ਪੁਸਤਕਾਲਾਜਨਮ ਸਾਖੀ

ਪਾਤਸ਼ਾਹ ਦੇ ਘੋੜਾ ਤੇ ਬੋਲਦ ਚੋਰੀ ਹੋਣੇ

ਇਕ ਸਮੇਂ ਦਾ ਬਚਨ ਹੈ, ਤੇਜਾ ਸਿੰਘ ਸਿਖ ਹਾੜ ਦੇ ਮਹੀਨੇ ਵਿਚ ਬਾਰ ਵਿਚ ਚਲਾ ਗਿਆ ਹੈ। ਅਗਲਾ ਮਹੀਨਾ ਸਾਵਣ ਬਾਰਸ਼ ਦਾ ਹੈ। ਚੇਤ ਸਿੰਘ ਕਲਸੀਆਂ ਵਾਲਾ ਬਕੌਂਠੇ ਰੱਖ ਵਿਚ ਵਾਈ ਕਰਦਾ ਸੀ। ਚੇਤ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਆਇਆ ਹੈ। ਓਸ ਆਖਿਆ ਸੱਚੇ ਪਾਤਸ਼ਾਹ ਰੱਖ ਵਿਚ ਘਾਹ ਬੜਾ ਹੈ ਤੇ ਸੌਣ ਦਾ ਮਹੀਨਾ ਮਾਲ ਸਾਰਾ ਓਥੇ ਘਲ ਦਿਓ। ਤੁਹਾਡਾ ਸਿਖ ਇਕ ਜਾਣਾ ਮਾਲ ਲੈ ਜਾਵੇ, ਚੰਗਾ ਚੰਗਾ ਘਾਹ ਤੁਹਾਡਾ ਮਾਲ ਛਕੀ ਜਾਵੇਗਾ। ਸੱਚੇ ਪਾਤਸ਼ਾਹ ਸਿਖਾਂ ਨੂੰ ਆਖਿਆ, ਜੇਹੜੇ ਕੋਲ ਸਨ ਕਿਸੇ ਹਾਂ ਨਹੀਂ ਕੀਤੀ ਜੀ। ਓਨੇ ਚਿਰ ਨੂੰ ਤੇਜਾ ਸਿੰਘ ਬਾਰ ਵਿਚੋਂ ਆ ਗਿਆ। ਸੱਚੇ ਪਾਤਸ਼ਾਹ ਬਚਨ ਕੀਤਾ ਕਿ ਚੇਤ ਸਿੰਘ ਸਨਾਹ ਦੇ ਗਿਆ ਹੈ ਕਿ ਮਾਲ ਰੱਖ ਵਿਚ ਲੈ ਆਓ। ਤੇਜਾ ਸਿੰਘ ਆਖਿਆ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਹੋਵੇ ਤਿਆਰ ਹਾਂ। ਪਾਤਸ਼ਾਹ ਆਖਿਆ ਮਹੀਂ ਤੇ ਘੋੜੀ ਤੇਜਾ ਸਿੰਘ ਰੱਖ ਵਿਚ ਲੈ ਜਾ। ਤੇਜਾ ਸਿੰਘ ਸਤਿ ਬਚਨ ਮੰਨ ਕੇ ਤੁਰ ਪਿਆ ਹੈ। ੩ ਮੀਲ ਰੱਖ ਦਾ ਪੈਂਡਾ ਹੈ। ਮਹੀਂ ਚਾਰ ਕੇ ਦੋਵੇਂ ਟੈਮ ਦੁੱਧ ਲੈ ਔਣਾ ਤੇ ਪਰਸ਼ਾਦ ਛਕ ਜਾਣਾ। ੨ ਮਹੀਨੇ ਓਥੇ ਮਹੀਂ ਰੱਖੀਆਂ ਹਨ। ਚੇਤ ਸਿੰਘ ਸਿਖ ਨੇੜੇ ਕਰ ਕੇ ਹਰ ਇਕ ਚੀਜ ਦੀ ਬੜੀ ਸੇਵਾ ਕਰਦਾ ਸੀ। ਇਕ ਦਿਨ ਤੇਜਾ ਸਿੰਘ ਨੂੰ ਬੁਖਾਰ ਚੜ੍ਹ ਗਿਆ, ਤੇ ਰੰਗਾ ਸਿੰਘ ਪਾਤਸ਼ਾਹ ਦਾ ਚਾਚਾ, ਮਾਲ ਕੋਲ ਚਲਾ ਗਿਆ। ਰੰਗਾ ਸਿੰਘ ਸੌਂ ਗਿਆ ਤੇ ਇਕ ਚੋਰ ਚੋਰੀ ਘੋੜੀ ਖੋਲ੍ਹ ਕੇ ਲੈ ਗਿਆ। ਰਾਤ ਨੂੰ ਪਾਤਸ਼ਾਹ ਨੂੰ ਸਨੇਹਾ ਆ ਗਿਆ ਕਿ ਬਾਬਾ ਰੰਗਾ ਸਿੰਘ ਘੋੜੀ ਗੁਵਾ ਬੈਠਾ ਹੈ। ਫੇਰ ਜਿਸ ਵੇਲੇ ਪਤਾ ਲੱਗਾ, ਤੇ ਚੋਰ ਫੜਿਆ ਗਿਆ। ਚੋਰ ਪਾਤਸ਼ਾਹ ਨੂੰ ਆਖਣ ਲੱਗਾ ਪਾਤਸ਼ਾਹ ਮੈਂ ਭੁੱਖਾ ਮਰਦਾ ਤੁਹਾਡੀ ਘੋੜੀ ਲੈ ਗਿਆ ਸੀ। ਸੱਚੇ ਪਾਤਸ਼ਾਹ ਬੜੇ ਰੈਹਮ ਦਿਲ ਸਨ। ਗਰੀਬ ਕਰ ਕੇ ਉਸ ਨੂੰ ਛੱਡ ਦਿਤਾ। ਸਿਖਾਂ ਨੇ ਸੇਵਾ ਕਰਨੀ ਤੇ ਚੰਗੀ ਚੀਜ ਲੱਭ ਕੇ ਲਿਆਉਣੀ, ਆਖਣਾ ਪਾਤਸ਼ਾਹ ਨੂੰ ਦਿਆਂਗੇ ਤੇ ਲੋਕਾਂ ਵੇਖ

ਕੇ ਸੜ ਜਾਣਾ। ਜਿਸ ਨੂੰ ਜਣਾਵੇ ਸੋ ਜਨ ਜਾਣੇ, ਜੀਆਂ ਦੇ ਕੀ ਅਖਤਿਆਰ ਹੈ। ਸੱਚੇ ਪਾਤਸ਼ਾਹ ਦੀ ਘੋੜੀ ਚੋਰ ਲੈ ਗਏ ਸੁਣ ਕੇ ਬਲਵੰਤ ਸਿੰਘ ਭੁਚਰ ਵਾਲਾ ਪਤਾ ਲੈਣ ਆਇਆ ਘੋੜੀ ਤੇ ਚੜ੍ਹ ਕੇ ਤੇ ਓਹੋ ਘੋੜੀ ਸਣੇ ਕਾਠੀ ਪਾਤਸ਼ਾਹ ਨੂੰ ਦੇ ਗਿਆ। ਲੋਕੀ ਓਸ ਚੋਰ ਨੂੰ ਫਿਟਕਾਂ ਪੌਣ ਕਿ ਤੂੰ ਪਾਤਸ਼ਾਹ ਦੀ ਹੀ ਘੋੜੀ ਚੁਰੌਣੀ ਸੀ। ਓਨਾਂ ਨੂੰ ਤਾਂ ਕੋਈ ਘਾਟਾ ਨਹੀਂ। ਹੋਰ ਘੋੜੀ ਸਿਖ ਦੇ ਗਏ ਹਨ। ਪਾਤਸ਼ਾਹ ਵੀ ਮਾਸੀਆਂ ਸ਼ਰਾਬੀਆਂ ਨੂੰ ਆਪਣਾ ਆਪ ਨਹੀਂ ਸੀ ਵਖੌਂਦੇ।।

ਸਾਲ ਪਿਛੋਂ ਫੇਰ ਆਸਲਾਂ ਦੇ ਚੋਰ ਪਾਤਸ਼ਾਹ ਦੇ ਦੋ ਬੌਲਦ ਤੇ ਇਕ ਘੋੜਾ ਚੋਰੀ ਕਰ ਕੇ ਲੈ ਗਏ। ਇਕ ਆਸਲਾਂ ਦਾ ਜ਼ਿਮੀਦਾਰ ਉਸ ਨੇ ਦੋ ਖੂਨ ਕੀਤੇ ਸੀ ਤੇ ਰੱਖ ਵਿਚ ਲੁਕਿਆ ਫਿਰਦਾ ਸੀ। ਓਸ ਨੂੰ ਪਤਾ ਲੱਗਾ ਤੇ ਓਸ ਆਖਿਆ ਮਾੜਾ ਕੀਤਾ, ਪਾਤਸ਼ਾਹ ਦੀ ਚੋਰੀਂ ਨਹੀਂ ਸੀ ਕਰਨੀ। ਦਿਨੇ ਲੱਭਣ ਚੜ੍ਹੇ ਹਨ। ਓਸ ਡਾਕੂ ਨੇ ਸਨੇਹਾ ਘਲਿਆ ਕਿ ਪਾਤਸ਼ਾਹ ਐਵੇਂ ਲਭਦੇ ਨਾ ਫਿਰਨ, ਪਸ਼ੂ ਤੇ ਸਾਡੇ ਪਿੰਡ ਦੇ ਲੈ ਆਏ ਹਨ। ਮੈਂ ਆਪੇ ਤੁਹਾਡੇ ਘਰ ਪੁਚਾ ਦਿਆਂਗਾ। ਚੋਰ ਡਾਕੂ ਦੇ ਆਖੇ ਲੱਗ ਕੇ ਵੀ ਨਾ ਮੋੜਨ। ਮਹਾਰਾਜ ਨੇ ਇਕ ਚੋਰ ਨੂੰ ਰਾਤੀਂ ਭੈ ਦਿਤਾ, ਉਹ ਮਰਾਸੀ ਜਾਤ ਦਾ ਸੀ। ਭੈ ਦੇ ਕੇ ਆਖਣ ਲੱਗੇ ਕੁੱਤਿਆ ਮਰਾਸੀਆ ਤੇਰੇ ਪ੍ਰਾਣ ਕੱਢ ਦਿਆਂਗੇ, ਨਹੀਂ ਤੇ ਸਾਡੇ ਬੌਲਦ ਤੇ ਘੋੜੀ ਦੇ ਦੇ। ਮਰਾਸੀ ਉਸੇ ਵਕਤ ਬੌਲਦ ਤੇ ਘੋੜੀ ਜਿਥੇ ਹੈ ਸਨ, ਲੈਣ ਤੁਰ ਪਿਆ। ਬੌਲਦ ਲੈ ਆਇਆ ਘੋੜੀ ਫਿਰ ਨਾਲ ਦੇ ਚੋਰਾਂ ਨਹੀਂ ਦਿਤੀ। ਰੱਖ ਵਾਲੇ ਡਾਕੂ ਕੋਲ ਮਰਾਸੀ ਬੌਲਦ ਛੱਡ ਗਿਆ ਤੇ ਆਖਣ ਲੱਗਾ ਪਾਤਸ਼ਾਹ ਅੱਗੇ ਮੇਰੀ ਬੇਨੰਤੀ ਕਰੀਂ, ਰਾਤ ਮੈਨੂੰ ਬੜਾ ਭੈ ਦਿਤਾ ਹੈ, ਮੇਰੇ ਤੇ ਦਇਆ ਕਰਨ। ਡਾਕੂ ਸਨੇਹਾ ਘਲਿਆ ਸੱਚੇ ਪਾਤਸ਼ਾਹ ਤੁਹਾਡੇ ਬੌਲਦ ਮੇਰੇ ਕੋਲ ਹਨ, ਤੇ ਆਣ ਕੇ ਲੈ ਜਾਓ। ਪਾਤਸ਼ਾਹ ਬੌਲਦ ਲੈਣ ਰੱਖ ਨੂੰ ਗਏ ਤੇ ਨਾਲ ੧੦ ਬੰਦੇ ਸਨ। ਉਥੇ ਮਰਾਸੀ ਬਚਨ ਕੀਤਾ ਕਿ ਪਾਤਸ਼ਾਹ ਮੈਨੂੰ ਦੋ ਰਾਤਾਂ ਸੌਣ ਨਹੀਂ ਦਿਤਾ, ਮੂੰਹ ਵਿਚ ਘਾ ਲੈ ਕੇ ਭੁਲ ਬਖ਼ਸ਼ੌਂਦਾ ਹੈ। ਪਾਤਸ਼ਾਹ ੧੦ ਰੁਪੈਏ ਜੇਬ ਵਿਚੋਂ ਕੱਢ ਕੇ ਮਰਾਸੀ ਨੂੰ ਦਿਤੇ ਤੇ ਖ਼ੁਸ਼ ਹੋ ਗਿਆ। ਬੂੜੀ ਡਾਕੂ ਨੂੰ ਆਖਣ ਲਗੇ, ਜਾਹ ਤੂੰ ਪੇਸ਼ ਹੋ ਜਾ, ਬਰੀ ਹੋਜੇਂਗਾ। ਤੈਨੂੰ ਤੱਤੀ ਵਾ ਨਾ ਲੱਗੂ। ਦੂਸਰਿਆਂ ਚੋਰਾਂ ਨੇ ਘੋੜੀ ਨਹੀਂ ਦਿਤੀ। ਘੋੜੀ ਲਕੌਂਦੇ ਫਿਰਦੇ ਹਨ। ਮਗਰੋਂ ਉਨ੍ਹਾਂ ਦੀ ਬੜੀ ਬਦਨਾਮੀ ਹੋਈ। ਇਕੋ ਫੁਕਾਰਾ ਪਾਤਸ਼ਾਹ ਮਾਰਿਆ, ਫਿਰ ਪਿਛੋਂ ਕਿਸੇ ਚੋਰ ਡੰਗਰ ਨੂੰ ਹੱਥ ਨਹੀਂ ਲਾਇਆ, ਖੁਲ੍ਹੇ ਚਰਦੇ ਰਹੇ।।

