ਪੁਸਤਕਾਲਾਜਨਮ ਸਾਖੀ

ਮਾਈ ਜਿਊਣੀ ਦੀ ਸੇਵਾ ਤੇ ਸੰਤ ਮਨੀ ਸਿੰਘ ਦੇਹ ਛੱਡਣੀ

ਮਾਈ ਜੀਉਣੀ ਭੰਡਾਲਾਂ ਪਿੰਡ ਦੀ ਸੀ ਤੇ ਬੜਾ ਪ੍ਰੇਮ ਕਰਦੀ ਸੀ। ਦੋ ਮਾਈ ਦੇ ਪੁੱਤਰ ਸਨ। ਇਕ ਅੱਠਾਂ ਤੇ ਦੂਸਰਾ ਦਸਾਂ ਕੁ ਸਾਲਾਂ ਦੀ ਉਮਰ ਦਾ ਸੀ। ਆਦਮੀ ਮਾਈ ਦਾ ਸੁਰਗਵਾਸ ਹੋ ਗਿਆ ਸੀ। ਪਦਾਰਥ ਪਾਤਸ਼ਾਹ ਦੀ ਦਇਆ ਨਾਲ ਮਾਈ ਕੋਲ ਬਹੁਤ ਸੀ। ਦੋਵਾਂ ਪੁੱਤਾਂ ਨੂੰ ਪੜ੍ਹੌਂਦੀ ਸੀ, ਤੇ ਛੀਂਬਿਆਂ ਦੇ ਘਰ ਦਾ ਜਰਮ ਸੀ। ਬੜੀ ਸੱਚੇ ਪਾਤਸ਼ਾਹ ਦੀ ਮਾਇਆ ਤੇ ਬਸਤਰਾਂ ਦੀ ਸੇਵਾ ਕਰਦੀ ਸੀ। ਸੰਤ ਮਨੀ ਸਿੰਘ ਵੀ ਭੰਡਾਲੀਂ ਬਹੁਤ ਰਹਿੰਦੇ ਸਨ, ਮਾਈ ਦੇ ਪ੍ਰੇਮ ਕਰ ਕੇ। ਐਸਾ ਸਮਾਂ ਆਇਆ ਕਿ ਸੰਤ ਮਨੀ ਸਿੰਘ ਭੰਡਾਲੀਂ ਗਏ ਹਨ। ਤੇ ਮਾਈ ਦੇ ਪੁੱਤਰ ਵੀ ਗਭਰੂ ਹੋ ਗਏ। ਸਾਢੇ ਤਿੰਨ ਸਾਲ ਸੰਤ ਮਨੀ ਸਿੰਘ ਸੰਗਰੂਰੀਂ ਨਜ਼ਰ ਬੰਦ ਰਹੇ ਹਨ। ਜਿਸ ਵਕਤ ਓਥੋਂ ਛੁੱਟੇ ਹਨ ਤੇ ਸਿੱਧੇ ਭੰਡਾਲੀਂ ਆਏ ਹਨ। ਓਥੇ ਮਹੀਨਾ ਰਹੇ ਹਨ। ਸਾਰੀ ਸਿਖੀ ਸੰਤ ਆਏ ਸੁਣ ਕੇ ਹੁਮ ਹੁਮਾ ਕੇ ਦਰਸ਼ਨਾਂ ਨੂੰ ਗਈ ਹੈ। ਜੇਹੜੇ ਸਿਖ ਪਾਤਸ਼ਾਹ ਕੋਲ ਹਨ, ਓਨ੍ਹਾਂ ਵੀ ਪੁਛਿਆ, ਸੱਚੇ ਪਾਤਸ਼ਾਹ ਜੇ ਆਖੋ ਅਸੀਂ ਵੀ ਬਾਬਾ ਮਨੀ ਸਿੰਘ ਭੰਡਾਲੀਂ ਆਏ ਹਨ, ਓਨ੍ਹਾਂ ਦੇ ਦਰਸ਼ਨ ਕਰ ਆਈਏ। ਪਾਤਸ਼ਾਹ ਆਖਣ ਲੱਗੇ, ਕੋਈ ਲੋੜ ਨਹੀਂ। ਆਪੇ ਏਥੇ ਆ ਜਾਣਗੇ। ਸਿਖ ਜੇਹੜੇ ਓਥੇ ਜਾਂਦੇ ਨੇ ਓਹਨਾਂ ਨੂੰ ਬੰਨੌਣ ਜਾਂਦੇ ਹਨ। ਸਿਖਾਂ ਗਿਆਂ ਨੂੰ ਵੇਖ ਕੇ ਭੰਡਾਲਾਂ ਦੇ ਵਿਚੋਂ ਇਕ ਜ਼ਿਮੀਦਾਰ ਨੇ ਕਪੂਰਥਲੇ ਜਾ ਕੇ ਚੁਗਲੀ ਮਾਰੀ ਕਿ ਇਕ ਸੰਤ ਅੰਗਰੇਜ਼ਾਂ ਦੇ ਵਰਖਲਾਫ ਬੜੇ ਬਚਨ ਲਿਖਦਾ ਹੈ। ਰਾਜੇ ਦੀ ਪੁਲਸ ਆਣ ਕੇ ਸੰਤਾਂ ਨੂੰ ਗਿਰਫਤਾਰ ਕਰ ਲਿਆ ਤੇ ਕਪੂਰਥਲੇ ਜੇਲ ਵਿਚ ਸੰਤ ਦੇ ਦਿਤੇ ਹਨ। ਰਾਜੇ ਸੰਗਰੂਰ ਦੀ ਜੇਲ ਵਿਚੋਂ ਛੁੱਟੇ ਹਨ ਤੇ ਰਾਜੇ ਕਪੂਰਥਲੇ ਵਾਲੇ ਨੇ ਸੰਤ ਕੈਦ ਕਰ ਦਿਤੇ ਹਨ। ਨਾਲ ਸਿਖ ਵੀ ਓਸ ਵਕਤ ਜੇਹੜੇ ਕੋਲ ਸਨ ਫੜੇ ਗਏ ਹਨ। ਖੀਰਾਂ ਵਾਲੀ ਦੇ ਦੋ ਸਿਖ ਅਤਰ ਸਿੰਘ ਤੇ ਖੜਕ ਸਿੰਘ ਓਹ ਨਾਲ ਫੜੇ ਗਏ ਹਨ। ਐਸਾ ਅੰਨ੍ਹਾ ਰਾਜਾ ਸੀ ਚੁਗਲੀ ਸੁਣ ਕੇ ਹੀ ਸੰਤਾਂ ਨੂੰ ਕੈਦ ਕਰ ਦਿਤਾ। ਕੁਛ ਸੋਚਿਆ ਨਹੀਂ ਕਿ ਬਿਰਧ ਸੰਤ ਹਨ। ਹਾੜ ਦਾ ਮਹੀਨਾ ਸੀ। ਗਰਮੀ ਬਹੁਤ ਪੈਂਦੀ ਹੈ। ਮੁਕਦਮਾ ਚਲ ਪਿਆ ਤੈ ਤ੍ਰੀਕਾਂ ਪੈਣ ਲਗ ਪਈਆਂ। ਸੰਤਾਂ ਨੂੰ ਮਹਾਰਾਜ ਹੋਰਾਂ ਆਕਾਸ਼ ਬਾਣੀ ਦਿਤੀ ਕਿ ਸੰਤਾ ਮੈਂ ਜੋਤ ਰੂਪੀ ਰਾਜੇ ਮਾਰ ਦਿਤੇ ਹਨ, ਤੇ ਏਹਨਾਂ ਦੇ ਹੁਣ ਤੂੰ ਸਿਆਪੇ ਕਰ ਦੇ। ਸੰਤ ਮਨੀ ਸਿੰਘ ਸਿਖਾਂ ਨੂੰ ਆਖਣ ਲੱਗੇ ਕਿ ਪਾਤਸ਼ਾਹ ਬਚਨ ਦੇਂਦੇ ਹਨ, ਬਾਬਾ ਰਾਜਿਆਂ ਦੇ ਸਿਆਪੇ ਕਰ, ਅਸੀਂ ਜੋਤ ਸਰੂਪੀ ਮਾਰ ਦਿਤੇ ਹਨ। ਮਨੀ ਸਿੰਘ ਸਤਿ ਬਚਨ ਮੰਨ ਕੇ ਇਕ ਸੀੜੀ ਰੋਜ ਬਣਾ ਕੇ ਤੇ ਸਾੜ ਦਿਆ ਕਰਨ ਤੇ ਕੋਲ ਪਿਟਿਆ ਕਰਨ, ਸਿਆਪਾ ਕਰਿਆ ਕਰਨ। ਸਿਖ ਸਾਰੇ ਜੇਹੜੇ ਨਾਲ ਸੀ ਓਹ ਗੱਲਾਂ ਨੂੰ ਪਿਟਿਆ ਕਰਨ ਤੇ ਮਨੀ ਸਿੰਘ ਵਿਚ ਬੈਹ ਕੇ ਮਰਾਸਣਾਂ ਵਾਗੂੰ ਅਲੌਣੀਆਂ ਦਿਆਂ ਕਰਨ। ੧੫ ਦਿਨ ਏਸੇ ਤਰ੍ਹਾਂ ਸਿਆਪਾ ਹੁੰਦਾ ਰਿਹਾ। ਤਿੰਨ ਮਹੀਨੇ ਏਸੇ ਤਰ੍ਹਾਂ ਸਿਖ ਤੇ ਮਨੀ ਸਿੰਘ ਬੰਦੀਖਾਨੇ ਰਹੇ ਹਨ। ਗਰਮੀ ਬੜੀ ਸੀ, ਸੰਤਾਂ ਨੂੰ ਮਰੋੜ ਔਣ ਲਗ ਪਏ।।

ਇਕ ਦਿਨ ਰਾਜੇ ਕਪੂਰਥਲੇ ਵਾਲੇ ਦਾ ਵੱਡਾ ਪੁੱਤਰ ਜੇਲ ਵਿਚ ਸੈਰ ਕਰਨ ਤੇ ਕੈਦੀਆਂ ਨੂੰ ਵੇਖਣ ਵਾਸਤੇ ਆਇਆ ਹੈ। ਨਾਲ ਹੋਰ ਵੀ ਬਹੁਤ ਅਫਸਰ ਹਨ ਜੀ। ਬਿਰਧ ਸੰਤ ਕੈਦ ਵਿਚ ਵੇਖ ਕੇ ਓਸ

ਨੇ ਪੁਛਿਆ ਕਿ ਸੰਤ ਬਿਰਧ ਅਵਸਥਾ ਵਿਚ ਕਿਉਂ ਕੈਦ ਵਿਚ ਦਿਤੇ ਹਨ। ਓਹਨਾਂ ਆਖਿਆ ਜੀ ਸੰਤ ਰਾਜ ਦੇ ਵਰਖਲਾਫ ਪਰਚਾਰ ਕਰਦਾ ਸੀ। ਇਸ ਕਰ ਕੇ ਕੈਦ ਕੀਤਾ ਹੈ। ਓਸ ਪੁਛਿਆ ਕਿ ਇਹ ਸੰਤ ਕੋਈ ਬੰਦੂਕਾਂ ਤੇ ਰੈਫਲਾਂ ਨਾਲ ਲਈ ਫਿਰਦਾ ਸੀ। ਓਹਨਾਂ ਆਖਿਆ ਨਹੀਂ ਜੀ ਕੋਲ ਤਾਂ ਕੁਛ ਨਹੀਂ ਸੀ। ਓਸ ਗੁੱਸੇ ਹੋਇਆਂ ਕਿਹਾ ਸੰਤਾਂ ਨੂੰ ਐਸੇ ਵਕਤ ਛੋੜ ਦਿਤਾ ਜਾਵੇ। ਉਸ ਦੇ ਮੂੰਹ ਤੇ ਆਖਣ ਲੱਗੇ ਜੀ ਚੰਗਾ, ਫੇਰ ਛੱਡਿਆ ਨਹੀਂ ਗਾ, ਐਸੇ ਲੋਕੀਂ ਪਾਪੀ ਸਨ। ਐਹਲਕਾਰਾਂ ਸਲਾਹ ਕੀਤੀ ਕਿ ਸੰਤਾਂ ਨੂੰ ਜਮਾਨਤ ਲੈ ਕੇ ਛੱਡੋ। ਮਾਈ ਜੀਊਣੀ ਨੂੰ ਠਾਣੇਦਾਰ ਆਖਣ ਲੱਗਾ, ਮਾਈ ਤੂੰ ਸੰਤਾਂ ਦੀ ਜਮਾਨਤ ਦੇ ਦੇਵੇਂਗੀ। ਮਾਈ ਆਖਿਆ ਮੈਂ ਸੰਤਾਂ ਤੇ ਸਾਰੇ ਸਿਖਾਂ ਦੀ ਜਮਾਨਤ ਦੇਵਾਂਗੀ। ਫੇਰ ਓਸ ਵਕਤ ਮਾਈ ਜਮਾਨਤ ਦੇ ਕੇ ਸਾਰੇ ਸਿਖ ਤੇ ਮਨੀ ਸਿੰਘ ਨੂੰ ਆਪ ਦੇ ਨਾਲ ਭੰਡਾਲੀਂ ਲੈ ਆਈ ਹੈ। ੧੨ ਸੌ ਰੁਪੈਆ ਮਾਈ ਜੀਊਣੀ ਦਾ ਇਸ ਮੁਕੱਦਮੇ ਤੇ ਲਗ ਗਿਆ ਹੈ। ਮਨੀ ਸਿੰਘ ਦਾ ਬਿਰਧ ਸ਼ਰੀਰ ਸੀ। ਮਾਈ ਬੜੀ ਸੇਵਾ ਕੀਤੀ। ਪਰ ਸੰਤਾਂ ਦੇ ਮਰੋੜ ਹਟੇ ਨਹੀਂ। ੧੦ ਅੱਸੂ ਬਿਕ੍ਰਮੀ ੧੯੭੬ ਨੂੰ ਸੰਤ ਮਨੀ ਸਿੰਘ ਚੋਲਾ ਛੱਡ ਗਏ ਹਨ। ਲਾਗੇ ਤਿੰਨ ਮੀਲ ਪੈਂਡਾ ਸੀ ਖੀਰਾਂਵਾਲੀ ਦਾ। ਅਤਰ ਸਿੰਘ ਤੇ ਖੜਕ ਸਿੰਘ ਸਿਖ ਦੋਵੇਂ ਸੰਤਾਂ ਦੇ ਕੋਲ ਦੇਹ ਛੱਡਣ ਵੇਲੇ ਆ ਗਏ ਹਨ ਜੀ। ਅਤਰ ਸਿੰਘ ਸਿਖ ਤੇ ਪਾਤਸ਼ਾਹ ਦੀ ਬੜੀ ਕਿਰਪਾ ਸੀ। ਸੰਤਾਂ ਦੀ ਸੇਵਾ ਕਰਨ ਨਾਲ ਅਤਰ ਸਿੰਘ ਦੀ ਸੁਰਤ ਖੁਲ੍ਹੀ ਹੋਈ ਸੀ। ਜਿਸ ਵਕਤ ਬਹਿ ਕੇ ਸ਼ਬਦ ਨਾਲ ਜੁੜਦਾ ਹੈ ਪਾਤਸ਼ਾਹ ਓਸੇ ਵਕਤ ਦਰਸ਼ਨ ਦੇਂਦੇ ਸਨ। ਅਤਰ ਸਿੰਘ ਸੰਤਾਂ ਦੀ ਦੇਹ ਕੋਲ ਬੈਠ ਕੇ ਸ਼ਬਦ ਨਾਲ ਜੁੜਿਆ ਹੈ। ਜਿਸ ਤਰ੍ਹਾਂ ਪਾਤਸ਼ਾਹ ਹੁਕਮ ਦਿਤਾ, ਓਸੇ ਤਰ੍ਹਾਂ ਸੰਤਾਂ ਦੇ ਕਪੜੇ ਤੇ ਇਸ਼ਨਾਨ ਕਰਾਇਆ ਗਿਆ। ਪਾਤਸ਼ਾਹ ਬਚਨ ਦਿਤਾ ਕਿ ਸੰਤਾਂ ਦਾ ਸੰਸਕਾਰ ਖੇਤ ਜਾ ਕੇ ਖੂਹ ਦੇ ਕੋਲ ਮਾਈ ਜਿਉਣੀ ਦੀ ਪੈਲੀ ਵਿਚ ਕੀਤਾ ਜਾਵੇ ਤੇ ਕੱਚੀ ਮਿੱਟੀ ਦੀ ਢੇਰੀ ਓਥੇ ਨਿਸ਼ਾਨੀ ਬਣਾ ਦਿਤੀ ਜਾਵੇ। ਅਤਰ ਸਿੰਘ ਨੇ ਉਸੇ ਤਰ੍ਹਾਂ ਸਸਕਾਰ ਕਰਕੇ ਓਥੇ ਸਵਾਹ ਦੀ ਢੇਰੀ ਲਾ ਦਿਤੀ। ਫੁਲ ਚੁਗ ਕੇ ਗੜਵੀ ਵਿਚ ਪਾ ਲਏ ਤੇ ਘਵਿੰਡ ਆਣ ਕੇ ਪਾਤਸ਼ਾਹ ਦੇ ਚਰਨਾਂ ਵਿਚ ਰੱਖ ਦਿਤੇ।।

