ਪੁਸਤਕਾਲਾਭਾਗ ੧੭

੮ ਸਾਵਣ ੨੦੨੧ ਬਿਕ੍ਰਮੀ ਬੀਬੀ ਬਾਜੀ ਦੇ ਗ੍ਰਹਿ ਬਾਬੂਪੁਰ

ਗੋਲੀ ਨਹੀਂ ਇਹ ਖੇਲ ਅਸਚਰਜ, ਧੁਰ ਸੰਦੇਸ਼ਾ ਰਹੀ ਸੁਣਾਈਆ। ਭਾਈ ਭੈਣ ਰਿਹਾ ਵਰਜ, ਨੇਤਰ ਨੀਰ ਨਾ ਕੋਇ ਵਹਾਈਆ। ਮੈਂ ਮਰਿਆ ਨਹੀਂ ਕਿਸੇ ਮਰਜ਼, ਪ੍ਰਭ ਗੋਦੀ ਲਿਆ ਉਠਾਈਆ। ਹੋਈ ਨਹੀਂ ਕੋਈ ਦਰਦ, ਹਕੀਮ ਹਿਕਮਤ ਨਾ ਕੋਇ ਚਤੁਰਾਈਆ। ਮੇਰਾ ਪਿਛਲਾ ਲੱਥਾ ਕਰਜ਼, ਜੋ ਅਲੀ ਅੱਲਾ ਨਾਲ ਗੰਢ ਵਖਾਈਆ। ਮੇਰਾ ਪੂਰਾ ਹੋਇਆ ਫ਼ਰਜ਼, ਫ਼ਜ਼ਲ ਰਹਿਮਤ ਪ੍ਰਭ ਮਿਹਰ ਨਜ਼ਰ ਉਠਾਈਆ। ਹਰਿ ਸੰਗਤ ਮੇਰੀ ਇਕ ਵਾਰ ਕਰਿਓ ਅਰਜ਼, ਰਵਿਦਾਸ ਬੇਨੰਤੀ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਦਏ ਸੰਦੇਸ਼ਾ ਸੱਚੀ ਗੋਲੀ, ਧੁਰ ਦਾ ਨਾਮ ਜਣਾਈਆ। ਤੂੰ ਭੈਣ ਨਿੱਕੀ ਭਾਲੀ ਭੋਲੀ, ਬਚਪਨ ਵਿਚ ਸਮਝ ਕੋਇ ਨਾ ਆਈਆ। ਜਿਸ ਵੇਲੇ ਚੜ੍ਹ ਕੇ ਜਾਏ ਡੋਲੀ, ਘਰ ਸੌਹਰਿਆਂ ਭਾਗ ਲਗਾਈਆ। ਉਸ ਵੇਲੇ ਹਰਿ ਸੰਗਤ ਵਿਚੋਂ ਪੰਜ ਗੁਰਮੁਖ ਤੈਨੂੰ ਬੰਨ੍ਹਣ

ਤੰਦ ਮੌਲੀ, ਸਾਖ਼ਿਆਤ ਮੇਰਾ ਮਿਲਾਪ ਨਜ਼ਰੀ ਆਈਆ। ਨੇਤਰ ਰੋ ਨਾ ਕਰੀਂ ਬੌਹੜੀ, ਹਾਲ ਕੂਕ ਨਾ ਕੋਇ ਸੁਣਾਈਆ। ਇਹ ਮਿੱਠੀ ਨਹੀਂ ਕੌੜੀ, ਰਸ ਅੰਮ੍ਰਿਤ ਰਹੀ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਗੋਲੀ ਕਹੇ ਮੈਂ ਆਈ ਵਿਚੋਂ ਉਸ ਗੋਲਕ, ਜਿਸ ਦਾ ਮਾਲਕ ਬੇਪਰਵਾਹੀਆ। ਇਹ ਵਸਤ ਜਹਾਨ ਵਿਚੋਂ ਅਮੋਲਕ, ਜੋ ਸ਼ਬਦੀ ਗੁਰ ਹੱਥ ਫੜਾਈਆ। ਜਿਸ ਦੀ ਘਰ ਘਰ ਵੇਖੋ ਰੌਣਕ, ਦਰ ਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ। ਗੋਲੀ ਨਹੀਂ ਏਹ ਸਦਾ ਦਲੀਪ, ਦੀਪਾਂ ਲੋਆਂ ਪਾਰ ਨਜ਼ਰੀ ਆਈਆ। ਕਹੇ ਮੈਂ ਭੈਣ ਬੈਠਾ ਉਸ ਕਰੀਬ, ਜਿਸ ਦਾ ਦਰ ਊਚੋ ਊਚ ਨਜ਼ਰੀ ਆਈਆ। ਉਥੇ ਨਜ਼ਾਰਾ ਵੇਖਿਆ ਅਜੀਬ, ਜਨ ਭਗਤ ਖ਼ੁਸ਼ੀ ਮਨਾਈਆ। ਕੋਈ ਨਾ ਦਿਸਿਆ ਦੂਜਾ ਸ਼ਰੀਕ, ਸ਼ਿਰਕਤ ਵਿਚ ਨਾ ਕਰੇ ਲੜਾਈਆ। ਓਥੇ ਇਕੋ ਪ੍ਰਭੂ ਦੀ ਸੁਣੀ ਤਾਰੀਫ਼, ਦੂਜੀ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਧੁਰ ਦਾ ਵਰ, ਘਰ ਸਾਚੇ ਲਿਆ ਬਹਾਈਆ। ਪ੍ਰਭ ਗੋਲੀ ਦਿਤੀ ਨਾਮ ਕੱਟਿਆ ਰੋਗ, ਸਹਿੰਸਾ ਰਿਹਾ ਮਿਟਾਈਆ। ਬਿਨ ਭਗਤੀਉਂ ਮਿਲਿਆ ਜੋਗ, ਜੁਗਤ ਜੁਗੀਸ਼ਰ ਦਿਤੀ ਸਮਝਾਈਆ। ਲੇਖਾ ਚੁੱਕਿਆ ਹਰਖ਼ ਸੋਗ, ਚਿੰਤਾ ਗ਼ਮ ਨੇੜ ਕੋਇ ਨਾ ਆਈਆ। ਮੈਂ ਛੱਡ ਕੇ ਮਾਤਲੋਕ, ਸਚਖੰਡ ਬੈਠਾ ਡੇਰਾ ਲਾਈਆ। ਤੁਸਾਂ ਵੀ ਰੱਖਣੀ ਉਸ ਦੀ ਓਟ, ਜਿਹੜਾ ਮੈਨੂੰ ਗੋਦੀ ਰਿਹਾ ਉਠਾਈਆ। ਆ ਕੇ ਵੇਖਿਆ ਇਕੋ ਨਿਰਮਲ ਜੋਤ, ਨੂਰੋ ਨੂਰ ਰੁਸ਼ਨਾਈਆ। ਮੇਰੀ ਸਿਫ਼ਤ ਕਰਨ ਵਾਲੇ ਨਜ਼ਰ ਨਾ ਆਏ ਹੋਂਠ, ਜਿਹਵਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੋਲੀ ਨਹੀਂ ਇਹ ਮਰਜ਼ੇ ਦਵਾ, ਦਾਅਵਤ ਗੁਰਮੁਖਾਂ ਰਹੀ ਜਣਾਈਆ। ਜਿਨ੍ਹਾਂ ਮਿਲਿਆ ਮਿਹਰਵਾਨ ਨੂਰੀ ਖ਼ੁਦਾ, ਖ਼ੁਦੀ ਖ਼ੁਦਗ਼ਰਜ਼ ਦੋਵੇਂ ਦਏ ਮਿਟਾਈਆ। ਉਹ ਮੈਂ ਜਾਂਦਿਆਂ ਜਾਂਦਿਆਂ ਵੇਖੀ ਮਾਈ ਹੱਵਾ, ਆਦਮ ਬੈਠਾ ਸੀਸ ਝੁਕਾਈਆ। ਮੈਂ ਗਿਆ ਰਵਾਂ ਰਵਾਂ, ਰਾਹ ਵਿਚ ਨਾ ਕੋਇ ਅਟਕਾਈਆ। ਇਕੋ ਗੀਤ ਸਾਹਿਬ ਦੇ ਗਾਵਾਂ, ਤੂੰ ਮੇਰਾ ਮੈਂ ਤੇਰਾ ਤੁਧ ਬਿਨ ਓਟ ਨਾ ਕੋਇ ਤਕਾਈਆ। ਪ੍ਰਭ ਚੁੱਕਿਆ ਇਨ੍ਹਾਂ ਬਾਹਵਾਂ, ਗੋਦੀ ਲਿਆ ਉਠਾਈਆ। ਉਥੇ ਮੈਂ ਨਹੀਂ ਦੇਖੀਆਂ ਰੋਂਦੀਆਂ ਮਾਵਾਂ, ਪੁੱਤਰ ਪੁੱਤਰ ਨਾ ਕੋਇ ਦੁਹਾਈਆ। ਜਿਸ ਵੇਲੇ ਤੱਕਿਆ ਗੁਰਮੁਖ ਹੱਥਾਂ ਨਾਲ ਕਰਨ ਠੰਡੀਆਂ ਛਾਵਾਂ, ਸਚ ਸਿੰਘਾਸਣ ਬੈਠੇ ਡੇਰਾ ਲਾਈਆ। ਮੈਂ ਬਲਿਹਾਰੇ ਉਨ੍ਹਾਂ ਰਾਹਾਂ, ਜਿਨ੍ਹਾਂ ਰਾਹਵਾਂ ਪ੍ਰਭ ਮਿਲਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਲੱਜਿਆ ਲਈ ਰਖਾਈਆ। ਗੋਲੀ ਨਹੀਂ ਇਹ ਧੁਰ ਦਾ ਗੋਲਾ, ਸ਼ਬਦੀ ਰੂਪ ਵਟਾਈਆ। ਜਿਸ ਚੁਕਾਇਆ ਪੜਦਾ ਓਹਲਾ, ਨੇਤਰ ਅੱਖ ਖੁਲ੍ਹਾਈਆ। ਜਿਸ ਸੁਣਾਇਆ ਆਪਣਾ ਢੋਲਾ, ਧੁਰ ਦਾ ਰਾਗ ਜਣਾਈਆ। ਮੰਜ਼ਲ ਚੜ੍ਹ ਕੇ ਵੇਖਿਆ ਓਹ ਨਜ਼ਰੀ ਆਇਆ ਮੌਲਾ, ਜੋ ਹਰ ਘਟ ਰਿਹਾ ਸਮਾਈਆ। ਜਿਸ ਗੋਬਿੰਦ ਨਾਲ ਕੀਤਾ ਕੌਲਾ, ਇਕਰਾਰ ਪੂਰਾ ਕਰ ਵਖਾਈਆ। ਮੇਰੇ ਪਿਛੇ ਪਿਛੇ ਕੋਈ ਨਾ ਪਾਇਓ ਰੌਲਾ, ਇਥੇ ਰੌਣਕ ਬੇਪਰਵਾਹੀਆ। ਭੈਣ ਤੇਰਾ ਸੱਖਣਾ ਕਦੀ ਨਾ ਜਾਵੇ ਡੋਲਾ, ਗੁਰਮੁਖ ਦੇਣ ਗਵਾਹੀਆ। ਮੈਂ ਸਚ ਦੱਸਾਂ ਤੇਰਾ ਮੇਰਾ ਪੁਰਖ ਅਕਾਲ ਵਿਚੋਲਾ, ਜਿਸ ਦੇ ਹੱਥ ਦੋ ਜਹਾਨ ਕੁੜਮਾਈਆ। ਆਦਿ ਜੁਗਾਦਿ ਨਵਾਂ ਨਰੋਆ, ਬਿਰਧ ਬਾਲ ਨਾ ਰੂਪ ਵਟਾਈਆ। ਆਲਸ ਨਿੰਦਰਾ ਵਿਚ ਕਦੇ ਨਾ

ਸੋਇਆ, ਜਾਗਤ ਜਾਗੇ ਸ਼ਹਿਨਸ਼ਾਹੀਆ। ਮੈਂ ਦੱਸਾਂ ਉਹ ਭਗਤਾਂ ਜੋਗਾ ਹੋਇਆ, ਹੋਕਾ ਦੇ ਕੇ ਦਿਆਂ ਜਣਾਈਆ । ਜਿਸ ਨੇ ਆਪਣਾ ਆਪ ਸਭ ਕੁਛ ਖੋਹਿਆ, ਪੰਜ ਤਤ ਨਜ਼ਰ ਨਾ ਆਈਆ। ਜੋਤ ਸਰੂਪ ਹੋ ਕੇ ਜਿਨ੍ਹ ਆਤਮਾ ਮੋਹਿਆ, ਪਰਮਾਤਮਾ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਘਰ ਦੇਵਣ ਆਇਆ ਢੋਆ, ਧੁਰ ਦੀ ਵਸਤ ਹੱਥ ਫੜਾਈਆ। ਗੋਲੀ ਕਹੇ ਮੈਂ ਕਿਸੇ ਨਹੀਂ ਜਾਣਾ ਕੂਚਾ ਗਲੀ, ਚਾਰ ਕੁੰਟ ਨਾ ਭੱਜਾਂ ਵਾਹੋ ਦਾਹੀਆ। ਮੈਨੂੰ ਹੁਕਮ ਦਿਤਾ ਇਕੋ ਮਹਾਂਬਲੀ, ਸੂਰਬੀਰ ਗਿਆ ਸਮਝਾਈਆ। ਮੈਂ ਤੈਨੂੰ ਰੱਖਿਆ ਉਸ ਦੀ ਤਲੀ, ਜਿਸ ਦਾ ਵੀਰ ਸੀਸ ਰਖ ਕੇ ਤਲੀ ਮੇਰੀ ਗਲੀ ਗਿਆ ਆਈਆ। ਇਹੋ ਜਿਹਾ ਵੇਲਾ ਹੱਥ ਨਹੀਂ ਆਇਆ ਮੁਹੰਮਦ ਅਲੀ, ਸੀਸ ਨਾਰ ਕੋਲੋਂ ਕਟਾਈਆ। ਇਹੋ ਜੇਹੀ ਨੌ ਸੌ ਚੁਰਾਨਵੇ ਚੌਕੜੀ ਜੁਗ ਕਿਸੇ ਨਾ ਦਿਤੀ ਬਲੀ, ਕੋਟਨ ਕੋਟ ਗਏ ਆਪਣਾ ਆਪ ਭੇਟ ਚੜ੍ਹਾਈਆ। ਸਚ ਭੂਮਿਕਾ ਦਰਗਾਹ ਸਾਚੀ ਕਿਸੇ ਨਾ ਮੱਲੀ, ਜਿਸ ਦਾ ਮਾਲਕ ਇਕ ਅਖਵਾਈਆ। ਇਸੇ ਕਰਕੇ ਇਹ ਗੋਲੀ ਲੋਕਮਾਤ ਘੱਲੀ, ਘਾਲਨ ਵਿਚ ਨਾ ਪਏ ਲੋਕਾਈਆ। ਮੇਰੀ ਮਾਂ ਨਾ ਹੋ ਜਾਏ ਝੱਲੀ, ਰੋ ਰੋ ਨੀਰ ਵਹਾਈਆ। ਮੈਂ ਪੁੱਤਰ ਬਾਝੋਂ ਨਾ ਫਲੀ, ਲੋਕਮਾਤ ਨਾ ਕੋਇ ਵਡਿਆਈਆ। ਮੈਂ ਕਹਾਂ ਤੂੰ ਉਨ੍ਹਾਂ ਵਿਚ ਰਲੀ, ਜਿਨ੍ਹਾਂ ਦਾ ਮਾਲਕ ਨੂਰ ਅਲਾਹੀਆ। ਜਿਸ ਦਾ ਵਾਸਾ ਜਲੀਂ ਥਲੀਂ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਲੇਖੇ ਪਾਈਆ। ਗੋਲੀ ਕਹੇ ਮੈਂ ਪਾਵਾਂ ਗਲਵਕੜੀ, ਸੋਹਣਾ ਸਚ ਪਿਆਰ ਜਣਾਈਆ। ਮੈਨੂੰ ਖਾਧਿਆਂ ਲੇਖਾ ਚੁੱਕ ਜਾਏ ਸ਼ੂਦਰ ਬ੍ਰਾਹਮਣ ਵੈਸ਼ ਖ਼ੱਤਰੀ, ਖ਼ਾਲਸ ਇਕੋ ਨਜ਼ਰੀ ਆਈਆ। ਨਾਤਾ ਜੁੜ ਜਾਏ ਨਾਲ ਬਹੱਤਰੀ, ਸੱਤਰੀ ਖ਼ੁਸ਼ੀ ਵਖਾਈਆ। ਮੁਹੱਬਤ ਹੋ ਜਾਏ ਮਿਹਰ ਚੁਹਤਰੀ, ਚਾਰੋਂ ਕੁੰਟ ਵਜੇ ਵਧਾਈਆ। ਮੈਂ ਕਦੀ ਨਾ ਹੋਈ ਔਂਤਰੀ ਨਖਤਰੀ, ਜਨ ਭਗਤਾਂ ਨਾਲ ਕੁੜਮਾਈਆ। ਮੇਰੀ ਕੋਈ ਨਾ ਵੇਖੇ ਫੋਲ ਕੇ ਪੱਤਰੀ, ਕੁੰਡਲੀਆਂ ਵਿਚ ਨਾ ਕੋਇ ਸਮਝਾਈਆ। ਮੈਂ ਬੜੀ ਜਿਦ ਖੋਰ ਅਥਰੀ, ਗ਼ੁੱਸੇ ਵਾਲੀ ਨਜ਼ਰੀ ਆਈਆ। ਕਿਸੇ ਕੋਲੋਂ ਨਾ ਜਾਵਾਂ ਪਕੜੀ, ਮੈਨੂੰ ਹੱਥ ਸਕੇ ਨਾ ਕੋਇ ਲਗਾਈਆ। ਮੇਰਾ ਤੋਲ ਤਰਾਜ਼ੂ ਤੋਲੇ ਨਾ ਕੋਇ ਤੱਕੜੀ, ਧੜੀ ਸੇਰ ਮਾਸ਼ਾ ਤੋਲਾ ਰਤੀ ਵੰਡ ਨਾ ਕੋਇ ਵੰਡਾਈਆ। ਮੈਂ ਉਸ ਸਾਹਿਬ ਦੀ ਸੁਹੰਜਣੀ, ਜੋ ਵਿਛੜੇ ਸੱਜਣ ਰਿਹਾ ਮਿਲਾਈਆ। ਮੈਂ ਨਹਾਵਾਂ ਇਕੋ ਮਜਣੀ, ਮਜਲਸ ਵੇਖਾਂ ਬੇਪਰਵਾਹੀਆ। ਮੈਂ ਜਿਸ ਦਵਾਰੇ ਆਵਾਂ ਕਦੇ ਨਾ ਜਾਵਾਂ ਸਖਣੀ, ਸਚ ਪ੍ਰੀਤੀ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਗੋਲੀ ਕਹੇ ਮੈਂ ਦੇਵਾਂ ਦਲਾਸਾ, ਖ਼ੁਸ਼ੀਆਂ ਹਾਲ ਸੁਣਾਈਆ। ਜਨ ਭਗਤੋ ਇਕੋ ਸਚ ਭਰਵਾਸਾ, ਭਾਂਡਾ ਭਰਮ ਭਉ ਭੰਨਾਈਆ। ਦੀਨ ਦਿਆਲ ਸਦ ਦਾਸੀ ਦਾਸਾ, ਸੇਵਕ ਹੋ ਕੇ ਸੇਵ ਕਮਾਈਆ। ਗੁਰਮੁਖਾਂ ਹੋਣ ਨਾ ਦੇਵੇ ਨਿਰਾਸਾ, ਨਿਰਾਸ ਵਿਚੋਂ ਆਸ ਲਏ ਪਰਗਟਾਈਆ। ਇਹ ਅਵੱਲੜਾ ਅਨੋਖਾ ਸਾਕਾ, ਕਹਾਣੀਆਂ ਵਿਚੋਂ ਕਹਾਣੀ ਲਈ ਬਦਲਾਈਆ। ਵਸਤ ਅਮੋਲਕ ਰੱਖ ਕੇ ਉਪਰ ਹਾਥਾ, ਧੁਰ ਦੀ ਵੰਡ ਹੱਥ ਫੜਾਈਆ। ਸਿਖਿਆ ਦੇ ਕੇ ਪਿਤਾ ਮਾਤਾ, ਵੱਡਿਆਂ ਛੋਟਿਆਂ ਕਰੇ ਜਣਾਈਆ। ਮੈਂ ਬੇਸ਼ਕ ਬੇਜ਼ਬਾਨ ਗੋਲੀ ਮੇਰਾ ਕਾਹਨ ਮੈਨੂੰ ਬਿਨ ਅੱਖਰਾਂ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਲੈ ਜਾਏ ਆਪਣੇ ਘਰ, ਜਿਸ

ਗ੍ਰਹਿ ਰੱਖਿਆ ਆਪਣਾ ਵਾਸਾ, ਵਾਸਤਾ ਆਪਣੇ ਨਾਲ ਜਣਾਈਆ। ਇਹੋ ਖੇਲ ਪੁਰਖ ਸਮਰਾਥਾ, ਦੇਵਣਹਾਰ ਸਦ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲਾ ਧੁਰ ਦਾ ਰਾਖਾ, ਰੱਖਿਆ ਕਰੇ ਥਾਉਂ ਥਾਈਂਆ।

੮ ਸਾਵਣ ੨੦੨੧ ਬਿਕ੍ਰਮੀ ਬੀਬੀ ਬਾਵੀ ਦੇ ਗ੍ਰਹਿ ਬਾਬੂ ਪੁਰ

ਜੁਗ ਚੌਕੜੀ ਖੇਲ ਸਾਚੇ ਗੁਰ ਦੇ, ਸਤਿਗੁਰ ਸ਼ਬਦ ਹੱਥ ਵਡਿਆਈਆ। ਬੇੜੇ ਪਾਰ ਕਰਾਏ ਰੁੜ੍ਹਦੇ, ਸ਼ੌਹ ਦਰਿਆਏ ਨਾ ਕੋਇ ਡੁਬਾਈਆ । ਜੀਵਤ ਰੂਪ ਬਣਾਏ ਮੁਰਦੇ, ਮੁਰੀਦ ਮੁਰਸ਼ਦ ਵੇਖ ਵਖਾਈਆ। ਹਰਿਜਨ ਲੇਖੇ ਲਾਏ ਫਿਰਦੇ ਤੁਰਦੇ, ਤੁਰਤ ਆਪਣਾ ਰੰਗ ਚੜ੍ਹਾਈਆ। ਮੂਰਖ ਮੁਗਧ ਅੰਞਾਣ ਰਹੇ ਝੁਰਦੇ, ਝੂਲਾ ਮਿਲਿਆ ਨਾ ਬੇਪਰਵਾਹੀਆ। ਧੰਨ ਭਗਤ ਜਿਨ੍ਹਾਂ ਦੇ ਅੰਦਰੋ ਫ਼ੁਰਨੇ ਫੁਰਦੇ, ਮੰਤਰ ਇਕੋ ਨਾਮ ਦ੍ਰਿੜਾਈਆ । ਸਚ ਪ੍ਰੀਤੀ ਨਾਲ ਜੁੜਦੇ, ਆਤਮ ਮੇਲ ਪਰਮਾਤਮ ਨਾਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਰਿਹਾ ਵਡਿਆਈਆ। ਅਗੰਮੀ ਖੇਲ ਸਾਚੇ ਗੁਰ ਦਾ, ਗੁਰ ਕਰਤਾ ਰੂਪ ਵਟਾਈਆ। ਵੇਖ ਵਖਾਏ ਲੇਖਾ ਧੁਰ ਦਾ, ਘਰ ਮਸਤਕ ਖੋਜ ਖੋਜਾਈਆ । ਜਗਤ ਅਗਨੀ ਸੀਤਲ ਕਰੇ ਸੜਦਾ, ਮੇਘ ਅੰਮ੍ਰਿਤ ਇਕ ਬਰਸਾਈਆ। ਪੰਚ ਵਿਕਾਰਾ ਦੂਰ ਕਰਾਏ , ਘਰ ਹੰਗਤਾ ਗੜ੍ਹ ਤੁੜਾਈਆ। ਸੁਰਤ ਸਵਾਣੀ ਹਾਣੀ ਹੋ ਕੇ ਫੜਦਾ, ਸ਼ਬਦੀ ਫੇਰਾ ਪਾਈਆ। ਮਹੱਲ ਅਟਲ ਸੋਹਣੇ ਮੰਦਰ ਵੜਦਾ, ਬੰਦ ਤਾਕੀ ਕੁੰਡਾ ਲਾਹੀਆ। ਦਰਸ ਦੀਦਾਰ ਬਿਨ ਅੱਖਾਂ ਨੈਣਾਂ ਕਰਦਾ, ਮੇਲ ਮਿਲਾਵਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਸਰਨਾਈਆ। ਪੂਰਾ ਸਤਿਗੁਰ ਸ਼ਬਦ ਸੁਆਮੀ, ਹਰਿ ਕਰਤਾ ਆਪ ਪਰਗਟਾਈਆ। ਜਿਸ ਦਾ ਸੰਦੇਸ਼ਾ ਅਗੰਮੀ ਬਾਣੀ, ਅੱਖਰਾਂ ਨਾਲ ਕੁੜਮਾਈਆ । ਜਿਸ ਦੀ ਸਿਫ਼ਤ ਚਾਰ ਬਾਣੀ, ਪਰਾ ਪਸੰਤੀ ਮਧਮ ਬੈਖਰੀ ਰਹੀ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਸਦੇ ਗਏ ਨਿਸ਼ਾਨੀ, ਨਿਸ਼ਾਨਾ ਨਾਮ ਤੀਰ ਅਣਿਆਲਾ ਬਾਣ ਚਲਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਕੋਈ ਨਾ ਦਿਸੇ ਸਾਨੀ, ਅਸਾਨੀ ਆਪਣੀ ਇਕ ਸਮਝਾਈਆ । ਜਿਹੜਾ ਹੱਥ ਨਾ ਆਵੇ ਲੱਭਿਆ ਜ਼ਿਮੀਂ ਅਸਮਾਨੀ, ਚੌਦਾਂ ਲੋਕ ਚੌਦਾਂ ਤਬਕ ਰਹੇ ਕੁਰਲਾਈਆ। ਜਿਸ ਦਾ ਘਰ ਇਕੋ ਪਦ ਨਿਰਬਾਣੀ, ਮਹੱਲ ਅਟਲ ਸੋਭਾ ਪਾਈਆ। ਜਿਸ ਦੀ ਦੇਣੀ ਸਿਖੀ ਨਾ ਕਿਸੇ ਕੁਰਬਾਨੀ, ਕਰਬਲਾ ਵਿਚ ਕੋਟਨ ਬੈਠੇ ਸੀਸ ਕਟਾਈਆ। ਜਿਸ ਦਾ ਨੂਰ ਕਦੇ ਨਾ ਹੋਵੇ ਫ਼ਾਨੀ, ਫ਼ਤਵਾ ਸਕੇ ਨਾ ਕੋਇ ਜਣਾਈਆ। ਸੋ ਮਹਿਬੂਬ ਦੋ ਜਹਾਨਾਂ ਖੇਲ ਕਰੇ ਮਹਾਨੀ, ਮਿਹਰਵਾਨ ਆਪਣੀ ਕਲ ਧਰਾਈਆ। ਧੁਰ ਦਾ ਬਣ ਕੇ ਇਕੋ ਬਾਨੀ, ਬਾਬਲ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਰਿਹਾ ਚੁਕਾਈਆ । ਸਾਚਾ ਖੇਲ ਗੁਰ ਸਾਚਾ ਕਰੇ, ਕਰਨੀ ਆਪਣੇ ਹੱਥ ਰਖਾਇੰਦਾ। ਨਿਰਭੈ ਹੋ ਕਦੇ ਨਾ ਡਰੇ, ਭਉ ਆਪਣਾ ਸਰਬ ਜਣਾਇੰਦਾ। ਸਚ ਦਵਾਰੇ ਮਹੱਲ ਅਟਲ ਆਪੇ ਖੜੇ, ਸਵੱਛ ਸਰੂਪੀ ਰੂਪ ਪਰਗਟਾਇੰਦਾ। ਲੱਖ ਚੁਰਾਸੀ ਵਿਚੋਂ ਵੇਖੇ ਖੋਟੇ ਖਰੇ, ਖਾਲਸ ਆਪਣੇ ਨਾਲ ਮਿਲਾਇੰਦਾ। ਜੁਗ ਚੌਕੜੀ ਜਨ ਭਗਤਾਂ ਦੇ ਆਇਆ ਧੜੇ, ਹਿੱਸਾ ਸਾਚਾ ਝੋਲੀ ਆਪ ਟਿਕਾਇੰਦਾ। ਸੋ ਗੁਰਮੁਖ ਜੀਵਤ

