੨੨ ਜੇਠ ੨੦੧੯ ਬਿਕਰਮੀ ਜੋਗਿੰਦਰ ਸਿੰਘ ਦੇ ਗ੍ਰਹਿ ਪਿੰਡ ਸੀੜ ਜੰਮੂ
ਸਾਬਤ ਰੱਖੀਏ ਈਮਾਨ, ਜਨ ਚੁਹੱਤਰ ਰਹੇ ਜਣਾਈਆ। ਚਾਰ ਜੁਗ ਦੇ ਵਿਛੜੇ ਇਕੱਠੇ ਹੋਏ ਆਣ, ਹਰਿ ਸਤਿਗੁਰ ਲਿਆ ਮਿਲਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਇਕ ਦੂਜੇ ਦੀ ਕਰੋ ਪਛਾਣ, ਨੈਣ ਨੈਣ ਨਾਲ ਮਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਬਣਾਈ ਅੰਜੀਲ ਕੁਰਾਨ, ਗਿਆਨ ਗੀਤਾ ਜੋ ਦ੍ਰਿੜਾਈਆ। ਜਿਸ ਦਾ ਜਲਵਾ ਤੱਕਦੇ ਰਹੇ ਨੂਰ ਮਹਾਨ, ਨੂਰੋ ਨੂਰ ਸੱਚਾ ਸ਼ਹਿਨਸ਼ਾਹੀਆ। ਜਿਸ ਦੇ ਚਰਨਾਂ ਕਰਦੇ ਰਹੇ ਧਿਆਨ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਜਿਸ ਨੂੰ ਮੰਨਦੇ ਰਹੇ ਵਡ ਅਮਾਮ, ਬੇਐਬ ਪਰਵਰਦਿਗਾਰ ਸੱਚਾ ਖ਼ੁਦਾਈਆ। ਜਿਸ ਦੇ ਉਤੇ ਰੱਖਦੇ ਰਹੇ ਈਮਾਨ, ਸਿਦਕ ਸਬੂਰੀ ਨਾਲ ਹੰਢਾਈਆ। ਜਿਸ ਦਾ ਸੁਣਦੇ ਰਹੇ ਪੈਗ਼ਾਮ, ਹੱਕ ਅਵਾਜ਼ ਇਕ ਇਲਾਹੀਆ। ਜਿਸ ਸ਼ਤਰੂਨਾਸਤ ਨਾਮ, ਨਾਮ ਸਤਿ ਕਰੀ ਪੜ੍ਹਾਈਆ। ਜਿਸ ਦਾਮਨਗੀਰ ਪਕੜਿਆ ਦਾਮ, ਪੱਲੂ ਆਪਣੇ ਨਾਲ ਬੰਧਾਈਆ। ਜਿਹਨੂੰ ਮੰਨਦੇ ਰਹੇ ਰਮੱਯਾ ਰਾਮ, ਰਾਮ ਰੂਪ ਹਰਿ ਵੇਸ ਵਟਾਈਆ। ਜਿਸ ਨੂੰ ਕਹਿੰਦੇ ਰਹੇ ਘਨੱਯਾ ਸ਼ਾਮ, ਮਿਲ ਸਖੀਆਂ ਰਾਸ ਰਚਾਈਆ। ਜਿਸ ਨੂੰ ਗੋਬਿੰਦ ਕਰੇ ਪਰਨਾਮ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਮੁਰੀਦ ਕਰਦੇ ਰਹੇ ਸਲਾਮ, ਸਲਾਮਾਂ ਅਲੈਕਮ ਮੁਰਸ਼ਦ ਰਿਹਾ ਜਣਾਈਆ। ਜਿਸ ਦਾ ਭਗਤ ਜਪਦੇ ਰਹੇ ਨਾਮ, ਜੁਗ ਜੁਗ ਆਪਣੀ ਰਸਨਾ ਜਿਹਵਾ ਗਾਈਆ। ਜਿਸ ਖੇੜਾ ਬਣਾਇਆ ਨਗਰ ਗਰਾਮ, ਪੰਜ ਤਤ ਬਣਤ ਬਣਾਈਆ। ਜਿਸ ਕਰਿਆ ਪਰਕਾਸ਼ ਰਵ ਸਸ ਸੂਰਜ ਚੰਨ ਕੋਟਨ ਭਾਨ, ਮੰਡਲ ਮੰਡਪ ਬਣਤ ਬਣਾਈਆ। ਜਿਸ ਨਾਚ ਨਚਾਇਆ ਗੋਪੀ ਕਾਹਨ, ਨਿਰਗੁਣ ਸਰਗੁਣ ਵੇਖ ਵਖਾਈਆ। ਜਿਸ ਨਾਦ ਸੁਣਾਇਆ ਸਾਚੇ ਕਾਹਨ, ਧੁਨ ਆਤਮਕ ਰਾਗ ਅਲਾਈਆ। ਜਿਸ ਦੀ ਮੰਨਦੇ ਰਹੇ ਆਣ, ਹੁਕਮੇ ਹੁਕਮ ਰਿਹਾ ਫਿਰਾਈਆ। ਤਿਸ ਦੀ ਸਾਰੇ ਕਰੋ ਪਹਿਚਾਨ, ਪ੍ਰਭ ਆਪਣਾ ਵੇਸ ਵਟਾਈਆ। ਉਠੋ ਸਾਰੇ ਕਰੋ ਧਿਆਨ, ਸਚਖੰਡ ਸਾਚੇ ਵੱਜੀ ਵਧਾਈਆ। ਲੋਕਮਾਤ ਹੋਇਆ ਪਰਧਾਨ, ਪਰਮ ਪੁਰਖ ਬੇਪਰਵਾਹੀਆ। ਜਿਸ ਕੋਲੋਂ ਲੈਂਦੇ ਰਹੇ ਦਾਨ, ਬਣ ਭਿਖਾਰੀ ਝੋਲੀ ਅੱਗੇ ਡਾਹੀਆ। ਸੋ ਸਾਹਿਬ ਪਰਗਟ ਹੋਇਆ ਆਣ, ਅਣਡਿਠੜੀ ਖੇਲ ਕਰਾਈਆ। ਸਾਚੇ ਤਖ਼ਤ ਬਹੇ ਭਗਵਾਨ, ਤਖ਼ਤ ਨਿਵਾਸੀ ਸੋਭਾ ਪਾਈਆ। ਮਹੱਲ ਅਟੱਲ ਉਚ
ਮਕਾਨ, ਮਹਿਫ਼ਲ ਆਪਣੇ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਰਿਹਾ ਸੁਹਾਈਆ। ਸੱਤ ਚਾਰ ਸਚ ਦੱਸਣ ਚੁਹੱਤਰ , ਹਰਿ ਹਰਿ ਅੰਗ ਲਗਾਇਆ। ਭਗਤ ਦੁਆਰੇ ਏਕਾ ਵਸਣ, ਦੂਜਾ ਦਰ ਨਾ ਕੋਇ ਤਕਾਇਆ। ਇਕ ਦੂਜੇ ਵਲ ਉਠ ਉਠ ਨੱਸਣ, ਬਣ ਪਾਂਧੀ ਪੰਧ ਮੁਕਾਇਆ। ਮੇਟੇ ਰੈਣ ਅੰਧੇਰੀ ਮਸਣ, ਚੰਦ ਚਾਂਦਨਾ ਕਰੇ ਰੁਸ਼ਨਾਇਆ। ਜੁਗ ਜਨਮ ਦੀ ਟੁੱਟੀ ਆਇਆ ਗੰਢਣ, ਫੜ ਪੱਲੂ ਬੰਧ ਬੰਧਾਇਆ। ਲੱਖ ਚੁਰਾਸੀ ਵਿਚੋਂ ਆਇਆ ਕੱਢਣ, ਸਚ ਸੰਦੇਸ਼ਾ ਇਕ ਸੁਣਾਇਆ। ਧਰਮ ਰਾਏ ਦੀ ਫਾਹੀ ਆਇਆ ਵੱਢਣ, ਨਾਮ ਖੰਡਾ ਹੱਥ ਚਮਕਾਇਆ। ਸਚ ਨਿਸ਼ਾਨਾ ਆਇਆ ਗੱਡਣ, ਦੋ ਜਹਾਨਾਂ ਦਏ ਝੁਲਾਇਆ। ਗੁਰਮੁਖ ਸਾਚੇ ਆਇਆ ਸੱਦਣ, ਘਰ ਘਰ ਸੰਦੇਸ਼ਾ ਦਏ ਸੁਣਾਇਆ। ਭਾਗ ਲੱਗਾ ਦੇਸ ਮਾਝਣ, ਮਜਨ ਚਰਨ ਧੂੜ ਇਸ਼ਨਾਨ ਕਰਾਇਆ। ਨਿਰਵੈਰ ਬਣਿਆ ਸੱਚਾ ਸੱਜਣ, ਭਉ ਸਭ ਦਾ ਦਏ ਮਿਟਾਇਆ। ਅੰਤਮ ਵੇਲੇ ਹੋਇਆ ਪਰਦਾ ਕੱਜਣ, ਸਿਰ ਆਪਣਾ ਹੱਥ ਟਿਕਾਇਆ। ਚਾਰ ਜੁਗ ਦੀ ਰੱਖੇ ਲੱਜਣ, ਲਾਜਾਵੰਤ ਵੇਖ ਵਖਾਇਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਭਾਂਡਾ ਭਰਮ ਭੌ ਦਏ ਭੰਨਾਇਆ। ਜੋ ਜਨ ਸਚ ਸਰਨਾਈ ਲੱਗਣ, ਤਿਸ ਜਮ ਕਾ ਲੇਖ ਚੁਕਾਇਆ। ਤ੍ਰੈਗੁਣ ਮਾਇਆ ਬੁੱਝੇ ਅਗਨ, ਅਗਨੀ ਤਤ ਨਾ ਕੋਇ ਤਪਾਇਆ। ਆਪ ਉਠਾਏ ਆਪਣੇ ਕੰਧਨ, ਬਣ ਕਹਾਰ ਸੇਵ ਕਮਾਇਆ। ਮਸਤਕ ਲਾਏ ਸਾਚਾ ਚੰਦਨ, ਤਿਲਕ ਲਲਾਟੀ ਸਗਨ ਮਨਾਇਆ। ਕਰੇ ਖੇਲ ਮੁਕੰਦ ਮੁਕੰਦਨ, ਮਨੋਹਰ ਆਪਣਾ ਰੰਗ ਰੰਗਾਇਆ। ਇਕ ਸੁਣਾਏ ਸੁਹਾਗੀ ਛੰਦਨ, ਦੂਸਰ ਵੰਡ ਨਾ ਕੋਇ ਵੰਡਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਲ ਕੇ ਕਰੀਏ ਬੰਧਨ, ਬੰਦੀਖ਼ਾਨਾ ਸਭ ਦਾ ਦਏ ਤੁੜਾਇਆ। ਕਲਜੁਗ ਅੰਤਮ ਪਿਛਲਾ ਲੇਖਾ ਕਰਨ ਆਇਆ ਖੰਡਣ, ਖੰਡਾ ਏਕੋ ਹੱਥ ਉਠਾਇਆ। ਸਾਚੀ ਦਾਤ ਜਨ ਭਗਤਾਂ ਆਇਆ ਵੰਡਣ, ਨਾਮ ਭੰਡਾਰਾ ਰਿਹਾ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਦਰਸਾਇਆ। ਸੱਤ ਚਾਰ ਕਰਨ ਪੁਕਾਰ, ਚੁਹੱਤਰ ਇਕ ਆਵਾਜ਼ ਉਠਾਈਆ। ਵਾਹਵਾ ਤੇਰਾ ਮਿਲਿਆ ਦਰਬਾਰ, ਦਰ ਤੇਰੇ ਖ਼ੁਸ਼ੀ ਮਨਾਈਆ। ਨਾਤਾ ਤੁਟਾ ਝੂਠੇ ਸੰਸਾਰ, ਝੂਠੀ ਮਾਇਆ ਪੋਹ ਨਾ ਸਕੇ ਰਾਈਆ। ਤੇਰੇ ਪ੍ਰੇਮ ਪਾਇਆ ਗਲ ਵਿਚ ਹਾਰ, ਅੱਠੇ ਪਹਿਰ ਸੁਗੰਧ ਰਖਾਈਆ। ਕਿਰਪਾ ਕਰੀ ਅਪਰ ਅਪਾਰ, ਬੇਅੰਤ ਆਪਣੀ ਦਇਆ ਕਮਾਈਆ। ਡੁੱਬਦੇ ਪਾਥਰ ਦਏ ਤਾਰ, ਪਾਹਨ ਆਪਣਾ ਚਰਨ ਛੁਹਾਈਆ। ਸੱਤਰ ਬਹੱਤਰ ਬਾਹਵਾਂ ਰਹੇ ਉਲਾਰ, ਚੁਹੱਤਰਾਂ ਆਪਣੇ ਸੰਗ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਚੀ ਬੋਲਣ ਕੂਕ ਜੈਕਾਰ, ਜੈ ਜੈਕਾਰ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਵਜਾਏ ਤਾਲ, ਨਾਰਦ ਆਪਣਾ ਨਾਚ ਨਚਾਈਆ। ਕਾਲ ਮਹਾਕਾਲ ਹੋਏ ਬੇਹਾਲ, ਪ੍ਰਭ ਅਚਰਜ ਖੇਲ ਵਰਤਾਈਆ। ਸਚਖੰਡ ਦੁਆਰਾ ਜਨ ਭਗਤਾਂ ਲੋਕਮਾਤ ਦਿਤਾ ਵਖਾਲ, ਬਣ ਸੇਵਕ ਸੇਵ ਕਮਾਈਆ। ਗੁਰਸਿਖਾਂ ਪਿਛੇ ਘਾਲੇ ਆਪੇ ਘਾਲ, ਉਲਟੀ ਰੀਤ ਮਾਤ ਚਲਾਈਆ। ਨਿਰਗੁਣ ਬਣ ਕੇ ਆਇਆ ਦਲਾਲ, ਸਰਗੁਣ ਵੇਖੇ ਥਾਉਂ ਥਾਈਂਆ। ਪੁਛਣਹਾਰ ਮੁਰੀਦਾਂ ਹਾਲ, ਮੁਰਸ਼ਦ ਬਣਿਆ ਬੇਪਰਵਾਹੀਆ। ਗੋਬਿੰਦ ਸੂਰਾ ਨਾਲ ਨਾਲ, ਸੂਰਬੀਰ ਫੇਰੀ ਪਾਈਆ। ਨਾਤਾ ਤੋੜ ਸ਼ਾਹ ਕੰਗਾਲ, ਏਕਾ ਰੰਗ ਦਏ ਰੰਗਾਈਆ। ਜੁਗ ਚੌਕੜੀ ਅੰਤਮ ਹੱਲ ਕਰੇ ਸਵਾਲ, ਗੁਰ ਅਵਤਾਰ ਗਏ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਵੱਜੇ ਵਧਾਈਆ। ਵੱਜੇ ਵਧਾਈ ਸਾਚੇ
ਘਰ, ਭਗਤ ਭਗਵੰਤ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਵੇਖਣ ਖੜ, ਚਾਰੋਂ ਕੁੰਟ ਘੇਰਾ ਪਾਈਆ। ਪੁਰਖ ਅਬਿਨਾਸ਼ੀ ਸੱਤਰ ਬਹੱਤਰ ਚੁਹੱਤਰ ਬੱਧਾ ਲੜ, ਲੜੀ ਆਪਣੀ ਆਪ ਬੰਧਾਈਆ। ਏਥੇ ਓਥੇ ਦੋ ਜਹਾਨ ਨਿਰਗੁਣ ਪੌੜੇ ਆਏ ਚੜ੍ਹ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਜਿਸ ਜਨ ਉਪਰ ਕਿਰਪਾ ਦਿਤੀ ਕਰ, ਅੱਧਵਿਚਕਾਰ ਰਹਿ ਕੋਇ ਨਾ ਜਾਈਆ। ਗੁਰਮੁਖ ਨਾ ਜਨਮੇ ਨਾ ਜਾਏ ਮਰ, ਜਿਸ ਜਨ ਅੰਤਮ ਆਪਣੀ ਗੋਦ ਬਹਾਈਆ। ਅਸੀਂ ਕਲਜੁਗ ਅੰਤਮ ਕਰ ਕੇ ਜਾਣਾ ਸਰ, ਬਲ ਆਪਣਾ ਆਪ ਪਰਗਟਾਈਆ। ਮੰਦਰ ਮਸਜਿਦ ਗੁਰੂਦੁਆਰ, ਮੱਠ ਸ਼ਿਵਦੁਆਲਾ ਚੁੱਕਿਆ ਡਰ, ਡਰ ਇਕੋ ਹਰਿ ਰਘੁਰਾਈਆ। ਜਿਸ ਦੀ ਸਰਨ ਜਾਈਏ ਪੜ੍ਹ, ਮਿਲੇ ਸਰਨ ਸੱਚੀ ਸਰਨਾਈਆ। ਜਿਸ ਦਾ ਅੱਖਰ ਨਾਮ ਜਾਈਏ ਪੜ੍ਹ, ਸੋ ਨਿਸ਼ਅੱਖਰ ਦਏ ਵਖਾਈਆ। ਕਾਗਦ ਕਲਮ ਸ਼ਾਹੀ ਅੰਤਮ ਜਾਏ ਸੜ, ਸਤਿਗੁਰ ਸੱਚਾ ਅਗਨੀ ਭੇਟ ਨਾ ਕੋਇ ਕਰਾਈਆ। ਜਿਉਂ ਭਾਵੇ ਤਿਉਂ ਕੋਟਨ ਕੋਟ ਗੁਰ ਅਵਤਾਰ ਲੋਕਮਾਤ ਲਏ ਧਰ, ਆਪ ਆਪਣਾ ਨਾਉਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਜਣਾਈਆ। ਸੱਤ ਚਾਰ ਕਰਨ ਪੁਕਾਰ, ਵਾਹਵਾ ਹਰਿ ਹਰਿ ਖੇਲ ਕਰਾਇਆ। ਜੋ ਘਲਦਾ ਰਿਹਾ ਗੁਰ ਅਵਤਾਰ, ਪੀਰ ਪੈਗ਼ੰਬਰ ਮਾਤ ਪਰਗਟਾਇਆ। ਜਿਸ ਨੂੰ ਖਾਣੀ ਬਾਣੀ ਗਾਉਂਦੀ ਰਹੀ ਜੁਗ ਚਾਰ, ਬਣ ਨਿਮਾਣੀ ਸੇਵ ਕਮਾਇਆ। ਜਿਸ ਦਾ ਅੱਖਰ ਅੱਖਰ ਕਲਮ ਸ਼ਾਹੀ ਕਰਦੀ ਰਹੀ ਤਿਆਰ, ਤ੍ਰੈਗੁਣ ਅੰਦਰ ਵੜ ਵੜ ਮੁਖ ਛੁਪਾਇਆ। ਜਿਸ ਨੂੰ ਨਿਉਂ ਨਿਉਂ ਸਜਦਾ ਸੀਸ ਕਰਦਾ ਰਿਹਾ ਸੰਸਾਰ, ਦੋਏ ਜੋੜ ਜੋੜ ਸਰਨਾਇਆ। ਸੋ ਸਾਹਿਬ ਅੰਤਮ ਕਲਜੁਗ ਪ੍ਰਗਟ ਹੋਇਆ ਆਪ ਨਿਰੰਕਾਰ, ਨਿਰਗੁਣ ਆਪਣਾ ਰੂਪ ਧਰਾਇਆ। ਸੰਤ ਸਾਜਣ ਲਏ ਉਭਾਰ, ਸਤਿ ਸਤਿ ਮੰਤਰ ਇਕ ਪੜ੍ਹਾਇਆ। ਸਚ ਮਹੱਲ ਦਏ ਵਖਾਲ, ਜਿਸ ਘਰ ਅੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਬੁਝਾਇਆ। ਹਰਿਜਨ ਤੇਰੀ ਬੁੱਝੀ ਬਾਤ, ਪ੍ਰਭ ਆਪਣੀ ਦਇਆ ਕਮਾਈਆ। ਖਾਣੀ ਬਾਣੀ ਲੋਕਮਾਤ ਤੇਰੀ ਗਾਏ ਗਾਥ, ਗਾ ਗਾ ਆਪਣਾ ਝੱਟ ਲੰਘਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਮੰਗਦੇ ਗਏ ਸਾਥ, ਚਰਨ ਕਵਲ ਧਿਆਨ ਲਗਾਈਆ। ਅੰਤਰ ਮੰਤਰ ਕਰ ਕਰ ਪੂਜਾ ਪਾਠ, ਪਰਮ ਪੁਰਖ ਇਕ ਸਾਲਾਹੀਆ। ਕਲਜੁਗ ਜੀਵਾਂ ਦੇ ਗਏ ਦਾਤ, ਅੱਖਰ ਅੱਖਰ ਨਾਲ ਮਿਲਾਈਆ। ਹਰਿ ਕਾ ਨਾਉਂ ਲਿਖਿਆ ਨਾ ਜਾਏ ਨਾਲ ਕਲਮ ਦੁਆਤ, ਗੁਰ ਕਾ ਨਾਉਂ ਲਿਖ ਲਿਖ ਦੱਸੇ ਕਲਮ ਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਪਹਿਲੋਂ ਪੜ੍ਹਨ ਇਕ ਜਮਾਤ, ਹਰਿ ਜੂ ਆਪਣਾ ਜੁਮਲਾ ਦਏ ਸਮਝਾਈਆ। ਸਰਗੁਣ ਫੇਰ ਬੰਧਾਏ ਨਾਤ, ਤਤ ਤਤ ਨਾਲ ਮਿਲਾਈਆ। ਇਕ ਸੁਣਾਏ ਆਪਣੀ ਗਾਥ, ਗਾਥਾ ਆਪਣੀ ਆਪ ਪ੍ਰਗਟਾਈਆ। ਅੱਖਰ ਅੱਖਰ ਜਗਤ ਪਾਠ, ਪਾਠ ਜਗਤ ਜੀਵਣ ਜੁਗਤ ਦਏ ਸਮਝਾਈਆ। ਗਾ ਗਾ ਦੱਸੇ ਇਕੋ ਹਰਿ ਕਮਲਾਪਾਤ, ਦੂਜਾ ਕੋਇ ਨਜ਼ਰ ਨਾ ਆਈਆ । ਜਿਸ ਦਾ ਦੀਨ ਮਜ਼੍ਹਬ ਨਾ ਕੋਈ ਜ਼ਾਤ, ਸ਼ਰਅ ਵੰਡ ਨਾ ਕੋਇ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿੱਕੇ ਨਿੱਕੇ ਬਾਲੇ ਛੋਟੇ ਛੋਟੇ ਸਾਕ, ਸਰਗੁਣ ਨਾਤਾ ਇਕ ਸਮਝਾਈਆ। ਅੰਤਮ ਸਭ ਨੂੰ ਕਰੇ ਖ਼ਾਕੀ ਖ਼ਾਕ, ਪਾਕ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਈਆ। ਵਾਹਵਾ ਖੇਲ ਪੁਰਖ ਸਮਰਥ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਜੁਗ ਚੌਕੜੀ ਮਾਰਗ ਦੱਸ, ਬਣ ਰਹਿਬਰ ਰਾਹ ਚਲਾਇੰਦਾ। ਭਗਤ ਭਗਵਾਨ ਮਿਲਾਵਾ
ਹੱਸ ਹੱਸ, ਦਰ ਘਰ ਸਾਚੇ ਆਪ ਕਰਾਇੰਦਾ। ਪਹਿਲੋਂ ਭਗਤਾਂ ਹੋਏ ਵਸ, ਫੇਰ ਭਗਤਾਂ ਬੰਧਨ ਪਾਇੰਦਾ। ਸਿਫ਼ਤ ਸਾਲਾਹੀ ਗਾਏ ਜਸ, ਜਸ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਈਯਾ ਇਕ ਚਲਾਇੰਦਾ। ਸਾਚੀ ਨੱਯਾ ਹਰਿ ਹਰਿ ਨਾਮ, ਹਰਿ ਸਤਿਗੁਰ ਆਪ ਚਲਾਈਆ । ਜੁਗ ਚੌਕੜੀ ਕਰੇ ਪੂਰਨ ਕਾਮ, ਪਾਰਬ੍ਰਹਮ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਪ੍ਰਗਟ ਹੋ ਹੋ ਖੇਲੇ ਖੇਲ ਵਿਚ ਜਹਾਨ, ਦੋ ਜਹਾਨਾਂ ਵਾਲੀ ਫੇਰਾ ਪਾਈਆ। ਕਲਜੁਗ ਅੰਤਮ ਮੇਟੇ ਅੰਧੇਰੀ ਸ਼ਾਮ, ਅੰਧ ਅੰਧੇਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਚਲਾਈਆ। ਸਾਚਾ ਰਾਹ ਜਗਤ ਚੁਹੱਤਰ, ਚੌ ਅੱਖਰ ਮੂਲ ਮੁਕਾਇਆ। ਨਾਤਾ ਤੁੱਟੇ ਜਗਤ ਬਹੱਤਰ, ਨਾੜ ਬਹੱਤਰ ਲਏ ਜਗਾਇਆ। ਆਸ ਰੱਖੇ ਇਕੋ ਸੱਤਰ, ਸਿਫ਼ਰਾ ਸੱਤ ਕਰੇ ਰੁਸ਼ਨਾਇਆ। ਚਾਰ ਜੁਗ ਦੇ ਵਿਛੜੇ ਕਰ ਇਕੱਤਰ, ਏਕਾ ਗੁਣ ਦਏ ਸਮਝਾਇਆ। ਬੀਜ ਬੀਜਿਆ ਸਾਚੇ ਵੱਤਰ, ਬਣ ਕਿਰਸਾਨਾ ਹੱਲ ਚਲਾਇਆ। ਪਿਛਲਾ ਖੇਤ ਵੱਢ ਵੱਢ ਕਰੇ ਸੱਥਰ, ਚਾਰੋਂ ਕੁੰਟ ਫੇਰਾ ਪਾਈਆ। ਵੇਖਣਹਾਰਾ ਉਚੇ ਟਿੱਲੇ ਪੱਥਰ, ਸਮੁੰਦ ਸਾਗਰ ਫੋਲ ਫੁਲਾਇਆ। ਚੋਟੀ ਚੜ੍ਹ ਕੇ ਬੈਠਾ ਸਿਖ਼ਰ, ਦਿਸ ਕਿਸੇ ਨਾ ਆਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰਦਾ ਰਿਹਾ ਫਿਕਰ, ਕਵਣ ਵੇਲਾ ਭਗਤਾਂ ਲਵਾਂ ਮਿਲਾਇਆ। ਪੀਰ ਪੈਗ਼ੰਬਰ ਵੇਖਣ ਬਿੱਤਰ ਬਿੱਤਰ, ਨੇਤਰ ਨੈਣ ਨੈਣ ਉਠਾਇਆ। ਹਰਿ ਜੂ ਨਜ਼ਰੀ ਆਏ ਉਧਰ ਇਧਰ, ਖ਼ਾਲੀ ਕੁੰਟ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇਆ। ਮੇਲ ਮਿਲਾਇਆ ਅੰਤਮ ਕਲ, ਹਰਿ ਆਪਣੀ ਦਇਆ ਕਮਾਈਆ। ਗ਼ਰੀਬ ਨਿਮਾਣਿਆਂ ਦੇਵੇ ਭੱਲ, ਭੱਲ ਆਪਣੇ ਹੱਥ ਰਖਾਈਆ। ਕੀਤਾ ਇਕਰਾਰ ਨਾਲ ਬਲ, ਬਲ ਬਾਵਨ ਆਪਣੀ ਗੰਢ ਪੁਵਾਈਆ। ਬਣੇ ਮਹੱਲ ਇਕ ਅਟੱਲ, ਹਰਿ ਸਤਿਗੁਰ ਸੇਵ ਕਮਾਈਆ। ਕਲਜੁਗ ਅੰਤਮ ਜਨ ਭਗਤਾਂ ਅੰਦਰ ਬਹੇ ਰਲ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਚੌਥੇ ਜੁਗ ਲੱਗੇ ਫੱਲ, ਬੂਟਾ ਇਕੋ ਇਕ ਲਹਿਰਾਈਆ। ਬਾਕੀ ਸੁੱਟੇ ਡੂੰਘੀ ਡੱਲ, ਕੋਈ ਸਕੇ ਨਾ ਬਾਹਰ ਕਢਾਈਆ। ਜਿਸ ਸਾਹਿਬ ਹੋਇਆ ਵਲ, ਤਿਸ ਅੱਖ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣੇ ਝੋਲੀ ਪਾਈਆ। ਲਹਿਣਾ ਮਿਲਿਆ ਵਿਚ ਸੰਸਾਰ, ਚੁਹੱਤਰ ਏਕਾ ਰੰਗ ਰੰਗਾਇੰਦਾ। ਮੇਲ ਮਿਲਾਇਆ ਸਚ ਦੁਆਰ, ਦਰ ਦਰਬਾਰਾ ਇਕ ਸੁਹਾਇੰਦਾ। ਇੱਕੀ ਜੇਠ ਦਿਵਸ ਵਿਚਾਰ, ਏਕਾ ਇੱਕੀ ਗੰਢ ਪੁਆਇੰਦਾ। ਇੱਕੀ ਇੱਕੀ ਕੁਲਾਂ ਤਾਰ, ਸਿੱਖੀ ਸਿੱਖ ਨਾਲ ਪ੍ਰਣਾਇੰਦਾ। ਤਿੱਖੀ ਦੱਸੇ ਆਪਣੀ ਧਾਰ, ਹਿੰਦੂ ਮੁਸਲਿਮ ਸਿੱਖ ਈਸਾਈ ਭੇਵ ਕੋਇ ਨਾ ਪਾਇੰਦਾ। ਸ਼ਰਅ ਸ਼ਰੀਅਤ ਮਾਰੇ ਤੇਜ਼ ਕਟਾਰ, ਮਜ਼੍ਹਬ ਦੀਨ ਖੰਡ ਖੰਡ ਵਖਾਇੰਦਾ। ਚੌਹ ਵਰਨਾਂ ਵਿਚੋਂ ਕੱਢੇ ਇਕ ਪਿਆਰ, ਗੁਰਸਿਖ ਆਪਣਾ ਰੂਪ ਵਟਾਇੰਦਾ। ਫਿਰ ਦੱਸੇ ਸਾਚੀ ਧਾਰ, ਧਾਰਨਾ ਆਪਣੀ ਆਪ ਬਦਲਾਇੰਦਾ। ਆਤਮ ਪਰਮਾਤਮ ਕਰ ਪਿਆਰ, ਸੋਹੰ ਢੋਲਾ ਇਕ ਸਿਖਾਇੰਦਾ। ਮਹਾਰਾਜ ਸ਼ੇਰ ਸਿੰਘ ਵਡ ਬਲਕਾਰ, ਨਿਰਗੁਣ ਆਪਣਾ ਬਲ ਪ੍ਰਗਟਾਇੰਦਾ। ਵਿਸ਼ਨੂੰ ਦੇਵਣਹਾਰ ਭੰਡਾਰ, ਘਰ ਘਰ ਆਪਣਾ ਰਿਜ਼ਕ ਪਹੁੰਚਾਇੰਦਾ। ਭਗਵਨ ਸਭ ਦੀ ਪਾਏ ਸਾਰ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਗੋਦ ਰਖਾਇੰਦਾ। ਆਦਿ ਅੰਤ ਤਿਸ ਦੀ ਹੋਏ ਜੈ ਜੈਕਾਰ, ਜੈ ਜੈਕਾਰ ਆਪਣੇ ਨਾਉਂ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਆਪ
ਰੰਗਾਇੰਦਾ। ਸਾਚਾ ਰੰਗ ਜਾਏ ਚੜ੍ਹ, ਉਤਰ ਕਦੇ ਨਾ ਜਾਈਆ। ਸਤਿਗੁਰ ਵੇਖੇ ਫੜ ਫੜ, ਗੁਰਮੁਖ ਸੱਜਣ ਮੇਲ ਮਿਲਾਈਆ। ਦੀਨ ਦਿਆਲ ਪ੍ਰਭ ਕਿਰਪਾ ਕਰ, ਕਿਰਪਨ ਆਪਣੀ ਗੋਦ ਬਹਾਈਆ। ਘਰ ਵਿਚ ਸੁਹਾਏ ਸਾਚਾ ਘਰ, ਘਰ ਵਿਚ ਵੱਜੇ ਵਧਾਈਆ। ਸੋਹੰ ਰੂਪ ਆਤਮ ਪਰਮਾਤਮ ਬਣ, ਬਣ ਬਣ ਆਪਣੇ ਮੰਦਰ ਡੇਰਾ ਲਾਈਆ। ਲੇਖਾ ਜਾਣੇ ਜਨਣੀ ਜਨ, ਦਾਈ ਦਾਇਆ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਏਕਾ ਗੁਣ ਰਿਹਾ ਸਮਝਾਈਆ। ਏਕਾ ਗੁਣ ਸ਼ਬਦ ਵਿਚਾਰ, ਬੁੱਧੀ ਕੰਮ ਕਿਸੇ ਨਾ ਆਈਆ। ਬੁੱਧੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣ ਨੀਰ ਵਹਾਈਆ। ਮੇਰਾ ਬਲ ਗਿਆ ਹਾਰ, ਬਲਹੀਣ ਰਹੀ ਕੁਰਲਾਈਆ। ਵਲ ਛਲ ਕਰ ਕੇ ਛੱਲ ਗਿਆ ਨਿਰੰਕਾਰ, ਮੇਰੀ ਚਲੀ ਨਾ ਕੋਈ ਚਤੁਰਾਈਆ। ਮੈਂ ਪੜ੍ਹ ਪੜ੍ਹ ਪਾਉਂਦੀ ਰਹੀ ਸਾਰ, ਪੜ੍ਹਿਆਂ ਹੱਥ ਕਿਸੇ ਨਾ ਆਈਆ। ਮੈਂ ਲੱਭਦੀ ਰਹੀ ਮੰਦਰ ਮਸਜਿਦ ਮੱਠ ਸ਼ਿਵਦੁਆਲੇ ਗੁਰੂਦੁਆਰ, ਚਾਰ ਦੀਵਾਰੀ ਅੰਦਰ ਵੜ ਵੜ ਸੀਸ ਝੁਕਾਈਆ। ਕਲਜੁਗ ਅੰਤਮ ਭਗਤਾਂ ਕੋਲੋਂ ਸੁਣਿਆ ਹਰਿ ਜੂ ਵਸੇ ਕਾਇਆ ਮਹੱਲ ਅਟੱਲ ਵਿਚ ਮੀਨਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਬਿਨ ਤੇਲ ਬਾਤੀ ਦੀਪਕ ਕਰੇ ਉਜਿਆਰ, ਹਵਨ ਘਿਰਤ ਨਾ ਕੋਇ ਵਖਾਈਆ। ਪ੍ਰੇਮ ਸੁਗੰਧੀ ਇਕੋ ਡਾਰ, ਦੂਜਾ ਧੂਪ ਨਾ ਕੋਇ ਧੁਖਾਈਆ। ਬਿਨ ਤੰਦੀ ਤੰਦ ਵਜਾਏ ਸਿਤਾਰ, ਅਨਹਦ ਆਪਣਾ ਰਾਗ ਸੁਣਾਈਆ। ਢੋਲਕ ਛੈਣਾ ਨਾ ਕੋਇ ਖੜਕਾਰ, ਰਸਨਾ ਜਿਹਵਾ ਨਾ ਕੋਇ ਹਲਾਈਆ। ਬੁੱਧੀ ਓਥੇ ਪਾਵੇ ਨਾ ਕੋਈ ਸਾਰ, ਮਨਮਤ ਚਲੇ ਨਾ ਕੋਇ ਚਤੁਰਾਈਆ। ਸੁਰਤੀ ਸ਼ਬਦ ਕਰੇ ਪਿਆਰ, ਪ੍ਰਭ ਮਿਲੇ ਸਚ ਗੁਸਾਈਂਆ। ਲਹਿਣਾ ਦੇਣਾ ਚੁੱਕੇ ਵਿਚ ਸੰਸਾਰ, ਅਠਸਠ ਤੀਰਥ ਪੰਧ ਮੁਕਾਈਆ। ਪੂਜਾ ਕਰਾਏ ਇਕ ਦਰਬਾਰ, ਦੂਜਾ ਇਸ਼ਟ ਨਾ ਕੋਇ ਵਖਾਈਆ। ਹਰਿ ਕਾ ਇਸ਼ਟ ਲੋਕਮਾਤ ਕੋਈ ਕਰ ਨਾ ਸਕੇ ਪਿਆਰ, ਬਣ ਠਠਿਆਰ ਘਾੜਤ ਘੜਤ ਨਾ ਲਏ ਘੜਾਈਆ। ਕਾਗ਼ਜ਼ ਅੱਖਰ ਨਾ ਕੋਇ ਅਕਾਰ, ਨਿਰਾਕਾਰ ਨੂਰ ਰੁਸ਼ਨਾਈਆ। ਮਾਟੀ ਪੱਥਰ ਨਾ ਕੋਇ ਪਸਾਰ, ਘੜ ਘੜ ਛੈਣੀਆਂ ਨਾਲ ਬੁੱਤ ਨਾ ਕੋਇ ਬਣਾਈਆ। ਮਸਤਕ ਧੂੜ ਨਾ ਕੋਇ ਸੰਦੂਰ ਲਾਏ ਨਿਰੰਕਾਰ, ਸੀਸ ਤੇਲ ਨਾ ਕੋਇ ਪੁਆਈਆ। ਕੰਘਾ ਵਾਹ ਨਾ ਬੰਨ੍ਹੇ ਦਸਤਾਰ, ਟੋਪੀ ਚੋਟੀ ਨਾ ਕੋਇ ਟਿਕਾਈਆ। ਮਾਲਾ ਤਿਲਕ ਜੰਞੂ ਨਾ ਕੋਇ ਵਿਹਾਰ, ਬੋਦੀ ਮੂੰਢ ਨਾ ਕੋਇ ਰਖਾਈਆ। ਮੁੱਛ ਦਾੜ੍ਹੀ ਕੇਸ ਨਾ ਕੋਇ ਪਸਾਰ, ਹੱਥ ਪੈਰ ਨੱਕ ਮੂੰਹ ਅੰਗ ਅੰਗ ਨਾ ਕੋਇ ਪਰਗਟਾਈਆ। ਸਚਖੰਡ ਵਸੇ ਨਿਰਗੁਣ ਨਿਰਾਕਾਰ, ਨਿਰੰਕਾਰ ਰੂਪ ਰੰਗ ਰੇਖ ਆਪਣੇ ਵਿਚ ਛਿਪਾਈਆ। ਨੌਂ ਸੌ ਚੁਰਾਨਵੇਂ ਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਂਦਾ ਰਿਹਾ ਅਧਾਰ, ਬਣ ਅਧਾਰੀ ਦਇਆ ਕਮਾਈਆ। ਕਲਜੁਗ ਅੰਤ ਪ੍ਰਗਟ ਹੋ ਕੇ ਆਇਆ ਵਿਚ ਸੰਸਾਰ, ਜੇ ਕੋਈ ਲੱਭੇ ਨਜ਼ਰ ਕਿਸੇ ਨਾ ਆਈਆ। ਸਰਗੁਣ ਅੰਦਰ ਵੜ ਕੇ ਦੱਸਿਆ ਆਪ ਵਿਹਾਰ, ਕਵਣ ਬਿਧ ਭਗਤਾਂ ਅੰਦਰ ਵੜ ਕੇ ਹਰਿ ਜੂ ਰਿਹਾ ਸਮਾਈਆ। ਨਿਰਗੁਣ ਨਿਰਗੁਣ ਸੁਣਾਏ ਜੈਕਾਰ, ਨਿਰਗੁਣ ਆਤਮ ਨਿਰਗੁਣ ਪਰਮਾਤਮ ਪੰਜ ਤਤ ਨਾਉਂ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤ ਚਾਰ ਏਕਾ ਘਰ ਵਸਾਈਆ। ਸੱਚਾ ਜੁਮਲਾ ਨੂਰੀ ਜਲਾਲ, ਜ਼ਾਹਿਰ ਆਪਣਾ ਨੂਰ ਵਖਾਈਆ। ਆਪਣੇ ਘਰ ਰੱਖੇ ਬੇਮਿਸਾਲ, ਮਿਸਾਲ ਜਗਤ ਵਿਚ ਨਜ਼ਰ ਕੋਇ ਨਾ ਆਈਆ। ਪੀਰ ਪੈਗ਼ੰਬਰ ਵੇਖ ਹੋਣ ਬੇਹਾਲ, ਜਿਸ ਜਨ ਏਕਾ ਝਲਕ ਵਖਾਈਆ। ਅੱਗੇ ਕੋਈ ਫੇਰ ਨਾ ਕਰੇ
ਸਵਾਲ, ਸਾਰੇ ਨਿਉਂ ਨਿਉਂ ਸੀਸ ਝੁਕਾਈਆ। ਰਸਨਾ ਕਹਿਣ ਅਸੀਂ ਤੇਰੇ ਛੋਟੇ ਬਾਲ, ਤੇਰੇ ਮਕਤਬ ਵਿਚ ਕਰਨ ਆਏ ਪੜ੍ਹਾਈਆ। ਇਕੋ ਅਲਫ਼ ਦੇ ਸਿਖਾਲ, ਤੇਰੀ ਅਲਫ਼ ਤੇਰੀ ਉਲਫ਼ਤ ਕਰ ਕਰ ਆਪਣੀ ਖ਼ੁਸ਼ੀ ਮਨਾਈਆ। ਅਸੀਂ ਬਣੇ ਰਹੀਏ ਕੰਗਾਲ, ਤੇਰੇ ਅੱਗੇ ਝੋਲੀ ਡਾਹੀਆ। ਤੇਰਾ ਜੁਮਲਾ ਲੋਕ ਪਰਲੋਕ ਕੋਈ ਨਾ ਸਕੇ ਭਾਲ, ਹੱਥ ਫੜ ਲੋਕਮਾਤ ਸਕੇ ਨਾ ਕੋਇ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਘਰ ਸਾਚੇ ਰਿਹਾ ਸਮਾਈਆ।
