ਪੁਸਤਕਾਲਾਭਾਗ ੧੬

੮ ਜੇਠ ੨੦੨੧ ਬਿਕ੍ਰਮੀ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਕਾਉਂ ਕੇ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਠਾਂਡਾ ਦਰਬਾਰ, ਹਰਿ ਕਰਤਾ ਆਪ ਲਗਾਇੰਦਾ। ਹਰਿ ਪੁਰਖ ਨਿਰੰਜਣ ਬੇਐਬ ਪਰਵਰਦਿਗਾਰ, ਅਲਖ ਅਗੋਚਰ ਅਗੰਮ ਅਥਾਹ ਆਪਣੀ ਕਾਰ ਕਮਾਇੰਦਾ। ਏਕੰਕਾਰ ਨਿਰਵੈਰ ਨਿਰਾਕਾਰ, ਅਕਲ ਕਲਧਾਰੀ ਆਪਣੀ ਕਲ ਧਰਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਜੋਤੀ ਜਲਵਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸ਼ਾਹ ਸਿਕਦਾਰ, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਇੰਦਾ। ਸ੍ਰੀ ਭਗਵਾਨ ਵੇਖਣਹਾਰ, ਰੂਪ ਅਨੂਪ ਨਜ਼ਰ ਕੋਇ ਨਾ ਆਇੰਦਾ। ਪਾਰਬ੍ਰਹਮ ਦਰ ਦਰਵੇਸ਼ ਬਣ ਭਿਖਾਰ, ਅਲਖ ਨਿਰੰਜਣ ਇਕੋ ਅਲਖ ਜਗਾਇੰਦਾ। ਪੁਰਖ ਅਕਾਲ ਪਾਵੇ ਸਾਰ, ਪਰਵਰਦਗਾਰ ਖੋਜ ਖੁਜਾਇੰਦਾ। ਮਹਲ ਅਟੱਲ ਕਰ ਉਜਿਆਰ, ਦੀਆ ਬਾਤੀ ਕਮਲਾਪਾਤੀ ਇਕੋ ਡਗਮਗਾਇੰਦਾ। ਸਚ ਸਿੰਘਾਸਣ ਸੋਭਾਵੰਤ ਕਰ ਤਿਆਰ, ਸਚ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਖੋਲ੍ਹ ਕਿਵਾੜ, ਨਿਰਗੁਣ ਆਪਣੀ ਕਾਰ ਕਮਾਇੰਦਾ। ਭੂਪਤ ਭੂਪ ਬਣ ਰਾਜ ਰਾਜਾਨ, ਹੁਕਮ ਹਾਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਕਾਰ ਕਮਾਇੰਦਾ ।

❋

❋

ਸਾਚੀ ਕਰਨੀ ਹਰਿ ਭਗਵੰਤ, ਕਰਤਾ ਪੁਰਖ ਆਪ ਕਮਾਈਆ। ਆਪੇ ਆਦਿ ਆਪੇ ਅੰਤ, ਆਪਣਾ ਖੇਲ ਆਪ ਰਚਾਈਆ। ਆਪੇ ਨਾਰ ਆਪੇ ਕੰਤ, ਕੰਤ ਕੰਤੂਹਲ ਆਪਣਾ ਨਾਉਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਇਕ ਸੁਹਾਈਆ। ਸਚ ਦਵਾਰ ਸੁਹੰਜਣਾ, ਕਰਨੀ ਕਰਤਾ ਆਪ ਕਮਾਇੰਦਾ। ਆਦਿ ਜੁਗਾਦੀ ਪੁਰਖ ਨਿਰੰਜਣਾ, ਨੂਰ ਨੁਰਾਨਾ ਡਗਮਗਾਇੰਦਾ । ਸਚ ਦਵਾਰੇ ਬਣ ਭਿਖਾਰੀ ਆਪੇ ਮੰਗਣਾ, ਦਰਵੇਸ਼ ਆਪਣਾ ਨਾਉਂ ਧਰਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਹੋ ਭੰਜਨਾ, ਵਸਤ ਅਮੋਲਕ ਆਪਣੀ ਆਪ ਵਰਤਾਇੰਦਾ। ਸਚ ਦਵਾਰੇ ਮਿੱਤਰ ਮੀਤ ਪਿਆਰਾ ਬਣੇ ਸੱਜਣਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਨਾ ਘੜਿਆ ਨਾ ਅੰਤ ਭੱਜਣਾ, ਘੜਨ ਭੰਨਣਹਾਰ ਆਪਣੀ ਕਾਰ ਕਮਾਇੰਦਾ। ਭੇਵ ਅਭੇਦਾ ਆਪਣਾ ਖੋਲ੍ਹ ਆਪੇ ਦੱਸਣਾ, ਦੂਜਾ ਵੇਸ ਨਾ ਕੋਇ ਵਟਾਇੰਦਾ । ਸਚਖੰਡ ਦਵਾਰ ਤਖ਼ਤ ਨਿਵਾਸੀ ਬਹਿ ਆਪੇ ਸਜਣਾ, ਸਚ ਜਗਦੀਸ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਆਪ ਕਮਾਇੰਦਾ। ਕਰਨੀ ਕਰਤਾ ਕਰੇ ਸਮਰਥ, ਪ੍ਰਭ ਵੱਡਾ ਵਡ ਵਡਿਆਈਆ। ਨਿਰਗੁਣ ਜੋਤ ਕਰ ਪਰਗਟ, ਜੋਤੀ ਜਾਤਾ ਕਰੇ ਰੁਸ਼ਨਾਈਆ। ਸਤਿ ਦਵਾਰਾ ਖੋਲ੍ਹ ਹੱਟ, ਵਸਤ ਅਗੰਮ ਵਿਚ ਟਿਕਾਈਆ। ਦੇਵਣਹਾਰਾ ਆਪਣੇ ਹੱਥ, ਸਦਾ ਸੁਹੇਲਾ ਆਪ ਵਰਤਾਈਆ । ਸਚ ਸਵਾਮੀ ਬਣ ਕੇ ਮਿਤ, ਪ੍ਰੀਤਮ ਆਪਣੀ ਪ੍ਰੀਤ ਜੋੜ ਜੁੜਾਈਆ। ਨਿਰਗੁਣ ਹੋ ਕੇ ਕਰੇ ਹਿਤ, ਹਿਤਕਾਰੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸਚ ਸਿੰਘਾਸਣ ਆਸਣ ਲਾਈਆ। ਸਚ ਦਵਾਰਾ ਸਚਖੰਡ, ਸਤਿ ਸਤਿਵਾਦੀ ਡੇਰਾ ਲਾਇੰਦਾ। ਆਦਿ ਜੁਗਾਦੀ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਵਡਿਆਇੰਦਾ। ਨਾ ਕੋਈ ਬ੍ਰਹਿਮੰਡ ਨਾ ਖੰਡ, ਜੇਰਜ ਅੰਡ ਵੰਡ ਨਾ ਕੋਇ ਵੰਡਾਇੰਦਾ। ਛੱਪਰ ਛੰਨ ਚਾਰ ਦੀਵਾਰ ਨਾ ਕੋਈ ਕੰਧ, ਮੰਦਰ ਰੂਪ ਨਾ ਕੋਇ ਵਟਾਇੰਦਾ। ਦਰ ਦਰਵੇਸ਼ ਨਾ ਕੋਈ ਮੰਗੇ ਮੰਗ, ਝੋਲੀ ਖ਼ਾਲੀ ਅੱਗੇ ਨਾ ਕੋਇ ਰਖਾਇੰਦਾ। ਨਾ ਕੋਈ ਗੀਤ ਸੁਣਾਏ ਛੰਦ, ਰਸਨਾ ਜਿਹਵਾ ਰਾਗ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਇਕ ਵਡਿਆਇੰਦਾ। ਸਚ ਦਵਾਰਾ ਸਚਖੰਡ ਵੱਡਾ, ਹਰਿ ਵੱਡਾ ਦਏ ਵਡਿਆਈਆ। ਜਿਥੇ ਵਸੇ ਆਪੇ ਨੱਢਾ, ਬਾਲ ਜਵਾਨੀ ਬਿਰਧ ਰੂਪ ਨਾ ਕੋਇ ਵਖਾਈਆ। ਆਰ ਪਾਰ ਮਧ ਜਾਣੇ ਆਪਣੀ ਹੱਦਾ, ਕਿਨਾਰਾ ਸਕੇ ਨਾ ਕੋਇ ਸਮਝਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਅਬਿਨਾਸ਼ੀ ਆਪ ਸਜਾ, ਜਗਤ ਦਵਾਰ ਨਾ ਕੋਇ ਵਡਿਆਈਆ। ਆਪਣੇ ਹੁਕਮ ਅੰਦਰ ਆਪੇ ਬੱਝਾ, ਦੂਜਾ ਹੁਕਮ ਨਾ ਕੋਇ ਸੁਣਾਈਆ। ਆਪਣੀ ਪ੍ਰੇਮ ਪ੍ਰੀਤੀ ਅੰਦਰ ਆਪੇ ਰੱਜਾ, ਤ੍ਰਿਸਨਾ ਭੁੱਖ ਨਾ ਕੋਇ ਰਖਾਈਆ। ਆਪੇ ਸਤਿ ਪਿਆਲਾ ਪੀਤਾ ਮਧਾ, ਰਸ ਆਪਣੇ ਵਿਚੋਂ ਪਰਗਟਾਈਆ। ਆਪੇ ਜੋਤ ਪਰਕਾਸ਼ ਨਿਰਗੁਣ ਦੀਪਕ ਜਗਾ, ਨੂਰ ਉਜਾਲਾ ਇਕ ਵਖਾਈਆ। ਆਪੇ ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਫਿਰੇ ਭੱਜਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਆਪੇ ਆਪਣੀ ਧਾਰੋਂ ਜਨਨੀ ਜਨ ਹੋ ਕੇ ਜਣਿਆ ਬੱਚਾ, ਸੁਤ ਦੁਲਾਰਾ ਸ਼ਬਦੀ ਨਾਉਂ ਰਖਾਈਆ। ਬਿਨ ਪੁਰਖ ਅਕਾਲ ਦੂਜੇ ਕਿਸੇ ਨਾ ਕੋਈ ਪਤਾ, ਅੰਤ ਕਹੇ ਕੋਈ ਨਾ ਰਾਈਆ। ਸਚ ਦਵਾਰ ਇਕੋ ਵਸਾ, ਨਿਹਚਲ ਧਾਮ ਦਏ ਵਡਿਆਈਆ।

❋

❋

ਸਚਖੰਡ ਅੰਦਰ ਥਿਰ ਘਰ ਸਾਚਾ ਰੱਖਾ, ਚਰਨ ਕਵਲ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਸਚਖੰਡ ਨਿਵਾਸੀ ਪਰਗਟਾਇਆ ਪੂਤ, ਮਾਤ ਪਿਤ ਨਜ਼ਰ ਕੋਇ ਨਾ ਆਈਆ। ਨਾ ਕੋਈ ਦਿਸ਼ਾ ਨਾ ਕੋਈ ਕੂਟ, ਹਿਸਾ ਵੰਡ ਨਾ ਕੋਇ ਵਖਾਈਆ। ਨਾ ਕੋਈ ਤਤ ਨਾ ਕੋਈ ਕਲਬੂਤ, ਰੂਹ ਬੁੱਤ ਨਾ ਮੇਲ ਮਿਲਾਈਆ। ਨਾ ਕੋਈ ਤਾਗਾ ਤਾਣਾ ਪੇਟਾ ਸੂਤ, ਟੁੱਟੀ ਗੰਢ ਨਾ ਕੋਇ ਵਖਾਈਆ। ਨਾ ਕੋਈ ਮਹਲ ਅਟੱਲ ਅਰੂਜ, ਛੱਪਰ ਛੰਨ ਨਾ ਕੋਇ ਛੁਹਾਈਆ। ਨਾ ਕੋਈ ਸ਼ਸਤਰ ਬਸਤਰ ਕਰੇ ਮਹਿਫ਼ੂਜ਼, ਮਿਹਰਵਾਨ ਆਪਣੀ ਮਿਹਰ ਆਪਣੇ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਗ੍ਰਹਿ ਖ਼ੁਸ਼ੀ ਮਨਾਈਆ। ਸਚ ਗ੍ਰਹਿ ਵਸੇ ਦਵਾਰਾ, ਮਿਲੇ ਮਾਣ ਵਡਿਆਈਆ। ਕਿਰਪਾ ਕਰੇ ਆਪ ਨਿਰੰਕਾਰਾ, ਨਿਰਗੁਣ ਨਿਰਵੈਰ ਖੇਲ ਵਖਾਈਆ। ਸ਼ਬਦੀ ਸੁਤ ਇਕ ਦੁਲਾਰਾ, ਸ਼ਾਹ ਪਾਤਸ਼ਾਹ ਆਪ ਉਪਜਾਈਆ। ਚਰਨ ਪ੍ਰੀਤੀ ਦੇ ਪਿਆਰਾ, ਸਿਰ ਆਪਣਾ ਹੱਥ ਟਿਕਾਈਆ । ਮਹਲ ਅਟੱਲ ਇਕ ਉਸਾਰਾ, ਥਿਰ ਘਰ ਨਾਉਂ ਰਖਾਈਆ। ਦੀਵਾ ਬਾਤੀ ਆਪੇ ਬਾਲਾ, ਜੋਤੀ ਜੋਤ ਕਰੇ ਰੁਸ਼ਨਾਈਆ। ਸਾਚਾ ਮੰਤਰ ਇਕ ਸੁਖਾਲਾ, ਸਿਖਿਆ ਦੇ ਕਰੀ ਪੜ੍ਹਾਈਆ। ਸਚਖੰਡ ਮੇਰੀ ਸੱਚੀ ਧਰਮਸਾਲਾ, ਸਚ ਸਿੰਘਾਸਣ ਸੋਭਾ ਪਾਈਆ। ਤੇਰਾ ਮੇਰਾ ਖੇਲ ਨਿਰਾਲਾ, ਆਦਿ ਜੁਗਾਦਿ ਕੋਈ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਦਏ ਸਮਝਾਈਆ। ਸੁਤ ਸ਼ਬਦ ਚੜ੍ਹਿਆ ਚਾਉ ਘਨੇਰਾ, ਥਿਰ ਘਰ ਵੱਜੀ ਵਧਾਈਆ। ਪੁਰਖ ਅਕਾਲ ਬਣਿਆ ਪਿਤਾ ਮੇਰਾ, ਜਨਨੀ ਜਣੇ ਨਾ ਕੋਈ ਮਾਈਆ। ਜਿਸ ਦਾ ਇਕੋ ਸਚਖੰਡ ਖੇੜਾ, ਦੂਜਾ ਦਰ ਨਾ ਕੋਇ ਖੁਲ੍ਹਾਈਆ। ਜਿਸ ਦਾ ਉਚਾ ਲੰਮਾਂ ਕੋਈ ਨਾ ਜਾਣੇ ਵਿਹੜਾ, ਪਾਰ ਕਿਨਾਰਾ ਪਾਰ ਨਾ ਕੋਇ ਰਖਾਈਆ। ਓਥੇ ਨਾਤਾ ਜੁੜਿਆ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਕਰੇ ਆਪਣੀ ਮਿਹਰਾ, ਮਿਹਰਵਾਨ ਹੋਏ ਸਹਾਈਆ। ਸਮਰਥ ਪੁਰਖ ਕਿਹਾ ਇਕੋ ਸੁਤ ਸ਼ਬਦ ਬਥੇਰਾ, ਦੂਜੀ ਲੋੜ ਰਹੇ ਨਾ ਰਾਈਆ। ਜਿਸ ਨਾਲ ਥਿਰ ਘਰ ਵਸੇ ਖੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਆਪ ਕਮਾਈਆ। ਥਿਰ ਘਰ ਵਸਿਆ ਸਚ ਮਹੱਲ, ਹਰਿ ਕਰਤਾ ਆਪ ਵਸਾਇੰਦਾ। ਨਾਉਂ ਰਖਾਇਆ ਉਚ ਅਟੱਲ, ਭੇਵ ਕੋਇ ਨਾ ਪਾਇੰਦਾ। ਅਗੰਮੀ ਦੀਪਕ ਰਿਹਾ ਬਲ, ਤੇਲ ਬਾਤੀ ਵਿਚ ਨਾ ਕੋਇ ਰਖਾਇੰਦਾ। ਸਚਖੰਡ ਨਿਵਾਸੀ ਵਸਾਇਆ ਨਿਹਚਲ ਧਾਮ ਅਚੱਲ, ਅਚੱਲ ਮੂਰਤ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨਾ, ਮਹਿਬੂਬ ਇਕੋ ਰਾਹ ਤਕਾਈਆ। ਏਕੰਕਾਰਾ ਵਡ ਬਲਵਾਨਾ, ਲੇਖਾ ਜਾਣੇ ਨੂਰ ਖ਼ੁਦਾਈਆ। ਆਦਿ ਨਿਰੰਜਣ ਜੋਤ ਮਹਾਨਾ, ਜਲਵਾ ਇਕੋ ਇਕ ਰੁਸ਼ਨਾਈਆ। ਅਬਿਨਾਸ਼ੀ ਕਰਤਾ ਨੌਜਵਾਨਾ, ਪਰਵਰਦਿਗਾਰ ਨਾ ਮਰੇ ਨਾ ਜਾਈਆ। ਸ੍ਰੀ ਭਗਵਾਨ ਲੇਖਾ ਜਾਣੇ ਸਚ ਮਕਾਨਾ, ਮੁਕਾਮੇ ਹੱਕ ਡੇਰਾ ਲਾਈਆ। ਪਾਰਬ੍ਰਹਮ ਮਰਦ ਮਰਦਾਨਾ, ਸਚ ਮਰਦਾਨਗੀ ਇਕ ਕਮਾਈਆ। ਤਖ਼ਤ ਨਿਵਾਸੀ ਰਾਜ ਰਾਜਾਨਾ, ਸ਼ਹਿਨਸ਼ਾਹ ਅਖਵਾਈਆ। ਸੁਤ ਦੁਲਾਰੇ ਦੇਵੇ ਦਾਨਾ, ਧੁਰ

❋

❋

ਦੀ ਦਾਤ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਖੇਲ ਮਹਾਨਾ, ਤ੍ਰੈਗੁਣ ਮਾਇਆ ਪੰਜ ਤਤ ਕਰੇ ਕੁੜਮਾਈਆ। ਲੱਖ ਚੁਰਾਸੀ ਤੇਰਾ ਨੂਰ ਨੁਰਾਨਾ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਨੌ ਸਤ ਬੱਧਾ ਗਾਨਾ, ਸੋਹਣਾ ਸਗਨ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦੇਵੇ ਮਾਣਾ, ਜੁਗ ਚੌਕੜੀ ਬੰਧਨ ਪਾਈਆ। ਸ਼ਬਦ ਅਗੰਮੀ ਬੋਲ ਤਰਾਨਾ, ਧੁਰ ਦਾ ਰਾਗ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪਰਧਾਨਾ, ਲੋਕਮਾਤ ਪੰਜ ਤਤ ਆਤਮ ਪਰਮਾਤਮ ਕਰੇ ਕੁੜਮਾਈਆ। ਸ਼ਾਸਤਰ ਸਿਮਰਤ ਭੇਵ ਖੁਲ੍ਹਾਏ ਅੰਜੀਲ ਕੁਰਾਨਾ, ਗੀਤਾ ਗਿਆਨ ਇਕ ਦ੍ਰਿੜਾਈਆ । ਖਾਣੀ ਬਾਣੀ ਦਏ ਪਰਵਾਨਾ, ਪਰਮ ਪੁਰਖ ਸਚ ਸੰਦੇਸਾ ਇਕ ਸੁਣਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਖੇਲੇ ਖੇਲ ਮਹਾਨਾ, ਖ਼ਾਲਕ ਖ਼ਲਕ ਵਿਚ ਸਮਾਈਆ। ਧੁਰ ਸੰਦੇਸਾ ਦੇਵੇ ਇਕ ਗਿਆਨਾ, ਪਾਰਬ੍ਰਹਮ ਬ੍ਰਹਮ ਵਿਦਿਆ ਇਕ ਪੜ੍ਹਾਈਆ। ਭਗਤਾਂ ਬਖ਼ਸ਼ੇ ਚਰਨ ਧਿਆਨਾ, ਸ੍ਰੀ ਭਗਵਾਨ ਭੇਵ ਖੁਲ੍ਹਾਈਆ। ਸੰਤਾਂ ਦੇਵੇ ਨਾਮ ਨਿਧਾਨਾ, ਨਿਰੰਤਰ ਬ੍ਰਹਮ ਦਏ ਸਮਝਾਈਆ। ਗੁਰਮੁਖਾਂ ਦੇਵੇ ਚਰਨ ਧੂੜ ਇਸ਼ਨਾਨਾ, ਦੁਰਮਤ ਮੈਲ ਧਵਾਈਆ। ਗੁਰਸਿਖਾਂ ਹੋਏ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਏ ਸਮਝਾਈਆ। ਸ਼ਬਦ ਸੁਤ ਸੁਣ ਧੁਰ ਦੀ ਆਵਾਜ਼, ਬਿਨ ਰਸਨਾ ਜਿਹਵਾ ਹਰਿ ਸੁਣਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਰਾਜ, ਰਹਿਮਤ ਕਰ ਕੇ ਆਪ ਖੁਲ੍ਹਾਇੰਦਾ। ਕੋਟਨ ਕੋਟ ਸਿਫ਼ਤੀ ਨਾਮ ਕਰਨ ਜਹਾਦ, ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਡੰਕਾ ਇਕੋ ਇਕ ਵਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸਾਜਣ ਸਾਜ, ਪੰਜ ਤਤ ਕਾਇਆ ਚੋਲਾ ਇਕ ਵਖਾਇੰਦਾ। ਵਸਤ ਅਮੋਲਕ ਧੁਰ ਦੀ ਦੇ ਕੇ ਦਾਤ, ਲੋਕਮਾਤ ਖੇਲ ਕਰਾਇੰਦਾ। ਰਸਨਾ ਜਿਹਵਾ ਬੱਤੀ ਦੰਦ ਦੱਸ ਕੇ ਪੂਜਾ ਪਾਠ, ਸਿਮਰਨ ਇਕੋ ਇਕ ਵਖਾਇੰਦਾ। ਅੰਦਰ ਵੜ ਕੇ ਸਾਚੇ ਮੰਦਰ ਚੜ੍ਹ ਕੇ ਸ਼ਬਦ ਅਗੰਮੀ ਖੋਲ੍ਹਾਂ ਰਾਜ਼, ਭੇਵ ਅਭੇਦਾ ਆਪ ਸਮਝਾਇੰਦਾ। ਸਾਚਾ ਕਲਮਾ ਦੇ ਨਿਮਾਜ਼, ਨਬੀ ਰਸੂਲ ਆਪ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਤਾ ਪੁਰਖ ਆਪਣੀ ਕਾਰ ਕਮਾਇੰਦਾ। ਸ਼ਬਦ ਸੁਤ ਸੁਣ ਕਰ ਧਿਆਨ, ਹਰਿ ਕਰਤਾ ਆਪ ਜਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਚੌਕੜੀ ਜਗਤ ਗਿਆਨ, ਚੌਦਾਂ ਵਿਦਿਆ ਕਰੇ ਪੜ੍ਹਾਈਆ । ਗੁਰਮੁਖ ਵਿਰਲੇ ਦੇਵੇ ਪਹਿਚਾਨ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਖੁਲ੍ਹਾਈਆ। ਅੰਤਰ ਆਤਮ ਦੇਵੇ ਦਾਨ, ਪਰਮਾਤਮ ਆਪਣਾ ਰੰਗ ਰੰਗਾਈਆ । ਸਾਚਾ ਰਾਗ ਸੁਣਾਏ ਧੁਰ ਦੇ ਕਾਨ, ਅਨਾਦੀ ਨਾਦ ਵਜਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਵੇਖੇ ਆਣ, ਨਿਰਗੁਣ ਸਰਗੁਣ ਫੇਰਾ ਪਾਈਆ । ਕਲਮ ਸ਼ਾਹੀ ਕਾਗ਼ਜ਼ ਲਿਖ ਲਿਖ ਦੇ ਨਾ ਸਕੇ ਕੋਈ ਬਿਆਨ, ਨੇਤਰ ਰੋਵਣ ਮਾਰਨ ਧਾਹੀਂਆ। ਬੇਅੰਤ ਬੇਪਰਵਾਹ ਪਰਵਰਦਿਗਾਰ ਨੌਜਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗ ਚੌਕੜੀ ਹੁਕਮਰਾਨ, ਸਚਖੰਡ ਨਿਵਾਸੀ ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਕਰਨ ਧਿਆਨ, ਇਸ਼ਟ ਦੇਵ ਸਵਾਮੀ ਇਕੋ ਇਕ ਮਨਾਈਆ। ਸੋ ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਲੋਕਮਾਤ ਹੋਏ ਪਰਧਾਨ, ਜੋਤੀ ਜਲਵਾ ਨੂਰ ਨੂਰ ਕਰੇ ਰੁਸ਼ਨਾਈਆ। ਸਾਚੀ ਮੰਜ਼ਲ ਮਹਿਬੂਬ ਵੇਖੇ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਪੀਰ ਪੈਗ਼ੰਬਰ ਮੁੱਲਾ ਸ਼ੇਖ਼ ਮਸਾਇਕ ਹੋਣ ਹੈਰਾਨ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਜਿਸ ਦਾ ਕਾਗ਼ਜ਼ਾਂ ਉਤੇ ਦੇਂਦੇ

❋

❋

ਗਏ ਬਿਆਨ, ਕਾਤਬ ਬਣ ਕੇ ਕਰੀ ਲਿਖਾਈਆ। ਸੋ ਲੇਖਾ ਜਾਣੇ ਦੋ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਖੋਜ ਖੁਜਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਹੈਰਾਨ, ਭੇਵ ਅਭੇਦਾ ਜਾਣੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੁਤ ਸ਼ਬਦ ਇਕੋ ਇਕ ਉਠਾਈਆ। ਸ਼ਬਦ ਸੁਤ ਉਠਾਏ ਪ੍ਰਭ, ਹਰਿ ਦੇਵੇ ਮਾਣ ਵਡਿਆਈਆ। ਦੋ ਜਹਾਨ ਨਿਰਗੁਣ ਧਾਰ ਵੇਖ ਝੱਬ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਨਵ ਸਤ ਪਾਰ ਕਰ ਹੱਦ, ਬ੍ਰਹਿਮਾਂਡ ਤੇਰੀ ਓਟ ਤਕਾਈਆ। ਵਿਸ਼ਵ ਵੇਖ ਸਾਚੀ ਯੱਦ, ਵਿਸ਼ਨੂੰ ਪੱਲੂ ਰਿਹਾ ਫੜਾਈਆ। ਚਾਰ ਕੁੰਟ ਦਹਿ ਦਿਸ਼ਾ ਬਿਨ ਲੱਤਾਂ ਉਠ ਕੇ ਭੱਜ, ਆਪਣਾ ਪੰਧ ਮੁਕਾਈਆ। ਸਚ ਨਗਾਰਾ ਹੋ ਕੇ ਵੱਜ, ਦੋ ਜਹਾਨ ਕਰ ਸ਼ਨਵਾਈਆ। ਸਚ ਦਵਾਰੇ ਕਰ ਇਕੱਠ, ਮਹਲ ਅਟੱਲ ਸੋਭਾ ਪਾਈਆ। ਤੇਈ ਅਵਤਾਰਾਂ ਇਕ ਸੰਦੇਸਾ ਦੱਸ, ਧੁਰ ਫ਼ਰਮਾਣ ਸੁਣਾਈਆ। ਭਗਤ ਅਠਾਰਾਂ ਔਣ ਨੱਠ, ਬਣ ਕੇ ਪਾਂਧੀ ਰਾਹੀਆ। ਈਸਾ ਮੂਸਾ ਮੁਹੰਮਦ ਕਦਮ ਜਾਇਣ ਢੱਠ, ਧੂੜੀ ਟਿੱਕਾ ਖ਼ਾਕ ਰਮਾਈਆ। ਗੁਰ ਦਸ ਹੋਵਣ ਵਸ, ਦਰ ਬੈਠਣ ਸੀਸ ਝੁਕਾਈਆ। ਤ੍ਰੈਗੁਣ ਮਾਇਆ ਰੋਵੇ ਭੱਠ, ਪੰਜ ਤਤ ਆਪਣਾ ਮੁਖ ਭਵਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਕਰਨੀ ਦੇਣ ਦੱਸ, ਸਚ ਸੰਦੇਸਾ ਇਕ ਸੁਣਾਈਆ। ਵੇਖਣਹਾਰ ਪੁਰਖ ਸਮਰਥ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਰਿਹਾ ਦ੍ਰਿੜਾਈਆ। ਸ਼ਬਦ ਸੁਤ ਉਠ ਜਾਗ, ਹਰਿ ਕਰਤਾ ਆਪ ਜਗਾਇੰਦਾ। ਸ੍ਰਿਸ਼ਟ ਸਬਾਈ ਅੰਧੇਰੀ ਦਿਸੇ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਲਿਖ ਕੇ ਗਏ ਭਵਿਖਤ ਵਾਕ, ਵਾਕਿਆ ਓਹੋ ਨਜ਼ਰੀ ਆਇੰਦਾ। ਬਜਰ ਕਪਾਟੀ ਕਿਸੇ ਨਾ ਖੁਲ੍ਹਾ ਤਾਕ, ਦੀਆ ਬਾਤੀ ਘਰ ਜੋਤ ਨਾ ਕੋਇ ਰੁਸ਼ਨਾਇੰਦਾ। ਸਾਚੇ ਪੱਤਣ ਕੋਈ ਨਾ ਆਇਆ ਘਾਟ, ਘਾਟਾ ਪੂਰ ਨਾ ਕੋਇ ਕਰਾਇੰਦਾ। ਮਨ ਵਾਸਨਾ ਕਰਨ ਬਾਤ, ਮਮਤਾ ਮੋਹ ਨਾ ਕੋਇ ਚੁਕਾਇੰਦਾ। ਝਗੜਾ ਪਿਆ ਜਾਤ ਪਾਤ, ਦੀਨ ਮਜ਼੍ਹਬ ਸੱਚਾ ਰੰਗ ਨਾ ਕੋਇ ਵਖਾਇੰਦਾ। ਚਾਰੋਂ ਕੁੰਟ ਡੂੰਘਾ ਦਿਸੇ ਖਾਤ, ਮੰਜ਼ਲ ਪੰਧ ਪਾਰ ਨਾ ਕੋਇ ਮੁਕਾਇੰਦਾ। ਆਤਮਕ ਧੁਨ ਕੋਈ ਨਾ ਸੁਣੇ ਆਵਾਜ਼, ਸਾਚਾ ਰਾਗ ਨਾ ਕੋਇ ਅਲਾਇੰਦਾ। ਸਾਚਾ ਕਲਮਾ ਪੜ੍ਹੇ ਨਾ ਕੋਇ ਨਿਮਾਜ਼, ਵੁਜ਼ੂ ਹੱਕ ਨਾ ਕੋਇ ਕਰਾਇੰਦਾ। ਆਤਮ ਪਰਮਾਤਮ ਕਰੇ ਨਾ ਕੋਈ ਅਰਦਾਸ, ਸੀਸ ਜਗਦੀਸ ਨਾ ਕੋਇ ਝੁਕਾਇੰਦਾ। ਸੁਰਤੀ ਸ਼ਬਦੀ ਗੋਪੀ ਕਾਹਨ ਕੋਈ ਨਾ ਪਾਏ ਰਾਸ, ਮੰਡਲ ਮੰਡਪ ਰੰਗ ਨਾ ਕੋਇ ਵਖਾਇੰਦਾ। ਸੀਤਾ ਸੁਰਤੀ ਵਸੇ ਨਾ ਰਾਮ ਪਾਸ, ਸਖੀ ਸਹੇਲੀ ਅੰਗ ਨਾ ਕੋਇ ਲਗਾਇੰਦਾ। ਫਿਰੀ ਦਰੋਹੀ ਪ੍ਰਿਥਮੀ ਆਕਾਸ਼, ਚਾਰੋਂ ਕੁੰਟ ਅੰਧੇਰਾ ਛਾਇੰਦਾ। ਪੀਰ ਪੈਗ਼ੰਬਰ ਸਾਰੇ ਹੋਏ ਉਦਾਸ, ਧੀਰਜ ਧੀਰ ਨਾ ਕੋਇ ਧਰਾਇੰਦਾ। ਚੌਦਾਂ ਤਬਕ ਪੂਰੀ ਕਰੇ ਨਾ ਕੋਈ ਆਸ, ਮਿਹਰਵਾਨ ਸਿਰ ਹੱਥ ਨਾ ਕੋਇ ਟਿਕਾਇੰਦਾ। ਜਿਸ ਦੇ ਵਿਚੋਂ ਉਪਜੀ ਲੱਖ ਚੁਰਾਸੀ ਸ਼ਾਖ਼, ਸੋ ਸ਼ਨਾਖ਼ਤ ਕਰਨੇਹਾਰਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਸ਼ਬਦ ਆਪ ਸਮਝਾਇੰਦਾ। ਸੁਤ ਸ਼ਬਦ ਕਰੇ ਤਿਆਰੀ, ਆਪਣਾ ਬਲ ਪਰਗਟਾਈਆ । ਹੁਕਮ ਮਿਲਿਆ ਏਕੰਕਾਰੀ, ਨਾ ਕੋਈ ਮੇਟੇ ਮੇਟ ਮਿਟਾਈਆ। ਥਿਰ ਘਰ ਵੇਖਾਂ ਵਸਦੀ ਇਕ ਅਟਾਰੀ, ਮਹਲ ਅਟੱਲ ਰੁਸ਼ਨਾਈਆ। ਨਿਰਮਲ ਜੋਤ ਜਗੇ ਅਪਾਰੀ, ਦੀਵਾ ਬੱਤੀ ਨਾ ਕੋਇ ਵਖਾਈਆ। ਜਿਸ ਘਰ ਵਸੇ ਸ਼ਹਿਨਸ਼ਾਹ ਸਿਕਦਾਰੀ, ਰਾਜਨ ਰਾਜ ਆਪ ਹੋ ਜਾਈਆ। ਉਸ

