ਪੁਸਤਕਾਲਾਸ੍ਰੀ ਕ੍ਰਿਸ਼ਨ ਕਿਹਾ

ਸ੍ਰੀ ਕ੍ਰਿਸ਼ਨ ਕਿਹਾ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

❋

ਦੁਰਬਾਸ਼ੇ ਕਿਹਾ ਸੁਣ ਨਾਥ ਤ੍ਰੈਲੋਕੀ, ਕ੍ਰਿਸ਼ਨ ਦਿਆਂ ਜਣਾਈਆ। ਕਿਸ ਬਿਧ ਬਿਨਾ ਭਗਤੀ ਭਗਤਾਂ ਅੰਦਰ ਜਗੇ ਜੋਤੀ, ਪਰਕਾਸ਼ ਕਰੇ ਰੁਸ਼ਨਾਈਆ। ਸੁਰਤੀ ਉਠੇ ਸੋਤੀ, ਨਾਮ ਸ਼ਬਦ ਵੱਜੇ ਸ਼ਨਵਾਈਆ। ਚੜ੍ਹਨ ਮੰਜ਼ਲ ਚੋਟੀ, ਅੰਤਰ ਪੰਧ ਮੁਕਾਈਆ। ਵਾਸਨਾ ਨਿਕਲੇ ਖੋਟੀ, ਸੁਗੰਧ ਨਜ਼ਰੀ ਆਈਆ। ਜਨਮ ਕਰਮ ਰਹੇ ਨਾ ਰੋਗੀ, ਦੁਖੜਾ ਦਰਦ ਮਿਟਾਈਆ। ਮਿਲੇ ਮੇਲ ਸੰਜੋਗੀ, ਵਿਛੋੜਾ ਦਏ ਚੁਕਾਈਆ। ਬਣਨਾ ਪਏ ਨਾ ਜੋਗੀ, ਬਨਖੰਡ ਫੇਰਾ ਪਾਈਆ। ਬਿਨ ਪੜ੍ਹਿਆਂ ਆਵੇ ਸੋਝੀ, ਸਮਝ ਮਿਲੇ ਚਤੁਰਾਈਆ। ਠਾਕਰ ਮਿਲੇ ਮੌਜੀ, ਮਿਲ ਕੇ ਰੰਗ ਚੜ੍ਹਾਈਆ। ਨਾਮ ਨਿਧਾਨ ਦੇਵੇ ਬੋਧੀ, ਬੁੱਧੀ ਤੋਂ ਪਰ੍ਹੇ ਸਮਝਾਈਆ। ਚੁੱਕੀ ਰੱਖੇ ਗੋਦੀ, ਸਿਰ ਆਪਣਾ ਹੱਥ ਟਿਕਾਈਆ । ਸ੍ਰੀ ਭਗਵਾਨ ਕਿਹਾ ਓ ਦੁਰਬਾਸ਼ੇ ਏਹ ਭਾਵ ਜਾਣੇ ਕੋਇ ਨਾ ਲੋਕੀ, ਪਰਲੋਕ ਦਏ ਦੁਹਾਈਆ। ਜਿਸ ਉਪਰ ਮਿਹਰਵਾਨ ਹੋ ਕੇ ਸ੍ਰੀ ਭਗਵਾਨ ਨਿਰਗੁਣ ਧਾਰ ਸਰਗੁਣ ਬਣ ਕੇ ਖਾ ਜਾਵੇ ਰੋਟੀ, ਰੱਟੇ ਦੋ ਜਹਾਨਾਂ ਦਏ ਮੁਕਾਈਆ। ਓਨ੍ਹਾਂ ਪੜ੍ਹਨੀ ਪਏ ਨਾ ਪੋਥੀ, ਪੁਸਤਕ ਬਗਲ ਨਾ ਕੋਇ ਉਠਾਈਆ। ਬੁੱਧੀ ਹੋਏ ਨਾ ਥੋਥੀ, ਸਵੱਛ ਦਏ ਕਰਾਈਆ। ਭਾਗ ਲੱਗੇ ਕਾਇਆ ਲੋਥੀ, ਚੰਮ ਦ੍ਰਿਸ਼ਟੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।

ਕ੍ਰਿਸ਼ਨ ਕਿਹਾ ਸੁਣ ਦੁਰਬਾਸ਼ਾ ਰਿਖੀ, ਰਖੀਸ਼ਰ ਦਿਆਂ ਜਣਾਈਆ। ਸ੍ਰੀ ਭਗਵਾਨ ਦੀ ਧਾਰ ਤਿੱਖੀ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਬਹੁ ਬਾਰੀਕ ਨਿੱਕੀ ਨੇਤਰ ਨੈਣ ਨਾ ਕੋਇ ਤਕਾਈਆ। ਜੋ ਜੁਗ ਚੌਕੜੀ ਦੇਵਣਹਾਰ ਅਗੰਮੀ ਚਿਠੀ, ਸ਼ਬਦੀ ਵੰਡ ਨਾ ਕੋਇ ਕਰਾਈਆ। ਕਰੇ ਖੇਲ ਅਨਡਿੱਠੀ, ਭੇਵ ਅਭੇਦਾ ਆਪਣੇ ਵਿਚ ਛੁਪਾਈਆ। ਜੁਗ ਚੌਕੜੀ ਬਦਲਦਾ ਰਹੇ ਮਿਤੀ, ਸਾਲ ਬਸਾਲਾ ਦਏ ਖਪਾਈਆ। ਲੇਖਾ ਜਾਣੇ ਆਪਣੀ ਥਿਤੀ, ਵਾਰਤਾ ਧੁਰ ਦੀ ਆਪ ਵਡਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰੇ ਵਰਗੇ ਭਗਤ ਬਣੌਣੀ ਆਪਣੀ ਸਿੱਖੀ, ਸਾਖਿਆਤ ਆਪਣੀ ਦਇਆ ਕਮਾਈਆ। ਓਨ੍ਹਾਂ ਦੀ ਧਾਰ ਜਾਣੀ ਲਿਖੀ, ਨਾ ਕੋਈ ਮੇਟੇ ਮੇਟ ਮਿਟਾਈਆ। ਗੋਬਿੰਦ ਦੀ ਧਾਰ ਹੋਣੀ ਬੀਸ ਇਕੀ, ਵੀਹ ਇੱਕੀ ਪੰਧ ਮੁਕਾਈਆ।

ਜਿਹੜੀ ਦਾਤ ਕਿਸੇ ਨਹੀਂ ਦਿਤੀ, ਸੋ ਪੁਰਖ ਅਕਾਲ ਦੇਣੀ ਵਰਤਾਈਆ। ਵੇਖੀਂ ਤੂੰ ਵੀ ਕਰੀਂ ਕੋਈ ਨਾ ਛੇਤੀ, ਛੱਤੀ ਰਾਗ ਨਾ ਕੋਇ ਵਡਿਆਈਆ। ਮੇਰੇ ਬਚਨ ਦੀ ਸਮਝੀਂ ਨੇਕੀ, ਨਿਰਾਕਾਰ ਹੋ ਕੇ ਦਿਆਂ ਸਮਝਾਈਆ। ਸਾਹਿਬ ਸੁਲਤਾਨ ਦੀ ਇਕ ਟੇਕੀ, ਟਿਕਟਿਕੀ ਇਕੋ ਵਿਚ ਲਗਾਈਆ। ਲਹਿਣਾ ਚੁਕਣਾ ਸੋਢੀ ਬੇਦੀ, ਵੇਦ ਸ਼ਾਸਤਰ ਦੇਣ ਗਵਾਹੀਆ। ਪੁਰਖ ਅਕਾਲ ਔਣਾ ਧੁਰ ਦਾ ਭੇਦੀ, ਭੇਵ ਆਪਣਾ ਦਏ ਖੁਲ੍ਹਾਈਆ। ਭਗਤਾਂ ਬਣਨਾ ਹੇਤੀ, ਗੁਰਮੁਖ ਲਏ ਜਗਾਈਆ। ਸਾਰੀ ਸ੍ਰਿਸ਼ਟੀ ਰਹੇ ਵੇਂਹਦੀ, ਬੁੱਧੀ ਸਮਝ ਨਾ ਕੋਇ ਸਮਝਾਈਆ। ਰੀਤੀ ਬਣਾਏ ਧਰ ਦੇ ਨੇਹੋਂ ਦੀ, ਨਾਤਾ ਆਪਣੇ ਨਾਲ ਰਖਾਈਆ। ਧਾਰ ਬਖ਼ਸ਼ ਅੰਮ੍ਰਿਤ ਮੇਹੋਂ ਦੀ, ਅਗਨੀ ਤੱਤ ਦਏ ਬੁਝਾਈਆ। ਮੁਹੱਬਤ ਪਾ ਪਿਤਾ ਪਿਉ ਦੀ, ਪੂਤ ਸਪੂਤੇ ਗੋਦ ਉਠਾਈਆ। ਸ਼ਰੀਣੀ ਦੇ ਕੇ ਧੁਰ ਦੇ ਘਿਉ ਦੀ, ਘਿਰਤ ਸਾਚਾ ਲਏ ਉਪਜਾਈਆ। ਏਹ ਖੇਲ ਅਗੰਮੀ ਦੇਉ ਦੀ, ਜਿਸ ਨੂੰ ਦੇਵਤ ਸੁਰ ਸੀਸ ਨਿਵਾਈਆ। ਏਹ ਧਾਰ ਨਹੀਂ ਕਿਉਂ ਦੀ, ਕਿਸਮਤ ਜਨ ਭਗਤਾਂ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ਣਹਾਰ ਵਡਿਆਈਆ।

ਦੁਰਬਾਸ਼ੇ ਕਿਹਾ ਪ੍ਰਭੂ ਕੀ ਉਹ ਗੁਰਮੁਖ ਹੋਵਨ ਸੰਤ, ਭਗਵਾਨ ਦੇ ਜਣਾਈਆ। ਸ੍ਰੀ ਭਗਵਾਨ ਕਿਹਾ ਓਨ੍ਹਾਂ ਦੇ ਅੰਤਰ ਦੇਵਾਂ ਇਕੋ ਮੰਤ, ਮੰਤਵ ਸਭ ਦਾ ਹਲ ਕਰਾਈਆ। ਦੁਰਬਾਸ਼ੇ ਕਿਹਾ ਕੀ ਪਛਾਣ ਹੋਵੇ ਵਿਚ ਜੀਵ ਜੰਤ, ਕਿਸ ਬਿਧ ਕਰੇਂ ਰੁਸ਼ਨਾਈਆ। ਕ੍ਰਿਸ਼ਨ ਕਿਹਾ ਓਨ੍ਹਾਂ ਦਾ ਮੇਲਾ ਅੰਤ ਹੋਵੇ ਸ੍ਰੀ ਭਗਵੰਤ, ਨਾਤਾ ਪੁਰਖ ਅਕਾਲ ਜੁੜਾਈਆ। ਕਿਸੇ ਦਵਾਰੇ ਕਰਨ ਨਾ ਮਿੰਨਤ, ਸੀਸ ਅਵਰ ਨਾ ਕੋਇ ਝੁਕਾਈਆ। ਜਨਮ ਜਨਮ ਦੀ ਮੇਟ ਕੇ ਚਿੰਨਤ, ਦੁੱਖ ਦਰਦ ਦੇਣ ਗਵਾਈਆ। ਸਿੱਧੇ ਸਚਖੰਡ ਦੀ ਜਾਣ ਸਿੰਮਤ, ਦੂਜਾ ਰਾਹ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਓਨ੍ਹਾਂ ਦੇਵੇ ਮਾਣ ਵਡਿਆਈਆ।

ਦੁਰਬਾਸ਼ੇ ਕਿਹਾ ਕੀ ਉਹ ਜਪਣ ਤੇਰਾ ਨਾਮ, ਕ੍ਰਿਸ਼ਨ ਕਹਿ ਕਹਿ ਖ਼ੁਸ਼ੀ ਮਨਾਈਆ। ਕ੍ਰਿਸ਼ਨ ਕਿਹਾ ਨਹੀਂ ਉਹ ਸਿਮਰਨ ਸ੍ਰੀ ਭਗਵਾਨ, ਜੋ ਮੇਰਾ ਪਿਤਾ ਮਾਈਆ। ਮੈਂ ਤੱਤਾਂ ਵਾਲਾ ਨਿਸ਼ਾਨ, ਥਿਰ ਰਹਿਣ ਕੋਇ ਨਾ ਪਾਈਆ । ਅੱਖਰਾਂ ਵਾਲਾ ਦੇ ਕੇ ਗਿਆਨ, ਗੀਤਾ ਗੁਣ ਜਾਣਾ ਸਮਝਾਈਆ। ਜਿਸ ਨੂੰ ਪੜ੍ਹ ਕੇ ਮਿਲੇ ਮਿਹਰਵਾਨ, ਮੁਹੱਬਤ ਮੇਲ ਮਿਲਾਈਆ। ਉਹ ਦਾਤਾ ਦਾਨੀ ਦੇਵਣਹਾਰਾ ਦਾਨ, ਜਨ ਭਗਤਾਂ ਦਇਆ ਕਮਾਈਆ। ਮੈਂ ਬਿਦਰ ਦਾ ਖਾਧਾ ਪਕਵਾਨ, ਉਹ ਦਲਿੱਦਰੀ ਸਾਰੇ ਪਾਰ ਕਰਾਈਆ। ਜਨਮ ਜਨਮ ਦੀ ਮੇਟ ਕੇ ਕਾਣ, ਕਾਇਨਾਤ ਵਿਚੋਂ ਬਾਹਰ ਕਢਾਈਆ। ਚਰਨ ਭੂਮਿਕਾ ਦੇ ਕੇ ਸਚ ਅਸਥਾਨ, ਸਚ ਦਵਾਰੇ ਦਏ ਟਿਕਾਈਆ। ਜਿਥੇ ਦੁਰਬਾਸ਼ਾ ਕੋਟਨ ਕੋਟ ਕ੍ਰਿਸ਼ਨ ਬੈਠੇ ਸੀਸ ਨਿਵਾਣ, ਗੋਪੀਆਂ ਵਾਲੀ ਰਾਸ ਨਾ ਕੋਇ ਵਖਾਈਆ। ਨਾ ਜਮਨਾ ਇਸ਼ਨਾਨ, ਗੋਕਲ ਬਿੰਦਰਾਬਨ ਨਾ ਕੋਇ ਵਡਿਆਈਆ। ਨਾ ਬੰਸਰੀ ਧੁਨਕਾਨ, ਨਾ ਮਧੁਰ ਧੁਨ ਸੁਣਾਈਆ। ਨਾ ਗਊਆਂ ਦਾ ਚਰਵਾਹਾ ਗਊਆਂ ਜਾਏ ਚਰਵਾਨ, ਨਾ ਬਛੜੇ ਮੋੜ ਮੁੜਾਈਆ। ਨਾ ਚਿੱਲਾ ਤੀਰ ਕਮਾਨ, ਨਾ ਰਥ ਬਣੇ ਰਥਵਾਹੀਆ । ਨਾ ਅਰਜਨ ਭੀਮ ਨੌਜਵਾਨ, ਨਾ ਦਰਯੋਧਨ ਜ਼ੁਲਮ ਕਮਾਈਆ। ਨਾ ਦੁਰਬਾਸ਼ੇ ਵਰਗੇ ਫਿਰਨ ਵਿਚ ਬੀਆਬਾਨ, ਨਾ ਕੋਈ ਪੱਟੀ ਪੇਟ ਬੰਧਾਈਆ। ਨਾ ਕੋਈ ਮਨ ਦਿਸੇ ਸ਼ੈਤਾਨ, ਨਾ ਸ਼ਰਅ ਦਿਸੇ ਲੜਾਈਆ। ਨਾ ਵਿਦਿਆ ਵਾਲਾ ਗਿਆਨ, ਨਾ ਅੱਖਰਾਂ ਵਾਲੀ ਪੜ੍ਹਾਈਆ। ਨਾ ਕੋਈ ਲੈਣ ਦੇਣ ਵਾਲਾ ਇਮਤਿਹਾਨ, ਪਾਠਸ਼ਾਲਾ ਨਾ ਕੋਇ ਵਖਾਈਆ। ਨਾ ਕੋਈ ਬਿਰਧ ਬਾਲ ਜਵਾਨ, ਨਾ ਕੋਈ ਸੂਰਬੀਰ ਚਤੁਰਾਈਆ । ਨਾ ਕੋਈ ਤੱਤਾਂ ਵਾਲਾ ਭਗਵਾਨ, ਦੁਰਬਾਸ਼ਿਆ ਨਿਰਗੁਣ ਨੂਰ ਜੋਤ ਜੋਤ ਰੁਸ਼ਨਾਈਆ। ਸੋ ਸਹਿਜ ਸੁਭਾਉ ਕਰ ਕਿਰਪਾ ਭਗਤਾਂ ਮਿਲੇ ਮਾਣ, ਮਿਲਣੀ ਜਗਦੀਸ਼ ਆਪਣੇ ਨਾਲ ਕਰਾਈਆ। ਦੁਖੀਆਂ ਦਾ ਦੁੱਖ ਵੰਡਾ ਕੇ ਖਾ ਜਾਏ ਪਕਵਾਨ, ਪਾਕ ਪਵਿੱਤਰ ਦੋ ਜਹਾਨ ਦਏ ਕਰਾਈਆ। ਦੁਰਬਾਸ਼ੇ ਕਿਹਾ ਕੀ ਓਸ ਵੇਲੇ ਓਸ ਦਾ ਹੋਵੇ ਨਾਮ, ਮੈਨੂੰ ਦੇ

ਸਮਝਾਈਆ। ਕ੍ਰਿਸ਼ਨ ਕਿਹਾ ਉਹ ਆਤਮ ਪਰਮਾਤਮ ਹੋ ਕੇ ਢੋਲਾ ਗਾਏ ਆਪਣਾ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’, ਭਾਗ ਸਭ ਦੇ ਝੋਲੀ ਪਾਈਆ। ਸਭ ਦਾ ਬਦਲ ਦੇਵੇ ਵਿਧਾਨ, ਵਾਧਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਰ ਜਾਏ ਕਲਿਆਣ, ਇਕ ਇਕੱਲਾ ਕੱਲਾ ਕੱਲਾ ਲੇਖੇ ਲਏ ਲਗਾਈਆ। (੨੪ ਫੱਗਣ ਸ਼ੈ ਸੰ ੧ ਭਾਗ ਸਿੰਘ)

❋

…… ਜਨ ਭਗਤੋ ਤੁਹਾਡੇ ਅੰਦਰ ਇਕ ਰਥਵਾਹੀ, ਜੋ ਦਿਵਸ ਰੈਣ ਕਾਇਆ ਰਥ ਚਲਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਦਏ ਗੁਵਾਹੀ, ਸ਼ਹਾਦਤ ਵਿਚ ਗੁਰ ਅਵਤਾਰ ਪੈਗ਼ੰਬਰ ਦਏ ਭੁਗਤਾਈਆ। ਉਹ ਆਦਿ ਜੁਗਾਦਿ ਜੁਗ ਚੌਕੜੀ ਨਿੱਤ ਨਵਿਤ ਨਿਰਗੁਣ ਹੋ ਕੇ ਭੱਜੇ ਵਾਹੋ ਦਾਹੀ, ਦੋ ਜਹਾਨਾਂ ਨੌਜੁਵਾਨਾ ਮਰਦ ਮਰਦਾਨਾ ਆਪਣਾ ਪੰਧ ਮੁਕਾਈਆ। ਉਹ ਕਦੇ ਰਹਿਣ ਨਾ ਦੇਵੇ ਕੂੜੀ ਸ਼ਹਿਨਸ਼ਾਹੀ, ਸ਼ਹਿਨਸ਼ਾਹ ਹੋ ਕੇ ਸਾਚਾ ਧਰਮ ਦਏ ਪਰਗਟਾਈਆ। ਤੁਸੀਂ ਆਦਿ ਤੋਂ ਇਕ ਇਕੋ ਤੁਹਾਡੀ ਇਕਾਈ, ਏਕਾ ਰੂਪ ਨਜ਼ਰੀ ਆਈਆ। ਸਿਫ਼ਰੇ ਵਾਲੀ ਵਧੇ ਨਾ ਕੋਇ ਦਹਾਈ, ਦਹਾਈ ਦਾ ਸੈਂਕੜਾ ਸੈਂਕੜੇ ਦਾ ਔਂਕੜ ਇਕੋ ਲੈਣਾ ਬਣਾਈਆ। ਜਿਹੜੀ ਸਿਖਿਆ ਅਠਾਰਾਂ ਧਿਆਏ ਗੀਤਾ ਰਹੀ ਸਮਝਾਈ, ਅਰਜਨ ਦਾ ਨਾਤਾ ਬਿਧਾਤੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਮੇਲਾ ਮੇਲ ਮਿਲਾਈਆ।

ਕ੍ਰਿਸ਼ਨ ਕਹੇ ਅਰਜਨ ਸੁਣ ਅਗੰਮੀ ਬਾਤ, ਤੈਨੂੰ ਦਿਆਂ ਸਮਝਾਈਆ। ਕਲਜੁਗ ਅੰਤਮ ਮਾਰ ਝਾਕ, ਬਿਨ ਅੱਖਾਂ ਅੱਖ ਉਠਾਈਆ। ਜਿਸ ਵੇਲੇ ਸਤਿ ਧਰਮ ਨੇ ਪੌਣੀ ਵਫ਼ਾਤ, ਮੁਰਦਾ ਹੋਏ ਲੋਕਾਈਆ। ਭਾਈ ਭਾਈ ਵਿਚ ਨਹੀਂ ਨਹੀਂ ਇਤਫਾਕ, ਘਰ ਘਰ ਵਿਚ ਏਹੋ ਹੋਏ ਲੜਾਈਆ। ਕੋਈ ਸੰਤ ਫ਼ਕੀਰ ਵਿਰਲਾ ਜਾਵੇ ਜਾਗ, ਜਿਸ ਦੇ ਅੰਦਰ ਰਹਿਮਤ ਆਪ ਕਮਾਈਆ। ਭੱਜੇ ਫਿਰਨ ਪੁਤਲੇ ਖ਼ਾਕ, ਦਹਿ ਦਿਸ਼ਾ ਪਏ ਦੁਹਾਈਆ। ਬਿਨਾ ਪਾਰਬ੍ਰਹਮ ਪਤਿਪਰਮੇਸ਼ਵਰ ਸਾਂਝਾ ਕਰੇ ਨਾ ਕੋਇ ਇਤਫਾਕ, ਅੰਤਰ ਆਤਮ ਮੇਲ ਨਾ ਕੋਇ ਮਿਲਾਈਆ। ਦੁਨੀਆਂ ਰੋਵੇ ਇੰਦਰੀਆਂ ਦੇ ਘਾਟ, ਮੰਜ਼ਲ ਮੁੱਕੇ ਨਾ ਕਿਸੇ ਵਾਟ, ਸੇਜਾ ਸੋਹੇ ਕੋਈ ਨਾ ਖਾਟ, ਜਗਤ ਨਟੂਆਂ ਹੋਵੇ ਨਾਟ, ਸਵਾਂਗੀ ਦਾ ਸਵਾਂਗ ਸਮਝ ਕੋਇ ਨਾ ਪਾਈਆ। ਇਹ ਖੇਲ ਹੋਣਾ ਤਮਾਸ਼, ਦੀਨ ਮਜ਼੍ਹਬ ਕਰਨ ਪਸਚਾਤਾਪ, ਹਕੀਕੀ ਕਲਮਾ ਭੁੱਲੇ ਜਾਪ, ਨਵ ਨੌਂ ਚਾਰ ਵਧੇ ਪਾਪ, ਵੰਡ ਪੈ ਜਾਏ ਬੁੱਤ ਖ਼ਾਕ, ਅਲਾਹ ਵਾਹਿਗੁਰੂ ਰਾਮ ਨਾਮ ਰਾਧੇ ਕ੍ਰਿਸ਼ਨ ਦੀ ਆਪਸ ਵਿਚ ਪਏ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ।

ਅਰਜਨ ਕਹੇ ਦੀਨਾਂ ਨਾਥ ਕੀ ਝਗੜਾ ਪਏ ਨਾਮ ਭਗਵਾਨ, ਕੁਛ ਮੈਨੂੰ ਦੇ ਜਣਾਈਆ। ਭਗਵਨ ਕਹੇ ਨਾ ਹੋ ਹੈਰਾਨ, ਬਿਨ ਅੱਖਾਂ ਦਿਆਂ ਵਖਾਈਆ। ਜਿੰਨਾਂ ਚਿਰ ਕਲਜੁਗ ਵਿਚ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਇਕ ਭਗਵੰਤ ਨੂੰ ਨਾ ਸਮਝੇ ਆਪਣਾ ਕਾਹਨ, ਓਨ੍ਹਾਂ ਚਿਰ ਜੀਵ ਜੰਤ ਸੁੱਖ ਕੋਇ ਨਾ ਪਾਈਆ। ਉਹ ਸਭ ਦੇ ਅੰਦਰ ਵਸਿਆ ਰਾਮ, ਜੋ ਦੇਵੇ ਹੱਕ ਪੈਗ਼ਾਮ, ਜਿਸ ਦਾ ਪੈਗ਼ੰਬਰ ਨੂਰ ਨਿਸ਼ਾਨ, ਨਿਸ਼ਾਨਿਆਂ ਦੇ ਨਿਸ਼ਾਨੇ ਦਏ ਬਲਾਈਆ। ਓਸੇ ਨੂੰ ਕਹਿਣਾ ਮਹਿੰਦੀ ਅਮਾਮ, ਓਸੇ ਨੂੰ ਕਹਿਣਾ ਨਿਹਕਲੰਕ ਬਲਵਾਨ, ਓਸੇ ਨੂੰ ਕਹਿਣਾ ਕਲਕੀ ਅਵਤਾਰ ਨੌਜਵਾਨ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਓਸ ਦਾ ਖੇਲ ਹੋਣਾ

ਮਹਾਨ, ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਵਿਧਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਓਸੇ ਨੂੰ ਸੀਸ ਨਿਵਾਈਆ। ਓਸ ਨੇ ਸਭ ਦਾ ਸਾਂਝਾ ਕਰਨਾ ਇਕ ਮੈਦਾਨ, ਮੁੱਦਤ ਦੇ ਵਿਛੜੇ ਲੈਣੇ ਮਿਲਾਈਆ । ਸਾਰੇ ਸੰਤ ਭਗਤ ਅੱਜ ਓਸੇ ਅਕਾਲ ਪੁਰਖ ਦਾ ਕਰ ਦਿਓ ਐਲਾਨ, ਜੋ ਅਲਾਮਤ ਕੂੜ ਦੀ ਦਏ ਗਵਾਈਆ। ਇਹ ਦੇਣ ਆਏ ਫ਼ਰਮਾਣ, ਮੁਨੀ ਜੀ ਪੈਦਲ ਚਲ ਕੇ ਪੰਧ ਮੁਕਾਈਆ। ਸੰਤ ਕਿਰਪਾਲ ਸਿੰਘ ਜੀ ਬੜੇ ਜੋਧੇ ਬਲਵਾਨ, ਜਿਨ੍ਹਾਂ ਨੇ ਸੂਰਬੀਰਤਾ ਵਿਚ ਆਪਣਾ ਕਦਮ ਲਿਆ ਉਠਾਈਆ। ਕੀ ਐਧਰ ਆਚਾਰੀਆ ਸ਼ਾਸਤਰੀ ਜੀ ਵੇਖਣ ਖੇਲ ਮਹਾਨ, ਦੁਆਪਰ ਦਾ ਲੇਖਾ ਰਹੇ ਸਮਝਾਈਆ। ਅੱਗੇ ਕੋਈ ਨਾ ਬਣਿਓ ਨਾਦਾਨ, ਨੇਤਰਹੀਣ ਨਾ ਕੋਇ ਅਖਵਾਈਆ। ਸਾਰੇ ਸੂਰਬੀਰ ਹੋ ਕੇ ਜੋਧੇ ਹੋ ਕੇ ਆਓ ਵਿਚ ਮੈਦਾਨ, ਧਰਮ ਦੀ ਚੰਡੀ ਆਪਣੇ ਹੱਥ ਉਠਾਈਆ। ਸਾਡਾ ਸਾਰਿਆਂ ਦਾ ਸਾਚਾ ਇਕ ਇਸਲਾਮ, ਕਾਦੀਆਂ ਦਾ ਹੁਣੇ ਸੰਦੇਸ਼ਾ ਦੇ ਕੇ ਗਿਆ ਪੈਗ਼ਾਮ, ਪਰਗਣਾ ਬਟਾਲਾ ਇਕ ਦ੍ਰਿੜਾਈਆ। ਵੇਖਿਓ ਕਿਤੇ ਗੁਰ ਅਵਤਾਰ ਪੈਗ਼ੰਬਰਾਂ ਨੂੰ ਕਰ ਨਾ ਦਿਓ ਬਦਨਾਮ, ਮਨਮਤ ਦਾ ਰਾਹ ਚਲਾਈਆ। ਇਹ ਸੰਤ ਸੱਜਣ ਜਗਤ ਦੀ ਮੇਟਣ ਅੰਧੇਰੀ ਸ਼ਾਮ, ਸ਼ਮ੍ਹਾ ਦੀਪ ਕਰਨ ਰੁਸ਼ਨਾਈਆ। ਆਓ ਮਿਲ ਕੇ ਸਾਰੇ ਪੀਓ ਹਕੀਕੀ ਜਾਮ, ਜਿਸ ਦਾ ਰਸ ਨਸ਼ਾ ਉਤਰ ਕਦੇ ਨਾ ਜਾਈਆ। ਏਸ ਯੁੱਧ ਵਿਚ ਸੰਤ ਕੋਈ ਕਰਨ ਨਹੀਂ ਆਏ ਕਤਲੇਆਮ, ਕਾਤਲ ਮਕਤੂਲ ਰੂਪ ਨਾ ਕੋਇ ਵਟਾਈਆ। ਸਾਰੇ ਸੁਖ ਨਾਲ ਆਤਮਾ ਪਰਮਾਤਮਾ ਦਾ ਸਾਂਝਾ ਕਰੋ ਗਿਆਨ, ਜਿਸ ਨੂੰ ਸੋਹੰ ਕਹਿ ਕੇ ਆਦਿ ਜੁਗਾਦਿ ਜੁਗ ਚੌਕੜੀ ਰਹੇ ਗਾਈਆ। ਕਿਸੇ ਦਰ ਹੋਇਓ ਨਾ ਕਦੇ ਗ਼ੁਲਾਮ, ਏਕਾ ਪਰਮ ਪੁਰਖ ਪਿਤਾ ਪਤਿਪਰਮੇਸ਼ਵਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ।

ਯੁਧਿਸ਼ਟਰ ਕਹੇ ਦੱਸ ਕ੍ਰਿਸ਼ਨ ਭਗਵੰਤ, ਤ੍ਰੈਲੋਕੀ ਨਾਥ ਤੇਰੀ ਸਰਨਾਈਆ । ਕੀ ਅਗਲਾ ਹੋਵੇ ਮੰਤ, ਪੜਦਾ ਦੇ ਚੁਕਾਈਆ। ਕ੍ਰਿਸ਼ਨ ਕਹੇ ਸੁਣ ਪ੍ਰਭੂ ਦੇ ਸੰਤ, ਤੈਨੂੰ ਦਿਆਂ ਸਮਝਾਈਆ। ਹੁਣ ਦੁਆਪਰ ਹੋਇਆ ਅੰਤ, ਕਲਜੁਗ ਅੱਗੇ ਅੱਖ ਖੁਲ੍ਹਾਈਆ। ਸਦੀ ਚੌਧਵੀਂ ਕੂੜਾ ਵੱਜਣਾ ਡੰਕ, ਬੀਸਵੀਂ ਨਾਲ ਮਿਲਾਈਆ। ਬੋਧ ਅਗਾਧਾ ਰਹੇ ਕੋਈ ਨਾ ਪੰਡਤ, ਬੁੱਧ ਬਿਬੇਕ ਨਾ ਕੋਇ ਕਰਾਈਆ। ਗੜ੍ਹ ਹੋਵੇ ਹਉਮੇ ਹੰਗਤ, ਹੰ ਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਬਿਨ ਅੱਖਰਾਂ ਤੋਂ ਮੇਰੀ ਇਹ ਸਨਦ, ਜਿਹੜੀ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ ।

