੨੨ ਜੇਠ ੨੦੨੧ ਬਿਕ੍ਰਮੀ ਰਸਾਲ ਸਿੰਘ ਦੇ ਗ੍ਰਹਿ ਮਨਾਵਰ
ਨਾਮ ਕਹੇ ਮੈਂ ਹਰਿ ਕਾ ਪੁੱਤਰ, ਪਿਤਾ ਪੁਰਖ ਅਕਾਲ ਅਖਵਾਇੰਦਾ। ਸਾਚੀ ਧਾਰੋਂ ਆਵਾਂ ਉਤਰ, ਨਿਰਵੈਰ ਰੂਪ ਵਟਾਇੰਦਾ। ਸੱਚੀ ਗੋਦੀ ਬਹਵਾਂ ਕੁੱਛੜ, ਸੋਹਣਾ ਬੰਕ ਸੁਹਾਇੰਦਾ। ਦਿਵਸ ਰੈਣ ਆਦਿ ਜੁਗਾਦਿ ਕਰਾਂ ਸ਼ੁਕਰ, ਜੋ ਮੇਰੀ ਬਣਤ ਬਣਾਇੰਦਾ। ਓਸ ਦੇ ਹੁਕਮੇ ਅੰਦਰ ਲੁਕ ਜਾਵਾਂ ਡੂੰਘੀ ਨੁੱਕਰ, ਜਗਤ ਨੇਤਰ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਕੋਲੋਂ ਜਾਵਾਂ ਮੁਕਰ, ਸਾਚਾ ਭੇਵ ਨਾ ਕਿਸੇ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੈਂ ਖੇਲ ਵਖਾਇੰਦਾ। ਨਾਮ ਕਹੇ ਮੈਂ ਪ੍ਰਭ ਦੀ ਗੋਦੀ, ਸਚ ਸਿੰਘਾਸਣ ਡੇਰਾ ਲਾਈਆ । ਜੁਗ ਚੌਕੜੀ ਮੇਰੇ ਖੋਜੀ, ਗੁਰ ਅਵਤਾਰ ਭੱਜਣ ਵਾਹੋ ਦਾਹੀਆ। ਗਿਆਨੀ ਧਿਆਨੀ ਵੱਡੇ ਬੋਧੀ, ਬੋਧ ਨਾਲ ਰਹੇ ਸਮਝਾਈਆ। ਸਾਚੀ
ਕਿਸੇ ਨਾ ਆਈ ਸੋਝੀ, ਸੁਧ ਸਿਧ ਨਾ ਕੋਇ ਕਰਾਈਆ। ਵਰਨ ਬਰਨ ਬਣ ਕੇ ਰੋਗੀ, ਹਉਮੇ ਹੋਕਾ ਦੇਣ ਦੁਹਾਈਆ। ਰਸਨਾ ਗੌਂਦੇ ਜਿਹਵਾ ਲੋਕੀ, ਬੱਤੀ ਦੰਦ ਕੂਕ ਸੁਣਾਈਆ। ਸਿਫ਼ਤ ਕਰਦੀ ਅੱਖਰ ਕਾਗ਼ਜ਼ਾਂ ਨਾਲ ਪੋਥੀ, ਪੁਸਤਕ ਰਹੀ ਵਡਿਆਈਆ। ਮੇਰੀ ਹੱਥ ਨਾ ਆਈ ਕਿਸੇ ਚੋਟੀ, ਮੰਜ਼ਲ ਸਕੇ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੈਂ ਰੰਗ ਰੰਗਾਈਆ। ਨਾਮ ਕਹੇ ਮੈਂ ਪ੍ਰਭ ਦੀ ਝੋਲੀ, ਸੋਹਣਾ ਬੈਠਾ ਆਸਣ ਲਾਈਆ। ਉਸ ਦੇ ਕੋਲੋਂ ਸਿਖਾਂ ਅਗੰਮੀ ਬੋਲੀ, ਜਿਸ ਦੀ ਸਮਝ ਕਿਸੇ ਨਾ ਪਾਈਆ। ਜੁਗ ਚੌਕੜੀ ਦੱਸਾਂ ਹੌਲੀ ਹੌਲੀ, ਸਾਚੇ ਭਗਤਾਂ ਨਾਲ ਮਿਲਾਈਆ। ਨਾਲ ਰਲਾ ਕੇ ਅਨਹਦ ਢੋਲੀ, ਸਾਚਾ ਡੰਕਾ ਦਿਆਂ ਵਜਾਈਆ। ਸੁਰਤ ਸਵਾਣੀ ਕਰ ਕੇ ਗੋਲੀ, ਰਮਜ਼ ਇਸ਼ਾਰੇ ਨਾਲ ਉਠਾਈਆ। ਬੁਧ ਬਿਬੇਕ ਆਪਣੇ ਰੰਗ ਮੌਲੀ, ਮੁਹੱਬਤ ਸਾਚੀ ਦੇਵਾਂ ਦ੍ਰਿੜਾਈਆ। ਉਲਟੀ ਕਰ ਕੇ ਨਾਭ ਕਵਲੀ, ਅੰਮ੍ਰਿਤ ਝਿਰਨਾ ਦਿਆਂ ਝਿਰਾਈਆ। ਧਾਰ ਵਖਾ ਕੇ ਸਾਵਲ ਸਵਲੀ, ਜੋਤੀ ਨੂਰ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤੀ ਮਾਣ ਵਡਿਆਈਆ। ਨਾਮ ਕਹੇ ਮੈਂ ਪ੍ਰਭ ਦੇ ਘਰ, ਘਰ ਘਰ ਵਿਚ ਡੇਰਾ ਲਾਇੰਦਾ। ਪੁਰਖ ਅਬਿਨਾਸ਼ੀ ਦਿਤਾ ਵਰ, ਮਿਹਰ ਨਜ਼ਰ ਉਠਾਇੰਦਾ। ਸਚ ਦਵਾਰੇ ਵੇਖਾਂ ਖੜ, ਦੋ ਜਹਾਨਾਂ ਰਾਹ ਤਕਾਇੰਦਾ। ਧੁਰ ਅਗੰਮੀ ਚੋਟੀ ਚੜ੍ਹ, ਸੋਹਣਾ ਆਸਣ ਲਾਇੰਦਾ । ਜੁਗ ਚੌਕੜੀ ਨਿਰਵੈਰ ਨਿਰਾਕਾਰ ਰੂਪ ਧਰ, ਅਨੂਪ ਖੇਲ ਖਿਲਾਇੰਦਾ। ਸੰਤ ਸੁਹੇਲੇ ਲਵਾਂ ਵਰ, ਗੁਰਮੁਖ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਵਖਾਇੰਦਾ। ਨਾਮ ਕਹੇ ਪ੍ਰਭ ਮੇਰਾ ਮੀਤ, ਮੈਂ ਓਸਦੀ ਸੇਵ ਕਮਾਈਆ। ਸਤਿ ਸਤਿਵਾਦੀ ਜਿਸ ਦੀ ਰੀਤ, ਸ਼ਬਦ ਅਨਾਦੀ ਰਾਗ ਸੁਣਾਈਆ। ਜਿਸ ਦਾ ਲੇਖਾ ਹਸਤ ਕੀਟ, ਹਰ ਘਟ ਡੇਰਾ ਲਾਈਆ। ਆਤਮ ਪਰਮਾਤਮ ਜਿਸ ਦਾ ਗੀਤ, ਸੋਹੰ ਸਚ ਸਚ ਸਮਝਾਈਆ। ਪ੍ਰੀਤਮ ਹੋ ਕੇ ਵਸੇ ਚੀਤ, ਪਿਆਰ ਵਿਚੋਂ ਪਿਆਰ ਲਏ ਪਰਗਟਾਈਆ। ਦਾਤਾ ਹੋ ਕੇ ਦੇਵੇ ਭੀਖ, ਭਿਛਿਆ ਇਕ ਵਰਤਾਈਆ। ਲਹਿਣਾ ਦੇਣਾ ਚੁਕਾਏ ਊਚ ਨੀਚ, ਨੀਚਾਂ ਵਿਚੋਂ ਨੀਚ ਨੀਕਨ ਨੀਕਾ ਆਪਣਾ ਨਾਉਂ ਪਰਗਟਾਈਆ। ਮੇਰੀ ਸਿਫ਼ਤ ਕਰਦੇ ਕਲਮੇ ਵਿਚ ਹਦੀਸ, ਕਾਗ਼ਜ਼ ਦੇਣ ਸਫ਼ਾਈਆ। ਮੈਨੂੰ ਰਸਨਾ ਗੌਂਦੀ ਵਿਚ ਸੰਗੀਤ, ਨਾਦਾਂ ਵਿਚ ਵਡਿਆਈਆ। ਮੈਨੂੰ ਧਿਔਂਦੀ ਲੱਖ ਚੁਰਾਸੀ ਜੀਭ, ਜਿਹਵਾ ਖ਼ੁਸ਼ੀ ਮਨਾਈਆ। ਮੇਰਾ ਖੇਲ ਅਜਬ ਅਜੀਬ, ਭੇਵ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰੀ ਸਾਰੇ ਦੱਸਦੇ ਗਏ ਤਰਕੀਬ, ਤਰਾ ਤਰਾ ਸਮਝਾਈਆ। ਮਾਣਸ ਮਨੁੱਖ ਆਪਣੇ ਬਣੌਂਦੇ ਗਏ ਨਸੀਬ, ਨਿਸਬਤ ਆਪਣੀ ਆਪ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਵਿਚ ਛੁਪਾਈਆ। ਨਾਮ ਕਹੇ ਮੈਂ ਪ੍ਰਭ ਦਾ ਬੱਚਾ, ਬੱਚਿਆਂ ਵਾਂਗ ਸੇਵ ਕਮਾਈਆ। ਆਦਿ ਜੁਗਾਦੀ ਰਹਾਂ ਸੱਚਾ, ਜੁਗ ਜੁਗ ਝੂਠਾ ਖੇਲ ਨਾ ਕੋਇ ਵਖਾਈਆ। ਆਪਣੀ ਕਰਨੀ ਰਹਾਂ ਪੱਕਾ, ਕਾਰਜ ਕਰਾਂ ਚਾਈਂ ਚਾਈਂਆ। ਸਾਚਾ ਮਾਰਗ ਸਦਾ ਦੱਸਾਂ, ਕਰਾਂ ਸਤਿ ਪੜ੍ਹਾਈਆ। ਨਵ ਨੌਂ ਚਾਰ ਫਿਰਾਂ ਨੱਸਾਂ, ਬਣ ਕੇ ਪਾਂਧੀ ਰਾਹੀਆ। ਸੇਵਕ ਹੋ ਕੇ ਕਦੇ ਨਾ ਥੱਕਾਂ, ਥਕਾਵਟ ਨੇੜ ਕੋਇ ਨਾ ਆਈਆ। ਜਿਥੇ ਜਨ ਭਗਤਾਂ ਲੱਗੇ ਪਤਾ, ਪਤਿਪਰਮੇਸ਼ਵਰ ਰਹੇ ਧਿਆਈਆ। ਓਥੇ ਮੇਰੀਆਂ ਲੱਗਣ ਅੱਖਾਂ, ਅੱਖੀਂ ਨਾਲ ਅੱਖੀਂ ਮਿਲਾਈਆ। ਅੰਦਰ ਵੜ ਕੇ ਹਾਲ ਦੱਸਾਂ, ਪੜਦਾ ਆਪ ਚੁਕਾਈਆ। ਖ਼ੁਸ਼ੀਆਂ ਵਿਚ ਨੱਚਾਂ,
ਸੋਹਣਾ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦਏ ਸਮਝਾਈਆ। ਨਾਮ ਕਹੇ ਮੈਂ ਪ੍ਰਭ ਦਾ ਪਿਆਰਾ, ਪਿਆਰਿਆਂ ਵਿਚੋਂ ਨਜ਼ਰੀ ਆਈਆ । ਜਿਸ ਨੇ ਲੱਭਿਆ ਇਕ ਸਹਾਰਾ, ਸੋ ਸਾਹਿਬ ਮੀਤਾ ਇਕ ਗੋਸਾਈਂਆ। ਜਿਸ ਜਾਣਿਆ ਇਕ ਕਿਨਾਰਾ, ਪਰਮ ਪੁਰਖ ਵੱਡੀ ਸਰਨਾਈਆ। ਜਿਸ ਬੁਲਾਇਆ ਇਕ ਜੈਕਾਰਾ, ਤੂੰ ਹੀ ਤੂੰ ਰਾਗ ਅਲਾਈਆ। ਜਿਸ ਮਾਰਿਆ ਇਕੋ ਨਾਅਰਾ, ਵਾਹਦ ਨੂਰ ਖ਼ੁਦਾਈਆ। ਜਿਸ ਕੀਤਾ ਇਕ ਇਸ਼ਾਰਾ, ਦੋ ਜਹਾਨਾਂ ਦਿਤਾ ਸਮਝਾਈਆ। ਜਿਸ ਸੁਣਾਇਆ ਇਕ ਨਗਾਰਾ, ਬ੍ਰਹਿਮੰਡ ਖੰਡ ਉਠਾਈਆ। ਜਿਸ ਬਖ਼ਸ਼ਿਆ ਇਕ ਅਧਾਰਾ, ਲੱਖ ਚੁਰਾਸੀ ਦਏ ਵਡਿਆਈਆ। ਜਿਸ ਜਣਾਇਆ ਸਰਬ ਪਸਾਰਾ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਜਿਸ ਦ੍ਰਿੜਾਇਆ ਧੁਰ ਦਰਬਾਰਾ, ਪੜਦਾ ਓਹਲਾ ਦਿਤਾ ਚੁਕਾਈਆ। ਜਿਸ ਸ਼ਾਸਤਰ ਸਿਮਰਤ ਵੇਦ ਬਣਾਇਆ ਬਣ ਲਿਖਾਰਾ, ਕਾਤਬ ਹੋ ਕੇ ਕਲਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਿਤੀ ਸਮਝਾਈਆ। ਸ਼ਬਦ ਕਹੇ ਮੈਂ ਪ੍ਰਭ ਦਾ ਨਜ਼ਦੀਕੀ, ਨਾਮ ਇਕੋ ਇਕ ਸਮਝਾਈਆ। ਮੇਰੀ ਓਸੇ ਨਾਲ ਪ੍ਰੀਤੀ, ਜੋ ਪ੍ਰੀਤਮ ਬੇਪਰਵਾਹੀਆ। ਓਸ ਦਾ ਖੇਲ ਲਾਸ਼ਰੀਕੀ, ਸ਼ਰਕਤ ਵਿਚ ਕਦੇ ਨਾ ਆਈਆ। ਓਹ ਲੱਭੇ ਨਾ ਮੰਦਰ ਮਸੀਤੀ, ਘਰ ਘਰ ਬੈਠਾ ਡੇਰਾ ਲਾਈਆ। ਓਸ ਦੀ ਖੇਲ ਨੀਕਨ ਨੀਕੀ, ਜਗਤ ਭਗਤੀ ਗਈ ਸਮਝਾਈਆ। ਕਲਜੁਗ ਯਾਦ ਆਈ ਕਬੀਰੇ ਵਾਲੀ ਚੀਚੀ, ਜਿਸ ਵਿਚ ਕੰਡਾ ਦਿਤਾ ਚੁਭਾਈਆ। ਜਿਸ ਨੇ ਦੱਸੀ ਸੱਚੀ ਰੀਤੀ, ਪੜਦਾ ਓਹਲਾ ਦਿਤਾ ਉਠਾਈਆ। ਉਸ ਦੀ ਭਗਤ ਸਦਾ ਬਗੀਚੀ, ਫੁਲ ਫੁਲਵਾੜੀ ਮਾਤ ਮਹਿਕਾਈਆ। ਓਨ੍ਹਾਂ ਦੀ ਅੰਦਰੋਂ ਬਾਹਰੋਂ ਸਾਫ਼ ਨੀਤੀ, ਕੂੜੀ ਕਿਰਿਆ ਨੇੜ ਨਾ ਆਈਆ। ਵੇਖਣ ਖੇਲ ਇਕ ਅਨਡੀਠੀ, ਅਗੰਮੜੀ ਰਚਨ ਰਚਾਈਆ। ਚੜ੍ਹਿਆ ਰੰਗ ਸਤਿ ਮਜੀਠੀ, ਕਾਇਆ ਚੋਲੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਵਖਾਈਆ। ਨਾਮ ਕਹੇ ਮੈਂ ਪ੍ਰਭ ਦਾ ਫ਼ਕੀਰ, ਫ਼ਕੀਰਾਂ ਵਿਚੋਂ ਨਜ਼ਰੀ ਆਈਆ। ਮੇਰਾ ਤਤ ਤਨ ਨਾ ਕੋਇ ਸਰੀਰ, ਮਾਇਆ ਵੰਡ ਨਾ ਕੋਇ ਵੰਡਾਈਆ। ਮੇਰਾ ਮਨ ਨਾ ਹੋਏ ਦਿਲਗੀਰ, ਮੇਰੀ ਬੁਧੀ ਨਾ ਕੋਇ ਚਤੁਰਾਈਆ। ਮੈਨੂੰ ਸ਼ਰਅ ਨਾ ਕੋਇ ਜ਼ੰਜੀਰ, ਮੇਰੀ ਮਜ਼੍ਹਬ ਨਾ ਕੋਇ ਲੜਾਈਆ। ਮੇਰੀ ਜ਼ਾਤ ਪਾਤ ਨਾ ਵਰਨ ਬਰਨ ਮੈਂ ਚੋਟੀ ਚੜ੍ਹਾਂ ਅਖ਼ੀਰ, ਪੜਦੇ ਓਹਲੇ ਲੁਕ ਕੇ ਆਸਣ ਲਾਈਆ। ਮੈਂ ਨਿਤ ਨਵਿਤ ਜਨ ਭਗਤਾਂ ਹੋਵਾਂ ਬਗ਼ਲਗੀਰ, ਸੂਫ਼ੀਆਂ ਦਸਤਗੀਰ ਅਖਵਾਈਆ। ਮੇਰੀ ਸਿਫ਼ਤ ਦੀ ਚਿੱਟੇ ਉਤੇ ਕਾਲੀ ਪਏ ਲਕੀਰ, ਕਾਗ਼ਜ਼ ਕਲਮ ਸ਼ਾਹੀ ਦਏ ਗਵਾਹੀਆ। ਮੇਰਾ ਖੇਲ ਬੇਨਜ਼ੀਰ, ਜਗ ਨਜ਼ਰ ਕਿਸੇ ਨਾ ਆਈਆ। ਮੈਂ ਬਦਲ ਦੇਵਾਂ ਤਕਦੀਰ, ਸਚ ਤਦਬੀਰ ਆਪ ਸਮਝਾਈਆ। ਮੈਂ ਔਕੜ ਕੱਟਾਂ ਭੀੜ, ਔਝੜ ਰਾਹ ਨਾ ਕੋਇ ਵਖਾਈਆ। ਮੇਰੇ ਹੱਥ ਸੱਚੀ ਸ਼ਮਸ਼ੀਰ, ਤਿੱਖੀ ਧਾਰ ਰਿਹਾ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਵੱਡਾ ਦਏ ਵਡਿਆਈਆ। ਨਾਮ ਕਹੇ ਮੈਂ ਪ੍ਰਭ ਦੀ ਕਰਾਂ ਭਾਲ, ਖੋਜਤ ਖੋਜਤ ਧਿਆਨ ਲਗਾਈਆ। ਸਚਖੰਡ ਨਿਵਾਸੀ ਵਸੇ ਸੱਚੀ ਧਰਮਸਾਲ, ਸਚ ਘਰ ਬੈਠਾ ਡੇਰਾ ਲਾਈਆ। ਮੈਨੂੰ ਥਿਰ ਘਰ ਦਿਤਾ ਬਹਾਲ, ਸੋਹਣੀ ਭੂਮਿਕਾ ਦਿਤੀ ਸਮਝਾਈਆ। ਹੁਕਮੇ ਅੰਦਰ ਫੇਰ ਉਠਾਲ, ਸੱਚੀ ਸੇਵ ਇਕ ਦਰਸਾਈਆ। ਥਾਪਣਾ ਦੇ ਕੇ ਆਪਣੇ ਲਾਲ, ਲਾਲਨ ਰੰਗ ਦਿਤਾ ਚੜ੍ਹਾਈਆ । ਮੈਂ ਮਾਰ ਕੇ ਵੱਡੀ ਛਾਲ, ਲੋਕਮਾਤ
ਫੇਰਾ ਪਾਈਆ। ਜੁਗ ਚੌਕੜੀ ਖੇਲ ਕਰਾਂ ਨਿਰਾਲ, ਅਵੱਲੜੀ ਚਾਲ ਵਖਾਈਆ। ਮੇਰਾ ਨਿਰਗੁਣ ਦਿਸੇ ਅਗੰਮੜਾ ਬੋਲ ਚਾਲ, ਗੁਰ ਅਵਤਾਰਾਂ ਕਰ ਪੜ੍ਹਾਈਆ। ਮੇਰਾ ਮਾਰਗ ਇਕ ਸੁਖਾਲ, ਸੁਖ ਸਾਗਰ ਰੂਪ ਨਜ਼ਰੀ ਆਈਆ। ਜਨ ਭਗਤਾਂ ਬਣ ਦਲਾਲ, ਸੌਦਾ ਵਣਜ ਸਾਚੇ ਹੱਟ ਵਖਾਈਆ। ਲੇਖਾ ਮੁਕਾ ਕੇ ਸ਼ਾਹ ਕੰਗਾਲ, ਆਤਮ ਪਰਮਾਤਮ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕੋ ਇਕ ਦਰਸਾਈਆ। ਨਾਮ ਕਹੇ ਮੈਂ ਦਸਾਂ ਕਹਾਣੀ, ਮਹਿੰਮਾ ਅਕਥ ਕਥ ਸਮਝਾਈਆ । ਮੇਰੀ ਸਿਫ਼ਤ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਰਹੀ ਗਾਈਆ। ਮੇਰਾ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਧਾਰ ਚਲਾਈਆ। ਮੇਰਾ ਰਸ ਅੰਮ੍ਰਿਤ ਪਾਣੀ, ਸਰ ਸਰੋਵਰ ਰੂਪ ਵਟਾਈਆ। ਮੇਰਾ ਭਗਤ ਸੱਚੀ ਨਿਸ਼ਾਨੀ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਚੁਕਾਈਆ। ਨਾਮ ਕਹੇ ਮੈਂ ਭਗਵਨ ਵਿਚੋਲਾ, ਵਿਛੜਿਆਂ ਮੇਲ ਕਰਾਇੰਦਾ। ਮੇਰਾ ਕਿਸੇ ਵਿਰਲੇ ਗੁਰਮੁਖ ਸਮਝ ਆਵੇ ਸੋਹਲਾ, ਜਿਸ ਸੋਹਣਾ ਆਪਣੇ ਰੰਗ ਰੰਗਾਇੰਦਾ। ਅੰਦਰ ਵੜ ਚੁਕਾਵਾਂ ਪੜਦਾ ਓਹਲਾ, ਬਜਰ ਕਪਾਟੀ ਕੁੰਡਾ ਲਾਹਿੰਦਾ। ਮਨ ਮਨੂਆ ਨਾ ਪਾਵੇ ਰੌਲਾ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਇਕ ਜਣਾ ਸੱਚਾ ਢੋਲਾ, ਸੁਰਤ ਸਵਾਣੀ ਫੜ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਨਾਮ ਕਹੇ ਪ੍ਰਭ ਹੁਕਮ ਵਰਤੰਤਾ, ਸਤਿ ਸਤਿਵਾਦੀ ਆਪ ਜਣਾਈਆ। ਜੁਗ ਚੌਕੜੀ ਖੇਲ ਖਲੰਤਾ, ਖ਼ਾਲਕ ਖ਼ਲਕ ਬੇਪਰਵਾਹੀਆ। ਸਾਚੀ ਸੇਵਾ ਇਕ ਲਗੰਤਾ, ਧੁਰ ਦੀ ਧਾਰ ਬੰਧਾਈਆ। ਜਾ ਕੇ ਮਿਲ ਸਾਚੇ ਸੰਤਾਂ, ਜੋ ਸਤਿ ਸਰੂਪ ਸਮਾਈਆ। ਭਗਤ ਦੁਆਰੇ ਜਾ ਕੇ ਕਰ ਮਿੰਨਤਾਂ, ਹਰਿਜਨ ਲੈ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਲਗਾਈਆ। ਨਾਮ ਕਹੇ ਮੈਂ ਪ੍ਰਭ ਦੇ ਕਹਿਣੇ, ਆਇਆ ਵਾਹੋ ਦਾਹੀਆ। ਜਨ ਭਗਤ ਵੇਖਾਂ ਆਪਣੇ ਨੈਣੇ, ਨਿਜ ਨੇਤਰ ਨੈਣ ਉਠਾਈਆ। ਜਿਨ੍ਹਾਂ ਪ੍ਰੇਮ ਪਿਆਰ ਦੇ ਸ਼ਬਦ ਪਾਏ ਗਹਿਣੇ, ਤਨ ਸੋਹਣਾ ਸ਼ਿੰਗਾਰ ਵਖਾਈਆ। ਸਚ ਦੁਆਰੇ ਘਰ ਸਾਚੇ ਬਹਿਣੇ, ਆਪਣਾ ਰੰਗ ਵਖਾਈਆ। ਕੋਟਨ ਕੋਟਾਂ ਵਿਚੋਂ ਥੋੜ੍ਹੇ ਰਹਿਣੇ, ਜਿਨ੍ਹਾਂ ਹੋਏ ਆਪ ਸਹਾਈਆ। ਜੀਵ ਜੰਤ ਕੂੜੀ ਕਿਰਿਆ ਕੂੜੇ ਵਹਿਣ ਵਹਿਣੇ, ਕਲਜੁਗ ਲਏ ਨਾ ਕੋਇ ਬਚਾਈਆ। ਨਾਮ ਕਹੇ ਮੈਂ ਕਦੀ ਨਾ ਸੁਣਾਂ ਢੋਲਕ ਛੈਣੇ, ਤਾਲ ਰਾਗ ਵਿਚ ਨਾ ਰੰਗ ਵਖਾਈਆ। ਜੋ ਹਰਿਜਨ ਹਰਿਭਗਤ ਪ੍ਰਭ ਸ਼ਰਨਾਈ ਢਹਿਣੇ, ਤਿਨ੍ਹਾਂ ਮਿਲ ਮਿਲ ਖ਼ੁਸ਼ੀ ਮਨਾਈਆ। ਓਥੇ ਚੁਕਾਵਾਂ ਲਹਿਣੇ ਦੇਣੇ, ਪਿਛਲਾ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੱਚਾ ਖੇਲ ਰਿਹਾ ਸਮਝਾਈਆ। ਨਾਮ ਕਹੇ ਮੈਂ ਪ੍ਰਭ ਦੇ ਹੁਕਮ ਦੀ ਕਰਾਂ ਤਾਅਮੀਲ, ਨਿਉਂ ਨਿਉਂ ਸੀਸ ਝੁਕਾਈਆ। ਦੂਜੀ ਮੰਨਾਂ ਨਾ ਕੋਇ ਦਲੀਲ, ਇਕੋ ਖੇਲ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਪੌਂਦੇ ਰਹੇ ਤਾਅਤੀਲ, ਅਗਲਾ ਹੁਕਮ ਨਾਲ ਮਿਲਾਈਆ। ਜਿਸ ਦੀ ਅੱਗੇ ਨੌ ਸੌ ਚੁਰਾਨਵੇ ਚੌਕੜੀ ਦੀ ਇਕੋ ਵਾਰ ਅਪੀਲ, ਸਚ ਸਿੰਘਾਸਣ ਬੈਠਾ ਸੋਭਾ ਪਾਈਆ। ਨਾਮ ਕਹੇ ਮੈਂ ਉਸ ਦਾ ਬਣਾਂ ਵਕੀਲ, ਵੁਕਲਾ ਹੋ ਕੇ ਦਿਆਂ ਸਫ਼ਾਈਆ। ਜਿਨ੍ਹਾਂ ਮਿਲਿਆ ਜਿਸ ਬਸਤਰ ਪਹਿਨੇ ਨੀਲ, ਨੀਲੀ ਧਾਰੋਂ ਪਾਰ ਡੇਰਾ ਲਾਈਆ। ਉਸ ਦੀ ਅਸਲੀਅਤ ਸਭ ਦੇ ਨਾਲੋਂ ਅਸੀਲ, ਅਸਲੀਅਤ ਵਿਚ ਨੂਰ ਖ਼ੁਦਾਈਆ। ਉਸ
ਦੀ ਧਾਰ ਸਦਾ ਮਹੀਨ, ਬਾਰੀਕੀ ਵਿਚ ਤਾਰੀਖ ਸਕੇ ਨਾ ਕੋਇ ਸਮਝਾਈਆ। ਮੈਂ ਵੇਖਿਆ, ਮੈਂ ਤੱਕਿਆ, ਮੈਂ ਜਾਣਿਆ, ਮੈਂ ਬੁਝਿਆ ਓਹ ਭਗਤਾਂ ਹੋ ਕੇ ਅਧੀਨ, ਨਿਰਗੁਣ ਨਿਰਾਕਾਰ ਆਪਣਾ ਅਭਿਮਾਨ ਨਾ ਕੋਇ ਰਖਾਈਆ। ਓਹ ਠੰਡਾ ਹੋ ਕੇ ਭਗਤਾਂ ਵਸੇ ਸੀਨ, ਸਚ ਹਿਰਦੇ ਆਪ ਸਮਾਈਆ। ਜਗਤ ਮਿਸਾਲ ਨਾ ਕੋਈ ਜਲ ਮੀਨ, ਵਡ ਪਰਬੀਨ ਆਪਣੀ ਅਗੰਮੀ ਖੇਲ ਰਚਾਈਆ । ਲੇਖਾ ਚੁਕਾ ਕੇ ਨਰ ਮਦੀਨ, ਗੁਰਸਿਖ ਇਕੋ ਰੂਪ ਸਮਝਾਈਆ। ਓਹ ਦਰਵੇਸ਼ ਬਣ ਮਸਕੀਨ, ਘਰ ਸਾਚੇ ਅਲਖ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚੇ ਲਏ ਤਰਾਈਆ। ਨਾਮ ਕਹੇ ਪ੍ਰਭ ਮੇਰਾ ਠਾਕਰ, ਜਿਸ ਠੋਕਰ ਇਕ ਲਗਾਈਆ। ਜਿਸ ਦਾ ਦੋ ਜਹਾਨ ਗਹਿਰ ਗੰਭੀਰ ਡੂੰਘਾ ਸਾਗਰ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੁਗ ਜੁਗ ਦੇਂਦਾ ਰਿਹਾ ਆਦਰ, ਸਿਰ ਆਪਣਾ ਹੱਥ ਟਿਕਾਈਆ। ਸਾਰੇ ਕਹਿੰਦੇ ਗਏ ਕਰੀਮ ਕਾਦਰ, ਕੁਦਰਤ ਦਾ ਮਾਲਕ ਬੇਪਰਵਾਹੀਆ। ਜੋਧਾ ਸੂਰਬੀਰ ਵਡ ਬਹਾਦਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਖਵਾਈਆ। ਸੋ ਕਲਜੁਗ ਅੰਤਮ ਜਨ ਭਗਤਾਂ ਕਰੇ ਕਰਮ ਉਜਾਗਰ, ਨਿਰਮਲ ਰੂਪ ਅਨੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਖੇਲ ਰਿਹਾ ਵਖਾਈਆ। ਨਾਮ ਕਹੇ ਮੈਂ ਪ੍ਰਭ ਦਾ ਠੱਗ, ਠੱਗੀ ਕਰਨਾ ਪ੍ਰਭੂ ਸਿਖਾਈਆ। ਮੈਂ ਜੁਗ ਜੁਗ ਸਾਚੀ ਸੇਜ ਵੇਖਾਂ ਭੱਜ, ਆਤਮ ਅੰਤਰ ਸੋਭਾ ਪਾਈਆ। ਜਿਥੋਂ ਕੋਈ ਨਾ ਲਏ ਲੱਭ, ਓਥੇ ਬੈਠਾ ਆਸਣ ਲਾਈਆ। ਕੋਟਨ ਕੋਟ ਮੰਦਰ ਮਸਜਿਦ ਸ਼ਿਵਦਵਾਲਿਆਂ ਅੰਦਰ ਮੈਨੂੰ ਰਹੇ ਸੱਦ, ਉਚੀ ਕੂਕ ਕੂਕ ਰਹੇ ਜਣਾਈਆ। ਤਟ ਸਰੋਵਰ ਤੀਰਥਾਂ ਅੰਦਰ ਰਹੇ ਲੱਭ, ਡੂੰਘੀ ਭਵਰ ਤਾਰੀਆਂ ਲਾਈਆ। ਉਚੇ ਟਿੱਲੇ ਪਰਬਤ ਰਹੇ ਭੱਜ, ਚੋਟੀ ਚੋਟੀ ਲੱਭਣ ਵਾਹੋ ਦਾਹੀਆ। ਚਾਰੋਂ ਕੁੰਟ ਵੱਡੇ ਛੋਟੇ ਨਿਸ਼ਾਨੇ ਰਹੇ ਗੱਡ, ਦਾਅਵਾ ਬੰਨ੍ਹ ਕੇ ਰਹੇ ਸੁਣਾਈਆ। ਅਸੀਂ ਪਾਰ ਕਰ ਕੇ ਵੇਖੀ ਹੱਦ, ਕੂੜੀ ਕਿਰਿਆ ਨਾਲ ਰਲਾਈਆ। ਸੱਚਾ ਨਾਮ ਕਹੇ ਮੈਂ ਸਭ ਤੋਂ ਅੱਡ, ਘਰ ਵੱਖਰਾ ਇਕ ਬਣਾਈਆ। ਜਿਸ ਵੇਲੇ ਮੇਰਾ ਸਾਹਿਬ ਸਤਿਗੁਰ ਮੈਨੂੰ ਲਵੇ ਸੱਦ, ਮੈਂ ਆਵਾਂ ਚਾਈਂ ਚਾਈਂਆ । ਨਿਰਗੁਣ ਨਰ ਨਰਾਇਣ ਨਿਰਵੈਰ ਨਿਰਾਕਾਰ ਅਦਲੀ ਅਦਲ ਅਦਾਲਤ ਕਰੇ ਓਥੇ ਜੱਜ, ਜ਼ਾਹਰ ਜ਼ਹੂਰ ਬੈਠਾ ਸੋਭਾ ਪਾਈਆ। ਓਥੇ ਕੁਦਰਤੀ ਅਗੰਮੀ ਅਨੋਖੀ ਵਾਜ ਜਾਏ ਵੱਜ, ਕੋਟਾਂ ਵਿਚੋਂ ਗੁਰਮੁਖ ਆਪ ਉਠਾਈਆ। ਉਹ ਸਭ ਕੁਛ ਪਿਛਲਾ ਦੇਵੇ ਛੱਡ, ਅੱਗੇ ਇਕ ਧਿਆਨ ਲਗਾਈਆ । ਧਿਆਨ ਅੰਦਰ ਖੁਲ੍ਹੇ ਅੱਖ, ਜਿਸ ਅੱਖ ਵਿਚੋਂ ਬੇਪਰਵਾਹ ਨਜ਼ਰੀ ਆਈਆ। ਬੇਪਰਵਾਹ ਦੀ ਚਰਨੀ ਜਾਏ ਢੱਠ, ਆਪਣਾ ਆਪ ਮਿਟਾਈਆ। ਨੇਤਰ ਰੋ ਦੋਏ ਜੋੜ ਕੇ ਹੱਥ, ਬਿਨ ਰਸਨਾ ਜਿਹਵਾ ਦਏ ਸੁਣਾਈਆ। ਜਿਉਂ ਭਾਵੇ ਤਿਉਂ ਲੈਣਾ ਰਖ, ਪ੍ਰਭ ਤੇਰੀ ਓਟ ਤਕਾਈਆ। ਨਾਮ ਕਹੇ ਮੈਂ ਓਸ ਵੇਲੇ ਹਾਜ਼ਰ ਹੋਵਾਂ ਸਚ, ਬਣ ਵਿਚੋਲਾ ਦਿਆਂ ਮਿਲਾਈਆ। ਹੌਲੀ ਜੇਹੀ ਦੱਸਾਂ ਤੂੰ ਸੋਹੰ ਢੋਲਾ ਰਟ, ਰੱਟਾ ਮੁੱਕੇ ਜਗਤ ਲੋਕਾਈਆ । ਅੱਗੇ ਵੇਖ ਪੁਰਖ ਸਮਰਥ, ਨਿਰਗੁਣ ਬੈਠਾ ਜੋਤ ਜਗਾਈਆ। ਤੇਰਾ ਓਸੇ ਕੋਲੋਂ ਪੂਰਾ ਹੋਣਾ ਹੱਕ, ਦੂਜਾ ਲਹਿਣਾ ਝੋਲੀ ਕੋਈ ਨਾ ਪਾਈਆ। ਜਨ ਭਗਤ ਸਾਚੀ ਗੋਦੀ ਬਹੇ ਝਟ, ਨਿਰਭੈ ਹੋ ਕੇ ਡੇਰਾ ਲਾਈਆ। ਸਾਚਾ ਨਾਮ ਕਹੇ ਭਗਵਾਨ ਏਹ ਭਗਤ ਤੇਰੀ ਅੱਖ, ਬਿਨ ਭਗਤਾਂ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਬਿਨ ਏਨ੍ਹਾਂ ਮੈਨੂੰ ਕੋਈ ਨਾ ਲਵੇ ਰਟ, ਅੰਤਰ ਆਤਮ ਨਾ ਕੋਇ ਧਿਆਈਆ। ਤੂੰ ਏਨ੍ਹਾਂ ਅੰਦਰ ਗਿਉਂ ਵਸ, ਏਹ
