ਪੁਸਤਕਾਲਾਭਾਗ ੧੩

੧੭ ਮੱਘਰ ੨੦੧੯ ਬਿਕਰਮੀ ਵਰਖਾ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ

ਤੂੰ ਕੌਣ ਤਾਜਾਂ ਵਾਲਾ ਤਾਜੂ, ਸਾਨੂੰ ਤਾਜ ਰਿਹਾ ਵਖਾਈਆ। ਰਾਵੀ ਕੰਢੇ ਫਿਰੇਂ ਬਣ ਕੇ ਬਾਬੂ, ਬਾਬਲ ਆਪਣਾ ਰੂਪ ਛੁਪਾਈਆ। ਐਂਵੇਂ ਝੇੜਾ ਪਾਇਆ ਵਾਧੂ, ਸ੍ਰਿਸ਼ਟ ਸਬਾਈ ਰਿਹਾ ਨਚਾਈਆ। ਹੁਕਮੇ ਅੰਦਰ ਕਰ ਕਾਬੂ, ਬਚਿਆ ਕੋਏ ਰਹਿਣ ਨਾ ਪਾਈਆ। ਪਿਛੇ ਗੁਰ ਅਵਤਾਰ ਪੀਰ ਪੈਗ਼ੰਬਰ ਸਾਡੇ ਘੱਲਦਾ ਰਿਹੋਂ ਚਾਚੂ, ਪਿਤਾ ਹੱਥ ਕਿਸੇ ਨਾ ਆਈਆ। ਕਲਜੁਗ ਅੰਤਮ ਬਣ ਕੇ ਆਇਉਂ ਬਾਪੂ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਵੇਖ ਨਿੱਕੇ ਨਿੱਕੇ ਬਾਲੇ ਕਾਕੂ, ਕੱਕੇ ਬੂਰੇ ਥਾਉਂ ਥਾਈਂਆ। ਨੌਂ ਖੰਡ ਪ੍ਰਿਥਮੀ ਤੇਰਾ ਹੁਕਮ ਬਣੇ ਡਾਕੂ, ਡਾਕਾ ਘਰ ਘਰ ਦਏ ਲਗਾਈਆ। ਸਭ ਦੇ ਤੋੜ ਸੱਜਣ ਸਾਕੂ, ਨਾਤਾ ਕੋਇ ਨਜ਼ਰ ਨਾ ਆਈਆ। ਬਿਨ ਹੱਥਾਂ ਬਾਹਵਾਂ ਕਰ ਲੈ ਕਾਚੂ, ਕੁਚਲਦੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਉਂ ਐਂਵੇਂ ਰਿਹਾ ਤਰਸਾਈਆ। ਤਾਜਾਂ ਵਾਲੇ ਤੇਰਾ ਤਜਰਬਾ, ਭੇਵ ਕੋਇ ਨਾ ਆਈਆ। ਲੇਖਾ ਜਾਣੇ ਅਰਬਾਂ ਖ਼ਰਬਾਂ, ਖ਼ਰਬਾਂ ਅਰਬਾਂ ਪਦਮਾਂ ਵਿਚ ਵਟਾਈਆ। ਦੋ ਜਹਾਨਾਂ ਨਿਰਗੁਣ ਸਰਗੁਣ ਦੇਂਦਾ ਰਹੇਂ ਜ਼ਰਬਾਂ, ਤਕਸੀਮ ਆਪਣੇ ਹੱਥ ਰਖਾਈਆ। ਮਰਦਾਂ ਨਾਲ ਮਿਲੌਂਦਾ ਰਿਹੋਂ ਮਰਦਾਂ, ਮਰਦ ਮਰਦਾਨਗੀ ਇਕ ਜਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਆਪ ਬੈਠਾ ਰਿਹੋਂ ਡਰਦਾ, ਲੋਕਮਾਤ ਨਾ ਫੇਰਾ ਪਾਈਆ। ਦੂਰ ਦੁਰਾਡਾ ਹੁਕਮ ਰਿਹੋਂ ਘੱਲਦਾ, ਗੁਰ ਅਵਤਾਰ ਸੇਵਾ ਲਾਈਆ। ਨਿਰਗੁਣ ਹੋ ਕੇ ਸਰਗੁਣ ਰਿਹੋਂ ਸੜਦਾ, ਅਗਨੀ ਤੱਤ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵੱਜੇ ਵਧਾਈਆ। ਦੋ ਜਹਾਨਾਂ ਫਿਰੇਂ ਮਿਣਦਾ, ਮਿਣਤੀ ਆਪਣੇ ਹੱਥ ਰਖਾਈਆ। ਮੰਡਲ ਮੰਡਪ ਤਾਰੇ ਫਿਰੇਂ ਗਿਣਦਾ, ਗਿਣਤੀ ਆਪਣੀ ਰਿਹਾ ਕਰਾਈਆ। ਭਗਤ ਦੁਆਰੇ ਨੀਹਾਂ ਆਪੇ ਚਿਣਦਾ, ਚੰਦ ਆਪਣਾ ਕਰ ਰੁਸ਼ਨਾਈਆ। ਖੇਲ ਕਰੇਂ ਛਿੰਨ ਛਿੰਨ ਦਾ, ਸ਼ਹਿਨਸ਼ਾਹ ਆਪਣਾ ਵੇਸ ਵਟਾਈਆ। ਤੇਰਾ ਅੰਤਮ ਲੇਖਾ ਤਿੰਨ ਦਿਨ ਦਾ, ਤ੍ਰੈਲੋਕਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਸਰਬ ਲੋਕਾਈਆ। ਲੋਕਾਈ ਵੇਖੇ ਮੁਰੱਬਾ ਮੁਸਤਤੀਲ, ਮੁੰਨਕਿਲ ਸਭ ਨੂੰ ਆਪ ਕਰਾਇੰਦਾ। ਪਿਛੇ ਪੌਂਦਾ ਰਿਹਾ ਤਾਅਤੀਲ, ਅੰਤਮ ਮੁਸਤਕਲ ਆਪਣਾ ਹੁਕਮ ਜਣਾਇੰਦਾ। ਕਿਸੇ ਦੀ ਮੰਨੇ ਨਾ ਕੋਇ ਦਲੀਲ, ਦਲੇਰ ਹੋ ਕੇ ਆਪਣਾ ਹੁਕਮ ਮਨਾਇੰਦਾ। ਸੰਤ ਸੁਹੇਲੇ ਲਏ ਮੇਲ, ਮਿਲਾਵਾ ਇਕੋ ਘਰ ਜਣਾਇੰਦਾ। ਨਿਰਗੁਣ ਹੋ ਕੇ ਖੇਲੇ ਖੇਲ, ਖ਼ਾਲਕ ਖ਼ਲਕ ਆਪ ਉਠਾਇੰਦਾ। ਦੋ ਜਹਾਨਾਂ ਕਰ ਕੇ ਵੇਹਲ, ਵੇਹਲਾ ਆਪਣਾ ਰੰਗ ਰੰਗਾਇੰਦਾ। ਕਲਜੁਗ ਅੰਤਮ ਜੋ ਨਿਹਕਲੰਕ ਦੁਆਰੇ ਹੋ ਗਿਆ ਫ਼ੇਲ, ਤਿਸ ਮਕਤਬ ਹੋਰ ਨਾ ਕੋਇ ਵਖਾਇੰਦਾ। ਸਦਾ ਰਹੇ ਧਰਮ ਰਾਏ ਦੀ ਜੇਲ, ਚੁਰਾਸੀ ਗੇੜਾ ਗੇੜ ਵਖਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਫ਼ੇਲ ਪਾਸ ਇਕੋ ਸਬਕ, ਬਿਨ ਅੱਖਰਾਂ ਕਰੇ ਪੜ੍ਹਾਈਆ। ਜਿਸ ਨੂੰ ਪੜ੍ਹ ਨਾ ਸਕੇ ਚੌਦਾਂ ਤਬਕ, ਚੌਦਾਂ ਲੋਕ ਕਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਤਭਕ, ਤਬਅ ਸਭ ਦੀ ਰਿਹਾ ਬਦਲਾਈਆ। ਪੜ੍ਹੌਣ ਵਾਲਾ ਜਦੋਂ ਸ਼ੇਰ ਮਾਰੇ ਭਬਕ, ਸਭ ਨੂੰ ਮੂੰਹ ਦੇ ਭਾਰ ਸੁਟਾਈਆ । ਵੇਖੋ ਹਰਿ ਜੂ ਕਰੇ ਆਪਣਾ ਕਰਤਬ, ਕੁਦਰਤ ਹੁਕਮ ਵਿਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ੇਲ ਪਾਸ ਬਿਨ ਸਬਕੋਂ ਵੇਖ ਵਖਾਈਆ । ਫ਼ੇਲ ਪਾਸ ਨਾ ਕੋਇ ਪੱਟੀ, ਇਬਾਰਤ ਜਗਤ ਨਾ ਕੋਇ ਲਿਖਾਇੰਦਾ। ਕਲਮ ਸ਼ਾਹੀ ਨਾ ਮੰਗਾਏ ਕਿਸੇ ਹੱਟੀ, ਕਾਗ਼ਜ਼ ਨਾਲ ਨਾ ਕੋਇ ਮਿਲਾਇੰਦਾ। ਉਂਗਲਾਂ ਨਾਲ ਨਾ ਰਿਹਾ ਦੱਸੀ, ਅਲਫ਼ ਯੇ ਨਾ ਕੋਇ ਜਣਾਇੰਦਾ। ਪ੍ਰੇਮ ਪਿਆਰ ਅੰਦਰ ਜੋ ਫ਼ਸੀ, ਤਿਸ ਕਰ ਪਾਸ ਨਾਤਾ ਫ਼ੇਲ ਤੁੜਾਇੰਦਾ। ਤਾਜ ਵਾਲੇ ਤਖ਼ਤੀ ਸ਼ਾਹ, ਸ਼ਹਿਨਸ਼ਾਹ ਤੇਰੀ ਵਡਿਆਈਆ। ਇਕ ਵਾਰ ਮੁਖ ਦਿਖਾ, ਨੇਤਰ ਨੈਣ ਰਾਹ ਤਕਾਈਆ। ਲੁਕਵੀਂ ਖੇਲ ਦੇ ਹਟਾ, ਆਪਣਾ ਪਰਦਾ ਦੇ ਚੁਕਾਈਆ। ਇਕ ਵਖਾ ਸੱਚਾ ਥਾਂ, ਜਿਸ ਥਾਂ ਮਿਲੇ ਵਡਿਆਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਂ, ਮਿਹਰ ਨਜ਼ਰ ਰਿਹਾ ਟਿਕਾਈਆ। ਜਨ ਭਗਤਾਂ ਪਕੜੇ ਬਾਂਹ, ਬਾਹੋਂ ਫੜ ਫੜ ਰਿਹਾ ਉਠਾਈਆ। ਸਚ ਬਬਾਣੇ ਇਕ ਚੜ੍ਹਾ, ਨਿਸ਼ਾਨਾ ਇਕੋ ਇਕ ਜਣਾਈਆ। ਜਿਸ ਨੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਿਆ ਨਾਂ, ਤਿਸ ਏਥੇ ਓਥੇ ਆਪਣੇ ਸੰਗ ਰਲਾਈਆ। ਤੇਰਾ ਸੰਗ ਦਿਸੇ ਦੂਰ, ਦੂਰ ਦੁਰਾਡਾ ਨਜ਼ਰ ਨਾ ਆਇੰਦਾ। ਪੁਰਖ ਅਬਿਨਾਸ਼ੀ ਕਹੇ ਮੈਂ ਹਾਜ਼ਰ ਹਜ਼ੂਰ, ਨੇਰਨ ਨੇਰਾ ਫੇਰਾ ਪਾਇੰਦਾ। ਅੱਗੇ ਕਰੋ ਨਾ ਮੈਨੂੰ ਮਜ਼ਬੂਰ, ਮਜ਼ਬੂਰੀ ਸਭ ਦੀ ਆਪ ਕਟਾਇੰਦਾ। ਪਿਛਲਾ ਬਖ਼ਸ਼ੋ ਸਰਬ ਕਸੂਰ, ਅੱਗੇ ਕਸਰ ਨਾ ਕੋਇ ਰਖਾਇੰਦਾ। ਮੈਥੋਂ ਕੰਮ ਲਿਓ ਘੂਰ ਘੂਰ, ਘੁਰਕੀ ਮੈਂ ਨਾ ਹੁਣ ਵਖਾਇੰਦਾ। ਫੜ ਕੇ ਅੱਗੇ ਲਾਓ ਜੱਟ ਮੂੜ੍ਹ, ਮੁਫ਼ਤ ਤੁਹਾਡੀ ਸੇਵ ਕਮਾਇੰਦਾ। ਸਾਰਿਆਂ ਨੂੰ ਦੱਸੋ ਸ੍ਰੀ ਭਗਵਾਨ ਲੱਭਾ ਮਜ਼ੂਰ, ਬਿਨ ਮਜ਼ੂਰੀਉਂ ਮੁਰਸ਼ਦ ਮੁਰੀਦਾਂ ਸੇਵਾ ਕਮਾਇੰਦਾ। ਜੇ ਤੁਹਾਡੇ ਘਰ ਹੋਏ ਹਨੇਰਾ ਆਪਣਾ ਜੋਤੀ ਦੇਵਾਂ ਨੂਰ, ਨੂਰ ਵੇਖ ਵੇਖ ਖ਼ੁਸ਼ੀ ਮਨਾਇੰਦਾ। ਤੁਹਾਡਾ ਆਪਣੀ ਝੋਲੀ ਪਾਵਾਂ ਕੂੜ, ਸਚ ਤੁਹਾਡੇ ਘਰ ਵਸਾਇੰਦਾ। ਤੁਹਾਡੀ ਆਸਾ ਕਰਾਂ ਪੂਰ, ਆਪਣੀ ਆਸਾ ਹੋਰ ਵਧਾਇੰਦਾ। ਆਪਣਾ ਤਾਜ ਗੁਰਮੁਖਾਂ ਦੇ ਸਿਰ ਤੇ ਰੱਖਾਂ ਜ਼ਰੂਰ, ਹੋ ਮਜ਼ਬੂਰ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਮਗਰੀ ਇਕੋ ਇਕ ਵਰਤਾਇੰਦਾ। ਵਲ ਛਲ ਤੇਰਾ ਡੂੰਘਾ ਰਾਜ਼, ਰਾਜ਼ਕ ਨਜ਼ਰ ਕਿਸੇ ਨਾ ਆਈਆ। ਜੁਗ ਜੁਗ ਕਰਦਾ ਰਿਹੋਂ ਸਾਜ਼ ਬਾਜ਼, ਬਾਜ਼ੀਗਰ ਨਟ ਨਟੂਆ ਸਾਂਗ ਵਰਤਾਈਆ। ਚਾਰ ਵਰਨ ਬਣਾ ਸਮਾਜ, ਘਰ ਘਰ ਵੰਡ ਵੰਡਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੱਲਾ ਵਾਹਿਗੁਰੂ ਰਾਮ ਨਾਮ ਦਿਤਾ ਦਾਜ, ਪਟਾਰੀ ਆਪਣਾ ਨਾਮ ਫੜਾਈਆ। ਲੋਕਮਾਤ ਰਚ ਰਚ ਕਾਜ, ਕਾਦਰ ਆਪਣੀ ਖੇਲ ਕਰਾਈਆ। ਕਿਸੇ ਸੁਤਿਆਂ ਮਾਰ ਆਵਾਜ਼, ਕਿਸੇ ਜਾਗਦਿਆਂ ਲਿਆ ਮਿਲਾਈਆ। ਕਿਸੇ ਦਾ ਡੁੱਬਦਾ ਤਾਰਿਆ ਜਹਾਜ਼, ਕਿਸੇ ਦਾ ਤਰਦਾ ਦਿਤਾ ਡੁਬਾਈਆ। ਧੰਨ ਧੰਨ ਤੈਨੂੰ ਕਹਿੰਦੇ ਗਏ ਗੁਰੂ ਮਹਾਰਾਜ, ਬੇਅੰਤ ਤੇਰੀ ਵਡਿਆਈਆ। ਜੁਗ ਚੌਕੜੀ ਵੇਂਹਦਾ ਰਿਹੋਂ ਖੇਲ ਤਮਾਸ਼, ਨਿਰਗੁਣ ਆਪਣਾ ਮੁਖ ਛੁਪਾਈਆ। ਭਗਤਾਂ ਨਾਲ ਕਰਦਾ ਰਿਹੋਂ ਹਾਸ ਬਲਾਸ, ਕਬੀਰ ਜੁਲਾਹੇ ਗੰਗਾ ਵਿਚ ਰੁੜ੍ਹਾਈਆ। ਇਕ ਵਾਰ ਕਰ ਕੇ ਸਾਰੇ ਨਰਾਸ, ਫੇਰ ਅੰਤ ਹੋਏਂ ਸਹਾਈਆ।

ਅਸੀਂ ਤੇਰੀ ਪਿਛਲੀ ਨਹੀਂ ਮੰਨਣੀ ਬਾਤ, ਅੱਗੇ ਆਪਣੀ ਰੀਤ ਜਣਾਈਆ । ਜਿੰਨਾਂ ਚਿਰ ਦਰਸ ਨਾ ਦੇਵੇਂ ਸਾਖਿਆਤ, ਸਾਜਣ ਤੈਨੂੰ ਨਾ ਕੋਇ ਅਖਵਾਈਆ। ਪੁਰਖ ਅਬਿਨਾਸ਼ੀ ਮੰਨ ਕੇ ਕਹਿਣਾ ਹੋਇਆ ਦਾਸ, ਘਰ ਘਰ ਫੇਰਾ ਪਾਈਆ। ਡਰਦਾ ਫਿਰਦਾ ਸੁਣਾਏ ਗਾਥ, ਆਪਣਾ ਢੋਲਾ ਗਾਈਆ। ਉਂਗਲਾਂ ਨਾਲ ਲਗਾਈ ਫਿਰੇ ਤ੍ਰਲੋਕੀ ਨਾਥ, ਕ੍ਰਿਸ਼ਨ ਬਾਲਿਆਂ ਵਾਂਗ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਛਲ ਛਲ ਧਾਰੀ, ਭਗਤ ਵਛਲ ਗਿਰਧਾਰੀ, ਗਿਰਵਰ ਆਪਣਾ ਫੇਰਾ ਪਾਈਆ। ਗਿਰਵਰ ਗਿਰਧਾਰ ਮੁਕੰਦ ਮਨੋਹਰ ਲਖਮੀ ਨਰਾਇਣ, ਨਰ ਹਰਿ ਆਪਣੀ ਖੇਲ ਕਰਾਇੰਦਾ। ਸਿਫ਼ਤ ਸਾਲਾਹੀ ਬੇਪਰਵਾਹੀ ਕੋਈ ਨਾ ਸਕੇ ਕਹਿਣ, ਕਹਿ ਕਹਿ ਅੰਤ ਨਾ ਕੋਇ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭਾਣਾ ਸਿਰ ਤੇ ਸਹਿਣ, ਸਹਿ ਸਹਿ ਸ਼ੁਕਰ ਮਨਾਇੰਦਾ। ਕਲਜੁਗ ਅੰਤਮ ਭਗਤ ਭਗਵੰਤ ਆਇਆ ਲੈਣ, ਲਹਿਣਾ ਦੇਣਾ ਮੂਲ ਚੁਕਾਇੰਦਾ। ਆਓ ਵੇਖੋ ਦਰਸ਼ਨ ਨੈਣ, ਨੇਤਰ ਨੈਣ ਸਰਬ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਲ ਛਲ ਆਪਣਾ ਰਾਹ ਚਲਾਇੰਦਾ। ਵਲ ਛਲ ਧਾਰੀ, ਤੇਰਾ ਡੂੰਘਾ ਸਾਗਰ, ਦੋ ਜਹਾਨ ਨਜ਼ਰ ਨਾ ਆਈਆ। ਚਾਰ ਜੁਗ ਖੇਲ ਕਰਦਾ ਰਿਹੋਂ ਪੰਜ ਤੱਤ ਕਾਇਆ ਗਾਗਰ, ਗੁਰ ਅਵਤਾਰ ਨਾਉਂ ਧਰਾਈਆ। ਆਪਣਾ ਨਾਮ ਹੱਟੋ ਹੱਟ ਵੇਚਦਾ ਰਿਹੋਂ ਬਣ ਸੌਦਾਗਰ, ਵਣਜਾਰੇ ਗੁਰ ਗੁਰ ਰੂਪ ਵਖਾਈਆ। ਸਾਰੇ ਤੈਨੂੰ ਕਹਿੰਦੇ ਗਏ ਕਰੀਮ ਕਾਦਰ, ਕਰਤਾ ਪੁਰਖ ਬੇਪਰਵਾਹੀਆ। ਤੇਰਾ ਮੰਨਦੇ ਗਏ ਸਾਰੇ ਆਡਰ, ਅੱਡਾ ਬੈਠਾ ਨਾ ਕੋਇ ਜਮਾਈਆ। ਕਲਜੁਗ ਅੰਤਮ ਬਣਿਉਂ ਆਪ ਬਹਾਦਰ, ਨਿਰਗੁਣ ਆਪਣਾ ਫੇਰਾ ਪਾਈਆ। ਜਿਉਂ ਤੇਗ ਬਹਾਦਰ ਦੀ ਚਿੱਟੀ ਚਾਦਰ, ਤੇਗ਼ ਸ਼ਮਸ਼ੀਰ ਸ਼ਮਸ ਖੜਕਾਈਆ। ਜਿਉਂ ਗੋਬਿੰਦ ਦਿਤਾ ਆਦਰ, ਪੁਰਖ ਅਕਾਲ ਆਦਰਸ਼ ਵਖਾਈਆ। ਅੰਤ ਕਲ ਜਨ ਭਗਤਾਂ ਪਿਛੇ ਹੋਇਉਂ ਪਾਗਲ, ਆਪਣੀ ਸੁਧ ਨਾ ਕੋਇ ਰਖਾਈਆ। ਚਾਰੋਂ ਕੁੰਟ ਵੇਖ ਅੰਧੇਰੇ ਬਾਦਲ, ਆਪਣਾ ਨੂਰ ਕਰੇਂ ਰੁਸ਼ਨਾਈਆ। ਅੰਤ ਕਰੇਂ ਸਤਿ ਤਬਾਦਲ, ਅਦਲਾ ਬਦਲੀ ਖੇਲ ਰਚਾਈਆ। ਹਰਿਜਨ ਮਿਲੇ ਇਕੋ ਬਾਬਲ, ਦੋ ਜਹਾਨਾਂ ਹੋਏ ਸਹਾਈਆ। ਹਰਿ ਸੰਗਤ ਵਿਚ ਬੈਠਾ ਵਲੀ ਕੰਧਾਰੀ ਜੋ ਆਇਆ ਵਿਚੋਂ ਕਾਬਲ, ਖੇਲ ਨਾਨਕ ਨਾਲ ਕਰਾਈਆ। ਮੰਗਿਆ ਵਰ ਪ੍ਰਭ ਮਿਲੇ ਆਦਲ, ਅਦਾਲਤ ਆਪਣੀ ਦਏ ਜਣਾਈਆ। ਗੁਰ ਨਾਨਕ ਕਹੇ ਪੁਰਖ ਅਕਾਲ ਇਕੋ ਕਾਬਲ, ਕਬਜ਼ਾ ਸਭ ਦੇ ਉਤੇ ਰਖਾਈਆ। ਤੇਰਾ ਲੇਖਾ ਜਾਣੇ ਬਾਤਨ, ਜ਼ਾਹਰ ਨਾ ਕੋਇ ਚਤੁਰਾਈਆ। ਕਲਜੁਗ ਅੰਤਮ ਬਣਾਏ ਸਾਥਨ, ਹਰਿ ਭਗਤਾਂ ਨਾਲ ਮਿਲਾਈਆ। ਮਾਣਸ ਜਨਮ ਢੋਲਾ ਗੌਣਾ ਸੋਹੰ ਗਾਥਨ, ਗਾ ਗਾ ਖ਼ੁਸ਼ੀ ਮਨਾਈਆ। ਮੇਲਾ ਸਿੰਘ ਪੰਜਾਬੀ ਰੂਪ ਵਟਾਇਆ ਵਿਚ ਪੰਜਾਬਨ, ਪੰਜਾ ਨਾਨਕ ਦਿਤਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਹੱਥੋ ਹੱਥ ਚੁਕਾਈਆ । ਕੰਨੀਂ ਨੱਤੀ ਪਿਛਲਾ ਮੁੰਦਰਾ, ਨਿਸ਼ਾਨੀ ਰਿਹਾ ਜਣਾਈਆ। ਪਿਛੇ ਰਾਹ ਤੱਕਦਾ ਰਿਹਾ ਵੜ ਕੇ ਡੂੰਘੀਆਂ ਕੁੰਦਰਾਂ, ਕੁੰਡਾ ਜਿੰਦਰਾ ਬਾਹਰੋਂ ਲਾਈਆ। ਅੰਤ ਬੂਟਾ ਵੇਖੋ ਪੁੰਗਰਾ, ਨਾਨਕ ਦਰਸ ਆਇਆ ਕਰਾਈਆ। ਹੁਣ ਵੇਖਿਆ ਹਿਸਾਬ ਕੁੰਡਲਾਂ, ਕੁੰਡੀ ਆਪਣੇ ਨਾਮ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਲੀ ਨਾਲ ਵਲੀ ਕੀਤਾ ਅਹਿਦ, ਅਹਿਦ ਨਾਮਾ ਪਰਵਰਦਿਗਾਰ ਆਪਣੇ ਹੱਥ ਰਖਾਈਆ। ਵੇਖੋ ਦਰ ਤੇ ਆਈ ਭਾਵੀ, ਭੌ ਇਕੋ ਇਕ ਡਰਾਈਆ। ਡਰਦੀ ਮਾਰੀ ਹੋਈ ਪੀਲੀ ਸਾਵੀ, ਰੰਗ ਰੰਗ ਰਿਹਾ ਵਟਾਈਆ। ਬੇਲੇ

ਵਿਚ ਹਰਿ ਜੂ ਬੈਠਾ ਕੰਢੇ ਰਾਵੀ, ਕੰਡਾ ਸਭ ਨੂੰ ਰਿਹਾ ਖੁਬਾਈਆ। ਭੱਜੀ ਫਿਰਦੀ ਹੋਈ ਫਾਵੀ, ਚਾਰੋਂ ਕੁੰਟ ਪੰਧ ਮੁਕਾਈਆ। ਦੂਰ ਦੁਰਾਡੀ ਗੁਰਮੁਖਾਂ ਕੋਲੋਂ ਸੁਣਦੀ ਸ੍ਰੀ ਭਗਵਾਨ ਕਲਜੁਗ ਅੰਤਮ ਆਪਣੀ ਕਰਨ ਆਇਆ ਲਾਵੀ, ਨਾਮ ਦਾਤੀ ਪਿੱਠ ਪਿਛੇ ਲਟਕਾਈਆ । ਮੈਂ ਵੀ ਵੇਖਾਂ ਚਾਵੀਂ ਚਾਵੀਂ, ਚਾਉ ਘਨੇਰਾ ਇਕ ਜਣਾਈਆ। ਬਣ ਕਿਰਸਾਣਾ ਵੱਢੇ ਕੇਹੜੀ ਬਾਹੀ, ਕਿਸ ਬਿਧ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰਿਹਾ ਵਖਾਈਆ। ਭਾਵੀ ਕਹੇ ਮੇਰੇ ਭਗਵਾਨ, ਦਰ ਤੇਰੇ ਸੀਸ ਝੁਕਾਇਆ। ਤੁਧ ਬਿਨ ਮੈਨੂੰ ਕੋਈ ਨਾ ਦੇਵੇ ਦਾਨ, ਮੈਂ ਭੁੱਖੀ ਵਾਸਤਾ ਪਾਇਆ। ਲੱਖ ਚੁਰਾਸੀ ਮੇਰਾ ਪਕਵਾਨ, ਜੇ ਦੇਵੇਂ ਹੁਕਮ ਤੇ ਲਵਾਂ ਖਾਇਆ। ਮੈਂ ਫਿਰ ਫਿਰ ਹੋਈ ਹੈਰਾਨ, ਤੇਰਾ ਭੇਵ ਕੋਇ ਨਾ ਆਇਆ। ਕਿਉਂ ਤੂੰ ਪਹਿਲੋਂ ਚੁਣ ਚੁਣ ਆਪਣੇ ਆਪ ਕੱਢੇਂ ਪਛਾਣ, ਅਜੇ ਹੁਕਮ ਨਾ ਮੈਨੂੰ ਸੁਣਾਇਆ। ਸ੍ਰੀ ਭਗਵਾਨ ਹੋ ਮਿਹਰਵਾਨ, ਸਿਰ ਰਿਹਾ ਹੱਥ ਟਿਕਾਇਆ। ਵੇਖ ਬੱਚੀ ਖੇਲ ਮਹਾਨ, ਹਰਿ ਸਤਿਗੁਰ ਰਿਹਾ ਕਰਾਇਆ। ਚਾਰੋਂ ਕੁੰਟ ਵੇਖ ਮਾਰ ਧਿਆਨ, ਤੇਰੀ ਨਜ਼ਰ ਨਜ਼ਰ ਨਾਲ ਰਿਹਾ ਮਿਲਾਇਆ। ਇਕੋ ਮੰਨਣਾ ਸਚ ਫ਼ਰਮਾਣ, ਧੁਰ ਸੰਦੇਸ਼ਾ ਰਿਹਾ ਜਣਾਇਆ। ਜਿਸ ਦੁਆਰੇ ਢੋਲਾ ਲੱਗੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰਵਾਜਾ ਬੰਦ ਕਰਾਇਆ। ਜਾ ਕੇ ਚਰਨੀਂ ਡਿਗੀਂ ਭਗਤਾਂ ਕਰੀਂ ਪਰਨਾਮ, ਪੱਲੂ ਗਲ ਵਿਚ ਪਾਇਆ। ਮੈਨੂੰ ਦਿਓ ਸੱਚਾ ਨਾਮ, ਜਿਹੜਾ ਸਤਿਗੁਰ ਤੁਹਾਨੂੰ ਵਰਤਾਇਆ। ਮੈਂ ਫਿਰ ਜਾਵਾਂ ਲੱਖ ਚੁਰਾਸੀ ਖਾਣ, ਘਰ ਘਰ ਫੇਰਾ ਪਾਇਆ। ਮੇਰੇ ਹੱਥ ਕੁਹਾੜਾ ਫੜਾਏ ਤਰਖਾਣ, ਜੱਟ ਡੰਡਿਆਂ ਨਾਲ ਰਿਹਾ ਡਰਾਇਆ। ਜੇ ਪਿਛੇ ਮੁੜੀ ਆਣ, ਮਾਰ ਚਪੇੜਾਂ ਮੁਖ ਭੁਆਇਆ। ਮੈਂ ਅੰਤ ਹੋਈ ਹੈਰਾਨ, ਹਰਿ ਜੂ ਇਹ ਕੀ ਖੇਲ ਰਚਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਆਪਣਾ ਰਿਹਾ ਵਖਾਇਆ। ਭਾਵੀ ਕਹੇ ਮੈਂ ਆਈ ਭੌਂਦੀ, ਚੱਕਰ ਜਗਤ ਲਗਾਈਆ। ਰਾਵੀ ਕੰਢੇ ਵੇਖਿਆ ਸੰਗਤ ਸੋਹੰ ਢੋਲਾ ਗੌਂਦੀ, ਗਾ ਗਾ ਸ਼ੁਕਰ ਮਨਾਈਆ। ਰਾਤ ਜਾਗਦੀ ਦਿਨੇ ਨਾ ਸੌਂਦੀ, ਸੁਤਿਆਂ ਰੈਣ ਨਾ ਕੋਇ ਵਿਹਾਈਆ। ਅੱਠੇ ਪਹਿਰ ਸ੍ਰੀ ਭਗਵਾਨ ਦੀਆਂ ਔਂਸੀਆਂ ਪੌਂਦੀ, ਇਕੋ ਆਸ ਰਖਾਈਆ। ਸ੍ਰੀ ਭਗਵਾਨ ਇਕੋ ਗੱਲ ਭੌਂਦੀ, ਭਗਤਾਂ ਹੋਏ ਸਹਾਈਆ। ਮੈਨੂੰ ਹੁਕਮ ਦਿਤਾ ਜਾ ਕੇ ਦੋ ਜਹਾਨਾਂ ਪਿੱਟ ਡੌਂਡੀ, ਸਭ ਨੂੰ ਦੇ ਉਠਾਈਆ। ਅੰਤਮ ਕਿਸੇ ਦਾ ਮੁਲ ਨਾ ਪੈਣਾ ਕੌਡੀ, ਕੀਮਤ ਕਰਤਾ ਨਾ ਕੋਇ ਰਖਾਈਆ। ਬੀਤਦੀ ਜਾਏ ਸਦੀ ਚੌਧਵੀਂ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਨਾਤਾ ਤੁਟੇ ਮੁਲਾਂ ਮੌਲਵੀ, ਮਿਲਖ ਜਾਗੀਰ ਵੈਰਾਨ ਵਖਾਈਆ। ਧੌਲ ਉਤੋਂ ਲਾਹੇ ਭਾਰ ਹਰਿ ਜੂ ਵੱਡਾ ਧੌਲਵੀ, ਧੌਲਾਂ ਮਾਰ ਮਾਰ ਪਰੇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਵੀ ਇਕੋ ਗਲ ਜਣਾਈਆ। ਭਾਵੀ ਕਹੇ ਤੇਰੀ ਸੱਚੀ ਗੱਲ, ਸ੍ਰੀ ਭਗਵਾਨ ਮੋਹੇ ਭਾਈਆ। ਤੇਰੇ ਭਗਤਾਂ ਸੰਗ ਜਾਵਾਂ ਰਲ, ਰਲ ਮਿਲ ਖ਼ੁਸ਼ੀ ਮਨਾਈਆ। ਬਾਕੀ ਸਭ ਦੀ ਲਾਹਵਾਂ ਖੱਲ, ਆਪਣਾ ਹੁਕਮ ਮਨਾਈਆ। ਹੁਕਮੇ ਅੰਦਰ ਚੜ੍ਹੇ ਦਲ, ਦਰੜ ਫਰੜ ਕਰਾਂ ਲੋਕਾਈਆ। ਤੇਰੀ ਭਾਵੀ ਕਿਉਂ ਨਾ ਕਰੇ ਛਲ, ਜਿਸ ਤੇਰੀ ਪੜ੍ਹੀ ਪੜ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਰਾਹ ਬਹਵਾਂ ਮੱਲ, ਅੱਗੇ ਆ ਨਾ ਕੋਇ ਛੁਡਾਈਆ। ਜੇ ਕੋਈ ਧੀਂਗੋ ਜੋਰੀ ਕਰੇ ਤੇਰੇ ਵਲ ਦੇਵਾਂ ਘੱਲ, ਤੂੰ ਹੋਣਾ ਅੰਤ ਸਹਾਈਆ। ਕਿਸੇ ਪੀਣ ਨਾ ਦੇਵਾਂ ਜਲ, ਥਲ ਸਭ ਨੂੰ ਦਿਆਂ ਰੁਲਾਈਆ। ਮੈਂ ਤੇਰਾ ਭਾਣਾ ਰਹੀ ਝੱਲ, ਤੇਰਾ ਭਾਣਾ ਮੇਰਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਰੱਬੀ ਨੂਰ ਇਲਾਹੀਆ। ਓ ਰੱਬੀ ਰੱਬ, ਕੀ ਇਹ ਖੇਲ ਰਚਾਇਆ। ਹੁਕਮ ਦੇ ਝੱਬ, ਮੈਂ ਸਭ ਨੂੰ ਲਵਾਂ ਦਬਾਇਆ। ਉਤੋਂ ਲਵਾਂ ਦੱਬ, ਸਿਰ ਸਕੇ ਨਾ ਕੋਇ ਉਠਾਇਆ। ਦਾੜ੍ਹਾਂ ਹੇਠ ਲਵਾਂ ਚੱਬ, ਚਕਨਾ ਚੂਰ ਕਰਾਇਆ। ਨਾ ਜਾਣਾ ਵੱਡਾ ਛੋਟਾ ਕੱਦ, ਸਾਰੇ ਇਕੋ ਰਾਹ ਵਖਾਇਆ। ਨੌਂ ਖੰਡ ਪ੍ਰਿਥਮੀ ਵੇਖਾਂ ਫਿਰ ਫਿਰ ਹੱਦ, ਦੂਰ ਦੁਰਾਡਾ ਪੰਧ ਮੁਕਾਇਆ। ਲੱਖ ਚੁਰਾਸੀ ਮੇਰੀ ਮੱਛੀ ਡੱਡ, ਮੇਰਾ ਪੇਟ ਨਾ ਕਿਸੇ ਭਰਾਇਆ। ਮੈਂ ਖ਼ੁਸ਼ੀਆਂ ਨਾਲ ਚੱਬਾਂ ਹੱਡ, ਹਾਕਣ ਡਾਕਣ ਰੂਪ ਵਟਾਇਆ। ਤੈਂਥੋਂ ਡਰਦੀ ਤੇਰੇ ਭਗਤ ਬਾਹਰ ਲਵਾਂ ਕੱਢ, ਲੱਖ ਚੁਰਾਸੀ ਫੋਲ ਫੁਲਾਇਆ। ਕੋਲ ਜਾ ਕੇ ਸੁਣਾਂ ਸੋਹੰ ਨਦ, ਕੰਨ ਕੰਨਾਂ ਨਾਲ ਮਿਲਾਇਆ। ਫਿਰ ਖ਼ੁਸ਼ੀ ਹੋ ਕੇ ਓਨ੍ਹਾਂ ਨਾਲ ਕਰ ਕੇ ਆਵਾਂ ਹੱਜ, ਮੱਕਾ ਕਾਅਬਾ ਡੇਰਾ ਢਾਹਿਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਏ ਲਦ, ਭਾਵੀ ਸਕੇ ਨਾ ਕੋਇ ਮਿਟਾਇਆ। ਅੰਤ ਕਲ ਓ ਸਾਹਿਬ ਮੇਰਾ ਸੁਲਤਾਨ ਸ਼ੇਰ ਹੋ ਕੇ ਮੇਰੇ ਨਾਲ ਰਿਹਾ ਗੱਜ, ਮੈਂ ਚਾਈਂ ਚਾਈਂ ਭੱਜਾਂ ਵਾਹੋ ਦਾਹਿਆ। ਬਿਨ ਸਤਿਗੁਰ ਪੂਰਨ ਪੂਰਨ ਪਰਮੇਸ਼ਰ ਕੋਈ ਪਰਦਾ ਨਾ ਸਕੇ ਕੱਜ, ਅੱਗੇ ਪਿਛੇ ਨਾ ਕੋਇ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ, ਖੇਲ ਬੇਪਰਵਾਹਿਆ। ਹੋਣੀ ਕਹੇ ਮੈਂ ਕਰਨੀ ਅਣਹੋਣੀ, ਮੇਰੀ ਕੀਤੀ ਨਾ ਕੋਇ ਉਲਟਾਈਆ। ਲੱਖ ਚੁਰਾਸੀ ਫੜ ਕੇ ਕੋਹਣੀ, ਬਚਿਆ ਕੋਇ ਰਹਿਣ ਨਾ ਪਾਈਆ। ਮੈਂ ਹੱਥ ਵਿਚ ਫੜ ਲਈ ਬੇਸਬਰੀ ਦੋਹਣੀ, ਲਹੂ ਮਿਝ ਨਾਲ ਭਰਾਈਆ। ਲੱਖ ਚੁਰਾਸੀ ਮੈਨੂੰ ਲੱਗੇ ਸੋਹਣੀ, ਇਕੋ ਵਾਰ ਵਿਚ ਛੁਪਾਈਆ। ਬਿਨ ਭਗਤਾਂ ਘਰ ਘਰ ਪਏ ਰੋਣੀ, ਰੌਣਕ ਸਭ ਦੀ ਦਿਆਂ ਗਵਾਈਆ। ਸਭ ਨੂੰ ਭੁੱਲੇ ਸੇਜ ਸੌਣੀ, ਕੰਤ ਨਾਰ ਨਾ ਕੋਇ ਹੰਢਾਈਆ। ਪੁਰਖ ਅਬਿਨਾਸ਼ੀ ਦੇ ਹੁਕਮ ਨਾਲ ਮੈਂ ਪਹਿਲੋਂ ਕਰਨੀ ਬੌਹਣੀ, ਵੰਡ ਵੇਰਵੇ ਵਾਰ ਫੇਰ ਸਮਝਾਈਆ। ਪਿਛੋਂ ਨਾਲੋਂ ਮੇਰੀ ਤਾਕਤ ਹੋ ਗਈ ਚੌਣੀ, ਕਿਉਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰਾ ਹੋਇਆ ਸਹਾਈਆ। ਲੱਤਾਂ ਬਾਹਵਾਂ ਮਾਰ ਸ੍ਰਿਸ਼ਟ ਸਬਾਈ ਢੌਣੀ, ਧੱਕੋ ਧੱਕੀ ਖ਼ਾਕ ਬਣਾਈਆ। ਕਿਸੇ ਸ਼ਹਿਨਸ਼ਾਹ ਦੀ ਬਣੀ ਨਾ ਰਹਿ ਜਾਏ ਛੌਣੀ, ਸ਼ਾਹ ਪਾਤਸ਼ਾਹ ਕਰਾਂ ਸਫ਼ਾਈਆ। ਮੇਰਾ ਪੀਆ ਮੇਰਾ ਪ੍ਰੀਤਮ ਮੇਰਾ ਸ਼ਹਿਨਸ਼ਾਹ ਮੈਨੂੰ ਕਹੇ ਮੇਰੀ ਚੰਗੀ ਹੋਣੀ, ਜਿਸ ਚੰਗੀ ਤਰਾਂ ਕੀਤੀ ਸਫ਼ਾਈਆ। ਜੇ ਕੋਈ ਅੜੇ ਫੜ ਫੜ ਚਾੜ੍ਹਾਂ ਤੌਣੀ, ਖਲੜੀ ਖੱਲ੍ਹ ਲੁਹਾਈਆ। ਇਕ ਜੋੜਾ ਨਿਸ਼ਾਨੀ ਰਹਿ ਜਾਏ ਕਾਂ ਕੌਣੀ, ਦੂਜਾ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਹੁਕਮ ਮਨਾਈਆ।

ਨੌਂ ਸੌ ਚੁਰਾਨਵੇਂ ਚੌਕੜੀ ਜੁਗ ਨਾ ਆਵੇ ਨੇੜੇ, ਦੂਰੋਂ ਦੂਰੋਂ ਮੰਗ ਮੰਗਾਈਆ। ਜੁਗ ਜੁਗ ਪ੍ਰਭੂ ਜੀ ਨਿੱਕੀਆਂ ਨਿੱਕੀਆਂ ਛੇੜਾਂ ਛੇੜੇ, ਡੋਰੀ ਗੁਰ ਅਵਤਾਰਾਂ ਹੱਥ ਫੜਾਈਆ। ਫਿਰ ਅੱਗੇ ਪਿਛੇ ਉਹ ਵੀ ਰੇੜ੍ਹੇ, ਕਾਇਆ ਭਾਂਡੇ ਭੰਨ ਵਖਾਈਆ। ਆਪੇ ਬੈਠਾ ਰਹੇ ਕਰ ਕੇ ਵੱਡੇ ਜੇਰੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਭਾਵੀ ਕੀਤੇ ਖੇਲ ਬਥੇਰੇ, ਲੋਕਮਾਤ ਚਾਈਂ ਚਾਈਂਆ। ਕਲਜੁਗ ਅੰਤ ਹਰਿ ਜੂ ਕਰੇ ਹੱਕ ਨਬੇੜੇ, ਹੱਕੋ ਹੱਕ ਰਿਹਾ ਜਣਾਈਆ। ਹੋਣੀ ਹੁਣ ਵੀ ਚਲ ਕੇ ਆਈ ਭਗਤਾਂ ਖੇੜੇ, ਭਗਤਾਂ ਨਾਲ ਅੰਗ ਮਿਲਾਈਆ। ਕੱਲੀ ਨਾ ਆਵੇ ਮੇਰੇ ਵੇਹੜੇ, ਦੂਰ

ਦੁਰਾਡੀ ਵਾਸਤਾ ਪਾਈਆ। ਜਿਥੇ ਗੁਰਸਿਖ ਲਾ ਕੇ ਬੈਠੇ ਡੇਰੇ, ਪੁਰਖ ਅਬਿਨਾਸ਼ੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹੋਣੀ ਬੜੇ ਚਿਰਾਂ ਪਿਛੋਂ ਸੰਗਤ ਵਿਚ ਰਲਾ ਆਪਣੇ ਕੋਲ ਬਹਾਈਆ। ਚਾਰ ਜੁਗ ਦੀ ਵੇਖੀ ਚੌਂਕੀ, ਪਾਵੇ ਚਾਰ ਬਣਾਈਆ। ਇਸ ਤੋਂ ਅੱਗੇ ਪਾਰਬ੍ਰਹਮ ਦੀ ਸਭ ਨੂੰ ਦਿਸੇ ਕੁਲ ਔਂਤੀ, ਔਂਤਰਾ ਰੂਪ ਵਖਾਈਆ। ਜਿਥੇ ਰੂਹ ਨਾ ਕੋਈ ਪਹੁੰਚੀ, ਭੇਵ ਨਾ ਕੋਇ ਖੁਲ੍ਹਾਈਆ। ਸਾਰੇ ਕਹਿਣ ਪੁਰਖ ਅਕਾਲ ਇਕੋ ਫਿਰੇ ਜੌਂਕੀ, ਇਕ ਇਕੱਲਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਛੁਪਾਈਆ। ਜੌਂਕੀ ਹੁਣੇ ਹੋਇਆ ਵੇਹਲਾ, ਪਿਛਲਾ ਲੇਖਾ ਤਜਾਈਆ। ਇਕੋ ਨਾਲ ਰਲਿਆ ਗੋਬਿੰਦ ਚੇਲਾ, ਦੋਹਾਂ ਮਿਲ ਕੇ ਖ਼ੁਸ਼ੀ ਮਨਾਈਆ। ਆਪਣਾ ਵੇਖਣ ਆਇਆ ਵੇਲਾ, ਵੇਹਲਾ ਹੋ ਕੇ ਫੇਰਾ ਪਾਈਆ। ਜਨ ਭਗਤਾਂ ਬਣ ਸੱਜਣ ਸੁਹੇਲਾ, ਸਾਚੀ ਖ਼ੁਸ਼ੀ ਮਨਾਈਆ। ਜਿਨ੍ਹਾਂ ਖ਼ਾਦਾ ਬੱਕਰਾ ਲੇਲਾ ਛੇਲਾ, ਛਿਲਾਂ ਸਭ ਦੀਆਂ ਰਿਹਾ ਲੁਹਾਈਆ। ਨੌਂ ਖੰਡ ਪ੍ਰਿਥਮੀ ਵੇਖੇ ਜੰਗਲ ਬੇਲਾ, ਗੁਰ ਅਵਤਾਰ ਪੀਰ ਪੈਗ਼ੰਬਰ ਬਿਲੀ ਮਿਆਉਂ ਨਾ ਕੋਇ ਕਰਾਈਆ। ਕਿਉਂ, ਸ਼ੇਰ ਸਿੰਘ ਬਣ ਕੇ ਆਇਆ ਵੱਡਾ ਬਘੇਲਾ, ਬਾਘ ਸਾਰਿਆਂ ਰਿਹਾ ਡਰਾਈਆ। ਵਿਸ਼ਨੂੰ ਕਹੇ ਮੈਨੂੰ ਗੋਦੀ ਲੈ ਲਾ, ਮੈਥੋਂ ਤਾਬ ਝੱਲੀ ਨਾ ਜਾਈਆ। ਸ੍ਰੀ ਭਗਵਾਨ ਕਹੇ ਓਏ ਨਾ ਡਰ ਮੈਂ ਕਰਦਾਂ ਰੇਲਾ ਪੇਲਾ, ਰੋੜ੍ਹ ਇਕੋ ਵਾਰ ਵਹਾਈਆ। ਫਿਰ ਵੀ ਵੇਹਲੇ ਦਾ ਵੇਹਲਾ, ਕੰਮ ਨਜ਼ਰ ਕੋਇ ਨਾ ਆਈਆ। ਇਕੋ ਨਾਲ ਲਿਆਇਆ ਨਿੱਕਾ ਜਿਹਾ ਠੇਲਾ, ਜਿਨ੍ਹਾਂ ਉਤੇ ਗੁਰਮੁਖ ਲਏ ਬਹਾਈਆ। ਕਰ ਕਿਰਪਾ ਆਪਣਾ ਮੇਲ ਮੇਲਾ, ਮਿਲਣੀ ਜਗਦੀਸ਼ ਆਪ ਕਰਾਈਆ। ਸਚ ਦੁਆਰ ਚਾੜ੍ਹੇ ਤੇਲਾ, ਸਗਨ ਇਕੋ ਵਾਰ ਮਨਾਈਆ। ਬਾਹੋਂ ਪਕੜ ਗੋਦੀ ਚੁੱਕ ਦੋ ਜਹਾਨ ਗੁਰਮੁਖਾਂ ਦੇਵੇ ਕੁਛੜ ਚੁੱਕ ਲੋਰੀ ਫਿਰ ਵੇਹਲੇ ਦਾ ਵੇਹਲਾ, ਵੇਹਲੇ ਹੋਰ ਕੋਈ ਕੰਮ ਨਜ਼ਰ ਨਾ ਆਈਆ। ਸਭ ਦਾ ਪੁਠਾ ਕਰੇ ਡੇਲਾ, ਅੰਦਰ ਵੜ ਧਿਆਨ ਨਾ ਕੋਇ ਲਗਾਈਆ। ਲੱਖ ਚੁਰਾਸੀ ਭੰਨੇ ਜਿਉਂ ਜੱਟ ਗੁੱਸੇ ਵਿਚ ਗੁੜ ਦਾ ਭੇਲਾ, ਡਲੀ ਡਲੀ ਦਏ ਕਰਾਈਆ। ਜੀਵ ਜੰਤ ਸਾਧ ਸੰਤ ਸ਼ਬਦ ਵੇਲਣੇ ਪੀੜ ਫੇਰ ਵੇਹਲੇ ਦਾ ਵੇਹਲਾ, ਕੋਈ ਕੰਮ ਨਜ਼ਰ ਨਾ ਆਈਆ। ਵੇਹਲਾ ਸੋਚੇ ਹੁਣ ਕਰਾਂ ਰਾਖੀ, ਹੋਰ ਕੋਈ ਕੰਮ ਨਜ਼ਰ ਨਾ ਆਇਆ। ਸ੍ਰੀ ਭਗਵਾਨ ਇਕੋ ਭਾਖ਼ੀ, ਆਪਣਾ ਭੇਵ ਜਣਾਇਆ। ਜਾ ਕੇ ਜਨ ਭਗਤਾਂ ਸੁਣਾਵਾਂ ਆਪਣੀ ਸਾਖੀ, ਸੰਸਾ ਰੋਗ ਜਗਤ ਮਿਟਾਇਆ। ਜਿਹੜੇ ਮੰਨ ਲੈਣ ਮੇਰੀ ਆਖੀ, ਮੈਂ ਆਖਰ ਸੰਗ ਨਿਭਾਇਆ। ਦਰ ਦਰਵਾਜ਼ੇ ਖੋਲ੍ਹਾਂ ਤਾਕੀ, ਤਕਵਾ ਇਕੋ ਇਕ ਜਣਾਇਆ। ਰਾਤੀਂ ਸੁਤਿਆਂ ਦੇਵਾਂ ਝਾਕੀ, ਝਾਕਾ ਸਭ ਦਾ ਦਿਆਂ ਮਿਟਾਇਆ। ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ ਪਾਕੀ, ਪਾਕ ਰਸੂਲ ਬੇਪਰਵਾਹਿਆ। ਮੁਰੀਦਾਂ ਮੁਰਸ਼ਦ ਚੁੱਕੇ ਛਾਤੀ, ਗੁਰਮੁਖ ਆਪਣੀ ਗੋਦ ਬਹਾਇਆ। ਘਰ ਘਰ ਜਗਾਏ ਦੀਆ ਬਾਤੀ, ਕਮਲਾਪਾਤੀ ਸੇਵ ਕਮਾਇਆ। ਗੁਰਸਿਖਾਂ ਸੇਜ ਵਛੌਣਾ ਵਖਾਏ ਖਾਟੀ, ਖਟਕਾ ਸਭ ਦਾ ਹੋਰ ਗਵਾਇਆ। ਆਪ ਚੜ੍ਹ ਕੇ ਆਪਣੀ ਘਾਟੀ, ਹਰਿਜਨ ਆਪਣੇ ਘਾਟ ਰਖਾਇਆ। ਪਿਛਲਾ ਲਹਿਣਾ ਦੇ ਬਾਕੀ, ਅਗਲਾ ਲੇਖਾ ਫੇਰ ਸਮਝਾਇਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਖੇਲ ਕਰ ਬਹੁ ਭਾਂਤੀ, ਪਰਵਰਦਿਗਾਰ ਬੇਮੁਹਤਾਜੀ ਰਚ ਕੇ ਕਾਜੀ, ਕਰ ਕਾਜ ਰਚ ਕਾਜ ਕਰਤਾ ਪੁਰਖ ਫੇਰ ਵੇਹਲੇ ਦਾ ਵੇਹਲਾ। ਆਪੇ ਵੇਹਲਾ ਆਪੇ ਰੁਝੇ, ਆਪੇ ਕਾਰ ਕਮਾਈਆ। ਆਪਣੀ ਕਰਨੀ ਆਪੇ ਬੁਝੇ, ਆਪਣਾ ਭੇਵ ਖੁਲ੍ਹਾਈਆ । ਬਾਕੀ ਕਰੇ ਖੇਲ ਇਕ ਦੂਜੇ, ਤੀਜੇ ਚੌਥੇ ਵੰਡ ਵੰਡਾਈਆ।

ਜਨ ਭਗਤਾਂ ਕਰ ਸਾਚੀ ਰੀਝੇ, ਰੱਜ ਰੱਜ ਆਪਣਾ ਦਰਸ ਕਰਾਈਆ। ਚਲਾ ਹੱਲ ਕਿਰਸਾਣ ਬੀਜ ਬੀਜੇ, ਵਤਰ ਆਪਣਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਤਰ ਸਾਂਭ ਫੇਰ ਸੁਹਾਗਾ, ਢੱਗਾ ਵੱਛਾ ਆਪੇ ਸਾਂਭਾ, ਪਿਛਲਾ ਲਾਹ ਜਗਤ ਉਲਾਂਭਾ, ਨਿਰਗੁਣ ਰੂਪ ਬਣ ਕੇ ਕਾਮਾਂ, ਕਰਤਾ ਪੁਰਖ ਆਪਣੀ ਕਰਨੀ ਕਰ ਕਾਰ ਕਮਾ, ਫੇਰ ਵੇਹਲੇ ਦਾ ਵੇਹਲਾ।