ਪੁਸਤਕਾਲਾਭਾਗ ੧੭

ਪਹਿਲੀ ਕੱਤਕ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਮੇਰਾ ਇਸ਼ਟ, ਇਸ਼ਟ ਆਪਣਾ ਗਏ ਭੁਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਕੇ ਆਪਣੀ ਫ਼ਰਿਸ਼ਤ, ਫ਼ੈਸਲਾ ਤੇਰੇ ਹੱਥ ਰਖਾਈਆ। ਨਾਤਾ ਛੋੜ ਕੇ ਦੋਜ਼ਖ਼ ਬਹਿਸ਼ਤ, ਸਵਰਗ ਜੱਨਤ ਪੰਧ ਮੁਕਾਈਆ। ਲੱਖ ਚੁਰਾਸੀ ਵੇਖ ਕੇ ਜੀਵ ਜੰਤ ਸ੍ਰਿਸ਼ਟ, ਸਾਹਿਬ ਸਚ ਸਚ ਦ੍ਰਿੜਾਈਆ। ਖੁਲ੍ਹੀ ਕਿਸੇ ਨਾ ਵੇਖੀ ਦ੍ਰਿਸ਼ਟ, ਪਰਦਾ ਸਕਿਆ ਨਾ ਕੋਇ ਉਠਾਈਆ। ਮਨ ਵਾਸਨਾ ਮਤ ਮਤਵਾਲੀ ਭੋਗੇ ਗ੍ਰਿਸਤ, ਕੰਤ ਸੁਹਾਗੀ ਨਾਰ ਨਾ ਕੋਇ ਹੰਢਾਈਆ। ਨਿਤ ਨਵਿਤ ਜੋ ਤੇਰੇ ਹੁਕਮੇ ਅੰਦਰ ਕਰ ਕੇ ਆਏ ਬਖ਼ਸ਼, ਬਖ਼ਸ਼ਿਸ਼ ਰਹਿਮਤ ਤੇਰੀ ਨਜ਼ਰੀ ਆਈਆ। ਸਦੀ ਬੀਸਵੀਂ ਸਭ ਦਾ ਚੁੱਕਿਆ ਵਕਤ, ਵੇਲਾ ਦਏ ਗਵਾਹੀਆ। ਧੁਰ ਦਾ ਲੇਖਾ ਕਦੇ ਨਾ ਹੋਵੇ ਵਿਚ ਫ਼ਰਕ, ਫ਼ੈਸਲਾ ਸਭ ਦਾ ਦੇ ਜਣਾਈਆ। ਸ੍ਰੀ ਭਗਵਾਨ ਤੇਰੇ ਉਪਰ ਕਿਸੇ ਨਾ ਕੋਈ ਹਰਖ਼, ਚਿੰਤਾ ਸੋਗ ਨਾ ਕੋਇ ਜਣਾਈਆ। ਜੁਗ ਜੁਗ ਤੇਰਾ ਸੰਦੇਸਾ

ਦੇ ਕੇ ਆਏ ਨਿਧੜਕ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਸਰਗੁਣ ਸਰਗੁਣ ਨਾਲ ਲਾ ਕੇ ਆਏ ਸ਼ਰਤ, ਸੋਹਣਾ ਰੰਗ ਵਖਾਈਆ । ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਵੇ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਜਿਸ ਦੀ ਚਾਲ ਨਿਰਾਲੀ ਅਨੋਖੀ ਵੱਖਰੀ ਮਟਕ, ਛੈਲ ਛਬੀਲਾ ਨੂਰ ਖ਼ੁਦਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਦੋ ਜਹਾਨ ਨਾ ਜਾਏ ਅਟਕ, ਜ਼ਿਮੀਂ ਅਸਮਾਨ ਚਰਨਾਂ ਹੇਠ ਦਬਾਈਆ। ਧੁਰ ਫ਼ਰਮਾਨ ਨੌਜਵਾਨ ਰਾਜ ਰਾਜਾਨ ਜਣਾਏ ਸਖ਼ਤ, ਸਖ਼ਤੀ ਬੇਜ਼ਬਾਨ ਆਪ ਅਲਾਈਆ। ਭਗਤਾਂ ਮੇਟੇ ਜਨਮ ਕਰਮ ਦੀ ਹਰਸ, ਹਵਸ ਦਏ ਗਵਾਈਆ। ਗ਼ਰੀਬ ਨਿਮਾਣਿਆਂ ਉਤੇ ਕਰੇ ਤਰਸ, ਮਿਹਰ ਨਜ਼ਰ ਉਠਾਈਆ। ਕੂੜੀ ਕਿਰਿਆ ਬੰਦ ਕਰੇ ਧੜਤ, ਹਰਿ ਕਾ ਨਾਮ ਹੱਟ ਨਾ ਕੋਇ ਵਿਕਾਈਆ । ਸ਼ਬਦ ਖੰਡਾ ਉਠਾਏ ਇਕੋ ਖੜਗ, ਖ਼ਾਲਸ ਆਪਣਾ ਰੰਗ ਰੰਗਾਈਆ। ਲੇਖਾ ਚੁਕਾਵੇ ਰਾਮ ਭਰਤ, ਭਰਮ ਭੌ ਆਪ ਚੁਕਾਈਆ। ਅਧਵਿਚਕਾਰ ਜੋ ਮਾਨਸ ਮਨੁੱਖ ਰਹੇ ਲਟਕ, ਜੀਵ ਜੰਤ ਖੋਜ ਖੁਜਾਈਆ। ਵੇਖ ਵਖਾਏ ਧਰਨੀ ਧਵਲ ਧਰਤ, ਧਰਮ ਧਾਰ ਬੇਪਰਵਾਹੀਆ। ਪੜਦਾ ਲਾਹ ਕੇ ਅਰਸ਼ ਫ਼ਰਸ਼, ਦੋ ਜਹਾਨਾਂ ਹੋਏ ਸਹਾਈਆ। ਜੋਧਾ ਸੂਰਬੀਰ ਬਣ ਕੇ ਮਰਦ, ਮਰਦਾਨਾ ਇਕ ਅਖਵਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡੇ ਦਰਦ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਸ਼ਰਅ ਕਸਾਈ ਚਲਾਏ ਨਾ ਕੋਈ ਕਰਦ, ਕਤਲਗਾਹ ਨਾ ਕੋਇ ਵਖਾਈਆ। ਰਾਗ ਨਾਦ ਢੋਲਾ ਸੁਣਾਏ ਅਗੰਮੀ ਤਰਜ਼, ਛੱਤੀ ਰਾਗ ਸਮਝ ਨਾ ਪਾਈਆ। ਸਚਖੰਡ ਨਿਵਾਸੀ ਕੱਢ ਆਪਣੀ ਉਹ ਫ਼ਰਦ, ਜਿਸ ਦਾ ਲੇਖਾ ਨਿਰਅੱਖਰ ਵਿਚ ਲਿਖਾਈਆ। ਤੇਰੇ ਦਰ ਤੇ ਸਾਰੇ ਦੇਣ ਆਏ ਤੇਰਾ ਕਰਜ਼, ਹਿਸਾਬ ਤੇਰੇ ਹੱਥ ਫੜਾਈਆ। ਸਦੀ ਵੀਹਵੀਂ ਵੇਖ ਖੇਲ ਅਸਚਰਜ, ਅਚਰਜ ਤੇਰੀ ਬਣਤ ਨਜ਼ਰੀ ਆਈਆ। ਕੂੜੀ ਕਿਰਿਆ ਚਾਰ ਕੁੰਟ ਗੁਬਾਰ ਗਰਦ, ਗਰਦਸ਼ ਵਿਚ ਸਰਬ ਲੋਕਾਈਆ। ਸਾਚੇ ਮੰਦਰ ਸਾਢੇ ਤਿੰਨ ਹੱਥ ਚੜ੍ਹੇ ਕੋਈ ਨਾ ਚੜ੍ਹਤ, ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਫੋਲ ਪੋਥੀ, ਪੁਸਤਕ ਤੇਰੇ ਅੱਗੇ ਰਖਾਈਆ। ਸ੍ਰਿਸ਼ਟ ਸਬਾਈ ਤੇਰੀ ਖੋਟੀ, ਕਲਜੁਗ ਕੂੜ ਵਡਿਆਈਆ । ਮੰਦਰ ਚੜ੍ਹਿਆ ਸਾਧ ਕੋਈ ਨਾ ਚੋਟੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਭੱਜੇ ਫਿਰਦੇ ਖ਼ਾਤਰ ਰੋਟੀ, ਅੰਮ੍ਰਿਤ ਜਾਮ ਰਸ ਨਾ ਕੋਇ ਚਖਾਈਆ । ਸੁਰਤ ਸਵਾਣੀ ਸਭ ਦੀ ਹੋ ਗਈ ਕਮਲੀ ਕੋਝੀ, ਮਿਲੇ ਮੇਲ ਨਾ ਬੇਪਰਵਾਹੀਆ। ਕਿਸੇ ਕੰਮ ਨਹੀਂ ਆਉਣਾ ਜੰਞੂ ਬੋਦੀ, ਕੇਸ ਸੀਸ ਜਗਦੀਸ ਨਾ ਕੋਇ ਵਡਿਆਈਆ। ਬਿਨ ਤੇਰੇ ਭਗਤਾਂ ਬਣਿਆ ਕੋਈ ਨਾ ਸੱਚਾ ਖੋਜੀ, ਖੋਜ ਖੋਜ ਥੱਕੀ ਸਰਬ ਲੋਕਾਈਆ। ਤੂੰ ਪਰਮ ਪੁਰਖ ਅਕਾਲ ਧੁਰ ਦਾ ਚੋਜੀ, ਚੋਲਾ ਆਪਣਾ ਲਿਆ ਬਦਲਾਈਆ। ਗੁਰਮੁਖਾਂ ਦਾ ਬਣ ਕੇ ਆਇਉਂ ਧੋਬੀ, ਦੁਰਮਤ ਮੈਲ ਧੁਆਈਆ। ਅੰਦਰ ਵੜਕੇ ਦਿਤੀ ਆਪਣੀ ਸੋਝੀ, ਸੋਈ ਸੁਰਤ ਉਠਾਈਆ। ਬੇਸ਼ਕ ਤਾਅਨੇ ਦੇਵਣ ਲੋਕੀ, ਚੌਦਾਂ ਲੋਕ ਪੰਧ ਦਿਤਾ ਮੁਕਾਈਆ। ਅੱਗੇ ਘਾਟੀ ਰਹਿਣ ਨਾ ਦਿਤੀ ਔਖੀ, ਰਾਏ ਧਰਮ ਨਾ ਦਏ ਸਜ਼ਾਈਆ। ਤੇਰੀ ਵੇਖ ਕੇ ਜਗਦੀ ਜੋਤੀ, ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਬਿਗਸਾਈਆ। ਤੇਰੀ ਖ਼ੁਮਾਰੀ ਸਦਾ ਮਦਹੋਸ਼ੀ, ਮਿਸਲ ਜਗਤ ਨਾ ਕੋਇ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੂੰ ਰੱਖੀ ਆਪ ਖ਼ਾਮੋਸ਼ੀ, ਸੁਖ਼ਨ ਸਤਿ ਨਾ ਕੋਇ ਦ੍ਰਿੜਾਈਆ । ਧੰਨ ਵਡਿਆਈ ਓਸ ਰਵਦਾਸ ਚਮਾਰੇ ਮੋਚੀ, ਜਿਸ ਨੇ ਸਭ ਦੇ ਮਚਲਕੇ ਦਿਤੇ ਲਿਖਾਈਆ। ਤੂੰ ਵੇਖਣਹਾਰਾ ਦੋਸ਼ੀ ਨਿਰਦੋਸ਼ੀ, ਨਿਰਗੁਣ ਸਰਗੁਣ

ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਆਹ ਲੈ ਆਪਣੇ ਗ੍ਰੰਥ, ਹਰਫ਼ ਹਰੂਫ਼ ਤੇਰੀ ਝੋਲੀ ਪਾਈਆ। ਚੱਕਰ ਗਦਾ ਲੈ ਧੁਰ ਦਾ ਸੰਖ, ਸੁਦਰਸ਼ਨ ਤੇਰੀ ਸਰਨਾਈਆ। ਤੇਰੇ ਰੂਪ ਵੇਖ ਅਨੰਤ, ਬੇਅੰਤ ਤੇਰਾ ਜਸ ਗਾਈਆ। ਤੂੰ ਬੋਧ ਅਗਾਧਾ ਧੁਰ ਦਾ ਪੰਡਤ, ਆਦਿ ਜੁਗਾਦਿ ਕਰੇਂ ਪੜ੍ਹਾਈਆ। ਦਰ ਸਵਾਲੀ ਤੇਰੇ ਮੰਗਤ, ਦਰਵੇਸ਼ ਸੀਸ ਝੁਕਾਈਆ। ਸਦੀ ਚੌਧਵੀਂ ਸਾਰੇ ਹੋਏ ਨੰਗਤ, ਈਸਾ ਮੂਸਾ ਮੁਹੰਮਦ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰਾ ਈਮਾਨ, ਅਮਲਾਂ ਵਿਚ ਨਾ ਕੋਇ ਜਣਾਈਆ। ਆਹ ਲੈ ਅੱਖਰਾਂ ਵਾਲੀ ਲਿਖੀ ਕੁਰਾਨ, ਅਲਫ਼ ਯੇ ਤੇਰੀ ਝੋਲੀ ਪਾਈਆ। ਅਸੀਂ ਤੱਕੀਏ ਤੇਰਾ ਉਹ ਨਿਸ਼ਾਨ, ਬੇਨਿਸ਼ਾਨ ਦੇਣਾ ਸਮਝਾਈਆ। ਜਿਥੇ ਨਾ ਕੋਈ ਸ਼ਰਅ ਨਾ ਈਮਾਨ, ਨਾ ਕੋਈ ਸੱਯਦਾ ਸੀਸ ਝੁਕਾਈਆ। ਨਾ ਸੰਦੇਸਾ ਨਾ ਪੈਗ਼ਾਮ, ਨਾ ਪੈਗ਼ੰਬਰ ਕਰੇ ਪੜ੍ਹਾਈਆ। ਨਾ ਨਾਤਾ ਨਾ ਮਹਿਮਾਨ, ਮਿਹਰਵਾਨ ਇਕੋ ਨਜ਼ਰੀ ਆਈਆ। ਜਿਥੇ ਵਸੇ ਨਾ ਕਦੇ ਸ਼ੈਤਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰਾ ਪੜ੍ਹੀਏ ਸਬਕ, ਸੰਥਾ ਇਕੋ ਸੱਚੀ ਭਾਈਆ। ਤੂੰ ਨਿਗਾਹਬਾਨ ਹੋ ਕੇ ਮਹਿਬਾਨ ਬੀਦੋ ਆਇਆ ਪਰਤ, ਸ੍ਰੀ ਭਗਵਾਨ ਸੱਚਾ ਸ਼ਹਿਨਸ਼ਾਹੀਆ। ਨਿਜ ਨੇਤਰ ਲੋਚਣ ਕਰ ਕੇ ਤੇਰਾ ਦਰਸ, ਬਣ ਦਾਸੀ ਦਾਸ ਸੀਸ ਝੁਕਾਈਆ। ਤੇਰਾ ਜਲਵਾ ਤੱਕ ਕੇ ਉਤੇ ਅਰਸ਼, ਆਰਜ਼ੂ ਇਕ ਜਣਾਈਆ। ਤੇਰੀ ਰਹਿਮਤ ਵਿਚ ਨਾ ਆਵੇ ਫ਼ਰਕ, ਫ਼ੈਸਲਾ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹੋ ਬਸਤੇ, ਹਰਿ ਕਰਤਾ ਆਪ ਜਣਾਈਆ। ਕਲਜੁਗ ਜੀਵ ਜੰਤ ਵੇਖੋ ਮਸਤੇ, ਕੂੜੀ ਕਿਰਿਆ ਨਾਲ ਰਲਾਈਆ। ਹਰਿ ਕੇ ਨਾਮ ਸਭ ਨੇ ਕੀਤੇ ਸਸਤੇ, ਗੁਰ ਗੁਰ ਸ਼ਬਦ ਕੌਡੀ ਹੱਟ ਵਿਕਾਈਆ। ਸਾਧ ਸੰਤ ਧੁਰ ਦਾ ਮਾਰਗ ਮੂਲ ਨਾ ਦੱਸਦੇ, ਆਪਣਾ ਆਪ ਰਹੇ ਵਡਿਆਈਆ। ਨੌ ਦਵਾਰੇ ਸਾਰੇ ਵਸਦੇ, ਸਾਚੇ ਘਰ ਬਹਿ ਖ਼ੁਸ਼ੀ ਨਾ ਕੋਇ ਮਨਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਹੱਸਦੇ, ਸਤਿਗੁਰ ਸ਼ਬਦ ਨਾ ਕੋਇ ਸ਼ਨਵਾਈਆ। ਪਰਮ ਪੁਰਖ ਪਰਮਾਤਮ ਕੋਲੋਂ ਦੂਰ ਦੂਰ ਨੱਸਦੇ, ਨੇੜੇ ਹੋ ਨਾ ਦਰਸਨ ਪਾਈਆ। ਮਾਲਕ ਬਣ ਕੇ ਤਤ ਅੱਠ ਦੇ, ਨੌ ਦਵਾਰੇ ਬੈਠੇ ਖੁਲ੍ਹਾਈਆ। ਕੋਈ ਭੇਵ ਨਾ ਜਾਣੇ ਆਪਣੇ ਘਟ ਦੇ, ਘਟੀਆ ਹੋ ਕੇ ਆਪਣਾ ਆਪ ਰਹੇ ਗਵਾਈਆ। ਮਣਕਿਆਂ ਨਾਲ ਮਾਲਾ ਝੂਠੀ ਰਟਦੇ, ਹਿਰਦੇ ਹਰਿ ਨਾ ਕੋਇ ਵਸਾਈਆ। ਬਿਨ ਤੇਰਿਆਂ ਭਗਤਾਂ ਸੱਚਾ ਲਾਹਾ ਕੋਈ ਨਾ ਖਟਦੇ, ਖਟਕੇ ਵਿਚ ਸਰਬ ਲੋਕਾਈਆ । ਰਸਨਾ ਜਿਹਵਾ ਜਗਤ ਹਲਾਲੀ ਖਾਂਦੇ ਝਟਕੇ, ਝਟਕਾ ਮਨ ਨਾ ਕੋਇ ਕਰਾਈਆ। ਕੋਈ ਰੰਗ ਨਾ ਜਾਣੇ ਸਾਚੇ ਪਿਤ ਦੇ, ਪਤਿਪਰਮੇਸ਼ਵਰ ਤੇਰੀ ਸੇਜ ਨਾ ਕੋਇ ਹੰਢਾਈਆ। ਜਗਤ ਨਾਤੇ ਕੂੜੀ ਅੱਖ ਦੇ, ਗੁਰਮੁਖ ਅੰਤਰ ਅੱਖ ਇਕੋ ਨਜ਼ਰੀ ਆਈਆ। ਸੋ ਸੱਜਣ ਸੁਹੇਲੇ ਜੋ ਤੇਰੇ ਅੰਦਰ ਵਸਦੇ, ਵਾਸਤਾ ਤੇਰੇ ਨਾਲ ਜੁੜਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਓਨ੍ਹਾਂ ਦੇ ਲੇਖੇ ਦੱਸਦੇ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਉਹ ਚੇਲੇ ਗੁਰੂ ਮਾਲਕ ਓਸ ਸਮਰਥ ਦੇ, ਜਿਸ ਦੀ ਸਮੱਸਿਆ ਸਮਝ ਕਿਸੇ ਨਾ ਆਈਆ। ਸਚ ਦਵਾਰੇ ਓਥੇ ਵਸਦੇ, ਜਿਥੇ ਵਸਲ ਬੇਪਰਵਾਹੀਆ। ਉਹ

ਮਾਲਕ ਹਕੀਕਤ ਹਕ ਦੇ, ਜਿਨ੍ਹਾਂ ਹਾਕਮ ਮਿਲਿਆ ਨੂਰ ਖ਼ੁਦਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਤੇਰੇ ਦਰ ਤੇ ਲੇਖੇ ਨਹੀਂ ਸ਼ੱਕ ਦੇ, ਸ਼ਿਕਵੇ ਸਾਰੇ ਦਿਤੇ ਗਵਾਈਆ। ਧੰਨ ਵਡਿਆਈ ਜੋ ਤੇਰੇ ਤੈਨੂੰ ਵੇਖ ਕਦੇ ਨਾ ਥੱਕਦੇ, ਨਿਤ ਨਵਿਤ ਤੇਰੀ ਓਟ ਰਖਾਈਆ। ਉਹ ਭੁੱਖੇ ਤੇਰੇ ਜਸ ਦੇ, ਵੇਦ ਪੁਰਾਨਾਂ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਦੱਸਣ ਸਲਾਹ, ਸਾਹਿਬ ਸਚ ਜਣਾਈਆ। ਜੁਗ ਚੌਕੜੀ ਫੇਰਾ ਆਏ ਪਾ, ਹੋਕਾ ਦੇ ਕੇ ਜਗਤ ਲੋਕਾਈਆ । ਤੇਰਾ ਪ੍ਰਭੂ ਦ੍ਰਿੜਾ ਕੇ ਆਏ ਨਾਂ, ਨਾਉਂ ਨਿਰੰਕਾਰਾ ਇਕ ਸਮਝਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਪੜਦਾ ਆਏ ਖੁਲ੍ਹਾ, ਖ਼ਾਲਸ ਤੇਰਾ ਭੇਵ ਜਣਾਈਆ। ਰੱਬੀ ਨੂਰ ਰਹਿਬਰ ਇਕ ਖ਼ੁਦਾ, ਖ਼ੁਦ ਮਾਲਕ ਹਰ ਘਟ ਥਾਈਂਆ। ਜਿਸ ਨਾਲੋਂ ਹੋਏ ਜੁਦਾ, ਸੋ ਅੰਤਮ ਆਪਣੇ ਵਿਚ ਮਿਲਾਈਆ । ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਦੱਸਦੀ ਬਿਧਾ, ਬੰਦਨਾ ਸਾਰੇ ਰਹੇ ਕਰਾਈਆ। ਬਿਨ ਤੇਰੀ ਕਿਰਪਾ ਸ੍ਰੀ ਭਗਵਾਨ ਤੈਨੂੰ ਕੋਈ ਨਾ ਮਿਲੇ ਸਿੱਧਾ, ਅਗਲਾ ਪਿਛਲਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਆ ਵੇਖ ਪ੍ਰਭੂ ਉਹ ਲਿਖਤ, ਜਿਸਦਾ ਅੱਖਰ ਸਮਝ ਕੋਇ ਨਾ ਪਾਈਆ। ਗੋਬਿੰਦ ਅਰਬਾਂ ਖਰਬਾਂ ਵਿਚੋਂ ਥੋੜਾ ਦੱਸਿਆ ਭਵਿਖਤ, ਜ਼ਰਬਾਂ ਨਾਲ ਨਾ ਕੋਇ ਸਮਝਾਈਆ। ਤੇਰਾ ਹੁਕਮ ਵੇਖ ਅਸੀਂ ਸਾਰੇ ਆਪਣੀਆਂ ਗੱਦੀਆਂ ਤੋਂ ਆਏ ਖ਼ਿਸਕ, ਸਦੀਆਂ ਬੈਠੇ ਤੇਰਾ ਰਾਹ ਤਕਾਈਆ। ਦਰ ਆਇਆਂ ਮੂਲ ਨਾ ਦੇਵੀਂ ਝਿੜਕ, ਝਗੜਾ ਹੋਰ ਰਖਾਈਆ । ਅਸਾਂ ਵਿਰੋਲ ਵੇਖਿਆ ਸਮੁੰਦ ਸਾਗਰ ਰਿੜਕ, ਮਿੰਦਰਾ ਸੇਵ ਕਮਾਈਆ। ਬਿਨ ਤੇਰੀ ਕਿਰਪਾ ਕੋਇ ਨਾ ਕਰੇ ਤਰਸ, ਰਹਿਮ ਨਾ ਕੋਇ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇ ਇਕ ਵਰ, ਦਰ ਬੈਠੇ ਸੀਸ ਨਿਵਾਈਆ। ਸ੍ਰੀ ਭਗਵਾਨ ਕਹੇ ਸੁਣੋ ਪੈਗ਼ੰਬਰ ਪੀਰ ਗੁਰੂ ਅਵਤਾਰ, ਗਹਿਰ ਗੰਭੀਰ ਜਣਾਈਆ। ਚਾਰ ਜੁਗ ਦਾ ਜੋ ਪਿਛੇ ਦਿਤਾ ਇਖ਼ਤਿਆਰ, ਇਸ਼ਤਿਹਾਰਾਂ ਵਿਚ ਸਮਝਾਈਆ। ਸਦੀ ਵੀਹਵੀਂ ਸਭ ਦਾ ਚੁੱਕਿਆ ਗਿਆ ਇਤਬਾਰ, ਆਇਤ ਸ਼ਰਾਇਤ ਨਾ ਕੋਇ ਰਖਾਈਆ। ਦੋ ਜਹਾਨਾਂ ਮਦਦ ਨਾ ਕੋਈ ਮੱਦਦਗਾਰ, ਮੁੱਦਤ ਸਭ ਦੀ ਗਈ ਵਿਹਾਈਆ। ਆਪਣਾ ਆਪਣਾ ਲੇਖਾ ਸਾਰੇ ਲਵੋ ਨਿਕਾਲ, ਨਿੱਕਿਆਂ ਵੱਡਿਆਂ ਨਾਲ ਰਲਾਈਆ। ਬਚਿਆ ਰਹੇ ਨਾ ਕੋਈ ਦਸਰਥ ਬੇਟਾ ਰਾਮ, ਕਾਹਨ ਕ੍ਰਿਸ਼ਨ ਨਾ ਭੇਵ ਛੁਪਾਈਆ। ਈਸਾ ਮੂਸਾ ਮੁਹੰਮਦ ਦੇਣਾ ਨਾ ਕੋਈ ਅਲਜ਼ਾਮ, ਆਜ਼ਮ ਆਪਣਾ ਹੁਕਮ ਮਨਾਈਆ। ਨਾਨਕ ਗੋਬਿੰਦ ਵੇਖੇ ਖੇਲ ਮਹਾਨ, ਮਿਹਰਵਾਨ ਵੇਸ ਵਟਾਈਆ। ਭੇਵ ਚੁਕਾ ਕੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨਾਂ ਪੜਦਾ ਲਾਹੀਆ। ਲੱਖ ਚੁਰਾਸੀ ਅੰਦਰ ਵੜ ਕੇ ਮੰਦਰ ਚੜ੍ਹ ਕੇ ਵੇਖੇ ਸਚ ਇਮਾਮ, ਕਾਮਲ ਆਮਲ ਅਮਲਾਂ ਵਿਚ ਨਜ਼ਰ ਕੋਇ ਨਾ ਆਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਕਲਮਾ ਪੜ੍ਹੇ ਨਾ ਕੋਇ ਕਲਾਮ, ਕੁਤਬਖ਼ਾਨੇ ਦੇਣ ਗਵਾਹੀਆ। ਚੌਦਾਂ ਲੋਕ ਚੌਦਾਂ ਤਬਕ ਸਦੀ ਚੌਧਵੀਂ ਚੌਦਾਂ ਵਿਦਿਆ ਸੰਭਾਲ ਨਾ ਸਕੇ ਕੋਈ ਨਿਜ਼ਾਮ, ਨੌਬਤ ਸਚ ਨਾ ਕੋਇ ਵਜਾਈਆ। ਕਲਜੁਗ ਸਾਧ ਸੰਤ ਹੋਏ ਬਦਨਾਮ, ਬਦੀ ਘਰ ਘਰ ਡੇਰਾ ਲਾਈਆ । ਸਾਚਾ ਨਜ਼ਰ ਨਾ ਆਏ ਕਿਸੇ ਨਾਮ, ਸੰਦੇਸ਼ਾ ਹਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਫੋਲਣ ਵਰਕੇ, ਪੱਤਰਾ ਪੱਤਰਾ ਰਹੇ ਉਲਟਾਈਆ। ਸ੍ਰੀ ਭਗਵਾਨ ਆਏ ਤੇਰੇ ਦਰ ਤੇ, ਦਰਦ ਦੁੱਖ ਭੰਜਨ ਹੋ ਸਹਾਈਆ। ਅਸੀਂ ਲੇਖੇ ਦੱਸੀਏ ਘਰ ਘਰ ਦੇ, ਲੱਖ ਚੁਰਾਸੀ ਖੋਜ ਖੁਜਾਈਆ। ਕੋਟਨ ਕੋਟ ਜੀਵ ਨਿਤ ਨਿਤ ਮਰਦੇ, ਮਰ ਮਰ ਜੰਮਣ ਚਾਈਂ ਚਾਈਂਆ। ਕੋਟਨ ਕੋਟ ਤੇਰਾ ਅੱਖਰਾਂ ਵਾਲਾ ਨਾਮ ਪੜ੍ਹਦੇ, ਰਸਨਾ ਜਿਹਵਾ ਬੱਤੀ ਦੰਦ ਸਾਲਾਹੀਆ। ਕੋਟਨ ਕੋਟ ਪਰਬਤ ਚੋਟੀ ਚੜ੍ਹਦੇ, ਸਮੁੰੰਦ ਸਾਗਰ ਡੂੰਘੀ ਖਾਈ ਆਸਣ ਲਾਈਆ। ਕੋਟਨ ਕੋਟ ਪਾਣੀ ਠਰਦੇ, ਕੋਟਨ ਕੋਟ ਅਗਨੀ ਤਨ ਜਲਾਈਆ। ਕੋਟਨ ਕੋਟ ਮੰਦਰ ਮਸਜਿਦ ਸ਼ਿਵਦਵਾਲੇ ਵੜਦੇ, ਗੁਰੂਦਵਾਰ ਭੱਜਣ ਵਾਹੋ ਦਾਹੀਆ। ਕੋਟਨ ਕੋਟ ਸੱਯਦੇ ਨਿਉਂ ਨਿਉਂ ਕਰਦੇ, ਧੂੜੀ ਖ਼ਾਕ ਰਮਾਈਆ। ਕੋਟਨ ਕੋਟ ਗੁਰੂ ਚੇਲੇ ਬਣਦੇ, ਸਾਧ ਸੰਤ ਭੇਖ ਵਟਾਈਆ। ਕੋਟਨ ਕੋਟ ਦੀਨ ਮਜ਼੍ਹਬ ਵਿਚ ਬੈਠੇ ਲੜਦੇ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਵੰਡਾਈਆ । ਕੋਟਨ ਕੋਟ ਤੈਨੂੰ ਫਿਰਨ ਲੱਭਦੇ, ਥਲ ਸਾਗਰ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਬਿਨਾ ਭਗਤਾਂ ਪ੍ਰਭੂ ਤੇਰੇ ਦਰ ਕੋਈ ਨਾ ਫਬਦੇ, ਸਨਮੁਖ ਹੋ ਨਾ ਦਰਸ਼ਨ ਪਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਪਤਿਪਰਮੇਸ਼ਵਰ ਤੇਰੇ ਮੇਲੇ ਲੱਭਦੇ, ਲੋਕਮਾਤ ਵੱਜੇ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਤੇਰੇ ਦਰ ਤੇ ਕਰਦੇ ਸੱਯਦੇ, ਸਾਹ ਸਾਹ ਧਿਆਈਆ। ਤੇਰੇ ਭਗਤ ਤੇਰਾ ਨਾਮ ਲੈ ਕੇ ਗੱਜਦੇ, ਗ਼ਜ਼ਲ ਢੋਲਾ ਨਗ਼ਮਾ ਨਾਮ ਇਕ ਸੁਣਾਈਆ। ਬਿਨ ਡੰਡੇ ਪੌੜ੍ਹੀਉਂ ਮੰਜ਼ਲ ਓਸ ਚੜ੍ਹਦੇ, ਜਿਹੜੀ ਹੱਥ ਕਿਸੇ ਨਾ ਆਈਆ। ਜੇ ਨਾ ਮੰਨੇਂ ਉਹ ਤੇਰੇ ਨਾਲ ਲੜਦੇ, ਦਾਅਵੇ ਬੱਚਿਆਂ ਵਾਂਗ ਰਖਾਈਆ। ਜਿੰਨਾਂ ਚਿਰ ਭੇਵ ਨਾ ਦੱਸੇਂ ਆਪਣੇ ਘਰ ਦੇ, ਪੜਦਾ ਸਚ ਉਠਾਈਆ। ਤੇਰਾ ਵਿਛੋੜਾ ਮੂਲ ਨਾ ਜਰਦੇ, ਝੱਲੀ ਨਾ ਜਾਏ ਜੁਦਾਈਆ। ਤੇਰੇ ਦਰ ਦੇ ਹੋ ਕੇ ਬਰਦੇ, ਬੰਦੀਖ਼ਾਨੇ ਗਏ ਤੁੜਾਈਆ। ਉਹ ਨਾ ਜੀਂਦੇ ਨਾ ਕਦੇ ਮਰਦੇ, ਮਰਿਆਂ ਤੇਰੀ ਗੋਦੀ ਬਹਿਕੇ ਖ਼ੁਸ਼ੀ ਮਨਾਈਆ। ਅਸੀਂ ਵੇਖੇ ਖੇਲ ਅਗੰਮੀ ਹਰਿ ਦੇ, ਹਰਿਜੂ ਆਪਣੀ ਖੇਲ ਰਚਾਈਆ। ਅੰਮ੍ਰਿਤ ਮੇਘ ਫੁਹਾਰੇ ਵੇਖੇ ਵਰ੍ਹਦੇ, ਕਰੋੜ ਛਿਆਨਵੇਂ ਮੇਘਲਾ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾ ਇਕ ਘਰ, ਜਿਸ ਘਰ ਬਹਿ ਬਹਿ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਆ ਪੜ੍ਹ ਲੈ ਆਪਣਾ ਅੱਖਰ, ਆਖ਼ਰ ਦਿਤਾ ਜਣਾਈਆ। ਕਲਜੁਗ ਅੰਤਮ ਕਿਸੇ ਨੂੰ ਸੁਟਿਆ ਰੋੜੀ ਸੱਖ਼ਰ, ਸਖ਼ੀਆਂ ਵਾਲਾ ਕਾਹਨ ਆਪਣੀ ਉਂਗਲੀਆਂ ਨਾਲ ਰਖਾਈਆ। ਕਿਸੇ ਨੂੰ ਕਰਕੇ ਆਪਣੇ ਨਾਲੋਂ ਵੱਖਰ, ਵੱਖਰਾ ਸਾਢੇ ਤਿੰਨ ਹੱਥ ਮਕਾਨ ਦਿਤਾ ਬਣਾਈਆ। ਕਿਸੇ ਨੂੰ ਫੌਜ ਦੇ ਕੇ ਲਸ਼ਕਰ, ਲਹਿੰਦੀ ਦਿਸ਼ਾ ਖ਼ੁਸ਼ੀ ਜਣਾਈਆ। ਕਿਸੇ ਦਾ ਲਹਿਣਾ ਜਾਣੇ ਤਸ਼ਕਰ, ਤਾਲਬ ਬੇਪਰਵਾਹੀਆ। ਕਿਸੇ ਨੂੰ ਪੜ੍ਹਨ ਘਲਾਇਆ ਮਕਤਬ, ਅੱਖਰਾਂ ਨਾਲ ਸਮਝਾਈਆ। ਕਿਸੇ ਨੂੰ ਖੜਗ ਖੰਡਾ ਸਮਝਾ ਕੇ ਕਰਤਬ, ਕਤਲਗਾਹ ਵਡਿਆਈਆ। ਕਿਸੇ ਦੇ ਹੱਥ ਫੜਾਕੇ ਧਨਸ਼, ਚਿੱਲਾ ਕਮਾਨ ਚੜ੍ਹਾਈਆ। ਕਿਸੇ ਦੇ ਕੋਲੋਂ ਕੁਹਾ ਕੇ ਆਪਣਾ ਬੰਸ, ਬੰਸਰੀ ਨਾਮ ਸੁਣਾਈਆ। ਕਿਸੇ ਨੂੰ ਮੁਖ ਲਗਾਕੇ ਸਹੰਸ, ਸਹੰਸਰ ਜਿਹਵਾ ਰਾਗ ਅਲਾਈਆ। ਕਿਸੇ ਨੂੰ ਬਣਾ ਕੇ ਆਪਣੀ ਅੰਸ, ਗੋਬਿੰਦ ਨਾਉਂ ਪਰਗਟਾਈਆ। ਕਿਸੇ ਨੂੰ ਵਾੜ ਕੇ ਵਿਚ ਜੰਨਤ, ਬਹਿਸ਼ਤਾਂ ਵਿਚ ਭੁਆਈਆ। ਕਿਸੇ ਨੂੰ ਸਮਝਾ ਕੇ ਧੁਰ ਦਾ ਕੰਤ, ਨਾਰ ਇਕ ਵਖਾਈਆ । ਕਿਸੇ ਨੂੰ ਲਾ ਕੇ ਆਪਣੇ ਅੰਗਤ, ਗੋਦੀ ਲਿਆ ਟਿਕਾਈਆ। ਕਿਸੇ ਨੂੰ ਵਡਿਆਈ

ਦੇ ਵਿਚ ਜੀਵ ਜੰਤ, ਜਨਕ ਰੂਪ ਸਮਾਈਆ। ਕਿਸੇ ਨੂੰ ਸਮਝਾਇਆ ਵਾਸੀ ਪੁਰੀ ਘਨਕ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਭ ਦੇ ਕੋਲੋਂ ਰੱਖਕੇ ਆਪਣਾ ਅੰਤ, ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਕਿਸੇ ਨੂੰ ਦੱਸਿਆ ਘਨਕਪੁਰ ਵਾਸੀ, ਸਾਹਿਬ ਇਕ ਜਣਾਈਆ। ਕਿਸੇ ਨੂੰ ਦੱਸਿਆ ਜੋਤ ਪਰਕਾਸੀ, ਨੂਰੋ ਨੂਰ ਖ਼ੁਦਾਈਆ। ਕਿਸੇ ਨੂੰ ਦੱਸਿਆ ਹਰ ਘਟ ਵਾਸੀ, ਲੱਖ ਚੁਰਾਸੀ ਰਿਹਾ ਸਮਾਈਆ। ਸਭ ਤੋਂ ਵੱਖਰਾ ਆਪਣੀ ਕਰੇ ਅਗੰਮੀ ਬਦਮਾਸ਼ੀ, ਜਿਸ ਦੀ ਸਮਝ ਕੋਇ ਨਾ ਪਾਈਆ। ਜੁਗ ਚੌਕੜੀ ਖੇਲ ਕੀਆ ਬਹੁ ਭਾਂਤੀ, ਭਾਣੇ ਵਿਚ ਲੋਕਾਈਆ। ਕਿਸੇ ਨੂੰ ਮਾਤ ਪਿਤਾ ਕਿਸੇ ਨੂੰ ਭੈਣ ਭਈਆ ਕਿਸੇ ਨੂੰ ਸਾਕ ਸੱਜਣ ਬਣੌਂਦਾ ਰਿਹਾ ਚਾਚੀ, ਚੈਹਚਹਾ ਕਰਕੇ ਆਪਣੀ ਖੇਲ ਖਿਲਾਈਆ। ਕਿਸੇ ਨੂੰ ਫੁਫੀ ਕਿਸੇ ਨੂੰ ਮਾਸੀ, ਕਿਸੇ ਨੂੰ ਮੰਜ਼ਲ ਕਿਸੇ ਨੂੰ ਵਾਟੀ, ਕਿਸੇ ਨੂੰ ਦਿਵਸ ਕਿਸੇ ਨੂੰ ਰਾਤੀ, ਕਿਸੇ ਨੂੰ ਗੱਲੀਂ ਕਿਸੇ ਨੂੰ ਬਾਤੀ, ਸਭ ਨੂੰ ਭਰਮਾਂ ਵਿਚ ਭੁਆਈਆ। ਕਿਸੇ ਨੂੰ ਸੇਜਾ ਕਿਸੇ ਨੂੰ ਖਾਟੀ, ਕਿਸੇ ਨੂੰ ਮੰਦਰ ਕਿਸੇ ਨੂੰ ਹਾਟੀ, ਕਿਸੇ ਨੂੰ ਤੀਰਥ ਕਿਸੇ ਨੂੰ ਤਾਟੀ, ਕਿਸੇ ਨੂੰ ਮੰਜ਼ਲ ਕਿਸੇ ਨੂੰ ਵਾਟੀ, ਕਿਸੇ ਨੂੰ ਪੂਜਾ ਕਿਸੇ ਨੂੰ ਗਾਥੀ, ਕਿਸੇ ਨੂੰ ਕਮਲਾਪਾਤੀ ਕਰਕੇ ਗਿਆ ਸਮਝਾਈਆ। ਕਿਸੇ ਨੂੰ ਗ੍ਰੰਥ ਕਿਸੇ ਨੂੰ ਸਾਖੀ, ਕਿਸੇ ਨੂੰ ਕਥਾ ਕਿਸੇ ਨੂੰ ਭਾਖੀ, ਕਿਸੇ ਦੀ ਸੋਪਣਾ ਕਿਸੇ ਦੀ ਰਾਖੀ, ਕਿਸੇ ਦਾ ਪੜਦਾ ਕਿਸੇ ਦੀ ਤਾਕੀ, ਤਾਕਤਵਰ ਹੋ ਕੇ ਰਿਹਾ ਖੁਲ੍ਹਾਈਆ। ਕਿਸੇ ਨੂੰ ਬੰਦਾ ਕਿਸੇ ਨੂੰ ਖ਼ਾਕੀ, ਕਿਸੇ ਨੂੰ ਗੰਦਾ ਕਿਸੇ ਨੂੰ ਆਬੀ, ਕਿਸੇ ਨੂੰ ਚੰਦਾ ਕਿਸੇ ਮਹਿਤਾਬੀ, ਕਿਸੇ ਨੂੰ ਮਸਤੀ ਕਿਸੇ ਨੂੰ ਸ਼ਰਾਬੀ, ਕਿਸੇ ਨੂੰ ਹਸਤੀ ਕਿਸੇ ਨੂੰ ਆਦਾਬੀ, ਸੱਯਦਾ ਸਰਬ ਕਰਾਈਆ। ਕਿਸੇ ਨੂੰ ਸੀਸ ਕਿਸੇ ਜਗਦੀਸ, ਕਿਸੇ ਨੂੰ ਕਲਮਾ ਕਿਸੇ ਹਦੀਸ, ਕਿਸੇ ਨੂੰ ਰਾਗ ਕਿਸੇ ਨੂੰ ਗੀਤ, ਕਿਸੇ ਨੂੰ ਹਾਰ ਕਿਸੇ ਨੂੰ ਜੀਤ, ਕਿਸੇ ਨੂੰ ਮੰਦਰ ਕਿਸੇ ਮਸੀਤ, ਆਪ ਸਭ ਤੋਂ ਵੱਖਰਾ ਬਹਿਕੇ ਖੇਲ ਵਖਾਈਆ। ਕਿਸੇ ਨੂੰ ਜੋੜਾ ਕਿਸੇ ਨੂੰ ਘੋੜਾ, ਕਿਸੇ ਨੂੰ ਕਲਗੀ ਕਿਸੇ ਨੂੰ ਤੋੜਾ, ਕਿਸੇ ਨੂੰ ਜੋਬਨ ਕਿਸੇ ਨੂੰ ਬਾਂਕਾ ਛੋਹਰਾ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਕਿਸੇ ਨੂੰ ਨਾਮ ਕਿਸੇ ਨੂੰ ਜਾਮ, ਕਿਸੇ ਨੂੰ ਰਾਮ ਕਿਸੇ ਪੈਗ਼ਾਮ, ਕਿਸੇ ਨੂੰ ਸੱਯਦਾ ਕਿਸੇ ਸਲਾਮ, ਕਿਸੇ ਨੂੰ ਮੰਦਰ ਕਿਸੇ ਮਕਾਮ, ਕਿਸੇ ਨੂੰ ਅੰਦਰ ਕਿਸੇ ਨਿਸ਼ਾਨ, ਨਿਸ਼ਾਨਾ ਆਪਣਾ ਬੈਠਾ ਛੁਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਕੇ ਹੈਰਾਨ, ਹੈਰਤ ਵਿਚ ਸਰਬ ਜਣਾਈਆ। ਉਠੋ ਵੇਖੋ ਆ ਕੇ ਖੇਲ ਮਹਾਨ, ਹਰਿ ਕਰਤਾ ਰਿਹਾ ਕਰਾਈਆ। ਨਾਲੇ ਖੋਲ੍ਹੋ ਬਸਤੇ ਤਮਾਮ, ਤਰਤੀਬ ਵਾਰ ਸਮਝਾਈਆ। ਸਾਚਾ ਦੱਸੋ ਕਿਹੜਾ ਰਾਮ, ਕਾਹਨ ਕਵਣ ਵਡਿਆਈਆ। ਸਾਚਾ ਦੱਸੋ ਕਵਣ ਪੈਗ਼ੰਬਰ ਦੇਵੇ ਪੈਗ਼ਾਮ, ਕਵਣ ਕਰੇ ਸ਼ਨਵਾਈਆ। ਸਾਚਾ ਦੱਸੋ ਕਵਣ ਸਤਿਨਾਮ, ਸਤਿ ਸਤਿ ਰਿਹਾ ਸਮਾਈਆ। ਸਾਰੇ ਕਹਿਣ ਪ੍ਰਭ ਤੇਰੇ ਬਿਨਾ ਕੂੜ ਨਿਸ਼ਾਨ, ਅੱਖਰਾਂ ਵਾਲਾ ਨਾਮ ਸਾਰੇ ਆਏ ਗਾਈਆ। ਜਾਂ ਤੇਰੇ ਦਰ ਤੇ ਤੱਕਿਆ ਅਸਾਂ ਸੁਣਿਆ ਉਹ ਕਲਾਮ, ਜਿਸਦੀ ਅੱਖਰ ਸਿਫ਼ਤ ਨਾ ਕੋਇ ਸਮਝਾਈਆ। ਅਸੀਂ ਵੇਖ ਕੇ ਹੋਏ ਹੈਰਾਨ, ਹਰਿ ਜੂ ਇਹ ਕੀ ਬਣਤ ਬਣਾਈਆ । ਤੇਰੇ ਚਰਨਾਂ ਕੋਲ ਬੈਠੇ ਤੱਕੇ ਤੇਰੇ ਭਗਤ ਬਾਲ ਅੰਞਾਨ, ਅੰਞਾਣੇ ਅੰਜਨ ਇਕੋ ਨੇਤਰ ਪਾਈਆ। ਜਿਨ੍ਹਾਂ ਨੂੰ ਲੱਖ ਚੁਰਾਸੀ ਵਿਚੋਂ ਦਿਤੀ ਆਪਣੀ ਆਪ ਪਹਿਚਾਨ, ਬੇਪਹਿਚਾਨ ਭੇਵ ਖੁਲ੍ਹਾਈਆ। ਰਲ ਮਿਲ ਤੇਰਾ ਢੋਲਾ ਗੌਂਦੇ ਗਾਨ, ਗੀਤ ਗੋਬਿੰਦ ਅਲਾਈਆ। ਇਨ੍ਹਾਂ ਦਾ ਲੇਖਾ ਚੁੱਕਿਆ ਪਵਣ ਮਸਾਣ, ਮੜ੍ਹੀ ਗੋਰ ਪੰਧ ਮੁਕਾਈਆ।

ਅੰਤਮ ਸਿੱਧੇ ਤੇਰੇ ਦਰ ਤੇ ਆਣ, ਰਾਹ ਵਿਚ ਨਾ ਕੋਇ ਅਟਕਾਈਆ। ੨੦੨੧ ਬਿਕ੍ਰਮੀ ਪਿਛੋਂ ਗੁਰ ਅਵਤਾਰ ਪੀਰ ਪੈਗ਼ੰਬਰ ਇਨ੍ਹਾਂ ਦਾ ਬਬਾਣ ਜਾਣ ਉਠਾਣ, ਸੇਵਕ ਹੋ ਕੇ ਸੇਵ ਕਮਾਈਆ। ਕਿਉਂ ਤੂੰ ਇਨ੍ਹਾਂ ਨੂੰ ਆਪ ਦਿਤਾ ਫ਼ਰਮਾਨ, ਫ਼ੁਰਨਾ ਪਿਛਲਾ ਰਹਿਣ ਨਾ ਪਾਈਆ। ਇਕੋ ਦੱਸਕੇ ਇਸ਼ਟ ਈਮਾਨ, ਧਰਮ ਦ੍ਰਿੜ ਦਿਤਾ ਦ੍ਰਿੜਾਈਆ। ਕਾਗ਼ਜ਼ਾਂ ਵਾਲੀ ਭੁੱਲ ਗਏ ਕਲਾਮ, ਹੁਕਮੇ ਵਿਚ ਸਮਾਈਆ। ਜਗਤ ਸ੍ਰਿਸ਼ਟੀ ਵਿਚ ਹੋ ਕੇ ਬਦਨਾਮ, ਤੇਰੇ ਬੰਦੀਖਾਨੇ ਵਿਚ ਆਪਣਾ ਆਪ ਬੰਦ ਕਰਾਈਆ। ਏਹੋ ਜਿਹਾ ਸੋਹਣਾ ਸੁਹੰਜਣਾ ਵੇਖ ਤੇਰਾ ਨਿਜ਼ਾਮ, ਸਾਰੇ ਖ਼ੁਸ਼ੀ ਮਨਾਈਆ। ਕਰ ਕਿਰਪਾ ਜਿਨ੍ਹਾਂ ਦੇ ਕੋਟ ਜਨਮ ਦੇ ਬਖ਼ਸ਼ ਦਿਤੇ ਜਰਾਇਮ, ਦੋਸ਼ੀ ਰਹਿਣ ਕੋਇ ਨਾ ਪਾਈਆ। ਪ੍ਰਭੂ ਬਣ ਕੇ ਆਪ ਸੱਚਾ ਕਿਰਸਾਣ, ਘਰ ਘਰ ਕਾਇਆ ਮੰਦਰ ਅੰਦਰ ਆਪਣਾ ਹਲ ਦਿਤਾ ਚਲਾਈਆ। ਅੰਮ੍ਰਿਤ ਸਿੰਚ ਸਾਢੇ ਤਿੰਨ ਹੱਥ ਮਕਾਨ, ਗ਼ੁੰਚਾ ਫੁੱਲ ਦਿਤਾ ਖਿਲਾਈਆ। ਲੱਖ ਚੁਰਾਸੀ ਵਿਚੋਂ ਏਨ੍ਹਾਂ ਦੀ ਮਹਿਕ ਸਭ ਨੇ ਲਈ ਪਹਿਚਾਨ, ਗੁਰ ਅਵਤਾਰ ਪੀਰ ਪੈਗ਼ੰਬਰ ਭੁੱਲ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦਾ ਸਦਾ ਸਦਾ ਸਦ ਸਹਿਜ ਸੁਖਦਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਲਿਖਿਆ ਲੇਖ ਅਨੋਖਾ, ਇਕ ਤੈਨੂੰ ਹਰਿ ਸਮਝਾਈਆ। ਤੇਰਿਆਂ ਭਗਤਾਂ ਨਾਲ ਕੋਈ ਨਾ ਧੋਖਾ, ਧੂੰਆਂਧਾਰ ਨਾ ਕੋਇ ਜਣਾਈਆ। ਜਿਨ੍ਹਾਂ ਨੂੰ ਮਾਣਸ ਜਨਮ ਲੱਖ ਚੁਰਾਸੀ ਵਿਚੋਂ ਤੇਰੇ ਮਿਲਣ ਦਾ ਮਿਲਿਆ ਮੌਕਾ, ਮੁਕੰਮਲ ਨਾਤਾ ਗਏ ਜੁੜਾਈਆ । ਓਨ੍ਹਾਂ ਮਾਰਗ ਮਿਲਿਆ ਧੁਰ ਦਾ ਸੌਖਾ, ਮੰਜ਼ਲ ਪੰਧ ਬੈਠੇ ਮੁਕਾਈਆ। ਅੰਤਮ ਅੰਤ ਅੰਤ ਉਹ ਕਦੇ ਨਾ ਮਨੌਣ ਹੌਕਾ, ਹਾਏ ਹਾਏ ਨਾ ਕੋਇ ਜਣਾਈਆ। ਜਿਨ੍ਹਾਂ ਦੇ ਆਵਣ ਖ਼ਾਤਰ ਆਪਣਾ ਸਾਫ਼ ਕਰ ਕੇ ਰੱਖਿਆ ਚੌਂਕਾ, ਚਾਰੋਂ ਕੁੰਟ ਇਕੋ ਨੂਰ ਰੁਸ਼ਨਾਈਆ। ਤੇਰਾ ਧਾਮ ਪ੍ਰਭੂ ਸੋਹਣਾ ਨਾਲੋਂ ਪਟਣੇ ਪੌਂਟਾ, ਪਾਟਲ ਤੇਰੇ ਹੱਥ ਵਡਿਆਈਆ। ਗੋਬਿੰਦ ਅੱਖ ਖੁਲ੍ਹੀ ਲਾ ਕੇ ਢੌਂਕਾ, ਢੱਈਆ ਤੇਰਾ ਗਿਆ ਵਿਹਾਈਆ। ਜਿਸ ਦਾ ਨਾਮ ਨਗਾਰਾ ਵੱਜੇ ਇਕੋ ਧੌਂਸਾ, ਜ਼ਿਮੀਂ ਅਸਮਾਨ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦੇਣਾ ਚੁਕਾਈਆ । ਗੁਰ ਅਵਤਾਰ ਪੀਰ ਪੈਗ਼ੰਬਰਾਂ ਕੱਢੀ ਉਹ ਸਤਰ, ਜੋ ਢਾਈਆਂ ਵਿਚੋਂ ਅੱਧੀ ਨਜ਼ਰੀ ਆਈਆ। ਜਿਸ ਨੂੰ ਸਮਝ ਨਾ ਸਕੇ ਕੋਈ ਬੁਧੀਵਾਨ ਚਤੁਰ, ਅਕਲ ਅਸਲ ਨਾ ਕੋਇ ਸਮਝਾਈਆ। ਜਿਸ ਦੀ ਖੋਜ ਕਿਸੇ ਨਾ ਆਈ ਫ਼ਿਕਰ, ਫ਼ਿਕਰੇ ਸਿਫ਼ਤੀ ਗਏ ਸੁਣਾਈਆ। ਜਿਸ ਨੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਵਾਈ ਟੱਕਰ, ਸ਼ਰਅ ਮਜ਼੍ਹਬ ਬੰਧਨ ਪਾਈਆ। ਜਿਸ ਨੇ ਲੱਖ ਚੁਰਾਸੀ ਕੀਤੀ ਫੱਟੜ, ਪੱਟੀ ਨਾਮ ਨਾ ਕੋਇ ਬੰਧਾਈਆ। ਜਿਸ ਨੇ ਦੋ ਜਹਾਨ ਤੋਲਿਆ ਤੱਕੜ, ਕੰਡਾ ਇਕ ਵਖਾਈਆ। ਜਿਸ ਨੇ ਤਤ ਵਰੋਲਿਆ ਬਜਰ ਕਪਟੀ ਵਿਚੋਂ ਪੱਥਰ, ਪੜਦਾ ਇਕ ਚੁਕਾਈਆ। ਓਸ ਦਾ ਵੱਖਰਾ ਨਿਰਾਲਾ ਅੱਖਰ, ਸ਼ਕਲ ਵਿਚ ਨਾ ਕੋਇ ਸਮਝਾਈਆ। ਓਸ ਦਾ ਸਵਾਲ ਹਲ ਨਾ ਹੋਵੇ ਵਿਚ ਕਸਰ, ਇਸ਼ਾਰੀਆ ਨਾਲ ਨਾ ਕੋਇ ਜਣਾਈਆ। ਜਿਸ ਦੀ ਸਾਇਆ ਹੇਠ ਕਰਦੇ ਰਹੇ ਆਪਣਾ ਆਪ ਬਸਰ, ਜੋ ਵਿਛੜਿਆਂ ਰਿਹਾ ਮਿਲਾਈਆ। ਓਸ ਦੇ ਨਾਮ ਦਾ ਸਭ ਦੇ ਅੰਦਰ ਹੋਵੇ ਅਸਰ, ਅਸਲੀਅਤ ਦਏ ਜਣਾਈਆ। ਜਿਸ ਦਾ ਪਸਾਰਾ ਰਿਹਾ ਪਸਰ, ਸੋ ਪਾਸਾ ਦਏ ਉਲਟਾਈਆ। ਮਾਰਗ ਵੱਖਰਾ ਦੱਸ ਅਨੋਖਾ ਚੋਟੀ ਚੜ੍ਹ ਕੇ ਵੇਖੇ ਸਿਖਰ, ਸਾਖਿਆਤ ਬੇਪਰਵਾਹੀਆ। ਧੁਰ ਸੰਦੇਸਾ ਨਰ ਨਰੇਸ਼ਾ ਦੇਵਣਹਾਰਾ ਅਗੰਮੀ ਪੱਤਰ, ਪਾਤੀ ਕਮਲਾਪਾਤੀ ਇਕ ਜਣਾਈਆ ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰਿਹਾ ਜਣਾਈਆ। ਸਤਰਾਂ ਵਿਚੋਂ ਸਤਰ ਲੱਭੀ ਅੱਧੀ, ਅਧਿਆਪਕ ਸਮਝ ਕੋਇ ਨਾ ਪਾਈਆ। ਜਿਸ ਦੇ ਨਾਲ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਚਲਦੀ ਰਹੀ ਗੱਦੀ, ਗਦਾਗਰ ਹੋ ਕੇ ਲੋਕਮਾਤ ਅਲਖ ਜਗਾਈਆ । ਤਾਣਾ ਪੇਟਾ ਕਬੀਰ ਜੁਲਾਹੇ ਚਲਦੀ ਰਹੀ ਖੱਡੀ, ਖਟਕਾ ਸਰਬ ਮੁਕਾਈਆ। ਰਵਦਾਸ ਚਮਾਰਾ ਪਾਣਾਂ ਗੰਢਣ ਲੱਗਾ ਜ਼ਮੀਨ ਤੇ ਰਗੜਦਾ ਰਿਹਾ ਅੱਡੀ, ਤੰਦ ਅੰਗੂਠੇ ਵਿਚ ਛੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੇਲ ਕੇ ਗਏ ਜਗਤ ਕਬੱਡੀ, ਹੱਦ ਆਪਣੀ ਹੱਥ ਲਗਾਈਆ। ਪਾਰ ਕਿਨਾਰਾ ਹਰਿ ਨਿਰੰਕਾਰਾ ਦੱਸਦੇ ਰਹੇ ਵੀਹਵੀਂ ਸਦੀ, ਸੱਦੇ ਨਾਲ ਜਣਾਈਆ। ਕਰੇ ਖੇਲ ਸਮਰਥ ਪੁਰਖ ਸੂਰਾ ਸਰਬਗੀ, ਸਰਬ ਕਲਾ ਵਡਿਆਈਆ । ਕਲਜੁਗ ਵੇਖੇ ਅੰਤਮ ਅੱਗ ਲੱਗੀ, ਤ੍ਰੈ ਪੰਜ ਤਤ ਜਲਾਈਆ। ਸਰਗੁਣ ਚੋਲਾ ਲਾਹ ਕੇ ਆਪਣੀ ਝੱਗੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਪਾਰ ਕਿਨਾਰ ਪੂਰਬ ਹੱਦੀ, ਪੱਛਮ ਪੰਧ ਮੁਕਾਈਆ। ਸਚ ਪ੍ਰੀਤੀ ਜਿਨ੍ਹਾਂ ਲੱਗੀ, ਬਿਨ ਲਗਾਂ ਮਾਤਰਾਂ ਦਏ ਸਮਝਾਈਆ। ਤਿਨ੍ਹਾਂ ਗ੍ਰਹਿ ਜੋਤ ਅਗੰਮੀ ਜਗੀ, ਜਾਗਰਤ ਦਏ ਜਣਾਈਆ। ਜਿਨ੍ਹਾਂ ਦੀ ਸੁਰਤ ਉਠਾਈ ਦੱਬੀ, ਪੜਦਾ ਪਰਾਂ ਹਟਾਈਆ। ਅੰਮ੍ਰਿਤ ਧਾਰ ਵਹਾ ਕੇ ਨਦੀ, ਨੌਕਾ ਨਾਮ ਦਿਤੀ ਚਲਾਈਆ। ਉਨ੍ਹਾਂ ਦੀ ਪੁਸ਼ਤ ਸੁਹੰਜਣੀ ਜੱਦੀ, ਯਾਦ ਪਿਛਲੀ ਆਪਣੇ ਨਾਲ ਮਿਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਫ਼ਰਿਸਤ ਉਨ੍ਹਾਂ ਦੀ ਕੱਢੀ, ਜੋ ਜੁਗ ਜੁਗ ਪ੍ਰਭ ਦਾ ਰਾਹ ਤਕਾਈਆ। ਕਲਜੁਗ ਅੰਤਮ ਰੰਗਣ ਜਿਨ੍ਹਾਂ ਰੰਗੀ, ਰੰਗ ਰੰਗੀਲਾ ਪਾਇਆ ਬੇਪਰਵਾਹੀਆ। ਬੰਦਗੀ ਵਾਲੀ ਕੱਟਕੇ ਉਨ੍ਹਾਂ ਬੰਦੀ, ਬੰਦੇ ਆਪਣੇ ਲਏ ਬਣਾਈਆ। ਉਹ ਭਗਤ ਸਹੇਲੀ ਸਭ ਤੋਂ ਚੰਗੀ, ਜਿਸ ਦੀਆਂ ਚੰਗਿਆਈਆਂ ਪ੍ਰਭ ਆਪਣੇ ਨਾਲ ਰਲਾਈਆ। ਓਸਦਾ ਭੂਸ਼ਣ ਬਸਤਰ ਸੁਹੰਜਣੀ ਹੋਏ ਅੰਗੀ, ਅੰਗੀਕਾਰ ਇਕ ਅਖਵਾਈਆ। ਪਤਤ ਉਧਾਰਨ ਪੈਜ ਸਵਾਰਨ ਲੇਖੇ ਲਾਏ ਵੱਡੇ ਛੋਟੇ ਬਾਲ ਬਿਨਾਂ ਦੰਦੀ, ਦਹਿ ਦਿਸ਼ਾ ਹੋਏ ਸਹਾਈਆ। ਤਨ ਗਾਤਰੇ ਟਿਕਾਏ ਆਪਣੇ ਨਾਮ ਦੀ ਚੰਡੀ, ਚੰਡਾਲ ਕੂੜਾ ਦਏ ਕਢਾਈਆ। ਸ੍ਰਿਸ਼ਟ ਸਬਾਈ ਕਰਕੇ ਅੰਧੀ, ਅੰਧੇਰਾ ਚਾਰੋਂ ਕੁੰਟ ਵਖਾਈਆ। ਕਿਸੇ ਨੂੰ ਮਾਣ ਦਵਾਕੇ ਉਪਰ ਮੰਜੀ, ਕਿਸੇ ਨੂੰ ਟੱਲੀਆਂ ਵਿਚ ਬੰਧਾਈਆ। ਕਿਸੇ ਨੂੰ ਨਾਲ ਲਟਕਾਕੇ ਕੰਧੀ, ਤਸਵੀਰ ਤਸੱਵਰ ਜਗਤ ਦਿਤੀ ਕਰਾਈਆ। ਕਿਸੇ ਨੂੰ ਤਨ ਬਣਾਕੇ ਸੰਗੀ, ਪੰਜ ਤਤ ਖੇਲ ਵਖਾਈਆ। ਕਿਸੇ ਨੂੰ ਜਲ ਧਾਰਾ ਦੱਸਕੇ ਮਾਤਾ ਗੰਗੀ, ਗੋਦਾਵਰੀ ਜਮਨਾ ਸੁਰਸਤੀ ਨਾਲ ਰਲਾਈਆ। ਕਿਸੇ ਨੂੰ ਪਾ ਕੇ ਸੁਖਮਨ ਵਾਲੀ ਡੰਡੀ, ਭੀੜੀ ਗਲੀ ਫਿਰਾਈਆ । ਕਿਸੇ ਨੂੰ ਤਤ ਵਿਕਾਰੇ ਵਾੜ ਕੇ ਝੰਗੀ, ਹਉਮੇ ਬੇਲੇ ਵਿਚ ਫਸਾਈਆ। ਕਿਸੇ ਨੂੰ ਸਤਾਰ ਵਜਾ ਕੇ ਤੰਦ ਤੰਦੀ, ਰਬਾਬ ਦਿਤੀ ਸੁਣਾਈਆ। ਕਿਸੇ ਨੂੰ ਪੰਜ ਸ਼ਬਦ ਸੁਣਾਕੇ ਅਨਹਦੀ, ਹੱਦ ਵਿਚ ਦਿਤਾ ਫਸਾਈਆ। ਕਿਸੇ ਨੂੰ ਸੂਰਤ ਦੇ ਕੇ ਚੰਗੀ, ਸੁਰਤਾਲ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬਣ ਬਹੁ ਢੰਗੀ, ਢੰਗੇ ਸਭ ਨੂੰ ਦਿਤੇ ਪਾਈਆ। ਕਿਸੇ ਨੂੰ ਪਾਇਆ ਨਾਮ ਢੰਗਾ, ਡੋਰੀ ਤੰਦ ਬੰਧਾਈਆ। ਕਿਸੇ ਨੂੰ ਨਾਦ ਸੁਣਾਇਆ ਸਰੰਗਾ, ਕਿਸੇ ਨੂੰ ਬੰਸਰੀ ਨਾਲ ਪਰਚਾਈਆ। ਕਿਸੇ ਨੂੰ ਵਿਚ ਨਹਾਇਆ ਗੰਗਾ, ਕਿਸੇ ਤੋਂ ਚਮੜੇ ਦਿਤੇ ਗੰਢਾਈਆ। ਕਿਸੇ ਦੇ ਹੱਥ ਫੜਾਕੇ ਖੰਡਾ, ਕਿਸੇ ਦੇ ਸੇਲੀ ਟੋਪੀ ਸੀਸ ਟਿਕਾਈਆ। ਕਿਸੇ ਨੂੰ ਦੇ ਕੇ ਅੰਤਰ ਅਨੰਦਾ, ਆਨੰਦ ਮੰਗਲ ਦਿਤਾ ਜਣਾਈਆ। ਕਿਸੇ ਨੂੰ ਦਸਮ ਦਵਾਰੀ ਦੱਸਿਆ ਚੰਗਾ, ਕਿਸੇ ਨੂੰ ਅੰਮ੍ਰਿਤ ਰਸ ਪਿਆਈਆ। ਕਿਸੇ ਨੂੰ ਸੁਰਤੀ ਸ਼ਬਦੀ ਪਾ ਕੇ

ਫੰਦਾ, ਫਾਂਦਕੀ ਖੇਲ ਰਖਾਈਆ। ਕਿਸੇ ਨੂੰ ਚਾੜ੍ਹਕੇ ਨਿੱਕਾ ਡੰਡਾ, ਡੰਡੌਤ ਇਕੋ ਦਿਤੀ ਜਣਾਈਆ। ਕਿਸੇ ਨੂੰ ਸੂਰਜ ਚੰਦ ਨਾਲੋਂ ਪਰਕਾਸ਼ ਦੇ ਕੇ ਚੰਗਾ, ਬਾਰਾਂ ਬਾਰਾਂ ਦਿਤੇ ਜਣਾਈਆ। ਕਿਸੇ ਨੂੰ ਹੰ ਬ੍ਰਹਮ ਦੱਸਿਆ ਧੰਦਾ, ਧੰਦੇ ਦਿਤਾ ਲਗਾਈਆ। ਜੋ ਸਾਢੇ ਤਿੰਨ ਹੱਥ ਬਣ ਕੇ ਆਇਆ ਬੰਦਾ, ਤਿਸ ਨੂੰ ਬੰਦਗੀ ਵਿਚ ਲਗਾਈਆ। ਆਪ ਬਣਕੇ ਸੂਰਾ ਸਰਬੰਗਾ, ਸਚਖੰਡ ਸਾਚੇ ਡੇਰਾ ਲਾਈਆ। ਜੁਗ ਚੌਕੜੀ ਨਿਤ ਨਵਿਤ ਪੁਰਖ ਅਕਾਲ ਸਭ ਦੇ ਨਾਲ ਹੰਢਾ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਨਾਰੀ ਰੂਪ ਵਟਾਈਆ। ਕਲਜੁਗ ਅੰਤਮ ਜਨ ਭਗਤਾਂ ਵਕਤ ਸੁਹੰਜਣਾ ਚੰਗਾ, ਚਾਂਦਨੀ ਚੌਕ ਨਾਲੋਂ ਸੋਭਾ ਪਾਈਆ। ਜਿਨ੍ਹਾਂ ਦੇ ਅੰਦਰ ਗੋਬਿੰਦ ਰੱਖਿਆ ਖੰਡਾ, ਦੋਵੇਂ ਧਾਰ ਆਪਣੇ ਹੱਥ ਰਖਾਈਆ। ਉਨ੍ਹਾਂ ਦਾ ਆਵਣ ਜਾਵਣ ਪੰਧ ਮੁੱਕਿਆ ਗੰਗਾ, ਗਲੀ ਗਲੀ ਹੋਕਾ ਦੇ ਨਾ ਕੋਇ ਸੁਣਾਈਆ। ਪੂਜਾ ਪਾਠ ਦਾ ਚੁੱਕਿਆ ਧੰਦਾ, ਧੌਲ ਮਾਰ ਕੇ ਧਵਲ ਉਤੋਂ ਪਾਰ ਲੰਘਾਈਆ । ਏਸ ਖੇਲ ਨੂੰ ਸਮਝ ਕੀ ਸਕੇ ਬੰਦਾ, ਜੋ ਬੰਦਿਆਂ ਵਿਚੋਂ ਬੰਦਾ ਹੋ ਕੇ ਮਾਂ ਪਿਓ ਦਾ ਪੂਤ ਅਖਵਾਈਆ। ਉਹ ਕੀ ਜਾਣੇ ਓਸ ਅਨੰਦਾ, ਜਿਸ ਅਨੰਦ ਵਿਚੋਂ ਅਨੰਦ ਪੁਰੀ ਵਾਲਾ ਫੇਰਾ ਪਾਈਆ। ਓਸਦਾ ਅਗੰਮੀ ਇਕੋ ਕੰਢਾ, ਕੰਢੀ ਕੋਟਨ ਕੋਟ ਬੈਠੇ ਨੈਣ ਉਠਾਈਆ। ਧੰਨ ਵਡਿਆਈ ਜਿਨ੍ਹਾਂ ਭਗਤਾਂ ਸੁਣਿਆ ਓਸ ਦਾ ਛੰਦਾ, ਮੁਛੰਦਗੀ ਅੱਗੇ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਤਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਨਜ਼ਰੀ ਆਈ ਲਕੀਰ, ਨਿੰਮ੍ਹੀ ਨਿੰਮ੍ਹੀ ਕਰੇ ਰੁਸ਼ਨਾਈਆ। ਜਿਸ ਦੇ ਵਿਚ ਤੇਰੀ ਤਸਵੀਰ, ਮੁਸੱਵਰ ਤਸੱਵਰ ਕਰ ਨਾ ਕੋਇ ਸਮਝਾਈਆ। ਜਾਂ ਗ਼ੌਰ ਨਾਲ ਤੱਕਿਆ ਤੂੰ ਭਗਤਾਂ ਬਗ਼ਲਗੀਰ, ਦਾਮਨ ਆਪਣੇ ਵਿਚ ਰਖਾਈਆ । ਤੇਰਾ ਸ਼ਬਦ ਸੱਚੀ ਸ਼ਮਸ਼ੀਰ, ਸ਼ਹਿਨਸ਼ਾਹ ਨਜ਼ਰੀ ਆਈਆ। ਜਿਸ ਦੇ ਥੱਲੇ ਕੋਟਨ ਕੋਟ ਸਰ ਸੱਯਦੇ ਕਰ ਕਰ ਪੜ੍ਹਨ ਤਕਬੀਰ, ਤਦਬੀਰ ਰਹੇ ਸਮਝਾਈਆ। ਤੇਰਾ ਖੇਲ ਬੇਨਜ਼ੀਰ, ਨਜ਼ਰਾਂ ਵਿਚੋਂ ਨਜ਼ਰ ਦਏ ਬਦਲਾਈਆ। ਤੂੰ ਦਾਤਾ ਗਹਿਰ ਗੰਭੀਰ, ਗਵਰ ਤੇਰੀ ਸ਼ਰਨਾਈਆ। ਤੇਰੇ ਦਵਾਰੇ ਬਿਨ ਭਗਤਾਂ ਕੋਇ ਨਾ ਆਏ ਘਤ ਵਹੀਰ, ਦੂਰ ਦੁਰਾਡਾ ਪੰਧ ਮੁਕਾਈਆ। ਕਲਜੁਗ ਸਾਧ ਸੰਤ ਵੇਖੇ ਜਿਨ੍ਹਾਂ ਦੀਨ ਮਜ਼੍ਹਬ ਸ਼ਰਅ ਦਾ ਵੱਝਿਆ ਜ਼ੰਜੀਰ, ਅੱਖਰਾਂ ਨਾਲ ਪ੍ਰੀਤ ਲਗਾਈਆ। ਨਾ ਉਹ ਮੁਰਸ਼ਦ ਨਾ ਉਹ ਪੀਰ, ਮੁਰੀਦਾਂ ਵਿਚੋਂ ਮੁਰੀਦ ਨਾ ਕੋਇ ਬਣਾਈਆ। ਕੋਟਨ ਕੋਟ ਜਨਮ ਅੱਗੇ ਫਿਰਨ ਦਿਲਗੀਰ, ਦਰਦੀ ਨਜ਼ਰ ਕੋਇ ਨਾ ਆਈਆ। ਉਫ਼ ਹਾਏ ਤੋਬਾ ਬਦਲੇ ਨਾ ਕੋਇ ਤਕਦੀਰ, ਦਰੋਹੀ ਸਕੇ ਨਾ ਕੋਇ ਬਚਾਈਆ । ਜਿਸ ਧਨ ਦੌਲਤ ਨੂੰ ਸਮਝਦੇ ਰਹੇ ਜਾਗੀਰ, ਸੋ ਜਾਂਦੀ ਵਾਰੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਲੱਭੇ ਥੋੜੇ, ਚਾਰੇ ਜੁਗ ਧਿਆਨ ਲਗਾਈਆ । ਕਰ ਕਿਰਪਾ ਜਿਨ੍ਹਾਂ ਆਪਣੇ ਨਾਲ ਜੋੜੇ, ਆਤਮ ਪਰਮਾਤਮ ਮੇਲ ਮਿਲਾਈਆ। ਸ਼ਬਦ ਅਗੰਮੀ ਚਾੜ੍ਹੇ ਘੋੜੇ, ਨਵ ਨੌ ਚਾਰ ਪਾਰ ਕਰਾਈਆ। ਜੋ ਢੋਲੇ ਗਾਵਣ ਤੇਰੇ ਦੋਹਰੇ, ਧੁਰ ਦਾ ਰਾਗ ਸੁਣਾਈਆ। ਸੋ ਬਾਲੇ ਬਾਂਕੇ ਬਣੇ ਛੋਹਰੇ, ਜੋਬਨ ਇਕੋ ਰੰਗ ਵਖਾਈਆ। ਏਥੇ ਓਥੇ ਦੋ ਜਹਾਨ ਨਵੇਂ ਨਕੋਰੇ, ਪਾਟਾ ਚੀਥੜ ਨਜ਼ਰ ਕੋਇ ਨਾ ਆਈਆ। ਸਦਾ ਸਦਾ ਸਦਾ ਸਦ ਤੇਰੀ ਰੱਖਣ ਲੋੜੇ, ਨਾਤਾ ਜਗਤ ਕੂੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ

ਕਹਿਣ ਮਿਲਿਆ ਇਕ ਹਰਫ਼, ਹਲਫ਼ੀਆ ਬਿਆਨ ਦੇ ਕੇ ਸਾਰੇ ਰਹੇ ਜਣਾਈਆ। ਜਿਸ ਦਾ ਫ਼ੈਸਲਾ ਯਕਤਰਫ, ਯਕੇ ਬਾਦ ਦੀਗਰੇ ਫੇਰ ਕੋਇ ਨਾ ਆਈਆ। ਮਾਰਗ ਧੁਰ ਦਾ ਤੇਰੀ ਸਿੱਧੀ ਸੜਕ, ਸਵਾਧਾਨ ਕਰਕੇ ਦੇ ਜਣਾਈਆ। ਤੇਰੇ ਭਗਤ ਮੰਗਣ ਤੇਰਾ ਦਰਸ, ਨਿਜ ਨੇਤਰ ਨੈਣ ਉਠਾਈਆ। ਕਲ ਕਲਕੀ ਕਰ ਤਰਸ, ਮਿਹਰਵਾਨ ਹੋ ਸਹਾਈਆ। ਦੁੱਖ ਦਰਦ ਦਲਿਦ੍ਰ ਦੇ ਵਰਜ, ਵਜਹ ਆਪਣੀ ਨਾਲ ਬਦਲਾਈਆ। ਤੇਰਾ ਕੋਈ ਨਾ ਹੋਵੇ ਹਰਜ, ਤੂੰ ਦਾਤਾ ਬੇਪਰਵਾਹੀਆ। ਕੂੜੀ ਕਿਰਿਆ ਫੇਰ ਕੇ ਕਰਦ, ਸੋਹਣਾ ਮੰਦਰ ਦੇ ਸੁਹਾਈਆ। ਤੇਰੇ ਨਾਮ ਦੀ ਲਹਿਰ ਉਠੇ ਤਰਜ਼, ਤਾਲ ਇਕੋ ਦੇ ਸੁਣਾਈਆ। ਤੇਰੇ ਭਗਤਾਂ ਨੂੰ ਤੇਰੇ ਮਿਲਣ ਦੀ ਗ਼ਰਜ਼, ਗ਼ਜ਼ਬ ਕਿਉਂ ਬੈਠਾ ਮੁਖ ਛੁਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਤੇਰੇ ਮਗਰ, ਪਿਛੇ ਭੱਜਣ ਵਾਹੋ ਦਾਹੀਆ। ਭਾਗ ਲਗਾ ਕਾਇਆ ਮਾਟੀ ਗਾਗਰ, ਸਾਢੇ ਤਿੰਨ ਹੱਥ ਸੋਭਾ ਪਾਈਆ। ਤੇਰੀ ਕਦਮ ਬੋਸੀ ਕਰੀਏ ਉਤੇ ਕਦਮ ਕਦਮ, ਅਦਮ ਅਦਲ ਬਦਲ ਆਪਣਾ ਦੇ ਸਮਝਾਈਆ। ਉਹ ਪ੍ਰਭੂ ਤੇਰੇ ਪੈਰ ਵਿਚ ਨਿਸ਼ਾਨੀ ਨਹੀਂ ਹੁਣ ਪਦਮ, ਪਤੇ ਆਪਣੇ ਦੇ ਦ੍ਰਿੜਾਈਆ। ਤੇਰਾ ਤਤ ਨਾ ਕੋਈ ਬਦਨ, ਪੰਚਮ ਰੰਗ ਨਾ ਕੋਇ ਰੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਸਾਰੇ ਕਰਕੇ ਯਤਨ, ਤੇਰਾ ਯਥਾਰਥ ਸਕੇ ਨਾ ਕੋਈ ਸਮਝਾਈਆ। ਪਤਾ ਨਹੀਂ ਤੂੰ ਕੇਹੜੇ ਚਲਕੇ ਆਇਆ ਵਤਨ, ਮੁਕਾਮ ਆਪਣਾ ਦੇ ਦ੍ਰਿੜਾਈਆ। ਤੇਰਾ ਵੇਖਿਆ ਅਨੋਖਾ ਇਕੋ ਪਤਣ, ਖੇਵਟ ਖੇਟੇ ਬੇਪਰਵਾਹੀਆ। ਫ਼ਰੀਦ ਰੋਂਦਾ ਵੇਖਿਆ ਪਾਕ ਪਟਨ, ਪਟਨੇ ਵਾਲਾ ਦੇਂਦਾ ਗਿਆ ਦੁਹਾਈਆ। ਪਰਮ ਪੁਰਖ ਪਰਮਾਤਮ ਕਲਜੁਗ ਅੰਤਮ ਆਵੇ ਪਤ ਰੱਖਣ, ਰਾਖਾ ਹੋ ਕੇ ਹੋਏ ਸਹਾਈਆ। ਗੁਰਮੁਖ ਆਏ ਗੋਦੀ ਚੁੱਕਣ, ਚਕਨਾ ਚੂਰ ਕਰੇ ਲੋਕਾਈਆ । ਜਿਹੜੀ ਗੁਰ ਅਵਤਾਰ ਪੀਰ ਪੈਗ਼ੰਬਰਾਂ ਦੇ ਅੰਦਰ ਹਾਂਢੀ ਉਤੇ ਦਿਤਾ ਢੱਕਣ, ਸੋ ਭਗਤਾਂ ਉਤੋਂ ਦੇ ਉਠਾਈਆ। ਲੱਖ ਚੁਰਾਸੀ ਵਿਚੋਂ ਵਿਰੋਲ ਕੇ ਮੱਖਣ, ਗੁਰਮੁਖ ਪਿਆਰ ਪ੍ਰੇਮ ਖ਼ੁਸ਼ੀਆਂ ਨਾਲ ਖਾਈਆ। ਉਹ ਸੰਤ ਸੁਹੇਲਾ ਸੋਹਣਾ ਬਣੇ ਫ਼ੱਕਰ, ਜਿਸ ਫ਼ੈਸਲਾ ਆਪ ਜਣਾਈਆ। ਏਥੇ ਨਹੀਂ ਵਡਿਆਈ ਕੋਈ ਅਸ਼ਟਾਬੱਕਰ, ਜਨਕ ਬੈਠਾ ਸੀਸ ਨਿਵਾਈਆ। ਕੌਣ ਸ੍ਰੀ ਭਗਵਾਨ ਨਾਲ ਲਗਾਏ ਟੱਕਰ, ਜੋ ਟਕਿਆਂ ਨਾਲੋਂ ਸਭ ਦੀ ਕੀਮਤ ਦਏ ਘਟਾਈਆ। ਕਿਸੇ ਨੂੰ ਆਪਣੀ ਬੂੰਦ ਬਣਾਇਆ ਕਤਰ, ਕਿਸੇ ਨੂੰ ਕਤਰਿਆਂ ਵਿਚੋਂ ਕਤਰਾ ਦਿਤਾ ਜਣਾਈਆ। ਏਸੇ ਕਰਕੇ ਸ੍ਰੀ ਭਗਵਾਨ ਦਾ ਕਰਦੇ ਗਏ ਸ਼ੁਕਰ, ਸ਼ਹਿਨਸ਼ਾਹ ਕਹਿਕੇ ਜਗਤ ਸੁਣਾਈਆ। ਸਚ ਦਵਾਰੇ ਆ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਸਕੇ ਕੋਈ ਨਾ ਮੁਕਰ, ਪਰਦਾ ਉਪਰ ਨਾ ਕੋਇ ਟਿਕਾਈਆ। ਤੂਲ ਅਰਜ਼ ਨਾ ਜਾਣੇ ਕੋਈ ਕੁਤਰ, ਨਿਸਫ਼ ਨਿਸਫ਼ ਵੰਡ ਨਾ ਕੋਇ ਵੰਡਾਈਆ। ਜੋ ਆਇਆ ਸੋ ਬਣਕੇ ਪੁੱਤਰ, ਪਿਤਾ ਪੁਰਖ ਅਕਾਲ ਮਨਾਈਆ। ਜੋ ਬਣਾਇਆ ਸੋ ਆਪਣੀ ਧਾਰੋਂ ਆਇਆ ਉਤਰ, ਉਤਲਾ ਲੇਖਾ ਨਾ ਕਿਸੇ ਸਮਝਾਈਆ। ਓ ਕੀ ਹੋਇਆ ਧ੍ਰੂ ਬਣਿਆ ਕੁਤਬ, ਕਾਤਬ ਕਰਕੇ ਗਏ ਲਿਖਾਈਆ। ਜਨ ਭਗਤੋ ਤੁਹਾਨੂੰ ਚੁੱਕ ਕੇ ਆਪਣੇ ਕੁੱਛੜ, ਬਿਨ ਕੁਛ ਕੀਤਿਆਂ ਪਾਰ ਲੰਘਾਈਆ। ਤੁਹਾਡੇ ਪ੍ਰੇਮ ਪਿਆਰ ਦਾ ਖਾ ਕੇ ਉਹ ਟੁੱਕਰ, ਜੋ ਟੁਕੜਿਆਂ ਵਿਚੋਂ ਟੁਕੜਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਇਹ ਅੱਛੇ, ਅੱਛੀ ਮਿਲੀ ਵਡਿਆਈਆ। ਜਿਸ ਨੇ ਬਣਾਏ ਕਛ ਮਛੇ, ਸਮੁੰਦ ਸਾਗਰਾਂ ਵਿਚ ਤਰਾਈਆ। ਜਿਸ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਬੱਚੇ, ਪੁੱਤਰਾਂ

ਗੋਦ ਉਠਾਈਆ। ਜਿਸ ਦੇ ਲੱਖ ਚੁਰਾਸੀ ਭਾਂਡੇ ਕੱਚੇ, ਤਨ ਮਾਟੀ ਵੇਖ ਵਖਾਈਆ। ਜਿਸ ਦੇ ਨਾਮ ਰੰਗ ਗੁਰਮੁਖ ਸਾਚੇ ਰੱਤੇ, ਰੱਤੀ ਰੱਤ ਸੁਕਾਈਆ। ਜਿਸ ਦੇ ਅੰਦਰੋਂ ਮਿਲ ਗਏ ਪਤੇ, ਬਾਹਰੋਂ ਸਕੇ ਨਾ ਕੋਇ ਸਮਝਾਈਆ। ਜਿਸ ਦੇ ਦਰਸ਼ਨ ਨਿਜ ਨੇਤਰ ਅੱਖੇ, ਦੋਏ ਲੋਚਨ ਨੈਣ ਸ਼ਰਮਾਈਆ। ਜਿਸ ਨੂੰ ਝੱਲੇ ਪਵਣ ਕੋਇ ਨਾ ਪੱਖੇ, ਠੰਡੀ ਠਾਰ ਨਾ ਕੋਇ ਰਖਾਈਆ। ਸੋ ਸਮਰਥ ਸਵਾਮੀ ਜਨ ਭਗਤਾਂ ਪਤ ਰੱਖੇ, ਰੱਖਕ ਬੇਪਰਵਾਹੀਆ। ਜਿਨ੍ਹਾਂ ਦਾ ਲਹਿਣਾ ਉਨ੍ਹਾਂ ਕਰੇ ਇਕੱਠੇ, ਰੱਟੇ ਅਗਲੇ ਦਏ ਮੁਕਾਈਆ। ਕੂੜੀ ਕਿਰਿਆ ਰੁਲਣ ਨਾ ਦੇਵੇ ਵਿਚ ਘੱਟੇ, ਕੀਮਤ ਕਰਤਾ ਆਪੇ ਪਾਈਆ। ਨਾਮ ਬੀਜੇ ਸਾਚੇ ਵੱਤੇ, ਕਾਇਆ ਕਿਰਸਾਣਾ ਵੇਖ ਵਖਾਈਆ। ਭਾਗ ਲਗਾਏ ਪੱਤ ਡਾਲ੍ਹੀ ਪੱਤੇ, ਪੰਖੜੀਆਂ ਆਪ ਮਹਿਕਾਈਆ । ਹੁਣ ਲੋੜ ਰਹੀ ਨਹੀਂ ਧੰਨੇ ਵਾਂਗਰ ਚਾਰਨ ਦੀ ਵੱਛੇ, ਭਗਤ ਵਛਲ ਕਿਰਪਾ ਨਾਲ ਤਰਾਈਆ। ਖੂਹਾ ਗੇੜ ਹਲਟ ਨਾ ਹਕੇ, ਮਨ ਕਾ ਮਣਕਾ ਦਏ ਭੁਆਈਆ। ਕਟੋਰੇ ਵਿਚ ਕੁਛ ਨਾ ਛਕੇ, ਅੰਤਰ ਆਤਮ ਤ੍ਰਿਸਨ ਬੁਝਾਈਆ। ਸੁੱਕੇ ਟੁੱਕਰ ਵੇਖ ਕੇ ਮੰਡੇ ਪੱਕੇ, ਪੱਕੀ ਆਪਣੀ ਗੰਢ ਪਵਾਈਆ । ਜਨ ਭਗਤਾਂ ਅੱਗੇ ਦੇਵੇ ਨਾ ਕੋਈ ਧੱਕੇ, ਧੱਕੇ ਨਾਲ ਆਪਣੇ ਘਰ ਬਹਾਈਆ। ਲੋੜ ਰਹੀ ਨਾ ਜਾਣ ਦੀ ਮਦੀਨੇ ਮੱਕੇ, ਮਕਬਰਿਆਂ ਸੀਸ ਨਾ ਕੋਇ ਨਿਵਾਈਆ। ਖਹਿੜਾ ਛੁੱਟ ਜਾਏ ਮੰਦਰ ਮਸੀਤ ਮੱਠੇ, ਗੁਰੂ ਦਵਾਰਾ ਇਕੋ ਇਕ ਜਣਾਈਆ। ਜਿਥੇ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਊਚ ਨੀਚ ਬਹਿਣ ਇਕੱਠੇ, ਜ਼ਾਤ ਪਾਤ ਨਾ ਕੋਇ ਰਖਾਈਆ। ਪ੍ਰੇਮ ਪ੍ਰੀਤੀ ਡੋਰੀ ਬੰਨ੍ਹੇ ਇਕੋ ਰੱਸੇ, ਰਸਤਾ ਸਭ ਨੂੰ ਇਕ ਜਣਾਈਆ। ਜਿਨ੍ਹਾਂ ਦੇ ਅੰਦਰ ਸਵਾਮੀ ਵਸੇ, ਬਾਹਰੋਂ ਲੱਭਣ ਕੋਇ ਨਾ ਜਾਈਆ। ਜਨ ਭਗਤਾਂ ਜਨਮ ਕਰਮ ਦੇ ਮੇਟ ਕੇ ਰੱਟੇ, ਲਾਟੀ ਕੀਨ ਦਏ ਬਣਾਈਆ। ਬਾਹਰੋਂ ਚੀਥੜ ਦਿਸਣ ਫਟੇ, ਅੰਦਰੋਂ ਰੰਗ ਇਕ ਵਖਾਈਆ। ਪਿਛਲੇ ਗਲੋਂ ਲਾਹਕੇ ਜਨਮ ਕਰਮ ਦੇ ਪਟੇ, ਅੱਗੇ ਖੁਲ੍ਹੇ ਦਿਤੇ ਕਰਾਈਆ। ਪ੍ਰਭ ਸਰਨਾਈ ਜਾਵੋ ਨੱਠੇ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰੀ ਭਗਵਾਨ ਹੋਏ ਸਹਾਈਆ। ਗੁਰ ਅਵਤਾਰ ਕਹਿਣ ਤੂੰ ਹੋ ਸਹਾਇਕ, ਖ਼ਸਮ ਸੱਚਾ ਨਜ਼ਰੀ ਆਈਆ। ਪੀਰ ਪੈਗ਼ੰਬਰ ਕਹਿਣ ਤੇਰੀ ਅਸ਼ਾਇਤ, ਸ਼ਰਅ ਜ਼ੰਜੀਰ ਤੁੜਾਈਆ। ਗੁਰ ਅਵਤਾਰ ਕਹਿਣ ਤੇਰੀ ਹਦਾਇਤ, ਹੱਦ ਕੂੜੀ ਪਾਰ ਲੰਘਾਈਆ। ਪੀਰ ਪੈਗ਼ੰਬਰ ਕਹਿਣ ਕਰ ਅਨਾਇਤ, ਬਖ਼ਸ਼ਿਸ਼ ਨੂਰ ਖ਼ੁਦਾਈਆ। ਗੁਰ ਅਵਤਾਰ ਕਹਿਣ ਪ੍ਰਭੂ ਤੇਰੀ ਹਮਾਇਤ, ਹਮ ਸਾਰੇ ਰਹੇ ਸਮਝਾਈਆ। ਪੀਰ ਪੈਗ਼ੰਬਰ ਕਹਿਣ ਤੇਰੀ ਰਵਾਇਤ, ਰਵਾਦਾਰ ਨਾ ਕੋਇ ਕਰਾਈਆ। ਗੁਰ ਅਵਤਾਰ ਕਹਿਣ ਸਾਡੀ ਗਈ ਅਜ਼ਮਾਇਸ਼, ਸਚ ਸਚ ਸਮਝਾਈਆ। ਪੀਰ ਪੈਗ਼ੰਬਰ ਕਹਿਣ ਸਾਡੀ ਕਾਅਬਿਆਂ ਵਾਲੀ ਮੁੱਕੀ ਪੈਮਾਇਸ਼, ਪੈਮਾਨਾ ਤੇਰੇ ਹੱਥ ਫੜਾਈਆ। ਸ੍ਰੀ ਭਗਵਾਨ ਕਹੇ ਗੁਰ ਅਵਤਾਰ ਪੀਰ ਪੈਗ਼ੰਬਰੋ ਲੱਖ ਚੁਰਾਸੀ ਮੇਰੀ ਇਕ ਜਮਾਇਤ, ਧੁਰ ਦਾ ਅੱਖਰ ਇਕ ਸਮਝਾਈਆ। ਧੁਰ ਸੰਦੇਸਾ ਸਚ ਕਾਇਨਾਤ, ਕਲਮਾ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਇਕ ਅਖਵਾਈਆ। ਸਾਹਿਬ ਸੁਲਤਾਨ ਸਚ ਮਹਿਬੂਬ, ਪੈਗ਼ੰਬਰ ਰਹੇ ਜਣਾਈਆ। ਤੇਰੀ ਮੰਜ਼ਲ ਸਚ ਮਕਸੂਦ, ਮੁਕਾਮੇ ਹਕ ਤੇਰੀ ਸਰਨਾਈਆ। ਤੇਰਾ ਵੇਖਿਆ ਉਚ ਅਰੂਜ, ਅਰਸ਼ ਕੁਰਸ਼ ਬੈਠੇ ਸੀਸ ਨਿਵਾਈਆ। ਕੋਟਨ ਕੋਟ ਵਾਰ ਤੇਰੇ ਕਦਮਾਂ ਉਤੇ ਗਏ ਝੂਝ, ਪਦਮਾਂ ਵਿਚ ਗਣਤ ਨਾ ਕੋਇ ਗਣਾਈਆ। ਧੰਨ ਭਾਗ ਸਦੀ ਚੌਦਵੀਂ

ਚੌਦਾਂ ਤਬਕ ਹੋਇਆ ਮੌਜੂਦ, ਮਜਲਸ ਮੁਰਸ਼ਦ ਮੁਰੀਦਾਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਲਹਿਣਾ ਲਹਿਣੇ ਰਿਹਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅੱਧੀ ਸਤਰ ਨਿੱਕੀ, ਬਸਤਿਆਂ ਵਿਚੋਂ ਨਜ਼ਰੀ ਆਈਆ । ਜਿਸ ਦੇ ਵਿਚੋਂ ਲੱਭੀ ਤੇਰੀ ਧੁਰ ਦੀ ਸਿੱਖੀ, ਸਿਖਿਆ ਸਚ ਦ੍ਰਿੜਾਈਆ। ਜਿਸ ਨੂੰ ਗੋਬਿੰਦ ਕਿਹਾ ਧਾਰ ਤਿੱਖੀ, ਮੁਹੰਮਦ ਸਿਫ਼ਤ ਵਡਿਆਈਆ । ਓਸ ਦੀ ਨੋਕ ਵੇਖੀ ਚਿੱਟੀ, ਚਾਰ ਕੁੰਟ ਕਰੇ ਰੁਸ਼ਨਾਈਆ। ਜਗਤ ਨੇਤਰਾਂ ਖੇਲ ਅਣਡਿਠੀ, ਅਨਡਿਠੜੇ ਧਾਮ ਵਖਾਈਆ। ਤੇਰੀ ਸਾਰੀ ਸਮਝ ਸਕੇ ਕੋਈ ਨਾ ਚਿੱਠੀ, ਸੱਤਰਾਂ ਵਿਚ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦੇ ਸਮਝਾਈਆ । ਅੱਧੀ ਸੱਤਰ ਦਾ ਅਗਲਾ ਹਿੱਸਾ, ਹਿੱਸੇਦਾਰ ਬਣਾਈਆ। ਬਿਨ ਤੇਰੀ ਕਿਰਪਾ ਕਿਸੇ ਨਾ ਦਿਸਾ, ਦਹਿ ਦਿਸ਼ਾ ਹੋਈ ਹਲਕਾਈਆ। ਚਾਰੇ ਖਾਣੀ ਚਾਰੇ ਬਾਣੀ ਜਿਸ ਦਾ ਗਾਵੇ ਕਿੱਸਾ, ਰਾਗਾਂ ਨਾਦਾਂ ਵਿਚ ਵਡਿਆਈਆ। ਉਸ ਦਾ ਖੇਲ ਪਤਾ ਨਹੀਂ ਅੱਗੇ ਕਿੱਡਾ, ਕੀ ਕਰੇ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਬਾਲਾ ਨੱਢਾ, ਨਿੱਕੀਆਂ ਨਿੱਕੀਆਂ ਗੱਲਾਂ ਗਏ ਜਣਾਈਆ। ਅਗਲਾ ਲੇਖਾ ਪ੍ਰਭ ਦੇ ਉਤੇ ਛੱਡਾ, ਵਾਕ ਭਵਿਖਤ ਪੜ੍ਹਾਈਆ। ਆਪਣਾ ਖੇਲ ਕਰੇ ਪੁਰਖ ਸਮਰਥਾ, ਸਮਰਥ ਹੱਥ ਵਡਿਆਈਆ। ਜਿਸ ਦੀ ਕੋਈ ਗਾ ਨਾ ਸਕੇ ਕਥਾ, ਕਥਨੀ ਰਾਗ ਨਾ ਕੋਇ ਅਲਾਈਆ। ਉਸ ਦਾ ਭੇਵ ਸਮਝ ਨਾ ਆਵੇ ਰਤਾ, ਰੱਤ ਸਾਰੇ ਗਏ ਸੁਕਾਈਆ। ਸਭ ਨੇ ਦਿਤਾ ਧੁਰ ਸੰਦੇਸਾ ਪਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਕਲਜੁਗ ਅੰਤਮ ਆਵੇ ਨੱਠਾ, ਨਿਰਗੁਣ ਆਪਣਾ ਫੇਰਾ ਪਾਈਆ। ਜੁਗ ਜਨਮ ਦਾ ਵਿਛੜਿਆ ਭਗਤ ਸੰਤ ਕਰੇ ਇਕੱਠਾ, ਗੁਰਮੁਖ ਗੁਰਸਿਖ ਮੇਲ ਮਿਲਾਈਆ । ਤ੍ਰੈਗੁਣ ਅਗਨ ਤਪਾਏ ਸ੍ਰਿਸ਼ਟ ਸਬਾਈ ਭੱਠਾ, ਪੰਜ ਤਤ ਲੰਬੂ ਲਾਈਆ। ਗੁਰਮੁਖਾਂ ਦਰਸ ਕਰਾਏ ਆਪਣੀ ਅੱਖਾ, ਆਖ਼ਰ ਆਪਣਾ ਰੰਗ ਚੜ੍ਹਾਈਆ । ਦੋ ਜਹਾਨਾਂ ਬਣ ਕੇ ਸੱਜਣ ਸਖ਼ਾ, ਸਾਖਿਆਤ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਨਿੱਕੀ ਸੱਤਰ ਦਾ ਨਿੱਕਾ ਰੂਪ, ਨਿਕਿਉਂ ਨਿੱਕਾ ਨਜ਼ਰੀ ਆਈਆ। ਤੂੰ ਠਾਕਰ ਸਵਾਮੀ ਧੁਰ ਦਾ ਭੂਪ, ਭੂਪਤ ਤੇਰੀ ਵਡਿਆਈਆ । ਬਿਨ ਤੇਰੇ ਚੁੱਕੇ ਨਾ ਕੋਈ ਚੂਕ, ਚਾਕਰ ਗਏ ਫੇਰੀਆਂ ਪਾਈਆ। ਕਿਉਂ ਸੁੱਤਾ ਸਾਹਿਬ ਘੂਕ, ਨਿਰਗੁਣ ਆਪਣੀ ਲੈ ਅੰਗੜਾਈਆ। ਤੇਰੇ ਭਗਤ ਤਰਸਦੇ ਪੂਤ, ਪਤਿਪਰਮੇਸ਼ਵਰ ਗੋਦ ਉਠਾਈਆ। ਉੱਤਰ ਪੂਰਬ ਪੱਛਮ ਦੱਖਣ ਤੇਰੀ ਕੂਟ, ਕੂਟਾਂ ਵਿਚੋਂ ਕੁਟੀਆ ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਥੇ ਹਰਿ ਰਹੇ ਸਦਾ ਮੌਜੂਦ, ਮੁਫ਼ਲਿਸ ਹੋ ਕੇ ਝਟ ਲੰਘਾਈਆ। ਆਪਣੀ ਕਰਨੀ ਅੰਦਰ ਮਸਰੂਫ਼, ਮਸਲੇ ਧੁਰ ਦੇ ਰਿਹਾ ਜਣਾਈਆ। ਅਸੀਂ ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਦੇਵਣ ਵਾਲੇ ਪਰੂਫ਼, ਪਰਾ ਪਸੰਤੀ ਮਧਮ ਬੈਖਰੀ ਗਾ ਗਾ ਜਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦੇ ਸੁਹਾਈਆ। ਨਿੱਕੀ ਸੱਤਰ ਕਹੇ ਮੈਂ ਦੱਸਾਂ ਸਤ੍ਹਾ, ਸਤਿ ਸਤਿ ਸਮਝ ਕੋਇ ਨਾ ਪਾਈਆ। ਗੁਰ ਅਵਤਾਰਾਂ ਜਿਨ੍ਹਾਂ ਪਤਾ, ਪਤਰਿਆਂ ਉਤੇ ਗਏ ਲਿਖਾਈਆ। ਅੱਗੇ ਕਹਿ ਕੇ ਬੇਅੰਤ ਬੇਅੰਤਾ, ਪੱਲੂ ਸਰਬ ਛੁਡਾਈਆ। ਜਿਸ ਬਣਾ ਕੇ ਪਹਿਲੋਂ ਆਪਣੀ ਬਣਤਾ, ਫਿਰ ਸ਼ਬਦੀ ਸੁਤ ਉਠਾਈਆ। ਜਿਸ ਵਿਸ਼ਨ ਬ੍ਰਹਮਾ ਸ਼ਿਵ ਖੇਲ ਖੇਲਿਆ ਅਗੰਮਤਾ, ਦਿਤੀ ਮਾਣ ਵਡਿਆਈਆ । ਜਿਸ ਨੇ ਪਰਕਾਸ਼ ਕਰਾਇਆ ਸੂਰਜ ਚੰਨ ਕਾ, ਜ਼ਿਮੀਂ ਅਸਮਾਨ ਵੰਡ ਵੰਡਾਈਆ।

ਜੋ ਕੋਟਨ ਕੋਟ ਬ੍ਰਹਿਮੰਡ ਖੰਡ ਬੇੜਾ ਬੰਨ੍ਹਦਾ, ਪੁਰੀਆਂ ਲੋਆਂ ਸੋਭਾ ਪਾਈਆ। ਜੋ ਆਦਿ ਜੁਗਦਿ ਜੁਗ ਚੌਕੜੀ ਲੱਖ ਚੁਰਾਸੀ ਘੜਦਾ ਭੰਨਦਾ, ਜੂਨ ਅਜੂਨੀ ਖੇਲ ਖਿਲਾਈਆ। ਜਿਸ ਨੇ ਰਚਨ ਰਚਾਇਆ ਮਤ ਬੁਧ ਮਨ ਦਾ, ਆਸਾ ਤ੍ਰਿਸਨਾ ਮਾਇਆ ਮਮਤਾ ਹਉਮੇ ਹੰਗਤਾ ਗੜ੍ਹ ਸੁਹਾਈਆ। ਜਿਸ ਨੇ ਖੇਲ ਰਚਾਇਆ ਨੱਕ ਮੂੰਹ ਕੰਨ ਦਾ, ਨੇਤਰਾਂ ਨੂਰ ਜੋਤ ਰੁਸ਼ਨਾਈਆ। ਜੋ ਗੁਰ ਅਵਤਾਰ ਪੀਰ ਪੈਗ਼ੰਬਰ ਜਨਨੀ ਹੋ ਕੇ ਜਣਦਾ, ਧੁਰ ਦੀ ਗੋਦੀ ਗੋਦ ਸੁਹਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਸਦਾ ਮੰਨਦਾ, ਮਨਸਾ ਪੂਰ ਅਖਵਾਈਆ। ਕੀ ਹੋਇਆ ਜੇ ਉਹ ਨਾਤਾ ਛੱਡ ਕੇ ਆਇਆ ਤਨ ਦਾ, ਜੋਤੀ ਜੋਤ ਜੋਤ ਰੁਸ਼ਨਾਈਆ। ਖਹਿੜਾ ਛੁੱਟਿਆ ਮਾਟੀ ਖੱਲ ਦਾ, ਖ਼ਾਲਕ ਖ਼ਲਕ ਬੇਪਰਵਾਹੀਆ। ਇਹ ਸਵਾਲ ਨਹੀਂ ਕਿਸੇ ਦੇ ਹਲ ਦਾ, ਹਾਲਤ ਆਪਣੀ ਲਈ ਬਦਲਾਈਆ। ਲੇਖਾ ਚੁੱਕਿਆ ਅੰਨ ਜਲ ਦਾ, ਬਸਤਰ ਓਢਨ ਤਨ ਨਾ ਕੋਇ ਜਣਾਈਆ । ਜਿਸ ਵੇਲੇ ਚਾਹੇ ਜੋਤ ਸਰੂਪੀ ਤੱਤਾਂ ਵਿਚ ਰਲਦਾ, ਤੱਤਾਂ ਵਿਚੋਂ ਬਾਹਰ ਹੋ ਜਾਈਆ। ਗੋਬਿੰਦ ਸਿੰਘਾਸਣ ਇਕੋ ਮੱਲਦਾ, ਜਿਸ ਦਾ ਮਾਲਕ ਬੇਪਰਵਾਹੀਆ। ਇਹ ਵੱਡਾ ਖੇਲ ਅਛਲ ਅਛੱਲ ਦਾ, ਕੀ ਹੋਇਆ ਜੇ ਰਾਵਣ ਛਲਿਆ ਰਾਮ ਛਲ ਕੇ ਰਾਮ ਆਪ ਅਖਵਾਈਆ। ਕਿਸੇ ਨੂੰ ਪਤਾ ਨਹੀਂ ਅਗਲੇ ਪਲ ਦਾ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਜਿਸ ਨੂੰ ਮਾਲਕ ਮੰਨਿਆ ਜਲ ਥਲ ਦਾ, ਮਹੀਅਲ ਕਹਿ ਕੇ ਗਏ ਗਾਈਆ। ਉਹ ਪ੍ਰਭ ਆਪਣੀ ਕਰਨੀ ਕਰਨੋਂ ਕਦੇ ਨਾ ਟਲਦਾ, ਟੱਲੀਆਂ ਨਾਲ ਨਾ ਕੋਇ ਮਨਾਈਆ। ਦੀਵਿਆਂ ਵਿਚ ਕਦੇ ਨਾ ਬਲਦਾ, ਹਵਨ ਘਿਰਤ ਵਿਚ ਸੁਗੰਧ ਨਾ ਕੋਇ ਸਮਾਈਆ। ਜੇ ਕਿਰਪਾ ਕਰੇ ਤੇ ਭਗਤਾਂ ਅੰਦਰ ਆਪਣਾ ਆਸਣ ਰੱਖਦਾ, ਵੱਖਰਾ ਹੋ ਨਾ ਝੱਟ ਲੰਘਾਈਆ। ਉਹ ਮਾਲਕ ਕੱਖ ਤੇ ਲੱਖ ਦਾ, ਲੱਖੋਂ ਕੱਖ ਬਣਾਈਆ। ਜਿਸ ਨੂੰ ਦਰਸ ਕਰਾਇਆ ਆਪਣੀ ਅੱਖ ਦਾ, ਵਾਂਗ ਕਬੀਰੇ ਦਏ ਦੁਹਾਈਆ। ਜੋ ਆ ਕੇ ਇਸਦੀ ਫਾਹੀ ਵਿਚ ਫਸਦਾ, ਸੋ ਫਾਂਸੀ ਗਲੋਂ ਗਿਆ ਲੁਹਾਈਆ। ਸਚ ਦਵਾਰੇ ਖ਼ੁਸ਼ੀਆਂ ਨਾਲ ਹੱਸਦਾ, ਹਸਤੀ ਵਿਚ ਮਿਲਿਆ ਬੇਪਰਵਾਹੀਆ। ਏਹੋ ਜ਼ੋਰ ਓਸ ਅਗੰਮੀ ਜੱਟ ਦਾ, ਜਿਸ ਨੂੰ ਜਟਾ ਜੂਟ ਧਾਰ ਸਮਝ ਸਕੇ ਨਾ ਰਾਈਆ। ਵੇਖੋ ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਨਾਮ ਹੈ ਰਟਦਾ, ਸੀਸ ਜਗਦੀਸ ਨਿਵਾਈਆ। ਆਪਣੀ ਹੱਥੀਂ ਪਰਮਟ ਸਭ ਦੇ ਕੱਟਦਾ, ਧੁਰ ਦਾ ਨਾਮ ਉਪਰ ਮੋਹਰ ਲਗਾਈਆ। ਫੇਰ ਬਣੇ ਉਹ ਗੁਰ ਅਵਤਾਰ ਪੀਰ ਪੈਗ਼ੰਬਰ ਮਾਲਕ ਓਸ ਹਟ ਦਾ, ਸੌਦਾ ਆਪਣੇ ਹੱਟ ਵਿਕਾਈਆ। ਜਿਸ ਵੇਲੇ ਚਾਹਵੇ ਓਸੇ ਵੇਲੇ ਫੇਰ ਸੱਦ ਦਾ, ਲੋਕਮਾਤ ਰਹਿਣ ਕੋਇ ਨਾ ਪਾਈਆ। ਇਕੋ ਇਕ ਪੁਰਖ ਅਕਾਲ ਸਚ ਮੁਕਾਮ ਬਹਿ ਕੇ ਵਸਦਾ, ਬੈਕੁੰਠ ਨਿਵਾਸੀ ਹਰਿ ਅਬਿਨਾਸ਼ੀ ਡੇਰਾ ਲਾਈਆ। ਜਨ ਭਗਤੋ ਇਹ ਬੁਰਜ ਕੋਟਨ ਵਾਰ ਬਣਦਾ ਕੋਟਨ ਵਾਰ ਢੱਠਦਾ, ਬਿਨ ਸਤਿਗੁਰ ਪੂਰੇ ਸੰਗ ਨਾ ਕੋਇ ਨਿਭਾਈਆ । ਹੁਣ ਤੁਹਾਡਾ ਨਹੀਂ ਵੇਲਾ ਪ੍ਰਭੂ ਦੇ ਜਸ ਦਾ, ਘਰ ਬੈਠਿਆਂ ਰਿਹਾ ਗਾਈਆ। ਜੋ ਪਿਛੇ ਸਭ ਤੋਂ ਵੱਖਰਾ ਵਸਦਾ, ਸੋ ਵਕਤ ਵੇਲਾ ਰਿਹਾ ਸੁਹਾਈਆ । ਕਰ ਖੇਲ ਬਾਜ਼ੀਗਰ ਨਟ ਦਾ, ਸਵਾਂਗੀ ਆਪਣਾ ਸਵਾਂਗ ਰਚਾਈਆ। ਜਨ ਭਗਤਾਂ ਪਤ ਰਖਦਾ, ਪਤਿਪਰਮੇਸ਼ਵਰ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੇਖਾ ਜਾਣੇ ਹਕੀਕਤ ਹਕ ਦਾ, ਹਾਕਮ ਇਕੋ ਇਕ ਅਖਵਾਈਆ।

ਇਕੋ ਹਾਕਮ ਇਕੋ ਹੁਕਮ, ਹੁਕਮੀ ਇਕ ਭੁਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਤੁਖ਼ਮ, ਤਾਸੀਰ ਦਿਤੀ ਬਦਲਾਈਆ।

ਕੀ ਲੱਭਣ ਕਾਰਨ ਸੂਖ਼ਮ, ਅਸਥੂਲ ਦਿਤੇ ਭੁਲਾਈਆ। ਫਿਰੀ ਦਰੋਹੀ ਚਾਰੇ ਕੂਟਨ, ਖਿੜਕੀ ਕੁੰਡੀ ਨਾ ਕੋਇ ਖੁਲ੍ਹਾਈਆ। ਕਲਜੁਗ ਸਾਧ ਐਵੇਂਂ ਭੂਤਣ, ਜਗਤ ਭੂਤਨੇ ਰੂਪ ਵਟਾਈਆ। ਉਚੀ ਕੂਕ ਕੂਕ ਕੂਕਣ, ਕੂਕ ਕੂਕ ਸੁਣਾਈਆ। ਤਨ ਕਾਇਆ ਮਾਟੀ ਫੂਕਣ, ਫੁਲਕਿਆਂ ਨਾਲ ਪੇਟ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਡੰਡੇ ਨਾਲ ਸਭ ਦੇ ਭੰਨੇ ਬੂਥਣ, ਮੁਖ ਦਏ ਭੁਆਈਆ।