ਪੁਸਤਕਾਲਾਭਾਗ ੧੪

੨੧ ਵਸਾਖ ੨੦੨੦ ਬਿਕਰਮੀ ਕਿਸ਼ਨ ਸਿੰਘ ਦੇ ਗ੍ਰਹਿ ਅਲ੍ਹੜ ਪਿੰਡੀ ਜ਼ਿਲਾ ਗੁਰਦਾਸ ਪੁਰ

ਗੋਬਿੰਦ ਵੇਖ ਆਪਣਾ ਬਾਗ਼ੀਚਾ, ਸ੍ਰੀ ਭਗਵਾਨ ਰਿਹਾ ਵਖਾਈਆ। ਜਿਨ੍ਹਾਂ ਪਿਛੇ ਹੋਇਉਂ ਨੀਚਾ, ਊਚੋ ਊਚ ਦਏ ਵਡਿਆਈਆ। ਪ੍ਰੇਮ ਪਿਆਰ ਦੀ ਕਰ ਲੈ ਰੀਝਾ, ਸਾਚੀ ਸਿਖਿਆ ਇਕ ਸਮਝਾਈਆ। ਅੱਗੇ ਕੋਈ ਨਾ ਰਹੇ ਗੁਰੂ ਸਿਖ ਚਾਚਾ ਭਤੀਜਾ, ਪੁਰਖ ਅਕਾਲ ਇਕੋ ਨਜ਼ਰੀ ਆਈਆ। ਸਾਚਾ ਬੀਜ ਸਾਹਿਬ ਬੀਜਾ, ਪਤ ਡਾਲੀ ਆਪ ਮਹਿਕਾਈਆ। ਅੰਦਰ ਲੰਘ ਕੇ ਵੇਖ ਦਹਿਲੀਜ਼ਾ, ਦਰ ਦਰਬਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਰਿਹਾ ਉਠਾਈਆ। ਗੋਬਿੰਦ ਵੇਖ ਸਚ ਫੁਲਵਾੜੀ, ਪਾਰਬ੍ਰਹਮ ਬ੍ਰਹਮ ਉਪਾਇੰਦਾ। ਜਿਸ ਦੇ ਪਿਛੇ ਵਿਸ਼ਨ ਬ੍ਰਹਮਾ ਸ਼ਿਵ ਲਾਈ ਤਾੜੀ, ਨਿਤ ਨਵਿਤ ਧਿਆਨ ਲਗਾਇੰਦਾ। ਤਿਨ੍ਹਾਂ ਸਤਿਗੁਰ ਫਿਰੇ ਪਿਛੇ ਅਗਾੜੀ, ਦਿਵਸ ਰੈਣ ਸੇਵ ਕਮਾਇੰਦਾ। ਅੰਦਰ ਬਾਹਰ ਨਿਰਗੁਣ ਸਰਗੁਣ ਕਰੇ ਕਾਰੀ, ਕਰਤਾ ਆਪਣੀ ਕਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵਖਾਇੰਦਾ। ਗੋਬਿੰਦ ਵੇਖ ਆਪਣਾ ਪਰਵਾਰ, ਪਰਮ ਪੁਰਖ ਰਿਹਾ ਵਖਾਈਆ। ਜਿਨ੍ਹਾਂ ਪਿਛੇ ਸਭ ਕੁਛ ਗਿਉਂ ਵਾਰ, ਪਿਛੋਂ ਵਾਰਤਾ ਗਾਏ ਲੋਕਾਈਆ। ਤੇਰੀ ਕੋਇ ਨਾ ਪਾਏ ਸਾਰ, ਤੇਰਾ ਭੇਵ ਕਿਸੇ ਨਾ ਆਈਆ। ਤੇਰਾ ਲੇਖਾ ਜਾਣੇ ਆਪ ਨਿਰੰਕਾਰ, ਨਿਰਗੁਣ ਦਾਤਾ ਵਡ ਵਡਿਆਈਆ। ਕਲਜੁਗ ਅੰਤਮ ਕਰੇ ਸਚ ਪਿਆਰ, ਪ੍ਰੇਮ ਪ੍ਰੀਤੀ ਇਕ ਦਰਸਾਈਆ। ਉਠ ਵੇਖ ਹੋ ਨਿਹਾਲ, ਪਿਛਲਾ ਦੁੱਖ ਭੁਲਾਈਆ। ਲਹਿਣਾ ਚੁਕਾਏ ਆਪ ਅਕਾਲ, ਅਕਲ ਕਲਾ ਹੋ ਜਾਈਆ। ਜਿਸ ਦੀ ਕੋਈ ਨਾ ਝੱਲੇ ਝਾਲ, ਝਲਕ ਦੇ ਕੇ ਸਭ ਨੂੰ ਮੂੰਹ ਦੇ ਭਾਰ ਸੁਟਾਈਆ। ਸੋ ਪੁਛੇ ਤੇਰਾ ਹਾਲ, ਮੁਰੀਦ ਮੁਰਸ਼ਦ ਫੇਰਾ ਪਾਈਆ। ਅੰਤਮ ਹੱਲ ਕਰੇ ਸਵਾਲ, ਜ਼ੇਰ ਜ਼ਬਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਹੱਥੋ ਹੱਥ ਫੜਾਈਆ। ਗੋਬਿੰਦ ਵੇਖ ਆਪਣਾ ਦੁਆਰ, ਧੁਰ ਦਰਬਾਰੀ ਆਪ ਜਣਾਇੰਦਾ। ਸਾਚਾ ਦੀਪਕ ਇਕ ਉਜਿਆਰ, ਤੇਲ ਬਾਤੀ ਨਾ ਕੋਇ ਟਿਕਾਇੰਦਾ। ਸਾਚਾ ਨਾਮ ਸ਼ਬਦ ਧੁਨਕਾਰ, ਸਾਜ ਤਾਲ ਨਾ ਕੋਇ ਵਜਾਇੰਦਾ। ਸਾਚੀ ਸਖੀਆਂ ਮੰਗਲਚਾਰ, ਗੀਤ ਗੋਬਿੰਦ ਇਕ ਅਲਾਇੰਦਾ। ਸਾਚਾ ਸੱਜਣ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਸਾਚਾ ਲੇਖਾ ਧੁਰ ਦਰਬਾਰ, ਧੁਰਦਰਗਾਹੀ ਆਪ ਮੁਕਾਇੰਦਾ। ਤੇਰਾ ਸੱਥਰ ਕਰ ਪਿਆਰ, ਤੇਰੇ ਅੱਥਰ ਨੈਣ ਆਪ ਪੂੰਝਾਇੰਦਾ। ਤੇਰਾ ਪੱਥਰ ਹਿਰਦਾ ਦੇਵੇ ਪਾੜ, ਪ੍ਰੇਮ ਨਿਸ਼ਾਨਾ ਤੀਰ ਲਗਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਤੇਰਾ ਇਕ ਸਮਝਾਇੰਦਾ। ਗੋਬਿੰਦ ਵੇਖ ਆਪਣਾ ਗ੍ਰਹਿ, ਘਰ ਮੰਦਰ ਆਪ ਜਣਾਇੰਦਾ। ਜਿਸ ਮੰਦਰ ਅੰਦਰ ਹਰਿ ਜੂ ਰਹਿ, ਨਿਰਗੁਣ ਆਪਣਾ ਡੇਰਾ ਲਾਇੰਦਾ। ਜੋ ਕਰਨੀ ਸੋ ਤੈਨੂੰ ਕਹੇ, ਦੂਸਰ ਹੋਰ ਨਾ ਕਿਸੇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਗੋਬਿੰਦ ਵੇਖ ਖੋਲ੍ਹ ਅੱਖ, ਹਰਿ ਆਖ਼ਰ ਦਇਆ ਕਮਾਈਆ। ਬਾਕੀ ਭਾਂਡੇ ਕਰ ਕੇ ਸੱਖ, ਤੇਰਾ ਭੰਡਾਰਾ ਰਿਹਾ ਭਰਾਈਆ। ਪੰਜ ਤੱਤ ਨਾਲੋਂ ਕਰ ਕੇ ਵੱਖ, ਨਿਰਗੁਣ ਸ਼ਬਦ ਨੂਰ ਜੋਤ ਰੁਸ਼ਨਾਈਆ। ਡੂੰਘੀ ਧਾਰ ਮਾਰਗ ਦੱਸ, ਰਸਤੇ ਕਰੇ ਪੜ੍ਹਾਈਆ। ਮੇਲ ਮਿਲਾਏ ਨੱਠ ਨੱਠ, ਪਾਂਧੀ ਬਣ ਬੇਪਰਵਾਹੀਆ। ਬਣ ਵਣਜਾਰਾ ਖੋਲ੍ਹ ਹੱਟ, ਵਸਤ ਇਕੋ ਇਕ ਵਿਕਾਈਆ। ਤੇਰੀ ਸੇਜ ਸੁਹਾਏ ਸੁੱਚਾ ਪੱਟ, ਪੱਟ ਪਟਨਾ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਇਕੋ ਨਾਮ ਲਈਏ ਰਟ, ਰੱਟਾ ਮੁੱਕੇ ਜਗਤ ਲੋਕਾਈਆ। ਪ੍ਰੇਮ ਪਿਆਰ ਬਿਰਹੋਂ ਮਾਰ ਸਿਟੇ ਸੱਟ, ਚੋਟ ਨਗਾਰੇ ਇਕ ਜਣਾਈਆ। ਨਾ ਕੋਈ ਰੂਪ ਰੰਗ ਰੇਖ ਦਿਸੇ ਪੁਰਖ ਸਮਰਥ, ਸਮਰਥ ਆਪਣੀ ਕਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ। ਗੋਬਿੰਦ ਵੇਖ ਆਪਣਾ ਪੀਰ, ਬੇਪੀਰ ਫੇਰਾ ਪਾਇੰਦਾ। ਜਿਸ ਦੀ ਨਜ਼ਰ ਨਾ ਆਏ ਤਸਵੀਰ, ਤਸਬੀ ਗਲ ਨਾ ਕੋਇ ਲਟਕਾਇੰਦਾ। ਨਾ ਕੋਈ ਸ਼ਰਅ ਨਾ ਜ਼ੰਜੀਰ, ਕੜੀ ਕੜੀ ਨਾ ਕੋਇ ਬੰਧਾਇੰਦਾ। ਜੀਹਦਾ ਲੇਖਾ ਬੇਨਜ਼ੀਰ, ਨਜ਼ਰ ਵਿਚ ਨਾ ਕੋਇ ਰਖਾਇੰਦਾ। ਬਦਲਣਹਾਰ ਤਕਸੀਰ, ਤਦਬੀਰ ਆਪਣੀ ਆਪ ਜਣਾਇੰਦਾ। ਅੱਗੇ ਲੋਕਮਾਤ ਵਿਚ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਣੀ ਰਹਿਣ ਨਾ ਦੇਵੇ ਭੀੜ, ਸਾਚਾ ਮਾਰਗ ਇਕ ਵਖਾਇੰਦਾ। ਪਰਵਰਦਿਗਾਰ ਸਤਿ ਅਖ਼ੀਰ, ਸਚ ਸਾਚੀ ਕਾਰ ਕਮਾਇੰਦਾ। ਆਦਿ ਅੰਤ ਨਾ ਹੋਏ ਦਿਲਗੀਰ, ਦੁੱਖ ਦਰਦ ਨਾ ਕੋਇ ਰਖਾਇੰਦਾ। ਨਾ ਕੋਈ ਖੰਡਾ ਨਾ ਸ਼ਮਸ਼ੀਰ, ਚੰਡ ਪਰਚੰਡ ਨਾ ਕੋਇ ਚਮਕਾਇੰਦਾ। ਨਾ ਕੋਈ ਸ਼ਸਤਰ ਕਮਾਨ ਨਾ ਤੀਰ, ਚਿਲਾ ਭੱਥਾ ਨਾ ਕੋਇ ਉਠਾਇੰਦਾ। ਹੁਕਮੇ ਅੰਦਰ ਦੋ ਜਹਾਨਾਂ ਦੇਵੇ ਚੀਰ, ਬਚਿਆ ਕੋਇ ਰਹਿਣ ਨਾ ਪਾਇੰਦਾ। ਸੋ ਬੇਮੁਹਤਾਜ ਆਇਆ ਪੀਰ, ਮੁਫ਼ਲਸ ਆਪਣਾ ਵੇਸ ਵਟਾਇੰਦਾ। ਨਾ ਕੋਈ ਜਾਣੇ ਖੇਲ ਸ਼ਰੀਰ, ਸ਼ਿਰਕਤ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲੇਖਾ ਤੇਰੇ ਹੱਥ ਫੜਾਇੰਦਾ। ਗੋਬਿੰਦ ਸੁਣ ਆਪਣੇ ਕੰਨ, ਹਰਿ ਸਾਹਿਬ ਸਚ ਜਣਾਈਆ। ਤੂੰ ਮੇਰਾ ਕਹਿਣਾ ਲਿਆ ਮੰਨ, ਬੰਸ ਸਰਬੰਸ ਦਿਤਾ ਲੁਟਾਈਆ। ਫਿਰ ਵੀ ਕਰ ਕੇ ਸ਼ੁਕਰ ਕਿਹਾ ਧੰਨ, ਧੰਨ ਤੇਰੀ ਸਰਨਾਈਆ। ਕਲਜੁਗ ਜੀਵ ਨਾ ਜਾਨਣ ਅੰਨ੍ਹ, ਅੰਧਿਆਂ ਰਾਹ ਕੋਇ ਨਾ ਪਾਈਆ। ਘਰ ਘਰ ਦਰ ਦਰ ਤੇਰਾ ਪਿਆ ਜਨ, ਸੰਸਾ ਰੋਗ ਨਾ ਕੋਇ ਚੁਕਾਈਆ। ਤੇਰੇ ਪਿਛੇ ਦੇਵਾਂ ਡੰਨ, ਡੰਕਾ ਇਕੋ ਇਕ ਵਜਾਈਆ। ਜੋ ਘੜਿਆ ਦੇਵਾਂ ਭੰਨ, ਠੀਕਰ ਘਰ ਘਰ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੋਬਿੰਦ ਵੇਖ ਆਪਣੇ ਸਿਖ, ਸਿੰਘ ਨਜ਼ਰ ਕੋਇ ਨਾ ਆਇੰਦਾ। ਜਿਨ੍ਹਾਂ ਲੇਖਾ ਦਿਤਾ ਲਿਖ, ਤਿਨ੍ਹਾਂ ਪਿਛਲਾ ਲੇਖ ਸਮਝਾਇੰਦਾ। ਬਾਕੀ ਸਾਰੇ ਮੰਗਦੇ ਭਿੱਖ, ਝੋਲੀ ਵਸਤ ਨਾ ਕੋਇ ਟਿਕਾਇੰਦਾ। ਕਰੇ ਖੇਲ ਆਪ ਅਨਡਿਠ, ਅਨਡਿਠੜੀ ਕਾਰ ਕਮਾਇੰਦਾ। ਸੂਲਾਂ ਸੱਥਰ ਨਾ ਦਿਤੀ ਪਿੱਠ, ਕਰਵਟ ਆਪਣੀ ਆਪ ਬਦਲਾਇੰਦਾ। ਨਾ ਹਾਰ ਨਾ ਜਾਣੇ ਜਿਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਤੋਹੇ ਸਮਝਾਇੰਦਾ।

ਗੋਬਿੰਦ ਵੇਖ ਨੌਜਵਾਨ, ਨਾਮ ਜਵਾਨੀ ਰਿਹਾ ਵਖਾਈਆ। ਜਿਸ ਦਾ ਝੁੱਲੇ ਸਦਾ ਨਿਸ਼ਾਨ, ਨਿਸ਼ਾਨਾ ਇਕੋ ਇਕ ਬਣਾਈਆ। ਵੇਖਣਹਾਰਾ ਰਾਜ ਰਾਜਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸ਼ਾ ਇਕ ਅਲਾਈਆ। ਸੰਤ ਸੁਹੇਲੇ ਕਰ ਪਰਵਾਨ, ਗੁਰ ਚੇਲੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਰਮ ਪੁਰਖ ਦਇਆ ਕਮਾਈਆ। ਗੋਬਿੰਦ ਕਹੇ ਸਚ ਪ੍ਰਭ, ਪੁਰਖ ਅਕਾਲ ਦਇਆ ਕਮਾਇੰਦਾ। ਗੁਰਮੁਖ ਗੁਰਸਿਖ ਸਾਚੇ ਲੱਭ, ਦਰ ਆਪਣੇ ਮੇਲ ਮਿਲਾਇੰਦਾ। ਮੈਂ ਗਵਾਇਆ ਕਿਛ ਹੱਬ, ਤੇਰਾ ਕੀਤਾ ਆਪਣੀ ਝੋਲੀ ਪਾਇੰਦਾ। ਕਲਜੁਗ ਵੇਖ ਤੇਰੀ ਹੱਦ, ਹਦੂਦ ਆਪਣੀ ਡੇਰਾ ਢਾਹਿੰਦਾ। ਕਿਰਪਾ ਵਿਚੋਂ ਕਿਰਪਾ ਨਿਧਾਨ ਕੱਢ, ਕਿਰਪਨ ਆਪਣੀ ਗੋਦ ਸੁਹਾਇੰਦਾ। ਵਿਛੋੜਾ ਦੇ ਜਿਨ੍ਹਾਂ ਆਇਆ ਛੱਡ, ਸਰਸਾ ਡੂੰਘੀ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਚਰਨ ਕਵਲ ਮੰਗ ਮੰਗਾਇੰਦਾ। ਗੋਬਿੰਦ ਕਹੇ ਸਚ ਮਿਹਰਵਾਨ, ਸੁੱਚ ਤੇਰੀ ਵਡਿਆਈਆ। ਮੈਂ ਕੀ ਜਾਣਾ ਬਾਲ ਅਞਾਣ, ਅਥਾਹ ਤੇਰੀ ਚਤੁਰਾਈਆ। ਹੁਕਮੇ ਅੰਦਰ ਹੁਕਮ ਪਰਵਾਨ, ਸ਼ਬਦ ਵਿਚ ਨਾਮ ਸ਼ਨਵਾਈਆ। ਕਾਹਨਾਂ ਵਿਚੋਂ ਸੱਚਾ ਕਾਹਨ, ਏਕਾ ਤੂ ਹੀ ਨਜ਼ਰੀ ਆਈਆ। ਮੰਦਰਾਂ ਵਿਚੋਂ ਮੰਦਰ ਮਹਾਨ, ਮਹਿਮਾ ਅਕੱਥ ਅਕੱਥ ਵਡਿਆਈਆ। ਜਿਧਰ ਵੇਖਾਂ ਮਾਰ ਧਿਆਨ, ਏਕ ਤੂ ਹੀ ਨਜ਼ਰੀ ਆਈਆ। ਤੇਰਾ ਤੁਲਹਾ ਸਚ ਨਿਸ਼ਾਨ, ਤੇਰਾ ਬੇੜਾ ਬੇਪਰਵਾਹੀਆ। ਤੇਰਾ ਖੇੜਾ ਇਕ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਇਕੋ ਏਕ ਨਜ਼ਰੀ ਆਈਆ। ਗੋਬਿੰਦ ਕਹੇ ਤੇਰਾ ਪਰਵਾਰ, ਪਰਮ ਪਰਮ ਵਡਿਆਈਆ। ਬ੍ਰਹਮ ਬ੍ਰਹਮ ਧਾਰ, ਕਰਮ ਕਰਮ ਜਣਾਈਆ। ਵਰਨ ਵਰਨ ਸ਼ਿੰਗਾਰ, ਸਰਨ ਸਰਨ ਸਰਨਾਈਆ। ਤਰਨ ਤਰਨ ਦਾਤਾਰ, ਹਰਨ ਫਰਨ ਖੁਲ੍ਹਾਈਆ। ਜੁਗ ਚੌਕੜੀ ਜਗਤ ਵਿਹਾਰ, ਭਗਤ ਭਗਵਾਨ ਸੋਭਾ ਪਾਈਆ। ਲਹਿਣਾ ਦੇਣਾ ਕਰਜ਼ ਉਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਭੇਵ ਅਭੇਦ ਇਕ ਜਣਾਈਆ। ਗੋਬਿੰਦ ਕਹੇ ਦਿਆਲ ਸਵਾਮੀ, ਤੇਰਾ ਅੰਤ ਕੋਇ ਨਾ ਆਇੰਦਾ। ਸਰਬ ਜੀਆਂ ਤੂੰ ਅੰਤਰਜਾਮੀ, ਘਟ ਘਟ ਡੇਰਾ ਲਾਇੰਦਾ। ਤੇਰੀ ਇਛਿਆ ਗੁਰ ਗੁਰ ਬਾਣੀ, ਸਤਿਗੁਰ ਤੇਰੀ ਸਿਫ਼ਤ ਸਾਲਾਹਿੰਦਾ। ਤੇਰੇ ਨਾਮ ਦੀ ਜਗਤ ਕਹਾਣੀ, ਲੱਖ ਚੁਰਾਸੀ ਵਡ ਵਡਿਆਇੰਦਾ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੁਲਤਾਨੀ, ਸੁਤ ਦਾਰਾ ਵੇਖ ਵਖਾਇੰਦਾ। ਤੇਰਾ ਮੰਦਰ ਇਕ ਸੁਲਤਾਨੀ, ਸਲਲ ਆਪਣਾ ਰੰਗ ਰੰਗਾਇੰਦਾ। ਆਲਮ ਇਲਮ ਨਾ ਜਾਣੇ ਕੋਈ ਕਹਾਣੀ ਆਲਮੇ ਜਾਵਦਾਨੀ, ਤੇਰੀ ਦਰਗਹਿ ਧਾਮ ਸੁਹਾਇੰਦਾ। ਤਨ ਦਿਸੇ ਜਗਤ ਕਾਨੀ, ਕਾਤਬ ਕਲਮ ਕਲਾਮ ਮਕਤਬ ਲੇਖ ਨਾ ਕੋਇ ਵਖਾਇੰਦਾ। ਤੇਰੇ ਤੇਰੇ ਹੋਏ ਹਰਾਮੀ, ਹੱਕ ਹਲਾਲ ਨਾ ਕੋਇ ਸਮਝਾਇੰਦਾ। ਉਠ ਸਭ ਦੀ ਵੇਖ ਪੇਸ਼ਾਨੀ, ਮਸਤਕ ਟਿੱਕਾ ਨਜ਼ਰ ਕਿਸੇ ਨਾ ਆਇੰਦਾ। ਕਲਮਿਆਂ ਅੰਦਰ ਵੜ ਗਈ ਬੇਈਮਾਨੀ, ਤੇਰੇ ਨੂਰੀ ਅੱਖਰ ਕੂੜੀ ਕਿਰਿਆ ਜਗਤ ਵੰਡ ਵੰਡਾਇੰਦਾ। ਜਗਤ ਅਦਾਲਤ ਤੇਰੀ ਕਰੇ ਬਦਨਾਮੀ, ਹੱਕ ਹਕੀਕਤ ਕੋਇ ਨਾ ਖੋਜ ਖੁਜਾਇੰਦਾ। ਨਾ ਕੋਈ ਇਸਮ ਨਾ ਇਸਲਾਮੀ, ਆਜ਼ਮ ਰੂਪ ਨਾ ਕੋਇ ਧਰਾਇੰਦਾ। ਮੈਂ ਵੇਖ ਹੋਇਆ ਹੈਰਾਨੀ, ਤੇਰੀ ਹਰਕਤ ਬੰਦ ਨਾ ਕੋਇ ਕਰਾਇੰਦਾ। ਨਾ ਕੋਈ ਬਣਿਆ ਕਦਰ ਦਾਨੀ, ਤੇਰੀ ਕੀਮਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਮਹਿਫ਼ਲ

ਵੇਖ ਵਖਾਇੰਦਾ। ਤੇਰੀ ਮਹਿਫ਼ਲ ਵੇਖਾਂ ਰੋਜ਼, ਰਹੀਮ ਤੇਰੀ ਸ਼ਰਨਾਈਆ। ਸ੍ਰੀ ਭਗਵਾਨ ਕਹੇ ਗੋਬਿੰਦ ਕੋਈ ਨਾ ਸੋਚ, ਸੋਚਣ ਵਿਚ ਕਦੇ ਨਾ ਆਈਆ। ਤੇਰੇ ਅੰਦਰ ਵਖਾਵਾਂ ਕੋਟਨ ਕੋਟ ਲੋਕ ਪਰਲੋਕ, ਬ੍ਰਹਿਮੰਡ ਖੰਡ ਤੇਰੇ ਵਿਚ ਟਿਕਾਈਆ। ਤੇਰੇ ਘਰ ਜਗਾਵਾਂ ਨਿਰਮਲ ਜੋਤ, ਨੂਰ ਨੁਰਾਨਾ ਇਕ ਰੁਸ਼ਨਾਈਆ। ਸਾਚਾ ਭੇਵ ਖੁਲ੍ਹਾਵਾਂ ਤੇਰੇ ਹੋਂਟ, ਧੁਰ ਦੀ ਧਾਰ ਧਾਰ ਜਣਾਈਆ। ਤੇਰੀ ਮੇਰੀ ਕਦੇ ਨਾ ਹੋਵੇ ਛੋਟ, ਅੰਤ ਛੁਟੇ ਸਰਬ ਲੋਕਾਈਆ। ਤੂੰ ਮੇਰਾ ਆਹਲਣਿਉਂ ਡਿਗਾ ਬੋਟ, ਅੰਤ ਆਪਣੀ ਗੋਦ ਉਠਾਈਆ। ਤੂੰ ਰੱਖੀ ਇਕੋ ਓਟ, ਪੁਰਖ ਅਕਾਲ ਧਿਆਈਆ। ਤੂੰ ਗੁਰਮੁਖਾਂ ਮਿਲਣ ਦਾ ਰੱਖਿਆ ਸ਼ੌਕ, ਪੁੱਤ ਪੋਤਰੇ ਆਪਣੇ ਨਾ ਕੋਇ ਹੰਢਾਈਆ। ਸ੍ਰੀ ਭਗਵਾਨ ਤੇਰੀ ਸੰਭਾਲੇ ਹੋਸ਼, ਹਸ਼ਰ ਆਪਣਾ ਦਏ ਕਰਾਈਆ। ਤੇਰੇ ਗੁਰਸਿਖ ਵੇਖੇ ਨਿਰਦੋਸ਼ ਦੋਸ਼ੀ ਕੋਈ ਨਜ਼ਰ ਨਾ ਆਈਆ। ਮਾਛੂਵਾੜੇ ਮਿਲਿਆ ਤੈਨੂੰ ਬਣ ਖ਼ਾਮੋਸ਼, ਆਪਣੀ ਕਥਾ ਨਾ ਕਿਸੇ ਸੁਣਾਈਆ। ਆਪਣੇ ਅੰਦਰ ਤੇਰਾ ਦੱਬਿਆ ਜੋਸ਼, ਤਾਕਤਵਰ ਤਾਕਤ ਨਾ ਕੋਇ ਅਜ਼ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਅੱਗੋਂ ਕਰੇ ਹਾਸਾ, ਹੱਸ ਹੱਸ ਖ਼ੁਸ਼ੀ ਮਨਾਇੰਦਾ। ਗੱਲਾਂ ਬਾਤਾਂ ਨਾਲ ਦੇ ਭਰਵਾਸਾ, ਬਿਨ ਕੀਤੀ ਸਬਰ ਮੋਹੇ ਨਾ ਆਇੰਦਾ। ਜੁਗ ਚੌਕੜੀ ਤੇਰਾ ਵੇਂਹਦੇ ਗਏ ਤਮਾਸ਼ਾ, ਤੂੰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਖ਼ਾਕ ਮਿਲਾਇੰਦਾ। ਗਾ ਗਾ ਗਏ ਤੇਰੀ ਗਾਥਾ, ਸਿਫ਼ਤੀ ਸਿਫ਼ਤ ਤੇਰਾ ਨਾਮ ਵਡਿਆਇੰਦਾ। ਟੇਕਦੇ ਗਏ ਤੇਰੇ ਚਰਨ ਮਾਥਾ, ਮਸਤਕ ਤਿਲਕ ਸਰਬ ਵਖਾਇੰਦਾ। ਮੈਂ ਮੰਨਿਆਂ ਤੇਰਾ ਸਾਕਾ, ਪਿਤਾ ਪੂਤ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਜੋ ਤੇਰਾ ਹਾਤਾ, ਤਿਸ ਉਤੇ ਮੈਂ ਆਪਣਾ ਹੱਕ ਰਖਾਇੰਦਾ। ਤੂੰ ਸਭ ਦਾ ਵੱਡਾ ਆਕਾ, ਮੈਂ ਹਾਕਮ ਹੁਕਮ ਮੰਨਾਇੰਦਾ। ਤੇਰੀ ਫਲਵਾੜੀ ਦਾ ਬਣਿਆਂ ਰਹਾਂ ਰਾਖਾ, ਲੱਖ ਚੁਰਾਸੀ ਵੇਖ ਵਖਾਇੰਦਾ। ਮੈਂ ਹੁਣ ਉਹਲੇ ਹੋ ਕੇ ਖਿਚਣ ਨਹੀਂ ਦੇਣਾ ਖ਼ਾਕਾ, ਤੇਰੀ ਤਸਵੀਰ ਆਪਣੇ ਵਿਚ ਰਖਾਇੰਦਾ। ਦੱਸ ਕਿਵੇਂ ਤੋੜੇਂਗਾ ਨਾਤਾ, ਪਿਛਲਾ ਨਾਤਾ ਫੇਰ ਜਗਾਇੰਦਾ। ਆ ਪੁੱਛ ਮੇਰੀਆਂ ਬਾਤਾਂ, ਬੀਤੀ ਕਹਾਣੀ ਆਪ ਸਮਝਾਇੰਦਾ। ਤੇਰੇ ਪਿਛੇ ਮਾਛੂਵਾੜੇ ਕੱਟੀ ਅੰਧੇਰੀ ਰਾਤਾ, ਸੂਲਾਂ ਸੱਥਰ ਸੇਜ ਹੰਢਾਇੰਦਾ। ਪਿਓ ਮਾਂ ਪੁੱਤ ਵਾਰ ਕੇ ਤੇਰੀ ਬਣਿਆ ਜ਼ਾਤਾ, ਆਪਣੀ ਜ਼ਾਤ ਨਾ ਕੋਇ ਰਖਾਇੰਦਾ। ਹੁਣ ਚੜ੍ਹ ਕੇ ਬਹੂੰ ਤੇਰੀ ਢਾਕਾ, ਗਲਵਕੜੀ ਆਪਣੀ ਪਾਇੰਦਾ। ਮੇਰਾ ਬਸਤਰ ਚੋਲਾ ਪਿਛਲਾ ਪਾਟਾ, ਅੱਗੇ ਤਨ ਨਾ ਕੋਇ ਵਖਾਇੰਦਾ। ਮੈਂ ਕਿਸੇ ਨੂੰ ਕਹਿਣਾ ਨਹੀਂ ਚਾਚਾ, ਬਾਪੂ ਇਕੋ ਨਜ਼ਰੀ ਆਇੰਦਾ। ਹੁਣ ਕੱਟਣਾ ਨਹੀਂ ਫ਼ਾਕਾ, ਫਿਕਾ ਰਸ ਨਾ ਕੋਇ ਰਖਾਇੰਦਾ। ਅੱਗੇ ਬਣਿਆ ਰਿਹਾ ਦਾਸੀ ਦਾਸਾ, ਹੁਣ ਸਾਹਮਣੇ ਹੋ ਕੇ ਮੰਗ ਮੰਗਾਇੰਦਾ। ਉਠ ਵੇਖ ਮਾਰ ਝਾਤਾ, ਝਾਕੀ ਆਪਣਿਆਂ ਗੁਰਮੁਖਾਂ ਵਲ ਪਾਇੰਦਾ । ਤੂੰ ਮੇਰਾ ਕਮਲਾਪਾਤਾ, ਪਤਿਪਰਮੇਸ਼ਵਰ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਦੂਜਾ ਦਰ ਨਾ ਮੰਗਣ ਜਾਇੰਦਾ । ਗੋਬਿੰਦ ਕਹੇ ਉਠ ਮਰਦ, ਮਰਦਾਨਗੀ ਦੇ ਜਣਾਈਆ। ਬੇਦਰਦੀ ਤੈਨੂੰ ਕੋਈ ਨਾ ਆਵੇ ਦਰਦ, ਦੁਖੀਆਂ ਦਰਦ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਅੱਗੇ ਕਰਦੇ ਗਏ ਅਰਜ਼, ਆਰਜ਼ੂ ਵਿਚ ਆਰਜ਼ੀ ਪਾਈਆ। ਢੋਲਾ ਸੋਹਲਾ ਰਾਗ ਗੌਂਦੇ ਗਏ ਤਰਜ਼, ਤਰ੍ਹਾ ਤਰ੍ਹਾ ਸਮਝਾਈਆ। ਤੇਰਾ ਪੂਰਾ ਹੋਇਆ ਨਾ ਕਿਸੇ ਕੋਲੋਂ ਫ਼ਰਜ਼, ਫ਼ਰਮਾਂਬਰਦਾਰ ਨਾ ਕੋਇ ਅਖਵਾਈਆ। ਮੇਲਣ ਵਿਛੋੜਨ ਦੀ ਤੈਨੂੰ ਮਰਜ਼, ਤੇਰਾ ਰੋਗ ਨਾ ਕੋਇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ

ਵਰ, ਦਰ ਮੰਗਣਹਾਰਾ ਮਾਂਗਤ ਨਜ਼ਰ ਕਿਸੇ ਨਾ ਆਈਆ। ਪੁਰਖ ਅਕਾਲ ਕਹੇ ਨਾ ਕਰ ਜ਼ਿਦ, ਜ਼ਿੰਦਗੀ ਸਭ ਦੀ ਦਿਆਂ ਬਦਲਾਈਆ। ਗੋਬਿੰਦ ਗੁਰਮੁਖ ਤੇਰੀ ਬਿੰਦ, ਬਿੰਦ ਲੇਖੇ ਲੇਖੇ ਪਾਈਆ। ਜਿਨ੍ਹਾਂ ਖ਼ਾਕ ਰੁਲਾਇਆ ਸੁਰਪਤ ਇੰਦ, ਸ਼ਿਵ ਬ੍ਰਹਮਾ ਧੱਕਾ ਲਾਈਆ। ਤਿੰਨਾਂ ਧਾਰ ਬਹਾਵਾਂ ਅੰਮ੍ਰਿਤ ਸਾਗਰ ਸਿੰਧ, ਲਹਿਰ ਲਹਿਰ ਵਿਚ ਧਰਾਈਆ। ਤਿਨ੍ਹਾਂ ਨਾਤਾ ਤੁਟੇ ਜੀਉ ਪਿੰਡ, ਪਿੰਡੀ ਭਰਨ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੋਬਿੰਦ ਅੰਤ ਨਾ ਪੈ ਖਹਿੜੇ, ਖਹਿੜਾ ਸਭ ਦਾ ਦਿਆਂ ਛੁਡਾਈਆ। ਭਰ ਕੇ ਚਾੜ੍ਹਾਂ ਆਪਣੇ ਬੇੜੇ, ਬੇੜਾ ਇਕੋ ਵਾਰ ਤਰਾਈਆ। ਲੇਖੇ ਲਾਵਾਂ ਦੂਰ ਨੇੜੇ, ਨੇਰਨ ਦੂਰ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਵਿਚੋਂ ਲੱਭਾਂ ਤੇਰੇ, ਜਿਨ੍ਹਾਂ ਸਾਚੀ ਸੇਵ ਕਮਾਈਆ। ਜੋ ਰਣ ਝੂਜੇ ਕੱਟ ਬੇਰੇ ਬੇਰੇ, ਬਿਰਤੀ ਤਿਨ੍ਹਾਂ ਵੇਖ ਵਖਾਈਆ। ਜੋ ਸਰਸੇ ਧਾਰ ਪਾਣੀ ਰੇੜ੍ਹੇ, ਤੇਰਾ ਢੋਲਾ ਗਏ ਗਾਈਆ। ਸੋ ਸਾਰੇ ਕੱਠੇ ਹੋ ਕੇ ਆ ਗਏ ਆਪਣੇ ਵੇਹੜੇ, ਘਰ ਸਾਚੇ ਮਿਲੇ ਵਡਿਆਈਆ। ਜਨਮ ਕਰਮ ਦੇ ਚੁੱਕ ਗਏ ਝੇੜੇ, ਝੰਜਟ ਕੋਇ ਰਹਿਣ ਨਾ ਪਾਈਆ। ਸਾਹਿਬ ਸਤਿਗੁਰ ਦੇ ਵੜ ਗਏ ਡੇਰੇ, ਤੰਬੂ ਕਨਾਤ ਨਾ ਕੋਇ ਰਖਾਈਆ। ਮਿਲ ਕੇ ਕਹਿਣ ਅਸੀਂ ਤੇਰੇ, ਤੂੰ ਸਾਹਿਬ ਸਾਡਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਸਰਨਾਈਆ। ਲੋਕਮਾਤ ਜੇ ਦੇਵੇਂ ਸਰਨਾ, ਸਾਂਤ ਮੋਹੇ ਨਾ ਆਈਆ। ਏਥੇ ਓਥੇ ਚੁੱਕੇ ਮਰਨਾ ਡਰਨਾ, ਮੇਰਾ ਗੁਰਸਿਖ ਜਨਮ ਮਰਨ ਵਿਚ ਕਦੇ ਨਾ ਆਈਆ। ਜਿਸ ਮੇਰਾ ਪੱਲੂ ਫੜਨਾ, ਮੈਂ ਤੇਰੀ ਝੋਲੀ ਦੇਵਾਂ ਟਿਕਾਈਆ। ਜਿਸ ਮੇਰੇ ਅੰਦਰ ਵੜਨਾ, ਮੈਂ ਤੇਰੇ ਦੁਆਰੇ ਦੇਵਾਂ ਪੁਚਾਈਆ। ਤੇਰਾ ਮੇਰਾ ਢੋਲਾ ਸਭ ਨੇ ਪੜ੍ਹਨਾ, ਸੋਹੰ ਰੂਪ ਇਕੋ ਨਜ਼ਰੀ ਆਈਆ। ਕਰ ਕੌਲ ਸਚ ਇਕਰਾਰ, ਗੋਬਿੰਦ ਮੈਂ ਤੇਰਿਆਂ ਗੁਰਸਿਖਾਂ ਸਚਖੰਡ ਖੜਨਾ, ਅੱਧਵਿਚਕਾਰ ਨਾ ਕੋਇ ਅਟਕਾਈਆ। ਬਿਨ ਪੌੜੀਉਂ ਡਿੰਡਉਂ ਚੜ੍ਹਨਾ, ਚੌਥਾ ਪਦ ਗੁਰਮੁਖਾਂ ਚਰਨਾਂ ਹੇਠ ਰਖਾਈਆ। ਸਤਿ ਰੂਪ ਸਭ ਨੂੰ ਕਰਨਾ, ਅਸਤਿ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਡੋਰ ਫੜਾਈਆ। ਆਪਣੇ ਹੱਥ ਡੋਰੀ ਫੜ, ਸ੍ਰੀ ਭਗਵਾਨ ਦਇਆ ਕਮਾਇੰਦਾ। ਜਿਨ੍ਹਾਂ ਗੋਬਿੰਦ ਲਾਇਆ ਲੜ, ਤਿਨ੍ਹਾਂ ਆਪਣਾ ਘਰ ਵਖਾਇੰਦਾ। ਸਾਚੇ ਮੰਦਰ ਜਾਇਣ ਚੜ੍ਹ, ਘਰ ਇਕੋ ਇਕ ਵਡਿਆਇੰਦਾ। ਮਿਲੇ ਮੇਲ ਪੁਰਖ ਨਰ, ਨਰ ਨਰਾਇਣ ਨਜ਼ਰੀ ਆਇੰਦਾ। ਲੇਖਾ ਚੁੱਕੇ ਚੋਟੀ ਜੜ੍ਹ, ਅਸਥੂਲ ਰੂਪ ਨਾ ਕੋਇ ਵਟਾਇੰਦਾ। ਸਾਹਿਬ ਸਤਿਗੁਰ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਕਰੇ ਪੂਰਾ ਵਰ, ਕੀਤਾ ਕੌਲ ਆਪ ਨਿਭਾਇੰਦਾ। ਗੋਬਿੰਦ ਕਹੇ ਮੈਂ ਨੇਤਰ ਨੈਣ ਉਠਾਵਾਂਗਾ। ਇਕ ਧਿਆਨ ਲਗਾਵਾਂਗਾ। ਤੇਰਾ ਰਾਹ ਤਕਾਵਾਂਗਾ। ਗੁਰਮੁਖਾਂ ਨਾਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦੂਜਾ ਦਰ ਨਾ ਮੰਗਣ ਜਾਵਾਂਗਾ। ਜਿਸ ਵੇਲੇ ਗੁਰਮੁਖ ਜਾਣਗੇ। ਦਰ ਤੇਰੇ ਸੋਭਾ ਪਾਣਗੇ। ਭਗਤ ਭਗਵਾਨ ਢੋਲਾ ਗਾਣਗੇ। ਹਰਿ ਮੰਦਰ ਇਕ ਵਸਾਣਗੇ। ਪਿਛਲੇ ਨਾਤੇ ਸਰਬ ਛੱਡ ਜਾਣਗੇ। ਇਕ ਇਕਾਂਤੇ ਤੇਰਾ ਦਰਸ਼ਨ ਪਾਣਗੇ। ਮਿਲ ਸਚ ਸੱਚੀ ਜਮਾਤੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਦੂਜਾ ਦਰ ਨਾ ਵੇਖਣ ਪਾਣਗੇ। ਜਾਲੀ ਦੇ ਹੱਥ ਵਿਚ ਹੁੰਦਾ ਛੜ, ਕੁੰਡੀ ਸੋਟੇ ਉਤੇ

ਲਗਾਈਆ। ਉਚੀਆਂ ਟਾਹਣੀਆਂ ਲੈਂਦਾ ਫੜ, ਆਪਣੀਆਂ ਬਾਹਵਾਂ ਵਧਾਈਆ। ਜੇ ਕੋਈ ਅੱਗੇ ਜਾਏ ਅੜ, ਦੋਹਾਂ ਹੱਥਾਂ ਨਾਲ ਧੂਹੇ ਵਾਹੋ ਦਾਹੀਆ। ਜੇ ਪਿਛੋਂ ਖੇਤੀ ਵਾਲਾ ਜਾਏ ਆ ਫਿਰ ਪਿਛੋਂ ਜਾਏ ਡਰ, ਅੱਗਾ ਪਿੱਛਾ ਵੇਖੇ ਰਾਹ ਨਜ਼ਰ ਕੋਇ ਨਾ ਆਈਆ। ਭੇਡਾਂ ਬੱਕਰੀਆਂ ਵਿਚ ਜਾਏ ਵੜ, ਆਪਣਾ ਆਪ ਛੁਪਾਈਆ। ਭੈ ਵਿਚ ਮੈਂ ਮੈਂ ਰਿਹਾ ਕਰ, ਮਮਤਾ ਜਗਤ ਵਧਾਈਆ। ਅੰਦਰੇ ਅੰਦਰ ਹੌਕੇ ਰਿਹਾ ਭਰ, ਹਾਹਾਕਾਰ ਸੁਣਾਈਆ। ਇਕ ਵਾਰ ਜੇ ਦੇਵੇ ਛੱਡ, ਫਿਰ ਰੁੱਖ ਨਾ ਕੋਇ ਕਟਾਈਆ। ਮਾਣਸ ਨਹੀਂ ਇਹ ਹੱਡ, ਮਾਟੀ ਚੰਮ ਪੋਚ ਪੁਚਾਈਆ। ਡੋਰੀ ਸਾਹਿਬ ਸਤਿਗੁਰ ਉਤੇ ਛੱਡ, ਆਪਣਾ ਮਾਣ ਨਾ ਕੋਇ ਰਖਾਈਆ। ਚਾਰ ਕੁੰਟ ਦਹਿ ਦਿਸ਼ਾ ਵਿਚੋਂ ਕੰਡੇ ਦੇਵੇ ਵੱਢ, ਨੁੱਕਰ ਵਿਚ ਅੜਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਾਲੀਆਂ ਜੰਜਾਲ ਦਏ ਤੁੜਾਈਆ।

੨੨ ਵਸਾਖ ੨੦੨੦ ਬਿਕਰਮੀ ਕਿਸ਼ਨ ਸਿੰਘ ਦੇ ਗ੍ਰਹਿ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਦੋ ਇਕ ਦਾ ਇਕ ਪਿਆਰ, ਹਰਿ ਖ਼ਾਲਕ ਖ਼ਲਕ ਜਣਾਇੰਦਾ। ਦੋ ਇਕ ਦਾ ਇਕ ਜੈਕਾਰ, ਹਰਿ ਅਰਸ਼ ਫ਼ਰਸ਼ ਸੁਣਾਇੰਦਾ। ਦੋ ਇਕ ਦਾ ਇਕ ਆਧਾਰ, ਧਰਨੀ ਧਰਤ ਧਵਲ ਵੇਖ ਵਖਾਇੰਦਾ। ਦੋ ਇਕ ਦਾ ਇਕ ਸ਼ਿੰਗਾਰ, ਦੋ ਜਹਾਨਾਂ ਰੰਗ ਰੰਗਾਇੰਦਾ। ਦੋ ਇਕ ਦਾ ਇਕ ਵਿਚਾਰ, ਨਿਰਗੁਣ ਸਰਗੁਣ ਕਾਰ ਕਮਾਇੰਦਾ। ਦੋ ਇਕ ਦਾ ਇਕ ਮਨਾਰ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਦੋ ਇਕ ਦਾ ਇਕ ਘਰ ਬਾਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਦੋ ਇਕ ਦਾ ਇਕ ਕਰਤਾਰ, ਇਕ ਦੋ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਇੰਦਾ। ਦੋ ਇਕ ਦਾ ਇਕ ਰਥ, ਰਥ ਰਥਵਾਹੀ ਹਰਿ ਅਖਵਾਇੰਦਾ। ਦੋ ਇਕ ਦਾ ਇਕ ਸਾਥ, ਹਰਿ ਸਗਲਾ ਸੰਗ ਨਿਭਾਇੰਦਾ। ਦੋ ਇਕ ਦਾ ਇਕ ਨਾਥ, ਅਨਾਥਾਂ ਵੇਖ ਵਖਾਇੰਦਾ। ਦੋ ਇਕ ਦਾ ਇਕ ਦਾਸ, ਦਾਸੀ ਦਾਸ ਸੇਵ ਕਮਾਇੰਦਾ। ਦੋ ਇਕ ਦਾ ਇਕ ਘਰ ਵਾਸ, ਘਰ ਮੰਦਰ ਆਪ ਸੁਹਾਇੰਦਾ। ਦੋ ਇਕ ਦਾ ਇਕ ਪਰਕਾਸ਼, ਪਰਕਾਸ਼ਵਾਨ ਨੂਰ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਇਕ ਵੇਖ ਵਖਾਇੰਦਾ। ਦੋ ਇਕ ਦਾ ਇਕ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਦੋ ਇਕ ਦਾ ਇਕ ਗੀਤ, ਸੋਹੰ ਢੋਲਾ ਕਰੇ ਪੜ੍ਹਾਈਆ। ਦੋ ਇਕ ਦਾ ਇਕ ਅਨਡੀਠ, ਨਿਰਗੁਣ ਨੂਰ ਨਜ਼ਰ ਨਾ ਆਈਆ। ਦੋ ਇਕ ਦਾ ਇਕ ਅਤੀਤ, ਤ੍ਰੈਗੁਣ ਬੈਠਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਈਆ। ਦੋ ਇਕ ਦਾ ਇਕ ਪਰਕਾਸ਼, ਪਰਕਾਸ਼ਵਾਨ ਦਇਆ ਕਮਾਇੰਦਾ। ਦੋ ਇਕ ਦਾ ਇਕ ਅਭਿਆਸ, ਜੋਗੀ ਜੁਗਤ ਨਾ ਕੋਇ ਰਖਾਇੰਦਾ। ਦੋ ਇਕ ਦਾ ਇਕ ਸਾਸ, ਸਾਹ ਸਾਹ ਆਪ ਸਮਝਾਇੰਦਾ। ਦੋ ਇਕ ਦਾ ਇਕ ਵਾਸ, ਵਸੇਰਾ ਇਕੋ ਘਰ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਚਲਾਇੰਦਾ। ਦੋ ਇਕ ਦਾ ਇਕ ਨਬੇੜਾ, ਬੇਅੰਤ ਆਪਣੇ ਹੱਥ ਰਖਾਈਆ। ਦੋ ਇਕ ਦਾ ਇਕ ਖੇੜਾ, ਮਹੱਲ ਅਟੱਲ ਹੋਏ ਰੁਸ਼ਨਾਈਆ। ਦੋ ਇਕ ਦਾ ਇਕ ਗੇੜਾ, ਜੁਗ ਚੌਕੜੀ ਰਿਹਾ ਭੁਆਈਆ। ਦੋ ਇਕ ਦਾ ਇਕ ਬੇੜਾ, ਏਕਾ ਚੱਪੂ ਰਿਹਾ

ਲਗਾਈਆ। ਦੋ ਇਕ ਦਾ ਇਕ ਨਬੇੜਾ, ਨਿਰਵੈਰ ਕਰੇ ਥਾਉਂ ਥਾਈਂਆ। ਦੋ ਇਕ ਦਾ ਰਹੇ ਨਾ ਝੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਈਆ। ਦੋ ਇਕ ਦਾ ਇਕ ਹੱਕ, ਹਕੀਕਤ ਇਕੋ ਇਕ ਜਣਾਇੰਦਾ। ਦੋ ਇਕ ਦਾ ਰਾਹ ਰਿਹਾ ਤੱਕ, ਇਕ ਦੋ ਵੇਖ ਵਖਾਇੰਦਾ। ਦੋ ਇਕ ਦਾ ਇਕ ਰਸ, ਅਨਰਸ ਆਪਣਾ ਭੇਵ ਚੁਕਾਇੰਦਾ। ਦੋ ਇਕ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਵ ਆਪ ਸਮਝਾਇੰਦਾ। ਦੋ ਇਕ ਨਿਰਗੁਣ ਧਾਰ, ਸਰਗੁਣ ਦੇਣਹਾਰ ਵਡਿਆਈਆ। ਇਕ ਦੋ ਖੇਲ ਅਪਾਰ, ਅਪਰੰਪਰ ਆਪਣੀ ਕਾਰ ਕਮਾਈਆ। ਦੋ ਇਕ ਜਗਤ ਸੰਗਾਰ, ਕਾਇਆ ਕਪੜ ਕੋਟ ਹੰਢਾਈਆ। ਇਕ ਦੋ ਨਿਰਮਲ ਦੀਪਕ ਕਰ ਉਜਿਆਰ, ਨੂਰੋ ਨੂਰ ਡਗਮਗਾਈਆ। ਦੋ ਇਕ ਬੋਲ ਜੈਕਾਰ, ਨਾਦ ਸ਼ਬਦ ਧੁਨ ਸ਼ਨਵਾਈਆ। ਇਕ ਦੋ ਖੇਲ ਅਪਾਰ, ਕਰਨੀ ਕਰਤਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਦੋ ਇਕ ਅਨਡਿਠ ਰੰਗ, ਰੂਪ ਰੇਖ ਨਾ ਕੋਇ ਰਖਾਇੰਦਾ। ਇਕ ਦੋ ਸੇਜ ਪਲੰਘ, ਸੁਹੰਜਣੀ ਰੁੱਤ ਆਪ ਸੁਹਾਇੰਦਾ। ਇਕ ਦੋ ਅੰਦਰ ਲੰਘ, ਸਾਚੇ ਮੰਦਰ ਡੇਰਾ ਲਾਇੰਦਾ। ਦੋ ਇਕ ਚਾੜ੍ਹ ਚੰਦ, ਨੂਰੋ ਨੂਰ ਡਗਮਗਾਇੰਦਾ। ਦੋ ਇਕ ਬੋਲ ਛੰਦ, ਸਿਫ਼ਤ ਸਾਲਾਹੀ ਢੋਲਾ ਗਾਇੰਦਾ। ਇਕ ਦੋ ਦੇ ਅਨੰਦ, ਅਨੰਦ ਅਨੰਦ ਵਿਚ ਪਰਗਟਾਇੰਦਾ। ਦੋ ਇਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਸਮਝਾਇੰਦਾ। ਦੋ ਇਕ ਏਕਾ ਹੋਆ, ਹਰਿ ਜੂ ਆਪਣੀ ਖੇਲ ਕਰਾਈਆ। ਨਿਰਗੁਣ ਬੀਜ ਨਿਰਗੁਣ ਬੋਆ, ਪਤ ਡਾਲੀ ਆਪ ਮਹਿਕਾਈਆ। ਨਿਰਗੁਣ ਸੇਜ ਨਿਰਗੁਣ ਸੋਇਆ, ਕਰਵਟ ਸਕੇ ਨਾ ਕੋਇ ਬਦਲਾਈਆ। ਨਿਰਗੁਣ ਅੰਮ੍ਰਿਤ ਨਿਰਗੁਣ ਚੋਇਆ, ਨਿਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਵਸਤ ਨਿਰਗੁਣ ਢੋਆ, ਦੇਵਣਹਾਰ ਆਪ ਅਖਵਾਈਆ। ਨਿਰਗੁਣ ਜੰਮਿਆਂ ਨਾ ਕਦੇ ਮੋਆ, ਜਨਮ ਮਰਨ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਇਕ ਆਪ ਹੋ ਜਾਈਆ। ਨਿਰਗੁਣ ਸਰਗੁਣ ਹੋਇਆ ਦੋ, ਦੋਹਰੀ ਧਾਰ ਚਲਾਇੰਦਾ। ਦੋਹਾਂ ਵਿਚੋਂ ਹੋ ਨਿਰਮੋਹ, ਨਿਰਵੈਰ ਆਪਣੀ ਕਾਰ ਕਮਾਇੰਦਾ। ਆਪਣੇ ਮੰਦਰ ਕਰ ਕਰ ਲੋ, ਪਰਕਾਸ਼ ਆਪਣੇ ਵਿਚ ਛੁਪਾਇੰਦਾ। ਦੂਜਾ ਕੋਇ ਨਾ ਸਕੇ ਛੋਹ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਬਲੀ ਬਲਵਾਨ ਕੋਇ ਨਾ ਸਕੇ ਟੋਹ, ਭੇਵ ਅਭੇਦ ਨਾ ਕੋਇ ਰਖਾਇੰਦਾ। ਇਕ ਤੋਂ ਦੂਆ ਗਿਆ ਹੋ, ਦੂਏ ਤੋਂ ਏਕਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੋਏ ਦੋਏ ਆਪਣੀ ਕਾਰ ਕਮਾਇੰਦਾ। ਦੂਆ ਬਣਿਆ ਨਿਰਗੁਣ ਸਰਗੁਣ, ਹਰਿ ਵੱਡਾ ਵਡ ਵਡਿਆਈਆ। ਲੇਖਾ ਜਾਣੇ ਦੋ ਜਹਾਨ ਸੰਤ ਭਗਤ ਸਾਚੇ ਚੁਣ ਚੁਣ, ਲੱਖ ਚੁਰਾਸੀ ਖੋਜ ਖੁਜਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਪੁਕਾਰ ਸੁਣ ਸੁਣ, ਨਿਰਵੈਰ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਜਣਾਈਆ। ਦੂਆ ਕਹੇ ਮੇਰੀ ਦੁਆ, ਪ੍ਰਭ ਅੱਗੇ ਸੀਸ ਝੁਕਾਈਆ। ਨਿਰਗੁਣ ਸਰਗੁਣ ਵੇਸ ਵਟਾ, ਜੁਗ ਜੁਗ ਸੇਵ ਕਮਾਈਆ। ਧੁਰ ਫ਼ਰਮਾਣਾ ਹੁਕਮ ਜਣਾ, ਗੁਰ ਅਵਤਾਰ ਕਰੀ ਪੜ੍ਹਾਈਆ। ਬੋਧ ਅਗਾਧਾ ਲੇਖ ਲਿਖਾ, ਖਾਣੀ ਬਾਣੀ ਰਾਹ ਵਖਾਈਆ। ਬ੍ਰਹਮ ਬ੍ਰਹਿਮਾਦਾ ਨਾਦ ਵਜਾ, ਅਨਾਦੀ ਨਾਦ ਕਰੇ ਸ਼ਨਵਾਈਆ। ਢੋਲਾ ਸੋਹਲਾ ਸਾਚਾ ਗਾ, ਗਾ ਗਾ ਖ਼ੁਸ਼ੀ ਮਨਾਈਆ।

ਮਿਹਰ ਨਜ਼ਰ ਇਕ ਉਠਾ, ਮਿਹਰਵਾਨ ਹੋਏ ਸਹਾਈਆ। ਨਿਰਗੁਣ ਆਪਣਾ ਆਪ ਛੁਪਾ, ਇਕ ਇਕੱਲਾ ਨਜ਼ਰ ਕਿਸੇ ਨਾ ਆਈਆ। ਗੋਬਿੰਦ ਹੋਇਆ ਇਕ ਫ਼ਿਦਾ, ਆਪ ਆਪਣਾ ਗਿਆ ਮਿਟਾਈਆ। ਪੁਰਖ ਅਕਾਲ ਮਿਲਿਆ ਸਿੱਧਾ, ਅੱਧਵਿਚਕਾਰ ਨਾ ਕੋਇ ਅਟਕਾਈਆ। ਦੂਏ ਮਿਲਣ ਦੀ ਇਕੋ ਬਿੱਧਾ, ਇਕ ਇਕੱਲਾ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਧੰਦੇ ਆਪੇ ਲਾਈਆ। ਦੂਆ ਰੋਵੇ ਝੁਕੇ ਸੀਸ, ਜਗਦੀਸ਼ ਧਿਆਨ ਲਗਾਇੰਦਾ। ਜੁਗ ਚੌਕੜੀ ਪੀਸਣ ਪੀਸ, ਸਦ ਸਦ ਸੇਵ ਕਮਾਇੰਦਾ। ਗਾ ਗਾ ਥੱਕਾ ਤੇਰੀ ਹਦੀਸ, ਹਜ਼ਰਤ ਤੇਰਾ ਅੰਤ ਕੋਇ ਨਾ ਪਾਇੰਦਾ। ਤੇਰੇ ਮਕਤਬ ਤੇਰੇ ਦਵਾਲੇ ਤੇਰੇ ਵਿਦਿਆਲੇ ਕੋਈ ਨਾ ਲੱਗੇ ਫ਼ੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸੱਚਾ ਵਰ, ਘਰ ਸੱਚਾ ਮੋਹੇ ਭਾਇੰਦਾ। ਦੂਆ ਰੋਵੇ ਮਾਰੇ ਚੀਕ, ਦੋ ਜਹਾਨਾਂ ਰਿਹਾ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰਾ ਰੂਪ ਧਰ ਕੇ ਗਏ ਠੀਕ, ਅੰਤਮ ਠੀਕਰਾ ਕਾਇਆ ਗਏ ਭੰਨਾਈਆ। ਰਸਨਾ ਜਿਹਵਾ ਦੱਸਦੇ ਰਹੇ ਨਿਹਕਲੰਕ ਨਰਾਇਣ ਨਰ ਆਵੇ ਆਪਣੀ ਆਪਣੀ ਸਚ ਤਰੀਕ, ਵਾਰ ਥਿਤ ਨਾ ਕਿਸੇ ਸਮਝਾਈਆ। ਬੀਸਵੀਂ ਬੀਸਵੀਂ ਬੀਸਵੀਂ ਰਹੀ ਬੀਤ, ਦੂਆ ਵੇਖੇ ਨੈਣ ਉਠਾਈਆ। ਦੂਏ ਦਾ ਖ਼ਾਲੀ ਹੋਇਆ ਖ਼ੀਸ, ਅੱਗੇ ਜ਼ੀਰੋ ਨਜ਼ਰੀ ਆਈਆ। ਜ਼ੀਰੋ ਕਿਸੇ ਨਾ ਵਸੇ ਨਜ਼ਦੀਕ, ਦੂਰ ਦੁਰਾਡਾ ਡੇਰਾ ਲਾਈਆ। ਸਭ ਨੂੰ ਦੇਵੇ ਇਕ ਹਦੀਸ, ਉਚੀ ਕੂਕ ਕੂਕ ਸੁਣਾਈਆ। ਦੂਏ ਤੋਂ ਜ਼ੀਰੋ ਜ਼ੀਰੋ ਤੋਂ ਦੂਆ ਦੋਹਾਂ ਵਿਚੋਂ ਨਿਕਲੀ ਧਾਰ ਬਰੀਕ, ਬਾਰੀਕ ਧਾਰ ਨਿਰਗੁਣ ਨਿਰਾਕਾਰ ਨਿਰੰਕਾਰ ਇਕ ਅਖਵਾਈਆ। ਸੋ ਏਕਾ ਇਕੋ ਠੀਕ, ਜਿਸ ਮਿਲਿਆਂ ਦੂਏ ਮਿਲੇ ਵਡਿਆਈਆ। ਅੱਗੇ ਲੱਗ ਕੇ ਲਏ ਘਸੀਟ, ਆਪਣਾ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਦੂਆ ਸੋ ਏਕਾ ਦੋਹਾਂ ਨੇਤਰ ਆਪੇ ਪੇਖਾ, ਲੋਕਮਾਤ ਬਣਾਈ ਰੇਖਾ, ਰੇਖਾ ਆਪਣੀ ਆਪ ਜਣਾਈਆ। ਦੂਆ ਕਹੇ ਮੇਰੀ ਦਲੀਲ, ਜਨ ਭਗਤਾਂ ਰਿਹਾ ਸਮਝਾਈਆ। ਉਠ ਕੇ ਸਾਰੇ ਕਰੋ ਇਕੋ ਵਕੀਲ, ਏਥੇ ਓਥੇ ਲਏ ਛੁਡਾਈਆ। ਜਿਸ ਨੇ ਕਪੜੇ ਪਹਿਨੇ ਨੀਲ, ਨੀਲੀ ਧਾਰੋਂ ਪਾਰ ਕਰੇ ਰੁਸ਼ਨਾਈਆ। ਸੋ ਸਾਹਿਬ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਵੱਡਾ ਅਸੀਲ, ਅਸਲੀਯਤ ਸਾਚੀ ਦਏ ਜਣਾਈਆ। ਜਿਸ ਦਾ ਠਾਣਾ ਨਾ ਕੋਇ ਤਸੀਲ, ਜ਼ਿਲਾ ਵੰਡ ਨਾ ਕੋਇ ਵੰਡਾਈਆ। ਅੱਗੇ ਸੁਣੇ ਨਾ ਕੋਇ ਅਪੀਲ, ਕੋਰਟ ਜੱਜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਦੇਵਣਹਾਰ ਵਡਿਆਈਆ। ਦੂਆ ਕਹੇ ਦੇਵਾਂ ਦੱਸ, ਦਰਦੀਆਂ ਦਰਦ ਵੰਡਾਇੰਦਾ। ਮੇਰਾ ਚਲੇ ਨਾ ਕੋਇ ਵਸ, ਦੂਆ ਨਿਰਗੁਣ ਸਰਗੁਣ ਨਿਰਗੁਣ ਵਿਚ ਸਮਾਇੰਦਾ। ਗੋਬਿੰਦ ਇਕੋ ਰਿਹਾ ਹੱਸ, ਦੂਜਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਗੋਬਿੰਦ ਹੋਇਆ ਦੂਆ ਆਪ, ਦੋਹਰੀ ਧਾਰ ਵਖਾਈਆ। ਇਕ ਇਕੱਲਾ ਨਿਰਗੁਣ ਬਾਪ, ਪਿਤਾ ਪੁਰਖ ਬੇਪਰਵਾਹੀਆ। ਦੋਹਾਂ ਮਿਲ ਕੇ ਬਣਿਆ ਸਾਥ, ਸਗਲਾ ਸੰਗ ਨਿਭਾਈਆ। ਅੱਗੇ ਪਿਛੇ ਮੁਕਾਵਣ ਵਾਟ, ਪਾਂਧੀ ਆਪਣਾ ਪੰਧ ਮੁਕਾਈਆ। ਅੰਤਮ ਆਏ ਸਾਚੇ ਘਾਟ, ਹਰਿ ਸੰਗਤ ਪਤਣ ਡੇਰਾ ਲਾਈਆ। ਵੇਖਣਹਾਰਾ ਖੇਲ ਤਮਾਸ਼, ਮਿਹਰਵਾਨ ਵੱਡੀ ਵਡਿਆਈਆ। ਦੂਆ ਏਕਾ ਇਕ ਦੂਜੇ ਦੇ ਹੋ ਗਏ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੂਆ ਏਕਾ ਇਕੋ ਰੰਗ ਵਖਾਈਆ। ਦੂਆ ਏਕਾ ਬਣ ਜਾਏ ਇਕੀ, ਏਕੰਕਾਰ

ਧਾਰ ਪਰਗਟਾਇੰਦਾ। ਇਹ ਗੋਬਿੰਦ ਦੀ ਸਾਚੀ ਸਿਖੀ, ਜਿਸ ਸਿਖਿਆ ਪੁਰਖ ਅਕਾਲ ਸਮਝਾਇੰਦਾ। ਇਹਦੀ ਧਾਰ ਖੰਡਿਉਂ ਤਿੱਖੀ, ਜਗਤ ਨੇਤਰ ਵੇਖ ਕੋਇ ਨਾ ਪਾਇੰਦਾ। ਕਰੇ ਖੇਲ ਸਾਹਿਬ ਅਨਡਿਠੀ, ਅਨਡਿਠੜੀ ਧਾਰ ਚਲਾਇੰਦਾ। ਪਹਿਲੇ ਗੋਬਿੰਦ ਪੁਰਖ ਅਕਾਲ ਦੀ ਦੇ ਕੇ ਗਿਆ ਚਿੱਠੀ, ਆਪਣੀ ਹੱਥੀਂ ਬੰਦ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਏਕਾ ਮੇਲ ਮਿਲਾਇੰਦਾ। ਚਿੱਠੀ ਬੰਦ ਗੋਬਿੰਦ ਖੋਲ੍ਹੇ, ਖੋਲ੍ਹ ਖੋਲ੍ਹ ਸਮਝਾਈਆ। ਮੇਰਾ ਪ੍ਰੀਤਮ ਮੇਰੇ ਉਹਲੇ, ਮੇਰਾ ਪਰਦਾ ਦਏ ਉਠਾਈਆ। ਸਾਚੇ ਕੰਡੇ ਤੋਲ ਤੋਲੇ, ਤਰਾਜ਼ੂ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਦੂਆ ਏਕਾ ਜੁੜਿਆ ਜੋੜ, ਇਕੀ ਆਪਣਾ ਅੰਕ ਬਣਾਇੰਦਾ। ਨਿਰਗੁਣ ਸਰਗੁਣ ਜਾਏ ਬੌਹੜ, ਆਪ ਆਪਣਾ ਮੇਲ ਮਿਲਾਇੰਦਾ। ਰਸ ਵੇਖ ਮਿੱਠਾ ਕੌੜ, ਅੰਮ੍ਰਿਤ ਤਾਲ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖੀ ਮੂਲ ਰਖਾਇੰਦਾ। ਸੋ ਸਿਖੀ ਜਿਸ ਸਿਖਾਇਆ ਪ੍ਰਭ, ਕਰੇ ਨਾਮ ਪੜ੍ਹਾਈਆ। ਸੋ ਸਿਖੀ ਸਤਿਗੁਰ ਲਏ ਲੱਭ, ਵੇਖਣਹਾਰਾ ਥਾਉਂ ਥਾਈਂਆ। ਸੋ ਸਿਖੀ ਪਾਰ ਕਰ ਕੇ ਆਈ ਹੱਦ, ਤੱਟ ਕਿਨਾਰੇ ਡੇਰਾ ਢਾਹੀਆ। ਸੋ ਸਿਖੀ ਜਿਸ ਦਰ ਦੁਆਰੇ ਲਏ ਸੱਦ, ਸੱਦਾ ਦੇਵੇ ਚਾਈਂ ਚਾਈਂਆ। ਸੋ ਸਿਖੀ ਪੁਰਖ ਅਕਾਲ ਦੀ ਯਦ, ਜਨ ਭਗਤ ਰੂਪ ਦਰਸਾਈਆ। ਸੋ ਸਿਖੀ ਜੋ ਗੋਬਿੰਦ ਅੰਮ੍ਰਿਤ ਪੀਵੇ ਮਦਿ, ਰਸ ਇਕੋ ਇਕ ਵਖਾਈਆ। ਸੋ ਸਿਖੀ ਜੋ ਆਪਣੇ ਵਿਚੋਂ ਲਈ ਕੱਢ, ਨਿਰਗੁਣ ਸਰਗੁਣ ਰੂਪ ਵਖਾਈਆ। ਸੋ ਸਿਖੀ ਜੋ ਸ੍ਰਿਸ਼ਟ ਸਬਾਈ ਨਾਲੋਂ ਹੋਈ ਅੱਡ, ਕੂੜੀ ਕਿਰਿਆ ਨਾਤਾ ਦਿਤਾ ਤੁੜਾਈਆ। ਸੋ ਸਿਖੀ ਸਚ ਪ੍ਰੀਤੀ ਅੰਦਰ ਗਈ ਬੱਝ, ਪ੍ਰੇਮ ਡੋਰੀ ਤੰਦ ਉਠਾਈਆ। ਸੋ ਸਿਖੀ ਕਰੇ ਸਾਚਾ ਹੱਜ, ਮਹਿਬੂਬ ਇਕੋ ਨਜ਼ਰੀ ਆਈਆ। ਸੋ ਸਿਖੀ ਸੋਹੀ ਅੱਜ, ਅੱਜ ਉਹ ਪ੍ਰਭ ਚਰਨ ਮਿਲੇ ਵਡਿਆਈਆ। ਸ੍ਰੀ ਭਗਵਾਨ ਦਇਆਵਾਨ ਇਕੀ ਸਿਖਾਂ ਪਰਦਾ ਦੇਵੇ ਕੱਜ, ਸੀਸ ਦਸਤਾਰ ਸਰਬ ਬੰਧਾਈਆ। ਹਰਿ ਸੰਗਤ ਹਰੀ ਦੁਆਰ ਬਹੇ ਸਜ, ਸੱਜਣ ਇਕੋ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸੱਚਾ ਦਾਜ, ਗੱਠੜੀ ਇਕੋ ਵਾਰ ਬੰਧਾਈਆ। ਹਰਿ ਸੰਗਤ ਸਿਹਰਾ ਸੀਸ ਦਸਤਾਰ, ਸੀਸ ਆਪਣੇ ਲੇਖੇ ਲਾਈਆ। ਵੱਡਿਆਂ ਨਿਕਿਆਂ ਇਕੋ ਜਿਹਾ ਪਿਆਰ, ਦੂਈ ਸਾਹਿਬ ਨਾ ਕੋਇ ਵਖਾਈਆ। ਲਾਲੋ ਤੇਰਾ ਕਰਜ਼ਾ ਦਿਤਾ ਉਤਾਰ, ਭੁੱਖੇ ਘਰ ਵੇਖੀ ਬਾਦਸ਼ਾਹੀਆ । ਹਰਿ ਸੰਗਤ ਤੇਰਾ ਸਾਚਾ ਆਧਾਰ, ਨਰ ਹਰਿ ਸਾਚਾ ਆਪ ਕਰਾਈਆ। ਦੂਰ ਦੁਰਾਡੇ ਕੱਠੇ ਕੀਤੇ ਆਪ ਕਰਤਾਰ, ਨਿਹਕਰਮੀ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਹਰਿ ਸੰਗਤ ਤੇਰਾ ਸੀਸ ਸਤਿਗੁਰ ਹੱਥ, ਦੂਜਾ ਹੱਥ ਨਾ ਕੋਇ ਲਗਾਇੰਦਾ। ਅੱਗੇ ਜੰਮਣਾ ਮਰਨਾ ਹੋਇਆ ਬਸ, ਗੇੜੇ ਵਿਚ ਨਾ ਕੋਇ ਰਖਾਇੰਦਾ। ਪਿਛਲਾ ਮੇਟਿਆ ਸਾਰਾ ਸ਼ੱਕ, ਅੱਗੇ ਪਰਦਾ ਆਪ ਉਠਾਇੰਦਾ। ਏਹੋ ਗੋਬਿੰਦ ਵੇਲੇ ਰਹਿ ਗਿਆ ਹੱਕ, ਸੀਸ ਧੜ ਅੰਤਮ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕੀ ਵਡ ਵਡਿਆਇੰਦਾ। ਇਕੀਆਂ ਜੋਗਾ ਹੋਇਆ ਇਕੋ, ਏਕੰਕਾਰ ਬੇਪਰਵਾਹੀਆ। ਗੁਰਮੁਖ ਸਾਚੀ ਸਿਖਿਆ ਸਿਖੋ, ਸਿਖਾਵਣਹਾਰ ਸੱਚਾ ਸ਼ਹਿਨਸ਼ਾਹੀਆ। ਆਪਣਾ ਲੇਖਾ ਪ੍ਰਭ ਦੁਆਰੇ ਲਿਖੋ, ਦੂਜਾ ਦਰ ਨਾ ਕੋਇ ਵਖਾਈਆ। ਮਾਣਸ ਜਨਮ ਅੰਤਮ ਜਿਤੋ, ਹਾਰ ਬੈਠੇ ਮੁਖ ਭੁਆਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਰਧ ਬਾਲ ਨੌਜਵਾਨਾਂ ਇਸਤਰੀ ਪੁਰਸ਼ ਦੇਵੇ ਮਾਣਾ, ਸਿਰ ਆਪਣਾ ਹੱਥ ਟਿਕਾਈਆ। ਪਗੜੀ ਕਹੇ ਮੈਂ ਪਰਸੇ ਪਗ, ਪਤਿਪਰਮੇਸ਼ਵਰ ਨਜ਼ਰੀ ਆਇਆ। ਮੈਂ ਸਭ ਦੇ ਬਹਿਣਾ ਚੜ੍ਹ ਕੇ ਉਪਰ ਸ਼ਾਹ ਰਗ, ਸੀਸ ਆਪਣਾ ਆਸਣ ਲਾਇਆ। ਮੈਂ ਸਭ ਤੋਂ ਪਹਿਲੋਂ ਕਰਿਆ ਹੱਜ, ਪ੍ਰਭ ਚਰਨ ਟਿੱਕਾ ਲਾਇਆ। ਏਸੇ ਕਰ ਕੇ ਗੁਰਸਿਖਾਂ ਦੇ ਸਿਰ ਤੇ ਗਈ ਬੱਝ, ਨਾਤਾ ਕੂੜਾ ਜਗਤ ਤਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਤਾ ਮੋਹੇ ਵਰ, ਮੇਰਾ ਨਾਮ ਜਗਤ ਵਡਿਆਇਆ। ਪਗੜੀ ਕਹੇ ਮੈਂ ਏਸੇ ਕਾਰਨ ਵੱਡੀ, ਦੀਨ ਦੁਨੀ ਮੈਂਨੂੰ ਵਡਿਆਇੰਦਾ। ਮੈਂ ਵੱਡਿਉਂ ਹੋ ਜਾਵਾਂ ਨੱਢੀ, ਬਾਲ ਬਾਲੀ ਰੂਪ ਵਟਾਇੰਦਾ। ਮੈਂ ਫਿਰ ਕੇ ਆਈ ਅੱਜੀ ਪੱਜੀ, ਜਨ ਭਗਤ ਦੁਆਰ ਮੋਹੇ ਭਾਇੰਦਾ। ਇਕੀ ਵਸਾਖ ਆਈ ਭੱਜੀ, ਦੂਰ ਨੇੜਾ ਪੰਧ ਨਜ਼ਰ ਕੋਇ ਨਾ ਆਇੰਦਾ। ਸਚ ਦੁਆਰੇ ਆ ਕੇ ਸਜੀ, ਸਚ ਸਿੰਘਾਸਣ ਸੋਭਾ ਪਾਇੰਦਾ। ਪਤਿਪਰਮੇਸ਼ਵਰ ਦਰਸ਼ਨ ਕਰ ਕੇ ਰੱਜੀ, ਦੁਖੜਾ ਦਰਦ ਮਿਟਾਇੰਦਾ। ਪਾ ਵਾਸਤਾ ਕਿਹਾ ਮੇਰਾ ਪਰਦਾ ਕੱਜੀਂ, ਦੂਜਾ ਨਜ਼ਰ ਕੋਇ ਨਾ ਆਇੰਦਾ। ਸ੍ਰੀ ਭਗਵਾਨ ਕਹੇ ਮੇਰੇ ਭਗਤਾਂ ਸਿਰ ਤੇ ਬੱਝੀਂ, ਸਿਰ ਸਦਕਾ ਸਭ ਦਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਆਪ ਸਮਝਾਇੰਦਾ। ਪਗੜੀ ਕਹੇ ਜਨ ਭਗਤੋ, ਜਦ ਪ੍ਰਭ ਨੂੰ ਸੀਸ ਝੁਕਾਓਗੇ। ਪ੍ਰਭ ਚਰਨਾਂ ਤੇ ਮੈਨੂੰ ਪਹਿਲੋਂ ਲਗਾਓਗੇ। ਆਪਣਾ ਪਿਛਲਾ ਮਾਣ ਗਵਾਓਗੇ। ਕਵਲ ਚਰਨ ਧਿਆਨ ਲਗਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰਾ ਨਾਤਾ ਜੋੜ ਜੁੜਾਓਗੇ। ਉਹ ਦੀਦਾਰ ਉਹ ਵਕਤ, ਵਕਤ ਰਿਹਾ ਜਣਾਈਆ। ਨਾ ਦੁਨੀਆਂ ਨਾ ਜਗਤ, ਜੁਗਤ ਨਾ ਕਿਸੇ ਸਮਝਾਈਆ। ਗੁਰਸਿਖ ਵਡਿਆਈ ਦਿਤੀ ਫ਼ਕਤ, ਫ਼ਿਕਰ ਆਪਣਾ ਸਰਬ ਮਿਟਾਈਆ। ਸੋ ਗੋਬਿੰਦ ਆਇਆ ਪਰਤ, ਜੋ ਦੇ ਕੇ ਗਿਆ ਜੁਦਾਈਆ। ਪ੍ਰੇਮ ਪ੍ਰੀਤੀ ਆਪਣੇ ਵਿਚੋਂ ਕੱਢੇ ਅਰਕ, ਜੋਤੀ ਲੰਬੂ ਇਕੋ ਲਾਈਆ। ਸਚ ਨਿਸ਼ਾਨੀ ਦੇਵੇ ਲਾ ਕੇ ਸ਼ਰਤ, ਸ਼ਹਿਨਸ਼ਾਹ ਦਾਤਾ ਬੇਪਰਵਾਹੀਆ। ਗੁਰਸਿਖੋ ਗੁਰਮੁਖੋ ਇਕੋ ਵਾਰ ਆਪਣੇ ਅੰਤਰ ਆਤਮ ਖੋਲ੍ਹੋ ਵਰਤ, ਪ੍ਰਭ ਅੰਮ੍ਰਿਤ ਆਤਮ ਜਾਮ ਪਿਆਈਆ। ਤੁਹਾਡੇ ਵਿਚ ਕੋਈ ਨਹੀਂ ਰਿਹਾ ਫ਼ਰਕ, ਜੋ ਮੇਰਾ ਸੋ ਤੁਹਾਡੀ ਝੋਲੀ ਪਾਈਆ। ਜੇ ਪਿਛੇ ਰਹਿ ਗਈ ਰੜਕ, ਰੇੜਕਾ ਅਗਲਾ ਦਏ ਮੁਕਾਈਆ। ਅੱਧਵਿਚਕਾਰ ਕੋਈ ਨਾ ਜਾਏ ਅਟਕ, ਅਟਕਣ ਸਭ ਦੀ ਰਿਹਾ ਕਢਾਈਆ। ਭਗਤ ਦੁਆਰੇ ਆਪਣਾ ਮਸਤਕ ਦਿਤਾ ਝਟਕ, ਖ਼ੂਨ ਖ਼ੁਸ਼ੀ ਨਾਲ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਕਰਾਈਆ। ਗੋਬਿੰਦ ਦੇਵੇ ਚਰਨ ਖ਼ੂਨ, ਪੈਰ ਚੋਟੀ ਤੁਹਾਡੇ ਲੇਖੇ ਲਾਇੰਦਾ। ਅੱਗੇ ਫੇਰ ਬਣੇ ਮਜ਼ਮੂਨ, ਮੁਸ਼ਕਲ ਸਭ ਦੀ ਹੱਲ ਕਰਾਇੰਦਾ। ਹਰਿ ਕਾ ਜਾਣੇ ਨਾ ਕੋਈ ਕਾਨੂੰਨ, ਲਿਖਤ ਪੜ੍ਹਤ ਵਿਚ ਕਦੇ ਨਾ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇੰਦਾ। ਗੋਬਿੰਦ ਖ਼ੂਨ ਰੱਜ ਰੱਜ ਪੀਓ, ਭੁਖਿਆਂ ਭੁੱਖ ਰਹਿਣ ਨਾ ਪਾਈਆ। ਏਥੇ ਓਥੇ ਪ੍ਰਭ ਦੀ ਗੋਦੀ ਜੀਓ, ਜੀਵਣ ਮੁਕਤ ਵਖਾਈਆ। ਨਾਤਾ ਤੁੱਟੇ ਸਾਢੇ ਤਿੰਨ ਹੱਥ ਸੀਂਓ, ਰਵਦਾਸ ਚੁਮਾਰਾ ਦਏ ਗਵਾਹੀਆ। ਪ੍ਰਭ ਪੌਣਾ ਇਕੋ ਪੀਓ, ਪ੍ਰੀਤਮ ਮਿਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਖ਼ੂਨ ਨਾਲ ਰਲਿਆ ਪਾਣੀ, ਪਾਣੀ ਝੁਜਾਰ ਹੱਥ ਨਾ ਆਇੰਦਾ। ਅੰਤਮ ਅੰਤ ਇਕ ਨਿਸ਼ਾਨੀ, ਨਿਸ਼ਾਨਾ ਆਪਣਾ ਤੀਰ ਚਲਾਇੰਦਾ। ਅੱਗੇ ਲਿਖਤ

ਲੇਖ ਦੋਵੇਂ ਮਹਾਨੀ, ਦੋਹਾਂ ਆਪਣੇ ਵਿਚ ਬੰਦ ਕਰਾਇੰਦਾ। ਜੇ ਤੁਹਾਨੂੰ ਸੱਚੀ ਦੱਸੇ ਕਹਾਣੀ, ਤੁਹਾਥੋਂ ਦੁੱਖ ਝੱਲਿਆ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਸੇ ਕਰ ਕੇ ਥੋੜਾ ਲੇਖਾ ਆਪਣੇ ਵਿਚੋਂ ਤੁਹਾਡੇ ਵਿਚ ਰਖਾਇੰਦਾ। ਅੰਗੂਠਾ ਕਹੇ ਮੇਰੀ ਅੰਗੁਸ਼ਤ, ਅੰਗੀਕਾਰ ਇਕ ਅਖਵਾਈਆ। ਮੈਂ ਬੇੜਾ ਤਾਰਾਂ ਪੁਸ਼ਤ ਦਰ ਪੁਸ਼ਤ, ਪਿਛਲਾ ਲੇਖ ਚੁਕਾਈਆ। ਮੇਰ ਖ਼ੂਨ ਕਦੇ ਨਾ ਹੋਵੇ ਖ਼ੁਸ਼ਕ, ਰਗ ਰਗ ਰਿਹਾ ਟਪਕਾਈਆ। ਤਿਸ ਦਾ ਰਸ ਨਾ ਹੋਏ ਤੁਰਸ਼, ਮਿੱਠਾ ਇਕੋ ਵਾਰ ਪਾਈਆ। ਜੇ ਕੋਈ ਸਤਿਜੁਗ ਪੁੱਛੇ ਕਿਹੜੇ ਮਹਾਂਪੁਰਸ਼, ਗੁਰਮੁਖਾਂ ਦਏ ਵਖਾਈਆ। ਇਕ ਦੋ ਨਹੀਂ ਕੌੜੀ ਗੁਰਸ, ਬੇਪਰਵਾਹ ਬੇਪਰਵਾਹੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨੀ ਆਪ ਆਪਣਾ ਭੇਟ ਚੜ੍ਹਾਈਆ।

੨੨ ਵਸਾਖ ੨੦੨੦ ਬਿਕਰਮੀ ਦਲੀਪ ਸਿੰਘ ਦੇ ਗ੍ਰਹਿ ਬਾਬੂਪੁਰਾ ਜ਼ਿਲਾ ਗੁਰਦਾਸ ਪੁਰ

ਸਾਹਿਬ ਸਤਿਗੁਰ ਸਦਾ ਤਰਸ, ਜਨ ਭਗਤਾਂ ਆਪ ਕਮਾਇੰਦਾ। ਚਿੰਤਾ ਮੇਟੇ ਰੋਗ ਸੋਗ ਹਰਖ, ਹਰਦਮ ਆਪਣਾ ਨਾਮ ਸਮਝਾਇੰਦਾ। ਸੇਜ ਸੁਹੰਜਣੀ ਸੁਹਾਏ ਫ਼ਰਸ਼, ਫ਼ਜ਼ਲ ਰਹਿਮਤ ਆਪ ਕਮਾਇੰਦਾ। ਪ੍ਰੇਮ ਪ੍ਰੀਤੀ ਮੇਘ ਬਰਸ, ਬੂੰਦਾ ਬਾਂਦੀ ਨੀਰ ਟਪਕਾਇੰਦਾ। ਗ਼ਰੀਬ ਨਿਮਾਣਿਆਂ ਕਦੇ ਨਾ ਦੇਵੇ ਝਿੜਕ, ਫੜ ਬਾਹੋਂ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਦਾ ਅਖਵਾਇੰਦਾ। ਤਰਸ ਕਰੇ ਸਦਾ ਮਸਕੀਨ, ਮੁਫ਼ਲਸ ਆਪਣੀ ਗੋਦ ਬਹਾਇੰਦਾ। ਗੁਰਮੁਖ ਗੁਰ ਗੁਰ ਲੇਖਾ ਜਿਉਂ ਜਲ ਮੀਨ, ਜਲ ਮੀਨ ਡੇਰਾ ਢਾਹਿੰਦਾ। ਜਿਸ ਜਨ ਕਰੇ ਚਰਨ ਅਧੀਨ, ਲੋਕ ਤੀਨ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਦਾ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਟਿਕਾਇੰਦਾ।