੨੪ ਭਾਦਰੋਂ ੨੦੨੧ ਬਿਕ੍ਰਮੀ ਮੱਖਣ ਸਿੰਘ ਦੇ ਗ੍ਰਹਿ ਪਿੰਡ ਭਗਵਾਨ ਪੁਰਾ
ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਬੇਨੰਤੀ, ਸਚਖੰਡ ਦਵਾਰੇ ਸੀਸ ਨਿਵਾਈਆ। ਜੁਗ ਚੌਕੜੀ ਤੇਰਾ ਖੇਲ ਬੇਅੰਤੀ, ਅਕਲ ਕਲ ਧਾਰੀ ਤੇਰੀ ਸਮਝ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬੋਧ ਅਗਾਧ ਲਿਖਾਏ ਬਣ ਕੇ ਪੰਡਤੀ, ਕਾਗ਼ਜ਼ ਕਲਮ ਸ਼ਾਹੀ ਜੋੜ ਜੁੜਾਈਆ । ਆਤਮ ਪਰਮਾਤਮ ਜੁਗ ਜੁਗ ਤੇਰੇ ਦਰ ਦੀ ਮੰਗਤੀ, ਬਣ ਨਿਮਾਣੀ ਝੋਲੀ ਡਾਹੀਆ। ਤੇਰੀ ਪ੍ਰੇਮ ਧਾਰ ਬਹਿੰਦੇ ਰਹੇ ਵਿਚ ਸੰਗਤੀ, ਧੁਰ ਦਾ ਸਾਥੀ ਇਕ ਅਖਵਾਈਆ। ਜੁਗ ਚੌਕੜੀ ਖੇਲ ਮੁੱਕੀ ਨਾ ਨਟੂਏ ਮਨ ਦੀ, ਮਨਸਾ ਨਾ ਸਕੇ ਗਵਾਈਆ। ਤੇਰੀ ਧਾਰ ਮੇਲ ਮਿਲਾਏ ਪੰਜ ਤਤ ਤਨ ਦੀ, ਤਤਵ ਤਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਕਲਜੁਗ ਅੰਤ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋੜਨ ਹੱਥ, ਦਰ ਠਾਂਡੇ ਸੀਸ ਨਿਵਾਈਆ। ਠਾਕਰ ਸਵਾਮੀ ਸਾਹਿਬ ਸਮਰਥ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਪਰਵਰਦਿਗਾਰ ਸਾਂਝੇ ਯਾਰ ਤੇਰੀ ਮਹਿੰਮਾ ਸਦਾ ਅਕਥ, ਕਥਨੀ ਕਥ ਸਕੇ ਨਾ ਕੋਇ ਰਾਈਆ। ਨਿਰਗੁਣ ਸਰਗੁਣ ਖੇਲ ਕਰੇ ਹੋ ਪਰਗਟ, ਨਿਤ ਨਵਿਤ ਫੇਰਾ ਪਾਈਆ। ਨਾਮ ਭੰਡਾਰਾ ਖੋਲ੍ਹਦਾ ਰਿਹੋਂ ਹੱਟ, ਬਣ ਵਣਜਾਰਾ ਵਣਜ ਕਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਾਰਗ ਰਿਹੋਂ ਦੱਸ, ਦਹਿ ਦਿਸ਼ਾ ਰਾਹ ਵਖਾਈਆ। ਸਾਚੇ ਭਗਤਾਂ ਆਪਣੇ ਮਿਲਣ ਦੀ ਖੋਲ੍ਹਦਾ ਰਿਹੋਂ ਅੱਖ, ਪੜਦਾ ਓਹਲਾ ਦਏਂ ਚੁਕਾਈਆ। ਸੰਤ ਸੁਹੇਲੇ ਕਰਦਾ ਰਿਹੋਂ ਵੱਖ, ਵੱਖਰੀ ਧਾਰ ਆਪ ਬੰਧਾਈਆ। ਗੁਰਮੁਖਾਂ ਨਾਮ ਡੋਰੀ ਪਾਉਂਦਾ ਰਿਹੋਂ ਨੱਥ, ਵਾਸਨਾ ਅੰਦਰੇ ਅੰਦਰ ਬੰਦ ਕਰਾਈਆ। ਗੁਰਸਿਖਾਂ ਅੰਮ੍ਰਿਤ ਆਤਮ ਦਿੰਦਾ ਰਿਹੋਂ ਰਸ, ਝਿਰਨਾ ਇਕ ਝਿਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਖੇਲਦਾ ਰਿਹੋਂ ਹੱਸ ਹੱਸ, ਦੋ ਜਹਾਨਾਂ ਪੰਧ ਮੁਕਾਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਰਿਹੋਂ ਵਸ, ਵਾਸਤਾ ਆਪਣੇ ਨਾਲ ਜੁੜਾਈਆ । ਸ਼ਬਦ ਜੈਕਾਰਾ ਨਗ਼ਮਾ ਨਾਲ ਬੋਲਦਾ ਰਿਹੋਂ ਅਲੱਖ, ਨਾਦ ਇਕੋ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੱਸੇ ਖੇਲ ਸੱਚੇ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਘਰ ਸਾਚੇ ਜੁੜਦੇ, ਮੇਲਾ ਆਪਣਾ ਆਪ ਮਿਲਾਈਆ। ਤੇਰੇ ਵੇਖੇ ਖੇਲ ਅਗੰਮੇ ਧੁਰ ਦੇ, ਦੋ ਜਹਾਨਾਂ ਵੱਜੇ ਵਧਾਈਆ। ਤੇਰੇ ਰਾਗ ਅਨੋਖੇ ਸੁਰ ਦੇ, ਤਾਲ ਤਲਵਾੜਾ ਸਮਝ ਕੋਇ ਨਾ ਪਾਈਆ। ਤੇਰੇ ਮੰਤਰ ਵੇਖੇ ਫੁਰਦੇ, ਫ਼ੁਰਨੇ ਸਾਰੇ ਬੰਦ ਕਰਾਈਆ। ਤੇਰੇ ਜੀਉਂਦੇ ਵੇਖੇ ਮੁਰਦੇ, ਗੁਰਮੁਖ ਗੁਰਸਿਖ ਘਰ ਸਾਚੇ ਲਏ ਪਰਗਟਾਈਆ। ਤੇਰੇ ਹੁਕਮ ਬ੍ਰਹਿਮੰਡ ਖੰਡ ਕਦੇ
ਨਾ ਮੁੜਦੇ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੋ ਦੇਣਾ ਸਾਚਾ ਵਰ, ਸਚ ਸਚ ਦੇ ਸਮਝਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਪੁੱਛ, ਧੁਰ ਦਾ ਸੋਹਲਾ ਰਾਗ ਅਲਾਈਆ। ਪੁਰਖ ਅਕਾਲ ਦੀਨ ਦਿਆਲ ਸਾਨੂੰ ਦੱਸ ਕੁਛ, ਖ਼ਾਲੀ ਬੈਠੇ ਝੋਲੀਆਂ ਡਾਹੀਆ। ਸਦੀ ਚੌਧਵੀਂ ਪੈਂਡਾ ਰਿਹਾ ਮੁਕ, ਬੀਸ ਬੀਸਾ ਵਕਤ ਚੁਕਾਈਆ। ਨੌਂ ਖੰਡ ਪ੍ਰਿਥਮੀ ਪਈ ਲੁਟ, ਦਹਿ ਦਿਸ਼ਾ ਦੇਣ ਦੁਹਾਈਆ। ਜੂਠ ਝੂਠ ਕਾਮ ਕਰੋਧ ਲੋਭ ਮੋਹ ਹੰਕਾਰ ਘਰ ਦਿਸੇ ਕੋਈ ਨਾ ਸੁਖ, ਪੜਦਾ ਦੂਈ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਲੇਖੇ ਘਰ ਘਰ ਪੂਰ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਕੇ ਅੱਗੇ, ਅਗਲਾ ਲੇਖਾ ਮੰਗ ਮੰਗਾਈਆ। ਕਲਜੁਗ ਜੀਵ ਬਗ ਬਪੜੇ ਹੋਏ ਬੱਗੇ, ਬਗ਼ਲਗੀਰ ਨਾ ਕੋਇ ਰਖਾਈਆ। ਕੂੜੀ ਕਿਰਿਆ ਨਾਲ ਬੱਧੇ, ਮਾਇਆ ਮਮਤਾ ਮੋਹ ਹਲਕਾਈਆ। ਜੂਠ ਝੂਠ ਅੰਦਰ ਨੱਚੇ, ਹਉਮੇ ਹੰਗਤਾ ਡੰਕ ਵਜਾਈਆ। ਚਾਰ ਕੁੰਟ ਤੇਰੇ ਪ੍ਰੇਮ ਦੇ ਅੰਤਰ ਕੋਇ ਨਾ ਲੱਭੇ ਸੱਚੇ, ਸਚ ਸੰਗ ਨਾ ਕੋਇ ਰਖਾਈਆ। ਕਾਇਆ ਮਾਟੀ ਭਾਂਡੇ ਵੇਖੇ ਕੱਚੇ, ਸਾਢੇ ਤਿੰਨ ਹੱਥ ਬਾਹਰੋਂ ਪੋਚ ਪੁਚਾਈਆ। ਨੇਤਰ ਲੋਚਣ ਤੱਕਣ ਕਿਸੇ ਨਾ ਅੱਖੇ, ਨਜ਼ਰ ਨਾਲ ਨਜ਼ਰ ਕੋਇ ਨਾ ਮਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਅੱਕੇ, ਖਾਣੀ ਬਾਣੀ ਭੇਵ ਨਾ ਕੋਇ ਖੁਲ੍ਹਾਈਆ। ਫਿਰ ਫਿਰ ਥੱਕੇ ਮਦੀਨੇ ਮੱਕੇ, ਮਕਬਰਿਆਂ ਸੱਯਦੇ ਕਰ ਕਰ ਮੁਖ ਭੁਆਈਆ। ਕੋਟਨ ਕੋਟਾਂ ਬਗ਼ਲ ਕੁਰਾਨ ਰੱਖੇ, ਮਕਤਬਾਂ ਵਿਚ ਕਰੀ ਪੜ੍ਹਾਈਆ। ਸ਼ਰਅ ਸ਼ਰੀਅਤ ਮਾਰਗ ਦੱਸੇ, ਕਲਮਾ ਕਾਇਨਾਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਗਹਿਰ ਗੰਭੀਰ ਪੜਦਾ ਲਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਜਣ, ਸਜਰਾ ਲੇਖਾ ਦਏ ਸਮਝਾਈਆ। ਕਲਜੁਗ ਕੂੜੀ ਕਿਰਿਆ ਕੱਢ ਬਿਆਜਨ, ਅਸਲ ਨਾਲ ਸੂਦ ਦਏ ਮਿਟਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਉਠਾ ਸਾਧਨ, ਭਗਤ ਭਗਵਾਨ ਲਏ ਜਗਾਈਆ। ਜੋ ਬਿਨ ਰਸਨਾ ਜਿਹਵਾ ਤੈਨੂੰ ਅਰਾਧਣ, ਅੰਤਰ ਆਤਮ ਧਿਆਨ ਲਗਾਈਆ। ਸੁਰਤੀ ਸ਼ਬਦ ਮਾਰਨ ਆਵਾਜ਼ਣ, ਸੁਰ ਤਾਲ ਸਮਝ ਕੋਇ ਨਾ ਪਾਈਆ। ਕਿਰਪਾ ਕਰ ਮੋਹਨ ਮਾਧਵ ਮਾਦਨ, ਤੇਰੀ ਇਕੋ ਓਟ ਤਕਾਈਆ। ਕਲਜੁਗ ਮੇਟ ਅੰਧੇਰੀ ਰਾਤਨ, ਕੂੜ ਅੰਧੇਰਾ ਦਏ ਗਵਾਈਆ। ਪੀਰ ਪੈਗ਼ੰਬਰ ਝੁਕ ਝੁਕ ਸਾਰੇ ਆਖਣ, ਸਦੀ ਵੀਹਵੀਂ ਇਸ਼ਾਰੇ ਨਾਲ ਸਮਝਾਈਆ। ਜੀਵ ਜੰਤ ਹੋਏ ਪਾਗ਼ਲ, ਬੁਧ ਬਿਬੇਕ ਨਾ ਕੋਇ ਕਰਾਈਆ। ਦਹਿ ਦਿਸ਼ਾ ਅੰਧੇਰਾ ਬਾਦਲ, ਅੰਤਮ ਬਦਲੀ ਦੇ ਵਖਾਈਆ। ਪਿਤਾ ਪੁੱਤ ਦਾ ਬਣਿਆ ਕਾਤਲ, ਮਕਤੂਲ ਦਿਸੇ ਲੋਕਾਈਆ। ਤੇਰਾ ਕੋਈ ਨਾ ਜਾਣੇ ਫ਼ਾਜ਼ਲ, ਰਹਿਮਤ ਬੈਠੀ ਅੱਖ ਸ਼ਰਮਾਈਆ। ਜਨ ਭਗਤਾਂ ਕੁਛ ਨਾ ਹੋਵੇ ਹਾਸਲ, ਹੈਸੀਅਤ ਆਪਣੀ ਬੈਠੇ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦੂਰ ਦੁਰਾਡੇ ਤੇਰੀ ਓਟ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕਿਉਂ ਬੈਠਾ ਚੁੱਪ, ਪਰਵਰਦਿਗਾਰ ਪੜਦਾ ਪਾਈਆ। ਕਲਜੁਗ ਵੇਖ ਅੰਧੇਰਾ ਘੁੱਪ, ਜਗਤ ਚੰਦ ਨਾ ਕੋਇ ਰੁਸ਼ਨਾਈਆ। ਦੀਨ ਮਜ਼੍ਹਬ ਜ਼ਾਤ ਪਾਤ ਪਈ ਫੁੱਟ, ਮੁੱਲਾ ਸ਼ੇਖ਼ ਮੁਸਾਇਕ ਗ੍ਰੰਥੀ ਪੰਥੀ ਕਰਨ ਲੜਾਈਆ। ਪੰਡਤ ਪਾਂਧਿਆਂ ਪਾਈ ਲੁੱਟ, ਜੀਵਾਂ ਜੰਤਾਂ ਰਹੇ ਖਾਈਆ। ਸਾਚਾ ਨਜ਼ਰ ਨਾ ਆਏ ਕੋਈ ਸੁਤ, ਜਨਨੀ ਗੋਦ ਨਾ ਕੋਇ ਸੁਹਾਈਆ। ਉਜਲ ਹੋਇ ਨਾ ਕੋਇ
ਮੁਖ, ਦੁਰਮਤ ਮੈਲ ਨਾ ਕੋਇ ਧਵਾਈਆ। ਲਹਿਣਾ ਚੁੱਕੇ ਨਾ ਕਿਸੇ ਉਲਟਾ ਰੁਖ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡੀ ਤੋਬਾ, ਨਿਉਂ ਨਿਉਂ ਸੀਸ ਝੁਕਾਈਆ। ਕਲਜੁਗ ਅੰਤਮ ਭਾਰਾ ਹੋਇਆ ਬੋਝਾ, ਪੀਠ ਸਕੇ ਨਾ ਕੋਇ ਉਠਾਈਆ। ਤੇਰੀ ਦਰੋਹੀ ਚੌਦਾਂ ਲੋਕਾ, ਚੌਦਾਂ ਤਬਕ ਰਹੇ ਕੁਰਲਾਈਆ। ਠੱਗਾਂ ਚੋਰਾਂ ਯਾਰਾਂ ਮਿਲਿਆ ਮੌਕਾ, ਗੁਰਮੁਖ ਗੁਰਸਿਖ ਬੈਠੇ ਮੁਖ ਭੁਆਈਆ। ਸਾਚਾ ਨਾਮ ਗਾਏ ਨਾ ਕੋਇ ਸਲੋਕਾ, ਹਿਰਦੇ ਹਰਿ ਨਾ ਕੋਇ ਵਸਾਈਆ। ਦੀਨ ਮਜ਼੍ਹਬ ਹੋਇਆ ਥੋਥਾ, ਧੀਰਜ ਜਤ ਨਜ਼ਰ ਕੋਇ ਨਾ ਆਈਆ। ਕਾਇਆ ਮਾਟੀ ਸਾਫ਼ ਦਿਸੇ ਨਾ ਕੋਈ ਕੋਠਾ, ਮਹੱਲ ਅਟਲ ਹੋਵੇ ਨਾ ਕੋਇ ਰੁਸ਼ਨਾਈਆ। ਮਨ ਵਾਸਨਾ ਜਗਤ ਖੋਟਾ, ਬੁਧ ਬਿਬੇਕ ਨਾ ਕੋਇ ਬਣਾਈਆ। ਤੇਰੀ ਰਹਿਮਤ ਗਿਆਨ ਦਵਾਏ ਕੋਲੋਂ ਤੋਤਾ, ਸੁਘੜ ਸੁਚੱਜੇ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਆਪਣਾ ਲੇਖਾ ਲੇਖੇ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਆਸਾ, ਆਸਾ ਆਸਾ ਵਿਚੋਂ ਪਰਗਟਾਈਆ। ਵੇਖਿਆ ਖੇਲ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਫਿਰ ਫਿਰ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਉਦਾਸਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਕਰੋੜ ਤੇਤੀਸਾ ਹੋਇਆ ਨਿਰਾਸਾ, ਸੁਰਪਤ ਬੈਠਾ ਮੁਖ ਭਵਾਈਆ। ਚੌਥਾ ਜੁਗ ਵੇਖੇ ਖੇਲ ਤਮਾਸ਼ਾ, ਡੌਰੂ ਡੰਕ ਵਜਾਈਆ। ਰਾਏ ਧਰਮ ਖੋਲ੍ਹ ਕੇ ਬੈਠਾ ਖਾਤਾ, ਜੀਵਾਂ ਜੰਤਾਂ ਲੇਖਾ ਰਿਹਾ ਜਣਾਈਆ। ਚਿਤ੍ਰਗੁਪਤ ਦੱਸਣਹਾਰ ਖੁਲਾਸਾ, ਭੇਵ ਅਭੇਦਾ ਆਪ ਦ੍ਰਿੜਾਈਆ। ਕਾਲ ਮਹਾਂਕਾਲ ਬਦਲ ਰਿਹਾ ਪਾਸਾ, ਘਰ ਸਾਚੇ ਲਏ ਅੰਗੜਾਈਆ। ਲਾੜੀ ਮੌਤ ਕਰੇ ਹਾਸਾ, ਨੇਤਰ ਨੈਣ ਨੈਣ ਮਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਲੇਖਾ ਚੁਕਾਉਣਾ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰੀ ਚੇਰੀ, ਚਰਨ ਕਵਲ ਧਿਆਨ ਲਗਾਈਆ। ਸ੍ਰਿਸ਼ਟ ਸਬਾਈ ਵੇਖ ਕਰੇ ਮੇਰੀ ਮੇਰੀ, ਮਮਤਾ ਭਰੀ ਸਰਬ ਲੋਕਾਈਆ। ਸਾਧਾਂ ਸੰਤਾਂ ਕੱਪੜੇ ਰੰਗ ਕੇ ਪਾਏ ਗੇਰੀ, ਅੰਤਰ ਆਤਮ ਰੰਗ ਨਾ ਕੋਇ ਚੜ੍ਹਾਈਆ। ਸੁਥਰਿਆਂ ਵਾਂਗ ਘਰ ਘਰ ਪਾਇਣ ਫੇਰੀ, ਭੱਜਣ ਵਾਹੋ ਦਾਹੀਆ। ਨੌਕਾ ਨਈਆ ਹੱਥ ਨਾ ਆਏ ਬੇੜੀ, ਚੱਪੂ ਨਾਮ ਨਾ ਕੋਇ ਲਗਾਈਆ। ਭਾਗ ਲੱਗੇ ਨਾ ਕਿਸੇ ਖੇੜੀ, ਪੜਦਾ ਓਹਲਾ ਨਾ ਕੋਇ ਰਖਾਈਆ। ਪੰਜ ਤਤ ਖ਼ਾਕੀ ਖ਼ਾਕ ਹੁੰਦੀ ਵੇਖੀ ਢੇਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਰਹਿਮਤ ਆਪਣੀ ਇਕ ਕਮਾਈਆ। ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ, ਪੜਦਾ ਅਗਲਾ ਦੇ ਉਠਾਈਆ। ਸਦੀ ਚੌਧਵੀਂ ਦਿਸੇ ਹਾਰ, ਜਿੱਤ ਤੇਰੇ ਹੱਥ ਨਜ਼ਰੀ ਆਈਆ। ਉਚੀ ਕੂਕ ਕਰੀਏ ਪੁਕਾਰ, ਬੌਹੜੀ ਬੌਹੜੀ ਕਰ ਦੁਹਾਈਆ। ਗ਼ਫ਼ਲਤ ਵਿਚ ਸੁੱਤਾ ਸੰਸਾਰ, ਉਲਫ਼ਤ ਵਿਚ ਨਾ ਕੋਇ ਲੋਕਾਈਆ। ਸੁਹਬਤ ਵਿਚ ਨਾ ਕੋਇ ਪਿਆਰ, ਵਿਛੋੜੇ ਵਿਚ ਨਾ ਕੋਇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਦਵਾਰ ਤੇਰੀ ਓਟ ਤਕਾਈਆ। ਪੁਰਖ ਅਕਾਲ ਦੀਨ ਦਿਆਲ ਕਰੇ ਹਾਸਾ, ਹਸਤੀ ਆਪਣੀ ਦਏ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹ ਵੇਖੋ ਤਮਾਸ਼ਾ, ਨਵ ਨੌ ਚਾਰ ਦਏ ਵਖਾਈਆ । ਜੀਵਾਂ ਜੰਤਾਂ ਭੁੱਲਿਆ ਪੂਜਾ ਪਾਠਾ, ਜੋਗ ਅਭਿਆਸ ਵਿਚ ਨਾ ਕੋਇ ਸਮਾਈਆ। ਨੇਤਰ ਰੋਵੇ ਤੀਰਥ ਤਾਟਾ, ਗੰਗਾ
ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਗੁਰੂਦਵਾਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਹੋਈ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਸਾਚੇ ਨਾਮ ਦੀ ਗਾਏ ਕੋਈ ਨਾ ਗਾਥਾ, ਪੁਰਖ ਅਕਾਲ ਇਸ਼ਟ ਨਾ ਕੋਇ ਮਨਾਈਆ। ਝਗੜਾ ਪਿਆ ਜ਼ਾਤਾਂ ਪਾਤਾਂ, ਦੀਨ ਮਜ਼੍ਹਬ ਕਰਨ ਲੜਾਈਆ। ਕਲਜੁਗ ਕੂੜੀ ਕਿਰਿਆ ਘਰ ਘਰ ਪਾਏ ਘਾਟਾ, ਵਾਧਾ ਹੱਥ ਕਿਸੇ ਨਾ ਆਈਆ। ਸਭ ਦੇ ਹੱਥੋਂ ਡਿਗਿਆ ਗੋਬਿੰਦ ਅੰਮ੍ਰਿਤ ਬਾਟਾ, ਰਸ ਜਾਮ ਰਸਨਾ ਨਾ ਕੋਇ ਲਗਾਈਆ। ਸੁੰਞੀ ਦਿਸੇ ਆਤਮ ਖਾਟਾ, ਸਿੰਘਾਸਣ ਸੇਜ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਅੱਗੇ ਹੋ, ਉਪਰੋਂ ਨੀਚੇ ਧਿਆਨ ਲਗਾਈਆ । ਸ੍ਰਿਸ਼ਟ ਸਬਾਈ ਦਿਸੇ ਨਾ ਮੋਹ, ਮੁਹੱਬਤ ਹਕ ਨਾ ਕੋਇ ਕਮਾਈਆ। ਭਾਈ ਭਾਈਆਂ ਨਾਲ ਕਰਨ ਧਰੋਹ, ਭੈਣ ਭਈਆ ਅੱਖ ਉਠਾਈਆ। ਆਤਮ ਪਰਮਾਤਮ ਕਿਸੇ ਨਾ ਜਾਵੇ ਛੋਹ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਕਰਾਈਆ। ਦੁਰਮਤ ਮੈਲ ਸਕੇ ਨਾ ਕੋਈ ਧੋ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਆਪਣੀ ਕਰਨੀ ਆਪਾ ਬੈਠੇ ਖੋਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਿਸ਼ਾ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਵੋ ਇਕੱਠੇ, ਹਰਿ ਕਰਤਾ ਆਪ ਜਣਾਈਆ। ਆਪਣੇ ਵੇਖੋ ਮਾਰਗ ਦੱਸੇ, ਲੋਕਮਾਤ ਧਿਆਨ ਲਗਾਈਆ। ਲੱਖ ਚੁਰਾਸੀ ਵਿਚੋਂ ਬਚ ਕੇ ਬੈਠੇ, ਜਿਨ੍ਹਾਂ ਮਿਲ ਕੇ ਸਗਲਾ ਸੰਗ ਬਣਾਈਆ। ਜਿਨ੍ਹਾਂ ਅੰਤਰ ਆਤਮ ਨਾਮ ਰਟੇ, ਤਿਨ੍ਹਾਂ ਦਾ ਰੱਟਾ ਦਏ ਚੁਕਾਈਆ। ਜਗਤ ਮਿਸਾਲ ਪ੍ਰਭ ਮਾਣ ਦਵਾਇਆ ਵਿਚੋਂ ਵੱਟੇ, ਵਟਾਂਦਰਾ ਆਪਣਾ ਆਪ ਕਰਾਈਆ। ਜੋ ਬਿਰਹੋਂ ਵੈਰਾਗ ਅੰਦਰ ਗੁਰਮੁਖ ਫਟੇ, ਤੀਰ ਅਣਿਆਲਾ ਆਪ ਲਗਾਈਆ। ਉਨ੍ਹਾਂ ਪ੍ਰਭੂ ਆਪੇ ਪਤ ਰੱਖੇ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਿਛਲਾ ਲੇਖਾ ਵੇਖੋ ਕਿਤਾਬ, ਜੋ ਬਿਨ ਅੱਖਰਾਂ ਦਿਤਾ ਲਿਖਾਈਆ। ਲਹਿਣਾ ਦੇਣਾ ਬਾਕੀ ਕੀ ਹਿਸਾਬ, ਹੈਸੀਅਤ ਵਿਚੋਂ ਦਏ ਸਮਝਾਈਆ। ਏਥੇ ਓਥੇ ਦੇਵਣਹਾਰਾ ਖ਼ਿਤਾਬ, ਖ਼ਤਾ ਸਭ ਦੀ ਵੇਖ ਵਖਾਈਆ। ਲੋਕਮਾਤ ਮੱਕਾ ਮਦੀਨਾ ਵੇਖੋ ਮਹਿਰਾਬ, ਮਹਿਬੂਬ ਨਜ਼ਰ ਕਿਸੇ ਨਾ ਆਈਆ। ਸਾਚੇ ਮੰਦਰ ਮਾਰੇ ਨਾ ਕੋਈ ਸਤਿ ਆਵਾਜ਼, ਸੋਈ ਸੁਰਤ ਨਾ ਕੋਇ ਜਗਾਈਆ। ਵੁਜ਼ੂ ਕਰ ਕਰ ਵੇਖੋ ਪੜ੍ਹਦੇ ਨਿਮਾਜ਼, ਕਲਮਿਆਂ ਨਾਲ ਕਰਨ ਸਫ਼ਾਈਆ। ਕਾਇਆ ਕਾਅਬਾ ਕਿਸੇ ਨਾ ਹੋਇਆ ਆਬਾਦ, ਸੁੰਞ ਮਸਾਣ ਦਿਸੇ ਲੋਕਾਈਆ। ਸਦੀ ਚੌਧਵੀਂ ਅੰਤ ਹੋਣਾ ਬਰਬਾਦ, ਹੈਰਾਨੀ ਸਭ ਦੇ ਉਤੇ ਛਾਈਆ। ਅੱਲਾ ਰਾਣੀ ਜੋ ਲਾ ਕੇ ਬੈਠੀ ਆਸ, ਤ੍ਰਿਸਨਾ ਇਕ ਵਧਾਈਆ। ਸੋ ਹਜ਼ਰਤ ਹਜ਼ੂਰ ਖੇਲੇ ਖੇਲ ਸਚ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਸਰਬ ਖੁਲ੍ਹਾਈਆ। ਪੀਰ ਪੈਗ਼ੰਬਰ ਕਹਿਣ ਪ੍ਰਭੂ ਅੱਲਾ, ਇਲਾਹੀ ਤੇਰੀ ਬੇਪਰਵਾਹੀਆ। ਪਰਵਰਦਿਗਾਰ ਸਦਾ ਸਦ ਇਕੱਲਾ, ਮੁਕਾਮੇ ਹਕ ਸੋਭਾ ਪਾਈਆ। ਨੂਰ ਜ਼ਹੂਰ ਦੇ ਫੜਾਇਆ ਅੱਲਾ, ਆਲਮੀਨ ਇਲਮ ਇਕ ਪੜ੍ਹਾਈਆ। ਤੇਰਾ ਪਰਕਾਸ਼ ਨੂਰ ਬੱਲਾ, ਦੀਪਕ ਚਰਾਗ਼ ਡਗਮਗਾਈਆ। ਸਚ ਦਵਾਰ ਫੜਾਇਆ ਪੱਲਾ, ਆਪਣੀ ਗੰਢ ਬੰਧਾਈਆ। ਧਾਮ ਵਖਾਇਆ ਅਟੱਲਾ, ਨਿਹਚਲ ਡੇਰਾ ਲਾਈਆ। ਕਲਮਾ ਕਲਾਮ ਇਕੋ ਘੱਲਾ, ਧੁਰ ਦਾ ਰਾਗ ਅਲਾਈਆ। ਤੇਰੀ ਰਹਿਮਤ ਨਾਲ ਫਲਿਆ ਫੁਲਾ, ਉਮਤ ਉਮਤੀ ਸੋਭਾ
ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਖੇਲ ਵਖੌਣਾ ਚਾਈਂ ਚਾਈਂਆ। ਖੇਲ ਵੇਖਣ ਦਾ ਜਿਨ੍ਹਾਂ ਚਾਓ, ਹਰਿ ਕਰਤਾ ਆਪ ਜਣਾਈਆ। ਪੀਰ ਪੈਗ਼ੰਬਰ ਅੱਗੇ ਆਓ, ਬਿਨ ਕਦਮਾਂ ਕਦਮ ਟਿਕਾਈਆ। ਬਿਨ ਅੱਖਾਂ ਅੱਖ ਖੁਲ੍ਹਾਓ, ਨੇਤਰ ਨੈਣ ਕਰੇ ਰੁਸ਼ਨਾਈਆ । ਲੋਕਮਾਤ ਧਿਆਨ ਲਗਾਓ, ਚੌਦਾਂ ਤਬਕਾਂ ਪੰਧ ਮੁਕਾਈਆ। ਕੂੜੀ ਕਿਰਿਆ ਵੇਖੋ ਥਾਈਂ ਥਾਉਂ, ਘਰ ਘਰ ਬੈਠੀ ਡੇਰਾ ਲਾਈਆ। ਨਾ ਕੋਈ ਪਿਤਾ ਨਾ ਕੋਈ ਮਾਉਂ, ਪੂਤ ਸਪੂਤਾ ਗੋਦ ਨਾ ਕੋਇ ਸੁਹਾਈਆ। ਮੁੱਲਾ ਸ਼ੇਖ਼ ਭੁੱਲੇ ਰਾਹੋਂ, ਰਹਿਬਰ ਸੰਗ ਨਾ ਕੋਇ ਨਿਭਾਈਆ। ਸਾਚਾ ਕਰੇ ਨਾ ਕੋਇ ਨਿਆਉਂ, ਅਦਲ ਅਦਾਲਤ ਨਾ ਕੋਇ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜੋ ਬਣਾ ਕੇ ਆਏ ਗਵਾਹੋ, ਸ਼ਹਾਦਤ ਹਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਇਸ਼ਾਰੇ ਨਾਲ ਰਿਹਾ ਜਣਾਈਆ। ਨਾਲ ਇਸ਼ਾਰੇ ਦੱਸੇ ਏਕ, ਇਕ ਇਕੱਲਾ ਖੇਲ ਖਿਲਾਇੰਦਾ। ਕਲਜੁਗ ਵੇਖੋ ਕੂੜਾ ਭੇਖ, ਭੇਖੀ ਘਰ ਘਰ ਡੇਰਾ ਲਾਇੰਦਾ। ਮਸਲਾ ਪੜ੍ਹੇ ਨਾ ਕੋਈ ਮੁੱਲਾ ਸ਼ੇਖ਼, ਸ਼ੇਖ਼ੀ ਵਿਚੋਂ ਬਾਹਰ ਨਜ਼ਰ ਕੋਇ ਨਾ ਆਇੰਦਾ। ਮਾਇਆ ਮਮਤਾ ਭਰੇ ਨਾ ਕਿਸੇ ਪੇਟ, ਜਗਤ ਤ੍ਰਿਸਨਾ ਦੂਰ ਨਾ ਕੋਇ ਕਰਾਇੰਦਾ । ਮਸਜਦਾਂ ਅੰਦਰ ਰਹੇ ਲੇਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਸਿੱਖੋ ਸਿਖਿਆ, ਸਚਖੰਡ ਨਿਵਾਸੀ ਆਪ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਾਣੋ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਨਾਮ ਪਦਾਰਥ ਸ਼ਬਦ ਅਗੰਮੀ ਦਾਤ ਹਰਿ ਠਾਕਰ ਪਾਏ ਭਿਛਿਆ, ਵਸਤ ਅਮੋਲਕ ਸਾਚੀ ਗੋਲਕ ਆਪ ਟਿਕਾਈਆ। ਨਿਤ ਨਵਿਤ ਨਿਰਗੁਣ ਸਰਗੁਣ ਕਰੇ ਰਿਛਿਆ, ਏਥੇ ਓਥੇ ਹੋਏ ਸਹਾਈਆ। ਬਿਨ ਸਾਚੇ ਨੇਤਰ ਕਿਸੇ ਨਾ ਦਿਸਿਆ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਚਿਠਿਆ, ਧੁਰ ਦਾ ਲੇਖਾ ਦਏ ਦ੍ਰਿੜਾਈਆ। ਧੁਰ ਦਾ ਲੇਖਾ ਨਾਮ ਸਬੂਤ, ਬੇਸਬਰ ਸਬਰ ਜਣਾਇੰਦਾ। ਅੰਜੀਲ ਕੁਰਾਨ ਛੋਟੇ ਛੋਟੇ ਖ਼ਤ ਖ਼ਤੂਤ, ਜੋ ਆਇਤਾਂ ਸ਼ਰਾਇਤਾਂ ਵਿਚ ਬਣਾਇੰਦਾ। ਦੂਰ ਦੁਰਾਡਾ ਵਸੇ ਆਪ ਮਹਿਬੂਬ, ਮਜਲਸ ਆਪਣੇ ਘਰ ਵਖਾਇੰਦਾ। ਅਗੰਮ ਅਥਾਹ ਉਚ ਅਰੂਜ, ਦਰਗਾਹ ਸਾਚੀ ਸੋਭਾ ਪਾਇੰਦਾ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਇੰਦਾ। ਸਦੀ ਚੌਧਵੀਂ ਘਰ ਘਰ ਤੁਹਾਨੂੰ ਵਖਾਏ ਜੂਠ ਝੂਠ, ਸਚ ਸੁੱਚ ਸੰਗ ਨਾ ਕੋਇ ਨਿਭਾਇੰਦਾ। ਨਿਰਮਲ ਦਿਸੇ ਨਾ ਕੋਇ ਪੰਜ ਭੂਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਆਪ ਜਣਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਹਾਏ, ਹੌਕਾ ਲੈ ਕੇ ਰਹੇ ਸੁਣਾਈਆ। ਕਲਜੁਗ ਜੀਵ ਹੋਏ ਬੇਵਫ਼ਾਏ, ਵਫ਼ਾਦਾਰ ਨਜ਼ਰ ਕੋਇ ਨਾ ਆਈਆ । ਵਿਸ਼ਨ ਬ੍ਰਹਮਾ ਸ਼ਿਵ ਵੇਖਣ ਨੈਣ ਉਠਾਏ, ਚਾਰ ਕੁੰਟ ਧਿਆਨ ਲਗਾਈਆ। ਤੇਈ ਅਵਤਾਰ ਰਹੇ ਪਛਤਾਏ, ਪਸਚਾਤਾਪ ਸਭ ਦੀ ਝੋਲੀ ਪਾਈਆ । ਈਸਾ ਮੂਸਾ ਮੁਹੰਮਦ ਦਏ ਦੁਹਾਏ, ਦਰੋਹੀ ਖ਼ੁਦਾਏ ਤੇਰੀ ਨਜ਼ਰੀ ਆਈਆ। ਨਾਨਕ ਗੋਬਿੰਦ ਕਹਿਣ ਵਾਹ ਵਾਹ ਤੇਰਾ ਖੇਲ ਬੇਪਰਵਾਹੇ, ਬੇਅੰਤ ਤੇਰੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਜੋ ਪੜ੍ਹਾਏ, ਚੌਦਾਂ ਵਿਦਿਆ ਮੇਲ ਮਿਲਾਈਆ। ਮੰਦਰਾਂ ਮਸਜਿਦਾਂ ਸ਼ਿਵਦਵਾਲਿਆਂ ਮੱਠਾਂ ਵਿਚ ਟਿਕਾਏ, ਸੋਹਣੇ ਬੰਕ ਬਣਾਏ, ਰਸਨਾ
ਜਿਹਵਾ ਬੱਤੀ ਦੰਦ ਅੰਦਰ ਮੰਦਰ ਬਹਿ ਬਹਿ ਰਾਗ ਅਲਾਏ, ਰਾਗਣੀਆਂ ਨਾਲ ਮਿਲ ਕੇ ਵਜੇ ਵਧਾਈਆ। ਕਲਜੁਗ ਜੀਵ ਅੰਤਮ ਸਾਰੇ ਬੈਠੇ ਭੁਲਾਏ, ਹਿਰਦੇ ਹਰਿ ਨਾ ਕੋਇ ਵਸਾਈਆ। ਹੰਸ ਰੂਪ ਹੋਏ ਕਾਂਏ, ਬੁੱਧੀ ਕਾਗ ਵਾਂਗ ਕੁਰਲਾਈਆ। ਕੋਈ ਖਾਏ ਸੂਰ ਕੋਈ ਖਾਏ ਗਾਏ, ਹਕ ਹਲਾਲ ਸਮਝ ਕਿਸੇ ਨਾ ਆਈਆ। ਤੇਰੀ ਕੀਤੀ ਪ੍ਰਭ ਸਾਰੇ ਰਹੇ ਉਲਟਾਏ, ਕਲਜੁਗ ਉਲਟੀ ਰੀਤ ਚਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਬੈਠੇ ਢੇਰੀਆਂ ਢਾਏ, ਅੱਗੇ ਬਲ ਨਾ ਕੋਇ ਜਣਾਈਆ। ਸਦੀ ਵੀਹਵੀਂ ਤੇਰੀ ਵਾਰੀ ਆਏ, ਵਾਰਤਾ ਸਾਰੇ ਆਏ ਲਿਖਾਈਆ। ਪਤਿਪਰਮੇਸ਼ਵਰ ਨਿਹਕਲੰਕ ਨਰਾਇਣ ਕਲ ਕਲਕੀ ਵੇਸ ਵਟਾਏ, ਜਿਸ ਦਾ ਪਿਤਾ ਨਾ ਕੋਇ ਮਾਈਆ। ਲੱਖ ਚੁਰਾਸੀ ਖੋਜ ਖੁਜਾਏ, ਚਾਰੇ ਖਾਣੀ ਪੜਦਾ ਲਾਹੀਆ। ਧੁਰ ਦਾ ਡੰਕਾ ਇਕ ਵਜਾਏ, ਦੋ ਜਹਾਨਾਂ ਦਏ ਸੁਣਾਈਆ। ਰਾਓ ਰੰਕਾਂ ਆਪ ਉਠਾਏ, ਆਲਸ ਨਿੰਦਰਾ ਦਏ ਗਵਾਈਆ। ਸਾਚਾ ਬੰਕ ਇਕ ਵਖਾਏ, ਜਿਸ ਘਰ ਬੈਠਾ ਡੇਰਾ ਲਾਈਆ। ਬੰਦੇ ਬੰਦਗੀ ਇਕੋ ਇਕ ਜਣਾਏ, ਬੰਦਨਾ ਡੰਡੌਤ ਆਪ ਦ੍ਰਿੜਾਈਆ। ਸਾਚੀ ਮਾਨੁਸ਼ ਮਾਨਵ ਮਨੁੱਖ ਮਨੌਤ ਇਕ ਕਰਾਏ, ਇਕੋ ਨਾਮ ਦਏ ਸਮਝਾਈਆ। ਕੂੜੀ ਕਿਰਿਆ ਕਲਜੁਗ ਔਧ ਦਏ ਖਪਾਏ, ਜ਼ਾਤ ਪਾਤ ਵਰਨ ਬਰਨ ਝਗੜਾ ਕੋਇ ਰਹਿਣ ਨਾ ਪਾਈਆ। ਗੁਰਮੁਖ ਗੁਰਸਿਖ ਕੂੜੀ ਕਿਰਿਆ ਤੌਕ ਜ਼ੰਜੀਰ ਗਲੋਂ ਕਟਾਏ, ਨਾਮ ਖੰਡਾ ਹੱਥ ਉਠਾਈਆ। ਸਾਚੀ ਮੰਜ਼ਲ ਆਪ ਚੜ੍ਹਾਏ, ਪਾਂਧੀ ਹੋ ਕੇ ਪੰਧ ਮੁਕਾਈਆ। ਨਗ਼ਮਾ ਢੋਲਾ ਗ਼ਜ਼ਲ ਇਕ ਸੁਣਾਏ, ਕੂੜੀ ਅਜ਼ਲ ਨੇੜ ਨਾ ਆਈਆ। ਸਤਿਜੁਗ ਸਾਚੀ ਧਾਰ ਚਲਾਏ, ਧਰਤ ਧਰਨੀ ਸੋਭਾ ਪਾਈਆ। ਸਾਚੀ ਸਰਨ ਇਕ ਵਖਾਏ, ਸਰਨਗਤ ਬੇਪਰਵਾਹੀਆ। ਜਨ ਭਗਤ ਸੁਹੇਲੇ ਆਪ ਉਠਾਏ, ਗੁਰ ਚੇਲੇ ਮੇਲ ਮਿਲਾਈਆ। ਸਾਚੇ ਧੰਦੇ ਆਪੇ ਲਾਏ, ਕੂੜੇ ਗੰਦੇ ਆਪ ਖਪਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਾਹ ਵਾਹ ਸਾਂਝੇ ਯਾਰ, ਯਰਾਨਾ ਤੇਰਾ ਨਜ਼ਰੀ ਆਈਆ। ਕਲਜੁਗ ਜੀਵ ਹੋਏ ਬੇਇਤਬਾਰ, ਭਰੋਸਾ ਸੰਗ ਨਾ ਕੋਇ ਰਖਾਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਆਉਣ ਦਾ ਕਰਦੇ ਆਏ ਉਧਾਰ, ਸਾਚਾ ਕੰਡਾ ਤਰਾਜ਼ੂ ਤੋਲ ਤੇਰੇ ਹੱਥ ਫੜਾਈਆ। ਕਲਜੁਗ ਅੰਤਮ ਕਿਰਪਾ ਕਰ ਪੁਰਖ ਅਕਾਲੇ ਪਰਵਰਦਿਗਾਰ, ਮਦਦਗਾਰ ਹੋ ਕੇ ਫੇਰਾ ਪਾਈਆ। ਦੋ ਜਹਾਨਾਂ ਠਾਂਡਾ ਖੋਲ੍ਹ ਇਕ ਦਰਬਾਰ, ਦਰਗਾਹ ਸਾਚੀ ਪੜਦਾ ਲਾਹੀਆ। ਕੂੜੀ ਕਿਰਿਆ ਕਰਮ ਕਾਂਡ ਵਿਚੋਂ ਦੇਣਾ ਨਿਕਾਲ, ਜਹਾਲਤ ਬੈਠੇ ਮੁਖ ਭਵਾਈਆ। ਸਾਚਾ ਮੰਤਰ ਧੁਰ ਦਾ ਦੇਣਾ ਸਖਾਲ, ਸਿਖਿਆ ਇਕ ਸਮਝਾਈਆ। ਸਤਿਜੁਗ ਪੂਤ ਸਪੂਤਾ ਨੰਨ੍ਹਾ ਬੱਚਾ ਲੈਣਾ ਉਠਾਲ, ਨੇਤਰ ਨੈਣ ਅੱਖ ਲਏ ਖੁਲ੍ਹਾਈਆ। ਨਾਲ ਮਿਲਾਉਣੇ ਗੁਰਮੁਖ ਸੱਚੇ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਧਰਨੀ ਧਰਤ ਧਵਲ ਉਤੇ ਬਣਾਉਣੀ ਸੱਚੀ ਧਰਮਸਾਲ, ਮੰਦਰ ਇਕੋ ਨਜ਼ਰੀ ਆਈਆ। ਜਿਥੇ ਸੋਭਾ ਪਾਏ ਸ਼ਾਹ ਕੰਗਾਲ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਸਭ ਦਾ ਹੱਲ ਹੋਵੇ ਸਵਾਲ, ਬਾਕੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਹੋ ਕੇ ਪੁੱਛਦੇ, ਪ੍ਰਭ ਲੇਖਾ ਦੇ ਜਣਾਈਆ। ਕੀ ਲਹਿਣੇ ਤੇਰੇ ਗੋਬਿੰਦ ਸੁਤ ਦੇ, ਕਿਸ ਬਿਧ ਲੇਖਾ ਰਿਹਾ ਮੁਕਾਈਆ। ਦਰ ਨਿਉਂ ਨਿਉਂ ਤੇਰੇ ਝੁਕਦੇ, ਸੀਸ ਜਗਦੀਸ ਨਿਵਾਈਆ। ਤੇਰੇ ਭਾਣੇ ਕਦੇ ਨਾ ਰੁਕਦੇ, ਨਾ ਕੋਇ ਮੇਟੇ ਮੇਟ ਮਿਟਾਈਆ।
ਅਸਾਂ ਆਪਣੇ ਪੈਂਡੇ ਵੇਖੇ ਮੁਕਦੇ, ਥਿਰ ਰਹਿਣ ਕੋਇ ਨਾ ਪਾਈਆ। ਕੀ ਖੇਲ ਤੇਰੇ ਅਗੰਮੀ ਪੁੱਤ ਦੇ, ਪਤਾ ਧੁਰ ਦਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੋਬਿੰਦ ਸੁਤ ਮੇਰਾ ਅਨੋਖਾ, ਪੁਰਖ ਅਕਾਲ ਸਰਬ ਜਣਾਈਆ। ਕਿਸੇ ਨਾਲ ਨਾ ਕਰੇ ਧੋਖਾ, ਕੂੜਾ ਵਣਜ ਨਾ ਕੋਇ ਵਖਾਈਆ। ਸਚ ਦਵਾਰੇ ਵਸੇ ਅਗੰਮੀ ਕੋਠਾ, ਥਿਰ ਘਰ ਬੈਠਾ ਡੇਰਾ ਲਾਈਆ। ਗੁਰਮੁਖ ਵੇਖੇ ਜੋ ਗਾਵੇ ਸਚ ਸਲੋਕਾ, ਸੋਹਲਾ ਰਾਗ ਅਲਾਈਆ। ਜਿਸ ਦੇ ਅੰਦਰ ਰੱਖਿਆ ਇਕੋ ਪੋਥਾ, ਪੁਸਤਕ ਆਪਣੀ ਦਏ ਸਮਝਾਈਆ। ਕਰ ਪਰਕਾਸ਼ ਨਿਰਮਲ ਜੋਤਾ, ਨੂਰੋ ਨੂਰ ਕਰੇ ਰੁਸ਼ਨਾਈਆ। ਆਦਿ ਜੁਗਾਦਿ ਕਦੇ ਨਾ ਹੋਏ ਹੋਛਾ, ਗਹਿਰ ਗੰਭੀਰ ਬੇਪਰਵਹੀਆ। ਖੇਲੇ ਖੇਲ ਲੋਕ ਪਰਲੋਕਾ, ਬ੍ਰਹਿਮੰਡਾਂ ਖੰਡਾਂ ਫੇਰਾ ਪਾਈਆ। ਲੱਖ ਚੁਰਾਸੀ ਤਨ ਲਗਾਏ ਚੋਟਾ, ਤਾਲ ਤਲਵਾੜਾ ਇਕ ਵਜਾਈਆ। ਕਲਜੁਗ ਜੀਵ ਕੋਇ ਰਹਿਣ ਨਾ ਦੇਵੇ ਖੋਟਾ, ਬੁੱਧ ਬਿਬੇਕ ਦਏ ਬਣਾਈਆ। ਸਚ ਸੁਣਾਵੇ ਨਾਮ ਸਲੋਕਾ, ਧੁਰ ਦਾ ਰਾਗ ਅਲਾਈਆ। ਅੱਗੇ ਕਿਸੇ ਨੂੰ ਰੱਖਣਾ ਪਏ ਨਾ ਰੋਜ਼ਾ, ਨਿਮਾਜ਼ਾਂ ਵਿਚ ਨਾ ਸੀਸ ਨਿਵਾਈਆ। ਪੰਡਤਾਂ ਕੋਲੋਂ ਪੜ੍ਹਨਾ ਪਏ ਨਾ ਪੋਥਾ, ਸਾਚਾ ਮੰਤਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਲੇਖੇ ਰਿਹਾ ਜਣਾਈਆ। ਗੋਬਿੰਦ ਸੁੱਤ ਸੋਹਣਾ ਚੰਗਾ, ਚੰਗੀ ਤਰਾ ਜਣਾਈਆ। ਜਿਸ ਦਾ ਦੋ ਜਹਾਨ ਵੱਜੇ ਮਰਦੰਗਾ, ਮਰਦ ਮਰਦਾਨਾ ਇਕ ਅਖਵਾਈਆ। ਜੋ ਮਾਛੂਵਾੜੇ ਸੁੱਤਾ ਪੈਰੀ ਨੰਗਾ, ਸੂਲਾਂ ਸੱਥਰ ਸੇਜ ਹੰਢਾਈਆ। ਜਿਸ ਦਾ ਕਿਸੇ ਲੁਹਾਰ ਤਰਖਾਣ ਨਾ ਘੜਿਆ ਖੰਡਾ, ਪੁਰਖ ਅਕਾਲ ਆਪੇ ਬਣਤ ਬਣਾਈਆ। ਜਿਸ ਦੇ ਚਰਨ ਚੁੰਮੇ, ਸੁਰਸਤੀ ਗੋਦਾਵਰੀ ਜਮਨਾ ਗੰਗਾ, ਧੂੜੀ ਟਿੱਕਾ ਮਸਤਕ ਲਾਈਆ। ਪਿਛੇ ਬਣ ਕੇ ਆਇਆ ਪੰਜ ਤਤ ਖਾਕੀ ਬੰਦਾ, ਅੱਗੇ ਸ਼ਬਦੀ ਰੂਪ ਪਰਗਟਾਈਆ। ਪੁਰਖ ਅਕਾਲ ਦੀਨ ਦਿਆਲ ਉਸ ਦੀ ਪੂਰੀ ਕਰੇ ਮੰਗਾ, ਜੋ ਬਾਲੇ ਨੀਹਾਂ ਹੇਠ ਦਬਾਈਆ। ਕਲਜੁਗ ਮੇਟੇ ਅੰਧ ਅੰਧੇਰਾ ਅੰਧਾ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਜਨ ਭਗਤਾਂ ਹੋਵੇ ਸੰਗਾ, ਧੁਰ ਦਾ ਸੰਗ ਬਣਾਈਆ। ਪ੍ਰੇਮ ਪਿਆਰ ਦਾ ਪਾ ਕੇ ਫੰਦਾ, ਗੁਰਮੁਖ ਆਪਣਾ ਜੋੜ ਜੁੜਾਈਆ। ਆਪਣੇ ਹੁਕਮ ਦਾ ਵਖਾਏ ਡੰਡਾ, ਮਨ ਮਨਸਾ ਦਏ ਗਵਾਈਆ। ਦੂਈ ਦਵੈਤੀ ਢਾਹ ਕੇ ਕੰਧਾ, ਸ਼ਰਅ ਸ਼ਰੀਅਤ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਇਕੋ ਵਾਰ ਝੋਲੀ ਪਾਈਆ। ਪੁਰਖ ਅਕਾਲ ਕਹੇ ਮੇਰਾ ਸਚ ਦੁਲਾਰਾ, ਦੂਲ੍ਹਾ ਧੁਰ ਦਾ ਨਜ਼ਰੀ ਆਈਆ। ਜਿਸ ਦਾ ਇਕੋ ਨਾਮ ਨਗਾਰਾ, ਨਿਰਗੁਣ ਸਰਗੁਣ ਰਿਹਾ ਸੁਣਾਈਆ। ਜਿਸ ਦਾ ਇਕੋ ਸਚ ਦਵਾਰਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਇਕੋ ਉਚ ਮਨਾਰਾ, ਮਹੱਲ ਅਟਲ ਕਰੇ ਇਕ ਰੁਸ਼ਨਾਈਆ। ਜਿਸ ਦਾ ਇਕੋ ਇਕ ਪਿਆਰਾ, ਗੁਰਮੁਖਾਂ ਪ੍ਰੀਤੀ ਤੋੜ ਨਿਭਾਈਆ। ਜਿਸ ਦਾ ਇਕੋ ਇਕ ਅਖਾੜਾ, ਘਰ ਸਾਚੇ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੋਬਿੰਦ ਸੂਰਾ ਸੁਤ ਸੰਗੀ ਸਗਲਾ, ਸਾਹਿਬ ਸਮਰਥ ਉਪਜਾਈਆ। ਜੋ ਲੇਖਾ ਸਭ ਦਾ ਜਾਣੇ ਅਗਲਾ, ਪਿਛਲਾ ਲਹਿਣਾ ਦਏ ਮੁਕਾਈਆ। ਕਲਜੁਗ ਕੂੜਾ ਚੁੱਕੇ ਬਦਲਾ, ਸਤਿਜੁਗ ਜਨਮ ਦਵਾਈਆ। ਲੇਖਾ ਰਹਿਣ ਨਾ ਦੇਵੇ ਕੋਈ ਗੰਧਲਾ, ਨਿਰਮਲ ਨੀਰ ਨਿਰਵੈਰ ਦਏ ਜਣਾਈਆ। ਸਾਢੇ ਤਿੰਨ ਹੱਥ ਸੰਬਲ ਸੁਹਾਵੇ ਇਕੋ ਬੰਗਲਾ, ਜਿਸ ਗ੍ਰਹਿ ਬਹਿ ਕੇ ਸੋਭਾ ਪਾਈਆ। ਸਤਿ ਧਰਮ ਦਾ ਗਾਵੇ ਚਾਰ ਮੰਗਲਾ,
ਗੀਤ ਗੋਬਿੰਦ ਇਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਦਇਆ ਕਮਾਈਆ। ਗੋਬਿੰਦ ਸੂਰਾ ਉਠੇ ਇਕ, ਏਕੰਕਾਰ ਦਇਆ ਕਮਾਈਆ। ਗੁਰਮੁਖ ਵੇਖੇ ਧੁਰ ਦੇ ਸਿੱਖ, ਸਾਖਿਆਤ ਲਏ ਪਰਗਟਾਈਆ। ਕਰ ਵਸੇਰਾ ਅੰਤਰ ਨਿਜ, ਗ੍ਰਹਿ ਮੰਦਰ ਸੋਭਾ ਪਾਈਆ। ਸਤਿ ਧਰਮ ਦੀ ਦੱਸ ਕੇ ਬਿਧ, ਬਿਧਨਾ ਲੇਖ ਮਿਟਾਈਆ। ਪ੍ਰੇਮ ਪਿਆਰ ਦੀ ਪਾ ਕੇ ਖਿੱਚ, ਆਤਮ ਪਰਮਾਤਮ ਜੋੜ ਜੁੜਾਈਆ। ਕਲਜੁਗ ਸਤਿਜੁਗ ਦੋਹਾਂ ਵਿਚੋਲਾ ਹੋ ਕੇ ਵਿਚ, ਅਦਲੀ ਬਦਲੀ ਦਏ ਕਰਾਈਆ। ਸਮਾਂ ਸੁਹੌਣਾ ਆਪੇ ਲਏ ਨਜਿੱਠ, ਨਿਕਟ ਵਰਤੀ ਹੋ ਕੇ ਖੇਲ ਖਿਲਾਈਆ। ਜਗਤ ਨੇਤਰ ਕਿਸੇ ਨਾ ਆਵੇ ਦਿਸ, ਗੁਰਮੁਖਾਂ ਨਿਜ ਨੇਤਰ ਕਰੇ ਰੁਸ਼ਨਾਈਆ। ਸੱਜਣ ਸੁਹੇਲਾ ਬਣਾਏ ਹਿਤ, ਮਿੱਤਰ ਪਿਆਰਾ ਹੋ ਕੇ ਸੇਵ ਕਮਾਈਆ । ਨਾਮ ਭੰਡਾਰਾ ਦੇਵੇ ਅੰਮ੍ਰਿਤ ਮਿੱਠ, ਰਸ ਇਕੋ ਇਕ ਚਖਾਈਆ। ਸਚ ਦਵਾਰਾ ਵਖਾਏ ਧਾਮ ਅਨਡਿਠ, ਸੋਹਣਾ ਮੰਦਰ ਆਪ ਪਰਗਟਾਈਆ। ਜੋ ਗੋਬਿੰਦ ਪੁਰਖ ਅਕਾਲ ਦਿਤੀ ਇਕੋ ਚਿਟ, ਚਿੱਠੀ ਧੁਰ ਦੀ ਹੱਥ ਫੜਾਈਆ। ਜਿਸ ਦੇ ਉਤੇ ਤੇਰਾ ਮੇਰਾ ਲੇਖ ਦਿਤਾ ਲਿਖ, ਦੂਜੀ ਵੰਡ ਨਾ ਕੋਇ ਵੰਡਾਈਆ। ਸੋ ਸਾਹਿਬ ਸਵਾਮੀ ਖੇਲ ਕਰੇ ਨਿਤ ਨਵਿਤ, ਜੁਗ ਚੌਕੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਗੋਬਿੰਦ ਸੁਤ ਗਹਿਰ ਗੰਭੀਰ, ਪੀਰ ਪੈਗ਼ੰਬਰਾਂ ਪ੍ਰਭ ਜਣਾਇੰਦਾ। ਜਿਸ ਦਾ ਤਤ ਨਾ ਕੋਇ ਸਰੀਰ, ਮਨ ਮਤ ਬੁੱਧ ਨਾ ਕੋਇ ਵਖਾਇੰਦਾ। ਜਿਸ ਦਾ ਗੁਰੂ ਨਾ ਕੋਇ ਪੀਰ, ਮੰਦਰ ਸ਼ਿਵਦਵਾਲਾ ਮੱਠ ਨਜ਼ਰ ਕੋਇ ਨਾ ਆਇੰਦਾ। ਜਿਸ ਦੀ ਮੁਸੱਵਰ ਖਿੱਚੇ ਨਾ ਕੋਇ ਤਸਵੀਰ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਜਿਸ ਦੀ ਮੰਜ਼ਲ ਜਾਣੇ ਨਾ ਕੋਇ ਅਖ਼ੀਰ, ਪਾਰ ਕਿਨਾਰ ਨਾ ਕੋਇ ਕਰਾਇੰਦਾ। ਜਿਸ ਦੀ ਬਣਾਵੇ ਨਾ ਕੋਇ ਤਕਦੀਰ, ਤਦਬੀਰ ਅੱਗੇ ਹੋ ਨਾ ਕੋਇ ਸਮਝਾਇੰਦਾ। ਜਿਸ ਦੀ ਘੜੇ ਨਾ ਕੋਇ ਸ਼ਮਸ਼ੀਰ, ਤਰਕਸ਼ ਤੀਰ ਕਮਾਨ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕੋ ਜਲਵਾ, ਪਰਵਰਦਿਗਾਰ ਨੂਰ ਖ਼ੁਦਾਈਆ। ਮੇਰਾ ਸੁਤ ਗੋਬਿੰਦ ਕਦੇ ਨਾ ਖਾਵੇ ਹਲਵਾ, ਪਕਵਾਨ ਵਿਚ ਆਸ਼ਾ ਨਾ ਕੋਇ ਧਰਾਈਆ। ਕਦੀ ਨਹਾਵਣ ਜਾਏ ਨਾ ਕਿਨਾਰੇ ਗੰਗਾ, ਜਮਨਾ ਜਲ ਧਾਰ ਨਾ ਕੋਇ ਕਰਾਈਆ । ਮਾਤ ਗਰਭ ਕਦੇ ਨਾ ਮਰਨਾ ਜੰਮਣਾ, ਲੱਖ ਚੁਰਾਸੀ ਫੇਰਾ ਕੋਇ ਨਾ ਪਾਈਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਨਾ ਕੋਈ ਬੰਧਨਾ, ਬੰਦੀਖ਼ਾਨਾ ਬੰਦ ਨਾ ਕੋਇ ਕਰਾਈਆ। ਮਾਂਗਤ ਹੋ ਕੇ ਦੂਜੇ ਦਰ ਨਾ ਜਾਏ ਮੰਗਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸਾਵਣਹਾਰਾ ਇਕ ਦਰ, ਦਰ ਦਰਵੇਸ਼ ਆਪ ਜਣਾਈਆ। ਸ਼ਬਦ ਗੁਰ ਸੁਤ ਸਾਹਿਬ, ਕਲਜੁਗ ਅੰਤਮ ਲਏ ਅੰਗੜਾਈਆ। ਹੁਕਮੇ ਅੰਦਰ ਬਣਕੇ ਨਾਇਕ, ਦੋ ਜਹਾਨਾਂ ਲਏ ਉਠਾਈਆ। ਸਤਿ ਸਚ ਕਰੇ ਹਦਾਇਤ, ਹਦੀਸਾਂ ਨਾਲ ਪੜ੍ਹਾਈਆ। ਮਿਹਰ ਮੁਹੱਬਤ ਕਰ ਇਨਾਇਤ, ਝੋਲੀ ਦਏ ਭਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਘਰ ਇਕ ਪਰਗਟਾਈਆ। ਪੀਰ ਪੈਗ਼ੰਬਰ ਕਹਿਣ ਪ੍ਰਭੂ ਰਖਿਆ ਓਹਲਾ, ਸਤਿ ਸਚ ਨਾ ਕੋਇ ਦ੍ਰਿੜਾਈਆ। ਬੇਸ਼ਕ ਤੇਰਾ ਨਾਮ ਸ਼ਬਦ ਸਦ ਵਿਚੋਲਾ, ਜੁਗ ਜੁਗ ਜੋੜ ਜੁੜਾਈਆ। ਸੰਮਤ ਵੀਹ ਸੌ ਇੱਕੀ ਤਾਈਂ ਸਾਰਿਆਂ ਪਾਇਆ ਰੌਲਾ, ਅੱਗੇ ਸਿਖਿਆ ਨਾ
ਕੋਇ ਸਮਝਾਈਆ। ਸਦੀ ਚੌਧਵੀਂ ਤਾਈਂ ਸਭ ਦੱਸਦੇ ਰਹੇ ਮੌਲਾ, ਪੜਦਾ ਅੱਗੇ ਨਾ ਕੋਇ ਚੁਕਾਈਆ। ਸਚ ਦਸ ਕੀ ਤੇਰਾ ਸਭ ਤੋਂ ਵੱਖਰਾ ਹੋਏ ਢੋਲਾ, ਧੁਰ ਦਾ ਰਾਗ ਪਰਗਟਾਈਆ। ਜਿੰਨਾਂ ਚਿਰ ਆਪਣਾ ਰਾਜ਼ ਨਾ ਖੋਲ੍ਹਾ, ਰਹਿਮਤ ਨਾ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਜਣਾਈਆ। ਅਗਲਾ ਲੇਖਾ ਦੱਸ ਜੁਗਤ, ਜਗ ਜੀਵਣ ਦਾਤੇ ਤੇਰੀ ਓਟ ਤਕਾਈਆ। ਆਦਿ ਜੁਗਾਦਿ ਤੇਰਾ ਨਾਮ ਭੰਡਾਰਾ ਮੁਫ਼ਤ, ਕਰਤੇ ਕੀਮਤ ਕੋਇ ਨਾ ਲਾਈਆ। ਸਦੀ ਚੌਧਵੀਂ ਹੁਣ ਕਿਉਂ ਹੋਇਉਂ ਸੁਸਤ, ਗ਼ਫ਼ਲਤ ਵਿਚ ਅੱਖ ਨਾ ਕੋਇ ਖੁਲ੍ਹਾਈਆ। ਕੀ ਤੇਰਾ ਖੇਲ ਏਥੋਂ ਤੱਕ ਦਰੁਸਤ, ਕਿ ਦਰੁਸਤੀ ਵਿਚ ਦਰੁਸਤੀ ਹੋਰ ਬਣਾਈਆ। ਪੁਰਖ ਅਕਾਲ ਕਹੇ ਮੇਰਾ ਬਾਲਾ ਬੱਚਾ ਚੁਸਤ, ਚਲਾਕੀ ਇਤਫ਼ਾਕੀ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੋਲ੍ਹਣਹਾਰਾ ਸਚ ਦਰ, ਦਰਗਾਹ ਸਾਚੀ ਦਏ ਖੁਲ੍ਹਾਈਆ। ਪੀਰ ਪੈਗ਼ੰਬਰ ਕਹਿਣ ਦੱਸ ਕੀ ਅੱਗੇ ਹੋਣਾ, ਸ਼ਾਸਤਰ ਸਿਮਰਤ ਬੈਠੇ ਪੰਧ ਮੁਕਾਈਆ। ਚਾਰ ਕੁੰਟ ਪਿਆ ਰੋਣਾ, ਹੌਕਿਆਂ ਵਿਚ ਲੋਕਾਈਆ। ਪਰਵਰਦਿਗਾਰ ਤੈਨੂੰ ਕਿਧਰੋਂ ਸੁਝੇ ਸੌਣਾ, ਖ਼ੁਸ਼ੀਆਂ ਸਿੰਘਾਸਣ ਆਸਣ ਡੇਰਾ ਲਾਈਆ। ਲੱਖ ਚੁਰਾਸੀ ਜੀਵ ਜੰਤਾਂ ਦੁਰਮਤ ਮੈਲ ਦਾਗ਼ ਕਿਨ੍ਹ ਧੋਣਾ, ਪਤਤ ਪੁਨੀਤ ਪਵਿਤ ਕਰਾਈਆ। ਪਵਣ ਰੂਪ ਤੇਰਾ ਸੁਤ ਧਾਰੇ ਸੋਹਣਾ, ਸੋਹਣਾ ਰੰਗ ਰੰਗਾਈਆ। ਪੁਰਖ ਅਕਾਲ ਕਹੇ ਉਹ ਮੇਰੇ ਵਰਗਾ ਹੋਣਾ, ਨਾ ਕੋਈ ਪਿਤਾ ਨਾ ਕੋਇ ਮਾਈਆ। ਜਿਸ ਨੇ ਸਤਿਜੁਗ ਸਾਚਾ ਬੀਜ ਬੋਣਾ, ਗੁਰਮੁਖ ਬੂਟੇ ਘਰ ਘਰ ਲਏ ਉਪਜਾਈਆ। ਧੁਰ ਦਾ ਢੋਲਾ ਇਕੋ ਗਾਉਣਾ, ਜੀਵ ਜੰਤ ਕਰੇ ਪੜ੍ਹਾਈਆ। ਆਤਮ ਸੇਜਾ ਸਭ ਦੀ ਸੌਣਾ, ਸੋਹਣਾ ਆਸਣ ਹੰਢਾਈਆ। ਭੇਵ ਅਭੇਦਾ ਆਪ ਖੁਲ੍ਹਾਉਂਣਾ, ਅਗਲਾ ਲੇਖਾ ਦਏ ਜਣਾਈਆ। ਪਿਛਲੀ ਇੱਕੀ ਇਕੀਆਂ ਵਿਚ ਰਲਾਉਂਣਾ, ਅਗਲੀ ਸਿੱਖੀ ਸਿਖਿਆ ਵਿਚ ਪਰਗਟਾਈਆ। ਅੰਤਮ ਸਦੀ ਆਪਣੀ ਪਰਗਟ ਕਰੇ ਉਹ ਚਿੱਠੀ, ਜਿਹੜੀ ਪੁਰਖ ਅਕਾਲ ਹੱਥ ਫੜਾਈਆ। ਉਹ ਅੱਖਰਾਂ ਨਾਲੋਂ ਬਾਰੀਕ, ਧਾਰ ਨਾਲੋਂ ਨਿੱਕੀ, ਨਿਕਿਆਂ ਵਿਚੋਂ ਨਿੱਕੀ ਨਜ਼ਰੀ ਆਈਆ। ਜਿਸ ਦੇ ਉਤੇ ਪ੍ਰਭ ਸੰਮਤ ਦੀ ਲਿਖੀ ਲਿਪੀ, ਸਤਰਾਂ ਨਾਲ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਮਤੀ, ਮਤਲਬ ਆਪਣਾ ਹਲ ਕਰਾਈਆ। ਪ੍ਰਭ ਸੰਮਤ ਸੋਹਣਾ ਸੰਨ, ਬਿਕ੍ਰਮੀ ਈਸਵੀ ਹਿਜਰੀ ਸਾਰੇ ਦੇਣੇ ਮਿਟਾਈਆ। ਜਿਸ ਵਿਚ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਇਕੇ ਨੂੰ ਕਹਿਣ ਧੰਨ, ਧੰਨ ਧੰਨ ਤੇਰੀ ਵਡਿਆਈਆ। ਆਤਮ ਪਰਮਾਤਮ ਜ਼ਾਹਰ ਬਾਤਨ ਦੋਵੇਂ ਲੈਣ ਮੰਨ, ਜ਼ਾਹਰ ਕਰਨ ਰੁਸ਼ਨਾਈਆ। ਸਚ ਸੰਦੇਸ਼ਾ ਸੁਣਨ ਆਪਣੇ ਕੰਨ, ਧੁਰ ਦਾ ਨਾਦ ਕਰੇ ਸ਼ਨਵਾਈਆ। ਸਤਿ ਧਰਮ ਦਾ ਉਪਜੇ ਚੰਨ, ਅੰਧ ਅੰਧੇਰ ਗਵਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਬੇੜਾ ਦੇਵੇ ਬੰਨ੍ਹ, ਪਤਣ ਬਹਿ ਕੇ ਵੇਖ ਵਖਾਈਆ। ਹਰਿ ਕਾ ਸੰਮਤ ਦੋ ਜਹਾਨ ਲੈਣ ਮੰਨ, ਦਰ ਠਾਂਡੇ ਬੈਠਣ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਲਏ ਪਰਗਟਾਈਆ। ਹਰਿ ਕਾ ਸੰਮਤ ਹਰਿ ਹੀ ਜਾਣੇ, ਜਾਨਣਹਾਰ ਅਖਵਾਈਆ। ਅੱਖਰਾਂ ਵਿਚ ਨਾ ਕੋਇ ਪਰਵਾਨੇ, ਸ੍ਰਿਸ਼ਟੀ ਵਿਚ ਨਾ ਕੋਇ ਸਮਝਾਈਆ। ਸਤਿਜੁਗ ਸਾਚੀ ਖੇਲ ਮਹਾਨੇ, ਹਰਿ ਕਰਤਾ ਕਾਰ ਕਮਾਈਆ। ਜਿਸ ਵੇਲੇ ਸਾਚਿਆਂ ਭਗਤਾਂ ਗੁਰਮੁਖਾਂ ਗੁਰਸਿਖਾਂ ਧਰਮ ਸਿੱਖੀ ਦੇ ਆਪਣੇ ਹੱਥੀਂ ਬੰਨ੍ਹੇ ਗਾਨੇ, ਮੌਲੀ ਤੰਦ ਨਜ਼ਰ ਕੋਇ ਨਾ ਆਈਆ।