ਯੁਧਿਸ਼ਟਰ ਕਹੇ ਕ੍ਰਿਸ਼ਨ ਲਿਖ ਦੇ ਤਹਿਰੀਰ, ਅੱਖਰਾਂ ਨਾਲ ਬਣਤ ਬਣਾਈਆ। ਕੀ ਖੇਲ ਹੋਵੇ ਬੇਨਜ਼ੀਰ, ਮੈਨੂੰ ਦੇ ਸਮਝਾਈਆ। ਕ੍ਰਿਸ਼ਨ ਕਿਹਾ ਇਹ ਬਿਨਾਂ ਮੁਸਵਰ ਤੋਂ ਖਿੱਚਣ ਵਾਲੀ ਤਸਵੀਰ, ਜਿਸ ਦਾ ਨਕਸ਼ ਸਕੇ ਨਾ ਕੋਇ ਬਣਾਈਆ। ਜਿਸ ਦੀ ਮਰਿਆਦਾ ਓਸੇ ਨੇ ਕਲਜੁਗ ਕਰਨਾ ਤਾਅਮੀਰ, ਤਮ੍ਹਾ ਵਿਚ ਜਗਤ ਦੇਣਾ ਬਦਲਾਈਆ। ਮਨ ਪਾਤਸ਼ਾਹ ਤੇ ਖ਼ਾਹਸ਼ ਬਣਾ ਵਜ਼ੀਰ, ਪੰਜਾਂ ਤੱਤਾਂ ਉਤੇ ਹਕੂਮਤ ਦੇਣੀ ਚਲਾਈਆ। ਹੰਗਤਾ ਦੀ ਪਰਗਟ ਕਰ ਸ਼ਮਸ਼ੀਰ, ਘਰ ਘਰ ਝਗੜਾ ਦੇਣਾ ਪਾਈਆ। ਹਜ਼ਰਤ ਮੂਸਾ ਧੁਰ ਦੇ ਕਲਮੇ ਦੀ ਦੱਸਣੀ ਤਦਬੀਰ, ਤਰੀਕਾ ਨਬੀਆਂ ਵਾਲਾ ਜਣਾਈਆ। ਸਾਰੇ ਮੰਨ ਲਓ ਇਕੋ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਨਜ਼ਰੀ ਆਈਆ। ਕੀ ਖੇਲ ਹੋਣਾ ਅਖ਼ੀਰ ਨਾਨਕ ਗੋਬਿੰਦ ਦੇ ਕੇ ਗਏ ਗਵਾਹੀਆ। ਜੇ ਯੁਧਿਸ਼ਟਰਾ ਚਿੱਟੇ ਉਤੇ ਕਾਲੀ ਪਾ ਦਿਆਂ ਲਕੀਰ, ਓਸ ਨੂੰ ਸਕੇ ਨਾ ਕੋਇ ਮਿਟਾਈਆ। ਸਦਾ ਰਮਜ਼ਾਂ ਵਾਲੇ ਹੁੰਦੇ ਫ਼ਕੀਰ, ਫਿਕਰੇ ਪੜ੍ਹੇ ਕੰਮ ਕਿਸੇ ਨਾ ਆਈਆ। ਏਹ ਧਰਮ ਦਾ ਯੁਧ ਕੋਈ ਨਾ ਹੋਇਓ ਦਿਲਗੀਰ, ਹੌਸਲੇ ਆਪਣੇ ਲਓ ਵਧਾਈਆ। ਹੱਥ ਵਿਚ ਕੂੜੀ ਰਹੇ ਨਾ ਕੋਇ ਜ਼ੰਜੀਰ, ਸ਼ਰਅ ਦੇ ਸੰਗਲ ਦੇਣੇ ਤੁੜਾਈਆ । ਇਕ ਰੂਪ ਹੋ ਜਾਓ ਸ਼ਹਿਨਸ਼ਾਹ ਪਾਤਸ਼ਾਹ ਮੁਫਲਸ ਤੇ ਫ਼ਕੀਰ, ਅਮੀਰੀ ਗ਼ਰੀਬੀ ਕਿਸੇ ਨਾਲ ਨਾ ਜਾਏ ਪਰਨਾਈਆ। ਸਾਂਢੂਆਂ ਵਾਲੀ ਰੱਖਿਓ ਨਾ ਕੋਇ ਤਕਦੀਰ, ਨਾਤਾ ਇਕੋ

ਨਾਲ ਗੰਢਾਈਆ। ਜੇ ਉਹ ਮਿਲ ਜਾਏ ਫੇਰ ਮੰਜ਼ਲ ਮਿਲੇ ਅਖੀਰ, ਰਾਹ ਵਿਚ ਨਾ ਕੋਇ ਅਟਕਾਈਆ । ਕਾਇਆ ਦੇ ਅੰਦਰ ਮਨ ਦੇ ਨਫ਼ਰ ਸਾਰੇ ਦਿਸਣ ਹਕੀਰ, ਹਿਕਮਤ ਚਲੇ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਪੜਦਾ ਰਿਹਾ ਉਠਾਈਆ।

ਅਰਜਨ ਕਹੇ ਕਲਜੁਗ ਵਿਚ ਕਵਣ ਬਣੇ ਰਥਵਾਹੀ, ਜਨ ਭਗਤਾਂ ਰਥ ਚਲਾਈਆ। ਤ੍ਰਿਲੋਕੀ ਨਾਥ ਕਹੇ ਜੋ ਕਾਹਨਾਂ ਦਾ ਕਾਹਨ ਬੇਪਰਵਾਹੀ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸਦਾ ਸਤਿਜੁਗ ਤਰੇਤਾ ਦੁਆਪਰ ਜਿਸ ਨੇ ਬਦਲ ਦਿੱਤੀ ਸ਼ਾਹੀ, ਉਹ ਅੰਤਮ ਕਲਜੁਗ ਵੇਖ ਵਖਾਈਆ। ਨਾ ਉਹਦਾ ਪਿਤਾ ਨਾ ਕੋਈ ਮਾਈ, ਜਨਨੀ ਗੋਦ ਨਾ ਕੋਇ ਉਠਾਈਆ। ਉਹ ਖੇਲੇ ਖੇਲ ਧੁਰਦਰਗਾਹੀ, ਜਲਵਾਗਰ ਨੂਰ ਰੁਸ਼ਨਾਈਆ। ਇਕ ਇਕੱਲਾ ਬਣ ਕੇ ਪਾਂਧੀ ਰਾਹੀ, ਲੋਕ ਪਰਲੋਕ ਤਬਕਾਂ ਸਬਕ ਇਕ ਸਮਝਾਈਆ। ਇਹੋ ਜਿਹਾ ਪਿਛੇ ਕੋਈ ਨਹੀਂ ਹੋਇਆ ਰਥਵਾਹੀ, ਜੋ ਕਾਇਆ ਮੰਦਰ ਅੰਦਰ ਵੜ ਕੇ ਪੰਜਾਂ ਤੱਤਾਂ ਦਾ ਰਥ ਦਏ ਚਲਾਈਆ। ਤ੍ਰੈਗੁਣ ਮਾਇਆ ਅੱਗੇ ਭੱਜੇ ਆਪੇ ਵਾਹੋ ਦਾਹੀ, ਨੇਤਰ ਨੈਣ ਅੱਖ ਸ਼ਰਮਾਈਆ। ਜਿਹੜੀ ਮੰਜ਼ਲ ਕਿਸੇ ਹੱਥ ਨਾ ਆਈ, ਉਹ ਪ੍ਰਭੂ ਕਿਰਪਾ ਕਰ ਕੇ ਭਗਤਾਂ ਦਏ ਵਖਾਈਆ। ਫਿਰ ਸਾਰੇ ਕਹਿਣ ਹੱਕ ਖ਼ੁਦਾ ਤੇਰਾ ਨਾਮ ਦੁਹਾਈ, ਤੇਰਾ ਢੋਲਾ ਇਕੋ ਗਾਈਆ। ਵੇਖਿਓ ਕਿਤੇ ਹੋ ਨਾ ਜਾਏ ਜੁਦਾਈ, ਜੁਦਾ ਦਾ ਖ਼ੁਦਾ ਮਾਲਕ ਨਜ਼ਰੀ ਆਈਆ। ਤੁਹਾਡੇ ਅੰਦਰ ਪ੍ਰੀਤੀ ਹੋਵੇ ਅੱਗੇ ਨਾਲੋਂ ਦੂਣ ਸਵਾਈ, ਜਿਸ ਦਾ ਅੰਕੜਾ ਸਮਝ ਕੋਇ ਨਾ ਪਾਈਆ। ਸੰਤ ਸੁਹੇਲੇ ਸਾਰੇ ਕਹਿੰਦੇ ਅਸੀਂ ਭਾਈ ਭਾਈ, ਜੇ ਅੰਦਰੋਂ ਹਉਮੇ ਦਾ ਬੂਟਾ ਪੁੱਟ ਦਿਓ ਬਾਹਰ ਕੱਢ ਦਿਓ ਹੰਕਾਰਾਈ, ਰਹਿਮਤ ਆਪੇ ਦਏ ਕਮਾਈਆ। ਕਿਉਂਕਿ ਸਭ ਦਾ ਇਕੋ ਸਾਂਝਾ ਮਾਹੀ, ਜੋ ਮੁਹੱਬਤ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮੇਲਨ ਸਾਚੀ ਸਭਤਾ ਦਏ ਵਡਿਆਈਆ।

ਰਥ ਕਹੇ ਮੈਨੂੰ ਕੌਣ ਚਲੌਂਦਾ, ਵਾਗਾਂ ਘੋੜਿਆਂ ਹੱਥ ਰਖਾਈਆ। ਚਾਰ ਕੁੰਟ ਦੇ ਵਿਚ ਭਵੌਂਦਾ, ਗੇੜਾ ਨਜ਼ਰ ਕਿਸੇ ਨਾ ਆਈਆ। ਅਸਤਰ ਸ਼ਸਤਰਾਂ ਤੋਂ ਬਚੌਂਦਾ, ਤੀਰ ਪੋਹ ਨਾ ਸਕੇ ਰਾਈਆ। ਭਗਤਾਂ ਦੀ ਪ੍ਰੀਤੀ ਦੇ ਢੋਲੇ ਗੌਂਦਾ, ਮੁਕਟ ਬੈਨ ਕਵਲ ਨੈਣ ਬਨ ਬਿੰਦਰਾ ਨਿਵਾਸੀ ਮਥਰਾ ਦਾ ਸਾਥੀ ਸੋਭਾ ਪਾਈਆ। ਜਿਸ ਦੀ ਕਲਾ ਕਿਸੇ ਨਾ ਜਾਤੀ, ਦਰਯੋਧਨ ਵਰਗੇ ਬਣ ਗਏ ਘਾਤੀ, ਓਨ੍ਹਾਂ ਸਮਝੀ ਨਹੀਂ ਬਨਬਾਸ ਵਾਲੀ ਪਾਤੀ, ਪਤਰਕਾ ਦਾ ਪੜਦਾ ਨਾ ਕੋਇ ਉਠਾਈਆ। ਇਹ ਖੇਲ ਪੁਰਖ ਅਬਿਨਾਸ਼ੀ, ਜਿਹੜੀ ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਅਰਜਨ ਓਸ ਵੇਲੇ ਜਿਹੜਾ ਮਨੂੰ ਸਚੇ ਸਤਿਗੁਰ ਦੀ ਆਖੀ, ਸੋ ਖ਼ੁਸ਼ੀਆਂ ਵਿਚ ਆਪਣਾ ਝੱਟ ਲੰਘਾਈਆ। ਬਾਕੀ ਸਭ ਨੂੰ ਦਿਸੇ ਰੈਣ ਅੰਧੇਰੀ ਰਾਤੀ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਸਾਰਿਆਂ ਲੱਭਣਾ ਕਿੱਥੇ ਪਿਆਲਾ ਦੇਵਣ ਵਾਲਾ ਸਾਕੀ, ਜੋ ਨਾਮ ਸੁਰਾਹੀ ਦਏ ਉਲਟਾਈਆ। ਜਨ ਭਗਤ ਕਹਿਣ ਜੇ ਕਿਰਪਾ ਕਰੇ ਆਪਣਾ ਮੇਲ ਕਰੇ ਇਤਫਾਕੀ, ਇਤਫਾਕੀਆਂ ਆਪਣੇ ਨਾਲ ਮਿਲਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਸ਼ਾਹ ਸੁਲਤਾਨ ਰਾਜ ਰਾਜਾਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼, ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ, ਚਾਰੇ ਵੇਦ ਓਸੇ ਦਾ ਭੇਦ, ਅੰਜੀਲ ਕੁਰਾਨ ਓਸੇ ਦਾ ਨਿਸ਼ਾਨ, ਜਿਸ ਦਾ ਨਿਸ਼ਾਨਾ ਸਾਰੇ ਤੱਕਣ ਥਾਉਂ ਥਾਈਂਆ।

ਇਕ ਸੰਦੇਸ਼ਾ ਸੁਣੋ ਸ੍ਰੀ ਭਗਵਾਨ, ਜੋ ਸਭ ਨੂੰ ਰਿਹਾ ਸੁਣਾਈਆ। ਵੇਖਿਓ ਕਿਤੇ ਅੰਦਰੋਂ ਰਿਹੋ ਨਾ ਕੋਈ ਬੇਈਮਾਨ, ਮਨ ਸ਼ੈਤਾਨ ਆਪਣਾ ਦਾਓ ਨਾ ਸਕੇ ਲਗਾਈਆ। ਸਾਚੇ ਸੰਤਾਂ ਦਾ ਕਰੋ ਚਰਨ ਧਿਆਨ, ਜਿਥੇ ਮਿਲੇ ਨਾਮ ਨਿਧਾਨ, ਮੰਜ਼ਲ ਹਕੀਕੀ ਪਹੁੰਚੋ ਆਣ, ਜਿਥੇ ਲਾਸ਼ਰੀਕ ਸੋਭਾ ਪਾਈਆ। ਨਾ ਓਥੇ ਚਿੱਲਾ ਨਾ ਤੀਰ ਤੇ ਨਾ ਕਮਾਨ, ਨਾ ਕੋਈ ਜੋਧਾ ਸੂਰਬੀਰ ਬਲਵਾਨ, ਨਾ ਕੋਈ ਖੜਗ ਖੰਡਾ ਚਮਕੇ

ਵਿਚ ਮੈਦਾਨ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਸਾਚਾ ਨਾਮ ਦੂਜਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਸੰਤਾਂ ਦੇ ਚਰਨਾਂ ਦੇ ਥੱਲੇ ਝੁਕਦੇ ਜ਼ਿਮੀਂ ਅਸਮਾਨ, ਓਥੇ ਪੈਂਡੇ ਮੁਕਦੇ ਜਗਤ ਜਹਾਨ, ਜਹਾਲਤ ਰਹਿਣ ਕੋਇ ਨਾ ਪਾਈਆ। ਸਾਰੇ ਆਪਣਾ ਇਕ ਬਣਾਓ ਸਾਂਝਾ ਵਿਧਾਨ, ਜਿਸ ਦੀ ਤਰਮੀਮ ਅੱਗੇ ਨਾ ਕੋਇ ਕਰਾਈਆ। ਆਪਣੇ ਨਿਸਚੇ ਨਾਲ ਸਾਚੀ ਬੁੱਧੀ ਨਾਲ ਅਨਭਵਤਾ ਨਾਲ ਉਸ ਨੂੰ ਕਰੋ ਪਰਵਾਨ, ਮਨ ਦੀ ਵਿਚਾਰ ਅੱਗੇ ਨਾ ਕੋਇ ਰਖਾਈਆ। ਫੇਰ ਸਫ਼ਲ ਹੋਵੋ ਤੇ ਸਫ਼ਲਤਾ ਵਿਚ ਬਣੋ ਬਲਵਾਨ, ਬਲ ਆਪਣਾ ਲੈਣਾ ਪਰਗਟਾਈਆ। ਜੇ ਰਥ ਤੋਂ ਉਤਰ ਕੇ ਅਰਜਨ ਆਪਣਾ ਨਹੀਂ ਕੀਤਾ ਦਾਨ, ਦਾਨ ਦਾ ਮਾਲਕ ਆਪਣਾ ਖੇਲ ਆਪ ਖਿਲਾਈਆ। ਸਾਰੇ ਇਕੱਠੇ ਹੋਏ ਆਣ, ਇਕੱਤਰਤਾ ਵਿਚ ਮਿੱਤਰਤਾ ਵਿਚ ਸਾਚਾ ਸਾਥੀ ਬੈਠੇ ਬਣਾਈਆ। ਵਿਸ਼ੇਸ਼ ਵਿਦਿਆ ਸ੍ਰੇਸ਼ਟ ਬੁੱਧੀ ਮਨ ਕਲਪਣਾ ਦਵੈਸ਼ ਭਾਵਨਾ ਅੱਜ ਉਹ ਸਾਂਝਾ ਹੋਵੇ ਘਮਸਾਨ, ਜੋਧੇ ਸੂਰਬੀਰ ਅੰਦਰੇ ਅੰਦਰ ਲੜਦੇ ਨਜ਼ਰੀ ਆਈਆ। ਜਿਨ੍ਹਾਂ ਨੂੰ ਇਕ ਉਤੇ ਵਿਸ਼ਵਾਸ਼, ਜਿਸ ਦਾ ਨੂਰ ਸਰਬ ਪਰਕਾਸ਼, ਆਦਿ ਜੁਗਾਦਿ ਸਦਾ ਅਬਿਨਾਸ਼, ਜਨਮ ਮਰਨ ਵਿਚ ਨਾ ਆਈਆ। ਓਸ ਪ੍ਰਭੂ ਦੀ ਏਕਤਾ ਵਾਸਤੇ ਜਿਨ੍ਹਾਂ ਨੂੰ ਮੰਨਜ਼ੂਰ ਇਹ ਵਿਧਾਨ, ਉਹ ਹੱਥ ਖੜੇ ਕਰੋ ਨੌਜੁਵਾਨ, ਪਰਸਤਾਵ ਪਾਸ ਕਰ ਕੇ ਰਿਸ਼ੀਆਂ ਮੁਨੀਆਂ ਦੇ ਅੱਗੇ ਦਿਓ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਸਤਰੀ ਜੀ ਤੁਹਾਡੇ ਰਥ ਦਾ ਵੇਖ ਰਸਤਾ, ਭਗਵਾਨ ਭਗਤ ਮਿਲਣ ਦਾ ਮਾਰਗ ਸਸਤਾ, ਟਕਿਆਂ ਵਾਲੀ ਭੇਟ ਨਾ ਕੋਇ ਚੜ੍ਹਾਈਆ।

ਅੰਦਰ ਵਿਚਾਰ ਪੈਦਾ ਕਰ ਲਓ ਪ੍ਰਭੂ ਦੇ ਸਾਚੇ ਜਸ ਦਾ, ਨੇਤਰ ਲੋਚਣ ਦੀਦਾਰ, ਕਰ ਲਓ ਓਸ ਦਵਾਰ ਨੇਤਰ ਅੱਖ ਦਾ, ਜਿਸ ਵਿਚ ਪਰਤੱਖ ਮਿਲੇ ਬੇਪਰਵਾਹੀਆ। ਜਿਹੜਾ ਖ਼ੁਸ਼ੀਆਂ ਵਿਚ ਹੱਸਦਾ, ਪ੍ਰੇਮੀਆਂ ਕੋਲੋਂ ਕਦੇ ਨਹੀਂ ਨੱਸਦਾ, ਜਦ ਵੇਖੋ ਕਾਇਆ ਮੰਦਰ ਅੰਦਰ ਵਸਦਾ, ਆਤਮ ਦੀ ਸੇਜਾ ਰਿਹਾ ਹੰਢਾਈਆ। ਜਿਸ ਦਾ ਮਹੱਲ ਅਟੱਲ ਉਚ ਮਨਾਰਾ ਕਦੇ ਨਾ ਢੱਠਦਾ, ਛੱਪਰ ਛੰਨ ਨਾ ਕੋਇ ਬਦਲਾਈਆ। ਓਥੇ ਇਕੋ ਦੀਪਕ ਜਗਦਾ, ਜਗਮਗ ਜੋਤ ਕਰੇ ਰੁਸ਼ਨਾਈਆ। ਓਥੇ ਦੀ ਕਰੂਗਾ ਸ਼ਾਸਤਰੀ ਜੀ ਭਾਂਬੜ ਅੱਗ ਦਾ, ਜਿਥੇ ਅੰਮ੍ਰਿਤ ਦੀ ਬਰਖਾ ਰਿਹਾ ਲਾਈਆ। ਤੁਸੀਂ ਨਜ਼ਾਰਾ ਵੇਖੋ ਅੱਜ ਦਾ, ਘਨਘੋਰ ਘਟਾ ਚਾਰੋਂ ਕੁੰਟ ਛਾਈਆ। ਏਥੇ ਸੰਤ ਫ਼ਕੀਰ ਮੁਨੀ ਮਾਲਕ ਮਹਿਬੂਬ ਜਿਨ੍ਹਾਂ ਦੇ ਹਿਰਦੇ ਅੰਦਰ ਵਸਦਾ, ਬੈਠੇ ਸੋਭਾ ਪਾਈਆ। ਨਜ਼ਾਰਾ ਲੈ ਲਓ ਓਸ ਰਸ ਦਾ, ਜਿਸ ਰਸਤੇ ਵਿਚ ਜਾਂਦਿਆਂ ਅੱਗੇ ਨਾ ਕੋਇ ਅਟਕਾਈਆ। ਗੁਰਮੁਖੋ ਦੁੱਖ ਵੰਡੋ ਟਹਿਣੀ ਨਾਲੋਂ ਸੁੱਕੇ ਕੱਖ ਦਾ, ਦਰਦ ਵੇਖੋ ਵਿਛੋੜਾ ਤੱਕੋ ਆਤਮਾ ਦਾ ਪਰਮਾਤਮਾ ਨਾਲੋਂ ਰਹਿਣਾ ਵੱਖ ਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਅੱਗੇ ਹੁਣ ਵਕਤ ਬਣਾਓ ਸਚ ਦਾ, ਭਾਂਡਾ ਫੁੱਟ ਜਾਏ ਕਾਇਆ ਮਾਟੀ ਕੱਚ ਦਾ, ਮਨੂਆ ਦਹਿ ਦਿਸ਼ਾ ਨਾ ਫਿਰੇ ਨੱਚਦਾ, ਸਤਿ ਦਾ ਰਸਤਾ ਲੈਣਾ ਅਪਨਾਈਆ। ਇਹ ਸਮੇਲਨ ਸਤਿ ਧਰਮ ਜੱਗ ਦਾ, ਜੋ ਪੈਂਡਾ ਮੁਕਾਵੇ ਉਪਰ ਸ਼ਾਹ ਰਗ ਦਾ, ਜਿਥੇ ਅੰਮ੍ਰਿਤ ਸੋਮਾਂ ਵਗਦਾ, ਸੁਖਮਨ ਟੇਢੀ ਬੰਕ ਰਾਹ ਵਿਚ ਨਾ ਕੋਇ ਅਟਕਾਈਆ । ਵੇਖਿਓ ਕਿਤੇ ਏਥੋਂ ਜਾ ਕੇ ਘਰ ਰੂਪ ਨਾ ਬਣ ਜਾਇਓ ਕੱਗ ਦਾ, ਹੰਸਾਂ ਦੇ ਹੰਸ ਨਜ਼ਰੀ ਆਈਆ। ਇਹ ਕੋਈ ਖੇਲ ਨਹੀਂ ਅਲਪਗ ਦਾ, ਸੂਰਾ ਸਰਬਗ ਸਭ ਨੂੰ ਦਏ ਵਡਿਆਈਆ। ਤੁਸਾਂ ਫ਼ੈਸਲਾ ਕਰਨਾ ਅਸਾਂ ਝਗੜਾ ਛੱਡਣਾ ਮਜ਼੍ਹਬਾਂ ਵਾਲੀ ਹੱਦ ਦਾ, ਹਦੂਦ ਵਿਚ ਰਹਿ ਕੇ ਆਪਣਾ ਆਪ ਬੰਦ ਨਾ ਕੋਇ ਕਰਾਈਆ। ਓਸ ਅਨਾਮੀ ਧਾਮ ਦੇ ਮਾਲਕ ਨਦ ਦਾ, ਜੋ ਨਾਦ ਕਾਇਆ ਮੰਦਰ ਅੰਦਰ ਰਿਹਾ ਸੁਣਾਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਨਿਰਾਕਾਰ ਸਾਕਾਰ ਪ੍ਰੇਮ ਪਿਆਰ ਪ੍ਰੀਤੀ ਮੁਹੱਬਤ ਵਿਚ ਆਪਣੇ ਆਪ ਨੂੰ ਆਤਮਾ ਦੇ ਰੂਪ ਵਿਚ ਪਰਮਾਤਮਾ ਹੋ ਕੇ ਲੱਭਦਾ, ਆਪਣਾ ਆਪ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਿਸ ਦੇ ਹੱਥ ਵੱਡੀ ਵਡਿਆਈਆ।

ਰਥ ਕਹੇ ਮੈਂ ਬੜਾ ਭੱਜ ਭੱਜ ਨੱਠਾ ਨੱਠਿਆ ਦੌੜ, ਇਧਰ ਉਧਰ ਚੱਕਰ ਲਾਈਆ। ਰਸਤਾ ਮਾਰਗ ਰਿਹਾ ਨਾ ਕੋਈ ਸੌੜ, ਕਿਉਂ ਮੇਰਾ ਰਥਵਾਹੀ ਰਥਾਂ ਦਾ ਮਾਲਕ ਨਜ਼ਰੀ ਆਈਆ। ਜਿਧਰ ਵੇਖਾਂ ਉਧਰ ਜਾਏ ਬੌਹੜ, ਬਿਨਾਂ ਰਥ ਤੋਂ ਆਪਣਾ ਰਥ ਵੱਖਰਾ ਲਏ ਚਲਾਈਆ। ਉਹ ਕੋਈ ਕੌਰੋਕਸ਼ੇਤਰ ਵਾਲਾ ਨਹੀਂ ਜੌਹੜ, ਪਾਣੀ ਵਾਲਾ ਤਾਲਾਬ ਨਜ਼ਰ ਕੋਇ ਨਾ ਆਈਆ। ਉਹ ਧੁਰ ਦਾ ਕਾਹਨ ਨੌਜੁਵਾਨ ਨਿਰਗੁਣ ਦਾਤਾ ਪੁਰਖ ਬਿਧਾਤਾ ਤੁਹਾਡੇ ਕਾਇਆ ਮੰਦਰ ਅੰਦਰ ਜਾਵੇ ਬੌਹੜ, ਜਿਥੇ ਪੰਜ ਤੱਤ ਦਾ ਝਗੜਾ ਸਕੇ ਨਾ ਕੋਇ ਮੁਕਾਈਆ। ਜ਼ਰਾ ਤੱਕ ਕੇ ਵੇਖੋ ਨਾਲ ਗੌਰ, ਕੌਣ ਤੁਹਾਡੇ ਮੰਦਰ ਪਾਵੇ ਸ਼ੋਰ, ਅੰਧੇਰਾ ਘੋਰ ਕਵਣ ਕਰਾਈਆ। ਜੇ ਭਗਤੋ ਤੁਸੀਂ ਸਮਝੇ ਅਸੀਂ ਹੋਰ ਤੇ ਪਰਮਾਤਮਾ ਹੋਰ, ਏਹ ਬਾਤ ਪੁਰਖ ਅਕਾਲ ਕਦੇ ਨਾ ਭਾਈਆ। ਸੰਤ ਸੱਜਣ ਮੀਤ ਮੁਰਾਰੇ ਸਭ ਨੂੰ ਦੇਵਣ ਆਏ ਸੁਗ਼ਾਤ, ਲੇਖੇ ਲਾ ਲਓ ਅੱਜ ਦੀ ਰਾਤ, ਅੱਗੇ ਖ਼ੁਸ਼ੀਆਂ ਵਾਲੀ ਹੋਏ ਪਰਭਾਤ, ਪਰਭਾਤੀ ਦੀ ਸੁਗ਼ਾਤੀ ਤੁਹਾਡੀ ਝੋਲੀ ਪਾਈਆ। ਸਾਰਿਆਂ ਦੀ ਸਾਂਝੀ ਇਕ ਬਾਤ, ਤੁਲਬੇ ਬਣਕੇ ਹੱਥ ਫੜੋ ਕਲਮ ਦੁਵਾਤ, ਸਾਂਝੇ ਨਾਮ ਦੀ ਪੱਟੀ ਲਿਖੋ ਸਾਖਿਆਤ, ਅਸਾਂ ਦੂਈ ਦਵੈਤ ਕਰਨਾ ਨਾਸ, ਇਕੋ ਨੂਰ ਵੇਖਣਾ ਪਰਕਾਸ਼, ਜੋ ਏਥੇ ਓਥੇ ਦੋ ਜਹਾਨ ਦੇਵੇ ਸਾਥ, ਆਤਮਾ ਦਾ ਰਥਵਾਹੀ ਪ੍ਰਭੂ ਰਘੁਨਾਥ ਜਿਸ ਨੂੰ ਭਗਤ ਰਾਜਾ ਰਾਮ ਗਿਆ ਸਮਝਾਈਆ। ਹੁਣ ਅੱਗੇ ਰਹਿਣ ਨਹੀਂ ਦੇਣਾ ਕੋਈ ਇਖਤਲਾਫ, ਸੰਤ ਸਾਜਣ ਪਿਛਲੀਆਂ ਕੀਤੀਆਂ ਦੀ ਪ੍ਰਭ ਨੂੰ ਮਿਲ ਕੇ ਸਭ ਦੀ ਖਤਾ ਕਰਨ ਮੁਆਫ਼, ਭੁੱਲ ਅੱਗੇ ਨਾ ਕੋਇ ਕਰਾਈਆ। ਸਾਰੇ ਪ੍ਰਭ ਦੇ ਪਿਆਰੇ ਬਣ ਕੇ ਦੱਸ ਦਿਓ ਅਸੀਂ ਵੀ ਸਾਰੇ ਸਾਧ, ਸਾਧਾਂ ਦੀ ਸਾਧਨਾ ਨਾਲ ਮਤਾ ਆਪ ਲਿਆ ਬਣਾਈਆ। ਇਕ ਨੂੰ ਲਓ ਅਰਾਧ, ਜਿਸ ਨੂੰ ਰਾਧੇ ਸੁਵਾਮੀ ਕਹਿ ਕੇ ਰਾਧੇ ਕ੍ਰਿਸ਼ਨ ਕਹਿ ਸਾਰੇ ਰਹੇ ਮਨਾਈਆ। ਉਹ ਆਤਮਾ ਪਰਮਾਤਮਾ ਜਿਸ ਦਾ ਸਦਾ ਜੁੜਿਆ ਰਹੇ ਨਾਤ, ਆਤਮਾ ਨਾਲੋਂ ਹੋਏਨਾ ਕਦੇ ਜੁਦਾਈਆ। ਜੇ ਅੰਦਰ ਵੜ ਜਾਓ ਮੰਦਰ ਚੜ੍ਹ ਜਾਓ ਨਿਰੱਖਰ ਅੱਖਰ ਪੜ੍ਹ ਜਾਓ ਫੇਰ ਤੁਹਾਡੀ ਸਮਝ ਵਿਚ ਆਏ ਕਿ ਸਾਡੀ ਕਦੇ ਨਾ ਹੋਏ ਵਫ਼ਾਤ, ਆਤਮਾ ਮਰਨ ਜੰਮਣ ਵਿਚ ਨਾ ਆਈਆ। ਤੁਹਾਡਾ ਖ਼ੁਦਾ ਪਾਕ, ਤੁਸੀਂ ਵੀ ਹੋ ਜਾਓ ਪਾਕ, ਮੰਨ ਲਓ ਇਕੋ ਬਾਪ, ਜਿਸ ਵਿਚ ਮਜਾ ਸਚ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਭ ਦਾ ਰਥ, ਜੋ ਲੱਤਾਂ ਪੈਰਾਂ ਨਾਲ ਰਿਹਾ ਨੱਠ, ਨੇਤਰ ਇਸ਼ਾਰਿਆਂ ਨਾਲ ਆਪਣੀ ਕਰਵਟ ਲਏ ਵੱਟ, ਰਾਸਾਂ ਮਲਦੇ ਹੱਥ ਫੜਾਈਆ।

ਹੁਣ ਸੰਤਾਂ ਮਹਾਤਮਾਂ ਕੀਤਾ ਇਕੱਠ, ਮੁਨੀ ਸੁਸ਼ੀਲ ਕੁਮਾਰ ਕਿਹਾ ਆਪਣੇ ਭਾਸ਼ਨ ਵਿਚ ਉਹ ਸਤਿ ਦਾ ਸਰੂਪ ਇਕੋ ਜੱਟ, ਜੋ ਸਿੱਧਾ ਸਾਦਾ ਨਜ਼ਰੀ ਆਈਆ। ਸਭ ਦੇ ਅੱਗੇ ਜਾਏ ਡਟ, ਸੂਰਬੀਰ ਆਪ ਅਖਵਾਈਆ। ਸੰਤ ਮਹਾਤਮਾ ਨੂੰ ਅੰਦਰ ਵੜ ਕੇ ਦੇਵੇ ਦੱਸ, ਸਹਿਜ ਨਾਲ ਸਮਝਾਈਆ। ਇਨ੍ਹਾਂ ਸਾਰਿਆਂ ਨੂੰ ਕਰ ਲਚ ਵੱਸ, ਵਾਸਤਾ ਇਕੋ ਨਾਲ ਜੁੜਾਈਆ। ਫੇਰ ਕਹੀਏ ਸ਼ਾਸਤਰੀ ਜੀ ਸ੍ਰੀ ਭਗਵਾਨ ਜ਼ਰੂਰ ਭਗਤਾਂ ਦਾ ਚਲਾਏ ਰਥ, ਰਥਵਾਹੀ ਹੋ ਕੇ ਭਗਤਾਂ ਦਾ ਬੇੜਾ ਪਾਰ ਕਰਾਈਆ। ਭਗਤੋ ਤੁਸੀਂ ਵੀ ਜਾਓ ਅੱਗੇ ਡਟ, ਆਕੜ ਨਾਲ ਪ੍ਰਭ ਨੂੰ ਦਿਉ ਸੁਣਾਈਆ। ਜੇ ਅਸੀਂ ਤੇਰੇ ਤੇ ਤੂੰ ਸਾਡਾ ਕਿਉਂ ਸਾਥੋਂ ਰਿਹਾ ਨੱਠ, ਨੇਤਰ ਅੱਖ ਨੈਣ ਸ਼ਰਮਾਈਆ। ਅਸੀਂ ਤੈਨੂੰ ਗਾਈਏ ਬਣ ਕੇ ਭੱਟ, ਤੂੰ ਕਰਵਟ ਨਾ ਸਕੇਂ ਵੱਟ, ਬਿਰਹੋਂ ਦਾ ਲਾ ਕੇ ਫੱਟ, ਵਿਛੋੜੇ ਵਿਚ ਤੜਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰਥ ਦਾ ਮਾਲਕ ਇਕ ਬਣਾਈਆ।

ਰਥ ਕਹੇ ਮੇਰਾ ਮਾਲਕ ਕੌਣ, ਕਵਣ ਰਿਹਾ ਚਲਾਈਆ। ਜਿਸ ਦਾ ਲੇਖਾ ਪਾਣੀ ਪਵਣ ਪੌਣ, ਪਾਰਬ੍ਰਹਮ ਬੇਪਰਵਾਹੀਆ । ਜੋ ਦੁਸ਼ਟ ਸੰਘਾਰੀ ਬਣਿਆ ਰਾਮ ਰੌਣ, ਨਿਰਗੁਣ ਸਰਗੁਣ ਖੇਲ ਖਿਲਾਈਆ। ਜਿਸ ਦੀ ਮੁੱਛ ਦਾਹੜੀ ਤਨ ਵਿਚ ਨਾ ਕੋਈ ਧੌਣ, ਧਰਮ ਦਵਾਰੇ ਬੈਠਾ ਡੇਰਾ ਲਾਈਆ। ਜੁਗ ਜੁਗ

ਉਜੜਿਆਂ ਆਏ ਵਸੌਣ, ਵਿਛੜਿਆਂ ਮੇਲ ਮਿਲਾਈਆ। ਸੋਈਆਂ ਸੁਰਤੀਆਂ ਆਏ ਜਗੌਣ, ਨਾਮ ਹਲੂਣੇ ਨਾਲ ਉਠਾਈਆ। ਸਚ ਦਵਾਰੇ ਆਏ ਬਹੌਣ, ਮੰਦਰ ਇਕੋ ਇਕ ਵਖਾਈਆ। ਕੂੜੀ ਕਿਰਿਆ ਆਏ ਢਾਹੁਣ, ਹੰਕਾਰੀ ਬੁਰਜ ਰਹਿਣ ਕੋਇ ਨਾ ਪਾਈਆ। ਸਾਚਾ ਨਾਮ ਆਵੇ ਜਪੌਣ, ਸੰਦੇਸ਼ਾ ਇਕ ਸੁਣਾਈਆ। ਰੋਂਦਿਆਂ ਆਏ ਹਸੌਣ, ਜਿਸ ਤਰ੍ਹਾਂ ਮੁਨੀ ਸ਼ੁਸ਼ੀਲ ਕੁਮਾਰ ਜੀ ਹੱਸ ਹੱਸ ਕੇ ਸਭ ਦੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਥ ਵੇਖੇ ਥਾਉਂ ਥਾਈਂਆ।

ਸ੍ਰੀ ਭਗਵਾਨ ਕਹੇ ਮੈਂ ਕਲਜੁਗ ਵੇਖਾਂ ਰਥ ਕਿਹੜਾ ਕਿਹੜਾ, ਚਾਰੋਂ ਕੁੰਟ ਓਰ ਧਿਆਨ ਲਗਾਈਆ। ਜਿਧਰ ਤੱਕਾਂ ਉਧਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦਿਸੇ ਝੇੜਾ, ਝਗੜਾ ਰੱਬ ਦੇ ਨਾਲ ਰਖਾਈਆ। ਦਹਿ ਦਿਸ਼ਾ ਹੋਵੇ ਮੇਰਾ ਮੇਰਾ, ਤੇਰਾ ਰਾਗ ਨਾ ਕੋਇ ਅਲਾਈਆ। ਮਾਇਆ ਮਮਤਾ ਪਾਇਆ ਘੇਰਾ, ਘਿਰਨਾ ਵਿਚ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਤੱਕਿਆ ਮੰਜ਼ਲ ਮੰਜ਼ਲ ਪਾਇਆ ਫੇਰਾ, ਬਣ ਪਾਂਧੀ ਪੰਧ ਮੁਕਾਈਆ। ਬਹੁਤਿਆਂ ਵਿਚੋਂ ਥੋੜ੍ਹਿਆਂ ਸੰਤਾਂ ਨੇ ਮੁਨੀਆਂ ਨੇ ਰਿਸ਼ੀਆਂ ਨੇ ਸੂਫ਼ੀਆਂ ਕੀਤਾ ਜ਼ੇਰਾ, ਆਪ ਆਪਣਾ ਬਲ ਪਰਗਟਾਈਆ। ਧਰਤੀ ਦਾ ਖੁਲ੍ਹਾ ਕਰਨਾ ਵਿਹੜਾ, ਵਿਚੋਂ ਹੱਦ ਬੰਨੇ ਦੇਣੇ ਬਾਹਰ ਕਢਾਈਆ। ਫੇਰ ਆਪੇ ਰਹਿਮਤ ਦਾ ਮਾਲਕ ਕਰੇ ਮਿਹਰਾ, ਮਿਹਰ ਦੀ ਬਰਖਾ ਦਏ ਲਗਾਈਆ। ਉਹ ਸਭ ਦਾ ਮਾਲਕ ਇਕ ਜੋ ਭੈ ਦੇਣ ਵਾਲਾ ਰੂਪ ਸਿੰਘ ਸ਼ੇਰਾ, ਸ਼ਰਅ ਦਾ ਲੇਖਾ ਦਏ ਮੁਕਾਈਆ। ਜਿਸ ਦੇ ਹੱਥ ਹਕੀਕੀ ਨਬੇੜਾ, ਵੇਖਣਹਾਰਾ ਥਾਉਂ ਥਾਈਂਆ। ਮਾਲਵੇ ਵਾਲਿਓ ਜ਼ਰਾ ਖੇਲ ਵੇਖਿਓ ਕੇਰਾਂ, ਕਿਰਤ ਕਰਮ ਦੇ ਵਿਛੜੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਥ ਦਾ ਰਥਵਾਹੀ ਦਾਤਾ ਧੁਰਦਰਗਾਹੀ ਨੂਰ ਇਲਾਹੀ ਮੁਹੱਬਤਾਂ ਵਿਚ ਮਹਿਬੂਬ, ਵਸਣਹਾਰਾ ਅਰਸ਼ ਅਰੂਜ਼, ਆਲੀਸ਼ਾਨ ਬੇਪਰਵਾਹੀਆ।

ਰਥ ਕਹੇ ਮੈਂ ਜਾਣਾ ਕਿੱਥੇ, ਰਸਤਾ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵ ਪੈਰਾਂ ਹੇਠਾਂ ਦੱਬੇ, ਮਾਇਆ ਮਮਤਾ ਮੋਹ ਭਾਰ ਟਿਕਾਈਆ। ਬੜੇ ਬੜੇ ਮੋਟੇ ਦੂਜਿਆਂ ਦੀ ਰਤ ਪੀ ਪੀ ਫਿੱਟੇ, ਆਪਣੇ ਆਪ ਨੂੰ ਬਲਵਾਨ ਰਹੇ ਬਣਾਈਆ। ਲੜਦੇ ਫਿਰਦੇ ਉਪਰੋਂ ਪੱਥਰ ਇੱਟੇ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਇਨ੍ਹਾਂ ਪਿਛੇ ਹੋਏ ਲੜਾਈਆ। ਵੇਖਿਓ ਪਰਮ ਪੁਰਖ ਸੰਤ ਸਾਜਣ ਸਾਰੇ ਮਿਲ ਕੇ ਹੁਣ ਦੀਨ ਦੁਨੀ ਦੇ ਕੱਢ ਦੇਣ ਸਿੱਟੇ, ਸਿੱਟੇਬਾਜ਼ੀ ਰਹਿਣ ਕੋਇ ਨਾ ਪਾਈਆ। ਸਭ ਦੇ ਲੇਖੇ ਹੋਣੇ ਚਿੱਟੇ, ਕੂੜੀ ਕਿਰਿਆ ਹੋਏ ਸਫ਼ਾਈਆ। ਮਾਰਗ ਲੱਗਣਾ ਸਿੱਧੇ, ਅੱਗੇ ਹੋ ਨਾ ਕੋਇ ਅਟਕਾਈਆ। ਖ਼ੁਸ਼ੀਆਂ ਵਿਚ ਦੋ ਹੱਥਾਂ ਦੇ ਤਾਲੀਆਂ ਨਾਲ ਪਾਓ ਗਿੱਧੇ, ਗੀਦੀ ਨਜ਼ਰ ਕੋਇ ਨਾ ਆਈਆ। ਸੰਤ ਕਿਰਪਾਲ ਸਿੰਘ ਨੇ ਜਿਨ੍ਹਾਂ ਦੇ ਅੰਤਰ ਤੀਰ ਨਾਲ ਵਿੱਧੇ, ਮੁਨੀ ਨਿਸ਼ਾਨਾ ਪ੍ਰੇਮ ਵਾਲਾ ਲਗਾਈਆ। ਪ੍ਰਭ ਮਿਲਣ ਦੀ ਦੱਸੀ ਬਿੱਧੇ, ਬਿਧਨਾ ਦਾ ਲੇਖਾ ਦਿੱਤਾ ਗੁਵਾਈਆ। ਉਹ ਭਾਗਾਂ ਵਾਲੇ ਕਿੱਡੇ, ਵੱਡੇ ਸੂਰਬੀਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਵਖਾਈਆ।

ਸ਼ਾਸਤਰੀ ਜੀ ਆਪ ਨੇ ਭਗਤ ਭਗਵਾਨ ਦਾ ਕੀਤਾ ਬਿਆਨ, ਪਵਿੱਤਰ ਰਸਨਾ ਨਾਲ ਸਾਲਾਹੀਆ। ਇਹ ਜੱਟ ਦਾ ਵਿਧਾਨ, ਵਾਹਦ ਨਜ਼ਰੀ ਆਈਆ । ਜਿਸ ਦੇ ਮੰਨਿਆਂ ਮਿਲੇ ਕਲਿਆਣ, ਕਾਇਨਾਤ ਕਲਮਿਆਂ ਦੀ ਕਲਾਮ ਵਿਚੋਂ ਪੜਦਾ ਦਏ ਉਠਾਈਆ। ਵਖਾਵੇ ਉਹ ਨਿਸ਼ਾਨ, ਜਿਸ ਨੂੰ ਬੇਨਿਸ਼ਾਨ ਕਹਿ ਕੇ ਸਾਰੇ ਰਹੇ ਸੁਣਾਈਆ। ਸੰਤ ਮਹਾਤਮਾ ਮੁਨੀ ਇਕ ਪ੍ਰੇਮ ਦਾ ਲੈ ਕੇ ਆਏ ਤੂਫਾਨ, ਕੂੜੀ ਕਿਰਿਆ ਨੂੰ ਦੇਣ ਰੁੜ੍ਹਾਈਆ। ਸੂਰਬੀਰ ਬਹਾਦਰ ਬਣੋ ਨੌਜੁਵਾਨ, ਨਾਮ ਦਾ ਖੰਡਾ ਹੱਥ ਉਠਾਈਆ। ਤੁਹਾਡੇ ਅੰਦਰ ਰਹਿ ਨਾ ਸਕੇ ਕੋਈ ਸ਼ੈਤਾਨ, ਸ਼ੈਤਾਨ ਤੇ ਰਹਿਮਾਨ ਇਕ ਥਾਂ ਟਿਕਣ ਕਦੇ ਨਾ ਪਾਈਆ । ਤੁਸੀਂ ਹੁਣ ਤਲਵਾਰਾਂ ਮੈਂ ਸਭ ਦਾ ਸਾਂਝਾ ਇਕ ਮਿਆਨ, ਮੀਆਂ ਬੀਵੀ ਵੰਡ ਨਾ ਕੋਇ ਵੰਡਾਈਆ। ਧਰਮ ਸਿਆਸਤ ਸਿਆਸਤ

ਧਰਮ ਧਰਮ ਦਾ ਰੂਪ ਧਰਮ ਨਿਸ਼ਾਨ, ਧਰਮ ਦੀ ਧਾਰ ਧਰਮੀਆਂ ਵਿਚੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ।

ਰਥ ਕਹੇ ਮੇਰਾ ਭੌਂਦਾ ਵੇਖੋ ਪਹੀਆ, ਚੱਕਰ ਧਰਤ ਵਾਲਾ ਲਗਾਈਆ । ਕ੍ਰਿਸ਼ਨ ਕਹੇ ਅਰਜਨ ਸਦੀ ਵੀਹਵੀਂ ਵੇਖ ਕਲਜੁਗ ਡੋਲਦੀ ਦਿਸੇ ਨਈਆ, ਨੌਕਾ ਪਾਰ ਨਾ ਕੋਇ ਕਰਾਈਆ। ਸਾਰੇ ਲੱਭਣ ਸਚਾ ਸਈਆ, ਭੱਜਣ ਥਾਉਂ ਥਾਈਂਆ। ਬਿਨ ਸਤਿਗੁਰ ਕੋਈ ਨਾ ਫੜੇ ਬਹੀਆ, ਅੰਗ ਨਾਲ ਅੰਗ ਨਾ ਕੋਇ ਜੁੜਾਈਆ। ਜਿਧਰ ਤੱਕਣ ਧਰਮ ਰਾਏ ਕੱਢੀ ਬੈਠਾ ਵਹੀਆ, ਚਿਤਰ ਗੁਪਤ ਸਭ ਦਾ ਲੇਖਾ ਰਿਹਾ ਸੁਣਾਈਆ। ਅਰਜਨ ਕਹੇ ਭਗਵਨ ਕਿਹੜੀ ਗੱਲ ਕਹੀਆ, ਕਹਿ ਕੇ ਦਿਤੀ ਸੁਣਾਈਆ। ਓਸ ਵੇਲੇ ਕੀ ਤੂੰ ਵੀ ਲੁਕ ਜਾਏਂਗਾ ਗੋਸਾਈਆ, ਆਪਣੀ ਬੰਸਰੀ ਨਾਮ ਛੁਪਾਈਆ । ਕ੍ਰਿਸ਼ਨ ਕਿਹਾ ਅਰਜਨ ਮੈਨੂੰ ਉਹ ਸਖੀਆਂ ਵਿਸਰ ਗਈਆ, ਜਿਹੜੀਆਂ ਵਿਸ਼ਿਆਂ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਸੁਣਾਈਆ।

ਰਥ ਕਹੇ ਮੈਂ ਖਾਧੇ ਕਈ ਚੱਕਰ, ਚਕਰਵਰਤੀ ਦਿੱਤੇ ਖਪਾਈਆ । ਮੇਰਾ ਲੇਖਾ ਲਿਖਿਆ ਨਹੀਂ ਕਿਸੇ ਸਤਰ, ਇਕ ਲੱਖ ਸਤਾਰਾਂ ਹਜ਼ਾਰ ਸਲੋਕ ਸੋਭਾ ਨਾ ਕੋਇ ਸੁਣਾਈਆ। ਮੈਂ ਰਿਹਾ ਖਾਲੀ ਫੱਕੜ, ਫੋਕੜ ਰੂਪ ਬਣਾਈਆ। ਜੋਧਿਆਂ ਨਾਲ ਜੋਧਿਆਂ ਦੀ ਕਰਾਈ ਟੱਕਰ, ਘਮਸਾਨ ਵਾਲੀ ਲੜਾਈਆ। ਕ੍ਰਿਸ਼ਨ ਦਵਾਰੇ ਗਿਆ ਅੱਪੜ, ਆਪਣਾ ਪੰਧ ਮੁਕਾਈਆ। ਜੋ ਕੋਈ ਮੈਥੋਂ ਭੁੱਲ ਹੋਈ ਕਾਹਨ ਮੇਰੇ ਸਿਰ ਉਤੇ ਮਾਰ ਥੱਪੜ, ਹਥੇਲੀ ਪ੍ਰੇਮ ਵਾਲੀ ਲਗਾਈਆ। ਮੇਰੇ ਉਤੇ ਹੋਵੇ ਤੇਰੀ ਮਿਹਰ ਦਾ ਅਸਰ, ਅਸੁਰ ਰੂਪ ਰਹਿਣ ਨਾ ਪਾਈਆ। ਸੋਹਣਾ ਜੀਵਣ ਹੋਵੇ ਬਸਰ, ਜਿੰਦਗੀ ਵਿਚ ਵਡਿਆਈਆ। ਕ੍ਰਿਸ਼ਨ ਕਿਹਾ ਓ ਰਥਾ ਤੇਰੇ ਵਿਚ ਅਜੇ ਥੋੜ੍ਹੀ ਕਸਰ, ਕਸਰ ਇਸ਼ਾਰੀਏ ਨਾਲ ਮਿਲਾਈਆ। ਜਿਸ ਵੇਲੇ ਕਲਜੁਗ ਸਦੀ ਚੌਧਵੀਂ ਦੁਨੀਆਂ ਦਾ ਖ਼ੁਦਾ ਨੂੰ ਭੁੱਲ ਕੇ ਹੋਣ ਲੱਗਾ ਹਸ਼ਰ, ਹਸਤੀ ਜਗਤ ਮਸਤੀ ਵਿਚ ਭੁਲਾਈਆ। ਫੇਰ ਉਹ ਆਪੇ ਲਵੇ ਪਕੜ, ਡੋਰੀ ਆਪਣੇ ਹੱਥ ਰਖਾਈਆ। ਜਿਸ ਨੇ ਤਰਾਜ਼ੂ ਵਿਚ ਨਾਨਕ ਬਣ ਕੇ ਤੋਲਣਾ ਤੱਕੜ, ਸਰਗੁਣ ਜੋੜ ਜੁੜਾਈਆ। ਗੋਬਿੰਦ ਧਾਰ ਬਣੇ ਰੱਖਕ, ਰਖਸ਼ਾ ਕਰੇ ਚਾਈਂ ਚਾਈਂਆ। ਜਿਸ ਵੇਲੇ ਆਇਆ ਓਸ ਦਾ ਵਕਤ, ਆਪਣਾ ਨੂਰ ਕਰੇ ਰੁਸ਼ਨਾਈਆ। ਸਾਚਾ ਸੰਦੇਸ਼ਾ ਦੇਵੇ ਜਗਤ, ਜਾਗੋ ਜਾਗੋ ਜਾਗੋ ਸੋਇਆ ਰਹਿਣ ਕੋਇ ਨਾ ਪਾਈਆ। ਇਕ ਦੇ ਕੋਲ ਇਕ ਦੀ ਸ਼ਕਤ, ਇਕ ਸ਼ਕਤ ਦੇ ਸਾਚੇ ਭਗਤ, ਭਗਤਾਂ ਵਿਚ ਹੋਏ ਵਿਅਕਤ, ਵਿਅਕਤੀਗਤ ਬ੍ਰਹਮ ਮੱਤ ਪਾਰਬ੍ਰਹਮ ਦੀ ਧਾਰ ਪਰਗਟਾਈਆ। ਅਰਜਨ ਕਿਹਾ ਭਗਵਾਨ ਮੇਰੇ ਨਾਲ ਲਾ ਸ਼ਰਤ, ਕੀ ਫੇਰ ਵੀ ਆਵੇਂ ਪਰਤ, ਫੇਰਾ ਪਾਵੇਂ ਉਤੇ ਧਰਤ, ਭਗਤਾਂ ਮਨਜ਼ੂਰ ਕਰੇਂ ਅਰਜ਼, ਕ੍ਰਿਸ਼ਨ ਕਿਹਾ ਅਰਜਨ ਇਹ ਉਸ ਕਾਹਨ ਦਾ ਫ਼ਰਜ਼, ਜੋ ਕਾਹਨਾਂ ਦਾ ਕਾਹਨ ਨਜ਼ਰੀ ਆਈਆ। ਉਹ ਸਭ ਦੀ ਵੰਡੇ ਦਰਦ, ਛੁਰੀ ਚਲਣ ਨਾ ਦੇਵੇ ਕਰਦ, ਕਿਸੇ ਦਾ ਹੋਣ ਨਾ ਦੇਵੇ ਹਰਜ, ਦੁਖੀਆਂ ਦੀ ਮੇਟੇ ਮਰਜ਼, ਮਰੀਜ਼ਾਂ ਦਾ ਡਾਕਟਰ ਇਕੋ ਨਜ਼ਰੀ ਆਈਆ।

ਅਰਜਨ ਕਿਹਾ ਫੇਰ ਕੀ ਹੋਵੇ ਫ਼ਰਕ, ਕ੍ਰਿਸ਼ਨ ਕਿਹਾ ਉਹ ਦੀਨ ਮਜ਼੍ਹਬ ਦੇਵੇ ਤਰਕ, ਸਭ ਦੇ ਕਾਇਆ ਮੰਦਰ ਅੰਦਰ ਵੜ ਕੇ ਲਵੇ ਪਰਖ, ਪਾਰਖੂ ਇਕੋ ਨਜ਼ਰੀ ਆਈਆ । ਸਾਚੇ ਸੰਤਾਂ ਭਗਤਾਂ ਜੋਤੀ ਜਾਤਾ ਪੁਰਖ ਬਿਧਾਤਾ ਪਰਵਰਦਿਗਾਰ ਸਾਂਝਾ ਯਾਰ ਹੋ ਕੇ ਦੇਵੇ ਦਰਸ, ਦਰਸੀ ਆਪਣਾ ਦਰਸ ਕਰਾਈਆ । ਖੇਲੇ ਖੇਲ ਅਰਸ਼ ਫ਼ਰਸ਼, ਜ਼ਿਮੀਂ ਅਸਮਾਨਾਂ ਆਪਣੀ ਕਾਰ ਕਮਾਈਆ। ਸਭ ਦੀ ਮੇਟਣਹਾਰਾ ਹਰਸ, ਹਵਸ ਕੂੜੀ ਦਏ ਮਿਟਾਈਆ। ਪੂਰਬ ਦਾ ਲੇਖਾ ਕਿਸੇ ਦਾ ਰਹਿਣ ਨਾ ਦੇਵੇ ਕਰਜ਼, ਮਕਰੂਜ਼ ਹੋ ਕੇ ਸਭ ਦੀ ਝੋਲੀ ਦਏ ਭਰਾਈਆ। ਇਹ ਖੇਲ ਹੋਣਾ ਅਸਚਰਜ, ਉਹ ਪਰਮਾਤਮਾ ਨਾ ਨਾਰੀ ਤੇ ਨਾ ਮਰਦ,

ਨਾ ਮੀਆਂ ਤੇ ਨਾ ਬੀਵੀ ਸਦਾ ਆਦਿ ਜੁਗਾਦਿ ਬੇਅੰਤ, ਮਹਿੰਮਾ ਅਕੱਥ ਕਥ ਨਾ ਕੋਇ ਜਣਾਈਆ। ਜਿਸ ਦੇ ਨੂਰ ਉਜਾਲੇ ਸਾਚੇ ਸੰਤ, ਜਿਨ੍ਹਾਂ ਦਾ ਨਿਸ਼ਾਨਾ ਇਕ ਭਗਵੰਤ, ਦੂਜਾ ਰਾਹ ਨਾ ਕੋਇ ਸਮਝਾਈਆ।

ਅਰਜਨ ਕਿਹਾ ਭਗਵਨ ਉਹ ਕਿਹੜਾ ਹੋਵੇ ਸੰਮਤ, ਸਮਾਂ ਦੇ ਸੁਣਾਈਆ । ਭਗਵਨ ਕਿਹਾ ਅਰਜਨ ਜਿਸ ਵੇਲੇ ਗੁਰੂਆਂ ਦੇ ਚੇਲੇ ਹੋਣ ਹਰਾਮ ਨਿਮਕ, ਸਤਿਗੁਰ ਦਾ ਬਚਨ ਨਾ ਕੋਇ ਕਮਾਈਆ। ਸ੍ਰਿਸ਼ਟੀ ਦੀ ਬੁੱਧੀ ਹੋਵੇ ਅਹਿਮਕ, ਭਾਵੇਂ ਕਿਸੇ ਦੀ ਧੋਤੀ ਹੋਵੇ ਭਾਵੇਂ ਹੋਵੇ ਤਹਿਮਤ, ਭਾਵੇਂਂ ਹੋਵੇ ਬੋਦੀ ਭਾਵੇਂ ਮੰਗ ਕੇ ਖਾਵੇ ਰੋਜ਼ੀ, ਭਾਵੇਂ ਦਾੜ੍ਹੀ ਖੁਲ੍ਹੀ ਛੱਡ ਕੇ ਕਹੇ ਮੈਂ ਪ੍ਰਭ ਬੜਾ ਮੌਜੀ, ਪ੍ਰਭ ਜਿੰਨਾਂ ਚਿਰ ਅੰਦਰੋਂ ਨਾ ਦੇਵੇ ਸੋਝੀ, ਬੁੱਧੀ ਕੰਮ ਕਿਸੇ ਨਾ ਆਈਆ। ਅਰਜਨ ਦੁਨੀਆਂ ਹੋਣੀ ਹਉਮੇ ਦੀ ਰੋਗੀ, ਤ੍ਰਿਸ਼ਨਾ ਹੋਣੀ ਭੋਗੀ, ਕੋਈ ਵਿਰਲਾ ਦਿਸੇ ਜੋਗੀ, ਜੋ ਮੂੰਹ ਉਤੇ ਪੱਟੀ ਬੰਨ੍ਹ ਕੇ ਪਟੇਦਾਰੀ ਦਾ ਲੇਖਾ ਦਏ ਮੁਕਾਈਆ। ਕਿਸੇ ਨੇ ਬੰਨ੍ਹਣੀ ਤੇੜ ਲੰਗੋਟੀ, ਕਿਸੇ ਨੇ ਚੜ੍ਹਨਾ ਉਪਰ ਚੋਟੀ, ਕਿਸੇ ਨੇ ਹੱਥ ਵਿਚ ਫੜਨੀ ਸੋਟੀ, ਕਿਸੇ ਨੇ ਦੱਸਣਾ ਵਖਾਵਾਂ ਨਿਰਮਲ ਜੋਤੀ, ਕਿਸੇ ਨਾ ਕਹਿਣਾ ਮੈਂ ਸਾਰੇ ਮਾਲਕ ਲੋਕ ਪਰਲੋਕੀ, ਕਿਸੇ ਨੇ ਪੜ੍ਹ ਸੁਣੌਣੀ ਪੋਥੀ, ਕ੍ਰਿਸ਼ਨ ਕਿਹਾ ਅਰਜਨ ਜਿਸ ਨੇ ਇਕ ਸਤਿ ਦੀ ਵਿਚਾਰ ਸੋਚੀ, ਸੋ ਸੰਤ ਮਿਲੇ ਭਗਵੰਤ ਜਿਸ ਦਾ ਸੰਜਮ ਇਕੋ ਨਜ਼ਰੀ ਆਈਆ। ਕਈ ਹੋਏ ਜੋਗੀ, ਕਈ ਹੋਏ ਸੰਜੋਗੀ, ਕਈ ਹੋਏ ਵਿਜੋਗੀ, ਕਈ ਹੋਏ ਭੋਗੀ, ਕਈਆਂ ਚਲੌਣੇ ਖ਼ਾਨੇ ਮੋਦੀ, ਕਈ ਅਖਵੌਣੇ ਬੇਦੀ ਸੋਢੀ, ਜਿੰਨਾਂ ਚਿਰ ਅੰਦਰੋਂ ਕਵਲ ਦੀ ਖਿਲੇ ਨਾ ਡੋਡੀ, ਅੰਮ੍ਰਿਤ ਬੂੰਦ ਸਵਾਤ ਨਾ ਪਹੁੰਚੀ ਸੋ ਜਗਤ ਵਾਸਨਾ ਦਾ ਸ਼ੌਕੀ, ਉਹ ਸ਼ੌਕੀਨੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ।

ਪਹੀਆ ਕਹੇ ਮੈਂ ਫਿਰਦਾ ਫਿਰਦਾ ਗਿਆ ਘਿਸ, ਮੇਰੀ ਖੱਲ ਦਿਤੀ ਲੁਹਾਈਆ। ਕ੍ਰਿਸ਼ਨ ਕੀ ਤੂੰ ਮੈਨੂੰ ਭਗਵਾਨ ਰਿਹਾ ਦਿਸ, ਪੜਦਾ ਦੇ ਉਠਾਈਆ । ਤ੍ਰੈਲੋਕੀ ਨਾਥ ਕਰ ਕੇ ਆਪਣੀ ਪਿੱਠ, ਪਿੱਛਾ ਲਿਆ ਬਦਲਾਈਆ। ਹੱਥ ਦੀ ਵਖਾ ਕੇ ਗਿੱਠ, ਸਵਾ ਦਿੱਤੀ ਵਧਾਈਆ। ਜੇ ਇਕ ਬਚਨ ਰਖੇਂ ਚਿਤ, ਚਿਤ ਠਗੌਰੀ ਕੋਇ ਨਾ ਪਾਈਆ। ਓਏ ਰਥਾ ਬਿਨਾਂ ਭਗਵਨ ਤੋਂ ਪੱਕਾ ਸਮਝੀ ਕੋਈ ਨਾ ਮਿੱਤ, ਅਰਜਨ ਵਰਗੇ ਪੱਲੂ ਗਏ ਛੁਡਾਈਆ। ਜੇ ਕਰਨਾ ਸਿਖਣਾ ਤੇ ਸਿਖੋ ਇਕ ਦਾ ਹਿਤ, ਜੋ ਹਿਤਕਾਰੀ ਆਪ ਅਖਵਾਈਆ। ਜਿਹੜਾ ਪਰਗਟ ਹੋਵੇ ਨਿੱਤ ਨਵਿਤ, ਜੁਗ ਜੁਗ ਵੇਸ ਵਟਾਈਆ। ਰਾਤੀ ਸੁੱਤਿਆਂ ਦਿਨੇ ਜਾਗਦਿਆਂ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਪਣੇ ਨਾਮ ਦੀ ਮਾਰੇ ਖਿੱਚ, ਬਾਹਰੋਂ ਡੰਕ ਨਾ ਕੋਇ ਵਜਾਈਆ। ਰਥ ਕਹਿੰਦਾ ਭਗਵਨ ਆਪਣੇ ਪਿਆਰ ਦੀ ਦੇ ਇਕ ਚਿਟ, ਚਿੱਠੀ ਮੇਰੇ ਹੱਥ ਫੜਾਈਆ। ਕ੍ਰਿਸ਼ਨ ਕਿਹਾ ਵੇਖੀਂ ਕਿਤੇ ਭੁੱਲ ਕੇ ਨਾ ਦੇਵੀਂ ਸਿੱਟ, ਮਿੱਟੀ ਖ਼ਾਕ ਵਿਚ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ।

ਪਹੀਆ ਕਹੇ ਮੈਂ ਰਿਹਾ ਭੌਂਦਾ, ਆਪਣਾ ਪੰਧ ਮੁਕਾਈਆ। ਤੂੰ ਹੀ ਤੂੰ ਹੀ ਰਿਹਾ ਗੌਂਦਾ, ਇਕੋ ਰਾਗ ਸੁਣਾਈਆ। ਚਰਨ ਧੂੜੀ ਰਿਹਾ ਨਹੌਂਦਾ, ਦੁਰਮਤ ਮੈਲ ਧੁਵਾਈਆ। ਜਿਸ ਵੇਲੇ ਵੇਲਾ ਵਕਤ ਆਇਆ ਮੇਰੇ ਗੌਂ ਦਾ, ਮੈਂ ਕਹਿ ਕੇ ਦਿੱਤਾ ਸੁਣਾਈਆ। ਐ ਕ੍ਰਿਸ਼ਨ ਕੀ ਭੁਲੇਖਾ ਪਾਵੇਂ ਆਪਣੇ ਨਾਉਂ ਦਾ, ਨਾਮ ਸਿਫ਼ਤ ਵਾਲਾ ਬਦਲਾਈਆ। ਕੀ ਝਗੜਾ ਮੁੱਕੇ ਤਨ ਵਜੂਦ ਗਰਾਉਂ ਦਾ, ਤਨ ਮਾਟੀ ਵਾਲਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ ।

ਓ ਰਥ ਭਗਵਨ ਧੁਰ ਦਾ ਸਦਾ ਅਦਲੀ, ਅਦਲ ਇਨਸਾਫ਼ ਇਕ ਕਰਾਈਆ। ਜੁਗ ਚੌਕੜੀ ਪੂਰੀ ਕਰੇ ਮਜ਼ਲੀ, ਮੰਜ਼ਲ ਸਭ ਦੀ ਵੇਖ ਵਖਾਈਆ । ਦੀਨ ਦੁਨੀ ਦੀ ਕਰੇ ਬਦਲੀ, ਬਦਲਾ ਆਪਣੇ ਹੱਥ ਜਣਾਈਆ। ਜਿਸ ਵੇਲੇ ਕਲਜੁਗ ਮਾਇਆ ਮਮਤਾ ਮੋਹ ਵਧ ਗਈ, ਕੂੜੀ ਕਿਰਿਆ ਹੋਏ ਹਲਕਾਈਆ। ਫੇਰ ਉਹ ਪਰਮ ਪੁਰਖ ਪਰਮਾਤਮਾ ਨਿਰਗੁਣ ਰੂਪ ਆਵੇ ਜਗ ਲਈ, ਜਿਸ ਵਿਚ ਜਾਗਰਤ ਜੋਤ ਬਿਨ ਵਰਨ ਗੋਤ ਸੰਤ ਫ਼ਕੀਰ ਕਰਨ ਰੁਸ਼ਨਾਈਆ। ਅਬਿਨਾਸ਼ੀ ਕਰਤਾ ਜਦ ਆਵੇ ਤੇ ਬੁਝੌਣ ਅੱਗ ਲਈ, ਅਗਲਾ ਮਾਰਗ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸਮਝਾਈਆ।

ਪਹੀਆ ਕਹੇ ਮੇਰਾ ਆਪਣਾ ਆਪ ਹੋਇਆ ਚੂਰ, ਸਾੜ ਕੇ ਚੂਰਮਾ ਦਿੱਤਾ ਬਣਾਈਆ। ਯੁੱਧ ਦੀ ਅੱਗ ਨੇ ਕੀਤਾ ਮਨੂਰ, ਮਨੁਖਾਂ ਨੇ ਮਨੁੱਖਤਾ ਦਿਤੀ ਮਿਟਾਈਆ। ਦਰਯੋਧਨ ਦੇ ਹੰਕਾਰ ਮਚਾਇਆ ਫ਼ਤੂਰ, ਫ਼ਤਵਾ ਕ੍ਰਿਸ਼ਨ ਨੇ ਦਿਤਾ ਲਾਈਆ। ਇਹ ਯੁਧ ਹੋਇਆ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਰਥ ਕਹੇ ਪ੍ਰਭੂ ਮੇਰਾ ਕੀ ਕਸੂਰ, ਭਗਤ ਭਗਵਾਨ ਨੂੰ ਚੁੱਕ ਮੈਂ ਭੱਜਿਆ ਵਾਹੋ ਦਾਹੀਆ। ਕ੍ਰਿਸ਼ਨ ਕਿਹਾ ਰਥਾ ਜਿਨ੍ਹਾਂ ਦਾ ਮੈਂ ਸਾਥੀ ਉਨ੍ਹਾਂ ਦਾ ਡੋਬ ਦਿਤਾ ਪੂਰ, ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਭਾਣੇ ਅੰਦਰ ਹੁਕਮ ਅੰਦਰ ਸਭ ਨੂੰ ਹੋਣਾ ਪਏ ਮਜਬੂਰ, ਸਿਰ ਸਕੇ ਨਾ ਕੋਇ ਉਠਾਈਆ। ਸਮਾਂ ਬਦਲਨਾ ਪ੍ਰਭ ਦਾ ਇਹ ਦਸਤੂਰ, ਸਦਾ ਸਦ ਆਪਣੀ ਕਾਰ ਕਮਾਈਆ। ਓਏ ਰਥਾ, ਅੱਗੇ ਹੋਰ ਅਜੇ ਓਸ ਪਰਮਾਤਮਾ ਦਾ ਨਾਂ ਹੋਏ ਮਸ਼ਹੂਰ, ਓਨੂੰ ਅਲਾਹ ਕਹਿ ਕੇ ਸਾਰੇ ਮਲਾਹ ਲੈਣ ਬਣਾਈਆ। ਨਾਨਕ ਨਿਰਗੁਣ ਸਰਗੁਣ ਹੋਣਾ ਨੂਰ, ਸਤਿਨਾਮ ਦਏ ਦ੍ਰਿੜਾਈਆ। ਗੋਬਿੰਦ ਸਤਿ ਧਰਮ ਵਿਚ ਭਰਪੂਰ, ਫ਼ਤਹਿ ਡੰਕਾ ਦਏ ਸੁਣਾਈਆ। ਫੇਰ ਕਲਜੁਗ ਵਿਚ ਵਧਣਾ ਕੂੜ, ਮੂਰਖ ਮੂੜ੍ਹ ਬਣੇ ਲੋਕਾਈਆ। ਉਸ ਵੇਲੇ ਹਕੀਕਤ ਦੇ ਮਾਲਕ ਨੂੰ ਆਪਣੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਨੂੰ ਇਸ਼ਟੀ ਬਣ ਕੇ ਵੇਖਣਾ ਪਏ ਜ਼ਰੂਰ, ਪੂਰਬ ਲਹਿਣਾ ਦਏ ਚੁਕਾਈਆ। ਸਾਚੇ ਸੰਤੋ ਭਗਤੋ ਗੁਰਮੁਖੋ ਪ੍ਰੇਮੀਓ ਪਿਆਰਿਓ ਤੁਹਾਡੇ ਅੰਦਰ ਇਕੋ ਉਸ ਦਾ ਨੂਰ, ਜਿਸ ਨੂਰ ਨਾਲ ਏਸ ਤਨ ਵਿਚ ਹੋਵੇ ਰੁਸ਼ਨਾਈਆ। ਅੱਜ ਦਾ ਪਿਆਰ ਮੁਹੱਬਤ ਵਿਚ ਸਾਰੇ ਕਰੋ ਮੰਜ਼ੂਰ, ਮੰਜ਼ੂਰੀ ਵਿਚ ਵੱਜੇ ਵਧਾਈਆ। ਸੰਤ ਮਹਾਤਮਾ ਰਿਸ਼ੀ ਮੁਨੀ ਸੂਫ਼ੀ ਆਚਾਰੀਏ ਜੋ ਇਕੱਠੇ ਹੋਏ ਪੈਂਡਾ ਮਾਰ ਕੇ ਆਏ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਇਹ ਉਸੇ ਦੀ ਧੂੜ, ਜੋ ਧੂੜੀ ਟਿੱਕੇ ਸਭ ਨੂੰ ਦਏ ਲਗਾਈਆ। ਵੇਖਿਉ ਕੋਈ ਬਣੇ ਰਿਹੋ ਨਾ ਮੂਰਖ ਮੂੜ੍ਹ, ਅੰਧ ਅਗਿਆਨ ਅੰਦਰੋਂ ਦੇਣਾ ਕਢਾਈਆ। ਫੇਰ ਸਾਰਿਆਂ ਦੇ ਬਖ਼ਸ਼ੇ ਜਾਣ ਕਸੂਰ, ਪੁਰਖ ਅਬਿਨਾਸ਼ੀ ਘਟ ਨਿਵਾਸੀ ਪਰਵਰਦਿਗਾਰ ਸਾਂਝਾ ਯਾਰ ਵਲੀ ਅੱਲਾ ਅਲਾਹੀ ਨੂਰ ਯਾਮੁਬੀਨ ਕਹਿ ਕੇ ਸਭ ਦਾ ਸ਼ੁਕਰ ਮਨਾਈਆ। · (੨੭ ਪੋਹ ਸ਼ੈ ਸੰ ੩)

❋

…… ਸਤਿ ਧਰਮ ਕਹੇ ਮੈਨੂੰ ਵੇਲਾ ਯਾਦ ਆਇਆ ਅਰਜਨ, ਅਰਜ਼ ਦਿਆਂ ਸੁਣਾਈਆ। ਜਿਸ ਵੇਲੇ ਚੌਥਾ ਜੁਗ ਸ਼ੁਰੂ ਹੋਣਾ ਸੀ ਵੇਦ ਅਥਰਬਣ, ਅੱਥਰੂ ਨੈਣਾਂ ਵਿਚੋਂ ਵਹਾਈਆ। ਘਾਓ ਹੋਇਆ ਅਰਬਨ ਖਰਬਨ, ਗਿਣਤੀ ਗਣਤ ਨਾ ਕੋਇ ਗਿਣਾਈਆ। ਇਕ ਅਕਸ਼ੂਹਣੀ ਦਾ ਲੇਖਾ ਅਠਾਈ ਲੱਖ ਅਨਗਿਣਤੀ ਦਾ ਵਜ਼ਨ, ਤੋਲਾ ਤੋਲ ਨਾ ਕੋਇ ਬਣਾਈਆ। ਭਾਈ ਭਾਈਆਂ ਨਾਲੋਂ ਕਰ ਕੇ ਵੱਖ, ਦੋਵੇਂ ਧਿਰਾਂ ਦਿੱਤੇ ਲੜਾਈਆ। ਨਾ ਸ਼ਸਤਰ ਫੜਿਆ ਹੱਥ, ਰਾਸਾਂ ਨਾਲ ਸਭ ਨੂੰ ਲਿਆ ਘੁੰਮਾਈਆ। ਜਿਸ ਵੇਲੇ ਅਰਜਨ ਰਥ ਤੋਂ ਉਤਰ

ਤੇ ਚਰਨਾਂ ਗਿਆ ਢਠ, ਨਿਉਂ ਕੇ ਲਾਗਾਂ ਪਾਈਆ। ਕ੍ਰਿਸ਼ਨ ਆਪਣਾ ਹੱਥ ਰੱਖ ਕੇ ਉਤੇ ਪੱਟ, ਦੋਹਰਾ ਤਾਲ ਦਿਤਾ ਵਜਾਈਆ। ਕੀਤਾ ਖੇਲ ਆਪਣਾ ਨਟੂਆਂ ਨਟ, ਸਵਾਂਗ ਸਮਝ ਕਿਸੇ ਨਾ ਆਈਆ। ਕਰੇ ਖੇਲ ਪੁਰਖ ਸਮਰਥ, ਹਰਿ ਦਾਤਾ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ।

ਸੁਣ ਅਰਜਨ, ਅਰਜਨ ਕਹੇ ਨਹੀਂ, ਬੇਨੰਤੀ ਇਕ ਜਣਾਈਆ। ਕੁਛ ਲੇਖਾ ਦੱਸ ਆਪਣੇ ਹਿਸਾਬ ਖਾਤੇ ਵਿਚੋਂ ਵਹੀ, ਜਿਥੇ ਕਲਮ ਦਵਾਤ ਲਿਖੇ ਕੋਇ ਨਾ ਸ਼ਾਹੀਆ। ਭਗਵਾਨ ਕਿਹਾ ਅਰਜਨ ਉਹਦੀ ਰਸਮ ਚਲਣੀ ਨਵੀਂ, ਨਵਾਂ ਰਾਹ ਪਰਗਟਾਈਆ। ਤੇਰੇ ਪਿਆਰ ਦੀ ਪਾ ਕੇ ਸਹੀ, ਸਚ ਦਿਆਂ ਜਣਾਈਆ। ਓਦੋਂ ਕਿਸੇ ਨੇ ਪੰਡਤਾਂ ਨੂੰ ਖੁਵੌਣੀ ਨਹੀਂ ਤਸਮਈ, ਖੀਰਾਂ ਦਾ ਪੀਰ ਨਾ ਕੋਇ ਮਨਾਈਆ। ਕੁਛ ਯਾਦ ਆ ਗਿਆ ਜਿਹੜੀ ਕਥਾ ਭਰਤ ਨੂੰ ਦੱਸੀ ਕੈਕਈ, ਅੰਦਰ ਵੜ ਸਮਝਾਈਆ। ਬੱਚਿਓ ਮੈਂ ਰਾਮ ਦੀ ਮਾਂ ਮਤਰੇਈ, ਕੁੱਖ ਦਾ ਜੰਮਿਆ ਇਕੋ ਨਜ਼ਰੀ ਆਈਆ। ਮੈਂ ਦਸਰਥ ਨਾਲ ਗੱਲ ਪੱਕੀ ਇਕ ਕਰ ਲਈ, ਜਿਹਨੂੰ ਮੋੜ ਨਾ ਸਕੇ ਰਾਈਆ। ਆਹ ਵੇਖ ਲੈ ਮੇਰੀ ਬਹੀ, ਜੋ ਪਹੀਆ ਰਥ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ।

ਅਰਜਨ ਕਹੇ ਪ੍ਰਭੂ ਮੈਂ ਸੁਣ ਲਈ ਤੇਰੀ ਅੰਦਰੋਂ ਗੀਤਾ, ਅੱਠ ਦਸ ਵੱਜੇ ਵਧਾਈਆ। ਕੁਛ ਹੁਕਮ ਦੇਵੇ ਸੀਤਾ, ਰਾਮ ਦਏ ਦੁਹਾਈਆ। ਅੱਖਾਂ ਚੁਕ ਕੇ ਅਰਜਨ ਤੱਕ ਲੈ ਨਾਲ ਨੀਝਾਂ, ਕਲਜੁਗ ਵੇਖ ਵਖਾਈਆ। ਉਸ ਵੇਲੇ ਪ੍ਰਭ ਨਾਲੋਂ ਟੁੱਟਣੀਆਂ ਸਭ ਦੀਆਂ ਮਾਤ ਪ੍ਰੀਤਾਂ, ਪ੍ਰੀਤਮ ਸਚ ਨਾ ਕੋਇ ਮਿਲਾਈਆ। ਝਗੜਾ ਪੈਣਾ ਮੰਦਰ ਮਸੀਤਾਂ, ਸ਼ਿਵਦਵਾਲੇ ਮੱਠ ਗੁਰੂਦਵਾਰ ਗਿਰਜੇ ਵੰਡ ਵੰਡਾਈਆ। ਸਭ ਦੀਆਂ ਅੰਦਰੋਂ ਬਦਲਣੀਆਂ ਨੀਤਾ, ਸਤਿ ਸਚ ਨਾ ਕੋਇ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਵਾਰੋ ਵਾਰੀ ਸਭ ਨੂੰ ਮਿਲ ਜਾਣੀਆਂ ਤਵਾਰੀਖਾਂ, ਭਵਿਖਤਾਂ ਵਿਚ ਸਮਝਾਈਆ। ਅੰਤ ਦੀ ਕਰਿਓ ਇਕ ਉਡੀਕਾ, ਜੋਬਨ ਆਪਣੇ ਉਪਰ ਨਾ ਕੋਇ ਰਖਾਈਆ। ਕਿਸੇ ਦਵਾਰੇ ਮੰਗਣ ਨਾ ਜਾਵੇ ਭੀਖਾ, ਭੀਸ਼ਮ ਪਿਤਾਮਾ ਗਿਆ ਸੁਣਾਈਆ। ਕਿਰਪਾਚਾਰਜ ਤਿੰਨ ਮਾਰ ਕੇ ਲੀਕਾਂ, ਦਰੋਣਾਚਾਰਜ ਨਾਲ ਮਿਲ ਕੇ ਕਰੀ ਸਾਲਾਹੀਆ। ਦਰਬਾਸ਼ਾ ਜੰਗਲ ਵਿਚ ਖੇਲ ਕਰ ਕੇ ਅਨਡੀਠਾ, ਝਗੜਾ ਕ੍ਰਿਸ਼ਨ ਨਾਲ ਜਣਾਈਆ। ਭਗਵਨ ਕਿਹਾ ਓਸ ਵੇਲੇ ਅਰਜਨ ਭਗਤੀ ਭਾਵ ਤੋਂ ਸਭ ਦਾ ਖਾਲੀ ਹੋਣਾ ਖੀਸਾ, ਖਾਲਸ ਨਜ਼ਰ ਕੋਇ ਨਾ ਆਈਆ। ਅਰਜਨ ਕਹੇ ਇਹ ਕੌਣ ਵਕਤ, ਭਗਵਨ ਕਹੇ ਉਹ ਬੀਸ ਬੀਸਾ, ਵੀਂਹਵੀਂ ਸਦੀ ਵੇਖ ਵਖਾਈਆ। ਸਭ ਨੂੰ ਭੁੱਲਣਾ ਰਾਗ ਛਤੀਸਾ, ਛਤਰਧਾਰੀ ਧਰਮ ਵਿਚ ਧਰਮ ਨਾ ਕੋਇ ਬਣਾਈਆ। ਨਾਮਾ ਕਹੇ ਉਹ ਖੇਲ ਮੇਰੇ ਬੀਠਲੋ ਬੀਠਾ, ਜੋ ਮੇਰੀ ਛੱਪਰ ਛੰਨ ਛੁਹਾਈਆ। ਓਸ ਨੇ ਸਭ ਦਾ ਬਦਲ ਦੇਣਾ ਤਰੀਕਾ, ਹੁਕਮ ਧੁਰ ਦਾ ਇਕ ਸੁਣਾਈਆ। ਵਸੀਅਤ ਕਰੇ ਬਿਨ ਵਸੀਕਾ, ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ । ਜਿਸ ਵੇਲੇ ਧਰਮ ਦੁਵਾਰਿਆਂ ਵਿਚ ਸਿਆਸਤ ਨੇ ਮਾਰੀਆਂ ਚੀਕਾਂ, ਸਾਰੇ ਰੋਵਣ ਮਾਰਨ ਧਾਈਂਆ। ਓਸ ਵੇਲੇ ਪੁਰਖ ਅਕਾਲ ਕਰੇ ਸਚ ਪ੍ਰੀਤਾ, ਪ੍ਰੀਤਮ ਹੋ ਕੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ।

ਅਰਜਨ ਕਹੇ ਜੇ ਮੰਦਰ ਮਸੀਤ ਗੁਰੂਦਵਾਰ ਮੱਠ ਪੈ ਗਿਆ ਝਗੜਾ, ਕੀ ਕਰੂ ਲੋਕਾਈਆ। ਹੇ ਭਗਵਨ ਤ੍ਰਿਲੋਕੀ ਨਾਥ ਦੱਸ ਭੇਵ ਅਗਲਾ, ਅੱਗੇ ਦੇ ਜਣਾਈਆ। ਜਿਸ ਤਰ੍ਹਾਂ ਮੁਨੀ ਸ਼ੁਸ਼ੀਲ ਨੇ ਕਿਹਾ ਦੂਜੇ ਨੰਬਰ ਦਿਆਂ ਨੂੰ ਜਗ ਕਹੇ ਪਗਲਾ, ਉਹ ਪਗਲੇ ਤੇਰਾ ਨਾਮ ਧਿਆਈਆ। ਤੇ ਜਿਹੜੇ ਬਾਹਰੋਂ ਬਣੇ ਰਹਿਣ ਬਗਲਾ, ਮੇਰੇ ਵਾਂਗ ਚਿੱਟੇ ਬਸਤਰ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਆਪਣੀ ਕਾਰ ਕਮਾਈਆ।

ਭਗਤ ਕਹੇ ਐ ਮੇਰੇ ਭਗਵਾਨ, ਅਰਜਨ ਆਸਾ ਪੂਰ ਕਰਾਈਆ। ਕੁਛ ਬਖ਼ਸ਼ ਕੇ ਦਾਨ, ਕਲਜੁਗ ਜੀਵਾਂ ਝੋਲੀ ਪਾਈਆ। ਕ੍ਰਿਸ਼ਨ ਨੇ ਅੰਦਰ ਉਪਰ ਪਰ੍ਹੇ ਤੋਂ ਪਰ੍ਹ੍ਹੇ ਕਰ ਧਿਆਨ, ਪਾਰਬ੍ਰਹਮ ਦਾ ਲੇਖਾ ਬ੍ਰਹਮ ਦਿੱਤਾ ਸੁਣਾਈਆ। ਉਸ ਵੇਲੇ ਸਾਰੇ ਹੋਣ ਹੈਰਾਨ, ਹੈਰਾਨੀ ਹਰ ਘਟ ਅੰਦਰ ਆਈਆ। ਮਜ਼੍ਹਬੀ ਦਵਾਰੇ ਬਣ ਜਾਣ ਜਗਤ ਦੀ ਦੁਕਾਨ, ਮੁਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਆਪਣਾ ਹੱਟ ਚਲਾਈਆ। ਫੇਰ ਕਿਰਪਾ ਕਰੇ ਆਪ ਮਿਹਰਵਾਨ, ਮਿਹਰ ਨਜ਼ਰ ਅੱਖ ਉਠਾਈਆ। ਸਤਿ ਧਰਮ ਕਰ ਪਰਵਾਨ, ਸਾਚਾ ਰਾਹ ਇਕ ਬਣਾਈਆ। ਭਗਤ ਦਵਾਰਾ ਪਰਗਟ ਕਰ ਕੇ ਵਿਚ ਜਹਾਨ, ਜੁਗ ਦੇ ਵਿਛੜਿਆਂ ਲਏ ਮਿਲਾਈਆ। ਜਿਥੇ ਨਾ ਕੋਈ ਹਿੰਦੂ ਸਿੱਖ ਈਸਾਈ ਨਾ ਕੋਈ ਮੁਸਲਮਾਨ, ਪਾਰਸੀ ਬੋਧੀ ਜੈਨੀ ਦਿਸਣ ਭਾਈ ਭਾਈਆ। ਸਤਿ ਧਰਮ ਦਾ ਉਥੇ ਮੁਨੀਆਂ ਨੇ ਕਰ ਦੇਣਾ ਫ਼ਰਮਾਣ, ਫਰਮਾਂਬਰਦਾਰ ਹੋ ਕੇ ਸਾਰੇ ਪ੍ਰਭ ਦੀ ਸੇਵ ਕਮਾਈਆ। ਇਹ ਬਣ ਜਾਏ ਉਹ ਵਿਧਾਨ, ਜਿਸ ਦੀ ਤਰਮੀਮ ਵਿਚ ਕਲਮ ਸਕੇ ਨਾ ਕੋਇ ਉਠਾਈਆ। ਤਕਸੀਮ ਰਹੇ ਨਾ ਕੋਇ ਸ਼ੈਤਾਨ, ਜ਼ੇਰ ਜ਼ਬਰ ਸਾਰੀ ਦੇਣ ਗੁਵਾਈਆ। ਵਾਹਦ ਇਕ ਸਮਝ ਰਮਜ਼ ਬੁੱਧੀ ਵਿਚ ਆਵੇ ਇਨਸਾਨ, ਇਨਸਾਨ ਇਨਸਾਨੀਅਤ ਸਭ ਦੇ ਅੰਦਰ ਟਿਕਾਈਆ। ਇਹ ਕ੍ਰਿਸ਼ਨ ਦਾ ਬਿਆਨ, ਅਰਜਨ ਦਾ ਧਿਆਨ, ਦੂਜਾ ਦੱਸਣ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਖੇਲ ਖਿਲਾਈਆ।

ਅਰਜਨ ਕਹੇ ਕਿਉਂ ਮੇਰਾ ਚਲੌਂਦਾ ਰਿਹੋਂ ਰਥ, ਮੇਰੀ ਸੇਵ ਕਮਾਈਆ। ਕ੍ਰਿਸ਼ਨ ਘਾਹ ਦੇ ਉਤੇ ਬਹਿ ਕੇ ਝੱਟ, ਸਹਿਜ ਨਾਲ ਸੁਣਾਈਆ। ਰੱਖ ਕੇ ਪਿਠ ਹੱਥ, ਅੰਦਰੋਂ ਅੱਖ ਦਿੱਤੀ ਖੁਲ੍ਹਾਈਆ। ਅਰਜਨ ਭਗਤ ਭਗਵਾਨ ਨਹੀਂ ਵੱਖ, ਦੋਹਾਂ ਦਾ ਇਕੋ ਘਰ ਸੋਭਾ ਪਾਈਆ। ਮੈਂ ਹੁਣ ਮਾਰਗ ਰਿਹਾ ਦੱਸ, ਕਲਜੁਗ ਵਿਚ ਭਗਤਾਂ ਦੇ ਅੰਦਰ ਵੜ ਕੇ ਉਨ੍ਹਾਂ ਦਾ ਰਥ ਚਲਾਈਆ। ਤੁਸੀਂ ਮੇਰਾ ਗੌਂਦੇ ਜਸ, ਫੇਰ ਮੈਂ ਭਗਤਾਂ ਦਾ ਢੋਲਾ ਗਾਈਆ। ਨਿਰਗੁਣ ਨੂਰ ਜੋਤ ਕਰ ਪ੍ਰਤਖ, ਪ੍ਰਸ਼ਨਾਂ ਦਾ ਲੇਖਾ ਦੇਣਾ ਮੁਕਾਈਆ । ਇਕੋ ਨਾਮ ਨਿਧਾਨਾ ਨੌਜਵਾਨਾ ਕਰ ਪਰਗਟ, ਜਗਤ ਦੇ ਪਰਗਟਣੇ ਦੇਣੇ ਮੁਕਾਈਆ। ਸਚ ਦਾ ਖੋਲ੍ਹ ਕੇ ਹੱਟ, ਧਰਮ ਦੀ ਦਾਤ ਇਕ ਵਰਤਾਈਆ। ਜੋ ਆਵੇ ਸੋ ਲਾਹਾ ਜਾਵੇ ਖੱਟ, ਮਨਖੱਟੂ ਰਹਿਣ ਕੋਇ ਨਾ ਪਾਈਆ। ਕਿਉਂ ਮੁਨੀ ਨੇ ਕਿਹਾ ਪ੍ਰਭੂ ਸਿੱਧਾ ਸਾਦਾ ਜੱਟ, ਸਾਡੇ ਅੰਦਰ ਵੜ ਕੇ ਰੋਜ਼ੀ ਰਿਜ਼ਕ ਰਹੀਮ ਹੋ ਕੇ ਦੇਵੇ ਚਾਈਂ ਚਾਈਂਆ। ਕੁਛ ਲੇਖਾ ਰਾਮ ਨੇ ਜਾਣਿਆ ਜਿਹੜਾ ਬੇਟਾ ਦਸਰਥ, ਪੰਚਵਟੀ ਵਿਚ ਲਛਮਣ ਦਿਤਾ ਸੁਣਾਈਆ। ਇਕ ਸੁੱਕੀ ਟਹਿਣੀ ਕੱਟ, ਕਟਾਕਸ਼ ਦਿੱਤਾ ਲਗਾਈਆ। ਸੀਤਾ ਬੋਲ ਪਈ ਝੱਟ, ਸਵਾਮੀ ਇਹ ਕੀ ਖੇਲ ਵਰਤਾਈਆ। ਰਾਮ ਕਿਹਾ ਸੀਤਾ ਆਹ ਵੇਖ ਮੇਰਾ ਹੱਥ, ਦਰਦ ਨਾਲ ਭਰਿਆ ਨਜ਼ਰੀ ਆਈਆ। ਕਲਜੁਗ ਵਿਚ ਮੇਰਾ ਪਿਆਰ ਮੇਰਿਆਂ ਜਾਣਾ ਛੱਡ, ਮੰਦਰ ਵਿਚ ਸੀਤਾ ਰਾਮ ਕਹਿ ਕੇ ਮਾਇਆ ਮਮਤਾ ਵਿਚ ਹੋਣ ਹਲਕਾਈਆ। ਪਰ ਮੈਂ ਰਾਮ, ਹਰ ਘਟ ਵਸਿਆ ਰਾਮ, ਸਭ ਤੋਂ ਨਿਆਰਾ ਰਾਮ ਹੋ ਕੇ ਦੇਣਾ ਦੱਸ, ਜੁਲਮ ਅਪਰਾਧ ਵਿਭਚਾਰ ਦੁਰਾਚਾਰ ਭਰਿਸ਼ਟਾਚਾਰ ਵਿਕਾਰ ਹੰਕਾਰ ਮੋਹੇ ਕਦੇ ਨਾ ਭਾਈਆ। ਓਸ ਵੇਲੇ ਪ੍ਰਭ ਦੀ ਖੇਲ ਵਰਤੇ ਵਿਚ ਸੰਸਾਰ, ਕਲਮਾ ਵੇਖੇ ਥਾਉਂ ਥਾਈਂਆ। ਫਿਰ ਰਾਮ ਦੇ ਨਾਮ ਨਾਲ ਕੱਟ ਦੇਣੀ ਕੂੜੀ ਧਾਰ, ਧਰਨੀ ਧਰਤ ਧਵਲ ਧੌਲ ਉਤੇ ਸਤਿ ਧਰਮ ਦੇਣਾ ਲਗਾਈਆ। ਜਿਹੜੇ ਮੇਰੇ ਹੋਣ ਪਿਆਰੇ ਸੁਗਰੀਵ ਦੇ ਭਤੀਜੇ ਅੰਗਦ ਵਰਗੇ ਦੁਲਾਰੇ, ਉਹ ਮੁਨੀਆਂ ਦਾ ਰੂਪ ਵਟਾਈਆ । ਧਰਤੀ ਨੂੰ ਦੇਣ ਹੁਲਾਰੇ ਕੁਕਰਮਾਂ ਨੂੰ ਦੇਣ ਪਿਛਾੜੇ, ਭਾਗ ਲੌਣ ਵਿਚ ਉਜਾੜੇ, ਉਜੜਿਆਂ ਦੇਣ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਮੁਕਾਈਆ।

ਸੀਤਾ ਕਹੇ ਮੇਰੇ ਰਘੁਪਤ, ਰਘੁਵੰਸੀ ਰਘੁਨਾਥ ਮੈਨੂੰ ਦੇ ਜਣਾਈਆ। ਰਾਮ ਕਿਹਾ ਸੀਤਾ ਕਿਸੇ ਵਿਚ ਦਿਸਦਾ ਨਹੀਂ ਸਤਿ, ਸੱਤਿਆ ਨਜ਼ਰ ਕੋਇ ਨਾ ਆਈਆ। ਸਭ ਨੂੰ ਭੁੱਲਣੀ ਬ੍ਰਹਮ ਮਤ, ਬ੍ਰਹਮ

ਵੇਤਾ ਬ੍ਰਹਮ ਨਾ ਕੋਇ ਜਣਾਈਆ। ਜਗਤ ਵਿਕਾਰ ਨੇ ਅੰਦਰ ਪੌਣੀ ਨੱਥ, ਸਕੇ ਨਾ ਕੋਇ ਬਚਾਈਆ । ਵਿਦਵਾਨਾ ਨੇ ਕਥਾ ਕਰਨੀ ਰਸਨਾ ਨਾਲ ਕਥ, ਉਚੀ ਕੂਕ ਕੂਕ ਸੁਣਾਈਆ। ਥੋੜ੍ਹੇ ਸਮੇਂ ਬਾਦ ਓਹ ਵੀ ਜਾਣ ਛੱਡ, ਰੋਟੀਆਂ ਕਾਰਨ ਪੇਟ ਵਜਾਈਆ। ਜਿਧਰ ਮਾਇਆ ਮਿਲੇ ਉਧਰ ਸਾਧੂ ਵੀ ਜਾਣ ਨੱਠ, ਚੇਲਿਆਂ ਦੇ ਪਿਛੇ ਮਿੰਨਤਾਂ ਕਰ ਕਰ ਕੇ ਆਪਣਾ ਜੋੜ ਜੁੜਾਈਆ। ਸੀਤਾ ਕਹੇ ਮਹਾਰਾਜ ਕੀ ਇਹ ਸਮਾਂ ਆਵੇ ਵਤ, ਬੇਵਤਨ ਹੋਏ ਲੋਕਾਈਆ। ਰਾਮ ਜੀ ਹੱਥ ਉਤੇ ਹੱਥ ਮਾਰ ਕੇ ਪਏ ਹੱਸ, ਜਿਸ ਸੀਤਾ ਤੈਨੂੰ ਤੇ ਮੈਨੂੰ ਬਨਾਂ ਵਿਚ ਦਿੱਤਾ ਭੁਵਾਈਆ। ਉਹ ਰਾਮ ਸਦਾ ਸਮਰਥ, ਜੋ ਤੱਤਾਂ ਵਾਲੇ ਗੁਰ ਅਵਤਾਰ ਪੈਗ਼ੰਬਰ ਮਾਤ ਪਰਗਟਾਈਆ। ਓਸ ਵੇਲੇ ਕਿਸੇ ਦਾ ਚਲਣਾ ਨਹੀਂ ਕੋਈ ਵਸ, ਸਮੇਂ ਦਾ ਚੱਕਰ ਸਭ ਤੇ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ।

ਲਛਮਣ ਸਭ ਕੁਛ ਰਿਹਾ ਸੁਣਦਾ, ਫਿਰ ਕਰਵਟ ਲਏ ਬਦਲਾਈਆ। ਐ ਪ੍ਰਭੂ ਕੌਣ ਏਸ ਨੂੰ ਛਾਣਦਾ ਪੁਣਦਾ, ਜੋ ਧਰਮ ਅਧਰਮ ਵੇਖ ਵਖਾਈਆ। ਮੈਂ ਤੇ ਜਗਤ ਵੇਖਦਾ ਖੇਲ ਨਿਰਗੁਣ ਸਰਗੁਣ ਦਾ, ਦੂਜਾ ਨਜ਼ਰ ਕੋਇ ਨਾ ਆਈਆ। ਰਾਮ ਕਿਹਾ ਭਈਆ ਲਕਸ਼ਮਣ ਇਹ ਕੋਈ ਸੌਦਾ ਨਹੀਂ ਮੁੱਲ ਦਾ, ਕੀਮਤ ਵਾਲਾ ਵਣਜ ਨਾ ਕੋਇ ਕਰਾਈਆ। ਇਹ ਖੇਲ ਓਸ ਮਾਲਕ ਕੁਲ ਦਾ, ਜੋ ਕੁਲ ਆਲਮ ਵਿਚ ਬਾਲਮ ਬਣ ਕੇ ਖੇਲ ਖਿਲਾਈਆ। ਜਿਸ ਦਾ ਸਤਿ ਧਰਮ ਨਿਸ਼ਾਨਾ ਝੁਲਦਾ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਜਿਸ ਦੇ ਨਿਸ਼ਾਨ ਥੱਲੇ ਸੇਵ ਕਮਾਈਆ। ਉਹਦਾ ਖੇਲ ਇਕ ਬ੍ਰਹਮੇ ਵਾਲੇ ਨਾਭੀ ਕਵਲ ਫੁੱਲ ਦਾ, ਜਿਸ ਦੇ ਵਿਚ ਝਿਰਨਾ ਰਿਹਾ ਝਿਰਾਈਆ। ਉਹਦਾ ਬੂਟਾ ਕਦੇ ਨਾ ਹੁਲਦਾ, ਰਾਮ ਕਹੇ ਲਛਮਣ ਜੋ ਭਗਤ ਲਏ ਉਪਜਾਈਆ। ਜੇ ਕੋਈ ਸੁਖ ਲੈ ਲਏ ਓਸ ਦੀ ਚਰਨ ਧੂਲ ਦਾ, ਦੁੱਖ ਦਾ ਲੇਖਾ ਦਏ ਮੁਕਾਈਆ। ਸੁੱਖ ਮਾਣ ਲਏ ਓਸ ਕੰਤ ਕੰਤੂਹਲ ਦਾ, ਜੋ ਸੀਤਾ ਸਭ ਦੀ ਸੀਤਾ ਸੁਰਤੀ ਰਿਹਾ ਪਰਨਾਈਆ। ਓਸ ਦਾ ਖੇਲ ਸਦਾ ਅਸੂਲ ਦਾ, ਨਿਯਮ ਵਿਚ ਕਾਇਦੇ ਵਿਚ ਮਰਿਆਦਾ ਵਿਚ ਮਰਿਆਦਾ ਪਰਸ਼ੋਤਮ ਹੋ ਕੇ ਆਪਣੀ ਕਾਰ ਕਮਾਈਆ। ਉਹ ਕਿਸੇ ਤੋਂ ਪੈਸੇ ਟਕੇ ਨਹੀਂ ਵਸੂਲਦਾ, ਸੀਤਾ ਕਹੇ ਰਾਮ ਕੀ ਕਰਦਾ ? ਰਾਮ ਕਹੇ ਭਗਤਾਂ ਅੱਗੇ ਪ੍ਰੇਮ ਦੀ ਝੋਲੀ ਡਾਹੀਆ। ਪ੍ਰਭੂ ਕੋਈ ਮਾਲਕ ਨਹੀਂ ਚੁੰਗੀ ਵਾਲੇ ਮਸੂਲ ਦਾ, ਚੁਗੀਖ਼ਾਨੇ ਸਾਰੇ ਦਏ ਮਿਟਾਈਆ। ਇਹ ਕੋਈ ਲੇਖਾ ਨਹੀਂ ਕਿਸੇ ਮਜ਼ਮੂਨ ਦਾ, ਧੁਰ ਦੇ ਰਾਮ ਦੀ ਰਾਮ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਸੁਣਾਈਆ।

ਸੀਤਾ ਕਹੇ ਪ੍ਰਭੂ ਕਿਉਂ ਫਿਰੀਏ ਵਿਚ ਬਨਬਾਸ, ਭੁੱਖੇ ਰਹਿ ਕੇ ਝੱਟ ਲੰਘਾਈਆ। ਰਾਮ ਕਿਹਾ ਕੁੱਛ ਆ ਜਾ ਮੇਰੇ ਪਾਸ, ਤੈਨੂੰ ਦਿਆਂ ਵਖਾਈਆ। ਥੋੜੀ ਜਿਹੀ ਮੀਟ ਆਖ, ਸਿਰ ਸੀਸ ਉਤੇ ਟਿਕਾਈਆ। ਪਹਿਲੋਂ ਦਿਤਾ ਉਹ ਪਰਕਾਸ਼, ਜਿਸ ਪਰਕਾਸ਼ ਵਿਚ ਪਰਕਾਸ਼ ਸੋਭਾ ਪਾਈਆ। ਫੇਰ ਹੋਰ ਕੀਤਾ ਵਿਕਾਸ, ਦੁਆਪਰ ਡਗਮਗਾਈਆ। ਕ੍ਰਿਸ਼ਨ ਹੋ ਕੇ ਭਗਤਾਂ ਦਾ ਰਥ ਚਲਾਵੇ ਆਪ, ਰਾਸਾਂ ਆਪਣੇ ਹੱਥ ਉਠਾਈਆ। ਸੀਤਾ ਦੇ ਅੰਦਰ ਥੋੜ੍ਹਾ ਆਇਆ ਪਸਚਾਤਾਪ, ਇਹ ਕੀ ਕਾਰ ਕਮਾਈਆ। ਰਾਮ ਨੇ ਫੇਰ ਕਿਹਾ ਕੁਛ ਹੋਰ ਅੱਗੇ ਝਾਕ, ਤੈਨੂੰ ਦਿਆਂ ਵਖਾਈਆ। ਸੀਤਾ ਦਾ ਖੋਲ੍ਹ ਕੇ ਤਾਕ, ਪੜਦਾ ਦਿਤਾ ਉਠਾਈਆ। ਕਲਜੁਗ ਦੀ ਚੌਧਵੀਂ ਸਦੀ ਵਿਚ ਦਿਸੇ ਨਾ ਕੋਇ ਇਨਸਾਫ਼, ਦਰੋਹੀ ਦਰੋਹੀ ਖ਼ਲਕ ਖ਼ੁਦਾਈਆ। ਨਾ ਕੋਈ ਮਾਈ ਤੇ ਨਾ ਕੋਈ ਬਾਪ, ਪਿਤਾ ਪੂਤ ਕਰੇ ਲੜਾਈਆ। ਭੈਣ ਭਾਈ ਤੇ ਭਾਈ ਭੈਣ ਵਲ ਲੈਣ ਝਾਕ, ਇਹੋ ਜਿਹਾ ਸੀਨ ਦਿੱਤਾ ਵਖਾਈਆ। ਇਸਤਰੀ ਕੋਈ ਨਜ਼ਰ ਨਾ ਆਵੇ ਸੀਤਾ ਜੇਹੜੀ ਤੇਰੇ ਵਾਂਗ ਫਿਰੇ ਵਿਚ ਬਨਬਾਸ, ਪਤੀਬਰਤਾ ਨਜ਼ਰ ਕੋਇ ਨਾ ਆਈਆ। ਸਾਰੀ ਦੁਨੀਆਂ ਉਤਰੇ ਇੰਦਰੀਆਂ ਦੇ ਘਾਟ, ਕੋਈ ਵਿਰਲਾ ਸਾਧੂ ਬਚ ਕੇ ਆਪਣਾ ਝੱਟ ਲੰਘਾਈਆ। ਬਥੇਰੇ ਮਾਲਾ ਮਣਕੇ ਫੇਰ ਕੇ ਜੈ ਸੀਤਾ ਰਾਮ ਦਾ ਕਰਨ ਪਾਠ, ਸੀਤਾ ਸੁਰਤੀ ਮੇਰੇ ਨਾਲ ਨਾ ਕੋਇ ਪਰਨਾਈਆ। ਸੀਤਾ ਕਹੇ ਮਹਾਰਾਜ

ਕੀ ਏਹ ਤੁਹਾਡਾ ਸਚ ਹੋਵੇ ਵਾਕ, ਭਗਵਨ ਕਿਹਾ ਸਚ ਦੀ ਕਥਾ ਸੁਣਾਈਆ। ਸੀਤਾ ਕਿਸੇ ਦਾ ਨਹੀਂ ਰਹਿਣਾ ਇਤਫ਼ਾਕ, ਮੁਹੱਬਤ ਵਿਚ ਨਜ਼ਰ ਕੋਇ ਨਾ ਆਈਆ। ਧਰਮ ਦਾ ਰਹਿਣਾ ਨਹੀਂ ਕੋਈ ਰਾਜ, ਰਾਜੇ ਸ਼ਤਰੂ ਰੂਪ ਵਟਾਈਆ। ਲਛਮਣ ਅੱਗੋਂ ਕਹੇ ਕੀ ਫੇਰ ਹੋਵੇ ਮਹਾਰਾਜ ਪੜਦਾ ਦੇਣਾ ਖੁਲ੍ਹਾਈਆ। ਰਾਮ ਹੌਲੀ ਜਿਹੀ ਦੱਸਿਆ ਵਿਚ ਆਵਾਜ਼, ਸਹਿਜ ਨਾਲ ਸਮਝਾਈਆ। ਓਸ ਵੇਲੇ ਕਿਰਪਾ ਕਰੇ ਆਪ, ਜਿਹੜਾ ਜਗਤ ਅੱਖਾਂ ਨਾਲ ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟੀ ਦਾ ਮੇਟ ਦੇਵੇ ਪਾਪ, ਪਤਤ ਪੁਨੀਤ ਬਣਾਈਆ। ਉਹ ਸੱਚਿਆਂ ਸੰਤਾਂ ਦਾ ਬਣਾ ਕੇ ਸਾਥ, ਚਾਰੋਂ ਕੁੰਟ ਕਰੇ ਸ਼ਨਵਾਈਆ। ਉਹ ਥਾਲਾਂ ਵਿਚ ਦੀਵੇ ਪਾ ਕੇ ਜਗਤ ਆਰਤੀ ਦੀ ਪਾਵੇ ਕੋਈ ਨਾ ਰਾਸ, ਘਿਰਤ ਨਾਲ ਨਾ ਕੋਇ ਵਡਿਆਈਆ। ਅੰਦਰ ਵੜ ਕੇ ਖੋਲ੍ਹੇ ਤਾਕ, ਪੜਦਾ ਦਏ ਚੁਕਾਈਆ। ਜਿਥੇ ਸਦਾ ਡਗਮਗਾਹਟ, ਅੱਠੇ ਪਹਿਰ ਹੋਵੇ ਰੁਸ਼ਨਾਈਆ। ਮੰਜ਼ਲ ਮੇਟ ਕੇ ਵਾਟ, ਪਾਂਧੀਆਂ ਪੰਧ ਦੂਰ ਕਰਾਈਆ। ਸੀਤਾ ਇਕ ਪਾਣੀ ਦਾ ਦੇ ਗਿਲਾਸ, ਸ੍ਰੀ ਰਾਮ ਜੀ ਮੰਗ ਮੰਗਾਈਆ। ਲਛਮਣ ਕਰ ਕੇ ਝਟ ਤਲਾਸ਼, ਜਲ ਠੰਡਾ ਲੈ ਕੇ ਆਈਆ। ਰਾਮ ਦੋਹਾਂ ਨੂੰ ਕਿਹਾ ਕੱਠੇ ਹੋ ਕੇ ਹੱਥ ਜੋੜ ਕੇ ਨਿਮਸਕਾਰ ਕਰ ਕੇ ਪੂਰਾ ਕਰੋ ਵਿਸ਼ਵਾਸ, ਵਾਸਤਾ ਰਾਮ ਨਾਲ ਜੁੜਾਈਆ। ਤੁਹਾਨੂੰ ਦੁੱਖ ਕੋਈ ਨਾ ਰਹੇ ਬਨਬਾਸ, ਮੈਂ ਸਦਾ ਤੁਹਾਡੇ ਪਾਸ, ਮੈਥੋਂ ਪਰ੍ਹੇ ਨਹੀਂ ਕੋਈ ਖ਼ਾਸ, ਹੁਣ ਮੈਂ ਤੱਤਾਂ ਵਾਲਾ ਬਾਹਰੋਂ ਤੇ ਅੰਦਰੋਂ ਪੁਰਖ ਅਬਿਨਾਸ਼, ਅਬਿਨਾਸ਼ੀ ਦਾ ਰੂਪ ਵਟਾਈਆ। ਲਕਸ਼ਮਣ ਮੈਂ ਨਹੀਂ ਹੋਣਾ ਨਾਸ਼, ਇਹ ਤਨ ਮਾਤਾ ਪਿਤਾ ਦਾ ਧਰਤੀ ੳਤੋਂ ਲਿਆ ਤੇ ਧਰਨੀ ਉਤੇ ਦੇਣਾ ਜਲਾਈਆ। ਮੇਰਾ ਓਸ ਥਾਂ ਨਿਵਾਸ, ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਮੁੜ ਕੇ ਆ ਜਾਵਾਂ ਆਪ, ਬਣ ਕੇ ਰਥ ਰਥਵਾਹੀਆ। ਅਰਜਨ ਦਾ ਹੋਵੇ ਸਾਥ, ਬਿਨਾਂ ਜੋੜੀ ਤੋਂ ਰਾਮ ਰਹਿਣ ਕਦੇ ਨਾ ਪਾਈਆ। ਇਹ ਖੇਲ ਕਰਾਂ ਸਾਖਿਆਤ, ਦੁਆਪਰ ਵੇਖ ਵਖਾਈਆ। ਕਲਜੁਗ ਅੰਤਮ ਨਿਰਗੁਣ ਨੂਰ ਜੋਤ ਕਰਾਂ ਪਰਕਾਸ਼, ਵੇਦ ਵਿਆਸ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਰਿਹਾ ਉਠਾਈਆ।

ਅਰਜਨ ਕਹੇ ਪ੍ਰਭੂ ਤੂੰ ਮੇਰੇ ਵੇਖੇ ਤੀਰ ਕਮਾਨ, ਚਿੱਲੇ ਜ਼ੋਰ ਨਾਲ ਚੜ੍ਹਾਈਆ। ਭਗਵਨ ਕਹੇ ਵਾਹ ਮੇਰੇ ਬਲਵਾਨ, ਇਹ ਤੇਰੇ ਵਿਚ ਵਡਿਆਈਆ । ਓਏ ਅਰਜਨ ਜੇ ਇਸਤਰੀ ਨਾਰੀ ਵਿਧਵਾ ਰੰਡੀ ਹੋ ਜਾਏ ਵਿਚ ਜਹਾਨ, ਓਸ ਨੂੰ ਉਂਗਲਾਂ ਵਾਲੀ ਤੱਕੇ ਲੋਕਾਈਆ। ਅਰਜਨ ਹੋ ਗਿਆ ਹੈਰਾਨ, ਹੈਰਾਨੀ ਅੰਦਰ ਡੇਰਾ ਲਾਈਆ । ਜਾਂ ਵੇਖਿਆ ਸਾਢੇ ਤਿੰਨ ਕਰੋੜ ਰਚਿਆ ਨਜ਼ਰੀ ਆਇਆ ਕਾਹਨ, ਬਿਨਾਂ ਕਾਹਨ ਤੋਂ ਅਰਜਨ ਦਾ ਤਨ ਵਜੂਦ ਕੰਮ ਕਿਸੇ ਨਾ ਆਈਆ। ਨਿਉਂ ਕੇ ਨਿਮਸਕਾਰ ਕੀਤੀ ਮੈਂ ਬਾਲ ਨਾਦਾਨ, ਬੱਚਾ ਨੱਢਾ ਤੇਰਾ ਅਖਵਾਈਆ। ਕ੍ਰਿਸ਼ਨ ਕਿਹਾ ਇਹ ਤੇਰੀ ਮੇਰੀ ਪਹਿਚਾਨ, ਦੋਵੇਂ ਮਿਲ ਕੇ ਸਾਝਾਂ ਝੱਟ ਲੰਘਾਈਆ। ਨਾ ਮੈਂ ਰਥਵਾਹੀ ਨਾ ਰਥਵਾਨ, ਮੈਂ ਮਾਲਕ ਕੁੱਲ ਜਹਾਨ ਤੁਹਾਡਾ ਰਸਤਾ ਕੀਤਾ ਆਸਾਨ, ਸੇਵਾਦਾਰ ਹੋ ਕੇ ਤੁਹਾਡੀ ਸੇਵ ਕਮਾਈਆ। ਇਹ ਰਸਤਾ ਦੱਸਣਾ ਨਿਮਰਤਾ ਵਿਚ ਗ਼ਰੀਬੀ ਵਿਚ ਹਲੀਮੀ ਵਿਚ ਰਹੋ ਵਿਚ ਜਹਾਨ, ਵਡਿਆਈ ਕੰਮ ਕਿਸੇ ਨਾ ਆਈਆ। ਜੇ ਅੱਖ ਨਾਲ ਤੱਕਣਾ ਤੇ ਤੱਕੋ ਸ੍ਰੀ ਭਗਵਾਨ, ਜੇ ਮਨ ਨਾਲ ਨੱਸਣਾ ਤੇ ਪੁੱਜੋ ਧਰਮ ਅਸਥਾਨ, ਜੇ ਤਨ ਕੋਠੇ ਵਸਣਾ ਮਮਤਾ ਸ਼ਰਅ ਨਾ ਰਹੇ ਬੇਈਮਾਨ, ਫੇਰ ਅਰਜਨ ਤੂੰ ਮੇਰਾ ਮੈਂ ਤੇਰਾ ਸਾਚਾ ਸੱਜਣਾ, ਖ਼ੁਸ਼ੀ ਪਿਆਰ ਦਾ ਦੇਵਾਂ ਧੂੜੀ ਮਜਨਾ, ਨਾਮ ਨੇਤਰ ਗਿਆਨ ਪਾਵਾਂ ਕਜਲਾ, ਨਿਝ ਨੈਣ ਚਕਸ਼ੂ ਸ਼ਿਵ ਨੇਤਰ ਇਕੋ ਦਿਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ।

ਅਰਜਨ ਕਹੇ ਕੀ ਕਲਜੁਗ ਵਰਤੇ ਕਲ, ਕਲ ਦੇ ਮਾਲਕ ਦੇ ਸਮਝਾਈਆ । ਕ੍ਰਿਸ਼ਨ ਕਿਹਾ ਇਹ ਮੇਰਾ ਵਲ ਛਲ, ਧੁਰ ਦੀ ਬਾਣ ਚਲੀ ਆਈਆ। ਜਿਸ ਵੇਲੇ ਵੇਲਾ ਵਕਤ ਆਵੇ ਓਸੇ ਵੇਲੇ ਕਰਾਂ

ਗੱਲ, ਪਹਿਲੋਂ ਆਪਣਾ ਆਪ ਆਊਟ ਨਾ ਕੋਇ ਕਰਾਈਆ। ਅਰਜਨ ਕਰਮਾਂ ਦਾ ਸਭ ਨੂੰ ਦੇਣਾ ਫਲ, ਨਿਹਕਰਮੀ ਹੋ ਕੇ ਵੇਖ ਵਖਾਈਆ। ਭਗਤਾਂ ਦਾ ਮੇਟਣਾ ਦਵੈਤ ਵਾਲਾ ਸਲ, ਦੂਈ ਦਾ ਡੇਰਾ ਢਾਹੀਆ। ਜੋਤੀ ਜਾਤਾ ਹੋ ਕੇ ਅੰਦਰ ਜਾਵਾਂ ਰਲ, ਰਲ ਮਿਲ ਆਪਣਾ ਝੱਟ ਲੰਘਾਈਆ। ਜਿਹੜਾ ਲਹਿਣਾ ਦੇਣਾ ਪੂਰਬ ਲੇਖਾ ਰਾਜੇ ਬਲ, ਉਹ ਸਮਗਰੀ ਕਲਜੁਗ ਵਿਚ ਗੁਰਮੁਖਾਂ ਕੋਲੋਂ ਵਰਤਾਈਆ। ਨਾਮ ਸੰਦੇਸ਼ਾ ਧਰਮ ਦਵਾਰੇ ਦਾ ਘੱਲ, ਘਾਇਲ ਕਾਇਲ ਕਰਾਂ ਸ੍ਰਿਸ਼ਟ ਸਬਾਈਆ। ਜੇ ਕੋਈ ਸਚ ਦੇ ਮਾਰਗ ਜਾਏ ਚਲ, ਚਲਦਿਆਂ ਚਲਦਿਆਂ ਰਾਹ ਵਿਚ ਨਾ ਕੋਇ ਅਟਕਾਈਆ। ਸੀਤਾ ਫੜ ਕੇ ਗਲਾਸ ਜਲ, ਭਗਵਨ ਦੇ ਚਰਨਾਂ ਉਤੇ ਦਿਤਾ ਟਿਕਾਈਆ। ਭਗਵਨ ਨੇ ਅੱਗੋਂ ਹੱਥਾਂ ਨਾਲ ਲਿਆ ਠੱਲ, ਹੱਥ ਹੱਥ ਉਤੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਪੜਦਾ ਆਪ ਚੁਕਾਈਆ।

ਜਲ ਕਹੇ ਕਿਉਂ ਮੈਨੂੰ ਪ੍ਰਭੂ ਚੁਕਿਆ, ਭੇਵ ਦੇਣਾ ਖੁਲ੍ਹਾਈਆ। ਨਿਮਰਤਾ ਵਿਚ ਪੁੱਛਿਆਂ, ਨਿਉਂ ਨਿਉਂ ਸੀਸ ਝੁਕਾਈਆ। ਭਗਵਨ ਕਿਹਾ ਕਲਜੁਗ ਅੰਤ ਸ੍ਰਿਸ਼ਟੀ ਦਾ ਬੂਟਾ ਦਿਸੇ ਸੁੱਕਿਆ, ਬਿਨ ਰਾਮ ਦੇ ਪਾਣੀ ਹਰਾ ਨਾ ਕੋਇ ਕਰਾਈਆ। ਓਸ ਵੇਲੇ ਬੜੀਆਂ ਸਿਫ਼ਤਾਂ ਨਾਲ ਰਾਗਾਂ ਨਾਲ ਸਾਜਾਂ ਨਾਲ ਸਭ ਨੇ ਪੜ੍ਹਨੀਆਂ ਗ੍ਰੰਥਾਂ ਵਾਲੀਆਂ ਤੁੱਕਿਆ, ਉਚੀ ਬੋਲ ਬੋਲ ਸੁਣਾਈਆ। ਜਿਸ ਵੇਲੇ ਪ੍ਰਭ ਨੇ ਓਨ੍ਹਾਂ ਨੂੰ ਪੁੱਛਿਆ, ਆਪਣਾ ਆਪ ਸਕੇ ਨਾ ਕੋਇ ਬਚਾਈਆ । ਜਲ ਕਹੇ ਐ ਪ੍ਰਭੂ ਕੀ ਕੋਈ ਤੇਰੇ ਨਾਲੋਂ ਵੀ ਰੁੱਠਿਆਂ, ਰਾਮ ਨੇ ਥੋੜ੍ਹਾ ਦਿਤਾ ਹਿਲਾਈਆ। ਗਲਾਸ ਦੇ ਵਿਚ ਰੱਖ ਕੇ ਗੂਠਿਆ, ਫੇਰ ਬਾਕੀ ਚਾਰੇ ਉਂਗਲਾਂ ਦਿਤੀਆਂ ਛੁਹਾਈਆ । ਓ ਪਾਣੀ ਔਹ ਵੇਖ ਚਾਰ ਵੇਦ ਦਾ ਗਿਆਤਾ ਮੇਰੇ ਨਾਲੋਂ ਰੁੱਸਿਆ, ਰਾਵਣ ਦਏ ਦੁਹਾਈਆ। ਜਲ ਕਹੇ ਪ੍ਰਭੂ ਤੈਨੂੰ ਕਿਉਂ ਨਹੀਂ ਔਂਦਾ ਗੁੱਸਿਆ, ਗੁਸਤਾਖੀ ਅੰਦਰੋਂ ਦੇ ਮੁਕਾਈਆ। ਰਾਮ ਕਹੇ ਇਹ ਧੁਰ ਦਾ ਵਰ ਜਿਸ ਦੇ ਕਾਰਨ ਮੈਂ ਲੋਕਮਾਤ ਵਿਚ ਉਠਿਆ, ਰਾਮ ਦਾ ਰੂਪ ਵਟਾਈਆ। ਜਲ ਇਹ ਸਭ ਦਾ ਬੂਟਾ ਜਾਣਾ ਪੁੱਟਿਆ, ਬਿਨਾਂ ਰਾਮ ਤੋਂ ਰਾਮ ਦੀ ਪਏ ਦੁਹਾਈਆ। ਸੀਤਾ ਵੇਖ ਕਲਜੁਗ ਸਭ ਦਾ ਦਿਸੇ ਕਾਇਆ ਖਾਲੀ ਠੂਠਿਆ, ਅੰਮ੍ਰਿਤ ਜਲ ਨਜ਼ਰ ਕਿਸੇ ਨਾ ਆਈਆ। ਸਾਰਿਆਂ ਨੇ ਮਾਇਆ ਮਮਤਾ ਨਾਲ ਹਉਮੇ ਹੰਗਤਾ ਨਾਲ ਵਿਸ਼ਿਆਂ ਵਿਚ ਰੰਗ ਮਾਨਣਾ ਨਾਲ ਝੂਟਿਆ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਓਸ ਵੇਲੇ ਰਾਮ ਦਾ ਰਾਮ ਨੂਰ ਨੁਰਾਨਾ ਆਪਣੀ ਧਾਰ ਵਿਚੋਂ ਆਪੇ ਆਵੇ ਫੁੱਟਿਆ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਹ ਮੇਲ ਲਵੇ ਜਿਹੜੇ ਕਰਮ ਕਰ ਕੇ ਟੁੱਟਿਆ, ਟੁੱਟਿਆਂ ਗੰਢ ਪੁਵਾਈਆ। ਓਨੇ ਚਿਰ ਨੂੰ ਇਕ ਗਡਰੀਯਾ ਉਥੋਂ ਸੀਤਾ ਫਲ ਦਾ ਲੈ ਕੇ ਆ ਗਿਆ ਗੁੱਛਿਆ, ਪੰਜ ਪੰਜ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ।

ਸੀਤਾਫਲ ਕਹੇ ਮੈਂ ਹੋਇਆ ਫਲੀ ਭੂਤ, ਪੰਜ ਭੂਤ ਮਿਲੇ ਵਡਿਆਈਆ । ਮੇਰਾ ਤਾਣਾ ਪੇਟਾ ਇਕੋ ਸੂਤ, ਸੂਤਰਧਾਰੀ ਦਇਆ ਕਮਾਈਆ। ਮੈਂ ਕਰ ਕੇ ਆਇਆ ਕੂਚ, ਕੂਚਾ ਗਲੀ ਫੇਰਾ ਪਾਈਆ। ਵੇਖ ਮੈਨੂੰ ਇਹ ਪੁਰਾਣਾ ਦੁੱਖ, ਦੁੱਖ ਦਰਦ ਨਾ ਕੋਇ ਮਿਟਾਈਆ। ਧੰਨ ਭਾਗ ਜੇ ਮੈਨੂੰ ਕਿਸੇ ਲਿਆਂਦਾ ਚੁੱਕ, ਰਾਮ ਦੀ ਭੇਟ ਚੜ੍ਹਾਈਆ। ਮੈਂ ਤੱਕ ਕੇ ਏਸ ਦਾ ਮੁਖ, ਆਪਣਾ ਜਨਮ ਲਿਆ ਬਦਲਾਈਆ । ਏਸੇ ਕਾਰਨ ਗੁਰੂ ਗੋਬਿੰਦ ਨੂੰ ਪਰਗਟੌਣੇ ਪਏ ਪੰਜ ਸੁਤ, ਜਿਨ੍ਹਾਂ ਨੂੰ ਪੰਜ ਪਿਆਰੇ ਕਹਿ ਕੇ ਸਾਰੇ ਗਾਈਆ। ਸੀਤਾ ਕਹੇ ਪ੍ਰਭੂ ਦੱਸ ਹੋਰ ਕੁਛ, ਭੇਵ ਅਭੇਦ ਖੁਲ੍ਹਾਈਆ। ਰਾਮ ਕਿਹਾ ਮੈਂ ਓਸ ਵੇਲੇ ਤੱਤ ਵਜੂਦ ਨਹੀਂ ਰੱਖਣਾ, ਸਰੀਰ ਨਹੀਂ ਰੱਖਣਾ, ਆਪਣਿਆਂ ਸੰਤਾਂ ਭਗਤਾਂ ਦੇ ਕਾਇਆ ਮੰਦਰ ਅੰਦਰ ਵਿਚ ਲੁਕਣਾ ਓਸ ਗੁਠ, ਜਿਥੋਂ ਜਗਤ ਅੱਖਾਂ ਵਾਲਾ ਵੇਖਣ ਕੋਇ ਨਾ ਪਾਈਆ। ਅੰਦਰੇ ਅੰਦਰ ਲਵਾਂ ਪੁਛ, ਸ਼ਬਦ ਸ਼ਬਦੀ ਧਾਰ ਮਿਲਾਈਆ। ਸਚ ਦੀ ਦੇ ਕੇ ਸੁੱਚ, ਸਤਿ ਦੇ ਨਾਲ ਕਰਾਂ ਕੁੜਮਾਈਆ। ਬਣ ਕੇ ਅਬਿਨਾਸ਼ੀ ਅਚੁੱਤ, ਚੇਤਨ ਸੁਰਤੀ

