ਪੁਸਤਕਾਲਾਭਾਗ ੧੪

੩੧ ਜੇਠ ੨੦੨੦ ਬਿਕ੍ਰਮੀ ਰਣੀਆ ਰਾਮ, ਸੇਵਾ ਰਾਮ ਦੇ ਗ੍ਰਹਿ ਪਿੰਡ ਕਲੋਏ ਜੰਮ

ਸਾਚੇ ਤਖ਼ਤ ਹਰਿ ਜੂ ਚੜ੍ਹ, ਸਚਖੰਡ ਨਿਵਾਸੀ ਆਪਣਾ ਹੁਕਮ ਮਨਾਇੰਦਾ। ਦੋ ਜਹਾਨਾਂ ਵੇਖੇ ਖੜ, ਪੁਰੀਆਂ ਲੋਆਂ ਖੋਜ ਖੁਜਾਇੰਦਾ। ਲੱਖ ਚੁਰਾਸੀ ਅੰਦਰ ਵੜ, ਘਟ ਘਟ ਭੇਵ ਚੁਕਾਇੰਦਾ। ਲੇਖਾ ਜਾਣੇ ਚੋਟੀ ਜੜ, ਮਧ ਆਪਣੀ ਕਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਚ ਦੁਆਰੇ ਸੋਭਾ ਪਾਇੰਦਾ। ਸਚ ਦੁਆਰੇ ਤਖ਼ਤ ਨਿਵਾਸੀ, ਸੋ ਸਾਹਿਬ ਸੋਭਾ ਪਾਈਆ। ਪਾਰਬ੍ਰਹਮ ਪ੍ਰਭ ਪੁਰਖ ਅਬਿਨਾਸ਼ੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੁਗ ਚੌਕੜੀ ਵੇਖਣਹਾਰਾ ਖੇਲ ਤਮਾਸ਼ੀ, ਖ਼ਾਲਕ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸੁਹਾਈਆ। ਤਖ਼ਤ ਨਿਵਾਸੀ ਸ਼ਾਹ ਸੁਲਤਾਨ, ਸ਼ਹਿਨਸ਼ਾਹ ਅਖਵਾਇੰਦਾ। ਜੁਗ ਚੌਕੜੀ ਵੇਖੇ ਆਣ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਦੇਵਣਹਾਰਾ ਸ਼ਬਦ ਗਿਆਨ, ਨਾਦ ਤੂਰ ਆਪ ਵਜਾਇੰਦਾ। ਪੜ੍ਹਾਵਣਹਾਰਾ ਜੀਵ ਜਹਾਨ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਮਿਲਾਵਣਹਾਰ ਸ੍ਰੀ ਭਗਵਾਨ, ਜੁਗ ਵਿਛੜੇ ਮੇਲ ਮਿਲਾਇੰਦਾ। ਵਖਾਵਣਹਾਰਾ ਸਾਚਾ ਕਾਹਨ, ਨਿਰਵੈਰ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲ ਇਕ ਸੁਹਾਇੰਦਾ। ਸਚ ਮਹੱਲ ਸੁਹਾਵਣਹਾਰਾ, ਸੋ ਸਾਹਿਬ ਵੱਡੀ ਵਡਿਆਈਆ। ਜੁਗ ਚੌਕੜੀ ਲੈ ਅਵਤਾਰਾ, ਗੁਰ ਗੁਰ ਵੇਸ ਵਟਾਈਆ। ਨਾਮ ਨਿਧਾਨਾ ਬੋਲ ਜੈਕਾਰਾ, ਜੈ ਜੈਕਾਰ ਸੁਣਾਈਆ। ਸਤਿ ਸਰੂਪੀ ਸ਼ਬਦ ਭੰਡਾਰਾ, ਲੋਕਮਾਤ ਮਾਤ ਵਰਤਾਈਆ। ਦੇਵਣਹਾਰਾ ਸਰਬ ਸਹਾਰਾ, ਮਿਹਰਵਾਨ ਆਪਣੀ ਦਇਆ ਕਮਾਈਆ। ਕਾਗ਼ਜ਼ ਕਲਮ ਬਣ ਲਿਖਾਰਾ, ਕਲਮ ਸ਼ਾਹੀ ਰੰਗ ਚੜ੍ਹਾਈਆ। ਬੋਧ ਅਗਾਧ ਬੋਲ ਜੈਕਾਰਾ, ਰਾਗ ਇਕੋ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਸੋਭਾ ਪਾਈਆ। ਸਚ ਦੁਆਰਾ ਸੁਹਾਏ ਆਣ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਇਕ ਭਗਵਾਨ, ਨਿਰਗੁਣ ਸਰਗੁਣ ਖੇਲ ਕਰਾਈਆ। ਕਲਜੁਗ ਅੰਤ ਹੋ ਪਰਧਾਨ, ਨਾਮ ਪਰਧਾਨਗੀ ਇਕ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੱਠੇ ਕੀਤੇ ਆਣ, ਧੁਰ ਸੰਦੇਸਾ ਹੁਕਮ ਸੁਣਾਈਆ। ਪੂਰਬ ਲੇਖਾ ਦਿਓ ਬਿਆਨ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਕਵਣ ਦੁਆਰੇ ਸਚ ਨਿਸ਼ਾਨ, ਧਰਮ ਨਿਸ਼ਾਨਾ ਕਵਣ ਝੁਲਾਈਆ। ਕਵਣ ਕਰੇ ਸਚ ਧਿਆਨ, ਨਿਜ ਨੇਤਰ ਕਵਣ ਖੁਲ੍ਹਾਈਆ। ਕਵਣ ਗਾਏ ਗੋਬਿੰਦ ਗਾਨ, ਅੱਖਰ ਵੱਖਰ ਕਵਣ ਪੜ੍ਹਾਈਆ। ਕਵਣ ਵਸੇ ਸਚ ਮਕਾਨ, ਸਚ ਦੁਆਰੇ ਡੇਰਾ ਲਾਈਆ। ਕਵਣ ਨਾਮ ਖੰਡਾ ਪਕੜੇ ਕਿਰਪਾਨ, ਖੜਗ ਹੱਥ ਕਵਣ ਰਖਾਈਆ। ਕਵਣ ਚਿੱਲਾ ਵਖਾਏ ਕਮਾਨ, ਕਵਣ ਤੀਰ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਚਖੰਡ ਨਿਵਾਸੀ ਏਕਾ ਉਠਿਆ, ਕਲਜੁਗ ਅੰਤ ਲੈ ਅੰਗੜਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਪੁਛਿਆ, ਵਿਸਨ ਬ੍ਰਹਮਾ ਸ਼ਿਵ ਨਾਲ ਰਲਾਈਆ। ਲੱਖ ਚੁਰਾਸੀ ਜੀਵ ਜੰਤ ਕੋਈ ਨਾ ਰਹੇ ਲੁਕਿਆ, ਫੜ ਬਾਂਹੋਂ ਬਾਹਰ ਕਢਾਈਆ। ਸ਼ੇਰ ਹੋ ਕੇ ਨਰ ਨਿਰੰਕਾਰ ਬੁੱਕਿਆ, ਭਬਕ ਆਪਣੇ ਨਾਮ ਲਗਾਈਆ। ਸਚ ਨਿਸ਼ਾਨਿਉਂ ਕਦੇ ਨਾ ਉਕਿਆ, ਤੀਰ ਅਣਿਆਲਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪ੍ਰਭ ਆਇਆ ਆਪ, ਆਪਣੇ ਹੱਥ ਰੱਖੇ ਵਡਿਆਈਆ। ਸ੍ਰਿਸ਼ਟ ਸਬਾਈ ਜਣਾਏ ਏਕੋ ਜਾਪ, ਏਕਾ ਅੱਖਰ ਕਰੇ ਪੜ੍ਹਾਈਆ। ਮੇਟਣਹਾਰਾ ਰੋਗ ਸੰਤਾਪ, ਦੁਖ ਦਲਿੱਦਰ ਰਿਹਾ ਗਵਾਈਆ। ਆਤਮ ਪਰਮਾਤਮ ਜੋੜੇ ਨਾਤ, ਸਾਚਾ ਨਾਤਾ ਇਕ ਬੰਧਾਈਆ। ਪਾਰਬ੍ਰਹਮ ਬ੍ਰਹਮ ਢੋਲਾ ਗਾਏ ਗਾਥ, ਸਾਚੀ ਸਿਖਿਆ ਇਕ ਸਮਝਾਈਆ। ਮੇਲ ਮਿਲਾਵਾ ਕਮਲਾਪਾਤ, ਘਰ ਮਿਲੇ ਸੱਚਾ ਮਾਹੀਆ। ਕਲਜੁਗ ਮੇਟ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਰਾਹ ਵਖਾਈਆ। ਕੂੜੀ ਕਿਰਿਆ ਕਰੇ ਘਾਤ, ਨਾਮ ਖੰਡਾ

