੧੧ ਜੇਠ ੨੦੨੧ ਬਿਕ੍ਰਮੀ ਪਿਆਰਾ ਸਿੰਘ ਦੇ ਗ੍ਰਹਿ ਪਿੰਡ ਜਸਰਾਊਰ ਜ਼ਿਲਾ ਅੰਮ੍ਰਿਤਸਰ
ਅਗੰਮੀ ਮਰਜ਼ੀ ਪੁਰਖ ਅਕਾਲ, ਨਿਰਗੁਣ ਨਿਰਵੈਰ ਆਪ ਪਰਗਟਾਈਆ। ਸਾਚੀ ਇਛਿਆ ਕਰ ਤਿਆਰ, ਸੋ ਪੁਰਖ ਨਿਰੰਜਣ ਖੇਲ ਰਚਾਈਆ। ਹਰਿ ਪੁਰਖ ਨਿਰੰਜਣ ਹੋ ਤਿਆਰ, ਏਕੰਕਾਰ ਭੇਵ ਖੁਲ੍ਹਾਈਆ। ਆਦਿ ਨਿਰੰਜਣ ਦੀਪਕ ਬਾਲ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਹੋ ਦਿਆਲ, ਸ੍ਰੀ ਭਗਵਾਨ ਦਏ ਵਡਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਸਾਚੀ ਕਾਰ, ਕਰਤਾ ਪੁਰਖ ਕਰਨੀ ਆਪ ਕਮਾਈਆ। ਸਚ ਦਵਾਰਾ ਰਚ ਸਚਖੰਡ ਸੱਚੀ ਧਰਮਸਾਲ, ਮਹਲ ਅਟੱਲ ਆਪ ਉਪਾਈਆ। ਨਿਰਗੁਣ ਦੀਆ ਇਕੋ ਬਾਲ, ਸਚ ਨੂਰ ਕਰੇ ਰੁਸ਼ਨਾਈਆ। ਮੁਕਾਮੇ ਹੱਕ ਹੋ ਕੇ ਖ਼ਬਰਦਾਰ, ਪਰਵਰਦਿਗਾਰ ਖੇਲ ਖਿਲਾਈਆ। ਆਪਣੀ ਮਰਜ਼ੀ ਕਰ ਪਿਆਰ, ਪਰੇਮ ਪ੍ਰੀਤੀ ਇਕ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਸਾਚੀ ਮਰਜ਼ੀ ਸ੍ਰੀ ਭਗਵਾਨ, ਆਦਿ ਅੰਤਾ ਆਪ ਜਣਾਇੰਦਾ ।
❋
❋
ਸਚ ਦਵਾਰਾ ਵਖਾਏ ਇਕ ਨਿਸ਼ਾਨ, ਦੂਜਾ ਨਿਸ਼ਾਨਾ ਨਜ਼ਰ ਕੋਇ ਨਾ ਆਇੰਦਾ। ਜਿਸ ਘਰ ਸਵਾਮੀ ਵਸੇ ਇਕੋ ਆਣ, ਨਿਹਕਾਮੀ ਅੰਤਰਜਾਮੀ ਡੇਰਾ ਲਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਨਿਤ ਨਵਿਤ ਆਦਿ ਜੁਗਾਦਿ ਕਰੇ ਖੇਲ ਮਹਾਨ, ਬੇਅੰਤ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਆਪਣੀ ਮਰਜ਼ੀ ਕਰ ਹਰਿ ਪੁਰਖ, ਅਵੱਲੜੀ ਖੇਲ ਖਿਲਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਈਆ। ਸਚ ਦਵਾਰੇ ਆਪਣਾ ਆਪੇ ਕਰੇ ਦਰਸ, ਆਦਰਸ਼ ਆਪਣਾ ਆਪ ਜਣਾਈਆ। ਨਾ ਕੋਈ ਜ਼ਿਮੀਂ ਅਸਮਾਨ ਨਾ ਫ਼ਰਸ਼, ਖ਼ਾਕੀ ਰੂਪ ਨਾ ਕੋਇ ਵਟਾਈਆ। ਨਾ ਕੋਈ ਨਾਰ ਕੰਤ ਨਾ ਦਿਸੇ ਮਰਦ, ਮਰਦ ਮਰਦਾਨਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮਰਜ਼ੀ ਆਪ ਪਰਗਟਾਈਆ। ਸਾਚੀ ਮਰਜ਼ੀ ਗਹਿਰ ਗੰਭੀਰ, ਹਰਿ ਕਰਤਾ ਆਪ ਪਰਗਟਾਇੰਦਾ। ਮੰਜ਼ਲ ਚੋਟੀ ਚੜ੍ਹ ਅਖ਼ੀਰ, ਸਚਖੰਡ ਸਾਚੇ ਡੇਰਾ ਲਾਇੰਦਾ । ਜੋਧਾ ਸੂਰ ਬਣ ਕੇ ਵੱਡਾ ਬੀਰ, ਜੋਬਨ ਆਪਣਾ ਇਕ ਹੰਢਾਇੰਦਾ। ਰੂਪ ਰੰਗ ਰੇਖ ਨਾ ਕੋਇ ਤਸਵੀਰ, ਜਹੂਰ ਆਪਣਾ ਆਪਣੇ ਵਿਚੋਂ ਪਰਗਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਇੰਦਾ। ਸਾਚੀ ਮਰਜ਼ੀ ਕਰੇ ਭਗਵੰਤ, ਹਰਿ ਕਰਤਾ ਵਡ ਵਡਿਆਈਆ । ਆਪੇ ਬਣ ਕੇ ਨਾਰ ਕੰਤ, ਸਚ ਦਵਾਰੇ ਸੇਜ ਸੁਹਾਈਆ। ਨਿਰਗੁਣ ਹੋ ਕੇ ਨਿਰਗੁਣ ਬਣਾਵੇ ਬਣਤ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਖੇਲੇ ਖੇਲ ਆਦਿ ਅੰਤ, ਇਕ ਇਕੱਲਾ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਆਪਣੀ ਰਚਨਾ ਮਰਜ਼ੀ ਅੰਦਰ, ਹਰਿ ਕਰਤਾ ਆਪ ਉਪਾਈਆ। ਸਚਖੰਡ ਦਵਾਰੇ ਖੋਲ੍ਹ ਮੰਦਰ, ਥਿਰ ਘਰ ਦੇਵੇ ਮਾਣ ਵਡਿਆਈਆ । ਜੰਗਲ ਜੂਹ ਉਜਾੜ ਪਹਾੜ ਨਾ ਕੋਈ ਡੂੰਘੀ ਕੰਦਰ, ਸਮੁੰਦ ਸਾਗਰ ਨਜ਼ਰ ਕੋਇ ਨਾ ਆਈਆ। ਨਾਦ ਗੀਤ ਨਾ ਕੋਇ ਮੰਗਲ, ਧੁਨੀ ਧੁਨ ਨਾ ਕੋਇ ਸ਼ਨਵਾਈਆ। ਸ਼ਰਅ ਸ਼ਰੀਅਤ ਨਾ ਕੋਇ ਸੰਗਲ, ਮਜ਼੍ਹਬ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਆਪਣੀ ਮਰਜ਼ੀ ਹਰਿ ਕਰਤਾਰ, ਆਦਿ ਪੁਰਖ ਪਰਗਟਾਈਆ । ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਹੁਕਮ ਵਰਤਾਈਆ। ਜਨਨੀ ਜਨ ਬਣ ਅਗੰਮ ਅਪਾਰ, ਅਲਖ ਅਗੋਚਰ ਖੇਲ ਵਖਾਈਆ। ਸੁਤ ਦੁਲਾਰਾ ਕਰ ਤਿਆਰ, ਸ਼ਬਦੀ ਨਾਉਂ ਰਖਾਈਆ । ਥਿਰ ਘਰ ਸਾਚੇ ਦੇਵੇ ਵਾੜ, ਛੱਪਰ ਛੰਨ ਨਾ ਕੋਇ ਛੁਹਾਈਆ। ਨਾ ਕੋਈ ਦਿਸੇ ਚਾਰ ਦੀਵਾਰ, ਬਾਡੀ ਬਣਤ ਨਾ ਕੋਇ ਬਣਾਈਆ। ਸੂਰਜ ਚੰਦ ਨਾ ਕੋਈ ਉਜਿਆਰ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਰਜ਼ੀ ਆਪ ਪਰਗਟਾਈਆ। ਸਾਚੀ ਮਰਜ਼ੀ ਸ਼ਬਦੀ ਧਾਰ, ਹਰਿ ਕਰਤਾ ਕਾਰ ਕਮਾਇੰਦਾ। ਸ਼ਬਦੀ ਸੁਤ ਕਰ ਪਿਆਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ । ਭੇਵ ਅਭੇਦਾ ਖੋਲ੍ਹ ਕਿਵਾੜ, ਅਨੁਭਵ ਆਪਣੀ ਕਾਰ ਜਣਾਇੰਦਾ। ਤੇਰਾ ਮੰਦਰ ਅਗੰਮ ਅਪਾਰ, ਦੀਵਾ ਬਾਤੀ ਇਕ ਰੁਸ਼ਨਾਇੰਦਾ । ਕਮਲਾਪਾਤੀ ਮੀਤ ਮੁਰਾਰ, ਹਰਿ ਸੱਜਣ ਇਕ ਅਖਵਾਇੰਦਾ। ਸਾਚੀ ਮਰਜ਼ੀ ਸਚ ਵਿਹਾਰਾ ਕਰ ਨਿਰਗੁਣ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਦ੍ਰਿੜਾਇੰਦਾ। ਸਾਚੀ ਮਰਜ਼ੀ ਏਕੰਕਾਰ ਏਕ, ਇਕ ਇਕੱਲਾ ਆਪ ਜਣਾਈਆ। ਸ਼ਬਦ ਸਵਾਮੀ
❋
❋
