ਅਤਰ ਸਿੰਘ ਖੀਰਾਂ ਵਾਲੇ ਦੀ ਸਾਖੀ
ਖੀਰਾਂ ਵਾਲੀ ਨਗਰ ਦਾ ਇਕ ਸਿਖ ਅਤਰ ਸਿੰਘ ਨਾਮ ਦਾ ਸੀ। ਉਸ ਦਾ ਭਤੀਜਾ ਖੜਕ ਸਿੰਘ ਸੀ। ਦੋਵੇਂ ਜਣੇ ੫ ਜੇਠ ਦੇ ਗੁਰਪੁਰਬ ਤੇ ਜਰੂਰ ਔਂਦੇ ਸੀ, ਭਾਵੇਂ ਕਿਤੇ ਗਏ ਹੋਣ। ਪਾਤਸ਼ਾਹ ਓਨਾਂ ਨੂੰ ਮਸਤਾਨੀ ਬਿਰਤੀ ਵੀ ਕਰ ਦੇਂਦੇ ਸਨ। ਜੇਹੜਾ ਅਤਰ ਸਿੰਘ ਸੀ ਉਸ ਤੇ ਪਾਤਸ਼ਾਹ ਦੀ ਬੜੀ ਕਿਰਪਾ ਸੀ। ਉਸ ਨੂੰ ਤੁਰੇ ਜਾਂਦੇ ਨੂੰ ਵੀ ਪਾਤਸ਼ਾਹ ਦਰਸ਼ਨ ਦੇ ਦੇਂਦੇ ਸੀ। ਜੇਹੜਾ ਵੀ ਕੰਮ ਕਰਦਾ ਸੀ, ਸ਼ਬਦ ਨਾਲ ਜੁੜ ਕੇ ਪਾਤਸ਼ਾਹ ਤੋਂ ਹੁਕਮ ਲੈ ਕੇ ਕਰਦਾ ਸੀ। ਜੇ ਹੁਕਮ ਦੇਂਦੇ ਸੀ ਤੇ ਕਰਦਾ ਸੀ ਨਹੀਂ ਤੇ ਨਹੀਂ ਸੀ ਕਰਦਾ। ਜਿਸ ਪਿੰਡ ਵਿਚ ਦੀ ਲੰਗਦਾ ਸੀ, ਪਾਤਸ਼ਾਹ ਵਖਾ ਦੇਂਦੇ ਸਨ ਕਿ ਏਸ ਨਗਰ ਵਿਚ ਐਨੇ ਪਾਪੀ ਤੇ ਐਨੇ ਸਾਡੇ ਭਗਤ ਨਾਮ ਜਪਣ ਵਾਲੇ ਹਨ। ਜਿਨਾਂ ਦੀ ਭਗਤੀ ਨਾਲ ਨਗਰ ਖਲੋਤਾ ਹੈ ਜੀ। ਇਕ ਵੇਰਾਂ ਅਤਰ ਸਿੰਘ ਘਵਿੰਡ ਆਇਆ ਤੇ ਬਚਨ ਕਰਦਾ ਹੈ, ਕਿ ਮੈਂ ਤੁਹਾਨੂੰ ਪਾਤਸ਼ਾਹ ਦਾ ਬਚਨ ਸੁਣੌਦਾ ਹਾਂ।।
ਇਕ ਦਿਨ ਮੈਂ ਕਰਤਾਰ ਪੁਰੋਂ ਕੰਮ ਕਰ ਕੇ ਆਇਆ ਹਾਂ, ਤੇ ਮੇਰੇ ਮਗਰ ਦੋ ਰਾਹੀ ਤੁਰੇ ਔਂਦੇ ਹਨ। ਸੱਚੇ ਪਾਤਸ਼ਾਹ ਬਚਨ ਦਿਤਾ, ਅਤਰ ਸਿੰਘ ਏਸ ਡੰਡੀ ਤੋਂ ਦੋ ਪੈਲੀਆਂ ਲਾਭੇ ਹੋ ਕੇ ਲੰਘ ਆ। ਮੈਂ ਸਤਿ ਬਚਨ ਮੰਨ ਕੇ ਪਾਸੇ ਗਿਆ ਹਾਂ। ਓਨੇ ਚਿਰ ਨੂੰ ਓਹ ਦੋਵੇਂ ਰਾਹੀ ਵੀ ਆਣ ਅਪੜੇ ਹਨ। ਓਨ ਪੁਛਿਆ ਬਾਬਾ ਡੰਡੀ ਵਿਚ ਸੱਪ ਬੈਠਾ ਸੀ ਤੇ ਤੂੰ ਵੇਖਿਆ ਨਹੀਂ, ਖੌਰੇ ਕੋਲ ਦੀ ਲੰਘ ਆਇਆ ਹੈਂ। ਅਸੀਂ ਹੁਣ ਮਾਰ ਕੇ ਆਏ ਹਾਂ ਜੀ। ਅਤਰ ਸਿੰਘ ਨੇ ਓਨਾਂ ਨੂੰ ਭੇਤ ਨਹੀਂ ਦੱਸਿਆ। ਆਖਣ ਲੱਗਾ ਓਦੋਂ ਤਾਂ ਹੈਨੀ ਸੀ, ਫੇਰ ਆਣ ਕੇ ਬੈਠਾ ਹੋਣਾ ਏ। ਸਾਰੇ ਸਿਖ ਬਚਨ ਸੁਣ ਕੇ ਧੰਨ ਧੰਨ ਕਰਦੇ ਹਨ, ਕਿ ਧੰਨ ਹੈ ਸੱਚੇ ਪਾਤਸ਼ਾਹ, ਜਿਹੜਾ ਜੰਗਲਾਂ ਪਹਾੜਾਂ ਤੇ ਉਜਾੜਾਂ ਵਿਚ ਵੀ ਹਰ ਵਕਤ ਸਿਖਾਂ ਦੇ ਨਾਲ ਰੈਂਹਦਾ ਹੈ। ਏਸ ਪਿਤਾ ਦੇ ਗੁਣਾਂ ਨੂੰ ਅਸੀਂ ਗਾ ਨਹੀਂ ਸਕਦੇ।।
ਇਕ ਦਿਨ ਫੇਰ ਮੈਂ ਕਪੂਰਥਲਿਉਂ ਹਨੇਰੇ ਵਿਚ ਤੁਰਿਆ ਔਂਦਾ ਹਾਂ, ਤੇ ਰਸਤੇ ਵਿਚ ਚੋਰ ਖਲੋਤੇ ਸਨ। ਪਾਤਸ਼ਾਹ ਫੇਰ ਬਚਨ ਦਿਤਾ, ਅਤਰ ਸਿੰਘ ਦੋ ਪੈਲੀਆਂ ਲਾਂਭੇ ਹੋ ਜਾ। ਤਾਂ ਮੈਂ ਸਤਿ ਬਚਨ ਮੰਨ ਕੇ ਪਾਸੇ ਪਾਸੇ ਲੰਘ ਆਇਆ। ਮਗਰ ਰਾਹੀ ਹੋਰ ਓਸੇ ਪਾਸੇ ਥਾਣੀਂ ਸਿੱਧੇ ਲੰਘ ਆਏ। ਚੋਰਾਂ ਨੇ ਓਨਾਂ ਨੂੰ ਖਲਾਰ ਕੇ ਲੁੱਟ ਲਿਆ। ਮਗਰੋਂ ਓਹ ਰਾਹੀ ਆਣ ਅਪੜੇ ਮੈਨੂੰ ਆਖਣ ਲਗੇ, ਤੂੰ ਬਾਬਾ ਕੇਹੜੇ ਰਸਤੇ ਲੰਘ ਆਇਆ ਹੈਂ। ਅਸੀਂ ਤਾਂ ਚੋਰਾਂ ਕੋਲੋਂ ਕਪੜੇ ਵੀ ਲੁਹਾ ਆਏ ਹਾਂ। ਏਸ ਤਰ੍ਹਾਂ ਸਚੇ ਪਾਤਸ਼ਾਹ ਓਸ ਨੂੰ ਪਹਿਲੋਂ ਬਚਨ ਦੱਸ ਦੇਂਦੇ ਸਨ ਜੀ। ਐਡੀ ਸਿਖ ਤੇ ਦਇਆ ਸੀ। ਖੜਕ ਸਿੰਘ ਅਤਰ ਸਿੰਘ ਜਦੋਂ ਔਂਦੇ ਸੀ, ਦੋ ਦੋ ਮਹੀਨੇ ਹੱਥਾਂ ਦੀ ਸੇਵਾ ਕਰ ਜਾਂਦੇ ਸਨ ਜੀ। ਸਚੇ ਪਾਤਸ਼ਾਹ ਬੜੀ ਕਿਰਪਾ ਕਰਦੇ ਸੀ।।
ਰਸੂਲ ਪੁਰ ਵਾਲੇ ਸਰਦਾਰ ਦੀ ਸਾਖੀ
ਸੱਚੇ ਪਾਤਸ਼ਾਹ ਐਸੇ ਦਿਆਲੂ ਸਨ ਕਿਸੇ ਵਕਤ ਓਮੀਆਂ ਨੂੰ ਵੀ ਮਿਹਰ ਕਰ ਕੇ ਤਾਰ ਦੇਂਦੇ ਸਨ ਜੀ। ਇਕ ਵੇਰਾਂ ਰਸੂਲ ਪੁਰੋਂ ਸਰਦਾਰਾਂ ਦਾ ਪੁੱਤ ਸ਼ਿਕਾਰ ਖੇਡਣ ਪਾਤਸ਼ਾਹ ਦੇ ਨਾਲ ਆਇਆ ਸੀ। ਸੱਚੇ ਪਾਤਸ਼ਾਹ ਐਡੇ ਦਿਆਲੂ ਸਨ ਘਵਿੰਡ ਪਿੰਡੋਂ ਦੱਖਣ ਦਿਸ਼ਾ ਨੂੰ ਸ਼ਿਕਾਰ ਗਏ ਹਨ। ਸ਼ਿਕਾਰ ਖੇਡਦੇ ਖੇਡਦੇ ਆਪਣੇ ਖੇਤ ਚਲੇ ਗਏ ਹਨ। ਜਿਸ ਵਕਤ ਗਏ, ਸਿਖਾਂ ਨੇ ਘੋੜਾ ਫੜ ਲਿਆ ਤੇ ਪਲੰਘ ਡਾਹ ਦਿਤਾ। ਪਾਤਸ਼ਾਹ ਬੈਠ ਗਏ। ਹੋਰ ਸਾਰੇ ਲਾਗੇ ਜਮੀਨ ਤੇ ਬੈਠ ਗਏ ਹਨ। ਸੱਚੇ ਪਾਤਸ਼ਾਹ ਦਾ ਬਗੀਚਾ ਬਹੁਤ ਅਜ਼ੀਬ ਲੱਗਾ ਹੋਇਆ ਸੀ। ਸਰਦਾਰ ਵੇਖ ਕੇ ਓਸ ਦੀ ਉਸਤਤ ਕਰਨ ਲੱਗਾ। ਪਾਤਸ਼ਾਹ ਤੇ ਸਰਦਾਰ ਬਚਨ ਕਰਦੇ ਕਰਦੇ ਬਗੀਚੇ ਵਿਚ ਉਠ ਕੇ ਚਲੇ ਗਏ ਹਨ। ਓਸ ਵਕਤ ਬਾਗ ਵਿਚ ਸੰਤਰੇ ਬਹੁਤ ਵਧੀਆਂ ਪੱਕੇ ਹੋਏ ਸਨ। ਪਾਤਸ਼ਾਹ ਬਹੁਤ ਸਾਰੇ ਸੰਤਰੇ ਤੋੜ ਕੇ ਲੈ ਆਏ ਹਨ। ੫ ਸੰਤਰੇ ਉਹਨਾਂ ਵਿਚੋਂ ਓਸ ਸਰਦਾਰ ਨੂੰ ਦਿਤੇ ਹਨ। ਸਰਦਾਰ ਆਪਦੇ ਨਾਲ ਦੇ ਸ਼ਿਕਾਰੀਆਂ ਨੂੰ ਦੇਣ ਲੱਗਾ। ਪਾਤਸ਼ਾਹ ਆਖਿਆ ਏਹ ਤੂੰ ਛਕ ਲਾ, ਤੇ ਏਨਾਂ ਨੂੰ ਅਸੀਂ ਹੋਰ ਦੇ ਦੇਨੇ ਹਾਂ। ਫੇਰ ਸਰਦਾਰ ਖ਼ੁਸ਼ੀ ਲੈ ਕੇ ਆਪ ਦੇ ਪਿੰਡ ਨੂੰ ਚਲਾ ਗਿਆ। ਅੱਗੇ ਕਦੀ ਓਸ ਨੇ ਪਾਤਸ਼ਾਹ ਦਾ ਦਰਸ਼ਨ ਨਹੀਂ ਕੀਤਾ ਸੀ ਤੇ ਨਾ ਓਸ ਦਿਨ ਤੋਂ ਬਾਅਦ ਆਇਆ ਹੈ। ਕਈਆਂ ਸਾਲਾਂ ਪਿਛੋਂ ਰਸੂਲ ਪੁਰ ਓਸ ਸਰਦਾਰ ਦੇ ਪਿੰਡ ਅਸੀਂ ਸਿਖਾਂ ਨਾਲ ਕਿਸੇ ਕੰਮ ਗਏ ਹਾਂ, ਤੇ ਨਾਲ ਪਾਤਸ਼ਾਹ ਵੀ ਗਏ ਹਨ। ਓਸ ਨੇ ਬੜਾ ਆਦਰ ਕੀਤਾ। ਫੇਰ ਪਾਤਸ਼ਾਹ ਦੀ ਉਸਤਤ ਕਰਨ ਲਗਾ। ਓਥੇ ਓਸੇ ਦੇ ਕੋਲ ਜੇਹੜੇ ਬੈਠੇ ਸਨ। ਓਨਾਂ ਨੂੰ ਬਚਨ ਦੱਸਣ ਲੱਗਾ ਕਿ ਇਕ ਵੇਰਾਂ ਤਕਰੀਬਨ ੧੦ ਸਾਲ ਹੋ ਗਏ ਮੈਂ ਪਾਤਸ਼ਾਹ ਨਾਲ ਸ਼ਿਕਾਰ ਗਿਆ। ਵਾਪਸੀ ਤੇ ਪਾਤਸ਼ਾਹ ਨੇ ਮੈਨੂੰ ੫ ਸੰਤਰੇ ਦਿਤੇ ਸੀ। ਏਹ ਪ੍ਰੀ ਪੂਰਨ ਪਰਮੇਸ਼ਵਰ ਹਨ। ਮੇਰੇ ਵਿਆਹ
ਨੂੰ ੧੫ ਸਾਲ ਹੋ ਗਏ ਸੀ ਤੇ ਮੇਰੇ ਔਲਾਦ ਨਹੀਂ ਸੀ ਹੁੰਦੀ। ਮੈਂ ਜਦੋਂ ਪਾਤਸ਼ਾਹ ਦੇ ਕੋਲ ਸ਼ਿਕਾਰ ਗਿਆ ਤੇ ਮੇਰਾ ਦਿਲ ਕਰੇ ਮੈਂ ਬੇਨੰਤੀ ਕਰਾਂ। ਪਰ ਮੈਂ ਸੰਗਦੇ ਬੇਨੰਤੀ ਨਹੀਂ ਕੀਤੀ, ਦਿਲ ਵਿਚ ਈ ਬੇਨੰਤੀ ਕਰਦਾ ਰਿਹਾ ਹਾਂ। ਪਾਤਸ਼ਾਹ ਦੀਨ ਦੁਨੀ ਦੇ ਵਾਲੀ ਤੇ ਦਿਲਾਂ ਦੀਆਂ ਜਾਨਣ ਵਾਲਿਆਂ ਨੇ ਆਪੇ ਜਾ ਕੇ ਬਾਗ ਵਿਚੋਂ ੫ ਸੰਤਰੇ ਮੈਨੂੰ ਲਿਆ ਕੇ ਦਿਤੇ ਹਨ। ਮੈਂ ਜੇਹੜੇ ਨਾਲ ਸਨ, ਓਨਾਂ ਨੂੰ ਦੇਣ ਲੱਗਾ ਤੇ ਪਾਤਸ਼ਾਹ ਮੈਨੂੰ ਕਹਿ ਦਿਤਾ ਕਿ ਤੂੰ ਆਪ ਛਕ ਲਾ। ਫੇਰ ਮੈਂ ਸਤਿ ਬਚਨ ਮੰਨ ਕੇ ਛਕ ਲਏ। ਐਡੀ ਏਨਾਂ ਦਇਆ ਕੀਤੀ ਕਿ ੪ ਪੁੱਤਰ ਤੇ ਇਕ ਧੀ ਮੇਰੇ ਘਰ ਹੋਈ ਹੈ। ਨਾ ਔਲਾਦ ਪਹਿਲਾਂ ਸੀ ਤੇ ਨਾ ਫੇਰ ਹੋਈ ਹੈ। ਜਿੰਨੇ ਫਲ ਪਾਤਸ਼ਾਹ ਦਿਤੇ ਹਨ, ਓਨੇ ਮੇਰੇ ਘਰ ਬੱਚੇ ਹੋਏ ਹਨ, ਤੇ ਰਾਜ਼ੀ ਖ਼ੁਸ਼ੀ ਹਨ। ਓਸ ਸਰਦਾਰ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ। ਸੱਚੇ ਪਾਤਸ਼ਾਹ ਤੀਨ ਲੋਕ ਦੇ ਮਾਲਕ ਹਨ ਜੋ ਚਾਹੇ ਕਰ ਸਕਦੇ ਹਨ। ਐਸੇ ਦਿਆਲੂ ਸਨ, ਸਿਖਾਂ ਤੋ ਬਗੈਰ ਵੀ ਜੇਹੜਾ ਪ੍ਰੇਮ ਨਾਲ ਨਿਮਸਕਾਰ ਕਰਦਾ ਹੈ ਉਸ ਨੂੰ ਵੀ ਤਾਰ ਦੇਂਦੇ ਸਨ।।
ਘੀਕਾ ਸਿੰਘ ਦੀ ਸਾਖੀ
ਇਕ ਸਮੇਂ ਕਲੀਆਂ ਪਿੰਡ, ਸੱਚੇ ਪਾਤਸ਼ਾਹ ਆਪ ਦੇ ਸੌਹਰੇ ਘਰ ਗਏ ਹਨ, ਮਾਤਾ ਬੰਤੀ ਦੇ ਓਥੇ ਪੇਕੇ ਸਨ। ਨਾਲ ਦੋ ਚਾਰ ਸਿਖ ਵੀ ਸੇਵਾ ਵਾਸਤੇ ਗਏ ਹਨ। ਓਥੇ ਓਨਾਂ ਦੇ ਸਰੀਕੇ ਵਿਚ ਘੀਕਾ ਸਿੰਘ ਨਾਮ ਦਾ ਰਾਮਗੜ੍ਹੀਆ ਸਿਖ ਸੀ। ਪਾਤਸ਼ਾਹ ਜਦੋਂ ਜਾਣਾ ਓਸਨੇ ਬੜਾ ਪ੍ਰੇਮ ਕਰਨਾ। ਓਸ ਨੇ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਮੇਰੀ ਔਲਾਦ ਨਹੀਂ ਬਚਦੀ, ਮੇਰੇ ਤੇ ਦਇਅ ਕਰੋ। ਜੇਹੜੇ ਹੋਰ ਲਾਗੇ ਸਨ, ਓਨਾਂ ਵੀ ਆਖਿਆ ਜੀ ਦਇਆ ਕਰੋ। ਤੁਹਾਡੇ ਘਰ ਕੋਈ ਘਾਟਾ ਨਹੀਂ। ਸੱਚੇ ਪਾਤਸ਼ਾਹ ਬੇਨੰਤੀ ਸੁਣਕੇ ਮੋਨ ਹੋ ਗਏ ਹਨ। ਹੋਰ ਵੀ ਬਚਨ ਬਲਾਸ ਹੁੰਦੇ ਰਹੇ ਤੇ ਫੇਰ ਥੋੜਾ ਜਿਹਾ ਦਿਨ ਰਹਿ ਗਿਆ। ਪਾਤਸ਼ਾਹ ਪਰਸ਼ਾਦ ਛਕ ਕੇ ਜੰਗਲ ਨੂੰ ਗਏ ਹਨ। ਨਾਲ ਘੀਕਾ ਸਿੰਘ ਹੈ ਤੇ ਓਹ ਆਪ ਦੇ ਖੇਤ ਨੂੰ ਲੈ ਗਿਆ ਹੈ। ਘੀਕਾ ਸਿੰਘ ਆਪ ਦੇ ਬਾਗ ਵਿਚ ਪਾਤਸ਼ਾਹ ਨੂੰ ਲੈ ਕੇ ਚਲਾ ਗਿਆ ਹੈ। ਪਾਤਸ਼ਾਹ ਬਚਨ ਕਰਦੇ ਹਨ ਕਿ ਹੋਰ ਬਾਗ ਨਾਲ ਬੂਟੇ ਲਾ ਕੇ ਵਧਾ ਦੇ। ਆਂਦਾ ਸੱਚੇ ਪਾਤਸ਼ਾਹ ਔਲਾਦ ਨਹੀਂ ਬਚਦੀ, ਤੇ ਕੋਈ ਹੌਸਲਾ ਨਹੀਂ ਪੈਂਦਾ ਵਧੌਣ ਦਾ। ਪਾਤਸ਼ਾਹ ਆਖਣ ਲੱਗੇ ਵੇਖੋ ਖਾਂ ਬਾਗ ਵਿਚ ਕੋਈ ਫਲ ਨਜ਼ਰ ਔਂਦਾ ਹੈ। ਵੇਖਿਆ, ਕਰੁਤੀ ਰੁਤ ਸੀ, ਕੋਈ ਫਲ ਓਨਾਂ ਨੂੰ ਨਜ਼ਰ ਆ ਆਇਆ। ਸੱਚੇ ਪਾਤਸ਼ਾਹ ਨਿਗਾਹ ਮਾਰੀ ਤੇ ਦੋ ਸੰਤਰੇ ਇਕੇ ਟਾਹਣੀ ਨਾਲ ਲੱਗੇ ਹੋਏ ਸਨ। ਆਖਣ ਲੱਗੇ ਜਾਓ ਲਾਹ ਕੇ ਲਿਆਓ। ਸਾਰੇ ਵੇਖ ਕੇ ਬੜੇ ਖ਼ੁਸ਼ ਹੋਏ। ਹੱਸਦੇ ਹਨ, ਪਾਤਸ਼ਾਹ ਏਹ ਤਾਂ ਖੌਰੇ ਤੁਸਾਂ ਕਿਥੋਂ ਲੱਭ ਲਏ ਨੇ, ਹੁਣ ਕਿਤੇ ਸੰਤਰਿਆਂ ਦੀ ਰੁਤ ਆ। ਸਿਖਾਂ ਨੇ ਦੋਵੇਂ ਸੰਤਰੇ ਪਾਤਸ਼ਾਹ ਦੇ ਹੱਥ ਤੇ ਧਰ ਦਿਤੇ। ਸੱਚੇ ਪਾਤਸ਼ਾਹ ਫੇਰ ਪਿੰਡ ਨੂੰ ਆ ਗਏ ਹਨ। ਘਰ ਆਣ ਕੇ ਆਪ ਦੇ ਪਲੰਘ ਤੇ ਬੈਠ ਗਏ ਹਨ। ਸੰਤਰੇ ਆਪ ਦੇ ਅੱਗੇ ਪਲੰਘ ਤੇ ਰੱਖ ਲਏ ਹਨ। ਸਿਖ ਵੀ ਤੇ ਹੋਰ ਨਗਰ ਦੇ ਵਾਸੀ ਵੀ ਓਸ ਵਕਤ ਕੋਲ ਹਨ ਜੀ। ਜਿਸ ਵਕਤ ਘੀਕਾ ਸਿੰਘ ਖ਼ੁਸ਼ੀ ਲੈ ਕੇ ਨਿਮਸਕਾਰ ਕਰਕੇ ਘਰ ਨੂੰ ਚਲਿਆ ਹੈ, ਸੱਚੇ ਪਾਤਸ਼ਾਹ ਜੋੜਾ ਸੰਤਰਿਆਂ ਦਾ ਘੀਕਾ ਸਿੰਘ ਦੇ ਹੱਥ ਤੇ ਰੱਖ ਦਿਤਾ ਤੇ ਆਖਿਆ ਘੀਕਾ ਸਿੰਘ ਘਰ ਜਾ ਕੇ ਆਪ ਦੀ ਜਨਾਨੀ ਨੂੰ ਖਵਾ ਦੇ। ਕੋਈ ਦਿਨ ਪਾ ਕੇ ਦੋ ਪੁੱਤਰ ਘੀਕਾ ਸਿੰਘ ਦੇ ਹੋਏ ਹੋਰ ਕੋਈ ਨਹੀਂ ਹੋਇਆ ਓਨਾਂ ਦੀ ਕਿਰਪਾ ਨਾਲ ਰਾਜੀ ਖ਼ੁਸ਼ੀ ਹਨ। ਏਸ ਤਰ੍ਹਾ ਸੱਚੇ ਪਾਤਸ਼ਾਹ ਨਜ਼ਰੀਂ ਨਜ਼ਰ ਨਿਹਾਲ ਹਨ। ਸੱਚੇ ਪਾਤਸ਼ਾਹ ਦੇ ਗੁਣ ਅਸੀਂ ਗਾ ਨਹੀਂ ਸਕਦੇ। ਕਲਜੁਗ ਦੇ ਵਿਚ ਦਿਆਲੂ ਅਵਤਾਰ ਆਏ ਹਨ, ਗਰੀਬਾਂ ਨੂੰ ਤਾਰਨ ਵਾਸਤੇ ਜੀ।।
ਲਾਭ ਸਿੰਘ ਤੇ ਬੀਬੀ ਕਰਮੋ ਦੀ ਸਾਖੀ
ਇਕ ਕੱਲੇ ਪਿੰਡ ਦਾ ਜ਼ਿਮੀਦਾਰ ਲਾਭ ਸਿੰਘ ਸਿਖ ਸੀ। ਬਾਲੇ ਚੱਕ ਵਾਲੇ ਬੁਧ ਸਿੰਘ ਦਾ ਭਣਵਈਆ ਲਗਦਾ ਸੀ। ਬੁਧ ਸਿੰਘ ਤੇ ਓਸਦੀ ਭੈਣ ਦਾ ਸੰਗ ਕਰਕੇ ਓਹ ਵੀ ਬੜਾ ਪ੍ਰੇਮ ਕਰਦਾ ਸੀ। ਆਪਣੀ ਕਮਾਈ ਵਿਚੋਂ ਸੇਵਾ ਲੰਗਰ ਵਿਚ ਪੌਂਦਾ ਸੀ। ਸੱਚੇ ਪਾਤਸ਼ਾਹ ਅੱਗੇ ਲਾਭ ਸਿੰਘ ਬੇਨੰਤੀ ਕੀਤੀ, ਕਿ ਸੱਚੇ ਪਾਤਸ਼ਾਹ ਸਾਡੇ ਘਰ ਚਰਨ ਪਾਓ। ਬੁਧ ਸਿੰਘ ਵੀ ਆਖਿਆ, ਪਾਤਸ਼ਾਹ ਮਿਹਰ ਕਰੋ। ਪਾਤਸ਼ਾਹ ਬੇਨੰਤੀ ਪਰਵਾਨ ਕਰਕੇ ਆਖਿਆ ਚੰਗਾ, ਬੁਧ ਸਿੰਘ ਜਦੋਂ ਤੂੰ ਆਖੇਂਗਾ ਚਲੇ ਚਲਾਂਗੇ। ਬੁਧ ਸਿੰਘ ਦੀ ਭੈਣ ਦਾ ਨਾਮ ਕਰਮੋ ਸੀ। ਪਾਤਸ਼ਾਹ ਵਿਸਾਖੀ ਦੁਵਾਲੀ ਜਾਂਦੇ ਸਨ ਤੇ ਰਾਹ ਬਾਲੇ ਚੱਕ ਰੈਂਦੇ ਸਨ। ਕਰਮੋ ਤੇ ਲਾਭ ਸਿੰਘ ਬਾਲੇ ਚੱਕ ਪਾਤਸ਼ਾਹ ਅੱਗੇ ਬੇਨੰਤੀ ਕੀਤੀ। ਓਸ ਵਕਤ ਛੋਟੇ ਛੋਟੇ ਸਾਹਿਬਜਾਦੇ ਨਾਲ ਮਾਤਾ ਹੋਰੀ ਤੇ ਸਿਖ ਵੀ ਸਨ। ਬੁਧ ਸਿੰਘ ਵੀ ਆਖਿਆ, ਪਾਤਸ਼ਾਹ ਦਇਆ ਕਰ ਦਿਉ, ਬੜਾ ਸੋਹਣਾ ਮੌਕਾ ਹੈ। ਪਾਤਸ਼ਾਹ ਬੇਨੰਤੀ ਪਰਵਾਨ ਕਰ ਲਈ। ਸਾਰੇ ਪਰਸ਼ਾਦ ਛਕ ਕੇ ਟਾਂਗਿਆਂ ਤੇ ਚੜ੍ਹ ਬੈਠੇ ਹਨ। ਕੱਲਾ ਪਿੰਡ ਸੜਕ ਦੇ ਉਤੇ ਸੀ ਜਿਉਂ ਚੜ੍ਹੇ ਹਨ, ਘਰ ਆਣ ਉਤਰੇ ਹਨ। ਦੋ ਦਿਨ ਪਾਤਸ਼ਾਹ ਓਥੇ ਰਹੇ ਹਨ। ਬੜੀ ਦਇਆ ਕੀਤੀ। ਜਿਸ ਵਕਤ ਤਿਆਰ ਹੋਏ ਹਨ, ਜੋ ਪੁਜ ਆਈ ਸਿਖ ਨੇ ਪੂਜਾ ਭੇਟਾ ਰੱਖੀ। ਕਰਮੋ ਤੇ ਲਾਭ ਸਿੰਘ ਗਲ ਵਿਚ ਪੱਲਾ ਪਾ ਕੇ ਹੱਥ ਜੋੜ ਕੇ ਖਲੋ ਗਏ ਹਨ। ਉਠ ਕੇ ਬੁਧ ਸਿੰਘ ਆਖਿਆ, ਸੱਚੇ ਪਾਤਸ਼ਾਹ ਕਰਮੋ ਤੇ ਲਾਭ ਸਿੰਘ ਆਪ ਅੱਗੇ ਅਰਜ ਕਰਦੇ ਹਨ। ਪਾਤਸ਼ਾਹ ਖ਼ੁਸ਼ ਹੋ ਕੇ ਆਖਿਆ ਕਰਮੋ ਤੂੰ ਕੀ ਮੰਗਦੀ ਹੈਂ। ਓਸ ਆਖਿਆ ਜੀ ਆਪ ਦੀ ਸੇਵਾ ਵਾਸਤੇ ਬੱਚਾ ਮੰਗਦੀ ਹਾਂ। ਸੱਚੇ ਪਾਤਸ਼ਾਹ ਓਸ ਵਕਤ ਕਰਮੋ ਤੇ ਲਾਭ ਸਿੰਘ ਨੂੰ ਪਰਸ਼ਾਦ ਦਿਤਾ ਹੈ। ਪਰਸ਼ਾਦ ਦੇ ਕੇ ਆਖਣ ਲੱਗੇ, ਜੋ ਤੇਰਾ ਮਨੋਰਥ ਹੈ ਪੂਰਾ ਹੋ ਜਾਵੇਗਾ। ਓਥੋਂ ਯੱਕਿਆਂ ਤੇ ਬੈਠ ਕੇ ਪਾਤਸ਼ਾਹ ਬੁਗੀਂ ਆ ਗਏ ਹਨ। ਕੋਈ ਦਿਨ ਪਾ ਕੇ ਪਹਿਲਾਂ ਕਾਕੀ ਹੋਈ ਤੇ ਫੇਰ ਪੁਤ ਹੋਇਆ ਹੈ। ਪੁਤ ਨੂੰ ਲੈ ਕੇ ਫੇਰ ਪਾਤਸ਼ਾਹ ਦੇ ਗੁਰਪੁਰਬ ਤੇ ਆਈ ਹੈ। ਬੋਤੀ ਲੱਦ ਕੇ ਦਾਣਿਆਂ ਦੀ ਆਂਦੀ ਹੈ। ਲੰਗਰ ਵਾਸਤੇ ੧੦੦ ਰੁਪੈਆ ਭੇਟਾ ਰੱਖ ਕੇ ਕਾਕੇ ਨੂੰ ਨਿਮਸਕਾਰ ਕਰਾਈ ਹੈ। ਹੱਥ ਜੋੜ ਕੇ ਫੇਰ ਆਖਦੇ ਹਨ ਕਿ ਪਾਤਸ਼ਾਹ ਕਾਕੇ ਦਾ ਨਾਂ ਰੱਖੋ। ਪਾਤਸ਼ਾਹ ਹਰਭਜਨ ਸਿੰਘ ਨਾਮ ਰੱਖਿਆ ਹੈ।।
ਮਾਈ ਬਸੰਤ ਕੌਰ ਤੇ ਉਸ ਦੀਆਂ ਧੀਆਂ ਦੀ ਸਾਖੀ
ਬੁਗਿਆਂ ਤੋਂ ਪਾਤਸ਼ਾਹ ਗਗੋ ਬੂਏ ਆ ਗਏ ਹਨ। ਵੀਰ ਸਿੰਘ ਦੇ ਘਰ ਆ ਗਏ ਹਨ। ਮਾਈ ਲਛਮੀ ਵੀ ਸੁਣ ਕੇ ਦਰਸ਼ਨ ਕਰਨ ਆਈ ਹੈ। ਗਗੋ ਬੂਏ ਵੀ ਦਰਸ਼ਨ ਦੇ ਕੇ, ਘਵਿੰਡ ਪਿੰਡ ਆ ਗਏ ਹਨ। ਓਨਾਂ ਦੇ ਕੰਨੀਂ ਸੁਣਿਆਂ, ਮਾਈ ਬਸੰਤ ਕੌਰ ਵੀ ਚਰਨੀ ਲੱਗੀ ਹੈ। ਉਸ ਦੇ ੨ ਪੁੱਤਰ ਤੇ ੨ ਧੀਆਂ ਹਨ। ਦੋਵੇਂ ਕਾਕੀਆਂ ਵਿਆਹੀਆਂ ਹਨ। ਛੋਟੀ ਕਾਕੀ ਦੀ ਦੇਹ ਕੁਛ ਖਰਾਬ ਹੋ ਗਈ। ਸਾਰਾ ਸ਼ਰੀਰ ਲਾਲ ਹੋ ਕੇ ਲਹੂ ਸਿਮਣ ਲਗ ਪਵੇ। ਓ ਬੀਬੀ ਬਾਜੇ ਕੇ ਵਿਆਹੀ ਹੋਈ ਸੀ। ਬਾਜੇਕਿਆਂ ਵਾਲੇ ਬੀਬੀ ਨੂੰ ਖੜਦੇ ਨਹੀਂ ਗੇ। ਕੁਛ ਕਰੈਹਤ ਕਰਦੇ ਹਨ ਕਿ ਖੌਰੇ ਕੀ ਬਿਮਾਰੀ ਹੈ। ਧੀ ਵਾਲਿਆਂ ਨੂੰ ਬੜੀ ਚਿੰਤਾ ਪੈਦਾ ਹੋਈ। ਮਾਈ ਲਛਮੀ ਨਾਲ ਬੀਬੀ ਬਸੰਤ ਕੌਰ ਬਚਨ ਕੀਤੇ, ਤੇ ਨਾਲੇ ਬੀਬੀ ਦਾ ਪਿੰਡਾ ਵਖੌਂਦੀ ਹੈ। ਮਾਈ ਲਛਮੀ ਆਖਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਡੇ ਗੁਰੂ ਬੜੇ ਸਮਰੱਥ ਹਨ। ਓਥੇ ਜਾ ਕੇ ਢੈ ਕੇ ਚਰਨੀਂ ਪੈ ਜਾ, ਤੇਰੀ ਧੀ ਦਾ ਸ਼ਰੀਰ ਰਾਜੀ ਕਰ ਦੇਣਗੇ। ਬੜੇ ਦਿਆਲੂ ਹਨ। ਲਛਮੀ ਆਖਿਆ ਮੈਂ ਗਿਣ ਨਹੀਂ ਸਕਦੀ, ਜਿੰਨਿਆਂ ਜੀਆਂ ਦਾ ਓਸ ਦਰ ਤੇ ਕੋਹੜ ਹਟਿਆ ਹੈ। ਓ ਆਂਦੀ ਬੇਬੇ ਮੈਂ ਕੱਲੀ ਨਹੀਂ ਜਾ ਸਕਦੀ, ਮੇਰੇ ਨਾਲ ਚਲੇਂ ਤੇ ਤਾਂ ਹੈ। ਲਛਮੀ ਆਖਿਆ ੧੦ ਦਿਨ ਰੈਹਗੇ ਨੇ ਮਾਘੀ ਤੇ, ਪਾਤਸ਼ਾਹ ਦੀ ਸਾਰੀ ਸੰਗਤ ਔਂਦੀ ਹੈ। ਮੇਰੇ ਨਾਲ ਚਲੀ ਜਾਵੀਂ। ਮਾਘੀ ਦਿਹਾੜਾ ਆ ਗਿਆ ਹੈ। ਮਾਈ ਬਸੰਤ ਕੌਰ ਆਪ ਦੀ ਧੀ ਨੂੰ ਲੈ ਕੇ ਤਿਆਰ ਹੋ ਗਈ ਹੈ। ਨੌਜਵਾਨ
ਬੀਬੀ ਹੈ ਜਿਸਦੀ ਦੇਹ ਖਰਾਬ ਹੋ ਗਈ ਹੈ। ਬੀਬੀ ਦੀਪੋ ਉਸ ਦਾ ਨਾਮ ਹੈ। ਤਿੰਨੇ ਜਣੀਆਂ ਆ ਗਈਆਂ ਹਨ। ਹੋਰ ਵੀ ਸਾਰੇ ਮਾਈ ਭਾਈ ਦਰਸ਼ਨਾਂ ਨੂੰ ਆਏ ਹਨ। ਸਾਰੀਆਂ ਸੰਗਤਾਂ ਵੱਲ ਵੇਖ ਕੇ ਬਸੰਤ ਕੌਰ ਤੇ ਬੀਬੀ ਦੀਪੋ ਵੀ ਬੇਨੰਤੀ ਕਰਦੀਆਂ ਹਨ। ਸੱਚੇ ਪਾਤਸ਼ਾਹ ਦਇਆ ਕਰੋ, ਬੀਬੀ ਦੀ ਸਾਰੀ ਦੇਹ ਖਰਾਬ ਹੋ ਗਈ ਹੈ। ਲੂਤਾਂ ਤੇ ਦੱਦਰਾਂ ਸਾਰੇ ਸਰੀਰ ਤੇ ਹੋ ਗਈਆਂ ਹਨ। ਹੱਥਾਂ ਪੈਰਾਂ ਤੇ ਬੀਬੀ ਦੇ ਲਹੂ ਨਿਕਲਦਾ ਹੈ। ਪਾਤਸ਼ਾਹ ਨੂੰ ਵਖੌਂਦੀ ਹੈ। ਪਾਤਸ਼ਾਹ ਆਖਿਆ ਬੇਬੇ ਸਾਡੀ ਧਾਰਨ ਪੁਛ ਲਾ ਸਿਖਾਂ ਤੋਂ, ਜੇ ਓਸ ਮਰਯਾਦਾ ਤੇ ਚਲੇਂਗੀ ਤੇ ਰਾਜੀ ਹੋਜੂ। ਏਥੇ ਕੇਹੜੀ ਵੱਡੀ ਗਲ ਹੈ। ਬਸੰਤ ਕੌਰ ਆਖਿਆ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਆਖੌਗੇ ਓਸ ਤਰਾਂ ਮੈਂ ਮੰਨਾਂਗੀ। ਸੱਚੇ ਪਾਤਸ਼ਾਹ ਬੀਬੀ ਨੂੰ ਪਰਸ਼ਾਦ ਦਿਤਾ, ਤੇ ਆਖਿਆ, ਬੇਬੇ ਛੇਤੀ ਛੇਤੀ ਆਇਉ ਜੇ, ਤੇ ਆਣ ਕੇ ਲੰਗਰ ਵਿਚ ਸੇਵਾ ਕਰਿਆ ਕਰ, ਤੇ ਭਾਂਡੇ ਲੰਗਰ ਦੇ ਮਾਂਜਿਆ ਕਰ। ਆਪੇ ਤੇਰੀ ਦੇਹ ਸੋਹਣੀ ਹੋਜੂ। ਬੀਬੀ ਸਤਿ ਬਚਨ ਮੰਨ ਕੇ ਲੰਗਰ ਵਿਚ ਸੇਵਾ ਕਰਿਆ ਕਰੇ। ਦੋ ਚਾਰ ਵੇਰਾਂ ਆਈ ਤੇ ਸੋਨੇ ਵਰਗੀ ਦੇਹ ਬੀਬੀ ਦੀ ਹੋ ਗਈ। ਸੌਹਰੇ ਵੀ ਬੀਬੀ ਦੇ ਲੈ ਜਾਣ ਲਗ ਪਏ।।
ਬਸੰਤ ਕੌਰ ਦੀ ਬੜੀ ਬੀਬੀ ਦੇ ਘਰ ਔਲਾਦ ਨਹੀਂ ਸੀ। ਆਪ ਦੀ ਭੈਣ ਵਲੋਂ ਵੇਖ ਕੇ ਓਹ ਵੀ ਆ ਕੇ ਸੱਚੇ ਪਾਤਸ਼ਾਹ ਦੀ ਸਰਨ ਪਈ। ਸੰਗਤਾਂ ਅਰਜਾਂ ਕਰਦੀਆਂ ਨੂੰ ਵੇਖ ਕੇ, ਓਹ ਵੀ ਬਨੰਤੀ ਕਰਦੀ ਹੈ ਕਿ ਪਾਤਸ਼ਾਹ ੧੦ ਸਾਲ ਹੋ ਗਏ ਨੇ ਮੇਰੇ ਘਰ ਔਲਾਦ ਨਹੀਂ ਹੋਈ। ਪਾਤਸ਼ਾਹ ਆਖਿਆ ਬੀਬੀ ਤੂੰ ਵੀ ਲੰਗਰ ਦੀ ਸੇਵਾ ਪ੍ਰੇਮ ਨਾਲ ਕਰਿਆ ਕਰ। ਏਸ ਘਰ ਜੋ ਕੁਛ ਮਿਲਦਾ, ਸੇਵਾ ਤੋਂ ਹੀ ਮਿਲਦਾ ਹੈ। ਬੀਬੀ ਦਾ ਨਾਮ ਤਾਰੋ ਹੈ। ਬੜੀ ਪ੍ਰੇਮ ਨਾਲ ਸੇਵਾ ਕਰਨ ਲਗ ਪਈ ਤੇ ਬਚਨ ਕੀਤਾ ਕਿ ਸੱਚੇ ਪਾਤਸ਼ਾਹ ਮੈਂ ਸੌ ਰੁਪੈਆ ਸੇਵਾ ਕਰਾਂਗੀ ਜਿਸ ਦਿਨ ਮੇਰੀ ਮੁਰਾਦ ਪੂਰੀ ਹੋਈ। ਕੋਈ ਦਿਨ ਪਾ ਕੇ ਕਾਕਾ ਹੋਇਆ ਹੈ ਤੇ ਤਰਨ ਤਾਰਨ ਦੇ ਲਾਗੇ ਗੋਲੇ ਦੀ ਪੰਡੋਰੀ ਬੀਬੀ ਵਿਆਹੀ ਹੋਈ ਸੀ। ਪਾਤਸ਼ਾਹ ਬੁਗੀਂ ਸੁੰਦਰ ਸਿੰਘ ਦੇ ਘਰ ਗਏ। ਤੇ ਬਸੰਤ ਕੌਰ ਗਗੋ ਬੂਏ ਵਾਲੀ ਕਾਕਾ ਹੋਇਆ ਸੁਣ ਕੇ, ਪੰਡੋਰੀ ਗਈ ਹੋਈ ਸੀ। ਸੱਚੇ ਪਾਤਸ਼ਾਹ ਨੇ ਬੁਗਿਆਂ ਤੋਂ ਸਿਖ ਘਲ ਦਿਤਾ ਕਿ ਅਸੀਂ ਬੁਗੀਂ ਆਏ ਹਾਂ, ਤੇ ਸਾਡੀ ਸੇਵਾ ਲੈ ਕੇ ਬੁਗੀਂ ਆ ਜਾ। ਓਸ ਵਕਤ ਬੀਬੀ ਕੋਲ ਤਾਂ ਪਾਤਸ਼ਾਹ ਦਾ ਦਿਤਾ ਬੜਾ ਕੁਛ ਸੀ। ਮਾਈ ਬਸੰਤ ਕੌਰ ਧੀ ਦਾ ਸਰਫਾ ਕਰਕੇ ਆਖਣ ਲੱਗੀ ਭਾਈਆ ਸੇਵਾ ਤਾਂ ਅੱਜੇ ਤਿਆਰ ਨਹੀਂ। ਫੇਰ ਬੀਬੀ ਤਾਰੋ ਤੇ ਮਾਈ ਬਸੰਤ ਕੌਰ ਬੁਗੀ ਆਣ ਕੇ ਨਿਮਸਕਾਰ ਕੀਤੀ ਤੇ ਸਾਰਿਆਂ ਦੇ ਦਰਸ਼ਨ ਕੀਤੇ। ਮਾਈ ਬਸੰਤ ਕੌਰ ਫੇਰ ਬੀਬੀ ਨੂੰ ਕੋਲ ਖਲਾਰਕੇ ਆਖਣ ਲਗੀ, ਸੱਚੇ ਪਾਤਸ਼ਾਹ ਸੇਵਾ ਅਜੇ ਬੀਬੀ ਕੋਲ ਤਿਆਰ ਨਹੀਂ। ਸੱਚੇ ਪਾਤਸ਼ਾਹ ਨਰਾਜ ਹੋ ਕੇ ਆਖਣ ਲਗੇ, ਬੇਬੇ ਆਪਣੀ ਸੇਵਾ ਵੀ ਲੈ ਲੈਣੀ ਹੈ ਤੇ ਪੁਤ ਵੀ ਤੁਹਾਡਾ ਨਹੀਂ ਰੈਹਣ ਦੇਣਾ। ਧੀ ਦਾ ਸਰਫਾ ਕਰਦੀ ਕਰਦੀ ਸੱਚੇ ਪਾਤਸ਼ਾਹ ਕੋਲੋਂ ਸਰਾਫ਼ ਲੈ ਕੇ ਚਲੀ ਗਈ। ਪਾਤਸ਼ਾਹ ਨੂੰ ਨਰਾਜ਼ ਹੋਏ ਵੇਖ ਕੇ ਫੇਰ ਮਾਵਾਂ ਧੀਆਂ ਪੰਡੋਰੀ ਗਈਆਂ ਹਨ ਤੇ ਜਾ ਕੇ ਸੇਵਾ ਸੌ ਰੁਪੈਆ ਲਿਆਈਆ ਹਨ। ਤੇ ਪਾਤਸ਼ਾਹ ਅੱਗੇ ਸੇਵਾ ਰੱਖ ਕੇ ਭੁੱਲ ਬਖ਼ਸੌਂਦੀ ਹੈ। ਪਾਤਸ਼ਾਹ ਆਖਣ ਲੱਗੇ ਬੇਬੇ ਏਹ ਤਾਂ ਵਾਕ ਹੁਣ ਛੁੱਟ ਗਿਆ ਮੁੜਨਾ ਨਹੀਂ। ਫੇਰ ਤੈਨੂੰ ਉਮਰ ਵਾਲਾ ਦੇ ਦਿਆਂਗੇ। ਕੋਈ ਦਿਨ ਪਾ ਕੇ ਓਸ ਕਾਕੇ ਦਾ ਸ਼ਰੀਰ ਛੁਟ ਗਿਆ। ਪਾਤਸ਼ਾਹ ਦਾ ਤੀਰ ਛੁੱਟਾ ਮੁੜਿਆ ਨਹੀਂ ਗਾ। ਸਿਖ ਸੇਵਾ ਵੀ ਕਰਦਾ ਹੈ ਪਰ ਕਿਸੇ ਵੇਲੇ ਬਦੋ ਬਦੀ ਗਲਤੀ ਕਰ ਜਾਂਦਾ ਹੈ। ਸੁਖਣਾਂ ਸੁਖਣ ਲੱਗਿਆਂ ਜਿਨੀ ਪੁਜ ਆਵੇ ਸੋਚ ਕੇ ਓਨੀ ਸੁਖਣੀ ਚਾਹੀਦੀ ਹੈ। ਥੋੜੇ ਚਿਰ ਬਾਅਦ ਵੱਡੀ ਉਮਰ ਵਾਲਾ ਕਾਕਾ ਪਾਤਸ਼ਾਹ ਬਖ਼ਸ਼ਿਆ ਹੈ ਜੀ। ਫੇਰ ਬੀਬੀ ਬੜੇ ਪ੍ਰੇਮ ਨਾਲ ਸੇਵਾ ਕਰਦੀ ਤੇ ਬਚਨ ਮੰਨਦੀ ਰਹੀ ਹੈ ਜੀ। ਸੱਚੇ ਪਿਤਾ ਮਹਾਰਾਜ ਸ਼ੇਰ ਸਿੰਘ ਦੀ ਮਹਿੰਮਾ ਅਪਰ ਅਪਾਰ ਹੈ।
ਇਕ ਮਸਤਾਨੇ ( ਬੱਗਾ ਸਿੰਘ ) ਤੇ ਬੁਧ ਸਿੰਘ ਦੀ ਸਾਖੀ
ਲੁਧਿਆਣੇ ਜਿਲੇ ਤੇ ਆਲਮਗੀਰ ਨਗਰ ਵਿਚ ਦੋ ਭਰਾ ਛੀਂਬੇ ਸਿਖ ਪਾਤਸ਼ਾਹ ਦੇ ਸਨ। ਇਕ ਦਾ ਨਾਮ ਰਤਨ ਸਿੰਘ ਤੇ ਦੂਜੇ ਦਾ ਬੱਗਾ ਸਿੰਘ। ਬੱਗਾ ਸਿੰਘ ਮਸਤਾਨਾ ਰੈਂਹਦਾ ਸੀ। ਦੋ ਤਰਾਂ ਦੇ ਮਸਤਾਨੇ ਹਨ। ਇਕ ਦਾਨੇ ਮਸਤਾਨੇ ਤੇ ਇਕ ਦੀਵਾਨੇ ਮਸਤਾਨੇ ਹਨ। ਦਾਨੀ ਬਿਰਤੀ ਵਾਲਿਆਂ ਨੂੰ ਸੱਚੇ ਪਾਤਸ਼ਾਹ ਅੱਠੇ ਪਹਿਰ ਦਰਸ਼ਨ ਦੇ ਕੇ ਨਿਹਾਲ ਰਖਦੇ ਹਨ। ਬੱਗਾ ਸਿੰਘ ਮਸਤਾਨਾ, ਮਸਤਾਨੀ ਬਿਰਤੀ ਵਿਚ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਇਆ ਹੈ। ਅੰਮ੍ਰਿਤਸਰੋਂ ਗੱਡੀ ਤੇ ਉਤਰ ਕੇ ਬਾਲੇ ਚੱਕ ਬੁਧ ਸਿੰਘ ਸਿਖ ਦੇ ਘਰ ਆ ਗਿਆ ਹੈ ਤੇ ਮਸਤਾਨੇ ਬਚਨ ਕਰਨ ਲਗ ਪਿਆ। ਬੁਧ ਸਿੰਘ ਹੋਰਾਂ ਨੂੰ ਆਖਣ ਲੱਗਾ ਛੇਤੀ ਕਰੋ, ਸੱਚੇ ਪਾਤਸ਼ਾਹ ਦੀ ਜੋਤ ਆਈ ਹੈ, ਪਲੰਘ ਵਿਛਾ ਦਿਓ। ਸਿਖਾਂ ਸਤਿ ਬਚਨ ਮੰਨ ਕੇ ਪਲੰਘ ਡਾਹ ਦਿਤਾ। ਪਾਤਸ਼ਾਹ ਦੇ ਪਲੰਘ ਅੱਗੇ ਵੀ ਸਿਖਾਂ ਦੇ ਘਰੀਂ ਡੱਠੇ ਸਨ। ਕਿਉਂ ਕਿ ਸਿਖ ਰੋਜ ਧੂਫ ਧੁਖੌਂਦੇ ਤੇ ਥਾਲ ਲਵੌਦੇ ਸਨ ਜੀ। ਜਦੋਂ ਪਾਤਸ਼ਾਹ ਜਾਂਦੇ ਸੀ, ਓਸੇ ਪਲੰਘ ਤੇ ਬੈਠਦੇ ਸਨ। ਛਾਲ ਮਾਰ ਕੇ ਬੱਗਾ ਸਿੰਘ ਪਲੰਘ ਤੇ ਬੈਹ ਗਿਆ। ਸਿਖਾਂ ਮੱਥਾ ਟੇਕਿਆ, ਪਾਤਸ਼ਾਹ ਦੇ ਪਲੰਘ ਤੇ ਬੈਠਾ ਕਰਕੇ। ਫੇਰ ਆਖਣ ਲੱਗਾ, ਛੇਤੀ ਕਰੋ ਸਾਡਾ ਥਾਲ ਲੁਵਾਓ ਪਰਸ਼ਾਦ ਪਾ ਕੇ। ਸਿਖ ਜੋਤ ਤੋਂ ਡਰਦੇ ਬਚਨ ਮੰਨੀ ਜਾਣ। ਫੇਰ ਮਾਘੀ ਦੇ ਦਿਨ ਸਾਰੀ ਸੰਗਤ ਦਰਸ਼ਨਾਂ ਨੂੰ ਆਈ। ਬੱਗਾ ਸਿੰਘ ਮਸਤਾਨਾ ਵੀ ਆਣ ਪਹੁੰਚਿਆ। ਸੰਗਤ ਚਾਰ ਦਿਨ ਰੈਹ ਕੇ ਖ਼ੁਸ਼ੀਆਂ ਮੰਗ ਰਹੀ ਹੈ, ਜਾਣ ਵਾਸਤੇ। ਪਾਤਸ਼ਾਹ ਬਚਨ ਛੇੜਿਆ ਕਿ ਬੁਧ ਸਿੰਘ ਅਸਾਂ ਸੁਣਿਆ ਹੈ, ਬਾਲੇ ਚੱਕ ਬੱਗਾ ਸਿੰਘ ਪਲੰਘ ਤੇ ਬੈਠਾ ਸੀ ਸਾਡੇ ਵਾਲੇ ਤੇ। ਬੁਧ ਸਿੰਘ ਆਖਿਆ ਹਾਂ ਜੀ, ਉਸ ਕਿਹਾ ਕਿ ਮੇਰਾ ਥਾਲ ਲੁਵਾਓ ਤੇ ਫੇਰ ਅਸੀਂ ਥਾਲ ਲੁਵਾਇਆ। ਪਲੰਘ ਤੇ ਬੈਠ ਕੇ ਬਗਾ ਸਿੰਘ ਪਰਸ਼ਾਦ ਛਕ ਲਿਆ। ਥਾਲ ਮੈਨੂੰ ਫੜਾ ਕੇ ਆਖਣ ਲੱਗਾ, ਸਾਡਾ ਸੀਤ ਪਰਸ਼ਾਦ ਬੁਧ ਸਿੰਘ ਛਕ ਲਾ, ਅਸੀਂ ਤੇ ਮਹਾਰਾਜ ਸ਼ੇਰ ਸਿੰਘ ਇਕੋ ਹਾਂ। ਏਕ ਜੋਤ ਤੇ ਅਸੀਂ ਦੋ ਮੂਰਤਾਂ ਹਾਂ। ਸੱਚੇ ਪਾਤਸ਼ਾਹ ਮੈਂ ਫਿਰ ਛਕ ਲਿਆ ਹੈ। ਬੁਧ ਸਿੰਘ ਏਹ ਨਹੀਂ ਆਖਿਆ ਕਿ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ ਹਾਂ, ਮੇਰੇ ਤੇ ਦਇਆ ਕਰੋ। ਸਗੋਂ ਆਖਣ ਲਗਾ, ਸੱਚੇ ਪਾਤਸ਼ਾਹ ਏਹ ਕੇਹੜੀ ਵੱਡੀ ਗਲ ਆ। ਮਸਤਾਨੇ ਵਿਚ ਵੀ ਤੁਸੀਂ ਜੇ ਤੇ ਏਧਰ ਵੀ ਤੁਸੀਂ ਜੇ। ਪਾਤਸ਼ਾਹ ਸੁਣ ਕੇ ਨਰਾਜ ਹੋ ਗਏ ਤੇ ਕਿਹਾ ਤੁਹਾਨੂੰ ਫੇਰ ਏਥੇ ਸਾਡੇ ਕੋਲ ਔਂਣ ਦੀ ਕੋਈ ਲੋੜ ਨਹੀਂ। ਮਸਤਾਨਿਆਂ ਨੂੰ ਪੂਜਾ ਭੇਟਾ ਦੇ ਕੇ ਮੱਥਾ ਟੇਕ ਦਿਆ ਕਰੋ। ਪਾਤਸ਼ਾਹ ਕਿਹਾ ਕਿ ਮਸਤਾਨਿਆਂ ਨੂੰ ਸਾਡੀ ਪਕੜ ਹੁੰਦੀ ਹੈ, ਧੱਕੇ ਖਾਂਦੇ ਤੇ ਭੁੱਖੇ ਤਿਆਏ ਆਪਣੀਆਂ ਕਰਨੀਆਂ ਦੇ ਫੜੇ ਹੋਏ ਤੁਰੇ ਫਿਰਦੇ ਹਨ। ਤੁਸਾਂ ਆਖਿਆ ਓਨਾਂ ਵਿਚ ਵੀ ਤੁਸੀਂ ਹੋ। ਅਸੀਂ ਮਸਤਾਨਿਆਂ ਵਿਚ ਧੱਕੇ ਤਾਂ ਨਹੀਂ ਨਾ ਖਾਂਦੇ ਫਿਰਦੇ।
ਬਾਲੇ ਚੱਕ ਵਾਲੀ ਸੰਗਤ ਜਿਸ ਵਕਤ ਖ਼ੁਸ਼ੀ ਲੈ ਕੇ ਤੁਰੇ ਹਨ, ਨਹਿਰ ਤੇ ਆਏ ਹਨ ਤੇ ਬੁਧ ਸਿੰਘ ਨੂੰ ਪਾਤਸ਼ਾਹ ਜੋਤ ਰੂਪ ਪਕੜ ਲਿਆ। ਨੈਹਰ ਦੀ ਪਟੜੀ ਦੇ ਉਤੇ ਮੱਛੀ ਵਾਂਗ ਤੜਫਦਾ ਹੈ। ਨਾਲ ਦੀ ਸੰਗਤ ਬਹੁਤ ਚਿੰਤਾ ਕਰ ਰਹੀ ਹੈ ਤੇ ਕੁਛ ਸਿਖ ਭੱਜ ਕੇ ਪਾਤਸ਼ਾਹ ਕੋਲ ਪਿਛਾਂਹ ਗਏ ਹਨ। ਜਾ ਕੇ ਸਿਖਾਂ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਬੁਧ ਸਿੰਘ ਬੜਾ ਪੀੜ ਨਾਲ ਤੜਫਦਾ ਹੈ, ਦਇਆ ਕਰੋ। ਜੀਵ ਤੇ ਹਰ ਵਕਤ ਭੁਲਣਹਾਰ ਹਨ ਤੇ ਤੁਸੀਂ ਸੱਚੇ ਮਾਪੇ ਬਖ਼ਸ਼ਣ ਜੋਗ ਜੇ। ਸੱਚੇ ਪਾਤਸ਼ਾਹ ਬਚਨ ਕੀਤਾ, ਮਰਦਾ ਨਹੀਂ, ਜੇਹੜੀ ਬੱਗਾ ਸਿੰਘ ਦੀ ਉਸ ਜੂਠ ਖਾਦੀ ਹੈ ਜਦੋਂ ਅੰਦਰੋਂ ਨਿਕਲ ਗਈ, ਓਦੋਂ ਰਮਾਨ ਆਜੂ। ਐਸੇ ਦਸਤ ਤੇ ਉਲਟੀਆਂ ਸ਼ੁਰੂ ਹੋਈਆਂ, ਪੱਛੀ ਵਾਕਰ ਸਾਰਾ ਸਰੀਰ ਹੋ ਗਿਆ। ਫੇਰ ਪਾਤਸ਼ਾਹ ਨੇ ਪਰਸ਼ਾਦ ਘੱਲਿਆ ਕਿ ਉਸ ਨੂੰ ਛਕਾ ਦਿਉ ਰਮਾਨ ਆਜੂ। ਜਿਸ ਵਕਤ ਪਾਤਸ਼ਾਹ ਦਾ ਪਰਸ਼ਾਦ ਛੱਕਿਆ, ਦੇਹ ਤੰਦਰੁਸਤ ਹੋ ਗਈ। ਫੇਰ ਸਿਖ ਚੁਕ ਕੇ ਚੇਤ ਸਿੰਘ ਦੇ ਘਰ ਕਲਸੀਂ ਲੈ ਗਏ। ਜਾ ਕੇ ਕਪੜੇ ਸਾਫ ਕੀਤੇ ਤੇ ਫੇਰ ਅਗਲੇ ਦਿਨ ਸਾਰੀ ਸੰਗਤ ਘਵਿੰਡ ਆਈ। ਆਣ ਕੇ ਬੇਨੰਤੀਆਂ ਕੀਤੀਆਂ
ਤੇ ਭੁੱਲਾਂ ਬਖ਼ਸ਼ਾਈਆਂ। ਮਸਤਾਨਾ ਓਦੋਂ ਦਾ ਝਿੜਕਿਆ ਮੁੜ ਕੇ ਪਾਤਸ਼ਾਹ ਕੋਲ ਨਹੀਂ ਆਇਆ। ਸਾਰੀ ਸੰਗਤ ਖ਼ੁਸ਼ੀਆਂ ਲੈ ਕੇ ਬਾਲੇ ਚੱਕ ਨੂੰ ਗਈ। ਉਸ ਦਿਨ ਤੋਂ ਬੁਧ ਸਿੰਘ ਨੰਗੀ ਪੈਰੀਂ ਪਾਤਸ਼ਾਹ ਦੀ ਸੇਵਾ ਵਿਚ ਹਾਜਰ ਰਿਹਾ ਕਰੇ।।
ਬੇਬੇ ਰਾਮੀ ਤੇ ਉਸ ਦੀ ਬੱਚੀ ਦੀ ਸਾਖੀ
ਬੁਧ ਸਿੰਘ ਦੀ ਛੋਟੀ ਕਾਕੀ ਸੀ। ਓਸ ਨੇ ਅੰਞਾਣੀ ਕਰ ਕੇ ਰੋਜ਼ ਜੇਹੜਾ ਪਾਤਸ਼ਾਹ ਦੇ ਥਾਲ ਲਈ ਦਈਂ ਰੱਖਣਾ, ਥਾਲ ਲੱਗਣ ਤੋਂ ਪਹਿਲਾਂ ਰੋਜ਼ ਦਹੀਂ ਜੂਠਾ ਕਰ ਦੇਣ। ਦੋ ਸਾਲਾਂ ਦੀ ਸੀ, ਐਨੀ ਜਿਦ ਕਰਨੀ, ਆਖਣਾ ਮੈਂ ਦਹੀਂ ਹੁਣੇ ਲੈਣਾ ਹੈ। ਬੇਬੇ ਰਾਮੀ ਥਾਲ ਲਵੌਣ ਲੱਗੀ ਪਾਤਸ਼ਾਹ ਅੱਗੇ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਏਹ ਬੀਬੀ ਅੰਞਾਣੀ ਹੈ ਤੁਹਾਡਾ ਥਾਲ ਲੱਗਣ ਤੋਂ ਪਹਿਲਾਂ ਦਹੀਂ ਖਾ ਜਾਂਦੀ ਹੈ। ਸਾਥੋਂ ਤਾਂ ਹੱਟਦੀ ਨਹੀਂ, ਤੁਸੀਂ ਆਪ ਹੀ ਦਇਆ ਕਰੋ। ਸੱਚੇ ਪਾਤਸ਼ਾਹ ਘਵਿੰਡ ਸਨ ਦੇਹ ਕਰਕੇ। ਬੇਬੇ ਰਾਮੀ ਨੇ ਬਾਲੇ ਚੱਕ ਹੋਥ ਜੋੜ ਕੇ ਬੇਨੰਤੀ ਕੀਤੀ। ਅਗਲੇ ਦਿਨ ਸਵੇਰੇ ਬੇਬੇ ਰਾਮੀ ਨੇ ਥਾਲ ਵਾਸਤੇ ਦਹੀਂ ਰਖਿਆ। ਓਹ ਕਾਕੀ ਫੇਰ ਸੁੱਤੀ ਪਈ ਉਠ ਕੇ ਦਈਂ ਵਲੇ ਅੰਦਰ ਗਈ ਤੇ ਰਾਮੀ ਓਸ ਵਕਤ ਬਾਹਰ ਚੌਂਕੇ ਵਿਚ ਸੀ। ਜਿਸ ਵਕਤ ਭਾਂਡਾ ਲਾਹ ਕੇ ਦਈਂ ਵਾਲੇ ਭਾਂਡੇ ਨੂੰ ਫੜਨ ਲੱਗੀ। ਅੱਗੋਂ ਸੱਪ ਫੰਨ ਚੁੱਕ ਕੇ ਦੰਦੀ ਵੱਢਣ ਪੈ ਗਿਆ ਹੈ। ਕੁੜੀ ਨੇ ਉਚੀ ਸਾਰੀ ਚਾਂਗਰ ਮਾਰੀ ਤੇ ਰਾਮੀ ਭੱਜ ਕੇ ਅੰਦਰ ਗਈ ਕਿ ਕੀ ਹੋਇਆ ਕੁੜੀ ਨੂੰ ਕੁੱਛੜ ਚੁਕਿਆ ਤੇ ਕੁੜੀ ਦੱਸਦੀ ਨਹੀਂ। ਕੁਛੜ ਚੁੱਕੀ ਵੀ ਡਾਡਾਂ ਮਾਰ ਮਾਰ ਕੇ ਗਲ ਨੂੰ ਚੰਬੜਦੀ ਹੈ, ਪਾਤਸ਼ਾਹ ਡਰੌਂਦੇ ਹਨ। ਰਾਮੀ ਉਸਨੂੰ ਪੁਛਦੀ ਹੈ ਮੈਨੂੰ ਦੱਸ ਖਾਂ ਤੈਨੂੰ ਕੀ ਹੁੰਦਾ ਹੈ। ਕੁੜੀ ਆਖਣ ਲੱਗੀ ਦਈਂ ਵਾਲੇ ਭਾਂਡੇ ਕੋਲ ਸੱਪ ਬੈਠਾ ਹੈ ਤੇ ਮੈਨੂੰ ਵੱਡਣ ਪੈਂਦਾ ਹੈ। ਤੂੰ ਮੈਨੂੰ ਕੁੱਛੜ ਚੁੱਕਿਆ ਹੈ, ਤੇ ਤਾਂ ਵੀ ਸੱਪ ਮੈਨੂੰ ਵੱਢਣ ਪੈਂਦਾ ਹੈ। ਬੇਬੇ ਰਾਮੀ ਆਖਿਆ ਏਹ ਪਾਤਸ਼ਾਹ ਦੇ ਥਾਲ ਦਾ ਦਹੀਂ ਝੂਠਾ ਕਰ ਦੇਂਦੀ ਸੀ। ਮੈਂ ਕਲ ਪਾਤਸ਼ਾਹ ਅੱਗੇ ਬੇਨੰਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਸਾਡੇ ਆਖੇ ਨਈਂ ਹਟਦੀ, ਤੁਸੀਂ ਹਟਾਓ। ਤਾਂ ਹੀ ਅੱਜ ਦਹੀ ਲੈਣ ਲੱਗੀ ਪਾਤਸ਼ਾਹ ਭੈ ਦਿਤਾ ਹੈ। ਰਾਮੀ ਆਖਣ ਲੱਗੀ ਫੇਰ ਵੀ ਸੱਚੇ ਪਾਤਸ਼ਾਹ ਦੇ ਥਾਲ ਤੋਂ ਪਹਿਲਾਂ ਰੋਟੀ ਜਾਂ ਦਈ ਮੰਗੇਂਗੀ ? ਕਾਕੀ ਹੱਥ ਜੋੜਦੀ ਹੈ ਕਿ ਮੈਂ ਫੇਰ ਨਹੀਂ ਮੰਗਦੀ। ਮੈਨੂੰ ਅੱਜ ਸੱਪ ਤੋਂ ਛੁਡਾਓ। ਫੇਰ ਰਾਮੀ ਪਲੰਘ ਦੇ ਕੋਲ ਕੁੜੀ ਨੂੰ ਕੁਛੜ ਚੁਕ ਕੇ ਲੈ ਗਈ। ਕੁੜੀ ਨੇ ਬੇਨੰਤੀ ਕੀਤੀ ਤੇ ਨਾਲੇ ਬੇਬੇ ਰਾਮੀ ਨੇ ਕਿ ਸੱਚੇ ਪਾਤਸ਼ਾਹ ਮਿਹਰ ਕਰੋ। ਓਸ ਦਿਨ ਤੋਂ, ਬੁਧ ਸਿੰਘ ਦੇ ਦੋ ਕਾਕੇ ਤੇ ਇਕ ਬੀਬੀ ਸੀ, ਓਨਾਂ ਕਦੀ ਥਾਲ ਤੋਂ ਪਹਿਲਾਂ ਪਰਸ਼ਾਦ ਨਹੀਂ ਸੀ ਮੰਗਿਆ। ਸੱਚੇ ਪਾਤਸ਼ਾਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਹਰ ਵਕਤ ਸਿਖਾਂ ਦੇ ਪਾਸ ਹੁੰਦੇ ਹਨ। ਜੇ ਕੋਈ ਭੁੱਲ ਕਰਦਾ ਹੈ ਸਭ ਜਾਣਦੇ ਹਨ। ਬੇਬੇ ਰਾਮੀ ਤੇ ਬੁਧ ਸਿੰਘ ਦੀ ਐਸੀ ਜੋੜੀ ਪਾਤਸ਼ਾਹ ਬਣਾਈ ਹੈ ਅੱਠੇ ਪਹਿਰ ਦੋਵੇਂ ਜਣੇਂ ਬੈਠਦੇ ਉਠਦੇ ਪਾਤਸ਼ਾਹ ਦਾ ਨਾਮ ਜਪਦੇ ਸਨ।।
ਬੁਧ ਸਿੰਘ ਦੀ ਸੇਵਾ
ਬੁਧ ਸਿੰਘ ਆਪ ਦੇ ਪਿੰਡ ਨੂੰ ਸੇਵਾ ਵਾਸਤੇ ਪਾਤਸ਼ਾਹ ਦਾ ਘੋੜਾ ਨਾਲ ਲੈ ਜਾਂਦਾ ਸੀ। ਘੋੜੇ ਨੂੰ ਦਾਲ ਤੇ ਮੱਖਣ ਚਾਰਨਾ ਸ਼ੁਰੂ ਕਰ ਦੇਣਾ। ੩੦ ਸਾਲ ਦਾ ਘੋੜਾ ਸੀ। ਐਨੀ ਬੁਧ ਸਿੰਘ ਸੇਵਾ ਕਰਦਾ ਸੀ, ਵੇਖਣ ਨੂੰ ਵਛੇਰਾ ਲਗਦਾ ਸੀ। ਸੱਚੇ ਪਾਤਸ਼ਾਹ ਦਿਵਾਲੀ ਵਿਸਾਖੀ ਹਮੇਸ਼ਾਂ ਜਾਂਦੇ ਸੀ। ਜਿਸ ਵਕਤ ਛੰਗਾਰਿਆ ਘੋੜਾ ਸ਼ਹਿਰ ਮੰਡੀ ਵਿਚ ਜਾਂਦਾ ਸੀ, ਲੋਕਾਂ ਨੇ ਬਚਨ ਕਰਨਾ ਕਿ ਮੰਡੀ ਦਾ ਲਾੜਾ ਆ ਗਿਆ ਹੈ। ਖਲਾਰ ਖਲਾਰ ਕੇ ਘੋੜੇ ਦੇ ਦਰਸ਼ਨ ਕਰਨਾ। ਸਾਰੀ ਮੰਡੀ ਵਿਚ ਸ਼ਰਤ ਰੱਖ ਕੇ ਤੇ ਜਿਤ ਕੇ ਔਂਦਾ ਸੀ। ਲੋਕਾਂ ਆਖਣਾ ਸੌ ਘੋੜਾ ਹੋਵੇ ਤੇ ਏਸ ਘੋੜੇ ਨਾਲ ਕੋਈ ਨਹੀਂ ਚਲ ਸਕਦਾ। ਸਿਆਣਿਆਂ ਲੋਕਾਂ ਆਖਣਾ ੩੦ ਸਾਲ ਦਾ ਬੁੱਢਾ ਘੋੜਾ ਹੈ ਕੇ ਪਾਤਸ਼ਾਹ ਦੀ ਦਇਆ ਨਾਲ ਚਲ ਰਿਹਾ ਹੈ। ਬੁਧ
