ਪਾਤਸ਼ਾਹ ਦਾ ੨੭ ਚੱਕ ਜਾਣਾ
ਇਕ ਦਿਲ ਪਾਲ ਸਿੰਘ ਬੇਨੰਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਬਾਰ ਵਿਚ ਮੈਨੂੰ ਦਰਸ਼ਨ ਦਿਉ। ਗਰੀਬ ਦੀ ਕੁੱਲੀ ਨੂੰ ਚਲ ਕੇ ਭਾਗ ਲਾਉ। ਇਕ ਬੁਧ ਸਿੰਘ ਨਾਗੇ ਕਿਆਂ ਦਾ ੨੭ ਚੱਕ ਰੈਂਹਦਾ ਸੀ, ਓਹ ਵੀ ਸ਼ਰਨ ਲੱਗਾ। ਇਕ ਨੱਥਾ ਸਿੰਘ ਰਾਮਗੜ੍ਹੀਆ ਸਿੰਘ ਸੀ, ਓਹ ਵੀ ਸ਼ਰਨ ਲੱਗਾ। ਮਜ਼੍ਹਬੀ ਹੇਮ ਸਿੰਘ ਸੀ, ਓਹ ਵੀ ਬਚਨ ਸੁਣ ਕੇ ਸ਼ਰਨ ਲਗਾ। ਪਾਲ ਸਿੰਘ ਦੇ ਭਰਾ ਸਨ ਆਤਮਾ ਸਿੰਘ, ਜੀਉਣ ਸਿੰਘ, ਸੁੰਦਰ ਸਿੰਘ, ਸਾਰਾ ਪਰਵਾਰ ਸੱਚੇ ਪਾਤਸ਼ਾਹ ਦੀ ਸ਼ਰਨ ਲੱਗਾ ਹੈ। ਬੜੀ ਕਿਰਪਾ ਹੋਈ ਹੈ। ਪਾਲ ਸਿੰਘ ਦੀ ਬੇਨੰਤੀ ਪਰਵਾਨ ਕਰ ਕੇ ਸੱਚੇ ਪਿਤਾ ਬਾਰ ਨੂੰ ੨੭ ਚੱਕ ਗਏ ਹਨ। ਏਥੋਂ ਪਾਤਸ਼ਾਹ ਦੇ ਨਾਲ ਚੇਤ ਸਿੰਘ ਕਲਸੀਆਂ ਵਾਲਾ ਤੇ ਤੇਜਾ ਸਿੰਘ ਸੇਵਾ ਵਿਚ ਸੱਚੇ ਪਿਤਾ ਦੇ ਨਾਲ ਹੀ ਗੱਡੀ ਚੜ ਕੇ ਚਲੇ ਗਏ ਹਨ। ਅੱਗੇ ਸਾਰੇ ਸਿਖ ਅਗਲ ਵਾਡੀ ਲੈਲਪੁਰ ਪਾਤਸ਼ਾਹ ਨੂੰ ਲੈਣ ਆਏ ਹਨ। ਜਿਸ ਵਕਤ ਸੱਚੇ ਪਾਤਸ਼ਾਹ ਲੈਲਪੁਰ ਜਾ ਕੇ ਗੱਡੀ ਤੋਂ ਉਤਰੇ ਹਨ, ਸਿਖਾਂ ਬੜੀ ਖ਼ੁਸ਼ੀ ਮਨਾਈ। ਦਰਸ਼ਨ ਕਰ ਕੇ ਨਿਮਸਕਾਰਾਂ ਕੀਤੀਆਂ ਤੇ ਪਰਕਰਮਾਂ ਕੀਤੀਆਂ ਹਨ। ਫਿਰ ਸਾਰਿਆਂ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਦਇਆ ਕਰੋ ਤੇ ਆਪ ਦਾ ਫੋਟੋ ਲੁਵਾਈਏ। ਪਾਤਸ਼ਾਹ ਬੇਨੰਤੀ ਪਰਵਾਨ ਕਰ ਲਈ ਤੇ ਦੁਕਾਨ ਨੂੰ ਤੁਰ ਪਏ ਹਨ। ਸੱਚੇ ਪਾਤਸ਼ਾਹ ਕੁਰਸੀ ਤੇ ਬੈਠ ਗਏ ਹਨ। ਆਤਮਾ ਸਿੰਘ, ਪਾਲ ਸਿੰਘ, ਬੁਧ ਸਿੰਘ, ਹੇਮ
ਸਿੰਘ, ਨੱਥਾ ਸਿੰਘ, ਚੇਤ ਸਿੰਘ, ਤੇਜਾ ਸਿੰਘ ਸਾਰੇ ਸਿਖ ਖਲੋਤੇ ਹਨ। ਫੁਲਾਂ ਦੇ ਹਾਰ ਪਾਤਸ਼ਾਹ ਦੇ ਗਲ ਵਿਚ ਪਾਏ ਹਨ। ਫੋਟੋ ਲੁਹਾ ਕੇ ਫਿਰ ਟਾਂਗੇ ਤੇ ਬੈਠ ਕੇ ਸੱਚੇ ਪਾਤਸ਼ਾਹ ਤੇ ਸਿਖ ੨੭ ਚੱਕ ਚਲੇ ਗਏ ਹਨ। ੮ ਦਿਨ ਓਥੇ ਦਇਆ ਕੀਤੀ ਹੈ। ਬੁਧ ਨੇ ਬੜਾ ਸੋਹਣਾ ਬੱਗੇ ਰੰਗ ਦਾ ਬੌਲਦ ਸੱਚੇ ਪਿਤਾ ਨੂੰ ਸੇਵਾ ਦਿਤਾ ਹੈ। ੧੦੦ ਰੁਪੈਯਾ ਪਾਲ ਸਿੰਘ ਨਿਮਸਕਾਰ ਕੀਤੀ। ਪੁਜ ਆਈ ਸੇਵਾ ਦੂਸਰਿਆਂ ਸਿਖਾਂ ਨੇ ਵੀ ਕੀਤੀ ਹੈ। ਪਾਤਸ਼ਾਹ ਨੂੰ ਪੁਸ਼ਾਕਾਂ, ਰੇਜ਼ੇ ਕਪੜੇ ਤੇ ਪੀਪਾ ਘਿਉ ਦਾ ਦਿਤੇ ਹਨ। ਬੜੀਆਂ ਸਾਰੀ ਸੰਗਤ ਨੂੰ ਅੱਠ ਦਿਨ ਖ਼ੁਸ਼ੀਆਂ ਰਹੀਆਂ ਹਨ। ਫਿਰ ਸੱਚੇ ਪਾਤਸ਼ਾਹ ਤਿਆਰ ਹੋ ਪਏ ਹਨ ਜੀ। ਦੂਸਰੇ ਪਿੰਡ ਤੱਕ ਸਿਖ ਤੇ ਬੀਬੀਆਂ ਮਾਈਆਂ ਤੋਰਨ ਆਈਆਂ ਹਨ। ਮਾਈਆਂ ਖ਼ੁਸ਼ੀਆਂ ਲੈ ਕੇ ਮੁੜ ਪਈਆਂ ਹਨ, ਤੇ ਸਿਖ ਲੈਲਪੁਰ ਆ ਕੇ ਗੱਡੀ ਚੜ੍ਹ ਗਏ ਹਨ। ਇਕ ਗੱਡੀ ਵਿਚ ਬੌਲਦ ਵੀ ਪਾਤਸ਼ਾਹ ਚੜ੍ਹਾ ਲਿਆਏ ਹਨ ਤੇ ਘਵਿੰਡ ਆ ਗਏ ਹਨ ਜੀ। ਐਡੀ ਦਇਆ ਸੰਗਤ ਤੇ ਕਰ ਆਏ ਹਨ ਸਾਰੀ ਸੰਗਤ ਅੱਠੇ ਪਹਿਰ ਸੱਚੇ ਪਿਤਾ ਦਾ ਜਸ ਕਰ ਰਹੀ ਹੈ ਜੀ।।
ਭੁਚਰ ਵਾਲੇ ਬਲਵੰਤ ਸਿੰਘ ਦੀ ਸਾਖੀ
ਬਲਵੰਤ ਸਿੰਘ ਭੁੱਚਰ ਪਿੰਡ ਦਾ ਸਿਖ ਸੀ। ਉਸ ਪਾਸੋਂ ਐਡਾ ਪਾਪ ਹੋ ਗਿਆ ਕਿ ਆਪਣੇ ਸਕੇ ਭਰਾ ਨੂੰ ਗੁੱਸੇ ਵਿਚ ਆਣ ਕੇ ਮਾਰ ਦਿਤਾ ਤੇ ਬਲਵੰਤ ਸਿੰਘ ਫੜਿਆ ਗਿਆ। ਓਸ ਦੇ ਘਰੋਂ ਆ ਕੇ ਉਸ ਦੀ ਜਨਾਨੀ ਨੇ ਬੇਨੰਤੀ ਕੀਤੀ। ਪਾਤਸ਼ਾਹ ਆਖਣ ਲੱਗੇ, ਉਸ ਨੇ ਬੜਾ ਅਪਰਾਧ ਕੀਤਾ, ਬਖ਼ਸ਼ਣ ਵਾਲਾ ਨਹੀਂ ਗਾ। ਓਸ ਨੇ ਬੜੀ ਅਧੀਨਗੀ ਨਾਲ ਬੇਨੰਤੀ ਕੀਤੀ, ਕਿ ਸੱਚੇ ਪਾਤਸ਼ਾਹ ਤੁਹਾਡਾ ਸਿਖ ਆ, ਦਇਆ ਕਰੋ। ਲਾਗੇ ਜੇਹੜੇ ਹੋਰ ਸਿਖ ਸਨ ਉਨ੍ਹਾਂ ਵੀ ਬੇਨੰਤੀ ਕੀਤੀ। ਦੀਨ ਦਿਆਲ ਦਇਆ ਕਰੋ। ਪਾਤਸ਼ਾਹ ਆਖਿਆ, ਹੱਛਾ ਅਸੀਂ ਓਥੇ ਆਵਾਂਗੇ ਭੁੱਚਰ। ਪਾਤਸ਼ਾਹ ਤੇ ਤੇਜਾ ਸਿੰਘ ਅੰਮ੍ਰਿਤਸਰ ਗਏ ਹਨ। ਇਕ ਸੁਰਜਣ ਸਿੰਘ ਭੁੱਚਰ ਦਾ ਸਿੰਘ ਸੀ। ਓਹ ਵੀ ਬਲਵੰਤ ਸਿੰਘ ਦੀਆਂ ਤਰੀਕਾਂ ਤੇ ਜਾਂਦਾ ਸੀ। ਸੁਰਜਣ ਸਿੰਘ ਵੀ ਪਾਤਸ਼ਾਹ ਅੱਗੇ ਬੇਨੰਤੀ ਕਰਦਾ ਹੈ ਕਿ ਪਾਤਸ਼ਾਹ ਤੁਹਾਡਾ ਸਿਖ ਹੈ ਤੇ ਤੁਹਾਨੂੰ ਲਾਜਾਂ ਨੇ। ਲਛਮਣ ਸਿੰਘ ਦੀ ਦੁਕਾਨ ਤੇ ਅੰਮ੍ਰਿਤਸਰ ਪਾਤਸ਼ਾਹ ਬਿਰਾਜਮਾਨ ਹੁੰਦੇ ਸਨ ਜੀ। ਸਭ ਤਰੀਕਾਂ ਭੁਗਤ ਕੇ ਤੇ ਸ਼ੈਸ਼ਨ ਦੀ ਤਰੀਕ ਰਹਿ ਗਈ ਸੀ। ਪਾਤਸ਼ਾਹ ਬੇਨੰਤੀ ਪਰਵਾਨ ਕਰ ਕੇ ਆਖਣ ਲੱਗੇ, ਅੱਜ ਸਾਰੀ ਰਾਤ ਸ਼ਬਦ ਪੜ੍ਹੋ ਤੇ ਫੇਰ ਸਵੇਰੇ ਸਵੇਰਸਾਰ ਸਾਡੇ ਅੱਗੇ ਬੇਨੰਤੀ ਕਰਿਓ ਜੇ। ਸੱਚੇ ਪਾਤਸ਼ਾਹ ਬੇਨੰਤੀ ਪਰਵਾਨ ਕਰ ਕੇ, ਸਵੇਰੇ ਤਰੀਕ ਸੀ, ਤਰੀਕ ਤੇ ਗਏ ਹਨ। ਬਲਵੰਤ ਸਿੰਘ ਨੂੰ ਜੇਲ ਦੇ ਵਿਚੋਂ ਹੱਥਕੜੀ ਮਾਰ ਕੇ ਅਦਾਲਤ ਵਿਚ ਭੁਗਤੌਣ ਵਾਸਤੇ ਲੈ ਆਂਦਾ ਹੈ। ਇਕ ਬਲਵੰਤ ਸਿੰਘ ਦਾ ਪੁਤ ਤੇ ੧ ਹੋਰ ਕਸੰਗੀ ਸੀ। ਤਿੰਨ ਜਣੇ ਮਾਰਨ ਵਾਲੇ ਫੜੇ ਹਨ। ਤੇਜਾ ਸਿੰਘ ਸੁਰਜਣ ਸਿੰਘ ਤੇ ਸੱਚੇ ਪਾਤਸ਼ਾਹ ਤਿੰਨ ਜਣੇ ਜਿਥੇ ਬਲਵੰਤ ਨੂੰ ਸਿਪਾਹੀ ਲੈ ਕੇ ਬੈਠੇ ਸੀ ਓਥੇ ਚਲੇ ਗਏ ਹਨ। ਲੀੜਾ ਵਛਾ ਕੇ ਬਲਵੰਤ ਸਿੰਘ ਦੇ ਲਾਗੇ ਸੱਚੇ ਪਾਤਸ਼ਾਹ ਨੂੰ ਬਿਠਾ ਦਿਤਾ ਹੈ। ਤੇਜਾ ਸਿੰਘ ਬਲਵੰਤ ਸਿੰਘ ਨੂੰ ਆਖਿਆ ਕਿ ਬਲਵੰਤ ਸਿੰਘ ਐਸ ਵਕਤ ਤੇਰਾ ਕੋਈ ਭੈਣ ਭਰਾ ਸਾਕ ਅੰਗ ਸੱਚੇ ਪਾਤਸ਼ਾਹ ਤੋਂ ਬਿਨਾ ਹੈ। ਓਸ ਬਲਵੰਤ ਸਿੰਘ ਉਠ ਕੇ ਗਲ ਵਿਚ ਪਲਾ ਪਾ ਕੇ ਬੇਨੰਤੀ ਕੀਤੀ ਐਸ ਵਕਤ ਮੈਂ ਮਿਟੀ ਹਾਂ, ਤੇ ਸੱਚੇ ਪਿਤਾ ਦੀਨ ਦਿਆਲ ਤ੍ਰਿਲੋਕੀ ਨਾਥ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਤੋਂ ਬਿਨਾਂ ਮੇਰਾ ਕੋਈ ਨਹੀਂ ਹੈ। ਪਾਤਸ਼ਾਹ ਆਖਣ ਲੱਗੇ, ਬਲਵੰਤ ਸਿੰਘ ਤੂੰ ਪਾਪ ਬੜਾ ਕੀਤਾ, ਭਰਾ ਨੂੰ ਮਾਰਨਾ ਨਹੀਂ ਸੀ। ਬਲਵੰਤ ਸਿੰਘ ਬੇਨੰਤੀ ਕਰ ਕੇ ਆਖਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਭੁੱਲ ਬਖ਼ਸ਼ੋ। ਪਾਤਸ਼ਾਹ ਆਖਿਆ ਚੰਗਾ, ਹੁਣ ਹੌਸਲਾ ਨਾ ਢਾਹ, ਤੈਨੂੰ ਲੈ ਚਲਾਂਗੇ। ਓਧਰੋਂ ਕਚੈਹਰੀ ਵਿਚ ਵਾਜ ਵਜ ਪਈ। ਮਹਾਰਾਜ ਹੋਰੀ ਵੀ ਨਾਲ ਅੰਦਰ ਲੰਘ ਗਏ ਹਨ। ਓਥੇ ਫੇਰ ਗਵਾਹਾਂ ਨੇ ਬਹੁਤ ਗਵਾਹੀਆਂ ਦਿਤੀਆਂ। ਸਬੂਤ ਹੋ ਗਿਆ ਕਿ ਬਲਵੰਤ ਸਿੰਘ ਹੱਕੀ ਕਾਤਲ ਹੈ। ਕਿਸੇ ਬਹਾਨੇ ਛੁੱਟ ਨਹੀਂ ਸਕਦਾ। ਜੋ ਹੋਰ ਵੀ ਸੁਣਨ ਵਾਲੇ ਸਨ ਆਖਣ

