ਜਨਮ ਸਾਖੀ

ਕ੍ਰਿਤ-: ਸ੍ਰ ਤੇਜਾ ਸਿੰਘ · ਲੇਖਕ : ਬੇਬੇ ਹਰਬੰਸ ਕੌਰ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ।
ਮਹਾਰਾਜ ਪੂਰਨ ਸਿੰਘ ਜੀ ਫੌਜ ਵਿਚ ਨੌਕਰੀ ਕਰਦੇ ਸਨ। ਫੌਜ ਵਿਚੋਂ ਪਾਤਸ਼ਾਹ
ਜੀ ਨੇ ਆਪਣੇ ਸਿਖ ਭਾਈਆ ਤੇਜਾ ਸਿੰਘ ਪੁੱਤਰ ਸ੍ਰੀ ਮਾਣਾ ਸਿੰਘ ਭੁੱਚਰ ਵਾਲੇ ਨੂੰ ਪੱਤਰ
ਲਿਖਿਆ ਕਿ ਅਸੀਂ ਪਹਿਲੀ ਮਾਘ ਸੰਮਤ ੨੦੦੮ ਨੂੰ ਬੁੱਘੀਂ ਆ ਰਹੇ ਹਾਂ। ਆਪ
ਨੇ ਜਨਮ ਸਾਖੀ ਹਜੂਰ ਮਹਾਰਾਜ ਸ਼ੇਰ ਸਿੰਘ ਜੀ ਦੀ ਬਨਾਉਣ ਬਾਰੇ ਬੇਨੰਤੀ ਕਰਨੀ ਹੈ,
ਕਿਉਂਕਿ ਸਾਨੂੰ ਸ਼ਹਿਨਸ਼ਾਹ ਮਹਾਰਾਜ ਸ਼ੇਰ ਸਿੰਘ ਜੀ ਪੱਕੀ ਕਰ ਰਹੇ ਹਨ ਕਿ ਸਾਡੀ
ਜਨਮ ਸਾਖੀ ਬਣਾਈ ਜਾਵੇ। ਇਸ ਚਿੱਠੀ ਮਿਲਣ ਤੇ ਭਾਈਆ ਤੇਜਾ ਸਿੰਘ ਬੇਬੇ ਬੰਸੋ
ਕਲਸੀਆਂ ਵਾਲੀ ਕੋਲ ਗਿਆ ਤੇ ਕਿਹਾ ਕਿ ਆਹ ਚਿੱਠੀ ਹਜੂਰ ਸੱਚੇ ਪਾਤਸ਼ਾਹ ਜੀ ਦੀ
ਆਈ ਹੈ, ਜਨਮ ਸਾਖੀ ਬਨਾਉਣ ਬਾਰੇ। ਤਾਂ ਕਲਸੀਆਂ ਵਾਲੀ ਸੰਗਤ ਤੇ ਆਈ
ਹਾਜਰ ਸੰਗਤ ਨੇ ਬੜੀ ਖ਼ੁਸ਼ੀ ਮਨਾਈ। ਹੁਕਮ ਅਨੁਸਾਰ ਭਾਈਆ ਤੇਜਾ ਸਿੰਘ ਤੇ ਬੇ
ਬੇ ਬੰਸੋ ਤੇ ਹੋਰ ਸਗਤਾਂ ਵੀ ਪਹਿਲੀ ਮਾਘੀ ਬਿਕ੍ਰਮੀ ੨੦੦੮ ਨੂੰ ਬੁਘੀਂ, ਸੱਚੇ ਪਾਤਸ਼ਾਹ
ਜੀ ਕੋਲ ਪਹੁੰਚ ਗਏ। ਦਰਸ਼ਨ ਕਰ ਕੇ ਸੰਗਤਾਂ ਬੜੀਆਂ ਨਿਹਾਲ ਹੋਈਆਂ। ਰਾਤੀਂ
ਵਿਹਾਰ ਸ਼ੁਰੂ ਹੋਇਆ। ਹੁਕਮ ਅਨੁਸਾਰ ਭਾਈਆ ਤੇਜਾ ਸਿੰਘ ਨੇ ਜਨਮ ਸਾਖੀ ਹਜੂਰ
ਮਹਾਰਾਜ ਸ਼ੇਰ ਸਿੰਘ ਜੀ ਦੀ ਬਨਾਉਣ ਬਾਰੇ ਬੇਨੰਤੀ ਕੀਤੀ। ਬੇਨੰਤੀ ਕਰਨ ਤੇ ਪਾਤਸ਼ਾਹ
ਕਿਹਾ ਕਿ ਬੇਬੇ ਬੰਸੋ ਲਿਖੇਗੀ ਤੇ ਤੂੰ ਲਿਖਾਵੇਂਗਾ। ਤੇਜਾ ਸਿੰਘ ਬੇਨੰਤੀ ਕੀਤੀ ਕਿ
ਪਾਤਸ਼ਾਹੋ ਮੈਂ ਤਾਂ ਅਨਪੜ੍ਹ ਹਾਂ। ਮੇਰੇ ਤਾਂ ਇਕ ਸ਼ਬਦ ਵੀ ਯਾਦ ਨਹੀਂ ਤੇ ਮੈਂ ਕਿਸ
ਤਰ੍ਹਾਂ ਜਨਮ ਸਾਖੀ ਲਿਖਵਾ ਦੇਵਾਂਗਾ ਜੀ। ਇਹ ਤਾਂ ਬੜੀ ਵੱਡੀ ਜੁਮੇਂਵਾਰੀ ਵਾਲੀ
ਗੱਲ ਹੈ ਜੀ। ਪਾਤਸ਼ਾਹ ਕਿਹਾ ਕਿ ਇਹ ਤਾਂ ਅਸੀਂ ਹੀ ਲਿਖਵਾਉਣੀ ਹੈ ਅਸੀਂ ਆਪੇ
ਲਿਖਵਾ ਦੇਵਾਗੇ। ਤੂੰ ਲਿਖਾਉਣ ਵੇਲੇ ਸਾਡੇ ਪਲੰਘ ਤੋਂ ਮੋਰ ਦੇ ਖੰਬਾਂ ਵਾਲੇ ਚੌਰ ਚੋਂ
ਇਕ ਟਿੱਕੀ ਲੈ ਲਵੀਂ ਤੇ ਲਿਖਾਉਣ ਵੇਲੇ ਆਪਣੀ ਪਗੜੀ ਵਿਚ ਟੰਗ ਲਵੀਂ ਤੇ ਲਿਖਵਾਈ
ਜਾਵੀਂ। ਜਦ ਲਿਖਾਈ ਬੰਦ ਕਰਨੀ ਹੋਵੇ ਤਾਂ ਇਹ ਖੰਬ ਦੀ ਟਿਕੀ ਸਾਡੇ ਪਲੰਘ ਤੇ
ਰੱਖ ਦਿਆ ਕਰੀਂ । ਏਸੇ ਤਰ੍ਹਾਂ ਭਾਈਆ ਤੇਜਾ ਸਿੰਘ ਨੇ ਏਹ ਸੇਵਾ ਹੁਕਮ ਅਨੁਸਾਰ
ਕੀਤੀ ਹੈ ਜੀ। ਬੇਬੇ ਬੰਸੋ ਨੇ ਆਪਣੀ ਕਲਮ ਨਾਲ ਲਿਖੀ ਹੈ ਜੀ। ਬੇਬੇ ਨੂੰ ਲਿਖਾਈ
ਸ਼ੁਰੂ ਕਰਨ ਤੋਂ ੮-੧੦ ਦਿਨ ਮਗਰੋਂ ਇਹ ਵੀ ਹੁਕਮ ਹੋਇਆ ਕਿ ਹਰ ਇਕ ਪੰਨੇ ਤੇ
ਸੋਹੰ ਜਰੂਰ ਹੀ ਲਿਖਣਾ ਹੈ ।।
ਨੰ · ਤਤਕਰਾ · ਪੰਨਾ
੦੧ ੨੦ ਫੱਗਣ ੨੦੦੮ ਬਿਕ੍ਰਮੀ ਦਿਨ ਐਤਵਾਰ ਨੂੰ
ਜਨਮ ਸਾਖੀ ਲਿਖਣੀ ਸ਼ੁਰੂ ਕੀਤੀ · ੦੬
੦੨ ਮਹਾਰਾਜ ਸ਼ੇਰ ਸਿੰਘ ਜੀ ਨੇ ਅਵਤਾਰ ਧਾਰਨਾ
ਤੇ ਮਨੀ ਸਿੰਘ ਨੂੰ ਜਣਾਈ · ੦੮
੦੩ ਬਾਬੇ ਮਨੀ ਸਿੰਘ ੫ ਸਿਖ ਘੱਲਣੇ ਤੇ ਸੱਚੇ ਪਾਤਸ਼ਾਹ ਸਾਰੇ
ਪਰਿਵਾਰ ਸਮੇਤ ਹੋਲੇ ਮਹੱਲੇ ਤੇ ਰਾਮ ਪੁਰੇ ਜਾਣਾ · ੧੨
੦੪ ਸੰਤ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਨੂੰ
ਲਿਖਣ ਦਾ ਹੁਕਮ ਦੇਣਾ · ੧੩
੦੫ ਸੱਚੇ ਪਾਤਸ਼ਾਹ ਦੀ ਬਾਲ ਲੀਲ੍ਹਾ · ੧੪
੦੬ ਸੱਚੇ ਪਾਤਸ਼ਾਹ ਹਰਿਮੰਦਰ ਸਹਿਬ ਜਾਣਾ · ੧੬
੦੭ ਸਾਖੀ ਰਾਮ ਪੁਰੇ ਦੀ ਚਲੀ ਮਾਈ ਗੁਲਾਬੀ ਸੰਤਨੀ ਦੀ · ੧੭
੦੮ ਸੱਚੇ ਪਾਤਸ਼ਾਹ ਦਾ ਬਾਲ ਉਮਰ ਵਿਚ ਵਿਆਹ · ੧੮
੦੯ ਦੇਵੀਆਂ ਦੀ ਪੂਜਾ ਭੇਟਾ ਬੰਦ ਕਰਾਉਣੀ · ੧੯
੧੦ ਮਨੀ ਸਿੰਘ ਨੂੰ ਦਿਲੀ ਜਾ ਕੇ ਬਾਣੀ ਲਿਖਣ ਦਾ ਹੁਕਮ · ੨੦
੧੧ ਹਰੀ ਮਕੱਈ ਦਾ ਸੜ ਜਾਣਾ · ੨੧
੧੨ ਸੱਚੇ ਪਾਤਸ਼ਾਹ ਦਾ ਕੋਠੇ ਤੋਂ ਗਿਰਨਾ · ੨੨
੧੩ ਬਾਬਾ ਬਕਾਲਾ ਤੇ ਮਿਹਰ ਕਰਨੀ · ੨੨
੧੪ ਸੱਚੇ ਪਾਤਸ਼ਾਹ ਦੇ ਸਿਰ ਵਿਚ ਸੱਟ ਲਗਣੀ · ੨੩
੧੫ ਸੱਚੇ ਪਾਤਸ਼ਾਹ ਦਾ ਘਵਿੰਡ ਵਿਚ ਮੰਗਣ ਜਾਣਾ · ੨੩
੧੬ ਸੱਚੇ ਪਾਤਸ਼ਾਹ ਜੀ ਆਪਣੇ ਹਾਣੀਆਂ ਨਾਲ ਖੇਡਣਾ · ੨੪
੧੭ ਖਰਬੂਜਿਆਂ ਦੀ ਖੇਡ · ੨੫
੧੮ ਤੀਰਥ ਅਸਥਾਨਾਂ ਦੀ ਸਤਿਆ ਖਿਚਣੀ · ੨੫
੧੯ ਤਾਉਨ ਦੀ ਬੀਮਾਰੀ ਪੈਣੀ · ੨੬
੨੦ ਭੰਗਾਲੀ ਵਾਲਿਆਂ ਵਲੋਂ ਘੋੜੀ ਦੀ ਸੇਵਾ · ੨੭
੨੧ ਪਠਾਣਕੇ ਵਾਲੇ ਦੇਵਾ ਸਿੰਘ ਦੀ ਸਾਖੀ · ੨੮
੨੨ ਮਾਈ ਗੁਲਾਬੀ ਤੇ ਉਸ ਦੇ ਪਰਵਾਰ ਦੀ ਸਾਖੀ · ੨੮
੨੩ ਰਾਮਪੁਰੇ ਦੇ ਬੁਢਾ ਸਿੰਘ ਸਿਖ ਦਾ ਪ੍ਰੇਮ ਤੇ ਦੇਹ ਛੱਡਣਾ · ੨੯
੨੪ ਸੱਚੇ ਪਾਤਸ਼ਾਹ ਦੀ ਭੈਣ ਬੇਬੇ ਠਾਕਰੀ · ੩੦
੨੫ ਸਾਖੀ ਸੱਚੇ ਪਾਤਸ਼ਾਹ ਜੋਤ ਸਰੂਪ ਬਾਬੇ ਮਨੀ ਸਿੰਘ ਨੂੰ ਹੁਕਮ
ਦੇ ਕੇ ਕਲਜੁਗ ਦੇ ਵਰਤਮਾਨ ਬਚਨ ਲਿਖੌਣੇ · ੩੨
੨੬ ਮਾਣਾ ਸਿੰਘ ਤੇ ਤੇਜਾ ਨੂੰ ਚਰਨੀ ਲਾਣਾ · ੩੩
੨੭ ਚੁਤਾਲਿਆਂ ਤੋਂ ਬਲਵੰਤ ਸਿੰਘ ਅਤੇ ਉਸ ਦੇ ਘਰੋਂ
ਬੀਬੀ ਬਸੰਤ ਕੌਰ ਦੀ ਸਾਖੀ · ੩੪
੨੮ ਮਾਈ ਲਛਮੀ ਤੇ ਸੁੰਦਰ ਸਿੰਘ ਦੀ ਸਾਖੀ · ੩੭
੨੯ ਤੇਜਾ ਸਿੰਘ ਤੇ ਝੰਡਾ ਸਿੰਘ ਤੇ ਦਇਆ ਕਰਨੀ · ੪੧
ਸੱਚੇ ਪਿਤਾ ਦੀ ਭੈਣ ਠਾਕਰੀ ਦੀ ਸਾਖੀ
੩੧ ਭੰਗਾਲੀ ਪਿੰਡ ਦੇ ਸਿਖਾਂ ਦੀ ਸਾਖੀ · ੪੩
੩੨ ਸਾਖੀ ਪਠਾਣਕਿਆਂ ਦੇ ਦੇਵਾ ਸਿੰਘ ਤੇ
ਉਸ ਦੇ ਪੁੱਤਰ ਬਹਾਦਰ ਸਿੰਘ ਦੀ · ੪੪
੩੩ ਨਵੀਂ ਸਿਖੀ ਨੇ ਸੱਚੇ ਪਿਤਾ ਦੀ ਸ਼ਰਨੀ ਔਣ · ੪੫
੩੪ ਸੁੰਦਰ ਸਿੰਘ ਤੇ ਉਸ ਦੇ ਕੁੜਮ ਦਬੁਰਜੀ ਵਾਲੇ ਦੀ ਸਾਖੀ ੪੭
੩੫ ੯ ਸਿਖਾਂ ਪਾਤਸ਼ਾਹ ਦੀ ਬਾਣੀ ਲੈ ਕੇ ਬੜੁਖੀਂ · ੪੯
੩੬ ਤੇਜਾ ਸਿੰਘ ਦਾ ਸੰਤ ਮਨੀ ਸਿੰਘ ਦੇ ਦਰਸ਼ਨਾਂ
ਲਈ ਜਾਣਾ ਤੇ ਉਹਨਾਂ ਦਾ ਗਿਰਫਤਾਰ ਹੋਣਾ · ੫੦
੩੭ ਸੱਚੇ ਪਾਤਸ਼ਾਹ ਦੀ ਗ੍ਰਿਫਤਾਰ ਹੋਣ ਦੀ ਸਾਖੀ · ੫੧
੩੮ ਸੱਚੇ ਪਾਤਸ਼ਾਹ ਨੇ ਘਵਿੰਡ ਔਣਾ ਤੇ ਮਾਝੇ ਦੀ ਸੰਗਤ ਨੇ
ਦਰਸ਼ਨ ਕਰਨ ਔਣਾ · ੫੪
੩੯ ਮਹਾਰਾਜ ਜੀ ਦੀ ਸ਼ਾਦੀ ਦੀ ਸਾਖੀ · ੫੪
੪੦ ਮਹਾਰਾਜ ਸ਼ੇਰ ਸਿੰਘ ਦੇ ਘਰ ਸਾਹਿਬਜਾਦੇ ਨੇ ਜਨਮ ਲੈਣਾ ੫੬
੪੧ ਗੁਰਮੁਖ ਸਿੰਘ ਮਗਰੋਂ ਚੇਤ ਸਿੰਘ ਦਾ ਸੇਵਾ ਵਿਚ ਹਾਜਰ ਹੋਣਾ ੫੬
੪੨ ਬੈਠਕ ਪੌਣ ਦੀ ਸਲਾਹ ਤੇ ਪਾਤਸ਼ਾਹ ਦਾ ਘੋੜਾ ਚੋਰੀ ਹੋਣਾ · ੫੭
੪੩ ਸੱਚੇ ਪਾਤਸ਼ਾਹ ਗੁਜਰ ਸਿੰਘ ਦੇ ਪਿੰਡ ਬਾਲੇ ਚੱਕ ਜਾਣਾ · ੫੮
੪੪ ਪਾਲ ਸਿੰਘ ਨੂੰ ਕ੍ਰਿਸ਼ਨ ਭਗਵਾਨ ਦੇ ਦਰਸ਼ਨ
ਤੇ ਚਰਨੀ ਲਗਣਾ · ੫੯
੪੫ ਪਾਤਸ਼ਾਹ ਦਾ ੨੭ ਚੱਕ ਜਾਣਾ · ੬੦
੪੬ ਭੁਚਰ ਵਾਲੇ ਬਲਵੰਤ ਸਿੰਘ ਦੀ ਸਾਖੀ · ੬੧
੪੭ ਬਾਲੇ ਚੱਕ ਵਾਲੇ ਬੁਧ ਸਿੰਘ ਦੀ ਸਾਖੀ · ੬੩
੪੮ ਪਾਤਸ਼ਾਹ ਦੇ ਘੋੜੇ ਤੇ ਕੁੱਤੇ ਬਾਰੇ · ੬੪
੪੯ ਰਤਨ ਸਿੰਘ ਆਲਮਗੀਰ ਵਾਲੇ ਸਿਖ ਦੀ ਸਾਖੀ · ੬੫
੫੦ ਪਾਲ ਸਿੰਘ ਨੇ ਪਾਤਸ਼ਾਹ ਨੂੰ ੨੭ ਚੱਕ ਆਪਦੇ ਘਰ ਖੜਨਾ ੬੬
੫੧ ਘਵਿੰਡ ਦੀ ਇਕ ਮਾਈ ਦੀ ਸਾਖੀ · ੬੮
੫੨ ਮਾਹਣਾ ਸਿੰਘ ਤੇ ਮਿਹਰ ਕਰਨੀ · ੭੦
੫੩ ਸੁਰੈਣ ਸਿੰਘ ਘੰਵਿਡ ਵਾਲੇ ਦੀ ਸਾਖੀ · ੭੦
੫੪ ਪਾਤਸ਼ਾਹ ਦੇ ਲੰਗੂਰ ਦੀ ਸਾਖੀ · ੭੦
੫੫ ਬਾਜ ਸਿੰਘ ਤੇ ਮਿਹਰ ਕਰਨੀ · ੭੧
੫੬ ਤੋੜੇ ਵਾਲੇ ਲਾਭ ਸਿੰਘ ਦੀ ਸਾਖੀ · ੭੨
੫੭ ਗੁਜਰ ਸਿੰਘ ਤੇ ਚੇਤ ਸਿੰਘ ਦਾ ਸ਼ਰੀਰ ਛੁਟਣਾ · ੭੨
੫੮ ਪਾਤਸ਼ਾਹ ਦੇ ਘੋੜਾ ਤੇ ਬੋਲਦ ਚੋਰੀ ਹੋਣੇ · ੭੩
੫੯ ਸੱਚੇ ਪਾਤਸ਼ਾਹ ਦੇ ਸਿਖ ਚੇਤ ਸਿੰਘ ਤੇ
ਹਰਸੁਖ ਲਾਲ ਖੱਤਰੀ ਦੀ ਸਾਖੀ · ੭੪
੬੦ ਤੇਜਾ ਸਿੰਘ ਸਿਖ ਦੀ ਸਾਖੀ ਕਿਸ ਤਰ੍ਹਾਂ ਪਾਤਸ਼ਾਹ ਨੂੰ ਘੋੜਾ ਦਿਤਾ ੭੬
ਇੰਦਰ ਸਿੰਘ ਝੁਬਾਲ ਵਾਲੇ ਨੇ ਪਾਤਸ਼ਾਹ ਦੀ ਸ਼ਰਨ ਔਣਾ
੬੨ ਲੰਗਰ ਦੀ ਸਾਖੀ · ੮੧
੬੩ ਚੇਤ ਸਿੰਘ ਕਲਸੀਆਂ ਵਾਲੇ ਨੇ ਸੁਖਣਾ ਸੁੱਖੀ · ੮੩
੬੪ ਮਾਈ ਜਿਊਣੀ ਦੀ ਸੇਵਾ ਤੇ ਸੰਤ ਮਨੀ ਸਿੰਘ ਦੇਹ ਛੱਡਣੀ · ੮੪
੬੫ ਸਿਖਾਂ ਪਾਤਸ਼ਾਹ ਲਈ ਬੈਠਕ ਬਣੌਣੀ · ੮੭
੬੬ ਦਫਤੂ ਵਾਲੇ ਸਿਖਾਂ ਦੀ ਸਾਖੀ · ੮੮
੬੭ ਬੀਬੀ ਠਾਕਰੀ ਤੇ ਕੇਹਰ ਸਿੰਘ ਦੀ ਪਾਤਸ਼ਾਹ ਕੋਲ ਬੇਨੰਤੀ · ੯੦
੬੮ ਸਾਰਿਆਂ ਸਿਖਾਂ ਪਾਤਸ਼ਾਹ ਦਾ ਵਾੜਾ ਵਲਨਾ · ੯੨
੬੯ ਤੇਜਾ ਸਿੰਘ ਪਾਤਸ਼ਾਹ ਨਾਲ ਗੁਸੇ ਹੋਣਾ ਤੇ ਘੋੜੀ ਭੇਟ ਕਰਨੀ ੯੩
੭੦ ਦਿਲੀ ਵਾਲੀ ਮਾਈ ਦੀ ਸਾਖੀ · ੯੪
੭੧ ਮਾਈ ਅਤਰੀ ਤੇ ਦਿਸੌਂਦਾ ਸਿੰਘ ਦੀ ਸਾਖੀ · ੯੫
੭੨ ਮਨੀ ਸਿੰਘ ਸਿਖਾਂ ਨੂੰ ਬਚਨ ਸੁਨੌਂਣੇ · ੯੫
੭੩ ਅਤਰ ਸਿੰਘ ਖੀਰਾਂ ਵਾਲੇ ਦੀ ਸਾਖੀ · ੯੬
੭੪ ਰਸੂਲ ਪੁਰ ਵਾਲੇ ਸਰਦਾਰ ਦੀ ਸਾਖੀ · ੯੭
੭੫ ਘੀਕਾ ਸਿੰਘ ਦੀ ਸਾਖੀ · ੯੮
੭੬ ਲਾਭ ਸਿੰਘ ਤੇ ਬੀਬੀ ਕਰਮੋ ਦੀ ਸਾਖੀ · ੯੯
੭੭ ਮਾਈ ਬਸੰਤ ਕੌਰ ਤੇ ਉਸ ਦੀਆਂ ਧੀਆਂ ਦੀ ਸਾਖੀ · ੯੯
੭੮ ਇਕ ਮਸਤਾਨੇ ( ਬੱਗਾ ਸਿੰਘ ) ਤੇ ਬੁਧ ਸਿੰਘ ਦੀ ਸਾਖੀ · ੧੦੧
੭੯ ਬੇਬੇ ਰਾਮੀ ਤੇ ਉਸ ਦੀ ਬੱਚੀ ਦੀ ਸਾਖੀ · ੧੦੨
੮੦ ਬੁਧ ਸਿੰਘ ਦੀ ਸੇਵਾ · ੧੦੨
੮੧ ਆਸਾ ਸਿੰਘ ਮਜ਼੍ਹਬੀ ਸਿਖ ਦੀ ਸਾਖੀ · ੧੦੩
੮੨ ਮਾਣਾ ਸਿੰਘ ਦੀ ਧੀ ਨਿਹਾਲੋ ਦੀ ਸਾਖੀ · ੧੦੩
੮੩ ਬਾਬੇ ਰੰਗਾ ਸਿੰਘ ਦੀ ਸਾਖੀ · ੧੦੪
੮੪ ਪਾਤਸ਼ਾਹ ਜੀ ਦੇ ਛੋਟੇ ਭਾਈ ਹਰਨਾਮ ਸਿੰਘ ਦੀ ਸਾਖੀ · ੧੦੫
੮੫ ਪਾਤਸ਼ਾਹ ਦੇ ਨਵੇਂ ਪਲੰਘ ਬਾਰੇ · ੧੦੬
੮੬ ਸੱਚੇ ਪਿਤਾ ਦੇ ਅੰਤਮ ਦਿਨਾਂ ਬਾਰੇ · ੧੦੭
੮੭ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਵਾਰੇ · ੧੦੯
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
੨੦ ਫੱਗਣ ੨੦੦੮ ਬਿਕ੍ਰਮੀ ਦਿਨ ਐਤਵਾਰ ਨੂੰ ਜਨਮ ਸਾਖੀ ਲਿਖਣੀ ਸ਼ੁਰੂ ਕੀਤੀ
ਮਾਲਵੇ ਦੇਸ ਵਿਚ ਇਕ ਮੱਲਾਹ ਪਿੰਡ ਹੈ। ਮਨੀ ਸਿੰਘ ਉਥੋਂ ਦੇ ਵਸਣ ਵਾਲਾ ਇਕ ਸਿਖ ਜ਼ਿਮੀਂਦਾਰ ਸੀ। ਉਹ ਭਜਨ ਕਰਨ ਨੂੰ ਤੇ ਸਾਧਨਾ ਕਰਨ ਨੂੰ ਬੜਾ ਉਦਾਸ ਰਹਿੰਦਾ ਸੀ। ਸਾਧਾਂ ਸੰਤਾਂ ਨੂੰ ਪੁਛਦਾ ਰਹਿੰਦਾ ਸੀ ਕਿ ਮੈਂ ਗੁਰੂ ਉਹ ਧਾਰਨਾ ਹੈ ਜੇਹੜਾ ਅੰਤਰਜਾਮੀ ਹੋਵੇ ਤੇ ਦਿਲ ਦੀਆਂ ਜਾਨਣ ਵਾਲਾ ਹੋਵੇ। ਇਕ ਸਿਖ ਨੇ ਉਪਦੇਸ਼ ਦਿਤਾ ਕਿ ਮਾਝੇ ਦੇਸ਼ ਵਿਚ ਬਰਕੀ ਪਿੰਡ ਹੈ। ਉਥੇ ਜਾਣ ਲਈ ਪਹਿਲਾਂ ਇਕ ਸੁਰ ਸਿੰਘ ਵੱਡਾ ਨਗਰ ਹੈ ਤੇ ਫਿਰ ਅੱਗੇ ਪੁੱਛ ਕੇ ਭਢਾਣੇ ਜਾਵੀਂ, ਉਥੋਂ ਅੱਗੇ ਦੋ ਤਿੰਨ ਮੀਲ ਹੈ। ਪੁਛਦਾ- ਪੁਛਦਾ ਮਨੀ ਸਿੰਘ ਭਢਾਣੇ ਆਇਆ। ਤੁਰਿਆਂ ਜਾਦਿਆਂ ਦਿਲ ਵਿਚ ਦਲੀਲ ਧਾਰੀ ਕਿ ਬਾਬੇ ਮਹਿਤਾਬ ਸਿੰਘ ਹੋਰੀਂ ਜੇ ਸਮਰਥ ਹੋਣਗੇ ਤੇ ਮੇਰੇ ਜਾਂਦੇ ਨੂੰ ਕੇਸੀ ਅਸ਼ਨਾਨ ਕਰਕੇ, ਕੇਸ ਪਿਛਾਂਹ ਸੁੱਟ ਕੇ ਤੇ ਪੈਰੀਂ ਪਊਏ ਪਾ ਕੇ ਬਾਹਰਲੇ ਦਰਵਾਜੇ ਅੱਗੇ ਟਹਿਲਦੇ ਹੋਣਗੇ। ਇਹ ਦਿਲ ਵਿਚ ਧਾਰਨਾ ਧਾਰਦਾ ਮਨੀ ਸਿੰਘ ਬਰਕੀ ਜਾ ਪਹੁੰਚਾ। ਚੜ੍ਹਦੇ ਪਾਸੇ ਬਰਕੀ ਦੇ ਪੁਛਿਆ ਕਿ ਮੈਂ ਸਿੰਘ ਸਾਹਿਬ ਬਾਬੇ ਮਹਿਤਾਬ ਸਿੰਘ ਦੇ ਗੁਰਦਵਾਰੇ ਜਾਣਾ ਹੈ। ਕਿਸੇ ਸਿਖ ਨੇ ਦੱਸਿਆ ਕਿ ਲਹਿੰਦੇ ਪਾਸੇ ਵੱਡਾ ਗੁਰਦਵਾਰਾ ਹੈ, ਜਿਥੇ ਬਾਬੇ ਹੋਰੀਂ ਹਨ ਜੀ। ਜੋ ਮਨੀ ਸਿੰਘ ਸਿਖ ਨੇ ਦਿਲ ਵਿਚ ਦਲੀਲ ਧਾਰੀ ਸੀ ਕਿ ਦਰਵਾਜੇ ਅੱਗੇ ਟਹਿਲਦੇ ਹੋਣਗੇ ਤੇ ਮੇਰਾ ਨਾਮ ਲੈ ਕੇ ਮੈਨੂੰ ਜਾਂਦੇ ਨੂੰ ਅਵਾਜ਼ ਮਾਰਨ, ਆਖਣ ਆ ਸਿਖਾ ਮਨੀ ਸਿੰਘ। ਫੇਰ ਜਿਸ ਵੇਲੇ ਮਨੀ ਸਿੰਘ ਗੁਰਦਵਾਰੇ ਦੇ ਅੱਗੇ ਗਿਆ ਤੇ ਓਸੇ ਤਰ੍ਹਾਂ ਅੱਗੇ ਜਾ ਕੇ ਦਰਸ਼ਨ ਹੋਏ। ਕੇਸੀ ਅਸ਼ਨਾਨ ਕਰਕੇ ਕੇਸ ਪਿਛਾਂਹ ਸੁੱਟੇ ਹੋਏ ਹਨ ਜੀ। ਪੈਰੀਂ ਪਊਏ ਪਾ ਕੇ ਦਰਵਾਜੇ ਅੱਗੇ ਟਹਿਲ ਰਹੇ ਹਨ ਜੀ। ਮਨੀ ਸਿੰਘ ਜਾਂਦੇ ਹੀ ਹੱਥ ਜੋੜ ਕੇ ਨਿਮਸਕਾਰ ਕੀਤੀ ਤੇ ਬਾਬੇ ਮਹਿਤਾਬ ਸਿੰਘ ਹੱਸ ਕੇ ਬਚਨ ਕੀਤਾ ਕਿ ਮਨੀ ਸਿੰਘ ਰਾਜੀ ਹੈਂ। ਮਨੀ ਸਿੰਘ ਬਚਨ ਸੁਣ ਕੇ ਨਿਹਾਲ ਹੋ ਗਿਆ ਕਿ ਇਹ ਪੂਰਨ ਗੁਰੂ ਹਨ ਤੇ ਦਿਲ ਦੀਆਂ ਜਾਨਣ ਵਾਲੇ ਹਨ। ਮੈਂ ਜੋ ਕੁਛ ਲੱਭਦਾ ਸਾਂ ਮੈਨੂੰ ਲੱਭ ਗਿਆ ਹੈ ਜੀ। ਬਾਬੇ ਮਹਿਤਾਬ ਸਿੰਘ ਹੋਰੀਂ ਅੰਦਰ ਚਲੇ ਗਏ ਹਨ ਤੇ ਜਾ ਕੇ ਸਿੰਘਾਸਣ ਪਰ ਬੈਠ ਗਏ ਹਨ ਤੇ ਮਗਰੇ ਮਨੀ ਸਿੰਘ ਪਿਛੇ ਪਿਛੇ ਚਲੇ ਗਏ ਹਨ ਜੀ। ਹੋਰ ਸੰਗਤ ਵੀ ਦਰਬਾਰ ਵਿਚ ਬੈਠੀ ਸੀ, ਸੇਵਾ ਵਾਲੇ ਸੇਵਾ ਵਿਚ ਹਾਜ਼ਰ ਸਨ। ਮਨੀ ਸਿੰਘ ਸੰਗਤ ਵਿਚ ਬੈਠ ਕੇ ਦਿਲ ਵਿਚ ਦਲੀਲ ਧਰੀ ਕਿ ਕਿਸ ਬਿਧ ਨਾਲ ਸ਼ਰਨ ਪਵਾਂ। ਇਹ ਸੋਚਿਆ ਕਿ ਮੈਂ ਸਿਖਾਂ ਕੋਲੋਂ ਪੁਛਦਾ ਹਾਂ ਕਿ ਮੈਂ ਬਾਬੇ ਮਹਿਤਾਬ ਸਿੰਘ ਹੋਰਾਂ ਨੂੰ ਗੁਰੂ ਧਾਰਨ ਕਰਨਾ ਹੈ ਤੇ ਮੈਨੂੰ ਰਸਤਾ ਦੱਸੋ, ਜਿਸ ਤਰ੍ਹਾਂ ਮੈਨੂੰ ਚਰਨੀ ਲਾ ਲੈਣ ਤੇ ਬਖ਼ਸ਼ ਲੈਣ। ਉਹਨਾਂ ਦੱਸਿਆ ਕਿ ਸਿਖਾ ਜਿਸ ਵਕਤ ਬਾਬੇ ਮਤਾਬ ਸਿੰਘ ਹੋਰੀਂ ਅਟੰਕ ਬਹਿਣਗੇ, ਉਸੇ ਵਕਤ ਗਲ ਵਿਚ ਪੱਲਾ ਪਾ ਕੇ ਪਰਸ਼ਾਦ ਭੇਟਾ ਰੱਖ ਕੇ ਬੇਨੰਤੀ ਕਰੀਂ ਤੇ ਇਹ ਤੈਨੂੰ ਪੱਕੀ ਹੈ। ਜੇ ਤੈਨੂੰ ਝਿੜਕ ਦੇਣਗੇ ਤੇ ਡੋਲ ਨਾ ਜਾਵੀਂ ਤੇ ਜੇ ਮਿੱਠਾ ਬੋਲਣਗੇ ਤੇ ਫੇਰ ਤੈਨੂੰ ਏਥੋਂ ਲੱਭਣਾ ਕੁਝ ਨਹੀਂ ਗਾ। ਤਕੜਾ ਹੋ ਕੇ ਸੇਵਾ ਨੂੰ ਲੱਗ ਪਵੀਂ। ਆਪੇ ਬਖ਼ਸ਼ ਦੇਣਗੇ। ਮਨੀ ਸਿੰਘ ਜਿਸ ਵਕਤ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਸ਼ਰਨ ਲਾਉ ਜੀ। ਮੈਨੂੰ ਆਪ ਜੀ ਦੇ ਦਰਸ਼ਨ ਤੇ ਸੇਵਾ ਦੀ ਭੁੱਖ ਹੈ। ਬਾਬੇ ਮਹਿਤਾਬ ਸਿੰਘ ਹੋਰੀਂ ਮੁਖੋਂ ਬੋਲੇ, ਸਿਖਾ ਸਾਨੂੰ ਤਾਂ ਸੇਵਾਂ ਦੀ ਕੋਈ ਲੋੜ ਨਹੀਂ ਤੂੰ ਇਕ ਦਿਨ ਰਹੋ ਦੋ ਦਿਨ ਰਹੋ, ਪਰਸ਼ਾਦ ਛਕ ਲੰਗਰ ਵਿਚੋਂ ਜਿਹੜਾ
ਰਿਧਾ ਹੈ। ਜਿਨੇ ਦਿਨ ਤੂੰ ਰਹਿਣਾ ਹੈ ਸੁਖ ਰਮਾਨ ਕਰਕੇ ਰਹੇ ਜਾਓ। ਓਸ ਵਕਤ ਦੂਸਰਿਆਂ ਸਿਖਾਂ ਰਮਜ ਮਾਰੀ ਕਿ ਵੇਖੀਂ ਡੋਲ ਨਾ ਜਾਵੀਂ। ਸੇਵਾ ਕਰ ਤਕੜਾ ਹੋ ਕੇ। ਬਾਬੇ ਮਹਿਤਾਬ ਸਿੰਘ ਹੋਰਾਂ ਫੇਰ ਬਚਨ ਕੀਤਾ, ਭਾਈ ਏਥੇ ਸੇਵਾ ਕਰਨ ਦਾ ਕੋਈ ਕੰਮ ਨਹੀਂ। ਫੇਰ ਮਨੀ ਸਿੰਘ ਗਲ ਵਿਚ ਪੱਲਾ ਪਾ ਕੇ ਬੇਨੰਤੀ ਕੀਤੀ ਕਿ ਸੱਚੇ ਪਿਤਾ ਆਪ ਦਾ ਦਰ ਪੁਛ ਕੇ ਮੈਂ ਆ ਗਿਆ ਹਾਂ ਤੇ ਮੇਰੇ ਤੇ ਮਿਹਰ ਕਰੋ ਤੇ ਜ਼ਿੰਦਗੀ ਆਪ ਦੇ ਚਰਨਾਂ ਨਾਲ ਨਿਭਾ ਦਿਉ। ਉਸ ਵਕਤ ਦਇਆ ਦੇ ਸਮੁੰਦਰ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਹੱਸ ਕੇ ਬਚਨ ਕੀਤਾ, ਕਿ ਚੰਗਾ ਜਿਥੇ ਦੂਸਰੇ ਸਿਖ ਸੇਵਾ ਕਰਦੇ ਹਨ ਤੂੰ ਵੀ ਕਰੀ ਜਾਹ। ਫੇਰ ਮਨੀ ਸਿੰਘ ਮਾਲ ਦੀ ਸੇਵਾ ਵਿਚ ਲਗ ਪਿਆ ਜੀ। ਮਾਲ ਰੱਖ ਵਿਚ ਚਾਰਨਾ ਤੇ ਘਾਹ ਖੋਤ ਕੇ ਪੌਣਾ। ਰਾਤ ਦਿਨ ਏਸੇ ਤਰ੍ਹਾ ਮਾਲ ਦੀ ਸੇਵਾ ਵਿਚ ਗੁਜਾਰੇ। ਤਿੰਨ ਮੀਲ ਭੰਗਾਲੀ ਪਿੰਡ ਬਰਕੀ ਤੋਂ ਸੀ ਤੇ ਬਾਬੇ ਮਹਿਤਾਬ ਸਿੰਘ ਹੋਰਾਂ ਮਾਲ ਦੇ ਕੇ ਭੰਗਾਲੀ ਘੱਲ ਦਿਤਾ। ਲਾਗੇ ਰੱਖ ਸੀ ਤੇ ਡੰਗਰ ਚਾਰ ਲਿਆਇਆ ਕਰੇ। ਰਾਤ ਦਿਨ ਮਾਲ ਉਥੇ ਰਖੇ। ਦੋਵੇਂ ਟੈਮ ਰਾਤ ਤੇ ਦਿਨੇ ਦੁੱਧ ਜੋਹ ਕੇ ਲਿਆਵੇ। ਵਹਿੰਗੀ ਮਨੀ ਸਿੰਘ ਬਣਾ ਲਈ ਸੀ, ਇਕ ਪਾਸੇ ਪਿੰਡ ਵਿਚੋਂ ਪਰਸ਼ਾਦੇ ਰੱਖ ਕੇ ਲੈ ਆਵੇ, ਇਕ ਪਾਸੇ ਦੁੱਧ ਰੱਖ ਲਿਆਵੇ। ਏਸੇ ਤਰ੍ਹਾਂ ਸੇਵਾ ਵਿਚ ਦਿਨ ਰਾਤ ਗੁਜਾਰੇ। ਲੰਗਰ ਵਿਚ ਸੇਵਾ ਕਰੇ ਤੇ ਫੇਰ ਸਾਰੀ ਰਾਤ ਪ੍ਰੀਤਮ ਦੀ ਯਾਦ ਵਿਚ ਗੁਜਾਰੇ ਤੇ ਭਜਨ ਕਰੇ। ਬਾਬੇ ਮਹਿਤਾਬ ਸਿੰਘ ਹੋਰਾਂ ਬਚਨ ਕੀਤਾ, ਮਨੀ ਸਿੰਘ ਰਾਤ ਏਨ੍ਹਾਂ ਨੀਂਦਰਾ ਨਾ ਕੱਟਿਆ ਕਰ, ਅਸੀਂ ਤੈਨੂੰ ਕੀਤੀ ਕਰਾਈ ਦਿਆਂਗੇ। ਬਾਬੇ ਮਹਿਤਾਬ ਸਿੰਘ ਹੋਰੀਂ ਬੜੇ ਸਮਰੱਥ ਗੁਰੂ ਸੀ। ਬਾਬਾ ਮਹਿਤਾਬ ਸਿੰਘ ਛੇਵੀਂ ਪਾਤਸ਼ਾਹੀ ਹਰਿ ਗੋਬਿੰਦ ਦਾ ਜਾਮਾ ਸਨ ਜੀ । ਬਾਬੇ ਮਹਿਤਾਬ ਸਿੰਘ ਦੀਆਂ ਮਈਆਂ ਗਾਈਆਂ ਰੱਖ ਵਿਚ ਖੁਲ੍ਹੀਆਂ ਚਰਦੀਆਂ ਰਹਿੰਦੀਆਂ ਸਨ। ਡਰਦੇ ਚੋਰ ਹੱਥ ਨਹੀਂ ਸੀ ਲੌਂਦੇ। ਜੇਹੜਾ ਚੋਰੀ ਕਰਦਾ ਸੀ ਅੱਖਾਂ ਤੋਂ ਅੰਨਾਂ ਹੋ ਜਾਂਦਾ ਸੀ। ਬਰਕੀ ਤੇ ਭੰਗਾਲੀ ਪਿੰਡ ਵਿਚ ਕੋਈ ਡਰਦਾ ਬਾਬੇ ਮਹਿਤਾਬ ਸਿੰਘ ਦੀ ਸੌਂਹ ਨਹੀਂ ਸੀ ਖਾਂਦਾ। ਇਕ ਦਿਨ ਰਾਤ ਦੀ ਗਲ ਹੈ ਕਿ ਮਨੀ ਸਿੰਘ ਜਿਸ ਵੇਲੇ ਦੁੱਧ ਤੇ ਪਰਸ਼ਾਦੇ ਲੈ ਕੇ ਤੁਰਿਆ ਮੀਂਹ ਅਨੇਰੀ ਵੀ ਬੜੇ ਜ਼ੋਰ ਵਿਚ ਆਈ ਤੇ ਹਨੇਰੀ ਵਿਚ ਹੱਥ ਪਸਾਰਿਆਂ ਨਾ ਦਿਸੇ। ਓਸ ਵਕਤ ਰਸਤੇ ਵਿਚ ਦਰਖ਼ਤ ਵੀ ਡਰਾ ਰਹੇ ਸਨ। ਸੱਚੇ ਸਾਹਿਬ ਦਾ ਆਸਰਾ ਲੈ ਕੇ ਮਨੀ ਸਿੰਘ ਤੁਰ ਪਿਆ ਜੀ। ਸਤਿਗੁਰਾਂ ਨੇ ਸਿਖ ਤੇ ਔਖਿਆਈ ਵੇਖ ਕੇ ਦਇਆ ਕਰ ਦਿਤੀ ਜੀ। ਜੋਤ ਦਾ ਪਰਕਾਸ਼ ਕਰ ਦਿਤਾ। ਅੱਗੇ ਅੱਗੇ ਜੋਤ ਦਾ ਚਾਨਣ ਤੇ ਪਿਛੇ ਪਿਛੇ ਮਨੀ ਸਿੰਘ ਤੁਰ ਪਿਆ। ਜੋਤ ਦਾ ਪਰਕਾਸ਼ ਏਸ ਤਰ੍ਹਾਂ ਹੈ ਕਿ ਜਿਵੇਂ ਗੈਸ ਜਗਦਾ ਹੈ। ਮੈਂ ਬਲਿਹਾਰ ਹਾਂ ਸੱਚੇ ਪਿਤਾ ਤੋਂ। ਤਿੰਨ ਮੀਲ ਜੋਤ ਏਸੇ ਤਰ੍ਹਾਂ ਆਈ। ਗੁਰੂਦਵਾਰੇ ਦੇ ਲਾਗੇ ਆ ਕੇ ਅਲੋਪ ਹੋ ਗਈ । ਅੰਦਰ ਜਾ ਕੇ ਮਨੀ ਸਿੰਘ ਦੁਧ ਤੇ ਪਰਸ਼ਾਦੇ ਜਾ ਕੇ ਲੰਗਰ ਵਿਚ ਰੱਖ ਦਿਤੇ ਤੇ ਬਾਬੇ ਹੋਰਾਂ ਨੂੰ ਨਿਮਸਕਾਰ ਕੀਤੀ। ਬਾਬੇ ਹੋਰੀਂ ਪੁਛਦੇ ਹਨ, ਮਨੀ ਸਿੰਘ ਤੂੰ ਅੱਜ ਡਰਿਆ ਤਾਂ ਨਹੀਂ, ਕੋਈ ਭੈ ਤਾਂ ਨਹੀਂ ਆਇਆ। ਤਾਂ ਮਨੀ ਸਿੰਘ ਹੱਸ ਕੇ ਬਚਨ ਕੀਤਾ ਸੱਚੇ ਪਿਤਾ ਦਿਆਲੂ ਕ੍ਰਿਪਾਲੂ ਜਦੋਂ ਹਰ ਵਕਤ ਮੇਰੇ ਨਾਲ ਤੁਸੀਂ ਜੇ ਤੇ ਫੇਰ ਮੈਨੂੰ ਭੈ ਕਾਹਦਾ। ਮਹਿਤਾਬ ਸਿੰਘ ਹੋਰਾਂ ਬਚਨ ਕੀਤਾ ਕਿ ਰਾਤ ਬੈਹ ਕੇ ਭਜਨ ਨਾ ਕਰਿਆ ਕਰ । ਅਸੀਂ ਤੈਨੂੰ ਕੀਤੀ ਕਰਾਈ ਦਿਆਂਗੇ। ਜੇਹੜੀ ਸੇਵਾ ਵਿਚ ਲੱਗਾ ਹੈਂ ਇਹੋ ਕਰੀ ਜਾ। ਸਿਖ ਸਤਿ ਬਚਨ ਮੰਨ ਕੇ ਸੇਵਾ ਕਰਨ ਲਗ ਪਿਆ।
ਏਸੇ ਤਰ੍ਹਾਂ ਤਿੰਨ ਸਾਲ ਸੱਤ ਦਿਨ ਸੇਵਾ ਵਿਚ ਗੁਜਾਰੇ। ਫੇਰ ਬਾਬੇ ਮਹਿਤਾਬ ਸਿੰਘ ਦਾ ਅੰਤ ਸਮਾਂ ਆ ਗਿਆ। ਸਾਰਿਆਂ ਸਿਖਾਂ ਨੂੰ ਕੋਲ ਬਿਠਾ ਕੇ ਪੁਛਦੇ ਹਨ ਕਿ ਅਸਾਂ ਹੁਣ ਚੋਲਾ ਛੱਡ ਜਾਣਾ ਹੈ, ਪੁਰਾਣਾ ਹੋ ਗਿਆ ਹੈ ਤੇ ਤੁਸੀਂ ਮੰਗੋ ਜੋ ਕੁਛ ਮੰਗਣਾ ਹੈ। ਤੁਸੀਂ ਸੇਵਾ ਕੀਤੀ ਹੈ ਤੇ ਅਸੀਂ ਤੁਹਾਨੂੰ ਦੇਂਦੇ ਹਾਂ। ਇਕ ਮਾਈ ਬਰਕੀ ਦੀ ਸੀ, ਉਹ ਲੰਗਰ ਦੀ ਸੇਵਾ ਕਰਦੀ ਸੀ। ਉਸ ਮਾਈ ਨੇ ਮੱਝ ਗਾਈਂ ਜੋ ਦਿਲ ਕੀਤਾ ਮੰਗ ਲਿਆ। ਸਾਰਿਆਂ ਸਿਖਾਂ ਨੇ ਜੋ ਦਿਲ ਦੀ ਵਾਸਨਾ ਸੀ ਮੰਗ ਲਿਆ। ਫੇਰ
ਮਨੀ ਸਿੰਘ ਨੂੰ ਆਖਿਆ ਮਨੀ ਸਿੰਘ ਤੂੰ ਵੀ ਜੋ ਦਿਲ ਕਰਦਾ ਹੈ ਮੰਗ, ਅਸੀਂ ਤੈਨੂੰ ਦੇਨੇ ਆਂ। ਮਨੀ ਸਿੰਘ ਬੇਨੰਤੀ ਕੀਤੀ ਕਿ ਦੀਨ ਦਿਆਲ ਮੈਂ ਤਾਂ ਰੱਜ ਕੇ ਅਜੇ ਸੇਵਾ ਨਹੀਂ ਕੀਤੀ। ਮੈਨੂੰ ਤਾਂ ਆਪ ਦੇ ਦਰਸ਼ਨ ਤੇ ਸੇਵਾ ਦੀ ਭੁੱਖ ਹੈ। ਬਾਬੇ ਹੋਰਾਂ ਬਚਨ ਕੀਤਾ ਕਿ ਤੇਰੀ ਸੇਵਾ ਅਸੀਂ ਘਾਲ ਥਾਏਂ ਪਾਈ ਹੈ। ਤੂੰ ਜੋ ਮੰਗਣਾ ਹੈ ਮੰਗ। ਮਨੀ ਸਿੰਘ ਮੰਗ ਮੰਗੀ ਕਿ ਦੀਨ ਦਿਆਲ ਜੇ ਤੁਠੇ ਹੋ ਤੇ ਮੇਰੀ ਸੁਰਤ ਖੋਲ੍ਹ ਦਿਉ ਤੇ ਮੈਨੂੰ ਅੱਠੇ ਪਹਿਰ ਦੇ ਦਰਸ਼ਨ ਬਖ਼ਸ਼ੋ । ਬਾਬੇ ਹੋਰਾਂ ਸਾਰੀ ਸੰਗਤ ਨੂੰ ਹੁਕਮ ਦਿਤਾ ਕਿ ਸਾਰੇ ਪਰ੍ਹਾਂ ਹੋ ਜੋ, ਅਸਾਂ ਮਨੀ ਸਿੰਘ ਨਾਲ ਅਟੰਕ ਹੋ ਕੇ ਬਚਨ ਕਰਨਾ ਹੈ। ਮਨੀ ਸਿੰਘ ਨੂੰ ਕੋਲ ਬਿਠਾ ਬਾਬੇ ਮਹਿਤਾਬ ਸਿੰਘ ਹੋਰੀਂ ਬਚਨ ਦੱਸਦੇ ਹਨ ਕਿ ਅੱਜ ਤੋਂ ਵੀਹ ਸਾਲਾਂ ਨੂੰ ਨਿਹਕਲੰਕ ਅਵਤਾਰ ਘਵਿੰਡ ਪਿੰਡ ਵਿਚ ਅਵਤਾਰ ਧਾਰਨਗੇ। ਪਰੀ ਪੂਰਨ ਪਰਮੇਸ਼ਵਰ ਸੋਲਾਂ ਕਲਾ ਸੰਪੂਰਨ ਹੋਣਗੇ। ਮੁਸਲਮਾਨਾਂ ਦਾ ਅਮਾਮ ਮਹਿੰਦੀ ਵੀ ਉਹੋ ਹੀ ਹੋਵੇਗਾ। ਕਲਗੀਧਰ ਪ੍ਰੀ ਪੂਰਨ ਪਰਮੇਸ਼ਵਰ ਅਖਵੌਣਗੇ। ਨਿਹਕਲੰਕ ਅਵਤਾਰ ਵੀ ਉਹ ਅਖਵੌਣਗੇ। ਬਾਢੀਆਂ ਦੇ ਘਰ ਅਵਤਾਰ ਧਾਰਨਗੇ। ਚਾਰ ਭਰਾਵਾਂ ਚੋਂ ਵੱਡੇ ਦੇ ਘਰ ਜਿਸ ਦਾ ਨਾਮ ਜਵੰਦ ਸਿੰਘ ਹੈ ਜਾਮਾ ਧਾਰਨਗੇ। ਛੋਟੇ ਦਾ ਨਾਮ ਰੰਗਾ ਸਿੰਘ, ਇਕ ਦਾ ਨਾਮ ਆਸਾ ਸਿੰਘ, ਇਕ ਦਾ ਨਾਮ ਹਜ਼ਾਰਾ ਸਿੰਘ ਹੋਵੇਗਾ। ਰਾਮ ਗੜ੍ਹੀਆਂ ਸਿੰਘਾਂ ਦਾ ਘਰ ਪੁਛ ਲੈਣਾ ਤੇ ਮਨੀ ਸਿੰਘ ਹੁਣ ਤੂੰ ਏਸ ਗੁਰਦਵਾਰੇ ਵਿਚ ਕਿਸੇ ਚੀਜ ਦਾ ਲਾਲਚ ਨਹੀਂ ਕਰਨਾ । ਅਸੀਂ ਤੈਨੂੰ ਦੱਸ ਦਿਤਾ ਹੈ ਤੇ ਅਸੀਂ ਹੁਣ ਸ਼ਬਦ ਰੂਪ ਜਾਣਾ ਹੈ। ਅਸੀਂ ਹੁਣ ਚਾਦਰ ਤਾਣ ਕੇ ਲੰਮੇ ਪੈਣ ਲੱਗੇ ਹਾਂ। ਸਾਨੂੰ ਕਵਾਇਓ ਨਾ। ਸਾਡਾ ਇਹ ਵਿਹਾਰ ਭੁਗਤਾ ਕੇ ਦੇਸ਼ ਨੂੰ ਚਲਾ ਜਾਵੀਂ, ਏਥੇ ਨਾ ਰਹੀਂ । ਜਦੋਂ ਅਵਤਾਰ ਧਾਰਨਗੇ ਪ੍ਰੀ ਪੂਰਨ ਮਹਾਰਾਜ ਸ਼ੇਰ ਸਿੰਘ ਆਪੇ ਵਾਜ ਮਾਰ ਲੈਣਗੇ। ਫੇਰ ਤਕੜਾ ਹੋ ਕੇ ਸੇਵਾ ਨੂੰ ਲਗ ਪਈਂ ਡੋਲੀਂ ਨਾ। ਤੈਨੂੰ ਸਭ ਕੁਛ ਉਥੋਂ ਮਿਲ ਜਾਊਗਾ ਜੋ ਮੂੰਹੋਂ ਮੰਗੇਂਗਾ। ਅਸੀਂ ਵੀ ਉਥੇ ਹੋਵਾਂਗੇ। ਫੇਰ ਬਾਬਾ ਮਹਿਤਾਬ ਸਿੰਘ ਦੇਹ ਛੱਡ ਗਏ। ਮਨੀ ਸਿੰਘ ਮੋਛਾ ਕਰ ਕੇ ਗੁਰਾਂ ਦਾ ਹੁਕਮ ਮੰਨ ਕੇ ਆਪਣੇ ਨਗਰ ਮਾਲਵੇ ਨੂੰ ਚਲਿਆ ਆਇਆ। ਏਸ ਗੁਰਦਵਾਰੇ ਵਿਚੋਂ ਕਿਸੇ ਚੀਜ ਦਾ ਲਾਲਚ ਨਹੀਂ ਕੀਤਾ।
ਮਹਾਰਾਜ ਸ਼ੇਰ ਸਿੰਘ ਜੀ ਨੇ ਅਵਤਾਰ ਧਾਰਨਾ
ਤੇ ਮਨੀ ਸਿੰਘ ਨੂੰ ਜਣਾਈ
ਪੰਜ ਜੇਠ ਦਿਨ ਮੰਗਲਵਾਰ ਸੰਮਤ ਬਿਕ੍ਰਮੀ ੧੯੪੮ ਨੂੰ ਮਹਾਰਾਜ ਜੀ ਨੇ ਮਾਤਾ ਤਾਬੋ ਦੀ ਕੁਖੋਂ ਭਾਈ ਜਵੰਦ ਸਿੰਘ ਪੁੱਤਰ ਭਾਈ ਜੇਠਾ ਸਿੰਘ ਦੇ ਘਰ ਅਵਤਾਰ ਧਾਰਿਆ ਹੈ ਜੀ। ਪਿੰਡ ਦਾ ਨਾਂ ਘਵਿੰਡ, ਤਹਿਸੀਲ ਕਸੂਰ ( ਜੋ ਹੁਣ ਪਾਕਿਸਤਾਨ ਵਿਚ ਹੈ ) ਜ਼ਿਲਾ ਲਾਹੌਰ ਦਾ ਹੈ ਜੀ। ਸਾਰੇ ਪਿੰਡ ਨੇ ਖੁਸ਼ੀ ਮਨਾਈ ਹੈ। ਭਾਈ ਜਵੰਦ ਸਿੰਘ ਨੂੰ ਵਧਾਈਆਂ ਮਿਲਣ ਲਗ ਪਈਆਂ।। ਗਰੀਬ ਗੁਰਬਾ ਸਭ ਸੱਚੇ ਪਿਤਾ ਦੇ ਜਨਮ ਦੀ ਵਧਾਈ ਦੇ ਕੇ ਮਾਇਆ ਬਸਤਰ ਲੈ ਕੇ ਖ਼ੁਸ਼ੀ ਖ਼ੁਸ਼ੀ ਜਾ ਰਹੇ ਹਨ ਜੀ। ਸੰਸਾਰ ਉਤੇ ਭਾਈ ਜਵੰਦ ਸਿੰਘ ਵੀ ਸਾਰ ਨਹੀਂ ਪਾਈ ਕਿ ਨਿਹਕਲੰਕ ਅਵਤਾਰ ਕਲਜੁਗ ਵਿਚ ਮੇਰੇ ਘਰ ਗਰੀਬਾਂ ਨੂੰ ਤਾਰਨ ਲਈ ਅਵਤਾਰ ਧਾਰਿਆ ਹੈ ਜੀ। ਨਗਰ ਦੇ ਵਾਸੀਆਂ ਵੀ ਸਾਰ ਨਹੀਂ ਪਾਈ ਕਿ ਅਵਤਾਰ ਹਨ ਜੀ, ਸੱਚੇ ਪਾਤਸ਼ਾਹ ਐਸੀ ਮਾਇਆ ਸੰਸਾਰ ਤੇ ਪਾ ਛੱਡੀ ਹੈ ਜੀ। ਜਾਣੀ ਜਾਣ ਸੱਚੇ ਪਿਤਾ ਆਪ ਆਪੇ ਬਾਪ ਦੇ ਮੁੱਖੋਂ ਕਢਾ ਕੇ ਸ਼ੇਰ ਸਿੰਘ ਨਾਮ ਰਖਾਇਆ ਹੈ। ਕਿਉਂਕਿ ਬਾਬੇ ਮਹਿਤਾਬ ਸਿੰਘ ਦਾ ਉਧਰ ਬਚਨ ਸੀ ਕਿ ਮਹਾਰਾਜ ਸ਼ੇਰ ਸਿੰਘ ਨਾਮ ਹੋਵੇ ਗਾ। ਛੇ ਮਹੀਨੇ ਤੱਕ ਮਾਪੇ ਖ਼ੁਸ਼ੀਆਂ ਕਰਦੇ ਰਹੇ ਹਨ ਜੀ। ਛੇ ਮਹੀਨੇ ਤੋਂ ਬਾਅਦ ਮਨੀ ਸਿੰਘ ਨੂੰ ਮਾਲਵੇ ਦੇਸ਼ ਵਿਚ ਰਾਤ ਸੁੱਤੇ ਪਏ ਨੂੰ ਟੁੰਬ ਕੇ ਉਠਾਇਆ ਹੈ। ਏਹ ਮਨੀ ਸਿੰਘ ਦੇ ਮੁਖਵਾਕ ਹਨ ਕਿ ਮੈਨੂੰ ਤਿੰਨ ਦਿਨ ਰਾਤ ਵਾਜਾਂ ਵਜਦੀਆਂ ਰਹੀਆਂ ਹਨ ਜੀ। ਮਨੀ ਸਿੰਘ ਦਿਲ ਵਿਚ ਅਰਦਾਸ ਕੀਤੀ ਕਿ ਸੱਚੇ ਪਿਤਾ ਮੈਨੂੰ ਸਮਝ ਨਹੀਂ ਔਂਦੀ, ਦਇਆ ਕਰ ਕੇ ਮੈਨੂੰ ਸਪਸ਼ਟ ਬਚਨ ਦੱਸੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕ੍ਰਿਸ਼ਨ ਦੇ ਜਾਮੇਂ ਅਤੇ ਛੇਵੀਂ ਪਾਤਸ਼ਾਹੀ

ਦੇ ਜਾਮੇਂ ਦਾ ਦਰਸ਼ਨ ਦਿਤਾ ਅਤੇ ਬਾਹੋਂ ਫੜ ਕੇ ਆਖਣ ਲੱਗੇ ਮਨੀ ਸਿੰਘ ਸਾਡੀ ਸੇਵਾ ਵਿਚ ਹਾਜ਼ਰ ਹੋ ਜਾ, ਅਸੀਂ ਘਵਿੰਡ ਪਿੰਡ ਵਿਚ ਅਵਤਾਰ ਧਾਰਿਆ ਹੈ। ਘਰ ਦੇ ਬੂਹੇ ਦਾ ਮੂੰਹ ਲੈਂਹਦੇ ਪਾਸੇ ਤੇ ਗਲੀ ਦੇ ਬੂਹੇ ਦਾ ਮੂੰਹ ਚੜ੍ਹਦੇ ਪਾਸੇ ਹੈ ਤੇ ਸਾਡੇ ਖੱਬੇ ਗਿਟੇ ਤੇ ਨਿਸ਼ਾਨ ਹੋਵੇਗਾ। ਸਾਡੇ ਨਾਂ ਦੇ ਸੰਸਾਰ ਵਿਚ ਤੂੰ ਢੋਲ ਮਾਰਨੇ ਹਨ ਤੇ ਅਸੀਂ ਕਿਸੇ ਨੂੰ ਉਠਣ ਨਹੀਂ ਦੇਣਾ, ਐਸੀ ਮਾਇਆ ਪਾਵਾਂਗੇ। ਏਨੇ ਬਚਨ ਕਰਕੇ ਸੱਚੇ ਪਿਤਾ ਅਲੋਪ ਹੋ ਗਏ ਹਨ ਜੀ। ਮਨੀ ਸਿੰਘ ਨੂੰ ਜਾਗ ਆਈ ਤੇ ਫੇਰ ਸਾਰੇ ਬਚਨ ਚੇਤੇ ਆਏ। ਸਾਰੇ ਵਿਹਾਰ ਛੱਡ ਕੇ ਘਵਿੰਡ ਪਿੰਡ ਨੂੰ ਉਠ ਭੱਜਾ। ਮੰਜ਼ਲੋ ਮੰਜ਼ਲੀ ਮਾਝੇ ਦੇਸ ਵਿਚ ਬਰਕੀ ਆ ਪਹੁੰਚਾ ਤੇ ਆਣ ਕੇ ਭੰਗਾਲੀ ਲਾਗੇ ਸਾਰੇ ਵਾਕਫ ਸਿਖਾਂ ਦੇ ਦਰਸ਼ਨ ਕੀਤੇ। ਸਾਰਿਆਂ ਬੜਾ ਆਦਰ
ਮਾਨ ਕੀਤਾ ਤੇ ਸਾਰੇ ਕਹਿਣ ਬਾਬਾ ਜੀ ਬੜੇ ਚਿਰਾਂ ਪਿਛੋਂ ਤੁਹਾਡੇ ਦਰਸ਼ਨ ਹੋਏ ਹਨ। ਮਨੀ ਸਿੰਘ ਬਚਨ ਕੀਤਾ ਕਿ ਪਰਮੇਸ਼ਵਰ ਦੇ ਹੁਕਮ ਵਿਚ ਹਾਂ। ਗੁਰਾਂ ਨੇ ਮੈਨੂੰ ਹੁਕਮ ਦਿਤਾ ਸੀ ਕਿ ਜਦੋਂ ਅਸੀਂ ਅਵਤਾਰ ਧਾਰਾਂਗੇ ਤੈਨੂੰ ਵਾਜ ਮਾਰਾਂਗੇ। ਸੋਈ ਹੁਣ ਬਚਨ ਪੂਰਾ ਹੋਇਆ ਹੈ। ਸੱਚੇ ਪਿਤਾ ਨੇ ਅਵਤਾਰ ਧਾਰਿਆ ਹੈ ਤੇ ਸਾਨੂੰ ਵਾਜ ਮਾਰੀ ਹੈ। ਅਸਾਂ ਹੁਣ ਓਨਾਂ ਨੂੰ ਲੱਭਣਾ ਤੇ ਢੂੰਡਣਾ ਹੈ। ਏਸੇ ਤਰ੍ਹਾਂ ਸਾਰੇ ਸਿਖਾਂ ਨਾਲ ਮਨੀ ਸਿੰਘ ਬਚਨ ਕਰਦਾ ਹੈ ਕਿ ਨਿਹਕਲੰਕ ਅਵਤਾਰ ਕਲਜੁਗ ਵਿਚ ਆਏ ਹਨ । ਜਿਸ ਵਕਤ ਬਚਨ ਸੁਣੇ ਤੇ ਸਿਖ ਬੜੇ ਖ਼ੁਸ਼ ਹੋਏ। ਇਕ ਕਾਨ੍ਹ ਸਿੰਘ ਭੰਗਾਲੀ ਦਾ ਸਿਖ ਹੈ, ਉਸ ਦੀ ਜਨਾਨੀ ਦਾ ਨਾਮ ਦੇਈ ਹੈ। ਓਨਾਂ ਪ੍ਰੇਮ ਕੀਤਾ ਤੇ ਆਖਿਆ ਮਨੀ ਸਿੰਘ ਸਾਨੂੰ ਵੀ ਦਰਸ਼ਨ ਕਰਾਓ ਜੀ । ਇਕ ਲਖਾਰਾ ਸਿੰਘ ਭੰਗਾਲੀ ਦਾ ਸਿਖ ਹੈ ਜੀ, ਓਸ ਵੀ ਬੇਨੰਤੀ ਕੀਤੀ ਬਾਬਾ ਜੀ ਸਾਨੂੰ ਵੀ ਦੀਨ ਦਿਆਲ ਦੇ ਦਰਸ਼ਨ ਕਰਾਓ। ਤੁਸੀਂ ਸਾਡੇ ਗੁਰੂ ਹੋਇਓ ਜੇ। ਕੋਰੀਆਂ ਦਾ ਬੌਲ ਸਿੰਘ ਸਿਖ ਹੈ, ਓਸ ਵੀ ਬੜਾ ਪ੍ਰੇਮ ਕੀਤਾ। ਇਕ ਕਾਹਨ ਸਿੰਘ ਕੋਰੀਆਂ ਦਾ ਸਿਖ ਕਾਰੀਗਰ ਸੀ ਓਸ ਵੀ ਬੜਾ ਪ੍ਰੇਮ ਕੀਤਾ। ਬਚਨ ਸੁਣ ਕੇ ਹੋਰ ਵੀ ਸਿਖ ਜੇਹੜੇ ਭਾ ਪ੍ਰੇਮ ਵਾਲੇ ਸਨ ਤਿਆਰ ਹੋ ਗਏ। ਫੇਰ ਭੰਗਾਲੀ ਮਾਈ ਦੇਈ ਨੂੰ ਬਾਬੇ ਹੋਰਾਂ ਸਾਰੀਆਂ ਨਿਸ਼ਾਨੀਆਂ ਦੱਸੀਆਂ ਤੇ ਆਖਿਆ ਜਾ ਬੇਬੇ ਘਵਿੰਡ ਜਾ ਕੇ ਦੀਨ ਦਿਆਲ ਦਾ ਪਤਾ ਲਿਆ। ਮਾਈ ਸਤਿ ਬਚਨ ਮੰਨ ਕੇ ਤੁਰ ਪਈ ਤੇ ਆਣ ਕੇ ਨਗਰ ਵਿਚ ਬੜਾ ਸ਼ੁਕਰ ਮਨਾਇਆ ਕਿ ਏਸ ਨਗਰ ਵਿਚ ਵੱਡੇ ਦਿਆਲੂਆਂ ਨੇ ਅਵਤਾਰ ਧਾਰਿਆ ਹੈ। ਘਰ ਪੁਛ ਕੇ ਆ ਗਈ ਜਲ ਛਕਣ ਦੇ ਪਜ, ਬੱਚੇ ਖੇਡਦਿਆਂ ਵਲ ਬੜਾ ਧਿਆਨ ਕਰਦੀ ਹੈ। ਮਾਈ ਤਾਬੋ ਸੱਚੇ ਪਿਤਾ ਦੀ ਮਾਤਾ ਨਾਲ ਬੇਬੇ ਬਚਨ ਕਰਦੀ ਹੈ, ਮਾਤਾ ਜੀ ਤੁਹਾਡੇ ਬੱਚੇ ਕੇਹੜੇ ਹਨ ? ਮਾਤਾ ਦੱਸਦੀ ਹੈ ਬੇਬੇ ਜੀ ਔਹ ਖੇਡਦੇ ਹਨ। ਮਾਈ ਦੇਈ ਨੂੰ ਸੱਚੇ ਪਿਤਾ ਦੀ ਪਰਖ ਨਹੀਂ ਆਈ। ਫੇਰ ਭੰਗਾਲੀ ਸੰਤਾਂ ਦੇ ਕੋਲ ਚਲੀ ਗਈ ਤੇ ਆਖਣ ਲੱਗੀ ਬਾਬਾ ਮਨੀ ਸਿੰਘ ਜੀ ਮੈਨੂੰ ਕੋਈ ਪਛਾਣ ਨਹੀਂ ਆਈ। ਏਧਰ ਮਾਤਾ ਤਾਬੋ ਤੇ ਭਾਈ ਜਵੰਦ ਸਿੰਘ ਸੋਚਦੇ ਵਿਚਾਰਦੇ ਹਨ ਕਿ ਮਾਈ ਜੇਹੜੀ ਆਈ ਸੀ ਪੁਛਦੀ ਸੀ ਕਿ ਆਪ ਦਾ ਬੱਚਾ ਕੇਹੜਾ ਹੈ। ਖੌਰੇ ਕੋਈ ਸਾਕ ਕਰਨ ਦੀ ਸਲਾਹ ਹੋਵੇਗੀ। ਏਨਾਂ ਨੂੰ ਵੀ ਦੀਨ ਦਿਆਲ ਦੀ ਸਾਰ ਕੋਈ ਨਹੀਂ ਸੀ, ਪੁੱਤਰ ਕਰ ਕੇ ਹੀ ਸਮਝਦੇ ਸਨ। ਓਧਰ ਬਾਬਾ ਮਨੀ ਸਿੰਘ ਨੇ ਭੰਗਾਲੀਉਂ ਭਾਈ ਕਾਨ੍ਹ ਸਿੰਘ, ਲਿਖਾਰਾ ਸਿੰਘ, ਮਾਈ ਦੇਈ, ਕੋਰੀਆਂ ਵਾਲਾ ਬੌਲ ਸਿੰਘ ਨੂੰ ਨਾਲ ਲੈ ਲਿਆ ਤੇ ਸਾਰੇ ਤੁਰ ਪਏ ਤੇ ਰਾਮ ਪੁਰ ਨਗਰ ਵਿਚ ਗੁਰਦਵਾਰੇ ਤੇ ਆ ਪਹੁੰਚੇ। ਓਥੇ ਇਕ ਸੰਤਨੀ ਸੀ ਗੁਰਦਵਾਰੇ ਵਿਚ ਰਹਿੰਦੀ। ਉਸ ਦਾ ਨਾਮ ਮਾਈ ਗੁਲਾਬੀ ਸੀ ਓਹ ਸਿਖਾਂ ਦਾ ਦਰਸ਼ਨ ਕਰ ਕੇ ਬੜੀ ਖ਼ੁਸ਼ ਹੋਈ ਤੇ ਬੜੀ ਸਿਖਾਂ ਦੀ ਟੈਹਲ ਸੇਵਾ ਕੀਤੀ। ਰਾਮ ਪੁਰੇ ਦਾ ਇਕ ਬੁੱਢਾ ਸਿੰਘ ਸਿਖ ਸੀ। ਬੜਾ ਉਹ ਗੁਰੂ ਘਰ ਦਾ ਪ੍ਰੇਮੀ ਸੀ ਤੇ ਆਖਣ ਲੱਗਾ ਬਾਬਾ ਜੀ ਬੜੇ ਚਿਰਾਂ ਪਿਛੋਂ ਦਰਸ਼ਨ ਦਿਤੇ ਹਨ। ਬਾਬੇ ਮਨੀ ਸਿੰਘ ਆਖਿਆ, ਸਿਖਾ, ਸਾਨੂੰ ਗੁਰ ਦਾ ਹੁਕਮ ਸੀ ਕਿ ਅੱਜ ਤੋਂ ੨੦ ਸਾਲਾਂ ਨੂੰ ਅਸਾਂ ਅਵਤਾਰ ਧਾਰਨਾ ਹੈ ਜਦੋਂ ਧਾਰਾਂਗੇ ਤੈਨੂੰ ਵਾਜ ਮਾਰਾਂਗੇ ਤੇ ਫੇਰ ਸੇਵਾ ਕਰ ਲਈਂ, ਸਾਨੂੰ ਹੁਣ ਦਰਸ਼ਨ ਹੋਇਆ ਹੈ ਤੇ ਅਸੀਂ ਸੱਚੇ ਪਿਤਾ ਨਿਹਕਲੰਕ ਅਵਤਾਰ ਤ੍ਰਿਲੋਕੀ ਨਾਥ ਨੂੰ ਭਾਲਣ ਆਏ ਹਾਂ। ਸਿਖ ਨੂੰ ਸੁਣ ਕੇ ਬੜੀ ਖ਼ੁਸ਼ੀ ਹੋਈ ਤੇ ਕਹਿਣ ਲੱਗੇ ਬਾਬਾ ਜੀ ਸਾਡੇ ਧੰਨ ਭਾਗ ਹਨ, ਤੇ ਤੁਸੀਂ ਸਾਡੇ ਗੁਰੂ ਹੋਏ ਜੋ, ਕਿਉਂਕਿ ਤੁਹਾਡੇ ਜਰੀਏ ਸਾਨੂੰ ਅਵਤਾਰ ਦੇ ਦਰਸ਼ਨ ਹੋਣੇ ਹਨ। ਫੱਗਣ ਦਾ ਮਹੀਨਾ ਹੈ। ਸੰਮਤ ੧੯੪੮ ਬਿਕ੍ਰਮੀ ਹੋਲੇ ਮਹੱਲੇ ਦੇ ਪਜ ਬਾਲਣ ਲੈਣ ਵਾਸਤੇ ਗੱਡਾ ਤਿਆਰ ਕਰ ਕੇ ਮਨੀ ਸਿੰਘ ਸਿਖਾਂ ਨੂੰ ਨਾਲ ਲੈ ਕੇ ਸਤਿਗੁਰਾਂ ਨੂੰ ਭਾਲਣ ਤੁਰ ਪਏ ਹਨ । ਦਰਖਤ ਵੱਢਣ ਦੇ ਪਜ ਘਵਿੰਡ ਪਿੰਡ ਵਿਚ ਆ ਵੜੇ ਹਨ। ਪਿੰਡ ਵਿਚ ਆ ਕੇ ਬਚਨ ਕਰਦੇ ਹਨ, ਕਿ ਭਾਈ ਜੀ ਅਸੀਂ ਹੋਲੇ ਮਹੱਲੇ ਵਾਸਤੇ ਲੰਗਰ ਵਿਚ ਗੁਰਦਵਾਰੇ ਬਾਲਣ ਖੜਨਾ ਹੈ। ਲੋਕਾਂ ਆਖਿਆ ਬਾਬਾ ਜੀ ਇਕ ਪਿਪਲ ਸੁੱਕਾ ਹੈਗਾ, ਓਹ ਤੁਸੀਂ ਲੈ ਲੋ ਤੇ ਜੋ ਹੋਰ ਆਖੋਗੇ ਤੇ ਹੋਰ ਦੇ ਦਿਆਂਗੇ। ਮਨੀ ਸਿੰਘ ਬਚਨ ਕਰਦੇ ਹਨ ਕਿ ਬੇਅੰਤ ਹੈ ਜੀ, ਗੱਡਾ ਭਰ ਜਾਵੇਗਾ। ਬਾਲਣ ਦਾ ਤਾਂ ਇਕ ਬਹਾਨਾ ਸੀ, ਭੁੱਖ ਤਾਂ ਸੱਚੇ
ਪਿਤਾ ਦੇ ਦਰਸ਼ਨਾ ਦੀ ਸੀ। ਏਨੇ ਬਚਨ ਕੀਤੇ ਹਨ ਤੇ ਮਹਾਰਾਜ ਸ਼ੇਰ ਸਿੰਘ ਦਾ ਪਿਤਾ ਜਵੰਦ ਸਿੰਘ ਕੋਲ ਦੀ ਲੰਘਿਆ ਹੈ ਤੇ ਪਰ੍ਹੇ ਦੇ ਜ਼ਿਮੀਦਾਰ ਵਾਜ ਮਾਰ ਕੇ ਆਖਦੇ ਹਨ, ਭਾਈ ਜਵੰਦ ਸਿੰਘ ਸੰਤਾਂ ਦਾ ਇਕ ਕੰਮ ਹੈ। ਓਨ ਆਖਿਆ ਦੱਸੋ ਜੀ, ਕੀ ਹੁਕਮ ਹੈ। ਸਾਰੇ ਆਖਣ ਲੱਗੇ ਸੰਤਾਂ ਨੇ ਬਾਲਣ ਖੜਨਾ ਹੈ, ਵੱਢ ਕੇ ਟੋਟੇ ਕਰ ਦੇਵੇਂ ਤਾਂ ਲੱਦ ਕੇ ਲੈ ਜਾਣ। ਓਨ ਸਤਿ ਬਚਨ ਮੰਨ ਕੇ, ਆਰੀ ਕੁਹਾੜਾ ਲਿਆ ਕੇ ਟੋਟੇ ਕਰਨ ਲਗ ਪਿਆ। ਟਹਿਣ ਵਢਦਿਆਂ ਨੂੰ ਰੋਟੀ ਵੇਲਾ ਹੋ ਗਿਆ ਤੇ ਪਿੰਡ ਦਿਆਂ ਵਾਸੀਆਂ ਘਰ ਘਰ ਦੀ ਰੋਟੀ ਲਿਆਂਦੀ ਤੇ ਬੇਨੰਤੀ ਕੀਤੀ, ਬਾਬਾ ਜੀ ਪਰਸ਼ਾਦ ਛਕ ਲਓ। ਸਾਰੇ ਬੈਹ ਕੇ ਜਿਸ ਵੇਲੇ ਪਰਸ਼ਾਦ ਛਕਣ ਲੱਗੇ ਤੇ ਬਾਬੇ ਮਨੀ ਸਿੰਘ ਹੋਰੀਂ ਪੁਛਦੇ ਹਨ ਕਿ ਭਾਈ ਕੇਹੜੇ ਸਿਖ ਨੇ ਪਰਸ਼ਾਦ ਤਿਆਰ ਕੀਤਾ ਹੈ। ਸਾਰਿਆਂ ਆਖਿਆ ਬਾਬਾ ਜੀ ਸਾਰੀ ਗਲੀ ਵਿਚੋਂ ਇਕ ਇਕ ਪਰਸ਼ਾਦਾ ਲਿਆਂਦਾ ਹੈ। ਬਾਬੇ ਹੋਰਾਂ ਬਚਨ ਕੀਤਾ ਭਾਈ ਜੀ ਅਸਾਂ ਘਰ ਘਰ ਦਾ ਪਰਸ਼ਾਦਾ ਨਹੀਂ ਛਕਣਾ। ਕੋਈ ਨਹੀਂ ਅਗੋਂ ਬੋਲਿਆਂ ਕਿ ਬਾਬਾ ਜੀ ਅਸੀਂ ਇਕ ਘਰੋਂ ਆਪ ਦਾ ਪਰਸ਼ਾਦ ਤਿਆਰ ਕਰਕੇ ਲਿਔਦੇ ਹਾਂ। ਜਿਸ ਵੇਲੇ ਸਾਰੇ ਚੁਪ ਕਰ ਗਏ ਤੇ ਭਾਈ ਜਵੰਦ ਸਿੰਘ ਸੱਚੇ ਪਿਤਾ ਦੇ ਬਾਪ ਨੇ ਬੇਨੰਤੀ ਕੀਤੀ, ਬਾਬਾ ਜੀ ਹੁਕਮ ਦਿਓ ਤੇ ਮੈਂ ਆਪ ਦਾ ਪਰਸ਼ਾਦ ਤਿਆਰ ਕਰਵਾ ਦਿੰਦਾ ਹਾਂ। ਸੰਤਾਂ ਨੇ ਪਰਸ਼ਾਦ ਮੰਨ ਲਿਆ। ਬਾਬੇ ਜਵੰਦ ਸਿੰਘ ਘਰ ਜਾ ਕੇ ਆਖਿਆ ਕਿ ਸੰਤ ਆਏ ਹਨ, ਪਰਸ਼ਾਦ ਤਿਆਰ ਕਰਨਾ ਹੈ। ਮਾਈ ਤਾਬੋ ਆਖਿਆ ਸਤਿ ਬਚਨ ਜੀ, ਬੜੀ ਖ਼ੁਸ਼ੀ ਹੈ। ਜਿਸ ਵੇਲੇ ਪਰਸ਼ਾਦ ਤਿਆਰ ਹੋ ਗਿਆ ਅਸੀਂ ਖ਼ਬਰ ਕਰ ਦਿਆਂਗੇ। ਭਾਈ ਜਵੰਦ ਸਿੰਘ ਆ ਕੇ ਲੱਕੜਾਂ ਵੱਢ ਕੇ ਟੋਟੇ ਕਰ ਕੇ ਗੱਡੇ ਤੇ ਲੱਦ ਦਿਤੀਆਂ। ਜਿਸ ਵੇਲੇ ਗੱਡਾ ਤਿਆਰ ਹੋ ਗਿਆ ਓਸੇ ਵਕਤ ਪਰਸ਼ਾਦ ਵੀ ਤਿਆਰ ਹੋ ਗਿਆ ਤੇ ਵਾਜ਼ ਵੱਜ ਪਈ। ਭਾਈ ਜਵੰਦ ਸਿੰਘ ਬਾਬੇ ਮਨੀ ਸਿੰਘ ਅਗੇ ਬੇਨੰਤੀ ਕਰਦੇ ਹਨ ਕਿ ਬਾਬਾ ਜੀ ਪਰਸ਼ਾਦ ਤਿਆਰ ਹੈ, ਦਇਆ ਕਰੋ। ਬਾਬਾ ਮਨੀ ਸਿੰਘ ਸਿਖਾਂ ਸਮੇਤ ਜੇਹੜੇ ਨਾਲ ਆਏ ਸਨ, ਪਰਸ਼ਾਦ ਛਕਣ ਘਰ ਨੂੰ ਤੁਰ ਪਏ ਹਨ। ਮਨੀ ਸਿੰਘ ਨਾਲ ਦੇ ਸਿਖਾਂ ਨਾਲ ਬਚਨ ਕਰਦਾ ਹੈ ਕਿ ਪਰਸ਼ਾਦ ਲੈ ਚਲੀਏ। ਦੁਕਾਨ ਤੋਂ ਕੂਜਿਆਂ ਦੀ ਮਿਸ਼ਰੀ ਤੇ ਪਤਾਸੇ ਪਰਸ਼ਾਦ ਲੈ ਲਿਆ ਹੈ ਜੀ ਤੇ ਭਾਈ ਜਵੰਦ ਸਿੰਘ ਦੇ ਨਾਲ ਤੁਰ ਪਏ ਹਨ। ਜਿਸ ਵਕਤ ਗਲੀ ਵਿਚ ਗਏ ਤੇ ਜਿਸ ਤਰ੍ਹਾਂ ਬਚਨ ਕੀਤਾ ਸੀ ਸਤਿ ਹੈ। ਚੜ੍ਹਦੇ ਪਾਸੇ ਬੂਹਾ ਹੈ ਤੇ ਅੰਦਰਲਾ ਦਰਵਾਜਾ ਲਹਿੰਦੇ ਪਾਸੇ ਹੈ। ਅੰਦਰ ਲੰਘ ਕੇ ਬਾਬਾ ਮਨੀ ਸਿੰਘ ਬਚਨ ਕਰਦੇ ਹਨ ਕਿ ਭਾਈ ਜੀ ਇਕ ਪਲੰਘ ਚੰਗਾ ਸਾਫ ਵਿਛਾ ਦਿਓ। ਨਵਾ ਬਿਸਤਰਾ ਵਿਛਾ ਦਿਓ । ਉਚਾ ਸੁੱਚਾ ਬਿਸਤਰਾ ਵਿਛਾ ਕੇ ਤੇ ਉਤੇ ਬਾਬੇ ਮਨੀ ਸਿੰਘ ਪਰਸ਼ਾਦ ਰਖ ਦਿਤਾ। ਸੱਚੇ ਪਾਤਸ਼ਾਹ ਬਾਹਰ ਖੇਡਦੇ ਹਨ। ਤੇ ਸਾਰਿਆਂ ਨਿਆਣਿਆਂ ਨੂੰ ਛੱਡ ਕੇ ਸੱਚੇ ਪਾਤਸ਼ਾਹ ਕੱਲੇ ਅੰਦਰ ਆ ਗਏ ਹਨ। ਪਲੰਘ ਦੇ ਲਾਗੇ ਖਲੋ ਕੇ ਤੇ ਪਰਸ਼ਾਦ ਵਿਚੋਂ ਇਕ ਪਤਾਸਾ ਫੜ ਕੇ ਸੱਚੇ ਪਿਤਾ ਦਿਲ ਦੀਆਂ ਜਾਨਣ ਵਾਲੇ ਨੇ, ਆਸਾਂ ਮੁਰਾਦਾਂ ਪੂਰੀਆਂ ਕਰਨ ਵਾਲੇ ਨੇ ਮੁਖ ਵਿਚ ਪਾ ਕੇ ਭੋਗ ਲਾਇਆ ਤੇ ਪਰਸ਼ਾਦ ਨੂੰ ਉਚਾ ਸੁੱਚਾ ਤੇ ਪਵਿੱਤਰ ਕੀਤਾ ਜੀ। ਪਤਾਸੇ ਮੁੱਠ ਵਿਚ ਫੜ ਕੇ ਰਿੜ ਕੇ ਜਾ ਬਾਬੇ ਮਨੀ ਸਿੰਘ ਹੋਰਾਂ ਨੂੰ ਪਰਸ਼ਾਦ ਦੇ ਕੇ ਨਿਹਾਲ ਕੀਤਾ। ਬਾਬੇ ਮਨੀ ਸਿੰਘ ਗਿਟੇ ਵਾਲੀ ਨਿਸ਼ਾਨੀ ਵੀ ਪਛਾਣ ਲਈ। ਮਨੀ ਸਿੰਘ ਨੂੰ ਨਿਸਚਾ ਹੋ ਗਿਆ ਕਿ ਏਹੋ ਈ ਮੇਰੇ ਦਿਲ ਦੀਆਂ ਜਾਨਣ ਵਾਲਾ ਸੱਚਾ ਸਾਹਿਬ ਹੈ ਤੇ ਸੰਤ ਢੈਹ ਕੇ ਚਰਨੀ ਪੈ ਗਏ। ਬਾਬੇ ਮਨੀ ਸਿੰਘ ਹੋਰੀਂ ਕੁਛੜ ਚੁਕ ਕੇ ਸੱਚੇ ਪਾਤਸ਼ਾਹ ਨੂੰ ਪਲੰਘ ਤੇ ਬਿਠਾ ਦੇਂਦੇ ਹਨ, ਤੇ ਆਪ ਦੇ ਦਾੜੇ ਨਾਲ ਚਰਨ ਝਾੜਦੇ ਹਨ ਜੀ। ਖ਼ੁਸ਼ੀ ਨਾਲ ਜਾਮੇ ਵਿਚ ਨਹੀ ਸਮੌਂਦੇ। ਨਾਲ ਜੇਹੜੇ ਸਿਖ ਸਨ ਓਹ ਭੀ ਦਾੜੇ ਨਾਲ ਚਰਨ ਝਾੜਦੇ ਹਨ। ਨਿਹਾਲੋ ਨਿਹਾਲ ਹੋ ਰਹੇ ਹਨ ਜੀ। ਸੱਚੇ ਪਾਤਸ਼ਾਹ ਮਘਨ ਹੋਏ ਪਲੰਘ ਤੇ ਬੈਠੇ ਹਨ। ਸਿਖ ਚਰਨਾਂ ਵਿਚ ਖਲੋਤੇ ਹਨ ਤੇ ਓਸ ਵਕਤ ਐਸਾ ਸਮਾਂ ਸੁਹਾਵਣਾ ਹੈ ਕਿ ਜਿਸ ਤਰ੍ਹਾਂ ਸਚਖੰਡ। ਪਾਤਸ਼ਾਹ ਦੀਆਂ ਪਰਕਰਮਾਂ ਕਰ ਰਹੇ ਹਨ ਜੀ ਤੇ ਆਪ ਦਾ ਜਨਮ ਸੁਫਲਾ ਕਰ ਰਹੇ ਹਨ। ਮਾਈ ਤਾਬੋ ਤੇ ਭਾਈ ਜਵੰਦ ਸਿੰਘ ਬੜੇ ਹੈਰਾਨ ਪਰੇਸ਼ਾਨ ਹੋ ਰਹੇ ਹਨ। ਭਾਈ ਜਵੰਦ ਸਿੰਘ ਨੂੰ ਸੰਤ ਪੱਕੀ ਕਰਦੇ ਹਨ ਕਿ ਭਾਈ
ਏਹ ਤੁਹਾਡਾ ਪੁੱਤਰ ਨਹੀਂ ਇਹ ਤਾਂ ਪ੍ਰੀ ਪੂਰਨ ਪਰਮੇਸ਼ਵਰ ਤੁਹਾਡੇ ਘਰ ਅਵਤਾਰ ਧਾਰਿਆ ਹੈ। ਏਹਨਾਂ ਦਾ ਤੁਸਾਂ ਮੂੰਹ ਨਹੀਂ ਫਿਟਕਰਨਾ ਤੇ ਬਿਸਤਰਾ ਮੈਲਾ ਨਹੀਂ ਵਿਛੌਣਾ। ਏਹ ਤਾਂ ਨਿਹਕਲੰਕ ਅਵਤਾਰ ਕਲਜੁਗ ਵਿਚ ਧਰਤੀ ਦਾ ਉਧਾਰ ਕਰਨ ਆਏ ਹਨ। ਪਾਪੀਆਂ ਦਾ ਨਾਸ ਕਰਨਗੇ। ਗਊਆਂ ਤੇ ਗਰੀਬਾਂ ਦੀ ਰਛਿਆ ਕਰਨਗੇ। ਭਾਈ ਜਵੰਦ ਸਿੰਘ ਜੀ ਅਸਾਂ ਰਾਮ ਪੁਰੇ ਹੋਲਾ ਮਹੱਲਾ ਮਨੌਣਾ ਹੈ। ਤੁਸੀਂ ਨਾਲ ਸੱਚੇ ਪਾਤਸ਼ਾਹ ਨੂੰ ਲਿਔਣਾ ਤੇ ਆਪ ਵੀ ਦਰਸ਼ਨ ਦੇਣੇ ਜੀ। ਏਨੇ ਬਚਨ ਹੋਏ ਤੇ ਫੇਰ ਭਾਈ ਜਵੰਦ ਸਿੰਘ ਨੇ ਬਾਬੇ ਮਨੀ ਸਿੰਘ ਹੋਰਾਂ ਨੂੰ ਪਰਸ਼ਾਦ ਛਕਾਇਆ। ਏਸ ਤਰ੍ਹਾਂ ਬਾਬੇ ਮਨੀ ਸਿੰਘ ਸੱਚੇ ਪਾਤਸ਼ਾਹ ਨੂੰ ਲੱਭਾ ਸੀ।
ਬਾਬੇ ਮਨੀ ਸਿੰਘ ਜਾ ਕੇ ੫ ਸਿਖ ਘਲਣੇ ਤੇ ਸੱਚੇ ਪਾਤਸ਼ਾਹ ਸਾਰੇ ਪਰਿਵਾਰ ਸਮੇਤ ਹੋਲੇ ਮਹੱਲੇ ਤੇ ਰਾਮ ਪੁਰੇ ਜਾਣਾ
ਬਾਬੇ ਮਨੀ ਸਿੰਘ ਪੰਜ ਸਿਖ ਸੱਚੇ ਪਾਤਸ਼ਾਹ ਨੂੰ ਲੈਣ ਘਲਦੇ ਹਨ। ਬੌਹਲ ਸਿੰਘ ਕੋਰੀਆਂ ਵਾਲਾ, ਕਾਹਨ ਸਿੰਘ ਭੰਗਾਲੀ ਵਾਲਾ, ਲਿਖਾਰਾ ਸਿੰਘ ਭੰਗਾਲੀ ਵਾਲਾ, ਬੁੱਢਾ ਸਿੰਘ ਰਾਮਪੁਰੇ ਵਾਲਾ, ਦੇਵਾ ਸਿੰਘ ਪਠਾਣਕਿਆਂ ਵਾਲਾ। ਪੰਜ ਸਿਖ ਸੱਚੇ ਪਾਤਸ਼ਾਹ ਨੂੰ ਲੈਣ ਆਏ ਹਨ ਜੀ। ਤਿੰਨ ਮੀਲ ਪੈਂਡਾ ਸੀ ਘਵਿੰਡ ਦਾ ਰਾਮਪੁਰੇ ਤੋਂ। ਆ ਕੇ ਸਿਖਾਂ ਨੇ ਨਿਮਸਕਾਰ ਕੀਤੀ ਤੇ ਪਰਕਰਮਾਂ ਕੀਤੀਆਂ। ਭਾਈ ਜਵੰਦ ਸਿੰਘ ਨੂੰ ਆਖਦੇ ਹਨ ਕਿ ਬਾਬਾ ਜੀ ਅਸੀਂ ਸੱਚੇ ਪਾਤਸ਼ਾਹ ਜੀ ਨੂੰ ਲੈਣ ਆਏ ਹਾਂ, ਤੁਸਾਂ ਵੀ ਸਾਰੇ ਪਰਿਵਾਰ ਨੇ ਨਾਲ ਜਾਣਾ ਹੈ, ਤਿਆਰ ਹੋ ਜਾਓ। ਸਾਰਾ ਪਰਿਵਾਰ ਤਿਆਰ ਹੋਇਆ ਹੈ। ਮਾਤਾ ਤਾਬੋ ਵੀ ਸੱਚੇ ਪਿਤਾ ਨੂੰ ਗੋਦ ਵਿਚ ਲੈ ਕੇ ਜਾ ਰਹੀ ਹੈ। ਨਾਲ ਸੱਚੇ ਪਿਤਾ ਦੇ ਤਾਏ ਚਾਚੇ ਸਾਰੇ ਜਾ ਰਹੇ ਹਨ ਜੀ। ਰਾਮਪੁਰੇ ਸਾਰੇ ਜਾ ਪਹੁੰਚੇ ਹਨ। ਤੇ ਓਥੋਂ ਦੇ ਸਿਖ ਦਰਸ਼ਨ ਕਰ ਕੇ ਬੜੇ ਨਿਹਾਲ ਹੋਏ ਹਨ ਜੀ। ਬਾਬੇ ਮਨੀ ਸਿੰਘ ਸੱਚੇ ਪਾਤਸ਼ਾਹ ਨੂੰ ਪਲੰਘ ਤੇ ਬਿਠਾ ਕੇ ਨਿਮਸਕਾਰ ਕੀਤੀ ਤੇ ਸਾਰੀ ਸੰਗਤ ਨੇ ਪਰਕਰਮਾਂ ਕੀਤੀਆਂ ਤੇ ਨਿਮਸਕਾਰ ਕੀਤੀ । ਬਾਬੇ ਮਨੀ ਸਿੰਘ ਦਾੜੇ ਨਾਲ ਚਰਨ ਝਾੜੇ ਹਨ ਜੀ। ਸੱਚੇ ਪਿਤਾ ਦਾ ਆਦਰ ਮਾਣ ਕਰ ਕੇ ਫੇਰ ਸਾਰੇ ਪਰਿਵਾਰ ਦੀ ਸੇਵਾ ਵਿਚ ਹਾਜਰ ਹੋ ਗਏ ਹਨ ਜੀ। ਸੰਗਤ ਨੇ ਜਲ ਪਾਣੀ ਲੀੜਾ ਕਪੜਾ ਦੇ ਕੇ ਪਰਸੰਨ ਕੀਤਾ ਜੀ ਤੇ ਭਾਈ ਜਵੰਦ ਸਿੰਘ ਤੇ ਮਾਤਾ ਤਾਬੋ ਦੇ ਸਾਰੀ ਸੰਗਤ ਦਾੜੇ ਨਾਲ ਚਰਨ ਝਾੜ ਰਹੇ ਹਨ ਜੀ। ਤੇ ਕਹਿੰਦੇ ਹਨ ਕਿ ਤੁਸੀਂ ਬੜੇ ਭਾਗਾਂ ਵਾਲੇ ਜੇ ਜਿਨ੍ਹਾਂ ਦੇ ਘਰ ਸੱਚੇ ਪਾਤਸ਼ਾਹ ਨਿਹਕਲੰਕ ਅਵਤਾਰ ਧਾਰਿਆ ਹੈ ਜੀ। ਰਾਮਪੁਰੇ ਨਗਰ ਵਾਸੀ ਸਭ ਦਰਸ਼ਨ ਕਰਨ ਆਏ ਹਨ। ਅਨੇਕਾ ਪਰਕਾਰ ਦੇ ਭੋਜਨ ਤਿਆਰ ਹੋ ਰਹੇ ਹਨ ਜੀ। ਧਿਔਲੀ ਦਾ ਕੜਾਹ ਪਰਸ਼ਾਦ ਤਿਆਰ ਹੋ ਰਿਹਾ ਹੈ। ਅਨੇਕਾਂ ਪਰਕਾਰ ਦੇ ਪਕਵਾਨ ਤਿਆਰ ਕਰ ਕੇ, ਸੱਚੇ ਪਾਤਸ਼ਾਹ ਦੀ ਭੇਟਾ ਰੱਖੇ ਗਏ ਹਨ ਜੀ। ਓਸ ਵਕਤ ਸੰਖ ਵੱਜ ਰਹੇ ਹਨ। ਨਰ ਸਿੰਘੇ ਸੰਤਾਂ ਨੇ ਵਜਾਏ ਹਨ। ਰਾਗੀਆਂ ਨੇ ਰਾਗ ਸ਼ੁਰੂ ਕੀਤੇ। ਪਾਠ ਦਾ ਭੋਗ ਪੈ ਗਿਆ ਤੇ ਲੰਗਰ ਖੁਲ੍ਹ ਗਏ ਹਨ। ਸੰਗਤਾਂ ਦੇ ਛਕਣ ਨੂੰ ਅਤੁਟ ਭੰਡਾਰੇ ਹਨ। ਸੰਗਤਾਂ ਛਕ ਕੇ ਆਪੋ ਆਪਣੇ ਨਗਰਾਂ ਨੂੰ ਜਾ ਰਹੀਆਂ ਹਨ। ਆਪੋ ਆਪਣੇ ਘਰੀਂ ਜਾ ਕੇ ਬਚਨ ਕਰਦੇ ਹਨ ਕਿ ਅਜ ਦਿਹਾੜਾ ਭਾਗਾਂ ਵਾਲਾ ਹੈ, ਵਿਸ਼ਨੂੰ ਭਗਵਾਨ ਨਿਹਕਲੰਕ ਅਵਤਾਰ ਦੇ ਦਰਸ਼ਨ ਹੋਏ ਹਨ। ਏਹੋ ਜਸ ਕਰ ਰਹੇ ਹਨ ਕਿ ਘਵਿੰਡ ਪਿੰਡ ਵਿਚ ਮਹਾਰਾਜ ਸ਼ੇਰ ਸਿੰਘ ਰਾਮਗੜ੍ਹਿਆਂ ਸਿਖਾਂ ਦੇ ਘਰ ਅਵਤਾਰ ਧਾਰਿਆਂ ਹੈ। ਸੰਤ ਮਨੀ ਮਾਲਵੇ ਦੇਸ ਵਿਚੋਂ ਆਇਆ ਹੈ ਤੇ ਓਸ ਆਣ ਕੇ ਮਹਾਰਾਜ ਸ਼ੇਰ ਸਿੰਘ ਨੂੰ ਲੱਭਾ ਹੈ। ਬਾਬੇ ਮਨੀ ਸਿੰਘ ਹੋਰਾਂ ਸੱਚੇ ਪਾਤਸ਼ਾਹ ਨੂੰ ਵਿਦਾ ਕਰ ਦਿਤਾ। ਸੱਚੇ ਪਿਤਾ ਆਪ ਦੇ ਨਗਰ ਘਵਿੰਡ ਪਿੰਡ ਆ ਗਏ ਹਨ। ਸੰਗਤਾਂ ਵੀ ਸਾਰੀ ਰਾਤ ਸੱਚੇ ਪਾਤਸ਼ਾਹ ਦੇ ਜਸ ਕਰ ਰਹੀਆਂ ਹਨ ਜੀ। ਸਵੇਰੇ ਫਿਰ ਬਾਬੇ ਮਨੀ ਸਿੰਘ ਸਿਖਾਂ ਨੂੰ ਆਖਿਆ ਕਿ ਜਾਓ ਮਹਾਰਾਜ ਸ਼ੇਰ
