੧੪ ਮਾਘ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਵਾਰ ਦਿੱਲੀ
ਉਨੀਂ ਸੌ ਪੰਝੱਤਰ ਜਨਵਰੀ ਕਹੇ ਮੇਰਾ ਦਿਵਸ ਸਤਾਈ, ਦੋ ਸਤ ਆਤਮ ਪਰਮਾਤਮ ਨਿਰਗੁਣ ਸਰਗੁਣ ਧਾਰ ਮਿਲ ਕੇ ਵੱਜੇ ਵਧਾਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਦੀਨ ਦੁਨੀ ਸਤਿ ਧਰਮ ਦੇ ਹਰਿਜਨ ਸਾਚੇ ਰਾਹੀ, ਰਹਿਬਰ ਮਾਲਕ ਖਾਲਕ ਇਕੋ ਨੂਰ ਅਲਾਹੀਆ । ਜਿਸ ਦਾ ਸੰਦੇਸ਼ਾ ਦੇ ਕੇ ਗਏ ਚਾਈਂ ਚਾਈਂ, ਰਾਮਾ ਕ੍ਰਿਸ਼ਨਾ ਰਮਾਇਣ ਗੀਤਾ ਗੰਢ ਪੁਵਾਈਆ। ਹਜ਼ਰਤ ਮੂਸਾ ਈਸਾ ਮੁਹੰਮਦ ਜਿਸ ਨੂਰ ਅਲ੍ਹਾ ਦੀ ਦਿਤੀ ਦੁਹਾਈ, ਮਬੀਉਲ ਜ਼ਮਾ ਜ਼ੁਕਸਤੇ ਨਜ਼ੂਆ ਨੂਰੇ ਖੁਦਾ ਮਹਿਬਾਨ ਬੀਦੋ ਬੇਪਰਵਾਹੀਆ। ਗੁਰੂਆਂ ਜਿਸ ਦਾ ਸੰਦੇਸ਼ਾ ਦਿਤਾ ਸੋ ਪੁਰਖ ਅਕਾਲਾ ਲੱਖ ਚੁਰਾਸੀ ਸਰਬ ਮਲਾਹੀ, ਨਵ ਸਤ ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਤਾਲ ਗਗਨ ਗਗਨੰਤਰ ਜ਼ਿਮੀ ਅਸਮਾਨ ਨੌਜੁਵਾਨ ਸ੍ਰੀ ਭਗਵਾਨ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ।
ਸਤਾਈ ਜਨਵਰੀ ਕਹੇ ਮੇਰੀ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਸੱਯਦਿਆਂ ਵਿਚ ਸੀਸ ਝੁਕਾਈਆ। ਜੋ ਪਰਮ ਪੁਰਖ ਪਰਮਾਤਮ ਮੇਲਾ ਮੇਲੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਦੇਣ ਗੁਵਾਹੀਆ। ਚਾਰ ਜੁਗ ਦੇ ਸਾਸਤਰ ਕਰਨ ਪੁਕਾਰ, ਨਿਰਅੱਖਰ ਧਾਰ ਅੱਖਰਾਂ ਵਿਚ ਪਰਗਟਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਤਨ ਵਜੂਦ ਮਾਟੀ ਖਾਕ ਪਾਵਣਹਾਰਾ ਸਾਰ, ਲੱਖ ਚੁਰਾਸੀ ਅੰਡਜ਼ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਵੇਖ ਵਖਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ, ਰਾਮ ਰਹੀਮਾ ਕ੍ਰਿਸ਼ਨਾ ਕਾਹਨਾ ਮਰਦ ਮਰਦਾਨਾ ਇਕ ਅਖਵਾਈਆ। ਜੋ ਭਗਤਾਂ ਸੰਤਾਂ ਸੂਫੀਆਂ ਅੰਤਰ ਨਿਰੰਤਰ ਨਿਝ ਨੇਤਰ ਦੇਵਣਹਾਰ ਦੀਦਾਰ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨਜ਼ਰੀ ਆਈਆ। ਜਿਸ ਦਾ ਨਾਦ ਸ਼ਬਦ ਧੁਨ ਤਨ ਮੰਦਰ ਅੰਦਰ ਸਚੀ ਧੁਨਕਾਰ, ਬਿਨ ਰਸਨਾ ਜਿਹਵਾ ਬੱਤੀ ਦੰਦ ਸਿਫ਼ਤੀ ਢੋਲੇ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।
ਸਤਾਈ ਜਨਵਰੀ ਕਹੇ ਮੇਰੀ ਨਮੋਂ ਨਮੋ ਡੰਡਾਵਤ, ਪਰਮ ਪੁਰਖ ਪਰਮਾਤਮ ਸੀਸ ਨਿਵਾਈਆ। ਜੋ ਏਥੇ ਉਥੇ ਦੋ ਜਹਾਨਾਂ ਸਹੀ ਸਲਾਮਤ, ਨੂਰ ਅਲ੍ਹਾ ਬੇਪਰਵਾਹ ਇਕ ਅਖਵਾਈਆ। ਜਿਸ ਦੀਨ ਦੁਨੀ ਜ਼ਾਤ ਪਾਤ ਦੀਨ ਮਜ਼੍ਹਬ ਮੇਟਣੀ ਬਗਾਵਤ, ਬਗਲਗੀਰ ਚਾਰ ਵਰਨ ਅਠਾਰਾਂ ਬਰਨ ਦੇਣ ਗਵਾਹੀਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਧਾਰ ਸਭ ਨੂੰ ਸਾਚੇ ਨਾਮ ਦੀ ਦੇਵੇ ਦਾਅਵਤ, ਬਿਨ ਰਸਨਾ ਜਿਹਵਾ
ਅੰਮ੍ਰਿਤ ਰਸ ਨਿਝਰ ਦਏ ਝਿਰਾਈਆ। ਜਿਸ ਦਾ ਨਾਮ ਕਲਮਾ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਅਗੰਮੀ ਅਮਾਨਤ, ਨਿਆਮਤ ਸਤਿ ਸਚ ਜਗਤ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ।
ਸਤਾਈ ਜਨਵਰੀ ਕਹੇ ਮੇਰਾ ਦਿਵਸ ਦਿਹਾੜਾ ਚੰਗਾ, ਪ੍ਰਭ ਦੇਵੇ ਮਾਣ ਵਡਿਆਈਆ। ਜਨ ਭਗਤਾਂ ਅੰਤਰ ਨਿਰੰਤਰ ਵਹਾਏ ਹਿਰਦੇ ਧਾਰ ਜਲ ਗੰਗਾ, ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਹਰਿਜਨ ਪ੍ਰਭੂ ਭਗਤ ਨਿਝ ਨੇਤਰ ਰਹੇ ਕੋਇ ਨਾ ਅੰਧਾ, ਅੰਧ ਅਗਿਆਨ ਦਏ ਮਿਟਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਈਸ਼ ਜੀਵ ਜਗਦੀਸ਼ਰ ਲਾਏ ਆਪਣੇ ਅੰਗਾ, ਅੰਗੀਕਾਰ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਸਤਿਜੁਗ ਤਰੇਤਾ ਦੁਆਪਰ ਲੰਘਾ, ਕਲਜੁਗ ਵੇਖਣਹਾਰਾ ਥਾਉਂ ਥਾਈਂਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕੂੜੀ ਕਿਰਿਆ ਕਰੇ ਦੰਗਾ, ਮਨ ਕਲਪਣਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਵਰ, ਸਚ ਦੁਵਾਰਾ ਏਕੰਕਾਰਾ ਇਕ ਇਕੱਲਾ ਇਕ ਪਰਗਟਾਈਆ।