❋

❋

ਦੀ ਨਜ਼ਰ ਨਾ ਆਏ ਚਾਰ ਦੀਵਾਰੀ, ਕਿਲਾ ਕੋਟ ਬੰਕ ਨਾ ਕੋਇ ਵਖਾਈਆ। ਸੋ ਹਰ ਘਟ ਅੰਦਰ ਕਰ ਕਰ ਬੈਠਾ ਪਸਾਰੀ, ਨਿਜ ਘਰ ਆਪਣਾ ਡੇਰਾ ਲਾਈਆ। ਸ਼ਬਦ ਨਾਦ ਸੱਚੀ ਧੁਨਕਾਰੀ, ਗ੍ਰਹਿ ਮੰਦਰ ਨਾਦ ਸੁਣਾਈਆ। ਨਿਰਗੁਣ ਜੋਤ ਕਰ ਉਜਿਆਰੀ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਅੰਮ੍ਰਿਤ ਰਸ ਸਚ ਖ਼ੁਮਾਰੀ, ਨਿਝਰ ਝਿਰਨਾ ਦਏ ਝਿਰਾਈਆ। ਨਾਤਾ ਤੋੜ ਕਾਮ ਕਰੋਧ ਲੋਭ ਮੋਹ ਹੰਕਾਰੀ, ਕੂੜੀ ਕਿਰਿਆ ਡੇਰਾ ਢਾਹੀਆ। ਪਕੜ ਉਠਾਏ ਸੁਰਤੀ ਲਾੜੀ, ਸ਼ਬਦੀ ਕੰਤ ਲਏ ਪਰਨਾਈਆ। ਲੇਖਾ ਚੁਕੇ ਜੰਗਲ ਜੂਹ ਉਜਾੜ ਪਹਾੜੀ, ਉਚੇ ਟਿੱਲੇ ਪਰਬਤ ਡੂੰਘੀ ਕੰਦਰ ਖੋਜ ਖੁਜਾਈਆ। ਚਰਨ ਪ੍ਰੀਤੀ ਦਏ ਪਿਆਰੀ, ਪਰੇਮ ਪਿਆਰ ਇਕ ਸਿਖਾਈਆ। ਸੋ ਸ਼ਬਦ ਗੁਰੂ ਆਦਿ ਜੁਗਾਦਿ ਇਕ ਇਕੱਲਾ ਸਭ ਦਾ ਮੇਲਣਹਾਰੀ, ਜੁਗ ਵਿਛੜੇ ਰਿਹਾ ਮਿਲਾਈਆ। ਜਨਮ ਕਰਮ ਦੀ ਕੱਟੇ ਬੀਮਾਰੀ, ਹਉਮੇਂ ਰੋਗ ਰਹਿਣ ਨਾ ਪਾਈਆ। ਆਪੇ ਫਿਰੇ ਪਿਛੇ ਅਗਾੜੀ, ਏਥੇ ਓਥੇ ਹੋਏ ਸਹਾਈਆ। ਲੇਖਾ ਜਾਣ ਬਹੱਤਰ ਨਾੜੀ, ਹਾਡੀ ਹਾਡੀ ਸੋਭਾ ਪਾਈਆ। ਬੂੰਦ ਰਕਤ ਕਰੇ ਵਣਜਾਰੀ, ਸੋਹਣਾ ਹੱਟ ਖੁਲ੍ਹਾਈਆ। ਲੇਖਾ ਜਾਣੇ ਸਚ ਦਰਬਾਰੀ ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਤ ਰਿਹਾ ਉਠਾਈਆ। ਸ਼ਬਦੀ ਸੁਤ ਉਠ ਉਠ ਦੌੜ, ਹਰਿ ਕਰਤਾ ਹੁਕਮ ਸੁਣਾਇੰਦਾ। ਵੇਦ ਵਿਆਸਾ ਲਿਖ ਕੇ ਗਿਆ ਬ੍ਰਾਹਮਣ ਗੌੜ, ਪੂਤ ਸਪੂਤਾ ਭੇਵ ਕੋਇ ਨਾ ਪਾਇੰਦਾ। ਈਸਾ ਮੂਸਾ ਮੁਹੰਮਦ ਕਹੇ ਜਾਏ ਬੌਹੜ, ਜੋ ਅਰਸ਼ਾਂ ਉਤੇ ਅਰਸ਼ੀ ਡੇਰਾ ਲਾਇੰਦਾ। ਨਾਨਕ ਨਿਰਗੁਣ ਕਹੇ ਖੇਲ ਕਰੇ ਅਵਰ ਕਾ ਔਰ, ਬੋਧ ਅਗਾਧਾ ਆਪ ਜਣਾਇੰਦਾ। ਗੋਬਿੰਦ ਕਹੇ ਵੇਖਣਾ ਕਰ ਕੇ ਗ਼ੌਰ, ਗਹਿਰ ਗੰਭੀਰ ਸੰਬਲ ਡੇਰਾ ਲਾਇੰਦਾ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਰਸ ਨਾ ਮਿਠਾ ਨਾ ਕੌੜ, ਅਨਰਸ ਆਪਣੀ ਧਾਰ ਚਲਾਇੰਦਾ। ਜਿਸ ਅੱਗੇ ਕਿਸੇ ਨਾ ਚਲੇ ਜ਼ੋਰ, ਸੋ ਜ਼ਾਬਰ ਆਪਣਾ ਹੁਕਮ ਵਰਤਾਇੰਦਾ। ਸਚਖੰਡ ਦਵਾਰਾ ਦੇਵੇ ਖੋਲ੍ਹ, ਸਤਿ ਸਤਿਵਾਦੀ ਰਾਹ ਵਖਾਇੰਦਾ। ਲੇਖਾ ਜਾਣੇ ਉਪਰ ਧਰਨੀ ਧਰਤ ਧੌਲ, ਜ਼ਿਮੀਂ ਅਸਮਾਨਾਂ ਪੜਦਾ ਲਾਹਿੰਦਾ। ਬਿਸਮਲ ਹੋ ਕੇ ਜਾਏ ਮੌਲ, ਮੌਲਾ ਹੋ ਕੇ ਵੇਖ ਵਖਾਇੰਦਾ। ਕਰਤਾ ਹੋ ਕੇ ਪੂਰਾ ਕਰੇ ਕੌਲ, ਕਰਨੀ ਆਪਣੇ ਹੱਥ ਵਡਿਆਇੰਦਾ। ਸਤਿ ਪੁਰਖ ਨਿਰੰਜਣ ਹੋ ਕੇ ਰਹੇ ਅਡੋਲ, ਲੱਖ ਚੁਰਾਸੀ ਜੀਵ ਜੰਤ ਆਪ ਡੁਲਾਇੰਦਾ। ਸੁਤ ਸ਼ਬਦ ਕਲਜੁਗ ਜੀਵ ਰਹੇ ਨਾ ਕੋਈ ਅਨਭੋਲ, ਆਲਸ ਨਿੰਦਰਾ ਨੇਤਰ ਅੱਖ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਇੰਦਾ। ਸਚ ਦਵਾਰਾ ਸੋਹਣਾ ਲੱਗਾ, ਸ਼ਬਦੀ ਸੁਤ ਸੀਸ ਝੁਕਾਈਆ। ਹੁਕਮੇ ਅੰਦਰ ਫਿਰੇ ਭੱਜਾ, ਗੁਰ ਅਵਤਾਰਾਂ ਰਿਹਾ ਉਠਾਈਆ। ਪੀਰ ਪੈਗ਼ੰਬਰਾਂ ਦੇਵੇ ਸੱਦਾ, ਸਚ ਸੰਦੇਸ ਸੁਣਾਈਆ। ਜਨ ਭਗਤੋ ਵੇਖੋ ਆਪਣਾ ਅੱਗਾ, ਅਗਲਾ ਲੇਖਾ ਪ੍ਰਭੂ ਦਏ ਵਡਿਆਈਆ। ਸਾਚੇ ਸੰਤੋ ਅੰਤਰ ਜਾਣੋ ਆਪਣਾ ਮਜ਼ਾ, ਮੰਜ਼ਲ ਪੰਧ ਮੁਕਾਈਆ। ਗੁਰਮੁਖੋ ਵੇਖੋ ਲੂੰ ਲੂੰ ਵਿਚ ਰਚਾ, ਜਾਤ ਆਪਣੀ ਤੁਹਾਡੀ ਜਾਤ ਵਿਚ ਛੁਪਾਈਆ। ਗੁਰਸਿਖ ਵੇਖੋ ਪੁਰਖ ਅਕਾਲ ਦੀਨ ਦਿਆਲ ਧੁਰ ਦਾ ਰਾਮ ਸੱਚਾ, ਰਮਿਆ ਇਕੋ ਬੇਪਰਵਾਹੀਆ। ਜਿਸ ਗੋਬਿੰਦ ਬਣਾਇਆ ਆਪਣਾ ਬੱਚਾ, ਪਿਤਾ ਪੁਰਖ ਅਕਾਲ ਦਇਆ ਕਮਾਈਆ। ਕਲਜੁਗ ਅੰਤ ਬੀਸ ਇਕੀਸਾ ਹੁਕਮੇ ਅੰਦਰ ਕਰੇ ਸਰਬ ਇਕੱਠਾ, ਇਕੱਤਰਤਾ ਇਕੋ ਘਰ ਵਖਾਈਆ। ਚੌਥੇ ਜੁਗ ਸਭ ਦਾ ਪਿਛਲਾ ਪਾੜਿਆ ਪਟਾ, ਜਗਤ ਮੁਣਿਆਦ ਦਿਤੀ ਮੁਕਾਈਆ। ਅੱਗੇ ਖੇਲ ਕਰੇ ਪੁਰਖ ਸਮਰਥਾ, ਸਮਰਥ ਆਪਣੀ ਕਾਰ

❋

❋

ਕਮਾਈਆ। ਸਚਖੰਡ ਦਵਾਰੇ ਜੋ ਨਿਰਗੁਣ ਹੋ ਕੇ ਵਸਾ, ਸਰਗੁਣ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸੱਚਾ ਘਰ, ਜਿਸ ਗ੍ਰਹਿ ਗੁਰ ਅਵਤਾਰ ਪੀਰ ਪੈਗ਼ੰਬਰ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹਣ ਅੱਖ, ਬਿਨ ਨੈਣਾਂ ਨੈਣ ਉਠਾਈਆ। ਪਤਿਪਰਮੇਸ਼ਵਰ ਨਜ਼ਰ ਆਏ ਪਰਤੱਖ, ਜਿਸ ਦਾ ਪਿਤਾ ਨਾ ਕੋਈ ਮਾਈਆ। ਸਰਨ ਸਰਨਾਈ ਚਰਨ ਕਵਲ ਸਚ ਜਗਦੀਸ ਜਾਵਣ ਢੱਠ, ਨਿਉਂ ਨਿਉਂ ਲਾਗਣ ਪਾਈਂਆ। ਪਰਵਰਦਿਗਾਰ ਸਾਡੀ ਬਸ, ਪੀਰ ਪੈਗ਼ੰਬਰ ਬਸਤੇ ਰਹੇ ਬਨ੍ਹਾਈਆ । ਅਲਫ਼ ਯੇ ਰਿਹਾ ਨਾ ਕੋਈ ਰਸ, ਮਕਤਬ ਸਚ ਨਾ ਕੋਇ ਪੜ੍ਹਾਈਆ । ਐਨ ਖੁਲ੍ਹੀ ਨਾ ਕੋਈ ਅੱਖ, ਨੁਕਤਾ ਨੂਨ ਨਾ ਕੋਇ ਮਿਟਾਈਆ। ਗੁਰੂ ਗੁਰਦੇਵ ਕਹਿਣ ਤੇਰਾ ਭੁੱਲਿਆ ਸਭ ਨੂੰ ਜਸ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਦੁਹਾਈਆ । ਵਸਤ ਅਮੋਲਕ ਕਿਸੇ ਨਾ ਆਵੇ ਹੱਥ, ਕੂੜੀ ਕਿਰਿਆ ਜਗਤ ਲੋਕਾਈਆ। ਤ੍ਰੈਗੁਣ ਮਾਇਆ ਸ੍ਰਿਸ਼ਟੀ ਰਹੀ ਮਚ, ਪੰਜ ਤਤ ਜਲਨ ਨਾ ਕੋਇ ਬੁਝਾਈਆ। ਨੌ ਦਵਾਰੇ ਰਹੇ ਨੱਚ, ਮਨ ਨਟੂਆ ਸਵਾਂਗ ਵਖਾਈਆ। ਸਰਨ ਸਰਨਾਈ ਪ੍ਰਭ ਠਾਕਰ ਤੇਰੀ ਗਏ ਢੱਠ, ਮਾਣ ਅਭਿਮਾਨ ਨਜ਼ਰ ਕੋਇ ਨਾ ਆਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਸ਼ਹਿਨਸ਼ਾਹ ਤੇਰੀ ਸਰਨਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੇ ਹੁਕਮੇ ਅੰਦਰ ਲਏ ਕੱਟ, ਧੁਰ ਦੀ ਸੇਵ ਕਮਾਈਆ। ਅੰਤਮ ਸਾਰੇ ਆਏ ਛੱਡ, ਨਾਤਾ ਅੱਗੇ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਹਰਿ ਠਾਕਰ ਤੇਰੀ ਓਟ ਰਖਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਜਦਾ, ਦਰ ਠਾਂਡੇ ਸੀਸ ਨਿਵਾਈਆ। ਦਰ ਦਰਵੇਸ਼ ਹੋਏ ਬਰਦਾ, ਬੰਦੀਖ਼ਾਨਾ ਦੇ ਤੁੜਾਈਆ। ਤੇਰਾ ਰੂਪ ਨਰਾਇਣ ਨਰ ਦਾ, ਨਰ ਹਰਿ ਤੇਰੀ ਸਰਨਾਈਆ। ਤੇਰੇ ਅੱਗੇ ਕੋਈ ਨਾ ਅੜਦਾ, ਸਭ ਬੈਠੇ ਸੀਸ ਨਿਵਾਈਆ। ਨਿਤ ਨਵਿਤ ਸਭ ਤੇਰਾ ਕਲਮਾ ਪੜ੍ਹਦਾ, ਨਾਮ ਤੇਰੇ ਵਡਿਆਈਆ। ਵੇਖਿਆ ਖੇਲ ਤੇਰਾ ਥਿਰ ਘਰ ਦਾ, ਜਿਥੇ ਸ਼ਬਦ ਗੁਰੂ ਬੈਠਾ ਆਸਣ ਲਾਈਆ। ਨਾ ਜੀਉਂਦਾ ਨਾ ਕਦੇ ਮਰਦਾ, ਇਕੋ ਰੰਗ ਸਮਾਈਆ। ਤੂੰ ਮੇਰਾ ਮੈਂ ਤੇਰਾ ਕਰਦਾ, ਸੋਹੰ ਰਾਗ ਅਲਾਈਆ। ਸਦੀ ਚੌਧਵੀਂ ਸਭ ਨੂੰ ਫੜਦਾ, ਸ਼ਰਅ ਜ਼ੰਜੀਰ ਕਟਾਈਆ। ਕਲਮਾ ਜਾਣੇ ਘਰ ਘਰ ਦਾ, ਕਾਇਨਾਤ ਖੋਜ ਖੁਜਾਈਆ। ਸ਼ਰਅ ਵਿਚ ਕਦੇ ਨਾ ਵੜਦਾ, ਲਾਸ਼ਰੀਕ ਦਿਸੇ ਨੂਰ ਖ਼ੁਦਾਈਆ । ਰਾਜ ਰਾਜਾਨਾਂ ਕੋਲੋਂ ਕਦੇ ਨਾ ਹਰਦਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਮਹਲ ਅਟੱਲ ਉਚ ਮਨਾਰੇ ਚੜ੍ਹਦਾ, ਸੂਫੀਆਂ ਭਗਤਾਂ ਲਏ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਲਜੁਗ ਅੰਤਮ ਮੰਗ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਡਾਹਵਣ ਝੋਲੀ, ਤਨ ਖ਼ਾਕੀ ਨਜ਼ਰ ਕੋਇ ਨਾ ਆਈਆ। ਹਉਂ ਦਰਵੇਸ਼ ਦਰ ਠਾਂਡੇ ਬਣੇ ਗੋਲੀ, ਗਹਿਰ ਗੰਭੀਰ ਤੇਰੀ ਸੇਵ ਕਮਾਈਆ। ਪੰਜ ਤਤ ਕਾਇਆ ਲੋਕਮਾਤ ਛੱਡੀ ਚੋਲੀ, ਜੋਤੀ ਜੋਤ ਜੋਤ ਸਮਾਈਆ। ਸ਼ਬਦ ਅਗੰਮ ਤੇਰੀ ਸਭ ਤੋਂ ਵੱਖਰੀ ਬੋਲੀ, ਅਨਬੋਲਤ ਦਏਂ ਸਮਝਾਈਆ। ਨਿਰਗੁਣ ਨਿਰਵੈਰ ਸਾਡੀ ਪਰੇਮ ਪ੍ਰੀਤੀ ਅੰਦਰ ਚੁੱਕੀ ਡੋਲੀ, ਸਚ ਦਵਾਰੇ ਦਿਤਾ ਵਸਾਈਆ। ਏਥੇ ਦੂਜਾ ਕੋਈ ਨਾ ਪਾਵੇ ਰੌਲੀ, ਇਕੋ ਤੇਰਾ ਹੁਕਮ ਵਰਤੇ ਬੇਪਰਵਾਹੀਆ। ਨਾ ਕੋਈ ਦਿਸੇ ਤੰਦ ਮੌਲੀ, ਮਹਿੰਦੀ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਤੇਰੇ ਅਲਖ ਜਗਾਈਆ। ਤੇਰੇ ਦਰ ਅਲਖ ਅਲੱਖ ਨਿਰਜੰਣ,

