ਪੁਸਤਕਾਲਾਮਾਇਆ ਕਹੇ

੨੪ ਮੱਘਰ ਸ਼ਹਿਨਸ਼ਾਹੀ ੯ ਸ਼ਾਂਤੀ ਦੇਵੀ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੈਨੂੰ ਹੁਕਮ ਦੀ ਹੋਵੇ ਸਖਤੀ, ਸੁਖਨ ਸਚ ਦਿਆਂ ਸੁਣਾਈਆ। ਜਿਸ ਦਾ ਲੇਖਾ ਜਗਤ ਨਹੀਂ ਕੋਈ ਲਖਤੀ, ਲਿਖਣ ਪੜ੍ਹਨ ਵਿਚ ਕਦੇ ਨਾ ਆਈਆ। ਜਿਸ ਦੀ ਇੱਟਾਂ ਪੱਥਰਾਂ ਵਾਲੀ ਨਹੀਂ ਬਸਤੀ, ਛੱਪਰ ਛੰਨ ਨਾ ਕੋਇ ਛੁਹਾਈਆ। ਜੋ ਨਾਮ ਖੁਮਾਰੀ ਦੇਵੇ ਮਸਤੀ, ਮਸਤ ਅਲਮਸਤ ਬਣਾਈਆ। ਓਹਦੀ ਨਜ਼ਰ ਆਵੇ ਹਸਤੀ, ਜੋ ਹਸਤ ਕੀਟਾਂ ਵੇਖ ਵਖਾਈਆ। ਜਿਸ ਦੀ ਰਹਿਮਤ ਬੜੀ ਸਸਤੀ, ਬਿਨ ਕੀਮਤ ਝੋਲੀ ਪਾਈਆ। ਮੈਂ ਓਸੇ ਦੇ ਹੁਕਮ ਵਿਚ ਫਿਰਾਂ ਨੱਸਦੀ, ਭੱਜਾਂ ਵਾਹੋ ਦਾਹੀਆ। ਨਵਾਂ ਨਵਾਂ ਸੰਦੇਸ਼ਾ ਦੱਸਦੀ, ਦਹਿ ਦਿਸ਼ਾ ਦਿਸ਼ਾ ਦ੍ਰਿੜਾਈਆ। ਦੁਨੀਆਂਦਾਰੋ ਓਸੇ ਦੇ ਹੁਕਮ ਦੀ ਧਾਰ ਸਭ ਦੀ ਲਿਆਏ ਕੰਮਬਖ਼ਤੀ, ਬਖ਼ਤਾਵਰ ਰਹਿਣ ਕੋਇ ਨਾ ਪਾਈਆ। ਮੇਰੀ ਆਸ਼ਾ ਨਹੀਂ ਕਿਸੇ ਪੱਖ ਦੀ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਮੈਂ ਖੇਲ ਤੱਕਾਂ ਧਰਤੀ ਵਾਲੇ ਭੱਖ ਦੀ, ਚਾਰੋਂ ਕੁੰਟ ਅਗਨ ਤਪਾਈਆ। ਇਹ ਖੇਲ ਉਸ ਦੀ ਪਕ ਦੀ, ਜੋ ਪੱਕੀ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਬਣਾਈਆ। ਮੈਂ ਹਕੀਕਤ ਦੱਸਾਂ ਹੱਕ ਦੀ, ਸਚ ਦਿਆਂ ਸੁਣਾਈਆ। ਮੇਰੀ ਆਸ਼ਾ ਅੰਦਰੋਂ ਘਟਦੀ, ਘਟ ਘਟ ਰਹੀ ਦ੍ਰਿੜਾਈਆ। ਵਡਿਆਈ ਰਹਿਣੀ ਨਹੀਂ ਕਿਸੇ ਕਾਇਆ ਮਟ ਦੀ, ਮਟਕੇ ਖਾਲੀ ਵੇਖ ਵਖਾਈਆ। ਓਹਦੀ ਖੇਲ ਹੋਣੀ ਦੋ ਫਟ ਦੀ, ਫੱਟੜ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਾ ਵਰਤਣੀ ਪੁਰਖ ਸਮਰਥ ਦੀ, ਸਮਰਥ ਆਪਣਾ ਹੁਕਮ ਵਰਤਾਈਆ।

❋

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਦੇਵਾ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਮੇਰੇ ਨਾਲ ਮਿਲਾਓ ਹੱਥ, ਹਥੇਲੀ ਹਥੇਲੀ ਨਾਲ ਜੁੜਾਈਆ। ਸਾਡਾ ਦੋਹਾਂ ਦਾ ਇਕੋ ਪੁਰਖ ਸਮਰਥ, ਪਿਤਾ ਅਕਾਲ ਦਿਆਲ ਸੋਭਾ ਪਾਈਆ। ਜਿਸ ਦੀ ਸਤਿ ਸਚ ਦੀ ਅੰਤਰ ਪਾਈ ਨੱਥ, ਨਾਤਾ ਬਿਧਾਤਾ ਹੋ ਕੇ ਲਿਆ ਜੁੜਾਈਆ। ਆਪਣੀ ਮਹਿੰਮਾ ਦੱਸ ਅਕੱਥ, ਦੀਨ ਦੁਨੀ ਤੋਂ ਬਾਹਰ ਸਮਝਾਈਆ। ਜਗਤ ਜਹਾਨ ਚਲਾ ਕੇ ਧੁਰ ਦਾ ਰਥ, ਰਥਵਾਹੀ ਬਣਿਆ ਧੁਰ ਦਾ ਮਾਹੀਆ। ਜਿਸ ਕੂੜ ਕੁੜਿਆਰਾ ਦੇਣਾ ਮਥ, ਮਥਨ ਕਰੇ ਲੋਕਾਈਆ। ਉਸੇ ਦੇ ਸਰਨ ਜਾਈਏ ਢੱਠ, ਨਿਵ ਨਿਵ ਲਾਗੀਏ

ਪਾਈਆ। ਜੋ ਝਗੜਾ ਮੁਕਾਏ ਤਤ ਅੱਠ, ਅਠੋਤਰੀ ਮਾਲਾ ਦੀ ਲੋੜ ਨਾ ਕੋਇ ਰਖਾਈਆ । ਸਾਡੇ ਹਿਰਦੇ ਜਾਵੇ ਵਸ, ਸਾਚਾ ਘਰ ਸੁਹਾਈਆ। ਅੰਮ੍ਰਿਤ ਦੇਵੇ ਰਸ, ਝਿਰਨਾ ਨਿਝਰ ਝਿਰਾਈਆ। ਤੀਰ ਮਾਰੇ ਕਸ, ਅਣਿਆਲਾ ਆਪ ਚਲਾਈਆ। ਜਨ ਭਗਤੋ ਤੁਹਾਡਾ ਕਰੇ ਜਸ, ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ।

ਮਾਇਆ ਕਹੇ ਜਨ ਭਗਤੋ ਮੇਰੇ ਨਾਲ ਹੋਵੋ ਬਗਲਗੀਰ, ਬਗਲੀ ਜਗਤ ਕੂੜ ਤਜਾਈਆ। ਤੁਹਾਡਾ ਮੇਰਾ ਇਕੋ ਅਗੰਮਾ ਪੀਰ, ਜੋ ਪਰਾ ਪਸੰਤੀ ਮਧਮ ਬੈਖਰੀ ਬਾਹਰ ਡੇਰਾ ਲਾਈਆ। ਜਿਸ ਦਾ ਸ਼ਰਅ ਵਾਲਾ ਨਹੀਂ ਕੋਈ ਜੰਜੀਰ, ਸ਼ਰੀਅਤਾਂ ਡੇਰਾ ਢਾਹੀਆ। ਚਰਨ ਕਵਲ ਦੇ ਕੇ ਧੀਰ, ਧੀਰਜ ਰਿਹਾ ਧਰਾਈਆ। ਅੰਮ੍ਰਿਤ ਬਖ਼ਸ਼ ਕੇ ਸੀਰ, ਰਸ ਆਪਣਾ ਆਪ ਚਖਾਈਆ। ਤੁਸੀਂ ਮੇਰੇ ਲਾਡਲੇ ਬਣੋ ਵੀਰ, ਵੀਰਨੋਂ ਦਿਆਂ ਜਣਾਈਆ। ਮੈਂ ਤੁਹਾਡੇ ਨਾਲ ਉਸ ਦੀ ਸਿਫ਼ਤ ਕਰਾਂ ਤਕਰੀਰ, ਤਹਿਰੀਰ ਨਾਲ ਚਤੁਰਾਈਆ। ਜਿਸ ਸ਼ਾਹ ਬਣਾਉਣਾ ਹਕੀਰ, ਹਕੀਰ ਹਕੀਰਾਂ ਵੇਖ ਵਖਾਈਆ। ਸਭ ਦੇ ਵੇਖੇ ਬਸਤਰ ਚੀਰ , ਚਿੰਰੀ ਵਿਛੁੰਨਿਆਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਈਆ।

ਮਾਇਆ ਕਹੇ ਜਨ ਭਗਤੋ ਤੁਹਾਡਾ ਮੇਰੇ ਨਾਲ ਹੋਵੇ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਮੇਰਾ ਆਦਿ ਤੋਂ ਸੋਹੰ ਜਾਪ, ਤੁਸਾਂ ਕਲਜੁਗ ਅੰਤਮ ਕਰੀ ਪੜ੍ਹਾਈਆ। ਸਾਡਾ ਦੋਹਾਂ ਦਾ ਇਕੋ ਤਾਕ, ਦਰ ਦਰਵਾਜਾ ਇਕੋ ਨਜ਼ਰੀ ਆਈਆ। ਇਕੋ ਸਾਂਝਾ ਬਾਪ, ਇਕੋ ਜਨਮ ਵਾਲੀ ਮਾਈਆ। ਜੋ ਪਤ ਸਾਡੀ ਲਏ ਰਾਖ, ਸਿਰ ਸਿਰ ਆਪਣਾ ਹੱਥ ਟਿਕਾਈਆ। ਉਸ ਦਾ ਦਰਸ਼ਨ ਕਰ ਲਓ ਸਾਖਿਆਤ, ਸਨਮੁਖ ਬੈਠਾ ਧੁਰ ਦਾ ਮਾਹੀਆ। ਜਿਸ ਕਲਜੁਗ ਮੇਟਣੀ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਨੌ ਖੰਡ ਪ੍ਰਿਥਮੀ ਕਰਨੀ ਇਕ ਜਮਾਤ, ਏਕਾ ਅੱਖਰ ਦਏ ਪੜ੍ਹਾਈਆ। ਓਹ ਤੁਹਾਡੀ ਪੁਛਣ ਆਇਆ ਵਾਤ, ਜੁਗ ਜਨਮ ਦੇ ਵਿਛੜਿਓ ਤੁਹਾਨੂੰ ਲਏ ਮਿਲਾਈਆ। ਤੁਹਾਡੀ ਅਗਲੀ ਕੱਟ ਕੇ ਵਾਟ, ਪੈਂਡਾ ਪੰਧ ਰਿਹਾ ਮੁਕਾਈਆ। ਤੁਸਾਂ ਸਚਖੰਡ ਦੀ ਸੌਣਾ ਸਾਚੀ ਖਾਟ, ਖਟੀਆ ਕੂੜ ਜਗਤ ਤਜਾਈਆ। ਓਹ ਘਰ ਘਰ ਗ੍ਰਹਿ ਗ੍ਰਹਿ ਦਰ ਦਰ ਗਰੀਬ ਨਿਮਾਣਿਆਂ ਪੁਛੇ ਵਾਤ, ਆਪ ਆਪਣਾ ਪੰਧ ਮੁਕਾਈਆ। ਜਿਸ ਦੀ ਯਾਦ ਵਿਚ ਤੁਸੀਂ ਗਾਉਂਦੇ ਗਾਥ, ਓਹ ਤੁਹਾਡਾ ਲੇਖਾ ਆਪਣੇ ਹੱਥ ਰਖਾਈਆ। ਤੁਹਾਡੇ ਲਹਿਣੇ ਦੇਣੇ ਵੇਖਣਹਾਰ ਪੁਰਖ ਸਮਰਾਥ, ਪਾਰਬ੍ਰਹਮ ਆਪਣੀ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਚੜ੍ਹਾਏ ਰਾਥ, ਰਥਵਾਹੀ ਆਪਣਾ ਰਥ ਚਲਾਈਆ।

❋

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਚਰਨਜੀਤ ਸਿੰਘ ਦੇ ਗ੍ਰਹਿ
ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਮੇਰੇ ਨਾਲ ਮਿਲਾਓ ਪੰਜਾ, ਪੰਜਾਂ ਤੱਤਾਂ ਮਿਲੇ ਵਡਿਆਈਆ। ਹਰਖ ਸੋਗ ਰਹੇ ਨਾ ਰੰਜਾ, ਰੰਜਸ਼ ਅੰਦਰੋਂ ਦਏ ਗੁਵਾਈਆ। ਜੋ ਗੋਬਿੰਦ ਇਸ਼ਾਰਾ ਕੀਤਾ ਕਵੀ ਬਵਿੰਜਾ, ਬਾਵਨ ਧਾਰ ਸਭ ਨੂੰ ਦਏ ਵਡਿਆਈਆ। ਜੋ ਲੇਖ ਲਿਖਾਇਆ ਧਾਰ ਸਮਝਾਇਆ ਵਿਚ ਛਪੰਜਾ, ਇਕ ਸਤ ਨਾਲ ਵਡਿਆਈਆ। ਓਹਦਾ ਲੇਖਾ ਨਹੀਂ ਨਾਲ ਕਾਰੂ ਗੰਜਾ, ਜਗਤ ਮਮਤਾ ਨਾ ਕੋਇ ਵਡਿਆਈਆ। ਤੁਹਾਡਾ

ਸ਼ਰਅ ਦਾ ਲਏ ਕੋਈ ਨਾ ਚੰਦਾ, ਚੰਦ ਚਾਂਦਨੇ ਦਿਤੇ ਚਮਕਾਈਆ। ਤੁਹਾਡਾ ਅੰਦਰੋਂ ਖੋਲ੍ਹ ਕੇ ਜੰਦਾ, ਤ੍ਰੈਕਟੀ ਦਾ ਲੇਖਾ ਦਿਤਾ ਮੁਕਾਈਆ। ਤਨ ਵਜੂਦ ਰਿਹਾ ਨਾ ਅੰਧਾ, ਅੰਧ ਅੰਧੇਰ ਦਿਤਾ ਮੁਕਾਈਆ। ਤੂੰ ਮੇਰਾ ਮੈਂ ਤੇਰਾ ਜਪਾ ਕੇ ਛੰਦਾ, ਦੋਹਰੀ ਆਪਣੀ ਖੇਲ ਖਿਲਾਈਆ। ਝਗੜਾ ਮੁਕਾ ਕੇ ਜੇਰਜ ਅੰਡਾ, ਉਤਭੁਜ ਸੇਤਜ ਲੇਖਾ ਰਿਹਾ ਨਾ ਰਾਈਆ। ਤੁਹਾਨੂੰ ਇਕੋ ਪ੍ਰੇਮ ਫੜਾ ਡੰਡਾ, ਡੰਡਾਵਤ ਦਿਤੀ ਬਦਲਾਈਆ। ਝਗੜਾ ਮੁਕਾ ਕੇ ਵਿਚ ਵਰਭੰਡਾ, ਬ੍ਰਹਿਮੰਡਾਂ ਪੰਧ ਮੁਕਾਈਆ। ਨਿਜ ਆਤਮ ਦੇ ਅਨੰਦਾ, ਅਨੰਦ ਅਨੰਦ ਵਿਚੋਂ ਵਖਾਈਆ। ਦਰਸ਼ਨ ਦੇਵੇ ਗੁਣੀ ਗਹਿੰਦਾ, ਅੰਦਰ ਵੜ ਕੇ ਸੁਤਿਆਂ ਲਏ ਜਗਾਈਆ। ਇਹ ਦਸਮ ਦੁਵਾਰੀ ਦਾ ਖੇਲ ਬਿਨਾ ਮੰਜਾ, ਆਸਣ ਨਜ਼ਰ ਕਿਸੇ ਨਾ ਆਈਆ। ਸਾਧ ਸੰਤ ਏਸੇ ਕਾਰਨ ਖੜਦੇ ਇਕ ਇਕ ਟੰਗਾ, ਇਕ ਟੰਗਿਆ ਹੱਥ ਕਿਛ ਨਾ ਆਈਆ। ਸਿਰ ਵਿਚ ਪਾਣੀ ਪਾਉਂਦੇ ਠੰਢਾ, ਜਲਧਾਰਾ ਵਿਚ ਰੋਵਣ ਮਾਰਨ ਧਾਹੀਆ। ਅਗਨੀ ਨਾਲ ਸਾੜਦੇ ਪਿੰਡਾ, ਧੂਣੀਆਂ ਜਗਤ ਤਪਾਈਆ। ਘਰ ਬਾਹਰ ਛੱਡ ਕੇ ਦੁੱਖ ਦੇਵਣ ਜੀਉ ਪਿੰਡਾ, ਤਤਵ ਤਤ ਤਤ ਤਪਾਈਆ। ਬਿਨਾ ਕਿਰਪਾ ਤੋਂ ਮਿਲੇ ਕਿਸੇ ਨਾ ਗੁਣੀ ਗਹਿੰਦਾ, ਗਹਿਰ ਗੰਭੀਰ ਨਜ਼ਰ ਕਿਸੇ ਨਾ ਆਈਆ। ਜਨ ਭਗਤੋ ਬਿਨਾਂ ਭਗਤੀਉਂ ਤੁਹਾਨੂੰ ਕੀਤਾ ਛਿੰਘਾ, ਪਿਆਰੇ ਬੱਚੇ ਗੋਦੀ ਵਿਚ ਉਠਾਈਆ। ਜੀਉਦਿਆਂ ਮਰਨ ਦੀ ਮੇਟੀ ਚਿੰਦਾ, ਮਰ ਕੇ ਜੀਵਤ ਰੂਪ ਪ੍ਰਭ ਦੇ ਵਿਚ ਦਰਸਾਈਆ। ਅੰਮ੍ਰਿਤ ਰਸ ਦੇ ਕੇ ਸਾਗਰ ਸਿੰਧਾ, ਜਗਤ ਤ੍ਰਿਸ਼ਨਾ ਦਿਤੀ ਬੁਝਾਈਆ। ਤੁਹਾਡਾ ਰਾਹ ਤੱਕਦਾ ਸੁਰਪਤ ਇੰਦਾ, ਕਰੋੜ ਤੇਤੀਸਾ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਭਗਤ ਸੁਹੇਲਾ ਬਿੰਦਾ, ਬਿੰਦਰਾਬਨ ਦਾ ਕਾਹਨ ਅੱਖ ਉਠਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਓਹ ਪ੍ਰਭੂ ਸਾਹਿਬ ਸਦਾ ਬਖ਼ਸ਼ਿੰਦਾ, ਬਖ਼ਸ਼ਣਹਾਰ ਅਖਵਾਈਆ। ਜੋ ਪਰਗਟ ਹੋਇਆ ਵਿਚ ਹਿੰਦਾ, ਪੇਸ਼ੀਨਗੋਈਆਂ ਸਾਡੀਆਂ ਲੇਖੇ ਪਾਈਆ। ਓਸ ਦੀ ਪੰਜ ਸਾਲ ਅਜੇ ਹੋਏਗੀ ਨਿੰਦਾ, ਫੇਰ ਸਾਰੇ ਲੱਭਣ ਥਾਉਂ ਥਾਈਂਆ। ਜਿਸ ਦਾ ਮਾਰਗ ਹੁਣ ਉਸ ਨੂੰ ਦਿਸਦਾ ਡਿੰਗਾ, ਸਿਧਾ ਰਾਹ ਸਰਬ ਦਏ ਸਮਝਾਈਆ। ਹੁਣ ਗੁਰਮੁਖ ਵਿਰਲੇ ਭਗਤ ਸੁਹੇਲੇ ਜਿਸ ਨੂੰ ਜਗਤ ਕਹੇ ਟਿੰਗਾ, ਚਾਰੋਂ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਮਾਇਆ ਕਹੇ ਜਨ ਭਗਤੋ ਇਕ ਦੂਜੇ ਦੀ ਲੱਗੀਏ ਨਾਲ ਛਾਤੀ, ਛਤਰਧਾਰੀ ਦਇਆ ਕਮਾਈਆ। ਸਭ ਦਾ ਮਾਲਕ ਇਕੋ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਦਰਸ਼ਨ ਦੇਵੇ ਸੁਤਿਆਂ ਰਾਤੀਂ, ਦਿਨੇ ਜਾਗਦਿਆਂ ਨਜ਼ਰੀ ਆਈਆ। ਉਸ ਦੀ ਜਗਤ ਵਾਲੀ ਨਹੀਂ ਕੋਈ ਜਾਤੀ, ਦੀਨਾਂ ਵੰਡ ਨਾ ਕੋਇ ਵੰਡਾਈਆ। ਓਹ ਆਇਆ ਲੋਕਮਾਤੀ, ਮਤਾ ਆਪਣੇ ਨਾਲ ਪਕਾਈਆ। ਤੁਹਾਡੀ ਅੰਤਮ ਪੁਛੇ ਵਾਤੀ, ਵਾਤਾਵਰਨ ਤੱਕੇ ਖ਼ਲਕ ਖ਼ੁਦਾਈਆ। ਮਾਇਆ ਕਹੇ ਮੈਂ ਉਸੇ ਦੇ ਪਿਆਰ ਵਿਚ ਧੋਤੀ ਨਹਾਤੀ, ਆਪਣੀ ਆਪ ਲਈ ਅੰਗੜਾਈਆ। ਜਿਸ ਝਗੜਾ ਮੇਟਣਾ ਕਾਗਜ਼ਾਤੀ, ਕਲਮ ਸ਼ਾਹੀ ਦੇ ਲੇਖੇ ਦਏ ਮੁਕਾਈਆ। ਜਿਸ ਦਾ ਲਹਿਣਾ ਦੇਣਾ ਨਬਾਤਾਤੀ, ਵੇਖਣਹਾਰਾ ਥਾਉਂ ਥਾਈਂਆ। ਓਹ ਜਨ ਭਗਤੋ ਤੁਹਾਡਾ ਬਣ ਗਿਆ ਸਾਥੀ, ਸਗਲਾ ਸੰਗ ਬਣਾਈਆ। ਜਿਸ ਦੇ ਚਰਨ ਚੁੰਮੇ ਐਰਾਪਤ ਹਾਥੀ, ਦੱਖਣ ਦਿਸ਼ਾ ਰਾਹ ਤਕਾਈਆ। ਓਹ ਪੰਧ ਮਾਰ ਕੇ ਵਾਟੀ, ਭੱਜਿਆ ਧੁਰਦਰਗਾਹੀਆ। ਭਾਗ ਲਗਾ ਕੇ ਕਾਇਆ ਮਾਟੀ, ਤੱਤਾਂ ਵਾਲਿਆਂ ਦਏ ਵਡਿਆਈਆ। ਤੁਸਾਂ ਅੰਮ੍ਰਿਤ ਰਸ ਲੈਣਾ ਚਾਟੀ, ਚੇਟਕ ਅਵਰ ਨਾ ਕੋਇ ਰਖਾਈਆ। ਜਿਸ ਦਾ ਖੇਲ ਬਾਜ਼ੀਗਰ ਨਾਟੀ, ਨਟੂਆ ਆਪਣਾ ਸਵਾਂਗ ਵਰਤਾਈਆ। ਜਨ ਭਗਤੋ ਤੁਹਾਡੀ ਮਨਜ਼ੂਰ ਕਰ ਕੇ ਬਾਡੀਆਂ ਵਾਲੀ ਖਾਟੀ, ਬੈਠਾ ਸੋਭਾ ਪਾਈਆ। ਰੁੱਖੀ ਸੁੱਖੀ ਖਾ ਚਪਾਤੀ, ਚਾਰ ਜੁਗ ਦਾ ਲੇਖ ਮੁਕਾਈਆ। ਪਾਣੀ ਪੀ ਕੇ ਠੰਡਾ ਵਿਚ ਬਾਟੀ, ਆਨ ਬਾਟ ਦਾ ਝਗੜਾ ਰਿਹਾ ਮੁਕਾਈਆ। ਤੁਹਾਡੇ ਨਾਲ ਫਿਰਦਾ ਜਿਉਂ ਲਾਗੀ ਫਿਰਨ ਵਿਚ ਬਰਾਤੀ, ਗੁਰਮੁਖ ਲਾੜੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ।

ਮਾਇਆ ਕਹੇ ਜਨ ਭਗਤੋ ਭੇਵ ਸਮਝੋ ਇਕ ਤੁਕ ਦੇ, ਜੋ ਤੁਹਾਨੂੰ ਦਿਤੀ ਸਮਝਾਈਆ। ਜੇ ਤੁਸੀਂ ਉਸ ਪ੍ਰਭੂ ਨੂੰ ਨਹੀਂ ਝੁਕਦੇ, ਓਹ ਤੁਹਾਨੂੰ ਝੁਕ ਝੁਕ ਸੀਸ ਨਿਵਾਈਆ। ਜੇ ਤੁਹਾਡੇ ਪੈਂਡੇ ਨਹੀਂ ਸੀ ਮੁਕਦੇ, ਫੜ ਬਾਹੋਂ ਪਾਰ ਕਰਾਈਆ। ਤੁਸੀਂ ਹੁਣ ਲੁਕਿਆਂ ਨਹੀਂ ਜੇ ਲੁਕਦੇ, ਓਹਲੇ ਪੜਦੇ ਦਏ ਉਠਾਈਆ। ਤੁਸਾਂ ਮਾਣ ਲੈ ਲਏ ਲਾਡਲੇ ਪੁਤ ਦੇ, ਪਿਤਾ ਪੂਤ ਗੋਦ ਉਠਾਈਆ। ਇਹ ਖੇਲ ਅਬਿਨਾਸ਼ੀ ਅਚੁਤ ਦੇ, ਚੇਤਨ ਸਭ ਨੂੰ ਰਿਹਾ ਕਰਾਈਆ। ਵਕਤ ਰਹਿਣੇ ਨਹੀਂ ਕਲਜੁਗ ਵਾਲੇ ਦੁੱਖ ਦੇ, ਦੁਖੀਆਂ ਦੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣੇ ਮੇਟੇ ਆਵਣ ਜਾਵਣ ਉਲਟੇ ਰੁਖ਼ ਦੇ, ਅਗਨੀ ਤਤ ਨਾ ਕੋਇ ਤਪਾਈਆ।

❋

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਇੰਦਰ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਪ੍ਰਭ ਚਰਨ ਲਾਓ ਧੂੜ, ਮਸਤਕ ਟਿੱਕੇ ਧੂੜੀ ਖ਼ਾਕ ਰਮਾਈਆ। ਜੋ ਚਤੁਰ ਸੁਘੜ ਬਣਾਏ ਮੂਰਖ ਮੂੜ, ਮਾਇਆ ਮਮਤਾ ਮੋਹ ਦਏ ਗੁਵਾਈਆ। ਨਾਤਾ ਤੁੜਾਏ ਕੂੜੋ ਕੂੜ, ਆਤਮ ਪਰਮਾਤਮ ਮੇਲ ਮਿਲਾਏ ਸਹਿਜ ਸੁਬਾਈਆ। ਜੋਤੀ ਧਾਰ ਬਖ਼ਸ਼ ਕੇ ਨੂਰ, ਨੂਰ ਨੁਰਾਨਾ ਡਗਮਗਾਈਆ। ਸ਼ਬਦ ਅਨਾਦੀ ਦੇਵੇ ਤੂਰ, ਧੁਨ ਆਤਮਕ ਰਾਗ ਸੁਣਾਈਆ। ਹਉਮੇ ਹੰਗਤਾ ਗੜ ਤੋੜੇ ਗਰੂਰ, ਨਿਵੁਸ ਸੁ ਅੱਖਰ ਇਕ ਸਮਝਾਈਆ। ਮਨੂਆ ਮਨ ਨਾ ਪਾਏ ਫਤੂਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਨਿਰਗੁਣ ਨਿਰਵੈਰ ਦੇਵੇ ਦਰਸ ਜਰੂਰ, ਘਰ ਮੰਦਰ ਅੰਦਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਵ ਆਪ ਖੁਲ੍ਹਾਈਆ।

ਮਾਇਆ ਕਹੇ ਜਨ ਭਗਤੋ ਪ੍ਰਭ ਦੇ ਪਰਸੋ ਚਰਨ, ਮਿਲੇ ਕਵਲ ਕਵਲ ਸਰਨਾਈਆ। ਨੇਤਰ ਖੁਲ੍ਹੇ ਹਰਨ ਫਰਨ, ਨਿਜ ਲੋਚਨ ਕਰੇ ਰੁਸ਼ਨਾਈਆ । ਝਗੜਾ ਮੁਕਾਏ ਮਰਨ ਡਰਨ, ਆਵਣ ਜਾਵਣ ਰਹੇ ਨਾ ਰਾਈਆ। ਸਾਚੀ ਮੰਜ਼ਲ ਦੱਸੇ ਚੜ੍ਹਨ, ਅੱਧਵਿਚਕਾਰ ਨਾ ਕੋਇ ਅਟਕਾਈਆ। ਗੜ੍ਹ ਤੋੜ ਹੰਕਾਰੀ ਗੜਨ, ਹਉਮੇ ਹੰਗਤਾ ਦਏ ਮਿਟਾਈਆ। ਤੂੰ ਮੇਰਾ ਮੈਂ ਤੇਰਾ ਜਿਸ ਦੀ ਧਾਰ ਸਾਰੇ ਪੜ੍ਹਨ, ਨਾਮ ਨਿਧਾਨਾ ਦਏ ਸਮਝਾਈਆ। ਸਚ ਸੁਵਾਮੀ ਮਿਲੇ ਘਰਨ, ਤਨ ਮੰਦਰ ਅੰਦਰ ਦਏ ਵਖਾਈਆ। ਝਗੜਾ ਮੇਟੇ ਮਰਨ ਡਰਨ, ਜਾਤ ਪਾਤੀ ਪੰਧ ਰਹੇ ਨਾ ਰਾਈਆ। ਸਚ ਸੁਵਾਮੀ ਅੰਤਰਜਾਮੀ ਧੁਰ ਦੀ ਬਖ਼ਸ਼ੇ ਇਕੋ ਸਰਨ, ਸਰਨਗਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ।

ਮਾਇਆ ਕਹੇ ਜਨ ਭਗਤੋ ਇਕੋ ਇਸ਼ਟ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋ ਅੰਧ ਅੰਧੇਰ ਮੇਟੇ ਅੰਧੇਰੀ ਰਾਤੀ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸ਼ਬਦ ਨਿਧਾਨਾ ਦੇਵੇ ਦਾਤੀ, ਦਇਆਵਾਨ ਆਪ ਵਰਤਾਈਆ। ਅੰਮ੍ਰਿਤ ਬਖ਼ਸ਼ੇ ਬੂੰਦ ਸੁਵਾਂਤੀ, ਕਵਲ ਨਾਭੀ ਝਿਰਨਾ ਆਪ ਝਿਰਾਈਆ। ਮਾਨਸ ਜਨਮ ਪੁੱਛੇ ਵਾਤੀ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ। ਦਰਸ਼ਨ ਦੇਵੇ ਇਕ ਇਕਾਂਤੀ, ਏਕੰਕਾਰਾ ਪੜਦਾ ਲਾਹੀਆ। ਆਤਮ ਪਰਮਾਤਮ ਖੋਲ੍ਹ ਕੇ ਤਾਕੀ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਧਾਰ ਬਣ ਕੇ ਸਾਥੀ, ਸਗਲਾ ਸੰਗ ਵਖਾਈਆ। ਰਾਏ ਧਰਮ ਦੀ ਕੱਟੇ ਫਾਸੀ, ਚੁਰਾਸੀ ਮਿਲੇ ਨਾ ਕੋਈ ਸਜਾਈਆ। ਮੇਲ ਮਿਲਾਏ ਸਚਖੰਡ ਨਿਵਾਸੀ, ਦਰਗਾਹ ਸਾਚੀ ਦਏ ਵਡਿਆਈਆ। ਜਿਥੇ ਇਕੋ ਨੂਰ ਜੋਤ ਪਰਕਾਸ਼ੀ, ਨੂਰ ਨੁਰਾਨਾ ਨੂਰ

ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਕਾਲਾ ਦੀਨ ਦਿਆਲਾ ਲੇਖਾ ਜਾਣੇ ਲੋਕਮਾਤੀ, ਧਰਨੀ ਧਰਤ ਧਵਲ ਧੌਲ ਵੇਖਣਹਾਰਾ ਥਾਉਂ ਥਾਈਂਆ।

❋

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਜੀਤ ਸਿੰਘ ਦੇ ਗ੍ਰਹਿ
ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੇਰਾ ਮਾਲਕ ਅਲਖ ਅਭੇਵਾ, ਅਗੋਚਰ ਅਗੰਮ ਅਥਾਹ ਬੇਪਰਵਾਹੀਆ। ਜੋ ਵਸਣਹਾਰਾ ਨੇਹਚਲ ਧਾਮ ਸਦਾ ਨੇਹਕੇਵਾ, ਦਰਗਹ ਸਾਚੀ ਸਚਖੰਡ ਸੋਭਾ ਪਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਕਰਾਂ ਸੇਵਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਾਂ ਵਾਹੋ ਦਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਦੇਵਣਹਾਰਾ ਅੰਮ੍ਰਿਤ ਰਸ ਮੇਵਾ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਜਿਸ ਦੀ ਸਿਫ਼ਤ ਕਰ ਸਕੇ ਨਾ ਕੋਈ ਰਸਨਾ ਜੇਹਵਾ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਓਹ ਜਨ ਭਗਤੋ ਮਸਤਕ ਕੌਸਤਕ ਮਨੀਆਂ ਲਾਵੇ ਥੇਵਾ, ਥਿਰ ਘਰ ਵਾਸੀ ਹੋਏ ਸਹਾਈਆ। ਜੋ ਆਦਿ ਪੁਰਖ ਅਪਰੰਪਰ ਸੁਵਾਮੀ ਸਭ ਦਾ ਦੇਵੀ ਦੇਵਾ, ਦੇਵ ਆਤਮਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ।

ਮਾਇਆ ਕਹੇ ਜਨ ਭਗਤੋ ਮੇਰਾ ਸਾਹਿਬ ਸੁਵਾਮੀ ਰੰਗਲਾ, ਹਰਿ ਕਰਤਾ ਮੀਤ ਮੁਰਾਰ। ਜਿਸ ਦਾ ਅਗੰਮ ਅਗੋਚਰ ਬੰਗਲਾ, ਸਚਖੰਡ ਦੁਵਾਰ ਧੁਰ ਦਰਬਾਰ। ਜਿਥੇ ਸ਼ਬਦੀ ਧਾਰ ਚਾਰ ਮੰਗਲਾ, ਸਰੋਤੇ ਬਣੇ ਪੈਗ਼ੰਬਰ ਗੁਰ ਅਵਤਾਰ। ਮੈਂ ਉਸ ਨੂੰ ਕਰਾਂ ਬੰਦਨਾ, ਨਿਵ ਨਿਵ ਨਿਮਸਕਾਰ। ਜਿਸ ਕਲਜੁਗ ਅੰਤਮ ਸਭ ਦੇ ਕੱਟਣੇ ਫੰਦਨਾ, ਦੂਈ ਦਵੈਤੀ ਦਏ ਨਿਵਾਰ। ਜਿਸ ਨੌਂ ਖੰਡ ਦਾ ਦੁਵਾਰ ਲੰਘਣਾ, ਧਰਨੀ ਧਰਤ ਧਵਲ ਧੌਲ ਪਾਵੇ ਸਾਰ। ਗੁਰਮੁਖਾਂ ਚਰਨ ਧੂੜ ਕਰਾਏ ਮੰਜਨਾ, ਦੁਰਮਤ ਮੈਲ ਦਏ ਉਤਾਰ। ਹਰਿਜਨ ਸਾਚੇ ਬਣ ਕੇ ਸੱਜਣਾ, ਲੇਖਾ ਜਾਣੇ ਵਿਚ ਸੰਸਾਰ। ਜਿਸ ਗਰੀਬ ਨਿਮਾਣਿਆਂ ਪੜਦਾ ਕੱਜਣਾ, ਵੇਖੇ ਵੇਖਣਹਾਰ ਨਰ ਨਿਰੰਕਾਰ। ਓਹ ਮੂਰਤ ਗੋਪਾਲ ਮੋਹਨ ਮਧਨਾ, ਸ਼ਾਹ ਪਾਤਸ਼ਾਹ ਸਚੀ ਸਰਕਾਰ। ਜਿਸ ਦਾ ਇਕੋ ਫਤਹਿ ਡੰਕਾ ਵੱਜਣਾ, ਦੋ ਜਹਾਨਾਂ ਕਰੇ ਖ਼ਬਰਦਾਰ, ਜਿਸ ਦੇ ਹੁਕਮ ਵਿਚ ਵਿਸ਼ਨ ਬ੍ਰਹਮਾ ਸ਼ਿਵ ਉਠ ਉਠ ਭੱਜਣਾ, ਰਾਏ ਧਰਮ ਚਿਤਰ ਗੁਪਤ ਲਏ ਹੁਲਾਰ। ਓਹ ਸਾਹਿਬ ਸੁਵਾਮੀ ਸੂਰਾ ਸਰਬੱਗਣਾ, ਕਲ ਕਲਕੀ ਹੋਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਨਾ ਅੰਤਾ ਏਕੰਕਾਰ ਸ੍ਰੀ ਭਗਵੰਤਾ ਬੇਪਰਵਾਹੀਆ।

❋

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਗੁਰਮੁਖ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਜਨ ਭਗਤ ਕਹਿਣ ਪ੍ਰਭ ਕਿਰਪਾ ਕੀਤੀ ਮਹਾਨ, ਮਾਇਆ ਮਮਤੀਏ ਤੈਨੂੰ ਦਈਏ ਜਣਾਈਆ। ਸਚ ਪ੍ਰੀਤੀ ਦੇ ਕੇ ਦਾਨ, ਦਾਤੇ ਦਾਨੀ ਦਿਤੀ ਵਡਿਆਈਆ। ਸਾਨੂੰ ਧਰਮ ਦੇ ਬਣਾ ਕੇ ਕਾਹਨ, ਸਿਰ

ਆਪਣਾ ਹੱਥ ਟਿਕਾਈਆ। ਅੰਦਰੋਂ ਗੜ੍ਹ ਤੋੜ ਅਭਿਮਾਨ, ਹੰਗਤਾ ਦਿਤੀ ਚੁਕਾਈਆ। ਸਚ ਸਰੋਵਰ ਕਰਾ ਇਸਨਾਨ, ਦੁਰਮਤ ਮੈਲ ਧੁਵਾਈਆ। ਧੁਰ ਦੇ ਨਾਮ ਦੀ ਬਖ਼ਸ਼ ਧੁੰਨਕਾਨ, ਆਤਮਕ ਰਾਗ ਸਮਝਾਈਆ। ਸਚ ਧਰਮ ਵਖਾਲ ਨਿਸ਼ਾਨ, ਕੂੜ ਕੁੜਿਆਰ ਦਾ ਡੇਰਾ ਢਾਹੀਆ। ਅੰਮ੍ਰਿਤ ਰਸ ਦੇ ਕੇ ਪੀਣ ਖਾਣ, ਜਗਤ ਤ੍ਰਿਸ਼ਨਾ ਦੂਰ ਕਰਾਈਆ। ਦੀਪਕ ਜੋਤ ਜਗਾ ਮਹਾਨ, ਘਰ ਮੰਦਰ ਕੀਤੀ ਰੁਸ਼ਨਾਈਆ । ਕੋਝਿਆਂ ਕਮਲਿਆਂ ਦੇ ਕੇ ਮਾਣ, ਨਿਮਾਣਿਆਂ ਹੋਏ ਸਹਾਈਆ। ਆਵਣ ਜਾਵਣ ਕੱਟ ਕੇ ਕਾਣ, ਕਰਮ ਕਾਂਡ ਦਾ ਲੇਖਾ ਦਿਤਾ ਮੁਕਾਈਆ। ਵਸੇਰਾ ਰਹੇ ਨਾ ਮੜ੍ਹੀ ਮਸਾਣ, ਗੋਰਾਂ ਮਕਬਰਿਆਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਡਾ ਹੋਇਆ ਆਪ ਸਹਾਈਆ।

ਜਨ ਭਗਤ ਕਹਿਣ ਸਾਨੂੰ ਮਿਲਿਆ ਪ੍ਰਭੂ ਭਗਵੰਤ, ਭਗਵਨ ਬੇਪਰਵਾਹੀਆ। ਜਿਸ ਦਾ ਇਕੋ ਨਾਮ ਇਕੋ ਮੰਤ, ਮੰਤਰ ਇਕੋ ਇਕ ਸਮਝਾਈਆ। ਜੋ ਬੋਧ ਅਗਾਧਾ ਬਣਿਆ ਪੰਡਤ, ਬੁਧੀ ਤੋਂ ਪਰੇ ਕੀਤੀ ਪੜ੍ਹਾਈਆ। ਚਾਰ ਵਰਨ ਬਣਾ ਕੇ ਸੰਗਤ, ਸਗਲਾ ਸੰਗ ਰਖਾਈਆ। ਜਿਸ ਦੀ ਮਹਿੰਮਾ ਸਦਾ ਅਨੰਤ, ਅੰਤ ਕਹਿਣ ਕੋਇ ਨਾ ਪਾਈਆ। ਕੋਝਿਆਂ ਕਮਲਿਆਂ ਬਣਾ ਕੇ ਸੰਤ, ਸਤਿਗੁਰ ਦਿਤੀ ਮਾਣ ਵਡਿਆਈਆ। ਲੇਖਾ ਮੁਕਾ ਕੇ ਵਿਚੋਂ ਜੀਵ ਜੰਤ, ਜਾਗਰਤ ਜੋਤ ਨਾਲ ਮਿਲਾਈਆ। ਤੂੰ ਮੈਂ ਤੇਰਾ ਦੱਸ ਕੇ ਛੰਤ, ਆਤਮ ਪਰਮਾਤਮ ਕੀਤੀ ਪੜ੍ਹਾਈਆ। ਸਦੀ ਚੌਧਵੀਂ ਬਣਾ ਕੇ ਬਣਤ, ਘੜਨ ਭੰਨਣਹਾਰ ਹੋਇਆ ਸਹਾਈਆ । ਸਚਖੰਡ ਦੁਵਾਰ ਦੀ ਦੱਸ ਕੇ ਸਿੰਮਤ, ਮਾਰਗ ਇਕੋ ਇਕ ਰਖਾਈਆ। ਸਾਡੇ ਅੰਦਰ ਬਖ਼ਸ਼ ਕੇ ਹਿੰਮਤ, ਜਗਤ ਸਮਾਜ ਦਾ ਲੇਖਾ ਦਿਤਾ ਮੁਕਾਈਆ। ਸਾਨੂੰ ਕਿਸੇ ਦੀ ਕਰਨੀ ਪਏ ਨਾ ਮਿੰਨਤ, ਬਿਨਾਂ ਜਗਦੀਸ ਸੀਸ ਨਾ ਕਿਸੇ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦੀ ਮੇਟ ਕੇ ਚਿੰਨਤ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ।

❋

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਖੇਮ ਕੌਰ ਦੇ ਗ੍ਰਹਿ ਸੇਈ ਕਲਾਂ

ਮਾਇਆ ਕਹੇ ਜਨ ਭਗਤੋ ਸ਼ਬਦ ਤੁਹਾਡਾ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਰੀਤਾ, ਨਿਤ ਨਵਿਤ ਆਪਣਾ ਖੇਲ ਖਿਲਾਈਆ। ਜੋ ਸਦਾ ਰਹੇ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਵਿਚ ਸਮਾਈਆ। ਜੋ ਨਾ ਮਰਿਆ ਨਾ ਜੀਤਾ, ਆਦਿ ਜੁਗਾਦਿ ਆਪਣਾ ਹੁਕਮ ਵਰਤਾਈਆ। ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਦਲਦਾ ਆਇਆ ਰੀਤਾ, ਰੀਤੀਵਾਨ ਇਕ ਅਖਵਾਈਆ। ਜਿਸ ਨੇ ਬਣਾਏ ਮੰਦਰ ਮਸੀਤਾ, ਕਾਅਬਿਆਂ ਕਰ ਸ਼ਨਵਾਈਆ। ਓਹ ਦੇਵਣਹਾਰਾ ਸਚ ਹਦੀਸਾ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਓਹ ਕਲਜੁਗ ਅੰਤਮ ਲੇਖਾ ਜਾਣੇ ਬੀਸ ਬੀਸਾ, ਸਰਗੁਣ ਜ਼ੀਰੋ ਰੂਪ ਸਮਝਾਈਆ। ਜਿਸ ਦੀ ਮਹਿੰਮਾ ਗਾਏ ਰਾਗ ਛਤੀਸਾ, ਸਿਫ਼ਤਾਂ ਵਿਚ ਸਾਲਾਹੀਆ। ਓਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜੁਵਾਨਾ ਸ੍ਰੀ ਭਗਵਾਨਾ ਇਕ ਇਕੀਸਾ, ਏਕੰਕਾਰ ਵਡ ਵਡਿਆਈਆ। ਜਿਸ ਨੇ ਲੇਖਾ ਪੂਰਾ ਕਰਨਾ ਮੁਹੰਮਦ ਧਾਰ ਤੀਸ ਬਤੀਸਾ, ਅੰਤ ਆਪਣਾ ਹੁਕਮ ਵਰਤਾਈਆ। ਸੋ ਸੁਵਾਮੀ ਅੰਤਰਜਾਮੀ ਵਸਣਹਾਰਾ ਹਰ ਘਟ ਚੀਤਾ, ਤਤਵ ਤੱਤਾਂ ਖੋਜ ਖੁਜਾਈਆ। ਓਹਦਾ ਭਾਣਾ ਸਭ ਨੇ ਮੰਨਣਾ ਮੀਠਾ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੇ ਕਲਜੁਗ ਜੀਵ ਵੇਖਣਾ ਕੌੜਾ ਰੀਠਾ, ਨਵ ਸਤ ਧਿਆਨ ਲਗਾਈਆ। ਓਹ ਲਹਿਣਾ ਦੇਣਾ ਪੂਰਾ ਕਰੇ ਗੋਬਿੰਦ ਵਾਲੇ ਅੰਗੀਠਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਭੇਵ ਸਦਾ ਪੁਚੀਦਾ, ਪੁਸ਼ੀਦਾ ਆਪਣਾ ਰਾਜ਼ ਰਖਾਈਆ।

❋

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਪੂਰਨ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਪ੍ਰਭ ਨੂੰ ਕਰੀਏ ਡੰਡਾਵਤ, ਬੰਦਾ ਬੰਦਗੀ ਵਿਚ ਸੀਸ ਨਿਵਾਈਆ। ਜੋ ਮਿਹਰਵਾਨ ਮਹਿਬੂਬ ਸਾਡੇ ਉਤੇ ਕਰੇ ਸਖਾਵਤ, ਨਰ ਨਰਾਇਣ ਆਪਣਾ ਨੈਣ ਉਠਾਈਆ। ਧਰਨੀ ਉਤੇ ਸ਼ਰਅ ਦੀ ਮੇਟੇ ਅਦਾਵਤ, ਅਦਲ ਇਨਸਾਫ ਇਕ ਕਮਾਈਆ। ਕਲਜੁਗ ਕੂੜ ਨਾ ਕਰੇ ਬਗ਼ਾਵਤ, ਬਗਲਗੀਰ ਕਰੇ ਲੋਕਾਈਆ। ਸਤਿ ਧਰਮ ਦੀ ਸਭ ਦੀ ਝੋਲੀ ਪਾਏ ਅਮਾਨਤ, ਵਸਤ ਅਨਮੁਲ ਅਤੁਲ ਵਰਤਾਈਆ। ਨਾਮ ਨਿਧਾਨਾ ਦੇਵੇ ਨਿਆਮਤ, ਅੰਮ੍ਰਿਤ ਰਸ ਚਖਾਈਆ। ਜੋ ਕਿਰਪਾ ਕਰੇ ਸਦੀ ਚੌਧਵੀਂ ਦੀ ਵਖਾਵੇ ਅੰਤ ਕਿਆਮਤ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਕਲਜੁਗ ਮੇਟੇ ਅੰਧੇਰੀ ਸ਼ਾਮਤ, ਸ਼ਮ੍ਹਾ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਦੇ ਅੱਗੇ ਕਿਸੇ ਦੀ ਚਲੇ ਨਾ ਕੋਇ ਲਿਆਕਤ, ਬੁਧੀਵਾਨ ਸਮਝ ਕੋਇ ਨਾ ਪਾਈਆ। ਓਹ ਨੌਂ ਖੰਡ ਪ੍ਰਿਥਮੀ ਕਰੇ ਰਫਾਕਤ, ਮੇਲ ਮਿਲਾਏ ਸਹਿਜ ਸੁਭਾਈਆ। ਸਭ ਨੂੰ ਦੱਸੇ ਸਚ ਸਦਾਕਤ, ਸਚ ਸਚ ਨਾਲ ਵਡਿਆਈਆ। ਮੈਂ ਉਸ ਦਾ ਤੁਹਾਨੂੰ ਕਰਨ ਆਈ ਤੁਆਰਫ, ਤਰਫਦਾਰੀ ਨਾ ਕੋਇ ਰਖਾਈਆ। ਜਿਸ ਦਰ ਉਤੇ ਕਰੇ ਨਾ ਕੋਇ ਸਫਾਰਸ਼, ਲਹਿਣੇ ਸਭ ਦੇ ਵੇਖ ਵਖਾਈਆ। ਜਿਸ ਦੀ ਜੁਗ ਚੌਕੜੀ ਗ੍ਰੰਥ ਸ਼ਾਸਤਰਾਂ ਲਿਖੀ ਅਬਾਰਤ, ਹਰਫ ਹਰੂਫਾਂ ਨਾਲ ਵਡਿਆਈਆ। ਨਾਮ ਕਲਮਿਆਂ ਨਾਲ ਹੁੰਦੀ ਰਹੀ ਤਜਾਰਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੱਟ ਚਲਾਈਆ । ਸੋ ਅੰਤ ਕੰਤ ਭਗਵੰਤ ਕਲਜੁਗ ਕੂੜੀ ਕਿਰਿਆ ਬਦਲੇ ਵਜਾਰਤ, ਮਾਇਆ ਮਮਤਾ ਦਾ ਵੁਜਰਾ ਰਹਿਣ ਕੋਇ ਨਾ ਪਾਈਆ। ਮਨੂਏ ਮਨ ਦੀ ਮੇਟੇ ਸ਼ਰਾਰਤ, ਸ਼ਰਅ ਸ਼ਰੀਅਤ ਪੰਧ ਚੁਕਾਈਆ। ਸਭ ਨੂੰ ਇਕੋ ਨਿਰਗੁਣ ਜੋਤ ਦੀ ਦੱਸੇ ਜਿਆਰਤ, ਨੂਰ ਨੁਰਾਨਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਹਾਨ ਮੇਟਣਹਾਰਾ ਦੁਬਿਧਾ ਵਾਲੀ ਸਾਜਸ, ਆਤਸ਼ ਕਲਜੁਗ ਵਖਾਈਆ।

❋

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਰਾਜਾ ਸਿੰਘ ਦੇ ਗ੍ਰਹਿ
ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਮੇਰਾ ਉਸ ਪ੍ਰਭੂ ਨੂੰ ਸਜਦਾ, ਧੂੜੀ ਖ਼ਾਕ ਖ਼ਾਕ ਰਮਾਈਆ। ਜਿਹੜਾ ਮਾਲਕ ਧੁਰ ਦੇ ਘਰ ਦਾ, ਦਰਗਹ ਸਾਚੀ ਸੋਭਾ ਪਾਈਆ। ਜੋ ਨੂਰ ਅਲਾਹੀ ਦੀਪਕ ਹੋ ਕੇ ਬਲਦਾ, ਜੋਤੀ ਜਾਤਾ ਡਗਮਗਾਈਆ । ਜੋ ਹੁਕਮ ਸੰਦੇਸ਼ੇ ਘਲਦਾ, ਪੈਗ਼ਾਮਾਂ ਕਰੇ ਸ਼ਨਵਾਈਆ। ਜੋ ਮਾਲਕ ਜਲ ਥਲ ਦਾ, ਮਹੀਅਲ ਰਿਹਾ ਸਮਾਈਆ। ਜਿਸ ਦਾ ਲੇਖਾ ਧਾਮ ਅਟੱਲ ਦਾ, ਨੇਹਚਲ ਦਏ ਵਡਿਆਈਆ। ਓਹਦਾ ਖੇਲ ਵੇਖੋ ਕਲਜੁਗ ਡੂੰਘੀ ਡਲ ਦਾ, ਸਮੁੰਦ ਸਾਗਰਾਂ ਫੋਲ ਫੁਲਾਈਆ। ਜਿਸ ਦਾ ਭੇਵ ਜਾਣੇ ਕੋਈ ਨਾ ਪਲ ਦਾ, ਪਲਕਾਂ ਦੇ ਪਿਛੇ ਬਹਿ ਕੇ ਆਪਣੀ ਕਾਰ ਕਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਚ ਸਿੰਘਾਸਣ ਇਕੋ ਮਲਦਾ, ਸੰਬਲ ਆਪਣਾ ਡੇਰਾ ਲਾਈਆ। ਜਿਸ ਦਾ ਭਾਣਾ ਕਦੇ ਨਾ ਟਲਦਾ, ਅੱਗੇ ਹੋ ਨਾ ਕੋਇ ਅਟਕਾਈਆ। ਓਹਦਾ ਲਹਿਣਾ ਦੇਣਾ ਕੂੜ ਵਿਕਾਰੇ ਦਲ ਦਾ, ਪੰਚਾਂ ਵੇਖੇ ਚਾਈਂ ਚਾਈਂਆ।

ਜਿਸ ਦਾ ਖੇਲ ਅਨੋਖਾ ਵਲ ਛਲ ਦਾ, ਅਛਲ ਛਲਧਾਰੀ ਆਪਣੀ ਕਾਰ ਭੁਗਤਾਈਆ। ਜੋ ਵਕਤ ਸੁਹੰਜਣਾ ਕਰੇ ਰਾਜੇ ਬਲ ਦਾ, ਬਾਵਨ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜਲ ਥਲ ਦਾ, ਅਸਗਾਹਾਂ ਆਪਣਾ ਹੁਕਮ ਵਰਤਾਈਆ।

❋

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਭਗਵਾਨ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਮੇਰੀ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਸੀਸ ਨਿਵਾਈਆ। ਮੇਰਾ ਮਾਲਕ ਖਾਲਕ ਪਰਵਰਦਿਗਾਰ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਖਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਜਿਸ ਨੂੰ ਭਗਤ ਵਛਲ ਕਹਿਣ ਗਿਰਵਰ ਗਿਰਧਾਰ, ਗਹਿਰ ਗੰਭੀਰ ਇਕ ਅਖਵਾਈਆ। ਓਹ ਸ਼ਾਹੋ ਭੂਪ ਬਣ ਸਿਕਦਾਰ, ਦੋ ਜਹਾਨ ਹੁਕਮ ਵਰਤਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕੀਤਾ ਪਾਰ, ਕਲਜੁਗ ਅੰਤਮ ਵੇਖ ਵਖਾਈਆ। ਨਿਰਗੁਣ ਧਾਰ ਪਾਵੇ ਸਾਰ, ਜੋਤੀ ਜਾਤਾ ਪੁਰਖ ਬਿਧਾਤਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਰ ਤਿਆਰ, ਤ੍ਰੈਗੁਣ ਅਤੀਤਾ ਹੁਕਮ ਸੁਣਾਈਆ। ਵੇਖਣਹਾਰਾ ਵੇਖੇ ਵਿਗਸੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਜੁਗ ਚੌਕੜੀ ਲਹਿਣਾ ਦੇਣਾ ਦੇਵੇ ਕਰਜ ਉਤਾਰ, ਮਕਰੂਜ ਆਪਣਾ ਹੁਕਮ ਆਪ ਵਰਤਾਈਆ। ਮਾਇਆ ਕਹੇ ਮੈਂ ਉਸ ਦੇ ਦਰ ਤੇ ਕਰਾਂ ਗਿਰਿਆਜਾਰ, ਨੇਤਰ ਨੈਣਾਂ ਨੀਰ ਵਹਾਈਆ। ਮੇਰੇ ਸੁਵਾਮੀ ਅੰਤਰਜਾਮੀ ਤੁਧ ਬਿਨ ਅਵਰ ਨਾ ਕੋਈ ਸਹਾਰ, ਸਹਾਇਕ ਨਾਇਕ ਨਜ਼ਰ ਕੋਇ ਨਾ ਆਈਆ । ਸਦੀ ਚੌਧਵੀਂ ਵੇਖ ਲੈ ਧੂੰਆਂਧਾਰ, ਸਚ ਚੰਦ ਨਾ ਕੋਇ ਚਮਕਾਈਆ। ਮੁਹੰਮਦ ਨੇਤਰ ਰਿਹਾ ਉਘਾੜ, ਬਿਨ ਨੈਣਾਂ ਨੈਣ ਉਠਾਈਆ। ਚਾਰੋਂ ਕੁੰਟ ਅਗਨੀ ਤਪਣੀ ਤਤੀ ਹਾੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਫਿਰੇ ਦਰੋਹੀ ਨਾੜ ਨਾੜ, ਜੰਗਲ ਪਹਾੜ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚੀ ਸਰਕਾਰ, ਸਰਕਾਰੇ ਆਲਾ ਖ਼ੁਦਾ ਤੁਆਲਾ ਤਾਲਬ ਤੇਰੇ ਅਵਤਾਰ ਪੈਗ਼ੰਬਰ ਗੁਰੂ ਧਿਆਨ ਲਗਾਈਆ।

❋