ਪੁਸਤਕਾਲਾਜਨਮ ਸਾਖੀ

ਪਾਤਸ਼ਾਹ ਦੇ ਨਵੇਂ ਪਲੰਘ ਬਾਰੇ

ਜਿਹੜਾ ਪਲੰਘ ਹਵੇਲੀ ਡਾਹਿਆ ਹੈ। ਤੇਜਾ ਸਿੰਘ ਸਿਖ ਨੇ ਅੱਕ ਦੀਆਂ ਲੱਕੜਾਂ ਭੰਨ ਭੰਨ ਕੇ ਸਣ ਕੱਡਣੀ। ਸਵੇਰੇ ਉਠਦੇ ਦੂਰ ਪੰਜ ਛੀ ਮੀਲ ਤੱਕ ਜਾ ਕੇ ਪੁਰਾਣਿਆਂ ਅੱਕਾਂ ਦੀਆਂ ਲੱਕੜਾਂ ਭੰਨ ਭੰਨ ਕੇ ਸਣ ਕੱਡਣੀ ਤੇ ਫਿਰ ਉਸਨੂੰ ਸਾਫ ਕਰਕੇ ਵਾਣ ਕੱਤਣਾ। ਸਾਰੀ ਦਿਹਾੜੀ ਵਿਚ ਮਸਾਂ ਦੋ ਛਟਾਕਾਂ ਸੂਤਰ ਕੱਤਣਾ ਜੀ। ਹੋਰ ਵੀ ਮਾਲ ਦੀ ਸੇਵਾ ਕਰਨੀ। ਸਾਢੇ ਚਾਰ ਸੇਰ ਪੱਕਾ ਛੇ ਮਹੀਨੇ ਵਿਚ ਤਿਆਰ ਕੀਤਾ। ਫਿਰ ਉਸਨੂੰ ਸਾਬਣ ਨਾਲ ਧੋ ਕੇ ਇਸ ਤਰ੍ਹਾਂ ਸਾਫ ਕੀਤਾ ਕਿ ਕੋਈ ਪਛਾਣ ਨਹੀਂ ਸਕਦਾ, ਰੇਸ਼ਮ ਹੈ ਕਿ ਅੱਕ ਦਾ ਵਾਣ ਹੈ। ਤੇਜਾ ਸਿੰਘ ਬੇਨੰਤੀ ਕਰਦਾ ਹੈ ਕਿ ਮੇਰੇ ਵਿਚ ਏਨਾਂ ਬਲ ਨਹੀਂ ਸੀ, ਪਾਤਸ਼ਾਹ ਦਇਆ ਕੀਤੀ ਹੈ। ਲੱਲੀਆਂ ਪਿੰਡ ਦਾ ਪਾਲ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਨੂੰ ਆਇਆ ਹੈ। ਕੇਹਰ ਸਿੰਘ ਰਾਮਗੜ੍ਹੀਆ ਸਿਖ ਡਲ ਦਾ ਸੀ। ਉਸ ਨੇ ਟਾਲੀ ਦੇ ਪਾਵੇ ਤੇ ਬਹੁਤ ਵਧੀਆਂ ਸਾਲ ਦੀਆਂ ਹੀਆਂ ਲਿਆਂਦੀਆਂ। ਪਾਲ ਸਿੰਘ ਸਿਖ ਨੇ ਪਲੰਘ ਪ੍ਰੇਮ ਨਾਲ ਠੋਕ ਦਿਤਾ। ਫਿਰ ਪਾਲ ਸਿੰਘ

ਤੇ ਤੇਜਾ ਸਿੰਘ ਬੜੇ ਪ੍ਰੇਮ ਨਾਲ ਤਿੰਨਾਂ ਦਿਨਾਂ ਵਿਚ ਉਣਿਆ ਹੈ। ਦੇਸੀ ਸੂਤਰ ਦੀ ਪੈਂਦ ਪਲੰਘ ਨੂੰ ਪਾ ਤਿਆਰ ਹੋ ਗਿਆ ਹੈ। ਪਾਤਸ਼ਾਹ ਉਸ ਦਿਨ ਤੋਂ ਓਸੇ ਪਲੰਘ ਤੇ ਰਹਿਣ, ਤੇ ਹੁਕਮ ਦਿਤਾ ਏਹ ਪਲੰਘ ਸਿੰਘਾਸਣ ਸਾਡਾ ਅੰਦਰ ਡਾਹ ਦਿਓ। ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਪਲੰਘ ਅੰਦਰ ਡਾਹ ਦਿਤਾ। ਰੋਜ਼ ਪਲੰਘ ਥੱਲੇ ਪੋਚਾ ਫੇਰਨਾ ਤੇ ਧੂਪ ਧੁਕੌਣਾ ਤੇ ਰਾਤ ਨੂੰ ਪਲੰਘ ਦੇ ਕੋਲ ਘਿਉ ਦਾ ਸ਼ਮੇਦਾਨ ਜਗੌਣਾ। ਇਸ ਪਲੰਘ ਦੇ ਲਾਗੇ ਸਾਰਾ ਵਿਹਾਰ ਸ਼ੁਰੂ ਹੋ ਗਿਆ।।