ਤੇਜਾ ਸਿੰਘ ਭੁੱਚਰ, ਚੇਤ ਸਿੰਘ ਕਲਸੀਆਂ, ਨੱਥਾ ਸਿੰਘ ਚੱਕ ਨੰ : ੨੭, ਮਹਾਰਾਜ ਸ਼ੇਰ ਸਿੰਘ ਜੀ, ਪਾਲ ਸਿੰਘ ਚੱਕ ਨੰ : ੨੭, ਬੁੱਧ ਸਿੰਘ ਚੱਕ ਨੰ : ੨੭, ਆਤਮਾ ਸਿੰਘ ਚੱਕ ਨੰ : ੨੭,
ਲੱਗੇ ਕਿ ਬਲਵੰਤ ਸਿੰਘ ਹੁਣ ਛੁਟਦਾ ਨਹੀਂ, ਫਾਹੇ ਲਗ ਜਾਵੇਗਾ। ਜਿਸ ਵਕਤ ਕਚੈਹਰੀ ਵਿਚੋਂ ਬਾਹਰ ਨਿਕਲੇ, ਦੁਸ਼ਮਨਾਂ ਬੜੀ ਖ਼ੁਸ਼ੀ ਮਨਾਈ ਕਿ ਬਲਵੰਤ ਸਿੰਘ ਹੁਣ ਫਾਹੇ ਲੱਗ ਜਾਵੇਗਾ। ਬਹੁਤ ਚੰਗੇ ਬਿਆਨ ਹੋ ਗਏ ਹਨ। ਪਾਤਸ਼ਾਹ ਨੇ ਇਕ ਬੰਦਾ ਭੁੱਚਰ ਵਿਚ ਘੱਲਿਆ ਤੇ ਆਖਿਆ ਜਾਹ ਜਾ ਕੇ ਢੋਲ ਮਾਰ ਦੇ ਕਿ ਬਲਵੰਤ ਸਿੰਘ ਬਰੀ ਹੋ ਗਿਆ ਹੈ। ਅਸੀਂ ਭਲਕੇ ਨਾਲ ਲੈ ਕੇ ਆਵਾਂਗੇ। ਸੁਣਨ ਵਾਲੇ ਬੜੇ ਹੈਰਾਨ ਹਨ। ਬਿਆਨ ਬਹੁਤ ਸਖ਼ਤ ਹੋਏ ਹਨ। ਕਿਸੇ ਬਹਾਨੇ ਵੀ ਬਲਵੰਤ ਸਿੰਘ ਨਹੀਂ ਛੁਟ ਸਕਦਾ ਤੇ ਮਹਾਰਾਜ ਹੋਰੀ ਆਂਦੇ ਹਨ ਅਸੀਂ ਕਲ ਨਾਲ ਲੈ ਕੇ ਜਾਵਾਂਗੇ। ਅਗਲੇ ਦਿਨ ਹਾਕਮ ਨੇ ਹੁਕਮ ਦੀ ਤਰੀਕ ਰਖ ਦਿਤੀ। ਅਗਲੇ ਦਿਨ ਜਿਸ ਵਕਤ ਕਚੈਹਰੀ ਵਿਚ ਬਲਵੰਤ ਸਿੰਘ ਗਿਆ ਤੇ ਅਫਸਰ ਆਖਣ ਲੱਗਾ, ਬਲਵੰਤ ਸਿੰਘ ਤੂੰ ਹੱਕੀ ਕਾਤਲ ਹੈ ਤੇ ਤੈਨੂੰ ਪਰਮੇਸ਼ਵਰ ਬਦੋ ਬਦੀ ਛੁਡਾ ਰਿਹਾ ਹੈ, ਤੂੰ ਬਰੀ ਹੋ ਗਿਆ ਹੈ। ਜਿਸ ਵਕਤ ਬਰੀ ਹੋ ਕੇ ਬਾਹਰ ਆਇਆ ਹੈ, ਸਾਰੀ ਦੁਨੀਆਂ ਹੈਰਾਨ ਪਰੇਸ਼ਾਨ ਹੋ ਰਹੀ ਹੈ। ਆਂਦੇ ਹਨ ਕਿ ਮਹਾਰਾਜ ਹੋਰੀਂ ਬੜੇ ਸਮਰੱਥ ਹਨ। ਸਾਰੀ ਦੁਨੀਆਂ ਹੁਮ ਹੁਮਾ ਕੇ ਵੇਖਣ ਆਈ ਹੈ, ਕਿ ਆਹ ਮਹਾਰਾਜ ਹਨ ਜਿਨ੍ਹਾਂ ਬਲਵੰਤ ਸਿੰਘ ਨੂੰ ਛੁੜਾਇਆ ਹੈ। ਬਲਵੰਤ ਸਿੰਘ ਪਾਤਸ਼ਾਹ ਦੇ ਚਰਨਾਂ ਤੇ ਪਿਆ ਹੈ। ‘‘ਤੇਰੇ ਕਵਣ ਕਵਣ ਗੁਣ ਗਾਵਾਂ ਜੀਭਾ ਮੇਰੀ ਇਕ ਮਾਲਕਾ’’। ਆਪ ਹੀ ਜਾਣੀ ਜਾਣ ਹਨ ਜੀ।।
ਬਾਲੇ ਚੱਕ ਵਾਲੇ ਬੁਧ ਸਿੰਘ ਦੀ ਸਾਖੀ
ਇਕ ਦਿਨ ਦਾ ਬਚਨ ਹੈ ਕਿ ਬੁਧ ਸਿੰਘ ਬਾਲੇ ਚੱਕ ਵਾਲਾ ਬੇਨੰਤੀ ਕਰ ਕੇ ਪਾਤਸ਼ਾਹਾਂ ਨੂੰ ਬਾਲੇ ਚੱਕ ਲੈ ਗਿਆ ਨਾਲ ਮਾਤਾ ਹੋਰੀਂ ਸਾਹਿਬਜਾਦੇ ਤੇ ਹੋਰ ਸਿਖ ਵੀ ਹਨ। ਅੱਠ ਦਿਨ ਸੱਚੇ ਪਾਤਸ਼ਾਹ ਓਥੇ ਰਹੇ ਹਨ। ਵਿਸਾਖੀ ਦੇ ਦਿਹਾੜੇ ਤੇ ਗਏ ਹਨ। ਬੁਧ ਸਿੰਘ ਨੇ ਸਪਰਸ ਦਾਨ ਸੱਚੇ ਪਿਤਾ ਨੂੰ ਕੀਤਾ। ਜੋ ਚੀਜਾਂ ਸਨ ਘਰ ਵਿਚ ਮੱਝੀ, ਗਾਈਂ, ਬਲਦ, ਗੱਡਾ, ਰਜਾਈ, ਤਲਾਈ, ਚੌਕੇ ਦੇ ਭਾਂਡੇ, ਮੰਜੀ ਪੀੜੀ, ਗੱਲ ਕੀ ਜੋ ਚੀਜ ਘਰ ਸੀ, ਸਭ ਸੱਚੇ ਪਾਤਸ਼ਾਹ ਨੂੰ ਨਿਮਸਕਾਰ ਕਰ ਦਿਤੀ। ਜਲ ਪੀਣ ਵਾਸਤੇ ਵੀ ਇਕ ਬਰਤਨ ਘਰ ਨਹੀਂ ਰਖਿਆ। ਬੇਨੰਤੀ ਕਰ ਕੇ ਹੱਥ ਜੋੜ ਕੇ ਆਖਣ ਲਗਾ, ਸੱਚੇ ਪਾਤਸ਼ਾਹ ਅੱਜ ਮੇਰੇ ਧੰਨ ਭਾਗ ਹੋਏ ਹਨ। ਤਿੰਨ ਵੇਰਾਂ ਬੁੱਧ ਸਿੰਘ ਨੇ ਏਸੇ ਤਰ੍ਹਾਂ ਸਪਰਸ ਦਾਨ ਕੀਤਾ ਹੈ ਜੀ।।
ਇਕ ਵੇਰਾਂ ਸਾਰਿੰਗੜਾ ਪਿੰਡ ਜ਼ਿਮੀਦਾਰਾਂ ਦੇ ਘਰ ਇਕ ਸੁੰਦਰ ਘੋੜਾ ਸੀ। ਸਸਤੇ ਭਾ ਵਿਚ ੫੦੦ ਰੁਪੈਆ ਮੁਲ ਮੰਗਦੇ ਹਨ। ਪਾਤਸ਼ਾਹ ਵਾਲਾ ਘੋੜਾ ਕੁਛ ਬਿਰਧ ਹੋ ਗਿਆ ਸੀ। ਬੁਧ ਸਿੰਘ ਦਾ ਦਿਲ ਕੀਤਾ ਕਿ ਮੈਂ ਪਾਤਸ਼ਾਹ ਨੂੰ ਸਾਰਿੰਗੜੇ ਵਾਲਾ ਘੋੜਾ ਲਿਆ ਦਿਆਂ। ਪਾਤਸ਼ਾਹ ਨੂੰ ਆਖਣ ਲਗਾ, ਸੱਚੇ ਪਾਤਸ਼ਾਹ, ਸਾਰਿੰਗੜੇ ਵਾਲਾ ਘੋੜਾ ਆਪਾਂ ਲੈ ਆਈਏ। ਪਾਤਸ਼ਾਹ ਆਖਿਆ, ਬੁਧ ਸਿੰਘ ੫੦੦ ਰੁਪੈਆ ਮੁਲ ਮੰਗਦੇ ਹਨ। ਬੁਧ ਸਿੰਘ ਆਖਣ ਲੱਗਾ, ਪਾਤਸ਼ਾਹ, ੫੦੦ ਦੇ ਦਿਆਂਗੇ। ਮਹਾਰਾਜ, ਚੇਤ ਸਿੰਘ ਤੇ ਬੁਧ ਸਿੰਘ ਸਾਰਿਗੰੜੇ ਨੂੰ ਘੋੜਾ ਲੈਣ ਚਲੇ ਹਨ ਜੀ। ਘੋੜੇ ਵਾਲੇ ਪੰਜ ਸੌ ਰੁਪੈਆ ਮੰਗਿਆ ਤੇ ਬੁਧ ਸਿੰਘ ਆਖਿਆ ੫੦੦ ਲੈ ਲਓ। ਫਿਰ ਆਖਣ ਲੱਗੇ ਅਸਾਂ ਹਜਾਰ ਲੈਣਾ ਹੈ। ਬੁਧ ਸਿੰਘ ਆਖਿਆ ਹਜਾਰ ਲੈ ਲਈਂ, ਹਜਾਰ ਲੈ ਲਓ। ਫਿਰ ਆਖਣ ਲੱਗੇ ਯਾਰਾ ਸੌ ਲੈਣਾ ਹੈ। ਬੁਧ ਸਿੰਘ ਆਖਿਆ ਚੰਗਾ, ਯਾਰਾਂ ਸੌ ਲੈ ਲਓ ਜੀ। ਫਿਰ ਆਖਣ ਲੱਗੇ ਅਸਾਂ ਤਾਂ ਘੋੜਾ ਵੇਚਣਾ ਨਹੀਂ ਹੈ। ਪਾਤਸ਼ਾਹ ਆਖਣ ਲੱਗੇ ਬੁਧ ਸਿੰਘ ਹੁਣ ਘੋੜਾ ਨਹੀਂ ਲੈਣਾ, ਆਓ ਹੁਣ ਚਲੀਏ। ਬੁਧ ਸਿੰਘ ਨੇ ਫਿਰ ੧੧ ਸੌ ਰੁਪੈਆ ਪਾਤਸ਼ਾਹ ਨੂੰ ਨਿਮਸਕਾਰ ਕਰ ਦਿਤੀ। ਆਖਣ ਲੱਗਾ ਤੁਹਾਡੇ ਘੋੜੇ ਦੇ ਨਾਂ ਦਾ ਪੈਸਾ ਹੈ, ਮੈਂ ਨਹੀਂ ਰੱਖਣਾ। ਉਸ ਤੋਂ ਕੁਝ ਦਿਨ ਬਾਅਦ ਸਾਰਿੰਗੜੇ ਵਾਲਿਆਂ ਚੋਰੀ ਕੀਤੀ ਤੇ ਸਾਰੇ ਹਵਾਲਾਤ ਵਿਚ ਹੋ ਗਏ। ਪਾਤਸ਼ਾਹ ਨੂੰ ਸਨਾਹ ਘਲਦੇ ਹਨ ਕਿ ੫੦੦ ਰੁਪੈਆਂ ਨੂੰ ਘੋੜਾ ਲੈ ਜਾਓ। ਪਾਤਸ਼ਾਹ
ਮਨਾਂ ਕਰ ਦਿਤਾ ਕਿ ਅਸੀਂ ਤਾਂ ਹੁਣ ਘੋੜਾ ਐਵੇਂ ਦੇਵੇਂ ਤਾਂ ਵੀ ਨਹੀ ਲੈਣਾ। ਜੇ ਤੁਸੀਂ ਓਸ ਵਕਤ ਪੰਦਰਾਂ ਸੌ ਮੰਗਦੇ ਤੇ ਅਸਾਂ ਓਹ ਵੀ ਦੇ ਔਣਾ ਸੀ।।
ਬੁਧ ਸਿੰਘ ਬਾਲੇ ਚੱਕ ਵਾਲੇ ਵਿਚ ਬੜੇ ਗੁਣ ਸੀ। ਇਕ ਤਾਂ ਤਿੰਨ ਵੇਰਾਂ ਉਸ ਸਪਰਸ ਦਾਨ ਕੀਤਾ ਹੈ ਤੇ ਦੂਸਰਾ ਸੱਚੇ ਪਿਤਾ ਉਸ ਨੂੰ ਬਲ ਬੜਾ ਬਖ਼ਸ਼ਿਆ ਸੀ। ੧੮ ਮਣ ਪੱਕੇ ਦਾ ਰੇਲ ਦਾ ਗਾਡਰ ਮੋਡੇ ਤੇ ਚੁਕ ਕੇ ਤੁਰ ਪੈਂਦਾ ਸੀ। ਤੀਸਰਾ ਉਸ ਵਿਚ ਸ਼ਾਂਤੀ ਬੜੀ ਸੀ। ਏਨਾਂ ਬਲ ਰਖਦਾ ਸੀ ਕਿ ਇਕ ਵਾਰ ਘਵਿੰਡ ਦੇ ਵਸਨੀਕ ਪਾਤਸ਼ਾਹ ਨਾਲ ਝਗੜ ਪਏ, ਤੇ ਸਾਰੇ ਸਿਖ ਕੋਲ ਸਨ। ਦਿਨ ਡੁੱਬੇ ਦਾ ਟੈਂਮ ਸੀ। ੨੦ ਸੇਰ ਪੱਕੇ ਦਾ ਖਿੰਗਰ ਵਗਾਤਾ ਮਾਰਿਆਂ ਚਬਾਰੇ ਵਿਚ, ਤੇ ਇਕ ਬੀਬੀ ਨੂੰ ਵੱਜਾ ਓਹ ਬੇਹੋਸ਼ ਹੋ ਗਈ। ਇਕ ਨੂੰ ਸੋਟਾ ਮਾਰਿਆ ਤੇ ਦੂਸਰੀ ਵਾਰ ਓਹ ਅੱਗੋਂ ਉਠਿਆ ਨਹੀਂ। ਐਸਾ ਵਗਾਤਾ ਸੋਟਾ ਫੇਰ ਮਾਰਿਆ ਦੂਸਰੇ ਘਰ ਜਾ ਕੇ ਅਗਲੇ ਨੂੰ ਬੇਹੋਸ਼ ਕਰ ਦਿਤਾ। ਐਸੀ ਰਾਤ ਲੜਾਈ ਹੋਈ ਸਾਰਾ ਪਿੰਡ ਮਹਾਰਾਜ ਹੋਰਾਂ ਨੂੰ ਮਾਰਨ ਪੈ ਗਿਆ। ਗੜਿਆਂ ਵਾਗੂੰ ਇੱਟਾਂ ਢੀਮਾਂ ਵਰਦੀਆਂ ਹਨ। ਸੱਚੇ ਪਾਤਸ਼ਾਹ ਓਸ ਵਕਤ ਹੱਥੀਂ ਘਵਿੰਡ ਵਿਚ ਲੜੇ ਹਨ, ਨਾਲ ਸਿਖ ਹਨ। ਓਸ ਵਕਤ ਸਿਖ ਸ਼ੇਰਾਂ ਵਾਂਗ ਪਏ ਗਜਦੇ ਹਨ। ਸਾਰੇ ਪਿੰਡ ਨੂੰ ਭਾਜ ਪਾ ਦਿਤੀ ਹੈ। ਐਸਾ ਭਿਆਨਕ ਸਮਾਂ ਵਰਤਿਆਂ ਹੈ ਜੀ। ਇਕ ਨੂੰ ਪਾਤਸ਼ਾਹ ਟਕੂਆ ਮਾਰਿਆ ਤੇ ਉਸਦਾ ਸਿਰ ਫਟ ਗਿਆ ਹੈ ਜੀ। ਜਿਸ ਵਕਤ ਮਰ ਗਿਆ ਮਰ ਗਿਆ ਹੋ ਉਠੀ, ਸਭ ਭੱਜ ਗਏ ਹਨ ਜੀ। ਐਸੇ ਦਿਆਲੂ ਸੀ ਕਿਸੇ ਨਾਲ ਗੁਸਾ ਨਹੀਂ ਸੀ ਕਰਦੇ, ਸੱਟਾਂ ਖਾ ਕੇ ਸਵੇਰੇ ਫੇਰ ਪਾਤਸ਼ਾਹ ਦੇ ਕੋਲ ਬੈਠੇ ਹਨ ਜੀ। ਤਿੰਨ ਵੇਰਾਂ ਏਸੇ ਤਰ੍ਹਾਂ ਪਿੰਡ ਲੜਾਈ ਕਰਨ ਪਿਆ ਹੈ। ਸੱਚੇ ਪਾਤਸ਼ਾਹ ਏਸੇ ਤਰ੍ਹਾਂ ਸਿਖਾਂ ਨੂੰ ਨਾਲ ਲੈ ਕੇ ਲੜਦੇ ਰਹੇ ਹਨ ਜੀ। ਜਿਸ ਤਰ੍ਹਾਂ ਮਨੀ ਸਿੰਘ ਤੋਂ ਸੱਚੇ ਪਾਤਸ਼ਾਹ ਲਿਖਤ ਪਵਾਈ ਸੀ ਕਿ ਘਵਿੰਡ ਪਿੰਡ ਸਾਨੂੰ ਇੱਟਾਂ ਢੀਮਾਂ ਮਾਰਨਗੇ, ਓਹੋ ਕਾਰਨ ਭੁਗਤ ਗਿਆ ਹੈ। ਦੀਨ ਦਿਆਲ ਆਪ ਹੀ ਸਭ ਕੁਛ ਕਰ ਰਹੇ ਹਨ।।
ਪਾਤਸ਼ਾਹ ਦੇ ਘੋੜੇ ਤੇ ਕੁੱਤੇ ਬਾਰੇ
ਬੁਧ ਸਿੰਘ ਪਾਤਸ਼ਾਹ ਦੇ ਘੋੜੇ ਦੀ ਬੜੀ ਸੇਵਾ ਕਰਦਾ ਹੁੰਦਾ ਸੀ। ੪੦ ਸਾਲ ਦੀ ਉਮਰ ਦਾ ਪਾਤਸ਼ਾਹ ਦੇ ਹੇਠਾਂ ਘੋੜਾ ਸੀ। ਬੁਧ ਸਿੰਘ ਨੇ ਆਪਣੇ ਘਰ ਖੜ ਕੇ ਘੋੜਾ ਬੜੇ ਪ੍ਰੇਮ ਨਾਲ ਸੇਵਾ ਕੀਤੀ। ਸੱਚੇ ਪਾਤਸ਼ਾਹ ਵਿਸਾਖੀ ਤੇ ਦਵਾਲੀ ਤੇ ਜਾ ਕੇ ਮੰਡੀ ਵਿਚ ਘੋੜਾ ਭਜੌਂਦੇ ਹੁੰਦੇ ਸੀ। ਸੌ ਰੁਪੈਆ ਘੋੜੇ ਦੇ ਗਲ ਨਾਲ ਬੰਨ੍ਹ ਦੇਣਾ। ਜੇਹੜਾ ਘੋੜਾ ਜਿਆਦਾ ਭੱਜੇ, ਓਹੋ ਲੈ ਲਵੇ। ਦੀਨ ਦਿਆਲ ਦੇ ਸਾਮ੍ਹਣੇ ਕੌਣ ਬਰਾਬਰੀ ਕਰ ਸਕਦਾ ਹੈ। ਐਨਾ ਘੋੜਾ ਤੁਰਦਾ ਸੀ ਇਕ ਮਿੰਟ ਵਿਚ ੧ ਮੀਲ ਜਾਂਦਾ ਸੀ ਜੀ। ਸੱਚੇ ਪਾਤਸ਼ਾਹ ਦਾ ਇਕ ਘੋੜਾ ਤੇਲੀਆ ਕਮੈਤ ਰੰਗ ਦਾ ਸੀ। ਭੰਗਾਲੀ ਵਾਲੇ ਗੁਰਮੁਖ ਸਿੰਘ ਸੇਵਾ ਵਿਚ ਦਿਤਾ ਸੀ। ਇਕ ਦਿਨ ਸੱਚੇ ਪਾਤਸ਼ਾਹ ਸ਼ਿਕਾਰ ਚੜ੍ਹੇ ਹਨ। ਤੇ ਬਹੁਤ ਸਾਰੇ ਨਗਰ ਦੇ ਆਦਮੀ ਨਾਲ ਹਨ। ਲਾਗੇ ਲਾਗੇ ਦੇ ਸ਼ਿਕਾਰੀ ਵੀ ਨਾਲ ਬਹੁਤ ਹਨ। ਘਵਿੰਡ ਦਾ ਇਕ ਜ਼ਿਮੀਦਰ ਸੀ। ਉਸ ਪੈਲੀ ਨੂੰ ਪਾਣੀ ਲਾਇਆ ਹੋਇਆ ਸੀ। ੧੨ ਕਰਮ ਦਾ ਕਿਆਰਾ ਪਾਣੀ ਦਾ ਭਰਿਆ ਹੋਇਆ ਸੀ। ਲਾਗੇ ਪੈਲੀ ਵਾਲਾ ਜ਼ਿਮੀਦਾਰ ਖਲੋਤਾ ਹੈ। ਪਿਛੋਂ ਸ਼ਿਕਾਰ ਨਿਕਲਿਆ ਹੈ। ਕੁੱਤੇ ਮਗਰ ਲੱਗੇ ਹਨ। ਮਗਰੇ ਸੱਚੇ ਪਾਤਸ਼ਾਹ ਨੇ ਘੋੜਾ ਲਾ ਦਿਤਾ ਹੈ। ਸ਼ਿਕਾਰ ਤੇ ਕੁੱਤੇ ਕਿਆਰੇ ਭਰੇ ਹੋਏ ਵਿਚ ਦੀ ਲੰਘ ਗਏ ਹਨ ਜੀ। ਮਗਰੋਂ ਪਾਤਸ਼ਾਹ ਘੋੜਾ ਭਜਾਇਆ ਤੇ ੧੨ ਕਰਮ ਘੋੜਾ ਛਾਲ ਮਾਰ ਕੇ ਟੱਪ ਗਿਆ ਹੈ। ਓਹ ਜ਼ਿਮੀਦਾਰ ਵੇਖ ਰਿਹਾ ਹੈ। ਸਾਰਿਆਂ ਸ਼ਿਕਾਰੀਆਂ ਨੂੰ ਜ਼ਿਮੀਦਾਰ ਆਂਦਾ ਹੈ ਕਿ ਪਾਤਸ਼ਾਹ ਦੇ ਘੋੜੇ ਨੇ ਐਡੀ ਛਾਲ ਮਾਰੀ ਹੈ। ਓਹ ਆਂਦੇ ਹਨ, ਭਈ ਘੋੜੇ ਦੀ ਤਾਕਤ ਨਹੀਂ, ਪਾਤਸ਼ਾਹ ਦੀ ਤਾਕਤ ਹੈ। ਇਹ ਤਾਂ ਭਾਵੇਂ ਘੋੜੇ ਤੋਂ ਪਹਾੜ ਟਪਾ ਦੇਣ, ਏਨ੍ਹਾਂ ਅੱਗੇ ਕੋਈ ਵੱਡੀ ਗੱਲ ਨਹੀਂ। ਓਸ ਵਕਤ
ਸੱਚੇ ਪਾਤਸ਼ਾਹ ਸ਼ਿਕਾਰ ਦਾ ਬੜਾ ਸ਼ੌਕ ਰੱਖਦੇ ਸੀ। ਇਹ ਘੋੜਾ ਓਹ ਸੀ ਜੋ ਛੇਵੀਂ ਪਾਤਸ਼ਾਹੀ ਦੇ ਵਕਤ ਸਿਖਾਂ ਨੇ ਕਾਬਲੋਂ ਆਂਦਾ ਸੀ। ਰਾਹ ਵਿਚ ਕਾਜੀਆਂ ਲੁਕਾ ਲਿਆ ਸੀ। ਕਾਜੀ ਲਹੌਰੋਂਂ ਅੰਮ੍ਰਿਤਸਰ ਵੇਚਣ ਗਿਆ ਤੇ ਅੰਮ੍ਰਿਤਸਰ ਸਿਖਾਂ ਨੇ ਸਿਆਣ ਲਿਆ ਸੀ ਤੇ ਫੇਰ ਲਿਆ ਕੇ ਛੇਵੀਂ ਪਾਤਸ਼ਾਹੀ ਨੂੰ ਦਿਤਾ ਸੀ। ਬੋਲ ਫਰੋਸੀ ਹੋਈ ਸੀ। ਕਾਜੀ ਸਿਖਾਂ ਨੂੰ ਆਖਣ ਲੱਗਾ ਮੈਂ ਤੁਹਾਡਾ ਜਵਾਈ ਬਣ ਕੇ ਘੋੜਾ ਲਵਾਂਗਾ ਜੀ। ਬਾਬਾ ਬੁੱਢਾ ਆਖਣ ਲੱਗਾ ਤੂੰ ਤਾਂ ਨਹੀਂ ਜਵਾਈ ਬਣ ਸਕਦਾ, ਏਸ ਘੋੜੇ ਵਾਲਾ ਤੇਰਾ ਜਵਾਈ ਬਣੇਗਾ ਤੇਰੀ ਧੀ ਲਿਆਵੇਗਾ। ਫੇਰ ਬਾਬੇ ਬੁੱਢੇ ਦਾ ਬਚਨ ਸਤਿ ਕਰਨ ਬਦਲੇ ਛੇਵੀਂ ਪਾਤਸ਼ਾਹੀ ਕਾਜੀ ਦੀ ਧੀ ਕੌਲਾਂ ਨੂੰ ਲਿਆਏ ਸੀ। ਹੁਣ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਦੇ ਚਰਨਾਂ ਵਿਚ ਇਸ ਘੋੜੇ ਦੀ ਗਤੀ ਹੋਵੇਗੀ।।
ਪੋਠੋਹਾਰ ਵਿਚੋਂ ਸੱਚੇ ਪਾਤਸ਼ਾਹ ਇਕ ਕੁਤਿਆਂ ਦੀ ਜੋੜੀ ਮੰਗਾਈ ਹੈ। ਸੱਚੇ ਪਾਤਸ਼ਾਹ ਕਾਲੇ ਕੁੱਤੇ ਨੂੰ ਬੜੇ ਸ਼ੌਕ ਤੇ ਪਿਆਰ ਨਾਲ ਪਾਲਿਆ ਹੈ ਜੀ। ਕੁੱਤਾ ਬੜਾ ਭੱਜਦਾ ਸੀ। ਕੁੱਤਾ ਸੂਰਾਂ ਤੇ ਗਿਦੜਾਂ ਦੇ ਸ਼ਿਕਾਰ ਨੂੰ ਮਿੰਟ ਨਹੀਂ ਸੀ ਲੱਗਣ ਦੇਂਦਾ। ਏਹ ਕੁੱਤਾ, ਓਸ ਵਕਤ ਦਾ ਬਚਨ ਕਰਦੇ ਹਾਂ ਕਿ ਜਦੋਂ ਛੇਵੀਂ ਪਾਤਸ਼ਾਹੀ ਨੂੰ ਜਹਿਰ ਦਿਤਾ ਓਹਨਾਂ ਫੜ ਕੇ ਖੀਰ ਕੁੱਤੇ ਅੱਗੇ ਰੱਖ ਦਿਤੀ ਤੇ ਕੁੱਤਾ ਖਾ ਕੇ ਗੁਜਰ ਗਿਆ ਸੀ। ਹੁਣ ਪਾਤਸ਼ਾਹ ਦੇ ਚਰਨਾਂ ਵਿਚ ਆਇਆ ਹੈ। ਸੱਚੇ ਪਾਤਸ਼ਾਹ ਜਾਣੀ ਜਾਣ ਅੰਤਰਜਾਮੀ ਓਸ ਵਕਤ ਦੇ ਕੁੱਤੇ ਦੇ ਗੁਣ ਨੂੰ ਵੇਖ ਕੇ ਏਸ ਨਾਲ ਪਿਆਰ ਕਰਦੇ ਹਨ। ਕਲਜੁਗ ਵਿਚ ਜਾਮਾ ਧਾਰ ਕੇ ਜੁਗਾਂ ਜੁਗਾਂ ਦੇ ਵਿਛੜਿਆਂ ਨੂੰ ਢੂੰਡ ਕੇ ਲੱਭ ਕੇ ਸੱਚੇ ਪਿਤਾ ਨੇ ਚਰਨੀ ਲਾਇਆ ਹੈ ਜੀ। ਹੁਣ ਏਸ ਕੁੱਤੇ ਦੀ ਗਤੀ ਕਰਨਗੇ ਜੀ। ਸੱਚੇ ਪਿਤਾ ਜੇਹੜਾ ਸ਼ਿਕਾਰ ਵੀ ਖੇਡਦੇ ਰਹੇ ਹਨ ਏਸੇ ਤਰ੍ਹਾਂ ਜੰਗਲਾਂ ਦੇ ਜੀਆਂ ਦੀ ਦਰਸ਼ਨ ਦੇ ਕੇ ਗਤੀ ਕਰਦੇ ਰਹੇ ਹਨ। ਓਨ੍ਹਾਂ ਦੀ ਮਹਿੰਮਾ ਓਹ ਹੀ ਜਾਣਦੇ ਹਨ ਜੀ।।
ਰਤਨ ਸਿੰਘ ਆਲਮਗੀਰ ਵਾਲੇ ਸਿਖ ਦੀ ਸਾਖੀ
ਲੁਧਿਆਣਾ ਦੇ ਜ਼ਿਲੇ ਆਲਮਗੀਰ ਨਗਰ ਦਾ ਛੀਂਬਾ ਸਿਖ ਰਤਨ ਸਿੰਘ ਸੀ। ਆਣ ਕੇ ਸੱਚੇ ਪਾਤਸ਼ਾਹ ਅੱਗੇ ਬੇਨੰਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਇਕ ਵੇਰਾਂ ਚਲ ਕੇ ਮੇਰੇ ਘਰ ਚਰਨ ਪਾਓ। ਸੱਚੇ ਪਾਤਸ਼ਾਹ ਦੋ ਸਾਲ ਲੰਘਾ ਤੇ ਓਹਦੇ ਨਾਲ ਕਰਾਰ ਕਰਦਿਆਂ ਕਰਦਿਆਂ। ਜਦੋਂ ਉਸ ਨੇ ਬੇਨੰਤੀ ਕਰਨੀ ਅਥਰੂ ਵਗ ਪੈਣੇ, ਐਸੀ ਪ੍ਰੇਮ ਨਾਲ ਕਰਨੀ। ਸੱਚੇ ਪਾਤਸ਼ਾਹ ਦਇਆ ਕੀਤੀ ਤੇ ਆਖਣ ਲੱਗੇ, ਚੰਗਾ ਰਤਨ ਸਿੰਘ ਅਸੀ ਇਕ ਪੈਹਰ ਆਵਾਂਗੇ। ਓਹ ਆਖਣ ਲੱਗਾ ਦੀਨ ਦਿਆਲ ਮੈਨੂੰ ਏਨ੍ਹਾਂ ਬੜਾ ਹੈ, ਮੇਰੇ ਦਿਲ ਦੀ ਅਗਨ ਬੁਝਾਓ। ਸੱਚੇ ਪਾਤਸ਼ਾਹ ਪੋਹ ਦੇ ਮਹੀਨੇ ਵਿਚ ਗਏ ਹਨ ਤੇ ਨਾਲ ੫ ਸਿਖ ਗਏ ਹਨ। ਲਹੌਰੋਂ ਜਿਸ ਵਕਤ ਗੱਡੀ ਚੜ੍ਹੇ ਹਨ, ਪਹਿਲੇ ਦਰਜੇ ਦਾ ਲੁਧਿਆਣੇ ਦਾ ੬੦ ਰੁਪਏ ਕਰਾਇਆ ਦਿਤਾ ਹੈ, ਐਨਾ ਸਿਖ ਨੇ ਪ੍ਰੇਮ ਕੀਤਾ ਹੈ ਜੀ। ਓਥੋਂ ਅੱਠ ਨੌਂ ਮੀਲ ਪੈਂਡਾ ਸੀ। ਫੇਰ ਟਾਂਗਿਆਂ ਤੇ ਅੱਧੀ ਰਾਤ ਜਾ ਕੇ ਅਪੜੇ ਹਨ ਜੀ। ਆਦਰ ਮਾਨ ਕਰਦਿਆਂ ਪਰਸ਼ਾਦ ਛਕਦਿਆਂ ੩ ਪੈਹਰ ਰਾਤ ਚਲੀ ਗਈ ਹੈ। ਪੈਹਰ ਕੁ ਰਾਤ ਰੈਹ ਗਈ। ਪਾਤਸ਼ਾਹ ਆਖਣ ਲੱਗੇ ਰਤਨ ਸਿੰਘ ਸਾਡੀ ਹੁਣ ਤਿਆਰੀ ਕਰ ਦੇ, ਅਸਾਂ ਹੁਣ ਜਾਣਾ ਹੈ। ਰਤਨ ਸਿੰਘ ਸਤਿ ਬਚਨ ਮੰਨ ਕੇ ਜਿੰਨੀ ਮਾਇਆ ਸੀ ਪਰਾਤ ਵਿਚ ਪਾ ਕੇ, ਧੋ ਬਣਾ ਕੇ ਪਾਤਸ਼ਾਹ ਦੀ ਪੁਸ਼ਾਕ, ਮਾਤਾ ਹੋਰਾਂ ਦੀ ਪੁਸ਼ਾਕ, ਸਾਹਿਬਜਾਦਿਆਂ ਦੇ ਸਾਰੇ ਕਪੜੇ ਤੇ ਕਪੜੇ ਸਿਉਂਣ ਵਾਲੀ ਮਸ਼ੀਨ, ਸਾਰੀਆਂ ਚੀਜਾਂ ਅੱਗੇ ਰੱਖ ਕੇ ਹੱਥ ਜੋੜ ਕੇ ਬੇਨੰਤੀ ਕੀਤੀ ਕਿ ਸੱਚੇ ਪਿਤਾ ਅੱਜ ਮੇਰੀ ਦਿਲ ਦੀ ਆਸ਼ਾ ਪੂਰੀ ਹੋਈ ਹੈ ਜੀ। ਮੇਰੇ ਤੇ ਦਇਆ ਕਰੋ ਤੇ ਤੰਦਰੁਸਤੀ ਬਖ਼ਸ਼ੋ ਜੀ ਤੇ ਏਸ ਤਿਲ ਫੁਲ ਨੂੰ ਪਰਵਾਨ ਕਰੋ ਜੀ। ਸੱਚੇ ਪਾਤਸ਼ਾਹ ਦਇਆ ਕਰ ਕੇ ਆਖਿਆ, ਰਤਨ ਸਿੰਘ ਮਸ਼ੀਨ ਰੱਖ ਲਾ, ਤੇਰੀ ਸਾਨੂੰ
ਆ ਪੁਜੀ ਹੈ ਤੇ ਤੂੰ ਕਾਰ ਵਿਹਾਰ ਕਰੀ ਜਾ। ਓਨ ਆਖਿਆ ਦੀਨ ਦਿਆਲ ਏਹ ਤੁਹਾਡੀ ਮਸ਼ੀਨ ਆ। ਪਾਤਸ਼ਾਹ ਆਖਣ ਲੱਗੇ, ਰਤਨ ਸਿੰਘ ਸਾਡੀ ਮਸ਼ੀਨ ਆ ਤੇ ਤੂੰ ਵੀ ਸਾਡਾ ਏਂ, ਅਸੀਂ ਤੈਨੂੰ ਦੇਂਦੇ ਹਾਂ ਰੱਖ ਲਾ। ਜਿਸ ਤਰ੍ਹਾਂ ਅੱਗੇ ਜੁਗਾਂ ਜੁਗ ਸੱਚੇ ਪਾਤਸ਼ਾਹ ਦੇ ਸਿਖਾਂ ਦੀਆ ਕਹਾਣੀਆਂ ਸੁਣੀਦੀਆਂ ਨੇ, ਏਸੇ ਤਰ੍ਹਾਂ ਹੁਣ ਸਿਖ ਹਨ। ਨੇਤਰੀਂ ਵੇਖ ਰਹੇ ਹਾਂ, ਧੰਨ ਸੱਚੇ ਪਾਤਸ਼ਾਹ ਤੇ ਧੰਨ ਸਿਖ ਹਨ ਜੀ। ਫੇਰ ਸੱਚੇ ਪਾਤਸ਼ਾਹ ਤਿਆਰੀ ਕਰ ਕੇ ਘਵਿੰਡ ਵਾਪਸ ਆਣ ਪਹੁੰਚੇ ਹਨ ਜੀ।।
ਪਾਲ ਸਿੰਘ ਨੇ ਪਾਤਸ਼ਾਹ ਨੂੰ ੨੭ ਚੱਕ ਆਪਦੇ ਘਰ ਖੜਨਾ
(ਆਤਮਾ ਸਿੰਘ ਤੇ ਬਸੰਤ ਕੌਰ ਦੀ ਸਾਖੀ)
ਪਾਲ ਸਿੰਘ ਦੇ ਭਤੀਏ ਪ੍ਰੀਤਮ ਸਿੰਘ ਦਾ ਵਿਆਹ ਸੀ। ਪਾਲ ਸਿੰਘ ਜੇਠੂਵਾਲ ਵਾਲੇ ਆ ਕੇ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ, ਬਾਰ ਵਿਚ ਚਲ ਕੇ ਦਰਸ਼ਨ ਦਿਓ ਜੀ। ਸੱਚੇ ਪਿਤਾ ਬੇਨੰਤੀ ਪਰਵਾਨ ਕਰ ਕੇ ਨਾਲ ਤੁਰ ਪਏ ਹਨ ਜੀ ਤੇ ਨਾਲ ਮਾਤਾ ਬੰਤੀ ਤੇ ਨੈਣੋ ਵੀ ਤਿਆਰ ਹਨ। ਨਾਲ ਸੱਚੇ ਪਿਤਾ ਦੇ ਸੇਵਾਦਾਰ ਸਿਖ ਵੀ ਤਿਆਰ ਹਨ। ਆਤਮਾ ਸਿੰਘ ਆਪਦੀ ਸਾਲੀ ਦੀ ਧੀ ਦਾ ਭਤੀਏ ਨੂੰ ਸਾਕ ਲਿਆ ਕਰਾਇਆ ਸੀ। ਪਾਤਸ਼ਾਹ ਜੰਞੇ ਵੀ ਨਾਲ ਗਏ ਹਨ। ਬੇਬੇ ਭਾਨੋ ਪ੍ਰੀਤਮ ਸਿੰਘ ਦੀ ਮਾਈ ਨੂੰ ਸੱਚੇ ਪਾਤਸ਼ਾਹ ੧੦੦ ਰੁਪਏ ਸੇਵਾ ਲਾਈ ਹੈ। ਓਸ ਸੇਵਾ ਨਹੀਂ ਦਿਤੀ ਜੀ। ਜੇ ਕੋਈ ਸਿਖ ਸੁਖਣਾ ਸੁਖ ਲਵੇ, ਪਾਤਸ਼ਾਹ ਸੁਖਣਾ ਲਈ ਤੋਂ ਬਗੈਰ ਛੱਡਦੇ ਨਹੀਂ ਸੀ। ਪ੍ਰੀਤਮ ਸਿੰਘ ਦੇ ਦੋ ਵਿਆਹ ਕੀਤੇ, ਦੋਵੇਂ ਜਨਾਨੀਆਂ ਗੁਜਰ ਗਈਆਂ। ਫੇਰ ਤੀਸਰਾ ਵਿਆਹ ਹੋਇਆ ਤੇ ਪਾਤਸ਼ਾਹ ਆਖਣ ਲੱਗੇ, ਜਿੰਨੇ ਮਰਜੀ ਵਿਆਹ ਕਰੀ ਜਾ, ਸਾਡੀ ਦਇਆ ਤੋਂ ਬਿਨਾਂ ਘਰ ਨਹੀਂ ਵਸਦਾ। ਪ੍ਰੀਤਮ ਸਿੰਘ ਵੀ ਕੁਛ ਤਕੜਾ ਨਹੀਂ ਸੀ ਰਹਿੰਦਾ, ਭੈ ਔਂਦਾ ਸੀ ਜੀ। ਫੇਰ ਤੀਸਰਾ ਵਿਆਹ ਕਰ ਕੇ ਬੇਬੇ ਭਾਨੋ ਬੇਨੰਤੀ ਕੀਤੀ। ਆਤਮਾ ਸਿੰਘ ਦੀ ਔਲਾਦ ਬਚਦੀ ਨਹੀਂ ਸੀ। ਤੇ ਓਨ੍ਹਾਂ ਦੋਹਾਂ ਜੀਆਂ ਨੇ ਪਾਤਸ਼ਾਹ ਅੱਗੇ ਬੇਨੰਤੀ ਕੀਤੀ। ਪਾਤਸ਼ਾਹ ਆਖਣ ਲੱਗੇ, ਬੇਬੇ ਹੁਣ ਤੂੰ ਡਰ ਨਾ, ਅਸੀਂ ਦਇਆ ਕਰ ਦੇਂਦੇ ਹਾਂ। ਆਤਮਾ ਸਿੰਘ ਦੇ ਘਰ ਕੋਈ ਦਿਨ ਪਾ ਕੇ ਕਾਕੀ ਹੋਈ। ਆਤਮਾ ਸਿੰਘ ਤੇ ਬੇਬੇ ਬਸੰਤ ਕੌਰ ਦੋਹਾਂ ਜੀਆਂ ੨੫ ਰੁਪਏ ਪਾਤਸ਼ਾਹ ਦੇ ਸੁਖੇ ਕਿ ਹੇ ਸੱਚੇ ਪਾਤਸ਼ਾਹ ਏਹ ਕਾਕੀ ਰਾਜੀ ਖ਼ੁਸ਼ੀ ਰਹੇ ਤੇ ਅਸੀਂ ਤੁਹਾਡੇ ਮੱਥਾ ਟਿਕਾਈਏ ਤੇ ਨਾਲੇ ੨੫ ਰੁਪਏ ਸੇਵਾ ਦੇਈਏ। ਆਤਮਾ ਸਿੰਘ ਦੀ ਮਾਈ ਜੇਹੜਾ ਕੰਮ ਕਰਨਾ ਹੁੰਦਾ ਸੀ ਕਰਦੀ ਸੀ। ਆਤਮਾ ਸਿੰਘ ਉਸ ਦੇ ਅਨੁਸਾਰ ਚਲਦਾ ਸੀ। ਆਤਮਾ ਸਿੰਘ ਦੀ ਮਾਈ ਪਾਤਸ਼ਾਹ ਨੂੰ ਕੁਛ ਘਟ ਮੰਨਦੀ ਸੀ। ਉਸ ਦੇ ਪੁੱਤਾਂ ਦਾ ਭਰੋਸਾ ਬੜਾ ਸੀ। ਕਾਕੀ ਦੀ ਸੁਖਣਾਂ ਤਾਂ ਸੁਖ ਲਈ ਤੇ ਹੁਣ ਮਾਈ ਤੋਂ ਡਰਦੇ ਸੇਵਾ ਦੇਂਦੇ ਨਹੀਂ ਗੇ। ੩ ਸਾਲ ਬਾਅਦ ਫੇਰ ਆਤਮਾ ਸਿੰਘ ਦੇ ਘਰ ਪਾਤਸ਼ਾਹ ਪੁੱਤਰ ਦੇ ਦਿਤਾ। ਆਤਮਾ ਸਿੰਘ ੨੫ ਰੁਪਏ ਫੇਰ ਕਾਕੇ ਦੇ ਸੁਖ ਦਿਤੇ ਹਨ ਜੀ। ਵਰੇ ਛੇ ਮਹੀਨੇ ਪਿਛੋਂ ਪਾਤਸ਼ਾਹ ਜਰੂਰ ਸਿਖਾਂ ਨੂੰ ਦਰਸ਼ਨ ਦੇਣ ਜਾਂਦੇ ਸੀ। ਆਤਮਾ ਸਿੰਘ ਕੋਈ ਸੁਖਣਾ ਨਹੀਂ ਦਿਤੀ। ਮਾਈ ਆਤਮਾ ਸਿੰਘ ਦੀ ਕੁਛ ਪਾਤਸ਼ਾਹ ਨੂੰ ਕਠੋਰ ਬਚਨ ਬੋਲਦੀ ਸੀ। ਏਸ ਕਰ ਕੇ ਦੇਹ ਫੜੀ ਗਈ ਤੇ ਹੱਥਾਂ ਵਿਚੋਂ ਸ਼ੇਰਾਂ ਵਗਣ ਲਗ ਪਈਆਂ। ਪਾਲ ਸਿੰਘ ਆਖਣ ਲੱਗਾ ਮਾਈ ਜੀ ਤੂੰ ਬਚਨਾਂ ਦੀ ਫੜੀ ਹੋਈ ਆਂ, ਜਾ ਕੇ ਢੈਹ ਕੇ ਸੱਚੇ ਪਾਤਸ਼ਾਹ ਦੀ ਚਰਨੀ ਪੈ ਜਾ, ਜੇ ਤੂੰ ਬਚਣਾ ਹੈ। ਫੇਰ ੫ ਜੇਠ ਗੁਰਪੁਰਬ ਤੇ ਸਾਰੇ ਆਏ ਹਨ। ਨਾਲ ਮਾਈ ਵੀ ਦਰਸ਼ਨ ਕਰਨ ਆਈ ਹੈ। ਮੁੰਡੇ ਦੇ ੨੫ ਰੁਪਏ ਸੁਖਣਾ ਦੇ ਦਿਤੀ। ਕੁੜੀ ਦੀ ਸੁਖਣਾ ਆਤਮਾ ਸਿੰਘ ਡਰਦੇ ਮਾਈ ਨੂੰ ਦੱਸੀ ਨਹੀਂ ਗੀ। ਮਾਈ ਨੇ ਬੇਨੰਤੀ ਕੀਤੀ ਤੇ ਪਾਲ ਸਿੰਘ ਆਖਿਆ, ਪਾਤਸ਼ਾਹ ਬਖ਼ਸ਼ ਦਿਓ ਸਾਡੀ ਮਾਤਾ ਹੈ। ਸੱਚੇ ਪਾਤਸ਼ਾਹ ਓਸ ਵਕਤ ਦਿਆਲੂ ਹੋ ਕੇ ਆਖਣ ਲੱਗੇ, ਮਾਈ ਉਂਗਲਾਂ ਜੇਹੜੀਆਂ ਤੇਰੀਆਂ ਪੱਕੀਆਂ ਹਨ, ਉਤੇ ਅੱਕ ਚੋਅ ਦੇ। ਮਾਈ ਸਤਿ ਬਚਨ ਮੰਨ ਲਿਆ। ਪਾਤਸ਼ਾਹ ਨਜ਼ਰੀ ਨਜ਼ਰ ਨਿਹਾਲ ਹਨ। ਬਚਨ ਕਰਨ ਨਾਲ ਹੀ ਮਾਈ ਦੀਆਂ ਉਂਗਲਾਂ


ਜਿਉਂ ਕੀਆਂ ਤਿਉਂ ਹੋ ਗਈਆਂ। ੨੫ ਰੁਪਏ ਸੇਵਾ ਦੇ ਕੇ ੨੫ ਕੁੜੀ ਵਾਲੇ ਨਹੀਂ ਦਿਤੇ ਤੇ ਪਿਛਾਂਹ ਮੁੜ ਆਏ ਹਨ। ਜਿਸ ਵਕਤ ਪਿੰਡ ਸਤਾਈ ਚੱਕ ਗਏ ਹਨ। ਪਾਤਸ਼ਾਹ ਨੇ ਆਤਮਾ ਸਿੰਘ ਜਾਂਦੇ ਨੂੰ ਪਕੜ ਲਿਆ ਹੈ। ਐਸਾ ਆਤਮਾ ਸਿੰਘ ਨੂੰ ਬੁਖਾਰ ਚੜ੍ਹਿਆ, ਕੋਈ ਸੁਰਤ ਨਹੀਂ ਰਹੀ। ਬੇਹੋਸ਼ੀ ਵਿਚ ਐਸਾ ਰੌਲਾ ਪੌਂਦਾ ਹੈ, ਘਰ ਦਿਆਂ ਤੋਂ ਝੱਲਿਆਂ ਨਹੀਂ ਜਾਂਦਾ। ਫੇਰ ਪਾਤਸ਼ਾਹ ਨੇ ਆਤਮਾ ਸਿੰਘ ਵਿਚ ਹੋ ਕੇ ਲਲਕਾਰੇ ਮਾਰੇ ਕਿ ਸਾਡੀ ੨੫ ਰੁਪਏ ਸੁਖਣਾ ਸੁਖ ਕੇ ਦਿਤੀ ਨਹੀਂ ਤੇ ਅਸੀਂ ਇਸ ਨੂੰ ਛੱਡਣਾ ਨਹੀਂ ਗਾ। ਆਤਮਾ ਸਿੰਘ ਦੀ ਮਾਈ ਗਲ ਵਿਚ ਪੱਲਾ ਪਾ ਕੇ ਬੇਨੰਤੀ ਕੀਤੀ, ਪਾਤਸ਼ਾਹ ਮੇਰੇ ਪੁੱਤ ਤੇ ਦਇਆ ਕਰੋ। ਮੈਂ ਹੁਣੇ ੨੫ ਰੁਪਏ ਦੇ ਕੇ ਤੁਹਾਡੇ ਚਰਨਾਂ ਵਿਚ ਘਲਦੀ ਹਾਂ। ਮਾਈ ੨੫ ਰੁਪਏ ਰਖ ਕੇ ਬੇਨੰਤੀ ਕੀਤੀ ਤੇ ਬੁਖਾਰ ਆਤਮਾ ਸਿੰਘ ਦਾ ਓਸੇ ਵਕਤ ਲੱਥ ਗਿਆ। ਐਡੀ ਦਇਆ ਕੀਤੀ ਜੀ।।