ਜੀਵਤ ਜੀਵਤ ਰੂਪ ਮਰੇ, ਮਰਿਆਂ ਜੀਵਣ ਜੀਵਣ ਵਿਚੋਂ ਬਦਲਾਇੰਦਾ। ਸ਼ਬਦ ਸੁਆਮੀ ਸਤਿਗੁਰ ਸੱਚਾ ਅੰਤਸ਼ਕਰਨ ਅੰਤਰ ਆਤਮ ਬਾਂਹ ਫੜੇ, ਬਿਨ ਹੱਥਾਂ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਸੱਚਾ ਸਤਿਗੁਰ ਸਰਬ ਸੁਖ ਦਾਤਾ, ਸਤਿ ਸਰੂਪੀ ਨਜ਼ਰੀ ਆਈਆ। ਜਿਸ ਦੀ ਸ਼ਾਤਸਰ ਸਿਮਰਤ ਵੇਦ ਪੁਰਾਨ ਗਾਂਦੇ ਗਾਥਾ, ਗਾ ਗਾ ਰਹੇ ਸੁਣਾਈਆ। ਜਿਸ ਲੋਕਮਾਤ ਪਰਗਟਾਏ ਰਾਮ ਰਾਮਾ, ਕ੍ਰਿਸ਼ਨਾ ਕਾਹਨਾ ਗਾਉਂਦੇ ਗਾਥਾ, ਬੰਸਰੀ ਨਾਮ ਹੱਥ ਫੜਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਮੰਨਦੇ ਧੁਰ ਦਾ ਦਾਤਾ, ਦਇਆਵਾਨ ਹੋਏ ਸਹਾਈਆ। ਜੋ ਜੁਗ ਜੁਗ ਜਨ ਭਗਤਾਂ ਪੂਰੀ ਕਰੇ ਆਸਾ, ਆਸ਼ਾ ਤ੍ਰਿਸ਼ਨਾ ਮੇਟ ਮਿਟਾਈਆ। ਜੋ ਸਾਚੇ ਸੰਤਾਂ ਖ਼ਾਲੀ ਭਰੇ ਕਾਸਾ, ਵਸਤ ਅਮੋਲਕ ਇਕ ਵਰਤਾਈਆ। ਜੋ ਗੁਰਮੁਖਾਂ ਦਏ ਭਰਵਾਸਾ, ਚਰਨ ਕਵਲ ਸੱਚੀ ਸਰਨਾਈਆ। ਜੋ ਗੁਰਸਿਖਾਂ ਦੇਵੇ ਸਾਥਾ, ਸਗਲਾ ਸੰਗ ਨਿਭਾਈਆ। ਜਿਸ ਦਾ ਸਿਮਰਨ ਪੂਜਾ ਪਾਠਾ, ਜੋਗ ਅਭਿਆਸ ਰਹੇ ਜਸ ਗਾਈਆ। ਜਿਸ ਦਾ ਖੇਲ ਤਤ ਆਠਾ, ਅਠਸਠ ਤੀਰਥ ਖੋਜ ਖੋਜਾਈਆ। ਜਿਸ ਨੂੰ ਕਹਿੰਦੇ ਪਿਤਾ ਮਾਤਾ, ਪੁਰਖ ਅਕਾਲ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਮੇਟਣਹਾਰ ਅੰਧੇਰੀ ਰਾਤਾ, ਸਾਚਾ ਸਚ ਨੂਰ ਕਰੇ ਰੁਸ਼ਨਾਈਆ। ਸਤਿਗੁਰ ਸੱਚਾ ਸ਼ਬਦ ਗੁਰਦੇਵ, ਗੁਰੂਆਂ ਵਿਚੋਂ ਸਤਿਗੁਰ ਇਕੋ ਨਜ਼ਰੀ ਆਈਆ। ਜਿਸ ਦਾ ਲੇਖਾ ਅਗੰਮ ਅਥਾਹ ਅਭੇਵ, ਭੇਦ ਸਕੇ ਨਾ ਕੋਇ ਸਮਝਾਈਆ। ਜਿਸ ਦਾ ਆਸਣ ਸਦਾ ਨਿਹਕੇਵ, ਨਿਹਚਲ ਬੈਠਾ ਸੋਭਾ ਪਾਈਆ। ਜਿਸ ਦੀ ਨਾ ਕੋਈ ਰਸਨਾ ਨਾ ਕੋਈ ਜਿਹਵ, ਬੱਤੀ ਦੰਦ ਨਾ ਕੋਇ ਜਣਾਈਆ। ਜਿਸ ਦਾ ਅੰਮ੍ਰਿਤ ਰਸ ਅਗੰਮੀ ਮੇਵ, ਜਨ ਭਗਤਾਂ ਮੁਖ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸਾਹਿਬ ਬੇਪਰਵਾਹੀਆ। ਸਾਹਿਬ ਸਤਿਗੁਰ ਸ਼ਬਦ ਅਗੰਮਾ, ਅਗੰਮੜੀ ਕਾਰ ਕਮਾਇੰਦਾ। ਨਾ ਮਰਿਆ ਨਾ ਕਦੇ ਜੰਮਾ, ਮਾਤ ਗਰਭ ਨਾ ਡੇਰਾ ਲਾਇੰਦਾ। ਨਾ ਕੋਈ ਪਿਤਰਾ ਨਾ ਕੋਈ ਅੰਮਾ, ਮਾਤ ਪਿਤ ਨਾ ਕੋਇ ਵਖਾਇੰਦਾ। ਨਾ ਕੋਈ ਸੀਰ ਨਾ ਕੋਈ ਮੁੰਮਾ, ਰਸ ਮੁਖ ਨਾ ਕੋਇ ਲਗਾਇੰਦਾ। ਨਾ ਕੋਇ ਨੇਤਰ ਨਾ ਕੋਈ ਅੰਨ੍ਹਾ, ਨਿਧਾਨ ਰੂਪ ਨਾ ਕੋਇ ਵਟਾਇੰਦਾ। ਨਾ ਕੋਇ ਸੂਰਜ ਨਾ ਕੋਇ ਚੰਨਾ, ਚਾਂਦਨੀ ਚੰਨ ਨਾ ਕੋਇ ਰੁਸ਼ਨਾਇੰਦਾ। ਨਾ ਕੋਇ ਹੱਦ ਨਾ ਕੋਇ ਬੰਨਾ, ਹਦੂਦ ਵੰਡ ਨਾ ਕੋਇ ਵੰਡਾਇੰਦਾ। ਨਾ ਘੜਿਆ ਨਾ ਕਿਸੇ ਭੰਨਾ, ਘਾੜਤ ਵਿਚ ਘੜਤ ਨਾ ਕੋਇ ਘੜਾਇੰਦਾ। ਜੁਗ ਚੌਕੜੀ ਕੋਈ ਨਾ ਦੇਵੇ ਡੰਨਾ, ਡੰਕਾ ਆਪਣਾ ਨਾਮ ਸੁਣਾਇੰਦਾ। ਜਨ ਭਗਤ ਦਵਾਰੇ ਆਵੇ ਭੰਨਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਕੀ ਹੋ ਗਿਆ ਜੇ ਪਿਛੇ ਇਕ ਤਾਰਿਆ ਧੰਨਾ, ਧੰਨਿਆਂ ਨਾਲੋਂ ਧਨਾਢ ਇਕੋ ਹਰਿਜਨ ਨਜ਼ਰੀ ਆਇੰਦਾ। ਜਿਸ ਦਵਾਰੇ ਸਾਹਿਬ ਸੁਆਮੀ ਆਪ ਮੰਨਾ, ਮਨਸਾ ਆਸਾ ਪੂਰ ਕਰਾਇੰਦਾ। ਕੀ ਹੋਇਆ ਜੇ ਭਾਗ ਲਗਾਇਆ ਨਾਮੇ ਕਟੋਰਾ ਛੰਨਾ, ਮੋਈ ਗਊ ਫੇਰ ਉਠਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਜਨ ਭਗਤ ਦਵਾਰੇ ਆਪੇ ਮੰਨਾ, ਮਾਣ ਅਭਿਮਾਣ ਨਾ ਕੋਇ ਜਣਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਉਚਾ ਸੁੱਚਾ, ਕੁਲ ਆਪਣੀ ਇਕ ਦ੍ਰਿੜਾਈਆ। ਮੈਂ ਭਾਗ ਲਗਾਵਾਂ ਗੁਰਮੁਖ ਪੁੱਤਾਂ, ਗੋਬਿੰਦ ਗੋਦ ਸੁਹਾਈਆ। ਸੋਹਣੀ ਸੁਹੰਜਣੀ ਵੇਖਾਂ ਰੁੱਤਾ, ਲੋਕਮਾਤ ਜਗਤ ਮਹਿਕਾਈਆ। ਮੈਂ ਖੇਲ ਕਰਾਂ ਹੁਕਮੇ ਅੰਦਰ ਅਬਿਨਾਸ਼ੀ ਅਚੁਤਾ, ਚੇਤਨ

ਸੁਰਤੀ ਰਿਹਾ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਰਿਹਾ ਰੁੱਠਾ, ਆਪਣੀ ਕਰਵਟ ਨਾ ਕੋਇ ਬਦਲਾਈਆ। ਕਲਜੁਗ ਅੰਤਮ ਲੱਖ ਚੁਰਾਸੀ ਵਿਚੋਂ ਗੁਰਮੁਖ ਥੋੜ੍ਹੇ ਲੱਭੇ ਮੁੱਠਾ, ਮੁੱਠੀ ਆਪਣੀ ਵਿਚ ਬੰਦ ਰਖਾਈਆ। ਜਿਨ੍ਹਾਂ ਉਪਰ ਠਾਕਰ ਮੇਰਾ ਤੁਠਾ, ਦੀਨ ਦਿਆਲ ਹੋਇਆ ਸਹਾਈਆ। ਉਹਨਾਂ ਉਤੇ ਕਾਹਦਾ ਗ਼ੁੱਸਾ, ਗਿਲਾ ਵਿਚ ਨਾ ਕੋਇ ਰਖਾਈਆ। ਸੇਵਕ ਹੋ ਕੇ ਕਰੇ ਰਛਾ, ਪ੍ਰਿਤਪਾਲਕ ਹੋ ਕੇ ਹੋਏ ਸਹਾਈਆ। ਜਨ ਭਗਤਾਂ ਦੀ ਇਹੋ ਇੱਛਾ, ਘਰ ਮਿਲੇ ਬੇਪਰਵਾਹੀਆ । ਵੇਖਣ ਵਿਚ ਨਿਕਿਉਂ ਨਿੱਕਾ, ਸੁਣਨ ਵਿਚ ਵੱਡਿਉਂ ਵੱਡਾ, ਵੱਡਾ ਰਹੇ ਜਣਾਈਆ। ਆਖਣ ਵਿਚ ਸਭ ਦਾ ਪਿਤਾ, ਬਾਲਕ ਗੁਰਮੁਖ ਗੋਦ ਉਠਾਈਆ । ਏਥੇ ਓਥੇ ਦੋ ਜਹਾਨ ਨਾ ਦਏ ਪਿਛਾ, ਪਿਛਲੀ ਭੁੱਲ ਦਏ ਬਖ਼ਸ਼ਾਈਆ। ਕਰਮ ਕਾਂਡ ਦੀ ਕੂੜੀ ਕੱਢੇ ਵਿਸਾ, ਵਿਖ ਅੰਮ੍ਰਿਤ ਰੂਪ ਵਟਾਈਆ। ਮਿਹਰਵਾਨ ਹੋ ਕੇ ਪੂਰਬ ਜਨਮ ਦਾ ਕਹਾਰਾਂ ਦਾ ਝੋਲੀ ਪਾਇਆ ਹਿੱਸਾ, ਹਿੱਸੇਦਾਰ ਆਪਣੇ ਨਾਲ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪ ਨਜਿਠਾ, ਦੂਜਾ ਸਕੇ ਨਾ ਕੋਇ ਸਮਝਾਈਆ।।

੮ ਸਾਵਣ ੨੦੨੧ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਬਾਬੂ ਪੁਰ

ਮੰਗਲਾਚਾਰ ਸੁਣ ਕੇ ਆਇਆ ਮੰਗਲ, ਸ਼ਨੀ ਪੱਲੂ ਇਕ ਫੜਾਈਆ। ਵਿਹੜਾ ਸੋਹਣਾ ਵੇਖਿਆ ਅੰਗਣ, ਸ਼ੁੱਕਰ ਸ਼ੁਕਰ ਮਨਾਈਆ। ਨਾਮ ਪ੍ਰੀਤੀ ਚੜ੍ਹੀ ਰੰਗਣ, ਵੀਰ ਵੀਰਾਂ ਮਿਲੇ ਭਾਈਆ। ਸਚ ਪ੍ਰੀਤੀ ਇਕੋ ਮੰਗਣ, ਬੁਧ ਬਿਬੇਕੀ ਰੂਪ ਵਟਾਈਆ। ਧਰਮ ਦਵਾਰਾ ਧੁਰ ਦਾ ਲੰਘਣ, ਸੋਮ ਸੋਮਨਾਥ ਬੈਠਾ ਸੀਸ ਨਿਵਾਈਆ। ਲੇਖਾ ਚੁੱਕੇ ਪਹਾੜ ਜੂਹ ਜੰਗਲ, ਐਤ ਐਤਕੀ ਆਪਣੀ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਹੇਲਾ ਦਏ ਵਡਿਆਈਆ। ਮੰਗਲ ਸੁਣਿਆ ਮੰਗਲਚਾਰ, ਮਾਂਗਤ ਦੋ ਜਹਾਨ ਨਜ਼ਰੀ ਆਈਆ। ਭੱਜੇ ਫਿਰਦੇ ਮੁਹੰਮਦ ਯਾਰ, ਚਾਰ ਯਾਰੀ ਵਾਹੋ ਦਾਹੀਆ। ਰਸਨਾ ਕੂਕ ਕਹਿਣ ਪੁਕਾਰ, ਉਚੀ ਉਚੀ ਅਲਾਈਆ। ਤੇਰਾ ਖੇਲ ਪਰਵਰਦਿਗਾਰ, ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਕਲਮਿਆਂ ਵਿਚੋਂ ਕਲਮਾ ਨਗ਼ਮਿਆਂ ਵਿਚੋਂ ਨਗ਼ਮਾ ਸੁਣੀ ਸਚ ਗੁਫ਼ਤਾਰ, ਨਾਦਾਂ ਵਿਚੋਂ ਨਾਦ ਸੱਚੀ ਸ਼ਨਵਾਈਆ। ਕਾਗ਼ਜ਼ਾਂ ਵਿਚੋਂ ਬਾਹਰ, ਲੇਖਾ ਵਿਚ ਨਾ ਕੋਇ ਇਜ਼ਹਾਰ, ਕਲਮ ਸ਼ਾਹੀ ਦੇਵੇ ਨਾ ਕੋਈ ਇਸ਼ਤਹਾਰ, ਤਾਰੀਖ ਤੋਹਫ਼ਾ ਨਾ ਕੋਇ ਪੁਚਾਈਆ। ਜਿਨ੍ਹਾਂ ਅੰਤਰ ਆਤਮ ਬਖ਼ਸ਼ਿਆ ਸਤਿ ਪਿਆਰ, ਸੋ ਕੂਕਾਂ ਰਹੇ ਮਾਰ, ਤੂੰ ਹੀ ਤੂੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਵੇਖ ਵਡਿਆਈ ਮਾਣ ਮਿਲਦਾ, ਦੋ ਜਹਾਨ ਰਹੇ ਸ਼ਰਮਾਈਆ। ਦਿਲਬਰ ਭੇਵ ਜਾਣੇ ਸਾਚੇ ਦਿਲ ਦਾ, ਦਿਲਦਾਰ ਮਿਲਿਆ ਬੇਪਰਵਾਹੀਆ। ਪ੍ਰੇਮ ਪਿਆਰ ਫੁੱਲ ਗ਼ੁੰਚਾ ਖਿਲਦਾ, ਗੁਲਸ਼ਨ ਗੁਰਮੁਖ ਆਪ ਮਹਿਕਾਈਆ। ਏਥੇ ਲੇਖਾ ਨਹੀਂ ਤਿਲ ਦਾ, ਤਿਲਕ ਲਲਾਟੀ ਜੋਤ ਕਰੇ ਰੁਸ਼ਨਾਈਆ। ਲੇਖਾ ਚੁਕਾਵੇ ਬਜਰ ਕਪਾਟੀ ਸਿਲ ਦਾ, ਪਾਹਨ ਪਾਥਰ ਪਰੇ ਹਟਾਈਆ । ਸ਼ਬਦ ਸਵਾਮੀ ਹੋ ਕੇ ਮਿਲਦਾ, ਅੰਤਰਜਾਮੀ ਫੇਰਾ ਪਾਈਆ। ਹੁਣ ਵੇਲਾ ਨਹੀਂ ਢਿਲ ਦਾ, ਢਿਲਿਆਂ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾਏ ਠਾਕਰ, ਠੋਕਰਾਂ ਨਾਲ ਜਗਾਇੰਦਾ। ਗੁਰਮੁਖੋ