ਸੱਚੇ ਪਿਤਾ ਦੇ ਅੰਤਮ ਦਿਨਾਂ ਬਾਰ
ਸੱਚੇ ਪਿਤਾ ਦੇ ਅੰਤਮ ਦਿਨਾਂ ਬਾਰੇ

ਚਾਰ ਸਾਹਿਬਜਾਦੇ ਪਾਤਸ਼ਾਹ ਦੇ ਵਿਆਏ ਹੋਏ ਹਨ। ਪੰਜਵਾਂ ਸਾਹਿਬਜਾਦਾ ਛੋਟਾ ਸੀ, ੩ ਸਾਲ ਦਾ। ਇਕ ਬੀਬੀ ਕਰਤਾਰੀ ਪਾਤਸ਼ਾਹ ਦੀ ਧੀ, ਉਹ ਵਿਆਹੁਣ ਵਾਲੀ ਸੀ। ਭਗਵਾਨ ਪੁਰੇ ਨਗਰ ਵਿਚ ਮੰਗੀ ਹੋਈ ਸੀ। ਸੱਚੇ ਪਾਤਸ਼ਾਹ ਮੱਘਰ ਦੀ ਪੁਨਿਆਂ ਦਾ ਉਸ ਦਾ ਵਿਆਹ ਅਰੰਭ ਦਿਤਾ। ਮੱਘਰ ਦੀ ਪੁਨਿਆਂ ਨੂੰ ਕਰਤਾਰੀ ਦੀ ਸ਼ਾਦੀ ਪਾਤਸ਼ਾਹ ਕਰ ਦਿਤੀ। ਵਿਆਹ ਤੋਂ ੧੫ ਦਿਨ ਬਾਅਦ ਸੱਚੇ ਪਾਤਸ਼ਾਹ ਸ਼ਿਕਾਰ ਗਏ ਹਨ ਤੇ ਰਸਤੇ ਵਿਚੋਂ ਵਾਪਸ ਮੁੜ ਆਏ ਹਨ। ਆਂਦੇ ਹਨ ਸਾਡਾ ਸਰੀਰ ਤਕੜਾ ਨਹੀਂ ਗਾ। ਦੀਨ ਦੁਨੀ ਦੇ ਵਾਲੀ ਤਾਪ ਦਾ ਬਹਾਨਾ ਕਰ ਕੇ ਲੰਮੇ ਪੈ ਗਏ ਹਨ। ਤੇਜਾ ਸਿੰਘ ਉਸੇ ਵਕਤ ਤੋਂ ਸੇਵਾ ਵਿਚ ਹਾਜ਼ਰ ਹੋ ਗਿਆ। ਹੋਰ ਸਾਰੇ ਸਾਹਿਬਜਾਦੇ ਤੇ ਸਿਖ ਵੀ ਵਿਹਾਰ ਸਾਰੇ ਕਰ ਕੇ ਪਾਤਸ਼ਾਹ ਕੋਲ ਆਣ ਕੇ ਸੇਵਾ ਕਰਨੀ। ਬਾਰ ਵਿਚੋਂ ਆਤਮਾ ਸਿੰਘ ਤੇ ਉਸ ਦਾ ਪੁੱਤਰ ਤੇ ਬੇਬੇ ਬਸੰਤ ਕੌਰ ਦਰਸ਼ਨਾਂ ਨੂੰ ਆਏ ਹੋਏ ਹਨ। ਆਤਮਾ ਸਿੰਘ ਦਾ ਪੁੱਤਰ ਪਿਆਰਾ ਸਿੰਘ ਵੀ ਬੀਮਾਰ ਹੋ ਗਿਆ। ਸੱਚੇ ਪਾਤਸ਼ਾਹ ਸਾਰੀ ਸਾਰੀ ਰਾਤ ਸੰਗਤਾਂ ਤੋਂ ਸ਼ਬਦ ਪੜ੍ਹੌਦੇ ਰਹਿਣ ਤੇ ਆਪ ਮਾਇਲ ਹੋ ਕੇ ਪਲੰਘ ਤੇ ਚੌਕੜਾ ਲਾ ਕੇ ਪਾਤਸ਼ਾਹ ਬੈਠੇ ਰਹਿਣ। ਮੋਹਣ ਸਿੰਘ ਸਿਖ ਕਲਸੀਆਂ ਵਾਲੇ ਤੇ ਸਾਰੇ ਘਰ ਦੇ ਜੀਵ ਜਿੰਨੇ ਸਿਖ ਕੋਲ ਸਨ, ਸਾਰਿਆਂ ਨੂੰ ਸੱਚੇ ਪਾਤਸ਼ਾਹ ਨਾਮ ਖੁਮਾਰੀ ਚਾੜ੍ਹ ਦਿਤੀ। ਪਿਆਰਾ ਸਿੰਘ ਦੀ ਮਾਈ ਬੇਬੇ ਬਸੰਤ ਕੌਰ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਪਿਆਰਾ ਸਿੰਘ ਜਿਆਦਾ ਬਿਮਾਰ ਹੈ ਦੀਨ ਦਿਆਲ ਦਇਆ ਕਰੋ, ਮੈਂ ਜੇ ਕਰ ਭੁੱਲ ਗਈ ਹਾਂ ਤੇ ਭੁੱਲ ਬਖ਼ਸ਼ੋ। ਸੱਚੇ ਪਾਤਸ਼ਾਹ ਏਡੇ ਦਿਆਲੂ ਸਨ। ਪਰਸ਼ਾਦ ਦਿਤਾ ਤੇ ਦੇ ਕੇ ਆਖਣ ਲੱਗੇ ਬੇਬੇ ਪਰਸ਼ਾਦ ਪਿਆਰਾ ਸਿੰਘ ਨੂੰ ਦੇਦੇ ਰਾਜ਼ੀ ਹੋਜੂ ਤੇ ਫਿਰ ਕਿਹਾ ਕਿ ਤੂੰ ਡਰਦੀ ਕਿਉਂ ਹੈਂ, ਪਰਸ਼ਾਦ ਛਕਣ ਨਾਲ ਦੁਖ ਦਲਿੱਦਰ ਦੂਰ ਹੋ ਜਾਣਗੇ। ਬੇਬੇ ਬਸੰਤ ਕੌਰ ਤੇ ਪਿਆਰਾ ਸਿੰਘ ਜਾਣ ਵਾਸਤੇ ਖ਼ੁਸ਼ੀ ਮੰਗੀ ਕਿ ਸੱਚੇ ਪਾਤਸ਼ਾਹ ਦਇਆ ਕਰੋ ਕਿੰਨੇ ਦਿਨ ਹੋ ਗਏ ਨੇ, ਘਰੋਂ ਆਇਆ ਨੂੰ। ਸੱਚੇ ਪਾਤਸ਼ਾਹ ਆਖਿਆ ਬੇਬੇ ਰਉ ੧੦ ਦਿਨ ਹੋਰ, ਫਿਰ ਇਹ ਵੇਲਾ ਤੁਹਾਨੂੰ ਲੱਭਣਾ ਨਹੀਂ। ਬੇਬੇ ਰਮਜ਼ ਨਹੀਂ ਸਮਝੀ ਚਲੀ ਗਈ। ਪਾਤਸ਼ਾਹ ਫਿਰ ਆਖਿਆ ਬੇਬੇ ਆਤਮਾ ਸਿੰਘ ਨੂੰ ਜਾ ਕੇ ਘੱਲ ਦਿਓ ਜੇ।।

