਤੁਹਾਨੂੰ ਜਜਮਾਨ ਬਣਾ ਕੇ ਪਰੋਹਤ, ਪਰੌਹਣੇ ਜਗਤ ਵਖਾਈਆ। ਸਾਢੇ ਤਿੰਨ ਕਰੋੜ ਖੋਲ੍ਹ ਕੇ ਸੋਤ, ਸੁਤਿਆਂ ਸ਼ਬਦ ਸ਼ਨਵਾਈਆ। ਉਹ ਫੇਰ ਸਭ ਨੂੰ ਕਰ ਕੇ ਫੌਤ, ਫ਼ੈਸਲਾ ਦਿਤਾ ਕਰਾਈਆ ।

ਮੁਹੰਮਦ ਕਹੇ ਐ ਖ਼ੁਦਾ ਕੀ ਅਸੀਂ ਵੀ ਮਰੇ ਨਾਲ ਮੌਤ, ਮਲਕੁਲ ਮੌਤ ਦਏ ਸਜ਼ਾਈਆ। ਈਸਾ ਕਹੇ ਕੀ ਮੈਂ ਫ਼ਾਸੀ ਚੜ੍ਹਿਆ ਨਾਲ ਸ਼ੌਕ, ਸਲੀਬ ਗਲ ਲਟਕਾਈਆ। ਮੂਸਾ ਕਹੇ ਮੇਰੀ ਦਿਸੇ ਕੋਈ ਨਾ ਪਹੁੰਚ, ਅੱਗਾ ਨਜ਼ਰ ਕੋਇ ਨਾ ਆਈਆ। ਤੇਈ ਅਵਤਾਰ ਕਹਿਣ ਅਸੀਂ ਸਾਰੇ ਗਏ ਔਂਤ, ਸਾਡਾ ਬੱਚਾ ਸੀਸ ਤਾਜ ਨਾ ਕੋਇ ਟਿਕਾਈਆ। ਨਾਨਕ ਨਿਰਗੁਣ ਕਹੇ ਮੈਂ ਪ੍ਰਭ ਦੀ ਮੰਨ ਕੇ ਧੌਂਸ, ਸਿਰ ਲਿਆ ਝੁਕਾਈਆ। ਗੋਬਿੰਦ ਕਿਹਾ ਮੈਂ ਸ਼ਬਦੀ ਧਾਰ ਜਣਾ ਕੇ ਰੌਂਸ, ਲੇਖਾ ਗਿਆ ਮੁਕਾਈਆ। ਸਤਿਗੁਰ ਸ਼ਬਦ ਕਹੇ ਓ ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਭੇਵ ਨਾ ਦੱਸਿਆ ਤੁਹਾਡੇ ਖ਼ੌਂਤ, ਖ਼ਤਰੇ ਵਿਚ ਸਰਬ ਰਖਾਈਆ ।

ਮੁਹੰਮਦ ਕਹੇ ਮੈਂ ਵੇਖਿਆ ਇਕੋ ਚੌਂਕ, ਚੌਤਰਫੀ ਰਾਹ ਵਖਾਈਆ। ਈਸਾ ਕਹੇ ਮੇਰੇ ਅੰਦਰ ਉਠਿਆ ਸ਼ੌਕ, ਆਸਾ ਹੋਰ ਵਖਾਈਆ। ਮੂਸਾ ਕਹੇ ਮੈਂ ਡਰ ਗਿਆ ਕਿਤੇ ਵਡਿਆਈ ਦਾ ਗਲ ਵਿਚ ਪੈ ਨਾ ਜਾਏ ਤੌਕ, ਤਕੱਬਰ ਵਿਚ ਰਖਾਈਆ। ਤੇਈ ਅਵਤਾਰ ਕਹਿਣ ਅਸਾਂ ਸਾਫ਼ ਸੁਥਰਾ ਕਰ ਕੇ ਰੱਖਿਆ ਚੌਂਤ, ਕਰ ਕਰ ਥੱਕੇ ਸਫਾਈਆ। ਨਾਨਕ ਨਿਰਗੁਣ ਕਹੇ ਮੈਂ ਕਰ ਕੇ ਇਕ ਮਨੌਤ, ਮਹਿੰਮਾਂ ਇਕ ਸੁਣਾਈਆ। ਗੋਬਿੰਦ ਕਿਹਾ ਮੈਂ ਸਭ ਦੀ ਵੇਖੀ ਅਦੌਤ, ਚਾਰ ਵਰਨ ਅਠਾਰਾਂ ਬਰਨ ਕਰਨ ਲੜਾਈਆ । ਸਤਿਗੁਰ

ਸ਼ਬਦ ਕਹੇ ਮੈਂ ਸਭ ਦਾ ਵੱਡਾ ਗੌਂਸ, ਗਹਿਰ ਗੰਭੀਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਹੁਕਮ ਆਪ ਸੁਣਾਈਆ।

ਮੁਹੰਮਦ ਕਹੇ ਮੈਨੂੰ ਆ ਰਿਹਾ ਪਸੀਨਾ, ਪਸੂ ਪੰਛੀ ਰਹੇ ਕੁਰਲਾਈਆ। ਯਸੂ ਕਹੇ ਕਿਹੜਾ ਚੜ੍ਹ ਗਿਆ ਮਹੀਨਾ, ਵੇਖਾਂ ਨੈਣ ਉਠਾਈਆ। ਮੂਸਾ ਕਹੇ ਮੈਂ ਕਿਹੜਾ ਅੱਖਰ ਚੀਨਾ, ਜਿਸ ਪੜਦਾ ਦਿਤਾ ਚੁਕਾਈਆ। ਤੇਈ ਅਵਤਾਰ ਕਹਿਣ ਸਭ ਨੂੰ ਹੋਣਾ ਪਿਆ ਅਧੀਨਾ, ਚੱਲੀ ਨਾ ਕੋਇ ਵਡਿਆਈਆ। ਨਾਨਕ ਨਿਰਗੁਣ ਕਹੇ ਮੈਂ ਨਿਰਮਾਣਤਾ ਵਿਚ ਕਮੀਨਾ, ਨਿਉਂ ਨਿਉਂ ਸੀਸ ਝੁਕਾਈਆ। ਗੋਬਿੰਦ ਕਹੇ ਮੈਂ ਇਕ ਦਾ ਹੋ ਅਧੀਨਾ, ਆਅਲਾ ਅਦਨਾ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਓ ਗੁਰ ਅਵਤਾਰ ਪੈਗ਼ੰਬਰੋ ਮੈਂ ਤੁਹਾਡੀ ਸਭ ਦੀ ਵੱਡੀ ਮਸ਼ੀਨਾ, ਪੁਰਜੇ ਨਿੱਕੇ ਨਿੱਕੇ ਮਾਤਲੋਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਰਿਹਾ ਸਮਝਾਈਆ।

ਮੁਹੰਮਦ ਕਹੇ ਮੇਰਾ ਅੰਤਰ ਮੰਗੇ ਪਨਾਹ, ਮਿਲੇ ਹੱਕ ਸਰਨਾਈਆ। ਈਸਾ ਕਹੇ ਮੈਂ ਵੀ ਕਰਦਾ ਹਾਂ, ਆਪਣਾ ਆਪ ਨਾਲ ਮਿਲਾਈਆ। ਮੂਸਾ ਕਹੇ ਮੈਂ ਵੀ ਮੰਗਾਂ ਓਹੀ ਥਾਂ, ਦਰ ਦਵਾਰਾ ਇਕੋ ਨਜ਼ਰੀ ਆਈਆ। ਤੇਈ ਅਵਤਾਰ ਕਹਿਣ ਅਸੀਂ ਕਿਸ ਬਿਧ ਕਰੀਏ ਨਾਂਹ, ਜ਼ੋਰ ਬਲ ਰਿਹਾ ਨਾ ਰਾਈਆ। ਨਾਨਕ ਨਿਰਗੁਣ ਕਹੇ ਓਹੋ ਪਿਤਾ ਓਹੋ ਮਾਂ, ਗੋਦੀ ਆਪਣੀ ਲਏ ਟਿਕਾਈਆ। ਗੋਬਿੰਦ ਕਹੇ ਮੈਂ ਅਰਜ਼ ਕਰਾਂ ਜਿਸ ਨੇ ਹੰਸ ਬਣੌਣੇ ਕਾਂ, ਦੇਵਣਹਾਰ ਮਾਣ ਵਡਿਆਈਆ। ਸਤਿਗੁਰ ਸ਼ਬਦ ਕਹੇ ਓ ਗੁਰ ਅਵਤਾਰ ਪੈਗ਼ੰਬਰੋ ਫ਼ਿਕਰ ਨਾ ਕਰੋ ਜ਼ਿਕਰ ਨਾ ਕਰੋ ਮੈਂ ਸਭ ਦੀ ਪਕੜਾਂ ਬਾਂਹ, ਤਰਸ ਤੁਹਾਡੇ ਉਤੇ ਕਮਾਈਆ । ਅੱਗੇ ਲੱਗਣ ਨਾ ਦੇਵਾਂ ਕੋਈ ਦਾਅ, ਪੇਚਾ ਸ਼ਰਅ ਕੋਇ ਨਾ ਪਾਈਆ। ਇਕੋ ਇਕ ਬਣ ਮਲਾਹ, ਬੇੜਾ ਜਗਤ ਕੰਧ ਉਠਾਈਆ । ਮੇਰਾ ਹੁਕਮ ਹੋਵਣ ਲੱਗਾ ਰਵਾਂ, ਖ਼ੁਸ਼ੀਆਂ ਵਿਚ ਵਿਚ ਵਡਿਆਈਆ। ਗ਼ਫ਼ਲਤ ਵਿਚ ਕਦੇ ਨਾ ਸਵਾਂ, ਸ੍ਰਿਸ਼ਟ ਸਬਾਈ ਦਿਆਂ ਉਠਾਈਆ। ਜੋ ਜੁਗ ਚੌਕੜੀ ਲਹਿਣਾ ਕੀਤਾ ਜਮਾਂ, ਸਭ ਦੀ ਝੋਲੀ ਦਿਆਂ ਭਰਾਈਆ। ਮੈਂ ਕੋਈ ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਦਾ ਕਰਨਾ ਨਹੀਂ ਤਮ੍ਹਾਂ, ਤਮਾਸ਼ਾ ਵੇਖਾਂ ਥਾਉਂ ਥਾਈਂਆ। ਜਿਸ ਤਰ੍ਹਾਂ ਤੁਸੀਂ ਕਹਿ ਕੇ ਆਏ ਜਿਸ ਨੇ ਗਗਨ ਰਹਾਇਆ ਬਿਨਾਂ ਥੰਮਾਂ, ਬਿਨਾ ਤੱਤ ਸ਼ਰੀਰ ਤੋਂ ਆਪਣੀ ਖੇਲ ਕਰਾਈਆ। ਇਕੋ ਢੋਲਾ ਧੁਰ ਦਾ ਗਵਾਂ, ਸੰਦੇਸ਼ਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਉਪਜਾਈਆ।

ਮੁਹੰਮਦ ਕਹੇ ਮੇਰਾ ਹੱਥੋਂ ਲਹਿ ਗਿਆ ਛੱਲਾ, ਉਂਗਲੀ ਖਾਲੀ ਨਜ਼ਰੀ ਆਈਆ। ਈਸਾ ਕਹੇ ਮੇਰਾ ਛੁਟ ਗਿਆ ਪੱਲਾ, ਪਲਕ ਦਾ ਭੇਵ ਰਿਹਾ ਨਾ ਰਾਈਆ। ਮੂਸਾ ਕਹੇ ਮੈਂ ਵੀ ਰਹਿਣਾ ਨਹੀਂ ਕੱਲਾ, ਤੁਹਾਡਾ ਸੰਗ ਨਿਭਾਈਆ। ਤੇਈ ਅਵਤਾਰ ਕਹਿਣ ਜਿਸ ਦੁਵਾਰਿਉਂ ਸਾਡਾ ਦੀਪਕ ਬਲਾ, ਅੰਤ ਓਸੇ ਵਿਚ ਸਮਾਈਆ। ਨਾਨਕ ਨਿਰਗੁਣ ਕਹੇ ਕੀ ਮਾਣ ਮਾਟੀ ਖਲਾ, ਖ਼ਲਕ ਦਾ ਖ਼ਾਲਕ ਖ਼ਾਲੀ ਦਏ ਕਰਾਈਆ। ਗੋਬਿੰਦ ਕਹੇ ਜੋ ਨਿਰਗੁਣ ਧਾਰ ਹੋ ਕੇ ਰਲਾ, ਆਪਣੇ ਵਿਚ ਮਿਲਾਈਆ। ਸਤਿਗੁਰ ਸ਼ਬਦ ਕਹੇ ਉਸ ਦੇ ਪਿਆਰ ਅੰਦਰ ਗੁਰ ਅਵਤਾਰ ਪੈਗ਼ੰਬਰ ਫਲਾ, ਪੱਤ ਟਹਿਣੀ ਮਾਤ ਮਹਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਹਜ਼ਰਤ ਮੁਹੰਮਦ ਆਹ ਲੈ ਚਿੱਠੀ, ਬਿਨ ਹਲਕਾਰਿਉਂ ਹੱਥ ਫੜਾਈਆ । ਈਸਾ ਕਹੇ ਓ ਯਾਰ ਇਹ ਅਨਡਿੱਠੀ, ਅੱਗੇ ਨਜ਼ਰ ਕਦੇ ਨਾ ਆਈਆ। ਮੂਸਾ ਕਹੇ ਉਹ ਵੱਡੀ ਕਿੱਡੀ, ਮੈਨੂੰ ਦਿਓ ਦ੍ਰਿੜਾਈਆ । ਤੇਈ ਅਵਤਾਰ ਕਹਿਣ ਸਾਡੀ ਕਿੱਧਰ ਜਾਊ ਬਿਧੀ, ਮਸਤਕ ਤਿਲਕ ਲਗਾਈਆ। ਨਾਨਕ ਕਹੇ ਇਹ

ਧਾਰ ਸਦਾ ਸਿੱਧੀ, ਸਿੱਧ ਆਸਣ ਇਕ ਵਖਾਈਆ। ਗੋਬਿੰਦ ਕਹੇ ਹੁਣ ਕੋਈ ਨਾ ਬਣਿਓ ਜ਼ਿੱਦੀ, ਸਿਰ ਸਕੇ ਨਾ ਕੋਇ ਉਠਾਈਆ। ਸਤਿਗੁਰ ਸ਼ਬਦ ਕਹੇ ਅੱਗੇ ਹੁਕਮ ਵਰਤਣਾ ਇੱਕੀ, ਇਕ ਇਕੱਲਾ ਆਪ ਦ੍ਰਿੜਾਈਆ। ਮੁਹੰਮਦ ਦੀ ਆਹ ਦੋਹੱਥੜ ਮਾਰ ਕੇ ਪਿਟੀ, ਬੌਹੜੀ ਦਿਤਾ ਸੁਣਾਈਆ। ਈਸਾ ਹੱਥ ਰੱਖ ਕੇ ਗਿੱਚੀ, ਸੀਸ ਲਿਆ ਝੁਕਾਈਆ। ਮੂਸੇ ਕਿਹਾ ਮੈਂ ਤੇਰੀ ਧਾਰ ਨਿਮਾਣੀ ਨਿੱਕੀ, ਨੀਕਨ ਨੀਕ ਸਰਨਾਈਆ । ਤੇਈ ਅਵਤਾਰ ਕਹਿਣ ਵੇਦ ਵਿਆਸ ਔਹ ਵੇਖ ਆਪਣੀ ਮਿਤੀ, ਕੀ ਵੇਲਾ ਗਿਆ ਆਈਆ। ਨਾਨਕ ਕਿਹਾ ਸਾਚੀ ਦਿਸੇ ਕੋਈ ਨਾ ਸਿੱਖੀ, ਚਾਰ ਵਰਨ ਦੁਹਾਈਆ। ਗੋਬਿੰਦ ਕਹੇ ਰਸਨਾ ਰਹੀ ਕਿਸੇ ਨਾ ਮਿੱਠੀ, ਕੜਵਾ ਰੂਪ ਗਈ ਬਦਲਾਈਆ। ਸਤਿਗੁਰ ਸ਼ਬਦ ਕਹੇ ਓ ਗੁਰ ਅਵਤਾਰ ਪੈਗ਼ੰਬਰੋ ਤੁਹਾਡੇ ਹੁੰਦਿਆਂ ਸਾਰੀ ਸ੍ਰਿਸ਼ਟੀ ਗਈ ਭਿੱਟੀ, ਪੁਨੀਤ ਨਜ਼ਰ ਕੋਇ ਨਾ ਆਈਆ। ਮੇਰੀ ਜੇਬ ਵਿਚ ਵੇਖ ਲਓ ਪਿਛਲੀ ਪੁਰਾਣੀ ਚਿਠੀ, ਸਹਿਜ ਨਾਲ ਸਮਝਾਈਆ। ਕਬੀਰ ਕਹੇ ਕੁਛ ਸੁਣ ਲਓ ਜਿਸ ਵੇਲੇ ਮੈਂ ਲੁਕਿਆ ਸਾਂ ਥੱਲੇ ਖਿਤੀ, ਕੰਡਿਆਂ ਵਿਚ ਦੁਹਾਈਆ। ਤੇਗ਼ ਬਹਾਦਰ ਕਹੇ ਮੇਰੇ ਸੀਸ ਉਤੇ ਲੱਗੀ ਧਾਰ ਤਿੱਖੀ, ਆਰ ਪਾਰ ਸਮਝਾਈਆ। ਈਸਾ ਕਹੇ ਜਿਸ ਵੇਲੇ ਮੇਰੀ ਸਲੀਬ ਖਿੱਚੀ, ਨਾਤਾ ਤੁੱਟਾ ਹੋਈ ਜੁਦਾਈਆ। ਰਾਮ ਕਹੇ ਮੈਨੂੰ ਤੇਰੇ ਨਾਲੋਂ ਹੋਈ ਜਿਚੀ, ਜੰਗਲਾਂ ਵਿਚ ਭੁਵਾਈਆ। ਕ੍ਰਿਸ਼ਨ ਕਹੇ ਮੈਂ ਜਗਤ ਸਲਾਹ ਦਿਤੀ, ਕੌਰੋ ਪਾਂਡੋ ਦਿਤੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ।

ਮੁਹੰਮਦ ਕਹੇ ਮੈਂ ਖੋਲ੍ਹ ਕੇ ਵੇਖਿਆ ਪਤਰਾ, ਬਿਨ ਅੱਖਾਂ ਅੱਖ ਫਿਰਾਈਆ। ਈਸਾ ਕਹੇ ਮੈਨੂੰ ਨਜ਼ਰੀ ਆਇਆ ਖ਼ਤਰਾ, ਖ਼ਤ ਖ਼ਤੂਤਾਂ ਵਿਚ ਦਿਤਾ ਸਮਝਾਈਆ। ਮੂਸਾ ਕਹੇ ਮੈਂ ਕਿੱਥੇ ਰਹਵਾਂ ਵੱਖਰਾ, ਘਰ ਨਜ਼ਰ ਕੋਇ ਨਾ ਆਈਆ। ਤੇਈ ਅਵਤਾਰ ਕਹਿਣ ਹੁਣ ਕਿਹੜੀਆਂ ਪੜ੍ਹਾਵਾਂਗੇ ਸਤਰਾਂ, ਜਗਤ ਵਿਚ ਸ਼ਨਵਾਈਆ। ਨਾਨਕ ਕਹੇ ਕਿਹੜੇ ਵਸੀਏ ਵਤਨਾ, ਦੁਵਾਰਾ ਕਵਣ ਸੁਹਾਈਆ। ਗੋਬਿੰਦ ਕਹੇ ਹੁਣ ਆ ਗਏ ਓਸ ਦੇ ਪੱਤਣਾ, ਜੋ ਤੱਟ ਕਿਨਾਰਾ ਇਕ ਰਖਾਈਆ। ਸਤਿਗੁਰ ਸ਼ਬਦ ਕਹੇ ਬੱਚਿਓ ਸਭ ਨੂੰ ਕਰ ਕੇ ਸੱਖਣਾ, ਸੁੱਖੀਂ ਸਾਂਦੀ ਪ੍ਰਭ ਦੇ ਚਰਨ ਟਿਕਾਈਆ। ਚਾਰੋਂ ਕੁੰਟ ਅੰਗਿਆਰਾ ਭੱਖਣਾ, ਸਰਬਭੱਖੀ ਦੇਵੇ ਮਿਟਾਈਆ। ਤੁਸਾਂ ਅੱਗੇ ਮੂਲ ਨਾ ਤੱਕਣਾ, ਸਤ ਧਾਰ ਦਾ ਡੰਡਾ ਰਿਹਾ ਚਮਕਾਈਆ। ਕਿਸੇ ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੂਦਵਾਰ ਭੋਗ ਲਾ ਕੋਈ ਨਾ ਚਖਣਾ, ਸਭ ਨੂੰ ਮਨ੍ਹਾ ਦਿੱਤਾ ਕਰਾਈਆ । ਭੈ ਵਿਚ ਪੁਰਖ ਅਕਾਲ ਦੀ ਚਰਨੀ ਵੱਸਣਾ, ਸੌਂ ਕੇ ਝਟ ਲੰਘਾਈਆ। ਵੇਖਿਓ ਕੋਈ ਕਿਤੇ ਨਾ ਕਰਿਓ ਯਤਨਾ, ਯਥਾਰਥ ਦਿਤਾ ਦ੍ਰਿੜਾਈਆ। ਹੁਣ ਮੈਂ ਕੋਈ ਵਸਣਾ ਨਹੀਂ ਪੌਂਟਾ ਪਟਣਾ, ਪੱਟੀਆਂ ਵਾਲੀ ਕਰਨੀ ਨਾ ਕੋਇ ਸਫ਼ਾਈਆ। ਸਭ ਦਾ ਲੇਖਾ ਪੱਤਾ ਕੱਟਣਾ, ਹੁਕਮ ਦਾ ਕਟਕ ਦੇਣਾ ਚੜ੍ਹਾਈਆ। ਇਕ ਵਾਰ ਪ੍ਰਭ ਦੀ ਚਰਨ ਧੂੜ ਦਾ ਲਾ ਲਓ ਵਟਣਾ, ਇਹ ਅੰਤ ਦੀ ਤੁਹਾਡੀ ਕੁੜਮਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਇਕੋ ਖ਼ਸਮ ਪਊਗਾ ਰੱਖਣਾ, ਦੇਵਰ ਜੇਠ ਨਜ਼ਰ ਕੋਇ ਨਾ ਆਈਆ। ਉਸ ਦੇ ਚਰਨਾਂ ਅੱਗੇ ਪਊਗਾ ਟੱਪਣਾ, ਨਿਉਂ ਨਿਉਂ ਸੀਸ ਨਿਵਾਈਆ। ਚਰਨ ਧੂੜ ਪਏਗਾ ਫੱਕਣਾ, ਤ੍ਰਿਸ਼ਨਾ ਤ੍ਰਿਪਤ ਕਰਾਈਆ । ਵੇਖਿਓ ਦੂਜੇ ਹੁਕਮ ਤੱਕ ਕਿਸੇ ਨਹੀਂ ਅੱਕਣਾ, ਜੁਗਾਂ ਦਾ ਰਾਹ ਨਾ ਕੋਇ ਤਕਾਈਆ।

ਮੁਹੰਮਦ ਕਹੇ ਈਸਾ ਹੁਣ ਕਿਸ ਤਰ੍ਹਾਂ ਬਚਣਾ, ਮੂਸਾ ਕੀ ਤੇਰੀ ਸਲਾਹੀਆ। ਤੇਈ ਅਵਤਾਰ ਕਹਿਣ ਓ ਭਰਾਵੋ ਏਸੇ ਦਾ ਨਾਂ ਪੈਣਾ ਜੱਪਣਾ, ਅਲਾਹ ਰਾਮ ਏਹੋ ਨਜ਼ਰੀ ਆਈਆ। ਨਾਨਕ ਕਹੇ ਚੰਗਾ ਇਕੋ ਦੇ ਘਰ ਵੱਸਣਾ, ਦੂਜਾ ਖ਼ਸਮ ਨਾ ਕੋਇ ਹੰਢਾਈਆ। ਗੋਬਿੰਦ ਕਹੇ ਮੈਂ ਸਾਚੀ ਸੇਜੇ ਸੌਣੋਂ ਕਦੇ ਨਹੀਂ ਹੱਟਣਾ, ਗਲ ਇਕੋ ਲੈਣਾ ਲਗਾਈਆ। ਸਤਿਗੁਰ ਸ਼ਬਦ ਕਹੇ ਕੀ ਫੇਰ ਜਾ ਕੇ ਨਾਮ ਜਪਾਓਗੇ ਨਾਲ ਰਸਨਾ, ਤਨ ਵਜੂਦ ਹੰਢਾਈਆ।

ਮੁਹੰਮਦ ਕਹੇ ਮੈਂ ਹੁਣੇ ਚਾਹੁੰਦਾ ਨੱਸਣਾ, ਛੱਡਾਂ ਖ਼ਲਕ ਖ਼ੁਦਾਈਆ। ਈਸਾ ਕਹੇ ਕੀ ਏਹੋ ਜਿਹੀ ਹੋਣ ਵਾਲੀ ਘਟਨਾ, ਮੈਨੂੰ ਦੇ ਸਮਝਾਈਆ। ਮੂਸਾ ਕਹੇ ਇਸ ਨੇ ਸਾਰਿਆਂ ਨੂੰ ਫੱਟਣਾ, ਨਿਰਾਲਾ ਤੀਰ ਚਲਾਈਆ। ਤੇਈ ਅਵਤਾਰ ਕਹਿਣ ਏਸੇ ਰਾਮ ਦੀ ਸਰਨ ਸਭ ਨੇ ਢੱਠਣਾ, ਢਹਿ ਢਹਿ ਸੀਸ ਨਿਵਾਈਆ। ਨਾਨਕ ਕਹੇ ਭਰਾਵੋ ਚੰਦ ਦਿਹਾੜੇ ਰੈਣ ਵਸੇਰਾ ਕੱਟਣਾ, ਲੋਕਮਾਤ ਦੁਹਾਈਆ। ਗੋਬਿੰਦ ਕਹੇ ਮੈਂ ਫੇਰ ਨਹੀਂ ਜੰਮਣਾ ਵਿਚ ਪਟਨਾ, ਨੂਰ ਇਕੋ ਇਕ ਚਮਕਾਈਆ। ਸਤਿਗੁਰ ਸ਼ਬਦ ਕਹੇ ਤੁਹਾਡਾ ਵਸ ਨਹੀਂ ਤੁਹਾਡਾ ਕੋਈ ਯਤਨਾ, ਤਾਕਤ ਨਜ਼ਰ ਕੋਇ ਨਾ ਆਈਆ। ਜਿਉਂ ਭਾਵੇ ਤਿਉਂ ਮੈਂ ਤੁਹਾਨੂੰ ਰੱਖਣਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹਿਜ ਸਹਿਜ ਸਮਝਾਈਆ।

ਮੁਹੰਮਦ ਕਹੇ ਉਹ ਅੰਦਰ ਵੱਜੀ ਹੁੱਕ, ਹੁਕਮ ਦਿੱਤਾ ਦ੍ਰਿੜਾਈਆ। ਈਸਾ ਕਹੇ ਕਿਤੇ ਸਾਡਾ ਪੈਂਡਾ ਤੇ ਨਹੀਂ ਗਿਆ ਮੁੱਕ, ਮੂਸੇ ਉਠ ਧਿਆਨ ਲਗਾਈਆ। ਤੇਈ ਅਵਤਾਰ ਕਹਿਣ ਕਿਧਰੋਂ ਸੁਣ ਲਈ ਤੁੱਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਨਾਨਕ ਕਹੇ ਸਭ ਦੀ ਸਫ਼ਾ ਗਈ ਉਠ, ਊਠਤ ਬੈਠਤ ਰਹੀ ਨਾ ਰਾਈਆ। ਗੋਬਿੰਦ ਕਹੇ ਮੁਹੰਮਦਾ ਯਾਰ ਕਿਉਂ ਕਟਾਈ ਸੀ ਮੁੱਛ, ਮੈਨੂੰ ਦੇ ਸਮਝਾਈਆ। ਇਸਤਰੀ ਪਿਛੇ ਹੋ ਕੇ ਕੁਚ, ਸ਼ਕਲ ਲਈ ਬਦਲਾਈਆ। ਗੋਬਿੰਦ, ਸਾਰਿਆਂ ਦੇ ਹੁੰਦਿਆਂ ਨਾ ਪੁੱਛ, ਕੱਲਾ ਦੇਉਂ ਸਮਝਾਈਆ । ਸਤਿਗੁਰ ਸ਼ਬਦ ਕਹੇ ਮੈਂ ਕਲਮਿਆਂ ਦਾ ਮਾਲਕ ਕਿਉਂ ਕਰਦੇ ਬੁੱਚ ਬੁੱਚ, ਜਿਸ ਤਰ੍ਹਾ ਮੈਂ ਚਾਹਿਆ ਓਸ ਤਰਹ ਦਿਤਾ ਰਗੜਾਈਆ। ਪਤਾ ਨਹੀਂ ਕਿਸ ਜ਼ਮੀਨ ਉਤੇ ਆਕੜ ਨਾਲ ਫਿਰਦੇ ਸੋ ਟੁੱਪ ਟੁੱਪ, ਟੋਭੇ ਲਾ ਲਾ ਕੀਤੀ ਲਿਖਾਈਆ। ਜਿਸ ਨੇ ਤੁਹਾਡਾ ਬੂਟਾ ਲਾਇਆ ਓਸੇ ਨੇ ਦਿਤਾ ਪੁੱਟ, ਕਿਉਂ ਰੋ ਰੋ ਮਾਰੋ ਧਾਹੀਂਆ। ਸ਼ੁਕਰ ਕਰੋ ਤੁਹਾਡਾ ਖਹਿੜਾ ਗਿਆ ਛੁੱਟ, ਆਪਣੀ ਦੇ ਨਾ ਸਕੇ ਸਫ਼ਾਈਆ । ਮੇਰਾ ਕਾਸਾ ਖ਼ਾਲੀ ਠੁਠ, ਵਿਚੋਂ ਠੁਮਰੀ ਨਜ਼ਰ ਕੋਇ ਨਾ ਆਈਆ ।

ਰਾਮ ਕਿਹਾ ਓ ਅਜੇ ਵੀ ਹੋ ਜਾਓ ਇਕ ਮੁੱਠ, ਭੁੱਲੇ ਘਰ ਨੂੰ ਜਾਵੋ ਆਈਆ। ਨਾਨਕ ਕਿਹਾ ਭਈ ਏਹ ਸਭ ਹੱਥ ਓਸੇ ਦੇ ਕੁੱਛ, ਜਿਉਂ ਭਾਵੇ ਤਿਉਂ ਰਿਹਾ ਚਲਾਈਆ। ਗੋਬਿੰਦ ਕਹੇ ਬੜੀ ਛੇਤੀ ਸਾਰਿਆਂ ਦਾ ਪੈਂਡਾ ਗਿਆ ਮੁੱਕ, ਭਰਾਵੋ ਸਾਡੀਆਂ ਮੁੱਕੀਆਂ ਘਸੁੱਨਾ ਸਾਡਾ ਲੇਖਾ ਦਿਤਾ ਮੁਕਾਈਆ। ਜੇ ਇਸ ਦੇ ਕੋਲੋਂ ਪੁਛ ਲੈਂਦੇ ਏਸੇ ਦੀ ਤੁਕ, ਕਿਉਂ ਦੀਨਾਂ ਮਜ਼੍ਹਬਾਂ ਵਾਲੀ ਹੁੰਦੀ ਲੜਾਈਆ। ਅਸੀਂ ਖ਼ੁਸ਼ ਰਹੇ ਸਾਨੂੰ ਬਣਾ ਕੇ ਪੁੱਤ, ਹਿੱਸੇ ਦਿੱਤੇ ਵੰਡਾਈਆ। ਤੇ ਜਿਸ ਵੇਲੇ ਆਧਾਂ ਬਿਆਧਾਂ ਮੁਣਿਆਦਾਂ ਦਾ ਪੈਂਡਾ ਗਿਆ ਮੁੱਕ, ਪਟੇਦਾਰੀ ਰਹੀ ਨਾ ਰਾਈਆ। ਜੇ ਕਦੇ ਮਾਤਲੋਕ ਜਾਣ ਤੋਂ ਪਹਿਲੋਂ ਐਥੇ ਕਰ ਲੈਂਦੇ ਠੁੱਕ, ਸਲਾਹ ਮਸ਼ਵਰਾ ਇਕ ਪਕਾਈਆ। ਫਿਰ ਝਗੜਾ ਨਾ ਪੌਂਦੇ ਕਾਇਆ ਬੁੱਤ, ਮਨੁਸ਼ ਮਨੁਸ਼ਾਂ ਨਾਲ ਟਕਰਾਈਆ । ਕ੍ਰਿਸ਼ਨ ਕਹੇ ਮੂਸਾ ਤੂੰ ਜਾ ਕੇ ਪਾਈ ਪਹਿਲੋਂ ਫੁਟ, ਮੂਸਾ ਕਹੇ ਮੇਰੇ ਨਾਲੋਂ ਬਹੁਤੀ ਈਸਾ ਅੱਗ ਲਗਾਈਆ । ਈਸਾ ਕਹੇ ਮੈਂ ਕੁਛ ਹੋ ਗਿਆ ਚੁੱਪ, ਮੁਹੰਮਦ ਨੇ ਚਾਰ ਕੁੰਟ ਦਿਤੀ ਦੁਹਾਈਆ । ਰਾਮ ਕ੍ਰਿਸ਼ਨ ਨੂੰ ਲਵੋ ਚੁੱਕ, ਪੱਥਰ ਪੱਥਰਾਂ ਨਾਲ ਟਕਰਾਈਆ। ਅਵਤਾਰ ਕਹਿਣ ਕਿਸ ਬਿਧ ਪਾਈ ਓਸ ਨੇ ਫੁੱਟ, ਸਾਨੂੰ ਸਭ ਕੁਛ ਜਾਣਦਿਆਂ ਨੂੰ ਦਿਤਾ ਲੜਾਈਆ। ਨਾਨਕ ਕਿਹਾ ਆਪਣੀ ਕਰਨੀ ਨੂੰ ਟੁੱਕ ਟੁੱਕ, ਸਾਡੀ ਝੋਲੀ ਦਿਤੀ ਭਰਾਈਆ। ਗੋਬਿੰਦ ਕਿਹਾ ਸਭ ਨੂੰ ਓਸ ਖ਼ਾਨੇ ਵਿਚ ਦਿੱਤਾ ਸੁੱਟ, ਜਿਥੇ ਸੋਟਾ ਸਤ ਰੰਗਾ ਡਰਾਈਆ । ਸਤਿਗੁਰ ਸ਼ਬਦ ਕਹੇ ਓ ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਨਹੀਂ ਸੀ ਪਤਾ ਮੈਂ ਆਦਿ ਦਾ ਇਕੋ ਉਹਦਾ ਪੁੱਤ, ਤੁਸੀਂ ਮੇਰੇ ਵਿਚੋਂ ਜੰਮ ਕੇ ਜਗਤ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ।

ਮੁਹੰਮਦ ਕਹੇ ਸਦੀ ਚੌਧਵੀਂ ਪੈ ਗਈਆਂ ਚੀਸਾਂ, ਅਲਾਹ ਤੇਰੀ ਸਰਨਾਈਆ। ਈਸਾ ਕਹੇ ਕਿਤੇ ਭੁੱਲ ਨਹੀਂ ਗਈਆਂ ਹਦੀਸਾਂ, ਹਜ਼ਰਤਾਂ ਦੇ ਦ੍ਰਿੜਾਈਆ। ਮੂਸਾ ਕਹੇ ਆਪਣਾ ਵੇਖ ਖ਼ਾਲੀ ਹੋ ਗਿਆ ਖੀਸਾ, ਕੀ ਦੂਜਿਆਂ ਰਿਹਾ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕੱਠੇ ਵੇਖਣ ਕਿਤੇ ਆ ਨਹੀਂ ਗਿਆ ਬੀਸਾ, ਬਿਸਤਰੇ ਸਭ ਦੇ ਗੋਲ ਕਰਾਈਆ। ਨਾਨਕ ਕਿਹਾ ਆਪਣਾ ਆਪਣਾ ਵੇਖੋ ਸ਼ੀਸ਼ਾ, ਪੜਦਾ ਉਹਲਾ ਰਹੇ ਨਾ ਰਾਈਆ। ਗੋਬਿੰਦ ਕਿਹਾ ਤੁਹਾਡੀਆਂ ਪੂਰੀਆਂ ਕਰਨ ਲੱਗਾ ਉਮੀਦਾਂ, ਆਪਣਾ ਹੁਕਮ ਵਰਤਾਈਆ । ਸਤਿਗੁਰ ਸ਼ਬਦ ਕਹੇ ਸਭ ਦੀਆਂ ਪਰਖਣ ਆਇਆ ਨੀਤਾਂ, ਨੀਤੀਵਾਨ ਵੇਸ ਵਟਾਈਆ। ਕੀ ਫੇਰ ਵੜੋਗੇ ਮੰਦਰਾਂ ਮਸੀਤਾਂ, ਮਸੱਲੇ ਹੱਥਾਂ ਵਿਚ ਉਠਾਈਆ। ਸਾਰੇ ਕਹੋ ਸਾਡੀਆਂ ਲੱਗੀਆਂ ਇਕ ਦੇ ਨਾਲ ਪ੍ਰੀਤਾਂ, ਪ੍ਰੀਤਮ ਲਿਆ ਮਨਾਈਆ । ਪਿਛਲਾ ਯਾਦ ਨਾ ਕਰਿਓ ਵੇਲਾ ਬੀਤਾ, ਮਾਜ਼ੀ ਰਾਹ ਨਾ ਕੋਇ ਤਕਾਈਆ । ਸਾਰੇ ਗਾਓ ਇਕੋ ਗੀਤਾ, ਜੋ ਗਹਿਰ ਗੰਭੀਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਮੁਹੰਮਦ ਕਹੇ ਮੈਨੂੰ ਹੋਣ ਲੱਗੀ ਦਰਦ, ਦਰੇ ਦਰਬਾਰ ਸੁਣਾਈਆ। ਈਸਾ ਕਹੇ ਕਿਤੇ ਕੱਢ ਤੇ ਨਹੀਂ ਲਈ ਫ਼ਰਦ, ਸਾਡਾ ਲੇਖਾ ਵੇਖ ਵਖਾਈਆ। ਮੂਸਾ ਕਹੇ ਮੈਂ ਵੇਖ ਹੋਇਆ ਅਸਚਰਜ, ਅਚਰਜ ਖੇਲ ਖਿਲਾਈਆ । ਤੇਈ ਅਵਤਾਰ ਕਹਿਣ ਨਾ ਨਾਰੀ ਨਾ ਇਹ ਮਰਦ, ਜੋਤੀ ਜਾਮਾ ਨੂਰ ਰੁਸ਼ਨਾਈਆ। ਨਾਨਕ ਗੋਬਿੰਦ ਕਹੇ ਇਹ ਪੂਰਾ ਕਰਨ ਆਇਆ ਫ਼ਰਜ਼, ਆਪਣਾ ਵੇਸ ਵਟਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਤੁਹਾਡੇ ਹੁੰਦਿਆਂ ਮਾਣਸਾਂ ਖਾਧੇ ਕਰਗ, ਜੂਨੀਆਂ ਵਿਚ ਸਜ਼ਾਈਆ। ਮੈਂ ਬੋਲ ਕੇ ਕਹਿਵਾਂ ਗਰਜ, ਤੁਹਾਡੀ ਕੀਤੀ ਅੱਗੇ ਦੇਣੀ ਬਦਲਾਈਆ। ਰਹਿਣ ਨਹੀਂ ਦੇਣਾ ਅੰਧੇਰਾ ਗਰਦ, ਨਿਰਗੁਣ ਨੂਰ ਹੋਵੇ ਰੁਸ਼ਨਾਈਆ । ਏਕੰਕਾਰਾ ਆਇਆ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ । ਸਭ ਦਾ ਲੇਖਾ ਕੀਤਾ ਤਰਕ, ਤੁਰਤ ਆਪਣਾ ਹੁਕਮ ਚਲਾਈਆ। ਪੂਰੀ ਕਰ ਕੇ ਇਕਰਾਰਾਂ ਦੀ ਸ਼ਰਤ, ਸ਼ਰਅ ਦੇਵੇ ਬਦਲਾਈਆ। ਤੁਸਾਂ ਕਦੀ ਵੇਖਿਆ ਸਵਰਗ ਨਰਕ, ਜਾ ਕੇ ਫੇਰਾ ਪਾਈਆ। ਹੁਣ ਕਿਸੇ ਨੂੰ ਵੜਨ ਨਹੀਂ ਦੇਣਾ ਵਿਚ ਚਰਚ, ਚਰਾਗਾਹਾਂ ਵਿਚ ਭੁਵਾਈਆ। ਵੇਖਿਓ ਫੇਰ ਨਾ ਜਾਇਓ ਉਤੇ ਫ਼ਰਸ਼ ਅਰਸ਼ ਮੇਰੇ ਵਿਚ ਸਮਾਈਆ। ਕਿਤੇ ਵੰਡ ਨਾ ਵੰਡਿਓ ਗਰਬਨ ਸ਼ਰਕ, ਸ਼ਮਾਲਨ ਜਨੂਬਨ ਆਪਣਾ ਫੇਰਾ ਪਾਈਆ। ਅੱਗੇ ਰਹਿਣ ਨਹੀਂ ਦੇਣਾ ਕੋਈ ਫ਼ਰਕ, ਫ਼ਿਕਰਾ ਇਕੋ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਸਮਝਾਈਆ।

ਮੁਹੰਮਦ ਕਹੇ ਕਿਉਂ ਹੋਈ ਦਿਲਗੀਰੀ, ਧੀਰਜ ਧੀਰ ਨਾ ਕੋਇ ਰਖਾਈਆ। ਈਸਾ ਕਹੇ ਟੁੱਟਣ ਲੱਗੀ ਸ਼ਰਅ ਜ਼ੰਜੀਰੀ, ਟੁੱਟੀ ਗੰਢ ਨਾ ਕੋਇ ਪੁਵਾਈਆ। ਮੂਸਾ ਕਹੇ ਬੱਸ ਹੋਈ ਫ਼ਕੀਰੀ, ਫ਼ਾਤਿਆ ਸਭ ਦਾ ਰਿਹਾ ਪੜ੍ਹਾਈਆ । ਤੇਈ ਅਵਤਾਰ ਕਹਿਣ ਰਹਿਣਾ ਨਹੀਂ ਬਗ਼ਲਗੀਰੀ, ਜਗਤ ਸੰਗ ਬਣਾਈਆ । ਨਾਨਕ ਗੋਬਿੰਦ ਕਹੇ ਇਹ ਵਕਤ ਅਖ਼ੀਰੀ, ਆਖ਼ਰ ਰਿਹਾ ਸੁਣਾਈਆ। ਸਤਿਗੁਰ ਸ਼ਬਦ ਕਹੇ ਜਿਸ ਸ੍ਰਿਸ਼ਟ ਕੀਤੀ ਤਾਅਮੀਰੀ, ਓਹੋ ਵੇਖ ਵਖਾਈਆ। ਲਹਿਣਾ ਦੇਣਾ ਚੁਕਾਵੇ ਹਸਤ ਕੀੜੀ, ਲੱਖ ਚੁਰਾਸੀ ਵੇਖ ਵਖਾਈਆ। ਸਭ ਨੂੰ ਗਲੀ ਲੰਘਣਾ ਪੈਣਾ ਭੀੜੀ, ਸੌਖਾ ਰਾਹ ਨਾ ਕੋਇ ਜਣਾਈਆ। ਸਿਰ ਤਾਜ ਨਾ ਰਹੇ ਅਮੀਰੀ, ਅਮਰਾਪਦ ਨਾ ਕਿਸੇ ਵਖਾਈਆ। ਏਹ ਖੇਲ ਹੋਣਾ ਤਕਦੀਰੀ, ਸ਼ਾਸਤਰ ਵੇਦ ਸਮਝੇ ਕੋਇ ਨਾ ਰਾਈਆ। ਕੁਛ ਲਹਿਣਾ ਬਦਰੇ ਮੁਨੀਰੀ, ਬੈਤੁਲ ਧਾਮ ਸਰਨਾਈਆ। ਕੁਛ ਹੁਕਮ ਸ਼ਬਦ ਨਾਇਬ ਵਜ਼ੀਰੀ, ਨਾਤਵਾਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਉਪਜਾਈਆ।

ਮੁਹੰਮਦ ਕਹੇ ਕਿਉਂ ਉਮਤ ਦਾ ਭੱਜਣ ਲੱਗਾ ਹੁੱਕਾ, ਚਿਲਮ ਚਿਮਟਾ ਕੰਮ ਕਿਸੇ ਨਾ ਆਈਆ । ਈਸਾ ਕਹੇ ਸਭ ਦੇ ਮੁਖ ਵਿਚ ਪੈਣਾ ਥੁੱਕਾ, ਥੋਕ ਦਾ ਮਾਲ ਸਾਰੇ ਬੈਠੇ ਲੁਟਾਈਆ। ਮੂਸਾ ਕਹੇ ਮੈਂ ਕਿਸ ਕਿਸ ਦਾ ਭਾਰ ਚੁੱਕਾਂ, ਸਾਬਤ ਨਜ਼ਰ ਕੋਇ ਨਾ ਆਈਆ। ਤੇਈ ਅਵਤਾਰ ਕਹਿਣ ਸਾਡਾ ਮਾਰਗ ਮੁਢੋਂ ਘੁੱਥਾ, ਪ੍ਰਭ ਦਾ ਨਾਮ ਇਕ ਸਮਝਾਈਆ। ਆਦਿ ਸ਼ਕਤ ਕਹੇ ਮੈਨੂੰ ਵੀ ਰੋ ਲੈਣ ਦਿਓ ਵਿਚ ਮਾਰ ਕੇ ਭੁੱਬਾਂ, ਖੁੱਲੀ ਮੀਂਢੀ ਸੀਸ ਨਾ ਕੋਇ ਗੁੰਦਾਈਆ। ਨਾਨਕ ਕਹੇ ਆਪਣੀ ਕਰਨੀ ਸਭ ਦਾ ਬੇੜਾ ਡੁੱਬਾ, ਦੂਸਰ ਕਰੇ ਨਾ ਕੋਇ ਸਫ਼ਾਈਆ। ਗੋਬਿੰਦ ਕਹੇ ਲੇਖਾ ਅੰਤ ਅਖ਼ੀਰੀ ਮੁੱਕਾ, ਚਾਰ ਕੁੰਟ ਨਾ ਕੋਇ ਸਹਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਕਿਉਂ ਲੈਂਦੇ ਰਹੇ ਮੇਰੇ ਨਾਮ ਦਾ ਭੁੱਗਾ, ਭੋਗ ਲੁਵਾ ਕੇ ਆਪੇ ਲੈਂਦੇ ਖਾਈਆ। ਏਸੇ ਕਰ ਕੇ ਉਜੜਨ ਲੱਗਾ ਝੁੱਗਾ, ਗੁਰੂ ਦਾ ਹਿਸਾ ਸਿਖ ਆਪਣਿਆਂ ਢਿੱਡਾਂ ਵਿਚ ਟਿਕਾਈਆ। ਤੁਸੀਂ ਕਦੀ ਨਾ ਸਮਝਿਓ ਪੁਰਖ ਅਕਾਲ ਬੁੱਢਾ, ਜੁਗ ਜੁਗ ਸਭ ਦਾ ਪਿਤਾ ਮਾਈਆ। ਨਾ ਲੰਗੜਾ ਲੂਲ੍ਹਾ ਡੁੱਡਾ, ਨਾ ਨੈਣਹੀਣ ਅਖਵਾਈਆ। ਜੇ ਤੁਸੀਂ ਸਭ ਦੀ ਸਾਫ਼ ਰੱਖਦੇ ਬੁੱਧਾ, ਕੂੜੀ ਕਿਰਿਆ ਨਾ ਕੋਇ ਕਮਾਈਆ। ਮੈਨੂੰ ਦੱਸੋ ਕਿਉਂ ਤੁਹਾਥੋਂ ਕਰੌਂਦਾ ਰਿਹਾ ਯੁੱਧਾ, ਧਰਮ ਦੇ ਨਾਲ ਧਰਮ ਦੀ ਲੜਾਈਆ। ਮੇਰਾ ਖੇਲ ਕਿਸੇ ਨਾ ਬੁੱਝਾ, ਬੇਨੰਤੀ ਚਰਨ ਨਾ ਕੋਇ ਕਰਾਈਆ। ਜੈਸਾ ਹੁਕਮ ਦਿਤਾ ਤੈਸਾ ਗੁਰ ਅਵਤਾਰ ਪੈਗ਼ੰਬਰ ਮਾਤ ਰੁੱਝਾ, ਜਗਤ ਵਿਚ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਮੁਹੰਮਦ ਕਹੇ ਮੇਰੇ ਅੰਦਰ ਆਵਾਜ਼ ਆਈ ਹੂ, ਅਲਾਹ ਹੱਕ ਰਿਹਾ ਜਣਾਈਆ। ਈਸਾ ਕਹੇ ਮੈਨੂੰ ਪੈਂਦੀ ਧੂਹ, ਬੌਹੜੀ ਕੁਰਲਾਈਆ। ਮੂਸਾ ਕਹੇ ਮੈਨੂੰ ਸਾਫ਼ ਕਰ ਲੈਣ ਦੇ ਮੂੰਹ, ਜੋ ਪੱਥਰਾਂ ਉਤੇ ਰਗੜਾਈਆ। ਤੇਈ ਅਵਤਾਰ ਕਹਿਣ ਅਸੀਂ ਰਸਤਾ ਸਾਫ਼ ਨਾ ਕੀਤਾ ਰੂਹ, ਮਨ ਦੀ ਚਲਦੀ ਰਹੀ ਚਤੁਰਾਈਆ । ਨਾਨਕ ਗੋਬਿੰਦ ਕਹੇ ਸਾਰੇ ਖੇਲ ਵੇਖੋ ਲੂੰ ਲੂੰ, ਰੋਮ ਰੋਮ ਰੋਮ ਸਮਾਈਆ। ਸਤਿਗੁਰ ਸ਼ਬਦ ਕਹੇ ਤੁਹਾਨੂੰ ਨਹੀਂ ਪਤਾ ਮੈਂ ਸਭ ਦਾ ਇਕੋ ਗੁਰੂ, ਸਤਿਗੁਰ ਮੈਨੂੰ ਕਹਿ ਕੇ ਸਾਰੇ ਤੁਸੀਂ ਗਾਈਆ। ਮੇਰਾ ਪਿਆਰ ਦਾ ਵੱਡਾ ਖੂਹ, ਜਿਸ ਵਿਚ ਸਾਰੇ ਗ਼ੋਤੇ ਖਾ ਖਾ ਮੇਰੀ ਓਟ ਤਕਾਈਆ। ਕੋਈ ਦੱਸੋ ਹੁਣ ਅੱਗੇ ਕਿਸ ਬਿਧ ਖੇਲ ਹੋਣਾ ਸ਼ੁਰੂ, ਸ਼ਹਿਨਸ਼ਾਹ ਆਪ ਕਰਾਈਆ। ਕਿਸ ਧਾਰ ਆਤਮਾ ਜੁੜੂ, ਮਿਲੇ ਮਾਣ ਵਡਿਆਈਆ । ਮੁਹੰਮਦ ਕਹੇ ਹੁਣ ਫੋਕਾ ਕਰਨਾ ਕੁੜੂੰ ਕੁੜੂੰ, ਕੁੜੱਤਣ ਮਜ਼੍ਹਬ ਰਹੇ ਨਾ ਰਾਈਆ। ਆਪਣੀ ਕਰਨੀ ਤੋਂ ਕਦੇ ਨਾ ਮੁੜੂ, ਈਸਾ ਰਿਹਾ ਸੁਣਾਈਆ। ਮੂਸਾ ਕਹੇ ਮੈਂ ਹੁਕਮੇ ਅੰਦਰ ਤੁਰੂੰ, ਤੁਰਤ ਸੀਸ ਨਿਵਾਈਆ । ਤੇਈ ਅਵਤਾਰ ਕਹਿਣ ਏਸੇ ਦਾ ਮੰਤਰ ਫੁਰੂੰ, ਫੁਰਨੇ ਬੰਦ ਕਰਾਈਆ। ਨਾਨਕ ਗੋਬਿੰਦ ਕਹੇ ਏਕਾ ਸਰਨ ਸਰਨਾਈ ਪੜੂੰ, ਪੜ੍ਹਨ ਲਿਖਣ ਦੀ ਲੋੜ ਰਹੇ ਨਾ ਰਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਂ ਸਭ ਦੇ ਅੰਦਰ ਵੜੂੰ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਸ਼ਾਹ ਸੁਲਤਾਨਾਂ ਫੜੂੰ, ਫੜ ਕੇ ਦਿਆਂ ਉਠਾਈਆ । ਦੋ ਧਾਰੀ ਹੋ ਕੇ ਲੜੂੰ, ਲਕੀਰ ਫ਼ਕੀਰ ਵਾਲੀ ਵਖਾਈਆ । ਸਭ ਦੇ ਅੰਦਰ ਹਿਕੋ ਧੌਲ ਜੜੂੰ, ਧਰਤ ਧਵਲ ਦਿਆਂ ਹਿਲਾਈਆ। ਸਮੁੰਦ ਸਾਗਰ ਛੜੂੰ, ਵਿਰੋਲ ਵਖਾਵਾਂ ਥਾਉਂ ਥਾਈਂਆ। ਜਿਹੜਾ ਲੇਖ ਲਿਖਾਇਆ ਗੋਬਿੰਦ ਧਾਰ ਪਰਾਰ ਪਰੂੰ, ਪਾਰਬ੍ਰਹਮ ਹੁਕਮ ਸੁਣਾਈਆ। ਓਸੇ ਤਰ੍ਹਾਂ ਕਰੂੰ, ਕਰਤਬ ਆਪਣੇ ਹੱਥ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਸੰਦੇਸ਼ਾ ਇਕ ਸੁਣਾਈਆ।

ਮੁਹੰਮਦ ਕਹੇ ਕਿਉਂ ਹੋਣ ਲੱਗੀ ਪੀੜ, ਪੀੜ੍ਹੀ ਨਜ਼ਰ ਕੋਇ ਨਾ ਆਈਆ। ਈਸਾ ਕਹੇ ਜਗਤ ਨਬੀਆਂ ਦੀ ਲੱਗ ਗਈ ਭੀੜ, ਭੀੜਾ ਰਾਹ ਕੋਇ ਨਾ ਪਾਰ ਕਰਾਈਆ। ਮੂਸਾ ਕਹੇ ਝਗੜਾ ਮੁਕਿਆ ਨਾ ਹਸਤ ਕੀੜ, ਸਾਚਾ ਰੰਗ ਨਾ ਕੋਇ ਰੰਗਾਈਆ। ਤੇਈ ਅਵਤਾਰ ਕਹਿਣ ਰੋਂਦੇ ਸ਼ਾਹ ਹਕੀਰ, ਫ਼ਕੀਰ

ਦੇਣ ਦੁਹਾਈਆ। ਨਾਨਕ ਗੋਬਿੰਦ ਕਹੇ ਪ੍ਰਭ ਬਦਲ ਰਿਹਾ ਤਦਬੀਰ, ਤਕਦੀਰ ਤਹਿਰੀਰ ਨਾਲ ਵਡਿਆਈਆ । ਜਿਹੜੀ ਆਸਾ ਰੱਖੀ ਕਬੀਰ, ਕਬਰਾਂ ਤੋਂ ਬਾਹਰ ਧਿਆਨ ਲਗਾਈਆ। ਸੋ ਖੇਲ ਕਰੇ ਸ਼ਾਹ ਹਕੀਰ, ਹੁਕਮ ਇਕ ਵਰਤਾਈਆ। ਸਭ ਦੀ ਵੇਖਣਹਾਰਾ ਜ਼ਮੀਰ, ਅੰਦਰੇ ਅੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਆਪ ਚੁਕਾਈਆ।

ਮੁਹੰਮਦ ਕਹੇ ਕੀ ਹੁਕਮ ਦੇਵੇ ਖ਼ੁਦਾ, ਖ਼ੁਦ ਆਪਣਾ ਆਪ ਸੁਣਾਈਆ। ਈਸਾ ਕਹੇ ਹੋਵੇ ਨਾ ਕਦੇ ਜੁਦਾ, ਪੱਲੂ ਆਪਣਾ ਲਏ ਛੁਡਾਈਆ। ਮੂਸਾ ਕਹੇ ਮੁਸ਼ਕਲ ਵਿਚ ਹੋ ਕੇ ਫਿਦਾ, ਆਪ ਆਪਣਾ ਭੇਟ ਕਰਾਈਆ। ਤੇਈ ਅਵਤਾਰ ਕਹਿਣ ਜੁਗ ਬਦਲਣਾ ਇਹਦੀ ਅਦਾ, ਅਦਾਲਤ ਅਦਲ ਆਪ ਕਮਾਈਆ । ਨਾਨਕ ਕਹੇ ਸਭ ਨੂੰ ਦੇਵਣਹਾਰ ਸਜ਼ਾ, ਜੁਗ ਚੌਕੜੀ ਵੇਖ ਵਖਾਈਆ। ਗੋਬਿੰਦ ਕਹੇ ਮੈਨੂੰ ਔਣ ਲੱਗਾ ਮਜ਼ਾ, ਮਜ਼ਾਕ ਮੇਟੇ ਕੂੜ ਲੋਕਾਈਆ। ਸਤਿਗੁਰ ਸ਼ਬਦ ਕਹੇ ਕਿਸੇ ਨੂੰ ਜਣਾਈ ਨਹੀਂ ਆਪਣੀ ਰਜ਼ਾ, ਰਾਜ਼ਕ ਰਿਜ਼ਕ ਰਹੀਮ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸੀਂ ਮੇਰੇ ਛੋਟੇ ਛੋਟੇ ਅਜ਼ਾ, ਹਿੱਸੇ ਜਗਤ ਦਿਤੇ ਵੰਡਾਈਆ। ਤੁਹਾਨੂੰ ਨਾਮ ਦੀ ਦੇ ਕੇ ਗ਼ਿਜ਼ਾ, ਸੂਰਬੀਰ ਦਿੱਤਾ ਬਣਾਈਆ। ਤੁਸੀਂ ਦੇ ਕੇ ਬਾਂਗ ਅਜ਼ਾਂ, ਊਚੀ ਕੂਕ ਦਿੱਤਾ ਸੁਣਾਈਆ। ਮੈਂ ਸਭ ਦਾ ਲੇਖਾ ਕਰ ਕੇ ਲੌਂਦਾ ਰਿਹਾ ਮੀਜ਼ਾਨ, ਹਿਸਾਬ ਆਪਣੇ ਹੱਥ ਰਖਾਈਆ। ਸਾਰੇ ਮੇਰੇ ਦਵਾਰੇ ਜਮਾਂ ਕਰਾ ਦਿਓ ਅੰਜੀਲ ਕੁਰਾਨ, ਨਿਉਂ ਨਿਉਂ ਸੀਸ ਝੁਕਾਈਆ। ਮੰਨੋ ਇਕ ਈਮਾਨ, ਚਰਨ ਕਵਲ ਸਰਨਾਈਆ। ਸੁਣੋ ਮੇਰਾ ਪੈਗ਼ਾਮ, ਸਭ ਨੂੰ ਰਿਹਾ ਸੁਣਾਈਆ। ਸਦੀ ਚੌਧਵੀਂ ਲੈਣ ਨਹੀਂ ਦੇਣਾ ਆਰਾਮ, ਹੁਕਮੇ ਅੰਦਰ ਭੁਵਾਈਆ। ਮੁਹੰਮਦੀ ਹੋਣ ਹੈਰਾਨ, ਕੌਣ ਰਿਹਾ ਉਠਾਈਆ। ਈਸਾ ਬਣੌਣਾ ਨਿਸ਼ਾਨ, ਨਿਸ਼ਾਨੇ ਸਰਬ ਚੁਕਾਈਆ। ਦੋਹਾਂ ਦਾ ਹੋਣਾ ਜੰਗ ਘਮਸਾਨ, ਘੁੰਮਣ ਘੇਰ ਵਿਚ ਲੋਕਾਈਆ। ਮੇਰਾ ਸ਼ਬਦੀ ਫਿਰਦਾ ਰਹੇ ਬਬਾਣ, ਬੇਵਾ ਵੇਖੇ ਥਾਉਂ ਥਾਈਂਆ। ਧੁਰ ਫ਼ਰਮਾਣੇ ਦਾ ਚੜ੍ਹੇ ਤੁਫ਼ਾਨ, ਚਾਰੋਂ ਕੁੰਟ ਦਏ ਹਿਲਾਈਆ। ਨਾਮ ਦਾ ਚੜ੍ਹੇ ਚਿੱਲਾ ਕਮਾਨ, ਕਮਾਨ ਕਰਨ ਵਾਲਾ ਰਹਿਣ ਕੋਇ ਨਾ ਪਾਈਆ। ਵੇਖਿਓ ਗੁਰ ਅਵਤਾਰ ਪੈਗ਼ੰਬਰੋ ਹੋਇਓ ਨਾ ਪਰੇਸ਼ਾਨ, ਪਰਾਸਚਿਤ ਮੋਹੇ ਲਾਗੇ ਕੋਇ ਨਾ ਰਾਈਆ। ਮੇਰਾ ਇਕੋ ਸੂਰਬੀਰ ਸ਼ਬਦ ਸੁੱਤ ਜਵਾਨ, ਜਵਾਨੀ ਸਭ ਦੀ ਦਏ ਗਵਾਈਆ। ਮੁਹੰਮਦ ਅੱਗੋਂ ਕਹੇ ਸਲਾਮ, ਕਦਮਬੋਸ਼ੀ ਕਰ ਕੇ ਧੂੜੀ ਖ਼ਾਕ ਰਮਾਈਆ। ਕਿਸ ਨੂੰ ਦੇਵੇਂ ਇਨਾਮ, ਸ਼ਾਬਾਸ਼ ਕਹਿ ਸੁਣਾਈਆ। ਕਵਣ ਹੋਏ ਪਰਵਾਨ, ਦਰ ਮਿਲੇ ਵਡਿਆਈਆ। ਸਤਿਗੁਰ ਸ਼ਬਦ ਕਹੇ ਜਿਨ੍ਹਾਂ ਭਗਤਾਂ ਮਿਲੇ ਭਗਵਾਨ, ਓਨ੍ਹਾਂ ਵੱਜੇ ਵਧਾਈਆ। ਬਾਕੀ ਸ੍ਰਿਸ਼ਟੀ ਦਾ ਲੇਖਾ ਪੀਣ ਖਾਣ, ਜਨਮ ਕਰਮ ਨਾ ਕੋਇ ਕਟਾਈਆ। ਪ੍ਰਭ ਦਾ ਰੂਪ ਆਦਿ ਜੁਗਾਦਿ ਮਹਾਨ, ਮਹਿੰਮਾਂ ਕੋਈ ਕਥ ਸਕੇ ਨਾ ਰਾਈਆ। ਜੋਤ ਦੀ ਧਾਰ ਵਿਚ ਤੱਤ ਇਨਸਾਨ, ਨਿਸ਼ਾਨ ਆਪਣਾ ਆਪ ਵਖਾਈਆ। ਸਭ ਨੂੰ ਹੁਕਮ ਕਰਨਾ ਪਏ ਪਰਵਾਨ, ਸ਼ਿਵ ਪਾਰਬਤੀ ਬੈਠਾ ਉਂਗਲੀ ਲਾਈਆ। ਬ੍ਰਹਮਾ ਸੁਰਸਤੀ ਕਰ ਧਿਆਨ, ਨੈਣ ਅੱਖ ਖੁਲ੍ਹਾਈਆ। ਵਿਸ਼ਨੂੰ ਲਛਮੀ ਧੂੜੀ ਕਰ ਇਸ਼ਨਾਨ, ਧੁਰ ਦਾ ਰੰਗ ਚੜ੍ਹਾਈਆ। ਸਤਿਗੁਰ ਸ਼ਬਦ ਸਦਾ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਭ ਦੀ ਕਰਨਹਾਰਾ ਕਲਿਆਣ, ਕਾਇਨਾਤ ਫੋਲ ਫੁਲਾਈਆ। ਮੇਰਾ ਹੁਕਮ ਦੋ ਜਹਾਨਾਂ ਤੋਂ ਤਿੱਖੀ ਕਿਰਪਾਨ, ਕਿਰਪਾ ਵਿਚ ਕੂੜ ਕਪਟ ਸਭ ਦਾ ਬਾਹਰ ਕਢਾਈਆ। ਜਗਤ ਜਗਤ ਦਾ ਮਹਿਮਾਨ, ਦਿਨ ਥੋੜ੍ਹੇ ਨਜ਼ਰੀ ਆਈਆ । ਅੱਸੂ ਕਹੇ ਮੇਰੇ ਅਸਵ ਵਾਲੇ ਮਾਹੀ ਦੀ ਆਪੇ ਆ ਜਾਊ ਸਭ ਨੂੰ ਪਹਿਚਾਨ, ਪੁੱਛਣ ਦੀ ਲੋੜ ਰਹੇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੁਝ ਸਾਨੂੰ ਦੇ ਦੇ ਵਰਦਾਨ, ਵਾਰਸ ਬਣ ਜਾ ਆਪਣੀ ਜਗਤ ਲੋਕਾਈਆ। ਸਤਿਗੁਰ ਸ਼ਬਦ ਕਹੇ ਕੁਛ ਅਗਲਾ ਸੁਣੋ ਫ਼ਰਮਾਣ, ਸਹਿਜੇ ਰਿਹਾ ਸੁਣਾਈਆ। ਅੱਲ੍ਹਾ ਵਾਲਿਓ ਮੱਕੇ ਮਦੀਨੇ ਮਾਰੋ ਧਿਆਨ, ਕਾਅਬੇ ਨੂੰ ਕਬਰਾਂ ਰਿਹਾ ਵਖਾਈਆ। ਅਵਤਾਰੋ ਤੀਰਥ ਤੱਟਾਂ ਵੇਖੋ ਨਿਸ਼ਾਨ, ਸ਼ਮਸ਼ਾਨ ਭੂਮੀ ਸਭ ਨੂੰ ਨਜ਼ਰੀ ਆਈਆ। ਕੱਠੇ ਹੋ ਕੇ ਵੇਖੋ ਕੌਣ ਸ੍ਰੀ ਭਗਵਾਨ, ਕਵਣ ਖੇਲ ਕਰਾਈਆ। ਕਿਸ

ਦੀ ਮੰਨਦੇ ਆਣ, ਕਿਸ ਨੂੰ ਸੀਸ ਝੁਕਾਈਆ। ਸਾਰੇ ਕਹਿਣ ਕਿਉਂ ਦੇਵੇ ਫ਼ਰਮਾਣ, ਆਪਣਾ ਹੁਕਮ ਬਦਲਾਈਆ। ਗੋਬਿੰਦ ਕਹੇ ਸਾਰਿਆਂ ਦਾ ਵਕਤ ਪਹੁੰਚਿਆ ਆਣ, ਪੰਜੇ ਲਾ ਕੇ ਆਪਣਾ ਪੱਲਾ ਲਓ ਛੁਡਾਈਆ। ਸ਼ੁਕਰ ਕਰੋ ਜੇ ਛੁੱਟ ਜਾਵੇ ਤੁਹਾਥੋਂ ਜਹਾਨ, ਛੁੱਟੀ ਲੈ ਕੇ ਆਪਣੇ ਘਰ ਜਾ ਕੇ ਆਪਣਾ ਪਤੀ ਲਓ ਮਨਾਈਆ। ਤੁਹਾਡੀ ਲਾਹ ਦੇਵੇ ਥਕਾਨ, ਵਾੜ ਕੇ ਸਚਖੰਡ ਮਕਾਨ, ਵਖਾ ਕੇ ਧੁਰ ਦਾ ਇਕ ਨਿਸ਼ਾਨ, ਅਮਾਮ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਸਚ ਰਿਹਾ ਸਮਝਾਈਆ।

ਮੁਹੰਮਦ ਕਹੇ ਫੇਰ ਵੇਖ ਲਈਏ ਮਾਰ ਕੇ ਝਾਕੀ, ਚੌਦਾਂ ਤਬਕ ਧਿਆਨ ਲਗਾਈਆ। ਈਸਾ ਕਹੇ ਕੋਈ ਸਾਬਤ ਰਿਹਾ ਨਾ ਤਨ ਖ਼ਾਕੀ, ਵਜੂਦ ਅੰਦਰ ਵਸਲ ਯਾਰ ਨਾ ਕੋਇ ਕਮਾਈਆ। ਮੂਸਾ ਕਹੇ ਖੇਲ ਕਰੌਣਾ ਇਤਫ਼ਾਕੀ, ਝਟ ਪਟ ਰੂਪ ਲਿਆ ਬਦਲਾਈਆ। ਤੇਈ ਅਵਤਾਰ ਕਹਿਣ ਹੁਣ ਕੱਠੇ ਹੋ ਜਾਈਏ ਸਾਥੀ, ਸਗਲਾ ਸੰਗ ਬਣਾਈਆ। ਨਾਨਕ ਗੋਬਿੰਦ ਕਹੇ ਸਭ ਤੋਂ ਤਾਰੇ ਗਏ ਨਾ ਪਾਪੀ, ਅਪਰਾਧਾਂ ਭਰੀ ਲੋਕਾਈਆ। ਜੋ ਸਾਡੇ ਪਾਠ ਦੇ ਬਣਦੇ ਰਹੇ ਜਾਪੀ, ਜਪ ਜਪ ਕੁਕਰਮ ਕਮਾਈਆ। ਪੜ੍ਹਿਆਂ ਸੁਣਿਆਂ ਮੁੱਕੀ ਕਿਸੇ ਨਾ ਵਾਟੀ, ਅੰਦਰ ਵੜ ਨਾ ਦਰਸ ਦਿਖਾਈਆ। ਏਸੇ ਕਰਕੇ ਸਦੀ ਚੌਧਵੀਂ ਮਿਲੇ ਕਿਸੇ ਨਾ ਥਾਪੀ, ਪੁਸ਼ਤ ਹੱਥ ਨਾ ਕੋਇ ਟਿਕਾਈਆ। ਸਤਿਗੁਰ ਸ਼ਬਦ ਕਹੇ ਆਹ ਵੇਖ ਲਓ ਮੇਰੇ ਕੋਲ ਤੁਹਾਡੀ ਨਿੱਕੀ ਜਿਹੀ ਕਾਪੀ, ਹਿਸਾਬ ਅੰਦਰਲਾ ਦਏ ਵਖਾਈਆ। ਕਿਉਂ ਨਾ ਝਗੜਾ ਮੁੱਕਿਆ ਜ਼ਾਤ ਪਾਤੀ, ਪਤਰਕਾ ਪੜ੍ਹ ਕੇ ਪਤਰਿਆਂ ਨਾਲ ਲੜਾਈਆ । ਜਿਹੜੀ ਸਾਜਣਾ ਜਗਤ ਸਾਜ ਵਿਚ ਥਾਪੀ, ਥਪਕ ਥਪਕ ਸੁਣਾਈਆ। ਓਸੇ ਦਾ ਖੇਲ ਵੇਖ ਲਓ ਆਪੀ, ਘਰ ਆਪਣੇ ਅੱਖ ਖੁਲ੍ਹਾਈਆ । ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸੁਨੇਹੜੇ ਵਾਲੀ ਚਿਠੀ ਵਾਚੀ, ਵਾਚਕ ਹੋ ਕੇ ਅੱਗੇ ਦਿਤਾ ਸੁਣਾਈਆ। ਖੇਲ ਖੇਲਦੇ ਰਹੇ ਕਾਇਆ ਮਾਟੀ ਕਾਚੀ, ਤੱਤਾਂ ਵਿਚ ਸਮਾਈਆ। ਗੋਬਿੰਦ ਕਹੇ ਯਾਦ ਕਰ ਲਓ ਮਾਛੂਵਾੜੇ ਦੀ ਰਾਤੀ, ਰਤਾ ਫ਼ਰਕ ਰਹੇ ਨਾ ਰਾਈਆ। ਜਿਸ ਵੇਲੇ ਮੇਰਾ ਕੋਈ ਰਿਹਾ ਨਹੀਂ ਸੀ ਸਾਥੀ, ਬੱਚੇ ਪ੍ਰਭ ਦੀ ਗੋਦ ਸੁਵਾਈਆ। ਓਸ ਬਾਤ ਅਗੰਮੀ ਆਖੀ, ਸੰਦੇਸ਼ਾ ਇਕ ਸੁਣਾਈਆ। ਗੋਬਿੰਦ ਬਿਨਾ ਤੇਰੇ ਮੇਰੇ ਦੋ ਜਹਾਨਾਂ ਕਰੇ ਕੋਈ ਨਾ ਰਾਖੀ, ਹਾਕਰਾਂ ਮਾਰਨ ਵਾਲੇ ਸਾਰੇ ਦੇਣੇ ਹਟਾਈਆ। ਮੰਜ਼ਲ ਇਕੋ ਦੱਸ ਕੇ ਵਾਟੀ, ਵਾਅਦਾ ਸਭ ਦਾ ਪੂਰ ਕਰਾਈਆ। ਜਨ ਭਗਤਾਂ ਸੀਨਾ ਠਾਂਡਾ ਕਰ ਕੇ ਛਾਤੀ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਖੇਲ ਵਖਾਈਆ ।

ਮੁਹੰਮਦ ਕਹੇ ਮੇਰੇ ਅੱਗੇ ਔਂਦੇ ਜਾਂਦੇ ਸ਼ਾਹੀ ਵਾਲੇ ਹਰਫ਼, ਸ਼ਹਿਨਸ਼ਾਹੀ ਕੌਣ ਬਦਲਾਈਆ। ਈਸਾ ਕਹੇ ਜਿਸ ਦਾ ਹੁਕਮ ਹੋਣਾ ਚੌਤਰਫ਼, ਚਾਰੋਂ ਕੁੰਟ ਦੁਹਾਈਆ । ਮੂਸਾ ਕਹੇ ਜਿਸ ਨੇ ਸੇਵ ਕਮਾਈ ਹੇਮਕੁੰਟ ਵਿਚ ਬਰਫ਼, ਆਪਣਾ ਧਿਆਨ ਲਗਾਈਆ। ਓਸ ਦੀ ਪੂਰੀ ਕਰਨੀ ਸ਼ਰਤ, ਸ਼ਰਅ ਦੇਵੇ ਬਦਲਾਈਆ । ਨਿਰਗੁਣ ਹੋ ਕੇ ਆਇਆ ਪਰਤ, ਪਤਿਪਰਮੇਸ਼ਵਰ ਨੂਰ ਖ਼ੁਦਾਈਆ। ਮੁਸਲਮ ਇਸਾਈ ਰਹੇ ਤੜਪ, ਮੂਸਾ ਅਗਨੀ ਵਿਚ ਚਮਕਾਈਆ। ਹੁਕਮੇ ਅੰਦਰ ਹੋਣ ਵਾਲੀ ਝੜਪ, ਝਗੜੇ ਵਿਚ ਲੜਾਈਆ। ਅਵਤਾਰ ਕਹਿਣ ਧੁਰ ਦਾ ਹੁਕਮ ਬੜਾ ਅੜ੍ਹਬ, ਮੰਨਣ ਵਿਚ ਕਦੇ ਨਾ ਆਈਆ। ਨਾਨਕ ਗੋਬਿੰਦ ਕਹੇ ਸਾਡਾ ਇਸ਼ਾਰਾ ਦੇਸ ਦੜਪ, ਹੁਕਮੇ ਹੁਕਮ ਵਰਤਾਈਆ। ਸਭ ਦੀ ਪੂਰੀ ਹੋਵੇ ਲਿਖਤ ਪੜ੍ਹਤ, ਬਾਕੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ।

ਮੁਹੰਮਦ ਕਹੇ ਕਿੱਥੇ ਰਹੀ ਚਾਰ ਯਾਰੀ, ਅੱਗੇ ਪਿਛੇ ਧਿਆਨ ਲਗਾਈਆ । ਈਸਾ ਕਹੇ ਛੱਡਣੀ ਪਈ ਸਿਕਦਾਰੀ, ਉਜ਼ਰ ਰਿਹਾ ਨਾ ਰਾਈਆ। ਮੂਸਾ ਕਹੇ ਸਚ ਖ਼ੁਦਾ ਦੀ ਆਈ ਵਾਰੀ, ਵਾਰਸ ਹੋ ਕੇ

ਵੇਖ ਵਖਾਈਆ । ਤੇਈ ਅਵਤਾਰ ਕਹਿਣ ਸਾਡੀ ਜਗਤ ਹੋਈ ਬੇਇਤਬਾਰੀ, ਭਰੋਸਾ ਰਹਿਣ ਕੋਇ ਨਾ ਪਾਈਆ। ਨਾਨਕ ਕਹੇ ਮਾਇਆ ਮਮਤਾ ਕਰੀ ਖ਼ੁਆਰੀ, ਦੁਰਮਤ ਮੈਲ ਨਾ ਕੋਇ ਧੁਵਾਈਆ। ਗੋਬਿੰਦ ਕਹੇ ਪਸ਼ੂ ਪੰਛੀਆਂ ਦੇ ਸਾਰੇ ਬਣ ਗਏ ਸ਼ਿਕਾਰੀ, ਸਾਚਾ ਤੀਰ ਨਿਸ਼ਾਨਾ ਨਾ ਕੋਇ ਲਗਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਜੁਗ ਚੌਕੜੀ ਤੁਸੀਂ ਹੁਕਮ ਦੇ ਵਗਾਰੀ, ਜੋਤ ਨਿਰੰਕਾਰੀ ਕਰ ਕੇ ਗਏ ਰੁਸ਼ਨਾਈਆ। ਹੁਣ ਤੁਹਾਡੀ ਚੁੱਕੀ ਵਾਰੀ, ਪ੍ਰਭ ਦੀ ਇਕ ਚਲੇ ਸਿਕਦਾਰੀ, ਸਭ ਨੂੰ ਦੱਸੇ ਵਫ਼ਾਦਾਰੀ, ਦੀਨਾਂ ਮਜ਼੍ਹਬਾਂ ਕਰ ਖ਼ੁਆਰੀ, ਟਿੱਲੇ ਪਰਬਤ ਵੇਖ ਪਹਾੜੀ, ਜੂਹਾਂ ਜੰਗਲਾਂ ਰਿਹਾ ਸਾੜੀ, ਮੂਸਾ ਕਹੇ ਕਿਤੇ ਉਜੜ ਨਾ ਜਾਏ ਹਾੜੀ, ਹਾੜਾ ਕੱਢ ਕੇ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਕਰੇ ਖ਼ਬਰਦਾਰੀ, ਖ਼ਬਰ ਖ਼ਬਰ ਖ਼ਬਰ ਖ਼ੁਵਾਬਾਂ ਵਿਚ ਸੁਣਾਈਆ।(੩ ਅੱਸੂ ਸ਼ੈ ਸੰ ੩ ਹਰਿ ਭਗਤ ਦਵਾਰ ਜੇਠੂਵਾਲ)

ਸੰਮਤ ਪੰਜ ਕਹੇ ਸੋ ਪੁਰਖ ਨਿਰੰਜਣ ਸੁਹੌਣਾ ਤਖ਼ਤ, ਹਰਿ ਪੁਰਖ ਨਿਰੰਜਣ ਦਇਆ ਕਮਾਈਆ। ਏਕੰਕਾਰ ਹੁਕਮ ਦੇਣਾ ਸਖ਼ਤ, ਆਦਿ ਨਿਰੰਜਣ ਆਪ ਮਨਾਈਆ। ਸ੍ਰੀ ਭਗਵਾਨ ਖੇਲ ਕਰਨਾ ਉਪਰ ਅਰਸ਼, ਅਬਿਨਾਸ਼ੀ ਕਰਤਾ ਧਾਰ ਬੰਧਾਈਆ। ਪਾਰਬ੍ਰਹਮ ਵੇਖਣਾ ਵਕਤ, ਵੇਲਾ ਦਏ ਗੁਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਾ ਦੁਵਾਰਾ ਇਕ ਵਖਾਈਆ ।

ਸੰਮਤ ਪੰਜ ਕਹੇ ਸਵਾਧਾਨ ਹੋਣਾ ਸ਼ਬਦੀ ਸ਼ਬਦ ਏਕ, ਸ਼ਬਦ ਸ਼ਬਦ ਵਡਿਆਈਆ। ਸਾਚੇ ਦਰ ਦੀ ਇਕ ਟੇਕ, ਇਕੋ ਓਟ ਬਣਾਈਆ। ਇਕੋ ਰੂਪ ਇਕੋ ਪੇਖ, ਇਕੋ ਕਰਨੀ ਕਾਰ ਕਮਾਈਆ। ਇਕੋ ਹੁਕਮ ਇਕ ਸੰਦੇਸ਼, ਇਕੋ ਕਲਮਾ ਨਾਮ ਪੜ੍ਹਾਈਆ। ਇਕੋ ਬਣ ਨਰ ਨਰੇਸ਼, ਹੁਕਮ ਇਕੋ ਇਕ ਸੁਣਾਈਆ । ਇਕੋ ਦੇ ਹੋਣਾ ਸਭ ਨੇ ਪੇਸ਼, ਪੇਸ਼ੀਨਗੋਈ ਦਏ ਜਣਾਈਆ। ਜੋ ਸਤਿਗੁਰ ਸ਼ਬਦ ਰਹੇ ਹਮੇਸ਼, ਆਦਿ ਅੰਤ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ।

