ਪੁਸਤਕਾਲਾਭਾਗ ੧੫

੯ ਅੱਸੂ ੨੦੨੦ ਬਿਕਰਮੀ ਧਰਮ ਸਿੰਘ ਦੇ ਗ੍ਰਹਿ ਬਸਤੀ ਹਬੀਬ ਜ਼ਿਲਾ ਫਿਰੋਜ਼ਪੁਰ

ਸਤਿਗੁਰ ਸਰਨਾਈ ਜੋ ਜਨ ਲੱਗਾ, ਹਰਿ ਸਤਿਗੁਰ ਤੋੜ ਨਿਭਾਇੰਦਾ। ਮਾਨਸ ਜਨਮ ਸੌਰੇ ਪਿਛਾ ਅੱਗਾ, ਦੋ ਜਹਾਨਾਂ ਦਇਆ ਕਮਾਇੰਦਾ। ਧਰਮ ਦੁਆਰੇ ਨਾਦ ਇਕੋ ਵੱਜਾ, ਸਤਿ ਸਤਿਵਾਦੀ ਆਪ ਸੁਣਾਇੰਦਾ। ਸ੍ਰੀ ਭਗਵਾਨ ਫਿਰੇ ਭੱਜਾ, ਸੰਤ ਸੁਹੇਲੇ ਵੇਖ ਵਖਾਇੰਦਾ। ਨਿਰਗੁਣ ਹੌ ਕੇ ਰੱਖੇ ਲੱਜਾ, ਸਰਗੁਣ ਮਿਹਰ ਨਜ਼ਰ ਉਠਾਇੰਦਾ। ਅੰਦਰ ਵੜ ਕੇ ਦੇਵੇ ਨਾਮ ਸੱਦਾ, ਬਾਹਰੋ ਆਵਾਜ਼ ਨਾ ਕੋਇ ਲਗਾਇੰਦਾ। ਸਚ ਕਰਾਏ ਇਕੋ ਹੱਜਾ, ਮੱਕਾ ਕਾਅਬਾ ਭੇਵ ਚੁਕਾਇੰਦਾ। ਪੰਜ ਤਤ ਕਾਇਆ ਚੋਲਾ ਪੜਦਾ ਕੱਜਾ, ਸਿਰ ਆਪਣਾ ਹੱਥ ਟਿਕਾਇੰਦਾ। ਜਗਤ ਦੁਆਰ ਪਾਰ ਕਰਾਏ ਹੱਦਾ, ਕੂੜੀ ਕਿਰਿਆ ਡੇਰਾ ਢਾਹਿੰਦਾ। ਨਾਮ ਚੜ੍ਹਾਏ ਇਕੋ ਰੰਗਾ, ਰੰਗ ਚਲੂਲ ਇਕ ਵਖਾਇੰਦਾ। ਪੰਜ ਵਿਕਾਰ ਨਾ ਕਰੇ ਜੰਗਾ,

ਮਰਦੰਗਾ ਆਪਣਾ ਨਾਮ ਸੁਣਾਇੰਦਾ। ਲੇਖਾ ਜਾਣੇ ਹੰ ਬ੍ਰਹਮਾ, ਪਾਰਬ੍ਰਹਮ ਪ੍ਰਭ ਆਪਣਾ ਪੜਦਾ ਲਾਹਿੰਦਾ। ਚਾਰ ਵਰਨ ਸਚ ਜਣਾਏ ਧਰਮਾ, ਊਚ ਨੀਚ ਰਾਉ ਰੰਕ ਭੇਵ ਮਿਟਾਇੰਦਾ। ਨਿਹਕਰਮੀ ਕਰੇ ਆਪਣਾ ਕਰਮਾ, ਕਰਮ ਕਾਂਡ ਸਰਬ ਗਵਾਇੰਦਾ । ਭਾਂਡਾ ਭਰਮ ਭੌ ਭੰਨਾਏ ਭਰਮਾ, ਜੂਠਾ ਝੂਠਾ ਡੇਰਾ ਢਾਹਿੰਦਾ। ਲੋਕ ਲਾਜ ਨਾ ਕੋਈ ਸ਼ਰਮਾ, ਜਿਸ ਸਤਿਗੁਰ ਪੂਰਾ ਨਜ਼ਰੀ ਆਇੰਦਾ। ਲਹਿਣਾ ਦੇਣਾ ਚੁਕਾਏ ਮਰਨਾ ਡਰਨਾ, ਜੀਵਣ ਮੁਕਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵਰ, ਵਸਤ ਅਮੋਲਕ ਆਪ ਵਰਤਾਇੰਦਾ । ਸਤਿਗੁਰ ਚਰਨ ਜੋ ਰੱਖੇ ਓਟ, ਨੇਤਰ ਨੈਣ ਧਿਆਨ ਲਗਾਈਆ। ਸਤਿਗੁਰ ਪੂਰਾ ਪੰਜ ਤਤ ਕਾਇਆ ਕੱਢੇ ਖੋਟ, ਅਗਿਆਨ ਅੰਧੇਰ ਦਏ ਚੁਕਾਈਆ। ਕਰ ਪਰਕਾਸ਼ ਨਿਰਮਲ ਜੋਤ, ਸਾਚਾ ਨੂਰ ਕਰੇ ਰੁਸ਼ਨਾਈਆ। ਆਸਾ ਪੂਰੀ ਕਰੇ ਲੋਚਣ ਲੋਚ, ਤ੍ਰਿਸਨਾ ਤ੍ਰਿਖਾ ਦਏ ਗਵਾਈਆ। ਲੇਖਾ ਚੁੱਕੇ ਹਰਖ ਸੋਗ, ਚਿੰਤਾ ਗ਼ਮ ਨਾ ਕੋਇ ਜਣਾਈਆ। ਆਤਮ ਪਰਮਾਤਮ ਦੇ ਇਕੋ ਜੋਗ, ਸਾਚੀ ਸਿਖਿਆ ਸਿਖ ਸਮਝਾਈਆ। ਆਤਮ ਰਸ ਲੈਣਾ ਭੋਗ, ਹਰਿ ਭੋਗੀ ਆਪਣਾ ਭੇਵ ਚੁਕਾਈਆ। ਜਨਮ ਕਰਮ ਦਾ ਚੁਕਾਏ ਵਿਜੋਗ, ਬਣ ਸੰਜੋਗੀ ਮੇਲ ਮਿਲਾਈਆ। ਭਾਗ ਲਗਾਏ ਕਾਇਆ ਕੋਟ, ਸਾਢੇ ਤਿੰਨ ਹੱਥ ਸੋਭਾ ਪਾਈਆ। ਨਾਮ ਨਿਧਾਨਾ ਵੱਜੇ ਚੋਟ, ਸਚ ਨਗਾਰਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਨਾਮ ਵਰਤਾਈਆ। ਸਤਿਗੁਰ ਸਰਨ ਜੋ ਕਰੇ ਧਿਆਨ, ਨਿਜ ਨੇਤਰ ਨੈਣ ਧਿਆਨ ਲਗਾਈਆ। ਸਾਹਿਬ ਸਤਿਗੁਰ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਧੁਰ ਦਾ ਮੰਤਰ ਦੇਵੇ ਇਕ ਗਿਆਨ, ਸਾਚਾ ਨਾਮ ਕਰੇ ਪੜ੍ਹਾਈਆ। ਅੰਤਰ ਆਤਮ ਸਚ ਅਸ਼ਨਾਨ, ਸਚ ਸਰੋਵਰ ਇਕ ਨੁਹਾਈਆ। ਕਾਗ ਹੰਸ ਰੂਪ ਬਣ ਜਾਣ, ਬੁੱਧ ਬਬੇਕ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਵੇਖੇ ਥਾਉਂ ਥਾਈਂਆ। ਸਤਿਗੁਰ ਚਰਨ ਸਚ ਸਹਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਵਡਿਆਈਆ। ਤੱਕਦੇ ਰਹੇ ਗੁਰੂ ਅਵਤਾਰਾ, ਪੀਰ ਪੈਗ਼ੰਬਰ ਧਿਆਨ ਲਗਾਈਆ। ਭਗਤ ਮੰਗਦੇ ਰਹੇ ਸਦਾ ਦੁਆਰਾ, ਨਿਤ ਨਿਤ ਖ਼ਾਲੀ ਝੋਲੀ ਰਹੇ ਵਖਾਈਆ । ਸੰਤ ਸੱਜਣ ਕਰਦੇ ਰਹੇ ਪੁਕਾਰਾ, ਉਚੀ ਕੂਕ ਕੂਕ ਸੁਣਾਈਆ। ਗੁਰਮੁਖ ਦੋਏ ਦੋਏ ਜੋੜ ਕਰਦੇ ਰਹੇ ਨਿਮਸਕਾਰਾ, ਚਰਨ ਕਵਲ ਸੀਸ ਝੁਕਾਈਆ। ਗੁਰਸਿਖ ਧੂੜੀ ਟਿੱਕਾ ਮਸਤਕ ਲੌਂਦੇ ਰਹੇ ਛਾਰਾ, ਸਾਚੀ ਖ਼ਾਕ ਖ਼ਾਕ ਰਮਾਈਆ। ਨੇਤਰ ਰੋਂਦੇ ਰਹੇ ਜ਼ਾਰੋ ਜ਼ਾਰਾ, ਨੈਣਾਂ ਨੈਣਾਂ ਨੀਰ ਵਹਾਈਆ। ਕਿਰਪਾ ਕਰ ਬੇਐਬ ਪਰਵਰਦਿਗਾਰਾ, ਪਾਰਬ੍ਰਹਮ ਤੇਰੀ ਸਰਨਾਈਆ। ਤੁਧ ਬਿਨ ਨਜ਼ਰ ਨਾ ਆਏ ਕੋਈ ਕਿਨਾਰਾ, ਨਈਆ ਡੋਲੇ ਜਗਤ ਲੋਕਾਈਆ। ਡੂੰਘਾ ਸਾਗਰ ਵਹਿੰਦੀ ਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਲੇਖਾ ਲਏ ਮੁਕਾਈਆ। ਸਤਿਗੁਰ ਚਰਨ ਸਚ ਪ੍ਰੀਤ, ਬਿਨ ਸਤਿਗੁਰ ਸਤਿ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦੀ ਧੁਰ ਦੀ ਰੀਤ, ਭਗਤ ਭਗਵਾਨ ਦਏ ਵਰਤਾਈਆ। ਆਤਮ ਪਰਮਾਤਮ ਸੁਣਾਵੇ ਸਾਚਾ ਗੀਤ, ਸਤਿ ਸਤਿਵਾਦੀ ਆਪਣੀ ਬੂਝ ਬੁਝਾਈਆ। ਕਾਇਆ ਕਾਅਬਾ ਸ਼ਿਵਦਵਾਲਾ ਮੱਠ ਵਖਾਏ ਮਸੀਤ, ਗੁਰੂਦੁਆਰਾ ਇਕੋ ਨਜ਼ਰੀ ਆਈਆ। ਜਿਸ ਘਰ ਨਿਰਗੁਣ ਰੂਪ ਹਰਿ ਵਸੇ ਆਪ ਅਨਡੀਠ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਸੋ ਸਤਿਗੁਰ ਪੂਰਾ ਮਨ ਵਾਸਨਾ ਲਏ ਜੀਤ, ਬੁੱਧ ਬਿਬੇਕ ਇਕ ਕਰਾਈਆ।

ਗੁਰਮੁਖਾਂ ਚਲਾਏ ਆਪਣੀ ਰੀਤ, ਸਾਚਾ ਮਾਰਗ ਇਕ ਸਮਝਾਈਆ । ਗੁਰਮੁਖ ਗੁਰਸਿਖ ਢੋਲੇ ਗਾਓ ਹਰਿ ਗੋਬਿੰਦ ਗੀਤ, ਲੋਕ ਲੱਜਿਆ ਕੰਮ ਕਿਸੇ ਨਾ ਆਈਆ। ਧੁਰ ਦਰਬਾਰ ਦੀ ਮਿਲੇ ਸਾਚੀ ਭੀਖ, ਭਿਛਿਆ ਹਰਿ ਜੂ ਆਪ ਵਰਤਾਈਆ। ਕਰੇ ਖੇਲ ਬੈਠ ਅਤੀਤ, ਤ੍ਰੈਗੁਣ ਡੇਰਾ ਰਿਹਾ ਢਾਹੀਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਸਾਚੀ ਵਸਤ ਝੋਲੀ ਪਾਈਆ। ਸਤਿਗੁਰ ਸਰਨ ਚਰਨ ਗੁਰਦੇਵ, ਦੋ ਜਹਾਨ ਮਿਲੇ ਵਡਿਆਈਆ। ਧਾਮ ਵਖਾਏ ਇਕ ਨਿਹਕੇਵ, ਨਿਹਚਲ ਆਪਣਾ ਪੜਦਾ ਲਾਹੀਆ। ਅੰਮ੍ਰਿਤ ਆਤਮ ਦੇਵੇ ਮੇਵ, ਰਸ ਸੱਚਾ ਇਕ ਚਖਾਈਆ। ਰਸਨਾ ਜਿਹਵਾ ਆਤਮ ਪਰਮਾਤਮ ਢੋਲਾ ਗਾਏ ਜਿਹਵ, ਬੱਤੀ ਦੰਦ ਨਾਲ ਰਲਾਈਆ। ਸਤਿਗੁਰ ਪੂਰਾ ਲੇਖੇ ਲਾਏ ਗੁਰਮੁਖ ਕੀਤੀ ਸੇਵ, ਸੇਵਕ ਸੇਵਾ ਵਿਚ ਸਮਾਈਆ। ਅੰਦਰ ਵੜ ਕੇ ਦੱਸੇ ਭੇਵ, ਸਚ ਪ੍ਰੀਤੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਸਚ ਸੰਦੇਸਾ ਇਕ ਸੁਣਾਈਆ। ਸਤਿਗੁਰ ਚਰਨ ਸਾਚੀ ਧੂੜ, ਦੁਰਮਤ ਮੈਲ ਧਵਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਮਾਇਆ ਮਮਤਾ ਮੋਹ ਚੁਕਾਈਆ। ਨਾਤਾ ਤੋੜੇ ਕੂੜੋ ਕੂੜ, ਸਾਚੀ ਸਿਖਿਆ ਇਕ ਸਮਝਾਈਆ। ਹਉਮੇ ਹੰਗਤਾ ਗੜ੍ਹ ਤੋੜੇ ਗ਼ਰੂਰ, ਨਿਵਣ-ਸੋ-ਅੱਖਰ ਇਕ ਪੜ੍ਹਾਈਆ। ਅੰਮ੍ਰਿਤ ਆਤਮ ਦੇਵੇ ਸਤਿ ਸਰੂਰ, ਸਾਚੀ ਮਧ ਨਾਮ ਜਾਮ ਪਿਆਈਆ। ਪੰਚ ਵਿਕਾਰਾ ਕਰੇ ਚੂਰ, ਖੰਡਾ ਖੜਗ ਖੜਗ ਚਮਕਾਈਆ। ਨਜ਼ਰੀ ਆਏ ਹਾਜ਼ਰ ਹਜ਼ੂਰ, ਹਰਿ ਜੂ ਆਪਣਾ ਵੇਸ ਵਟਾਈਆ। ਪੂਰਬ ਜਨਮ ਸਤਿਗੁਰ ਲਹਿਣਾ ਦਏ ਜ਼ਰੂਰ, ਲੇਖਾ ਸਭ ਦਾ ਰਿਹਾ ਚੁਕਾਈਆ। ਕਲਜੁਗ ਜੀਵਾਂ ਨਹੀਂ ਕਸੂਰ, ਸ੍ਰੀ ਭਗਵਾਨ ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਆਸਾ ਮਨਸਾ ਕਰੇ ਪੂਰ, ਜਨਮ ਜਨਮ ਦੀ ਤ੍ਰਿਸਨਾ ਮੇਟ ਮਿਟਾਈਆ। ਪੰਧ ਮੁਕਾ ਕੇ ਨੇੜਾ ਦੂਰ, ਬ੍ਰਹਿਮੰਡ ਖੰਡ ਜੇਰਜ ਅੰਡ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਗੁਰ ਸਰਨਾਈ ਵਡ ਪਰਤਾਪ, ਨਿਰਗੁਣ ਸਰਗੁਣ ਆਪ ਜਣਾਇੰਦਾ। ਪਰਮ ਪੁਰਖ ਪ੍ਰਭ ਸਾਚਾ ਬਾਪ, ਭਗਤ ਭਗਵਾਨ ਵੇਖ ਵਖਾਇੰਦਾ। ਆਤਮ ਪਰਮਾਤਮ ਦੱਸੇ ਸੱਚਾ ਜਾਪ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ। ਕੋਟ ਜਨਮ ਉਤਾਰੇ ਪਾਪ, ਦੁਰਮਤ ਮੈਲ ਧਵਾਇੰਦਾ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਚਾਰ ਵਰਨ ਬਣਾਏ ਇਕ ਜਮਾਤ, ਸਾਚੀ ਪੱਟੀ ਨਾਮ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਸਨਾ ਜਿਹਵਾ ਬੋਲ ਗਏ ਆਖ, ਆਖ਼ਰ ਆਪਣਾ ਭੇਵ ਖੁਲ੍ਹਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਪਰਗਟ ਹੋ ਕੇ ਸਾਖਿਆਤ, ਗੁਰਮੁਖ ਸੱਜਣ ਆਪ ਜਗਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਘਰ ਸਾਚਾ ਨੂਰ ਚੰਦ ਚਮਕਾਇੰਦਾ। ਦਿਵਸ ਰੈਣ ਪੁਛੇ ਵਾਤ, ਆਲਸ ਨਿੰਦਰਾ ਡੇਰਾ ਢਾਹਿੰਦਾ;। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਤਿਸ ਆਪਣਾ ਰੰਗ ਰੰਗਾਇੰਦਾ। ਸਤਿਗੁਰ ਚਰਨ ਮਿਲੇ ਗੋਬਿੰਦ, ਠਾਕਰ ਇਕੋ ਨਜ਼ਰੀ ਆਈਆ। ਗੁਰਸਿਖ ਮਿਟੇ ਕੂੜੀ ਚਿੰਦ, ਚਿੰਤਾ ਚਿਖਾ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਧਾਰ ਵਹੇ ਸਾਗਰ ਸਿੰਧ, ਹਰਿਜਨ ਸੱਜਣ ਤਾਰੀਆਂ ਲਾਈਆ। ਆਦਿ ਜੁਗਾਦਿ ਜੁਗ ਚੌਕੜੀ ਮਨਮੁਖ ਕਰਦੇ ਸਦਾ ਨਿੰਦ, ਨਿੰਦਿਆ ਨਿੰਦਕ ਝੋਲੀ ਪਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਸਤਿਗੁਰ ਸੱਜਣ, ਹਰਿ ਕਰਤਾ ਆਪ ਜਣਾਈਆ। ਚਰਨ ਧੂੜੀ ਪ੍ਰਭ ਕਰੋ ਮਜਨ, ਦੁਰਮਤ ਮੈਲ ਰਹਿਣ ਨਾ ਪਾਈਆ। ਦੂਜੇ ਦਰ ਨਾ ਜਾਓ ਲੱਭਣ, ਘਰ ਘਰ ਵਿਚ ਵਸੇ ਬੇਪਰਵਾਹੀਆ। ਨਿਤ ਨਵਿਤ ਜਨ ਭਗਤਾਂ ਆਵੇ ਸੱਦਣ, ਅੰਦਰ ਵੜ ਕੇ ਹੋਕਾ ਦੇਵੇ ਵਾਹੋ ਦਾਹੀਆ। ਰੂਪ ਧਰਾਏ ਅਕਾਲ ਮੂਰਤੀ ਮਦਨ, ਮੋਹਣ ਮਾਧਵ ਆਪਣੀ ਖੇਲ ਕਰਾਈਆ। ਦੀਪਕ ਜੋਤੀ ਨਿਰਗੁਣ ਜਗਣ, ਨੂਰੋ ਨੂਰ ਕਰੇ ਰੁਸ਼ਨਾਈਆ। ਅਨਹਦ ਅਨਾਦੀ ਨਾਦ ਤਾਲ ਵੱਜਣ, ਸ਼ਬਦ ਧੁਨ ਸੱਚੀ ਸ਼ਨਵਾਈਆ। ਗੁਰਮੁਖ ਅੰਮ੍ਰਿਤ ਪੀ ਪੀ ਰੱਜਣ, ਸਤਿਗੁਰ ਨਾਮ ਪਿਆਲਾ ਹੱਥ ਫੜਾਈਆ। ਕੂੜੀ ਕਿਰਿਆ ਕੂੜ ਕੁੜਿਆਰੇ ਮੱਚਣ, ਤ੍ਰੈਗੁਣ ਅਗਨੀ ਇਕ ਲਗਾਈਆ। ਪੰਚ ਵਿਕਾਰੇ ਅੰਦਰ ਨੱਚਣ, ਡੌਰੂ ਡੰਕਾ ਜੂਠ ਝੂਠ ਵਜਾਈਆ। ਮਾਇਆ ਮਮਤਾ ਨਾਲ ਹੱਸਣ, ਆਸਾ ਤ੍ਰਿਸ਼ਨਾ ਨਾਲ ਰਖਾਈਆ। ਗੁਰਮੁਖ ਵਿਰਲੇ ਪ੍ਰਭ ਸਰਨਾਈ ਸਾਚੀ ਵਸਣ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਸਚ ਦੁਆਰੇ ਉਠ ਉਠ ਨੱਠਣ, ਭੱਜਣ ਵਾਹੋ ਦਾਹੀਆ। ਲੱਖ ਚੁਰਾਸੀ ਵਿਚੋ ਸਤਿਗੁਰ ਛਾਛ ਵਰੋਲੇ ਮੱਖਣ, ਨਾਮ ਮਧਾਣਾ ਇਕੋ ਪਾਈਆ। ਮਿਹਰਵਾਨ ਹੋ ਕੇ ਜਗਤ ਕਿਨਾਰਾ ਵੇਖੇ ਪੱਤਣ, ਦਰਿਆ ਕੰਢਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਖ਼ਸ਼ਣਹਾਰ ਸੱਚੀ ਸਰਨਾਈਆ। ਮੰਝਧਾਰ ਨਾ ਕੋਈ ਦਰਿਆ, ਪਾਣੀ ਜਲ ਨਾ ਕੋਇ ਰੁੜ੍ਹਾਇੰਦਾ। ਅਗਨੀ ਤਤ ਨਾ ਕੋਇ ਤਪਾ, ਮਾਇਆ ਮੋਹ ਨਾ ਕੋਇ ਵਖਾਇੰਦਾ। ਹਉਮੇ ਹੰਗਤਾ ਗੜ੍ਹ ਨਾ ਕੋਇ ਸੁਹਾ, ਬੰਕ ਦੁਆਰਾ ਨਜ਼ਰ ਕੋਇ ਨਾ ਆਇੰਦਾ। ਸਾਹਿਬ ਸਤਿਗੁਰ ਸ਼ਬਦ ਸੁਆਮੀ ਜਿਸ ਆਤਮ ਪਰਮਾਤਮ ਮਿਲਿਆ ਆ, ਤਿਸ ਮਾਤਮ ਰੂਪ ਨਾ ਕੋਇ ਵਟਾਇੰਦਾ। ਡੁਬਦੇ ਪਾਹਨ ਲਏ ਤਰਾ, ਪਾਥਰ ਆਪਣਾ ਚਰਨ ਛੁਹਾਇੰਦਾ। ਉਚੇ ਟਿੱਲੇ ਪਰਬਤ ਵੇਖ ਵਖਾ, ਡੂੰਘੀ ਕੰਦਰ ਖੋਜ ਖੋਜਾਇੰਦਾ। ਸਾਚੇ ਬੇੜੇ ਲਏ ਚੜ੍ਹਾ, ਨਈਆ ਇਕੋ ਨਾਮ ਵਖਾਇੰਦਾ। ਚੱਪੂ ਅਗੰਮੀ ਦਏ ਲਗਾ, ਸਚ ਸਹਾਰਾ ਇਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਵੇਖੇ ਨੇਤਰ ਖੋਲ੍ਹ, ਖ਼ਾਲਕ ਖ਼ਲਕ ਵਿਚ ਸਮਾਈਆ। ਤੋਲਣਹਾਰਾ ਸਾਚਾ ਤੋਲ, ਨਾਮ ਤਰਾਜ਼ੂ ਕੰਡਾ ਹੱਥ ਉਠਾਈਆ। ਆਤਮ ਪਰਮਾਤਮ ਸਭ ਦੀ ਲਏ ਫੋਲ, ਪਾਰਬ੍ਰਹਮ ਬ੍ਰਹਮ ਪੜਦਾ ਭੇਵ ਉਠਾਈਆ। ਸਾਚੇ ਭਗਤਾਂ ਵਸੇ ਸਦਾ ਕੋਲ, ਅੰਦਰ ਵੜ ਕੇ ਬੈਠਾ ਡੇਰਾ ਲਾਈਆ। ਸਾਚਾ ਨਾਮ ਸੁਣਾਏ ਬੋਲ, ਨਾਉਂ ਨਿਰੰਕਾਰਾ ਇਕ ਜਣਾਈਆ। ਲੱਖ ਚੁਰਾਸੀ ਜੀਵ ਜੰਤ ਰਹੇ ਅਨਭੋਲ, ਬਿਨ ਹਰਿਜਨ ਨਜ਼ਰ ਕਿਸੇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ੇ ਸਰਨ ਇਕ ਸਰਨਾਈਆ। ਸਚ ਸਰਨਾਈ ਸਤਿਗੁਰ ਦੇਵ ਸੁਆਮੀ, ਪੁਰਖ ਅਕਾਲ ਵੱਡੀ ਵਡਿਆਈਆ। ਬੇਪਰਵਾਹ ਅਗੰਮ ਅਥਾਹ ਦੀਨ ਦਿਆਲ ਅੰਤਰਜਾਮੀ, ਹਰ ਘਟ ਵੇਖੇ ਥਾਉਂ ਥਾਈਂਆ। ਬੋਧ ਅਗਾਧ ਸ਼ਬਦ ਨਾਦ ਧੁਨ ਆਤਮਕ ਸੁਣਾਏ ਸੱਚੀ ਬਾਣੀ, ਸੋਹੰ ਢੋਲਾ ਰਾਗ ਅਲਾਈਆ। ਲੇਖਾ ਜਾਣੇ ਚਾਰ ਖਾਣੀ, ਚਾਰੋ ਕੁੰਟ ਭੇਵ ਚੁਕਾਈਆ। ਚਾਰ ਜੁਗ ਦੀ ਸਾਚੀ ਰਾਣੀ, ਪਰਾ ਪਸੰਤੀ ਮਧਮ ਬੈਖਰੀ ਹੁਕਮੇ ਅੰਦਰ ਆਪ ਫਿਰਾਈਆ। ਅਠਸਠ ਵੇਖੇ ਤੀਰਥ ਪਾਣੀ, ਜਲ ਸਰੋਵਰ ਫੋਲ ਫੁਲਾਈਆ। ਲੇਖਾ ਜਾਣੇ ਸ਼ਾਸਤਰ ਸਿਮਰਤ ਵੇਦ ਪੁਰਾਨੀ, ਅੰਜੀਲ ਕੁਰਾਨੀ ਲੇਖਾ ਰਿਹਾ ਚੁਕਾਈਆ। ਬੋਧ ਅਗਾਧਾ