ਉਸ ਤੋਂ ਬਾਅਦ ਇਕ ਦਿਨ ਅੰਮ੍ਰਿਤ ਵੇਲੇ ਪਾਤਸ਼ਾਹ ਸਿੰਘਾਸਣ ਤੇ ਚੌਕੜਾ ਮਾਰ ਕੇ ਬੈਠੇ ਹਨ। ਕਈ ਵਾਰੀ ਤੇਜਾ ਸਿੰਘ ਵਿਚਾਰ ਕਰਨੀ ਕਿ ਮੈਂ ਕਿਸ ਬਿਧ ਪਾਤਸ਼ਾਹ ਅੱਗੇ ਬੇਨੰਤੀ ਕਰਾਂ ਕਿ ਕਿਸ ਤਰ੍ਹਾਂ ਪਰਵਾਨ ਕਰ ਕੇ ਦਇਆ ਕਰ ਦੇਣ। ਉਸ ਵਕਤ ਮੈਂ ਸੁੱਤੇ ਸਿਦਾ ਹੀ ਚਰਨਾਂ ਵਲੇ ਖਲੋ ਕੇ ਹੱਥ ਜੋੜ ਕੇ ਨਿਮਸਕਾਰ ਕੀਤੀ। ਸੱਚੇ ਪਾਤਸ਼ਾਹ ਆਖਣ ਲੱਗੇ ਤੇਜਾ ਸਿੰਘ ਕੀ ਗਲ ਹੈ। ਤੇਜਾ ਸਿੰਘ ਨੂੰ ਉਸੇ ਵਕਤ ਬੇਨੰਤੀ ਕਰਨ ਦਾ ਚੇਤਾ ਆ ਗਿਆ। ਪਾਤਸ਼ਾਹ ਆਖਣ ਲੱਗੇ ਕਰ ਬੇਨੰਤੀ ਤੇਜਾ ਸਿੰਘ ਜੋ ਤੇਰੇ ਦਿਲ ਵਿਚ ਆ। ਤੇਜਾ ਸਿੰਘ ਆਖਿਆ, ਸੱਚੇ ਪਾਤਸ਼ਾਹ ਮੈਂ ਜਦੋਂ ਦਾ ਤੁਹਾਡੀ ਸੇਵਾ ਵਿਚ ਲੱਗਾ ਹਾਂ ਕੋਈ ਬੇਨੰਤੀ ਨਹੀਂ ਕੀਤੀ ਦਇਆ ਕਰੋ ਕਿ ਮੈਂ ਬੇਨੰਤੀ ਕਰ ਲਵਾ। ਮੈਂ ਵਿਚਾਰ ਵੀ ਇਹੋ ਰਿਹਾ

ਹਾਂ, ਕਿ ਮੈਂ ਜੋ ਬੇਨੰਤੀ ਕੀਤੀ ਤੇ ਜੇ ਮੇਰੇ ਭਾਗਾਂ ਵਿਚ ਥੋੜੀ ਹੋਈ ਤੇ ਮੈਂ ਬਹੁਤੀ ਮੰਗ ਬੈਠਾ ਤਾਂ ਵੀ ਮਾੜਾ ਹੈ। ਜੇ ਬਹੁਤੀ ਹੋਈ ਤੇ ਮੈਂ ਥੋੜੀ ਮੰਗ ਲਈ ਤਾਂ ਵੀ ਮਾੜੀ ਗਲ ਹੈ। ਸੱਚੇ ਪਾਤਸ਼ਾਹ ਤੁਸੀਂ ਆਪ ਹੀ ਦਇਆ ਕਰੋ ਤੇ ਮੈਨੂੰ ਓਹ ਵਸਤ ਦਿਓ ਜੇਹੜੀ ਮੁਕਣ ਵਾਲੀ ਨਾ ਹੋਵੇ। ਮੈਨੂੰ ਤਾਂ ਮੰਗਣ ਦੀ ਜਾਚ ਨਹੀਂ ਗੀ। ਜਨਮ ਜਮਾਂਤਰ ਈ ਦੇਹ ਅਰੋਗ ਤੇ ਸਾਸ ਸੁਖਾਲੇ, ਤੁਹਾਡੇ ਚਰਨਾ ਦਾ ਸੰਗ ਤੇ ਭਜਨ ਦਾ ਰੰਗ ਬਣਿਆ ਰਹੇ ਏਹ ਮੇਰੇ ਤੇ ਕਿਰਪਾ ਕਰੇ। ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਸਿਖ ਦੀ ਬੇਨੰਤੀ ਪਰਵਾਨ ਕਰ ਲਈ। ਖ਼ੁਸ਼ ਹੋ ਕੇ ਆਖਣ ਲੱਗੇ, ਤੇਜਾ ਸਿੰਘ ਏਸੇ ਤਰ੍ਹਾਂ ਕਰ ਲਵਾਂਗੇ। ਜਾ ਹੁਣ ਤੂੰ ਜਾ ਕੇ ਚਾਹ ਤਿਆਰ ਕਰ ਸਾਡੇ ਲਈ। ਸਾਰੀ ਸੰਗਤ ਬੜੀ ਖ਼ੁਸ਼ ਹੋਈ ਬਚਨ ਸੁਣ ਕੇ। ਤੇਜਾ ਸਿੰਘ ਵੀ ਪਾਤਸ਼ਾਹ ਦੇ ਬਚਨ ਸੁਣ ਕੇ ਨਿਹਾਲ ਹੋ ਗਿਆ। ਫਿਰ ਚਾਹ ਬਣਾ ਕੇ ਸੱਚੇ ਪਾਤਸ਼ਾਹ ਨੂੰ ਛਕਾਈ, ਸਾਰੀ ਸੰਗਤ ਵੀ ਛਕਦੀ ਹੈ। ਏਨਾਂ ਕਿਸੇ ਸਿਖ ਨੂੰ ਭੇਤ ਨਹੀਂ ਦਿਤਾ ਹੈ ਕਿ ਪਾਤਸ਼ਾਹ ਚੋਲਾ ਛੱਡ ਦੇਣਾ ਹੈ। ਆਪਣੇ ਆਪ ਪਾਤਸ਼ਾਹ ਸਿਖਾਂ ਤੇ ਘਰ ਦਿਆਂ ਜੀਆਂ ਨੂੰ ਬਹਾਨਿਆਂ ਨਾਲ ਵਰ ਵਰੂਹੀਆਂ ਦਈ ਜਾਂਦੇ ਹਨ।।