❋

❋

ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਨਿਵਾਈਆ । ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਮੰਗਣ, ਨਿਉਂ ਨਿਉਂ ਲਾਗਣ ਪਾਈਂਆ। ਉਚੀ ਕੂਕ ਪੁਕਾਰਨ ਤੂੰ ਦਾਤਾ ਦਰਦ ਦੁਖ ਭੈ ਭੰਜਨ, ਭਾਵਨਾ ਸਭ ਦੀ ਆਪਣੇ ਵਿਚ ਟਿਕਾਈਆ। ਅਕਾਲ ਮੂਰਤ ਇਕੋ ਮਦਨ, ਮੁਕੰਦ ਮਨੋਹਰ ਲਖਮੀ ਨਰਾਇਣ ਤੇਰਾ ਰੂਪ ਬੇਪਰਵਾਹੀਆ। ਚਰਨ ਕਵਲ ਸਚ ਦਵਾਰ ਕਰਾਏਂ ਮਜਨ, ਮਜਲਸ ਆਪਣੀ ਲਏਂ ਬਹਾਈਆ। ਜਿਥੇ ਨਾਦ ਨਗਾਰੇ ਅਗੰਮੀ ਵੱਜਣ, ਢੋਲਕ ਛੈਣਾ ਨਾ ਕੋਇ ਖੜਕਾਈਆ। ਸਚ ਪਰੇਮ ਪ੍ਰੀਤੀ ਆਵੇ ਅਨੰਦਨ, ਅਨੰਦ ਅਨੰਦ ਵਿਚੋਂ ਵਖਾਈਆ। ਮਸਤਕ ਟਿੱਕਾ ਨਾਮ ਲਗਾਵੇਂ ਚੰਦਨ, ਚੰਦ ਚਾਂਦਨੀ ਕਰੇ ਰੁਸ਼ਨਾਈਆ। ਦੀਨ ਮਜ਼੍ਹਬ ਸ਼ਰਅ ਕੋਈ ਨਾ ਰਹੇ ਬੰਧਨ, ਬੰਦਗੀ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਤੇਰੇ ਆਸ ਲਗਾਈਆ। ਦਰ ਤੇਰੇ ਰੱਖੀ ਆਸ, ਆਸ਼ਾ ਤੇਰੇ ਨਾਲ ਮਿਲਾਈਆ। ਜੁਗ ਜੁਗ ਦੀ ਮਿਟੇ ਪਿਆਸ, ਤ੍ਰਿਸਨਾ ਦੇ ਗਵਾਈਆ । ਗੋਪੀ ਕਾਹਨ ਬਣ ਕੇ ਪਾਈ ਤੇਰੀ ਰਾਸ, ਸਖ਼ੀਆਂ ਨਾਲ ਨਾਚ ਨਚਾਈਆ। ਪੀਰ ਪੈਗ਼ੰਬਰ ਹੋ ਕੇ ਸੁਣੀ ਸੁਣਾਈ ਤੇਰੀ ਆਵਾਜ਼, ਢੋਲਾ ਰਾਗ ਅਲਾਈਆ। ਸਰਗੁਣ ਹੋ ਕੇ ਨਿਰਗੁਣ ਤੇਰਾ ਵੇਖਿਆ ਖੇਲ ਤਮਾਸ਼, ਖ਼ਾਲਕ ਖ਼ਲਕ ਅੰਦਰ ਡੇਰਾ ਲਾਈਆ। ਕਲਜੁਗ ਅੰਤ ਪੂਰਾ ਕਰ ਭਵਿਖਤ ਵਾਕ, ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਖ਼ੁਸ਼ੀ ਮਨਾਈਆ। ਤੁਧ ਬਿਨ ਤੇਰਾ ਕੋਈ ਨਾ ਜਾਣੇ ਰਾਜ਼, ਪੜਦਾ ਸਕੇ ਨਾ ਕੋਇ ਉਠਾਈਆ। ਸਚ ਬੇਨੰਤੀ ਇਕ ਅਰਦਾਸ, ਦੋਏ ਜੋੜ ਡੰਡੌਤ ਇਕ ਕਰਾਈਆ। ਪਾਰਬ੍ਰਹਮ ਪ੍ਰਭ ਵਸਣਾ ਭਗਤਾਂ ਪਾਸ, ਭਗਵਨ ਆਪਣਾ ਰੰਗ ਵਖਾਈਆ। ਆਤਮ ਪਰਮਾਤਮ ਦੱਸਣਾ ਧੁਰ ਦਾ ਪੂਜਾ ਪਾਠ, ਹਵਨ ਇਕੋ ਵਾਰ ਕਰਾਈਆ। ਕੂੜੀ ਕਿਰਿਆ ਨੇੜ ਨਾ ਆਏ ਕੋਈ ਬਦਮਾਸ਼, ਮਨਮਤ ਨਾ ਕੋਇ ਲੜਾਈਆ । ਘਰ ਵਿਚ ਘਰ ਵਖਾਉਣਾ ਸਚ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਜੋ ਗੁਰਮੁਖ ਗੁਰਸਿਖ ਬਣ ਗਏ ਤੇਰੇ ਦਾਸ, ਦਾਸੀ ਦਾਸ ਬਣ ਕੇ ਓਨ੍ਹਾਂ ਸੇਵ ਕਮਾਈਆ। ਅੰਦਰ ਵੜ ਕੇ ਡੂੰਘੀ ਕੰਦਰ ਵਸੀਂ ਪਾਸ, ਜਗਤ ਦਵਾਰੇ ਪੰਧ ਮੁਕਾਈਆ। ਜਾਗਤ ਸੋਵਤ ਮਾਰੀਂ ਇਕ ਆਵਾਜ਼, ਇੰਦਰਾ ਨਿੰਦਰਾ ਆਲਸ ਪਰੇ ਹਟਾਈਆ। ਜਨਮ ਜਨਮ ਦੀ ਪੂਰੀ ਕਰੀਂ ਖ਼ਾਹਸ਼, ਆਸਾ ਆਪਣੀ ਝੋਲੀ ਪਾਈਆ। ਸਾਹਿਬ ਸਤਿਗੁਰ ਸਾਚੇ ਦਰ ਤੋਂ ਜਾਏ ਨਾ ਕੋਇ ਨਿਰਾਸ, ਨਿਰਾਸਾ ਆਸਾ ਵਿਚ ਬਦਲਾਈਆ। ਦਰਸ ਵਖਾਉਣਾ ਸਾਖਿਆਤ, ਸਵੱਛ ਸਰੂਪੀ ਰੂਪ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੋ ਦੇਣਾ ਧੁਰ ਦਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਮੇਲ ਮਿਲਾਉਣਾ ਜਗ, ਸਤਿਗੁਰ ਤੇਰੀ ਇਕ ਸਰਨਾਈਆ। ਤ੍ਰੈਗੁਣ ਬੁਝਾਉਣੀ ਅੱਗ, ਮਮਤਾ ਮੋਹ ਮਿਟਾਈਆ। ਦਰਸ ਦੇਣਾ ਉਪਰ ਸ਼ਾਹ ਰਗ, ਘਰ ਸਚ ਹੋਏ ਰੁਸ਼ਨਾਈਆ। ਬਿਨ ਮੱਕੇ ਕਾਅਬਿਉਂ ਹੋਏ ਹੱਜ, ਹੁਜਰਾ ਹੱਕ ਦੇਣਾ ਵਖਾਈਆ। ਮੇਲ ਮਿਲਾਉਣਾ ਬਿਨ ਮੰਦਰ ਮੱਠ, ਸ਼ਿਵਦਵਾਲਾ ਇਕੋ ਇਕ ਸਮਝਾਈਆ। ਸਾਚੀ ਦੇਣੀ ਬ੍ਰਹਮ ਮਤ, ਬ੍ਰਹਮ ਵਿਦਿਆ ਧੁਰ ਪੜ੍ਹਾਈਆ। ਆਪਣੇ ਮਿਲਣ ਦੀ ਖੋਲ੍ਹਣੀ ਅੱਖ, ਦਿਬ ਨੇਤਰ ਕਰ ਰੁਸ਼ਨਾਈਆ। ਜਗਤ ਵਿਕਾਰਿਉਂ ਕਰ ਕੇ ਵਖ, ਵੱਖਰਾ ਆਪਣਾ ਘਰ ਜਣਾਈਆ। ਜਿਸ ਮੰਦਰ ਪ੍ਰਭ ਰਿਹੋਂ ਵਸ, ਤਿਸ ਖੇੜੇ ਲੈਣਾ ਬਹਾਈਆ । ਤੇਰੀ ਕਿਰਪਾ ਆਈਏ ਨੱਠ, ਜਗ ਕੂੜਾ ਪੰਧ ਮੁਕਾਈਆ। ਸਚ ਸਰਨਾਈ ਜਾਈਏ ਢੱਠ, ਚਰਨ ਧੂੜੀ ਖ਼ਾਕ ਲਗਾਈਆ। ਸਿਰ ਹੱਥ ਦੇਣਾ ਰੱਖ, ਰੱਖਿਆ ਕਰਨੀ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਸਾਚੇ ਰਿਹਾ ਦ੍ਰਿੜਾਈਆ। ਸਤਿਗੁਰ ਪੂਰਾ ਦਇਆ ਕਮੌਂਦਾ ਏ। ਗੁਰਮੁਖਾਂ ਆਪ ਸਮਝੌਂਦਾ ਏ। ਜਗਤ ਸੁੱਤਿਆਂ ਆਪ ਉਠੌਂਦਾ ਏ। ਜੁਗ ਰੁੱਠਿਆਂ ਫੜ ਮਨੌਂਦਾ ਏ। ਬਿਨ ਪੁਛਿਆਂ ਦਾਤ ਵਰਤੌਂਦਾ ਏ। ਰਾਤੀਂ ਸੁੱਤਿਆਂ ਮੇਲ ਮਿਲੌਂਦਾ ਏ। ਜਗਤ ਵਿਕਾਰੇ ਕੋਲੋਂ ਛੁਡੌਂਦਾ ਏ। ਸਚ ਦਵਾਰੇ ਆਪ ਬਹੌਂਦਾ ਏ। ਸ਼ਬਦ ਨਗਾਰੇ ਨਾਦ ਵਜੌਂਦਾ ਏ। ਅੰਮ੍ਰਿਤ ਤਾਲ ਸੁਹਾਵੇ ਆਪ ਨੁਹੌਂਦਾ ਏ। ਜੋਤ ਨਿਰੰਜਣ ਦੀਪਕ ਡਗਮਗੌਂਦਾ ਏ। ਅੰਮ੍ਰਿਤ ਰਸ ਰਸ ਚਖੌਂਦਾ ਏ। ਜਨ ਭਗਤਾਂ ਹੋ ਕੇ ਵਸ, ਘਰ ਘਰ ਫੇਰੀ ਪੌਂਦਾ ਏ। ਪਰੇਮ ਪਿਆਰ ਦਾ ਦੇ ਕੇ ਰਸ, ਰਸ ਰਸੀਯਾ ਵੰਡ ਵੰਡੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨਮ ਕਰਮ ਦੇ ਵਿਛੜੇ ਲਏ ਫੜ, ਬਿਛਰਤ ਆਪਣਾ ਮੇਲ ਮਿਲੌਂਦਾ ਏ। ਲੇਖਾ ਜਾਣੇ ਚੋਟੀ ਜੜ, ਸੀਸ ਧੜ ਕਾਇਆ ਕੰਚਨ ਗੜ੍ਹ ਅੰਦਰ ਵੜ, ਮਹਲ ਅਟੱਲ ਸੋਭਾ ਪੌਂਦਾ ਏ। ਕੰਤ ਸੁਹਾਗੀ ਹੋ ਕੇ ਲਏ ਵਰ, ਸ਼ਬਦ ਅਨਾਦੀ ਹੋ ਕੇ ਲਏ ਫੜ, ਬ੍ਰਹਮ ਬ੍ਰਹਿਮਾਦੀ ਹੋ ਕੇ ਖੋਜ ਖੁਜੌਂਦਾ ਏ। ਜੋ ਜਨ ਸਰਨ ਸਰਨਾਈ ਗਏ ਪੜ, ਤਿਨ੍ਹਾਂ ਤੁਟਾ ਹੰਕਾਰੀ ਗੜ੍ਹ, ਨਿਵਣ ਸੋ ਅੱਖਰ ਇਕ ਪੜ੍ਹੌਂਦਾ ਏ। ਪੁਰਖ ਅਬਿਨਾਸ਼ੀ ਕਿਰਪਾ ਕਰ, ਭਗਤ ਸੁਹੇਲਾ ਦੇਵੇ ਵਰ, ਵਾਰਤਾ ਆਪਣੀ ਜਨ ਭਗਤਾਂ ਨਾਲ ਬਣੌਂਦਾ ਏ। ਗੁਰਮੁਖੋ ਗੁਰਸਿਖੋ ਮੁੜ ਕੇ ਜਾਓ ਆਪਣੇ ਘਰ, ਜਿਥੇ ਆਵੇ ਨਾ ਕੋਈ ਡਰ, ਸਤਿਗੁਰ ਸਵਾਮੀ ਬੰਨ੍ਹੇ ਆਪਣੇ ਲੜ, ਨਾਤਾ ਇਕੋ ਘਰ ਬਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਖਾਏ ਉਹ ਘਰ, ਜਿਸ ਦਰਵਾਜ਼ੇ ਅੰਦਰ ਆਪੇ ਵੜ ਕੇ ਨਿਰਗੁਣ ਨਿਰਵੈਰ ਨਿਰਾਕਾਰ ਪੁਰਖ ਅਕਾਲ ਸੋਭਾ ਪੌਂਦਾ ਏ।

੯ ਜੇਠ ੨੦੨੧ ਬਿਕ੍ਰਮੀ ਅਵਤਾਰ ਸਿੰਘ ਦੇ ਖੂਹ ਉਤੇ ਕਾਉਂਕੇ ਜ਼ਿਲਾ ਅੰਮ੍ਰਿਤਸਰ

ਸਤਿਗੁਰ ਕਿਰਪਾ ਸਚ ਸੁਖ, ਸੁਖ ਆਤਮ ਆਪ ਵਖਾਇੰਦਾ। ਸਤਿਗੁਰ ਕਿਰਪਾ ਮਨ ਵਾਸਨਾ ਮਿਟੇ ਦੁੱਖ, ਮਮਤਾ ਮੋਹ ਨਾ ਕੋਇ ਸਤਾਇੰਦਾ । ਸਤਿਗੁਰ ਕਿਰਪਾ ਚੁੱਕੇ ਭੁੱਖ, ਸਚ ਭੰਡਾਰ ਝੋਲੀ ਪਾਇੰਦਾ। ਸਤਿਗੁਰ ਕਿਰਪਾ ਉਜਲ ਮੁਖ, ਕੂੜੀ ਕਿਰਿਆ ਦੂਰ ਕਰਾਇੰਦਾ। ਸਤਿਗੁਰ ਕਿਰਪਾ ਧਰਨੀ ਧਰਤ ਧਵਲ ਆਕਾਸ਼ ਪਾਤਾਲ ਹੋਵਣ ਖ਼ੁਸ਼, ਖ਼ੁਸ਼ੀਆਂ ਰਾਗ ਸੁਣਾਇੰਦਾ। ਸਤਿਗੁਰ ਕਿਰਪਾ ਸਾਚਾ ਰਸ ਮਿਲੇ ਘੁੱਟ, ਅੰਮ੍ਰਿਤ ਧਾਰ ਵਹਾਇੰਦਾ। ਸਤਿਗੁਰ ਕਿਰਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸਤਿਗੁਰ ਕਿਰਪਾ ਕਾਰਜ ਰਾਸ, ਦੁਖ ਸੁਖ ਵਿਚ ਬਦਲਾਈਆ। ਜਿਉਂ ਸਤਿਗੁਰ ਮਿਲ ਗੁਰਮੁਖ ਮਿਟੇ ਪਿਆਸ, ਤਿਉਂ ਧਰਨੀ ਧਰਤ ਜਲ ਪਾਣੀ ਰਹੀ ਬਿਲਲਾਈਆ। ਬਿਨ ਨੀਰ ਕੋਈ ਨਾ ਉਪਜੇ ਸ਼ਾਖ਼, ਪੱਤ ਟਹਿਣੀ ਨਾ ਕੋਇ ਮਹਿਕਾਈਆ। ਪੰਖੜੀ ਸੋਹੇ ਨਾ ਕੋਈ ਫੁਲ ਗੁਲਾਬ, ਗੁਲਸ਼ਨ ਰੰਗ ਨਾ ਕੋਇ ਰੰਗਾਈਆ। ਬਿਨ ਆਬ ਨਾ ਕੋਇ ਸਵਾਬ, ਸੁਖ ਸ਼ਾਂਤ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਜਲ ਕਹੇ ਮੈਂ ਧਰਤੀ ਰਸ, ਰਸਾਂ ਵਿਚੋਂ ਰਸ ਨਜ਼ਰੀ ਆਇੰਦਾ। ਪ੍ਰਭ ਦੀ ਕਰਨੀ ਇਹਦੇ ਅੰਦਰ ਰਿਹਾ ਵਸ, ਖੇੜਾ ਅੱਡ ਨਾ ਕੋਇ ਬਣਾਇੰਦਾ । ਕਿਰਪਾ ਕਰੀ ਪੁਰਖ ਸਮਰਥ, ਮੇਰੀ ਸੋਹਣੀ ਵੰਡ ਵੰਡਾਇੰਦਾ। ਪਰੇਮ ਪਿਆਰ ਨਾਲ ਅੰਦਰੋਂ ਝੱਟ, ਕਤਰਾ ਕਤਰਾ ਬੂੰਦ ਬੂੰਦ ਬਰਸਾਇੰਦਾ।

