ਪੁਸਤਕਾਲਾਭਾਗ ੧੭

੫ ਅੱਸੂ ੨੦੨੧ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਰਾਮਪੁਰਾ

ਗੁਰ ਅਵਤਾਰ ਕਹਿਣ ਪ੍ਰਭ ਕਲਜੁਗ ਕੂੜਾ ਕੂੜ, ਸ੍ਰਿਸ਼ਟ ਸਬਾਈ ਡੇਰਾ ਲਾਈਆ। ਚਤੁਰ ਸੁਘੜ ਬਣੇ ਮੂਰਖ ਮੂੜ੍ਹ, ਹਿਰਦੇ ਹਰਿ ਨਾ ਕੋਇ ਵਸਾਈਆ। ਮਸਤਕ ਟਿੱਕਾ ਨਾਮ ਨਾ ਲਾਏ ਕੋਈ ਧੂੜ, ਦੁਰਮਤ ਮੈਲ ਨਾ ਕੋਇ ਧੁਆਈਆ। ਸਾਚਾ ਮਿਲੇ ਨਾ ਕਿਸੇ ਨੂਰ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਹਉਮੇ ਹੰਗਤਾ ਮਨ ਮਮਤਾ ਹੋਇਆ ਗ਼ਰੂਰ, ਨਿਵਣ ਸੋ ਅੱਖਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਈਆ। ਗੁਰ ਅਵਤਾਰ ਕਹਿਣ ਪ੍ਰਭ ਵਧਿਆ ਲੋਭ, ਮਾਇਆ ਮਮਤਾ ਹੋਈ ਹਲਕਾਈਆ। ਅੰਤਰ ਆਤਮ ਸਕੇ ਨਾ ਕੋਈ ਸੋਧ, ਮਨਸਾ ਸਕੇ ਨਾ ਕੋਇ ਮਿਟਾਈਆ। ਜਗਤ ਵਾਸਨਾ ਕਰੇ ਜੋਧ, ਅੱਠੇ ਪਹਿਰ ਲੜਾਈਆ। ਕੂੜੀ ਤ੍ਰਿਸਨਾ ਲੱਗਾ ਰੋਗ, ਹਉਮੇ ਰਹੀ ਸਤਾਈਆ। ਆਤਮ ਪਰਮਾਤਮ ਵਿਛੜ ਹੋਇਆ ਵਿਜੋਗ, ਧੁਰ ਸੰਜੋਗ ਮੇਲ ਨਾ ਕੋਇ ਮਿਲਾਈਆ। ਸ਼ਾਸਤਰਾਂ ਸਿਮਰਤਾਂ ਅੰਦਰ ਕਰਦੇ ਤੇਰੀ ਖੋਜ, ਕਾਇਆ ਮੰਦਰ ਅੰਦਰ ਵੇਖਣ ਕੋਇ ਨਾ ਆਈਆ। ਤੇਰੇ ਗੀਤ ਗਾਉਂਦੇ ਚੌਦਾਂ ਲੋਕ, ਸਚ ਸਲੋਕ ਸੋਹਲਾ ਢੋਲਾ ਕੋਇ ਨਾ ਗਾਈਆ। ਸਦੀ ਚੌਧਵੀਂ ਮਿਟਦੀ ਜਾਏ ਔਧ, ਬੀਸ ਬੀਸਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਨਵ ਨੌ ਚਾਰ ਵਧਿਆ ਕਾਮ, ਸਾਂਤਕ ਸਤਿ ਨਾ ਕੋਇ ਕਰਾਈਆ। ਹਿਰਦੇ ਕਿਸੇ ਨਾ ਵਸਿਆ ਰਾਮ, ਰਮਈਆ ਨਜ਼ਰ ਕਿਸੇ ਨਾ ਆਈਆ। ਜਗਤ ਵਾਸਨਾ ਹੋਏ ਗ਼ੁਲਾਮ, ਸ਼ਰਅ ਜ਼ੰਜੀਰ ਸਕੇ ਨਾ ਕੋਇ ਤੁੜਾਈਆ।

ਧੁਰ ਦਾ ਸੁਣੇ ਨਾ ਕੋਇ ਪੈਗ਼ਾਮ, ਅਨਹਦ ਨਾਦ ਨਾ ਕੋਇ ਜਣਾਈਆ। ਪੰਜ ਤਤ ਕਾਇਆ ਅੰਦਰ ਵਿਗੜ ਗਿਆ ਨਿਜ਼ਾਮ, ਸੱਚਾ ਹੁਕਮ ਨਾ ਕੋਇ ਵਰਤਾਈਆ। ਮੁਸ਼ਕਲ ਹਲ ਨਾ ਹੋਵੇ ਆਸਾਨ, ਸੀਸ ਜਗਦੀਸ ਨਾ ਕੋਇ ਨਿਵਾਈਆ। ਸਾਚਾ ਨਾਦ ਨਾ ਸੁਣੇ ਕੋਈ ਕਾਨ, ਅੰਮ੍ਰਿਤ ਰਸ ਮੁਖ ਨਾ ਕੋਇ ਚੁਆਈਆ। ਹਉਮੇ ਹੰਗਤਾ ਅੰਦਰ ਫਿਰਨ ਬਿਰਧ ਬਾਲ ਜਵਾਨ, ਮਮਤਾ ਮੋਹ ਨਾ ਕੋਇ ਮੁਕਾਈਆ। ਸਤਿ ਧਰਮ ਦਾ ਝੁਲਦਾ ਦਿਸੇ ਨਾ ਕੋਇ ਨਿਸ਼ਾਨ, ਸਤਿ ਸਤਿਵਾਦੀ ਸਚ ਨਾ ਕੋਏ ਜਣਾਈਆ। ਸਾਚੀ ਸਖ਼ੀ ਮਿਲੇ ਨਾ ਕੋਈ ਕਾਹਨ, ਬੰਸਰੀ ਨਾਮ ਨਾ ਕੋਇ ਸੁਣਾਈਆ। ਧੁਰ ਦਰਬਾਰੀ ਦੇਵੇ ਨਾ ਕੋਈ ਪੈਗ਼ਾਮ, ਕਲਮਾ ਕਾਇਨਾਤ ਨਾ ਕੋਇ ਪੜ੍ਹਾਈਆ। ਜੀਵ ਜੰਤ ਹੋਏ ਨਾਦਾਨ, ਨਾਬੀਨੇ ਅੱਖ ਨਾ ਕੋਇ ਖੁਲ੍ਹਾਈਆ। ਤੱਤਾਂ ਅੰਦਰ ਤਤ ਸ਼ੈਤਾਨ, ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕਲ ਕੂੜਾ ਮੋਹ, ਮੁਹੱਬਤ ਸਚ ਨਾ ਕੋਇ ਕਮਾਈਆ। ਆਤਮ ਪਰਮਾਤਮ ਕਿਸੇ ਨਾ ਜਾਏ ਛੋਹ, ਦੂਈ ਦਵੈਤੀ ਕੰਧ ਨਾ ਕੋਇ ਢਾਹੀਆ। ਘਰ ਪਰਕਾਸ਼ ਬਿਨ ਦੀਵੇ ਬਾਤੀ ਕਰੇ ਕੋਈ ਨਾ ਲੋ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਨਾਮ ਸੁਣੇ ਨਾ ਤੇਰਾ ਸੋ, ਹੰ ਬ੍ਰਹਮ ਨਾ ਕੋਇ ਪੜ੍ਹਾਈਆ। ਨਵ ਨੌ ਚਾਰ ਰਹੀ ਰੋ, ਸਾਂਤਕ ਸਤਿ ਨਾ ਕੋਇ ਦਸਾਈਆ। ਆਪਣਾ ਆਪ ਸਾਰੇ ਬੈਠੇ ਖੋਹ, ਖ਼ਾਲੀ ਹੱਥ ਦੇਣ ਦੁਹਾਈਆ। ਨਿਜਰ ਝਿਰਨੇ ਅੰਮ੍ਰਿਤ ਦੇਵੇ ਨਾ ਕੋਈ ਚੋ, ਕਵਲ ਨਾਭ ਨਾ ਕੋਇ ਉਲਟਾਈਆ। ਚੇਲੇ ਗੁਰੂਆਂ ਨਾਲ ਕਰਨ ਧਰੋ, ਪਿਤਾ ਪੂਤ ਸੋਭਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ, ਪ੍ਰਭ ਵੇਖ ਕਲਜੁਗ ਹੰਕਾਰ, ਹੰਕਾਰੀ ਘਰ ਘਰ ਨਜ਼ਰੀ ਆਈਆ। ਗੁਰਦੇਵ ਸਵਾਮੀ ਕਰੇ ਨਾ ਕੋਈ ਨਿਮਸਕਾਰ, ਸੱਯਦਾ ਸੀਸ ਨਾ ਕੋਇ ਝੁਕਾਈਆ। ਚਾਰ ਕੁੰਟ ਦਹਿ ਦਿਸ਼ਾ ਭੱਜਣ ਵਾਰੋ ਵਾਰ, ਮਨ ਵਾਸਨਾ ਨਾਲ ਮਿਲਾਈਆ। ਮਿਤਰਾਂ ਨਾਲੋਂ ਸੱਜਣ ਵਿਛੜੇ ਯਾਰ, ਭੈਣ ਭਾਈ ਨਾਤਾ ਤੋੜ ਨਾ ਕੋਇ ਨਿਭਾਈਆ। ਕਾਗਤਾਂ ਤੋਂ ਲੱਭਣ ਤੇਰਾ ਸਚ ਦਰਬਾਰ, ਮਹੱਲ ਅਟਲ ਚੜ੍ਹ ਦਰਸ ਕੋਇ ਨਾ ਪਾਈਆ। ਤੀਰਥ ਤੱਟਾਂ ਹੁੰਦੇ ਫਿਰਨ ਖ਼ੁਆਰ, ਅੰਤਰ ਆਤਮ ਸਚ ਸਰੋਵਰ ਨਹਾਵਣ ਕੋਇ ਨਾ ਜਾਈਆ। ਮਕਤਬ ਪਾਠਸ਼ਾਲਾ ਵਿਚ ਪੜ੍ਹਦੇ ਰਹਿਣ ਅੱਖਰਾਂ ਨਾਲ ਕਰ ਵਿਚਾਰ, ਨਿਰਅੱਖਰ ਤੇਰੀ ਸਮਝ ਕਿਸੇ ਨਾ ਆਈਆ। ਚਾਰੋਂ ਕੁੰਟ ਦਿਸੇ ਵਿਭਚਾਰ, ਦਹਿ ਦਿਸ਼ਾ ਸਚ ਧਰਮ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਜਗ ਅੰਤਮ ਮਾਇਆ, ਤ੍ਰੈਗੁਣ ਅਗਨੀ ਤਤ ਤਪਾਈਆ। ਨਵ ਨੌ ਚਾਰ ਅੰਧੇਰਾ ਛਾਇਆ, ਸਾਚਾ ਚੰਦ ਨਾ ਕੋਇ ਚਮਕਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਹੁਕਮ ਸੁਣਾਇਆ, ਸੋ ਸਾਰੇ ਗਏ ਭੁਲਾਈਆ। ਸਾਚਾ ਇਸ਼ਟ ਨਾ ਕਿਸੇ ਮਨਾਇਆ, ਦ੍ਰਿਸ਼ਟੀ ਦਿਭ ਨਾ ਕੋਇ ਨਾ ਖੁਲ੍ਹਾਈਆ। ਪ੍ਰੇਮ ਪ੍ਰੀਤੀ ਅੰਦਰ ਤੇਰਾ ਇਸ਼ਕ ਨਾ ਕੋਇ ਕਮਾਇਆ, ਸਚ ਧਿਆਨ ਨਾ ਕੋਇ ਲਗਾਈਆ। ਦੋਜ਼ਖ਼ ਬਹਿਸ਼ਤ ਦੋਵੇਂ ਰਹੇ ਕੁਰਲਾਇਆ, ਲੇਖਾ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਤੇਰੀ ਓਟ ਤਕਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਝੂਠ, ਜੋ ਜਗਤ ਲਏ ਅੰਗੜਾਈਆ। ਮੰਦਰ ਮਸਜਿਦ ਸ਼ਿਵਦਵਾਲੇ

ਮਠ ਰਹੀ ਨਾ ਸੁੱਚ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਹੱਥ ਰਿਹਾ ਨਾ ਕੁਛ, ਜੰਞੂ ਟਿੱਕਾ ਧੋਤੀ ਬੋਦੀ ਪਤਤ ਪੁਨੀਤ ਨਾ ਕੋਇ ਕਰਾਈਆ। ਤੇਰੇ ਨਾਲੋਂ ਸ੍ਰੀ ਭਗਵਾਨ ਤੇਰੇ ਗਏ ਰੁਠ, ਸਾਚਾ ਮੇਲ ਨਾ ਕੋਇ ਮਿਲਾਈਆ। ਅੰਤਰਜਾਮੀ ਘਟ ਘਟ ਵਾਸੀ ਆ ਕੇ ਪੁਛ, ਨਿਰਵੈਰ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਕੁੜਿਆਰ, ਲੱਖ ਚੁਰਾਸੀ ਅੰਦਰ ਰਿਹਾ ਸਮਾਈਆ। ਜਿਸ ਭੁਲਾਇਆ ਸਾਂਝਾ ਯਾਰ, ਸੋਚ ਸਮਝ ਰਹੀ ਨਾ ਰਾਈਆ। ਅੰਦਰ ਵੜ ਕੇ ਸਭ ਨੂੰ ਕੀਤਾ ਖੁਆਰ, ਪੜਦਾ ਓਹਲਾ ਵਿਚ ਟਿਕਾਈਆ। ਗ਼ਫ਼ਲਤ ਵਿਚ ਸੁੱਤਾ ਸੰਸਾਰ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਖਾਣੀ ਬਾਣੀ ਪੜ੍ਹ ਪੜ੍ਹ ਗਏ ਹਾਰ, ਹਰਿ ਹਰਿ ਨਜ਼ਰ ਕਿਸੇ ਨਾ ਆਈਆ। ਉਚੀ ਕੂਕਣ ਕਰਨ ਪੁਕਾਰ, ਰਸਨਾ ਜਿਹਵਾ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖ ਆਪਣਾ ਲੋਕ, ਕਲ ਅੰਤਮ ਫੇਰਾ ਪਾਈਆ। ਕਿਸੇ ਗ੍ਰਹਿ ਜਗਦੀ ਦਿਸੇ ਨਾ ਜੋਤ, ਘਰ ਦੀਪਕ ਨਾ ਕੋਇ ਰੁਸ਼ਨਾਈਆ। ਕਲਜੁਗ ਆਲ੍ਹਣਿਉਂ ਡਿੱਗੇ ਬੋਟ, ਫੇਰ ਸਕੇ ਨਾ ਕੋਇ ਉਠਾਈਆ। ਮਾਇਆ ਮਮਤਾ ਸਾਰੇ ਕਰਨ ਖੋਜ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਤੇਰੇ ਮਿਲਣ ਦੀ ਕਿਸੇ ਨਾ ਆਵੇ ਸੋਚ, ਸਮਝ ਬੈਠੀ ਮੁਖ ਭੁਆਈਆ। ਗੁਰਮੁਖ ਵਿਰਲਾ ਰਾਹ ਤੱਕੇ ਵਿਚੋਂ ਕੋਟਾਂ ਕੋਟ, ਅੰਤਰ ਅੰਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਠਾਕਰ ਤੇਰੀ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਭੁੱਲਿਆ ਜਗ, ਭਰਮਾਂ ਵਿਚ ਰਖਾਈਆ। ਕਿਸੇ ਨਾ ਪੂਰਾ ਹੋਵੇ ਮੱਕੇ ਕਾਅਬੇ ਹੱਜ, ਹੁਜਰਾ ਹਕ ਨਾ ਕੋਇ ਸੁਹਾਈਆ। ਕਿਸੇ ਨਾ ਮਿਲੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਹੱਥਾਂ ਨਾਲ ਟੱਲ ਰਹੇ ਖੜਕਾਈਆ। ਗੁਰਦਵਾਰਿਆਂ ਅੰਦਰ ਨਿਰਗੁਣ ਤੇਰਾ ਰੂਪ ਸਕੇ ਨਾ ਕੋਈ ਲੱਭ, ਸਨਮੁਖ ਦਰਸ ਕੋਇ ਨਾ ਪਾਈਆ। ਮਿਹਰਵਾਨ ਠਾਕਰ ਸਵਾਮੀ ਘਰ ਘਰ ਵਿਚ ਆ ਕੇ ਸੁਣਾ ਆਪਣਾ ਛੰਦ, ਧੁਰ ਦਾ ਢੋਲਾ ਰਾਗ ਅਲਾਈਆ। ਸਚ ਦਵਾਰੇ ਇਹੋ ਮੰਗ, ਕਾਇਆ ਮੰਦਰ ਅੰਦਰ ਭੇਵ ਖੁਲ੍ਹਾਈਆ। ਪੌੜ੍ਹੇ ਪੌੜ੍ਹੇ ਆਪਣੇ ਲੰਘ, ਨੌ ਦਵਾਰੇ ਡੇਰਾ ਢਾਹੀਆ। ਕੂੜੀ ਕਿਰਿਆ ਪਾਏ ਨਾ ਡੰਡ, ਮਨ ਕਾ ਮਣਕਾ ਦਏ ਭੁਆਈਆ। ਕਰ ਪਰਕਾਸ਼ ਅੰਧੇਰੇ ਅੰਨ੍ਹ, ਜੋਤ ਨਿਰੰਜਣ ਜੋਤ ਰੁਸ਼ਨਾਈਆ। ਨਾਮ ਮਜੀਠੀ ਚੋਲਾ ਰੰਗ, ਰੰਗ ਆਪਣਾ ਦੇ ਚੜ੍ਹਾਈਆ। ਅੰਮ੍ਰਿਤ ਧਾਰ ਵਹਾ ਗੰਗ, ਸਰੋਵਰ ਇਕੋ ਇਕ ਵਖਾਈਆ। ਸੁਰਤ ਸਵਾਣੀ ਨਾ ਹੋਵੇ ਰੰਡ, ਸ਼ਬਦੀ ਕੰਤ ਲੈਣਾ ਪਰਨਾਈਆ। ਭਾਗ ਲਗਾਉਣਾ ਜੀਉ ਪਿੰਡ, ਪਿੰਡੀ ਅਵਰ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਲਏ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰਾ ਨਾਤਾ ਛੁੱਟਿਆ, ਛੁੱਟੀ ਸਰਬ ਲੋਕਾਈਆ। ਪ੍ਰੇਮ ਪਿਆਰ ਦਾ ਪੈਂਡਾ ਮੁੱਕਿਆ, ਪਾਂਧੀ ਰਹਿਣ ਕੋਇ ਨਾ ਪਾਈਆ। ਕੋਈ ਨਾ ਚੜ੍ਹੇ ਮਹੱਲ ਉਚਿਆ, ਸਾਚੇ ਧਾਮ ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਜਗਤ ਵਾਸਨਾ ਜੀਵ ਰੁਝਿਆ, ਵਿਸ਼ਿਆਂ ਵਿਚ ਲੋਕਾਈਆ। ਸਤਿਗੁਰ ਸੰਤ ਕਿਸੇ ਨਾ ਬੁਝਿਆ, ਦੀਵਾ ਬੈਠੇ ਗੁਲ ਕਰਾਈਆ। ਨਾਮ ਨਿਸ਼ਾਨਿਉਂ ਕੂੜਾ ਉਕਿਆ, ਅਣਿਆਲਾ ਤੀਰ ਨਾ ਕੋਇ ਲਗਾਈਆ। ਸਚ ਭੰਡਾਰਾ ਨੌ ਖੰਡ ਪ੍ਰਿਥਮੀ ਮੁਕਿਆ, ਦਰ ਦਰ ਘਰ ਘਰ ਖ਼ਾਲੀ ਨਜ਼ਰੀ ਆਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਖੋਲ੍ਹ ਦਰ, ਧਰਮ ਦਵਾਰਾ ਇਕ ਪਰਗਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਲੇਖਾ ਵੇਖ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਸਾਚਾ ਮਾਣ ਤਾਣ ਰਿਹਾ ਨਾ ਚਾਰੇ ਬਾਣੀ, ਬਾਣ ਅਣਿਆਲਾ ਨਾ ਕੋਇ ਚਲਾਈਆ। ਅਠਸਠ ਧਾਰ ਦਿਸੇ ਨਾ ਕੋਇ ਪਾਣੀ, ਸਰੋਵਰ ਸਤਿ ਨਾ ਕੋਇ ਨੁਹਾਈਆ। ਸਦੀ ਵੀਹਵੀਂ ਸਭ ਨੂੰ ਆਈ ਹਾਨੀ, ਹਾਣੀ ਮਿਲਿਆ ਨਾ ਬੇਪਰਵਾਹੀਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨੀ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਭਰਮੇ ਭੁੱਲੇ ਜੀਵ ਵਿਦਵਾਨੀ, ਵਿਦਿਆ ਮਾਤ ਹੋਈ ਹਲਕਾਈਆ। ਤੇਰੀ ਦੱਸੇ ਨਾ ਕੋਈ ਸਚ ਨਿਸ਼ਾਨੀ, ਸਾਖਿਆਤ ਨਾ ਕੋਇ ਸਮਝਾਈਆ। ਕਿਸੇ ਨਾ ਮਿਲੇ ਪਦ ਨਿਰਬਾਣੀ, ਘਰ ਬਹਿ ਨਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਅੰਤਸ਼ਕਰਨ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖ ਪ੍ਰਕਿਰਤੀ ਕਲ, ਬੈਠੀ ਡੇਰਾ ਲਾਈਆ। ਸੱਜਣ ਸੱਜਣਾਂ ਨਾਲ ਕਰਨ ਛਲ, ਅਛਲ ਛਲ ਤੇਰਾ ਭੈ ਨਾ ਕੋਇ ਰਖਾਈਆ। ਕੋਟਨ ਕੋਟ ਸਾਧ ਸੰਤ ਜਗਤ ਸਿੰਘਾਸਣ ਬੈਠੇ ਮੱਲ, ਤੇਰਾ ਆਸਣ ਸਮਝ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਨਾਮ ਸੰਦੇਸਾ ਸ੍ਰਿਸ਼ਟ ਸਬਾਈ ਦਿਤਾ ਘੱਲ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨਾਂ ਕਰ ਲਿਖਾਈਆ। ਧਾਮ ਨਿਆਰਾ ਵਸਿਆ ਅਟਲ, ਪਰਵਰਦਿਗਾਰ ਸਾਂਝੇ ਯਾਰ ਦਰਗਾਹ ਸਾਚੀ ਸਚਖੰਡ ਦਵਾਰੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਤੁਧ ਬਿਨ ਆਸਾ ਪੂਰ ਨਾ ਕੋਇ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ, ਪ੍ਰਭ ਕਲਜੁਗ ਵਾਸਨਾ ਹੋਈ ਖੋਟੀ, ਧੁਰ ਦਾ ਕਰਮ ਨਾ ਕੋਇ ਕਮਾਈਆ। ਨਿਰਮਲ ਜਗੇ ਕੋਈ ਨਾ ਜੋਤੀ, ਸ਼ਬਦੀ ਧੁਨ ਨਾ ਕੋਇ ਸ਼ਨਵਾਈਆ। ਸੁਰਤ ਸਵਾਣੀ ਨਾ ਉਠੇ ਸੋਤੀ, ਹੁਲਾਰਾ ਨਾਮ ਨਾ ਕੋਇ ਦਵਾਈਆ। ਵੱਜੇ ਨਾਦ ਨਾ ਚੌਦਾਂ ਲੋਕੀ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਝਗੜਾ ਚੁੱਕੇ ਨਾ ਵਰਨ ਬਰਨ ਜੰਞੂ ਬੋਦੀ, ਇਕੋ ਰੰਗ ਨਾ ਕੋਇ ਸਮਾਈਆ। ਲੇਖਾ ਮੁੱਕੇ ਨਾ ਗਿਆਨੀ ਬੋਧੀ, ਬੁਧ ਬਿਬੇਕ ਨਾ ਕੋਇ ਕਰਾਈਆ। ਹਿਰਦਾ ਸਕੇ ਨਾ ਕੋਇ ਸੋਧੀ, ਸੂਧਾ ਸੁਧਾਸਰ ਨਹਾਵਣ ਕੋਇ ਨਾ ਜਾਈਆ। ਜਗਤ ਵਾਸਨਾ ਹੋਏ ਰੋਗੀ, ਸਚ ਤਬੀਬ ਸੰਗ ਨਾ ਕੋਇ ਨਿਭਾਈਆ। ਕਾਮੀ ਕਰੋਧੀ ਦਿਸਣ ਧੋਬੀ, ਸੇਜਾ ਸਚ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਕੁਰਾਨਾ, ਲੋਕਮਾਤ ਧਿਆਨ ਲਗਾਈਆ। ਤੇਰੇ ਨਾਲੋਂ ਸਾਰਿਆਂ ਤੁਟਾ ਯਰਾਨਾ, ਯਾਰੀ ਗ਼ੈਰਾਂ ਨਾਲ ਲਗਾਈਆ। ਤੇਰੇ ਪ੍ਰੇਮ ਦਾ ਗਾਏ ਨਾ ਕੋਈ ਤਰਾਨਾ, ਤੁਰੀਆ ਰਾਗ ਨਾ ਕੋਇ ਅਲਾਈਆ। ਸਾਚਾ ਵਸੇ ਨਾ ਸਾਢੇ ਤਿੰਨ ਹੱਥ ਮੰਦਰ ਮਕਾਨਾ, ਮੰਦਰ ਮਸਜਿਦ ਸ਼ਿਵਦਵਾਲੇ ਮਠ ਭੱਜਣ ਥਾਉਂ ਥਾਈਂਆ। ਪਰਮਾਤਮ ਆਤਮ ਆਤਮ ਪਰਮਾਤਮ ਮੇਲ ਨਾ ਕੋਇ ਮਿਲਾਨਾ, ਮਿਲਣੀ ਜਗਦੀਸ ਨਾ ਕੋਇ ਕਰਾਈਆ। ਕਲਜੁਗ ਅੰਤਮ ਨੇਤਰ ਵੇਖ ਬਦਲ ਗਿਆ ਜ਼ਮਾਨਾ, ਗੁਰ ਪੀਰ ਜ਼ਮਾਨਤ ਦੇ ਨਾ ਕੋਇ ਛੁਡਾਈਆ। ਸਦੀ ਵੀਹਵੀਂ ਗੁਰ ਅਵਤਾਰ ਹੋਏ ਹੈਰਾਨਾ, ਹੈਰਾਨੀ ਸਭ ਦੇ ਉਤੇ ਆਈਆ। ਸਾਡਾ ਨਾਮ ਦਾ ਭੁੱਲ ਗਿਆ ਸਰਬ ਪੈਮਾਨਾ, ਕੂੜੀ ਪੈਮਾਇਸ਼ ਵਿਚ ਸਰਬ ਲੋਕਾਈਆ। ਕਿਰਪਾ ਕਰ ਸ੍ਰੀ ਭਗਵਾਨਾ, ਤੁਧ ਬਿਨ ਕਾਰਜ ਰਾਸ ਕੋਇ ਨਾ ਆਈਆ। ਪੜ੍ਹ ਪੜ੍ਹ ਥੱਕੀ ਰਸਨਾ ਜਿਹਵਾ ਜ਼ਬਾਨਾ,

ਜ਼ੁਲਮ ਜ਼ਾਲਮ ਸਕੇ ਨਾ ਕੋਇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ਬਰ ਕਹਿਣ ਵੇਖ ਪ੍ਰਭੂ ਜਗ ਰੀਤ, ਨਿਰਵੈਰ ਧਿਆਨ ਲਗਾਈਆ। ਝਗੜਾ ਪਿਆ ਊਚ ਨੀਚ, ਜ਼ਾਤ ਪਾਤ ਕਰੇ ਲੜਾਈਆ। ਤੇਰੇ ਪ੍ਰੇਮ ਅੰਦਰ ਕੋਈ ਨਾ ਜਾਏ ਭੀਜ, ਤਨ ਮਨ ਸੀਝ ਸਾਂਤਕ ਸਤਿ ਨਾ ਕੋਇ ਕਰਾਈਆ। ਤੇਰੇ ਦਰ ਦੀ ਲੰਘੇ ਨਾ ਕੋਈ ਦਹਿਲੀਜ਼, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖਣ ਥਾਉਂ ਥਾਈਂਆ। ਪਤਿਪਰਮੇਸ਼ਵਰ ਤੇਰੀ ਧਾਰ ਅਨੋਖੀ ਬਾਰੀਕ, ਜਗਤ ਝਰੋਖੇ ਨਜ਼ਰ ਕਿਸੇ ਨਾ ਆਈਆ। ਤੇਰਾ ਖੇਲ ਦਸੇ ਨਾ ਕੋਇ ਤਵਾਰੀਖ਼, ਤਰੀਕਾ ਦੇ ਨਾ ਕੋਇ ਜਣਾਈਆ। ਤੇਰੇ ਦਰ ਤੋਂ ਦਰਵੇਸ਼ ਹੋ ਕੇ ਮੰਗਦੇ ਭੀਖ, ਯਾਚਕ ਹੋ ਕੇ ਝੋਲੀ ਡਾਹੀਆ। ਅੰਤਮ ਤੇਰੀ ਰੱਖ ਉਡੀਕ, ਆਸਾ ਆਸਾ ਨਾਲ ਵਧਾਈਆ। ਤੁਧ ਬਿਨ ਸੱਚਾ ਦਿਸੇ ਨਾ ਕੋਈ ਮੀਤ, ਮਿਤਰ ਪਿਆਰਾ ਨਜ਼ਰ ਕੋਇ ਨਾ ਆਈਆ। ਤੂੰ ਮਾਲਕ ਹਸਤ ਕੀਟ, ਲੱਖ ਚੁਰਾਸੀ ਰਿਹਾ ਸਮਾਈਆ। ਸਾਚਾ ਢੋਲਾ ਤੇਰਾ ਗੀਤ, ਗੋਬਿੰਦ ਨਾਮ ਪੜ੍ਹਾਈਆ। ਤੈਨੂੰ ਮਿਲਿਆਂ ਲੇਖਾ ਚੁੱਕ ਜਾਏ ਮੰਦਰ ਮਸੀਤ, ਮਸਲਿਆਂ ਵਿਚੋਂ ਖੋਜਣ ਦੀ ਲੋੜ ਰਹੇ ਨਾ ਰਾਈਆ। ਤੇਰੀ ਸਚ ਸਵਾਮੀ ਇਕ ਪ੍ਰੀਤ, ਜੁਗ ਜੁਗ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜਾ ਲੇਖਾ ਦੇ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ਬਰ ਕਹਿਣ ਵੇਖ ਜਗਤ ਨਜ਼ਾਰਾ, ਨਿਰਵੈਰ ਵੇਸ ਵਟਾਈਆ। ਅੰਤਮ ਅੰਤ ਜਗਤ ਕਿਨਾਰਾ, ਨਈਆ ਨੌਕਾ ਡੋਲੇ ਥਾਉਂ ਥਾਈਂਆ। ਸਾਚਾ ਦਿਸੇ ਨਾ ਕੋਇ ਸਹਾਰਾ, ਚੱਪੂ ਹੱਥ ਨਾ ਕੋਇ ਲਗਾਈਆ। ਰਾਹ ਤੱਕਣ ਗੁਰੂ ਅਵਤਾਰਾ, ਨੇਤਰ ਅੱਖ ਖੁਲ੍ਹਾਈਆ। ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰਾ, ਮਦਦ ਤੇਰੀ ਨਜ਼ਰੀ ਆਈਆ। ਜੁਗ ਚੌਕੜੀ ਜੋ ਦੇਂਦਾ ਰਿਹਾ ਲਾਰਾ, ਸ਼ਬਦੀ ਕਰ ਸ਼ਨਵਾਈਆ। ਅਨੋਖਾ ਖੇਲ ਕਰਕੇ ਲੇਖ ਲਿਖਾਉਂਦਾ ਰਿਹਾ ਬਣ ਲਿਖਾਰਾ, ਕਾਤਬ ਹੋ ਕੇ ਕਲਮ ਚਲਾਈਆ। ਸੋ ਵੇਲਾ ਵਕਤ ਸਰਬ ਵਿਚਾਰਾ, ਵਾਰ ਥਿਤ ਦਏ ਗਵਾਹੀਆ। ਕਰ ਕਿਰਪਾ ਹਰਿ ਕਰਤਾਰਾ, ਤੇਰੀ ਕਰਨੀ ਤੋਹੇ ਭਾਈਆ। ਸ੍ਰਿਸ਼ਟ ਸਬਾਈ ਵੇਖ ਜਗਤ ਸੰਸਾਰਾ, ਸੰਸਾਰੀ ਹੋ ਕੇ ਖ਼ੁਸ਼ੀ ਮਨਾਈਆ। ਚਾਰੋਂ ਕੁੰਟ ਸਤਿ ਧਰਮ ਦਾ ਲੱਗੇ ਨਾ ਕੋਈ ਨਾਅਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਾਲਕ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਭੁੱਲੀ ਤੇਰੀ ਲੋਕਾਈ, ਲਾਇਕ ਨਜ਼ਰ ਕੋਇ ਨਾ ਆਇੰਦਾ। ਮਾਇਆ ਮਮਤਾ ਕੀਤੇ ਸ਼ੁਦਾਈ, ਬੁਧ ਬਿਬੇਕ ਨਾ ਕੋਇ ਰਖਾਇੰਦਾ । ਜਿਨ੍ਹਾਂ ਖਾਧੀ ਸੂਰ ਗਾਂਈ, ਤਿਨ੍ਹਾਂ ਤੇਰਾ ਨੂਰ ਨਜ਼ਰ ਨਾ ਆਇੰਦਾ। ਅੰਦਰੋਂ ਬਾਹਰੋਂ ਹੋਏ ਜੁਦਾਈ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਇੰਦਾ । ਕਾਇਆ ਮੰਦਰ ਨਾ ਵੱਜੇ ਵਧਾਈ, ਮਿਲ ਮਿਲ ਸਖ਼ੀਆਂ ਗੀਤ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦੇ ਧੁਰ ਦਾ ਵਰ, ਦਰ ਠਾਂਡਾ ਤੇਰਾ ਨਜ਼ਰੀ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਸਾਢੇ ਤਿੰਨ ਹੱਥ ਮਟਕਾ, ਕਾਇਆ ਮਾਟੀ ਅੰਦਰੋਂ ਵੇਖ ਵਖਾਈਆ। ਜਿਸ ਦੇ ਅੰਦਰ ਕੂੜ ਕੁੜਿਆਰਾ ਖਟਕਾ, ਸਚ ਸੁਚ ਨਾ ਕੋਇ ਸਮਝਾਈਆ। ਜਿਨ੍ਹਾਂ ਨੇ ਖਾਧਾ ਹਲਾਲ ਝਟਕਾ, ਸੋ ਸਾਰੇ ਬੈਠੇ ਮੁਖ ਭੁਆਈਆ। ਕਿਸੇ ਦੇ ਸੀਸ ਨਾ ਦਿਸੇ ਬੱਧਾ ਪਟਕਾ, ਪੱਟੂ ਓਡਣ ਨਜ਼ਰ ਕੋਇ ਨਾ ਆਈਆ। ਲੇਖਾ ਵੇਖ ਬਹੱਤਰ ਨਾੜੀ ਰੱਤ ਕਾ, ਰੱਤੀ ਰੱਤ ਰਹੀ ਕੁਰਲਾਈਆ। ਲਹਿਣਾ ਚੁੱਕਿਆ ਧੀਰਜ ਜਤ ਕਾ, ਸਤਿ ਸੰਤੋਖ ਸਾਰੇ ਬੈਠੇ ਗਵਾਈਆ।

ਭਾਂਡਾ ਫੁੱਟਿਆ ਗੁਰ ਕੀ ਮਤ ਕਾ, ਮਨ ਮਨਸਾ ਬੈਠੀ ਡੇਰਾ ਲਾਈਆ। ਮਨੂਆ ਹੋ ਕੇ ਕਲੰਦਰ ਨੱਚਦਾ, ਨੌ ਦਵਾਰੇ ਵੇਸ ਵਟਾਈਆ। ਲੇਖਾ ਚੁਕਿਆ ਮੱਕੇ ਕਾਅਬੇ ਹੱਜ ਕਾ, ਹਜ਼ਰਤ ਸਚ ਨਾ ਕੋਇ ਮਿਲਾਈਆ। ਰਹਿਬਰ ਮਹਿਬੂਬ ਕੋਇ ਨਾ ਦੱਸਦਾ, ਮੈਖ਼ਾਨੇ ਜਾਮ ਨਾ ਕੋਇ ਪਿਆਈਆ। ਤੇਰਾ ਮਿਲਣਾ ਮੁਕਿਆ ਤੀਜੀ ਅੱਖ ਦਾ, ਨਿਜ ਨੇਤਰ ਨਾ ਕੋਇ ਰੁਸ਼ਨਾਈਆ। ਝਗੜਾ ਚੁਕਿਆ ਨਾ ਦੂਈ ਦਵੈਤੀ ਵੱਟ ਕਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਸਕਿਆ ਨਾ ਕੋਇ ਸਮਝਾਈਆ। ਏਸੇ ਕਾਰਨ ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਰਾਹ ਤੱਕਦਾ, ਤਕਵਾ ਓਟ ਤੇਰੇ ਉਤੇ ਤਕਾਈਆ। ਤੂੰ ਮਾਲਕ ਆਦਿ ਜੁਗਾਦੀ ਸਭ ਦਾ, ਨਿਤ ਨਵਿਤ ਹੋਏ ਸਹਾਈਆ। ਜਨ ਭਗਤਾਂ ਪੈਜ ਰਖਦਾ, ਸੰਤਾਂ ਲਏ ਤਰਾਈਆ। ਗੁਰਮੁਖਾਂ ਹਿਰਦੇ ਵਸਦਾ, ਘਰ ਘਰ ਵਿਚ ਡੇਰਾ ਲਾਈਆ। ਗੁਰਸਿਖਾਂ ਆਪਣੀ ਗੋਦੀ ਚੱਕਦਾ, ਬਾਲ ਅੰਞਾਣੇ ਨਾਲ ਮਿਲਾਈਆ। ਲਹਿਣਾ ਦੇਣਾ ਦੇਵੇ ਹਕੋ ਹਕ ਦਾ, ਹਕੀਕਤ ਖੋਜੇ ਥਾਉਂ ਥਾਈਂਆ। ਮਾਰਗ ਦੱਸੇ ਇਕੋ ਸਚ ਦਾ, ਕੂੜੀ ਕਰੇ ਨਾ ਕੋਇ ਪੜ੍ਹਾਈਆ। ਲੂੰ ਲੂੰ ਅੰਦਰ ਆਪੇ ਰਚਦਾ, ਸਾਢੇ ਤਿੰਨ ਕਰੋੜ ਦਏ ਸਮਝਾਈਆ। ਸਾਡਾ ਵੇਲਾ ਮੁਕਿਆ ਜਸ ਦਾ, ਸ੍ਰਿਸ਼ਟ ਸਬਾਈ ਹੋਈ ਹਲਕਾਈਆ। ਹੁਣ ਵੇਲਾ ਨਹੀਂ ਸੁਹਾਉਂਦਾ ਵੱਖ ਦਾ, ਵਿਛੜੇ ਆਪਣੇ ਨਾਲ ਮਿਲਾਈਆ। ਪ੍ਰੀਤਮ ਜੋ ਤੇਰਾ ਨਾਮ ਜਪਦਾ, ਹਿਰਦੇ ਅੰਦਰ ਧਿਆਈਆ। ਉਹ ਅੰਤਮ ਤੇਰੇ ਪੱਖ ਦਾ, ਤੇਰਾ ਰੂਪ ਵਟਾਈਆ। ਬਿਨ ਤੇਰੇ ਖ਼ੁਸ਼ੀ ਨਾਲ ਕਿਸੇ ਨਾਲ ਨਹੀਂ ਹੱਸਦਾ, ਤੇਰੀ ਹਸਤੀ ਵੇਖ ਮਸਤੀ ਲਏ ਚੜ੍ਹਾਈਆ। ਤੇਰੇ ਵਿਛੋੜੇ ਵੈਰਾਗ ਅੰਦਰ ਬਵਰਾ ਹੋ ਕੇ ਨੱਚਦਾ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਤੁਧ ਬਿਨ ਕੋਈ ਨਾ ਮੇਲੀ ਸਾਚੇ ਇਕੱਠ ਦਾ, ਦੀਨ ਮਜ਼੍ਹਬ ਪਈ ਜੁਦਾਈਆ। ਜ਼ਾਤ ਪਾਤ ਪਤ ਕੋਈ ਨਾ ਰੱਖਦਾ, ਗੁਰ ਅਵਤਾਰ ਪੀਰ ਪੈਗ਼ੰਬਰ ਘਰ ਸਾਚੇ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸਾਹਿਬ ਸੱਜਣ ਤੁਧ ਬਿਨ ਸੰਗੀ ਨਜ਼ਰ ਕੋਈ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਆਪਣਾ ਪਿਆਰ, ਪਿਆਰਿਆਂ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਨੂੰ ਧੱਕੇ ਦੇਵੇ ਸੰਸਾਰ, ਜਗਤ ਕਰੇ ਖ਼ੁਆਰ, ਸੱਜਣ ਬੈਠੇ ਮੁਖ ਭੁਆਈਆ। ਉਹ ਅੰਦਰੇ ਅੰਦਰ ਕਰਨ ਪੁਕਾਰ, ਕਾਇਆ ਮੰਦਰ ਸਚ ਵਿਚਾਰ, ਬਾਹਰੋਂ ਖੋਜਣ ਕੋਇ ਨਾ ਜਾਈਆ । ਤੂੰ ਮਾਲਕ ਸਿਰਜਣਹਾਰ, ਨਿਰਗੁਣ ਸਰਗੁਣ ਅਗੰਮੀ ਗੁਫ਼ਤਾਰ, ਗੁਫ਼ਤ ਸ਼ਨੀਦ ਤੇਰਾ ਖੇਲ ਨਜ਼ਰੀ ਆਈਆ। ਤੂੰ ਯਾਰਾਂ ਦਾ ਯਾਰ, ਏਥੇ ਉਥੇ ਬਣੇਂ ਸਹਾਰ, ਦੋ ਜਹਾਨ ਤੇਰੀ ਵਡਿਆਈਆ। ਸੰਤ ਸੁਹੇਲੇ ਫੜ ਬਾਹੋਂ ਲਏਂ ਉਠਾਲ, ਲੱਖ ਚੁਰਾਸੀ ਵੇਖ ਵਖਾਈਆ। ਨਾਤਾ ਤੋੜ ਸ਼ਾਹ ਕੰਗਾਲ, ਸੰਤ ਸੱਜਣ ਰੰਗ ਰੰਗਾਈਆ। ਗੁਰਮੁਖ ਵੇਖ ਅਗੰਮੜੇ ਲਾਲ, ਲਾਲਨ ਆਪਣੀ ਦਇਆ ਕਮਾਈਆ। ਗੁਰਸਿਖ ਜਗਤ ਮਾਇਆ ਵਿਚੋਂ ਕਰ ਬਹਾਲ, ਬੰਦੀਖ਼ਾਨਾ ਦੇ ਖੁਲ੍ਹਾਈਆ। ਤੇਰਾ ਚਰਨ ਕਵਲ ਸਚ ਦਵਾਰ ਸੱਚੀ ਧਰਮਸਾਲ, ਦੂਜਾ ਮੰਦਰ ਨਜ਼ਰ ਕੋਇ ਨਾ ਆਈਆ। ਜਿਥੇ ਨਮੋਂ ਨਮੋਂ ਕਰਨ ਸ਼ਾਹ ਕੰਗਾਲ, ਊਚ ਨੀਚ ਸਾਰੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਰਬ ਸਵਾਮੀ ਆ ਕੇ ਆਪਣੀ ਸ੍ਰਿਸ਼ਟ ਸੰਭਾਲ, ਡੋਰੀ ਤੇਰੇ ਹੱਥ ਨਜ਼ਰੀ ਆਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਜਲਵਾ ਦੇ ਕਮਾਲ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਮਾਲਕ ਖ਼ਾਲਕ ਪ੍ਰਿਤਪਾਲਕ ਤੇਰੀ ਇਕ ਸਰਨਾਈਆ। ਗੁਰ ਅਵਤਾਰ ਕਹਿਣ

ਪ੍ਰਭ ਵਿਸ਼ਵ ਵੇਖ ਆਪਣੀ ਕੁਲ, ਕੁਲਵੰਤਾ ਹੋ ਕੇ ਫੇਰੀ ਪਾਈਆ। ਤੇਰੀ ਸਿਖਿਆ ਸਾਰੇ ਗਏ ਭੁੱਲ, ਜੋ ਗੁਰ ਅਵਤਾਰਾਂ ਕਰੀ ਪੜ੍ਹਾਈਆ। ਮਾਇਆ ਅੰਦਰ ਗਏ ਰੁਲ, ਮਾਣਕ ਮੋਤੀ ਕੀਮਤ ਸਚ ਨਾ ਕੋਇ ਜਣਾਈਆ। ਗੁੰਚਿਆਂ ਵਾਲੇ ਖਿਲ ਕੇ ਫੁੱਲ, ਪਾਤੀ ਪਾਤੀ ਰਹੀ ਕੁਰਲਾਈਆ। ਸਿਮਲ ਵਾਂਗ ਗਏ ਹੁਲ, ਫਲ ਫੁੱਲ ਸੋਭਾ ਕੋਇ ਨਾ ਆਈਆ। ਬੇਸ਼ਕ ਇਨ੍ਹਾਂ ਦੇ ਬਾਹਰੋਂ ਹਿਲਦੇ ਬੁੱਲ, ਅੰਦਰੋਂ ਤੇਰਾ ਧਿਆਨ ਨਾ ਕੋਇ ਲਗਾਈਆ। ਅੰਮ੍ਰਿਤ ਆਤਮ ਸਭ ਦਾ ਗਿਆ ਡੁਲ੍ਹ, ਰਸ ਜਾਮ ਨਾ ਕੋਇ ਪਿਲਾਈਆ। ਤੇਰੇ ਕੰਡੇ ਤਰਾਜ਼ੂ ਨਾਮ ਕੋਈ ਨਾ ਗਿਆ ਤੁਲ, ਜਗ ਤੱਕੜ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕਲ ਕਲਕੀ, ਕਲ ਕਾਤੀ ਵੇਖ ਵਖਾਈਆ। ਤੇਰੀ ਖੇਲ ਅਬਚਲ ਕੀ, ਨਗਰੀ ਇਕੋ ਸੋਭਾ ਪਾਈਆ। ਤੇਰੀ ਜੋਤ ਅਗੰਮੀ ਬਲਦੀ, ਬਲਧਾਰੀ ਤੇਰੀ ਵਡਿਆਈਆ। ਤੇਰੀ ਖੇਲ ਅਛਲ ਅਛੱਲ ਦੀ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਕਲਜੁਗ ਮਾਇਆ ਕੂੜੀ ਕਿਰਿਆ ਜੀਵ ਜਹਾਨਾਂ ਦਲਦੀ, ਦਲਿੱਦ੍ਰ ਦਿਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਸ੍ਰੀ ਭਗਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਕਹਿਣ ਪ੍ਰਭ ਵੇਖ ਵਿਚੋਂ ਝਰੋਖੇ, ਸਚਖੰਡ ਕੁੰਡਾ ਇਕ ਖੁਲ੍ਹਾਈਆ। ਕਲਜੁਗ ਅੰਤਮ ਗੁਰੂ ਹੋ ਗਏ ਬਹੁਤੇ, ਬਿਨ ਤੇਰੇ ਕਾਜ ਰਾਸ ਕਿਸੇ ਨਾ ਆਈਆ। ਸਾਰੇ ਪੜ੍ਹ ਪੜ੍ਹ ਥੱਕੇ ਪੋਥੇ, ਪੁਸਤਕਾਂ ਕਰਨ ਪੜ੍ਹਾਈਆ। ਅੰਦਰੋਂ ਬਾਹਰੋਂ ਆਪ ਥੋਥੇ, ਹੋਛੀ ਮਤ ਰਖਾਈਆ। ਜਗਤ ਚੜ੍ਹਾਉਂਦੇ ਨਈਆ ਨੌਕੇ, ਆਪ ਅਨਤਾਰੂ ਡੁਬ ਡੁਬ ਗੋਤੇ ਖਾਈਆ। ਤੇਰਾ ਗੀਤ ਜਗਤ ਸੁਣਾਉਂਦੇ, ਆਪ ਸਮਝ ਕਿਸੇ ਨਾ ਆਈਆ। ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਵਿਕਾਰ ਕਰਨ ਮਨ ਭਾਉਂਦੇ, ਵਿਸ਼ਿਆਂ ਵਿਚ ਭਰਮ ਭੁਲਾਈਆ। ਤੇਰੀ ਸੇਜਾ ਚੜ੍ਹ ਕੇ ਮੂਲ ਨਾ ਸੌਂਦੇ, ਹਰਿ ਹਰਿ ਕੰਤ ਨਾ ਕੋਇ ਹੰਢਾਈਆ। ਹੰਸ ਰੂਪ ਵਟਾਏ ਕਾਉਂ ਕੇ, ਕਾਗ ਵਾਂਗ ਰਹੇ ਕੁਰਲਾਈਆ। ਦੁਰਮਤ ਮੈਲ ਮੂਲ ਨਾ ਧੁਆਉਂਦੇ, ਸਤਿਗੁਰ ਚਰਨ ਧੂੜੀ ਖ਼ਾਕ ਨਾ ਰਮਾਈਆ। ਘਰ ਵਿਚ ਘਰ ਤੇਰਾ ਦਰਸ ਨਾ ਪਾਉਂਦੇ, ਬਾਹਰ ਖੋਜਣ ਵਾਂਗ ਸ਼ੌਦਾਈਆ। ਸੁੰਞੀ ਮੰਜ਼ਲ ਪੰਧ ਨਾ ਕੋਇ ਮੁਕਾਉਂਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਤੁਧ ਬਿਨ ਮਾਲਕ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਉਠ ਉਠ ਜਾਗ, ਤੇਰਾ ਜਾਗਣ ਵੇਲਾ ਆਇਆ। ਜਨ ਭਗਤਾਂ ਬਣ ਕੰਤ ਸੁਹਾਗ, ਸਾਚੇ ਸੰਤਾਂ ਸੇਜ ਸੁਹਾਇਆ। ਗੁਰਮੁਖਾਂ ਦੇ ਇਕ ਵੈਰਾਗ, ਗੁਰਸਿਖਾਂ ਆਪਣਾ ਰੰਗ ਰੰਗਾਇਆ। ਕੂੜੀ ਕਿਰਿਆ ਕਰ ਤਿਆਗ, ਵਡਭਾਗੀ ਆਪਣਾ ਦਰਸ ਵਖਾਇਆ। ਘਰ ਦੀਪਕ ਜੋਤ ਜਗਾ ਚਰਾਗ਼, ਤੇਲ ਬਾਤੀ ਲੋੜ ਰਹੇ ਨਾ ਰਾਇਆ। ਸ਼ਬਦ ਅਗੰਮੀ ਮਾਰ ਆਵਾਜ਼, ਸੁਰਤੀ ਸੁਰਤ ਲਏ ਉਠਾਇਆ। ਅੰਦਰ ਵੜ ਕੇ ਖੋਲ੍ਹ ਰਾਜ਼, ਪੜਦਾ ਦੂਈ ਦੇ ਚੁਕਾਇਆ। ਲੇਖਾ ਚੁੱਕੇ ਜਗਤ ਨਿਮਾਜ਼, ਹੁਜਰੇ ਸੀਸ ਨਾ ਕੋਇ ਨਿਵਾਇਆ। ਕਿਰਪਾ ਕਰ ਵਡ ਨਵਾਬ, ਮਹਿਬੂਬ ਤੇਰਾ ਰਾਹ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਅੰਤਮ ਵਰ, ਅੰਤਰ ਆਤਮ ਖੋਜ ਖੁਜਾਇਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਆਪਣੀ ਆਤਮ, ਅੰਤਰ ਅੰਤਰ ਧਿਆਨ ਲਗਾਈਆ। ਤੂੰ ਮਾਲਕ ਪਰਮ ਪਰਮਾਤਮ, ਪਰਮ ਪੁਰਖ ਤੇਰੀ ਵਡਿਆਈਆ।

ਤੇਰਾ ਖੇਲ ਅਗੰਮੀ ਬਾਤਨ, ਬੇਨਜ਼ੀਰ ਤੇਰੀ ਸਰਨਾਈਆ। ਸ਼ਾਸਤਰ ਸਿਮਰਤ ਤੇਰੀ ਸਿਫ਼ਤ ਸਾਲਾਹੀ ਆਖਣ, ਅੱਖਰਾਂ ਨਾਲ ਸਮਝਾਈਆ। ਤੂੰ ਮਾਲਕ ਖ਼ਾਲਕ ਸਾਥਨ, ਗਹਿਰ ਗੰਭੀਰ ਸਦਾ ਸਦ ਅਖਵਾਈਆ। ਲੇਖਾ ਚੁਕਾ ਜ਼ਾਤ ਪਾਤਨ, ਬ੍ਰਹਮ ਪਾਰਬ੍ਰਹਮ ਸਮਝਾਈਆ । ਕਲਜੁਗ ਮੇਟ ਅੰਧੇਰੀ ਰਾਤਨ, ਸਤਿਜੁਗ ਸੱਚਾ ਚੰਦ ਚਮਕਾਈਆ। ਲਹਿਣਾ ਚੁੱਕੇ ਪ੍ਰਿਥਮੀ ਆਕਾਸਨ, ਗਗਨ ਮੰਡਲ ਪੁਰੀ ਲੋਅ ਆਕਾਸ਼ਨ, ਪਰਕਾਸ਼ ਤੇਰਾ ਨਜ਼ਰੀ ਆਈਆ। ਜਨ ਭਗਤਾਂ ਬਣ ਸਾਥਣ, ਸ਼ਬਦ ਦੇ ਅਗੰਮੀ ਰਾਥਣ, ਬਣ ਰਥਵਾਹੀ ਸੇਵ ਕਮਾਈਆ। ਕੋਈ ਲੋੜ ਨਾ ਰਹੇ ਰਸਨਾ ਦੇਣ ਦੀ ਭਾਸ਼ਣ, ਅੰਦਰ ਵੜ ਕੇ ਅੰਦਰੋਂ ਲਏ ਉਠਾਈਆ। ਤੇਰੀ ਸ੍ਰਿਸ਼ਟੀ ਤੇਰੀ ਦ੍ਰਿਸ਼ਟੀ ਤੂੰ ਸਭ ਦਾ ਇਸ਼ਟੀ ਪਰਮ ਪੁਰਖ ਪਰਮਾਤਮ, ਆਤਮ ਪਰਮਾਤਮ ਬੇਪਰਵਾਹੀਆ। ਪ੍ਰੇਮ ਪਿਆਰ ਦਾ ਜੋੜ ਨਾਤਨ, ਰਿਸ਼ਤਾ ਇਕੋ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਧੁਰ ਦਾ ਵਰ, ਵਰ ਦਾਤੇ ਪੁਰਖ ਬਿਧਾਤੇ, ਤੇਰੀ ਵਸਤ ਤੇਰੇ ਦਵਾਰੇ ਮੰਗ ਮੰਗਾਈਆ।