ਪੁਸਤਕਾਲਾਭਾਗ ੧੩

੧੮ ਮਾਘ ੨੦੧੯ ਬਿਕਰਮੀ ਬੇਲਾ ਸਿੰਘ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਭਗਤ ਮਾਰੇ ਸੱਚਾ ਤਾਅਨਾ, ਬਿਰਹੋਂ ਤੀਰ ਚਲਾਈਆ। ਸ੍ਰੀ ਭਗਵਾਨ ਤੇਰਾ ਮਿਟਦਾ ਜਾਏ ਨਿਸ਼ਾਨਾ, ਨਾਮ ਨਿਸ਼ਾਨ ਨਾ ਕੋਇ ਝੁਲਾਈਆ। ਸ੍ਰਿਸ਼ਟ ਸਬਾਈ ਰਸਨਾ ਜਿਹਵਾ ਗਾਏ ਗਾਣਾ, ਬੱਤੀ ਦੰਦ ਵੱਜੇ ਵਧਾਈਆ। ਆਤਮ ਨਾਦ ਨਾ ਕੋਈ ਸੁਣਾਨਾ, ਛੱਤੀ ਰਾਗ ਮਿਲੀ ਚਤੁਰਾਈਆ। ਸਾਚਾ ਮਿਲੇ ਨਾ ਕਿਸੇ ਟਿਕਾਨਾ, ਮੰਦਰ ਹੱਕ ਨਜ਼ਰ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹੇ ਕੁਰਾਨਾ, ਅੰਜੀਲ ਤਫ਼ਸੀਲ ਰਹੀ ਵਖਾਈਆ।

ਖਾਣੀ ਬਾਣੀ ਹੱਥ ਨਾ ਆਇਆ ਨੌਜਵਾਨਾ, ਮਰਦ ਮਰਦਾਨਾ ਨਾ ਫੇਰਾ ਪਾਈਆ। ਸ਼ਾਹੋ ਭੂਪ ਵਡ ਰਾਜਾਨਾ, ਸ਼ਹਿਨਸ਼ਾਹ ਸੱਚਾ ਤਾਜ ਨਾ ਕੋਈ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਸੁੰਞੀ ਸਰਬ ਲੋਕਾਈਆ। ਭਗਤ ਕਹਿਣ ਤੇਰੀ ਉਡੀਕ, ਨਿਤ ਨਿਤ ਧਿਆਨ ਲਗਾਇਆ। ਤੂੰ ਦਾਤਾ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਇਆ। ਤੇਰਾ ਮਾਰਗ ਇਕ ਬਾਰੀਕ, ਦੋ ਜਹਾਨਾਂ ਖੇਲ ਕਰਾਇਆ। ਤੇਰਾ ਧੁਰ ਫ਼ਰਮਾਣਾ ਠੀਕ, ਠੀਕਰ ਸਭ ਦਾ ਭੰਨ ਵਖਾਇਆ। ਤੇਰੇ ਅੰਦਰ ਇਕੋ ਝੀਤ, ਝਾਕੀ ਆਪਣੀ ਦੇ ਵਖਾਇਆ। ਤੇਰੀ ਨਜ਼ਰ ਨਾ ਆਏ ਪ੍ਰੀਤ, ਪ੍ਰੀਤੀਵਾਨ ਕਿਉਂ ਬੈਠਾ ਮੁਖ ਛੁਪਾਇਆ। ਕਲਜੁਗ ਅੰਤਮ ਗਿਆ ਬੀਤ, ਬੀਤੀ ਸਦੀ ਦੇ ਵਡਿਆਇਆ। ਪਿਛਲੀ ਚੁਕੇ ਕੂੜੀ ਰੀਤ, ਸਤਿਜੁਗ ਸੱਚਾ ਰਾਹ ਵਖਾਇਆ। ਤੇਰਾ ਸਾਹਿਬ ਇਕੋ ਮੀਤ, ਬਿਨ ਭਗਤਾਂ ਹੱਥ ਕਿਸੇ ਨਾ ਆਇਆ। ਕੋਈ ਮੰਦਰ ਕੋਈ ਮਸੀਤ, ਸ਼ਿਵਦੁਆਲੇ ਮੱਠ ਰਾਹ ਤਕਾਇਆ। ਤੂੰ ਬੈਠਾ ਰਿਹਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਭਗਤ ਰਹੇ ਮੰਗ ਮੰਗਾਇਆ। ਤੇਰੀ ਕਰਨੀ ਸਦਾ ਮਹਾਨ, ਆਪਣੀ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਵੇਖ ਦੁਕਾਨ, ਦਰ ਸਾਚਾ ਰਹੇ ਤਕਾਈਆ। ਸ੍ਰਿਸ਼ਟ ਸਬਾਈ ਨਾਰ ਵਿਭਚਾਰ, ਹਰਿ ਕੰਤ ਨਾ ਕੋਈ ਹੰਢਾਈਆ। ਚਾਰੋਂ ਕੁੰਟ ਹਾਹਾਕਾਰ, ਦਹਿ ਦਿਸ਼ਾ ਪਈ ਦੁਹਾਈਆ। ਮੁਲਾਂ ਸ਼ੇਖ਼ ਮੁਸਾਇਕ ਹੋਏ ਖੁਆਰ, ਪੰਡਤ ਪਾਂਧੇ ਧੀਰਜ ਧੀਰ ਨਾ ਕੋਇ ਧਰਾਈਆ। ਗ੍ਰੰਥੀ ਪੰਥੀ ਰੋਵਣ ਜ਼ਾਰੋ ਜ਼ਾਰ, ਜ਼ਾਹਰ ਜ਼ਹੂਰ ਨਜ਼ਰ ਕਿਸੇ ਨਾ ਆਈਆ। ਦੁੱਖਾਂ ਭਰਿਆ ਸਰਬ ਸੰਸਾਰ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਗ਼ਫ਼ਲਤ ਹੋਏ ਨਾ ਅਜੇ ਬੇਦਾਰ, ਸੁਰਤੀ ਸ਼ਬਦ ਨਾ ਕੋਈ ਮਿਲਾਈਆ। ਕਲਜੁਗ ਜੀਵ ਰਲੇ ਕਾਗਾਂ ਡਾਰ, ਹੰਸ ਰੂਪ ਨਾ ਕੋਇ ਵਟਾਈਆ। ਕੂੜੀ ਕਿਰਿਆ ਚੁੱਭੀਆਂ ਰਹੇ ਮਾਰ, ਮਾਣਕ ਮੋਤੀ ਹੱਥ ਕਿਸੇ ਨਾ ਆਈਆ। ਗੁਰ ਕਾ ਸ਼ਬਦ ਨਾ ਸਕੇ ਪਾਲ, ਪ੍ਰਿਤਪਾਲ ਕਰੇ ਨਾ ਸੱਚਾ ਮਾਹੀਆ। ਨੌਂ ਖੰਡ ਪ੍ਰਿਥਮੀ ਥੱਕੇ ਭਾਲ, ਬੇਪਰਵਾਹ ਨਜ਼ਰ ਨਾ ਆਈਆ। ਬਿਨ ਹਰਿ ਨਾਮੇ ਹੋਏ ਕੰਗਾਲ, ਸਾਚੀ ਧੀਰ ਨਾ ਕੋਈ ਧਰਾਈਆ। ਅੰਤਮ ਸਭ ਦੇ ਸਿਰ ਤੇ ਕੂਕੇ ਕਾਲ, ਬਚਿਆ ਕੋਇ ਰਹਿਣ ਨਾ ਪਾਈਆ। ਕਰ ਕਿਰਪਾ ਬਣ ਦਲਾਲ, ਤੇਰੇ ਅੱਗੇ ਝੋਲੀ ਡਾਹੀਆ। ਹਉਂ ਬਾਲੇ, ਬਾਲ ਨਿਧਾਨ, ਮਨ ਮਤ ਬੁੱਧ ਨਾ ਕੋਈ ਵਡਿਆਈਆ। ਵੇਲਾ ਅੰਤ ਅੰਤ ਸੰਭਾਲ, ਇਕੋ ਤੇਰੀ ਓਟ ਤਕਾਈਆ। ਤੂੰ ਮੁਰਦੇ ਲਏ ਜਵਾਲ, ਜੀਵਣ ਮਰਨ ਦਏਂ ਸਿਖਾਈਆ। ਗੋਬਿੰਦ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਤੁਧ ਬਿਨ ਹੱਲ ਨਾ ਕਰੇ ਕੋਈ ਸਵਾਲ, ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਭਗਤਨ ਸਾਚੀ ਮੰਗ ਮੰਗਾਈਆ। ਭਗਤ ਵੇਖਣ ਖੋਲ੍ਹ ਅੱਖ, ਨੈਣ ਨੈਣ ਉਠਾਇਆ। ਕਿਰਪਾਲ ਠਾਕਰ ਸੁਆਮੀ ਅੰਤਮ ਰੱਖ, ਤੇਰੀ ਓਟ ਤਕਾਇਆ। ਸਾਚਾ ਮਾਰਗ ਦੇਣਾ ਦੱਸ, ਜਿਸ ਮਾਰਗ ਕਬੀਰ ਜੋਲਾਹਾ ਤੇਰੇ ਦਰ ਤੇ ਆਇਆ। ਸ੍ਰੀ ਭਗਵਾਨ ਕਹੇ ਹੱਸ ਹੱਸ, ਹੱਸ ਆਪਣਾ ਭੇਵ ਖੁਲ੍ਹਾਇਆ। ਕਲਜੁਗ ਅੰਤਮ ਮੈਂ ਲੋਕਮਾਤ ਆਵਾਂ ਨੱਸ ਨੱਸ, ਨਿਰਗੁਣ ਆਪਣਾ ਫੇਰਾ ਪਾਇਆ। ਜਨ ਭਗਤਾਂ ਅੰਦਰ ਜਾਵਾਂ ਵਸ, ਨਜ਼ਰ ਕਿਸੇ ਨਾ ਆਇਆ। ਮੰਦਰ ਬਹਿ ਕੇ ਗਾਵਾਂ ਜਸ, ਸੋਹੰ ਢੋਲਾ ਇਕ ਸੁਣਾਇਆ। ਤੀਰ ਨਿਰਾਲਾ ਮਾਰਾਂ ਕਸ, ਬਜ਼ਰ ਕਪਾਟੀ ਤੋੜ ਤੁੜਾਇਆ।

ਮੇਲ ਮਿਲਾਵਾ ਪੁਰਖ ਸਮਰਥ, ਸਮਰਥ ਆਪਣਾ ਘਰ ਵਖਾਇਆ। ਲਹਿਣਾ ਦੇਣਾ ਚੁਕਾਵਾਂ ਹੱਥੋ ਹੱਥ, ਪੂਰਬ ਲਹਿਣਾ ਝੋਲੀ ਪਾਇਆ। ਸਰਨ ਸਰਨਾਈ ਜੋ ਜਨ ਜਾਏ ਢੱਠ, ਏਥੇ ਓਥੇ ਪੰਧ ਮੁਕਾਇਆ। ਨਾਮ ਬੰਨ੍ਹੇ ਸਾਚੀ ਗੱਠ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਇਆ। ਪਿਛੇ ਤਾਰਿਆ ਇਕੋ ਧੰਨਾ ਜੱਟ, ਕਲਜੁਗ ਅੰਤਮ ਕੋਟਨ ਆਪਣੇ ਵਿਚ ਸਮਾਇਆ। ਸਤਿਜੁਗ ਦਾ ਖੋਲ੍ਹਿਆ ਸਾਚਾ ਹੱਟ, ਬਣ ਵਣਜਾਰਾ ਫੇਰਾ ਪਾਇਆ। ਘਰ ਘਰ ਦੇਂਦਾ ਫਿਰੇ ਵੱਥ, ਵਸਤੂ ਇਕੋ ਇਕ ਵਰਤਾਇਆ। ਅੰਤ ਚੜ੍ਹਾਏ ਆਪਣੇ ਰਥ, ਬਣ ਰਥਵਾਹੀ ਸੇਵ ਕਮਾਇਆ। ਦਰਗਾਹ ਸਾਚੀ ਦੇਵੇ ਰੱਖ, ਸਚਖੰਡ ਦੁਆਰੇ ਆਪ ਬਹਾਇਆ। ਓਥੇ ਭਗਤਾਂ ਕਰੇ ਇਕੱਠ, ਦੂਜਾ ਰਹਿਣ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਜਣਾਇਆ। ਸਾਚੇ ਭਗਤ ਰੱਖੋ ਯਾਦ, ਸੋ ਪੁਰਖ ਨਿਰੰਜਣ ਆਪ ਸਮਝਾਈਆ। ਕਲਜੁਗ ਅੰਤ ਸੁਣੇ ਫ਼ਰਿਯਾਦ, ਬੇਪਰਵਾਹ ਫੇਰਾ ਪਾਈਆ। ਸ਼ਬਦ ਅਗੰਮ ਸੁਣਾਏ ਨਾਦ, ਅਨਾਦੀ ਧੁੰਨ ਜਣਾਈਆ। ਗੁਰਮੁਖ ਬਣਾਏ ਸੱਚੇ ਸਾਧ, ਜਿਸ ਸਾਧਨਾ ਆਪ ਸਮਝਾਈਆ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਈਆ। ਲੱਖ ਚੁਰਾਸੀ ਵਿਚੋ ਕਾਢ, ਆਪਣਾ ਜੋੜ ਜੁੜਾਈਆ। ਲੇਖੇ ਲਾਏ ਤਨ ਮਾਟੀ ਹਾਡ, ਆਤਮ ਪਰਮਾਤਮ ਰੰਗ ਵਖਾਈਆ। ਦਰ ਘਰ ਦੇਵੇ ਸਾਚੀ ਦਾਦ, ਅਤੋਟ ਅਤੁਟ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਹੋਵੇ ਆਪ ਸਹਾਈਆ। ਭਗਤ ਸੁਹੇਲੇ ਸਾਚੇ ਮਿੱਤਰ, ਹਰਿ ਸਤਿਗੁਰ ਆਪ ਜਣਾਇੰਦਾ। ਜਿਸ ਖੇਲ ਖੇਲਿਆ ਨਾਲ ਬਾਜਾਂ ਤਿੱਤਰ, ਜੋ ਤ੍ਰਲੋਕੀ ਚਰਨਾਂ ਹੇਠ ਦਬਾਇੰਦਾ। ਕਲਜੁਗ ਅੰਤਮ ਆਏ ਨਿੱਤਰ, ਸੂਰਬੀਰ ਆਪਣਾ ਪਰਦਾ ਲਾਹਿੰਦਾ। ਲੱਖ ਚੁਰਾਸੀ ਵੇਂਹਦੀ ਰਹੇ ਬਿਤਰ ਬਿਤਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜਿਸ ਦੇ ਪਿਛੇ ਜ਼ਿਕਰੀਏ ਚਲਾਇਆ ਜ਼ਿਕਰ, ਸੋ ਜਨ ਭਗਤਾਂ ਆਪਣਾ ਜ਼ਿਕਰ ਸੁਣਾਇੰਦਾ। ਗੁਰਮੁਖਾਂ ਲਾਹੇ ਪਿਛਲਾ ਫ਼ਿਕਰ, ਅੱਗੇ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਮਾਣ ਦਵਾਇੰਦਾ। ਸਾਚੇ ਭਗਤ ਰਹੋ ਤਿਆਰ, ਤ੍ਰੈਭਵਣ ਧਨੀ ਆਪ ਜਣਾਈਆ । ਅੱਗੇ ਮਿਲੇ ਇਕ ਪਿਆਰ, ਦੂਜੀ ਵੰਡ ਨਾ ਕੋਇ ਰਖਾਈਆ। ਕਲਜੁਗ ਕੂੜੀ ਕਿਰਿਆ ਮਾਰੇ ਮਾਰ, ਮਾਰਨਹਾਰਾ ਇਕੋ ਆਈਆ। ਗ਼ਰੀਬ ਨਿਮਾਣਿਆਂ ਦੇਵੇ ਪੈਜ ਸੁਆਰ, ਸਿਰ ਆਪਣਾ ਹੱਥ ਟਿਕਾਈਆ। ਜਿਸ ਰਸਨਾ ਗਾਇਆ ਸੋਹੰ ਸਚ ਜੈਕਾਰ, ਜੈ ਜੈਕਾਰ ਵਿਸ਼ਨ ਬ੍ਰਹਮਾ ਸ਼ਿਵ ਸ਼ਨਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਲ ਮਿਲਾਏ ਅੰਤਮ ਨਾਲ, ਨਾਲਸ਼ ਸਭ ਦੀ ਦਏ ਮਿਟਾਈਆ। ਸਤਿਜੁਗ ਮਾਰਗ ਰਿਹਾ ਸਖਾਲ, ਸਾਚੀ ਸਿਖਿਆ ਕਰੇ ਪੜ੍ਹਾਈਆ। ਸ਼ਾਹ ਰੂਪ ਬਣਾਏ ਕੰਗਾਲ, ਕੰਗਾਲ ਸ਼ਾਹ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੋਏ ਰਿਹਾ ਉਠਾਈਆ। ਭਗਤ ਉਠਾਏ ਸੁਹੰਜਣੀ ਰੈਣ, ਭਿੰਨੜੀ ਨਾਲ ਮਿਲਾਈਆ। ਦਰਸ ਦਿਖਾਏ ਏਕਾ ਨੈਣ, ਨਿਜ ਨੇਤਰ ਆਪ ਖੁਲ੍ਹਾਈਆ। ਭਗਤ ਭਗਵਾਨ ਇਕੱਠੇ ਰਹਿਣ, ਨਾਤਾ ਬਿਧਾਤਾ ਜੋੜ ਜੁੜਾਈਆ। ਨਜ਼ਰੀ ਆਏ ਸਾਚਾ ਸੈਣ, ਸੱਜਣ ਬਣੇ ਸ਼ਹਿਨਸ਼ਾਹੀਆ। ਅੰਤਮ ਚੁੱਕੇ ਲਹਿਣ ਦੇਣ, ਲੇਖਾ ਕੋਇ ਰਹਿਣ ਨਾ ਪਾਈਆ। ਸੋਹੰ ਸੋਹਲਾ ਜੋ ਜਨ ਕਹਿਣ, ਵੇਲੇ ਅੰਤ ਨਾ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਰਿਹਾ ਪੜ੍ਹਾਈਆ। ਸ੍ਰਿਸ਼ਟ ਸਬਾਈ ਸੋਹੰ ਅੱਖਰ ਪੜ੍ਹਨਾ, ਸਤਿਜੁਗ ਸਚ ਸਚ ਜਣਾਇੰਦਾ। ਕਾਇਆ ਮੰਦਰ ਅੰਦਰ ਵੜਨਾ, ਨੌਂ

ਦੁਆਰੇ ਪੰਧ ਮੁਕਾਇੰਦਾ। ਡੂੰਘੀ ਭਵਰ ਕਦੇ ਨਾ ਡਰਨਾ, ਸੁਖਮਨ ਟੇਢੀ ਬੰਕ ਪਾਰ ਕਰਾਇੰਦਾ। ਈੜਾ ਪਿੰਗਲ ਅੱਗੇ ਨਾ ਅੜਨਾ, ਮੂੰਹ ਦੇ ਭਾਰ ਸੁਟਾਇੰਦਾ। ਕੂੜੀ ਕਿਰਿਆ ਕਦੇ ਨਾ ਸੜਨਾ, ਅੰਮ੍ਰਿਤ ਸਰੋਵਰ ਇਕ ਨੁਹਾਇੰਦਾ। ਸਾਚਾ ਖੇਲ ਸਤਿਗੁਰ ਕਰਨਾ, ਗੁਰ ਕਰਤਾ ਵੇਖ ਵਖਾਇੰਦਾ। ਆਤਮ ਪਰਮਾਤਮ ਪੱਲੂ ਫੜਨਾ, ਸ਼ਬਦੀ ਸੁਰਤੀ ਗੰਢ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੱਸੇ ਸਾਚੀ ਰੀਤ, ਸਤਿਜੁਗ ਨਾਤਾ ਤੁਟੇ ਮੰਦਰ ਮਸੀਤ, ਕਾਇਆ ਬੰਕ ਇਕ ਸੁਹਾਇੰਦਾ। ਕਾਇਆ ਬੰਕ ਹਰੀ ਕਾ ਮੰਦਰ, ਹਰੀ ਦੁਆਰ ਆਪ ਜਣਾਈਆ। ਨਜ਼ਰੀ ਆਏ ਅੰਦਰੇ ਅੰਦਰ, ਅੰਤਸ਼ਕਰਨ ਵੇਖ ਵਖਾਈਆ। ਕਰੇ ਪਰਕਾਸ਼ ਡੂੰਘੇ ਖੰਡਰ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਮਨ ਵਾਸਨਾ ਮੇਟੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਲੇਖਾ ਚੁੱਕੇ ਸੂਰਜ ਚੰਦਰ, ਸੂਰਯਾ ਚੰਨ ਨਾ ਕੋਇ ਰੁਸ਼ਨਾਈਆ। ਕਰੇ ਪਰਕਾਸ਼ ਜੋਤ ਨਿਰੰਜਣ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸਾਹਿਬ ਸਤਿਗੁਰ ਦਰਦ ਦੁੱਖ ਭੈ ਭੰਜਨ, ਦਰਦੀਆਂ ਦਰਦ ਵੰਡਾਈਆ। ਤੀਜੇ ਨੇਤਰ ਪਾਏ ਅੰਜਣ, ਅੱਖ ਪਰਤੱਖ ਖੁਲ੍ਹਾਈਆ। ਲੇਖੇ ਲਾਏ ਕਾਇਆ ਕੰਚਨ, ਮਾਟੀ ਕਾਚੀ ਨਾ ਕੋਇ ਵਿਕਾਈਆ। ਪੂਰਾ ਕਰੇ ਆਪਣਾ ਬਚਨ, ਕੀਤਾ ਕੌਲ ਭੁੱਲ ਨਾ ਜਾਈਆ। ਜਨ ਭਗਤਾਂ ਮਾਰਗ ਆਏ ਦੱਸਣ, ਦਹਿ ਦਿਸ਼ਾ ਵੇਖ ਵਖਾਈਆ। ਕਲਜੁਗ ਮਿਟੇ ਅੰਧੇਰੀ ਮਸਣ, ਕਿਸ਼ਨਾ ਸੁਖਲਾ ਵੰਡ ਵੰਡਾਈਆ। ਲੇਖਾ ਜਾਣੇ ਉਤਰ ਪੂਰਬ ਦੱਖਣ ਪੱਛਮ, ਪਸਚਾਤਾਪ ਕਰੇ ਲੋਕਾਈਆ। ਸੰਤ ਸੁਹੇਲੇ ਭਗਤ ਭਗਵੰਤ ਆਏ ਰੱਖਣ, ਰੱਖਿਆ ਕਰੇ ਹਰ ਘਟ ਥਾਈਂਆ। ਲੱਖ ਚੁਰਾਸੀ ਵਿਚੋਂ ਵਿਰੋਲੇ ਮੱਖਣ, ਨਾਮ ਮਧਾਣਾ ਇਕੋ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਬਹਿ ਬਹਿ ਤੱਕਣ, ਸ੍ਰੀ ਭਗਵਾਨ ਕੀ ਕੀ ਖੇਲ ਰਚਾਈਆ। ਗ਼ਰੀਬ ਨਿਮਾਣਿਆਂ ਆਇਆ ਚੁੱਕਣ, ਨਿਰਗੁਣ ਆਪਣਾ ਫੇਰਾ ਪਾਈਆ। ਜੂਠਿਆਂ ਝੂਠਿਆਂ ਆਇਆ ਪੁਛਣ, ਲੇਖਾ ਮੰਗੇ ਥਾਉਂ ਥਾਈਂਆ। ਕਿਸੇ ਥਾਂ ਨਾ ਲੱਭੇ ਲੁੱਕਣ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਸਮੁੰਦ ਸਾਗਰ ਵੇਖ ਵਖਾਈਆ। ਬਣ ਕੇ ਸ਼ੇਰ ਆਇਆ ਬੁੱਕਣ, ਸ਼ਬਦੀ ਇਕੋ ਭਬਕ ਲਗਾਈਆ। ਕੂੜੀ ਕਿਰਿਆ ਜੜ੍ਹ ਆਇਆ ਪੁੱਟਣ, ਗੋਬਿੰਦ ਬੂਟਾ ਪੁੱਟਿਆ ਇਕੋ ਕਾਹੀਆ। ਜਨ ਭਗਤਾਂ ਸੁਖਣਾਂ ਆਇਆ ਸੁਖਣ, ਸੁਖ ਵਸੇ ਖੇੜਾ ਜਿਸ ਦੁਆਰੇ ਭਗਤ ਆਸਣ ਲਾਈਆ। ਉਜਲ ਕਰਨ ਆਇਆ ਮੁਖਣ, ਜਗਤ ਦੁਰਮਤ ਮੈਲ ਧੁਆਈਆ। ਬੇਵਫ਼ਾਈ ਆਇਆ ਕੁੱਟਣ, ਨਾਮ ਖੰਡਾ ਹੱਥ ਚਮਕਾਈਆ। ਸ੍ਰਿਸ਼ਟ ਸਬਾਈ ਆਇਆ ਲੁੱਟਣ, ਬਣ ਲੁਟੇਰਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭਗਤ ਭਗਵੰਤ ਨਾਰ ਕੰਤ ਸੋਭਾਵੰਤ, ਸਚ ਮਹੱਲ ਅਟੱਲ ਮਨਾਰ ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਸਚ ਸ਼ਿੰਗਾਰ, ਸੋਭਾਵੰਤ ਛੈਲ ਛਬੀਲ, ਬਸਤਰ ਭੂਸ਼ਨ ਨਾ ਕੋਇ ਨੀਲ, ਬਸਨ ਬਨਵਾਰੀ ਜੋਤ ਨਿਰੰਕਾਰੀ, ਅਕਲ ਕਲ ਭਰਪੂਰਾ ਹਾਜ਼ਰ ਹਜ਼ੂਰਾ, ਨੇਰਨ ਦੂਰਾ ਜ਼ਾਹਰ ਜ਼ਹੂਰਾ, ਗਹਿਰ ਗੰਭੀਰ ਬੇਨਜ਼ੀਰ, ਨਜ਼ਰ ਮਿਹਰ ਇਕ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕੱਟ ਸ਼ਰਅ ਜ਼ੰਜੀਰ, ਸ਼ਖ਼ਸੀਅਤ ਇਕੋ ਇਕ ਜਣਾਈਆ। ਸਤਿਜੁਗ ਸਾਚੀ ਪਾਏ ਆਦਤ, ਅਦਲ ਇਕੋ ਇਕ ਜਣਾਇੰਦਾ। ਚਾਰ ਵਰਨ ਇਕ ਇਬਾਦਤ, ਏਕਾ ਨਾਮ ਪੜ੍ਹਾਇੰਦਾ। ਜਨ ਭਗਤਾਂ ਦੇਵੇ ਆਪ ਸ਼ਹਾਦਤ, ਸ਼ਹਿਨਸ਼ਾਹ ਆਪਣੀ ਸੇਵ ਕਮਾਇੰਦਾ। ਏਥੇ ਓਥੇ ਕਰੇ ਤੁਆਕਬ, ਅੱਗੇ ਪਿਛੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਲੇਖਾ ਜਾਣੇ ਸਚ ਸੌਦਾਗਰ, ਸਿਦਕ ਸਬੂਰੀ ਸਾਦਰ ਤੋੜ ਨਿਭਾਇੰਦਾ। ਸਾਦਕ ਸਦੀਕ ਦਏ ਭਰੋਸਾ, ਭਾਂਡਾ ਭਰਮ ਭੌ ਭੰਨਾਈਆ। ਪਿਛਲਾ ਰਹਿਣ ਨਾ ਦੇਵੇ ਰੋਸਾ, ਰੁਸਿਆਂ ਲਏ ਮਨਾਈਆ। ਅੱਗੇ ਮਾਰਗ ਦੱਸੇ ਸੌਖਾ, ਸੁਹਬਤ ਕਰੇ ਲੋਕਾਈਆ। ਕਿਸੇ ਨਾਲ ਨਾ ਕਰੇ ਧੋਖਾ, ਉਚੀ ਕੂਕ ਕੂਕ ਜਣਾਈਆ। ਪ੍ਰਭ ਮਿਲਣ ਦਾ ਇਕੋ ਮੌਕਾ, ਵੇਲਾ ਗਿਆ ਹੱਥ ਨਾ ਆਈਆ। ਧਰਤ ਮਾਤ ਦਾ ਪੋਚਿਆ ਰਹਿ ਜਾਏ ਚੌਂਕਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬੈਠਣ ਕੋਇ ਨਾ ਪਾਈਆ। ਬਿਨ ਹਰਿ ਭਗਤ ਸਰਬ ਜਹਾਨ ਜਾਏ ਔਂਤਾ, ਜਗਤ ਨਿਸ਼ਾਨ ਨਾ ਕੋਇ ਰਖਾਈਆ। ਬਿਨ ਹਰਿ ਕੰਤ ਦੂਜਾ ਨਜ਼ਰ ਨਾ ਆਏ ਖ਼ੌਂਤਾ, ਰੰਡੀ ਦਿਸੇ ਸਰਬ ਲੋਕਾਈਆ। ਸਾਹਿਬ ਸਤਿਗੁਰ ਜਿਸ ਦਰ ਦੁਆਰੇ ਪਹੁੰਚਾ, ਤਿਸ ਮੰਦਰ ਵੱਜੇ ਵਧਾਈਆ। ਭਗਤ ਭਗਵਾਨ ਮਿਲਣ ਦਾ ਰੱਖੇ ਸ਼ੌਂਕਾ, ਦਿਵਸ ਰੈਣ ਧਿਆਨ ਲਗਾਈਆ। ਸ੍ਰਿਸ਼ਟ ਸਬਾਈ ਕਲਜੁਗ ਅੰਤਮ ਸੁੱਤੀ ਲਾ ਕੇ ਢੌਂਕਾ, ਸੋਇਆਂ ਨਾ ਕੋਇ ਉਠਾਈਆ। ਅੰਤਮ ਸਭ ਦੀ ਡੁੱਬੇ ਨੌਕਾ, ਨੱਯਾ ਪਾਰ ਨਾ ਕੋਇ ਕਰਾਈਆ। ਜਿਸ ਨੇ ਛੱਡਿਆ ਪਟਨਾ ਪੌਂਟਾ, ਸੋ ਪੱਟੀ ਰਿਹਾ ਪੜ੍ਹਾਈਆ। ਸਾਹਿਬ ਸਤਿਗੁਰ ਇਕੋ ਬਹੁਤਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਸ਼ਬਦ ਗੁਰ ਲੋਕ ਪਰਲੋਕਾ, ਦੋ ਜਹਾਨ ਕਰੇ ਸ਼ਨਵਾਈਆ। ਹਰਿ ਭਗਤ ਭਗਤ ਹਰਿ ਦੋਵੇਂ ਰਲ ਗਾਵਣ ਸੋਹੰ ਸਲੋਕਾ, ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰੇ ਨੈਣਾਂ ਤੇਰੀ ਝੋਲੀ ਪਾਈਆ।

੧੮ ਮਾਘ ੨੦੧੯ ਬਿਕਰਮੀ ਮੁਹਿੰਦਰ ਸਿੰਘ ਪਿੰਡ ਬੋਪਾ ਰਾਏ ਜ਼ਿਲਾ ਅੰਮ੍ਰਿਤਸਰ

ਜੁਗ ਚੌਕੜੀ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਪਰਵਰਦਿਗਾਰ ਇਕ ਇਕੱਲਾ, ਦੋ ਜਹਾਨਾਂ ਖੇਲ ਖਲਾਇੰਦਾ। ਹਰਿ ਪੁਰਖ ਨਿਰੰਜਣ ਫੜਾਏ ਆਪਣਾ ਪੱਲਾ, ਆਦਿ ਨਿਰੰਜਣ ਨੂਰ ਧਰਾਇੰਦਾ। ਏਕੰਕਾਰਾ ਸਚ ਸਿਘਾੰਸਣ ਏਕਾ ਮੱਲਾ, ਮੁਕਾਮੇ ਹੱਕ ਡੇਰਾ ਲਾਇੰਦਾ। ਜਲਵਾ ਨੂਰ ਇਲਾਹੀ ਅੱਲਾ, ਰੂਪ ਰੰਗ ਨਾ ਕੋਇ ਰਖਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਜਲਾ ਥਲਾ, ਮਹੱਲ ਅਟੱਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਵੇਖ ਵਖਾਇੰਦਾ। ਜੁਗ ਚੌਕੜੀ ਖੇਲ ਅਪਾਰਾ, ਹਰਿ ਕਰਤਾ ਵੇਖ ਵਖਾਈਆ। ਵਸਣਹਾਰਾ ਸਚਖੰਡ ਦੁਆਰਾ, ਦਰ ਘਰ ਸਾਚੇ ਕਰੇ ਰੁਸ਼ਨਾਈਆ । ਆਦਿ ਜੁਗਾਦੀ ਇਕ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਈਆ। ਲੱਖ ਚੁਰਾਸੀ ਖੋਲ੍ਹ ਕਵਾੜਾ, ਘਰ ਘਰ ਸੇਜ ਹੰਢਾਈਆ। ਨਾਦ ਧੁਨ ਸ਼ਬਦ ਜੈਕਾਰਾ, ਰਾਗੀ ਰਾਗ ਸੁਣਾਈਆ। ਨਿਰਮਲ ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਵੇਖ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰਾ, ਗੀਤਾ ਗਿਆਨ ਇਕ ਦ੍ਰਿੜਾਈਆ। ਅੰਜੀਲ ਕੁਰਾਨਾ ਬੋਲ ਨਾਅਰਾ, ਹੱਕ ਹਕੀਕਤ ਦਏ ਸਮਝਾਈਆ। ਲਾਸ਼ਰੀਕ ਪਰਵਰਦਿਗਾਰਾ, ਬੇਪਰਵਾਹ ਵਡ ਵਡਿਆਈਆ। ਲੇਖਾ ਜਾਣੇ ਗੁਰ ਅਵਤਾਰਾ, ਗੁਰ ਗੁਰ ਨਾਦ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰਾ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਈਆ। ਭਗਤ ਭਗਵੰਤ ਮੇਲ ਮਿਲਾਵਾ ਕੰਤ ਭਤਾਰਾ, ਗ੍ਰਹਿ ਮੰਦਰ ਵੱਜੇ ਵਧਾਈਆ। ਸੰਤਾਂ ਦੇਵੇ ਸਚ ਪਿਆਰਾ, ਚਰਨ ਪ੍ਰੀਤੀ ਇਕ

ਸਿਖਾਈਆ। ਗੁਰਮੁਖਾਂ ਕਰਾਏ ਹੱਟ ਵਣਜਾਰਾ, ਵਸਤੂ ਇਕੋ ਨਾਮ ਵਿਕਾਈਆ। ਗੁਰਸਿਖਾਂ ਦੇਵੇ ਚਰਨ ਧੂੜੀ ਛਾਰਾ, ਮਸਤਕ ਟਿੱਕਾ ਨਾਮ ਲਗਾਈਆ। ਕਲਜੁਗ ਅੰਤਮ ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰਾ, ਦੋ ਜਹਾਨਾਂ ਰਿਹਾ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰਾ, ਕਰੋੜ ਤੇਤੀਸਾ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਸਚ ਸਿੰਘਾਸਣ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਖੇਲੇ ਖੇਲ ਪ੍ਰਿਥਮੀ ਅਕਾਸ਼ਨ, ਗਗਨ ਮੰਡਲ ਵੇਖ ਵਖਾਇੰਦਾ। ਗੋਪੀ ਕਾਹਨ ਪਾਏ ਰਾਸਣ, ਲੋਆਂ ਪੁਰੀਆਂ ਨਾਚ ਨਚਾਇੰਦਾ। ਜਨ ਭਗਤਾਂ ਕਰੇ ਪੂਰੀ ਆਸਣ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਨਿਰਗੁਣ ਜੋਤ ਕਰੇ ਪਰਕਾਸ਼ਨ, ਅਗਿਆਨ ਅੰਧੇਰ ਚੁਕਾਇੰਦਾ। ਸਤਿਜੁਗ ਸਾਚੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸਾਹਿਬ ਸੁਲਤਾਨ, ਸਤਿ ਸਤਿਵਾਦੀ ਆਪ ਕਰਾਈਆ। ਅਲੱਖ ਅਗੋਚਰ ਅਗੰਮ ਅਥਾਹ ਨੌਜਵਾਨ, ਬੇਪਰਵਾਹ ਬੇਅੰਤ ਵੱਡੀ ਵਡਿਆਈਆ। ਦੋ ਜਹਾਨਾਂ ਹੁਕਮਰਾਨ ਸਚ ਸੰਦੇਸਾ ਇਕ ਸੁਣਾਈਆ। ਚੌਦਾਂ ਲੋਕਾਂ ਦਏ ਗਿਆਨ, ਚੌਦਾਂ ਤਬਕ ਰਿਹਾ ਉਠਾਈਆ। ਕਲਜੁਗ ਕੂੜੀ ਕਿਰਿਆ ਮਿਟੇ ਨਿਸ਼ਾਨ, ਮਾਇਆ ਮਮਤਾ ਮੋਹ ਦਏ ਚੁਕਾਈਆ। ਸਤਿਜੁਗ ਸਾਚਾ ਬਣੇ ਵਿਧਾਨ, ਸਾਚੀ ਸਿਖਿਆ ਕਰੇ ਪੜ੍ਹਾਈਆ। ਸ੍ਰਿਸ਼ਟ ਸਬਾਈ ਇਕੋ ਨਜ਼ਰੀ ਆਏ ਰਾਮ, ਰਹੀਮ ਇਕੋ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਰਦੇ ਕਰੇ ਗ਼ੁਲਾਮ, ਮਾਣ ਤਾਣ ਨਾ ਕੋਇ ਵਡਿਆਈਆ। ਨਿਉਂ ਨਿਉਂ ਸਯਦਾ ਕਰਨ ਸਰਬ ਸਲਾਮ, ਅਲੈਕਮ ਵੇਖੇ ਥਾਉਂ ਥਾਈਂਆ। ਪਰਗਟ ਹੋਏ ਹੱਕ ਅਮਾਮ, ਅਮਾਨਤ ਸਭ ਦੀ ਦੇਵੇ ਥਾਉਂ ਥਾਈਂਆ। ਚੌਦਾਂ ਤਬਕ ਬਦਲੇ ਨਜ਼ਾਮ, ਨਜ਼ਮ ਇਕੋ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਡੰਕਾ ਨਾਮ ਖ਼ੁਦਾਈਆ। ਡੰਕਾ ਨਾਮ ਸੁਣਾਏ ਮਖ਼ਲੂਕ, ਖ਼ਾਲਕ ਆਪਣੀ ਖੇਲ ਖਲਾਇੰਦਾ। ਨਾ ਕੋਈ ਤੱਤ ਕਾਇਆ ਕਲਬੂਤ, ਕਲਮਾ ਨਬੀ ਆਪ ਪੜ੍ਹਾਇੰਦਾ। ਦੇਵਣਹਾਰ ਸਚ ਸਬੂਤ, ਸਾਖਿਆਤ ਨਜ਼ਰੀ ਆਇੰਦਾ। ਨਾਤਾ ਤੋੜੇ ਪੰਜ ਤੱਤ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਨਾ ਕੋਇ ਪਾਇੰਦਾ। ਭਗਤ ਭਗਵਾਨ ਇਕੋ ਤਾਣਾ ਪੇਟਾ ਸੂਤ, ਸਾਚਾ ਨਾਮ ਰੰਗ ਰੰਗਾਇੰਦਾ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਇੰਦਾ। ਕਲਜੁਗ ਕੂੜੀ ਕਿਰਿਆ ਨਾਤਾ ਤੋੜੇ ਜੂਠ ਝੂਠ, ਕੂੜੀ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਰਾਹ ਵਖਾਇੰਦਾ। ਕਲਜੁਗ ਕੂੜਾ ਹੋਏ ਦੂਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਪਰਗਟ ਹੋਏ ਜੋਧਾ ਸੂਰ, ਬੇਅੰਤ ਵੱਡੀ ਵਡਿਆਈਆ। ਲੱਖ ਚੁਰਾਸੀ ਵੇਖੇ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਮੁਰੀਦਾਂ ਮੁਰਸ਼ਦ ਹਾਜ਼ਰ ਹਜ਼ੂਰ, ਹਜ਼ਰਤ ਏਕਾ ਰੰਗ ਵਖਾਈਆ। ਏਕਾ ਦੇਵੇ ਸਤਿ ਸਰੂਰ, ਨਾਮ ਖ਼ੁਮਾਰੀ ਆਪ ਚੜ੍ਹਾਈਆ। ਜਨ ਭਗਤਾਂ ਆਸਾ ਕਰੇ ਪੂਰ, ਭਗਵਨ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਮ ਡੰਕਾ ਰਾਉ ਰੰਕਾਂ ਰਿਹਾ ਸੁਣਾਈਆ। ਨਾਮ ਡੰਕਾ ਵੱਜੇ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਵਜਾਇੰਦਾ। ਗੁਰ ਅਵਤਾਰ ਕਰਨ ਧਿਆਨ, ਪੀਰ ਪੈਗ਼ੰਬਰ ਨੈਣ ਉਠਾਇੰਦਾ। ਖਾਣੀ ਬਾਣੀ ਹੋਈ ਹੈਰਾਨ, ਸ਼ਾਸਤਰ ਸਿਮਰਤ ਵੇਦ ਸਰਬ ਕੁਰਲਾਇੰਦਾ। ਅੰਜੀਲ ਕੁਰਾਨਾ ਆਈ ਹਾਣ, ਸ਼ਰਅ