ਦਿਆਂ ਕਰਾਈਆ। ਸੀਤਾ ਜੁਗ ਚੌਕੜੀ ਰਾਮ ਦੀ ਮੰਜ਼ਲ ਗਈ ਕਦੀ ਨਹੀਂ ਮੁੱਕ, ਪਾਂਧੀ ਦਾ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ।

ਸੀਤਾ ਕਹੇ ਪ੍ਰਭੂ ਕੀ ਫੇਰ ਆਉਂਗੇ। ਆਪਣੀ ਦਇਆ ਕਮਾਉਂਗੇ। ਸਤਿ ਦਾ ਡੰਕ ਵਜਾਉਂਗੇ। ਬ੍ਰਹਮ ਮੱਤ ਦਾ ਸਬਕ ਪੜ੍ਹਾਉਂਗੇ। ਨਿਝ ਨੇਤਰ ਅੱਖ ਦਾ ਪੜਦਾ ਲਾਹੋਂਗੇ। ਉਜੜੀ ਦੁਨੀਆਂ ਫੇਰ ਵਸਾਉਂਗੇ। ਜੰਗਲ ਬੇਲਿਆਂ ਵਿਚ ਫਿਰ ਕੇ ਝੱਟ ਲੰਘਾਉਂਗੇ । ਕੀ ਸੀਤਾ ਆਪਣੀ ਨਾਲ ਲਿਆਉਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਕੀ ਅਗਲੀ ਰਾਸ ਰਚਾਉਂਗੇ।

ਰਾਮ ਕਹੇ ਮੈਂ ਆਵਾਂਗਾ। ਨਿਰਗੁਣ ਸਰਗੁਣ ਖੇਲ ਖਿਲਾਵਾਂਗਾ। ਕਾਹਨਾ ਕ੍ਰਿਸ਼ਨਾ ਰੂਪ ਵਟਾਵਾਂਗਾ। ਸੀਸ ਤਾਜ ਇਕ ਟਿਕਾਵਾਂਗਾ। ਮੁਕੰਦ ਮਨੋਹਰ ਲਖਮੀ ਨਰਾਇਣ ਆਪ ਅਖਵਾਵਾਂਗਾ। ਭਗਤ ਸੁਹੇਲਾ ਬਣ ਕੇ ਸੋਭਾ ਪਾਵਾਂਗਾ। ਗ਼ਰੀਬ ਨਿਮਾਣੇ ਗੋਦ ਉਠਾਵਾਂਗਾ। ਹੰਕਾਰੀਆਂ ਗੜ੍ਹ ਤੁੜਾਵਾਂਗਾ । ਕੰਨਿਆਂ ਦੀ ਲਾਜ ਰਖਾਵਾਂਗਾ। ਜਮਨਾ ਤੇ ਸੋਭਾ ਪਾਵਾਂਗਾ। ਗੋਪੀਆਂ ਦੀ ਰਾਸ ਰਚਾਵਾਂਗਾ। ਨਿਝ ਨੇਤਰ ਲੋਚਨ ਨੈਣ ਅੱਖ ਖੁਲ੍ਹਾਵਾਂਗਾ। ਮੁਕਟ ਬੈਣ ਸੋਭਾ ਪਾਵਾਂਗਾ। ਤਖ਼ਤ ਤਾਜ ਸਰਬ ਉਲਟਾਵਾਂਗਾ। ਧਰਮ ਜੈਕਾਰ ਇਕ ਜਣਾਵਾਂਗਾ। ਭਗਤਾਂ ਦਾ ਰਥਵਾਹੀ ਬਣ ਕੇ ਰਥ ਚਲਾਵਾਂਗਾ। ਗੀਤਾ ਦਾ ਗਿਆਨ ਅੱਠ ਦਸ, ਅਠਾਰਾਂ ਵੰਡ ਵੰਡਾਵਾਂਗਾ। ਅੰਮ੍ਰਿਤ ਦੇ ਕੇ ਰਸ, ਨਿਝਰ ਝਿਰਨਾ ਇਕ ਝਿਰਾਵਾਂਗਾ। ਅੰਤਮ ਸਭ ਕੁਛ ਕਰ ਕੇ ਭੱਠ, ਸ਼ਾਹ ਸੁਲਤਾਨਾਂ ਖ਼ਾਕ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਵਾਂਗਾ।

ਰਾਮ ਕਹੇ ਮੈਂ ਜੁਗ ਜੁਗ ਵੇਸ ਵਟੌਂਦਾ ਹਾਂ। ਜੁਗ ਚੌਕੜੀ ਖੇਲ ਖਿਲੌਂਦਾ ਹਾਂ। ਬੋਧ ਰੂਪ ਆਪ ਧਰੌਂਦਾ ਹਾਂ। ਈਸਾ ਮੂਸਾ ਮੁਹੰਮਦ ਕਲ ਵਰਤੌਂਦਾ ਹਾਂ। ਨਾਨਕ ਗੋਬਿੰਦ ਡੰਕ ਸੁਣੌਂਦਾ ਹਾਂ। ਫਿਰ ਆਪਣਾ ਆਪ ਜਣੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਧਾਰ ਇਕ ਸੁਣੌਂਦਾ ਹਾਂ।

ਸੀਤਾ, ਮੈਂ ਤੇਈ ਅਵਤਾਰ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਖੇਲ ਖਿਲਾ ਕੇ ਜਾਵਾਂ ਛੁਪ, ਜਗਤ ਨੇਗਤ ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟੀ ਵਿਚ ਹੋ ਜਾਏ ਅੰਧੇਰ ਘੁੱਪ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਕੇ ਕੋਈ ਹਉਮੇ ਦਾ ਮਿਟਾ ਸਕੇ ਨਾ ਦੁੱਖ, ਕਿਉਂ ਵਿਸ਼ਵਾਸ਼ ਘਾਤੀ ਹੋਏ ਲੋਕਾਈਆ। ਧਰਮ ਦੁਵਾਰੇ ਰਹੇ ਨਾ ਕੋਈ ਸੁੱਚ, ਠੱਗ ਚੋਰ ਯਾਰ ਧੀਆਂ ਭੈਣਾਂ ਲੈਣ ਤਕਾਈਆ। ਜਗਤ ਸਾਧਾਂ ਸੰਤਾਂ ਦੇ ਭੇਖਾਂ ਵਾਲੇ ਫਿਰਨੇ ਵੱਗ, ਓਨ੍ਹਾਂ ਦਾ ਵਾਗੀ ਨਜ਼ਰ ਕੋਇ ਨਾ ਆਈਆ। ਜਿਧਰ ਵੇਖੋ ਚਾਰ ਕੁੰਟ ਲੱਗੀ ਅੱਗ, ਅਗਨੀ ਅੱਗ ਨਾ ਕੋਇ ਬੁਝਾਈਆ। ਸੀਤਾ ਕਹੇ ਮਹਾਰਾਜ, ਕੀ ਪਾਪ ਦੀ ਵੀ ਕੋਈ ਹੱਦ, ਇਹ ਵੀ ਭੇਵ ਖੁਲ੍ਹਾਈਆ। ਰਾਮ ਕਿਹਾ ਸੁਣ ਲੈ ਮੇਰਾ ਨਦ, ਜੋ ਸ਼ਬਦ ਵਾਲਾ ਸੁਣਾਈਆ। ਜਿੰਨਾਂ ਚਿਰ ਇਹ ਖੇਲ ਨਾ ਹੋਵੇ ਵਿਚ ਜੱਗ, ਓਨ੍ਹਾਂ ਚਿਰ ਰਾਮ ਨੂੰ ਔਣ ਦਾ ਕਲ ਵਿਚ ਕੋਈ ਮੌਕਾ ਦੇਵੇ ਨਾ ਰਾਈਆ। ਫੇਰ ਸਾਰੇ ਦੁੱਖਾਂ ਵਿਚ ਲੈਣ ਸੱਦ, ਓ ਧੁਰ ਦੇ ਰਾਮ, ਓ ਧੁਰ ਦੇ ਕਾਨ੍ਹ, ਓ ਧੁਰ ਦੇ ਅਮਾਮ, ਓ ਧੁਰ ਦੇ ਭਗਵਾਨ, ਧੁਰ ਦਾ ਦੇ ਦਾਨ, ਤੇਰਾ ਧਰਮ ਝੁੱਲੇ ਨਿਸ਼ਾਨ, ਨਿਸ਼ਾਨੇ ਸਾਰੇ ਦੇ ਮਿਟਾਈਆ। ਤੂੰ ਦਾਤਾ ਮਿਹਰਵਾਨ, ਕਿਉਂ ਵਿਚ ਵਾੜਿਆ ਸਭ ਦੇ ਸ਼ੈਤਾਨ, ਸ਼ਰਅ ਕੀਤੀ ਬੇਈਮਾਨ, ਸਾਬਤ ਰਿਹਾ ਨਾ ਕਿਸੇ ਦਾ ਈਮਾਨ, ਇਹ ਸਾਰੇ ਤੇਰੇ ਇਨਸਾਨ, ਕਿਉਂ ਇਨਸਾਨੀਅਤ ਦਿਤੀ ਗੁਵਾਈਆ। ਸੀਤਾ ਓਸ ਵੇਲੇ ਫੇਰ ਮੈਨੂੰ ਆਪਣੇ ਭਗਤਾਂ ਦੀ ਜ਼ਰੂਰ ਕਰਨੀ ਪਏ ਪਹਿਚਾਣ, ਜੋਤੀ ਜਾਤਾ

ਹੋ ਕੇ ਫਿਰਾਂ ਵਿਚ ਜਹਾਨ, ਕਾਇਆ ਦੇ ਮੰਦਰ ਵੇਖਾਂ ਛੱਡ ਦੇਵਾਂ ਜਗਤ ਮਕਾਨ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦੁਵਾਰ ਕਦੇ ਨਾ ਜਾਈਆ। ਮੇਰਾ ਜਦੋਂ ਬਣਿਆ ਸੁਹੰਜਣਾ ਭਗਤਾਂ ਦੇ ਨਾਲ ਵਿਧਾਨ, ਕ੍ਰਿਸ਼ਨ ਤੇ ਅਰਜਨ ਮੇਰੀ ਦੇ ਕੇ ਜਾਣ ਗੁਵਾਹੀਆ। ਕਾਗਦ ਕਲਮ ਨਾਲ ਲੇਖਾ ਲਿਖਣਾ ਮਹਾਨ, ਕਾਤਬ ਚਲੇ ਨਾ ਕੋਇ ਚਤਰਾਈਆ। ਇਹ ਅਗੰਮੀ ਫ਼ਰਮਾਣ, ਜਿਹੜਾ ਅੱਜ ਤੱਕ ਨਹੀਂ ਆਇਆ ਕਿਸੇ ਦੇ ਵਿਚ ਧਿਆਨ, ਅੱਖਰਾਂ ਵਿਚ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਥ ਦਾ ਰਥਵਾਹੀ ਆਪਣੀ ਖੇਲ ਖਲਾਈਆ।

ਅਰਜਨ ਕਹੇ ਕੀ ਭਗਵਨ ਤੇਰਾ ਖੇਲ, ਪੜਦਾ ਦੇ ਚੁਕਾਈਆ। ਕਿਸ ਬਿਧ ਲਵੇਂ ਮੇਲ, ਆਪਾ ਜੋੜ ਜੁੜਾਈਆ। ਭਗਵਨ ਕਿਹਾ ਮੇਰਾ ਪਰਕਾਸ਼ ਬਿਨ ਬਾਤੀ ਬਿਨ ਤੇਲ, ਘਰ ਘਰ ਕਰਾਂ ਰੁਸ਼ਨਾਈਆ। ਮੈਂਨੂੰ ਭਗਤਾਂ ਨੂੰ ਮਿਲਣ ਦਾ ਸਦਾ ਵਿਹਲ, ਹੋਰ ਕੰਮ ਕੰਮ ਕਿਸੇ ਨਾ ਆਈਆ। ਜਿਹੜਾ ਮੈਂਨੂੰ ਭੁੱਲੇ ਰਾਮ ਕਹੇ ਉਹ ਮੈਂ ਧੱਕ ਦੇਵਾਂ ਧਰਮ ਰਾਏ ਦੀ ਜੇਲ੍ਹ, ਚਿਤਰ ਗੁਪਤ ਲੇਖਾ ਸੁਣਾ ਕੇ ਚੁਰਾਸੀ ਵਿਚ ਸੁਟਾਈਆ। ਜੇ ਮੰਨੇ ਸੀਤਾ ਹੁਣ ਤੱਕ ਸਭ ਤੋਂ ਨਵੇਲ, ਵੱਖਰੇ ਘਰ ਡੇਰਾ ਲਾਈਆ। ਜਿਥੇ ਪੁਹੰਚਣ ਵਿਚ ਸਾਰੇ ਹੋ ਜਾਣ ਫੇਲ੍ਹ, ਜੇ ਮੈਂ ਆਪਣੀ ਕਿਰਪਾ ਕਰਾਂ ਮਾਤਲੋਕ ਵਿਚ ਨਿਰਗੁਣ ਲਵਾਂ ਮਨਾਈਆ। ਏਸੇ ਕਰ ਕੇ ਮੈਂਨੂੰ ਈਸਾ ਮੂਸਾ ਮੁਹੰਮਦ ਸਾਰੇ ਕਹਿੰਦੇ ਬਾਪ, ਪਿਤਾ ਪੁਰਖ ਅਕਾਲ ਕਹਿ ਕੇ ਗੋਬਿੰਦ ਗਿਆ ਗਾਈਆ। ਜੇ ਕੋਈ ਮੇਰਾ ਮਜਮੂਨ ਮੇਰਾ ਕਾਨੂੰਨ ਲਏ ਵਾਚ, ਵਿਚਾਰ ਦੀ ਲੋੜ ਰਹੇ ਨਾ ਰਾਈਆ। ਮੇਰਾ ਸਭ ਤੋਂ ਵੱਖਰਾ ਬਾਗ਼, ਜਿਥੇ ਚਾਰ ਜੁਗ ਦਾ ਹਿਸਾਬ, ਬਿਨਾਂ ਅੱਖਰਾਂ ਤੋਂ ਕਿਤਾਬ, ਰੱਖੀ ਹੱਕ ਮਹਿਰਾਬ, ਜਿਥੇ ਨਵਾਬ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਓਸ ਦੇ ਅੱਗੇ ਸਾਰੇ ਹੋ ਜਾਣ ਲਾ-ਜੁਵਾਬ, ਜਿਸ ਵੇਲੇ ਜੁਵਾਬ ਤਲਬੀ ਵਿਚ ਗੁਰ ਅਵਤਾਰ ਪੈਗ਼ੰਬਰਾਂ ਪੁਛ ਪੁਛਾਈਆ। ਸੀਤਾ ਕੁਛ ਹੋਰ ਦਿਸਦਾ ਕੋਈ ਨਾਨਕ ਦਾ ਖੇਲ ਹੋਣਾ ਵਿਚ ਬਗਦਾਦ, ਬਗਲਗੀਰ ਹਿੰਦੂ ਮੁਸਲਿਮ ਲਏ ਕਰਾਈਆ। ਗੋਬਿੰਦ ਦੀ ਪੁਰਖ ਅਕਾਲ ਨੇ ਕਰਨੀ ਇਮਦਾਦ, ਮਾਛੂਵਾੜੇ ਸੇਜ ਸੁਹਾਈਆ। ਫੇਰ ਸਦੀ ਚੌਧਵੀਂ ਆਪਣਿਆਂ ਭਗਤਾਂ ਦੀ ਖੋਲ੍ਹਣੀ ਜਾਗ, ਸੂਫ਼ੀਆਂ ਸੰਤਾਂ ਲਏ ਉਠਾਈਆ। ਅੰਦਰ ਦੇ ਕੇ ਵੈਰਾਗ, ਵੈਰੀ ਦੀ ਵੈਰੀਆਂ ਨਾਲ ਸੁਲਹਾ ਦੇਣੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਅਰਜਨ ਕਹੇ ਮੇਰੀ ਆਰਜ਼ੂ ਇਕ ਖ਼ਾਹਸ਼, ਬੇਨੰਤੀ ਦਿਆਂ ਸੁਣਾਈਆ। ਕੀ ਪ੍ਰਭੂ ਤੈਨੂੰ ਭਗਤ ਕਰਨ ਤਲਾਸ਼, ਬਣ ਖੰਡ ਖੋਜਣ ਜਾਈਆ। ਕ੍ਰਿਸ਼ਨ ਨੇ ਕਿਹਾ ਅਰਜਨ ਮੈਂ ਜਦੋਂ ਮਿਲਾਂ ਤੇ ਭਗਤਾਂ ਨੂੰ ਮਿਲਾਂ ਆਪ, ਲੱਭਿਆਂ ਹੱਥ ਕਿਸੇ ਨਾ ਆਈਆ। ਇਕੋ ਦੱਸਾਂ ਜਾਪ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਈਆ। ਜਿਥੇ ਨਾ ਕੋਇ ਪੁੰਨ ਨਾ ਕੋਈ ਪਾਪ, ਓਥੇ ਭਗਤ ਭਗਵਾਨ ਰਹਿ ਕੇ ਆਪਣਾ ਝੱਟ ਲੰਘਾਈਆ। ਇਹ ਜਿਨ੍ਹਾਂ ਨੂੰ ਪੂਰਾ ਦੇਵਾਂ ਵਿਸ਼ਵਾਸ, ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਉਹ ਸਦਾ ਵਸਣ ਮੇਰੇ ਪਾਸ, ਏਥੇ ਓਥੇ ਹੋਵੇ ਨਾ ਕਦੇ ਜੁਦਾਈਆ। ਕਿਉਂ ਰਾਮ ਸਰਬ ਗੁਣਾ ਗੁਣਤਾਸ, ਭਰਪੂਰ ਰਿਹਾ ਸਰਬ ਠਾਈਂਆ। ਜੁਗ ਜੁਗ ਜਨ ਭਗਤਾਂ ਦੀ ਪੂਰੀ ਕਰੇ ਆਸ, ਸੂਫ਼ੀ ਸੰਤ ਫ਼ਕੀਰਾਂ ਆਪਣੇ ਰਾਹ ਚਲਾਈਆ। ਅਰਜਨ ਕਹੇ ਪ੍ਰਭੂ ਮੈਂ ਹੈਰਾਨ ਕਿਥੋਂ ਸਿੱਖੀ ਜਾਚ, ਦਰੋਣਾਚਾਰਜ ਕੋਲ ਪੜ੍ਹਨ ਕਦੇ ਨਾ ਜਾਈਆ। ਕਿਰਪਾਚਾਰਜ ਤੇਰੇ ਹੱਥ ਵਿਚ ਕਦੀ ਨਹੀਂ ਫੜਾਈ ਰਾਸ, ਗੋਪੀਆਂ ਨਾਲ ਖੇਲ ਕੇ ਆਪਣਾ ਝੱਟ ਲੰਘਾਈਆ। ਸਾਰਿਆਂ ਨਾਲੋਂ ਕਰ ਕੇ ਬਾਈਕਾਟ, ਕਿਉਂ ਅਰਜਨ ਦੀ ਸੇਵ ਕਮਾਈਆ। ਭਗਵਾਨ ਹੱਸ ਕੇ ਕਿਹਾ ਅਰਜਨ ਆਹ ਵੇਖ ਮੇਰਾ ਮਸਤਕ ਮਾਥ, ਅਰਜਨ ਨੇਤਰ ਨੈਣ ਉਠਾਈਆ। ਜਾਂ ਵੇਖਿਆ ਉਹਦੇ ਵਿਚ ਦੋਹਾਂ ਦੀ ਇਕ ਜਾਤ, ਦੂਜਾ ਨਜ਼ਰ ਕੋਇ ਨਾ ਆਈਆ। ਕ੍ਰਿਸ਼ਨ ਕਹੇ ਔਹ ਤੱਕ ਅਰਜਨ ਕਲਜੁਗ ਦੀ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਓਸ ਵੇਲੇ ਭਗਤ ਭਗਵਾਨ ਦਾ ਜਿੰਨਾਂ ਚਿਰ ਨਾ ਬਣਿਆ

ਸਮਾਜ, ਓਨ੍ਹਾਂ ਚਿਰ ਸ੍ਰਿਸ਼ਟੀ ਦੀ ਦ੍ਰਿਸ਼ਟੀ ਸੁੱਖ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖ ਕਰਾਈਆ।

ਸੀਤਾ ਜੋਰ ਨਾਲ ਕੰਬੀ, ਨੇਤਰ ਨੈਣਾਂ ਨੀਰ ਵਹਾਈਆ। ਜਾਂ ਵੇਖਿਆ ਕਿਸੇ ਦੀ ਧੋਤੀ ਕਿਸੇ ਦੀ ਤੰਬੀ, ਕੋਈ ਤਹਿਮਤ ਵਾਲਾ ਨਜ਼ਰੀ ਆਈਆ। ਸਭ ਦੇ ਉਤੇ ਮਜ਼੍ਹਬਾਂ ਦੀ ਪਾਬੰਦੀ, ਸ਼ਰਅ ਵਿਚ ਡਰ ਕੇ ਪ੍ਰਭ ਨੂੰ ਗਏ ਭੁਲਾਈਆ । ਕੋਈ ਕਹੇ ਮੇਰੀ ਰਾਮ ਕ੍ਰਿਸ਼ਨ ਈਸਾ ਮੂਸਾ ਮੁਹੰਮਦ ਨਾਲ ਪਈ ਗੰਢੀ, ਕੋਈ ਨਾਨਕ ਗੋਬਿੰਦ ਓਟ ਤਕਾਈਆ। ਕੋਈ ਕਹੇ ਸਾਡੀ ਰਸਮ ਰਿਵਾਜ ਚੰਗੀ, ਮੁੱਛ ਦਾਹੜੀ ਕੇਸਾਂ ਨਾਲ ਸੁਹਾਈਆ। ਸੀਤਾ ਕਹੇ, ਹਾਏ ਰਾਮ ਮੈਂਨੂੰ ਸਭ ਦੀ ਆਤਮਾ ਓਸ ਰਾਮ ਨਾਲੋਂ ਵਿਛੜੀ ਦਿਸੇ ਰੰਡੀ, ਕੰਤ ਸੁਹਾਗ ਨਜ਼ਰ ਕੋਇ ਨਾ ਆਈਆ। ਭਾਵੇਂ ਕੋਈ ਤੀਰਥ ਨਾਹਵੇ ਗੋਦਾਵਰੀ ਜਮਨਾ ਸੁਰਸਤੀ ਗੰਗੀ, ਜਿੰਨਾਂ ਚਿਰ ਮੇਰੇ ਪ੍ਰੇਮ ਦੀ ਚੜ੍ਹੇ ਨਾ ਅੰਦਰ ਰੰਗੀ, ਦੁਰਮਤ ਮੈਲ ਨਾ ਕੋਇ ਧੁਵਾਈਆ। ਭਾਵੇਂ ਨਾਹ ਧੋ ਮੁਖ ਸੁਵਾਰ ਜਗਤ ਵੈਰਾਗਣ ਮੇਂਢੀ ਸੀਸ ਵਾਹਵੇ ਕੰਘੀ, ਬਿੰਦੀ ਤਿਲਕ ਸੰਧੂਰ ਲਗਾਈਆ। ਉਹ ਵੀ ਭਾਗਾਂ ਮੰਦੀ, ਜਿਨ੍ਹਾਂ ਨੂੰ ਮਿਲਿਆ ਨਾ ਰਾਮ ਬੇਪਰਵਾਹੀਆ। ਭਾਵੇਂ ਕੋਈ ਰੋਜ਼ ਸੇਵਾ ਕਮਾਏ ਪਿੰਡੀ, ਅਸ਼ਟਭੁਜ ਜੋਤ ਜਵਾਲਾ ਸਿੰਘ ਸਵਾਰ ਸ਼ਸਤਰਧਾਰੀ ਕਿਰਚ ਕਟਾਰ ਕਰੇ ਨੰਗੀ, ਲਾਲ ਭੂਸ਼ਣ ਸੋਭਾ ਪਾਈਆ। ਜਿੰਨਾਂ ਚਿਰ ਪ੍ਰਭੂ ਦੇ ਨਾਮ ਦੀ ਅੰਦਰੋਂ ਨਾ ਆਏ ਸੁਗੰਧੀ, ਓਨਾਂ ਚਿਰ ਪਾਬੰਦੀ ਨਾ ਕੋਇ ਕਟਾਈਆ। ਸੀਤਾ ਕਹੇ ਪ੍ਰਭੂ ਮੈਂ ਕੀ ਦੱਸਾਂ ਮੈਨੂੰ ਕਲਜੁਗ ਦੇ ਵਿਚ ਬੜੇ ਬੜੇ ਬੜੇ ਜਗਤ ਸਾਧ ਦਿਸਦੇ ਪਖੰਡੀ, ਜੋ ਪਖੰਡ ਵਿਚ ਲੋਕਾਂ ਦੀਆਂ ਧੀਆਂ ਭੈਣਾਂ ਲੈ ਕੇ ਨੱਠ ਜਾਈਆ। ਲਛਮਣ ਕਿਹਾ ਓ ਸੀਤਾ ਮੈਂ ਬੜਾ ਸੂਰਬੀਰ ਜੰਗੀ, ਜਗਤ ਦਾ ਮਾਲਕ ਇਕ ਅਖਵਾਈਆ। ਜਿਸ ਵੇਲੇ ਮੇਰੇ ਰਾਮ ਦੇ ਪਿਆਰਿਆਂ ਵਲ ਅੱਖ ਕੀਤੀ ਨੰਗੀ, ਮੈਂ ਸਿਰ ਧੜ ਅੱਡ ਦਿਆਂ ਕਰਾਈਆ। ਪ੍ਰਭੂ ਦੇ ਪਿਆਰਿਆਂ ਨੂੰ ਸਦਾ ਪਵਣ ਆਵੇ ਠੰਡੀ, ਅਗਨੀ ਤੱਤ ਨਾ ਕੋਇ ਤਪਾਈਆ। ਤੁਸੀਂ ਸਭ ਨੇ ਵੇਖਿਆ ਮੁਨੀ ਸੁਸ਼ੀਲ ਕੁਮਾਰ ਕਿਸ ਤਰ੍ਹਾਂ ਫਿਰਦਾ ਸੀ ਪੈਰੀਂ ਨੰਗੀਂ, ਇਸ ਤੋਂ ਵੱਡੀ ਹੋਰ ਸੀਤਾ ਕਿਹੜੀ ਨਜ਼ਰੀ ਆਈਆ। ਇਹ ਕਿਸੇ ਦਵਾਰਿਉਂ ਮੰਗ ਨਹੀਂ ਮਿਲਦੀ ਮੰਗੀ, ਆਪਣੀ ਕਮਾਈ ਆਪਣੀ ਸੁਰਤੀ ਆਪ ਪਰਨਾਈਆ। ਆਪੇ ਧੀ ਆਪੇ ਜਵਾਈ, ਸਹੁਰਾ ਪੇਈਆ ਆਪੇ ਆਪ ਅਖਵਾਈਆ। ਇਹੇ ਖੁਸ਼ੀ ਜਿਸ ਦੀ ਸਦਾ ਵੱਜਦੀ ਰਹੇ ਸ਼ਹਿਨਾਈ, ਢੋਲ ਢਮੱਕਿਆਂ ਵਿਚ ਜਗਤ ਦੀ ਹੋਵੇ ਕੁੜਮਾਈਆ। ਭਗਤਾਂ ਵਿਚ ਭਗਵਨ ਪ੍ਰੇਮ ਦੀ ਧਾਰ ਚਲਾਈ, ਸ਼ਾਦੀਆਂ ਵਾਲਿਉ ਸੁਣ ਲਉ ਕੰਨ ਲਾਈ, ਇਕ ਦੂਜੇ ਨਾਲੋਂ ਕਦੀ ਨਹੀਂ ਕਰਨੀ ਜੁਦਾਈ, ਨਾਰ ਕੰਤ ਸਾਂਝਾ ਮਿਲ ਕੇ ਝੱਟ ਲੰਘਾਈਆ। ਸੇਵਾ ਵਿਚ ਰਹੇ ਨਾ ਕੋਇ ਊਣਤਾਈ, ਪਤੀਬਰਤ ਹੋ ਕੇ ਸਾਚਾ ਮਾਰਗ ਦੇਣਾ ਵਖਾਈਆ। ਪਤੀ ਨੇ ਕਦੀ ਨਹੀਂ ਬਣਨਾ ਕਸਾਈ, ਬਿਨਾਂ ਸੋਚੇ ਸਮਝੇ ਆਪਣੀ ਨਾਰੀ ਨੂੰ ਦਏ ਸਤਾਈਆ। ਦੋਹਾਂ ਦਾ ਸਾਂਝਾ ਪਿਆਰ ਤੇ ਇਕੋ ਵਾਗ ਰਖਾਈ, ਧਰਮ ਦੀ ਧਾਰ ਜਨਮ ਦੀ ਗੰਢ ਨਾਤਾ ਜੋੜ ਜੁੜਾਈਆ। ਸਭ ਸੰਗਤ ਪ੍ਰੇਮੀ ਪਿਆਰਿਆਂ ਗੁਰਮੁਖਾਂ ਦੇ ਅੰਦਰ ਰਹੇ ਠੰਡ, ਕਿਉਂ ਰਿਸ਼ੀ ਮੁਨੀ ਸੰਤ ਮਹਾਤਮਾ ਫ਼ਕੀਰ ਫ਼ੱਕਰ ਮਿਲ ਕੇ ਸੋਹਣਾ ਕਾਜ ਰਚਾਈਆ। ਧਰਮ ਸਮੇਲਨ ਜੇ ਸਦਾ ਧਰਮ ਦੇ ਰਹਿਣਾ ਪਾਬੰਦ, ਇਕੱਠੇ ਹੋ ਕੇ ਆਪਣਾ ਰਾਹ ਅਪਨਾਈਆ। ਜਿਧਰ ਜਾਓ ਚਾਰ ਕੁੰਟ ਦਹਿ ਦਿਸ਼ਾ ਉਚੀ ਕੂਕ ਬੋਲੋ ਤੂੰ ਮੇਰਾ ਮੈਂ ਤੇਰਾ ਛੰਦ, ਸੰਸਾ ਰੋਗ ਰਹੇ ਨਾ ਰਾਈਆ। ਆਤਮਾ ਪਰਮਾਤਮਾ ਸਦਾ ਚਿਤ ਅਨੰਦ, ਅਨੰਦ ਦਾ ਅਨੰਦ ਅਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਦੋਹਾਂ ਦਾ ਸਚ ਨਿਸ਼ਾਨ, ਸਤਿ ਧਰਮ ਦਾ ਇਕੋ ਇਕ ਵਖਾਈਆ। (੨੮ ਪੋਹ ਸ਼ੈ ਸੰ ੩)

❋

❋

ਸਤਿਗੁਰ ਸ਼ਬਦ ਸਦਾ ਸਰਬਗ, ਆਦਿ ਜੁਗਾਦਿ ਜੁਗ ਚੌਕੜੀ ਸਦ ਅਖਵਾਈਆ। ਨਿੱਤ ਨਵਿਤ ਪ੍ਰਗਟ ਹੋਵੇ ਜਗ, ਨਿਰਗੁਣ ਸਰਗੁਣ ਰੂਪ ਧਰਾਈਆ। ਜਨ ਭਗਤ ਸੁਹੇਲੇ ਲਏ ਲੱਭ, ਸੰਤ ਸੱਜਣ ਵੇਖ ਵਖਾਈਆ। ਜੋਤੀ ਧਾਰ ਦਰਸ਼ਨ ਦੇਵੇ ਉਪਰ ਸ਼ਾਹ ਰਗ, ਨੌਂ ਦੁਵਾਰੇ ਡੇਰਾ ਢਾਈਆ। ਮਨ ਮਮਤਾ ਤ੍ਰੈਗੁਣ ਮਾਇਆ ਬੁਝਾ ਕੇ ਅੱਗ, ਅੰਮ੍ਰਿਤ ਮੇਘ ਦਏ ਬਰਸਾਈਆ। ਜਗਤ ਵਾਸਨਾ ਪਾਰ ਕਰ ਕੇ ਹੱਦ, ਗ੍ਰਹਿ ਮੰਦਰ ਇਕ ਸੁਹਾਈਆ। ਜਿਥੇ ਵੱਜੇ ਅਗੰਮੀ ਨਦ, ਧੁਨ ਆਤਮਕ ਰਾਗ ਅਲਾਹੀਆ। ਜੋਤ ਧਾਰ ਹੋਵੇ ਪ੍ਰਗਟ, ਅੰਧ ਅੰਧੇਰਾ ਦਏ ਮਿਟਾਈਆ। ਸਚ ਦੁਵਾਰ ਵਖਾ ਕੇ ਹੱਟ, ਮਹੱਲ ਅਟੱਲ ਇਕ ਵਡਿਆਈਆ । ਜਿਥੇ ਸਾਹਿਬ ਵਸੇ ਸਮਰਥ, ਪਤਿਪਰਮੇਸ਼ਵਰ ਆਸਣ ਲਾਈਆ। ਜਿਸ ਦਾ ਰੂਪ ਰੰਗ ਰੇਖ ਸਕਿਆ ਕੋਇ ਨਾ ਦੱਸ, ਬ੍ਰਹਮ ਬ੍ਰਹਮ ਬ੍ਰਹਮ ਕਹਿ ਕੇ ਸਾਰੇ ਗਾਈਆ। ਸੋ ਲੇਖਾ ਜਾਣੇ ਅਲਖਣਾ ਅਲੱਖ, ਅਲੱਖ ਅਗੋਚਰ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ।

ਜਿਸ ਖ਼ਬਰ ਸੰਦੇਸ਼ਾ ਦਿਤਾ ਸਨਕਾਦਕ ਸੰਤ ਕੁਮਾਰ, ਇਕ ਇਕ ਜਣਾਈਆ। ਜਿਨ ਬਰਾਹ ਦੀ ਬੱਧੀ ਧਾਰ, ਆਪਣਾ ਬਲ ਪ੍ਰਗਟਾਈਆ। ਯਗੈ ਪੁਰਸ਼ ਦੀ ਪੈਜ ਸੁਵਾਰ, ਹਾਵ ਗਰੀਬ ਲਈ ਅੰਗੜਾਈਆ। ਨਰ ਨਰਾਇਣ ਹੋ ਤਿਆਰ, ਦੱਤਾਤ੍ਰੈ ਵੇਸ ਵਟਾਈਆ। ਕਰੇ ਖੇਲ ਅਗੰਮ ਅਪਾਰ, ਜੋਤੀ ਜਾਤਾ ਆਪਣਾ ਵੇਸ ਵਟਾਈਆ। ਕਪਲ ਮੁਨ ਕਰ ਕੇ ਖ਼ਬਰਦਾਰ, ਸਾਂਖ ਯੋਗ ਦਿਤਾ ਸਮਝਾਈਆ। ਰਿਖਵ ਦੇਵ ਪਰਦਾ ਲਾਹ ਅਪਾਰ, ਪਿਰਥੂ ਆਪਣਾ ਰੰਗ ਚੜ੍ਹਾਈਆ। ਮੱਤਸ ਵੜ ਕੇ ਜਲਧਾਰ, ਕੱਛਪ ਮਿੰਦਰਾ ਪਿਠ ਉਠਾਈਆ। ਧਨੰਤਰ ਹੋ ਕੇ ਪਾਈ ਸਾਰ, ਔਸ਼ਦ ਰੂਪ ਬਦਲਾਈਆ। ਹੰਸ ਬਾਵਨ ਹੋ ਕੇ ਖ਼ਬਰਦਾਰ, ਸੋਹਣੀ ਆਪਣੀ ਕਾਰ ਕਮਾਈਆ। ਹਰੀ ਹਰਿ ਖੇਲ ਅਪਾਰ, ਗਜ ਲੇਖਾ ਦਿਤਾ ਚੁਕਾਈਆ। ਪਰਸ ਰਾਮ ਰੂਪ ਨਿਰਾਕਾਰ, ਬ੍ਰਾਹਮਣ ਬ੍ਰਹਮ ਵਿਚ ਵਡਿਆਈਆ । ਰਾਮ ਰਾਮਾ ਹੋ ਉਜਿਆਰ, ਦਸ਼ਰਥ ਲੇਖਾ ਦਿਤਾ ਚੁਕਾਈਆ। ਵੇਦ ਵਿਆਸਾ ਬਣ ਲਿਖਾਰ, ਅਖ਼ਸ਼ਰਾਂ ਅੱਖ਼ਰਾਂ ਵਿਚ ਬਦਲਾਈਆ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰ, ਨਾਮ ਬੰਸਰੀ ਧੁਨ ਸੁਣਾਈਆ। ਲੇਖਾ ਵੇਖ ਜਗਤ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਲਏ ਬੁਲਾਈਆ। ਕੁਮੇਰ ਅੰਦਰ ਸੱਦੇ ਸਚ ਦਰਬਾਰ, ਦਰ ਦਰਬਾਰੀ ਸੋਭਾ ਪਾਈਆ। ਖੇਲ ਕੀਤਾ ਅਪਰ ਅਪਾਰ, ਤ੍ਰੈਲੋਕੀ ਨੰਦਨ ਆਪਣੀ ਕਾਰ ਕਮਾਈਆ। ਮਾਇਆ ਛਾਇਆ ਰੂਪ ਧਰ ਨਿਰਾਕਾਰ, ਸਾਕਾਰ ਵਿਚ ਨਿਰਗੁਣ ਜੋਤ ਲਈ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਇਕ ਖੁਲ੍ਹਾਈਆ।

ਕ੍ਰਿਸ਼ਨ ਕਹੇ ਮੈਂ ਘਨੀਆ ਕਾਹਨ, ਕਾਹਨਾ ਰੂਪ ਵਟਾਈਆ। ਸੋਲਾਂ ਕਲਾਂ ਜਗਤ ਨਿਸ਼ਾਨ, ਨੌਂ ਸਤ ਬਰਾਟ ਮੇਰੀ ਵਡਿਆਈਆ। ਮੇਰਾ ਖੇਲ ਮੇਰੇ ਜ਼ਿਮੀਂ ਅਸਮਾਨ, ਚੌਦਾਂ ਤਬਕ ਆਪਣੇ ਵਿਚ ਲੁਕਾਈਆ। ਚੌਦਾਂ ਲੋਕ ਮੇਰੇ ਅੰਗ ਨਿਸ਼ਾਨ, ਨਿਸ਼ਾਨੇ ਸਭ ਨੂੰ ਦਏ ਦ੍ਰਿੜਾਈਆ। ਕੌਰੋ ਪਾਂਡੋ ਖੇਲ ਕੀਤਾ ਮਹਾਨ, ਮਹਿਮਾ ਆਪਣੀ ਆਪਣੇ ਵਿਚ ਟਿਕਾਈਆ। ਵਿਦਵਾਨਾਂ ਨੂੰ ਬੁੱਧੀ ਵਿਚ ਕੀਤਾ ਪਰੇਸ਼ਾਨ, ਅਕਲ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਸਾਕ ਸਨਬੰਧੀ ਸਾਰੇ ਵੈਰੀ ਹੋ ਕੇ ਇਕ ਦੂਜੇ ਨੂੰ ਤਕਾਨ, ਦੁਸ਼ਮਣ ਦੁਸ਼ਮਣ ਰੂਪ ਵਟਾਈਆ। ਨਾ ਦਰੋਨਾਚਾਰਜ ਦੀ ਵਿਦਿਆ ਰਹੀ ਨਾ ਕੋਇ ਗਿਆਨ, ਸ਼ਤਰੂ ਸ਼ਸਤਰਧਾਰੀ ਹੋ ਕੇ ਦਿਤੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ।

ਕ੍ਰਿਸ਼ਨ ਕਹੇ ਮੈਂ ਆਇਆ ਬਣ ਘਨਈਆ, ਸ਼ਾਮ ਸ਼ਾਮਾ ਰੂਪ ਧਰਾਈਆ। ਦੁਆਪਰ ਅੰਤਮ ਵੇਖੀ ਨਈਆ, ਨੌਕਾ ਤੱਕੀ ਜਗਤ ਲੋਕਾਈਆ। ਸਾਰਿਆਂ ਦਾ ਬਣ ਕੇ ਸੱਜਣ ਸਈਆ, ਸਨਬੰਧੀ ਸਾਰੇ ਲਏ ਬੁਲਾਈਆ। ਲੇਖਾ ਰੱਖ ਕੇ ਸਭ ਦਾ ਗੁੱਝਾ ਆਪਣੀ ਬਹੀਆ, ਪਰਦਾ ਸਕੇ ਨਾ ਕੋਇ ਉਠਾਈਆ। ਪਿਆਰ ਨਾਲ ਸਤਿਕਾਰ ਨਾਲ ਵਿਹਾਰ ਨਾਲ ਫੜ ਕੇ ਬਹੀਆ, ਭਾਈ ਭਾਈ ਦਿਤੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ।

ਕ੍ਰਿਸ਼ਨ ਕਹੇ ਮੈਂ ਤ੍ਰੈਲੋਕੀ ਨਾਥ, ਤ੍ਰੈਗੁਣ ਅਤੀਤਾ ਨਜ਼ਰੀ ਆਈਆ। ਜੋਤੀ ਜਾਤਾ ਸ਼ਬਦ ਗੁਰੂ ਦਾ ਸਾਥ, ਸਾਖਿਆਤ ਆਪਣੀ ਕਾਰ ਕਮਾਈਆ। ਰਥਵਾਹੀ ਬਣ ਕੇ ਚਲਾਇਆ ਰਾਥ, ਮਹਾਂਸਾਰਥੀ ਨਾਉਂ ਪ੍ਰਗਟਾਈਆ। ਅਰਜਨ ਦੱਸੀ ਗਾਥ, ਗਿਆਨ ਗਿਆਨ ਵਿਚੋਂ ਉਪਜਾਈਆ। ਨਾ ਕੋਈ ਤੇਰਾ ਸੱਜਣ ਨਾ ਕੋਈ ਸਾਕ, ਕੁਟੰਬੀ ਨਜ਼ਰ ਕੋਇ ਨਾ ਆਈਆ। ਧਰਮ ਯੁੱਧ ਵਿਚ ਲੱਗੇ ਕੋਈ ਨਾ ਪਾਪ, ਪੱਤਤ ਪੁਨੀਤ ਦਿਤਾ ਸਮਝਾਈਆ। ਫੇਰ ਵਖਾਇਆ ਜਿਧਰ ਵੇਖ ਮੈਂ ਆਪੇ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਬਿਨਾਂ ਅੱਖਾਂ ਤੋਂ ਵੇਖ ਮੇਰਾ ਪਰਤਾਪ, ਦੋ ਜਹਾਨਾਂ ਸੋਭਾ ਪਾਈਆ। ਮੈਂ ਹੀ ਬ੍ਰਹਮ ਮੈਂ ਭਗਵਾਨ ਮੈਂ ਹੀ ਜਾਪ, ਜੀਵਤ ਜਪ ਤਪ ਆਪ ਅਖਵਾਈਆ। ਮੈਂ ਹੀ ਰੋਗ ਮੈਂ ਹੀ ਸੋਗ, ਮੈਂ ਹੀ ਚਿੰਤਾ ਦੁੱਖ ਭੋਗ, ਮੈਂ ਹੀ ਸੰਯੋਗ ਮੈਂ ਹੀ ਵਿਯੋਗ, ਮੈਂ ਹੀ ਵੈਰਾਗ ਮੈਂ ਹੀ ਤਿਆਗ, ਮੈਂ ਹੀ ਕੰਤ ਸੁਹਾਗ, ਸਭ ਦਾ ਨਜ਼ਰੀ ਆਈਆ। ਤੇਰੀ ਖੋਲ੍ਹਾਂ ਜਾਗ, ਤੈਨੂੰ ਅਗਲਾ ਦੱਸਾਂ ਭਾਗ, ਜਿਸ ਨੂੰ ਸਮਝੇ ਕੋਇ ਨਾ ਸਾਧ, ਰਿਸ਼ੀ ਮੁਨੀ ਬੈਠੇ ਧਿਆਨ ਲਗਾਈਆ। ਇਹ ਅਗੰਮੀ ਕਹੀ ਬਾਤ, ਨਾ ਓਸ ਵੇਲੇ ਦਿਨ ਸੀ ਨਾ ਰਾਤ, ਘੜੀ ਪਲ ਸਮਝ ਕਿਸੇ ਨਾ ਆਈਆ। ਇਹ ਸ਼ਬਦ ਸੁਣਾਇਆ, ਬਿਨ ਰਸਨਾ ਗਾਇਆ, ਅੰਤਰ ਆਤਮਕ ਧੁਨ ਉਪਜਾਇਆ, ਅਰਜਨ ਇਕ ਗਿਆਨ ਜਣਾਇਆ, ਬਿਨਾਂ ਬੋਲਣ ਤੋਂ ਅਨਬੋਲਤ ਦਿਤਾ ਸੁਣਾਈਆ। ਕ੍ਰਿਸ਼ਨ ਹੈਰਾਨੀ ਵਿਚ ਸ਼ੈਤਾਨੀ ਵਿਚ ਬੇਈਮਾਨੀ ਵਿਚ ਇਨਸਾਨੀ ਵਿਚ ਮਿਹਰਵਾਨੀ ਵਿਚ ਆਪਣਾ ਭੇਵ ਖੁਲ੍ਹਾਇਆ, ਸਹਿਜ ਨਾਲ ਹੱਥ ਪਿੱਠ ਉਤੇ ਟਿਕਾਈਆ। ਜੋ ਉਪਜਿਆ ਸੋ ਰਹਿਣ ਨਾ ਪਾਇਆ, ਧਰਮ ਯੁੱਧ ਦੀ ਰਚਨਾ ਦਿਤੀ ਜਣਾਈਆ। ਇਹ ਮੇਰਾ ਖੇਲ ਤੇ ਮੇਰੀ ਮਾਇਆ, ਬੇਪਰਵਾਹੀ ਵਿਚ ਸਮਾਈਆ। ਖੰਡਾ ਖੜਗ ਤੀਰ ਕਮਾਨ ਚਿੱਲਾ ਨਹੀਂ ਕੋਈ ਉਠਾਇਆ, ਧਨੁਸ਼ ਹੱਥ ਨਾ ਕੋਇ ਟਿਕਾਈਆ। ਹਰ ਹਿਰਦੇ ਵਿਚ ਆਪਣਾ ਨਾਮ ਅਗੰਮਾ ਤੀਰ ਛੁਹਾਇਆ, ਸੋਈ ਸੁਰਤੀ ਸਭ ਦੀ ਦਿਤੀ ਜਗਾਈਆ। ਜਾਂ ਵੇਖਿਆ ਚਾਰੋਂ ਕੁੰਟ ਗਰਦੋ ਗੁਬਾਰ ਅੰਧੇਰਾ ਛਾਇਆ, ਹਾਹਾਕਾਰ ਮੱਚੀ ਲੋਕਾਈਆ। ਅਰਜਨ ਹੱਥ ਬੰਨ੍ਹ ਕੇ ਸੀਸ ਨਿਵਾਇਆ, ਚਰਨ ਚਰਨੋਦਕ ਲੈ ਮਸਤਕ ਧੂੜੀ ਖ਼ਾਕ ਰਮਾਈਆ। ਓਨੇ ਚਿਰ ਨੂੰ ਯੁਧਿਸ਼ਟਰ ਆਇਆ, ਧਰਮ ਦਾ ਬੇਟਾ ਆਪਣਾ ਪੰਧ ਮੁਕਾਈਆ। ਓਸ ਨੇ ਹੱਸ ਕੇ ਹੱਥਾਂ ਉਤੇ ਹੱਥ ਵਜਾਇਆ, ਸੋਹਣੀ ਖ਼ੁਸ਼ੀ ਦਿਤੀ ਬਣਾਈਆ। ਮੇਰੇ ਕਾਹਨ ਜੀ, ਮੇਰੇ ਭਗਵਾਨ ਜੀ, ਮੇਰੇ ਦਾਤਾ ਦਾਨੀ ਦੀਨ ਦਿਆਲ ਜੀ, ਮੇਰੇ ਕਾਲ ਮਹਾਂਕਾਲ ਜੀ, ਮੇਰੇ ਪੂਜਯ ਸਚੀ ਧਰਮਸਾਲ ਜੀ, ਮੇਰੇ ਸ਼ਿਵਦੁਵਾਲੇ ਮੱਠ ਮੇਰੇ ਮੰਦਰਾਂ ਦੇ ਮੰਦਰ ਮੇਰੇ ਜੋਤੀ ਨੂਰ ਨੁਰਾਨ ਜੀ, ਮੇਰੀ ਇਕ ਤੇ ਅਨੇਕ ਅਨੇਕ ਤੋਂ ਇਕ ਪ੍ਰਨਾਮ ਜੀ, ਜਰਾ ਸਚ ਦੱਸੋ ਕਿਹੜਾ ਗਿਆਨ ਜੀ, ਜਿਸ ਦੇ ਨਾਲ ਲੱਖ ਚੁਰਾਸੀ ਦੇ ਬੰਧਨ ਮਿਟ ਜਾਣ ਜੀ, ਆਵਣ ਜਾਵਣ ਮਾਤ ਗਰਭ ਨਾ ਕੋਇ ਫੇਰ ਤਪਾਣ ਜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਕ੍ਰਿਸ਼ਨ ਕਿਹਾ ਯੁਧਿਸ਼ਟਰ ਆ ਗਿਆ ਫਿਰਦਾ ਤੁਰਦਾ, ਆਪਣਾ ਪੰਧ ਮੁਕਾਈਆ। ਪੇਸ਼ਾਨੀ ਉਤੇ ਹੱਥ ਮਾਰਿਆ ਸ੍ਰਿਸ਼ਟੀ ਵੇਖ ਸਾਰੀ ਮੁਰਦਾ, ਬਿਨਾ ਮੇਰੀ ਕਿਰਪਾ ਤੋਂ ਜੀਵਤ ਨਜ਼ਰ ਕੋਇ ਨਾ ਆਈਆ। ਜਰਾ ਖੇਲ ਵੇਖ ਦੇਵਤ ਸੁਰ ਦਾ, ਇੰਦਰ ਇੰਦਰਾਸਣ ਸਿੰਘ ਸਿੰਘਾਸਣ ਬੈਠੇ ਧਿਆਨ ਲਗਾਈਆ। ਏਥੇ

ਕੋਈ ਖੇਲ ਨਹੀਂ ਬਲ ਜ਼ੋਰ ਦਾ, ਤਾਕਤ ਵਾਲੀ ਨਾ ਕੋਇ ਵਡਿਆਈਆ। ਮੈਂ ਤ੍ਰੈਲੋਕੀ ਨੰਦਨ ਸਭ ਨੂੰ ਵਿਛੋੜਦਾ ਸਭ ਨੂੰ ਜੋੜਦਾ, ਇਹ ਮੇਰੀ ਬੇਪਰਵਾਹੀਆ। ਬੇਸ਼ਕ ਮੈਂ ਰਥ ਰਥਵਾਹੀ ਚਾਰ ਘੋੜ ਦਾ, ਚਾਰੋਂ ਕੁੰਟ ਧਿਆਨ ਲਗਾਈਆ । ਜਰਾ ਖੇਲ ਵੇਖਣਾ ਸ਼ੋਰ ਦਾ, ਚਾਰੋਂ ਕੁੰਟ ਹਾਹਾਕਾਰ ਮੱਚੇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਲਿਖਾਈਆ।

ਯੁਧਿਸ਼ਟਰ ਕਿਹਾ ਕ੍ਰਿਸ਼ਨ ਮੈਂ ਵੇਖੇ ਸਾਰੇ ਮੂਰਛਤ, ਮੂਰਤੀ ਸਭ ਵਿਚ ਇਕੋ ਤੇਰੀ ਨਜ਼ਰੀ ਆਈਆ। ਤੂੰ ਮਾਲਕ ਦੁਆਪਰ ਵਾਲੇ ਪੂਰ ਦਾ, ਪੁਰੀਆਂ ਲੋਆਂ ਤੇਰਾ ਰਾਹ ਤਕਾਈਆ । ਤੂੰ ਗੜ੍ਹ ਤੋੜਨਾ ਗਰੂਰ ਦਾ, ਹੰਕਾਰੀ ਦਰਯੋਧਨ ਲਿਆ ਉਠਾਈਆ। ਇਹ ਖੇਲ ਤੇਰਾ ਦਸਤੂਰ ਦਾ, ਜੁਗ ਜੁਗ ਆਪਣੀ ਕਾਰ ਭੁਗਤਾਈਆ। ਜਿਹੜਾ ਹੁਕਮ ਤੇਰੇ ਮਨਜ਼ੂਰ ਦਾ, ਓਹ ਵਰਤੇ ਥਾਉਂ ਥਾਈਂਆ। ਐਂ ਜਾਪਦਾ ਜਗਤ ਸ਼ਮਸ਼ਾਨ ਭੂਮੀ ਰੂਪ ਬਣਿਆ ਤੰਦੂਰ ਦਾ, ਅਗਨੀ ਆਪਣਾ ਰੰਗ ਵਖਾਈਆ। ਇਹ ਸ਼ਰੀਰ ਪੰਜ ਤੱਤ ਨਾਤਾ ਕੂੜ ਦਾ, ਲੋਕਮਾਤ ਰਹਿਣ ਨਾ ਪਾਈਆ। ਦੱਸ ਕਿਸ ਤਰਹ ਲੇਖਾ ਮੁੱਕਦਾ ਏਸ ਜੀਵ ਸ਼ਰੂਡ ਦਾ, ਸਹਿਜ ਦੇਣਾ ਸਮਝਾਈਆ। ਕ੍ਰਿਸ਼ਨ ਕਹਿੰਦਾ ਯੁਧਿਸ਼ਟਰਾ ਜੋ ਹਾਜ਼ਰ ਸੋ ਚਰਨੋਦਕ ਲੈ ਮੇਰੀ ਧੂੜ ਦਾ, ਜਨਮ ਮਰਨ ਦੀ ਲੋੜ ਰਹੇ ਨਾ ਰਾਈਆ। ਮੈਂ ਆਸਾ ਮਨਸਾ ਸਭ ਦੀ ਪੂਰਦਾ, ਸਾਰੇ ਮੇਰਾ ਬ੍ਰਹਮ ਤੇ ਮੈਂ ਬ੍ਰਹਮ ਦਾ ਮਾਲਕ ਬ੍ਰਹਮ ਬ੍ਰਹਮ ਵਿਚ ਸਮਾਈਆ। ਯੁਧਿਸ਼ਟਰ ਹੱਸ ਕੇ ਕਿਹਾ ਸੁਵਾਮੀ ਜਿਸ ਵੇਲੇ ਤੇਰੇ ਪਿਛੋਂ ਵਕਤ ਹੋ ਗਿਆ ਦੂਰ ਦਾ, ਤੈਨੂੰ ਮਿਲਣ ਕੋਇ ਨਾ ਪਾਈਆ। ਕ੍ਰਿਸ਼ਨ ਕਿਹਾ ਓਸ ਵੇਲੇ ਕਲਜੁਗ ਸਮਾਂ ਹੋਣਾ ਮੂਰਖ ਮੂੜ੍ਹ ਦਾ, ਬੁੱਧੀਵਾਨ ਬੁੱਧੀ ਦੇਣ ਗਵਾਈਆ। ਮੈਂ ਇਕ ਜਗਤ ਰੀਤੀ ਖੇਲ ਦੱਸਾਂ ਦਸਤੂਰ ਦਾ, ਜਗਤ ਕਰਾਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ।

ਝੱਟ ਅਰਜਨ ਬੋਲਿਆ ਤੂੰ ਮੈਨੂੰ ਦੱਸਿਆ ਇੰਡ ਪਿੰਡ ਬ੍ਰਹਿਮੰਡ, ਸਭ ਕੁਛ ਦਿਤਾ ਵਖਾਈਆ। ਮੈਂ ਤੱਕਿਆ ਤੇਰਾ ਅਨੰਦ, ਤੇਰੇ ਅਨੰਦ ਵਿਚ ਸਮਾਈਆ। ਸਵੈਮ ਤੂੰ ਸਵੈਮ ਮੈਂ ਸਵੈਮ ਤੇਰਾ ਪਰਮਾਨੰਦ, ਅਨੰਦ ਵਿਚ ਪਰਮਾਨੰਦ ਲਿਆ ਮਿਲਾਈਆ। ਦੱਸ, ਜਗਤ ਤੇਰੇ ਪਿਛੋਂ ਕੁਛ ਕਾਲ ਗਿਆ ਲੰਘ, ਤੇਰਾ ਦਰਸ ਕੋਇ ਨਾ ਪਾਈਆ। ਜਿਨ੍ਹਾਂ ਦੀ ਤੂੰ ਸ਼ਹਾਦਤ ਲੈਣੀ ਵਿਚ ਜੰਗ, ਧਰਮ ਯੁੱਧ ਵਿਚ ਦੇਣਾ ਲੜਾਈਆ। ਉਨ੍ਹਾਂ ਨੂੰ ਦੱਸ ਕਿਹੜੀ ਕੂਟੇ ਦੇਵੇਂਗਾ ਟੰਗ, ਕਿ ਜੂਨੀਆਂ ਵਿਚ ਭੁਵਾਈਆ। ਨਾਲੇ ਤੂੰ ਕਹਾਇਆ ਮੇਰਾ ਆਤਮਾ ਸਦਾ ਸਾਚਾ ਅਨੰਦ, ਅਨੰਤ ਅਨੰਤ ਵਿਚ ਰਖਾਈਆ। ਕੀ ਤੂੰ ਵੱਡਾ ਕਿ ਸੁਰਸਤੀ ਜਮਨਾ ਗੰਗ, ਗੰਗੋਤਰੀ ਦਾ ਭੇਵ ਦੇਣਾ ਖੁਲ੍ਹਾਈਆ। ਕੀ ਤੀਰਥ ਤੱਟ ਕਿਨਾਰੇ ਆਸਾ ਮਨਸਾ ਪੂਰੀ ਕਰਨ ਮੰਗ, ਜੀਵਤ ਜੀਅ ਤੇਰੇ ਨਾਲ ਮਿਲਾਈਆ। ਕ੍ਰਿਸ਼ਨ ਹੱਸ ਕੇ ਕਿਹਾ ਮੇਰੇ ਪਿਛੋਂ ਮੇਰੀ ਸਿਫ਼ਤ ਦਾ ਰਹਿ ਜਾਣਾ ਛੰਦ, ਰਸਨਾ ਜਿਹਵਾ ਬੱਤੀ ਦੰਦ ਢੋਲਿਆਂ ਵਿਚ ਗਾਈਆ। ਸਚ ਕਿਸੇ ਨੂੰ ਲੱਭਣਾ ਨਹੀਂ ਤੇ ਜਗਤ ਵਿਹਾਰ ਵਿਚ ਜੀਵਾਂ ਜੰਤਾਂ ਫਰਾਉਣਾ ਆਪਣਾ ਪਿੰਡ, ਤੇ ਪਿੰਡੀ ਦਾ ਮਾਲਕ ਨਜ਼ਰ ਕਿਸੇ ਨਾ ਆਈਆ। ਜਿੰਨਾਂ ਚਿਰ ਸਤਿਗੁਰੂ ਨਾ ਬਖ਼ਸ਼ੇ ਜੋ ਸਾਖਿਆਤ ਹੋਏ ਬਖ਼ਸ਼ਿੰਦ, ਬਿਨਾ ਬਖ਼ਸ਼ੀਸ਼ ਤੋਂ ਚੁਰਾਸੀ ਤੋਂ ਬਾਹਰ ਨਾ ਕੋਇ ਕਢਾਈਆ। ਇਹ ਕਲਜੁਗ ਵਿਚ ਕਲਜੁਗ ਦਾ ਵਰਤਿਆ ਆਪਣਾ ਰੰਗ, ਰੰਗ ਵਿਚ ਰੀਤੀ ਦੇਣੀ ਬਣਾਈਆ। ਕਿਉਂ ਏਸੇ ਲਾਲਚ ਵਿਚ ਪੰਡਤਾਂ ਵਿਦਵਾਨਾਂ ਮੇਰੇ ਨਾਮ ਦਾ ਗਾਉਂਦੇ ਰਹਿਣਾ ਛੰਦ, ਨਮੋਂ ਨਮੋਂ ਨਮੋਂ ਕਰ ਕੇ ਸੀਸ ਝੁਕਾਈਆ। ਮੈਂ ਤਾਲੀਮ ਸਿਖਿਆ ਵਿਚ ਕਰ ਚਲਿਆ ਪਾਬੰਦ, ਬੰਧਨ ਦੇਣਾ ਪਾਈਆ। ਜਿਸ ਵੇਲੇ ਕਲਜੁਗ ਗਿਆ ਲੰਘ, ਅੰਤ ਅਖ਼ੀਰ ਗੁਰ ਅਵਤਾਰ ਪੈਗ਼ੰਬਰਾਂ ਦੀ ਪੂਰੀ ਕਰਾਂ ਮੰਗ, ਪੇਸ਼ੀਨਗੋਈਆਂ ਸਭ ਦੀਆਂ ਵੇਖ ਵਖਾਈਆ। ਫੇਰ ਆਵਾਂ ਨਿਰਗੁਣ ਧਾਰ ਜੋਤ ਸਰੂਪ ਸ਼ਾਹੋ ਭੂਪ ਬਣ ਸੂਰਾ ਸਰਬੰਗ, ਸਾਹਿਬ ਸੁਲਤਾਨ ਵੇਸ ਵਟਾਈਆ। ਓਨਾਂ ਚਿਰ ਇਹ ਪਿੰਡੀ ਪੜ੍ਹਾਉਣ ਦਾ, ਕੁਸ਼ਾ ਪੜ੍ਹਾਉਣ ਦਾ, ਬ੍ਰਹਾ ਸੂਰ

ਬਖ਼ਸ਼ੰਦ ਨੂੰ ਵਡਿਆਉਣਾ ਦਾ ਲੇਖਾ ਆਪਣਾ ਢੰਗ, ਢੰਗ ਦੇ ਨਾਲ ਡੰਗ ਭੁੱਖਿਆਂ ਦੇ ਦੇਣੇ ਲੰਘਾਈਆ। ਜਿਸ ਵੇਲੇ ਫੇਰ ਆਵਾਂ, ਆਤਮ ਪਰਮਾਤਮ ਦਾ ਮਰਦੰਗ ਵਜਾਵਾਂ, ਪਾਰਬ੍ਰਹਮ ਬ੍ਰਹਮ ਇਕ ਵਖਾਵਾਂ, ਦੀਨ ਮਜ਼੍ਹਬ ਜ਼ਾਤ ਪਾਤ ਦਾ ਝਗੜਾ ਮੁਕਾਵਾਂ, ਸ਼ੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਰੰਗ ਰੰਗਾਵਾਂ, ਸਦਾ ਅਨੰਦ ਚਿਤ ਅਨੰਦ ਅਨੰਦ ਵਿਚ ਛੁਪਾਵਾਂ, ਜਿਥੇ ਨੂਰੀ ਜੋਤ ਬਿਨ ਵਰਨ ਗੋਤ, ਨਾ ਕੋਈ ਬੁੱਧੀ ਨਾ ਕੋਈ ਮਨ ਕਲਪਣਾ ਨਾ ਕੋਈ ਅਕਲ ਵਾਲੀ ਸੋਚ, ਸਮਝ ਵਾਲੀ ਸਮਝ ਨਾ ਕੋਇ ਰਖਾਈਆ। ਇਹ ਨਹੀਂ ਕਿਸੇ ਦਾ ਦੋਸ਼, ਸਾਰੇ ਕ੍ਰਿਸ਼ਨ ਦੇ ਅਹਿਸਾਨ ਫਰਾਮੋਸ਼, ਜਿਸ ਨੇ ਸੁਣਾ ਕੇ ਬੈਰੂਨੀ ਜਗਤ ਵਾਲਾ ਸਲੋਕ, ਸੋਹਲੇ ਢੋਲੇ ਮਾਤ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਿਨ ਸਾਹਿਬ ਸਤਿਗੁਰ ਜਗਤ ਕਿਰਿਆ ਵਿਚੋਂ ਪਾਰ ਨਾ ਕੋਇ ਕਰਾਈਆ।