ਪਾਰ ਕਰੋ ਕਾਇਆ ਸਾਗਰ, ਸਾਗਰ ਇਕੋ ਇਕ ਜਣਾਇੰਦਾ। ਵਣਜ ਕਰੋ ਬਣ ਸੁਦਾਗਰ, ਸੌਦਾ ਆਪਣੇ ਹੱਟ ਵਿਕਾਇੰਦਾ। ਸੂਰਬੀਰ ਬਣੋ ਬਹਾਦਰ, ਬਲ ਧੁਰ ਦਾ ਆਪ ਸਮਝਾਇੰਦਾ। ਮਿਲੇ ਮੇਲ ਕਰੀਮ ਕਰਤੇ ਕਾਦਰ, ਕਰਤਾ ਨਿਰਗੁਣ ਵੇਖਣ ਆਇੰਦਾ। ਨਾਮ ਦੁਸ਼ਾਲਾ ਓਢਣ ਲਓ ਚਿੱਟੀ ਚਾਦਰ, ਦੁਰਮਤ ਮੈਲ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਬੈਠਿਆਂ ਸਾਰਿਆਂ ਦੇਵੇ ਆਦਰ, ਅਦਲ ਆਪਣੇ ਹੱਥ ਰਖਾਇੰਦਾ। ਅਦਲ ਕਹੇ ਤੂੰ ਧੁਰ ਦਾ ਅਦਲੀ, ਅਦਾਲਤ ਤੇਰੀ ਨਜ਼ਰੀ ਆਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁੱਕਿਆ ਮੰਜ਼ਲੋ ਮੰਜ਼ਲੀ, ਪੈਂਡਾ ਬੈਠਾ ਮੁਖ ਛੁਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਘਰ ਬੈਠਿਆਂ ਰਾਤੀਂ ਸੁਤਿਆਂ ਦਿਨੇ ਜਾਗਦਿਆਂ ਗੁਰਮੁਖਾਂ ਦੀ ਕਰ ਬਦਲੀ, ਮਨ ਵਾਸਨਾ ਦਏ ਹਟਾਈਆ। ਤੇਰਾ ਲੇਖਾ ਸਦਾ ਨਹੀਂ ਰਹਿਣਾ ਪੰਜ ਤਤ ਕਾਇਆ ਬਦਨੀ, ਬਦਲਾ ਚੁਕਾਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਏਕਾ ਵਰ, ਸਾਹਿਬ ਤੇਰੀ ਸਰਨਾਈਆ। ਉਹ ਸਾਹਿਬ ਸਰਬ ਦੇ ਸੁਆਮੀ, ਜਨ ਭਗਤ ਧਿਆਨ ਲਗਾਈਆ। ਕਿਧਰ ਗਈ ਤੇਰੀ ਪਿਛਲੀ ਬਾਣੀ, ਬਾਣ ਨਿਰਾਲਾ ਤੀਰ ਨਾ ਕੋਇ ਚਲਾਈਆ। ਸੁਰਤ ਨਾ ਮਿਲਿਆ ਸ਼ਬਦ ਹਾਣੀ, ਕਿਉਂ ਬੈਠਾ ਮੁਖ ਛੁਪਾਈਆ। ਰਚਨਾ ਰਚ ਕੇ ਚਾਰ ਖਾਣੀ, ਚਾਰੋਂ ਕੁੰਟ ਵੰਡ ਵੰਡਾਈਆ। ਆਪਣੀ ਆਤਮ ਤੂੰ ਕਿਉਂ ਨਾ ਪਰਨਾਈ ਧੁਰ ਦੀ ਰਾਣੀ, ਰਾਜਨ ਰਾਜ ਸ਼ਾਹੋ ਭੂਪ ਆਪਣਾ ਫੇਰਾ ਪਾਈਆ। ਬਿਨ ਤੇਰੇ ਘਰ ਸੋਹੇ ਨਾ ਸੂਟ ਸਵਾਣੀ, ਜਗਤ ਦੁਹਾਗਣ ਬੈਠੀ ਰਹੀ ਕੁਰਲਾਈਆ। ਅੰਮ੍ਰਿਤ ਬਖ਼ਸ਼ ਠੰਡਾ ਪਾਣੀ, ਮਿਹਰ ਬੂੰਦ ਇਕ ਬਰਸਾਈਆ। ਤੇਰੇ ਨਾਮ ਦੀ ਮਿਲੇ ਉਹ ਨਿਸ਼ਾਨੀ, ਜੋ ਸਿੱਧਾ ਨਿਸ਼ਾਨਾ ਤੇਰਾ ਦਏ ਵਖਾਈਆ। ਆਵਣ ਜਾਵਣ ਚੁੱਕੇ ਕਾਨੀ, ਲੱਖ ਚੁਰਾਸੀ ਡੇਰਾ ਢਾਹੀਆ। ਇਕੋ ਬਖ਼ਸ਼ੇ ਪਦ ਨਿਰਬਾਨੀ, ਚਰਨ ਕਵਲ ਮਿਲੇ ਸਚ ਸਰਨਾਈਆ। ਸ਼ਾਹ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਘਰ ਦਰ ਗ੍ਰਹਿ ਕਰ ਪਰਵਾਨੀ, ਪਰਵਾਨਾ ਆਪਣਾ ਨਾਮ ਜਣਾਈਆ।

੮ ਸਾਵਣ ੨੦੨੧ ਬਿਕ੍ਰਮੀ ਬਲਾਕਾ ਸਿੰਘ ਦੇ ਗ੍ਰਹਿ ਬਾਬੂ ਪੁਰ

ਪ੍ਰਭ ਤੈਨੂੰ ਲੱਭਦੇ ਪਹਾੜ ਟਿੱਲੇ ਜੰਗਲ ਜੂਹ, ਜਾਗਰਤ ਦਿਸ਼ਾ ਧਿਆਨ ਲਗਾਈਆ। ਸਮੁੰਦ ਸਾਗਰ ਕਿਸੇ ਹੱਥ ਨਾ ਆਇਉਂ ਖਾਈ ਖੂਹ, ਖੋਜ ਥੱਕੀ ਮਾਤ ਲੋਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੀ ਇਸ਼ਾਰਿਆਂ ਨਾਲ ਦੱਸਦੇ ਸੂਹ, ਫੜ ਬਾਹੋਂ ਨਾ ਕੋਇ ਮਿਲਾਈਆ। ਬਿਰਹੋਂ ਵਿਛੋੜੇ ਅੰਦਰ ਤੜਫਣ ਬੁੱਤ ਰੂਹ, ਬੁਤਖ਼ਾਨਾ ਦਏ ਦੁਹਾਈਆ। ਕਰਵਟ ਲੈ ਵਖਾ ਆਪਣਾ ਮੂੰਹ, ਮੁਖ ਸਿਫ਼ਤਾਂ ਨਾਲ ਸਾਲਾਹੀਆ। ਗੂੜ੍ਹੀ ਨੀਂਦ ਸੁੱਤੇ ਇਕ ਵਾਰ ਕਹੋ ਹੂੰ, ਹੋਕਾ ਦਏ ਜਣਾਈਆ। ਮੇਰੀ ਧਾਰ ਕਹੇ ਤੂੰ ਹੀ ਤੂੰ, ਗੋਬਿੰਦ ਤਨ ਰਬਾਬ ਵਜਾਈਆ। ਤੇਰੇ ਨਾਲ ਆਤਮ ਜਾਏ ਛੂਹ, ਪਰਮਾਤਮ ਰੂਪ ਵਟਾਈਆ। ਤੇਰਾ ਨੂਰ ਉਹ ਹੂਬਹੂ, ਜਿਸ ਨੂੰ ਪੀਰ ਪੈਗ਼ੰਬਰ ਗਏ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਆਉਣਾ ਚਾਈਂ ਚਾਈਂਆ। ਪਰਵਰਦਿਗਾਰ ਤੈਨੂੰ ਲੱਭ ਲੱਭ ਥੱਕੇ, ਥਕਾਵਟ ਵਿਚ ਲੋਕਾਈਆ। ਫਿਰਦੇ ਰਹੇ

ਮਦੀਨੇ ਮੱਕੇ, ਮਕਬਰਿਆਂ ਸੀਸ ਨਿਵਾਈਆ। ਸ਼ਰਾਰਤ ਅੰਦਰ ਰਹੇ ਨੱਠੇ, ਸ਼ਰੀਅਤ ਨਾਲ ਕੁੜਮਾਈਆ। ਬੱਤੀ ਦੰਦ ਕਹਿ ਕਹਿ ਥੱਕੇ, ਤੀਸ ਬਤੀਸ ਕਰੇ ਪੜ੍ਹਾਈਆ। ਤੇਰੇ ਸਚ ਨਿਸ਼ਾਨੇ ਕਿਤੋਂ ਨਾ ਮਿਲੇ ਪਤੇ, ਕੋਟਨ ਪਤਰੇ ਦਿਤੇ ਉਲਟਾਈਆ। ਤੇਰੇ ਬਿਰਹੋਂ ਵੈਰਾਗ ਅੰਦਰ ਕੋਟਨ ਕੋਟ ਸੂਫ਼ੀ ਫਟੇ, ਘਾਉ ਡੂੰਘਾ ਇਕ ਲਗਾਈਆ। ਯੂਸਫ਼ ਜਿਹੇ ਵਿਕ ਕੇ ਹੱਟੇ, ਕੀਮਤ ਮਾਤ ਨਾ ਕੋਇ ਰਖਾਈਆ। ਮੂਸਾ ਚੜ੍ਹ ਕੇ ਫਾਸੀ ਫੱਟੇ, ਈਸਾ ਤੰਦੀ ਤਾਰ ਗਲ ਲਟਕਾਈਆ। ਮੁਹੰਮਦ ਤੱਕ ਕੇ ਜਲਵਾ ਅੱਖੇ, ਆਖ਼ਰ ਸੱਯਦਾ ਸੀਸ ਨਿਵਾਈਆ। ਮਨਸੂਰ ਐਹਨੁਲਹੱਕ ਬਕੇ, ਬਕਤਾ ਹੋ ਕੇ ਗਿਆ ਜਣਾਈਆ। ਸ਼ਮਸ ਤਬਰੇਜ਼ ਖੱਲ ਲੁਹਾਈ ਆਪਣੇ ਹੱਥੇ, ਤਨ ਮਾਟੀ ਪ੍ਰੇਮ ਨਾ ਕੋਇ ਰਖਾਈਆ। ਅਰਜਨ ਬਹਿ ਤਵੀ ਤੱਤੇ, ਤਪਦੇ ਹਿਰਦੇ ਸ਼ਾਂਤ ਵਖਾਈਆ। ਗੋਬਿੰਦ ਨੀਹਾਂ ਹੇਠ ਰੱਖੇ ਬੱਚੇ, ਬੱਚੇ ਤੇਰੀ ਝੋਲੀ ਪਾਈਆ। ਇਹ ਗੁਰਮੁਖ ਉਹਨਾਂ ਦੇ ਆਏ ਵੱਟੇ, ਵਟਾਂਦਰਾ ਕਰਿਆ ਬੇਪਰਵਾਹੀਆ। ਸਚ ਦਵਾਰੇ ਲਿਖਣ ਪੜ੍ਹਨ ਦੇ ਨਹੀਂ ਕੋਈ ਰੱਟੇ, ਸੰਸਾ ਸਾਰਾ ਬੈਠੇ ਰਹੇ ਚੁਕਾਈਆ। ਧੰਨੇ ਵਾਂਗ ਲੋੜ ਪਈ ਨਾ ਵਿਚੋਂ ਨਿਕਲਣ ਦੀ ਵੱਟੇ, ਸਾਖਿਆਤ ਬੈਠਾ ਬੇਪਰਵਾਹੀਆ। ਨਿਰਗੁਣ ਸਰਗੁਣ ਹੋ ਕੇ ਚਾਰਦਾ ਰਿਹਾ ਵੱਛੇ, ਵੱਛਿਆਂ ਵਾਲੇ ਸਾਰੇ ਉਂਗਲੀਆਂ ਨਾਲ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਬੀਜੇ ਆਪਣੇ ਵੱਤੇ, ਪੱਤ ਡਾਲ੍ਹੀ ਫੁੱਲ ਮਹਿਕਾਈਆ। ਤੈਨੂੰ ਲੱਭਦੇ ਮੰਦਰ ਮੱਠ, ਸ਼ਿਵਦਵਾਲੇ ਧਿਆਨ ਲਗਾਈਆ। ਅਠ ਸਠ ਤੀਰਥ ਰਹੇ ਨੱਠ, ਭੱਜਣ ਵਾਹੋ ਦਾਹੀਆ। ਰਸਨਾ ਜਿਹਵਾ ਰਹੇ ਰੱਟ, ਢੋਲੇ ਬੱਤੀ ਦੰਦ ਸੁਣਾਈਆ। ਜਗਤ ਵਣਜਾਰੇ ਖੋਲ੍ਹ ਕੇ ਹੱਟ, ਤੇਰਾ ਨਾਮ ਰਹੇ ਵਿਕਾਈਆ। ਦੇ ਵਡਿਆਈ ਆਪਣੀ ਮੱਤ, ਜਗਤ ਰਹੇ ਸੁਣਾਈਆ। ਦੋਏ ਲੋਚਣ ਰਹੇ ਤੱਕ, ਨਿਜ ਨੇਤਰ ਨਾ ਕੋਇ ਰੁਸ਼ਨਾਈਆ। ਤੇਰਾ ਨੂਰ ਸਕਿਆ ਨਾ ਕੋਈ ਲੱਭ, ਪੜਦਾ ਰਿਹਾ ਨਾ ਕੋਇ ਉਠਾਈਆ। ਤੂੰ ਕਿਰਪਾ ਕਰ ਝੱਬ, ਸ਼ਾਹ ਪਾਤਸ਼ਾਹ ਫੇਰਾ ਪਾਈਆ। ਕਲਜੁਗ ਮੁਕਦੀ ਵੇਖ ਹੱਦ, ਹਦੂਦ ਆਪਣੀ ਦਏ ਦਰਸਾਈਆ। ਸੰਤ ਸੁਹੇਲੇ ਸੱਜਣ ਰਹੇ ਸੱਦ, ਅੰਤਰ ਆਤਮ ਆਵਾਜ਼ ਲਗਾਈਆ। ਜੇ ਪਿਛੇ ਰਿਹੋਂ ਅੱਡ, ਅੱਗੇ ਮਿਲਣਾ ਚਾਈਂ ਚਾਈਂਆ। ਨਿਤ ਨਵਿਤ ਆਦਿ ਜੁਗਾਦਿ ਜੁਗ ਚੌਕੜੀ ਤੇਰੀ ਯੱਦ, ਵਿਸ਼ਵ ਤੇਰੀ ਧਾਰ ਪਲਟਾਈਆ। ਤੂੰ ਸਾਹਿਬ ਪੁਰਖ ਸਮਰਥ, ਬੇਅੰਤ ਤੇਰੀ ਸ਼ਰਨਾਈਆ । ਸਿਰ ਰੱਖਣਾ ਦੇ ਕਰ ਹੱਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਣਾ ਧੁਰ ਦਾ ਘਰ, ਜਿਸ ਘਰ ਬਹਿ ਬਹਿ ਖ਼ੁਸ਼ੀ ਮਨਾਈਆ।

