ਪੁਸਤਕਾਲਾਭਾਗ ੧੬

੨੫ ਮਾਘ ੨੦੨੦ ਬਿਕ੍ਰਮੀ ਮੇਲਾ ਸਿੰਘ ਦੇ ਕਮਾਦ ਵਿਚ ਬਾਬੂਪੁਰ ਜ਼ਿਲਾ ਗੁਰਦਾਸਪੁਰ

ਸੁਣ ਆਵਾਜ਼ ਬ੍ਰਾਹਮਣ ਦੀ ਆਇਆ ਡੂਮ ਮਰਦਾਨਾ ਮਰਾਸੀ, ਵੇਖ ਪਿਛਲਾ ਕਰਮ ਧੁਰਦਾ ਸਾਥੀ, ਨੇਤਰ ਅੱਖ ਖੁਲ੍ਹਾਈਆ। ਜਿਸ ਮੰਨੀ ਨਹੀਂ ਸੀ ਨਾਨਕ ਆਖੀ, ਵਲੀਆਂ ਵਿਚੋਂ ਵਲੀ ਅਖਵਾਈਆ। ਕੰਧਿਆਂ ਨਾਲੋਂ ਜਿਸ ਦੀ ਚੌੜੀ ਛਾਤੀ, ਕੰਧਾਰੀ ਲੋਕੀ ਰਹੇ ਸਦਾਈਆ। ਮੈਨੂੰ ਪਿਛਲੀ ਆਈ ਯਾਦ ਸਾਖੀ, ਸੋਹਣੀ ਤਰਾਂ ਸੁਣਾਈਆ। ਮਾਰ ਏਸੇ ਵਲ ਝਾਤੀ, ਆਪਣੀ ਅੱਖ ਖੁਲ੍ਹਾਈਆ । ਔਖਾ ਹੋ ਕੇ ਚੜ੍ਹ ਕੇ ਗਿਆ ਉਤੇ ਘਾਟੀ, ਪਾਣੀ ਖਾਤਰ ਵਾਹੋ ਦਾਹੀਆ। ਏਸ ਮੈਨੂੰ ਗੱਲ ਅੱਗੋਂ ਇਹ ਆਖੀ, ਮਾਣ ਨਾਲ ਸੁਣਾਈਆ। ਜਾ ਮੁੜ ਕੇ ਪਿਛੇ ਲੈ ਜਾ ਖਾਲੀ ਬਾਟੀ, ਪਿਆਲਾ ਭਰੇ ਨਾ ਕੋਈ ਸੁਰਾਹੀਆ। ਨਾਨਕ ਤਪੇ ਜਾ ਕੇ ਆਖੀਂ, ਮੇਰਾ ਸੰਦੇਸਾ ਇਕ ਸੁਣਾਈਆ । ਏਥੇ ਕੁਛ ਨਹੀਂ ਤੇਰਾ ਬਾਕੀ, ਲਹਿਣਾ ਹੱਥ ਨਾ ਕਿਸੇ ਫੜਾਈਆ। ਜੇ ਜ਼ੋਰ ਹੈਗਾ ਛਾਤੀ, ਲੈ ਲਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਰਚਾਈਆ। ਮਰਦਾਨਾ ਅੱਗੋਂ ਕਹੇ ਬੋਲ, ਮਰਦਾਂ ਵਾਲੀ ਜਣਾਈਆ। ਇਹ ਪਾਣੀ ਥੋੜਾ ਜਿਹਾ ਤੇਰੇ ਕੋਲ, ਉਹ ਭੀ ਪ੍ਰਭ ਇੱਟਾਂ ਵਿਚੋਂ ਧਾਰ ਵਹਾਈਆ। ਐਵੇਂ ਖਾਲੀ ਵਜਾਵੇਂ ਢੋਲ, ਕੂੜਾ ਡੱਗਾ ਲਗਾਈਆ। ਮੈਂ ਉਸ ਨੂੰ ਲੇਖਾ ਦੱਸਾਂ ਖੋਲ੍ਹ, ਸੱਚੀ ਤਰਾਂ ਸਮਝਾਈਆ । ਤੇਰਾ ਹੁਣੇ ਕੱਢ ਦਏ ਪੋਲ, ਤੁਟੇ ਮਾਣ ਵਡਿਆਈਆ। ਮੈਂ ਖ਼ੁਸ਼ ਨਹੀਂ ਵੇਖ ਕੇ ਘੋਲ, ਫੱਕਰਾਂ ਸਾਧਾਂ ਹੋਵੇ ਲੜਾਈਆ। ਜੇ ਤੂੰ ਕਿਹਾ ਨਾਲ ਮਖੌਲ, ਹੰਸੀ ਇਕ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਚਾਈਆ। ਵਲੀ ਕੰਧਾਰੀ ਹੋ ਕੇ ਗੁਸੇ, ਗਹਿਰੀ ਅੱਖ ਨਾਲ ਡਰਾਈਆ। ਏਥੇ ਨਾਨਕ ਵਰਗਿਆਂ ਕੌਣ ਪੁੱਛੇ, ਫਿਰਨ ਵਾਹੋ ਦਾਹੀਆ। ਮੈਥੋਂ ਡਰਦੇ ਸਾਰੇ ਲੁਕੇ, ਸਿਰ ਨਾ ਕੋਈ ਉਠਾਈਆ। ਕਈ ਸਾਧ ਮੈਂ ਫੜ ਫੜ ਕੁੱਟੇ, ਭੁਜਾਂ ਨਾਲ ਦਬਾਈਆ। ਕਈ ਫੜ ਕੇ ਟੰਗੇ ਪੁੱਠੇ, ਦੋਹਰੀ ਦੇਵਾਂ ਸਜਾਈਆ। ਕਿਸੇ ਪਾਣੀ ਮੂਲ ਨਾ ਪਾਵਾਂ ਮੁੱਖੇ, ਤ੍ਰਿਖਾ ਵਿਚ ਤੜਫਾਈਆ। ਮੇਰੇ ਹੱਥੋ ਕੋਈ ਵਿਰਲਾ ਛੁੱਟੇ, ਜਿਸ ਉਪਰ ਰਹਿਮ ਕਮਾਈਆ। ਜਾ ਮੁੜ ਜਾ ਨਹੀਂ ਤੇ ਤੇਰਾ ਦਾਣਾ ਪਾਣੀ ਮੁੱਕੇ, ਇਕੋ ਮੁੱਕੀ ਨਾਲ ਮੁਕਾਈਆ। ਤੁਸੀਂ ਮੰਗ ਮੰਗ ਖਾਵਣਹਾਰੇ ਟੁੱਕੜੇ ਰੁੱਖੇ, ਮੈਂ ਭੇਡ ਖਾ ਕੇ ਖ਼ੁਸ਼ੀ ਮਨਾਈਆ। ਮੇਰੇ ਬੂਟੇ ਫੇਰ ਨਾ ਲੱਗੇ ਪੁੱਟੇ, ਜੜੋਂ ਦਿਆਂ ਉਖੜਾਈਆ। ਵੇਖ ਡੂੰਗੀਆਂ ਗਾਰਾ ਵਿਚ ਕਿੰਨੇ ਸੁੱਟੇ, ਹੱਡੀਆਂ ਪਿੰਜਰ ਨਜ਼ਰੀ ਆਈਆ। ਮਾਰ ਮਾਰ ਕੇ ਓਨ੍ਹਾਂ ਠੁੱਡੇ, ਸੁਰਤ ਦਿਤੀ ਭੁਲਾਈਆ। ਏਥੇ ਆ ਕੋਈ ਨਾ ਬੁੱਕੇ, ਭੈ ਮੇਰਾ ਸਰਬ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਵਰਤਾਈਆ। ਮਰਦਾਨੇ ਅੰਦਰੋਂ ਆਈ ਆਵਾਜ਼, ਹੌਲੀ ਜਿਹੀ ਸੁਣਾਈਆ। ਇਸ ਵਿਚ ਕੋਈ ਡੂੰਘਾ ਰਾਜ਼, ਕਰੀਂ ਨਾ ਸੰਗ ਲੜਾਈਆ। ਚੁਪ ਚਪੀਤਾ ਪਿਛੇ ਆ ਭਾਜ, ਨਾਨਕ ਰਾਹ ਤਕਾਈਆ। ਬਾਲਾ ਵਜਾਵਣ ਵਾਲਾ ਸਾਜ਼, ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰੇ ਅੰਦਰੇ ਅੰਦਰ ਭੇਵ ਖੁਲ੍ਹਾਈਆ। ਮਰਦਾਨਾ ਸੁਣ ਕੇ ਆਇਆ ਮੁੜ, ਖਾਲੀ ਕਾਸਾ ਹੱਥ ਰਖਾਈਆ। ਉਸ ਦੇ ਔਦਿਆਂ ਸਾਰ ਰਬਾਬੀ ਵੱਜੀ ਸੁਰ, ਸੋਹਣਾ ਤਾਲ ਬਣਾਈਆ। ਨਾਨਕ ਨਿਰੰਕਾਰ ਨਾਲ ਗਿਆ ਜੁੜ, ਇਕੋ ਰੂਪ ਸਮਾਈਆ। ਮਰਦਾਨੇ ਆ ਕੇ ਕਿਹਾ ਓਥੇ ਲੇਖਾ

❋

❋

ਹੋਰ, ਮੇਰੀ ਚਲੀ ਨਾ ਕੋਈ ਵਡਿਆਈਆ। ਵਲੀ ਸਭ ਨੂੰ ਵਖਾਵੇ ਜੋਰ, ਆਪਣਾ ਬਲ ਜਣਾਈਆ। ਅੱਗੇ ਓਸ ਮਾਨਸ ਰੱਖੇ ਨਾਲ ਢੋਰ, ਗਾਰਾਂ ਵਿਚ ਸੁਟਾਈਆ। ਏਥੇ ਨਾਨਕ ਤੇਰੀ ਲੋੜ, ਬਿਨ ਤੇਰੇ ਪਾਣੀ ਹੱਥ ਕਿਸੇ ਨਾ ਆਈਆ। ਨਾਨਕ ਕਿਹਾ ਮਰਦਾਨੇ ਨਾ ਪਾ ਸ਼ੋਰ, ਪੁਰਖ ਅਕਾਲ ਖੇਲ ਰਚਾਈਆ। ਓਨੇ ਚਿਰ ਨੂੰ ਵਲੀ ਓਠਿਆ ਦੋੜ, ਆਪਣਾ ਬਲ ਪਰਗਟਾਈਆ। ਸਹਿਜ ਸੁਭਾਓ ਪੱਥਰ ਦਿਤਾ ਰੋੜ੍ਹ, ਧੱਕਾ ਇਕ ਲਗਾਈਆ। ਨਾਨਕ ਤੱਕਿਆ ਕਰ ਕੇ ਗੌਰ, ਗਹਿਰ ਗਵਰਾ ਆਈਆ। ਪੌਦਾ ਆਵੇ ਡਾਹਡਾ ਸ਼ੋਰ, ਨਿਕਿਆਂ ਨਿਕਿਆਂ ਭੰਨ ਵਖਾਈਆ। ਸਤਿਗੁਰ ਹੱਥ ਲਾ ਕੇ ਕਿਹਾ ਤੇਰੀ ਨਹੀਂ ਅੱਜੇ ਲੋੜ, ਚੁਪ ਚਪੀਤਾ ਬਹਿ ਜਾ ਆਪਣੀ ਥਾਈਂਆ। ਉਸੇ ਵੇਲੇ ਧੁਰ ਦਾ ਮੰਤਰ ਫੁਰਿਆ ਫੋਰ, ਫੁਰਨਾ ਇਕ ਜਣਾਈਆ। ਨਿਰਗੁਣ ਬਣ ਕੇ ਆਇਆ ਚੋਰ, ਨਾਮ ਵਰਮਾ ਹੱਥ ਉਠਾਈਆ। ਜਿਥੋਂ ਪਹਾੜੀ ਦਾ ਆਵੇ ਮੋੜ, ਉਸ ਵਿਚੋਂ ਸੁਰਾਖ ਦਿਤਾ ਕਰਾਈਆ। ਹੌਲੀ ਹੌਲੀ ਪਾਣੀ ਦਿਤਾ ਰੋੜ, ਝਰਨਾ ਵਗੇ ਬੇਪਰਵਾਹੀਆ। ਮਰਦਾਨੇ ਪਿਆਲਾ ਭਰਿਆ ਜਿੰਨੀ ਲੋੜ, ਆ ਕੇ ਨਾਨਕ ਅਗੇ ਟਿਕਾਈਆ। ਨਾਨਕ ਕਿਹਾ ਬਾਲਿਆ ਇਹਦੇ ਵਿਚ ਮਿੱਠਾ ਰਸ ਖੋਰ, ਸੋਹਣਾ ਰਸ ਬਣਾਈਆ। ਬਾਲਾ ਕਹੇ ਮੇਰੇ ਨਹੀਂ ਕੁਛ ਕੋਲ, ਬਗਲੀ ਖਾਲੀ ਨਜ਼ਰੀ ਆਈਆ। ਨਾਨਕ ਕਿਹਾ ਮੈਂ ਨਹੀਂ ਪੀਣੀ ਪੋਹਲ, ਡੂਮਾ ਹੱਥ ਕਿਉਂ ਦਿਤਾ ਲਗਾਈਆ । ਮਰਦਾਨਾ ਕਹੇ ਨਾਨਕ ਤੂੰ ਆਪਣੀ ਗਠੜੀ ਖੋਲ, ਕਿਉਂ ਬੈਠਾ ਆਪ ਲੁਕਾਈਆ। ਨਾਨਕ ਕਿਹਾ ਮੇਰੇ ਚਰਨਾਂ ਉਤੇ ਡੋਲ੍ਹ, ਥੱਲੇ ਬਾਟਾ ਹੋਰ ਰਖਾਈਆ। ਮਿੱਠਾ ਰਸ ਪਰਮ ਪੁਰਖ ਪਰਮਾਤਮਾ ਇਹਦੇ ਵਿਚ ਦੇਵੇ ਘੋਲ, ਸੋਹਣਾ ਰਸ ਬਣਾਈਆ। ਏਨ੍ਹੇ ਚਿਰ ਨੂੰ ਵਲੀ ਕੰਧਾਰੀ ਆਇਆ ਕੋਲ, ਦਰਸ਼ਨ ਪਾ ਨੈਣ ਸ਼ਰਮਾਈਆ। ਮੇਰਾ ਮਾਫ ਕਰਦੇ ਬੋਲ, ਅਨਬੋਲਤ ਤੇਰੀ ਵਡਿਆਈਆ। ਮੈਂ ਸਾਧਾਂ ਵਾਂਗੂ ਕਰਦਾ ਰਿਹਾ ਮਖੌਲ, ਝੂਠਿਆਂ ਨਾਲ ਝੂਠੀ ਰੀਤ ਚਲਾਈਆ। ਤੂੰ ਬੈਠਾ ਦਿਸੇ ਅਡੋਲ, ਅਡੁਲ ਤੇਰੀ ਬੇਪਰਵਾਹੀਆ। ਖ਼ੁਸ਼ੀ ਨਾਲ ਨਾਨਕ ਆਪਣੇ ਬਾਟੇ ਵਿਚੋਂ ਭਰਕੇ ਦਿਤਾ ਇਕ ਨਿੱਕਾ ਜਿਹਾ ਕੌਲ, ਲੈ ਪੀ ਲੇ ਮੁਖ ਲਗਾਈਆ। ਮਰਦਾਨੇ ਗ਼ੁੱਸੇ ਨਾਲ ਹੱਥ ਮਾਰ ਕੇ ਦਿਤਾ ਡੋਲ੍ਹ, ਖਾਲੀ ਦਿਤਾ ਕਰਾਈਆ । ਮੈਂ ਗਿਆ ਤਾਂ ਮੈਨੂੰ ਅੱਗੋਂ ਮਾਰਨ ਲਗ ਪਿਆ ਧੌਲ, ਮੁੱਕੀਆਂ ਨਾਲ ਡਰਾਈਆ। ਹੁਣ ਵੇਖਾ ਇਹਦਾ ਘੋਲ, ਕਿਵੇਂ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਵੇਖ ਡੂਮ ਜਗਤ ਮਰਾਸੀ, ਮਸਲਾ ਗੁਰ ਸਮਝਾਈਆ। ਮੈਂ ਏਸੇ ਕਾਰਨ ਆਇਆ ਇਹਦੀ ਕਰਨੀ ਬੰਦ ਖਲਾਸੀ, ਬਿਨ ਬੰਦਗੀਉਂ ਬੰਦਾ ਦੇਵਾਂ ਬਣਾਈਆ। ਕੀ ਹੋਇਆ ਜੇ ਤੇਰੇ ਨਾਲ ਕਰੀ ਹਾਸੀ, ਮੇਰੇ ਨਾਲ ਚਲੇ ਨਾ ਕੋਇ ਚਤਰਾਈਆ। ਸਾਰੀ ਭੁੱਲੀ ਪਿਛਲੀ ਬਦਮੁਆਸ਼ੀ, ਨਿਉਂ ਨਿਉਂ ਸੀਸ ਰਿਹਾ ਝੁਕਾਈਆ। ਤੂੰ ਇਸ ਦੀ ਖਾਲੀ ਕੀਤੀ ਬਾਟੀ, ਕੌਲ ਹੱਥਾਂ ਨਾਲ ਰੁੜਾਈਆ। ਇਹ ਅੰਮ੍ਰਿਤ ਰਸ ਅਗੰਮ ਜੋ ਇਸ ਨੇ ਲਏ ਚਾਟੀਂ, ਤਿਸ ਰਸਨਾ ਧਰਤ ਮਿਲੇ ਵਡਿਆਈਆ। ਮਰਦਾਨੇ ਕਿਹਾ ਮੈਂ ਨਹੀਂ ਮੰਨਣਾ ਗੱਲੀ ਬਾਤੀਂ, ਮੈਨੂੰ ਸਚ ਦੇ ਸਮਝਾਈਆ। ਸਤਿਗੁਰ ਨਾਨਕ ਕਿਹਾ ਮਰਦਾਨਿਆਂ ਜਿਸ ਵੇਲੇ ਪੰਝੀ ਮਾਘ ਦੀ ਆਵੇ ਰਾਤੀ, ਰਾਤੀ ਸਭ ਕੁਛ ਦਿਆਂ ਸਮਝਾਈਆ। ਜਿਸ ਦੀ ਬਣੇ ਅਗੰਮੀ ਸਾਖੀ, ਪੁਰਖ ਅਕਾਲ ਦਏ ਵਡਿਆਈਆ। ਸਭ ਦਾ ਲਹਿਣਾ ਦੇਣਾ ਬਾਕੀ, ਦੂਈ ਦਵੈਤ ਨਾ ਕਦੇ ਰਖਾਈਆ। ਬੇਸ਼ਕ ਮੈਂ ਭੀ ਤੁਹਾਡੇ ਵਰਗਾ ਬੰਦਾ ਖਾਕੀ, ਮੇਰੇ ਅੰਦਰ ਨਿਰੰਕਾਰ ਨਿਰਾਕਾਰ ਡੇਰਾ ਲਾਈਆ ।

❋

❋

ਤੂੰ ਮੰਨ ਲੈ ਮੇਰੀ ਆਖੀ, ਤੈਨੂੰ ਸਚ ਦਿਆਂ ਸਮਝਾਈਆ। ਬੇਸ਼ਕ ਗੁਨਾਹੀ ਹੋਵੇ ਪਾਪੀ, ਮੈਂ ਸਾਰੇ ਦਿਆਂ ਤਰਾਈਆ। ਜਿਸ ਤਰਾਂ ਤੁਹਾਡੀ ਕਰਾਂ ਰਾਖੀ, ਏਸੇ ਤਰਾਂ ਸਰਬ ਸਹਾਈਆ। ਇਹ ਮੰਨੇ ਰਸੂਲ ਪਾਕੀ, ਮੁਹੰਮਦ ਅਨਹਦ ਰਾਗ ਅਲਾਈਆ। ਇਹ ਪੜ੍ਹੇ ਇਲਮ ਸਿਫ਼ਾਤੀ, ਆਫਤਾਬੀ ਨੂਰ ਰੁਸ਼ਨਾਈਆ। ਇਹ ਨਿਕੀ ਜਿਹੀ ਮਤਾਬੀ, ਸ਼ੋਹਲਿਆ ਨਾਲ ਜਗਾਈਆ। ਕੀ ਜਾਣੇ ਪਰਵਰਦਗਾਰ ਕਿਡਾ ਵੱਡਾ ਸਾਕੀ, ਸਾਖਿਆਤ ਆਪਣੀ ਰਚਨ ਰਚਾਈਆ। ਇਹ ਧੂੰਏਂ ਲਾਵੇ ਨਾਲ ਪਾਥੀ, ਈਂਦਨ ਲਕੜਾਂ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਵਿਚ ਸਮਾਈਆ। ਮਰਦਾਨਾ ਕਹੇ ਕੀ ਹੋਇਆ ਜੇ ਡਿਗਾ ਜਲ, ਪਾਣੀ ਏਸੇ ਦਾ ਨਜ਼ਰੀ ਆਈਆ। ਘੱਟੇ ਮਿੱਟੀ ਵਿਚ ਗਿਆ ਰਲ, ਆਪਣਾ ਆਪ ਮਿਟਾਈਆ। ਤੈਨੂੰ ਮੈਨੂੰ ਨਾਨਕ ਕਾਹਦਾ ਸੱਲ, ਆਪੇ ਭੁੱਖਾ ਮਰਦਾ ਨਾਲੇ ਤੇਹ ਸਤਾਈਆ। ਹੁਣ ਉਠ ਏਥੋਂ ਚਲ, ਬਣੀਏ ਪਾਂਧੀ ਰਾਹੀਆ। ਜਿਥੇ ਕੱਟੀਏ ਪਿਛਲੀ ਰਾਤ ਓਥੇ ਨਹੀਂ ਰਹਿਣਾ ਕੱਲ, ਘਰ ਅਗਲੇ ਡੇਰਾ ਲਾਈਆ। ਨਾਨਕ ਤੂੰ ਥੋੜਾ ਥੋੜਾ ਦੇਦਾਂ ਜਾ ਫਲ, ਕਿਉਂ ਐਵੇਂ ਰਿਹਾ ਲੁਟਾਈਆ। ਜੇ ਤੂੰ ਨਹੀਂ ਜਾਣਾ ਤੇ ਸਾਨੂੰ ਅੱਗੋਂ ਘੱਲ, ਕੋਈ ਜਜਮਾਨ ਲਈਏ ਮਨਾਈਆ । ਜਿਹੜਾ ਜਾਦਿਆਂ ਨੂੰ ਦੇਵੇ ਅੰਨ ਜਲ, ਬਿਸਤਰੇ ਦਏ ਵਿਛਾਈਆ। ਤੇਰੇ ਆਖੇ ਲੱਗੀਏ ਰਾਤ ਠਰ ਜਾਏ ਕਾਇਆ ਖੱਲ, ਓਢਨ ਨਜ਼ਰ ਕੋਈ ਨਾ ਆਈਆ। ਨਾਨਕ ਕਿਹਾ ਮਰਦਾਨਿਆਂ ਆ ਦੱਸਾਂ ਵਲ, ਤੈਨੂੰ ਦਿਆਂ ਸਮਝਾਈਆ। ਨੇਤਰ ਚੁਕ ਕੇ ਵੇਖ ਉਸ ਵਲ, ਜਿਹੜਾ ਵਿਚੋਂ ਕਤਰਾ ਬਚਿਆ ਨਜ਼ਰੀ ਆਈਆ। ਨਿਗਹ ਮਾਰੀ ਦੀਪਕ ਜੋਤ ਰਹੀ ਬਲ, ਨੂਰੋ ਨੂਰ ਰੁਸ਼ਨਾਈਆ। ਕੁਛ ਮਰਦਾਨਾ ਗਿਆ ਢਲ, ਬਾਲੇ ਨੂੰ ਅੱਖ ਨਾਲ ਸਮਝਾਈਆ। ਏ ਸਾਰਿਆਂ ਨਾਲ ਜਾਵੇ ਰਲ, ਸੱਜਣ ਦੁਸ਼ਮਣ ਸਮਝੇ ਕੋਈ ਨਾ ਰਾਈਆ। ਤੂੰ ਹੋ ਜਾ ਮੇਰੇ ਵਲ, ਦੋਵੇਂ ਬੈਠੇ ਸਲਾਹ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੁਣ ਕੇ ਗੱਲਾਂ ਵਲੀ ਕੰਧਾਰੀ, ਅੰਦਰੇ ਅੰਦਰ ਧਿਆਨ ਲਗਾਈਆ। ਏ ਕੋਈ ਵਲੀ ਔਲੀਆ ਗੌਂਸ ਭਾਰੀ, ਕੁਤਬਾ ਰਿਹਾ ਪੜ੍ਹਾਈਆ। ਇਹਦੇ ਨਾਲ ਲਾਉਣੀ ਚੰਗੀ ਯਾਰੀ, ਯਰਾਨਾ ਸੋਹਣਾ ਦਏ ਨਿਭਾਈਆ। ਜਿਨ ਮੇਰੀ ਇਸ਼ਾਰੇ ਨਾਲ ਡੱਕੀ ਪਹਾੜੀ, ਉਂਗਲਾਂ ਨਾਲ ਉਠਾਈਆ। ਜਿਨ ਅੰਦਰ ਖੇਲ ਕੀਤੀ ਨਿਆਰੀ, ਪਹਾੜਾਂ ਵਿਚੋਂ ਧਾਰ ਵਹਾਈਆ। ਕਿਉਂ ਨਾ ਮੈਂ ਇਹਦੇ ਚਰਨ ਛੁਹਾਵਾਂ ਰੱਤੀ ਨਿਕੀ ਜਿਹੀ ਦਾਹੜੀ, ਜੋ ਮਹਿੰਦੀ ਨਾਲ ਰੰਗਾਈਆ। ਇਹਦੀ ਪ੍ਰੇਮ ਪ੍ਰੀਤੀ ਲੱਗੇ ਗਾੜ੍ਹੀ, ਸੋਹਣਾ ਰੂਪ ਵਟਾਈਆ। ਅੰਦਰੇ ਅੰਦਰ ਸੱਟ ਲੱਗੀ ਨਿਆਰੀ, ਚੋਟੀ ਚੋਟ ਜਣਾਈਆ। ਦੋਏ ਜੋੜ ਕਰ ਨਿਮਸਕਾਰੀ, ਸੀਸ ਦਿਤਾ ਝੁਕਾਈਆ। ਨਾਨਕ ਬੈਠਾ ਵਿਚ ਨਾਮ ਖੁਮਾਰੀ, ਇਕ ਧਿਆਨ ਲਗਾਈਆ। ਰਬਾਬ ਕਰੇ ਤੂੰਹੀ ਨਿਰੰਕਾਰੀ, ਨਿਰੰਕਾਰ ਤੂੰਹੀ ਨਜ਼ਰੀ ਆਈਆ। ਤੇਰੀ ਰਹਿਮਤ ਸਦਾ ਨਿਆਰੀ, ਰਹਿਮਾਨ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਧਾਰ ਇਕ ਬੰਧਾਈਆ। ਪ੍ਰੇਮ ਧਾਰ ਬੰਧਾਈ ਰੀਤ, ਅੰਤਰ ਦਏ ਜਣਾਈਆ। ਸੁਣ ਕੇ ਸੋਹਣਾ ਸ਼ਬਦ ਸੰਗੀਤ, ਮਲੰਗ ਰੂਪ ਵਟਾਈਆ । ਉਠ ਕੇ ਨੱਚਿਆ ਭੁੱਲੀ ਮਸੀਤ, ਮਸਲਾ ਬੈਠਾ ਮੁਖ ਛੁਪਾਈਆ। ਚਰਨਾਂ ਉਤੇ ਡਿਗਾ ਹੋ ਕੇ ਡੀਠ, ਆਪਣਾ ਆਪ ਤਜਾਈਆ। ਨਾਨਕ ਅਚਾਨਕ ਤੇਰੇ ਨਾਲ ਲੱਗੀ ਪ੍ਰੀਤ, ਭਿਆਨਕ ਦੇ ਮਿਟਾਈਆ। ਮੇਰੇ ਹੱਥ ਨਾ ਆਇਆ ਅੰਮ੍ਰਿਤ ਬਾਟਾ ਮੈਂ ਪੀਂਦਾ ਲਾ ਕੇ ਝੀਕ, ਅੰਦਰ ਭੰਡਾਰ

❋

❋

ਭਰਾਈਆ। ਮਰਦਾਨਾ ਵੱਟ ਕੇ ਕਹੇ ਕਚੀਚ, ਅੱਖਾਂ ਲਾਲ ਵਖਾਈਆ। ਐਵੇਂ ਅੱਗੇ ਹੁੰਦੇ ਮਰਾਸੀ ਨੀਚ, ਡੂਮ ਕਰ ਬੁਲਾਈਆ। ਨਹੀਂ ਤੇ ਮੈਂ ਦੱਸਾਂ ਕਹਾਣੀ ਜੋ ਪਿਛੇ ਗਈ ਬੀਤ, ਜਿਹੜੀਆਂ ਗੱਲਾਂ ਮੈਨੂੰ ਰਿਹਾ ਸੁਣਾਈਆ। ਵਲੀ ਕਿਹਾ ਜੋ ਕਹੇਂ ਸੋ ਠੀਕ, ਮੇਰੇ ਮੌਲਾ ਖੇਲ ਖਿਲਾਈਆ। ਭਾਵੇਂ ਹੋ ਗੁਸੇ ਭਾਵੇਂ ਹੱਸ ਮੇਰੀ ਹੁਣ ਲੱਗ ਗਈ ਪ੍ਰੀਤ, ਸਕੇ ਨਾ ਕੋਈ ਤੁੜਾਈਆ। ਮੈਨੂੰ ਦੱਸ ਉਹ ਅੰਮ੍ਰਿਤ ਕਿਥੇ ਕਿਥੇ ਡੁੱਲਾ ਠੀਕ, ਮੈਂ ਵੇਖਾਂ ਚਾਈਂ ਚਾਈਂਆ। ਮਰਦਾਨੇ ਕਿਹਾ ਉਹ ਪਥਰਾਂ ਵਿਚ ਵੜ ਗਿਆ ਹੋ ਕੇ ਬਰੀਕ, ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸੁਣ ਕੰਧਾਰੀ ਆਇਆ ਚਾ, ਖ਼ੁਸ਼ੀਆਂ ਵਿਚ ਸਮਾਈਆ। ਰਸਨਾ ਨਾਲ ਚਟੀਏ ਉਹ ਥਾਂ, ਮਿਟੀ ਖ਼ਾਕ ਨਾ ਕੋਈ ਵਖਾਈਆ। ਨਾਲੇ ਕਰੋ ਹੂੰ ਨਾਲੇ ਕਰੋ ਹਾਂ, ਹਾਂ ਹੂੰ ਪਿਛੋਂ ਤੂੰ ਤੂੰ ਸੁਣਾਈਆ। ਬਾਲੇ ਰਬਾਬ ਸਤਾਰ ਖਿਚੀ ਕਰੇ ਉੂਂ ਉੂਂ, ਤੁਨਕ ਪੋਟੇ ਨਾਲ ਲਗਾਈਆ। ਰਮਜ਼ ਨਾਲ ਮਿਟੀ ਵਿਚ ਖੁਬਿਆ ਮੂੰਹ, ਆਪਣੀ ਸੁਧ ਭੁਲਾਈਆ। ਨਾਨਕ ਥਾਪੀ ਦੇ ਕੇ ਕਿਹਾ ਹੁਣ ਪਾਕ ਹੋਇਆ ਰੂਹ, ਬੁਤ ਦਇਆ ਕਮਾਈਆ। ਤੇਰਾ ਖ਼ੁਸ਼ੀ ਲੂੰ ਲੂੰ, ਰੋਮ ਰੋਮ ਵਡਿਆਈਆ। ਵਲੀ ਕਿਹਾ ਮੈਨੂੰ ਨਜ਼ਰੀ ਆਏ ਅੱਲਾ ਮੀਆਂ ਹੂਬਹੂ, ਨੂਰ ਨੂਰ ਰੁਸ਼ਨਾਈਆ। ਨਾਨਕ ਕਿਹਾ ਯਾਦ ਰੱਖੀਂ ਕਲਜੁਗ ਅੰਤ ਜ਼ਰੂਰ ਆਵੇ ਤੇਰੀ ਜੂਹ, ਆਪਣਾ ਫੇਰਾ ਪਾਈਆ। ਤੂੰ ਵਾਹਵੀਂ ਸੋਹਣਾ ਖੂਹ, ਗੇੜਾ ਗੇੜੇ ਨਾਲ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੁਣ ਕੇ ਬਾਤ ਕੌਲ ਵਾਲਾ ਜਲ ਪਿਆ ਹੱਸ, ਤਾਲੀ ਹੱਥ ਦੇ ਨਾਲ ਲਗਾਈਆ। ਨਾਨਕ ਕੁਛ ਮੈਨੂੰ ਵੀ ਦੱਸ, ਮੈਂ ਚਰਨ ਚੁੰਮ ਕੇ ਤੇਰੇ ਖ਼ੁਸ਼ੀ ਮਨਾਈਆ। ਕੀ ਹੋਇਆ ਜੇ ਮਰਦਾਨੇ ਮੈਨੂੰ ਬਾਹਿਰ ਦਿਤਾ ਸੱਟ, ਧਰਨੀ ਉਤੇ ਰੁੜ੍ਹਾਈਆ। ਮੇਰਾ ਕਿਥੇ ਗਿਆ ਰਸ, ਜੋ ਮਿੱਠਾ ਰੂਪ ਵਖਾਈਆ। ਇਹ ਮੇਰਾ ਨਹੀਂ ਕੁਛ ਵਸ, ਤੇਰੇ ਹੱਥ ਵਡਿਆਈਆ। ਜੋ ਹੁਣ ਨਹੀਂ ਆਇਆ ਇਸ ਦੇ ਹੱਥ, ਵਲੀ ਕੰਧਾਰੀ ਤੋਂ ਅੱਗੇ ਦਿਤਾ ਸਮਝਾਈਆ। ਨਾਨਕ ਕਿਹਾਂ ਤੈਨੂੰ ਬਖ਼ਸ਼ਿਆ ਏਸ ਦਾ ਸਾਥ, ਸੋਹਣੀ ਬਣਤ ਬਣਾਈਆ। ਕਾਨਾ ਕਲਮ ਫੜਕੇ ਪਾਈ ਵਿਚ ਦਵਾਤ, ਲੇਖਾ ਲਿਖਿਆ ਬੇਪਰਵਾਹੀਆ। ਕਾਨਾ ਕਹੇ ਹੁਣ ਮੈਨੂੰ ਦੱਸ ਬਾਤ, ਨਾਨਕ ਕਿਉਂ ਮੇਰੇ ਉਤੇ ਉਂਗਲ ਲਗਾਈਆ । ਮੈਂ ਭੁੱਖੇ ਘਰ ਨਹੀਂ ਰੱਖਣਾ ਵਾਸ, ਕੂੜਾ ਸੰਗ ਨਾ ਕੋਈ ਨਿਭਾਈਆ। ਮੈਂ ਵਿਚੋਂ ਪੋਲਾ ਅੰਦਰੋਂ ਮੰਗਾਂ ਦਾਤ, ਤੇਰੇ ਅੱਗੇ ਝੋਲੀ ਡਾਹੀਆ। ਨਾਨਕ ਸਚ ਸਹੀ ਦਿਤਾ ਆਖ, ਇਹਦੇ ਨਾਲ ਤੈਨੂੰ ਦਿਤੀ ਵਡਿਆਈਆ। ਕਲਜੁਗ ਅੰਤਮ ਤੇਰੀ ਬਦਲੇ ਜਾਤ, ਕਾਨਾ ਕਮਾਦ ਰੂਪ ਵਟਾਈਆ । ਵਲੀ ਕੰਧਾਰੀ ਤੈਨੂੰ ਆਪੇ ਕਰੇ ਅਬਾਦ, ਬੂਟਾ ਲਾਵੇ ਚਾਈਂ ਚਾਈਂਆ। ਪੁਰਖ ਅਕਾਲ ਵੇਖਣ ਆਵੇ ਆਪ, ਫੇਰਾ ਪਾ ਧੁਰਦਰਗਾਹੀਆ। ਮਰਦਾਨੇ ਕਿਹਾ ਕੀ ਪ੍ਰਭੂ ਕੱਲੇ ਦਾ ਇਹਦੇ ਨਾਲ ਸਾਕ, ਓਹ ਕੱਲਾ ਨਜ਼ਰ ਕਿਸੇ ਨਾ ਆਈਆ। ਬਾਲਾ ਕਹੇ ਮੈਂ ਮੰਗਾ ਹੋ ਕੇ ਦਾਸ, ਥੋੜੀ ਮੇਰੀ ਝੋਲੀ ਦੇ ਭਰਾਈਆ। ਮੈਂ ਸੁਣਿਆ ਸ੍ਰੀ ਭਗਵਾਨ ਸਦ ਭਗਤਾਂ ਰੱਖੇ ਸਾਥ, ਸਗਲਾ ਸੰਗ ਨਿਭਾਈਆ। ਨਾਨਕ ਕਿਹਾ ਜੇ ਸਚ ਪੁੱਛੋ ਉਹ ਭਗਤਾਂ ਨਾਲ ਲਿਆਏ ਬਣਾ ਜਮਾਤ, ਸੋਹਣੀ ਬਣਤ ਬਣਾਈਆ। ਅੱਗੋਂ ਕਾਨੇ ਲਿਆ ਆਖ, ਆਪਣੀ ਅੱਖ ਖੁਲ੍ਹਾਈਆ। ਜੇ ਓਸ ਵੇਲੇ ਮੈਨੂੰ ਕਹਿਣ ਕਮਾਦ, ਮੇਰੀ ਸਮਝ ਨਾ ਕੋਈ ਸਮਝਾਈਆ। ਨਾਨਕ ਕਿਹਾ ਉਹ ਆਪੇ ਰੱਖੇ ਯਾਦ, ਜਿਸ

❋

❋

ਹੱਥ ਦਿਤੀ ਵਡਿਆਈਆ। ਕੰਧਾਰੀ ਦਾ ਡੁਲਿਆ ਧਰਤੀ ਰਸ, ਧਰਨੀ ਵਿਚੋਂ ਗੰਨਿਆਂ ਵਿਚ ਭਰਾਈਆ। ਕਾਨੇ ਕਮਾਦ ਪੂਰੀ ਕਰਕੇ ਆਸ, ਲਹਿਣਾ ਦਏ ਚੁਕਾਈਆ। ਗੁਰਮੁਖ ਪੋਰੀ ਪੋਰੀ ਮੱਟੀ ਮੱਟੀ ਦਾ ਲੈਣ ਸਵਾਦ, ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਵਲੀ ਕੰਧਾਰੀ ਫੇਰ ਕਹੇ ਮੇਰਾ ਰਸੂਲ ਪਾਕ, ਬੇਪਰਵਾਹ ਨਜ਼ਰੀ ਆਈਆ। ਜਿਸ ਦਾ ਕਦੇ ਨਾ ਟੁੱਟੇ ਸਾਕ, ਸਾਚਾ ਨਾਤਾ ਰਿਹਾ ਜੁੜਾਈਆ। ਬਾਲਾ ਮਰਦਾਨਾ ਦੋਵੇਂ ਰਹੇ ਆਖ, ਸੱਚੀ ਕਹਾਣੀ ਰਹੇ ਸਮਝਾਈਆ। ਹੁਣ ਪੰਡਤ ਬ੍ਰਾਹਮਣ ਤੇਰੇ ਮੰਗਣ ਦੀ ਔਦੀ ਜਾਏ ਰਾਤ, ਸਾਡਾ ਪਿਛਲਾ ਪੰਧ ਮੁਕਾਈਆ। ਅਸੀਂ ਸਿਰਫ ਦੱਸਣ ਆਏ ਖਾਸ, ਇਹ ਓਹੋ ਦਾਤਾ ਬੇਪਰਵਾਹੀਆ। ਜਿਸ ਦੀ ਨਾਨਕ ਰੱਖੀ ਆਸ, ਨਿਰਗੁਣ ਨਿਰਵੈਰ ਨੂਰ ਰੁਸ਼ਨਾਈਆ। ਡੂਮਾਂ ਕੋਲੋਂ ਬ੍ਰਾਹਮਣਾਂ ਸਿਖੀ ਜਾਚ, ਬ੍ਰਾਹਮਣਾਂ ਕੋਲੋਂ ਡੂਮ ਕਰਨ ਪੜ੍ਹਾਈਆ। ਜਜਮਾਨ ਮੰਗਣ ਦੀ ਆਦਤ ਇਹਨਾਂ ਖਾਸ, ਮੰਗਦਿਆਂ ਸ਼ਰਮ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡੂਮਾਂ ਕੋਲੋਂ ਬ੍ਰਾਹਮਣਾਂ ਜੋੜ ਜੁੜਾਈਆ। ਡੂਮ ਮਰਾਸੀ ਹੋ ਗਏ ਚੁੱਪ, ਆਪਣਾ ਹਾਲ ਸੁਣਾਈਆ। ਅੱਗੇ ਹੁਣ ਬ੍ਰਾਹਮਣ ਕੋਲੋਂ ਪੁੱਛ, ਕੀ ਆਪਣੀ ਮੰਗ ਰਖਾਈਆ। ਰਵਦਾਸ ਕੋਲੋਂ ਪਿਆ ਉਠ, ਨੇਤਰ ਅੱਖ ਖੁਲ੍ਹਾਈਆ। ਚਾਰ ਕਹਾਰ ਕਹਿਣ ਸਾਡਾ ਲੇਖਾ ਕਿਹੜਾ ਗਿਆ ਮੁੱਕ, ਲਹਿਣਾ ਦੇਣਾ ਬਾਕੀ ਨਜ਼ਰੀ ਆਈਆ। ਮਿੱਤਰ ਕਹੇ ਮੇਰਾ ਸਾਕ ਅਜੇ ਨਾ ਗਿਆ ਛੁਟ, ਮੁਖ ਸਕਿਆਂ ਨਾ ਕੋਈ ਭਵਾਈਆ। ਅਜੇ ਅੱਧਾ ਵਿਚਲਾ ਫੋਲਨਾ ਦੁੱਖ, ਜਿਹੜਾ ਸਕੇ ਨਾ ਕੋਈ ਸਮਝਾਈਆ। ਕੀ ਹੋਇਆ ਜੇ ਮਾਂ ਜਨਨੀ ਬਣਕੇ ਰੱਖੇ ਕੁੱਖ, ਮੁੰਮਾਂ ਸੀਰ ਰਸ ਪਿਆਈਆ। ਸਾਨੂੰ ਅਜੇ ਉਹ ਨਹੀਂ ਮਿਲਿਆ ਸੁਖ, ਜਿਹੜਾ ਚੁਮਿਆਰ ਦਿਤਾ ਸਮਝਾਈਆ। ਅੱਜੇ ਅਸਾਂ ਵੇਖਣਾ ਸੁੱਕਾ ਖਾਂਦਾ ਟੁੱਕ, ਰੁੱਖੀ ਰੋਟੀ ਖਾ ਕੇ ਖ਼ੁਸ਼ੀ ਮਨਾਈਆ। ਭੁੱਖਾ ਰਹਿ ਕੇ ਜੇ ਫੇਰ ਆਖੂ ਪੁੱਤ, ਬੱਚਿਆਂ ਵਾਗ ਬੁਲਾਈਆ। ਫੇਰ ਮੰਗਾਂਗੇ ਕੀ ਕੁਛ, ਝੋਲੀ ਆਪਣੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਲੀ ਕੰਧਾਰੀ ਇਹ ਤੇਰਾ ਧਨ, ਜਿਸ ਨੂੰ ਖਾ ਨਾ ਵਿਗੜੇ ਮਨ, ਅੰਮ੍ਰਿਤ ਤ੍ਰਿਪਤ ਰਹੇ ਤਨ, ਰਸ ਰਸਾਂ ਵਿਚੋਂ ਰਸ ਨਾਨਕ ਨਜ਼ਰੀ ਆਈਆ। ਵਲੋ ਨਾਲੋਂ ਇਹ ਚੰਗਾ, ਚੰਗੀ ਤਰ੍ਹਾਂ ਸਮਝਾਈਆ। ਬਿਨ ਬੰਦਗੀਉਂ ਬਣਿਆ ਬੰਦਾ, ਬੰਧਨ ਰਿਹਾ ਤੁੜਾਈਆ। ਜਨ ਭਗਤਾਂ ਪ੍ਰਭ ਆਪ ਵੰਡਾ, ਸੋਹਣੀ ਵੰਡ ਵੰਡਾਈਆ। ਖ਼ੁਸ਼ੀਆਂ ਨਾਲ ਪਹਿਲੋਂ ਹੱਥ ਵਿਚ ਫੜਕੇ ਵਾਂਗ ਡੰਡਾ, ਕਾਨਿਆਂ ਵਾਂਗ ਹਿਲਾਈਆ। ਫੇਰ ਸਭ ਨੇ ਰਸ ਮਾਣਿਆ ਇਕੋ ਜਿਹਾ ਚੰਗਾ, ਮੰਦਾ ਕਹਿ ਨਾ ਕੋਇ ਸੁਣਾਈਆ। ਬ੍ਰਾਹਮਣ ਯਾਦ ਆ ਗਈ ਗੰਗਾ, ਧੋਤੀ ਮੋਡੇ ਉਤੋਂ ਲਾਹੀਆ। ਮੈਂ ਕਿਹੜੇ ਬਹਿਵਾਂ ਕੰਢਾ, ਆਪਣਾ ਆਸਣ ਲਾਈਆ। ਜਿਥੇ ਮੈਨੂੰ ਸਾਰੇ ਦੇ ਕੇ ਜਾਣ ਮੰਡਾ, ਮੰਡਾ ਭੋਰਾ ਭੋਰਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਵਿਚੋਂ ਸਭ ਦਾ ਲੇਖਾ ਰਿਹਾ ਵਰਤਾਈਆ। ਕਮਾਦ ਕਹੇ ਮੈਂ ਕਾਨਾ ਜੜ, ਗੁਰਮੁਖ ਗੰਡਾਸਿਆਂ ਨਾਲ ਕਟਾਈਆ। ਨਾਲੇ ਤੂੰ ਮੇਰਾ ਮੈਂ ਤੇਰਾ ਢੋਲਾ ਰਹੇ ਪੜ੍ਹ, ਸੋਹੰ ਰੂਪ ਸਮਾਈਆ। ਮੈਂ ਕਿਹਾ ਮੇਰੀ ਇਹਨਾਂ ਨਾਲ ਟੁੱਟੀ ਬੰਨ, ਪ੍ਰਭ ਜੋੜੀ ਆਪ ਜੁੜਾਈਆ। ਜਿਥੇ ਮੈਨੂੰ ਪੀੜ ਕੇ ਗੁੜ ਬਨੌਣਾ ਘਨ, ਕੜਾਹੇ ਵਿਚ ਤਪਾਈਆ। ਹੁਣ ਮੈਂ ਗੁਰਮੁਖਾਂ ਠੰਡਾਂ ਕਰਾਂ ਮਨ, ਆਪਣਾ ਰਸ ਪਿਆਈਆ। ਇਹਨਾ ਨਾਲ ਮਿਲ ਕੇ ਮੈਂ ਦਰ ਕਰਾਂ ਧੰਨ ਧੰਨ, ਧੰਨ ਤੇਰੀ ਵਡਿਆਈਆ।

❋

❋

ਬਹੁਤਿਆਂ ਸਿਖਾਂ ਮੈਨੂੰ ਹੱਥਾਂ ਨਾਲ ਆਂਦਾ ਭੰਨ, ਹੁਲਾਰਾ ਇਕੋ ਵਾਰ ਲਗਾਈਆ। ਮੇਰੇ ਓਸੇ ਵੇਲੇ ਖੁਲ੍ਹ ਗਏ ਕੰਨ, ਨੇਤਰ ਚਾਰੋਂ ਤਰਫ਼ ਉਠਾਈਆ। ਜਾਂ ਵੇਖਿਆ ਨਜ਼ਰੀ ਆਇਆ ਸ੍ਰੀ ਭਗਵੰਨ, ਜਿਸ ਅਗਲੀ ਪਿਛਲੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਹਿਬ ਹੱਥ ਟਿਕਾਈਆ। ਗੁਰਮੁਖ ਪ੍ਰੇਮ ਨਾਲ ਕਰਨ ਟੋਟੇ, ਮੇਰੀਆਂ ਵੰਡੀਆਂ ਰਹੇ ਪਾਈਆ। ਜਿਸ ਤਰ੍ਹਾਂ ਸੰਗਤ ਵਿਚ ਬੱਚੇ ਨਿੱਕੇ ਵੱਡੇ ਛੋਟੇ, ਇਕੋ ਜਿਹਾ ਮੇਰਾ ਰੂਪ ਬਣਾਈਆ। ਮੈਨੂੰ ਛਿਲ ਕੇ ਹੱਥਾਂ ਨਾਲ ਪੋਟੇ, ਸੋਹਣਾ ਸਾਫ ਕਰਾਈਆ। ਮੁਖ ਵਿਚ ਪੌਣ ਹੋ ਕੇ ਸੌਖੇ, ਦੰਦਾਂ ਨਾਲ ਦਬਾਈਆ। ਲਾਹ ਕੇ ਛਿਲਕਾ ਫਿਰ ਸਿਖ ਕੁਛ ਨਾ ਸੋਚੇ, ਚਿਥ ਚਿਥ ਚੂਪੇ ਵਾਹੋ ਦਾਹੀਆ। ਮੇਰੇ ਰਸ ਵਿਚੋਂ ਘੁਟ ਔਣ ਬਹੁਤੇ, ਹਰਿਜਨ ਖ਼ੁਸ਼ੀਆਂ ਨਾਲ ਅੰਦਰ ਲੰਘਾਈਆ। ਮੇਰੇ ਮੁਹੰਮਦ ਨਾਲੋ ਚੰਗੇ ਬਣ ਗਏ ਰੋਜ਼ੇ, ਈਦ ਨਿਆਜ ਨਾਲੋਂ ਵਡਿਆਈਆ। ਮੇਰਾ ਛਿਲਕਾ ਕੀ ਹੁਣ ਸੋਚੇ, ਸੋਚ ਸਮਝ ਰਹੀ ਨਾ ਰਾਈਆ। ਗੁਰਸਿਖ ਅਕੱਠੇ ਹੋ ਕੇ ਆ ਗਏ ਬਹੁਤੇ, ਵਲੀ ਕੰਧਾਰੀ ਵੇਖ ਵੇਖ ਆਪਣੀ ਖ਼ੁਸ਼ੀ ਮਨਾਈਆ। ਜਿਨ੍ਹਾਂ ਪਿਛੇ ਮੈਂ ਲੌਦਾ ਰਿਹਾ ਜੋਤੇ, ਸੋਹਣਾ ਹਲ ਚਲਾਈਆ। ਪਾਣੀ ਦੇਦਾਂ ਰਿਹਾ ਬਹੁਤੇ, ਰਾਤ ਅੰਧੇਰੀ ਖੂਹ ਵਗਾਈਆ। ਓ ਮੇਰੇ ਪਿਛਲੇ ਸਾਰੇ ਕੱਢ ਜਾ ਰੋਸੇ, ਗੁਸਾ ਗਿਲਾ ਨਾ ਕੋਈ ਰਖਾਈਆ। ਪੁਰਖ ਅਕਾਲ ਨਾਲ ਮਿਲਕੇ ਪਹੁੰਚੇ, ਆਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਸ ਇਕੋ ਇਕ ਵਖਾਈਆ। ਕੋਈ ਕਹੇ ਗੰਨਾ ਮੈਨੂੰ ਆਖਣ ਕਰੜਾ, ਡਾਹਡਾ ਰਹੇ ਜਣਾਈਆ। ਮੈਂ ਕਹਾਂ ਮੈਨੂੰ ਦੰਦਾ ਹੇਠਾਂ ਦਿਓ ਰਗੜਾ, ਮੇਰਾ ਦੁੱਖ ਰਹੇ ਨਾ ਰਾਈਆ। ਮੈਂ ਚੰਗਾ ਗੁੜ ਨਾਲੋਂ ਸ਼ਕਰਾ, ਸ਼ੁਕਰੀਆ ਤੁਹਾਡਾ ਰਿਹਾ ਸੁਣਾਈਆ। ਜਿਨ੍ਹਾਂ ਮੇਰਾ ਲੇਖ ਬਣਾਇਆ ਆ ਕੇ ਅੱਖਰਾਂ, ਅਖੀਰ ਆਪਣੇ ਨਾਲ ਰਲਾਈਆ । ਮੈਨੂੰ ਪਰਗਟ ਕੀਤਾ ਵਿਚੋਂ ਪੱਥਰਾਂ, ਜਿਥੇ ਮਰਦਾਨੇ ਕੌਲਾ ਦਿਤਾ ਰੁੜ੍ਹਾਈਆ। ਮੈਂ ਮਾਰਦਾ ਰਿਹਾ ਸੀ ਐਵੇ ਟੱਕਰਾਂ, ਆਪਣਾ ਆਪ ਗਵਾਈਆ । ਹੁਣ ਵਲੀ ਕੰਧਾਰੀ ਮੇਰਾ ਸਾਂਭ ਕੇ ਵੱਤਰਾ, ਸੋਹਣਾ ਖੇਤ ਬਣਾਈਆ। ਮੈਂ ਸਾਰਿਆਂ ਨਾਲੋ ਹੋ ਕੇ ਵੱਖਰਾ, ਗੁਰਮੁਖਾਂ ਅੰਦਰ ਬਹਿਕੇ ਡੇਰਾ ਲਾਈਆ। ਹੁਣ ਵੇਖੋ ਮੇਰਾ ਨਖਰਾ, ਮੈਂ ਨੱਚਾਂ ਟੱਪਾਂ ਕੁੱਦਾਂ ਚਾਈਂ ਚਾਈਂਆ। ਅੱਜੇ ਵੀ ਬ੍ਰਾਹਮਣ ਦਿਸੇ ਮਕਰਾ, ਗਠੜੀ ਆਪਣੀ ਬੰਦ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੰਨਾ ਮੱਟੀ ਪੋਰੀ ਜੜ੍ਹ ਬੂਟੇ ਜਾਵੇ ਬੌਹੜੀ, ਲੇਖਾ ਦੇ ਦੇ ਖ਼ੁਸ਼ੀ ਮਨਾਈਆ।