੨੨ ਜੇਠ ੨੦੧੯ ਬਿਕਰਮੀ ਸਰਦਾਰ ਸਿੰਘ ਦੇ ਗ੍ਰਹਿ ਪਿੰਡ ਸੀੜ ਜੰਮੂ
ਸਚਖੰਡ ਨਿਵਾਸੀ ਸਚ ਦੁਆਰਾ, ਆਪਣੀ ਇਛਿਆ ਆਪ ਪਰਗਟਾਈਆ। ਤਖ਼ਤ ਨਿਵਾਸੀ ਬਣ ਸਿਕਦਾਰਾ, ਸਾਚਾ ਹੁਕਮ ਆਪ ਵਰਤਾਈਆ। ਵਿਸ਼ਨੂੰ ਆਏ ਚਲ ਦੁਆਰਾ, ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਮੇਰਾ ਇਕ ਅਖਾੜਾ, ਏਕਾ ਘਰ ਵੱਜੇ ਵਧਾਈਆ। ਤੇਰਾ ਮੇਰਾ ਇਕ ਸਹਾਰਾ, ਆਦਿ ਜੁਗਾਦਿ ਖੇਲ ਰਚਾਈਆ। ਤੇਰਾ ਮੇਰਾ ਇਕ ਨਗਾਰਾ, ਅਨਾਦੀ ਨਾਦ ਵਡ ਵਡਿਆਈਆ। ਤੇਰਾ ਮੇਰਾ ਇਕ ਵਣਜਾਰਾ, ਵਣਜ ਸਾਚਾ ਹੱਟ ਖੁਲ੍ਹਾਈਆ। ਤੇਰਾ ਮੇਰਾ ਇਕ ਭੰਡਾਰਾ, ਵਸਤ ਸਾਚੀ ਸਚ ਵਰਤਾਈਆ। ਤੇਰਾ ਮੇਰਾ ਇਕ ਸ਼ਿੰਗਾਰਾ, ਬਸਤਰ ਭੂਸ਼ਨ ਸਾਚੇ ਆਪਣੇ ਰੰਗ ਰੰਗਾਈਆ। ਤੇਰਾ ਮੇਰਾ ਖੇਲ ਨਾਰੀ ਕੰਤ ਪੁਰਖ ਨਾਰਾ, ਪੁਰਖੋਤਮ ਭੇਵ ਕੋਇ ਨਾ ਪਾਈਆ। ਤੇਰਾ ਮੇਰਾ ਇਕ ਆਧਾਰਾ, ਲਹਿਣਾ ਦੇਣਾ ਝੋਲੀ ਪਾਈਆ। ਆਦਿ ਆਦਿ ਕਰਿਆ ਇਕਰਾਰਾ, ਏਕਾ ਹੁਕਮ ਸੁਣਾਈਆ। ਨੌਂ ਸੌ ਚੁਰਾਨਵੇਂ ਜੁਗ ਬਣਿਆ ਰਿਹਾ ਸੇਵਾਦਾਰਾ, ਜੁਗ ਜੁਗ ਸਾਚੀ ਸੇਵ ਕਮਾਈਆ। ਅੰਤਮ ਕਲ ਲੇਖਾ ਚੁੱਕੇ ਵਿਚ ਸੰਸਾਰਾ, ਹਰਿ ਜੂ ਹਰਿ ਹਰਿ ਆਪ ਚੁਕਾਈਆ। ਏਕਾ ਬੋਲੇ ਸਤਿ ਜੈਕਾਰਾ, ਤੇਰੇ ਨਾਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਆਪਣੇ ਦਰ ਬਹਾਈਆ। ਬ੍ਰਹਮਾ ਕਹੇ ਪਾਰਬ੍ਰਹਮ, ਪ੍ਰਭ ਤੇਰੀ ਵਡ ਵਡਿਆਈਆ। ਤੇਰੀ ਕੁੱਖੋਂ ਆਪੇ ਜੰਮ, ਆਪਣਾ ਸਗਨ ਮਨਾਈਆ। ਲੱਖ ਚੁਰਾਸੀ ਬੇੜਾ ਬੰਨ੍ਹ, ਘਰ ਘਰ ਜੋਤ ਟਿਕਾਈਆ। ਕਰੇ ਖੇਲ ਜਗਤ ਮਹਾਨ, ਜੀਵ ਜੰਤ ਵਡਿਆਈਆ। ਨੂਰੀ ਦੇ ਦੇ ਸਾਚਾ ਦਾਨ, ਦੀਵਾ ਬਾਤੀ ਇਕ ਰੁਸ਼ਨਾਈਆ। ਕਮਲਾਪਾਤੀ ਸਚ ਮਕਾਨ, ਸਾਢੇ ਤਿੰਨ ਹੱਥ ਬੰਕ ਸੁਹਾਈਆ। ਜੁਗ ਚੌਕੜੀ ਖੇਲ ਕਰਦਾ ਰਿਹਾ ਮਹਾਨ, ਘਟ ਘਟ ਆਪਣਾ ਆਸਣ ਲਾਈਆ। ਜੁਗ ਚੌਕੜੀ ਬੀਤੇ ਆਣ, ਵੇਲਾ ਅੰਤਮ ਰਿਹਾ ਦਿਸਾਈਆ। ਬ੍ਰਹਮਾ ਹੋਏ ਆਪ ਹੈਰਾਨ, ਆਪਣਾ ਭੇਵ ਨਾ ਕਿਸੇ ਜਣਾਈਆ। ਹਰਿ ਜੂ ਖੇਲ ਕਰੇ ਵਾਲੀ ਦੋ ਜਹਾਨ, ਦੋਏ ਦੋਏ ਆਪਣਾ ਰੂਪ ਪ੍ਰਗਟਾਈਆ। ਨਿਰਗੁਣ ਸਰਗੁਣ ਸਚ ਸੰਦੇਸ਼ਾ ਦਿਤਾ ਆਣ, ਏਕਾ ਹੁਕਮ ਸੁਣਾਈਆ । ਅੰਤਮ ਲੇਖਾ ਚੁੱਕੇ ਜੀਵ ਜਹਾਨ, ਜੋਤੀ ਜਾਤਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬ੍ਰਹਮਾ ਨੇਤਰ ਨੈਣ ਉਠਾਈਆ। ਸ਼ਿਵਜੀ ਸ਼ੰਕਰ ਵੇਖ ਤ੍ਰਿਸੂਲ, ਤ੍ਰੈ ਤ੍ਰੈ ਲੋਕ ਧਿਆਨ ਲਗਾਇੰਦਾ। ਤੇਰਾ ਭੁੱਲੇ ਨਾ ਕਦੇ ਅਸੂਲ, ਅਸਲੀਅਤ ਤੇਰੀ ਮੁਖ ਰਖਾਇੰਦਾ। ਤੂੰ ਦਾਤਾ ਸਰਬ ਕੰਤ ਕੰਤੂਹਲ, ਲੱਖ ਚੁਰਾਸੀ ਤੇਰੇ ਅੰਗ ਲਗਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਚੁਕਾਵਣਹਾਰਾ ਮੂਲ, ਲੇਖਾ ਸਭ ਦੀ ਝੋਲੀ ਪਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ੰਕਰ ਆਪਣੀ ਮੰਗ ਮੰਗਾਇੰਦਾ। ਸ਼ੰਕਰ ਮੰਗੇ ਆਪਣਾ ਦਾਨ, ਝੋਲੀ ਆਪਣੀ ਅੱਗੇ ਡਾਹੀਆ। ਭੋਲਾ ਨਾਥ ਕਰਨਾ ਪਰਵਾਨ, ਭੋਲੇ ਭਾਉ ਆਪਣੇ ਨਾਲ ਮਿਲਾਈਆ। ਨਵ ਨੌਂ ਚਾਰ ਚੁਕਾ ਗਿਆਨ, ਗਿਆਨ ਧਿਆਨ ਨਾ ਕੋਇ ਦ੍ਰਿੜਾਈਆ। ਬਾਲੀ ਬੁੱਧ ਹੋਇਆ ਬਾਲ ਨਾਦਾਨ, ਬਾਲਕ ਤੇਰਾ ਰੂਪ ਅਖਵਾਈਆ। ਦਰ ਦੁਆਰੇ ਦੇਣਾ ਮਾਣ, ਚਰਨ ਸਰਨ ਸੱਚੀ ਸਰਨਾਈਆ। ਕਲਜੁਗ ਲੈਣਾ ਅੰਤ ਪਹਿਚਾਨ, ਇਕੋ ਤੇਰੀ ਓਟ ਤਕਾਈਆ। ਲੱਖ ਚੁਰਾਸੀ ਮੇਟਦਾ ਰਿਹਾ ਜੁਗ ਜੁਗ ਨਿਸ਼ਾਨ, ਬਣ ਸੇਵਕ ਸੇਵ ਕਮਾਈਆ। ਅੰਤ ਸੰਦੇਸ਼ਾ ਸੁਣਿਆ ਆਣ, ਨਿਰਗੁਣ ਨੂਰ ਲੋਕਮਾਤ ਕਰੇ ਰੁਸ਼ਨਾਈਆ। ਲੇਖਾ ਚੁਕਾਏ ਨਾਉਂ ਰਖਾਏ ਵਿਸ਼ਨੂੰ ਭਗਵਾਨ, ਵਿਸ਼ਵ ਆਪਣੀ ਕਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਏਕਾ ਹੱਥ ਟਿਕਾਈਆ। ਤ੍ਰੈਗੁਣ ਤਤੀ ਨੇਤਰ ਰੋਵੇ, ਰੋ ਰੋ ਦਏ ਦੁਹਾਈਆ। ਖੁਲ੍ਹੜੇ ਕੇਸ ਫੜ ਫੜ ਖੋਹਵੇ, ਧੀਰਜ ਧੀਰ ਨਾ ਕੋਇ ਧਰਾਈਆ। ਪੁਰਖ ਅਬਿਨਾਸ਼ੀ ਕਲਜੁਗ ਅੰਤਮ ਸਚ ਫ਼ਰਮਾਨਾ ਲੈ ਕੇ ਆਇਆ ਢੋਏ, ਹਰਿਜਨ ਸਾਚੇ ਦਏ ਸੁਣਾਈਆ। ਮੇਰੀ ਵਾਤ ਨਾ ਪੁੱਛੇ ਕੋਇ, ਮੇਰਾ ਮਾਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਮਿਲੇ ਨਾ ਕੋਇ ਵਡਿਆਈਆ। ਨਾ ਕੋਈ ਵਡਿਆਈ ਮੇਰੇ ਹਰਿ, ਤ੍ਰੈਗੁਣ ਨੈਣਾਂ ਨੀਰ ਵਹਾਇਆ। ਮੈਂ ਚਲ ਕੇ ਆਈ ਤੇਰੇ ਦਰ, ਬਣ ਬਰਦੀ ਸੇਵ ਕਮਾਇਆ। ਕੋਝੀ ਕਮਲੀ ਬਾਹੋਂ ਲੈਣਾ ਫੜ, ਇਕੋ ਆਸਰਾ ਰਹੀ ਤਕਾਇਆ। ਕਲਜੁਗ ਅੰਤਮ ਮੂੰਹ ਦੇ ਭਾਰ ਡਿੱਗੀ ਦੜ, ਮਦਹੋਸ਼ ਆਪਣਾ ਆਪ ਰਹੀ ਗੁਆਇਆ । ਕੋਈ ਨਾ ਬਨ੍ਹਾਏ ਤੇਰੇ ਲੜ, ਪੱਲੂ ਲੜ ਨਾ ਕੋਇ ਬੰਧਾਇਆ। ਤੂੰ ਮਾਤ ਲਗਾਈ ਮੇਰੀ ਜੜ੍ਹ, ਵੇਲੇ ਅੰਤ ਕਿਉਂ ਰਿਹਾ ਉਖੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਰਨ ਸਰਨ ਮਿਲੇ ਸਚ ਸਰਨਾਇਆ। ਪੰਜ ਤਤ ਰਹੇ ਕੁਰਲਾ, ਬਹੁੜੀ ਬਹੁੜੀ ਦੇਣ ਦੁਹਾਈਆ। ਸਾਡਾ ਮੰਦਰ ਕਿਉਂ ਰਿਹਾ ਢਾਹ, ਬੇਰਹਿਮ ਰਹਿਮਤ ਆਪਣੀ ਆਪ ਕਮਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਅੰਦਰ ਦੇਂਦੇ ਰਹੇ ਥਾਂ, ਬਿਨ ਸਾਡੇ ਗੁਰ ਪੀਰ ਅਵਤਾਰ ਨਜ਼ਰ ਕੋਇ ਨਾ ਆਈਆ। ਸਾਡੇ ਅੰਦਰ ਵੜ ਵੜ ਤੇਰਾ ਗੌਂਦੇ ਰਹੇ ਨਾਂ, ਨਾਉਂ ਨਿਰੰਕਾਰਾ ਮਾਤ ਸੁਣਾਈਆ। ਕਰ ਕਿਰਪਾ ਸਿਰ ਰੱਖ ਠੰਡੀ ਛਾਂ, ਇਕ ਓਟ ਤੇਰੀ ਤਕਾਈਆ। ਸਾਡਾ ਨਿਸ਼ਾਨਾ ਮੇਟ ਨਾ, ਤੇਰੇ ਹੱਥ ਸਾਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਇਕ ਤੇਰੀ ਓਟ ਤਕਾਈਆ। ਗੁਰ ਅਵਤਾਰ ਬੈਠੇ ਉਠ, ਤੇਈ ਆਪਣਾ ਰਾਹ ਤਕਾਈਆ। ਪਹਿਲੋਂ ਬਣਾਏ ਆਪਣੇ ਸੁਤ, ਬਣਾ ਸੁਤ ਮਾਣ ਰਖਾਈਆ। ਦੁਆਪਰ ਤ੍ਰੇਤਾ ਸਤਿਜੁਗ ਸੁਹਾਉਂਦੇ ਰਹੇ ਤੇਰੀ ਰੁੱਤ, ਰੁੱਤ ਰੁਤੜੀ ਮਾਤ ਮਹਿਕਾਈਆ। ਅੰਤਮ ਤੇਰੇ ਕੋਲ ਆਏ ਉਠ, ਆਪਣੇ ਪੱਲੇ ਗੰਢ ਨਾ ਕੋਇ ਰਖਾਈਆ। ਕਰ ਕਿਰਪਾ ਆਪਣੀ ਗੋਦੀ ਚੁੱਕ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਤੇਰੇ ਬੂਟੇ ਤੁਧ ਬਾਝੋਂ ਜਾਣ ਸੁੱਕ, ਹਰੇ ਮਾਤ ਨਾ ਕੋਇ ਵਖਾਈਆ। ਨੌਂ ਸੌ ਚੁਰਾਨਵੇਂ ਚੌਕੜੀ ਬੈਠਾ ਰਿਹੋਂ ਲੁਕ, ਕਲਜੁਗ ਅੰਤਮ ਆਪਣਾ ਵੇਸ ਵਟਾਈਆ। ਸਿੰਘ ਰੂਪ ਹੋ ਕੇ ਰਿਹੋਂ ਬੁੱਕ, ਜੰਬਕ ਸਾਰੇ ਰਹੇ ਕੁਰਲਾਈਆ। ਸਾਡੇ ਕੋਲੋਂ ਪਿਛਲਾ ਲੇਖਾ ਨਾ ਪੁੱਛ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਮਿਲੇ ਵਡਿਆਈਆ। ਪੀਰ ਪੈਗ਼ੰਬਰ