ਸਤਾਈ ਜਨਵਰੀ ਕਹੇ ਮੇਰੀ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਮੈਂ ਚਾਹੁੰਦੀ ਸਾਰੀ ਸ੍ਰਿਸ਼ਟੀ ਦਾ ਇਕ ਹੋਵੇ ਜੈਕਾਰ, ਨਾਮ ਢੋਲਾ ਸੋਹਲਾ ਇਕੋ ਰਾਗ ਜਣਾਈਆ। ਇਕੋ ਮੰਦਰ ਹੋਵੇ ਦੁਵਾਰ, ਗੁਰੂਦੁਵਾਰਾ ਸ਼ਿਵਦੁਵਾਲੇ ਮੱਠ ਚਰਚਾਂ ਵੰਡ ਨਾ ਕੋਇ ਵੰਡਾਈਆ। ਇਕੋ ਸ਼ਬਦ ਹੋਵੇ ਧੁਨਕਾਰ, ਨਾਮ ਨਿਧਾਨਾ ਵੱਜੇ ਵਧਾਈਆ। ਇਕੋ ਨੂਰ ਹੋਵੇ ਉਜਿਆਰ, ਜੋਤੀ ਜਾਤਾ ਹਰ ਘਟ ਅੰਦਰ ਬੈਠਾ ਨਜ਼ਰੀ ਆਈਆ। ਇਕੋ ਸ਼ਾਹੋ ਭੂਪ ਹੋਵੇ ਸਿਕਦਾਰ, ਸ਼ਾਹ ਸੁਲਦਾਨਾ ਇਕ ਅਖਵਾਈਆ। ਇਕੋ ਹੁਕਮ ਸੰਦੇਸਾ ਦੇਵੇ ਧੁਰ ਦੀ ਧਾਰ, ਧਰਮ ਦਾ ਮਾਰਗ ਇਕ ਸਮਝਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਵਖਾਏ ਘਰ ਬਾਰ੍ਹ, ਜਿਸ ਘਰ ਵਸੇ ਧੁਰ ਦਾ ਮਾਹੀਆ। ਜਗਤ ਧਰਨੀ ਧਰਤ ਧਵਲ ਧੌਲ ਉਤੇ ਵੇਖੇ ਵਿਗਸੇ ਪਾਵੇ ਸਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇਲ ਖਿਲਾਈਆ। ਸਤਾਈ ਜਨਵਰੀ ਕਹੇ ਜਿਸ ਧਰਤੀ ਉਤੇ ਧੀਰ ਪੁਰ ਬਣਨਾ ਭਗਤ ਦੁਵਾਰ, ਇਹ ਨਿਸ਼ਾਨਾ ਕ੍ਰਿਸ਼ਨਾ ਕਾਹਨਾ ਜਮਨ ਕਿਨਾਰੇ ਸੀਆ ਗੋਪਾਲ ਹੋ ਕੇ ਬੰਸਰੀ ਧੁਨ ਨਾਲ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗੀ ਇਕ ਅਖਵਾਈਆ।
ਧਰਨੀ ਕਹੇ ਮੈਂ ਜੁਗ ਜੁਗ ਰਹੀ ਘੁੰਮਦੀ, ਭੱਜੀ ਵਾਹੋ ਦਾਹੀਆ। ਸ੍ਰੀ ਭਗਵਾਨ ਦੇ ਚਰਨ ਰਹੀ ਚੁੰਮਦੀ, ਬਿਨ ਬੁੱਲ੍ਹਾਂ ਰਸ ਚਖਾਈਆ। ਉਸ ਦੀ ਮਧੁਰ ਧੁਨ ਰਹੀ ਸੁਣਦੀ, ਜੋ ਬਿਨ ਕੰਨਾਂ ਕਰੀ ਸ਼ਨਵਾਈਆ। ਮੇਰੀ ਖੇਲ ਆਦਿ ਜੁਗਾਦਿ ਮਾਲਕ ਕੁੰਨ ਦੀ, ਦੋ ਜਹਾਨਾ ਵੇਖ ਵਖਾਈਆ। ਖਬਰ ਯਾਦ ਰੱਖਣੀ ਹੁਣ ਦੀ, ਸਹਿਜ ਨਾਲ ਰਹੀ ਦ੍ਰਿੜਾਈਆ। ਜਿਸ ਵੇਲੇ ਕਲਜੁਗ ਵਿਚਾਰ ਰਹੀ ਨਾ ਪਾਪ ਪੁੰਨ ਦੀ, ਕੂੜ ਚਾਰੋਂ ਕੁੰਟ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ।
ਧਰਨੀ ਕਹੇ ਮੈਂ ਕਾਹਨ ਦੇ ਛੋਹੇ ਚਰਨ, ਮੇਰੇ ਅੰਤਰ ਖੁਸ਼ੀ ਆਈਆ। ਮੇਰਾ ਖੁਲ੍ਹਿਆ ਹਰਨ ਫਰਨ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਂ ਭੈ ਵਿਚ ਲੱਗੀ ਡਰਨ, ਨਿਉਂ ਨਿਉਂ ਸੀਸ ਨਿਵਾਈਆ। ਪੱਲੂ ਲਗੀ ਫੜਨ, ਆਪਣੀ ਗੰਢ ਪੁਵਾਈਆ। ਧਰਨੀ ਕਹੇ ਮੈਨੂੰ ਇਸ਼ਾਰਾ ਦਿਤਾ ਧਰਤੀ ਕਲਜੁਗ ਅੰਤ ਜਿਸ ਵੇਲੇ ਸ੍ਰਿਸ਼ਟੀ ਮਨ ਕਲਪਣਾ ਵਿਚ ਲੱਗੀ ਸੜਨ, ਚਾਰੋਂ ਕੁੰਟ ਅਗਨ ਨਾ ਕੋਇ ਬੁਝਾਈਆ ।