੮ ਸਾਵਣ ੨੦੨੧ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਬਾਬੂ ਪੁਰ

ਇੱਟ ਕਹੇ ਮੈਂ ਚੜ੍ਹ ਕੇ ਭੱਠੀ, ਭਠਿਆਲਾ ਜਗਤ ਦਿਤਾ ਵਖਾਈਆ। ਆਪਣਾ ਆਪ ਕਰਕੇ ਸਤੀ, ਨਾਤਾ ਸਤਿ ਨਾਲ ਜੁੜਾਈਆ। ਮੈਂ ਯਾਦ ਰਖੀ ਰਵਿਦਾਸ ਮਤੀ, ਜੋ ਮਤਲਬ ਨਾਲ ਦਿਤੀ ਸਮਝਾਈਆ। ਹਿੱਸਾ ਰਖ ਕੇ ਆਪਣੀ ਪੱਤੀ, ਧੁਰ ਦਾ ਜੋੜ ਬਣਾਈਆ। ਸਤਿਜੁਗ ਤ੍ਰੇਤਾ ਦੁਆਪਰ ਜੋ ਫਿਰਦੀ ਰਹੀ ਨੱਠੀ, ਕਲਜੁਗ ਬਣ ਕੇ ਪਾਂਧੀ ਰਾਹੀਆ। ਅੰਤਮ ਉਸ ਦਵਾਰੇ ਢੱਠੀ, ਜਿਥੇ ਮਿਲੇ ਮਾਣ ਵਡਿਆਈਆ।

ਅੱਗੇ ਭਰਨੀ ਪਏ ਨਾ ਕੋਇ ਚੱਟੀ, ਡੰਨ ਸਕੇ ਨਾ ਕੋਇ ਲਗਾਈਆ। ਮੈਨੂੰ ਕੁਛ ਹੱਥ ਨਾ ਆਇਆ ਤੀਰਥ ਤਟੀ, ਮੰਦਰ ਮਸਜਿਦ ਸ਼ਿਵਦਵਾਲੇ ਮਠ ਕੋਟਨ ਦਿਤੇ ਬਣਾਈਆ। ਮੇਰੀ ਪਤ ਕਿਸੇ ਨਾ ਰੱਖੀ, ਸਿਰ ਹੱਥ ਨਾ ਕੋਇ ਟਿਕਾਈਆ। ਪ੍ਰੀਤਮ ਬਣ ਕੇ ਬਣਾਈ ਨਾ ਕਿਸੇ ਸਖ਼ੀ, ਗੋਪੀ ਕਾਹਨ ਨਾ ਕੋਇ ਪਰਨਾਈਆ। ਮੈਂ ਚਾਰ ਜੁਗ ਪੈਂਡਾ ਮੁਕਾਇਆ ਵਹੀਰ ਘੱਤੀ, ਭੱਜੀ ਵਾਹੋ ਦਾਹੀਆ। ਮੇਰਾ ਲੇਖਾ ਰਵਿਦਾਸ ਲਿਖਾਇਆ ਹੱਥੀਂ, ਨਾਤਾ ਜੋੜ ਧੁਰ ਦਰਗਾਹੀਆ। ਜਿਸ ਵੇਲੇ ਲੇਖਾ ਮੁੱਕੇ ਜੁਗ ਛੱਤੀ, ਰਾਗ ਛਤੀਸਾ ਸਿਫ਼ਤ ਸਾਲਾਹੀਆ। ਤੈਨੂੰ ਪ੍ਰਭੂ ਵਖਾਵਾਂ ਅੱਖੀਂ, ਅੱਖਾਂ ਖੋਲ੍ਹ ਨੈਣ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਮੁਕਾਈਆ। ਇੱਟ ਕਹੇ ਮੈਂ ਵੇਖਿਆ ਘਰ ਅਟਲ, ਬੈਠਾ ਬੇਪਰਵਾਹੀਆ। ਜਿਸ ਦਾ ਸੋਹਣਾ ਸੁੰਦਰ ਮਹੱਲ, ਨਿਰਗੁਣ ਦੀਵਾ ਬਾਤੀ ਕਰੇ ਰੁਸ਼ਨਾਈਆ। ਉਸ ਦਾ ਦਵਾਰਾ ਬੈਠਾ ਮੱਲ, ਆਪਣਾ ਆਪ ਭੇਟ ਕਰਾਈਆ। ਇਹ ਰਵਿਦਾਸ ਨੂੰ ਦੱਸਿਆ ਵਲ, ਵਲ ਪਿਛਲਾ ਦਿਤਾ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਧੁਰ ਦਾ ਸੰਗ ਵਖਾਈਆ। ਇੱਟ ਕਹੇ ਮੈਂ ਲੱਭੇ ਸੰਗੀ, ਸੋਹਣਾ ਜੋੜ ਜੁੜਾਈਆ। ਜਿਨ੍ਹਾਂ ਦੀ ਆਸਾ ਮਨਸਾ ਇਕੋ ਮੰਗ ਰਹੀ ਮੰਗੀ, ਜੁਗ ਚੌਕੜੀ ਧਿਆਨ ਲਗਾਈਆ। ਹੋਣਾ ਸਹਾਈ ਵਿਚ ਵਰਭੰਡੀ, ਬ੍ਰਹਿਮੰਡੀ ਦੇਣੀ ਵਡਿਆਈਆ। ਸਚ ਵਖਾਉਣੀ ਇਕੋ ਡੰਡੀ, ਰਹਿਬਰ ਹੋ ਕੇ ਦੇਣਾ ਸਮਝਾਈਆ। ਅੰਦਰ ਵਾਸਨਾ ਰਹੇ ਨਾ ਗੰਦੀ, ਦੁਰਮਤ ਮੈਲ ਧੁਆਈਆ। ਮੇਰਾ ਚੁੱਕੇ ਵਿਛੋੜਾ ਅੱਗੇ ਹੋਵਾਂ ਨਾ ਰੰਡੀ, ਸੁਹਾਗੀ ਕੰਤ ਦੇਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਾਈਆ। ਮੈਂ ਲੇਖਾ ਵੇਖਿਆ ਲੇਖੇ ਲੱਗਦਾ, ਲਾਉਣਹਾਰ ਦਇਆ ਕਮਾਇੰਦਾ। ਜਿਸ ਖੇਲ ਰਚਾਇਆ ਜਗ ਦਾ, ਜਗ ਜੀਵਣ ਦਾਤਾ ਵੇਸ ਵਟਾਇੰਦਾ। ਜੋ ਚਾਰ ਕੁੰਟ ਦਹਿ ਦਿਸ਼ਾ ਜੋਤ ਸਰੂਪੀ ਭੱਜਦਾ, ਦੋ ਜਹਾਨਾਂ ਪੰਧ ਮੁਕਾਇੰਦਾ। ਅਨਾਦ ਅਨਾਦੀ ਹੋਏ ਗੱਜਦਾ, ਬ੍ਰਹਮ ਬ੍ਰਹਿਮਾਦੀ ਆਪ ਸੁਣਾਇੰਦਾ । ਮੰਦਰ ਮਸਜਿਦ ਸ਼ਿਵਦਵਾਲੇ ਮੱਠ ਜਿਸ ਦੇ ਨਾਮ ਦਾ ਨਗਾਰਾ ਵੱਜਦਾ, ਟੱਲ ਟੱਲੀਆਂ ਦੇਣ ਦੁਹਾਈਆ। ਸੋ ਸਾਹਿਬ ਸੁਲਤਾਨ ਸਚ ਸੰਦੇਸ਼ਾ ਇਕ ਘੱਲਦਾ, ਧੁਰ ਦਾ ਹੁਕਮ ਵਰਤਾਈਆ। ਲੇਖਾ ਚੁੱਕਿਆ ਵਲ ਛਲ ਦਾ, ਅਛਲ ਛਲ ਧਾਰੀ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟੇ ਵਿਛੋੜਾ ਸੱਲ ਦਾ, ਅਸਲ ਆਪਣਾ ਦਏ ਸਮਝਾਈਆ। ਇੱਟ ਕਹੇ ਮੇਰੀ ਨਿਕਲੀ ਅਟਕਣ, ਅੱਗੇ ਪਿਛੇ ਨਾ ਕੋਇ ਅਟਕਾਈਆ। ਜੁਗ ਜਨਮ ਦੀ ਮਿਟੀ ਭਟਕਣ, ਤ੍ਰਿਸਨਾ ਤ੍ਰਿਖਾ ਬੁਝਾਈਆ। ਮੇਰਾ ਮੇਲਾ ਮਿਲਿਆ ਨਾਲ ਭਗਤਨ, ਭਗਵਨ ਜੋੜ ਜੁੜਾਈਆ। ਮੈਂ ਨਿਤ ਨਵਿਤ ਕਰਾਂ ਬਹਿ ਕੇ ਦਰਸ਼ਨ, ਘਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਿਤਾ ਚੁਕਾਈਆ। ਮੇਰਾ ਲੇਖਾ ਚੁੱਕਿਆ ਭਗਤ ਦਵਾਰ, ਭਗਵਨ ਆਪ ਚੁਕਾਈਆ। ਜਿਸ ਦੀ ਮੰਜ਼ਲ ਉਤੇ ਮਨਾਰ, ਮਨਾਰ ਅੰਦਰ ਨਿਰੰਕਾਰ ਸੋਭਾ ਪਾਈਆ। ਜਿਸ ਦੀ ਮਹਿਮਾ ਸਿਫ਼ਤ ਸੁਣਦੀ ਰਹੀ ਜੁਗ ਚਾਰ, ਚੌਕੜੀ ਆਪਣਾ ਧਿਆਨ ਲਗਾਈਆ। ਉਸ ਦੇ ਦਰ ਖ਼ਾਦਮ ਹੋ ਕੇ ਬਰਖ਼ੁਰਦਾਰ, ਗ਼ੁਲਾਮ ਹੋ ਕੇ ਸੇਵ ਕਮਾਈਆ। ਫ਼ਰਸ਼ਾਂ ਉਤੇ ਆਪਣਾ ਆਪ ਸੁਆਲ, ਅਰਸ਼ੀ ਪ੍ਰੀਤਮ ਵੇਖਾਂ ਚਾਈਂ ਚਾਈਂਆ। ਜਿਸ ਨਾਲ ਲੱਗੀ ਪ੍ਰੀਤੀ ਨਿਭ ਜਾਏ ਨਾਲ, ਏਥੇ ਓਥੇ ਨਾ ਕੋਇ ਤੁੜਾਈਆ। ਉਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਕੰਗਾਲਾਂ ਦਾ ਕੰਗਾਲ, ਦਲਾਲਾਂ