ਇਕ ਦਿਨ ਮਾਤਾਂ ਹੋਰਾਂ ਨੂੰ ਪਾਤਸ਼ਾਹ ਆਖਣ ਲੱਗੇ, ਨੈਣੋ ਸਾਨੂੰ ਤੁਸੀਂ ਵੀ ਅੱਜ ਕੁਛ ਖਵਾਓ। ਮਾਤਾ ਹੋਰਾਂ ਬੇਨੰਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡਾ ਦਿਤਾ ਬੜਾ ਕੁਛ ਹੈ ਦਇਆ ਕਰੋ। ਫੇਰ ਮਾਤਾ ਹੋਰਾਂ ਸਵਾ ਰੁਪੈ ਦਾ ਪਰਸ਼ਾਦ ਕਰ ਕੇ ਪਾਤਸ਼ਾਹ ਨੂੰ ਥਾਲ ਲਾ ਕੇ ਨਿਮਸਕਾਰ ਕੀਤੀ। ਪਾਤਸ਼ਾਹ ਖ਼ੁਸ਼ ਹੋ ਕੇ ਵਰਤੌਂਦੇ ਹਨ ਤੇ ਨਾਲੇ ਆਪ ਵੀ ਛਕਦੇ ਹਨ। ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਤੁਸਾਂ ਆਪੇ ਕਦੀ ਸਾਡਾ ਪਰਸ਼ਾਦ ਕਰਾਇਆ ਸੀ ! ਅੱਜ ਅਸੀਂ ਮੂੰਹੋਂ ਮੰਗਾ ਕੇ ਤੁਹਾਥੋਂ ਪਰਸ਼ਾਦ ਲਿਆ ਹੈ। ਮਹੀਨਾ ਪੋਹ ਦਾ ਸੀ ਤੇ ਰੋਜ ਹੀ ਬੂੰਦਾਂ ਬਰਸਦੀਆਂ ਸਨ। ਬੱਦਲ ਰੋਜ਼ ਹੀ ਘਨਘੋਰਾਂ ਪੌਂਦੇ ਸਨ। ਦੀਨ ਦਿਆਲ ਓਸ ਵਕਤ ਜੋ ਕੋਈ ਮੂੰਹੋਂ ਮੰਗਦਾ ਸੀ, ਦਈ ਜਾਂਦੇ ਸਨ। ਸਿਆਲ ਵਿਚ ਪੋਹ ਦਾ ਮਹੀਨਾ ਕਰ ਕੇ ਠੰਡ ਬੜੀ ਸੀ। ਪਾਤਸ਼ਾਹ ਦੇ ਵੱਡੇ ਸਾਹਿਬਜਾਦੇ ਦੇ ਨਾਰਲੀ ਪਿੰਡ ਸੌਹਰੇ ਸਨ। ਭਗਵਾਨ ਸਿੰਘ ਤੇ ਹਰਬੰਸ ਕੌਰ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਅਸਾਂ ਨਾਰਲੀ ਜਾਣਾ ਹੈ ਜੇ ਤੁਸੀਂ ਹੁਕਮ ਦਿਓ ਤੇ ਅਸੀਂ ਹੋ ਆਈਏ ਜੇ ਨਾ ਆਖੋ ਤੇ ਨਾ ਜਾਈਏ। ਮੇਰੇ ਦੀਨ ਦਿਆਲ ਆਖਣ ਲੱਗੇ, ਜਰੂਰ ਜਾਣਾ ਜੇ। ਭਗਵਾਨ ਸਿੰਘ ਆਖਿਆ ਜੀ ਆਪ ਦੇ ਹੁਕਮ ਨਾਲ ਐਵੇਂ ਨਹੀਂ। ਪਾਤਸ਼ਾਹ ਬਚਨ ਕੀਤਾ ਕਿ ਚੰਗਾ ਜਾਓ, ਭਲਕੇ ਰਾਤ ਨੂੰ ਆ ਜਾਇਓ ਜੇ, ਰਿਹੋ ਨਾ। ਓਹਨਾਂ ਆਖਿਆ ਪਾਤਸ਼ਾਹ ਜੇ ਮੀਂਹ ਨਾ ਪਿਆ ਤੇ ਆ ਜਾਵਗੇ ਤੇ ਜੇ ਮੀਂਹ ਪੈ ਗਿਆ ਤੇ ਫਿਰ ਨਹੀਂ। ਪਾਤਸ਼ਾਹ ਹੱਸ ਕੇ ਬਚਨ ਕੀਤਾ ਕਿ ਜੇ ਤੁਸੀਂ ਦੋਵੇਂ ਭਲਕੇ ਆ ਜਾਓਗੇ ਤੇ ਜੋ ਮੂੰਹੋਂ ਮੰਗੋਗੇ ਤੁਹਾਨੂੰ ਦਿਆਂਗੇ। ਏਹ ਬਚਨ ਸੁਣ ਕੇ ਸਾਰੇ ਖ਼ੁਸ਼ ਹੁੰਦੇ ਹਨ। ਭਗਵਾਨ ਸਿੰਘ ਤੇ ਹਰਬੰਸ ਕੌਰ ਸੱਚੇ ਪਾਤਸ਼ਾਹ ਨੂੰ ਨਿਮਸਕਾਰ ਕਰ ਕੇ ਤੁਰ ਪਏ ਹਨ। ਭਗਵਾਨ ਸਿੰਘ ਤੁਰਨ ਲੱਗੇ ਫੇਰ ਆਖਿਆ, ਸੱਚੇ ਪਾਤਸ਼ਾਹ ਜੇ ਅਸੀਂ ਭਲਕੇ ਆ ਗਏ ਤੇ ਫੇਰ ਅਸਾਂ ਜੋ ਮੰਗਿਆਂ ਦੇਣਾ ਪੈਣਾ ਜੇ। ਪਾਤਸ਼ਾਹ ਹੱਸ ਕੇ ਆਖਿਆ ਚੰਗਾ, ਮੋਹਣ ਸਿੰਘ ਸਾਡੇ ਕੋਲ ਘਾਟਾ ਕਿਸ ਚੀਜ ਦਾ। ਸੱਚੇ ਪਾਤਸ਼ਾਹ ਮਿਹਰ ਦੇ ਦਾਤੇ ਦਇਆ ਦੇ ਸਮੁੰਦਰ ਵਰ ਦੇਣ ਦਾ ਬਹਾਨਾ ਬਣਾ ਰਹੇ ਹਨ ਜੀ। ਏਸ ਤਰ੍ਹਾਂ ਫੇਰ ਅਗਲੇ ਦਿਨ ਸਵੇਰਸਾਰ ਤੋਂ ਜਿਉਂ ਮੀਂਹ ਪੈਣ ਲੱਗਾ, ਕਿਤੇ ਮਿੰਟ ਵੀ ਨਹੀਂ ਹਟਿਆ। ਏਧਰ ਸੱਚੇ ਪਿਤਾ ਵੀ ਸਵੇਰ ਤੋਂ ਯਾਦ ਕਰਦੇ ਹਨ ਕਿ ਆਏ ਨਹੀਂ ਵੇਖੀਏ। ਅੱਜ ਏਹ ਵੀ ਇਕ ਸੋਹਣੀ ਦੇ ਪ੍ਰੇਮ ਵਾਲਾ ਕੰਮ ਹੈ। ਵੇਖੀਏ ਜਿਸ ਤਰ੍ਹਾਂ ਫਰੀਦ ਦਾ ਬਚਨ ਹੈ। ’’ਕਿ ਜੇ ਮੈਂ ਅੱਜ ਨਾ ਗੁਰਾਂ ਵਲ ਜਾਵਾਂ, ਤਾਂਹੀਏ ਮੇਰਾ ਨਿਉਂ ਟੁਟਦਾ’’। ਇਕ ਘੰਟਾ ਦਿਨ ਰਹਿੰਦੇ ਨਾਲ ਭਗਵਾਨ ਸਿੰਘ ਤੇ ਹਰਬੰਸ ਕੌਰ ਮੀਂਹ ਵਰ੍ਹਦੇ ਵਿਚ ਘੋੜਿਆਂ ਤੇ ਚੜ੍ਹ ਕੇ ਆਣ ਪਹੁੰਚੇ ਹਨ। ਔਂਦਿਆਂ ਸੱਚੇ ਪਾਤਸ਼ਾਹ ਲਈ ਦੋਵੇਂ ਅੱਡੋ ਅੱਡੀ ਪਰਸ਼ਾਦ ਆਂਦਾ ਹੈ। ਲਿਆ ਕੇ ਪਰਸ਼ਾਦ ਅੱਗੇ ਰੱਖਿਆ ਤੇ ਹੱਥ ਜੋੜ ਕੇ ਨਿਮਸਕਾਰ ਕੀਤੀ। ਸੱਚੇ