ਸਿੰਘ ਦੀ ਐਡੀ ਸੇਵਾ ਸੀ। ਕੋਈ ਉਪਮਾ ਨਹੀਂ ਕਰ ਸਕਦਾ। ਅੱਠੇ ਪਹਿਰ ਨਾਮ ਦੀ ਰੰਗਣ ਵਿਚ ਰੰਗੇ ਰਹਿੰਦੇ ਸੇਵਾ ਕਰਨੀ ਜੀ। ਐਡਾ ਜਵਾਨ ਸਿਖ ਸੀ ੧੮ ਉਂਗਲਾਂ ਜੋੜਾ ਪੈਰੀਂ ਔਂਦਾ ਸੀ। ਤਿੰਨ ਸਾਲ ਨੰਗੀਂ ਪੈਰੀ ਸੇਵਾ ਵਿਚ ਰਿਹਾ ਤੇ ਫੇਰ ਪਾਤਸ਼ਾਹ ਮੋਚੀ ਕੋਲੋਂ ਜੋੜਾ ਮੰਗਾ ਕੇ ਬੁਧ ਸਿੰਘ ਨੂੰ ਦਿਤਾ। ਆਖਣ ਲੱਗੇ ਬੁਧ ਸਿੰਘ ਹੁਣ ਜੋੜਾ ਪੈਰੀ ਪਾ ਲੈ। ਤੇਰਾ ਤਪ ਅਸਾਂ ਪਰਵਾਨ ਕਰ ਲਿਆ ਹੈ।।
ਆਸਾ ਸਿੰਘ ਮਜ਼੍ਹਬੀ ਸਿਖ ਦੀ ਸਾਖੀ
ਆਸਾ ਸਿੰਘ ਮਜ਼੍ਹਬੀ ਸਿਖ ਬਾਲੇ ਚੱਕ ਦਾ ਵੀ ਪਾਤਸ਼ਾਹ ਦਾ ਸਿਖ ਸੀ। ਓਸ ਗਡ ਬਣਾਈ ਹੋਈ ਸੀ ਤੇ ਸ਼ਹਿਰ ਭਾੜਾ ਵਾਹ ਕੇ ਗੁਜਾਰਾ ਕਰਦਾ ਸੀ। ਉਸ ਦੇ ਘਰੋਂ ਜੇਹੜੀ ਬੀਬੀ ਸੀ, ਬੜਾ ਪਾਤਸ਼ਾਹ ਦੇ ਚਰਨਾਂ ਦਾ ਪ੍ਰੇਮ ਕਰਦੀ ਸੀ। ਜਿਸ ਵਕਤ ਪਾਤਸ਼ਾਹ ਨੂੰ ਗੱਡ ਦੀ ਜਰੂਰਤ ਪਵੇ ਓਸੇ ਵਕਤ ਆਸਾ ਸਿੰਘ ਘਵਿੰਡ ਗੱਡ ਲੈ ਕੇ ਹਾਜਰ ਹੋ ਜਾਂਦਾ ਸੀ। ਆਸਾ ਸਿੰਘ ਦਾ ਪਿਛਲਾ ਜਰਮ ਬਾਲਮੀਕ ਦਾ ਸੀ, ਸ੍ਰੀ ਰਾਮ ਚੰਦਰ ਦੇ ਵਕਤ ਦਾ। ਜੇਹੜੀ ਉਸ ਦੀ ਜਨਾਨੀ ਸੀ, ਉਸਦਾ ਪਿਛਲਾ ਜਰਮ ਭੀਲਣੀ ਦਾ ਸੀ। ਹੁਣ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ, ਜੁਗਾਂ ਦੇ ਵਿਛੜਿਆਂ ਸਿਖਾਂ ਨੂੰ ਆਪ ਦੀ ਸਰਨ ਆਂਦਾ ਹੈ। ਸਿਖਾਂ ਦੀ ਸੇਵਾ ਦੀ ਮੈਥੋਂ ਗਿਣਤੀ ਨਹੀਂ ਹੁੰਦੀ। ਧੰਨ ਸੱਚੇ ਪਾਤਸ਼ਾਹ ਤੇ ਧੰਨ ਉਸ ਦੇ ਸਿਖ ਹਨ ਜੀ।।
ਮਾਣਾ ਸਿੰਘ ਦੀ ਧੀ ਨਿਹਾਲੋ ਦੀ ਸਾਖੀ
ਇਕ ਸਮੇਂ ਦੀ ਗਲ ਹੈ ਕਿ ਪਾਤਸ਼ਾਹਾਂ ਦੇ ਮਕਾਨ ਲਈ ਸਿਖ ਸ਼ਹਿਰੋਂ ਜਾ ਕੇ ਸ਼ਤੀਰੀਆਂ ਗੱਡਾਂ ਤੇ ਲੱਦ ਨਹਿਰੋ ਨਹਿਰ ਰਾਤ ਭੁਚਰ ਆ ਰਹੇ ਹਨ। ਮਾਣਾ ਸਿੰਘ ਸਿਖ ਨੂੰ ਵੇਖ ਬੜੀ ਖ਼ੁਸ਼ੀ ਹੋਈ। ਜਿਸ ਵਕਤ ਸਵੇਰੇ ਉਠ ਕੇ ਸਿਖ ਤਿਆਰ ਹੋਏ ਹਨ, ਮਾਣਾ ਸਿੰਘ ਦੀ ਧੀ ਨਿਹਾਲੋ ਕੁਛੜ ਕਾਕੀ ਸੀ। ਆਪਣੇ ਪਿਤਾ ਨਾਲ ਸਲਾਹ ਕਰਦੀ ਹੈ ਕਿ ਪਾਤਸ਼ਾਹ ਦੀਆਂ ਗੱਡਾਂ ਤੇ ਮੈਂ ਵੀ ਭਾਈਏ ਆਸਾ ਸਿੰਘ ਤੇ ਬੁਧ ਸਿੰਘ ਨਾਲ ਘਵਿੰਡ ਚਲੀ ਜਾਂਦੀ ਹਾਂ। ਜਿਦਣ ਗੱਡਾਂ ਔਣਗੀਆਂ, ਮੈਂ ਵੀ ਆ ਜਾਵਾਂਗੀ। ਨਿਹਾਲੋ ਫੇਰ ਸ਼ਤੀਰੀਆਂ ਉਤੇ ਗੱਡੇ ਤੇ ਬੈਠ ਗਈ ਹੈ। ਨੈਹਰੋ ਨੈਹਰ ਗੱਡਾਂ ਤੁਰੀਆਂ ਔਂਦੀਆਂ ਹਨ। ਕਲਸੀਆਂ ਤੇ ਘਵਿੰਡ ਦੀ ਬਰੋਬਰ ਤੇ ਰਸਤੇ ਵਿਚ ਟੋਆ ਸੀ। ਆਸਾ ਸਿੰਘ ਵੇਖਿਆ ਨਾ। ਗਡ ਟੋਏ ਵਿਚ ਡਿਗ ਕੇ ਪਾਸ ਪੈ ਗਈ ਹੈ। ਨੈਹਰ ਵਾਲੇ ਪਾਸੇ ਡਿਗ ਕੇ ਬੀਬੀ ਨਿਹਾਲੋ ਸ਼ਤੀਰੀਆਂ ਥੱਲੇ ਆ ਗਈ ਹੈ। ਜੇਹੜੀ ਕਾਕੀ ਕੁਛੜ ਸੀ ਓਹ ਨੈਹਰ ਦੀ ਪਟਰੀ ਤੇ ਡਿਗ ਕੇ ਗਿਠ ਪਾਣੀ ਵਿਚ ਜਾ ਪਈ ਹੈ। ਛੇਤੀ ਛੇਤੀ ਬੁਧ ਸਿੰਘ ਤੇ ਆਸਾ ਸਿੰਘ ਸ਼ਤੀਰੀਆਂ ਉਤੋਂ ਲਾਹੀਆਂ ਹਨ। ਬੀਬੀ ਨਿਹਾਲੋ ਦੀ ਲੱਤ ਟੁਟ ਗਈ ਹੈ। ਭੌਂ ਕੇ ਪੈਰ ਗੋਡੇ ਨੂੰ ਆਣ ਲਗਾ। ਬੀਬੀ ਦਾ ਉਤਲਾ ਲੀੜਾ ਲੈ ਕੇ ਬੁਧ ਸਿੰਘ ਨੇ ਲਤ ਸਿੱਧੀ ਕਰ ਕੇ ਬੰਨ ਦਿਤੀ। ਫੇਰ ਛੋਟੀ ਕਾਕੀ ਨੂੰ ਲੱਭਦੇ ਹਨ ਤੇ ਹਨੇਰੇ ਵਿਚ ਲੱਭਦੀ ਨਹੀਂ। ਦਿਲ ਵਿਚ ਆਂਦੇ ਹਨ ਕਿ ਕੁੜੀ ਡੁੱਬ ਨਾ ਗਈ ਹੋਵੇ। ਫੇਰ ਪਾਣੀ ਵਿਚ ਹੱਥ ਮਾਰਦੇ ਫਿਰਦੇ ਹਨ। ਕਾਕੀ ਪਾਣੀ ਵਿਚ ਸਾਰੀ ਪਈ ਹੈ ਤੇ ਸਿਰ ਸੁਕੇ ਥਾਂ ਪਿਆ ਹੈ। ਰਮਾਨ ਨਾਲ ਸੁੱਤੀ ਪਈ ਹੈ। ਨਾ ਰੋਈ ਤੇ ਨਾ ਸੱਚੇ ਪਾਤਸ਼ਾਹ ਸੱਟ ਲੱਗਣ ਦਿਤੀ ਹੈ। ਆਸਾ ਸਿੰਘ ਪਿੰਡ ਆਇਆ ਹੈ ਤੇ ਆਣ ਕੇ ਹਵੇਲੀ ਵਿਚ ਰਾਤ ਸੱਚੇ ਪਾਤਸ਼ਾਹ ਵਾਜਾਂ ਮਾਰੀਆਂ ਹਨ। ਤੇਜਾ ਸਿੰਘ ਅਗੋਂ ਵਾਜ ਦਿਤੀ ਕਿ ਖਣੀ ਗੱਡੇ ਆ ਗਏ ਹਨ। ਆਸਾ ਸਿੰਘ ਸਾਰਾ ਹਾਲ ਦੱਸਿਆ। ਫੇਰ ਤੇਜਾ ਸਿੰਘ ਤੇ ਆਸਾ ਸਿੰਘ ਹਵੇਲੀ ਵਿਚੋਂ ਘਰ ਸੱਚੇ ਪਾਤਸ਼ਾਹ ਕੋਲ ਗਏ ਹਨ। ਜਾ ਕੇ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਐਸ ਤਰਾਂ ਬੀਬੀ ਨਿਹਾਲੋ ਗੱਡਾਂ ਤੇ ਤੁਹਾਡੇ ਦਰਸ਼ਨਾਂ ਨੂੰ ਆਈ ਸੀ ਰਸਤੇ ਵਿਚ ਗੱਡਾ ਪਾਸ ਪੈ ਗਿਆ ਤੇ ਬੀਬੀ ਦੀ ਲੱਤ ਟੁੱਟ ਗਈ ਹੈ। ਸੱਚੇ ਪਾਤਸ਼ਾਹ ਆਖਣ ਲੱਗੇ, ਨਿਹਾਲੋ ਨੂੰ ਗੱਡੇ ਉਤੇ ਪਾ ਕੇ ਤੇ ਪਿਛਾਂਹ ਭੁਚਰ ਛੱਡ ਆਓ, ਬਾਬਾ ਮਾਣਾ ਸਿੰਘ
ਜਾਣਦਾ ਹੈ ਤੇ ਆਪੇ ਲੱਤ ਬੰਨ ਦੇਉ, ਰਮਾਨ ਆ ਜਾੳ। ਨਿਹਾਲੋ ਨੂੰ ਭੁਚਰ ਛੱਡ ਆਏ। ਮਾਣਾ ਸਿੰਘ ਸਤਿ ਬਚਨ ਮੰਨ ਕੇ ਲੱਤ ਬੰਨ ਦਿਤੀ ਤੇ ਕੋਈ ਇਕੀ ੨੦ ਦਿਨਾਂ ਵਿਚ ਲੱਤ ਜਿਉਂ ਕੀ ਤਿਉਂ ਬਣ ਗਈ। ਸੱਚੇ ਪਾਤਸ਼ਾਹ ਸਾਡੇ ਪਿਛਲੇ ਜਨਮਾਂ ਦੀਆਂ ਭੁੱਲਾਂ ਨੂੰ ਸੂਲੀ ਤੋਂ ਸੂਲ ਕਰ ਕੇ ਭੁਗਤਾ ਦੇਂਦੇ ਹਨ। ਫੇਰ ਗੱਡੇ ਤੇ ਸ਼ਤੀਰੀਆਂ ਘਵਿੰਡ ਲੈ ਗਏ ਹਨ। ਸੱਚੇ ਪਾਤਸ਼ਾਹ ਐਡੇ ਦਿਆਲੂ ਸਨ। ਕਸ਼ਟ ਵੀ ਭੁਗਤਾ ਦੇਂਦੇ ਸਨ ਤੇ ਤਕਲੀਫ ਵੀ ਨਹੀਂ ਸੀ ਹੋਣ ਦੇਂਦੇ ਤੇ ਜਾਨ ਬਚ ਗਈ।।
ਬਾਬੇ ਰੰਗਾ ਸਿੰਘ ਦੀ ਸਾਖੀ