❋

❋

ਮੇਰਾ ਇਕ ਅਗੰਮੀ ਰਸ, ਪੰਜਾਂ ਤੱਤਾਂ ਵਿਚ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ । ਧਰਨੀ ਕਹੇ ਮੇਰੀ ਡੂੰਘੀ ਧਾਰ, ਸਮਝ ਕਿਸੇ ਨਾ ਆਈਆ। ਕਿਰਪਾ ਕਰੀ ਆਪ ਨਿੰਰਕਾਰ, ਜਲ ਪਾਣੀ ਖ਼ਾਕ ਮਿਲਾਈਆ। ਮੇਰੇ ਅੰਦਰੋਂ ਆਵੇ ਬਾਹਰ, ਆਪਣਾ ਰੂਪ ਬਦਲਾਈਆ। ਸੇਵਾ ਕਰੇ ਵਿਚ ਸੰਸਾਰ, ਸੋਹਣੀ ਕਾਰ ਕਮਾਈਆ। ਜਨ ਭਗਤਾਂ ਕਾਰਜ ਦਏ ਸੁਆਰ, ਜਿਉਂ ਧੰਨੇ ਜੱਟ ਮਿਲਿਆ ਗੋਸਾਈਂਆ। ਗੁਰਮੁਖ ਕਦੇ ਨਾ ਆਵੇ ਹਾਰ, ਮਿਹਰਵਾਨ ਹੋਏ ਸਹਾਈਆ। ਠੰਡੇ ਜਲ ਵਗਦੀ ਰਹੇ ਨਸਾਰ, ਸੋਹਣਾ ਰੰਗ ਬਣਾਈਆ। ਖੇੜਾ ਵਸਦਾ ਰਹੇ ਅਵਤਾਰ, ਪਿਆਰ ਬਣਿਆ ਬੇਪਰਵਾਹੀਆ। ਯਾਰਾਂ ਵਿਚੋਂ ਯਾਰਾਂ ਦਾ ਯਾਰ, ਵਿਹਾਰਾਂ ਵਿਚ ਨੂਰ ਖ਼ੁਦਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦ ਹੋਏ ਸਹਾਈਆ।

੯ ਜੇਠ ੨੦੨੧ ਬਿਕ੍ਰਮੀ ਹਾਜ਼ਾਰਾ ਸਿੰਘ ਦੇ ਗ੍ਰਹਿ ਕਾਉਂਕੇ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਸਦਾ ਸਮਰਥ, ਸਤਿਗੁਰ ਸੂਰਬੀਰ ਅਖਵਾਇੰਦਾ। ਸਚ ਦਵਾਰੇ ਆਪੇ ਵਸ, ਹਰ ਘਟ ਆਪਣਾ ਨੂਰ ਧਰਾਇੰਦਾ। ਬੋਧ ਅਗਾਧ ਸ਼ਬਦੀ ਦੱਸ, ਧੁਰ ਦਾ ਢੋਲਾ ਆਪ ਸੁਣਾਇੰਦਾ। ਪਰੇਮ ਪਿਆਰ ਅੰਦਰ ਹੋ ਕੇ ਵਸ, ਵਾਸਤਾ ਨਿਰਗੁਣ ਸਰਗੁਣ ਜੋੜ ਜੁੜਾਇੰਦਾ। ਨਰ ਨਰਾਇਣ ਨਿਜ ਨੇਤਰ ਖੋਲ੍ਹ ਅੱਖ, ਆਖ਼ਰ ਆਪਣਾ ਮੇਲ ਮਿਲਾਇੰਦਾ। ਜੁਗ ਜੁਗ ਜਨ ਭਗਤ ਸੁਹੇਲੇ ਸੱਜਣ ਸਦ, ਸਦਾ ਆਪਣਾ ਨਾਮ ਸੁਣਾਇੰਦਾ। ਗ੍ਰਹਿ ਮੰਦਰ ਕਰਾਏ ਆਪਣਾ ਹੱਜ, ਕਾਇਆ ਕਾਅਬਾ ਇਕ ਵਖਾਇੰਦਾ। ਢੋਲਾ ਰਾਗ ਸੁਣਾਏ ਛੰਦ, ਸੋਹਣਾ ਤਾਲ ਵਜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਇੰਦਾ। ਪੁਰਖ ਅਕਾਲ ਦੀਨ ਦਿਆਲ, ਦਇਆਨਿਧ ਵੱਡੀ ਵਡਿਆਈਆ । ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਧਰਮ ਦਵਾਰਾ ਇਕ ਸੁਹਾਈਆ। ਜੁਗ ਚੌਕੜੀ ਹਰਿਜਨ ਵੇਖੇ ਆਪਣੇ ਲਾਲ, ਲਾਲਣ ਲੱਖ ਚੁਰਾਸੀ ਖੋਜ ਖੁਜਾਈਆ। ਪੂਰਬ ਜਨਮ ਜੋ ਘਾਲਣ ਆਏ ਘਾਲ, ਕੀਤੀ ਘਾਲ ਲੇਖੇ ਪਾਈਆ। ਬਿਨ ਮੰਗਿਆਂ ਦੇਵੇ ਦਾਨ, ਬਿਨ ਖੋਜਿਆਂ ਘਰ ਘਰ ਪਰਦਾ ਦਏ ਉਠਾਈਆ। ਸਤਿ ਪ੍ਰੀਤੀ ਦੇਵੇ ਚਰਨ ਕਵਲ ਧਿਆਨ, ਦੂਈ ਦਵੈਤੀ ਡੇਰਾ ਢਾਹੀਆ। ਆਤਮ ਬ੍ਰਹਮ ਉਪਜੇ ਇਕ ਗਿਆਨ, ਨਿਰਅੱਖਰ ਦਏ ਸਮਝਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਨੂੰ ਗਾਣ, ਸਿਫ਼ਤ ਸਾਲਾਹੀ ਰਾਗ ਅਲਾਈਆ। ਜੋ ਪਰਮ ਪੁਰਖ ਸ਼ਾਹ ਸੁਲਤਾਨ, ਸ਼ਹਿਨਸ਼ਾਹ ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਹੋ ਪਰਧਾਨ, ਸਤਿ ਪਰਧਾਨਗੀ ਇਕ ਅਖਵਾਈਆ। ਲੱਖ ਚੁਰਾਸੀ ਧੁਰ ਦਾ ਕਾਹਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਸਮਝਾਈਆ। ਪੁਰਖ ਅਕਾਲ ਸਰਬ ਗੁਣਵੰਤ, ਗਹਿਰ ਗੰਭੀਰ ਹਰਿ ਅਖਵਾਇੰਦਾ। ਲੇਖਾ ਜਾਣੇ ਆਦਿ ਅੰਤ, ਜੁਗ ਚੌਕੜੀ ਵੇਸ ਵਟਾਇੰਦਾ। ਨਾਮ ਪਰਗਟਾਏ ਸਾਚਾ ਮੰਤ, ਮੰਤਰ ਇਕੋ ਇਕ ਵਖਾਇੰਦਾ। ਜਨ ਭਗਤ ਸੁਹੇਲੇ ਪਰਗਟਾਏ ਵਿਚੋਂ ਜੰਤ, ਜੀਵਣ ਜੁਗਤ ਇਕ ਵਖਾਇੰਦਾ। ਘਰ ਮਿਲਾਵਾ ਨਾਰ ਕੰਤ, ਸੇਜ ਸੁਹੰਜਣੀ ਮੇਲ ਮਿਲਾਇੰਦਾ। ਸ਼ਬਦ ਅਨਾਦੀ ਬਣ ਕੇ ਪੰਡਤ, ਧੁਰ ਦੀ ਵਿਦਿਆ ਆਪ ਸਿਖਾਇੰਦਾ। ਦੂਜੇ ਦਰ ਨਾ ਜਾਏ ਮੰਗਤ, ਦਰਵੇਸ਼ ਹੋ ਨਾ ਅਲਖ ਜਗਾਇੰਦਾ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਖੇਲ ਵਖਾਇੰਦਾ। ਪੁਰਖ ਅਕਾਲ ਸਰਬ ਗੁਣ ਠਾਕਰ, ਸ਼ਾਹ ਪਾਤਸ਼ਾਹ ਆਪ ਅਖਵਾਇੰਦਾ। ਸ੍ਰਿਸ਼ਟ ਸਬਾਈ ਵੇਖਣਹਾਰਾ ਡੂੰਘਾ ਸਾਗਰ, ਨਵ ਨੌ ਚਾਰ ਖੋਜ ਖੁਜਾਇੰਦਾ। ਲੇਖਾ ਜਾਣੇ ਕਰੀਮ ਕਰਤਾ ਕਾਦਰ, ਕੁਦਰਤ ਵਿਚ ਆਪਣੀ ਧਾਰ ਚਲਾਇੰਦਾ। ਜਨ ਭਗਤਾਂ ਦਰ ਘਰ ਸਾਚੇ ਦੇਵੇ ਆਦਰ, ਅਦਨੇ ਆਅਲਾ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਪੁਰਖ ਅਕਾਲ ਹਰਿ ਸੱਜਣ ਮੀਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਨਿਤ ਨਵਿਤ ਅਗੰਮੀ ਰੀਤ, ਲੋਕਮਾਤ ਸਕੇ ਨਾ ਕੋਇ ਸਮਝਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਸਖੀਆਂ ਬਣ ਕੇ ਗਾਵਣ ਗੀਤ, ਸੋਹਣਾ ਸੋਹਲਾ ਰਾਗ ਸੁਣਾਈਆ। ਸੋ ਠਾਕਰ ਸਵਾਮੀ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਕਿਸੇ ਹੱਥ ਨਾ ਆਵੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਦੇਣ ਦੁਹਾਈਆ। ਜਨ ਭਗਤਾਂ ਅੰਤਰ ਆਤਮ ਸੁਣੇ ਚੀਕ, ਦੂਰ ਦੁਰਾਡਾ ਨੇਰਨ ਨੇਰਾ ਹੋ ਕੇ ਵੇਖ ਵਖਾਈਆ। ਜਿਨ੍ਹਾਂ ਪਾਰਬ੍ਰਹਮ ਪਤਿਪਰਮੇਸ਼ਵਰ ਮਿਲਣ ਦੀ ਰੱਖੀ ਉਡੀਕ, ਤਿਨ੍ਹਾਂ ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਖਾਈਆ। ਪੁਰਖ ਅਕਾਲ ਵਡ ਗੁਣਵੰਤਾ, ਰਸਨਾ ਜਿਹਵਾ ਕਹਿਣ ਕਿਛ ਨਾ ਪਾਈਆ। ਦੇਵੇ ਵਡਿਆਈ ਸਾਚੇ ਸੰਤਾਂ, ਸਤਿਗੁਰ ਆਪਣਾ ਭੇਵ ਚੁਕਾਈਆ। ਸੰਗ ਰਖਾਏ ਜਿਉਂ ਨਾਰ ਕੰਤਾ, ਜੋੜੀ ਧੁਰ ਦੀ ਜੋੜ ਜੁੜਾਈਆ। ਗੜ੍ਹ ਤੋੜ ਹਉਮੇਂ ਹੰਗਤਾ, ਹੰ ਬ੍ਰਹਮ ਕਰੇ ਪੜ੍ਹਾਈਆ। ਮੇਲ ਮਿਲਾਏ ਸਾਚੀ ਸੰਗਤਾ, ਹਰਿ ਸੰਗਤ ਆਪਣਾ ਨੂਰ ਦਰਸਾਈਆ। ਲੇਖਾ ਚੁੱਕੇ ਭੁੱਖਾ ਨੰਗਤਾ, ਊਚ ਨੀਚ ਇਕੋ ਘਰ ਬਹਾਈਆ। ਕਾਇਆ ਚੋਲੀ ਸੱਚੀ ਰੰਗਦਾ, ਨਾਮ ਮਜੀਠੀ ਰੰਗ ਚੜ੍ਹਾਈਆ। ਲੇਖਾ ਚੁੱਕੇ ਖ਼ਾਨੇ ਬੰਦ ਦਾ, ਬੰਦੀਖ਼ਾਨਾ ਤੋੜ ਤੁੜਾਈਆ । ਮੇਲ ਮਿਲਾਏ ਗੁਜਰੀ ਚੰਦ ਦਾ, ਸ਼ਬਦੀ ਜੋਤੀ ਧਾਰ ਸਮਾਈਆ। ਲਹਿਣਾ ਦੇਣਾ ਚੁੱਕੇ ਭੇਖ ਪਖੰਡ ਦਾ, ਕੂੜੀ ਕਿਰਿਆ ਡੇਰਾ ਢਾਹੀਆ। ਨਾਮ ਨਿਧਾਨ ਅਗੰਮ ਅਥਾਹ ਦੌਲਤ ਆਪੇ ਵੰਡਦਾ, ਦੇਵਣਹਾਰਾ ਚਾਈਂ ਚਾਈਂਆ। ਸਚ ਦਵਾਰੇ ਕਾਇਆ ਮੰਦਰ ਆਪੇ ਲੰਘਦਾ, ਨੌ ਦਵਾਰੇ ਪੰਧ ਮੁਕਾਈਆ । ਰਸ ਮਾਣੇ ਆਤਮ ਸੇਜ ਸੱਚੀ ਪਲੰਘ ਦਾ, ਜਿਸ ਦਾ ਪਾਵਾ ਚੂਲ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਜਾਮ ਪਿਆਏ ਸੱਚੀ ਗੰਗ ਦਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਬੈਠੀ ਨੈਣ ਸ਼ਰਮਾਈਆ। ਕਰੇ ਪਰਕਾਸ਼ ਧੁਰ ਦੇ ਚੰਦ ਦਾ, ਜੋਤੀ ਜਾਤਾ ਡਗਮਗਾਈਆ। ਨਿਤ ਨਵਿਤ ਜਨ ਭਗਤਾਂ ਸੰਗ ਸਦਾ ਹੰਡਦਾ, ਏਥੇ ਓਥੇ ਹੋਏ ਸਹਾਈਆ। ਨਾਤਾ ਤੋੜ ਨਾਰ ਦੁਹਾਗਣ ਰੰਡ ਦਾ, ਘਰ ਸੁਹਾਗਣ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਮਿਲਾਏ ਸਹਿਜ ਸੁਭਾਈਆ। ਪੁਰਖ ਅਕਾਲ ਧੁਰ ਦਾ ਸੱਜਣ, ਹਰਿ ਕਰਤਾ ਆਪ ਅਖਵਾਈਆ । ਜਨ ਭਗਤ ਕਰਾਏ ਧੂੜੀ ਮਜਨ, ਦੁਰਮਤ ਮੈਲ ਧਵਾਈਆ। ਗੜ੍ਹ ਹੰਕਾਰੀ ਕੂੜੇ ਭੱਜਣ, ਭਾਂਡਾ ਭਰਮ ਭੌ ਰਹਿਣ ਨਾ ਪਾਈਆ। ਸੰਤ ਸੁਹੇਲੇ ਆਵੇ ਸੱਦਣ, ਅੰਦਰ ਵੜ ਕੇ ਲਏ ਉਠਾਈਆ। ਜਨ ਭਗਤਾਂ ਹੋਵੇ ਪੜਦੇ ਕੱਜਣ, ਓਢਣ ਇਕੋ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਜਣ ਸਚ ਗੋਸਾਈਂਆ। ਹਰਿ ਸੱਜਣ ਪ੍ਰਭੂ ਸਚ ਗੋਸਾਈਂ, ਗਹਿਰ ਗੰਭੀਰ ਇਕ ਅਖਵਾਇੰਦਾ। ਜੁਗ ਜਨਮ ਵਿਛੜੇ ਪਕੜੇ ਬਾਂਹੀਂ, ਫੜ ਬਾਂਹੋਂ ਗਲੇ ਲਗਾਇੰਦਾ। ਸਚ ਦਵਾਰੇ ਕਰੇ ਸਚ ਨਿਆਈਂ, ਅਦਾਲਤ ਹੱਕੋ ਹੱਕ