ਤੇਰੇ ਘਰ ਆਏ ਚਾਈਂ ਚਾਈਂਆ। ਏਨ੍ਹਾਂ ਨੂੰ ਓਥੇ ਜਾ ਕੇ ਰੱਖ, ਜਿਸ ਘਰ ਬੈਠਾ ਡੇਰਾ ਲਾਈਆ। ਅਬਿਨਾਸ਼ੀ ਕਰਤਾ ਪਿਆ ਹੱਸ, ਖ਼ੁਸ਼ੀਆਂ ਨਾਲ ਸਮਝਾਈਆ। ਨਾ ਕੋਈ ਸੂਰਜ ਚੰਦ ਰਵ ਸਸ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਇਕੋ ਨਿਰਗੁਣ ਨੂਰ ਜੋਤ ਮੇਰਾ ਪਰਕਾਸ਼, ਨੂਰੋ ਨੂਰ ਨੂਰ ਵਖਾਈਆ। ਓਸੇ ਵਿਚ ਏਨ੍ਹਾਂ ਦੀ ਮਿਲ ਜਾਏ ਸ਼ਾਖ਼, ਸ਼ਨਾਖ਼ਤ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਲੋਕਮਾਤ ਮੇਰੀ ਫੇਰ ਹੋਏ ਖ਼ਾਹਸ਼, ਨਿਰਗੁਣ ਧਾਰ ਵਿਚੋਂ ਲਵਾਂ ਪਰਗਟਾਈਆ। ਇਹ ਨਾਮ ਸਚ ਤੈਨੂੰ ਦੱਸ ਜਾਚ, ਭਗਤਾਂ ਦਿਤਾ ਸਮਝਾਈਆ । ਜ਼ਬਾਨ ਨਾਲ, ਅੱਖਰਾਂ ਨਾਲ, ਜਿਹਵਾ ਨਾਲ, ਦੰਦਾਂ ਨਾਲ ਕੋਈ ਨਾ ਸਕੇ ਵਾਚ, ਅੰਦਰ ਵੜ ਕੇ ਪ੍ਰੇਮ ਲਗਾਈਆ। ਇਕੋ ਤੈਨੂੰ ਦਿਤਾ ਖ਼ਤਾਬ, ਮੁਖ਼ਾਤਬ ਹੋ ਕੇ ਦਿਤਾ ਸਮਝਾਈਆ। ਓਸੇ ਵੇਲੇ ਸਚ ਨਾਮ ਕੀਤਾ ਆਦਾਬ, ਜਨ ਭਗਤਾਂ ਸੀਸ ਝੁਕਾਈਆ। ਤੁਹਾਨੂੰ ਮਿਲਿਆ ਓਹ ਜਨਾਬ, ਜਾਬਰ ਜਬਰ ਸਦਾ ਅਖਵਾਈਆ। ਉਸ ਦੀ ਵਸੋ ਸਚ ਮਹਿਰਾਥ, ਜਿਸ ਮਹਿਰਾਬ ਅੰਦਰ ਮਹਿਬੂਬ ਡੇਰਾ ਲਾਈਆ। ਏਸੇ ਕਾਰਨ ਉਸ ਨੂੰ ਕਹਿੰਦੇ ਰਹੇ ਸਦਾ ਗੁਰੂ ਮਹਾਰਾਜ, ਰਾਜਨ ਰਾਜ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਰ ਕੇ ਅਵੱਲੜਾ ਕਾਜ, ਕਜ਼ੀਆ ਸਾਰਾ ਦਿਤਾ ਮੁਕਾਈਆ।
੨੨ ਜੇਠ ੨੦੨੧ ਬਿਕ੍ਰਮੀ ਹੰਸ ਰਾਜ ਦੇ ਗ੍ਰਹਿ ਪਿੰਡ ਨਗਿਆਲ
ਜਨ ਭਗਤ ਸਦ ਤੱਕਦੇ ਰਾਹ, ਜੁਗਾ ਜੁਗੰਤਰ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮਿਲੇ ਮਲਾਹ, ਪਤਿਪਰਮੇਸ਼ਵਰ ਹੋਵੇ ਸਹਾਈਆ । ਡੁੱਬਦੇ ਪਾਹਨ ਲਏ ਤਰਾ, ਪਾਥਰ ਆਪਣੇ ਕੰਧ ਉਠਾਈਆ। ਸਾਚਾ ਮਾਰਗ ਦਏ ਵਖਾ, ਰਹਿਬਰ ਧੁਰ ਦਾ ਫੇਰਾ ਪਾਈਆ। ਜਨਮ ਕਰਮ ਦਾ ਰੋਗ ਦਏ ਗਵਾ, ਮਮਤਾ ਮੋਹ ਮਿਟਾਈਆ। ਜਮ ਕੀ ਫਾਸੀ ਦਏ ਤੁੜਾ, ਲੱਖ ਚੁਰਾਸੀ ਗੇੜ ਕਟਾਈਆ। ਸ਼ਬਦ ਅਨਾਦੀ ਦਏ ਸੁਣਾ, ਧੁਰ ਦਾ ਰਾਗ ਸਮਝਾਈਆ। ਕਾਇਆ ਮੰਦਰ ਕਰੇ ਰੁਸ਼ਨਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਸੁਰਤੀ ਸ਼ਬਦੀ ਦਏ ਮਿਲਾ, ਅਪਣਾ ਰੰਗ ਰੰਗਾਈਆ। ਆਤਮ ਸੇਜਾ ਦਏ ਸੁਹਾ, ਸੋਹਣੀ ਬਣਤ ਬਣਾਈਆ। ਆਤਮ ਪਰਮਾਤਮ ਇਕੋ ਘਰ ਦਏ ਵਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਜੁਗ ਜੁਗ ਵੇਖਣ ਨੈਣ, ਨੇਤਰ ਨੈਣ ਖੁਲ੍ਹਾਈਆ। ਕਵਣ ਵੇਲਾ ਪ੍ਰਭ ਮਿਲੇ ਸਾਕ ਸੱਜਣ ਸੈਣ, ਮੀਤ ਪਿਆਰਾ ਦਰ ਘਰ ਫੇਰਾ ਪਾਈਆ। ਜਨਮ ਕਰਮ ਦਾ ਚੁਕਾਏ ਲਹਿਣ ਦੇਣ, ਨਾਮ ਅਮੋਲਕ ਝੋਲੀ ਪਾਈਆ। ਕੂੜੀ ਕਿਰਿਆ ਨਾਤਾ ਤੁਟੇ ਮਾਇਆ ਡੈਣ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਜਨ ਭਗਤ ਸਦਾ ਕਰੇ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਕਰ ਕਿਰਪਾ ਮੇਰੇ ਨਿਰੰਕਾਰ, ਨਿਰਗੁਣ ਤੇਰੀ ਓਟ ਤਕਾਈਆ। ਦੋਏ ਜੋੜ ਕਰਾਂ ਨਿਮਸਕਾਰ, ਚਰਨ ਕਵਲ ਕਵਲ ਸਰਨਾਈਆ। ਦਰ ਠਾਂਡਾ ਦੇ ਦਰਬਾਰ, ਘਰ ਅੰਮ੍ਰਿਤ ਮੇਘ ਬਰਸਾਈਆ। ਜੁਗ ਜਨਮ ਦੇ ਵਿਛੜੇ ਮੇਲ ਮਿਲੌਣਾ ਮੇਲਣਹਾਰ, ਮੇਲਾ ਆਪਣੇ ਨਾਲ ਕਰਾਈਆ। ਗੁਰ ਚੇਲਾ ਬਹੀਏ ਇਕ ਦਵਾਰ, ਧੁਰ ਦਰਵਾਜ਼ਾ ਦੇਣਾ
ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਵਡਿਆਈਆ। ਜਨ ਭਗਤ ਰਹੇ ਉਡੀਕ, ਨਿਤ ਨਵਿਤ ਧਿਆਨ ਲਗਾਈਆ। ਪਾਰਬ੍ਰਹਮ ਤੇਰੀ ਸਚ ਪ੍ਰੀਤ, ਪ੍ਰੀਤਮ ਸਦਾ ਸਦਾ ਸਦ ਨਜ਼ਰੀ ਆਈਆ। ਦਿਵਸ ਰੈਣ ਗਾਈਏ ਗੀਤ, ਰਸਨਾ ਜਿਹਵਾ ਸੇਵ ਕਮਾਈਆ। ਨਾਤਾ ਛੱਡ ਮੰਦਰ ਮਸੀਤ, ਕਾਇਆ ਅੰਦਰ ਖੋਜ ਖੋਜਾਈਆ। ਹਉਂ ਨੀਕਨ ਨੀਕ, ਤੂੰ ਸਾਹਿਬ ਵੱਡਾ ਵਡ ਤੇਰੀ ਵਡਿਆਈਆ । ਦਰ ਦਵਾਰੇ ਪੌਣੀ ਭੀਖ, ਭਿਛਿਆ ਆਪਣਾ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਆਸਾ ਪੂਰ ਕਰਾਈਆ। ਜਨ ਭਗਤ ਸਦਾ ਸਦ ਕਰੇ ਆਸ, ਤ੍ਰਿਸ਼ਨਾ ਆਪਣੀ ਆਪ ਵਧਾਈਆ। ਸਾਹਿਬ ਸਤਿਗੁਰ ਪੁਰਖ ਅਕਾਲ ਬੁਝਾਏ ਪਿਆਸ, ਅੰਮ੍ਰਿਤ ਮੇਘ ਇਕ ਬਰਸਾਈਆ। ਲਹਿਣਾ ਚੁਕਾ ਪ੍ਰਿਥਮੀ ਆਕਾਸ਼, ਗਗਨ ਮੰਡਲ ਪਾਰ ਨਿਰਗੁਣ ਨੂਰ ਦਏ ਦਰਸਾਈਆ। ਦੂਰ ਦੁਰਾਡਾ ਵਸੇ ਆ ਕੇ ਪਾਸ, ਬਣਕੇ ਪਾਂਧੀ ਪੰਧ ਮੁਕਾਈਆ। ਜਨਮ ਜਨਮ ਦੀ ਪੂਰੀ ਕਰੇ ਖ਼ਾਹਿਸ਼, ਕਰਮ ਕਰਮ ਦਾ ਲੇਖ ਗਵਾਈਆ। ਮਾਣਸ ਜਨਮ ਕਰੇ ਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹੇ ਪ੍ਰਭ ਸਾਚਾ ਦਰਸ, ਦਰ ਠਾਂਡੇ ਨਜ਼ਰੀ ਆਈਆ। ਪੂਰਬ ਜਨਮ ਦੀ ਮਿਟੇ ਹਰਸ, ਹਵਸ ਨਾ ਕੋਇ ਵਧਾਈਆ। ਕਿਰਪਾਲ ਹੋ ਕੇ ਕਰਨਾ ਤਰਸ, ਕਿਰਪਨ ਲੈਣਾ ਤਰਾਈਆ । ਆਤਮ ਪਰਮਾਤਮ ਰਹੀ ਤੜਪ, ਅੱਠੇ ਪਹਿਰ ਧਿਆਨ ਲਗਾਈਆ। ਸਚ ਦਵਾਰੇ ਆਉਣਾ ਪਰਤ, ਘਰ ਪਰਮੇਸ਼ਵਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਸਚ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਸਹਾਇਕ ਨਜ਼ਰ ਕੋਇ ਨਾ ਆਈਆ।