ਦਾ ਦਲਾਲ, ਦੋ ਜਹਾਨਾਂ ਵਣਜ ਕਰਾਈਆ। ਜਿਸ ਨੀਹਾਂ ਹੇਠ ਦੱਬੇ ਬਾਲ, ਉਤੇ ਗੁਰਮੁਖ ਦਿਤੇ ਸੁਆਲ, ਗੂੜ੍ਹੀ ਨੀਂਦ ਵਖਾਈਆ। ਉਹ ਮੁਰਸ਼ਦ ਮੁਰੀਦਾਂ ਵੇਖਣ ਆਇਆ ਹਾਲ, ਨਿਰਗੁਣ ਨਿਰਾਕਾਰ ਫੇਰਾ ਪਾਈਆ। ਜਿਸ ਦੀ ਤੀਰਥ ਤੱਟਾਂ ਉਤੇ ਕਿਸੇ ਨਾ ਹੋਈ ਭਾਲ, ਸ਼ਿਵਦਵਾਲੇ ਮੱਠ ਕੂਕਣ ਦੇਣ ਦੁਹਾਈਆ। ਸੋ ਸਾਹਿਬ ਭਗਤ ਦਵਾਰੇ ਮਿਲਿਆ ਆਣ, ਉਚ ਚੁਬਾਰੇ ਬਹਿ ਕੇ ਦਰਸ ਦਿਖਾਈਆ । ਮੇਰਾ ਲੇਖਾ ਕੀਤਾ ਪਰਵਾਨ, ਇੱਟ ਇੱਟ ਹੋਈ ਕੁਰਬਾਨ, ਰਵਿਦਾਸ ਚਿਟ ਆਪਣੇ ਨਾਲ ਰਖਾਈਆ। ਜਿਸ ਦਾ ਕਾਗ਼ਜ਼ ਉਤੇ ਨਾ ਕੋਇ ਨਿਸ਼ਾਨ, ਗੋਬਿੰਦ ਖ਼ੂਨ ਲਾਇਆ ਆਣ, ਰੱਤੀ ਰੱਤ ਆਪਣੇ ਰੰਗ ਰੰਗਾਈਆ। ਉਹ ਸਾਖ਼ਿਆਤ ਨਜ਼ਰੀ ਆਇਆ ਭਗਵਾਨ, ਜੋ ਆਦਿ ਜੁਗਾਦੀ ਦੇਵਣਹਾਰਾ ਦਾਨ, ਜਨ ਭਗਤਾਂ ਘਰ ਬਣੇ ਮਹਿਮਾਨ, ਮਹਿਮਾਨੀ ਆਪਣੀ ਆਪੇ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਰਬ ਜਹਾਨ, ਜਹਾਂ ਲੇਖਾ ਤਹਾਂ ਚੁਕਾਈਆ। ਰੱਬ ਰੱਬ ਦੀ ਰੱਬੀ ਬੀਮਾਰੀ, ਤਬੀਬ ਵੇਖਣ ਆਇਆ ਬੇਪਰਵਾਹੀਆ। ਪੁੱਤਰਾਂ ਦੇ ਸਬੱਬ ਨਾਲ ਤੇਰੀ ਲੱਗੀ ਯਾਰੀ, ਯਰਾਨਾ ਧੁਰ ਦਾ ਲਏ ਬਣਾਈਆ। ਪਿਛੇ ਉਮਰ ਬੀਤ ਗਈ ਐਵੇਂ ਸਾਰੀ, ਸੰਸਿਆਂ ਵਿਚ ਲੰਘਾਈਆ। ਅੱਗੇ ਦੇਵੇ ਨਾਮ ਖ਼ੁਮਾਰੀ, ਮਸਤੀ ਇਕ ਚੜ੍ਹਾਈਆ। ਤੇਰੀ ਆਤਮਾ ਪਰਮਾਤਮਾ ਲੈ ਜਾਵੇ ਆਪਣੇ ਨਾਲ ਮਾਰ ਉਡਾਰੀ, ਦੂਰ ਦੁਰਾਡਾ ਪੰਧ ਮੁਕਾਈਆ। ਬਹਾਏ ਉਸ ਵਿਚ ਅਟਾਰੀ, ਜਿਸ ਵਿਚ ਗੁਰਮੁਖ ਬੈਠੇ ਸੋਭਾ ਪਾਈਆ। ਉਥੇ ਕਲਮ ਕੀ ਕਰੇ ਵਿਚਾਰੀ, ਕਾਗ਼ਜ਼ ਸ਼ਾਹੀ ਦਏ ਦੁਹਾਈਆ। ਜਿਨ੍ਹਾਂ ਮਿਲਿਆ ਆਪ ਨਰਾਇਣ ਨਰ ਨਿਰੰਕਾਰੀ, ਲੇਖਾ ਦਿਤਾ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣ ਕੇ ਆਇਆ ਤੇਰਾ ਵਪਾਰੀ, ਬਿਨ ਪੈਸਿਉਂ ਧੇਲਿਉਂ ਤੇਰੀ ਕੀਮਤ ਦਏ ਚੁਕਾਈਆ। ਤੇਰੇ ਲੇਖ ਦੀ ਵੱਡੀ ਤਾਕਤ, ਤੇਰੀ ਲੇਖਣੀ ਵਿਚ ਵਡਿਆਈਆ। ਜਿਸ ਨਾਲ ਤਰਦੇ ਨਿੰਦਕ ਸਾਕਤ, ਦੁਸ਼ਟ ਦੂਤ ਪਾਰ ਕਰਾਈਆ। ਉਨ੍ਹਾਂ ਨੂੰ ਲਿਆ ਕੇ ਵਿਚ ਮਾਰਫ਼ਤ, ਮਹਿਰਮ ਮਿਲਿਆ ਚਾਈਂ ਚਾਈਂਆ। ਸਿਫ਼ਤ ਕਰੇ ਕੀ ਕੋਈ ਆਰਫ਼, ਅਲਿਫ਼ ਯੇ ਨਾ ਕੋਇ ਪੜ੍ਹਾਈਆ। ਤੇਰੀ ਕਲਮ ਗੁਰਮੁਖਾਂ ਕਰਵਾਇਆ ਤੁਆਰਫ਼, ਤਰਾ ਤਰਾ ਸਮਝਾਈਆ। ਇਹ ਧੁਰ ਦਾ ਸਾਹਿਬ ਸੱਚਾ ਪਾਰਸ, ਸੋਨਾ ਕੰਚਨ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਡਿਆਈ ਤੇਰੀ ਅਬਾਰਤ, ਅੱਖਰਾਂ ਨਾਲ ਕਰੇ ਵਡਿਆਈਆ।

੮ ਸਾਵਣ ੨੦੨੧ ਬਿਕ੍ਰਮੀ ਕਿਸ਼ਨ ਸਿੰਘ ਦੇ ਗ੍ਰਹਿ ਅੱਲੜ੍ਹ ਪਿੰਡੀ

ਪ੍ਰਭੂ ਕਹੇ ਵਾਹ ਸ਼ਾਬਾਸ, ਦੱਸ ਕੌਣ ਕੀ ਤੇਰੀ ਵਡਿਆਈਆ। ਅੱਗੋਂ ਬੋਲੀ ਭਗਤਾਂ ਖ਼ਾਹਿਸ਼, ਰੋ ਰੋ ਹਾਲ ਸੁਣਾਈਆ। ਜੁਗ ਚੌਕੜੀ ਮੈਂ ਰੱਖੀ ਆਸ, ਨਿਤ ਨਵਿਤ ਧਿਆਨ ਲਗਾਈਆ। ਦਿਵਸ ਰੈਣ ਰਹੀ ਉਦਾਸ, ਬਿਰਹੋਂ ਰੋਗ ਸਤਾਈਆ। ਫਿਰ ਫਿਰ ਥੱਕੀ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਟਿੱਲੇ ਪਰਬਤ ਖੋਜ ਖੋਜਾਈਆ। ਉਚੀ ਕੂਕ ਕੂਕ ਗਈ ਆਖ, ਦਰੋਹੀ ਦਰੋਹੀ ਰਹੀ ਸੁਣਾਈਆ। ਲੱਖ ਚੁਰਾਸੀ ਵਿਚੋਂ ਕੋਇ ਨਾ ਦੇਵੇ ਸਾਥ, ਸਾਰੇ ਬੈਠੇ ਮੁਖ ਭਵਾਈਆ। ਰਸਨਾ ਜਿਹਵਾ ਬੱਤੀ ਦੰਦ ਕਰਦੇ ਵੇਖੇ ਪਾਠ, ਹਿਰਦੇ ਹਰਿ ਨਾ ਕੋਇ ਵਸਾਈਆ।

ਭੱਜੇ ਫਿਰਦੇ ਤੀਰਥ ਤਾਟ, ਆਤਮ ਸਰੋਵਰ ਸਚ ਇਸ਼ਨਾਨ ਨਾ ਕੋਇ ਕਰਾਈਆ। ਝਗੜਾ ਵੇਖਿਆ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ । ਮੰਦਰ ਮਸਜਿਦ ਸ਼ਿਵਦਵਾਲਾ ਮੱਠ ਵੇਖਿਆ ਖ਼ਾਸ, ਖ਼ੈਰਖ਼ਾਹ ਨਜ਼ਰ ਕੋਇ ਨਾ ਆਈਆ। ਸਾਧ ਸੰਤ ਹੋਏ ਬਦਮਾਸ਼, ਬਦੀ ਘਰ ਘਰ ਡੇਰਾ ਲਾਈਆ। ਪੱਤਨ ਮਿਲਿਆ ਨਾ ਕੋਇ ਘਾਟ, ਬੇੜਾ ਕੰਧ ਨਾ ਕੋਇ ਉਠਾਈਆ। ਪ੍ਰਭੂ ਮੈਂ ਦੂਰ ਦੁਰਾਡੀ ਕੱਟ ਕੇ ਆਈ ਵਾਟ, ਬਣਕੇ ਪਾਂਧੀ ਰਾਹੀਆ। ਜੇ ਕਿਰਪਾ ਕਰੇਂ ਤੇਰੇ ਅੱਗੇ ਕਰਾਂ ਅਰਦਾਸ, ਦੋਏ ਜੋੜ ਸੀਸ ਨਿਵਾਈਆ। ਮੈਂ ਇਕ ਅਨੋਖੀ ਪੁੱਛਣੀ ਬਾਤ, ਜਿਸ ਦੀ ਸਮਝ ਕੋਇ ਨਾ ਪਾਈਆ। ਉਹ ਕਿਹੜੀ ਰਾਤ, ਜਿਸ ਵੇਲੇ ਜਨ ਭਗਤਾਂ ਆਪਣੀ ਗੋਦ ਲਵੇਂ ਉਠਾਈਆ। ਉਹ ਕਿਹੜੀ ਪਰਭਾਤ, ਜਿਸ ਵਿਚ ਪਰਭਾਤੀ ਰਾਗ ਬੈਠਣ ਸੀਸ ਨਿਵਾਈਆ। ਉਹ ਕਿਹੜੀ ਜਾਚ, ਜੋ ਆਪਣੇ ਜਾਚਕਾਂ ਰਿਹਾ ਸਿਖਾਈਆ। ਉਹ ਕਿਹੜੀ ਡਾਕ, ਜਿਹੜੀ ਬਿਨ ਚਿੱਠੀ ਰਸੈਣ ਪੁਚਾਈਆ। ਉਹ ਕਿਹੜੀ ਕਲਮ ਦਵਾਤ, ਜਿਹੜੀ ਹੱਥ ਰਵਦਾਸ ਫੜਾਈਆ। ਉਹ ਕਿਹੜੀ ਵਫ਼ਾਤ, ਜਿਹੜੀ ਮਰਿਆਂ ਪਿਛੋਂ ਤੇਰੇ ਨਾਲ ਮਿਲਾਈਆ। ਮੈਂ ਨਿਮਾਣੀ ਨਿੱਕੀ ਨੱਨ੍ਹੀ ਬੱਚੀ ਉਨ੍ਹਾਂ ਦੀ ਖ਼ਾਹਿਸ਼, ਜਿਨ੍ਹਾਂ ਖ਼ਾਸ ਤੇਰੇ ਮਿਲਣ ਦੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣ ਆਈ ਪਹਿਲੀ ਵਾਰ, ਤੇਰੇ ਘਰ ਦਰ ਆਪਣੀ ਝੋਲੀ ਡਾਹੀਆ। ਪ੍ਰਭੂ ਕਹੇ ਜਨ ਭਗਤਾਂ ਖ਼ਾਹਿਸ਼ ਤੂੰ ਨਿੱਕੀ ਬੱਚੀ, ਬੱਚਿਆਂ ਵਾਂਗ ਨਜ਼ਰੀ ਆਈਆ। ਕੀ ਪੁਛੇਂ ਗੱਲ ਸੱਚੀ, ਸਚ ਕਹਾਣੀ ਦਿਆਂ ਦ੍ਰਿੜਾਈਆ। ਪਹਿਲੋਂ ਵੇਖ ਉਨ੍ਹਾਂ ਨੂੰ ਅੱਖੀਂ, ਜਿਹੜੇ ਅੱਖਾਂ ਮੇਰੇ ਨਾਲ ਮਿਲਾਈਆ। ਉਨ੍ਹਾਂ ਨੂੰ ਪੁੱਛ ਜਿਨ੍ਹਾਂ ਮਿਲਿਆ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਨ੍ਹਾਂ ਮੇਰੇ ਨਾਮ ਦੀ ਪੜ੍ਹੀ ਪੱਟੀ, ਪਲਟਾ ਕਾਇਆ ਵਿਚੋਂ ਗਏ ਖਾਈਆ। ਉਨ੍ਹਾਂ ਦੇ ਅੰਦਰ ਖੁਲ੍ਹੀ ਉਹ ਹੱਟੀ, ਜਿਸ ਹੱਟ ਦਾ ਮਾਲਕ ਇਕ ਅਖਵਾਈਆ। ਬੇਸ਼ਕ ਤੂੰ ਦੂਰ ਦੁਰਾਡੀ ਆਈ ਨੱਠੀ, ਆਪਣਾ ਪੰਧ ਮੁਕਾਈਆ। ਕੀ ਤੈਨੂੰ ਲੋੜ ਪਏ ਕੋਈ ਦੀਵਾ ਬੱਤੀ, ਤੇਰੇ ਹੱਥ ਦਿਆਂ ਫੜਾਈਆ। ਕੀ ਤੈਨੂੰ ਲੋੜ ਬਣਨ ਦੀ ਸਖ਼ੀ, ਤੈਨੂੰ ਜਗਤ ਕਾਹਨ ਦਿਆਂ ਮਿਲਾਈਆ। ਸਚ ਸਚ ਖ਼ਾਹਿਸ਼ ਆਪਣੀ ਹਾਲਤ ਦੱਸੀਂ, ਧੁਰ ਦਾ ਹਾਲ ਸੁਣਾਈਆ । ਵੇਖੀਂ ਹੈਰਾਨ ਨਾ ਹੋਈਂ ਗੁਰਮੁਖ ਬੈਠੇ ਉਤੇ ਕੱਖੀਂ, ਸੋਹਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਤਰਾ ਸਮਝਾਈਆ। ਖ਼ਾਹਿਸ਼ ਕਹੇ ਮੈਂ ਪ੍ਰਭ ਕੀ ਸੋਚਾਂ, ਸੋਚਣ ਵਾਲੀ ਸੋਚ ਰਹੀ ਨਾ ਰਾਈਆ। ਜਿਨ੍ਹਾਂ ਨੂੰ ਜੰਗਲ ਬੇਲੇ ਕਾਹੀ ਵਿਚ ਖੋਜਾਂ, ਲੱਭਾਂ ਥਾਉਂ ਥਾਈਂਆ। ਉਹ ਵੇਖੇ ਮਾਣਦੇ ਮੌਜਾਂ, ਮਜਲਸ ਤੇਰੇ ਨਾਲ ਲਗਾਈਆ। ਉਨ੍ਹਾਂ ਨੂੰ ਮਿਲ ਗਿਆ ਉਹ ਹੌਦਾ, ਜਿਸ ਅਮਾਰੀ ਵਿਚ ਬੈਠਾ ਬੇਪਰਵਾਹੀਆ। ਮੈਂ ਉਥੇ ਕਿਸ ਤਰ੍ਹਾਂ ਪਹੁੰਚਾਂ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅਬਿਨਾਸ਼ੀ ਕਰਤਾ ਕਹੇ ਤੂੰ ਨਿੱਕੀ ਜੇਹੀ ਕੁੜੀ, ਜੋ ਬਿਨ (ਭਗਤੀ) ਨਜ਼ਰੀ ਆਈਆ। ਜੇ ਕਾਸ਼ੀ ਰਾਮ ਹਕੀਮ ਵਰਗੇ ਕੋਲੋਂ ਲੈ ਲਏਂ ਪੁੜੀ, ਨਾਮ ਖ਼ੁਮਾਰੀ ਦਏ ਚੜ੍ਹਾਈਆ। ਜਿਨ੍ਹਾਂ ਦੀ ਬੇੜੀ ਕਦੇ ਨਾ ਰੁੜ੍ਹੀ, ਆਪਣੇ ਬੇੜੇ ਲੈਣ ਬਹਾਈਆ। ਬੇਸ਼ਕ ਤੂੰ ਭਰਮਾਂ ਵਿਚ ਬੁਰੀ, ਕਰਮਾਂ ਵਿਚ ਨਿਗੁਰੀ, ਸਤਿਗੁਰ ਦਰਸਨ ਕਦੇ ਨਾ ਪਾਈਆ। ਏਸੇ ਕਰ ਕੇ ਚੰਗੀ ਤੂੰ ਪੈਰੀਂ ਆਈ ਤੁਰੀ, ਨੇਤਰ ਨੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਾਈਆ। ਆਸ਼ਾ ਕਹੇ ਮੈਂ ਆਈ ਪੈਰੀਂ ਨੰਗੀ, ਦੂਰ ਦੁਰਾਡਾ ਪੰਧ ਮੁਕਾਈਆ।

