੯ ਸਿਖਾਂ ਪਾਤਸ਼ਾਹ ਦੀ ਬਾਣੀ ਲੈ ਕੇ ਬੜੁਖੀਂ ਜਾਣਾ
ਮਾਘ ਦੇ ਮਹੀਨੇ ਦਾ ਬਚਨ ਹੈ, ਕਿ ਸੰਮਤ ਬਿਕ੍ਰਮੀ ੧੯੭੩ ਵਿਚ ਬੜੁਖੀਂ ਬਾਬੇ ਮਨੀ ਸਿੰਘ ਨੂੰ ਆਕਾਸ਼ ਬਾਣੀ ਹੋਈ ਕਿ ਸੰਤਾ ੯ ਸਿਖ ਆ ਕੇ ਘਵਿੰਡੋਂ ਬਾਣੀ ਚੁਕ ਕੇ ਬੜੁਖੀਂ ਲੈ ਜਾਓ। ਸੱਚੇ ਪਿਤਾ ਉਸ ਵਕਤ ਘਵਿੰਡ ਬੈਠੇ ਹਨ ਜੀ। ਰੰਗਾ ਸਿੰਘ ਪਾਤਸ਼ਾਹ ਦਾ ਸਕਾ ਚਾਚਾ, ਬੌਹਲ ਸਿੰਘ ਕੋਰੀਆਂ ਵਾਲਾ, ਮਾਣਾ ਸਿੰਘ ਭੁਚਰ ਵਾਲਾ, ਬਾਜ ਸਿੰਘ ਭੁਚਰ ਵਾਲਾ, ਸੁੰਦਰ ਸਿੰਘ ਬੁਗਿਆਂ ਵਾਲਾ, ਵੀਰ ਸਿੰਘ ਗਗੋ ਬੂਏ ਵਾਲਾ, ਅਤਰ ਸਿੰਘ ਖੀਰਾਂਵਾਲੀ ਵਾਲਾ, ਇੰਦਰ ਸਿੰਘ ਝੁਬਾਲ ਵਾਲਾ, ਹਰਨਾਮ ਸਿੰਘ ਚੁਤਾਲਿਆਂ ਦਾ। ਏਹਨਾਂ ਸਿਖਾਂ ਨੂੰ ਬਾਣੀ ਖੜਨ ਦਾ ਹੁਕਮ ਹੋਇਆ ਹੈ। ਸਿਖ ਬਾਬੇ ਮਨੀ ਸਿੰਘ ਦਾ ਬਚਨ ਸੁਣ ਕੇ ਘਵਿੰਡ ਸੱਚੇ ਪਾਤਸ਼ਾਹ ਕੋਲ ਆਏ ਹਨ ਤੇ ਆਣ ਕੇ ਗਲ ਵਿਚ ਪੱਲਾ ਪਾ ਕੇ ਬੇਨੰਤੀ ਕੀਤੀ ਕਿ ਪਾਤਸ਼ਾਹ ਬੜੀ ਤੁਸਾਂ ਦਇਆ ਕੀਤੀ ਹੈ। ਸਾਨੂੰ ਗਰੀਬਾਂ ਨੂੰ ਬਾਣੀ ਦੀ ਸੇਵਾ ਬਖ਼ਸ਼ੀ ਹੈ ਜੀ। ਸਿਖ ਖ਼ੁਸ਼ੀ ਨਾਲ ਜਾਮੇ ਵਿਚ ਨਹੀਂ ਸਮੌਂਦੇ। ਪਾਤਸ਼ਾਹ ਬੇਨੰਤੀ ਪਰਵਾਨ ਕਰ ਲਈ। ਅਤਰ ਸਿੰਘ ਸਿਖ ਮਸਤਾਨਾ ਹੋ ਗਿਆ ਹੈ। ਬਚਨ ਹੋਣ ਲੱਗ ਪਏ। ਏਹ ਹੁਕਮ ਹੋਇਆ ਕਿ ਪਾਤਸ਼ਾਹ ਦੀ ਭੈਣ ਬੀਬੀ ਠਾਕਰੀ ਆਵੇ ਤੇ ਆਣ ਕੇ ਪਰਸ਼ਾਦ ਕਰ ਕੇ ਬਾਣੀ ਖੜਨੀ ਹੈ। ਫੇਰ ਬੀਬੀ ਠਾਕਰੀ ਆਪ ਦੀ ਹੱਥੀਂ ਸਿਖਾਂ ਨੂੰ ਬਾਣੀ ਚੁਕਾਈ ਤੇ ਸਿਖ ਖ਼ੁਸ਼ੀਆਂ ਲੈ ਕੇ ਸੱਚੇ ਪਾਤਸ਼ਾਹ ਤੋਂ ਤੁਰ ਪਏ ਹਨ ਜੀ। ਜਿਸ ਤਰ੍ਹਾਂ ਸਿਖਾਂ ਨੂੰ ਹੁਕਮ ਸੀ। ਇਕ ਰਾਤ ਭੁਚਰ ਰਹੇ, ਇਕ ਰਾਤ ਗਗੋ ਬੂਏ, ਇਕ ਰਾਤ ਬੁੱਗੀਂ ਰਹੇ। ਫੇਰ ਤਰਨ ਤਾਰਨੋਂ ਗੱਡੀ ਚੜ੍ਹ ਕੇ ਸੰਗਰੂਰੀਂ ਚਲੇ ਗਏ ਓਥੋਂ ਤਿੰਨ ਮੀਲ ਬੜੁਖੇ ਪਿੰਡ ਹੈ। ਓਥੇ ਸਿਖ ਨੱਥਾ ਸਿੰਘ ਲੰਬਰਦਾਰ ਦੇ ਘਰ ਚਲੇ ਗਏ, ਜਿਥੇ ਬਾਬਾ ਮਨੀ ਸਿੰਘ ਰਹਿੰਦਾ ਸੀ। ਸਿਖ ਓਥੇ ਬਾਣੀ ਲੈ ਗਏ ਹਨ। ਸਿਖਾਂ ਨੇ ਬਾਬੇ ਮਨੀ ਸਿੰਘ ਨੂੰ ਮੱਥਾ ਟੇਕ ਕੇ ਬਾਣੀ ਸਪੁਰਦ ਕਰ ਦਿਤੀ। ਬਾਬਾ ਮਨੀ ਸਿੰਘ ਨੇ ਬਾਣੀ ਅਲਮਾਰੀ ਵਿਚ ਰਖ ਦਿਤੀ। ਆਪ ਆਕਾਸ਼ ਬਾਣੀ ਦਾ ਜੋ ਹੁਕਮ ਸੀ, ਲਿਖਣ ਲਗ ਪਏ। ਫੇਰ ਸਿਖਾਂ ਨੂੰ ਬਚਨ ਦੱਸਦੇ ਹਨ ਕਿ ਪਾਤਸ਼ਾਹ ਆਂਦੇ ਹਨ ਬਾਣੀ ਹੁਣ ਰਾਜੇ ਸੰਗਰੂਰ ਵਾਲੇ ਦੇ ਸਪੂਰਦ ਕੀਤੀ ਜਾਵੇਗੀ। ਜਦੋਂ ਸੱਚੇ ਪਾਤਸ਼ਾਹ ਮਸਤੂਆਣੇ ਔਣਗੇ ਤੇ ਰਾਜਿਆਂ ਨੂੰ ਜੂੜ ਪੌਣਗੇ ਤੇ ਫਿਰ ਆਪ ਦੀ ਬਾਣੀ ਪਰਗਟ ਕਰ ਲੈਣਗੇ। ਬਾਬੇ ਮਨੀ ਸਿੰਘ ਨੂੰ ਆਕਾਸ਼ ਬਾਣੀ ਹੋਈ, ਤੇ ਬਾਬੇ ਫਰਦ ਲਿਖੀ ਕਿ ਰਾਜਾ ਬਾਣੀ ਨਜ਼ਰਬੰਦ ਕਰ ਲਵੇਗਾ। ਸਾਨੂੰ ਵੀ ਨਜ਼ਰਬੰਦ ਕਰ ਕੇ ਲੈ ਜਾਵੇਗਾ ਤੇ ਅਸੀਂ ਅੰਦਰ ਵੀ ਹੋਵਾਂਗੇ। ਸਾਡਾ ਲੰਗਰ ਤੋਸ਼ੇਖਾਨੇ ਵਿਚੋਂ ਹੋਵੇਗਾ। ਸੰਤ ਮਨੀ ਸਿੰਘ ਬਚਨ ਦਸਦੇ ਹਨ ਕਿ ਪਾਤਸ਼ਾਹ ਸਾਡੀ ਦੇਹ ਹੁਣ ਨਿਕੀ ਜਹੀ ਵਖੌਂਦੇ ਹਨ ਤੇ ਆਂਦੇ ਹਨ ਬਾਬਾ ਏਸ ਸੇਵਾ ਤੋਂ ਬਾਦ ਤੁਸੀਂ ਹੁਣ ਪੁੱਤਰ ਹੋ ਕੇ ਸਾਡੇ ਘਰ ਆਓਗੇ। ਸਿਖਾਂ ਬਾਬੇ ਮਨੀ ਸਿੰਘ ਸਾਰੇ ਬਚਨ ਸੁਣਾਏ ਸੱਚੇ ਪਿਤਾ ਦੇ ਹੁਕਮ ਅਨੁਸਾਰ ਬਾਬੇ ਮਨੀ ਸਿੰਘ ਸਿਖਾਂ ਨੂੰ ਅੱਠ ਦਿਨ ਰੱਖਿਆ। ਅੱਠਾਂ ਦਿਨਾਂ ਤੋਂ ਬਾਅਦ ਸਿਖ ਖ਼ੁਸ਼ੀਆਂ ਲੈ ਰਹੇ ਹਨ। ਮਨੀ ਸਿੰਘ ਨੂੰ ਆਕਾਸ਼ ਬਾਣੀ ਹੋਈ ਤੇ ਸਿਖਾਂ ਨੂੰ ਆਖਣ ਲਗੇ, ਸਿਖੋ, ਪਾਤਸ਼ਾਹ ਸਾਨੂੰ ਆਂਦੇ ਹਨ ਕਿ ਤੁਸਾਂ (ਮਨੀ ਸਿੰਘ) ਹੁਣ ਮਾਝੇ ਦੇਸ ਵਿਚ ਨਹੀਂ ਔਣਾ। ਸੰਗਤੇ ਤੁਸਾਂ ਛੇਤੀ ਦਰਸ਼ਨ ਦੇਣੇ। ਏਨ੍ਹਾਂ ਬਚਨ ਸੁਣ ਸਿਖ ਤੁਰ ਪਏ ਹਨ। ਮਾਲਵੇ ਦੇਸ ਵਿਚ ਹੀ ਬਾਬੇ ਹੋਰੀਂ ਰਹੇ ਹਨ। ਫੇਰ ਮਾਝੇ ਦੇਸ ਵਿਚ ਨਹੀਂ ਆਏ।।
ਜੇਠ ਦੇ ਮਹੀਨੇ ਦਾ ਬਚਨ, ਜਿਸ ਦਿਨ ੫ ਜੇਠ ਪਾਤਸ਼ਾਹ ਅਵਤਾਰ ਧਾਰਿਆ ਹੈ। ਪੰਜਵੀਂ ਜੇਠ ਦਾ ਮੇਲਾ ਸੀ। ਮਾਂਝੇ ਦੇ ਸਾਰੇ ਸਿਖ ਆਣ ਕੇ ਸੱਚੇ ਪਿਤਾ ਦੇ ਜਨਮ ਦੀ ਖ਼ੁਸ਼ੀ ਕਰ ਰਹੇ ਜਨ। ਕਲੀਆਂ ਤੋਂ ਇਕ ਮਾਈ ਆਈ ਹੈ। ਸੱਚੇ ਪਾਤਸ਼ਾਹ ਨੂੰ ਆਪ ਦੀ ਲੜਕੀ ਦਾ ਸਾਕ ਕਰ ਗਈ ਹੈ। ਰੁਪੈਆ ਹੱਥ ਤੇ ਧਰ ਗਈ ਹੈ। ਬਾਬੇ ਮਨੀ ਸਿੰਘ ਨੂੰ ਆਕਾਸ਼ ਬਾਣੀ ਹੋਈ ਕਿ ਮਾਝੇ ਵਿਚੋਂ ਸਿਖ ਔਣਗੇ ਤੇ ਨਵਾਂ ਵਿਹਾਰ ਚਲੇਗਾ। ਏਧਰ ਸਿਖ ਵੀ ਆਕਾਸ਼ ਬਾਣੀ ਦੇ ਬਚਨਾਂ ਦੀ ਦਿਨ ਰਾਤ ਬੜੀ ਤਾਂਘ ਰਖਦੇ ਸੀ।।
ਤੇਜਾ ਸਿੰਘ ਦਾ ਸੰਤ ਮਨੀ ਸਿੰਘ ਦੇ ਦਰਸ਼ਨਾਂ ਲਈ ਜਾਣਾ ਤੇ
ਉਹਨਾਂ ਦਾ ਗਿਰਫਤਾਰ ਹੋਣਾ
ਤੇਜਾ ਸਿੰਘ ਸਿਖ ਓਸ ਵਕਤ ਸਤਾਈ ਚੱਕ ਰਹਿੰਦਾ ਸੀ। ਓਸ ਦਾ ਵੀ ਦਿਲ ਦਰਸ਼ਨਾਂ ਨੂੰ ਕੀਤਾ ਤੇ ਹਾੜ ਦੇ ਮਹੀਨੇ ਵਿਚ ਦਰਸ਼ਨਾਂ ਨੂੰ ਆਇਆ। ਚਾਰ ਜਾਂ ਪੰਜ ਦਿਨ ਘਵਿੰਡ ਰਹਿ ਕੇ ਫੇਰ ਪਾਤਸ਼ਾਹ ਅੱਗੇ ਬੇਨੰਤੀ ਕੀਤੀ ਕਿ ਦੀਨ ਦਿਆਲ ਮੈਂ ਬਾਬੇ ਮਨੀ ਸਿੰਘ ਹੋਰਾਂ ਦੇ ਦਰਸ਼ਨਾਂ ਨੂੰ ਜਾਣਾ ਹੈ ਖ਼ੁਸ਼ੀ ਦਿਓ। ਸਿਖ ਖ਼ੁਸ਼ੀ ਲੈ ਕੇ ਮਨੀ ਸਿੰਘ ਕੋਲ ਬੜੁਖੀਂ ਚਲਾ ਗਿਆ ਹੈ। ਦਿਨ ਦੇ ੧੦ ਵੱਜੇ ਜਾ ਕੇ ਪਹੁੰਜਾ ਹੈ। ਬਾਬਾ ਮਨੀ ਸਿੰਘ ਤੇਜਾ ਸਿੰਘ ਨੂੰ ਪਾਤਸ਼ਾਹ ਤੇ ਸਾਰੀ ਸੰਗਤ ਦੀ ਰਾਜੀ ਖ਼ੁਸ਼ੀ ਪੁੱਛ ਰਹੇ ਹਨ ਜੀ। ਤੇਜਾ ਸਿੰਘ ਰਾਜੀ ਖ਼ੁਸ਼ੀ ਦੱਸ ਕੇ ਗੁਰਮੁਖ ਸਿੰਘ ਤੇ ਬੀਬੀ ਨਾਮੋ ਦੇ ਗੁਜਰ ਜਾਣ ਦਾ ਵੀ ਬਚਨ ਦਸਿਆ ਹੈ। ਮਨੀ ਸਿੰਘ ਬਚਨ ਕਰਦਾ ਹੈ, ਤੇਜਾ ਸਿੰਘ, ਜੋ ਕੋਈ ਜਨਮ ਧਾਰਦਾ, ਦੇਹ ਛਡਦਾ ਹੈ। ਪਾਤਸ਼ਾਹ ਸਾਡੀ ਅੱਖਾਂ ਅੱਗੇ ਦੀ ਲੰਘੌਂਦੇ ਹਨ। ਜਿਸ ਵਕਤ ਓਨ੍ਹਾਂ ਦੇਹ ਛੱਡੀ ਹੈ, ਓਸੇ ਵਕਤ ਸਾਨੂੰ ਦਰਸ਼ਨ ਹੋਏ ਹਨ। ਤੇ ਆਂਦੇ ਹਨ ਬਾਬਾ ਜੀ ਅਸੀਂ ਆ ਗਏ ਹਾਂ ਜੀ। ਜਿਸ ਵਕਤ ਬੀਬੀ ਨਾਮੋ ਦੀ ਜੋਤ ਆਈ ਹੈ ਓਸ ਵਕਤ ਸਤਿਆ ਚੀਜ ਜੇਹੜੀ ਹੈ, ਝਿਰਮਲ ਝਿਰਮਲ ਕਰ ਰਹੀ ਹੈ। ਏਸ ਕਰ ਕੇ ਜੋਤ ਏਸ ਤਰ੍ਹਾਂ ਹੈ ਸੀ, ਕਿ ਉਸ ਨੂੰ ਕੋਈ ਦੁਨੀਆਂ ਤੇ ਸੰਸਾਰ ਵਾਲਾ ਮੋਹ ਕਲੰਕ ਨਹੀਂ ਸੀ ਲੱਗਾ। ਗੁਰਮੁਖ ਸਿੰਘ ਸਿਖ ਟੱਬਰ ਕਬੀਲੇ ਵਾਲਾ ਤੇ ਉਸ ਦੀ ਜੋਤ ਸ਼ਾਮ ਰੰਗ ਦੀ ਸੀ। ਸੰਸਾਰ ਤੇ ਵਿਹਾਰ ਕਰ ਕੇ ਸੌ ਝੂਠ ਅਪਰਾਧ ਵਰਤਣਾ ਪੈਂਦਾ ਹੈ ਜੀ। ਏਹ ਬਚਨ ਬਾਬੇ ਮਨੀ ਸਿੰਘ ਤੇਜਾ ਸਿੰਘ ਨਾਲ ਕੀਤੇ ਹਨ।।
ਜੇਹੜੇ ਸਿਖ ਓਸ ਵਕਤ ਉਥੇ ਕੋਲ ਸਨ, ਓਹ ਪੁਛਦੇ ਹਨ, ਬਾਬਾ ਜੀ, ਤੁਸਾਂ ਬਚਨ ਕੀਤਾ ਸੀ ਕਿ ਜਿਸ ਦਿਨ ਕੋਈ ਸਿਖ ਮਾਝੇ ਵਿਚੋਂ ਆਵੇਗਾ। ਉਸ ਦਿਨ ਨਵਾਂ ਵਿਹਾਰ ਚਲੇਗਾ। ਹੁਣ ਸਿਖ ਤੇ ਆ ਗਿਆ ਹੈ ਤੇ ਦਇਆ ਕਰੋ ਬਚਨ ਦੱਸੋ। ਬਾਬੇ ਹੋਰਾਂ ਆਖਿਆ ਜਿਸ ਤਰ੍ਹਾਂ ਪਾਤਸ਼ਾਹ ਸਿਖ ਘੱਲਿਆ ਹੈ ਏਸ ਤਰ੍ਹਾਂ ਬਚਨ ਵੀ ਭੁਗਤ ਜਾਵੇਗਾ। ਅਜੇ ਬਚਨ ਕਰਦੇ ਹਨ ਕਿ ਸੰਗਰੂਰ ਤੋਂ ਪੁਲੀਸ ਆ ਗਈ, ਚਾਰ ਠਾਣੇਦਾਰ ਤੇ ਇੰਸਪੈਕਟਰ ੨੫ ਜਾਂ ੩੦ ਸਪਾਹੀ ਹਨ। ਉਸੇ ਵਕਤ ਬਾਬੇ ਮਨੀ ਸਿੰਘ ਤੇ ਸਾਰੇ ਸਿਖਾਂ ਨੂੰ ਪੁਲੀਸ ਫੜ ਕੇ ਲਾਗੇ ਇਕ ਸਰਦਾਰ ਦੀ ਬੈਠਕ ਵਿਚ ਲੈ ਗਏ ਹਨ। ਜੋ ਸੰਤਾਂ ਦੀ ਲਿਖੀ ਹੋਈ ਬਾਣੀ ਸੀ, ਕਾਗਤ ਸੀ, ਸਾਰੀ ਨੂੰ ਪਹਿਰਾ ਲਗ ਗਿਆ ਕਿ ਕੋਈ ਹੱਥ ਵੀ ਨਾ ਲਾਵੇ। ਸੰਤ ਮਨੀ ਸਿੰਘ ਨੂੰ ਠਾਣੇਦਾਰ ਕੋਲ ਬਹਾ ਲਿਆ ਤੇ ਸਿਖਾਂ ਨੂੰ ਲਾਗੇ ਨੀਵੇਂ ਥਾਂ ਬਹਾ ਲਿਆ। ਓਸ ਵਕਤ ਓਸ ਸਰਦਾਰ ਦੀ ਹਵੇਲੀ ਵਿਚ ਪੱਕੀਆਂ ਇੱਟਾਂ ਦੇ ਚੱਕੇ ਲੱਗੇ ਹੋਏ ਸਨ। ਲਾਗੇ ਤੇਜਾ ਸਿੰਘ ਬੈਠ ਗਿਆ, ਸਿਰ ਤੇ ਸਪਾਹੀ ਖਲੋਤੇ ਹੋਏ ਸਨ। ਮਾਝੇ ਦੇਸ ਵਿਚੋਂ ਤੇਜਾ ਸਿੰਘ ਸਿਖ ਸੀ। ਦੂਸਰੇ ਸਾਰੇ ਸਿਖ ਮਾਲਵੇ ਦੁਆਬੇ ਦੇ ਸਨ। ਸਾਰੀ ਸਿਖੀ ੩੯ ਆਦਮੀ ਤੇ ਜਨਾਨੀਆਂ ਸਨ ਜੀ। ਮਾਝੇ ਦੇਸ਼ ਵਿਚ ਗਭਰੂ ਆਦਮੀ ਹੱਥਾਂ ਵਿਚ ਟਕੂਏ ਬਹੁਤ ਰੱਖਦੇ ਸਨ ਤੇ ਸਰਕਾਰ ਬੜੀ ਵੇਖ ਕੇ ਖਫਾ ਹੁੰਦੀ ਸੀ। ਫੜਦਿਆਂ ਸਾਰ ਹੀ ਛੇ ਮਹੀਨੇ ਕੈਦ ਕਰ ਦੇਂਦੀ ਸੀ। ਇਕ ਟਕੂਆ ਉਸ ਵਕਤ ਤੇਜਾ ਸਿੰਘ ਦੇ ਪਾਸ ਵੀ ਸੀ। ਜਿਸ ਵਕਤ ਤੇਜਾ ਸਿੰਘ ਬੜੁਖਿਆਂ ਨੂੰ ਗਿਆ ਸੀ, ਉਸ ਵਕਤ ਰਸਤੇ ਵਿਚੋਂ ਇਕ ਚਾਂਦੀ ਦੀ ਚੂੜੀ ਲੱਭੀ ਸੀ। ਓਹ ਵੀ ਮਰੋੜ ਕੇ ਬੋਜੇ ਵਿਚ ਪਾ ਲਈ ਸੀ। ਓਸ ਵਕਤ ਟਕੂਆ ਹੱਥ ਵਿਚ ਤੇ ਚੂੜੀ ਬੋਜੇ ਵਿਚ, ਪੂਰੀ ਚੋਰਾਂ ਵਾਲੀ ਸ਼ਕਲ ਬਣੀ ਹੋਈ ਸੀ। ਫੇਰ ਠਾਣੇਦਾਰ ਬਾਬੇ ਮਨੀ ਸਿੰਘ ਨੂੰ ਪੁਛਦੇ ਹਨ ਕਿ ਬਾਬਾ ਜੀ ਬਾਣੀ ਤੁਸੀਂ ਆਪ ਲਿਖਦੇ ਜੇ, ਕਿ ਕੋਈ ਹੋਰ ਲਿਖਦਾ ਹੈ। ਮਨੀ ਸਿੰਘ ਬਚਨ ਕੀਤਾ, ਜੀ ਅਸੀਂ ਲਿਖਦੇ ਹਾਂ, ਮਹਾਰਾਜ ਸ਼ੇਰ ਸਿੰਘ ਘਵਿੰਡ ਪਿੰਡ ਅਵਤਾਰ ਧਾਰਿਆ ਹੈ ਓਹ ਜੋਤ ਰੂਪੀ ਆਕਾਸ਼ ਬਾਣੀ ਦੇਂਦੇ ਹਨ, ਅਸੀਂ ਲਿਖਦੇ ਹਾਂ ਜੀ। ਫੇਰ ਸਾਰਿਆਂ ਸਿਖਾਂ ਨੂੰ ਪੁੱਛ ਹੋਣ ਲੱਗੀ। ਤੇਜਾ ਸਿੰਘ ਨੂੰ ਦਿਲ ਵਿਚ
ਬਹੁਤ ਚਿੰਤਾ ਹੋਈ ਕਿ ਮੇਰੇ ਕੋਲ ਨਾਲੇ ਟਕੂਆ ਹੈ, ਨਾਲੇ ਬੋਜੇ ਵਿਚ ਚੂੜੀ ਹੈ। ਬਾਬੇ ਹੋਰਾਂ ਦੀ ਹਾਨੀ ਹੋਵੇਗੀ ਕਿ ਤੁਹਾਡੇ ਪੰਥ ਵਿਚ ਚੋਰ ਤੇ ਠੱਗ ਹਨ। ਫਿਰ ਸਾਰੇ ਸਿਖਾਂ ਨੂੰ ਪੁਛਦੇ ਹਨ ਕਿ ਸਿਖੋ ਏਹ ਸੰਤ ਤੁਹਾਡੇ ਕੀ ਲਗਦੇ ਹਨ ਗੁਰੂ ਹਨ ਕਿ ਹੋਰ ਕੁਛ। ਸਾਰੇ ਆਖਣ ਲਗੇ, ਜੀ ਸਾਨੂੰ ਨਹੀਂ ਪਤਾ ਏਹ ਕੌਣ ਹਨ ਤੇ ਕੀ ਲਿਖਦੇ ਹਨ। ਅਸੀਂ ਤਾਂ ਸੰਤ ਕਰ ਕੇ ਦਰਸ਼ਨਾਂ ਨੂੰ ਆਏ ਸਾਂ ਤੇ ਫੜੇ ਗਏ ਹਾਂ। ਸਾਰੀ ਪੁਲਸ ਦਾ ਧਿਆਨ ਦੁਸਰਿਆਂ ਸਿਖਾਂ ਵਲੇ ਸੀ। ਉਸ ਵਕਤ ਤੇਜਾ ਸਿੰਘ ਟਕੂਆਂ ਤਾਂ ਇੱਟਾਂ ਵਿਚ ਲੁਕਾ ਦਿਤਾ ਤੇ ਪਛਾਬ ਕਰਨ ਦੇ ਪਜ ਜਾ ਕੇ ਚੂੜੀ ਬਾਹਰ ਸੁੱਟ ਦਿਤੀ। ਏਸ ਤੇਰ੍ਹਾਂ ਸੱਚੇ ਪਾਤਸ਼ਾਹ ਦਇਆ ਕਰ ਕੇ ਇੱਜਤ ਰੱਖੀ ਸੀ। ਫਿਰ ਆਣ ਕੇ ਉਥੇ ਲਾਗੇ ਬੈਠ ਗਿਆ। ਰਾਮ ਸਿੰਘ ਸੁਨਿਆਰਾ ਦਫਤੂ ਦਾ ਸੀ। ਉਸ ਨੂੰ ਪੁਛਿਆ ਤੇ ਓਹ ਵੀ ਆਖਣ ਲੱਗਾ ਜੀ ਅਸੀਂ ਚਾਰੇ ਜਣੇ ਦੋ ਮੇਰੇ ਪੁੱਤਰ ਤੇ ਦੋਵੇਂ ਜੀ ਅਸੀਂ ਤੀਰਥਾਂ ਤੋਂ ਆਏ ਹਾਂ। ਔਂਦਿਆਂ ਹੋਇਆਂ ਸਾਨੂੰ ਸੰਤਾਂ ਦਾ ਪਤਾ ਲੱਗਾ ਤੇ ਅਸੀਂ ਦਰਸ਼ਨ ਕਰਨ ਆਏ ਹਾਂ। ਆਣ ਕੇ ਅਜੇ ਬੈਠੇ ਹਾਂ, ਫੜੇ ਗਏ ਹਾਂ। ਹੋਰ ਅਸੀਂ ਸੰਤਾਂ ਨੂੰ ਮੰਨਦੇ ਤਾਂ ਨਹੀਂ। ਗਿਆਨੀ ਬਿਸ਼ਨ ਸਿੰਘ ਜਲੰਧਰ ਮੁੰਡੇ ਪੜ੍ਹੌਂਦਾ ਸੀ। ਓਹ ਵੀ ਨਾਲ ਤਿੰਨ ਚਾਰ ਸਕੂਲ ਦੇ ਮੁੰਡੇ ਲੈ ਕੇ ਦਰਸ਼ਨਾਂ ਨੂੰ ਆਇਆ ਹੋਇਆ ਸੀ। ਓਹ ਪੁਲਸ ਦੇ ਫੜਨ ਤੋਂ ਪਹਿਲਾਂ ਤੁਰ ਪਏ ਸਨ। ਰਸਤੇ ਵਿਚ ਆਣ ਕੇ ਫੜ ਲਏ। ਓਹ ਆਖਣ ਲੱਗੇ ਅਸੀਂ ਮਸਤੂਆਣੇ ਗੁਰਦਵਾਰੇ ਆਏ ਸੀ, ਅਸੀਂ ਸੰਤਾਂ ਕੋਲੋਂ ਨਹੀਂ ਆਏ, ਏਸ ਕਰ ਕੇ ਉਨ੍ਹਾਂ ਨੂੰ ਛੱਡ ਦਿਤਾ ਗਿਆ। ਫਿਰ ਤੇਜਾ ਸਿੰਘ ਨੂੰ ਪੁਛਿਆ ਕਿ ਕਿਥੋਂ ਹੈਂ ? ਉਸ ਆਖਿਆ ਜੀ ਭੁਚਰ ਮਾਝੇ ਦੇਸ਼ ਵਿਚ ਮੇਰਾ ਨਗਰ ਹੈ। ਬਾਬੇ ਮਨੀ ਸਿੰਘ ਹੋਰੀਂ ਮੇਰੇ ਗੁਰੂ ਹਨ ਤੇ ਏਹਨਾਂ ਦੇ ਮੈਂ ਦਰਸ਼ਨ ਕਰਨ ਆਇਆ ਹਾਂ ਮੈਂ ਅਜੇ ਆਣ ਕੇ ਪਰਸ਼ਾਦਾ ਛਕਿਆ ਹੈ ਤੇ ਤੁਸਾਂ ਫੜ ਲਿਆ ਹੈ। ਪਤਾ ਨਹੀਂ ਕਿਸ ਕਾਰਨ ਕਰ ਕੇ ਫੜ ਲਿਆ ਹੈ। ਸਾਰਿਆਂ ਸਿਖਾਂ ਦੇ ਨਾਂ ਲਿਖ ਲਏ ਤੇ ਆਖਿਆ ਐਸੇ ਵਕਤ ਆਪੋ ਆਪਣਿਆਂ ਨਗਰਾਂ ਨੂੰ ਚਲੇ ਜਾਓ। ਬਾਬਾ ਮਨੀ ਸਿੰਘ ਤੇ ਇਕ ਸੰਤ ਫੁੱਮਣ ਸਿੰਘ ਸੀ, ਦੋਵੇਂ ਜਣੇ ਬਹਾ ਲਏ ਤੇ ਪੈਹਰੇ ਲਾ ਦਿਤੇ ਕਿ ਸੰਤ ਸਾਡੇ ਹੁਕਮ ਤੋਂ ਬਿਨਾਂ ਕਿਤੇ ਜਾਣ ਨਾ। ਪੁਲਿਸ ਫੇਰ ਸੰਗਰੂਰ ਨੂੰ ਚਲੀ ਗਈ। ਸੰਤ ਡੇਰੇ ਵਿਚ ਆ ਗਏ। ਓਸ ਹਵੇਲੀ ਵਾਲੇ ਨੂੰ ਪੁਲਸ ਪੱਕੀ ਕਰ ਗਈ ਕਿ ਸੰਤ ਕਿਤੇ ਜਾਣ ਨਾ, ਤੈਨੂੰ ਸਪੁਰਦ ਦਾਰੀ ਕੀਤੀ ਗਈ ਹੈ। ਸਾਰੇ ਸਿਖ ਬਾਬੇ ਮਨੀ ਸਿੰਘ ਦੇ ਨਾਲ ਡੇਰੇ ਆ ਗਏ ਹਨ। ਤੇ ਬਾਬੇ ਮਨੀ ਸਿੰਘ ਤੋਂ ਖ਼ੁਸ਼ੀ ਮੰਗਦੇ ਹਨ। ਬਾਬੇ ਹੋਰੀਂ ਆਕਾਸ਼ ਬਾਣੀ ਨਾਲ ਜੁੜੇ ਤੇ ਫੇਰ ਆਖਣ ਲੱਗੇ ਸਿਖੋ ਸੱਚੇ ਪਾਤਸ਼ਾਹ ਤੁਹਾਨੂੰ ਅੱਜ ਨਹੀਂ ਖ਼ੁਸ਼ੀ ਦੇਂਦੇ, ਭਲਕੇ ਚਲੇ ਜਾਇਓ ਜੇ। ਤਕਾਲਾਂ ਨੂੰ ਫੇਰ ਅੰਨ ਪਾਣੀ ਸ਼ੁਰੂ ਹੋ ਗਿਆ। ਓਧਰ ਹਾਕਮਾਂ ਨੂੰ ਫੇਰ ਵਜ਼ੀਰ ਸਾਹਿਬ ਦਾ ਹੁਕਮ ਹੋਇਆ, ਕੋਈ ਨਾ ਛੱਡ ਕੇ ਆਓ ਸਾਰੇ ਘੇਰ ਕੇ ਲੈ ਆਓ। ਫੇਰ ਸਾਰੀ ਪੁਲਿਸ ਆ ਘੇਰਾ ਪਾਇਆ। ਏਧਰ ਸੰਗਤ ਅਜੇ ਪਰਸ਼ਾਦ ਛਕ ਕੇ ਬੈਠੀ ਸੀ ਤੇ ਪੁਲਸ ਆਣ ਕੇ ਲੰਬਰਦਾਰ ਨੂੰ ਆਖਿਆ ਕਿ ਗੱਡਾ ਤਿਆਰ ਕਰ ਕੇ ਮਨੀ ਸਿੰਘ ਸੰਤ ਦਾ ਜੋ ਸਮਾਨ ਹੈ ਸਾਰਾ ਲੱਦ ਲਓ। ਇਕ ਗੱਡੇ ਤੇ ਬਾਣੀ ਰੱਖ ਲਈ ਤੇ ਦੂਸਰਿਆਂ ਤੇ ਸਾਰੇ ਸਿਖ ਬਠਾ ਲਏ। ਜੋ ਲੀੜਾ ਕਪੜਾ ਸੀ ਸਾਰਾ ਲੈ ਕੇ ਤੁਰ ਪਏ। ੩ ਮੀਲ ਸੰਗਰੂਰ ਦਾ ਪੈਂਡਾ ਸੀ। ਰਾਤ ਦੇ ੧੧ ਵਜੇ ਜਾ ਕੇ ਪਹੁੰਚੇ। ਜਾਂਦਿਆਂ ਹੀ ਸਾਰਿਆਂ ਸਿਖਾਂ ਨੂੰ ਹਵਾਲਾਟ ਵਿਚ ਬੰਦ ਕਰ ਦਿਤਾ ਗਿਆ ਜੀ।।
ਸੱਚੇ ਪਾਤਸ਼ਾਹ ਦੀ ਗਿਰਫਤਾਰ ਹੋਣ ਦੀ ਸਾਖੀ
ਸੰਗਰੂਰ ਦੇ ਚਾਰ ਦਰਵਾਜੇ ਸਨ। ਸਾਰਿਆਂ ਤੇ ਚਾਰ ਗੁਰਦਵਾਰੇ ਬਣੇ ਹੋਏ ਸਨ ਜੀ। ਗੁਰਦਵਾਰਿਆਂ ਦੇ ਅੱਠ ਗ੍ਰੰਥੀ ਪੁਲਸ ਨੇ ਹੁਕਮ ਨਾਲ ਕੱਠੇ ਕੀਤੇ ਹਨ। ਤੇ ਅਲਮਾਰੀ ਦਾ ਜੰਦਰਾ ਖੋਲ੍ਹ ਕੇ ੯ ਬਸਤੇ ਕੱਢ ਕੇ ਰੱਖ ਦਿਤੇ। ਇਕ ਇਕ ਬਸਤਾ ਖੋਲ੍ਹ ਕੇ ਵਜ਼ੀਰ ਸਾਹਿਬ ਨੇ ਬਾਣੀ ਪੜ੍ਹੌਣੀ ਸ਼ੁਰੂ ਕਰ ਦਿਤੀ। ਰਾਜਾ ਓਸ ਵਕਤ ਸਿਮਲੇ ਸੀ। ਹਾੜ ਦੇ ਮਹੀਨੇ ਦੀ ਗਰਮੀ ਕਰ ਕੇ। ਜਿਉਂ ਜਿਉਂ ਬਾਣੀ ਪੜ੍ਹਨ
ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਂ ਉਤੇ ਲਿਖਿਆ ਆਵੇ ਮਾਝੇ ਦੇ ਸਿਖਾਂ ਦਾ ਨਾਂ ਵੀ ਉਤੇ ਬਹੁਤ ਲਿਖੇ ਹੋਏ ਸਨ। ਜੋ ਮਾਝੇ ਦੇਸ਼ ਵਿਚ ਭਾਣੇ ਵਰਤਣੇ ਸੀ, ਕਲਜੁਗ ਦੇ ਜੀਆਂ ਨਾਲ ਹੋਣੀ ਸੀ, ਸਭ ਲਿਖਿਆ ਹੋਇਆ ਸੀ। ਜੋ ਰਾਜਿਆਂ ਰਾਣਿਆਂ ਨਾਲ ਵਰਤਣੀ ਸੀ ਓਹ ਵੀ ਲਿਖਤ ਹੋਈ ਸੀ। ਗ੍ਰੰਥੀ ਐਸੇ ਬੇਈਮਾਨ ਸੀ ਜੋ ਅੰਗਰੇਜ਼ਾ ਦੇ ਵਿਰੁਧ ਬਚਨ ਸੀ ਓਹ ਕੱਢ ਲੈਣ ਤੇ ਜੇਹੜੇ ਦੂਸਰੇ ਬਚਨ ਹੋਣ ਓਹ ਰੱਖ ਦੇਣ। ਜੇਹੜੇ ਬਚਨ ਲਿਖੇ ਹੋਣ ਕਿ ਅੰਗਰੇਜ਼ਾਂ ਦਾ ਰਾਜ ਨਾ ਰਹੇਗਾ ਤੇ ਰਾਜਿਆਂ ਕੋਲ ਇਕ ਹਲ ਦੀ ਪੈਲੀ ਰਹਿ ਜਾਵੇਗੀ। ਏਹੋ ਜਹੇ ਬਚਨ ਜਾ ਕੇ ਵਜ਼ੀਰ ਸਾਹਿਬ ਨੂੰ ਸੁਣਾ ਦੇਣ। ਫੇਰ ਇਧਰ ਮਾਝੇ ਦੇਸ਼ ਵਿਚ ਸਿਖਾਂ ਦੀ ਪੜਚੋਲ ਹੋਣ ਲਗ ਪਈ। ਕਈ ਸਿਖ ਆਪੇ ਜਾ ਹਾਜਰ ਹੋਏ ਕਈ ਲੁਕ ਗਏ, ਕਈ ਫੜ ਕੇ ਖੜੇ ਗਏ। ਸੱਚੇ ਪਿਤਾ ਦੀਨ ਦੁਨੀ ਦੇ ਵਾਲੀ ਨੂੰ ਫੜਨ ਵਾਸਤੇ ਪੁਲਸ ਪਈ। ਓਸੇ ਦਿਨ ਸੱਚੇ ਪਾਤਸ਼ਾਹ ਦਾ ਛੁਹਾਰਾ ਪਿਆ ਸੀ। ਤਕਾਲਾਂ ਨੂੰ ਸੱਚੇ ਪਿਤਾ ਨੂੰ ਪੁਲਿਸ ਨੇ ਫੜ ਲਿਆ ਹੈ ਜੀ। ਪਾਤਸ਼ਾਹ ਨੂੰ ਕਹਿਣ ਲੱਗੇ ਹੱਥਕੜੀ ਲੌਣੀ ਹੈ। ਪਾਤਸ਼ਾਹ ਖੂੰਡੇ ਵਾਲੀ ਬਾਂਹ ਅੱਗੇ ਕਰ ਦਿਤੀ। ਪੁਲਿਸ ਵਾਲਿਆਂ ਕਿਹਾ ਗੌਰਮਿੰਟ ਦਾ ਗਦਾਰ ਹੋ ਕੇ ਵੀ ਖੂੰਡਾ ਅੱਗੇ ਕਰ ਕੇ ਵਖੌਂਦਾ ਹੈਂ। ਉਹਨਾਂ ਨੇ ਕਿਹਾ ਕਿ ਦੋਵੇਂ ਹੱਥਾਂ ਨੂੰ ਹੱਥਕੜੀ ਲੌਂਣੀ ਹੈ। ਪਾਤਸ਼ਾਹ ਕਿਹਾ ਦੋਹਾਂ ਨੂੰ ਲਾ ਲਓ। ਫਿਰ ਪੁਲਿਸ ਨੇ ਕਿਹਾ ਕਿ ਇਹਦੀਆਂ ਦੋਵੇਂ ਬਾਹਾਂ ਪਿਛੇ ਨੂੰ ਮੁਸ਼ਕਾਂ ਦੇ ਕੇ ਹੱਥਕੜੀ ਲਾਓ। ਏਸੇ ਤਰ੍ਹਾਂ ਹੀ ਪਾਤਸ਼ਾਹ ਦੀਆਂ ਦੋਨੋਂ ਬਾਹਾਂ ਪਿਛੇ ਕਰ ਕੇ ਹੱਥਕੜੀ ਲਾਈ ਗਈ। ਹੱਥਕੜੀ ਲਾ ਕੇ ਪਿਛੇ ਹਟੇ ਹੀ ਹਨ ਕਿ ਹੱਥਕੜੀ ਆਪੇ ਥੱਲੇ ਡਿਗ ਪਈ। ਹੌਲਦਾਰ ਕਿਹਾ ਕਿ ਚੰਗੀ ਤਰ੍ਹਾਂ ਨਹੀਂ ਲਾਈ, ਤਾਲਾ ਨਹੀਂ ਲਗਾ, ਫਿਰ ਲਾਓ। ਫਿਰ ਦੋਬਾਰਾ ਲਾਈ ਗਈ। ਪਰ ਫਿਰ ਵੀ ਉਸੇ ਤਰ੍ਹਾਂ ਹੀ ਆਪੇ ਖੁਲ੍ਹ ਕੇ ਡਿਗ ਪਈ। ਤੀਜੀ ਵਾਰ ਹੌਲਦਾਰ ਨੇ ਫਿਰ ਖ਼ੁਦ ਲਾਈ, ਤਸੱਲੀ ਨਾਲ ਖਿਚ ਕੇ ਵੇਖੀ ਤੇ ਕਿਹਾ ਕਿ ਚੰਗੀ ਤਰ੍ਹਾਂ ਚਾਬੀ ਨਹੀਂ ਸਨ ਲੌਂਦੇ। ਹੁਣ ਡਿਗ ਪਵੇ ਖਾਂ। ਜ਼ਰਾ ਪਿਛੇ ਹੀ ਹੌਲਦਾਰ ਹੋਇਆ ਹੈ ਤਾਂ ਹੱਥਕੜੀ ਫਿਰ ਡਿਗ ਪਈ। ਪਾਤਸ਼ਾਹ ਆਖਿਆ ਸਾਡੇ ਹੱਥਕੜੀ ਹੁਣ ਨਹੀਂ ਰਹਿ ਸਕਦੀ। ਜੇ ਇਕ ਹੱਥ ਨੂੰ ਪਹਿਲੋਂ ਲਾ ਲੈਂਦੇ ਤਾਂ ਰਹਿ ਜਾਣੀ ਸੀ। ਪਾਤਸ਼ਾਹ ਕਿਹਾ ਜਾਓ ਹੁਣ ਭਾਵੇਂ ਦੁਨੀਆਂ ਭਰ ਦੀਆਂ ਹੱਥਕੜੀਆਂ ਲੈ ਆਓ, ਸਾਡੇ ਨਹੀਂ ਲਗੇਗੀ। ਪੁਲੀਸ ਵਾਲੇ ਹੈਰਾਨ ਹੋ ਗਏ ਤੇ ਬੇਨੰਤੀ ਕੀਤੀ ਕਿ ਬਾਬਾ ਜੀ ਮੁਆਫ ਕਰਨਾ ਸਾਨੂੰ ਪਤਾ ਨਹੀਂ ਸੀ। ਅਸੀਂ ਤੇ ਸਰਕਾਰ ਦਾ ਹੁਕਮ ਮੰਨ ਕੇ ਆਏ ਸੀ। ਸਾਡੀ ਵੀ ਇੱਜਤ ਰੱਖਣੀ ਜੀ। ਐਸੇ ਤਰ੍ਹਾਂ ਹੀ ਸਾਡੇ ਨਾਲ ਚਲੋ ਜੀ। ਸਰਕਾਰ ਕੋਲ ਆਪ ਨੂੰ ਪੇਸ਼ ਕੀਤਾ ਜਾਣਾ ਹੈ ਜੀ। ਪਾਤਸ਼ਾਹ ਨਾਲ ਤੁਰ ਪੈਂਦੇ ਹਨ ਜੀ। ਜਿਸ ਵਕਤ ਪਾਤਸ਼ਾਹ ਨੂੰ ਫੜ ਕੇ ਲੈ ਗਏ ਹਨ ਤੇ ਪਿੰਡ ਦੇ ਲੋਕੀਂ ਬੜੇ ਖ਼ੁਸ਼ ਹਨ। ਭਈ, ਮਹਾਰਾਜ ਵੀ ਰੋਜ਼ ਕੜਾਹ ਖਾਂਦੇ ਸੀ ਹੁਣ ਨਹੀਂ ਜੀਉਂਦੇ ਮੁੜ ਕੇ ਔਂਦੇ, ਫਿਰ ਗਏ ਗਲੀਆਂ ਵਿਚ ਜੇਹੜਾ ਫਿਰਨਾ ਸੀ। ਸੱਚੇ ਪਿਤਾ ਜਾਣ ਲੱਗੇ ਆਪਣੀ ਭੈਣ ਠਾਕਰੀ ਨੂੰ ਆਖ ਗਏ ਕਿ ਅਸੀਂ ਅੱਜ ਦੇ ਦਿਨ ਵੀਰਵਾਰ ਅੱਠਾਂ ਦਿਨਾਂ ਨੂੰ ਆ ਜਾਵਾਂਗੇ, ਦਿਲ ਵਿਚ ਨਾ ਕੁਛ ਕਰਿਓ ਜੇ। ਇਕ ਜ਼ਿਮੀਂਦਾਰ ਨੇ ਸੱਚੇ ਪਿਤਾ ਤੋਂ ਮੰਗ ਕੇ ਸੋਨੇ ਦਾ ਕੈਂਠਾ ਖੜਿਆ ਹੋਇਆ ਸੀ। ਉਸਨੂੰ ਬੀਬੀ ਠਾਕਰੀ ਪੁਛਿਆ ਤੇ ਓਹ ਮੁਕਰ ਗਿਆ। ਹਲਵਾਈ ਐਵੇਂ ਆਖੇ ਮੈਂ ਪਾਤਸ਼ਾਹ ਕੋਲੋਂ ੧੦੦ ਰੁਪੈਆ ਲੈਣਾ ਹੈ। ਗਲ ਕੀ ਲੋਕਾਂ ਦੇ ਦਿਲ ਵਿਚ ਕਿ ਪਾਤਸ਼ਾਹ ਕੇਹੜਾ ਹੁਣ ਔਣਾ ਹੈ। ਜੋ ਦਾਅ ਵਜ ਜਾਏ ਓਹੋ ਚੰਗਾ ਹੈ। ਜਿਨ੍ਹਾਂ ਸਿਖਾਂ ਦੇ ਬਾਣੀ ਵਿਚ ਨਾਮ ਸਨ, ਓਹ ਵੀ ਦਿਲੀਉੁਂ ਫੜੇ ਆ ਗਏ। ਗੁਪਾਲ ਸਿੰਘ ਦਿਲੀਉਂ ਨਿਹੰਗ ਦਾ ਬਾਣਾ ਰਖਦਾ ਸੀ। ਓਹ ਵੀ ਫੜਿਆ ਆ ਗਿਆ। ਫਿਰ ਸਾਰੇ ਸਿਖਾਂ ਨੂੰ ਸੱਚੇ ਪਾਤਸ਼ਾਹ ਤੇ ਬਾਬੇ ਮਨੀ ਸਿੰਘ ਸਾਰਿਆਂ ਨੂੰ ਵਜ਼ੀਰ ਨੇ ਕੋਠੀ ਸੱਦ ਲਿਆ ਜੀ। ਜਿਸ ਵਕਤ ਵਜ਼ੀਰ ਸਾਹਿਬ ਦੀ ਕੋਠੀ ਗਏ ਤੇ ਓਨ੍ਹਾਂ ਪਾਤਸ਼ਾਹ ਤੇ ਬਾਬੇ ਮਨੀ ਸਿੰਘ ਨੂੰ ਕੁਰਸੀ ਡਾਹ ਦਿਤੀ। ਸਾਰੇ ਹਾਕਮ ਵੀ ਓਥੇ ਹਾਜਰ ਹਨ ਜੀ। ਸਿਖ ਵੀ ਸਾਰੇ ਬੈਠ ਗਏ। ਲਹੌਰੋਂ ਡਿਪਟੀ ਕਮਿਸ਼ਨਰ ਵੀ ਓਥੇ ਗਿਆ ਹੋਇਆ ਸੀ। ਜੇਹੜੀਆਂ ਫਰਦਾਂ ਲਿਖੀਆਂ ਸਨ ਓਹ ਵਜੀਰ ਕੋਲ ਸਨ। ਵਜੀਰ ਸੱਚੇ ਪਾਤਸ਼ਾਹ ਨਾਲ ਬਚਨ ਕਰਦਾ ਹੈ ਕਿ ਮਹਾਰਾਜ ਜੀ,
ਸੰਤ ਬਚਨ ਕਰਦੇ ਹਨ ਕਿ ਮਹਾਰਾਜ ਬਾਣੀ ਲਿਖੌਂਦੇ ਹਨ ਤੇ ਅਸੀਂ ਲਿਖਦੇ ਹਾਂ, ਤੁਸੀਂ ਲਿਖੌਂਦੇ ਜੇ ? ਮਹਾਰਾਜ ਹੋਰੀਂ ਆਖਦੇ ਹਨ ਕਿ ਅਸੀਂ ਤਾਂ ਨਹੀਂ ਲਿਖੌਂਦੇ, ਨਾ ਅਸੀਂ ਪੜ੍ਹੇ ਹਾਂ। ਫਿਰ ਮਨੀ ਸਿੰਘ ਨੂੰ ਆਖਣ ਲੱਗੇ, ਸੰਤ ਜੀ, ਮਹਾਰਾਜ ਹੋਰੀਂ ਆਂਦੇ ਹਨ ਅਸੀਂ ਤਾਂ ਨਹੀਂ ਲਿਖੌਂਦੇ। ਮਨੀ ਸਿੰਘ ਆਖਿਆ, ਵਜੀਰ ਸਾਹਿਬ, ਮਹਾਰਾਜ ਹੋਰੀਂ ਦੇਹ ਕਰ ਕੇ ਨਹੀਂ ਲਿਖੌਂਦੇ, ਜੋਤ ਸਰੂਪੀ ਲਿਖੌਂਦੇ ਹਨ। ਫਿਰ ਵਜੀਰ ਸਾਹਿਬ ਆਖਿਆ, ਮਹਾਰਾਜ ਜੀ, ਬਾਬੇ ਮਨੀ ਸਿੰਘ ਹੋਰੀਂ ਆਂਦੇ ਹਨ, ਜੋਤ ਸਰੂਪੀ ਲਿਖੌਦੇ ਹੋ। ਮਹਾਰਾਜ ਹੋਰਾਂ ਆਖਿਆ, ਅਸੀਂ ਜਬਾਨੀ ਕੋਈ ਬਚਨ ਨਹੀਂ ਕਰਦੇ। ਅਸੀਂ ਬਿਲਕੁਲ ਅਨਪੜ੍ਹ ਹਾਂ ਤੇ ਅੰਗੂਠਾ ਲਾਉਂਦੇ ਹਾਂ। ਸਾਡੇ ਘਰ ਸੰਤ ਔਂਦੇ ਰਹੇ ਹਨ ਤੇ ਸਾਡੇ ਮਾਪੇ ਵੀ ਪਰਸ਼ਾਦ ਸੰਤਾਂ ਨੂੰ ਛਕੌਂਦੇ ਸੀ ਤੇ ਅਸੀਂ ਵੀ ਛਕਾਈ ਜਾਂਦੇ ਹਾਂ। ਵਜ਼ੀਰ ਸਾਹਿਬ ਫਿਰ ਮਨੀ ਸਿੰਘ ਨੂੰ ਪੁਛਿਆ ਕਿ ਸੰਤਾ ਸਾਢੇ ਤਿੰਨ ਮਣ ਪੱਕੀ ਤੇ ੭ ਛਟਾਂਕ ਕਾਗਜ ਲਿਖਿਆ ਹੈ, ਤੂੰ ਆਪਣੇ ਆਪ ਲਿਖਿਆ ਹੈ, ਮਹਾਰਾਜ ਤਾਂ ਪੜ੍ਹੇ ਹੋਏ ਨਹੀਂ ਹਨ। ਮਨੀ ਸਿੰਘ ਆਂਦਾ ਹੈ ਵਜ਼ੀਰ ਸਾਹਿਬ ਤੁਹਾਨੂੰ ਏਨ੍ਹਾਂ ਦਾ ਨਹੀਂ ਪਤਾ, ਏਹ ਪ੍ਰੀ ਪੂਰਨ ਪਰਮੇਸ਼ਵਰ ਹਨ। ਜੁਗ ਉਲਟਾਵਣ ਵਾਸਤੇ ਅਵਤਾਰ ਧਾਰਦੇ ਹਨ। ਸਤਿਜੁਗ ਵਿਚ ਹੰਸਾ ਅਵਤਾਰ ਸੀ, ਤ੍ਰੇਤੇ ਵਿਚ ਰਾਮ ਅਵਤਾਰ ਸਨ, ਜਿਨ੍ਹਾਂ ਨੇ ਅਵਤਾਰ ਲੈਣ ਤੋਂ ਸੈਕੜੇ ਬਰਸ ਪਹਿਲਾਂ ਬਾਲਮੀਕੀ ਰਮੈਣ ਲਿਖਾਈ ਸੀ। ਦੁਆਪਰ ਵਿਚ ਕ੍ਰਿਸ਼ਨ ਅਵਤਾਰ ਅਖਵਾਇਆ, ਜਿਨ੍ਹਾਂ ਨੇ ਬੇਅੰਤ ਲੀਲਾ ਸੰਸਾਰ ਵਿਚ ਕੀਤੀਆਂ ਹਨ ਜੀ। ਕਲਜੁਗ ਵਿਚ ਮਹਾਰਾਜ ਸ਼ੇਰ ਸਿੰਘ ਦਾ ਅਵਤਾਰ ਧਾਰਿਆ ਹੈ ਤੇ ਜੇ ਮੇਰੇ ਗਰੀਬ ਤੇ ਦਇਆ ਕਰ ਕੇ ਬਾਣੀ ਲਿਖਵਾਈ ਹੈ, ਕੋਈ ਵੱਡੀ ਗਲ ਨਹੀਂ। ਏਹ ਤਾਂ ਤਤਕਰੇ ਲਿਖੇ ਹਨ ਜਦੋ ਕਲਜੁਗ ਦਾ ਨਾਸ ਕਰ ਕੇ ਸੱਚੇ ਪਿਤਾ ਸਤਿਜੁਗ ਲਾਇਆ, ਓਦੋਂ ਤਾਂ ਗੱਡੇ ਦਾ ਵਿਸਥਾਰ ਬਾਣੀ ਬਣੇਗੀ। ਸ੍ਰੀ ਰਾਮ ਚੰਦਰ ਦੇ ਵਕਤ ਆਪਣੀ ਹੱਥੀਂ ਰਾਵਣ ਨੂੰ ਮਾਰਿਆ ਸੀ। ਕ੍ਰਿਸ਼ਨ ਮਹਾਰਾਜ ਦੇ ਵਕਤ ਪਾਂਡਵਾਂ ਦੀ ਜੈ ਕਰਾਈ ਸੀ। ਆਪ ਭਗਵਾਨ ਰਥਵਾਹੀ ਬਣਿਆ ਸੀ। ਹੁਣ ਮਹਾਰਾਜ ਸ਼ੇਰ ਸਿੰਘ ਨਾ ਆਪ ਲੜੇਗਾ, ਨਾ ਸਿਖ ਲੜਾਵੇਗਾ। ਸਭ ਕਲਜੁਗ ਦੇ ਰਾਜੇ ਆਪਸ ਮੇਂ ਭੇੜ ਭੇੜ ਕੇ ਮਾਰ ਦਏਗਾ। ਸੰਤਾਂ ਜਿਸ ਵਕਤ ਵਜ਼ੀਰ ਸਾਹਿਬ ਇਹ ਬਚਨ ਦੱਸੇ, ਵਜ਼ੀਰ ਸਾਹਿਬ ਬਚਨ ਸੁਣ ਕੇ ਚੁਪ ਹੋ ਗਏ ਸੱਚੇ ਪਾਤਸ਼ਾਹ ਮਨੀ ਸਿੰਘ ਨੂੰ ਹੌਲੀ ਜਹੀ ਕੰਨ ਵਿਚ ਆਖਿਆ ਬਾਬਾ ਤੂੰ ਸਾਨੂੰ ਹੁਣ ਏਥੇ ਪਰਮੇਸ਼ਵਰ ਨਾ ਆਖ, ਅਸੀਂ ਤੈਨੂੰ ਸਵੇਰੇ ਨਾਲ ਲੈ ਚਲਾਂਗੇ। ਮਨੀ ਸਿੰਘ ਉਚੀ ਸਾਰੀ ਆਖਣ ਲਗਾ, ਲਓ ਜੀ, ਸਾਡੇ ਕੋਲੋਂ ਹੁਣ ਝੂਠ ਅਖਵੌਂਦੇ ਜੇ। ਤੁਸੀਂ ਪਰੀ ਪੂਰਨ ਸੋਲਾਂ ਕਲ ਸੰਪੂਰਨ ਮਹਾਰਾਜ ਸ਼ੇਰ ਸਿੰਘ ਨਹੀਂ ਜੇ ? ਤੁਹਾਡੇ ਹੱਥ ਵਿਚ ਪ੍ਰਿਥਮੀ ਆ, ਜੀ ਕਰੇ ਤੇ ਘੁਟ ਲੋ, ਜੀ ਕਰੇ ਤੇ ਰਹਿਣ ਦਿਓ। ਸੱਚੇ ਪਿਤਾ ਮੈਂ ਤੇਰੀ ਸਾਢੇ ਤਿੰਨ ਮਣ ਪੱਕੀ ਬਾਣੀ ਹੱਥੀਂ ਲਿਖ ਕੇ ਤੇ ਹੁਣ ਝੂਠ ਆਖ ਦਿਆਂ, ਏਹ ਮਹਾਰਾਜ ਨਹੀਂ, ਕਦਾ ਚਿਤ ਏਹ ਬਚਨ ਨਹੀਂ ਹੋਵੇਗਾ। ਮੇਰੇ ਮੂੰਹੋਂ ਏਹ ਨਾ ਨਿਕਲੂ ਕਿ ਤੁਸੀਂ ਪਾਤਸ਼ਾਹ ਨਹੀਂ ਗੇ। ਫੇਰ ਪਾਤਸ਼ਾਹ ਆਖਣ ਲੱਗੇ ਚੰਗਾ ਬੈਠਾ ਰਹੁ। ਮਨੀ ਸਿੰਘ ਆਖਣ ਲੱਗਾ ਦੀਨ ਦਿਆਲ ਤੇਰੇ ਹੁਕਮ ਵਿਚ ਬੈਠਾ ਹਾਂ, ਫੇਰ ਕੀ ਹੋਇਆ। ਵਜ਼ੀਰ ਸਹਿਬ ਸਿਖਾਂ ਨੂੰ ਪੁੱਛਣ ਲਗੇ ਸਿਖੋ, ਤੁਸੀਂ ਦੱਸੋ ਤੁਸਾਂ ਕੀ ਮਹਾਰਾਜ ਦੀ ਕਣੀ ਵੇਖੀ ਹੈ। ਮਾਲਵੇ ਦੀ ਸਿਖੀ ਆਖਣ ਲਗੀ, ਜੀ ਅਸਾਂ ਤਾਂ ਨਾ ਮਹਾਰਾਜ ਹੋਰਾਂ ਦਾ ਕੁਛ ਵੇਖਿਆ ਤੇ ਨਾ ਸੰਤ ਮਨੀ ਸਿੰਘ ਦਾ। ਵਜ਼ੀਰ ਸਾਹਿਬ, ਆਖਣ ਲਗਾ ਜੇ ਤੁਸੀਂ ਮਨੀ ਸਿੰਘ ਦੇ ਸਿਖ ਨਹੀਂ ਤੇ ਤੁਸੀਂ ਕਿਸ ਤਰ੍ਹਾਂ ਫੜੇ ਗਏ। ਸਿਖ ਆਖਣ ਲਗੇ ਜੀ ਅਸੀਂ ਅਗੋਂ ਮੇਲਾ ਵੇਖਕੇ ਆਏ ਸਾਂ, ਸੰਤ ਕਰਕੇ ਰਸਤੇ ਵਿਚ ਕੋਲ ਬੈਹ ਗਏ ਤੇ ਨਾਲ ਫੜੇ ਗਏ ਹਾਂ। ਇਕ ਲੁਧਿਆਣੇ ਜ਼ਿਲਾ ਆਲਮਗੀਰ ਨਗਰ ਦਾ ਰਤਨ ਸਿੰਘ ਸਿਖ ਸੀ। ਓਸ ਆਖਿਆ ਜੀ ਮੈਂ ਮਨੀ ਸਿੰਘ ਨੂੰ ਗੁਰੂ ਧਾਰਨ ਕੀਤਾ ਹੈ। ਬੌਹਲ ਸਿੰਘ ਨੂੰ ਵਜ਼ੀਰ ਨੇ ਵਾਜ ਮਾਰੀ ਬੌਹਲ ਸਿੰਘ ਮਨੀ ਸਿੰਘ ਕੀ ਤੇਰਾ ਗੁਰੂ ਹੈ ? ਬਾਣੀ ਵਿਚ ਤੇਰਾ ਨਾਮ ਵੀ ਲਿਖਿਆ ਹੈ। ਓਸ ਆਖਿਆ ਜੀ ਮਨੀ ਸਿੰਘ ਸਾਡਾ ਗੁਰੂ ਹੈ, ਕਿਉਂਕਿ ਸੰਤਾਂ ਦੀ ਮਿਹਰ ਨਾਲ ਸਾਨੂੰ ਨਿਹਕਲੰਕ ਅਵਤਾਰ ਪਰੀ ਪੂਰਨ ਪਰਮੇਸ਼ਵਰ ਦੇ ਦਰਸ਼ਨ ਹੋਏ ਹਨ। ਕਾਹਨ ਸਿੰਘ ਵੀ ਆਖਿਆ ਜੀ ਅਸੀਂ ਸਿਖ ਹਾਂ ਸਾਡੇ ਤੇ ਏਨ੍ਹਾਂ ਦੀ ਬੜੀ ਕਿਰਪਾ ਹੈ, ਜਿਨ੍ਹਾਂ
ਨੂੰ ਦੇਹ ਕਰਕੇ ਅਵਤਾਰ ਦੇ ਦਰਸ਼ਨ ਹੋਏ ਹਨ। ਏਸ ਦਰਸ਼ਨ ਨੂੰ, ਵਜ਼ੀਰ ਸਾਹਿਬ, ਦੇਵੀਆਂ ਦੇਵਤੇ ਤਰਸ ਰਹੇ ਹਨ। ਫੇਰ ਤੇਜਾ ਸਿੰਘ ਨੂੰ ਪੁਛਿਆ, ਤੇਜਾ ਸਿੰਘ ਤੂੰ ਦੱਸ। ਤੇਜਾ ਸਿੰਘ ਵੀ ਆਖਿਆ ਜੀ ਮੇਰਾ ਗੁਰੂ ਹੈ ਬਾਬਾ ਮਨੀ ਸਿੰਘ। ਗੁਰੂ ਐਸਾ ਚਾਹੀਏ, ਜਿਸ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਸ਼ਰਨ ਪਾਇਆ ਹੈ। ਦਿੱਲੀ ਵਾਲੇ ਖੜ ਸਿੰਘ ਨੂੰ ਪੁਛਿਆ ਖੜ ਸਿੰਘ, ਮਨੀ ਸਿੰਘ ਤੇਰੇ ਕੀ ਲਗਦੇ ਹਨ ? ਓਸ ਵੀ ਆਖਿਆ ਜੀ ਮੇਰੇ ਗੁਰੂ ਹਨ। ਮਹਾਰਾਜ ਸ਼ੇਰ ਸਿੰਘ ਕ੍ਰਿਸ਼ਨ ਮਹਾਰਾਜ ਦਾ ਜਾਮਾ ਹੈ ਤੇ ਏਨ੍ਹਾਂ ਦੇ ਦਰਸ ਨੂੰ ਤਾਂ ਰਿਖੀ ਮੁਨੀ ਵੀ ਤਰਸ ਰਹੇ ਹਨ। ਸਾਡੇ ਵੱਡੇ ਭਾਗ ਕਲਜੁਗ ਵਿਚ ਹਨ ਜਿਨ੍ਹਾਂ ਨੂੰ ਦਰਸ਼ਨ ਹੋਏ ਹਨ। ਦਿੱਲੀ ਵਾਲੇ ਗੁਪਾਲ ਸਿੰਘ ਨੂੰ ਪੁਛਦੇ ਹਨ। ਖੜ ਸਿੰਘ ਇਸ਼ਾਰਾ ਕੀਤਾ ਕਿ ਗੋਪਾਲ ਸਿੰਘ ਵੇਖੀਂ ਬਾਣੀਆਂ ਨਾ ਬਣ ਜੀ। ਗੋਪਾਲ ਸਿੰਘ ਵੀ ਆਖਿਆ ਜੀ ਮੇਰੇ ਗੁਰੂ ਹਨ। ਰੰਗਾ ਸਿੰਘ ਪਾਤਸ਼ਾਹ ਦੇ ਚਾਚੇ ਨੂੰ ਪੁਛਿਆ ਕਿ ਤੇਰੇ ਲਗਦੇ ਹਨ ? ਓਨ ਆਖਿਆ ਜੀ ਦੇਹ ਕਰਕੇ ਤਾਂ ਮੇਰੇ ਭਤੀਜੇ ਹਨ ਤੇ ਸੰਤ ਮਨੀ ਸਿੰਘ ਨੇ ਏਨ੍ਹਾਂ ਨੂੰ ਲੱਭਾ ਹੈ। ਓਸ ਦਿਨ ਤੋਂ ਮੈਂ ਵੀ ਏਨ੍ਹਾਂ ਦੇ ਚਰਨ ਪੂਜਦਾ ਹਾਂ, ਤੇ ਮੇਰੇ ਸੱਚੇ ਮਾਪੇ ਹਨ। ਫੇਰ ਵਜ਼ੀਰ ਸਾਹਿਬ ਆਖਿਆ, ਮੈਂ ਕਾਗਜ਼ ਲਿਖ ਕੇ ਅਫਸਰ ਨੂੰ ਭੇਜ ਦਿਆਂਗਾ। ਜੋ ਹੁਕਮ ਆਵੇਗਾ ਤੁਹਾਨੂੰ ਸੁਣਾਇਆ ਜਾਵੇਗਾ। ਮਹਾਰਾਜ ਜੀ ਤੁਸੀਂ ਸਵੇਰੇ ਚਲੇ ਜਾਣਾ, ਤੇ ਸੰਤ ਮਨੀ ਸਿੰਘ ਤੇ ਸੰਗਤ ਏਥੇ ਰਹੇਗੀ। ਅਗਲੇ ਦਿਨ ਮਹਾਰਾਜ ਹੋਰੀਂ ਗੱਡੀ ਚੜ੍ਹ ਆਏ। ਮਨੀ ਸਿੰਘ ਤੇ ਸੰਗਤ ਤਿੰਨ ਦਿਨ ਤੇ ੧ ਮਹੀਨਾ ਠਾਣੇ ਰਹੇ। ਫੇਰ ਮਹੀਨੇ ਪਿਛੋਂ ਕਾਗਜ ਆਏ ਤੇ ਹੁਕਮ ਹੋਇਆ ਕਿ ਮਹਰਾਜ ਸ਼ੇਰ ਸਿੰਘ ਹੋਰੀਂ ਕੁਛ ਨਹੀਂ ਲਿਖੌਂਦੇ ਤੇ ਨਾ ਪੜ੍ਹੇ ਹੋਏ ਹਨ। ਸੰਤ ਮਨੀ ਸਿੰਘ ਬਿਰਧ ਅਵਸਥਾ ਹੈ, ਸੁਖਾ ਸ਼ਰਦਾਈ ਛਕ ਕੇ ਵਧ ਘਟ ਲਿਖੀ ਜਾਂਦਾ ਹੈ, ਇਹਨੂੰ ਨਜ਼ਰਬੰਦ ਕੀਤਾ ਜਾਵੇ। ਬਾਣੀ ਵੀ ਨਜ਼ਰਬੰਦ ਕਰ ਕੇ ਪੈਹਰੇ ਲਗ ਜਾਣ। ਸਿਖਾਂ ਨੂੰ ਹੱਥ ਘੜੀਆਂ ਲਗਾ ਕੇ ਤੇ ਸਾਲ ਦੀਆਂ ਜਮਾਨਤਾਂ ਕਰ ਕੇ ਆਪੋ ਆਪਣੇ ਘਰੀਂ ਪੁਚਾਇਆ ਜਾਵੇ। ਸੰਤ ਫੁਮਣ ਸਿੰਘ ਨੂੰ ਵੀ ਮਨੀ ਸਿੰਘ ਦੇ ਨਾਲ ਹੀ ਨਜ਼ਰ ਬੰਦ ਕੀਤਾ ਜਾਵੇ। ਜਿਸ ਤਰ੍ਹਾਂ ਕਾਗਜ ਆਏ, ਓਸੇ ਤਰ੍ਹਾਂ ਕੀਤਾ ਗਿਆ ਜੀ।।
ਸੱਚੇ ਪਾਤਸ਼ਾਹ ਨੇ ਘਵਿੰਡ ਔਣਾ ਤੇ ਮਾਝੇ ਦੀ ਸੰਗਤ ਨੇ
ਦਰਸ਼ਨ ਕਰਨ ਔਣਾ
ਜਿਸ ਵਕਤ ਫੇਰ ਸੱਚੇ ਪਿਤਾ ਦੀਨ ਦਿਆਲ ਘਵਿੰਡ ਆ ਗਏ ਹਨ। ਸਾਰੇ ਘਰ ਦੇ ਟੱਬਰ ਬੜੀ ਖ਼ੁਸ਼ੀ ਪ੍ਰਾਪਤ ਹੋਈ। ਨਗਰ ਦੇ ਕੁਝ ਵਾਸੀਆਂ ਨੂੰ ਪਾਤਸ਼ਾਹ ਦੇ ਔਣ ਨਾਲ ਸੋਗ ਪੈ ਗਿਆ ਐਡੇ ਮਾੜਿਆਂ ਭਾਗਾਂ ਵਾਲੇ ਸਨ ਜੀ। ਤੀਨ ਲੋਕ ਦੇ ਮਾਲਕ ਨੂੰ ਵੇਖ ਕੇ ਖ਼ੁਸ਼ ਨਹੀਂ ਹੋਏ ਕਿ ਸਾਡੇ ਨਗਰ ਦੇ ਵਿਚ ਵੱਡੇ ਦਿਆਲੂਆਂ ਨੇ ਅਵਤਾਰ ਧਾਰਿਆ ਹੈ, ਧੰਨ ਏਹ ਨਗਰ ਹੈ। ਪਰ ਜੀਅ ਦੇ ਕੀ ਅਖਤਿਆਰ ਹੈ। ਸੱਚੇ ਪਿਤਾ ਨੇ ਓਨ੍ਹਾਂ ਨੂੰ ਸੁਰਤ ਨਹੀਂ ਦਿਤੀ।।
ਮਹਾਰਾਜ ਜੀ ਦੀ ਸ਼ਾਦੀ ਦੀ ਸਾਖੀ
ਮਾਝੇ ਦੇ ਸਿਖ ਮਹਾਰਾਜ ਆਇਆ ਨੂੰ ਸੁਣ ਕੇ ਦਰਸ਼ਨ ਕਰਨ ਆਏ ਹਨ। ਤੇ ਦਰਸ਼ਨ ਕਰ ਕੇ ਸ਼ੁਕਰ ਗੁਜਾਰਦੇ ਹਨ। ਬਾਬੇ ਮਨੀ ਸਿੰਘ ਦਾ ਜੇਲ ਵਿਚ ਹੋਣਾ ਸੁਣ ਕੇ ਬਹੁਤ ਹਿਰਖ ਕਰਦੇ ਹਨ। ਪਾਤਸ਼ਾਹ ਆਂਦੇ ਹਨ, ਫੇਰ ਕੀ ਹੋਇਆ, ਸਾਡੇ ਹੁਕਮ ਵਿਚ ਏਹ ਸਾਰੀ ਖੇਡ ਹੈ। ਬਾਬੇ ਦੀ ਸੇਵਾ ਬਾਬੇ ਮਨੀ ਸਿੰਘ ਹੀ ਕਰਨੀ ਹੈ। ਹੋਰ ਕੋਈ ਨਹੀਂ ਕਰ ਸਕਦਾ ਜੀ। ਮਾਝੇ ਦੀ ਸਿਖੀ ਸਚੇ ਪਾਤਸ਼ਾਹ ਦੀ ਸੇਵਾ ਵਿਚ ਤਨੋਂ ਮਨੋਂ ਹਾਜਰ ਹੈ। ਗੁਜਰ ਸਿੰਘ ਸੇਵਾ ਵਿਚ ਹਰ ਵਕਤ ਰਹਿਣ ਲਗ ਪਿਆ। ਆਸਾ ਸਿੰਘ ਮਜ਼੍ਹਬੀ ਸਿੰਘ ਵੀ ਸੇਵਾ ਵਿਚ ਹਾਜਰ ਰੈਹਦਾ ਹੈ, ਤੇ ਘਰਾਂ ਦੇ ਵਿਹਾਰ ਵੀ ਕਰਦਾ ਹੈ। ਦੂਸਰੇ
ਸਿਖ ਵੀ ਮਹੀਨੇ ਦੋ ਜਾਂ ਇਕ ਜਰੂਰ ਆਣ ਕੇ ਸੇਵਾ ਵਿਚ ਹਾਜਰ ਹੁੰਦੇ ਹਨ। ਲਾਭ ਸਿੰਘ ਮਜ਼੍ਹਬੀ ਸਿੰਘ ਹਰ ਵਕਤ ਸੇਵਾ ਵਿਚ ਹਾਜਰ ਸੀ, ਜਾਂ ਘਾਹ ਘੋੜਿਆਂ ਨੂੰ ਲਿਆ ਕੇ ਪੌਣਾ ਤੇ ਜਾਂ ਲੰਗਰ ਵਿਚ ਬਾਲਣ ਲਿਔਣਾ। ਏਹ ਸੇਵਾ ਉਸ ਦੀ ਸੀ ਜਿਸ ਵਕਤ ਪਾਤਸ਼ਾਹ ਹੁਕਮ ਕਰਨਾ, ਓਸੇ ਵਕਤ ਛਾਲਾਂ ਮਾਰ ਕੇ ਖ਼ੁਸ਼ੀ ਨਾਲ ਸੇਵਾ ਨੂੰ ਲੱਗ ਪੈਣਾ। ਰਾਤ ਜਿਸ ਵਕਤ ਪਾਤਸ਼ਾਹ ਪਲੰਘ ਤੇ ਬਿਰਾਜਮਾਨ ਹੁੰਦੇ ਸਨ, ਲਾਭ ਸਿੰਘ ਚਰਨਾਂ ਵਲ ਬੈਠ ਕੇ ਸਾਰੀ ਰਾਤ ਸ਼ਬਦ ਪੜ੍ਹਦਾ ਰੈਂਹਦਾ ਸੀ ਤੇ ਸੱਚੇ ਪਿਤਾ ਦਾ ਜਸ ਕਰਦਾ ਸੀ। ਸੇਵਾ ਵਿਚ ਬਹੁਤ ਖ਼ੁਸ਼ ਰਹਿੰਦਾ ਸੀ। ਜਿਸ ਵਕਤ ਸੱਚੇ ਪਿਤਾ ਖਲੋ ਕੇ ਕੇਸ ਵੌਹਦੇ ਹੁੰਦੇ ਸੀ, ਲਾਭ ਸਿੰਘ ਨੇ ਹੇਠਾਂ ਬੁਕ ਕਰ ਛੱਡਣਾ ਤੇ ਕੇਸ ਜੇਹੜੇ ਝੜ ਕੇ ਬੁੱਕ ਵਿਚ ਡਿਗਣੇ ਓਸ ਨੇ ਕੱਠੇ ਕਰ ਕੇ ਪੱਗ ਪੱਲੇ ਬੰਨ੍ਹ ਲੈਣੇ ਤੇ ਨਹਿਰ ਵਿਚ ਜਾ ਪੌਣੇ ਜੀ। ਦਿਲ ਵਿਚ ਇਹ ਖਿਆਲ ਕਰਨਾ, ਕਿ ਮੇਰੇ ਪਾਤਸ਼ਾਹ ਦੇ ਵਾਲ ਕਿਸੇ ਦੇ ਪੈਰ ਹੇਠਾਂ ਨਾ ਆ ਜਾਣ।।
ਗੁਜਰ ਸਿੰਘ ਤੋੜੇ ਵਾਲੇ ਨੇ ਵੀ ਹੱਥਾਂ ਦੀ ਸੇਵਾ ਬਹੁਤ ਕਰਨੀ। ਪਾਤਸ਼ਾਹ ਦੀ ਦਇਆ ਨਾਲ ਏਸੇ ਤਰ੍ਹਾਂ ਸਿਖ ਆਣ ਕੇ ਬੜੇ ਪ੍ਰੇਮ ਨਾਲ ਦਰਸ਼ਨ ਕਰਦੇ ਸੀ। ਫੇਰ ਦੂਸਰੇ ਹਾੜ ਵਿਚ ਸਾਲ ਪਿਛੋਂ ਕਲੀਆਂ ਵਾਲਿਆਂ ਪਾਤਸ਼ਾਹ ਦਾ ਵਿਆਹ ਮੁਕਰਰ ਕਰ ਦਿਤਾ। ਓਸ ਵਕਤ ਸਾਰੀ ਸਿਖੀ ਨੂੰ ਪਾਤਸ਼ਾਹ ਗੰਢਾਂ ਘੱਲੀਆਂ ਤੇ ਸਾਰੇ ਸਿਖ ਹੁਮ ਹੁਮਾ ਕੇ ਪਾਤਸ਼ਾਹ ਦੀ ਸ਼ਾਦੀ ਵਿਚ ਆਏ ਹਨ ਜੀ। ਗੁਜਰ ਸਿੰਘ ਨੇ ੮ ਪੀਪੇ ਘਿਓ ਦੇ ਆਂਦੇ। ਜਿਸ ਵਕਤ ਪਾਤਸ਼ਾਹ ਜੰਞ ਚੜ੍ਹਨ ਲਗੇ ਉਸ ਵਕਤ ਸਾਰੀ ਸਿਖੀ ਨੇ ਪੂਜਾ ਭੇਟਾ ਪਾਤਸ਼ਾਹ ਅੱਗੇ ਰੱਖੀ ਹੈ। ਮਾਣਾ ਸਿੰਘ ਭੁਚਰ ਵਾਲੇ ਨੇ ਇਕ ਠੂਠੀ ਸੋਨੇ ਦੀ ਤੇ ਮਾਇਆ ਵੀ ਪਾਤਸ਼ਾਹ ਅੱਗੇ ਰੱਖੀ। ਸਾਰੀ ਸੰਗਤ ਨੇ ਪਰਾਤ ਭਰ ਕੇ ਰੁਪੈਆਂ ਦੀ ਤੇ ਸਾਰਾ ਮਾਤਾ ਹੋਰਾਂ ਦਾ ਸੋਨੇ ਦਾ ਗਹਿਣਾ ਪਾਤਸ਼ਾਹ ਦੇ ਅੱਗੇ ਰਖ ਕੇ ਨਿਮਸਕਾਰ ਕੀਤੀ ਤੇ ਪਰਕਰਮਾਂ ਕੀਤੀਆਂ ਹਨ ਜੀ। ਦਿੱਲੀ ਵਾਲੇ ਸਿੰਘ ਨੇ ਟਕਸਾਲ ਦੇ ਵਿਚੋਂ ਨਵੇਂ ਪੈਸੇ ਤੇ ਨਵੇਂ ਰੁਪੈ ਲਿਆ ਕੇ ਪਰਾਤ ਭਰ ਕੇ ਪਾਤਸ਼ਾਹ ਅੱਗੇ ਰੱਖ ਦਿਤੀ ਤੇ ਆਖਣ ਲੱਗੇ ਪਾਤਸ਼ਾਹ ਏਹ ਨਵੇ ਪੈਸੇ ਤੇ ਰੁਪਏ ਸੁੱਟ ਕਰਨ ਨੂੰ ਜੰਞ ਵਾਸਤੇ ਆਂਦੇ ਹਨ। ਜੰਞ ਚੜ੍ਹਨ ਲੱਗਿਆਂ ਪਾਤਸ਼ਾਹ ਨੇ ਗਰੀਬ ਗੁਰਬੇ ਨੂੰ ਬਹੁਤ ਧੰਨ ਵੰਡਿਆ ਹੈ। ਫੇਰ ਸੱਚੇ ਪਿਤਾ ਨੇ ਸਾਰਿਆਂ ਸਿਖਾਂ ਦੀਆਂ ਦਾਣਿਆਂ ਵਾਂਗਰ ਪੈਸਿਆਂ ਦੀਆਂ ਝੋਲੀਆਂ ਭਰ ਦਿਤੀਆਂ ਹਨ। ਜਿਸ ਵਕਤ ਜੰਞ ਤੁਰੇ ਹਨ ਤੇ ਨਵੇਂ ਰੁਪਏ ਪਾਤਸ਼ਾਹ ਸੁੱਟ ਕਰੀ ਜਾਂਦੇ ਹਨ, ਮਗਰ ਸਿਖ ਸੁੱਟ ਕਰੀ ਜਾਂਦੇ ਹਨ। ਗੱਲ ਕੀ ਮਾਇਆ ਨਾਲ ਗਲੀਆਂ ਚਿਟੀਆਂ ਕਰੀ ਜਾਂਦੇ ਹਨ। ਸਭ ਨਗਰ ਦੇ ਵਾਸੀ ਤੇ ਰਾਹੀ ਪਾਂਧੀ ਵੀ ਓਸ ਵਕਤ ਦੀਨ ਦਿਆਲਾਂ ਦੇ ਦਰਸ਼ਨ ਕਰਕੇ ਧੰਨ ਧੰਨ ਕਰ ਰਹੇ ਹਨ। ਜੋ ਵੇਦਾਂ ਦੇ ਜਾਨਣ ਵਾਲੇ ਪੰਡਤ ਸਨ ਓ ਬਚਨ ਕਰਦੇ ਹਨ ਕਿ ਜਾਂ ਕ੍ਰਿਸ਼ਨ ਮਹਾਰਾਜ ਵਿਔਣ ਗਏ ਸਨ ਏਸ ਤਰ੍ਹਾਂ, ਤੇ ਜਾਂ ਅੱਜ ਮਹਾਰਾਜ ਸ਼ੇਰ ਸਿੰਘ ਓਸ ਤਰ੍ਹਾਂ ਸੋਭਾ ਪਾ ਰਹੇ ਹਨ। ਕਈ ਆਖਦੇ ਹਨ ਕੇ ਭਾਈ ਜਾਂ ਰਾਮ ਜੀ ਸੀਤਾ ਨੂੰ ਵਿਔਣ ਗਏ ਏਸ ਤਰ੍ਹਾਂ ਸੁਹਾਏਮਾਨ ਹੋਏ ਸਨ ਜੀ। ਕਈ ਸਿਆਣੇ ਆਖਦੇ ਹਨ ਕੇ ਭਾਈ ਓਹੋ ਕ੍ਰਿਸ਼ਨ ਮਹਾਰਾਜ ਅਵਤਾਰ ਧਾਰਿਆ ਹੈ। ਬਿਨਾਂ ਪ੍ਰੀ ਪੂਰਨ ਸੋਲਾਂ ਕਲਾ ਸੰਪੂਰਨ ਤੋਂ ਇਹ ਸੋਭਾ ਨਹੀਂ ਹੋ ਸਕਦੀ। ਦਿਨ ਹੁੰਦੇ ਜਾ ਕੇ ਕਲੀਂ ਅਪੜੇ ਹਨ ਜੀ। ਕਲੀਆਂ ਤੋਂ ਮੀਲ ਉਰਾਂ ਆਣ ਕੇ ਦੁਨੀਆਂ ਖਲੋਤੀ ਹੈ ਕਿ ਪਾਤਸ਼ਾਹ ਨੇ ਆਣ ਕੇ ਢੁਕਣਾ ਹੈ। ਮੀਲ ਪੈਂਡੇ ਉਤੋਂ ਪਾਤਸ਼ਾਹ ਸੁਟ ਕਰਨ ਲੱਗੇ ਹਨ। ਗਰੀਬ ਗੁਰਬਾ ਮਾਇਆ ਚੁਗ ਕੇ ਅਨੰਦ ਪ੍ਰਸੰਨ ਹੋ ਰਹੇ ਹਨ ਜੀ। ਤੇ ਜਿਸ ਵਕਤ ਘਰ ਗਏ ਹਨ, ਨਗਰ ਦੇ ਵਾਸੀਆਂ ਬੜੀ ਸੇਵਾ ਕੀਤੀ ਹੈ। ਅਗਲੇ ਦਿਨ ਪਾਤਸ਼ਾਹ ਫੇਰੇ ਕਰ ਕੇ ਵਾਪਸ ਓਸੇ ਤਰ੍ਹਾਂ ਸੁਟ ਕਰਦੇ ਖ਼ੁਸ਼ੀਆਂ ਕਰਦੇ ਘਰਾਂ ਨੂੰ ਆ ਗਏ ਹਨ ਜੀ। ਘਵਿੰਡ ਆਣ ਕੇ ਵੀ ਬੜਾ ਗਰੀਬਾਂ ਨੂੰ ਅੰਨ ਪਾਣੀ ਵੰਡਿਆ ਹੈ। ਧੰਨ ਧੰਨ ਹੋ ਰਹੀ ਹੈ। ਅਗਲੇ ਦਿਨ ਪਾਤਸ਼ਾਹ ਕੋਲੋਂ ਬੇਨੰਤੀਆਂ ਕਰ ਕੇ ਸਿਖ ਖ਼ੁਸ਼ੀਆਂ ਮੰਗ ਰਹੇ ਹਨ। ਸਿਖ ਘਰੋਂ ਆ ਗਏ ਹਨ। ਕਈ ਸਿਖ ਏਥੇ ਸੇਵਾ ਵਿਚ ਹਾਜਰ ਰਹੇ ਹਨ।।
ਮਹਾਰਾਜ ਸ਼ੇਰ ਸਿੰਘ ਦੇ ਘਰ ਸਾਹਿਬਜਾਦੇ ਨੇ ਜਨਮ ਲੈਣਾ
ਦੂਸਰੀ ਸੌਣ ਦੀ ਦੇਸੀ ਤਰੀਕ ਮਾਤਾ ਨੈਣੋ ਦੇ ਘਰ ਸਾਹਿਬਜਾਦੇ ਨੇ ਜਨਮ ਧਾਰਿਆ ਹੈ। ਜੋ ਪਿੰਡ ਦੇ ਵਾਸੀ ਵੀ ਹਨ ਸਭ ਵਧਾਈਆਂ ਦੇ ਰਹੇ ਹਨ ਤੇ ਪਾਤਸ਼ਾਹ ਮਾਇਆ ਵੰਡੀ ਜਾਂਦੇ ਹਨ। ਸਭ ਸਿਖੀ ਵਿਚ ਖ਼ਬਰ ਕੀਤੀ ਗਈ ਕਿ ਪਾਤਸ਼ਾਹ ਦੇ ਘਰ ਸਾਹਿਬਜਾਦੇ ਨੇ ਜਨਮ ਧਾਰਿਆ ਹੈ। ਸਾਰੀ ਸਿਖੀ ਬਚਨ ਸੁਣ ਕੇ ਪਾਤਸ਼ਾਹ ਨੂੰ ਵਧਾਈ ਦੇਣ ਤੇ ਸਾਹਿਬਜਾਦੇ ਦੇ ਦਰਸ਼ਨ ਕਰਨ ਆਏ ਹਨ। ਸੱਚੇ ਪਿਤਾ ਖ਼ੁਸ਼ੀ ਨਾਲ ਪਲੰਘ ਤੇ ਬੈਠੇ ਹਨ। ਗੁਜਰ ਸਿੰਘ ਨੂੰ ਹੁਕਮ ਕੀਤਾ, ਗੁਜਰ ਸਿੰਘ ਜਾਹ ਸਾਹਿਬਜਾਦੇ ਨੂੰ ਸਾਡੇ ਕੋਲ ਲਿਆ। ਗੁਜਰ ਸਿੰਘ ਸੁੱਚੇ ਕਪੜੇ ਵਿਚ ਵਲੇਟ ਕੇ ਲੈ ਆਂਦਾ ਤੇ ਪਾਤਸ਼ਾਹ ਦੇ ਚਰਨਾਂ ਵਿਚ ਲਿਆ ਪਾਇਆ ਜੀ। ਸੱਚੇ ਪਾਤਸ਼ਾਹ ਚੇਹਰੇ ਉਤੇ ਹੱਥ ਫੇਰ ਕੇ ਬਹੁਤ ਖ਼ੁਸ਼ ਹੋ ਰਹੇ ਹਨ ਤੇ ਪਲੰਘ ਤੇ ਲਿਟਾ ਰਹੇ ਹਨ। ਪਾਤਸ਼ਾਹ ਖ਼ੁਸ਼ੀ ਨਾਲ ਸਾਹਿਬਜਾਦੇ ਦੇ ਪਿੰਡੇ ਤੇ ਥਾਪੀਆਂ ਮਾਰ ਰਹੇ ਹਨ ਤੇ ਖੜਾਕ ਹੁੰਦਾ ਹੈ। ਗੁਜਰ ਸਿੰਘ ਹੱਥ ਜੋੜ ਕੇ ਬੇਨੰਤੀ ਕੀਤੀ, ਸੱਚੇ ਪਾਤਸ਼ਾਹ ਸਾਹਿਬਜਾਦੇ ਦਾ ਕੋਮਲ ਸ਼ਰੀਰ ਹੈ ਸੱਟ ਨਾ ਲੱਗੇ। ਪਾਤਸ਼ਾਹ ਹੱਸ ਕੇ ਬਚਨ ਕੀਤਾ, ਗੁਜਰ ਸਿੰਘ ਤੈਨੂੰ ਨਿੱਕੇ ਜਾਪਦੇ ਨੇ। ਏਨ੍ਹਾਂ ਵਿਚ ੧੦੦ ਗਡ ਜੋਰ ਦੀ ਆ। ਏਨੇ ਬਚਨ ਕਰ ਕੇ ਆਖਣ ਲਗੇ ਗੁਜਰ ਸਿੰਘ ਲੈ ਹੁਣ ਸਾਹਿਬਜਾਦੇ ਨੂੰ ਚੁਕ ਲੌ। ਸਾਹਿਬਜਾਦੇ ਦੇ ਬਾਹਰ ਵਧਣ ਤੋਂ ਪਹਿਲਾਂ ਪਹਿਲਾਂ ਸਾਰੀ ਸੰਗਤ ਦਰਸ਼ਨਾਂ ਨੂੰ ਆ ਗਈ ਹੈ ਜੀ।।
ਗੁਰਮੁਖ ਸਿੰਘ ਮਗਰੋਂ ਚੇਤ ਸਿੰਘ ਦਾ ਸੇਵਾ ਵਿਚ ਹਾਜਰ ਹੋਣਾ
ਗੁਰਮੁਖ ਸਿੰਘ ਜੇਹੜਾ ਸੀ ਰਾਤ ਦਿਨ ਪਾਤਸ਼ਾਹ ਦੀ ਸੇਵਾ ਵਿਚ ਗੁਜਾਰਦਾ ਸੀ। ਇਕ ਮਿਨਟ ਵੀ ਨਹੀਂ ਸੀ ਵਿਛੜਦਾ ਤੇ ਜਦੋਂ ਉਸ ਨੇ ਦੇਹ ਛੱਡ ਦਿਤੀ, ਉਸ ਦਿਨ ਤੋਂ ਚੇਤ ਸਿੰਘ ਕਲਸੀਆਂ ਵਾਲਾ ਸਿਖ ਓਥੇ ਰਾਤ ਦਿਨ ਦੀ ਸੇਵਾ ਵਿਚ ਹਾਜਰ ਹੋ ਗਿਆ ਸੀ। ਗੁਰਮੁਖ ਸਿੰਘ ਵਿਚ ਇਕ ਗੁਣ ਬੜਾ ਸੀ। ਜਦੋਂ ਪਾਤਸ਼ਾਹ ਕਿਤੇ ਵੀ ਜਾਂਦੇ ਹਨ ਤੇ ਜਾ ਕੇ ਗੁਰਮੁਖ ਸਿੰਘ ਕਿਸੇ ਨੂੰ ਸ਼ਫ਼ਾਰਸ਼ ਨਹੀਂ ਸੀ ਪੌਂਦਾ, ਆਪ ਘੋੜੇ ਦੀ ਤੇ ਮਹਾਰਾਜ ਦੀ ਸੇਵਾ ਕਰਦਾ ਸੀ। ਇਕ ਦਿਨ ਸੱਚੇ ਪਾਤਸ਼ਾਹ ਚੁਤਾਲਿਆਂ ਨੂੰ ਤਿਆਰ ਹੋਏ ਹਨ। ਚੇਤ ਸਿੰਘ ਨੂੰ ਕਲਸੀਂ ਸਨੇਹਾ ਘੱਲਿਆ ਤੇ ਚੇਤ ਸਿੰਘ ਦੇ ਘਰੋਂ ਤੇਜ ਕੌਰ ਓਸ ਵਕਤ ਸਖ਼ਤ ਬੀਮਾਰ ਸੀ। ਚੇਤ ਸਿੰਘ ਪੁੱਛਣ ਲੱਗਾ ਕਿ ਮੈਨੂੰ ਤਾਂ ਪਾਤਸ਼ਾਹ ਸਨਾਹ ਘਲਿਆ ਹੈ। ਓਹਨਾਂ ਚੁਤਾਲੀ ਜਾਣਾ ਹੈ ਤੇ ਤੂੰ ਸਖ਼ਤ ਬਿਮਾਰ ਹੈ, ਕਿਸ ਤਰ੍ਹਾਂ ਕਰੀਏ। ਓਹ ਆਖਣ ਲੱਗੀ ਜੀ ਤੁਸੀਂ ਪਾਤਸ਼ਾਹ ਦਾ ਸਤਿ ਬਚਨ ਮੰਨ ਕੇ ਜਾਓ। ਬਚਨ ਨਾ ਮੋੜੇ, ਜੇ ਮੇਰੀ ਦੇਹ ਵੀ ਛੁੱਟ ਜਾਏਗੀ ਤੇ ਆਪੇ ਵਿਹਾਰ ਭੁਗਤਾਇਆ ਜਾਊ। ਚੇਤ ਸਿੰਘ ਓਸੇ ਵਕਤ ਤੁਰ ਪਿਆ ਤੇ ਸੱਚੇ ਪਿਤਾ ਦੇ ਚਰਨਾਂ ਵਿਚ ਹਾਜ਼ਰ ਹੋ ਗਿਆ ਹੈ। ਪਾਤਸ਼ਾਹ ਪੁਛਿਆ ਚੇਤ ਸਿੰਘ ਚਿਰ ਲਾਇਆ ਜੇ, ਕੀ ਗਲ ਹੈ। ਓਸ ਆਖਿਆ ਜੀ ਤੇਜੋ ਸਖ਼ਤ ਬਿਮਾਰ ਸੀ, ਇਸ ਕਰਕੇ ਕੁਛ ਦੇਰੀ ਹੋ ਗਈ ਹੈ। ਪਾਤਸ਼ਾਹ ਆਖਣ ਲਗੇ ਦਸ ਫੇਰ ਤੂੰ ਸਾਡੇ ਨਾਲ ਜਾਣਾ ਹੈ, ਕਿ ਤੇਜੋ ਕੋਲ ਰਹਿਣਾ ਹੈ। ਚੇਤ ਸਿੰਘ ਹੱਥ ਜੋੜ ਕੇ ਬੇਨੰਤੀ ਕੀਤੀ ਦੀਨ ਦੁਨੀ ਦੇ ਵਾਲੀ ਮੇਰੇ ਸੱਚੇ ਪਿਤਾ, ਤੇਜੋ ਦੇ ਸਹਾਈ ਤੁਸਾਂ ਹੋਣਾ ਹੈ ਤੇ ਮੈਂ ਕੀ ਓਥੇ ਰਹਿ ਕੇ ਬਨੌਣਾ ਹੈ। ਮੈਂ ਆਪਣੀ ਸੇਵਾ ਵਿਚ ਰਵਾਂਗਾ ਤੇ ਦਇਆ ਕਰਕੇ ਰੱਖਿਓ ਜੇ। ਸੱਚੇ ਪਿਤਾ ਅਜੇ ਤਿਆਰ ਹੁੰਦੇ ਸਨ ਬੇਨੰਤੀ ਕਰਨ ਨਾਲ ਬੇਬੇ ਤੇਜੋ ਨੂੰ ਓਸੇ ਵਕਤ ਸਾਹ ਸੌਖਾ ਔਣ ਲਗ ਪਿਆ। ਕਲਸੀਆਂ ਤੇ ਘਵਿੰਡ ਦਾ ੧ ਮੀਲ ਪੈਂਡਾ ਸੀ। ਬੇਬੇ ਤੇਜੋ ਬੰਦਾ ਘਲ ਦਿਤਾ ਕਿ ਮੈਨੂੰ ਰਮਾਨ ਹੈ। ਹੁਣ ਪਾਤਸ਼ਾਹ ਦੀ ਸੇਵਾ ਵਿਚ ਹਾਜਰ ਰਹਿਣਾ ਕਿਸੇ ਗਲ ਦਾ ਫਿਕਰ ਨਹੀਂ ਕਰਨਾ ਜੀ। ਸੱਚੇ ਪਾਤਸ਼ਾਹ ਤੁਰ ਪਏ ਹਨ। ਰਸਤੇ ਵਿਚ ਜੀਉ ਬਾਲੇ ਲਾਗੇ ਖੁਲ੍ਹੀ ਜਗਾ ਹੈ। ਗਰਮੀ ਦਾ ਦਿਹਾੜਾ ਸੀ। ਬੰਦਾ ਪ੍ਰਿੰਦਾ ਕੋਈ ਨਜ਼ਰ ਨਹੀਂ ਔਂਦਾ। ਓਸ ਵਕਤ ਚੇਤ ਸਿੰਘ ਹੱਸ ਕੇ ਬਚਨ ਕੀਤਾ, ਕਿ ਮੈਂ ਤੁਹਾਨੂੰ ਸ਼ਹਿਰੋਂ ਸਾਰਿਆਂ ਨੂੰ ਰਜਾ ਕੇ ਮਠਿਆਈ ਛਕਾਵਾਂਗਾ ਜੇ ਇਸ
ਵਕਤ ਮੈਨੂੰ ਕੋਈ ਲਾਗੇ ਬੰਦਾ ਵਖਾ ਵਿਓ। ਪਾਤਸ਼ਾਹ ਆਖਿਆ ਜੇ ਅਸੀਂ ਬੰਦਾ ਵਖਾਤਾ ਤੇ ਫੇਰ ਮਠਿਆਈ ਛਕੌਣੀ ਪਊਗੀ। ਸਾਰੇ ਸਿਖ ਵੀ ਆਖਣ ਲੱਗੇ, ਪਾਤਸ਼ਾਹ ਏਥੇ ਤਾਂ ਚਾਰ ਚੁਫੇਰੇ ਕੋਈ ਨਜ਼ਰ ਨਹੀਂ ਔਂਦਾ ਕਿਥੋਂ ਵਖਾਓਗੇ ? ਪਾਤਸ਼ਾਹ ਹੱਸ ਕੇ ਆਖਣ ਲਗੇ ਕਿ ਭਾਵੇਂ ਅਸੀਂ ਭੂਤਨਾ ਵਖਾ ਦਈਏ, ਸ਼ਰਤ ਜਿਤ ਲੈਣੀ ਹੈ। ਘੋੜਾ ਖਲਾਰ ਕੇ ਆਖਣ ਲੱਗੇ ਚੇਤ ਸਿੰਘ ਔਹ ਵੇਖ ਲਾ ਬੰਦਾ ਤੁਰਿਆ ਜਾਂਦਾ। ਦੂਰ ਵੀ ਨਹੀਂ ਇਕ ਪੈਲੀ ਦੀ ਵਿਥ ਹੈ। ਚੇਤ ਸਿੰਘ ਢਹਿ ਕੇ ਚਰਨੀ ਪੈ ਗਿਆ। ਆਖਣ ਲਗਾ ਸੱਚੇ ਪਿਤਾ ਤੁਸੀਂ ਤਾਂ ਮਾਲਕ ਜੇ, ੧ ਬੰਦਾ ਛੱਡ ਕੇ ਭਾਵੇਂ ਫੌਜਾਂ ਵਖਾ ਦਿਓ। ਹੱਸਣ ਲਗ ਪਏ ਸਾਰੇ ਕਿ ਚਲੋ ਹੁਣ ਸਾਡੀ ਸ਼ਰਤ ਜਿਤੀ ਗਈ ਹੈ ਜੀ। ਫਿਰ ਸੱਚੇ ਪਾਤਸ਼ਾਹ ਚੁਤਾਲੀਂ ਚਲੇ ਗਏ ਹਨ। ਅੱਗੇ ਜਾਂਦਿਆਂ ਨੂੰ ਸੰਗਤਾਂ ਉਡੀਕ ਰਹੀਆਂ ਸਨ। ਓਥੇ ਚਾਰ ਪਹਿਰ ਰਹਿ ਕੇ ਸੱਚੇ ਪਾਤਸ਼ਾਹ ਖ਼ੁਸ਼ੀਆਂ ਦੇ ਕੇ ਬੁਗੀਂ ਆ ਗਏ ਹਨ। ਓਥੇ ਸੁੰਦਰ ਸਿੰਘ ਤੇ ਹਰ ਕੌਰ ਬੇਬੇ ਨੇ ਬੜੀ ਸੇਵਾ ਕੀਤੀ। ਨਾਲੇ ਸੁੰਦਰ ਸਿੰਘ ਹੱਸਦਾ ਫਿਰਦਾ ਤੇ ਨਾਲੇ ਘੋੜਿਆਂ ਦੀ ਸੇਵਾ ਵਿਚ ਫਿਰਦਾ ਹੈ। ਨਾਲੇ ਪ੍ਰੇਮ ਨਾਲ ਸ਼ਬਦ ਪੜ੍ਹਦਾ ਹੈ, ’’ਅੱਜ ਦੀ ਸੁਲੱਖਣੀ ਘੜੀ ਗੁਰਾਂ ਦੇ ਦਰਸ਼ਨ ਹੋਏ’’। ਬੜੇ ਪਦਾਰਥ ਸੱਚੇ ਪਿਤਾ ਤੇ ਸੰਗਤਾਂ ਲਈ ਤਿਆਰ ਹੋ ਰਹੇ ਹਨ ਜੀ। ਲਾਲ ਰੰਗ ਦੀ ਘੋੜੀ ਸੁੰਦਰ ਸਿੰਘ ਨੇ ਪਾਤਸ਼ਾਹ ਦੀ ਸੇਵਾ ਕੀਤੀ ਹੈ। ਹਰ ਕੌਰ ਨੂੰ ਮਸਤਾਨੀ ਬਿਰਤੀ ਦਾ ਦਾਨ ਦਿਤਾ ਸੀ। ਸੱਚੇ ਪਾਤਸ਼ਾਹ ਸੰਗਤਾਂ ਨੂੰ ਦਰਸ਼ਨ ਦੇ ਕੇ ਫਿਰ ਘਵਿੰਡ ਆ ਗਏ ਹਨ ਜੀ। ਸੱਚੇ ਪਿਤਾ ਸੰਗਤਾਂ ਨੂੰ ਦਰਸ਼ਨ ਦੇ ਕੇ ਅੱਠੇ ਪਹਿਰ ਨਿਹਾਲ ਕਰੀ ਰਖਦੇ ਹਨ।।
ਬੈਠਕ ਪੌਣ ਦੀ ਸਲਾਹ ਤੇ ਪਾਤਸ਼ਾਹ ਦਾ ਘੋੜਾ ਚੋਰੀ ਹੋਣਾ
ਗੁਜਰ ਸਿੰਘ ਤੇ ਚੇਤ ਸਿੰਘ ਨੇ ਇਕ ਦਿਨ ਸਲਾਹ ਕੀਤੀ ਕਿ ਹਵੇਲੀ ਵਿਚ ਇਕ ਬੈਠਕ ਪਾਈਏ ਪੱਕੀ। ਜਿਸ ਵਿਚ ਸੱਚੇ ਪਾਤਸ਼ਾਹ ਤੇ ਸੰਗਤ ਬੈਠਿਆ ਕਰੇ। ਸਾਰੀ ਸੰਗਤ ੫ ਜੇਠ ਮੇਲੇ ਤੇ ਆਈ ਸੀ। ਸਾਰਿਆਂ ਸਲਾਹ ਕਰ ਕੇ ਪਾਤਸ਼ਾਹ ਅੱਗੇ ਬੇਨੰਤੀ ਕੀਤੀ ਕਿ ਪਾਤਸ਼ਾਹ ਦਇਆ ਕਰਕੇ ਬਲ ਬਖ਼ਸ਼ੋ ਤੇ ਆਪ ਦੇ ਲਈ ਤੇ ਤੁਹਾਡੀ ਸੰਗਤ ਲਈ ਹਵੇਲੀ ਵਿਚ ਬੈਠਕ ਬਣਾਈਏ। ਸੱਚੇ ਪਾਤਸ਼ਾਹ ਆਖਣ ਲੱਗੇ ਕਿ ਸਾਨੂੰ ਤਾਂ ਕੋਈ ਲੋੜ ਨਹੀਂ ਬੈਠਕਾਂ ਦੀ। ਪੁਰਾਣੇ ਸਿਖ ਵੀ ਆਖਣ ਲੱਗੇ, ਸੱਚੇ ਪਾਤਸ਼ਾਹ ਤੁਹਾਡਾ ਤਾਂ ਬਚਨ ਹੈ ਕਿ ਕੋਠੇ ਨਾ ਪਾਓ, ਦਿੱਲੀ ਜਾਣਾ ਹੈ ਤੇ ਬੈਠਕਾਂ ਕੀ ਕਰਨੀਆਂ ਹਨ। ਪਾਤਸ਼ਾਹ ਆਖਣ ਲੱਗੇ ਬਾਬਾ ਅਸੀਂ ਕਦੋਂ ਆਂਦੇ ਆ ਬੈਠਕਾਂ ਪਾਓ, ਇਹ ਨਵੇਂ ਸਿਖ ਨੇ, ਇਹਨਾਂ ਨੂੰ ਅਜੇ ਪਤਾ ਨਹੀਂ। ਸਾਰੇ ਸਿਖਾਂ ਆਖਿਆ, ਚਲੋ ਭਰਾਵੋ ਜੇ ਤੁਹਾਡਾ ਦਿਲ ਕਰਦਾ ਪਾਤਸ਼ਾਹ ਲਈ ਬੈਠਕ ਪੌਣ ਨੂੰ, ਤੇ ਅਸੀਂ ਵੀ ਜਿੰਨੀ ਸੇਵਾ ਪੁਜੂ ਕਰਾਂਗੇ।।
ਇਕ ਘੋੜਾ ਜਿਹੜਾ ਗੁਰਮੁਖ ਸਿੰਘ ਪਾਤਸ਼ਾਹ ਨੂੰ ਸੇਵਾ ਕੀਤੀ ਸੀ ਇੰਦਰ ਸਿੰਘ ਸਿਖ ਘੋੜਾ ਨਵੌਣ ਨਹਿਰ ਤੇ ਗਿਆ ਹੈ। ਘੋੜਾ ਨੁਵਾ ਕੇ ਉਸਨੇ ਨਹਿਰ ਦੀ ਪਟੜੀ ਤੇ ਬੰਨ ਦਿਤਾ ਤੇ ਆਪ ਨਹਿਰ ਵਿਚ ਨੌਣ ਲਗ ਪਿਆ। ਸੱਚੇ ਪਾਤਸ਼ਾਹ ਦੇ ਸਰੀਕੇ ਵਿਚੋਂ ਇਕ ਦਲ ਸਿੰਘ ਨਾਮ ਦਾ ਕਾਰੀਗਰ ਸਿੰਘ ਸੀ। ਓਹ ਘੋੜਾ ਖੋਲ੍ਹ ਕੇ ਉਤੇ ਚੜ੍ਹ ਕੇ ਭਜਾ ਕੇ ਲੈ ਗਿਆ। ਇੰਦਰ ਸਿੰਘ ਪਿੰਡ ਆਣ ਕੇ ਆਖਿਆ, ਸੱਚੇ ਪਾਤਸ਼ਾਹ ਦਲ ਸਿੰਘ ਆਪਣਾ ਘੋੜਾ ਭਜਾ ਕੇ ਲੈ ਗਿਆ ਹੈ। ਪਾਤਸ਼ਾਹ ਸੁਣ ਕੇ ਓਸੇ ਵੇਲੇ ਮਗਰ ਘੋੜੀਆਂ ਲੈ ਕੇ ਭੱਜੇ, ਪਰ ਉਹ ਲੱਭਾ ਨਹੀਂ, ਕਿਤੇ ਦੂਰ ਜਾ ਲੁਕਿਆ। ਸਾਰੇ ਆਖਣ ਕਿ ਦਲ ਸਿੰਘ ਮਾੜਾ ਕੀਤਾ, ਤੁਹਾਡਾ ਘੋੜਾ ਲੈ ਗਿਆ ਹੈ। ਪਾਤਸ਼ਾਹ ਆਖਣ ਲਗੇ ਘੋੜਾ ਤਾਂ ਸਾਡਾ ਆਪੇ ਆ ਜਾਣਾ ਹੈ। ਜੇ ਦਲ ਸਿੰਘ ਇਹ ਕੰਮ ਨਾ ਕਰਦਾ ਤੇ ਉਸ ਦਾ ਬੂਟਾ ਕਿਸ ਤਰ੍ਹਾਂ ਪੁਟਿਆ ਜਾਂਦਾ। ਏਹ ਬਚਨ ਪਾਤਸ਼ਾਹ ਉਸ ਵਕਤ ਕੀਤਾ ਹੈ। ਦਲ ਸਿੰਘ ੧੦੦ ਮੀਲ ਤੇ ਛਾਹੀਵਾਲ ਦੇ ਜ਼ਿਲੇ ਵਿਚ ਲੁਕਾ ਆਇਆ
ਸੀ। ਛੀ ਕੁ ਮਹੀਨੇ ਦੇ ਬਾਅਦ ਆਣ ਕੇ ਇਕ ਆਦਮੀ ਦੱਸਿਆ ਕਿ ਪਾਤਸ਼ਾਹ ਮੈਂ ਤੁਹਾਡਾ ਘੋੜਾ ਫੜੌਨਾ ਹਾਂ ਓਥੋਂ। ਫਿਰ ਖੁਛਾਲ ਸਿੰਘ ਭੰਗਾਲੀ ਵਾਲਾ, ਚੇਤ ਸਿੰਘ ਕਲਸੀਆਂ ਵਾਲਾ, ਰੰਗਾ ਸਿੰਘ ਪਾਤਸ਼ਾਹ ਦਾ ਚਾਚਾ, ਗੁਜਰ ਸਿੰਘ ਦਬੁਰਜੀ ਵਾਲਾ, ਚਾਰੇ ਜਣੇ ਗਏ ਤੇ ਜਾ ਕੇ ਘੋੜਾ ਫੜ ਲਿਆ। ਖੱਤਰੀ ਦੇ ਘਰ ਘੋੜਾ ਬੱਧਾ ਸੀ। ਉਸਨੂੰ ਆਖਣ ਲੱਗੇ ਕਿ ਸਾਡਾ ਘੋੜਾ ਦੇ ਦੇ ਨਹੀਂ ਤੇ ਅਸੀਂ ਤੈਨੂੰ ਚੋਰ ਬਣਾਵਾਂਗੇ। ਤੇਰੇ ਘਰ ਸਾਡਾ ਘੋੜਾ ਬੱਧਾ ਹੈ। ਓਨ ਆਖਿਆ ਜੀ ਮੈਨੂੰ ਤਾਂ ਇਕ ਜ਼ਿਮੀਦਾਰ ਕਰਜ਼ੇ ਵਿਚ ਦੇ ਗਿਆ ਹੈ, ਜੇ ਤੁਹਾਡਾ ਹੈ ਤੇ ਤੁਸੀਂ ਲੈ ਜਾਉ। ਫੇਰ ਘੋੜਾ ਖੋਲ੍ਹ ਕੇ ਲੈ ਆਏ ਹਨ ਤੇ ਖੱਤਰੀ ਨੂੰ ਛੱਡ ਆਏ ਹਨ। ਪਿੰਡ ਆਉਣ ਤੇ ਪਾਤਸ਼ਾਹ ਆਖਿਆ, ਉਸਨੂੰ ਪੁਛੀਏ। ਲੋਕੀਂ ਆਖਣ ਲੱਗੇ ਪਾਤਸ਼ਾਹ ਤੁਸੀਂ ਦਿਆਲੂ ਜੇ, ਦਇਆ ਕਰੋ, ਦਇਆ ਦੇ ਸਮੁੰਦਰ ਜੇ। ਉਸ ਪਾਪੀ ਨੂੰ ਜੇ ਸਮਝ ਹੁੰਦੀ ਤੇ ਤੁਹਾਡੇ ਘੋੜੇ ਨੂੰ ਹੱਥ ਨਾ ਲੌਂਦਾ। ਸੱਚੇ ਪਾਤਸ਼ਾਹ ਨੇ ਠਾਣੇ ਤਾਂ ਨਾ ਖੜਿਆ, ਪਰ ਸਰਾਫ ਹੋਣ ਕਰਕੇ ਆਪ ਦਾ ਬੂਟਾ ਪੁਟਾ ਲਿਆ। ੨੫ ਜਾਂ ੩੦ ਸਾਲ ਦਾ ਉਸ ਦਾ ਇਕ ਪੁਤ ਸੀ। ਓਹ ਧੀਆਂ ਪੁਤਾਂ ਵਾਲਾ ਹੋ ਕੇ ਗੁਜਰ ਗਿਆਂ ਤੇ ਨੂੰਹ ਉਸ ਦੀ ਹੋਰ ਕਿਤੇ ਜਾ ਬੈਠੀ। ਓਹੋ ਦਲ ਸਿੰਘ ਹੁਣ ਖੋਲ੍ਹਿਆ ਵਿਚ ਧੱਕੇ ਖਾਂਦਾ ਫਿਰਦਾ ਹੈ। ਕਲਜੁਗ ਦੇ ਜੀਵ ਸੇਵਾ ਕਰਨ ਦੀ ਬਜਾਏ ਵੈਰ ਕਰਕੇ ਤੇ ਸਰਾਫ ਲੈ ਲੈਂਦੇ ਹਨ। ਅਵਤਾਰਾਂ ਕੋਲੋਂ ਕੋਈ ਵਿਰਲਾ ਲਾਭ ਉਠੌਂਦਾ ਹੈ। ਜਿਹੜਾ ਬਚਨ ਹੈ, ’’ਅੰਮ੍ਰਿਤ ਗੁਰੂਆ ਤੇਰਾ, ਕੋਈ ਵਿਰਲਾ ਗੁਰਮੁਖ ਪੀਵੇ’’, ਜਿਸਨੂੰ ਮੇਰਾ ਸੱਚੇ ਪਿਤਾ ਦਇਆ ਕਰਦਾ ਹੈ ਉਸ ਨੂੰ ਆਪ ਦੇ ਚਰਨਾਂ ਦਾ ਪ੍ਰੇਮ ਬਖ਼ਸ਼ਦਾ ਹੈ। ’’ਜਿਸ ਜਣਾਵੇ ਸੋ ਜਨ ਜਾਣੇ।’’
ਸੱਚੇ ਪਾਤਸ਼ਾਹ ਗੁਜਰ ਸਿੰਘ ਦੇ ਪਿੰਡ ਬਾਲੇ ਚੱਕ ਜਾਣਾ
ਇਕ ਦਿਨ ਬਾਲੇ ਚੱਕ ਵਾਲੇ ਗੁਜਰ ਸਿੰਘ ਆ ਕੇ ਬੇਨੰਤੀ ਕੀਤੀ, ਕਿ ਸੱਚੇ ਪਾਤਸ਼ਾਹ ਸਾਡੇ ਪਿੰਡ ਚਲ ਕੇ ਦਰਸ਼ਨ ਦਿਓ ਤੇ ਸਾਡੀ ਗਰੀਬ ਦੀ ਕੁੱਲੀ ਚਰਨ ਪਾ ਕੇ ਪਵਿੱਤਰ ਕਰੋ। ਸੱਚੇ ਪਾਤਸ਼ਾਹ ਸਿਖ ਦੀ ਬੇਨੰਤੀ ਪਰਵਾਨ ਕਰ ਲਈ ਤੇ ਗੱਡੀ ਚੜ੍ਹ ਗਏ ਹਨ। ਓਸ ਸਮੇਂ ਐਸਾ ਖੇਲ ਹੋਇਆ, ਕਿ ਸਟੇਸ਼ਨਾਂ ਨੂੰ ਅੱਗਾਂ ਲੱਗਣ ਲੱਗ ਪਈਆਂ ਤੇ ਹੜਤਾਲਾਂ ਹੋ ਗਈਆਂ। ਆਪਸ ਵਿਚ ਦੁਨੀਆਂ ਵੱਢਣ ਟੁੱਕਣ ਲਗ ਪਈ। ਰਾਤ ਸੱਚੇ ਪਾਤਸ਼ਾਹ ਰੇਲ ਤੇ ਨਾ ਚੜ੍ਹੇ ਕਸੂਰ ਸ਼ਹਿਰ ਇਕ ਗੁਰਦਵਾਰੇ ਸਿਖਾਂ ਸਮੇਤ ਰਾਤ ਕੱਟੀ। ਗੁਰਦਵਾਰੇ ਜੇਹੜਾ ਰਾਤ ਕੱਟਦਾ ਸੀ, ਗ੍ਰੰਥੀ ਉਸ ਦਾ ਨਾਮ ਲਿਖ ਲੈਂਦੇ ਸਨ ਜੀ। ਪਾਤਸ਼ਾਹ ਤੇ ਸਿਖਾਂ ਦਾ ਵੀ ਨਾਮ ਲਿਖ ਲਿਆ। ਓਸ ਵਕਤ ਪਾਤਸ਼ਾਹ ਦੇ ਨਾਲ ਸਿਖ, ਚੇਤ ਸਿੰਘ ਕਲਸਿਆਂ ਦਾ, ਬਾਲੇ ਚੱਕ ਵਾਲਾ ਬੁਧ ਸਿੰਘ, ਗੁਜਰ ਸਿੰਘ, ਇੰਦਰ ਸਿੰਘ ਚੁਬਾਲ ਵਾਲਾ ਸੀ। ਸਟੇਸ਼ਨ ਸੜੇ ਹੋਏ ਕਰ ਕੇ ਸਾਰੇ ਪਛਾਂਹ ਮੁੜ ਪਏ ਹਨ। ਇਕ ਜ਼ਿਮੀਦਾਰ ਹੰਦਾਲ ਦਾ, ਡੈਰੀਆਂ ਦੇਂਦਾ ਸੀ। ਓਸ ਨੇ ਪਾਤਸ਼ਾਹ ਦਾ ਨਾਂ ਵੀ ਲਿਖ ਕੇ ਘੱਲ ਦਿਤਾ ਕਿ ਗੁਰਦਵਾਰੇ ਰਹੇ ਹਨ, ਨਾਲ ਹੀ ਸਿਖ ਹਨ ਜੀ। ਜਿਨ੍ਹਾਂ ਦੇ ਨਾਂ ਲਿਖ ਕੇ ਘੱਲੇ ਸਨ, ਓਨ੍ਹਾਂ ਨੂੰ ਪੁਲਸ ਫੜ ਕੇ ਲੈ ਗਏ ਬੈਂਤ ਵਜਣੇ ਸ਼ੁਰੂ ਹੋ ਗਏ। ਐਸਾ ਪਾਪੀ ਪਾਪ ਕਮਾਇਆ, ਪਾਤਸ਼ਾਹ ਤੇ ਸਿਖਾਂ ਨੂੰ ਵੀ ਪੁਲਸ ਫੜ ਕੇ ਕਸੂਰ ਲੈ ਗਈ। ਮਹਾਰਾਜ ਹੋਰੀਂ ਸਿਖਾਂ ਸਮੇਤ ਅਦਾਲਤ ਵਿਚ ਲੰਘ ਗਏ ਹਨ। ਅਦਾਲਤ ਵਾਲੇ ਨੇ ਪੁਛਿਆ ਕਿ ਮਹਾਰਾਜ ਤੁਸੀਂ ਓਸ ਦਿਨ ਏਥੇ ਸੋ ਜਦੋਂ ਸਟੇਸ਼ਨ ਸੜਿਆ ਹੈ। ਪਾਤਸ਼ਾਹ ਆਖਿਆ ਜੀ ਅਸੀਂ ਸ਼ਹਿਰ ਵਿਚ ਆਏ ਸੀ ਸਟੇਸ਼ਨ ਨੂੰ ਅੱਗ ਲੱਗੀ ਹੋਈ ਸੀ। ਅਸੀਂ ਗੁਰਦਵਾਰੇ ਰਾਤ ਕੱਟ ਕੇ ਤੇ ਸਵੇਰੇ ਨਾਂ ਲਿਖਾਂ ਕੇ ਪਿੰਡ ਨੂੰ ਚਲੇ ਗਏ ਹਾਂ ਜੀ। ਜਿਸ ਨੇ ਨਾਂ ਲਿਖਾਇਆ ਉਸ ਨੂੰ ਅਸੀਂ ਤਾਂ ਜਾਣਦੇ ਨਹੀਂ। ਅਦਾਲਤ ਵਾਲਿਆਂ ਜਿਸ ਨੇ ਡੈਰੀ ਦਿਤੀ ਸੀ ਉਸ ਨੂੰ ਪੁਛਿਆ ਕਿ ਜਦੋਂ ਘਵਿੰਡ ਵਾਲੇ ਪਾਤਸ਼ਾਹ ਔਣਗੇ ਤੇ ਤੂੰ ਪਛਾਣ ਲਏਂਗਾ ? ਉਹ ਆਖਣ ਲੱਗਾ ਕਿ ਜੀ ਮੈਂ ਜਦੋਂ ਔਣਗੇ ਤੁਹਾਨੂੰ ਦੱਸ ਦਿਆਂਗਾ। ਫੇਰ ਅਦਾਲਤ ਵਾਲੇ ਆਖਿਆ ਉਠ ਕੇ ਵੇਖ ਤਾਂ ਐਨਾਂ ਬੰਦਿਆਂ ਵਿਚ ਮਹਾਰਾਜ ਹੋਰੀਂ ਹੈਗੇ ਨੇ ਕਿ ਨਹੀਂ। ਓਹ ਆਖਣ ਲੱਗਾ ਏਥੇ ਮਹਾਰਾਜ ਹੋਰੀਂ
ਨਹੀਂ ਹਨ। ਪਾਤਸ਼ਾਹ ਕੋਲ ਬੈਠੇ ਸੀ। ਦੋ ਚਾਰ ਬੰਦੇ ਹੋਰ ਅਦਾਲਤ ਵਾਲਿਆਂ ਸੱਦੇ। ਓਹ ਆਖਣ ਲੱਗੇ ਜੀ ਏਹ ਘਵਿੰਡ ਵਾਲੇ ਮਹਾਰਾਜ ਹਨ। ਓਨ੍ਹਾਂ ਮਹਾਰਾਜ ਦਾ ਨਾਂ ਲੈ ਦਿਤਾ। ਪਾਤਸ਼ਾਹ ਜਿਸ ਵਕਤ ਨਾਂ ਦੇਣ ਵਾਲੇ ਤੋਂ ਪਛਾਣੇ ਨਹੀਂ ਗਏ, ਅਦਾਲਤ ਵਾਲੇ ਆਖਿਆ, ਏਹ ਝੂਠ ਮਾਰਦਾ ਹੈ ਤੇ ਗੁਰਦਵਾਰੇ ਵਿਚੋਂ ਲਿਖੇ ਨਾਂ ਵੇਖ ਕੇ ਲੋਕਾਂ ਨੂੰ ਫੜਾਈ ਜਾਂਦਾ ਹੈ। ਜੋ ਉਸ ਨੇ ਆਦਮੀ ਫੜਾਏ ਸਨ, ਓਹ ਸਾਰੇ ਬਰੀ ਕਰ ਦਿਤੇ ਤੇ ਉਸ ਨੂੰ ੧੦ ਸਾਲ ਦੀ ਕੈਦ ਤੇ ੧੦੦ ਬੈਂਤ ਦਾ ਹੁਕਮ ਦਿਤਾ ਗਿਆ ਹੈ। ਸੱਚੇ ਪਾਤਸ਼ਾਹ ਦੇ ਅਦਾਲਤ ਜਾਣ ਨਾਲ ਕਈਆਂ ਸ਼ਰੀਰਾਂ ਦੇ ਬੰਧਨ ਕੱਟੇ ਗਏ ਹਨ ਜੀ।।