ਸਾਰਿਆਂ ਸਿਖਾਂ ਨੂੰ ਪਤਾ ਲਗਾ ਕਿ ਗੁਰੂ ਸਾਹਿਬ ਸਾਡੇ ਦੇਹ ਛੱਡ ਗਏ ਹਨ। ਸਾਰੇ ਸਿਖ ਪਾਤਸ਼ਾਹ ਕੋਲ ਅਫਸੋਸ ਵਾਸਤੇ ਗਏ ਹਨ। ਸਾਰਿਆਂ ਸਿਖਾਂ ਨੇ ਪਾਤਸ਼ਾਹ ਕੋਲ ਸੰਤਾਂ ਦੇ ਨਾਂ ਪਰਸ਼ਾਦ ਕਰਾਇਆ ਤੇ ਬੇਨੰਤੀ ਕੀਤੀ ਕਿ ਸੱਚੇ ਪਿਤਾ ਅੱਗੇ ਤਾਂ ਸੰਤਾਂ ਨੂੰ ਆਕਾਸ਼ ਬਾਣੀ ਦੇਂਦੇ ਸੋ ਤੇ ਅਸੀਂ ਬਚਨ ਸੁਣਦੇ ਰਹਿੰਦੇ ਸਾਂ, ਤੇ ਹੁਣ ਆਪ ਹੀ ਦਇਆ ਕਰਿਓ ਜੇ। ਸੱਚੇ ਪਾਤਸ਼ਾਹ ਆਖਣ ਲੱਗੇ। ਸਿਖੋ ਸੰਤ ਮਨੀ ਸਿੰਘ ਤੁਹਡੇ ਕੋਲ ਹੀ ਰਹਿਣਗੇ। ਕਿਤੇ ਦੂਰ ਨਹੀਂ ਜਾਂਦੇ। ਜਦੋਂ ਅਸੀਂ ਤੁਹਾਡੇ ਪਾਸ ਹਾਂ ਫੇਰ ਤੁਹਾਨੂੰ ਕਾਹਦਾ ਸਹਿੰਸਾ ਹੈ। ਸਾਰਿਆਂ ਆਖਿਆ ਸੱਚੇ ਪਿਤਾ ਤੁਹਾਡੇ ਹੁੰਦਿਆਂ ਸਾਨੂੰ ਕਾਹਦਾ ਫਿਕਰ ਹੈ। ਧੰਨ ਬਾਬਾ ਮਨੀ ਸਿੰਘ ਹੈ ਜੇਹੜਾ ਜੁਗਾਂ ਦੇ ਵਿਛੜਿਆਂ ਨੂੰ ਬਾਹੋਂ ਫੜਕੇ ਤੁਹਾਡੀ ਚਰਨੀ ਲਾ ਗਿਆ ਹੈ। ਅੱਸੂ ਵਿਚ ਦੇਹ ਛੱਡੀ ਹੈ ਸੰਤਾਂ ਨੇ ਕੱਤੇ ਦੀ ਚੌਦੇ ਵਾਲੀ ਰਾਤ ਮਨੀ ਸਿੰਘ ਪਾਤਸ਼ਾਹ ਦੇ ਘਰ ਪਾਤਸ਼ਾਹ ਦਾ ਪੁੱਤਰ ਬਣ ਕੇ ਆ ਗਿਆ ਹੈ। ਮਾਤਾ ਬੰਤੀ ਦੀ ਕੁਖੋਂ ਸੰਤਾਂ ਨੇ ਜਰਮ ਲਿਆ ਹੈ। ਤਿੰਨ ਸਾਹਿਬਜਾਦੇ ਮਾਤਾ ਨੈਣੋ ਦੀ ਕੁੱਖ ਵਿਚੋਂ ਹਨ। ਇਕ ਮਾਤਾ ਭਜਨੋ ਦੀ ਕੁੱਖੋਂ ਸਾਹਿਬਜਾਦਾ ਹੈ। ੫ ਸਾਹਿਬਜਾਦੇ ਪਾਤਸ਼ਾਹ ਦੇ ਹਨ। ਵੱਡੇ ਸਾਹਿਬਜਾਦੇ ਦਾ ਨਾਮ ਜੋਤ ਸਰੂਪ ਪਾਤਸ਼ਾਹ ਭਗਵਾਨ ਸਿੰਘ ਰੱਖਿਆ ਹੈ। ਫੇਰ ਪਾਤਸ਼ਾਹ ਲਾਡ ਨਾਲ ਮੋਹਣ ਕਰ ਕੇ ਵਾਜ ਮਾਰਦੇ ਸਨ। ਲੋਕੀਂ ਵੀ ਮੋਤਿਆ ਆਖਣ ਲਗ ਪਏ। ਜੋ ਸਿਖ ਹਨ ਸਾਰੇ ਬਾਬਾ ਭਗਵਾਨ ਸਿੰਘ ਜੀ ਆਖ ਬੁਲੌਂਦੇ ਹਨ। ਉਸ ਤੋਂ ਛੋਟੇ ਦਾ ਨਾਮ ਊਧਮ ਸਿੰਘ ਸੀ, ਤੀਜੇ ਸਾਹਿਬਜਾਦੇ ਨਾ ਨਾਮ, ਮਾਤਾ ਬੰਤੀ ਦੇ ਪੁੱਤਰ ਦਾ, ਜੋਤ ਸਰੂਪ ਕਰਤਾਰ ਸਿੰਘ ਪਾਤਸ਼ਾਹ ਰਖਿਆ ਹੈ। ਸਿਖ ਸਾਰੇ ਬਾਬਾ ਕਰਤਾਰ ਸਿੰਘ ਆਖਦੇ ਤੇ ਹੋਰ ਦੁਨੀਆਂ ਸੂਰਤ ਸਿੰਘ ਆਖਦੀ

ਹੈ ਜੀ। ਉਸ ਤੋਂ ਛੋਟੇ ਦਲੀਪ ਸਿੰਘ ਤੇ ਸ਼ਾਮ ਸਿੰਘ ਹਨ ਜੀ।।

ਬਾਬਾ ਕਰਤਾਰ ਸਿੰਘ ਬਾਬਾ ਊਧਮ ਸਿੰਘ ਬਾਬਾ ਭਗਵਾਨ ਸਿੰਘ
(ਬਾਬਾ ਸੂਰਤ ਸਿੰਘ) (ਬਾਬਾ ਮੋਤਾ ਸਿੰਘ)

ਬਾਬਾ ਸ਼ਾਮ ਸਿੰਘ ਬਾਬਾ ਦਲੀਪ ਸਿੰਘ

ਸਿਖਾਂ ਪਾਤਸ਼ਾਹ ਲਈ ਬੈਠਕ ਬਣੌਣੀ

ਇਕ ਵਾਰ ਸਾਰਿਆਂ ਸਿਖਾਂ ਰਲ ਕੇ ਸਲਾਹ ਕੀਤੀ ਕਿ ਪਾਤਸ਼ਾਹ ਅੱਗੇ ਬੇਨੰਤੀ ਕਰ ਕੇ ਇਕ ਪਾਤਸ਼ਾਹ ਲਈ ਬੈਠਕ ਬਣਾਈਏ। ਪਾਤਸ਼ਾਹ ਅੱਗੇ ਬੇਨੰਤੀ ਕੀਤੀ ਕਿ ਸਾਡੀ ਸਲਾਹ ਹੈ, ਆਪ ਦੇ ਬਹਿਣ ਵਾਸਤੇ ਇਕ ਬੈਠਕ ਤਿਆਰ ਕਰੀਏ। ਪਾਤਸ਼ਾਹ ਆਖਣ ਲੱਗੇ ਸਾਨੂੰ ਤਾਂ ਕੋਈ ਐਡਾ ਬੈਠਕ ਦਾ ਚਾ ਨਹੀਂ। ਅਸੀਂ ਏਸੇ ਤਰ੍ਹਾਂ ਖ਼ੁਸ਼ ਹਾਂ। ਸਿਖਾਂ ਆਖਿਆ, ਪਾਤਸ਼ਾਹ ਸਾਨੂੰ ਚਾ ਹੈ ਬੈਠਕ ਬਣੌਣ ਦਾ ਤੁਸੀਂ ਦਇਆ ਕਰੋ। ਪਾਤਸ਼ਾਹ ਆਖਿਆ ਚੰਗਾ ਤੁਹਾਡੀ ਖ਼ੁਸ਼ੀ। ਸਿਖਾਂ ਨੇ ੫੦੦ ਰੁਪੈਆ ਕੱਠਾ ਕਰ ਕੇ ਹੁਡਿਆਰੇ ਪਿੰਡ ਜਾ ਕੇ ੪੦ ਹਜਾਰ ਇੱਟ ਲੈਣੀ ਕਰ ਆਏ, ਸਾਈ ਫੜਾ ਆਏ। ਹਾੜ ਦੇ ਮਹੀਨੇ ਵਿਚ ਇੱਟਾਂ ਢੋਣੀਆਂ ਸ਼ੁਰੂ ਕਰ ਦਿਤੀਆਂ ਹਨ। ਸਾਰਿਆਂ ਸਿਖਾਂ ਨੇ ਗੱਡਾਂ ਲਿਆ ਕੇ ਤਿੰਨਾਂ ਦਿਨਾਂ ਵਿਚ ਇੱਟਾਂ ਢੋ ਲਈਆਂ ਹਨ। ਮਹਾਰਾਜ ਹੋਰਾਂ ਦੇ ਪਿਤਾ ਨੇ ਹਵੇਲੀ ਵਲੀ ਹੋਈ ਸੀ। ਜ਼ਿਮੀਦਾਰਾਂ ਨੇ ਥਾਂ ਦਿਤਾ ਹੋਇਆ ਸੀ। ਪਾਤਸ਼ਾਹ ਥਾਂ ਵਾਲੇ ਜ਼ਿਮੀਦਾਰਾਂ ਨੂੰ ਪੁਛਿਆ ਕਿ ਅਸੀਂ ਡਿਓਡੀ ਤੇ ਬੈਠਕ ਬਣੌਣ ਲੱਗੇ ਹਾਂ ਜੇ ਥਾਂ ਦਾ ਫੇਰ ਕੋਈ ਰੌਲਾ ਪੌਣਾ ਤੇ ਹੁਣੇ ਦੱਸ ਦਿਓ। ਸਾਰੇ ਆਖਣ ਲਗੇ ਸੱਚੇ ਪਾਤਸ਼ਾਹ ਬਣਾਓ, ਤੁਸੀਂ ਜੋ ਜੀ ਕਰਦਾ ਹੈ। ਜਿਸ ਵਕਤ ਮਕਾਨ ਤਿਆਰ ਹੋ ਗਿਆ ਤੇ ਆਖਣ ਲੱਗੇ ਥਾਂ ਸਾਡਾ ਏ। ਮਹਾਰਾਜ ਹੋਰਾਂ ਆਖਿਆ ਕਿ ਅਸੀਂ ਹੁਣ ਮਕਾਨ ਤਿਆਰ ਕੀਤਾ ਹੈ। ਤੁਸੀਂ ਜਾਂ ਸਾਡੇ ਕੋਲੋਂ ਕਰਾਇਆ ਲਈ ਜਾਓ ਤੇ ਜਾਂ ਥਾਂ ਦੀ ਕੀਮਤ ਲੈ ਲਓ। ਆਖਣ ਲੱਗੇ ਨਹੀਂ ਮਹਾਰਾਜ ਜੀ, ਸਾਡਾ ਸਾਰੀ ਪੱਤੀ ਦਾ ਸਾਂਝਾ ਥਾਂ ਹੈ ਅਸੀਂ ਜੰਞਾਂ ਵਾਸਤੇ ਤਿਆਰ ਕਰ ਕੇ ਰੱਖਣਾ ਹੈ ਅਸੀਂ ਪੈਸੇ ਨਹੀਂ ਲੈਣੇ। ਓਸ ਤਰ੍ਹਾਂ ਤਾਂ ਪਾਤਸ਼ਾਹ ਨੂੰ ਕੁਛ ਨਹੀਂ ਆਖ ਸਕਦੇ ਸਨ ਕਿਉਂਕਿ ਪਾਤਸ਼ਾਹ ਕੋਲ ਬੰਦਿਆਂ ਦਾ ਬਹੁਤ ਜੋਰ ਸੀ। ਤਿੰਨ ਮੀਲ ਲਾਗੇ ਭਡਾਣਾ ਪਿੰਡ ਸੀ, ਓਥੇ ਜਾ ਕੇ ਸਰਦਾਰ ਕੋਲ ਦਾਹਵਾ ਕਰ ਦਿਤਾ। ਸਰਦਾਰ ਜੱਟ ਸੀ। ਜੱਟਾਂ ਨੇ ਫਰਮੈਸ਼ ਪਾਈ ਤੇ ਆਂਦੇ ਨੇ ਅਸਾਂ ਥਾਂ ਦਿਤਾ ਸੀ, ਪਾਤਸ਼ਾਹ ਮਕਾਨ ਪਾ ਬੈਠੇ ਹਨ ਜੀ, ਤੇ ਅਸੀਂ ਹੱਕ ਨਹੀਂ ਛੱਡਣਾ ਤੁਸੀਂ ਹੁਣ ਓਹਨਾਂ ਦਾ ਦਾਹਵਾ ਤੋੜ ਦਿਓ। ਓਸ ਸਰਦਾਰ ਬੇਈਮਾਨ ਨੇ ਪਾਤਸ਼ਾਹ ਦਾ ਹੱਕ ਤੋੜ ਦਿਤਾ। ਪਾਤਸ਼ਾਹ ਨੂੰ ਹੁਕਮ ਕੀਤਾ ਕਿ ਆਪ ਦਾ ਮਕਾਨ ਹਦੇੜ ਲਓ। ਜੇ ਇਕ ਮਹੀਨੇ ਵਿਚ ਨਾ ਹਦੇੜੋਗੇ, ਤੇ ਤੁਹਾਡਾ ਏਹ ਵੀ ਹੱਕ ਜਾਂਦਾ ਰਹੇਗਾ। ਓਥੇ ਲੋਕ ਪਾਤਸ਼ਾਹ ਨਾਲ ਬਹੁਤ ਦੁਬਿਧਾ ਕਰਦੇ ਰਹੇ ਹਨ ਜੀ। ਪਾਤਸ਼ਾਹ ਨੇ ਸਿਖਾਂ ਨੂੰ ਹੁਕਮ ਦਿਤਾ ਕਿ ਮਕਾਨ ਹਦੇੜ ਕੇ ਖੇਤ ਜਾ ਕੇ ਬੈਠਕ ਬਣਾ ਲਓ। ਮਾਲ ਡੰਗਰ ਵੀ ਵਾੜ ਵਲ ਕੇ ਓਥੇ ਲੈ ਜਾਓ। ਸਾਰੀ ਸਿਖੀ ਵਿਚ ਪਾਤਸ਼ਾਹ ਹੁਕਮ ਦੇ ਦਿਤਾ ਕਿ ਜੋ ਮਾਈ ਭਾਈ ਏਸ ਸੇਵਾ ਵਿਚ ਹੱਥ ਲੌਣਗੇ, ਸਾਰਿਆਂ ਦੀ ਸੇਵਾ ਪਰਵਾਨ ਕਰਾਂਗੇ। ਤੇਜਾ ਸਿੰਘ ਨੂੰ ਬਾਰ ਵਿਚ ਪਾਤਸ਼ਾਹਾਂ ਘੱਲ ਦਿਤਾ ਕਿ ਸਾਰਿਆਂ ਸਿਖਾਂ ਨੂੰ ਸਾਡਾ ਹੁਕਮ ਸੁਣਾ ਦਿਓ। ਤੇਜਾ ਸਿੰਘ ਬਾਰ ਵਿਚ ਜਾ ਕੇ ਸੱਚੇ ਪਾਤਸ਼ਾਹ ਦਾ ਹੁਕਮਨਾਮਾ ਸੁਣਾ ਦਿਤਾ ਹੈ ਕਿ ਪਾਤਸ਼ਾਹ ਮਕਾਨ ਹਦੇੜ ਕੇ ਖੇਤ ਖੜਨਾ ਹੈ ਮਿਟੀ ਸਮੇਤ। ਜੋ ਮਾਈ ਭਾਈ ਆਣ ਕੇ ਇਸ ਮਿਟੀ ਨੂੰ ਹੱਥ ਲਾਵੇਗਾ ਚਾਰ ਜੁਗ ਉਸ ਦਾ ਨਾਮ ਰਹੇਗਾ। ਆਪਸ ਵਿਚ ਸਲਾਹ ਕਰ ਕੇ ਜੀਉਣ ਸਿੰਘ ਆਖਣ ਲਗਾ, ਸਾਡਾ ਵੇਹਲ ਨਹੀਂ। ਕੰਮ ਦਾ ਬੜਾ ਜੋਰ ਹੈ। ਤੇਜਾ ਸਿੰਘ ਮੁੜ ਆਇਆ ਤੇ ਜੋ ਕੁਛ ਸਿਖਾਂ ਆਖਿਆ ਆਣ ਕੇ ਸੱਚੇ ਪਾਤਸ਼ਾਹ ਨੂੰ ਸੁਣਾ ਦਿਤਾ। ਏਧਰ ਇਕ ਰਾਤ ਵਿਚ ਜੋ ਮਾਝੇ ਦੀ ਸਿਖੀ ਸੀ, ਸਾਰੀ ਆਣ ਕੇ ਬੜੇ ਪ੍ਰੇਮ ਨਾਲ ਸੇਵਾ ਕਰ ਰਹੀ ਹੈ। ਕਹਿਣ ਸ਼ੁਕਰ ਹੈ ਜੇ ਪਾਤਸ਼ਾਹ ਸਾਨੂੰ ਸੇਵਾ ਬਖ਼ਸ਼ੀ ਹੈ। ਇਕ ਰਾਤ ਵਿਚ ਸਿਖ ਮਕਾਨ ਹਦੇੜ ਕੇ ਲੈ ਗਏ ਹਨ ਜੀ। ਪਾਤਸ਼ਾਹ ਨੇ ਤੇਜਾ ਸਿੰਘ ਨੂੰ ਪੁਛਿਆ, ਕੋਈ ਸਿਖ ਤੇਰੇ ਨਾਲ ਆਇਆ ਹੈ। ਉਸ ਆਖਿਆ ਨਹੀਂ ਜੀ, ਓਹ ਆਂਦੇ ਸਨ ਸਾਡਾ ਵੇਹਲ ਨਹੀਂ। ਘਵਿੰਡੋਂ ਦੋ ਮੀਲ ਪਾਤਸ਼ਾਹ ਦਾ ਖੇਤ ਸੀ, ਜਿਥੇ ਇੱਟਾਂ ਖੜੀਆਂ ਹਨ। ੪੦ ਹਜਾਰ ਇੱਟ ਚੌਂਹ ਪੈਹਰਾਂ ਵਿਚ ਸਿਖ ਖੇਤ ਲੈ ਗਏ ਹਨ। ਲੱਕੜ ਦਾ ਸਾਰਾ ਸਮਾਨ ਕਲਸੀਂ ਪੁਚਾ ਦਿਤਾ ਸੀ ਚੇਤ ਸਿੰਘ ਦੇ ਘਰ। ਨਗਰ ਦੇ ਵਾਸੀ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਏ ਹਨ ਕਿ ਏਥੇ ਹੁਣ ਪਈ ਧੂੜ ਉਡਦੀ ਹੈ।।

ਏਥੇ ਵਾਲਿਆਂ ਸਿਖਾਂ ਤਾਂ ਸੇਵਾ ਕਰ ਕੇ ਰੱਜ ਲਿਆ, ਤੇ ਬਾਰ ਵਾਲੇ ਸਿਖ ਲੜਾਈ ਕਰ ਬੈਠੇ। ਜੀਉਣ ਸਿੰਘ ਵੱਢਿਆ ਫੱਟਿਆ ਗਿਆ। ਮਰਨੋਂ ਤਾਂ ਬਚ ਗਿਆ, ਹਾਲ ਬੁਰਾ ਹੋ ਗਿਆ ਹੈ। ਸੱਟ ਲੱਗਣ ਕਰ ਕੇ ਹਸਪਤਾਲ ਪੈ ਗਿਆ। ਮਾਇਆ ਲਗਣੀ ਸ਼ੁਰੂ ਹੋ ਗਈ। ਏਧਰੋਂ ਸਿਖਾਂ ਨੇ ਜੇਹੜੇ ਕੱਚੇ ਮਕਾਨ ਸਨ ਓਨ੍ਹਾਂ ਤੋਂ ਮਿੱਟੀ ਲਾਹ ਕੇ ਸਭ ਛੱਪੜ ਵਿਚ ਸੁੱਟ ਦਿਤੀ। ਓਸ ਵਕਤ ਸੱਚੇ ਪਾਤਸ਼ਾਹ ਨੇ ਐਸਾ ਸਿਖੀ ਵਿਚ ਬਲ ਬਖ਼ਸ਼ਿਆ ਕਿ ਜੇ ਸਾਰੇ ਰਲ ਕੇ ਪਹਾੜ ਨੂੰ ਧੱਕਾ ਮਾਰਨ ਤੇ ਪਹਾੜ ਡੇਗ ਦੇਣ। ਜੋ ਬੱਚੇ ਦੁਧ ਚੁੰਗ ਰਹੇ ਸਨ ਓਨ੍ਹਾਂ ਦੇ ਹੱਥ ਵੀ ਸੰਗਤ ਨੇ ਲਵਾਏ ਹਨ। ਮਿੱਟੀ ਦੀ ਐਸੇ ਪ੍ਰੇਮ ਨਾਲ ਸੇਵਾ ਕੀਤੀ ਹੈ, ਥਾਂ ਪੱਧਰਾ ਕਰ ਕੇ ਜੋ ਕੱਖ ਕੰਡਾ ਸੀ, ਸਭ ਨੂੰ ਅੱਗ ਲਾ ਦਿਤੀ ਹੈ। ਅੱਗ ਦੇ ਭਾਂਬੜ ਬਲਦੇ ਵੇਖ ਸਾਰਾ ਪਿੰਡ ਕੋਠਿਆਂ ਤੇ ਚੜ ਕੇ ਵੇਂਹਦਾ ਹੈ। ਓਸ ਪੱਤੀ ਨੂੰ ਲਾਨਤਾਂ ਤੇ ਧ੍ਰਿਗ ਪੈਂਦੀ ਹੈ। ਦੁਨੀਆਂ ਸਾਰੀ ਆਂਦੀ ਹੈ ਕਿ ਪਾਪੀਆਂ ਪਾਪ ਕੀਤਾ ਹੈ। ਲੇਖਾ ਦੇਣਾ ਪਊ। ਸਾਵਣ ਦਾ ਮਹੀਨਾ ਸੀ ਬੱਦਲ ਤੇ ਘਟਾਂ ਚੜ੍ਹ ਕੇ ਆ ਗਈਆਂ ਹਨ। ਅੱਠ ਪਹਿਰ ਐਨਾਂ ਮੀਂਹ ਪਿਆ ਕਿ ਜੋ ਮਿਟੀ ਥੋੜੀ ਬਹੁਤ ਰੈਂਹਦੀ ਸੀ। ਸਾਰੀ ਰੁੜ ਕੇ ਛੱਪੜ ਵਿਚ ਜਾ ਪਈ ਹੈ। ਸੱਚੇ ਪਾਤਸ਼ਾਹ ਮਾਲ ਖੇਤ ਲੈ ਗਏ ਹਨ। ਸਿਖੀ ਸਾਰੀ ਖ਼ੁਸ਼ੀਆਂ ਲੈ ਕੇ ਆਪੋ ਆਪਣੇ ਘਰੀਂ ਚਲੀ ਗਈ ਹੈ। ਘਵਿੰਡ ਦੇ ਵਾਸੀ ਏਸ ਤਰ੍ਹਾਂ ਪਾਤਸ਼ਾਹ ਨਾਲ ਵਰਤਦੇ ਰਹੇ ਹਨ ਜੀ। ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਕਿਸੇ ਨੂੰ ਮੱਥੇ ਵੱਟ ਨਹੀਂ ਸੀ ਪੌਂਦੇ। ਸੰਤ ਮਨੀ ਸਿੰਘ ਦਾ ਬਚਨ ਹੈ ਪਾਤਸ਼ਾਹ ਦੇ ਹੱਥ ਕੜਛਾ ਫੜਿਆ ਹੋਇਆ ਹੈ, ਜਿਹੜਾ ਸੇਵਾ ਕਰਦਾ, ਓਹ ਸਿੱਧਾ ਪੁਵਾ ਲੈਂਦਾ ਹੈ ਤੇ ਜੇਹੜਾ ਨਿੰਦਿਆ ਕਰਦਾ ਹੈ, ਓਹ ਪੁਠਾ ਪੁਵਾ ਲੈਂਦਾ ਹੈ, ਸਰਾਫ ਲੈ ਕੇ ਬੈਠ ਜਾਂਦਾ ਹੈ। ਕੋਈ ਦਿਨ ਪਾ ਕੇ ਸਿਖਾਂ ਨੇ ਖੇਤ ਵਿਚ ਪੱਕੇ ਮਕਾਨ ਤੇ ਬੈਠਕ ਬਣਾ ਦਿਤੀ। ਮਾਲ ਡੰਗਰ ਵੀ ਰਾਤ ਦਿਨੇ ਖੇਤ ਰਹੇ। ਅਨੇਕ ਭਾਂਤ ਦੇ ਓਥੇ ਫਲਾਂ ਦੇ ਬੂਟੇ ਸਿਖਾਂ ਨੇ ਲਿਆ ਕੇ ਬਾਗ ਲਾ ਦਿਤਾ। ਧਰਤੀ ਨੂੰ ਭਾਗ ਲੱਗਾ ਪਿਆ ਹੈ, ‘‘ਓਹ ਤਾਂ ਧਰਤੀ ਨਸੀਬਾਂ ਵਾਲੀ ਜਿਥੇ ਮੇਰਾ ਸਾਹਿਬ ਵਸਦਾ’’। ਜਿਥੇ ਪਾਤਸ਼ਾਹ ਚਰਨ ਪਾਏ ਹਨ, ਧੰਨ ਓਹ ਧਰਤੀ ਹੈ।।

ਦਫਤੂ ਵਾਲੇ ਸਿਖਾਂ ਦੀ ਸਾਖੀ

ਇਕ ਦਫਤੂ ਦਾ ਸਿਖ ਤੇ ਬੀਬੀਆਂ ਮਾਈਆਂ ਬੜਾ ਸੱਚੇ ਪਾਤਸ਼ਾਹ ਦਾ ਪ੍ਰੇਮ ਕਰਦੀਆਂ ਸਨ ਤੇ ਦਰਸ਼ਨ ਕਰਨ ਔਂਦੇ ਰੈਂਦੇ ਸਨ। ਪਾਤਸ਼ਾਹ ਵੀ ਐਸਾ ਹੀ ਪ੍ਰੇਮ ਕਰਦੇ ਸਨ। ਜਦੋਂ ਸੰਗਤਾਂ ਗੁਰਪੁਰਬ ਤੇ ਔਂਦੀਆਂ ਸੀ, ਅੱਠ ਅੱਠ ਦਿਨ ਪਾਤਸ਼ਾਹ ਸਿਖਾਂ ਨੂੰ ਜਾਣ ਨਹੀਂ ਸੀ ਦੇਂਦੇ। ੧੨ ਮੀਲ ਦਫਤੂ ਤੋਂ ਘਵਿੰਡ ਦਾ ਪੈਂਡਾ ਸੀ। ਬੇਬੇ ਕਰਮੋ ਸਵੇਰੇ ਪਰਸ਼ਾਦ ਪਕਾ ਕੇ ਤਸਮਈ ਤੇ ਕੜਾਹ ਪਰਸ਼ਾਦ ਤਿਆਰ ਕਰ ਕੇ, ਕਈ ਪਰਕਾਰ ਦੇ ਭੋਜਨ ਤਿਆਰ ਕਰ ਕੇ, ਸਿਰ ਤੇ ਥਾਲ ਚੁਕ ਕੇ ਤੇ ਨੰਗੀ ਪੈਂਰੀਂ ਤੁਰ ਕੇ ਆਣ ਕੇ ਘਵਿੰਡ ਪਾਤਸ਼ਾਹ ਨੂੰ ਪਰਸ਼ਾਦ ਛਕਾ ਕੇ ਫੇਰ ਆਪ ਛਕਦੀ ਸੀ। ਐਨਾ ਬੇਬੇ ਦਾ ਪ੍ਰੇਮ ਹੈ, ਮੈਂ ਦੱਸ ਨਹੀਂ ਸਕਦਾ। ਸੱਚੇ ਪਾਤਸ਼ਾਹ ਪਰਵਾਨ ਕਰਨ ਤੇ ਸਿਖਾਂ ਦੀ ਚਰਨੀ ਲੱਗਿਆਂ ਦੀ ਨਿਭਾ ਦੇਣ। ਜਦੋਂ ਬੇਬੇ ਕਰਮੋ ਨੇ ਘਰ ਜਾਣਾ ਤੇ ਸਾਰਿਆਂ ਗੁੱਸੇ ਹੋਣਾ, ਐਨੇ ਦਿਨ ਜਾ ਕੇ ਬੈਹ ਰੈਂਦੀ ਹੈ। ਓਹਨਾਂ ਆਖਣਾ ਪਾਤਸ਼ਾਹ ਦਾ ਪਜ ਲੌਦੀਆਂ ਨੇ ਕਿ ਸਾਨੂੰ ਔਣ ਨਹੀਂ ਦੇਂਦੇ। ਅਸੀਂ ਵੀ ਪਾਤਸ਼ਾਹ ਦੇ ਸਿਖ ਹਾਂ, ਸਾਨੂੰ ਓਹਨਾਂ ਕਦੇ ਨਹੀਂ ਆਖਿਆ, ਆਓ ਜਾਂ ਨਾ ਆਓ। ਬੇਬੇ ਕਰਮੋ ਦੇ ਨਾਲ ਚਾਰ ਕੁ ਬੀਬੀਆਂ ਸੇਵਾਦਾਰ ਹੋਰ ਵੀ ਔਂਦੀਆਂ ਸਨ। ਜਦੋਂ ਫੇਰ ਬੀਬੀਆਂ ਨੇ ਔਣਾਂ ਤੇ ਬੇਨੰਤੀ ਕਰਨੀ, ਸੱਚੇ ਪਾਤਸ਼ਾਹ ਤੁਸੀਂ ਸਾਨੂੰ ਖ਼ੁਸ਼ੀ ਨਹੀਂ ਦੇਂਦੇ ਜਦੋ ਆਖੀਦਾ ਹੈ, ਘਰ ਦੇ ਸਾਨੂੰ ਜਾਂਦਿਆਂ ਨੂੰ ਗੁੱਸੇ ਹੁੰਦੇ ਹਨ। ਆਂਦੇ ਨੇ ਸਾਨੂੰ ਤਾਂ ਪਾਤਸ਼ਾਹ ਕੁਛ ਨਹੀਂ ਆਂਦੇ। ਬੇਬੇ ਧੰਨੋ ਦਫਤੂ ਵਾਲੀ ਨੇ ਪਾਤਸ਼ਾਹ ਅੱਗੇ ਬੇਨੰਤੀ ਕੀਤੀ, ਹੇ ਸੱਚੇ ਪਿਤਾ ਮੈਨੂੰ ਔਲਾਦ ਦੀ ਬੜੀ ਭੁੱਖ ਹੈ, ਦਇਆ ਕਰੋ। ਤੇਜਾ ਸਿੰਘ ਪਾਤਸ਼ਾਹ ਤੋਂ ਅੱਗੇ ਪਿਛੇ ਹੋ ਕੇ ਬੀਬੀਆਂ ਨੂੰ ਸਮਝੌਂਣਾ

ਕਿ ਤੁਸੀਂ ਬੰਦਿਆਂ ਦੀ ਅਰਜ ਨਾ ਕਰਿਆ ਕਰੋ, ਪਾਤਸ਼ਾਹ ਸਾਨੂੰ ਗੁੱਸੇ ਹੁੰਦੇ ਨੇ। ਸੱਚੇ ਪਾਤਸ਼ਾਹ ਫੜ ਲੈਣ ਤੇ ਛੇਤੀ ਛੱਡਦੇ ਨਹੀਂ। ਬੇਬੇ ਧੰਨੋ ਤੇ ਬੇਬੇ ਕਰਮੋ ਮਾਸੀ ਭਣੇਵੀ ਸਨ। ਧੰਨੋ ਨੂੰ ਸਿਖਾਂ ਆਖਣਾ ਬੇਬੇ ਜੇ ਪਾਤਸ਼ਾਹ ਕੋਲੋਂ ਪੁੱਤਰ ਮੰਗਦੀ ਹੈਂ, ਬੇਨੰਤੀ ਕਰਿਆ ਕਰ, ਸੱਚੇ ਪਾਤਸ਼ਾਹ ਕੋਈ ਆਪਣਾ ਭਗਤ ਈ ਬਖ਼ਸ਼ਿਓ ਜੇ, ਨਲੈਕ ਨਾ ਹੋਵੇ। ਸੱਚੇ ਪਾਤਸ਼ਾਹ ਸਾਲ ਭਰ ਤੱਕ ਅਰਜਾਂ ਸੁਣਦੇ ਰਹੇ ਹਨ ਤੇ ਕੋਈ ਬਚਨ ਨਹੀਂ ਕੀਤਾ। ਬੇਬੇ ਕਰਮੋ ਜਦੋਂ ਔਣਾ ਘਰ ਦੀਆਂ ਫਰਿਆਦਾਂ ਲੌਂਣੀਆਂ। ਗੁਰਪੁਰਬ ਤੇ ਬੇਬੇ ਹੋਰੀ ਆਈਆਂ ਤੇ ਧੰਨੋ ਗਲ ਵਿਚ ਪੱਲਾ ਪਾ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਘਰ ਪੁੱਤਰ ਹੋਵੇ ਭਾਵੇਂ ਉਲਾਮੇ ਈ ਲਿਆਵੇ, ਬੇਸ਼ਕ ਨਲੈਕ ਹੀ ਹੋਵੇ। ਸੱਚੇ ਪਾਤਸ਼ਾਹ ਹੱਸ ਪਏ ਤੇ ਆਖਣ ਲੱਗੇ ਬੇਬੇ ਏਥੇ ਕੋਈ ਤੋਟ ਨਹੀਂ। ਤੂੰ ਇਕ ਮੰਗਦੀ ਹੈਂ ਤੇ ਤੇਰੇ ਘਰ ਦੋ ਹੋ ਪੈਣਗੇ। ਕਰਮੋ ਫੇਰ ਅਰਜ ਕੀਤੀ, ਸੱਚੇ ਪਾਤਸ਼ਾਹ ਮੈਂ ਅਗਲੀ ਵਾਰੀ ਗਈ ਸਾਂ ਤੇ ਮੈਨੂੰ ਘਰ ਦੇ ਬੜੇ ਗੁੱਸੇ ਹੋਏ ਸੀ। ਪਾਤਸ਼ਾਹ ਆਖਣ ਲੱਗੇ, ਚੰਗਾ ਬੇਬੇ ਹੁਣ ਫੇਰ ਨਹੀਂ ਤੈਨੂੰ ਗੁੱਸੇ ਹੁੰਦੇ। ਦੋਵੇਂ ਮਾਸੀ ਭਣੇਵੀਂ ਪਾਤਸ਼ਾਹ ਤੋਂ ਵਰ ਤੇ ਖ਼ੁਸ਼ੀ ਲੈ ਕੇ ਘਰ ਚਲੀਆਂ ਗਈਆਂ ਹਨ ਜੀ।।

