ਪੁਸਤਕਾਲਾਭਾਗ ੧

੧੧ ਸਾਵਣ ੨੦੦੮ ਬਿਕ੍ਰਮੀ ਮੇਰਠ ਵਿਹਾਰ ਹੋਇਆ

ਕਲਜੁਗ ਜੀਵ ਪ੍ਰਭ ਭਰਮ ਭੁਲਾਣਾ। ਚਾਰ ਕੁੰਟ ਹੋਏ ਸੁੰਞ ਮਸਾਣਾ। ਵਰਤੇ ਨਿਹਕਲੰਕ ਕਲਜੁਗ ਤੇਰਾ ਭਾਣਾ। ਮਹਾਰਾਜ ਸ਼ੇਰ ਸਿੰਘ ਜੋਤ ਆਕਾਰ, ਕਰੇ ਬਿਧਨਾਨਾ। ਜੋਤ ਆਕਾਰ ਜਗਤ ਕਰਾਇਆ। ਵਰਨ ਬਰਨ ਪ੍ਰਭ ਮਿਟਾਇਆ। ਏਕਾ ਜੋਤੀ ਏਕਾ ਜਾਤੀ ਜੀਵ ਬਣਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਪੰਥ ਚਲਾਇਆ। ਪੰਥ ਪਰਕਾਸ਼ ਭਏ ਜਗ ਅੰਦਰ। ਸੋਹੰ ਸ਼ਬਦ ਵਸੇ ਸਰਬ ਜੀਵ ਦੇ ਮੰਦਰ। ਆਤਮ ਖੋਲ੍ਹ ਵਖਾਏ ਪ੍ਰਭ ਸਾਚਾ ਜੰਦਰ । ਮਹਾਰਾਜ ਸ਼ੇਰ ਸਿੰਘ ਤੇਰੇ ਦਰ, ਬੇਮੁਖ ਨਾਚੇ ਜਿਉਂ ਨਾਚੇ ਬੰਦਰ। ਨਟ ਨਟੂਆ ਨਟਣਹਾਰਾ। ਪਟ ਪਟੂਆ ਪ੍ਰਭ ਪੁੱਟਨਹਾਰਾ। ਸਟ ਸਟੂਆ ਸੱਟ ਸ਼ਬਦ ਚੋਟ ਲਗਾਵਣਹਾਰਾ। ਭਠ ਭਠੂਆ ਭੱਠ ਪਿਆ ਸੰਸਾਰਾ। ਮਹਾਰਾਜ ਸ਼ੇਰ ਸਿੰਘ ਘਟ ਘਟੂਆ, ਘਟ ਘਟ ਵਸਣੇਹਾਰਾ ਤੇਰਾ ਅੰਤ ਨਾ ਪਾਰਾਵਾਰਾ । ਅੰਤ ਨਾ ਪਾਏ ਕੋਈ ਪਾਰਬ੍ਰਹਮ। ਸਾਚੇ ਪ੍ਰਭ ਸਾਚੇ ਤੇਰੇ ਕਰਮ। ਪਰਗਟ ਜੋਤ ਨਿਹਕਲੰਕ, ਗੁਰਸਿਖਾਂ ਮਿਟਾਏ ਭਰਮ। ਸੋਹੰ ਸ਼ਬਦ ਚਲਾਏ ਠਣਕ, ਸਾਚਾ ਜਗਤ ਚਲਾਏ ਧਰਮ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਰਖਾਏ ਮਿਟਾਏ ਅਧਰਮ। ਧਰਮ ਅਧਰਮੀ ਹੋਏ ਕਲਜੁਗ ਜੀਵ। ਮਾਸ ਆਹਾਰੀ ਮਦਿ ਰਸਨਾ ਪੀਵ। ਪੀਵ ਮਦਿ ਆਤਮ ਸਾਚੀ ਜੋਤ, ਬੇਮੁਖ ਬੁਝਾਇਆ ਦੀਵ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਚਰਨ ਲਾਗ ਜਗ ਜੀਵ। ਦੀਪਕ ਬੁਝਿਆ ਭਇਆ ਅੰਧੇਰ। ਬੇਮੁਖ ਨਾ ਸੂਝੇ ਸੰਞ ਸਵੇਰ। ਮਾਇਆਧਾਰੀ ਹੇਰ ਫੇਰ। ਮਹਾਰਾਜ ਸ਼ੇਰ ਸਿੰਘ ਸਭ ਖ਼ਾਕ ਮਿਲਾਏ, ਨਾ ਲਾਏ ਕਲਜੁਗ ਦੇਰ । ਕਲਜੁਗ ਅੰਤ ਕਲ ਕਾਤੀ। ਬੇਮੁਖ ਸੋਇਣ ਪੈਰ ਪਸਾਰ, ਨਾ ਜਾਗਣ ਰਾਤੀ। ਸਾਧ ਸੰਗਤ ਗੁਰ ਚਰਨ ਪਿਆਰ, ਪ੍ਰਭ ਮਿਲਿਆ ਪੁਰਖ ਬਿਧਾਤੀ। ਮਹਾਰਾਜ ਸ਼ੇਰ ਸਿੰਘ ਚਾਰ ਵਰਨ ਕਰੇ ਇਕ ਜ਼ਾਤੀ। ਚਾਰ ਵਰਨ ਹੋਏ ਏਕਾ ਜ਼ਾਤ । ਸਰਬ ਮਿਟਾਏ ਪ੍ਰਭ ਜ਼ਾਤ ਪਾਤ । ਏਕਾ ਸ਼ਬਦ ਸੋਹੰ ਸਤਿਜੁਗ ਜੀਵਾਂ ਦੇਵੇ ਸਾਚੀ ਦਾਤ। ਵਿਸ਼ਨੂੰ ਭਗਵਾਨ ਮਾਤਲੋਕ ਵੱਡੀ ਕਰਾਮਾਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਚਾਰ ਵਰਨ ਕਰਾਏ ਏਕਾ ਜ਼ਾਤ। ਅਵਰਨ ਆਪ ਵਰਨ ਨਾ ਪ੍ਰਭ ਵਿਚਾਰਿਆ। ਜੋਤ ਸਰੂਪ ਪਰਗਟ ਪਾਰ ਉਤਾਰਿਆ। ਜੋ ਜਨ ਆਏ ਨਿਹਕਲੰਕ, ਤੇਰੇ ਚਰਨ ਨਿਮਸਕਾਰਿਆ। ਸੁਹਾਇਣ ਥਾਨ ਸੋਹਣ ਬੰਕ ਦੁਆਰਿਆ। ਜੋਤ ਸਰੂਪ ਕਲਜੁਗ ਧਰੇ ਜੋਤ ਆਕਾਰਿਆ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਜੀਵ ਸ਼ਬਦ ਗੁਣ ਹਾਰਿਆ। ਸ਼ਬਦ ਗੁਣ ਗੁਣਾ ਗੁਣਵੰਤ। ਊਚੋ ਊਚ ਆਪ ਭਗਵੰਤ। ਨੀਚੋ ਨੀਚ ਨੀਚ ਸਰਬ ਜੰਤ। ਜਿਨ੍ਹ ਨਾ ਮਿਲਿਆ ਪ੍ਰਭ ਸਾਚਾ ਕੰਤ।

ਉਤਮ ਮਹਿੰਮਾ ਗੁਰਸਿਖ ਵਿਚ ਸਾਧ ਸੰਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਰਗਟਾਵੇ ਜੋਤ ਵਿਚ ਜੀਵ ਜੰਤ । ਜੀਵ ਜੰਤ ਪ੍ਰਭ ਜੋਤ ਧਰਵਾਸਾ । ਜੋਤ ਸਰੂਪ ਸਰਬ ਮੇਂ ਵਾਸਾ। ਸਰਬ ਅਬਿਨਾਸ਼ੀ ਸਦਾ ਅਬਿਨਾਸ਼। ਮਹਾਰਾਜ ਸ਼ੇਰ ਸਿੰਘ ਚਾਰ ਵਰਨ ਅੰਤ ਕਰਾਏ ਦਾਸ। ਸਾਧ ਸੰਗਤ ਹੋਏ ਦਾਸਨ ਦਾਸ । ਸਾਧ ਸੰਗਤ ਪ੍ਰਭ ਚਰਨ ਨਿਵਾਸ। ਏਕਾ ਸ਼ਬਦ ਵਜਾਏ ਧੁਨ, ਸੋਹੰ ਜਪਣ ਸਵਾਸ ਸਵਾਸ। ਸਾਚਾ ਪ੍ਰਭ ਸਚ ਵਸਾਏ ਮਨ, ਨਿਹਕਲੰਕ ਰਹੇ ਸਦ ਪਾਸ। ਗੁਰਸਿਖ ਹੋਏ ਸਾਚੇ ਜਨ, ਕਲਜੁਗ ਆਤਮ ਹੋਈ ਰਾਸ। ਸੋਹੰ ਸ਼ਬਦ ਪ੍ਰਭ ਸੁਣਾਇਆ ਕੰਨ, ਮਹਾਰਾਜ ਸ਼ੇਰ ਸਿੰਘ ਤੇਰੇ ਚਰਨ ਰਹਿਰਾਸ। ਗੁਰਸਿਖ ਗੁਰਚਰਨ ਰਹਿਰਾਸੇ। ਸਚ ਪ੍ਰੀਤੀ ਕਲ ਚਰਨ ਧਰਵਾਸੇ। ਅੰਤਕਾਲ ਹੋਏ ਜੀਵ ਸਵਾਸ ਖੁਲਾਸੇ। ਸਚਖੰਡ ਪ੍ਰਭ ਕਰੇ ਨਿਵਾਸੇ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਪ੍ਰਭ ਤੇਰੇ ਸਦ ਹੈ ਪਾਸੇ। ਸਦਾ ਪਾਸ ਸਰਬ ਗੁਣ ਦਾਤਾ। ਭਗਤ ਜਨਾਂ ਕਾ ਹਰਿ ਪ੍ਰਭ ਆਪ ਪਿਤ ਮਾਤਾ। ਦੇਵੇ ਸ਼ਬਦ ਗਿਆਨ ਪ੍ਰਭ ਵਡ ਗਿਆਤਾ। ਚਰਨ ਧੂੜ ਸਾਚਾ ਇਸ਼ਨਾਨ, ਸਤਿ ਗਿਆਨ ਸਤਿ ਕਰ ਜਾਤਾ। ਸੋਹੰ ਸ਼ਬਦ ਸਾਚਾ ਦਾਨ, ਦੇਵੇ ਦਾਨ ਆਪ ਪ੍ਰਭ ਦਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਸਾਚਾ ਨਾਤਾ। ਸਾਚਾ ਨਾਤਾ ਸਤਿਗੁਰ ਚਰਨ। ਕਲਜੁਗ ਜੀਵ ਨਾ ਹੋਵੇ ਮਰਨ। ਬੇਮੁਖ ਕਲਜੁਗ ਦੁਖੜੇ ਭਰਨ । ਚਰਨ ਲਾਗ ਗੁਰਸਿਖ ਤਰਨ। ਉਜਲ ਹੋਏ ਵਿਚ ਚਾਰ ਵਰਨ । ਮਹਾਰਾਜ ਸ਼ੇਰ ਸਿੰਘ ਜੋ ਜਨ ਆਏ ਤੇਰੀ ਸਰਨ। ਸਰਨ ਗਹੀ ਜਗਤ ਪਿਤ ਸਰਨਾਇਆ। ਭੈ ਭਿਆਨਕ ਵਿਚ ਪ੍ਰਭ ਹੋਏ ਸਹਾਇਆ। ਜਿਥੇ ਨਾ ਰੱਖੇ ਕੋਏ, ਉਥੇ ਪ੍ਰਭ ਸਿਰ ਹਥ ਟਿਕਾਇਆ। ਵਾਲੀ ਹੋਏ ਜਹਾਨੀ ਦੋਏ, ਜਿਸ ਸੋਹੰ ਸ਼ਬਦ ਕਮਾਇਆ। ਬੇਮੁਖ ਗਏ ਕਲਜੁਗ ਰੋਏ, ਫੇਰ ਵੇਲਾ ਹਥ ਨਾ ਆਇਆ। ਮਾਇਆ ਭੁੱਲੇ ਰਹੇ ਸੋਏ, ਪ੍ਰਭ ਅਬਿਨਾਸ਼ੀ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਜੋਤ ਸਰੂਪੀ ਖੇਲ ਰਚਾਇਆ। ਜੋਤ ਸਰੂਪ ਜਗਤ ਵਿਆਪਿਆ। ਆਪਣਾ ਖੇਲ ਕਰੇ ਪ੍ਰਭ ਅਬਿਨਾਸ਼ਿਆ। ਗੁਰਮੁਖਾਂ ਹਿਰਦੇ ਜੋਤ ਧਰੇ, ਪ੍ਰਭ ਜੋਤ ਸਰੂਪੀ ਜਾਪਿਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸਾਚਾ ਸ਼ਬਦ ਅਲਾਪਿਆ। ਸ਼ਬਦ ਉਚਾਰਨ ਜਗਤ ਉਧਾਰਨ ਭਗਤ ਸੁਧਾਰਨ ਸਰਬ ਗੁਣਵੰਤ। ਪੈਜ ਰਖਾਵਣ ਪਾਰ ਕਰਾਵਣ ਜਨ ਭਗਤ ਤਰਾਵਣ ਆਪ ਭਗਵੰਤ। ਦੁਸ਼ਟ ਸੰਘਾਰਨ ਜੋਤ ਆਕਾਰਨ ਸਾਧ ਸੰਗਤ ਪ੍ਰਭ ਜਨਮ ਸਵਾਰਨ, ਦੇਵੇ ਵਡਿਆਈ ਵਿਚ ਸਾਧਨ ਸੰਤ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼ੇ ਪ੍ਰਭ ਅਬਿਨਾਸ਼ੇ ਵਿਚ ਜੀਵ ਜੰਤ । ਜੀਵ ਜੰਤ ਜਗਤ ਖੇਲਾ । ਮਾਇਆ ਰੂਪ ਜਗਤ ਪ੍ਰਭ ਝੂਠਾ ਰਚਿਆ ਮੇਲਾ । ਕਲਜੁਗ ਜਾਮਾ ਧਾਰ, ਬੇੜਾ ਸ਼ੌਹ ਦਰਿਆ ਠੇਲਾ। ਮਹਾਰਾਜ ਸ਼ੇਰ ਸਿੰਘ ਕਰ ਜੋਤ ਪਰਕਾਸ਼, ਗੁਰਸਿਖਾਂ ਗੁਰਚਰਨ ਕਰਾਇਆ ਮੇਲਾ। ਚਰਨ ਨਿਵਾਸ ਆਪ ਪ੍ਰਭ ਦਵਾਇਆ। ਰਿਧ ਸਿਧ ਗੁਰਸਿਖ ਵਸ ਕਰਾਇਆ। ਸੋਹੰ ਸ਼ਬਦ ਸਾਚੀ ਬਿਧ, ਪ੍ਰਭ ਮਿਲਣ ਦਾ ਭੇਦ ਖੁਲ੍ਹਾਇਆ । ਪਰਗਟ ਹੋਏ ਘਰ ਨੌਂ ਨਿਧ, ਸੋਹੰ ਸ਼ਬਦ ਜਿਸ ਰਸਨਾ ਗਾਇਆ । ਮਹਾਰਾਜ ਸ਼ੇਰ ਸਿੰਘ ਸੁਧ ਸਿਧ ਸ਼ਬਦ ਚਲਾਇਆ। ਸਿਧ ਦੂਜਾ ਭਉ ਚੁਕਾਇਆ। ਏਕਾ ਸ਼ਬਦ ਸਤਿਜੁਗ ਵਰਤੰਤ। ਸੋਹੰ ਚਾਰ ਵਰਨ ਕਰੇ ਤੇਰੀ ਮੰਤ। ਹੋਏ ਪੁਜਾਰੀ ਸਰਬ ਜੀਵ ਜੰਤ। ਓਅੰਕਾਰੀ ਆਪ ਭਗਵੰਤ। ਮਹਿਮਾ ਗਣੀ ਨਾ ਜਾਏ, ਪ੍ਰਭ ਬੜਾ ਬੇਅੰਤ। ਮਹਾਰਾਜ ਸ਼ੇਰ ਸਿੰਘ ਤੇਰੀ ਗਤ ਮਿਤ, ਨਾ ਕੋਈ ਜਾਣੇ ਜੰਤ। ਜੀਵ ਜੰਤ ਦੇ ਵਸ ਨਾ ਕੋਏ। ਜੋ ਕਿਛ ਕਰੇ ਪ੍ਰਭ ਸੋਈ ਕਲ ਹੋਏ। ਜੋਤ ਸਰੂਪੀ ਪਰਗਟ

ਪ੍ਰਭ ਸਾਚੀ ਜੋਤ ਬਿਲੋਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਤੀਨ ਲੋਕ ਤੇਰੀ ਜੋਤ ਸਰੂਪੀ ਲੋਏ। ਜੋਤ ਸਰੂਪੀ ਲੋਏ, ਲੋਏ ਆਕਾਰ। ਤੀਨ ਲੋਕ ਵਰਤੇ ਪ੍ਰਭ ਵਰਤੇ ਵਿਚ ਸੰਸਾਰ। ਜਾਮਾ ਧਾਰੇ ਪ੍ਰਭ ਧਰਨੀ ਧਰਤੇ ਨਿਹਕਲੰਕ ਅਵਤਾਰ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਵੱਡਾ ਦਾਤਾ ਆਪ ਦਾਤਾਰ। ਵਡ ਵਡ ਆਪ ਵੱਡੀ ਵਡਿਆਏ। ਛਡ ਛਡ ਛਡ ਜੀਵ ਝੂਠਾ ਜਾਪ, ਸੋਹੰ ਜਾਪ ਸਤਿ ਰਸਨਾ ਗਾਏ। ਛਡ ਛਡ ਛਡ ਜੀਵ ਸਭ ਕਲ ਝੂਠੇ, ਸਾਚਾ ਦਰ ਪ੍ਰਭ ਸਚ ਘਰ ਆਏ। ਮਹਾਰਾਜ ਸ਼ੇਰ ਸਿੰਘ ਤੇਰਾ ਨਾਉਂ, ਜਨ ਭਗਤ ਦਿਵਸ ਰੈਣ ਗਾਏ । ਦਿਵਸ ਰੈਣ ਰਸਨਾ ਗਾਓ। ਰਸਨ ਜਪ ਜੀਵ ਸਰਬ ਸੁਖ ਪਾਓ। ਸਤਿਜੁਗ ਸੋਹੰ ਸਾਚੀ ਨਾਓ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਰਸਨਾ ਸਦਾ ਸਦਾ ਗੁਣ ਗਾਓ । ਗੁਣ ਗਾਓ ਪ੍ਰਭ ਗਹਿਰ ਗੰਭੀਰ। ਦੇਵੇ ਸਾਚਾ ਦਰਸ ਸ਼ਾਂਤ ਕਰੇ ਸਰੀਰ। ਰੱਖੇ ਲਾਜ ਆਪ ਪ੍ਰਭ, ਸਾਚੀ ਦੇਵੇ ਆਤਮ ਧੀਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਰਮਲ ਜੋਤ ਧਰੇ ਵਿਚ ਸਰੀਰ। ਉਤਪਤ ਜੀਵ ਜਗਤ ਉਪਾਇਆ। ਮਾਤ ਗਰਭ ਸੇ ਬਾਹਰ ਆਇਆ। ਕਲਜੁਗ ਮਾਇਆ ਪ੍ਰਭ ਅਬਿਨਾਸ਼ੀ ਜੀਵ ਭੁਲਾਇਆ । ਕਲਜੁਗ ਜਾਮਾ ਧਾਰ ਪ੍ਰਭ ਅਬਿਨਾਸ਼ੀ ਨਿਹਕਲੰਕ ਸਤਿ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖ ਮਨ ਸਤਿ ਵਸਾਇਆ। ਸਤਿ ਸਤਿ ਸਤਿ ਵਰਤੇ ਸਾਚੇ ਦਰ। ਸਤਿ ਸਤਿ ਸਤਿ ਵਰਤੇ ਸਾਚੇ ਘਰ। ਸਤਿ ਸਤਿ ਸਤਿ ਵਰਤੇ ਸਤਿ ਪ੍ਰਭ ਦੇਵੇ ਵਰ। ਸਤਿ ਸਤਿ ਸਤਿ ਮਹਾਰਾਜ ਸ਼ੇਰ ਸਿੰਘ ਅਵਤਾਰ ਨਰ। ਅਵਤਾਰ ਨਰ ਪ੍ਰਭ ਨਰਾਇਣ। ਬੇਮੁਖਾਂ ਆਇਆ ਕਲਜੁਗ ਜਨਮ ਭੁਗਤਾਇਣ। ਸਾਧ ਸੰਗਤ ਪ੍ਰਭ ਦਰਸ ਦਿਖਾਇਆ, ਕਰ ਦਰਸ ਆਤਮ ਆਇਆ ਚੈਨ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸਾਚੇ, ਸ਼ਬਦ ਮੇਲ ਰਹੇ ਦਿਵਸ ਰੈਣ। ਏਕ ਰੰਗ ਪ੍ਰਭ ਰੰਗ ਮਜੀਠ। ਸੋਹੰ ਸਾਚਾ ਸ਼ਬਦ ਵਿਚ ਗਿਆ ਪੀਠ। ਗੁਰਮੁਖਾਂ ਚਾੜ੍ਹੇ ਪ੍ਰਭ ਸਾਚਾ ਰੰਗ ਨਾਮ ਮਜੀਠ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅੰਤਕਾਲ ਕਲਜੁਗ ਨਾ ਗੁਰਸਿਖਾਂ ਦੇਵੇ ਪੀਠ। ਗੁਰਮੁਖ ਪਰਗਟੇ ਗੁਰ ਗੁਰਸਿਖ ਸਨਮੁਖ। ਸਰਬ ਜਨਮ ਕੀ ਲਾਹਵੇ ਭੁਖ। ਕੋਈ ਨਾ ਵਿਆਪੇ ਕਲਜੁਗ ਦੁਖ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਵਸਾਏ ਸੁਖ। ਸੁੱਖਾਂ ਸੁਖ, ਸੁਖ ਗੁਰ ਚਰਨਾਂ। ਮਿਟੇ ਆਤਮ ਭੁਖ, ਪ੍ਰਭ ਆਏ ਸ਼ਰਨਾ। ਝੂਠੀ ਦੁਨੀਆ ਦਿਸੇ ਸਾਚਾ ਸੱਖ, ਮਿਲ ਸਾਧ ਸੰਗਤ ਜੀਵ ਤਰਨਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤੇਰੀ ਓਟ, ਕਲਜੁਗ ਨਾ ਡਰਨਾ। ਗੁਰਸਿਖ ਭੈ ਭਰਮ ਦੋਏ ਮੇਟੇ। ਸਾਚੇ ਪ੍ਰਭ ਸਾਚੇ ਰੰਗ ਰੰਗੇ ਰੰਗੇਟੇ । ਭਗਤ ਜਨਾਂ ਹਰਿ ਮਾਈ ਬਾਪ, ਜਨ ਭਗਤ ਸਾਚੇ ਪ੍ਰਭ ਬੇਟੇ । ਮਹਾਰਾਜ ਸ਼ੇਰ ਸਿੰਘ ਤੇਰੀ ਸ਼ਰਨ, ਸਾਧ ਸੰਗਤ ਹੋਈ ਭੇਟੇ। ਸਾਧ ਸੰਗਤ ਸਦ ਮਿਲੇ ਵਡਿਆਈ। ਸਾਧ ਸੰਗਤ ਜੁਗੋ ਜੁਗ ਪ੍ਰਭ ਲਾਜ ਰਖਾਈ। ਸਾਧ ਸੰਗਤ ਕਲਜੁਗ ਮਿਲੇ ਵਧਾਈ। ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਤੇਰਾ ਹੋਏ ਸਹਾਈ। ਸਦਾ ਸਹਾਈ ਆਪ ਪ੍ਰਭ, ਸਦ ਨਿਰਵੈਰਾ। ਹੋਏ ਸਹਾਈ ਆਪ ਪ੍ਰਭ, ਨਾ ਲਾਵੇ ਦੇਰਾ। ਹੋਏ ਸਹਾਈ ਆਪ ਪ੍ਰਭ, ਭਉ ਚੁਕਾਵੇ ਤੇਰਾ ਮੇਰਾ। ਹੋਏ ਸਹਾਈ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਕਰੇ ਨਿਬੇੜਾ। ਸਤਿ ਪੁਰਖ ਤੇਰੀ ਸੋਭਾ ਗੁਣ। ਸਾਚਾ ਸ਼ਬਦ ਰਾਗ ਕੰਨ ਲਿਆ ਸੁਣ । ਕਲਜੁਗ ਪਾਪ ਆਤਮ ਵਿਚ ਪੁਣ। ਸਾਚੀ ਸ਼ਬਦ ਵੱਜੇ ਵਿਚ ਧੁਨ। ਮਹਾਰਾਜ ਸ਼ੇਰ ਸਿੰਘ ਸਾਚਾ ਸ਼ਬਦ ਚਲਾਵੇ ਦਿਖਾਵੇ ਸਾਚੇ ਗੁਣ। ਉਪਜੇ ਸ਼ਬਦ ਮਨ ਭਏ ਪਰਕਾਸ਼। ਅਗਿਆਨ ਅੰਧੇਰ ਜਾਏ ਵਿਨਾਸ।

ਰਸਨਾ ਸ਼ਬਦ ਚਲੇ ਸੋਹੰ, ਆਤਮ ਹੋਏ ਰਾਸ। ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਇਆ, ਪਰਗਟ ਜੋਤ ਸਰਬ ਗੁਣਤਾਸ। ਸ਼ਬਦ ਜਗਤ ਚਲੇ ਮਹਾਨ। ਸ਼ਬਦ ਸੁਰਤ ਤੀਨ ਲੋਕ ਬੰਧਾਣ। ਕਲਜੁਗ ਜੀਵ ਨਾ ਕਰੀ ਪਛਾਣ। ਕਲਜੁਗ ਪਰਗਟੇ ਨਿਹਕਲੰਕ ਵਿਸ਼ਨੂੰ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰ ਸਾਚਾ ਮਾਨ। ਮਾਣ ਮੋਹ ਪ੍ਰਭ ਦੋਏ ਤਜਾਏ। ਹਰਿ ਹਰਿ ਪ੍ਰਭ ਖੇਲ ਰਚਾਏ। ਵੇਖੇ ਵਿਗਸੇ ਆਪ ਦਿਸ ਨਾ ਆਏ। ਧਰੇ ਜੋਤ ਵਿਚ ਰਵ ਸੱਸੇ, ਜੋਤੀ ਜੋਤ ਉਪਜਾਏ। ਕਲਜੁਗ ਅੰਧੇਰ ਚਾਂਦ ਜਿਉਂ ਮੱਸੇ, ਸਤਿ ਸਰੂਪ ਪ੍ਰਭ ਦਿਸ ਨਾ ਆਏ। ਧੰਨ ਗੁਰਸਿਖ ਜਿਨ ਹਿਰਦੇ ਹਰਿ ਪ੍ਰਭ ਵਸੇ, ਪ੍ਰਭ ਸਾਚੀ ਜੋਤ ਜਗਾਏ। ਸੋਹੰ ਸ਼ਬਦ ਰਾਹ ਸਾਚਾ ਦੱਸੇ, ਜੋ ਜਨ ਰਸਨਾ ਗਾਏ। ਬੇਮੁਖ ਦਰ ਤੇ ਜਾਇਣ ਨੱਸੇ, ਇਕ ਛਿਨ ਠਹਿਰ ਨਾ ਪਾਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਕਲ ਆਪਣੀ ਕਲਾ ਵਰਤਾਏ। ਕਲ ਵਰਤਾਵੇ ਆਪਣੀ ਕਲ। ਏਕ ਕਰਾਏ ਜਲ ਥਲ। ਸ੍ਰਿਸ਼ਟ ਸਬਾਈ ਜਾਏ ਹਲ। ਜੋਤ ਸਰੂਪੀ ਦੇਰ ਨਾ ਲਾਏ ਪਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਬੇਮੁਖਾਂ ਜਾਏ ਦਲ। ਬੇਮੁਖ ਦਲੇ ਦਾਲ ਦੋਫਾੜ। ਮਾਝਾ ਹੋਏ ਸਰਬ ਉਜਾੜ। ਬੇਮੁਖ ਮਾਰੇ ਪ੍ਰਭ ਝਾੜ ਝਾੜ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪੀ, ਗੁਰਸਿਖਾਂ ਸੋਹੰ ਕੀਨੀ ਵਾੜ। ਗੁਰਸਿਖ ਸ਼ਬਦ ਤੇਰਾ ਕਿਲ੍ਹਾ ਕੋਟ। ਰਸਨਾ ਜਪ ਨਾ ਲੱਗੇ ਆਤਮ ਚੋਟ । ਬੇਮੁਖ ਕਲ ਆਲ੍ਹਣਿਉਂ ਡਿੱਗੇ ਬੋਟ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਕੱਢ ਵਖਾਵੇ ਖੋਟ। ਖੋਟਾ ਖਰਾ, ਖਰਾ ਖੋਟੀਨ। ਗੁਰਚਰਨ ਲਾਗ ਗੁਰਸਿਖ ਜੀਣ। ਤਾਰੇ ਆਪ ਪ੍ਰਭ ਪਰਬੀਨ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸਦਾ ਰਸਨਾ ਚੀਨ। ਰਸਨਾ ਜਪ ਮਿਲੇ ਰਸ ਮੁਖ। ਕਲਜੁਗ ਪੋਹੇ ਨਾ ਕੋਈ ਦੁਖ। ਆਤਮ ਵਸੇ ਸਚ ਸਾਚਾ ਸੁਖ। ਮਹਾਰਾਜ ਸ਼ੇਰ ਸਿੰਘ ਤੇਰਾ ਦਰਸ, ਸਰਬ ਮਿਟਾਏ ਭੁਖ। ਦਰਸ ਗੁਰ ਦ੍ਰਿਸ਼ਟ ਖੁਲ੍ਹਾਏ। ਦਰਸ ਗੁਰ ਪਾਪ ਨਸ਼ਟ ਕਰਾਏ। ਦਰਸ ਗੁਰ ਇਕ ਇਸ਼ਟ ਰਖਾਏ । ਦਰਸ ਗੁਰ ਆਤਮ ਤ੍ਰਿਖਾ ਬੁਝਾਏ । ਦਰਸ ਗੁਰ ਗੁਰ ਦਰਸ ਕਲਜੁਗ ਵਿਰਲਾ ਗੁਰਮੁਖ ਪਾਏ। ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਤੇਰੀ ਸਰਨਾਏ।