ਪੁਸਤਕਾਲਾਭਾਗ ੧੬

੫ ਜੇਠ ੨੦੨੧ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਪਿੰਡ ਮੁੰਡੀ ਜੁਮਾਲ ਜ਼ਿਲਾ ਫ਼ਿਰੋਜਪੁਰ

ਸੁਤ ਸ਼ਬਦ ਕਹੇ ਪ੍ਰਭ ਤੇਰਾ ਬੇਟਾ, ਥਿਰ ਘਰ ਮਿਲੀ ਮਾਣ ਵਡਿਆਈਆ। ਸਤਿ ਸਤਿਵਾਦੀ ਆਦਿ ਜੁਗਾਦੀ ਧੁਰ ਦਾ ਖੇਵਟ ਖੇਟਾ, ਨਿਰਗੁਣ ਨਿਰਵੈਰ ਨਿਰਾਕਾਰ ਸੇਵ ਕਮਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਧੁਰਦਰਗਾਹੀ ਬਣ ਕੇ ਨੇਤਾ, ਦੋ ਜਹਾਨਾਂ ਹੁਕਮ ਮਨਾਈਆ। ਪੰਜ ਤਤ ਕਾਇਆ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਗੁਰ ਅਵਤਾਰ ਪੀਰ ਪੈਗ਼ੰਬਰਾਂ ਕਰਾਂ ਹੇਤਾ, ਨਿਤ ਨਵਿਤ ਆਪਣਾ ਮੇਲ ਮਿਲਾਈਆ। ਨਵ ਨੌ ਚਾਰ ਨਿਰਗੁਣ ਸਰਗੁਣ ਖੇਲਾਂ ਖੇਡਾ, ਰੂਪ ਅਨੂਪ ਸ਼ਾਹੋ ਭੂਪ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਸਾਚਾ ਦਿਤਾ ਇਕ ਵਰ, ਸਿਰ ਮੇਰੇ ਹੱਥ ਟਿਕਾਈਆ। ਸੁਤ ਸ਼ਬਦ ਕਹੇ ਪ੍ਰਭ ਮੇਰੇ ਠਾਕਰ, ਦੀਨ ਦਿਆਲ ਤੇਰੀ ਵਡਿਆਈਆ। ਗਹਿਰ ਗੰਭੀਰ ਡੂੰਘੇ ਸਾਗਰ, ਭੇਵ ਅਭੇਦ ਤੇਰਾ ਕੋਇ ਨਾ ਜਾਣੇ ਰਾਈਆ। ਬਾਲੇ ਨੱਢੇ ਦੇਵੇਂ ਆਦਰ, ਆਦਰਸ਼ ਇਸ਼ਟ ਇਕੋ ਇਕ ਵਖਾਈਆ। ਕੁਦਰਤ ਬਖ਼ਸ਼ੇਂ ਕਰਤੇ ਕਾਦਰ, ਕਰੀਮ ਤੇਰੀ ਸਰਨਾਈਆ। ਨਿਰਮਲ ਨਿਰਵੈਰ ਕੀਆ ਉਜਾਗਰ, ਨਿਰਾਕਾਰ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਤੀ ਸਚ ਮਾਣ ਵਡਿਆਈਆ। ਸ਼ਬਦ ਸੁਤ ਕਹੇ ਮੇਰੇ ਸਾਹਿਬ ਸੁਲਤਾਨ, ਪਾਰਬ੍ਰਹਮ ਬੇਪਰਵਾਹੀਆ। ਹੁਕਮੇ ਅੰਦਰ ਕੀਤਾ ਰਾਜ ਰਾਜਾਨ, ਸ਼ਹਿਨਸ਼ਾਹ ਹੋ ਕੇ ਸ਼ਾਹੀ ਇਕ ਸਮਝਾਈਆ। ਦਾਤਾ ਹੋ ਕੇ ਦਿਤਾ ਦਾਨ, ਵਸਤ ਅਮੋਲਕ ਅਗੰਮ ਅਥਾਹ ਬੇਪਰਵਾਹ ਦਿਤੀ ਇਕ ਵਰਤਾਈਆ। ਮਿਹਰਵਾਨ ਹੋ ਕੇ ਦਿਤਾ ਮਾਣ, ਚਰਨ ਕਵਲ ਥਿਰ ਘਰ ਬਖ਼ਸ਼ੀ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਸੁਤ ਕਹੇ ਮੋਹੇ ਬਣਾਇਆ ਲਾਲ, ਹਰਿ ਕਰਤੇ ਦਇਆ ਕਮਾਈਆ। ਆਪਣੀ ਧਾਰੋਂ ਆਪ ਉਠਾਲ, ਨਿਰਗੁਣ ਨਿਰਾਕਾਰ ਸਾਚੀ ਕਾਰ ਜਣਾਈਆ । ਜਨਨੀ ਜਨ ਬਣ ਦੀਨ ਦਿਆਲ, ਮਾਤ ਪਿਤ ਆਪ ਅਖਵਾਈਆ। ਸਚ ਸੁਹੰਜਣੀ ਗੋਦ ਉਠਾਲ, ਮਹਲ ਅਟੱਲ ਦਿਤਾ ਬਹਾਈਆ। ਸਚਖੰਡ ਅੰਦਰ ਥਿਰ ਘਰ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਇਕ ਜਣਾਈਆ। ਦੂਜਾ ਕੋਈ ਨਾ ਦਿਸੇ ਨਾਲ, ਸੰਗੀ ਸੰਗ ਨਾ ਕੋਇ ਨਿਭਾਈਆ। ਰੂਪ ਨਜ਼ਰ ਨਾ ਆਏ ਕਾਲ ਮਹਾਂਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੁਤ ਸ਼ਬਦ ਕਹੇ ਪ੍ਰਭ ਬੇਨਜ਼ੀਰ, ਲਾਸ਼ਰੀਕ ਤੇਰੀ ਸ਼ਰਨਾਈਆ। ਤੇਰਾ ਜਲਵਾ ਨੂਰ ਅਗੰਮ ਲਾਤਸਵੀਰ, ਮੁਸਵੱਰ ਸਕੇ ਨਾ ਕੋਇ ਬਣਾਈਆ। ਤੇਰੀ ਮੰਜ਼ਲ ਚੋਟੀ ਇਕ ਅਖ਼ੀਰ, ਰਹਿਬਰ ਪੰਧ ਨਾ ਕੋਇ ਮੁਕਾਈਆ । ਬੇਅੰਤ ਬੇਪਰਵਾਹ ਤੇਰੀ ਤਦਬੀਰ, ਤਜਵੀਜ਼ ਹੱਥ ਕਿਸੇ ਨਾ ਆਈਆ। ਤੇਰਾ ਨੂਰ ਨੁਰਾਨਾ ਬੇਨਜ਼ੀਰ, ਨੇਤਰ ਨੈਣ ਨਾ ਕੋਇ ਤਕਾਈਆ। ਤੇਰੀ ਧਾਰ ਅਗੰਮੀ ਇਕ ਲਕੀਰ, ਲੇਖਾ ਜਾਣੇ ਨਾ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਸ਼ਬਦ ਕਹੇ ਮੇਰੇ ਪਰਵਰਦਿਗਾਰ, ਬੇਐਬ ਬੇਪਰਵਾਹੀਆ। ਸਾਚੀ ਮੰਜ਼ਲ ਦਿਤੀ ਵਖਾਲ, ਜਿਸ ਗ੍ਰਹਿ ਵਸੇ ਨੂਰ ਅਲਾਹੀਆ। ਮੁਕਾਮੇ ਹੱਕ ਜਲਵਾ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਆਦਿ ਜੁਗਾਦਿ ਨਾ ਆਏ ਜ਼ਵਾਲ, ਨਿਤ ਨਵਿਤ ਇਕੋ ਰੰਗ ਵਖਾਈਆ । ਮਹਲ ਅਟੱਲ ਇਕ ਦਿਆਲ, ਦੀਨਨ ਸਚ ਦਿਤਾ ਦ੍ਰਿੜਾਈਆ। ਦਰਗਾਹ ਸਾਚੀ ਧਾਮ ਬਹਾਲ, ਮਹਲ ਕਰੇ ਰੁਸ਼ਨਾਈਆ। ਦੀਆ ਬਾਤੀ ਧੁਰ ਦਾ ਬਾਲ, ਜੋਤੀ ਨੂਰ ਡਗਮਗਾਈਆ। ਮਿਹਰਵਾਨ ਮਿਹਬਾਨ ਮੈਂ ਹੋਇਆ ਹੈਰਾਨ, ਬੇਸਮਝ ਤੇਰੀ ਸਮਝ ਪਾਵੇ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਿਤਾ ਚੁਕਾਈਆ। ਸ਼ਬਦ ਕਹੇ ਮੈਂ ਕਲਮਾ ਤੇਰਾ ਨੂਰ, ਸਦ ਸਿਫ਼ਤੀ ਸਿਫ਼ਤ ਸਾਲਾਹੀਆ। ਜਾਹਰ ਬਾਤਨ ਤੇਰਾ ਜਹੂਰ, ਜਲਵਾਗਰ ਇਕੋ ਇਕ ਦਰਸਾਈਆ। ਨਿਤ ਨਵਿਤ ਸਦਾ ਸਦਾ ਸਦ ਰਹਾਂ ਹਾਜ਼ਰ ਹਜ਼ੂਰ, ਹਜ਼ਰਤ ਦਰ ਤੇ ਸੀਸ ਝੁਕਾਈਆ। ਤੇਰਾ ਭੰਡਾਰਾ ਵੇਖ ਭਰਪੂਰ, ਖ਼ਾਲੀ ਝੋਲੀ ਇਕ ਵਖਾਈਆ। ਮੇਰੀ ਅਰਜ਼ ਆਰਜ਼ੂ ਖ਼ਾਹਿਸ਼ ਕਰ ਮਨਜ਼ੂਰ, ਮਕਸਦ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਸੰਗ ਇਕ ਨਿਭਾਈਆ। ਸਾਚਾ ਸੰਗ ਰੱਖ ਭਗਵੰਤ,

❋

❋

ਦਰ ਤੇਰੇ ਅਲੱਖ ਜਗਾਈਆ। ਪਰੇਮ ਪ੍ਰੀਤੀ ਦੇ ਦੇ ਮਣੀਆਂ ਮੰਤ, ਨਾਮ ਨਿਧਾਨਾ ਇਕ ਸਮਝਾਈਆ। ਮੈਂ ਸਿਫ਼ਤੀ ਢੋਲਾ ਗਾਵਾਂ ਅਗਣਤ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਤੇਰਾ ਖੇਲ ਵੇਖਾਂ ਆਦਿ ਅੰਤ, ਜੁਗ ਚੌਕੜੀ ਨੈਣ ਉਠਾਈਆ। ਤੇਰਾ ਨਾਤਾ ਵੇਖਾਂ ਨਾਰ ਕੰਤ, ਨਿਰਗੁਣ ਨਿਰਗੁਣ ਕਰੇਂ ਕੁੜਮਾਈਆ। ਤੇਰੀ ਸਤਿ ਸਤਿਵਾਦੀ ਵੇਖਾਂ ਬਣਤ, ਕਿਸ ਬਿਧ ਘਾੜਤ ਲਏਂ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਦਿਤਾ ਚੁਕਾਈਆ। ਸ਼ਬਦ ਸੁਤ ਕਹੇ ਮੇਰੇ ਪਿਤਾ ਪੁਰਖ ਅਕਾਲ, ਅਕਲ ਕਲਧਾਰੀ ਇਕ ਅਖਵਾਇੰਦਾ। ਮੈਂ ਨੰਨ੍ਹਾ ਬਾਲਾ ਨੱਢਾ ਤੇਰਾ ਲਾਲ, ਗੋਦੜੀ ਸੋਹਣੀ ਇਕ ਸੁਹਾਇੰਦਾ। ਤਨ ਮਾਟੀ ਨਾ ਕੋਈ ਖਾਲ, ਪੰਜ ਤਤ ਚੋਲਾ ਨਾ ਕੋਇ ਹੰਢਾਇੰਦਾ। ਛੱਪਰ ਛੰਨ ਨਾ ਕੋਇ ਧਰਮਸਾਲ, ਚਾਰ ਦੀਵਾਰ ਨਾ ਕੋਇ ਵਖਾਇੰਦਾ। ਸੱਜਣ ਮੀਤ ਨਾ ਕੋਇ ਨਾਲ, ਮਿੱਤਰ ਪਿਆਰਾ ਨਾ ਕੋਇ ਅਖਵਾਇੰਦਾ। ਪ੍ਰਭ ਨਿਰਗੁਣ ਨਿਰਗੁਣ ਤੇਰੀ ਵੇਖਾਂ ਇਕ ਅਵੱਲੜੀ ਚਾਲ, ਜਿਸ ਅੰਤਰ ਆਪਣੀ ਖੇਲ ਖਿਲਾਇੰਦਾ। ਆਪਣੀ ਧਾਰੋਂ ਉਪਜਿਆ ਇਕੋ ਲਾਲ, ਜਿਸ ਵਿਚ ਲਾਲਚ ਤਮਾਂ ਨਾ ਕੋਇ ਰਖਾਇੰਦਾ। ਇਕੋ ਬਖ਼ਸ਼ੇਂ ਚਰਨ ਪਿਆਰ, ਸਚ ਪ੍ਰੀਤੀ ਸਾਚੇ ਘਰ ਬੰਧਾਇੰਦਾ। ਸਚਖੰਡ ਵੇਖ ਤੇਰਾ ਧਰਮਸਾਲ, ਥਿਰ ਘਰ ਆਪਣਾ ਡੇਰਾ ਲਾਇੰਦਾ। ਤੇਰੀ ਕਿਰਪਾ ਅੰਦਰ ਸੇਵਾ ਕਰਾਂ ਮਹਾਨ, ਸੇਵਕ ਆਪਣਾ ਰੂਪ ਵਖਾਇੰਦਾ। ਤੇਰਾ ਸੁਣ ਹੁਕਮ ਫ਼ਰਮਾਣ, ਧੁਰ ਦੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਦਰ ਤੇਰੇ ਅਲਖ ਜਗਾਇੰਦਾ। ਸੁਤ ਸ਼ਬਦ ਜਗਾਏ ਅਲਖ, ਉਚੀ ਕੂਕ ਕੂਕ ਸੁਣਾਈਆ। ਪਤਿਪਰਮੇਸ਼ਵਰ ਮਾਰਗ ਦੱਸ, ਰਹਿਬਰ ਬਣ ਕੇ ਦੇ ਸਮਝਾਈਆ। ਵਸਤ ਅਮੋਲਕ ਝੋਲੀ ਪਾ ਹੱਕ, ਆਪਣੀ ਹਕੀਕਤ ਦਏ ਦ੍ਰਿੜਾਈਆ । ਆਪਣੇ ਮਿਲਣ ਦੀ ਖੋਲ੍ਹ ਅੱਖ, ਨਿਤ ਨਵਿਤ ਰਹੇ ਰੁਸ਼ਨਾਈਆ। ਨਾਤਾ ਜੋੜ ਸੱਚੋ ਸੱਚ, ਦੋ ਜਹਾਨ ਤੁਟ ਕਦੇ ਨਾ ਜਾਈਆ। ਪਰੇਮ ਪ੍ਰੀਤੀ ਅੰਦਰ ਰਚ, ਰਚਨਾ ਆਪਣੀ ਦੇ ਸਮਝਾਈਆ। ਸਗਲ ਵਿਸੂਰੇ ਜਾਇਣ ਲੱਥ, ਦੁਬਧਾ ਰੂਪ ਨਾ ਕੋਇ ਵਖਾਈਆ। ਮਿਹਰਵਾਨ ਹੋ ਕੇ ਸੀਸ ਜਗਦੀਸ ਰੱਖ ਹੱਥ, ਸਮਰਥ ਤੇਰੀ ਸਰਨਾਈਆ। ਸਚ ਦਵਾਰਾ ਖੋਲ੍ਹਾਂ ਹੱਟ, ਬਣ ਹਟਵਾਣਾ ਤੇਰਾ ਹੁਕਮ ਆਪਣੇ ਅੰਦਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਬਦ ਸੁਤ ਰਿਹਾ ਦ੍ਰਿੜਾਈਆ। ਸ਼ਬਦ ਸੁਤ ਮੇਰੇ ਅਗੰਮ, ਅਗੰਮ ਦਿਆਂ ਵਡਿਆਈਆ। ਮੇਰੀ ਧਾਰੋਂ ਪਿਆ ਜੰਮ, ਨਾ ਕੋਈ ਪਿਤਾ ਨਾ ਕੋਈ ਮਾਈਆ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਦੱਸੇ ਕੰਮ, ਕਰਤਾ ਸਾਚੀ ਕਰਨੀ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਵਜੂਦ ਨਾ ਕੋਈ ਤਨ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਨਾ ਕੋਈ ਛੱਪਰੀ ਨਾ ਕੋਈ ਛੰਨ, ਚਾਰ ਦੀਵਾਰ ਨਾ ਕੋਇ ਬਣਾਈਆ। ਨਾ ਕੋਈ ਘੜੇ ਨਾ ਸਕੇ ਭੰਨ, ਘਾੜਤ ਰੂਪ ਨਾ ਕੋਇ ਜਣਾਈਆ। ਨਾ ਕੋਈ ਆਦਿ ਜੁਗਾਦਿ ਦੇਵੇ ਡੰਨ, ਭੈ ਭੌ ਨਾ ਕੋਇ ਵਖਾਈਆ। ਮੈਂ ਤੇਰਾ ਬੇੜਾ ਦੇਵਾਂ ਬੰਨ੍ਹ, ਬਣ ਖੇਵਟ ਆਪਣੇ ਕੰਧ ਉਠਾਈਆ। ਤੂੰ ਪਿਤਾ ਪੁਰਖ ਅਕਾਲ ਇਕੋ ਲੈਣਾ ਮੰਨ, ਦੂਸਰ ਸੀਸ ਨਾ ਕਿਸੇ ਨਿਵਾਈਆ। ਤੇਰੇ ਘਰ ਅਨੋਖਾ ਚਾੜ੍ਹਾਂ ਚੰਨ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਏ ਸਮਝਾਈਆ। ਸ਼ਬਦ ਸੁਤ ਸੁਣ ਰਾਜ ਭੂਪ, ਪਰਮ ਪੁਰਖ ਪ੍ਰਭ ਆਪ ਦ੍ਰਿੜਾਇੰਦਾ। ਦਹਿ ਦਿਸ਼ਾ ਵੇਖ ਚਾਰੇ ਕੂਟ, ਬਿਨ ਨਿਰਗੁਣ ਨਜ਼ਰ ਕੋਇ ਨਾ ਆਇੰਦਾ। ਤਾਣਾ

❋

❋

ਪੇਟਾ ਨਾ ਕੋਇ ਸੂਤ, ਸੂਤਰਧਾਰੀ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਆਵੇ ਨਾ ਕੋਈ ਜਾਵੇ ਕਰ ਕੇ ਕੂਚ, ਪਾਂਧੀ ਪੰਧ ਨਾ ਕੋਇ ਮੁਕਾਇੰਦਾ । ਤਤ ਨਾ ਦਿਸੇ ਕੋਇ ਪੰਜ ਭੂਤ, ਤ੍ਰੈ ਤ੍ਰੈ ਜੋੜ ਨਾ ਕੋਇ ਜੁੜਾਇੰਦਾ। ਤੇਰੇ ਉਪਰ ਦੀਨ ਦਿਆਲ ਹੋ ਕੇ ਜਾਵਾਂ ਤੁਠ, ਮਿਹਰ ਨਜ਼ਰ ਇਕ ਉਠਾਇੰਦਾ । ਸ਼ਬਦ ਤੇਰੇ ਗ੍ਰਹਿ ਜਨਮੇ ਵਿਸ਼ਨੂੰ ਸੁਤ, ਵਿਸ਼ਨੂੰ ਅੰਦਰ ਬ੍ਰਹਮਾ ਬ੍ਰਹਮ ਰੂਪ ਵਟਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਤੇਰੀ ਧਾਰ ਰਖਾਇੰਦਾ । ਆਪੇ ਵੇਖੇ ਉਹਲੇ ਲੁਕ, ਸਚਖੰਡ ਸਾਚੇ ਸੋਭਾ ਪਾਇੰਦਾ। ਦਏ ਭੰਡਾਰ ਇਕ ਅਤੁਟ, ਨਾਮ ਅਮੋਲਕ ਵਸਤ ਹਰਿ ਵਰਤਾਇੰਦਾ। ਨਿਰਗੁਣ ਹੋ ਕੇ ਲਏ ਪੁਛ, ਭੇਵ ਅਭੇਦਾ ਆਪ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਅਲਾਇੰਦਾ। ਸਚ ਸੰਦੇਸਾ ਗਹਿਰ ਗੰਭੀਰ, ਹਰਿ ਕਰਤਾ ਆਪ ਜਣਾਈਆ। ਸੁਤ ਲਾਡਲੇ ਚੋਟੀ ਚੜ੍ਹ ਵੇਖ ਅਖ਼ੀਰ, ਆਖ਼ਰ ਮੰਜ਼ਲ ਇਕ ਸਮਝਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜੋਤ ਸਰੂਪੀ ਬਿਨ ਤਤ ਸਰੀਰ, ਸਤਿ ਸਤਿਵਾਦੀ ਸੋਭਾ ਪਾਈਆ। ਚਿੰਤਾ ਦੁੱਖ ਹਰਖ਼ ਸੋਗ ਨਾ ਕੋਈ ਪੀੜ, ਮਾਇਆ ਮਮਤਾ ਲੋਭ ਮੋਹ ਨਾ ਕੋਇ ਰਖਾਈਆ। ਵੱਡਾ ਛੋਟਾ ਨਾ ਕੋਇ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ । ਇਕ ਇਕੱਲਾ ਏਕੰਕਾਰ ਨਰ ਹਰਿ ਆਪਣਾ ਬਣ ਕੇ ਬੈਠਾ ਮੀਤ, ਸੱਜਣ ਆਪਣਾ ਆਪ ਨਾਲ ਪਰਗਟਾਈਆ। ਸੁਤ ਦੁਲਾਰੇ ਦੱਸੇ ਰੀਤ, ਸ਼ਬਦੀ ਸ਼ਬਦ ਆਪ ਸਮਝਾਈਆ। ਮੇਰੇ ਪਰੇਮ ਪਿਆਰ ਦੀ ਮਾਰ ਚੀਕ, ਤੇਰੇ ਅੰਦਰੋਂ ਬਿਰਹੋਂ ਧਾਰ ਦਏ ਪਰਗਟਾਈਆ। ਤੇਰਾ ਮੇਰਾ ਰੂਪ ਸੋਹੰ ਠੀਕ, ਸੋ ਪੁਰਖ ਨਿਰੰਜਣ ਆਪ ਜਣਾਈਆ। ਥਿਰ ਘਰ ਗੌਣਾ ਇਕੋ ਗੀਤ, ਸਚਖੰਡ ਹੋਏ ਸ਼ਨਵਾਈਆ। ਸਦਾ ਸਦਾ ਸਦ ਰੱਖੀ ਇਕ ਉਡੀਕ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਮੈਂ ਦੂਰ ਦੁਰਾਡਾ ਸਦ ਵਸਣਹਾਰ ਨਜ਼ਦੀਕ, ਨੇਰਨ ਨੇਰਾ ਆਪਣਾ ਨਾਉਂ ਰਖਾਈਆ। ਸ਼ਬਦ ਦੁਲਾਰੇ ਸਾਚੀ ਵਸਤ ਪਾਵਾਂ ਭੀਖ, ਅਗੰਮ ਅਥਾਹ ਆਪ ਵਰਤਾਈਆ। ਨਿਤ ਨਵਿਤ ਰੱਖੀਂ ਉਡੀਕ, ਜੁਗ ਚੌਕੜੀ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਾਹ ਸੁਲਤਾਨ ਰਿਹਾ ਸਮਝਾਈਆ। ਸ਼ਾਹ ਸੁਲਤਾਨ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਅਲਖ ਅਗੋਚਰ ਅਗੰਮ ਅਥਾਹ, ਪਰਦਾਨਸੀਂ ਪਰਦਾ ਉਠਾਇੰਦਾ। ਬੇਐਬ ਪਰਵਰਦਿਗਾਰ ਨੂਰੀ ਖ਼ੁਦਾ, ਜਲਵਾ ਇਕੋ ਇਕ ਦ੍ਰਿੜਾਇੰਦਾ। ਸਤਿ ਸਤਿਵਾਦੀ ਬਣ ਮਲਾਹ, ਸਾਚਾ ਮਾਰਗ ਇਕ ਲਗਾਇੰਦਾ। ਸੁਤ ਦੁਲਾਰੇ ਆਪ ਸਮਝਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਤੇਰਾ ਮੇਲਾ ਲਏ ਮਿਲਾ, ਮੇਲ ਮਿਲਾਵਾ ਇਕੋ ਇਕ ਵਡਿਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਸੰਗ ਰਖਾ, ਸਾਚਾ ਸੰਗਲ ਆਪਣਾ ਨਾਮ ਪਾਇੰਦਾ। ਅੰਤਰ ਹੋ ਕੇ ਮੰਗਲ ਗਾ, ਸ਼ਬਦ ਗੋਬਿੰਦ ਜਣਾਇੰਦਾ। ਸਤਿ ਸਤਿਵਾਦੀ ਸੋਹਣਾ ਮੰਦਰ ਦਏ ਸੁਹਾ, ਸਾਚੀ ਕੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚਾ ਰਾਹ ਇਕ ਉਪਾਇੰਦਾ। ਸੁਤ ਦੁਲਾਰੇ ਸੁਣ ਮੇਰੇ ਸੁਤ, ਆਦਿ ਪੁਰਖ ਆਪ ਸਮਝਾਈਆ। ਤੇਰੀ ਸੁਹਾਵਾਂ ਸੁਹੰਜਣੀ ਰੁੱਤ, ਰੁੱਤੜੀ ਆਪਣੇ ਨਾਲ ਮਹਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਧਾਰੋਂ ਜਾਵਣ ਉਠ, ਤ੍ਰੈਗੁਣ ਮਾਇਆ ਕਰਾਂ ਕੁੜਮਾਈਆ। ਪੰਜ ਤਤ ਕਰ ਪਰਕਾਸ਼ ਹੋਵਾਂ ਖ਼ੁਸ਼, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੋਭਾ ਪਾਈਆ। ਨਿਰਗੁਣ ਸਰਗੁਣ ਦੇ ਭੰਡਾਰ ਅਤੁਟ, ਲੱਖ ਚੁਰਾਸੀ ਵੰਡ ਵੰਡਾਈਆ। ਭਾਗ ਲਗਾਵਾਂ ਕਾਇਆ ਮਾਟੀ ਬੁੱਤ, ਨਿਰਗੁਣ ਸਰਗੁਣ

❋

❋

ਕਰਾਂ ਰੁਸ਼ਨਾਈਆ। ਦੇਵਾਂ ਵਡਿਆਈ ਮਨ ਮਤ ਬੁਧ, ਮਨਸਾ ਮਨਸਾ ਵਿਚੋਂ ਪਰਗਟਾਈਆ। ਨਾਉਂ ਰਖਾ ਅਬਿਨਾਸ਼ੀ ਅਚੁਤ, ਘਰ ਘਰ ਚੇਤਨ ਸਤਾ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਬਦੀ ਸ਼ਬਦ ਭੇਵ ਖੁਲ੍ਹਾਈਆ । ਸ਼ਬਦੀ ਭੇਵ ਖੋਲ੍ਹੇ ਅਪਾਰ, ਅਪਰੰਪਰ ਆਪਣੇ ਹੱਥ ਰੱਖੇ ਵਡਿਆਈਆ। ਨਾਮ ਜੈਕਾਰਾ ਬੋਲ ਜੈ ਜੈਕਾਰ, ਸਚ ਸੰਦੇਸਾ ਇਕ ਸੁਣਾਈਆ। ਚਾਰੇ ਖਾਣੀ ਕਰਾਂ ਖ਼ਬਰਦਾਰ, ਅੰਡਜ ਜੇਰਜ ਉਤਭੁਜ ਸੇਤਜ ਆਪ ਉਠਾਈਆ। ਚਾਰੇ ਬਾਣੀ ਦਿਆਂ ਆਧਾਰ, ਪਰਾ ਪਸੰਤੀ ਮਧਮ ਬੈਖਰੀ ਨਾਦ ਸੁਣਾਈਆ । ਚਾਰੇ ਕੁੰਟ ਕਰਾਂ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਚਾਰੇ ਜੁਗ ਕਰਾਂ ਤਿਆਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਾਉਂ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸੁਤ ਦੁਲਾਰੇ ਭੇਵ ਖੁਲ੍ਹਾਈਆ। ਸੁਤ ਦੁਲਾਰੇ ਰੱਖਣਾ ਯਾਦ, ਹਰਿ ਕਰਤਾ ਆਪ ਜਣਾਇੰਦਾ। ਤੇਰੀ ਰਚਨਾ ਰਚ ਕੇ ਆਦਿ, ਜੁਗ ਚੌਕੜੀ ਜੁਗਾਦਿ ਤੇਰੇ ਨਾਲ ਰਖਾਇੰਦਾ। ਆਪੇ ਵਿਚ ਰਹੇ ਵਿਸਮਾਦ, ਬਿਸਮਲ ਆਪਣੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਦੇਵੇ ਦਾਦ, ਆਤਮ ਪਰਮਾਤਮ ਵੰਡ ਵੰਡਾਇੰਦਾ। ਗ੍ਰਹਿ ਮੰਦਰ ਘਰ ਘਰ ਵਜਾਵੇ ਨਾਦ, ਧੁਨ ਆਤਮਕ ਰਾਗ ਸੁਣਾਇੰਦਾ। ਅੰਮ੍ਰਿਤ ਆਤਮ ਦੇਵੇ ਸਵਾਦ, ਨਿਝਰ ਝਿਰਨਾ ਇਕ ਝਿਰਾਇੰਦਾ। ਦੀਪਕ ਜੋਤੀ ਬਾਲ ਗ੍ਰਹਿ ਮੰਦਰ ਕਰੇ ਆਬਾਦ, ਰੁੱਤ ਬਸੰਤੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਬਦੀ ਤੇਰਾ ਹੁਕਮ ਵਰਤਾਇੰਦਾ । ਸ਼ਬਦ ਸੁਤ ਵੇਖ ਨੌਜਵਾਨ, ਤੇਰਾ ਜੋਬਨ ਇਕ ਵਖਾਈਆ। ਦੋ ਜਹਾਨਾਂ ਕਰ ਕੇ ਹੁਕਮਰਾਨ, ਸਿਰ ਆਪਣਾ ਹੱਥ ਟਿਕਾਈਆ। ਪੁਰੀ ਲੋਅ ਬ੍ਰਹਿਮੰਡ ਖੰਡ ਧਰਤ ਧਵਲ ਆਕਾਸ਼ ਪਰਕਾਸ਼ ਦੇਣਾ ਫ਼ਰਮਾਣ, ਸਚ ਸੁਨੇਹੜਾ ਇਕ ਘਲਾਈਆ। ਤਤਵ ਤਤ ਤੇਰਾ ਦਾਸ, ਤ੍ਰੈ ਪੰਜ ਹੋਏ ਕੁੜਮਾਈਆ । ਕਾਇਆ ਮੰਡਲ ਤੇਰੀ ਰਾਸ, ਨਿਰਗੁਣ ਸਰਗੁਣ ਗੋਪੀ ਕਾਹਨ ਰੂਪ ਵਟਾਈਆ। ਗੁਰੂ ਅਵਤਾਰ ਪੀਰ ਪੈਗ਼ੰਬਰ ਤੇਰੀ ਸ਼ਾਖ਼, ਲੋਕਮਾਤ ਪੱਤ ਟਹਿਣੀ ਆਪ ਮਹਿਕਾਈਆ। ਮੇਰੀ ਸਿਫ਼ਤ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਗਾਏ ਗਾਥ, ਅੱਖਰ ਵੱਖਰ ਕਰ ਪੜ੍ਹਾਈਆ। ਲੱਖ ਚੁਰਾਸੀ ਜੀਵ ਜੰਤ ਆਤਮ ਪਰਮਾਤਮ ਤੇਰਾ ਸਾਕ, ਪਾਰਬ੍ਰਹਮ ਬ੍ਰਹਮ ਤੇਰਾ ਰੂਪ ਨਜ਼ਰੀ ਆਈਆ। ਤੂੰ ਦੋ ਜਹਾਨਾਂ ਵੇਖਣਾ ਮਾਰ ਝਾਕ, ਮਹਲ ਅਟੱਲ ਬਹਿ ਬਹਿ ਖ਼ੁਸ਼ੀ ਮਨਾਈਆ। ਤੇਰੀ ਸਦਾ ਸਦਾ ਸਦ ਰਹੇ ਪਰਭਾਤ, ਦਿਵਸ ਰੈਣ ਸੂਰਜ ਚੰਦ ਘੜੀ ਪਲ ਪਹਿਰ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਬਦੀ ਸ਼ਬਦ ਤੇਰਾ ਰਾਹ ਵਖਾਈਆ । ਸ਼ਬਦ ਸੁਤ ਗਿਆ ਝੁਕ, ਦਰ ਸਾਚੇ ਸੀਸ ਨਿਵਾਇੰਦਾ। ਧੰਨ ਭਾਗ ਪ੍ਰਭ ਗਿਉਂ ਤੁਠ, ਸਿਰ ਮੇਰੇ ਹੱਥ ਟਿਕਾਇੰਦਾ। ਮੈਨੂੰ ਬਣਾ ਕੇ ਆਪਣਾ ਪੁੱਤ, ਲੱਖ ਚੁਰਾਸੀ ਮੇਰੀ ਝੋਲੀ ਪਾਇੰਦਾ। ਮੈਂ ਸੇਵਾ ਕਰ ਕੇ ਖ਼ੁਸ਼, ਚਾਕਰ ਆਪਣਾ ਨਾਉਂ ਵਟਾਇੰਦਾ। ਜੁਗ ਚੌਕੜੀ ਨਿਰਗੁਣ ਸਰਗੁਣ ਖੇਲ ਵੇਖਾਂ ਲੁਕ, ਜਾਹਰ ਗੁਪਤ ਆਪਣੀ ਕਾਰ ਕਮਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਪੈਂਡਾ ਜਾਏ ਮੁੱਕ, ਥਿਰ ਰਹਿਣ ਕੋਇ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਉਜਲ ਕਰਾਂ ਮੁਖ, ਮੁਖ ਸਿਫ਼ਤੀ ਸਿਫ਼ਤ ਸਾਲਾਹਿੰਦਾ। ਜਨਨੀ ਭਾਗ ਲਗਾਵਾਂ ਕੁੱਖ, ਸੁਤ ਦੁਲਾਰਾ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦਿਤਾ ਇਕ ਵਰ, ਦਰ ਤੇਰੇ ਸੀਸ ਨਿਵਾਇੰਦਾ।

❋

❋

ਸੁਤ ਦੁਲਾਰਾ ਕਹੇ ਮੇਰੇ ਜਗਦੀਸ, ਜਗਦੀਸ਼ਰ ਤੇਰੀ ਵਡ ਵਡਿਆਈਆ। ਮੈਂ ਛਤਰ ਵੇਖਾਂ ਤੇਰੇ ਸੀਸ, ਸਚਖੰਡ ਨਿਵਾਸੀ ਤੇਰੀ ਸੱਚੀ ਸ਼ਹਿਨਸ਼ਾਹੀਆ। ਜੁਗ ਚੌਕੜੀ ਸਾਚਾ ਕਲਮਾ ਨਾਮ ਦੇਵਾਂ ਹਦੀਸ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰ ਪੜ੍ਹਾਈਆ। ਚਿਟੇ ਉਤੇ ਕਾਲੀ ਖਿਚ ਲਕੀਰ, ਅਲਫ਼ ਯੇ ਕਾਤਬ ਕਲਮ ਦਿਆਂ ਸਮਝਾਈਆ। ਆਪ ਬਣ ਕੇ ਲਾਸ਼ਰੀਕ, ਸ਼ਿਰਕਤ ਸਭ ਦੀ ਮੇਟ ਮਿਟਾਈਆ। ਤੇਰੀ ਕਿਰਪਾ ਆਪਣੇ ਹੱਥ ਰੱਖਾਂ ਇਕ ਤੌਫ਼ੀਕ, ਰਹਿਮਤ ਧੁਰ ਦੀ ਨਾਲ ਮਿਲਾਈਆ। ਮੁਰਸ਼ਦ ਹੋ ਕੇ ਮੁਰੀਦਾਂ ਦੱਸਾਂ ਧਾਰ ਬਾਰੀਕ, ਸੂਫ਼ੀਆਂ ਸੁਫਨ ਸਖੋਪਤ ਜਾਗਰਤ ਤੁਰਯਾ ਭੇਵ ਖੁਲ੍ਹਾਈਆ। ਗ਼ਰੀਬ ਨਿਮਾਣਾ ਹੋ ਕੇ ਵਸਾਂ ਨੀਚਾਂ ਨੀਚ, ਊਚੋ ਊਚ ਤੇਰੇ ਨਾਮ ਕਰਾਂ ਵਡਿਆਈਆ। ਜਨ ਭਗਤਾਂ ਦੱਸਾਂ ਸਚ ਪ੍ਰੀਤ, ਸੰਤ ਸੱਜਣ ਮੇਲ ਮਿਲਾਈਆ। ਗੁਰਮੁਖਾਂ ਰੱਖਾਂ ਸਦਾ ਉਡੀਕ, ਗੁਰਸਿਖਾਂ ਰਾਹ ਤਕਾਈਆ। ਤੂੰ ਮੇਰਾ ਮੈਂ ਤੇਰਾ ਏਥੇ ਓਥੇ ਦੋ ਜਹਾਨ ਸੋਹੰ ਢੋਲਾ ਗਾਵਾਂ ਗੀਤ, ਜਿਸ ਦਾ ਆਦਿ ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਨਾਮ ਦੀ ਬਣਾ ਕੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰਦਰ ਜਗਤ ਰਾਹ ਵਖਾਈਆ। ਸ਼ਬਦ ਕਹੇ ਮੈਂ ਦੂਲ੍ਹੋ ਦੂਲ੍ਹਾ, ਮਹਾਂਬਲੀ ਇਕ ਅਖਵਾਈਆ। ਤੇਰੀ ਕਿਰਪਾ ਫਲਿਆ ਫੂਲਾ, ਲੱਖ ਚੁਰਾਸੀ ਪੱਤ ਡਾਲੀ ਮਾਤ ਮਹਿਕਾਈਆ। ਦੋ ਜਹਾਨਾਂ ਅਵਣ ਗਵਣ ਤ੍ਰੈਭਵਨ ਮੇਰਾ ਝੂਲਾ, ਬ੍ਰਹਿਮੰਡ ਖੰਡ ਉਣੰਜਾ ਪਵਨ ਮੇਰੀ ਸੁਗੰਧੀ ਰਹੀ ਵਖਾਈਆ। ਕੋਈ ਨਾ ਜਾਣੇ ਮੇਰਾ ਆਦਿ ਮੂਲਾ, ਅੰਤ ਕਹਿਣ ਕੋਇ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾ ਸ਼ੰਕਰ ਹੱਥ ਫੜਾਈ ਤਰਸੂਲਾ, ਤ੍ਰੈਗੁਣ ਸਗਲਾ ਸੰਗ ਨਿਭਾਈਆ। ਕੋਟਨ ਕੋਟ ਜੁਗ ਚੌਕੜੀ ਲੱਖ ਚੁਰਾਸੀ ਜੀਵ ਜੰਤ ਭੂਲਾ, ਸਚ ਸੁਚ ਤੇਰਾ ਨਾਮ ਇਕੋ ਨਜ਼ਰੀ ਆਈਆ। ਤੂੰ ਸਾਹਿਬ ਸੁਲਤਾਨ ਸ੍ਰੀ ਭਗਵਾਨ ਸਰਬ ਜੀਆਂ ਕੰਤ ਕੰਤੂਲਾ, ਸਤਿ ਸਤਿਵਾਦੀ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਉਣਾ ਇਕ ਘਰ, ਜਿਸ ਘਰ ਵੱਜੇ ਸਤਿ ਵਧਾਈਆ। ਸ੍ਰੀ ਭਗਵਾਨ ਸਰਬ ਗੁਣਵੰਤਾ, ਸਤਿ ਸਚ ਸਚ ਦ੍ਰਿੜਾਇੰਦਾ। ਸੁਤ ਸ਼ਬਦ ਵੇਖ ਬਣਾਈ ਬਣਤਾ, ਘੜਨ ਭੰਨਣਹਾਰ ਖੇਲ ਖਿਲਾਇੰਦਾ। ਜੁਗ ਚੌਕੜੀ ਅਗਣਤ ਅਗਣਤਾ, ਗਿਣਤੀ ਗਣਤ ਨਾ ਕੋਇ ਗਣਾਇੰਦਾ। ਸੇਵਾ ਲਗਾਏ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤਾਂ, ਭਗਤ ਭਗਵੰਤ ਖੇਲ ਵਖਾਇੰਦਾ। ਵੇਸ ਵਟਾਏ ਜੁਗਾ ਜੁਗੰਤਾ, ਨਿਰਗੁਣ ਸਰਗੁਣ ਆਪਣੀ ਕਾਰ ਕਮਾਇੰਦਾ। ਗੜ੍ਹ ਤੋੜੇ ਆਤਮ ਪਰਮਾਤਮ ਹਉਮੇਂ ਹੰਗਤਾ, ਬ੍ਰਹਮ ਵਿਦਿਆ ਇਕ ਸਮਝਾਇੰਦਾ। ਦਰ ਦਰਵੇਸ਼ ਅਲਖ ਨਿਰੰਜਣ ਜਨ ਭਗਤ ਦਵਾਰੇ ਹੋਏ ਮੰਗਤਾ, ਨਿਰਧਨ ਸਰਧਨ ਆਪਣਾ ਰੂਪ ਵਟਾਇੰਦਾ। ਬੋਧ ਅਗਾਧਾ ਸ਼ਬਦ ਅਨਾਦਾ ਖਾਣੀ ਬਾਣੀ ਬਣੇ ਧੁਰ ਦਾ ਪੰਡਤਾ, ਸਾਚੀ ਸਿਖਿਆ ਇਕ ਸਮਝਾਇੰਦਾ। ਲੇਖਾ ਜਾਣੇ ਜੀਵ ਜੰਤਾ, ਜਾਗਰਤ ਜੋਤ ਨੂਰ ਰੁਸ਼ਨਾਇੰਦਾ। ਪੜਦਾ ਲਾਹੇ ਜੇਰਜ ਅੰਡਤਾ, ਉਤਭੁਜ ਸੇਤਜ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸ਼ਬਦ ਸੁਤ ਕਹੇ ਪ੍ਰਭ ਤੇਰੀ ਕਰਨੀ, ਹਰਿ ਠਾਕਰ ਮੋਹੇ ਭਾਈਆ। ਹਉਂ ਸੇਵਕ ਖ਼ਾਕ ਢਹਿ ਪਿਆ ਚਰਨੀ, ਚਰਨ ਚਰਨੋਦਕ ਮੁਖ ਚੁਆਈਆ। ਸਚ ਦੱਸ ਕਵਣ ਵੇਲਾ ਬਣ ਸੁਹੇਲਾ ਬਾਂਹ ਫੜਨੀ, ਨਿਰਗੁਣ ਨਿਰਗੁਣ ਆਪਣਾ ਮੇਲ ਮਿਲਾਈਆ। ਕਵਣ ਮੰਦਰ ਕਵਣ ਧਾਮ ਕਵਣ ਪੌੜੀ ਚੜ੍ਹਨੀ, ਕਵਣ ਮੰਜ਼ਲ ਪੰਧ ਮੁਕਾਈਆ। ਕਵਣ ਨਾਦ ਧੁਨ ਕਵਣ ਅੱਖਰੀ ਬਾਣੀ

❋

❋

ਪੜ੍ਹਨੀ, ਕਵਣ ਸ਼ਬਦ ਕਰੇ ਸ਼ਨਵਾਈਆ। ਕਵਣ ਲੇਖਾ ਚੁਕਾਏ ਵਰਨੀ ਬਰਨੀ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦੇ ਖੁਲ੍ਹਾਈਆ। ਸਾਚਾ ਭੇਵ ਖੋਲ੍ਹ ਕਰਤਾਰ, ਕਰਤਾ ਪੁਰਖ ਤੇਰੀ ਸਰਨਾਈਆ। ਕਵਣ ਵੇਲਾ ਕਰੇਂ ਪਿਆਰ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਕਵਣ ਵਕਤ ਲਏਂ ਉਠਾਲ, ਨਿਰਗੁਣ ਸਰਗੁਣ ਆਪ ਜਗਾਈਆ। ਕਵਣ ਮੰਦਰ ਦੀਪਕ ਦੇਵੇਂ ਬਾਲ, ਨਿਰਗੁਣ ਜੋਤ ਕਰੇਂ ਰੁਸ਼ਨਾਈਆ। ਕਵਣ ਸਰੋਵਰ ਅੰਮ੍ਰਿਤ ਜਾਮ ਦਏਂ ਪਿਆਲ, ਸਚ ਪਿਆਲਾ ਇਕ ਉਠਾਈਆ। ਕਵਣ ਗ੍ਰਹਿ ਹੋਏਂ ਦਿਆਲ, ਘਰ ਸਵਾਮੀ ਵੇਖ ਵਖਾਈਆ। ਕਵਣ ਰੂਪ ਭਾਗ ਲਗਾਏਂ ਸੱਚੀ ਧਰਮਸਾਲ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸਾਹਿਬ ਸੁਲਤਾਨ ਤੇਰੀ ਵਡਿਆਈਆ। ਪੁਰਖ ਅਕਾਲ ਦੱਸੇ ਬੋਲ, ਧੁਰ ਦੀ ਧਾਰ ਜਣਾਈਆ। ਸ਼ਬਦ ਸੁਤ ਰਹਿਣਾ ਅਡੋਲ, ਅਡੁਲ ਰਿਹਾ ਦ੍ਰਿੜਾਈਆ। ਜੁਗ ਚੌਕੜੀ ਨਿਤ ਨਵਿਤ ਖੇਲ ਅਨਮੋਲ, ਨਿਰਗੁਣ ਸਰਗੁਣ ਵੇਸ ਵਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਤੋਲੇ ਤੋਲ, ਨਾਮ ਤਰਾਜ਼ੂ ਹੱਥ ਉਠਾਈਆ। ਲੱਖ ਚੁਰਾਸੀ ਜੀਵ ਜੰਤ ਮੌਲ, ਮੌਲਾ ਆਪਣਾ ਨਾਮ ਪਰਗਟਾਈਆ। ਕਲਜੁਗ ਅੰਤ ਨਿਰਗੁਣ ਨਿਰਵੈਰ ਪਰਗਟੇ ਉਪਰ ਧੌਲ, ਧਰਨੀ ਧਰਤ ਸੋਭਾ ਪਾਈਆ। ਗੁਰ ਅਵਤਾਰ ਜੋ ਕਰ ਕੇ ਜਾਵਣ ਕੌਲ, ਵਾਕ ਭਵਿਖਤ ਲਿਖਤ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਦਿਤਾ ਸਮਝਾਈਆ। ਸੁਤ ਸ਼ਬਦ ਕਰ ਧਿਆਨ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹਰਿ ਪੁਰਖ ਨਿਰੰਜਣ ਹੋਏ ਮਿਹਰਵਾਨ, ਏਕੰਕਾਰ ਦਏ ਵਡਿਆਈਆ। ਆਦਿ ਨਿਰੰਜਣ ਦੀਪਕ ਬਾਲ, ਅਬਿਨਾਸ਼ੀ ਕਰਤਾ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਨੌਜਵਾਨ, ਪਾਰਬ੍ਰਹਮ ਲਏ ਅੰਗੜਾਈਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਨਵ ਨੌ ਚਾਰ ਪੰਧ ਮੁਕਾਈਆ। ਪੀਰ ਪੈਗ਼ੰਬਰਾਂ ਪੂਰਾ ਕਰੇ ਬਿਆਨ, ਜੋ ਲਿਖ ਲਿਖ ਗਏ ਸਮਝਾਈਆ। ਸਾਚੇ ਮੰਦਰ ਵਸੇ ਮਕਾਨ, ਸਾਢੇ ਤਿੰਨ ਹੱਥ ਡੇਰਾ ਲਾਈਆ। ਸੰਬਲ ਬੈਠ ਕਰੇ ਕਲਾਮ, ਕਲਮਾ ਨਬੀ ਰਸੂਲ ਪੜ੍ਹਾਈਆ। ਦਰਗਾਹ ਸਾਚੀ ਬਣ ਅਮਾਮ, ਆਮਲ ਆਪਣਾ ਅਮਲ ਵਖਾਈਆ। ਸੰਬਲ ਨਗਰ ਦੇਵੇ ਮਾਣ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਖੰਡਾ ਤੀਰ ਕਮਾਨ, ਸਾਚਾ ਚਿਲਾ ਇਕ ਉਠਾਈਆ । ਕਾਗ਼ਜ਼ ਕਲਮ ਹੋਏ ਹੈਰਾਨ, ਸ਼ਾਹੀ ਨੇਤਰ ਨੈਣਾਂ ਨੀਰ ਵਹਾਈਆ। ਬ੍ਰਹਿਮੰਡ ਖੰਡ ਵੇਖ ਨੈਣ ਸ਼ਰਮਾਣ, ਅੱਖ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਉਂ ਨਿਉਂ ਸੀਸ ਝੁਕਾਣ, ਨਮੋ ਨਮੋ ਕਹਿ ਕਹਿ ਢੋਲਾ ਗਾਈਆ। ਪਰਗਟ ਹੋਇਆ ਸ਼ਬਦ ਸੁਤ ਬਲਵਾਨ, ਸੂਰਬੀਰ ਇਕ ਅਖਵਾਈਆ। ਸ਼ਹਿਨਸ਼ਾਹ ਬਣਿਆ ਹੁਕਮਰਾਨ, ਸ੍ਰੀ ਭਗਵਾਨ ਤਖ਼ਤ ਨਿਵਾਸੀ ਆਪਣਾ ਹੁਕਮ ਸੁਣਾਈਆ। ਸਾਚਾ ਦੇਵੇ ਧੁਰ ਪੈਗ਼ਾਮ, ਸਚ ਨਾਮ ਕਰੇ ਸ਼ਨਵਾਈਆ। ਜਿਸ ਨੂੰ ਮੰਨਦਾ ਗਿਆ ਰਾਮ, ਜਿਸ ਨੇ ਕ੍ਰਿਸ਼ਨ ਧਾਰ ਲੋਕਮਾਤ ਪਰਗਟਾਈਆ। ਜਿਸ ਨੇ ਤੇਈ ਅਵਤਾਰਾਂ ਦਿਤਾ ਦਾਨ, ਈਸਾ ਮੂਸਾ ਮੁਹੰਮਦ ਇਸ਼ਾਰੇ ਨਾਲ ਚਲਾਈਆ। ਜਿਸ ਨੂੰ ਨਾਨਕ ਗੋਬਿੰਦ ਦਹਿ ਦਿਸ਼ਾ ਕਰੇ ਪਰਨਾਮ, ਨਿਉਂ ਨਿਉਂ ਲਾਗੇ ਪਾਈਂਆ। ਜਿਸ ਨੂੰ ਭਗਤ ਅਠਾਰਾਂ ਕਹਿਣ ਮਿਹਰਵਾਨ, ਹਰਿ ਵੱਡਾ ਵਡ ਗੋਸਾਈਂਆ। ਜਿਸ ਨੂੰ ਸੰਤ ਕਹਿਣ ਗੁਣ ਨਿਧਾਨ, ਗੁਣਵੰਤਾ ਇਕ ਅਖਵਾਈਆ। ਜਿਸ ਨੂੰ ਗੁਰਮੁਖ ਗੁਰਸਿਖ ਕਹਿਣ ਸਤਿਗੁਰੂ ਬਲਵਾਨ, ਸ਼ਬਦੀ ਰੂਪ ਜਣਾਈਆ ।

❋

❋

ਜਿਸ ਨੂੰ ਸੂਫ਼ੀ ਕਹਿਣ ਬਿਨ ਪੜ੍ਹਿਆਂ ਦਏ ਕਲਾਮ, ਬਿਨ ਕਲਮਿਉਂ ਕਰੇ ਪੜ੍ਹਾਈਆ। ਬਿਨ ਰਸਨਾ ਬੋਲੇ ਜ਼ਬਾਨ, ਬਿਨ ਸ਼ਰਅ ਦਏ ਸਮਝਾਈਆ । ਬਿਨ ਮਸਜਦ ਦਏ ਪੈਗ਼ਾਮ, ਸਚ ਸੰਦੇਸਾ ਇਕ ਅਲਾਈਆ। ਸੋ ਪਰਵਰਦਿਗਾਰ ਇਕ ਅਮਾਮ, ਅਮਾਮ ਅਮਾਮਾਂ ਵਿਚੋਂ ਨੂਰ ਖ਼ੁਦਾਈਆ। ਜਿਸ ਦਾ ਦੋ ਜਹਾਨ ਚੌਦਾਂ ਲੋਕ ਚੌਦਾਂ ਤਬਕ ਸੱਚਾ ਇੰਤਜਾਮ, ਚਾਰੋਂ ਕੁੰਟ ਹੁਕਮ ਖ਼ੁਦਾਈਆ । ਕੋਟਨ ਕੋਟ ਮਨਮੁਖ ਜੀਵ ਜਿਸ ਨੂੰ ਕਰਨ ਬਦਨਾਮ, ਸੋ ਸਿਫ਼ਤ ਭਰਿਆ ਬੇਪਰਵਾਹੀਆ। ਉਸ ਦੀ ਖੇਲ ਮੁਸ਼ਕਲ ਕਰੇ ਆਸਾਨ, ਇਹਸਾਨ ਸਕੇ ਨਾ ਕੋਇ ਚੜ੍ਹਾਈਆ । ਜਿਸ ਬੂੰਦ ਰਕਤ ਤੋਂ ਕੀਤੇ ਇਨਸਾਨ, ਇਨਸਾਨਾਂ ਅੰਦਰ ਮਿਹਰਵਾਨ ਹੋ ਕੇ ਡੇਰਾ ਲਾਈਆ। ਸੋ ਸਾਹਿਬ ਸਤਿਗੁਰ ਸ਼ਬਦੀ ਸ਼ਬਦ ਬੇਪਹਿਚਾਨ, ਬਿਨ ਸਤਿਗੁਰ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਿਤ ਨਵਿਤ ਦਰਸ਼ਨ ਪਾਣ, ਘਰ ਬੈਠਿਆਂ ਖ਼ੁਸ਼ੀ ਮਨਾਈਆ। ਲੱਭਿਆਂ ਚਾਰ ਕੁੰਟ ਦਹਿ ਦਿਸ਼ਾ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਕਿਸੇ ਹੱਥ ਨਾ ਆਏ ਸ੍ਰੀ ਭਗਵਾਨ, ਭਗਵਨ ਭਗਤਾਂ ਅੰਤਰ ਸੋਭਾ ਪਾਈਆ। ਘਰ ਵਿਚ ਘਰ ਮੇਲ ਮਿਲਾਵਾ ਕਰੇ ਆਣ, ਦੂਰ ਦੁਰਾਡਾ ਦੂਰਨ ਦੂਰ ਪੰਧ ਮੁਕਾਈਆ। ਗੁਰਸਿਖ ਗੁਰ ਮਿਲ ਕੇ ਇਕ ਰੂਪ ਸਤਿ ਸਰੂਪ ਸੋਹੰ ਢੋਲਾ ਗਾਣ, ਤੂੰ ਮੇਰਾ ਮੈਂ ਤੇਰਾ ਨਿਰਗੁਣ ਨਿਰਗੁਣ ਹੋਵੇ ਨਾ ਕਦੇ ਜੁਦਾਈਆ। ਇਹੋ ਸ਼ਬਦ ਗੁਰੂ ਬਲਵਾਨ, ਜਿਸ ਜੁਗ ਚੌਕੜੀ ਖੇਲ ਰਚਾਈਆ। ਇਹੋ ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਖੇਲੇ ਖੇਲ ਮਹਾਨ, ਖ਼ਾਲਕ ਖ਼ਲਕ ਦਏ ਸਮਝਾਈਆ। ਇਹੋ ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖੇ ਕੁਰਾਨ, ਖਾਣੀ ਬਾਣੀ ਦਏ ਵਡਿਆਈਆ। ਇਹੋ ਮੱਕਾ ਕਾਅਬਾ ਦੱਸੇ ਈਮਾਨ, ਸਜਦਾ ਸਜਦਾ ਰਿਹਾ ਕਰਾਈਆ। ਇਹੋ ਨਿਰਗੁਣ ਸਤਿ ਸਰੂਪ ਭਗਵਾਨ, ਇਹੋ ਇਸ਼ਟ ਦੇਵ ਸ੍ਰਿਸ਼ਟ ਰਹੀ ਸਮਝਾਈਆ। ਇਹੋ ਰਾਮ ਰਹੀਮ ਰਹਿਮਾਨ, ਰਹਿਮਤ ਸਭ ਤੇ ਰਿਹਾ ਕਮਾਈਆ। ਇਹੋ ਨਿਰਗੁਣ ਸਰਗੁਣ ਨਾਨਕ ਗੋਬਿੰਦ ਜੋਤੀ ਜੋਤ ਜਗੇ ਮਹਾਨ, ਦੀਵਾ ਬਾਤੀ ਕਮਲਾਪਾਤੀ ਇਕੋ ਇਕੋ ਟਿਕਾਈਆ । ਇਹੋ ਸ਼ਬਦ ਗੁਰ ਸਦਾ ਸਦਾ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਸੋ ਜਾਣੇ ਜਿਸ ਅੰਤਰ ਮਿਲੇ ਆਣ, ਬਾਹਰੋਂ ਸਮਝ ਕਿਸੇ ਨਾ ਆਈਆ । ਕਿਸੇ ਨਾ ਵਿਕੇ ਹੱਟ ਬਾਜ਼ਾਰ ਦੁਕਾਨ, ਕੀਮਤ ਸਕੇ ਨਾ ਕੋਇ ਚੁਕਾਈਆ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਦਰ ਦਵਾਰ ਮੰਗਦੇ ਦਾਨ, ਮਾਣ ਅਭਿਮਾਨ ਮੋਹ ਮਿਟਾਈਆ। ਤਿਨ੍ਹਾਂ ਜਾਗਤ ਸੋਵਤ ਦਰਸ਼ਨ ਦੇਵੇ ਆਣ, ਦੀਦ ਈਦ ਚੰਦ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸੱਚਾ ਵਰ, ਸ਼ਬਦ ਗੁਰਦੇਵ ਸਵਾਮੀ ਇਕੋ ਘਰ ਕਰਤਾ ਪੁਰਖ ਕਰਨੇਹਾਰਾ, ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਸਰਗੁਣ ਨਿਰਗੁਣ ਇਕੋ ਰੂਪ ਜਣਾਈਆ।

੬ ਜੇਠ ੨੦੨੧ ਬਿਕ੍ਰਮੀ ਮੁੰਡੀ ਜਮਾਲ ਬਾਗ਼ੀਚਾ ਸਿੰਘ ਦੇ ਗ੍ਰਹਿ ਜ਼ਿਲਾ ਫਿਰੋਜ਼ਪੁਰ

ਸੁਤ ਸ਼ਬਦ ਹਰਿ ਸਾਚਾ ਸੋਹਲਾ, ਸੋ ਪੁਰਖ ਨਿਰੰਜਣ ਇਕ ਜਣਾਈਆ। ਤੇਰਾ ਮੇਰਾ ਅਗੰਮੀ ਢੋਲਾ, ਦੋ ਜਹਾਨ ਵੱਜੇ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਾਵਣ ਬੋਲਾ, ਬਿਨ ਰਸਨਾ ਜਿਹਵਾ ਗਾਈਆ। ਸਚ ਦਵਾਰਾ ਨਿਰਗੁਣ ਨਿਰਵੈਰ ਸਤਿ ਸਤਿਵਾਦੀ ਖੋਲ੍ਹਾ, ਸਚ ਸੁਚ

❋

❋

ਦਏ ਸਮਝਾਈਆ। ਪਤਿਪਰਮੇਸ਼ਵਰ ਹੋ ਕੇ ਵਸੇ ਕੋਲਾ, ਦੂਰਨ ਦੂਰ ਪੰਧ ਮੁਕਾਈਆ। ਭੇਵ ਚੁਕਾਏ ਪਰਦਾ ਉਹਲਾ, ਸਨਮੁਖ ਆਪਣਾ ਰੰਗ ਵਖਾਈਆ। ਭਾਗ ਲਗਾਏ ਉਪਰ ਧਵਲਾ, ਧਰਨੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡ ਵਡਿਆਈਆ। ਸੁਤ ਦੁਲਾਰੇ ਤੇਰਾ ਰੰਗ, ਹਰਿ ਕਰਤਾ ਆਪ ਰੰਗਾਈਆ। ਚਾਰ ਕੁੰਟ ਵੱਜੇ ਮਰਦੰਗ, ਦਹਿ ਦਿਸ਼ਾ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਮਿਲੇ ਅਨੰਦ, ਗ੍ਰਹਿ ਮੰਗਲ ਹਰਿ ਗੁਣ ਗਾਈਆ। ਜਗਤ ਤ੍ਰਿਸਨਾ ਪਾਏ ਠੰਡ, ਅੰਮ੍ਰਿਤ ਮੇਘ ਬਰਸਾਈਆ। ਆਤਮ ਪਰਮਾਤਮ ਦੇਵੇ ਗੰਢ, ਧੁਰ ਦਾ ਨਾਤਾ ਜੋੜ ਜੁੜਾਈਆ। ਪਾਰਬ੍ਰਹਮ ਬ੍ਰਹਮ ਦੇਵੇ ਸੰਗ, ਸਗਲਾ ਸੰਗ ਨਿਭਾਈਆ। ਘਰ ਮੰਦਰ ਵੱਜੇ ਮਰਦੰਗ, ਸੋਹਣਾ ਨਾਦ ਇਕੋ ਇਕ ਸਮਝਾਈਆ। ਮਿਲੇ ਵਡਿਆਈ ਵਿਚ ਵਰਭੰਡ, ਬ੍ਰਹਿਮੰਡ ਖ਼ੁਸ਼ੀ ਵਖਾਈਆ। ਭੇਵ ਖੁਲ੍ਹਾਏ ਜੇਰਜ ਅੰਡ, ਉਤਭੁਜ ਸੇਤਜ ਆਪ ਸਮਝਾਈਆ। ਸਿਫ਼ਤ ਚੁਕਾਏ ਬੱਤੀ ਦੰਦ, ਬਿਨ ਰਸਨਾ ਜਿਹਵਾ ਧੁਰ ਦੀ ਧਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਬੇਪਰਵਾਹੀਆ। ਸੁਤ ਦੁਲਾਰੇ ਤੇਰਾ ਘਰ, ਗ੍ਰਹਿ ਮੰਦਰ ਹਰਿ ਉਪਾਇੰਦਾ। ਸਚ ਦਵਾਰੇ ਬੈਠੇ ਵੜ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਤਤਵ ਤਤ ਨਾ ਮੇਲ ਮਿਲਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਕਾਰ ਕਮਾਇੰਦਾ । ਨਿਰਵੈਰ ਹੋ ਕੇ ਬੰਨ੍ਹੇ ਲੜ, ਪੱਲੂ ਆਪਣੀ ਗੰਢ ਵਖਾਇੰਦਾ। ਸਾਚੀ ਮੰਜ਼ਲ ਜਾਏ ਚੜ੍ਹ, ਮਹਲ ਅਟੱਲ ਸੋਭਾ ਪਾਇੰਦਾ। ਨਿਰਮਲ ਨੂਰ ਜੋਤ ਇਕੋ ਧਰ, ਸਚ ਉਜਾਲਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸੁਤ ਦੁਲਾਰੇ ਰਾਜਨ ਰਾਜ, ਪਾਰਬ੍ਰਹਮ ਦਏ ਵਡਿਆਈਆ। ਸਤਿ ਸਤਿਵਾਦੀ ਤੇਰਾ ਕਾਜ, ਕਰਨੀ ਦੇਵਣਹਾਰ ਆਪਣੀ ਇਛਿਆ ਝੋਲੀ ਪਾਈਆ। ਕਲਜੁਗ ਅੰਤ ਸਾਜਣ ਸਾਜ, ਸਚ ਸੁਚ ਦਏ ਸਮਝਾਈਆ। ਜਗਤ ਜਗਦੀਸਾ ਨਰ ਨਰਾਇਣ ਸੀਸ ਰੱਖ ਤਾਜ, ਤਖ਼ਤ ਨਿਵਾਸੀ ਹੁਕਮ ਮਨਾਈਆ। ਘਰ ਸੁਹੰਜਣੇ ਲੱਗੇ ਭਾਗ, ਗ੍ਰਹਿ ਮੰਦਰ ਵੱਜੇ ਵਧਾਈਆ। ਜਨ ਭਗਤਾਂ ਦੇਵੇ ਇਕ ਵੈਰਾਗ, ਵੈਰਾਗੀ ਰੂਪ ਵਟਾਈਆ। ਕੂੜੀ ਕਿਰਿਆ ਜਗਤ ਤ੍ਰਿਸਨਾ ਜਾਇਣ ਭਾਗ, ਮਾਇਆ ਮਮਤਾ ਮੋਹ ਚੁਕਾਈਆ। ਸੁਰਤੀ ਸ਼ਬਦੀ ਗਾਏ ਰਾਗ, ਆਤਮ ਪਰਮਾਤਮ ਢੋਲਾ ਇਕ ਸੁਣਾਈਆ। ਸ਼ਬਦ ਅਗੰਮੀ ਵੱਜੇ ਆਵਾਜ਼, ਸੁਰ ਤਾਲ ਨਾ ਕੋਇ ਰਖਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਖੋਲ੍ਹੇ ਰਾਜ਼, ਬਜਰ ਕਪਾਟੀ ਪਰਦਾ ਪਰੇ ਹਟਾਈਆ । ਸਚ ਸਰੋਵਰ ਅੰਮ੍ਰਿਤ ਦੇ ਬੁਝਾਏ ਪਿਆਸ, ਨਿਝਰ ਝਿਰਨਾ ਇਕ ਝਿਰਾਈਆ। ਘਰ ਵਿਚ ਘਰ ਕਰਾਏ ਵਾਸ, ਅਸਥਾਨ ਭੂਮਿਕਾ ਇਕੋ ਇਕ ਵਖਾਈਆ । ਜਿਸ ਮੰਦਰ ਅੱਠੇ ਪਹਿਰ ਹੋਵੇ ਪਰਕਾਸ਼, ਸੂਰਜ ਚੰਨ ਨਜ਼ਰ ਕੋਇ ਨਾ ਆਈਆ। ਨਿਰਗੁਣ ਨਿਰਾਕਾਰ ਨਿਰਵੈਰ ਮਿਲੇ ਪੁਰਖ ਅਬਿਨਾਸ਼, ਸ੍ਰੀ ਭਗਵਾਨ ਮੇਲ ਮਿਲਾਈਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਹੀਆ। ਸ਼ਬਦ ਸ਼ਬਦੀ ਹੋਏ ਵਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਿਹਰਵਾਨ ਦਇਆ ਕਮਾਈਆ। ਸ਼ਬਦ ਸੁਤ ਸੁਣ ਧੁਰ ਦੇ ਮੀਤ, ਹਰਿ ਮਿੱਤਰ ਪਿਆਰਾ ਆਪ ਦ੍ਰਿੜਾਇੰਦਾ। ਅਚਰਜ ਚਲਾਈ ਤੇਰੀ ਰੀਤ, ਰੀਤੀਵਾਨ ਖੇਲ ਖਿਲਾਇੰਦਾ। ਤੇਰਾ ਵਾਸਾ ਹਸਤ ਕੀਟ, ਲੱਖ ਚੁਰਾਸੀ ਵਿਚ ਟਿਕਾਇੰਦਾ। ਤੂੰ ਮੇਰਾ ਮੈਂ ਤੇਰਾ ਗਾਵਾਂ ਗੀਤ, ਧੁਰ ਦਾ ਸੋਹਲਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਵਡਿਆਇੰਦਾ। ਸ਼ਬਦ ਸੁਤ ਤੇਰਾ ਵਸੇਰਾ ਏਕ, ਏਕੰਕਾਰ ਦਏ ਦ੍ਰਿੜਾਈਆ। ਸਚਖੰਡ ਦਵਾਰੇ ਸਾਚੀ ਟੇਕ, ਥਿਰ ਘਰ ਮਹਲ ਅਟੱਲ ਦਏ ਸੁਹਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵਟਾਵੇਂ ਭੇਖ, ਗੁਰ ਅਵਤਾਰ ਪੀਰ ਪੈਗ਼ੰਬਰ ਨਾਉਂ ਰਖਾਈਆ । ਬੋਧ ਅਗਾਧ ਖਾਣੀ ਬਾਣੀ ਲਿਖੇਂ ਲੇਖ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾਉਂ ਧਰਾਈਆ। ਆਤਮ ਪਰਮਾਤਮ ਕਰੇਂ ਹੇਤ, ਬ੍ਰਹਮ ਪਾਰਬ੍ਰਹਮ ਸਮਾਈਆ । ਦਿਵਸ ਰੈਣ ਰਹੇਂ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਦੋ ਜਹਾਨਾਂ ਬਣ ਕੇ ਖੇਵਟ ਖੇਟ, ਬੇੜਾ ਆਪਣੇ ਕੰਧ ਉਠਾਈਆ। ਜਨ ਭਗਤਾਂ ਦੇਵੇਂ ਸਾਚਾ ਭੇਤ, ਪਰਦਾ ਉਹਲਾ ਅੰਦਰੋਂ ਦਏਂ ਉਠਾਈਆ। ਨਿਜ ਨੇਤਰ ਨਿਰਗੁਣ ਸਰੂਪ ਲੈਣ ਵੇਖ, ਸਰਗੁਣ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਦਇਆ ਕਮਾਈਆ। ਸ਼ਬਦ ਸੁਤ ਤੇਰਾ ਮੰਦਰ ਅਨੋਖਾ, ਘਰ ਘਰ ਵਿਚ ਆਪ ਬਣਾਇੰਦਾ । ਜਿਸ ਦਰ ਕਦੇ ਨਾ ਹੋਵੇ ਧੋਖਾ, ਕੂੜਾ ਰੰਗ ਨਾ ਕੋਇ ਰੰਗਾਇੰਦਾ। ਜਿਸ ਦਾ ਦਰਵਾਜ਼ਾ ਹੱਥ ਨਾ ਆਵੇ ਕੋਟੀ ਕੋਟਾ, ਕੋਟਨ ਕੋਟ ਪਾਂਧੀ ਬਣ ਬਣ ਪੰਧ ਨਾ ਕੋਇ ਮੁਕਾਇੰਦਾ। ਤੇਰਾ ਮਾਰਗ ਸਤਿਗੁਰ ਸਾਹਿਬ ਦੱਸੇ ਸੌਖਾ, ਪਰੇਮ ਪ੍ਰੀਤੀ ਨਾਲ ਸਮਝਾਇੰਦਾ। ਲੱਖ ਚੁਰਾਸੀ ਵਿਚੋਂ ਮਾਣਸ ਜਨਮ ਇਕੋ ਮੌਕਾ, ਜੁਗ ਜਨਮ ਵਿਛੜੇ ਆਤਮ ਪਰਮਾਤਮ ਜੋੜ ਜੁੜਾਇੰਦਾ। ਕਰ ਪਰਕਾਸ਼ ਨਿਰਮਲ ਜੋਤਾ, ਅਗਿਆਨ ਅੰਧ ਅੰਧੇਰ ਮਿਟਾਇੰਦਾ । ਅੰਦਰ ਵੜ ਕੇ ਸਾਚੇ ਮੰਦਰ ਚੜ੍ਹ ਕੇ ਸ਼ਬਦੀ ਧੁਨ ਸੁਣਾਏ ਹੋਕਾ, ਬਿਨ ਰਸਨਾ ਜਿਹਵਾ ਬੱਤੀ ਦੰਦ ਗਾਇੰਦਾ। ਭੇਵ ਖੁਲ੍ਹਾਏ ਲੋਕ ਪਰਲੋਕਾ, ਚੌਦਾਂ ਤਬਕਾਂ ਡੇਰਾ ਢਾਹਿੰਦਾ। ਪੀਰ ਪੈਗ਼ੰਬਰ ਗੁਰੂ ਅਵਤਾਰ ਜਿਸ ਦੀ ਰੱਖਦੇ ਗਏ ਓਟਾ, ਸੋ ਸਾਹਿਬ ਸਤਿਗੁਰ ਦੀਨ ਦਿਆਲ ਸ਼ਬਦੀ ਰੂਪ ਆਪ ਪਰਗਟਾਇੰਦਾ। ਤਨ ਨਗਾਰੇ ਪੰਜ ਤਤ ਲਗਾਏ ਚੋਟਾ, ਸਚ ਰਬਾਬ ਇਕ ਵਜਾਇੰਦਾ। ਕੂੜ ਕੁੜਿਆਰ ਤਨ ਹੰਕਾਰ ਰਹਿਣ ਨਾ ਦੇਵੇ ਖੋਟਾ, ਮਨ ਮਤ ਬੁਧ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਬਦੀ ਸ਼ਬਦੀ ਸਿਫ਼ਤ ਸਾਲਾਹਿੰਦਾ। ਸ਼ਬਦ ਗੁਰੂ ਸ਼ਬਦ ਸਵਾਮੀ, ਹਰਿ ਸ਼ਬਦ ਵੱਡਾ ਵਡ ਵਡਿਆਈਆ। ਸ਼ਬਦ ਬੋਧ ਅਗਾਧ ਘਟ ਅੰਤਰਜਾਮੀ, ਗ੍ਰਹਿ ਮੰਦਰ ਡੇਰਾ ਲਾਈਆ। ਸ਼ਬਦ ਬੋਧ ਅਗਾਧ ਧੁਰ ਦੀ ਬਾਣੀ, ਸਤਿ ਸਤਿਵਾਦੀ ਕਰੇ ਸ਼ਨਵਾਈਆ। ਸ਼ਬਦ ਵਿਸ਼ਨ ਬ੍ਰਹਮਾ ਸ਼ਿਵ ਰਚੇ ਚਾਰੇ ਖਾਣੀ, ਤ੍ਰੈਗੁਣ ਮਾਇਆ ਪੰਜ ਤਤ ਕਰੇ ਕੁੜਮਾਈਆ। ਸ਼ਬਦ ਅੰਮ੍ਰਿਤ ਰਸ ਠੰਡਾ ਪਾਣੀ, ਜਲ ਥਲ ਮਹੀਅਲ ਰਿਹਾ ਸਮਾਈਆ। ਸ਼ਬਦ ਆਦਿ ਜੁਗਾਦਿ ਜੁਗਾ ਜੁਗੰਤਰ ਅਕਥ ਕਹਾਣੀ, ਕਹਿ ਕਹਿ ਅੰਤ ਕੋਇ ਨਾ ਪਾਈਆ । ਸ਼ਬਦ ਨਾਦ ਧੁਨ ਖੇਲ ਮਹਾਨੀ, ਖ਼ਾਲਕ ਖ਼ਲਕ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਸ਼ਬਦ ਪਹਿਰੇ ਬਾਣਾ, ਪੰਜ ਤਤ ਆਪਣਾ ਵੇਸ ਵਟਾਈਆ। ਸ਼ਬਦ ਭੂਪ ਸ਼ਬਦ ਰਾਣਾ, ਰਾਜਨ ਰਾਜ ਆਪ ਅਖਵਾਈਆ। ਸ਼ਬਦ ਹੁਕਮ ਸਚ ਹੁਕਮਰਾਨਾ, ਧੁਰ ਸੰਦੇਸਾ ਇਕ ਸੁਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਹਰਿ ਸ਼ਬਦੀ ਵਰਤੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਅੰਤ ਨਰ ਹਰਿ ਨਰਾਇਣ ਕਰੇ ਖੇਲ ਦੋ ਜਹਾਨਾਂ, ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਸਤਿ ਸਰੂਪੀ ਸ਼ਾਹੋ ਭੂਪੀ ਅਗੰਮੀ ਪਹਿਰੇ ਬਾਣਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸਚ ਸੰਦੇਸਾ ਨਰ ਨਰੇਸ਼ਾ

❋

❋

ਦੇਵੇ ਦੋ ਜਹਾਨਾਂ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਸ਼ਬਦ ਗੁਰੂ ਸਦਾ ਮਿਹਰਵਾਨਾ, ਬਿਨ ਅੱਖਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਏਕਾ ਸ਼ਬਦ ਨਾਮ ਨਿਹਕਾਮ ਦਏ ਸਮਝਾਈਆ।

੬ ਜੇਠ ੨੦੨੧ ਬਿਕ੍ਰਮੀ ਕਪੂਰ ਸਿੰਘ ਦੇ ਗ੍ਰਹਿ ਮੋਗਾ ਜ਼ਿਲਾ ਫਿਰੋਜ਼ਪੁਰ

ਸੁੱਤ ਸ਼ਬਦ ਸਚ ਖੇਲ ਕਰਦਾ, ਨਿਹਕਰਮੀ ਸਾਚੀ ਕਾਰ ਕਮਾਈਆ। ਦੋ ਜਹਾਨ ਬ੍ਰਹਿਮੰਡ ਖੰਡ ਆਪੇ ਫਿਰਦਾ, ਨਿਰਗੁਣ ਨਿਰਵੈਰ ਨਜ਼ਰ ਕਿਸੇ ਨਾ ਆਈਆ। ਮਹਲ ਅਟੱਲ ਉਚ ਮਨਾਰ ਆਪੇ ਖੜਦਾ, ਧਾਮ ਭੂਮਿਕਾ ਇਕ ਸੁਹਾਈਆ। ਨਾਦ ਧੁਨ ਜੈਕਾਰ ਸਾਚੀ ਕਰਦਾ, ਬਿਨ ਰਸਨਾ ਜਿਹਵਾ ਰਾਗ ਅਲਾਈਆ। ਬਿਨ ਅੱਖਰਾਂ ਆਪੇ ਪੜ੍ਹਦਾ, ਕਰੇ ਹੱਕ ਪੜ੍ਹਾਈਆ। ਜੁਗ ਚੌਕੜੀ ਵੇਸ ਧਰਦਾ, ਨਿਰਗੁਣ ਸਰਗੁਣ ਨਾਮ ਧਰਾਈਆ। ਲੇਖਾ ਜਾਣੇ ਪੰਜ ਤਤ ਕਾਇਆ ਘਰ ਦਾ, ਘਰ ਘਰ ਵਿਚ ਸੋਭਾ ਪਾਈਆ। ਨਾ ਜੀਉਂਦਾ ਨਾ ਕਦੇ ਮਰਦਾ, ਮਰ ਜੀਵਤ ਰੂਪ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਘਾੜਨ ਘੜਦਾ, ਕਾਇਆ ਮਾਟੀ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸੁਤ ਸ਼ਬਦ ਖੇਲ ਅਪਾਰਾ, ਜੁਗ ਚੌਕੜੀ ਆਪ ਕਰਾਇੰਦਾ। ਲੱਖ ਚੁਰਾਸੀ ਵੇਖਣਹਾਰਾ, ਅੰਡਜ ਜੇਰਜ ਉਤਭੁਜ ਸੇਹਤਜ ਖੋਜ ਖੁਜਾਇੰਦਾ। ਸ਼ਬਦੀ ਸ਼ਬਦ ਬੋਲ ਜੈਕਾਰਾ, ਤਨ ਨਗਾਰਾ ਰਬਾਬ ਵਜਾਇੰਦਾ। ਨਾਉਂ ਰੱਖ ਗੁਰੂ ਅਵਤਾਰਾ, ਪੀਰ ਪੈਗ਼ੰਬਰ ਸਿਫ਼ਤ ਸਾਲਾਹਿੰਦਾ। ਨਿਰਅੱਖਰ ਅੱਖਰ ਬਣ ਲਿਖਾਰਾ, ਕਾਗ਼ਜ਼ ਕਲਮ ਸ਼ਾਹੀ ਵੰਡ ਵੰਡਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਵਣਜਾਰਾ, ਅੰਜੀਲ ਕੁਰਾਨ ਗੀਤਾ ਗਿਆਨ ਸੋਭਾ ਪਾਇੰਦਾ। ਸਿਫ਼ਤੀ ਨਾਮ ਖੋਲ੍ਹ ਭੰਡਾਰਾ, ਕੋਟਨ ਕੋਟ ਰਸਨਾ ਜਿਹਵਾ ਗਾਇੰਦਾ। ਸਤਿ ਸਰੂਪ ਹੋ ਕੇ ਵਸੇ ਬਾਹਰਾ, ਸ਼ਾਹੋ ਭੂਪ ਹੋ ਕੇ ਘਟ ਘਟ ਡੇਰਾ ਲਾਇੰਦਾ। ਹੁਕਮੇ ਅੰਦਰ ਹੁਕਮ ਵਰਤਾਰਾ, ਸਚ ਸੰਦੇਸਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਧਾਰ ਆਪ ਵਖਾਇੰਦਾ। ਸ਼ਬਦੀ ਧਾਰ ਵਖਾਏ ਸਵਾਮੀ, ਹਰਿ ਕਰਤਾ ਵਡ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਅੰਤਰਜਾਮੀ, ਵੇਖਣਹਾਰਾ ਥਾਉਂ ਥਾਈਂਆ। ਸ਼ਬਦ ਅਨਾਦ ਬੋਲ ਬਾਣੀ, ਅਗੰਮ ਅਥਾਹ ਦਏ ਦ੍ਰਿੜਾਈਆ। ਸਚ ਸਰੋਵਰ ਅੰਮ੍ਰਿਤ ਪਾਣੀ, ਠੰਡੀ ਧਾਰ ਇਕ ਵਹਾਈਆ। ਲੇਖਾ ਜਾਣੇ ਚਾਰੇ ਖਾਣੀ, ਚਾਰੋਂ ਕੁੰਟ ਖੋਜ ਖੁਜਾਈਆ । ਚਾਰ ਜੁਗ ਦੀ ਸਮਰਥ ਕਹਾਣੀ, ਮਹਿੰਮਾ ਅਕੱਥ ਆਪ ਵਖਾਈਆ। ਸੁਰਤੀ ਸ਼ਬਦੀ ਖੇਲ ਮਹਾਨੀ, ਗ੍ਰਹਿ ਮੰਦਰ ਖੋਜ ਖੁਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਖ਼ਸ਼ਣਹਾਰਾ ਸਚ ਧਿਆਨੀ, ਆਤਮ ਪਰਮਾਤਮ ਜੋੜ ਜੁੜਾਈਆ। ਸਚਖੰਡ ਦੀ ਸਚ ਨਿਸ਼ਾਨੀ, ਸਚ ਦਵਾਰੇ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਭੇਵ ਚੁਕਾਈਆ। ਸਚ ਸ਼ਬਦ ਸਤਿਗੁਰ ਰੂਪ, ਬੇਪਰਵਾਹ ਆਪ ਪਰਗਟਾਇੰਦਾ । ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਡੇਰਾ ਲਾਇੰਦਾ। ਮੇਟ ਮਿਟਾਵੇ ਜੂਠ ਝੂਠ, ਸਚ ਸੁਚ ਇਕ ਸਮਝਾਇੰਦਾ। ਦਿਆਲ ਹੋ ਕੇ ਜਾਏ ਤੁਠ, ਕਾਲ ਹੋ ਕੇ ਸਰਬ ਮੁਕਾਇੰਦਾ। ਜਨਮ ਕਰਮ ਪੂਰਬ ਜੋ ਗਏ ਰੁੱਠ, ਮਾਣਸ ਮਾਨੁਖ ਮਾਨੁਸ਼ ਆਪਣੇ ਰੰਗ ਰੰਗਾਇੰਦਾ। ਜਨ

❋

❋

ਭਗਤਾਂ ਕਰੇ ਪਿਆਰ ਜਿਉਂ ਮਾਂਵਾਂ ਪੁੱਤ, ਪਿਤਾ ਪੂਤ ਗੋਦ ਸੁਹਾਇੰਦਾ। ਆਸਾ ਤ੍ਰਿਸਨਾ ਮਾਇਆ ਮਮਤਾ ਕੂੜੀ ਕਿਰਿਆ ਮੇਟੇ ਭੁੱਖ, ਹਉਮੇਂ ਹੰਗਤਾ ਗੜ੍ਹ ਤੁੜਾਇੰਦਾ। ਜਨਮ ਮਰਨ ਦਾ ਚੁੱਕੇ ਦੁੱਖ, ਲੱਖ ਚੁਰਾਸੀ ਫੰਦ ਕਟਾਇੰਦਾ। ਆਪਣੀ ਗੋਦੀ ਲਏ ਚੁੱਕ, ਸਿਰ ਆਪਣਾ ਹੱਥ ਟਿਕਾਇੰਦਾ। ਉਜਲ ਕਰੇ ਮਾਤ ਮੁਖ, ਦੁਰਮਤ ਮੈਲ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਬਦ ਸਿਫ਼ਤ ਸਾਲਾਹਿੰਦਾ। ਹਰਿ ਸ਼ਬਦ ਸਾਚੀ ਸੇਵ, ਪੁਰਖ ਅਗੰਮ ਅਥਾਹ ਕਰਾਇੰਦਾ। ਲੇਖਾ ਜਾਣੇ ਵਡ ਦੇਵੀ ਦੇਵ, ਦੇਵਤ ਸੁਰ ਹੁਕਮ ਮਨਾਇੰਦਾ । ਪਾਰਬ੍ਰਹਮ ਅਲਖ ਅਭੇਵ, ਅਗੋਚਰ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਦੇਵੇ ਸਾਚਾ ਮੇਵ, ਰਸ ਅੰਮ੍ਰਿਤ ਇਕ ਚਖਾਇੰਦਾ। ਨਾਮ ਜਪਾਏ ਬਿਨ ਰਸਨਾ ਜਿਹਵ, ਬੱਤੀ ਦੰਦ ਨਾ ਕੋਇ ਹਿਲਾਇੰਦਾ। ਅੰਦਰ ਵੜ ਕੇ ਸਾਚੇ ਮੰਦਰ ਚੜ੍ਹ ਕੇ ਖੋਲ੍ਹੇ ਭੇਵ, ਪੜਦਾ ਉਹਲਾ ਆਪ ਉਠਾਇੰਦਾ । ਮੇਲ ਮਿਲਾਏ ਇਕ ਨਿਹਕੇਵ, ਨਿਹਚਲ ਆਪਣਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ। ਮਿਹਰ ਨਜ਼ਰ ਕਰੇ ਗੁਰ ਸ਼ਬਦ ਅਪਾਰ, ਅਪਰੰਪਰ ਦਏ ਜਣਾਈਆ। ਤਨ ਕਾਇਆ ਮਾਟੀ ਖੋਲ੍ਹ ਕਿਵਾੜ, ਦੂਈ ਦਵੈਤੀ ਡੇਰਾ ਢਾਹੀਆ। ਕਰ ਪਰਕਾਸ਼ ਬਹੱਤਰ ਨਾੜ, ਘਰ ਸਾਚੇ ਕਰੇ ਰੁਸ਼ਨਾਈਆ। ਨਾਤਾ ਤੋੜ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਵੇਖਣਹਾਰਾ ਗੁਪਤ ਜਾਹਰ, ਗਹਿਰ ਗੰਭੀਰ ਆਪਣੇ ਹੱਥ ਰੱਖੇ ਵਡਿਆਈਆ। ਸੁਖਮਨ ਟੇਢੀ ਬੰਕ ਪਾਵੇ ਸਾਰ, ਈੜਾ ਪਿੰਗਲ ਬੈਠੇ ਸੀਸ ਨਿਵਾਈਆ । ਜਨ ਭਗਤਾਂ ਗੁਰਮੁਖਾਂ ਅੰਮ੍ਰਿਤ ਆਤਮ ਬਖ਼ਸ਼ੇ ਠੰਡੀ ਠਾਰ, ਨਿਝਰ ਝਿਰਨਾ ਇਕ ਝਿਰਾਈਆ। ਅਨਹਦ ਸ਼ਬਦ ਸੱਚੀ ਧੁਨਕਾਰ, ਆਤਮਕ ਰਾਗ ਇਕੋ ਇਕ ਦ੍ਰਿੜਾਈਆ । ਸਾਚੀ ਸਖੀਆਂ ਮੰਗਲਚਾਰ, ਗੀਤ ਗੋਬਿੰਦ ਅਲਾਈਆ। ਦੀਪਕ ਜੋਤ ਕਰ ਪਰਕਾਸ਼, ਸਾਚਾ ਨੂਰ ਕਰੇ ਰੁਸ਼ਨਾਈਆ। ਆਤਮ ਪਰਮਾਤਮ ਭੋਗ ਬਲਾਸ, ਸੇਜ ਸੁਹੰਜਣੀ ਸੋਭਾ ਪਾਈਆ। ਦੂਸਰ ਨਾ ਕੋਈ ਦਿਸੇ ਪਾਸ, ਸਗਲਾ ਸੰਗ ਆਪ ਅਖਵਾਈਆ। ਗੁਰਮੁਖ ਲਹਿਣਾ ਦੇਣਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਚਰਨਾਂ ਹੇਠ ਦਬਾਈਆ। ਇਕੋ ਸਿਮਰਨ ਪੂਜਾ ਪਾਠ, ਜੋਗ ਅਭਿਆਸ ਦਏ ਸਮਝਾਈਆ। ਇਕ ਸਰੋਵਰ ਤੀਰਥ ਤਾਟ, ਜਲ ਥਲ ਮਹੀਅਲ ਦਏ ਵਖਾਈਆ। ਜਿਨ੍ਹਾਂ ਸਾਹਿਬ ਸਤਿਗੁਰ ਮਿਲਿਆ ਪੁਰਖ ਸਮਰਾਥ, ਸ਼ਬਦੀ ਧਾਰ ਧਾਰ ਵਿਚੋਂ ਜਣਾਈਆ। ਤਿਨ੍ਹਾਂ ਜਨਮ ਜਨਮ ਦੀ ਪੂਰੀ ਕਰੇ ਆਸ, ਕਰਮ ਕਾਂਡ ਰਹਿਣ ਨਾ ਪਾਈਆ। ਦਿਵਸ ਰੈਣ ਘੜੀ ਪਲ ਅੱਠੇ ਪਹਿਰ ਬਣ ਕੇ ਦਾਸੀ ਦਾਸ, ਸਤਿਗੁਰ ਸੇਵਕ ਹੋ ਕੇ ਸੇਵ ਕਮਾਈਆ। ਅੰਤਰ ਆਤਮ ਮਿਲਣ ਦੀ ਰੱਖੇ ਖ਼ਾਹਸ਼, ਬਾਹਰੋਂ ਨਜ਼ਰ ਕਿਸੇ ਨਾ ਆਈਆ। ਸਾਚੇ ਘਰ ਸਾਚੇ ਗ੍ਰਹਿ ਸਾਚੇ ਮੰਦਰ ਮਹਲ ਅਟੱਲ ਕਰੇ ਨਿਵਾਸ, ਨਿਜ ਘਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸ਼ਬਦੀ ਸਾਚੀ ਕਾਰ ਕਮਾਈਆ। ਸ਼ਬਦ ਗੁਰੂ ਗੁਰ ਸਾਹਿਬ ਸੱਚਾ, ਸਤਿ ਪੁਰਖ ਨਿਰੰਜਣ ਆਪ ਵਡਿਆਇੰਦਾ। ਭਾਗ ਲਗਾਏ ਕਾਇਆ ਮਾਟੀ ਕੱਚਾ, ਪੰਜ ਤਤ ਨਿਰਗੁਣ ਸਰਗੁਣ ਰੰਗ ਰੰਗਾਇੰਦਾ। ਮੇਲ ਮਿਲਾਏ ਕਮਲਾਪਤਾ, ਕੰਤ ਕੰਤੂਹਲ ਆਪਣਾ ਰੰਗ ਵਖਾਇੰਦਾ। ਆਤਮ ਪਰਮਾਤਮ ਨਾਤਾ ਜੋੜੇ ਪੱਕਾ, ਦੋ ਜਹਾਨ ਨਾ ਕੋਇ ਤੁੜਾਇੰਦਾ। ਭਗਤ ਭਗਵਾਨ ਬਣਾਏ ਬੱਚਾ, ਬਚਪਨ ਆਪਣੇ ਨਾਲ ਮਿਲਾਇੰਦਾ। ਲੂੰ ਲੂੰ ਅੰਦਰ ਆਪੇ ਰਚਾ, ਸਾਢੇ ਤਿੰਨ ਕਰੋੜ ਸੋਭਾ ਪਾਇੰਦਾ। ਅੰਦਰ ਬਾਹਰ ਗੁਪਤ ਜਾਹਰ ਨਿਰਗੁਣ ਸਰਗੁਣ ਹੋ ਕੇ ਫਿਰੇ

❋

❋

ਨੱਠਾ, ਦੋ ਜਹਾਨਾਂ ਪੰਧ ਮੁਕਾਇੰਦਾ। ਕਰ ਪਰਕਾਸ਼ ਕਾਇਆ ਮੱਟਾ, ਜੋਤੀ ਨੂਰ ਡਗਮਗਾਇੰਦਾ। ਲੇਖ ਚੁਕਾਏ ਚੌਦਾਂ ਹੱਟਾਂ, ਚੌਦਾਂ ਤਬਕਾਂ ਵੇਖ ਵਖਾਇੰਦਾ। ਮਨਮਤ ਦਾ ਰਹੇ ਨਾ ਰੱਟਾ, ਬੁਧ ਬਿਬੇਕ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਗੁਰ ਦੇਵੇ ਇਕੋ ਰਸਾ, ਰਸ ਫੀਕੇ ਸਰਬ ਮਿਟਾਇੰਦਾ। ਸਾਚਾ ਰਸ ਅੰਮ੍ਰਿਤ ਧਾਰ, ਗੁਰ ਗੁਰ ਗੁਰਮੁਖ ਜਾਮ ਪਿਆਈਆ। ਪੀ ਪਿਆਲਾ ਹੋਏ ਗ਼ਮਖ਼ਾਰ, ਗ਼ਮੀ ਖ਼ੁਸ਼ੀ ਇਕੋ ਰੰਗ ਰੰਗਾਈਆ। ਰੋਗ ਸੋਗ ਚਿੰਤਾ ਦੁੱਖ ਨਿਵਾਰ, ਮਾਇਆ ਮਮਤਾ ਮੋਹ ਤਜਾਈਆ। ਅੰਤਰ ਆਤਮ ਬ੍ਰਹਮ ਕਰੇ ਪਿਆਰ, ਪਾਰਬ੍ਰਹਮ ਇਸ਼ਟ ਗੁਰਦੇਵ ਸਵਾਮੀ ਇਕੋ ਨਜ਼ਰੀ ਆਈਆ। ਲੇਖਾ ਚੁੱਕੇ ਚਾਰ ਕੁੰਟ ਦਹਿ ਦਿਸ਼ਾ ਤੀਰਥ ਤਟ ਅਠ ਸਠ ਕਿਨਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਬੈਠੀ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਜੋੜ ਕਰਨ ਨਮਸਕਾਰ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਭਗਤ ਭਗਵਾਨ ਕਰਨ ਜੈਕਾਰ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਰਾਗ ਸੁਣਾਈਆ। ਸੰਤ ਸੱਜਣ ਚਰਨ ਧੂੜੀ ਮੰਗਣ ਛਾਰ, ਮਸਤਕ ਟਿੱਕਾ ਇਕ ਰਮਾਈਆ। ਗੁਰਮੁਖ ਗੁਰਸਿਖ ਉਚੀ ਕੂਕ ਕੂਕ ਕਰਨ ਪੁਕਾਰ, ਬਿਰਹੋਂ ਰੋਗ ਨਾ ਲਾਗੇ ਰਾਈਆ। ਨਿਤ ਨਵਿਤ ਜੁਗ ਜੁਗ ਹਰਿ ਕਰਤੇ ਤੇਰੀ ਸਾਚੀ ਕਾਰ, ਕਰਨੀ ਆਪਣੇ ਹੱਥ ਰਖਾਈਆ। ਸ਼ਬਦ ਗੁਰੂ ਗੁਰੂ ਬਲਹਾਰ, ਬਲਹਾਰੀ ਆਪਣਾ ਆਪ ਭੇਟ ਚੜ੍ਹਾਈਆ। ਜਿਸ ਵਿਛੜਿਆਂ ਦੁਖੀ ਦਿਸੇ ਸੰਸਾਰ, ਸੁਖ ਸਾਗਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਤਾ ਆਪਣਾ ਭੇਵ ਉਠਾਈਆ। ਆਪਣਾ ਭੇਵ ਖੋਲ੍ਹੇ ਪ੍ਰਭ, ਪਾਰਬ੍ਰਹਮ ਬੇਪਰਵਾਹ ਅਖਵਾਇੰਦਾ। ਸ਼ਬਦ ਸੁਹੇਲਾ ਸੱਚਾ ਸੱਦ, ਸਦਾ ਆਪਣਾ ਨਾਮ ਸੁਣਾਇੰਦਾ । ਦੋ ਜਹਾਨਾਂ ਵੇਖ ਹੱਦ, ਪੁਰੀ ਲੋਅ ਬ੍ਰਹਿਮੰਡ ਖੰਡ ਸਾਚਾ ਰਾਹ ਜਣਾਇੰਦਾ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਵੇਖ ਹੱਡ, ਮਾਸ ਨਾੜੀ ਖੋਜ ਖੁਜਾਇੰਦਾ। ਆਤਮ ਪਰਮਾਤਮ ਵਿਛੜ ਜੋ ਹੋਏ ਅੱਡ, ਤਿਨ੍ਹਾਂ ਇਕੋ ਹੁਕਮ ਵਰਤ । ਨਿਰਗੁਣ ਨਿਰਵੈਰ ਹੋ ਕੇ ਭੱਜ, ਪਾਂਧੀ ਹੋ ਕੇ ਪੰਧ ਮੁਕਾਇੰਦਾ। ਸ਼ਬਦ ਸਰੂਪ ਹੋ ਕੇ ਗੱਜ, ਜੈ ਜੈਕਾਰਾ ਇਕੋ ਨਾਮ ਵਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮੱਕੇ ਕਾਅਬੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੇਰਾ ਕਰ ਕੇ ਗਏ ਹੱਜ, ਗੁਰੂਦਵਾਰ ਤੇਰਾ ਰਾਹ ਤਕਾਇੰਦਾ। ਜਿਸ ਗ੍ਰਹਿ ਜਾਵੇਂ ਸਜ, ਸੋ ਥਾਨ ਭੂਮਿਕਾ ਆਸਣ ਸੋਭਾ ਪਾਇੰਦਾ। ਕੋਟਨ ਕੋਟ ਰਿਖ ਮੁਨ ਜੋਗੀ ਜਤੀ ਜੰਗਮ ਸਨਿਆਸੀ ਤੈਨੂੰ ਰਹੇ ਲੱਭ, ਮੁੱਲਾ ਸ਼ੇਖ਼ ਮਸਾਇਕ ਪੀਰ ਤੇਰਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਸ਼ਬਦ ਤੇਰਾ ਲੇਖਾ ਇਕੋ ਘਰ ਵਖਾਇੰਦਾ। ਸ਼ਬਦ ਕਹੇ ਮੋਹੇ ਚਾਉ ਘਨੇਰਾ, ਪ੍ਰਭੂ ਤੇਰੀ ਸਿਫ਼ਤ ਸਾਲਾਹੀਆ । ਧੰਨ ਭਾਗ ਤੂੰ ਬਣਿਆ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਸਮਰਥ ਤੇਰਾ ਸਚਖੰਡ ਦਵਾਰ ਡੇਰਾ, ਮੇਰਾ ਥਿਰ ਘਰ ਆਸਣ ਦਿਤਾ ਬਣਾਈਆ। ਜੁਗ ਚੌਕੜੀ ਨਿਤ ਦਰਸ਼ਨ ਕਰਾਂ ਹੋ ਕੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਦੋ ਜਹਾਨ ਖੁਲ੍ਹਾ ਵਿਹੜਾ, ਜਿਸ ਵਿਚ ਕੋਟਨ ਕੋਟ ਬ੍ਰਹਿਮੰਡ ਰਿਹਾ ਵਸਾਈਆ। ਵਿਸ਼ਨ ਬ੍ਰਹਮਾ ਸ਼ਿਵ ਮੇਰਾ ਚੇਰਾ, ਤ੍ਰੈਗੁਣ ਮਾਇਆ ਪੰਜ ਤਤ ਕਰੀ ਕੁੜਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਸਾਇਆ ਖੇੜਾ, ਪੰਜ ਤਤ ਬ੍ਰਹਮ ਮਤ ਦਿਤੀ ਸਮਝਾਈਆ। ਸਾਚਾ ਹੁਕਮ ਸੰਦੇਸਾ ਦਿਤਾ ਕਰ ਕੇ ਮਿਹਰਾ, ਬੋਧ ਅਗਾਧ ਕਰੀ ਪੜ੍ਹਾਈਆ। ਭੇਵ ਅਭੇਦਾ ਮੇਰਾ ਜਾਣੇ

❋

❋

ਕਿਹੜਾ, ਮਨ ਮਤ ਬੁਧ ਚਲੇ ਨਾ ਕੋਇ ਚਤਰਾਈਆ। ਚੌਦਾਂ ਵਿਦਿਆ ਦੇਵੇ ਗੇੜਾ, ਚੌਦਾਂ ਤਬਕ ਵੇਖਾਂ ਥਾਉਂ ਥਾਈਂਆ। ਬਿਨ ਸਾਹਿਬ ਸਤਿਗੁਰ ਪੁਰਖ ਅਕਾਲ ਕੋਈ ਨਾ ਜਾਣੇ ਆਰ ਪਾਰ ਕਿਨਾਰਾ ਮੇਰਾ, ਬੇੜਾ ਵਹਿਣ ਵਹੇ ਲੱਖ ਚੁਰਾਸੀ ਜੀਵ ਜੰਤ ਧਾਰ ਆਪਣੀ ਵਿਚ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸੱਚਾ ਮਸਤਕ ਲੇਖ ਬਣਾਈਆ। ਸ਼ਬਦ ਕਹੇ ਪ੍ਰਭ ਮੇਰੇ ਠਾਕਰ, ਸਵਾਮੀ ਤੇਰੇ ਹੱਥ ਵਡਿਆਈਆ। ਸ੍ਰਿਸ਼ਟ ਸਬਾਈ ਤੇਰਾ ਸਾਗਰ, ਭਵਜਲ ਤੇਰੀ ਧਾਰ ਬਣਾਈਆ। ਤੂੰ ਕਰੀਮ ਕਰਤਾ ਧੁਰ ਦਾ ਕਾਦਰ, ਕੁਦਰਤ ਤੇਰਾ ਰਸ ਨਜ਼ਰੀ ਆਈਆ। ਮੈਂ ਵਣਜਾਰਾ ਸ਼ਬਦ ਸੌਦਾਗਰ, ਸਾਚਾ ਹੱਟ ਖੁਲ੍ਹਾਈਆ। ਤੂੰ ਬੈਠਾ ਰਹੇਂ ਨਿਰਮਲ ਜੋਤ ਇਕਾਗਰ, ਸਤਿ ਸਰੂਪ ਸੋਭਾ ਪਾਈਆ। ਤੂੰ ਸਾਹਿਬ ਸੁਲਤਾਨ ਜੋਧਾ ਸੂਰਬੀਰ ਬਹਾਦਰ, ਸ਼ਹਿਨਸ਼ਾਹ ਸੀਸ ਜਗਦੀਸ ਤਾਜ ਟਿਕਾਈਆ। ਮੈਂ ਨਿਉਂ ਨਿਉਂ ਚਰਨ ਕਵਲ ਸੀਸ ਝੁਕਾ ਕਰਾਂ ਨਵਾਜ਼ਸ਼, ਨਮੋ ਨਮੋ ਤੇਰਾ ਧਿਆਨ ਲਗਾਈਆ। ਤੁਧ ਬਿਨ ਮੇਰੀ ਕਰੇ ਨਾ ਕੋਈ ਹਿਫ਼ਾਜ਼ਤ, ਸਿਰ ਹੱਥ ਨਾ ਕੋਇ ਟਿਕਾਈਆ। ਸਚ ਦਵਾਰ ਸਤਿ ਸਤਿਵਾਦੀ ਪਾਰਬ੍ਰਹਮ ਤੇਰੀ ਵੇਖੀ ਇਕ ਅਦਾਲਤ, ਅਦਲ ਇਕੋ ਨਜ਼ਰੀ ਆਈਆ। ਤੇਰੇ ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਕਰ ਕੇ ਗਏ ਬਗ਼ਾਵਤ, ਦੀਨ ਮਜ਼੍ਹਬ ਕਰਨ ਲੜਾਈਆ। ਸਚ ਨਾਮ ਸਾਚੀ ਦੇਵੇ ਨਾ ਕੋਇ ਸਖ਼ਾਵਤ, ਵਸਤ ਅਮੋਲਕ ਝੋਲੀ ਕੋਇ ਨਾ ਪਾਈਆ। ਪਰੇਮ ਪਿਆਰ ਅੰਦਰ ਦੇਵੇ ਨਾ ਕੋਈ ਦਾਅਵਤ, ਮੁਹੱਬਤਖ਼ਾਨੇ ਵਿਚ ਮਹਿਬੂਬ ਮੇਲ ਨਾ ਕੋਇ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇ ਇਕ ਨਿਆਮਤ, ਤੋਹਫ਼ਾ ਸਚ ਤੌਫ਼ੀਕ ਖ਼ੁਦਾਏ ਆਪਣੀ ਰਹਿਮਤ ਝੋਲੀ ਪਾਈਆ । ਰਹਿਮਤ ਰਹਿਮ ਕਰੇ ਖ਼ੁਦਾ, ਖ਼ਾਲਕ ਖ਼ਾਲਕ ਰੂਪ ਵਟਾਈਆ। ਨਿਤ ਨਵਿਤ ਜੋ ਰਹੇ ਜੁਦਾ, ਜੁਜ਼ ਆਪਣਾ ਦਏ ਸਮਝਾਈਆ। ਜੋ ਮੁਰੀਦ ਮੁਰਸ਼ਦ ਉਤੋਂ ਹੋਵੇ ਫ਼ਿਦਾ, ਫ਼ਿਤਰਤ ਆਪਣੀ ਦਏ ਚੁਕਾਈਆ। ਤਿਸ ਮਾਰਗ ਰਹਿਬਰ ਦੇਵੇ ਰਾਹ ਸਿਧਾ, ਪਰਦਾ ਉਹਲਾ ਆਪ ਉਠਾਈਆ। ਸੂਫ਼ੀਆਂ ਅੰਦਰ ਰੱਖਿਆ ਆਪਣਾ ਹਿੱਸਾ, ਸੋਹਣੀ ਵੰਡ ਵੰਡਾਈਆ। ਭਗਤਾਂ ਸਚ ਦਵਾਰਿਉਂ ਇਕੋ ਦਿਸਾ, ਦਹਿ ਦਿਸ਼ਾ ਢੂੰਡਣ ਕੋਇ ਨਾ ਜਾਈਆ । ਸੰਤ ਕਹਿਣ ਪਰਮ ਪੁਰਖ ਪ੍ਰਭ ਸਾਚਾ ਪਿਤਾ, ਘਟ ਘਟ ਰਿਹਾ ਸਮਾਈਆ । ਗੁਰਮੁਖ ਕਹਿਣ ਕਰੇ ਨਿਰਗੁਣ ਸਰਗੁਣ ਹਿਤਾ, ਹਿਤਕਾਰੀ ਵੇਖ ਵਖਾਈਆ। ਗੁਰਸਿਖ ਕਹਿਣ ਕਦੇ ਨਾ ਦੇਵੇ ਪਿਛਾ, ਸਨਮੁਖ ਹੋ ਕੇ ਦਰਸ ਦਿਖਾਈਆ। ਸ੍ਰੀ ਭਗਵਾਨ ਕਹੇ ਸ਼ਬਦ ਗੁਰੂ ਗੁਰ ਸਦਾ ਕਰੇ ਰਿਛਾ, ਰਿਛਕ ਆਪਣਾ ਨਾਉਂ ਪਰਗਟਾਈਆ। ਹਰਿਜਨ ਪਾਵੇ ਧੁਰ ਦੀ ਭਿਛਾ, ਭਿਛਿਆ ਇਕੋ ਇਕ ਵਰਤਾਈਆ। ਨਾਮ ਰਸ ਅੰਮ੍ਰਿਉਂ ਦੇਵੇ ਮਿਠਾ, ਰਸਨਾ ਰਸ ਨਾ ਜਾਣੇ ਰਾਈਆ। ਇਹੋ ਖੇਲ ਆਦਿ ਜੁਗਾਦਿ ਜੁਗ ਚੌਕੜੀ ਕਰੇ ਅਨਡਿਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਪਿਛੋਂ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪ੍ਰਭੂ ਸਤਿਗੁਰੂ ਦਾ ਸੰਦੇਸ਼ ਪੜ੍ਹਦੇ ਚਿਠਾ, ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਭਗਤ ਭਗਵਾਨ ਆਪੇ ਫੜ, ਕਿਲਾ ਤੋੜ ਹੰਕਾਰੀ ਗੜ੍ਹ, ਪੰਚ ਵਿਕਾਰਾ ਸੁੱਟੇ ਦੜ, ਲੇਖਾ ਜਾਣੇ ਚੋਟੀ ਜੜ੍ਹ, ਘਰ ਗ੍ਰਹਿ ਮੇਲਾ ਸਹਿਜ ਸੁਭਾਈਆ।

❋

❋