੨੬ ਜੇਠ ੨੦੨੧ ਬਿਕ੍ਰਮੀ ਮਾਇਆ ਦੇਵੀ ਦੇ ਗ੍ਰਹਿ ਮਘੋਵਾਲੀ
ਜਨ ਭਗਤਾਂ ਸਦਾ ਵੱਡੀ ਸ਼ਾਨ, ਜੁਗ ਚੌਕੜੀ ਸ਼ਹਿਨਸ਼ਾਹ ਆਪ ਬਣਾਇੰਦਾ। ਸਚ ਦਵਾਰੇ ਦੇ ਕੇ ਮਾਣ, ਅਭਿਮਾਨ ਮੋਹ ਮਿਟਾਇੰਦਾ। ਅੰਤਰ ਆਤਮ ਬਖ਼ਸ਼ ਗਿਆਨ, ਅਨਭਵ ਭੇਵ ਖੁਲਾਇੰਦਾ। ਚਰਨ ਪ੍ਰੀਤੀ ਇਕ ਨਿਸ਼ਾਨ, ਸਚ ਦਵਾਰ ਸੁਹਾਇੰਦਾ। ਠਾਂਡਾ ਅੰਮ੍ਰਿਤ ਪੀਣ ਖਾਣ, ਤ੍ਰਿਸਨਾ ਭੁੱਖ ਗਵਾਇੰਦਾ। ਘਰ ਸਵਾਮੀ ਮਿਲੇ ਆਣ, ਪੁਰਖ ਅਬਿਨਾਸ਼ੀ ਫੇਰਾ ਪਾਇੰਦਾ। ਲੱਖ ਚੁਰਾਸੀ ਵਿਚੋਂ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਹਰਿਜਨ ਵੇਖ ਬਾਲ ਨਾਦਾਨ, ਅਣਜਾਣ ਗੋਦ ਉਠਾਇੰਦਾ। ਲੇਖਾ ਚੁੱਕੇ ਜਮ ਕੀ ਕਾਣ, ਆਪਣੀ ਕਲਾ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਦਇਆ ਕਮਾਇੰਦਾ। ਆਦਿ ਜੁਗਾਦੀ ਸ਼ਾਨ ਭਗਤ, ਭਗਵਨ ਆਪ ਬਣਾਈਆ। ਦੇ ਵਡਿਆਈ ਲੋਕਮਾਤ ਜਗਤ, ਜਗ ਜੀਵਣ ਦਏ ਦ੍ਰਿੜਾਈਆ। ਪ੍ਰੇਮ ਪਿਆਰ ਦੀ ਸਾਚੀ ਸ਼ਕਤ, ਸ਼ਖ਼ਸੀਅਤ ਵਿਚ ਰਖਾਈਆ । ਆਪਣੇ ਮਿਲਣ ਦਾ ਦੱਸ ਕੇ ਵਕਤ, ਵੇਲਾ ਦਏ ਸੁਹਾਈਆ। ਆਤਮ ਪਰਮਾਤਮ ਰਹੇ ਨਾ ਫ਼ਰਕ, ਫ਼ੈਸਲਾ ਪੰਧ ਦਏ ਚੁਕਾਈਆ। ਮਿਹਰਵਾਨ ਹੋ ਕੇ ਮਰਦਾਨਾ ਮਰਦ, ਮਰਦਾਨਗੀ ਇਕ ਕਮਾਈਆ। ਨਿਰਗੁਣ ਸਰਗੁਣ ਵੰਡੇ ਦਰਦ, ਦਰਦ ਦੁੱਖ ਭੈ ਭੰਜਨ ਬੇਪਰਵਾਹੀਆ। ਜਨਮ ਜਨਮ ਦੀ ਮੰਜ਼ੂਰ ਕਰ ਕੇ ਅਰਜ਼, ਆਰਜ਼ੂ ਆਪਣੇ ਲੇਖੇ ਲਾਈਆ। ਕਰੇ ਖੇਲ ਸਾਹਿਬ ਅਸਚਰਜ, ਅਚਰਜ ਲੀਲਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਬੇਪਰਵਾਹੀਆ। ਵੱਡੀ ਸ਼ਾਨ ਲੋਕਮਾਤ, ਸਾਹਿਬ ਸਤਿਗੁਰ ਦਏ ਵਡਿਆਈਆ। ਜਿਨ੍ਹਾਂ ਮਿਲ ਗਈ ਨਾਮ ਦਾਤ, ਸਾਚੀ ਝੋਲੀ ਇਕ ਭਰਾਈਆ। ਰੰਗ ਰੱਤੇ ਦਿਵਸ ਰਾਤ, ਅੱਠੇ ਪਹਿਰ ਖ਼ੁਸ਼ੀ ਮਨਾਈਆ। ਸਾਚੀ ਮਿਲ ਗਈ ਆਤਮ ਜ਼ਾਤ, ਪਰਮਾਤਮ ਵਿਚ ਸਮਾਈਆ। ਘਰ ਮੰਦਰ ਹੋਇਆ ਪਰਕਾਸ਼, ਅੰਧ ਅੰਧੇਰ ਮਿਟਾਈਆ। ਪੂਰਬ ਪੂਰਬ ਪੂਰੀ ਆਸ, ਕਰਮ ਕਰਮ ਲੇਖੇ ਲਾਈਆ। ਜਨਮ ਜਨਮ ਦੇ ਧਰਵਾਸ, ਭਰਮ ਭਰਮ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸਚ ਸ਼ਾਨ ਜਨ ਭਗਤ ਏਕ, ਹਰਿ ਕਰਤਾ ਦਏ ਵਡਿਆਈਆ। ਜਿਨ੍ਹਾਂ ਲਿਖਿਆ ਧੁਰ ਦਾ ਲੇਖ, ਮਸਤਕ ਮੇਖ ਦਏ ਲਗਾਈਆ। ਜੁਗ ਚੌਕੜੀ ਓਨ੍ਹਾਂ ਦੇਵੇ ਭੇਤ, ਪਰਦਾ ਆਪ ਉਠਾਈਆ। ਮਾਇਆ ਮੋਹ ਨਾ ਲਾਵੇ ਸੇਕ, ਮਮਤਾ ਰੂਪ ਨਾ ਕੋਇ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਭਗਤਾਂ ਸ਼ਾਨ ਸਭ ਤੋਂ ਵੱਖਰਾ, ਬਸਤਰ ਤਨ ਨਾ ਕੋਇ ਵਡਿਆਈਆ। ਨੇਤਰ ਕੱਜਲ ਨਾ ਕੋਈ ਨਖ਼ਰਾ, ਕੂੜਾ ਨੈਣ ਨਾ ਕੋਇ ਮਟਕਾਈਆ। ਗਿਆਨ ਧਿਆਨ ਦਾ ਪੜ੍ਹੇ ਕੋਈ ਨਾ ਪਤਰਾ, ਪੁਸਤਕ ਬਗ਼ਲ ਨਾ ਕੋਇ ਉਠਾਈਆ। ਪੂਜਾ ਭੇਟਾ ਕਰੇ ਕੋਇ ਨਾ ਬੱਕਰਾ, ਛਤਰਾ ਸੀਸ ਨਾ ਕੋਇ ਕਟਾਈਆ। ਭੈ ਭੌ ਨਾ ਕੋਈ ਖ਼ਤਰਾ,
ਭਰਮ ਭਰਮੀ ਨਾ ਕੋਇ ਭੁਲਾਈਆ। ਰਸਨਾ ਜਿਹਵਾ ਗੁਣ ਵਡਿਆਈ ਨਾ ਕੋਈ ਅੱਖਰਾ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਇਕ ਦ੍ਰਿੜਾਈਆ। ਭਗਤਾਂ ਸ਼ਾਨ ਸਭ ਤੋਂ ਉੱਤਮ, ਸੂਚਮ ਸੂਚ ਨਜ਼ਰੀ ਆਈਆ। ਜਿਨ੍ਹਾਂ ਪੈਂਡੇ ਅਗਲੇ ਮੁੱਕਣ, ਪਿਛਲਾ ਲੇਖਾ ਦਿਤਾ ਚੁਕਾਈਆ। ਸੋ ਸੂਰਬੀਰ ਹੋ ਕੇ ਬੁੱਕਣ, ਸੋਹਣੇ ਢੋਲੇ ਗਾਈਆ। ਨੌਜਵਾਨ ਹੋ ਕੇ ਉਠਣ, ਆਪਣਾ ਬਲ ਧਰਾਈਆ। ਪੰਚ ਵਿਕਾਰਾ ਆਪਣੇ ਘਰੋਂ ਪੁੱਟਣ, ਕੂੜੀ ਕਿਰਿਆ ਜੜ੍ਹ ਉਖੜਾਈਆ। ਸ਼ੇਰ ਬਘੇਲੇ ਹੋ ਕੇ ਬੁੱਕਣ, ਇਕੋ ਭਬਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਭਗਤਾਂ ਸ਼ਾਨ ਜਗਤ ਨਿਰਾਲੀ, ਸਾਹਿਬ ਸਤਿਗੁਰ ਆਪ ਸਮਝਾਈਆ। ਜਿਨ੍ਹਾਂ ਕਰੇ ਪੁਰਖ ਅਕਾਲ ਦਲਾਲੀ, ਬਣ ਵਿਚੋਲਾ ਵੇਖ ਵਖਾਈਆ। ਹੋਵੇ ਪਰਕਾਸ਼ ਜੋਤ ਅਕਾਲੀ, ਅਕਲ ਕਲ ਵਡਿਆਈਆ। ਮੇਲ ਮਿਲਾਏ ਸੱਚੀ ਧਰਮਸਾਲੀ, ਧਰਮ ਦਵਾਰਾ ਇਕ ਵਖਾਈਆ। ਭੰਡਾਰੇ ਭਰੇ ਵੇਖ ਕੇ ਖ਼ਾਲੀ, ਅਤੋਟ ਅਤੁਟ ਵਸਤ ਵਰਤਾਈਆ। ਪੂਰਬ ਜਨਮ ਜਿਨ੍ਹਾਂ ਘਾਲ ਘਾਲੀ, ਕੀਤੀ ਘਾਲ ਲੇਖੇ ਲਾਈਆ। ਸਚ ਦਰ ਜੋ ਬਣੇ ਸਵਾਲੀ, ਨਾਮ ਪਦਾਰਥ ਝੋਲੀ ਪਾਈਆ । ਗੁਰਮੁਖ ਬੁਧੀ ਵੇਖ ਬਾਲੀ, ਅੰਞਾਣੀ ਆਪਣੇ ਰੰਗ ਰੰਗਾਈਆ। ਮਸਤਕ ਦੇਵੇ ਸੱਚੀ ਲਾਲੀ, ਨੂਰ ਨੁਰਾਨਾ ਕਰੇ ਰੁਸ਼ਨਾਈਆ। ਏਥੇ ਓਥੇ ਬਣ ਕੇ ਵਾਲੀ, ਦੋ ਜਹਾਨਾਂ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਭਗਤਾਂ ਸ਼ਾਨ ਸਭ ਤੋਂ ਸ਼੍ਰੇਸ਼ਟ, ਸ੍ਰਿਸ਼ਟੀ ਵਿਚੋਂ ਨਜ਼ਰੀ ਆਈਆ। ਉੱਤਮ ਗਿਆਨ ਸਦਾ ਅਨਲੇਖਤ, ਲਿਖਤੀ ਲਿਖਤ ਨਾ ਕੋਇ ਸਮਝਾਈਆ। ਪੰਜ ਤਤ ਚੋਲਾ ਜਗਤ ਭੇਖਤ, ਭੇਖੀਆਂ ਵਿਚੋਂ ਭੇਖ ਅਵੱਲੜਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸ਼ਾਨ ਕਹੇ ਮੈਂ ਭਗਤਾਂ ਜੋਗੀ, ਜੋਗੀ ਜੋਗੀਸ਼ਰ ਜੁਗ ਜੁਗ ਧਿਆਨ ਲਗਾਈਆ। ਮੇਰੇ ਪਿਛੇ ਕੋਟਨ ਕੋਟ ਫਿਰਨ ਵਿਜੋਗੀ, ਘਰ ਬਾਰ ਬੈਠੇ ਤਜਾਈਆ। ਮੇਰੇ ਪ੍ਰੇਮ ਦੇ ਬਣ ਕੇ ਰੋਗੀ, ਹੌਕਾ ਲੈ ਲੈ ਰਹੇ ਸੁਣਾਈਆ। ਮੇਰੇ ਲੱਭਣ ਦੇ ਬਣਕੇ ਖੋਜੀ, ਬਨਖੰਡ ਫੇਰਾ ਰਹੇ ਪਾਈਆ। ਮੇਰੇ ਜਾਨਣ ਦੇ ਗਿਆਨੀ ਬੋਧੀ, ਵਿਦਿਆ ਨਾਲ ਕਰਨ ਲੜਾਈਆ। ਮੇਰਾ ਮਾਣ ਲੱਭਦੇ ਵਿਚੋਂ ਲੋਕੀਂ, ਲੋਕਾਈ ਵਿਚੋਂ ਨਜ਼ਰ ਕਿਸੇ ਨਾ ਆਈਆ। ਮੇਰੀ ਮੰਜ਼ਲ ਸਭ ਤੋਂ ਔਖੀ, ਕੋਟਨ ਕੋਟ ਪਾਂਧੀ ਬੈਠੇ ਮੁਖ ਭਵਾਈਆ। ਮੇਰੇ ਸੰਦੇਸ਼ ਦੀ ਪੜ੍ਹੇ ਕੋਇ ਨਾ ਪੋਥੀ, ਪੁਸਤਕ ਵਾਚ ਖ਼ੁਸ਼ੀ ਨਾ ਕੋਇ ਮਨਾਈਆ। ਮੇਰੇ ਪਰਕਾਸ਼ ਦੀ ਲੱਭੇ ਕਿਸੇ ਨਾ ਜੋਤੀ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਵੱਖਰੀ ਸ਼ਾਨ ਬਣਾਈਆ। ਸ਼ਾਨ ਕਹੇ ਮੇਰਾ ਮੇਲਾ ਦੂਰ, ਦੂਰ ਦੁਰਾਡਾ ਨਜ਼ਰੀ ਆਈਆ। ਸ੍ਰਿਸ਼ਟ ਸਬਾਈ ਖੇਲੇ ਖੇਲ ਕਿਰਿਆ ਕੂੜ, ਕੁਕਰਮਾਂ ਵਿਚ ਸਮਾਈਆ। ਚਤੁਰ ਸੁਘੜ ਬਣੇ ਮੂਰਖ ਮੂੜ੍ਹ, ਮੁਗਧ ਰੂਪ ਵਟਾਈਆ। ਅੰਤਰ ਭਰਿਆ ਜਗਤ ਗ਼ਰੂਰ, ਹੰਕਾਰ ਕਰੀ ਮਾਤ ਕੁੜਮਾਈਆ। ਮਨ ਵਾਸਨਾ ਹੋ ਮਜ਼ਦੂਰ, ਅੱਠੇ ਪਹਿਰ ਸੇਵ ਕਮਾਈਆ। ਸੱਚਾ ਮਿਲਿਆ ਨਾ ਕਿਸੇ ਨੂਰ, ਅੰਧ ਅੰਧੇਰ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਸ਼ਾਨ ਕਹੇ ਮੈਂ ਸ਼ਾਨ ਸਭ ਦੀ, ਲੱਖ ਚੁਰਾਸੀ ਖੋਜ ਖੋਜਾਈਆ। ਬਿਨ ਭਗਤਾਂ ਦੂਜੇ ਦਵਾਰੇ ਕਦੇ ਨਾ ਫਬਦੀ, ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਮੈਨੂੰ ਕਸਮ
ਓਸੇ ਪਰਮਾਤਮਾ ਰੱਬ ਦੀ, ਜਿਸ ਮੇਰੀ ਬਣਤ ਬਣਾਈਆ। ਮੈਂ ਗੁਰਮੁਖਾਂ ਨਾਲ ਮਿਲ ਕੇ ਓਹਨੂੰ ਲੱਭਦੀ, ਖੋਜਣ ਬਣ ਕੇ ਖੋਜ ਖੋਜਾਈਆ । ਸਚ ਦਵਾਰ ਇਕੋ ਲੰਘਦੀ, ਆਪਣਾ ਪੰਧ ਮੁਕਾਈਆ। ਦਰਵੇਸ਼ ਹੋ ਕੇ ਵਸਤ ਇਕੋ ਮੰਗਦੀ, ਖ਼ਾਲੀ ਹੱਥ ਅਲਖ ਜਗਾਈਆ। ਬਖ਼ਸ਼ਿਸ਼ ਕਰ ਆਪਣੇ ਅਨੰਦ ਦੀ, ਅਨੰਦ ਅਨੰਦ ਵਿਚੋਂ ਪਰਗਟਾਈਆ। ਪ੍ਰੀਤੀ ਦੱਸ ਗੁਰਮੁਖ ਚੰਦ ਦੀ, ਚੰਦ ਚਾਂਦਨਾ ਰਿਹਾ ਚਮਕਾਈਆ। ਮੈਂ ਨਾਤਾ ਓਸੇ ਨਾਲ ਗੰਢਦੀ, ਜੋ ਤੇਰਾ ਦਰਸ਼ਨ ਪਾਈਆ। ਮੈਨੂੰ ਪੌਣ ਆਵੇ ਠੰਡ ਦੀ, ਅਗਨੀ ਤਤ ਬੁਝਾਈਆ। ਮੈਂ ਚੋਲੀ ਆਪਣੀ ਰੰਗਦੀ, ਰੰਗ ਰੰਗੀਲਾ ਇਕ ਚੜ੍ਹਾਈਆ। ਭਗਤ ਦਵਾਰ ਕਦੇ ਨਾ ਸੰਗਦੀ, ਮੁਖ ਘੁੰਗਟ ਰਹੀ ਉਠਾਈਆ। ਸ਼ਾਨ ਕਹੇ ਮੈਂ ਸ਼ਾਨਾਂ ਵਿਚੋਂ ਹੋਈ ਭਗਤਾਂ ਵੰਡ ਦੀ, ਵੰਡ ਹੋਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਲਜਿਆ ਲੈਣੀ ਰਖਾਈਆ। ਸ਼ਾਨ ਕਹੇ ਮੈਂ ਹੋਵਾਂ ਮਸ਼ਹੂਰ, ਮਸ਼ਵਰਾ ਭਗਤਾਂ ਨਾਲ ਪਕਾਈਆ। ਜਿਨ੍ਹਾਂ ਮਿਲਿਆ ਆਪ ਹਜ਼ੂਰ, ਹਜ਼ਰਤ ਹੋ ਕੇ ਦਰਸ ਦਿਖਾਈਆ। ਮੇਰੀ ਮਨਸਾ ਹੋਵੇ ਪੂਰ, ਮਮਤਾ ਮੋਹ ਮਿਟਾਈਆ। ਮੈਂ ਉਤਰਾਂ ਪਹਿਲੇ ਪੂਰ, ਬੇੜੇ ਚੜ੍ਹ ਕੇ ਖ਼ੁਸ਼ੀ ਮਨਾਈਆ। ਮੈਂ ਦਰਸ ਕਰਾਂ ਜ਼ਰੂਰ, ਜ਼ਰੂਰਤ ਆਪਣੀ ਝੋਲੀ ਪਾਈਆ । ਮੈਂ ਭਗਤਾਂ ਹੋ ਮਸ਼ਕੂਰ, ਸ਼ੁਕਰੀਆ ਕਰ ਕੇ ਖ਼ੁਸ਼ੀ ਮਨਾਈਆ। ਜਿਨ੍ਹਾਂ ਸਾਹਿਬ ਮਿਲਿਆ ਸਰਬ ਕਲਾ ਭਰਪੂਰ, ਪੂਰ ਰਿਹਾ ਸਰਬ ਠਾਈਂਆ। ਮੈਂ ਮੰਗਾਂ ਚਰਨ ਧੂੜ, ਧੂੜੀ ਟਿੱਕਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਦਏ ਬਣਾਈਆ। ਸ਼ਾਨ ਕਹੇ ਮੇਰਾ ਲੱਭੇ ਸਾਕ, ਸੱਜਣ ਗੁਰਮੁਖ ਨਜ਼ਰੀ ਆਈਆ। ਪਿਛਲਾ ਪੂਰਾ ਹੋਵੇ ਭਵਿਖਤ ਵਾਕ, ਅਗਲੀ ਸਮਝ ਦਏ ਸਮਝਾਈਆ। ਅੰਦਰ ਵੜ ਕੇ ਖੋਲ੍ਹੇ ਤਾਕ, ਬਾਹਰੋਂ ਪੜਦਾ ਦਏ ਉਠਾਈਆ। ਸਦਾ ਸਦਾ ਸਦ ਦੇਵੇ ਸਾਥ, ਸਗਲਾ ਸੰਗੀ ਬਣ ਕੇ ਨਜ਼ਰੀ ਆਈਆ। ਮੈਂ ਓਸੇ ਨਾਲ ਮਿਲ ਕੇ ਜਗਤ ਜਹਾਨ ਲਵਾਂ ਸ਼ਾਬਾਸ, ਮਿਲੇ ਮਾਣ ਵਡਿਆਈਆ। ਬਿਨ ਭਗਤਾਂ ਮੇਰੀ ਸ਼ਾਨ ਕੋਇ ਨਾ ਖ਼ਾਸ, ਕੋਟਨ ਕੋਟ ਰਾਜ ਰਾਜਾਨ ਸ਼ਾਹ ਸੁਲਤਾਨ ਸ਼ਾਨਾਂ ਵਾਲੇ ਮਿਲ ਗਏ ਖ਼ਾਕ, ਮਿੱਟੀ ਕੰਮ ਕਿਸੇ ਨਾ ਆਈਆ। ਜਨ ਭਗਤ ਸੁਹੇਲੇ ਸਚ ਦਵਾਰੇ ਪਰਮ ਪੁਰਖ ਦੇ ਵਸਣ ਪਾਸ, ਸਾਚੇ ਮੰਦਰ ਸੋਭਾ ਪਾਈਆ। ਓਨ੍ਹਾਂ ਨਾਲ ਮਿਲਕੇ ਮੈਂ ਵੀ ਹੋਵਾਂ ਦਾਸੀ ਦਾਸ, ਸੇਵਕ ਬਣ ਕੇ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਏ ਮੁਕਾਈਆ। ਸ਼ਾਨ ਕਹੇ ਮੈਂ ਮਿਲ ਗਈ ਨਾਲ ਸ਼ਮਸ, ਤਬਰੇਜ਼ ਦਿਤੀ ਵਡਿਆਈਆ। ਮੈਂ ਭਗਤਾਂ ਜਾਣਾਂ ਰਮਜ਼, ਸੂਫ਼ੀਆਂ ਹਾਲ ਸੁਣਾਈਆ। ਮੈਨੂੰ ਓਸੇ ਦੀ ਸੱਚੀ ਕਸਮ, ਜੋ ਕਾਸਮ ਆਅਜ਼ਮ ਬੇਪਰਵਾਹੀਆ। ਮੇਰੀ ਲੇਖੇ ਲੱਗੀ ਭਸਮ, ਆਪਣਾ ਰੂਪ ਵਟਾਈਆ। ਮੈਂ ਵੇਖਾਂ ਆਪਣਾ ਵਤਨ, ਬੇਵਤਨ ਦਿਆਂ ਦੁਹਾਈਆ। ਬਿਨ ਭਗਤਾਂ ਕੰਮ ਕਿਸੇ ਨਾ ਆਵੇ ਯਤਨ, ਜੋਗੀ ਜਤੀ ਤਪੀ ਸਤੀ ਹਠੀ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਲੱਜਿਆ ਲਏ ਰਖਾਈਆ। ਸ਼ਾਨ ਕਹੇ ਮੈਂ ਕਰਾਂ ਸ਼ੁਕਰ, ਤੇਰਾ ਨਾਮ ਧਿਆਈਆ। ਜਨ ਭਗਤ ਮਿਲਾ ਦੇ ਆਪਣੇ ਪੁੱਤਰ, ਪਤਾ ਦੇ ਸਮਝਾਈਆ। ਏਥੇ ਓਥੇ ਦੋ ਜਹਾਨ ਮੇਰੇ ਨਾਲ ਜਾਣ ਨਾ ਮੁਕਰ, ਆਪਣਾ ਮੁਖ ਭਵਾਈਆ। ਮੈਂ ਕਰਾਂ ਗੁਜ਼ਾਰਾ ਉਨ੍ਹਾਂ ਨਾਲ ਖਾ ਕੇ ਰੁੱਖਾ ਟੁੱਕਰ, ਟੁਕੜਿਆਂ ਵਿਚੋਂ ਤੇਰਾ ਪਿਆਰ ਨਜ਼ਰੀ ਆਈਆ। ਸਾਚੀ ਧਾਰੋਂ ਔਣਾ ਉਤਰ, ਨਿਰਗੁਣ ਨੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸ਼ਾਨ ਕਹੇ ਮੈਂ ਵੇਖੀ ਸ਼ਾਨ ਬਣਦੀ, ਗ਼ਰੀਬ ਨਿਮਾਣਿਆਂ ਮਿਲੇ ਵਡਿਆਈਆ। ਤੇਰੇ ਦਰ ਲੋੜ ਨਹੀਂ ਕਿਸੇ ਮਾਲ ਧਨ ਦੀ, ਪ੍ਰੇਮ ਪ੍ਰੀਤੀ ਇਕੋ ਨਜ਼ਰੀ ਆਈਆ। ਖੇਲ ਵੇਖੀ ਛੱਪਰ ਛੰਨ ਦੀ, ਮਹੱਲ ਅਟਲ ਨਾ ਕੋਇ ਵਡਿਆਈਆ। ਜਨ ਭਗਤਾਂ ਪ੍ਰੀਤੀ ਆਤਮ ਪਰਮਾਤਮ ਨਾਲ ਰਲਦੀ, ਮਿਲ ਕੇ ਬੈਠੀ ਸੱਚੀ ਥਾਈਂਆ। ਮੈਂ ਉਡੀਕਾਂ ਕਰਦੀ ਰਹੀ ਅੱਜ ਕੱਲ ਦੀ, ਜੁਗ ਚੌਕੜੀ ਧਿਆਨ ਲਗਾਈਆ। ਹੱਥਾਂ ਪੈਰਾਂ ਤਲੀਆਂ ਰਹੀ ਮਲਦੀ, ਗਟੀਆਂ ਗਿਣ ਗਿਣ ਵਕਤ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਆਪਣਾ ਰੰਗ ਚੜ੍ਹਾਈਆ। ਸ਼ਾਨ ਕਹੇ ਮੈਂ ਭਗਤਾਂ ਵੇਖਿਆ ਰੰਗ ਰੰਗੀਲਾ, ਰੰਗਣ ਵਾਲਾ ਰੰਗ ਰੰਗਾਈਆ। ਨਿਰਗੁਣ ਬਣ ਕੇ ਜਗਤ ਵਸੀਲਾ, ਵਾਸਤਾ ਆਪਣੇ ਨਾਲ ਰਖਾਈਆ। ਜਨ ਭਗਤ ਬਣਾਏ ਕਬੀਲਾ, ਕਾਮਲ ਮੁਰਸ਼ਦ ਦਏ ਵਡਿਆਈਆ। ਮੈਂ ਵੀ ਉਠ ਉਠ ਕਰਾਂ ਹੀਲਾ, ਅੰਤਰ ਅੰਤਰ ਧਿਆਨ ਲਗਾਈਆ। ਜਿਸ ਨੇ ਰੰਗ ਵਖਾਇਆ ਲਾਲ ਕੰਚਨ ਸੂਹਾ ਚਿੱਟਾ ਪੀਲਾ, ਨੀਲਾ ਕਾਲਾ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਵੇ ਸਹਾਈਆ। ਸ਼ਾਨ ਕਹੇ ਮੈਂ ਵੇਖੀ ਸ਼ਾਨ, ਸਚਖੰਡ ਨਿਵਾਸੀ ਸਾਚੀ ਦਇਆ ਕਮਾਈਆ। ਥਿਰ ਘਰ ਵਾਸੀ ਸੁਣਾਈ ਧੁਨਕਾਨ, ਅਗੰਮੀ ਨਾਦ ਵਜਾਈਆ। ਸੁੰਨ ਸਮਾਧੀ ਹੋਈ ਹੈਰਾਨ, ਅੰਤਰ ਅੰਤਰ ਲਏ ਅੰਗੜਾਈਆ। ਦਸਮ ਦਵਾਰੇ ਕਰ ਪਰਵਾਨ, ਨਿਗਾਹਬਾਨ ਧਿਆਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਾਨ ਕਹੇ ਮੈਂ ਅੰਦਰ ਵੜ ਗਈ, ਆਪਣਾ ਕਦਮ ਉਠਾਈਆ। ਭਗਤ ਦਵਾਰੇ ਜਾ ਕੇ ਖੜ੍ਹ ਗਈ, ਆਪਣਾ ਪੰਧ ਮੁਕਾਈਆ। ਦਰਸ਼ਨ ਕਰ ਕੇ ਓਨ੍ਹਾਂ ਨਾਲ ਤਰ ਗਈ, ਬੇੜਾ ਪਾਰ ਕਰਾਈਆ। ਮੰਜ਼ਲ ਅਗੰਮੀ ਇਕੋ ਵਾਰ ਚੜ੍ਹ ਗਈ, ਅਧਵਿਚਕਾਰ ਨਾ ਕੋਇ ਅਟਕਾਈਆ। ਬਿਨ ਅਲਿਫ਼ ਯੇ ਦੇ ਢੋਲਾ ਪੜ੍ਹ ਗਈ, ਸੋਹੰ ਰਾਗ ਇਕ ਵਡਿਆਈਆ। ਮੈਂ ਜੀਂਵਦਿਆਂ ਜਗ ਐਵੇਂ ਮਰ ਗਈ, ਮੁਫ਼ਤ ਪ੍ਰਭ ਦੀ ਭੇਟਾ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਏ ਚੁਕਾਈਆ। ਸ਼ਾਨ ਕਹੇ ਮੈਂ ਸ਼ਾਨ ਨਾਲ ਵੇਖੇ ਜਗਦੇ, ਗੁਰਮੁਖ ਦੀਪਕ ਨਜ਼ਰੀ ਆਈਆ। ਲੱਖ ਚੁਰਾਸੀ ਵਿਚੋਂ ਸੋਹਣੇ ਲੱਗਦੇ, ਥਾਉਂ ਥਾਈਂ ਡਗਮਗਾਈਆ। ਤੇਲ ਬਾਤੀ ਵਿਚ ਕੋਇ ਨਾ ਰੱਖਦੇ, ਜੋਤੀ ਨੂਰ ਹੋਵੇ ਰੁਸ਼ਨਾਈਆ। ਦਿਵਸ ਰੈਣ ਕਦੇ ਨਾ ਅੱਕਦੇ, ਸ਼ਮਅ ਸਕੇ ਨਾ ਕੋਇ ਬੁਝਾਈਆ। ਅੱਠੇ ਪਹਿਰ ਦੂਣ ਸਵਾਏ ਮਘਦੇ, ਲਾਟ ਲਲਾਟ ਵਿਚੋਂ ਰੁਸ਼ਨਾਈਆ। ਇਕ ਦੂਜੇ ਨੂੰ ਵੇਖ ਵੇਖ ਹੱਸਦੇ, ਖ਼ੁਸ਼ੀਆਂ ਰੰਗ ਰੰਗਾਈਆ। ਧੁਰ ਦਾ ਹਾਲ ਪ੍ਰੀਤਮ ਦੱਸਦੇ, ਪਰਮ ਪੁਰਖ ਸਿਫ਼ਤ ਸਾਲਾਹੀਆ। ਵੇਖੋ ਖੇਲ ਪੁਰਖ ਸਮਰਥ ਦੇ, ਮਹਿਮਾ ਅਕਥ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਦਏ ਚੁਕਾਈਆ। ਸ਼ਾਨ ਕਹੇ ਮੈਂ ਲਿਆ ਤੱਕ, ਤਕਵਾ ਇਕ ਰਖਾਈਆ। ਜਨ ਭਗਤਾਂ ਮਿਲਦਾ ਵੇਖਿਆ ਹੱਕ, ਪੂਰਬ ਲਹਿਣਾ ਝੋਲੀ ਪਾਈਆ। ਜੋ ਸਰਨਾਈ ਗਏ ਢੱਠ, ਫੜ ਬਾਹੋਂ ਗਲੇ ਲਗਾਈਆ। ਜਿਨ੍ਹਾਂ ਜਨਮ ਭੋਗੇ ਪਿਛੇ ਅੱਠ, ਨਾਵੇਂ ਜਨਮ ਲਿਆ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸ਼ਾਨ ਕਹੇ ਮੈਂ ਵੇਖਿਆ ਬ੍ਰਾਹਮਣ, ਠੱਗੀ ਚੋਰੀ ਯਾਰੀ ਜਿਸ ਨੂੰ ਭਾਈਆ। ਜਗਤ ਤ੍ਰਿਸਨਾ ਕੂੜੀ ਕਾਮਨ, ਦਿਵਸ ਰੈਣ ਰਹੇ ਹਲਕਾਈਆ। ਕਲਜੁਗ ਅੰਤਮ ਖੇਲ ਮਹਾਨਨ, ਪਾਰਬ੍ਰਹਮ
ਦਇਆ ਕਮਾਈਆ । ਸ਼ਬਦ ਸਰੂਪੀ ਹੋ ਕੇ ਜ਼ਾਮਨ, ਲੇਖਾ ਰਿਹਾ ਚੁਕਾਈਆ। ਲਾਲੋ ਨਾਲ ਫੜਾ ਕੇ ਦਾਮਨ, ਪੱਲੂ ਗੰਢ ਬੰਧਾਈਆ। ਕਿਸੇ ਦਾ ਮੇਟ ਨਿਸ਼ਾਨਨ, ਹਿੱਸਾ ਕਿਸੇ ਦਾ ਝੋਲੀ ਪਾਈਆ। ਏਹੋ ਖੇਲ ਮਹਾਨਨ, ਪੜਦੇ ਵਿਚ ਰਖਾਈਆ। ਪੰਝੀ ਮੱਘਰ ਦਾ ਦਿਤਾ ਚਾਨਣ, ਚੰਦ ਫੇਰ ਲਏ ਛੁਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਨ ਭਗਤਾਂ ਭਗਤਾਂ ਸੰਗ ਰਖਾਈਆ।