੨ ਕੱਤਕ ੨੦੨੧ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਨਾਨਕ ਪੁਰਾ ਅੰਮ੍ਰਿਤਸਰ
ਗੁਰ ਅਵਤਾਰ ਪੀਰ ਪੈਗ਼ੰਬਰ ਨਾਮ ਰਟਦਾ, ਹਰਿ ਚਰਨ ਕਵਲ ਧਿਆਨ ਲਗਾਈਆ। ਆਦਿ ਜੁਗਾਦਿ ਨਿਤ ਨਵਿਤ ਜਸ ਗਾਵਣ ਪੁਰਖ ਸਮਰਥ ਦਾ, ਅੰਤਰ ਆਤਮ ਪਰਮਾਤਮ ਰਾਗ ਅਲਾਈਆ। ਸਾਚਾ ਮਾਰਗ ਧੁਰ ਦਰਗਾਹ ਅਗੰਮ ਅਗੰਮੜਾ ਇਕੋ ਦੱਸਦਾ, ਸਚ ਸਤਿ ਸਤਿ ਵਡਿਆਈਆ। ਭੇਵ ਖੋਲ੍ਹ ਕੇ ਆਪਣੀ ਅੱਖ ਦਾ, ਨਿਜ ਨੇਤਰ ਦਏ ਸਮਝਾਈਆ। ਨਾਮ ਅਗੰਮੜੇ ਰੰਗ ਰੰਗਦਾ, ਹਰਿ ਰੰਗੀਲਾ ਸ਼ਹਿਨਸ਼ਾਹੀਆ । ਭੇਵ ਖੋਲ੍ਹ ਕਾਇਆ ਮਾਟੀ ਪੰਜ ਤਤ ਤਨ ਦਾ, ਤਤਵ ਤਤ ਦਏ ਸਮਝਾਈਆ। ਬੇੜਾ ਬੰਨ੍ਹ ਵਾਸਨਾ ਮਨ ਕਾ, ਮਨ ਕਾ ਮਣਕਾ ਦਏ ਭੁਆਈਆ । ਇਕੋ ਰਾਗ ਸੁਣਾਏ ਧੰਨ ਧੰਨ ਕਾ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਾਰੇ ਖ਼ੁਸ਼ੀ ਮਨਾਈਆ। ਜੁਗ ਚੌਕੜੀ ਖੇਲ ਸ੍ਰੀ ਭਗਵਨ ਕਾ, ਭਗਤਨ ਮੇਲਾ ਸਹਿਜ ਸੁਭਾਈਆ। ਕਰੇ ਪਰਕਾਸ਼ ਅਨੋਖੇ ਚੰਨ ਦਾ, ਜੋਤੀ ਜੋਤ ਜੋਤ ਰੁਸ਼ਨਾਈਆ। ਲੱਖ ਚੁਰਾਸੀ ਕੂੜੀ ਕਿਰਿਆ ਆਪ ਡੰਨ ਦਾ, ਨਿਰਗੁਣ ਸਰਗੁਣ ਫੇਰਾ ਪਾਈਆ। ਸਾਚੇ ਸੰਤਾਂ ਬੇੜਾ ਬੰਨ੍ਹਦਾ, ਪਤਣ ਬਹਿ ਕੇ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਹਿਬ ਸਤਿਗੁਰ ਇਕੋ ਮੰਨ ਦਾ, ਪੁਰਖ ਅਕਾਲ ਪਰਵਰਦਿਗਾਰ ਮੁਕਾਮੇ ਹਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਾਵਣਹਾਰਾ ਸਚ ਦਰ, ਸਚਖੰਡ ਸਾਚਾ ਇਕ ਸੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਦੱਸਣ, ਬਿਨ ਰਸਨਾ ਜਿਹਵਾ ਬੱਤੀ ਦੰਦ ਰਹੇ ਸੁਣਾਈਆ। ਤੇਰੇ ਦਵਾਰੇ ਪਰਮ ਪੁਰਖ ਪਰਮਾਤਮ ਆਏ ਵਸਣ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਧਾਮ ਅਵੱਲੜਾ ਹਕੀਕਤ ਦੇ ਹਕਨ, ਹਕੂਕ ਸਭ ਦੀ ਝੋਲੀ ਪਾਈਆ। ਤੇਰੇ ਨੇਤਰ ਤੈਨੂੰ ਤੱਕਣ, ਦੋਏ ਲੋਚਣ ਮਾਣ ਮਿਟਾਈਆ। ਤੂੰ ਸਾਹਿਬ ਸਵਾਮੀ ਸਦਾ ਪਤ ਰੱਖਣ, ਪਤਿਪਰਮੇਸ਼ਵਰ ਇਕ ਅਖਵਾਈਆ । ਤੇਰਾ ਰੂਪ ਅਨੂਪ ਮੋਹਨ ਮਦਨ, ਮਹਾਂਬਲੀ ਤੇਰੇ ਹੱਥ ਵਡਿਆਈਆ। ਤੇਰਾ ਨੂਰ ਆਦਿ ਨਿਰੰਜਣ, ਜੋਤੀ ਜੋਤ ਡਗਮਗਾਈਆ। ਤੇਰਾ ਨਿਰਅੱਖਰ ਸੱਚਾ ਭਜਨ, ਰਾਗ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਦਵਾਰੇ ਖ਼ੁਸ਼ੀ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਟੇਕਾ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਤੇਰੇ ਹੁਕਮੇ ਅੰਦਰ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਰਿਆ ਭੇਖਾ, ਕਾਇਆ ਮਾਟੀ ਤਤਵ ਤਨ ਹੰਢਾਈਆ। ਨਿਰਗੁਣ ਨਿਰਵੈਰ ਨਿਰੰਕਾਰ ਤੇਰੇ ਹੱਥ ਸਰਗੁਣ ਲੇਖਾ, ਆਤਮ ਪਰਮਾਤਮ ਖੋਜ ਖੁਜਾਈਆ। ਕਾਇਆ ਮੰਦਰ ਅੰਦਰ ਵੜ ਕੇ ਖੋਲ੍ਹੇਂ ਭੇਤਾ, ਪੜਦਾ ਆਪ ਚੁਕਾਈਆ। ਪੂਰਬ ਜਨਮ ਰਖੇਂ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਲੋਕਮਾਤ ਦੀਨ ਮਜ਼੍ਹਬ ਦਾ ਸਾਡਾ ਚੁੱਕਿਆ ਠੇਕਾ, ਸ਼ਰਅ ਸ਼ਰੀਅਤ ਨਜ਼ਰ ਕੋਇ ਨਾ ਆਈਆ। ਸਚ ਦਵਾਰੇ ਇਕ ਆਦੇਸਾ,
ਨਮੋ ਨਮੋ ਨਿਮਸਕਾਰ ਬੰਦਨਾ ਡੰਡਾਵਤ ਇਕ ਜਣਾਈਆ। ਤੂੰ ਹਰ ਘਟ ਰਮਿਆ ਮੂੰਡ ਮੁੰਡਾਏ ਧਾਰੀ ਕੇਸਾ, ਰਾਮ ਕ੍ਰਿਸ਼ਨ ਤੇਰਾ ਰੂਪ ਅਖਵਾਈਆ। ਈਸਾ ਮੂਸਾ ਮੁਹੰਮਦ ਖੇਲੇ ਖੇਡਾ, ਖ਼ਾਲਕ ਖ਼ਲਕ ਤੇਰੀ ਸਰਨਾਈਆ। ਨਾਨਕ ਗੋਬਿੰਦ ਨਿਰਗੁਣ ਭੇਜਾ, ਸਰਗੁਣ ਵੰਡ ਵੰਡਾਈਆ । ਸਚ ਪਰਕਾਸ਼ ਤੇਰਾ ਨੂਰ ਅਗੰਮੀ ਤੇਜਾ, ਜਲਵਾਗਰ ਤੇਰੀ ਰੁਸ਼ਨਾਈਆ। ਏਥੇ ਓਥੇ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਰਹੇਂ ਹਮੇਸ਼ਾ, ਜ਼ਿਮੀਂ ਅਸਮਾਨ ਹੋ ਮਿਹਰਵਾਨ ਰਵ ਸਸ ਦਏਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਝੋਲੀ ਡਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਆਦਾਬ, ਸੱਯਦਾ ਸੀਸ ਝੁਕਾਈਆ। ਤੇਰਾ ਮਹੱਲ ਅਟਲ ਉਚ ਮਹਿਰਾਬ, ਤੂੰ ਮਾਲਕ ਮਹਿਬੂਬ ਬੇਪਰਵਾਹੀਆ। ਤੇਰਾ ਲੇਖਾ ਲਿਖ ਨਾ ਸਕੇ ਅਲਫ਼ ਯੇ ਸੀਨ ਸ਼ੀਨ ਸਵਾਦ, ਐਨ ਗ਼ੈਨ ਕੰਮ ਕਿਸੇ ਨਾ ਆਈਆ । ਤੇਰਾ ਭੇਵ ਨਾ ਜਾਣੇ ਕੋਈ ਕਿਤਾਬ, ਕੁਤਬਖ਼ਾਨੇ ਰਹੇ ਕੁਰਲਾਈਆ। ਤੇਰਾ ਨਾਮ ਨਿਧਾਨਾ ਬੋਧ ਅਗਾਧ, ਜੁਗ ਚੌਕੜੀ ਕਰੇਂ ਪੜ੍ਹਾਈਆ। ਸਚਖੰਡ ਦਵਾਰੇ ਤੇਰਾ ਰਾਜ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਤੇਈ ਅਵਤਾਰ ਤੈਥੋਂ ਲੈ ਕੇ ਗਏ ਦਾਤ, ਖ਼ਾਲੀ ਝੋਲੀ ਅੰਤ ਭਰਾਈਆ । ਈਸਾ ਮੂਸਾ ਮੁਹੰਮਦ ਮਸਤਕ ਲਾ ਕੇ ਖ਼ਾਕ, ਜਲਵਾ ਨੂਰ ਕੀਤਾ ਰੁਸ਼ਨਾਈਆ। ਨਾਨਕ ਗੋਬਿੰਦ ਖੋਲ੍ਹ ਕੇ ਤਾਕ, ਪੜਦਾ ਓਹਲਾ ਦਿਤਾ ਮਿਟਾਈਆ । ਜਨ ਭਗਤਾਂ ਜੁਗ ਜੁਗ ਬਣਾ ਕੇ ਸੱਜਣ ਸਾਕ, ਨਿਰਗੁਣ ਸਰਗੁਣ ਸੰਗ ਰਖਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਸਭ ਦਾ ਲੇਖਾ ਕਰੇਂ ਬੇਬਾਕ, ਬਾਕੀ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਚਾਰੋਂ ਕੁੰਟ ਵੇਖ ਅੰਧੇਰੀ ਰਾਤ, ਨੌ ਖੰਡ ਪ੍ਰਿਥਮੀ ਸੱਤ ਦੀਪ ਸੱਚਾ ਚੰਦ ਨਾ ਕੋਇ ਚਮਕਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਣੀ ਨਾ ਇਕ ਜਮਾਤ, ਸਾਚਾ ਇਸ਼ਟ ਦੇਵ ਦੇਵ ਆਤਮਾ ਨਜ਼ਰ ਕਿਸੇ ਨਾ ਆਈਆ। ਜ਼ਾਹਰ ਬਾਤਨ ਤੇਰੇ ਮਿਲਣ ਦੀ ਕਰੇ ਕੋਇ ਨਾ ਬਾਤ, ਸਚ ਸੰਦੇਸਾ ਨਾਮ ਨਾ ਕੋਇ ਜਣਾਈਆ। ਕਿਸੇ ਹੱਥ ਨਾ ਆਇਆ ਪਿਆਲਾ ਆਬੇ ਹਯਾਤ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਸਦੀ ਚੌਧਵੀਂ ਕਲਜੁਗ ਖੇੜੇ ਹੁੰਦੇ ਦਿਸੇ ਬਰਬਾਦ, ਬਸੰਤ ਰੁੱਤ ਨਾ ਕੋਇ ਮਹਿਕਾਈਆ। ਸ਼ਾਹ ਸੁਲਤਾਨ ਰੁਲਦੇ ਵੇਖੇ ਖ਼ਾਕ, ਸੀਸ ਤਾਜ ਨਾ ਕੋਇ ਟਿਕਾਈਆ। ਤੇਰੇ ਨਾਮ ਦੀ ਜੋ ਦੇ ਕੇ ਆਏ ਆਵਾਜ਼, ਧੁਰ ਸੰਦੇਸਾ ਨਾਮ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖ਼ਾਲੀ ਹੁਜਰੇ ਦਿਸਣ ਮਹਿਰਾਬ, ਮੱਕਾ ਕਾਅਬਾ ਰਿਹਾ ਕੁਰਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਵੱਜੇ ਕੋਈ ਨਾ ਨਾਦ, ਧੁਨ ਅਗੰਮੀ ਰਾਗ ਨਾ ਕੋਇ ਸ਼ਨਵਾਈਆ। ਮਨ ਵਾਸਨਾ ਕੂੜੀ ਕਿਰਿਆ ਸਾਰੇ ਹੋਏ ਗ਼ੁਲਾਮ, ਬੰਦੀਖਾਨਾ ਨਾ ਕੋਇ ਤੁੜਾਈਆ। ਨਜ਼ਰ ਆਏ ਨਾ ਹਕ ਅਮਾਮ, ਅਮਲ ਕਰੇ ਨਾ ਕੋਇ ਲੋਕਾਈਆ। ਤੇਰਾ ਸੰਦੇਸਾ ਅਗੰਮੀ ਪੈਗ਼ਾਮ, ਕਾਇਨਾਤ ਆਏ ਜਣਾਈਆ। ਸਦੀ ਚੌਧਵੀਂ ਖੇਲ ਕਰੇ ਮਹਾਨ, ਮਹਿਬਾਨ ਬੀਦੋ ਬੀ ਖ਼ੈਰ ਯਾ ਨੂਰ ਇਲਾਹੀਆ। ਜਿਸ ਨੂੰ ਝੁਕਦੇ ਜ਼ਿਮੀ ਅਸਮਾਨ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਓਸੇ ਦੀ ਮੰਨਣ ਆਣ, ਹੁਕਮੇ ਅੰਦਰ ਫੇਰਾ ਪਾਈਆ। ਤੂੰ ਮਾਲਕ ਖ਼ਾਲਕ ਵੱਡਾ ਬਾਗ਼ਬਾਨ, ਲੱਖ ਚੁਰਾਸੀ ਮਾਲਕ ਮਾਲੀ ਨਜ਼ਰੀ ਆਈਆ। ਤੇਰਾ ਨੂਰ ਜ਼ਹੂਰ ਜ਼ਾਹਰ ਸਕੇ ਨਾ ਕੋਇ ਪਹਿਚਾਨ, ਕਲਜੁਗ ਗ਼ਫ਼ਲਤ ਵਿਚ ਸੁੱਤੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਸਾ ਸੱਚਾ ਘਰ, ਜਿਸ ਗ੍ਰਹਿ ਬੈਠਾ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ
ਕਹਿਣ ਪ੍ਰਭ ਵੇਖ ਆਪਣਾ ਨਿਰਅੱਖਰ, ਆਖਰ ਵੇਲਾ ਗਿਆ ਆਈਆ। ਚੋਟੀ ਚੜ੍ਹ ਕੇ ਮੰਜ਼ਲ ਸਿਖ਼ਰ, ਸਾਖਿਆਤ ਦਰਸ਼ਨ ਪਾਈਆ। ਤੂੰ ਨਿਰਗੁਣ ਨਿਰਵੈਰ ਸਭ ਦਾ ਮਿਤਰ, ਮੀਤ ਪਿਆਰਾ ਬੇਪਰਵਾਹੀਆ। ਸਾਚੀ ਧਾਰੋਂ ਆਏ ਨਿਕਲ, ਮਾਤ ਪਿਤ ਨਾ ਕੋਇ ਜਾਈਆ । ਤੇਰਾ ਰੂਪ ਰੰਗ ਨਾ ਦਿਸੇ ਕੋਈ ਸ਼ਕਲ, ਅਕਲ ਵਿਚ ਨਾ ਕੋਇ ਵਡਿਆਈਆ। ਖੋਜਤ ਖੋਜਤ ਦੋ ਜਹਾਨ ਹੋਏ ਪਾਗ਼ਲ, ਭੇਵ ਅਭੇਦ ਹੱਥ ਕਿਸੇ ਨਾ ਆਈਆ। ਸਾਧ ਸੰਤ ਢੂੰਡਦੇ ਪੱਥਰ ਪਾਹਨ ਵਿਚ ਜੰਗਲ, ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਈ ਵੇਖ ਵਖਾਈਆ। ਬਿਨ ਤੇਰੇ ਭਗਤਾਂ ਤੇਰਾ ਕਾਇਆ ਮੰਦਰ ਅੰਦਰ ਸੁਣੇ ਕੋਇ ਨਾ ਮੰਗਲ, ਰੰਗ ਰਾਗ ਨਾ ਕੋਇ ਜਣਾਈਆ। ਕਲਜੁਗ ਅੰਤਮ ਸ਼ਰਅ ਸ਼ਰੀਅਤ ਦੀਨ ਮਜ਼੍ਹਬ ਵੱਝਾ ਸੰਗਲ, ਬਿਨ ਪੁਰਖ ਅਕਾਲ ਨਾ ਕੋਇ ਤੁੜਾਈਆ। ਆਤਮ ਪਰਮਾਤਮ ਮਿਲੇ ਨਾ ਕਿਸੇ ਅਨੰਦਨ, ਨਿਜਰ ਰਸ ਅੰਮ੍ਰਿਤ ਝਿਰਨਾ ਨਾ ਕੋਇ ਝਿਰਾਈਆ । ਭਾਂਡਾ ਭਰਮ ਭੌ ਕਲਜੁਗ ਜੀਵ ਮੂਲ ਨਾ ਭੰਨਣ, ਕੂੜੀ ਕਿਰਿਆ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਵਾਰਤਾ ਤੇਰੇ ਅਗੇ ਅਲਾਈਆ। ਸ੍ਰੀ ਭਗਵਾਨ ਕਹੇ ਸੁਣੋ ਗੁਰ ਅਵਤਾਰ, ਪੈਗ਼ੰਬਰਾਂ ਨਾਲ ਮਿਲਾਈਆ। ਤੁਹਾਡਾ ਖੇਲ ਵੇਖਿਆ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵਾ ਸਚ ਜਣਾਈਆ। ਨਿਤ ਨਵਿਤ ਔਂਦੇ ਰਹੇ ਵਿਚ ਸੰਸਾਰ, ਕਾਇਆ ਪੰਜ ਤਤ ਚੋਲਾ ਹੰਢਾਈਆ। ਉਚੀ ਕੂਕ ਕੂਕ ਕਰ ਕੇ ਗਏ ਪੁਕਾਰ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਸਭ ਦਾ ਸਾਂਝਾ ਮਿਤਰ ਪਿਆਰ, ਪਰਵਰਦਿਗਾਰ ਇਕ ਅਖਵਾਈਆ। ਦੀਨ ਮਜ਼੍ਹਬ ਤੋਂ ਵਸਿਆ ਬਾਹਰ, ਜ਼ਾਤ ਪਾਤ ਨਾ ਕੋਇ ਜਣਾਈਆ। ਆਤਮ ਪਰਮਾਤਮ ਸਭ ਨੂੰ ਦਏ ਅਧਾਰ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਚਲੇ ਨਾਲ, ਅੰਡਜ ਜੇਰਜ ਉਤਭੁਜ ਸੇਤਜ ਰਿਹਾ ਸਮਾਈਆ। ਲੱਭਿਆਂ ਕੋਈ ਨਾ ਸਕੇ ਭਾਲ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਦੇਵੇ ਸ੍ਰੀ ਭਗਵੰਤ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਧੁਰ ਦਾ ਕੰਤ, ਨਰ ਨਰਾਇਣ ਵੇਸ ਵਟਾਇੰਦਾ। ਏਕੰਕਾਰਾ ਕਰੇ ਖੇਲ ਅਨੰਤ, ਮਹਿੰਮਾ ਅਗਣਤ ਆਪ ਸਮਝਾਇੰਦਾ। ਆਦਿ ਨਿਰੰਜਣ ਨੂਰ ਨੂਰੰਤ, ਨਿਰੰਤਰ ਆਪਣੀ ਕਾਰ ਕਮਾਇੰਦਾ। ਅਬਿਨਾਸ਼ੀ ਕਰਤਾ ਦੱਸਣਹਾਰਾ ਸਾਚਾ ਮੰਤ, ਮੰਤਰ ਆਪਣਾ ਇਕ ਦ੍ਰਿੜਾਇੰਦਾ। ਸ੍ਰੀ ਭਗਵਾਨ ਬੋਧ ਅਗਾਧਾ ਬਣ ਕੇ ਪੰਡਤ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਲੇਖਾ ਜਾਣੇ ਆਦਿ ਅੰਤ, ਜੁਗ ਚੌਕੜੀ ਫੇਰਾ ਪਾਇੰਦਾ। ਭੇਵ ਖੁਲ੍ਹਾ ਕੇ ਸਾਧ ਸੰਤ, ਭਗਤ ਭਗਵਾਨ ਜੋੜ ਜੁੜਾਇੰਦਾ। ਕਿਸੇ ਦਰ ਨਾ ਜਾਏ ਮੰਗਤ, ਲੱਖ ਚੁਰਾਸੀ ਭਿਛਿਆ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਇੰਦਾ। ਸਚ ਸੰਦੇਸ਼ਾ ਦੇਵੇ ਪੈਗ਼ੰਬਰ ਪੀਰ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਸਦੀ ਚੌਧਵੀਂ ਵੇਖ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਇੰਦਾ। ਪਰਗਟ ਹੋ ਬੇਨਜ਼ੀਰ, ਨਿਰਗੁਣ ਨੂਰ ਚੰਦ ਚਮਕਾਇੰਦਾ। ਕਲਜੁਗ ਅੰਤਮ ਬਦਲ ਦੇਵੇ ਤਕਦੀਰ, ਤਦਬੀਰ ਆਪਣੇ ਵਿਚ ਛੁਪਾਇੰਦਾ। ਕੂੜੀ ਕਿਰਿਆ ਮੇਟੇ ਜਗਤ ਅਖ਼ੀਰ, ਨਾਮ ਸ਼ਮਸ਼ੀਰ ਹੱਥ ਚਮਕਾਇੰਦਾ। ਮੁਰੀਦ ਮੁਰਸ਼ਦ ਰਹੇ ਨਾ ਕੋਇ ਦਿਲਗੀਰ, ਭਗਤ ਭਗਵਾਨ ਜੋੜ ਜੁੜਾਇੰਦਾ। ਸਭ ਤੋਂ ਵੱਖਰੀ ਨਿਰਾਲੀ ਨਿੱਕੀ ਉਹ ਲਕੀਰ,
ਜਿਸ ਦਾ ਲੇਖਾ ਸਮਝ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪ੍ਰਭ ਦੇਵਣਹਾਰਾ ਭਰਵਾਸਾ, ਭਗਵਨ ਆਪਣੀ ਦਇਆ ਕਮਾਈਆ। ਜੁਗ ਚੌਕੜੀ ਵੇਂਹਦਾ ਰਿਹਾ ਤੁਹਾਡਾ ਤਮਾਸ਼ਾ, ਸਚਖੰਡ ਸਾਚੇ ਡੇਰਾ ਲਾਈਆ। ਕਿਸੇ ਨੂੰ ਭੇਜ ਵਿਚ ਬਨਬਾਸਾ, ਜੰਗਲਾਂ ਵਿਚ ਫਿਰਾਈਆ। ਕਿਸੇ ਨੂੰ ਕਾਹਨ ਬਣਾ ਕੇ ਪੁਆਈ ਰਾਸਾ, ਗੋਪੀਆਂ ਨਾਚ ਨਚਾਈਆ। ਕਿਸੇ ਨੂੰ ਦਰਸ ਦੇ ਕੇ ਸਾਖਿਆਤਾ, ਸਮਝ ਵਿਚੋਂ ਸਮਝ ਦਿਤੀ ਬਦਲਾਈਆ। ਕਿਸੇ ਦਾ ਪੂਰਾ ਕਰ ਕੇ ਘਾਟਾ, ਨਾਮ ਭੰਡਾਰਾ ਦਿਤਾ ਵਰਤਾਈਆ। ਕਿਸੇ ਨੂੰ ਰੂਪ ਵਖਾ ਕੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਦਿਤਾ ਜਣਾਈਆ। ਕਿਸੇ ਦਾ ਅੱਖਰਾਂ ਨਾਲ ਲਿਖਾਇਆ ਸਾਕਾ, ਕਾਗ਼ਜ਼ ਕਲਮ ਸ਼ਾਹੀ ਦਿਤੀ ਵਡਿਆਈਆ। ਕਿਸੇ ਦਾ ਖੋਲ੍ਹ ਬੰਦ ਤਾਕਾ, ਪੜਦਾ ਓਹਲਾ ਦਿਤਾ ਚੁਕਾਈਆ। ਕਿਸੇ ਨੂੰ ਦੱਸ ਭਵਿਖਤ ਵਾਕਾ, ਕਲਜੁਗ ਅੰਤ ਦਿਤਾ ਸਮਝਾਈਆ। ਪਰਮ ਪੁਰਖ ਦਾ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੁਰਖ ਅਕਾਲ ਇਕ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਝੁਕਾਵਣ ਸੀਸ, ਸਦੀ ਵੀਹਵੀਂ ਧਿਆਨ ਲਗਾਈਆ। ਪੁਰਖ ਅਕਾਲ ਸਾਹਿਬ ਜਗਦੀਸ, ਜਗਦੀਸ਼ਰ ਤੇਰੀ ਇਕ ਸਰਨਾਈਆ। ਤੇਰੇ ਵਿਚ ਉਹ ਤੌਫ਼ੀਕ, ਤੋਹਫ਼ੇ ਘਰ ਘਰ ਰਿਹਾ ਪੁਚਾਈਆ। ਤੂੰ ਵੱਡਾ ਵਡ ਨੀਚੋਂ ਨੀਚ, ਨੀਕਨ ਨੀਕਾ ਰੂਪ ਧਰਾਈਆ। ਤੇਰਾ ਵਸੇਰਾ ਹਸਤ ਕੀਟ, ਲੱਖ ਚੁਰਾਸੀ ਸੋਭਾ ਪਾਈਆ। ਤੂੰ ਭਗਤ ਸੁਹੇਲਾ ਸੱਚਾ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਗਾ ਕੇ ਆਏ ਗੀਤ, ਅੱਖਰਾਂ ਮੰਤਰਾਂ ਵਿਚ ਪੜ੍ਹਾਈਆ। ਤੂੰ ਸਚਖੰਡ ਦਾ ਸਦਾ ਵਸਨੀਕ, ਵਾਸਤਾ ਆਪਣੇ ਨਾਲ ਜੁੜਾਈਆ। ਤੇਰੀ ਨਿਰਾਲੀ ਸਭ ਤੋਂ ਪ੍ਰੀਤ, ਪ੍ਰੀਤਮ ਭੇਵ ਕੋਇ ਨਾ ਪਾਈਆ। ਤੂੰ ਕਿਸੇ ਹੱਥ ਨਾ ਆਇਉਂ ਮੰਦਰ ਮਸੀਤ, ਸ਼ਿਵਦਵਾਲੇ ਮੱਠ ਨਾ ਨਜ਼ਰੀ ਆਈਆ। ਤੇਰਾ ਧਾਮ ਇਕ ਅਨਡੀਠ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਤੂੰ ਦੂਰ ਦੁਰਾਡਾ ਨੇਰਨ ਨੇਰਾ ਨਜ਼ਦੀਕ, ਘਰ ਘਰ ਬੈਠਾ ਸੋਭਾ ਪਾਈਆ। ਸਦੀ ਚੌਧਵੀਂ ਤੇਰੇ ਦਰ ਤੇ ਦਰਵੇਸ਼ ਮੰਗਦੇ ਭੀਖ, ਭਿੱਖਕ ਭਿਛਿਆ ਦੇ ਵਰਤਾਈਆ। ਤੇਰੀ ਅਗਲੀ ਸਾਰੇ ਜਾਣੀਏ ਇਕੋ ਰੀਤ, ਰਹਿਬਰ ਇਕ ਅਖਵਾਈਆ। ਸਚਖੰਡ ਦਵਾਰੇ ਗਾ ਕੇ ਗੀਤ, ਤੇਰਾ ਨਾਮ ਸਾਲਾਹੀਆ। ਤੂੰ ਆਦਿ ਜੁਗਾਦਿ ਰਹੇਂ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਤੇਰਾ ਕਲਮਾ ਸਚ ਹਦੀਸ, ਪੜ੍ਹੀਏ ਬੇਪਰਵਾਹੀਆ। ਪਿਛਲੀ ਚਾਰ ਜੁਗ ਦੀ ਚੌਕੜੀ ਪਿਛੇ ਗਈ ਬੀਤ, ਅੱਗੇ ਇਕੋ ਮਾਰਗ ਦੇ ਜਣਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਾਇਆ ਕਰ ਠੰਡੀ ਸੀਤ, ਅਗਨੀ ਤਤ ਬੁਝਾਈਆ। ਹਰ ਘਟ ਅੰਦਰ ਵਸ ਚੀਤ, ਚੇਤਨ ਸੁਰਤੀ ਦੇ ਕਰਾਈਆ। ਤੇਰੇ ਹੱਥ ਵੱਡੀ ਬਖ਼ਸ਼ੀਸ਼, ਰਹਿਮਤ ਕਰ ਸੱਚੇ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਨਿਤ ਨਿਤ ਰੱਖਦੇ ਗਏ ਉਡੀਕ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਸੋ ਵੇਲਾ ਵਕਤ ਸੁਹੰਜਣਾ ਆਈ ਉਹ ਤਾਰੀਖ਼, ਤਬਾ ਸਭ ਦੀ ਦੇ ਬਦਲਾਈਆ। ਲੱਖ ਚੁਰਾਸੀ ਸ੍ਰਿਸ਼ਟੀ ਲੈ ਜੀਤ, ਦ੍ਰਿਸ਼ਟੀ ਇਕੋ ਵਾਰ ਖੁਲ੍ਹਾਈਆ। ਤੇਰੇ ਨਾਮ ਦਾ ਸਚਖੰਡ ਨਿਵਾਸੀ ਗਾਈਏ ਸੱਚਾ ਗੀਤ, ਰਾਗ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਝੋਲੀ ਡਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਡਾਹ
ਕੇ ਝੋਲੀ, ਸਦੀ ਵੀਹਵੀਂ ਧਿਆਨ ਲਗਾਈਆ। ਹਉਂ ਬਰਦੇ ਦਰਵੇਸ਼ ਤੇਰੇ ਦਰ ਦੀ ਗੋਲੀ, ਚਾਕਰ ਚਾਕ ਨਜ਼ਰੀ ਆਈਆ। ਪਰਮ ਪੁਰਖ ਪਰਮਾਤਮ ਸਤਿਜੁਗ ਸਾਚੀ ਦੱਸ ਦੇ ਬੋਲੀ, ਅਨਡਿਠੜਾ ਰਾਗ ਜਣਾਈਆ। ਸਭ ਦੀ ਆਸ਼ਾ ਤੇਰੇ ਚਰਨਾਂ ਉਤੋਂ ਘੋਲੀ, ਘੋਲੀ ਘੋਲ ਘੁਮਾਈਆ। ਤੇਰੀ ਵਸਤ ਅਗੰਮ ਅਥਾਹ ਬੇਪਰਵਾਹ ਜਗਤ ਤਰਾਜ਼ੂ ਕਿਸੇ ਨਾ ਤੋਲੀ, ਬੇਅੰਤ ਤੇਰੀ ਵਡਿਆਈਆ। ਤੇਰੀ ਨਿਰਗੁਣ ਜੋਤ ਬਿਨ ਵਰਨ ਗੋਤ ਲੱਖ ਚੁਰਾਸੀ ਘਟ ਘਟ ਮੌਲੀ, ਚਾਰੇ ਖਾਣੀ ਰਿਹਾ ਸਮਾਈਆ। ਲੇਖ ਚੁਕਾ ਧਰਨੀ ਧਰਤ ਧੌਲੀ, ਧਵਲਾ ਭਾਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਵਰ ਦਾਤਾ ਆਪ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਸੰਦੇਸ਼, ਹਰਿ ਕਰਤਾ ਆਪ ਜਣਾਈਆ। ਜੁਗ ਚੌਕੜੀ ਜਿਸ ਦਾ ਖੇਲ ਹਮੇਸ਼, ਨਿਰਗੁਣ ਸਰਗੁਣ ਵੇਖ ਵਖਾਈਆ। ਸੋ ਵਸਣਹਾਰਾ ਸਾਚੇ ਦੇਸ, ਸਚਖੰਡ ਸੋਭਾ ਪਾਈਆ। ਲੇਖਾ ਜਾਣੇ ਵਿਸ਼ਨ ਬ੍ਰਹਮ ਮਹੇਸ਼, ਸ਼ੰਕਰ ਭੇਵ ਚੁਕਾਈਆ। ਲੱਖ ਚੁਰਾਸੀ ਬਦਲਣਹਾਰਾ ਰੇਖ, ਰੇਖਾ ਸਭ ਦੀ ਦਏ ਮਿਟਾਈਆ । ਸਚ ਸੰਦੇਸਾ ਦੇਵੇ ਏਕ, ਏਕੰਕਾਰ ਕਰੇ ਪੜ੍ਹਾਈਆ। ਕਲਜੁਗ ਅੰਤਮ ਖੋਲ੍ਹ ਅਗੰਮੀ ਭੇਤ, ਪੜਦਾ ਦੇ ਉਠਾਈਆ। ਪਰਮ ਪੁਰਖ ਪਰਮਾਤਮ ਸਭ ਨੇ ਰੱਖਣੀ ਟੇਕ, ਦੂਜਾ ਇਸ਼ਟ ਨਾ ਕੋਇ ਜਣਾਈਆ। ਜਿਸ ਦਾ ਲਿਖੇ ਨਾ ਕੋਈ ਲੇਖ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਕੋਈ ਸਮਝ ਨਾ ਸਕੇ ਮੁੱਲਾ ਸ਼ੇਖ਼, ਮੁਸਾਇਕ ਪੀਰ ਰਹੇ ਕੁਰਲਾਈਆ। ਸਾਧ ਸੰਤ ਕਲਜੁਗ ਅੰਤ ਸਮਝ ਨਾ ਸਕੇ ਖੇਵਟ ਖੇਟ, ਕੰਢੀ ਬੈਠਾ ਨਜ਼ਰ ਕਿਸੇ ਨਾ ਆਈਆ। ਨਾਤਾ ਜੁੜਿਆ ਨਾ ਕਿਸੇ ਮਾਤ ਪਿਤ ਬੇਟ, ਪਿਤਾ ਪੂਤ ਨਾ ਗੋਦ ਸੁਹਾਈਆ। ਕੂੜੀ ਰਾਸ ਸਾਰੇ ਰਹੇ ਖੇਡ, ਮਾਇਆ ਮਮਤਾ ਮੋਹ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਆਪ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਅਗੰਮੀ ਬਾਤ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸੱਚਾ ਚੰਦ ਚਮਕਾਇੰਦਾ । ਇਕੋ ਮੰਤਰ ਦੇਵੇ ਪੂਜਾ ਪਾਠ, ਸਿਮਰਨ ਜੋਗ ਅਭਿਆਸ ਇਕ ਜਣਾਇੰਦਾ। ਇਕ ਸਰੋਵਰ ਤੀਰਥ ਤਾਟ, ਅੰਮ੍ਰਿਤ ਰਸ ਇਕ ਚਖਾਇੰਦਾ। ਇਕੋ ਮੰਦਰ ਸ਼ਿਵਦਵਾਲਾ ਮੱਠ, ਗੁਰੂਦਵਾਰਾ ਇਕ ਵਖਾਇੰਦਾ। ਇਕੋ ਖੋਲ੍ਹ ਕੇ ਸਾਚਾ ਹੱਟ, ਚੌਦਾਂ ਲੋਕ ਚੌਦਾਂ ਤਬਕ ਪੰਧ ਮੁਕਾਇੰਦਾ। ਇਕੋ ਵਸਣਹਾਰਾ ਘਟ ਘਟ, ਲੱਖ ਚੁਰਾਸੀ ਅੰਦਰ ਸੋਭਾ ਪਾਇੰਦਾ। ਇਕੋ ਨਾਮ ਜੈਕਾਰਾ ਬੋਲ ਅਲਖ, ਅਲਖ ਨਿਰੰਜਣ ਆਪ ਸਮਝਾਇੰਦਾ। ਇਕੋ ਸਭ ਤੋਂ ਨਿਆਰਾ ਹੋ ਕੇ ਵੱਖ, ਵੱਖਰੀ ਖੇਲ ਖਿਲਾਇੰਦਾ। ਇਕੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾ ਕੇ ਰਥ, ਬਣ ਰਥਵਾਹੀ ਫੇਰਾ ਪਾਇੰਦਾ। ਇਕੋ ਸ੍ਰਿਸ਼ਟ ਸਬਾਈ ਦੇਵੇ ਮਥ, ਨਾਮ ਖੰਡਾ ਹੱਥ ਚਮਕਾਇੰਦਾ। ਇਕੋ ਖੇਲ ਕਰੇ ਪੁਰਖ ਸਮਰਥ, ਸਮਰਥ ਸਵਾਮੀ ਦਇਆ ਕਮਾਇੰਦਾ। ਇਕੋ ਕਲਜੁਗ ਕੂੜਾ ਖੇੜਾ ਕਰੇ ਭੱਠ, ਅਗਨੀ ਭਾਹ ਜਲਾਇੰਦਾ। ਇਕੋ ਸਤਿਜੁਗ ਸਾਚਾ ਧਰਨੀ ਗੋਦ ਦੇਵੇ ਰੱਖ, ਧਵਲ ਆਪ ਸੁਹਾਇੰਦਾ। ਇਕੋ ਦੇਵਣਹਾਰਾ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਦ੍ਰਿੜਾਇੰਦਾ। ਇਕੋ ਵੇਖ ਵਖਾਏ ਹਕੀਕਤ ਹਕ, ਲਾਸ਼ਰੀਕ ਇਕ ਹੋ ਆਇੰਦਾ। ਇਕੋ ਕੂੜੀ ਕਿਰਿਆ ਮਾਇਆ ਮਮਤਾ ਮੋਹ ਹੰਕਾਰ ਦੇਵੇ ਤਜ, ਆਸਾ ਤ੍ਰਿਸ਼ਨਾ ਡੇਰਾ ਢਾਹਿੰਦਾ। ਇਕੋ ਆਤਮ ਸੇਜਾ ਚੜ੍ਹੇ ਭੱਜ, ਪਾਂਧੀ ਆਪਣਾ ਪੰਧ ਮੁਕਾਇੰਦਾ । ਇਕੋ ਸ਼ਬਦ ਵਜਾਏ ਨਾਦ ਅਨਹਦ, ਧੁਨ ਆਤਮਕ ਰਾਗ ਅਲਾਇੰਦਾ। ਇਕੋ ਨਾਮ ਨਿਧਾਨ ਪਿਆਏ ਮਦਿ, ਮਦਿਰਾ ਰਸ ਕੰਮ ਕਿਸੇ ਨਾ ਆਇੰਦਾ ।
ਇਕੋ ਬਿਨ ਮੱਕੇ ਕਾਅਬਿਉਂ ਕਰਾਏ ਹੱਜ, ਹੁਜਰਾ ਹਕ ਇਕ ਵਖਾਇੰਦਾ। ਇਕੋ ਜਗਤ ਦਵਾਰੇ ਪਾਰ ਕਰੇ ਹੱਦ, ਮੰਜ਼ਲ ਆਪਣੀ ਆਪ ਚੜ੍ਹਾਇੰਦਾ । ਇਕੋ ਵਿਸ਼ਵ ਬਣਾਏ ਯੱਦ, ਵਾਸਤਾ ਆਪਣੇ ਨਾਲ ਰਖਾਇੰਦਾ। ਇਕੋ ਖੇਲ ਕਰੇ ਸੂਰਾ ਸਰਬਗ, ਸ਼ਹਿਨਸ਼ਾਹ ਪ੍ਰਭ ਹੁਕਮ ਵਰਤਾਇੰਦਾ। ਇਕੋ ਦਰਸ਼ ਦੇਵੇ ਉਪਰ ਸ਼ਾਹ ਰਗ, ਬਿਨ ਭਗਤਾਂ ਨਜ਼ਰ ਕਿਸੇ ਨਾ ਆਇੰਦਾ। ਗੁਰ ਅਵਤਾਰੋ ਪੀਰ ਪੈਗ਼ੰਬਰੋ ਕਲਜੁਗ ਅੰਤਮ ਤੁਹਾਡੀ ਰੀਤੀ ਸਾਰੇ ਗਏ ਛੱਡ, ਸਾਬਤ ਨਜ਼ਰ ਕੋਇ ਨਾ ਆਇੰਦਾ। ਬਿਨ ਹਰਿ ਨਾਮੇ ਕਾਇਆ ਮਾਟੀ ਖ਼ਾਲੀ ਦਿਸੇ ਹੱਡ, ਕਲਜੁਗ ਸੰਤ ਹਰਿ ਕੰਤ ਨਾ ਕੋਇ ਹੰਢਾਇੰਦਾ। ਸਚ ਨਿਸ਼ਾਨਾ ਦੋ ਜਹਾਨਾਂ ਧਰਮ ਦੇਵੇ ਕੋਈ ਨਾ ਗੱਡ, ਹੁਕਮ ਹਕ ਨਾ ਕੋਇ ਦ੍ਰਿੜਾਇੰਦਾ। ਸਭ ਦੀ ਆਤਮਾ ਪਰਮਾਤਮਾ ਨਾਲੋਂ ਹੋਈ ਅੱਡ, ਵਿਛੜੀ ਮੇਲ ਨਾ ਕੋਇ ਮਿਲਾਇੰਦਾ। ਕਾਇਆ ਅੰਧੇਰੀ ਹੋਈ ਡੂੰਘੀ ਖੱਡ, ਬਜਰ ਕਪਾਟੀ ਖਿੜਕੀ ਕੁੰਡੀ ਨਾ ਕੋਇ ਖੁਲ੍ਹਾਇੰਦਾ। ਜਗਤ ਮਮਤਾ ਵਿਚ ਰਹੀ ਦਗ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਜਗਤ ਵਾਸਨਾ ਨੌ ਦਵਾਰੇ ਰਹੀ ਨੱਚ, ਸਚ ਦਵਾਰੇ ਘੁੰਗਟ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਲਜੁਗ ਅੰਤਮ ਦਿਸ਼ਾ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਮਾਰੋ ਝਾਕੀ, ਸੋ ਪੁਰਖ ਨਿਰੰਜਣ ਆਪ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹਦਿਆਂ ਕਿਸੇ ਨਾ ਖੁਲ੍ਹੀ ਤਾਕੀ, ਬਜਰ ਕਪਾਟੀ ਪੜਦਾ ਨਾ ਕੋਇ ਉਠਾਈਆ। ਅੰਜੀਲ ਕੁਰਾਨ ਸੁਣਦਿਆਂ ਲਹਿਣਾ ਚੁੱਕਿਆ ਕਿਸੇ ਨਾ ਬਾਕੀ, ਇਜ਼ਰਾਈਲ ਜਬਰਾਈਲ ਮੇਕਾਈਲ ਅਸਰਾਫ਼ੀਲ ਪੰਧ ਨਾ ਕੋਇ ਮੁਕਾਈਆ। ਹੁਜਰਿਆਂ ਵਿਚ ਨਾ ਮਿਲਿਆ ਸਾਕੀ, ਆਬੇ ਹਯਾਤ ਰਸ ਨਾ ਕੋਇ ਚਖਾਈਆ। ਬੰਦਾ ਸੁਧਰਿਆ ਕੋਇ ਨਾ ਖ਼ਾਕੀ, ਖ਼ਾਲਸ ਰੂਪ ਨਾ ਕੋਇ ਵਟਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਤੁਹਾਡੀ ਮੰਨੀ ਕਿਸੇ ਨਾ ਆਖੀ, ਆਖ਼ਰ ਵੇਲਾ ਗਿਆ ਆਈਆ। ਪਰਵਰਦਿਗਾਰ ਲਹਿਣਾ ਦੇਣਾ ਮੰਗੇ ਬਾਕੀ, ਲੇਖਾ ਆਪੋ ਆਪਣਾ ਦਿਓ ਜਣਾਈਆ। ਅੱਗੇ ਚਲਣੀ ਕੋਈ ਨਾ ਕਿਸੇ ਦੀ ਹਾਟੀ, ਹਟਵਾਣਾ ਇਕੋ ਬੇਪਰਵਾਹੀਆ। ਚੋਲੀ ਸਭ ਦੀ ਦਿਸੇ ਪਾਟੀ, ਪੀਤ ਪੀਤੰਬਰ ਸੀਸ ਨਾ ਕੋਇ ਸੁਹਾਈਆ। ਸਦੀ ਵੀਹਵੀਂ ਸਭ ਦੀ ਮੁੱਕੀ ਵਾਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਦੀ ਚੌਧਵੀਂ ਵੇਖਿਆ ਜਗ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਸ੍ਰਿਸ਼ਟ ਸਬਾਈ ਘਰ ਘਰ ਲੱਗੀ ਅੱਗ, ਤ੍ਰੈਗੁਣ ਮਾਇਆ ਰਹੀ ਜਲਾਈਆ। ਸਚ ਦਵਾਰਾ ਕਿਸੇ ਨਾ ਮਿਲਿਆ ਪਾਰ ਕਰ ਕੇ ਹੱਦ, ਅਧਵਿਚਕਾਰ ਸਾਰੇ ਬੈਠੇ ਰਹੇ ਕੁਰਲਾਈਆ। ਪ੍ਰਭੂ ਤੇਰਾ ਦਰਸ਼ਨ ਕਿਸੇ ਨਾ ਪਾਇਆ ਚੜ੍ਹ ਕੇ ਉਪਰ ਸ਼ਾਹ ਰਗ, ਅੰਧੇਰੀ ਸ਼ਾਮ ਨਾ ਕੋਇ ਮਿਟਾਈਆ। ਕੂੜੀ ਕਿਰਿਆ ਪੀ ਕੇ ਮਦਿ, ਨਾਮ ਖ਼ੁਮਾਰੀ ਨਾ ਕੋਇ ਚੜ੍ਹਾਈਆ। ਵਿਕਾਰਾਂ ਵਿਚ ਗਏ ਬੱਝ, ਸ਼ਿੰਗਾਰਾਂ ਵਿਚ ਲੁਭਾਈਆ। ਪੁਰਖ ਅਕਾਲ ਦੀਨ ਦਿਆਲ ਕੋਈ ਨਾ ਤੈਨੂੰ ਆਪਣੇ ਮੰਦਰ ਲਏ ਸੱਦ, ਕਾਇਆ ਖਿੜਕੀ ਕੁੰਡਾ ਲਾਹੀਆ। ਦਰੋਹੀ ਸਾਡੀ ਹੋਈ ਬਸ, ਅਲਫ਼ ਯੇ ਬਸਤੇ ਦੇ ਬੰਧਾਈਆ। ਕਲਜੁਗ ਅੰਤਮ ਧੀਰਜ ਸਭ ਦਾ ਗਿਆ ਜਤ, ਸਤਿ ਧਰਮ ਨਾ ਕੋਇ ਰਖਾਈਆ। ਤੇਰੇ ਮਿਲਣ ਦੀ ਖ਼ੁਲ੍ਹੀ ਕਿਸੇ ਨਾ ਅੱਖ, ਜਗਤ ਅੱਖਾਂ ਕੂੜ ਨਾਲ ਮਟਕਾਈਆ। ਏਸੇ ਕਾਰਨ ਸਭ ਨੂੰ ਆਏ ਛੱਡ, ਪਿਛਾ ਦੇ ਮੁਖ ਭੁਆਈਆ। ਸਭ ਕੁਛ ਤੇਰੇ ਅੱਗੇ ਦਿਤਾ ਰੱਖ, ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਨੂਰ ਖ਼ੁਦਾਈਆ। ਕਿਸੇ ਮਾਣ ਨਾ ਰਿਹਾ ਤੀਰਥ ਤਟ,
ਅਠਸਠ ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਅਗਲਾ ਪੜਦਾ ਦੇ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਹਰਿ ਕਰਤਾ ਆਪ ਜਣਾਈਆ। ਤੁਹਾਡੇ ਸੁਣ ਕੇ ਸਚ ਬਿਆਨ, ਸਾਚਾ ਭੇਵ ਦਿਆਂ ਖੁਲ੍ਹਾਈਆ। ਸਰਬ ਜੀਆਂ ਮੇਰਾ ਇਕ ਗਿਆਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਰਬ ਜੀਆਂ ਮੇਰਾ ਇਕ ਮਕਾਨ, ਮੁਕਾਮੇ ਹਕ ਸਰਨਾਈਆ। ਸਰਬ ਜੀਆਂ ਮੇਰਾ ਇਕ ਪੈਗ਼ਾਮ, ਪੈਗ਼ੰਬਰਾਂ ਰਿਹਾ ਸੁਣਾਈਆ। ਸਰਬ ਜੀਆਂ ਮੇਰਾ ਇਕ ਨਾਮ, ਨਾਮ ਸਤਿ ਵਖਾਈਆ। ਸਰਬ ਜੀਆਂ ਮੇਰਾ ਇਕ ਧਿਆਨ, ਇਕੋ ਅੱਖ ਖੁਲ੍ਹਾਈਆ। ਸਰਬ ਜੀਆਂ ਮੇਰਾ ਇਕ ਪਹਿਚਾਨ, ਬੇਪਹਿਚਾਨ ਨਜ਼ਰ ਕੋਇ ਨਾ ਆਈਆ। ਸਰਬ ਜੀਆਂ ਮੇਰਾ ਸਚ ਇੰਤਜ਼ਾਮ, ਨੌਬਤ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਅਗਲਾ ਭੇਦ, ਭੇਵ ਅਭੇਦਾ ਆਪ ਜਣਾਈਆ। ਜਿਸ ਨੇ ਲੇਖ ਲਿਖਾਇਆ ਚਾਰੇ ਵੇਦ, ਚਾਰੇ ਮੁਖ ਬ੍ਰਹਮਾ ਕਰੀ ਪੜ੍ਹਾਈਆ। ਸੋ ਨਿਰਗੁਣ ਸਵਾਮੀ ਅੰਤਰਜਾਮੀ ਖੇਲ ਰਿਹਾ ਖੇਡ, ਭਗਵਨ ਆਪਣੀ ਕਾਰ ਕਮਾਈਆ। ਜਿਸ ਨੇ ਲੋਕਮਾਤ ਤੁਹਾਨੂੰ ਦਿਤਾ ਭੇਜ, ਭਜਨ ਬੰਦਗੀ ਇਕ ਸਮਝਾਈਆ। ਜਿਸ ਦੀ ਗੋਬਿੰਦ ਮਾਣੀ ਸੇਜ, ਸਚ ਸਿੰਘਾਸਣ ਡੇਰਾ ਲਾਈਆ। ਜਿਸ ਦਾ ਅੱਖਰਾਂ ਵਾਲਾ ਲੇਖ, ਪੱਥਰਾਂ ਦਏ ਵਡਿਆਈਆ। ਜਿਸ ਦਾ ਬਿਨ ਛੱਪਰ ਛੰਨ ਸੂਰਜ ਚੰਦ ਸੋਹਣਾ ਦੇਸ, ਚਾਰ ਦੀਵਾਰ ਨਾ ਕੋਇ ਬਣਾਈਆ। ਜਿਸ ਦਾ ਮੰਦਰ ਆਦਿ ਜੁਗਾਦਿ ਰਹੇ ਹਮੇਸ਼, ਦਿਵਸ ਰੈਣ ਜੋਤ ਰੁਸ਼ਨਾਈਆ। ਜਿਸ ਦਾ ਮੁੱਛ ਦਾਹੜੀ ਨਾ ਕੋਈ ਕੇਸ, ਮੂੰਡ ਮੁੰਡਾਇਆ ਰੂਪ ਨਾ ਕੋਇ ਵਟਾਈਆ। ਸੋ ਸਚ ਸਵਾਮੀ ਆਪਣਾ ਦੱਸੇ ਭੇਤ, ਭੇਵ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਘਲਾਈਆ। ਸਚ ਸੁਨੇਹੜਾ ਇਕ ਘਲੌਂਦਾ ਹਾਂ। ਧੁਰ ਦਾ ਸ਼ਬਦ ਰਾਗ ਅਲੌਦਾ ਹਾਂ । ਨਾਮ ਨਿਧਾਨ ਆਵਾਜ਼ ਸੁਣੌਂਦਾ ਹਾਂ। ਬਿਨ ਕੰਨਾਂ ਰਾਗ ਅਲੌਦਾ ਹਾਂ। ਗੁਰ ਅਵਤਾਰ ਪੈਗ਼ੰਬਰਾਂ ਇਕੋ ਰਾਹ ਵਖੌਦਾ ਹਾਂ। ਕਲਜੁਗ ਮੇਟ ਕੂੜ ਅਡੰਬਰਾਂ, ਅੱਡਰੀ ਧਾਰ ਦ੍ਰਿੜੌਂਦਾ ਹਾਂ। ਸਭ ਦਾ ਮਾਰਗ ਕਰ ਕੇ ਪੱਧਰਾ, ਪਾਂਧੀ ਆਪ ਬਣੌਂਦਾ ਹਾਂ। ਚਾਰ ਵਰਨਾਂ ਦੀਆਂ ਪੂਰੀਆਂ ਕਰ ਕੇ ਸੱਧਰਾਂ, ਸਿੱਧਾ ਆਪਣੇ ਘਰ ਵਸੌਂਦਾ ਹਾਂ। ਜਨ ਭਗਤਾਂ ਵੜਨ ਨਾ ਦੇਵਾਂ ਵਿਚ ਕੁੰਦਰਾਂ, ਕੰਨ ਪਾੜ ਮੁੰਦਰਾਂ ਨਾ ਕੋਈ ਪੌਂਦਾ ਹਾਂ। ਮੰਦਰ ਅੰਦਰ ਖੋਲ੍ਹ ਕੇ ਗੁੰਝਲਾਂ, ਕੁੰਜੀ ਨਾਮ ਲਗੌਂਦਾ ਹਾਂ। ਕੋਈ ਲੇਖਾ ਦੱਸਾਂ ਨਾ ਉਤੇ ਉਂਗਲਾਂ, ਹਿਸਾਬ ਕਿਤਾਬ ਨਾ ਨਾਲ ਰਲੌਂਦਾ ਹਾਂ। ਪ੍ਰੇਮ ਪਿਆਰ ਕਰ ਕੇ ਵਾਂਗ ਪੁੱਤਰਾਂ, ਗੁਰਮੁਖ ਗੁਰਸਿਖ ਆਪਣੀ ਗੋਦ ਸੁਹੌਂਦਾ ਹਾਂ। ਬਚਿਆ ਰਹਿਣ ਨਾ ਦੇਵਾਂ ਚਾਰੇ ਕੁੰਟ ਨੁਕਰਾਂ, ਨਿੱਕੇ ਵੱਡੇ ਆਪ ਉਠੌਦਾ ਹਾਂ। ਏਥੇ ਓਥੇ ਦੋ ਜਹਾਨ ਹੋਵਾਂ ਨਾ ਕਦੇ ਨਾਸ਼ੁਕਰਾ, ਸ਼ੁਕਰੀਏ ਵਿਚ ਸਦਾ ਸਮੌਂਦਾ ਹਾਂ। ਕੀਤਾ ਕੌਲ ਕਦੇ ਨਾ ਮੁੱਕਰਾਂ, ਮੁਕੰਮਲ ਆਪਣਾ ਹੁਕਮ ਵਰਤੋਂਦਾ ਹਾਂ। ਬਾਲ ਅੰਞਾਣੇ ਚੁੱਕ ਕੁੱਛੜਾਂ, ਆਲ੍ਹਣਿਉਂ ਡਿੱਗੇ ਬੋਟ ਗਲੇ ਲਗੌਂਦਾ ਹਾਂ। ਕਾਇਆ ਮੰਦਰ ਅੰਦਰ ਵਖਾ ਕੇ ਹੁਜਰਾ, ਹਾਜਤ ਸਭ ਦੀ ਪੂਰ ਕਰੌਂਦਾ ਹਾਂ। ਸਚ ਪ੍ਰੇਮ ਜਣਾ ਕੇ ਮੁਜਰਾ, ਮੁਜਰੇ ਮਾਣਸ ਜਨਮ ਰਖੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਕਾਰ ਕਮੌਂਦਾ ਹਾਂ। ਸਾਚੀ ਕਰਨੀ ਕਾਰ ਕਮਾਵਾਂਗਾ। ਗੁਰ ਅਵਤਾਰੋ ਪੀਰ ਪੈਗ਼ੰਬਰੋ ਇਕੋ ਰਾਹ
ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਨਾਲ ਮਿਲਾਵਾਂਗਾ। ਲੱਖ ਚੁਰਾਸੀ ਬਣਾ ਕੇ ਅਪਣੀ ਬਿੰਦ, ਬੰਦਗੀ ਇਕੋ ਇਕ ਸਮਝਾਵਾਂਗਾ। ਅੰਮ੍ਰਿਤ ਧਾਰ ਵਹਾ ਕੇ ਸਿੰਧ, ਕਤਰਾ ਸਾਗਰ ਵਿਚ ਮਿਲਾਵਾਂਗਾ। ਦਾਤਾ ਬਣ ਕੇ ਗੁਣੀ ਗਹਿੰਦ, ਗਹਿਰ ਗੰਭੀਰ ਖੇਲ ਖਿਲਾਵਾਂਗਾ। ਘਰ ਘਰ ਵੱਜੇ ਨਾਮ ਕਿੰਗ, ਮਰਦੰਗ ਇਕੋ ਇਕ ਉਠਾਵਾਂਗਾ। ਭਾਗ ਲਗਾ ਕੇ ਜੀਓ ਪਿੰਡ, ਇੰਡ ਬ੍ਰਹਿਮੰਡ ਖੋਜ ਖੁਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਰਾਹ ਚਲਾਵਾਂਗਾ। ਸਤਿਜੁਗ ਸਾਚਾ ਰਾਹ ਚਲਾਏਗਾ। ਸੋ ਪੁਰਖ ਨਿਰੰਜਣ ਦਇਆ ਕਮਾਏਗਾ। ਹਰਿ ਪੁਰਖ ਨਿਰੰਜਣ ਵੇਖ ਵਖਾਏਗਾ। ਆਦਿ ਨਿਰੰਜਣ ਨੂਰ ਰੁਸ਼ਨਾਏਗਾ। ਅਬਿਨਾਸ਼ੀ ਕਰਤਾ ਬੇੜਾ ਆਪਣੇ ਕੰਧ ਉਠਾਏਗਾ। ਸ੍ਰੀ ਭਗਵਾਨ ਢੋਲਾ ਗਾਏ ਛੰਦ, ਤੂੰ ਮੇਰਾ ਮੈਂ ਤੇਰਾ ਰਾਗ ਅਲਾਏਗਾ। ਪਾਰਬ੍ਰਹਮ ਬ੍ਰਹਮ ਮੁਕਾ ਕੇ ਪੰਧ, ਫ਼ੈਸਲਾ ਇਕੋ ਹਕ ਸੁਣਾਏਗਾ। ਸਤਿਜੁਗ ਸਾਚੇ ਢੋਲਾ ਛੰਦ, ਸੋਹੰ ਇਕੋ ਰਾਗ ਅਲਾਏਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਪਾਵੇ ਗੰਢ, ਊਚਾਂ ਨੀਚਾਂ ਜੋੜ ਜੁੜਾਏਗਾ। ਮਨ ਹੰਕਾਰੀ ਪਾਏ ਠੰਡ, ਦਹਿ ਦਿਸ਼ਾ ਨਾ ਉਠ ਉਠ ਧਾਏਗਾ। ਸੁਰਤ ਸਵਾਣੀ ਹੋਣ ਨਾ ਦੇਵੇ ਰੰਡ, ਹਰਿ ਸੁਹਾਗੀ ਕੰਤ ਮਿਲਾਏਗਾ। ਮਦਿਰਾ ਪਾਨ ਨਾ ਕਰੇ ਕੋਈ ਗੰਦ, ਅੰਮ੍ਰਿਤ ਜਾਮ ਪਿਆਏਗਾ। ਸਾਢੇ ਤਿੰਨ ਹੱਥ ਚੋਲੀ ਦੇਵੇ ਰੰਗ, ਨਾਮ ਮਜੀਠੀ ਰੰਗ ਚੜ੍ਹਾਏਗਾ। ਭੇਵ ਖੁਲ੍ਹਾ ਕੇ ਬ੍ਰਹਮ ਹੰ, ਹੰ ਬ੍ਰਹਮ ਆਪ ਸਮਾਏਗਾ। ਨਿਹਕਰਮੀ ਕਰੇ ਆਪਣੇ ਕੰਮ, ਕਰਨੀ ਕਾਰ ਇਕ ਸਮਝਾਏਗਾ। ਲੇਖਾ ਜਾਣ ਪਵਣ ਸਵਾਸ ਦਮ, ਦਮ ਦਮਾਂ ਵਿਚ ਸਮਾਏਗਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਰੋਗ ਮਿਟਾਏਗਾ । ਭਾਗ ਲਗਾਏ ਕਾਇਆ ਮਾਟੀ ਚੰਮ, ਚੀਥੜ ਪੁਰਾਣੇ ਆਪ ਬਦਲਾਏਗਾ। ਕਲਜੁਗ ਅੰਤਮ ਦੇ ਕੇ ਡੰਨ, ਡੌਰੂ ਡੰਕਾ ਇਕ ਵਜਾਏਗਾ। ਜਨ ਭਗਤਾਂ ਰਹਿਣ ਨਾ ਦੇਵੇ ਨੇਤਰ ਅੰਨ੍ਹ, ਨਿਜ ਅੱਖ ਇਕ ਖੁਲ੍ਹਾਏਗਾ। ਕਰ ਪਰਕਾਸ਼ ਸੂਰਜ ਚੰਨ, ਬਿਨ ਸੂਰਜ ਚੰਨ ਜੋਤ ਜਗਾਏਗਾ। ਗੁਰ ਅਵਤਾਰੋ ਪੀਰ ਪੈਗ਼ੰਬਰੋ ਅਗਲਾ ਹੁਕਮ ਲੈਣਾ ਮੰਨ, ਮਨਸਾ ਸਭ ਦੀ ਪੂਰ ਵੇਖ ਵਖਾਏਗਾ। ਇਕੋ ਇਸ਼ਟ ਸ੍ਰੀ ਭਗਵਨ, ਭਗਵਾਨ ਆਪ ਸਮਝਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰ ਪਰਗਟਾਏਗਾ। ਸਤਿਜੁਗ ਸਾਚਾ ਹਰਿ ਪਰਗਟਾਵੇਗਾ। ਆਤਮ ਪਰਮਾਤਮ ਸ਼ਬਦ ਅਨਾਦਾ, ਅਨਾਦੀ ਰਾਗ ਸੁਣਾਵੇਗ। ਖੇਲ ਖਿਲਾਵੇ ਬ੍ਰਹਮ ਬ੍ਰਹਿਮਾਦਾ, ਬ੍ਰਹਿਮਾਂਡ ਰਾਗ ਆਲਾਵੇਗਾ । ਭੇਵ ਖੁਲ੍ਹਾਕੇ ਬੋਧ ਅਗਾਧਾ, ਅਗੰਮ ਅਗੰਮੜੀ ਕਾਰ ਕਰਾਵੇਗਾ। ਸ਼ਾਹੋ ਭੂਪ ਬਣ ਨਵਾਬਾ, ਨੌਬਤ ਆਪਣਾ ਨਾਮ ਵਜਾਵੇਗਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਹਿਸਾਬਾ, ਪਰਦਾ ਸਭਦਾ ਫੋਲ ਫੁਲਾਵੇਗਾ। ਲੇਖਾ ਚੁੱਕ ਜਾਏ ਮੱਕਾ ਕਾਅਬਾ, ਕਾਇਆ ਹੁਜਰਾ ਇਕ ਵਡਿਆਵੇਗਾ । ਕਿਸੇ ਨੂੰ ਦੇਣਾ ਪਵੇ ਨਾ ਦੁਰਗਾ ਜਾਗਾ, ਜਾਗਰਤ ਜੋਤ ਇਕ ਰੁਸ਼ਨਾਵੇਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਭ ਦੀਆਂ ਸੁਣੇ ਆਵਾਜ਼ਾਂ, ਅਵਲ ਆਪਣੀ ਕਾਰ ਕਮਾਵੇਗਾ। ਕਿਸੇ ਨੂੰ ਪੜ੍ਹਨ ਪੈਣ ਨਾ ਪੰਜ ਵਕਤ ਨਿਮਾਜ਼ਾਂ, ਕਾਅਬਿਆਂ ਵੱਲ ਮੁਖ ਨਾ ਕੋਇ ਰਖਾਵੇਗਾ। ਪੰਡਤਾਂ ਕੋਲੋਂ ਸੁਣਨੀਆਂ ਪੈਣ ਕੋਈ ਨਾ ਗਾਥਾਂ, ਉਪਨਿਸ਼ਦਾਂ ਰਾਗ ਨਾ ਕੋਈ ਜਣਾਵੇਗਾ। ਸਾਚਾ ਖੇਲ ਕਰੇ ਪੁਰਖ ਸਮਰਾਥਾ, ਸਮਰਥ ਆਪਣੀ ਧਾਰ ਜਣਾਵੇਗਾ। ਸਤਿਜੁਗ ਮਾਰਗ ਦੱਸਕੇ ਨਾਥ ਅਨਾਥਾ, ਗ਼ਰੀਬ ਨਿਮਾਣਿਆਂ ਗਲੇ ਲਗਾਵੇਗਾ। ਆਤਮ ਪਰਮਾਤਮ ਭੇਵ ਖੋਲ੍ਹ ਕੇ ਸਾਚਾ, ਸਚ ਸਾਚੀ ਖੇਲ ਰਚਾਵੇਗਾ । ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਵੇਗਾ। ਮਿਹਰ ਨਜ਼ਰ ਪ੍ਰਭੂ ਉਠਾਏਗਾ। ਦੀਨ ਦਿਆਲ ਦਇਆ ਕਮਾਏਗਾ। ਸਤਿਜੁਗ ਸਾਚੀ ਧਰਮਸਾਲ, ਧਰਮ ਦਵਾਰਾ ਇਕ ਬਣਾਏਗਾ। ਜਨ ਭਗਤਾਂ ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਇਕ ਸਮਝਾਏਗਾ। ਲੇਖਾ ਰਹੇ ਨਾ ਕਾਲ ਮਹਾਂਕਾਲ, ਰਾਏ ਧਰਮ ਮੁਖ ਛੁਪਾਏਗਾ। ਚਿਤ੍ਰਗੁਪਤ ਲੇਖ ਨਾ ਸਕੇ ਵਖਾਲ, ਲਾੜੀ ਮੌਤ ਨਾ ਪਰਨਾਏਗਾ। ਧੁਰ ਦਾ ਮੰਤਰ ਇਕ ਸਖਾਲ, ਸੁਖ ਆਤਮਕ ਇਕ ਉਪਜਾਏਗਾ। ਇਕੋ ਰੰਗ ਰੰਗ ਕੇ ਸ਼ਾਹ ਕੰਗਾਲ, ਊਚਾਂ ਨੀਚਾਂ ਜੋੜ ਜੁੜਾਏਗਾ। ਸਰਬ ਸਵਾਮੀ ਬਣ ਦਲਾਲ, ਜਗਤ ਵਿਚੋਲਾ ਵੇਖ ਵਖਾਏਗਾ। ਛੁਰੀ ਫੜਕੇ ਹੱਥ ਕਰੇ ਨਾ ਕੋਈ ਹਲਾਲ, ਗਰਦਨ ਸੀਸ ਨਾ ਕੋਇ ਕਟਾਏਗਾ। ਸਭ ਨੂੰ ਭੈ ਦੇਵੇ ਪੁਰਖ ਅਕਾਲ, ਗੁਰ ਅਵਤਾਰ ਪੰਧ ਚੁਕਾਏਗਾ। ਅਗਲੀ ਖੇਲ ਕਰੇ ਬੇਮਿਸਾਲ, ਮਿਸਲ ਵਿਚ ਨਾ ਕੋਇ ਲਿਖਾਏਗਾ। ਚਾਰ ਜੁਗ ਜਿਸ ਦਾ ਦੇ ਸਕੇ ਨਾ ਕੋਇ ਅਹਿਵਾਲ, ਸੋ ਹਾਲਤ ਸਭ ਦੀ ਆਪ ਬਦਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਏਗਾ। ਕਲਜੁਗ ਅੰਤਮ ਵੇਖਣਹਾਰਾ, ਹਰਿ ਵੱਖਰੀ ਧਾਰ ਚਲਾਇੰਦਾ। ਆਦਿ ਜੁਗਾਦੀ ਇਕ ਅਵਤਾਰਾ, ਆਪਣਾ ਰੂਪ ਵਟਾਇੰਦਾ। ਕਲ ਕਲਕੀ ਖੇਲ ਨਿਆਰਾ, ਅਕਲ ਕਲ ਅਖਵਾਇੰਦਾ। ਸੰਬਲ ਵਸਿਆ ਧਾਮ ਨਿਆਰਾ, ਬੰਕ ਅਨਡਿਠੜਾ ਆਪ ਸੁਹਾਇੰਦਾ। ਜੋਤੀ ਜੋਤ ਦੀਆ ਬਾਤੀ ਕਰ ਉਜਿਆਰਾ, ਦਿਵਸ ਰੈਣ ਡਗਮਗਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਆਪ ਸੁਣਾਇੰਦਾ। ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਨਈਆ ਨੌਕਾ ਕੂੜ ਆਪ ਡੁਬਾਇੰਦਾ। ਸਤਿਜੁਗ ਸਾਚਾ ਕਰ ਪਸਾਰਾ, ਪੁਸ਼ਤ ਪਨਾਹ ਹੱਥ ਟਿਕਾਇੰਦਾ। ਧੁਰਦਰਗਾਹੀ ਪਰਵਰਦਿਗਾਰਾ, ਪਰਦਾਨਸ਼ੀਂ ਪਰਦਾ ਮੁਖ ਨਕਾਬ ਆਪ ਚੁਕਾਇੰਦਾ। ਕਾਗ਼ਜ਼ ਕਲਮ ਨਾ ਲਿਖਣਹਾਰਾ, ਕਾਤਬ ਭੇਵ ਨਾ ਕੋਇ ਖੁਲ੍ਹਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਧਾਰ ਜਣਾਇੰਦਾ। ਨਿਰਗੁਣ ਨਿਰਵੈਰ ਨਿਰੰਕਾਰ ਲਏ ਅਵਤਾਰਾ, ਨੂਰ ਇਲਾਹੀ ਵੇਸ ਵਟਾਇੰਦਾ। ਸਤਿ ਸਤਿਵਾਦੀ ਖੋਲ੍ਹ ਦਵਾਰਾ, ਦਰ ਦਰਵਾਜ਼ਾ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਲਗਾਇੰਦਾ। ਸਾਚਾ ਮਾਰਗ ਇਕ ਲਗਾਵੇਗਾ। ਅਬਿਨਾਸ਼ੀ ਕਰਤਾ ਖੇਲ ਖਿਲਾਵੇਗਾ। ਲੱਖ ਚੁਰਾਸੀ ਜਿਸ ਦਾ ਬਰਦਾ, ਬੰਦੀਖ਼ਾਨੇ ਵਿਚੋਂ ਛੁਡਾਵੇਗਾ। ਭੇਵ ਖੁਲ੍ਹਾ ਕੇ ਆਪਣੇ ਘਰ ਦਾ, ਘਰ ਘਰ ਵਿਚ ਮੇਲ ਮਿਲਾਵੇਗਾ। ਰੂਪ ਧਾਰ ਨਾਰਾਇਣ ਨਰ ਦਾ, ਨਰ ਹਰਿ ਆਪਣਾ ਰੰਗ ਰੰਗਾਵੇਗਾ। ਪੰਧ ਮੁਕਾ ਕੇ ਜਲ ਥਲ ਦਾ, ਦੋ ਜਹਾਨਾਂ ਖੋਜ ਖੁਜਾਵੇਗਾ। ਲਹਿਣਾ ਦੇਵੇ ਗੁਜਰੀ ਚੰਨ ਦਾ, ਗੋਬਿੰਦ ਝੋਲੀ ਆਪ ਭਰਾਵੇਗਾ। ਕਲਜੁਗ ਜੀਵ ਅਜੇ ਨਹੀਂ ਮੰਨਦਾ, ਭਾਂਡਾ ਭਰਮ ਸਭ ਦਾ ਆਪ ਤੁੜਾਵੇਗਾ। ਇਹ ਲੇਖਾ ਨਹੀਂ ਰਾਗ ਕੰਨ ਦਾ, ਬਿਨ ਕੰਨਾਂ ਰਾਗ ਸੁਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਹਿਬਰ ਇਕੋ ਇਕ ਅਖਵਾਵੇਗਾ। ਰਹਿਬਰ ਇਕੋ ਇਕ ਅਖਵਾਉਂਦਾ ਏ। ਪਰਵਰਦਿਗਾਰ ਦਇਆ ਕਮਾਉਂਦਾ ਏ। ਨਬੀ ਰਸੂਲ ਆਪ ਪੜ੍ਹਾਉਂਦਾ ਏ। ਮਾਕੂਲ ਹੁਕਮ ਇਕ ਜਣਾਉਂਦਾ ਏ। ਕੋਈ ਨਾ ਲੇਖਾ ਜਾਣੇ ਅਰਜ਼ ਤੂਲ, ਕਸਰਾਂ ਵਿਚ ਨਾ ਕੋਇ ਸਮਝਾਉਂਦਾ ਏ। ਲੱਖ ਚੁਰਾਸੀ ਗਈ ਭੂਲ, ਹਰਿ ਜੂ ਭੁਲਿਆਂ ਮਾਰਗ ਇਕ ਵਖਾਉਂਦਾ ਏ। ਕਲਜੁਗ ਕੂੜੀ ਕਿਰਿਆ ਕੋਈ ਨਾ ਰਹੇ ਮਸੂਲ, ਮਸਲਾ ਸਭ ਦਾ ਹੱਲ ਕਰਾਉਂਦਾ ਏ। ਸਦੀ ਚੌਧਵੀਂ ਆਪ ਆਇਆ
ਹੋ ਮਜਬੂਰ, ਮਜਬੂਰੀ ਸਭ ਦੀ ਅੰਤ ਕਟਾਉਂਦਾ ਏ। ਇਕੋ ਨਾਮ ਕਰੇ ਮਸ਼ਹੂਰ, ਮਸ਼ਵਰਾ ਆਪਣੇ ਨਾਲ ਪਕਾਉਂਦਾ ਏ। ਚਾਕਰ ਧੁਰ ਦਾ ਬਣ ਮਜ਼ਦੂਰ, ਹਰਿ ਸਾਚੀ ਸੇਵ ਕਮਾਉਂਦਾ ਏ। ਜਨ ਭਗਤਾਂ ਹਾਜ਼ਰ ਹੋ ਹਜ਼ੂਰ, ਹਜ਼ਰਤ ਆਪਣਾ ਜੋੜ ਜੁੜਾਉਂਦਾ ਏ। ਕੋਟ ਜਨਮ ਦੇ ਮੇਟ ਕਸੂਰ, ਕਾਮਲ ਪੁਰਖ ਵਡਿਆਉਂਦਾ ਏ। ਹੰਗਤਾ ਗੜ੍ਹ ਤੋੜ ਗ਼ਰੂਰ, ਗ਼ੁਰਬਤ ਸਰਬ ਚੁਕਾਉਂਦਾ ਏ। ਜੋਤੀ ਜਾਤਾ ਦੇ ਕੇ ਨੂਰ, ਨੂਰ ਨੂਰ ਰੁਸ਼ਨਾਉਂਦਾ ਏ। ਅੰਤਮ ਲੇਖਾ ਮਿਟੇ ਕੂੜ, ਸਚ ਸੁਚ ਵਰਤਾਉਂਦਾ ਏ। ਗੁਰਮੁਖਾਂ ਬਖ਼ਸ਼ ਚਰਨ ਧੂੜ, ਦੁਰਮਤ ਮੈਲ ਧੁਆਉਂਦਾ ਏ। ਚਤੁਰ ਸੁਘੜ ਬਣਾਕੇ ਮੂਰਖ ਮੂੜ੍ਹ, ਨਾਮ ਧੰਦੇ ਇਕ ਲਗਾਉਂਦਾ ਏ। ਪਾਰ ਉਤਾਰੇ ਆਪਣੇ ਪੂਰ, ਮੰਝਧਾਰ ਨਾ ਕੋਇ ਡੁਬਾਉਂਦਾ ਏ। ਕਲਜੁਗ ਅੰਤਮ ਲੇਖਾ ਦਏ ਜ਼ਰੂਰ, ਜ਼ਾਹਿਰਾ ਪੀਰ ਬਣ ਕੇ ਆਉਂਦਾ ਏ। ਜਿਸ ਦਾ ਮੁਹੰਮਦ ਉਪਜਿਆ ਨੂਰ, ਈਸਾ ਮੂਸਾ ਜੋਤ ਰੁਸ਼ਨਾਉਂਦਾ ਏ। ਜਿਸ ਦਾ ਜਲਵਾ ਉਤੇ ਕੋਹਤੂਰ, ਸੋ ਕਾਤਲ ਮਕਤੂਲ ਵੇਖ ਵਖਾਉਂਦਾ ਏ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਖਾਏ ਇਕ ਹਦੂਦ, ਅਰਬਾਂ ਹੱਦ ਨਾ ਕੋਇ ਬਨਾਉਂਦਾ ਏ। ਦਰਗਾਹ ਸਾਚੀ ਹੋ ਮੌਜੂਦ, ਮਜਲਸ ਆਪਣੇ ਨਾਲ ਰਖਾਉਂਦਾ ਏ। ਚਰਨਾਂ ਹੇਠਾਂ ਰਹਿਣਾ ਮਹਿਫ਼ੂਜ਼, ਛੱਪਰ ਛੰਨ ਸੁਹਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਉਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਮਿਲੀ ਸਰਨਾ, ਸਰਨਗਤ ਵਡਿਆਈਆ। ਤੇਰਾ ਭਾਣਾ ਸਭ ਨੇ ਜਰਨਾ, ਨਾ ਕੋਇ ਮੇਟੇ ਮੇਟ ਮਿਟਾਈਆ। ਅਸਾਂ ਰਲ ਕੇ ਤੇਰਾ ਢੋਲਾ ਪੜ੍ਹਨਾ, ਧੁਰ ਦਾ ਰਾਗ ਅਲਾਈਆ। ਤੇਰੀ ਸੇਜ ਸੁਹੰਜਣੀ ਚੜ੍ਹਨਾ, ਬਿਨ ਪਾਵਾ ਚੂਲ ਜੋ ਲਈ ਬਣਾਈਆ। ਤੇਰੀ ਮਿਹਰ ਕਿਰਪਾ ਨਾਲ ਲੇਖਾ ਚੁਕਣਾ ਦੀਨ ਮਜ਼੍ਹਬ ਵਰਨਾਂ ਬਰਨਾਂ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਕੋਇ ਲੜਾਈਆ। ਮਿਲੀ ਸਰਨਾਈ ਸਾਚੇ ਚਰਨਾਂ, ਚਰਨੋਦਕ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹਰਿ ਇਕੋ ਹੁਕਮ ਸੁਣਾਈਆ। ਇਕੋ ਹੁਕਮ ਸੁਣਾਏ ਏਕ, ਏਕੰਕਾਰ ਵਡਿਆਈਆ। ਕਲਜੁਗ ਅੰਤਮ ਹਰਿ ਕਾ ਭੇਖ, ਜੋਤੀ ਜਾਮਾ ਨਜ਼ਰੀ ਆਈਆ। ਜਿਸ ਦਾ ਭਵਿਖਤਾਂ ਵਿਚ ਲੇਖ, ਭਾਖਿਆ ਵਿਚ ਸਮਝਾਈਆ। ਸੋ ਆਇਆ ਆਪਣੇ ਦੇਸ, ਸੰਬਲ ਡੇਰਾ ਲਾਈਆ। ਵਿਸ਼ਨੂੰ ਕਰੇ ਆਦੇਸ, ਸਾਂਗੋ ਪਾਂਗ ਡੇਰਾ ਸਚ ਸਿੰਘਾਸਣ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਰਨੀ ਕਾਰ ਕਮਾਈਆ। ਕਲ ਕਲਕੀ ਕਾਰ ਕਮਾਉਂਦਾ ਏ। ਦੀਨ ਦਿਆਲ ਵੇਖ ਵਖਾਉਂਦਾ ਏ। ਕਲਜੁਗ ਅੰਤਮ ਵੇਸ ਵਟਾਉਂਦਾ ਏ। ਸਾਧ ਸੰਤ ਭੇਵ ਨਾ ਆਉਂਦਾ ਏ। ਜੀਵ ਜੰਤ ਸਰਬ ਕੁਰਲਾਉਂਦਾ ਏ। ਪ੍ਰਭ ਬਖ਼ਸ਼ੰਦ ਨਾ ਕੋਇ ਮਨਾਉਂਦਾ ਏ। ਸੁਰਤੀ ਸ਼ਬਦ ਨਾ ਕੋਇ ਮਿਲਾਉਂਦਾ ਏ। ਰੁੱਤ ਬਸੰਤ ਨਾ ਕੋਇ ਸੁਹਾਉਂਦਾ ਏ। ਪਾਂਧਾ ਪੰਡਤ ਸਾਚਾ ਤਿਲਕ ਲਲਾਟ ਨਾ ਕੋਇ ਲਗਾਉਂਦਾ ਏ। ਝਗੜਾ ਪਿਆ ਦੋਜ਼ਖ਼ ਬਹਿਸ਼ਤ ਜੰਨਤ , ਸਾਚੇ ਘਰ ਨਾ ਕੋਇ ਪਹੁੰਚਾਉਂਦਾ ਏ। ਜਨ ਭਗਤਾਂ ਮੇਲਾ ਕਰਿਆ ਆਪ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਉਂਦਾ ਏ। ਸੋਹੰ ਢੋਲਾ ਦੱਸ ਕੇ ਮੰਤ, ਆਤਮ ਪਰਮਾਤਮ ਜੋੜ ਜੁੜਾਉਂਦਾ ਏ। ਚਾਰ ਵਰਨ ਦੀ ਸਾਚੀ ਸੰਗਤ, ਸਗਲਾ ਸੰਗ ਨਿਭਾਉਂਦਾ ਏ। ਗੁਰਮੁਖ ਦੂਜੇ ਦਰ ਨਾ ਜਾਏ ਮੰਗਤ, ਅਨਡਿਠੜੀ ਵਸਤ ਵਰਤਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਅੱਖ ਖੁਲ੍ਹਾਉਂਦਾ ਏ। ਸੰਤ
ਸੁਹੇਲੇ ਖੋਲ੍ਹ ਕੇ ਅੱਖ, ਆਖ਼ਰ ਦਏ ਵਡਿਆਈਆ। ਸਾਖਿਆਤ ਹੋ ਪ੍ਰਤਖ, ਪ੍ਰੀਖਿਆ ਵਿਚੋਂ ਬਾਹਰ ਕਢਾਈਆ। ਜਨਮ ਕਰਮ ਦਾ ਪੂਰਬ ਝੋਲੀ ਪਾ ਕੇ ਹਕ, ਹਕੀਕਤ ਦਏ ਸਮਝਾਈਆ। ਉਠ ਭਗਤ ਤੂੰ ਮੇਰਾ ਮੈਂ ਤੇਰਾ ਗਾਵਾਂ ਜਸ, ਦੋਵਾਂ ਦਾ ਘਰ ਇਕੋ ਨਜ਼ਰੀ ਆਈਆ। ਮੈਂ ਤੇਰੇ ਅੰਦਰ ਜਾਵਾਂ ਵਸ, ਤੂੰ ਮੇਰਾ ਮਿਤਰ ਸਖਾਈਆ। ਮੈਂ ਤੇਰੀ ਸੇਜ ਮਾਣਾਂ ਇਕ ਪਲੰਘ, ਤੂੰ ਸੌਂ ਸੌਂ ਖ਼ੁਸ਼ੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਵਡਿਆਈਆ। ਜਨ ਭਗਤ ਕਹੇ ਸੁਣ ਮੇਰੇ ਭਗਵਨ, ਮੇਰਾ ਭਾਗ ਝੋਲੀ ਪਾਈਆ। ਲੇਖਾ ਮੁਕੇ ਅਵਣ ਗਵਣ, ਲੱਖ ਚੁਰਾਸੀ ਨਾ ਕੋਈ ਭੁਆਈਆ। ਸਾਚੀ ਸੇਜਾ ਮਿਲੇ ਸਵਨ, ਸੁੱਤਿਆਂ ਅੱਖ ਨਾ ਕੋਇ ਖੁਲ੍ਹਾਈਆ। ਨੇੜ ਨਾ ਆਵੇ ਕਾਮਨੀ ਕਾਮਨ, ਤ੍ਰਿਸਨਾ ਜਗਤ ਨਾ ਕੋਇ ਸਤਾਈਆ। ਅੰਦਰ ਵੜ ਕੇ ਫੜਨਾ ਦਾਮਨ, ਦਾਮਨਗੀਰ ਹੋਣਾ ਸਹਾਈਆ। ਸਚ ਦਵਾਰੇ ਬਣਨਾ ਜ਼ਾਮਨ, ਬੰਦੀਖ਼ਾਨਾ ਅੰਤ ਤੁੜਾਈਆ। ਤੇਰਾ ਲੇਖਾ ਬਿਨਾ ਸ਼ੱਤਰੀ ਬ੍ਰਾਹਮਣ, ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਤੇਰਾ ਦਰਸ਼ ਆਮ੍ਹਣੋ ਸਾਮ੍ਹਣ, ਸਨਮੁਖ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਇਕ ਵਰ, ਦਰ ਠਾਂਡੇ ਠੰਡਕ ਇਕ ਵਰਤਾਈਆ।।
