ਪੁਸਤਕਾਲਾਭਾਗ ੧੭

੨੧ ਭਾਦਰੋਂ ੨੦੨੧ ਬਿਕ੍ਰਮੀ ਗੁਰਬਖ਼ਸ਼ ਦੇ ਘਰ ਗੱਗੋਬੂਆ

ਸਤਿਗੁਰ ਦਾਤਾ ਸੱਜਣ ਸੁਹੇਲਾ, ਦੀਨ ਦਿਆਲ ਦਇਆ ਕਮਾਈਆ। ਬਾਹਰੋਂ ਮਿਲਣ ਦਾ ਰੱਖੇ ਥੋੜਾ ਵੇਲਾ, ਅੰਦਰੇ ਅੰਦਰ ਜੋੜ ਜੁੜਾਈਆ। ਸੁਰਤ ਸ਼ਬਦ ਬਣਾਏ ਗੁਰੂ ਗੁਰ ਚੇਲਾ, ਚੇਲਾ ਗੁਰੂ ਰੂਪ ਸਮਾਈਆ। ਦਿਵਸ ਰੈਣ ਅੱਠੇ ਪਹਿਰ ਬਿਨ ਪ੍ਰੀਤੀ ਕਦੇ ਨਾ ਬਹੇ ਵੇਹਲਾ, ਵੇਖਣਹਾਰਾ ਥਾਉਂ ਥਾਈਂਆ। ਜਨ ਭਗਤਾਂ ਮਾਰਗ ਦੱਸ ਕੇ ਨਵੇਲਾ, ਹਰਿ ਕਰਤਾ ਘਰ ਸਾਚਾ ਦਏ ਵਖਾਈਆ। ਜਿਥੇ ਰਾਹ ਵਿਚ ਲੱਭਦੇ ਰੋਂਦੇ ਆਸ਼ਕ ਮਾਸ਼ੂਕ ਮਜਨੂੰ ਲੈਲਾ, ਲੈ ਲੈ ਇਕੋ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਏ ਵਡਿਆਈਆ। ਬਾਹਰ ਮਿਲਣ ਦਾ ਚੁੱਕੇ ਵਕਤ, ਅੰਤਰ ਆਤਮ ਬੂਝ ਬੁਝਾਈਆ। ਜਨ ਭਗਤਾਂ ਦੇਵੇ ਸਾਚੀ ਸ਼ਕਤ, ਸ਼ਕਤੀ ਨਾਲ ਕੁੜਮਾਈਆ। ਨਿਜ ਨੇਤਰ ਹੋਵੇ ਧੁਰ ਦਾ ਦਰਸ, ਨੈਣ ਅੱਖ ਮਿਲਾਈਆ। ਜਨਮ ਜਨਮ ਦੀ ਮੇਟੇ ਹਰਸ, ਹਵਸ ਦਏ ਗਵਾਈਆ। ਮਿਹਰਵਾਨ ਹੋ ਕੇ ਕਰੇ ਤਰਸ, ਰਹਿਮਤ ਆਪ ਕਮਾਈਆ। ਅੱਗੇ ਰਹਿਣ ਨਾ ਦੇਵੇ ਕੋਈ ਫ਼ਰਕ, ਫ਼ਿਰਕਿਆ ਵਿਚੋਂ ਬਾਹਰ ਕਢਾਈਆ। ਜੁਗ ਚੌਕੜੀ ਖੇਲ ਕੀਤਾ ਫਿਰਤ ਫਿਰਤ, ਫੇਰਾ ਅੰਤਮ ਇਕੋ ਇਕ ਸਮਝਾਈਆ। ਜਿਸ ਨੂੰ ਸਮਝੇ ਨਾ ਕੋਈ ਸੁਰਤ ਨਿਰਤ, ਬੁੱਧੀ ਮਿਲੇ ਨਾ ਕੋਇ ਵਡਿਆਈਆ । ਸੋ ਸਤਿਗੁਰ ਸਵਾਮੀ ਖੋਲ੍ਹਣਹਾਰਾ ਖਿੜਕ, ਪੜਦਾ ਦਏ ਉਠਾਈਆ। ਜਿਸ ਨੇ ਜੁਗ ਚੌਕੜੀ ਦਰ ਦਵਾਰਿਉਂ ਸਾਰੇ ਛੱਡੇ ਝਿੜਕ, ਸੋ ਗੁਰਮੁਖ ਅੰਤਮ ਮੇਲ ਮਿਲਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣੀ ਮੰਜ਼ਲੋਂ ਕਦੇ ਨਾ ਜਾਏ ਥਿੜਕ, ਪਾਸਾ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਉਲਟਾ ਬਿਰਖ, ਬ੍ਰਿਛ ਬੂਟਾ ਆਪ ਪਰਗਟਾਈਆ। ਬਾਹਰ ਮਿਲਣ ਦਾ ਚੁੱਕੇ ਉਧਾਰ, ਵਣਜ ਸਾਚਾ ਇਕ ਕਰਾਈਆ। ਮੰਜ਼ਲ ਮੰਜ਼ਲ ਚੜ੍ਹ ਕੇ ਦਿਲਦਾਰ, ਦੀਦ ਈਦ ਚੰਦ ਕਰੇ ਰੁਸ਼ਨਾਈਆ। ਮੁਹੱਬਤ ਵਿਚ ਕਰੇ ਪਿਆਰ, ਮਹਿਬੂਬ ਮਹਿਰਾਬ ਸੁਹਾਈਆ। ਜਗਤ ਵਿਛੋੜਾ ਕੱਟ ਅਜ਼ਾਬ, ਅਸਲ ਆਪਣਾ ਹੁਕਮ ਵਰਤਾਈਆ। ਸਚ ਦਵਾਰੇ ਦੇ ਖ਼ਿਤਾਬ, ਖ਼ਤਾ ਪਿਛਲੀ ਮੁਆਫ਼ ਵਖਾਈਆ। ਮਿਹਰਵਾਨ ਹੋ ਕੇ ਕਰੇ ਅਨੋਖਾ ਨਾਜ਼, ਨਈਆ ਨੌਕਾ ਇਕ ਚੜ੍ਹਾਈਆ। ਭੇਵ ਚੁਕਾ ਪ੍ਰਿਥਮੀ ਆਕਾਸ਼, ਪਰਕਾਸ਼ ਦਏ ਪਰਗਟਾਈਆ।

ਸਚ ਦਵਾਰ ਕਰਕੇ ਵਾਸ, ਆਵਾਜ਼ ਇਕੋ ਇਕ ਸੁਣਾਈਆ। ਆਤਮ ਪਰਮਾਤਮ ਵਸ ਪਾਸ, ਪਾਸਾ ਆਪਣਾ ਲਏ ਪਲਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਥਾਹੀਆ। ਬਾਹਰ ਮਿਲਣ ਦਾ ਥੋੜਾ ਵੇਲਾ, ਘੜੀ ਪਲ ਦਏ ਗਵਾਹੀਆ । ਅੰਤਰ ਆਤਮ ਚਾੜ੍ਹੇ ਤੇਲਾ, ਸਾਚਾ ਸਗਨ ਮਨਾਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਆਪੇ ਖੇਲਾ, ਖ਼ਾਲਕ ਖ਼ਲਕ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਵਰਤਾਈਆ। ਬਾਹਰ ਮਿਲਣ ਦਾ ਵਕਤ ਥੋੜਾ, ਰੁਤੜੀ ਰੁੱਤ ਗਈ ਵਿਹਾਈਆ । ਪਰਮ ਪੁਰਖ ਪ੍ਰਭ ਚੜ੍ਹਿਆ ਘੋੜਾ, ਵਾਗਾਂ ਆਪਣੇ ਹੱਥ ਉਠਾਈਆ। ਨਿਰਗੁਣ ਹੋ ਕੇ ਫਿਰੇ ਦੌੜਾ, ਭੱਜੇ ਵਾਹੋ ਦਾਹੀਆ। ਜਿਸ ਦਾ ਮਾਰਗ ਕਦੇ ਨਾ ਹੋਏ ਸੌੜਾ, ਅਧਵਿਚਕਾਰ ਨਾ ਕੋਇ ਅਟਕਾਈਆ। ਜੋ ਵੇਖਣਹਾਰਾ ਬੇਨਜ਼ੀਰ ਨਜ਼ਰ ਕਰਕੇ ਗ਼ੌਰਾ, ਗਵਰ ਰੂਪ ਵਟਾਈਆ। ਜੋ ਨੌਜਵਾਨ ਛੈਲ ਛਬੀਲ ਬਾਂਕਾ ਛੋਹਰਾ, ਸ਼ਾਹ ਪਾਤਸ਼ਾਹ ਆਪਣਾ ਖੇਲ ਵਖਾਈਆ। ਜਿਸ ਦਾ ਸੱਸੇ ਉਪਰ ਇਕੋ ਹੋੜਾ, ਹੋਕਾ ਦੇ ਕੇ ਕਰੇ ਜਣਾਈਆ। ਹੰ ਬ੍ਰਹਮ ਘਰ ਘਰ ਬੌਹੜਾ, ਬੌਹੜੀ ਵੇਖੇ ਸਰਬ ਲੋਕਾਈਆ। ਜਿਸ ਨੇ ਜੁਗ ਚੌਕੜੀ ਆਪਣੇ ਨਾਮ ਦਾ ਕਾਗ਼ਜ਼ ਰੱਖਿਆ ਕੋਰਾ, ਉਪਰ ਹਰਫ਼ ਨਾ ਕੋਇ ਰਖਾਈਆ। ਤਿਸ ਦੇ ਉਤੇ ਕਰੇ ਤਸਦੀਕ ਭਗਤ ਭਗਵਾਨ ਬਣਾਏ ਜੋੜਾ, ਜੋੜੀ ਆਪਣੇ ਨਾਲ ਰਖਾਈਆ। ਕਰੇ ਪਰਕਾਸ਼ ਅੰਧ ਘੋਰਾ, ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੱਲਾ ਰੂਪ ਧਰਾਈਆ। ਬਾਹਰੋਂ ਚੁੱਕੇ ਵੇਲਾ ਜਗਤ, · ਦਏ ਦ੍ਰਿੜਾਈਆ। ਪ੍ਰੇਮ ਪਿਆਰੇ ਸਾਚੇ ਭਗਤ, ਭਗਵਨ ਲਏ ਉਠਾਈਆ। ਅੰਦਰ ਵੜ ਵੜ ਦੇਵੇ ਦਰਸ, ਹਰਸ ਸਰਬ

ਚੁਕਾਈਆ। ਘਰ ਘਰ ਵਿਚ ਵਖਾਏ ਫ਼ਰਸ਼ ਅਰਸ਼, ਦੋ ਜਹਾਨਾਂ ਪੰਧ ਮੁਕਾਈਆ। ਨਾਮ ਸੁਣਾਏ ਬਿਨ ਰਾਗ ਤਰਜ਼, ਤੁਰੀਆ ਧਾਰ ਜਣਾਈਆ। ਕੂੜੀ ਕਿਰਿਆ ਕੋਈ ਨਾ ਲਾਏ ਵਰਗ, ਵਲਗਣ ਮਜ਼੍ਹਬ ਕੋਇ ਨਾ ਪਾਈਆ। ਦੁੱਖ ਭੰਜਨ ਹੋ ਕੇ ਵੰਡੇ ਦਰਦ, ਦੁਖੀਆਂ ਦੁਖ ਵੇਖੇ ਥਾਉਂ ਥਾਈਂਆ। ਸਚ ਦਵਾਰੇ ਮੰਨ ਕੇ ਅਰਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬਾਹਰ ਮਿਲਣ ਦਾ ਚੁੱਕੇ ਸ਼ੋਰ, ਹੌਕਾ ਜਗਤ ਨਾ ਕੋਇ ਲੋਕਾਈਆ। ਆਪਣੇ ਸੰਗ ਲਏ ਤੋਰ, ਤੁਰਤ ਆਪਣਾ ਜੋੜ ਜੁੜਾਈਆ। ਲੇਖਾ ਲਿਖੇ ਜਿਸ ਚੰਮ ਲਾਹਿਆ ਉਪਰ ਢੋਰ, ਦ੍ਰਿਸ਼ਟੀ ਇਕੋ ਇਕ ਪਰਗਟਾਈਆ। ਕੂੜੀ ਕਿਰਿਆ ਰਿਹਾ ਹੋੜ, ਹੌਲੀ ਹੌਲੀ ਭੇਵ ਖੁਲ੍ਹਾਈਆ। ਆਪਣੇ ਨਾਮ ਦੀ ਲਾਵੇ ਮੋਹਰ, ਨਿਸ਼ਾਨਾ ਇਕੋ ਇਕ ਝੁਲਾਈਆ। ਜਿਸ ਦੇ ਅੱਗੇ ਨਹੀਂ ਕੋਈ ਜ਼ੋਰ, ਜੋਰੂ ਜ਼ਰ ਸੀਸ ਝੁਕਾਈਆ। ਜਿਸ ਦਾ ਮੰਤਰ ਇਕੋ ਫੋਰ, ਫ਼ੁਰਨੇ ਸਾਰੇ ਬੰਦ ਕਰਾਈਆ। ਸੋ ਸਾਹਿਬ ਸਵਾਮੀ ਵਾਗਾਂ ਆਇਆ ਮੋੜ, ਦੂਰ ਦੁਰਾਡਾ ਬਣ ਕੇ ਪਾਂਧੀ ਰਾਹੀਆ। ਸ਼ਬਦ ਅਗੰਮੀ ਚੜ੍ਹ ਕੇ ਘੋੜ, ਭੱਜਾ ਫਿਰੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਬਾਹਰੋਂ ਮਿਲਣ ਦਾ ਚੁੱਕੇ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਘਰ ਘਰ ਵਿਚ ਕਰੇ ਪਰਕਾਸ਼ਾ, ਪਰਕਾਸ਼ਵਾਨ ਬੇਪਰਵਾਹੀਆ। ਭਗਤ ਭਗਵਾਨ ਖੇਲ ਕਰੇ ਦਾਸੀ ਦਾਸਾ, ਨਿਰਗੁਣ ਸਰਗੁਣ ਧਾਰ ਚਲਾਈਆ। ਕਲਜੁਗ ਅੰਤਮ ਬਦਲੇ ਪਾਸਾ, ਪਾਸ਼ਾ ਜਗਤ ਦਏ ਉਲਟਾਈਆ। ਵੇਖਣਹਾਰਾ ਖੇਲ ਤਮਾਸ਼ਾ, ਖ਼ਾਲਕ ਖ਼ਲਕ ਰਿਹਾ ਦ੍ਰਿੜਾਈਆ। ਅੰਤਮ ਸਭ ਨੂੰ ਆਵੇ ਘਾਟਾ, ਘਾਟੇ ਵਿਚ ਲੋਕਾਈਆ। ਗੁਰਮੁਖ ਵਿਰਲੇ ਲਾਹਾ ਖਾਟਾ, ਜਿਸ ਮਿਲਿਆ

ਬੇਪਰਵਹੀਆ। ਨਾਮ ਪਦਾਰਥ ਮਿਲੀ ਦਾਤਾ, ਅਨਤੁਲੜੀ ਅਨਮੁੱਲੜੀ ਆਪ ਵਰਤਾਈਆ। ਰਾਏ ਧਰਮ ਦਾ ਮੁੱਕਾ ਖਾਤਾ, ਲੇਖਾ ਸਕੇ ਨਾ ਕੋਇ ਜਣਾਈਆ। ਧੰਨ ਵਡਿਆਈ ਜਿਨ੍ਹਾਂ ਪਰਮ ਪੁਰਖ ਦਾ ਮੰਨਿਆ ਆਖਾ, ਆਖ਼ਰ ਮੰਜ਼ਲ ਚੜ੍ਹ ਚੜ੍ਹ ਦਰਸ਼ਨ ਪਾਈਆ। ਗੋਬਿੰਦ ਪ੍ਰੇਮ ਪਿਆਰ ਦਾ ਪਿਆਏ ਬਾਟਾ, ਅੰਮ੍ਰਿਤ ਆਪਣੀ ਧਾਰ ਵਹਾਈਆ। ਗ੍ਰਹਿ ਮੰਦਰ ਵੜ ਕੇ ਖੋਲ੍ਹੇ ਸਚ ਖ਼ਲਾਸਾ, ਖ਼ੁਸ਼ੀਆਂ ਨਾਲ ਸਮਝਾਈਆ । ਕਿਸੇ ਤੋਂ ਪੜ੍ਹਨਾ ਨਾ ਪਏ ਕਾ ਖਾ, ਖ਼ਾਹਮਖ਼ਾਹ ਵਿਦਿਆ ਨਾ ਕੋਇ ਲੜਾਈਆ। ਸਿੱਧਾ ਆਤਮ ਪਰਮਾਤਮ ਜੋੜੇ ਨਾਤਾ, ਪੁਰਖ ਬਿਧਾਤਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਜਗਾਈਆ। ਬਾਹਰ ਮਿਲਣ ਦਾ ਮੁਕੇ ਰੌਲਾ, ਰੌਣਕ ਅੰਦਰ ਦਏ ਵਖਾਈਆ। ਕਰਮ ਕਾਂਡ ਦਾ ਭਾਰ ਕਰਕੇ ਹੌਲਾ, ਸਹਿਜੇ ਸਹਿਜੇ ਲਏ ਚਲਾਈਆ। ਧੁਨ ਆਤਮਕ ਰਾਗ ਸੁਣਾਏ ਸਾਚਾ ਢੋਲਾ, ਢੋਲ ਆਪਣਾ ਦਏ ਮਿਲਾਈਆ। ਸ਼ਬਦ ਅਗੰਮੀ ਇਕੋ ਬੋਲਾ, ਅਨਬੋਲਤ ਰਾਗ ਅਲਾਈਆ। ਪੂਰਾ ਕਰ ਇਕਰਾਰ ਕੌਲਾ, ਕਰਤਾ ਕੀਮਤ ਦੇਵੇ ਪਾਈਆ। ਲੇਖਾ ਜਾਣ ਧਰਨੀ ਧੌਲਾ, ਧਵਲ ਦਏ ਵਡਿਆਈਆ। ਅੰਤਮ ਕਰਕੇ ਭਾਰ ਹੌਲਾ, ਸਿਰ ਆਪਣਾ ਹੱਥ ਟਿਕਾਈਆ। ਚੌਥੇ ਜੁਗ ਪੰਧ ਮੁਕਾ ਕੇ ਮੌਲਾ, ਮਾਰਗ ਅਗਲੇ ਦੇਵੇ ਪਾਈਆ। ਜਿਵੇਂ ਰਵਦਾਸ ਨੇ ਗੰਢਿਆ ਪੌਲਾ, ਪਾਹਨੀ ਢੋਰ ਬੰਧਾਈਆ। ਸੋ ਸਾਹਿਬ ਸਵਾਮੀ ਦਾ ਲਿਖਣਹਾਰਾ ਸੋਹਲਾ, ਸੋਹਣੀ ਬਣਤ ਬਣਾਈਆ। ਜਨ ਭਗਤਾਂ ਭਗਤੀ ਵਿਚੋਂ ਬਣ ਵਿਚੋਲਾ, ਵਿਚਲਾ ਲੇਖਾ ਦਏ ਉਠਾਈਆ। ਹੋਵੇ ਪਰਕਾਸ਼ ਸਾਢੇ ਤਿੰਨ ਹੱਥ ਕਾਇਆ ਖੋਲਾ, ਡੂੰਘੀ ਭਵਰ ਕਰੇ ਰੁਸ਼ਨਾਈਆ। ਦੋਹਾਂ ਲਹਿਣਾ ਚੁੱਕੇ ਪੜਦਾ ਓਹਲਾ, ਸਨਮੁਖ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਬਾਹਰ ਮਿਲਣ ਦਾ ਚੁਕੇ ਸ਼ੰਕਾ, ਸ਼ਰਅ ਵਿਚੋ ਵਿਚ ਸਮਝਾਈਆ । ਭੇਵ ਖੁਲ੍ਹਾਏ ਰਾਓ ਰੰਕਾ, ਰਈਅਤ ਇਕੋ ਇਕ ਬਣਾਈਆ। ਮਾਣ ਗਵਾਏ ਹਉਮੇ ਹੰਗਤਾ, ਹਰਿ ਹਿਰਦੇ ਦਏ ਵਸਾਈਆ। ਓਢਣ ਦੇ ਕੇ ਭੁੱਖਾ ਨੰਗਤਾ, ਗ਼ਰੀਬਾਂ ਹੋਏ ਸਹਾਈਆ। ਲਹਿਣਾ ਜਾਣੇ ਪੰਜ ਤਤ ਤਨ ਕਾ, ਮਨ ਮਤ ਬੁਧ ਖੋਜ ਖੋਜਾਈਆ। ਮਾਰਗ ਦਸਾਵੇ ਸਾਚੇ ਜਨ ਕਾ, ਜਾਗਰਤ ਜੋਤ ਕਰ ਰੁਸ਼ਨਾਈਆ। ਵੇਲਾ ਚੁੱਕੇ ਅਗਿਆਨ ਅੰਧੇਰ ਅੰਨ੍ਹ ਕਾ, ਅਨਨ ਪਰਕਾਰ ਕਰੇ ਰੁਸ਼ਨਾਈਆ। ਬੇੜਾ ਬੰਨ੍ਹੇ ਵਾਸਨਾ ਮਨ ਕਾ, ਦਹਿ ਦਿਸ਼ਾ ਨਾ ਕੋਇ ਹਲਕਾਈਆ। ਲੇਖਾ ਚੁਕੇ ਰਾਏ ਧਰਮ ਡੰਨ ਕਾ, ਚੁਰਾਸੀ ਗੇੜ ਨਾ ਕੋਇ ਭਵਾਈਆ। ਵਕਤ ਸੁਹੇਲਾ ਧੰਨ ਧੰਨ ਧੰਨ ਕਾ, ਧੰਨ ਧੰਨ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਾਹਰ ਮਿਲਣ ਦਾ ਚੁੱਕੇ ਝਗੜਾ, ਲੇਖਾ ਆਪ ਮਿਟਾਈਆ। ਮਾਰਗ ਦੱਸੇ ਪ੍ਰਭ ਜੀ ਅਗਲਾ, ਆਗਿਆ ਵਿਚ ਸਮਝਾਈਆ। ਜੀਵ ਜੰਤ ਕੋਈ ਰਹੇ ਨਾ ਪਗ਼ਲਾ, ਪਿੰਗਲ ਪਰਬਤ ਦਏ ਚੜ੍ਹਾਈਆ। ਪ੍ਰਭੂ ਲੱਭਣ ਨਾ ਜਾਏ ਕੋਈ ਵਣ ਜੰਗਲਾ, ਘਰ ਘਰ ਬੈਠਾ ਸੋਭਾ ਪਾਈਆ। ਦਿਵਸ ਰੈਣ ਕਰੇ ਚਾਰ ਮੰਗਲਾ, ਸ਼ਬਦੀ ਸ਼ਬਦ ਰਾਗ ਅਲਾਈਆ। ਸ਼ਰਅ ਸ਼ਰੀਅਤ ਪੰਜ ਤਤ ਤੰਦਲਾ, ਡੋਰੀ ਹੱਥ ਨਾ ਕੋਇ ਉਠਾਈਆ। ਧਾਮ ਮੁਕਾਮ ਵਖਾਵੇ ਅਗੰਮੀ ਬੰਗਲਾ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤ ਲਏ ਉਠਾਈਆ । ਬਾਹਰ ਮਿਲਣ ਦੀ ਮੁੱਕੇ ਆਸ, ਅੰਤਰ ਇਕ ਧਿਆਨ ਜਣਾਈਆ। ਭਗਤਾਂ ਪੂਰੀ ਕਰੇ ਖ਼ਾਹਿਸ਼, ਖ਼ਾਲਸ ਰੂਪ ਸਮਝਾਈਆ।

ਚਿੰਤਾ ਵਿਚ ਨਾ ਹੋਣਾ ਉਦਾਸ, ਗ਼ਮੀ ਵਿਚ ਨਾ ਕੋਇ ਘਬਰਾਈਆ। ਨੇਤਰ ਨੀਰ ਨਾ ਵਹਾਉਣਾ ਵਿਚ ਵਫ਼ਾਤ, ਮੌਤ ਵਿਚ ਨਾ ਕੋਇ ਜੁਦਾਈਆ। ਇਹ ਪ੍ਰਭ ਦਾ ਖੇਲ ਤਮਾਸ਼, ਜੁਗ ਜੁਗ ਵੇਖ ਵਖਾਈਆ। ਇਕੋ ਸਾਹਿਬ ਮਿਲਣ ਦੀ ਸਿਖਣੀ ਜਾਚ, ਅੰਦਰ ਵੜ ਕੇ ਧਿਆਨ ਲਗਾਈਆ। ਹੰਸ ਰੂਪ ਬਣਾਉਣਾ ਕਾਗ, ਕੂੜੀ ਕਿਰਿਆ ਮੈਲ ਧੁਆਈਆ। ਘਰ ਦੀਪਕ ਜੋਤ ਜਗਾਉਣਾ ਚਰਾਗ਼, ਅੰਧ ਅੰਧੇਰ ਮਿਟਾਈਆ। ਆਤਮ ਬਣਾਉਣਾ ਪਰਮਾਤਮ ਦਾਸ, ਦਾਸੀ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬਾਹਰ ਮਿਲਣ ਦਾ ਵੇਲਾ ਚੁਕੇ ਪਿਛਾ, ਪਿਛਲੀ ਕਹਾਣੀ ਦਏ ਬਦਲਾਈਆ। ਅੱਗੇ ਕਰੇ ਭਗਤਾਂ ਰਿਛਾ, ਰਿਛਿਆਵਾਨ ਸਹਿਜ ਸੁਖਦਾਈਆ। ਆਪਣੇ ਮਿਲਣ ਦੀ ਦੇ ਕੇ ਸਿੱਖਾ, ਸਿਕਦਾਰੀ ਸਾਚੀ ਦਏ ਸਮਝਾਈਆ। ਲੇਖੇ ਲਾਏ ਵੱਡਾ ਨਿੱਕਾ, ਬਿਰਧ ਬਾਲ ਜਵਾਨ ਇਕੋ ਘਰ ਬਹਾਈਆ। ਜਨ ਭਗਤਾਂ ਬਣ ਕੇ ਧੁਰ ਦਾ ਪਿਤਾ, ਪਤ ਰੱਖਣਹਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਖੋਜ ਖੋਜਾਈਆ । ਬਾਹਰ ਮਿਲਣ ਦਾ ਗਿਆ ਮਿਲਾਪ, ਮਿਲਣੀ ਜਗਦੀਸ਼ ਕਰਾਈਆ। ਹਰਿਜਨ ਬਣਾ ਕੇ ਆਪਣੀ ਜ਼ਾਤ, ਨੂਰ ਨੂਰ ਵਿਚੋਂ ਰੁਸ਼ਨਾਈਆ। ਗੋਪੀ ਕਾਹਨ ਬਣ ਕੇ ਪਾਵੇ ਰਾਸ, ਸੁਰਤੀ ਸ਼ਬਦੀ ਨਾਚ ਨਚਾਈਆ। ਰਮਈਆ ਹੋ ਕੇ ਵਸੇ ਪਾਸ, ਸਈਆ ਸੀਤਾ ਸੰਗ ਨਿਭਾਈਆ। ਪੈਗ਼ੰਬਰ ਹੋ ਕੇ ਦਏ ਨਜਾਤ, ਰਹਿਮਤ ਇਕ ਕਮਾਈਆ। ਸਤਿਗੁਰ ਹੋ ਕੇ ਬਖ਼ਸ਼ੇ ਦਾਤ, ਦੌਲਤ ਨਾਮ ਝੋਲੀ ਪਾਈਆ। ਗੁਰ ਗੁਰ ਹੋ ਕੇ ਰਿਹਾ ਆਖ, ਅੱਖਰਾਂ ਨਾਲ ਸਮਝਾਈਆ। ਸ਼ਾਹੀ ਕਲਮ ਨਾਲ ਕਰੇ ਬਾਤ, ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦੇ ਵਿਚੋਂ ਪੜਦਾ ਦਏ ਚੁਕਾਈਆ। ਬਾਹਰ ਮਿਲਣ ਦਾ ਚੁੱਕਿਆ ਪੜਦਾ, ਪਰਦੇ ਵਿਚੋਂ ਨਜ਼ਰੀ ਆਈਆ। ਜਨ ਭਗਤ ਉਧਾਰੇ ਕਲਜੁਗ ਸੜਦਾ, ਅਗਨੀ ਤਤ ਬੁਝਾਈਆ। ਭੇਵ ਖੁਲ੍ਹਾਏ ਆਪਣੇ ਘਰ ਦਾ, ਘਰ ਘਰ ਵਿਚ ਮੇਲ ਮਿਲਾਈਆ। ਦਰਸ ਕਰਾਵੇ ਇਕੋ ਨਰ ਦਾ, ਨਰਾਇਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਮਨਾਈਆ। ਬਾਹਰ ਮਿਲਣ ਦੀ ਮਿਟੇ ਰੁਚੀ, ਰਚਨਾ ਧੁਰ ਦੀ ਦਏ ਵਖਾਈਆ। ਜਨ ਭਗਤਾਂ ਆਤਮ ਕਰ ਕੇ ਸੁੱਚੀ, ਸਚ ਦਵਾਰੇ ਲਏ ਟਿਕਾਈਆ। ਉਜਲ ਕਰ ਕੇ ਮਾਤ ਮੁਖੀ, ਮੁਖੀਏ ਲਏ ਬਣਾਈਆ। ਭਾਗ ਲਗਾ ਕੇ ਮਾਤਾ ਕੁੱਖੀ, ਸਫ਼ਲ ਦਏ ਵਡਿਆਈਆ। ਪਿਛਲੀ ਮੰਜ਼ਲ ਸਭ ਦੀ ਚੁੱਕੀ, ਚੁਕੰਨੇ ਕਰਕੇ ਲਏ ਉਠਾਈਆ। ਸੁਰਤੀ ਰਹੇ ਨਾ ਕੋਈ ਸੁੱਤੀ, ਗੁਰਮੁਖ ਸੁੱਤੇ ਲਏ ਜਗਾਈਆ। ਮਤ ਦੇਵੇ ਨਾ ਕੋਈ ਪੁੱਠੀ, ਸਿੱਧਾ ਮਾਰਗ ਇਕ ਲਗਾਈਆ । ਭਾਗ ਲਗਾਵੇ ਉਲਟੇ ਰੁਖ਼ੀ, ਰੁਖ਼ ਆਪਣੇ ਵੱਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿ ਆਪਣੀ ਖੇਲ ਕਰਾਈਆ। ਬਾਹਰ ਮਿਲਣ ਦਾ ਚੁੱਕੇ ਸ਼ੌਕ, ਸ਼ੌਕੀਨ ਇਕੋ ਨਜ਼ਰੀ ਆਈਆ। ਜੋ ਆਦਿ ਜੁਗਾਦਿ ਕਦੇ ਨਾ ਗਿਆ ਔਂਤ, ਨਿਪੁੰਨਸਕ ਰੂਪ ਨਾ ਕੋਇ ਵਟਾਈਆ। ਜੋ ਸਦਾ ਸਵਾਮੀ ਸਭ ਦਾ ਖੌਂਤ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਸੋ ਸਾਚੇ ਸੰਤਾਂ ਵਖਾਏ ਆਪਣੀ ਮੌਜ, ਮੌਜੂਦਾ ਹੋ ਕੇ ਮਜਲਸ ਵਿਚ ਬਹਾਈਆ। ਕਲਜੁਗ ਅੰਤ ਮੁਕਾ ਕੇ ਔਧ, ਸਤਿਜੁਗ ਸਾਚੀ ਧਾਰ ਪਰਗਟਾਈਆ। ਸ੍ਰਿਸ਼ਟ ਸਬਾਈ ਚੁਕਾ ਕੇ ਕੂੜਾ ਰੋਗ, ਸਾਚਾ ਨਾਮ ਰੰਗ ਰੰਗਾਈਆ। ਚਿੰਤਾ ਗ਼ਮ ਮਿਟਾਏ ਸੋਗ, ਹਉਮੇ ਹੰਗਤਾ ਗੜ੍ਹ ਤੁੜਾਈਆ। ਨਾਮ