ਕੋਈ ਦਿਨ ਪਾ ਕੇ ਬੇਬੇ ਧੰਨੋ ਦੇ ਘਰ ਪੁੱਤਰ ਹੋਇਆ ਹੈ ਤੇ ਉਸਦਾ ਨਾਂ ਆਤਮਾ ਸਿੰਘ ਰੱਖਿਆ ਹੈ। ਫੇਰ ਉਸ ਬੇਬੇ ਦੇ ਦੋ ਪੁੱਤਰ ਤੇ ਦੋ ਧੀਆਂ, ਚਾਰ ਬੱਚੇ ਪਾਤਸ਼ਾਹ ਬਖ਼ਸ਼ੇ ਹਨ। ਜਦੋਂ ਬੇਬੇ ਦਾ ਪੁੱਤ ਗਭਰੂ ਹੋਇਆ ਤੇ ਚੋਰੀਆਂ ਕਰਨ ਲੱਗ ਪਿਆ ਹੈ। ਠਾਣੇਦਾਰਾਂ ਘਰੀਂ ਆਣ ਤਲਾਸ਼ੀਆਂ ਲੈਣੀਆਂ ਸ਼ੁਰੂ ਕਰ ਦਿਤੀਆਂ। ਆਤੂ ਦੇ ਬਾਪ ਨੂੰ ਵੀ ਪੁਲਸ ਵਾਲਿਆਂ ਧੂਈ ਫਿਰਨਾ। ਜਿਸ ਤਰ੍ਹਾਂ ਦਾ ਬੇਬੇ ਵਰ ਮੰਗਿਆਂ ਓਸੇ ਤਰ੍ਹਾਂ ਪਾਤਸ਼ਾਹ ਦੇ ਦਿਤਾ। ਬੇਬੇ ਕਰਮੋ ਦੀ ਵੀ ਬੇਨੰਤੀ ਪਰਵਾਨ ਕਰ ਕੇ ਪਾਤਸ਼ਾਹ ਉਸ ਦੇ ਘਰ ਵਾਲੇ ਨੂੰ ਫੜ ਲਿਆ ਤੇ ਕਰਮੋ ਦੀ ਵੀ ਮਸਤਾਨੀ ਬਿਰਤੀ ਹੋ ਗਈ। ਆਪਣੇ ਆਪ ਦੀ ਸੁਰਤ ਨਹੀਂ ਸੀ ਰੱਖਦੀ, ਤੇ ਲੋਕੀ ਆਖਣ ਕਮਲੀ ਹੋ ਗਈ ਹੈ। ਕਰਮੋ ਦਾ ਦਿਉਰ ਬੜਾ ਮਖੌਲ ਕਰਦਾ ਸੀ ਤੇ ਆਂਦਾ ਸੀ ਕਿ ਮਹਾਰਾਜ ਮੈਨੂੰ ਨਹੀਂ ਕੁਛ ਵਖੌਂਦੇ। ਓਹ ਵੀ ਘਰੋਂ ਨਿਕਲ ਗਿਆ। ਕਰਮੋ ਦਾ ਘਰ ਵਾਲਾ ਜੇ ਰੋਟੀ ਖਾਣ ਲੱਗੇ ਤੇ ਓਸੇ ਵਕਤ ਸਪਸ਼ਟ ਦਰਸ਼ਨ ਦੇ ਕੇ ਪਾਤਸ਼ਾਹ ਆਖਣ, ਕਿਉਂ ਖਾਂਦਾ ਹੈਂ। ਗੱਲ ਕੀ, ਨਾ ਪਾਤਸ਼ਾਹ ਜਲ ਛੱਕਣ ਦੇਣ ਤੇ ਨਾ ਹੀ ਬੈਹਣ ਦੇਣ। ਸੱਚੇ ਪਾਤਸ਼ਾਹ ਬੂੜ ਸਿੰਘ ਨੂੰ ਜੋਤ ਰੂਪ ਘਰੋਂ ਘੇਰ ਕੇ ਬਾਹਰ ਖੇਤ ਲੈ ਗਏ ਹਨ। ਓਥੇ ਚਤੁਰਭੁਜ ਹੋ ਕੇ ਪਾਤਸ਼ਾਹ ਦਰਸ਼ਨ ਦਿਤਾ, ਕਿ ਦੱਸ ਸਿਖਾਂ ਸਾਨੂੰ ਹੁਣ ਮੰਨੇਗਾ ਕਿ ਨਹੀਂ। ਉਸ ਵਕਤ ਬੂੜ ਸਿੰਘ ਹੱਥ ਜੋੜ ਕੇ ਬੇਨੰਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਭੁੱਲ ਬਖ਼ਸ਼ੋ ਮੈਂ ਹੁਣ ਤੁਹਾਡੀ ਨਿੰਦਿਆਂ ਨਹੀਂ ਕਰਦਾ। ਪਾਤਸ਼ਾਹ ਆਖਣ ਲੱਗੇ ਕਰਮੋ ਨੂੰ ਛੱਡ ਦਿਆਂਗੇ ਤੈਨੂੰ ਨਹੀਂ ਛੱਡਣਾ। ਬੂੜ ਸਿੰਘ ਆਖਿਆ ਸੱਚੇ ਪਾਤਸ਼ਾਹ ਮੇਰੇ ਤੇ ਦਇਆ ਕਰੋ ਤੇ ਮੈਂ ਆਪ ਹੀ ਹੁਣ ਤੁਹਾਡੀ ਸੇਵ ਵਿਚ ਆਇਆ ਕਰਾਂਗਾ। ਕਰਮੋ ਨੂੰ ਮਸਤਾਨੀ ਬਿਰਤੀ ਵਿਚ ਰੱਖੋ। ਬੂੜ ਸਿੰਘ ਤੇ ਪਾਤਸ਼ਾਹ ਦਇਆ ਕਰ ਦਿਤੀ ਤੇ ਕਰਮੋ ਨੂੰ ਆਪਣੇ ਚਰਨਾਂ ਦੇ ਪ੍ਰੇਮ ਦੀ ਮਸਤਾਨੀ ਬਖ਼ਸ਼ ਬਿਰਤੀ ਦਿਤੀ।।

ਫੇਰ ਕਰਮੋ ਤੇ ਬੂੜ ਸਿੰਘ ਮੁਖੇ ਦੇ ਨਾਲ ਦਰਸ਼ਨਾਂ ਨੂੰ ਆਏ ਹਨ। ਇਕ ਘੋੜੀ ਸੇਵਾ ਵਿਚ ਲਿਆਏ ਹਨ। ਕਰਮੋ ਦੇ ਤਿੰਨ ਪੁੱਤਰ ਸਨ। ਵੱਡੇ ਦਾ ਨਾਂ ਗੁਰਦੀਪ ਸਿੰਘ ਤੇ ਛੋਟੇ ਦਾ ਨਾਂ ਕਛਾਲ ਸਿੰਘ। ਉਸ ਤੋਂ ਛੋਟੇ ਦਾ ਮੁਖਾਂ ਸਿੰਘ ਨਾਮ ਹੈ। ਛੋਟਾ ਮੁਖਾ ਸਿੰਘ ਉਸ ਵਕਤ ੫ ਸਾਲ ਦਾ ਸੀ। ਬੇਬੇ ਕਰਮੋ ਮੁਖਾ ਸਿੰਘ ਤੇ ਬੂੜ ਸਿੰਘ ਦਰਸ਼ਨ ਨੂੰ ਆਏ ਹਨ। ਆ ਕੇ ਪਾਤਸ਼ਾਹ ਦਾ ਦਰਸ਼ਨ ਕੀਤਾ ਤੇ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਦੀ ਸੇਵਾ ਵਿਚ ਘੋੜੀ ਲਿਆਏ ਹਾਂ ਤੇ ਆਹ ਮੁਖਾ ਸਿੰਘ ਤੁਹਾਡਾ ਬੱਚਾ ਤੁਹਾਡੀ ਸੇਵਾ ਵਿਚ ਦੇਂਦੇ ਹਾਂ। ਜਦੋਂ ਸਿਆਣਾ ਹੋ ਗਿਆ, ਤੁਹਾਡੇ ਮਾਲ ਦੀ ਸੇਵਾ ਕਰੇਗਾ।

(ਸ੍ਰ ਮੁੱਖਾ ਸਿੰਘ ਜਿਸ ਨੂੰ ਉਨ੍ਹਾਂ ਦੇ ਪਿਤਾ ਸ੍ਰ ਬੂੜ ਸਿੰਘ ਅਤੇ
ਮਾਤਾ ਬੇਬੇ ਕਰਮੋ ਨੇ ਮਹਾਰਾਜ ਜੀ ਦੀ ਸੇਵਾ ਵਿਚ ਭੇਟ ਕੀਤਾ)

ਦੀਨ ਦਿਆਲ ਮੇਰੇ ਤੇ ਦਇਆ ਕਰੋ ਤੇ ਮੈਨੂੰ ਦਾਨੀ ਬਿਰਤੀ ਬਖ਼ਸ਼ੋ। ਸੱਚੇ ਪਾਤਸ਼ਾਹ ਦਇਆ ਕੀਤੀ ਤੇ ਆਖਿਆ ਚੰਗਾ, ਜਿਸ ਤਰ੍ਹਾਂ ਤੁਸੀਂ ਆਖੋਗੇ ਓਸੇ ਤਰ੍ਹਾਂ ਹੋ ਜਾਵੇਗਾ। ਬੂੜ ਸਿੰਘ ਤੈਨੂੰ ਖੁਲ੍ਹੀ ਛੁੱਟੀ ਹੈ ਜਦੋਂ ਜੀ ਕਰੇ ਆ ਜਾਇਆ ਕਰ ਤੇ ਬੇਬੇ ਕਰਮੋ ਨੂੰ ਹਰ ਮਸਿਆ ਤੇ ਔਣਾ ਪਵੇਗਾ, ਜੇ ਨਾ ਆਵੇਗੀ ਤੇ ਅਸੀਂ ਜੂੜ ਪਾ ਕੇ ਲੈ ਆਵਾਂਗਾ। ਫੇਰ ਬੇਬੇ ਕਰਮੋ ਉਸ ਦਿਨ ਤੋਂ ਹਰ ਮੱਸਿਆ ਨੂੰ ਦਰਸ਼ਨ ਕਰਨ ਔਂਦੀ ਹੈ। ਅਨੇਕ ਪਰਕਾਰ ਦੇ ਭੋਜਨ ਤੇ ਮਠਿਆਈਆਂ ਹੱਥੀਂ ਬਣਾ ਕੇ ਪ੍ਰੇਮ ਨਾਲ ਪਾਤਸ਼ਾਹ ਦਾ ਥਾਲ ਲੁਵਾ ਕੇ, ਸਿਰ ਤੇ ਚੁਕ ਕੇ ਲਿਔਂਦੀ ਹੈ। ਪਾਤਸ਼ਾਹ ਨੂੰ ਪਰਸ਼ਾਦ ਛਕਾ ਕੇ ਫੇਰ ਆਪ ਛਕਦੀ ਰਹੀ ਹੈ। ੧੫ ਦਿਨ ਆਪਣੇ ਘਰ ਜਾਂਦੀ ਸੀ ਤੇ ੧੫ ਦਿਨ ਅਗਲੀ ਮਸਿਆ ਤੋਂ ਫੇਰ ਸੇਵਾ ਵਿਚ ਆ ਜਾਂਦੀ ਸੀ। ਸੇਵਾ ਕਰਦੀ ਕਰਦੀ ਕਿਤੇ ਅੱਕਦੀ ਥੱਕਦੀ ਨਹੀਂ। ਧੰਨ ਸੱਚੇ ਪਾਤਸ਼ਾਹ ਹਨ ਤੇ ਧੰਨ ਕਮਾਈ ਓਹਨਾਂ ਦੇ ਸਿਖਾਂ ਦੀ ਹੈ। ਸਾਰੀ ਸੰਗਤ ਗਜ ਕੇ ਆਖੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਮੁਖਾ ਸਿੰਘ ਜਿਸ ਵਕਤ ਗਭਰੂ ਹੋ ਗਿਆ ਹੈ, ਬਹੁਤ ਪ੍ਰੇਮ ਨਾਲ ਸੇਵਾ ਵਿਚ ਲਗ ਪਿਆ ਹੈ। ਐਸਾ ਸੀਤਲ ਸੁਭਾ ਸਿਖ ਦਾ ਹੈ ਮੈਂ ਲਿਖ ਨਹੀਂ ਸਕਦਾ। ਭਾਵੇਂ ਕੋਈ ਉਸ ਦੇ ਕੋਲ ਕੁਛ ਕਰਦਾ ਰਹੇ ਉਸ ਨੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਤੇ ਨਾ ਕਿਸੇ ਖਾਣ ਵਾਲੀ ਚੀਜ ਦਾ ਲਲਾਚ ਕਰਨਾ ਹੈ। ਸਿਰਫ ਸੇਵਾ ਵਿਚ ਤੇ ਪਾਤਸ਼ਾਹ ਦੇ ਚਰਨਾਂ ਵਿਚ ਧਿਆਨ ਰੱਖਦਾ ਹੈ। ਹੁਣ ਉਸ ਦਿਨ ਤੋਂ ਮੁੱਖਾ ਸਿੰਘ ਅੱਠੇ ਪਹਿਰ ਸੇਵਾ ਵਿਚ ਹਾਜਰ ਹੈ ਜੀ। ਮੈਂ ਬੂੜ ਸਿੰਘ ਤੇ ਬੇਬੇ ਕਰਮੋ ਦੀ ਉਸਤਤ ਨਹੀਂ ਕਰ ਸਕਦਾ। ਪਾਤਸ਼ਾਹ ਹੀ ਉਨ੍ਹਾਂ ਦੇ ਗੁਣਾਂ ਨੂੰ ਜਾਣਦੇ ਹਨ।।

ਬੀਬੀ ਠਾਕਰੀ ਤੇ ਕੇਹਰ ਸਿੰਘ ਦੀ ਪਾਤਸ਼ਾਹ ਕੋਲ ਬੇਨੰਤੀ

ਇਕ ਸਮੇਂ ਦਾ ਬਚਨ ਹੈ ਕਿ ਬੀਬੀ ਠਾਕਰੀ ਤੇ ਉਸ ਦੇ ਮਾਲਕ ਕੇਹਰ ਸਿੰਘ ਗਾਗੇ ਵਾਲੇ ਨੇ ਸੱਚੇ ਪਾਤਸ਼ਾਹ ਅੱਗੇ ਹੱਥ ਜੋੜ ਕੇ ਬੇਨੰਤੀ ਕੀਤੀ, ਰਾਤ ਨੂੰ ਜਿਸ ਵਕਤ ਪਾਤਸ਼ਾਹ ਪਲੰਘ ਤੇ ਬਿਰਾਜਮਾਨ ਹੋਏ ਹਨ। ਕਿ ਸੱਚੇ ਪਾਤਸ਼ਾਹ ਬੀਬੀ ਤਾਰੋ ਨੂੰ ਜੇ ਤੁਸਾਂ ਰਾਜੀ ਨਹੀਂ ਕਰਨਾ ਤੇ ਦੇਹ ਛੁਡਾ ਦਿਉ, ਗੁੱਸੇ ਨਾਲ ਮੇਹਣਾ ਮਾਰਿਆ। ਇਕੋ ਧੀ ਸੀ ਬੀਬੀ ਠਾਕਰੀ ਦੀ, ਪੁੱਤ ਕੋਈ ਨਹੀਂ ਸੀ। ਪਾਤਸ਼ਾਹ ਆਖਿਆ ਠਾਕਰੀਏ ਸਵੇਰੇ ਬੇਨੰਤੀ ਕਰੀਂ, ਏਸ ਵਕਤ ਨਹੀਂ ਕਰੀ ਦੀ। ਓਨ੍ਹਾਂ ਆਖਿਆ ਕਿ ਸਵੇਰੇ ਆਪੇ ਸੋਚ ਕੇ ਬੇਨੰਤੀ ਕਰਨਗੇ। ਫੇਰ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਪਲੰਘ ਤੇ ਬੈਠੇ ਹਨ। ਓਸੇ ਵਕਤ ਠਾਕਰੀ ਤੇ ਕੇਹਰ ਸਿੰਘ ਹੱਥ ਜੋੜ ਕੇ ਬੇਨੰਤੀ ਕਰਨ ਲੱਗੇ ਕਿ ਸੱਚੇ ਪਾਤਸ਼ਾਹ ਤਾਰੋ ਦਾ ਤਾਪ ਟੁਟਦਾ ਨਹੀਂ ਤੇ ਅਸੀਂ ਬੜੇ ਔਖੇ ਹਾਂ। ਜੇ ਮਹਾਰਾਜ ਜੀ ਏਸ ਦਾ ਤਾਪ ਨਹੀਂ ਹਟੌਣਾ ਤੇ ਇਸ ਦੀ ਦੇਹ ਛੁਡਾ ਦਿਓ।