ਸੀਸ ਗੁੰਦਾ ਨਾ ਵਾਹੀ ਕੰਘੀ, ਕੱਜਲ ਨੈਣ ਧਾਰ ਨਾ ਕੋਇ ਜਣਾਈਆ। ਸੋਹਣੀ ਤਨ ਨਾ ਪਾਈ ਅੰਗੀ, ਪਾਟੇ ਚੀਥੜ ਰਹੀ ਵਖਾਈਆ। ਮੇਰੀ ਆਸ਼ਾ ਓਥੇ ਰਹਿ ਗਈ ਟੰਗੀ, ਜਿਥੇ ਲੱਭਣ ਕੋਇ ਨਾ ਜਾਈਆ। ਮੈਂ ਕਲਜੁਗ ਵਿਚ ਹੱਥ ਆ ਗਈ ਸਾਧ ਪਖੰਡੀ, ਜੂਠੇ ਝੂਠਿਆਂ ਆਪਣਾ ਘੇਰਾ ਲਿਆ ਪਾਈਆ। ਮੈਂ ਭੁੱਲ ਗਈ ਤੇਰੀ ਡੰਡੀ, ਮਾਰਗ ਛੱਡਿਆ ਬੇਪਰਵਾਹੀਆ। ਅਚਾਨਕ ਤੇਰੇ ਦਰ ਦੀ ਆਈ ਪਵਣ ਠੰਡੀ, ਹੁਲਾਰਿਆਂ ਨਾਲ ਉਠਾਈਆ। ਉਠ ਸਵਾਣੀ ਜਾ ਰਾਵੀ ਕੰਢੀ, ਕੰਡਿਆਂ ਵਿਚ ਬੈਠਾ ਬੇਪਰਵਾਹੀਆ। ਜੇਹੜਾ ਲੇਖੇ ਲਾਵੇ ਚੰਗੀ ਮੰਦੀ, ਮੰਦਿਉਂ ਚੰਗੇ ਬਣਾਈਆ। ਜੇ ਕੂੜੀ ਕਿਰਿਆ ਰਲ ਕੇ ਹੋ ਗਈ ਗੰਦੀ, ਦੁਰਮਤ ਮੈਲ ਦਏ ਧਵਾਈਆ। ਤੈਨੂੰ ਭਗਤਾਂ ਦੀ ਦੇਵੇ ਉਹ ਸੁਗੰਧੀ, ਜਿਸ ਸੁਗੰਧ ਵਿਚ ਆਪਣਾ ਰੂਪ ਵਟਾਈਆ। ਉਹਦੇ ਕੋਲ ਅਨੋਖੀ ਨਿੱਕੀ ਜੇਹੀ ਬੰਦੀ, ਕਾਇਆ ਮੰਦਰ ਆਪ ਟਿਕਾਈਆ। ਪ੍ਰੇਮ ਪਿਆਰ ਨਾਲ ਜਿਸ ਵੇਲੇ ਹਿਲਾਵੇ ਓਸ ਦੀ ਤੰਦੀ, ਤੂੰ ਹੀ ਤੂੰ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਖ਼ਾਹਸ਼ ਕਹੇ ਮੈਨੂੰ ਆਵੇ ਖ਼ੁਸ਼ੀ, ਖ਼ੁਸ਼ੀਆਂ ਗੀਤ ਅਲਾਈਆ। ਮੇਰੀ ਓਨ੍ਹਾਂ ਨਾਲ ਲੱਗ ਜਾਏ ਰੁਚੀ, ਜਿਨ੍ਹਾਂ ਰੋਜ਼ ਮਿਲੇ ਬੇਪਰਵਾਹੀਆ। ਜੇ ਮੈਂ ਪਿਛੇ ਰਹੀ ਲੁੱਚੀ, ਪਖੰਡੀਆਂ ਨਾਲ ਕਰੀ ਕੁੜਮਾਈਆ। ਮੈਂ ਦੁਹਾਗਣ ਬਣ ਕੇ ਰਹੀ ਸੁੱਤੀ, ਵੈਰਾਗਣ ਰੂਪ ਨਾ ਕੋਇ ਵਟਾਈਆ। ਮੈਂ ਘਰ ਘਰ ਫਿਰਦੀ ਰਹੀ ਸਵਾਨ ਬਣ ਕੇ ਕੁੱਤੀ, ਖ਼ਾਲੀ ਭਾਂਡੇ ਵੇਖ ਭੱਜਾਂ ਵਾਹੋ ਦਾਹੀਆ। ਮੇਰੀ ਹਾਲਤ ਕਿਸੇ ਨਾ ਪੁਛੀ, ਪੜਦਾ ਦਿਤਾ ਨਾ ਕਿਸੇ ਖੁਲ੍ਹਾਈਆ। ਧੰਨ ਭਾਗ ਮੈਂ ਗੁਰਮੁਖਾਂ ਸੰਗਤ ਵੇਖੀ ਸੁੱਚੀ, ਸੁੱਚੇ ਮਾਣਕ ਮੋਤੀ ਨਜ਼ਰੀ ਆਈਆ । ਮੈਂ ਦਰ ਦਰਵਾਜ਼ੇ ਵੜਦਿਆਂ ਹੋ ਗਈ ਅੱਡੀ ਉਚੀ, ਪੱਬਾਂ ਉਤੇ ਖ਼ੁਸ਼ੀਆਂ ਨਾਲ ਕਦਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇਣਾ ਚੁਕਾਈਆ। ਪ੍ਰਭੂ ਕਹੇ ਖ਼ਾਹਸ਼ ਨੰਨ੍ਹੀ, ਬੱਚਿਆਂ ਵਾਂਗ ਸਮਝਾਈਆ। ਤੂੰ ਆ ਭਗਤਾਂ ਕੰਨੀਂ, ਨੇੜੇ ਕਰ ਕੇ ਦਿਆਂ ਸਮਝਾਈਆ। ਦੂਰ ਦੁਰਾਡੀ ਵਾਟ ਭੰਨੀ, ਬਣ ਕੇ ਆਈ ਪਾਂਧੀ ਰਾਹੀਆ। ਵੇਖੀਂ ਹੁਣ ਨਾ ਹੋਵੀਂ ਅੰਨ੍ਹੀ, ਨੇਤਰ ਲੋਚਣ ਨੈਣ ਦੇਵਾਂ ਪੜਦਾ ਲਾਹੀਆ। ਤੂੰ ਏਨ੍ਹਾਂ ਨਾਲ ਮੰਨੀਂ, ਜਿਨ੍ਹਾਂ ਨਾਲ ਮੰਨਿਆ ਸ਼ਹਿਨਸ਼ਾਹੀਆ। ਲੋੜ ਰਹੇ ਨਾ ਰਾਗ ਸੁਣਨ ਦੀ ਕੰਨੀਂ, ਢੋਲਿਆਂ ਵਿਚ ਨਾ ਕੋਇ ਵਡਿਆਈਆ। ਪਰਮ ਪੁਰਖ ਪ੍ਰਭ ਇਕੋ ਮਿਲਿਆ ਧੁਰ ਦਾ ਧਨੀ, ਦਾਤਾ ਦਾਤ ਸਾਚੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਾਲ ਰਖਾਈਆ। ਸੁਣ ਖ਼ਾਹਸ਼ ਵੇਖ ਭਗਤ, ਤੈਨੂੰ ਦਿਆਂ ਸਮਝਾਈਆ। ਏਨ੍ਹਾਂ ਨਾਲ ਮਿਲ ਕੇ ਨਾਤਾ ਛੱਡਣਾ ਪਏ ਜਗਤ, ਜੁਗਤ ਇਕੋ ਵਾਰ ਦ੍ਰਿੜਾਈਆ। ਨੌਂ ਸੌ ਚੁਰਾਨਵੇ ਚੌਕੜੀ ਪਿਛੋਂ ਵੇਲਾ ਮਿਲੇ ਵਕਤ, ਵਾਕਫ਼ ਆਪਣੇ ਨਾਲ ਕਰਾਈਆ। ਗੁਰਸਿਖਾਂ ਨਾਲ ਮਿਲਾ ਕੇ ਤੇਰਾ ਦਸਤ, ਹੱਥ ਨਾਲ ਹੱਥ ਦਏ ਜੁੜਾਈਆ। ਇਹ ਪ੍ਰੇਮ ਨਿਰਾਲਾ ਇਸ਼ਕ, ਆਸ਼ਕਾਂ ਵਿਚੋਂ ਮਾਸ਼ੂਕ, ਮਾਸ਼ੂਕ ਵਿਚੋਂ ਹਕੂਕ ਨਜ਼ਰੀ ਆਈਆ। ਨੇਤਰ ਲੋਚਣ ਨੈਣ ਕਰ ਲੈ ਦਰਸ, ਦਰੇ ਦਰਬਾਰ ਦੀਦਾਰ ਦਿਆਂ ਵਖਾਈਆ। ਤੇਰੀ ਪਿਛਲੀ ਮਿਟੇ ਹਰਸ, ਹਵਸ ਅਗੇ ਨਾ ਕੋਇ ਵਧਾਈਆ। ਜੇ ਇਨ੍ਹਾਂ ਆ ਜਾਵੇ ਤਰਸ, ਤੈਨੂੰ ਪੱਲੂ ਦੇਣ ਫੜਾਈਆ। ਤੂੰ ਉਤੇ ਲੇਟ ਫ਼ਰਸ਼, ਧੂੜੀ ਟਿੱਕਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਤਾ ਦਏ ਬੰਧਾਈਆ। ਖ਼ਾਹਸ਼ ਕਹੇ ਮੈਂ ਆਜਜ਼ ਨਿਮਾਣੀ, ਨਮੋ ਨਮੋ ਸੀਸ ਝੁਕਾਈਆ। ਲੱਭ ਲੱਭ ਥੱਕੀ ਗੁਰਮੁਖ

ਹਾਣੀ, ਸੱਜਣ ਨਜ਼ਰ ਕੋਇ ਨਾ ਆਈਆ। ਫਿਰ ਫਿਰ ਥੱਕੀ ਅਠਸਠ ਪਾਣੀ, ਸਮੁੰਦ ਸਾਗਰ ਵਰੋਲੇ ਥਾਉਂ ਥਾਈਂਆ। ਖੋਜ ਕੇ ਆਈ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੇਰਾ ਪਾਈਆ। ਸੁਣ ਕੇ ਆਈ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਈਆ। ਲੱਖ ਚੁਰਾਸੀ ਜੀਵ ਜੰਤ ਰਿਹਾ ਖ਼ਾਕ ਛਾਣੀ, ਵਸਤ ਅਮੋਲਕ ਹੱਥ ਨਾ ਕੋਇ ਫੜਾਈਆ। ਸਦੀ ਚੌਧਵੀ ਹੋ ਨਿਮਾਣੀ, ਆਪਣਾ ਬਲ ਮਿਟਾਈਆ। ਸੰਦੇਸਾ ਦਿਤਾ ਕਿਸੇ ਰੁਹਾਨੀ, ਬਿਨ ਰੂਹ ਬੁੱਤ ਕਰੀ ਕੁੜਮਾਈਆ। ਵੇਖ ਪੈਗ਼ੰਬਰ ਲਾਸਾਨੀ, ਆਸਾਨੀ ਇਕੋ ਇਕ ਜਣਾਈਆ। ਜਿਸ ਦੀ ਪੀਰ ਪੈਗ਼ੰਬਰ ਦੱਸਦੇ ਗਏ ਨਿਸ਼ਾਨੀ, ਸ਼ਬਦਾਂ ਨਾਲ ਕਰ ਪੜ੍ਹਾਈਆ। ਉਹ ਜਲਵਾ ਨੂਰ ਜਗੇ ਜੋਤ ਨੁਰਾਨੀ, ਦੋ ਜਹਾਨਾਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਵਖਾਈਆ। ਖ਼ਾਹਸ਼ ਕਹੇ ਮੈਂ ਭੱਜੀ ਦੌੜੀ, ਦੂਰ ਦੁਰਾਡੀ ਚਲ ਕੇ ਆਈਆ। ਅੱਗੇ ਵੇਖੀ ਗਲੀ ਸੌੜੀ, ਭੀੜਾ ਰਾਹ ਨਾ ਕੋਇ ਲੰਘਾਈਆ। ਮੈਂ ਚਾਰ ਕੁੰਟ ਨੈਣ ਤੱਕ ਕੇ ਕੀਤਾ ਬੌਹੜੀ ਬੌਹੜੀ, ਨੇਤਰ ਰੋ ਰੋ ਦਿਤੀ ਦੁਹਾਈਆ। ਲੱਖ ਚੁਰਾਸੀ ਸ੍ਰਿਸ਼ਟੀ ਦਿਸੀ ਕੌੜੀ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਕਿਸੇ ਆਵਾਜ਼ ਸੁਣਾਈ ਅੰਦਰੋਂ ਹੌਲੀ, ਸਹਿਜ ਨਾਲ ਸਮਝਾਈਆ। ਮੈਂ ਪਿਛਲੇ ਜਨਮ ਦੇ ਕਹਾਰਾਂ ਦੀ ਚੁੱਕੀ ਡੋਲੀ, ਉਹ ਸਭ ਦੀ ਆਸਾ ਪੂਰ ਕਰਾਈਆ । ਉਹਦੇ ਨਾਲ ਰਵਦਾਸ ਚਮਾਰ ਜਿਸ ਦੇ ਕੋਲ ਤੰਦ ਮੌਲੀ, ਘਰ ਘਰ ਗਾਨੇ ਰਿਹਾ ਬੰਧਾਈਆ। ਉਥੇ ਲੋੜ ਨਹੀਂ ਪੌਣ ਦੀ ਰੌਲੀ, ਰੌਣਕ ਭਗਤਾਂ ਨਾਲ ਲਗਾਈਆ। ਉਥੇ ਦੇਵੇ ਸੰਦੇਸਾ ਪਵਣ ਪੌਣੀ, ਆਪਣਾ ਹੁਕਮ ਵਰਤਾਈਆ। ਤੇਰੀ ਮਨਸਾ ਪੂਰੀ ਕਰੇ ਭੌਣੀ, ਭਾਵਨਾ ਤੇਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਵਰਤਾਈਆ। ਆਸਾ ਕਹੇ ਮੈਂ ਕਮਲੀ ਕੋਝੀ, ਅੰਦਰ ਬਾਹਰ ਨਾ ਕੋਇ ਵਡਿਆਈਆ। ਮੈਨੂੰ ਕਿਸੇ ਦਿਤੀ ਸੋਝੀ, ਸਮਝ ਨਾਲ ਸਮਝਾਈਆ। ਉਹ ਸਭ ਦਾ ਵੱਡਾ ਖੋਜੀ, ਦੋ ਜਹਾਨਾਂ ਵੇਖੇ ਥਾਉਂ ਥਾਈਂਆ । ਆਦਿ ਜੁਗਾਦੀ ਵੱਡਾ ਬੋਧੀ, ਅਗਾਧ ਬੋਧ ਕਰੇ ਪੜ੍ਹਾਈਆ। ਉਸ ਨੂੰ ਮਾਲਕ ਕਹਿੰਦੇ ਲੋਕੀ, ਪਰਲੋਕ ਖ਼ੁਸ਼ੀ ਮਨਾਈਆ। ਉਸ ਦੀ ਸੋਚ ਕਿਸੇ ਨਾ ਸੋਚੀ, ਸੋਚ ਸਮਝ ਨਾ ਕੋਇ ਵਡਿਆਈਆ। ਉਸ ਦਾ ਜੰਞੂ ਨਾ ਕੋਈ ਬੋਦੀ, ਤਿਲਕ ਲਲਾਟ ਨਾ ਕੋਇ ਵਖਾਈਆ। ਹਉਮੇ ਹੰਗਤਾ ਅੰਦਰ ਨਾ ਹੋਏ ਰੋਗੀ, ਮਮਤਾ ਮੋਹ ਨਾ ਕੋਇ ਵਧਾਈਆ। ਨਾ ਸਨਿਆਸੀ ਵੈਰਾਗੀ ਦਿਸੇ ਜੋਗੀ, ਰਿਖ ਮੁਨ ਰੂਪ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਹ ਸਭ ਨੂੰ ਦੇਵੇ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਅਖਵਾਈਆ। ਖ਼ਾਹਸ਼ ਕਹੇ ਮੈਂ ਹੋਈ ਬੇਸਮਝ, ਸਮਝ ਨਾ ਕੋਇ ਜਣਾਈਆ। ਜਿਸ ਵੇਲੇ ਭਗਤਾਂ ਵੱਜਦੀ ਵੇਖੀ ਰਮਜ਼, ਰਹਿਮਤ ਰਿਹਾ ਕਮਾਈਆ। ਮੈਂ ਓਸੇ ਵੇਲੇ ਖਾ ਲਈ ਕਸਮ, ਬੰਦਨਾ ਸੀਸ ਨਿਵਾਈਆ। ਮੈਂ ਏਨ੍ਹਾਂ ਦੀ ਧੂੜੀ ਟਿੱਕਾ ਲਾਵਾਂ ਮਸਤਕ ਉਹ ਭਸਮ, ਜੇਹੜੀ ਭਸਮ ਨੀਹਾਂ ਹੇਠ ਦਬਾਈਆ। ਜਿਸ ਦਾ ਰਵਾਜ ਅਵੱਲੜੀ ਰਸਮ, ਰਹਿਬਰ ਬੇਪਰਵਾਹੀਆ। ਤਨ ਵਜੂਦ ਨਾ ਕੋਈ ਜਿਸਮ, ਤਤਵ ਤਤ ਨਾ ਕੋਇ ਹੰਢਾਈਆ। ਉਸ ਦਾ ਨੂਰ ਅਗੰਮਾ ਇਸਮ, ਆਅਜ਼ਮ ਇਕੋ ਨੂਰ ਖ਼ੁਦਾਈਆ। ਉਸ ਦਾ ਦਰਸ਼ਨ ਕਰਾਂ ਨਾਲ ਚਸ਼ਮ, ਘਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਬਣਾਈਆ। ਪ੍ਰਭੂ ਕਹੇ ਸੁਣ ਇਕ ਸੰਦੇਸਾ, ਜੋ ਸੁਤਿਆਂ ਰਿਹਾ ਜਗਾਈਆ। ਪਿਛਲਾ ਚੁਕਾਵੇ ਲੇਖਾ, ਅੱਗੇ ਦਏ ਵਡਿਆਈਆ ।