ਸੰਮਤ ਪੰਜ ਕਹੇ ਸ਼ਬਦ ਗੁਰੂ ਹੋਣਾ ਸਵਾਧਾਨ, ਸਚਖੰਡ ਸਾਚੇ ਲਏ ਅੰਗੜਾਈਆ। ਆਪਣੀ ਕਰਨੀ ਮਾਰ ਧਿਆਨ, ਆਪ ਆਪਾ ਵੇਖ ਵਖਾਈਆ। ਸੰਦੇਸ਼ਾ ਸੁਣ ਸ੍ਰੀ ਭਗਵਾਨ, ਹੁਕਮ ਮੰਨੇ ਚਾਈਂ ਚਾਈਂਆ । ਕਿਸ ਬਿਧ ਖੇਲ ਕਰਨਾ ਜਹਾਨ, ਲੋਕਮਾਤ ਕਾਰ ਕਮਾਈਆ। ਤਖ਼ਤ ਨਿਵਾਸੀ ਹੋ ਨੌਜੁਵਾਨ, ਨੌਬਤ ਨਾਮ ਹੱਕ ਸੁਣਾਈਆ। ਕਰਨਾ ਖੇਲ ਮਾਲਕ ਕੁਲ ਜਹਾਨ, ਖ਼ਾਲਕ ਖ਼ਲਕ ਆਪ ਦ੍ਰਿੜਾਈਆ। ਜਿਸ ਦੀ ਕਰੇ ਨਾ ਕੋਇ ਪਹਿਚਾਨ, ਬੇਪਹਿਚਾਨ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ।

ਸਤਿਗੁਰ ਸ਼ਬਦ ਕਹੇ ਮੇਰਾ ਸਾਹਿਬ ਸੱਚਾ ਦਰਬਾਰੀ, ਆਦਿ ਜੁਗਾਦੀ ਇਕ ਅਖਵਾਈਆ। ਜਿਸ ਦੀ ਧਾਰ ਦੋ ਜਹਾਨਾਂ ਨਿਆਰੀ, ਨਿਰਗੁਣ ਆਪਣੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਦੇ ਪੁਜਾਰੀ, ਜੁਗ ਜੁਗ ਸੀਸ ਝੁਕਾਈਆ। ਸਾਰੇ ਆਸਾ ਰੱਖ ਕੇ ਗਏ ਵਾਰੋ ਵਾਰੀ, ਭਵਿਖਤਾਂ ਵਿਚ

ਜਣਾਈਆ । ਕਲ ਕਲਕੀ ਹੋਏ ਅਵਤਾਰੀ, ਜੋਤੀ ਜਾਤਾ ਡਗਮਗਾਈਆ। ਸੰਬਲ ਵਸੇ ਧਾਮ ਨਿਆਰੀ, ਇਕ ਇਕੱਲਾ ਡੇਰਾ ਲਾਈਆ। ਅੰਤ ਓਸ ਦੀ ਆ ਗਈ ਵਾਰੀ, ਵਾਰਸ ਹੋਵੇ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਸਤਿਗੁਰ ਸ਼ਬਦ ਕਹੇ ਜਗ ਹੋਣਾ ਵਕਤ ਸੁਹੰਞਣਾ, ਸੋਭਾਵੰਤ ਸੁਹਾਈਆ । ਕਰੇ ਖੇਲ ਦਰਦ ਦੁੱਖ ਭੈ ਭੰਜਨਾ, ਪ੍ਰਭ ਠਾਕਰ ਬੇਪ੍ਰਵਾਹੀਆ। ਨਿਰਗੁਣ ਸਰਗੁਣ ਬਣ ਕੇ ਸੱਜਣਾ, ਸਗਲੀ ਕਾਰ ਕਮਾਈਆ । ਜਿਸ ਦਾ ਅਗੰਮੀ ਦਰਬਾਰ ਲੱਗਣਾ, ਜੁਗ ਚੌਕੜੀ ਵੰਡ ਨਾ ਕੋਇ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਧੁਰ ਦੇ ਹੁਕਮ ਸੱਦਣਾ, ਸੰਦੇਸ਼ਾ ਇਕ ਜਣਾਈਆ। ਤੇਈ ਅਵਤਾਰ ਉਠ ਉਠ ਭੱਜਣਾ, ਬਣ ਬਣ ਪਾਂਧੀ ਰਾਹੀਆ। ਈਸਾ ਮੂਸਾ ਮੁਹੰਮਦ ਸਰਨੀ ਲੱਗਣਾ, ਨਿਉਂ ਨਿਉਂ ਲਾਗਣ ਪਾਈਂਆ। ਨਾਨਕ ਗੋਬਿੰਦ ਖੇਲ ਵੇਖਣਾ ਸੂਰੇ ਸਰਬੱਗਣਾ, ਜੋਤੀ ਜਾਤਾ ਜੋਤ ਕਰੇ ਰੁਸ਼ਨਾਈਆ। ਨਾਮ ਦਮਾਮਾ ਏਕਾ ਵੱਜਣਾ, ਬ੍ਰਹਿਮੰਡ ਖੰਡ ਦਏ ਉਠਾਈਆ। ਕਲਜੁਗ ਕੂੜ ਕੁੜਿਆਰਾ ਦਗਣਾ, ਚਾਰੋਂ ਕੁੰਟ ਤੱਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ।

ਸਤਿਗੁਰ ਸ਼ਬਦ ਕਹੇ ਵਿਸ਼ਨੂੰ ਕਰਨੀ ਸਚ ਤਿਆਰੀ, ਤ੍ਰੈਗੁਣ ਅਤੀਤਾ ਦਏ ਜਣਾਈਆ। ਕਿਉਂ ਸ੍ਰਿਸ਼ਟੀ ਹੋਏ ਖੁਆਰੀ, ਗ਼ਰੀਬ ਨਿਮਾਣੇ ਦੇਣ ਦੁਹਾਈਆ। ਕਿਉਂ ਨਾ ਬਣਿਆ ਜਗਤ ਅਧਾਰੀ, ਤ੍ਰਿਸ਼ਨਾ ਭੁੱਖ ਗੁਵਾਈਆ। ਅੰਤਮ ਵੇਖ ਖੇਲ ਅਪਾਰੀ, ਅਪਰੰਪਰ ਸੁਵਾਮੀ ਦਏ ਜਣਾਈਆ। ਓਸ ਦੀ ਆਈ ਵਾਰੀ, ਜਿਸ ਦੀ ਵਾਰਤਾ ਸਾਰੇ ਗਏ ਗਾਈਆ। ਜਿਸ ਆਪਣੀ ਕਲ ਧਾਰੀ, ਕਲ ਰਾਖੇ ਜਗਤ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਸਤਿਗੁਰ ਸ਼ਬਦ ਕਹੇ ਬ੍ਰਹਮੇ ਚਲ ਵੇਖ ਪਾਰਬ੍ਰਹਮ, ਬ੍ਰਹਮ ਵੇਤੇ ਦਿਆਂ ਜਣਾਈਆ। ਜਿਸ ਦੀ ਧਾਰੋਂ ਤੇਰਾ ਹੋਇਆ ਜਰਮ, ਜਨਮ ਦਿਤਾ ਖ਼ਲਕ ਲੋਕਾਈਆ। ਅੱਗੇ ਕੋਇ ਨਾ ਰਹੇ ਭਰਮ, ਭਾਂਡਾ ਭਰਮ ਭੰਨਾਈਆ। ਇਕ ਬ੍ਰਹਮ ਕਿਉਂ ਬਣੇ ਵਰਨ, ਬਰਨ ਕਿਉਂ ਰੰਗ ਰੰਗਾਈਆ। ਕਿਉਂ ਨਹੀਂ ਪ੍ਰਭ ਦੇ ਪੂਜੇ ਸਭ ਨੇ ਚਰਨ, ਇਸ਼ਟ ਇਕ ਨਾ ਕੋਇ ਰਖਾਈਆ। ਕਿਉਂ ਨਾ ਮੰਜ਼ਲ ਸਾਚੀ ਚੜ੍ਹਨ, ਪੈਂਡਾ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ।

ਸਤਿਗੁਰ ਸ਼ਬਦ ਕਹੇ ਉਠ ਸ਼ੰਕਰ ਭੋਲੇ ਨਾਥ, ਸਚ ਦਿਆਂ ਜਣਾਈਆ। ਛੱਡ ਦੇ ਖਹਿੜਾ ਕੈਲਾਸ਼, ਪਰਬਤ ਸਾਰੇ ਦੇਣ ਦੁਹਾਈਆ। ਕੂੜ ਕੁੜਿਆਰਿਆਂ ਖਾਲੀ ਹੋਈ ਲਾਸ਼, ਤਨ ਵਜੂਦ ਨਾ ਮਾਟੀ ਖ਼ਾਕ ਰੁਲਾਈਆ। ਕਿਉਂ ਮਾਇਆ ਮਮਤਾ ਖੇੜਾ ਹੋਇਆ ਅਬਾਦ, ਚਾਰੋ ਕੁੰਟ ਜੂਠ ਲਹਿਰਾਈਆ। ਕਿਉਂ ਗੁਰ ਅਵਤਾਰ ਪੈਗ਼ੰਬਰ ਹੋਏ ਆਜ਼ਾਦ, ਏਕਾ ਇਸ਼ਟ ਨਾ ਕੋਇ ਮਨਾਈਆ। ਕਿਉਂ ਤਨ ਭਬੂਤੀ ਲਾਈ ਖ਼ਾਕ, ਬਾਸ਼ਕ ਤਸ਼ਕਾ ਗਲ ਲਟਕਾਈਆ। ਕਿਉਂ ਬੰਦ ਕਵਾੜੀ ਖੁਲ੍ਹਿਆ ਕਿਸੇ ਨਾ ਤਾਕ, ਸ਼ੰਭੂ ਤੇਰਾ ਨਾਮ ਧਿਆਈਆ। ਉਠ ਵੇਖ ਆਪਣਾ ਭਵਿਖਤ ਵਾਕ, ਜੋ ਬ੍ਰਹਮੇ ਨਾਲ ਦਿਤਾ ਸਮਝਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਸਤਾਰਾਂ ਹਾੜ੍ਹ ਦੀ ਆਉਣੀ ਉਹ ਰਾਤ, ਰੁਤੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਧੁਰ ਦਾ ਹੁਕਮ ਇਕ ਸੁਣਾਈਆ।

ਸਤਿਗੁਰ ਸ਼ਬਦ ਕਹੇ ਤੇਈ ਅਵਤਾਰ ਹੋਣਾ ਸਵਾਧਾਨ, ਬਿਨ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ ।

ਲੋਕਮਾਤ ਸਭ ਨੇ ਧਰਨਾ ਧਿਆਨ, ਦੂਸਰ ਰਾਹ ਨਾ ਕੋਇ ਤਕਾਈਆ। ਸਾਚੇ ਪ੍ਰਭ ਦਾ ਨੂਰ ਵੇਖਣਾ ਮਹਾਨ, ਮਹਿੰਮਾ ਅਕੱਥ ਕਥ ਦ੍ਰਿੜਾਈਆ। ਜਿਸ ਬਣਾਏ ਕ੍ਰਿਸ਼ਨ ਰਾਮ, ਕਾਹਨਾ ਬੰਸਰੀਆਂ ਧੁਨ ਸੁਣਾਈਆ। ਸੋ ਖੇਲ ਕਰੇ ਵਿਚ ਜਹਾਨ, ਜੋਤੀ ਜਾਤਾ ਵੇਸ ਵਟਾਈਆ। ਹੁਕਮ ਸੰਦੇਸ਼ਾ ਦੇਵੇ ਫ਼ਰਮਾਣ, ਕਲਮਾ ਇਕੋ ਇਕ ਪੜ੍ਹਾਈਆ। ਜਾ ਕੇ ਸਾਰੇ ਕਰੋ ਪ੍ਰਵਾਨ, ਅੱਗੇ ਹੁਕਮ ਨਾ ਕੋਇ ਸੁਣਾਈਆ। ਬਰਦੇ ਬਣੋ ਗੁਲਾਮ, ਨਿਉਂ ਨਿਉਂ ਸੀਸ ਝੁਕਾਈਆ। ਪਿਛਲਾ ਲੇਖਾ ਛੱਡੋ ਤਮਾਮ, ਤਮੰਨਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ।

ਸਤਿਗੁਰ ਸ਼ਬਦ ਕਹੇ ਸੁਣੋ ਪੈਗ਼ੰਬਰ ਹਜ਼ਰਤ, ਹਜ਼ੂਰ ਹਾਜ਼ਰ ਰਿਹਾ ਜਣਾਈਆ। ਜਿਸ ਦੀ ਰਹਿਮਤ ਨਾਲ ਕੀਤਾ ਐਸ਼ੋ ਇਸ਼ਰਤ, ਰਸ ਕਲਮੇ ਵਾਲਾ ਖਾਈਆ। ਜੀਵਣ ਜ਼ਿੰਦਗੀ ਕੀਤੀ ਬਸਰਤ, ਲੋਕਮਾਤ ਮਿਲੀ ਵਡਿਆਈਆ। ਦੀਨਾਂ ਮਜ਼੍ਹਬਾਂ ਨਾਲ ਕੀਤੀ ਕਸਰਤ, ਬਲ ਬਲ ਵਿਚੋਂ ਪ੍ਰਗਟਾਈਆ। ਹੁਣ ਕਿਉਂ ਹੋਈ ਲੋਕਮਾਤ ਨਫਰਤ, ਨੇਤਰ ਅੱਖ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ।

ਗੁਰ ਅਵਤਾਰ ਪੈਗ਼ੰਬਰੋ ਵੇਖੋ ਧੁਰ ਇਜਲਾਸ, ਹਰਿ ਕਰਤਾ ਆਪ ਲਗਾਈਆ। ਹੁਕਮ ਸੰਦੇਸ਼ਾ ਸੁਣਨਾ ਖ਼ਾਸ, ਖ਼ਸੂਸੀਅਤ ਨਾਲ ਦ੍ਰਿੜਾਈਆ। ਜਿਸ ਦੇ ਉਤੇ ਤੁਹਾਨੂੰ ਵਿਸ਼ਵਾਸ, ਵਿਸ਼ਾ ਪਿਛਲਾ ਦਏ ਮੁਕਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਤੁਹਾਨੂੰ ਦੀਨ ਮਜ਼੍ਹਬ ਦੀ ਛੱਡਣੀ ਪਏ ਜਮਾਤ, ਕਲਮਾ ਕਾਇਨਾਤ ਨਾ ਕੋਇ ਸੁਣਾਈਆ। ਸਚ ਦੁਵਾਰੇ ਹੋਣਾ ਪੈਣਾ ਦਾਸੀ ਦਾਸ, ਸੇਵਕ ਸੇਵਕ ਰੂਪ ਵਖਾਈਆ। ਜ਼ਰਾ ਨਿਗਾਹ ਮਾਰੋ ਉਪਰ ਆਕਾਸ਼, ਆਕਾਸ਼ਾਂ ਖੋਜ ਖੁਜਾਈਆ । ਫੇਰ ਧਰਨੀ ਤੱਕੋ ਜਿਥੇ ਨਿਰਗੁਣ ਨੂਰ ਜੋਤ ਪ੍ਰਕਾਸ਼, ਜੋਤੀ ਜਾਤਾ ਨਜ਼ਰੀ ਆਈਆ। ਜੋ ਸਭ ਦੀ ਸੁਣੇ ਬਾਤ, ਬਾਤਨ ਭੇਵ ਖੁਲ੍ਹਾਈਆ। ਦਰਸ਼ਨ ਦੇਵੇ ਸਾਖਿਆਤ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਆਪ ਜਣਾਈਆ।

ਸਤਿਗੁਰ ਸ਼ਬਦ ਕਹੇ ਗੁਰੂ ਦਸ ਕਰੋ ਤਿਆਰੀ, ਤਰ੍ਹਾਂ ਤਰ੍ਹਾਂ ਵਡਿਆਈਆ। ਖੇਲ ਵੇਖਣਾ ਜੋਤ ਨਿਰੰਕਾਰੀ, ਨਿਰਵੈਰ ਨਿਰਾਕਾਰ ਆਪ ਕਰਾਈਆ। ਅੰਤਮ ਆਈ ਜਿਸ ਦੀ ਵਾਰੀ, ਵਾਰਸ ਹੋਏ ਸਰਬ ਲੋਕਾਈਆ। ਆਪਣੀ ਕਲਾ ਵਰਤੋ ਜ਼ਾਹਰੀ, ਪਰਦਾ ਓਹਲਾ ਦਿਓ ਉਠਾਈਆ। ਜਿਸ ਨੂੰ ਗ੍ਰੰਥਾਂ ਸ਼ਾਸਤਰਾਂ ਵੇਦਾਂ ਪੁਰਾਣਾਂ ਅੰਜੀਲਾਂ ਕੁਰਾਨਾਂ ਵਿਚ ਤੁਸਾਂ ਕੀਤਾ ਇਸ਼ਤਿਹਾਰੀ, ਲੱਭਿਆਂ ਹੱਥ ਕਿਸੇ ਨਾ ਆਈਆ। ਓਹ ਸ਼ਹਿਨਸ਼ਾਹ ਬਣ ਸਿਕਦਾਰੀ, ਲੋਕਮਾਤ ਫੇਰਾ ਪਾਈਆ। ਜਿਸ ਦੀ ਸਭ ਨੇ ਮੰਨਣੀ ਤਾਬਿਆਦਾਰੀ, ਤਬ੍ਹਾ ਤਬੀਅਤ ਦਏ ਬਦਲਾਈਆ। ਕਿਸੇ ਦੀ ਰਹਿਣ ਨਾ ਦੇਵੇ ਕੋਇ ਮੁਖਤਿਆਰੀ, ਮੁਖਤਾਰਨਾਮੇ ਸਭ ਦੇ ਲਏ ਕਢਾਈਆ। ਸਭ ਦੀ ਲਾ ਕੇ ਇਕ ਨਾਲ ਯਾਰੀ, ਯਰਾਨਾ ਪਿਛਲਾ ਦਏ ਚੁਕਾਈਆ। ਓਹ ਵੇਖਣਾ ਧੁਰਦਰਬਾਰੀ, ਦਰਗਹਿ ਸਾਚੀ ਦਾ ਮਾਲਕ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਰਦਾ ਉਹਲਾ ਆਪ ਉਠਾਈਆ।

ਸਤਿਗੁਰ ਸ਼ਬਦ ਕਹੇ ਸੁਣੋ ਹੁਕਮ ਸਤਿ ਸਚ ਸੰਦੇਸ਼ਾ, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਈਆ । ਵਿਸ਼ਨ ਬ੍ਰਹਮਾ ਸ਼ਿਵ ਮਾਤਲੋਕ ਦਾ ਵੇਖੋ ਦੇਸਾ, ਪੁਰੀ ਲੋਅ ਬ੍ਰਹਿਮੰਡ ਖੰਡ ਪੰਧ ਮੁਕਾਈਆ। ਤੇਈ ਅਵਤਾਰ ਆਪਣਾ ਪੂਰਾ ਕਰੋ ਲੇਖਾ, ਬਾਕੀ ਨਜ਼ਰ ਕੋਇ ਨਾ ਆਈਆ। ਪੈਗ਼ੰਬਰ ਝਗੜਾ ਛੱਡੋ ਸ਼ੇਖਾ, ਮੁਲਾ ਰੋ ਰੋ ਮਾਰਨ ਧਾਈਆ। ਦਸ ਗੁਰੂ ਨਿਗਾਹ ਮਾਰੋ ਤੁਹਾਡਾ ਸਾਚਾ ਦਿਸੇ ਕੋਇ ਨਾ ਬੇਟਾ, ਗੁਰਮੁਖ ਗੋਬਿੰਦ

ਵਿਚ ਨਾ ਕੋਇ ਸਮਾਈਆ। ਕੌਲ ਇਕਰਾਰ ਕਰ ਲਓ ਚੇਤਾ, ਚੇਤਨ ਦਿਆਂ ਕਰਾਈਆ। ਅੰਤਮ ਸਭ ਦਾ ਹੋਣਾ ਇਕੋ ਨੇਤਾ, ਨਰ ਨਰਾਇਣ ਨੂਰ ਅਲਾਹੀਆ। ਜਿਸ ਦੀ ਸਭ ਨੇ ਦੇਣੀ ਭੇਟਾ, ਭਜਨ ਬੰਦਗੀ ਵਿਚ ਸੀਸ ਨਿਵਾਈਆ। ਓਹ ਦੋ ਜਹਾਨਾਂ ਬਣੇ ਖੇਵਟ ਖੇਟਾ, ਬੇਪ੍ਰਵਾਹ ਦਇਆ ਕਮਾਈਆ। ਲੇਖਾ ਜਾਣੇ ਮੂੰਡ ਮੁੰਡਾਏ ਧਾਰੀ ਕੇਸਾ, ਦਸ ਦਸਮੇਸ਼ਾ ਫੇਰਾ ਪਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼ਾ, ਜਨਮ ਮਰਨ ਨਾ ਕੋਇ ਰਖਾਈਆ। ਓਹ ਕਰ ਅਗੰਮੀ ਵੇਸਾ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।

ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਆਪਣੀ ਕਰੋ ਹਾਂ, ਸਚ ਦਿਆਂ ਜਣਾਈਆ। ਸਾਰੇ ਕਹਿਣ ਪ੍ਰਭੂ ਇਕੋ ਪਿਤਾ ਤੇ ਇਕੋ ਮਾਂ, ਦੂਜਾ ਨਜ਼ਰ ਕੋਇ ਨਾ ਆਈਆ। ਸਾਡੀ ਦਰੋਹੀ ਅਸੀਂ ਵੰਡਾਂ ਆਏ ਪਾ, ਪਾਰਬ੍ਰਹਮ ਬ੍ਰਹਮ ਰੰਗ ਰੰਗਾਈਆ। ਕਿਸੇ ਨੇ ਰਾਮ ਕਿਸੇ ਨੇ ਕਿਹਾ ਕ੍ਰਿਸ਼ਨ ਕੋਈ ਕਹਿ ਕੇ ਆਇਆ ਖ਼ੁਦਾ, ਸਤਿਨਾਮ ਵਾਹਿਗੁਰੂ ਸਿਫ਼ਤਾਂ ਵਿਚ ਸਾਲਾਹੀਆ। ਕਿਸੇ ਨੇ ਸ਼ਰਅ ਸੂਰ ਬਣਾਈ ਕਿਸੇ ਬਣਾਈ ਗਾਂ, ਪਸ਼ੂਆਂ ਉਤੇ ਧਰਮ ਆਏ ਟਿਕਾਈਆ। ਜੇ ਸਾਰਿਆਂ ਦੱਸਿਆ ਪ੍ਰਭੂ ਦਾ ਇਕੋ ਕਲਮਾ ਤੇ ਇਕੋ ਨਾਂ, ਨਰ ਨਰਾਇਣ ਇਕ ਅਖਵਾਈਆ। ਫਿਰ ਕਿਉਂ ਵੰਡ ਰਖਾਈ ਕਾਇਆ ਸਾਢੇ ਤਿੰਨ ਹੱਥ ਗਰਾਂ, ਪਰਦਾ ਸਚ ਨਾ ਕੋਇ ਖੁਲ੍ਹਾਈਆ। ਮੁਹੱਬਤ ਵਿਚ ਪਕੜੀ ਕਿਸੇ ਨਾ ਬਾਂਹ, ਉਲਫਤ ਵਿਚ ਨਾ ਕੋਇ ਚਤੁਰਾਈਆ। ਸਾਂਝਾ ਕੀਤਾ ਨਾ ਕਿਸੇ ਨਿਆਂ, ਮਜ਼੍ਹਬਾਂ ਵਾਲੀ ਆਪਣੀ ਹੱਦ ਬਣਾਈਆ। ਏਸੇ ਕਾਰਨ ਆਏ ਲਿਖਾ, ਭਵਿਖਤਾਂ ਵਿਚ ਜਣਾਈਆ। ਜਿਸ ਵੇਲੇ ਸਾਰੀ ਦੁਨੀਆਂ ਹੋਈ ਬੇਵਫ਼ਾ, ਵਫ਼ਾਦਾਰ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਨਿਹਕਲੰਕਾ ਕਲ ਕਲਕੀ ਅਮਾਮ ਅਮਾਮਾ ਜਾਵੇ ਆ, ਧੁਰ ਦਾ ਮਾਲਕ ਫੇਰਾ ਪਾਈਆ। ਸਭ ਦਾ ਲਹਿਣਾ ਦੇਣਾ ਦਏ ਚੁਕਾ, ਚੁਕੰਨਾ ਕਰੇ ਲੋਕਾਈਆ । ਸੋ ਵਕਤ ਪਹੁੰਚਿਆ ਆ, ਵੇਲਾ ਦਏ ਗੁਵਾਹੀਆ। ਪੁਰਖ ਅਬਿਨਾਸ਼ੀ ਦਇਆ ਰਿਹਾ ਕਮਾ, ਮਿਹਰ ਨਜ਼ਰ ਇਕ ਉਠਾਈਆ। ਸਚ ਦਰਬਾਰਾ ਰਿਹਾ ਲਗਾ, ਸੰਬਲ ਸੋਭਾ ਆਪੇ ਪਾਈਆ। ਭਗਤ ਭਗਵਾਨ ਰਿਹਾ ਵਡਿਆ, ਵੱਡਾ ਛੋਟਾ ਨਾ ਕੋਇ ਅਖਵਾਈਆ । ਗੁਰ ਅਵਤਾਰ ਪੈਗ਼ੰਬਰੋ ਇਕੱਠੇ ਹੋਣਾ ਆ, ਆਪਣਾ ਪੰਧ ਚੁਕਾਈਆ। ਦੀਨ ਮਜ਼੍ਹਬ ਦਾ ਅੱਗੇ ਲੱਗਣਾ ਨਹੀਂ ਕਿਸੇ ਦਾ ਦਾਅ, ਦਾਅਵਤ ਵਾਲੇ ਖਾਣੇ ਸਭ ਦੇ ਬੰਦ ਕਰਾਈਆ। ਮੇਰੇ ਨਾਂ ਦੀ ਜਿਹੜੀ ਮਨੁੱਖਾਂ ਵਿਚ ਲਾਈ ਵਬਾ, ਬੀਮਾਰੀ ਅੰਦਰੋਂ ਦੇਣੀ ਕਢਾਈਆ । ਸਭ ਦਾ ਸਾਂਝਾ ਬਣ ਕੇ ਇਕ ਖ਼ੁਦਾ, ਪਰਮਾਤਮ ਆਤਮ ਜੋੜ ਜੁੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਧੁਰ ਦਾ ਹੋਵੇ ਚਾਅ, ਚਾਓ ਘਨੇਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਾਚੀ ਆਸ ਪੁਚਾਈਆ।

ਵਿਸ਼ਨ ਬ੍ਰਹਮਾ ਸ਼ਿਵ ਕਹੇ, ਖੁਸ਼ੀਆਂ ਨਾਲ ਆਵਾਂਗੇ । ਤੇਈ ਅਵਤਾਰ ਕਹਿਣ ਸਾਡੀ ਪਤ ਰਹੇ, ਪਤਿਪਰਮੇਸ਼ਵਰ ਸੀਸ ਨਿਵਾਵਾਂਗੇ। ਪੈਗ਼ੰਬਰ ਕਹਿਣ ਜੋ ਸਭ ਨੂੰ ਦਾਤ ਦਏ, ਦਰ ਉਸ ਦੇ ਅਲਖ ਜਗਾਵਾਂਗੇ। ਗੁਰ ਦਸ ਕਹਿਣ ਜੋ ਹਰ ਘਟ ਅੰਦਰ ਰਹੇ, ਸੋ ਸੁਵਾਮੀ ਵੇਖ ਵਖਾਵਾਂਗੇ। ਜੋ ਆਦਿ ਜੁਗਾਦਿ ਜੁਗ ਚੌਕੜੀ ਸ੍ਰਿਸ਼ਟੀ ਕਰਦਾ ਲੈ, ਉਤਪਤ ਵਿਚ ਉਸ ਦੀ ਸੇਵ ਕਮਾਵਾਂਗੇ। ਜੋ ਭਗਤਾਂ ਆਇਆ ਗ੍ਰਹਿ, ਘਰ ਉਸ ਦੇ ਡੇਰਾ ਲਾਵਾਂਗੇ । ਜੋ ਪਿਆਰ ਮੁਹੱਬਤ ਦੀ ਵਹਾਵੇ ਨੈ, ਰਸ ਅੰਮ੍ਰਿਤ ਵੇਖ ਵਖਾਵਾਂਗੇ। ਜਿਸ ਦਾ ਜੁਗ ਜੁਗ ਮੰਨਦੇ ਆਏ ਭੈ, ਭਜਨ ਉਸੇ ਦਾ ਗੀਤ ਸੁਣਾਵਾਂਗੇ। ਜਿਸ ਦਾ ਮੰਦਰ ਕਦੇ ਨਾ ਢਹੇ, ਦੁਵਾਰਾ ਇਕੋ ਇਕ ਵਡਿਆਵਾਂਗੇ। ਜਿਥੇ ਤਖ਼ਤ ਨਿਵਾਸੀ ਤਖ਼ਤ ਬਹੇ, ਸੋ ਸਿੰਘਾਸਣ ਵੇਖ ਖ਼ੁਸ਼ੀ ਉਪਜਾਵਾਂਗੇ। ਹੰਕਾਰੀ ਰਹੇ ਕੋਈ ਨਾ ਮੈਂ, ਮਮਤਾ ਮੋਹ ਸਰਬ ਤਜਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਵਾਂਗੇ।

ਰਾਮ ਕਹੇ ਸਭ ਦਾ ਮਾਲਕ ਸਭ ਕਿਛ ਸਭ ਨੂੰ ਦਏ, ਦੇਵਤ ਸੁਰ ਵਡਿਆਵਾਂਗੇ। ਮੈਂ ਚਾਹੁੰਦਾ ਪ੍ਰਭੂ ਦੇ ਚਰਨਾਂ ਵਿਚ ਹਰਿ ਸੰਗਤ ਮੇਰੀ ਆਸ਼ਾ ਕਾਰਨ ਸੀਤਾ ਰਾਮ ਦੀ ਜੈ ਕਹੈ, ਤਿੰਨ ਵਾਰ ਸੁਣਾਈਆ । ਕ੍ਰਿਸ਼ਨ ਕਿਹਾ ਮੇਰਾ ਕਾਹਨ ਹੈ, ਕਾਹਨ ਕਾਹਨ ਇਕ ਅਖਵਾਈਆ। ਜਿਸ ਦੇ ਨਾਲ ਰਾਧਾ ਰਹੇ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਕ੍ਰਿਸ਼ਨ ਕਹੇ ਮੇਰਾ ਕ੍ਰਿਸ਼ਨ ਕਾਹਨ ਪਿਆਰਾ, ਪ੍ਰੇਮੀ ਇਕ ਅਖਵਾਈਆ । ਜਿਸ ਨੂੰ ਕਹਿਣ ਚੌਵੀਆਂ ਅਵਤਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਭ ਦੀ ਪਾਵੇ ਸਾਰਾ, ਮਹਾਂਸਾਰਥੀ ਵੇਸ ਵਟਾਈਆ। ਮੈਂ ਵੀ ਕਰਦਾ ਰਿਹਾ ਇੰਤਜ਼ਾਰਾ, ਧਿਆਨ ਧਿਆਨ ਵਿਚ ਲਗਾਈਆ। ਤ੍ਰੈਲੋਕੀ ਤੋਂ ਬਾਹਰਾ, ਜਿਸ ਦਾ ਖੇਲ ਨਿਆਰਾ, ਜੁਗ ਚੌਕੜੀ ਸਮਝ ਕਿਸੇ ਨਾ ਪਾਈਆ। ਮੈਂ ਚਾਹੁੰਦਾ ਉਹਦਿਆਂ ਕਦਮਾਂ ਵਿਚ ਰਾਧਾ ਕ੍ਰਿਸ਼ਨ ਦਾ ਲੱਗੇ ਨਾਅਰਾ, ਹਰਿ ਸੰਗਤ ਦੋ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਦਏ ਉਠਾਈਆ।

ਹਜ਼ਰਤ ਈਸਾ ਮੂਸਾ ਮੁਹੰਮਦ ਕਹੇ ਸਾਡਾ ਇਸਲਾਮੀਆ ਟੱਬਰ, ਦੀਨ ਦੁਨੀ ਕਾਇਨਾਤ ਨਜ਼ਰੀ ਆਈਆ । ਅਸੀਂ ਸੰਤੋਖ ਕੀਤਾ ਸਬਰ, ਸ਼ੁਕਰਾਨੇ ਵਿਚ ਦੁਹਾਈਆ। ਦਰੋਹੀ ਦਰੋਹੀ ਦਰੋਹੀ ਵਾਸਤਾ ਪਾਇਆ ਵਿਚ ਕਬਰ, ਮਕਬਰੇ ਦੇਣ ਦੁਹਾਈਆ। ਜਿਸ ਵੇਲੇ ਆਇਆ ਅਗੰਮੀ ਬੱਬਰ, ਸ਼ੇਰ ਸ਼ੇਰਾ ਰੂਪ ਵਟਾਈਆ । ਸਭ ਦੀ ਕਰੇ ਕਦਰ, ਕੁਦਰਤ ਦਾ ਮਾਲਕ ਨੂਰ ਖ਼ੁਦਾਈਆ । ਸਦੀ ਚੌਧਵੀਂ ਵੇਖੇ ਅਦਲ, ਇਨਸਾਫ਼ ਆਪਣਾ ਇਕ ਜਣਾਈਆ। ਦੀਨ ਦੁਨੀ ਦਾ ਸਮਾਜ ਦੇਵੇ ਬਦਲ, ਬਦਲਾ ਰਹੇ ਨਾ ਰਾਈਆ। ਸਭ ਦਾ ਬਣ ਕੇ ਸਾਂਝਾ ਸੱਜਣ, ਮਿੱਤਰ ਇਕ ਅਖਵਾਈਆ। ਨਾਮ ਕਲਮਾ ਜਣਾ ਕੇ ਭਜਨ, ਬੰਦਗੀ ਇਕ ਦ੍ਰਿੜਾਈਆ । ਚਾਰ ਵਰਨ ਤੋਲ ਕੇ ਵਜਨ, ਕੰਡਾ ਆਪਣੇ ਹੱਥ ਉਠਾਈਆ । ਸਾਡਾ ਸਾਰਿਆਂ ਦਾ ਸਾਂਝਾ ਕਰ ਕੇ ਵਤਨ, ਬੇਵਤਨਾਂ ਲਏ ਮਿਲਾਈਆ। ਵਖਾ ਅਗੰਮੀ ਪੱਤਨ, ਬੇੜੇ ਲਏ ਚੜ੍ਹਾਈਆ। ਸਭ ਦੀ ਲੱਜਿਆ ਆਵੇ ਰੱਖਣ, ਸਿਰ ਆਪਣਾ ਹੱਥ ਟਿਕਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਸਾਰੇ ਤੱਕਣ, ਚਾਰੋਂ ਕੁੰਟ ਵੇਖ ਵਖਾਈਆ। ਅਸੀਂ ਚਾਹੁੰਦੇ ਜਨ ਭਗਤ ਸੁਹੇਲੇ ਸੂਫ਼ੀ ਫ਼ਕੀਰ ਨਾਅਰਾ ਲਾਵਣ ਅੱਲਾ ਹੂ ਅਕਬਰ, ਉਚੀ ਇਕ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ ।

ਨਾਨਕ ਨਿਰਗੁਣ ਕਹੇ ਮੈਂ ਵੇਖਣਾ ਓਹ ਅਮਾਮ, ਜੋ ਅਮਲਾਂ ਤੋਂ ਰਹਿਤ ਨਜ਼ਰੀ ਆਈਆ। ਜਿਸ ਦੇ ਅੰਤਰ ਦਿਸਿਆ ਸਤਿਨਾਮ, ਕਲਮਾ ਕਲਮੇ ਵਿਚ ਬਦਲਾਈਆ। ਸੰਦੇਸ਼ਾ ਦੇ ਪੈਗ਼ਾਮ, ਕੀਤੀ ਸ਼ਬਦ ਪੜ੍ਹਾਈਆ। ਨਿਰਗੁਣ ਨੂਰ ਦੱਸ ਪਹਿਚਾਨ, ਪਰਦਾ ਦਿਤਾ ਉਠਾਈਆ। ਸਾਂਝਾ ਦੇ ਗਿਆਨ, ਸਿਖਿਆ ਇਕ ਵਖਾਈਆ। ਬਖ਼ਸ਼ ਕੇ ਚਰਨ ਧਿਆਨ, ਮੇਲਾ ਲਿਆ ਮਿਲਾਈਆ। ਏਕਾ ਜੋਤ ਕਰ ਪਰਧਾਨ, ਦਸ ਜਾਮੇ ਲਏ ਭੁਗਤਾਈਆ। ਗੋਬਿੰਦ ਸੂਰਾ ਨੌਜਵਾਨ, ਸ਼ਬਦੀ ਡੰਕ ਸੁਣਾਈਆ। ਦੇ ਕੇ ਧੁਰ ਫ਼ਰਮਾਣ, ਭੇਵ ਅਭੇਦਾ ਇਕ ਜਣਾਈਆ। ਕਲ ਕਲਕੀ ਹੋਵੇ ਪ੍ਰਧਾਨ, ਨਿਹਕਲੰਕਾ ਨਾਉਂ ਧਰਾਈਆ। ਸੰਬਲ ਵਸੇ ਆਣ, ਸਿੰਘਾਸਣ ਆਸਣ ਇਕ ਰਖਾਈਆ। ਸਭ ਦਾ ਕਰੇ ਕਲਿਆਣ, ਜੋ ਸਰਨ ਲੱਗੇ ਸਰਨਾਈਆ। ਕਲਜੁਗ ਮੇਟੇ ਕੂੜ ਤੁਫ਼ਾਨ, ਸਤਿਜੁਗ ਸਚ ਲਏ ਪ੍ਰਗਟਾਈਆ। ਨਾਨਕ ਕਹੇ ਮੈਂ ਚਾਹੁੰਦਾ ਚਾਰ ਵੇਰਾਂ ਹਰਿ ਸੰਗਤ ਬੋਲਣਾ ਸਤਿਨਾਮ, ਸਤਿ ਸਤਿ ਵਿਚ ਸਮਾਈਆ। ਗੋਬਿੰਦ ਕਹੇ ਮੇਰਾ ਫਤਿਹ ਜੈਕਾਰਾ ਸੁਣੋ ਵਿਚ ਜਹਾਨ, ਚਾਰ ਵਰਨ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰਾ ਇਕ ਵਖਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ, ਪ੍ਰਭ ਸਚ ਦਰਬਾਰ ਲਗਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਬਿਨ ਨੈਣ, ਜੋਤੀ ਜਾਤਾ ਡਗਮਗਾਵੇਗਾ। ਜਿਸ ਦੇ ਕੋਲ ਨਾਮ ਰਸੈਣ, ਬਿਨ ਰਸਨਾ ਜਿਹਵਾ ਸਰਬ ਪੜ੍ਹਾਵੇਗਾ। ਜਿਸ ਦਾ ਨੂਰ ਐਨ ਦਾ ਐਨ, ਜਲਵਾ ਇਕੋ ਇਕ ਵਖਾਵੇਗਾ। ਓਹ ਸਭ ਦਾ ਲੇਖਾ ਆਵੇ ਲੈਣ, ਲਹਿਣਾ ਸਭ ਦਾ ਮੂਲ ਚੁਕਾਵੇਗਾ। ਨਾਤਾ ਤੋੜ ਭਾਈ ਭੈਣ, ਜਨ ਭਗਤਾਂ ਆਪ ਪ੍ਰਗਟਾਵੇਗਾ। ਕੂੜੀ ਕਿਰਿਆ ਮੂਲ ਨਾ ਵਹਿਣ, ਮਾਇਆ ਮਮਤਾ ਮੋਹ ਮਿਟਾਵੇਗਾ। ਭਗਤ ਦੁਵਾਰੇ ਸਾਚੇ ਬਹਿਣ, ਭਗਵਨ ਆਸਣ ਇਕ ਸੁਹਾਵੇਗਾ । ਧੁਰ ਦਾ ਭਾਣਾ ਸਦਾ ਸਹਿਣ, ਸਿਰ ਅੱਗੇ ਨਾ ਕੋਇ ਉਠਾਵੇਗਾ। ਜੋ ਝਗੜਾ ਪਿਆ ਮੱਤ ਜੈਨ, ਪੱਟੀ ਸਭ ਦਾ ਮੁੱਖ ਖੁਲ੍ਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਰੰਗਾਵੇਗਾ।

ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸੁਣਨਾ ਨਾਮ ਅਨਾਦੀ, ਅਨਹਦ ਧੁਨ ਸ਼ਨਵਾਈਆ। ਜਨ ਭਗਤਾਂ ਵੇਖ ਅਬਾਦੀ, ਦਰ ਸੋਹਣੇ ਸੋਭਾ ਪਾਈਆ। ਭਗਤ ਭਗਵਾਨ ਦੀ ਤੱਕਣੀ ਸ਼ਾਦੀ, ਘਰ ਮੇਲਾ ਸਹਿਜ ਸੁਭਾਈਆ। ਸਭ ਨੇ ਇਕ ਦੇ ਬਣਨਾ ਸਮਾਜੀ, ਸਮਾਂ ਸ਼ਹਾਦਤ ਦਏ ਗਵਾਹੀਆ। ਬਿਨਾਂ ਪ੍ਰਭੂ ਤੋਂ ਵਡਿਆਈ ਕਾਹਦੀ, ਤਨ ਵਜੂਦ ਕੰਮ ਕਿਸੇ ਨਾ ਆਈਆ। ਵਸਤ ਮਿਲੇ ਕਿਸੇ ਨਾ ਹਾਜੀ, ਹੁਜਰਿਆਂ ਸੀਸ ਨਾ ਕੋਇ ਨਿਵਾਈਆ। ਬਿਨ ਧੁਰ ਦੇ ਨਾਮ ਤੋਂ ਸਾਰੇ ਹੋਏ ਦਾਗ਼ੀ, ਦਗ਼ਾ ਕਰੇ ਲੋਕਾਈਆ । ਸੋਈ ਸੁਰਤੀ ਕਿਸੇ ਨਾ ਜਾਗੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਖੇਲ ਵੇਖਣਾ ਕਲਜੁਗ ਅੰਤਮ ਬਾਜ਼ੀ, ਬਾਜਾਂ ਵਾਲਾ ਦਏ ਵਖਾਈਆ। ਜਨ ਭਗਤੋ ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਵਾਸਤੇ ਸਭ ਨੇ ਇਕ ਇਕ ਵਸਤ ਲਿਔਣੀ ਘਰੋਂ ਭਾਜੀ, ਲਾਚੀ ਦਾਣਾ ਜੇਬ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਮੇਲਾ ਆਪ ਮਿਲਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਸਾਡਾ ਪਕਵਾਨ ਪਕਾਇਓ ਪੱਕਾ, ਪੱਕੀ ਤਰ੍ਹਾਂ ਜਣਾਈਆ । ਚਾਰ ਵਰਨ ਬਣਾਇਓ ਸਕਾ, ਦਵੈਤ ਅੰਦਰ ਰਹੇ ਨਾ ਰਾਈਆ। ਝਗੜਾ ਮੇਟਣਾ ਬੂਰਾ ਕੱਕਾ, ਕਾਲੇ ਕੋਝੇ ਕਮਲੇ ਗਲ ਲਗਾਈਆ। ਦੂਸਰ ਰਹੇ ਕੋਈ ਨਾ ਵੱਖਰਾ, ਵੱਖਰੀ ਵੰਡ ਨਾ ਕੋਇ ਵੰਡਾਈਆ । ਸਭ ਕੁਛ ਵੇਖਿਓ ਨਾਲ ਅੱਖਾਂ, ਅੱਖੀ ਦੇਣ ਦ੍ਰਿੜਾਈਆ। ਜਿਹੜਾ ਸਾਢੇ ਤਿੰਨ ਹੱਥ ਰੱਖਿਆ ਰੱਸਾ, ਪੰਜ ਪਿਆਰਿਆਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਿਸ ਨੇ ਮਲੇਛਾਂ ਉਠੌਣੀ ਸਫਾ, ਸਫਾ ਆਪਣੀ ਦਏ ਬਦਲਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਚਾਰ ਥਾਲ ਹੋਣ ਪਰੋਸੇ, ਮਾਝਾ ਮਾਲਵਾ ਜੰਮੂ ਦੁਆਬਾ ਵਾਲੇ ਲਿਆਈਆ। ਪਾਣੀ ਦੇ ਗਲਾਸ ਰੱਖਣੇ ਨਾਲ ਕੋਸੇ, ਠੰਡਾ ਜਲ ਨਾ ਕੋਇ ਭਰਾਈਆ । ਪੰਜਾਂ ਤੋਂ ਵੱਧ ਖਾਣੇ ਹੋਣ ਨਾ ਬਹੁਤੇ, ਸਚ ਦਈਏ ਦ੍ਰਿੜਾਈਆ। ਅਸੀਂ ਹੋਣਾ ਨਹੀਂ ਕੋਈ ਮੋਟੇ, ਤਨ ਰਹਿਣ ਕੋਇ ਨਾ ਪਾਈਆ। ਅੱਗੇ ਤੋਂ ਗੁਰਮੁਖ ਜੀਉਂਦਾ ਦੇਵੇ ਕੋਈ ਨਾ ਮੋਛੇ, ਪੀਰਾਂ ਭੇਟ ਨਾ ਕੋਇ ਚੜ੍ਹਾਈਆ। ਪਿਛਲੀ ਰੀਤੀ ਬਿਨਾਂ ਪ੍ਰਭੂ ਤੋਂ ਕੋਈ ਨਾ ਰੋਕੇ, ਰੁਕਮਣੀ ਕ੍ਰਿਸ਼ਨ ਗਿਆ ਸਮਝਾਈਆ। ਜਿਸ ਵੇਲੇ ਗਨਕਾ ਗਿਆਨ ਦਿਤਾ ਸੀ ਤੋਤੇ, ਸ਼ਬਦੀ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਚੜ੍ਹਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਖਾਣਾ ਹੋਵੇ ਵਿਚ ਪੰਜ ਬਰਤਨ, ਪੰਜਾਂ ਦਿਆਂ ਜਣਾਈਆ। ਪ੍ਰਭ ਨੇ ਸਾਡੀ ਪੂਰੀ ਕਰਨੀ ਸ਼ਰਤਨ, ਜੋ ਸ਼ਰਅ ਵਿਚ ਸਮਝਾਈਆ। ਮਾਲਕ ਹੋ ਕੇ ਅਰਸ਼ਨ, ਫ਼ਰਸ਼ਨ ਸੋਭਾ

ਪਾਈਆ। ਜਨ ਭਗਤੋ ਤੁਹਾਡਾ ਸਾਂਝਾ ਕਰਨਾ ਮਿਲਨ ਵਰਤਨ, ਊਚ ਨੀਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵਣਹਾਰ ਸਰਨਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਸਚ ਦਰਬਾਰਾ ਵੇਖ ਵਖਾਵਾਂਗੇ । ਜੋ ਹੁਕਮ ਦੱਸੇ ਨਰ ਨਿਰੰਕਾਰ, ਸੋ ਸੁਣ ਕੇ ਖ਼ੁਸ਼ੀ ਮਨਾਵਾਂਗੇ। ਜੋ ਖਾਣਾ ਲੈ ਕੇ ਆਉਣ ਜਨ ਭਗਤ ਨਾਲ ਪਿਆਰ, ਸੋ ਪ੍ਰੇਮ ਵਿਚ ਮਿਲ ਖਾਵਾਂਗੇ। ਇਹ ਸਭ ਦੀ ਸਾਚੀ ਕਾਰ, ਸਚ ਕਰਨੀ ਕਾਰ ਕਮਾਵਾਂਗੇ। ਅਗਲਾ ਮੇਲ ਅਗੰਮ ਅਪਾਰ, ਪ੍ਰਭ ਅੱਗੇ ਸੀਸ ਨਿਵਾਵਾਂਗੇ। ਸਾਡਾ ਰਹੇ ਨਾ ਕੋਇ ਅਖ਼ਤਿਆਰ, ਤੇਰੇ ਹੁਕਮੇ ਅੰਦਰ ਸੇਵ ਕਮਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਪੂਰੇ ਕਰੇ ਕੌਲ ਇਕਰਾਰ, ਇਕਰਾਰਨਾਮੇ ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦੇ ਅੱਗੇ ਟਿਕਾਵਾਂਗੇ। (੧੯ ਜੇਠ ਸ਼ੈ ਸੰ ੫ ਜਮਾਂਦਾਰ ਕਿਸ਼ਨ ਸਿੰਘ )