ਸੱਚੇ ਪਾਤਸ਼ਾਹ ਆਖਣ ਲੱਗੇ, ਜਾਓ ਬੈਹ ਜੋ ਰਮਾਨ ਨਾਲ, ਏਸ ਅਰਜ ਕਰਨ ਖੁਣੋ ਕੀ ਥੁੜਿਆ ਸੀ। ਫੇਰ ਵੀ ਪਾਤਸ਼ਾਹ ਦੀ ਰਮਜ ਨਹੀਂ ਸਮਝੇ, ਫੇਰ ਆਖਣ ਲੱਗੇ ਸੱਚੇ ਪਾਤਸ਼ਾਹ ੧੦੦ ਗਊ ਦਾ ਪੁੰਨ ਹੈ ਜੇ ਤਾਰੋ ਮਰ ਜਾਵੇ ਤੇ। ਸਾਨੂੰ ਏਹਦੇ ਸੌਹਰੇ ਵੀ ਬੜਾ ਤੰਗ ਕਰਦੇ ਹਨ। ਸੱਚੇ ਪਾਤਸ਼ਾਹ ਬੜੇ ਖਫੇ ਹੋਏ ਤੇ ਸਾਰਿਆਂ ਦਾ ਦਿਲ ਬੜਾ ਖਰਾਬ ਹੋ ਗਿਆ। ਪਾਤਸ਼ਾਹ ਵੀ ਚੁਪ ਕਰ ਕੇ ਪਲੰਘ ਤੇ ਲੰਮੇ ਪੈ ਗਏ। ਜਿਸ ਵਕਤ ਚਾਹ ਪਾਣੀ ਤਿਆਰ ਹੋ ਗਿਆ, ਪਾਤਸ਼ਾਹ ਅੱਗੇ ਬੇਨੰਤੀ ਗਈ ਕਿ ਪਾਤਸ਼ਾਹ ਦਇਆ ਕਰੋ, ਆਪ ਭੋਗ ਲਾਓ ਸੀਤ ਪਰਸ਼ਾਦ ਤੁਹਾਡੀਆਂ ਸੰਗਤਾਂ ਛਕਣ। ਸੱਚੇ ਪਾਤਸ਼ਾਹ ਚਾਹ ਛਕਣ ਲੱਗ ਪਏ ਹਨ ਤੇ ਫਿਰ ਸਾਰੀ ਸੰਗਤ ਛਕ ਰਹੀ ਹੈ। ਸੱਚੇ ਪਾਤਸ਼ਾਹ ਬਚਨ ਬਲਾਸ ਸੰਗਤਾਂ ਨਾਲ ਕਰ ਰਹੇ ਹਨ। ਬਾਬਾ ਸੁੰਦਰ ਸਿੰਘ ਬੁਗਿਆ ਵਾਲਾ ਵੀ ਆਇਆ ਹੋਇਆ ਸੀ। ਪਰਸ਼ਾਦ ਛਕ ਕੇ ਰੋਟੀ ਵੇਲੇ ਸੁੰਦਰ ਸਿੰਘ ਖ਼ੁਸ਼ੀ ਲੈ ਲਈ ਹੈ। ਕੇਹਰ ਸਿੰਘ ਬੀਬੀ ਦਾ ਬਾਪ ਵੀ ਪਰਸ਼ਾਦਾ ਛਕ ਕੇ ਗਾਗੇ ਨੂੰ ਚਲਾ ਗਿਆ ਹੈ। ਇੰਦਰ ਸਿੰਘ ਨੂੰ ਪਾਤਸ਼ਾਹ ਸਿਆਣੇ ਵਲ ਘਲ ਦਿਤਾ ਕਿ ਜਾਹ ਕੇ ਤਾਰੋ ਲਈ ਦੁਵਾਈ ਲਿਆ ਰਾਜੀ ਹੋਜੂ। ਸੱਚੇ ਪਾਤਸ਼ਾਹ ਖੇਤ ਵਾਲਿਆਂ ਵਾਸਤੇ ਰੋਟੀਆਂ ਬੰਨੌਂਦੇ ਹਨ ਤੇ ਨਾਲ ਸਿਖ ਵੀ ਤਿਆਰ ਹਨ। ਓਨੇ ਚਿਰ ਨੂੰ ਡੱਗੀ ਵਾਲਾ ਭਾਈ ਕਪੜਾ ਵੇਚਣ ਆ ਗਿਆ ਹੈ। ਠਾਕਰੀ ਤੇ ਬੀਬੀ ਤਾਰੋ ਕਪੜਾ ਖਰੀਦਣ ਲਗ ਪਈਆਂ ਹਨ। ਸੱਚੇ ਪਿਤਾ ਅਜੇ ਪਿੰਡੋਂ ਬਾਹਰ ਨਹੀਂ ਗਏ ਤੇ ਬੀਬੀ ਤਾਰੋ ਕਪੜਾ ਖਰੀਦਦੀ ਖਰੀਦਦੀ ਉਥੇ ਬੈਠੀ ਡਿਗ ਪਈ ਹੈ ਤੇ ਅੱਖਾਂ ਪੁੱਠੀਆਂ ਹੋ ਗਈਆਂ ਹਨ। ਸਰੀਰ ਮਰੋੜੀਦਾ ਤੇ ਭੱਜਦਾ ਹੈ। ਜਨਾਨੀਆਂ ਨੇ ਚੁੱਕ ਕੇ ਮੰਜੇ ਤੇ ਪਾਈ ਹੈ। ਇਕ ਜਾਣਾ ਸੱਚੇ ਪਾਤਸ਼ਾਹ ਵਲੇ ਭੱਜ ਗਿਆ ਹੈ ਕਿ ਪਾਤਸ਼ਾਹ ਛੇਤੀ ਨਾਲ ਘਰ ਨੂੰ ਆਓ, ਤਾਰੋ ਬੜੀ ਔਖੀ ਹੈ। ਪਾਤਸ਼ਾਹ ਘਰ ਆਏ ਤੇ ਓਨਾਂ ਵਾਜ ਮਾਰੀ। ਬੀਬੀ ਨੇ ਨੇਤਰ ਪੁਟ ਕੇ ਵੇਖਿਆ ਪਾਤਸ਼ਾਹ ਆਖਣ ਲੱਗੇ ਤਾਰੋ ਆਖ ਵਹਿਗੁਰੂ ਧੰਨ ਸੱਚੇ ਪਾਤਸ਼ਾਹ। ਏਨਾਂ ਬਚਨ ਬੀਬੀ ਦੇ ਮੂੰਹ ਵਿਚ ਹੈ, ਤੇ ਬੀਬੀ ਤਾਰੋ ਦੇ ਸਵਾਸ ਪੂਰੇ ਹੋ ਗਏ ਹਨ। ਜੇਹੜਾ ਖੋਟਾ ਬਚਨ ਕੀਤਾ, ਬੇਨੰਤੀ ਕੀਤੀ ਓਸੇ ਵੇਲੇ ਪਾਤਸ਼ਾਹ ਭੁਗਤਾ ਦਿਤਾ। ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਕਦੀ ਖੋਟਾ ਬਚਨ ਨਹੀਂ ਕਰਨਾ ਚਾਹੀਦਾ। ਸਾਕ ਕਰ ਕੇ ਪਾਤਸ਼ਾਹ ਨੂੰ ਮੇਹਣਾ ਮਾਰਦੇ ਹਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਗੁੱਸੇ ਨੂੰ ਨਹੀਂ ਜਾਣਦੇ। (ਇਹ ਹਮੇਸ਼ਾ ਜੁਗੋ ਜੁਗ ਗਲ ਪਰਗਟ ਹੈ ਕਿ ਚਾਰ ਧਿਰਾਂ ਨਹੀਂ ਉਧਾਰਦੇ : ਅਵਤਾਰ ਦੇ ਕੋਲ, ਨਾਨਕ ਦਾਦਕ, ਸੌਹਰੇ, ਤੇ ਜੁੰਡੀ ਦੇ ਯਾਰ)। ਬੀਬੀ ਠਾਕਰੀ ਓਨੇ ਵਰ ਨਹੀਂ ਲਏ ਜਿਨੇ ਸਰਾਫ ਲਏ ਹਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਦਰਵਾਜਾ ਨੀਵਾਂ ਹੈ, ਜੇਹੜਾ ਨਿਉਂ ਕੇ ਚਲਦਾ ਹੈ ਓਹ ਖੱਟ ਜਾਂਦਾ ਹੈ। ਅਗਲੇ ਦਿਨ ਫੇਰ ਬੀਬੀ ਤਾਰੋ ਦਾ ਸਸਕਾਰ ਕੀਤਾ ਗਿਆ ਹੈ।

ਦੇਹ ਦਾ ਵਿਹਾਰ ਕਰ ਕੇ, ਸੱਚੇ ਪਾਤਸ਼ਾਹ ਬੀਬੀ ਠਾਕਰੀ ਨਾਲ ਪ੍ਰੇਮ ਬੜਾ ਕਰਦੇ ਸਨ। ੬੦ ਸਾਲ ਦੀ ਬੇਬੇ ਠਾਕਰੀ ਦੀ ਉਮਰ ਸੀ ਤੇ ਪਾਤਸ਼ਾਹ ਦਿਨ ਦਿਹਾੜ ਬੜੀ ਯਾਦ ਕਰਦੇ ਸਨ ਜੀ। ਕੋਈ ਕੰਮ ਕਰਨਾ ਹੋਵੇ ਪਹਿਲਾਂ ਭੈਣ ਨੂੰ ਸੱਦਦੇ ਸਨ। ਇਕ ਵੇਰਾਂ ਚਾਰ ਮੱਝਾਂ ਪਾਤਸ਼ਾਹ ਦੀਆਂ ਸੱਜਰਾਂ ਸਨ ਤੇ ਇਕ ਪਹਿਲੇ ਸੂਏ ਝੋਟੀ ਸੀ। ਉਸ ਨਾਲ ਪਾਤਸ਼ਾਹ ਬੜਾ ਪ੍ਰੇਮ ਕਰਦੇ ਸੀ ਤੇ ਬਚਨ ਕਰਨਾ ਏਹ ਅਸਾਂ ਘਰ ਰੱਖਣੀ ਹੈ। ਸੱਚੇ ਪਾਤਸ਼ਾਹ ਆਖਿਆ ਠਾਕਰੀਏ ਚਾਰ ਮੱਝਾਂ ਸੱਜਰਾਂ ਹਨ। ਇਕ ਝੋਟੀ ਤੋਂ ਬਗੈਰ ਜੇਹੜੀ ਜੀ ਕਰਦਾ, ਲੈ ਜਾ। ਠਾਕਰੀ ਨੇ ਆਪਣੀ ਲੜਕੀ ਤਾਰੋ ( ਓਸ ਵਕਤ ਜਿਉਂਦੀ ਸੀਂ ) ਕੋਲੋਂ ਓਸ ਪਾਤਸ਼ਾਹ ਵਾਲੀ ਝੋਟੀ ਤੇ ਲੀੜਾ ਪਵਾ ਦਿਤਾ। ਸੱਚੇ ਪਾਤਸ਼ਾਹ ਨੇ ਫੇਰ ਚੁਪ ਕਰ ਕੇ ਝੋਟੀ ਫੜਾ ਦਿਤੀ ਫੇਰ ਮਗਰੋਂ ਸਿਖਾਂ ਨਾਲ ਪਾਤਸ਼ਾਹ ਹਿਰਖ ਕਰਦੇ ਹਨ ਕਿ ਜੇਹੜੀ ਚੀਜ ਖ਼ੁਸ਼ ਹੋ ਕੇ ਦੇਈਏ ਓ ਚੰਗੀ ਹੈ ਕਿ ਜੇਹੜੀ ਨਰਾਜ ਕਰਕੇ ਧੀ ਭੈਣ ਖੜੇ ਓਹ ਚੰਗੀ ਹੈ। ਸੱਚੇ ਪਾਤਸ਼ਾਹ ਨੂੰ ਸਿਖ ਆਖਣ ਲੱਗੇ ਜੀ ਜੇਹੜੀ ਚੀਜ ਤੁਸੀਂ ਖ਼ੁਸ਼ ਹੋ ਕੇ ਦਿਉ ਓਹ ਚੰਗੀ ਹੈ, ਭਾਵੇਂ ਮਾੜੀ ਹੋਵੇ। ਪਾਤਸ਼ਾਹ ਆਖਣ

ਲੱਗੇ ਸਾਨੂੰ ਤਾਰੋ ਤੇ ਗੁਸਾ ਬੜਾ ਆਇਆ ਸੀ, ਪਰ ਅਸੀਂ ਵਿਚੋ ਵਿਚ ਜਰ ਗਏ ਹਾਂ। ਠਾਕਰੀ ਤੇ ਕੇਹਰ ਸਿੰਘ ਕੁੜੀ ਨੂੰ ਸਖਾ ਕੇ ਲੀੜਾ ਪਵਾਇਆ ਹੈ। ਓਥੇ ਜਾ ਕੇ ਝੋਟੀ ਕਿਸੇ ਦਿਨ ਮਿਲੇ ਕਦੀ ਨਾ ਮਿਲੇ। ਦੋ ਥਣਾਂ ਨੂੰ ਮੌਹਰੀ ਲੱਗ ਗਈ। ਏਸ ਤਰ੍ਹਾਂ ਕੌਡੀਆਂ ਤੋਂ ਖੋਟੀ ਹੋ ਗਈ। ਜਿਨੀਆਂ ਉਸ ਮੈਂਹ ਦੀਆਂ ਕੱਟੀਆਂ ਸੂਈਆਂ ਹਨ, ਸਾਰੀਆਂ ਦੇ ਥਣਾਂ ਨੂੰ ਮੌਹਰੀ ਲਗ ਕੇ ਹਵਾਨੇ ਖਰਾਬ ਹੋ ਜਾਣ। ਐਸਾ ਮੱਝ ਦੀ ਕੁਲ ਨੂੰ ਸਰਾਫ ਹੋ ਗਿਆ। ਜੋਰਾਵਰ ਦੇ ਕੋਲ ਰੈਹਣ ਨਾਲ ਹਰ ਵਕਤ ਭੁੱਲਾਂ ਹੋ ਜਾਦੀਆਂ ਹਨ ਜੀ।।

ਸਾਰਿਆਂ ਸਿਖਾਂ ਪਾਤਸ਼ਾਹ ਦਾ ਵਾੜਾ ਵਲਨਾ

ਇਕ ਸਮੇਂ ਦਾ ਬਚਨ ਹੈ ਕਿ ਤੇਜਾ ਸਿੰਘ ਤੇ ਹੋਰ ਪੰਜ ਛੀ ਸਿਖ ਸਨ। ਸਾਰਿਆਂ ਸਲਾਹ ਕੀਤੀ ਕਿ ਵਾੜਾ ਵਲ ਕੇ ਚਾਰ ਚੁਫੇਰੇ ਵਾੜ ਕਰ ਕੇ ਅੱਗੇ ਫੁਲਾਹ ਲਾ ਦੇਈਏ। ਤੇਜਾ ਸਿੰਘ, ਇੰਦਰ ਸਿੰਘ, ਲਾਭ ਸਿੰਘ ਤੋੜੇ ਵਾਲਾ, ਬੁਧ ਸਿੰਘ ਬਾਲੇ ਚੱਕ ਵਾਲਾ, ਸਾਰਿਆਂ ਸਲਾਹ ਕਰ ਲਈ। ਬਬੂਲ ਦੇ ਛਾਪੇ ਨੈਹਰੋਂ ਪਾਰ ਜਾ ਕੇ ਵੱਢ ਕੇ ਨੈਹਰ ਦੇ ਵਿਚ ਦੀ ਸਿਰ ਤੇ ਲਿਔਣੇ ਤੇ ਨੈਹਰ ਲੰਘਾ ਕੇ ਫੇਰ ਬਲਦਾਂ ਮਗਰ ਪਾ ਕੇ ਲਿਔਣੇ। ਚਾਲੀ ਸੈਲਾਂ ਬਲਦਾਂ ਮਗਰ ਖੜੀਆਂ ਹਨ। ਇਕ ਵਿਘਾ ਵਾੜਾ ਸੀ। ਐਨਾਂ ਛਾਪਾ ਕੱਠਾ ਕਰ ਲਿਆ, ਲੰਘਣ ਨੂੰ ਥਾਂ ਨਹੀਂ ਫੇਰ ਵਾੜਾ ਵਲਨਾ ਸ਼ੁਰੂ ਕਰ ਦਿਤਾ। ਤੀਹਰੀ ਵਾੜ ਚਾਰ ਚੁਫੇਰੇ ਕੀਤੀ। ਉਚੀ ਐਡੀ ਘੋੜੇ ਤੇ ਅਸਵਾਰ ਚੜਿਆ ਹੋਵੇ ਤੇ ਵਿਚ ਦਿਸਦਾ ਨਹੀਂ ਸੀ। ਬੇਰੀ ਦੇ ਛਾਪਿਆਂ ਦਾ ਇੰਦਰ ਸਿੰਘ ਨੇ ਫੁਲਾਹ ਬਣਾ ਕੇ ਬੰਨ ਦਿਤਾ। ਅਜੇ ਟੋਏ ਕੱਢ ਕੇ ਗੱਡਦੇ ਹੀ ਹਾਂ ਤੇ ਜੰਦਰਾ ਕੁੰਡੀ ਲੌਣਾ ਹੈ, ਓਨੇ ਚਿਰ ਨੂੰ ਨਾਲ ਸਿਖ ਹਨ ਤੇ ਪਾਤਸ਼ਾਹ ਘੋੜੇ ਤੇ ਪਰਸ਼ਾਦ ਲੈ ਕੇ ਆ ਗਏ ਹਨ। ਭੁਲ ਸਾਡੀ ਹੈ ਕਿ ਪਾਤਸ਼ਾਹ ਦੇ ਔਂਦਿਆਂ ਨੂੰ ਥਾਂ ਸਾਫ ਕਰਨਾ ਸੀ, ਅੱਗੇ ਓਸੇ ਤਰ੍ਹਾਂ ਲੱਕੜਾਂ ਖਿਲਰੀਆਂ ਪਈਆਂ ਹਨ। ਜਿਸ ਵੇਲੇ ਪਾਤਸ਼ਾਹ ਲੰਘਣ ਲੱਗੇ ਹਨ ਤੇ ਘੋੜੇ ਨੂੰ ਲੱਕੜਾਂ ਪੈਰਾਂ ਨਾਲ ਅੜੀਆਂ ਹਨ। ਪਾਤਸ਼ਾਹ ਗੁੱਸੇ ਹੋਣ ਲਗ ਪਏ, ਸਾਡੀ ਵੀ ਓਸ ਵਕਤ ਐਸੀ ਮੂਰਖਤਾਈ ਹੋਈ, ਹੱਥ ਜੋੜ ਕੇ ਭੁੱਲ ਨਹੀਂ ਬਖ਼ਸ਼ਾਈ। ਉਲਟਾ ਗੁੱਸਾ ਕਰ ਲਿਆ ਹੈ। ਓਹਨਾਂ ਦੇ ਗੁਸੇ ਹੋਣ ਨਾਲ ਅਸੀਂ ਸਾਰੇ ਹੈਰਾਨ ਹੋ ਕੇ ਖਲੋ ਗਏ ਹਾਂ। ਵਾੜੇ ਵਿਚ ਜਾ ਕੇ ਸਿਖਾਂ ਨੇ ਘੋੜਾ ਫੜ ਲਿਆ, ਤੇ ਪਾਤਸ਼ਾਹ ਮੰਜੇ ਤੇ ਲੰਮੇ ਪੈ ਗਏ ਹਨ। ਤੇਜਾ ਸਿੰਘ ਸਿਖਾਂ ਨੂੰ ਆਖਿਆ ਕਿ ਜਿਥੇ ਚੀਜਾਂ ਪਈਆਂ ਹਨ ਖਿਲਰੀਆਂ ਰਹਿਣ ਦਿਓ, ਚੁੱਕੋ ਨਾ, ਤੇ ਪਾਤਸ਼ਾਹ ਨਾਲ ਹੁਣ ਆਪਾਂ ਕੋਈ ਸਿਖ ਵੀ ਕੂਈਏ ਨਾ, ਚੁਪ ਹੜਤਾਲ ਕਰ ਦੇਈਏ। ਜਦੋਂ ਪਰਸ਼ਾਦੇ ਲਿਔਣ ਛਕ ਲਿਆ ਕਰੀਏ ਤੇ ਫੇਰ ਖਿਲਰ ਜਾਇਆ ਕਰੀਏ। ਪਾਤਸ਼ਾਹ ਨਾਲ ਉਕਾ ਨਾ ਬੋਲੀਏ। ਜਿਥੇ ਸੱਚੇ ਪਾਤਸ਼ਾਹ ਬੈਠੇ ਹੋਣ, ਓਥੋਂ ਸਾਰੇ ਸਿਖ ਉਠ ਕੇ ਕੋਈ ਪਸ਼ਾਬ ਕਰਨ ਚਲਿਆ ਜਾਵੇ ਤੇ ਕੋਈ ਪਾਣੀ ਪੀਣ ਚਲਿਆ ਜਾਵੇ। ਜਿੰਨਾਂ ਚਿਰ ਪਾਤਸ਼ਾਹ ਵਾੜੇ ਵਿਚ ਰਹਿਣ ਕੋਈ ਨਾ ਲਾਗੇ ਖਲੋਵੇ, ਤੇ ਨਾ ਕੋਈ ਬਚਨ ਕਰੇ। ਜਦੋਂ ਘਰ ਵੀ ਜਾਣ ਰੋਟੀ ਖਾ ਕੇ ਵਾਪਸ ਮੁੜ ਔਣ, ਬਚਨ ਕੋਈ ਨਾ ਕਰੇ। ਜੇ ਪਾਤਸ਼ਾਹ ਬੁਲੌਣ ਵੀ ਤੇ ਅੱਗੋਂ ਕੋਈ ਚੱਝ ਨਾਲ ਬੋਲੇ ਨਾ। ਬੁਧ ਸਿੰਘ ਬੜਾ ਠੰਡਾ ਸੁਭਾ ਦਾ ਸੀ। ਓਹ ਪਾਤਸ਼ਾਹ ਦੇ ਨਾਲ ਬਚਨ ਬਲਾਸ ਕਰੇ, ਹੋਰ ਕੋਈ ਨਾ ਬੋਲੇ। ਬੁਧ ਸਿੰਘ ਪਾਤਸ਼ਾਹ ਤੋਂ ਚੋਰੀ, ਤੇਜਾ ਸਿੰਘ ਤੇ ਇੰਦਰ ਸਿੰਘ ਨੂੰ ਆਖਣ, ਬੇਈਮਾਨੋ ਪਾਤਸ਼ਾਹ ਨਾਲ ਤੁਸੀਂ ਬੇਨੰਤੀ ਕਰਨ ਦੀ ਬਜਾਏ ਸਗੋਂ ਗੁੱਸੇ ਹੋ ਗਏ ਜੇ। ਅੱਠ ਦਿਨ ਏਸੇ ਤਰ੍ਹਾਂ ਅਸਾਂ ਸੱਚੇ ਪਾਤਸ਼ਾਹ ਨਾਲ ਰੋਸ ਰੱਖਿਆ ਸੀ। ਇਕ ਦਿਨ ਸੱਚੇ ਪਾਤਸ਼ਾਹ ਮਾਤਾ ਹੋਰਾਂ ਨਾਲ ਬਚਨ ਕੀਤਾ ਕਿ ਅਸੀਂ ਹੁਣ ਖੇਤ ਨਹੀਂ ਜਾਇਆ ਕਰਨਾ, ਸਿਖ ਤਾਂ ਸਾਡੇ ਗਿਆਂ ਨਾਲ ਬੋਲਦੇ ਵੀ ਨਹੀਂ, ਗੁਸੇ ਹਨ। ਰਾਤ ਨੂੰ ਜਦੋਂ ਸਿਖ ਘਰ ਗਏ ਤੇ ਮਾਤਾ ਨੈਣੋ ਤੇ ਮਾਤਾ ਬੰਤੀ ਆਖਣ ਲੱਗੀਆਂ, ਭਾਈਆ ਕੀ ਗਲ ਹੈ, ਪਾਤਸ਼ਾਹ ਨਾਲ ਤੁਸੀਂ ਕੂੰਦੇ ਨਹੀਂ। ਪਾਤਸ਼ਾਹ ਕੋਲ। ਭਾਈਆ ਜੀ ਤੁਸੀਂ ਏਸ ਤਰ੍ਹਾਂ ਨਾ ਕਰੋ। ਫੇਰ ਕੀ ਹੋਇਆ ਜੇ ਗੁੱਸੇ ਹੋਏ ਹਨ, ਤੁਹਾਡੇ ਮਾਪੇ

ਨੇ। ਸਾਨੂੰ ਭਾਈਆ ਜੀ ਕਈ ਵੇਰਾਂ ਤੁਹਾਡੇ ਸਾਹਮਣੇ ਗੁੱਸੇ ਹੁੰਦੇ ਨੇ, ਤਾਂ ਫਿਰ ਅਸੀਂ ਹੁਣ ਓਨਾਂ ਨਾਲ ਲੜਦੀਆਂ ਰਹੀਏ ਜੀ। ਫਿਰ ਸਾਰੇ ਜਣੇ ਆਖਣ ਲੱਗੇ ਹੁਣ ਬੇਨੰਤੀ ਕਰਕੇ ਪਾਤਸ਼ਾਹ ਕੋਲੋਂ ਭੁਲ ਬਖ਼ਸ਼ਾਈਏ। ਸੱਚੇ ਪਾਤਸ਼ਾਹ ਬਿਰਾਜੇ ਹੋਏ ਹਨ, ਤੇ ਸਿਖ ਰੁੱਗੇ ਛਕੌਣ ਲੱਗ ਪਏ। ਬੇਨੰਤੀ ਕੀਤੀ, ਪਾਤਸ਼ਾਹ ਜੀ ਅਸੀਂ ਭੁੱਲ ਗਏ ਹਾਂ, ਦਇਆ ਕਰੋ। ਅਸੀਂ ਹਮੇਸ਼ਾਂ ਭੁਲਣਹਾਰ ਜੀਵ ਹਾਂ ਤੇ ਤੁਸੀਂ ਮਾਪੇ ਬਖ਼ਸ਼ਣ ਜੋਗ ਜੇ। ਫੇਰ ਸੱਚੇ ਪਿਤਾ ਦਿਆਲੂ ਹੋਏ ਤੇ ਸਾਨੂੰ ਪਰਸ਼ਾਦ ਦਿਤਾ। ਪਰਸ਼ਾਦ ਛਕਦਿਆਂ ਸਾਰ ਹੀ ਸਾਡੇ ਸੀਤਲ ਹਿਰਦੇ ਹੋ ਗਏ। ਜਿੰਨੇ ਦਿਨ ਅਸੀਂ ਗੁੱਸੇ ਰਹੇ ਹਾਂ, ਓਨੇ ਦਿਨ ਪਾਤਸ਼ਾਹ ਦੇ ਹੱਥਾਂ ਦਾ ਪਰਸ਼ਾਦ ਨਹੀਂ ਛਕਿਆ।।

ਤੇਜਾ ਸਿੰਘ ਪਾਤਸ਼ਾਹ ਨਾਲ ਗੁਸੇ ਹੋਣਾ ਤੇ ਘੋੜੀ ਭੇਟ ਕਰਨੀ

ਤੇਜਾ ਸਿੰਘ ਬੇਨੰਤੀ ਕਰਦਾ ਹੈ ਕਿ ਮੈਂ ਬੜਾ ਨਿਭਾਗਾ ਸਾਂ, ਹਰ ਵਕਤ ਹੀ ਭੁੱਲਾਂ ਕਰਦਾ ਸਾਂ। ਮੈਂ ਤੁਹਾਨੂੰ ਹੋਰ ਬਚਨ ਦੱਸਦਾ ਹਾਂ ਕਿ ਪੋਹ ਦਾ ਮਾਹੀਨਾ ਸੀ ਤੇ ਕਿਸੇ ਬਚਨ ਤੋਂ ਮੈਂ ਨਰਾਜ ਹੋ ਗਿਆ। ਰਾਤ ਦਾ ਵਕਤ ਸੀਂ। ਮੈਂ ਸਾਰੇ ਲੀੜੇ ਲਾਹ ਕੇ ਸਿਰਫ ਕੱਛਾ ਤੇੜ ਹੈ ਬਾਹਰ ਵੇਹੜੇ ਵਿਚ ਨੰਗਾ ਬੈਹ ਗਿਆ। ਸਾਰੇ ਸਿਖ ਵੀ ਮਨਾ ਰਹੇ, ਮੈਂ ਮੰਨਿਆ ਨਹੀਂ। ਮਾਤਾ ਹੋਰੀਂ ਵੀ ਆਖਦੀਆਂ ਹਨ, ਮੈਂ ਫੇਰ ਵੀ ਨਹੀਂ ਮੰਨਿਆਂ। ਮੈਂ ਆਖਿਆ ਜੇ ਮੈਂ ਮੰਨਣਾ ਹੋਊ ਤੇ ਸੱਚੇ ਪਾਤਸ਼ਾਹ ਦੇ ਆਖੇ ਮੰਨੂੰ, ਹੋਰ ਕਿਸੇ ਦੇ ਆਖੇ ਨਹੀਂ ਮੰਨਦਾ। ਮਾਤਾ ਹੋਰਾਂ ਅੰਦਰ ਜਾ ਕੇ ਆਖਿਆ, ਸੱਚੇ ਪਾਤਸ਼ਾਹ ਤੇਜਾ ਸਿੰਘ ਆਂਦਾ ਮੈਂ ਤੁਹਾਡੇ ਆਖੇ ਨਹੀਂ ਮੰਨਣਾ, ਤੁਸੀਂ ਮੈਨੂੰ ਆਖੋ। ਸੱਚੇ ਪਾਤਸ਼ਾਹ ਫਿਰ ਕਿਰਪਾ ਕੀਤੀ, ਅੰਦਰੋਂ ਵਾਜ ਮਾਰੀ। ਕੁਛ ਪਾ ਲੈ। ਮੈਨੂੰ ਵੀ ਪਾਲਾ ਲੱਗਾ, ਤੇ ਮੈਂ ਮੰਨ ਪਿਆ। ਮੇਰੇ ਵਿਚ ਐਸੀ ਮੂਰਖਤਾਈ ਸੀ, ਭੁੱਲ ਬਖ਼ਸ਼ੌਣ ਦੀ ਬਜਾਏ ਸਗੋਂ ਰੁੱਸ ਪੈਂਦਾ ਸੀ। ਮੇਰੇ ਕੋਲੋਂ ਭੁੱਲਾਂ ਹੁੰਦੀਆਂ ਰੈਂਹਦੀਆਂ ਸਨ। ਸੱਚੇ ਪਾਤਸ਼ਾਹ ਰਹਿਮ ਕਰ ਦੇਂਦੇ ਸਨ ਜੀ।।

ਇਕ ਦਿਨ ਮੱਘਰ ਦਾ ਮਹੀਨਾ ਸੀ ਤੇ ਮੈਂ ਪਾਤਸ਼ਾਹ ਨਾਲ ਰੁਸ ਕੇ ਬਾਰ ਵਿਚ ਚਲਾ ਗਿਆ ਜੀ। ਓਥੇ ਜਾ ਕੇ ਮੈਂ ਚੋਰਾਂ ਠੱਗਾਂ ਨਾਲ ਰਹਿਣ ਲੱਗ ਪਿਆ। ਓਥੇ ਜਾਣ ਵਿਚ ਮੇਰੀ ਮਲੇਸ਼ ਬੁੱਧੀ ਹੋ ਗਈ। ਇਕ ਜ਼ਿਮੀਦਾਰ ਦੀ ਘੋੜੀ ਬੱਧੀ ਸੀ। ਮੈਂ ਕਾਠੀ ਪਾ ਕੇ ਦਿਨੇ ਹੀ ਘੋੜੀ ਭਜਾ ਲਿਆਂਦੀ। ਮੱਘਰ ਦਾ ਮਹੀਨਾ ਸੀ ਤੇ ਮੈਂ ਦੂਸਰੇ ਦਿਨ ਘਵਿੰਡ ਆ ਪਹੁੰਚਾ। ਦੁਪਹਿਰੇ ਮੈਂ ਘੋੜੀ ਲੈ ਕੇ ਘਵਿੰਡ ਘਰ ਆਇਆ ਹਾਂ। ਔਦਿਆਂ ਹੀ ਸੱਚੇ ਪਾਤਸ਼ਾਹ ਦੇ ਸਿੰਘਾਸਣ ਤੇ ਨਿਮਸਕਾਰ ਕੀਤੀ ਹੈ। ਮਾਤਾ ਹੋਰਾਂ ਨੂੰ ਨਿਮਸਕਾਰ ਕੀਤੀ ਤੇ ਰਾਜੀ ਖ਼ੁਸ਼ੀ ਪੁੱਛੀ। ਸਿਖਾਂ ਨੂੰ ਫਤੇਹ ਬੁਲਾਈ। ਫੇਰ ਮੈਂ ਰੋਟੀ ਖਾ ਕੇ ਘੋੜੀ ਹਵੇਲੀ ਨੂੰ ਲੈ ਕੇ ਚਲਾ ਗਿਆ ਹਾਂ ਜੀ। ਪਾਤਸ਼ਾਹ ਸ਼ਿਕਾਰ ਖੇਡ ਕੇ ਹਮੇਸ਼ਾਂ ਦਿਨ ਛਿਪੇ ਘਰ ਔਂਦੇ ਸਨ ਜੀ। ਹਵੇਲੀ ਵਿਚ ਇਕ ਮਕਾਨ ਸੀ। ਓਥੇ ਠੰਡ ਵਿਚ ਘੋੜੀ ਬੰਨ ਦਿਤੀ। ਸੱਚੇ ਪਾਤਸ਼ਾਹ ਹਵੇਲੀ ਵਿਚ ਆਏ ਹਨ ਤੇ ਸਾਰਿਆਂ ਸਿਖਾਂ ਨਿਮਸਕਾਰ ਕੀਤੀ। ਜਿਸ ਵਕਤ ਤੇਜਾ ਸਿੰਘ ਨਿਮਸਕਾਰ ਕਰਨ ਲੱਗਾ, ਪਾਤਸ਼ਾਹ ਨੇ ਮੱਥਾ ਨਹੀਂ ਟਿਕਾਇਆ, ਪਰਾਂ ਚਲੇ ਗਏ ਹਨ। ਗੁੱਸਾ ਭੁਲਾਇਆ ਨਹੀਂ ਗਾ ਜੀ। ਸਾਰੇ ਸਿਖ ਤੇ ਪਾਤਸ਼ਾਹ ਵੀ ਘਰ ਨੂੰ ਹਵੇਲੀ ਵਿਚ ਚਲੇ ਗਏ ਹਨ ਜੀ। ਘਰ ਵੀ ਪਾਤਸ਼ਾਹ ਤੇਜਾ ਸਿੰਘ ਨਾਲ ਬੋਲੇ ਨਹੀਂ ਗੇ। ਰਾਤ ਨੂੰ ਪਰਸ਼ਾਦ ਛਕ ਕੇ ਸਿਖਾਂ ਨਾਲ ਫੇਰ ਤੇਜਾ ਸਿੰਘ ਹਵੇਲੀ ਚਲਾ ਗਿਆ ਹੈ। ਮਗਰੋਂ ਪਾਤਸ਼ਾਹ ਮਾਤਾ ਹੋਰਾਂ ਨੂੰ ਪੁੱਛਦੇ ਹਨ ਕਿ ਤੇਜਾ ਸਿੰਘ ਕਿਧਰੋਂ ਆਇਆ ਹੈ। ਮਾਤਾ ਹੋਰਾਂ ਆਖਿਆ ਸੱਚੇ ਪਾਤਸ਼ਾਹ ਦੁਪੈਹਿਰ ਦਾ ਘੋੜੀ ਲੈ ਕੇ ਆਇਆ ਹੈ, ਤੇ ਆਂਦਾ ਸੀ ਮੈਂ ਬਾਰ ਵਿਚੋਂ ਆਇਆ ਹਾਂ। ਸਵੇਰੇ ਉਠ ਕੇ ਫੇਰ ਮੈਂ ਆਇਆ ਹਾਂ ਤੇ ਆਣ ਕੇ ਨਿਮਸਕਾਰ ਕੀਤੀ ਤੇ ਸੱਚੇ ਪਾਤਸ਼ਾਹ ਪੁਛਿਆ ਤੇਜਾ ਸਿੰਘ ਕਿਥੋਂ ਆਇਆ ਹੈ। ਮੈਂ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਬਾਰ ਵਿਚੋਂ ਆਇਆ ਹਾਂ, ਹੁਣ ਦਇਆ ਕਰੋ,