੩ ਕੱਤਕ ੨੦੨੧ ਬਿਕ੍ਰਮੀ ਹਰਚੰਦ ਸਿੰਘ ਦੇ ਗ੍ਰਹਿ ਨਾਨਕ ਪੁਰਾ ਅੰਮ੍ਰਿਤਸਰ
ਸਤਿਗੁਰ ਪੂਰਾ ਹਰਿ ਮਲਾਹ, ਖੇਵਟ ਖੇਟਾ ਇਕ ਅਖਵਾਇੰਦਾ। ਜੁਗ ਚੌਕੜੀ ਵੇਸ ਵਟਾ, ਨਿਰਗੁਣ ਸਰਗੁਣ ਧਾਰ ਬੰਧਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲਿਆ ਹੰਢਾ, ਜੁਗ ਚੌਕੜੀ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਸ਼ਬਦ ਅਨਾਦੀ ਨਾਦ ਵਜਾ, ਬ੍ਰਹਮ ਬ੍ਰਹਿਮਾਦੀ ਰਾਗ ਅਲਾਇੰਦਾ। ਨਵ ਸੱਤ ਵੇਖੇ ਥਾਉਂ ਥਾਂ, ਚਾਰੋਂ ਕੁੰਟ ਖੋਜ ਖੋਜਾਇੰਦਾ। ਖੇਲੇ ਖੇਲ ਅਗੰਮ ਅਥਾਹ, ਬੇਪਰਵਾਹ ਭੇਵ ਅਭੇਦ ਨਾ ਕੋਇ ਸਮਝਾਇੰਦਾ। ਖਾਣੀ ਬਾਣੀ ਵੰਡ ਵੰਡਾ, ਲੋਕਮਾਤ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਰ ਹਰਿ ਆਪਣੀ ਕਾਰ ਕਮਾਇੰਦਾ। ਨਰ ਹਰਿ ਕਾਰ ਕਮਾਵੇ ਏਕ, ਏਕੰਕਾਰ ਵੱਡੀ ਵਡਿਆਈਆ। ਨਿਤ ਨਵਿਤ ਅਵੱਲੜਾ ਭੇਖ, ਭੇਖਾ ਧਾਰੀ ਸਮਝ ਨਾ ਆਈਆ। ਵਸਣਹਾਰਾ ਅਗੰਮੜੇ ਦੇਸ, ਸਚਖੰਡ ਬੈਠਾ ਸੋਭਾ ਪਾਈਆ। ਤਖ਼ਤ ਨਿਵਾਸੀ ਇਕ ਨਰੇਸ਼, ਸ਼ਾਹ ਪਾਤਸ਼ਾਹ ਹੁਕਮ ਸੁਣਾਈਆ। ਕਲਜੁਗ ਅੰਤਮ ਕੂੜੀ ਕਿਰਿਆ ਮੇਟੇ ਭੇਖ, ਭਾਂਡਾ ਭਰਮ ਭੌ ਭੰਨਾਈਆ। ਸਤਿਜੁਗ ਸਾਚਾ ਲਿਖੇ ਲੇਖ, ਲਿਖਤ ਭਵਿਖਤ ਦਏ ਸਲਾਹੀਆ। ਨਿਗਾਹਬਾਨ ਵੇਖਣਹਾਰਾ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਹਰਿ ਰਘੁਰਾਈਆ। ਕਰੇ ਖੇਲ ਹਰਿ ਨਿਰੰਕਾਰ, ਵੱਡਾ ਵਡ ਵਡਿਆਈਆ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦੀ ਡੰਕਾ ਅਗੰਮ ਅਪਾਰ, ਦੋ ਜਹਾਨ ਸ੍ਰੀ ਭਗਵਾਨ ਬ੍ਰਹਿਮੰਡ ਖੰਡ ਆਪ ਸੁਣਾਈਆ। ਪੁਰੀ ਲੋਅ ਕਰੇ ਖ਼ਬਰਦਾਰ, ਵਿਸ਼ਨ ਬ੍ਰਹਮਾ ਸ਼ਿਵ ਆਲਸ ਨਿੰਦਰਾ ਦਏ ਮਿਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਵੇਖਣਹਾਰ, ਖਾਣੀ ਬਾਣੀ ਪੜਦਾ ਦਏ ਚੁਕਾਈਆ।
ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਾਵੇ ਸਾਰ, ਸ੍ਰੀ ਭਗਵੰਤ ਵੱਡੀ ਵਡਿਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਕੂੜੀ ਕਿਰਿਆ ਦਏ ਦੁਹਾਈਆ। ਘਰ ਸੱਜਣ ਹਰਿ ਮਿਲੇ ਨਾ ਮੀਤ ਮੁਰਾਰ, ਬਨ ਖੋਜਣ ਥਾਈਂ ਥਾਈਂਆ। ਚਾਰੋਂ ਕੁੰਟ ਅੰਧੇਰ ਗੁਬਾਰ, ਗਰਦਸ਼ ਵਿਚ ਰਖਾਈਆ। ਨੂਰੀ ਚੰਦ ਨਾ ਕੋਇ ਉਜਿਆਰ, ਨਗ਼ਮਾ ਨਾਮ ਨਾ ਕੋਇ ਸੁਣਾਈਆ। ਆਤਮ ਪਰਮਾਤਮ ਮਿਲੇ ਮੇਲ ਨਾ ਕੰਤ ਭਤਾਰ, ਸੇਜ ਸੁਹੰਜਣੀ ਸੋਭਾ ਕੋਇ ਨਾ ਪਾਈਆ। ਕਾਗਦ ਕਲਮ ਸ਼ਾਹੀ ਲਿਖ ਲਿਖ ਗਈ ਹਾਰ, ਕਾਤਬ ਬੈਠੇ ਮੁਖ ਭੁਆਈਆ । ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰ, ਹਰਿ ਸਤਿਗੁਰ ਪੂਰਾ ਸ਼ਬਦ ਇਕੋ ਨਜ਼ਰੀ ਆਈਆ। ਪੰਜ ਤਤ ਜਿਸ ਪਸਾਰ, ਮਨ ਮਤ ਬੁਧ ਘਾੜਤ ਲਏ ਘੜਾਈਆ। ਸੋ ਸਾਹਿਬ ਸਵਾਮੀ ਧੁਰ ਦਾ ਠਠਿਆਰ, ਠਾਕਰ ਇਕੋ ਨਜ਼ਰੀ ਆਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਵੇਸ ਅਨੇਕ ਧਰਾਈਆ। ਕਲਜੁਗ ਅੰਤਮ ਲੈ ਅਵਤਾਰ, ਕਲ ਕਲਕੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਲ ਕਲਕੀ ਹਰਿ ਨਿਰੰਕਾਰਾ, ਪੰਜ ਤਤ ਨਾ ਕੋਇ ਵਡਿਆਈਆ। ਜੋਤੀ ਜੋਤ ਜੋਤ ਉਜਿਆਰਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਰਸਨਾ ਜਿਹਵਾ ਢੋਲਾ ਰਾਗ ਨਾ ਕੋਇ ਸੁਣਾਈਆ। ਜਨ ਭਗਤਾਂ ਕਰੇ ਪਿਆਰਾ, ਪਰਮ ਪੁਰਖ ਪਤਿਪਰਮੇਸ਼ਵਰ ਆਪਣੀ ਧਾਰ ਜਣਾਈਆ। ਕਾਇਆ ਮੰਦਰ ਅੰਦਰ ਖੋਲ੍ਹ ਕਿਵਾੜਾ, ਪੜਦਾ ਓਹਲਾ ਦਏ ਉਠਾਈਆ। ਅੰਮ੍ਰਿਤ ਦੇਵੇ ਠੰਡਾ ਠਾਰਾ, ਨਿਜਰ ਝਿਰਨਾ ਇਕ ਝਿਰਾਈਆ। ਸ਼ਬਦ ਅਗੰਮੀ ਅਨਹਦ ਨਾਦ ਅਨਾਦੀ ਵੱਜੇ ਬਿਨ ਤੰਦ ਸਤਾਰਾ, ਧੁਨ ਇਕੋ ਇਕ ਉਪਜਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਘਰ ਘਰ ਜੋਤ ਕਰੇ ਰੁਸ਼ਨਾਈਆ। ਸਾਚੀ ਸਖ਼ੀਆਂ ਮਿਲ ਮਿਲ ਮੰਗਲਾਚਾਰਾ, ਗੀਤ ਗੋਬਿੰਦ ਅਲਾਈਆ। ਕਲਜੁਗ ਸਾਧ ਸੰਤ ਜੀਵ ਜੰਤ ਭੁੱਲਿਆ ਚਾਰ ਕੁੰਟ ਅੰਧਿਆਰਾ, ਨਿਜ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ ਘਟ ਆਪਣਾ ਖੇਲ ਵਖਾਈਆ। ਘਟ ਘਟ ਖੇਲ ਵੇਖੇ ਗੋਬਿੰਦ, ਗਹਿਰ ਗੰਭੀਰ ਦਇਆ ਕਮਾਇੰਦਾ। ਗੁਰਮੁਖਾਂ ਮੇਟ ਕੇ ਚਿੰਦ, ਚਿੰਤਾ ਚਿਖਾ ਜਲਾਇੰਦਾ। ਕਰੇ ਖੇਲ ਆਪ ਬਖ਼ਸ਼ਿੰਦ, ਬਖ਼ਸ਼ਿਸ਼ ਰਹਿਮਤ ਨਾਮ ਝੋਲੀ ਪਾਇੰਦਾ। ਭਾਗ ਲਗਾ ਕੇ ਜੀਓ ਪਿੰਡ, ਤਤਵ ਤਤ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਇੰਦਾ। ਮਿਹਰ ਨਜ਼ਰ ਕਰੇ ਪ੍ਰਭ ਆਪ, ਆਪਣੀ ਦਇਆ ਕਮਾਈਆ । ਅੰਤਰ ਆਤਮ ਦੱਸੇ ਜਾਪ, ਅਜਪਾ ਜਾਪ ਕਰੇ ਪੜ੍ਹਾਈਆ। ਕੋਟ ਜਨਮ ਉਤਾਰੇ ਪਾਪ, ਪਤਤ ਪੁਨੀਤ ਦਏ ਜਣਾਈਆ। ਆਤਮ ਪਰਮਾਤਮ ਬਣਾਏ ਧੁਰ ਦਾ ਸਾਕ, ਸੱਜਣ ਇਕੋ ਇਕ ਅਖਵਾਈਆ। ਗੁਰਮੁਖਾਂ ਦੇ ਕੇ ਆਪਣਾ ਸਾਥ, ਸਗਲਾ ਸੰਗ ਹੋ ਜਾਈਆ। ਲਹਿਣਾ ਚੁਕਾਏ ਪੂਜਾ ਪਾਠ, ਘਰ ਘਰ ਮੇਲਾ ਲਏ ਮਿਲਾਈਆ। ਏਥੇ ਓਥੇ ਦੋ ਜਹਾਨ ਨਿਰਗੁਣ ਸਰਗੁਣ ਪੁੱਛੇ ਵਾਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਆਪ ਹੋ ਆਈਆ। ਕਰਨੀ ਕਰਤਾ ਹਰਿ ਹਰਿ ਮਾਲਕ, ਬੇਪਰਵਾਹ ਅਖਵਾਇੰਦਾ। ਅਗੰਮ ਅਥਾਹ ਊਚੋ ਊਚ ਖ਼ਲਕ ਖ਼ਾਲਕ, ਮਖ਼ਲੂਕ ਆਪਣੇ ਨੈਣ ਤਕਾਇੰਦਾ। ਨਿਤ ਨਵਿਤ ਦੋ ਜਹਾਨ ਲੱਖ ਚੁਰਾਸੀ ਬਣੇ ਸਾਲਸ, ਖਾਣੀ ਬਾਣੀ ਫੋਲ ਫੁਲਾਇੰਦਾ।
ਭਗਤ ਸੁਹੇਲੇ ਗੁਰੂ ਗੁਰ ਚੇਲੇ ਕੱਢੇ ਵਿਚੋਂ ਖ਼ਾਲਸ, ਖ਼ਾਹਿਸ਼ ਆਪਣੇ ਨਾਲ ਮਿਲਾਇੰਦਾ। ਕੂੜੀ ਕਿਰਿਆ ਮੇਟ ਕੇ ਨਿੰਦਰਾ ਆਲਸ, ਜਾਗਰਤ ਜੋਤ ਇਕ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਰੰਗ ਰੰਗਾਇੰਦਾ। ਹਰਿਜਨ ਰੰਗ ਰੰਗਾਏ ਮਾਟੀ ਤਨ, ਕੱਪੜ ਨਾਮ ਸੁਹਾਈਆ। ਅੰਦਰੋਂ ਬੰਨ੍ਹੇ ਵਾਸ਼ਨਾ ਮਨ, ਚਾਰੋਂ ਕੁੰਟ ਨਾ ਉਠ ਉਠ ਧਾਈਆ। ਨਾਮ ਪਦਾਰਥ ਦੇ ਕੇ ਧਨ, ਕੰਗਾਲ ਸ਼ਾਹ ਦਏ ਵਡਿਆਈਆ। ਜੋਤੀ ਨੂਰ ਚਾੜ੍ਹ ਕੇ ਚੰਨ, ਕਾਇਆ ਕਵਰੀ ਕਰੇ ਰੁਸ਼ਨਾਈਆ। ਏਥੇ ਓਥੇ ਬੇੜਾ ਬੰਨ੍ਹ, ਭਾਰ ਆਪਣੇ ਕੰਧ ਉਠਾਈਆ। ਸੰਤ ਸੁਹੇਲੇ ਬਣਾ ਕੇ ਜਨ, ਜਨ ਜਨਨੀ ਲੇਖਾ ਦਏ ਚੁਕਾਈਆ। ਕੂੜੀ ਕਿਰਿਆ ਭਾਂਡਾ ਭੰਨ, ਭਰਮ ਭੌ ਚੁਕਾਈਆ। ਕਰ ਪਰਕਾਸ਼ ਨੇਤਰ ਅੰਨ੍ਹ, ਨਿਜ ਨੇਤਰ ਕਰੇ ਰੁਸ਼ਨਾਈਆ। ਸਚ ਵਸੇਰਾ ਬਿਨ ਛੱਪਰੀ ਛੰਨ, ਮੰਡਲ ਮੰਡਪ ਨਾ ਕੋਇ ਵਡਿਆਈਆ। ਮਿਹਰਵਾਨ ਹੋ ਸ੍ਰੀ ਭਗਵਨ, ਹਰਿਜਨ ਸਾਚੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਲੇਖਾ ਲੇਖੇ ਵਿਚੋਂ ਬਦਲਾਈਆ। ਲੇਖੇ ਵਿਚੋਂ ਲੇਖਾ ਦੇਵੇ ਬਦਲ, ਸਤਿਗੁਰ ਪੂਰਾ ਦਇਆ ਕਮਾਇੰਦਾ। ਕੂੜੀ ਕਿਰਿਆ ਕਰਕੇ ਕਤਲ, ਸਚ ਸਤਿ ਰੂਪ ਪਰਗਟਾਇੰਦਾ। ਨਾਮ ਬੀਜ ਕੇ ਆਪਣੇ ਵੱਤ, ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਪ੍ਰੇਮ ਪ੍ਰੀਤੀ ਦੱਸ ਕੇ ਜਗਤ, ਪਤਤ ਪੁਨੀਤ ਆਪ ਬਣਾਇੰਦਾ। ਲੇਖਾ ਜਾਣ ਊਚ ਨੀਚ, ਚਾਰੇ ਵਰਨਾਂ ਰੰਗ ਰੰਗਾਇੰਦਾ। ਸਾਚਾ ਕਲਮਾ ਨਾਮ ਹਦੀਸ, ਨਿਰਅੱਖਰ ਆਪ ਪੜ੍ਹਾਇੰਦਾ। ਸੰਤ ਸੁਹੇਲੇ ਬਖ਼ਸ਼ ਸਚ ਪ੍ਰੀਤ, ਪ੍ਰੀਤਮ ਆਪਣਾ ਜੋੜ ਜੁੜਾਇੰਦਾ। ਸਦੀ ਵੀਹਵੀਂ ਰਹੀ ਬੀਤ, ਅਗਲਾ ਲੇਖਾ ਸਮਝ ਕੋਇ ਨਾ ਆਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਲੀ ਹੋਏ ਖੀਸ, ਚਾਰੋਂ ਕੁੰਟ ਜੀਵ ਜੰਤ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਦੱਸੇ ਇਕੋ ਰੀਤ, ਮੰਦਰ ਮਸੀਤ ਕਾਇਆ ਕਾਅਬਾ ਇਕ ਸਮਝਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਸੁਣਾਏ ਆਪਣਾ ਗੀਤ, ਸੋ ਹੰ ਬ੍ਰਹਮ ਸੋਹੰ ਰੂਪ ਸਮਾਇੰਦਾ।
੩ ਕੱਤਕ ੨੦੨੧ ਬਿਕ੍ਰਮੀ ਸੰਤਾ ਸਿੰਘ ਦੇ ਗ੍ਰਹਿ ਨਾਨਕ ਪੁਰਾ
ਸਤਿਗੁਰ ਪੂਰਾ ਸਚ ਪ੍ਰੀਤ, ਹਰਿ ਚਰਨ ਕਵਲ ਇਕ ਦ੍ਰਿੜਾਇੰਦਾ। ਸਤਿਗੁਰ ਪੂਰਾ ਸਾਚਾ ਗੀਤ, ਹਰਿ ਮੰਤਰ ਨਾਮ ਸੁਣਾਇੰਦਾ। ਸਤਿਗੁਰ ਪੂਰਾ ਸਾਚੀ ਰੀਤ, ਆਤਮ ਪਰਮਾਤਮ ਆਪ ਵਖਾਇੰਦਾ। ਸਤਿਗੁਰ ਪੂਰਾ ਧਾਮ ਜਣਾਏ ਇਕ ਅਨਡੀਠ, ਘਰ ਘਰ ਵਿਚ ਡੇਰਾ ਲਾਇੰਦਾ। ਸਤਿਗੁਰ ਪੂਰਾ ਸਦ ਵਸਣਹਾਰਾ ਨੀਚੋਂ ਨੀਚ, ਨੀਕਨ ਨੀਕਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਾਰ ਕਮਾਇੰਦਾ। ਸਤਿਗੁਰ ਪੂਰਾ ਸਰਬ ਸਵਾਮੀ, ਮਾਲਕ ਇਕ ਅਖਵਾਈਆ। ਸਤਿਗੁਰ ਪੂਰਾ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਸਤਿਗੁਰ ਪੂਰਾ ਸ਼ਬਦ ਅਨਾਦੀ ਬੋਲੇ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਸਤਿਗੁਰ ਪੂਰਾ ਸੁਰਤ ਮਿਲਾਵੇ ਸਾਚਾ ਹਾਣੀ, ਸ਼ਬਦੀ ਜੋੜ ਜੁੜਾਈਆ। ਸਤਿਗੁਰ ਪੂਰਾ ਅੰਮ੍ਰਿਤ ਬਖ਼ਸ਼ੇ ਠੰਡਾ ਪਾਣੀ, ਜਗਤ ਸਰੋਵਰ ਪੰਧ ਚੁਕਾਈਆ। ਸਤਿਗੁਰ ਪੂਰਾ ਮਹੱਲ ਅਟਲ ਦੇਵੇ ਇਕ ਨਿਸ਼ਾਨੀ, ਸਚ ਦਵਾਰੇ
ਦਏ ਵਖਾਈਆ। ਸਤਿਗੁਰ ਪੂਰਾ ਲੇਖ ਚੁਕਾਏ ਚਾਰੇ ਖਾਣੀ, ਖ਼ਾਕੀ ਖ਼ਾਕ ਨਾ ਕੋਇ ਮਿਲਾਈਆ। ਸਤਿਗੁਰ ਪੂਰਾ ਬਖ਼ਸ਼ਣਹਾਰਾ ਪਦ ਨਿਰਬਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਈਆ। ਸਤਿਗੁਰ ਪੂਰਾ ਗਹਿਰ ਗੰਭੀਰ, ਗਵਰ ਇਕ ਅਖਵਾਇੰਦਾ। ਜੁਗ ਚੌਕੜੀ ਕੱਟਣਹਾਰਾ ਭੀੜ, ਔਝੜ ਰਾਹ ਪੰਧ ਮੁਕਾਇੰਦਾ। ਸਾਚੀ ਦੱਸ ਆਪਣੀ ਤਸਵੀਰ, ਤਸਬੀ ਮਾਲਾ ਗਲੋਂ ਸੁਟਾਇੰਦਾ। ਦਰਸ ਦਿਖਾਏ ਬੇਨਜ਼ੀਰ, ਨਜ਼ਰ ਆਪਣੇ ਨਾਲ ਮਿਲਾਇੰਦਾ। ਚੋਟੀ ਚਾੜ੍ਹ ਇਕ ਅਖ਼ੀਰ, ਆਖ਼ਰ ਆਪਣੇ ਘਰ ਵਸਾਇੰਦਾ। ਜਿਸ ਨੂੰ ਸੱਯਦਾ ਕਰਦੇ ਪੀਰ ਫ਼ਕੀਰ, ਸੋ ਫ਼ਿਕਰਾ ਆਪ ਪੜ੍ਹਾਇੰਦਾ। ਮੁਰੀਦ ਮੁਰਸ਼ਦ ਦੋਵੇਂ ਬਗ਼ਲਗੀਰ, ਦਸਤ ਬਦਸਤ ਆਪ ਹੋ ਜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਸਤਿਗੁਰ ਪੂਰਾ ਭੋਲਾ ਭਾਲਾ, ਜਗ ਨੇਤਰ ਵੇਖਿਆਂ ਨਜ਼ਰ ਕਿਸੇ ਨਾ ਆਈਆ। ਸ਼ਾਹਾਂ ਵਿਚੋਂ ਸ਼ਾਹ, ਕੰਗਾਲਾਂ ਵਿਚੋਂ ਕੰਗਾਲਾ, ਗ਼ਰੀਬਾਂ ਵਿਚੋਂ ਗ਼ਰੀਬ ਆਪ ਅਖਵਾਈਆ। ਮਿਹਰਵਾਨ ਹੋ ਕੇ ਦੱਸੇ ਮਾਰਗ ਸਚ ਸੁਖਾਲਾ, ਰਹਿਬਰ ਹੋ ਕੇ ਰਾਹੇ ਪਾਈਆ। ਮਿਤਰ ਹੋ ਕੇ ਤੋੜੇ ਜਗਤ ਜੰਜਾਲਾ, ਸ਼ੱਤਰੂ ਹੋ ਕੇ ਪੰਜਾਂ ਦੇਵੇ ਘਾਈਆ। ਪ੍ਰੇਮ ਪਿਆਰ ਦੀ ਪਾ ਕੇ ਵੱਖਰੀ ਮਾਲਾ, ਮਾਲਕ ਆਪਣਾ ਜੋੜ ਜੁੜਾਈਆ। ਅੱਗੇ ਕਿਸੇ ਦਾ ਦੇਵੇ ਨਾ ਕੋਈ ਹੋਰ ਹਵਾਲਾ, ਹਾਲ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਬੇਪਰਵਾਹੀਆ। ਸਤਿਗੁਰ ਪੂਰਾ ਨਿਰਮਲ ਜੋਤ, ਜੋਤੀ ਜੋਤ ਅਖਵਾਇੰਦਾ। ਸ਼ਬਦ ਅਗੰਮੀ ਲਾਏ ਚੋਟ, ਨਗਾਰਾ ਨਾਮ ਵਜਾਇੰਦਾ। ਤਨ ਮਾਟੀ ਕੱਢ ਕੇ ਕੂੜਾ ਖੋਟ, ਹਾਟੀ ਸਚ ਸਮਝਾਇੰਦਾ। ਮਨ ਮਤ ਬੁਧ ਬਖ਼ਸ਼ ਕੇ ਆਪਣੀ ਸੋਚ, ਸਚ ਸੁਚ ਸੰਜਮ ਇਕ ਦ੍ਰਿੜਾਇੰਦਾ। ਲਹਿਣਾ ਮੁਕਾ ਕੇ ਲੋਕ ਪਰਲੋਕ, ਨਾਮ ਸਲੋਕ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਕਹੇ ਪ੍ਰਭ ਰੰਗ ਕੇਹੜਾ, ਜੋ ਪ੍ਰੇਮ ਪ੍ਰੀਤੀ ਅੰਦਰ ਰੰਗਾਈਆ। ਜਿਸ ਨਾਲ ਛੁੱਟੇ ਝੂਠਾ ਖਹਿੜਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਪਾਰ ਕਰਾਏ ਡੁਬਦਾ ਬੇੜਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਲਹਿਣਾ ਦੇਣਾ ਚੁਕੇ ਤੇਰਾ ਮੇਰਾ, ਮੇਰਾ ਤੇਰਾ ਇਕੋ ਰੂਪ ਸਮਾਈਆ। ਘਰ ਸਵਾਮੀ ਹੋਏ ਚਾਉ ਘਨੇਰਾ, ਵੱਜੇ ਸਤਿ ਵਧਾਈਆ। ਨਜ਼ਰੀ ਆਵੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾ ਭਗਵੰਤ, ਗੁਰਮੁਖ ਆਸ ਰਖਾਈਆ। ਤੂੰ ਸੁਹਾਗੀ ਧੁਰ ਦਾ ਕੰਤ, ਹਉਂ ਨਾਰ ਦੁਹਾਗਣ ਰਹੀ ਕੁਰਲਾਈਆ। ਬਿਨ ਤੇਰੇ ਬਣਾਏ ਨਾ ਕੋਈ ਸੱਚੀ ਬਣਤ, ਘੜਨ ਭੰਨਣਹਾਰ ਤੇਰੇ ਹੱਥ ਵਡਿਆਈਆ। ਰਾਹ ਤੱਕਦੇ ਤੇਰੇ ਸਾਚੇ ਸੰਤ, ਸੱਜਣ ਨੈਣ ਉਠਾਈਆ। ਆ ਕੇ ਚਾੜ੍ਹ ਰੰਗ ਬਸੰਤ, ਚੋਲੀ ਤਨ ਰੰਗਾਈਆ। ਦਰ ਭਿਖਾਰੀ ਬਣੇ ਮੰਗਤ, ਦੋਏ ਜੋੜ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਿਰ ਹੱਥ ਰੱਖ ਸਮਰਥ, ਮਹਿੰਮਾ ਅਕਥ ਤੇਰੀ ਵਡਿਆਈਆ। ਮਾਰਗ ਦੱਸ, ਹਿਰਦੇ ਵਸ, ਗਾਵਾਂ ਜਸ, ਰਸਨਾ ਜਿਹਵਾ ਢੋਲਾ ਅਲਾਈਆ। ਚਲਾ ਰਥ ਕਾਇਆ ਮੱਠ, ਘਟ ਆਪਣਾ ਨੂਰ ਧਰਾਈਆ। ਮੰਤਰ ਇਕੋ ਦੱਸ ਸਚ, ਜਗ ਕੂੜੀ ਮਾਇਆ ਕੋਲੋਂ ਜਾਈਏ ਬਚ, ਬਚਪਨ ਤੇਰੀ ਝੋਲੀ ਪਾਈਆ। ਤੇਰੇ ਮਿਲਣ ਦੀ ਮੇਰੀ ਖੁਲ੍ਹੇ ਅੱਖ, ਨਜ਼ਰੀ ਆਏ ਸਾਹਿਬ ਪ੍ਰਤਖ, ਲੋਚਣ
ਨੈਣ ਵੇਖ ਵੇਖ ਬਿਗਸਾਈਆ। ਤੇਰੀ ਸਰਨਾਈ ਬੇਪਰਵਾਹੀ ਬੇਪ੍ਰਾਣੇ ਹੋ ਗਏ ਢੱਠ, ਢੱਠਿਆਂ ਲੈ ਉਠਾਈਆ। ਸਾਡਾ ਲੇਖਾ ਚੁਕਾ ਦੇ ਪੂਜਾ ਪਾਠ, ਪੁੱਜ ਕੇ ਘਰ ਆਪਣਾ ਦਰਸ ਦਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਨਾਲ ਮਿਲਿਆ ਤੇਰਾ ਸਾਥ, ਵਡਭਾਗੀ ਮਿਲੀ ਸਰਨਾਈਆ।