ਖ਼ੁਮਾਰੀ ਕਰ ਮਦਹੋਸ਼, ਮਧੁਰ ਧੁਨ ਸੁਣਾਈਆ। ਬਾਹਰੋਂ ਕਾਇਆ ਮਾਟੀ ਕੋਈ ਨਾ ਪੂਜੇ ਪੋਸ਼, ਅੰਤਰ ਸਤਿਗੁਰ ਸ਼ਬਦ ਇਕੋ ਇਕ ਦਏ ਦ੍ਰਿੜਾਈਆ। ਜਿਸ ਦਾ ਖੇਲ ਲੋਕ ਪਰਲੋਕ, ਦੋ ਜਹਾਨ ਖ਼ੁਸ਼ੀ ਮਨਾਈਆ। ਜਿਸ ਦਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਗਾਇਆ ਸਲੋਕ ਸੋਹਲਿਆਂ ਵਿਚ ਸਮਝਾਈਆ। ਉਸ ਦੇ ਕੋਲ ਨਾਮ ਭੰਡਾਰਾ ਥੋਕ, ਜੁਗ ਚੌਕੜੀ ਰਿਹਾ ਵਰਤਾਈਆ। ਜਨ ਭਗਤਾਂ ਦੇ ਕੇ ਆਪਣੀ ਓਟ, ਓੜਕ ਆਪਣੇ ਨਾਲ ਮਿਲਾਈਆ। ਮੇਲ ਮਿਲਾਵਾ ਨਿਰਮਲ ਜੋਤ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸੋਚੇ ਆਪਣੀ ਸੋਚ, ਦੂਜੀ ਸਮਝ ਨਾ ਕਿਸੇ ਸਮਝਾਈਆ।

੨੨ ਭਾਦਰੋਂ ੨੦੨੧ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਭੋਜੀਆਂ

ਸੋ ਪੁਰਖ ਨਿਰੰਜਣ ਸਾਹਿਬ ਸਮਰਥ, ਪਰਵਰਦਿਗਾਰ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਟੇਕਣ ਮੱਥ, ਸਚਖੰਡ ਦਵਾਰੇ ਸੀਸ ਝੁਕਾਈਆ। ਚਾਰ ਜੁਗ ਦੀ ਅਕਥ ਕਹਾਣੀ ਰਹੇ ਦੱਸ, ਪੂਰਬ ਲੇਖਾ ਰਹੇ ਸੁਣਾਈਆ। ਨਿਰਗੁਣ ਸਰਗੁਣ ਲੋਕਮਾਤ ਖੇਲ ਕਰ ਆਏ ਨੱਠ, ਬਣ ਪਾਂਧੀ ਪੰਧ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਮਾਰਗ ਆਏ ਦੱਸ, ਸ਼ਬਦ ਨਾਦ ਧੁਨ ਬ੍ਰਹਿਮੰਡ ਖੰਡ ਸ਼ਨਵਾਈਆ। ਆਤਮ ਪਰਮਾਤਮ ਦੇ ਕੇ ਆਏ ਸਾਚਾ ਹੱਕ, ਹਕੀਕਤ ਇਕੋ ਇਕ ਸਮਝਾਈਆ। ਤੇਰੇ ਮਿਲਣ ਦੀ ਖੋਲ੍ਹ ਕੇ ਆਏ ਅੱਖ, ਨਿਜ ਨੇਤਰ ਕਰ ਰੁਸ਼ਨਾਈਆ। ਅੰਮ੍ਰਿਤ ਆਤਮ ਝਿਰਨਾ ਆਏ ਝੱਟ, ਬੂੰਦ ਸਵਾਂਤੀ ਇਕ ਟਪਕਾਈਆ। ਸਤਿ ਧਰਮ ਦਾ ਖੋਲ੍ਹ ਕੇ ਆਏ ਹੱਟ, ਬਣ ਵਣਜਾਰੇ ਸੇਵ ਕਮਾਈਆ। ਭਾਗ ਲਗਾ ਕੇ ਆਏ ਕਾਇਆ ਸਾਢੇ ਤਿੰਨ ਹੱਥ ਮੱਟ, ਜੋਤੀ ਜੋਤ ਜੋਤ ਰੁਸ਼ਨਾਈਆ । ਨਾਮ ਨਿਧਾਨ ਲਗਾ ਕੇ ਆਏ ਸੱਟ, ਅਨਹਦ ਨਾਦੀ ਨਾਦ ਵਜਾਈਆ। ਮਿਹਰਵਾਨ ਹੋ ਕੇ ਪਤ ਆਏ ਰੱਖ, ਪਤਿਪਰਮੇਸ਼ਵਰ ਤੇਰਾ ਧਿਆਨ ਜਣਾਈਆ । ਅੱਖਰਾਂ ਵਿਚ ਸਿਫ਼ਤ ਸਾਲਾਹੀ ਗਾਇਆ ਜਸ, ਸੋਹਲਾ ਢੋਲਾ ਧੁਰ ਦਾ ਰਾਗ ਅਲਾਈਆ। ਵਾਕ ਭਵਿਖਤ ਚਾਰ ਵਰਨ ਅਠਾਰਾਂ ਬਰਨ ਚਾਰੇ ਖਾਣੀ ਆਏ ਦੱਸ, ਚਾਰੇ ਬਾਣੀ ਨਾਲ ਸਮਝਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਜਾਏ ਲੰਘ, ਕਲਜੁਗ ਅੰਤਮ ਵੱਜੇ ਵਧਾਈਆ। ਨਿਰਗੁਣ ਨਿਰਵੈਰ ਨਿਰਾਕਾਰ ਪੁਰਖ ਅਕਾਲ ਹੋਵੇ ਪਰਗਟ, ਜੋਤੀ ਜਾਤਾ ਪੁਰਖ ਬਿਧਾਤਾ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਨਿਤ ਨਵਿਤ ਲੱਖ ਚੁਰਾਸੀ ਵਸਣਹਾਰਾ ਘਟ ਘਟ, ਪੁਰੀ ਲੋਅ ਬ੍ਰਹਿਮੰਡ ਖੰਡ ਰਵ ਸਸ ਸੂਰਜ ਚੰਦ ਕਰੇ ਰੁਸ਼ਨਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਲਏ ਰੱਖ, ਗੁਰਮੁਖ ਗੁਰਸਿਖ ਗੁਰ ਗੁਰ ਗੋਦ ਉਠਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਦੇਵਣਹਾਰਾ ਮਤ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਸਾਚਾ ਵਰ, ਗੁਰ ਅਵਤਾਰ ਸੀਸ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦਵਾਰੇ, ਦਰਗਾਹ ਸਾਚੀ ਸੀਸ ਨਿਵਾਈਆ। ਕਿਰਪਾ ਕਰ ਪਰਵਰਦਿਗਾਰੇ, ਬੇਪਰਵਾਹ ਤੇਰੀ ਵਡਿਆਈਆ। ਜੁਗ ਚੌਕੜੀ ਵੇਖੇ ਤੇਰੇ ਨਜ਼ਾਰੇ, ਬੇਨਜ਼ੀਰ ਨਜ਼ਰ ਇਕ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਾਗਤ

ਕਲਮ ਲਿਖ ਲਿਖ ਹਾਰੇ, ਕਾਤਬ ਬੈਠੇ ਮੁਖ ਭਵਾਈਆ। ਕੋਟਨ ਕੋਟ ਸਿਫ਼ਤੀ ਤੇਰੇ ਨਾਮ ਵਿਚਾਰੇ, ਰਿਕਾਬਤ ਵਿਚ ਪਈ ਲੋਕਾਈਆ। ਊਚੀ ਕੂਕ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੇਰੇ ਲਾਏ ਨਾਅਰੇ, ਧੁਰ ਦਾ ਰਾਗ ਜਣਾਈਆ। ਅੰਤਰ ਆਤਮ ਪਰਮਾਤਮ ਪ੍ਰੀਤਮ ਮਾਹੀ ਇਕੋ ਪੁਕਾਰੇ, ਧੁਰ ਦੀ ਧਾਰ ਜਣਾਈਆ। ਲੇਖ ਲਿਖਤ ਭਵਿਖਤ ਰਸਨਾ ਜਿਹਵਾ ਕਰ ਵਿਚਾਰੇ, ਬੱਤੀ ਦੰਦ ਮਿਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਕਹਿਣ, ਸਚ ਦਵਾਰੇ ਨਾਮ ਜਣਾਈਆ। ਕਲਜੁਗ ਅੰਤਮ ਵੇਖ ਆਪਣੇ ਨੈਣ, ਨੇਤਰ ਲੋਚਨ ਆਪਣੀ ਅੱਖ ਖੁਲ੍ਹਾਈਆ। ਸਾਚਾ ਦਿਸੇ ਨਾ ਕੋਈ ਸੈਣ, ਸੱਜਣ ਬੈਠੇ ਮੁਖ ਭਵਾਈਆ। ਹਰਿ ਕਾ ਨਾਮ ਅੰਤਰ ਕੋਈ ਨਾ ਲੈਣ ਬੱਤੀ ਦੰਦ ਜਗਤ ਵਡਿਆਈਆ। ਕੋਈ ਨਾ ਚੁਕਾਵੇ ਲੈਣ ਦੇਣ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੱਗੇ ਹੋ ਹੋ ਝੁਕਦੇ, ਸੱਯਦਾ ਸੀਸ ਝੁਕਾਈਆ। ਹਉਂ ਠਾਕਰ ਸਵਾਮੀ ਤੇਰੇ ਬਰਦੇ, ਬੰਦਨਾ ਤੇਰੀ ਇਕੋ ਭਾਈਆ। ਤੂੰ ਲੇਖੇ ਜਾਣੇ ਘਰ ਘਰ ਦੇ, ਬ੍ਰਹਿਮੰਡ ਖੰਡ ਖੋਜ ਖੋਜਾਈਆ। ਪੀਰ ਪੈਗ਼ੰਬਰ ਤੇਰਾ ਨਾਮ ਢੋਲਾ ਪੜ੍ਹਦੇ, ਨਗ਼ਮਾ ਇਕੋ ਇਕ ਜਣਾਈਆ। ਗੁਰ ਅਵਤਾਰ ਗੋਲੇ ਤੇਰੇ ਦਰ ਦੇ, ਵਿਚੋਲੇ ਜਗਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦੋ ਜਹਾਨਾਂ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਸਤਿ, ਸਤਿ ਸਤਿਵਾਦੀ ਤੇਰੀ ਓਟ ਤਕਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਆਖ਼ਰ ਵੇਲਾ ਦਏ ਦੁਹਾਈਆ। ਨੌਂ ਖੰਡ ਪ੍ਰਿਥਮੀ ਦੀਪ ਸੱਤ, ਲੱਖ ਚੁਰਾਸੀ ਜੀਵ ਜੰਤ ਰਿਹਾ ਕੁਰਲਾਈਆ। ਤ੍ਰੈਗੁਣ ਮਾਇਆ ਤਪਿਆ ਮੱਠ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਫਿਰੀ ਦਰੋਹੀ ਚੌਦਾਂ ਤਬਕ ਚੌਦਾਂ ਲੋਕ ਹੱਟ, ਚੌਦਾਂ ਵਿਦਿਆ ਹੋਈ ਹਲਕਾਈਆ। ਆਤਮ ਸੇਜਾ ਸੋਹੇ ਨਾ ਕੋਈ ਸਾਚੀ ਖਾਟ, ਸਿੰਘਾਸਣ ਸੋਭਾ ਕੋਇ ਨਾ ਪਾਈਆ। ਮਨ ਵਾਸਨਾ ਮੁੱਕੇ ਨਾ ਕੋਇ ਵਾਟ, ਹਉਂਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਝਗੜਾ ਚੁੱਕੇ ਨਾ ਜ਼ਾਤ ਪਾਤ, ਗੋਬਿੰਦ ਗੁਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਤ, ਦਾਤਾ ਦਾਨੀ ਇਕੋ ਨਜ਼ਰੀ ਆਈਆ। ਸਚਖੰਡ ਦਵਾਰ ਤੇਰਾ ਨਿਵਾਸ, ਮੁਕਾਮੇ ਹੱਕ ਡੇਰਾ ਲਾਈਆ। ਮਹੱਲ ਅਟਲ ਵਿਚ ਤੇਰਾ ਮਹਿਰਾਬ, ਮਹਿਬੂਬ ਵਸੇਂ ਬੇਪਰਵਾਹੀਆ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਂਦਾ ਰਿਹੋਂ ਖ਼ਿਤਾਬ, ਸਿਰ ਮਸਤਕ ਹੱਥ ਟਿਕਾਈਆ। ਸੱਯਦਾ ਕਰਾਉਂਦਾ ਰਿਹੋਂ ਆਪਣਾ ਆਦਾਬ, ਨਮੋ ਨਮੋ ਸੀਸ ਝੁਕਾਈਆ। ਸ਼ਬਦ ਅਨਾਦ ਬ੍ਰਹਮ ਬ੍ਰਹਿਮਾਦ ਦੇਂਦਾ ਰਿਹੋਂ ਆਵਾਜ਼, ਧੁਰ ਦਾ ਰਾਗ ਅਲਾਈਆ। ਆਤਮ ਪਰਮਾਤਮ ਮਿਲ ਕੇ ਖੋਲ੍ਹਦਾ ਰਿਹੋਂ ਤਾਕ, ਪੜਦਾ ਓਹਲਾ ਪਰੇ ਹਟਾਈਆ। ਕਲਮਿਆਂ ਵਿਚੋਂ ਦੱਸਦਾ ਰਿਹੋਂ ਨਿਮਾਜ਼, ਹੁਜਰਿਆਂ ਵਿਚੋਂ ਹੱਕ ਹੱਕ ਸਮਝਾਈਆ। ਦੇਖਦਾ ਰਿਹੋਂ ਖੇਲ ਤਮਾਸ਼, ਜੁਗ ਚੌਕੜੀ ਫੇਰਾ ਪਾਈਆ। ਦੀਨ ਮਜ਼੍ਹਬ ਚਲਾਉਂਦਾ ਰਿਹੋਂ ਰਿਵਾਜ, ਜ਼ਾਤ ਪਾਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਤਿ ਸਚ ਤੇਰੀ ਸ਼ਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗ,

ਦਰ ਠਾਂਡੇ ਸੀਸ ਨਿਵਾਈਆ। ਕਿਰਪਾ ਕਰ ਸੂਰੇ ਸਰਬੰਗ, ਸੋ ਪੁਰਖ ਨਿਰੰਜਣ ਤੇਰੀ ਓਟ ਤਕਾਈਆ। ਹਰਿ ਪੁਰਖ ਨਿਰੰਜਣ ਲਾਉਣਾ ਅੰਗ, ਆਦਿ ਨਿਰੰਜਣ ਨੂਰ ਕਰ ਰੁਸ਼ਨਾਈਆ। ਏਕੰਕਾਰ ਸੂਰੇ ਸਰਬੰਗ, ਸ੍ਰੀ ਭਗਵਾਨ ਤੁਧ ਬਿਨ ਦੂਜਾ ਸੰਗ ਨਾ ਕੋਇ ਨਿਭਾਈਆ। ਅਬਿਨਾਸ਼ੀ ਕਰਤੇ ਦੀਨ ਮਜ਼੍ਹਬ ਜ਼ਾਤ ਪਾਤ ਵਿਚੋਂ ਢਾਉਣੀ ਕੰਧ, ਸਾਚਾ ਚੰਦ ਇਕੋ ਨੂਰ ਰੁਸ਼ਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਤਮ ਦੇਣਾ ਪਰਮਾਨੰਦ, ਨਿਜਾਨੰਦ ਰਸ ਚਖਾਈਆ। ਸਚ ਪ੍ਰੀਤੀ ਆਵੇ ਸੁਗੰਧ, ਦੁਰਗੰਧ ਰੂਪ ਨਾ ਕੋਇ ਵਟਾਈਆ। ਨਿਰਗੁਣ ਜੋਤ ਘਰ ਘਰ ਚੜ੍ਹਾਉਂਣਾ ਚੰਦ, ਦਿਵਸ ਰੈਣ ਹੋਵੇ ਰੁਸ਼ਨਾਈਆ। ਅੰਮ੍ਰਿਤ ਮੇਘ ਬਰਸ ਪਾਉਣੀ ਠੰਡ, ਅਗਨੀ ਤਤ ਬੁਝਾਈਆ। ਗੁਰਮੁਖਾਂ ਗੁਰਸਿਖਾਂ ਜਨਮ ਕਰਮ ਦੀ ਟੁੱਟੀ ਲੈਣੀ ਗੰਢ, ਗੰਢਣਹਾਰ ਗੋਪਾਲ ਸਵਾਮੀ ਤੇਰੇ ਹੱਥ ਵਡਿਆਈਆ। ਅੰਤਰ ਆਤਮ ਨਾ ਹੋਵੇ ਰੰਡ, ਹਰਿ ਜੂ ਕੰਤ ਆਪਣਾ ਆਪੇ ਮੇਲ ਮਿਲਾਈਆ। ਤੂੰ ਮੇਰਾ ਮੈਂ ਤੇਰਾ ਸਾਚਾ ਢੋਲਾ ਸੁਣਾਉਣਾ ਛੰਦ, ਸੰਸਾ ਰੋਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸੱਜਣ ਮੇਲਾ ਸਹਿਜ ਸੁਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਖੋਲ੍ਹ ਤਾਕੀ, ਤਾਕਤਵਰ ਇਕੋ ਨਜ਼ਰੀ ਆਈਆ । ਕਲਜੁਗ ਅੰਤਮ ਲਹਿਣਾ ਦੇਣਾ ਚੁੱਕੇ ਬਾਕੀ, ਸਦੀ ਵੀਹਵੀਂ ਰਹੀ ਕੁਰਲਾਈਆ। ਪੜਦਾ ਚੁੱਕ ਬੰਦਾ ਖ਼ਾਕੀ, ਖ਼ਾਲਕ ਖ਼ਲਕ ਦਏ ਸਮਝਾਈਆ । ਮਨ ਵਾਸਨਾ ਰਹੇ ਕੋਈ ਨਾ ਆਕੀ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਮੰਜ਼ਲ ਚੜ੍ਹਾ ਆਪਣੀ ਘਾਟੀ, ਨੌ ਦਵਾਰੇ ਪੰਧ ਮੁਕਾਈਆ। ਸ਼ਬਦ ਗੁਰੂ ਗੁਰਦੇਵ ਸਵਾਮੀ ਬਣਨਾ ਧੁਰ ਦਾ ਸਾਥੀ, ਪੰਜ ਤਤ ਚੋਲਾ ਕੰਮ ਕਿਸੇ ਨਾ ਆਈਆ। ਅੰਮ੍ਰਿਤ ਜਾਮ ਪਿਆਉਣਾ ਕਾਇਆ ਬਾਟੀ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਜਗਤ ਅੰਧੇਰਾ ਚੁੱਕੇ ਰੈਣ ਰਾਤੀ, ਸਤਿ ਸਚ ਚੰਦ ਕਰੇ ਰੁਸ਼ਨਾਈਆ। ਤੂੰ ਮਾਤ ਪਿਤ ਆਦਿ ਜੁਗਾਦਿ ਜੁਗ ਚੌਕੜੀ ਕਰੇਂ ਰਾਖੀ, ਰੱਖਕ ਹੋ ਕੇ ਸੇਵ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਮੰਨ ਆਖੀ, ਆਖ਼ਰ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਪੀਰ ਪੈਗ਼ੰਬਰ ਤੇਰਾ ਵੇਖਣ ਖੇਲ ਤਮਾਸ਼ੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚੇ ਭੇਵ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਚੁੱਕ ਪਰਦਾ, ਦੋ ਜਹਾਨਾਂ ਨਜ਼ਰੀ ਆਈਆ। ਟੁੱਟੇ ਮਾਣ ਹੰਕਾਰ ਝੂਠੇ ਗੜ੍ਹ ਦਾ, ਕੂੜੀ ਕਿਰਿਆ ਦਏ ਖਪਾਈਆ। ਵੇਖ ਲੇਖਾ ਚੋਟੀ ਜੜ੍ਹ ਦਾ, ਲੱਖ ਚੁਰਾਸੀ ਖੋਜ ਖੋਜਾਈਆ। ਭੇਵ ਮਿਟਾ ਸੀਸ ਧੜ ਦਾ, ਘਰ ਘਰ ਕਰ ਰੁਸ਼ਨਾਈਆ। ਤੇਰਾ ਰੂਪ ਨਰਾਇਣ ਨਰ ਦਾ, ਨਰ ਹਰਿ ਤੇਰੀ ਸਰਨਾਈਆ। ਤੇਰਾ ਕਲਮਾ ਨਬੀ ਰਸੂਲ ਪੜ੍ਹਦਾ, ਬਿਨ ਅੱਖਰਾਂ ਢੋਲਾ ਗਾਈਆ। ਗੁਰ ਅਵਤਾਰ ਤੈਥੋਂ ਡਰਦਾ, ਹੁਕਮੇ ਅੰਦਰ ਸੇਵ ਕਮਾਈਆ। ਤੂੰ ਮਾਲਕ ਸਾਚੇ ਘਰ ਦਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖ ਠੱਗ ਚੋਰ ਯਾਰ ਦਾ, ਕਲਜੁਗ ਆਪਣਾ ਫੇਰਾ ਪਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਮਾਰਨ ਤਾਅਨਾ, ਤਰਾਨਿਆਂ ਵਿਚ ਸੁਣਾਈਆ। ਕਿਰਪਾ ਕਰ ਸ੍ਰੀ ਭਗਵਾਨਾ, ਭਗਵਨ ਤੇਰੇ ਹੱਥ ਵਡਿਆਈਆ । ਸਤਿ ਧਰਮ ਦਾ ਝੁਲਾ ਇਕ ਨਿਸ਼ਾਨਾ, ਨੌਂ ਖੰਡ ਪ੍ਰਿਥਮੀ ਤੇਰੇ ਨਾਮ ਦੀ ਵੱਜੇ ਵਧਾਈਆ। ਚਾਰ ਵਰਨਾਂ ਅਠਾਰਾਂ ਬਰਨਾਂ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇ ਇਕ ਗਿਆਨਾ, ਮੰਤਰ ਇਕੋ ਇਕ ਦ੍ਰਿੜਾਈਆ। ਅੰਮ੍ਰਿਤ ਆਤਮ ਬਖ਼ਸ਼ ਪੀਣਾ ਖਾਣਾ, ਜਗਤ ਕੂੜੀ ਤ੍ਰਿਸ਼ਨਾ ਭੁੱਖ ਗਵਾਈਆ। ਅੰਤਰ

ਆਤਮ ਮਿਲਾ ਸਾਚਾ ਕਾਹਨਾ, ਸੁਰਤੀ ਸੀਤਾ ਰਾਮ ਲਏ ਪਰਨਾਈਆ। ਨਾਨਕ ਨਿਰਗੁਣ ਨਜ਼ਰੀ ਆਵੇ ਸ਼ਾਹ ਸੁਲਤਾਨਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਜੋਧੇ ਸੂਰਬੀਰ ਮਰਦ ਮਰਦਾਨਾ, ਜਗਤ ਮਰਦਾਨਗੀ ਇਕ ਪਰਗਟਾਈਆ। ਲੇਖਾ ਚੁਕਾ ਜਗਤ ਜਹਾਨਾ, ਜੀਵ ਜੰਤ ਰਹੇ ਕੁਰਲਾਈਆ । ਚਾਰੋਂ ਕੁੰਟ ਹੋਣ ਹੈਰਾਨਾ, ਦਹਿ ਦਿਸ਼ਾ ਧੀਰ ਨਾ ਕੋਇ ਧਰਾਈਆ। ਭਰਮੇ ਭੁੱਲਾ ਰਾਜਾ ਰਾਣਾ, ਰਈਅਤ ਰੰਗ ਨਾ ਕੋਇ ਵਖਾਈਆ। ਰਾਹ ਤੱਕਣ ਗੁਰ ਅਵਤਾਰ ਪੀਰ ਪੈਗ਼ੰਬਰ ਪਰਮ ਪੁਰਖ ਪਰਮਾਤਮ ਵਰਤਾ ਆਪਣਾ ਭਾਣਾ, ਸਦ ਭਾਣੇ ਵਿਚ ਸਰਬ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਗਹਿਰ ਗੰਭੀਰ, ਗਵਰ ਤੇਰੀ ਓਟ ਤਕਾਈਆ। ਪਰਗਟ ਹੋ ਬਿਨਾ ਤਤ ਸ਼ਰੀਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਵੇਖ ਵੇਲਾ ਅੰਤ ਅਖ਼ੀਰ, ਮੰਜ਼ਲ ਚੜ੍ਹ ਕੇ ਅੱਖ ਖੁਲ੍ਹਾਈਆ। ਮਾਂਗਤ ਹੋਏ ਪੀਰ ਫ਼ਕੀਰ, ਸਾਧ ਸੰਤ ਦੇਣ ਦੁਹਾਈਆ। ਕਟੇ ਕੋਈ ਨਾ ਸ਼ਰਅ ਜ਼ੰਜੀਰ, ਸ਼ਰੀਅਤ ਵਿਚ ਸਰਬ ਲੜਾਈਆ। ਕਲਜੁਗ ਜੀਵਾਂ ਬਦਲ ਦਏ ਤਕਦੀਰ, ਤਦਬੀਰ ਆਪਣੀ ਇਕ ਸਮਝਾਈਆ। ਭਾਈਆਂ ਨਾਲ ਮਿਲਾਵੇ ਵੀਰ, ਚਾਰ ਵਰਨ ਕਰ ਕੁੜਮਾਈਆ । ਲੇਖਾ ਚੁੱਕੇ ਸ਼ਾਹ ਹਕੀਰ, ਊਚ ਨੀਚ ਇਕੋ ਘਰ ਵਸਾਈਆ। ਤੇਰੇ ਨਾਮ ਦੀ ਭੁੱਲ ਗਏ ਸਾਚੀ ਬੀੜ, ਬੇੜਾ ਆਪਣਾ ਰਹੇ ਰੁੜ੍ਹਾਈਆ। ਹਉਮੇ ਹੰਗਤਾ ਘਰ ਘਰ ਲੱਗੀ ਪੀੜ, ਸਚ ਤਬੀਬ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖਣਾ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਠਾਕਰ ਸਵਾਮੀ ਆ, ਪਰਵਰਦਿਗਾਰ ਤੇਰੀ ਓਟ ਤਕਾਈਆ। ਨਿਰਗੁਣ ਹੋ ਕੇ ਬਣ ਮਲਾਹ, ਸਰਗੁਣ ਬੇੜਾ ਕੰਧ ਉਠਾਈਆ। ਭਗਤ ਜਨ ਧਿਆਨ ਰਹੇ ਲਗਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਵਣ ਕੂਟੇ ਆਵੇ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਡੁੱਬਦੇ ਪਾਥਰ ਲਏ ਤਰਾ, ਪਾਹਨ ਆਪਣਾ ਚਰਨ ਛੁਹਾਈਆ। ਕੂੜੀ ਕਿਰਿਆ ਮੁਰਦੇ ਲਏ ਜਵਾ, ਅੰਮ੍ਰਿਤ ਅੰਤਰ ਮੇਘ ਬਰਸਾਈਆ। ਰੁੜ੍ਹਦੇ ਜਾਂਦੇ ਲਏ ਬਚਾ, ਨਈਆ ਨੌਕਾ ਨਾਮ ਚੜ੍ਹਾਈਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਈਆ। ਸਤਿਗੁਰ ਹੋ ਕੇ ਪਕੜੇ ਬਾਂਹ, ਸਵਾਮੀ ਹੋ ਕੇ ਗੋਦ ਉਠਾਈਆ। ਧੁਰ ਦਾ ਮਾਲਕ ਬਣ ਕੇ ਪਿਤਾ ਮਾਂ, ਬਾਲ ਅੰਞਾਣੇ ਲਏ ਬਚਾਈਆ। ਗੁਰ ਗੋਬਿੰਦ ਲੇਖਾ ਲਿਖ ਕੇ ਗਿਆ ਸਹਿਜ ਸੁਭਾ, ਮਾਣ ਦੇਵੇ ਕਲਮ ਸ਼ਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰਾ ਪਿਤਾ ਪੁਰਖ ਅਕਾਲ ਜਾਵੇ ਆ, ਆਜ਼ਜ਼ ਗ਼ਰੀਬ ਨਿਮਾਣੇ ਲਏ ਉਠਾਈਆ। ਸਚ ਦਵਾਰੇ ਸੰਬਲ ਡੇਰਾ ਲਏ ਲਾ, ਬੰਕ ਦਵਾਰਾ ਇਕੋ ਇਕ ਵਖਾਈਆ। ਜਿਸ ਨੂੰ ਜਨਮੇ ਨਾ ਕੋਈ ਮਾਂ, ਪਿਤਾ ਗੋਦ ਨਾ ਕੋਇ ਉਠਾਈਆ। ਜਿਸ ਦਾ ਅੱਖਰਾਂ ਵਿਚੋਂ ਲੱਭੇ ਨਾ ਨਾਂ, ਅਲਿਫ਼ ਯੇ ਨਾ ਸਿਫ਼ਤ ਸਾਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਵੇਖ ਆਪਣਾ ਘਰ, ਗ੍ਰਹਿ ਮੰਦਰ ਕੁੰਡਾ ਲਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਆਖਣ ਉਠ ਪ੍ਰਭ, ਪ੍ਰਭੂ ਤੇਰੇ ਹੱਥ ਵਡਿਆਈਆ। ਕਲਜੁਗ ਵੇਖ ਕਿਨਾਰਾ ਹੱਦ, ਹਦੂਦ ਆਪਣਾ ਪੰਧ ਮੁਕਾਈਆ। ਚਾਰ ਕੁੰਟ ਨੌ ਖੰਡ ਪ੍ਰਿਥਮੀ ਸੱਤ ਦੀਪ ਅੰਤਰ ਆਤਮ ਗਾਏ ਨਾ ਕੋਇ ਤੇਰੇ ਛੰਦ, ਵਹਿਣਾ ਵਿਚ ਸਰਬ ਲੋਕਾਈਆ। ਕਾਮ ਕਰੋਧ ਲੋਭ ਮੋਹ ਘਰ ਘਰ ਵਸਿਆ ਗੰਦ, ਸੁਗੰਧ ਤਨ ਨਾ ਕੋਇ ਮਹਿਕਾਈਆ। ਤੇਰੀ ਆਤਮ ਬਿਨ ਤੇਰੇ ਹੋਈ ਰੰਡ, ਕੰਤ ਸੁਹਾਗ ਨਾ ਕੋਇ ਹੰਢਾਈਆ। ਘਰ ਮਿਲੇ ਨਾ ਕੋਈ ਅਨੰਦ,

ਚੰਦ ਦੀਪ ਨਾ ਕੋਇ ਰੁਸ਼ਨਾਈਆ। ਫਿਰੀ ਦਰੋਹੀ ਵਿਚ ਵਰਭੰਡ, ਬ੍ਰਹਿਮੰਡ ਦੇਣ ਦੁਹਾਈਆ। ਦੱਸ ਕੇ ਗਿਆ ਭੇਵ ਅਨੋਖਾ ਗੁਜਰੀ ਚੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਆਪਣਾ ਦਰ, ਦਰ ਦਰਵੇਸ਼ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪਭੂ ਆਦੇਸ਼, ਆਦਰਸ਼ ਤੇਰਾ ਨਜ਼ਰੀ ਆਈਆ। ਚਰਨ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਕਰੋੜ ਤੇਤੀਸਾ ਸੁਰਪਤ ਧੂੜੀ ਖ਼ਾਕ ਰਮਾਈਆ । ਤੂੰ ਆਦਿ ਜੁਗਾਦਿ ਜੁਗ ਚੌਕੜੀ ਰਹੇਂ ਹਮੇਸ਼, ਜਨਮ ਮਰਨ ਆਪਣੀ ਖੇਲ ਰਚਾਈਆ। ਤੇਰਾ ਨਾ ਕੋਈ ਮੁੱਛ ਦਾਹੜੀ ਨਾ ਕੇਸ, ਮੂੰਡ ਮੁੰਡਾਇਆ ਨਜ਼ਰ ਕਿਸੇ ਨਾ ਆਈਆ। ਸਦ ਵਸੇਂ ਅਗੰਮੜੇ ਦੇਸ, ਸਚਖੰਡ ਸਾਚੇ ਸੋਭਾ ਪਾਈਆ। ਤਖ਼ਤ ਨਿਵਾਸੀ ਬਣ ਨਰੇਸ਼, ਦੋ ਜਹਾਨਾਂ ਹੁਕਮ ਚਲਾਈਆ। ਗੁਰ ਅਵਤਾਰ ਪੈਗ਼ੰਬਰ ਭੇਜ, ਪੀਰਾਂ ਕਰੇਂ ਪੜ੍ਹਾਈਆ। ਜੋਤੀ ਜਲਵਾ ਦੇ ਕੇ ਤੇਜ, ਸ਼ਬਦੀ ਨਾਦ ਧੁਨ ਸ਼ਨਵਾਈਆ। ਅੱਖਰਾਂ ਵੱਖਰ ਲਿਖਾਏ ਲੇਖ, ਖਾਣੀ ਬਾਣੀ ਬਾਹਰ ਪੜ੍ਹਾਈਆ। ਮੁਰੀਦ ਮੁਰਸ਼ਦਾਂ ਬਣਾ ਕੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਸਦ ਵਸੇ ਨੇਤਨ ਨੇਤ, ਦੂਰ ਦੁਰਾਡਾ ਆਪਣਾ ਡੇਰਾ ਲਾਈਆ। ਨਿਰਗੁਣ ਹੋ ਕੇ ਲੱਖ ਚੁਰਾਸੀ ਰਿਹਾ ਵੇਖ, ਸਰਗੁਣ ਹੋ ਕੇ ਸਾਚੀ ਕਾਰ ਕਮਾਈਆ। ਜਨ ਭਗਤਾਂ ਦੱਸੇਂ ਆਪਣਾ ਭੇਤ, ਬੰਦ ਕਿਵਾੜੀ ਕੁੰਡਾ ਪਰੇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਵੇਲਾ ਵਕਤ ਤੇਰਾ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਧਿਆਨ, ਚਾਕਰ ਬਰਦੇ ਮਸਕੀਨ ਲਗਾਈਆ । ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਸਤਿ ਨਿਵਾਸੀ ਇਕ ਅਖਵਾਈਆ। ਜੁਗ ਚੌਕੜੀ ਤੇਰਾ ਪੈਗ਼ਾਮ, ਅੱਖਰਾਂ ਵਿਚ ਸਿਫ਼ਤ ਸਾਲਾਹੀਆ। ਦੂਜਾ ਨਿਰਗੁਣ ਤੇਰਾ ਨਿਜ਼ਾਮ, ਨੌਬਤ ਨਾਮ ਵਜੇ ਬੇਪਰਵਾਹੀਆ। ਦਰ ਬਰਦੇ ਕਰੀਏ ਸਲਾਮ, ਅਲੈਕਮ ਤੇਰੀ ਸਿਫ਼ਤ ਸਾਲਾਹੀਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਕਲਜੁਗ ਵੇਲਾ ਅੰਤਮ ਆਈਆ। ਜੂਠ ਝੂਠ ਹੋਇਆ ਪਰਧਾਨ, ਕੂੜੀ ਕਿਰਿਆ ਘਰ ਘਰ ਡੇਰਾ ਲਾਈਆ। ਨੌ ਦਵਾਰ ਫਿਰੇ ਸ਼ੈਤਾਨ, ਮਨ ਵਾਸਨਾ ਹੋਏ ਹਲਕਾਈਆ। ਸਾਚਾ ਨਜ਼ਰ ਨਾ ਆਏ ਕਿਸੇ ਇਮਾਮ, ਸਤਿਗੁਰ ਮੇਲ ਨਾ ਕੋਇ ਮਿਲਾਈਆ। ਤੇਰੀ ਸ੍ਰਿਸ਼ਟੀ ਬਿਨ ਤੇਰੀ ਦ੍ਰਿਸ਼ਟੀ ਹੋਈ ਬੇਪਹਿਚਾਨ, ਇਸ਼ਟੀ ਇਸ਼ਟ ਨਾ ਕੋਇ ਸਹਾਈਆ। ਕਰ ਕਿਰਪਾ ਨੌਜਵਾਨ, ਤੁਧ ਬਿਨ ਦੂਜਾ ਹੋਏ ਨਾ ਕੋਇ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਵੇਖ ਆਪਣਾ ਘਰ, ਗ੍ਰਹਿ ਮੰਦਰ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਚੇ ਭਗਵੰਤ, ਭਗਵਨ ਤੇਰੇ ਹੱਥ ਵਡਿਆਈਆ। ਤੂੰ ਸਾਹਿਬ ਸਵਾਮੀ ਸੱਚਾ ਕੰਤ, ਕਰਨਹਾਰ ਇਕ ਅਖਵਾਈਆ। ਕਲਜੁਗ ਵੇਖ ਜੀਵ ਜੰਤ, ਭਰਮੇ ਭੁੱਲੀ ਸਰਬ ਲੋਕਾਈਆ। ਕੋਈ ਨਾ ਗਾਵੇ ਅੰਤਰ ਮੰਤ, ਮੰਤਵ ਹੱਲ ਨਾ ਕੋਇ ਵਖਾਈਆ। ਕੂੜੀ ਕਿਰਿਆ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਰਾਹ ਤਕਦੇ ਸਵਰਗ ਬਹਿਸ਼ਤ ਜੱਨਤ, ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਬੋਧ ਅਗਾਧ ਕੋਈ ਨਜ਼ਰ ਨਾ ਆਵੇ ਪੰਡਤ, ਆਤਮ ਬੋਧ ਨਾ ਕੋਇ ਸਮਝਾਈਆ। ਜੋ ਦਿਸੇ ਸੋ ਦਰ ਦਰ ਮੰਗਤ, ਖ਼ਾਲੀ ਝੋਲੀ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰਾ ਵੇਸ ਅਵੱਲਾ, ਨਿਰਗੁਣ ਸਮਝ ਕੋਇ ਨਾ ਪਾਈਆ। ਆਦਿ ਜੁਗਾਦਿ ਫਿਰੇਂ ਇਕੱਲਾ, ਜੁਗ ਚੌਕੜੀ ਵੇਸ ਵਟਾਈਆ। ਤੇਰਾ ਖੇਲ ਜਲਾਂ ਥਲਾਂ, ਘਟ ਘਟ ਰਿਹਾ ਸਮਾਈਆ।

ਸਤਿਜੁਗ ਤ੍ਰੇਤਾ ਦੁਆਪਰ ਕਲਜੁਗ, ਨਵ ਨੌ ਚਾਰ ਫੜਾਵੇਂ ਪੱਲਾ, ਪੱਲੂ ਆਪਣੇ ਗੰਢ ਪਵਾਈਆ। ਘਟ ਘਟ ਮੰਦਰ ਦੀਪਕ ਤੇਰੀ ਜੋਤ ਬਲਾ, ਗ੍ਰਹਿ ਗ੍ਰਹਿ ਕਰੇ ਰੁਸ਼ਨਾਈਆ। ਨਿਤ ਨਵਿਤ ਅਛਲ ਅਛੱਲਾ, ਵਲਛਲਧਾਰੀ ਆਪਣੀ ਖੇਲ ਰਚਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਮਹਲ ਅਟਲ ਉਚ ਅਗੰਮ ਅਥਾਹ ਇਕੋ ਮੱਲਾ, ਜਿਸ ਦਾ ਮਾਲਕ ਹੋ ਕੇ ਹੁਕਮ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਵੈਰ ਆਪਣੀ ਧਾਰ ਜਣਾਈਆ। ਨਿਰਵੈਰ ਪੁਰਖ ਪੁਰਖ ਅਕਾਲ, ਅਕਲ ਕਲ ਤੇਰੀ ਵਡਿਆਈਆ। ਸਚ ਸਵਾਮੀ ਦੀਨ ਦਿਆਲ, ਦਿਆਲਤਾ ਤੇਰੀ ਸਭ ਨੂੰ ਭਾਈਆ। ਕਲਜੁਗ ਅੰਤਮ ਆ ਕੇ ਵਕਤ ਸੰਭਾਲ, ਸੰਬਲ ਰੰਗ ਰੰਗਾਈਆ। ਕੂੜੀ ਕਿਰਿਆ ਦੇ ਨਿਕਾਲ, ਲੋਕਮਾਤ ਨਜ਼ਰ ਨਾ ਆਈਆ। ਸਰਗੁਣ ਬਣ ਆਪ ਦਲਾਲ, ਨਿਰਗੁਣ ਸੇਵ ਕਮਾਈਆ। ਜੋਤੀ ਜਲਵਾ ਦੇ ਜਲਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਤੇਈ ਅਵਤਾਰ ਕਰਨ ਪ੍ਰਨਾਮ, ਨਮੋ ਨਮੋ ਸੀਸ ਨਿਵਾਈਆ। ਈਸਾ ਮੂਸਾ ਮੁਹੰਮਦ ਕਰੇ ਸਲਾਮ, ਸਯਦਿਆਂ ਵਿਚ ਵਡਿਆਈਆ। ਨਾਨਕ ਗੋਬਿੰਦ ਕਹੇ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਸਚ ਸਰਨਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣੀ ਕਾਰ ਕਮਾਈਆ। ਸਦੀ ਵੀਹਵੀਂ ਕਰ ਪਰਵਾਨ, ਪਰਵਾਨਾ ਤੇਰਾ ਸਾਰੇ ਰਹੇ ਵਖਾਈਆ। ਸ਼ਬਦ ਅਗੰਮੀ ਆ ਮੈਦਾਨ, ਮਰਦ ਮਰਦਾਨਾ ਵੇਸ ਵਟਾਈਆ। ਸਾਚੇ ਸੰਤਾਂ ਗੁਰਮੁਖਾਂ ਗੁਰਸਿਖਾਂ ਆਪਣੀ ਦਏ ਪਹਿਚਾਨ, ਮੁਖ ਨਕਾਬ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰੀ ਓਟ, ਓੜਕ ਇਕ ਧਿਆਨ ਲਗਾਈਆ। ਤੂੰ ਦਾਤਾ ਮਾਲਕ ਨਿਰਮਲ ਜੋਤ, ਤੇਰਾ ਨੂਰ ਜੋਤ ਰੁਸ਼ਨਾਈਆ। ਤੇਰੇ ਲੱਭਣ ਦੀ ਕਿਸੇ ਕੋਲ ਨਹੀਂ ਸੋਚ, ਸੋਚ ਵਿਚ ਕਦੇ ਨਾ ਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰਹੇ ਲੋਚ, ਲੋਚਾ ਅੰਤਮ ਪੂਰ ਕਰਾਈਆ। ਤੇਰਾ ਭਾਣਾ ਪ੍ਰਭੂ ਕੋਈ ਨਾ ਸਕੇ ਰੋਕ, ਰੁਕਾਵਟ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਕੱਢ ਖੋਟ, ਸਚ ਸੁੱਚ ਸਤਿ ਸਮਾਈਆ। ਸ਼ਬਦ ਨਗਾਰੇ ਪੰਜ ਤਤ ਲਗਾ ਚੋਟ, ਸੋਈ ਸੁਰਤ ਦਏ ਉਠਾਈਆ। ਪੜਦਾ ਚੁੱਕੇ ਚੌਦਾਂ ਲੋਕ, ਪਰਲੋਕ ਦਰ ਦਰ ਨਜ਼ਰੀ ਆਈਆ। ਆਤਮ ਪਰਮਾਤਮ ਦੱਸ ਸਲੋਕ, ਸੋਹਲਾ ਸਚ ਸੁਣਾਈਆ । ਘਰ ਸਵਾਮੀ ਵੇਖ ਚੋਜ, ਚੋਜੀ ਪ੍ਰੀਤਮ ਹੋ ਕੇ ਲਏ ਮਿਲਾਈਆ। ਝਗੜਾ ਚੁੱਕੇ ਵਰਨ ਗੋਤ, ਦੀਨ ਮਜ਼੍ਹਬ ਸਾਚਾ ਧਰਮ ਇਕੋ ਤੂੰ ਹੀ ਨਜ਼ਰੀ ਆਈਆ। ਭਾਗ ਲਗਾਉਣਾ ਕਾਇਆ ਕੱਪੜ ਕੋਟ, ਕੋਟਨ ਕੋਟ ਸਹਿੰਸੇ ਦੇਣੇ ਮਿਟਾਈਆ। ਕਲਜੁਗ ਜੀਵ ਆਲ੍ਹਣਿਉਂ ਡਿਗੇ ਬੋਟ, ਤੁਧ ਬਿਨ ਅੰਤ ਨਾ ਕੋਇ ਉਠਾਈਆ। ਇਕੋ ਤੇਰੇ ਹੱਥ ਪਹੁੰਚ, ਜੋ ਪਤਤ ਪਾਪੀ ਪੁਨੀਤ ਕਰਕੇ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋ ਕੇ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਹਰਿ ਹਰਿ ਬਹੁੜ, ਬਹੁੜੀ ਬਹੁੜੀ ਕਰੇ ਲੋਕਾਈਆ। ਕਲਜੁਗ ਮਿੱਠਾ ਰਸ ਹੋਇਆ ਕੌੜ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਤੇਰੇ ਮਿਲਣ ਦਾ ਸਾਚਾ ਕੋਈ ਨਾ ਕਰੇ ਗ਼ੌਰ, ਗ਼ੈਰਤ ਛੱਡੀ ਸਰਬ ਲੋਕਾਈਆ। ਮਨ ਵਾਸਨਾ ਰਹੇ ਦੌੜ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਉਚੀ ਕੂਕਣ ਪਾਵਣ ਸ਼ੋਰ, ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਤੇਰਾ ਫੁਰਨਾ ਸਮਝੇ ਕੋਈ ਨਾ ਫੋਰ, ਪੜਦਾ ਦੂਈ ਨਾ ਕੋਇ ਉਠਾਈਆ। ਸਦੀ ਚੌਧਵੀਂ ਪੀਰ ਪੈਗ਼ੰਬਰ ਕਹਿਣ ਤੇਰੀ ਲੋੜ, ਈਸਾ ਮੂਸਾ ਮੁਹੰਮਦ

ਧਿਆਨ ਲਗਾਈਆ। ਮਕਬਰਿਆਂ ਵਿਚੋਂ ਹੋਕਾ ਦੇਵੇ ਗੋਰ, ਗੋਰ ਵਿਚੋਂ ਹੋਰ ਤੂਹੀ ਤੂਹੀ ਰਾਗ ਅਲਾਈਆ। ਕਿਸੇ ਕੰਮ ਨਾ ਆਉਣੇ ਕੂੜੇ ਜਗਤ ਮਜੌਰ, ਮਜਲਸ ਮਿਲੇ ਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਾਂ ਨਾਥ ਦਇਆ ਕਮਾਈਆ। ਦੀਨਾਂ ਨਾਥ ਆ ਦੀਨਣ, ਦਿਆਲ ਤੇਰੀ ਸਰਨਾਈਆ। ਜਨ ਭਗਤ ਕੁਰਲਾਵਣ ਦਰ ਮਸਕੀਨਣ, ਨੇਤਰ ਨੈਣਾਂ ਨੀਰ ਵਹਾਈਆ। ਦਰ ਬਰਦੇ ਹੋਏ ਅਧੀਨਣ, ਛੁੱਟੀ ਮਾਣ ਵਡਿਆਈਆ। ਅੰਤਰ ਆਤਮ ਤੇਰਾ ਨਾਮ ਚੀਨਣ, ਚਿੰਤਾ ਰੋਗ ਗਵਾਈਆ। ਤੇਰਾ ਮਾਰਗ ਸਦਾ ਮਹੀਨਣ, ਬਾਰੀਕ ਧਾਰ ਦਏ ਸਮਝਾਈਆ। ਲੇਖਾ ਛੁਟੇ ਲੋਕ ਤੀਨਣ, ਤ੍ਰਿਲੋਕੀ ਨਾਥ ਕੋਟਨ ਬੈਠੇ ਸੀਸ ਨਿਵਾਈਆ। ਤੂੰ ਸਾਹਿਬ ਸੁਲਤਾਨ ਸ਼ਹਿਨਸ਼ਾਹ ਵਡ ਸ਼ੌਕੀਨਣ, ਵਾਲੀ ਦੋ ਜਹਾਨ ਅਖਵਾਈਆ। ਕੋਈ ਮਿਸਾਲ ਨਾ ਦੇਵੇ ਜਲ ਮੀਨਨ, ਤੇਰਾ ਬਿਰਹੋਂ ਰੋਗ ਨਜ਼ਰ ਕਿਸੇ ਨਾ ਆਈਆ। ਤੇਰਾ ਲੇਖਾ ਨਰ ਮਦੀਨਣ, ਮਰਦ ਮਰਦਾਨੇ ਤੇਰੀ ਵਡ ਵਡਿਆਈਆ। ਤੇਰਾ ਰੰਗ ਅਗੰਮੜਾ ਭੀਨਨ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਦਏ ਖਪਾਈਆ। ਕਲਜੁਗ ਕੂੜੀ ਕਿਰਿਆ ਦਏ ਖਪਾ, ਖ਼ਾਲਕ ਖ਼ਲਕ ਵੇਖ ਵਖਾਈਆ। ਨੇਤਰ ਲੋਚਣ ਖੋਲ੍ਹ ਵੇਖ ਅੱਖਾਂ, ਆਖ਼ਰ ਮੰਜ਼ਲ ਪੰਧ ਮੁਕਾਈਆ। ਸੱਜਣ ਸੈਣ ਕੋਈ ਨਾ ਰਿਹਾ ਸਖ਼ਾ, ਪਿਤਾ ਪੂਤ ਝਗੜਾ ਕਰੇ ਲੜਾਈਆ। ਗੁਰਮਤ ਰਹੀ ਕੋਈ ਨਾ ਮੱਤਾ, ਮਨਮਤ ਬੈਠੀ ਡੇਰਾ ਲਾਈਆ। ਧੀਰਜ ਮੁੱਕਿਆ ਸਭ ਦਾ ਜਤਾ, ਸਾਧ ਸੰਤ ਕਲਜੁਗ ਧੀਆਂ ਭੈਣਾਂ ਰਹੇ ਤਕਾਈਆ। ਕੂੜੀ ਕਿਰਿਆ ਵੇਖ ਬਾਜ਼ੀਗਰ ਨਟਾ, ਸ਼ਾਹ ਸੁਲਤਾਨਾਂ ਘਰ ਨਾਚ ਨਚਾਈਆ। ਭੇਵ ਚੁੱਕੇ ਨਾ ਤੱਤਾਂ ਅੱਠਾਂ, ਮਨ ਮਤ ਬੁਧ ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਸਮਝ ਨਾ ਸਕੇ ਕੋਇ ਸਮਝਾਈਆ। ਜਗਤ ਸ਼ੈਤਾਨ ਨੌ ਦਵਾਰੇ ਫਿਰੇ ਨੱਠਾ, ਭੱਜੇ ਬਣ ਕੇ ਪਾਂਧੀ ਰਾਹੀਆ। ਤੇਰੇ ਦਵਾਰੇ ਸੱਥਰ ਕਿਸੇ ਨਾ ਘੱਤਾ, ਬਿਨ ਗੋਬਿੰਦ ਸੰਦੇਸ਼ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖਣਾ ਚਾਰੋਂ ਕੁੰਟ, ਲੋਕਮਾਤ ਧਿਆਨ ਲਗਾਈਆ। ਕਿਰਪਾ ਕਰ ਨਾਥ ਬੈਕੁੰਠ, ਸਚਖੰਡ ਨਿਵਾਸੀ ਤੇਰੀ ਬੇਪਰਵਾਹੀਆ। ਮਮਤਾ ਮੋਹ ਚਾਰ ਕੁੰਟ, ਦਹਿ ਦਿਸ਼ਾ ਹੋਈ ਹਲਕਾਈਆ। ਝਗੜਾ ਪਿਆ ਜੰਜੂ ਬੋਧੀ ਸੁਨਤ, ਸਾਖਿਆਤ ਸਤਿ ਸਰੂਪ ਗੁਰਮੁਖ ਨਜ਼ਰ ਕੋਇ ਨਾ ਆਈਆ। ਸਤਿਜੁਗ ਸਾਚੀ ਕਰ ਉਨਤ, ਬਣਤ ਆਪਣੀ ਦਏ ਸਮਝਾਈਆ। ਸੀਸ ਮੁੰਡਾਏ ਨਾ ਕੋਈ ਸੁਨਤ, ਚੋਟੀ ਸਕੇ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਬਣ ਕੇ ਆਪਣਾ ਫੇਰਾ ਪਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਸਤਿਗੁਰ, ਸੋਈ ਸੁਰਤੀ ਦੇ ਜਗਾਈਆ। ਤੇਰਾ ਲਹਿਣਾ ਦੇਣਾ ਕਲਜੁਗ ਅੰਤਮ ਧੁਰ, ਧੁਰ ਮਸਤਕ ਵੇਖ ਵਖਾਈਆ। ਕਿਉਂ ਸਚਖੰਡ ਦਵਾਰੇ ਬੈਠਾ ਲੁਕ, ਪੜਦਾ ਓਹਲਾ ਇਕ ਰਖਾਈਆ। ਸਦੀ ਚੌਧਵੀਂ ਪੀਰ ਪੈਗ਼ੰਬਰਾਂ ਪੈਂਡਾ ਰਿਹਾ ਮੁਕ, ਅੱਗੇ ਮੰਜ਼ਲ ਰਾਹ ਨਾ ਕੋਇ ਤਕਾਈਆ। ਹਉਂ ਬਾਲੇ ਨੱਢੇ ਤੇਰੇ ਪੁੱਤ, ਅੰਤਮ ਤੇਰੀ ਗੋਦੀ ਬਹਿ ਬਹਿ ਖ਼ੁਸ਼ੀ ਮਨਾਈਆ। ਲੋਕਮਾਤ ਮਾਰ ਝਾਤ, ਨਿਰਗੁਣ ਧਾਰੋਂ ਆਪੇ ਉਠ, ਸੂਰਬੀਰ ਹੋ ਕੇ ਖੇਲ ਕਰਾਈਆ। ਕਿਰਪਾ ਨਿਧਾਨ ਹੋ ਕੇ ਜਾਣਾ ਤੁਠ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਆਪਣਿਆਂ ਭਗਤਾਂ ਲੈਣਾ ਪੁਛ, ਸਾਚੇ ਸੰਤਾਂ ਲੈਣਾ ਜਗਾਈਆ। ਜੋ ਅੰਦਰੇ ਅੰਦਰ ਤੈਨੂੰ ਰਹੇ ਝੁਕ, ਬਿਨ ਸੀਸੋਂ ਸੀਸ ਨਿਵਾਈਆ।

ਉਹ ਗੋਬਿੰਦ ਦੇ ਲਾਡਲੇ ਪੁੱਤ, ਤੇਰੇ ਪੋਤਰੇ ਰੂਪ ਵਟਾਈਆ। ਲੇਖਾ ਚੁਕਾਉਣਾ ਜਨਣੀ ਕੁੱਖ, ਮਾਤ ਗਰਭ ਹੋਣਾ ਸਹਾਈਆ। ਲੱਖ ਚੁਰਾਸੀ ਉਨ੍ਹਾਂ ਜਾਵੇ ਛੁੱਟ, ਜੋ ਤੇਰਾ ਨਾਮ ਧਿਆਈਆ। ਕੂੜੀ ਕਿਰਿਆ ਜੜ੍ਹ ਦੇਣੀ ਪੁੱਟ, ਬੂਟਾ ਸਚ ਸਤਿ ਦੇਣਾ ਲਗਾਈਆ। ਸਤਿਜੁਗ ਮੌਲੇ ਤੇਰੀ ਰੁੱਤ, ਬਸੰਤ ਇਕੋ ਇਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਦੇਣਾ ਸਮਝਾਈਆ । ਸੋਹਣੀ ਮੌਲੇ ਸੁਹੰਜਣੀ ਰੁੱਤ, ਰੁਤੜੀ ਤੇਰੇ ਨਾਲ ਮਹਿਕਾਈਆ। ਜਿਨ੍ਹਾਂ ਪਿਛੇ ਗੋਬਿੰਦ ਨੀਹਾਂ ਹੇਠਾਂ ਦਿਤੇ ਪੁੱਤ, ਸੋ ਗੁਰਸਿਖ ਪੋਤਰੇ ਤੇਰਾ ਧਿਆਨ ਲਗਾਈਆ। ਕਲਜੁਗ ਅੰਤ ਸ੍ਰੀ ਭਗਵਾਨ ਬਣਾ ਕੇ ਸੁੱਤ ਆਪਣੀ ਗੋਦੀ ਲਏ ਚੁੱਕ, ਦੂਜੇ ਹੱਥ ਨਾ ਕਿਸੇ ਫੜਾਈਆ। ਉਹਨਾਂ ਦਾ ਏਥੇ ਉਥੇ ਦੋ ਜਹਾਨਾਂ ਪੈਂਡਾ ਜਾਏ ਮੁੱਕ, ਪਾਂਧੀ ਬਣ ਨਾ ਫੇਰਾ ਪਾਈਆ। ਰਾਏ ਧਰਮ ਨਾ ਟੰਗੇ ਪੁੱਠ, ਚਿਤ੍ਰਗੁਪਤ ਨਾ ਲਏ ਪੁੱਛ, ਲਾੜੀ ਮੌਤ ਨਾ ਕੋਇ ਪਰਨਾਈਆ। ਉਨ੍ਹਾਂ ਦੇ ਹਿਰਦੇ ਦੇ ਦੇ ਸਚ ਸੁੱਚ, ਜਗਤ ਮਾਇਆ ਕੋਲੋਂ ਖ਼ਾਲੀ, ਕੋਲ ਨਹੀਂ ਕੁਛ, ਕੁਸ਼ਤਾ ਆਪਣਾ ਨਾਮ ਦੇਣਾ ਝੋਲੀ ਪਾਈਆ। ਜੇ ਮੂਰਖ ਹੋ ਕੇ ਤੈਥੋਂ ਗਏ ਰੁਠ, ਫੜ ਬਾਹੋਂ ਲੈਣਾ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੱਸਦੇ, ਹੱਸ ਹੱਸ ਖ਼ੁਸ਼ੀ ਮਨਾਈਆ। ਪ੍ਰਭ ਚਰਨ ਕਵਲ ਸਰਨਾਈ ਵਸਦੇ, ਮੰਦਰ ਸੋਹਣੇ ਮਿਲੀ ਵਡਿਆਈਆ। ਕਲਜੁਗ ਅੰਤਮ ਆਸ ਇਕੋ ਤਕਦੇ, ਤੇਰੀ ਓਟ ਜਣਾਈਆ। ਖੋਲ੍ਹ ਭੰਡਾਰੇ ਨਾਮ ਸਚ ਦੇ, ਸਤਿ ਦਏ ਵਰਤਾਈਆ। ਜੋ ਤ੍ਰੈਗੁਣ ਮਾਇਆ ਅਗਨੀ ਵਿਚ ਤਪਦੇ, ਗੁਰਮੁਖ ਵਿਰਲੇ ਰਹੇ ਮਨਾਈਆ। ਜੋ ਤੇਰਾ ਨਾਮ ਅੰਤਰ ਅੰਤਰ ਰਟਦੇ, ਰੱਟੇ ਦੇਣੇ ਜਗਤ ਮੁਕਾਈਆ। ਜੋ ਓਟ ਤੇਰੀ ਤੱਕਦੇ, ਆਸਰਾ ਇਕ ਸਰਨਾਈਆ। ਉਹ ਤੇਰੇ ਨਾਮ ਨਿਰਾਲੇ ਤੀਰ ਨਾਲ ਫਟਦੇ, ਪੱਟੀ ਦੇਣੀ ਨਾਮ ਬੰਨ੍ਹਾਈਆ। ਤੇਰਾ ਰਸ ਅੰਮਿਉਂ ਇਕੋ ਚਟਦੇ, ਨੌਂ ਰਸ ਨੌਂ ਦਵਾਰੇ ਬੈਠੇ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇਣਾ ਚੁਕਾਈਆ। ਧੁਰ ਦਾ ਲੇਖਾ ਚੁਕਾਣਾ ਬਣ ਕੇ ਮਾਲਕ, ਮਤਲਬ ਸਭ ਦਾ ਹਲ ਕਰਾਈਆ। ਕਲਜੁਗ ਅੰਤਮ ਬਣ ਕੇ ਸਾਲਸ, ਫ਼ੈਸਲਾ ਹਕ ਦੇਣਾ ਸੁਣਾਈਆ। ਚਾਰ ਵਰਨਾਂ ਵਿਚੋਂ ਗੁਰਮੁਖ ਲੱਭ ਕੇ ਖਾਲਸ, ਖ਼ਾਲਸਾ ਆਪਣਾ ਲੈਣਾ ਪਰਗਟਾਈਆ। ਜਿਸ ਨੂੰ ਇਕੋ ਤੇਰੇ ਮਿਲਣ ਦੀ ਲਾਲਸ, ਦੂਜਾ ਲਾਲਚ ਨਾ ਕੋਇ ਰਖਾਈਆ। ਉਨ੍ਹਾਂ ਦੀ ਗੁਰੂ ਗੋਬਿੰਦ ਦੇ ਕੇ ਗਿਆ ਜ਼ਮਾਨਤ, ਸ਼ਬਦ ਵਿਚੋਲਾ ਹੋ ਕੇ ਲੈਣਾ ਛੁਡਾਈਆ। ਪ੍ਰਭ ਠਾਕਰ ਤੇਰੀ ਅਮਾਨਤ, ਘਰ ਠਾਂਡੇ ਦਿਤੀ ਟਿਕਾਈਆ। ਸੋ ਆਦਿ ਜੁਗਾਦਿ ਰੱਖਣੇ ਸਹੀ ਸਲਾਮਤ, ਸਹਿਮ ਚਿੰਤਾ ਰੋਗ ਨੇੜ ਕੋਇ ਨਾ ਆਈਆ। ਜਿਸ ਘਰ ਦਵਾਰੇ ਤੇਰੀ ਹੋਵੇ ਆਮਦ, ਸੋ ਮੰਦਰ ਮਹਲ ਅਟਲ ਸੋਭਾ ਪਾਈਆ। ਪਿਛਲੀ ਆਦਤ ਛੱਡ ਪ੍ਰਭੂ ਕਰਾਉਣੀ ਖ਼ੁਸ਼ਾਮਦ, ਕਲਜੁਗ ਅੰਤਮ ਗ਼ਰੀਬ ਨਿਮਾਣਿਆਂ ਲੈਣਾ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਲਕ ਇਕੋ ਇਕ ਅਖਵਾਈਆ। ਮਾਰਗ ਇਕ ਵਖਾਣਾ ਜਗ, ਜਗ ਜੀਵਣ ਦਾਤੇ ਤੇਰੀ ਸਰਨਾਈਆ। ਬਿਨ ਮੱਕੇ ਕਾਅਬਿਉਂ ਕਰਾਣਾ ਹੱਜ, ਘਰ ਹੁਜਰਾ ਇਕ ਵਡਿਆਈਆ। ਬਿਨ ਮੰਦਰ ਮਸਜਿਦ ਸ਼ਿਵਦਵਾਲਿਉਂ ਸੁਹਾਣਾ ਸਾਚਾ ਮੱਠ, ਸਾਢੇ ਤਿੰਨ ਹੱਥ ਡੇਰਾ ਲਾਈਆ। ਨਿਰਗੁਣ ਜੋਤ ਕਰ ਪਰਗਟ, ਬਿਨ ਤੇਲ ਬਾਤੀ ਕਰ ਰੁਸ਼ਨਾਈਆ। ਅਨਹਦ ਨਾਮ ਅਗੰਮੀ ਵੱਜੇ ਸੱਟ, ਧੁਨ ਆਤਮਕ ਰਾਗ ਅਲਾਈਆ। ਅੰਮ੍ਰਿਤ ਆਤਮ ਆਪਣਾ ਝੱਟ, ਸਰੋਵਰ ਇਕੋ

ਇਕ ਪਰਗਟਾਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਨਾਮ ਭੰਡਾਰਾ ਝੋਲੀ ਪਾਈਆ। ਸ੍ਰਿਸ਼ਟ ਸਬਾਈ ਦੇ ਕੇ ਮਤ, ਗੁਰਮਤ ਇਕੋ ਇਕ ਜਣਾਈਆ। ਤੀਜਾ ਨੇਤਰ ਖੋਲ੍ਹ ਕੇ ਅੱਖ, ਆਖ਼ਿਰ ਆਪਣਾ ਘਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਮਿਲਾਉਣਾ ਕਰ ਕੇ ਕਿਰਪਾ, ਕਿਰਪਾ ਨਿਧ ਤੇਰੀ ਵਡਿਆਈਆ । ਕਲਜੁਗ ਦੂਰ ਕਰਾਉਣੀ ਬਿਪਤਾ, ਬਿਪਰ ਸਕੇ ਨਾ ਕੋਇ ਸਤਾਈਆ। ਧੰਨ ਵਡਿਆਈ ਸਤਿਗੁਰ ਨਾਨਕ ਜਨਣੀ ਸੋਭਾ ਪਾਏ ਤ੍ਰਿਪਤਾ, ਜਿਸ ਤ੍ਰਿਪਤ ਕੀਤੀ ਲੋਕਾਈਆ। ਜਿਸ ਦੀ ਆਦਿ ਜੁਗਾਦੀ ਇਕੋ ਸਿਖਤਾ, ਸਿਖਿਆ ਸਚ ਗਿਆ ਸਮਝਾਈਆ। ਜਿਸ ਦਾ ਵਾਕ ਅਨੋਖਾ ਭਵਿਖਤਾ, ਨਿਹਕਲੰਕ ਵਡ ਵਡਿਆਈਆ। ਜਿਸ ਦਾ ਪੁਰਖ ਅਕਾਲ ਇਸ਼ਟਾ, ਦ੍ਰਿਸ਼ਟ ਸਭ ਦੀ ਰਿਹਾ ਖੁਲ੍ਹਾਈਆ। ਲੇਖਾ ਚੁਕਾ ਕੇ ਸਵਰਗ ਬਹਿਸ਼ਤਾ, ਸਚਖੰਡ ਸੱਚਾ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਗੁਰ ਅਵਤਾਰ ਮੰਗਣ ਚਾਈਂ ਚਾਈਂਆ। ਚਾਈਂ ਚਾਈਂ ਮੰਗਣ ਮਾਂਗਤ, ਝੋਲੀ ਆਪਣੀ ਅੱਗੇ ਡਾਹੀਆ। ਚਾਰ ਵਰਨ ਬਣਾਉਣੇ ਪ੍ਰਭੂ ਸੰਗਤ, ਹਰਿ ਸੰਗਤ ਰੂਪ ਵਟਾਈਆ । ਨਿਰਗੁਣ ਹੋ ਕੇ ਲਾਉਣਾ ਅੰਗਤ, ਅੰਗੀਕਾਰ ਆਪ ਹੋ ਜਾਈਆ। ਨਾਮ ਦ੍ਰਿੜਾਉਣਾ ਬਣ ਕੇ ਪੰਡਤ, ਬੋਧ ਅਗਾਧ ਸਮਝਾਈਆ। ਰੂਪ ਵਖਾਉਣਾ ਇਕ ਅਖੰਡਤ, ਖੰਡ ਖੰਡ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਮਾਲਕ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਕਰਨ ਅਰਦਾਸਾ, ਅਦਲ ਅਦਾਲਤ ਵੇਖ ਵਖਾਈਆ। ਤੇਰੇ ਉਤੇ ਸਚ ਭਰਵਾਸਾ, ਭਰਮ ਭਉ ਨਾ ਕੋਇ ਜਣਾਈਆ। ਤੂੰ ਮਾਲਕ ਰਸਨ ਸਵਾਸਾ, ਪਵਣਾਂ ਵਿਚ ਸਮਾਈਆ। ਤੇਰੇ ਦਰ ਤੇ ਕੋਈ ਨਾ ਰਹੇ ਨਿਰਾਸਾ, ਨਿਰ ਇੱਛਕ ਝੋਲੀ ਲਏ ਭਰਾਈਆ। ਗੁਰ ਅਵਤਾਰ ਤੇਰੀ ਸ਼ਾਖ਼ਾ, ਪੀਰ ਪੈਗ਼ੰਬਰ ਟਹਿਣੀ ਪੱਤ ਰਹੇ ਮਹਿਕਾਈਆ। ਤੇਰਾ ਵੇਖਣਾ ਖੇਲ ਪ੍ਰਿਥਮੀ ਆਕਾਸਾ, ਗਗਨ ਮੰਡਲ ਤੂ ਹੀ ਸੋਭਾ ਪਾਈਆ। ਤੇਰਾ ਨੂਰੀ ਜੋਤ ਸਚ ਪਰਕਾਸ਼ਾ, ਦੋ ਜਹਾਨ ਕਰੇ ਰੁਸ਼ਨਾਈਆ। ਤੇਰਾ ਗੋਪੀ ਕਾਹਨ ਮਿਲ ਕੇ ਪਾਉਣ ਰਾਸਾ, ਸਖ਼ੀਆਂ ਮਿਲ ਕੇ ਮੰਗਲ ਗਾਈਆ। ਤੇਰਾ ਨਾਮ ਨਿਧਾਨ ਅਗੰਮੀ ਵਾਜਾ, ਵਜ਼ਾਹਤ ਨਾਲ ਸਰਬ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੱਸਣਾ ਇਕ ਸਮਾਜਾ, ਜਿਸ ਦੀ ਵੰਡ ਨਾ ਕੋਇ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਸਚ ਸਮਾਜ, ਸਮਗਰੀ ਤੇਰੀ ਨਜ਼ਰੀ ਆਈਆ। ਜਿਸ ਬਿਧ ਰਚਨਾ ਰਚੀ ਆਦਿ, ਮਧ ਆਪਣੀ ਖੇਲ ਖਿਲਾਈਆ। ਸਚਖੰਡ ਦਵਾਰੇ ਕਰੇਂ ਰਾਜ, ਥਿਰ ਘਰ ਸ਼ਬਦੀ ਸੁਤ ਉਠਾਈਆ। ਬ੍ਰਹਿਮੰਡ ਖੰਡ ਲਏਂ ਸਾਜ, ਪੁਰੀ ਲੋਅ ਆਕਾਸ਼ ਪਾਤਾਲ ਬਣਤ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇਂ ਦਾਤ, ਤ੍ਰੈਗੁਣ ਮਾਇਆ ਖੇਲ ਖਿਲਾਈਆ। ਪੰਜ ਤਤ ਸਵਾਰੇ ਕਾਜ, ਲੱਖ ਚੁਰਾਸੀ ਘਾੜਤ ਲਈਂ ਘੜਾਈਆ। ਆਤਮ ਪਰਮਾਤਮ ਦੇ ਸੁਗਾਤ, ਘਟ ਘਟ ਆਪਣਾ ਰੂਪ ਸਮਾਈਆ। ਪਾਰਬ੍ਰਹਮ ਬ੍ਰਹਮ ਧਾਰ ਪਰਗਟਾ ਆਪਣੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ। ਆਪਣੀ ਇਛਿਆ ਮਾਰ ਆਵਾਜ਼, ਸ਼ਬਦ ਨਾਦੀ ਨਾਦ ਸੁਣਾਈਆ। ਤੱਕ ਖੇਲ ਆਪ ਤਮਾਸ਼, ਵੇਖਣਹਾਰਾ ਚਾਈਂ ਚਾਈਂਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮੇ ਅੰਦਰ ਨਿਵਾਜ਼, ਨਿਵਾਜ਼ਿਸ਼ ਵਿਚ ਦਿਤੀ ਵਡਿਆਈਆ। ਅੰਡਜ ਜੇਰਜ ਉਤਭੁਜ ਸੇਤਜ ਪਰਾ ਪਸੰਤੀ ਮਧਮ ਬੈਖਰੀ ਸੁਣਾ ਕੇ ਰਾਗ, ਰਾਗਨੀਆਂ ਨਾਲ

ਦਿਤਾ ਪਰਚਾਈਆ। ਦਿਵਸ ਰੈਣ ਘੜੀ ਪਲ ਵੰਡ ਵਡਾ ਚਲਾਇਆ ਜਹਾਜ਼, ਬਰਖ ਮਾਸ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਵਾਰਸ ਬਣ ਕੇ ਹੋਣਾ ਸਹਾਈਆ। ਕਲਜੁਗ ਅੰਤਮ ਬਣ ਵਾਰਸ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸੁਣਾਈਆ। ਸਾਡੀ ਪਿਛਲੀ ਲਿਖੀ ਵੇਖ ਇਬਾਰਤ, ਜੋ ਕਾਗ਼ਜ਼ ਦੇਣ ਗਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦੇ ਰਹੇ ਸਿਫ਼ਾਰਸ਼, ਗੁਰਮੁਖ ਗੁਰਸਿਖ ਤੇਰੇ ਨਾਲ ਮਿਲਾਈਆ। ਪ੍ਰੇਮ ਪ੍ਰੀਤੀ ਅੰਦਰ ਕਰਾਉਂਦੇ ਰਹੇ ਤੁਆਰਫ਼, ਤਾਰੀਫ਼ ਵਿਚ ਸ਼ਨਵਾਈਆ । ਕਲਜੁਗ ਅੰਤਮ ਸਾਰੇ ਕਰ ਗਏ ਬਗ਼ਾਵਤ, ਘਰ ਘਰ ਪਏ ਲੜਾਈਆ। ਦੀਨ ਮਜ਼੍ਹਬ ਕਰਨ ਅਦਾਵਤ, ਝਗੜੇ ਵਿਚ ਲੋਕਾਈਆ । ਬਿਨ ਪਰਵਰਦਿਗਾਰ ਸਾਂਝੇ ਯਾਰ ਕੋਈ ਨਾ ਕਰੇ ਸਖ਼ਾਵਤ, ਰਹਿਮਤ ਨਾਮ ਨਾ ਕੋਇ ਵਰਤਾਈਆ। ਸਾਚੀ ਭੁੱਲੀ ਸਰਬ ਇਬਾਦਤ, ਅਮਲ ਵਿਚ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਮੁਕਾਉਂਣਾ ਥਾਉਂ ਥਾਈਂਆ। ਲੇਖ ਮੁਕਾ ਪ੍ਰਭ ਥਾਨ ਥਨੰਤਰ, ਚਾਰੋਂ ਕੁੰਟ ਰਹੀ ਕੁਰਲਾਈਆ। ਕਲਜੁਗ ਕੂੜੀ ਲੱਗੀ ਬਸੰਤਰ, ਤੁਧ ਬਿਨ ਸਕੇ ਨਾ ਕੋਇ ਬੁਝਾਈਆ। ਜੀਵਾਂ ਜੰਤਾਂ ਭੁੱਲਿਆ ਧੁਰ ਦਾ ਮੰਤਰ, ਸਤਿਗੁਰ ਚਰਨ ਧਿਆਨ ਨਾ ਕੋਇ ਰਖਾਈਆ। ਸੁਰਤੀ ਸ਼ਬਦ ਨਾ ਜੁੜੇ ਅੰਤਰ, ਬਾਹਰੋਂ ਪੜ੍ਹ ਪੜ੍ਹ ਗਏ ਸੁਣਾਈਆ। ਵੇਖੇ ਕੋਈ ਨਾ ਤੇਰੀ ਮੰਜ਼ਲ, ਥੱਕੇ ਮਾਂਦੇ ਪਾਂਧੀ ਰਾਹੀਆ। ਸਭ ਦੇ ਸਿਰ ਤੇ ਕੂਕੇ ਅਜ਼ਲ, ਕਲਜੁਗ ਡੌਰੂ ਡੰਕ ਰਿਹਾ ਵਜਾਈਆ। ਸਤਿ ਧਰਮ ਦਾ ਹੋਇਆ ਕਤਲ, ਜੂਠ ਝੂਠ ਮਜਲਸ ਇਕ ਵਖਾਈਆ। ਕਰ ਕਿਰਪਾ ਜਗਤ ਰੀਤੀ ਨੀਤੀ ਦੇ ਬਦਲ, ਬਦਲਾ ਆਪਣੇ ਹੱਥ ਰਖਾਈਆ। ਏਥੇ ਓਥੇ ਦੋ ਜਹਾਨਾਂ ਤੇਰਾ ਅਦਲ, ਅਦਾਲਤ ਇਕੋ ਨਜ਼ਰੀ ਆਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਕੂੜਾ ਪਾਇਆ ਗ਼ਦਰ, ਸੱਧਰ ਸਚ ਪੂਰ ਨਾ ਕੋਇ ਕਰਾਈਆ। ਤੇਰੇ ਸੰਤਾਂ ਮਿਲੇ ਨਾ ਕੋਈ ਆਦਰ, ਅਦਮ ਤਸ਼ਦੱਦ ਵਿਚ ਦਿਵਸ ਰੈਣ ਲੜਾਈਆ। ਪਰਮ ਪੁਰਖ ਪਰਮਾਤਮ ਸਦੀ ਚੌਧਵੀਂ ਪਹਿਲਾਂ ਚੁੱਕ ਆਪਣਾ ਕਦਮ, ਮਿਹਰਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦੇ ਮੁਕਾਈਆ। ਸਭ ਦਾ ਦੱਸ ਪ੍ਰਭ ਜੂ ਲੇਖਾ, ਬਿਨ ਲਿਖਿਆਂ ਦਏ ਸਮਝਾਈਆ। ਕੂੜੀ ਕਿਰਿਆ ਮਿਟੇ ਭੁਲੇਖਾ, ਭਾਂਡਾ ਭਰਮ ਭੰਨਾਈਆ। ਨਜ਼ਰੀ ਆਏ ਇਕ ਨਰੇਸ਼ਾ, ਜੋ ਨਿਰਗੁਣ ਨਾਨਕ ਗਿਆ ਦ੍ਰਿੜਾਈਆ। ਜਿਸ ਨੂੰ ਗੁਰ ਗੋਬਿੰਦ ਦਿਤਾ ਸੰਦੇਸ਼ਾ, ਮਾਛੂਵਾੜੇ ਸੇਜ ਸੁਹਾਈਆ। ਸੋ ਸਭ ਦਾ ਕਰਨਹਾਰਾ ਏਕਾ, ਏਕੰਕਾਰ ਇਕੋ ਧਾਰ ਚਲਾਈਆ। ਸ੍ਰਿਸ਼ਟ ਸਬਾਈ ਦੇਵੇ ਟੇਕਾ, ਟਿੱਕਾ ਮਸਤਕ ਦੇਵੇ ਨਾਮ ਲਗਾਈਆ। ਗੁਰਮੁਖਾਂ ਕਰੇ ਬੁਧ ਬਿਬੇਕਾ, ਦੁਰਮਤ ਮੈਲ ਧੁਆਈਆ। ਪ੍ਰਭ ਮਿਲਣ ਦਾ ਸੱਚਾ ਪੇਸ਼ਾ, ਪਿਛਲੀ ਪੇਸ਼ੀਨਗੋਈ ਦਏ ਦ੍ਰਿੜਾਈਆ । ਜੋ ਆਦਿ ਜੁਗਾਦਿ ਸਵਾਮੀ ਰਹੇ ਹਮੇਸ਼ਾ, ਹਉਮੇ ਦਏ ਮਿਟਾਈਆ। ਜਿਸ ਦੇ ਹੁਕਮੇ ਅੰਦਰ ਕੋਟਨ ਕੋਟ ਵਿਸ਼ਨ ਬ੍ਰਹਮਾ ਗਨੇਸ਼ ਮਹੇਸ਼ਾ, ਸ਼ਿਵ ਸ਼ੰਕਰ ਜਟਾ ਜੂਟ ਧਾਰ ਬੈਠੇ ਸੀਸ ਨਿਵਾਈਆ। ਸੋ ਕਲਜੁਗ ਅੰਤਮ ਕਲ ਕਲਕੀ ਹੋ ਕੇ ਖੇਡੇ ਖੇਡਾਂ, ਨਿਹਕਲੰਕੀ ਨਾਉਂ ਧਰਾਈਆ। ਜਿਸ ਦਾ ਸੰਬਲ ਅਗੰਮੀ ਦੇਸਾ, ਛੱਪਰ ਛੰਨ ਨਾ ਕੋਇ ਛੁਹਾਈਆ। ਜਿਸ ਦਾ ਜੋਤ ਸਰੂਪ ਅਗੰਮੀ ਭੇਖਾ, ਪੰਜ ਤਤ ਬੰਦ ਨਾ ਕੋਇ ਕਰਾਈਆ। ਜਿਸ ਵਡਿਆਈ ਦਿਤੀ ਦਸ ਦਸਮੇਸਾ, ਦਹਿ ਦਿਸ਼ਾ ਪੁਰਖ ਅਕਾਲ ਨਾਲ ਮਿਲਾਈਆ। ਸੋ ਹਰ ਘਟ ਅੰਦਰ ਵੜ ਕੇ ਮੰਦਰ ਚੜ੍ਹ ਕੇ ਦਸਮ ਦਵਾਰੀ ਦਏ ਨਾਮ ਸੰਦੇਸ਼ਾ, ਸਚ ਖ਼ੁਮਾਰੀ ਇਕ

ਵਖਾਈਆ। ਲਹਿਣਾ ਦੇਣਾ ਚੁਕਾਏ ਮੁਸਾਇਕ ਮੁੱਲਾ ਸ਼ੇਖ਼ਾ, ਸ਼ੇਖ਼ੀ ਸਭ ਦੀ ਦਏ ਗਵਾਈਆ। ਦੋ ਜਹਾਨ ਨਜ਼ਰੀ ਆਏ ਇਕੋ ਨੇਤਾ, ਨਰ ਨਿਰੰਕਾਰ ਬੇਪਰਵਾਹੀਆ। ਪਿਛਲਾ ਸਭ ਦਾ ਚੁੱਕੇ ਠੇਕਾ, ਲਹਿਣਾ ਦੇਣਾ ਦਏ ਅੰਤ ਮੁਕਾਈਆ। ਪੀਰ ਪੈਗ਼ੰਬਰ ਪ੍ਰਭ ਚਰਨ ਕੁਰਬਾਨ ਹੋਵਣ ਭੇਟਾ, ਬੇਟਾ ਗੋਬਿੰਦ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਦੇਣਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਬਖ਼ਸ਼ ਸਤਿ, ਸਤਿ ਸਤਿ ਸਤਿਵਾਦੀ ਮਾਲਕ ਇਕ ਅਖਵਾਈਆ। ਸ੍ਰਿਸ਼ਟ ਸਬਾਈ ਦੇ ਪ੍ਰਭ ਮੱਤ, ਵਿਦਿਆ ਪ੍ਰਭ ਪੜ੍ਹਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਅਗਨੀ ਅੱਗ ਨਾ ਕੋਇ ਲਗਾਈਆ। ਦਰਸ ਦੇਣਾ ਉਪਰ ਸ਼ਾਹਰਗ, ਨੌ ਦਵਾਰੇ ਪੰਧ ਚੁਕਾਈਆ। ਸਾਚੀ ਮੰਜ਼ਲ ਚੜ੍ਹਨਾ ਭੱਜ, ਤਖ਼ਤ ਨਿਵਾਸੀ ਡੇਰਾ ਲਾਈਆ। ਜੋ ਤੇਰੇ ਨਾਲੋਂ ਵਿਛੜ ਗੁਰਮੁਖ ਹੋਏ ਅੱਡ, ਤਿਨ੍ਹਾਂ ਮਿਲਾਉਣਾ ਫੜ ਕੇ ਬਾਹੀਆਂ। ਬਿਨ ਤੇਰੇ ਕੰਮ ਨਾ ਆਉਂਦੇ ਤਿੰਨ ਸੌ ਸੱਠ ਖ਼ਾਲੀ ਹੱਡ, ਮਾਟੀ ਚੰਮ ਸੋਭਾ ਕੋਇ ਨਾ ਪਾਈਆ। ਤੂੰ ਸਭ ਦੀ ਜਾਨਣਹਾਰਾ ਮਿਤ ਗਤ, ਗਤ ਮਿਤ ਤੇਰੇ ਹੱਥ ਨਜ਼ਰੀ ਆਈਆ। ਸਾਹਿਬ ਸੁਲਤਾਨ ਪੁਰਖ ਸਮਰਥ, ਮਿਹਰਵਾਨ ਤੇਰੀ ਸ਼ਰਨਾਈਆ। ਸਤਿਜੁਗ ਮਾਰਗ ਲਾਉਣਾ ਹੱਸ ਹੱਸ, ਹਸਤੀ ਆਪਣੀ ਦੇਣੀ ਜਣਾਈਆ। ਸਚ ਸੁੱਚ ਲੋਕਮਾਤ ਧਰਨੀ ਧਰਤ ਦੀ ਗੋਦੀ ਦੇਣਾ ਰਖ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਤੇਰੇ ਨਾਮ ਦਾ ਗਾਵਣ ਜਸ, ਸਿਫ਼ਤਾਂ ਨਾਲ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੋ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ।