ਪੁਸਤਕਾਲਾਜਨਮ ਸਾਖੀ

ਭੰਗਾਲੀ ਵਾਲਿਆਂ ਵਲੋਂ ਘੋੜੀ ਦੀ ਸੇਵਾ

ਭੰਗਾਲੀ ਵਾਲਿਆਂ ਸਿਖਾਂ ਦੀ ਘਰ ਦੀ ਵਛੇਰੀ ਪਾਲੀ ਹੋਈ ਸੀ। ਸਿਖਾਂ ਪਾਤਸ਼ਾਹ ਦੇ ਚੜ੍ਹਨ ਵਾਸਤੇ ਸੇਵਾ ਵਿਚ ਦੇ ਦਿਤੀ। ਮਹਾਰਾਜ ਹੋਰੀਂ ਚੜ੍ਹ ਕੇ ਖੇਤ ਗਏ ਹਨ ਤੇ ਜਾ ਕੇ ਖੇਤ ਬੰਨ ਦਿਤੀ ਹੈ। ਡਲ ਦੇ ਜ਼ਿਮੀਂਦਾਰ ਲਾਗੇ ਗਵਾਂਡ ਸਨ। ਓਨ੍ਹਾਂ ਘੋੜੀ ਚੁਰਾ ਲਈ, ਤੇ ਚੋਰਾਂ ਨੇ ਘੋੜੀ ਅਗਾਂਹ ਘੱਲ ਦਿਤੀ। ਕੋਈ ਦਿਨ ਪਾ ਕੇ ਬਾਬਾ ਮਨੀ ਸਿੰਘ ਸਿਖਾਂ ਦੇ ਘਰ ਭੰਗਾਲੀ ਪਿੰਡ ਲਿਖਾਈ ਕਰ ਰਹੇ ਹਨ ਜੀ। ਓਸ ਪਿੰਡ ਵਿਚ ਇਕ ਬੀਬੀ ਦਾ ਵਿਆਹ ਹੈ। ਤੇ ਪਾਤਸ਼ਾਹ ਦੀ ਘੋੜੀ ਜੰਝ ਨਾਲ ਜਾਞੀ ਲਿਆਂਦੇ ਹਨ, ਜੇਹੜੀ ਚੁਰਾਈ ਗਈ ਸੀ। ਓਹ ਘੋੜੀ ਨੀਗਰ ਦੇ ਹੇਠਾਂ ਸੀ। ਜਿਨ੍ਹਾਂ ਸਿਖਾਂ ਭੰਗਾਲੀ ਵਾਲਿਆ ਘੋੜੀ ਦਿਤੀ ਸੀ, ਓਨ੍ਹਾਂ ਸਿਆਣ ਲਈ ਤੇ ਪਿੰਡ ਦੇ ਲੋਕਾਂ ਨੇ ਵੀ ਸਿਆਣ ਲਈ। ਸਾਰਿਆਂ ਆਖਿਆਂ ਏਹ ਪਾਤਸ਼ਾਹ ਵਾਲੀ ਘੋੜੀ ਹੈ ਜੇਹੜੀ ਚੋਰੀ ਹੋ ਗਈ ਸੀ। ਕਾਹਨ ਸਿੰਘ ਦਾ ਪੁੱਤਰ ਦੇਵਾ ਸਿੰਘ ਸੀ। ਓਨ ਜਾ ਕੇ ਘੋੜੀ ਨੂੰ ਵਾਗੋਂ ਫੜ ਲਿਆ। ਸੰਤ ਮਨੀ ਸਿੰਘ ਬਚਨ ਕਰਦੇ ਹਨ। ਏਹ ਨੀਗਰ ਦੇ ਥੱਲੇ ਘੋੜੀ ਹੈ ਫੜੋ ਨਾ। ਨੀਗਰ ਜੇਹੜਾ ਹੁੰਦਾ ਪਰਮੇਸ਼ਵਰ ਦਾ ਰੂਪ ਹੁੰਦਾ ਹੈ। ਫੇਰ ਸਿਖ

ਜਾ ਕੇ ਆਖਦੇ ਹਨ ਕਿ ਸਰਦਾਰ ਜੀ ਘੋੜੀ ਪਿੰਡੋਂ ਜਾ ਘਲਾ ਦਿਉ ਜੇ। ਸੰਤ ਮਨੀ ਸਿੰਘ ਨੂੰ ਪਰਮੇਸ਼ਵਰ ਦੀ ਸਾਰ ਸੀ। ਓਨ੍ਹਾਂ ਵਕਤ ਪਰਮੇਸ਼ਵਰ ਦਾ ਰੂਪ ਜਾਣ ਕੇ ਘੋੜੀ ਨੀਗਰ ਦੇ ਥੱਲਿਉਂ ਨਹੀਂ ਕਢਾਈ। ਘੋੜੀ ਚਰੌਣ ਵਾਲਿਆ ਨਹੀਂ ਜਾਣਿਆ, ਕਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਹੈ। ਜਾਞੀਆਂ ਵੀ ਕਰਾਰ ਕਰਕੇ ਫੇਰ ਘੋੜੀ ਨਹੀਂ ਘਲੀ । ਸੱਚੇ ਪਿਤਾ ਨੂੰ ਕਿਸੇ ਗਲ ਦਾ ਘਾਟਾ ਨਹੀਂ ਸੀ। ਸਾਰੇ ਸੰਸਾਰ ਨੂੰ ਦੇ ਰਹੇ ਹਨ ਜੀ। ਭੰਗਾਲੀ ਵਾਲੇ ਸਿਖ ਗੁਰਮੁਖ ਸਿੰਘ ਹੋਰਾਂ ਬੱਗੀ ਘੋੜੀ ਬਹੁਤ ਸੋਹਣੀ ਘਲ ਦਿਤੀ। ਓਦੋਂ ਸੱਚੇ ਪਿਤਾ ੧੫-੧੬ ਸਾਲ ਦੇ ਹਨ ਜੀ।।

ਪਠਾਣਕੇ ਵਾਲੇ ਦੇਵਾ ਸਿੰਘ ਦੀ ਸਾਖੀ

ਸੱਚੇ ਪਾਤਸ਼ਾਹ ਦੇ ਸਿਖ ਮਸਤਾਨੇ ਵੀ ਹੁੰਦੇ ਸਨ ਜੀ। ਪਠਾਣਕੇ ਪਿੰਡ ਘਵਿੰਡੋਂ ਤਿੰਨ ਮੀਲ ਹੈ । ਓਥੋਂ ਦਾ ਨੰਬਰਦਾਰ ਇਕ ਦੇਵਾ ਸਿੰਘ ਸਿਖ ਸੀ ਜੀ। ਬਾਬਾ ਮਨੀ ਸਿੰਘ ਪਠਾਣਕੀ ਲਿਖਾਈ ਕਰ ਰਹੇ ਹਨ ਜੀ। ਦੇਵਾ ਸਿੰਘ ਦਾ ਪੁੱਤਰ ਮਸਤ ਰਹਿੰਦਾ ਸੀ। ਦੇਵਾ ਸਿੰਘ ਬਚਨ ਕੀਤਾ ਕਿ ਪਾਤਸ਼ਾਹ ਮੇਰੇ ਪੁਤਰ ਨੂੰ ਮਸਤ ਕੀਤਾ, ਮੈਂ ਤਾਂ ਜਾਣਦਾ ਸੱਚੇ ਪਾਤਸ਼ਾਹ ਨੂੰ ਜੇ ਮੈਨੂੰ ਮਸਤ ਕਰਨ ਤਾਂ। ਸੱਚੇ ਪਾਤਸ਼ਾਹ ਓਸ ਦੇ ਪੁੱਤਰ ਨੂੰ ਛੱਡ ਦਿਤਾ ਤੇ ਦੇਵਾ ਸਿੰਘ ਨੰਬਰਦਾਰ ਨੂੰ ਪਕੜ ਲਿਆ। ਐਸਾ ਮਸਤਾਨਾ ਹੋਇਆ ਕਿ ਕੋਈ ਸਰੀਰ ਦੀ ਸੁਰਤ ਨਹੀਂ ਰਹੀ। ਕਰਾਮਾਤ ਪਾਤਸ਼ਾਹ ਦੀ ਵੇਂਹਦਾ ਵੇਂਹਦਾ ਆਪ ਦੀ ਸੁਧ ਬੁਧ ਭੁਲਾ ਬੈਠਾ । ਜੋ ਖਾਣਾ ਪੀਣਾ ਸੀ ਸਭ ਓਹਨੂੰ ਭਿਟੜ ਨਜ਼ਰ ਔਂਦਾ ਹੈ। ਜੋ ਖੂਹਾਂ ਦੇ ਜਲ ਹਨ ਓਹ ਵੀ ਓਹਨੂੰ ਭਿਟੜ ਨਜ਼ਰ ਔਂਦੇ ਹਨ ਜੀ। ਦੋ ਮੀਲ ਪਠਾਣਕਿਆਂ ਤੋਂ ਨਹਿਰ ਸੀ ਤੇ ਦੋਵੇਂ ਟੈਮ ਨਹਿਰ ਤੋਂ ਜਲ ਲਿਆ ਕੇ ਪੀਂਦਾ ਸੀ। ਜੇ ਨੂੰਹ ਪੁਤ ਪਰਸ਼ਾਦਾ ਦੇਂਦੇ ਹਨ ਤੇ ਓਹ ਵੀ ਉਸਨੂੰ ਭਿਟੜ ਜਾਪਦਾ ਹੈ। ਆਪਣੀ ਹੱਥੀਂ ਪਰਸ਼ਾਦਾ ਪਕਾ ਕੇ ਛਕਦਾ। ਠਾਣੇਦਾਰਾਂ ਤੇ ਤਸੀਲਦਾਰਾਂ ਨੂੰ ਜਾ ਕੇ ਕਚੈਹਰੀ ਵਿਚ ਗਾਲਾਂ ਕੱਡੇ। ਕਮਲਾ ਕਮਲਾ ਕਰਕੇ ਲੋਕੀਂ ਗਾਲਾਂ ਕੱਢਣ। ਦਿਨੇ ਮਸਾਲ ਜਗਾ ਕੇ ਲਹੌਰ ਅਦਾਲਤਾਂ ਵਿਚ ਲਈ ਫਿਰੇ। ਲਹੌਰ ਸ਼ਹਿਰ ਵਿਚ ਤੇ ਅਦਾਲਤਾਂ ਵਿਚ ਸੱਚੇ ਪਾਤਸ਼ਾਹ ਦੇ ਨਾਂ ਦੀ ਦੁਹਾਈ ਦੇਂਦਾ ਫਿਰੇ, ਕਿ ਸੱਚੇ ਪਿਤਾ ਅਵਤਾਰ ਧਾਰਿਆ ਹੈ। ਅਦਾਲਤਾਂ ਵਿਚ ਜਾ ਕੇ, ਮੜੀਆਂ ਬਣਾ ਕੇ ਲਕੜੀਆਂ ਕੱਠੀਆਂ ਕਰਕੇ ਤੇ ਅੱਗ ਲਾ ਕੇ ਤੇ ਰਾਜਿਆਂ ਦਾ ਨਾਂ ਲੈ ਕੇ ਸਿਆਪਾ ਕਰਦਾ ਤੇ ਬਚਨ ਕਰਦਾ, ਜੋ ਕਲਜੁਗ ਦੇ ਰਾਜੇ ਨੇ ਸਾਰੇ ਮਾਰੇ ਜਾਣਗੇ। ਪਾਤਸ਼ਾਹ ਦਾ ਹੋਕਾ ਦੇਂਦਾ ਸੀ। ਲੋਕ ਏਸ ਰਾਜ਼ ਨੂੰ ਨਹੀਂ ਸੀ ਸਮਝਦੇ। ਕਮਲਾ ਕਮਲਾ ਆਂਦੇ ਸੀ ਤੇ ਇੱਟਾਂ ਢੀਮਾਂ ਮਾਰਦੇ ਸੀ। ਰਾਤ ਦਿਨ ਪਾਤਸ਼ਾਹ ਦਾ ਨਾਮ ਬੜਾ ਜਪਦਾ ਸੀ। ਦੋਹੀਂ ਹੱਥੀਂ ਸਿਮਰਨੇ ਫੇਰਦਾ ਸੀ। ਸੰਤ ਮਨੀ ਸਿੰਘ ਨੇ ਬੁਲੌਣਾ, ਦੇਵਾ ਸਿੰਘ ਕੀ ਹਾਲ ਹੈ। ਅਗੋਂ ਬਚਨ ਕਰਨਾ ਗੁਰੂ ਜੀ ਤੁਸੀਂ ਵੀ ਭਿਟੜ ਹੋ ਗਏ ਜੇ। ਆਖੇ ਪਾਤਸ਼ਾਹ ਵੀ ਭਿਟੜ ਹੋ ਗਏ ਨੇ ਸੰਸਾਰੀ ਲੋਕਾਂ ਨਾਲ ਵਰਤ ਕੇ। ਜੇ ਕਿਸੇ ਸਿਖ ਨੇ ਪ੍ਰੇਮ ਨਾਲ ਕਵੌਣਾ ਤੇ ਅਗੋਂ ਆਖਣਾ, ਸਿਖੋ ਤੁਸੀਂ ਵੀ ਭਿਟੜ ਹੋ ਗਏ ਜੇ ਲੋਕਾਂ ਨਾਲ ਵਰਤ ਕੇ। ਕਰਾਮਾਤ ਲੈਂਦਾ ਲੈਂਦਾ ਆਪ ਦੀ ਸੁਰਤ ਵੀ ਗੁਵਾ ਬੈਠਾ। ਐਸਾ ਮਸਤਾਨਾ ਹੋਇਆ ਕਿ ਜੋ ਚੀਜ ਹੈ ਸਭ ਭਿਟੜ ਤੇ ਜੂਠੀ ਦਿਸ ਰਹੀ ਹੈ।।

ਮਾਈ ਗੁਲਾਬੀ ਤੇ ਉਸ ਦੇ ਪਰਵਾਰ ਦੀ ਸਾਖੀ

ਸੰਤਨੀ (ਮਾਈ ਗੁਲਾਬੀ) ਦਾ ਸੱਚੇ ਪਿਤਾ ਦੇ ਚਰਨਾਂ ਵਿਚ ਬੜਾ ਪ੍ਰੇਮ ਰਹਿੰਦਾ ਸੀ। ਮਾਇਆ ਵੀ ਸੰਤਨੀ ਕੋਲ ਬਹੁਤ ਸੀ। ਮਾਇਆ ਕਰ ਕੇ ਮਨ ਭੌਂਦੀ ਸੇਵਾ ਪਾਤਸ਼ਾਹ ਤੇ ਸਿਖਾਂ ਦੀ ਕਰਦੀ ਸੀ। ਸੰਤ ਮਨੀ ਸਿੰਘ ਵੀ ਲਿਖਾਈ ਬਹੁਤੀ ਰਾਮਪੁਰੇ ਸੰਤਨੀ ਕੋਲ ਕਰਦੇ ਸਨ। ਮਾਈ ਸੰਤਨੀ ਦੇ ਦੋ ਪੁੱਤਰ ਸਨ । ਇਕ ਦਾ ਨਾਮ ਬੁਧ ਦਾਸ ਤੇ ਇਕ ਦਾ ਨਾਮ ਸੁਧ ਦਾਸ। ਓਹ ਗੈਰਤ ਕਰਨ ਲਗ ਪਏ ਕਿ ਸਾਰਾ ਪੈਸਾ ਸੰਤ ਨੂੰ ਖੁਵਾਈ ਜਾਂਦੀ ਹੈ। ਸੰਤਨੀ ਦਾ ਮਾਲਕ ਪ੍ਰਾਗਦਾਸ ਸਾਧੂ ਹੁੰਦਾ ਸੀ। ਓਹ