ਪਾਲ ਸਿੰਘ ਬੜਾ ਗੁਰੂ ਘਰ ਦਾ ਪ੍ਰੇਮੀ ਸੀ। ਬੜੀ ਸੁਰਤ ਵਾਲਾ ਸੀ ਤੇ ਸਾਰਿਆਂ ਨੂੰ ਹੋਕਾ ਦੇਂਦਾ ਹੈ ਕਿ ਪਾਤਸ਼ਾਹ ਅਵਤਾਰ ਧਾਰਿਆ ਹੈ, ਸੇਵਾ ਕਰ ਲੋ ਜੀ। ਲਾਗੇ ਦੋ ਮੀਲ ੨੬ ਚੱਕ ਪਾਲ ਸਿੰਘ ਦਾ ਭਣੇਵਾ ਸੀ। ਉਸ ਨੂੰ ਓਨੇ ਬੜੇ ਬਚਨ ਦੱਸਣੇ ਤੇ ਪ੍ਰੇਮ ਵਧੌਣਾ। ਫੇਰ ਇਕ ਵੇਰਾਂ ਪਾਤਸ਼ਾਹ
ਗਏ ਤੇ ਮਾਸ਼ਟਰ ਸੋਹਣ ਸਿੰਘ ਆਪ ਦੇ ਭਣੇਵੇ ਨੂੰ ਪਾਲ ਸਿੰਘ ਪਾਤਸ਼ਾਹ ਦੀ ਸਰਨ ਲੁਆਇਆ। ਬੇਨੰਤੀ ਕਰ ਕੇ ਸੋਹਣ ਸਿੰਘ ਦੇ ਘਰ ਵੀ ਪਾਤਸ਼ਾਹ ਨੂੰ ਲੈ ਗਿਆ। ਓਥੇ ਜਾ ਕੇ ਸੱਚੇ ਪਾਤਸ਼ਾਹ ਮਾਸ਼ਟਰ ਤੇ ਦਇਆ ਕਰ ਆਏ ਜੀ। ਮਜ਼੍ਹਬੀ ਹੇਮ ਸਿੰਘ ਵੀ ਪਾਤਸ਼ਾਹ ਦੇ ਵਾਕਾਂ ਤੋਂ ਭੁਲ ਗਿਆ ਤੇ ਉਸ ਨੂੰ ਕੋਹੜ ਹੋ ਗਿਆ। ਹੇਮ ਸਿੰਘ ਆਇਆ ਤੇ ਫੇਰ ਸਾਰੇ ਸਿਖਾਂ ਰਲ ਕੇ ਪਾਤਸ਼ਾਹ ਅੱਗੇ ਬੇਨੰਤੀ ਕੀਤੀ, ਜੀ ਦਇਆ ਕਰੋ। ਸੱਚੇ ਪਾਤਸ਼ਾਹ ਆਖਣ ਲੱਗੇ ਪਾਲ ਸਿੰਘ ਸਾਡਾ ਸਿਖ ਹੋ ਕੇ ਜੋ ਮਾੜਾ ਕਰਮ ਕਰੇਗਾ ਓਹਦੇ ਹੱਥ ਤੇ ਪੈਰ ਨਾ ਰਹਿਣਗੇ। ਸੱਚੇ ਪਾਤਸ਼ਾਹ ਫੇਰ ਪਰਸ਼ਾਦ ਦਿਤਾ ਤੇ ਆਖਣ ਲੱਗੇ, ਜਿਥੇ ਜਿਥੇ ਹੈਗਾ ਏਥੇ ਹੀ ਰਹੂ, ਅੱਗੇ ਨਹੀਂ ਹੁੰਦਾ। ਓਸ ਵਕਤ ਪਾਤਸ਼ਾਹ ੧੦ ਦਿਨ ਰਹੇ ਹਨ। ਜਦੋਂ ਜਾਂਦੇ ਸੀ ਪਾਲ ਸਿੰਘ ਦੇ ਘਰ ਰਹਿੰਦੇ ਸੀ। ਦੂਸਰੇ ਸਿਖ ਵੀ ਵਾਰੀ ਨਾਲ ਪਰਸ਼ਾਦ ਛਕੌਂਦੇ ਸੀ। ਆਤਮਾ ਸਿੰਘ ਦੇ ਘਰੋਂ ਬੇਬੇ ਬਸੰਤ ਕੌਰ ਨੂੰ ਬੜਾ ਪ੍ਰੇਮ ਸੀ। ਪਾਤਸ਼ਾਹ ਤੇ ਸੰਗਤ ਨੂੰ ਦੋਵੇਂ ਟੈਮ ਦੁੱਧ ਲਿਆ ਕੇ ਛਕੌਂਦੀ ਸੀ। ਭਾਨੋਂ ਵੀ ਪੁਜਦੀ ਸਰਦੀ ਸੇਵਾ ਕਰਦੀ ਸੀ। ਪਾਲ ਸਿੰਘ ਦੇ ਘਰ ਪਾਤਸ਼ਾਹ ਅੱਠੇ ਪਹਿਰ ਰੈਂਹਦੇ ਸੀ। ਪਾਤਸ਼ਾਹ ਜੀਉਣ ਸਿੰਘ ਨੂੰ ਹੱਸਣਾ, ਆਖਣਾ ਜੀਉਣ ਸਿੰਘ ਆਪ ਤੂੰ ਛਕ ਔਨਾ, ਸਾਨੂੰ ਨਹੀਂ ਵਾਜ ਮਾਰਦਾ। ਓਸ ਆਖਣਾ ਪਾਤਸ਼ਾਹ ਮੈਂ ਤੁਹਾਡਾ ਸਿਖ ਅਮਲੀ ਹਾਂ, ਦਇਆ ਕਰੋ। ਜਦੋਂ ਪਾਤਸ਼ਾਹ ਔਣਾ ਤੇ ਸਿਖਾਂ ਨੇ ਸਰਨਾ ਪੁਜਣਾ ਸੇਵਾ ਕਰਨੀ। ਘਿਓ ਦੇ ਪੀਪੇ ਦੇਣੇ। ਐਡੀ ਪਾਤਸ਼ਾਹ ਦਇਆ ਕਰਦੇ ਸੀ, ਸਾਲ ਵਿਚ ਦੋ ਦੋ ਵਾਰੀ ਸਿਖਾਂ ਨੂੰ ਦਰਸ਼ਨ ਦੇਣੇ। ਐਸਾ ਪਾਲ ਸਿੰਘ ਦਾ ਜਰਮ ਪਵਿੱਤਰ ਸੀ। ਓਸ ਆਪਣਾ ਸਾਰਾ ਬੰਸ ਪਾਤਸ਼ਾਹ ਦੀ ਚਰਨੀ ਲਾ ਦਿਤਾ ਹੈ। ਸੱਚੇ ਪਾਤਸ਼ਾਹ ਸੰਗਤਾਂ ਨੂੰ ਨਿਹਾਲ ਕਰ ਕੇ ਮਾਝੇ ਦੇਸ ਨੂੰ ਆ ਗਏ ਹਨ ਜੀ।।
ਘਵਿੰਡ ਦੀ ਇਕ ਮਾਈ ਦੀ ਸਾਖੀ
ਸੱਚੇ ਪਾਤਸ਼ਾਹ ਪ੍ਰੀ ਪੂਰਨ ਅਵਤਾਰ ਵਿਸ਼ਨੂੰ ਭਗਵਾਨ ਦਾ ਜਾਮਾ ਪਹਿਨ ਕੇ ਆਏ ਹਨ। ਦੇਹ ਕਰ ਕੇ ਬਚਨ ਨਹੀਂ ਕਰਦੇ, ਜੋਤ ਨਾਲ ਵਿਹਾਰ ਕਰਦੇ ਹਨ। ਸ਼ਾਂਤੀ ਸੁਭਾ ਬੜਾ ਰੱਖਦੇ ਸੀ। ਐਸੇ ਦਿਆਲੂ ਸੀ ਸਿਖ ਕੋਲੋਂ ਕੰਮ ਵਿਗੜ ਵੀ ਜਾਵੇ, ਤੇ ਗੁੱਸੇ ਨਹੀਂ ਸੀ ਹੁੰਦੇ। ਏਹ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਹੋਰਨਾਂ ਰਿਖੀਆਂ ਮੁਨੀਆਂ ਦੀ ਕੀਤੀ ਅਸੀਂ ਮੋੜ ਸਕਦੇ ਹਾਂ, ਤੇ ਸਾਡੀ ਕੀਤੀ ਕੋਈ ਨਹੀਂ ਮੋੜ ਸਕਦਾ। ਏਸ ਕਰ ਕੇ ਅਸੀਂ ਕਿਸੇ ਨੂੰ ਵਧ ਘਟ ਬਚਨ ਨਹੀਂ ਕਰਦੇ। ਅਸੀਂ ਨਰ ਅਵਤਾਰ ਦੇਹ ਕਰ ਕੇ ਅਖੌਂਦੇ ਹਾਂ। ਅਮਾਮ ਮੈਂਹਦੀ ਵੀ ਅਸੀਂ ਹਾਂ। ੫੦ ਸਾਲ ਤੋਂ ਬਾਦ ਅਸਾਂ ਨਿਹਕਲੰਕ ਅਖਵੌਣਾ ਹੈ। ਕਲਗੀਧਰ ਵੀ ਅਸੀਂ ਹਾਂ। ਅਸੀਂ ਕਲਜੁਗ ਦਾ ਖੈ ਕਰਨ ਵਾਸਤੇ ਤੇ ਸਤਿਜੁਗ ਲੌਣ ਵਾਸਤੇ ਘਨਕਾ ਪੁਰੀ ਵਿਚ ਜਾਮਾ ਪਹਿਨਿਆ ਹੈ। ਭਗਤਾਂ ਦਾ ਉਧਾਰ ਕਰਨ ਆਏ ਹਾਂ। ਸਾਥੋਂ ਬਗੈਰ ਕਿਸੇ ਦੀ ਮਨੌਤ ਨਾ ਹੋਵੇਗੀ। ਸਾਡੀ ਹੀ ਪੂਜਾ ਹੋਵਗੀ। ਸੋਹੰ ਤੋਂ ਬਗੈਰ ਕੋਈ ਹੋਰ ਪਾਠ ਪੂਜਾ ਨਾ ਕਰੇਗਾ ਤੇ ਸਤਿਜੁਗ ਵਿਚ ਆਰਜ਼ੂ ਵਧ ਜਾਣਗੀਆਂ। ਸਾਡਾ ਨਾਂ ਜਪਣ ਕਰਕੇ ਹਰ ਇਕ ਦੇ ਹਿਰਦੇ ਵਿਚ ਸੱਚ ਦੇ ਸੁੱਚ ਵਧ ਜਾਏਗੀ ਜੀ। ਸੱਚੇ ਪਾਤਸ਼ਾਹ ਆਖਦੇ ਹਨ, ਜੋ ਦੁਖ ਤਕਲੀਫ ਨੇ ਸਾਡੇ ਹੁਕਮ ਵਿਚ ਨੇ। ਜੋ ਦੁਖ ਦਰਦ ਨੇ ਅਸਾਂ ਕੁੱਤੇ ਬਿਲੇ ਰੱਖੇ ਹੋਏ ਨੇ, ਦੇਹ ਸਾਫ ਕਰਨ ਵਾਸਤੇ। ਸਤਿਜੁਗ ਵਿਚ ਕੋਈ ਦੁਖ ਤਕਲੀਫ ਨਾ ਹੋਵੇਗਾ। ਸਾਡਾ ਐਸਾ ਪਹਿਰਾ ਹੋਵੇਗਾ।।
ਬੋਹਲ ਸਿੰਘ ਕੋਰੀਆਂ ਦਾ, ਵੀਰ ਸਿੰਘ ਗਗੋ ਬੂਹੇ ਦਾ, ਬਾਜ ਸਿੰਘ ਤੇ ਮਾਣਾ ਸਿੰਘ ਭੁਚਰ ਵਾਲੇ, ਅਤਰ ਸਿੰਘ ਖੀਰਾਂ ਵਾਲੀ ਦਾ, ਸੁੰਦਰ ਸਿੰਘ ਬੁੱਗਿਆਂ ਵਾਲਾ ਇਹ ਸਿਖ ਓਸ ਵਕਤ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਏ ਹਨ। ਘਵਿੰਡ ਵੇਹੜੇ ਵਿਚ ਮੰਜੇ ਡਾਹ ਕੇ ਬੈਠੇ ਹਨ। ਸੱਚੇ ਪਾਤਸ਼ਾਹ ਦੇ ਅਵਤਾਰ ਧਾਰਨ ਦੇ ਬਚਨ ਕਰ ਰਹੇ ਹਨ। ਉਸਤਤ ਕਰ ਰਹੇ ਹਨ। ਓਹਨਾਂ ਦੇ ਬਚਨ ਕਰ ਕਰ ਕੇ ਨਿਹਾਲ
ਹੋ ਰਹੇ ਹਨ ਜੀ। ਤੇ ਫੇਰ ਆਖਦੇ ਹਨ ਕਿ ਸਾਡੇ ਧੰਨ ਭਾਗ ਹਨ, ਸਾਨੂੰ ਵੀ ਦੇਹ ਕਰ ਕੇ ਅਵਤਾਰ ਦੇ ਦਰਸ਼ਨ ਹੋਏ ਹਨ ਜੀ। ਸਾਡੇ ਤਾਰਨ ਵਾਸਤੇ ਏਨ੍ਹਾਂ ਅਵਤਾਰ ਧਾਰਿਆ ਹੈ। ਨਾਲੇ ਸ਼ਬਦ ਪੜ੍ਹਦੇ ਹਨ, ‘‘ਜਾਮਾ ਘਨਕਾ ਪੁਰੀ ਦੇ ਵਿਚ ਧਾਰਿਆ, ਸੰਗਤਾਂ ਦੇ ਤਾਰਨੇ ਨੂੰ’’। ਮਹਾਰਾਜ ਹੋਰੀ ਬਚਨ ਸੁਣ ਕੇ ਬੜੇ ਖ਼ੁਸ਼ ਹੁੰਦੇ ਹਨ ਤੇ ਲਾਗੇ ਖਲੋਤੇ ਕੇਸ ਕੰਗੇ ਨਾਲ ਵਾਹ ਰਹੇ ਹਨ ਜੀ। ਇਕ ਸਿਖ ਬੋਲਿਆ ਜਦੋਂ ਜੁਗ ਉਲਟੌਂਣਾ ਹੋਵੇ ਓਦੋਂ ਸੋਲਾਂ ਕਲਾਂ ਸੰਪੂਰਨ ਅਵਤਾਰ ਔਂਦਾ ਹੈ, ਪਾਪੀਆਂ ਦੀ ਖੈ ਤੇ ਭਗਤਾਂ ਦੀ ਜੈ ਕਰਨ ਵਾਸਤੇ। ਨਹੀਂ ਤੇ ਸਭ ਮਹਾਰਾਜ ਸ਼ੇਰ ਸਿੰਘ ਦੇ ਬਣਾਏ ਤੇ ਘੱਲੇ ਆਉਦੇ ਹੋਏ ਹਨ ਜੀ। ਇਕ ਸਿਖ ਆਖਿਆ ਗੁਰੂ ਨਾਨਕ ਸਾਹਿਬ ਵੀ ਬੇਅੰਤ ਬੇਅੰਤ ਆਖ ਗਿਆ ਹੈ। ਜਿਸ ਵਕਤ ਸਿਖ ਨੇ ਬੇਅੰਤ ਬੇਅੰਤ ਆਖਿਆ, ਪਾਤਸ਼ਾਹ ਆਖਣ ਲੱਗੇ ਬਾਬਾ ਕੇਹੜੀ ਚੀਜ ਹੈ, ਜਿਸ ਦਾ ਅੰਤ ਨਹੀਂ। ਓਹਨਾਂ ਨੂੰ ਜਿੰਨਾਂ ਪਤਾ ਸੀ ਓਨਾਂ ਆਖ ਛੱਡਿਆ। ਸਾਰਾ ਪਤਾ ਹੋਵੇ ਤੇ ਆਪੇ ਨਾ ਬੇਅੰਤ ਆਖਣ। ਅਜੇ ਸਮਾਂ ਨਹੀਂ ਜਦੋਂ ਮੌਕਾ ਆਇਆ ਅਸੀਂ ਤੁਹਾਨੂੰ ਸਭ ਕੁਝ ਦੱਸਾਂਗੇ। ਸਿਖ ਸੁਣ ਕੇ ਬੜੇ ਖ਼ੁਸ਼ ਹੋਏ ਤੇ ਧੰਨ ਧੰਨ ਕੀਤਾ, ਤੇ ਆਖਿਆ ਸੱਚੇ ਪਾਤਸ਼ਾਹ ਤੁਸੀਂ ਮਾਲਕ ਜੇ, ਜਾਣੀ ਜਾਣ ਜੇ।।