ਸੱਚੇ ਪਾਤਸ਼ਾਹ ਦੇ ਸਿਖ ਚੇਤ ਸਿੰਘ ਤੇ ਹਰਸੁਖ ਲਾਲ
ਖੱਤਰੀ ਦੀ ਸਾਖੀ

ਘਵਿੰਡ ਦਾ ਇਕ ਖੱਤਰੀ ਸੀ। ਚੇਤ ਸਿੰਘ ਉਸ ਤੋਂ ਗਰਜ ਬਦਲੇ ਰੁਪੈਏ ਲਏ ਸੀ। ੩ ਸਾਲ ਹੋ ਗਏ ਰੁਪੈਏ ਲਿਆਂ ਨੂੰ। ਇਕ ਦਿਹਾੜੀ ਮਨਿਆਦ ਰੈਂਹਦੀ ਸੀ। ਸੱਚੇ ਪਾਤਸ਼ਾਹ ਅੱਗੇ ਖੱਤਰੀ ਫਰਿਆਦ ਲੌਂਦਾ ਹੈ, ਕਿ ਪਾਤਸ਼ਾਹ ਤੁਹਾਡੇ ਸਿਖ ਚੇਤ ਸਿੰਘ ਤਿੰਨ ਸਾਲ ਹੋ ਗਏ ਮੇਰੇ ਪੈਸੇ ਨਹੀਂ ਦਿਤੇ। ਪਾਤਸ਼ਾਹ ਆਖਣ ਲੱਗੇ ਬਾਬਾ ਜੀ ਭਲਕੇ ਕਲਸੀ ਚਲਾਂਗੇ ਤੇ ਤੈਨੂੰ ਪੈਸੇ ਦਵਾ ਦਵਾਂਗੇ। ਓਹ ਆਖਣ ਲੱਗਾ ਪਾਤਸ਼ਾਹ ਭਲਕ ਦੀ ਦਿਹਾੜੀ ਮਨਿਆਦ ਹੈ। ਕਿਸ ਤਰ੍ਹਾਂ ਹੋਵੇ ਹੁਣ। ਪਾਤਸ਼ਾਹ ਆਖਣ ਲੱਗੇ ਬਾਬਾ ਫਿਕਰ ਨਾ ਕਰ, ਅਸੀਂ ਤੈਨੂੰ ਪੈਸੇ ਦਵਾ ਦਿਆਂਗੇ। ਖੱਤਰੀ ਸਤਿ ਬਚਨ ਮੰਨ ਲਿਆ। ਸੱਚੇ ਪਾਤਸ਼ਾਹ ਫਿਰ ਮਹੀਨਾ ਹੋ ਗਿਆ ਤੇ ਪੈਸੇ ਨਾ ਪੁਛੇ। ਇਕ ਦਿਨ ਪਾਤਸ਼ਾਹ ਨੂੰ ਧਿਆਨ ਆਇਆ ਆਖਣ ਲੱਗੇ ਚਲ ਬਾਬਾ, ਤੈਨੂੰ ਪੈਸੇ ਦੁਵਾ ਲਿਆਈਏ। ਓਸ ਆਖਿਆ ਜੀ ਮੈਂ ਓਥੇ ਜਾ ਕੇ ਕੀ ਬਨੌਣਾ ਹੈ, ਮਨਿਆਦ ਲੰਘ ਗਈ ਹੈ। ਹੁਣ ਜੀ ਕਰਦਾ ਤੇ ਦੁਵਾ ਦਿਓ, ਨਹੀਂ ਤੇ ਨਾ ਦੁਵਾਓ। ਫਿਰ ਖੱਤਰੀ ਪਾਤਸ਼ਾਹ ਦੇ ਨਾਲ ਰਖ ਵਿਚ ਚਲਾ ਗਿਆ ਹੈ ਜੀ। ਸੱਚੇ ਪਾਤਸ਼ਾਹ ਜਦੋਂ ਕਿਤੇ ਜਾਂਦੇ ਸੀ, ਨਾਲ ੧੦ ਆਦਮੀ ਜ਼ਰੂਰ

ਹੁੰਦੇ ਸੀ। ਐਸੇ ਦਿਆਲੂ ਸਨ, ਅੱਠੇ ਪਹਿਰ ਭੰਡਾਰੇ ਭਰਭੂਰ ਰਖਦੇ ਸਨ। ਜੋ ਕੋਈ ਮੂੰਹੋਂ ਮੰਗਦਾ ਸੀ ਦੇਈ ਜਾਂਦੇ ਸਨ। ਕਈ ਤਾਂ ਦਰਸ਼ਨ ਦੇ ਭੁੱਖੇ ਅੱਠੇ ਪਹਿਰ ਨਾਲ ਰੈਂਦੇ ਹਨ, ਤੇ ਕਈ ਢਿਡ ਦੇ ਭੁੱਖੇ ਨਾਲ ਰਹਿੰਦੇ ਹਨ। ਕਈ ਨਾਲ ਸ਼ਿਕਾਰੀ ਕੁੱਤੇ ਤੇ ਹੋਰ ਗਗੜੇ ਸਾਂਸੀ ਵੀ ਨਾਲ ਹੁੰਦੇ ਸਨ। ਓਨ੍ਹਾਂ ਦੀ ਲੀਲ੍ਹਾ ਨੂੰ ਓਹੋ ਜਾਣਦੇ ਹਨ। ਜਿਸ ਤਰ੍ਹਾਂ ਸੌਣ ਦੀ ਘਟਾ ਵੇਖ ਕੇ ਮੋਰ ਖ਼ੁਸ਼ ਹੁੰਦਾ ਹੈ, ਇਸ ਤਰ੍ਹਾਂ ਨਾਲ ਜੇਹੜੇ ਗਰੀਬ ਗੁਰਬੇ ਹਨ, ਓਹ ਖ਼ੁਸ਼ ਹੁੰਦੇ ਹਨ ਕਿ ਚਾਰ ਪਹਿਰ ਪਰਸ਼ਾਦ ਨਾਲ ਰੱਜਾਂਗੇ। ਜਿਸ ਪਾਸੇ ਜਾਂਦੇ ਹਨ ਫੌਜਾਂ ਵਾਂਗੂ ਰੌਲਾ ਪੈਂਦਾ ਜਾਂਦਾ ਹੈ। ਧੰਨ ਮਾਝੇ ਦੇਸ਼ ਦੀ ਧਰਤੀ ਜਿਥੇ ਦੀਨ ਦਿਆਲ ਲੀਲ੍ਹਾ ਕਰ ਰਹੇ ਹਨ। ਸ਼ਿਕਾਰ ਖੇਡਦੇ ਖੇਡਦੇ ਰੱਖ ਵਿਚ ਚਲੇ ਗਏ ਹਨ। ਜੁਗਾਂ ਦੇ ਵਿਛੜਿਆਂ ਨੂੰ ਜੰਗਲਾਂ ਦੇ ਜੀਆਂ ਨੂੰ ਤੇ ਜੰਗਲਾਂ ਦੇ ਦਰਖਤਾਂ ਨੂੰ ਦਰਸ਼ਨ ਦੇ ਕੇ ਤਾਰ ਰਹੇ ਹਨ। ਦੁਪਹਿਰੇ ਜਾ ਕੇ ਚੇਤ ਸਿੰਘ ਦੇ ਘਰ ਪਹੁੰਚੇ ਹਨ। ਚੇਤ ਸਿੰਘ ਤੇ ਉਸ ਦੇ ਪੁੱਤਰ ਦੀਨ ਦਿਆਲ ਨੂੰ ਵੇਖ ਕੇ ਬੜਾ ਖ਼ੁਸ਼ ਹੋਏ। ਨਿਮਸਕਾਰ ਕੀਤੀ ਤੇ ਪਲੰਘ ਡਾਹ ਦਿਤਾ ਤੇ ਸਾਰਾ ਪਰਵਾਰ ਵੇਖ ਕੇ ਬੜਾ ਖ਼ੁਸ਼ ਹੋਇਆ। ਜਲ ਪਾਣੀ ਵੀ ਬੜੇ ਪ੍ਰੇਮ ਨਾਲ ਛਕਾਇਆ ਤੇ ਓਸ ਵਕਤ ਚਾਹ ਧਰੀ ਹੈ। ਛੰਗਾਰ ਸਿੰਘ ਓਸ ਵਕਤ ਆਖਿਆ, (ਚੇਤ ਸਿੰਘ ਦੇ ਵੱਡੇ ਪੁਤ ਨੇ) ਸੱਚੇ ਪਾਤਸ਼ਾਹ ਦੁਧ ਸਵੇਰ ਦਾ ਕੜ੍ਹਿਆ ਹੋਇਆ ਏ, ਤਾਜਾ ਦੁਧ ਤੁਹਾਡੀ ਚਾਹ ਵਿਚ ਪੌਂਦੇ ਤਾਂ ਸਈ ਪਰ . . . . . ਪਾਤਸ਼ਾਹ ਹੱਸ ਕੇ ਬਚਨ ਕੀਤਾ, ਛੰਗਾਰ ਸਿੰਘ, ਜੇਹੜੀ ਮੈਂਹ ਤੇਰੀ ਮਰਜੀ ਆ ਫੜ ਕੇ ਚੋ ਲਾ, ਓਹੋ ਮਿਲ ਪਊ। ਸਾਰੀਆਂ ਮਈਂ ਗਾਈਂ ਤੁਹਾਡੀਆਂ ਸੁਰਿਆਂ ਹੋ ਜਾਣਗੀਆਂ, ਜਦੋਂ ਜੀ ਕਰੇ ਚੋ ਲਿਆ ਕਰਿਓ। ਉਸ ਦਿਨ ਤੋਂ ਜੇਹੜੀ ਮੈਂਹ ਥੱਲੇ ਕੱਟੀ ਕੱਟਾ ਛੱਡਦੇ ਹਨ, ਓਹੋ ਮਿਲ ਪੈਂਦੀ ਹੈ। ਐਸੀ ਪਾਤਸ਼ਾਹ ਦਇਆ ਕੀਤੀ, ਸਾਰੀ ਸੰਗਤਾਂ ਨੂੰ ਪ੍ਰੇਮ ਨਾਲ ਦੁੱਧ ਛਕਾਈ ਜਾਂਦੇ ਹਨ। ਸਭ ਸ਼ਿਕਾਰੀ ਤੇ ਸਿਖ ਧੰਨ ਧੰਨ ਸੱਚੇ ਪਾਤਸ਼ਾਹ ਨੂੰ ਕਰ ਰਹੇ ਹਨ ਕਿ ਸੱਚੇ ਪਾਤਸ਼ਾਹ ਜਿਥੇ ਤੁਸੀਂ ਜਾਂਦੇ ਜੇ, ਓਥੇ ਕੋਈ ਤੋਟ ਨਹੀਂ ਰੈਂਹਦੀ। ਪਰਸ਼ਾਦ ਤਿਆਰ ਹੋ ਗਏ ਹਨ ਜੀ। ਬੇਨੰਤੀ ਕਰ ਕੇ ਥਾਲ ਲਵਾਇਆ ਗਿਆ ਹੈ, ਪਾਤਸ਼ਾਹ ਛਕਦੇ ਹਨ। ਨਾਲ ਗਰੀਬ ਗੁਰਬਾ ਵੀ ਪਰਸੰਨ ਹੋ ਰਹੇ ਹਨ। ਪਰਸ਼ਾਦ ਛਕ ਕੇ ਪਾਤਸ਼ਾਹ ਤੁਰਨ ਲੱਗੇ ਹਨ। ਚੇਤ ਸਿੰਘ ਤੇ ਉਸ ਦੇ ਪੁੱਤਰ ਬੇਨੰਤੀ ਕਰਦੇ ਹਨ। ਸੱਚੇ ਪਾਤਸ਼ਾਹ ਸਾਨੂੰ ਪਾਣੀ ਦੀ ਬੜੀ ਔਖਿਆਈ ਹੈ, ਦੂਰੋਂ ਲਿਔਂਦਾ ਪੈਂਦਾ ਛਕਣ ਵਾਸਤੇ, ਓਹ ਜਲ ਵੀ ਸਵਾਦ ਨਹੀਂ ਹੈ। ਘਵਿੰਡ ਪਿੰਡ ਦਾ ਇਕ ਜ਼ਿਮੀਦਾਰ ਸੁੰਦਰ ਸਿੰਘ ਪਾਤਸ਼ਾਹ ਦਾ ਸਿਖ ਸੀ। ਪਿਛਲਾ ਜਨਮ ਉਸ ਦਾ ਬੜਾ ਉਜਲਾ ਸੀ। ਪਿਛਲੇ ਜਨਮ ਸੁੰਦਰ ਸਿੰਘ ਗਗੋ ਬੂਹੇ ਗੁਰੂ ਹੋਇਆ ਸੀ। ਵੀਰ ਸਿੰਘ ਨਾਮ ਸੀ। ਨੌਰੰਗਾਬਾਦ ਤੇ ਮੁਠਿਆਂ ਵਾਲੇ ਉਸ ਦੇ ਝੰਡੇ ਝੁਲਦੇ ਸੀ। ਹੁਣ ਘਵਿੰਡ ਵਿਚ ਜਰਮ ਲੈ ਕੇ ੧੦੦ ਸਾਲ ਦੀ ਉਮਰ ਹੋ ਗਈ ਹੈ। ਐਡੀ ਉਸ ਤੇ ਪਾਤਸ਼ਾਹ ਦੀ ਦਇਆ ਹੈ, ਉਸ ਨੂੰ ਆਪਣੇ ਪਿਛਲੇ ਜਨਮ ਦੀ ਵੀ ਸੁਰਤ ਹੈ। ਸੱਚੇ ਪਾਤਸ਼ਾਹ ਨੂੰ ਰੋਜ਼ ਸਵੇਰੇ ਉਠ ਕੇ ਨੰਗੀ ਪੈਰੀਂ ਆ ਕੇ ਦਾੜੇ ਨਾਲ ਪਾਤਸ਼ਾਹ ਦੇ ਚਰਨ ਝਾੜਦਾ ਹੈ ਤੇ ਲੰਗਰ ਦੇ ਭਾਂਡੇ ਸਾਰੇ ਮਾਂਜ ਕੇ ਜਾਂਦਾ ਹੈ। ਓਧਰ ਓਥੇ ਸੱਚੇ ਪਾਤਸ਼ਾਹ ਚੇਤ ਸਿੰਘ ਨੂੰ ਆਂਦੇ ਹਨ ਕਿ ਬਾਬੇ ਸੁੰਦਰ ਸਿੰਘ ਨੂੰ ਲਿਆ ਕੇ, ਪਹਿਲਾ ਟੱਪ ਲਵਾ ਲੋ, ਤੇ ਖੂਹਾ ਪੁਟ ਲੋ। ਇਥੋਂ ਅੰਮ੍ਰਿਤ ਜਲ ਨਿਕਲੇਗਾ। ਸੱਚੇ ਪਾਤਸ਼ਾਹ ਸਿਖਾਂ ਨੂੰ ਵਰ ਤੇ ਖ਼ੁਸ਼ੀਆਂ ਦੇ ਕੇ ਨਿਹਾਲ ਕਰ ਕੇ ਆ ਗਏ ਹਨ। ਤੁਰਨ ਲੱਗੇ ਚੇਤ ਸਿੰਘ ਨੂੰ ਆਂਦੇ ਹਨ, ਚੇਤ ਸਿੰਘ ਸੁਖ ਲਾਲ ਖੱਤਰੀ ਆਂਦਾ ਮੈਂ ਚੇਤ ਸਿੰਘ ਕੋਲੋਂ ਰੁਪੈਏ ਲੈਣੇ ਹਨ। ਉਸ ਆਖਿਆ ਜੀ ਦੇਣੇ ਹਨ, ਦੋ ਮੇਰੇ ਕੋਲ ਵੈਹੜਾਂ ਹਨ, ਲੈ ਜਾਵੇ ਤੇ ਪੈਸੇ ਪੂਰੇ ਕਰ ਲਵੇ। ਖੱਤਰੀ ਆਖਣ ਲੱਗਾ ਪਾਤਸ਼ਾਹ ਮੈਥੋਂ ਵੈਹੜਾਂ ਸਾਂਭੀਆਂ ਨਹੀਂ ਜਾਣੀਆਂ। ਮੈਨੂੰ ਥੋੜੇ ਪੈਸੇ ਦੇ ਦੇਵੇ, ਤੇ ਨਕਦ ਦੇ ਦੇਵੇ। ਚੇਤ ਸਿੰਘ ਆਖਿਆ ਮਹਾਰਾਜ ਜੀ ਦੋਵਾਂ ਵੈਹੜਾਂ ਵਿਚੋਂ ਜੇਹੜੀ ਜੀ ਕਰਦਾ ਓ ਮੱਲ ਲਵੇ ਤੇ ਜਦੋਂ ਸੂਣਗੀਆਂ ਓਦੋਂ ਲੈ ਜਾਵੇ, ਮੈਂ ਸਾਂਭੀ ਜਾਂਦਾ ਹਾਂ। ਖੱਤਰੀ ਨੇ ਜੇਹੜੀ ਚੰਗੀ ਸੀ ਓਹ ਮੱਲ ਲਈ। ਬਚਨ ਕਰ ਕੇ ਪਾਤਸ਼ਾਹ ਘਵਿੰਡ ਨੂੰ ਆ ਗਏ ਹਨ। ਕੋਈ ਦਿਨ ਪਾ ਕੇ ਦੋਵੇਂ ਵੈਹੜਾਂ ਸੂ ਪਈਆਂ ਹਨ ਜੀ। ਸ਼ੱਤਰੀ ਵਾਲੀ ਵੈਹੜ ਨੇ ਵੱਛਾ ਦਿਤਾ ਹੈ, ਤੇ

ਦੂਜੀ ਨੇ ਵੱਛੀ ਦਿਤੀ ਹੈ। ਸ਼ੱਤਰੀ ਨੇ ਸੁਣਿਆ ਤੇ ਆਖਣ ਲੱਗਾ, ਪਾਤਸ਼ਾਹ ਮੇਰੀ ਵੈਹੜ ਸੁਣਿਆ ਹੈ ਕਿ ਸੂ ਪਈ ਹੈ, ਦਇਆ ਕਰੋ ਤੇ ਸਾਨੂੰ ਲਿਆ ਦਿਉ। ਪਾਤਸ਼ਾਹ ਆਖਿਆ ਜਾਹ ਬਾਬਾ ਤੂੰ ਆਪੇ ਲੈ ਆ, ਤੈਨੂੰ ਦੇ ਦੇਣਗੇ। ਖੱਤਰੀ ਰੱਖ ਵਿਚ ਚਲਾ ਗਿਆ ਤੇ ਜਾ ਕੇ ਗਊ ਮੰਗੀ ਹੈ। ਚੇਤ ਸਿੰਘ ਆਖਿਆ, ਸ਼ਾਹ ਜੀ ਵੱਛੀ ਵਾਲੀ ਗਊ ਲੈ ਜਾਓ। ਸ਼ੱਤਰੀ ਆਖਣ ਲਗਾ, ਮੇਰੀ ਤਾਂ ਵੱਛੇ ਵਾਲੀ ਹੈ ਤੇ ਮੈਂ ਇਹ ਕਿਉਂ ਖੜਾਂ। ਚੇਤ ਸਿੰਘ ਆਖਣ ਲਗਾ, ਮੈਂ ਵੱਛੇ ਵਾਲੀ ਗਊ ਨਹੀਂ ਦੇਣੀ ਜੀ ਕਰਦਾ ਤੇ ਵੱਛੀ ਵਾਲੀ ਲੈ ਜਾ ਨਹੀਂ ਤੇ ਨਾ ਖੜ। ਸ਼ੱਤਰੀ ਸੱਚੇ ਪਾਤਸ਼ਾਹ ਨੂੰ ਘਵਿੰਡ ਆਣ ਕੇ ਦੱਸਿਆ। ਪਾਤਸ਼ਾਹ ਖੱਤਰੀ ਨੂੰ ਆਖਣ ਲੱਗੇ, ਚੇਤ ਸਿੰਘ ਨਹੀਂ ਮੁਕਰਦਾ। ਅਸੀਂ ਕਿਸੇ ਦਿਨ ਤੇਰੇ ਨਾਲ ਚਲ ਕੇ ਗਊ ਤੇਰੀ ਦੁਵਾ ਲਿਆਵਾਂਗੇ। ਇਕ ਦਿਨ ਪਾਤਸ਼ਾਹ ਆਖਣ ਲਗੇ, ਆ ਬਾਬਾ ਤੇਰੀ ਗਊ ਦੁਵਾ ਲਿਆਈਏ। ਸੱਚੇ ਪਾਤਸ਼ਾਹ ਖੱਤਰੀ ਦੇ ਨਾਲ ਰੱਖ ਵਿਚ ਚਲੇ ਗਏ ਹਨ। ਸਿਖਾਂ ਜਾਂਦਿਆਂ ਦਾ ਦਰਸ਼ਨ ਕਰ ਕੇ ਬੜੇ ਨਿਹਾਲ ਹੋਏ ਹਨ। ਬਾਲੇ ਚੱਕ ਵਾਲਾ ਆਸਾ ਸਿੰਘ ਵੀ ਰੱਖ ਵਿਚ ਵਾਈ ਕਰਦਾ ਸੀ। ਉਸ ਵੀ ਦਰਸ਼ਨ ਕੀਤੇ ਤੇ ਧੰਨ ਧੰਨ ਦਿਹਾੜਾ ਸਮਝਿਆ। ਪਾਤਸ਼ਾਹ ਉਸ ਵਕਤ ਬਚਨ ਬਲਾਸ ਕਰਨ ਲਗੇ। ਆਖਣ ਚੇਤ ਸਿੰਘ, ਅਸਾਂ ਖੱਤਰੀ ਨੂੰ ਘੱਲਿਆ ਸੀ ਤੂੰ ਗਊ ਨਹੀਂ ਦਿਤੀ। ਓਸ ਆਖਿਆ ਜੀ ਮੈਂ ਵੱਛੀ ਵਾਲੀ ਗਊ ਇਹਨੂੰ ਆਖੀ ਤੇ ਏਸ ਨੇ ਖੜੀ ਨਹੀਂ। ਪਾਤਸ਼ਾਹ ਆਖਣ ਲੱਗੇ, ਤੂੰ ਵੱਛਾ ਕਰ ਕੇ ਹੁਣ ਮੁਕਰਦਾ ਹੈ। ਗਊ ਤਾਂ ਇਹਦੀ ਵੱਛੇ ਵਾਲੀ ਹੈ। ਚੇਤ ਸਿੰਘ ਆਖਣ ਲਗਾ, ਪਾਤਸ਼ਾਹ ਮੈਂ ਵੱਛੇ ਵਾਲੀ ਗਊ ਨਹੀਂ ਦੇਣੀ ਜੀ। ਜੀ ਕਰਦਾ ਤੇ ਵੱਛੀ ਵਾਲੀ ਲੈ ਜੇ ਨਹੀਂ ਤਾਂ ਨਾ ਖੜੇ। ਪਾਤਸ਼ਾਹ ਖੱਤਰੀ ਨੂੰ ਆਖਣ ਲੱਗੇ, ਬਾਬਾ ਸਾਡੇ ਆਖੇ ਤੂੰ ਵੱਛੀ ਵਾਲੀ ਗਊ ਲੈ ਜਾ, ਆਪੇ ਤੈਨੂੰ ਲੈਹਣੀਆਂ ਕਰੇਗੀ। ਖੱਤਰੀ ਸਤਿ ਬਚਨ ਮੰਨ ਕੇ ਵੱਛੀ ਵਾਲੀ ਗਊ ਲੈ ਆਇਆ ਹੈ। ਚੇਤ ਸਿੰਘ ਵਾਲੀ ਗਊ ਨੇ ਏਨ੍ਹਾਂ ਨੂੰ ਦੁਧ ਨਹੀਂ ਚੋਣ ਦਿਤਾ। ਵੱਛੇ ਨੂੰ ਚੰਗੌਦੀ ਰਹੀ ਹੈ, ਤੇ ਫਿਰ ਗਾਂ ਮੁੜ ਕੇ ਸੂਈ ਨਹੀਂ। ਓਹੋ ਵੱਛਾ ਦਿਤਾ ਫਿਰ ਨਹੀਂ ਸੂਈ। ਫਿਰ ਜਦੋਂ ਪਾਤਸ਼ਾਹ ਨੇ ਜਾਣਾ ਤੇ ਓਦੋਂ ਚੇਤ ਸਿੰਘ ਬੇਨੰਤੀਆਂ ਕਰਨੀਆਂ। ਸੱਚੇ ਪਾਤਸ਼ਾਹ ਗਊ ਬੜੀ ਸੀ ਵੱਛੇ ਵਾਲੀ ਮੁੜ ਕੇ ਸੂਈ ਨਹੀਂ। ਪਾਤਸ਼ਾਹ ਆਖਣ ਲੱਗੇ, ਚੇਤ ਸਿੰਘ ਅਸੀਂ ਤੇਰੇ ਤੇ ਬੜਾ ਰੈਹਮ ਕਰ ਆਏ ਹਾਂ ਤੇ ਗਊ ਤੇ ਗੁੱਸਾ ਪਾ ਆਏ ਹਾਂ। ਗੁੱਸਾ ਸਾਨੂੰ ਤੇਰਾ ਸੀ, ਜੇਹੜਾ ਤੂੰ ਜਬਾਨ ਕਰਕੇ ਮੁਕਰ ਗਿਆ ਸੀ। ਹੁਣ ਇਹ ਗਊ ਇਸ ਜਨਮ ਵਿਚ ਨਾ ਸੂਏ ਗੀ। ਚੇਤ ਸਿੰਘ ਦੇ ਅਖਤਿਆਰ ਨਹੀਂ, ਅਸੀਂ ਸਾਰੇ ਸਿਖ ਹੀ ਭੁਲਣਹਾਰ ਹਾਂ। ‘‘ਭੁਲਣ ਅੰਦਰ ਸਭ ਕੋ ਅਣਭੁਲ ਗੁਰੂ ਕਰਤਾਰ’’, ਸੱਚੇ ਪਿਤਾ ਆਪ ਹੀ ਬਾਹੋਂ ਫੜ ਕੇ ਸਿਖਾਂ ਨੂੰ ਤਾਰ ਰਹੇ ਹਨ। ਸਾਡੇ ਵਿਚ ਗੁਣ ਕੋਈ ਨਹੀਂ।।

ਤੇਜਾ ਸਿੰਘ ਸਿਖ ਦੀ ਸਾਖੀ ਕਿਸ ਤਰ੍ਹਾਂ ਪਾਤਸ਼ਾਹ ਨੂੰ
ਘੋੜਾ ਦਿਤਾ

ਤੇਜਾ ਸਿੰਘ ਸਿਖ ਨੇ ਇਕ ਵੇਰਾਂ ਤਿੰਨ ਵਛੇਰੇ ਕੱਠੇ ਖਰੀਦੇ। ਜਿਸ ਵੇਲੇ ਢਾਈਆਂ ਤਿੰਨਾਂ ਸਾਲਾਂ ਦੇ ਘੋੜੇ ਬਣੇ ਹਨ ਜੀ। ਇਕ ਵਛੇਰਾ ਛੋਟਾ ਵੇਚ ਲਿਆ ਤੇ ਦੂਸਰੇ ਦੋ ਪਾਸ ਹਨ। ਉਨ੍ਹਾਂ ਦੋਹਾਂ ਵਿਚੋਂ ਇਕ ਬੜਾ ਸੁੰਦਰ ਘੋੜਾ ਸੀ ਕਮੈਦ ਰੰਗ ਦਾ। ਮੱਥਿਓ ਬੱਲਾ ਤੇ ਚੰਬਾ ਸੀ। ਦਰਸ਼ਨ ਕਰਨ ਨੂੰ ਮਾਣਾ ਸਿੰਘ ਘਵਿੰਡ ਆਇਆ ਹੋਇਆ ਹੈ। ਪਾਤਸ਼ਾਹ ਆਖਣ ਲਗੇ, ਬਾਬਾ ਅਸਾਂ ਤੇਰੇ ਕੋਲੋਂ ਘੋੜਾ ਸੇਵਾ ਵਿਚ ਲੈਣਾ ਹੈ। ਹੱਥ ਜੋੜ ਕੇ ਮਾਣਾ ਸਿੰਘ ਆਖਣ ਲਗਾ, ਸੱਚੇ ਪਿਤਾ ਆਪ ਦੇ ਘੋੜੇ ਹਨ। ਜਦੋਂ ਹੁਕਮ ਕਰੋ ਉਸੇ ਵਕਤ ਸੇਵਾ ਵਿਚ ਦੇ ਜਾਂਦਾ ਹਾਂ। ਮਹਾਰਾਜ ਹੋਰੀਂ ਆਖਣ ਲੱਗੇ, ਬਾਬਾ ਜੇਹੜੀ ਸੇਵਾ ਮੂੰਹੋਂ ਕੱਢੀਏ, ਉਸੇ ਵਕਤ ਦੇ ਦੇਣੀ ਚਾਹੀਦੀ ਹੈ। ਹੱਥ ਜੋੜ ਕੇ ਬੇਨੰਤੀ ਕਰਦਾ ਹੈ ਦੀਨ ਦਿਆਲ ਦੋ ਵਛੇਰੇ ਨੇ, ਜੇਹੜਾ ਹੁਕਮ ਕਰੋ ਮੈਂ ਭੇਜ ਦੇਂਦਾ ਹਾਂ। ਮਹਾਰਾਜ ਹੋਰੀਂ ਆਖਣ ਲਗੇ, ਬਾਬਾ ਜਿਹੜਾ ਕਮੈਤ ਰੰਗ ਦਾ ਘੋੜਾ ਹੈ, ਓਹ ਸਾਨੂੰ ਭੇਜ ਦੇ। ਤੇਜਾ ਸਿੰਘ ਦੇ ਬਾਪ ਨੇ ਘੋੜਾ ਲਿਆ ਕੇ ਪਾਤਸ਼ਾਹ ਦੀ ਸੇਵਾ

ਕਰ ਦਿਤੀ। ਪਾਤਸ਼ਾਹ ਪੁਛਦੇ ਨੇ, ਬਾਬਾ ਘੋੜਾ ਲਾਦੂ ਕੱਢਿਆ ਕਿ ਨਹੀਂ ? ਉਸ ਆਖਿਆ ਜੀ ਅਸੀਂ ਤਾਂ ਨਹੀਂ ਉਤੇ ਚੜ੍ਹੇ, ਆਪ ਦਇਆ ਕਰੋ।।

ਭਾਦਰੋਂ ਦੇ ਮਹੀਨੇ ਦਾ ਬਚਨ ਹੈ, ਦੂਸਰਾ ਵਛੇਰਾ ਪਾਲਦੇ ਹਨ ਜੀ। ਤੇਜਾ ਸਿੰਘ ਦੂਸਰੇ ਵਛੇਰੇ ਚੜ੍ਹ ਕੇ ਪਾਤਸ਼ਾਹ ਕੋਲ ਆਇਆ ਹੈ ਦਰਸ਼ਨ ਕਰਨ। ਪਾਤਸ਼ਾਹ ਹੱਸ ਕੇ ਆਖਣ ਲੱਗੇ ਤੇਜਾ ਸਿੰਘ ਆਪਣੇ ਵਾਲਾ ਘੋੜਾ ਸਾਨੂੰ ਦੇ ਦੇ ਤੇ ਸਾਡੇ ਵਾਲਾ ਤੂੰ ਲੈ ਲਾ। ਜੇ ਭਾਗ ਚੰਗੇ ਹੁੰਦੇ ਤੇ ਸਿਖ ਸਤਿ ਬਚਨ ਮੰਨ ਲੈਂਦਾ ਜੀ। ਅੱਗੋਂ ਸਗੋਂ ਬੇਨੰਤੀ ਕਰਨ ਦੀ ਬਜਾਏ ਤੇਜਾ ਸਿੰਘ ਆਖਣ ਲਗਾ, ਸੱਚੇ ਪਾਤਸ਼ਾਹ ਇਹ ਘੋੜਾ ਨਹੀਂ ਤੁਹਾਨੂੰ ਦੇਣ ਵਾਲਾ। ਸਿਖ ਦਾ ਕਰਮ ਨਹੀਂ ਅਗੋਂ ਪਾਤਸ਼ਾਹ ਦਾ ਬਚਨ ਮੋੜਨਾ ਜੀ। ਪਰ ਸੱਚੇ ਪਾਤਸ਼ਾਹ ਜਬਾਬ ਸੁਣ ਕੇ ਚੁਪ ਕਰ ਗਏ। ਐਸਾ ਖੋਟਾ ਬਚਨ ਕਰਨ ਕਰਕੇ ਪਾਤਸ਼ਾਹ ਨਰਾਜ਼ ਜਾਪਦੇ ਹਨ। ਦਿਹਾੜੀ ਰਹਿ ਕੇ ਤੇਜਾ ਸਿੰਘ ਚਲਾ ਗਿਆ ਹੈ। ਜਾ ਕੇ ਆਪਣੇ ਬਾਪ ਨੂੰ ਆਖਿਆ, ਬਾਪੂ ਪਾਤਸ਼ਾਹ ਤਾਂ ਇਹ ਵੀ ਘੋੜਾ ਮੰਗਦੇ ਸਨ। ਮਾਣਾ ਸਿੰਘ ਆਖਣ ਲਗਾ, ਫੇਰ ਤੂੰ ਕੀ ਆਖਿਆ ਸੀ। ਤੇਜਾ ਸਿੰਘ ਆਖਿਆ ਬਾਪੂ ਮੈਂ ਆਖਿਆ ਸੀ, ਪਾਤਸ਼ਾਹ ਏਹ ਘੋੜਾ ਨਹੀਂ ਤੁਹਾਡੇ ਦੇਣ ਵਾਲਾ। ਮਾਣਾ ਸਿੰਘ ਆਖਿਆ ਤੂੰ ਬਹੁਤ ਕਠੋਰ ਬਚਨ ਬੋਲਿਆ ਹੈ। ਸਿਖ ਦਾ ਕੰਮ ਨਹੀਂ ਇਹ ਬਚਨ ਬੋਲਣਾ। ਤੇਜਾ ਸਿੰਘ ਆਖਿਆ, ਮੈਥੋਂ ਬਾਪੂ ਜੀ ਗਲਤੀ ਹੋ ਗਈ ਹੈ, ਮੈਨੂੰ ਭੁਲ ਬਖ਼ਸ਼ਣਾ। ਕੋਈ ਦਿਨ ਪਾ ਕੇ ਤੇਜਾ ਸਿੰਘ ਵਿਸਾਖੀ ਤੇ ਘੋੜਾ ਲੈ ਕੇ ਗਿਆ ਹੈ। ੫੦੦ ਰੁਪੈਆ ਘੋੜੇ ਦਾ ਮਿਲੇ ਤੇ ਤੇਜਾ ਸਿੰਘ ਨੇ ਦਿਤਾ ਨਾ। ਠੱਗਾਂ ਕੋਲੋਂ ਘੋੜਾ ਠਗਾ ਕੇ ਆ ਗਿਆ। ਰਸੀਦ ਵੀ ਓਨ੍ਹਾਂ ਨੇ ਬਣਵਾ ਲਈ ਤੇ ਪੈਸੇ ਵੀ ਨਾ ਓਨ੍ਹਾਂ ਦਿਤੇ। ਪਾਤਸ਼ਾਹ ਦੇ ਹੁਕਮ ਮੋੜਨ ਦਾ ਫਲ ਪਾ ਲਿਆ। ਸਿਖੀ ਵਿਚ ਕਲੰਕ ਲਗ ਗਿਆ ਕਿ ਪਾਤਸ਼ਾਹ ਦਾ ਬਚਨ ਮੋੜਿਆ ਤੇ ਘੋੜਾ ਗੁਆ ਲਿਆ। ਸਿਖ ਸਦਾ ਭੁਲਣਹਾਰ ਹਨ, ਤੇ ਸੱਚਾ ਸਾਹਿਬ ਬਖ਼ਸ਼ਣਹਾਰ ਹੈ। ਏਸੇ ਕਰ ਕੇ ਸਿਖੀ ਦਾ ਬਚਨ ਲਿਖਿਆ ਹੈ, ‘‘ਖੰਡਿਉਂ ਤਿਖੀ ਤੇ ਵਾਲੋਂ ਨਿਕੀ’’। ਨਿਰੰਕਾਰ ਸੱਚੇ ਪਾਤਸ਼ਾਹ ਦੇ ਦਵਾਰੇ ਸੋਚ ਕੇ ਬਚਨ ਬੋਲਣ ਦੀ ਲੋੜ ਹੈ। ਮਾੜਾ ਬਚਨ ਕੱਢਣ ਨਾਲ ਭੋਗਣਾ ਪੈ ਜਾਂਦਾ। ਅਠ ਘੋੜੇ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਭੁਚਰੋਂ ਆਏ ਹਨ।।

ਇਕ ਵੇਰਾਂ ਦਾ ਬਚਨ ਹੈ ਕਿ ਤੇਜਾ ਸਿੰਘ ਦੀਆਂ ਅੱਖਾਂ ਦੁਖਣੀਆਂ ਆ ਗਈਆਂ। ਐਨੀਆਂ ਦੁਖਦੀਆਂ ਹਨ ਕਿ ਬਿਲਕੁਲ ਅੱਖੀਂ ਦਿਸਣੋਂ ਹਟ ਗਿਆ। ਚੋਰਾਂ ਠੱਗਾਂ ਵਲ ਧਿਆਨ ਰੱਖਣ ਨਾਲ ਮੇਰੀਆਂ ਅੱਖਾਂ ਬੰਦ ਹੋ ਗਈਆਂ। ੨੭ ਚੱਕੋਂ ੧੦੦ ਕੋਹ ਪੈਂਡਾ ਘਵਿੰਡ ਦਾ ਸੀ। ਬਾਰ ਵਾਲਾ ਬੁਧ ਸਿੰਘ ਪਾਤਸ਼ਾਹ ਦਾ ਸਿੱਖ ਸੀ। ਤੇਜਾ ਸਿੰਘ ਤੇ ਬੁਧ ਸਿੰਘ ਦਾ ਬੜਾ ਪਿਆਰ ਸੀ। ਤੇਜਾ ਸਿੰਘ ਬੁਧ ਸਿੰਘ ਨੂੰ ਆਖਣ ਲਗਾ, ਬੁਧ ਸਿੰਘ ਮੈਂ ਪਾਤਸ਼ਾਹ ਦੀ ਸੇਵਾ ਵਿਚੋਂ ਆ ਗਿਆ ਹਾਂ, ਤੇ ਮੇਰੀਆਂ ਅੱਖਾਂ ਦੁਖਦੀਆਂ ਹਨ। ਜੇ ਮੈਂ ਚਲਾ ਜਾਵਾਂ, ਜਾ ਕੇ ਭੁੱਲ ਬਖ਼ਸ਼ਾ ਲਵਾਂ ਤੇ ਹੁਣੇ ਰਮਾਨ ਆ ਜੇ। ਮੇਰੇ ਪਾਸ ਸੇਵਾ ਹੈ ਨਹੀਂ ਤੇ ਇਸ ਕਰ ਕੇ ਨਹੀਂ ਜਾਂਦਾ। ਬੁਧ ਸਿੰਘ ਕਿਹਾ ਜੋ ਜੀ ਕਰਦਾ ਤੇਰਾ ਮੇਰੇ ਪਾਸੋਂ ਸੇਵਾ ਲੈ ਜਾ, ਮੈਂ ਕਿਸੇ ਕੋਲੋਂ ਲੈ ਦੇਂਦਾ ਹਾਂ। ਤੂੰ ਜਾ ਕੇ ਸੇਵਾ ਕਰ ਤੇ ਦਰਸ਼ਨ ਕਰ ਆ। ਬੁਧ ਨੇ ਇਕ ਸੌ ਪੰਜਾਹ ਰੁਪੈਏ ਪਾਲ ਸਿੰਘ ਕੋਲੋਂ ਉਧਾਰ ਲੈ ਕੇ ਦਿਤੇ ਫਿਰ ਤੇਜਾ ਸਿੰਘ ਨੇ ਸਵਾ ਸੌ ਰੁਪੈਏ ਦਾ ਘੋੜਾ ਚਿੱਟੇ ਰੰਗ ਦਾ ਲਿਆ ਤੇ ਨਵੀਂ ਕਾਠੀ ੨੫ ਰੁਪੈਏ ਦੀ ਲੈਲਪੁਰੋਂ ਲੈ ਕੇ ਪਾਤਸ਼ਾਹ ਦੇ ਚਰਨਾਂ ਵਿਚ ਧਿਆਨ ਰਖ ਕੇ ਤੁਰ ਪਿਆ ਹੈ ਜੀ। ਇਕ ਮੰਜ਼ਲ ਪੁਛ ਪੁਛਾ ਕੇ ਆਇਆ ਤੇ ਦੂਸਰੀ ਮੰਜ਼ਲ ਪਾਤਸ਼ਾਹ ਦਇਆ ਕਰ ਦਿਤੀ, ਚਾਨਣ ਹੋ ਗਿਆ। ਨਿਗਾਹ ਠੀਕ ਹੁੰਦੀ ਗਈ। ਚੌਥੇ ਦਿਨ ਪਾਤਸ਼ਾਹ ਦੇ ਚਰਨਾਂ ਵਿਚ ਪਹੁੰਚ ਗਿਆ ਹੈ। ਜਿਸ ਵਕਤ ਪਾਤਸ਼ਾਹ ਦਾ ਦਰਸ਼ਨ ਕੀਤਾ ਦੁਖ ਦੂਰ ਹੋ ਗਏ। ਪਾਤਸ਼ਾਹ ਅੱਗੇ ਬੇਨੰਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਭੁਲ ਬਖ਼ਸ਼ੋ। ਆਪ ਦੀ ਚੀਜ ਆਪ ਦੇ ਪਾਸ ਆ ਗਈ ਹੈ। ਮੈਨੂੰ

ਹੁਣ ਹੱਥੀਂ ਸੇਵਾ ਤੇ ਦੇਹ ਨਰੋਈ ਤੇ ਸਾਸ ਸੁਖਾਲੇ ਬਖ਼ਸ਼ੋ। ਪਾਤਸ਼ਾਹ ਆਖਣ ਲੱਗੇ ਅਸੀਂ ਤੁਹਾਨੂੰ ਬਲਦੀਆਂ ਅੱਗਾਂ ਵਿਚੋਂ ਕੱਢਦੇ ਹਾਂ, ਤੁਸੀਂ ਜਾਣ ਜਾਣ ਕੇ ਵੜਦੇ ਜੇ। ਜੇਕਰ ਸਾਡੀ ਕਿਰਪਾ ਨਾ ਹੁੰਦੀ ਤੇ ਸਾਡੇ ਚਰਨਾਂ ਵਿਚ ਕਿਸ ਤਰ੍ਹਾਂ ਆਉਂਦਾ। ਸਾਨੂੰ ਤਾਂ ਸਾਰਾ ਪਿਛਲੀਆਂ ਤੁਹਾਡੀਆਂ ਕਮਈਆਂ ਦਾ ਪਤਾ ਹੈ, ਤੇ ਤੁਹਾਨੂੰ ਕੀ ਪਤਾ ਹੈ। ਸ਼ੁਕਰ ਕਰ ਕੇ ਘੋੜਾ ਵੀ ਨਿਮਸਕਾਰ ਕਰ ਕੇ ਮੱਥਾ ਟੇਕ ਦਿਤਾ। ਆਪ ਸਤਿ ਬਚਨ ਮੰਨ ਕੇ ਸੇਵਾ ਨੂੰ ਲਗ ਪਿਆ ਜੀ। ਤੇਜਾ ਸਿੰਘ ਸਿਖ ਬੁਧ ਸਿੰਘ ਦਾ ਬੜਾ ਧੰਨਵਾਦ ਕਰਦਾ ਹੈ ਜਿਸ ਨੇ ਕਰਜਾ ਉਠਾ ਕੇ ਗੁਰ ਭਾਈ ਨੂੰ ਸੇਵਾ ਵਿਚ ਘੱਲਿਆ ਹੈ ਜੀ। ਪਾਲ ਸਿੰਘ ਨੂੰ ਬੁਧ ਸਿੰਘ ਨੇ ਆਪ ਪੈਸੇ ਦੇ ਦਿਤੇ। ਤੇਜਾ ਸਿੰਘ ਨੂੰ ੫ ਸਾਲ ਪੁਛਿਆ ਨਹੀਂ। ਫਿਰ ਤੇਜਾ ਸਿੰਘ ਆਪਣੇ ਆਪ ਬੁਧ ਸਿੰਘ ਨੂੰ ਪੈਸੇ ਦਿਤੇ ਹਨ ਜੀ।।

ਬਾਰ ਵਾਲੀ ਸਿਖੀ ਦਾ ਪਾਲ ਸਿੰਘ ਥੰਮ ਸੀ। ਕਿਸੇ ਰਕਮ ਦੀ ਤਕਲੀਫ ਜਾਂ ਚਿੰਤਾ ਹੋਵੇ, ਪਾਤਸ਼ਾਹ ਦੇ ਬਚਨ ਸੁਣਾ ਕੇ ਕੈਮ ਕਰ ਦਿੰਦਾ ਸੀ।

ਇੰਦਰ ਸਿੰਘ ਝੁਬਾਲ ਵਾਲੇ ਨੇ ਪਾਤਸ਼ਾਹ ਦੀ ਸ਼ਰਨ ਔਣਾ

ਇੰਦਰ ਸਿੰਘ ਝੁਬਾਲ ਦਾ ਇਕ ਸਿਖ ਸੀ। ਓਹ ੨੧ ਸਾਲ ਦਾ ਸੀ ਜਦੋਂ ਪਾਤਸ਼ਾਹ ਦੀ ਸ਼ਰਨ ਲੱਗਾ ਹੈ ਸ਼ਰਨ ਲੱਗਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਓਸ ਨੂੰ ਦਰਸ਼ਨ ਦੇਂਦੇ ਸਨ। ਮਨ ਵਿਚ ਤਾਂ ਸਮਝੇ ਕਿ ਪਾਤਸ਼ਾਹ ਅਵਤਾਰ ਧਾਰਿਆ ਹੈ, ਪਤਾ ਨਾ ਓਸ ਨੂੰ ਲੱਗੇ ਕੇਹੜੀ ਜਗ੍ਹਾ ਹਨ। ਮੁਲਤਾਨ ਵਿਚ ਇੰਦਰ ਸਿੰਘ ਰੇਲਵਾਈ ਕਾਰਖਾਨੇ ਵਿਚ ਨੌਕਰ ਹੁੰਦਾ ਸੀ। ਇੰਦਰ ਸਿੰਘ ਛੁੱਟੀ ਆਇਆ ਹੈ। ਇੰਦਰ ਸਿੰਘ ਦੀ ਭੈਣ ਪਊਵਿੰਡ ਵਿਆਈ ਹੋਈ ਸੀ, ਓਸ ਨੂੰ ਮਿਲਣ ਗਿਆ ਹੈ। ਇੰਦਰ ਸਿੰਘ ਦੀ ਭਣੇਵੀ ਰਾਮਗੜ੍ਹੀਆਂ ਸਿੰਘਾਂ ਦੇ ਘਰ ਗਾਗੇ ਵਿਆਈ ਹੋਈ ਸੀ। ਗਾਗੇ ਵਾਲੇ ਪਾਤਸ਼ਾਹ ਦੀ ਭੂਆ ਦੇ ਪੁਤ ਭਰਾ ਸਨ। ਸੱਚੇ ਪਾਤਸ਼ਾਹ ਆਪ ਦੀ ਭੂਆ ਨੂੰ ਮਿਲਣ ਜਾਂਦੇ ਹੁੰਦੇ ਸਨ। ਪਾਤਸ਼ਾਹ ਦੀ ਸਕੀ ਭੈਣ ਠਾਕਰੀ ਵੀ ਗਾਗੇ ਪਿੰਡ ਵਿਆਈ ਹੋਈ ਸੀ। ਭੂਆ ਤੇ ਭੈਣ ਨੂੰ ਪਾਤਸ਼ਾਹ ਮਹੀਨੇ ੨੦ ਦਿਨਾਂ ਪਿਛੋਂ ਜਰੂਰ ਮਿਲਣ ਜਾਂਦੇ ਸਨ। ਸੱਚੇ ਪਾਤਸ਼ਾਹ ਦਿਲਾਂ ਦੀਆ ਜਾਨਣ ਵਾਲੇ ਨੇ। ਪਊਵਿੰਡ ਵਾਲੀ ਬੀਬੀ (ਇੰਦਰ ਸਿੰਘ ਦੀ ਭਣੇਂਵੀ) ਬੜੀ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੀ ਤਾਂਘ ਰਖਦੀ ਸੀ। ਪਾਤਸ਼ਾਹ ਐਡੇ ਦਿਆਲ ਹੋਏ ਉਸ ਬੀਬੀ ਨੂੰ ਸੋਲਾਂ ਕਲਾਂ ਸੰਪੂਰਨ ਦਰਸ਼ਨ ਦੇਣ ਲਗ ਪਏ। ਜਿਸ ਵਕਤ ਪਊਵਿੰਡ ਆਪ ਦੇ ਪੇਕੇ ਘਰ ਬੀਬੀ ਜਾਂਦੀ ਸੀ, ਅੱਠੇ ਪਹਿਰ ਮੋਰ ਮੁਕਟ ਸਿਰ ਤੇ ਦਰਸ਼ਨ ਦੇਂਦੇ ਰਹਿਣ, ਐਡੇ ਮਿਹਰਵਾਨ ਹਨ।।

ਸੰਤ ਮਨੀ ਸਿੰਘ ਵੀ ਗਾਗੇ ਜਾਂਦੇ ਸਨ। ਬੀਬੀ ਨੇ ਓਹਨਾਂ ਦਾ ਵੀ ਦਰਸ਼ਨ ਕੀਤਾ ਹੋਇਆ ਸੀ। ਸੰਤਾਂ ਨੂੰ ਗੁਰੂ ਜਾਣ ਕੇ ਹਿਰਦੇ ਵਿਚ ਰੱਖਦੀ ਸੀ। ਉਸ ਬੀਬੀ ਨੇ ਆਪ ਦੀ ਮਾਤਾ ਨਾਲ ਬਚਨ ਕੀਤੇ ਕਿ ਨਿਹਕਲੰਕ ਅਵਤਾਰ ਤ੍ਰਿਲੋਕੀ ਨਾਥ ਨੇ ਘਵਿੰਡ ਪਿੰਡ ਵਿਚ ਅਵਤਾਰ ਧਾਰਿਆ ਹੈ, ਰਾਮਗੜ੍ਹੀਆਂ ਸਿਖਾਂ ਦੇ ਘਰ ਤੇ ਮੇਰੀ ਸੱਸ ਦੇ ਭਤੀਏ ਲਗਦੇ ਹਨ। ਪਾਤਸ਼ਾਹ ਦੀ ਸਕੀ ਭੈਣ ਵੀ ਸਾਡੇ ਕੋਲ ਹੈ, ਉਸ ਦੇ ਕੋਲ ਔਂਦੇ ਹਨ, ਤੇ ਮੈਨੂੰ ਦਰਸ਼ਨ ਹੋ ਜਾਂਦਾ ਹੈ। ਸੰਤ ਮਨੀ ਸਿੰਘ ਦਾ ਵੀ ਮੈਂ ਦਰਸ਼ਨ ਕੀਤਾ ਹੈ। ਬੀਬੀ ਦੀ ਮਾਤਾ ਨੂੰ ਬਚਨ ਸੁਣ ਕੇ ਬੜਾ ਪ੍ਰੇਮ ਜਾਗਿਆ। ਓਸ ਆਖਿਆ ਬੀਬੀ ਤੇਰੇ ਨਾਲ ਸਾਨੂੰ ਵੀ ਦਰਸ਼ਨ ਹੋ ਜਾਣਗੇ। ਉਸ ਨੇ ਆਖਿਆ, ਚਲੋ ਮਾਤਾ ਜੀ ਆਪਾਂ ਐਥੋਂ ਸਿਧੇ ਘਵਿੰਡ ਜਾ ਕੇ ਦਰਸ਼ਨ ਕਰ ਆਈਏ। ਜਿਸ ਵਕਤ ਇੰਦਰ ਸਿੰਘ ਗਿਆ ਤੇ ਦੋਵੇਂ ਮਾਵਾਂ ਧੀਆਂ ਪਾਤਸ਼ਾਹ ਦਾ ਜਸ ਕਰ ਕੇ ਅਨੰਦ ਹੋ ਰਹੀਆਂ ਹਨ। ਜਦੋਂ ਬੀਬੀ ਬਹੇ ਜਾਂ ਉਠੇ ਓਦੋਂ ਸੱਚੇ ਪਾਤਸ਼ਾਹ ਦਾ ਨਾਮ ਲੈਂਦੀ ਸੀ। ਇੰਦਰ ਸਿੰਘ ਆਖਣ ਲਗਾ, ਬੀਬੀ ਤੂੰ ਕੀਹਦਾ ਨਾਮ ਜਪਦੀ ਹੈਂ। ਓਹ ਆਖਣ ਲੱਗੀ ਮਾਮਾ ਜੀ, ਮੈਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਨਾਮ ਜਪਦੀ ਹਾਂ। ਓਹ ਆਖਣ ਲੱਗਾ ਮਹਾਰਾਜ ਕਿਥੇ ਰਹਿੰਦੇ ਹਨ। ਬੀਬੀ

ਸ੍ਰ ਬਿਸ਼ਨ ਸਿੰਘ · ਸ੍ਰ ਇੰਦਰ ਸਿੰਘ ਸ੍ਰ ਪ੍ਰੀਤਮ ਸਿੰਘ
ਸ੍ਰ ਬਿਸ਼ਨ ਸਿੰਘ · ਸ੍ਰ ਇੰਦਰ ਸਿੰਘ ਸ੍ਰ ਪ੍ਰੀਤਮ ਸਿੰਘ

ਆਖਣ ਲੱਗੀ ਮਾਮਾ ਜੀ ਘਵਿੰਡ ਨਗਰ ਵਿਚ ਰਾਮਗੜ੍ਹੀਆਂ ਸਿਖਾਂ ਦੇ ਘਰ ਅਵਤਾਰ ਧਾਰਿਆ ਹੈ। ਗਾਗੇ ਵੀ ਪਾਤਸ਼ਾਹ ਔਂਦੇ ਹਨ ਆਪ ਦੀ ਭੂਆ ਤੇ ਭੈਣ ਕੋਲ ਤੇ ਮੈਨੂੰ ਵੀ ਦਰਸ਼ਨ ਹੋ ਜਾਂਦਾ ਹੈ। ਓਸ ਵਕਤ ਇੰਦਰ ਸਿੰਘ ਆਖਣ ਲਗਾ ਬੀਬੀ ਤੂੰ ਬੜੇ ਭਾਗਾਂ ਵਾਲੀ ਹੈਂ, ਮੈਨੂੰ ਵੀ ਦਰਸ਼ਨ ਕਰਾ। ਓਸ ਵਕਤ ਇੰਦਰ ਸਿੰਘ ਬਚਨ ਕਰਦਾ ਹੈ ਕਿ ਬੀਬੀ ਮੈਨੂੰ ਵੀ ਪਾਤਸ਼ਾਹ ਦਰਸ਼ਨ ਤਾਂ ਬੜਾ ਦੇਂਦੇ ਰਹੇ ਹਨ ਪਰ ਮੈਨੂੰ ਸਮਝ ਨਹੀਂ ਲੱਗੀ। ਅੱਛਾ ਹੁਣ ਮੈਂ ਦਰਸ਼ਨ ਕਰ ਕੇ ਫੇਰ ਤੈਨੂੰ ਦੱਸਾਂਗਾ। ਜਿਸ ਤਰ੍ਹਾਂ ਮੈਨੂੰ ਵਖੌਂਦੇ ਸੀ, ਮੈਂ ਸਿਆਣ ਲਵਾਗਾਂ। ਇੰਦਰ ਸਿੰਘ ਪੁਛਦਾ ਹੈ ਬੀਬੀ ਜੀ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਕਿ ਪਰਗਟ ਹੋਏ ਹਨ। ਓਹ ਆਖਣ ਲੱਗੀ ਮਾਮਾ ਜੀ ਮਾਲਵੇ ਦੇਸ ਵਿਚੋਂ ਸੰਤ ਮਨੀ ਸਿੰਘ ਆਇਆ ਹੈ। ਓਸ ਆਖਿਆ ਤੇ ਢੋਲ ਮਾਰੇ ਹਨ ਕਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਝੇ ਦੇਸ ਵਿਚ ਗਰੀਬਾਂ ਦੀ ਰੱਖਿਆ ਕਰਨ ਆਏ ਹਨ। ਮੈਂ ਬਲਿਹਾਰ ਹਾਂ ਸੱਚੇ ਸਾਹਿਬ ਤੋਂ, ਓਨ੍ਹਾਂ ਦੇ ਗੁਣ ਤਾਂ ਮੈਂ ਨਹੀਂ ਗਾ ਸਕਦੀ। ਇੰਦਰ ਸਿੰਘ ਆਖਿਆ ਬੀਬੀ ਤੂੰ ਹੁਣ ਮੈਨੂੰ ਦਰਸ਼ਨ ਜਰੂਰ ਕਰਾ। ਓਸ ਆਖਿਆ ਮਾਮਾ ਜੀ ਤੁਸੀਂ ਚਲੋ ਤੇ ਸਗੋਂ ਮੈਂ ਵੀ ਤੁਹਾਡੇ ਨਾਲ ਜਾ ਕੇ ਦਰਸ਼ਨ ਕਰ ਲਵਾਂਗੀ। ਅਗਲੇ ਦਿਨ ਸੰਤ ਮਨੀ ਸਿੰਘ ਵੀ ਸਬੱਬ ਨਾਲ ਪਊਵਿੰਡ ਚਲੇ ਗਏ। ਨਾਲ ਬਾਬਾ ਰੰਗਾ ਸਿੰਘ ਪਾਤਸ਼ਾਹ ਦਾ ਚਾਚਾ ਅਤੇ ਸੰਤ ਫੁੰਮਣ ਸਿੰਘ ਸੇਵਾਦਾਰ ਸੀ। ਤਿੰਨੇ ਜਣੇ ਘਰ ਪੁਛ ਕੇ ਚਲੇ ਗਏ ਹਨ। ਬੀਬੀ ਵੇਖ ਕੇ ਬੜੀ ਖ਼ੁਸ਼ ਹੋਈ। ਆਪ ਦੀ ਮਾਤਾ ਨੂੰ ਸਮਝਾਇਆ ਕਿ ਏਹ ਸੰਤ ਮਨੀ ਸਿੰਘ ਆਏ ਹਨ। ਜਿਨ੍ਹਾਂ ਮਹਾਰਾਜ ਹੋਰਾਂ ਨੂੰ ਲੱਭਾ ਹੈ, ਤੇ ਇਕ ਪਾਤਸ਼ਾਹ ਦਾ ਚਾਚਾ ਨਾਲ ਹੈ। ਪਲੰਘ ਡਾਹ ਦਿਤੇ ਬੀਬੀ ਨੇ ਹੱਥ ਜੋੜ ਕੇ ਨਿਮਸਕਾਰ ਕੀਤੀ। ਜਲ ਪਾਣੀ ਦੀ ਸੇਵਾ ਵਿਚ ਲਗ ਪਏ ਹਨ। ਹੱਟੀਉਂ ਪਰਸ਼ਾਦ ਲਿਆ ਕੇ ਸੰਤਾਂ ਅੱਗੇ ਰੱਖ ਦਿਤਾ ਹੈ। ਓਨੇ ਚਿਰ ਨੂੰ ਬਾਹਰੋਂ ਇੰਦਰ ਸਿੰਘ ਵੀ ਆ ਗਿਆ। ਬੀਬੀ ਦੱਸਿਆ ਕਿ ਮਾਮਾ ਜੀ ਗੁਰੂ ਸਾਹਿਬ ਬਾਬੇ ਮਨੀ ਸਿੰਘ ਹੋਰੀਂ ਆਏ ਹਨ। ਇੰਦਰ ਸਿੰਘ ਨੂੰ ਆਖਦੀ ਹੈ ਕਿ ਮਾਮਾ ਜੀ ਹੱਟੀਉਂ ਪਰਸ਼ਾਦ ਲਿਆ ਕੇ ਬਾਬੇ

ਮਨੀ ਸਿੰਘ ਦੇ ਅੱਗੇ ਰੰਖ ਕੇ ਗਲ ਵਿਚ ਪੱਲਾ ਪਾ ਕੇ ਬੇਨੰਤੀ ਕਰ, ਹੇ ਸੱਚੇ ਪਿਤਾ ਮੈਨੂੰ ਗਰੀਬ ਨੂੰ ਆਪ ਦਾ ਸਿਖ ਕਰੋ ਤੇ ਆਪ ਦੇ ਜਹਾਜੇ ਚੜ੍ਹਾ ਲਓ। ਸੰਤ ਮਨੀ ਸਿੰਘ ਆਕਾਸ਼ ਬਾਣੀ ਨਾਲ ਜੁੜਨਗੇ। ਪਾਤਸ਼ਾਹ ਹੁਕਮ ਦਿਤਾ ਤੇ ਤੇਰਾ ਪਰਸ਼ਾਦ ਵਰਤੌਣਗੇ, ਨਹੀਂ ਤੇ ਓਨ੍ਹਾਂ ਚਿਰ ਨਹੀਂ ਵਰਤੌਂਦੇ। ਇੰਦਰ ਸਿੰਘ ਬਚਨ ਸੁਣ ਕੇ ਹੱਟੀ ਨੂੰ ਪਰਸ਼ਾਦ ਲੈਣ ਚਲਾ ਗਿਆ ਹੈ। ਤਾਂ ਕੂਜਿਆਂ ਮਿਸ਼ਰੀ ਦਾ ਪਰਸ਼ਾਦ ਲਿਆਇਆ ਹੈ। ਬਾਬੇ ਮਨੀ ਸਿੰਘ ਅੱਗੇ ਪਰਸ਼ਾਦ ਰਖ ਕੇ, ਗਲ ਵਿਚ ਪੱਲਾ ਪਾ ਕੇ ਬੇਨੰਤੀ ਕਰਦਾ ਹੈ ਕਿ ਦੀਨ ਦਿਆਲ ਜਿਸ ਤਰ੍ਹਾਂ ਦੂਸਰੀਆਂ ਸੰਗਤਾਂ ਬਾਹੋਂ ਫੜ ਕੇ ਬੰਨੇ ਲਾਇਆ ਹਨ, ਮੇਰੇ ਤੇ ਵੀ ਦਇਆ ਕਰੋ। ਸੰਤਾਂ ਆਖਿਆ ਪਾਤਸ਼ਾਹ ਦੀ ਧਾਰਨਾ ਤੈਨੂੰ ਵਰਤਣੀ ਪਵੇਗੀ। ਮਾਸ ਸ਼ਰਾਬ ਤਿਆਗਣਾ ਪਵੇਗਾ, ਸੱਚੇ ਪਾਤਸ਼ਾਹ ਦੀ ਇਹ ਧਾਰਨਾ ਹੈ। ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ, ਸੱਚੇ ਪਿਤਾ ਦੇ ਚਰਨ ਪੂਜਣੇ। ਇੰਦਰ ਸਿੰਘ ਆਖਿਆ ਬਾਬਾ ਜੀ ਮੈਂ ਤਾਂ ਹੁਣ ਤਿਆਗ ਕਰਦਾ ਹਾਂ, ਪਰ ਆਪ ਹੀ ਮੇਰੇ ਸਿਰ ਤੇ ਹੱਥ ਰਖੋਗੇ ਤੇ ਨਿਭਾਉਗੇ।।

ਸੱਚੇ ਪਾਤਸ਼ਾਹ ਦਾ ਐਸਾ ਪ੍ਰੇਮ ਜਾਗਿਆ, ਕਾਰ ਵਿਹਾਰ ਛੱਡ ਕੇ ਹੁਣ ਅੱਠੇ ਪਹਿਰ ਸੇਵਾ ਵਿਚ ਪਾਤਸ਼ਾਹ ਦੇ ਦਰ ਤੇ ਆ ਗਿਆ ਹੈ। ਐਸੀ ਸੱਚੇ ਪਾਤਸ਼ਾਹ ਦਇਆ ਕੀਤੀ, ਨੰਗੇ ਪੈਰੀਂ ਚਰਨਾਂ ਵਿਚ ਔਂਦਾ ਹੈ। ਦੋ ਸਾਲ ਪੈਰੀਂ ਜੋੜਾ ਨਹੀਂ ਪਾਇਆ। ਅੱਠੇ ਪਹਿਰ ਮਾਲ ਦੀ ਸੇਵਾ ਵਿਚ ਲਗ ਪਿਆ। ੬ ਮਾਸ ਏਸੇ ਤਰ੍ਹਾਂ ਗੁਜਾਰੇ। ਸੱਚੇ ਪਾਤਸ਼ਾਹ ਦੇ ਮਕਾਨ ਬਣਾਏ ਹਨ। ਬੜੀ ਪ੍ਰੇਮ ਨਾਲ ਸੇਵਾ ਕੀਤੀ। ਲੱਕੜ ਦਾ ਕੰਮ ਵੇਖਣ ਵਾਲਾ ਹੈ, ਜਿਹੜਾ ਉਸ ਕੰਮ ਕੀਤਾ ਹੈ। ਸਿਖਾਂ ਨੂੰ ਮਾਇਆ ਦੀ ਸੇਵਾ ਕਰਦਿਆਂ ਵੇਖ ਕੇ ਉਸ ਦਾ ਦਿਲ ਵੀ ਕੀਤਾ ਕਿ ਕੋਈ ਨੌਕਰੀ ਕਰ ਕੇ ਤੇ ਮਾਇਆ ਦੀ ਸੇਵਾ ਪਾਤਸ਼ਾਹ ਦੀ ਮੈਂ ਵੀ ਕਰਾਂ। ਪਾਤਸ਼ਾਹ ਤੋਂ ਖ਼ੁਸ਼ੀ ਲੈ ਕੇ ਸਮੁੰਦਰਾਂ ਤੋਂ ਪਾਰ ਨਰੋਭੀ ਕੰਮ ਤੇ ਚਲਾ ਗਿਆ ਹੈ। ਓਥੇ ਤਿੰਨ ਸਾਲ ਕੰਮ ਤੇ ਰਿਹਾ ਹੈ। ਓਥੋਂ ਫੇਰ ਸੱਚੇ ਪਾਤਸ਼ਾਹ ਦੀ ਬਹੁਤ ਵਧੀਆ ਰੇਸ਼ਮੀ ਪੁਸ਼ਾਕ ਸਣੇ ਕੋਟ ਬਿਲਟੀ ਕਰ ਘੱਲੀ ਹੈ। ਕੋਟ ਦੇ ਬੋਜਿਆਂ ਵਿਚ ਸੇਵਾ ਵਾਸਤੇ ਰੁਪੈਏ ਘੱਲੇ ਹਨ। ਓਥੇ ਦਰਸ਼ਨ ਨਾ ਹੋਣ ਤੇ ਫੇਰ ਚਿਤ ਉਦਾਸ ਹੋ ਗਿਆ। ਸੋਚਦਾ ਹੈ ਕਿ ਮੈ ਸੱਚੇ ਪਿਤਾ ਦੀ ਸੱਚੀ ਨੌਕਰੀ ਛੱਡ ਕੇ ਝੂਠੀ ਨੌਕਰੀ ਕਰਦਾ ਹਾਂ। ਤਿੰਨ ਸਾਲ ਬਾਅਦ ਪਾਤਸ਼ਾਹ ਦੇ ਕੋਲ ਕੰਮ ਛੱਡ ਕੇ ਆ ਗਿਆ। ਔਂਦੇ ਨੇ ਪਾਤਸ਼ਾਹ ਦੀ ਪੁਸ਼ਾਕ, ਇਕ ਜੋੜਾ ਤੇ ਇਕ ਚਾਨਣੀ ਤੇ ੧੦੦ ਰੁਪੈਆ ਨਕਦ ਸੇਵਾ ਕੀਤੀ, ਦਰਸ਼ਨ ਕਰ ਕੇ ਨਿਹਾਲ ਹੋਇਆ। ਸੱਚੇ ਪਾਤਸ਼ਾਹ ਖ਼ੁਸ਼ ਹੋ ਕੇ ਆਖਣ ਲੱਗੇ, ਇੰਦਰ ਸਿੰਘ ਮੰਗ ਕੁਛ ਸਾਡੇ ਪਾਸੋਂ। ਆਖਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਤਾਂ ਪਤਾ ਨਹੀਂ ਕੇਹੜੀ ਚੀਜ ਤੁਹਾਥੋਂ ਮੰਗੀ ਦੀ ਆ ਤੇ ਕੇਹੜੀ ਚੰਗੀ ਆ, ਤੁਸੀਂ ਆਪ ਹੀ ਦਇਆ ਕਰੋ। ਪਾਤਸ਼ਾਹ ਆਖਣ ਲੱਗੇ ਅਸੀਂ ਤਾਂ ਦੇਵਾਂਗੇ ਈ, ਇੰਦਰ ਸਿੰਘ ਤੂੰ ਵੀ ਮੰਗ ਲਾ, ਜੋ ਜੀ ਕਰਦਾ ਈ। ਇੰਦਰ ਸਿੰਘ ਆਖਣ ਲੱਗਾ ਸੱਚੇ ਪਾਤਸ਼ਾਹ ਜਨਮ ਜਨਮਾਂਤਰ ਤੁਹਾਡੇ ਚਰਨਾਂ ਦਾ ਸੰਗ ਤੇ ਭਜਨ ਦਾ ਰੰਗ ਤੇ ਪਿਛਲੇ ਜਾਮੇ ਦੀ ਸਾਰੀ ਸੁਰਤ ਬਖ਼ਸ਼ਿਓ ਜੇ। ਇਹ ਮੰਗ ਸਿਖ ਨੇ ਮੰਗੀ। ਸੱਚੇ ਪਾਤਸ਼ਾਹ ਆਖਣ ਲੱਗੇ ਇੰਦਰ ਸਿੰਘ ਤੇਰੀਆਂ ਆਸਾਂ ਮੁਰਾਦਾਂ ਅਸੀਂ ਸਾਰੀਆਂ ਪੂਰੀਆਂ ਕਰਾਂਗੇ ਜੀ।।

ਇੰਦਰ ਸਿੰਘ ਫੇਰ ਸੇਵਾ ਵਿਚ ਰਾਤ ਦਿਨੇ ਹਾਜ਼ਰ ਹੋ ਗਿਆ। ਮਾਣ ਚੰਦਰਾ ਜੀਆਂ ਵਿਚ ਸੱਚੇ ਪਾਤਸ਼ਾਹ ਖੌਰੇ ਕਿਉਂ ਵਸਾ ਦਿਤਾ ਹੈ। ਮਾਣ ਕਰ ਕੇ ਸਿਖ ਭੁਲਣਹਾਰ ਹੋ ਜਾਂਦਾ ਹੈ। ਇਕ ਸਮੇਂ ਦਾ ਬਚਨ ਹੈ ਕਿ ਇੰਦਰ ਸਿੰਘ ਓਸ ਵਕਤ ਝੁਬਾਲ ਸੀ। ਤੇਜਾ ਸਿੰਘ ਨੂੰ ਪਾਤਸ਼ਾਹ ਨੇ ਇੰਦਰ ਸਿੰਘ ਕੋਲੋਂ ਸੇਵਾ ਲੈਣ ਘੱਲਿਆ। ਤੇਜਾ ਸਿੰਘ ਜਾ ਕੇ ਸੇਵਾ ਮੰਗੀ ਕਿ ਪਾਤਸ਼ਾਹ ਮੈਨੂੰ ਘੱਲਿਆ ਹੈ। ਇੰਦਰ ਸਿੰਘ ਆਖਿਆ ਮੈਂ ਘਸਵਟੀ ਨਹੀਂ ਦੇਣ ਜੋਗਾ, ਮੈਂ ਆਪ ਦੀ ਖ਼ੁਸ਼ੀ ਨਾਲ ਪੁਜ ਆਈ ਸੇਵਾ ਕਰਾਂਗਾ। ਜਦੋਂ ਮੇਰਾ ਦਿਲ ਕਰੂੰ, ਮੈਂ ਆਪੇ ਜਾ ਕੇ ਸੇਵਾ ਦੇ ਦਿਆਂਗਾ। ਤੇਜਾ ਸਿੰਘ ਨੂੰ ਆਖਣ ਲੱਗਾ, ਤੈਨੂੰ ਕੀ ਪਤਾ

ਕਿਸ ਤਰ੍ਹਾਂ ਪੈਸੇ ਬਣਦੇ ਹਨ। ਨਾ ਤੂੰ ਕਮਾਈ ਕੀਤੀ ਤੇ ਨਾ ਤੈਨੂੰ ਪਤਾ ਲਗਾ। ਮੈਂ ਤਿੰਨ ਸਾਲ ਸਮੁੰਦਰਾਂ ਤੋਂ ਪਾਰ ਜਾ ਕੇ ਤੇ ਐਸ ਸੱਜੇ ਹੱਥ ਨਾਲ ਤੇਸਾ ਵਾਹ ਕੇ ਆਂਦੇ ਹਨ। ਤੁਹਾਡੇ ਭਾਣੇ ਖਣੀ ਓਥੋਂ ਡਾਕਾ ਮਾਰ ਕੇ ਲੈ ਆਇਆ ਹਾਂ। ਤੇਜਾ ਸਿੰਘ ਆਖਿਆ ਮੈਂ ਸੱਚੇ ਪਾਤਸ਼ਾਹ ਦਾ ਘੱਲਿਆ ਤੇਰੇ ਪਾਸ ਆਇਆ ਹਾਂ, ਤੇ ਤੇਰਾ ਘੱਲਿਆ ਪਾਤਸ਼ਾਹ ਕੋਲ ਚਲਿਆ ਜਾਵਾਂਗਾ। ਤੇਜਾ ਸਿੰਘ ਆ ਗਿਆ ਤੇ ਪਾਤਸ਼ਾਹ ਨੂੰ ਆਣ ਕੇ ਆਖਣ ਲੱਗਾ, ਪਾਤਸ਼ਾਹ ਇੰਦਰ ਸਿੰਘ ਆਂਦਾ ਸੀ, ਸੇਵਾ ਤਿਆਰ ਨਹੀਂ, ਮੈਂ ਥੋੜੇ ਦਿਨਾਂ ਤਕ ਲੈ ਕੇ ਆਪ ਆਵਾਂਗਾ। ਥੋੜੇ ਦਿਨਾਂ ਤੱਕ ਆ ਕੇ ਸੇਵਾ ਦੇ ਕੇ ਫੇਰ ਚਲਾ ਗਿਆ ਹੈ। ਤੇਜਾ ਸਿੰਘ ਨੇ ਇੰਦਰ ਸਿੰਘ ਦਾ ਹੋਰ ਬਚਨ ਵਧ ਘਟ ਕੋਈ ਪਾਤਸ਼ਾਹ ਨੂੰ ਨਹੀਂ ਦੱਸਿਆ।।

ਇਕ ਦਿਨ ਇੰਦਰ ਸਿੰਘ ਲਹੌਰ ਨੂੰ ਮੋਟਰ ਸੈਕਲ ਤੇ ਚੜ੍ਹ ਕੇ ਗਿਆ ਤੇ ਮੋਟਰ ਸੈਕਲ ਡਿਗ ਪਿਆ ਤੇ ਮਸ਼ੀਨ ਬੰਦ ਨਾ ਹੋਈ। ਸੱਜਾ ਹੱਥ ਇੰਦਰ ਸਿੰਘ ਦਾ ਸਾਰੀ ਹਥੇਲੀ ਵੱਡੀ ਗਈ ਹੈ। ਓਸ ਵਕਤ ਰਾਈਆਂ ਨੇ ਫੜ ਕੇ ਹੱਥ ਬੰਨ੍ਹ ਦਿਤਾ। ਡਿਗੇ ਪਏ ਨੂੰ ਵੇਖ ਕੇ ਮੋਟਰਾਂ ਵਾਲੇ ਲੰਘੇ ਹਨ, ਓਹਨਾਂ ਮੋਟਰ ਤੇ ਪਾ ਕੇ ਵੱਡੇ ਹਸਪਤਾਲ ਸੁੱਟ ਦਿਤਾ ਹੈ ਜੀ। ਫੇਰ ਹਸਪਤਾਲ ਰਿਹਾ। ਜਖ਼ਮ ਮਿਲਣ ਦਾ ਨਾਂ ਨਹੀਂ ਲੈਂਦਾ। ਫੇਰ ਪਾਤਸ਼ਾਹ ਅੱਗੇ ਆ ਕੇ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਹੱਥ ਦਾ ਜਖ਼ਮ ਨਹੀਂ ਮਿਲਦਾ। ਪਾਤਸ਼ਾਹ ਆਖਣ ਲੱਗੇ, ਆਜੂ ਰਮਾਨ, ਕੋਈ ਲੋੜ ਨਹੀਂ ਹਸਪਤਾਲ ਜਾਣ ਦੀ। ਮਾੜੀ ਜਹੀ ਮਲਮ ਪਾਤਸ਼ਾਹ ਘਰ ਬਣਾਈ ਹੋਈ ਸੀ, ਆਖਣ ਲੱਗੇ ਏਹ ਹੱਥ ਤੇ ਲਾਈ ਜਾ। ਦੋ ਚਾਰ ਦਿਨ ਲਾਇਆ ਰਮਾਨ ਆ ਗਿਆ ਹੈ। ਸੱਚੇ ਪਾਤਸ਼ਾਹ ਦਇਆ ਕੀਤੀ, ਕੋਈ ਦਿਨ ਪਾ ਕੇ ਸੱਚੇ ਪਾਤਸ਼ਾਹ ਤੇ ਸਾਰੀ ਸੰਗਤ ਘਵਿੰਡ ਘਰ ਬੈਠੇ ਸਨ। ਤੇਜਾ ਸਿੰਘ ਹੱਸ ਕੇ ਬਚਨ ਕੀਤਾ। ਇੰਦਰ ਸਿੰਘ ਜੇਹੜਾ ਸੱਜਾ ਹੱਥ ਮੈਨੂੰ ਓਦਣ ਸੇਵਾ ਲੈਣ ਗਏ ਨੂੰ ਵਖਾਇਆ ਸੀ, ਹੁਣ ਅੱਜ ਵਖਾ ਖਾਂ। ਇੰਦਰ ਸਿੰਘ ਹੱਸ ਪਿਆ, ਪਾਤਸ਼ਾਹ ਪੁਛਣ ਲਗੇ, ਇੰਦਰ ਸਿੰਘ ਕੀ ਗਲ ਹੈ। ਓਹ ਆਖਣ ਲੱਗਾ ਸੱਚੇ ਪਾਤਸ਼ਾਹ ਆਪੇ ਤੇਜਾ ਸਿੰਘ ਦੱਸ ਦੇਂਦਾ ਹੈ। ਪਾਤਸ਼ਾਹ ਖੈਹੜੇ ਪੈ ਗਏ ਤੇਜਾ ਸਿੰਘ ਹੱਸ ਕੇ ਆਖਣ ਲੱਗਾ, ਸੱਚੇ ਪਾਤਸ਼ਾਹ ਜਦੋਂ ਤੁਸਾਂ ਮੈਨੂੰ ਸੇਵਾ ਲੈਣ ਘੱਲਿਆ ਸੀ, ਇੰਦਰ ਸਿੰਘ ਆਖਣ ਲੱਗਾ, ਮੈਂ ਸੱਜੇ ਹੱਥ ਨਾਲ ਤੇਸਾ ਵਾਹ ਕੇ ਕਮਾਈ ਕਰ ਕੇ ਪੈਸੇ ਆਂਦੇ ਹਨ। ਮੇਰਾ ਜੀ ਕਰੂ ਤੇ ਸੇਵਾ ਦਊਂ, ਜੀ ਕਰੂੰ ਤੇ ਨਾ ਦਊਂ। ਸੱਚੇ ਪਾਤਸ਼ਾਹ ਮੈਂ ਤੁਹਾਨੂੰ ਆਣ ਕੇ ਦੱਸਿਆ ਨਹੀਂ ਹੁਣ ਵੇਖ ਲੌ ਓਹੋ ਸੱਜਾ ਹੱਥ ਮੋਟਰ ਸੈਕਲ ਵਿਚ ਆ ਕੇ ਸਾਰਾ ਵੱਢਿਆ ਗਿਆ ਹੈ। ਏਹ ਬਚਨ ਸੁਣ ਕੇ ਪਾਤਸ਼ਾਹ ਹੱਸ ਪਏ ਤੇ ਸਾਰੀ ਸੰਗਤ ਵੀ ਸੁਣ ਕੇ ਖ਼ੁਸ਼ ਹੋਈ ਪਾਤਸ਼ਾਹ ਆਖਣ ਲੱਗੇ, ਤੇਜਾ ਸਿੰਘ ਓਨੇ ਕੋਈ ਝੂਠ ਆਖਿਆ ਹੈ, ਠੀਕ ਹੀ ਸੱਜੇ ਹੱਥ ਨਾਲ ਕਮਾਈ ਕੀਤੀ ਹੈ। ਏਸ ਤਰ੍ਹਾਂ ਪਾਤਸ਼ਾਹਾਂ ਹਾਸੇ ਬਚਨ ਪਾ ਦਿਤਾ। ਜੇਹੜਾ ਸਿਖ ਅੱਠੇ ਪਹਿਰ ਪਾਸ ਰਹਿਣ ਵਾਲਾ ਹੈ, ਓਸ ਕੋਲੋਂ ਜਰੂਰ ਭੁੱਲ ਹੋ ਜਾਂਦੀ ਹੈ, ਜੇਹੜਾ ਕਦੀ ਕਦਾਈਂ ਦਰਸ਼ਨ ਕਰਨ ਆਵੇ ਓਹ ਭੈ ਵਿਚ ਰਹਿੰਦਾ ਹੈ। ਫੇਰ ਇੰਦਰ ਸਿੰਘ ਨੇ ਸਾਰੀ ਉਮਰ ਐਡੀ ਪ੍ਰੇਮ ਨਾਲ ਸੇਵਾ ਮਾਇਆ ਦੀ ਤੇ ਹੱਥਾਂ ਦੀ ਕੀਤੀ ਹੈ ਮੈਂ ਉਪਮਾ ਨਹੀਂ ਕਰ ਸਕਦਾ। ਧੰਨ ਸੱਚੇ ਪਾਤਸ਼ਾਹ ਤੇ ਧੰਨ ਉਸ ਦੇ ਸਿਖ ਹਨ।।

ਲੰਗਰ ਦੀ ਸਾਖੀ

ਤੇੜੇ ਦਾ ਗੁੱਜਰ ਸਿੰਘ ਪਾਤਸ਼ਾਹ ਦਾ ਸਿਖ ਸੀ ਤੇ ਘਵਿੰਡ ਸੇਵਾ ਵਿਚ ਰਹਿੰਦਾ ਸੀ। ਮਜੂਰੀ ਕਰ ਕੇ ਟੋਕਰੀ ਢੋ ਕੇ ਆਪਣੇ ਜੀਆ ਜੰਤ ਦੀ ਪਾਲਨਾ ਕਰਦਾ ਸੀ। ਸਾਲ ਵਿਚੋਂ ਦੋ ਮਹੀਨੇ ਪਾਤਸ਼ਾਹ ਦੀ ਸੇਵਾ ਕਰ ਜਾਂਦਾ ਸੀ। ਜਦੋਂ ਤੋਂ ਸ਼ਰਨ ਲਗਾ ਹੈ ਏਸੇ ਤਰ੍ਹਾਂ ਸੇਵਾ ਕਰਦਾ ਹੈ ਜੀ। ਬੁਧ ਸਿੰਘ ਬਾਲੇ ਚੱਕ ਵਾਲਾ ਵੀ ਏਸੇ ਤਰ੍ਹਾਂ ਸੇਵਾ ਕਰਦਾ ਸੀ। ਚੇਤ ਸਿੰਘ ਬਾਲੇ ਚੱਕ ਦਾ ਤੇ ਗੁਜਰ ਸਿੰਘ ਦਬੁਰਜੀ

ਵਾਲਾ ਵੀ ਏਸੇ ਤਰ੍ਹਾਂ ਦੀਨ ਦਿਆਲ ਦੀ ਸੇਵਾ ਕਰਦੇ ਸਨ। ਬਲਵੰਤ ਸਿੰਘ ਭੁਚਰ ਵਾਲਾ ਵੀ ਹਰ ਵਕਤ ਵਾਹੀ ਦਾ ਕੰਮ ਕਰੌਂਦਾ ਸੀ। ਉਸ ਦੇ ਘਰੋਂ ਲੰਗਰ ਦੀ ਸੇਵਾ ਵਿਚ ਰਹਿੰਦੀ ਸੀ। ਲਾਭ ਸਿੰਘ ਤੋੜੇ ਵਾਲਾ ਹਰ ਵਕਤ ਲੰਗਰ ਦੇ ਬਾਲਣ ਦੀ ਸੇਵਾ ਕਰਦਾ ਸੀ। ਚੇਤ ਸਿੰਘ ਕਲਸੀਆਂ ਵਾਲਾ ਹਰ ਵਕਤ ਪਾਤਸ਼ਾਹ ਦੇ ਨਾਲ ਰਹਿੰਦਾ ਸੀ। ਜਿਧਰ ਜਾਂਦੇ ਸਨ ਹਾਜਰ ਰਹਿ ਕੇ ਸੇਵਾ ਕਰਦਾ ਸੀ। ਚੇਤ ਸਿੰਘ ਦੀ ਨੇੜੇ ਰਹਿਣ ਕਰ ਕੇ ਬਹੁਤ ਸੇਵਾ ਸੀ, ਕਿਉਂਕਿ ਜਿਸ ਵੀ ਚੀਜ ਦੀ ਜਰੂਰਤ ਹੋਵੇ ਓਸੇ ਵਕਤ ਲਿਆ ਕੇ ਹਾਜਰ ਕਰਦਾ ਸੀ। ਗੱਡ ਦੀ ਜਰੂਰਤ ਹੋਵੇ ਸਣੇ ਬੌਲਦ ਗੱਡ ਲੈ ਔਣੀ। ਬਾਲਣ ਗੱਡਾ ਜੋਅ ਕੇ ਛੱਡ ਜਾਣਾ। ਆਟਾ ਪੀਹਣ ਵਾਲਾ ਹੋਵੇ ਤੇ ਆਪ ਦੇ ਘਰੋਂ ਬੋਰੀ ਕਣਕ ਦੀ ਪੀਹ ਕੇ ਛੱਡ ਜਾਣੀ। ਗੱਲ ਕੀ ਅਨਗਿਣਤ ਸੇਵਾ ਹੈ ਸਿਖ ਦੀ। ੧੨ ਜਾਂ ੧੩ ਸਿਖ ਜਰੂਰ ਹਰ ਵਕਤ ਸੇਵਾ ਵਿਚ ਰਹਿੰਦੇ ਹਨ। ਪੁਰਾਣੇ ਬਿਰਧ ਸਿਖ ਦਰਸ਼ਨਾਂ ਨੂੰ ਔਂਦੇ ਹਨ ਤੇ ਸਿਖਾਂ ਨੂੰ ਬਚਨ ਬਲਾਸ ਦੱਸਦੇ ਹਨ। ਏਹੋ ਉਪਦੇਸ਼ ਦੇਣਾ ਕਿ ਸਿਖੋ ਪਾਤਸ਼ਾਹ ਦੇ ਚਰਨਾਂ ਵਲ ਧਿਆਨ ਰੱਖਣਾ ਜੇ, ਨੇਤਰਾਂ ਵਲ ਨਹੀਂ ਸਾਮ੍ਹਣੇ ਵੇਖੀ ਜਾਣਾ। ਜਿਸ ਵਕਤ ਪਾਤਸ਼ਾਹ ਹੁਕਮ ਦੇਣ ਓਸੇ ਵਕਤ ਬਚਨ ਮੰਨ ਕੇ ਹਾਜਰ ਹੋ ਜਾਇਆ ਕਰੋ। ਵੇਖਿਓ ਕਿਤੇ ਸਰਾਫ ਨਾ ਲੈ ਲਿਓ। ਪਾਤਸ਼ਾਹ ਕਾਲੇ ਨਾਗ ਹਨ। ਧੰਨ ਧੰਨ ਬਾਬਾ ਮਨੀ ਸਿੰਘ ਤੇ ਧੰਨ ਪੁਰਾਣੇ ਸਿਖ ਹਨ ਜਿਨਾਂ ਨੇ ਉਪਦੇਸ਼ ਦੇ ਕੇ ਮਹਾਰਾਜ ਸੱਚੇ ਪਿਤਾ ਦੀ ਸ਼ਰਨ ਲਾਇਆ ਹੈ। ਏਹ ਵੀ ਬਚਨ ਆਖਣਾ ਕਿ ਜੋ ਹਾਸੇ ਨਾਲ ਵੀ ਸੇਵਾ ਮੂੰਹੋਂ ਕੱਢਦੇ ਹੁੰਦੇ ਜੇ, ਦੇ ਦਿਆ ਕਰੋ, ਕਿਉਂਕਿ ਦੇਹ ਦਾ ਕੀ ਪਤਾ ਹੈ, ਤੇ ਸੁਖਣਾ ਸੱਚੇ ਪਾਤਸ਼ਾਹ ਜਰਮ ਪਾ ਕੇ ਵੀ ਨਹੀਂ ਛਡਦੇ। ਪੁਰਾਣਿਆਂ ਸਿਖਾਂ ਨੇ ਮਾਤਾ ਹੋਰਾਂ ਨੂੰ ਵੀ ਉਪਦੇਸ਼ ਦੇਣਾ ਕਿ ਮਾਤਾ ਜੀ ਕਿਤੇ ਭੁੱਲ ਨਾ ਜਾਇਓ, ਏਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਨ। ਏਹਨਾਂ ਕੋਲ ਸਤਿ ਬਚਨ ਮੰਨਣ ਦੀ ਲੋੜ ਹੈ ਤੇ ਮਾਤਾ ਜੀ ਤੁਹਾਡੀ ਅੰਞਾਣ ਬੁਧ ਹੈ, ਕਿਤੇ ਸੱਚੇ ਪਾਤਸ਼ਾਹ ਦੇ ਲੰਗਰ ਵਿਚ ਦੂਜ ਨਾ ਪਾ ਦਿਓ ਜੇ। ਪਿਛਲੇ ਜਰਮਾਂ ਦੇ ਵਿਛੜੇ ਸਿਖ ਪਾਤਸ਼ਾਹ ਚਰਨੀ ਲਾਏ ਹਨ। ਹੁਣ ਦੇ ਵਿਛੜਿਆਂ ਦਾ ਚਾਰ ਜੁਗ ਮੇਲਾ ਨਹੀਂ ਹੋਣਾ। ਬੌਹਲ ਸਿੰਘ ਆਖਣ ਲਗਾ ਮਾਤਾ ਜੀ ਮੈਂ ਤੁਹਾਨੂੰ ਲੰਗਰ ਦੀ ਕਥਾ ਸੁਣੌਂਦਾ ਹਾਂ। ਜਰ੍ਹਾ ਪ੍ਰੇਮ ਨਾਲ ਪਾਤਸ਼ਾਹ ਦੇ ਚਰਨਾਂ ਵਿਚ ਧਿਆਨ ਕਰ ਕੇ ਸੁਣੋ :