ਭੁੱਲਾਂ ਬਖ਼ਸ਼ੋ। ਸੱਚੇ ਪਿਤਾ ਨੇ ਪੁਛਿਆ ਕਿ ਤੁਰ ਕੇ ਆਇਆ ਕਿ ਗੱਡੀ ਤੇ। ਮੈਂ ਆਖਿਆ ਪਾਤਸ਼ਾਹ ਮੈਂ ਘੋੜੀ ਤੇ ਆਇਆ ਹਾਂ, ਤੇ ਆਖਣ ਲੱਗੇ ਘੋੜੀ ਕਿਥੇ ਹੈ। ਮੈਂ ਆਖਿਆ ਜੀ ਹਵੇਲੀ ਬੱਧੀ ਹੈ। ਪਾਤਸ਼ਾਹ ਆਖਿਆ ਘੋੜੀ ਕਿਥੋਂ ਆਂਦੀ ਹੈ। ਪਾਤਸ਼ਾਹ ਨੂੰ ਮੈਂ ਆਖਿਆ ਜੀ ਮੈਂ ਚੋਰੀ ਭਜਾ ਕੇ ਲਿਆਇਆ ਹਾਂ। ਪਾਤਸ਼ਾਹ ਬੜੇ ਗੁੱਸੇ ਹੋਏ, ਸੁਣ ਕੇ ਆਖਣ ਲੱਗੇ ਤੂੰ ਬੜਾ ਮਾੜਾ ਕੀਤਾ ਹੈ। ਐਡਾ ਪਾਪ ਕਰਨਾ ਸੀ, ਚੋਰੀ ਦੀ ਚੀਜ ਏਥੇ ਨਹੀਂ ਲਿਔਣੀ ਸੀ। ਫਿਰ ਤੇਜਾ ਸਿੰਘ ਓਸ ਵਕਤ ਆਖਿਆ ਸੱਚੇ ਪਾਤਸ਼ਾਹ ਜਿਨਾਂ ਦੀ ਮੈਂ ਘੋੜੀ ਆਂਦੀ ਹੈ, ਤੁਸੀਂ ਓਨਾਂ ਦੀ ਸੇਵਾ ਵਿਚ ਪਰਵਾਨ ਕਰ ਲਓ। ਸੱਚੇ ਪਾਤਸ਼ਾਹ ਬੜੇ ਦਿਆਲੂ ਸਨ, ਦਇਆ ਕਰ ਦਿਤੀ। ਇਕ ਹੱਥ ਦੀ ਮੁੰਦਰੀ ਮੈਂ ਸੇਵਾ ਕੀਤੀ। ਸੱਚੇ ਪਾਤਸ਼ਾਹ ਪੁਛਿਆ, ਏਹ ਮੁੰਦਰੀ ਕਿਥੋਂ ਲਈ ਹੈ। ਸੱਚੇ ਪਾਤਸ਼ਾਹ ਮੈਂ ਬੁਧ ਸਿੰਘ ਦੇ ਰੁਪੈ ਦੇਣੇ ਸੀ ਉਸ ਨੂੰ ਹੁਣ ਦਿਤੇ ਹਨ। ਓਸ ਨੇ ਵਿਚੋਂ ਪੈਸੇ ਮੋੜੇ ਹਨ, ਆਂਦਾ ਸੀ ਖਾ ਪੀ ਲੈ। ਦੀਨ ਦਿਆਲ ਓਹਨਾਂ ਪੈਸਿਆਂ ਦੀ ਮੈਂ ਹੁਣ ਤੁਹਾਡੀ ਮੁਦਰੀ ਬਣਾ ਕੇ ਲੈ ਆਇਆ ਹਾਂ।।

ਦੂਸਰਿਆਂ ਸਿਖਾਂ ਨਾਲ ਪਾਤਸ਼ਾਹ ਬਚਨ ਕਰਦੇ ਹਨ ਕਿ ਘੋੜੀ ਦਿਨੇ ਹੀ ਚੁਰਾ ਕੇ ਲੈ ਆਇਆ ਹੈ। ਏਹ ਸਿਖਾਂ ਦਾ ਕਰਮ ਨਹੀਂ, ਪਰਾਈ ਚੀਜ ਚੁੱਕਣੀ। ਤੇਜਾ ਸਿੰਘ ਬੇਨੰਤੀ ਕੀਤੀ ਪਾਤਸ਼ਾਹ ਮੈਂ ਭੁਲ ਗਿਆ ਹਾਂ, ਦਇਆ ਕਰ ਕੇ ਮੈਨੂੰ ਬਖ਼ਸ਼ ਲਓ। ਪਾਤਸ਼ਾਹ ਮੈਨੂੰ ਘੋੜੀ ਚੰਗੀ ਲੱਗੀ ਤੇ ਮੈਂ ਆਖਿਆ ਘੋੜੀ ਤਾਂ ਪਾਤਸ਼ਾਹ ਦੇ ਰੱਖਣ ਵਾਲੀ ਹੈ ਤੇ ਨਾਲੇ ਘੋੜੀ ਦੀ ਜੂਨ ਪਾਤਸ਼ਾਹ ਦੇ ਚਰਨਾਂ ਵਿਚ ਕੱਟੀ ਜਾਏਗੀ ਨਾਲੇ ਓਨਾਂ ਸਿਖਾਂ ਦੀ ਸੇਵਾ ਪਾਤਸ਼ਾਹ ਦੇ ਦਰ ਤੇ ਪੁਜ ਜਾਏਗੀ। ਸੱਚੇ ਪਾਤਸ਼ਾਹ ਦਿਆਲ ਹੋ ਗਏ। ਸਿਖਾਂ ਸਾਰਿਆਂ ਵੀ ਮਾਫੀ ਮੰਗੀ। ਪਾਤਸ਼ਾਹ ਆਖਣ ਲੱਗੇ ਏਸੇ ਕਰ ਕੇ ਤੇਜਾ ਸਿੰਘ ਨੂੰ ਅਸੀਂ ਹਰ ਵਕਤ ਕੋਲ ਰਖਦੇ ਹਾਂ ਕਿ ਕੋਈ ਕਿਸੇ ਨਾਲ ਵੱਧ ਘੱਟ ਬਚਨ ਨਾ ਕਰੇ। ਏਹਦੇ ਸੁਭਾ ਦਾ ਸਾਨੂੰ ਪਤਾ ਹੈ। ਸੱਚੇ ਪਾਤਸ਼ਾਹ ਮਾਤਾ ਨੈਣੋਂ ਨੂੰ ਵਾਜ ਮਾਰੀ ਕਿ ਸਾਨੂੰ ਕੈਚੀ ਫੜਾਇਓ ਜੇ। ਕੈਚੀ ਮੰਗਵਾ ਕੇ ਪਾਤਸ਼ਾਹ ਸਿੰਘਾਸਣ ਤੋਂ ਉਤਰ ਬੈਠੇ, ਆਖਣ ਲੱਗੇ ਤੇਜਾ ਸਿੰਘ ਚਲ ਵਖਾ ਘੋੜੀ, ਕਿੱਥੇ ਹੈ। ਹਵੇਲੀ ਜਾ ਕੇ ਨਾਲ ਪਾਤਸ਼ਾਹ ਹਨ, ਤੇ ਅੰਦਰੋਂ ਘੋੜੀ ਖੋਲ੍ਹ ਕੇ ਪਾਤਸ਼ਾਹ ਦੇ ਚਰਨਾਂ ਵਿਚ ਲਿਆ ਦਿਤੀ। ਪਾਤਸ਼ਾਹ ਨੇ ਕੈਂਚੀ ਨਾਲ ਧੌਣ ਦੇ ਸਾਰੇ ਵਾਲ ਘੋੜੀ ਦੇ ਕਤਰ ਦਿਤੇ ਤੇ ਕੰਡ ਉਤੇ ਥਾਪੀ ਮਾਰ ਕੇ ਪਾਤਸ਼ਾਹ ਬਚਨ ਕੀਤਾ, ਘੋੜੀਏ ਹੁਣ ਤੂੰ ਸਾਡੀ ਹੋ ਗਈ ਹੈਂ। ਤੈਨੂੰ ਕੋਈ ਸਿਆਣ ਨਹੀਂ ਸਕਦਾ। ਏਨਾਂ ਬਚਨ ਸੁਣ ਕੇ ਸਿਖ ਧੰਨ ਧੰਨ ਕਰ ਰਹੇ ਹਨ। ਸੱਚੇ ਪਾਤਸ਼ਾਹ ਲਗਾਂਮ ਦੇ ਕੇ ਸਿਖ ਨੂੰ ਉਤੇ ਚੜਾ ਕੇ ਆਖਣ ਲੱਗੇ, ਸਾਨੂੰ ਤੋਰ ਕੇ ਵਖਾ। ਬਹੁਤ ਸੋਹਣੀ ਤੁਰਦੀ ਵੇਖ ਕੇ ਪਾਤਸ਼ਾਹ ਬੜੇ ਖ਼ੁਸ਼ ਹੋਏ ਹਨ। ਲਾਭ ਸਿੰਘ ਮਜ਼੍ਹਬੀ ਸਿੰਘ ਨੂੰ ਪਾਤਸ਼ਾਹ ਆਖਿਆ ਕਿ ਘੋੜੀ ਦੀ ਸੇਵਾ ਬਹੁਤ ਕਰਨੀ। ਕਿਸੇ ਨੂੰ ਏਸ ਦੀ ਸਿਆਣ ਨਾ ਆਵੇ। ਲਾਭ ਸਿੰਘ ਓਸੇ ਵਕਤ ਆਖਿਆ, ਪਾਤਸ਼ਾਹ ਦਇਆ ਕਰੋ ਤੇ ਮੈਂ ਹੁਣੇ ਈ ਤਾਜਾ ਘਾ ਲਿਆ ਕੇ ਪੌਂਦਾ ਹਾਂ। ਪਾਤਸ਼ਾਹ ਆਖਿਆ ਜਾ ਹਨੂਮਾਨ ਵਾਂਗੂੰ ਛਾਲਾਂ ਮਾਰ ਕੇ ਭੱਜ ਕੇ ਲਿਆ। ਸਿਖ ਸਦਾ ਹੀ ਭੁੱਲਣਹਾਰ ਹਨ ਤੇ ਸੱਚੇ ਪਿਤਾ ਬਖ਼ਸ਼ਣ ਜੋਗ ਹਨ। ‘‘ਤੇਰੇ ਜਿਹਾ ਨਾ ਦਿਆਲ ਸੱਚੇ ਪਾਤਸ਼ਾਹ, ਮੇਰੇ ਵਰਗਾ ਪਾਪੀ ਕੋਈ ਨਾ’’। ਤੇਜਾ ਸਿੰਘ ਬੇਨੰਤੀ ਕਰਦਾ ਹੈ ਕਿ ਸੱਚੇ ਪਿਤਾ ਮੇਰੇ ਵਿਚ ਗੁਣ ਕੋਈ ਨਹੀਂ। ਆਪ ਹੀ ਸਿਖਾਂ ਨੂੰ ਤਾਰਨ ਵਾਸਤੇ ਅਵਤਾਰ ਧਾਰਿਆ ਹੈ, ਤੇ ਬਹਾਨੇ ਨਾਲ ਤਾਰੀ ਜਾਂਦੇ ਹਨ।।

ਦਿਲੀ ਵਾਲੀ ਮਾਈ ਦੀ ਸਾਖੀ

ਇਕ ਮਾਈ ਦਿਲੀਉਂ ਪਾਤਸ਼ਾਹ ਦਾ ਦਰਸ਼ਨ ਕਰਨ ਔਂਦੀ ਸੀ ਗੁਰਪੁਰਬ ਤੇ। ਫਿਰ ਦੋ ਚਾਰ ਮਹੀਨੇ ਲੰਗਰ ਵਿਚ ਸੇਵਾ ਕਰਨੀ। ਇਕ ਦਿਨ ਪਾਤਸ਼ਾਹ ਅਗੇ ਬੇਨੰਤੀ ਕਰਨ ਲੱਗੀ ਕਿ ਮਹਾਰਾਜ ਮੈਂ ਗਰੀਬਣੀ ਹਾਂ, ਮੈਂ ਸੇਵਾ ਵਿਚ ਔਂਣ ਵਾਸਤੇ ਬੜੀ ਤਿਆਰ ਰੈਂਹਦੀ ਹਾਂ ਤੇ ਸੱਚੇ ਪਿਤਾ ਜੀ ਕਰਾਏ ਖੂਣੇ ਆਪ

ਦੇ ਦਰਸ਼ਨ ਨਹੀਂ ਹੁੰਦੇ। ਪਾਤਸ਼ਾਹ ਉਸ ਵਕਤ ਐਡੇ ਦਿਆਲੂ ਹੋਏ, ਬਚਨ ਕੀਤਾ, ਮਾਈ ਤੂੰ ਚੁਪ ਕਰ ਕੇ ਸਾਡਾ ਨਾਂ ਲੈ ਕੇ ਗੱਡੀ ਵਿਚ ਬੈਠ ਜਾਇਆ ਕਰ, ਕੋਈ ਤੇਰੇ ਕੋਲੋਂ ਕਿਰਾਇਆ ਨਹੀਂ ਪੁਛਦਾ। ਸਾਰਿਆਂ ਸਿਖਾਂ ਨੇ ਉਸ ਵਕਤ ਪਾਤਸ਼ਾਹ ਦੇ ਨਾਮ ਨੂੰ ਧੰਨ ਧੰਨ ਕੀਤਾ। ਧੰਨ ਸੱਚਾ ਪਾਤਸ਼ਾਹ ਹੈ, ਗਰੀਬਾਂ ਦੀ ਰੱਛਿਆ ਕਰਨ ਵਾਲਾ। ਉਸ ਵਕਤ ਤੋਂ ਮਾਈ ਨੇ ਇਕ ਪੈਸਾ ਵੀ ਨਹੀਂ ਕਰਾਇਆ ਦਿਤਾ, ਤੇ ਨਾ ਕਿਸੇ ਉਸ ਨੂੰ ਪੁਛਿਆ ਹੈ। ਚੁਪ ਕਰ ਕੇ ਜਦੋਂ ਜੀ ਕਰੇ ਆ ਜਾਂਦੀ ਸੀ।