ਓਨੇ ਚਿਰ ਨੂੰ ਇਕ ਮਾਈ ਸੀ ਘਵਿੰਡ ਦੀ, ਰਾਮਗੜ੍ਹੀਆਂ ਦੇ ਘਰ ਦਾ ਜਰਮ ਸੀ, ਓਹ ਆ ਕੇ ਪਾਤਸ਼ਾਹ ਦੇ ਸਿਖਾਂ ਨੂੰ ਸੁਖ ਸਾਂਦ ਪੁਛਦੀ ਹੈ। ਓਸ ਦਾ ਮਾਲਕ ਗੁਜਰ ਗਿਆ ਸੀ ਤੇ ਦੇਹ ਉਸ ਦੀ ਨੂੰ ਕੋਹੜ ਹੋ ਗਿਆ ਸੀ। ਕੋਈ ਲਾਗੇ ਵੀ ਨਹੀਂ ਸੀ ਖਲੋਣ ਦੇਂਦਾ। ਸਿਖਾਂ ਪੁਛਿਆ ਬੇਬੇ ਜੀ ਤੁਸੀਂ ਦੱਸੋ ਰਾਜੀ ਖ਼ੁਸ਼ੀ ਹੋ। ਮਾਈ ਵਿਚਾਰੀ ਅੱਗੋਂ ਰੋ ਪਈ। ਆਖਣ ਲੱਗੀ ਭਾਈਆ ਜੀ ਮੇਰੀ ਦੇਹ ਨੂੰ ਕੋਹੜ ਹੋ ਗਿਆ ਹੈ। ਕੋਈ ਲਾਗੇ ਵੀ ਨਹੀਂ ਖਲੋਣ ਦੇਂਦਾ। ਸੱਚੇ ਪਾਤਸ਼ਾਹ ਇਹ ਬਚਨ ਕੀਤਾ ਸੀ ਕਿ ਜਿਸ ਨੂੰ ਕੋਈ ਤਕਲੀਫ ਹੋਵੇ, ਓਹ ਬੇਨੰਤੀ ਕਰੇ। ਦੂਸਰੇ ਦੇ ਥਾਂ ਦੂਜਾ ਨਾ ਬੇਨੰਤੀ ਕਰੇ। ਜਿਹੜਾ ਛੋਟਾ ਬੱਚਾ ਹੈ ਉਸ ਦੀ ਦੂਸਰਾ ਬੇਨੰਤੀ ਕਰ ਸਕਦਾ ਹੈ। ਸੱਚੇ ਪਾਤਸ਼ਾਹ ਦੇ ਸਿਖ ਹੌਲੀ ਜਹੀ ਉਸ ਮਾਈ ਨੂੰ ਸਮਝੌਂਦੇ ਹਨ ਕਿ ਮਾਈ ਕਮਲੀਏ ਸੱਚੇ ਪਾਤਸ਼ਾਹ ਨਿਹਕਲੰਕ ਤੇਰੇ ਕੋਲ ਹਨ। ਢੈਹ ਕੇ ਚਰਨੀ ਪੈ ਜਾ। ਜੇ ਏਥੇ ਨਾ ਤੇਰਾ ਕੋਹੜ ਹਟਿਆ ਤੇ ਹਟੂ ਕਿਥੇ। ਤੂੰ ਤਕੜੀ ਹੋ ਕੇ ਬੇਨੰਤੀ ਕਰ। ਮਾਈ ਨੂੰ ਬਚਨ ਸੁਣ ਕੇ ਸੁਰਤ ਆ ਗਈ ਤੇ ਗਲ ਵਿਚ ਪੱਲਾ ਪਾ ਕੇ ਚਰਨੀ ਪੈ ਗਈ। ਆਖੇ ਪਾਤਸ਼ਾਹ ਮੈਨੂੰ ਬਖ਼ਸ਼ ਲਓ। ਪਾਤਸ਼ਾਹ ਮਿਹਰਾਂ ਦੇ ਦਾਤੇ ਹੱਸ ਕੇ ਆਖਣ ਲਗੇ, ਤੂੰ ਅੱਗੇ ਸਾਡੇ ਕੋਲ ਰੈਂਹਦੀ ਸੀ ਓਦੋਂ ਚੇਤਾ ਨਹੀਂ ਆਇਆ। ਸੱਚੇ ਪਾਤਸ਼ਾਹ ਹੱਸ ਕੇ ਆਖਣ ਲੱਗੇ ਬਾਬਾ, ਤੁਹਾਨੂੰ ਸਾਡੀ ਧਾਰਨਾ ਦਾ ਨਹੀਂ ਪਤਾ ਜੋ ਸੰਤਾਂ ਦੱਸੀ ਹੈ, ਕਿਸੇ ਦੇ ਬਾਰੇ ਕੋਈ ਬੇਨੰਤੀ ਨਾ ਕਰੇ। ਬੌਹਲ ਸਿੰਘ ਉਸ ਵਕਤ ਹੱਸ ਕੇ ਆਖਿਆ, ਸੱਚੇ ਪਾਤਸ਼ਾਹ ਤੁਹਾਡੇ ਹੁੰਦਿਆਂ ਤੁਹਾਡੇ ਨਗਰ ਵਿਚ ਕੋਹੜ ਰਹਿਣ ਦਾ ਕੀ ਕੰਮ ਹੈ। ਸੱਚੇ ਪਾਤਸ਼ਾਹ ਬੜੇ ਦਿਆਲੂ ਸਨ, ਆਖਣ ਲੱਗੇ, ਬੇਬੇ ਅਸੀਂ ਕੋਈ ਦੁਵਾ ਤਾਂ ਨਹੀਂ ਜਾਣਦੇ, ਸਾਡੀ ਲੋਹ ਵਿਚ ਜੇਹੜੀ ਸੁਵਾਹ ਹੈ ਦੋਵੇਂ ਵੇਲੇ ਆ ਕੇ ਹੱਥਾਂ ਪੈਰਾਂ ਤੇ ਲਾ ਲਿਆ ਕਰ ਤੇ ਨਾਲੇ ਪਰਸ਼ਾਦਾ ਛਕ ਜਾਇਆ ਕਰ। ਸਿਖਾਂ ਸਮਝਾਇਆ ਬੇਬੇ ਜੀ ਦੋਵੇਂ ਟੈਮ ਆਣ ਕੇ ਲੰਗਰ ਦੇ ਭਾਂਡੇ ਮਾਂਜਿਆ ਕਰ, ਤੇ ਨਾਲੇ ਪਰਸ਼ਾਦਾ ਛਕ ਜਾਇਆ ਕਰ। ਓਸੇ ਤਰ੍ਹਾਂ ਮਾਈ ਸਤਿ ਬਚਨ ਮੰਨ ਕੇ ਸੇਵਾ ਕਰਨ ਲਗ ਪਈ। ਦੋ ਟੈਮ ਭਾਂਡੇ ਮਾਂਜਣੇ ਤੇ ਪਰਸ਼ਾਦਾ ਛਕ ਜਾਣਾ। ਮਾਈ ਦਾ ਸ਼ਰੀਰ ਜਿਉਂ ਦਾ ਤਿਉਂ ਹੋ ਗਿਆ। ਸੱਚੇ ਪਾਤਸ਼ਾਹ ਐਡੇ ਦਿਆਲੂ ਸਨ, ਨਜ਼ਰੀ ਨਜ਼ਰ ਨਿਹਾਲ ਕਰਦੇ ਸਨ। ਮਿਹਰ ਕਰ ਕੇ ਏਨ੍ਹਾਂ ਕਲਜਗ ਵਿਚ ਕੋਹੜ ਹਟਾ ਦਿਤੇ ਜੀ। ਮੇਰੀ ਕਲਮ ਏਨ੍ਹਾਂ ਦੀ ਮਹਿੰਮਾ ਨਹੀਂ ਲਿਖ ਸਕਦੀ ਜੀ। ਏਹ ਸਭ ਏਹਨਾਂ ਦੀ ਦਇਆ ਹੈ।।
ਮਾਹਣਾ ਸਿੰਘ ਤੇ ਮਿਹਰ ਕਰਨੀ
ਇਕ ਵੇਰਾਂ (ਸੰਤ ਮਨੀ ਸਿੰਘ ਦੇ ਗ੍ਰਿਫਤਾਰ ਹੋਣ ਤੋਂ ਪਹਿਲੇ) ਮਾਹਣਾ ਸਿੰਘ ਭੁਚਰ ਵਾਲੇ ਦਾ ਮੂੰਹ ਐਸਾ ਹੋ ਗਿਆ ਕਿ ਜਬਾਨ ਪੱਕ ਗਈ, ਸਾਰੀ ਗਲ ਗਈ। ਮੂੰਹ ਵਿਚੋਂ ਬੋ ਆ ਰਹੀ ਹੈ। ਨਾ ਰੋਟੀ ਖਾਵੇ, ਨਾ ਪਾਣੀ ਪੀਵੇ ਤੇ ਸੈਨਤ ਨਾਲ ਬਚਨ ਕਰਦਾ ਸੀ। ਮਹਾਰਾਜ ਹੋਰਾਂ ਦੇ ਹੁਕਮ ਨਾਲ, ਸੰਤ ਮਨੀ ਸਿੰਘ ਭੁਚਰ ਚਲੇ ਗਏ ਹਨ ਤੇ ਨਾਲ ਫੁਮਣ ਸਿੰਘ ਸੰਤ ਸੀ। ਜਿਸ ਵਕਤ ਗਏ ਨੇ, ਬੜਾ ਸ਼ੁਕਰ ਕੀਤਾ। ਧੰਨਵਾਦ ਕੀਤਾ ਕਿ ਗੁਰੂ ਘਰ ਆਏ ਹਨ। ਮਨੀ ਸਿੰਘ ਅੱਗੇ ਮਾਣਾ ਸਿੰਘ ਬੇਨੰਤੀ ਕੀਤੀ ਕਿ ਦਇਆ ਕਰੋ, ਮੇਰੀ ਜਬਾਨ ਨੂੰ ਬੜੀ ਤਕਲੀਫ ਹੈ। ਸੰਤ ਮਨੀ ਸਿੰਘ ਆਖਿਆ, ਮਾਣਾ ਸਿੰਘ ਘਵਿੰਡ ਜਾ ਕੇ ਸੱਚੇ ਪਾਤਸ਼ਾਹ ਦੇ ਤਿੰਨ ਵੇਰਾਂ ਚਰਨ ਚੱਟ ਤੇ ਜਬਾਨ ਰਾਜੀ ਹੋ ਜਾਏਗੀ। ਓਸੇ ਵਕਤ ਮਾਣਾ ਸਿੰਘ ਘਵਿੰਡ ਆ ਕੇ, ਪਾਤਸ਼ਾਹ ਅੱਗੇ ਪਰਸ਼ਾਦ ਰੱਖ ਕੇ ਬੇਨੰਤੀ ਕੀਤੀ ਤੇ ਨਿਮਸਕਾਰ ਕੀਤੀ। ਚਰਨ ਚੱਟੇ ਤੇ ਆਪਣੇ ਦੁੱਖ ਦਾ ਹਾਲ ਦੱਸਿਆ। ਸੱਚੇ ਪਾਤਸ਼ਾਹ ਪਲੰਘ ਤੇ ਬੈਠੇ ਸਨ। ਓਨ੍ਹਾਂ ਪਰਸ਼ਾਦ ਛਕ ਕੇ, ਸੀਤ ਪਰਸ਼ਾਦ ਦਿਤਾ ਤੇ ਮਾਣਾ ਸਿੰਘ ਛਕ ਲਿਆ ਜੀ। ਚਿੰਤਾ ਤੇ ਸਹਿੰਸੇ ਤਾਂ ਦਰਸ ਕਰਦਿਆਂ ਹੀ ਹਟ ਗਏ ਹਨ। ਜੇਹੜਾ ਪਾਣੀ ਦਾ ਘੁਟ ਵੀ ਨਹੀਂ ਸੀ ਲੰਘਦਾ, ਓਹ ਸੀਤਲ ਪਰਸ਼ਾਦ ਮਾਣਾ ਸਿੰਘ ਰੱਜ ਕੇ ਛਕ ਲਿਆ ਹੈ ਜੀ। ਜੋ ਦੁਖਾਂ ਦੇ ਕਾਰਨ ਨਰਕ ਮਲੂਮ ਹੁੰਦਾ ਸੀ, ਦੀਨ ਦਿਆਲ ਦੇ ਦਰਸ਼ਨ ਕਰਨ ਨਾਲ ਸਚਖੰਡ ਵਿਚ ਨਿਵਾਸ ਜਾਪਦਾ ਹੈ। ਫੇਰ ਦੋ ਦਿਨ ਰਹਿ ਕੇ ਤੇ ਖ਼ੁਸ਼ੀ ਲੈ ਕੇ ਆਪ ਦੇ ਘਰ ਆ ਗਿਆ ਹੈ ਜੀ।।
ਸੁਰੈਣ ਸਿੰਘ ਘੰਵਿਡ ਵਾਲੇ ਦੀ ਸਾਖੀ
ਸਿਖਾਂ ਤੋਂ ਬਗੈਰ ਕੋਈ ਨਹੀਂ ਸੀ ਜਾਣਦਾ, ਕਿ ਮਹਾਰਾਜ ਬੰਦੀ ਛੋਡ ਹਨ। ਸਿਖਾਂ ਤੇ ਏਨੀ ਦਇਆ ਕੀਤੀ ਹੈ ਤੇ ਹੋਰ ਦੁਨੀਆਂ ਏਹਨਾਂ ਨੂੰ ਮਹਾਰਾਜ ਕਰ ਕੇ ਨਹੀਂ ਜਾਣਦੀ, ਖਾਣ ਦੇ ਮਾਰੇ ਤੁਰੇ ਫਿਰਦੇ ਸੀ ਜੀ। ਘਵਿੰਡ ਪਿੰਡ ਦਾ ਇਕ ਜ਼ਿਮੀਦਾਰ ਸੁਰੈਣ ਸਿੰਘ ਸੀ। ਸੱਚੇ ਪਾਤਸ਼ਾਹ ਉਸ ਨਾਲ ਬੜਾ ਪ੍ਰੇਮ ਕਰਦੇ ਸੀ ਤੇ ਓਸ ਨੂੰ ਬਦਾਮ ਤੇ ਘਿਓ ਦੇ ਪੀਪੇ ਦੇਂਦੇ ਹੁੰਦੇ ਸੀ। ਓਸ ਆਖਣਾ ਮੈਂ ਸਿਆਣਾ ਹਾਂ ਤੇ ਖਾਈ ਜਾਂਦਾ ਹਾਂ, ਪਾਤਸ਼ਾਹ ਨੂੰ ਕੋਈ ਪਤਾ ਨਹੀਂ। ਮਹਾਰਾਜ ਹੋਰਾਂ ਸੰਤ ਨੂੰ ਅਕਾਸ਼ ਬਾਣੀ ਦਿਤੀ ਕਿ ਸੰਤਾਂ ਇਸਦੀ ਲਿਖਾਈ ਲਿਖ ਦੇ, ਏਹ ਹਾਥੀ ਦੀ ਜੂਨ ਪਾਵੇਗਾ। ਅਸੀਂ ਪ੍ਰੇਮ ਨਾਲ ਛਕੌਂਦੇ ਹਾਂ ਤੇ ਏਹ ਆਂਦਾ ਹੈ, ਏਹ ਕਮਲੇ ਹਨ। ਅਸੀਂ ਦਿਲੀ ਜਾ ਕੇ ਏਸ ਹਾਥੀ ਤੇ ਅਸਵਾਰੀ ਕਰਾਂਗੇ। ਸਵਾ ਮਣ ਅਸੀਂ ਏਸ ਨੂੰ ਰੋਜ਼ ਦੀ ਚੂਰੀ ਚਾਰਾਂਗੇ ਤੇ ਸਿਰ ਵਿਚ ਰੋਜ਼ ਕੁੰਡੀ ਮਾਰਾਂਗੇ, ਫੇਰ ਲੁੱਟ ਕੇ ਖਾਣ ਦਾ ਪਤਾ ਲਗੂ। ਅਸੀਂ ਆਪ ਦਾ ਲੇਖਾ ਜਰਮ ਪਾ ਕੇ ਵੀ ਨਹੀਂ ਛਡਦੇ। ਪ੍ਰੀ ਪੂਰਨ ਪਰਮੇਸ਼ਵਰ ਹਨ। ਜੇਹੜਾ ਏਹਨਾਂ ਨੂੰ ਧੰਨ ਧੰਨ ਕਰਦਾ ਹੈ ਓਹ ਤਰ ਜਾਂਦਾ ਹੈ, ਜੇਹੜਾ ਨਿੰਦਿਆਂ ਕਰਦਾ ਹੈ, ਓਹ ਵੀ ਫਲ ਲੈ ਲੈਂਦਾ ਹੈ। ਘਵਿੰਡ ਦੇ ਲੋਕ ਪਾਤਸ਼ਾਹ ਦਾ ਬਿਲਕੁਲ ਭੈ ਨਹੀਂ ਸੀ ਕਰਦੇ।।