ਸਤਿ ਧਰਮ ਦਾ ਝੁੱਲੇ ਨਿਸ਼ਾਨੇ, ਨਵ ਸੱਤ ਸੋਭਾ ਪਾਈਆ। ਓਸ ਸੰਮਤ ਨੂੰ ਸਾਰੇ ਕਰਨ ਪਰਨਾਮੇ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਦਾ ਲੇਖ ਲਿਖੇ ਸਭ ਤੋਂ ਪਹਿਲੇ ਵਿਸ਼ਨੂੰ ਭਗਵਾਨੇ, ਵਿਸ਼ਵ ਸ਼ਾਂਤ ਕਰਾਈਆ। ਕਿਸੇ ਮਾਣ ਨਾ ਦੇਵੇ ਕਾਹੀ ਕਾਨੇ, ਅਪਣੀਆਂ ਉਂਗਲਾਂ ਨਾਲ ਬਣਤ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੱਥ ਫੜਾ ਕੇ ਓਹ ਪਰਵਾਨੇ, ਜਿਨ੍ਹਾਂ ਪਰਵਾਨਿਆਂ ਦਾ ਮਾਲਕ ਆਪ ਅਖਵਾਈਆ। ਪ੍ਰਭ ਦਾ ਸੰਮਤ ਜਿਸ ਵੇਲੇ ਆਇਆ, ਲੋਕਮਾਤ ਵੱਜੇ ਵਧਾਈਆ। ਮੁਖ ਛੁਪਾਏ ਤ੍ਰੈਗੁਣ ਮਾਇਆ, ਪੰਜ ਤਤ ਨਾ ਕਰੇ ਲੜਾਈਆ। ਵਰਨਾਂ ਬਰਨਾਂ ਡੇਰਾ ਢਾਇਆ, ਜ਼ਾਤ ਪਾਤ ਨਾ ਕੋਇ ਰਖਾਈਆ। ਸਾਰੇ ਕਹਿਣ ਪੁਰਖ ਅਕਾਲ ਪਿਤਾ ਮਾਇਆ, ਲੱਖ ਚੁਰਾਸੀ ਓਸੇ ਦਾ ਨੂਰ ਨਜ਼ਰੀ ਆਈਆ। ਜਿਸ ਨੇ ਗੋਬਿੰਦ ਸੁਤ ਦੁਲਾਰਾ ਸ਼ਬਦ ਜਾਇਆ, ਆਪਣੀ ਗੋਦ ਉਠਾਈਆ। ਜੋ ਆਦਿ ਜੁਗਾਦਿ ਬਣ ਕੇ ਦਾਈ ਦਾਇਆ, ਸੋ ਆਪਣਾ ਖੇਲ ਖਿਲਾਈਆ। ਜਿਸ ਸਤਿ ਧਰਮ ਦਾ ਸੰਮਤ ਚਲਾਇਆ, ਓਸੇ ਦੀ ਵੱਜੀ ਵਧਾਈਆ। ਓਹ ਠਾਕਰ ਓਹ ਪੀਰ ਓਹ ਸਤਿਗੁਰ ਅਖਵਾਇਆ, ਖ਼ਾਲਕ ਬੇਪਰਵਾਹੀਆ। ਬੇਨਜ਼ੀਰ ਨਜ਼ਰ ਕਿਸੇ ਨਾ ਆਇਆ, ਤਸਵੀਰਾਂ ਵਿਚੋਂ ਤਸਵੀਰ ਨਾ ਕੋਇ ਘੜਾਈਆ। ਜਾਗੀਰਾਂ ਵਿਚੋਂ ਜਾਗੀਰ ਆਪਣੇ ਨਾਮ ਨਾ ਕੋਇ ਬਣਾਇਆ, ਸਭ ਦੇ ਹਿਰਦਿਆਂ ਵਿਚ ਬਹਿ ਬਹਿ ਖ਼ੁਸ਼ੀ ਵਖਾਈਆ। ਜਿਸ ਦਾ ਅਦਲ ਅਦਾਲਤ ਵਿਚੋਂ ਸਭ ਨੂੰ ਭਾਇਆ, ਭਰਮ ਭੁਲੇਖਾ ਸਭ ਦਾ ਦੂਰ ਕਰਾਈਆ । ਜਿਸ ਤਰਾ ਪਰਮ ਪੁਰਖ ਬਿਨਾ ਤੱਤਾਂ ਆਪਣਾ ਚੋਲਾ ਬਦਲ ਕੇ ਆਇਆ, ਏਸੇ ਤਰਾ ਆਪਣਾ ਸੰਮਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਮਾਰਗ ਲਾਈਆ। ਸੰਮਤ ਕਹੇ ਕੀ ਮੇਰਾ ਸਮਾਂ, ਪ੍ਰਭ ਸਚ ਨੇੜੇ ਆਈਆ। ਮੈਂ ਵੇਖੀ ਰੋਂਦੀ ਹਵਾ ਅੰਮਾ, ਨੇਤਰ ਨੈਣਾਂ ਨੀਰ ਵਹਾਈਆ। ਆਦਮ ਨੂੰ ਕੀ ਕੁਝ ਕਹਿਵਾਂ, ਕਹਿ ਕੀ ਸੁਣਾਈਆ। ਕਿਸ ਦੇ ਦਵਾਰੇ ਢਵਾਂ, ਕਿਸ ਦੇ ਲਾਗਾਂ ਪਾਈਆ। ਕਿਸ ਦੀਆਂ ਪਕੜਾਂ ਬਾਹਵਾਂ, ਕਿਸ ਦੇ ਕੰਧੇ ਆਪਣਾ ਭਾਰ ਸੁਟਾਈਆ। ਕਿਸ ਦੀ ਚਰਨ ਧੂੜ ਨਹਾਵਾਂ, ਕਿਸ ਦਾ ਅੰਮ੍ਰਿਤ ਰਸ ਪੀ ਪੀ ਖ਼ੁਸ਼ੀ ਮਨਾਈਆ। ਕਿਸ ਦੇ ਵਿਹੜੇ ਚਲ ਕੇ ਆਵਾਂ, ਆਪਣਾ ਪੰਧ ਮੁਕਾਈਆ। ਓਸ ਵੇਲੇ ਵਕਤ ਦਾ ਰਾਹ ਤਕਾਵਾਂ, ਜਿਸ ਵੇਲੇ ਪ੍ਰਭ ਆਪਣਾ ਸੰਮਤ ਦਏ ਲਗਾਈਆ। ਮੈਂ ਜਾ ਕੇ ਸਮਝਾਵਾਂ ਸਰਬ ਮਾਵਾਂ, ਨਾਰੀ ਹੋ ਕੇ ਨਾਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
੨੫ ਭਾਦਰੋਂ ੨੦੨੧ ਬਿਕ੍ਰਮੀ ਪਰਤਾਪ ਸਿੰਘ ਦੇ ਗ੍ਰਹਿ ਪਿੰਡ ਸੁਗਾ
ਪੁਰਖ ਅਕਾਲ ਅਕਲ ਕਲਾ ਭਰਪੂਰ, ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਰਿਹਾ ਜਣਾਈਆ। ਸ਼ਬਦ ਦੁਲਾਰਾ ਸਦਾ ਹਾਜ਼ਰ ਹਜ਼ੂਰ, ਸਚਖੰਡ ਦਵਾਰੇ ਬਹਿ ਬਹਿ ਖ਼ੁਸ਼ੀ ਮਨਾਈਆ। ਜਿਸ ਦਾ ਰੂਪ ਅਨੂਪ ਅਗੰਮੀ ਨੂਰ, ਰੇਖ ਭੇਖ ਸਮਝ ਕੋਇ ਨਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਖੇਲੇ ਖੇਲ ਨੇੜੇ ਦੂਰ, ਦੋ ਜਹਾਨਾਂ ਵੇਖ ਵਖਾਈਆ। ਨਿਤ ਨਵਿਤ ਜਗਤ ਵਾਸਨਾ ਮੇਟੇ ਕਿਰਿਆ ਕੂੜ, ਹਉਮੇ ਹੰਗਤਾ ਮਮਤਾ ਦਏ ਮਿਟਾਈਆ । ਦਾਤਾ ਜੋਧਾ ਬਣ ਕੇ ਧੁਰ ਦਾ ਸੂਰ, ਖੜਗ ਖੰਡਾ ਇਕ ਚਮਕਾਈਆ। ਜਲਵਾ ਦੇ ਉਪਰ ਕੋਹਤੂਰ, ਨੂਰੋ ਨੂਰ ਕਰੇ ਰੁਸ਼ਨਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲ੍ਹਾਈਆ। ਪੁਰਖ ਅਕਾਲ ਕਹੇ ਮੇਰਾ ਸੁਤ ਦੁਲਾਰਾ, ਸ਼ਬਦੀ ਇਕੋ ਨਜ਼ਰੀ ਆਈਆ। ਜੁਗ ਚੌਕੜੀ ਲਏ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਈਆ। ਪੰਜ ਤਤ ਕਰੇ ਪਿਆਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਿਲ ਮਿਲ ਖ਼ੁਸ਼ੀ ਮਨਾਈਆ। ਮੇਰਾ ਨਾਉਂ ਜਣਾਏ ਸਤਿ ਨਿਰੰਕਾਰਾ, ਨਿਰਵੈਰ ਨਿਰਾਕਾਰ ਦਏ ਸਮਝਾਈਆ। ਬੋਧ ਅਗਾਧ ਬੋਲ ਜੈਕਾਰਾ, ਖਾਣੀ ਬਾਣੀ ਦਏ ਪੜ੍ਹਾਈਆ। ਨਿਰਅੱਖਰ ਵਿਚੋਂ ਅੱਖਰਾਂ ਕਰ ਵਣਜਾਰਾ, ਲੋਕਮਾਤ ਘਾੜਤ ਲਏ ਘੜਾਈਆ। ਸਚ ਸੰਦੇਸ਼ਾ ਦੇ ਅਗੰਮ ਅਪਾਰਾ, ਅਲਖ ਅਗੋਚਰ ਬੂਝ ਬੁਝਾਈਆ। ਕਰੇ ਖੇਲ ਅਪਰ ਅਪਾਰਾ, ਪੜਦਾ ਓਹਲਾ ਦਏ ਮਿਟਾਈਆ। ਵੇਖੇ ਵਿਗਸੇ ਸਰਬ ਸੰਸਾਰਾ, ਅੰਡਜ ਜੇਰਜ ਉਤਭੁਜ ਸੇਤਜ ਖੋਜ ਖੋਜਾਈਆ। ਚਾਰੇ ਬਾਣੀ ਦਏ ਅਧਾਰਾ, ਪਰਾ ਪਸੰਤੀ ਮਧਮ ਬੈਖਰੀ ਆਪ ਸਮਝਾਈਆ। ਕਾਗ਼ਜ਼ ਕਲਮ ਸ਼ਾਹੀ ਬਣ ਲਿਖਾਰਾ, ਕਾਤਬ ਹੋ ਕੇ ਸੇਵ ਕਮਾਈਆ। ਭਗਤ ਵਛਲ ਜਨ ਭਗਤਾਂ ਕਰ ਪਿਆਰਾ, ਸੰਤ ਸੁਹੇਲੇ ਲਏ ਉਠਾਈਆ। ਗੁਰਮੁਖਾਂ ਖੋਲ੍ਹ ਬੰਦ ਕਿਵਾੜਾ, ਪੜਦਾ ਦੂਈ ਦਏ ਚੁਕਾਈਆ। ਗੁਰਸਿਖਾਂ ਦਏ ਇਕ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਘਰ ਵਿਚ ਘਰ ਕਰੇ ਖੇਲ ਨਿਆਰਾ, ਕਾਇਆ ਬੰਕ ਵੇਖੇ ਚਾਈਂ ਚਾਈਂਆ। ਨਾਦ ਧੁਨ ਸਤਿ ਜੈਕਾਰਾ, ਆਤਮਕ ਰਾਗ ਅਲਾਈਆ। ਅੰਮ੍ਰਿਤ ਆਤਮ ਠੰਡਾ ਠਾਰਾ, ਨਿਝਰ ਝਿਰਨਾ ਦਏ ਝਿਰਾਈਆ। ਦੀਆ ਬਾਤੀ ਕਰ ਉਜਿਆਰਾ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਸੁਰਤੀ ਸੁਰਤ ਮਿਲਾਵਣਹਾਰਾ, ਸ਼ਬਦੀ ਸ਼ਬਦ ਕਰੇ ਕੁੜਮਾਈਆ। ਮੇਟਣਹਾਰਾ ਕੂੜ ਕੁੜਿਆਰਾ, ਕਾਮ ਕਰੋਧ ਲੋਭ ਮੋਹ ਹੰਕਾਰ ਡੇਰਾ ਦੇਵੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸਾਵਣਹਾਰਾ ਸਚ ਦਰ, ਧੁਰ ਦਾ ਲੇਖਾ ਰਿਹਾ ਸਮਝਾਈਆ। ਪੁਰਖ ਅਕਾਲ ਕਹੇ ਸਮਰਥ, ਪੀਰ ਪੈਗ਼ੰਬਰਾਂ ਆਪ ਜਣਾਈਆ। ਜੁਗ ਚੌਕੜੀ ਮਹਿੰਮਾ ਸਿਫ਼ਤ ਅਕਥ, ਚਾਰ ਜੁਗ ਰਹੇ ਜਸ ਗਾਈਆ। ਨਿਰਗੁਣ ਸਰਗੁਣ ਨਿਤ ਨਵਿਤ ਹੋ ਪਰਗਟ, ਲੋਕਮਾਤ ਵੇਖ ਵਖਾਈਆ। ਜੁਗ ਚੌਕੜੀ ਖੋਲ੍ਹਣਹਾਰਾ ਹੱਟ, ਬਣ ਵਣਜਾਰਾ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਮਾਰਗ ਦੱਸ, ਰਹਿਬਰ ਹੋ ਕੇ ਦਏ ਸਮਝਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਸਚ ਕਰੇ ਰੁਸ਼ਨਾਈਆ। ਹਰ ਘਟ ਹਿਰਦੇ ਅੰਦਰ ਵਸ, ਵਸਲ ਹਕੀਕੀ ਦਏ ਵਖਾਈਆ । ਅਸਲ ਰੂਪ ਹੋ ਪਰਗਟ, ਸਵੱਛ ਸਰੂਪੀ ਵੇਸ ਵਟਾਈਆ। ਕੂੜੀ ਕਿਰਿਆ ਜਗਤ ਤ੍ਰੈਗੁਣ ਮੇਟੇ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਸੰਤ ਸੁਹੇਲੇ ਸੱਜਣ ਰੱਖ, ਸਿਰ ਆਪਣਾ ਹੱਥ ਟਿਕਾਈਆ। ਬਿਨ ਮੱਕੇ ਕਾਅਬਿਉਂ ਕਰਾਏ ਹੱਜ, ਕਾਇਆ ਹੁਜਰਾ ਇਕ ਸੁਹਾਈਆ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਸਚ ਸੁਣਾਏ ਧੁਰ ਦਾ ਨਾਦ, ਅਨਾਦੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸ਼ਬਦ ਮਾਣ ਵਧਾਈਆ। ਸਤਿਗੁਰ ਸ਼ਬਦ ਸਦਾ ਜੁਗ ਚਾਰ, ਦੋ ਜਹਾਨਾਂ ਖੇਲ ਖਿਲਾਈਆ। ਜਿਸ ਦੇ ਹੁਕਮੇ ਅੰਦਰ ਗੁਰੂ ਅਵਤਾਰ, ਪੀਰ ਪੈਗ਼ੰਬਰ ਗਏ ਫੇਰੀਆਂ ਪਾਈਆ। ਅੱਖਰਾਂ ਵਿਚ ਕਰ ਇਜ਼ਹਾਰ, ਸਿਫ਼ਤ ਸਲਾਹਵਾਂ ਨਾਲ ਢੋਲਾ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਨਿਉਂ ਨਿਉਂ ਲਾਗਣ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਗੀਤਾ ਗਿਆਨ ਕੂਕ ਕੂਕ ਸੁਣਾਈਆ। ਅੰਜੀਲ ਕੁਰਾਨ ਵਾਜਾਂ ਰਹੇ ਮਾਰ, ਹੂ ਹੂ ਤੂੰ ਤੂੰ ਕਹਿ ਕੇ ਰਾਗ ਅਲਾਈਆ।
ਧੁਰ ਦੀ ਬਾਣੀ ਧੁਰ ਦਾ ਦਏ ਅਧਾਰ, ਸਚ ਸੰਦੇਸ਼ਾ ਨਾਮ ਜਣਾਈਆ। ਸ਼ਬਦ ਗੁਰ ਆਦਿ ਜੁਗਾਦਿ ਲੱਖ ਚੁਰਾਸੀ ਸਾਂਝਾ ਯਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼, ਵੰਡ ਨਾ ਕੋਇ ਵੰਡਾਈਆ। ਦੀਨ ਮਜ਼੍ਹਬ ਜ਼ਾਤ ਪਾਤ ਵਸਿਆ ਬਾਹਰ, ਹਰ ਘਟ ਬੈਠਾ ਸੋਭਾ ਪਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਲਏ ਉਠਾਲ, ਲੱਖ ਚੁਰਾਸੀ ਵਿਚੋਂ ਖੋਜ ਖੋਜਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਘਰ ਘਰ ਵਿਚ ਪੜਦਾ ਲਾਹੀਆ। ਜੋਤ ਨਿਰੰਜਣ ਦੀਪਕ ਦੇਵੇ ਬਾਲ, ਨੂਰੋ ਨੂਰ ਕਰੇ ਰੁਸ਼ਨਾਈਆ। ਸਾਚਾ ਮਾਰਗ ਦਏ ਸਿਖਾਲ, ਸਿਖਿਆ ਇਕੋ ਨਾਮ ਪੜ੍ਹਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਇਕ ਵਖਾਈਆ। ਜੁਗ ਜਨਮ ਦੇ ਵਿਛੜੇ ਕਰ ਕਿਰਪਾ ਮੇਲੇ ਆਣ, ਮਿਹਰ ਨਜ਼ਰ ਮਹਿਬੂਬ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੀਰ ਪੈਗ਼ੰਬਰ ਕਹਿਣ ਪ੍ਰਭ ਦੱਸ ਭੇਵ, ਅਭੇਦ ਦੇ ਖੁਲ੍ਹਾਈਆ। ਕਿਸ ਬਿਧ ਨਿਰਗੁਣ ਹੋ ਕੇ ਕਰੇ ਸੇਵ, ਸਰਗੁਣ ਵੇਖ ਵਖਾਈਆ। ਆਪਣਾ ਨਾਮ ਜਪਾਏ ਬਿਨ ਰਸਨਾ ਜਿਹਵ, ਬੱਤੀ ਦੰਦ ਨਾ ਕੋਇ ਵਡਿਆਈਆ । ਧਾਮ ਪਰਗਟਾਏ ਨਿਹਚਲ ਨਿਹਕੇਵ, ਕੇਵਲ ਆਪਣਾ ਪੜਦਾ ਲਾਹੀਆ। ਨਾਮ ਪਦਾਰਥ ਦੇਵੇ ਮੇਵ, ਅਨਰਸ ਆਪਣਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਚ ਦਰ, ਗ੍ਰਹਿ ਮੰਦਰ ਪੜਦਾ ਲਾਹੀਆ। ਪੁਰਖ ਅਕਾਲ ਸਰਬ ਗੁਣ ਠਾਕਰ, ਹਰਿ ਕਰਤਾ ਸਚ ਜਣਾਇੰਦਾ। ਸ਼ਬਦ ਗੁਰੂ ਗੰਭੀਰ ਗਹਿਰ ਗੁਣ ਸਾਗਰ, ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਜਿਸ ਦਾ ਮਾਲਕ ਕਰਤਾ ਕਰੀਮ ਕਾਦਰ, ਕੁਦਰਤ ਆਪਣੀ ਵੇਖ ਵਖਾਇੰਦਾ। ਏਥੇ ਓਥੇ ਦੋ ਜਹਾਨਾਂ ਬਣ ਕੇ ਆਦਲ, ਅਦਲ ਇਕੋ ਇਕ ਪਰਗਟਾਇੰਦਾ। ਜੁਗ ਚੌਕੜੀ ਕਰਨਹਾਰ ਤਬਾਦਲ, ਅਦਲੀ ਬਦਲੀ ਵਿਚ ਖ਼ੁਸ਼ੀ ਮਨਾਇੰਦਾ। ਜੁਗ ਚੌਕੜੀ ਮੇਟੇ ਅੰਧੇਰੇ ਬਾਦਲ, ਧੂੰਆਂਧਾਰ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰਾ ਦੱਸਿਆ ਅੰਤ, ਕਲਜੁਗ ਵੇਲਾ ਸਚ ਦ੍ਰਿੜਾਈਆ। ਸਦੀ ਵੀਹਵੀਂ ਪਰਗਟ ਹੋਏ ਸ੍ਰੀ ਭਗਵੰਤ, ਨਿਰਗੁਣ ਦਾਤਾ ਬੇਪਰਵਾਹੀਆ । ਜਿਸ ਦਾ ਇਕੋ ਨਾਮ ਅਨੋਖਾ ਮੰਤ, ਮੰਤਰਾਂ ਕਰਨਹਾਰ ਪੜ੍ਹਾਈਆ। ਜੋ ਆਦਿ ਜੁਗਾਦੀ ਲੱਖ ਚੁਰਾਸੀ ਸਾਚਾ ਕੰਤ, ਮਹੱਲ ਅਟਲ ਬਹਿ ਬਹਿ ਖ਼ੁਸ਼ੀ ਮਨਾਈਆ। ਜਿਸ ਦਾ ਲੇਖਾ ਨਿਰਗੁਣ ਸਰਗੁਣ ਜੁਗਾ ਜੁਗੰਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਜਿਸ ਦਾ ਭੇਵ ਪਾਏ ਨਾ ਕੋਈ ਪਾਂਧਾ ਪੰਡਤ, ਪੰਜ ਤਤ ਸਾਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੈਨੂੰ ਕਹਿ ਕੇ ਗਏ ਬੇਅੰਤ, ਕਾਇਆ ਹੁਜਰੇ ਅੰਦਰ ਵੜ ਵੜ ਸੀਸ ਨਿਵਾਈਆ। ਤੇਰੀ ਮਹਿੰਮਾ ਸਿਫ਼ਤ ਅਗਣਤ, ਕਾਗ਼ਜ਼ ਲਿਖੇ ਨਾ ਕੋਇ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਅਗਲਾ ਲੇਖਾ ਦੇ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਝੁਕ, ਨਿਉਂ ਨਿਉਂ ਸੀਸ ਨਿਵਾਈਆ। ਸਦੀ ਚੌਧਵੀਂ ਸਭ ਦਾ ਪੈਂਡਾ ਰਿਹਾ ਮੁਕ, ਬਗ਼ਲ ਕੁਰਾਨ ਨਾ ਕੋਇ ਉਠਾਈਆ। ਮੁੱਲਾ ਸ਼ੇਖ਼ ਮੁਸਾਇਕ ਮੋੜਨ ਵਾਲੇ ਮੁਖ, ਸਨਮੁਖ ਹੋ ਕੇ ਦਰਸ ਕੋਇ ਨਾ ਪਾਈਆ। ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਪਰਗਟ ਹੋ ਕੇ ਬੈਠੀ ਉਠ, ਜੂਠ ਝੂਠ ਲਏ ਮਾਤ ਅੰਗੜਾਈਆ। ਕਿਸੇ ਘਰ ਗ੍ਰਹਿ ਮੰਦਰ ਮਸਜਿਦ ਸ਼ਿਵਦਵਾਲੇ ਮਠ ਦਿਸੇ ਨਾ ਸੁਖ, ਧੀਰਜ
ਜਤ ਬੈਠਾ ਮੁਖ ਛੁਪਾਈਆ। ਹਉਮੇ ਹੰਗਤਾ ਕਿਸੇ ਗ੍ਰਹਿ ਨਾ ਗਈ ਮੁੱਕ, ਸਾਚੀ ਸੰਗਤ ਮੇਲ ਨਾ ਕੋਇ ਮਿਲਾਈਆ। ਝਗੜਾ ਪਿਆ ਪਿਉ ਪੁੱਤ, ਮਾਤ ਪਿਤ ਗੋਦ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੱਸ ਸਾਚਾ ਦਰ, ਜਿਸ ਗ੍ਰਹਿ ਤੇਰਾ ਦਰਸ਼ਨ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖ ਆਪਣਾ ਜਗ, ਨਿਰਗੁਣ ਨਿਰਵੈਰ ਧਿਆਨ ਲਗਾਈਆ। ਤੇਰੀ ਸ੍ਰਿਸ਼ਟੀ ਬਿਨ ਦ੍ਰਿਸ਼ਟੀ ਲੱਗੀ ਅੱਗ, ਚਾਰੋਂ ਕੁੰਟ ਸਕੇ ਨਾ ਕੋਇ ਬੁਝਾਈਆ। ਮਨ ਵਾਸਨਾ ਸਾਧ ਸੰਤ ਰਹੇ ਭੱਜ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸਾਚੇ ਹੁਜਰੇ ਹਕੀਕਤ ਵਿਚੋਂ ਕਰੇ ਨਾ ਕੋਇ ਹੱਜ, ਹਾਜਤ ਪੂਰ ਨਾ ਕੋਇ ਕਰਾਈਆ। ਆਬੇ ਹਯਾਤ ਪੀ ਕੇ ਗਿਆ ਕੋਇ ਨਾ ਰੱਜ, ਅੰਮ੍ਰਿਤ ਰਸ ਮੁਖ ਨਾ ਕੋਇ ਚੁਆਈਆ। ਸਿਰ ਓਢਣ ਨਾਮ ਦੇ ਕੇ ਪੜਦਾ ਸਕੇ ਨਾ ਕੋਇ ਕੱਜ, ਖੁੱਲ੍ਹੀ ਮੇਂਢੀ ਲੱਖ ਚੁਰਾਸੀ ਨਜ਼ਰੀ ਆਈਆ। ਤੇਰਾ ਨਾਮ ਪਿਆਰ ਗਏ ਤਜ, ਵਿਕਾਰਾਂ ਵਿਚ ਭਰੀ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਮਾਰਗ ਗਏ ਦੱਸ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾਲ ਲਿਖਾਈਆ। ਜੀਵ ਜੰਤ ਕਲਜੁਗ ਅੰਤ ਸਾਰੇ ਹੋ ਗਏ ਉਸ ਤੋਂ ਵੱਖ, ਮਨ ਮਤ ਘਰ ਘਰ ਬੈਠੀ ਡੇਰਾ ਲਾਈਆ। ਦਰ ਠਾਂਡੇ ਤੇਰੇ ਸਦੀ ਚੌਧਵੀਂ ਰਹੇ ਦੱਸ, ਨੇਤਰ ਵੇਖਿਆ ਹਾਲ ਸੁਣਾਈਆ। ਬੌਹੜੀ ਦਰੋਹੀ ਖ਼ੁਦਾਏ ਦੀ ਯਾ ਮਬੀਨ ਸਾਡੀ ਹੋਈ ਬਸ, ਮਹਿਬਾਨ ਬੀਦੋ ਤੇਰੀ ਇਕ ਸਰਨਾਈਆ। ਚੌਦਾਂ ਤਬਕ ਸਾਚੀ ਖੁੱਲ੍ਹੀ ਨਾ ਕਿਸੇ ਅੱਖ, ਪਰਵਰਦਿਗਾਰ ਮੇਲ ਨਾ ਕੋਇ ਮਿਲਾਈਆ। ਸ਼ਰਅ ਮਜ਼੍ਹਬ ਦਾ ਖੁਲ੍ਹਿਆ ਹੱਟ, ਦੀਨ ਦੀਨ ਵਿਚ ਕਰੇ ਲੜਾਈਆ। ਸ਼ਰੀਅਤ ਚਾਰੋਂ ਕੁੰਟ ਰਹੀ ਨੱਠ, ਭੱਜੇ ਵਾਹੋ ਦਾਹੀਆ। ਦੂਈ ਦਵੈਤੀ ਕਰ ਇਕੱਠ, ਹਓਮੇ ਹੰਗਤਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਕੇ ਵੇਖ ਆਪਣਾ ਘਰ, ਜਿਸ ਗ੍ਰਹਿ ਲੱਖ ਚੁਰਾਸੀ ਦਿਤੀ ਟਿਕਾਈਆ। ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਝਗੜਾ, ਝਗੜੇ ਵਿਚ ਲੋਕਾਈਆ। ਕੋਈ ਨਾ ਜਾਣੇ ਤੇਰਾ ਮਾਰਗ ਅਗਲਾ, ਪਿਛਲਾ ਭੁੱਲ ਕੇ ਬੈਠੇ ਗਵਾਈਆ। ਤੂੰ ਮਾਲਕ ਸ੍ਰਿਸ਼ਟ ਸਬਾਈ ਸਗਲਾ, ਦੋ ਜਹਾਨਾਂ ਸੰਗ ਨਿਭਾਈਆ । ਬਿਨ ਤੇਰੀ ਕਿਰਪਾ ਮਨ ਵਾਸਨਾ ਜਗ ਹੋਇਆ ਕਮਲਾ, ਕਮਲਾਪਤੀ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਵਾਹ ਵਾਹ ਤੇਰੇ ਹੱਥ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਪਿਆ ਹੱਸ, ਸਮਰਥ ਸਵਾਮੀ ਖ਼ੁਸ਼ੀਆਂ ਨਾਲ ਜਣਾਇੰਦਾ। ਇਹ ਖੇਲ ਪੁਰਖ ਸਮਰਥ, ਜਿਹੜਾ ਸਮਝ ਕਿਸੇ ਨਾ ਆਇੰਦਾ। ਪੀਰ ਪੈਗ਼ੰਬਰੋ ਜੋ ਲੋਕਮਾਤ ਆਏ ਦੱਸ, ਸੋ ਸਾਹਿਬ ਸੁਲਤਾਨ ਅੰਤਮ ਪੂਰ ਕਰਾਇੰਦਾ। ਕੂੜੀ ਕਿਰਿਆ ਕਰੇ ਭੱਠ, ਜੋਤੀ ਲੰਬੂ ਇਕੋ ਲਾਇੰਦਾ। ਦੋ ਜਹਾਨ ਸ੍ਰੀ ਭਗਵਾਨ ਪੰਧ ਮੁਕਾਵੇ ਨੱਠ ਨੱਠ, ਏਥੇ ਓਥੇ ਖੇਲ ਖਿਲਾਇੰਦਾ। ਦੁਰਮਤ ਮੈਲ ਅੰਤਰ ਵੜ ਕੇ ਦੇਵੇ ਕੱਟ, ਪਤਤ ਪੁਨੀਤ ਆਪ ਅਖਵਾਇੰਦਾ। ਦੂਈ ਦਵੈਤੀ ਮੇਟੇ ਫਟ, ਮਿਹਰ ਨਜ਼ਰ ਇਕ ਉਠਾਇੰਦਾ। ਸ਼ਬਦ ਗੁਰੂ ਗੁਰਦੇਵ ਸਵਾਮੀ ਕਰ ਪਰਗਟ, ਸਾਚੀ ਸੇਵਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਜਣਾਇੰਦਾ। ਭੇਵ ਅਭੇਦਾ ਆਪ ਖੁਲ੍ਹਾਉਂਦਾ ਏ। ਸ੍ਰੀ ਭਗਵਾਨ ਸਤਿ ਦ੍ਰਿੜਾਉਂਦਾ ਏ। ਸਚਖੰਡ ਦਵਾਰੇ ਖ਼ੁਸ਼ੀ ਮਨਾਉਂਦਾ ਏ। ਨਿਰਗੁਣ ਧਾਰ ਗੁਰ ਅਵਤਾਰ ਪੀਰ ਪੈਗ਼ੰਬਰ ਆਪ ਜਣਾਉਂਦਾ ਏ। ਕਿਰਪਾ ਕਰ ਸਚ ਨਿਰੰਕਾਰ, ਖੇਲ ਅਗੰਮੜਾ ਆਪ ਖਿਲਾਉਂਦਾ
ਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਕਰ ਕੇ ਆਏ ਉਧਾਰ, ਅੰਤਮ ਲਹਿਣਾ ਸਭ ਦੀ ਝੋਲੀ ਪਾਉਂਦਾ ਏ। ਬਿਨ ਲੋਚਣ ਨੈਣਾਂ ਅੱਖਾਂ ਦਏ ਵਖਾਲ, ਜੋਤੀ ਜਾਤਾ ਜੋਤ ਜੋਤ ਰੁਸ਼ਨਾਉਂਦਾ ਏ। ਪਰਮ ਪੁਰਖ ਪ੍ਰਭ ਦੀਨ ਦਿਆਲ, ਦਇਆਨਿਧ ਆਪਣੀ ਕਾਰ ਕਮਾਉਂਦਾ ਏ। ਸ਼ਬਦ ਦੁਲਾਰਾ ਹਰਿ ਨਿਰੰਕਾਰਾ ਲੋਕਮਾਤ ਬਣਾਏ ਦਲਾਲ, ਸਚ ਦਲਾਲੀ ਇਕ ਵਖਾਉਂਦਾ ਏ। ਕੂੜੀ ਕਿਰਿਆ ਕੋਲੋਂ ਕਰੇ ਬਹਾਲ, ਗੁਰਮੁਖ ਗੁਰਸਿਖ ਹਰਿ ਸੱਜਣ ਆਪ ਉਠਾਉਂਦਾ ਏ। ਗੋਬਿੰਦ ਮੇਲਾ ਮੇਲੇ ਸਾਚੇ ਲਾਲ, ਲਾਲ ਅਨਮੁਲੜਾ ਇਕੋ ਨਜ਼ਰੀ ਆਉਂਦਾ ਏ। ਜਿਸ ਨੂੰ ਆਦਿ ਜੁਗਾਦਿ ਸਦ ਕਰਨ ਨਿਮਸਕਾਰ, ਨਮੋ ਨਮੋ ਚਰਨ ਸੀਸ ਟਿਕਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਸੋਹਣੀ ਆਪਣੀ ਬਣਤ ਬਣਾਉਂਦਾ ਏ। ਸੋਹਣੀ ਹਰਿ ਜੂ ਬਣਤ ਬਣਾਉਂਦਾ ਏ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਸਮਝਾਉਂਦਾ ਏ। ਕਲਜੁਗ ਵੇਲਾ ਵਕਤ ਵੇਖ ਵਖਾਉਂਦਾ ਏ। ਵਾਰ ਥਿਤ ਆਪਣੇ ਹੱਥ ਦ੍ਰਿੜਾਉਂਦਾ ਏ। ਕਰੇ ਖੇਲ ਪੁਰਖ ਸਮਰਥ, ਜਿਸ ਦਾ ਭੇਵ ਕੋਇ ਨਾ ਪਾਉਂਦਾ ਏ। ਸਤਿਜੁਗ ਤ੍ਰੇਤਾ ਦੁਆਪਰ ਜੋ ਚਲਾਉਂਦਾ ਆਇਆ ਰਥ, ਕਲਜੁਗ ਅੰਤਮ ਆਪਣੀ ਕਾਰ ਕਮਾਉਂਦਾ ਏ। ਨਿਰਗੁਣ ਧਾਰ ਹੋ ਪਰਗਟ, ਜੋਤੀ ਜਾਤਾ ਡਗਮਗਾਉਂਦਾ ਏ। ਚਾਰੋਂ ਕੁੰਟ ਵੇਖੇ ਆਪਣੀ ਅੱਖ, ਦਹਿ ਦਿਸ਼ਾ ਫੋਲ ਫੁਲਾਉਂਦਾ ਏ। ਗੁਰਮੁਖ ਸੱਜਣ ਕਰ ਕੇ ਵੱਖ, ਮਨਮੁਖ ਰਾਏ ਧਰਮ ਹੱਥ ਫੜਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਆਪ ਜਣਾਉਂਦਾ ਏ। ਧੁਰ ਦਾ ਲੇਖਾ ਸਚ ਜਣਾਵਾਂਗਾ। ਨਿਰਗੁਣ ਹੋ ਕੇ ਖੇਲ ਖਿਲਾਵਾਂਗਾ। ਲੱਖ ਚੁਰਾਸੀ ਵੇਖ ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵਾਂਗਾ। ਕਰੋੜ ਤੇਤੀਸਾ ਚਰਨਾਂ ਹੇਠ ਦਬਾਵਾਂਗਾ। ਤੇਈ ਅਵਤਾਰ ਇਸ਼ਾਰਿਆਂ ਨਾਲ ਨਚਾਵਾਂਗਾ। ਈਸਾ ਮੂਸਾ ਮੁਹੰਮਦ ਕਲਮਾਂ ਇਕੋ ਇਕ ਪੜ੍ਹਾਵਾਂਗਾ। ਭਗਤ ਅਠਾਰਾਂ ਮਾਰ ਕੇ ਰਮਜ਼, ਰਹਿਮਤ ਆਪਣੀ ਸਚ ਕਮਾਵਾਂਗਾ। ਨਾਨਕ ਗੋਬਿੰਦ ਜਿਸ ਨੂੰ ਦੱਸ ਕੇ ਗਿਆ ਸੱਚਾ ਖ਼ਸਮ, ਸੋ ਪੁਰਖ ਅਕਾਲ ਹੋ ਕੇ ਵੇਸ ਵਟਾਵਾਂਗਾ। ਜਿਸ ਦੀ ਮਰਿਆਂ ਕਿਸੇ ਹੱਥ ਨਾ ਆਵੇ ਭਸਮ, ਮਾਤ ਗਰਭ ਡੇਰਾ ਕਦੇ ਨਾ ਲਾਵਾਂਗਾ। ਜਿਸ ਦੀ ਮਾਛੂਵਾੜੇ ਖਾਧੀ ਕਸਮ, ਕਿਸਮਤ ਸਭ ਦੀ ਫੇਰ ਬਦਲਾਵਾਂਗਾ। ਗੁਰਮੁਖਾਂ ਕਰਕੇ ਦਰਸ ਦਵਾਰੇ ਦਸਮ, ਦਸਵੇਂ ਪਾਤਸ਼ਾਹ ਨਾਲ ਜੋੜ ਜੁੜਾਵਾਂਗਾ। ਜਿਸ ਦਾ ਪਹਿਲੋਂ ਪਟਨੇ ਹੋਇਆ ਜਨਮ, ਹੁਣ ਪੁਰਖ ਅਕਾਲ ਦੀ ਗੋਦ ਵਖਾਵਾਂਗਾ। ਜਿਸ ਦਾ ਤਤ ਨਾ ਕੋਇ ਬਦਨ, ਜੋਤੀ ਸ਼ਬਦੀ ਰੰਗ ਰੰਗਾਵਾਂਗਾ। ਸੋ ਆ ਕੇ ਕਰੇ ਸਾਚਾ ਅਦਲ, ਇਨਸਾਫ਼ ਉਸ ਦੇ ਹੱਥ ਫੜਾਵਾਂਗਾ। ਸੋ ਪ੍ਰਭ ਦੀ ਕਿਰਪਾ ਨਾਲ ਕਲਜੁਗ ਕਿਰਿਆ ਦੇਵੇ ਬਦਲ, ਬਦਲਾ ਸਭ ਦਾ ਅੰਤ ਚੁਕਾਵਾਂਗਾ। ਜਨ ਭਗਤਾਂ ਚੜ੍ਹਾ ਕੇ ਆਪਣੀ ਮਜ਼ਲ, ਮੰਜ਼ਲ ਇਕ ਵਖਾਵਾਂਗਾ। ਆਸਾ ਮਨਸਾ ਪੂਰੀ ਕਰਕੇ ਸਧਰ, ਸਾਚੇ ਸੰਤਾਂ ਸੰਗ ਨਿਭਾਵਾਂਗਾ। ਕੂੜੀ ਕਿਰਿਆ ਮੇਟ ਕੇ ਗ਼ਦਰ, ਗ਼ਜ਼ਲ ਇਕੋ ਨਾਮ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਨਾਮ ਰਸ ਪਿਆ ਕੇ ਧੁਨ ਉਪਜਾਵਾਂ ਮਧੁਰ, ਰਾਗ ਧੁਰ ਦਾ ਇਕ ਅਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਇਆ ਮਮਤਾ ਹਉਮੇ ਹੰਗਤਾ ਸ਼ਬਦ ਖੰਡੇ ਕਰਕੇ ਕਤਲ, ਕਲਜੁਗ ਕੂੜੀ ਕਤਲਗਾਹ ਅੰਤਮ ਅੰਤ ਮੇਟ ਮਿਟਾਵਾਂਗਾ।