ਕੂੜੀ ਵਿਦਿਆ ਲੱਗੀ ਪੜ੍ਹਨ, ਆਤਮ ਵਿਦਿਆ ਜਾਂਣ ਭੁਲਾਈਆ। ਘਰ ਘਰ ਸ਼ਰੀਰ ਹੰਕਾਰੀ ਬਣੇ ਗੜ੍ਹਨ, ਹਉਮੇ ਹੰਗਤਾ ਨਾ ਕੋਇ ਮਿਟਾਈਆ। ਸਾਚੇ ਮੰਦਰ ਸਚ ਦੁਵਾਰ ਜਗਿਆਸੂ ਮੂਲ ਨਾ ਵੜਨ, ਜਗਤ ਵਾਸਨਾ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਧਰਨੀ ਕਹੇ ਪ੍ਰਭੂ ਸਾਚੇ ਭਗਤਾਂ ਦੇ ਅਧਾਰ, ਸਿਰ ਸਿਰ ਹੱਥ ਟਿਕਾਈਆ। ਚਾਰ ਵਰਨਾਂ ਦੇ ਪਿਆਰ, ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਦੀਨਾਂ ਮਜ੍ਹਬਾਂ ਇਕ ਵਖਾ ਸਚਾ ਘਰ ਘਰ ਬਾਹਰ, ਦਰਗਾਹ ਸਾਚੀ ਸਚਖੰਡ ਮੁਕਾਮੇ ਹੱਕ ਹੱਕ ਸਮਝਾਈਆ। ਮੇਰੀ ਅੰਤ ਕੰਤ ਭਗਵੰਤ ਸਦੀ ਚੌਧਵੀਂ ਪੈਜ ਸੁਵਾਰ, ਤੇਰੇ ਅੱਗੇ ਮੰਗ ਮੰਗਾਈਆ। ਮੇਰੀ ਆਸ਼ਾ ਪੁਰਾਣੀ ਸਾਰੀ ਦੁਨੀਆ ਉਤੇ ਸਾਰੀ ਸ੍ਰਿਸ਼ਟੀ ਮਾਨਵਤਾ ਦਾ ਇਕੋ ਤੇਰੇ ਪਿਆਰ ਦਾ ਹੋਵੇ ਭਗਤ ਦੁਵਾਰ, ਭਗਵਨ ਸਭ ਨੂੰ ਮਿਲਕੇ ਵੱਜੇ ਵਧਾਈਆ। ਦੂਈ ਦੁਵੈਤ ਸ਼ਰਅ ਸ਼ਰਾਇਤ ਅੰਦਰੋਂ ਕੱਢਣੀ ਬਾਹਰ, ਮਨ ਕਲਪਣਾ ਕੂੜ ਕਿਰਿਆ ਕਰਨੀ ਆਪ ਸਫਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸਿਕਦਾਰ, ਤੇਰੇ ਹੱਥ ਵਡਿਆਈਆ। ਧਰਨੀ ਕਹੇ ਏਸ ਧਾਮ ਦਾ ਲੇਖ ਲਿਖਣ ਲਈ ਆ ਗਏ ਇਨਸਪੈਕਟਰ ਸਾਹਿਬ ਤੇ ਨਾਲ ਤਹਿਸੀਲਦਾਰ, ਤਸੱਲੀ ਕਰਕੇ ਜਾਣ ਚਾਈਂ ਚਾਈਂਆ। ਇਹ ਕੋਈ ਠੱਗਾਂ ਚੋਰਾਂ ਦਾ ਨਹੀਂ ਬਜ਼ਾਰ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ । ਏਥੇ ਇਕੋ ਪਰਮ ਪੁਰਖ ਪਰਮਾਤਮ ਨੂੰ ਹੋਣੀ ਨਿਮਸਕਾਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਆਤਮਾ ਪਰਮਾਤਮਾ ਪਰਮਾਤਮਾ ਆਤਮਾ ਹੋਵੇ ਜੈ ਜੈਕਾਰ, ਤੂੰ ਮੇਰਾ ਮੈਂ ਤੇਰਾ ਸਾਚਾ ਮੇਲਾ ਮਿਲੇ ਸਹਿਜ ਸੁਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿੱਤ ਨਵਿਤ ਨਿਰਗੁਣ ਸਰਗੁਣ ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ, ਪਰਵਰਦਿਗਾਰ ਸਾਂਝੇ ਯਾਰ ਨੂਰ ਅਲ੍ਹਾ ਇਕ ਅਖਵਾਈਆ।