ਫੇਰ ਘੋੜਿਆਂ ਤੇ ਚੜ੍ਹ ਕੇ ਸੱਚੇ ਪਾਤਸ਼ਾਹ ਬਾਲੇ ਚੱਕ ਨੂੰ ਗਏ ਹਨ ਜੀ। ਅੱਠ ਦਿਨ ਬਾਲੇ ਚੱਕ ਸੰਗਤਾਂ ਵਿਚ ਰਹੇ ਹਨ। ਹੋਰ ਸੰਗਤ ਵੀ ਨਾਲ ਬਹੁਤ ਦਰਸ਼ਨ ਕਰ ਕੇ ਜਨਮ ਸਫਲਾ ਕਰ ਰਹੀ ਹੈ। ਰਾਤ ਫੇਰ ਸੱਚੇ ਪਾਤਸ਼ਾਹ ਗੱਡਾ ਜੋਅ ਕੇ ਨਾਲ ਸੰਗਤਾਂ ਲੈ ਕੇ ਘਵਿੰਡ ਨੂੰ ਆ ਰਹੇ ਹਨ ਜੀ। ਨੈਹਰੇ ਨੈਹਰ ਗੱਡਾ ਔਂਦਾ ਹੈ, ਤੇ ਪਾਤਸ਼ਾਹ ਹੱਸ ਕੇ ਬਚਨ ਬਲਾਸ ਕਰਦੇ ਹਨ, ਆਸਾ ਸਿੰਘ ਮੰਗ ਜੋ ਜੀ ਕਰਦਾ ਈ, ਅਸੀਂ ਤੈਨੂੰ ਦੇਈਏ। ਆਸਾ ਸਿੰਘ ਆਖਿਆ, ਸੱਚੇ ਪਾਤਸ਼ਾਹ ਮੈਨੂੰ ਤਾਂ ਮੰਗਣ ਦੀ ਜਾਚ ਨਹੀਂ। ਬੁਧ ਸਿੰਘ ਨਾਲ ਸਲਾਹ ਕਰਕੇ ਮੈਂ ਤੁਹਾਥੋਂ ਮੰਗੂ, ਜੋ ਮੇਰਾ ਜੀ ਕੀਤਾ। ਸੱਚੇ ਪਾਤਸ਼ਾਹ ਸਿਖ ਦੇ ਨਾਲ ਹਾਸੇ ਪਏ ਹਨ ਕਿ ਆਸਾ ਸਿੰਘ ਤੀਸਰਾ ਬਚਨ ਹੈ, ਮੰਗ ਜੋ ਮੰਗਣਾਂ ਹੈ। ਸਿਖ ਭੋਲਾ ਭਾਲਾ ਹੈਗਾ ਹੈ ਤੇ ਉਸ ਆਖਿਆ ਜੀ ਸਲਾਹ ਕਰਕੇ ਮੈਂ ਤੁਹਾਥੋਂ ਮੰਗੂ। ਇਕ ਦਿਨ ਸੱਚੇ ਪਾਤਸ਼ਾਹ ਗੱਡੇ ਦੇ ਉਤੇ ਬੈਠ ਖੇਤੋਂ ਆਏ ਹਨ। ਨੈਹਰੋ ਨੈਹਰ ਗੱਡਾ ਆ ਰਿਹਾ ਹੈ। ਤੇ ਸੱਚੇ ਪਾਤਸ਼ਾਹ ਖ਼ੁਸ਼ ਹੋ ਕੇ ਹੱਸ ਕੇ ਆਕੜ ਲੈ ਕੇ ਲੱਤਾਂ ਸਿਧੀਆਂ ਕਰ ਕੇ ਬਚਨ ਕੀਤਾ, ਕਿ ਬੁਧ ਸਿੰਘ ਜੇ ਤੂੰ ਆਖੇ ਤੇ ਐਸ ਪਾਸਿਓ ਨੈਹਰ ਦੇ ਦੂਸਰੇ ਪਾਸੇ ਲੱਤ ਲੰਘਾ ਕੇ ਵਖਾ ਦੇਈਏ। ਬੁਧ ਸਿੰਘ ਹੱਥ ਜੋੜ ਕੇ ਬੇਨੰਤੀ ਕੀਤੀ ਸੱਚੇ ਪਿਤਾ ਦਿਆਲੂ ਕਿਰਪਾਲੂ ਤੁਹਾਡੇ ਅੱਗੇ ਕਿਹੜੀ ਵੱਡੀ ਗਲ ਆ। ਤੁਸੀਂ ਜੋ ਚਾਹੋ ਕਰ ਸਕਦੇ ਜੇ। ਤੁਸੀਂ ਓਹ ਸੱਚੇ ਪਿਤਾ ਜੇ ਜਿਨ੍ਹਾਂ ਕ੍ਰਿਸ਼ਨ ਦੇ ਜਾਮੇਂ ਵਿਚ ਗਵਰਧਨ ਪਹਾੜ ਚੀਚੀ ਤੇ ਚੁੱਕ ਛੱਡਿਆ ਸੀ। ਦੀਨ ਦਿਆਲ ਤੁਹਾਡੀ ਮਹਿੰਮਾ ਵੇਦ ਪੁਰਾਣ ਨਹੀਂ ਕਰ ਸਕਦੇ। ਤੁਸੀਂ ਬੇਅੰਤ ਜੋ। ਸੱਚੇ ਪਾਤਸ਼ਾਹ ਹੱਸ ਕੇ ਆਖਣ ਲਗੇ, ਬੁੱਧ ਸਿੰਘ ਅੱਜੇ ਵੇਲਾ ਨਹੀਂ ਆਇਆ, ਦੁਨੀਆਂ ਤੋਂ ਅਸਾਂ ਓਹਲਾ ਰਖਣਾ ਹੈ। ਜਦੋਂ ਮੌਕਾ ਹੋਇਆ ਤੁਹਾਨੂੰ ਬੜਾ ਕੁਛ ਵਖਾਇਆ ਕਰਾਂਗੇ। ਸੱਚੇ ਪਾਤਸ਼ਾਹ ਕਦੀ ਕਦੀ ਏਹੋ ਜਿਹੋ ਬਚਨ ਸਿੱਖਾਂ ਨਾਲ ਕਰਦੇ ਸੀ, ਨਹੀਂ ਤੇ ਥੋੜੇ ਕੀਤਿਆਂ ਕਿਸੇ ਨੂੰ ਆਪ ਨਹੀਂ ਸੀ ਜਣੌਂਦੇ।।
ਪਾਲ ਸਿੰਘ ਨੂੰ ਕ੍ਰਿਸ਼ਨ ਭਗਵਾਨ ਦੇ ਦਰਸ਼ਨ
ਤੇ ਚਰਨੀ ਲਗਣਾ
ਪਾਲ ਸਿੰਘ ਜੇਠੂਵਾਲ ਵਾਲਾ ਬਾਰ ਵਿਚ ਰਹਿੰਦਾ ਸੀ। ਮਾਣਾ ਸਿੰਘ ਭੁਚਰ ਵਾਲੇ ਨੂੰ ਵੀ ੨੭ ਚੱਕ ਬਾਰ ਵਿਚ ਮੁਰੱਬੇ ਮਿਲੇ ਹੋਏ ਸਨ। ਤੇਜਾ ਸਿੰਘ ਦਾ ਬਾਪ ਮਾਣਾ ਸਿੰਘ ਸੀ। ਪਾਲ ਸਿੰਘ ਤੇਜਾ ਸਿੰਘ ਨੂੰ ਪੁਛਦਾ ਹੈ ਕਿ ਅਵਤਾਰ ਦੇ ਕੀ ਲੱਛਨ ਹਨ। ਤੁਸੀਂ ਕਿਸ ਤਰ੍ਹਾਂ ਮਹਾਰਾਜ ਲੱਭਾ ਹੈ। ਤੇਜਾ ਸਿੰਘ ਬਚਨ ਦੱਸਣੇ ਕਿ ਸੰਤਾਂ ਨੇ ਮਹਾਰਾਜ ਹੋਰਾਂ ਨੂੰ ਲੱਭਾ ਹੈ ਤੇ ਸਾਨੂੰ ਵੀ ਬਾਹੋਂ ਫੜ ਕੇ ਨਿਹਕਲੰਕ ਅਵਤਾਰ ਦੇ ਚਰਨੀ ਲਾਇਆ ਹੈ ਜੀ। ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਪ੍ਰੇਮ ਔਂਦਾ ਹੈ ਤੇ ਗੱਲਾਂ ਦਾ ਯਕੀਨ ਨਹੀਂ ਸੀ ਔਂਦਾ। ਫਿਰ ਮਾਣਾ ਸਿੰਘ ਵੀ ਭੁਚਰੋਂ ਓਥੇ ੨੭ ਚੱਕ ਗਿਆ। ਪਾਲ ਸਿੰਘ ਆਂਦਾ ਹੈ ਚਾਚਾ ਜੀ ਤੇਜਾ ਸਿੰਘ ਆਂਦਾ ਹੈ, ਕਿ ਪਾਤਸ਼ਾਹ ਅਵਤਾਰ ਧਾਰਿਆ ਹੈ, ਸੱਚ ਹੈ ਕਿ ਝੂਠ ਹੈ। ਮਾਣਾ ਸਿੰਘ ਬੜੇ ਪ੍ਰੇਮ ਨਾਲ ਸੱਚੇ ਪਾਤਸ਼ਾਹ ਦੀ ਉਸਤਤ ਕਰਕੇ ਪਾਲ ਸਿੰਘ ਨੂੰ ਬਚਨ ਸੁਣਾ ਰਿਹਾ ਹੈ ਤੇ ਆਪਣੀ ਜਬਾਨ ਪਵਿੱਤਰ ਕਰ ਰਿਹਾ ਹੈ। ਪਾਲ ਸਿੰਘ ਬਚਨ ਸੁਣ ਕੇ ਨਿਹਾਲ ਹੋ ਰਿਹਾ
ਹੈ। ਪਾਲ ਸਿੰਘ ਆਂਦਾ ਹੈ, ਚਾਚਾ, ਮੇਰੇ ਵੀ ਧੰਨ ਭਾਗ ਹੋਣਗੇ ਜਦੋਂ ਦਰਸ਼ਨ ਹੋਣਗੇ, ਤੇਜਾ ਸਿੰਘ ਦਾ ਮੈਨੂੰ ਯਕੀਨ ਨਹੀਂ ਸੀ ਔਂਦਾ। ਮਾਣਾ ਸਿੰਘ ਆਖਣ ਲੱਗਾ, ਪਾਲ ਸਿੰਘ ਤੈਨੂੰ ਸਿਰਫ ਯਕੀਨ ਕਰਨ ਦੀ ਲੋੜ ਹੈ, ਤੈਨੂੰ ਆਪੇ ਚਰਨੀ ਲਾ ਲਵੇਗਾ। ਏਥੇ ਬੈਠੇ ਨੂੰ ਦਰਸ਼ਨ ਦੇ ਦੇਣਗੇ। ਪਾਤਸ਼ਾਹ ਕਿਤੇ ਦੂਰ ਨਹੀਂ ਹਨ। ਧਿਆਨ ਰੱਖਣ ਦੀ ਲੋੜ ਹੈ। ਫਿਰ ਰਾਤ ਦਾ ਸਮਾਂ ਹੈ, ਪਾਲ ਸਿੰਘ ਮੁਰੱਬੇ ਵਿਚ ਪਾਣੀ ਲਾ ਰਿਹਾ ਹੈ। ਦੀਨ ਦਿਆਲ ਸੱਚੇ ਪਾਤਸ਼ਾਹ ਕ੍ਰਿਸ਼ਨ ਦੇ ਜਾਮੇ ਵਿਚ ਦਰਸ਼ਨ ਦਿਤਾ ਹੈ। ਸਵੇਰੇ ਪਾਲ ਸਿੰਘ ਬਚਨ ਕਰਦਾ ਹੈ। ਚਾਚਾ ਮਾਣਾ ਸਿੰਘ, ਅੱਜ ਮੈਨੂੰ ਸੱਚੇ ਪਾਤਸ਼ਾਹ ਕ੍ਰਿਸ਼ਨ ਦੇ ਜਾਮੇ ਵਿਚ ਦਰਸ਼ਨ ਦਿਤਾ ਹੈ ਜੀ। ਬੜੇ ਪ੍ਰੇਮ ਨਾਲ ਬਚਨ ਬਲਾਸ ਕਰ ਰਹੇ ਹਨ ਜੀ। ਦਿਲ ਨੂੰ ਬੜਾ ਪ੍ਰੇਮ ਜਾਗਿਆ। ਆਖਣ ਲਗਾ, ਤੇਜਾ ਸਿੰਘ ਜਦੋਂ ਤੁਸੀਂ ਘਵਿੰਡ ਨੂੰ ਜਾਓਗੇ ਮੈਂ ਵੀ ਜਰੂਰ ਜਾਵਾਂਗਾ। ਪਾਲ ਸਿੰਘ ਆਖਿਆ, ਸਾਨੂੰ ਜਨਜਾਤੀ ਵਿਆਹ ਹੈ, ਤੇ ਓਸ ਦਿਨ ਤੂੰ ਵੀ ਤੇਜਾ ਸਿੰਘ ਚਲੇਂ ਤੇ ਘਵਿੰਡ ਚਲੇ ਚਲੀਏ। ਜਿਸ ਵਕਤ ਜਨਜਾਤੀਆਂ ਤੋਂ ਵਿਆਹ ਵੇਖ ਕੇ ਘਵਿੰਡ ਗਏ ਹਨ, ਪਾਲ ਸਿੰਘ ਪੁੱਛਣ ਲਗਾ ਕਿ ਤੇਜਾ ਸਿੰਘ ਮੈਂ ਕਿਸ ਬਿਧ ਨਾਲ ਸ਼ਰਨ ਪਵਾਂ। ਉਸ ਆਖਿਆ ਕਿ ੫ ਕੂਜੇ ਮਿਸ਼ਰੀ ਦੇ ਤੇ ਜੋ ਪੂਜਾ ਤੈਥੋਂ ਬਣਦੀ ਹੈ ਓਹ ਨਾਲ ਰੱਖ ਕੇ ਗਲ ਵਿਚ ਪੱਲਾ ਪਾ ਕੇ ਨਿਮਸਕਾਰ ਕਰੀਂ ਕਿ ਸੱਚੇ ਪਿਤਾ ਮੇਰੇ ਤੇ ਮਿਹਰ ਕਰੋ। ਤੇਜਾ ਸਿੰਘ ਤੇ ਪਾਲ ਸਿੰਘ ਘਵਿੰਡ ਆ ਗਏ ਹਨ। ਸੱਚੇ ਪਾਤਸ਼ਾਹ ਪਲੰਘ ਤੇ ਬੈਠੇ ਹਨ। ਤੇ ਪਰਸ਼ਾਦ ਏਨ੍ਹਾਂ ਥਾਲਾਂ ਵਿਚ ਪਾ ਕੇ ਹੱਥ ਜੋੜ ਕੇ ਨਿਮਸਕਾਰ ਕੀਤੀ। ਸੱਚੇ ਪਾਤਸ਼ਾਹ ਆਖਣ ਲਗੇ ਤੇਜਾ ਸਿੰਘ ਸਾਡੀ ਧਾਰਨ ਤੈਨੂੰ ਪਤਾ ਹੈ। ਤੇਜਾ ਸਿਘ ਆਖਿਆ ਜੀ ਪਤਾ ਹੈ। ਤੇ ਆਖਣ ਲੱਗੇ ਪਾਲ ਸਿੰਘ ਨੂੰ ਦੱਸ ਦਿਤਾ ਈ। ਤੇਜਾ ਸਿੰਘ ਆਖਿਆ ਜੀ ਮੈਂ ਦੱਸ ਦਿਤਾ ਹੈ ਕਿ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਮਾਸ ਸ਼ਰਾਬ ਤੇ ਝੂਠ ਅਪਰਾਧ ਤੋਂ ਮਨਾ ਕਰਦੇ ਹਨ ਜੀ। ਪਾਲ ਸਿੰਘ ਹੱਥ ਜੋੜ ਕੇ ਖਲੋਤਾ ਸੀ। ਆਖਣ ਲੱਗਾ ਸੱਚੇ ਪਾਤਸ਼ਾਹ ਆਪ ਹੀ ਮੇਰੇ ਸਿਰ ਤੇ ਹੱਥ ਰਖੋਗੇ ਤੇ ਮੈਨੂੰ ਬਚਾਓਗੇ। ਦੀਨ ਦਿਆਲ ਹੁਣ ਦਇਆ ਕਰਕੇ ਮੈਨੂੰ ਆਪਣੀ ਸ਼ਰਨ ਲਾ ਲਉ ਜੀ। ਜਿਸ ਵਕਤ ਬੇਨੰਤੀ ਕੀਤੀ ਗਈ ਤੇ ਸੱਚੇ ਪਾਤਸ਼ਾਹ ਪਾਲ ਸਿੰਘ ਨੂੰ ਪਰਸ਼ਾਦ ਦਿਤਾ ਤੇ ਫਿਰ ਸਾਰੀ ਸੰਗਤ ਨੂੰ ਵਰਤਾਇਆ ਗਿਆ। ਪਾਲ ਸਿੰਘ ਕੜਾਹ ਪਰਸ਼ਾਦ ਵਾਸਤੇ ਵੀ ਪੈਸੇ ਦੇ ਦਿਤੇ ਤੇ ਸ਼ਰਨ ਲਾਏ ਦੀ ਖ਼ੁਸ਼ੀ ਮਨਾਈ। ਦਰਸ਼ਨ ਕਰ ਕੇ ਆਪਣਾ ਜਨਮ ਸੁਫਲਾ ਕੀਤਾ। ਫਿਰ ਪ੍ਰੇਮ ਨਾਲ ਛੇਤੀ ਛੇਤੀ ਔਂਣ ਲਗ ਪਿਆ।।