ਪਹਿਲੀ ਅੱਸੂ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਸਭ ਤੋਂ ਨੀਵਾਂ ਆਪ ਪ੍ਰਭ, ਜੋ ਹਰ ਘਟ ਰਿਹਾ ਸਮਾਈਆ। ਦੋ ਜਹਾਨਾਂ ਰਿਹਾ ਭੱਜ, ਚਾਕਰ ਸੇਵਕ ਰੂਪ ਵਟਾਈਆ। ਲੱਖ ਚੁਰਾਸੀ ਵਿਚੋਂ ਲਏ ਲੱਭ, ਘਰ ਘਰ ਖੋਜ ਖੋਜਾਈਆ। ਕੋਟਨ ਕੋਟ ਜੁਗ ਗਏ ਲਦ, ਹਰਿ ਕਾ ਭੇਵ ਕੋਇ ਨਾ ਪਾਈਆ। ਅੰਦਰ ਬਾਹਰ ਗੁਪਤ ਜ਼ਾਹਰ ਜਗਤ ਸ੍ਰਿਸ਼ਟੀ ਪਾਰ ਨਾ ਕਰ ਸਕਿਆ ਕੋਈ ਹੱਦ, ਮੰਜ਼ਲ ਮਜ਼ਾਰ ਵੇਖ ਨਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਨਿਵਣ ਸੁ ਅੱਖਰ ਇਕ ਦ੍ਰਿੜਾਈਆ। ਸਭ ਤੋਂ ਨੀਵਾਂ ਠਾਕਰ ਸਵਾਮੀ, ਹਰਿ ਕਰਤਾ ਇਕ ਅਖਵਾਇੰਦਾ। ਸਰਬ ਜੀਆਂ ਘਟ ਅੰਤਰਜਾਮੀ, ਗ੍ਰਹਿ ਗ੍ਰਹਿ ਖੋਜ ਖੋਜਾਇੰਦਾ। ਜੁਗ ਚੌਕੜੀ ਸਾਧ ਸੰਤ ਪੜ੍ਹਦੇ ਜਿਸ ਦੀ ਬਾਣੀ, ਧੁਰ ਦਾ ਨਾਦੀ ਨਾਦ ਸੁਣਾਇੰਦਾ। ਜੋ ਨਿਤ ਨਵਿਤ ਦੱਸਣਹਾਰਾ ਬੋਧ ਅਗਾਧ ਕਹਾਣੀ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਜਿਸ ਦਾ ਸਤਿ ਸਰੋਵਰ ਅੰਮ੍ਰਿਤ ਰਸ ਅਗੰਮਾ ਪਾਣੀ, ਨੀਰ ਸੀਰ ਜਾਮ ਪਿਆਇੰਦਾ। ਉਹ ਖੇਲੇ ਖੇਲ ਸੱਚਾ ਸੁਲਤਾਨੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਪਦ ਯਾਤਰਾ ਸਾਧ ਸੰਤ ਕਰਨ ਵਿਚ ਜਹਾਨੀ, ਅੰਤਰ ਆਤਮ ਮੰਜ਼ਲ ਪੰਧ ਨਾ ਕੋਇ ਮੁਕਾਇੰਦਾ। ਨੀਵਿਆਂ ਦੀ ਸੁਣੋ ਕਹਾਣੀ, ਗੁਰਮੁਖ ਨੀਵਾਂ ਸਭ ਤੋਂ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ। ਸਭ ਤੋਂ ਨੀਵਾਂ ਪਾਰਬ੍ਰਹਮ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਨਾ ਮਰੇ ਨਾ ਪਏ ਜੰਮ, ਜੂਨੀ ਜੂਨ ਨਾ ਕੋਇ ਭਵਾਈਆ। ਨਿਤ ਨਵਿਤ ਨਿਹਕਰਮੀ ਹੋ ਕੇ ਜਾਣੇ ਆਪਣਾ ਕੰਮ, ਨਿਰਗੁਣ ਸਰਗੁਣ ਖੇਲ ਖਿਲਾਈਆ। ਲੱਖ ਚੁਰਾਸੀ ਘੜੇ ਲਏ ਭੰਨ, ਸਮਰਥ ਪੁਰਖ ਬੇਪਰਵਾਹੀਆ। ਨਿਰਗੁਣ ਪਰਕਾਸ਼ ਜੋਤ ਕਰੇ ਅੰਧੇਰੇ ਅੰਧ, ਘਰ ਦੀਆ ਬਾਤੀ ਇਕ ਜਗਾਈਆ। ਬਿਨ ਸਤਿਗੁਰ ਸਰਨਾਈ ਮੁਕਿਆ ਕਿਸੇ ਨਾ ਪੰਧ, ਲੱਖ ਚੁਰਾਸੀ ਭੱਜੇ ਵਾਹੋ ਦਾਹੀਆ। ਨਾਰ ਦੁਹਾਗਣ ਫਿਰੇ ਰੰਡ, ਬਿਨ ਹਰਿ ਕੰਤ ਨਾ ਕੋਇ ਪਰਨਾਈਆ। ਜਿਸ ਦੀ ਸਿਫ਼ਤ ਅੰਦਰ ਗਾਏ ਛੰਦ, ਸੋ ਸ਼ਹਿਨਸ਼ਾਹ ਇਕ ਅਖਵਾਈਆ। ਤਹਿਸੀਲ ਹੋਰ ਨਾ ਠਾਣਾ ਹੋਰ ਦੋਹਾਂ ਦਾ ਮਾਲਕ ਇਕ ਬਖ਼ਸ਼ੰਦ, ਸਿਰ ਸਭ ਦੇ ਹੱਥ ਟਿਕਾਈਆ। ਟਿਕਾਣਾ ਹੋਰ ਨਾ ਹੋਰ ਦੇਵੇ ਇਕ ਅਨੰਦ, ਸਾਚੇ ਚੰਦ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਭ ਤੋਂ ਨੀਵਾਂ ਏਕੰਕਾਰ, ਅਕਲ ਕਲਾ ਅਖਵਾਇੰਦਾ । ਜੁਗ ਚੌਕੜੀ ਖੇਲ ਅਪਾਰ, ਅਪਰੰਪਰ ਆਪ ਜਣਾਇੰਦਾ। ਨਿਰਗੁਣ ਹੋ ਕੇ ਸਰਗੁਣ ਕਰੇ ਪਿਆਰ, ਅੰਦਰ ਵੜ ਵੜ ਵੇਖ ਵਖਾਇੰਦਾ। ਮੰਜ਼ਲ ਪੌੜੀ ਚੜ੍ਹ ਉਚ ਮਿਨਾਰ, ਸਚ ਦਵਾਰੇ ਸੋਭਾ ਪਾਇੰਦਾ। ਆਪਣੀ ਆਤਮ ਪਰਮਾਤਮ ਕਰ ਕੇ ਖ਼ਬਰਦਾਰ, ਬ੍ਰਹਮ ਪਾਰਬ੍ਰਹਮ ਇਸ਼ਾਰੇ ਨਾਲ ਜਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸਭ ਤੋਂ ਨੀਵਾਂ ਹਰਿ ਭਗਵੰਤ, ਭਗਵਨ ਬੇਪਰਵਾਹੀਆ । ਜਿਸ ਦਾ ਦੋ ਜਹਾਨਾਂ ਇਕੋ ਮੰਤ, ਕਲਮਾ ਇਕ ਪੜ੍ਹਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਨਮੋ ਨਮੋ ਕਰਦੇ ਸੰਤ, ਪੀਰ ਪੈਗ਼ੰਬਰ ਗੁਰ ਅਵਤਾਰ ਰਹੇ ਧਿਆਈਆ। ਸੋ ਸਦਾ ਸਵਾਮੀ ਧੁਰ ਦਾ ਕੰਤ, ਕੰਤੂਹਲ ਬੇਪਰਵਾਹੀਆ। ਜਿਸ ਦਾ ਭੇਵ ਕੋਈ ਨਾ ਜਾਣੇ ਪਾਂਧਾ ਪੰਡਤ, ਮੁੱਲਾ ਸ਼ੇਖ਼ ਮੁਸਾਇਕ ਸਮਝ ਕੋਇ ਨਾ ਆਈਆ। ਤਿਸ ਦਾ ਵਰਨ ਬਰਨ ਧਰਮ ਇਕ ਅਖੰਡਤ, ਖੰਡਤ ਕਰੇ ਨਾ ਕੋਇ ਲੋਕਾਈਆ। ਜੋ ਓਸ ਦਵਾਰੇ ਆਵੇ ਮੰਗਤ, ਮਾਂਗਤ ਹੋ ਕੇ ਝੋਲੀ ਡਾਹੀਆ। ਉਹ ਸਾਹਿਬ ਸਵਾਮੀ ਅੰਦਰ ਚਾੜ੍ਹੇ ਰੰਗਤ, ਬਾਹਰੋਂ ਕੱਪੜੇ ਰੰਗੇ ਵੇਖੇ ਜਗਤ ਲੋਕਾਈਆ। ਮਿਹਣਿਆਂ ਵਿਚ ਸੁਣੇ ਮਿੰਨਤ, ਮਿਹਰ ਨਜ਼ਰ ਇਕ ਉਠਾਈਆ। ਇਹ ਤੇਰੀ ਗੁਰਮੁਖ ਵੱਡੀ ਹਿੰਮਤ, ਜੋ ਚਰਨ ਪਿਆ ਸਰਨਾਈਆ। ਅੱਗੇ ਰਹਿਣ ਨਾ ਦੇਵੇ ਕੋਈ ਇੱਲਤ, ਸਾਢੇ ਤਿੰਨ ਹੱਥ ਅੰਦਰ ਘੁੰਡੀ ਦਏ ਖੁਲ੍ਹਾਈਆ। ਜਗਤ ਦੱਸਣਾ ਚਾਰੋਂ ਕੁੰਟ ਸਾਚੀ ਸਿੰਮਤ, ਕੂਕ ਕੂਕ ਸੁਣਾਈਆ। ਜਿਸ ਦੇ ਕੋਲੋਂ ਗੁਰ ਅਵਤਾਰ ਪੀਰ ਪੈਗ਼ੰਬਰ ਨਿਤ ਨਵਿਤ ਸਚਖੰਡ ਦਵਾਰੇ ਲੈਂਦੇ ਰਹੇ ਸਿਖਤ, ਧੁਰ ਦੀ ਕਰੇ ਪੜ੍ਹਾਈਆ। ਜਿਸ ਦਾ ਸ਼ਾਸਤਰ
ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਦੱਸਦੀ ਰਹੀ ਭਵਿਖਤ, ਇਸ਼ਾਰਿਆਂ ਨਾਲ ਜਣਾਈਆ। ਉਹ ਸਭ ਦਾ ਸਵਾਮੀ ਬਣ ਕੇ ਆਇਆ ਇਸ਼ਟ, ਆਸ਼ਕ ਮਾਸ਼ੂਕ ਇਕੋ ਰੰਗ ਰੰਗਾਈਆ। ਸਾਧਾਂ ਸੰਤਾਂ ਕੂਕ ਸੁਣਾਵੇ ਦਰਸ਼ਨ ਕਰਦਿਆਂ ਸਭ ਦੀ ਖੋਲ੍ਹੇ ਦ੍ਰਿਸ਼ਟ, ਵਸ਼ਿਸ਼ਟ ਜੋ ਰਾਮਾ ਵਿਸ਼ੇਸ਼ ਦਏ ਵਡਿਆਈਆ। ਤੁਹਾਡੇ ਚਰਨਾਂ ਹੇਠ ਰੋਲ ਕੇ ਬਹਿਸ਼ਤ, ਸਵਰਗ ਪੈਰਾਂ ਹੇਠ ਦਬਾਈਆ। ਤੁਹਾਡੇ ਮਸਤਕ ਲਾ ਕੇ ਨਾਮ ਦਾ ਸੱਚਾ ਤਿਲਕ, ਜੋਤ ਲਿਲਾਟ ਦਏ ਜਗਾਈਆ। ਜਿਹੜਾ ਵੀਹ ਸੌ ਇੱਕੀ ਏਸ ਮੰਜ਼ਲ ਤੋਂ ਗਿਆ ਤਿਲਕ, ਦੋ ਜਹਾਨ ਸਾਰ ਕੋਇ ਨਾ ਆਈਆ। ਜੋ ਜਨ ਸੁਣ ਕੇ ਜਾਏ ਖਿਸਕ, ਪੱਲੂ ਲਏ ਛੁਡਾਈਆ। ਤਿਸ ਨੂੰ ਜਗਤ ਪਾ ਦਏ ਸਿਦਕ, ਬਿਨ ਪ੍ਰਭ ਸਾਚੇ ਦੇਵੇ ਨਾ ਕੋਇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੀਵਿਆਂ ਨੀਵਾਂ ਦਏ ਜਗਾਈਆ। ਸਭ ਤੋਂ ਨੀਵਾਂ ਹਰਿ ਜੂ ਠਾਕਰ, ਠੋਕਰ ਨਾਮ ਲਗਾਈਆ। ਕਲਜੁਗ ਵੇਖ ਗਹਿਰਾ ਸਾਗਰ, ਸਮੁੰਦ ਖੋਜ ਖੋਜਾਈਆ। ਨਿਰਮਲ ਕਰਮ ਕਰੇ ਉਜਾਗਰ, ਮਿਹਰ ਨਜ਼ਰ ਟਿਕਾਈਆ। ਓਨ੍ਹਾਂ ਮਿਲਦਾ ਸੱਚਾ ਆਦਰ, ਜੋ ਪੂਰਬ ਵਿਛੜੇ ਅੰਤ ਲਏ ਮਿਲਾਈਆ। ਕੋਈ ਨਾ ਲੇਖਾ ਜਾਣੇ ਮਕਤੂਲ, ਕਾਤਲ, ਏਥੇ ਓਥੇ ਭੇਵ ਕੋਇ ਨਾ ਰਾਈਆ। ਪ੍ਰਭ ਦਾ ਭੇਵ ਅਗੰਮੀ ਬਾਤਨ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਤੇਰਾ ਚੌਥੇ ਜਨਮ ਦਾ ਇਕ ਸਾਥਣ, ਸਾਥੀ ਨਜ਼ਰੀ ਆਈਆ। ਗੁਰਮੀਤ ਸਿੰਘ ਜਿਸ ਨੂੰ ਆਖਣ, ਦੋਆਬੇ ਬੈਠਾ ਡੇਰਾ ਲਾਈਆ। ਦੋਹਾਂ ਦਾ ਇਕੋ ਮਾਈ ਇਕੋ ਬਾਪਣ, ਗੋਦੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਬੂਝ ਬੁਝਾਈਆ। ਨੀਵਿਆਂ ਦਾ ਧੁਰ ਦਾ ਲੇਖਾ, ਹਰਿ ਕਰਤਾ ਆਪ ਚੁਕਾਇੰਦਾ। ਪੂਰਬ ਜਨਮ ਦਾ ਕੱਢ ਭੁਲੇਖਾ, ਭਾਂਡਾ ਭਰਮ ਭੰਨਾਇੰਦਾ। ਰਾਤ ਸੁਫ਼ਨੇ ਵਿਚ ਕਰਾ ਕੇ, ਪਿਛਲੇ ਜਨਮ ਦਾ ਚੇਤਾ, ਪੜਦਾ ਓਹਲਾ ਸਰਬ ਉਠਾਇੰਦਾ। ਚਰਨ ਪ੍ਰੀਤੀ ਬਖ਼ਸ਼ ਕੇ ਹੇਤਾ, ਮਿੱਤਰ ਪਿਆਰਾ ਜੋੜ ਜੁੜਾਇੰਦਾ। ਪਿਛਲਾ ਠਠਿਆਰਾਂ ਘਰ ਠੇਕਾ, ਅਗਲਾ ਅੱਗੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸਭ ਤੋਂ ਨਿੱਕਾ ਸਿਰਜਣਹਾਰ, ਸਿਰ ਸਿਰ ਰਿਜ਼ਕ ਪੁਚਾਈਆ। ਜੋ ਸੁੱਤੇ ਪੈਰ ਪਸਾਰ, ਘਰ ਘਰ ਜਾ ਜਾ ਰਿਹਾ ਉਠਾਈਆ। ਗ਼ਫ਼ਲਤ ਵਿਚ ਕਰੇ ਗੁਫ਼ਤਾਰ, ਅਸਲੀਅਤ ਆਪਣੀ ਦਏ ਦ੍ਰਿੜਾਈਆ। ਮੁਹੱਬਤ ਵਿਚ ਕਰੇ ਪਿਆਰ, ਮਹਿਬੂਬ ਹੋ ਕੇ ਗਲੇ ਲਗਾਈਆ। ਖ਼ੁਸ਼ੀਆਂ ਵਿਚ ਕਰੇ ਇਜ਼ਹਾਰ, ਇਬਾਰਤ ਆਪਣੀ ਨਾ ਕਿਸੇ ਸਮਝਾਈਆ। ਕਾਇਆ ਮੰਦਰ ਸਚ ਮਿਨਾਰ, ਵੇਖਣਹਾਰਾ ਚਾਈਂ ਚਾਈਂਆ। ਦੀਵਾ ਬਾਤੀ ਕਮਲਾਪਾਤੀ ਘਰ ਠਾਕਰ ਕਰ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਹਿਲੀ ਚੇਤ ਦੀ ਸਾਖਿਆਤ ਅਖ਼ਬਾਰ, ਤੁਹਾਡੇ ਸਾਹਮਣੇ ਦਿਤੀ ਵਖਾਈਆ। ਜੋ ਚਾਰ ਕੁੰਟ ਕਰੇ ਪ੍ਰਚਾਰ, ਉਚੀ ਕੂਕ ਕੂਕ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪ੍ਰੈਸ ਹਰਿ ਸੰਗਤ ਰਿਹਾ ਬਣਾਈਆ। ਹਰਿ ਸੰਗਤ ਤੇਰਾ ਸਾਚਾ ਪ੍ਰੈਸ, ਬੇਪਰਵਾਹ ਆਪ ਜਣਾਈਆ। ਜਿਸ ਦੇ ਉਤੇ ਇਕੋ ਲਿਖੇ ਐਸ ਐਚ, ਦੂਜੀ ਹੋਰ ਨਾ ਕੋਇ ਲਿਖਾਈਆ। ਜਿਸ ਦੇ ਅੱਖਰਾਂ ਦਾ ਖਿੱਚੇ ਨਾ ਕੋਈ ਸਕੈਚ, ਨਕਸ਼ਾ ਨਾ ਕੋਇ ਬਣਾਈਆ। ਕਿਸੇ ਢਾਂਚੇ ਸਾਂਚੇ ਵਿਚ ਕਰੇ ਨਾ ਫਿੱਟ, ਅੱਗੇ ਪਿਛੇ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਬਿਨਾ ਸੇਵਾ ਤੋਂ ਤਾਰਨ ਆਇਆ ਜਗ, ਪਿਛਲੀ ਰੀਤੀ ਦਿਤੀ ਚੁਕਾਈਆ। ਚਾਰ ਜੁਗ
ਦੇ ਭਗਤ ਸਾਰੇ ਚਰਨ ਕਵਲ ਲਵਾਂ ਸੱਦ, ਸ਼ਬਦੀ ਹੁਕਮ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਵਣ ਭੱਜ, ਆਪਣਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕੋਈ ਨਾ ਲਾਵੇ ਪੱਜ, ਸੀਸ ਨਿਵਾਵਣ ਥਾਉਂ ਥਾਈਂਆ। ਪਿਛਲੀ ਇਨ੍ਹਾਂ ਦੀ ਖੋਲ੍ਹ ਕੇ ਅੱਖ, ਬਿਨ ਅੱਖਾਂ ਦਏ ਸਮਝਾਈਆ। ਇਹ ਰਾਮ ਕ੍ਰਿਸ਼ਨ ਦਾ ਮਾਲਕ ਪ੍ਰਤਖ, ਬੇਅੰਤ ਬੇਪਰਵਾਹੀਆ। ਜਿਸ ਦਾ ਵੇਦਾਂ ਗਾਇਆ ਜਸ, ਸ਼ਾਸਤਰ ਸਿਮਰਤ ਰੱਖੀ ਆਸ, ਗੀਤਾ ਗਿਆਨ ਕਹਿ ਕੇ ਪਈ ਹੱਸ, ਹਸਤੀ ਇਕ ਸਮਝਾਈਆ। ਜਿਸ ਦਰੋਪਤ ਰੱਖੀ ਪਤ, ਉਹ ਮਾਲਕ ਸਭ ਦੇ ਸਿਰ ਤੇ ਰੱਖੇ ਹੱਥ, ਵਸਤ ਅਮੋਲਕ ਸਾਚੇ ਮੰਦਰ ਕਾਇਆ ਦੇਵੇ ਰੱਖ, ਮੰਗਣ ਕਿਸੇ ਦਰ ਨਾ ਜਾਈਆ। ਨਾ ਕੋਈ ਪੂਜਾ ਕਰਾਵੇ ਪਾਠ, ਨਾ ਕੋਈ ਨੁਹਾਵੇ ਤੀਰਥ ਤਾਟ, ਨਾ ਕੋਈ ਦਸਾਵੇ ਸ਼ਿਵਦਵਾਲਾ ਮਾਠ, ਗੁਰੂਦਵਾਰਾ ਕਾਇਆ ਬੰਕ ਸੁਹਾਈਆ। ਨਾ ਕੋਈ ਵਣਜ ਕਰਾਏ ਕਿਸੇ ਹਾਟ, ਨਾ ਕੋਈ ਤੀਰਥ ਫਿਰਾਏ ਤਾਟ, ਨਾ ਜੰਗਲਾਂ ਵਿਚ ਭਵਾਏ ਵਾਟ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਪ੍ਰੇਮ ਪਿਆਰ ਦਾ ਲਾਏ ਘਾਤ, ਲੇਖ ਲਿਖਾਵੇ ਨਾਲ ਕਲਮ ਦਵਾਤ, ਅੰਦਰੋਂ ਖੋਲ੍ਹ ਕੇ ਬੰਦ ਤਾਕ, ਤਾਜਾਂ ਵਾਲਾ ਘਰ ਘਰ ਨਜ਼ਰੀ ਆਈਆ। ਜਾ ਕੇ ਦਰ ਦਰ ਦਿਓ ਆਵਾਜ਼, ਆਇਆ ਸਾਹਿਬ ਗ਼ਰੀਬ ਨਿਵਾਜ਼, ਜਿਸ ਦਾ ਬੇੜਾ ਇਕ ਜਹਾਜ਼, ਚਾਰ ਵਰਨ ਅਠਾਰਾਂ ਬਰਨ ਰਿਹਾ ਚੜ੍ਹਾਈਆ। ਜਿਸ ਨੂੰ ਸਾਹਮਣੇ ਮਿਲਣ ਦੀ ਖ਼ਾਹਿਸ਼, ਉਸ ਦਾ ਬਣੇ ਦਰਦੀ ਦਾਸ, ਦੇਵੇ ਰਸ ਅੰਦਰ ਪਵਣ ਸਵਾਸ, ਸਾਹ ਸਾਹ ਸਮਾਈਆ। ਨਾਤਾ ਤੋੜ ਕੇ ਜ਼ਾਤ ਪਾਤ, ਚਰਨ ਧੂੜੀ ਦੇਵੇ ਖ਼ਾਕ, ਅੰਤਰ ਆਤਮ ਕਰੇ ਮੁਸ਼ਤਾਕ ਮੁਸ਼ਕਲ ਅਗਲੀ ਹੱਲ ਕਰਾਈਆ। ਲਹਿਣਾ ਦੇਣਾ ਹੋਏ ਬੇਬਾਕ, ਦਰਗਾਹ ਸਾਚੀ ਮਿਲੇ ਖਿਤਾਬ, ਅੰਤਰ ਪਿਆਏ ਆਬੇਹਯਾਤ, ਹਯਾਤੀ ਦੇਵੇ ਜਗਤ ਬਦਲਾਈਆ। ਜਿਸ ਦਾ ਲੈਂਦੇ ਰਹੇ ਖ਼ੁਆਬ, ਜਿਸ ਨੂੰ ਲੱਭਦੇ ਰਿਹੇ ਹੁਜਰਿਆਂ ਵਿਚੋਂ ਮਹਿਰਾਬ, ਜਿਸ ਨੂੰ ਬਾਂਗਾਂ ਵਿਚ ਮਾਰਦੇ ਰਹੇ ਆਵਾਜ਼, ਹੋਕਿਆ ਵਿਚ ਧਿਆਈਆ। ਜਿਸ ਨੂੰ ਗਾਉਂਦੇ ਰਾਗ ਨਾਦ, ਜਿਸ ਨੂੰ ਲੱਭਦੇ ਸੰਤ ਸਾਧ, ਜਿਸ ਨੂੰ ਸਾਰੇ ਕਹਿੰਦੇ ਗੁਰੂ ਮਹਾਰਾਜ, ਮਾਲਕ ਇਕ ਅਖਵਾਈਆ। ਉਸ ਦਵਾਰੇ ਜਾਓ ਭਾਗ, ਕੂੜੀ ਕਿਰਿਆ ਧੋਵੇ ਦਾਗ਼, ਸੁਰਤ ਮਿਲਾਵੇ ਕੰਤ ਸੁਹਾਗ, ਸੋਹਣਾ ਜੋੜ ਜੁੜਾਈਆ। ਨੀਵੇਂ ਹੋਣ ਦੀ ਸਿਖ ਕੇ ਜਾਣੀ ਜਾਚ, ਭਾਗ ਲੱਗੇ ਕਾਇਆ ਮਾਟੀ ਕਾਚ, ਹਿਰਦੇ ਉਪਜੇ ਸਾਚੋ ਸਾਚ, ਜੂਠ ਝੂਠ ਰਹਿਣ ਨਾ ਪਾਈਆ। ਅੰਤਰ ਆਤਮ ਇਕ ਵੈਰਾਗ, ਕੂੜੀ ਤ੍ਰਿਸ਼ਨਾ ਹੋਵੇ ਤਿਆਗ, ਉਹ ਸੁੱਤੀ ਜਾਏ ਜਾਗ, ਜਿਸ ਨੂੰ ਮਾਲਕ ਟੁੰਬ ਟੁੰਬ ਉਠਾਈਆ। ਇਹ ਰੈਣ ਨਹੀਂ ਇਹ ਰਾਤ, ਇਹ ਭਗਤਾਂ ਦੀ ਪਰਭਾਤ, ਪਹਿਲੀ ਅੱਸੂ ਦੀ ਸਚ ਸੁਗਾਤ, ਸਭ ਦੀ ਝੋਲੀ ਪਾਈਆ। ਇਹ ਗੁਰਮੁਖ ਬਣ ਕੇ ਆਏ ਬਰਾਤ, ਸੋਹਣੇ ਲਾੜੇ ਵੱਲ ਮਾਰਨ ਝਾਤ, ਨੇਤਰ ਅੱਖ ਇਕ ਖੁਲ੍ਹਾਈਆ। ਜਿਸ ਦਾ ਇਕੋ ਪੂਜਾ ਪਾਠ, ਇਕੋ ਮੰਤਰ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਸਚ ਸੰਦੇਸਾ ਪਹਿਲੀ ਅੱਸੂ, ਅਸਵ ਅਸਵਾਰ ਆਪ ਜਣਾਇੰਦਾ। ਦੋ ਜਹਾਨਾਂ ਗੁਰ ਅਵਤਾਰ ਪੀਰ ਪੈਗ਼ੰਬਰ ਨੱਠ ਨੱਠ ਦੱਸੂ, ਸਚਖੰਡ ਨਿਵਾਸੀ ਹੁਕਮ ਜਣਾਇੰਦਾ। ਸੰਦੇਸੇ ਅੰਦਰ ਕੋਈ ਨਾ ਬਚੂ, ਪੜਦਾ ਓਹਲਾ ਨਾ ਕੋਇ ਰਖਾਇੰਦਾ। ਸਿਰ ਤੇ ਓਢਣ ਕਿਸੇ ਰਹੇ ਨਾ ਪਟੂ, ਪੀਤ ਪੀਤੰਬਰ ਨਾ ਕੋਇ ਸੁਹਾਇੰਦਾ। ਖੇਲ ਅਨੋਖਾ ਪੁਰਖ ਅਗੰਮਾ ਘਰ ਘਰ ਘੱਤੂ, ਗਹਿਰ ਗੰਭੀਰ ਭੇਸ ਵਟਾਇੰਦਾ। ਕੂੜੀ ਕਿਰਿਆ ਜੜ੍ਹ ਪੁੱਟੂ, ਨਾਮ ਸੰਦੇਵਾ ਹੱਥ ਉਠਾਇੰਦਾ। ਆਪਣੀ ਕਰਨੀਉਂ ਕਦੇ ਨਾ ਹਟੂ, ਓੜਕ
ਆਪਣੀ ਕਾਰ ਕਮਾਇੰਦਾ। ਜੋ ਕਲਜੁਗ ਜੀਵ ਪ੍ਰਭ ਸਿਮਰਨ ਤੋਂ ਹੋਇਆ ਮਨਖਟੂ, ਕੂੜੇ ਵਹਿਣ ਆਪ ਵਹਾਇੰਦਾ। ਗੁਰਮੁਖ ਗੁਰਸਿਖ ਭਗਤ ਸੁਹੇਲੇ ਸੰਗ ਆਪਣੇ ਰੱਖੂ, ਲੜੀ ਲੜੀ ਨਾਲ ਬੰਧਾਇੰਦਾ। ਅੰਦਰ ਵੜ ਕੇ ਮੰਦਰ ਚੜ੍ਹ ਕੇ ਨਿਰਗੁਣ ਹੋ ਕੇ ਹੱਸੂ, ਸੋਹੰ ਹੰਸਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਦਰ ਮੰਗਾਇੰਦਾ। ਗੁਰ ਅਵਤਾਰ ਕਹਿਣ ਵਾਹ ਭਗਵਾਨ, ਤੇਰੀ ਵਡਿ ਵਡਿਆਈਆ। ਹਉਂ ਬਾਲਕ ਨੱਢੇ ਬਾਲ ਅੰਞਾਣ, ਸਦ ਤੇਰੀ ਓਟ ਤਕਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਵਾਲੀ ਦੋ ਜਹਾਨ, ਪਰਵਰਦਿਗਾਰ ਨੂਰ ਖ਼ੁਦਾਈਆ। ਤੇਰੇ ਦਰ ਤੇ ਕਰੀਏ ਪਰਨਾਮ, ਨਮੋ ਨਮੋ ਸੀਸ ਝੁਕਾਈਆ। ਸੱਯਦਾ ਕਰਕੇ ਕਰੀਏ ਸਲਾਮ, ਸਿਫ਼ਤਾਂ ਨਾਲ ਸਾਲਾਹੀਆ। ਪਹਿਲੋਂ ਮੰਨੀਏ ਉਹ ਇਮਾਮ, ਜਿਸਦੀ ਆਮਦ ਨਜ਼ਰ ਕਿਸੇ ਨਾ ਆਈਆ। ਅੱਖਰਾਂ ਵਿਚ ਤੇਰਾ ਸੁਣਦੇ ਰਹੇ ਪੈਗ਼ਾਮ, ਨਿਰਅੱਖਰ ਨਾ ਕੋਇ ਸਮਝਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਸਾਖਿਆਤ ਹੋ ਕੇ ਦਿਤੀ ਨਾ ਕਿਸੇ ਪਹਿਚਾਨ, ਸ਼ਬਦ ਇਸ਼ਾਰੇ ਨਾਲ ਕਰਦਾ ਰਿਹੋਂ ਜਣਾਈਆ। ਬੇਸ਼ਕ ਭਗਤ ਉਧਾਰਨਾ ਨਹੀਂ ਮੇਰਾ ਕੋਈ ਅਹਿਸਾਨ, ਸੇਵਾ ਕਰਨੀ ਮੈਂ ਆਪਣੀ ਝੋਲੀ ਪਾਈਆ । ਜੁਗ ਚੌਕੜੀ ਕਰ ਪਹਿਚਾਨ, ਵੱਡੇ ਛੋਟੇ ਪਾਰ ਲਗਾਈਆ। ਜਿਨ੍ਹਾਂ ਨੂੰ ਮੇਰੇ ਉਤੇ ਮਾਣ, ਮੈਂ ਉਹਨਾਂ ਦਾ ਪਿਤਾ ਮਾਈਆ। ਜਿੰਨਾਂ ਚਿਰ ਕਿਰਪਾ ਕਰ ਕੇ ਅੰਦਰ ਦੇਵਾਂ ਨਾ ਸਚ ਧਿਆਨ, ਸਮਝ ਸਕੇ ਨਾ ਕੋਇ ਰਾਈਆ। ਕੋਟਨ ਕੋਟ ਜਗਤ ਵਿਦਿਆ ਪੜ੍ਹ ਕੇ ਹੋਏ ਸ਼ੈਤਾਨ, ਸ਼ਰਅ ਵਿਚ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਕਹਿਣ ਪ੍ਰਭ ਦੇ ਫ਼ਰਮਾਨ, ਸਾਰੇ ਫ਼ੁਰਨੇ ਤੇਰੀ ਝੋਲੀ ਪਾਈਆ। ਉਹ ਮਿਹਰਵਾਨ ਉਠ ਕੇ ਆ ਵਿਚ ਮੈਦਾਨ, ਕਿਉਂ ਬੈਠਾ ਮੁਖ ਛੁਪਾਈਆ। ਜੇ ਤੂੰ ਲੱਖ ਚੁਰਾਸੀ ਦਾ ਧੁਰ ਦਾ ਸੱਚਾ ਕਾਹਨ, ਸੀਸ ਜਗਦੀਸ ਤਾਜ ਸੁਹਾਈਆ। ਚਾਰ ਕੁੰਟ ਕਰਾ ਪਹਿਚਾਨ, ਨਵ ਨੌ ਚਾਰ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਖੋਲ੍ਹ ਦੇ ਪੜਦਾ, ਅੰਤ ਇਕੋ ਵਾਰ ਜਣਾਈਆ। ਦੋ ਜਹਾਨ ਤੇਰਾ ਬਰਦਾ, ਦਰਦੀ ਹੋ ਕੇ ਦਰਦ ਵੰਡਾਈਆ। ਕਲਜੁਗ ਅੰਤ ਜੇ ਤੇਰੇ ਬਿਨਾ ਸਾਡਾ ਹੁੰਦਾ ਸਰਦਾ, ਕਿਉਂ ਤੇਰੀ ਓਟ ਤਕਾਈਆ। ਤੂੰ ਲੇਖਾ ਜਾਣੇ ਘਰ ਘਰ ਦਾ, ਗ੍ਰਹਿ ਗ੍ਰਹਿ ਬੈਠਾ ਡੇਰਾ ਲਾਈਆ। ਸਚ ਪ੍ਰਭੂ ਤੂੰ ਨਾ ਜਨਮੇ ਨਾ ਕਦੀ ਮਰਦਾ, ਮੁਰਦਿਆਂ ਮਰਦ ਲਏ ਬਣਾਈਆ। ਤੇਰਾ ਕਲਮਾ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਪੜ੍ਹਦਾ, ਧੁਰ ਦਾ ਢੋਲਾ ਗਾਈਆ। ਤੇਰਾ ਰੂਪ ਅਗੰਮਾ ਨਰਾਇਣ ਨਰ ਦਾ, ਨਰ ਹਰਿ ਕਹਿ ਕੇ ਸਾਰੇ ਸੀਸ ਝੁਕਾਈਆ। ਨਿਰਭੈ ਹੋ ਕੇ ਭਉ ਵਿਚ ਕਦੇ ਨਾ ਡਰਦਾ, ਭੈ ਸਭ ਨੂੰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦਏ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਪਾ ਉਹ ਅਲਫ਼ੀ, ਜਿਸ ਦੀ ਅਲਫ਼ ਯੇ ਕਹਾਣੀ ਕੋਇ ਨਾ ਗਾਈਆ। ਜਿਸ ਦੀ ਅਜੇ ਤੱਕ ਮਨਾਈ ਕਿਸੇ ਨਾ ਕੋਈ ਬਰਸੀ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਤੂੰ ਮਾਲਕ ਅਰਸ਼ੀ ਫ਼ਰਸ਼ੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪਤਿਪਰਮੇਸ਼ਵਰ ਤੇਰਾ ਖੇਲ ਨਹੀਂ ਕੋਈ ਫ਼ਰਜ਼ੀ, ਅਸਲੀਅਤ ਆਪਣੀ ਦਏ ਸਮਝਾਈਆ। ਤੂੰ ਮਾਲਕ ਸਭ ਦਾ ਗ਼ਰਜ਼ੀ, ਗ਼ਫ਼ਲਤ ਵਿਚ ਤੇਰੀ ਲੋਕਾਈਆ। ਆਹ ਲੈ, ਗੋਬਿੰਦ ਦੀ ਉਹ ਪਿਛਲੀ ਅਰਜ਼ੀ, ਜੋ ਮਾਛੂਵਾੜੇ ਦਿਤੀ ਲਿਖਾਈਆ।
ਮੁਹੰਮਦ ਦੀ ਖ਼ਾਹਿਸ਼ ਅੰਦਰੋਂ ਡਰਦੀ, ਅੱਲ੍ਹਾ ਰਾਣੀ ਦਏ ਦੁਹਾਈਆ। ਮਹਿਬੂਬ ਅੱਗੇ ਅੱਖ ਪੁੱਟ ਨਾ ਸਾਹਮਣੇ ਖੜ੍ਹਦੀ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਲਏ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਮੇਰੇ, ਮਿਹਰਵਾਨ ਤੇਰੀ ਸਰਨਾਈਆ। ਦਰੋਹੀ ਖ਼ੁਦਾ ਦੀ ਸਾਰੇ ਚੁੱਕੇ ਝੇੜੇ, ਝਗੜਾ ਕੋਈ ਰਹਿਣ ਨਾ ਪਾਈਆ। ਸਾਰੇ ਚੜ੍ਹ ਗਏ ਤੇਰੇ ਬੇੜੇ, ਨਈਆ ਨੌਕਾ ਵੇਖ ਖ਼ੁਸ਼ੀ ਮਨਾਈਆ। ਕਲਜੁਗ ਵੇਖੇ ਉਜੜੇ ਖੇੜੇ, ਸਾਢੇ ਤਿੰਨ ਹੱਥ ਕਾਇਆ ਬੰਕ ਗੁਲਸ਼ਨ ਸਚ ਨਾ ਕੋਇ ਮਹਿਕਾਈਆ। ਪਤਿਪਰਮੇਸ਼ਵਰ ਤੇਰੇ ਕੋਈ ਨਾ ਆਵੇ ਨੇੜੇ, ਦੂਰ ਦੁਰਾਡੇ ਭੱਜਣ ਵਾਹੋ ਦਾਹੀਆ। ਉਹ ਧੰਨ ਗੁਰਮੁਖ ਧੰਨ ਗੁਰਸਿਖ ਸਾਚੇ ਸੰਤ ਜੋ ਸਦੀ ਬੀਸਵੀਂ ਬੈਠੇ ਕਰਕੇ ਜੇਰੇ, ਉਚੀ ਆਸ ਰਖਾਈਆ। ਅਸਾਂ ਚੜ੍ਹਨਾ ਉਸ ਦੇ ਬੇੜੇ, ਜਿਸ ਦੀ ਨਈਆ ਨਾ ਕੋਇ ਤਕਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਕਦੇ ਕਿਸੇ ਨਾ ਆਇਆ ਘੇਰੇ, ਬਿਨ ਭਗਤਾਂ ਸੀਸ ਨਾ ਕਿਸੇ ਝੁਕਾਈਆ। ਸੋ ਗੁਰਮੁਖੋ ਸਮਝੋ ਆ ਗਿਆ ਤੁਹਾਡੇ ਵੇਹੜੇ, ਦੂਰ ਦੁਰਾਡਾ ਉਸ ਦਾ ਮਾਹੀਆ। ਤੁਸੀਂ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਨਾ ਮਾਰਨੇ ਫੇਰੇ, ਫ਼ਿਰਕੇ ਸਾਰੇ ਦੇਣੇ ਤਜਾਈਆ। ਤੁਹਾਡੇ ਅੰਦਰ ਵੜ ਕੇ ਕਰੇ ਮਿਹਰੇ, ਮਿਹਰ ਨਜ਼ਰ ਇਕ ਉਠਾਈਆ। ਰੰਗ ਚੜ੍ਹ ਜਾਏ ਗੁਰੂ ਗੁਰ ਚੇਰੇ, ਚੇਲਾ ਗੁਰ ਇਕੋ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਦਏ ਗਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰਾ ਭਰਵਾਸਾ, ਭਾਵਨੀ ਸਭ ਦੀ ਪੂਰ ਕਰਾਈਆ। ਕੂੜੀ ਕਿਰਿਆ ਕੋਲੋਂ ਕਰ ਖ਼ਲਾਸਾ, ਖ਼ਾਲਿਸ ਆਪਣਾ ਭੇਵ ਸਮਝਾਈਆ। ਜ਼ਾਤ ਪਾਤ ਦੀਨ ਮਜ਼੍ਹਬ ਊਚ ਨੀਚ ਰਾਓ ਰੰਕ ਤੁੱਟੇ ਨਾਤਾ, ਪੁਰਖ ਬਿਧਾਤਾ ਇਕੋ ਨਜ਼ਰੀ ਆਈਆ। ਚਾਰ ਵਰਨ ਅਠਾਰਾਂ ਬਰਨ ਬਣੇ ਸੱਜਣ ਸਾਕਾ, ਸਗਲਾ ਸੰਗ ਨਿਭਾਈਆ। ਸਤਿ ਧਰਮ ਦਾ ਖੋਲ੍ਹ ਦੇ ਤਾਕਾ, ਤਾਕਤ ਆਪਣੀ ਇਕ ਪਰਗਟਾਈਆ। ਤੈਨੂੰ ਈਸਾ ਮੂਸਾ ਮੁਹੰਮਦ ਮੰਨਦੇ ਗਏ ਬਾਪਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਵੇਖ ਆਪਣਾ ਸਾਕਾ, ਸਾਖ਼ੀ ਪਿਛਲੀ ਦਏ ਭੁਲਾਈਆ। ਸਾਰੇ ਕਹਿਣ ਪ੍ਰਭ ਦੱਸ ਅਗਲੀ ਸਾਖੀ, ਸਾਖਿਆਤ ਹੋ ਕੇ ਦਇਆ ਕਮਾਈਆ। ਤੂੰ ਧੁਰ ਦਾ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਤੇਰੀ ਮੰਜ਼ਲ ਔਖੀ ਘਾਟੀ, ਬਿਨ ਤੇਰੇ ਚੜ੍ਹਨ ਕੋਇ ਨਾ ਪਾਈਆ। ਜਨ ਸੰਤਾਂ ਦੇ ਸਾਚੀ ਦਾਤੀ, ਦਇਆਵਾਨ ਹੋ ਕੇ ਝੋਲੀ ਦੇ ਭਰਾਈਆ। ਜਿਨ੍ਹਾਂ ਮੰਨੀ ਤੇਰੀ ਆਖੀ, ਆਖ਼ਰ ਉਹਨਾ ਗੋਦ ਉਠਾਈਆ। ਮਾਲਕ ਹੋ ਕੇ ਕਰਨੀ ਰਾਖੀ, ਰੱਖਕ ਹੋ ਕੇ ਹੋਣਾ ਸਹਾਈਆ । ਅੰਤਮ ਮੁੱਕੇ ਪੈਂਡਾ ਜਗਤ ਵਾਟੀ, ਲੱਖ ਚੁਰਾਸੀ ਪੰਧ ਚੁਕਾਈਆ। ਬੱਚੇ ਬਚਪਨ ਵਿਚ ਲਾਉਣੇ ਆਪਣੀ ਛਾਤੀ, ਅੰਮ੍ਰਿਤ ਆਤਮ ਸੀਰ ਪਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਇੱਕੀ, ਏਕੰਕਾਰ ਨਜ਼ਰੀ ਆਈਆ। ਨੌ ਸੌ ਚੁਰਾਨਵੇ ਜੁਗ ਚੌਕੜੀ ਪਿਛੋਂ ਡਿੱਠੀ, ਅੱਖੀਂ ਵੇਖ ਖ਼ੁਸ਼ੀ ਮਨਾਈਆ। ਧੰਨ ਭਾਗ ਤੂੰ ਸਾਡੀ ਯਾਦ ਰੱਖੀ ਪਿਛਲੀ ਚਿੱਠੀ, ਜੋ ਬਿਨ ਅੱਖਰਾਂ ਦਿਤੀ ਲਿਖਾਈਆ। ਜਿਸ ਦੀ ਸਮਝ ਕਿਸੇ ਨਾ ਆਏ ਵਾਰ ਥਿਤੀ, ਘੜੀ ਪਲ ਨਾ ਕੋਇ ਦ੍ਰਿੜਾਈਆ। ਜਿਸ ਦੀ ਧਾਰ ਬਾਰੀਕ ਸਭ ਤੋਂ ਨਿੱਕੀ, ਨੀਕਨ ਨੀਕੇ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰਵਾਨ
ਕਹੇ ਪ੍ਰਭ ਮਹਿਬੂਬ, ਪਰਵਰਦਿਗਾਰ ਜਣਾਇੰਦਾ। ਗੁਰ ਅਵਤਾਰੋ ਪੀਰ ਪੈਗ਼ੰਬਰੋ ਮੇਰਾ ਵੇਖੋ ਇਕ ਅਰੂਜ, ਜੋ ਆਸਾ ਸਭ ਦੀ ਪੂਰ ਕਰਾਇੰਦਾ। ਜਿਸਦੀ ਸਮਝ ਨਾ ਆਏ ਕਿਸੇ ਹਦੂਦ, ਆਰ ਪਾਰ ਡੇਰਾ ਕੋਇ ਨਾ ਲਾਇੰਦਾ। ਸੋ ਮੇਰੀ ਕਿਰਪਾ ਉਪਰ ਮਹਿਦੂਦ, ਮੁਹੱਬਤ ਵਿਚ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਅਲਾਇੰਦਾ। ਧੁਰ ਸੰਦੇਸਾ ਸੁਣੋ ਮਾਤ, ਹਰਿ ਕਰਤਾ ਆਪ ਜਣਾਈਆ। ਖੇਲੇ ਖੇਲ ਪੁਰਖ ਅਬਿਨਾਸ਼, ਨਿਰਗੁਣ ਸਰਗੁਣ ਵੇਸ ਵਟਾਈਆ। ਭਿੰਨੜੀ ਰੈਣ ਸੁਹੰਜਣੀ ਰਾਤ, ਘੜੀ ਪਲ ਖ਼ੁਸ਼ੀ ਵਖਾਈਆ। ਸਾਧਾਂ ਸੰਤਾਂ ਦੇ ਸੌਗ਼ਾਤ, ਸੁਗੰਧੀ ਆਪਣਾ ਨਾਮ ਜਣਾਈਆ। ਰੂਹ ਬੁੱਤ ਦੋਵੇਂ ਕਰਕੇ ਪਾਕ, ਪਵਿਤ ਲਏ ਬਣਾਈਆ। ਧੂੜੀ ਟਿੱਕਾ ਮਸਤਕ ਲਾ ਕੇ ਖ਼ਾਕ, ਖ਼ਾਲਕ ਦੇਵਣਹਾਰ ਵਡਿਆਈਆ। ਅੰਦਰੋਂ ਖੋਲ੍ਹ ਕੇ ਬੰਦ ਤਾਕ, ਤਾੜੀ ਆਪਣੇ ਨਾਲ ਲਗਾਈਆ। ਬਿਨ ਛੁਰੀਉਂ ਨਸ਼ਤਰੋਂ ਕਰਕੇ ਡੂੰਘਾ ਚਾਕ, ਨੌ ਚੱਕਰ ਨੌ ਦਵਾਰਿਉਂ ਪਰੇ ਹਟਾਈਆ। ਸਨਿਆਸੀ ਵੈਰਾਗੀ ਤਿਆਗੀ ਤਪੀਸ਼ਰ ਰਖੀਸ਼ਰ ਮੁਨੀਸ਼ਰ ਆਪਣੀ ਲਾ ਕੇ ਅਨੋਖੀ ਜਾਗ, ਜਾਗਰਤ ਜੋਤ ਦਏ ਜਗਾਈਆ। ਹੰਸ ਬਣਾਏ ਫੜ ਫੜ ਕਾਗ, ਮਿਹਰ ਨਜ਼ਰ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਏ ਸਦਾ ਸਹਾਈਆ। ਬਿਨ ਸੇਵਾ ਬਿਨ ਖ਼ਾਹਿਸ਼ ਤਾਰੇ ਪਾਪੀ, ਭਗਤ ਉਧਾਰਨ ਇਕ ਅਖਵਾਇੰਦਾ। ਜਨ ਭਗਤਾਂ ਬਣ ਕੇ ਧੁਰ ਦਾ ਸਾਥੀ, ਸਗਲਾ ਸੰਗ ਨਿਭਾਇੰਦਾ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਅੰਦਰ ਵੜ ਕੇ ਮਾਰੇ ਝਾਤੀ, ਝਾਕਾ ਆਪਣਾ ਆਪ ਵਖਾਇੰਦਾ। ਜਾਮ ਪਿਆਵੇ ਬਣਕੇ ਸਾਕੀ, ਮਧੁਰ ਪਿਆਲਾ ਹੱਥ ਉਠਾਇੰਦਾ। ਓ ਸੰਤੋ ਮੇਲ ਹੋਇਆ ਇਤਫ਼ਾਕੀ, ਲੱਭਿਆਂ ਹੱਥ ਕਿਸੇ ਨਾ ਆਇੰਦਾ। ਉਹ ਗੁਰਮੁਖ ਸਚ ਸਰੋਵਰ ਤੇਰੀ ਸੁਰਤੀ ਸੱਚੀ ਨ੍ਹਾਤੀ, ਪਤਤ ਪੁਨੀਤ ਕਰਾਇੰਦਾ। ਵੇਂਹਦਿਆਂ ਵੇਂਹਦਿਆਂ ਨਜ਼ਰ ਵਿਚ ਨਜ਼ਰ ਮਿਲਾ ਕੇ ਬਦਲ ਦੇਵੇ ਹਯਾਤੀ, ਹਯਾ ਸ਼ਰਮ ਨਾ ਕੋਇ ਰਖਾਇੰਦਾ। ਜੋ ਲਹਿਣਾ ਦੇਣਾ ਲੈਣ ਆਵੇ ਬਾਕੀ, ਬਿਨ ਕੀਮਤੋਂ ਆਪਣਾ ਨਾਮ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਅੱਖ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਆਇਆ ਉਹ ਦਿਹਾੜਾ, ਜਿਸ ਦਾ ਧਿਆਨ ਲਗਾਈਆ। ਜਿਸ ਦਾ ਸੱਯਦਿਆਂ ਅੰਦਰ ਕੱਢ ਕੇ ਹਾੜਾ, ਅੱਖਾਂ ਮੀਟ ਨੇਤਰਾਂ ਬੰਦ ਸੁਰਤੀ ਸ਼ਬਦ ਮਿਲਾਈਆ। ਜਿਸ ਨੂੰ ਲੱਭਦੇ ਰਹੇ ਜੰਗਲਾਂ ਵਿਚ ਪਹਾੜਾਂ, ਸੋ ਪਿਛਲੇ ਜਨਮ ਦੇ ਬਾਲਮੀਕ ਤਸਦੀਕ ਚਰਨਾਂ ਨਾਲ ਕਰਾਈਆ। ਜਿਸ ਨੂੰ ਕਹਿੰਦੇ ਰਹੇ ਰਵਿਦਾਸ ਚਮਾਰਾ, ਤਿਸ ਦੇ ਅੰਦਰ ਕੀਤੀ ਆਪ ਸਫ਼ਾਈਆ। ਜਿਸ ਨੂੰ ਕਹਿੰਦੇ ਰਹੇ ਦਰੋਪਤ ਨਾਰਾ, ਸੋ ਗੁਰਮੁਖ ਸੁਰਤੀ ਲਈ ਬਣਾਈਆ। ਪੜਦਾ ਓਢਣ ਦੇ ਕੇ ਭਾਰਾ, ਕੋਟਨ ਕੋਟ ਕੱਪੜ ਦਿਤੇ ਵਖਾਈਆ। ਰੂਪ ਛੁਡਾ ਕੇ ਅੰਦਰੋਂ ਇੱਟਾਂ ਗਾਰਾ, ਸਨਮੁਖ ਹੋ ਕੇ ਸਭ ਨੂੰ ਰਿਹਾ ਸਮਝਾਈਆ। ਜਿਸ ਦਾ ਕਲਮਿਆਂ ਵਿਚ ਨਾਅਰਾ, ਜਿਸ ਦਾ ਨਾਮ ਨਾਲ ਪਿਆਰਾ, ਜਿਸ ਦਾ ਨਾਦਾਂ ਨਾਲ ਨਗਾਰਾ, ਸੋ ਨਗ਼ਮੇ ਰਿਹਾ ਸੁਣਾਈਆ। ਜਿਸ ਦਾ ਅਗੰਮੀ ਇਕ ਇਸ਼ਤਹਾਰਾ, ਉਸ ਦਾ ਸਾਧ ਸੰਤ ਅਖ਼ਬਾਰਾ, ਪੇਪਰ ਘਰ ਘਰ ਦੇਣ ਜਣਾਈਆ। ਜਿਥੇ ਸਾਧਾਂ ਦਾ ਹੋਵੇ ਅਖਾੜਾ, ਉਥੇ ਜਾ ਕੇ ਰਹਿਣਾ ਦਿਨ ਦਿਹਾੜਾ, ਉਚੀ ਕੂਕ ਕੂਕ ਅਲਾਈਆ। ਵੇਖੋ ਪਰਵਰਦਿਗਾਰ ਸਾਂਝਾ ਯਾਰਾ, ਜਿਸ ਦਾ ਕਿਸੇ ਨਹੀਂ ਕਰਿਆ ਕਦੀ ਇਤਬਾਰਾ, ਦੂਰ ਦੁਰਾਡਾ ਉਚਾ ਰਹਿ ਕੇ ਕਰਦਾ ਰਿਹਾ ਸ਼ਨਵਾਈਆ। ਆਉ ਤੱਕੀਏ ਉਹਦਾ ਨਜ਼ਾਰਾ, ਜਿਸ ਦਾ ਖੇਲ ਅਪਰ ਅਪਾਰਾ, ਅਪਰਾਧੀ ਪਾਪੀ
ਪਾਰ ਕਰਾਈਆ। ਜੋ ਅੰਦਰ ਵੜ ਕੇ ਵੇਖੇ ਬਹੱਤਰ ਨਾੜਾ, ਲੱਭਦਾ ਫਿਰੇ ਵਿਚ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਸਮੁੰਦ ਸਾਗਰ ਖਾਈ ਡੂੰਘੀ ਕੰਦਰ ਘਰ ਘਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਾਹਵਾ ਮਹਿਬੂਬ, ਸਚ ਮੁਹੱਬਤ ਦੇ ਜਣਾਈਆ। ਜਿਨ੍ਹਾਂ ਦਾ ਪਿਛੇ ਅਸਲ ਹੁਣ ਆਪਣੇ ਪ੍ਰੇਮ ਦਾ ਦੇ ਦੇ ਸੂਦ, ਸੁਲਹਕੁਲ ਹੋ ਕੇ ਮੇਲ ਮਿਲਾਈਆ। ਤੇਰਾ ਕੋਈ ਨਾ ਲਾਏ ਨਜੂਮ, ਹਿੰਦਸਿਆਂ ਵਿਚ ਅੱਖਰਾਂ ਨਾਲ ਸਕੇ ਨਾ ਕੋਇ ਸਮਝਾਈਆ। ਤੇਰੇ ਭਗਤ ਬੇਸ਼ਕ ਬੱਚੇ ਮਾਸੂਮ, ਬਾਲੇ ਆਪਣਾ ਆਪ ਤੇਰੀ ਝੋਲੀ ਪਾਈਆ। ਤੈਨੂੰ ਹਾਲ ਸਭ ਦਾ ਮਾਲੂਮ, ਅੰਦਰ ਬਾਹਰ ਦੋਵੇਂ ਵੇਖ ਵਖਾਈਆ। ਬੇਸ਼ਕ ਨਾਮ ਦੇਣ ਤੋਂ ਅਜੇ ਤਕ ਬਣਿਆ ਰਿਹਾ ਸੂਮ, ਹੁਣ ਆਪਣੀ ਦਾਤ ਰਿਹਾ ਵਰਤਾਈਆ। ਸੰਤੋ ਨਾਮ ਜਪਣ ਵਾਸਤੇ ਅੱਗੇ ਖਾਣੀ ਨਾ ਪਏ ਮਾਜੂਨ, ਖ਼ੁਮਾਰੀ ਆਪਣੀ ਦਏ ਚੜ੍ਹਾਈਆ। ਜੇ ਅੱਜ ਵਿਸ਼ਨੂੰ ਭਗਵਾਨ ਦਾ ਸਮਝ ਗਏ ਮਜ਼ਮੂਨ, ਮਜਲਸ ਵੇਖੋ ਸ਼ਹਿਨਸ਼ਾਹੀਆ। ਜਿਸ ਪਿਛਲਾ ਸਭ ਦਾ ਬਦਲ ਦੇਣਾ ਕਾਨੂੰਨ, ਕਰਤਬ ਰਹੇ ਨਾ ਕੋਇ ਚਤੁਰਾਈਆ। ਉਸ ਦਾ ਜਲਵਾ ਵੇਖੋ ਜਨੂਨ, ਜ਼ਾਹਰ ਹੋ ਕੇ ਦਏ ਵਖਾਈਆ। ਵੇਖਿਓ ਕਿਤੇ ਸੌਂ ਨਾ ਜਾਇਓ ਖਾ ਕੇ ਅਫ਼ਯੂਨ, ਪੋਸਤਾਂ ਭੰਗਾਂ ਵਿਚ ਆਪਣਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸੰਤ ਜੀ ਏਹ ਸੰਤ ਸਵਾਮੀ, ਸਾਂਝਾ ਇਕ ਅਖਵਾਈਆ। ਜੋ ਸਭ ਨੂੰ ਸੁਣਾਵੇ ਪ੍ਰਭ ਦੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਹੁਣ ਅੱਗੇ ਸਾਧਾਂ ਸੰਤਾਂ ਅਖਾੜਿਆਂ ਵਿਚ ਜਾ ਕੇ ਆਪਣੀ ਦੇਵੇ ਆਪ ਨਿਸ਼ਾਨੀ, ਨਿਸ਼ਾਨਾ ਧੁਰ ਦਾ ਤੀਰ ਚਲਾਈਆ। ਸਦੀ ਵੀਹ ਸੌ ਇੱਕੀ ਬਣ ਕੇ ਬਾਨੀ, ਬਾਣਾ ਆਪਣਾ ਲਏ ਬਦਲਾਈਆ। ਜਿਨ੍ਹਾਂ ਨੂੰ ਲੋੜ ਪਵੇ ਅੰਮ੍ਰਿਤ ਠੰਡਾ ਪੀਣ ਦਾ ਪਾਣੀ, ਘਰ ਵਿਚੋਂ ਘਰ ਸੁਰਾਹੀ ਦਏ ਉਲਟਾਈਆ। ਓਥੇ ਕਰੇ ਕੀ ਚਾਰ ਬਾਣੀ, ਜਿਸ ਘਰ ਪਾਰਬ੍ਰਹਮ ਬ੍ਰਹਮ ਆਪਣੇ ਨਾਲ ਮਿਲਾਈਆ। ਅੱਜ ਕਰਕੇ ਜਾਣੀ ਸਚ ਪਛਾਣੀ, ਬੇਪਹਿਚਾਨ ਰਹਿਣ ਕੋਇ ਨਾ ਪਾਈਆ। ਜੇ ਸੱਜਣ ਲੱਭਣਾ ਹਾਣੀ, ਏਹੋ ਜੇਹਾ ਸੋਹਣਾ ਨਜ਼ਰ ਕੋਇ ਨਾ ਆਈਆ। ਜਿਸ ਦੇ ਚਰਨਾਂ ਹੇਠਾਂ ਚਾਰੇ ਖਾਣੀ, ਗੁਰ ਅਵਤਾਰ ਆਪਣਾ ਆਪ ਭੇਟ ਚੜ੍ਹਾਈਆ। ਜੇ ਬਣਨਾ ਸਚਖੰਡ ਦਵਾਰੇ ਸਾਚੀ ਰਾਣੀ, ਮੁਖ ਘੁੰਗਟ ਦੇਣਾ ਉਠਾਈਆ। ਜੇ ਖਹਿੜਾ ਛੁਡੌਂਣਾ ਕੋਲੋਂ ਬਾਣੀ, ਦਰਸ਼ਨ ਕਰ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੱਧੀ ਤਰਾ ਸੌਖਾ ਸੌਖਾ ਰਿਹਾ ਜਣਾਈਆ। ਹੌਲੀ ਹੌਲੀ ਬੋਲੇ ਸ਼ਬਦ, ਸ਼ਬਦੀ ਧਾਰ ਚਲਾਇੰਦਾ। ਪਾਪੀਆਂ ਪਤਤਾਂ ਕਰੇ ਅਦਬ, ਆਦਾਬ ਇਕ ਸਮਝਾਇੰਦਾ। ਨਾਤਾ ਤੋੜੇ ਦੀਨ ਮਜ਼੍ਹਬ, ਮਜਲਸ ਇਕ ਵਖਾਇੰਦਾ। ਜੋ ਚਲ ਕੇ ਆਏ ਇਕ ਕਦਮ, ਤਿਨ੍ਹਾਂ ਦੇ ਕੋਟ ਜਨਮ ਦੇ ਲੇਖੇ ਆਪ ਮਿਟਾਇੰਦਾ। ਜਿਨ੍ਹਾਂ ਨੂੰ ਮਿਲ ਗਿਆ ਪਰਮਾਤਮਾ ਵਰਗਾ ਸੱਜਣ ਸਾਜਣ ਹੋ ਕੇ ਹੋਏ ਸਹਾਈਆ। ਉਹ ਖ਼ੁਸ਼ੀਆਂ ਵਿਚ ਗੱਜਣ, ਢੋਲੇ ਰਹੇ ਗਾਈਆ। ਕਰ ਕੇ ਧੂੜ ਮਜਨ, ਦੁਰਮਤ ਮੈਲ ਧੁਆਈਆ। ਪ੍ਰੇਮ ਪ੍ਰੀਤੀ ਹੋਏ ਮਗਨ, ਜਗਤ ਤ੍ਰਿਸਨਾ ਪਰੇ ਸੁਟਾਈਆ । ਤ੍ਰੈਗੁਣ ਮਾਇਆ ਨਾ ਲੱਗੇ ਅਗਨ, ਪੰਜ ਤਤ ਕਰੇ ਜੁਦਾਈਆ। ਜਿਨ੍ਹਾਂ ਦੇ ਦੀਵੇ ਏਸ ਦਵਾਰੇ ਆ ਨਾ ਅੰਦਰੋਂ ਜਗਣ, ਓਨ੍ਹਾਂ ਦੀ ਬੁਝੀ ਜੋਤ ਫਿਰ ਨਾ ਕੋਇ ਜਗਾਈਆ। ਰਸਨਾ ਜਿਹਵਾ ਨਾਲ ਸਤਿਗੁਰ ਕਦੇ ਨਾ ਜਾਵੇ ਸੱਦਣ, ਅੰਦਰੇ ਅੰਦਰ ਤਾਰ ਹਿਲਾਈਆ। ਬੇਸ਼ਕ ਸਿਰ ਤੋਂ ਨਗਨ, ਉਪਰ ਰਾਮ ਨਾਮ ਪੜਦਾ ਪਾਈਆ।
ਪਾਰ ਕਰਾ ਦਏ ਬਿਨਾ ਭਜਨ, ਬਿਨਾ ਬੇਰ ਖਾਧਿਆਂ, ਬਿਨਾ ਤੰਦਲ ਚੱਬਿਆਂ, ਬਿਨਾ ਸਾੜ੍ਹੀ ਓਢਣ ਲੈਂਦਿਆਂ ਲੇਖਾ ਲੇਖੇ ਲਾਈਆ। ਨੇਤਰ ਨਾਮ ਦਾ ਪਾ ਕੇ ਕੱਜਲ, ਆਪ ਵਖਾਵੇ ਆਪਣੀ ਮੰਜ਼ਲ, ਜਨਮ ਵਿਚੋਂ ਜਨਮ ਦੇਵੇ ਬਦਲ, ਗ਼ਜ਼ਲ ਇਕੋ ਨਾਮ ਸੁਣਾਈਆ। ਸੋਹਣੀ ਚਾੜ੍ਹ ਕੇ ਆਤਮ ਰੰਗਣ, ਖਹਿੜਾ ਛੁਡਾਵੇ ਜਮਨਾ ਸੁਰਸਤੀ ਗੋਦਾਵਰੀ ਗੰਗਨ, ਅੱਠੇ ਪਹਿਰ ਰੱਖੇ ਮਗਨ, ਮਗਧ ਦੇਸ ਮਗਧ ਸਭ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਸੋਹਣਾ ਚੰਗਾ, ਮਸਤੀ ਵਿਚ ਤੇਰੀ ਵਡਿਆਈਆ। ਤੇਰੇ ਚਰਨ ਚੁੰਮੇ ਕੋਟਨ ਕੋਟ ਗੰਗਾ, ਦੁਰਮਤ ਗੁਰਮੁਖਾਂ ਮੈਲ ਰੁੜ੍ਹਾਈਆ। ਭਾਵੇਂ ਪਾਪੀ ਹੋਵੇ ਭਾਵੇਂ ਹੋਵੇ ਗੰਦਾ, ਹਰਿ ਸੰਗਤ ਵਿਚ ਰਲਕੇ ਧੁਰ ਦਾ ਬਣ ਜਾਏ ਚੰਨਾ, ਧ੍ਰੂ ਪ੍ਰਹਿਲਾਦ ਮਿਲ ਮਿਲ ਜਫੀਆਂ ਪਾਈਆ। ਨਾ ਕੋਈ ਭੇਖ ਨਾ ਪਾਖੰਡਾ, ਨਾ ਕੋਈ ਪੌੜੀ ਨਾ ਕੋਈ ਡੰਡਾ, ਇਕੋ ਮੰਜ਼ਲ ਆਪਣੀ ਦਏ ਵਖਾਈਆ। ਦੀਨ ਦਿਆਲ ਸਾਹਿਬ ਕਿਰਪਾਲ ਹੋਵੇ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਨਾਤਾ ਤੋੜ ਕੇ ਜੇਰਜ ਅੰਡਾ, ਉਤਭੁਜ ਸੇਤਜ ਲੇਖਾ ਦਏ ਮੁਕਾਈਆ। ਬਿਨਾ ਬੰਦਗੀਉਂ ਬਣਾਏ ਉਹ ਬੰਦਾ, ਬੰਧਨ ਸਾਰੇ ਦਏ ਕਟਾਈਆ। ਜੇ ਸਤਿਗੁਰ ਹੋਵੇ ਆਪ ਹੋਵੇ ਸਦਾ ਚਿਤ ਅਨੰਦਾ, ਅਨੰਦ ਚਿਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਜਨ ਭਗਤ ਕਹਿਣ ਚਾਰ ਜੁਗ ਦੇ ਪਿਛਲੇ, ਪਿਛਲਾ ਧਿਆਨ ਜਣਾਈਆ। ਪ੍ਰਭ ਧੰਨ ਵਡਿਆਈ ਜਿਸ ਮੇਲੇ ਵਿਛੜੇ, ਕਰੀ ਨਾਮ ਕੁੜਮਾਈਆ। ਗੁਰਸਿਖ ਗੁਰਮੁਖ ਜੋ ਰਾਹ ਪੈ ਗਏ ਬਿਖੜੇ, ਸਾਚਾ ਮਾਰਗ ਦਿਤਾ ਸਮਝਾਈਆ। ਉਹ ਸੰਤ ਸੁਹੇਲੇ ਵੇਖੋ ਥੋੜੇ ਨਿਤਰੇ, ਲੱਖ ਚੁਰਾਸੀ ਵਿਚੋਂ ਮੁੱਠੀ ਨਜ਼ਰੀ ਆਈਆ। ਜਿਨ੍ਹਾਂ ਦੇ ਪੰਜ ਤਤ ਕਾਇਆ ਕਲਬੂਤ ਹਰੀ ਨਾ ਚਿਤਰੇ, ਚਲਿਤ੍ਰਾਂ ਵਿਚ ਵੇਖੇ ਸਰਬ ਲੋਕਾਈਆ। ਓਸ ਜੁਗ ਜੁਗ ਪੜ੍ਹਾ ਕੇ ਆਪਣੇ ਫ਼ਿਕਰੇ, ਫ਼ਿਕਰ ਸਭ ਨੂੰ ਦਿਤਾ ਜਣਾਈਆ। ਸੰਤ ਕਹਿਣ ਅਸਾਂ ਵੇਖਣਾ ਚੜ੍ਹ ਕੇ ਸਿਖ਼ਰੇ, ਮੰਜ਼ਲ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਭਗਤੀਉਂ ਰਿਹਾ ਤਰਾਈਆ। ਭਗਤ ਤਾਰਨਾ ਨਹੀਂ ਅਹਿਸਾਨ, ਅਹਿਸਾਨੀ ਸਿਰ ਨਾ ਕੋਇ ਚੜ੍ਹਾਈਆ। ਲੋਕਮਾਤ ਮੈਂ ਏਨ੍ਹਾਂ ਦਾ ਏਹ ਮੇਰੇ ਮਹਿਮਾਨ, ਖ਼ਾਤਰ ਕਰਨੀ ਮੇਰੇ ਹਿੱਸੇ ਆਈਆ। ਮੈਂ ਮਾਲਕ ਏਹ ਅੰਞਾਣ, ਬਬਾਣ ਵਿਚ ਬਠੌਣਾ ਏਹੋ ਮੇਰੀ ਵਡਿਆਈਆ। ਰਾਏ ਧਰਮ ਚਿਤ੍ਰਗੁਪਤ ਸਾਰੇ ਸੀਸ ਨਿਵਾਣ, ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸਾਚੇ ਸੰਤ ਤੇਰੇ ਢੋਲੇ ਗਾਣ, ਏਹ ਗੁਰਮੁਖ ਮੇਰੇ ਹੀਰਿਆਂ ਦੀ ਖਾਨ, ਜਿਨ੍ਹਾਂ ਦੀ ਕੀਮਤ ਦੋ ਜਹਾਨ ਨਾ ਕੋਇ ਚੁਕਾਈਆ। ਬਿਨ ਮੇਰੀ ਕਿਰਪਾ ਸਕੇ ਨਾ ਕੋਈ ਪਹਿਚਾਨ, ਪਸਚਾਤਾਪ ਕਰੇ ਲੋਕਾਈਆ। ਬੇਸ਼ਕ ਮੈਂ ਬਾਹਰੋਂ ਪੰਜ ਤਤ ਇਨਸਾਨ, ਅੰਦਰ ਮਾਲਕ ਖ਼ਲਕ ਖ਼ੁਦਾਈਆ। ਸੰਤੋ ਜੇ ਮਿਲ ਜਾਏ ਏਹੋ ਜਿਹਾ ਭਗਵਾਨ, ਜੋ ਚਲਦਿਆਂ ਫਿਰਦਿਆਂ ਖਾਂਦਿਆਂ ਪੀਂਦਿਆਂ ਪਾਰ ਦਏ ਕਰਾਈਆ। ਬਿਨ ਕੀਮਤੋਂ ਸੌਦਾ ਦੇਵੇ ਵਿਚੋਂ ਦੁਕਾਨ, ਜੋ ਵਪਾਰੀ ਦਰ ਤੇ ਮੰਗਣ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਖ਼ੁਸ਼ੀਆਂ ਰਾਗ ਅਲਾਈਆ। ਪਹਿਲੀ ਅੱਸੂ ਦਾ ਸੰਤ ਅਖ਼ਬਾਰ, ਪੰਦਰਾਂ ਕੱਤਕ ਫੇਰ ਦਏ ਸਮਝਾਈਆ। ਇਕ ਸਤਿ ਧਰਮ ਦਾ ਲਿਖ ਇਸ਼ਤਿਹਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਪੁਚਾਈਆ। ਆਪਣੇ ਮਿਲਣ ਦਾ ਦੱਸ ਕੇ ਵਿਹਾਰ, ਪੜਦਾ ਓਹਲਾ ਦਏ ਉਠਾਈਆ। ਵੀਹ ਸੌ ਇੱਕੀ ਤੋਂ ਕਿਹੜਾ ਸੰਮਤ ਚਲਣਾ ਵਿਚ ਸੰਸਾਰ, ਤਿਸ ਦੀ ਸੂਝ
ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਰਾਤੋ ਰਾਤ ਸਾਰੇ ਦਏ ਸਮਝਾਈਆ। ਪਹਿਲੀ ਅੱਸੂ ਦੌੜੋ, ਵੇਲਾ ਅੰਤਮ ਤੁਹਾਡਾ ਆਈਆ। ਲੱਖ ਚੁਰਾਸੀ ਜੀਵ ਜੰਤ ਕੂੜੀ ਕਿਰਿਆ ਕੋਲੋਂ ਹੋੜੋ, ਹੋਕਾ ਦੇ ਸੁਣਾਈਆ। ਸਚ ਪ੍ਰੀਤ ਪ੍ਰਭ ਚਰਨਾਂ ਨਾਲ ਸਭ ਦੀ ਜੋੜੋ, ਛੁਟਕੀ ਲਿਵ ਫੇਰ ਲਗਾਈਆ । ਕਿਉਂ ਲੁਕ ਕੇ ਬੈਠੇ ਵਾਂਗ ਚੋਰੇ, ਚੋਰੀ ਠੱਗੀ ਕਲਜੁਗ ਰਹੀ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਲਕ ਇਕ ਅਖਵਾਈਆ। ਸਾਚੇ ਸੰਤ ਸੁਣੀ ਬੇਨੰਤੀ, ਭਗਤ ਭਗਵਾਨ ਦਇਆ ਕਮਾਈਆ। ਤੁਹਾਨੂੰ ਅਜੇ ਨਿੱਕੀ ਜੇਹੀ ਬਣਾਇਆ ਏਜੰਸੀ, ਮਾਰਗ ਪਹਿਲਾ ਜਗਤ ਲਗਾਈਆ। ਏਨ੍ਹਾਂ ਵਿਚੋਂ ਫੇਰ ਪਰਗਟਾ ਕੇ ਆਪਣੀ ਕਰੰਸੀ, ਉਪਰ ਮੋਹਰ ਦੇਣੀ ਲਗਾਈਆ। ਜਿਸ ਨੂੰ ਕਹਿੰਦੇ ਵਿਸ਼ਨੂੰ ਵੰਸੀ, ਵਿਸ਼ਵ ਲੇਖਾ ਦਏ ਦ੍ਰਿੜਾਈਆ। ਜਿਸ ਨੂੰ ਕਹਿੰਦੇ ਰਘੁਪਤ ਰਘਵੰਸੀ, ਰਘੁਨਾਥ ਇਕ ਬੇਪਰਵਾਹੀਆ। ਜਿਹਨੂੰ ਕਹਿੰਦੇ ਕਾਹਨ ਕ੍ਰਿਸ਼ਨ ਮੁਕੰਦ ਮਨੋਹਰ ਲਖਮੀ ਨਰਾਇਣ ਵਜਾਵੇ ਬੰਸੀ, ਮੁਰਲੀ ਆਪਣੇ ਹੱਥ ਰਖਾਈਆ। ਜਿਸ ਦੀ ਸਿਫ਼ਤ ਗਾਵੇ ਬਾਸ਼ਕ ਮੁਖ ਸਹੰਸੀ, ਧੁਰ ਦਾ ਰਾਗ ਅਲਾਈਆ। ਜਿਸ ਨੂੰ ਕੋਈ ਮਾਲਾ ਪੁਸ਼ਪ ਨਾ ਪਾਏ ਕੋਈ ਵਜੰਤੀ, ਨਾਦ ਸਿਫ਼ਤ ਨਾ ਕੋਇ ਸਾਲਾਹੀਆ। ਸੋ ਖੇਲ ਕਰੇ ਭਗਵੰਤੀ, ਭਗਵਨ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਏਜੰਸੀ ਵਿਚੋਂ ਨਿਕਲੇ ਅੱਖਰ, ਅੱਖਰਾਂ ਵਾਲਿਆਂ ਦਏ ਸਮਝਾਈਆ। ਵੇਖੋ ਨਿਰਾਲਾ ਪ੍ਰਭ ਜੂ ਦੱਸਿਆ ਵੱਖਰ, ਵਾਸਤਾ ਸਭ ਦੇ ਨਾਲ ਜਣਾਈਆ। ਕਿਉਂ ਪੂਜਦੇ ਪੱਥਰ, ਪੱਥਰਾਂ ਦਾ ਮਾਲਕ ਫੇਰਾ ਪਾਈਆ। ਜਿਸ ਯਾਰ ਦਾ ਵਿਛਾਇਆ ਸੱਥਰ, ਸੋ ਅੰਦਰ ਵੜ ਕੇ ਸੇਜ ਹੰਢਾਈਆ। ਜਿਸ ਦਾ ਹਿਸਾਬ ਨਾ ਆਇਆ ਕਿਸੇ ਇਸ਼ਾਰੀਆ ਕਸਰ, ਹਿੰਦਸਿਆਂ ਵਿਚ ਨਾ ਕੋਇ ਗਿਣਾਈਆ। ਜਿਸ ਨੂੰ ਹੱਥਾਂ ਨਾਲ ਸਕੇ ਕੋਈ ਨਾ ਪਕੜ, ਬਾਹੋਂ ਫੜ ਨਾ ਕੋਇ ਬਹਾਈਆ। ਜਿਸ ਦਾ ਫ਼ਿਕਰਿਆਂ ਵਿਚ ਜ਼ਿਕਰ, ਜਿਕਰੀਆ ਦਿਤਾ ਕਰਾਈਆ। ਸੋ ਸਾਹਿਬ ਪਤਾ ਨਹੀਂ ਕਿਉਂ ਜੋਤ ਸਰੂਪ ਹੋ ਕੇ ਆਇਆ ਨਿਕਲ, ਨਿਰਵੈਰ ਹੋ ਕੇ ਫੇਰਾ ਪਾਈਆ। ਜਗਤ ਸਾਧ ਸੰਤ ਮਲੰਮਾ ਰਹਿਣ ਨਾ ਦੇਵੇ ਕੋਈ ਪਿੱਤਲ, ਰੋਲਡ ਗੋਲਡ ਸਾਰੇ ਦਏ ਖਪਾਈਆ। ਆਪਣੇ ਨਾਮ ਨਾਲ ਕਰ ਕੇ ਸਿਕਲ, ਸੋਹਣੀ ਚਮਕ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਕਹਿਣ ਪ੍ਰਭ ਤੇਰੀ ਮਿਹਰ ਨਜ਼ਰ, ਦੋ ਜਹਾਨ ਨਜ਼ਾਮ ਦਏ ਬਦਲਾਈਆ। ਤੇਰੀ ਰਹਿਮਤ ਧੁਰ ਦਾ ਫ਼ਜ਼ਲ, ਅਦਲ ਇਕੋ ਇਕ ਸਮਝਾਈਆ। ਕੂੜੀ ਕਿਰਿਆ ਕਲਜੁਗ ਕਰਕੇ ਕਤਲ, ਜੂਠ ਝੂਠ ਡੇਰਾ ਢਾਹੀਆ। ਜਨ ਭਗਤਾਂ ਝੋਲੀ ਪਾ ਕੇ ਸਗਣ, ਧੁਰ ਦਾ ਸੰਗ ਬਣਾਈਆ। ਅਗੰਮੀ ਚਾੜ੍ਹ ਅਨੋਖੀ ਮੰਜ਼ਲ, ਮਜਲਸ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪੰਦਰਾਂ ਕੱਤਕ ਅਲੜ੍ਹ ਪਿੰਡੀ, ਨਿਰਭੈ ਹੋ ਆਪ ਮਿਲਾਈਆ। ਇਧਰ ਉਧਰ ਜੋ ਸੰਗਤ ਖਿੰਡੀ, ਵਿਛੜੇ ਲਏ ਮਿਲਾਈਆ । ਨਾਮ ਦੀ ਲਾ ਕੇ ਇਕੋ ਬਿੰਦੀ, ਗੋਬਿੰਦ ਬਿੰਦ ਦਏ ਬਣਾਈਆ। ਉਥੇ ਮਜ਼ਮੂਨ ਉਹ ਲਿਖਾਏ ਜਿਸ ਨੂੰ ਕੋਈ ਸਮਝ ਨਾ ਸਕੇ ਗੁਰਮੁਖੀ ਹਿੰਦੀ, ਫ਼ਾਰਸੀ ਅਰਬੀ ਰਾਜ਼ ਨਾ ਕੋਇ ਖੁਲ੍ਹਾਈਆ। ਫੇਰ ਸਾਰੇ ਸਮਝਣ ਜਿਸ ਨੂੰ ਕਹਿੰਦੇ ਸਾਧਾਂ ਹੱਥ ਕੁੰਜੀ, ਉਸ ਕੁੰਜੀ ਦਾ ਮਾਲਕ ਇਕ ਹੋਰ ਨਜ਼ਰੀ ਆਈਆ।
ਜਿਸ ਦੇ ਹੱਥ ਵੱਡੀ ਪੂੰਜੀ, ਲੱਖ ਚੁਰਾਸੀ ਪੁਜਾਰਨ ਦਏ ਬਣਾਈਆ। ਉਹ ਵੇਖੇ ਕਿਸ ਗੁਰਮੁਖ ਸਖ਼ੀ ਆਪਣੀ ਮੀਂਢੀ ਗੁੰਦੀ, ਸੋਹਣਾ ਸੀਸ ਸੁਹਾਈਆ। ਨਾ ਜਾਗਦੀ ਨਾ ਸੌਂਦੀ, ਬਿਰਹੋਂ ਰੋਗ ਸਤਾਈਆ। ਸਤਿਗੁਰੂ ਚਰਨ ਦਵਾਰੇ ਬਿਨ ਸੱਦਿਆਂ ਭੌਂਦੀ, ਲੈ ਪਰਦਖਣਾ ਖ਼ੁਸ਼ੀ ਮਨਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਂਦੀ, ਕਿਉਂ ਛੱਡ ਕੇ ਗਿਉਂ ਧੁਰ ਦੇ ਮਾਹੀਆ। ਮੇਰੀ ਸੇਜ ਤੇਰੇ ਬਿਨਾ ਨਾ ਕੋਇ ਸੁਹਾਉਂਦੀ, ਸੋਹਣਾ ਜੋਬਨ ਕੰਮ ਕਿਸੇ ਨਾ ਆਈਆ। ਮੈਂ ਜਗਤ ਰੀਤੀ ਔਂਸੀਆਂ ਪਾਉਂਦੀ, ਭਗਤ ਰੀਤੀ ਵਿਚ ਤੇਰਾ ਧਿਆਨ ਲਗਾਈਆ। ਮਨ ਦੇ ਓਸਾਰ ਕਦੇ ਬਣੌਂਦੀ ਕਦੇ ਢਾਉਂਦੀ, ਡਿਗ ਕੇ ਉਠਦੀ ਉਠ ਕੇ ਡਿਗਦੀ, ਡਿਗਦੀ ਨੂੰ ਫੇਰ ਗੋਦੀ ਲਏ ਉਠਾਈਆ। ਸੰਤ ਜੀ ਉਸ ਵੇਲੇ ਮੰਜ਼ਲ ਮੁਕਦੀ ਏਸ ਮਾਨਸ ਤੇ ਮਨੁੱਖ ਦੀ, ਉਲਟੇ ਬਿਰਛ ਰੁੱਖ ਦੀ, ਜਿਸ ਵੇਲੇ ਇਹ ਅੰਦਰੋਂ ਖੇਲ ਜਾਣੇ ਚੁੱਪ ਦੀ, ਚੁੱਪ ਚੁਪੀਤਾ ਆ ਕੇ ਮਿਲ ਜਾਵੇ ਧੁਰ ਦਰਗਾਹੀਆ। ਜਿਨ੍ਹਾਂ ਮਿਲਿਆ ਉਹਨਾਂ ਨੂੰ ਸਹੇਲੀ ਕੋਲ ਰਹਿਣ ਵਾਲੀ ਪੁੱਛਦੀ, ਹੌਲੀ ਹੌਲੀ ਕੰਨਾਂ ਵਿਚ ਸੁਣਾਈਆ। ਭੈਣੇ ਇਹ ਖੇਲ ਨਹੀਂ ਲੁਕਦੀ, ਤੇਰੇ ਘਰ ਤੇਰਾ ਹਰਿ ਕੰਤ ਮੈਂ ਵੇਖਿਆ ਬੈਠਾ ਸੇਜ ਸੁਹਾਈਆ। ਓਸ ਵੇਲੇ ਉਹ ਕੱਪੜੇ ਨਹੀਂ ਰੰਗੇ ਰੁੱਤ ਬਸੰਤ ਦੀ, ਇਹ ਖੇਲ ਉਸ ਮਹੰਤ ਦੀ, ਜਿਨ੍ਹਾਂ ਆਸਾ ਮੁੱਕੀ ਜੀਵ ਜੰਤ ਦੀ, ਜਨ ਹੋ ਕੇ ਸੇਵ ਕਮਾਈਆ। ਉਥੇ ਵਿਦਿਆ ਕਰੇ ਨਾ ਕੁਛ ਪੰਡਤ ਦੀ, ਇਹ ਵਡਿਆਈ ਪ੍ਰਭ ਦੀ ਸੰਗਤ ਦੀ, ਜਿਸ ਦਾ ਸਗਲਾ ਸੰਗ ਇਕੋ ਨਜ਼ਰੀ ਆਈਆ। ਇਹ ਫੁਲਵਾੜੀ ਇਹ ਬੂਟੇ ਇਹ ਗੁਲਸ਼ਨ ਇਹ ਬੁਲਬੁਲ ਇਹ ਮਾਲਕ ਉਸ ਜੱਨਤ ਦੀ, ਜਿਸ ਜੱਨਤ ਥਲੇ ਕੋਟਨ ਕੋਟ ਬਹਿਸ਼ਤ ਸਵਰਗ ਬੈਠੇ ਆਪਣੀ ਸੇਜ ਵਿਛਾਈਆ। ਇਹ ਖੇਲ ਪ੍ਰਭੂ ਦੱਸੇ ਅੰਤ ਦੀ, ਅੰਤਸ਼ਕਰਨ ਸਭ ਦਾ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸੰਤ ਜੀ ਕੀ ਅੰਦਰ ਸੋਚ, ਤੇਰੀ ਕਥਾ ਦਿਆਂ ਜਣਾਈਆ। ਇਹੋ ਮੇਰੀ ਵੱਡੀ ਖੋਜ, ਦੂਰ ਦੁਰਾਡਾ ਵੇਖ ਵਖਾਈਆ। ਅੱਗੇ ਸਿਰ ਤੋਂ ਸਾਰਾ ਲਾਹੁਣਾ ਬੋਝ, ਗਧਾ ਹੋ ਨਾ ਕੋਇ ਉਠਾਈਆ। ਪਤਤ ਪਾਪੀ ਕਰ ਨਿਰਦੋਸ਼, ਦੋਸ਼ੀਆਂ ਪਾਰ ਲੰਘਾਈਆ। ਘਰ ਬੈਠਿਆਂ ਰਾਤੀ ਸੁੱਤਿਆਂ ਦਿਨੇ ਜਾਗਦਿਆਂ ਆਪਣੇ ਦਰਸ਼ਨ ਦੀ ਦੇ ਕੇ ਮੌਜ, ਮੌਜੂਦਾ ਹੋ ਕੇ ਸਾਹਮਣੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਹਿਬ ਸੁਲਤਾਨ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਕਹਿਣ ਪ੍ਰਭੂ ਮਹਾਰਾਜ, ਵਾਹ ਵਾਹ ਤੇਰੀ ਵਡ ਵਡਿਆਈਆ। ਤੇਰਾ ਅਜਬ ਨਿਰਾਲਾ ਵੇਖਿਆ ਰਿਵਾਜ, ਰਿਆਇਤ ਕੀਤੀ ਬੇਪਰਵਾਹੀਆ। ਜਿਨ੍ਹਾਂ ਨੂੰ ਸੁਪਨੇ ਵਿਚ ਨਾ ਆਇਆ ਯਾਦ, ਓਹਨਾਂ ਦੀ ਸੁਣ ਕੇ ਆਪ ਫ਼ਰਿਆਦ, ਪਿਛਲੇ ਲੇਖੇ ਵੇਖ ਵਖਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਆਪਣੇ ਨਾਮ ਦਾ ਵਜਾਏ ਨਾਦ ਨਾਦੀ ਸੁਤ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆ ਗਏ ਅੱਗੇ, ਅਗਲਾ ਲੇਖਾ ਵੇਖ ਵਖਾਈਆ। ਪ੍ਰਭੂ ਕੀ ਇਹ ਧ੍ਰੂ ਪ੍ਰਹਿਲਾਦ ਨਾਲੋਂ ਚੰਗੇ, ਚੰਗੀ ਤਰਾ ਦੇ ਜਣਾਈਆ। ਸ੍ਰੀ ਭਗਵਾਨ ਕਹੇ ਮੈਂ ਬਿਨਾ ਬੰਦਗੀਉਂ ਉਹ ਬਣਾਏ ਬੰਦੇ, ਪਿਛਲਾ ਬਦਲਾ ਦਿਤਾ ਚੁਕਾਈਆ। ਕੋਈ ਨਹਾਵਣ ਨਾ ਜਾਏ ਤਟ ਗੰਗੇ, ਤੀਰਥ ਅੰਮ੍ਰਿਤ ਵਗਾਈਆ। ਦਿਆਂ ਭੰਡਾਰੇ ਬਿਨਾ ਮੂੰਹੋਂ ਮੰਗੇ, ਮਾਂਗਤ ਸਾਰੇ ਦਿਆਂ ਤਰਾਈਆ। ਜੋ ਪੈਦਲ ਚਲ ਕੇ ਆਏ ਨੰਗੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ
ਇਕ ਸੁਣਾਈਆ। ਸਚ ਸੁਨੇਹੜਾ ਸੁਣਨਾ ਇਕ, ਇਕੋ ਵਾਰ ਜਣਾਈਆ। ਹਿਰਦੇ ਅੰਦਰ ਲੈਣਾ ਲਿਖ, ਭੁੱਲ ਰਹੇ ਨਾ ਰਾਈਆ। ਜਿਸ ਦੀ ਸਾਰੇ ਕਰਦੇ ਸਿਕ, ਹਿੰਦੂ ਮੁਸਲਿਮ ਸਿੱਖ ਇਸਾਈ ਧਿਆਨ ਦ੍ਰਿੜਾਈਆ। ਸੋ ਸਤਿ ਸਵਾਮੀ ਹਰ ਘਟ ਅੰਦਰ ਪਏ ਦਿਸ, ਦੇਸ ਦਸੰਤਰ ਪੰਧ ਮੁਕਾਈਆ। ਕਰਵਟ ਲਏ ਬਦਲੇ ਪਿਠ, ਸਨਮੁਖ ਰੂਪ ਵਟਾਈਆ। ਜੇ ਅੰਦਰੋ ਕਰੋ ਹਿਤ, ਮੇਲਾ ਮੇਲੇ ਸਹਿਜ ਸੁਭਾਈਆ। ਜੇ ਵਸਾਵੋ ਆਪਣੇ ਚਿਤ, ਮਨ ਠਗੌਰੀ ਰਹਿਣ ਨਾ ਪਾਈਆ। ਜੇ ਸਮਝ ਲਓ ਧੁਰ ਦਾ ਪਿਤ, ਪਤਿਪਰਮੇਸ਼ਵਰ ਹੋ ਕੇ ਦਰਸ ਦਿਖਾਈਆ। ਜੇ ਵਿਚ ਰਹਿ ਜਾਵੇ ਵਿਥ, ਪਿਛਲੀ ਕੀਤੀ ਦਏ ਗਵਾਈਆ। ਪ੍ਰਭ ਦੇ ਹੱਥ ਏਥੇ ਓਥੇ ਦੋ ਜਹਾਨਾਂ ਲਏ ਨਜਿਠ, ਨੇਰਨ ਨੇਰਾ ਦੂਰ ਦੁਰਾਡਾ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਜਣਾਈਆ। ਸਾਚੀ ਕਰਨੀ ਦਾ ਸੱਚਾ ਕਾਰਨ, ਹਰਿ ਕਰਤਾ ਆਪ ਜਣਾਈਆ। ਭਗਤ ਵਛਲ ਜਗਤ ਉਧਾਰਨ, ਭਗਤੀ ਭਾਵ ਦੋਵੇਂ ਦਏ ਪਰਗਟਾਈਆ। ਦੁਸ਼ਟ ਹੰਕਾਰੀ ਆਇਆ ਮਾਰਨ, ਮਨ ਵਾਸਨਾ ਦਏ ਖਪਾਈਆ। ਸੰਤਾਂ ਆਇਆ ਪੈਜ ਸੁਆਰਨ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖਾਂ ਗੁਰਸਿਖਾਂ ਧੁਰ ਦਾ ਢੋਲਾ ਨਾਮ ਆਇਆ ਓਚਾਰਨ, ਸਚ ਕਰੇ ਪੜ੍ਹਾਈਆ। ਸਚਖੰਡ ਦਵਾਰੇ ਆਇਆ ਵਾੜਨ, ਜਨ ਭਗਤਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੇਅੰਤ ਇਕ ਅਖਵਾਈਆ। ਜਿਸ ਨੂੰ ਕਹਿੰਦੇ ਸਦਾ ਬੇਅੰਤ, ਅੰਤ ਕੋਇ ਨਾ ਪਾਇੰਦਾ। ਸੋ ਖੇਲ ਕਰੇ ਅਗਣਤ, ਮਾਤਲੋਕ ਵੇਸ ਵਟਾਇੰਦਾ। ਸੋ ਭੇਵ ਖੁਲ੍ਹਾਏ ਜੀਵ ਜੰਤ, ਸਾਧ ਸੰਤ ਸਮਝਾਇੰਦਾ। ਪ੍ਰਭ ਦਾ ਨਾਮ ਇਕੋ ਮੰਤ, ਚਾਰ ਵਰਨਾਂ ਸਚ ਪੜ੍ਹਾਇੰਦਾ। ਬੋਧ ਅਗਾਧ ਬਣ ਕੇ ਪੰਡਤ, ਧੁਰ ਦੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਇਹ ਘੜੀ ਨਹੀਂ ਅੰਦਰ ਘੜਿਆਲ, ਜੋ ਘੜੀ ਘੜੀ ਦਏ ਜਗਾਈਆ। ਜਿਸ ਨੇ ਲਈ ਸੁਰਤ ਸੰਭਾਲ, ਤਿਸ ਦਾ ਟਾਈਮ ਖੁੰਜ ਕਦੇ ਨਾ ਜਾਈਆ। ਇਕ ਦੋ ਤਿੰਨ ਵਿਚ ਜਹਾਨ, ਚਾਰ ਚੌਥਾ ਪਦ ਦਏ ਵਖਾਈਆ। ਪੰਜਵੇਂ ਘਰ ਕਰ ਪਿਆਰ, ਛੇਵੇਂ ਦਰ ਖ਼ੁਸ਼ੀ ਮਨਾਈਆ। ਸਤਵੇਂ ਕਰ ਸਤਿ ਪਿਆਰ, ਅਠਵੇਂ ਅੱਠਾਂ ਤੱਤਾਂ ਲੇਖਾ ਦਏ ਚੁਕਾਈਆ। ਨਾਵੇਂ ਨੌ ਦਰ ਖੋਲ੍ਹ ਕਿਵਾੜ, ਦਸਵੇਂ ਆਪਣਾ ਨੂਰ ਕਰੇ ਰੁਸ਼ਨਾਈਆ। ਇਕ ਦਸ ਦਾ ਸਚ ਵਿਹਾਰ, ਏਕਾ ਏਕੇ ਨਾਲ ਜੁੜਾਈਆ। ਇਕ ਇਕੱਲਾ ਏਕੰਕਾਰਾ ਦੂਜਾ ਸਤਿ ਬਰਖ਼ੁਰਦਾਰ, ਇਕ ਦੋ ਬਾਰਾਂ ਵੱਜ ਕੇ ਇਕੋ ਟਾਈਮ ਦਏ ਸਮਝਾਈਆ। ਇਸ ਦੇ ਅੰਦਰ ਡੂੰਘੀ ਵਿਚਾਰ, ਜਿਸ ਨੂੰ ਰਸਨਾ ਵਿਚ ਸਕੇ ਨਾ ਕੋਇ ਸੁਣਾਈਆ। ਇਹ ਜੇਬ ਦਾ ਨਹੀਂ ਸ਼ਿੰਗਾਰ, ਬਿਰਧ ਬਾਲ ਜੁਆਨ ਤਿੰਨੇ ਪਾਰ ਦਏ ਕਰਾਈਆ। ਜਿਸ ਦਾ ਮਾਲਕ ਇਕ ਅਕਾਲ, ਜਿਸ ਦੀ ਘੜੀ ਪਲ ਸਮਝ ਕੋਇ ਨਾ ਆਈਆ। ਇਸਦੇ ਅੰਦਰ ਉਹ ਚਾਲ, ਜਿਹੜੀ ਚਾਲ ਇਹਨਾਂ ਅੰਦਰ ਰੱਖੀ ਸੰਭਾਲ, ਥੋੜਿਆਂ ਹੌਲੀ ਹੌਲੀ ਫੜਾਈਆ। ਬੇਸ਼ਕ ਇਹ ਬਾਹਰੋਂ ਦਿਸਣ ਲਾਲ, ਅੰਦਰੋ ਲਾਲ ਅਨਮੁੱਲੜੇ ਰਿਹਾ ਵਖਾਈਆ। ਇਹਨਾਂ ਨੂੰ ਭੈ ਨਾ ਰਹੇ ਕਾਲ, ਲੱਖ ਚੁਰਾਸੀ ਚਰਨਾਂ ਹੇਠ ਦਬਾਈਆ। ਫੜ ਕੇ ਗੋਦੀ ਲਵਾਂ ਉਠਾਲ, ਗਲਵਕੜੀ ਇਕੋ ਪਾਈਆ। ਲੈ ਜਾਂ ਉਸ ਸੱਚੀ ਧਰਮਸਾਲ, ਸਚਖੰਡ ਦਵਾਰੇ ਦਿਆਂ ਬਹਾਈਆ। ਉਸ ਵੇਲੇ ਘੜੀ ਕੱਢ ਕੇ ਜੇ ਕੋਈ ਵੇਖੇ ਇਕੋ ਵਕਤ ਆਵੇ ਚਾਰ, ਦੂਜਾ ਅੰਕ ਨਾ ਕੋਇ ਦਰਸਾਈਆ। ਇਹ ਭਗਤਾਂ ਦਾ ਵਿਹਾਰ,
ਸੰਤਾਂ ਦਾ ਵਪਾਰ, ਦੋਹਾਂ ਇਕੋ ਰੰਗ ਵਖਾਈਆ। ਤੁਹਾਡਾ ਰੂਪ ਨਜ਼ਰ ਆਵੇ ਅਖ਼ਬਾਰ, ਜਿਸ ਦੇ ਵਿਚ ਇਕ ਇਸ਼ਤਿਹਾਰ, ਆਹਿਸਤਾ ਆਹਿਸਤਾ ਦਏ ਜਣਾਈਆ। ਤੁਹਾਡਾ ਪਿਛਲੇ ਜਨਮ ਦਾ ਇਕ ਯਾਰ, ਗੁਰਮੀਤ ਸਿੰਘ ਉਠ ਕੇ ਦਰਸ ਦੇਣਾ ਵਖਾਈਆ। ਦੋਹਾਂ ਦਾ ਇਕੋ ਘਰ ਪਿਆਰ, ਇਕੋ ਪਿਤਾ ਮਾਈਆ। ਅਗਲੇ ਲੇਖੇ ਵਿਚ ਸਭ ਕੁਛ ਆਵੇ ਵਿਚ ਖ਼ਿਆਲ, ਦਲੀਲ ਸਕੇ ਨਾ ਕੋਇ ਦ੍ਰਿੜਾਈਆ। ਜਿਸ ਦਾ ਤਨ ਖਾਧਾ ਕਾਲ, ਮਨ ਜਗਤ ਵਿਚ ਲੁਭਾਈਆ। ਅੰਤਮ ਛਿਨ ਮਾਤਰ ਹਿਰਦੇ ਵਸਿਆ ਉਹ ਦਿਆਲ, ਜਿਸ ਦੀ ਦਿਆਲਤਾ ਸਭ ਦੇ ਉਤੇ ਛਾਈਆ। ਜਿਸ ਵੇਲੇ ਚਾਲੀ ਸਿੰਘਾਂ ਦੇ ਗੋਬਿੰਦ ਮੁਖ ਪੂੰਝਦਾ ਸੀ ਨਾਲ ਰੁਮਾਲ, ਬਰਦਾ ਹੋ ਕੇ ਸੇਵ ਕਮਾਈਆ। ਉਸ ਵੇਲੇ ਹੌਲੀ ਜਿਹੀ ਜਾਂਦਾ ਜਾਂਦਾ ਤੁਹਾਡੀ ਲਾਸ਼ ਦੇ ਲਗ ਗਿਆ ਨਾਲ, ਧੂੜ ਚਰਨਾਂ ਇਕ ਛੁਹਾਈਆ। ਫਿਰ ਆਇਆ ਇਹ ਖ਼ਿਆਲ, ਮੈਂ ਮੁਰਦਿਆਂ ਤੋਂ ਮੁਰਸ਼ਦ ਦਿਆਂ ਬਣਾਈਆ। ਉਹ ਸੁਰਤ ਜਿਹੜੀ ਭਰੀ ਵਿਚ ਖ਼ਿਆਲ, ਉਹ ਆਤਮ ਜਿਹੜੀ ਪਰਮਾਤਮ ਧਿਆਨ ਲਗਾਈਆ। ਮੈਂ ਤੇਰੀ ਸਿਫ਼ਤ ਕੀ ਕਰਾਂ ਨਾਲ ਜ਼ਬਾਨ, ਬੱਤੀ ਦੰਦ ਨਾ ਕੋਇ ਵਡਿਆਈਆ। ਗੋਬਿੰਦ ਕਿਹਾ ਮੈਂ ਅੰਤਮ ਲੇਖਾ ਵੇਖਾਂ ਆਣ, ਧੁਰ ਦਾ ਮਾਲਕ ਬਣ ਕੇ ਫੇਰਾ ਪਾਈਆ। ਫੇਰ ਬਖ਼ਸ਼ਾਂ ਸ਼ਬਦ ਗਿਆਨ, ਨਾਮ ਨਿਧਾਨ ਝੋਲੀ ਪਾਈਆ। ਇਹ ਪ੍ਰਭ ਦੇ ਹੱਥ ਆਵਣ ਜਾਣ, ਸੱਦਣਹਾਰਾ ਸੱਦਾ ਦੇ ਕੇ ਆਪੇ ਲਏ ਬੁਲਾਈਆ। ਅੱਗੇ ਵੇਖਣਾ ਸਭਨਾ ਦੱਸਣਾ ਕੀ ਖੇਲ ਕਰੇ ਭਗਵਾਨ, ਭਾਵੀ ਭਾਣਾ ਆਪਣਾ ਕੀ ਵਰਤਾਈਆ। ਸ਼ਾਹ ਸੁਲਤਾਨਾਂ ਦੇ ਕੇ ਇਕ ਗਿਆਨ, ਪੰਦਰਾਂ ਕੱਤਕ ਧੁਰ ਦਾ ਲੇਖਾ ਦਏ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ ਸਚ ਦੀ ਕਰੇ ਕੁੜਮਾਈਆ। ਗੁਰ ਗੋਬਿੰਦ ਇਕ ਨਿਸ਼ਾਨੀ ਏ। ਚਰਨ ਧੂੜ ਗਲ ਸੋਹਣੀ ਗਾਨੀ ਏ। ਹੱਥਕੜੀ ਲਾਹ ਕਟੀ ਜਮ ਕੀ ਫਾਸੀ ਏ। ਮਰਨ ਤੋਂ ਪਹਿਲੋਂ ਏਸ ਛੋਟੇ ਵੀਰ ਨੂੰ ਆਈ ਇਕ ਉਦਾਸੀ ਏ। ਗੋਬਿੰਦ ਚਲਦੇ ਫਿਰਦੇ ਨੂੰ ਅਨੋਖੀ ਬਾਣੀ ਇਕ ਭਾਸੀ ਏ। ਮੈਂ ਸਭ ਦਾ ਮਾਲਕ ਸਭ ਦਾ ਸਾਥੀ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਭਾਈ ਭਾਈ ਕੋਲੋਂ ਚੁਕਾਇਆ ਬਾਕੀ ਏ। ਲਹਿਣੇ ਦਾ ਮਾਲਕ ਆਪ ਨਿਰੰਕਾਰ, ਘਰ ਆਪਣੇ ਖ਼ੁਸ਼ੀ ਮਨਾਈਆ। ਮੁਕਤੀ ਦਾ ਦਵਾਰ, ਜੁਗਤੀ ਦਏ ਸਮਝਾਈਆ। ਫੁਰਤੀ ਵਿਚ ਚਾਲਾਕ, ਸਾਰਿਆਂ ਦਏ ਭੁਲਾਈਆ। ਵੇਖੋ ਮਿਲਣ ਮਿਲੌਣ ਦਾ ਕੀਤਾ ਆਪ ਇਤਫ਼ਾਕ, ਲੇਖਾ ਬੇਬਾਕ ਸਭ ਦਾ ਰਿਹਾ ਕਰਾਈਆ। ਉਸ ਵੇਲੇ ਗੁਰਮੀਤ ਦਾ ਇਹ ਵਾਕ, ਮੇਰੀ ਘੜੀ ਮੇਰੇ ਫੜਾ ਦੇ ਹਾਥ, ਤੇਰੇ ਸਾਥ ਰਹਿਣ ਕਿਉਂ ਪਾਈਆ। ਏਸੇ ਸੁਰਤੀ ਨੂੰ ਸਤਿਗੁਰ ਜਾਚ, ਗੋਬਿੰਦ ਹੌਲੀ ਜਿਹੀ ਤਸਮਾ ਦਿਤਾ ਖੁਲ੍ਹਾਈਆ। ਫੜ ਕੇ ਆਪਣੀ ਜੇਬ ਵਿਚ ਲਈ ਰਾਖ, ਲੇਖਾ ਦੂਜੀ ਵਾਰ ਕਰਾਂ ਬੇਬਾਕ, ਰਖਿਅਕ ਹੋ ਕੇ ਹੋਵਾਂ ਆਪ ਸਹਾਈਆ। ਇਹ ਕੋਈ ਖੇਲ ਨਹੀਂ ਤਮਾਸ਼, ਪੂਰਬ ਲੇਖਾ ਰਿਹਾ ਚੁਕਾਈਆ। ਇਹ ਘੜੀ ਇਹ ਵਾਚ, ਵਾਚਕ ਗਿਆਨ ਨਾ ਕੋਇ ਪੜ੍ਹਾਈਆ। ਇਹ ਅੰਦਰੋਂ ਪ੍ਰਭ ਨੂੰ ਮਾਰੇ ਆਵਾਜ਼, ਹੌਲੀ ਹੌਲੀ ਰਹੀ ਸੁਣਾਈਆ। ਤੇਰੀ ਵਡਿਆਈ ਤੇਰੇ ਹੱਥ ਗੁਰੂ ਮਹਾਰਾਜ, ਅਸੀਂ ਬੇਜ਼ਬਾਨ ਸਮਝ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਰੱਖੇ ਆਪਣੇ ਹਾਥ, ਸੋਹਣਾ ਲੇਖਾ ਰਿਹਾ ਵਖਾਈਆ।
੨ ਅੱਸੂ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਪੁਰਖ ਅਕਾਲ ਖੇਲ ਅਜੀਬ, ਧੁਰ ਦੀ ਰੀਤੀ ਸਚ ਚਲਾਈਆ। ਜੁਗ ਚੌਕੜੀ ਵੇਖਣਹਾਰਾ ਸ਼ਾਹ ਗ਼ਰੀਬ, ਨਿਰਗੁਣ ਸਰਗੁਣ ਖੋਜ ਖੋਜਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲਾ ਬਣਾ ਅਜ਼ੀਜ਼, ਆਜਜ਼ ਆਪਣੀ ਇਕ ਦ੍ਰਿੜਾਈਆ। ਦੂਰ ਦੁਰਾਡਾ ਚਲ ਕੇ ਆਏ ਕਰੀਬ, ਨੇਰਨ ਨੇਰਾ ਰੂਪ ਪਰਗਟਾਈਆ। ਪੀਰ ਪੈਗ਼ੰਬਰਾਂ ਦੇ ਕੇ ਨਾਮ ਸੰਦੇਸ਼ਾ ਕਲਮਾ ਹੱਕ ਮਜ਼ੀਦ, ਮਜਲਸ ਇਕ ਵਖਾਈਆ। ਗੁਰ ਅਵਤਾਰਾਂ ਸ਼ਾਸਤਰ ਸਿਮਰਤ ਵੇਦ ਪੁਰਾਨ ਦਿਤੀ ਇਕ ਰਸੀਦ, ਧੁਰ ਦਾ ਨਾਤਾ ਗੰਢ ਪੁਆਈਆ। ਸਚਖੰਡ ਦਵਾਰੇ ਵਸੇ ਆਪ ਠੀਕ, ਠਾਕਰ ਹੋ ਕੇ ਡੇਰਾ ਲਾਈਆ। ਜੁਗ ਚੌਕੜੀ ਮੇਟੇ ਅੰਧੇਰਾ ਤਾਰੀਕ, ਤਰੀਕਾ ਆਪਣਾ ਦਏ ਸਮਝਾਈਆ। ਧਾਰ ਅਗੰਮੀ ਰੱਖ ਬਾਰੀਕ, ਨੇਤਰ ਓਝਲ ਦਏ ਵਖਾਈਆ। ਸਾਚੇ ਸੰਤਾਂ ਬਖ਼ਸ਼ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਆਪਣਾ ਦੱਸ ਕੇ ਸੱਚਾ ਗੀਤ, ਸੋਹੰ ਕਰੀ ਪੜ੍ਹਾਈਆ। ਕਾਇਆ ਕਾਅਬਾ ਸਚ ਮਸੀਤ, ਹੁਜਰਾ ਹਕ ਹਕ ਵਡਿਆਈਆ। ਪ੍ਰੇਮ ਪਿਆਰ ਦੇ ਵੇਖੇ ਆਪ ਮਰੀਜ਼, ਬਿਨ ਨਾੜੀ ਖੋਜ ਖੋਜਾਈਆ। ਅੰਦਰ ਬਾਹਰ ਦਾ ਬਣ ਤਬੀਬ, ਜਨ ਭਗਤਾਂ ਤਬਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ । ਧੁਰ ਦਾ ਲੇਖ ਚੁਕਾਏ ਇਕ, ਇਕ ਇਕੱਲਾ ਹਰਿ ਅਖਵਾਇੰਦਾ। ਜਗਤ ਜੀਵ ਨਾ ਆਏ ਦਿਸ, ਦ੍ਰਿਸ਼ਟੀ ਭਗਤਾਂ ਆਪ ਖੁਲ੍ਹਾਇੰਦਾ। ਕੀਮਤ ਨਾਲ ਨਾ ਜਾਏ ਵਿਕ, ਪ੍ਰੇਮ ਪਿਆਰ ਅੰਦਰ ਤੋਲ ਤੁਲਾਇੰਦਾ। ਮਾਰਗ ਅਗੰਮੀ ਦੱਸ ਸਿਧ, ਸੰਤ ਸਾਧਕ ਖੋਜ ਖੋਜਾਇੰਦਾ। ਸਤਿ ਧਰਮ ਦੀ ਅਗਲੀ ਬਿਧ, ਬਿਧਨਾ ਲੇਖ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਕਰਨੀ ਕਰੇ ਗਹਿਰ ਗੰਭੀਰ, ਕਰਤਾ ਬੇਪਰਵਾਹੀਆ। ਅੰਮ੍ਰਿਤ ਬਖ਼ਸ਼ ਠਾਂਡਾ ਸੀਰ, ਅਗਨੀ ਤਤ ਬੁਝਾਈਆ। ਇਕ ਮੰਜ਼ਲ ਚੋਟੀ ਰਹਿਬਰ ਮਿਲੇ ਅਖ਼ੀਰ, ਪਿਛਲਾ ਪੰਧ ਮੁਕਾਈਆ। ਦੀਨ ਮਜ਼੍ਹਬ ਸ਼ਰਅ ਸ਼ਰੀਅਤ ਕਟ ਜ਼ੰਜੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਵੇ ਆਪ ਸਹਾਈਆ।