ਸਿੰਘ ਸਾਹਿਬ ਬਾਬਾ ਮਤਾਬ ਸਿੰਘ ਮਨੀ ਸਿੰਘ ਦੇ ਗੁਰੂ ਸਨ। ਤੇ ਓਨ੍ਹਾਂ ਆਪਣੀ ਅੱਖੀਂ ਵੇਖਿਆ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕ ਡੱਬੇ ਰੰਗ ਦੀ ਕੁੱਤੀ ਰੱਖੀ ਹੈ। ਅਸਾਂ ਜਦੋਂ ਸਵੇਰੇ ਉਠ ਕੇ ਮਹਾਰਾਜ ਸ਼ੇਰ ਸਿੰਘ ਦੀਆਂ ਪਰਕਰਮਾਂ ਕਰਨੀਆਂ, ਕੁੱਤੀ ਨੇ ਪਾਤਸ਼ਾਹ ਦੀ ਬੁੱਕਲ ਵਿਚ ਸੁੱਤੀ ਹੋਣਾ। ਫੇਰ ਸਿਖਾਂ ਨੇ ਬਾਬੇ ਮਨੀ ਸਿੰਘ ਨਾਲ ਬਚਨ ਕੀਤਾ ਕਿ ਬਾਬਾ ਜੀ ਸੱਚੇ ਪਾਤਸ਼ਾਹ ਡੱਬੀ ਕੁੱਤੀ ਨਾਲ ਬੜਾ ਪ੍ਰੇਮ ਕਰਦੇ ਹਨ। ਪਲੰਘ ਤੇ ਭਾਂਵੇ ਬੈਠ ਜਾਵੇ ਗੁੱਸੇ ਨਹੀਂ ਹੁੰਦੇ। ਮਨੀ ਸਿੰਘ ਆਖਿਆ, ਬੌਹਲ ਸਿੰਘ ਬਾਬਾ ਮਤਾਬ ਸਿੰਘ ਛੇਵੀਂ ਪਾਤਸ਼ਾਹੀ ਹਰਿ ਗੋਬਿੰਦ ਸਾਹਿਬ ਦਾ ਜਾਮਾ ਸਨ ਤੇ ਮਾਈ ਗੁਲਾਬੀ ਬਰਕੀ ਨਗਰ ਦੀ ਧੀ ਲਗਦੀ ਸੀ। ਪ੍ਰੇਮ ਬੜਾ ਕਰਦੀ ਸੀ। ਅੱਠੇ ਪਹਿਰ ਸੇਵਾ ਵਿਚ ਰਹਿੰਦੀ ਸੀ। ਮਤਾਬ ਸਿੰਘ ਦੀਆਂ ਮੱਝੀ ਗਾਈਂ ਬਹੁਤ ਸਨ। ਬਾਰਾਂ ਮਹੀਨੇ ਲੰਗਰ ਵਿਚ ਦੱਉੁਂਧ ਬੜਾ ਰਹਿੰਦਾ ਸੀ। ਜਿੰਨੇ ਭੰਡਾਰੇ ਭਰਪੂਰ ਓਥੇ ਲੰਗਰ ਵਿਚ ਰਹਿੰਦੇ ਸੀ, ਓਨਾਂ ਮਾਈ ਗੁਲਾਬੀ ਸਿਖਾਂ ਨੂੰ ਖ਼ੁਸ਼ ਹੋ ਕੇ ਛਕੌਂਦੀ ਨਹੀਂ ਸੀ। ਪਾਤਸ਼ਾਹ ਬਾਬੇ ਮਤਾਬ ਸਿੰਘ ਦਾ ਥਾਲ ਵੀ ਸਣੇ ਮਲਾਈ ਨਹੀਂ ਸੀ ਲਵੌਂਦੀ। ਏਹ ਹੁਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਜਾਮਾ ਪਹਿਨਿਆ ਹੈ। ਲੰਗਰ ਦੀ ਦੁਬਦਾ ਕਰਨ ਨਾਲ ਮਾਈ ਗੁਲਾਬੀ ਨੇ ਹੁਣ ਕੁੱਤੀ ਦਾ ਜਰਮ ਪਾਇਆ ਹੈ। ਜੇਹੜੀ ਏਸ ਸੇਵਾ ਕੀਤੀ ਸੀ, ਓਸ ਕਰ ਕੇ ਸੱਚੇ ਪਾਤਸ਼ਾਹ ਏਸ ਨਾਲ ਪ੍ਰੇਮ ਕਰਦੇ ਹਨ। ਤੇ ਸਰਾਫ ਕਰ ਕੇ ਕੁਤੀ ਦਾ ਜਰਮ ਪਾਇਆ ਹੈ। ਹੁਣ ਸੱਚੇ ਪਾਤਸ਼ਾਹ ਹਰ ਇਕ ਵਿਛੜੇ ਸਿਖ ਨੂੰ ਚਰਨਾਂ ਵਿਚ ਮੇਲਦੇ ਹਨ ਤੇ ਹੁਣ ਕੁੱਤੀ ਦਾ ਜਰਮ ਦੇ ਕੇ, ਆਪ ਦਾ ਸਰਾਫ ਭੁਗਤਾ

ਕੇ, ਇਸ ਦੀ ਗਤੀ ਕਰ ਦੇਣਗੇ। ਸਿਖੋ ਜੇਹੜਾ ਹੁਣ ਸੱਚੇ ਪਾਤਸ਼ਾਹ ਸ਼ਿਕਾਰ ਵੀ ਖੇਡਦੇ ਹਨ। ਜੇਹੜੇ ਜੁਗਾਂ ਦੇ ਵਿਛੜੇ ਹਨ ਤੇ ਜੰਗਲਾਂ ਵਿਚ ਜਰਮ ਧਾਰੇ ਹਨ, ਓਨ੍ਹਾਂ ਦੀ ਸ਼ਿਕਾਰ ਦੇ ਪੱਜ ਜਾ ਕੇ ਗਤੀ ਕਰਦੇ ਹਨ। ਏਨ੍ਹਾਂ ਦੀ ਮਹਿੰਮਾ ਨੂੰ ਜੀਵ ਨਹੀਂ ਜਾਣਦੇ। ਮੈਂ ਬਲਿਹਾਰ ਹਾਂ ਸੱਚੇ ਪਿਤਾ ਤੇ ਉਸ ਦੇ ਸਿਖਾਂ ਦੇ ਜੇਹੜੇ ਹਰ ਵਕਤ ਸੇਵਾ ਵਿਚ ਰਹਿੰਦੇ ਹਨ, ਤੇ ਐਨਾਂ ਭੈ ਰਖਦੇ ਹਨ ਜੀ ਕਿ ਏਹ ਵੇਲਾ ਮੁੜ ਕੇ ਹੱਥ ਨਹੀਂ ਔਣਾ। ਏਥੇ ਡਰਨ ਦੀ ਲੋੜ ਹੈ।।

ਚੇਤ ਸਿੰਘ ਕਲਸੀਆਂ ਵਾਲੇ ਨੇ ਸੁਖਣਾ ਸੁਖੀ

ਚੇਤ ਸਿੰਘ ਕਲਸੀਆਂ ਵਾਲੇ ਕੋਲ ਇਕ ਘਰ ਦਾ ਵਛੇਰਾ ਸੀ। ਮੂੰਹੋਂ ਬਚਨ ਕੱਢ ਦਿਤਾ ਕਿ ਸੱਚੇ ਪਾਤਸ਼ਾਹ ਇਹ ਵਛੇਰਾ ਤੁਹਾਡਾ ਹੈ, ਰਾਜੀ ਰਹੇ। ਫੇਰ ਪਾਤਸ਼ਾਹ ਨੂੰ ਦੇ ਗਿਆ। ਪਾਤਸ਼ਾਹ ਇਕ ਮਹੀਨਾ ਉਤੇ ਚੜ੍ਹੇ ਫਿਰਦੇ ਰਹੇ ਹਨ ਜੀ। ਜੇ ਕੋਈ ਪੁਛੇ ਪਾਤਸ਼ਾਹ ਘੋੜਾ ਮੁੱਲ ਲਿਆ ਹੈ ਤੇ ਪਾਤਸ਼ਾਹ ਆਖਣਾ ਨਹੀਂ ਚੇਤ ਸਿੰਘ ਕਲਸੀਆਂ ਵਾਲੇ ਸਾਡੇ ਸਿਖ ਨੇ ਘੋੜਾ ਦਿਤਾ ਹੈ। ਇਕ ਦਿਨ ਚੇਤ ਸਿੰਘ ਆਇਆ ਤੇ ਜਾਣ ਲੱਗਾ ਘੋੜੇ ਤੇ ਚੜ੍ਹ ਕੇ ਚਲਾ ਗਿਆ। ੧੦ ਦਿਨ ਹੋ ਗਏ ਤੇ ਪਾਤਸ਼ਾਹ ਸਿਖ ਨੂੰ ਘੱਲਿਆ, ਜਾਓ ਜਾ ਕੇ ਸਾਡਾ ਘੋੜਾ ਲਿਆਓ। ਜਾ ਕੇ ਸਿਖ ਆਖਿਆ ਚੇਤ ਸਿੰਘ ਪਾਤਸ਼ਾਹ ਘੋੜਾ ਮੰਗਦੇ ਹਨ। ਓਸ ਆਖਿਆ ਮੈਂ ਤਾਂ ਪਾਤਸ਼ਾਹ ਨੂੰ ਚਾਰ ਦਿਨ ਚੜ੍ਹਨ ਵਾਸਤੇ ਘੋੜਾ ਦਿਤਾ ਸੀ, ਸਾਰਾ ਨਹੀਂ ਦਿਤਾ। ਮੈਨੂੰ ਤਾਂ ਆਪ ਲੋੜ ਬੜੀ ਹੈ, ਘੋੜਾ ਵੇਚਣਾ ਲਾਇਆ ਹੈ। ਸਿਖ ਨੇ ਜਾ ਕੇ ਓਸੇ ਤਰ੍ਹਾਂ ਦੱਸ ਦਿਤਾ ਕਿ ਪਾਤਸ਼ਾਹ ਓਹ ਆਂਦਾ ਹੈ ਤੇ ਮੈਂ ਵਕਾਊ ਧਰਿਆ ਹੈ। ਪਾਤਸ਼ਾਹ ਬਚਨ ਸੁਣ ਕੇ ਆਖਣ ਲਗੇ, ਪਹਿਲੋਂ ਸਾਨੂੰ ਘੋੜਾ ਦੇ ਕੇ ਤੇ ਹੁਣ ਵੇਚਣਾ ਧਰਿਆ ਹੈ। ਅੱਛਾ ਫੇਰ ਕੀ ਹੋਇਆ, ਸਾਨੂੰ ਨਹੀਂ ਦਿਤਾ, ਤੇ ਸਾਡੇ ਘੋੜੇ ਤੇ ਹੋਰ ਵੀ ਨਹੀਂ ਕੋਈ ਚੜ੍ਹਦਾ। ਓਸ ਵਕਤ ਪਾਤਸ਼ਾਹ ਏਹ ਵਾਕ ਛਡ ਦਿਤਾ। ਘੋੜਾ ਪਾਣੀ ਪੀਣ ਨਹਿਰ ਵਿਚ ਵੜ ਗਿਆ, ਜੰਜੀਰ ਵੱਝਾ ਸੀ, ਮੁੜ ਕੇ ਨਿਕਲਿਆ ਨਾ ਗਿਆ। ਨਹਿਰ ਵਿਚ ਡੁੱਬ ਕੇ ਘੋੜਾ ਮਰ ਗਿਆ। ਪਾਸ ਰਹਿਣ ਵਾਲੇ ਨੂੰ ਵਰ ਮਗਰੋਂ ਤੇ ਸਰਾਫ ਪਹਿਲਾਂ ਹੋ ਜਾਂਦਾ ਹੈ। ਆਪ ਹੀ ਸਚੇ ਪਾਤਸ਼ਾਹ ਸਿਖ ਤੇ ਰਹਿਮ ਕਰਦੇ ਨੇ। ਸਿਖ ਦੀ ਕੋਈ ਤਾਕਤ ਨਹੀਂ। ਆਪ ਹੀ ਭੁੱਲੇ ਹੋਏ ਨੂੰ ਮਾਰਗ ਪਾ ਲੈਂਦੇ ਨੇ।।

ਇਕ ਦਿਨ ਸੱਚੇ ਪਾਤਸ਼ਾਹ ਬੜੇ ਦਿਆਲੂ ਹੋਏ ਤੇ ਚੇਤ ਸਿੰਘ ਦਾ ਵੱਡਾ ਪੁੱਤ ਛੰਗਾਰਾ ਸਿੰਘ ਖੇਤੀਂ ਵਾੜੇ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਗਿਆ ਹੈ। ਸੱਚੇ ਪਾਤਸ਼ਾਹ ਹੱਸ ਕੇ ਆਖਣ ਲੱਗੇ, ਛੰਗਾਰ ਸਿੰਘ ਅੱਜ ਅਸੀਂ ਤੇਰੇ ਕੋਲੋਂ ਘੋੜੀ ਲੈਣੀ ਹੈ। ਓਹ ਆਖਣ ਲੱਗਾ, ਸੱਚੇ ਪਾਤਸ਼ਾਹ ਅੱਜ ਤਾਂ ਮੈਂ ਤੁਰ ਕੇ ਆਇਆ ਹਾਂ। ਮੇਰੇ ਕੋਲ ਘੋੜੀ ਕੋਈ ਨਹੀਂ, ਚੋਰੀ ਕਿਸੇ ਦੀ ਭਾਵੇਂ ਭਜਾ ਲਿਆਵਾਂ। ਪਾਤਸ਼ਾਹ ਮਖੌਲ ਕਰਦੇ ਹਨ ਭਾਵੇਂ ਕਿਤੋਂ ਲਿਆ ਦੇ, ਅਸੀਂ ਪਰਵਾਨ ਕਰ ਲਵਾਂਗੇ। ਫੇਰ ਪਾਤਸ਼ਾਹ ਕੋਲੋਂ ਖ਼ੁਸ਼ੀ ਲੈ ਕੇ ਛੰਗਾਰ ਸਿੰਘ ਬੈਕੰਉਠੇ ਰੱਖ ਜਾਣ ਲਈ ਚਲ ਪਿਆ। ਤੁਰਿਆ ਜਾਂਦਿਆ ਵਿਚਾਰਾਂ ਕਰਦਾ ਹੈ ਕਿ ਪਾਤਸ਼ਾਹ ਭਾਵੇਂ ਹੱਸਦੇ ਸਨ ਪਰ ਬਚਨ ਪੂਰਾ ਹੋਵੇ ਤੇ ਤਾਹੀਏਂ ਗਲ ਠੀਕ ਹੈ। ਮਨ ਵਿਚ ਵਿਚਾਰਾਂ ਕਰਦਾ ਜਾਂਦਾ ਹੈ ਤੇ ਛੰਗਾਰ ਸਿੰਘ ਤੋਂ ਛੋਟਾ ਦੀਦਾਰ ਸਿੰਘ ਉਸ ਦਾ ਭਰਾ ਵਾਂਡੇ ਗਿਆ ਹੋਇਆ ਸੀ, ਘੋੜੀ ਲੈ ਕੇ ਓਹ ਰਸਤੇ ਵਿਚ ਮਿਲ ਪਿਆ। ਦੀਦਾਰ ਸਿੰਘ ਨੂੰ ਛੰਗਾਰ ਸਿੰਘ ਆਖਣ ਲਗਾ, ਘੋੜੀ ਮੈਨੂੰ ਦੇਦੇ ਮੈਨੂੰ ਕੰਮ ਹੈ ਤੇ ਤੂੰ ਤੁਰ ਕੇ ਘਰ ਨੂੰ ਚਲਾ ਜਾ। ਛੰਗਾਰਾ ਸਿੰਘ ਓਨ੍ਹੀਂ ਪੈਰੀ ਘੋੜੀ ਲੈ ਕੇ ਖੇਤੀਂ ਪਾਤਸ਼ਾਹ ਕੋਲ ਆ ਗਿਆ ਹੈ। ਪਾਤਸ਼ਾਹ ਨੂੰ ਨਿਮਸਕਾਰ ਕਰ ਕੇ ਗਲ ਵਿਚ ਪੱਲਾ ਪਾ ਕੇ ਬੇਨੰਤੀ ਕਰਦਾ ਹੈ ਕਿ ਪਾਤਸ਼ਾਹ ਆਹ ਘੋੜੀ ਮੈਂ ਸੇਵਾ ਕਰਦਾ ਹਾਂ ਤੇ ਦਇਆ ਕਰ ਕੇ ਪਰਵਾਨ ਕਰੋ। ਪਾਤਸ਼ਾਹ

ਹੱਸ ਕੇ ਆਖਣ ਲੱਗੇ ਛੰਗਾਰ ਸਿੰਘ ਅੱਜ ਤਾਂ ਸੇਵਾ ਵਲੋਂ ਪਿਛਲੀਆਂ ਟੋਟਾਂ ਸਾਰੀਆਂ ਕੱਢ ਲਈਆਂ ਈ। ਸੱਚੇ ਪਾਤਸ਼ਾਹ ਆਪ ਹੀ ਸਿਖ ਤੇ ਦਇਆ ਕਰ ਦੇਂਦੇ ਹਨ, ਜੇ ਸਿਖ ਭੁੱਲ ਵੀ ਕਰਦਾ ਹੈ। ਘੋੜੇ ਵਾਲੀ ਭੁਲ ਪਾਤਸ਼ਾਹ ਬਖ਼ਸ਼ ਦਿਤੀ ਤੇ ਘੋੜੀ ਪਰਵਾਨ ਕਰ ਲਈ। ਐਡੇ ਦਿਆਲੂ ਅਵਤਾਰ ਕਲਜੁਗ ਵਿਚ ਹਨ ਅਸੀਂ ਏਨ੍ਹਾਂ ਦੀ ਉਸਤਤ ਨਹੀਂ ਕਰ ਸਕਦੇ ਜੀ।।