ਜੇ ਭਗਤਾਂ ਨਾਲ ਪੌਣਾ ਹਿੱਸਾ, ਸੋਹਣੀ ਵੰਡ ਵੰਡਾਈਆ। ਕਮਲੀਏ ਫੇਰ ਨਾ ਤੱਕੀਂ ਆਪਣਾ ਪਿੱਛਾ, ਸਾਧਾਂ ਵਾਲੀ ਰੀਤ ਮੰਦਰ ਮਸੀਤ ਹੱਥ ਨਾ ਕਿਸੇ ਫੜਾਈਆ। ਇਹ ਗੁਰਮੁਖ ਮੇਰੇ ਅਤੀਤ, ਤ੍ਰੈਗੁਣ ਬੈਠੇ ਡੇਰਾ ਢਾਹੀਆ। ਜੀਂਵਦਿਆਂ ਜਗ ਗਏ ਜੀਤ, ਜੀਵਣ ਜੁਗਤ ਇਕੋ ਵਾਰ ਦਿਤਾ ਸਮਝਾਈਆ। ਉਹ ਖ਼ਾਹਸ਼ ਤੇਰੇ ਨਾਲ ਮਿਲ ਕੇ ਹੋਣ ਨਾ ਕਦੇ ਪਲੀਤ, ਪਤਤ ਪੁਨੀਤ ਇਕੋ ਵਾਰ ਕਰਾਈਆ। ਕਿਉਂ ਇਨ੍ਹਾਂ ਦਾ ਮੇਰੇ ਨਾਲ ਸਾਂਝਾ ਗੀਤ, ਸੋਹੰ ਢੋਲਾ ਰਹੇ ਗਾਈਆ। ਮੇਰੀ ਉਲਟੀ ਲੱਗੀ ਪ੍ਰੀਤ, ਪੁੱਠੀ ਸਿੱਧੀ ਦਏ ਕਰਾਈਆ। ਜੋ ਕਿਹਾ ਸੋ ਠੀਕ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਵੇ ਨਾ ਕੋਇ ਗਵਾਹੀਆ। ਇਨ੍ਹਾਂ ਦੀ ਕੌਣ ਕਰੇ ਰੀਸ, ਚਾਰ ਕੁੰਟ ਦਹਿ ਦਿਸ਼ਾ ਭੱਜਣ ਵਾਹੋ ਦਾਹੀਆ। ਜਿਨ੍ਹਾਂ ਮਿਲਿਆ ਆਪ ਜਗਦੀਸ, ਜਗਦੀਸ਼ਰ ਫੇਰਾ ਪਾਈਆ। ਆਪਣਾ ਹੱਥ ਰੱਖ ਕੇ ਪੀਠ, ਥਪਕੀਆਂ ਨਾਲ ਸਵਾਈਆ। ਨਾ ਕੋਈ ਊਚ ਨਾ ਕੋਈ ਨੀਚ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਨਾ ਕੋਈ ਹਸਤ ਨਾ ਕੋਈ ਕੀਟ, ਆਤਮ ਪਰਮਾਤਮ ਇਕੋ ਰੰਗ ਰੰਗਾਈਆ। ਨਾਮ ਪਿਆਲਾ ਗੁਰਮੁਖਾਂ ਫੜਾਇਆ ਜੋ ਪੀ ਗਏ ਲਾ ਕੇ ਝੀਕ, ਖ਼ਾਲੀ ਕਟੋਰਾ ਜਗਤ ਵਖਾਈਆ। ਸਾਚਾ ਕਲਮਾ ਪੜ੍ਹ ਕੇ ਹਦੀਸ, ਹਾਜਤ ਆਪਣੀ ਪੂਰ ਕਰਾਈਆ। ਇਨ੍ਹਾਂ ਕੋਲ ਨਾ ਆਏ ਅਬਲੀਸ, ਸ਼ੈਤਾਨ ਫੇਰੀ ਕੋਇ ਨਾ ਪਾਈਆ। ਈਸਾ ਮੂਸਾ ਮੁਹੰਮਦ ਵੇਖਣ ਲਾ ਕੇ ਨੀਝ, ਲੋਚਣ ਪਲਕ ਅੱਖ ਖੁਲ੍ਹਾਈਆ । ਤੇਈ ਅਵਤਾਰ ਕਹਿਣ ਇਹ ਕੀ ਰਹੀ ਬੀਤ, ਪਤਿਪਰਮੇਸ਼ਵਰ ਅਚਰਜ ਖੇਲ ਵਰਤਾਈਆ। ਨਾਨਕ ਗੋਬਿੰਦ ਕਹੇ ਸਤਿਗੁਰ ਗੁਰਮੁਖਾਂ ਨਾਲ ਕਰੇ ਰੀਝ, ਫੜ ਬਾਹੋਂ ਗਲੇ ਲਗਾਈਆ। ਠਾਕਰ ਹੋ ਕੇ ਗਿਆ ਪਤੀਜ, ਪਰਮਾਤਮ ਹੋ ਕੇ ਮੇਲ ਮਿਲਾਈਆ। ਆਪ ਪ੍ਰਭੂ ਬਣ ਕੇ ਨਾਚੀਜ਼, ਗੁਰਮੁਖ ਸਚ ਦਹਿਲੀਜ਼ੋਂ ਬਾਹਰ ਕਰਾਈਆ। ਜਿਥੇ ਬੈਠਾ ਹਰਿ ਜਗਦੀਸ, ਤਾਜ ਸੋਹਣਾ ਸੀਸ ਟਿਕਾਈਆ। ਉਥੇ ਲੇਖਾ ਬੀਸ ਇਕੀਸ, ਇਕੀਸ ਆਪਣੇ ਨਾਲ ਰਖਾਈਆ। ਓਸ ਵੇਲੇ ਖ਼ਾਹਸ਼ ਨੇ ਰੋ ਕੇ ਮਾਰੀ ਚੀਕ, ਬੌਹੜੀ ਬੌਹੜੀ ਦਿਤਾ ਸੁਣਾਈਆ। ਤੇਰੀ ਕਿਰਪਾ ਮੇਰੀ ਭਗਤਾਂ ਨਾਲ ਬਣੇ ਪ੍ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੇਰਾ ਸੋਹਣਾ ਸੰਗ ਨਜ਼ਰੀ ਆਈਆ। ਭਗਤਾਂ ਨਾਲ ਜੇ ਕਰਨਾ ਮਿਲਾਪ, ਆਪਣਾ ਜੋੜ ਜੁੜਾਈਆ। ਪਹਿਲੋਂ ਸਿਖ ਇਨ੍ਹਾਂ ਤੋਂ ਉਹ ਜਾਚ, ਜਿਸ ਨਾਲ ਵਿਛੜੇ ਰਿਹਾ ਮਿਲਾਈਆ। ਜਨਮ ਕਰਮ ਦੇ ਧੋ ਕੇ ਪਾਪ, ਪਤਤ ਪੁਨੀਤ ਰਿਹਾ ਬਣਾਈਆ। ਦੋਏ ਜੋੜ ਕੇ ਫੇਰ ਆਖ, ਉਚੀ ਕੂਕ ਸੁਣਾਈਆ। ਮੈਂ ਸੇਵਕ ਤੁਹਾਡੀ ਦਾਸ, ਦਰ ਬਰਦੀ ਰੂਪ ਵਟਾਈਆ। ਨਿਤ ਤੁਹਾਡਾ ਕੂੜਾ ਕਰਾਂ ਸਾਫ, ਝਾੜੂ ਦੇਵਾਂ ਚਾਈਂ ਚਾਈਂਆ। ਜਿਸ ਵੇਲੇ ਤੁਹਾਡੀ ਆਤਮ ਪਰਮਾਤਮ ਪਵੇ ਰਾਸ, ਘਰ ਸਾਚੇ ਵਜੇ ਵਧਾਈਆ। ਓਸ ਵੇਲੇ ਮੇਰੀ ਖੁਲ੍ਹੀ ਰੱਖਣੀ ਅੱਖ, ਅੱਖੀਂ ਤੱਕਾਂ ਬੇਪਰਵਾਹੀਆ। ਭਗਤਾਂ ਕਿਹਾ ਜੋ ਸਾਡੇ ਨਾਲ ਮਿਲਿਆ ਓਸ ਦਾ ਓਹੋ ਹੱਕ, ਵਾਧ ਘਾਟ ਵਿਚ ਨਾ ਕੋਇ ਰਖਾਈਆ। ਜੇ ਸਾਡੇ ਨਾਲ ਮਿਲ ਕੇ ਤੈਨੂੰ ਪੈ ਗਿਆ ਸ਼ਕ, ਫੜ ਕੇ ਬਾਹੋਂ ਬਾਹਰ ਦੇਈਏ ਧਕਾਈਆ । ਸਾਡਾ ਪ੍ਰੀਤਮ ਸਾਡੇ ਨਾਲ ਮਿਲਾ ਕੇ ਹੱਥ, ਹਥੇਲੀ ਉਤੇ ਹਥੇਲੀ ਗਿਆ ਟਿਕਾਈਆ। ਅੱਗੇ ਪਿਛੇ ਰਿਹਾ ਨੱਠ, ਸੱਜੇ ਖੱਬੇ ਭੱਜੇ ਵਾਹੋ ਦਾਹੀਆ । ਜਿਸ ਵੇਲੇ ਜਨ ਭਗਤਾਂ ਕਰੇ ਇਕੱਠ, ਦੂਰ ਦੁਰਾਡਾ ਆਵੇ ਚਲ ਕੇ ਮਾਹੀਆ। ਆਪਣਾ ਮਾਰਗ ਹੌਲੀ ਹੌਲੀ ਫੇਰ ਦੇਵੇ ਦੱਸ, ਦਹਿ ਦਿਸ਼ਾ ਕਰੇ ਜਣਾਈਆ। ਜਿਸ ਵੇਲੇ ਅਸੀਂ ਉਸ ਦੇ ਗਾਈਏ ਜਸ, ਸੋ ਸਾਡੇ ਢੋਲੇ ਸੁਣਾਏ ਥਾਉਂ ਥਾਈਂਆ। ਤੇਰੀ ਖ਼ਾਹਸ਼ ਪੂਰੀ

ਆਸ, ਨਿਵਾਸ ਚਰਨ ਇਕ ਗੋਸਾਈਂਆ। ਜੋ ਸਭ ਦਾ ਮਾਈ ਬਾਪ, ਸਦਾ ਸੁਹੇਲਾ ਵਸੇ ਸਾਥ, ਦੋ ਜਹਾਨਾਂ ਮੇਲਾ ਰਿਹਾ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਮਿਲਿਆ ਆਪ, ਤਿਨ੍ਹਾਂ ਕਰ ਗਿਆ ਪਾਕ, ਬਣ ਕੇ ਸੱਜਣ ਸਾਕ, ਖੋਲ੍ਹ ਕੇ ਬੰਦ ਤਾਕ, ਸਚ ਦਵਾਰੇ ਸਾਚੇ ਘਰ ਸੱਜਣ ਲਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖ਼ਾਹਸ਼ ਨਾਲ ਜਨ ਭਗਤਾਂ ਅੰਦਰ ਕਰੇ ਨਿਵਾਸ, ਭੂਮਿਕਾ ਇਕੋ ਇਕ ਸੁਹਾਈਆ।