ਸਿੰਘ ਵਿਸ਼ਨੂੰ ਭਗਵਾਨ ਨੂੰ ਚੁਕ ਕੇ ਲੈ ਆਓ ਜੀ। ਜੇਹੜਾ ਸਿਖ ਚੁਕ ਕੇ ਲਿਆਵੇਗਾ ਓਸ ਨੂੰ ਸੂਰਮਿਆਂ ਵਿਚ ਦਾਖਲ ਕਰ ਦਿਆਂਗੇ। ਏਨਾਂ ਬਚਨ ਸੁਣ ਕੇ ਬੌਹਲ ਸਿੰਘ ਉਠਿਆ ਇਕ ਸਿਖ ਨਾਲ ਹੋਰ ਹੈ। ਦੋਵੇਂਜਣੇ ਘਵਿੰਡ ਪਿੰਡ ਨੂੰ ਤੁਰ ਪਏ ਹਨ। ਘਵਿੰਡ ਆ ਪਹੁੰਚੇ ਹਨ ਤੇ ਸੱਚੇ ਪਾਤਸ਼ਾਹ ਦਾ ਦਰਸ਼ਨ ਕਰ ਕੇ ਬੜੀ ਖ਼ੁਸ਼ੀ ਪ੍ਰਾਪਤ ਹੋਈ। ਬੌਹਲ ਸਿੰਘ ਪਾਤਸ਼ਾਹ ਨੂੰ ਕੁਛੜ ਚੁੱਕ ਕੇ ਖਡੌਣ ਲਗ ਪਿਆ। ਮਾਈ ਤਾਬੋ ਵੀ ਵੇਖ ਲਿਆ ਕਿ ਓਹੋ ਸਿਖ ਹਨ ਜੇਹੜੇ ਅੱਗੇ ਆਏ ਸੀ। ਖਡੌਣ ਦੇ ਪਜ, ਅੱਜੀਂ ਪੱਜੀਂ ਬਾਹਰ ਲੈ ਆਏ ਤੇ ਸਿਧੇ ਰਾਮਪੁਰੇ ਚੁਕ ਕੇ ਲੈ ਆਏ ਹਨ। ਓਥੋਂ ਦੀ ਸੰਗਤ ਵੇਖ ਕੇ ਦਰਸ਼ਨ ਕਰ ਕੇ ਬੜੀ ਖ਼ੁਸ਼ ਹੋਈ। ਪਲੰਘ ਤੇ ਬਿਠਾ ਕੇ ਪਰਕਰਮਾਂ ਕੀਤੀਆਂ ਤੇ ਦਾੜੇ ਨਾਲ ਚਰਨ ਝਾੜੇ ਹਨ। ਪ੍ਰਾਤਾਂ ਮਠਿਆਈ ਦੀਆਂ ਭਰ ਕੇ ਅੱਗੇ ਰਖ ਦਿਤੀਆਂ ਹਨ। ਮਾਈ ਗੁਲਾਬੀ (ਸੰਤਨੀ ਰਾਮਪੁਰੇ ਵਾਲੀ) ਮਾਇਆ ਦੀ ਭੇਟਾ ਕੀਤੀ ਹੈ। ਸੱਚੇ ਪਾਤਸ਼ਾਹ ਦੇ ਬੋਜੇ ਰੁਪਇਆਂ ਨਾਲ ਭਰ ਦਿਤੇ। ਓਧਰ ਮਾਤਾ ਤਾਬੋ ਨੂੰ ਪਤਾ ਲਗਾ ਕਿ ਕਾਕੇ ਨੂੰ ਕਿਧਰ ਲੈ ਗਏ ਹਨ। ਲੱਭਦੇ ਫਿਰਦੇ ਨੇ ਕਿਤੇ ਲੱਭਦੇ ਨਹੀਂ। ਆਂਦੀ ਹੈ ਜੇਹੜੇ ਸਿਖ ਆਏ ਸੀ ਓ ਕਾਕੇ ਨੂੰ ਲੈ ਗਏ ਹਨ। ਮਾਤਾ ਤਾਬੋ ਸਿਖਾਂ ਨੂੰ ਗਾਲਾਂ ਕਢਦੀ ਹੈ। ਆਪ ਦੇ ਦਿਉਰਾਂ ਜੇਠਾਂ ਨੂੰ ਵੀ ਗਾਲਾਂ ਕੱਢਦੀ ਹੈ। ਆਖਦੀ ਹੈ, ਭੱਜੋ, ਜਾਓ ਛੇਤੀ ਸਿਖਾਂ ਨੂੰ ਲੱਭੋ ਤੇ ਪੁੱਛੋ ਕਿ ਸਾਡਾ ਬੱਚਾ ਚੁਕ ਕੇ ਲੈ ਗਏ ਹਨ। ਘਰ ਵਿਚ ਰੌਲਾ ਪਿਆ ਹੈ। ਰੰਗਾ ਸਿੰਘ ਹਜਾਰਾ ਸਿੰਘ ਡਾਗਾਂ ਫੜ ਕੇ ਰਾਹਾਂ ਵਲ ਤਿਆਰ ਹੋਏ ਹਨ। ਓਧਰ ਬਾਬੇ ਮਨੀ ਸਿੰਘ ਹੋਰਾਂ ਹੁਕਮ ਕੀਤਾ ਸਿਖਾਂ ਨੂੰ ਕਿ ਸੱਚੇ ਪਾਤਸ਼ਾਹ ਉਦਾਸ ਹੋ ਗਏ ਹਨ, ਏਨ੍ਹਾਂ ਨੂੰ ਘਵਿੰਡ ਛੱਡ ਆਓ। ਸੱਚੇ ਪਿਤਾ ਨੂੰ ਚੁਕ ਕੇ ਸਿਖ ਲਈ ਔਂਦੇ ਹਨ। ਸੱਚੇ ਪਾਤਸ਼ਾਹ ਬੌਹਲ ਸਿੰਘ ਦੇ ਮੋਢੇ ਤੇ ਬੈਠ ਗਏ ਹਨ। ਸਿਖ ਘਰ ਲੈ ਆਏ ਹਨ। ਅਗੇ ਸਾਰੇ ਉਡੀਕਦੇ ਸਨ ਕਿ ਕਦੋਂ ਔਣਗੇ। ਮਾਈ ਤਾਬੋ ਤੇ ਸਾਰਾ ਪਰਿਵਾਰ ਸਿਖਾਂ ਨੂੰ ਕਠੋਰ ਬਚਨ ਕਰਦੇ ਹਨ ਕਿ ਸਾਡੇ ਬੱਚੇ ਨੂੰ ਕਿਧਰ ਲੈ ਗਏ ਸੋ । ਸਿਖ ਆਖਦਾ ਹੈ ਤੁਹਾਡੇ ਭਾਣੇ ਅੰਞਾਣੇ ਹਨ ਤੇ ਸਾਡੇ ਤਾਂ ਪ੍ਰੀ ਪੂਰਨ ਪਰਮੇਸ਼ਵਰ ਹੈ। ਅਸੀਂ ਆਪਦੇ ਗੁਰਾਂ ਦਾ ਹੁਕਮ ਮੰਨ ਕੇ ਖੜਿਆ ਸੀ, ਓਹ ਆਖਦੇ ਸੀ ਲਿਆਓ ਦਰਸ਼ਨ ਕਰੀਏ। ਜਿਸ ਵੇਲੇ ਬਾਬੇ ਮਨੀ ਸਿੰਘ ਤੇ ਸੰਗਤਾਂ ਦਰਸ਼ਨ ਕਰ ਲਿਆ ਓਸੇ ਵਕਤ ਅਸੀਂ ਲੈ ਆਏ ਹਾਂ। ਭਾਈ ਜਵੰਦ ਸਿੰਘ ਆਖਦਾ ਹੈ ਕਿ ਭਾਈ ਜੀ ਸਿਖ ਭਾਵੇਂ ਕਿਤੇ ਏਨ੍ਹਾਂ ਨੂੰ ਚੁਕ ਕੇ ਲੈ ਜਾਣ ਤੁਸਾਂ ਖੋਟਾ ਬਚਨ ਨਹੀਂ ਬੋਲਣਾ। ਜੇਹੜਾ ਪਰਸ਼ਾਦ ਪ੍ਰਾਤਾਂ ਮਿਠਾਈਆਂ ਦੀਆਂ ਸਨ, ਮਾਇਆ ਦੀ ਭੇਟਾ ਸੀ ਜੀ ਓਹ ਸਿਖਾਂ ਨੇ ਭਾਈ ਜਵੰਦ ਸਿੰਘ ਨੂੰ ਦੇ ਦਿਤੀਆਂ । ਗਰੀਬ ਮਾਝੇ ਵਿਚ ਜਦੋਂ ਦਾ ਪਾਤਸ਼ਾਹ ਅਵਤਾਰ ਧਾਰਿਆ ਹੈ ਨੌ ਨਿੱਧੀ ਤੇ ਬਾਰਾਂ ਸਿਧੀ ਵਰਤ ਗਈ ਹੈ। ਘਰ ਵਿਚ ਵੀ ਬੜੇ ਅਤੁਟ ਭੰਡਾਰੇ ਵਰਤਣ ਲਗ ਪਏ ਹਨ ਜੀ। ਭਾਈ ਜਵੰਦ ਸਿੰਘ ਸਿਖਾਂ ਦਾ ਬੜਾ ਆਦਰ ਮਾਣ ਕੀਤਾ । ਸਿਖ ਸੱਚੇ ਪਾਤਸ਼ਾਹ ਕੋਲੋਂ ਖ਼ੁਸ਼ੀ ਲੈ ਕੇ ਜਾ ਰਹੇ ਹਨ ਜੀ। ਭਾਈ ਜਵੰਦ ਸਿੰਘ ਸਿਖਾਂ ਨੂੰ ਤੋਰਨ ਗਿਆ ਹੈ ਤੇ ਬਚਨ ਕਰਦਾ ਹੈ ਕਿ ਸਚੇ ਪਾਤਸ਼ਾਹ ਸਾਨੂੰ ਅੱਖਾਂ ਨਹੀਂ ਦਿਤੀਆਂ, ਨਹੀਂ ਤੇ ਅਸੀਂ ਵੀ ਪੁੱਤਰ ਨਹੀਂ ਸਮਝਦੇ। ਸਿਖ ਆਖਦੇ ਹਨ ਕਿ ਬਾਬੇ ਮਨੀ ਸਿੰਘ ਨੂੰ ਏਨ੍ਹਾਂ ਵਾਜ ਮਾਰੀ, ਦਰਸ਼ਨ ਦਿਤੇ ਤੇ ਸਾਨੂੰ ਵੀ ਸੁਰਤ ਆ ਗਈ। ਹੁਣ ਪਾਤਸ਼ਾਹ ਦਇਆ ਕਰਨ ਤੇ ਸਾਥੋਂ ਕੋਈ ਵਧ ਘਟ ਬਚਨ ਨਾ ਨਿਕਲੇ।।
ਸੰਤ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਨੂੰ
ਲਿਖਣ ਦਾ ਹੁਕਮ ਦੇਣਾ
ਸੰਤ ਬਾਬੇ ਮਨੀ ਸਿੰਘ ਸੰਗਤਾਂ ਸਮੇਤ ਸਾਰੇ ਘਵਿੰਡ ਦੀਆਂ ਪਰਕਰਮਾਂ ਲਈਆਂ ਹਨ ਜੀ। ਆਂਦੇ ਹਨ ਕਿ ਧੰਨ ਏ ਨਗਰ ਹੈ ਜਿਥੇ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਹੈ। ਜਿਉਂ ਜਿਉਂ ਬਾਬਾ ਮਨੀ ਸਿੰਘ ਪਿੰਡਾਂ ਵਿਚ ਹੋਕਾ ਦੇਂਦਾ ਹੈ, ਤਿਉਂ ਤਿਉਂ ਸੁਰਤ ਖੁਲ੍ਹਦੀ ਜਾਂਦੀ ਹੈ। ਸੱਚੇ ਪਾਤਸ਼ਾਹ ਸੰਸਾਰ ਨੂੰ ਮਾਇਆ ਪਾਈ ਜਾਂਦੇ ਹਨ। ਸੁਰਤ ਨਹੀਂ ਔਣ ਦੇਂਦੇ। ਸੰਤ ਦੀ ਅਕਾਸ਼ ਬਾਣੀ ਸੱਚੇ ਪਾਤਸ਼ਾਹ ਖੋਲ੍ਹ ਦਿਤੀ ਹੈ ।
ਮਨੀ ਸਿੰਘ ਬਿਲਕੁਲ ਪੜ੍ਹੇ ਹੋਏ ਨਹੀਂ ਸਨ ਜੀ। ਲਿਖਾਰਾ ਸਿੰਘ ਭੰਗਾਲੀ ਵਾਲਾ ਸਿਖ ਪੜ੍ਹਿਆ ਹੋਇਆ ਸੀ, ਇਕ ਨੇਤਰ ਸੀ। ਬਾਬੇ ਹੋਰਾਂ ਨੂੰ ਅਕਾਸ਼ ਬਾਣੀ ਕੰਨ ਵਿਚ ਹੁੰਦੀ ਸੀ। ਜਿਸ ਤਰ੍ਹਾਂ ਸੱਚੇ ਪਾਤਸ਼ਾਹ ਬਾਬੇ ਮਨੀ ਸਿੰਘ ਨੂੰ ਕੰਨ ਵਿਚ ਅਕਾਸ਼ ਬਾਣੀ ਦੇਂਦੇ ਸਨ ਓਸੇ ਤਰ੍ਹਾਂ ਮਨੀ ਸਿੰਘ ਲਿਖਾਰਾ ਸਿੰਘ ਸਿਖ ਨੂੰ ਬਚਨ ਦੱਸ ਕੇ ਲਿਖਾਈ ਜਾਂਦਾ ਸੀ। ਅਕਾਸ਼ ਬਾਣੀ ਬਹੁਤ ਜੋਰ ਨਾਲ ਆ ਰਹੀ ਹੈ ਤੇ ਲਿਖਾਰਾ ਸਿੰਘ ਤੋਂ ਲਿਖਿਆ ਨਹੀਂ ਜਾਂਦਾ। ਬਾਬੇ ਮਨੀ ਸਿੰਘ ਨੂੰ ਹੁਕਮ ਹੋਇਆ ਕਿ ਸੰਤਾਂ ਤੂੰ ਆਪ ਕਲਮ ਫੜ। ਬਾਬਾ ਮਨੀ ਸਿੰਘ ਜੋਤ ਅੱਗੇ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਤਾਂ ਅਨਪੜ੍ਹ ਹਾਂ। ਓਦੋਂ ਬਾਬਾ ਮਨੀ ਸਿੰਘ ਭੰਗਾਲੀ ਪਿੰਡ ਦੇ ਵਿਚ ਬੈਠੇ ਸਨ ਜਦੋ ਏਹ ਲਿਖਾਈ ਹੁੰਦੀ ਸੀ ਤੇ ਸੱਚੇ ਪਾਤਸ਼ਾਹ ਘਵਿੰਡ ਖੇਡ ਰਹੇ ਹਨ। ਏਹ ਹਨ ਪੂਰੇ ਗੁਰਾਂ ਦੀਆਂ ਵਡਿਆਈਆ। ਸੱਚੇ ਪਾਤਸ਼ਾਹ ਦੇਹ ਕਰ ਕੇ ਤਾਂ ਕੋਈ ਬਚਨ ਨਹੀਂ ਲਿਖੌਂਦੇ, ਜੋਤ ਨਾਲ ਵਿਹਾਰ ਕਰਦੇ ਸਨ। ਸੱਚੇ ਪਾਤਸ਼ਾਹ ਹੁਕਮ ਦਿਤਾ ਕਿ ਸੰਤਾ ਕੇਸੀ ਇਸ਼ਨਾਨ ਕਰ ਕੇ ਤੇ ਬੂਹੇ ਢੋਹ ਕੇ ਅੰਦਰ ਬੈਹ ਜਾ। ਜਿਸ ਤਰ੍ਹਾਂ ਅਕਾਸ਼ ਬਾਣੀ ਦਾ ਬਚਨ ਮਨੀ ਸਿੰਘ ਨੂੰ ਹੋਇਆ, ਓਸੇ ਤਰ੍ਹਾਂ ਕੀਤਾ। ਬੂਹੇ ਢੋਏ ਹਨ ਤੇ ਅੰਦਰ ਹਨੇਰਾ ਹੈ ਤੇ ਸੱਚੇ ਪਾਤਸ਼ਾਹ ਦੀ ਜੋਤ ਨੇ ਆਣ ਕੇ ਇਕ ਦਮ ਰੁਸ਼ਨਾਈ ਕਰ ਦਿਤੀ ਜਿਸ ਤਰ੍ਹਾਂ ਗੈਸ ਜਗਦਾ ਹੈ ਤੇ ਜਮੀਨ ਤੇ ਕੀੜੀ ਤੁਰੀ ਜਾਂਦੀ ਨਜ਼ਰ ਆ ਰਹੀ ਹੈ ਜੀ। ਜੋਤ ਦਾ ਦਰਸ਼ਨ ਕਰਦਿਆਂ ਹੀ ਸੰਤ ਮਨੀ ਸਿੰਘ ਦੇ ਕਿਵਾੜ ਖੁਲ੍ਹ ਗਏ। ਦਸਵੇਂ ਦਵਾਰ ਦੀ ਸੁਰਤ ਖੁਲ੍ਹਣ ਨਾਲ ਦੇਹ ਬੜੀ ਉਜਲੀ ਹੋ ਗਈ ਹੈ। ਹੱਥ ਵਿਚ ਬਾਬੇ ਮਨੀ ਸਿੰਘ ਕਲਮ ਫੜੀ ਹੋਈ ਸੀ। ਜੋਤ ਦੇ ਚਾਨਣ ਨਾਲ ਦਬਾ ਦਬ ਲਿਖਾਈ ਕਰੀ ਜਾਂਦਾ ਹੈ। ਸੱਚੇ ਪਾਤਸ਼ਾਹ ਸੰਤਾਂ ਨੂੰ ਪਹਿਲੀ ਕਰਾਮਾਤ ਵਖਾਈ ਹੈ। ਸੁਰਤ ਸ਼ਬਦ ਗਿਆਨ ਬਖ਼ਸ਼ਿਸ਼ ਕਰ ਦਿਤਾ ਤੇ ਸੱਚੇ ਪਾਤਸ਼ਾਹ ਬਾਬੇ ਮਨੀ ਸਿੰਘ ਨੂੰ ਬਚਨ ਦਿਤਾ ਕਿ ਸੰਤਾਂ, ਜੇਹੜਾ ਤੈਨੂੰ ਹੁਕਮ ਦਿਆਂਗੇ ਸਤਿ ਕਰ ਕੇ ਮੰਨਣਾ ਹੋਵੇਗਾ ਤੇ ਜਿਥੇ ਕਹਾਂਗੇ ਜਾਣਾ ਹੋਵੇਗਾ। ਸਾਡੇ ਸਿਖਾਂ ਵਿਛੜਿਆਂ ਨੂੰ ਬਾਹੋਂ ਫੜ ਕੇ ਚਰਨੀ ਲੌਣਾ ਹੋਵੇਗਾ। ਸੱਚੇ ਪਾਤਸ਼ਾਹ ਵਿਸ਼ਨੂੰ ਭਗਵਾਨ ਬਾਬੇ ਮਨੀ ਸਿੰਘ ਹੋਰਾਂ ਨਾਲ ਬਚਨ ਕਰਦੇ ਹਨ ਕਿ ਸੰਤਾ ਜੋ ਅਠਸਠ ਤੀਰਥ ਹਨ ਓਨਾਂ ਦੀ ਸਤਿਆ ਅਸਾਂ ਖਿਚ ਲੈਣੀ ਹੈ। ਜੋ ਕਲਜੁਗ ਦੇ ਵਿਚ ਗੁਰੂ ਤੇ ਧਾਮ ਬਣੇ ਬੈਠੇ ਹਨ ਸਾਰਿਆਂ ਦੀ ਸਤਿਆ ਅਸਾਂ ਖਿਚ ਲੈਣੀ ਹੈ। ਜੋ ਦੇਵੀਆਂ ਦੇ ਅਸਥਾਨ ਹਨ ਓਥੇ ਓਥੇ ਮਨੀ ਸਿੰਘ ਤੈਨੂੰ ਜਾਣਾ ਪਵੇਗਾ। ਜੋ ਤੀਰਥ ਹਨ ਓਥੇ ਵੀ ਜਾਣਾ ਪਵੇਗਾ। ਸਾਡੇ ਹੁਕਮ ਅਨੁਸਾਰ ਤੈਨੂੰ ਸਾਰੇ ਤੀਰਥਾਂ ਤੇ ਜਾਣਾ ਪਵੇਗਾ। ਅਸੀਂ ਖਿਜਰ ਖਵਾਜਾ ਦੀ ਵੀ ਪੂਜਾ ਭੇਟਾ ਬੰਦ ਕਰ ਦੇਣੀ ਹੈ। ਅਸਾਂ ਕੁਰਾਨ ਅੰਜੀਲ ਵਿਚੋਂ ਸਤਿਆ ਖਿਚ ਲੈਣੀ ਹੈ। ਸਾਰੀਆਂ ਕਰਾਮਾਤਾਂ ਅਸਾਂ ਦਿਤੀਆਂ ਹੋਈਆਂ ਸਨ ਤੇ ਸਾਡੀ ਮਿਹਰ ਨਾਲ ਤੀਰਥਾਂ ਦੀ ਮਨੌਤ ਹੋ ਰਹੀ ਸੀ। ਅਸਾਂ ਹੁਣ ਪ੍ਰੀ ਪੂਰਨ ਅਵਤਾਰ ਧਾਰਿਆ ਹੈ। ਕਲਜੁਗ ਦੇ ਵਿਚ ਗਊ ਗਰੀਬਾਂ ਦੀ ਪੁਕਾਰ ਸੁਣ ਮਾਤ ਵਿਚ ਆਏ ਹਾਂ । ਅਸੀਂ ਹੁਣ ਪਾਪੀਆਂ ਦਾ ਖੈ ਕਰ ਕੇ ਸਤਿਜੁਗ ਲਾਵਾਂਗੇ। ਸਾਡੇ ਸਿਖਾਂ ਕੋਲ ਜਾ ਕੇ ਅਕਾਸ਼ ਬਾਣੀ ਨਾਲ ਬਚਨ ਲਿਖਣੇ ਹੋਣਗੇ ਤੇ ਸਿਖਾਂ ਨੂੰ ਸਾਡੀ ਸ਼ਰਨ ਲੌਣਾ ਹੋਵੇਗਾ। ਇਹ ਸਾਰਾ ਹੁਕਮ ਬਾਬੇ ਮਨੀ ਸਿੰਘ ਨੂੰ ਦੇ ਕੇ ਹੱਥ ਵਿਚ ਕਲਮ ਫੜਾ ਦਿਤੀ ਓਸ ਵਕਤ ਸੱਚੇ ਪਾਤਸ਼ਾਹ ਦੀ ਉਮਰ ਇਕ ਸਾਲ ਦੀ ਸੀ। ਮੈਂ ਬਲਿਹਾਰ ਹਾਂ ਸੱਚੇ ਪਿਤਾ ਤੋਂ ਤੇ ਉਸ ਦੀ ਖੇਡ ਕਰਨ ਤੋਂ।।
ਸੱਚੇ ਪਾਤਸ਼ਾਹ ਦੀ ਬਾਲ ਲੀਲ੍ਹਾ
ਜਦੋਂ ਪਾਤਸ਼ਾਹ ਢਾਈ ਕੁ ਸਾਲ ਦੇ ਹੋਏ ਹਨ ਤੇ ਕੁਕੜਾਂ ਕਬੂਤਰਾਂ ਦਾ ਬੜਾ ਪ੍ਰੇਮ ਕਰਦੇ ਹਨ। ਜਿਥੇ ਕੁਕੜ ਵੇਖਣਾ ਓਹੋ ਈ ਮੰਗਣਾ ਤੇ ਸਿਖਾਂ ਕੁਛੜ ਚੁੱਕੀ ਫਿਰਨਾ। ਜੋ ਸੱਚੇ ਪਾਤਸ਼ਾਹ ਰਸਨਾ ਵਿਚੋਂ ਬਚਨ ਕੱਢਣਾ ਓਹੋ ਸਿਖਾਂ ਪੂਰਾ ਕਰਨਾ, ਤੇ ਸਿਖਾਂ ਨੇ ਜਿਥੇ ਚੰਗਾ ਕੁਕੜ ਕਬੂਤਰ ਵੇਖਣਾ ਓਹੋ ਲਿਆ
ਕੇ ਦੀਨ ਦਿਆਲ ਨੂੰ ਖੇਡਣ ਵਾਸਤੇ ਦੇਣਾ। ਜਿਸ ਆ ਕੇ ਮੰਗਣਾ ਓਸੇ ਨੂੰ ਸ਼ਹਿਨਸ਼ਾਹ ਫੜਾ ਦੇਣਾ। ਘਵਿੰਡ ਨਗਰ ਵਿਚ ਇਕ ਮਜ਼੍ਹਬੀ ਸਿਖ ਸੀ ਤੇ ਓਹ ਸਾਧਾਂ ਦਾ ਭੇਖ ਧਾਰ ਕੇ ਮੰਗਦਾ ਫਿਰਦਾ ਹੁੰਦਾ ਸੀ। ਜੀਆਂ ਜੰਤ ਵਾਲਾ ਸਾਧ ਸੀ ਤੇ ਓਸ ਸਾਧ ਨੇ ਚਿੱਟਾ ਕੁਕੜ ਰੱਖਿਆ ਹੋਇਆ ਸੀ। ਸੱਚੇ ਪਾਤਸ਼ਾਹ ਗਰੀਬਾਂ ਨੂੰ ਤਾਰਨ ਵਾਲੇ ਖੈਹੜੇ ਪੈ ਗਏ, ਕਿ ਅਸਾਂ ਚਿੱਟਾ ਕੁਕੜ ਜਰੂਰ ਲੈਣਾ ਹੈ। ਬਾਬੇ ਜਵੰਦ ਸਿੰਘ ਜਾ ਕੇ ਮਜ਼੍ਹਬੀ ਸਾਧ ਨੂੰ ਆਖਿਆ ਕਿ ਸਾਧਾ ਏਹ ਕੁਕੜ ਸਾਨੂੰ ਮੁਲ ਦੇ ਦੇ, ਸੱਚੇ ਪਾਤਸ਼ਾਹ ਬਹੁਤ ਖੈਹੜੇ ਪੈਂਦੇ ਹਨ। ਚੂੜਾ ਸਾਧ ਬੋਲਿਆ ਕਿ ਇਹ ਮਹਾਰਾਜ ਅਖਵੌਂਦੇ ਹਨ ਸਾਰੀ ਨਗਰੀ ਸਾਡੀ ਸੋਨੇ ਦੀ ਕਰ ਦੇਣ ਤੇ ਕੁਕੜ ਲੈ ਜਾਣ ਨਹੀਂ ਤੇ ਅਸਾਂ ਮੁਲ ਨਹੀਂ ਦੇਣਾ। ਚੂੜੇ ਫਕੀਰ ਦੀ ਜਿਦ ਜਿਸ ਵੇਲੇ ਸਿਖਾਂ ਨੇ ਸੁਣੀ ਤੇ ਸਾਰੇ ਸਿਖ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਆਏ ਹਨ ਜੀ। ਕੋਰੀਆਂ ਵਾਲਾ ਬੌਹਲ ਸਿੰਘ, ਭੰਗਾਲੀ ਵਾਲਾ ਕਾਨ੍ਹ ਸਿੰਘ, ਲਿਖਾਰਾ ਸਿੰਘ ਕੋਰੀਆਂ ਵਾਲਾ, ਬੁੱਢਾ ਸਿੰਘ ਰਾਮਪੁਰ ਦਾ, ਦੇਵਾ ਸਿੰਘ ਪਠਾਣਿਆਂ ਵਾਲਾ ਸਾਰੇ ਸਿਖ ਘਵਿੰਡ ਆਏ ਹਨ। ਆਣ ਕੇ ਨਿਮਸਕਾਰ ਕੀਤੀ ਪਰਕਰਮਾਂ ਕੀਤੀਆਂ ਹਨ। ਜੋ ਪੁਜਿਆਂ ਪੂਜਾ ਭੇਟਾ ਕੀਤੀ ਹੈ। ਸਾਰੇ ਰਾਜ਼ੀ ਖ਼ੁਸ਼ੀ ਸਿਖਾਂ ਨੂੰ ਪੁਛਦੇ ਹਨ। ਸੱਚੇ ਪਾਤਸ਼ਾਹ ਕੁਕੜਾਂ ਤੇ ਕਬੂਤਰਾਂ ਦੇ ਲਾਲਚ ਲੱਗੇ ਹੋਏ ਹਨ । ਪਾਤਸ਼ਾਹ ਸਿਖਾਂ ਨਾਲ ਬਚਨ ਕਰਦੇ ਹਨ ਕਿ ਚੂੜਾ ਸਾਧ ਸਾਨੂੰ ਕੁਕੜ ਨਹੀਂ ਦੇਂਦਾ। ਬੜਾ ਚਿੱਟਾ ਸੋਹਣਾ ਚਿੱਟਾ ਕੁਕੜ ਹੈ। ਸਿਖ ਬੇਨੰਤੀ ਕਰਦੇ ਹਨ, ਸੱਚੇ ਪਿਤਾ ਦੀਨ ਦਿਆਲ ਅਸੀਂ ਕੁਕੜ ਲੈ ਲਵਾਂਗੇ। ਜੋ ਮੁਲ ਮੂੰਹੋਂ ਮੰਗੂ ਦੇ ਦਿਆਂਗੇ। ਸਾਰੇ ਇਕੱਠੇ ਹੋ ਕੇ ਗਏ ਹਨ ਨਾਲ ਹੋਰ ਵੀ ਨਗਰ ਦੇ ਵਾਸੀ ਵੇਖਣ ਵਾਸਤੇ ਗਏ ਹਨ ਕਿ ਪਾਤਸ਼ਾਹ ਨੂੰ ਚੂੜਾ ਕੁਕੜ ਦੇਂਦਾ ਹੈ ਕਿ ਨਹੀਂ। ਬੌਹਲ ਸਿੰਘ ਦੇ ਮੋਡੇ ਤੇ ਪਾਤਸ਼ਾਹ ਚੜੇ ਹੋਏ ਹਨ, ਚੂੜੇ ਦੇ ਘਰ ਚਲੇ ਹਨ। ਜਾ ਕੇ ਸਿਖ ਆਂਦੇ ਹਨ ਕਿ ਸੰਤ ਜੀ ਜਿੰਨੇ ਪੈਸੇ ਮੰਗੋਗੇ ਦੇ ਦਿਆਂਗੇ ਤੇ ਕੁਕੜ ਪਾਤਸ਼ਾਹ ਨੂੰ ਦੇ ਦਿਓ। ਚੂੜਾ ਸਾਧ ਬੋਲਿਆ ਭਾਈ ਜੀ ਏਹ ਮਹਾਰਾਜ ਸੱਚੇ ਪਾਤਸ਼ਾਹ ਅਖਵੌਂਦੇ ਹਨ, ਸਾਰੀ ਨਗਰੀ ਸੋਨੇ ਦੀ ਕਰ ਦੇਣ ਤੇ ਕੁਕੜ ਲੈ ਜਾਣ। ਸਿਖ ਆਖਦੇ ਹਨ ਸਾਧਾਂ ਕਰਾਮਾਤ ਵੇਖਣੀ ਕਹਿਰ ਦਾ ਨਾਂ ਹੈ ਤੇ ਅਸੀਂ ਪਾਤਸ਼ਾਹ ਨੂੰ ਨਹੀਂ ਆਖ ਸਕਦੇ ਕਰਾਮਾਤ ਵਖਾਓ। ਸਿਖ ਆਖਦੇ ਹਨ ਕਿ ਅਸੀਂ ਤੈਨੂੰ ਕੁਕੜ ਦੇ ਨਾਲ ਮਾਇਆ ਤੋਲ ਕੇ ਦੇ ਦਿਆਂਗੇ ਤੇ ਦੇ ਦਿਓ। ਸਾਧ ਬਿਲਕੁਲ ਨਹੀਂ ਮੰਨਦਾ। ਸਿਖ ਆਂਦੇ ਨੇ ਪੱਕੇ ਮਕਾਨ ਪਵਾ ਲੈ, ਖੂਹਾ ਲਵਾ ਲੈ, ਤੇ ਦੀਨ ਦਿਆਲ ਸਾਡੇ ਨੂੰ ਕੁਕੜ ਦੇ ਦੇ। ਚੂੜਾ ਨਹੀਂ ਮੰਨਦਾ। ਸਿਖ ਆਖਦੇ ਹਨ ਕਿ ਸਾਧਾਂ ਚਾਰ ਵਿਗੇ ਜ਼ਮੀਨ ਲੈ ਲੈ, ਨਹੀਂ ਤੇ ਅਸੀਂ ਇਕ ਸਿਖ ਸਾਰੀ ਉਮਰ ਤੇਰੇ ਨੌਕਰ ਰਹਿੰਦੇ ਹਾਂ ਤੇ ਪਿੰਡਾਂ ਵਿਚੋਂ ਮੰਗ ਕੇ ਤੈਨੂੰ ਖੁਆਵਾਂਗੇ। ਚੂੜਾ ਨਹੀਂ ਮੰਨਿਆ, ਬਿਲਕੁਲ ਨਾ ਕਰੀ ਜਾਂਦਾ ਹੈ। ਜਿਸ ਵੇਲੇ ਨਾ ਕਰੀ ਜਾਂਦਾ ਹੈ ਪ੍ਰੀ ਪੂਰਨ ਪਰਮੇਸ਼ਵਰ ਸੱਚੇ ਪਾਤਸ਼ਾਹ ਆਖਦੇ ਹਨ, ਬਾਬਾ ਚਲੋ ਚਲੀਏ, ਅਸਾਂ ਹੁਣ ਕੁਕੜ ਨਹੀਂ ਲੈਣਾ। ਸੱਚੇ ਪਾਤਸ਼ਾਹ ਜਵਾਬ ਦੇ ਕੇ ਆ ਗਏ ਹਨ ਜੀ । ਸਾਰੇ ਨਗਰ ਵਿਚ ਧੰਨ ਧੰਨ ਹੋ ਰਹੀ ਹੈ ਕਿ ਸੱਚੇ ਪਾਤਸ਼ਾਹ ਤੋਂ ਸਿਖਾਂ ਆਪਣਾ ਆਪ ਵਾਰ ਦਿਤਾ ਹੈ, ਪਰ ਚੂੜੇ ਨੇ ਵੀ ਜਿਦ ਨਹੀਂ ਛੱਡੀ। ਕੋਈ ਦਿਨ ਪਾ ਕੇ ਓਸ ਚੂੜੇ ਦਾ ਸਾਰਾ ਬੰਸ ਬੀਮਾਰੀ ਨਾਲ ਗੁਜਰ ਗਿਆ ਹੈ। ਗਲੀਆਂ ਵਿਚ ਧੱਕੇ ਖਾਂਦਾ ਤੇ ਰੋਂਦਾ ਪਿਟਦਾ ਫਿਰਦਾ ਹੈ। ਫਿਰ ਚੂੜਾ ਕੁਕੜ ਲੈ ਕੇ ਆਪੇ ਸੱਚੇ ਪਾਤਸ਼ਾਹ ਦੇ ਘਰ ਆਇਆ ਹੈ। ਸੱਚੇ ਪਾਤਸ਼ਾਹ ਆਖਿਆ ਸਾਧਾ ਏਥੋਂ ਕੁਕੜ ਚੁੱਕ ਲੈ, ਅਸਾਂ ਕੁਕੜ ਨਹੀਂ ਲੈਣਾ । ਸੱਚੇ ਪਾਤਸ਼ਾਹ ਆਪ ਦੇ ਚਾਚਿਆਂ ਨੂੰ ਇਸ਼ਾਰਾ ਕੀਤਾ ਕਿ ਏਨੂੰ ਝਿੜਕੋ, ਏਥੋਂ ਕੁਕੜ ਲੈ ਜਾਵੇ ਹੋਰ ਵੀ ਲੋਕੀ ਬਚਨ ਕਰਦੇ ਹਨ ਕਿ ਖ਼ਾਨਾ ਖ਼ਰਾਬ ਕਰਾ ਕੇ ਤੇ ਹੁਣ ਕੁਕੜ ਲੈ ਕੇ ਆਇਆ ਹੈ। ਫੇਰ ਬਦੋ ਬਦੀ ਚੂੜਾ ਕੁਕੜ ਵੇਹੜੇ ਵਿਚ ਸੁਟ ਕੇ ਚਲਾ ਗਿਆ ਹੈ। ਜਦੋਂ ਤੇਜਾ ਸਿੰਘ ਸਿਖ ਸ਼ਰਨ ਲੱਗਾ ਹੈ ਉਸ ਦੀ ਉਮਰ ਉਸ ਵਕਤ ੨੫ ਸਾਲ ਦੀ ਸੀ। ਪਾਤਸ਼ਾਹ ਦੀ ਉਮਰ ਓਸ ਵਕਤ ੨੧ ਸਾਲ ਦੀ ਸੀ। ਪਹਿਲੇ ਸਿਖਾਂ ਕੋਲੋਂ ਇਹ ਬਚਨ ਸੁਣੇ ਹਨ, ਤੇ ਸੱਚੇ ਪਾਤਸ਼ਾਹ ਦੀ ਮਹਿੰਮਾ ਲਿਖਾ ਰਿਹਾ ਹਾਂ ਜੀ।।