ਪਾਤਸ਼ਾਹ ਦੇ ਲੰਗੂਰ ਦੀ ਸਾਖੀ
ਇਕ ਵੇਰਾਂ ਸੱਚੇ ਪਾਤਸ਼ਾਹ ਦਾ ਦਿਲ ਕੀਤਾ ਤੇ ਦਿਲੀ ਵਾਲੇ ਸਿਖਾਂ ਨੂੰ ਚਿਠੀ ਪਾਈ ਕਿ ਸਾਨੂੰ ਲੰਗੂਰਾਂ ਦੇ ਦੋ ਬੱਚੇ ਘੱਲੋ। ਸਿਖਾਂ ਨੇ ਮਥਰਾ ਤੋਂ ਲਿਆ ਕੇ ਘਵਿੰਡ ਜੋੜਾ ਲੰਗੂਰਾਂ ਦਾ ਛੱਡ ਗਏ ਹਨ। ਸੱਚੇ ਪਾਤਸ਼ਾਹ ਨੇ ਨੀਲਿਆਂ ਮਣਕਿਆਂ ਤੇ ਘੁੰਗਰੀਆਂ ਦੀ ਗਾਨੀ ਗੱਲ ਵਿਚ ਪਾ ਕੇ, ਖੁਲ੍ਹੇ ਕੋਠੇ ਤੇ ਛੱਡ ਦਿਤੇ ਹਨ। ਓਹ ਬੱਚੇ ਦੋ ਟੈਮ ਪਰਸ਼ਾਦ ਲੰਗਰ ਵਿਚੋਂ ਛਕ ਜਾਂਦੇ ਸੀ, ਪਾਤਸ਼ਾਹ ਦਾ ਦਰਸ਼ਨ ਕਰ ਜਾਂਦੇ ਸੀ। ਸਾਰੀ ਦਿਹਾੜੀ ਕੋਠਿਆਂ ਉਤੇ ਛਾਲਾਂ ਮਾਰਦੇ ਰੈਂਂਹਦੇ ਸਨ ਜੀ। ਐਸੇ ਜਾਨਵਰ ਸੀਲ ਸਨ, ਕਿਸੇ ਨਿਆਣੇ ਸਿਆਣੇ ਨੂੰ ਦੁਖ ਨਹੀਂ ਸੀ ਦੇਂਦੇ। ਐਸੀ ਪਾਤਸ਼ਾਹ ਦਇਆ ਕੀਤੀ ਪਿੰਡ ਦਾ ਹਰ ਇਕ ਵੇਖ
ਕੇ ਆਂਦਾ ਸੀ, ਮਹਾਰਾਜ ਦੇ ਲੰਗੂਰ ਛਾਲਾਂ ਮਾਰਦੇ ਹਨ। ਏਸ ਬਹਾਨੇ ਨਾਲ ਘਵਿੰਡ ਦੇ ਮਾਸੀ ਸ਼ਰਾਬੀ ਜੀਵ ਵੀ ਪਾਤਸ਼ਾਹ ਦਾ ਨਾਮ ਲੈ ਲੈਂਦੇ ਸਨ ਜੀ। ਇਕ ਦਿਨ ਐਸੀ ਖੇਡ ਹੋਈ, ਘਵਿੰਡ ਦਾ ਸਰਦਾਰ ਗੁਰਦਿਆਲ ਸਿੰਘ ਸੀ। ਉਸ ਦੀ ਛੋਟੀ ਜਹੀ ਕਾਕੀ ਛਣਕਣਾ ਲੈ ਕੇ ਖੜੋਤੀ ਸੀ। ਉਸ ਦੇ ਹੱਥ ਵਿਚੋਂ ਲੰਗੂਰ ਛਣਕਣਾ ਲੈ ਕੇ ਭੱਜ ਗਿਆ। ਉਚੇ ਥਾਂ ਕੋਠੇ ਤੇ ਜਾ ਬੈਠਾ। ਸਰਦਾਰ ਕੋਲ ਬੰਦੂਕ ਸੀ, ਉਸ ਬੰਦੂਕ ਨਾਲ ਉਸ ਲੰਗੂਰ ਨੂੰ ਮਾਰ ਦਿਤਾ। ਜਿਸ ਵਕਤ ਮਾਰ ਦਿਤਾ, ਸਿਖ ਚੁਕ ਕੇ ਲੈ ਗਏ ਹਨ। ਮਹਾਰਾਜ ਹੋਰੀਂ ਤੇ ਤੇਜਾ ਸਿੰਘ ਓਸ ਵਕਤ ਬਾਰ ਵਿਚ ੨੭ ਚੱਕ ਸਿਖਾਂ ਦੇ ਗਏ ਹਨ। ਲੰਗੂਰੀ ਕੱਲੀ ਹੋ ਗਈ ਤੇ ਅੰਨ ਪਾਣੀ ਨਾ ਛਕੇ। ਵਿਰਲਾਪ ਕਰਦੀ ਫਿਰੇ। ਸਾਰੇ ਆਖਣ ਸਰਦਾਰ ਨੇ ਬੜਾ ਪਾਪ ਕੀਤਾ, ਪਾਤਸ਼ਾਹ ਦਾ ਲੰਗੂਰ ਮਾਰ ਦਿਤਾ ਹੈ। ਪਾਤਸ਼ਾਹ ਵੀ ਬਾਰ ਵਿਚੋਂ ਆ ਗਏ ਹਨ ਤੇ ਵੇਖ ਕੇ ਬਹੁਤ ਗੁੱਸੇ ਵਿਚ ਆਂਦੇ ਹਨ ਜਿਸ ਤਰ੍ਹਾ ਤੂੰ ਸਾਡਾ ਲੰਗੂਰ ਮਾਰਿਆ ਹੈ, ਏਸੇ ਤਰ੍ਹਾਂ ਅਸੀਂ ਤੈਨੂੰ ਮਾਰਾਂਗੇ। ਸਾਰੇ ਲੋਕੀ ਰੌਲਾ ਸੁਣ ਕੇ ਕੱਠੇ ਹੋ ਗਏ। ਸਾਰੇ ਆਖਣ ਲੱਗੇ ਗੱਲ ਤਾਂ ਕੋਈ ਵੀ ਨਹੀਂ ਹੋਈ, ਸਰਦਾਰ ਦੀ ਧੀ ਦੇ ਹੱਥੋਂ ਲੰਗੂਰ ਛਣਕਣਾ ਖੋਹ ਕੇ ਲੈ ਗਿਆ ਸੀ ਤੇ ਏਸ ਨੇ ਮਾਰ ਦਿਤਾ। ਓਸ ਵਕਤ ਪਾਤਸ਼ਾਹ ਬਚਨ ਕੀਤਾ ਕਿ ਜਿਸ ਧੀ ਦੇ ਹੱਥੋਂ ਛਣਕਣਾ ਫੜਿਆਂ ਦੇ ਬਦਲੇ ਸਾਡਾ ਲੰਗੂਰ ਮਾਰਿਆ ਹੈ ਓਸ ਧੀ ਨੂੰ ਏਹ ਆਪਣੀ ਹੱਥੀਂ ਮਾਰੇਂਗਾ। ਏਹ ਸਰਾਫ ਦੇ ਦਿਤਾ ਤੇ ਘਰ ਵਾਪਸ ਆ ਗਏ। ਸਰਦਾਰ ਬੰਦੇ ਨਾਲ ਲੈ ਕੇ ਘਰ ਆਇਆ ਤੇ ਆਣ ਕੇ ਹੱਥ ਜੋੜੇ, ਪਾਤਸ਼ਾਹ ਮੈਨੂੰ ਭੁੱਲ ਬਖ਼ਸ਼ੋ। ਸੱਚੇ ਪਾਤਸ਼ਾਹ ਸ਼ਾਂਤੀ ਤਾਂ ਕਰ ਗਏ, ਦਇਆ ਦੇ ਸਮੁੰਦਰ ਸਨ। ਪਰ ਜੇਹੜਾ ਵਾਕ ਛੱਡ ਦਿਤਾ ਹੈ ਓਹ ਨਹੀਂ ਮੁੜਿਆ। ਕੋਈ ਦਿਨ ਪਾ ਕੇ ਸਰਦਾਰ ਦੀ ਧੀ ਨੌਜਵਾਨ ਹੋਈ। ਘਰ ਵਿਚ ਜੁਲਾਹਿਆਂ ਦਾ ਮੁੰਡਾ ਕਾਮਾ ਰੱਖਿਆ ਹੋਇਆ ਸੀ। ਓਸ ਨਾਲ ਬੇਈਮਾਨ ਹੋ ਗਈ ਤੇ ਕੁਵਾਰੀ ਨੂੰ ਗਰਭ ਹੋ ਗਿਆ। ਸਰਦਾਰ ਨੇ ਓਹੋ ਧੀ ਹੱਥੀਂ ਗਲ ਘੁੱਟ ਕੇ ਮਾਰੀ। ਸੱਚੇ ਪਿਤਾ ਦਾ ਬਚਨ ਸਤਿ ਹੋ ਗਿਆ।।
ਬਾਜ ਸਿੰਘ ਤੇ ਮਿਹਰ ਕਰਨੀ
ਇਕ ਦਿਨ ਸੱਚੇ ਪਾਤਸ਼ਾਹ ਹੋਰੀਂ ਸਾਰੇ ਪਰਵਾਰ ਸਮੇਤ ਬਾਲੇ ਚੱਕ ਸਿਖਾਂ ਕੋਲ ਚਲੇ ਗਏ ਹਨ ਤੇ ਅੱਠ ਦਿਨ ਬੁਧ ਸਿੰਘ ਦੇ ਘਰ ਰਹੇ ਹਨ। ਦਿਨੇ ਅੰਮ੍ਰਿਤਸਰ ਸੈਰ ਕਰਨਾ ਤੇ ਰਾਤ ਨੂੰ ਬਾਲੇ ਚੱਕ ਆ ਜਾਣਾ। ਓਥੋਂ ਫੇਰ ਸੱਚੇ ਪਾਤਸ਼ਾਹ ਕਾਰ ਉਤੇ ਚੜ੍ਹ ਕੇ ਨੈਹਰੇ ਨੈਹਰੇ ਭੁਚਰ ਆ ਗਏ ਹਨ। ਬਾਜ ਸਿੰਘ ਦੇ ਘਰ ਪੈਹਲੋਂ ਗਏ ਹਨ। ਮਾਣਾ ਸਿੰਘ ਤੇ ਬਾਜ ਸਿੰਘ ਦਾ ਇਕੱਠਾ ਘਰ ਸੀ। ਬਾਜ ਸਿੰਘ ਔਦਿਆਂ ਨੂੰ ਬੀਮਾਰ ਸੀ ਉਸ ਦਾ ਅੰਤ ਸਮਾਂ ਨਜ਼ਦੀਕ ਆਇਆ ਸੀ। ਸਾਰੇ ਪਰਵਾਰ ਦੇ ਸਿਖ ਬੜੀ ਸੇਵਾ ਕਰ ਰਹੇ ਹਨ। ਦੋ ਪਹਿਰ ਓਥੇ ਰਹਿ ਕੇ ਸੱਚੇ ਪਾਤਸ਼ਾਹ ਵਿਦਾ ਹੋ ਪਏ ਹਨ। ਸਮਰਥਿਆ ਅਨੁਸਾਰ ਸਿਖਾਂ ਨੇ ਪਰਸ਼ਾਦ ਰੱਖ ਕੇ ਸੇਵਾ ਰਖੀ ਹੈ। ਸਿਖ ਬੇਨੰਤੀ ਕਰਦੇ ਹਨ। ਸੱਚੇ ਪਿਤਾ ਦੀਨ ਦਿਆਲ ਬੜੀ ਦਇਆ ਕੀਤੀ। ਅੱਜ ਤਾਂ ਕੀੜੀ ਦੇ ਘਰ ਨਰਾਇਣ ਆਏ ਹਨ ਤੇ ਨਾਲੇ ਸ਼ਬਦ ਪੜ੍ਹਦੇ ਨੇ। ‘‘ਸੋਹੇ ਨੇ ਬੰਕ ਦਵਾਰ ਅੱਜ ਮੇਰੇ ਸੋਹੇ ਨੇ’’। ਸੱਚੇ ਪਿਤਾ ਬਾਜ ਸਿੰਘ ਨੂੰ ਆਂਦੇ ਨੇ ਬਾਬਾ ਕੁਛ ਮੰਗ ਸਾਥੋਂ, ਅਸੀਂ ਤੈਨੂੰ ਲੈਣ ਆਏ ਹਾਂ। ਬਾਜ ਸਿੰਘ ਨੇ ਡੂੰਘੀ ਰਮਜ ਨਹੀਂ ਸਮਝੀ ਤੇ ਆਖਣ ਲੱਗਾ ਸੱਚੇ ਪਾਤਸ਼ਾਹ ਜਦੋਂ ਮੇਰਾ ਬੁਖਾਰ ਲੱਥ ਗਿਆ ਉਸੇ ਵਕਤ ਮੈਂ ਆ ਜਾਵਾਂਗਾ। ਫਿਰ ਦੂਸਰੀ ਵਾਰ ਪਾਤਸ਼ਾਹ ਬਚਨ ਕੀਤਾ, ਬਾਬਾ ਕੁਛ ਮੰਗ। ਫਿਰ ਬਾਜ ਸਿੰਘ ਆਖਣ ਲੱਗਾ, ਸੱਚੇ ਪਾਤਸ਼ਾਹ ਦਲੀਪ ਸਿੰਘ ਤੁਹਾਡਾ ਬੱਚਾ ਅੰਞਾਣਾ ਹੈ। ਹੱਥ ਦੇ ਕੇ ਰਖਿਓ ਜੇ। ਪਾਤਸ਼ਾਹ ਫਿਰ ਤੀਸਰੀ ਵਾਰ ਬਚਨ ਕੀਤਾ। ਬਾਬਾ ਕੁਛ ਮੰਗ ਲੈ ਤੇ ਅਸੀਂ ਹੁਣ ਤੈਨੂੰ ਲੈਣ ਆਏ ਹਾਂ। ਬਾਜ ਸਿੰਘ ਫਿਰ ਆਖਿਆ ਸੱਚੇ ਪਾਤਸ਼ਾਹ ਦਲੀਪ ਸਿੰਘ (ਬਾਜ ਸਿੰਘ ਦਾ ਪੁੱਤ ਸੀ) ਨੇ ਨਹਿਰ ਦਾ ਠੇਕਾ ਲਿਆ ਹੈ ਤੇ ਉਸਨੂੰ ਨਫਾ ਹੋਵੇ ਤੇ ਮੈਂ ਤੁਹਾਡੀ ਸੇਵਾ ਲੈ ਕੇ ਆਵਾਂਗਾ। ਤੇਜਾ ਸਿੰਘ ਆਖਿਆ ਚਾਚਾ ਤੂੰ ਆਪਣੇ ਵਾਸਤੇ ਕੁਛ ਮੰਗਿਆ ਨਹੀਂ। ਦਲੀਪ ਸਿੰਘ ਵਾਸਤੇ
ਮੰਗਾਂ ਮੰਗੀ ਜਾਂਦਾ ਹੈਂ। ਪਾਤਸ਼ਾਹ ਫਿਰ ਹੱਸ ਕੇ ਆਖਣ ਲੱਗੇ, ਚੰਗਾ ਬਾਬਾ ਅਸੀਂ ਹੁਣ ਜਾਂਦੇ ਹਾਂ। ਭਲਕੇ ਬੰਦਾ ਘੱਲ ਕੇ ਤੈਨੂੰ ਅਸੀਂ ਲੈ ਜਾਵਾਂਗੇ। ਆਪ ਆ ਗਏ ਹਨ ਤੇ ਅਗਲੇ ਦਿਨ ਬਾਜ ਸਿੰਘ ਦੇਹ ਛਡ ਦਿਤੀ। ਪਾਤਸ਼ਾਹ ਨਜ਼ਰੀ ਨਜ਼ਰ ਨਿਹਾਲ ਹਨ। ਇੰਦਰ ਸਿੰਘ ਝੁਬਾਲ ਵਾਲੇ ਨੂੰ ਵੀ ਪਾਤਸ਼ਾਹ ੧੫ ਦਿਨ ਆਂਦੇ ਰਹੇ, ਇੰਦਰ ਸਿੰਘ ਮੰਗ ਜੋ ਮੰਗਣਾ ਈ। ਉਸ ਵੀ ਕੁਛ ਨਹੀਂ ਮੰਗਿਆ। ਜੀਵ ਕੀ ਕਰ ਸਕਦਾ ਹੈ। ਆਪ ਹੀ ਦਇਆ ਕਰਦੇ ਹਨ ਜੀ।।