ਸ਼ਬਦ ਅਨਾਦਾ ਬ੍ਰਹਮ ਬ੍ਰਹਿਮਾਦਾ ਸਤਿਗੁਰ ਪੂਰਾ ਪੰਡਤ ਵਡ ਵਿਦਵਾਨੀ, ਚੌਂਦਾਂ ਵਿਦਿਆ ਲੇਖਾ ਰਿਹਾ ਚੁਕਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਨਰ ਨਿਰੰਕਾਰ ਸੁਣਾਏ ਆਪਣੀ ਅਕੱਥ ਕਹਾਣੀ, ਰਸਨਾ ਜਿਹਵਾ ਕੋਈ ਕਹਿ ਸਕੇ ਨਾ ਰਾਈਆ। ਧਰਮ ਦਵਾਰ ਹਰਿ ਕਰਤਾਰ ਜੋਤ ਉਜਿਆਰ ਦੇਵੇ ਇਕ ਨਿਸ਼ਾਨੀ, ਸਚ ਨਿਸ਼ਾਨਾ ਧਰਮ ਵਖਾਈਆ। ਚਰਨ ਕਵਲ ਉਪਰ ਧਵਲ ਦੇਵਣਹਾਰਾ ਪਦ ਨਿਰਬਾਣੀ, ਘਰ ਮੰਦਰ ਇਕੋ ਇਕ ਵਖਾਈਆ । ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਗੁਰ ਸਤਿਗੁਰ ਸਦ ਵਿਟੁਹ ਕੁਰਬਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਗਹਿ ਸਾਚੀ ਧਾਮ ਸੁਹਾਈਆ। ਡੂੰਘਾ ਸਾਗਰ ਨਦੀ ਨਾਲਾ, ਦਰਿਆ ਘਾਟ ਵੇਖ ਵਖਾਇੰਦਾ। ਆਦਿ ਜੁਗਾਦੀ ਹਰਿ ਪ੍ਰਿਤਪਾਲਾ, ਪ੍ਰਿਤਪਾਲਕ ਆਪਣੀ ਸੇਵ ਕਮਾਇੰਦਾ । ਜਨ ਭਗਤਾਂ ਅੰਤਰ ਆਤਮ ਸਾਚੀ ਪਾਏ ਅਗੰਮੀ ਮਾਲਾ, ਮਨ ਕਾ ਮਣਕਾ ਆਪ ਭਵਾਇੰਦਾ। ਬਜਰ ਕਪਾਟੀ ਖੋਲ੍ਹੇ ਤਾਲਾ, ਦੂਈ ਦਵੈਤ ਮੇਟ ਮਿਟਾਇੰਦਾ। ਮੇਟੇ ਰੈਣ ਅੰਧੇਰਾ ਕਾਲਾ, ਜੋਤੀ ਚੰਦ ਨੂਰ ਚਮਕਾਇੰਦਾ। ਸਾਚਾ ਮਾਰਗ ਦੱਸ ਸੁਖਾਲਾ, ਫੜ ਰਾਹੇ ਆਪੇ ਪਾਇੰਦਾ। ਅੰਦਰ ਵੜ ਕੇ ਚਲੇ ਨਾਲਾ, ਡੂੰਘੀ ਭਵਰੀ ਪਾਰ ਕਰਾਇੰਦਾ। ਘਰ ਵਿਚ ਘਰ ਵਖਾਏ ਸੱਚੀ ਧਰਮਸਾਲਾ, ਦਸਮ ਦੁਆਰੀ ਆਸਣ ਲਾਇੰਦਾ। ਓਥੇ ਲੇਖਾ ਚੁੱਕੇ ਸ਼ਾਹ ਕੰਗਾਲਾ, ਊਚ ਨੀਚ ਨਜ਼ਰ ਕੋਇ ਨਾ ਆਇੰਦਾ। ਮੁਰੀਦ ਮੁਰਸ਼ਦ ਪੁਛੇ ਹਾਲਾ, ਮੁਰਸ਼ਦ ਮੁਰੀਦ ਦਇਆ ਕਮਾਇੰਦਾ। ਕਰੇ ਖੇਲ ਹਰਿ ਗੋਪਾਲਾ, ਗੋਬਿੰਦ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੇੜਾ ਪਾਰ ਕਰਾਇੰਦਾ। ਸਤਿਗੁਰ ਸਰਨਾਈ ਡੁੱਬੇ ਨਾ ਬੇੜਾ, ਮੰਝਧਾਰ ਨਜ਼ਰ ਕੋਇ ਨਾ ਆਈਆ। ਸਦ ਵਸਦਾ ਰਹੇ ਮੰਦਰ ਖੇੜਾ, ਘਰ ਵੱਜੇ ਨਾਮ ਵਧਾਈਆ। ਜਨ ਭਗਤਾਂ ਚੁੱਕੇ ਜਗਤ ਝੇੜਾ, ਝੂਠੀ ਕਰੇ ਨਾ ਕੋਇ ਲੜਾਈਆ। ਇਕੋ ਢੋਲਾ ਗਾਏ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਕਰੇ ਮਿਹਰਾ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨੈਣ ਉਠਾਈਆ। ਹਕੀਕਤ ਕਰੇ ਹੱਕ ਨਬੇੜਾ, ਲਾਸ਼ਰੀਕ ਨੂਰ ਖ਼ੁਦਾਈਆ। ਸੀਸ ਜਗਦੀਸ਼ ਬੰਨ੍ਹੇ ਸੇਹਰਾ, ਸਾਚਾ ਸਗਨ ਇਕ ਮਨਾਈਆ। ਅੰਤਮ ਲੈ ਕੇ ਜਾਏ ਆਪਣੇ ਵਿਹੜਾ, ਸਚਖੰਡ ਸਾਚੇ ਦਏ ਬਹਾਈਆ। ਜਨਮ ਕਰਮ ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਚੁੱਕੇ ਝੇੜਾ, ਮਾਤ ਗਰਭ ਲੇਖਾ ਰਹਿਣ ਕੋਇ ਨਾ ਪਾਈਆ। ਪ੍ਰਭ ਚਰਨ ਸਰਨ ਲੱਗੇ ਸੱਚਾ ਡੇਰਾ, ਘਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦਾ ਸਦਾ ਹੋਏ ਸਹਾਈਆ। ਚਰਨ ਪ੍ਰੀਤੀ ਲੱਗੇ ਜਨ, ਜਨ ਜਨਨੀ ਮਿਲੇ ਵਡਿਆਈਆ। ਲੇਖੇ ਲੱਗੇ ਪੰਜ ਤਤ ਤਨ, ਤਨ ਮਾਟੀ ਅਗਨੀ ਖ਼ਾਕ ਨਾ ਕੋਇ ਰਲਾਈਆ। ਸਾਚਾ ਰਾਗ ਸੁਣੇ ਕੰਨ, ਸੋ ਸਤਿਗੁਰ ਆਪ ਸੁਣਾਈਆ। ਮਨ ਕਾ ਮਣਕਾ ਫੇਰੇ ਮਨ, ਮਨ ਵਾਸਨਾ ਦਏ ਖਪਾਈਆ। ਘਰ ਪਰਕਾਸ਼ ਚਾੜ੍ਹੇ ਚੰਨ, ਚੰਦ ਨੂਰ ਰੁਸ਼ਨਾਈਆ। ਭੇਵ ਖੁਲ੍ਹਾਏ ਨੇਤਰ ਅੰਨ੍ਹ, ਅਗਿਆਨ ਅੰਧੇਰ ਮਿਟਾਈਆ। ਪੰਚ ਵਿਕਾਰਾ ਦੇਵੇ ਡੰਨ, ਡੰਕਾ ਇਕੋ ਨਾਮ ਸੁਣਾਈਆ। ਕਰ ਕਿਰਪਾ ਠਾਕਰ ਗੁਰਮੁਖ ਪਾਏ ਠੰਢ, ਠੋਕਰ ਆਪਣਾ ਨਾਮ ਲਗਾਈਆ। ਲੇਖਾ ਚੁਕਾਏ ਸ੍ਰਿਸ਼ਟ ਸਬਾਈ ਕੋਟ ਬ੍ਰਹਿਮੰਡ, ਪਾਰਬ੍ਰਹਮ ਪ੍ਰਭ ਬਖ਼ਸ਼ੇ ਇਕ ਸਰਨਾਈਆ। ਨਿਜ ਆਤਮ ਪਰਮਾਤਮ ਗੁਰਮੁਖ ਲੈਣਾ ਅਨੰਦ, ਦੂਜੀ ਵਾਸ਼ਨਾ ਨੇੜ ਕੋਇ ਨਾ ਆਈਆ। ਜਗਤ ਦਰਿਯਾ ਪਾਰ ਕਿਨਾਰਾ ਜਾਣਾ ਲੰਘ, ਅੱਧਵਿਚਕਾਰ ਨਾ ਕੋਇ ਅਟਕਾਈਆ। ਸਤਿਗੁਰ ਪੂਰਾ ਜਿਸ

ਦੇ ਸੰਗ, ਤਿਸ ਨਈਆ ਸਕੇ ਨਾ ਕੋਇ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਰਗ ਇਕ ਦ੍ਰਿੜਾਈਆ। ਚਰਨ ਗੁਰੂ ਗੁਰ ਸਾਚਾ ਬੰਧਨ, ਹਰਿ ਬੰਦਗੀ ਨਾਮ ਜਣਾਇੰਦਾ। ਮਸਤਕ ਟਿੱਕਾ ਲਾਏ ਚੰਦਨ, ਦੁਰਮਤ ਮੈਲ ਧਵਾਇੰਦਾ। ਕੂੜੀ ਕਿਰਿਆ ਕਰੇ ਖੰਡਨ, ਖੰਡਾ ਨਾਮ ਉਠਾਇੰਦਾ। ਸੁਰਤ ਸਵਾਣੀ ਨਾ ਹੋਏ ਰੰਡਨ, ਸ਼ਬਦ ਸੁਆਮੀ ਕੰਤ ਮਿਲਾਇੰਦਾ। ਦੇਵੇ ਓਢਨ ਹੋਏ ਨਾ ਨੰਗਨ, ਨਾਮ ਦੋਸ਼ਾਲਾ ਹੱਥ ਉਠਾਇੰਦਾ। ਗੁਰਮੁਖ ਗੁਰਸਿਖ ਭਗਤ ਆਦਿ ਜੁਗਾਦਿ ਕਦੇ ਨਾ ਸੰਗਣ, ਲੋਕ ਲੱਜਿਆ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਗੁਰ ਗੁਰ ਇਕ ਬੁਝਾਇੰਦਾ। ਗੁਰਮੁਖ ਸਾਚੀ ਸਿਖਿਆ ਸਚ ਵਿਚਾਰ, ਸ੍ਰੀ ਭਗਵਾਨ ਆਪ ਜਣਾਈਆ। ਸਾਂਝਾ ਸਭ ਨਾਲ ਕਰੋ ਪਿਆਰ, ਦੂਈ ਦਵੈਤ ਨਾ ਕੋਇ ਰਖਾਈਆ । ਹਿਰਦਾ ਸੀਤਲ ਸਤਿ ਸ਼ਾਂਤ ਕਰੋ ਵਸਾਲ, ਗਹਿਰ ਗੰਭੀਰ ਰੂਪ ਵਟਾਈਆ। ਜੇ ਕੋਈ ਚੰਗਾ ਮੰਦਾ ਬੋਲੇ ਕੱਢੇ ਗਾਲ, ਤਿਸ ਆਖੋ ਵਾਹਵਾ ਮੇਰੇ ਭਾਈਆ। ਤੇਰੇ ਉਪਰ ਜਿਸ ਵੇਲੇ ਮੇਰਾ ਸਾਹਿਬ ਹੋਏ ਦਿਆਲ, ਤੇਰੀ ਹੋਛੀ ਮੱਤ ਦਏ ਗਵਾਈਆ। ਉਠ ਕੇ ਵੇਖ ਆਪਣੀ ਕਾਇਆ ਮੰਦਰ ਅੰਦਰ ਧਰਮਸਾਲ, ਤੇਰਾ ਸਤਿਗੁਰ ਤੈਥੋ ਬੈਠਾ ਮੁਖ ਛੁਪਾਈਆ। ਕੂੜੀ ਕਿਰਿਆ ਹੋਇਉਂ ਕਿਉਂ ਬੇਹਾਲ, ਬਿਹਬਲ ਹੋ ਕੇ ਮਾਰੇਂ ਧਾਹੀਆ। ਪਾਰਬ੍ਰਹਮ ਦਾ ਬ੍ਰਹਮ ਸਰੂਪ ਤੂੰ ਨਿੱਕਾ ਛੋਟਾ ਲਾਲ, ਮੂਰਖ ਤੈਨੂੰ ਆਪਣੀ ਸੁਰਤ ਸਮਝ ਨਾ ਆਈਆ। ਮਨ ਵਾਸਨਾ ਪਾਇਆ ਜਾਲ, ਤ੍ਰੈਗੁਣ ਘੇਰਾ ਰਹੀ ਪਾਈਆ। ਉਠ ਵੇਖ ਸਭ ਦੇ ਸਿਰ ਤੇ ਕੂਕੇ ਕਾਲ, ਜਿਸ ਪਿਓ ਦਾਦਾ ਰਹਿਣ ਦਿਤਾ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਸਾਚੀ ਸਿਖਿਆ ਇਕ ਸਮਝਾਈਆ । ਚਰਨ ਕਵਲ ਪ੍ਰਭ ਸਾਚਾ ਰੰਗ, ਰੰਗ ਰਾਤਾ ਆਪ ਰੰਗਾਈਆ। ਆਤਮ ਸੇਜਾ ਦਏ ਪਲੰਘ, ਬਸੰਤੀ ਰੁੱਤ ਸੁਹਾਈਆ। ਉਠ ਸਖ਼ੀ ਗੁਰਮੁਖ ਗਾ ਛੰਦ, ਤੇਰਾ ਪ੍ਰੀਤਮ ਵੇਖਣ ਆਈਆ। ਜਗਤ ਰੰਡੇਪਾ ਚੁੱਕੇ ਰੰਡ, ਕੰਤ ਸੁਹਾਗੀ ਸੁਹਾਗਣ ਰੂਪ ਵਖਾਈਆ। ਨਿਜ ਆਤਮ ਵੇਖ ਅਨੰਦ, ਜਗ ਰਸਨਾ ਰਸ ਦੇ ਤਜਾਈਆ। ਤੇਰੇ ਅੰਦਰ ਸਚਖੰਡ, ਸਤਿਗੁਰ ਬੈਠਾ ਸੋਭਾ ਪਾਈਆ। ਉਚੀ ਕੂਕ ਪਾ ਡੰਡ, ਪ੍ਰਭ ਮਿਲਿਆ ਬੇਪਰਵਾਹੀਆ। ਪਿਛਲੀ ਭਰਮ ਭੁਲੇਖੇ ਗਈ ਹੰਢ, ਅਗਲੀ ਲੇਖੇ ਆਪਣੀ ਲਾਈਆ। ਰਸਨਾ ਜਿਹਵਾ ਕੂੜੀ ਕਿਰਿਆ ਤਜ ਗੰਦ, ਸਚ ਸੁਗੰਧੀ ਤੇਰੇ ਵਿਚ ਦਏ ਭਰਾਈਆ। ਘਰ ਸੱਜਣ ਮਿਲ ਕੇ ਗਾਉਣਾ ਛੰਦ, ਬਾਹਰੋ ਕਰੇ ਨਾ ਕੋਇ ਪੜ੍ਹਾਈਆ। ਕਿਰਪਾ ਕਰੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋ ਕੰਢਾ ਕੰਢੀ ਦਰ ਦਰਿਆ ਅੰਦਰ ਆਇਆ ਲੰਘ, ਸੋ ਮਲਾਹ ਬੇੜਾ ਖੇੜਾ ਪਾਰ ਕਰਾਈਆ। ਖ਼ੁਸ਼ੀਆਂ ਨਾਲ ਮਾਣੋ ਅਨੰਦ, ਅਨੰਦ ਸਤਿਗੁਰ ਚਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਸ੍ਰਿਸ਼ਟ ਸਬਾਈ ਰਿਹਾ ਜਣਾਈਆ।