ਗੁਜਰ ਗਿਆ ਸੀ। ਉਸ ਦੇ ਪੁੱਤਰ ਐਸੇ ਪਾਪੀ ਸਨ ਕਿ ਓਨਾਂ ਗਲ ਘੁਟ ਕੇ ਮਾਈ ਗੁਲਾਬੀ ਨੂੰ ਮਾਰ ਦਿਤਾ। ਜਿਸ ਮਾਇਆ ਤੋਂ ਲੜ ਕੇ ਓਨ੍ਹਾਂ ਆਪ ਦੀ ਮਾਤਾ ਨੂੰ ਮਾਰਿਆਂ ਸੀ ਓਸੇ ਮਾਇਆ ਨੇ ਫੇਰ ਡੰਗ ਮਾਰੇ। ਸੁਧ ਦਾਸ ਨੂੰ ਬੁਧ ਦਾਸ ਨੇ ਮਾਰ ਦਿਤਾ। ਬੁਧ ਦਾਸ ਨੂੰ ਅਦਾਲਤ ਨੇ ਫਾਹੇ ਲਾ ਦਿਤਾ। ਓਹੋ ਮਾਇਆ ਭਰਾਵਾਂ ਨੂੰ ਸੱਪ ਵਾਗੂੰ ਲੜ ਗਈ ਹੈ। ਜੇਹੜੀਆਂ ਓਨ੍ਹਾਂ ਦੀ ਘਰੀਂ ਸਾਧਨੀਆਂ ਸਨ, ਓਹ ਜ਼ਿਮੀਂਦਾਰਾਂ ਦੇ ਘਰੀਂ ਜਾ ਬੈਠੀਆਂ ਹਨ। ਓਸ ਗੁਰਦਵਾਰੇ ਵਿਚ ਸੰਤਨੀ ਦੇ ਮਾਰਨ ਦਾ ਪਾਪ ਕਰਕੇ ਉਜਾੜ ਹੋ ਗਈ। ਸੰਗਤਾਂ ਦਾ ਪ੍ਰੇਮ ਕਰ ਕੇ ਏਹ ਮਹਿੰਮਾ ਸੱਚੇ ਪਿਤਾ ਦੀ ਲਿਖੀ ਜਾ ਰਹੀ ਹੈ। ਪਾਤਸ਼ਾਹ ਤੇ ਸੰਗਤ ਦੀ ਮਿਹਰ ਨਾਲ।

ਰਾਮਪੁਰੇ ਦੇ ਬੁਢਾ ਸਿੰਘ ਸਿਖ ਦਾ ਪ੍ਰੇਮ ਤੇ ਦੇਹ ਛੱਡਣਾ

ਰਾਮਪੁਰੇ ਦਾ ਬੁੱਢਾ ਜ਼ਿਮੀਦਾਰ ਸੀ। ਬੋਲੀ ਵਿਚ ਬੜਾ ਹਸੀਲਾ ਰਸੀਲਾ ਸੀ। ਘਰ ਵਿਚ ਬੜੀ ਗਰੀਬੀ ਸੀ। ਮਨ ਭੌਂਦੀ ਸੇਵਾ ਨਹੀਂ ਸੀ ਕਰ ਸਕਦਾ। ਸੱਚੇ ਪਾਤਸ਼ਾਹ ਰਾਮ ਪੁਰੇ ਬੁੱਢਾ ਸਿੰਘ ਦੇ ਘਰ ਚਲੇ ਗਏ ਹਨ। ਕੱਤੇ ਦਾ ਮਹੀਨਾ ਸੀ। ਪੈਲੀ ਉਸ ਦੀ ਵਤ ਆਈ ਸੀ। ਕਿਸੇ ਕੋਲੋਂ ਉਧਾਰਾ ਪੈਲੀ ਵਿਚ ਬੀਅ ਪੌਣ ਵਾਸਤੇ ਕਣਕ ਦਾ ਆਂਦਾ ਹੈ। ਗਲੀ ਵਿਚ ਬੀਅ ਚੁਕ ਕੇ ਤੁਰਿਆਂ ਜਾਂਦਾ ਹੈ ਅਗੇ ਪਾਤਸ਼ਾਹ ਸਿਖਾਂ ਸਮੇਤ ਮਿਲ ਪਏ ਹਨ ਜੀ। ਬੀਅ ਗਲੀ ਵਿਚ ਰੱਖ ਕੇ ਸੱਚੇ ਪਿਤਾ ਦੀ ਚਰਨੀ ਢੈਹ ਕੇ ਪੈ ਗਿਆ ਹੈ। ਸਾਰੇ ਸਿਖਾਂ ਦਾ ਧੰਨਵਾਦ ਕੀਤਾ ਹੈ। ਦਰਸ਼ਨ ਕਰਕੇ ਐਨਾ ਖ਼ੁਸ਼ ਹੈ ਕਿ ਧੰਨ ਦਿਹਾੜਾ ਅੱਜ ਹੈ ਸੱਚੇ ਪਿਤਾ ਦੇ ਦਰਸ਼ਨ ਹੋਏ ਹਨ ਜੀ। ਗਰੀਬ ਦੀ ਗ਼ਮੀ ਚਿੰਤਾ ਸਾਰੀ ਉਡ ਗਈ ਹੈ। ਜਿਸ ਤਰ੍ਹਾਂ ਸੌਣ ਦੇ ਮਹੀਨੇ ਘਟਾਂ ਵੇਖ ਕੇ ਮੋਰ ਖ਼ੁਸ਼ ਹੁੰਦਾ ਹੈ ਤੇ ਚੰਦਰਮਾ ਨੂੰ ਵੇਖ ਕੇ ਚਕੋਰ ਖ਼ੁਸ਼ ਹੁੰਦਾ ਹੈ ਏਸ ਤਰ੍ਹਾਂ ਮੇਰੇ ਅੰਤਰਜਾਮੀ ਦੀਨ ਦਿਆਲ ਦੇ ਦਰਸ਼ਨ ਕਰ ਕੇ ਸਿਖ ਖ਼ੁਸ਼ ਹੋਇਆ ਹੈ। ਅੱਗੇ ਅੱਗੇ ਲਗ ਕੇ ਸੰਗਤਾਂ ਸਮੇਤ ਪਾਤਸ਼ਾਹ ਨੂੰ ਘਰ ਲੈ ਗਿਆ ਹੈ ਤੇ ਪਲੰਘ ਡਾਹ ਕੇ ਪਾਤਸ਼ਾਹ ਨੂੰ ਉਤੇ ਬਿਠਾ ਦਿਤਾ ਹੈ। ਸਿਖਾਂ ਦਾ ਬੜਾ ਆਦਰ ਮਾਨ ਕੀਤਾ ਗਿਆ, ਮਹਾਰਾਜ ਹੋਰਾਂ ਨੂੰ ਤੇ ਸੰਗਤਾਂ ਨੂੰ ਘਰ ਬਹਾ ਕੇ ਓਹੋ ਬੀਅ ਵਾਲੀ ਕਣਕ ਦੀ ਪੰਡ ਲੈ ਕੇ ਹੱਟੀ ਚਲਾ ਗਿਆ ਹੈ। ਰਸਤ ਲਿਆ ਕੇ ਪਾਤਸ਼ਾਹ ਦਾ ਭੋਜਨ ਤਿਆਰ ਕੀਤਾ ਹੈ । ਬੜੀ ਖ਼ੁਸ਼ੀ ਵਿਚ ਸ਼ਬਦ ਪੜ੍ਹਦਾ ਹੈ ਕਿ ਅੱਜ ਕੀੜੀ ਦੇ ਘਰ ਨਰੈਣ ਆਏ ਹਨ ਜੀ। ਓਸ ਵਕਤ ਸਿਖ ਦੇ ਪ੍ਰੇਮ ਦੀ ਉਸਤਤ ਨਹੀਂ ਕੀਤੀ ਜਾਂਦੀ, ਐਨੀਆਂ ਖ਼ੁਸ਼ੀਆਂ ਚੜ੍ਹੀਆਂ ਹਨ ਜੀ। ਜੇਹੜੀ ਸਿਖ ਦੇ ਘਰੋਂ ਸਿਖਣੀ ਸੀ ਓਹ ਓਸ ਵਕਤ ਸੜ ਬਲ ਕੇ ਕੋਲਾ ਹੋ ਗਈ ਹੈ ਜੀ। ਨਾਲੇ ਅੰਨ ਪਾਣੀ ਕਰਦੀ ਫਿਰਦੀ ਹੈ ਨਾਲੇ ਸੜੂੰ ਬਲੂੰ ਕਰਦੀ ਹੈ ਜੀ। ਜੇਹੜਾ ਕੰਮ ਸਿਖ ਦੱਸਦਾ ਹੈ ਓਹ ਮੰਨਦੀ ਨਹੀਂ ਜੀ। ਏਸ ਤਰ੍ਹਾਂ ਕਰਦੀ ਨੇ ਪਾਤਸ਼ਾਹ ਦਾ ਪਰਸ਼ਾਦ ਤਿਆਰ ਕੀਤਾ ਹੈ ਜੀ। ਸਿਖ ਨੇ ਆਣ ਕੇ ਨਿਗਾਹ ਕੀਤੀ। ਪਰਸ਼ਾਦ ਪ੍ਰੇਮ ਨਾਲ ਨਹੀਂ ਹੋਇਆ। ਹੌਲੀ ਜਹੀ ਆਂਦਾ, ਭਲੀਏ ਲੋਕੇ, ਤੂੰ ਅੰਨ ਪਾਣੀ ਪ੍ਰੇਮ ਨਾਲ ਨਹੀਂ ਕੀਤਾ ਦਾਲ ਬਹੁਤ ਪਤਲੀ ਹੈ। ਓਹ ਆਂਦੀ ਹੈ ਮੇਰੇ ਸਿਰ ਵਿਚ ਪਾਂਦੇ, ਦਾਲ ਪਤਲੀ ਆ। ਸਿਖ ਨੇ ਓਸ ਵਕਤ ਸਤਿ ਬਚਨ ਮੰਨ ਕੇ ਦਾਲ ਸਿਰ ਵਿਚ ਤੱਤੀ ਤੱਤੀ ਪਾ ਦਿਤੀ ਹੈ। ਓਹ ਓਸੇ ਵਕਤ ਪਿਟਣ ਤੇ ਰੋਣ ਲਗ ਪਈ ਹੈ ਜੀ। ਸਿਖ ਆਖਣ ਲੱਗੇ ਬੁੱਢਾ ਸਿੰਘ ਬੜਾ ਮਾੜਾ ਕੀਤਾ ਹੈ। ਬੇਬੇ ਨੂੰ ਸਾੜ ਦਿਤਾ ਹੈ। ਓਹ ਆਂਦਾ ਹੈ, ਸੱਚੇ ਪਾਤਸ਼ਾਹ ਅਸਾਂ ਸਤਿ ਬਚਨ ਮੰਨਣਾ ਹੈ। ਮੈਂ ਆਖਿਆ ਸੀ ਦਾਲ ਪਤਲੀ ਹੈ ਤੇ ਏਨ ਆਖਿਆ ਮੇਰੇ ਸਿਰ ਵਿਚ ਪਾ ਦੇ ਅਸਾਂ ਪਾ ਦਿਤੀ। ਓਸ ਵਕਤ ਹੋਰ ਭਾਜੀਆਂ ਤਿਆਰ ਓਨ੍ਹਾਂ ਕਰਕੇ ਨਾਲ ਪਾਤਸ਼ਾਹ ਨੂੰ ਪਰਸ਼ਾਦ ਛਕਾਇਆ ਗਿਆ ਹੈ ਜੀ। ਪਰਸ਼ਾਦ ਛਕਾ ਕੇ ਪੁਜ ਆਈ ਮਾਇਆ ਦੀ ਸੇਵਾ ਕੀਤੀ ਹੈ। ਨਾਲੇ ਪਾਤਸ਼ਾਹ ਦੀਆਂ ਪਰਕਰਮਾਂ ਕਰਦਾ ਹੈ, ਨਾਲੇ ਧੰਨ ਧੰਨ ਕਰਦਾ ਹੈ। ਸਿਖ ਆਂਦੇ ਹਨ, ਬੁੱਢਾ ਸਿੰਘ ਪੈਲੀ ਨਾ ਸੁੱਕ ਜਾਂਦੀ

ਹੋਵੇ। ਹੱਥ ਜੋੜ ਕੇ ਬੇਨੰਤੀ ਕਰਦਾ ਹੈ ਕਿ ਮੈਂ ਤਾਂ ਜੁਗਾ ਜੁਗੰਤਰ ਅੱਜ ਦੀ ਪੈਲੀ ਬੀਜੀ ਹੋਈ ਖਾਣੀ ਹੈ। ਆਂਦਾ ਹੈ ਸਿਖੋ ਏਹ ਵੱਤ ਤਾਂ ਅੱਗੇ ਮੈਨੂੰ ਸਾਰੀ ਜਿੰਦਗੀ ਵਿਚ ਨਹੀਂ ਲੱਭਾ, ਜੇਹੜਾ ਅੱਜ ਦਿਹਾੜਾ ਹੈ, ਧੰਨ ਹੈ। ਸੱਚੇ ਪਿਤਾ ਅੰਤਰਜਾਮੀ ਦਿਲ ਦੀਆਂ ਜਾਨਣ ਵਾਲੇ ਦੇ ਤੇ ਪਵਿੱਤਰ ਉਚੀ ਸੁੱਚੀ ਸੰਗਤ ਦੇ ਦਰਸ਼ਨ ਹੋਏ ਹਨ ਜੀ। ਸੱਚੇ ਪਾਤਸ਼ਾਹ ਫੇਰ ਪਰਸ਼ਾਦ ਵਰਤਾ ਕੇ ਸਿਖ ਨੂੰ ਦੇ ਕੇ ਆ ਜਾਂਦੇ ਹਨ। ਸੱਚੇ ਪਾਤਸ਼ਾਹ ਨੂੰ ਤੋਰਨ ਆਇਆ ਹੈ ਤੇ ਪਿਛਾਂਹ ਮੁੜਨ ਨੂੰ ਦਿਲ ਨਹੀਂ ਕੀਤਾ। ਤਿੰਨ ਮੀਲ ਪੈਂਡਾ ਘਵਿੰਡ ਤਕ ਨਾਲ ਹੀ ਆ ਗਿਆ ਹੈ। ਘਵਿੰਡ ਖ਼ੁਸ਼ੀ ਲੈ ਕੇ ਰਾਮ ਪੁਰੇ ਗਿਆ ਹੈ।

ਕੋਈ ਦਿਨ ਪਾ ਕੇ ਬੁੱਢਾ ਸਿੰਘ ਦਾ ਪੁੱਤਰ ਬਿਮਾਰ ਹੋ ਜਾਂਦਾ ਹੈ। ਐਸਾ ਬਿਮਾਰ ਹੈ ਕਿ ਸਰੀਰ ਦਾ ਕੋਈ ਪਤਾ ਨਹੀਂ, ਘੜੀ ਹੈ ਕਿ ਪਲ ਹੈ। ਨਗਰ ਦੇ ਲੋਕ ਬੜੇ ਵੇਖਣ ਵਾਲੇ ਆਂਦੇ ਹਨ ਕਿ ਬੁੱਢਾ ਸਿੰਘ ਦਾ ਪੁੱਤ ਬਹੁਤ ਔਖਾ ਹੈ। ਅੰਗ ਸਾਕ ਵੀ ਬੀਮਾਰ ਸੁਣਕੇ ਆਏ ਹਨ। ਬੁੱਢਾ ਸਿੰਘ ਬਚਨ ਕਰਦਾ ਹੈ ਕਿ ਪਾਤਸ਼ਾਹ ਦਾ ਭਾਣਾ ਕੋਈ ਮੇਟ ਨਹੀਂ ਸਕਦਾ, ਜੋ ਹੋਣਾ ਹੈ ਹੋ ਕੇ ਰਹਿਣਾ ਹੈ। ਓਸ ਵਕਤ ਬੁੱਢਾ ਸਿੰਘ ਦੀ ਜਨਾਨੀ ਮੇਹਣੇ ਮਾਰਦੀ ਹੈ ਕਿ ਅੱਜ ਮੈਂ ਤੇਰਾ ਮਹਾਰਾਜ ਵੇਖ ਲਵਾਂਗੀ, ਜੇ ਮੇਰੇ ਪੁੱਤ ਨੂੰ ਬਚਾਵੇਗਾ। ਅੱਗੋਂ ਬੁੱਢਾ ਸਿੰਘ ਆਂਦਾ ਹੈ ਮਾੜਿਆਂ ਭਾਗਾਂ ਵਾਲੀਏ ਮੇਰੇ ਤੇ ਪ੍ਰੀ ਪੂਰਨ ਸੋਲਾਂ ਕਲਾ ਸੰਪੂਰਨ ਤ੍ਰਿਲੋਕੀ ਨਾਥ ਸੱਚੇ ਪਿਤਾ ਹਨ। ਤੂੰ ਜੇਹੜਾ ਬੋਲ ਕੱਢਿਆ ਹੈ ਮੈਥੋਂ ਸਹਾਰਾ ਨਹੀਂ ਜਾਂਦਾ। ਸੰਸਾਰ ਤੇ ਜੰਮਣ ਮਰਨ ਤਾਂ ਜਰੂਰ ਬਣਿਆ ਹੈ ਮੈਂ ਕਿਸ ਤਰ੍ਹਾਂ ਸੱਚੇ ਪਿਤਾ ਨੂੰ ਆਖਾਂ ਏਸ ਭਾਣੇ ਨੂੰ ਡੱਕ ਦਿਓ। ਓਸ ਵਕਤ ਸਿਖਣੀ ਨੇ ਹੋਰ ਵੀ ਦੋ ਚਾਰ ਬਚਨ ਕਠੋਰ ਬੋਲੇ ਹਨ। ਓਸ ਵੇਲੇ ਕਰੋਧ ਨਾਲ ਸਿਖ ਉਠ ਕੇ ਘੜੇ ਵਿਚੋਂ ਜਲ ਲੈ ਕੇ ਅਸ਼ਨਾਨ ਕਰਨ ਲਗ ਪਿਆ ਹੈ। ਅਸ਼ਨਾਨ ਕਰਕੇ ਚਾਦਰ ਤਾਣਕੇ ਲੰਮਾ ਪੈ ਗਿਆ ਹੈ ਤੇ ਬਚਨ ਕਰਦਾ ਹੈ ਕਿ ਨਿਭਾਗੀਏ ਤੂੰ ਮੇਹਣੇ ਨਾ ਮਾਰ। ਪਾਤਸ਼ਾਹ ਅੱਗੇ ਬੇਨੰਤੀ ਕਰਕੇ ਮੈਂ ਸਰੀਰ ਛਡ ਦੇਂਦਾ ਹਾਂ ਤੇ ਤੇਰਾ ਪੁਤ ਰਾਜੀ ਹੋ ਜਾਵੇਗਾ। ਕਲਜੁਗ ਦੇ ਜੀ ਮਾੜਿਆਂ ਭਾਗਾਂ ਵਾਲੇ ਹੱਥਾਂ ਤੇ ਸਰੋਂ ਜੰਮੌਦੇ ਨੇ। ਸੱਚੇ ਪਿਤਾ ਬੁਢਾ ਸਿੰਘ ਸਿਖ ਦੀ ਬੇਨੰਤੀ ਪਰਵਾਨ ਕਰ ਲਈ। ਬੁਢਾ ਸਿੰਘ ਦਾ ਸਰੀਰ ਛੁਟ ਗਿਆ ਉਸ ਦਾ ਪੁੱਤਰ ਰਾਜੀ ਹੋ ਗਿਆ। ਸਿਖ ਕੋਲੋਂ ਪਾਤਸ਼ਾਹ ਨੂੰ ਮੇਹਣੇ ਵੱਜਦੇ ਸਹਾਰੇ ਨਹੀਂ ਗਏ ਤੇ ਸਰੀਰ ਛੱਡ ਦਿਤਾ ਹੈ। ਫੇਰ ਘਰ ਦਿਆਂ ਤੇ ਹੋਰ ਲੋਕਾਂ ਰਲ ਕੇ ਸਸਕਾਰ ਕਰ ਦਿਤਾ ਗਿਆ ਹੈ ਜੀ। ਸੱਚੇ ਪਾਤਸ਼ਾਹ ਦੇ ਸਿਖ ਹੋ ਕੇ ਕੋਈ ਖੋਟਾ ਬਚਨ ਨਹੀਂ ਕੱਢਣਾ ਚਾਹੀਦਾ। ਹਰ ਵਕਤ ਸੱਚੇ ਪਿਤਾ ਦੀਨ ਦਿਆਲ ਕੋਲੋਂ ਮਿਹਰ ਮੰਗਣ ਦੀ ਲੋੜ ਹੈ ਜੀ।।

ਸੱਚੇ ਪਾਤਸ਼ਾਹ ਦੀ ਭੈਣ ਬੇਬੇ ਠਾਕਰੀ

ਅੱਗੇ ਸਾਖੀ ਹੋਰ ਚਲੀ ਹੈ। ਸੱਚੇ ਪਿਤਾ ਦਿਆਲੂ ਕਿਰਪਾਲੂ ਦੀ ਵੱਡੀ ਭੈਣ ਠਾਕਰੀ ਸੀ। ਓਹ ਗਾਗੇ ਪਿੰਡ ਵਿਆਹੀ ਹੋਈ ਸੀ। ਪ੍ਰੇਮ ਪਾਤਸ਼ਾਹ ਦਾ ਬਹੁਤ ਕਰਦੀ ਸੀ ਪਰ ਫੇਰ ਵੀ ਘਰ ਵਿਚ ਅਵਤਾਰ ਦੀ ਸਾਰ ਨਹੀਂ ਪਾਈ ਜਾਂਦੀ ਜੀ। ਉਸ ਦੇ ਘਰ ਪੁੱਤਰ ਸੀ ਦੋ ਢਾਈ ਸਾਲ ਦਾ। ਉਸ ਨੂੰ ਲੈ ਕੇ ਆਪਣੇ ਪੇਕੇ ਘਵਿੰਡ ਪਿੰਡ ਆਈ ਹੋਈ ਹੈ ਪਾਤਸ਼ਾਹ ਕੋਲ। ਉਸ ਵਕਤ ਬੱਚਿਆਂ ਨੂੰ ਸਿਰ ਗੁੰਦ ਕੇ ਛੱਬੇ ਬਹੁਤ ਲੋਕੀ ਪੌਂਦੇ ਸਨ। ਸੱਚੇ ਪਾਤਸ਼ਾਹ ਨੇ ਆਪਣੀ ਭੈਣ ਨੂੰ ਛੱਬਾ ਬਣਵਾ ਕੇ ਦਿਤਾ ਤੇ ਬਚਨ ਕੀਤਾ ਠਾਕਰੀਏ ਜਿਦਣ ਅਸੀਂ ਆਖਾਂਗੇ ਓਸ ਦਿਨ ਕਾਕੇ ਦੇ ਸਿਰ ਪਾਵੀਂ। ਸੱਚੇ ਪਾਤਸ਼ਾਹ ਏਹ ਬਚਨ ਕਰਕੇ ਬਾਹਰ ਚਲੇ ਗਏ ਹਨ। ਬੀਬੀ ਠਾਕਰੀ ਓਸੇ ਵਕਤ ਬੱਚੇ ਨੂੰ ਨੁਹਾ ਕੇ ਸਿਰ ਗੁੰਦਣ ਲਗ ਪਈ ਹੈ। ਮੁੰਡਾ ਓਸ ਵਕਤ ਬਹੁਤ ਰੋਂਦਾ ਹੈ। ਲੱਤਾਂ ਵਿਚ ਘੁਟ ਕੇ ਦਬਾ ਦਬ ਮੀਡੀਆਂ ਗੁੰਦ ਰਹੀ ਹੈ ਜੀ। ਜਿਸ ਵਕਤ ਬੱਚਾ ਹਿਲਦਾ ਹੈ ਓਸ ਵਕਤ ਦੋ ਚਾਰ ਧੱਫੇ ਵੀ ਮਾਰੇ ਹਨ। ਓਨੇ ਚਿਰ ਨੂੰ ਸੱਚੇ

ਪਿਤਾ ਜਾਣੀ ਅੰਤਰਜਾਮੀ ਬਾਹਰੋਂ ਆ ਗਏ ਹਨ ਤੇ ਬਚਨ ਕਰਦੇ ਹਨ, ਠਾਕਰੀਏ ਅਸਾਂ ਆਖਿਆਂ ਸੀ ਜਿਦਣ ਅਸੀਂ ਆਖਾਂਗੇ ਓਦਣ ਪਾਵੀਂ, ਤੂੰ ਹੁਣੇ ਲਗ ਪਈ ਹੈਂ। ਪਾਤਸ਼ਾਹ ਨੂੰ ਵੇਖ ਕੇ ਕਾਕੇ ਸਗੋਂ ਜਿਆਦਾ ਰੌਲਾ ਪਾਇਆ ਹੈ ਕਿ ਪਾਤਸ਼ਾਹ ਮੈਨੂੰ ਛੁਡਾ ਲੈਣਗੇ। ਪਾਤਸ਼ਾਹ ਕੋਲੋਂ ਰੋਂਦਾ ਵੇਖ ਕੇ ਸਹਾਰਿਆ ਨਹੀਂ ਗਿਆ। ਕਾਕੇ ਨੂੰ ਗੋਦ ਵਿਚ ਬੈਠੇ ਨੂੰ ਦੋਵਾਂ ਬਾਹਾਂ ਤੋਂ ਫੜ ਕੇ ਆਖਦੇ ਹਨ। ਠਾਕਰੀਏ ਛੱਡਦੇ ਰੁਵਾ ਨਾ, ਫੇਰ ਸਿਰ ਕਰ ਲਵਾਂਗੇ। ਓਸ ਵਕਤ ਠਾਕਰੀ ਪਾਤਸ਼ਾਹ ਨੂੰ ਭੱਜ ਕੇ ਪਈ, ਤੁਹਾਨੂੰ ਕੀ ਮਹਾਰਾਜ ਜੀ ਏਨ੍ਹਾਂ ਗੱਲਾਂ ਨਾਲ, ਕਿਤੇ ਨਹੀਂ ਏਹਦਾ ਕੁਛ ਵਿਗੜ ਚਲਿਆ। ਤੁਸਾਂ ਸਗੋਂ ਏਨੂੰ ਵਿਗਾੜ ਛੱਡਿਆ ਹੈ। ਮੇਰਾ ਮੁੰਡਾ ਹੈ ਤੁਹਾਨੂੰ ਕੀ। ਰੋਂਦਾ ਤੇ ਰੋਣ ਦਿਓ । ਏਨੇ ਬਚਨ ਕਰ ਕੇ ਪਾਤਸ਼ਾਹ ਦੇ ਹੱਥੋਂ ਮੁੰਡਾ ਖੋਹ ਲਿਆ ਹੈ ਜੀ। ਪਾਤਸ਼ਾਹ ਓਸ ਵਕਤ ਗੁੱਸੇ ਨਾਲ ਬਚਨ ਕੀਤਾ। ਚੰਗਾ ਹੁਣ ਤਾਂ ਮੁੰਡਾ ਰੋਂਦਾ ਹੈ ਤੇ ਘੜੀ ਪਲ ਤਾਈਂ ਤੂੰ ਰੋਵੇਂਗੀ। ਪਾਤਸ਼ਾਹ ਦਾ ਕਰੋਧ ਨਾਲ ਬਚਨ ਕੀਤਾ ਓਸ ਬੱਚੇ ਨੂੰ ਕਾਲੇ ਨਾਗ ਵਾਗੂੰ ਲੜ ਗਿਆ ਹੈ। ਏਨ੍ਹਾਂ ਬਚਨ ਕਰਕੇ ਪਾਤਸ਼ਾਹ ਬਾਹਰ ਚਲੇ ਗਏ ਹਨ। ਠਾਕਰੀ ਭਰਾ ਵਾਲਾ ਸਾਕ ਜਾਣ ਕੇ ਪਾਤਸ਼ਾਹ ਦੇ ਹੱਥ ਛਿਣਕ ਦਿਤੇ ਹਨ ਜੀ। ਜੇ ਪਰਮੇਸ਼ਵਰ ਕਰ ਕੇ ਸਾਰ ਹੁੰਦੀ ਤੇ ਗਲ ਵਿਚ ਪੱਲਾ ਪਾ ਕੇ ਢੈਹ ਕੇ ਚਰਨੀ ਪੈ ਜਾਂਦੀ ਤੇ ਭੁੱਲਾਂ ਬਖ਼ਸ਼ਾਂ ਲੈਂਦੀ । ਬੱਚਾ ਰੋਣੋਂ ਚੁਪ ਕਰ ਗਿਆ ਹੈ ਅੱਖਾਂ ਮੀਟ ਲਈਆਂ ਤੇ ਗੋਡੇ ਤੇ ਧੌਣ ਸੁਟ ਦਿਤੀ। ਠਾਕਰੀ ਦੇ ਦਿਲ ਵਿਚ ਕਿ ਸੌਂ ਗਿਆ ਹੈ। ਦਬਾ ਦਬ ਸਿਰ ਕਰੀ ਜਾਂਦੀ ਹੈ। ਛੇਤੀ ਛੇਤੀ ਸਿਰ ਕਰ ਰਹੀ ਹੈ ਕਿ ਹੁਣ ਸੁੱਤਾ ਹੈ ਫੇਰ ਜਾਗ ਪਿਆ ਤੇ ਰੋਵੇਗਾ। ਸਿਰ ਕਰਕੇ ਤੇ ਫੇਰ ਸੁੱਤੇ ਪਏ ਨੂੰ ਮੋਢੇ ਲਾ ਲਿਆ ਹੈ ਤੇ ਖ਼ੁਸ਼ੀ ਨਾਲ ਤਾਈਆਂ ਚਾਚੀਆਂ ਨੂੰ ਵਖੌਂਦੀ ਹੈ ਕਿ ਮੈਂ ਅਜ ਕਾਕੇ ਦਾ ਸਿਰ ਗੁੰਦਿਆਂ ਹੈ ਛੱਬਾ ਪਾ ਕੇ, ਨਾਲੇ ਪਤਾਸੇ ਵੰਡਦੀ ਹੈ। ਜਦ ਜਨਾਨੀਆਂ ਉਠ ਕੇ ਪਿਆਰ ਦੇਣ ਲਗੀਆਂ ਹਨ ਤੇ ਕਾਕੇ ਦੀ ਧੌਣ ਕਦੀ ਏਧਰ ਡਿਗ ਪਏ ਕਦੇ ਓਦਰ ਡਿਗ ਪਏ। ਪ੍ਰਾਣ ਨਹੀਂ ਹਨ। ਗੁਜਰੇ ਹੋਏ ਨੂੰ ਮੋਢੇ ਲਾਈ ਫਿਰਦੀ ਹੈ। ਵੇਖ ਕੇ ਸਾਰੀਆਂ ਜਨਾਨੀਆਂ ਰੋਣ ਲਗ ਪਈਆਂ ਹਨ। ਰੌਲਾ ਪੈ ਗਿਆ ਕਿ ਕੀ ਹੋ ਗਿਆ। ਰੌਲਾ ਸੁਣ ਕੇ ਪਾਤਸ਼ਾਹ ਵੀ ਘਰ ਨੂੰ ਆ ਗਏ ਹਨ ਜੀ। ਘਰ ਘਰ ਏਸ ਗਲ ਦੀ ਬੜੀ ਚਰਚਾ ਹੋਈ ਕਿ ਭਈ ਜੇ ਸੱਚੇ ਪਾਤਸ਼ਾਹ ਐਡੇ ਸਮਰੱਥ ਨਾ ਹੋਣ ਤੇ ਸਿਖ ਕਿਉਂ ਮੱਥੇ ਟੇਕਣ। ਮਾਈ ਭੰਗਾਲੀਉਂ ਸੱਤਾਂ ਕੋਹਾਂ ਤੋਂ ਪਰਸ਼ਾਦ ਲਿਆ ਕੇ ਛਕੌਂਦੀ ਹੈ। ਘਵਿੰਡ ਦੇ ਲੋਕ ਬਚਨ ਕਰਦੇ ਹਨ ਕਿ ਭਾਈ ਭੰਗਾਲੀ ਵਾਲੇ ਅੰਞਾਣੇ ਨਹੀਂ ਜਿਨ੍ਹਾਂ ਇਕ ਪੁੱਤਰ ਆਪਣਾ ਗੁਰਮੁਖ ਸਿੰਘ ਅੱਠੇ ਪਹਿਰ ਪਾਤਸ਼ਾਹ ਦੀ ਸੇਵਾ ਵਿਚ ਦਿਤਾ ਹੈ। ਨਾਲੇ ਮਾਈ ਗੁਲਾਬੀ ਸੰਤਨੀ ਰਾਮ ਪੁਰੇ ਵਾਲੀ ਰੋਜ਼ ਸੱਚੇ ਪਾਤਸ਼ਾਹ ਦਾ ਥਾਲ ਲੁਵਾ ਕੇ ਲਿਔਦੀ ਹੈ। ਸੱਚੇ ਪਿਤਾ ਦੇ ਨਾਮ ਦੀ ਧੰਨ ਧੰਨ ਹੋ ਰਹੀ ਹੈ। ਸਮਰੱਥ ਦੇ ਅਗੇ ਜੇਹੜਾ ਬਚਨ ਮੋੜਨਾ ਹੈ ਬਹੁਤ ਮਾੜਾ ਹੈ। ਫੇਰ ਬੀਬੀ ਠਾਕਰੀ ਪਾਤਸ਼ਾਹ ਅੱਗੇ ਬਹੁਤ ਬੇਨੰਤੀਆਂ ਤੇ ਮਿੰਨਤਾਂ ਕਰ ਰਹੀ ਹੈ। ਪਾਤਸ਼ਾਹ ਮਗਨ ਬੈਠੇ ਹਨ। ਗਾਗੇ ਵੀ ਬੰਦਾ ਚਲਿਆ ਗਿਆ ਹੈ ਕਿ ਕਾਕਾ ਗੁਜਰ ਗਿਆ ਹੈ। ਅਗਲੇ ਦਿਨ ਸਸਕਾਰ ਕੀਤਾ ਗਿਆ ਹੈ। ਸਮਰੱਥ ਦੇ ਕੋਲ ਰਹਿਣਾ ਵੀ ਇਕ ਬੜੀ ਕਠਨ ਤਪਸਿਆ ਹੈ। ਸੱਚੇ ਪਿਤਾ ਦੇ ਕੋਲ ਧੰਨ ਧੰਨ ਤੇ ਸਤਿ ਸਤਿ ਕਰਨ ਦੀ ਲੋੜ ਹੈ। ਛੋਟੇ ਭੈਣ ਭਰਾ ਕਰ ਕੇ ਬੀਬੀ ਠਾਕਰੀ ਪ੍ਰੇਮ ਬਹੁਤ ਕਰਦੀ ਸੀ। ਮਹੀਨੇ ਵਿਚ ਦੋ ਚਾਰ ਵੇਰਾਂ ਆਣ ਕੇ ਦਰਸ਼ਨ ਜਰੂਰ ਕਰਦੀ ਸੀ। ਸੱਚੇ ਪਿਤਾ ਵੀ ਭੈਣ ਨਾਲ ਬਹੁਤ ਪ੍ਰੇਮ ਕਰਦੇ ਸੀ। ਕੋਈ ਵਿਹਾਰ ਕਰਨਾ ਹੋਵੇ ਬਿਨਾਂ ਪੁਛਿਆਂ ਭੈਣ ਤੋਂ ਨਹੀਂ ਸੀ ਕਰਦੇ। ਗੁਰ ਨਾਨਕ ਸਾਹਿਬ ਦੇ ਵਕਤ ਬੀਬੀ ਨਾਨਕੀ ਦਾ ਜਾਮਾ ਸੀ ਬੀਬੀ ਠਾਕਰੀ ਦਾ। ਏਹ ਸੱਚੇ ਪਿਤਾ ਪ੍ਰੀ ਪੂਰਨ ਸਨ। ਓਸ ਵਕਤ ਦੇ ਪ੍ਰੇਮ ਨਾਲ ਫੇਰ ਪਾਤਸ਼ਾਹ ਦੀ ਭੈਣ ਬਣੀ ਹੈ ਜੀ। ਪਿਛਲਾ ਪ੍ਰੇਮ ਕਰ ਕੇ ਪਾਤਸ਼ਾਹ ਭੈਣ ਨਾਲ ਪ੍ਰੇਮ ਕਰੀ ਔਂਦੇ ਹਨ ਜੀ। ਬੀਬੀ ਵਿਚ ਗੁੱਸਾ ਬਹੁਤ ਸੀ ਓਸ ਗੁੱਸੇ ਕਾਰਨ ਏਹ ਵਿਹਾਰ ਭੁਗਤਾਇਆ ਸੀ। ਗੁੱਸਾ ਤੇ ਮਾਣ ਵਾਲਾ ਪਾਤਸ਼ਾਹ ਕੋਲੋਂ ਕੁਛ ਖੱਟ ਨਹੀਂ ਸਕਦਾ। ਏਥੇ ਨਿਰਮਾਣ ਰਹਿਣ ਦੀ ਲੋੜ ਹੈ ਜੀ।।

ਸਾਖੀ ਸੱਚੇ ਪਾਤਸ਼ਾਹ ਜੋਤ ਸਰੂਪ ਬਾਬੇ ਮਨੀ ਸਿੰਘ ਨੂੰ ਹੁਕਮ ਦੇ ਕੇ
ਕਲਜੁਗ ਦੇ ਵਰਤਮਾਨ ਬਚਨ ਲਿਖੌਣੇ

ਸੱਚੇ ਪਿਤਾ ਦੀ ਉਮਰ ਹੁਣ ੧੭ ਵਰੇ ਦੀ ਹੈ। ਗੁਰਮੁਖ ਸਿੰਘ ਹਰ ਵਕਤ ਪਾਤਸ਼ਾਹ ਦੇ ਨਾਲ ਸੇਵਾ ਵਿਚ ਹਾਜ਼ਰ ਹੈ। ਘੋੜੀਆਂ ਦੇ ਥਾਂ ਘੋੜੀਆਂ ਹਨ। ਜੇਹੜੀ ਚੀਜ ਦੀ ਲੋੜ ਹੋਵੇ ਉਸੇ ਵਕਤ ਸਿਖ ਹਾਜਰ ਕਰਦੇ ਹਨ ਜੀ। ਕੋਰੀਆਂ ਵਾਲਾ ਬੌਹਲ ਸਿੰਘ ਤੇ ਈਦਾ ਦੋ ਦੋ ਮਹੀਨੇ ਪਾਤਸ਼ਾਹ ਦੀ ਸੇਵਾ ਵਿਚ ਹਾਜਰ ਰਹਿੰਦੇ ਹਨ ਜੀ। ਸੱਚੇ ਪਿਤਾ ਜਵਾਨ ਹੋ ਕੇ ਹੁਣ ਜੋਰ ਕਰਨ ਘੁਲਣ ਵਾਲੇ ਖਿਆਲ ਰਖਦੇ ਹਨ ਜੀ। ਘਵਿੰਡ ਦਾ ਸਰੈਣ ਸਿੰਘ ਜ਼ਿਮੀਦਾਰ ਘੁਲਦਾ ਹੁੰਦਾ ਸੀ ਤੇ ਪਾਤਸ਼ਾਹ ਓਹਦੇ ਨਾਲ ਮੁਹੱਬਤ ਬੜੀ ਕਰਦੇ ਸੀ। ਸਰੈਣ ਸਿੰਘ ਨਾਲ ਐਡਾ ਪ੍ਰੇਮ ਕਰਦੇ ਸੀ ਕਿ ਉਸਨੂੰ ਖੁਰਾਕ ਵੀ ਆਪਣੇ ਕੋਲੋਂ ਖੁਵੌਂਦੇ ਹੁੰਦੇ ਸਨ। ਪੀਪੇ ਘਿਓ ਦੇ ਖਰੀਦ ਦੇਣੇ ਜਿਸ ਤਰ੍ਹਾਂ ਆਪ ਬਦਾਮ ਪੀਣੇ ਓਸੇ ਤਰ੍ਹਾਂ ਉਸਨੂੰ ਛਕੌਣੇ। ਸੱਚੇ ਪਾਤਸ਼ਾਹ ਉਸ ਵਕਤ ਤੇਲ ਮਲਣ ਕਰਕੇ ਕਪੜੇ ਤੇਲ ਨਾਲ ਕੁਛ ਮੈਲੇ ਰਖਦੇ ਹਨ। ਜਿਸ ਤਰ੍ਹਾਂ ਭਲਵਾਨ ਰੱਖਦੇ ਹਨ । ਸਿਖਾਂ ਤੋਂ ਬਗੈਰ ਕਿਸੇ ਪਤਾ ਨਹੀਂ ਸੀ ਕਿ ਏਹ ਪ੍ਰੀ ਪੂਰਨ ਪਰਮੇਸ਼ਵਰ ਸੋਲਾਂ ਕਲਾਂ ਸਮਰੱਥ ਹਨ। ਸਿਖਾਂ ਤੇ ਪਾਤਸ਼ਾਹ ਦਇਆ ਕੀਤੀ ਆਪ ਸੱਚੇ ਪਿਤਾ ਖੇਡ ਮਲ ਰਹੇ ਹਨ।।

ਸੰਤਾਂ ਨੂੰ ਆਕਾਸ਼ ਬਾਣੀ ਰਾਤ ਦਿਨ ਹੋ ਰਹੀ ਹੈ। ਬਾਬੇ ਮਨੀ ਸਿੰਘ ਨੂੰ ਲਿਖਾ ਰਹੇ ਹਨ ਕਿ ਸੰਤਾ ਦਿਲੀਓ ਤਿੰਨ ਮੀਲ ਰਕਾਬ ਗੰਜ ਹੈ। (ਜਿਥੇ ਤੇਗ ਬਹਾਦਰ ਦੇ ਧੜ ਦਾ ਸਸਕਾਰ ਹੋਇਆ ਸੀ ) ਰਕਾਬ ਗੰਜ ਕੋਲ ਸੁਞੀ ਜਗਾ ਪਈ ਹੈ। ਸੰਤ ਨੂੰ ਬਚਨ ਹੋਇਆ ਕਿ ਸੰਤਾ ਕਰਮਾਂ ਮਾਰਕੇ ਨਿਸ਼ਾਨੀਆਂ ਲਾ ਦੇ। ਪਾਤਸ਼ਾਹ ਦੇਹ ਕਰਕੇ ਘਵਿੰਡ ਬੈਠੇ ਹਨ। ਜੋਤ ਕਰਕੇ ਏਹ ਵਿਹਾਰ ਦਿਲੀ ਬਾਬੇ ਮਨੀ ਸਿੰਘ ਥਾਣੀਂ ਭੁਗਤਾ ਰਹੇ ਹਨ। ਜੋ ਆਕਾਸ਼ ਬਾਣੀ ਦਾ ਹੁਕਮ ਹੋਇਆ ਹੈ, ਉਸੇ ਤਰ੍ਹਾਂ ਸੰਤਾਂ ਨਿਸ਼ਾਨੀਆਂ ਲਾ ਦਿਤੀਆਂ ਹਨ ਜੀ। ਉਥੇ ਸੰਤਾਂ ਲਿਖਾਈ ਕਿਤੀ ਕਿ ਬੜਾ ਭਾਰੀ ਕਿਲਾ ਪੱਥਰ ਦਾ ਬਣੇਗਾ। ਤੇ ਅਠ ਅਰਬ ਰੁਪੈਯਾ ਲਗੇਗਾ। ਏਸ ਕਿਲੇ ਵਿਚ ਸੱਚੇ ਪਾਤਸ਼ਾਹ ਅੰਤਰਜਾਮੀ ਰਿਹਾ ਕਰਨਗੇ ਤੇ ਨਾਲ ਸੱਚੇ ਪਾਤਸ਼ਾਹ ਦੇ ਸਿਖ ਰਿਹਾ ਕਰਨਗੇ। ਮੀਲ ਮੀਲ ਤੇ ਸਿਖਾਂ ਦੀਆਂ ਕੋਠੀਆਂ ਪੈ ਜਾਣਗੀਆਂ। ਦਿਨੇ ਸਿਖ ਪਾਤਸ਼ਾਹ ਕੋਲ ਰਿਹਾ ਕਰਨਗੇ ਤੇ ਰਾਤ ਨੂੰ ਆਪਦੀਆਂ ਕੋਠੀਆਂ ਵਿਚ ਚਲੇ ਜਾਇਆ ਕਰਨਗੇ। ਬਵੰਜਾ ਸਾਲ ਸੱਚੇ ਪਾਤਸ਼ਾਹ ਘਵਿੰਡ ਪਿੰਡ ਵਿਚ ਰੈਹਣਗੇ। ਪਾਤਸ਼ਾਹ ਜੋਤ ਸਰੂਪੀ ਸਾਰੇ ਰਾਜੇ ਰਾਣਿਆਂ ਨੂੰ ਡੇਗ ਦੇਵੇਗਾ ਜੀ। ਜੋਤ ਸਰੂਪ ਪਾਤਸ਼ਾਹ ਲਿਖੌਦੇ ਹਨ ਨਾ ਮੈਂ ਆਪ ਲੜਾਂਗਾ ਨਾ ਸਿਖ ਲੜਾਵਾਂਗਾ। ਚਾਰ ਕੁੰਟ ਧਰਤੀ ਸ਼ਬਦ ਨਾਲ ਸਾਧ ਲਵਾਂਗਾ ਜੀ। ਮੇਰੇ ਐਸੇ ਹਥਿਆਰ ਹਨ ਜਿਨ੍ਹਾਂ ਨੂੰ ਕੋਈ ਝੱਲ ਨਹੀਂ ਸਕਦਾ। ਮੈਂ ਜੋਤ ਰੂਪ ਰਾਜੇ ਭੇੜ ਭੇੜ ਕੇ ਮਾਰ ਦਿਆਂਗਾ। ਵੱਡੇ ਵੱਡੇ ਮੀਂਹ ਪਾ ਕੇ, ਹੜ ਲਿਆ ਕੇ, ਕਲਜੁਗ ਦੇ ਜੀਵ ਨਾਸ ਕਰ ਦਿਆਂਗਾ । ਬਵੰਜਾ ਸਾਲ ਘਵਿੰਡ ਵਿਚ ਰਹਿ ਕੇ ਫੇਰ ਚਰਨ ਚੁਕ ਕੇ ਦਿਲੀ ਵਿਚ ਜਾਣਾ ਹੈ। ਐਸਾ ਸਾਂਗ ਪਾਤਸ਼ਾਹ ਹੈ ਕੋਈ ਪਛਾਣ ਨਹੀਂ ਸਕਦਾ।।

ਪ੍ਰੀ ਪੂਰਨ ਪਰਮੇਸ਼ਵਰ ਹੈ ਜਿਸ ਨੂੰ ਜਣਾਵੇ ਸੋਈ ਜਾਣਦਾ ਹੈ। ਸੰਤਾਂ ਦੀ ਕਲਮ ਨਾਲ ਸਭ ਕੁਛ ਕਰ ਦੇਣਾ ਹੈ ਜੀ। ਮੈਂ ਨਰ ਨਰਾਇਣ ਅਵਤਾਰ ਮਹਾਰਾਜ ਸ਼ੇਰ ਸਿੰਘ ਹਾਂ ਜੀ। ਨਿਹਕਲੰਕ, ਅਮਾਮ ਮੈਂਹਦੀ ਵੀ ਅਸੀਂ ਹਾਂ ਜੀ। ਮੈਂ ਜੁਗੋ ਜੁਗ ਅਵਤਾਰ ਧਾਰਦਾ ਹਾਂ। ਚਾਰ ਜੁਗ ਹਨ। ਚਾਰ ਜਾਮੇ ਅਸੀਂ ਔਨੇ ਹਾਂ । ਫੇਰ ਜਦੋਂ ਮੇਰੇ ਭਗਤਾਂ ਤੇ ਕੋਈ ਭੀੜ ਬਣੇ ਉਸ ਵਕਤ ਜੋਤ ਸਰੂਪੀ ਪਰਗਟ ਹੋ ਕੇ ਭੀੜ ਕੱਟ ਦੇਂਦੇ ਹਾਂ । ਸਤਿਜੁਗ ਵਿਚ ਅਸੀਂ ਹੰਸਾ ਅਵਤਾਰ ਸਾਂ। ਰਾਵਣ ਨੂੰ ਮਾਰਨ ਵਾਸਤੇ ਅਸਾਂ ਰਾਮ ਜੀ ਅਖਵਾਇਆ। ਕ੍ਰਿਸ਼ਨ ਮਹਾਰਾਜ ਅਖਵਾਕੇ, ਅਸਾਂ ਬਹੁਤ ਲੀਲ੍ਹਾ ਕੀਤੀਆਂ ਹਨ ਜੀ। ਹੁਣ ਕਲਜੁਗ ਵਿਚ ਅਸੀਂ ਅਵਤਾਰ ਧਾਰਿਆ ਹੈ ਤੇ ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ ਹੈ। ਜੋਤ ਸਰੂਪ

ਏਹ ਸਾਰੀ ਲਿਖਤ ਹੋ ਰਹੀ ਹੈ । ਦੇਹ ਕਰਕੇ ਕੋਈ ਬਚਨ ਨਹੀਂ ਕਰਦੇ, ਮਘਨ ਰੈਂਦੇ ਹਨ। ਮਨੀ ਸਿੰਘ ਨੂੰ ਲਿਖੌਦੇ ਹਨ ਕਿ ਸੰਤਾਂ ਘਵਿੰਡ ਪਿੰਡ ਵਿਚ ਸਾਨੂੰ ਕੋਈ ਪਛਾਣੇਗਾ ਨਹੀਂ। ਏਹ ਬਚਨ ਪਾਤਸ਼ਾਹ ਪੰਜ ਸਾਲ ਦੇ ਕਰਦੇ ਸਨ ਕੇ ਪਿੰਡ ਘਵਿੰਡ ਦੇ ਸਾਡੇ ਨਾਲ ਵੈਰ ਕਰਨਗੇ। ਚੋਰੀਆਂ ਵੀ ਸਾਡੇ ਨਾਂ ਲੌਣਗੇ। ਸਾਨੂੰ ਕੋਈ ਪਛਾਣੂ ਨਾ। ਇੱਟਾਂ ਢੀਮਾਂ ਵੀ ਮਾਰਨਗੇ। ਸਾਨੂੰ ਲੁੱਟਣ ਠੱਗਣਗੇ ਵੀ।

ਐਸ ਵਕਤ ਪਾਤਸ਼ਾਹ ੧੯ ਸਾਲ ਦੇ ਹਨ। ਤੇ ਘਵਿੰਡ ਕੋਈ ਚੋਰੀ ਹੋਵੇ ਤੇ ਲੋਕੀ ਆਖਣ ਲੱਗ ਪੈਂਦੇ ਸਨ, ਪਾਤਸ਼ਾਹ ਨਾਲ ਹੋਣੇ ਨੇ। ਕਾਰਨ ਏਹ ਕਿ ਜੇ ਕੈਦ ਨਾ ਹੋਣਗੇ ਤੇ ਪੈਸੇ ਤਾਂ ਲੌਣਗੇ ਹੀ। ਏਹੀ ਬੇਈਮਾਨੀ ਦੁਨੀਆਂ ਦੀ ਸੀ। ਪਿੰਡ ਵਿਚ ਇਕ ਲਹਿੰਦੇ ਪਾਸੇ ਚੋਰੀ ਹੋਈ ਸੀ। ਉਸ ਵਿਚ ਸੱਚੇ ਪਿਤਾ ਦਾ ਨਾਮ ਵੀ ਲਗਦਾ ਹੈ। ਚੋਰ ਤਾਂ ਆਖਣ ਪਾਤਸ਼ਾਹ ਸਾਡੇ ਨਾਲ ਨਹੀਂ ਹਨ ਤੇ ਲੋਕੀਂ ਆਖੀਂ ਜਾਣ ਨਾਲ ਨੇ। ਸਿਖਾਂ ਨੂੰ ਪਤਾ ਲੱਗਾ ਤੇ ਸੁਣ ਕੇ ਉਸੇ ਵਕਤ ਆਏ ਹਨ ਜੀ। ਸਿਖਾਂ ਨੇ ਆਖਿਆ ਠਾਣੇਦਾਰਾ ਸੋਚ ਕੇ ਹੱਥ ਪਾਈਂ, ਅਸੀਂ ਵੀ ਹੈਂਗੇ ਹਾਂ। ਕੋਈ ਬਚਨ ਵਧ ਘਟ ਹੋਇਆ ਤੇ ਆਪ ਜਾਣੇਗਾ। ਠਾਣੇਦਾਰ ਝਿਝਕ ਕੇ ਪਿਛਾਂਹ ਹਟ ਗਿਆ। ਸਿਖਾਂ ਦੇ ਗਲ ਨਹੀਂ ਪਿਆ ਜੀ। ਸਿਖਾਂ ਨੇ ੩੦ ਰੁਪੈ ਠਾਣੇਦਾਰ ਨੂੰ ਬੁਕਲ ਵਿਚ ਦੇ ਦਿਤੇ ਹਨ ਜੀ। ਠਾਣੇਦਾਰ ਫੇਰ ਪਿੰਡ ਦਿਆਂ ਲੋਕਾਂ ਨੂੰ ਗਾਲਾਂ ਕੱਢਦਾ ਹੈ ਕਿ ਸੱਚੇ ਪਾਤਸ਼ਾਹ ਚੋਰ ਨਹੀਂ ਹਨ ਜੀ, ਜਿਨ੍ਹਾਂ ਨੂੰ ਸਾਰੀ ਦੁਨੀਆਂ ਮੰਨਦੀ ਹੈ। ਏਸੇ ਤਰ੍ਹਾਂ ਸੱਚੇ ਪਾਤਸ਼ਾਹ ਗਬਰੂਆਂ ਨਾਲ ਫਿਰਦੇ ਹਨ ਤੇ ਲੋਕ ਵੇਖ ਨਹੀਂ ਸਖਾਦੇ। ਪਾਤਸ਼ਾਹ ਦੀ ਦੇਹ ਐਡੀ ਜਵਾਨ ਹੈ ਕਿ ੧੯ ਹੱਥ ਛਾਲ ਮਾਰ ਜਾਂਦੇ ਹਨ ਜੀ। ਜੋ ਜੋਤ ਨਾਲ ਬਚਨ ਲਿਖਾਏ ਹਨ ਓਹੋ ਭੁਗਤਦੇ ਹਨ ਜੀ। ਏਹ ਸਾਰੇ ਬਚਨ ਮੇਰੇ ਅੱਖੀਂ ਵੇਖੇ ਨਹੀਂ ਹਨ ਜੀ, ਪੁਰਾਣੇ ਸਿਖਾਂ ਤੋਂ ਸੁਣੇ ਹਨ ਜੀ।।

ਮਾਣਾ ਸਿੰਘ ਤੇ ਤੇਜਾ ਨੂੰ ਚਰਨੀ ਲਾਣਾ

ਤੇਜਾ ਸਿੰਘ ਦਾ ਚਾਚਾ ਬਾਜ ਸਿੰਘ ਸੀ। ਓਹ ਪਾਤਸ਼ਾਹ ਦਾ ਸਿਖ ਸੀ। ਉਸ ਦੇ ਘਰ ਪਾਤਸ਼ਾਹ ਤੇ ਬਾਬਾ ਮਨੀ ਸਿੰਘ ਔਂਦੇ ਸਨ ਜੀ। ਉਸ ਦੇ ਘਰ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ। ਸਾਡੇ ਘਰ ਉਸ ਵਕਤ ਚਾਰ ਮੱਝਾਂ ਸੂਈਆਂ ਸਨ। ਸਾਡਾ ਬਾਪ ਕੋਈ ਸਾਧੂ ਆਵੇ ਤੇ ਬਹੁਤ ਭਾ ਪ੍ਰੇਮ ਕਰਦਾ ਸੀ। ਸੰਤ ਮਨੀ ਸਿੰਘ ਚਾਚੇ ਦੇ ਘਰ ਆਏ ਹਨ। ਤੇਜਾ ਸਿੰਘ ਦੀ ਮਾਈ ਨੇ ਆਪਣੇ ਪਤੀ ਨੂੰ ਆਖਿਆ ਕਿ ਤੇਰੇ ਭਰਾ ਦੇ ਘਰ ਸੰਤ ਆਏ ਨੇ, ਦੁਧ ਛਕਾ ਆ। ਤੇਜਾ ਸਿੰਘ ਦਾ ਬਾਪ ਸਣੇ ਮਲਾਈ ਦੁਧ ਪਾ ਕੇ ਲੈ ਗਿਆ ਹੈ ਜੀ। ਦੁਧ ਬਾਬੇ ਮਨੀ ਜੀ ਅੱਗੇ ਜਾ ਕੇ ਰੱਖ ਦਿਤਾ ਹੈ ਜੀ। ਮਨੀ ਸਿੰਘ ਪੁਛਿਆ ਕਿ ਬਾਜ ਸਿੰਘ ਏਹ ਤੇਰਾ ਕੀ ਲਗਦਾ ਹੈ। ਉਸ ਆਖਿਆ ਜੀ ਮੇਰੇ ਚਾਚੇ ਦਾ ਪੁਤ ਭਰਾ ਹੈ। ਬਾਬੇ ਮਨੀ ਸਿੰਘ ਬਚਨ ਕੀਤਾ ਕਿ ਭਾਈ ਅਸਾਂ ਤੇਰਾ ਦੁੱਧ ਨਹੀਂ ਛਕਣਾ। ਮਾਣਾ ਸਿੰਘ ਉਸ ਵਕਤ ਬੇਨੰਤੀ ਕੀਤੀ ਕਿ ਬਾਬਾ ਜੀ ਗਰਿਸਤੀਆਂ ਦਾ ਕੰਮ ਆ ਸੰਤਾਂ ਦੀ ਸੇਵਾ ਕਰਨੀ ਤੇ ਸੰਤਾਂ ਦਾ ਕੰਮ ਆ ਮਿਹਰ ਕਰਨੀ। ਬਾਬੇ ਹੋਰਾਂ ਬਚਨ ਕੀਤਾ ਕਿ ਸਾਨੂੰ ਪਾਤਸ਼ਾਹ ਹੁਕਮ ਨਹੀਂ ਦੇਂਦੇ ਜੀ। ਓਹ ਆਖਣ ਲੱਗਾ ਬਾਬਾ ਜੀ ਮੈਨੂੰ ਸਮਝ ਨਹੀਂ ਆਈ ਕਿ ਪਾਤਸ਼ਾਹ ਕਿਸ ਤਰ੍ਹਾਂ ਹੁਕਮ ਨਹੀਂ ਦੇਂਦੇ। ਬੌਹਲ ਸਿੰਘ ਸਿਖ ਓਸ ਵਕਤ ਕੋਲ ਸੀ । ਹੋਰ ਵੀ ਸਿਖ ਨਾਲ ਸਨ। ਫੇਰ ਬੌਹਲ ਸਿੰਘ ਬਚਨ ਕੀਤਾ ਕਿ ਘਵਿੰਡ ਪਿੰਡ ਵਿਚ ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ ਧਾਰਿਆ ਹੈ। ਏਨਾਂ ਸੰਤਾਂ ਨੂੰ ਚਾਨਣ ਹੈ, ਆਕਾਸ਼ ਬਾਣੀ ਹੁੰਦੀ ਹੈ। ਹੋਰ ਕਿਸੇ ਨੂੰ ਪਤਾ ਨਹੀਂ ਹੈ ਜੀ। ਸਾਡੇ ਏਹ ਗੁਰੂ ਹਨ। ਸਾਨੂੰ ਏਨ੍ਹਾਂ ਪਾਤਸ਼ਾਹ ਦੀ ਸ਼ਰਨ ਲਾਇਆ ਹੈ ਜੀ। ਬਚਨ ਸੁਣ ਕੇ ਮਾਣਾ ਸਿੰਘ ਗਲ ਵਿਚ ਪਲਾ ਪਾ ਕੇ ਢੈ ਕੇ ਚਰਨੀ ਪੈ ਗਿਆ ਹੈ। ਸੰਤਾਂ ਬਚਨ ਕੀਤਾ ਕਿ ਪਾਤਸ਼ਾਹ ਮਾਸੀਆਂ ਸ਼ਰਾਬੀਆਂ ਨੂੰ ਨਹੀਂ ਸ਼ਰਨ ਲੌਦੇ ਜੀ। ਬਾਬੇ ਮਨੀ ਸਿੰਘ ਹੁਕਮ ਲੈ ਕੇ ਪਾਤਸ਼ਾਹ ਤੋਂ ਮਾਣਾ ਸਿੰਘ ਤੇ ਉਸ ਦਾ ਪੁੱਤਰ ਤੇਜਾ ਸਿੰਘ ਦੋਵਾਂ ਕੋਲੋਂ

ਕਸਮ ਪਵਾਈ ਹੈ ਜੀ। ਉਸ ਵਕਤ ਮਾਣਾ ਸਿੰਘ ਤੇਜਾ ਸਿੰਘ ਬੇਨੰਤੀ ਕਰਦੇ ਹਨ ਕਿ ਆਪ ਈ ਨਿਭਾਓਗੇ ਤੇ ਨਿਭ ਜੂ।।

ਚੁਤਾਲਿਆਂ ਤੋਂ ਬਲਵੰਤ ਸਿੰਘ ਅਤੇ ਉਸ ਦੇ ਘਰੋਂ ਬੀਬੀ ਬਸੰਤ ਕੌਰ ਦੀ ਸਾਖੀ

ਵਿਸਾਖੀ ਦਾ ਦਿਹਾੜਾ ਸੀ ਜਿਦਣ ਸੱਚੇ ਪਾਤਸ਼ਾਹ ਸ਼ਰਨ ਲਾਇਆ ਸੀ। ਪੰਜ ਜੇਠ ਦਾ ਚਤਾਲੀਂ ਮੇਲਾ ਸੀ। ਲਾਭ ਸਿੰਘ ਚੁਤਲਿਆਂ ਦਾ ਜਿਮੀਂਦਾਰ ਸੀ। ਉਸ ਦੀ ਜਨਾਨੀ ਬਸੰਤ ਕੌਰ ਦਾ ਮਾਲਵੇ ਵਿਚ ਭਾਈ ਕੀ ਡਰੋਲੀ ਦਾ ਜਰਮ ਸੀ। ਓਸ ਘਰ ਛੇਵੀਂ ਪਾਤਸ਼ਾਹੀ ਦਾ ਵਰ ਵਰੂਹੀ ਸਨ ਜੀ। ਲਾਭ ਸਿੰਘ ਦੀ ਜਨਾਨੀ ਨੂੰ ਕੁਝ ਪਕੜ ਰੈਂਦੀ ਸੀ। ਬੇਹੋਸ਼ ਹੋ ਜਾਂਦੀ ਸੀ, ਤੇ ਲੋਕੀ ਆਖਣ ਕਿ ਕੁਝ ਚੰਬੜਿਆਂ ਹੋਇਆ ਹੈ। ਕਦੀ ਕਿਸੇ ਨੂੰ ਮੰਨਦੀ ਸੀ ਤੇ ਕਦੀ ਕਿਸੇ ਨੂੰ। ਏਸੇ ਤਰ੍ਹਾਂ ਤਰਲੇ ਲੈਂਦੀ ਬਿਰਧ ਹੋ ਗਈ ਹੈ ਜੀ। ਮੜੀਆਂ ਮਸਾਣਾਂ ਨੂੰ ਮੰਨਦੀ ਫਿਰਦੀ ਹੈ। ਭੁਚਰ ਵਾਲੇ ਬਾਜ ਸਿੰਘ ਦੀ ਓਹ ਮਾਈ ਸੱਸ ਲਗਦੀ ਸੀ। ਬਾਜ ਸਿੰਘ ਮਨੀ ਸਿੰਘ ਅਗੇ ਹੱਥ ਜੋੜ ਕੇ ਬੇਨੰਤੀ ਕਰਦਾ ਹੈ। ਕਿ ਪਾਤਸ਼ਾਹ ਚਤਾਲੀ ਪਿੰਡ ਵਿਚ ਮੇਰੀ ਮਾਈ ਸੱਸ ਲਗਦੀ ਹੈ ਤੇ ਬੀਮਾਰ ਰੈਂਦੀ ਹੈ। ਸਾਰੀ ਉਮਰ ਦੁਖ ਵਿਚ ਗੁਜਾਰੀ ਹੈ। ਦਇਆ ਕਰਕੇ ਉਸ ਦੇ ਘਰ ਚਰਨ ਪਾਓ। ਬਾਬੇ ਮਨੀ ਸਿੰਘ ਨੂੰ ਬਾਜ ਸਿੰਘ ਬੇਨੰਤੀ ਕਰਕੇ ਚੁਤਾਲੀਂ ਪਿੰਡ ਵਿਚ ਲੈ ਗਿਆ ਹੈ ਤੇ ਓਨਾਂ ਵੀ ਜਾਂਦਿਆਂ ਦਾ ਆਦਰ ਮਾਣ ਬੜਾ ਕੀਤਾ ਹੈ। ਮਨੀ ਸਿੰਘ ਆਕਾਸ਼ ਬਾਣੀ ਨਾਲ ਜੁੜਿਆ ਹੈ। ਤੇ ਪਾਤਸ਼ਾਹ ਬਚਨ ਕੀਤਾ ਕਿ ਸੰਤਾ ਏਸ ਮਾਈ ਨੂੰ ਪਕੜ ਹੈ। ਸੰਤਾਂ ਬਚਨ ਕੀਤਾ ਕਿ ਬਾਜ ਸਿੰਘ ਏਹ ਬੇਬੇ ਪਾਤਸ਼ਾਹ ਨੂੰ ਪੂਜੇਗੀ ਤਾਂ ਰਾਜੀ ਰਹੇਗੀ ਤੇ ਪਾਤਸ਼ਾਹ ਏਹਦੀ ਸੁਰਤ ਵੀ ਖੋਲ੍ਹ ਦੇਣਗੇ। ਮਨੀ ਸਿੰਘ ਦਾ ਹੁਕਮ ਮਾਈ ਨੇ ਸਤਿ ਕਰਕੇ ਮੰਨ ਲਿਆ ਹੈ ਤੇ ਉਸ ਦੀ ਸੁਰਤ ਖੁਲ੍ਹ ਗਈ ਹੈ। ਪਾਤਸ਼ਾਹ ਬਚਨ ਕਰਦੇ ਹਨ ਕਿ ਮਾਈ ਦੀ ਸੁਰਤ ਅਸਾਂ ਤਾਂ ਖੋਲ੍ਹੀ ਹੈ, ਏਥੇ ਅਸਾਂ ਵੱਡਾ ਭਾਰੀ ਧਾਮ ਬਣੌਣਾ ਹੈ। ਓਥੇ ਫੇਰ ਲਿਖਤ ਹੁੰਦੀ ਹੈ ਤੇ ਸੰਤ ਮਨੀ ਸਿੰਘ ਓਥੇ ਰੈਂਹਦੇ ਹਨ ਜੀ। ਉਸ ਮਾਈ ਦੇ ਤਿੰਨ ਪੁੱਤਰ ਸਨ ਦੋ ਧੀਆਂ ਸੀ। ਇਕ ਧੀ ਭੁਚਰ ਸੀ। ਓਹ ਵੀ ਬਹੁਤ ਸੇਵਾ ਵਿਚ ਲਗ ਪਈ ਹੈ । ਦੋ ਪੁੱਤਰ ਵੀ ਸੇਵਾ ਵਿਚ ਲਗ ਪਏ ਹਨ। ਜਿਨ੍ਹਾਂ ਦੇ ਨਾਮ ਬੱਗਾ ਸਿੰਘ ਤੇ ਹਰਨਾਮ ਸਿੰਘ ਸੀ। ਭਾਵ ਉਸ ਮਾਈ ਦਾ ਸਾਰਾ ਬੰਸ ਸੇਵਾ ਵਿਚ ਲਗ ਪਿਆ। ਕੋਈ ਦਿਨ ਪਾ ਕੇ ਓਥੇ ਮੇਲਾ ਰਚਿਆ ਗਿਆ। ਜੋ ਪਾਤਸ਼ਾਹ ਦਾ ਸਿਖ ਹੈ ਸਾਰਿਆਂ ਨੂੰ ਚਿਠੀਆਂ ਪਾਈਆ ਗਈਆਂ ਕਿ ਚੁਤਾਲੀ ਸੱਚੇ ਪਾਤਸ਼ਾਹ ਦਾ ਮੇਲਾ ਹੈ। ੧੫ ਦਿਨ ਸੰਗਤ ਮੇਲੇ ਤੇ ਰਹੇਗੀ। ਜੇਠ ਦੇ ਮਹੀਨੇ ਵਿਚ ਮੇਲਾ ਹੈ। ਉਸ ਵਕਤ ਸੱਚੇ ਪਾਤਸ਼ਾਹ ਨੂੰ ਤੇਈਆਂ ਸਾਲ ਚੜ੍ਹਿਆ ਹੈ। ਜੇਠ ਦੇ ਮਹੀਨੇ ਵਿਚ ਦਿਲੀਓ ਸੰਗਤਾਂ ਵੀ ਆਈਆ ਹਨ। ਮਾਲਵੇ ਦੁਆਬੇ ਵਿਚੋਂ ਵੀ ਸੰਗਤਾਂ ਹੁਮ ਹੁਮਾ ਕੇ ਦਰਸ਼ਨਾਂ ਨੂੰ ਆਈਆ ਹਨ ਜੀ। ਸਾਰੀ ਸਿਖੀ ਆਈ ਹੈ। ਬੁਗੇ ਪਿੰਡ ਦਾ ਨੰਬਰਦਾਰ ਸੁੰਦਰ ਸਿੰਘ ਪਾਤਸ਼ਾਹ ਦਾ ਸਿਖ ਸੀ ਓਹ ਵੀ ਗੁਰੂ ਸਾਹਿਬ ਦੀ ਮਹਿੰਮਾ ਸੁਣ ਕੇ ਆ ਗਿਆ। ਬੜੀ ਸਖਤ ਕਰਾਮਾਤ ਪਾਤਸ਼ਾਹ ਚੁਤਾਲੀ ਵਰਤੀ ਸੀ। ਜੋ ਜੂਠਾ ਝੂਠਾ ਪਾਤਸ਼ਾਹ ਦੇ ਦਰਬਾਰ ਤੇ ਜਾਂਦਾ ਸੀ ਉਸੇ ਵਕਤ ਪਕੜ ਹੋ ਜਾਂਦੀ ਸੀ। ਜੇ ਕੋਈ ਜੂਠਾ ਭਾਂਡਾ ਜਾਂ ਜੁਤੀ ਲੈ ਕੇ ਪਾਤਸ਼ਾਹ ਦੇ ਦਰਬਾਰ ਦੀ ਛੱਤ ਉਤੇ ਜਾਂਦਾ ਸੀ ਓਸੇ ਵਕਤ ਛੱਤ ਥਰ ਥਰ ਕੰਬਣ ਲਗ ਪੈਂਦੀ ਸੀ ਤੇ ਉਸਨੂੰ ਪਕੜ ਹੋ ਜਾਂਦੀ ਸੀ। ਉਸ ਮਾਈ ਨੂੰ ਹਰ ਵਕਤ ਜੋਤ ਪਕੜ ਰੱਖਦੀ ਸੀ। ਘਵਿੰਡ ਸੱਚੇ ਪਾਤਸ਼ਾਹ ਜੋ ਕਾਰ ਵਿਹਾਰ ਕਰਦੇ ਸੀ, ਮਾਈ ਚੁਤਾਲੀਂ ਬੈਠੀ ਨੂੰ ਨਜ਼ਰ ਔਂਦਾ ਸੀ। ਜਦੋਂ ਏਸ ਤਰ੍ਹਾਂ ਹੋਣ ਲਗ ਪਿਆ ਮਾਈ ਦੇ ਦਿਲ ਵਿਚ ਮਾਣ ਹੋ ਗਿਆ। ਸੰਗਤ ਨਾਲ ਮਾਈ ਬਚਨ ਕਰਨ ਲਗ ਪਈ, ਕਿ ਮੇਰੇ ਪੇਕਿਆਂ ਨੂੰ ਛੇਵੀਂ ਪਾਤਸ਼ਾਹੀ ਦਾ ਵਰ ਸੀ। ਓਹ ਮੇਰੇ ਤੇ ਦਇਆ ਹੈ। ਛੇਵੀਂ ਪਾਤਸ਼ਾਹੀ ਦਾ ਜਸ ਗੌਂਦੀ ਸੀ, ਸੱਚੇ ਪਾਤਸ਼ਾਹ ਨੂੰ ਘਟ ਯਾਦ ਰਖਦੀ ਸੀ। ਸੰਗਤਾਂ ਸਾਰੀਆਂ ਪਾਤਸ਼ਾਹ ਦੇ ਹੁਕਮ ਅਨੁਸਾਰ ਦਰਸ਼ਨਾਂ ਨੂੰ ਆ ਗਈਆਂ ਹਨ । ਓਧਰੋਂ ਗੁਰਮੁਖ ਸਿੰਘ

ਤੇ ਸੱਚੇ ਪਾਤਸ਼ਾਹ ਨਾਲ ਮਾਤਾ ਹੋਰੀਂ ਵੀ ਗੱਡੀ ਚੜ੍ਹਨ ਲਈ ਚਲ ਪਏ ਹਨ। ਸੰਗਤਾਂ ਸੱਚੇ ਪਿਤਾ ਨੂੰ ਅੱਗੋਂ ਵਾਂਡੀ ਲੈਣ ਲਈ ਤਿਆਰ ਹੋਈਆਂ ਹਨ। ਪਾਤਸ਼ਾਹ ਗੱਡੀ ਪਛੜ ਗਏ ਸਨ। ਮਾਈ ਦੀ ਸੱਚੇ ਪਿਤਾ ਐਸੀ ਸੁਰਤ ਖੋਲ੍ਹੀ ਸੀ, ਸਿਖਾਂ ਨੂੰ ਮਾਈ ਬਚਨ ਦੱਸੇ ਕਿ ਸਿਖੋ ਅਜੇ ਅੱਗੋ ਵਾਡੀ ਨਾ ਜਾਓ, ਅਜੇ ਸੱਚੇ ਪਾਤਸ਼ਾਹ ਕਸੂਰੋਂ ਵੀ ਗੱਡੀ ਨਹੀਂ ਚੜ੍ਹੇ ਹਨ। ਓਸ ਦਿਨ ਪਾਤਸ਼ਾਹ ਠੀਕ ਨਹੀਂ ਚੜ੍ਹੇ ਹਨ। ਅਗਲੇ ਦਿਨ ਕੁਕੜ ਦੀ ਬਾਂਗ ਨਾਲ ਗੱਡੀ ਚੜ੍ਹਦੇ ਹਨ। ਜਿਸ ਵਕਤ ਗੱਡੀ ਚੜ੍ਹੇ ਹਨ ਤੇ ਓਧਰ ਮਾਈ ਬਚਨ ਕੀਤਾ ਹੈ ਕਿ ਸੱਚੇ ਪਾਤਸ਼ਾਹ ਹੁਣ ਗੱਡੀ ਚੜ੍ਹੇ ਹਨ। ਜਿਸ ਵਕਤ ਚੁਤਾਲਿਆਂ ਦੇ ਲਾਗੇ ਗੱਡੀ ਆਈ, ਓਸ ਵਕਤ ਬਾਬੇ ਮਨੀ ਸਿੰਘ ਵੀ ਬਚਨ ਕੀਤਾ, ਕਿ ਸਿਖੋ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੰਗਤਾਂ ਦੇ ਵਾਲੀ, ਐ ਗੱਡੀ ਵਿਚ ਆ ਰਹੇ ਹਨ। ਜਿਸ ਡੱਬੇ ਵਿਚ ਮੇਰੇ ਦੀਨ ਦਿਆਲ ਦੁਨੀਆਂ ਦੇ ਵਾਲੀ ਬੈਠੇ ਸਨ, ਓਹ ਡੱਬਾ ਜੋਤ ਦੇ ਪਰਕਾਸ਼ ਨਾਲ ਝਿਰਮਲ ਝਿਰਮਲ ਕਰ ਰਿਹਾ ਹੈ ਜੀ। ਸੰਤਾਂ ਨੇ ਆਖਿਆ ੫ ਸਿਖ ਘੋੜੀਆਂ ਲੈ ਜਾਓ ਤੇ ਸੱਚੇ ਪਿਤਾ ਨੂੰ ਆਦਰ ਮਾਨ ਨਾਲ ਲੈ ਆਓ ਜੀ। ਸਿਖ ਸਤਿ ਬਚਨ ਮੰਨ ਕੇ ਘੋੜੀਆਂ ਲੈ ਕੇ ਚਲੇ ਗਏ ਹਨ। ਹੋਰ ਸੰਗਤਾਂ ਵੀ ਸੇਵਾ ਬੜੇ ਪ੍ਰੇਮ ਨਾਲ ਕਰ ਰਹੀਆਂ ਹਨ ਜੀ। ਅਨੇਕ ਪਰਕਾਰ ਦੇ ਭੋਜਨ ਤੇ ਸੱਚੇ ਪਿਤਾ ਦੇ ਥਾਲ ਦਾ ਪਰਸ਼ਾਦ ਤਿਆਰ ਹੋ ਰਿਹਾ ਹੈ ਜੀ। ਸੱਚੇ ਪਾਤਸ਼ਾਹ ਸ਼ਹਿਰ ਵਿਚ ਘੁੰਮਣ ਕਰ ਕੇ ੧ ਦਾ ਟਾਈਮ ਕਰ ਦਿਤਾ ਹੈ। ਤੇ ਫੇਰ ਚੁਤਾਲੇ ਪਿੰਡ ਵਿਚ ਆਏ ਹਨ। ਹੁਮ ਹੁਮਾ ਕੇ ਪਿੰਡ ਦਰਸ਼ਨ ਕਰਨ ਆਇਆ ਹੈ। ਛੋਟੇ ਛੋਟੇ ਬੱਚੇ ਕੋਠੇ ਤੇ ਖੇਡ ਰਹੇ ਹਨ ਤੇ ਇਕ ਬੱਚਾ ਕੋਠੇ ਤੋਂ ਥੱਲੇ ਡਿਗ ਪਿਆ ਹੈ। ਸਾਰੀ ਦੁਨੀਆਂ ਭੱਜ ਕੇ ਓਸ ਮੁੰਡੇ ਵਲ ਹੋ ਗਈ ਹੈ । ਤੇ ਪਾਤਸ਼ਾਹ ਦੀ ਕਿਸੇ ਨੂੰ ਸੁਰਤ ਨਹੀਂ ਰਹੀ। ਸੱਚੇ ਪਿਤਾ ਮੇਰੇ ਦੀਨ ਦਿਆਲ ਅਛਲ ਛਲਨ ਛਲ ਕਰਕੇ ਤੇ ਆਪ ਘੋੜੇ ਤੋਂ ਉਤਰ ਕੇ ਸਿਖ ਦੇ ਘਰ ਦਬਾ ਦਬ ਚਲੇ ਗਏ ਹਨ ਜੀ। ਸੰਗਤਾਂ ਪਰਦੇਸ਼ਾਂ ਵਿਚੋਂ ਦਰਸ਼ਨਾਂ ਨੂੰ ਆਈਆਂ ਸਨ ਤੇ ਦਬਾ ਦਬ ਸੇਵਾ ਵਿਚ ਲਗ ਪਈਆਂ ਹਨ। ਦੀਨ ਦਿਆਲ ਦੀਆਂ ਪਰਕਰਮਾਂ ਕਰ ਕੇ ਆਪਣਾ ਜਨਮ ਸੁਫਲਾ ਕਰਦੀਆਂ ਹਨ ਤੇ ਨਾਲੇ ਪ੍ਰੇਮ ਨਾਲ ਸ਼ਬਦ ਪੜ੍ਹਦੀਆਂ ਹਨ ਕਿ ਅੱਜ ਦੀ ਸੁਲੱਖਣੀ ਘੜੀ ਗੁਰਾਂ ਦੇ ਦਰਸ਼ਨ ਹੋਏ। ਸੰਗਤਾਂ ਨੂੰ ਬਹੁਤ ਉਤਮ ਦਿਹਾੜਾ ਹੱਥ ਆਇਆ ਹੈ ਜੀ । ਸੱਚੇ ਪਿਤਾ ਦਾ ਥਾਲ ਲੁਵਾ ਕੇ ਤੇ ਲੰਗਰ ਵਰਤੀ ਦਾ ਹੈ। ਸੰਗਤਾਂ ਛਕ ਛਕ ਕੇ ਅਨੰਦ ਪਰਸੰਨ ਹੋ ਰਹੀਆਂ ਹਨ। ਜੇਹੜਾ ਮੁੰਡਾ ਕੋਠੇ ਤੋਂ ਡਿਗਾ ਹੈ ਉਸ ਨੂੰ ਚੁੱਕ ਕੇ ਸੱਚੇ ਪਿਤਾ ਦੇ ਧਾਮ ਤੇ ਮੱਥਾ ਟਿਕਾਇਆ ਤੇ ਓਹ ਖੇਡਣ ਲਗ ਪਿਆ ਹੈ। ਸੱਚੇ ਪਿਤਾ ਮੁੰਡੇ ਦਾ ਬਹਾਨਾ ਬਣਾ ਕੇ ਕਿਸੇ ਪਿੰਡ ਦੇ ਨੂੰ ਪਾਤਸ਼ਾਹ ਆਪ ਦੇ ਚਰਨਾਂ ਤੇ ਨਿਮਸਕਾਰ ਨਹੀਂ ਕਰਨ ਦਿਤੀ। ਲੋਕੀ ਆਖਣ ਲਗ ਪਏ ਕਿ ਚੰਗਾ ਮਹਾਰਾਜ ਆਇਆ ਓਨ੍ਹਾਂ ਦਾ ਮੁੰਡਾ ਮਰ ਚਲਿਆ ਸੀ। ਏਸ ਤਰ੍ਹਾਂ ਸੱਚੇ ਪਿਤਾ ਦਿਆਲੂ ਕਿਰਪਾਲੂ ਆਪਣੀ ਸੰਸਾਰ ਕੋਲੋਂ ਨਿੰਦਿਆ ਕਰਾ ਰਹੇ ਸਨ। ਸੰਗਤਾਂ ਪਰਸ਼ਾਦ ਛਕ ਕੇ ਸੱਚੇ ਪਿਤਾ ਦੀ ਸੇਵਾ ਵਿਚ ਹਾਜ਼ਰ ਹਨ। ਪਾਤਸ਼ਾਹ ਪਲੰਘ ਤੇ ਹਨ ਤੇ ਸੰਗਤਾਂ ਰੁੱਗੇ ਛਕਾ ਰਹੀਆਂ ਹਨ। ਸੱਚੇ ਪਿਤਾ ਐਸ ਤਰ੍ਹਾਂ ਸੰਗਤਾਂ ਵਿਚ ਸੋਂਹਦੇ ਹਨ ਕਿ ਜਿਸ ਤਰ੍ਹਾਂ ਤਾਰਿਆਂ ਵਿਚ ਚੰਦਰਮਾਂ ਸੋਭਾ ਪਾ ਰਿਹਾ ਹੈ ਜੀ। ਧੰਨ ਓਹ ਧਰਤੀ ਹੈ ਜਿਥੇ ਮੇਰੇ ਦੀਨ ਦਿਆਲ ਚਰਨ ਪਾਏ ਹਨ।।

ਸੱਚੇ ਪਿਤਾ ਦੇ ਪੱਟ ਉਤੇ ਉਪਰ ਚਾਰ ਫੋੜੇ ਸਨ। ਸੰਗਤਾਂ ਰੁੱਗੇ ਛਕਾ ਰਹੀਆਂ ਸਨ। ਫੋੜੇ ਸਾਰੇ ਫਿਸ ਗਏ। ਸਾਰੀ ਚਾਦਰ ਤੇ ਲੱਤ ਖੂਨ ਨਾਲ ਭਰ ਗਈ ਹੈ। ਅਠ ਦਿਨ ਮੇਲਾ ਰਿਹਾ ਹੈ ਤੇ ਪਾਤਸ਼ਾਹ ਜੀ ਸੰਗਤ ਵਿਚ ਅਠ ਦਿਨ ਰਹੇ ਹਨ ਜੀ। ਜਿਸ ਦਿਨ ਪਾਤਸ਼ਾਹ ਨੂੰ ਗਿਆਂ ਨੂੰ ਚਾਰ ਦਿਨ ਹੋਏ ਸਨ, ਸੰਤਾਂ ਨੂੰ ਪਾਤਸ਼ਾਹ ਬਚਨ ਦਿਤਾ ਅਸੀਂ ੨੧ ਸਾਲ ਗਰੀਬੀ ਵਾਲਾ ਬਾਣਾ ਪਹਿਨਿਆਂ ਹੈ। ਕਿਸੇ ਨੂੰ ਜਤਾਇਆ ਨਹੀਂ। ਹੁਣ ਅਸੀਂ ਅੱਜ ਤੋਂ ਮਾੜਾ ਕਪੜਾ ਨਹੀਂ ਪਹਿਨਣਾ ਤੇ ਅੱਠੀਂ ਪਹਿਰੀਂ ਜਰੂਰ ਵਰਦੀ ਸਾਫ ਕਰਿਆ ਕਰਾਂਗੇ। ਬਾਵੀਵੇਂ ਸਾਲ ਵਿਚ ਸਤਿਜੁਗੀ ਚਿੱਟਾ ਬਾਣਾ ਰਾਜਧਾਨੀ ਪਹਿਨਣਾ ਹੈ। ਛੋਟੇ

ਭੁਚਰੋਂ ਮਾਣਾ ਸਿੰਘ ਸਿਖ ਹੈ। ਉਸ ਨੇ ਉਠ ਕੇ ਗੱਲ ਵਿਚ ਪੱਲਾ ਪਾ ਕੇ ਬੇਨੰਤੀ ਕੀਤੀ, ਕਿ ਸੱਚੇ ਪਿਤਾ ਦੀਨ ਦਿਆਲ ਮੈਂ ਆਪ ਦੀ ਪੁਸ਼ਾਕ ਸੁਵਾ ਕੇ ਲਿਔਂਦਾ ਹਾਂ, ਮੇਰੇ ਤੇ ਦਇਆ ਕਰੋ ਜੀ। ਸੱਚੇ ਪਿਤਾ ਸਿਖ ਦੀ ਬੇਨੰਤੀ ਮਨਜ਼ੂਰ ਕਰ ਲਈ ਹੈ। ਸਿਖ ਨੇ ਤਰਨ ਤਾਰਨ ਜਾ ਕੇ ਬਨਾਰਸੀ ਪੱਗ, ਰੇਸ਼ਮੀ ਵਧੀਆ ਚਾਦਰ ਕੁੜਤਾ ਤੇ ਤਿਲੇ ਦਾ ਸਾਰਾ ਕੱਡਿਆ ਜੋੜਾ ਲੈ ਆਇਆ ਹੈ। ਅਗਲੇ ਦਿਨ ਪਾਤਸ਼ਾਹ ਅਸ਼ਨਾਨ ਕਰ ਕੇ ਪੁਸ਼ਾਕ ਪਹਿਨ ਕੇ ਪਲੰਘ ਤੇ ਬੈਠ ਗਏ ਹਨ ਜੀ। ਓਸ ਵਕਤ ਬੁਗਿਆਂ ਵਾਲੇ ਸੁੰਦਰ ਸਿੰਘ ਨੇ ਘੋੜੀ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਭੇਟ ਕੀਤੀ। ਹੋਰ ਸੰਗਤ ਨੇ ਵੀ ਸੇਵਾ ਪੁਜਦੀ ਸਰਦੀ ਕੀਤੀ ਹੈ ਜੀ। ੧੪ ਸੌ ਰੁਪੈਆ ਓਸ ਵਕਤ ਸੱਚੇ ਪਿਤਾ ਨੂੰ ਭੇਟਾ ਹੋਈ ਹੈ ਜੀ। ਪਰਾਤਾਂ ਮਠਿਆਈ ਦੀਆਂ ਅੱਗੇ ਰੱਖੀਆਂ ਹਨ ਜੀ। ਫੁਲਾਂ ਦੇ ਹਾਰ ਸੱਚੇ ਪਾਤਸ਼ਾਹ ਦੇ ਗੱਲ ਵਿਚ ਪਾਏ ਹਨ। ਸੰਗਤਾਂ ਦਰਸ਼ਨ ਕਰ ਕੇ ਨਿਹਾਲ ਹੋ ਰਹੀਆਂ ਹਨ ਜੀ। ਸੰਗਤਾਂ ਫੇਰ ਲੰਗਰ ਵਰਤੌਣ ਲਗ ਪਈਆਂ ਹਨ ਜੀ।