ਕਰਨ ਸਲਾਹ, ਈਸਾ ਮੂਸਾ ਮੁਹੰਮਦ ਨੈਣ ਨੈਣ ਨਾਲ ਮਿਲਾਈਆ। ਪਹਿਲੋਂ ਫੜ ਫੜ ਮਾਰਗ ਰਾਹੇ ਦਿਤਾ ਪਾ, ਹੁਕਮੀ ਹੁਕਮ ਸੇਵ ਲਗਾਈਆ। ਆਪਣਾ ਨੂਰ ਕਰ ਜੁਦਾ, ਜੁਜ਼ ਆਪਣਾ ਰਿਹਾ ਜਣਾਈਆ। ਤੇਰਾ ਨਾਉਂ ਦੱਸ ਕੇ ਆਏ ਖ਼ੁਦਾ, ਖ਼ਾਲਕ ਖ਼ਲਕ ਖ਼ਲਕ ਸਮਝਾਈਆ। ਅਸੀਂ ਹੋਏ ਬੇਵਫ਼ਾ, ਵਫ਼ਾਤ ਆਪਣੀ ਤੇਰੇ ਹੱਥੋਂ ਕਰਾਈਆ। ਤੂੰ ਹੋਣਾ ਨਾ ਅੰਤ ਖ਼ਫ਼ਾ, ਇਕੋ ਰਹਿਮਤ ਮੰਗ ਮੰਗਾਈਆ। ਸਾਡੀ ਚੁੱਕ ਨਾ ਮੂਲ ਸਫ਼ਾ, ਸਿਫ਼ਤ ਤੇਰੀ ਰਹੇ ਕਰ ਕਰ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਮਿਲੇ ਵਡਿਆਈਆ। ਗੁਰ ਅਵਤਾਰ ਦੱਸ ਦੱਸ ਕਹਿਣ, ਦਹਿ ਦਿਸ਼ਾ ਵੇਖ ਵਖਾਇਆ। ਤੁਧ ਬਿਨ ਕੋਇ ਨਜ਼ਰ ਨਾ ਆਏ ਨੈਣ, ਚਾਰੋਂ ਕੁੰਟ ਅੰਧੇਰਾ ਛਾਇਆ। ਲੱਖ ਚੁਰਾਸੀ ਝੂਠਾ ਨਾਤਾ ਸਾਕ ਸੱਜਣ ਸੈਣ, ਮਾਇਆ ਮਮਤਾ ਮੋਹ ਵਧਾਇਆ। ਅੰਤਮ ਲਾੜੀ ਮੌਤ ਖਾਏ ਡੈਣ, ਥਿਰ ਕੋਇ ਰਹਿਣ ਨਾ ਪਾਇਆ। ਕਲਜੁਗ ਅੰਤਮ ਕਰ ਕਿਰਪਾ ਲੋਕਮਾਤ ਜਨ ਭਗਤਾਂ ਆਇਉਂ ਲੈਣ, ਲਹਿਣਾ ਦੇਣਾ ਮਾਤ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਸਾਂ ਏਕਾ ਆਸ ਤਕਾਇਆ। ਦਸ ਗੁਰ ਹੋ ਇਕੱਠੇ, ਪ੍ਰਭ ਡਿੱਗੇ ਸਰਨ ਸਰਨਾਈਆ। ਜੁਗ ਜੁਗ ਗੇੜੇਂ ਉਲਟੀ ਲੱਠੇ, ਤੇਰੇ ਹੱਥ ਵਡੀ ਵਡਿਆਈਆ। ਪੀਰ ਪੈਗ਼ੰਬਰ ਸਾਰੇ ਆਪਣੀ ਹੱਥੀਂ ਤੇਰੀ ਕਲਾਮ ਲਿਖ ਲਿਖ ਦੇ ਕੇ ਆਏ ਪੱਟੇ, ਪੱਟੇਦਾਰੀ ਬਣਾਈ ਸਰਬ ਲੋਕਾਈਆ। ਇਕ ਦੂਜੇ ਨੂੰ ਫੜ ਫੜ ਦੀਨ ਇਸਲਾਮਾ ਵਿਚ ਕੱਟੇ, ਹੱਦ ਹਦੂਦ ਵੰਡ ਵੰਡਾਈਆ। ਕਲਮ ਸ਼ਾਹੀ ਨਾਲ ਲਿਖ ਲਿਖ ਲੇਖ ਫੱਟੇ, ਫੱਟ ਕੋਇ ਨਾ ਸਕੇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਲੇਖ ਅਵਰ ਨਾ ਕੋਇ ਮੁਕਾਈਆ। ਦਸ ਗੁਰ ਇਕੋ ਗਾਥਾ, ਕਹਿ ਕਹਿ ਰਹੇ ਸੁਣਾਈਆ। ਤੂਹੀ ਪਿਤਾ ਤੂਹੀ ਮਾਤਾ, ਤੇਰੀ ਇਕੋ ਗੋਦ ਸੁਹਾਈਆ। ਤੇਰੀ ਸਰਨ ਤੇਰਾ ਨਾਤਾ, ਤੇਰੇ ਚਰਨ ਸੋਭਾ ਪਾਈਆ। ਤੇਰਾ ਨੂਰ ਤੇਰੀ ਜ਼ਾਤਾ, ਤੇਰਾ ਜ਼ਹੂਰ ਹੋਏ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਘਰ ਸਾਚੇ ਬਹਿ ਬਹਿ ਖ਼ੁਸ਼ੀ ਮਨਾਈਆ। ਭਗਤ ਅਠਾਰਾਂ ਕਹਿਣ ਕੌਣ, ਕਵਣ ਆਪਣੀ ਰੁੱਤ ਸੁਹਾਇੰਦਾ। ਕਲਜੁਗ ਮੇਟੇ ਤਤੀ ਪੌਣ, ਸਾਂਤਕ ਸਤਿ ਸਤਿ ਵਰਤਾਇੰਦਾ। ਹੰਕਾਰਿਆ ਫੜ ਫੜ ਭੰਨੇ ਧੌਣ, ਮੂੰਹ ਦੇ ਭਾਰ ਸਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਭਗਤ ਅਠਾਰਾਂ ਚਰਨੀ ਡਿੱਗ, ਆਪਣਾ ਮਾਣ ਮੁਕਾਇਆ। ਪੁਰਖ ਅਬਿਨਾਸ਼ੀ ਤੇਰੇ ਦੁਆਰੇ ਮੰਗੀਏ ਭਿੱਖ, ਭਿੱਖਕ ਝੋਲੀ ਦੇ ਭਰਾਇਆ। ਜੁਗ ਚੌਕੜੀ ਲੇਖਾ ਰਿਹਾ ਮੁੱਕ, ਵੇਲਾ ਅੰਤ ਨਜ਼ਰੀ ਆਇਆ। ਕਿਸੇ ਕੋਲ ਦਿਸੇ ਨਾ ਕੁੱਛ, ਖ਼ਾਲੀ ਹੱਥ ਰਹੇ ਵਖਾਇਆ। ਸਾਡੀ ਕਰਨੀ ਹੁਣ ਨਾ ਪੁੱਛ, ਜਿਉਂ ਭਾਵੇ ਤਿਉਂ ਲੈ ਚਲਾਇਆ। ਸ੍ਰਿਸ਼ਟ ਸਬਾਈ ਬੈਠੀ ਰੁੱਸ, ਮੁਖੜਾ ਮੁਖ ਮੁਖ ਭੁਆਇਆ। ਕਬੀਰ ਜੁਲਾਹਾ ਕਹੇ ਮੈਨੂੰ ਲੱਗਾ ਦੁੱਖ, ਮੇਰੀ ਸਿਖਿਆ ਸਿੱਖ ਕੇ ਭਗਤ ਨਾ ਕੋਇ ਅਖਵਾਇਆ। ਮੁੜ ਮੁੜ ਜੂਨੀ ਮਾਤ ਗਰਭ ਉਲਟਾ ਰੁਖ, ਦਸ ਦਸ ਮਾਸ ਅਗਨ ਕੁੰਡ ਤਪਾਇਆ। ਅਸੀਂ ਦੂਰ ਦੁਰਾਡੇ ਬੈਠੇ ਲੁਕ, ਨੇਤਰ ਨੈਣ ਰਹੇ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਭੁੱਲ ਅਭੁੱਲ ਅਭੁੱਲ, ਭੁੱਲ ਸਭ ਦੀ ਦੇ ਬਖ਼ਸ਼ਾਇਆ। ਬਖ਼ਸ਼ਣਹਾਰ ਇਕ ਗੋਪਾਲ, ਹਰਿ ਜੂ ਹਰਿ ਹਰਿ ਖੇਲ ਕਰਾਈਆ। ਸਚਖੰਡ ਦੇ ਸਾਚੇ ਲਾਲ,
ਕਲਜੁਗ ਅੰਤਮ ਵੇਖ ਵਖਾਈਆ। ਪਹਿਲਾ ਲੇਖਾ ਸਿੰਘ ਪਾਲ, ਸਚ ਪਾਲਕੀ ਵਿਚ ਰਖਾਈਆ। ਸਿੰਘ ਸਵਰਨ ਹੋ ਦਿਆਲ, ਸਾਵਣ ਰੁੱਤ ਆਪ ਸੁਹਾਈਆ। ਮਨਜੀਤ ਲੇਖਾ ਦੋ ਜਹਾਨ, ਬਾਲੀ ਬੁੱਧ ਬੁੱਧ ਵਡਿਆਈਆ। ਜਗਦੀਸ਼ ਸਿਖਿਆ ਦਏ ਸਖਾਲ, ਸਾਚੀ ਸਿਖਿਆ ਏਕਾ ਰੰਗ ਵਖਾਈਆ। ਬਲ ਬਾਵਨ ਖੇਲ ਨਿਆਰ, ਬਲ ਉਠਿਆ ਆਪਣੀ ਵਾਰ, ਦੋਏ ਜੋੜ ਕਰ ਨਿਮਸਕਾਰ, ਗੋਬਿੰਦ ਲੇਖਾ ਅੰਤਮ ਵਾਰ, ਸਿੰਘ ਗੁਰਦਿਆਲ ਆਪਣੀ ਝੋਲੀ ਪਾਈਆ। ਸਚਖੰਡ ਦਾ ਸਚ ਵਿਹਾਰ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਏਕੰਕਾਰ, ਦੂਜਾ ਭੇਵ ਕੋਇ ਨਾ ਪਾਈਆ। ਸ਼ਾਹੋ ਭੂਪ ਬਣ ਸਿਕਦਾਰ, ਰਾਜਨ ਰਾਜ ਆਪ ਗਿਰਧਾਰ, ਸੀਸ ਤਾਜ ਜਗਤ ਜਗਦੀਸ਼ ਇਕ ਸੁਹਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਲਹਿਣਾ ਦੇਣਾ ਕਰਜ਼ ਦਏ ਉਤਾਰ, ਵਰਨ ਬਰਨ ਕਰੇ ਖੁਆਰ, ਜ਼ਾਤ ਪਾਤ ਮਾਰੇ ਮਾਰ, ਆਤਮ ਪਰਮਾਤਮ ਏਕਾ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਪੰਜ ਤਤ ਮੇਲ ਮਿਲਾਏ ਨਾਲ, ਤੇਈ ਅਵਤਾਰ ਬਣ ਦਲਾਲ, ਈਸਾ ਮੂਸਾ ਮੁਹੰਮਦ ਚਾਰ ਯਾਰ ਜਲਵਾ ਦਏ ਵਖਾਲ, ਗੁਰ ਦਸ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਸਚ ਸੰਦੇਸ਼ਾ ਇਕ ਸਿਖਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਰਿਹਾ ਜਣਾਈਆ। ਸਾਚਾ ਲਹਿਣਾ ਅੰਤਮ ਮੀਤ, ਪੰਚਮ ਮੀਤਾ ਆਪ ਚੁਕਾਇੰਦਾ। ਸਚਖੰਡ ਦੀ ਸਾਚੀ ਰੀਤ, ਨਿਰਗੁਣ ਸਰਗੁਣ ਇਕ ਪ੍ਰੀਤ, ਪ੍ਰੀਤੀਵਾਨ ਆਪ ਜਣਾਇੰਦਾ। ਤ੍ਰੈਗੁਣ ਅਤੀਤਾ ਠਾਂਡਾ ਸੀਤ, ਬੈਠਾ ਰਹੇ ਇਕ ਅਤੀਤ, ਤ੍ਰੈਭਵਨ ਧਨੀ ਆਪਣੀ ਖੇਲ ਆਪ ਕਰਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਅੰਤਮ ਆਪੇ ਲਏ ਜੀਤ, ਜਿਤ ਹਾਰ ਆਪਣੇ ਹੱਥ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਘਟ ਆਪਣਾ ਖੇਲ ਕਰਾਇੰਦਾ। ਨਿਰਗੁਣ ਸਰਗੁਣ ਈਸ਼ ਜੀਵ, ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਸੁਨਾਵਣਹਾਰਾ ਸਾਚਾ ਗੀਤ, ਸੋਹਲਾ ਢੋਲਾ ਆਪ ਪ੍ਰਗਟਾਇੰਦਾ। ਨਾਤਾ ਤੋੜਨਹਾਰ ਮੰਦਰ ਮਸੀਤ, ਧਾਮ ਵਖਾਏ ਇਕ ਅਨਡੀਠ, ਮਹੱਲ ਅਟੱਲ ਅਟੱਲ ਇਕ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਆਪਣੇ ਹੱਥ ਰਖਾਇੰਦਾ। ਲੇਖਾ ਰੱਖੇ ਆਪਣੇ ਹੱਥ, ਹਰਿ ਆਪਣੀ ਖੇਲ ਕਰਾਇੰਦਾ। ਜੁਗ ਚੌਕੜੀ ਵੇਸ ਵਟਾ ਪੁਰਖ ਸਮਰਥ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਅੱਖਰ ਬਾਣੀ ਬੋਧ ਅਗਾਧ ਅਕੱਥਨੀ ਅਕੱਥ, ਕਥ ਕਥ ਰਸਨਾ ਜਿਹਵਾ ਗੀਤ ਅਲਾਇੰਦਾ। ਸਾਧਾਂ ਸੰਤਾਂ ਜੀਵਾਂ ਜੰਤਾਂ ਜੀਵਣ ਜੁਗਤੀ ਮਾਰਗ ਦੱਸ, ਜਗਤ ਧੰਦੇ ਆਪ ਲਗਾਇੰਦਾ। ਵੇਖਣਹਾਰਾ ਖੇਲ ਤਮਾਸ਼ ਮੰਡਲ ਮੰਡਪ ਪਾਵੇ ਰਾਸ, ਨਿਤ ਨਵਿਤ ਕਰੇ ਹਿਤ ਅਬਿਨਾਸ਼ੀ ਅਚੁਤ ਆਪਣਾ ਰੂਪ ਅਨੂਪ ਧਰਾਇੰਦਾ। ਕਲਜੁਗ ਅੰਤਮ ਏਕੰਕਾਰਾ ਵਡ ਬਲਕਾਰਾ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕ ਇਕੇਲਾ ਗਿਆ ਉਠ, ਉਠ ਉਠ ਆਪਣਾ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨ ਕਰਾਵਣਹਾਰ ਕਰਤਾ ਕੁਦਰਤ ਆਪਣਾ ਰੰਗ ਵਖਾਇੰਦਾ। ਕੁਦਰਤ ਕਾਦਰ ਵਖਾਏ ਰੰਗ, ਰੰਗ ਰੰਗੀਲਾ ਸੱਚਾ ਮਾਹੀਆ। ਸਚਖੰਡ ਨਿਵਾਸੀ ਇਕ ਵਜਾਏ ਮਰਦੰਗ, ਵਡ ਮਰਦਾਨਾ ਆਪ ਵਜਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਦੋ ਜਹਾਨ ਸ੍ਰੀ ਭਗਵਾਨ ਧਰਤ ਧਵਲ ਪ੍ਰਿਥਮੀ ਆਕਾਸ਼ ਚਰਨਾਂ ਹੇਠ ਦਬਾਈਆ। ਜੁਗਾ ਜੁਗੰਤਰ ਬੁਝਾਏ ਬਸੰਤਰ ਸੁਣਾਏ ਮੰਤਰ, ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਆਪਣਾ ਆਸਣ ਲਾਈਆ। ਵਸਣਹਾਰਾ ਗਗਨ ਗਗਨੰਤਰ, ਲੇਖਾ ਜਾਣੇ ਬ੍ਰਹਮ ਨਿਰੰਤਰ, ਨਿਰਗੁਣ
ਨੂਰ ਨੂਰ ਰੁਸ਼ਨਾਈਆ। ਜੋਤੀ ਜਾਤਾ ਪੁਰਖ ਬਿਧਾਤਾ ਮੇਟਣਹਾਰ ਅੰਧੇਰੀ ਰਾਤਾ ਸਚ ਸੁਣਾਏ ਸਾਚੀ ਗਾਥਾ, ਨਿਸ਼ਅੱਖਰ ਪੜ੍ਹ ਪੜ੍ਹ ਸਾਚੇ ਮੰਦਰ ਉਚੀ ਚੋਟੀ ਚੜ੍ਹ ਚੜ੍ਹ ਆਪਣਾ ਰਾਗ ਅਲਾਇੰਦਾ । ਕਲਜੁਗ ਅੰਤਮ ਧਰਮ ਦੁਆਰੇ ਆਪੇ ਖੜ ਖੜ, ਗੁਰ ਅਵਤਾਰ ਪੀਰ ਪੈਗ਼ੰਬਰ ਫੜ ਫੜ, ਲਹਿਣਾ ਦੇਣਾ ਨੇਤਰ ਨੈਣਾਂ ਸਭ ਨੂੰ ਰਿਹਾ ਵਖਾਈਆ। ਸਰਨ ਸਰਨਾਈ ਸਾਰੇ ਪੜ੍ਹ ਪੜ੍ਹ, ਮੂੰਹ ਦੇ ਭਾਰ ਡਿੱਗੇ ਦੜ ਦੜ, ਅੱਗੇ ਕੋਈ ਨਾ ਸਕੇ ਅੜ ਅੜ, ਆਪਣਾ ਬਲ ਨਾ ਕੋਇ ਜਣਾਈਆ। ਆਪਣੀ ਕਿਰਪਾ ਆਪੇ ਕਰ ਕਰ, ਦੇਵਣਹਾਰਾ ਸਾਚਾ ਵਰ ਵਰ, ਜੁਗ ਜੁਗ ਵੇਖਣਹਾਰਾ ਦਰ ਦਰ, ਘਰ ਘਰ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਆਪ ਮੁਕਾਈਆ। ਸਭ ਦਾ ਲੇਖਾ ਅਗੰਮ ਅਪਾਰ, ਅਲਖ ਅਗੋਚਰ ਆਪ ਮੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਉਠਾਲ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਸੁਣਾਇੰਦਾ। ਸ਼ਬਦ ਅਗੰਮੀ ਬਣ ਦਲਾਲ, ਵੇਖਣਹਾਰਾ ਹੱਕ ਹਲਾਲ, ਹਕ਼ੀਕ਼ਤ ਆਪਣਾ ਭੇਵ ਚੁਕਾਇੰਦਾ। ਗੁਰਮੁਖ ਸੱਜਣ ਲਏ ਭਾਲ, ਆਪੇ ਵੇਖੇ ਬਾਲੇ ਬਾਲ, ਬਾਲ ਅਞਾਣੇ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਏਕੰਕਾਰਾ ਵਿਚ ਸੰਸਾਰਾ, ਵਡ ਸੰਸਾਰੀ ਆਪ ਲਗਾਇੰਦਾ। ਵਡ ਸੰਸਾਰੀ ਵੱਡਾ ਵਡ, ਭੇਵ ਕਿਸੇ ਨਾ ਆਇਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਕੁੱਖੋਂ ਕੱਢ, ਅੰਤਮ ਆਪਣੇ ਵਿਚ ਲਏ ਛੁਪਾਇਆ। ਅੱਖਰ ਨਾਮ ਲੋਕਮਾਤ ਜਾਏ ਛੱਡ, ਨਿਸ਼ਅੱਖਰ ਨਾਮ ਨਿਰਗੁਣ ਨਿਰਗੁਣ ਵਿਚ ਰਖਾਇਆ। ਪੰਜ ਤਤ ਕਾਇਆ ਚੋਲੇ ਵਿਚੋਂ ਕੱਢ, ਆਪ ਆਪਣੀ ਗੋਦ ਟਿਕਾਇਆ। ਅਗਨੀ ਭੇਟ ਪੰਜ ਤਤ ਕਾਇਆ ਹੱਡ, ਧੂਆਂਧਾਰ ਧਾਰ ਸਮਾਇਆ। ਜੁਗ ਜੁਗ ਚਲਾਏ ਆਪਣੀ ਯੱਦ, ਭਗਤਾਂ ਭਗਵਾਨ ਲਏ ਪ੍ਰਗਟਾਇਆ। ਸਚ ਦੁਆਰੇ ਆਪੇ ਸੱਦ, ਸਚ ਸੰਦੇਸ਼ਾ ਦਏ ਸੁਣਾਇਆ। ਕਰੇ ਕਰਾਏ ਪਾਰ ਹੱਦ, ਪਾਰ ਕਿਨਾਰਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰਾਹ ਚਲਾਇਆ। ਜੁਗ ਜੁਗ ਰਾਹ ਅਵੱਲੜਾ, ਚਲੇ ਚਲਾਏ ਹਰਿ ਨਿਰੰਕਾਰ। ਕਲਜੁਗ ਅੰਤਮ ਕਰਿਆ ਖੇਲ ਸੁਖੱਲੜਾ, ਸੁਖ ਆਤਮ ਦਏ ਆਧਾਰ। ਜੋਤੀ ਸ਼ਬਦੀ ਆਪੇ ਰਲੜਾ, ਪੰਜ ਤਤ ਨਾ ਕੋਇ ਆਕਾਰ। ਸਚ ਸੰਦੇਸ਼ਾ ਇਕੋ ਘੱਲੜਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿ ਜੈਕਾਰ। ਜਨ ਭਗਤ ਦੁਆਰ ਆਪੇ ਖਲੜਾ, ਹਰਿਜਨ ਸਾਚੇ ਪਾਏ ਸਾਰ। ਨਿਹਚਲ ਧਾਮ ਵਖਾਏ ਇਕ ਅਟੱਲੜਾ, ਊਚੋ ਊਚ ਊਚ ਮੁਨਾਰ। ਦੀਪ ਪ੍ਰਕਾਸ਼ ਏਕਾ ਬਲੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਗੰਮ ਅਪਾਰ। ਅਗੰਮ ਅਪਾਰਾ ਖੇਲ ਨਿਆਰਾ, ਹਰਿ ਜੂ ਹਰਿ ਹਰਿ ਆਪ ਕਰਾਈਆ। ਕਲਜੁਗ ਅੰਤਮ ਪਾਰ ਕਿਨਾਰਾ ਵਿਚ ਸੰਸਾਰਾ, ਨਿਰਗੁਣ ਧਾਰਾ ਆਪ ਵਖਾਈਆ। ਊਚ ਨੀਚ ਰਾਓ ਰੰਕ ਦੇ ਸਹਾਰਾ, ਏਕਾ ਨਾਮ ਵਣਜ ਵਪਾਰਾ, ਸਾਚਾ ਹੱਟ ਇਕ ਚਲਾਈਆ। ਏਕਾ ਮੰਦਰ ਗੁਰੂ ਦੁਆਰਾ, ਇਕ ਠਾਕਰ ਸੁਆਮੀ ਪਾਏ ਸਾਰਾ, ਇਕੋ ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਏਕਾ ਸ਼ਬਦ ਇਕ ਜੈਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਰ ਹਰਿ ਆਪਣੀ ਦਇਆ ਕਮਾਈਆ। ਨਰ ਹਰਿ ਨਰਾਇਣ ਜੋਤ ਨਿਰੰਕਾਰ, ਨਿਰਗੁਣ ਆਪਣਾ ਰੂਪ ਵਟਾਇੰਦਾ। ਪੀਤ ਪੀਤੰਬਰ ਸੋਹੇ ਸੀਸ ਦਸਤਾਰ, ਸ਼ਬਦ ਆਧਾਰ ਇਕ ਰਖਾਇੰਦਾ। ਸੱਦਾ ਦੇਵੇ ਦੋ ਜਹਾਨ ਵਾਰੋ ਵਾਰ, ਚਾਰ ਜੁਗ ਵਿਛੜੇ ਮੇਲ ਮਿਲਾਇੰਦਾ।
ਸਾਰੇ ਰਲ ਮਿਲ ਗੌਣਾ ਇਕ ਕਰਤਾਰ, ਕਰਨੀ ਕਰਤਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਇਕ ਗਿਆਨ, ਚਰਨ ਕਵਲ ਸਚ ਧਿਆਨ, ਅਸ਼ਨਾਨ ਅੰਤਰ ਆਤਮ ਇਕ ਕਰਾਇੰਦਾ।
੨੩ ਜੇਠ ੨੦੧੯ ਬਿਕਰਮੀ ਮਾਇਆ ਦੇਵੀ ਦੇ ਗ੍ਰਹਿ ਪਿੰਡ ਸੀੜ ਜੰਮੂ