ਪਾਤਸ਼ਾਹ ਵੇਖ ਕੇ ਬੜਾ ਖ਼ੁਸ਼ ਹੋਏ ਕਿ ਸਾਡੇ ਬਚਨ ਤੇ ਪੂਰੇ ਰਹੇ ਹਨ। ਦੀਨ ਦਿਆਲ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਏਸ ਤਰ੍ਹਾਂ ਬਹਾਨੇ ਨਾਲ ਜੁਗੋ ਜੁਗ ਤਾਰਦੇ ਰਹੇ ਹਨ ਜੀ।।

ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਵਾਰੇ

ਅਗਲੇ ਦਿਨ ੨੬ ਪੋਹ ਵਾਲੇ ਦਿਨ ਪੁਨਿਆ ਸੀ। ਸੰਗਤ ਨੂੰ ਅੱਧੀ ਰਾਤ ਤੱਕ ਸ਼ਬਦ ਪੜ੍ਹਾ ਕੇ ਪਰਸ਼ਾਦ ਵਰਤਾ ਦਿਤਾ ਹੈ। ਮਾਤਾ ਨੈਣੋਂ ਨੂੰ ਪਰਸ਼ਾਦ ਦਿਤਾ। ਮਾਤਾ ਜੀ ਆਖਿਆ, ਸੱਚੇ ਪਾਤਸ਼ਾਹ ਮੇਰੇ ਦੰਦ ਨਹੀਂ ਪਰਸ਼ਾਦ ਚਿਥਿਆ ਨਹੀਂ ਜਾਂਦਾ। ਪਾਤਸ਼ਾਹ ਸੁਣ ਕੇ ਨਰਾਜ ਹੋ ਗਏ ਹਨ। ਆਖਣ ਲੱਗੇ, ਨਿਭਾਗੀਏ, ਪਰਸ਼ਾਦ ਲੈ ਲਾ, ਕੁਟ ਕੇ ਖਾਹ ਲਈਂ। ਤੁਸੀਂ ਨਾ ਕਰਦੀਆਂ ਜੇ, ਸਾਡੇ ਪਰਸ਼ਾਦ ਨੂੰ ਤਾਂ ਦੇਵੀਆਂ ਦੇਵਤੇ ਤਰਸ ਰਹੇ ਹਨ। ਤੁਸੀਂ ਹੁਣ ਸਾਡੇ ਪਰਸ਼ਾਦ ਨੂੰ ਨਾ ਕਰਦੀਆਂ ਜੇ, ਫੇਰ ਤੁਸੀਂ ਤਰਸਣਾਂ ਏ। ਮਾਤਾ ਹੋਰਾਂ ਭੁੱਲ ਬਖ਼ਸ਼ਾਈ ਤੇ ਪਾਤਸ਼ਾਹ ਦਇਆ ਕੀਤੀ। ਸਾਰਿਆਂ ਨੂੰ ਆਖਣ ਲੱਗੇ, ਜਾਓ ਹੁਣ ਸਾਰੇ ਥਾਉਂ ਥਾਈਂ ਸੌਂ ਜਾਓ। ਤੇਜਾ ਸਿੰਘ ਨੂੰ ਆਖਣ ਲਗੇ, ਤੇਜਾ ਸਿੰਘ ਤੂੰ ਬੈਠਾ ਰਓ ਸਾਡੇ ਕੋਲ, ਸਵੀਂ ਨਾ। ਤੇਜਾ ਸਿੰਘ ਸਤਿ ਬਚਨ ਮੰਨ ਕੇ ਕੋਲ ਬੈਹ ਗਿਆ ਹੈ। ਸੱਚੇ ਪਾਤਸ਼ਾਹ ਪਲੰਘ ਤੇ ਸੁਖ ਆਸਣ ਹੋ ਗਏ ਹਨ। ਜਿਸ ਵਕਤ ਅੰਮ੍ਰਿਤ ਵੇਲਾ ਹੋਇਆ ਤੇ ਸੱਚੇ ਪਾਤਸ਼ਾਹ ਜਾਗੇ ਹਨ। ਤੇਜਾ ਸਿੰਘ ਨੂੰ ਵਾਜ ਮਾਰੀ ਓਸ ਆਖਿਆ ਜੀ ਮੇਰੇ ਸਾਹਿਬ। ਪਾਤਸ਼ਾਹ ਹੁਕਮ ਦਿਤਾ ਤੇਜਾ ਸਿੰਘ ਜਲ ਲਿਆ। ਜਲ ਛਕ ਕੇ ਆਖਣ ਲੱਗੇ, ਸਾਨੂੰ ਚੀਤਾ ਕਰਾ। ਏਨੇ ਬਚਨ ਕਰ ਕੇ ਐਸਾ ਸਮਾਂ ਵਰਤਾਇਆ, ਜਬਾਨ ਥੱਥਲੌਣ ਲਗ ਪਈ ਤੇ ਗੱਲ ਦੀ ਸਮਝ ਨਾ ਲੱਗੇ ਬੱਦਲ ਓਸ ਵਕਤ ਬੜੀ ਘਨਘੋਰ ਪਾਈ ਹੈ। ਸੱਚੇ ਪਾਤਸ਼ਾਹ ੨੬ ਪੋਹ ਦਿਨ ਸਵੇਰੇ ੧੦ ਵਜੇ ਚੋਲਾ ਛੱਡ ਕੇ ਜੋਤ ਰੂਪ ਹੋ ਗਏ ਹਨ। ਸੱਚੇ ਪਾਤਸ਼ਾਹ ਦੇ ਜੋਤ ਰੂਪ ਹੋਣ ਦੀ ਦੇਰ ਸੀ, ਦਿਨ ਵੀ ਨਿਤਰਨਾ ਸ਼ੁਰੂ ਹੋ ਗਿਆ। ਫੇਰ ਜੋ ਸਿਖ ਨੇੜੇ ਸਨ, ਸਾਰਿਆਂ ਨੂੰ ਖ਼ਬਰ ਕਰ ਦਿਤੀ। ਮੋਹਣ ਸਿੰਘ ਕਲਸੀਆਂ ਵਾਲਾ ਮਸਤਾਨਾ ਸੱਚੇ ਪਾਤਸ਼ਾਹ ਦੀ ਸੇਵਾ ਦੇਣ ਲਗ ਪਿਆ। ਸਾਰੇ ਸਿਖ ਸੁਣ ਕੇ ਓਸੇ ਵਕਤ ਆ ਗਏ। ਸਾਰਿਆਂ ਸਿਖਾਂ ਤੇ ਸਾਹਿਬਜਾਦਿਆਂ ਸਲਾਹ ਕੀਤੀ ਕਿ ਸੱਚੇ ਪਾਤਸ਼ਾਹ ਦਾ ਸਸਕਾਰ ਖੇਤ ਬਾਗ ਵਿਚ ਜਾ ਕੇ ਕਰੀਏ। ਲਕੜਾਂ ਗੱਡੇ ਉਤੇ ਰੱਖ ਲਈਆਂ ਹਨ। ਸੱਚੇ ਪਾਤਸ਼ਾਹ ਦਾ ਬਿਬਾਨ ਬਣੌਣ ਲਗ ਪਏ ਹਨ। ਤੇਜਾ ਸਿੰਘ ਗਲ ਵਿਚ ਪੱਲਾ ਪਾ ਕੇ ਚਰਨਾਂ ਵਿਚ ਖਲੋ ਕੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਦਇਆ ਕਰੋ ਤੇ ਜਿਥੇ ਤੁਹਾਡਾ ਹੁਕਮ ਹੋਵੇ, ਆਪਣਾ ਸੁਖ ਆਸਣ ਕਰੀਏ। ਬੇਨੰਤੀ ਕਰਨ ਦੀ ਦੇਰ ਹੋਈ ਤੇ ਮਸਤਾਨਾ ਲਲਕਾਰੇ ਮਾਰਨ ਲਗ ਪਿਆ ਤੇ ਬਚਨ ਹੋਣ ਲਗ ਪਏ। ਮਸਤਾਨੇ ਵਿਚ ਦੀ ਹੁਕਮ ਹੋਇਆ ਕਿ ਸਾਡਾ ਸਸਕਾਰ ਘਰ ਕਰ ਦਿਓ। ਮਸਤਾਨਾ ਖੇਡਦਾ ਖੇਡਦਾ ਆਣ ਕੇ ਵੇਹੜੇ ਵਿਚ ਖਲੋ ਗਿਆ ਤੇ ਆਖਣ ਲੱਗਾ ਐਸ ਜਗਾ ਤੇ ਸਾਡਾ ਸਸਕਾਰ ਕਰ ਦਿਓ। ਓਸ ਜਗਾ ਤੇ ਸਵਾ ਹੱਥ ਟੋਆ ਪੁਟ ਲਿਆ। ਫੇਰ ਸੱਚੇ ਪਾਤਸ਼ਾਹ ਦਾ ਅਸ਼ਨਾਨ ਕਰਾਇਆ ਪਲੰਘ ਦੇ ਉਤੇ ਅਰਾਮ ਕੁਰਸੀ ਡਾਹ ਕੇ ਕਪੜੇ ਪਾ ਕੇ ਸੱਚੇ ਪਾਤਸ਼ਾਹ ਨੂੰ ਉਪਰ ਬਿਠਾ ਦਿਤਾ। ਸਾਰੀ ਦੁਨੀਆਂ ਓਸ ਵਕਤ ਦਰਸ਼ਨ ਨੂੰ ਆਈ ਹੈ। ਕੋਠਿਆਂ ਉਤੇ ਤੇ ਵੇਹੜੇ ਵਿਚ ਪੈਰ ਧਰਨ ਨੂੰ ਥਾਂ ਨਹੀਂ ਸੀ। ਸਿਖਾਂ ਓਸ ਵਕਤ ਸੱਚੇ ਪਾਤਸ਼ਾਹ ਦਾ ਪਲੰਘ ਸਿਰ ਤੇ ਚੁਕ ਕੇ ਸਾਰਿਆਂ ਨੂੰ ਦਰਸ਼ਨ ਕਰਾਇਆ ਹੈ। ਸੱਜੇ ਪਾਸੇ ਦਾ ਗੇੜ ਸਾਰੇ ਬੱਚਿਆਂ ਤੀਕ ਦਰਸ਼ਨ ਕਰ ਕੇ ਨਿਹਾਲੋ ਨਿਹਾਲ ਹੋਏ ਹਨ। ਧੰਨ ਸੱਚੇ ਪਾਤਸ਼ਾਹ ਦੀ ਅਵਾਜ਼ ਸਾਰਿਆਂ ਦੀ ਰਸਨਾਂ ਵਿਚੋਂ ਨਿਕਲ ਰਹੀ ਹੈ। ਸੰਗਤਾਂ ਓਸ ਵਕਤ ਗੱਜ ਕੇ ਸ਼ਬਦ ਪੜ੍ਹ ਰਹੀਆਂ ਹਨ। ਏਹ ਸਮਾਂ ਵੇਖ ਕੇ ਬੱਦਲ ਵੀ ਬੂੰਦਾਂ ਵਰਸੌਣ ਲੱਗ ਪਏ ਹਨ। ਪਲੰਘ ਸਿਖਾਂ ਨੇ ਫੇਰ ਹੇਠਾਂ ਉਤਾਰ ਕੇ ਰੱਖ ਦਿਤਾ ਹੈ। ਸਾਰੀ ਸਮਗਰੀ ਤਿਆਰ ਕਰ ਕੇ ਸੱਚੇ ਪਾਤਸ਼ਾਹ ਦਾ ਸਸਕਾਰ ਕੀਤਾ ਗਿਆ ਰਾਤ ਦੇ ਸਮੇਂ ਰਾਤ ਨਿਤਰ ਗਈ ਤੇ ਤਾਰੇ ਸੋਭਾ ਪਾ ਰਹੇ ਹਨ। ਏਹ ਸਮਾਂ ਭੁਗਤਾਂ ਕੇ ਫੇਰ ਅਗਲੇ ਦਿਨ ਦੂਰ ਵਾਲੇ ਸਿਖਾਂ ਨੂੰ ਵੀ ਖ਼ਬਰ ਕੀਤੀ ਗਈ। ਜਿੰਨੀ ਪਾਤਸ਼ਾਹ

ਦੀ ਸੰਗਤ ਸੀ, ਦੇਹ ਦਾ ਵਿਛੋੜਾ ਕਰ ਕੇ ਸੰਗਤ ਨੂੰ ਉਦਾਸੀ ਪੈਦਾ ਹੋ ਗਈ ਹੈ। ਫੇਰ ਪਾਤਸ਼ਾਹ ਦਇਆ ਕੀਤੀ ਤੇ ਸੰਗਤ ਵਿਚ ਰੋਜ਼ ਦਰਸ਼ਨ ਦੇਣ ਲਗ ਪਏ, ਤੇ ਬਚਨ ਕਰਨ ਕਿ ਅਸੀਂ ਕਿਤੇ ਗਏ ਨਹੀਂ ਤੁਹਾਡੇ ਪਾਸ ਹੀ ਹਾਂ। ਬਚਨਾਂ ਤੇ ਦਰਸ਼ਨਾਂ ਦੇ ਅਧਾਰ ਨਾਲ ਸਿਖ ਦਿਹਾੜੇ ਗੁਜਾਰਦੇ ਹਨ ਜੀ। ਇਹ ਸਾਰਾ ਵਿਹਾਰ ਕਰ ਕੇ ਸਤਾਰਵੇਂ ਤੋਂ ਬਾਅਦ ਅੰਗੀਠਾ ਸਾਹਿਬ ਪੱਕਾ ਕਰ ਦਿਤਾ ਹੈ। ਪਰਦੱਖਣਾ ਵਾਕਰ ਪਰਦੱਖਣਾ ਬਣਾ ਦਿਤੀ। ਮਰਯਾਦਾ ਅਨੁਸਾਰ ਰਾਤ ਨੂੰ ਘਿਉ ਦਾ ਸ਼ਮੇਦਾਨ ਜਗੌਂਣਾ। ਸਵੇਰੇ ਪੋਚਾ ਫੇਰਨਾ ਤੇ ਧੂਪ ਧੁਖੌਣੀ। ਸੱਚੇ ਪਾਤਸ਼ਾਹ ਤਾਂ ਰੋਜ਼ ਹੀ ਸਿਖਾਂ ਤੇ ਦਇਆ ਕਰਦੇ ਰਹੇ ਹਨ।।

ਮੋਟੇ ਮੋਟੇ ਬਚਨ ਜੇਹੜੇ ਹਨ ਓਹ ਤੇਜਾ ਸਿੰਘ ਲਿਖਾਏ ਹਨ। ਅਸੀਂ ਸੱਚੇ ਪਾਤਸ਼ਾਹ ਦੀਆਂ ਰਮਜਾਂ ਨਹੀਂ ਸਮਝੀਆਂ। ਸਾਰੀ ਸਿਖੀ ਦੇ ਦਿਲ ਵਿਚ ਸੀ ਕਿ ਪਾਤਸ਼ਾਹ ਦੇਹ ਕਰ ਕੇ ਦਿਲੀ ਤੇ ਮਸਤੂਆਣੇ ਜਾਣਗੇ। ਰਾਜਿਆਂ ਨੂੰ ਜੂੜ ਪੌਣਗੇ। ਜੇ ਸਾਨੂੰ ਪਤਾ ਹੁੰਦਾ ਕਿ ਪਾਤਸ਼ਾਹ ਦੇਹ ਛੱਡ ਜਾਣੀ ਹੈ, ਤੇ ਜੋਤ ਕਰ ਕੇ ਏਹ ਵਿਹਾਰ ਕਰਨਾ ਹੈ, ਦੇਹ ਦਾ ਓਹਲਾ ਕਰ ਜਾਣਾ ਹੈ, ਤੇ ਦੇਹ ਹੁੰਦਿਆਂ ਰੱਜ ਕੇ ਮੰਗਾਂ ਮੰਗ ਲੈਂਦੇ। ਜੇਹੜਾ ਸੱਚੇ ਪਾਤਸ਼ਾਹ ਸੰਤ ਮਨੀ ਸਿੰਘ ਤੋਂ ਲਿਖੌਂਦੇ ਸੀ ਕਿ ਅਸੀਂ ੫੦ ਸਾਲ ਮਾਝੇ ਦੇਸ ਵਿਚ ਰਵਾਂਗੇ ਤੇ ੫੦ ਸਾਲ ਵਲੈਤ ਵਿਚ ਰਵਾਂਗੇ, ਓਹ ਬਚਨ ਪੂਰਾ ਭੁਗਤਾ ਦਿਤਾ। ੫੦ ਸਾਲ ਮਾਝੇ ਦੇਸ਼ ਵਿਚ ਰਹੇ ਹਨ ਤੇ ਹੁਣ ਜੋਤ ਸਰੂਪ ਹਨ। ਬਾਬੇ ਮਨੀ ਸਿੰਘ ਦੀ ਲਿਖਤ ਸੀ ਕਿ ਪਾਤਸ਼ਾਹ ਦੇਹ ਕਰ ਕੇ ਕੁਛ ਨਹੀਂ ਕਰਨਾ ਤੇ ਜੋਤ ਰੂਪ ਕਰਨਗੇ। ਬਚਨ ਹੁਣ ਸਾਰੇ ਸਤਿ ਹੋਣ ਡਏ ਹਨ। ਸਿਖ (ਮਹਰਾਜ ਪੂਰਨ ਸਿੰਘ) ਦੇ ਵਿਚ ਪਰਵੇਸ਼ ਹੋ ਕੇ ਨਿਹਕਲੰਕ ਹੋ ਕੇ, ਖੇਡਾਂ ਕਰ ਰਹੇ ਹਨ ਜੀ।।

ਸਾਡੇ ਭੋਲਿਆਂ ਤੇ ਗਰੀਬਾਂ ਲਈ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ। ਸਿਖਾਂ ਦਾ ਤਿਲ ਫੁਲ ਪੂਜਾ ਪਰਵਾਨ ਕਰ ਦੇ ਦਇਆ ਕਰੀ ਜਾਂਦੇ ਹਨ ਜੀ। ਐਸੀ ਸੱਚੇ ਪਾਤਸ਼ਾਹ ਦੇ ਚਰਨਾਮਤ ਵਿਚ ਤਾਕਤ ਸੀ, ਛਕਦਿਆਂ ਸਾਰ ਦੁਖ ਦਲਿੱਦਰ ਦੂਰ ਹੋ ਜਾਂਦੇ ਸੀ। ਕਈਆਂ ਸਿਖਾਂ ਦੇ ਘਰ ੨੦ ਸਾਲ ਦਾ ਚਰਨਾਮਤ ਰੱਖਿਆ ਹੈ। ਓਹਨਾਂ ਦੀ ਕਿਰਪਾ ਨਾਲ ਜਿਉਂ ਦਾ ਤਿਉਂ ਹੈ। ਮਨੀ ਸਿੰਘ ਦੀ ਲਿਖਤ ਹੈ ਕਿ ਜਿਸ ਸਿਖ ਦੇ ਘਰ ਸੱਚੇ ਪਾਤਸ਼ਾਹ ਦੇ ਤਿੰਨ ਵੇਰਾਂ ਚਰਨ ਪਏ ਓਥੇ ਜਰੂਰ ਧਾਮ ਬਣੇਗਾ। ਤੇਜਾ ਸਿੰਘ ਤੇ ਹਰਬੰਸ ਕੌਰ ਦੀ ਸੱਚੇ ਪਾਤਸ਼ਾਹ ਅੱਗੇ ਹੱਥ ਜੋੜ ਕੇ ਬੇਨੰਤੀ ਹੈ ਕਿ ਸੱਚੇ ਪਿਤਾ ਦਿਲਾਂ ਦੀਆਂ ਜਾਨਣ ਵਾਲੇ ਜੋ ਲਗ ਮਾਤਰ ਦੀ ਗਲਤੀ ਹੋਵੇ, ਮਾਫੀ ਦੇਣੀ, ਭੁਲ ਬਖ਼ਸ਼ਣੀ ਤੇ ਸੇਵਾ ਪਰਵਾਨ ਕਰਨੀ। ਤੇਜਾ ਸਿੰਘ, ਦੀਨ ਦਿਆਲ ਤੁਹਾਡੇ ਹੁਕਮ ਨਾਲ ਜਨਮ ਸਾਖੀ ਤੇ ਤੁਹਾਡੀ ਮਹਿੰਮਾ ਲਿਖਾਈ ਹੈ ਤੇ ਹਰਬੰਸ ਕੌਰ ਨੇ ਲਿਖੀ ਹੈ, ਦਇਆ ਕਰਿਉ। ‘‘ਸੱਚੇ ਪਿਤਾ ਹਰ ਵਕਤ ਆਪਣਾ ਤੇ ਆਪਣੀਆਂ ਉਤਮ ਸੰਗਤਾਂ ਦੇ ਦਰਸ਼ਨ ਬਖ਼ਸ਼ੋ ਤੇ ਮਿਹਰ ਦੀ ਨਿਗਾਹ ਰੱਖੋ ਜੀ’’।।

❋

ਬੇਬੇ ਹਰਬੰਸ ਕੌਰ (ਲੇਖਕ)

ਰੰਗ ਰੂਪ ਨਾ ਨਜ਼ਰੀ ਆਏ । ਪੂਰਨ ਵਿਚ ਰਿਹਾ ਸਮਾਏ । ਜੋਤ ਜਗਤ
ਦੀ ਆਪ ਜਲਾਏ। ਆਪਣਾ ਭੇਤ ਨਾ ਕਿਸੇ ਬਤਾਏ । ਆਪਣੀ
ਮਹਿਮਾ ਆਪ ਜਣਾਏ। ਆਪ ਆਪਣੇ ਵਿਚ ਸਮਾਏ । ਕਲਜੁਗ
ਵਿਚ ਇਹ ਕਰਮ ਕਮਾਏ। ਛੱਡੀ ਦੇਹ ਜੋਤ ਰੂਪ ਹੋ ਆਏ।
ਪੂਰਨ ਸਿੰਘ ਦੀ ਦੇਹ ਵਿਚ ਪ੍ਰਭ ਗਿਆ ਸਮਾਏ । · (੧੭ ਮੱਘਰ ੨੦੦੬)

ਸੱਚੇ ਪਾਤਸ਼ਾਹ ਮਹਾਰਾਜ ਪੂਰਨ ਸਿੰਘ ਜੀ
ਸੱਚੇ ਪਾਤਸ਼ਾਹ ਮਹਾਰਾਜ ਪੂਰਨ ਸਿੰਘ ਜੀ