ਸੱਚੇ ਪਾਤਸ਼ਾਹ ਦਾ ਬਾਬਾ ਰੰਗਾ ਸਿੰਘ ਖਜਾਨਚੀ ਸੀ। ਸਾਰੀ ਸਿਖੀ ਵਿਚ ਸੇਵਾ ਲੈਣ ਓਹੋ ਜਾਂਦਾ ਸੀ। ਜੇ ਪਾਤਸ਼ਾਹ ਸਿਖਾਂ ਦੇ ਜਾਣ ਤੇ ਤਾਂ ਵੀ ਬਾਬਾ ਰੰਗਾ ਸਿੰਘ ਨਾਲ ਹੁੰਦਾ ਸੀ। ਦਿਲੀ ਵਿਚ ਵੀ ਸੱਚੇ ਪਾਤਸ਼ਾਹ ਛੇ ਕੁ ਮਹੀਨੇ ਬਾਅਦ ਘਲ ਦੇਂਦੇ ਸਨ ਜੀ। ਐਡਾ ਪਾਤਸ਼ਾਹ ਦਾ ਭੈ ਰਖਦਾ ਸੀ ਸੇਵਾ ਵਿਚੋਂ ਇਕ ਪੈਸਾ ਵੀ ਨਹੀਂ ਵਰਤਦਾ। ਪਾਤਸ਼ਾਹ ਵੀ ਆਖਣਾ ਚਾਚਾ ਤੂੰ ਤੁਰ ਕੇ ਨਾ ਕਿਤੇ ਜਾਇਆ ਕਰ। ਕਰਾਇਆ ਸੇਵਾ ਵਿਚੋਂ ਲਾ ਆਇਆ ਕਰ, ਤੇ ਹੋਰ ਵੀ ਜੋ ਤੇਰਾ ਦਿਲ ਕਰੇ ਮਾਇਆ ਵਰਤ ਲਿਆ ਕਰ। ਪਰ ਫੇਰ ਵੀ ਓਸ ਨੇ ਪੈਸਾ ਨਹੀਂ ਵਰਤਣਾ। ਜੇ ਕਿਸੇ ਸਿਖ ਨੇ ਕਰਾਏ ਵਾਸਤੇ ਪੈਸੇ ਦੇਣੇ ਓਹ ਵੀ ਓਸ ਨੇ ਪਾਤਸ਼ਾਹ ਨੂੰ ਲਿਆ ਦੇਣੇ। ਐਸਾ ਬੇ-ਵਾਸਨਾ ਹੋਇਆ ਕਿ ਸੱਚੇ ਪਾਤਸ਼ਾਹ ਤੋਂ ਬਿਨਾਂ ਕਿਸੇ ਚੀਜ ਨਾਲ ਪ੍ਰੇਮ ਨਹੀਂ ਸੀ ਕਰਦਾ। ਬਿਰਧ ਸਰੀਰ ਸੀ ਤੇ ਤਾਂਹ ਵੀ ਹੱਥਾਂ ਦੀ ਸੇਵਾ ਬੜੀ ਕਰਦਾ ਸੀ। ਬਾਗ ਦੇ ਬੂਟਿਆਂ ਦੀ ਬੜੀ ਸੇਵਾ ਕਰਦਾ ਸੀ। ਲੰਗਰ ਵਾਸਤੇ ਸਬਜੀ ਬੀਜਣੀ ਤੇ ਉਸ ਦੀ ਸੇਵਾ ਕਰਨੀ। ਸਿਖਾਂ ਆਖਣਾ ਬਾਬਾ ਜੀ ਤੁਸੀਂ ਬਿਰਧ ਜੇ, ਤੁਸੀਂ ਬੈਹ ਜੋ, ਅਸੀਂ ਜੁ ਕੰਮ ਕਰਦੇ ਹਾਂ। ਓਸ ਆਖਣਾ ਮੈਂ ਵੀ ਤੁਹਾਡੇ ਵਰਗਾ ਸੇਵਕ ਹਾਂ, ਏਸ ਘਰ ਦੀ ਜਿੰਨੀ ਸੇਵਾ ਕਰੀਏ ਥੋੜੀ ਹੈ। ਬੜਿਆ ਭਾਗਾਂ ਵਾਲਾ ਸਰੀਰ ਸੀ।।
ਸਿਆਲ ਦਾ ਮਹੀਨਾ ਸੀ ਤੇ ਬਾਬਾ ਰੰਗਾ ਸਿੰਘ ਪਾਤਸ਼ਾਹ ਨੂੰ ਆਖਣ ਲੱਗਾ, ਪਾਤਸ਼ਾਹ ਮੇਰਾ ਬਿਰਧ ਸਰੀਰ ਹੈ, ਕੋਈ ਛਕਣ ਵਾਸਤੇ ਭਾਂਡਾ (ਚੰਗਾ ਖਾਣਾ) ਬਣਾਈਏ। ਸੱਚੇ ਪਾਤਸ਼ਾਹ ਆਖਿਆ, ਬਾਬਾ ਲੰਗਰ ਵਿਚ ਕੋਈ ਤੋਟ ਨਹੀਂ, ਸਾਰੇ ਇਕੋ ਜਿਹਾ ਪਰਸ਼ਾਦ ਛਕਦੇ ਹਨ। ਅਸੀਂ ਵੀ ਤੁਹਾਡੇ ਨਾਲ ਦਾ ਹੀ ਪਰਸ਼ਾਦ ਛਕਦੇ ਹਾਂ। ਬਾਬੇ ਆਖਿਆ, ਸੱਚੇ ਪਾਤਸ਼ਾਹ ਤੁਸੀਂ ਗਭਰੂ ਜੇ ਤੇ ਅਸੀਂ ਬਿਰਧ ਸਰੀਰ ਹਾਂ, ਛਕ ਲਵਾਂਗੇ ਤੇ ਤੁਰੇ ਫਿਰਾਂਗੇ। ਫੇਰ ਸੱਚੇ ਪਾਤਸ਼ਾਹ ਮਾਤਾ ਨੈਣੋ ਤੇ ਬੰਤੀ ਨੂੰ ਆਖਿਆ ਕਿ ਜਿਸ ਤਰ੍ਹਾਂ ਚਾਚਾ ਆਂਦਾ ਹੈ, ਏਸ ਨੂੰ ਖੰਡ, ਘਿਓ, ਬਾਦਾਮ ਪਿਸਤਾ ਪਾ ਕੇ ਇਕ ਚਾਟੀ ਬਣਾ ਦਿਓ। ਬਾਬੇ ਆਖਿਆ ਪਾਤਸ਼ਾਹ ਖ਼ਸਖ਼ਸ ਤੇ ਗਿਰੀ ਦਾ ਖੋਪਾ ਵੀ ਪਾ ਦਿਓ। ਜਿਸ ਤਰ੍ਹਾਂ ਬਾਬੇ ਆਖਿਆ ਓਸੇ ਤਰ੍ਹਾਂ ਪਾਤਸ਼ਾਹ ਤੇ ਮਾਤਾ ਹੋਰਾਂ ਉਸ ਨੂੰ ਬਣਾ ਦਿਤਾ। ਮਾਤਾ ਹੋਰਾਂ ਬਣਾ ਕੇ ਚਾਟੀ ਭਾਂਡੇ ਦੀ ਤਿਆਰ ਕਰ ਛਡੀ। ਸੱਚੇ ਪਾਤਸ਼ਾਹ ਰਾਤ ਨੂੰ ਸੰਗਤਾਂ ਸਮੇਤ ਆਏ ਹਨ। ਮਾਤਾ ਹੋਰਾਂ ਪਾਤਸ਼ਾਹ ਅੱਗੇ ਚਾਟੀ ਰੱਖ ਦਿਤੀ। ਸੱਚੇ ਪਾਤਸ਼ਾਹ ਸਾਰੀ ਸੰਗਤ ਨੂੰ ਵਰਤਾਇਆ। ਜੋ ਬਚਿਆ ਸਾਰਾ ਪਦਾਰਥ ਸੀ ਜੇਹੜਾ ਓਹ ਪਾਤਸ਼ਾਹ ਬਾਬੇ ਰੰਗਾ ਸਿੰਘ ਨੂੰ ਫੜਾ ਦਿਤਾ। ਅਗਲੇ ਦਿਨ ਬਾਬੇ ਆਪ ਕੱਲੇ ਨੇ ਕੱਢ ਕੇ ਛਕਿਆ ਹੈ। ਰਾਤ ਜਦੋਂ ਪਾਤਸ਼ਾਹ ਦਾ ਧਿਆਨ ਕਰ ਕੇ ਬੈਠਾ ਤੇ ਸੱਚੇ ਪਾਤਸ਼ਾਹ ਖੋਟੀ ਚੀਜ ਗੋਹਾ ਚਾਟੀ ਵਿਚ ਤੇ ਹੱਥ ਵਿਚ ਵਖਾਇਆ ਹੈ। ਸਵੇਰੇ ਉਠ ਕੇ ਪਾਤਸ਼ਾਹ ਅੱਗੇ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਨਹੀਂ ਛਕਣਾ। ਪਾਤਸ਼ਾਹ ਆਖਣ ਲੱਗੇ ਬਾਬਾ ਕੀ ਗਲ ਹੈ। ਓਸ ਨੇ ਆਖਿਆ ਜੀ ਤੁਸੀਂ ਛਕਣ ਨਹੀਂ ਦੇਂਦੇ। ਪਾਤਸ਼ਾਹ ਆਖਿਆ ਬਾਬਾ ਅਸੀਂ ਤੈਨੂੰ ਕੀ ਆਂਦੇ ਹਾਂ, ਆਖਣ ਲੱਗਾ ਜੀ ਮੈਨੂੰ ਤੁਸਾਂ ਰਾਤ ਚਾਟੀ ਵਿਚ ਤੇ ਹੱਥ ਵਿਚ ਛਕਦੇ ਨੂੰ ਗੋਹਾ ਵਖਾਇਆ ਹੈ। ਇਸ ਕਰ ਕੇ ਮੈਂ ਨਹੀਂ ਟੱਬਰ ਨਾਲੋਂ ਵਖਰੀ ਚੀਜ ਖਾਣੀ। ਸਚੇ ਪਾਤਸ਼ਾਹ ਨੂੰ ਬਾਬੇ
ਚਾਟੀ ਓਸੇ ਤਰ੍ਹਾਂ ਮੋੜ ਦਿਤੀ। ਓਹਨਾਂ ਨੇ ਸਾਰੀ ਸੰਗਤ ਨੂੰ ਵਰਤਾ ਦਿਤਾ ਏ। ਬਚਨ ਸੁਣ ਕੇ ਸਾਰੀ ਸੰਗਤ ਬੜੀ ਹੱਸਦੀ ਹੈ। ਸਾਰੇ ਰੰਗ ਵੇਖ ਬਾਬਾ ਰੰਗਾ ਸਿੰਘ ਦੀ ਦੇਹ ਛੁੱਟੀ। ਸੱਚੇ ਪਾਤਸ਼ਾਹ ਦੀ ਓਹਨਾਂ ਤੇ ਬਹੁਤ ਮਿਹਰ ਸੀ।।
ਪਾਤਸ਼ਾਹ ਜੀ ਦੇ ਛੋਟੇ ਭਾਈ ਹਰਨਾਮ ਸਿੰਘ ਦੀ ਸਾਖ
ਪਾਤਸ਼ਾਹ ਜੀ ਦੇ ਛੋਟੇ ਭਾਈ ਹਰਨਾਮ ਸਿੰਘ ਦੀ ਸਾਖੀ
ਸੱਚੇ ਪਾਤਸ਼ਾਹ ਐਨੇ ਸ਼ਾਂਤ ਸੁਭਾ ਦੇ ਸਨ ਕਿ ਸਿਖਾਂ ਕੋਲੋਂ ਕੋਈ ਵਧ ਘਟ ਬਚਨ ਵੀ ਹੋ ਜਾਵੇ ਤੇ ਦਿਲ ਨਹੀਂ ਸੀ ਲਿਔਂਦੇ। ਪਾਤਸ਼ਾਹ ਦਾ ਮੁਖਵਾਕ ਹੈ ਕਿ ਅਸੀਂ ਏਸ ਕਰ ਕੇ ਗੁੱਸੇ ਵਿਚ ਨਹੀਂ ਔਂਦੇ, ਕਿ ਸਾਡਾ ਜੇਹੜਾ ਬਚਨ ਛੁਟ ਗਿਆ, ਮੁੜ ਕੇ ਮੁੜਨਾ ਨਹੀਂ। ਹੋਰ ਜੋ ਪੀਰ ਪੈਗ਼ੰਬਰ ਔਲੀਏ ਹਨ ਓਹਨਾਂ ਦਾ ਸਰਾਫ ਦਿਤਾ ਅਸੀਂ ਮੋੜ ਸਕਦੇ ਹਾਂ, ਤੇ ਸਾਡਾ ਤੀਰ ਛੁੱਟਾ ਨਹੀਂ ਮੁੜਨਾ। ਅਸੀਂ ਤੀਨ ਲੋਕ ਨੂੰ ਵੇਖ ਸਕਦੇ ਹਾਂ ਪਰ ਸਾਡੀ ਮਹਿੰਮਾ ਨੂੰ ਕੋਈ ਨਹੀਂ ਵੇਖ ਸਕਦਾ। ਪਾਤਸ਼ਾਹ ਆਪ ਦੇ ਛੋਟੇ ਭਰਾ ਹਰਨਾਮ ਸਿੰਘ ਨੂੰ ਬੜੀ ਮੁਹੱਬਤ ਨਾਲ ਪਾਲਿਆ ਸੀ। ਬੜਾ ਜਵਾਨ ਭਲਵਾਨ ਕੀਤਾ ਜੀ। ਬਾਹਰ ਛਿੰਜਾਂ ਵਿਚ ਘੁਲਦਾ ਸੀ। ਪਾਤਸ਼ਾਹ ਐਡੀ ਮੁਹੱਬਤ ਨਾਲ ਪਾਲਿਆ ਸੀ ਬਾਹਰ ਕਾਰ ਵਿਹਾਰ ਨੂੰ ਕਿਤੇ ਹੱਥ ਨਹੀਂ ਸੀ ਲੌਂਣ ਦੇਂਦੇ। ਵਿਆਹ ਕੇ ਧੀਆਂ ਪੁੱਤਾਂ ਵਾਲਾ ਕੀਤਾ ਹੈ, ਫੁੱਲਾਂ ਵਾਂਗਰ ਅੱਠੇ ਪਹਿਰ ਰੱਖਦੇ ਸਨ। ਜੇਕਰ ਲੰਗਰ ਵਿਚ ਜਾਂ ਹੋਰ ਕਿਸੇ ਗੱਲੇ ਓਹਨਾਂ ਦੀ ਭੁੱਲ ਵੀ ਹੋਵੇ ਤਾਂ ਵੀ ਪਾਤਸ਼ਾਹ ਓਹਨਾਂ ਨੂੰ ਨਰਾਜ ਨਹੀਂ ਸੀ ਹੁੰਦੇ ਤੇ ਮਨੌਂਦੇ ਰਹਿੰਦੇ ਸਨ। ਹਰਨਾਮ ਸਿੰਘ ਪਾਤਸ਼ਾਹ ਨੂੰ ਅਵਤਾਰ ਕਰ ਕੇ ਘਟ ਮੰਨਿਆਂ, ਭਰਾਵਾਂ ਵਾਗਰ ਜਾਣਦਾ ਸੀ। ਬਾਬੇ ਰੰਗਾ ਸਿੰਘ ਨੂੰ ਪਾਤਸ਼ਾਹ ਸੁਰਤ ਦਿਤੀ ਹੋਈ ਸੀ। ਓਸ ਨੇ ਕੱਲੇ ਬੈਹ ਕੇ ਹਰਨਾਮ ਸਿੰਘ ਨੂੰ ਸਮਝੌਣਾ, ਕਿ ਸੱਚੇ ਪਾਤਸ਼ਾਹ ਕਾਲੇ ਨਾਗ ਹਨ। ਕਿਸੇ ਦੇ ਸਕੇ ਨਹੀਂ ਗੇ। ਤੂੰ ਹੱਥਾਂ ਨਾਲ ਸੇਵਾ ਜਰੂਰ ਕਰਿਆ ਕਰ। ਵੇਖ ਕਿਡੀ ਦੂਰੋਂ ਸਿਖ ਆਣ ਕੇ ਸੇਵਾ ਕਰਦੇ ਹਨ। ਕੀ ਓਹ ਕਮਲੇ ਹਨ ? ਮੈਂ ਵੀ ਵੇਖ ਲੈ ਬਿਰਧ ਸਰੀਰ ਹੈ ਤੇ ਮੈਂ ਆਂਦਾ ਹਾਂ ਸੱਚੇ ਪਾਤਸ਼ਾਹ ਤੁਸੀਂ ਸਾਡੇ ਮਾਪੇ ਜੇ। ਜੇਹੜੀ ਬਾਬੇ ਰੰਗਾ ਸਿੰਘ ਦੀ ਸਮਝੌਣੀ ਸੀ ਓਸ ਨੇ ਦਿਲ ਤੇ ਨਾ ਲਿਔਣੀ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜਾਦੇ ਭਗਵਾਨ ਸਿੰਘ ਗਭਰੂ ਹੋ ਗਏ ਤੇ ਓਹ ਵੀ ਪਾਤਸ਼ਾਹ ਘੁਲਣ ਲਾ ਦਿਤੇ ਹਨ ਜੀ। ਹਰਨਾਮ ਸਿੰਘ ਫੇਰ ਓਹਨਾਂ ਦੇ ਨਾਲ ਜੋਰ ਕਰਨ ਲੱਗ ਪਿਆ। ਪਾਤਸ਼ਾਹ ਫੇਰ ਦੋਵਾਂ ਨੂੰ ਇਕੋ ਜੇਹੀ ਖੁਰਾਕ ਸ਼ੁਰੂ ਕਰ ਦਿਤੀ। ਬਦਾਮ ਤੇ ਘਿਓ ਦੇ ਪੀਪੇ ਤੇ ਹੋਰ ਫਲ ਫਰੂਟ। ਬੜੇ ਸੁੰਦਰ ਜਵਾਨ ਓਹ ਵੀ ਪਲ ਕੇ ਹੋ ਗਏ ਹਨ। ਦੂਜੇ ਸਾਹਿਬਜਾਦੇ ਵੀ ਸਾਰੇ ਜਵਾਨ ਹੋ ਗਏ। ਚਾਰੇ ਸਾਹਿਬਜਾਦੇ ਤੇ ਪੰਜਵਾਂ ਹਰਨਾਮ ਸਿੰਘ ਛੀਵੇਂ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇ ਨਾਲ ਸਿਖ ਵੀ ਹਰ ਵਕਤ ੧੦ ਜਣੇ ਜਰੂਰ ਰਹਿੰਦੇ ਸੀ। ਫੇਰ ਸਾਰੇ ਜਣੇ ਜਦੋਂ ਕਿਤੇ ਮੇਲੇ ਵਿਚ ਜਾਂਦੇ ਸੱਚੇ ਪਾਤਸ਼ਾਹ ਬੜੀ ਸੋਭਾ ਪਾਉਂਦੇ ਸਨ ਜੀ। ਸੱਚੇ ਪਾਤਸ਼ਾਹ ਧਾਰਨ ਰੱਖੀ ਸੀ ਕਿ ਅੱਠੇ ਪਹਿਰ ਪਰਸ਼ਾਦ ਵਰਤੌਂਦੇ ਸਨ। ਜੋ ਕੋਈ ਕੋਲ ਗਰੀਬ ਗੁਰਬਾ ਹੁੰਦਾ ਸੀ ਕਿਸੇ ਨੂੰ ਭੁੱਖਾ ਨਹੀਂ ਸੀ ਰੈਹਣ ਦੇਂਦੇ। ਪਾਤਸ਼ਾਹ ਦੀ ਮਹਿੰਮਾ ਵੇਖ ਕੇ ਹਰਨਾਮ ਸਿੰਘ ਆਪਣੇ ਸੁਭਾ ਨੂੰ ਨਰਮ ਨਹੀਂ ਸੀ ਕੀਤਾ। ਸੱਚੇ ਪਾਤਸ਼ਾਹ ਬੜੀ ਦਇਆ ਕਰਦੇ ਸਨ। ਅੱਠੇ ਪਹਿਰ ਆਪਣੇ ਕੋਲ ਵਾਜਾਂ ਮਾਰ ਮਾਰ ਕੇ ਆਖਣਾ ਕਿ ਹਰਨਾਮ ਸਿੰਘ ਸਾਡੇ ਕੋਲ ਬੈਹ ਕੇ ਜੇਹੜੀ ਚੀਜ ਨੂੰ ਦਿਲ ਕਰਦਾ ਛਕੀ ਜਾਇਆ ਕਰ। ਪਿਛਲਿਆਂ ਜਾਮਿਆਂ ਦੇ ਵਰ ਦਿਤੇ ਹੋਏ ਸੱਚੇ ਪਾਤਸ਼ਾਹ ਭੁਗਤਾਈ ਜਾਂਦੇ ਹਨ ਤੇ ਪਿਛਲੀਆਂ ਮੰਗਾਂ ਮੰਗੀਆਂ ਹੋਈਆਂ ਦੀਨ ਦਿਆਲ ਆਪ ਹੀ ਵਰਤਾਈ ਜਾਂਦੇ ਹਨ।।
ਪਾਤਸ਼ਾਹ ਸ਼ਬਦ ਰੂਪ ਹੋਣ ਤੋਂ ੩ ਮਹੀਨੇ ਅਗਦੀ ਹਰਨਾਮ ਸਿੰਘ ਅੱਡ ਕਰ ਦਿਤਾ। ਆਪ ਥਾਂ ਮੁਲ ਲੈ ਕੇ ਮਕਾਨ ਬਣਾ ਲਏ। ਉਸ ਨੂੰ ਉਸੇ ਘਰ ਵਿਚ ਰਹਿਣ ਦਿਤਾ। ਅੱਡ ਕਰਨ ਲੱਗਿਆਂ
ਵੀ ਸੱਚੇ ਪਾਤਸ਼ਾਹ ਏਹੋ ਬਚਨ ਆਂਦੇ ਰਹੇ ਹਨ, ਕਿ ਸਭ ਕੁਛ ਹਰਨਾਮ ਸਿੰਘ ਤੇਰਾ ਹੈ ਜਿਹੜੀ ਚੀਜ ਤੇਰਾ ਦਿਲ ਕਰਦਾ ਲੈ ਲਾ, ਸਾਡੇ ਹੁੰਦਿਆਂ ਤੈਨੂੰ ਕਿਸੇ ਦਾ ਡਰ ਨਹੀਂ ਗਾ। ਸਾਰੀ ਉਮਰ ਕੱਠੇ ਰਹੇ ਹਨ ਜੀ। ਏਹ ਵੀ ਪਾਤਸ਼ਾਹ ਜਾਣਦੇ ਸਨ ਤਾਂ ਹੀ ਭਰਾ ਨੂੰ ਅੱਡ ਕੀਤਾ ਕਿ ਅਸੀਂ ਹੁਣ ਚੋਲਾ ਛੱਡ ਦੇਣਾ ਹੈ ਤੇ ਆਪਣੀ ਹੱਥੀਂ ਵਿਹਾਰ ਕਰ ਦੇਈਏ ਜੀ। ਜੇਹੜੀ ਪੈਲੀ ਜ਼ਿਮੀਦਾਰਾਂ ਛੁਡਾ ਲਈ ਸੀ ਉਸ ਦਾ ਨਾਮ ਸੁਫਨੇ ਕਿਆਂ ਦੀ ਪੱਤੀ ਸੀ। ਤੇ ਜੇਹੜੀ ਹਵੇਲੀ ਪਾਤਸ਼ਾਹ ਮੁਲ ਲਈ ਹੈ, ਉਸ ਦੇ ਲਾਗੇ ਹੀ ਦੁਆਬੀਆਂ ਦੀ ਪੱਤੀ ਸੀ। ਜੇਹੜੀ ਜਗਾ ਪਾਤਸ਼ਾਹ ਕੋਲੋਂ ਜ਼ਿਮੀਦਾਰਾਂ ਛੁਡਾ ਲਈ ਸੀ, ਉਸ ਜਗਾ ਤੇ ਕੁੱਤੇ ਮੂਤਦੇ ਹਨ। ਫਿਰ ਸੱਚੇ ਪਾਤਸ਼ਾਹ ਆਪਣੇ ਜਰਮ ਵਾਲਾ ਪਲੰਘ ਲੈਣ ਲਈ ਸਾਰੀ ਸੰਗਤ ਲੈ ਕੇ ਗਏ ਹਨ ਜੀ। ਲੋਕਾਂ ਸਾਰਿਆਂ ਜਾ ਕੇ ਹਰਨਾਮ ਸਿੰਘ ਨੂੰ ਆਖਿਆ ਕਿ ਤੂੰ ਬੜਾ ਮਾੜਾ ਕੀਤਾ ਹੈ। ਤੂੰ ਆਪ ਹਵੇਲੀ ਚਲੇ ਜਾਣਾ ਸੀ, ਓਹਨਾਂ ਨੂੰ ਨਹੀਂ ਸੀ ਘੱਲਣਾ। ਹੁਣ ਪਾਤਸ਼ਾਹ ਸਾਰੀ ਸੰਗਤ ਨਾਲ ਲੈ ਕੇ ਸ਼ਬਦ ਪੜ੍ਹਦੇ ਤੁਰੇ ਔਂਦੇ ਹਨ। ਜੇ ਓਹਨਾਂ ਏਹ ਪਲੰਘ ਚੁਕਿਆ ਤੇ ਬੜੀ ਮਾੜੀ ਗਲ ਹੈ। ਜਦੋਂ ਦਾ ਪਾਤਸ਼ਾਹ ਅਵਤਾਰ ਧਾਰਿਆਂ ਹੈ, ਓਦੋਂ ਦਾ ਏਹ ਪਲੰਘ ਡੱਠਾ ਹੈ। ਹਰਨਾਮ ਸਿੰਘ ਤੂੰ ਬੇਨੰਤੀ ਕਰ ਕੇ ਪਲੰਘ ਨਾ ਜਾਣ ਦੇਈਂ। ਫਿਰ ਸੱਚੇ ਪਾਤਸ਼ਾਹ ਹਰਨਾਮ ਸਿੰਘ ਦੇ ਘਰ ਜਾ ਪਹੁੰਚੇ ਹਨ। ਬੜੀ ਰੌਣਕ ਹੈ। ਸੰਗਤਾਂ ਸ਼ਬਦ ਪੜ੍ਹ ਰਹੀਆਂ ਹਨ। ਸੱਚੇ ਪਾਤਸ਼ਾਹ ਮਾਇਲ ਹੋ ਕੇ ਪਲੰਘ ਦੇ ਉਤੇ ਛਾਲ ਮਾਰ ਕੇ ਬੈਠ ਗਏ। ਹਰਨਾਮ ਸਿੰਘ ਤੇ ਬੇਬੇ ਮੰਗੋ ਦੋਵੇਂ ਜੀ ਗਲ ਵਿਚ ਪੱਲਾ ਪਾ ਕੇ ਬੇਨੰਤੀ ਕਰਨ ਲਗ ਪਏ ਕਿ ਸੱਚੇ ਪਾਤਸ਼ਾਹ ਇਹ ਪਲੰਘ ਸਾਨੂੰ ਸੇਵਾ ਵਾਸਤੇ ਰਹਿਣ ਦਿਓ। ਮੋਹਣ ਸਿੰਘ ਕਲਸੀਆਂ ਦਾ ਸਿਖ ਚੇਤ ਸਿੰਘ ਦਾ ਛੋਟਾ ਭਰਾ ਮਸਤਾਨਾ ਹੋ ਗਿਆ ਤੇ ਪਲੰਘ ਕੋਲ ਖੇਡਣ ਲਗ ਪਿਆ। ਬਚਨ ਕਰਨ ਲਗ ਪਿਆ ਕਿ ਜਦੋ ਪਾਤਸ਼ਾਹ ਦਾ ਪਲੰਘ ਚੁਕਿਆ ਗਿਆ ਮਾਝੇ ਦੇਸ਼ ਵਿਚ ਬਹੁਤ ਕਤਲੇਆਮ ਹੋਵੇਗੀ ਤੇ ਭਾਜੜਾਂ ਪੈ ਜਾਣਗੀਆਂ। ਦੁਨੀਆਂ ਰੁਲ ਕੇ ਮਰ ਜਾਏਗੀ। ਕੰਨਿਆਂ ਨੂੰ ਬਹੁਤ ਖਵਾਰੀਆਂ ਹੋਣਗੀਆਂ। ਬੜੇ ਸਖ਼ਤ ਬਚਨ ਮਸਤਾਨੇ ਦੇ ਵਿਚਦੀ ਹੋਏ। ਸੱਚੇ ਪਾਤਸ਼ਾਹ ਪਲੰਘ ਤੇ ਬੈਠੇ ਸਨ, ਫਿਰ ਦਿਆਲੂਆਂ ਨੇ ਹਰਨਾਮ ਸਿੰਘ ਤੇ ਮੰਗੋ ਦੀ ਬੇਨੰਤੀ ਪਰਵਾਨ ਕਰ ਕੇ ਪਲੰਘ ਰਹਿਣ ਦਿਤਾ ਜੀ। ਆਪ ਸੰਗਤ ਸਮੇਤ ਘਰ ਨੂੰ ਆ ਗਏ। ਸਿਖਾਂ ਨਾਲ ਬਚਨ ਕਰਦੇ ਹਨ ਕਿ ਸਾਡਾ ਜਿਹੜਾ ਰਾਤ ਨੂੰ ਪਲੰਘ ਵਿਛੌਂਦੇ ਜੇ, ਓਹ ਹੇਵਲੀ ਡਾਹ ਦਿਓ, ਤੇ ਹਰਨਾਮ ਸਿੰਘ ਦੀ ਮਨਸ਼ਾ ਪੂਰੀ ਰਹਿਣ ਦਿਉ, ਅਸੀਂ ਕਿਤੇ ਪਲੰਘਾਂ ਵਿਚ ਬੈਠੇ ਹਾਂ। ਜਿਹੜਾ ਸਾਨੂੰ ਯਾਦ ਕਰੇ, ਅਸੀਂ ਉਸ ਦੇ ਵਿਚ ਤੇ ਹਰ ਵਕਤ ਕੋਲ ਰੈਂਹਦੇ ਹਾਂ, ਆਪ ਫਿਰ ਹਵੇਲੀ ਆ ਗਏ ਹਨ। ਹਵੇਲੀ ਪਲੰਘ ਡੌਣ ਦਾ ਸਿਖਾਂ ਨੂੰ ਹੁਕਮ ਦਿਤਾ। ਪਹਿਲੀ ਭਾਦਰੋਂ ੨੦੦੦ ਸੰਮਤ ਬਿਕ੍ਰਮੀ ਵਿਚ ਸੱਚੇ ਪਾਤਸ਼ਾਹ ਅੱਡ ਹੋ ਕੇ ਹਵੇਲੀ ਆਏ ਹਨ ਜੀ।।