ਤੋੜੇ ਵਾਲੇ ਲਾਭ ਸਿੰਘ ਦੀ ਸਾਖੀ
ਲਾਭ ਸਿੰਘ ਤੋੜੇ ਦਾ ਮਜ਼੍ਹਬੀ ਸਿਖ ਸੀ। ਉਸ ਐਨੀ ਪਾਤਸ਼ਾਹ ਦੇ ਘਰ ਦੀ ਸੇਵਾ ਕੀਤੀ ਹੈ ਮੈਂ ਉਪਮਾ ਨਹੀਂ ਕਰ ਸਕਦਾ। ੨ ਮੀਲ ਤੋਂ ਘਾਹ ਤੇ ਲੰਗਰ ਵਿਚ ਬਾਲਣ ਰੋਜ਼ ਦੋ ਦੋ ਪੰਡਾਂ ਲਿਔਣਾ। ਰਾਤ ਨੂੰ ਸਾਰੀ ਰਾਤ ਸੱਚੇ ਪਾਤਸ਼ਾਹ ਦੇ ਚਰਨਾਂ ਵਲੇ ਬੈਠ ਕੇ ਸਾਰੀ ਰਾਤ ਸ਼ਬਦ ਪੜ੍ਹਦੇ ਰਹਿਣਾ। ਅੱਠੇ ਪਹਿਰ ਬੋਜੇ ਵਿਚ ਕੈਸੀਂਆ ਰੱਖਦਾ ਸੀ ਵਜੌਣ ਵਾਸਤੇ। ਜਿਨਾਂ ਚਿਰ ਕੰਮ ਕਰਦੇ ਰਹਿਣਾ, ਓਨਾਂ ਚਿਰ ਕਰਦੇ ਰਹਿਣਾ ਤੇ ਫਿਰ ਬਿਛਨ ਪਤੇ ਤੇ ਬਹੁਤ ਪ੍ਰੇਮ ਵਾਲੇ ਸ਼ਬਦ ਪੜ੍ਹਨੇ। ਸੱਚੇ ਪਾਤਸ਼ਾਹ ਸ਼ਬਦ ਸੁਣ ਕੇ ਬੜਾ ਖ਼ੁਸ਼ ਹੋਣਾ। ਪਾਤਸ਼ਾਹ ਆਖਣਾ, ਲਾਭ ਸਿੰਘ ਛਾਲਾਂ ਮਾਰ ਤੇ ਛਾਲਾਂ ਮਾਰਨੀਆਂ। ਜੇ ਆਖਣਾ ਲਾਭ ਸਿੰਘ ਭੱਜ ਕੇ ਵਖਾ, ਤੇ ਭੱਜ ਉਠਣਾ। ਏਸ ਤਰ੍ਹਾਂ ਸਿਖ ਨੇ ਸਤਿ ਬਚਨ ਮੰਨਣਾ। ਪਾਤਸ਼ਾਹ ਖ਼ੁਸ਼ ਹੋ ਕੇ ਆਖਣਾ ਲਾਭ ਸਿੰਘ ਮੰਗ ਜੋ ਮੰਗਣਾ ਈ। ਉਸਨੇ ਬੇਨੰਤੀ ਕਰਨੀ ਪਾਤਸ਼ਾਹ ਮੈਨੂੰ ਹਨੂਮਾਨ ਦਾ ਬਲ ਬਖ਼ਸ਼ੋ, ਤੇ ਸਦਾ ਮੇਰੇ ਹਿਰਦੇ ਤੇ ਰਹੋ। ਅੱਠੇ ਪਹਿਰ ਮੈਨੂੰ ਭੁੱਲੋ ਨਾ। ਕੋਈ ਦਿਨ ਪਾ ਕੇ ਪਾਤਸ਼ਾਹ ਦੇ ਚਰਨਾਂ ਵਿਚ ਸੇਵਾ ਕਰਦਿਆਂ, ਲਾਭ ਸਿੰਘ ਦਾ ਅੰਤ ਸਮਾਂ ਆ ਗਿਆ। ਉਸਨੇ ਦੇਹ ਛੱਡ ਦਿਤੀ। ਦੋ ਮੀਲ ਘਵਿੰਡੋਂ ਖੇਤ ਦਾ ਪੈਂਡਾ ਸੀ, ਓਥੇ ਲਾਭ ਸਿੰਘ ਦੇਹ ਛਡ ਦਿਤੀ। ਬਾਰਾਂ ਭਾਦਰੋਂ ਵਾਲੇ ਦਿਨ ਦੇਹ ਛੱਡੀ ਹੈ। ਲਾਗੇ ਇਕ ਪਿੰਡ ਨਾਰਲੀ ਮੇਲਾ ਸੀ, ਪਾਤਸ਼ਾਹ ਮੇਲੇ ਗਏ ਹਨ। ਰਾਤ ਨੂੰ ਪਾਤਸ਼ਾਹ ਆਏ ਤੇ ਸਿਖਾਂ ਦੱਸਿਆ, ਪਾਤਸ਼ਾਹ, ਲਾਭ ਸਿੰਘ ਦੇਹ ਛੱਡ ਗਿਆ ਹੈ। ਸਿਖਾਂ ਨੇ ਇਸ਼ਨਾਨ ਕਰਾ ਦਿਤਾ, ਸੁੱਕੀ ਬੇਰੀ ਪਾਤਸ਼ਾਹ ਬਾਲਣ ਪਾ ਕੇ ਸਸਕਾਰ ਕੀਤਾ ਹੈ। ਸੱਚੇ ਪਾਤਸ਼ਾਹ ਆਪਣੀ ਹੱਥੀਂ ਲੰਬੂ ਲਾਇਆ ਹੈ ਤੇ ਤਿੰਨ ਵੇਰਾਂ ਬਚਨ ਕੀਤੇ ਨੇ ਕਿ ਲਾਭ ਸਿੰਘ ਤੇਰੀ ਜੇਹੜੀ ਮੰਗ ਸੀ ਅਸਾਂ ਤੈਨੂੰ ਦਿਤੀ। ਐਡੀ ਦਇਆ ਕਰਦੇ ਹਨ ਜੀ। ਐਸੇ ਨਰ ਅਵਤਾਰ ਸੱਚੇ ਪਾਤਸ਼ਾਹ ਦਿਆਲੂ ਸੀ, ਜੁਗਾਂ ਜੁਗਾਂ ਦੇ ਵਿਛੜਿਆਂ ਨੂੰ ਬਾਹੋਂ ਫੜ ਕੇ ਚਰਨੀ ਲਾਇਆ ਹੈ।।
ਗੁਜਰ ਸਿੰਘ ਤੇ ਚੇਤ ਸਿੰਘ ਦਾ ਸ਼ਰੀਰ ਛੁਟਣਾ
ਕੱਤੇ ਦੇ ਮਹੀਨੇ ਵਿਚ ਐਨੀ ਬੀਮਾਰੀ ਸੀ, ਘਰ ਘਰ ਦੋ ਚਾਰ ਮੰਜੇ ਸਾਰਿਆਂ ਦੇ ਪਏ ਸੀ। ਤਾਪ ਚੜ੍ਹ ਜਾਣਾ ਤੇ ਹਿਕ ਪੱਕ ਜਾਣੀ। ਬਹੁਤ ਦੁਨੀਆਂ ਰੋਜ਼ ਮਰਦੀ ਸੀ। ਤੇਜਾ ਸਿੰਘ ਉਸ ਵਕਤ ਭੁੱਚਰ ਹੈ ਤੇ ਹੁਣ ਮਾਣਾ ਸਿੰਘ ਉਸ ਵਕਤ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਹੈ। ਚੇਤ ਸਿੰਘ ਗੁਜਰ ਸਿੰਘ ਦਰਸ਼ਨਾਂ ਨੂੰ ਆਏ ਹਨ। ਰਾਤ ਭੁੱਚਰ ਰਹੇ। ਅਗਲੇ ਦਿਨ ਘਵਿੰਡ ਨੂੰ ਤੁਰੇ ਹਨ। ਨਾਲ ਤੇਜਾ ਸਿੰਘ ਨੂੰ ਵੀ ਜਾਣ ਲਈ ਆਂਦੇ ਹਨ। ਉਸ ਆਖਿਆ ਮੇਰਾ ਬਾਪ ਘਵਿੰਡ ਗਿਆ ਹੈ, ਉਹ ਆਵੇਗਾ ਤੇ ਮੈਂ ਆ ਜਾਵਾਂਗਾ। ਮਾਣਾ ਸਿੰਘ ਘਵਿੰਡੋਂ ਭੁੱਚਰ ਚਲਾ ਗਿਆ ਹੈ ਤੇ ਭੁੱਚਰ ਤੇਜਾ ਸਿੰਘ ਵੀ ਬੀਮਾਰ ਹੋ ਗਿਆ ਹੈ। ਗੁਜਰ ਸਿੰਘ ਤੇ ਚੇਤ ਸਿੰਘ ਘਵਿੰਡ ਆ ਕੇ ਬੀਮਾਰ ਹੋ ਗਏ ਹਨ। ਤੇਜਾ ਸਿੰਘ ਸਖ਼ਤ ਬਿਮਾਰ ਹੋ ਗਿਆ। ਆਪਣੇ ਬਾਪ ਨੂੰ ਆਖਣ ਲਗਾ, ਸੱਚੇ ਪਾਤਸ਼ਾਹ ਅੱਗੇ ਜਾ ਕੇ ਮੇਰੀ ਬੇਨੰਤੀ ਕਰ। ਮਾਣਾ ਸਿੰਘ ਬੇਨੰਤੀ ਕਰਨ ਗਿਆ ਤੇ ਘਵਿੰਡ ਜਾਂਦੇ ਨੂੰ ਗੁਜਰ ਸਿੰਘ ਦੇਹ ਛੱਡ ਜਾਂਦਾ ਹੈ। ਜਾਂਦਿਆਂ ਨੂੰ ਗੁਜਰ ਸਿੰਘ ਦਾ ਸਸਕਾਰ ਕਰਨ ਚਲੇ ਸਨ। ਨਾਲ ਮਾਣਾ ਸਿੰਘ ਵੀ ਸਸਕਾਰ ਕਰਨ ਗਿਆ ਹੈ।
ਪਾਤਸ਼ਾਹ ਘਰ ਆਏ ਹਨ ਤੇ ਮਾਣਾ ਸਿੰਘ ਬੇਨੰਤੀ ਕੀਤੀ ਪਾਤਸ਼ਾਹ ਤੇਜਾ ਸਿੰਘ ਬੜਾ ਸਖ਼ਤ ਬੀਮਾਰ ਹੈ। ਦਇਆ ਕਰਿਓ ਜੇ। ਮੇਰੀ ਤਾਂ ਬੁਢੜੇ ਦੀ ਡੰਗੋਰੀ ਆ ਕਿਤੇ ਭੱਜ ਨਾ ਜਾਏ। ਪਾਤਸ਼ਾਹ ਹੱਸ ਕੇ ਆਖਣ ਲਗੇ, ਬਾਬਾ ਕੋਈ ਖਤਰਾ ਨਹੀਂ ਤੇਰੀ ਡੰਗੋਰੀ ਨੂੰ। ਅਸਾਂ ਤਾਂ ਅਜੇ ਓਹਦੇ ਕੋਲੋਂ ਸੇਵਾ ਬੜੀ ਲੈਣੀ ਆ। ਪਾਤਸ਼ਾਹ ਅੱਗੇ ਬੇਨੰਤੀ ਕਰਨ ਦੀ ਦੇਰ ਸੀ, ਤੇਜਾ ਸਿੰਘ ਨੂੰ ਰਮਾਨ ਹੋ ਗਿਆ ਜੀ। ਫਿਰ ਮਾਣਾ ਸਿੰਘ ਖ਼ੁਸ਼ੀ ਲੈ ਰਿਹਾ ਹੈ। ਪਾਤਸ਼ਾਹ ਆਂਦੇ ਹਨ, ਬਾਬਾ ਅਸੀਂ ਤੈਨੂੰ ਅੱਜ ਨਹੀਂ ਜਾਣ ਦੇਣਾ, ਆਪੇ ਰਮਾਨ ਆਜੂ। ਦੂਸਰੇ ਦਿਨ ਚੇਤ ਸਿੰਘ ਸਿਖ ਵੀ ਘਵਿੰਡ ਪਾਤਸ਼ਾਹ ਦੇ ਚਰਨਾਂ ਵਿਚ ਦੇਹ ਛੱਡ ਗਿਆ ਹੇੈ। ਸੱਚੇ ਪਾਤਸ਼ਾਹ ਨਜ਼ਰੀ ਨਜ਼ਰ ਨਿਹਾਲ ਹਨ। ਆਪਣੀ ਗੋਦ ਵਿਚ ਸਿਖਾਂ ਨੂੰ ਲੈ ਗਏ ਹਨ। ਕਿਸੇ ਮਾਸੀ ਸ਼ਰਬੀ ਦੇ ਅਖ਼ੀਰ ਵੇਲੇ ਵੀ ਹੱਥ ਲੱਗਣ ਨਹੀਂ ਦਿਤੇ। ਗੁਜਰ ਸਿੰਘ ਦੀ ਮਾਤਾ ਸੁਣ ਕੇ ਆਈ ਹੈ ਕਿ ਗੁਜਰ ਸਿੰਘ ਤੇ ਚੇਤ ਸਿੰਘ ਦੋਵੇਂ ਜਣੇਂ ਗੁਜਰ ਗਏ ਹਨ ਜੀ। ਧੰਨ ਸਿਖ ਤੇ ਧੰਨ ਉਸ ਦੀ ਮਾਤਾ ਹੈ। ਜਿਸ ਨੇ ਇਕ ਅਥਰੂ ਵੀ ਆਣ ਕੇ ਨਹੀਂ ਕੇਰਿਆ। ਸਾਰੇ ਅਫਸੋਸ ਕਰਨ ਤੇ ਮਾਤਾ ਆਖੇ, ਜੀ ਫੇਰ ਕੀ ਹੋਇਆ, ਏਨ੍ਹਾਂ ਦੀ ਚੀਜ ਸੀ ਤੇ ਏਹੋ ਲੈ ਗਏ ਹਨ। ਪਾਤਸ਼ਾਹ ਅੱਗੇ ਹੱਥ ਜੋੜ ਕੇ ਬੇਨੰਤੀ ਕੀਤੀ ਕਿ ਸੱਚੇ ਪਿਤਾ ਦੀਨ ਦਿਆਲ ਤ੍ਰਿਲੋਕੀ ਨਾਥ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਅੱਜ ਗੁਜਰ ਸਿੰਘ ਸਿਖ ਤੁਹਾਡਾ ਪੱਕੇ ਪਿਆ ਹੈ, ਤੁਸਾਂ ਆਪ ਦੇ ਚਰਨਾਂ ਵਿਚ ਉਸ ਦੀ ਨਿਭਾਹ ਦਿਤੀ ਹੈ। ਸਿਖ ਤੁਹਾਡੇ ਦਰ ਤੇ ਅੱਜ ਪਰਵਾਨ ਹੋਇਆ ਹੈ ਮੈਂ ਬੜੀ ਖ਼ੁਸ਼ ਹਾਂ। ਬੇਬੇ ਨੇ ਏਹ ਬੇਨੰਤੀ ਕੀਤੀ ਸਾਰੀਆਂ ਜਨਾਨੀਆਂ ਤੇ ਬੰਦੇ ਬੇਨੰਤੀ ਸੁਣ ਕੇ ਹੈਰਾਨ ਪਰੇਸ਼ਾਨ ਹੋ ਗਏ ਹਨ ਕਿ ਐਡਾ ਜਵਾਨ ਪੁਤ ਗੁਜਰ ਗਿਆ ਹੈ ਤੇ ਮਾਈ ਰੋਂਦੀ ਨਹੀਂ। ਏਹ ਸਾਰੀ ਪਾਤਸ਼ਾਹ ਦੀ ਦਇਆ ਹੈ। ਜੀਵ ਦੇ ਕੀ ਵੱਸ ਹੈ ਜੀ।।