ਮਾਈ ਅਤਰੀ ਤੇ ਦਿਸੌਂਦਾ ਸਿੰਘ ਦੀ ਸਾਖੀ

ਕੈਰੋਂ ਪਿੰਡ ਦੇ ਵਿਚ ਇਕ ਅਤਰੀ ਨਾਮ ਦੀ ਮਾਈ ਸੀ। ਪਤੀ ਉਸ ਦੇ ਦਾ ਨਾਮ ਦਿਸੌਂਦਾ ਸਿੰਘ ਸੀ। ਐਸਾ ਉਨਾਂ ਦੋਹਾਂ ਦਾ ਸੀਤਲ ਸੁਭਾ ਸੀ, ਮੈਂ ਕੀ ਦੱਸਾਂ, ਏਸ ਤਰ੍ਹਾਂ ਜਾਪਦੇ ਸਨ ਕਿ ਜਿਸ ਤਰ੍ਹਾਂ ਦੇਵਤਿਆਂ ਨੇ ਜਰਮ ਧਾਰਿਆ ਹੈ। ਧੀ ਪੁਤ ਉਨਾਂ ਦਾ ਕੋਈ ਨਹੀਂ ਸੀ। ਘਰੋਂ ਵੀ ਗਰੀਬ ਸਨ। ਮਾਈ ਅਤਰੀ ਨੇ ਆਪਣੀ ਹੱਥੀਂ ਬਰੀਕ ਸੂਤਰ ਕੱਤ ਕੇ ਪਾਤਸ਼ਾਹ ਦੇ ਕਪੜੇ ਬਣਾ ਕੇ ਲਿਔਣੇ। ਪਾਤਸ਼ਾਹ ਦੇ ਗੁਰਪੁਰਬ ਤੇ ਸਾਰਿਆਂ ਸਿਖਾਂ ਦੇ ਨਾਲ ਮਾਈ ਨੇ ਵੀ ਸੇਵਾ ਕਰਨੀ। ਸੱਚੇ ਪਾਤਸ਼ਾਹ ਨੇ ਮਾਈ ਦੇ ਕਪੜੇ ਖੱਦਰ ਦੇ ਵੇਖ ਕੇ ਬੜਾ ਖ਼ੁਸ਼ ਹੋਣਾ। ਮਾਈ ਵੀ ਪਾਤਸ਼ਾਹ ਦੇ ਕਪੜੇ ਸੁਵਾਂ ਕੇ ਲਿਔਂਦੀ। ਪਾਤਸ਼ਾਹ ਅਸ਼ਨਾਨ ਕਰ ਕੇ ਮਾਈ ਦੇ ਖੱਦਰ ਦੇ ਕਪੜੇ ਗਲ ਪੌਂਣੇ ਤੇ ਪਲੰਘ ਤੇ ਬੈਠ ਕੇ ਸਾਰਿਆਂ ਸਿਖਾਂ ਨੂੰ ਵਖੌਂਣੇ। ਆਖਣਾ ਬਾਬਾ ਵੇਖੋ, ਕਿੱਡਾ ਸੋਹਣਾ ਕਪੜਾ ਮਾਈ ਨੇ ਹੱਥੀਂ ਸੂਤ ਕੱਤ ਕੇ ਬਣਾਇਆ ਹੈ। ਸਾਨੂੰ ਰੇਸ਼ਮ ਨਾਲੋਂ ਚੰਗਾ ਲਗਦਾ ਹੈ, ਤਿਲੇ ਦੀਆਂ ਤਾਰਾਂ ਹਨ। ਸਾਡਾ ਦਿਲ ਕਰਦਾ ਏਹੋ ਈ ਗਲ ਰੱਖਿਆ ਕਰੀਏ। ਹੋਰ ਜਿਹੜੀ ਸੇਵਾ ਲੰਗਰ ਵਿਚ ਆਟਾ ਜਾਂ ਚੌਲ ਮਾਈ ਨੇ ਲਿਔਣੇ ਪਾਤਸ਼ਾਹ ਆਖਣਾ, ਮਾਈ ਵਾਲੇ ਆਟੇ ਦਾ ਫੁਲਕਾ ਪਕਾ ਕੇ ਸਾਡਾ ਥਾਲ ਲੁਵਾਇਓ ਜੇ, ਮਾਈ ਬਿਰਧ ਅਵਸਥਾ ਸਿਰ ਤੇ ਚੁੱਕ ਕੇ ਲਿਆਈ ਹੈ।।

ਦਿਸੌਦਾ ਸਿੰਘ ਸਿਖ ਵੀ ਬਹੁਤ ਭੋਲਾ ਸੀ। ਇਕ ਦਿਨ ਸਿਖਾਂ ਨੇ ਆਖਿਆ ਕਿ ਬਾਬਾ ਮਨੀ ਸਿੰਘ ਮਸਤੂਆਣੇ ਜਾ ਕੇ ਲਿਖਾਈ ਕਰਦੇ ਹਨ ਤੇ ਚਲੋ ਆਪਾਂ ਵੀ ਚਲੀਏ, ਨਾਲੇ ਮਸਤੂਆਣਾ ਵੇਖ ਆਵਾਂਗੇ, ਨਾਲੇ ਬਾਬੇ ਹੋਰਾਂ ਦੇ ਦਰਸ਼ਨ ਕਰ ਆਵਾਂਗੇ। ਦਿਸੌਦਾ ਸਿੰਘ ਅਤਰੀ ਨਾਲ ਸਲਾਹ ਕਰਦਾ ਹੈ ਕਿ ਪਾਤਸ਼ਾਹ ਦੇ ਸਿਖ ਮਸਤੂਆਣੇ ਮਨੀ ਸਿੰਘ ਦੇ ਦਰਸ਼ਨ ਕਰਨ ਚਲੇ ਹਨ, ਤੂੰ ਆਖੇਂ ਤੇ ਮੈਂ ਵੀ ਨਾਲ ਚਲਾ ਜਾਵਾਂ। ਮਾਈ ਆਖਿਆ ਭਗਤਾਂ ਚਲਾ ਜਾਹ। ਅੰਮ੍ਰਿਤਸਰੋਂ ਗੱਡੀ ਚੜ੍ਹ ਕੇ ਸਿਖ ਚਲੇ ਗਏ ਹਨ। ਸੰਗਰੂਰ ਵਿਚ ਟੇਸਣ ਤੇ ਜਾ ਉਤਰੇ ਹਨ। ਉਥੋਂ ਤਿੰਨ ਮੀਲ ਪੈਂਡਾ ਸੀ, ਫਿਰ ਮਸਤੂਆਣੇ ਚਲੇ ਗਏ ਹਨ। ਉਥੇ ਜਾ ਕੇ ਸੰਤ ਮਨੀ ਸਿੰਘ ਦੇ ਦਰਸ਼ਨ ਕੀਤੇ, ਜੋ ਤਿਲ ਫੁਲ ਖੜਿਆ ਸੀ ਪਰਸ਼ਾਦ ਅੱਗੇ ਰੱਖ ਕੇ ਨਿਮਸਕਾਰ ਕੀਤੀ। ਮਨੀ ਸਿੰਘ ਨੇ ਸਾਰਿਆਂ ਸਿਖਾਂ ਦੇ ਤੇ ਪਾਤਸ਼ਾਹ ਦੇ ਘਰ ਦੀ ਸੁਖ ਪੁਛੀ।।

ਮਨੀ ਸਿੰਘ ਸਿਖਾਂ ਨੂੰ ਬਚਨ ਸੁਨੌਂਣ
ਮਨੀ ਸਿੰਘ ਸਿਖਾਂ ਨੂੰ ਬਚਨ ਸੁਨੌਂਣੇ

ਓਥੇ ਸਿਖਾਂ ਦੇ ਜਾਣ ਕਰਕੇ, ਪਾਤਸ਼ਾਹ ਆਕਾਸ਼ ਬਾਣੀ ਦੇ ਕੇ ਲਿਖਾਈ ਸ਼ੁਰੂ ਕਰ ਦਿਤੀ। ਸੰਤ ਲਿਖਦੇ ਹਨ ਤੇ ਲਿਖ ਕੇ ਫਿਰ ਪੜ੍ਹ ਕੇ ਸੁਣੌਂਦੇ ਹਨ ਕਿ ਪਾਤਸ਼ਾਹ ਲਿਖਾਇਆ ਹੈ ਜਦੋਂ ਮਾਝੇ ਦੇਸ਼ ਵਿਚ ਭਾਣਾ ਵਰਤਿਆ, ਸਿਖੀ ਨੂੰ ੧੫ ਦਿਨ ਅਗੋਂ ਮਸਤੂਆਣੇ ਲੈ ਆਵਾਂਗੇ। ਮਸਤੂਆਣੇ ਦੇ ਗਿਰਦ ਮੀਲ ਮੀਲ ਪੈਂਡੇ ਤੇ ਪਾਤਸ਼ਾਹ ਨਿਸ਼ਾਨੀਆਂ ਲਾ ਦਿਤੀਆਂ, ਤੇ ਆਖਿਆ ਕਿ ਜਦੋਂ ਭਾਜੜਾਂ ਪੈਣਗੀਆਂ, ਇਸ ਨਿਸ਼ਾਨੀ ਤੋਂ ਅੰਦਰ ਕੋਈ ਦੁਸ਼ਮਨ ਨਹੀਂ ਆਵੇਗਾ। ਜਦੋਂ ਕੋਈ ਦੁਸ਼ਮਣ ਅੰਦਰ ਆਵੇਗਾ ਉਸ ਦੇ ਸਰੀਰ ਨੂੰ ਅੱਗ ਲਗ ਜਾਵੇਗੀ। ਸਭ ਖੱਬੇ ਸੱਜੇ ਹੋ ਕੇ ਦੁਨਿਆ ਲੰਘ ਜਾਵੇਗੀ। ਜਿਸ ਵਕਤ ਸੰਗਤ ਆਵੇਗੀ ਮਸਤੂਆਣੇ,

ਰਾਜੇ ਸੰਗਰੂਰ ਨੂੰ ਪਾਤਸ਼ਾਹ ਪਕੜ ਕਰ ਲੈਣਗੇ। ਮੈਹਲਾਂ ਵਿਚੋਂ ਰਾਜੇ ਰਾਣੀਆਂ ਨੂੰ ਸ਼ੇਰ ਦਾ ਭੈ ਆਵੇਗਾ। ਬਾਹਰ ਵੀ ਬੈਠਣਗੇ ਤੇ ਦਿਲ ਨੂੰ ਚਿੰਤਾ ਉਦਾਸੀ ਰਹੇਗੀ। ਫਿਰ ਪਰਗਟ ਹੋ ਕੇ ਸੱਚੇ ਪਾਤਸ਼ਾਹ ਰਾਜੇ ਨੂੰ ਜੋਤ ਰੂਪ ਦਰਸ਼ਨ ਦੇਣਗੇ। ਐਸੇ ਸੱਚੇ ਪਾਤਸ਼ਾਹ ਜੋਤ ਰੂਪੀ ਜੂੜ ਪੌਣਗੇ, ਤਰਲੇ ਲਵੇਗਾ ਤੇ ਮਿੰਤਾ ਕੱਢੇਗਾ, ਕਿ ਸੱਚੇ ਪਾਤਸ਼ਾਹ ਮੈਨੂੰ ਸਪਸ਼ਟ ਦਰਸ਼ਨ ਦਿਓ, ਤੇ ਮੇਰੀ ਚਿੰਤਾ ਦੂਰ ਕਰੋ। ਫਿਰ ਰਾਜਾ ਹਾਥੀ ਦੀ ਸਵਾਰੀ ਕਰ ਕੇ ਆਵੇਗਾ ਤੇ ਢਹਿ ਕੇ ਸੱਚੇ ਪਿਤਾ ਦੀ ਸ਼ਰਨ ਪੈ ਜਾਵੇਗਾ। ਸਵਾ ਲੱਖ ਰੁਪੈਆ ਪਾਤਸ਼ਾਹ ਦੀ ਭੇਟਾ ਦੇਵੇਗਾ। ਜੇਹੜੀ ਬਾਣੀ ਪਾਤਸ਼ਾਹ ਦੀ ਨਜ਼ਰ ਬੰਦ ਕੀਤੀ ਹੈ ਸਿਰ ਤੇ ਚੁੱਕ ਕੇ ਲਿਆਵੇਗਾ। ਗਲ ਵਿਚ ਪੱਲਾ ਪਾ ਕੇ ਆਖੇਗਾ। ਪਾਤਸ਼ਾਹ ਮੈਂ ਭੁੱਲ ਗਿਆ ਹਾਂ। ਜੋ ਤੋਸ਼ੋਖਾਨੇ ਨੇ ਪਾਤਸ਼ਾਹ ਦੀ ਭੇਟਾ ਕਰ ਦੇਵੇਗਾ। ਸੰਗਤਾਂ ਵਾਸਤੇ ਅਤੁਟ ਭੰਡਾਰੇ ਤੇ ਲੰਗਰ ਖੋਲ੍ਹ ਦੇਵੇਗਾ। ਚਾਰੇ ਰਾਜੇ ਏਸੇ ਤਰਾਂ ਨਾਭਾ, ਪਟਿਆਲਾ, ਫਰੀਦਕੋਟ, ਸੰਗਰੂਰ, ਢਹਿ ਕੇ ਪਾਤਸ਼ਾਹ ਦੀ ਚਰਨੀ ਪੈ ਜਾਣਗੇ। ਸੱਚੇ ਪਾਤਸ਼ਾਹ ਦੇ ਨਾਂ ਦੇ ਲੰਗਰ ਰਾਜੇ ਖੋਲ੍ਹ ਦੇਣਗੇ। ਮਾਝੇ ਦੇਸ਼ ਵਿਚ ਬਹੁਤ ਸਖਤੀ ਵਰਤੇਗੀ। ਬਹੁਤ ਕਤਲੇਆਮ ਹੋਵੇਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਖੀ ਸਾਰੀ ਨੂੰ ਮਸਤੂਆਣੇ ਆਪਣੇ ਪਾਸ ਫੁੱਲ ਵਾਗ ਰੱਖਣਗੇ। ਤੱਤੀ ਵਾ ਨਾ ਲੱਗਣ ਦੇਣਗੇ। ਜਿਸ ਵਕਤ ਅਮਨ ਹੋਇਆ ਮਹਾਰਾਜ ਸਿਖੀ ਨੂੰ ਲੈ ਕੇ ਦਿਲੀ ਚਲੇ ਜਾਣਗੇ। ਐਸਾ ਰਾਜਾ ਪਾਤਸ਼ਾਹ ਦਾ ਸਿਖ ਹੋਵੇਗਾ, ਊਗਣ ਆਥਣ ਤਾਈਂ ਰਾਜ ਕਰੇਗਾ। ਪਾਤਸ਼ਾਹ ਦੇ ਨਾਮ ਦਾ ਸਿਕਾ ਚਲਾਵੇਗਾ। ਸੱਚੇ ਪਾਤਸ਼ਾਹ ਓਥੇ ਜਾ ਕੇ ਸਾਰੀ ਸਿਖੀ ਨੂੰ ਸੁਖ ਭੁਗਤੌਣਗੇ। ਸਤਿਜੁਗ ਦਾ ਪਹਿਰ ਹੋਵੇਗਾ। ਸਾਰੇ ਸਤਿਵਾਦੀ ਜੀਵ ਹੋਣਗੇ। ਸਾਰੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਨਾਮ ਜਪਣਗੇ। ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਭੇਟਾ ਨਾ ਹੋਵੇਗੀ। ਦਫਤਰਾਂ ਵਿਚ ਗੁਰਮੁਖੀ ਨਾਲ ਕੰਮ ਹੋਣਗੇ। ਦਿਲੀ ਕਿਲੇ ਵਿਚ ਮਹਾਰਾਜ ਰਿਹਾ ਕਰਨਗੇ। ਮੀਲ ਮੀਲ ਤੇ ਸਿਖਾਂ ਦੀਆਂ ਕੋਠੀਆਂ ਪੈ ਜਾਣਗੀਆਂ। ਦਿਨੇ ਸਿਖ ਪਾਤਸ਼ਾਹ ਕੋਲ ਕਿਲੇ ਵਿਚ ਰਿਹਾ ਕਰਨਗੇ, ਤੇ ਰਾਤ ਨੂੰ ਆਪੋ ਆਪਣੀਆਂ ਕੋਠੀਆਂ ਵਿਚ ਰਿਹਾ ਕਰਨਗੇ। ਪਾਤਸ਼ਾਹ ਐਡੀ ਦਇਆ ਕਰਨਗੇ ਲੰਗਰ ਵਿਚ ਸਾਰੇ ਸਿਖ ਪਰਸ਼ਾਦ ਛਕਣਗੇ। ਸੇਰ ਮਖਣ, ਸੇਰ ਬਦਾਮ, ਕੂਜਿਆਂ ਦੀ ਮਿਸ਼ਰੀ ਤੇ ਜੇਬ ਖਰਚ ੨੫ ਰੁਪੇ ਰੋਜ਼ ਇਕ ਇਕ ਸਿਖ ਨੂੰ ਪਾਤਸ਼ਾਹ ਦੇਣਗੇ। ਏਸੇ ਤਰਾਂ ੧੦੦ ਜਰਮ ਸੁਖ ਭੁਗਤਾ ਕੇ ਫੇਰ ਪਾਤਸ਼ਾਹ ਜੋਤ ਵਿਚ ਜੋਤ ਮੇਲ ਲੈਣਗੇ। ਏਹ ਬਚਨ ਮਨੀ ਸਿੰਘ ਸੰਗਤਾਂ ਨੂੰ ਸੁਣਾਏ ਹਨ। ਕੋਈ ਦਿਨ ਰਹਿ ਕੇ ਫੇਰ ਸੰਤਾਂ ਕੋਲੋਂ ਖ਼ੁਸ਼ੀ ਲੈ ਕੇ ਸਿਖ ਆ ਗਏ ਹਨ ਤੇ ਆਣ ਕੇ ਬਚਨ ਕਰ ਕੇ ਸਿਖ ਬੜੇ ਖ਼ੁਸ਼ ਹੁੰਦੇ ਹਨ।।