ਚੁਤਾਲਿਆਂ ਵਾਲਿਆਂ ਸਿਖਾਂ ਦੇ ਖਰਬੂਜੇ ਪੱਕੇ ਸਨ ਤੇ ਲਿਆ ਕੇ ਪ੍ਰੇਮ ਨਾਲ ਫਾੜੀਆਂ ਕਰ ਕੇ ਪਰਾਤ ਭਰ ਕੇ ਪਾਤਸ਼ਾਹ ਅੱਗੇ ਰੱਖੀ ਹੈ ਤੇ ਸੰਗਤਾਂ ਨੂੰ ਵਰਤਾ ਰਹੇ ਹਨ। ਫੇਰ ਬਾਹਰ ਨੂੰ ਸੱਚੇ ਪਿਤਾ ਚਲੇ ਗਏ ਹਨ। ਖਰਬੂਜਿਆਂ ਦੀਆਂ ਫਾੜੀਆਂ ਵਾਲੀ ਪਰਾਤ ਸੱਚੇ ਪਾਤਸ਼ਾਹ ਪਲੰਘ ਤੇ ਰੱਖ ਗਏ ਹਨ ਜੀ। ਮਾਹਵਿਓ ਇਕ ਘੁਮਿਆਰੀ ਸੀ ਸਿਧ ਪਧਰੀ, ਉਸ ਨੇ ਪਲੰਘ ਉਤੋਂ ਖਰਬੂਜੇ ਦੀ ਫਾੜੀ ਫੜ ਕੇ ਖਾ ਲਈ। ਓਸੇ ਵੇਲੇ ਜੂੜੀ ਗਈ ਤੇ ਤੜਫਣ ਲਗ ਪਈ। ਮੱਛੀ ਵਾਗੂੰ ਤੜਫੇ ਤੇ ਨਾਲੇ ਸੱਪ ਦਾ ਭੈ ਪਾਤਸ਼ਾਹ ਦੇ ਰਹੇ ਹਨ। ਸਾਰੀ ਸੰਗਤ ਹੈਰਾਨ ਪਰੇਸ਼ਾਨ ਹੋ ਰਹੀ ਹੋ। ਬਾਬੇ ਮਨੀ ਸਿੰਘ ਪੁਛਿਆ ਬੇਬੇ ਜੀ ਤੈਨੂੰ ਕੀ ਗਲ ਹੈ। ਓਹ ਆਪਣੀ ਜਬਾਨੀ ਦੱਸਦੀ ਹੈ ਕਿ ਮੈਂ ਪਾਤਸ਼ਾਹ ਦੇ ਪਲੰਘ ਤੋਂ ਚੋਰੀ ਖਰਬੂਜੇ ਦਾ ਪਰਸ਼ਾਦ ਖਾ ਲਿਆ ਹੈ। ਮਾਈ ਓਥੇ ਜੂੜੀ ਪਈ ਸੀ। ਪਾਤਸ਼ਾਹ ਕੋਲ ਨਹੀਂ ਜਾ ਸਕਦੀ ਸੀ। ਬਾਬੇ ਮਨੀ ਸਿੰਘ ਬਚਨ ਕੀਤਾ ਕਿ ਸੰਗਤੇ ਤੁਸੀਂ ਪਾਤਸ਼ਾਹ ਅੱਗੇ ਬੇਨੰਤੀ ਕਰ ਕੇ ਇਸ ਨੂੰ ਭੁੱਲ ਬਖ਼ਸ਼ਾ ਦਿਓ। ਸੱਚੇ ਪਿਤਾ ਓਨੇ ਚਿਰ ਨੂੰ ਬਾਹਰੋਂ ਆ ਗਏ ਹਨ। ਸਿਖਾਂ ਰਲ ਕੇ ਗੱਲ ਵਿਚ ਪੱਲੇ ਪਾ ਕੇ ਬੇਨੰਤੀ ਕੀਤੀ, ਪਾਤਸ਼ਾਹ ਦਇਆ ਕਰੋ। ਮਾਈ ਗਰੀਬਣੀ ਨੂੰ ਬਖ਼ਸ਼ ਦਿਓ, ਬੜੀ ਔਖੀ ਹੈ। ਜੀਵ ਹਰ ਵਕਤ ਭੁਲਣਹਾਰ ਹਨ ਤੇ ਆਪ ਬਖ਼ਸ਼ਣਜੋਗ ਜੋ। ਪਾਤਸ਼ਾਹ ਬਚਨ ਕਰਦੇ ਹਨ ਕਿ ਬਾਬਾ ਅਸੀਂ ਓਹੋ ਖਰਬੂਜੇ ਦੀ ਫਾੜੀ ਲੈਣੀ ਹੈ। ਸਿਖ ਬੇਨੰਤੀ ਕਰਦੇ ਹਨ ਕਿ ਅਸੀਂ ਚੰਗੇ ਚੰਗੇ ਖਰਬੂਜਿਆਂ ਦੀ ਪੰਡ ਲਿਆ ਦਿੰਦੇ ਹਾਂ। ਪਾਤਸ਼ਾਹ ਆਖਦੇ ਹਨ ਅਸਾਂ ਬਹੁਤੇ ਲੈਣੇ ਨਹੀਂ, ਓਹੋ ਫਾੜੀ ਲੈਣੀ ਹੈ। ਤਰਲੇ ਮਿੰਨਤਾਂ ਕੱਢ ਕੇ, ਸਿਖਾਂ ਨੇ ਪਾਤਸ਼ਾਹ ਮਨਾਏ ਹਨ।।

ਬੁਗਿਆਂ ਵਾਲਾ ਸੁੰਦਰ ਸਿੰਘ ਜਦੋਂ ਪੰਜਵੇਂ ਦਿਨ ਮੁੜ ਕੇ ਵਾਪਸ ਆਪਦੇ ਘਰ ਨੂੰ ਗਿਆ ਹੈ। ਉਸ ਦੀ ਭਰਜਾਈ ਗੁੱਸੇ ਹੁੰਦੀ ਹੈ ਕਿ ਐਨੇ ਦਿਨ ਤੂੰ ਕਿਥੇ ਲਾ ਕੇ ਆਇਆ ਹੈਂ। ਤੈਨੂੰ ਪਿਛਲਾ ਫਿਕਰ ਨਹੀਂ। ਸੁੰਦਰ ਸਿੰਘ ਬਚਨ ਕਰਦਾ ਹੈ ਕਿ ਭਾਗਾਂ ਵਾਲੀਏ ਮੈਂ ਪ੍ਰੀ ਪੂਰਨ ਸੋਲਾਂ ਕਲਾਂ ਸੰਪੂਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਦਰਸ਼ਨ ਕਰ ਕੇ ਆਇਆ ਹਾਂ। ਓਹ ਆਖਣ ਲੱਗੀ ਕੇਹੜਾ ਤੇਰਾ ਪਿਓ ਐਡਾ ਕਰਾਮਾਤੀ ਹੈ, ਮੈਂ ਭਲਕੇ ਜਾ ਕੇ ਵੇਖ ਲਵਾਂਗੀ। ਅਗਲੇ ਦਿਨ ਗਈ ਤੇ ਓਹ ਭੀ ਜੂੜੀ ਗਈ। ਕੱਟੇ ਵਾਗੂੰ ਅੜਿੰਗ ਰਹੀ ਹੈ। ਫੇਰ ਉਠ ਕੇ ਪਾਤਸ਼ਾਹ ਅੱਗੇ ਬੇਨੰਤੀ ਕੀਤੀ। ਮਾੜਾ ਬਚਨ ਬੋਲਣ ਵਾਲੀ ਭੁਲ ਬਖ਼ਸ਼ਾਈ। ਸੱਚੇ ਪਿਤਾ ਬੜੇ ਦਇਆ ਦੇ ਸਮੁੰਦਰ ਸਨ ਤੇ ਸਿਖਾਂ ਤੇ ਬੜੀ ਦਇਆ ਕਰਦੇ ਸਨ। ਮਾਈ ਨੂੰ ਬਖ਼ਸ਼ ਕੇ ਆਪਣੀ ਚਰਨੀ ਲਾ ਲਿਆ।।

ਅੱਠ ਦਿਨ ਪਾਤਸ਼ਾਹ ਚੁਤਾਲੀ ਰਹੇ ਸਨ। ਅੱਠ ਦਿਨ ਸ਼ਬਦ ਬਾਣੀ ਦੀ ਘਨਘੋਰ ਹੋ ਰਹੀ ਸੀ।

ਇਕ ਮਾਈ ਘੁਮਿਆਰੀਵਾਂ ਪਿੰਡ ਦੀ ਸੀ ਤੇ ਵੀਰ ਸਿੰਘ ਗਗੋ ਬੂਏ ਵਾਲਾ ਏਹ ਦੋਵੇਂ ਨਾਮਧਾਰੀਆਂ ਦੀ ਸਿਖੀ ਵਿਚ ਸਨ, ਫੇਰ ਸੱਚੇ ਪਿਤਾ ਦੀ ਸ਼ਰਨ ਲੱਗੇ ਹਨ ਜੀ। ਮਾਈ ਮਸਤਾਨੀ ਤੇ ਦਿਲੀ ਦੀਆਂ ਬੀਬੀਆਂ ਗੋਪੀਆਂ ਦਾ ਵੇਸ ਕਰ ਕੇ ਪਾਤਸ਼ਾਹ ਦੇ ਪਲੰਘ ਦੇ ਚਾਰ ਚੁਫੇਰੇ ਰਾਸ ਮੰਡਲ ਪੌਂਦੀਆਂ ਹੁੰਦੀਆਂ ਸਨ ਤੇ ਪ੍ਰੇਮ ਨਾਲ ਬਿਸ਼ਨ ਪੱਤੇ ਪੜ੍ਹਦੀਆਂ ਹੁੰਦੀਆਂ ਸਨ, ਪਲੰਘ ਦੀਆਂ ਪਰਕਰਮਾਂ ਕਰਦੀਆਂ ਹੁੰਦੀਆਂ ਸਨ। ਅੱਠ ਦਿਨ ਏਸ ਤਰ੍ਹਾਂ ਚੁਤਾਲੀ ਰੌਣਕ ਰਹੀ ਸੀ। ਫੇਰ ਪਾਤਸ਼ਾਹ ਸਿਖਾਂ ਨੂੰ ਖ਼ੁਸ਼ੀਆਂ ਦੇ ਕੇ ਆਪ ਨਾਲ ਮਾਤਾ ਨੈਣੋਂ ਤੇ ਗੁਰਮੁਖ ਸਿੰਘ ਘਵਿੰਡ ਆ ਗਏ ਹਨ। ਮਗਰੋਂ ਸੰਤਾਂ ਨੂੰ ਆਕਾਸ਼ ਬਾਣੀ ਨਾਲ ਪਾਤਸ਼ਾਹ ਲਿਖੌਂਦੇ ਹਨ, ਸੰਤਾਂ ਏਥੇ ਚੁਤਾਲੀਂ ੧੫ ਦਿਨਾਂ ਪਿਛੋਂ ਸੰਗਤ ਕੱਠੀ ਹੋਇਆ ਕਰੇਗੀ, ਮਸਿਆ ਤੇ ਪੁਨਿਆ ਵਾਲੇ ਦਿਨ। ਲਿਖਾਈ ਵਿਚ ਚੁਤਾਲਿਆਂ ਵਾਲੇ ਧਾਮ ਦਾ ਨਾਮ ਹਜੂਰ ਸਾਹਿਬ ਰੱਖਿਆ ਹੈ।।

ਬਾਬਾ ਮਨੀ ਸਿੰਘ ਸੰਗਤਾਂ ਨੂੰ ਲੈ ਕੇ ਘਵਿੰਡ ਪਿੰਡ ਨੂੰ ਤੁਰ ਪਿਆ ਹੈ। ਜਿਸ ਵਕਤ ਤੁਰੇ ਔਂਦੇ ਹਨ, ਤੇ ਰਸਤੇ ਵਿਚ ‘‘ਤੇਜਾ ਸਿੰਘ ਵਾਲਾ’’ ਪਿੰਡ ਆਇਆ ਹੈ। ਸੰਗਤਾਂ ਪੈਦਲ ਅੱਗੇ ਪਿਛੇ ਤੁਰੀਆਂ ਆ ਰਹੀਆਂ ਹਨ। ਰਸਤੇ ਵਿਚ ਇਕ ਡੰਡੀ ਉਤੇ ਬੜਾ ਭਾਰਾ ਰੇਰੂ ਦਾ ਪੇੜ ਸੀ। ਸੰਗਤਾਂ ਛਾਂ ਵੇਖ ਕੇ ਹੇਠਾਂ ਬੈਹ ਗਈਆਂ ਹਨ। ਬਾਬੇ ਮਨੀ ਸਿੰਘ ਨੂੰ ਪਾਤਸ਼ਾਹ ਆਕਾਸ਼ ਬਾਣੀ ਦਿਤੀ ਕਿ ਸੰਤਾ ਰੇਰੂ ਹੇਠੋਂ ਸੰਗਤ ਉਠਾ ਦੇ, ਇਸ ਦੀ ਉਮਰ ਮੁੱਕੀ ਹੋਈ ਹੈ। ਸੰਤਾਂ ਨੇ ਸੰਗਤਾਂ ਉਠਾ ਕੇ ੧੦ ਕਰਮਾਂ ਆਂਦਾ ਹੈ ਤੇ ਰੇਰੂ ਗੜ ਗੜਾ ਕੇ ਡਿਗ ਪਿਆ, ਜੜਾਂ ਤੋਂ ਪੁੱਟਿਆ ਗਿਆ ਹੈ। ਏਹ ਕੌਤਕ ਵੇਖ ਕੇ ਸੰਗਤਾਂ ਧੰਨ ਧੰਨ ਕਰ ਰਹੀਆਂ ਹਨ। ਸੱਚੇ ਪਿਤਾ ਦੇ ਨਾਮ ਦਾ ਜਸ ਗਾ ਰਹੀਆਂ ਹਨ ਜੀ। ਧੰਨ ਹੈ ਮੇਰਾ ਪਿਤਾ ਜੇਹੜਾ ਜੰਗਲਾਂ ਪਹਾੜਾਂ ਨਦੀਆਂ ਦਰਿਆਵਾਂ ਵਿਚ ਵੀ ਹਰ ਵਕਤ ਅੰਗ ਸੰਗ ਹੋ ਕੇ ਸਿਖਾਂ ਤੇ ਦਇਆ ਕਰਦਾ ਹੈ ਜੀ। ਏਸੇ ਤਰ੍ਹਾਂ ਸੱਚੇ ਪਾਤਸ਼ਾਹ ਗਰੀਬ ਸਿਖਾਂ ਤੇ ਦਇਆ ਕਰਨ।।