ਤੇਰੀ ਟੇਕ, ਗੁਰ ਗੁਰ ਰੂਪ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਖੇਡਣ ਖੇਡ, ਹਰਿ ਕਰਤਾ ਇਕੋ ਸੰਦੇਸਾ ਰਿਹਾ ਜਣਾਈਆ। ਤ੍ਰੈਗੁਣ ਮਾਇਆ ਤੇਰਾ ਲੇਖ, ਪੰਜ ਤਤ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਮਰਜ਼ੀ ਅੰਦਰ ਬਣਤ ਬਣਾਈਆ। ਸਾਚੀ ਮਰਜ਼ੀ ਸੁਣਾਏ ਹਰਿ ਕਰਤਾਰ, ਸ਼ਬਦੀ ਸ਼ਬਦ ਦਏ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਸਾਚੀ ਸਿਖਿਆ ਇਕ ਸਮਝਾਈਆ । ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤਤ ਕਰੇ ਕੁੜਮਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਚਾਰੇ ਖਾਣੀ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ ਦਏ ਆਧਾਰ, ਲੱਖ ਚੁਰਾਸੀ ਰੂਪ ਵਖਾਈਆ । ਸ਼ਬਦ ਅਗੰਮੀ ਬੋਲ ਜੈਕਾਰ, ਘਰ ਘਰ ਨਾਦ ਸੁਣਾਈਆ। ਪਰਾ ਪਸੰਤੀ ਮਧਮ ਬੈਖਰੀ ਕਰ ਖ਼ਬਰਦਾਰ, ਬੇਖ਼ਬਰ ਖ਼ਬਰ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਾਚੀ ਮਰਜ਼ੀ ਕਰੇ ਪ੍ਰਭ ਠਾਕਰ, ਕਰਨਹਾਰ ਅਖਵਾਇੰਦਾ। ਦੋ ਜਹਾਨ ਵੇਖੇ ਗਹਿਰ ਗੰਭੀਰ ਡੂੰਘਾ ਸਾਗਰ, ਭੇਵ ਅਭੇਦਾ ਆਪਣੇ ਵਿਚ ਛੁਪਾਇੰਦਾ। ਜਗਤ ਵਣਜਾਰਾ ਬਣ ਸੌਦਾਗਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਪੰਜ ਤਤ ਕਾਇਆ ਦੇਵੇ ਆਦਰ, ਆਤਮ ਪਰਮਾਤਮ ਵੰਡ ਵੰਡਾਇੰਦਾ। ਕਰਤਾ ਪੁਰਖ ਬਣ ਕਰੀਮ ਕਾਦਰ, ਕੁਦਰਤ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਰਜ਼ੀ ਇਕੋ ਇਕ ਵਖਾਇੰਦਾ। ਸਾਚੀ ਮਰਜ਼ੀ ਕਰੇ ਗਹਿਰ ਗੰਭੀਰ, ਗੁਣਵੰਤਾ ਵਡ ਵਡਿਆਈਆ। ਦੇਵੇ ਮਾਣ ਪੰਜ ਤਤ ਸਰੀਰ, ਤਤਵ ਤਤ ਇਕ ਬੁਝਾਈਆ। ਚੋਟੀ ਚੜ੍ਹ ਕੇ ਬੈਠੇ ਆਪ ਅਖ਼ੀਰ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਮਾਰਨਹਾਰਾ ਅਣਿਆਲਾ ਇਕੋ ਤੀਰ, ਤੀਰ ਨਿਰਾਲਾ ਆਪ ਚਲਾਈਆ। ਪਿਆਵਣਹਾਰਾ ਜਾਮ ਠੰਡਾ ਸੀਰ, ਅੰਮ੍ਰਿਤ ਧਾਰ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਬਣਾਈਆ। ਸਾਚਾ ਲੇਖਾ ਬਣਾਏ ਆਪ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਜੁਗ ਚੌਕੜੀ ਥਾਪਣ ਥਾਪ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇੰਦਾ। ਨਿਰਗੁਣ ਹੋ ਕੇ ਸਰਗੁਣ ਜਾਏ ਆਖ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਤੂੰ ਮੇਰਾ ਮੈਂ ਤੇਰਾ ਕਰਨਾ ਜਾਪ, ਜੀਵਣ ਜੁਗਤ ਇਕ ਸਮਝਾਇੰਦਾ। ਨੂਰ ਖ਼ੁਦਾਈ ਨਜ਼ਰੀ ਆਏ ਪਾਕ, ਪਵਿਤ ਆਪਣੀ ਧਾਰ ਬਣਾਇੰਦਾ। ਭਾਗ ਲਗਾਏ ਕਾਇਆ ਮਾਟੀ ਖ਼ਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਮਰਜ਼ੀ ਅੰਦਰ ਰਚੇ ਸੰਸਾਰ, ਲੱਖ ਚੁਰਾਸੀ ਜੀਵ ਜੰਤ ਉਪਾਈਆ। ਮਰਜ਼ੀ ਅੰਦਰ ਰਵ ਸਸ ਕਰ ਉਜਿਆਰ, ਮੰਡਲ ਮੰਡਪ ਸੋਭਾ ਪਾਈਆ। ਮਰਜ਼ੀ ਅੰਦਰ ਪ੍ਰਿਥਮੀ ਆਕਾਸ਼ ਦਏ ਆਧਾਰ, ਪੁਰੀ ਲੋਅ ਸੋਭਾ ਪਾਈਆ। ਮਰਜ਼ੀ ਅੰਦਰ ਬੋਲ ਸਚ ਜੈਕਾਰ, ਨਾਉਂ ਨਿਰੰਕਾਰ ਦਏ ਸੁਣਾਈਆ। ਮਰਜ਼ੀ ਅੰਦਰ ਖੇਲ ਕਰੇ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਮਰਜ਼ੀ ਅੰਦਰ ਸਾਚਾ ਹੁਕਮ ਕਰੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਮਰਜ਼ੀ ਅੰਦਰ ਭੇਜੇ ਤੇਈ ਅਵਤਾਰ, ਲੋਕਮਾਤ ਸੇਵ ਲਗਾਈਆ। ਮਰਜ਼ੀ ਅੰਦਰ ਈਸਾ ਮੂਸਾ ਮੁਹੰਮਦ ਕਰੇ ਖ਼ਬਰਦਾਰ, ਕਲਮਾ ਹੱਕ ਰਸੂਲ ਪੜ੍ਹਾਈਆ। ਮਰਜ਼ੀ ਅੰਦਰ ਜਨ ਭਗਤਾਂ ਦਏ ਅਧਾਰ, ਭੇਵ ਅਭੇਦਾ ਆਪ ਖੁਲ੍ਹਾਈਆ। ਮਰਜ਼ੀ ਅੰਦਰ ਗੁਰ ਗੁਰ ਰੂਪ ਧਰੇ ਆਪ ਨਿਰੰਕਾਰ, ਦਹਿ ਦਿਸ਼ਾ ਖੋਜ ਖੁਜਾਈਆ। ਮਰਜ਼ੀ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇ ਤਿਆਰ, ਸਿਫ਼ਤੀ ਢੋਲਾ ਰਾਗ ਸੁਣਾਈਆ। ਮਰਜ਼ੀ ਅੰਦਰ ਅਠ ਦਸ ਗੀਤਾ ਗਿਆਨ ਲਾਏ ਅਖਾੜ,
❋
❋
ਭਗਤ ਭਗਵਾਨ ਸਾਚਾ ਭੇਵ ਚੁਕਾਈਆ। ਮਰਜ਼ੀ ਅੰਦਰ ਆਵੇ ਜਾਵੇ ਜੁਗ ਚੌਕੜੀ ਚਾਰ, ਨਿਤ ਨਵਿਤ ਵੇਸ ਵਟਾਈਆ। ਮਰਜ਼ੀ ਅੰਦਰ ਦੇਵੇ ਦੀਦਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਰਜ਼ੀ ਅੰਦਰ ਸਾਚੇ ਸੰਤ ਲਏ ਉਠਾਲ, ਮਨ ਮੰਤਰ ਇਕ ਸਮਝਾਈਆ। ਮਰਜ਼ੀ ਅੰਦਰ ਗੁਰਮੁਖ ਗੁਰਸਿਖ ਗੋਦੀ ਲਏ ਬਹਾਲ, ਫੜ ਬਾਂਹੋਂ ਗਲੇ ਲਗਾਈਆ। ਮਰਜ਼ੀ ਅੰਦਰ ਸਤਿਗੁਰ ਬਣੇ ਦਿਆਲ, ਦੀਨਾਂ ਨਾਥਾਂ ਹੋਏ ਸਹਾਈਆ । ਮਰਜ਼ੀ ਅੰਦਰ ਰੂਪ ਵਟਾਏ ਕਾਲ, ਲੱਖ ਚੁਰਾਸੀ ਆਪੇ ਖਾਈਆ। ਮਰਜ਼ੀ ਅੰਦਰ ਪਾਵਣਹਾਰਾ ਤ੍ਰੈਗੁਣ ਮਾਇਆ ਜੰਜਾਲ, ਮਰਜ਼ੀ ਅੰਦਰ ਸਾਚੀ ਸਿਖਿਆ ਦਏ ਸਮਝਾਈਆ। ਮਰਜ਼ੀ ਅੰਦਰ ਅੰਦਰ ਆਤਮ ਵਜਾਏ ਅਨਾਦੀ ਤਾਲ, ਸ਼ਬਦ ਰਾਗ ਇਕ ਸੁਣਾਈਆ। ਮਰਜ਼ੀ ਅੰਦਰ ਸੁਰਤ ਸਵਾਣੀ ਕਰੇ ਬੇਹਾਲ, ਬਿਹਬਲ ਹੋ ਕੇ ਦਏ ਦੁਹਾਈਆ। ਮਰਜ਼ੀ ਅੰਦਰ ਕਾਇਆ ਮੰਦਰ ਧਰਮ ਦਵਾਰ ਦਏ ਵਖਾਲ, ਜਿਥੇ ਵਸੇ ਬੇਪਰਵਾਹੀਆ । ਮਰਜ਼ੀ ਅੰਦਰ ਪੁਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਮਰਜ਼ੀ ਅੰਦਰ ਘਾਲਨ ਰਿਹਾ ਘਾਲ, ਗੁਰ ਗੁਰ ਆਪਣਾ ਭੇਵ ਚੁਕਾਈਆ । ਮਰਜ਼ੀ ਅੰਦਰ ਗੁਰ ਚੇਲੇ ਵੇਖੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਮਰਜ਼ੀ ਅੰਦਰ ਸਭ ਦਾ ਹੱਲ ਕਰੇ ਸਵਾਲ, ਜਹਾਲਤ ਕੋਇ ਰਹਿਣ ਨਾ ਪਾਈਆ। ਮਰਜ਼ੀ ਅੰਦਰ ਸ਼ਬਦ ਗੁਰੂ ਬਣ ਕੇ ਹੋਏ ਦਲਾਲ, ਦੋ ਜਹਾਨਾਂ ਬੇੜਾ ਪਾਰ ਕਰਾਈਆ। ਮਰਜ਼ੀ ਅੰਦਰ ਲੱਖ ਚੁਰਾਸੀ ਵੇਖੇ ਪੱਤ ਡਾਲ, ਫੁਲ ਟਹਿਣੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਰਜ਼ੀ ਵਿਚ ਆਦਿ ਜੁਗਾਦਿ ਖੇਲ ਖਿਲਾਈਆ। ਮਰਜ਼ੀ ਅੰਦਰ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਧਾਮ ਸੁਹਾਏ ਨਿਹਚਲ ਇਕ ਅਟੱਲਾ, ਸਚ ਦਵਾਰੇ ਡੇਰਾ ਲਾਇੰਦਾ। ਏਕੰਕਾਰ ਸਚ ਸਿੰਘਾਸਣ ਧੁਰ ਦਾ ਮੱਲਾ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਆਦਿ ਨਿਰੰਜਣ ਸਚ ਪਰਕਾਸ਼ ਦੀਪਕ ਬਲਾ, ਦੋ ਜਹਾਨਾਂ ਡਗਮਗਾਇੰਦਾ। ਅਬਿਨਾਸ਼ੀ ਕਰਤੇ ਸਤਿ ਸੰਦੇਸ਼ ਸੱਚਾ ਘੱਲਾ, ਨਿਰਅੱਖਰ ਆਪ ਪੜ੍ਹਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ ਇਕੋ ਝੁੱਲਾ, ਝਲਕ ਆਪਣੇ ਨਾਮ ਦ੍ਰਿੜਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਫੜਾਏ ਆਪਣਾ ਪੱਲਾ, ਪੱਲੂ ਇਕੋ ਗੰਢ ਬੰਧਾਇੰਦਾ। ਸਾਚੀ ਮਰਜ਼ੀ ਅੰਦਰ ਵੇਖੇ ਜਲਾਂ ਥਲਾਂ, ਡੂੰਘੇ ਸਾਗਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਇੰਦਾ। ਮਰਜ਼ੀ ਅੰਦਰ ਦੇਵੇ ਦਾਤ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਆਪ ਭਰਾਈਆ। ਮਰਜ਼ੀ ਅੰਦਰ ਹੋਵੇ ਸਾਥ, ਨਿਰਗੁਣ ਸਰਗੁਣ ਰੂਪ ਵਟਾਈਆ। ਮਰਜ਼ੀ ਅੰਦਰ ਜਣਾਏ ਗਾਥ, ਧੁਰ ਦਾ ਢੋਲਾ ਰਾਗ ਸੁਣਾਈਆ। ਮਰਜ਼ੀ ਅੰਦਰ ਮੇਟੇ ਅੰਧੇਰੀ ਰਾਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਮਰਜ਼ੀ ਅੰਦਰ ਬਣੇ ਪਿਤਾ ਮਾਤ, ਪੂਤ ਸਪੂਤ ਗੋਦ ਉਠਾਈਆ। ਮਰਜ਼ੀ ਅੰਦਰ ਨਿਜ ਨੇਤਰ ਖੋਲ੍ਹੇ ਆਖ, ਹਰਿ ਸੰਤਾਂ ਲਏ ਜਗਾਈਆ। ਮਰਜ਼ੀ ਅੰਦਰ ਪਰਗਟ ਹੋਏ ਸਾਖਿਆਤ, ਜਾਹਰ ਜਹੂਰ ਰੂਪ ਦਰਸਾਈਆ। ਮਰਜ਼ੀ ਅੰਦਰ ਹਰਿਜਨ ਬਣਾਏ ਪਾਰਜਾਤ, ਮਿਹਰ ਨਜ਼ਰ ਇਕ ਉਠਾਈਆ। ਮਰਜ਼ੀ ਅੰਦਰ ਲੇਖਾ ਲਿਖ ਕੇ ਗਿਆ ਕਲਮ ਦਵਾਤ, ਵਾਕ ਭਵਿਖਤ ਇਕ ਸੁਣਾਈਆ। ਮਰਜ਼ੀ ਅੰਦਰ ਵਰਨ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੇਖੇ ਜਾਤ ਪਾਤ, ਦੀਨ ਮਜ਼੍ਹਬ ਖੋਜ ਖੁਜਾਈਆ। ਮਰਜ਼ੀ ਅੰਦਰ ਹੋਵੇ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਪ੍ਰਭ ਦੀ ਮਰਜ਼ੀ ਸਭ ਨੇ ਰੱਖਣੀ ਯਾਦ, ਭੁੱਲੇ ਜੀਵ ਨਾ ਕੋਇ ਲੋਕਾਈਆ। ਜਿਸ ਦੀ ਗੁਰ ਅਵਤਾਰ
❋
❋
ਪੀਰ ਪੈਗ਼ੰਬਰ ਸੁਣੌਂਦੇ ਰਹੇ ਆਵਾਜ਼, ਰਸਨਾ ਜਿਹਵਾ ਕੂਕ ਅਲਾਈਆ। ਜਿਸ ਦਾ ਕਲਮਾ ਪੜ੍ਹਦੇ ਰਹੇ ਨਿਮਾਜ਼, ਸਜਦਾ ਇਕੋ ਘਰ ਵਖਾਈਆ । ਉਸ ਦੀ ਮਰਜ਼ੀ ਅੰਦਰ ਲੱਖ ਚੁਰਾਸੀ ਤਨ ਵੱਜੇ ਰਬਾਬ, ਸਤਾਰ ਨਜ਼ਰ ਕਿਸੇ ਨਾ ਆਈਆ। ਸੋ ਮਰਜ਼ੀ ਅੰਦਰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਗਿਆ ਆਖ, ਸ਼ਬਦ ਸੰਦੇਸਾ ਇਕ ਸੁਣਾਈਆ। ਕਲਜੁਗ ਅੰਤਮ ਵੇਖਾਂ ਖੇਲ ਤਮਾਸ਼, ਨਿਰਗੁਣ ਨੂਰ ਰੂਪ ਪਰਗਟਾਈਆ। ਮੇਰੀ ਸਮਝ ਨਾ ਆਵੇ ਕਿਸੇ ਜਾਤ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸਦੀ ਚੌਧਵੀਂ ਕਰਾਂ ਵਫ਼ਾਤ, ਫ਼ਾਤਿਹਾ ਸਭ ਦਾ ਪੜ੍ਹਾਂ ਥਾਉਂ ਥਾਈਂਆ। ਬੀਸ ਬੀਸਾ ਵੇਖਾਂ ਹਾਲਾਤ, ਹਰਿ ਜਗਦੀਸਾ ਨਾਉਂ ਧਰਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮਨ ਵਾਸਨਾ ਕਰੇ ਨਾਚ, ਬੁਧ ਬਿਬੇਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਪ੍ਰਭ ਦੀ ਮਰਜ਼ੀ ਕਹੇ ਸੁਣੋ ਜਗ ਮੀਤ, ਹਰਿ ਕਰਤਾ ਸਚ ਦ੍ਰਿੜਾਇੰਦਾ। ਕਲਜੁਗ ਕੂੜੀ ਕਿਰਿਆ ਵੇਖੋ ਰੀਤ, ਸਚ ਸੁਚ ਨਜ਼ਰ ਕੋਇ ਨਾ ਆਇੰਦਾ। ਝਗੜਾ ਪਿਆ ਮੰਦਰ ਮਸੀਤ, ਗੁਰ ਦਰ ਸ਼ਿਵਦਵਾਲਾ ਮੱਠ ਸਰਬ ਕੁਰਲਾਇੰਦਾ। ਆਤਮ ਦਿਸੇ ਨਾ ਕੋਈ ਠੰਡੀ ਸੀਤ, ਮਣਕਾ ਮਨ ਨਾ ਕੋਇ ਭਵਾਇੰਦਾ। ਮਿਲੇ ਵਡਿਆਈ ਨਾ ਕੋਈ ਊਚ ਨੀਚ, ਅਗੰਮ ਅਥਾਹ ਧਿਆਨ ਨਾ ਕੋਇ ਲਗਾਇੰਦਾ। ਸਚ ਦਵਾਰੇ ਮਿਲੇ ਨਾ ਕੋਇ ਭੀਖ, ਭਿਛਿਆ ਨਾਮ ਨਾ ਕੋਇ ਵਰਤਾਇੰਦਾ। ਉਮਤ ਉਮਤੀ ਸਾਚਾ ਕਲਮਾ ਭੁੱਲਿਆ ਹਦੀਸ, ਹਜ਼ਰਤ ਮੇਲ ਨਾ ਕੋਇ ਮਿਲਾਇੰਦਾ। ਨੇਤਰ ਖੋਲ੍ਹ ਵੇਖੋ ਠੀਕ, ਗੁਰ ਕਾ ਸ਼ਬਦ ਨਜ਼ਰ ਕਿਸੇ ਨਾ ਆਇੰਦਾ। ਘਰ ਸਵਾਮੀ ਸੁੱਤਾ ਦੇ ਕਰ ਪੀਠ, ਨੇਤਰ ਅੱਖ ਨਾ ਕੋਇ ਖੁਲ੍ਹਾਇੰਦਾ। ਦੂਰ ਦੁਰਾਡਾ ਵਸਣਹਾਰ ਨਜ਼ਦੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਪ੍ਰਭ ਦੀ ਮਰਜ਼ੀ ਕਹੇ ਉਠੋ ਜੀਵ ਜੰਤ ਜਗ, ਕਲਜੁਗ ਅੰਤ ਅੰਧੇਰਾ ਛਾਈਆ। ਆਪਣੇ ਅੰਦਰੋਂ ਆਪਾ ਲਓ ਲੱਭ, ਕਿਉਂ ਬੈਠੇ ਮੁਖ ਭਵਾਈਆ। ਨੌ ਦਵਾਰੇ ਪੰਧ ਮੁਕਾਓ ਹੱਦ, ਨਾਤਾ ਤੁੱਟੇ ਕਾਮ ਕਰੋਧ ਲੋਭ ਮੋਹ ਹੰਕਾਰ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਾਚਾ ਮੰਦਰ ਵੇਖੋ ਲੰਘ, ਬਣ ਕੇ ਪਾਂਧੀ ਰਾਹੀਆ। ਘਰ ਸਵਾਮੀ ਸੁਣੋ ਛੰਦ, ਅੱਠੇ ਪਹਿਰ ਰਿਹਾ ਜਸ ਗਾਈਆ। ਨਿਜ ਆਤਮ ਲਓ ਇਕ ਅਨੰਦ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਨੂਰੀ ਤੇਜ ਚਮਕੇ ਚੰਦ, ਚੰਦ ਸੂਰਜ ਦੋਵੇਂ ਨੈਣ ਸ਼ਰਮਾਈਆ । ਪ੍ਰਭ ਦੀ ਮਰਜ਼ੀ ਨਾਲ ਆਪਣੀ ਮਰਜ਼ੀ ਲਓ ਗੰਢ, ਆਤਮ ਪਰਮਾਤਮ ਘਰ ਘਰ ਵੱਜੇ ਵਧਾਈਆ। ਕਾਇਆ ਚੋਲੀ ਨਾਮ ਮਜੀਠੀ ਲਓ ਰੰਗ, ਦੁਰਮਤ ਮੈਲ ਧਵਾਈਆ। ਪੁਰਖ ਅਕਾਲ ਨੂੰ ਮਿਲਣ ਦੀ ਨਹੀਂ ਕੋਈ ਸੰਗ, ਪੜਦਾ ਉਹਲਾ ਜਨ ਭਗਤਾਂ ਰਿਹਾ ਚੁਕਾਈਆ। ਲੇਖਾ ਚੁਕੇ ਜਮਨਾ ਸੁਰਸਤੀ ਗੋਦਾਵਰੀ ਗੰਗ, ਅੰਮ੍ਰਿਤ ਧਾਰ ਮੁਖ ਚੁਆਈਆ। ਆਤਮ ਸੇਜ ਸੁਹਾਏ ਇਕ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪ੍ਰਭ ਦੀ ਮਰਜ਼ੀ ਸਭ ਨੂੰ ਮਾਰੇ ਤਾਅਨਾ, ਉਚੀ ਕੂਕ ਕੂਕ ਸੁਣਾਈਆ। ਕਲਜੁਗ ਜੀਵ ਇਹ ਦੇਸ ਬੇਗਾਨਾ, ਥਿਰ ਕੋਇ ਰਹਿਣ ਨਾ ਪਾਈਆ। ਨੇਤਰ ਖੋਲ੍ਹੋ ਅੰਤਰ ਅੱਖ ਮਹਾਨਾ, ਪੜਦਾ ਉਹਲਾ ਜਗਤ ਚੁਕਾਈਆ। ਦਰਸ ਕਰੋ ਸ੍ਰੀ ਭਗਵਾਨਾ, ਜੋ ਆਦਿ ਜੁਗਾਦੀ ਸੱਚਾ ਮਾਹੀਆ। ਅੰਦਰੇ ਅੰਦਰ ਸੁਣੋ ਨਾਮ ਤਰਾਨਾ, ਅਨਹਦ ਰਾਗੀ ਰਾਗ ਸੁਣਾਈਆ। ਏਥੇ ਓਥੇ ਮਿਲੇ ਮਾਣਾ, ਦੋ ਜਹਾਨ ਹੋਏ ਸਹਾਈਆ। ਵੇਲਾ ਗਿਆ ਸਰਬ ਪਛਤਾਣਾ, ਜੁਗ ਜੁਗ ਪਸਚਾਤਾਪ ਕਰੇ ਲੋਕਾਈਆ।
❋
❋
ਲੱਖ ਚੁਰਾਸੀ ਵਿਚੋਂ ਮਾਣਸ ਜਨਮ ਇਕ ਮਹਾਨਾ, ਜਿਸ ਵਿਚ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪ੍ਰਭ ਦੀ ਮਰਜ਼ੀ ਨਾਲ ਮਿਲਿਆ ਇਕ ਕਬੀਰ, ਜਗਤ ਕਾਅਬਾ ਦਿਤਾ ਤਜਾਈਆ। ਨਾਤਾ ਤੁਟਾ ਤਤ ਸਰੀਰ, ਬ੍ਰਹਮ ਮਤ ਇਕੋ ਪਾਈਆ। ਮਿਹਰਵਾਨ ਬਦਲ ਦਿਤੀ ਤਕਦੀਰ, ਤਦਬੀਰ ਆਪਣੀ ਇਕ ਸਮਝਾਈਆ। ਜਲ ਧਾਰ ਕੱਟ ਜ਼ੰਜੀਰ, ਸ਼ਬਦ ਡੋਰੀ ਤੰਦ ਵਖਾਈਆ। ਪ੍ਰਭ ਦੀ ਮਰਜ਼ੀ ਨਾਲ ਮਿਲ ਕੇ ਚੋਟੀ ਚੜ੍ਹ ਗਿਆ ਅਖ਼ੀਰ, ਜਿਸ ਘਰ ਵਸੇ ਸ਼ਹਿਨਸ਼ਾਹੀਆ। ਜਲਵਾ ਤੱਕ ਬੇਨਜ਼ੀਰ, ਆਪਣੀ ਨਜ਼ਰ ਨਜ਼ਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਸਮਝਾਈਆ। ਪ੍ਰਭ ਦੀ ਮਰਜ਼ੀ ਮੇਟੇ ਮਰਜ਼, ਹਉਮੇਂ ਰੋਗ ਚੁਕਾਈਆ। ਜਨ ਭਗਤੋ ਤੁਹਾਡੀ ਸਦਾ ਗ਼ਰਜ਼, ਅਬਿਨਾਸ਼ੀ ਕਰਤਾ ਆਪ ਰਖਾਈਆ। ਦੀਨ ਦਿਆਲ ਹੋ ਕੇ ਵੰਡੇ ਦਰਦ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਇਹੋ ਖੇਲ ਜੁਗੋ ਜੁਗ ਅਚਰਜ, ਹਰਿ ਕਾ ਭੇਵ ਕੋਈ ਸਮਝ ਸਕੇ ਨਾ ਰਾਈਆ । ਲੇਖਾ ਜਾਣੇ ਪਰਗਟ ਹੋ ਕੇ ਜੋਧਾ ਸੂਰਬੀਰ ਵਡ ਮਰਦ, ਮਰਦ ਮਰਦਾਨਾ ਆਪਣਾ ਨਾਉਂ ਧਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰੀ ਮਨਜ਼ੂਰ ਅਰਜ਼, ਆਰਜ਼ੂ ਆਪਣੇ ਲੇਖੇ ਲਾਈਆ। ਕਲਜੁਗ ਅੰਤਮ ਪੂਰਾ ਕਰਨ ਆਇਆ ਫ਼ਰਜ਼, ਫ਼ੈਸਲਾ ਇਕੋ ਵਾਰ ਸੁਣਾਈਆ। ਹਰਿਜਨ ਸਾਚੇ ਹੋਣ ਨਾ ਦੇਵੇ ਹਰਜ, ਅਗਲਾ ਪਿਛਲਾ ਪੂਰਬ ਲਹਿਣਾ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮਰਜ਼ੀ ਅੰਦਰ ਇਕੋ ਮਜ਼ਾ ਨਾਮ ਚਖਾਈਆ। ਪ੍ਰਭ ਦੀ ਮਰਜ਼ੀ ਚੰਗਾ ਮਜ਼ਾ, ਮਰੀਜ਼ ਰਹਿਣ ਕੋਇ ਨਾ ਪਾਈਆ। ਰਾਏ ਧਰਮ ਨਾ ਦੇਵੇ ਸਜ਼ਾ, ਚਿਤਰ ਗੁਪਤ ਲੇਖ ਨਾ ਕੋਇ ਜਣਾਈਆ। ਨੇੜ ਨਾ ਆਵੇ ਲਾੜੀ ਮੌਤ ਕਜ਼ਾ, ਜੂਨੀ ਜੂਨ ਨਾ ਕੋਇ ਭਵਾਈਆ। ਸ੍ਰੀ ਭਗਵਾਨ ਜੁਗ ਜੁਗ ਜਨ ਭਗਤਾਂ ਪਿਛੇ ਫਿਰੇ ਭੱਜਾ, ਦੋ ਜਹਾਨਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਵੇਖਣਹਾਰਾ ਬੇਪਰਵਾਹੀਆ। ਪ੍ਰਭ ਦੀ ਮਰਜ਼ੀ ਵੇਖੇ ਕਲਜੁਗ ਮਰਜ਼ੀ, ਮਰਜ਼ੀ ਮਰਜ਼ੀ ਵਿਚੋਂ ਪਰਗਟਾਈਆ। ਸਾਹਿਬ ਸਤਿਗੁਰ ਪੁਰਖ ਅਕਾਲ ਕੋਈ ਨਾ ਦਿਸੇ ਤੇਰਾ ਦਰਦੀ, ਤੇਰੀ ਲੋੜ ਨਜ਼ਰ ਨਾ ਆਈਆ। ਬੇਸ਼ਕ ਰਸਨਾ ਜਿਹਵਾ ਬੱਤੀ ਦੰਦ ਤੇਰਾ ਨਾਉਂ ਪੜ੍ਹਦੀ, ਅੰਦਰ ਤੇਰਾ ਰੂਪ ਵੇਖਣ ਕੋਇ ਨਾ ਜਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਕਲਜੁਗ ਜੀਵ ਜਾਂਦੇ ਫ਼ਰਜ਼ੀ, ਫ਼ਰਮਾਂਬਰਦਾਰ ਨਾ ਕੋਇ ਅਖਵਾਈਆ। ਸਾਚੀ ਸਿਖਿਆ ਬੁਧ ਬਿਬੇਕ ਕੋਇ ਨਾ ਪੜ੍ਹਦੀ, ਮਨਮਤ ਘਰ ਘਰ ਬੈਠੀ ਡੇਰਾ ਲਾਈਆ। ਜਗਤ ਵਾਸਨਾ ਅੱਗੇ ਹੋ ਕੇ ਖੜਦੀ, ਸੋਹਣਾ ਸੁਹੰਜਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਏ ਸਮਝਾਈਆ। ਕਲਜੁਗ ਮਰਜ਼ੀ ਕਹੇ ਮੈਂ ਬੜੀ ਚਾਲਾਕ, ਕਲਜੁਗ ਜੀਵਾਂ ਦਿਤਾ ਭੁਲਾਈਆ । ਅੰਦਰ ਵੜ ਕੇ ਖੋਲ੍ਹ ਸਕੇ ਨਾ ਕੋਇ ਤਾਕ, ਬਜਰ ਕਪਾਟੀ ਨਾ ਕੋਇ ਤੁੜਾਈਆ। ਪਾਰਬ੍ਰਹਮ ਤੇਰੀ ਮਿਲੇ ਨਾ ਕੋਈ ਜਾਤ, ਆਪਣਾ ਆਪ ਨਾ ਕੋਇ ਮਿਟਾਈਆ। ਬੰਦੇ ਖ਼ਾਕੀ ਕੀਤੇ ਖ਼ਾਕ, ਕੂੜੀ ਕਿਰਿਆ ਵਿਚ ਰੁਲਾਈਆ। ਜਗ ਨੇਤਰ ਕਾਮ ਵਾਸਨਾ ਰਹੇ ਝਾਕ, ਦਿਬ ਨੇਤਰ ਨਾ ਕੋਇ ਖੁਲ੍ਹਾਈਆ। ਲੋਭ ਮੋਹ ਹੰਕਾਰ ਦਿਤਾ ਸਾਥ, ਅੱਠੇ ਪਹਿਰ ਕਰੇ ਲੜਾਈਆ। ਨਾਤਾ ਤੁਟਿਆ ਪਿਤਾ ਪੂਤ ਬਾਪ, ਸੱਚਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਵਖਾਈਆ। ਕਲਜੁਗ ਮਰਜ਼ੀ ਕਹੇ ਮੈਂ ਵੱਡੀ ਸੋਹਣੀ,
❋
❋
ਸੋਹਣੀ ਰੂਪ ਵਟਾਈਆ। ਲੱਖ ਚੁਰਾਸੀ ਜਿਸ ਨੇ ਕੋਹਣੀ, ਸਿਰ ਸਕੇ ਨਾ ਕੋਇ ਉਠਾਈਆ। ਮੇਰਾ ਨਾਉਂ ਰੱਖਿਆ ਆਦਿ ਜੁਗਾਦੀ ਹੋਣੀ, ਜਿਸ ਦੇ ਹੌਕੇ ਮਰੇ ਸਰਬ ਲੋਕਾਈਆ। ਮੈਂ ਚੌਦਾਂ ਲੋਕ ਚੌਦਾਂ ਤਬਕਾਂ ਚੌਦਾਂ ਵਿਦਿਆ ਕਰਨੀ ਬੌਹਣੀ, ਲੱਖ ਚੁਰਾਸੀ ਆਪਣੇ ਵਿਚ ਟਿਕਾਈਆ। ਮੇਰੀ ਆਦਿ ਜੁਗਾਦਿ ਜੁਗ ਚੌਕੜੀ ਕਿਸੇ ਨਾ ਭਰੀ ਦੋਹਣੀ, ਖ਼ਾਲੀ ਕਾਸਾ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਲੈਣੀ ਉਠਾਈਆ। ਜੀਵਾਂ ਮਰਜ਼ੀ ਕਹੇ ਮਿਲੇ ਜਗ ਮਾਇਆ, ਮਮਤਾ ਸੋਭਾ ਪਾਈਆ। ਕੂੜੀ ਕਿਰਿਆ ਸੰਗ ਨਿਭਾਇਆ, ਸਚ ਸੁਚ ਨਾ ਕੋਇ ਵਡਿਆਈਆ। ਨਾਰ ਕੰਤ ਸੇਜ ਬਸੰਤ ਨਾ ਕੋਇ ਹੰਡਾਇਆ, ਸੁੰਞੀਂ ਰੈਣ ਦਏ ਦੁਹਾਈਆ। ਅੰਗੀਕਾਰ ਕਰਤਾ ਅੰਗ ਨਾ ਕੋਇ ਲਗਾਇਆ, ਸਿਰ ਹੱਥ ਨਾ ਕੋਇ ਟਿਕਾਈਆ। ਜਗਤ ਰੰਡੇਪਾ ਨਜ਼ਰੀ ਆਇਆ, ਸੁਹਾਗਣ ਰੂਪ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਰਿਹਾ ਚੁਕਾਈਆ। ਜਗਤ ਮਰਜ਼ੀ ਵਿਚੋਂ ਭਗਤਾਂ ਮਰਜ਼ੀ ਗਈ ਜਾਗ, ਕਲਜੁਗ ਵਿਚ ਆਪਣੀ ਅੱਖ ਖੁਲ੍ਹਾਈਆ। ਪ੍ਰਭੂ ਨਾਮ ਦਾ ਉਪਜੇ ਵੈਰਾਗ, ਬਣ ਵੈਰਾਗਣ ਦਏ ਦੁਹਾਈਆ। ਨਾਤਾ ਤੁਟੇ ਸੱਜਣ ਸਾਕ, ਬੰਧਪ ਨਜ਼ਰ ਕੋਇ ਨਾ ਆਈਆ। ਕਮਲੀ ਕੋਝੀ ਹੋ ਕੇ ਰਹੀ ਝਾਕ, ਨੇਤਰ ਨੈਣ ਅੱਖ ਖੁਲ੍ਹਾਈਆ। ਕਵਣ ਵੇਲਾ ਪਤਿਪਰਮੇਸ਼ਵਰ ਪਾਰਬ੍ਰਹਮ ਪ੍ਰਭ ਮਿਲੇ ਆਪ, ਆਪਣਾ ਫੇਰਾ ਪਾਈਆ। ਆਪਣੀ ਮਰਜ਼ੀ ਦਾ ਦੱਸ ਕੇ ਜਾਪ, ਮੇਰੀ ਮਰਜ਼ੀ ਦਏ ਬਦਲਾਈਆ। ਪਿਛਲਾ ਮੇਟੇ ਰੋਗ ਸੰਤਾਪ, ਅੱਗੇ ਦੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਚਾ ਹੱਥ ਟਿਕਾਈਆ। ਭਗਤਾਂ ਮਰਜ਼ੀ ਬੋਲੇ ਬੋਲ, ਸੋਹਣਾ ਰਾਗ ਸੁਣਾਈਆ। ਸਾਹਿਬ ਸਤਿਗੁਰ ਤੇਰੇ ਵਸਾਂ ਕੋਲ, ਦੂਜਾ ਥਾਨ ਨਾ ਕੋਇ ਸੁਹਾਈਆ। ਤੇਰੇ ਪਰੇਮ ਪਿਆਰ ਅੰਦਰ ਜਾਵਾਂ ਮੌਲ, ਬਿਸਮਲ ਹੋ ਕੇ ਸੇਵ ਕਮਾਈਆ। ਗੁਰ ਅਵਤਾਰਾਂ ਨਾਲ ਜੋ ਕੀਤਾ ਕੌਲ, ਪੂਰਾ ਕਰ ਕੇ ਦੇ ਵਖਾਈਆ। ਤੇਰੇ ਨਾਮ ਦਾ ਡੰਕਾ ਵੱਜੇ ਢੋਲ, ਦੋ ਜਹਾਨ ਤੇਰਾ ਨਾਮ ਧਿਆਈਆ। ਸਚ ਦਵਾਰਾ ਦੇਣਾ ਖੋਲ੍ਹ, ਕਲਜੁਗ ਜੀਵਾਂ ਮਰਜ਼ੀ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਣਾ ਸਹਾਈਆ। ਭਗਤਾਂ ਮਰਜ਼ੀ ਕਰੇ ਪੁਕਾਰ, ਵਾਹ ਵਾ ਵੱਜੇ ਨਾਮ ਵਧਾਈਆ। ਕਲਜੁਗ ਜੀਵਾਂ ਮਰਜ਼ੀ ਲੈ ਉਠਾਲ, ਸ਼ਬਦ ਹੁਲਾਰਾ ਇਕ ਲਗਾਈਆ। ਤੇਰੀ ਮਰਜ਼ੀ ਦੀਨ ਦਿਆਲ, ਦਰਦ ਦੁੱਖ ਭੰਜਨ ਇਕੋ ਭਾਈਆ। ਤਿੰਨਾਂ ਮਰਜ਼ੀ ਮਿਲ ਕੇ ਤੇਰਾ ਸੋਹੇ ਬੰਕ ਦਵਾਰ, ਜਿਸ ਘਰ ਵੱਜੇ ਸਚ ਸ਼ਨਵਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨੌ ਸੌ ਚੁਰਾਨਵੀ ਚੌਕੜੀ ਜੁਗ ਉਤਰੇ ਪਾਰ, ਨਿਤ ਨਵਿਤ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇ ਵਖਾਈਆ। ਭਗਤਾਂ ਮਰਜ਼ੀ ਰਹੀ ਕੂਕ, ਦਰੋਹੀ ਤੇਰਾ ਨਾਮ ਖ਼ੁਦਾਈਆ। ਵੱਜੇ ਨਗ਼ਾਰਾ ਚਾਰੇ ਕੂਟ, ਦਹਿ ਦਿਸ਼ਾ ਨਾਦ ਸੁਣਾਈਆ। ਕਲਜੁਗ ਨਾਤਾ ਤੋੜ ਜੂਠ ਝੂਠ, ਭਾਂਡਾ ਭਰਮ ਭੌ ਭੰਨਾਈਆ। ਹਰਿ ਭਗਤ ਉਪਾ ਸਾਚੇ ਪੂਤ, ਪਿਤਾ ਆਪਣੀ ਗੋਦ ਸੁਹਾਈਆ। ਉਜਲ ਕਰ ਇਨ੍ਹਾਂ ਮੁਖ, ਜੋ ਬੈਠੇ ਤੇਰਾ ਨਾਮ ਭੁਲਾਈਆ । ਜਨਮ ਮਰਨ ਦਾ ਕੱਟ ਦੁੱਖ, ਲੱਖ ਚੁਰਾਸੀ ਤੰਦ ਕਟਾਈਆ। ਘਰ ਆਤਮ ਪਰਮਾਤਮ ਦੇ ਸੁਖ, ਬ੍ਰਹਮ ਪਾਰਬ੍ਰਹਮ ਹੋ ਸਹਾਈਆ। ਬੇਸ਼ਕ ਕਲਜੁਗ ਜੀਵ ਭੁੱਲੇ ਬਣ ਮਨੁਖ, ਮਾਣਸ ਹੋ ਕੇ ਤੇਰੀ ਸਾਰ ਨਾ ਪਾਈਆ। ਆਪਣੀ ਮਰਜ਼ੀ ਏਨ੍ਹਾਂ ਗੋਦੀ ਚੁੱਕ, ਏਨ੍ਹਾਂ ਦੀ ਮਰਜ਼ੀ ਸ਼ੌਹ ਦਰਿਆ
❋
❋
ਦੇ ਰੁੜ੍ਹਾਈਆ। ਤੇਰੀ ਮਰਜ਼ੀ ਨਾਲ ਅਪਰਾਧੀ ਸੱਚੇ ਬਣਨ ਸੁਤ, ਪਤਤ ਪੁਨੀਤ ਦੇ ਕਰਾਈਆ। ਤੇਰੀ ਮਰਜ਼ੀ ਅੰਦਰ ਸਭ ਕੁਛ, ਦੋ ਜਹਾਨ ਭੱਜਣ ਵਾਹੋ ਦਾਹੀਆ। ਕਲਜੁਗ ਜੀਵਾਂ ਪਿਛਲੀ ਮਰਜ਼ੀ ਜਾਏ ਮੁੱਕ, ਅਗਲਾ ਹੁਕਮ ਦੇ ਦ੍ਰਿੜਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਗਾਵਣ ਮੁਖ, ਸੋਹਣਾ ਨਾਦ ਸੁਣਾਈਆ। ਸੀਸ ਜਗਦੀਸ ਸਜਦਾ ਕਰਨ ਝੁਕ, ਗੜ੍ਹ ਹੰਕਾਰ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੁਹੱਬਤ ਦੇ ਸਖਾਈਆ। ਸਚ ਮੁਹੱਬਤ ਦੇ ਦਲੀਲ, ਦਰ ਤੇਰੇ ਅਰਜ਼ੋਈਆ। ਤੁਧ ਬਿਨ ਸੱਚਾ ਦਿਸੇ ਨਾ ਕੋਇ ਵਕੀਲ, ਵੁਕਲਾ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਮਾਣਸ ਕਰਨ ਅਪੀਲ, ਬਰੀਖ਼ਾਨਾ ਦੇ ਵਖਾਈਆ। ਤੂੰ ਦਾਤਾ ਛੈਲ ਛਬੀਲ, ਸ਼ਹਿਨਸ਼ਾਹ ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦੇ ਮੁਕਾਈਆ। ਤੇਰੀ ਮਰਜ਼ੀ ਕਰੇ ਇਨਕਸ਼ਾਫ਼, ਖੋਜੇ ਥਾਉਂ ਥਾਈਂਆ। ਕਲਜੁਗ ਮਰਜ਼ੀ ਹੋਈ ਖ਼ਿਲਾਫ, ਵਾਅਦਾ ਪੂਰ ਨਾ ਕੋਇ ਕਰਾਈਆ। ਤੁਧ ਬਿਨ ਮੇਟੇ ਨਾ ਕੋਈ ਇਖ਼ਤਲਾਫ਼, ਦੂਈ ਦਵੈਤ ਨਾ ਕੋਇ ਚੁਕਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਪ੍ਰਭ ਤੇਰੇ ਹੱਥ ਵਡਿਆਈਆ। ਤੇਰਾ ਪੱਤਣ ਤੇਰਾ ਘਾਟ, ਤੇਰੀ ਨਈਆ ਨੌਕਾ ਨਾਮ ਨਜ਼ਰੀ ਆਈਆ। ਤੇਰਾ ਨਾਮ ਤੇਰਾ ਸ਼ਬਦ ਤੇਰੀ ਦਾਤ, ਤੇਰਾ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਜਨ ਢਹਿ ਪਏ ਸਰਨਾਈਆ। ਢਹਿ ਪਏ ਸਰਨਾ, ਸੋਚ ਸਮਝ ਨਾ ਕੋਇ ਰਖਾਈਆ। ਸਾਡੀ ਮਰਜ਼ੀ ਬਖ਼ਸ਼ ਗੁਨਾਹ, ਮਰਜ਼ੀ ਆਪਣੀ ਨਾਲ ਮਿਲਾਈਆ। ਬਿਨ ਤੇਰੇ ਹੋਏ ਫ਼ਨਾਹ, ਸਿਰ ਹੱਥ ਨਾ ਕੋਇ ਟਿਕਾਈਆ। ਅੱਗੇ ਮਿਲੇ ਨਾ ਕੋਈ ਰਾਹ, ਰਹਿਬਰ ਪੰਧ ਨਾ ਕੋਇ ਚੁਕਾਈਆ। ਕਿਰਪਾ ਕਰ ਨੂਰੀ ਖ਼ੁਦਾ, ਖ਼ੈਰਖ਼ਾਹ ਹੋ ਕੇ ਮਿਹਰ ਨਜ਼ਰ ਉਠਾਈਆ। ਪਾਰਬ੍ਰਹਮ ਪ੍ਰਭ ਹੋ ਸਹਾ, ਸਹਾਇਤਾ ਕਰਨੀ ਚਾਈਂ ਚਾਈਂਆ। ਸਚ ਮਰਜ਼ੀ ਅੰਦਰ ਮੰਗੀਏ ਇਕ ਦੁਆ, ਅਸੀਸ ਤੇਰੇ ਦਰ ਤੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਧੁਰ ਦੀ ਮਰਜ਼ੀ ਨਾਲ ਹਰਿਜਨ ਲੈਣੇ ਆਪ ਚਲਾਈਆ। ਪ੍ਰਭ ਦੀ ਮਰਜ਼ੀ ਜਪਣਾ ਨਾਮ, ਸੱਚੀ ਕਿਰਤ ਸਮਝਾਇੰਦਾ। ਅੰਮ੍ਰਿਤ ਆਤਮ ਪੀਣਾ ਜਾਮ, ਮਧ ਪਿਆਲਾ ਇਕ ਵਖਾਇੰਦਾ। ਮਨ ਮਮਤਾ ਤੋੜਨਾ ਮਾਣ ਅਭਿਮਾਨ, ਨਿਵਣ ਸੋ ਅੱਖਰ ਇਕ ਪੜ੍ਹਾਇੰਦਾ। ਘਰ ਠਾਕਰ ਸਵਾਮੀ ਲੈਣਾ ਪਹਿਚਾਨ, ਦੂਈ ਦਵੈਤੀ ਪੜਦਾ ਲਾਹਿੰਦਾ। ਕਲਜੁਗ ਜੀਵ ਨਾ ਭੁੱਲ ਅਞਾਣ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਜਿਸ ਦੀ ਮਰਜ਼ੀ ਅੰਦਰ ਚਲੇ ਦੋ ਜਹਾਨ, ਸੂਰਜ ਚੰਦ ਸੇਵ ਕਮਾਇੰਦਾ। ਸੋ ਸਾਹਿਬ ਸਤਿਗੁਰ ਦੇਵਣਹਾਰਾ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਰਾਤੀਂ ਸੁਤਿਆਂ ਮਿਲੇ ਆਣ, ਦਿਨੇ ਜਾਗਦਿਆਂ ਖ਼ੁਸ਼ੀ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ੁਸ਼ੀਆਂ ਅੰਦਰ ਦੇਵੇ ਵਰ, ਘਰ ਘਰ ਵਿਚ ਸੋਭਾ ਪਾਇੰਦਾ। ਘਰ ਵਿਚ ਸੋਭਾ ਸੁਭਾਏਮਾਨ, ਸਚ ਦਏ ਵਡਿਆਈਆ। ਪ੍ਰਭ ਦੀ ਮਰਜ਼ੀ ਕੋ ਵਿਰਲਾ ਗੁਰਮੁਖ ਜਾਣੇ ਵਿਚ ਜਹਾਨ, ਦੂਸਰ ਹੱਥ ਕਿਸੇ ਨਾ ਆਈਆ। ਜਗਤ ਮਰਜ਼ੀ ਭਰਮ ਭੁੱਲੇ ਸ਼ੈਤਾਨ, ਦਿਵਸ ਰੈਣ ਅੱਠੇ ਪਹਿਰ ਦੁਹਾਈਆ । ਸਤਿਗੁਰ ਮਰਜ਼ੀ ਗੁਰਮੁਖ ਮਿਲੇ ਮਾਣ, ਘਰ ਠਾਂਡੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਮਰਜ਼ੀ ਅੰਦਰ ਦੇਵੇ ਦਾਨ, ਚਰਨ ਧੂੜ ਬਖ਼ਸ਼ ਇਸ਼ਨਾਨ, ਅੰਤਰ ਆਤਮ ਬ੍ਰਹਮ ਗਿਆਨ, ਨਾਦ ਧੁਨ ਕਰੇ ਸਚ ਸਚ ਸਚ ਸ਼ਨਵਾਈਆ।
❋
❋
੧੩ ਜੇਠ ੨੦੨੧ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ ਜ਼ਿਲਾ ਗੁਰਦਾਸਪੁਰ
ਵਿਦਿਆ ਕਹੇ ਮੈਂ ਕਲਮਾਂ ਨਾਲ ਗਈ ਵਿਧੀ, ਸਚ ਵਿਦਿਆਲਾ ਨਜ਼ਰ ਕੋਇ ਨਾ ਆਇੰਦਾ। ਅੱਖਰਾਂ ਵਿਚੋਂ ਲੱਭਦੇ ਤੇਰੇ ਮਿਲਣ ਦੀ ਬਿਧੀ, ਸਤਿ ਤੇਰਾ ਧਿਆਨ ਨਾ ਕੋਇ ਲਗਾਇੰਦਾ। ਲੇਖਾਂ ਵਿਚੋਂ ਲੇਖ ਪ੍ਰਭੂ ਤੇਰੀ ਕਹਾਣੀ ਵੱਡੀ ਕਿਡੀ, ਜੇ ਖੋਜਾਂ ਤੇ ਨਿਕਿਉਂ ਨਿੱਕਾ ਤੇਰਾ ਰੂਪ ਨਜ਼ਰੀ ਆਇੰਦਾ। ਇਲਮਾਂ ਵਾਲੇ ਬਣ ਗਏ ਜ਼ਿਦੀ, ਨੇਤਰ ਨਾਲ ਅੱਖ ਨਾ ਕੋਇ ਮਿਲਾਇੰਦਾ। ਮਜ਼੍ਹਬ ਪਗਡੰਡੀ ਤੇਰੀ ਧਾਰ ਮਿਲੇ ਨਾ ਸਿਧੀ, ਬਿਨ ਕਦਮਾਂ ਪੰਧ ਨਾ ਕੋਇ ਮੁਕਾਇੰਦਾ। ਕਿਸੇ ਸਮਝ ਨਾ ਆਏ ਮੁਨੀ ਰਿਖੀ, ਜੋਗ ਅਭਿਆਸ ਅੰਦਰ ਸਰਬ ਕੁਰਲਾਇੰਦਾ। ਤੇਰੇ ਪਰੇਮ ਪਿਆਰ ਦੀ ਕੋਈ ਨਾ ਪਾਵੇ ਇਕੀ, ਦੂਆ ਹੋ ਕੇ ਏਕਾ ਰੂਪ ਸਮਾਇੰਦਾ। ਕੀ ਦੱਸਾਂ ਕਹਾਣੀ ਬੀਤੀ, ਪਿਛਲਾ ਲੇਖਾ ਸਮਝ ਕੋਇ ਨਾ ਪਾਇੰਦਾ । ਰਸਨਾ ਪੜ੍ਹ ਕੇ ਤੈਨੂੰ ਲੱਭਦੇ ਮੰਦਰ ਮਸੀਤੀ, ਸਾਚਾ ਮੰਦਰ ਖੋਜ ਨਾ ਕੋਇ ਖੋਜਾਇੰਦਾ। ਸ਼ਰਅ ਵਾਲੇ ਮੈਨੂੰ ਰਹੇ ਘਸੀਟੀ, ਮੀਤ ਪਿਆਰਾ ਮੇਲ ਨਾ ਕੋਇ ਮਿਲਾਇੰਦਾ। ਬੇਸ਼ਕ ਮੈਂ ਲਿਖਦੀ ਰਹੀ ਦੱਸਦੀ ਰਹੀ ਵਸਤ ਮਿਲੇ ਪੂਰਬ ਕੀਤੀ, ਕਰਨੀ ਤੇਰੀ ਸਮਝ ਕੋਇ ਨਾ ਪਾਇੰਦਾ। ਐਹੋ ਜਿਹੀ ਮੈਂ ਕਦੇ ਨਾ ਵੇਖੀ ਰੀਤੀ, ਜੋ ਬਿਨ ਪੜ੍ਹਿਆਂ ਬਿਨ ਗਾਇਆ ਬਿਨ ਅੱਖਰਾਂ ਆਪਣੇ ਲੇਖੇ ਪਾਇੰਦਾ। ਹੈਰਾਨੀ ਵਿਚੋਂ ਹੋਈ ਠੰਡੀ ਸੀਤੀ, ਅਗਨੀ ਵਿਚੋਂ ਅੰਮ੍ਰਿਤ ਨਜ਼ਰੀ ਆਇੰਦਾ। ਸਚ ਫੁਲਵਾੜੀ ਤੇਰੀ ਧਰਮ ਬਾਗ਼ੀਚੀ, ਗੁਰਮੁਖ ਸੱਜਣ ਸੋਭਾ ਪਾਇੰਦਾ। ਕਿਰਪਾ ਕਰ ਕੇ ਅੱਗੇ ਸਭ ਨੂੰ ਦੱਸ ਇਹੋ ਸੱਚੀ ਰੀਤੀ, ਜਿਸ ਰੀਤੀ ਦਾ ਲੇਖ ਲਿਖਤ ਵਿਚ ਨਾ ਕੋਇ ਬਣਾਇੰਦਾ। ਮੈਂ ਬਖ਼ਸ਼ਾਵਾਂ ਪਿਛਲੀ ਭੁੱਲ ਕੀਤੀ, ਅਭੁੱਲ ਇਕ ਤੂੰ ਹੀ ਨਜ਼ਰੀ ਆਇੰਦਾ। ਸੱਜਣ ਬਣ ਕੇ ਸਾਹਿਬ ਹੋ ਕੇ ਸਤਿਗੁਰ ਅਖਵਾ ਕੇ ਕਿਉਂ ਅੰਦਰ ਬਾਹਰ ਖੇਡਣੀ ਲੁਕਣ ਮੀਟੀ, ਲੁਕਿਆਂ ਤੇਰੇ ਹੱਥ ਕੀ ਆਇੰਦਾ। ਬਿਨ ਉਂਗਲੀ ਚੀਚੀ ਅੱਗੋਂ ਹੱਟਾ ਦੇ ਪਰਾਂ ਗੀਟੀ, ਜਿਸ ਗੀਟੀ ਪਿਛੇ ਆਪਣਾ ਆਪ ਛੁਪਾਇੰਦਾ। ਓਥੇ ਕਲਮ ਸ਼ਾਹੀ ਨਾ ਕੋਈ ਰੀਤੀ, ਲੇਖਾ ਲੇਖ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਜਿਸ ਵਰ ਵਿਚੋਂ ਅੱਖਰ ਨਜ਼ਰ ਕੋਇ ਨਾ ਆਇੰਦਾ। ਵਿਦਿਆ ਕਹੇ ਮੇਰੇ ਵਿਧਾਤੇ, ਵਿਧ ਸੋਹਣੀ ਦਿਤੀ ਬਣਾਈਆ। ਮੈਂ ਜੁਗ ਜੁਗ ਗਈ ਜਗਤ ਸਮਝਾ ਕੇ, ਕਾਗ਼ਜ਼ ਸ਼ਾਹੀ ਮੇਲ ਮਿਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਲਿਖਵਾ ਕੇ, ਸ਼ਹਾਦਤ ਗਵਾਹੀ ਦਿਤੀ ਭੁਗਤਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗੁਰੂ ਗ੍ਰੰਥ ਵਡਿਆ ਕੇ, ਸੋਹਣਾ ਸੋਹਣਾ ਸੋਹਣਾ ਜੋੜ ਜੁੜਾਈਆ। ਕਲਜੁਗ ਅੰਤਮ ਆਪਣੇ ਨੈਣ ਬੈਠੀ ਸ਼ਰਮਾ ਕੇ, ਅੱਖ ਸਕਾਂ ਨਾ ਕੋਇ ਉਠਾਈਆ। ਵਿਦਿਆ ਪੜ੍ਹਨ ਵਾਲੇ ਬੈਠੇ ਆਪਣਾ ਆਪ ਗੁਆ ਕੇ, ਤੇਰੀ ਸਾਰ ਕਿਸੇ ਨਾ ਪਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਬਾਹਰੋਂ ਬਹਿਣ ਨਹਾ ਧੋ ਕੇ, ਅੰਦਰ ਕਰੇ ਨਾ ਕੋਇ ਸਫ਼ਾਈਆ। ਮੈਂ ਸਾਰਿਆਂ ਦੁਆਰਿਆਂ ਵਿਚੋਂ ਨਿਕਲੀ ਅੰਤਮ ਰੋ ਕੇ, ਉਚੀ ਕੂਕਾਂ ਕੂਕ ਕੂਕ ਸੁਣਾਈਆ। ਦਾਤਾ ਸਾਹਿਬ ਮਿਲੇ ਪ੍ਰਭ ਉਹ ਆ ਕੇ, ਜਿਸ ਮੇਰੀ ਬਣਤ ਬਣਾਈਆ। ਕਿਸੇ ਅਨਪੜ੍ਹ ਗੁਰਸਿਖ ਕਿਹਾ ਕਮਲੀਏ ਚਰਨੀ ਡਿਗ ਉਹਦੀ ਜਾ ਕੇ, ਜਿਸ ਦੀ ਸਮਝ ਕਿਸੇ ਨਾ ਪਾਈਆ। ਤੇਰਾ ਲੇਖਾ ਬਣਾਵੇ ਫੇਰ ਮਿਟਾ ਕੇ, ਮਿਟੀ ਖ਼ਾਕ ਨਾਲ ਰਲਾ ਕੇ ਦਏ ਵਡਿਆਈਆ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖਾ ਹਿਸਾਬ ਮੁਕਾ ਕੇ, ਮੁਕੰਮਲ ਆਪਣਾ ਹੁਕਮ ਮਨਾਈਆ। ਉਹ ਦਇਆਵਾਨ
❋
❋
ਆਪਣੀ ਦਇਆ ਕਮਾ ਕੇ, ਦਰਦੀਆਂ ਦਰਦ ਦੁੱਖ ਵੰਡਾਈਆ। ਇਕ ਵੇਰਾਂ ਵੇਖ ਬਿਨ ਲਿਖਿਆਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾ ਕੇ, ਗਾਹਕ ਤੇਰਾ ਇਕੋ ਨਜ਼ਰੀ ਆਈਆ। ਇਹ ਥੋੜੀ ਜਿਹੀ ਰਮਜ਼ ਚਲਿਆ ਆਪ ਸੁਣਾ ਕੇ, ਅੱਗੇ ਚੌਦਾਂ ਵਿਦਿਆ ਲੇਖਾ ਸਾਰਾ ਦਏ ਖੁਲ੍ਹਾਈਆ।
੧੩ ਜੇਠ ੨੦੨੧ ਬਿਕ੍ਰਮੀ ਮਹਿੰਗਾ ਸਿੰਘ ਦੇ ਗ੍ਰਹਿ ਪਿੰਡ ਸੱਦਾ ਜ਼ਿਲਾ ਗੁਰਦਾਸਪੁਰ
ਬਿਨ ਸੱਦਿਉਂ ਆਇਆ ਸੱਦੇ, ਸਧਨਾ ਮੂਲ ਚੁਕਾਇੰਦਾ। ਪੂਰਬ ਪਰੇਮ ਬਚਨ ਬੱਧੇ, ਬਦਲਾ ਲਹਿਣਾ ਝੋਲੀ ਪਾਇੰਦਾ। ਛੁਰੀ ਹਲਾਲ ਵੇਖੇ ਕਜ਼ੇ, ਕਾਜ਼ੀ ਮੁੱਲਾਂ ਭੇਵ ਮਿਟਾਇੰਦਾ। ਖਾਣ ਪਕਵਾਨ ਦੇ ਜਾਣੇ ਮਜ਼ੇ, ਲਜ਼ਤ ਸੱਚੀ ਇਕ ਦ੍ਰਿੜਾਇੰਦਾ। ਭਗਤ ਸੁਹੇਲਾ ਹੋ ਕੇ ਆਪੇ ਭੱਜੇ, ਜੁਗ ਜੁਗ ਪੰਧ ਮੁਕਾਇੰਦਾ। ਨਜ਼ਰ ਪਈ ਉਸ ਪੱਟ ਸੱਜੇ, ਜਿਸ ਦਾ ਦੁਖ ਨਾ ਕੋਇ ਵੰਡਾਇੰਦਾ। ਹੌਕੇ ਲੈ ਲੈ ਮੈਂ ਮੈਂ ਕਰ ਕੇ ਗੱਜੇ, ਤੂੰਹੀ ਤੂੰ ਤੂੰ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਇੰਦਾ। ਪੂਰਬ ਲੇਖਾ ਚੁਕਾਏ ਬਿਨ ਸੱਦਿਆਂ, ਸਧਨੇ ਲਹਿਣਾ ਦੇਣ ਮਿਟਾਈਆ। ਲੱਭਿਆਂ ਹੱਥ ਨਾ ਆਵੇ ਭੱਜਿਆਂ, ਫੜਿਆਂ ਕੋਲ ਨਾ ਕੋਇ ਰਖਾਈਆ। ਜਿਸ ਨੇ ਪੂਰਬ ਪੜਦਾ ਕੱਜਿਆ, ਸੋ ਵੇਖਣਹਾਰ ਗੋਸਾਈਂਆ। ਕੀਤੇ ਕੌਲ ਦੀ ਪਾਲੇ ਲੱਜਿਆ, ਇਕਰਾਰ ਭੁੱਲ ਕਦੇ ਨਾ ਜਾਈਆ। ਨਿਤ ਨਵਿਤ ਇਸ ਠਾਕਰ ਭਗਤਾਂ ਖਹਿੜਾ ਕਦੇ ਨਾ ਛੱਡਿਆ, ਵੇਖ ਵਖਾਣੇ ਥਾਉਂ ਥਾਈਂਆ। ਜਗਤ ਦੂਰ ਕਰ ਕੇ ਪਾਰ ਹੱਦਿਆ, ਸਚ ਦਵਾਰ ਡੇਰਾ ਲਾਈਆ। ਪਰੇਮ ਪ੍ਰੀਤੀ ਸਚ ਖ਼ੁਮਾਰੀ ਅੰਦਰ ਮਧਿਆ, ਮਸਤੀ ਇਕੋ ਇਕ ਚੜ੍ਹਾਈਆ। ਜਿਸ ਨੇ ਰਸ ਚਖਿਆ ਨਾੜੀ ਹੱਡਿਆ, ਹੱਡਾਂ ਵਿਚੋਂ ਅੱਡ ਇਕੋ ਨੂਰ ਖ਼ੁਦਾਈਆ । ਓਨ੍ਹਾਂ ਦਾ ਲੇਖਾ ਮੁੱਕੇ ਪਿਛੋਂ ਸਦੀਆਂ, ਸਦਾਕਤ ਦੇਣ ਵਾਲਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸੱਦੇ ਵਾਲਾ ਇਕੋ ਸਾਦਕ, ਸਾਹਿਬ ਸਤਿਗੁਰ ਹਰਿ ਅਖਵਾਇੰਦਾ। ਭਗਤ ਉਧਾਰਨ ਜਿਸ ਦੀ ਆਦਤ, ਆਦਿ ਅੰਤ ਖੋਜ ਖੁਜਾਇੰਦਾ। ਸਾਚਾ ਨਾਮ ਦੇ ਸਮਝਾਵੇ ਇਬਾਦਤ, ਅਦਲ ਆਦਲ ਇਕ ਕਮਾਇੰਦਾ। ਬਖ਼ਸ਼ਿਸ਼ ਰਹਿਮ ਕਰੇ ਸਖ਼ਾਵਤ, ਅਮੋਲਕ ਵਸਤ ਅਨਮੋਲ ਵਰਤਾਇੰਦਾ। ਪੂਰਬ ਜਨਮ ਦੀ ਵੇਖਣਹਾਰ ਅਲਾਮਤ, ਪੜਦਾ ਉਹਲਾ ਆਪ ਉਠਾਇੰਦਾ। ਬੇਪਰਵਾਹ ਬਣ ਸਹੀ ਸਲਾਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਮੂਲ ਚੁਕਾਇੰਦਾ। ਪਿਛਲੀ ਯਾਦ ਵਿਚ ਲਏ ਸੱਦ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਬਾਕੀ ਹਿੱਸਾ ਰਹਿ ਗਿਆ ਅੱਧ, ਅੱਧਾ ਸਭਨਾਂ ਝੋਲੀ ਪਾਈਆ। ਨੇਤਰ ਰੋ ਕਿਹਾ ਹੋਈ ਹੱਦ, ਵਾਹ ਵਾ ਤੇਰੀ ਇਹ ਵਡਿਆਈਆ । ਜ਼ਬ੍ਹਾ ਕੀਤਿਆਂ ਬਿਨਾਂ ਮੈਨੂੰ ਦਿਤਾ ਛੱਡ , ਛੁਰੀ ਜਗਤ ਰੂਪ ਕਸਾਈਆ। ਨੇਤਰ ਰੋਵਣ ਤੜਫਣ ਹੱਡ, ਨਾੜੀ ਨਾੜੀ ਦਏ ਦੁਹਾਈਆ। ਬਿਰਹੋਂ ਸਤਾਏ ਅਗਨੀ ਅੱਗ, ਅਗਲਾ ਭੇਵ ਨਾ ਕੋਇ ਜਣਾਈਆ। ਬੇਜ਼ਬਾਨ ਤੇਰੇ ਕਦਮਾਂ ਸਿਰ ਰਿਹਾ ਸੱਟ, ਮਿਹਬਾਨ ਤੇਰੀ ਓਟ ਤਕਾਈਆ। ਜੇ ਮੇਰਾ ਮੇਰਾ ਦੇਨੋਂ ਕੱਟ, ਤੇਰਾ ਤੇਰੀ ਝੋਲੀ ਵਖਾਈਆ। ਧੜੀ ਸੇਰ ਵਿਕੇਂਦਾ ਹੱਟ, ਕੀਮਤ ਘਰ ਘਰ ਸਾਈਂ ਚੁਕਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਬੇਜ਼ਬਾਨ ਕਰੀ ਪੁਕਾਰ, ਇਕੋ ਕੂਕ ਸੁਣਾਈਆ। ਤੇਰੀ ਸ਼ਰਅ ਖ਼ਬਰਦਾਰ, ਸ਼ਰਅ ਤੇਰੇ ਵਿਚੋਂ ਨਜ਼ਰੀ ਆਈਆ। ਸਭਨਾਂ ਦੇ ਸਾਂਝੇ ਯਾਰ, ਲਾਸ਼ਰੀਕ ਨੂਰ ਖ਼ੁਦਾਈਆ। ਗ਼ਫ਼ਲਤ ਵਿਚ ਸੁਤੋਂ ਆਪਣਾ ਆਪ ਪਸਾਰ, ਬੇਦਾਰ ਅੱਖ ਨਾ ਕੋਇ ਖੁਲ੍ਹਾਈਆ। ਉਠ ਵੇਖ ਮੇਰਾ ਹਾਲ, ਬੇਹਾਲ ਰਿਹਾ ਕੁਰਲਾਈਆ। ਆਪਣੀ ਛੁਰੀ ਨਾਲ ਕਰਦੋਂ ਹਲਾਲ, ਕਸਾਈਆਂ ਹੱਥ ਕਿਉਂ ਮੇਰੀ ਖੱਲ ਫੜਾਈਆ। ਤੂੰ ਮੇਰਾ ਮਾਲਕ ਤੂੰ ਮੇਰਾ ਈਮਾਨ, ਰਹਿਮਾਨ ਤੂੰ ਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਵਡਿਆਈਆ। ਬੇਜ਼ਬਾਨ ਮਾਰਿਆ ਨਾਅਰਾ, ਹਕੀਕਤ ਹੱਕ ਜਣਾਈਆ। ਵੇਖ ਖ਼ੁਦਾਈ ਪਰਵਰਦਿਗਾਰਾ, ਬੇਵਫ਼ਾ ਮੈਨੂੰ ਨਜ਼ਰੀ ਆਈਆ। ਜਗਤ ਜਹਾਨ ਤੇਰਾ ਦਵਾਰਾ, ਮਾਣਸ ਵਿਚੋਂ ਮਾਣਸ ਦਿਤੀ ਵਡਿਆਈਆ। ਪੰਜ ਤਤ ਕੀਆ ਆਧਾਰਾ, ਤ੍ਰੈਗੁਣ ਸੋਭਾ ਪਾਈਆ। ਮਨ ਮਤ ਬੁਧ ਲਾ ਅਖਾੜਾ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਕਿਉਂ ਬੈਠਾ ਮੁਖ ਭਵਾਈਆ। ਬੇਜ਼ਬਾਨ ਬੱਕਰਾ ਕਹੇ ਮੈਂ ਨਹੀਂ ਮੇਰਾ, ਮੇਰਾ ਤੇਰਾ ਨਜ਼ਰ ਕੁਛ ਨਾ ਆਈਆ। ਬੇਸਬਰ ਹੋ ਕੇ ਕਿਉਂ ਕੀਤਾ ਵੱਡਾ ਜੇਰਾ, ਜ਼ੇਰ ਜ਼ਬਰ ਤੇਰੀ ਸਮਝ ਕਿਸੇ ਨਾ ਆਈਆ। ਸਾਢੇ ਤਿੰਨ ਅੰਮ੍ਰਿਤ ਵੇਲਾ, ਵਾਰ ਥਿਤ ਸੋਹਣੀ ਖ਼ੁਸ਼ੀ ਰਹੀ ਜਣਾਈਆ। ਦੁੱਖਾਂ ਪਾਇਆ ਘੇਰਾ, ਸੁਖਾਂ ਰੈਣ ਵਿਹਾਈਆ। ਸੁਖਾਂ ਪਿਛੇ ਦੁੱਖਾਂ ਚੁਕਿਆ ਮੇਰਾ ਬੇੜਾ, ਆਪਣੇ ਕੰਧ ਉਠਾਈਆ। ਜੇ ਪ੍ਰਭੂ ਕਸਾਈ ਉਤੇ ਕਰੇਂ ਮਿਹਰਾ, ਉਹਦਾ ਅੰਤਰ ਦਏਂ ਜਣਾਈਆ। ਸਹਾਈ ਹੋਵੇਂ ਹੋ ਕੇ ਨੇਰਨ ਨੇਰਾ, ਘਰ ਸਾਚੇ ਫੇਰਾ ਪਾਈਆ। ਭਾਗ ਲੱਗੇ ਸਾਚੇ ਮੰਦਰ ਡੇਰਾ, ਵੱਜੇ ਸਤਿ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਮਾਣ ਵਡਿਆਈਆ। ਸੁਣ ਫ਼ਰਿਆਦ ਸਾਹਿਬ ਗੁਣਵੰਤ, ਅੰਦਰੇ ਅੰਦਰ ਸਤਾਰ ਹਿਲਾਈਆ। ਤੇਰੀ ਪੁਕਾਰ ਬੇ ਜ਼ਬਾਨ ਸੰਤ, ਸਾਹਿਬ ਸਤਿਗੁਰ ਸੱਚੇ ਭਾਈਆ। ਦੋਹਾਂ ਜਣਾ ਇਕ ਜੀਵ ਇਕ ਜੰਤ, ਜਾਗਰਤ ਵਿਚੋਂ ਜਾਗਰਤ ਕਰੇ ਰੁਸ਼ਨਾਈਆ। ਸਚ ਸੰਦੇਸਾ ਧੁਰ ਦਾ ਮੰਤ, ਬਿਨ ਅੱਖਰਾਂ ਦਿਆਂ ਪੜ੍ਹਾਈਆ। ਤੇਰੀ ਮੰਗ ਤੇਰੀ ਮਿੰਨਤ, ਮਿਹਰਵਾਨ ਝੋਲੀ ਪਾਈਆ। ਹੁਕਮੇ ਅੰਦਰ ਬਖ਼ਸ਼ਾਂ ਹਿੰਮਤ, ਸਧਨਾ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਉਠਾਏ ਇਕ, ਇਕ ਇਕੱਲਾ ਦਇਆ ਕਮਾਇੰਦਾ। ਦੋਹਾਂ ਦਾ ਲੇਖਾ ਦਿਤਾ ਲਿਖ, ਵੇਖਣਹਾਰਾ ਨਜ਼ਰ ਕੋਇ ਨਾ ਆਇੰਦਾ। ਬੇਜ਼ਬਾਨ ਮਾਰੀ ਨਿਛ, ਕੂੜਾ ਮੈਲਾ ਬਾਹਰ ਕਢਾਇੰਦਾ। ਉਸ ਦੇ ਵਿਚੋਂ ਇਕੋ ਵਰਕਾ ਗਿਆ ਡਿਗ, ਜਿਸ ਉਪਰ ਪਰਮ ਪੁਰਖ ਆਪਣਾ ਨਾਮ ਲਿਖਾਇੰਦਾ। ਤੂੰ ਮੇਰਾ ਮੈਂ ਤੇਰਾ ਹਿਤ, ਦੂਜਾ ਸੰਗ ਨਾ ਕੋਇ ਨਿਭਾਇੰਦਾ। ਕਰਵਟ ਲੈ ਬਦਲਾਂ ਪਿਠ, ਸਨਮੁਖ ਨਜ਼ਰੀ ਆਇੰਦਾ। ਸਵਾਮੀ ਹੋ ਕੇ ਵਸਾਂ ਚਿਤ, ਘਰ ਘਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਵਰਕੇ ਉਤੇ ਲੇਖ ਅਪਾਰ, ਇਕੋ ਇਕ ਜਣਾਈਆ। ਸਧਨੇ ਕਰਾਂ ਖ਼ਬਰਦਾਰ, ਤੈਨੂੰ ਦਿਆਂ ਵਡਿਆਈਆ। ਦੋਹਾਂ ਵਿਚੋਲਾ ਸਿਰਜਣਹਾਰ, ਇਕੋ ਕਾਰ ਕਮਾਈਆ। ਜਿਸ ਦੀ ਛੁਰੀ ਓਸੇ ਦੀ ਧਾਰ, ਜਿਸ ਦੀ ਗਰਦਨ ਓਸੇ ਆਪ ਕਟਾਈਆ। ਕੀ ਹੋਇਆ ਜੇ ਮੇਰਾ ਪੱਟ ਦਿਤਾ ਪਾੜ, ਦੁਖੀ ਹੋਏ ਦਰਦ ਨਾ ਕੋਇ ਵੰਡਾਈਆ। ਏਸੇ ਦੁਖ ਪਿਛੇ ਤੂੰ ਕੀਤੀ ਪੁਕਾਰ, ਅੰਤਰ ਰੋ ਰੋ ਦਿਤਾ ਸੁਣਾਈਆ। ਮੈਂ
❋
❋
ਸੁਣਨਹਾਰ ਨਿਰੰਕਾਰ, ਨਿਰਗੁਣ ਵੇਖਾਂ ਥਾਉਂ ਥਾਈਂਆ। ਮਿਹਰ ਕਰਾਂ ਵਿਚ ਸੰਸਾਰ, ਸਿਰ ਤੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਵੇ ਸਦਾ ਸਹਾਈਆ। ਬੱਕਰੇ ਕਿਹਾ ਕਿਹਾ ਕੀ, ਸੁਣਨ ਵਿਚ ਕੁਛ ਨਾ ਆਈਆ। ਮੈਂ ਨਿਮਾਣਾ ਨਿਕਰਮਣ ਜੀਅ, ਜਗ ਜੀਵਣ ਦਾਤੇ ਤੇਰੀ ਕੀ ਵਡਿਆਈਆ। ਸਦ ਬਲਿਹਾਰੀ ਤੈਥੋਂ ਥੀ, ਆਪਣਾ ਆਪ ਮਿਟਾਈਆ। ਪਰੇਮ ਪਿਆਰ ਦੀ ਰੱਖਾਂ ਨੀਂਹ, ਕੂੜੀ ਕਿਰਿਆ ਕੰਧ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਵਡਿਆਈਆ। ਬੱਕਰੇ ਕਿਹਾ ਤੇਰੀ ਰਹਿਮਤ, ਪਰਵਰਦਗਾਰ ਮੋਹੇ ਭਾਈਆ। ਤੂੰ ਮੇਰੇ ਦੁਖ ਨਾਲ ਹੋਇਉਂ ਸਹਿਮਤ, ਦਰਦੀ ਹੋ ਕੇ ਦਰਦ ਵੰਡਾਈਆ। ਮੈਂ ਮੂਰਖ ਅਞਾਣਾ ਅਹਿਮਕ, ਭੇਵ ਅਭੇਦ ਸਮਝ ਸਕਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਲੇਖਾ ਦੇਣਾ ਮੁਕਾਈਆ। ਸ੍ਰੀ ਭਗਵਾਨ ਕਿਹਾ ਹੱਸ, ਖ਼ੁਸ਼ੀਆਂ ਨਾਲ ਜਣਾਈਆ। ਦੁਖੀ ਦੁਖਿਆਰੇ ਕਰ ਬੱਸ, ਦੁੱਖਾਂ ਵਿਚੋਂ ਪਰੇਮ ਨਜ਼ਰੀ ਆਈਆ। ਹੌਲੀ ਜਿਹੀ ਨਿਰਗੁਣ ਬਿਨ ਹੱਥਾਂ ਫੇਰਿਆ ਉਤੇ ਹੱਥ, ਕੰਡ ਉਤੇ ਆਪਣੀ ਦਇਆ ਕਮਾਈਆ। ਉਸੇ ਵੇਲੇ ਚਰਨ ਢੱਠ, ਨੇਤਰ ਨੈਣਾਂ ਨੀਰ ਵਹਾਈਆ। ਉਧਰੋ ਸਦਨੇ ਸੁੱਤੇ ਪਏ ਵੱਜੀ ਸੱਟ, ਸ਼ਬਦ ਅਗੰਮੀ ਚੋਟ ਲਗਾਈਆ। ਆਪਣਾ ਆਪ ਰਿਹਾ ਕੱਟ, ਛੁਰੀ ਹੱਥ ਫੜ ਕਸਾਈਆ। ਜਿਸ ਵੇਲੇ ਆਪਣੇ ਪੱਟ ਉਤੇ ਲੱਗਾ ਫੱਟ, ਅੱਗੋ ਬੱਕਰਾ ਉਹੋ ਨਜ਼ਰੀ ਆਈਆ। ਜਿਹੜਾ ਹੋ ਕੇ ਬੇਵਸ, ਤੜਫ ਪ੍ਰਭ ਨੂੰ ਰਿਹਾ ਧਿਆਈਆ। ਆਪਣੀ ਕਹਾਣੀ ਰਿਹਾ ਦੱਸ, ਬੇਵਸ ਹੋ ਕੇ ਰਿਹਾ ਗਾਈਆ। ਤੇਰੇ ਘਰ ਕੀ ਇਹੋ ਜਿਹਾ ਹੱਕ, ਹਕੀਕਤ ਬੈਠੀ ਮੁਖ ਛੁਪਾਈਆ। ਅਬਿਨਾਸ਼ੀ ਕਰਤੇ ਹੌਲੀ ਜਿਹੀ ਦਿਤਾ ਦੱਸ, ਰਮਜ਼ ਨਾਲ ਰਮਜ਼ ਦਿਤੀ ਮਿਲਾਈਆ। ਮੈਂ ਹੁਣ ਲੋਕਮਾਤ ਵਿਚੋਂ ਜਾਣਾ ਨੱਠ, ਤੇਰਾ ਲੇਖਾ ਦਿਆਂ ਮੁਕਾਈਆ। ਸਦਨੇ ਦੇ ਕੇ ਇਕੋ ਮਤ, ਛੁਰੀ ਹੱਥੋਂ ਦਿਆਂ ਸੁਟਾਈਆ। ਨੀਹਾਂ ਹੇਠਾਂ ਰੱਖ, ਚਾਰ ਦਿਵਾਰੀ ਦਿਆਂ ਕਢਾਈਆ। ਚਾਰ ਦਵਾਰੀ ਰੋ ਰੋ ਸੱਥਰ ਬਹੇ ਘੱਤ, ਆਪਣਾ ਹਾਲ ਸੁਣਾਈਆ। ਜਿੰਨਾਂ ਚਿਰ ਕਿਰਪਾ ਕਰੇ ਨਾ ਪੁਰਖ ਸਮਰਥ, ਤੇਰੀ ਮਾਤ ਨਾ ਕੋਈ ਵਡਿਆਈਆ। ਮੈਂ ਵੇਖਣੀ ਤੁਹਾਡੇ ਪਰੇਮ ਪਿਆਰ ਦੀ ਰਤ, ਇੱਟ ਗਾਰਾ ਕੰਮ ਕਿਸੇ ਨਾ ਆਈਆ। ਓਸੇ ਵੇਲੇ ਸ੍ਰੀ ਭਗਵਾਨ ਪਿਆ ਹੱਸ, ਖ਼ੁਸ਼ੀਆਂ ਨਾਲ ਸੁਣਾਈਆ। ਗੋਬਿੰਦ ਬੇਟੇ ਤੇਰੀਆਂ ਨੀਹਾਂ ਹੇਠਾਂ ਰੱਖ, ਉਤੇ ਤੇਰੀ ਬਣਤ ਬਣਾਈਆ। ਫਿਰ ਨਿਰਗੁਣ ਹੋ ਕੇ ਭਗਤਾਂ ਗਾਵਾਂ ਜਸ, ਸੋਹਣਾ ਰਾਗ ਸੁਣਾਈਆ। ਜਿਉਂ ਮੈਂ ਮੇਰੀ ਦੇ ਹੋ ਕੇ ਵਸ, ਆਪ ਗਿਆ ਤਜਾਈਆ। ਜਿਸ ਦੀ ਦੁੱਖ ਲੱਗਾ ਚੌਥੀ ਲੱਤ, ਅੱਠੇ ਪਹਿਰ ਰਿਹਾ ਕੁਰਲਾਈਆ। ਸਿਰ ਰੱਖ ਕੇ ਓਸ ਦੇ ਹੱਥ, ਹੱਥਾਂ ਨਾਲ ਦੇਣਾ ਦਬਾਈਆ। ਤੇਰੀ ਫਿਰ ਖੋਲ੍ਹਾ ਅੱਖ, ਅੱਖਾਂ ਵਿਚੋਂ ਅੱਖ ਤੇਰੇ ਨਾਲ ਮਿਲਾਈਆ। ਪਰੇਮ ਪਿਆਰ ਦਾ ਦੇ ਕੇ ਹੱਕ, ਸੋਹਣਾ ਜੋੜ ਜੁੜਾਈਆ। ਤੇਰਾ ਮਾਸ ਮਹਿੰਗਾ ਵਿਕਿਆ ਅੱਜ ਹੱਟ, ਫਿਰ ਮਹਿੰਗਾ ਰੱਖ ਦਿਆਂ ਨਾਮ ਵਡਿਆਈਆ। ਇਹ ਖੇਲ ਪੁਰਖ ਸਮਰਥ, ਜੁਗ ਜੁਗ ਲਹਿਣਾ ਦੇਣਾ ਰਿਹਾ ਮੁਕਾਈਆ। ਸਦਨੇ ਦਾ ਲੇਖਾ ਅੱਗੇ ਬਾਕੀ ਹੱਕ, ਇਕੀ ਸਾਵਣ ਰਾਹ ਤਕਾਈਆ। ਬਿਨ ਸੱਦਿਆ ਸੱਦਾ ਦੇਵਣ ਵਾਲਾ ਸਹਿਜੇ ਸਹਿਜੇ ਰਿਹਾ ਦੱਸ, ਗੁਰਮੁਖ ਗੁਰਮੁਖ ਆਪ ਉਠਾਈਆ। ਕੀ ਹੋਇਆ ਜੇ ਪਿਛੇ ਨਿਰਗੁਣ ਹੋ ਕੇ ਭੱਜ, ਹੁਣ ਨਿਰਗੁਣ ਸਰਗੁਣ ਵਿਚੋਂ ਨਿਰਗੁਣ ਨਜ਼ਰੀ ਆਈਆ। ਆਪੇ ਆਪਣੇ ਮਿਲਣ ਦਾ ਦੱਸੇ ਚੱਜ, ਆਪੇ ਮੇਲ ਮਿਲਾਏ ਚਾਈਂ ਚਾਈਂਆ।
❋
❋
ਛੁਰੀ ਕਟਾਰ ਸੀਨੇ ਕਿਸੇ ਨਾ ਜਾਏ ਵੱਜ, ਜ਼ਬ੍ਹਾ ਕਰ ਸੀਸ ਨਾ ਕੋਈ ਕਟਾਈਆ। ਪਰੇਮ ਪਿਆਰ ਪ੍ਰੀਤੀ ਅੰਦਰ ਰੱਖ, ਸਾਚੀ ਰੀਤੀ ਨੀਤੀ ਦਏ ਬਤਾਈਆ । ਏਥੇ ਕਿਸੇ ਦਾ ਨਹੀਂ ਕੁਛ ਵਸ, ਕੁਛ ਕਰਨ ਵਾਲਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਪਿਛਲੇ ਲਹਿਣੇ ਅੰਦਰ ਹੋ ਕੇ ਵਸ, ਵਾਸਤਾ ਗੁਰਮੁਖਾਂ ਰਿਹਾ ਜੁੜਾਈਆ।