ਬਿਨ ਦੇਖਿਆਂ ਲਏ ਦੇਖ, ਸਤਿਗੁਰ ਪੂਰੇ ਵਡ ਵਡਿਆਈਆ। ਬਿਨ ਪੇਖਿਆਂ ਲਏ ਪੇਖ, ਪੇਖਤ ਪੇਖਤ ਖ਼ੁਸ਼ੀ ਮਨਾਈਆ। ਬਿਨ ਲੇਖਿਉਂ ਲਿਖੇ ਰੇਖ, ਲੇਖਾ ਆਪਣਾ ਦਏ ਜਣਾਈਆ। ਬਿਨ ਦੇਸੋਂ ਵਸਾਏ ਸਾਚਾ ਦੇਸ, ਆਪ ਆਪਣੀ ਵੰਡ ਵੰਡਾਈਆ। ਬਿਨ ਨਰੇਸ਼ੋਂ ਹੋਏ ਨਰੇਸ਼, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੀ ਵੰਡ ਵੰਡਾਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਗਿਆਨ ਆਪਣਾ ਨਾਉਂ ਜਣਾਇੰਦਾ। ਬਿਨ ਤੀਰਥ ਕਰਾਏ ਅਸ਼ਨਾਨ, ਚਰਨ ਧੂੜ ਆਪ ਨੁਹਾਇੰਦਾ। ਬਿਨ ਵਸਤੋਂ ਦੇਵੇ ਦਾਨ, ਨਾਮ ਅਨਡਿਠੀ ਦੌਲਤ ਆਪ ਵਰਤਾਇੰਦਾ। ਬਿਨ ਪੰਜ ਤਤ ਬਣੇ ਸਾਚਾ ਕਾਹਨ, ਨਿਰਗੁਣ ਨੂਰ ਆਪ ਪ੍ਰਗਟਾਇੰਦਾ। ਬਿਨ ਕਰਨੀ ਦੇਵੇ ਮਾਣ, ਕਰਤਾ ਪੁਰਖ ਜਿਸ ਜਨ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਰਖਾਇੰਦਾ। ਬਿਨ ਜਗਾਇਆਂ ਜਾਏ ਜਾਗ, ਜਾਗਣਹਾਰਾ ਇਕ ਅਖਵਾਈਆ। ਬਿਨ ਭਾਗਾਂ ਲਾਏ ਭਾਗ, ਜਿਸ ਦੁਆਰੇ ਚਰਨ ਛੁਹਾਈਆ। ਬਿਨ ਚਿਰਾਗੋਂ ਜਗਾਏ ਚਿਰਾਗ, ਨੂਰ ਆਪਣਾ ਇਕ ਧਰਾਈਆ। ਬਿਨ ਰੱਸੀਉਂ ਪਕੜੇ ਵਾਗ, ਬਣ ਸੇਵਕ ਸੇਵ ਕਮਾਈਆ। ਬਿਨ ਮਾਘ ਮਜਨ ਕਰਾਏ ਸਾਚੇ ਮਾਘ, ਗੁਰਸਿਖ ਰੱਤੀ ਰੱਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਨੈਣ ਦਰਸਾਈਆ। ਬਿਨ ਜਾਣਿਆਂ ਜਾਏ ਜਾਣ, ਜਾਨਣਹਾਰ ਇਕ ਅਖਵਾਇੰਦਾ। ਬਣ ਨਿਮਾਣਾ ਨਿਮਾਣਿਆਂ ਦੇਵੇ ਮਾਣ, ਮਾਣ ਇਕੋ ਇਕ ਵਖਾਇੰਦਾ। ਜੁਗ ਜੁਗ ਵਿਛੜੇ ਮੇਲੇ ਦਰ ਦਰ ਆਣ, ਦਰ ਦਰਵੇਸ਼ ਖੇਲ ਕਰਾਇੰਦਾ। ਬਿਨ ਰਸਨਾ ਜਿਹਵਾ ਗਾਏ ਗਾਣ, ਗਾਣਾ ਇਕੋ ਇਕ ਅਲਾਇੰਦਾ। ਬਿਨ ਬੱਤੀ ਦੰਦ ਪੀਣ ਖਾਣ, ਅੰਮ੍ਰਿਤ ਰਸ ਇਕ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਰੰਗ ਵਖਾਇੰਦਾ। ਬਿਨ ਰੰਗ ਚੜ੍ਹਾਏ ਰੰਗ, ਰੰਗ ਰੰਗੀਲਾ ਸੱਚਾ ਮਾਹੀਆ। ਬਿਨ ਡੋਰ ਉਡਾਏ ਪਤੰਗ, ਸੁਰਤੀ ਸ਼ਬਦ ਨਾਲ ਬੰਧਾਈਆ। ਬਿਨ ਢਾਹਿਉਂ ਢਾਹੇ ਕੰਧ, ਦੂਈ ਦਵੈਤੀ ਦਏ ਮਿਟਾਈਆ। ਏਕਾ ਦੇਵੇ ਸਚ ਅਨੰਦ, ਅਨੰਦ ਅਨੰਦ ਵਿਚ ਵਖਾਈਆ। ਗੁਰਮੁਖ ਪਾਏ ਬੰਧਨ ਬੰਧ, ਬੰਦੀਖ਼ਾਨਾ ਇਕ ਵਖਾਈਆ। ਜਿਸ ਬੰਦੀਖ਼ਾਨੇ ਭਗਤ ਭਗਵਾਨ ਮਿਲ ਮਿਲ ਗਾਇਣ ਛੰਦ, ਦੂਸਰ ਕੋਇ ਰਹਿਣ ਨਾ ਪਾਈਆ। ਉਪਰ ਚੜ੍ਹੇ ਨਾ ਕੋਇ ਨਾਲ ਕਮੰਦ, ਮਹੱਲ ਅਟੱਲ ਨਜ਼ਰ ਕਿਸੇ ਨਾ ਆਈਆ। ਕੋਟਨ ਕੋਟ ਜੀਵ ਜੰਤ ਸਾਧ ਸੰਤ ਜੁਗ ਜੁਗ ਮੰਗਾਂ ਰਹੇ ਮੰਗ, ਜੰਗਲ ਜੂਹ ਉਜਾੜ ਪਹਾੜ ਧਿਆਨ ਲਗਾਈਆ। ਪੁਰਖ ਬਿਧਾਤਾ ਹਰਿਜਨ ਵਿਰਲੇ ਵਸੇ ਸੰਗ, ਬਣ ਸੰਗੀ ਸਾਥ ਨਿਭਾਈਆ। ਜਨਮ ਜਨਮ ਦਾ ਮੇਟੇ ਪੰਧ, ਬਣ ਪਾਂਧੀ ਫੇਰਾ ਪਾਈਆ। ਸਚਖੰਡ
ਦੀ ਸਾਚੀ ਵੰਡ, ਗੁਰਮੁਖ ਸਾਚੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬਿਨ ਨੇਤਰ ਵੇਖੇ ਨੇਤ, ਨੇੜ ਦੂਰ ਨਾ ਕੋਇ ਰਖਾਇੰਦਾ। ਬਿਨ ਪੁਛਿਆਂ ਕਰੇ ਹੇਤ, ਪੂਰਬ ਲਹਿਣਾ ਝੋਲੀ ਪਾਇੰਦਾ। ਕਲਜੁਗ ਅੰਤਮ ਮੇਟਣਹਾਰਾ ਰੇਖ, ਰੇਖਾ ਆਪਣੀ ਆਪ ਬਦਲਾਇੰਦਾ। ਆਦਿ ਜੁਗਾਦਿ ਰਹੇ ਹਮੇਸ਼, ਹਰਿ ਜੂ ਆਪਣਾ ਖੇਲ ਕਰਾਇੰਦਾ। ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼, ਗਣੇਸ਼ ਗਣਪਤ ਆਪਣੇ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ । ਸਾਚੀ ਕਰਨੀ ਕਰਤਾ ਕਰ ਕਰ, ਜੁਗ ਜੁਗ ਆਪਣਾ ਖੇਲ ਕਰਾਈਆ। ਨਿਰਗੁਣ ਸਰਗੁਣ ਜੋਤ ਧਰ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਕਰੇ ਖੇਲ ਜਨਮੇ ਜਨਮ ਮਰ ਮਰ, ਮਰਨ ਜੰਮਣ ਗੇੜੇ ਵਿਚ ਭੁਆਈਆ। ਵੇਸ ਵਟਾਏ ਉਚ ਮਹੱਲੇ ਚੜ੍ਹ ਚੜ੍ਹ, ਦਰ ਘਰ ਸਾਚੇ ਸੋਭਾ ਪਾਈਆ। ਰਾਗ ਸੁਣਾਏ ਨਿਸ਼ਅੱਖਰ ਪੜ੍ਹ ਪੜ੍ਹ, ਅੰਤਰ ਆਤਮ ਏਕਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਦ ਦਏ ਸਮਝਾਈਆ। ਸਾਚਾ ਨਾਦ ਸ੍ਰੀ ਭਗਵਾਨ, ਸਚਖੰਡ ਨਿਵਾਸੀ ਆਪ ਜਣਾਇੰਦਾ। ਥਿਰ ਘਰ ਵਜਾਏ ਆਪ ਭਗਵਾਨ, ਭਗਵਨ ਆਪਣੀ ਸੇਵ ਕਮਾਇੰਦਾ। ਨਜ਼ਰ ਨਾ ਆਏ ਕੋਇ ਨਿਸ਼ਾਨ, ਆਕਾਰ ਆਕਾਰ ਨਾ ਕੋਇ ਪ੍ਰਗਟਾਇੰਦਾ। ਕਰ ਕਿਰਪਾ ਦੇਵੇ ਦਾਨ, ਗੁਰ ਅਵਤਾਰਾਂ ਅੰਦਰੇ ਅੰਦਰ ਸੁਣਾਇੰਦਾ। ਭਗਤ ਭਗਵੰਤ ਕਰ ਪਰਵਾਨ, ਕਾਇਆ ਚੋਲੀ ਅੰਦਰ ਰਾਗ ਅਲਾਇੰਦਾ। ਸਾਚੇ ਸੰਤਾਂ ਸਤਿ ਨਿਸ਼ਾਨ, ਘਰ ਘਰ ਵਿਚ ਆਪ ਵਖਾਇੰਦਾ। ਨਿਰਗੁਣ ਨਿਰਗੁਣ ਖੇਲ ਮਹਾਨ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਏਕਾ ਦੇਵੇ ਸਚ ਧਿਆਨ, ਚਰਨ ਕਵਲ ਦਰਸਾਇੰਦਾ। ਏਕਾ ਆਤਮ ਦੇ ਗਿਆਨ, ਨਿਸ਼ਅੱਖਰ ਰੂਪ ਵਖਾਇੰਦਾ। ਬੋਲਣਹਾਰਾ ਬੇ ਜ਼ਬਾਨ, ਰਸਨਾ ਜਿਹਵਾ ਨਾ ਕੋਇ ਹਲਾਇੰਦਾ। ਹੁਕਮ ਦੇਵੇ ਇਕ ਫ਼ਰਮਾਣ, ਸਚ ਸੰਦੇਸ਼ਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਦ ਘਰ ਘਰ ਵਿਚ ਆਪ ਅਲਾਇੰਦਾ। ਸਾਚਾ ਨਾਦ ਸ਼ਬਦ ਧੁਨ, ਧੁਨ ਆਤਮਕ ਕਰੇ ਸ਼ਨਵਾਈਆ। ਗੁਰਮੁਖ ਵਿਰਲਾ ਲਏ ਸੁਣ, ਜਿਸ ਹਰਿ ਜੂ ਆਪ ਸੁਣਾਈਆ। ਆਪ ਜਣਾਏ ਆਪਣੇ ਗੁਣ, ਅਵਗੁਣ ਨਾ ਕੋਇ ਵਡਿਆਈਆ। ਲੱਖ ਚੁਰਾਸੀ ਛਾਣ ਪੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਗ ਇਕ ਸਮਝਾਈਆ। ਸਾਚਾ ਰਾਗ ਗੁਰੂ ਗੁਰ ਧਾਰ, ਘਰ ਘਰ ਵਿਚ ਆਪ ਜਣਾਇੰਦਾ। ਕਿਰਪਾ ਕਰ ਅਪਰ ਅਪਾਰ, ਅਪਰੰਪਰ ਆਪਣਾ ਭੇਵ ਖੁਲ੍ਹਾਇੰਦਾ। ਰਸਨਾ ਰਸ ਕਰ ਤਿਆਰ, ਰਸ ਅੰਮ੍ਰਿਤ ਮੁਖ ਚਖਾਇੰਦਾ। ਬੱਤੀ ਦੰਦ ਦੇ ਆਧਾਰ, ਸਚ ਆਧਾਰੀ ਦਇਆ ਕਮਾਇੰਦਾ। ਅੰਦਰੋਂ ਕੱਢਣਹਾਰਾ ਬਾਹਰ, ਆਪਣੀ ਇਛਿਆ ਆਪ ਪ੍ਰਗਟਾਇੰਦਾ। ਪੰਜ ਤਤ ਬੋਲ ਜੈਕਾਰ, ਨਾਦ ਸ਼ਬਦੀ ਨਾਦ ਵਜਾਇੰਦਾ। ਬ੍ਰਹਿਮੰਡ ਵਿਚ ਕਰ ਪਸਾਰ, ਜੇਰਜ ਅੰਡ ਆਪ ਸਮਝਾਇੰਦਾ। ਕਲਮ ਸ਼ਾਹੀ ਕਰ ਤਿਆਰ, ਸਰਗੁਣ ਆਪਣੀ ਧਾਰ ਜਣਾਇੰਦਾ। ਅੱਖਰ ਅੱਖਰ ਕਰ ਪਸਾਰ, ਪਸਰ ਪਸਾਰੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਖੇਲ ਅਨਾਦੀ ਸ਼ਬਦੀ ਬੋਧ, ਬੋਧ ਗਿਆਨ ਦ੍ਰਿੜਾਈਆ। ਭਗਤ ਭਗਵੰਤ ਹਿਰਦਾ ਸੋਧ, ਹਰਿ ਕੇ ਪੌੜੇ ਦਏ ਚੜ੍ਹਾਈਆ। ਜੀਵਣ ਜੁਗਤ ਨਾ ਕਰੇ ਜੋਧ, ਜੋਧਾ ਆਪਣਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਦ ਆਪ ਪ੍ਰਗਟਾਈਆ। ਸਾਚਾ ਨਾਦ ਆਏ ਬਾਹਰ,
ਰਸਨਾ ਜਿਹਵਾ ਗੁਣ ਗੁਣ ਗਾਈਆ। ਅੰਤਰ ਅੱਖਰ ਹੋਏ ਉਜਿਆਰ, ਨਿਰਗੁਣ ਸਰਗੁਣ ਰੂਪ ਵਖਾਈਆ। ਲੋਕਮਾਤ ਕਰ ਤਿਆਰ, ਗੁਰ ਗੁਰ ਸੇਵਾ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੱਖਰ ਰੱਖੇ ਵੱਖਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੋਟੀ ਚੜ੍ਹ ਕੇ ਬੈਠਾ ਸਿਖਰ, ਸਿਕ ਗੁਰਮੁਖ ਮਿਲਣ ਦੀ ਇਕ ਰਖਾਈਆ।
੨੩ ਜੇਠ ੨੦੧੯ ਬਿਕਰਮੀ ਦੌਲਤ ਰਾਮ ਦੇ ਗ੍ਰਹਿ ਪਿੰਡ ਕਲੋਏ ਜੰਮੂ
ਹਰਿ ਕਿਰਪਾ ਗੁਰ ਹੋਏ ਦਿਆਲ, ਗੁਰ ਕਿਰਪਾ ਮਿਲੇ ਜੀਵ ਵਡਿਆਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਘਰ ਘਰ ਵਿਚ ਬੂਝ ਬੁਝਾਈਆ। ਜੋਤ ਨਿਰੰਜਣ ਦੀਪਕ ਏਕਾ ਬਾਲ, ਅੰਧ ਅੰਧੇਰ ਦਏ ਗਵਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਸਮਝਾਈਆ। ਆਤਮ ਪਰਮਾਤਮ ਵਸੇ ਨਾਲ, ਸਗਲਾ ਸੰਗ ਰਖਾਈਆ। ਭੈ ਬਿਆਪੇ ਨਾ ਕੋਈ ਕਾਲ, ਰਾਏ ਧਰਮ ਨਾ ਦਏ ਸਜਾਈਆ। ਲੇਖੇ ਲੱਗੇ ਪੰਜ ਤਤ ਕਾਇਆ ਮਾਟੀ ਖਾਲ, ਹੱਡ ਮਾਸ ਨਾੜੀ ਰੱਤ ਕਰਤਾ ਕੀਮਤ ਪਾਈਆ। ਹਰਿ ਕਾ ਨਾਉਂ ਜੋ ਜਨ ਘਾਲਣ ਰਹੇ ਘਾਲ, ਕੀਤੀ ਘਾਲ ਲੇਖੇ ਪਾਈਆ। ਵੇਲੇ ਅੰਤ ਕਰੇ ਪ੍ਰਿਤਪਾਲ, ਏਥੇ ਓਥੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਭਗਤੀ ਇਕ ਦ੍ਰਿੜਾਈਆ। ਸਾਚੀ ਭਗਤੀ ਆਤਮ ਰੰਗ, ਗੁਰ ਸਤਿਗੁਰ ਆਪ ਦ੍ਰਿੜਾਇੰਦਾ। ਹਰਿ ਕਿਰਪਾ ਨਾਤਾ ਤੁੱਟੇ ਭੁੱਖ ਨੰਗ, ਸਤਿ ਸੰਤੋਖ ਧੀਰਜ ਸਤਿ, ਜਤ ਗਿਆਨ ਇਕ ਸਮਝਾਇੰਦਾ। ਕਾਇਆ ਅੰਤਰ ਪਏ ਠੰਡ, ਮਨ ਮਨਸਾ ਮੋਹ ਚੁਕਾਇੰਦਾ। ਭਰਮ ਭੁਲੇਖਾ ਦੂਈ ਦਵੈਤੀ ਢਾਹ ਕੰਧ, ਨੂਰ ਜ਼ਹੂਰ ਇਕ ਕਰਾਇੰਦਾ। ਬ੍ਰਹਮ ਪਾਰਬ੍ਰਹਮ ਸੁਣਾਏ ਛੰਦ, ਗੀਤ ਗੋਬਿੰਦ ਇਕ ਅਲਾਇੰਦਾ। ਦਿਵਸ ਰੈਣ ਰਹੇ ਅਨੰਦ, ਅੱਠੇ ਪਹਿਰ ਜਾਮ ਪਿਆਇੰਦਾ। ਜਨਮ ਜਨਮ ਦੀ ਟੁੱਟੀ ਗੰਢ, ਜੁਗ ਜੁਗ ਪਾਰ ਕਰਾਇੰਦਾ। ਦੀਨ ਦਿਆਲ ਸਦਾ ਬਖ਼ਸ਼ੰਦ, ਠਾਕਰ ਸੁਆਮੀ ਹਰਿਜਨ ਆਪ ਉਠਾਇੰਦਾ। ਲੇਖਾ ਜਾਣੇ ਰਸਨਾ ਜਿਹਵਾ ਬੱਤੀ ਦੰਦ, ਘਟ ਘਟ ਅੰਦਰ ਖੋਜ ਖੁਜਾਇੰਦਾ। ਮਾਣਸ ਜਨਮ ਬੇੜਾ ਬੰਨ੍ਹ, ਲੋਕਮਾਤ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਦਇਆਵਾਨ ਦੀਨ ਦਿਆਲਾ, ਪਾਰਬ੍ਰਹਮ ਪਤਿਪਰਮੇਸ਼ਵਰ ਵਡੀ ਵਡਿਆਈਆ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਇਕੋ ਮੰਤਰ ਨਾਮ ਪੜ੍ਹਾਈਆ। ਗੁਰ ਗੁਰ ਰੂਪ ਹੋਏ ਦਲਾਲਾ, ਸਚ ਦਲਾਲੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸ੍ਰੀ ਭਗਵਾਨ, ਹਰਿ ਜੂ ਆਪਣਾ ਖੇਲ ਕਰਾਇੰਦਾ। ਗੁਰ ਗੁਰ ਦੇਵੇ ਏਕਾ ਦਾਨ, ਗੁਰਮੁਖਾਂ ਝੋਲੀ ਆਪ ਭਰਾਇੰਦਾ। ਘਰ ਮੇਲਾ ਸੁਰਤੀ ਸ਼ਬਦੀ ਕਾਹਨ, ਗੋਪੀ ਆਪਣਾ ਨਾਚ ਨਚਾਇੰਦਾ। ਭੇਵ ਚੁਕਾਏ ਸੀਤਾ ਰਾਮ, ਰਾਮ ਸੀਤਾ ਇਕੋ ਰੰਗ ਵਖਾਇੰਦਾ। ਸ਼ਬਦ ਅਗੰਮੀ ਤੀਰ ਨਿਰਾਲਾ ਉਠਾਏ ਬਾਣ, ਅਣਿਆਲਾ ਆਪ ਚਲਾਇੰਦਾ। ਨਾਤਾ ਤੋੜੇ ਪੰਜ ਸ਼ੈਤਾਨ, ਝੂਠੀ ਸ਼ਰਅ ਨਾ ਕੋਇ ਵਖਾਇੰਦਾ। ਏਕਾ ਨਾਦ ਸੁਣਾਏ ਕਾਨ, ਧੁੰਨ ਅਨਾਦੀ ਆਪ ਅਲਾਇੰਦਾ। ਕਰ ਪਰਕਾਸ਼ ਕੋਟਨ ਭਾਨ, ਗੁਰ ਸਤਿਗੁਰ ਵੇਖ ਵਖਾਇੰਦਾ। ਲੱਗੇ ਭਾਗ ਸਚ ਮਕਾਨ, ਕਾਇਆ ਕੰਚਨ ਗੜ੍ਹ ਵਡਿਆਇੰਦਾ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮਿਲਾਏ ਆਪਣੇ ਘਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਸੋਹੇ ਠਾਂਡਾ ਦਰਬਾਰ, ਪੰਚਮ ਪੰਚ ਜੋੜ ਜੁੜਾਇਆ। ਕਮਲਾਪਾਤੀ ਕਰੇ ਪਿਆਰ, ਬੂੰਦ ਸਵਾਂਤੀ ਅੰਮ੍ਰਿਤ ਮੁਖ ਚੁਆਇਆ। ਮੇਟੇ ਅੰਧੇਰੀ ਰਾਤੀ ਧੂੰਆਧਾਰ, ਜੋਤ ਨਿਰੰਜਣ ਕਰ ਰੁਸ਼ਨਾਇਆ। ਦੇਵੇ ਦਰਸ ਦੀਨ ਦਿਆਲ, ਦੀਦਾਰ ਸੁਅੱਛ ਸਰੂਪੀ ਰੂਪ ਵਖਾਇਆ। ਆਸ਼ਾ ਤ੍ਰਿਸ਼ਨਾ ਹਉਮੇ ਹੰਗਤਾ ਦੇਵੇ ਮਾਰ, ਸਾਚੀ ਸੰਗਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਏਕਾ ਅੱਖਰ ਨਾਮ ਪੜ੍ਹਾਇਆ। ਸਾਚੀ ਸਿਖਿਆ ਗੁਰ ਸ਼ਬਦ ਵੀਚਾਰ, ਗੁਰ ਗੁਰ ਬੂਝ ਬੁਝਾਈਆ। ਚਰਨ ਕਵਲ ਕਵਲ ਚਰਨ ਧਰਤ ਧਵਲ ਦਏ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਵਰਨ ਗੋਤ ਜ਼ਾਤ ਪਾਤ ਊਚ ਨੀਚ ਦੁੱਖ ਦਏ ਨਿਵਾਰ, ਆਤਮ ਪਰਮਾਤਮ ਨਾਤਾ ਜੋੜ ਜੁੜਾਈਆ। ਬ੍ਰਹਮ ਰੂਪ ਨਜ਼ਰ ਆਏ ਸੰਸਾਰ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਏਕਾ ਨੂਰ ਦਏ ਦਰਸਾਈਆ। ਏਕਾ ਨੂਰ ਸਾਚਾ ਦਰਸ, ਗੁਰ ਸਤਿਗੁਰ ਆਪ ਕਰਾਇੰਦਾ। ਜਨਮ ਜਨਮ ਦੀ ਮੇਟੇ ਹਰਸ, ਸਾਂਤਕ ਸਤਿ ਸਤਿ ਵਰਤਾਇੰਦਾ। ਅੰਮ੍ਰਿਤ ਮੇਘ ਇਕੋ ਬਰਸ, ਤ੍ਰੈਗੁਣ ਅਗਨੀ ਤਤ ਬੁਝਾਇੰਦਾ। ਏਕਾ ਰਾਗ ਸੁਣਾਏ ਤਰਜ਼, ਸਾਚਾ ਢੋਲਾ ਏਕਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਟੇ ਵਿਛੋੜਾ ਦਰਦ, ਦਰਦੀ ਆਪਣਾ ਦਰਦ ਵੰਡਾਇੰਦਾ। ਦਰਦੀ ਦਰਦ ਵੰਡਾਏ ਦੀਨਾਂ ਨਾਥ, ਅਨਾਥ ਅਨਾਥਾਂ ਹੋਏ ਸਹਾਈਆ। ਹਰਿ ਭਗਤ ਚੜ੍ਹਾਏ ਸਾਚੇ ਰਾਥ, ਮਹਾਸਾਰਥੀ ਬਣ ਰਥਵਾਹੀ ਸੇਵ ਕਮਾਈਆ। ਪਾਰ ਕਿਨਾਰੇ ਲਾਏ ਘਾਟ, ਪੱਤਣ ਬੈਠਾ ਸੱਚਾ ਮਾਹੀਆ। ਜੁਗ ਚੌਕੜੀ ਅੰਤ ਭਗਵੰਤ ਜਨ ਭਗਤਾਂ ਪੁੱਛੇ ਵਾਤ, ਨਿਤ ਨਵਿਤ ਕਰ ਕਰ ਹਿੱਤ, ਲੋਕਮਾਤ ਫੇਰਾ ਪਾਈਆ। ਕਲਜੁਗ ਅੰਤ ਏਕਾ ਅੱਖਰ ਦੇਵੇ ਦਾਤ, ਆਤਮ ਪਰਮਾਤਮ ਕਰੇ ਸਚ ਪੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਪਿਤ ਮਾਤ, ਨਿਰਗੁਣ ਸਰਗੁਣ ਆਪਣੀ ਗੋਦ ਉਠਾਈਆ।