(੧੪ ਚੇਤ ਸ਼ੈ ਸੰ ੫ ਮੰਦਰ ਵਿਚ)

❋

ਤਿੰਨ ਕੱਤਕ ਕਹੇ ਵਾਹ ਆ ਗਿਆ ਰਾਮ, ਸੀਤਾ ਸਤਿ ਨਾਲ ਵਡਿਆਈਆ। ਓਹ ਪਰਗਟਿਆ ਕਾਹਨ, ਰਾਧਾ ਆਪਣੇ ਰੰਗ ਰੰਗਾਈਆ। ਮੂਸਾ ਪਹੁੰਚਿਆ ਆਣ, ਸੱਯਦਾ ਸੀਸ ਇਕ ਝੁਕਾਈਆ। ਈਸਾ ਆ ਕੇ ਕਰੇ ਸਲਾਮ, ਸਾਹਿਬ ਤੇਰੀ ਬੇਪਰਵਾਹੀਆ। ਪੈਗ਼ੰਬਰ ਮੁਹੰਮਦ ਦਏ ਪੈਗ਼ਾਮ, ਸੰਦੇਸ਼ਾ ਅਗੰਮ ਅਥਾਹੀਆ। ਨਾਨਕ ਨਿਰਗੁਣ ਸਰਗੁਣ ਖੇਲ ਮਹਾਨ, ਮਹਿੰਮਾ ਕੱਥ ਕੱਥ ਦ੍ਰਿੜਾਈਆ। ਗੋਬਿੰਦ ਚਿੱਲਾ ਲੈ ਕਮਾਨ, ਤੀਰ ਤਰਕਸ਼ ਕੰਧ ਟਿਕਾਈਆ। ਮੁਖੋਂ ਹਸ ਕੇ ਕਿਹਾ ਖੇਲ ਸ੍ਰੀ ਭਗਵਾਨ, ਹਰਿ ਕਰਤਾ ਆਪ ਕਰਾਈਆ। ਜੋਤੀ ਜਾਤਾ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਸੰਦੇਸ਼ਾ ਦਿਤਾ ਭੇਵ ਖੁਲ੍ਹਾਇਆ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਗੋਬਿੰਦ ਕਹੇ ਮੈਂ ਫੜਿਆ ਕਮਾਨ ਤੀਰ, ਤਰਕਸ਼ ਵੇਖ ਵਖਾਈਆ। ਸੰਦੇਸ਼ਾ ਦਿਤਾ ਬੇਨਜ਼ੀਰ, ਨਜ਼ਰ ਨਜ਼ਰੀਆ ਦਿਤਾ ਬਦਲਾਈਆ। ਉਹ ਵੇਖ ਕਲਜੁਗ ਅਖੀਰ, ਆਖਰ ਦਿਆਂ ਦ੍ਰਿੜਾਈਆ। ਚਾਰੋਂ ਕੁੰਟ ਸ਼ਰਅ ਜ਼ੰਜੀਰ, ਬੰਧਨ ਸਕੇ ਨਾ ਕੋਇ ਤੁੜਾਈਆ। ਬਦਲ ਸਕੇ ਨਾ ਕੋਇ ਤਕਦੀਰ, ਤਦਬੀਰ ਵਿਚ ਕਦੇ ਨਾ ਆਈਆ । ਫੇਰ ਹੋਕਾ ਦਿਤਾ ਕਬੀਰ, ਕੂਕ ਕੂਕ ਦਿਤਾ ਸੁਣਾਈਆ। ਰਵਦਾਸ ਪਾਟੇ ਚੀਥੜ ਵਖਾ ਕੇ (ਲੀਰ), ਨੈਣ ਅੱਖ ਉਠਾਈਆ। ਨਾਮੇ ਨੇਤਰ ਵਹਾਇਆ ਨੀਰ, ਹੰਝੂ ਹਾਰ ਬਣਾਈਆ। ਸ਼ਮਸ ਤਬਰੇਜ ਮੰਨ ਕੇ ਇਕੋ ਪੀਰ, ਖੱਲ ਖਲੜੀ ਦਿਤੀ ਗੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਫ਼ਰਮਾਣਾ ਇਕ ਦ੍ਰਿੜਾਈਆ।

ਕੱਤਕ ਕਹੇ ਮੈਂ ਵੇਖਿਆ ਇਕੋ ਕਰਤਾ, ਵਾਰਤਾ ਧੁਰਦਰਗਾਹੀਆ। ਨਾ ਜੀਵਣ ਨਾ ਮਰਦਾ, ਜੀਵਤ ਮਰਨ ਨਾ ਰੂਪ ਵਖਾਈਆ। ਆਦਿ ਜੁਗਾਦੀ ਮਾਲਕ ਸਾਚੇ ਘਰ ਦਾ, ਗ੍ਰਹਿ ਮੰਦਰ ਡੇਰਾ ਲਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਰੂਪ ਧਰਦਾ, ਧਰਨੀ ਧਰਤ ਧਵਲ ਵੇਖ ਵਖਾਈਆ। ਆਦਿ ਜੁਗਾਦਿ ਸ਼ਬਦ ਖੰਡਾ ਧਾਰ ਹੋ ਕੇ ਲੜਦਾ, ਝਗੜਾ ਕਰੇ ਥਾਉਂ ਥਾਈਂਆ। ਨਿਰਵੈਰ ਨਿਰਅੱਖਰ ਧਾਰ ਹੋ ਕੇ ਅੱਖਰ ਪੜ੍ਹਦਾ, ਸੰਦੇਸ਼ਾ ਨਾਮ ਕਲਮਾ ਜਣਾਈਆ। ਨਿਤ ਨਵਿਤ ਆਪਣਾ ਭਾਣਾ ਜਰਦਾ, ਸੀਸ ਜਗਦੀਸ

ਨਿਰਗੁਣ ਸਰਗੁਣ ਆਪ ਝੁਕਾਈਆ। ਜਿਸ ਖੇਲ ਕਰਨਾ ਕਲਜੁਗ ਕਲ ਦਾ, ਕਲ ਕਾਤੀ ਵੇਖ ਵਖਾਈਆ। ਜੋ ਸਤਿ ਸਰੂਪ ਵੇਸ ਵਟਾਏ ਅਛਲ ਅਛੱਲ ਦਾ, ਵਲ ਛਲ ਆਪਣੀ ਕਾਰ ਕਮਾਈਆ। ਲਹਿਣਾ ਦੇਣਾ ਜਾਣੇ ਜਲ ਥਲ ਦਾ, ਮਹੀਅਲ ਵੇਖੇ ਥਾਉਂ ਥਾਈਂਆ। ਜਿਸ ਦਾ ਦੀਪਕ ਜੋਤ ਅਗੰਮੀ ਬਲਦਾ, ਚਾਰ ਕੁੰਟ ਬੈਕੁੰਠ ਕਰੇ ਰੁਸ਼ਨਾਈਆ। ਜੋ ਗੁਰ ਅਵਤਾਰ ਪੈਗ਼ੰਬਰ ਘੱਲਦਾ, ਹਲਕਿਆਂ ਵਿਚ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਕੱਤਕ ਕਹੇ ਰਾਮ ਆਇਆ ਨੱਠਾ, ਕ੍ਰਿਸ਼ਨ ਪੰਧ ਮੁਕਾਈਆ। ਪੈਗ਼ੰਬਰ ਹੋ ਇਕੱਠਾ, ਗੁਰੂ ਗੁਰ ਸੀਸ ਨਿਵਾਈਆ । ਲੇਖਾ ਕੋਈ ਜਾਣ ਨਾ ਸਕੇ ਆਈਜਨ ਤਥਾ, ਯਥਾਰਥ ਸਮਝ ਕੋਇ ਨਾ ਆਈਆ। ਲੋਚਨ ਵੇਖ ਨਾ ਸਕੇ ਅੱਖਾ, ਨੈਣ ਨਾ ਕੋਇ ਉਠਾਈਆ। ਪ੍ਰਭੂ ਭੇਵ ਨਾ ਦਿਤਾ ਰਤਾ, ਰਤਨ ਅਮੋਲਕ ਹੀਰੇ ਮਾਣ ਵਡਿਆਈਆ । ਅੰਤਮ ਆਪਣੇ ਨਾਲ ਪਕਾਵੇ ਮਤਾ, ਮਸ਼ਵਰਾ ਅਵਰ ਨਾ ਕੋਇ ਰਖਾਈਆ। ਜਿਸ ਨੇ ਚਾਰ ਯੁਗ ਚਲਾਇਆ ਰਥਾ, ਨਿਰਗੁਣ ਸਰਗੁਣ ਬਣ ਰਥਵਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਚਲਾਈ ਕਥਾ, ਅੰਜੀਲ ਕੁਰਾਨ ਰਾਹ ਵਖਾਈਆ। ਸੋ ਪੁਰਖ ਅਕਾਲਾ ਫਿਰੇ ਨੱਠਾ, ਦੀਨ ਦਿਆਲਾ ਭੱਜੇ ਵਾਹੋ ਦਾਹੀਆ। ਸਦੀ ਚੌਧਵੀਂ ਸਭ ਦਾ ਵੇਖੇ ਪੱਟਾ, ਪਾਰਬ੍ਰਹਮ ਪ੍ਰਭ ਪੜਦਾ ਲਾਹੀਆ। ਜਿਸ ਵਿਚ ਦੀਨ ਮਜ਼੍ਹਬ ਦਾ ਰੱਟਾ, ਚਾਰੋਂ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਵਡ ਵਡਿਆਈਆ।

ਗੋਬਿੰਦ ਕਹੇ ਮੈਂ ਤੀਰ ਦੀ ਵੇਖੀ ਮੁਖੀ, ਮੁਖ ਬ੍ਰਹਮਾ ਧਿਆਨ ਲਗਾਈਆ। ਸ੍ਰਿਸ਼ਟੀ ਵਿਚ ਕੋਈ ਨਾ ਸੁਖੀ, ਵਿਸ਼ਨੂੰ ਵਿਸ਼ਵ ਦਿਤਾ ਦ੍ਰਿੜਾਈਆ । ਕੂੜ ਕੁੜਿਆਰ ਧਾਰ ਅੱਜੇ ਨਾ ਮੁੱਕੀ, ਸ਼ੰਕਰ ਫੜ ਕੇ ਦਿਤਾ ਸਮਝਾਈਆ। ਮਮਤਾ ਜੜ੍ਹ ਗਈ ਨਾ ਪੁੱਟੀ, ਅਵਤਾਰ ਪੈਗ਼ੰਬਰ ਗਏ ਫੇਰੀਆਂ ਪਾਈਆ। ਨਿਰਗੁਣ ਧਾਰ ਮੂਲ ਨਾ ਉਠੀ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਪੜ੍ਹਾਈਆ। ਅੰਮ੍ਰਿਤ ਰਸ ਮਿਲਿਆ ਨਾ ਘੁੱਟੀਂ, ਅਠ ਸਠ ਤੀਰਥ ਪੰਧ ਚੁਕਾਈਆ। ਉਠ ਸਕੀ ਨਾ ਸੁਰਤੀ ਸੁੱਤੀ, ਹਲੂਣਾ ਹੱਕ ਨਾ ਕੋਇ ਲਗਾਈਆ। ਸੁਹੰਜਣੀ ਹੋਏ ਕੋਇ ਨਾ ਰੁੱਤੀਂ, ਰੁਤੜੀ ਰੁਤ ਨਾ ਕੋਇ ਮਹਿਕਾਈਆ। ਝਗੜਾ ਪਿਆ ਪੰਜ ਤੱਤ ਬੁਤੀਂ, ਬੁਤਖਾਨੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਚੁਕਾਈਆ।

ਗੋਬਿੰਦ ਕਹੇ ਮੈਂ ਤੀਰ ਦਾ ਵੇਖਿਆ ਨਿਸ਼ਾਨਾ, ਨਿਸ਼ਾਨਾ ਆਪਣਾ ਇਕ ਰਖਾਈਆ। ਮੈਨੂੰ ਨਜ਼ਰੀ ਆਇਆ ਕ੍ਰਿਸ਼ਨਾ ਕਾਹਨਾ, ਘਨਈਆ ਆਪਣਾ ਰੂਪ ਦਰਸਾਈਆ। ਜਿਸ ਨੇ ਕੀਤਾ ਖੇਲ ਮਹਾਨਾ, ਤ੍ਰੈਲੋਕੀ ਨਾਥ ਵਡ ਵਡਿਆਈਆ। ਉਸ ਨੇ ਹੁਕਮ ਸੰਦੇਸ਼ਾ ਦਿਤਾ ਅਰਜਨ ਜਾਣੀ ਜਾਣਾ, ਭੇਵ ਅਭੇਦਾ ਇਕ ਖੁਲ੍ਹਾਈਆ। ਫੇਰ ਪਰਭਾਸ ਤੱਕਿਆ ਜਿਥੇ ਸੁੰਞ ਮਸਾਣਾ, ਨਗਰ ਖੇੜਾ ਨਜ਼ਰ ਕੋਇ ਨਾ ਆਈਆ। ਜਿਥੇ ਬਧਕ ਮਾਰਿਆ ਨਿਸ਼ਾਨਾ, ਚਰਨ ਕਵਲ ਕਵਲ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਰੰਗ ਰੰਗਾਈਆ।

ਗੋਬਿੰਦ ਕਹੇ ਬੱਧਕ ਦਾ ਤੀਰ ਅਪਾਰਾ, ਤੁਰੀਆ ਸਮਝ ਕੋਇ ਨਾ ਪਾਈਆ। ਉਹਨੂੰ ਘੜਿਆ ਨੌਂ ਨੌਂ ਵਾਰਾਂ, ਅਗਨੀ ਭੱਠੀ ਵਿਚ ਤਪਾਈਆ। ਉਹਦੀ ਮੁਖੀ ਬਣਾਈ ਪੇਂਦੂ ਨਾਮ ਸੁਨਿਆਰਾ, ਪਿੰਜਰ ਤਨ ਵਜੂਦ ਹੰਢਾਈਆ। ਜਿਸ ਦੀ ਅੰਤਰ ਹੁੰਦੀ ਇਕ ਵਿਚਾਰਾ, ਵਿਚਰ ਕੇ ਸਕੇ ਨਾ ਕਿਸੇ ਸੁਣਾਈਆ। ਜੇ ਕਿਰਪਾ ਕਰੇ ਆਪ ਨਿਰੰਕਾਰਾ, ਨਿਰਗੁਣ ਹੋਏ ਸਹਾਈਆ। ਮੇਰੀ ਸੇਵਾ ਲਏ ਵਿਚ ਦਰਬਾਰਾ, ਘਰ ਸਾਚੇ

ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਸਾਚਾ ਇਕ ਵਖਾਈਆ।

ਸੁਨਿਆਰ ਕਹੇ ਮੈਂ ਮੁਖੀ ਘੜਿਆ ਘਾੜ, ਘਾੜਤ ਦਏ ਜਣਾਈਆ। ਉਹ ਦਿਨ ਸੀ ਸਤਾਰਾਂ ਹਾੜ, ਜਿਸ ਵੇਲੇ ਕੁਠਾਲੀ ਰੰਗ ਰੰਗਾਈਆ। ਨੌਂ ਵਾਰ ਸੁਹਾਗਾ ਉਤੇ ਫੇਰਿਆ ਪ੍ਰੇਮ ਦੀ ਧਾਰ, ਨੇਤਰ ਨੈਣ ਨੈਣ ਚਮਕਾਈਆ। ਜੇ ਮੰਜ਼ੂਰ ਕਰੇ ਨਿਰੰਕਾਰ, ਕਰਤਾਰ ਬੇਪਰਵਾਹੀਆ। ਓਸ ਦਾ ਬੱਧਕ ਨਾਲ ਸੀ ਪਿਆਰ, ਗੁਵਾਂਢੀ ਨਾਵੇਂ ਘਰ ਦਾ ਨਜ਼ਰੀ ਆਈਆ। ਉਹ ਪਹੁੰਚਿਆ ਓਸ ਬਜ਼ਾਰ, ਖ਼ੁਸ਼ੀਆਂ ਵਿਚ ਪੰਧ ਮੁਕਾਈਆ। ਅੱਗੋਂ ਹੱਸ ਕੇ ਕਿਹਾ ਸੁਨਿਆਰ ਆ ਯਾਰ, ਮੇਰੇ ਪਾਸ ਆਸਣ ਲੈ ਲਗਾਈਆ। ਆਹ ਵੇਖ ਮੇਰਾ ਹਥਿਆਰ, ਤੇਰੇ ਤੀਰ ਦੀ ਮੁਖੀ ਦਿਆਂ ਬਣਾਈਆ। ਓਨ੍ਹੇ ਚਿਰ ਨੂੰ ਕ੍ਰਿਸ਼ਨ ਨੇ ਅੰਦਰ ਦਿਤਾ ਹੁਲਾਰ, ਮੂਰਤੀ ਆਪਣੀ ਦਿਤੀ ਵਖਾਈਆ। ਇਹਦੀ ਮੁਖੀ ਤੀਰ ਉਤੇ ਚਾੜ੍ਹ, ਨੌਂ ਵਾਰ ਦੇਣੀ ਦਬਾਈਆ। ਏਸ ਔਣਾ ਵਿਚ ਉਜਾੜ, ਜੂਹ ਫੇਰਾ ਪਾਈਆ। ਮੈਂ ਸੌਣਾ ਚਰਨ ਪਸਾਰ, ਆਪ ਆਪਣੀ ਲੈ ਅੰਗੜਾਈਆ। ਇਹ ਖੇਲ ਹੋਣਾ ਵਿਚ ਸੰਸਾਰ, ਸੰਸਾਰੀ ਸਮਝ ਕੋਇ ਨਾ ਆਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਕਰਤਾਰ, ਕੁਦਰਤ ਦਾ ਮਾਲਕ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ।

ਬੱਧਕ ਕਿਹਾ ਤੈਨੂੰ ਤੀਰ ਫੜਾਵਾਂ ਹੱਥੀਂ, ਹੱਥ ਦਿਤਾ ਟਿਕਾਈਆ। ਸੁਨਿਆਰ ਕਿਹਾ ਮੈਂ ਮੁਖੀ ਲਾਵਾਂ ਚਾਰ ਮਾਸੇ ਨੌਂ ਰਤੀ, ਇਹ ਮੇਰੀ ਵੰਡ ਵੰਡਾਈਆ। ਅਗਲੀ ਕਥਾ ਕਹਾਣੀ ਸਚੀ, ਸਚ ਦਿਆਂ ਸਮਝਾਈਆ। ਤੇਰਾ ਮੇਲ ਹੋਣਾ ਨਾਲ ਓਸ ਸਭਾਪਤੀ, ਜਿਸ ਨੂੰ ਸਾਰੇ ਸੀਸ ਨਿਵਾਈਆ। ਤੂੰ ਖੇਲ ਵੇਖਣਾ ਅੱਖੀਂ, ਅੱਖਰਾਂ ਤੋਂ ਬਾਹਰ ਮੇਰੀ ਪੜ੍ਹਾਈਆ। ਜਿਸ ਨੇ ਪਿਆਰ ਕੀਤਾ ਨਾਲ ਸਖੀ, ਸਖੀਆਂ ਦਾ ਕਾਹਨ ਸੋਭਾ ਪਾਈਆ। ਉਹ ਤੇਰਾ ਰਾਹ ਰਿਹਾ ਤੱਕੀ, ਨੇਤਰ ਲੋਚਨ ਨੈਣ ਅੱਖ ਉਠਾਈਆ। ਸੱਜਣਾ ਮੈਂ ਤੈਨੂੰ ਕਰਦਾ ਪੱਕੀ, ਸਚ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ।

ਤੀਰ ਕਹੇ ਮੇਰੇ ਉਤੇ ਚੜ੍ਹ ਗਿਆ ਕੰਚਨ ਰੂਪ ਅਪਾਰਾ, ਅਪਰੰਪਰ ਸੁਵਾਮੀ ਦਿਤੀ ਵਡਿਆਈਆ। ਮੇਰੇ ਅੰਦਰ ਆਇਆ ਇਸ਼ਾਰਾ, ਸੈਨਤ ਰਿਹਾ ਲਗਾਈਆ। ਤੇਰਾ ਖੇਲ ਹੋਣਾ ਨਿਆਰਾ, ਨਿਰੰਕਾਰ ਆਪ ਕਰਾਈਆ। ਕੀ ਬੱਧਕ ਕਰੇ ਬੇਚਾਰਾ, ਵਿਚਰ ਕੇ ਸਕੇ ਨਾ ਕੋਇ ਸਮਝਾਈਆ। ਇਹ ਖੇਲ ਸਚੀ ਸਰਕਾਰਾ, ਕਰਨੀ ਦਾ ਕਰਤਾ ਆਪਣੇ ਹੱਥ ਰਖਾਈਆ। ਜਾਂ ਵਕਤ ਸੁਹੰਜਣਾ ਆਏ ਵਿਚ ਸੰਸਾਰਾ, ਲਹਿਣਾ ਦੇਣਾ ਦਏ ਮੁਕਾਈਆ । ਬੱਧਕ ਚਲਿਆ ਵਿਚ ਉਜਾੜਾ, ਸਾਥੀ ਆਪਣੇ ਨਾਲ ਲਿਆਈਆ। ਕ੍ਰਿਸ਼ਨ ਸੁੱਤਾ ਚਰਨ ਪਸਾਰਾ, ਆਪ ਆਪਣੀ ਸੋਭਾ ਪਾਈਆ। ਓਸ ਮਾਰਿਆ ਤੀਰ ਕਰਾਰਾ, ਪਦਮ ਅਦਮ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ।

ਤੀਰ ਮਾਰਿਆ ਬੱਧਕ, ਮਿਰਗ ਨੈਣ ਜਗ ਜਾਣ। ਖੇਲ ਪ੍ਰਭੂ ਦਾ ਅੱਧਕ, ਕਰਾਏ ਆਪ ਭਗਵਾਨ। ਹੁਕਮ ਦੇਵੇ ਸਖ਼ਤ, ਮੇਟ ਸਕੇ ਨਾ ਕੋਈ ਵਿਚ ਜਹਾਨ। ਸੁਹੰਜਣਾ ਹੋਇਆ ਵਕਤ, ਖੇਲ ਹੋਇਆ ਮਹਾਨ। ਪੂਰੀ ਹੋਈ ਸ਼ਰਤ, ਰਾਮ ਨਿਗਹਵਾਨ। ਲੇਖਾ ਮੁਕਿਆ ਫਰਸ਼, ਖ਼ੁਸ਼ੀ ਜ਼ਿਮੀਂ ਅਸਮਾਨ। ਨੇੜੇ ਆਇਆ ਨਿਧੜਕ, ਬਲ ਸੂਰਬੀਰ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ।

ਤਿੰਨ ਕੱਤਕ ਕਹੇ ਬੱਧਕ ਆ ਗਿਆ ਕੋਲ, ਦੱਬੇ ਦੱਬੇ ਪੈਰ ਟਿਕਾਈਆ। ਸੁਰਤੀ ਹੋਈ ਅਨਭੋਲ, ਭੇਵ ਸਕਿਆ ਨਾ ਕੋਇ ਖੁਲ੍ਹਾਈਆ। ਜਾਂ ਵੇਖਿਆ ਆ ਕੇ ਉਪਰ ਧੌਲ, ਲੋਚਨ ਦੋਏ ਰਾਹ ਤਕਾਈਆ। ਕ੍ਰਿਸ਼ਨ ਹੱਸ ਕੇ ਪਿਆ ਬੋਲ, ਫ਼ਰਮਾਣਾ ਇਕ ਜਣਾਈਆ। ਆ ਤੋਲਾਂ ਤੇਰਾ ਤੋਲ, ਤਰਾਜ਼ੂ ਆਪਣਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ।

ਬੱਧਕ ਵੇਖ ਹੋਇਆ ਹੈਰਾਨ, ਹੈਰਾਨੀ ਅੰਤਰ ਆਈਆ। ਇਹ ਕਾਹਨ ਸ੍ਰੀ ਭਗਵਾਨ, ਕ੍ਰਿਸ਼ਨ ਕ੍ਰਿਸ਼ਨ ਸੋਭਾ ਪਾਈਆ। ਮੈਂ ਮੂਰਖ ਬੜਾ ਨਾਦਾਨ, ਤੀਰ ਨਿਸ਼ਾਨਾ ਦਿਤਾ ਲਗਾਈਆ। ਨੇਤਰ ਹੰਝੂ ਲੱਗਾ ਵਹਾਣ, ਛਹਿਬਰ ਇਕ ਲਗਾਈਆ । ਕ੍ਰਿਸ਼ਨ ਨੇ ਪਕੜ ਕੇ ਕਾਨ, ਹਲੂਣਾ ਦੇ ਕੇ ਜ਼ੋਰ ਨਾਲ ਲਗਾਈਆ। ਆਹ ਵੇਖ ਤੇਰਾ ਲੇਖਾ ਵਿਚ ਜਹਾਨ, ਤੈਨੂੰ ਦਿਆਂ ਦ੍ਰਿੜਾਈਆ। ਤੀਰ ਦੀ ਮੁਖੀ ਉਹਦੇ ਮਸਤਕ ਛੁਹਾਈ ਨਾਲੇ ਦਿਤਾ ਦਾਨ, ਦਇਆ ਆਪ ਕਮਾਈਆ। ਏਸ ਤੀਰ ਦੇ ਨਾਲ ਗੋਬਿੰਦ ਨੇ ਗਰੀਬਾਂ ਦੀ ਰੱਖਿਆ ਕਰਨੀ ਮਹਾਨ, ਮਿਹਰ ਨਜ਼ਰ ਇਕ ਉਠਾਈਆ। ਏਸ ਤੀਰ ਦਾ ਲੇਖਾ ਨਾਲ ਹੋਵੇ ਵਿਸ਼ਨੂੰ ਭਗਵਾਨ, ਭਗਵਨ ਆਪਣਾ ਸੰਗ ਬਣਾਈਆ। ਸ਼ਬਦ ਗੁਰੂ ਜੋਧਾ ਸੂਰ ਹੋਵੇ ਬਲਵਾਨ, ਬਲਧਾਰੀ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।

ਕ੍ਰਿਸ਼ਨ ਕਿਹਾ ਬੱਧਕ ਉਠ ਵੇਖ ਮਾਰ ਝਾਕੀ, ਪੜਦਾ ਦਿਆਂ ਉਠਾਈਆ। ਆਹ ਵੇਖ ਗੋਬਿੰਦ ਸਾਕੀ, ਸਚ ਪਿਆਲਾ ਅੰਮ੍ਰਿਤ ਜਾਮ ਪਿਆਲਾ ਰਿਹਾ ਪਿਆਈਆ। ਔਹ ਵੇਖ ਅੰਧੇਰੀ ਰਾਤੀ, ਸਾਚਾ ਚੰਦ ਰਿਹਾ ਚਮਕਾਈਆ। ਵੇਸ ਵਟਾ ਕੇ ਕਮਲਾਪਾਤੀ, ਪਤਿਪਰਮੇਸ਼ਵਰ ਸੋਭਾ ਪਾਈਆ। ਆਪਣੀ ਖੇਲ ਦੇਵਾਂ ਦਾਤੀ, ਦਾਤਾ ਹੋ ਕੇ ਦਇਆ ਕਮਾਈਆ। ਕਲਜੁਗ ਅੰਤ ਤੇਰਾ ਜਨਮ ਹੋਵੇ ਸਾਖਿਆਤੀ, ਸਿਰ ਆਪਣਾ ਹੱਥ ਟਿਕਾਈਆ। ਇਹ ਜਿਹੜੇ ਤੇਰੇ ਨਾਲ ਸਾਥੀ, ਉਹਨਾਂ ਮਾਨਸ ਦੇਹੀ ਮਿਲੇ ਵਡਿਆਈਆ। ਤੂੰ ਮੰਨਣੀ ਮੇਰੀ ਆਖੀ, ਨਿਮਰਤਾ ਵਿਚ ਸੀਸ ਝੁਕਾਈਆ। ਮੇਲ ਮਿਲਾਵੇ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ । ਪੂਰਾ ਕਰੇ ਮੇਰਾ ਵਾਕੀ, ਵਾਕਫਕਾਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਕ੍ਰਿਸ਼ਨ ਕਿਹਾ ਬੱਧਕ ਅੰਤਰ ਨਾ ਕਰ ਰੰਜ, ਰੰਜਸ਼ ਦੀ ਲੋੜ ਰਹੀ ਨਾ ਰਾਈਆ। ਕ੍ਰਿਸ਼ਨ ਨੇ ਨੇਤਰ ਦਬਾ ਕੇ ਕਿਹਾ ਅੱਗੇ ਵੇਖ ਸੰਮਤ ਸ਼ਹਿਨਸ਼ਾਹੀ ਪੰਜ, ਪੰਜ ਧਾਰ ਤੋਂ ਪਰੇ ਦ੍ਰਿੜਾਈਆ। ਜਿਸ ਵੇਲੇ ਕੋਈ ਮੁਹਾਣਾ ਰਿਹਾ ਨਾ ਵੰਞ, ਪੱਤਨ ਪਾਰ ਨਾ ਕੋਇ ਕਰਾਈਆ। ਦੀਨ ਦੁਨੀ ਹੋਣੀ ਅੰਧ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨ ਦਿਆਲ ਹੋਣਾ ਬਖ਼ਸ਼ੰਦ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਤੇਰੇ ਸਾਥੀਆਂ ਨੂੰ ਪੌਣਾ ਤੰਦ, ਜੋੜੀ ਆਪਣੇ ਨਾਲ ਜੁੜਾਈਆ। ਸਾਹਿਬ ਸੁਲਤਾਨ ਹੋ ਬਖ਼ਸ਼ੰਦ, ਸਚ ਸਿੰਘਾਸਣ ਸੋਭਾ ਪਾਈਆ। ਓਸ ਵੇਲੇ ਉਹਦਿਆਂ ਸੰਤਾਂ ਭਗਤਾਂ ਦੀ ਛੱਬੀ ਪੋਹ ਨੂੰ ਚੜ੍ਹ ਕੇ ਔਣੀ ਜੰਞ, ਲਾੜੇ ਸਾਰੇ ਨਜ਼ਰੀ ਆਈਆ। ਗੋਬਿੰਦ ਨੇ ਗੋਬਿੰਦ ਦੀ ਧਾਰ ਵੇਖਣਾ ਰੰਗ, ਰੰਗਤ ਇਕੋ ਦਏ ਵਖਾਈਆ। ਤਖ਼ਤ ਨਿਵਾਸੀ ਤਖ਼ਤ ਦੇ ਉਤੇ ਬੈਠ ਕੇ ਏਹੋ ਤੀਰ ਤੈਥੋਂ ਲੈਣਾ ਮੰਗ, ਸੱਜੇ ਹੱਥ ਨਾਲ ਸੱਜੇ ਹੱਥ ਦੇਣਾ ਫੜਾਈਆ। ਫੇਰ ਜ਼ਰੂਰ ਕਲਜੁਗ ਅੰਤ ਸ੍ਰਿਸ਼ਟੀ ਵਿਚ ਹੋਵੇ ਜੰਗ, ਜਗਹ ਜਗਹ ਹੋਵੇ ਲੜਾਈਆ। ਅਗਲਾ ਲੇਖਾ ਛੱਬੀ ਪੋਹ ਨੂੰ ਦਏ ਵੰਡ, ਭੇਵ ਸਾਰਾ ਦਏ ਖੁਲ੍ਹਾਈਆ। ਜਿਸ ਨੇ ਖੇਲ ਖੇਲਿਆ ਪੁਰੀ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਆਤਮ ਪਰਮਾਤਮ ਜੋੜ ਜੁੜਾਈਆ। ਸੋ ਸੁਵਾਮੀ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਵੇ ਲੰਘ, ਸਚ ਦੁਵਾਰਾ ਇਕ ਸੁਹਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਵਿਚ ਵਰਭੰਡ, ਵਰਭੰਡੀ ਆਪਣਾ ਹੁਕਮ ਵਰਤਾਈਆ। (੩ ਕੱਤਕ ਸ਼ੈ ਸੰ ੫ ਸੂਬੇਦਾਰ ਰਾਮ ਸਿੰਘ)