ਸ਼ਰੀਅਤ ਨਾ ਕੋਇ ਜਣਾਇੰਦਾ। ਮੁਲਾਂ ਸ਼ੇਖ਼ ਮੁਸਾਇਕ ਬੇਈਮਾਨ, ਬੇਵਾ ਸਭ ਦਾ ਰੂਪ ਜਣਾਇੰਦਾ। ਨਜ਼ਰ ਨਾ ਆਏ ਇਕ ਭਗਵਾਨ, ਕੋਟਨ ਕੋਟ ਨੈਣ ਉਠਾਇੰਦਾ। ਸ੍ਰਿਸ਼ਟ ਸਬਾਈ ਤੁਟਾ ਮਾਣ, ਅਭਿਮਾਨ ਘਰ ਘਰ ਡੇਰਾ ਲਾਇੰਦਾ। ਆਤਮ ਬ੍ਰਹਮ ਸਕੇ ਨਾ ਕੋਇ ਪਛਾਣ, ਪਰਮਾਤਮ ਆਤਮ ਮੇਲ ਨਾ ਕੋਇ ਮਿਲਾਇੰਦਾ। ਪੜ੍ਹ ਪੜ੍ਹ ਥੱਕੇ ਜੀਵ ਜਹਾਨ, ਜੀਵਣ ਜੁਗਤ ਨਾ ਕੋਇ ਸਮਝਾਇੰਦਾ। ਆਤਮ ਧੁਨ ਨਾ ਵੱਜੇ ਨਾਦ ਧੁਨਕਾਨ, ਅਨਹਦ ਤਾਲ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਵੇਲਾ, ਸ੍ਰਿਸ਼ਟ ਸਬਾਈ ਵਕਤ ਦੁਹੇਲਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਧੀਰਜ ਧੀਰ ਨਾ ਦੇਵੇ ਧੀਰ, ਧਰਤ ਧਵਲ ਰਹੀ ਕੁਰਲਾਈਆ। ਨਾ ਕੋਈ ਸਹਾਈ ਪੈਗ਼ੰਬਰ ਪੀਰ, ਫ਼ਕੀਰ ਫ਼ਿਕਰਾ ਨਾ ਕੋਇ ਪੜ੍ਹਾਈਆ। ਕਿਸੇ ਸਚ ਨਾ ਮਿਲੇ ਤਦਬੀਰ, ਤਕਦੀਰ ਸਭ ਦੇ ਸਿਰ ਤੇ ਛਾਈਆ। ਕਰੇ ਖੇਲ ਬੇਨਜ਼ੀਰ, ਮਿਹਰਵਾਨ ਨਜ਼ਰ ਕਿਸੇ ਨਾ ਆਈਆ। ਤੋੜਨਹਾਰਾ ਸ਼ਰਅ ਜ਼ੰਜੀਰ, ਦੀਨ ਮਜ਼੍ਹਬ ਪੰਧ ਮੁਕਾਈਆ। ਅੰਮ੍ਰਿਤ ਬਖ਼ਸ਼ੇ ਠੰਡਾ ਸੀਰ, ਆਬ ਹਯਾਤ ਆਬ ਪਿਆਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਦਏ ਮੁਕਾਈਆ। ਕਲਜੁਗ ਕੂੜੀ ਕਿਰਿਆ ਜਾਏ ਮੁੱਕ, ਸੋ ਪੁਰਖ ਨਿਰੰਜਣ ਆਪ ਮੁਕਾਇੰਦਾ। ਹਰਿ ਕਾ ਭਾਣਾ ਕਦੇ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਮਾਇਆ ਮਮਤਾ ਹਉਂਮੇ ਹੰਗਤਾ ਬੂਟਾ ਜਾਏ ਸੁੱਕ, ਹਰਿਆ ਸਿੰਚ ਨਾ ਕੋਇ ਕਰਾਇੰਦਾ। ਭਗਤ ਭਗਵਾਨ ਲਏ ਪੁੱਛ, ਸੰਤ ਸੁਹੇਲੇ ਆਪ ਜਗਾਇੰਦਾ। ਦਰਸ ਦਿਖਾਏ ਜੋ ਬੈਠਾ ਲੁਕ, ਦਵੈਤੀ ਪਰਦਾ ਆਪੇ ਲਾਹਿੰਦਾ। ਗੁਰਮੁਖ ਸੱਜਣ ਸੰਤ ਸੁਹੇਲੇ ਗੁਰੂ ਗੁਰ ਚੇਲੇ ਬਣਾਏ ਸਾਚੇ ਸੁਤ, ਜਨ ਜਨਨੀ ਗੋਦ ਸੁਹਾਇੰਦਾ। ਸਤਿਜੁਗ ਸੁਹਾਏ ਆਪਣੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਪਰਗਟ ਹੋ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਜਣਾਇੰਦਾ। ਜਨ ਭਗਤਾਂ ਉਪਰ ਜਾਏ ਤੁਠ, ਸਵਛ ਸਰੂਪੀ ਰੂਪ ਵਟਾਇੰਦਾ। ਅੰਮ੍ਰਿਤ ਜਾਮ ਪਿਆਏ ਘੁਟ, ਨਿਝਰ ਝਿਰਨਾ ਇਕ ਝਿਰਾਇੰਦਾ। ਨਾਮ ਭੰਡਾਰਾ ਦਏ ਅਤੁਟ, ਸੋਹੰ ਸੋ ਆਪ ਵਰਤਾਇੰਦਾ। ਪੰਚ ਵਿਕਾਰਾ ਕੱਢੇ ਕੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਇੰਦਾ। ਹਰਿਜਨ ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਪੰਧ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਸਾਚਾ ਘਰ, ਗ੍ਰਹਿ ਮੰਦਰ ਮੇਲ ਮਿਲਾਇੰਦਾ। ਗੁਰਮੁਖ ਸਮਾਂ ਸਦਾ ਚੰਗਾ, ਚੰਗੀ ਤਰਾ ਸਮਝਾਈਆ। ਸਤਿਗੁਰ ਪ੍ਰੇਮ ਜੋ ਜਨ ਰੰਗਾ, ਰੰਗਤ ਇਕ ਚੜ੍ਹਾਈਆ। ਨਾ ਭੁੱਖਾ ਨਾ ਕਦੇ ਨੰਗਾ, ਜੀਵਣ ਮਰਨ ਨਾ ਕੋਇ ਵਡਿਆਈਆ। ਅੱਠੇ ਪਹਿਰ ਇਕ ਅਨੰਦਾ, ਅਨੰਦ ਅਨੰਦ ਵਿਚ ਸਮਾਈਆ। ਘਰ ਵਿਚ ਘਰ ਚੜ੍ਹਾਏ ਸਾਚਾ ਚੰਦਾ, ਸੂਰਜ ਚੰਦ ਮੁਖ ਸ਼ਰਮਾਈਆ। ਤੋੜਣਹਾਰਾ ਬੰਦੀਖ਼ਾਨਾ ਬੰਦਾ, ਜਿਸ ਜਨ ਆਪਣੀ ਬੰਦਗੀ ਦਏ ਸਮਝਾਈਆ। ਗੁਰਸਿਖ ਕਦੇ ਨਾ ਹੋਵੇ ਗੰਦਾ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਗਾਏ ਛੰਦਾ, ਮਿਲ ਮਿਲ ਸਖੀਆਂ ਮੰਗਲ ਗਾਈਆ। ਗੁਰਸਿਖ ਗੁਰਮੁਖ ਸੰਤ ਸੁਹੇਲਾ ਸਦਾ ਠੰਡਾ, ਅਗਨੀ ਤੱਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਮਾਂ ਮਨਮੁਖਾਂ ਉਤੇ ਲਗਾਈਆ। ਗੁਰਮੁਖ ਸਮਾਂ ਸਦਾ ਸੋਹਣਾ, ਸੋਹਣੀ ਰੁੱਤ ਵਖਾਈਆ। ਮਿਲ ਸਤਿਗੁਰ ਕਦੇ ਨਾ ਰੋਣਾ, ਨੇਤਰ ਨੀਰ ਨਾ ਕੋਇ ਵਹਾਈਆ। ਗੁਰ ਕਾ ਸ਼ਬਦ

ਸਾਚਾ ਗੌਣਾ, ਗਾ ਗਾ ਖ਼ੁਸ਼ੀ ਵਖਾਈਆ। ਗ਼ਫ਼ਲਤ ਵਿਚ ਕਦੇ ਨਾ ਸੌਣਾ, ਸੋਵਤ ਜਾਗਤ ਇਕੋ ਰੰਗ ਵਖਾਈਆ। ਆਪਣੇ ਘਰ ਵਿਚ ਆਪਣਾ ਸਤਿਗੁਰ ਪੌਣਾ, ਬਾਹਰ ਲੱਭਣ ਕੋਇ ਨਾ ਜਾਈਆ। ਦੇਵਣਹਾਰਾ ਠੰਡੀ ਪੌਣਾ, ਪਵਣ ਉਣੰਜਾ ਸੇਵ ਲਗਾਈਆ। ਕੱਟਣਹਾਰਾ ਅਵਣਾ ਗਵਣਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਸਮਾਂ, ਸੋ ਗੁਰਸਿਖ ਨਾ ਹੋਏ ਨਿਕੰਮਾ, ਨਿਜ ਘਰ ਆਪਣੇ ਆਪਣੀ ਖ਼ੁਸ਼ੀ ਮਨਾਈਆ। ਗੁਰਸਿਖ ਸਮਾਂ ਸਤਿਗੁਰ ਸੰਜੋਗ, ਗੁਰ ਸ਼ਬਦ ਹੋਏ ਕੁੜਮਾਈਆ। ਕੂੜੀ ਕਿਰਿਆ ਚੁੱਕੇ ਰੋਗ, ਦੁੱਖ ਸੁਖ ਨੇੜ ਨਾ ਆਈਆ। ਦਰਸ ਕਰੇ ਇਕ ਅਮੋਘ, ਆਤਮ ਜੋਤ ਪਰਮਾਤਮ ਵਿਚ ਸਮਾਈਆ। ਏਥੇ ਓਥੇ ਸਦਾ ਮੋਖ, ਮੁਕਤੀ ਚਰਨਾਂ ਹੇਠ ਰਖਾਈਆ। ਗੁਰਸਿਖ ਨਾ ਹਰਖ ਨਾ ਕੋਇ ਸੋਗ, ਚਿੰਤਾ ਗ਼ਮ ਨਾ ਕੋਇ ਸਤਾਈਆ। ਜਿਸ ਹਰਿ ਕਾ ਨਾਉਂ ਚੁਗੀ ਚੋਗ, ਤ੍ਰਿਸਨਾ ਭੁੱਖ ਨਾ ਲਾਗੇ ਰਾਈਆ। ਅੱਠੇ ਪਹਿਰ ਕਾਇਆ ਮੰਦਰ ਅੰਦਰ ਲੱਗੇ ਚੋਟ, ਅਨਹਦ ਨਾਦੀ ਨਾਦ ਸੁਣਾਈਆ। ਸ੍ਰਿਸ਼ਟ ਸਬਾਈ ਬਿਨ ਗੁਰ ਸ਼ਬਦ ਰਹੀ ਰੋਤ, ਰੋਂਦਿਆਂ ਚੁੱਪ ਨਾ ਕੋਇ ਕਰਾਈਆ। ਸਮੇਂ ਅੰਦਰ ਸਾਰੇ ਹੋਏ ਬੇਹੋਸ਼, ਆਪਣੀ ਅੱਖ ਨਾ ਕੋਇ ਖੁਲ੍ਹਾਈਆ। ਅੰਤਮ ਮਾਰੇ ਜਾਣੇ ਨਿਰਦੋਸ਼, ਦੋਸ਼ ਸਭ ਤੇ ਰਿਹਾ ਠਹਿਰਾਈਆ। ਕਿਸੇ ਕੰਮ ਨਾ ਔਣਾ ਕਾਇਆ ਮਾਟੀ ਚੰਮੜਾ ਪੋਸ਼, ਪੁਸ਼ਤ ਹੱਥ ਨਾ ਕੋਇ ਟਿਕਾਈਆ। ਜਿਸ ਨੂੰ ਸਤਿਗੁਰ ਦੇਵੇ ਸਾਚੀ ਸੋਚ, ਤਿਸ ਸਮਾਂ ਇਕੋ ਜਿਹਾ ਨਜ਼ਰੀ ਆਈਆ। ਗੁਰਮੁਖ ਸਮਾਂ ਇਕ ਰੰਗ, ਇਕੋ ਘਰ ਵਖਾਇੰਦਾ। ਆਤਮ ਸੇਜਾ ਸਚ ਪਲੰਘ, ਸੋਭਾਵੰਤ ਆਪ ਜਣਾਇੰਦਾ। ਦਿਵਸ ਰੈਣ ਵੱਜੇ ਮਰਦੰਗ, ਘੜੀ ਪਲ ਨਾ ਵੰਡ ਵੰਡਾਇੰਦਾ। ਗੁਰ ਕਾ ਸਮਾਂ ਗੁਰਮੁਖ ਵੇਖੇ ਲੰਘ, ਮਨਮੁਖ ਨੇੜ ਕੋਇ ਨਾ ਆਇੰਦਾ। ਲਹਿਣਾ ਦੇਣਾ ਚੁਕੇ ਬੱਤੀ ਦੰਦ, ਰਸਨਾ ਜਿਹਵਾ ਲੇਖੇ ਪਾਇੰਦਾ। ਕਲਜੁਗ ਔਧ ਗਈ ਹੰਢ, ਅੱਗੇ ਗੰਢ ਨਾ ਕੋਇ ਪੁਆਇੰਦਾ। ਸਤਿਜੁਗ ਸਾਚਾ ਜਨ ਭਗਤਾਂ ਪਾਏ ਠੰਡ, ਆਤਮ ਪਰਮਾਤਮ ਮੇਲ ਮਿਲਾਇੰਦਾ। ਬੀਸ ਬੀਸਾ ਦਏ ਹਦੀਸਾ ਇਕ ਇਕੀਸਾ ਸ੍ਰਿਸ਼ਟ ਸਬਾਈ ਵਖਾਏ ਇਕ ਅਨੰਦ, ਅਨੰਦ ਆਤਮ ਪਰਮ ਪੁਰਖ ਪਰਮਾਤਮ ਪਾਰਬ੍ਰਹਮ ਬ੍ਰਹਮ ਆਪਣਾ ਆਪ ਜਣਾਇੰਦਾ।