੨੩ ਭਾਦਰੋਂ ੨੦੨੧ ਬਿਕ੍ਰਮੀ ਪ੍ਰੀਤਮ ਸਿੰਘ, ਮਨੀ ਸਿੰਘ ਦੇ ਗ੍ਰਹਿ ਪਿੰਡ ਨਾਰਲਾ
ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪੁਰਖ ਅਕਾਲ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਸੱਚੀ ਸ਼ਹਿਨਸ਼ਾਹੀਆ। ਸਚਖੰਡ ਦਵਾਰਾ ਜੋਤ ਉਜਿਆਰਾ ਸੋਹਣੀ ਦਿਸੇ ਧਰਮਸਾਲ, ਮੁਕਾਮੇ ਹਕ ਸੋਭਾ ਪਾਈਆ। ਹਉਂ ਬਾਲਕ ਨੱਨੇ ਨੱਢੇ ਬੱਚੇ ਤੇਰੇ ਬਾਲ, ਅਵਸਥਾ ਸਮਝ ਕਿਸੇ ਨਾ ਆਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਘਾਲਨ ਆਏ ਘਾਲ, ਨਿਰਗੁਣ ਸਰਗੁਣ ਵੇਸ ਵਟਾਈਆ। ਤੇਰਾ ਨਾਮ ਸੰਦੇਸ਼ਾ ਦੇਂਦੇ ਰਹੇ ਵਿਚ ਜਹਾਨ, ਸ਼ਬਦ ਨਾਦ ਧੁਨ ਕਰ ਸ਼ਨਵਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਕਰਦੇ ਰਹੇ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਜਗਤ ਪੜ੍ਹਾਈਆ। ਮਹੱਲ ਅਟਲ ਉਚ ਅਗੰਮ ਅਥਾਹ ਤੇਰਾ ਦੱਸਦੇ ਰਹੇ ਮਕਾਨ, ਮਹਿਬੂਬ ਤੇਰੀ ਸਿਫ਼ਤ ਸਾਲਾਹੀਆ। ਕਲਮਿਆਂ ਵਿਚ ਜਣਾਉਂਦੇ ਰਹੇ ਈਮਾਨ, ਨਾਮ ਨਿਧਾਨੇ ਵਿਚ ਧਰਮ ਧਰਮ ਦ੍ਰਿੜਾਈਆ। ਨਿਰਗੁਣ ਨਿਰਵੈਰ ਨਿਰਾਕਾਰ ਸਮਝਾਉਂਦੇ ਰਹੇ ਧੁਰ ਦਾ ਕਾਹਨ, ਲੱਖ ਚੁਰਾਸੀ ਗੋਪੀ ਰੂਪ ਦਰਸਾਈਆ। ਤੈਨੂੰ ਮਨਾਉਂਦੇ ਰਿਹੇ ਇਕ ਇਕੱਲਾ ਰਾਮ, ਹਰ ਘਟ ਵਸਿਆ ਥਾਉਂ ਥਾਈਂਆ। ਪਰਵਰਦਿਗਾਰ ਬਣ ਕੇ ਬਰਦੇ ਕਰਦੇ ਰਹੇ ਸਲਾਮ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਸਚ ਦਵਾਰੇ ਮੰਨਦੇ ਰਿਹੇ ਇਮਾਮ, ਉਮਤ ਤੇਰਾ ਰੂਪ ਜਣਾਈਆ। ਸੋ ਪੁਰਖ ਨਿਰੰਜਣ ਠਾਂਡੇ ਦਰ ਦੱਸਦੇ ਰਹੇ ਸ੍ਰੀ ਭਗਵਾਨ, ਭਗਵਨ ਇਕੋ ਬੇਪਰਵਾਹੀਆ। ਸ਼ਬਦ ਨਿਰਾਲਾ ਤੀਰ ਤੇਰਾ ਲਾਉਂਦੇ ਰਹੇ ਬਾਣ, ਰਸਨਾ
ਚਿੱਲਾ ਇਕ ਚੜ੍ਹਾਈਆ। ਰਾਗਾਂ ਨਾਦਾਂ ਵਿਚ ਦੱਸਦੇ ਆਏ ਗਾਣ, ਗਹਿਰ ਗੰਭੀਰ ਤੇਰੀ ਸਿਫ਼ਤ ਸਾਲਾਹੀਆ। ਬਿਨ ਰੂਪ ਰੰਗ ਰੇਖ ਤੇਰੀ ਦੱਸਦੇ ਰਹੇ ਪਹਿਚਾਨ, ਜੋਤੀ ਜਾਤਾ ਪੁਰਖ ਬਿਧਾਤਾ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇ ਧੁਰ ਦਾ ਵਰ, ਧੁਰ ਮਸਤਕ ਲੇਖ ਲਿਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰਾ ਸਹਾਰਾ, ਜੁਗ ਚੌਕੜੀ ਧਿਆਨ ਲਗਾਈਆ। ਨੂਰ ਇਲਾਹੀ ਸ਼ਾਹੋ ਭੂਪ ਪਰਵਰਦਿਗਾਰਾ, ਬੇਨਜ਼ੀਰ ਤੇਰੀ ਖ਼ੁਦਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਕਾਤਬ ਬੈਠਣ ਮੁਖ ਭਵਾਈਆ। ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਕੋਟਨ ਕੋਟ ਜੀਵ ਜੰਤ ਸਾਧ ਸੰਤ ਕਰਨ ਨਿਮਸਕਾਰਾ, ਵਿਸ਼ਨ ਬ੍ਰਹਮਾ ਸ਼ਿਵ ਦਰ ਬੈਠੇ ਅਲਖ ਜਗਾਈਆ। ਦੋ ਜਹਾਨ ਨੌਜਵਾਨ ਮਰਦ ਮਰਦਾਨ ਤੇਰਾ ਇਕ ਜੈਕਾਰਾ, ਢੋਲਾ ਸੋਹਲਾ ਨਗ਼ਮਾ ਨਾਮ ਤਰਾਨਾ ਇਕੋ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲ ਤੇਰੀ ਧੂੜ ਮੰਗਦੇ ਖ਼ਾਕ ਛਾਰਾ, ਮਸਤਕ ਟਿੱਕਾ ਇਕ ਰਮਾਈਆ। ਨਿਤ ਨਵਿਤ ਆਦਿ ਅੰਤ ਜੁਗਾ ਜੁਗੰਤ ਬਖ਼ਸ਼ਣਹਾਰਾ ਸਚ ਪਿਆਰਾ, ਪ੍ਰੇਮ ਪ੍ਰੀਤੀ ਸਾਚੀ ਨੀਤੀ ਇਕ ਸਮਝਾਈਆ। ਵਖਾਉਂਦਾ ਰਿਹੋਂ ਮਹੱਲ ਅਟਲ ਉਚ ਮਨਾਰਾ, ਗ੍ਰਹਿ ਮੰਦਰ ਅੰਦਰ ਪੜਦਾ ਆਪ ਉਠਾਈਆ। ਆਤਮ ਪਰਮਾਤਮ ਦਿੰਦਾ ਰਿਹੋਂ ਅਧਾਰਾ, ਪਾਰਬ੍ਰਹਮ ਬ੍ਰਹਮ ਲਾਉਂਦਾ ਰਿਹੋਂ ਅਖਾੜਾ, ਸੁਰਤੀ ਸ਼ਬਦੀ ਘਰ ਗੋਪੀ ਕਾਹਨ ਨਾਚ ਨਚਾਈਆ। ਕਾਗ਼ਜ਼ ਕਲਮ ਸ਼ਾਹੀ ਨਾਲ ਲਿਖ ਲਿਖ ਸੰਦੇਸ਼ਾ ਦਿੰਦਾ ਰਿਹੋਂ ਵਿਚ ਸੰਸਾਰਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਅਗੰਮੜਾ ਵਰ, ਅਗੰਮੜੀ ਖੇਲ ਦਏ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪੁਰਖ ਅਗੰਮ, ਅਲਖ ਅਗੋਚਰ ਵੱਡੀ ਤੇਰੀ ਵਡਿਆਈਆ। ਨਿਤ ਨਵਿਤ ਜਾਣੇ ਆਪਣਾ ਕੰਮ, ਨਿਹਕਰਮੀ ਕਰਮ ਕਮਾਈਆ। ਜੁਗ ਚੌਕੜੀ ਬੇੜਾ ਬੰਨ੍ਹ, ਧੀਰਜ ਧੀਰ ਇਕ ਵਖਾਈਆ। ਕਰ ਵਸੇਰਾ ਬਿਨ ਛੱਪਰੀ ਛੰਨ, ਸਤਿ ਦਵਾਰੇ ਸੋਭਾ ਪਾਈਆ। ਆਪਣਾ ਮੰਤਰ ਨਾਮ ਨਿਧਾਨ ਦੇ ਕੇ ਧਨ, ਦੌਲਤ ਘਰ ਘਰ ਇਕ ਵਰਤਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਜਨ ਭਗਤ ਗੁਰਮੁਖ ਗੁਰਸਿਖ ਬਣਾਏਂ ਜਨ, ਜਨ ਜਨਣੀ ਆਪਣਾ ਨਾਉਂ ਧਰਾਈਆ। ਸਾਚਾ ਰਾਗ ਹੋ ਵਿਸਮਾਦ ਸੁਣਾਏ ਕੰਨ, ਬਿਨ ਅੱਖਰਾਂ ਕਰੇ ਪੜ੍ਹਾਈਆ। ਭਾਗ ਲਗਾਏ ਕਾਇਆ ਤਨ, ਪੰਜ ਤਤ ਦੇ ਬ੍ਰਹਮ ਮੱਤ, ਸਾਚੀ ਸਿਖਿਆ ਇਕ ਸਮਝਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਿਜ ਨੇਤਰ ਹੋ ਪ੍ਰਤਖ, ਦੂਈ ਦਵੈਤੀ ਪੜਦਾ ਦਏ ਉਠਾਈਆ। ਸਚ ਦਵਾਰ ਖੋਲ੍ਹ ਕੇ ਹੱਟ, ਨਿਰਗੁਣ ਜੋਤ ਕਰ ਪਰਕਾਸ਼, ਲੇਖਾ ਚੁਕਾ ਪ੍ਰਿਥਮੀ ਆਕਾਸ਼ ਗਗਨ ਮੰਡਲ ਇਕੋ ਧਾਰ ਵਖਾਈਆ। ਨਿਰਗੁਣ ਸਰਗੁਣ ਵਸੇ ਸਾਥ, ਸ਼ਬਦ ਅਗੰਮ ਪੜ੍ਹਾਏ ਗਾਥ, ਮਕਤਬ ਪਾਠਸ਼ਾਲਾ ਨਜ਼ਰ ਕੋਇ ਨਾ ਆਈਆ। ਘਰ ਸੱਜਣ ਬਣ ਕੇ ਦੇਵੇ ਸਾਥ, ਏਥੇ ਓਥੇ ਦੋ ਜਹਾਨਾਂ ਵਸੇਂ ਪਾਸ, ਪਤਿਪਰਮੇਸ਼ਵਰ ਆਪਣਾ ਸੰਗ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਾਸ, ਸੇਵਕ ਸੇਵਕ ਬਰਦੇ ਦਰ ਦੇ ਤੇਰੇ ਨਜ਼ਰੀ ਆਈਆ। ਤੂੰ ਸ਼ਹਿਨਸ਼ਾਹ ਰਾਜਨ ਰਾਜ ਭੂਪ ਸ਼ਾਹੋ ਸ਼ਾਬਾਸ਼, ਸਤਿ ਸਤਿਵਾਦੀ ਇਕ ਅਖਵਾਈਆ। ਤੇਰਾ ਭੇਵ ਅਭੇਦਾ ਬੋਧ ਅਗਾਧ, ਅਛਲ ਅਛੇਦਾ ਸਮਝ ਕੋਇ ਨਾ ਪਾਈਆ। ਨਿਤ ਨਵਿਤ ਵੇਖਿਆ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਕਲਜੁਗ ਅੰਤਮ ਸਦੀ ਚੌਧਵੀਂ ਸਾਰੇ ਹੋਏ ਉਦਾਸ, ਹੈਰਾਨੀ ਘਰ ਘਰ ਨਜ਼ਰੀ ਆਈਆ। ਮਨ ਵਾਸਨਾ ਹੋਈ ਬਦਮਾਸ਼, ਬੁਧ ਬਿਬੇਕ ਨਾ ਕੋਇ
ਦ੍ਰਿੜਾਈਆ। ਕੋਈ ਨਾ ਉਤਰੇ ਤੇਰੇ ਘਾਟ, ਕਲਜੁਗ ਕੂੜ ਕੁੜਿਆਰ ਸ਼ੌਹ ਦਰਿਆਏ ਰਿਹਾ ਰੁੜ੍ਹਾਈਆ। ਸਦੀ ਬੀਸਵੀਂ ਮੁੱਕੀ ਵਾਟ, ਪਾਂਧੀ ਅਪਣਾ ਪੰਧ ਮੁਕਾ ਕੇ ਤੇਰਾ ਚਰਨ ਧਿਆਨ ਲਗਾਈਆ। ਜੋ ਬੋਲ ਕੇ ਆਏ ਭਵਿਖਤ ਵਾਕ, ਵਾਕਿਆ ਸਭ ਨੂੰ ਦਏ ਸਮਝਾਈਆ। ਤੇਰਾ ਆਉਣ ਦਾ ਹੋਇਆ ਮਾਤ ਇਤਫ਼ਾਕ, ਇਤਫ਼ਾਕੀਆ ਆਪਣਾ ਫੇਰਾ ਪਾਈਆ । ਆਪਣੀ ਸ੍ਰਿਸ਼ਟੀ ਦ੍ਰਿਸ਼ਟੀ ਨਾਲ ਵੇਖ ਹੋਈ ਗ਼ੁਸਤਾਖ਼, ਭੈ ਭਾਉ ਨਾ ਕੋਇ ਸੀਸ ਟਿਕਾਈਆ। ਸਤਿ ਸਤਿਵਾਦ ਸਭ ਦਾ ਟੁੱਟਾ ਨਾਤ, ਜੂਠ ਝੂਠ ਕਰੀ ਕੁੜਮਾਈਆ। ਝਗੜਾ ਪਿਆ ਜ਼ਾਤ ਪਾਤ, ਊਚ ਨੀਚ ਰਾਓ ਰੰਕ ਸ਼ਾਹ ਸੁਲਤਾਨ ਕਰਨ ਲੜਾਈਆ। ਕੋਈ ਨਾ ਮੰਗੇ ਚਰਨ ਧੂੜੀ ਸਾਚੀ ਖ਼ਾਕ, ਮਸਤਕ ਟਿੱਕਾ ਨਾਮ ਨਾ ਕੋਇ ਲਗਾਈਆ। ਨੌ ਖੰਡ ਪ੍ਰਿਥਮੀ ਅੰਧੇਰੀ ਰਾਤ, ਸਤਿ ਸਤਿਵਾਦੀ ਚੰਦ ਨਾ ਕੋਇ ਚਮਕਾਈਆ। ਸਾਚੀ ਨਜ਼ਰ ਨਾ ਆਏ ਕਿਸੇ ਪਰਭਾਤ, ਪਰਭਾਤੀ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੋਵਣ ਅੱਥਰ, ਹੰਝੂਆਂ ਹਾਰ ਵਹਾਈਆ । ਕਿਉਂ ਭੁੱਲਿਆ ਯਾਰੜਾ ਸੱਥਰ, ਸੇਜ ਸੁਹੰਜਣੀ ਸੋਭਾ ਪਾਈਆ। ਕਿਉਂ ਚੋਟੀ ਚੜ੍ਹ ਕੇ ਬੈਠੋਂ ਸਿਖ਼ਰ, ਨੌ ਦਵਾਰੇ ਨਾ ਡੇਰਾ ਲਾਈਆ। ਲੋਕਮਾਤ ਜੀਵਾਂ ਜੰਤਾਂ ਗ਼ਰੀਬ ਨਿਮਾਣਿਆਂ ਕਰ ਫ਼ਿਕਰ, ਫ਼ਾਕੇ ਵਿਚ ਮਰੀ ਲੋਕਾਈਆ। ਤੇਰਾ ਰਸਨਾ ਜਿਹਵਾ ਬੱਤੀ ਦੰਦ ਘਰ ਘਰ ਹੁੰਦਾ ਜ਼ਿਕਰ, ਜ਼ਾਹਰ ਜ਼ਹੂਰ ਨਜ਼ਰ ਕਿਸੇ ਨਾ ਆਈਆ। ਨਿਰਗੁਣ ਧਾਰੋਂ ਨਿਰਵੈਰ ਪੁਰਖ ਅਕਾਲ ਨਿਤਰ, ਤੈਨੂੰ ਜਨਮੇ ਕੋਇ ਨਾ ਮਾਈਆ। ਪਤਿਪਰਮੇਸ਼ਵਰ ਭਗਤ ਭਗਵਾਨ ਵੇਖ ਆਪਣੇ ਪੁੱਤਰ, ਸੰਤ ਸੁਹੇਲੇ ਗੋਦ ਉਠਾਈਆ। ਉਹ ਮਿਲ ਕੇ ਤੈਨੂੰ ਕਰਨ ਆਪਣਾ ਸ਼ੁਕਰ, ਸ਼ੁਕਰੀਏ ਵਿਚ ਖ਼ੁਸ਼ੀ ਮਨਾਈਆ। ਗੋਦੀ ਚੁਕਣਾ ਸਾਚੇ ਕੁੱਛੜ, ਸਿਰ ਆਪਣਾ ਹੱਥ ਟਿਕਾਈਆ। ਉਜਲ ਕਰਨਾ ਮਾਤ ਮੁਖੜ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਆ ਛੇਤੀ, ਵੇਲਾ ਵਕਤ ਵਿਹਾਈਆ। ਸਰਬ ਜੀਆਂ ਦਾ ਤੂੰ ਅੰਤਰ ਭੇਤੀ, ਘਟ ਘਟ ਡੇਰਾ ਰਿਹਾ ਲਾਈਆ। ਕੋਈ ਨਾ ਜਾਣੇ ਤੇਰੇ ਨਾਮ ਦੀ ਸੱਚੀ ਨੇਕੀ, ਨੀਅਤ ਬਦਲੀ ਸਰਬ ਲੋਕਾਈਆ। ਘਰ ਘਰ ਮਾਇਆ ਮਮਤਾ ਹਉਮੇ ਹੰਗਤਾ ਮਾਰੇ ਸ਼ੇਖ਼ੀ, ਸ਼ਖ਼ਸੀਅਤ ਸਕੇ ਨਾ ਕੋਇ ਸਮਝਾਈਆ। ਕਲਜੁਗ ਕੂੜ ਕੁੜਿਆਰੇ ਅੰਤਮ ਖੇਡ ਖੇਡੀ, ਨਵ ਨੌ ਚਾਰ ਪਈ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਜਿਸ ਗ੍ਰਹਿ ਲੱਖ ਚੁਰਾਸੀ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਆਪਣੀ ਲੱਖ ਚੁਰਾਸੀ, ਚਾਰੋਂ ਕੁੰਟ ਧਿਆਨ ਲਗਾਈਆ। ਸਾਚੇ ਦਰ ਬਣੇ ਨਾ ਕੋਈ ਦਾਸੀ, ਸੇਵਕ ਰੂਪ ਨਾ ਕੋਇ ਵਟਾਈਆ। ਤੇਰੇ ਨਾਮ ਦੀ ਸਾਰੇ ਕਰਦੇ ਹਾਸੀ, ਸੋਹੰ ਹੰਸਾ ਰਾਗ ਨਾ ਕੋਇ ਅਲਾਈਆ। ਅੰਤਰ ਭੁੱਲਿਆ ਪੁਰਖ ਅਬਿਨਾਸ਼ੀ, ਵਿਨਾਸਣ ਰੂਪ ਸਾਰੇ ਬੈਠੇ ਬਣਾਈਆ। ਕਾਇਆ ਮੰਦਰ ਚੜ੍ਹੇ ਨਾ ਕੋਈ ਘਾਟੀ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਗ੍ਰਹਿ ਮੰਦਰ ਜਗੇ ਕਿਸੇ ਨਾ ਦੀਵਾ ਬਾਤੀ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ । ਅੰਮ੍ਰਿਤ ਮਿਲੇ ਨਾ ਬੂੰਦ ਸਵਾਂਤੀ, ਕਵਲ ਨਾਭ ਨਾ ਕੋਇ ਉਲਟਾਈਆ। ਸੁਰਤ ਸ਼ਬਦ ਮਿਲ ਕੇ ਬਣੇ ਨਾ ਕੋਈ ਸੱਚਾ ਸਾਥੀ, ਸਗਲਾ ਸੰਗ ਨਾ ਕੋਇ
ਨਿਭਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਭੁੱਲੇ ਸਾਰੇ ਆਖੀ, ਧਰਮ ਸ਼ਰਅ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਬਿਨ ਤੇਰੇ ਮੁਕਾਵੇ ਕੋਈ ਨਾ ਵਾਟੀ, ਲੇਖਾ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਵਡ ਦਾਤੇ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਲੋਕਮਾਤ ਖੇੜਾ, ਖਿੜਕੀ ਆਪਣੀ ਬੰਦ ਖੁਲ੍ਹਾਈਆ । ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਇਆ ਗੇੜਾ, ਤੂੰ ਗੇੜੇ ਵਿਚ ਫੇਰੇਂ ਲੋਕਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਪਿਆ ਝੇੜਾ, ਝਗੜੇ ਵਿਚ ਸਰਬ ਖ਼ੁਦਾਈਆ। ਤੇਰਾ ਨੂਰ ਜ਼ਹੂਰ ਕਿਸੇ ਨਾ ਦਿਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਨਾ ਕੋਇ ਮੁਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕੂੜੀ ਕਿਰਿਆ ਪਾਇਆ ਘੇਰਾ, ਪੰਜ ਤਤ ਨਾ ਕੋਇ ਸਮਝਾਈਆ। ਬਿਨ ਤੇਰੇ ਲੱਖ ਚੁਰਾਸੀ ਉਤੇ ਕਰੇ ਕੋਈ ਨਾ ਮਿਹਰਾ, ਮੁਹੱਬਤ ਵਿਚ ਨਾਤਾ ਨਾ ਕੋਇ ਜੁੜਾਈਆ। ਚਾਰੋਂ ਕੁੰਟ ਦਿਸੇ ਅੰਧੇਰਾ, ਅੰਧ ਆਤਮ ਉਚੀ ਕੂਕਣ ਮਾਰਨ ਧਾਈਆ। ਕੋਈ ਨਾ ਕਹੇ ਪੁਰਖ ਅਕਾਲ ਮੇਰਾ, ਤੇਰਾ ਨਾਤਾ ਸਾਰੇ ਗਏ ਤੁੜਾਈਆ। ਬਿਨ ਭਗਤਾਂ ਧਰਤ ਮਾਤ ਦਾ ਹੋਇਆ ਖ਼ਾਲੀ ਵੇਹੜਾ, ਮਨਮੁਖ ਬੈਠੇ ਡੇਰਾ ਲਾਈਆ। ਨਾ ਕੋਈ ਗੁਰੂ ਨਾ ਕੋਈ ਚੇਰਾ, ਚੇਲਾ ਗੁਰ ਦੋਵੇਂ ਬੈਠੇ ਮੁਖ ਭਵਾਈਆ। ਸਦੀ ਚੌਧਵੀਂ ਡੁਬਦਾ ਵੇਖ ਬੇੜਾ, ਸੰਗ ਮੁਹੰਮਦ ਚਾਰ ਯਾਰ ਸਕੇ ਨਾ ਕੋਇ ਬਚਾਈਆ । ਈਸਾ ਮੂਸਾ ਮਾਰ ਕੇ ਗਏ ਫੇਰਾ, ਤੇਰਾ ਜਲਵਾ ਨੂਰ ਤੱਕ ਘਰ ਸਾਚੇ ਖ਼ੁਸ਼ੀ ਮਨਾਈਆ। ਨਾਨਕ ਗੋਬਿੰਦ ਸਮਝਾ ਕੇ ਗਏ ਬਥੇਰਾ, ਚਾਰ ਵਰਨ ਕਰ ਪੜ੍ਹਾਈਆ। ਪਰਮ ਪੁਰਖ ਪਰਮਾਤਮ ਆਤਮ ਆਦਿ ਜੁਗਾਦਿ ਕਰੇ ਹੱਕ ਨਿਬੇੜਾ, ਹਕੀਕਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਣਾ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਔਧ ਮੁੱਕੀ, ਵੇਲਾ ਅੰਤਮ ਗਿਆ ਆਈਆ। ਅੰਤਮ ਮੰਗਦੇ ਸਾਰੇ ਛੁੱਟੀ, ਛੁਟਕਾਰਾ ਹੋਵੇ ਜਗਤ ਲੋਕਾਈਆ। ਸਤਿਜੁਗ ਤ੍ਰੇਤਾ ਦੁਆਪਰ ਤੇਰੀ ਦੇਂਦੇ ਰਹੇ ਨਾਮ ਦੀ ਚਿੱਠੀ, ਸਚ ਸੰਦੇਸ਼ਾ ਇਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰੇ ਖੇਲ ਇਕ ਅਨਡੀਠੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਵੇਖੇ ਵਿਗਸੇ ਚਾਰ ਜੁਗ ਦੀ ਪਿਛਲੀ ਬੀਤੀ, ਰੀਤੀ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾ ਸਾਚਾ ਦਰ, ਦਰ ਘਰ ਸਾਚਾ ਰੂਪ ਦਰਸਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਸੱਚਾ ਦਰਬਾਰ, ਦਰਗਾਹ ਸਾਚੀ ਨਜ਼ਰੀ ਆਈਆ । ਜਿਥੇ ਇਕੋ ਚੋਬਦਾਰ, ਸ਼ਬਦ ਸੁਤ ਸੋਭਾ ਪਾਈਆ। ਥਿਰ ਘਰ ਜਿਸ ਦਾ ਸਦਾ ਪਸਾਰ, ਛੱਪਰ ਛੰਨ ਨਾ ਕੋਇ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੇ ਤਾਬਿਆਦਾਰ, ਬੈਠੇ ਸੀਸ ਨਿਵਾਈਆ। ਸੁਰਪਤ ਇੰਦ ਕਰੋੜ ਤੇਤੀਸਾ ਕਰੇ ਨਿਮਸਕਾਰ, ਗਣ ਗੰਧਰਬ ਸੋਹਲੇ ਢੋਲੇ ਰਾਗ ਅਲਾਈਆ। ਗੁਰ ਅਵਤਾਰ ਬਣ ਲਿਖਾਰ, ਪੀਰ ਪੈਗ਼ੰਬਰ ਕਾਇਨਾਤ ਗਏ ਸਮਝਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪਰਵਰਦਿਗਾਰ ਇਕ ਅਖਵਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣੇ ਹੱਥ ਰਖੇ ਵਡਿਆਈਆ। ਈਸਾ ਕਰ ਕਰ ਨਿਮਸਕਾਰ, ਸੱਯਦੇ ਕਰ ਕਰ ਧੂੜੀ ਖ਼ਾਕ ਰਮਾਈਆ। ਮੁਹੰਮਦ ਹੂ ਹੂ ਕਰ ਕੇ ਕਰੇ ਜੈਕਾਰ, ਤੂੰ ਹੀ ਤੂੰ ਹੀ ਰਾਗ ਅਲਾਈਆ। ਅਮਾਮਾਂ ਵਿਚੋਂ ਵੱਡਾ ਅਮਾਮ ਮੇਰਾ ਸਿਕਦਾਰ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਨਾਨਕ ਨਿਰਗੁਣ ਕਿਹਾ ਮਹਾਂਬਲੀ ਉਤਰੇ ਅਵਤਾਰ, ਕਲਕੀ
ਆਪਣਾ ਵੇਸ ਵਟਾਈਆ। ਗੋਬਿੰਦ ਕਿਹਾ ਮੇਰਾ ਪੁਰਖ ਅਕਾਲ, ਨਿਹਕਲੰਕ ਵਾਲੀ ਦੋ ਜਹਾਨ ਅਖਵਾਈਆ। ਸੰਬਲ ਵਸੇ ਧਾਮ ਨਿਆਰ, ਜਿਸ ਦਾ ਦਰਵਾਜ਼ਾ ਗ਼ਰੀਬ ਨਿਵਾਜ਼ਾ ਨਾ ਕਿਸੇ ਸਮਝਾਈਆ। ਬਿਨ ਤੇਲ ਬਾਤੀ ਨਿਰਗੁਣ ਨੂਰ ਕਰ ਉਜਿਆਰ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦਿ ਵੱਜੇ ਧੁਨਕਾਰ, ਛੱਤੀ ਰਾਗ ਬੈਠਣ ਸੀਸ ਝੁਕਾਈਆ। ਮਹੱਲ ਅਟਲ ਸੋਹੇ ਇਕ ਮਨਾਰ, ਮਹਿਬੂਬ ਆਪਣਾ ਡੇਰਾ ਲਾਈਆ। ਗੁਫ਼ਤ ਸ਼ਨੀਦ ਕਰੇ ਸਚ ਸੱਚੀ ਗੁਫ਼ਤਾਰ, ਨਾਅਰਾ ਇਕੋ ਹਕ ਹਕ ਸੁਣਾਈਆ। ਸਚ ਤੌਫ਼ੀਕ ਪਰਵਰਦਿਗਾਰ, ਰਹਿਮਤ ਆਪਣੀ ਇਕ ਜਣਾਈਆ। ਕਾਗ਼ਜ਼ ਕਲਮ ਨਾ ਲਿਖਣਹਾਰ, ਅਲਫ਼ ਯੇ ਨਾ ਕੋਇ ਪੜ੍ਹਾਈਆ। ਨਿਰਅੱਖਰ ਕਿਰਪਾ ਕਰ ਜਨ ਭਗਤਾਂ ਝੋਲੀ ਦੇਵੇ ਡਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਵਾਹਵਾ ਤੇਰੀ ਇਕ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰਨ ਆਹ, ਹੌਕਿਆਂ ਵਿਚ ਜਣਾਈਆ। ਕਿਰਪਾ ਕਰ ਸੱਚੇ ਸ਼ਹਿਨਸ਼ਾਹ, ਵੇਖ ਲੋਕਮਾਤ ਸ਼ਹਿਨਸ਼ਾਹੀਆ। ਖ਼ਲਕ ਖ਼ੁਦਾਈ ਭੁੱਲੀ ਤੇਰਾ ਰਾਹ, ਰਹਿਬਰ ਰਾਹ ਨਾ ਕੋਇ ਜਣਾਈਆ। ਹੁਜਰੇ ਮੰਗੇ ਨਾ ਕੋਈ ਦੁਆ, ਸੱਯਦਾ ਸੀਸ ਨਾ ਕੋਇ ਨਿਵਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਰਾਹ ਰਹੇ ਤਕਾ, ਤਕਵਾ ਓਟ ਜਣਾਈਆ। ਕਿਰਪਾ ਕਰ ਸ੍ਰੀ ਭਗਵਾਂ, ਭਗਵਨ ਆਪਣਾ ਵੇਸ ਵਟਾਈਆ। ਤੂੰ ਮਰਦ ਮਰਦਾਨਾ ਨੌਜਵਾਂ, ਬਿਰਧ ਬਾਲ ਨਜ਼ਰ ਕਦੇ ਨਾ ਆਈਆ। ਤੇਰਾ ਆਦਿ ਜੁਗਾਦਿ ਇਕੋ ਨਾਂ, ਨਾਉਂ ਨਿਰੰਕਾਰਾ ਸਤਿ ਪਰਗਟਾਈਆ। ਕਲਜੁਗ ਅੰਤਮ ਪਕੜ ਬਾਂਹ, ਗੁਰਮੁਖ ਗੁਰਸਿਖ ਲੈ ਤਰਾਈਆ। ਬਾਲਕ ਉਠਾ ਬਣਕੇ ਪਿਤਾ ਮਾਂ, ਗੋਦੀ ਗੋਦ ਗੋਦ ਸੁਹਾਈਆ। ਹੰਸ ਬੁਧੀ ਹੋਈ ਕਾਂ, ਜਗਤ ਕਾਗ ਵਾਂਗ ਕੁਰਲਾਈਆ। ਤੇਰੀ ਦਸੇ ਨਾ ਕੋਈ ਪਹਿਚਾਨ, ਬੇਪਹਿਚਾਨ ਤੈਥੋਂ ਬੈਠੇ ਮੁਖ ਭਵਾਈਆ। ਘਰ ਘਰ ਦਰ ਦਰ ਵੇਖਿਆ ਹੁੰਦਾ ਹਰਾਮ, ਹੈਰਾਨੀ ਸਕੇ ਨਾ ਕੋਇ ਗਵਾਈਆ। ਪੰਚਮ ਪੰਚ ਮਿਲੇ ਸ਼ੈਤਾਨ, ਸ਼ਰਮ ਹਯਾ ਬੈਠੀ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸਤਿ ਸਤਿ ਸਾਚੀ ਮੰਗ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਬਖ਼ਸ਼ ਸਤਿਵਾਦ, ਕੂੜੀ ਵਾਦੀ ਦੇ ਮਿਟਾਈਆ। ਤੇਰੇ ਨਾਮ ਦਾ ਵੱਜੇ ਇਕੋ ਨਾਦ, ਸਾਚੀ ਧੁਨ ਕਰੇ ਸ਼ਨਵਾਈਆ। ਏਥੇ ਓਥੇ ਦੋ ਜਹਾਨਾਂ ਤੇਰਾ ਨਜ਼ਰੀ ਆਵੇ ਰਾਜ, ਰਈਅਤ ਰੂਪ ਸਰਬ ਲੋਕਾਈਆ। ਅੰਦਰ ਵੜ ਕੇ ਕਰਨਾ ਕਾਜ, ਬਾਹਰੋਂ ਸਿਖਿਆ ਨਾ ਕੋਇ ਸਮਝਾਈਆ। ਤੂੰ ਪਤਿਪਰਮੇਸ਼ਵਰ ਸੱਚਾ ਮਹਾਰਾਜ, ਰਾਜ ਰਾਜਾਨ ਤੇਰੀ ਓਟ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਧੁਰ ਦੀ ਦਾਤ, ਸਾਚੀ ਦੌਲਤ ਦੇ ਵਰਤਾਈਆ। ਕਲਜੁਗ ਕੂੜੀ ਕਿਰਿਆ ਕੱਢ ਨਾਰ ਕਮਜ਼ਾਤ, ਕੁਲੱਖਣੀ ਲੋਕਮਾਤ ਰਹਿਣ ਨਾ ਪਾਈਆ। ਝਗੜਾ ਮੁੱਕੇ ਜ਼ਾਤ ਪਾਤ, ਚਾਰ ਵਰਨ ਅਠਾਰਾਂ ਬਰਨ ਇਕੋ ਘਰ ਵਸਾਈਆ। ਚਰਨ ਪ੍ਰੀਤੀ ਬਖ਼ਸ਼ ਸਾਚਾ ਨਾਤ, ਤੂੰ ਮੇਰਾ ਮੈਂ ਤੇਰਾ ਤੇਰੀ ਕਦੇ ਨਾ ਹੋਵੇ ਜੁਦਾਈਆ। ਜਨ ਭਗਤਾਂ ਨਜ਼ਰ ਆ ਸਾਖ਼ਿਆਤ, ਸਾਖੀ ਆਪਣੀ ਦੇ ਪੜ੍ਹਾਈਆ। ਤੇਰੇ ਨਾਮ ਦਾ ਇਕੋ ਉਪਜੇ ਪਾਠ, ਸਾਢੇ ਤਿੰਨ ਹੱਥ ਕਾਇਆ ਮੰਦਰ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੂੰ ਜੋਤੀ ਜਾਤਾ, ਜਾਗਰਤ ਵਿਚ ਤੇਰੀ ਰੁਸ਼ਨਾਈਆ। ਨਿਤ ਨਵਿਤ ਏਥੇ ਓਥੇ ਦੋ ਜਹਾਨ ਪਿਤਾ ਮਾਤਾ, ਪਤਿਪਰਮੇਸ਼ਵਰ ਨਾਉਂ ਧਰਾਈਆ। ਕੋਟਨ ਕੋਟ ਸਿਫ਼ਤ ਸਾਲਾਹੀ ਤੇਰੇ ਨਾਮ ਗਾਥਾ, ਗਾ ਗਾ
ਰਸਨਾ ਜਿਹਵਾ ਬੱਤੀ ਦੰਦ ਕਰੀ ਪੜ੍ਹਾਈਆ। ਤੇਰਾ ਨੂਰ ਜ਼ਹੂਰ ਗੁਪਤ ਕਿਸੇ ਨਾ ਜਾਤਾ, ਪੜਦਾ ਅੰਦਰੋਂ ਨਾ ਕੋਇ ਚੁਕਾਈਆ । ਸਾਚੇ ਮੰਦਰ ਵਖਾ ਅਗੰਮੀ ਆਪਣੀ ਰਾਸਾ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ੍ਰਿਸ਼ਟ ਸਬਾਈ ਲੈ ਉਠਾਈਆ। ਸ੍ਰਿਸ਼ਟ ਸਬਾਈ ਖੋਲ੍ਹ ਜਾਗ, ਪ੍ਰਭ ਜਗਾਵਣਹਾਰ ਇਕ ਅਖਵਾਇੰਦਾ। ਘਰ ਘਰ ਉਪਜੇ ਤੇਰਾ ਵੈਰਾਗ, ਵੈਰਾਗੀ ਤੂੰ ਇਕ ਅਖਵਾਇੰਦਾ। ਕਲਜੁਗ ਕਿਰਿਆ ਕਰ ਤਿਆਗ, ਜੂਠ ਝੂਠ ਮੋਹ ਤੁੜਾਇੰਦਾ। ਮਾਇਆ ਮਮਤਾ ਕੂੜੀ ਡੱਸੇ ਨਾ ਡੱਸਣੀ ਨਾਗ, ਹਉਮੇ ਹੰਗਤਾ ਨਾ ਕੋਇ ਜਣਾਇੰਦਾ। ਆਤਮ ਪਰਮਾਤਮ ਦੇ ਇਕ ਸੁਆਦ, ਨੌ ਦਵਾਰੇ ਨੌ ਰਸ ਕੰਮ ਕਿਸੇ ਨਾ ਆਇੰਦਾ। ਆਪਣੀ ਕਿਰਪਾ ਦੇ ਹਿੱਸਾ ਛੋਟਾ ਭਾਗ, ਦਰ ਠਾਂਡੇ ਮੰਗ ਮੰਗਾਇੰਦਾ। ਗੁਫ਼ਾ ਅੰਧੇਰੀ ਜਗੇ ਚਰਾਗ਼, ਜੋਤੀ ਨੂਰ ਨੂਰ ਰੁਸ਼ਨਾਇੰਦਾ । ਮਿਲੇ ਮੇਲ ਮਾਧਵ ਮਾਧ, ਮੋਹਣੀ ਦਰਸ਼ਨ ਇਕੋ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਤਿਜੁਗ ਤੇਰਾ ਰਾਹ ਤਕਾਇੰਦਾ। ਸਤਿਜੁਗ ਤੱਕੇ ਰਾਹ ਤੇਰਾ, ਬਾਲਾ ਨੱਢਾ ਨਿੱਕਾ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਕਰੇਂ ਮਿਹਰਾ, ਮਿਹਰ ਨਜ਼ਰ ਉਠਾਈਆ। ਕਲਜੁਗ ਕੂੜੀ ਕਿਰਿਆ ਡੁੱਬੇ ਬੇੜਾ, ਮੇਰੀ ਨਈਆ ਨੌਕਾ ਲੋਕਮਾਤ ਟਿਕਾਈਆ। ਸਤਿ ਧਰਮ ਦਾ ਵਸੇ ਖੇੜਾ, ਗੁਰਮੁਖ ਬਹਿ ਬਹਿ ਖ਼ੁਸ਼ੀ ਮਨਾਈਆ। ਦੀਨ ਮਜ਼੍ਹਬ ਦਾ ਚੁੱਕੇ ਝੇੜਾ, ਊਚ ਨੀਚ ਨਾ ਕੋਇ ਲੜਾਈਆ। ਆਤਮ ਪਰਮਾਤਮ ਕਹੇ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਸਚ ਦਵਾਰੇ ਸਾਚੀ ਸਿਖਿਆ ਬਣਿਆ ਰਹੇ ਘੇਰਾ, ਸੋਹਣਾ ਮੰਗਲ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਮਾਰਗ ਦੇ ਵਖਾਈਆ। ਸਤਿ ਮਾਰਗ ਪ੍ਰਭ ਦੇਣਾ ਦੱਸ, ਤੇਰੀ ਇਕ ਸਰਨਾਈਆ। ਭਗਤ ਭਗਵਾਨ ਮਿਲੌਣਾ ਹੱਸ ਹੱਸ, ਆਪਣੀ ਹਸਤੀ ਇਕ ਸਮਝਾਈਆ। ਅੰਦਰ ਵੜ ਕੇ ਗੌਣਾ ਜਸ, ਢੋਲਾ ਬੇਪਰਵਾਹੀਆ। ਦਿਵਸ ਰੈਣ ਖੁਲ੍ਹੀ ਰਹੇ ਤੇਰੇ ਮਿਲਣ ਦੀ ਅੱਖ, ਪੜਦਾ ਸਕੇ ਕੋਇ ਨਾ ਪਾਈਆ। ਬਾਹਰੋਂ ਤੈਨੂੰ ਸਕੇ ਕੋਈ ਨਾ ਲੱਭ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਡੂੰਘੀ ਕੰਦਰ ਵੇਖਣ ਥਾਈਂਆ। ਜੀਵ ਜੰਤ ਸਾਧ ਸੰਤ ਤੇਰੀ ਮੰਜ਼ਲ ਚੜ੍ਹ ਕੇ ਵੇਖੇ ਕੋਇ ਨਾ ਹੱਦ, ਕਲਜੁਗ ਬੈਠਾ ਅੱਗੇ ਡੇਰਾ ਲਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਪੰਜ ਤਤ ਬ੍ਰਹਮ ਮਤ ਸੋਭਾ ਕੋਇ ਨਾ ਪਾਈਆ। ਤੇਰੇ ਤੈਥੋਂ ਵਿਛੜ ਹੋਏ ਅੱਡ, ਘਰ ਵੱਖਰਾ ਬੈਠੇ ਬਣਾਈਆ। ਪ੍ਰਭ ਭੁਲਿਆਂ ਰੁਲਿਆਂ ਚਰਨ ਦਵਾਰੇ ਸੱਦ, ਸੱਦਾ ਸ਼ਬਦ ਨਾਮ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਕਰਨ ਹੱਜ, ਬਿਨ ਮਕਿਉਂ ਕਾਅਬਿਉਂ ਖ਼ੁਸ਼ੀ ਮਨਾਈਆ। ਮੰਦਰ ਮਸਜਿਦ ਸ਼ਿਵਦਵਾਲੇ ਛੱਡੇ ਮੱਠ, ਗੁਰੂਦਵਾਰਾ ਤੂੰ ਨਾ ਹੀ ਨਜ਼ਰੀ ਆਈਆ। ਜਿਥੇ ਦੀਪਕ ਜੋਤ ਰਹੀ ਜਗ, ਦੀਆ ਬਾਤੀ ਹੱਥ ਨਾ ਕੋਇ ਉਠਾਈਆ। ਤ੍ਰੈਗੁਣ ਮਾਇਆ ਨਾ ਅਗਨੀ ਅੱਗ, ਤਤਵ ਤਤ ਨਾ ਕੋਇ ਤਪਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸ਼ਾਹ ਸੁਲਤਾਨ ਇਕੋ ਰਿਹੋਂ ਸਜ, ਸੀਸ ਜਗਦੀਸ ਤਾਜ ਟਿਕਾਈਆ। ਤੇਰਾ ਉਚਾ ਲੰਮਾਂ ਚੌੜਾ ਕੋਈ ਨਾ ਜਾਣੇ ਕੱਦ, ਪੈਮਾਇਸ਼ਾਂ ਵਿਚ ਨਾਪ ਨਾ ਕੋਇ ਸਮਝਾਈਆ। ਤੂੰ ਗਹਿਰ ਗੰਭੀਰ ਅਗੰਮ ਅਥਾਹ ਪੁਰਖ ਸਮਰਥ, ਮਹਿੰਮਾ ਅਕਥ ਤੇਰੀ ਵੱਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਵੇਂ ਰਥ, ਬਣ ਰਥਵਾਹੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ
ਸਾਚਾ ਵਰ, ਸਤਿ ਸਤਿਵਾਦੀ ਧਾਰ ਬੰਧਾਈਆ। ਸਤਿ ਸਤਿਵਾਦੀ ਧਾਰ ਬੰਧ, ਬੰਦਗੀ ਇਕ ਦ੍ਰਿੜਾਈਆ। ਢੋਲਾ ਸੁਣੌਣਾ ਧੁਰ ਦਾ ਛੰਦ, ਮੁਛੰਦਗੀ ਕੋਇ ਰਹਿਣ ਨਾ ਪਾਈਆ। ਕਰ ਪਰਕਾਸ਼ ਅੰਧੇਰੇ ਅੰਧ, ਨੂਰੋ ਨੂਰ ਹੋਵੇ ਰੁਸ਼ਨਾਈਆ। ਜਨਮ ਕਰਮ ਦੀ ਜਨ ਭਗਤਾਂ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਤੇਰੀ ਇਕ ਸਰਨਾਈਆ। ਤੈਨੂੰ ਮਿਲ ਕੇ ਤੇਰੇ ਸੰਤਾਂ ਪਵੇ ਠੰਢ, ਅਗਨੀ ਪੋਹ ਨਾ ਸਕੇ ਰਾਈਆ। ਆਤਮ ਪਰਮਾਤਮ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਬੰਦੀਖ਼ਾਨਾ ਤੋੜ ਕੇ ਬੰਦ, ਬਦਲੀ ਲੱਖ ਚੁਰਾਸੀ ਵਿਚੋਂ ਦੇ ਕਰਾਈਆ। ਰਸਨਾ ਜਿਹਵਾ ਝੂਠਾ ਕੋਈ ਨਾ ਗਾਵੇ ਛੰਦ, ਤੇਰਾ ਇਕੋ ਨਾਮ ਧਿਆਈਆ। ਗੁਰਮੁਖ ਆਤਮ ਕਦੀ ਨਾ ਹੋਵੇ ਰੰਡ, ਹਰਿ ਸਤਿਗੁਰ ਕੰਤ ਸਚ ਹੰਢਾਈਆ। ਗੁਰਸਿਖ ਜੂਠ ਝੂਠ ਛੱਡੇ ਭੇਖ ਪਖੰਡ, ਫ਼ਰੇਬਾਂ ਕੋਲੋਂ ਮੁਖ ਭਵਾਈਆ। ਤੇਰੇ ਪ੍ਰੇਮ ਪਿਆਰ ਦੀ ਮੰਗੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਕਾਇਆ ਚੋਲਾ ਦੇਣਾ ਰੰਗ, ਨਾਮ ਅਗੰਮੜਾ ਇਕ ਰੰਗਾਈਆ। ਅੰਮ੍ਰਿਤ ਧਾਰ ਵਹੌਣੀ ਗੰਗ, ਜਮਨਾ ਗੋਦਾਵਰੀ ਸੁਰਸਤੀ ਬੈਠੇ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਲੇਖਾ ਦੇਣਾ ਬੁਝਾਈਆ। ਸਤਿ ਲੇਖਾ ਬਝੌਣਾ ਆਪ, ਪ੍ਰਭ ਆਪਣੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਦੱਸਣਾ ਇਕੋ ਜਾਪ, ਪੁਰਖ ਅਕਾਲ ਇਕੋ ਇਸ਼ਟ ਮਨਾਈਆ। ਰੂਹ ਬੁੱਤ ਦੋਵੇਂ ਕਰਨੇ ਪਾਕ, ਖ਼ਾਕੀ ਖ਼ਾਕ ਕਰ ਸਫ਼ਾਈਆ। ਦੀਨ ਮਜ਼੍ਹਬ ਬਖ਼ਸ਼ ਇਤਫ਼ਾਕ, ਆਦਤ ਪਿਛਲੀ ਦੇ ਛੁਡਾਈਆ। ਲਹਿਣਾ ਦੇਣਾ ਹਿਸਾਬ ਕਰ ਬੇਬਾਕ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਾਕੀ ਕੋਇ ਰਹਿਣ ਨਾ ਪਾਈਆ। ਸਤਿਜੁਗ ਸਾਚਾ ਖੋਲ੍ਹ ਤਾਕ, ਦਰ ਦਰਵਾਜ਼ਾ ਦੇ ਵਖਾਈਆ। ਨਜ਼ਰੀ ਆਵੇ ਤੇਰੀ ਜਾਤ, ਨੂਰ ਨੂਰ ਨੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਬਣਤ ਬਣਾਈਆ। ਸਤਿਜੁਗ ਬਣੌਣੀ ਸਾਚੀ ਬਣਤ, ਪ੍ਰਭੂ ਦਰ ਤੇਰੇ ਅਰਜ਼ੋਈਆ। ਜਨ ਭਗਤ ਪਰਗਟੌਣੇ ਧੁਰ ਦੇ ਸੰਤ, ਜਿਨ੍ਹਾਂ ਦਰਗਾਹ ਮਿਲੇ ਢੋਈਆ। ਆਪ ਪਰਨੌਣੇ ਬਣ ਕੇ ਕੰਤ, ਸੋਈ ਸੁਰਤ ਜਗਾਈਆ। ਲੇਖ ਮੁਕਾ ਕੇ ਬਹਿਸ਼ਤ ਜੱਨਤ, ਚਰਨ ਕਵਲ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਣਾ ਸਹਿਜ ਸੁਭਾਈਆ। ਹਰਿਜਨ ਮਿਲੌਣਾ ਮਾਤਲੋਕ, ਮਾਤਰ ਭੂਮੀ ਵੇਖ ਵਖਾਈਆ। ਨਾਮ ਦ੍ਰਿੜੌਣਾ ਇਕ ਸਲੋਕ, ਹਰਖ਼ ਸੋਗ ਚਿੰਤਾ ਜਗਤ ਮਿਟਾਈਆ। ਚਰਨ ਕਵਲ ਦੱਸਣੀ ਧੁਰ ਦੀ ਓਟ, ਓੜਕ ਹੋ ਸਹਾਈਆ। ਕੂੜੀ ਕਿਰਿਆ ਕੱਢ ਕੇ ਖੋਟ, ਖੋਟੇ ਖਰੇ ਲੈਣੇ ਬਣਾਈਆ। ਪ੍ਰਭ ਤੇਰੇ ਹੱਥ ਸੱਚੀ ਪਹੁੰਚ, ਦੂਜਾ ਅਵਰ ਨਾ ਕੋਇ ਸਹਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਬੈਠਾ ਰਿਹੋਂ ਖ਼ਾਮੋਸ਼, ਆਪਣਾ ਆਪ ਰਿਹਾ ਛੁਪਾਈਆ। ਕਲਜੁਗ ਅੰਤਮ ਕਰ ਕੇ ਪਰਗਟ ਨਿਰਮਲ ਜੋਤ, ਸ਼ਬਦੀ ਢੋਲਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲੈਣੇ ਉਠਾਈਆ। ਜਨ ਭਗਤ ਲੈਣੇ ਉਠਾਲ, ਸੁਤਿਆਂ ਅੱਖ ਖੁਲ੍ਹਾਈਆ। ਲੇਖਾ ਮੁਕਾ ਕੇ ਸ਼ਾਹ ਕੰਗਾਲ, ਇਕੋ ਦਰ ਦੇਣੀ ਵਡਿਆਈਆ। ਨਿਰਗੁਣ ਵਿਚੋਲਾ ਬਣ ਕੇ ਲੈਣੀ ਸੁਰਤ ਸੰਭਾਲ, ਸਰਗੁਣ ਵੇਖ ਵਖਾਈਆ। ਗੁਰਮੁਖ ਗੋਦ ਉਠਾ ਕੇ ਬਾਲ, ਅਗਲਾ ਪਿਛਲਾ ਬਚਪਨ ਦੇਣਾ ਸਮਝਾਈਆ। ਨਾਤਾ ਤੋੜ ਕਾਲ ਮਹਾਂਕਾਲ, ਸਚ ਅਹਿਵਾਲ ਇਕ ਜਣਾਈਆ। ਅੰਦਰ ਬਾਹਰ ਹੋ ਕੇ ਨਾਲ, ਡੂੰਘੀ ਭਵਰੀ ਪਾਰ ਤਰਾਈਆ। ਸਚ ਦਵਾਰੇ ਸੱਚੀ ਧਰਮਸਾਲ, ਸਤਿਗੁਰ ਚਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਇਕੋ ਦੇਣਾ ਸਾਚਾ ਵਰ, ਹਰਿਜਨ ਤੇਰੇ ਤੇਰਾ ਮੰਤਵ, ਮੰਤਰ ਇਕੋ ਇਕ ਧਿਆਈਆ। ਹਰਿ ਜੂ ਆਪਣਾ ਦੱਸ ਇਕੋ ਮੰਤਰ, ਏਕੰਕਾਰ ਤੇਰੀ ਵਡਿ ਵਡਿਆਈਆ। ਜਿਸ ਦਾ ਲੇਖਾ ਉਪਰ ਗਗਨ ਗਗਨੰਤਰ, ਜ਼ਿਮੀਂ ਅਸਮਾਨ ਥਰ ਥਰਾਈਆ। ਜਿਸ ਦੀ ਤੱਤਾਂ ਵਿਚ ਨਾ ਬਣੇ ਕੋਈ ਬਣਤਰ, ਵਿਸ਼ਨ ਬ੍ਰਹਮਾ ਸ਼ਿਵ ਘਾੜਤ ਨਾ ਕੋਇ ਵਖਾਈਆ। ਜਿਸ ਦਾ ਲੇਖਾ ਤੇਰੇ ਅੰਤਰ, ਤੂੰ ਹੀ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਹਰਿਜਨ ਬੈਠੇ ਆਸ ਲਗਾਈਆ। ਹਰਿਜਨ ਰੱਖੀ ਆਸ ਇਕ, ਇਕੋ ਓਟ ਤਕਾਈਆ। ਲੇਖ ਅਲੇਖਾ ਮੇਰਾ ਲਿਖ, ਪਿਛਲੀ ਲਿਖਤ ਬੁਝਾਈਆ। ਸਾਚੇ ਮੰਦਰ ਆਵੇਂ ਦਿਸ, ਘਰ ਘਰ ਵਿਚ ਹੋਏ ਰੁਸ਼ਨਾਈਆ। ਕਿਉਂ ਕਰਵਟ ਲੈ ਕੇ ਦਿਤੀ ਪਿਠ, ਆਪਣੀ ਲੈ ਅੰਗੜਾਈਆ। ਤੂੰ ਮੇਰਾ ਸਾਹਿਬ ਸੁਲਤਾਨ ਪਿਤ, ਹਉਂ ਬਾਲਕ ਰੂਪ ਸਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨੀਂ ਸਾਰੇ ਰਹੇ ਡਿਗ, ਨਿਉਂ ਨਿਉਂ ਸੀਸ ਝੁਕਾਈਆ। ਆਪਣੇ ਮਿਲਣ ਦੀ ਜਨ ਭਗਤਾਂ ਦੱਸ ਬਿਧ, ਬਿਧ ਨਾਤਾ ਲੈ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਘਰ ਨਿਜ, ਗ੍ਰਹਿ ਆਪੇ ਸੋਭਾ ਪਾਈਆ। ਨਿਜ ਘਰ ਵਸੇਰਾ ਤੇਰਾ ਪਰਮਾਤਮ, ਘਰ ਘਰ ਵਿਚ ਡੇਰਾ ਲਾਈਆ। ਮੈਂ ਬਾਲਾ ਨੱਢਾ ਨਿੱਕਾ ਤੇਰਾ ਆਤਮ, ਰੂਪ ਸਰੂਪ ਤੁਧ ਬਿਨ ਸਕੇ ਨਾ ਕੋਇ ਸਮਝਾਈਆ। ਤੇਰਾ ਖੇਲ ਵੇਖਾਂ ਬਾਤਨ, ਬੈਤੁਲਮੁਕਦੱਸ ਤੇਰਾ ਧਾਮ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਹੋ ਆਖਣ, ਆਖ਼ਰ ਗਏ ਸਮਝਾਈਆ। ਸ਼ਾਸਤਰਾਂ ਸਿਮਰਤਾਂ ਵੇਦਾਂ ਵਿਚ ਦੇ ਕੇ ਭਾਸ਼ਨ, ਆਪਣਾ ਲੇਖਾ ਭਾਸ਼ਾ ਵਿਚ ਉਲਟਾਈਆ। ਤੂੰ ਸਾਹਿਬ ਸੁਲਤਾਨ ਧੁਰ ਦਾ ਸਾਕਣ, ਸੰਗੀ ਬੇਪਰਵਾਹੀਆ। ਕਲਜੁਗ ਮੇਟ ਅੰਧੇਰੀ ਰਾਤਣ, ਸਤਿਜੁਗ ਸਾਚਾ ਰਾਹ ਚਲਾਈਆ। ਤੇਰੇ ਨਾਮ ਦੀ ਦੋ ਜਹਾਨ ਗਾਵੇ ਗਾਥਣ, ਇਕੋ ਇਸ਼ਟ ਮਨਾਈਆ। ਭਗਤ ਭਗਵਾਨ ਤੇਰੇ ਚਰਨ ਕਵਲ ਬਲ ਬਲ ਜਾਸਣ, ਜਸ ਸਿਫ਼ਤੀ ਸਿਫ਼ਤ ਸਾਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਪਰਗਟਾ ਸੱਚਾ ਦਰ, ਜਿਸ ਘਰ ਤੂੰ ਹੀ ਨਜ਼ਰੀ ਆਈਆ।