ਹੱਥ ਚਮਕਾਈਆ। ਜਨ ਭਗਤਾਂ ਦੇਵੇ ਸਾਥ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਫੇਰਾ ਪਾਈਆ। ਸਚਖੰਡ ਨਿਵਾਸੀ ਪ੍ਰਭ ਏਕਾ ਆਇਆ, ਏਕੰਕਾਰ ਵੱਡੀ ਵਡਿਆਈਆ। ਹਰਿਜਨ ਸਾਚੇ ਲਏ ਜਗਾਇਆ, ਜਾਗਰਤ ਜੋਤ ਕਰੇ ਰੁਸ਼ਨਾਈਆ। ਦੂਈ ਦਵੈਤੀ ਪਰਦਾ ਲਾਹਿਆ, ਮਾਇਆ ਮਮਤਾ ਦਏ ਮਿਟਾਈਆ। ਘਰ ਦੀਪਕ ਜੋਤ ਕਰ ਰੁਸ਼ਨਾਇਆ, ਅਗਿਆਨ ਅੰਧੇਰ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚਖੰਡ ਨਿਵਾਸੀ ਸਾਹਿਬ ਸੁਲਤਾਨ, ਹਰਿ ਸਤਿਗੁਰ ਵਡ ਵਡਿਆਈਆ । ਕਲਜੁਗ ਅੰਤਮ ਵੇਖੇ ਮਾਰ ਧਿਆਨ, ਨਿਗਹਬਾਨ ਨੈਣ ਉਠਾਈਆ। ਸੰਤ ਸੁਹੇਲੇ ਮੇਲੇ ਆਣ, ਕਰ ਕਿਰਪਾ ਮੇਲ ਮਿਲਾਈਆ। ਸਾਚਾ ਮੰਦਰ ਵਖਾਏ ਮਕਾਨ, ਘਰ ਇਕੋ ਇਕ ਸੁਹਾਈਆ। ਨਜ਼ਰੀ ਆਏ ਸ੍ਰੀ ਭਗਵਾਨ, ਸਵੱਛ ਸਰੂਪੀ ਰੂਪ ਵਖਾਈਆ। ਨਾਤਾ ਤੋੜੇ ਕੂੜ ਜਹਾਨ, ਕੂੜੀ ਕਿਰਿਆ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਇਕ ਜਣਾਈਆ। ਸਚ ਦੁਆਰ ਸਾਢੇ ਤਿੰਨ ਹੱਥ, ਹਰਿ ਸਤਿਗੁਰ ਆਪ ਦਸਾਇੰਦਾ। ਵਸਤ ਅਮੋਲਕ ਅੰਦਰ ਰੱਖ, ਉਪਰ ਆਪਣਾ ਪੜਦਾ ਪਾਇੰਦਾ। ਗੁਰਮੁਖ ਵਿਰਲੇ ਦੇਵੇ ਦੱਸ, ਲੱਖ ਚੁਰਾਸੀ ਨਜ਼ਰ ਕਿਸੇ ਨਾ ਆਇੰਦਾ। ਕਰ ਕਿਰਪਾ ਜਿਸ ਦੇਵੇ ਆਪਣਾ ਰਸ, ਰਸ ਇਕੋ ਇਕ ਚਖਾਇੰਦਾ। ਸੋ ਸੱਜਣ ਮਿਲੇ ਹੱਸ ਹੱਸ, ਸੋਹੰ ਹੰਸਾ ਰੂਪ ਵਟਾਇੰਦਾ। ਜਨਮ ਜਨਮ ਦੀ ਪੂਰੀ ਆਸ, ਆਸਾ ਤ੍ਰਿਸਨਾ ਆਪ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਵਡਿਆਇੰਦਾ। ਸਾਚਾ ਮੰਦਰ ਕਾਇਆ ਬੰਕ, ਪੰਜ ਤੱਤ ਆਪ ਜਣਾਈਆ। ਜਿਸ ਦਾ ਲੇਖਾ ਰਾਉਂ ਰੰਕ, ਊਚ ਨੀਚ ਗੰਢ ਪੁਆਈਆ। ਜਿਸ ਦੇ ਅੰਦਰ ਵੱਜੇ ਸੰਖ, ਨਾਦ ਅਨਾਦੀ ਰਾਗ ਸੁਣਾਈਆ। ਜਿਸ ਦੀ ਮਹਿਮਾ ਸਦਾ ਬੇਅੰਤ, ਬੇਅੰਤ ਵਡ ਵਡਿਆਈਆ। ਜਿਸ ਘਰ ਮਿਲੇ ਨਰ ਹਰਿ ਸਾਚਾ ਕੰਤ, ਨਰ ਨਰਾਇਣ ਦਇਆ ਕਮਾਈਆ। ਜਿਸ ਮੰਦਰ ਤੁਟੇ ਹਉਮੇਂ ਹੰਗਤ, ਗੜ੍ਹ ਰੂਪ ਨਜ਼ਰ ਨਾ ਆਈਆ। ਜਿਸ ਅੰਦਰ ਵਿਦਿਆ ਬੋਧ ਅਗਾਧ ਰੱਖੇ ਪੰਡਤ, ਪੜ੍ਹਿਆਂ ਮੁੱਕ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਦਰ ਇਕ ਸੁਹਾਈਆ। ਸਾਚਾ ਮੰਦਰ ਕਾਇਆ ਘਰ, ਗ੍ਰਹਿ ਇਕੋ ਇਕ ਵਖਾਈਆ। ਨਿਰਗੁਣ ਅੰਦਰ ਰਿਹਾ ਵੜ, ਲੋਚਣ ਜਗਤ ਨਜ਼ਰ ਨਾ ਆਈਆ। ਸਚ ਪਰਕਾਸ਼ ਏਕਾ ਕਰ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਢੋਲਾ ਅੱਖਰ ਆਪਣਾ ਪੜ੍ਹ, ਸ਼ਬਦੀ ਰਾਗ ਅਲਾਈਆ। ਅੰਮ੍ਰਿਤ ਸਰੋਵਰ ਠਾਂਡਾ ਸਰ, ਸੀਰ ਨੀਰ ਇਕ ਪਿਆਈਆ। ਗੁਰਮੁਖ ਗੁਰ ਗੁਰ ਆਪੇ ਫੜ, ਘਰ ਸਾਚੇ ਮੇਲ ਮਿਲਾਈਆ । ਉਚੇ ਟਿੱਲੇ ਵੇਖੇ ਚੜ੍ਹ, ਪਰਬਤ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਵਡਿਆਈਆ। ਸਾਚਾ ਮੰਦਰ ਸਚ ਮਨਾਰਾ, ਪੰਜ ਤੱਤ ਮਿਲੇ ਵਡਿਆਈਆ। ਜਿਸ ਘਰ ਵਸੇ ਆਪ ਨਿਰੰਕਾਰਾ, ਨਿਰਗੁਣ ਆਪਣਾ ਰੂਪ ਵਟਾਈਆ। ਦੇਵੇ ਮਾਣ ਗੁਰ ਅਵਤਾਰਾ, ਪੈਗ਼ੰਬਰ ਆਪਣੀ ਗੰਢ ਪੁਆਈਆ। ਸ਼ਬਦ ਨਾਮ ਬੋਲ ਜੈਕਾਰਾ, ਜੈ ਜੈਕਾਰ ਆਪ ਸੁਣਾਈਆ। ਵਸਤ ਅਗੰਮ ਭਰ ਭੰਡਾਰਾ, ਅਤੋਟ ਅਤੁਟ ਰਖਾਈਆ। ਸ੍ਰਿਸ਼ਟ ਸਬਾਈ ਬਣ ਵਣਜਾਰਾ, ਸਾਚਾ ਹੱਟ ਚਲਾਈਆ। ਜੁਗ ਚੌਕੜੀ ਬਣ ਲਿਖਾਰਾ, ਧੁਰ ਦੀ ਬਾਣੀ ਦਏ ਸਮਝਾਈਆ। ਸਾਚੇ ਮੰਦਰ ਕਰੋ ਪਿਆਰਾ, ਜਿਸ ਮੰਦਰ ਅੰਦਰ ਵਸੇ ਬੇਪਰਵਾਹੀਆ। ਇੱਟ ਲਾਏ ਨਾ ਕੋਈ ਗਾਰਾ, ਛੱਪਰ

ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਨਾ ਕੋਇ ਉਜਿਆਰਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸੂਰਜ ਚੰਦ ਨਾ ਕੋਇ ਸਤਾਰਾ, ਮੰਡਲ ਮੰਡਪ ਨਾ ਕੋਇ ਵਖਾਈਆ। ਇਕ ਇਕੱਲਾ ਏਕੰਕਾਰਾ, ਘਰ ਬੈਠਾ ਡੇਰਾ ਲਾਈਆ। ਪਰਮਾਤਮ ਆਤਮ ਕਰੇ ਪਿਆਰਾ, ਸਚ ਪ੍ਰੀਤੀ ਇਕ ਸਮਝਾਈਆ। ਪਾਰਬ੍ਰਹਮ ਬ੍ਰਹਮ ਖੋਲ੍ਹ ਕਿਵਾੜਾ, ਆਪਣਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸਮਝਾਈਆ। ਸਾਚਾ ਮੰਦਰ ਕਾਇਆ ਤਨ, ਤਤਵ ਤਤ ਇਕ ਜਣਾਇੰਦਾ। ਜਿਸ ਅੰਦਰ ਰੱਖੇ ਮਤ ਬੁਧ ਮਨ, ਮਨ ਮਨਸਾ ਨਾਲ ਮਿਲਾਇੰਦਾ। ਜਿਸ ਗ੍ਰਹਿ ਰੱਖੇ ਨਾਮ ਧੰਨ, ਖ਼ਜ਼ਾਨਾ ਨਜ਼ਰ ਕਿਸੇ ਨਾ ਆਇੰਦਾ। ਜਿਸ ਘਰ ਦੇਵੇ ਪੰਜਾਂ ਡੰਨ, ਨਾਮ ਖੰਡਾ ਹੱਥ ਚਮਕਾਇੰਦਾ। ਜਿਸ ਦੁਆਰੇ ਬੇੜਾ ਦੇਵੇ ਬੰਨ੍ਹ, ਬਣ ਮਲਾਹ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਮੰਦਰ ਇਕ ਵਖਾਇੰਦਾ। ਸੋ ਮੰਦਰ ਇਕ ਕਾਇਆ ਗੜ੍ਹ, ਸਾਢੇ ਤਿੰਨ ਮਿਲੇ ਵਡਿਆਈਆ। ਸਾਹਿਬ ਸੁਲਤਾਨ ਉਪਰ ਚੜ੍ਹ, ਸਾਚੇ ਤਖ਼ਤ ਸੋਭਾ ਪਾਈਆ। ਸੁਰਤ ਸਵਾਣੀ ਲਏ ਫੜ, ਆਪ ਆਪਣਾ ਹੁਕਮ ਮਨਾਈਆ। ਨਿਰਭੌ ਜਣਾਏ ਇਕ ਡਰ, ਭੈ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਦਏ ਵਡਿਆਈਆ। ਸਾਚਾ ਘਰ ਭਗਤ ਦੁਆਰਾ, ਹਰਿ ਭਗਤੀ ਭਾਉ ਜਣਾਇੰਦਾ। ਸਾਚਾ ਘਰ ਜਗਤ ਮਨਾਰਾ, ਨਿਰਗੁਣ ਨਿਰੰਕਾਰ ਆਪ ਵਸਾਇੰਦਾ। ਸਾਚਾ ਘਰ ਗੋਬਿੰਦ ਅਖਾੜਾ, ਸ਼ਬਦੀ ਆਪਣਾ ਰਾਗ ਅਲਾਇੰਦਾ। ਸਾਚਾ ਘਰ ਉਚ ਅਟੱਲ ਮਨਾਰਾ, ਦੀਆ ਬਾਤੀ ਇਕ ਡਗਮਗਾਇੰਦਾ। ਸਾਚਾ ਘਰ ਸਰਬ ਦਾ ਪਿਆਰਾ, ਪੁਰਖ ਅਕਾਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਖਾਇੰਦਾ। ਸਾਚਾ ਘਰ ਇਕ ਅਥਾਹ, ਸੋ ਸਾਹਿਬ ਆਪ ਬਣਾਈਆ। ਜਿਸ ਘਰ ਵਸੇ ਬੇਪਰਵਾਹ, ਪਾਰਬ੍ਰਹਮ ਪ੍ਰਭ ਆਪਣਾ ਡੇਰਾ ਲਾਈਆ। ਏਕਾ ਨਾਮ ਰਿਹਾ ਦ੍ਰਿੜਾ, ਏਕਾ ਢੋਲਾ ਰਿਹਾ ਜਣਾਈਆ। ਏਕਾ ਉਹਲਾ ਰਿਹਾ ਚੁਕਾ, ਪੜਦਾ ਏਕਾ ਰਿਹਾ ਉਠਾਈਆ। ਏਕਾ ਸੋਹਲਾ ਰਿਹਾ ਸੁਣਾ, ਏਕਾ ਨਾਦ ਸ਼ਬਦ ਸ਼ਨਵਾਈਆ। ਏਕਾ ਮਾਰਗ ਰਿਹਾ ਲਾ, ਏਕਾ ਰਹਿਬਰ ਆਪ ਅਖਵਾਈਆ। ਏਕਾ ਜਲਵਾ ਰਿਹਾ ਵਖਾ, ਏਕਾ ਨੂਰ ਜ਼ਹੂਰ ਖ਼ੁਦਾਈਆ। ਏਕਾ ਬੇਪਰਵਾਹ ਪਰਵਰਦਿਗਾਰ ਨਾਮ ਧਰਾ, ਲਾਸ਼ਰੀਕ ਇਕ ਅਖਵਾਈਆ। ਏਕਾ ਸਾਚਾ ਹੁਜਰਾ ਦਏ ਵਸਾ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਸਿਫ਼ਤ ਸਾਲਾਹੀਆ। ਏਕਾ ਘਰ ਮੁਕਾਮੇ ਹੱਕ, ਸੋ ਸਾਹਿਬ ਆਪ ਉਪਾਈਆ। ਬੇਪਰਵਾਹ ਬੈਠਾ ਰਿਹਾ ਤੱਕ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਨਾ ਜਾਏ ਥੱਕ, ਥਕਾਵਟ ਵਿਚ ਕਦੇ ਨਾ ਆਈਆ। ਵਸਣਹਾਰਾ ਘਟ ਘਟ, ਘਰ ਘਰ ਆਪਣਾ ਡੇਰਾ ਲਾਈਆ। ਨਿਰਗੁਣ ਸਰਗੁਣ ਹੋ ਪਰਗਟ, ਜੁਗ ਜੁਗ ਆਪਣਾ ਰਾਹ ਵਖਾਈਆ। ਚੌਦਾਂ ਖੋਲ੍ਹ ਦੁਆਰਾ ਹੱਟ, ਚੌਦਾਂ ਤਬਕ ਰੰਗ ਰੰਗਾਈਆ। ਚੌਦਾਂ ਵਿਦਿਆ ਸੁਣਾਏ ਗਾਥ, ਚੌਦਸ ਚੌਦਾਂ ਕਰੇ ਪੜ੍ਹਾਈਆ। ਚੌਦਸ ਮੇਟ ਅੰਧੇਰੀ ਰਾਤ, ਸਾਚਾ ਨੂਰ ਕਰੇ ਰੁਸ਼ਨਾਈਆ। ਚੌਦਾਂ ਰਤਨ ਮਸਤਕ ਮਾਥ, ਟਿੱਕਾ ਇਕੋ ਇਕ ਵਖਾਈਆ। ਇਕ ਚਾਰ ਦਾ ਸਗਲਾ ਸਾਥ, ਆਦਿ ਜੁਗਾਦਿ ਆਪ ਨਿਭਾਈਆ। ਇਕ ਇਕੱਲਾ ਪੁਰਖ ਅਬਿਨਾਸ਼, ਚਾਰੇ ਯੁਗਾਂ, ਦਏ ਵਡਿਆਈਆ। ਚਾਰੇ ਯੁਗ ਗਾਇਣ ਗਾਥ, ਚਾਰੇ ਵੇਦਾਂ ਵੇਖ ਵਖਾਈਆ। ਚਾਰੇ ਵੇਦ ਦੱਸਣ ਜਮਾਤ,

ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਚਾਰੇ ਵਰਨ ਵੇਖੇ ਮਾਰ ਝਾਤ, ਉਤਰ ਪੂਰਬ ਪੱਛਮ ਦੱਖਣ ਚਾਰੋਂ ਕੁੰਟ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਬੈਠਾ ਵੇਖ ਵਖਾਈਆ। ਸਚ ਦੁਆਰਾ ਇਕੋ ਗੀਤ, ਹਰਿ ਗੋਬਿੰਦ ਆਪ ਅਲਾਇੰਦਾ। ਸਚ ਦੁਆਰਾ ਇਕ ਅਤੀਤ, ਤ੍ਰੈਭਵਨ ਧਨੀ ਆਪ ਵਸਾਇੰਦਾ। ਸਚ ਦੁਆਰਾ ਇਕੋ ਠੀਕ, ਜਿਸ ਘਰ ਠਾਕਰ ਡੇਰਾ ਲਾਇੰਦਾ। ਸਚ ਦੁਆਰਾ ਇਕ ਬਾਰੀਕ, ਮਾਰਗ ਨਜ਼ਰ ਕਿਸੇ ਨਾ ਆਇੰਦਾ। ਸਚ ਦੁਆਰਾ ਸਚ ਪ੍ਰੀਤ ਪ੍ਰੀਤੀਵਾਨ ਆਪ ਸਮਝਾਇੰਦਾ। ਸਚ ਦੁਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਹਰਿ ਸਾਚਾ ਆਪ ਵਖਾਇੰਦਾ। ਸਚ ਦੁਆਰ ਸਾਚੀ ਸੇਵਾ, ਹਰਿ ਸਚ ਸਚ ਜਣਾਈਆ। ਸਚ ਦੁਆਰ ਅੰਮ੍ਰਿਤ ਮੇਵਾ, ਫਲ ਇਕੋ ਇਕ ਵਖਾਈਆ। ਸਚ ਦੁਆਰ ਮਿਲੇ ਵਡ ਦੇਵੀ ਦੇਵਾ, ਦੇਵ ਆਤਮਾ ਲੇਖੇ ਲਾਈਆ। ਸਚ ਦੁਆਰ ਅਲਖ ਅਭੇਵਾ ਅਗੰਮ ਅਥਾਹ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਈਆ। ਸਚ ਦੁਆਰਾ ਸਚ ਸਵਾਮੀ, ਹਰਿ ਸਤਿਗੁਰ ਡੇਰਾ ਲਾਇੰਦਾ। ਸਰਬ ਜੀਆਂ ਘਟ ਅੰਤਰਜਾਮੀ, ਲੱਖ ਚੁਰਾਸੀ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜੋ ਦੇਂਦਾ ਰਿਹਾ ਨਾਮ ਬਾਣੀ, ਧੁਰ ਸੰਦੇਸਾ ਇਕ ਸੁਣਾਇੰਦਾ। ਸੋ ਸਤਿਗੁਰ ਦਾਤਾ ਸ਼ਾਹ ਪਾਤਸ਼ਾਹ ਵਡ ਸੁਲਤਾਨੀ, ਨਰ ਹਰਿ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤ ਜੋਤ ਨੂਰੋ ਨੂਰ ਨੁਰਾਨੀ, ਦਰ ਘਰ ਸਾਚੇ ਆਪ ਪਰਗਟਾਇੰਦਾ। ਗੋਬਿੰਦ ਦੱਸ ਕੇ ਗਿਆ ਨਿਸ਼ਾਨੀ, ਭੇਵ ਅਭੇਦਾ ਮਾਤ ਖੁਲ੍ਹਾਇੰਦਾ। ਸੰਬਲ ਵਸੇ ਧਾਮ ਮੁਕਾਮੀ, ਬੇਮੁਕਾਮ ਆਪਣਾ ਆਸਣ ਲਾਇੰਦਾ। ਦੂਜਾ ਦਿਸੇ ਨਾ ਕੋਇ ਲਾਸਾਨੀ, ਲਾਸ਼ਰੀਕ ਖੇਲ ਕਰਾਇੰਦਾ। ਆਪਣੀ ਜਾਣੇ ਆਪ ਕਹਾਣੀ, ਕਹਾਵਤ ਹੋਰ ਨਾ ਕੋਇ ਉਪਾਇੰਦਾ। ਲੇਖਾ ਜਾਣੇ ਚਾਰ ਖਾਣੀ, ਚਾਰੇ ਬਾਣੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਵਡਿਆਇੰਦਾ। ਸਚ ਦੁਆਰਾ ਏਕਾ ਨਰ, ਹਰਿ ਸਾਚਾ ਆਪ ਸੁਹਾਈਆ। ਸਾਢੇ ਤਿੰਨ ਹੱਥ ਅੰਦਰ ਜਾਏ ਵੜ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਆਪਣੇ ਪੌੜੇ ਜਾਏ ਚੜ੍ਹ, ਡੰਡਾ ਨਜ਼ਰ ਕਿਸੇ ਨਾ ਆਈਆ। ਉਚ ਮਹੱਲ ਆਪੇ ਖੜ, ਬੰਕ ਦੁਆਰ ਦਏ ਸੁਹਾਈਆ। ਇਕੋ ਅੱਖਰ ਲਏ ਪੜ੍ਹ, ਸੋਹੰ ਢੋਲਾ ਰਾਗ ਅਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੇਵੇ ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਮੇਲ ਮਿਲਾਈਆ। ਆਤਮ ਪਰਮਾਤਮ ਮੇਲਾ ਏਕ, ਏਕਾ ਘਰ ਵੱਜੇ ਵਧਾਈਆ। ਆਤਮ ਪਰਮਾਤਮ ਏਕਾ ਟੇਕ, ਓਟ ਇਕੋ ਇਕ ਸਮਝਾਈਆ। ਆਤਮ ਪਰਮਾਤਮ ਲੇਖ ਏਕ, ਅਲੇਖ ਦਏ ਸਮਝਾਈਆ। ਆਤਮ ਪਰਮਾਤਮ ਭੇਖ ਏਕ, ਜੁਗ ਚੌਕੜੀ ਭੇਖ ਵਟਾਈਆ। ਆਤਮ ਪਰਮਾਤਮ ਹੇਤ ਏਕ, ਨਿਤ ਨਵਿਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਕਰ ਰੁਸ਼ਨਾਈਆ। ਸਾਚੇ ਮੰਦਰ ਹੋਏ ਚਾਨਣ, ਦੀਪਕ ਦੀਆ ਇਕ ਜਗਾਈਆ। ਕਰੇ ਖੇਲ ਸ੍ਰੀ ਭਗਵਾਨਨ, ਭਗਵਨ ਆਪਣੀ ਦਇਆ ਕਮਾਈਆ। ਜਨ ਭਗਤਾਂ ਦੇਵੇ ਇਕੋ ਦਾਨਨ, ਨਾਮ ਨਿਧਾਨਾ ਝੋਲੀ ਪਾਈਆ। ਘਰ ਮਿਲੇ ਸਾਚਾ ਕਾਹਨਨ, ਬਾਹਰ ਲੱਭਣ ਕੋਇ ਨਾ ਜਾਈਆ। ਦਰਸ ਦਿਖਾਏ ਵਾਲੀ ਦੋ ਜਹਾਨਨ, ਸਨਮੁਖ ਆਪਣਾ ਪਰਦਾ ਲਾਹੀਆ। ਭਗਤ ਭਗਵਾਨ ਇਕ ਦੂਜੇ ਨੂੰ ਆਪ ਪਹਿਚਾਨਣ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਘਰ ਰੁੱਤੜੀ ਇਕ ਸੁਹਾਈਆ। ਭਗਵਾਨ ਕਹੇ ਵਡਿਆਈ ਭਗਤ, ਲੋਕਮਾਤ ਖੇਲ ਵਖਾਇੰਦਾ। ਭਗਤ ਕਹੇ ਵਡਿਆਈ ਸ੍ਰੀ ਭਗਵਾਨ ਜਗਤ, ਜੁਗ ਚਾਰ ਹੁਕਮ ਵਰਤਾਇੰਦਾ। ਭਗਵਾਨ ਕਹੇ ਵਡਿਆਈ ਭਗਤ, ਧੁਰ ਸੰਦੇਸਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਆਪਣੀ ਧਾਰ ਵਖਾਇੰਦਾ। ਆਪੇ ਭਗਤ ਆਪ ਭਗਵਾਨ, ਭਗਤੀ ਆਪਣਾ ਨਾਮ ਪਰਗਟਾਈਆ। ਆਪੇ ਦਾਤਾ ਦੇਵਣਹਾਰਾ ਦਾਨ, ਆਪੇ ਝੋਲੀ ਰਿਹਾ ਭਰਾਈਆ। ਆਪੇ ਮੰਦਰ ਆਪ ਮਕਾਨ, ਆਪੇ ਬੈਠਾ ਆਸਣ ਲਾਈਆ। ਆਪੇ ਗੋਪੀ ਬਣ ਬਣ ਕਾਹਨ, ਆਪੇ ਸਾਚੀ ਰਾਸ ਰਚਾਈਆ। ਆਪੇ ਵੇਖੇ ਮਾਰ ਧਿਆਨ, ਆਪੇ ਲੁਕ ਲੁਕ ਮੁੱਖ ਛੁਪਾਈਆ। ਆਪੇ ਪਰਗਟ ਹੋਵੇ ਵਿਚ ਜਹਾਨ, ਨਿਰਗੁਣ ਆਪਣੀ ਕਾਰ ਕਮਾਈਆ। ਆਪੇ ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਆਪੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਆਣ, ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪੜ੍ਹਾਈਆ। ਆਪੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਦੇ ਕੇ ਗਿਆ ਗਿਆਨ, ਨਾਮ ਨਿਧਾਨਾ ਇਕ ਸਮਝਾਈਆ। ਆਪੇ ਦੱਸ ਕੇ ਗਿਆ ਕਲਜੁਗ ਅੰਤਮ ਨਿਹਕਲੰਕ ਪਰਗਟ ਹੋਵੇ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਏਥੇ ਓਥੇ ਦੋ ਜਹਾਨ ਨਿਰਗੁਣ ਸਰਗੁਣ ਹੋਵੇ ਹੁਕਮਰਾਨ, ਹੁਕਮ ਇਕੋ ਇਕ ਵਰਤਾਈਆ। ਸਾਚੇ ਮੰਦਰ ਬੈਠ ਮਕਾਨ, ਸਾਢੇ ਤਿੰਨ ਹੱਥ ਦਏ ਵਡਿਆਈਆ। ਸੰਬਲ ਝੁੱਲੇ ਇਕ ਨਿਸ਼ਾਨ, ਸਾਹਿਬ ਸਤਿਗੁਰ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਏਕੰਕਾਰਾ, ਅਕਲ ਕਲ ਧਾਰੀ ਜੋਤ ਨਿਰੰਕਾਰੀ, ਇਕੋ ਇਕ ਵਖਾਈਆ। ਇਕ ਮਕਾਨ ਡੂੰਘਾ ਸਾਗਰ, ਹਰਿ ਸਤਿਗੁਰ ਆਪ ਉਪਾਇਆ। ਇਕ ਮਕਾਨ ਕਾਇਆ ਗਾਗਰ, ਗਹਿਰ ਗੰਭੀਰ ਜਣਾਇਆ। ਇਕ ਮਕਾਨ ਉਚ ਮਹੱਲ ਅਟੱਲ ਉਜਾਗਰ, ਨਜ਼ਰ ਕਿਸੇ ਨਾ ਆਇਆ। ਇਕ ਮਕਾਨ ਆਤਮ ਪਰਮਾਤਮ ਬਣੇ ਸੌਦਾਗਰ, ਸਾਚਾ ਹੱਟ ਚਲਾਇਆ। ਇਕ ਮਕਾਨ ਗ਼ਰੀਬ ਨਿਮਾਣਿਆਂ ਦੇਵੇ ਆਦਰ, ਦਰ ਆਇਆ ਲਏ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਮਕਾਨ ਸ੍ਰੀ ਭਗਵਾਨ ਕਾਇਆ ਮੰਦਰ ਦਏ ਜਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਦਾਨ, ਭਗਤ ਭੰਡਾਰਾ ਇਕੋ ਇਕ ਵਰਤਾਇਆ।