❋

❋

ਵਖਾਇੰਦਾ। ਸੰਤ ਸੁਹੇਲਾ ਬਣ ਕੇ ਦੇਵੇ ਠੰਡੀਆਂ ਛਾਈਂ, ਗੁਰ ਚੇਲਾ ਆਪਣੇ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਲਹਿਣਾ ਦੇਣਾ ਝੋਲੀ ਪਾਇੰਦਾ। ਹਰਿਜਨ ਲਹਿਣਾ ਦੇਣਾ ਦਏ ਜ਼ਰੂਰ, ਜੁਗ ਚੌਕੜੀ ਵੇਖ ਵਖਾਇੰਦਾ । ਪਰਗਟ ਹੋਏ ਜੋਤੀ ਨੂਰ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦ ਅਨਾਦ ਅਗੰਮੀ ਤੂਰ, ਤੁਰੀਆ ਤੁਰਤ ਹੁਕਮ ਸੁਣਾਇੰਦਾ। ਅੰਮ੍ਰਿਤ ਆਤਮ ਦੇਵੇ ਸਤਿ ਸਰੂਰ, ਮਧੁਰ ਰਸ ਇਕ ਚਖਾਇੰਦਾ। ਡੂੰਘੀ ਕੰਦਰ ਹਾਜ਼ਰ ਹੋ ਹਜ਼ੂਰ, ਹਜ਼ਰਤ ਆਪਣਾ ਮੇਲ ਮਿਲਾਇੰਦਾ। ਜਨਮ ਜਨਮ ਦੇ ਬਖ਼ਸ਼ੇ ਆਪ ਕਸੂਰ, ਪਾਪ ਅਪਰਾਧ ਦੁਰਮਤ ਮੈਲ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਆਪ ਜਗਾਇੰਦਾ। ਪੁਰਖ ਅਕਾਲ ਸਾਹਿਬ ਸਤਿਗੁਰ ਸੱਚਾ, ਸਚ ਸੱਚੀ ਵਡਿਆਈਆ। ਸੰਤ ਸੁਹੇਲਾ ਵੇਖੇ ਬੱਚਾ, ਬਚਪਨ ਆਪਣੀ ਗੋਦ ਟਿਕਾਈਆ । ਕਾਇਆ ਮਾਟੀ ਭਾਗ ਲਗਾਏ ਤਨ ਕੱਚਾ, ਪੰਜ ਤਤ ਮੇਲਾ ਸਹਿਜ ਸੁਭਾਈਆ। ਜੋਤ ਪਰਕਾਸ਼ ਸੱਚਾ ਰੱਖਾ, ਧੁਨ ਨਾਦ ਸ਼ਨਵਾਈਆ। ਨਿਰਗੁਣ ਹੋ ਕੇ ਫਿਰੇ ਨੱਠਾ, ਸਰਗੁਣ ਖੋਜ ਖੁਜਾਈਆ। ਲੇਖਾ ਜਾਣੇ ਤਤ ਅੱਠਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਪੜਦਾ ਦਏ ਚੁਕਾਈਆੳ। ਆਵਣ ਜਾਵਣ ਕਰ ਕਿਰਪਾ ਮੇਟੇ ਰੱਟਾ, ਲੱਖ ਚੁਰਾਸੀ ਬੰਧਨ ਬੰਧ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰਸਿਖ ਲਏ ਉਠਾਈਆ। ਪੁਰਖ ਅਕਾਲ ਜਾਏ ਤੁਠ, ਦੀਨਨ ਦਇਆ ਕਮਾਇੰਦਾ। ਗੁਰਸਿਖ ਸੱਜਣ ਵੇਖੇ ਲੁਕ, ਕਾਇਆ ਮੰਦਰ ਅੰਦਰ ਡੇਰਾ ਲਾਇੰਦਾ। ਦਿਆਲ ਹੋ ਕੇ ਲਏ ਪੁਛ, ਸ਼ਬਦੀ ਸ਼ਬਦੀ ਆਵਾਜ਼ ਲਗਾਇੰਦਾ। ਉਠ ਲਾਡਲੇ ਧੁਰ ਦੇ ਸੁਤ, ਸਤਿ ਸਤਿਵਾਦੀ ਆਪ ਜਗਾਇੰਦਾ। ਪਿਛਲਾ ਪੈਂਡਾ ਗਿਆ ਮੁੱਕ, ਅੱਗੇ ਆਪਣਾ ਪੰਧ ਦਰਸਾਇੰਦਾ। ਜੋ ਗੁਰਮੁਖ ਗੁਰਸਿਖ ਸਾਹਿਬ ਸਤਿਗੁਰ ਪੂਰੇ ਜਾਵਣ ਝੁਕ, ਤਿਨ੍ਹਾਂ ਝਾਕੀ ਆਪਣਾ ਨਾਮ ਸਤਿ ਸਰੂਪ ਵਖਾਇੰਦਾ। ਏਥੇ ਓਥੇ ਅੱਗੇ ਪਿੱਛੇ ਪੈਂਡਾ ਜਾਏ ਮੁੱਕ, ਮੁਕੰਮਲ ਆਪਣੇ ਘਰ ਵਸਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਜਾਮ ਪਿਆਏ ਅਗੰਮੀ ਘੁੱਟ, ਰਸ ਬਿਨ ਰਸਨਾ ਆਪ ਚਖਾਇੰਦਾ।