ਪੁਸਤਕਾਲਾਭਾਗ ੧੭

੧੫ ਕੱਤਕ ੨੦੨੧ ਬਿਕ੍ਰਮੀ ਪਿੰਡ ਅਲੱੜਪਿੰਡੀ ਬਾਹਰ ਰਸਤੇ ਵਿਚ

ਜਨਮ ਕਰਮ ਦਾ ਤਿਨਕਾ ਕਾਹੀ, ਕਲਮਾ ਨਬੀ ਰਸੂਲ ਪੜ੍ਹਾਇੰਦਾ। ਬਿਨ ਰਸਨਾ ਜਿਹਵਾ ਦਏ ਦੁਹਾਈ, ਪੀਰ ਪੈਗ਼ੰਬਰਾਂ ਆਖ ਸੁਣਾਇੰਦਾ । ਵੇਖੋ ਚਲਦਾ ਫਿਰਦਾ ਮਾਹੀ, ਮਹਿਬੂਬ ਜਿਸ ਨਾਲ ਰੰਗ ਰੰਗਾਇੰਦਾ। ਜਿਸ ਦੇ ਹੁਕਮੇਂ ਅੰਦਰ ਖ਼ੁਦਾਈ, ਖ਼ੁਦ ਆਪਣਾ ਵੇਸ ਧਰਾਇੰਦਾ। ਜਿਸ

ਦੀ ਝੱਲੇ ਨਾ ਕੋਇ ਜੁਦਾਈ, ਗੋਬਿੰਦ ਵੰਡ ਨਾ ਕੋਇ ਵੰਡਾਇੰਦਾ। ਜਿਸ ਦਾ ਮੇਲਾ ਸਹਿਜ ਸੁਭਾਈ, ਭੇਵ ਭਾਉ ਨਾ ਕੋਇ ਸਮਝਾਇੰਦਾ। ਜੁਗ ਚੌਕੜੀ ਗਏ ਵਿਹਾਈ, ਕੋਟਨ ਕਾਲ ਨੈਣ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਨੇਤਰ ਨੈਣਾਂ ਨੀਰ ਰਹੇ ਵਹਾਈ, ਛਹਿਬਰ ਮੇਘਲਾ ਧਾਰ ਬਰਸਾਇੰਦਾ। ਵਾਰ ਥਿਤ ਦਿਵਸ ਰੈਣ ਘੜੀ ਪਲ ਰਹੇ ਧਿਆਨ ਲਗਾਈ, ਧਰਤ ਧਵਲ ਜ਼ਿਮੀਂ ਅਸਮਾਨ ਗਗਨ ਮੰਡਲ ਰਵ ਸਸ ਸੂਰਜ ਚੰਨ ਖੋਜ ਖੁਜਾਇੰਦਾ। ਭਿੰਨੜੀ ਰੁੱਤ ਸੁਹੰਜਣੀ ਰੈਣ ਆਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ । ਕਾਹੀ ਦਭ ਕਹੇ ਮੈਂ ਤਿਨਕਾ ਤਿਨਕਾ, ਮਾਹੀ ਸੇਜ ਹੰਢਾਈਆ। ਕੋਈ ਭੇਵ ਜੀਵ ਨਾ ਜਾਣੇ ਜਿਨਕਾ, ਸੋ ਸੱਜਣ ਸੈਣ ਆਇਆ ਬੇਪਰਵਾਹੀਆ । ਜਿਸ ਦਾ ਲੇਖਾ ਤਤ ਬ੍ਰਹਮਮਤ ਮਤ ਮਨ ਕਾ, ਬੁੱਧੀ ਪਰੇ ਛੁਪਾਈਆ। ਸੋ ਖੇਲ ਕਰੇ ਅਗੰਮ ਕਾ, ਚੌਦਾਂ ਵਿਦਿਆ ਸਮਝ ਸਕੇ ਨਾ ਰਾਈਆ । ਵਸੇਰਾ ਛੱਡ ਕੇ ਮਹੱਲ ਅਟਲ ਉਚ ਮਨਾਰ ਲੇਖਾ ਤੋੜ ਕੇ ਛੱਪਰ ਛੰਨ ਦਾ, ਸ਼ਹਿਨਸ਼ਾਹ ਅਪਣਾ ਫੇਰਾ ਪਾਈਆ। ਦੋ ਜਹਾਨ ਕਹਿਣ ਇਹ ਵੇਲਾ ਧੰਨ ਧੰਨ ਦਾ, ਦੂਜਾ ਢੋਲਾ ਰਾਗ ਨਾ ਕੋਇ ਸੁਣਾਈਆ। ਧੰਨ ਵਡਿਆਈ ਸਾਹਿਬ ਸੁਲਤਾਨ, ਆਦਿ ਜੁਗਾਦਿ ਜੁਗ ਚੌਕੜੀ ਜੋ ਭਗਤਾਂ ਸਾਚੀ ਮੰਨਦਾ, ਮਨਸਾ ਪੂਰ ਅਖਵਾਈਆ। ਵੇਖੋ ਲਹਿਣਾ ਗੁਜਰੀ ਚੰਨ ਦਾ, ਚਿੰਤਾ ਸਭ ਦੀ ਰਿਹਾ ਮਿਟਾਈਆ। ਜਿਸ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਲੱਖ ਚੁਰਾਸੀ ਘੜਦਾ ਭੰਨਦਾ, ਲੋਕ ਪਰਲੋਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਦੱਭ ਕਾਹੀ ਕਹੇ ਮੈਨੂੰ ਯਾਦ ਇੱਕੀ ਵਿਸਾਖ, ਵੇਖਦਿਆਂ ਵੇਖਦਿਆਂ ਵਕਤ ਗਿਆ ਵਿਹਾਈਆ। ਰਮਜ਼ ਇਸ਼ਾਰੇ ਸ਼ਬਦੀ ਧਾਰ ਨਾਲ ਗਿਆ ਆਖ, ਭੇਵ ਅਭੇਦਾ ਆਪ ਸਮਝਾਈਆ। ਜੁਗ ਜਨਮ ਦਿਆਂ ਵਿਛੜਿਆਂ ਮਿਲਣ ਦੀ ਦੱਸ ਕੇ ਆਪ ਜਾਚ, ਯਾਚਕ ਹੋ ਕੇ ਸੇਵ ਕਮਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਸਮਝ ਨਾ ਸਕੇ ਬਾਤ, ਸੋ ਬਾਤਨ ਜ਼ਾਹਰ ਆਪਣਾ ਖੇਲ ਵਖਾਈਆ। ਵੇਸ ਅਨੇਕਾ ਜੁਗ ਜੁਗ ਕਰੇ ਬਹੁ ਭਾਂਤ, ਭਗਵਨ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੱਭ ਕਾਹੀ ਕਹੇ ਸਾਨੂੰ ਵੇਖੋ ਦਿਤਾ ਕੱਟ, ਤਿਨਕਾ ਤਿਨਕਾ ਤੋੜ ਤੁੜਾਈਆ। ਫੇਰ ਸਭ ਦਾ ਕਰ ਕੇ ਇਕੱਠ, ਵਟ ਇਕੋ ਵਾਰ ਚੜ੍ਹਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸਚਖੰਡ ਨਿਵਾਸੀ ਛੱਡ, ਨਿਰਗੁਣ ਆਪਣਾ ਫੇਰਾ ਪਾਈਆ। ਦੋ ਜਹਾਨਾਂ ਪਾਰ ਕਰ ਕੇ ਹੱਦ, ਹਦੂਦ ਵੇਖੇ ਚਾਈਂ ਚਾਈਂਆ। ਜਿਹੜਾ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਿਚੋਂ ਪਿਆ ਨਾ ਲੱਭ, ਚਾਰ ਕੁੰਟ ਨਜ਼ਰ ਕਿਸੇ ਨਾ ਆਈਆ। ਸੋ ਸਾਹਿਬ ਸੁਲਤਾਨ ਨੌਬਤ ਸੁਣਾਏ ਸੱਜਣ ਸੱਦ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੱਭ ਕਾਹੀ ਕਹੇ ਮੈਨੂੰ ਚੜ੍ਹਿਆ ਵੱਟ, ਵਟਣਾ ਮਾਹੀ ਦਿਤਾ ਲਗਾਈਆ। ਮੇਰਾ ਨਾਤਾ ਜੋੜ ਕੇ ਚਾਰ ਪਾਵਿਆਂ ਵਾਲੀ ਖੱਟ, ਬਾਹੀ ਸੇਰੂ ਆਪ ਸੁਹਾਈਆ। ਇਕ ਦੂਜੇ ਦੇ ਅੰਦਰ ਬਾਹਰ ਦਿਤਾ ਘੱਤ, ਸੋਹਣਾ ਜੋੜ ਜੁੜਾਈਆ। ਬੇਸ਼ਕ ਸਾਡੇ ਵਿਚ ਨਹੀਂ ਕੋਈ ਰੱਤ, ਹੱਡ ਮਾਸ ਨਾੜੀ ਵੰਡ ਨਾ ਕੋਇ ਵੰਡਾਈਆ। ਸਾਡੇ ਪ੍ਰੇਮ ਪਿਆਰ ਨਹੀਂ ਕਿਸੇ ਪਟੋਲੇ ਪੱਟ, ਪੱਟੂ ਓਢਨ ਸਾਡਾ ਸੰਗ ਨਾ ਕੋਇ ਬਣਾਈਆ। ਜਿਹੜਾ ਯਾਰੜੇ ਦਾ ਸੱਥਰ ਬੈਠਾ ਘੱਤ, ਸੋਈ ਮਾਹੀ ਬਹਿ ਕੇ ਖ਼ੁਸ਼ੀ ਮਨਾਈਆ। ਜਿਸ ਨੂੰ ਝੁਕਦੇ ਡਾਲ੍ਹੀ ਪੱਤ, ਪੰਖੜੀਆਂ ਗੁਲਸ਼ਨ ਵਿਚ ਆਪਣੀ ਖ਼ੁਸ਼ੀ ਮਨਾਈਆ।

ਜਿਸ ਦੀ ਤੱਕਣ ਵਾਲੀ ਸਭ ਤੋਂ ਵੱਖਰੀ ਅੱਖ, ਆਖ਼ਰ ਆਪਣੇ ਘਰ ਜਣਾਈਆ। ਜਿਸ ਦੇ ਕੋਲ ਗ਼ਰੀਬ ਨਿਮਾਣਿਆਂ ਦਾ ਧੁਰ ਦਾ ਹਕ, ਹਕੀਕਤ ਦਏ ਸਮਝਾਈਆ। ਕਲਜੁਗ ਅੰਤਮ ਸਾਰਿਆਂ ਕਰ ਇਕੱਠ, ਰੰਗ ਆਪਣਾ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦੱਭ ਕਾਹੀ ਕਹੇ ਮੇਰੇ ਨਾਲੋਂ ਚੰਗੀ ਚੁਗਾਠ, ਜੋ ਚੌਕੜੀ ਸੇਵ ਕਮਾਈਆ। ਚਾਰੋਂ ਕੁੰਟ ਆਪਣੀ ਬਣ ਕੇ ਆਪ ਜਮਾਤ, ਬੈਠੀ ਆਸਣ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਸ ਦੇ ਉਤੇ ਰੈਣ ਵਸੇਰਾ ਕੱਟ ਕੇ ਗਏ ਰਾਤ, ਪੰਜ ਤਤ ਕਾਇਆ ਤਨ ਹੰਢਾਈਆ। ਇਹ ਵੇਖਦੀ ਰਹੀ ਖੇਲ ਤਮਾਸ਼, ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਕੀ ਕੀ ਖੇਲ ਖਿਲਾਈਆ। ਬਿਨਾਂ ਗੋਬਿੰਦ ਮਾਛੂਵਾੜੇ ਪੁਰਖ ਅਕਾਲ ਦੀ ਸੁਣੀ ਕਿਸੇ ਨਾ ਬਾਤ, ਸੱਜਣ ਸੰਗ ਨਾ ਕੋਇ ਨਿਭਾਈਆ। ਜੋ ਪੁਰਖ ਅਕਾਲ ਦੀਨ ਦਿਆਲ ਨਿਰਗੁਣ ਹੌਲੀ ਹੌਲੀ ਗਿਆ ਆਖ, ਅੱਖਰਾਂ ਵਿਚ ਨਾ ਕੋਇ ਪੜ੍ਹਾਈਆ। ਜਿਸ ਦਾ ਲੇਖਾ ਲੱਭੇ ਨਾ ਵਿਚ ਕਲਮ ਦਵਾਤ, ਕਾਗ਼ਜ਼ ਕਲਮ ਸ਼ਾਹੀ ਦਏ ਨਾ ਕੋਇ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਮੰਜੀ ਕਹੇ ਮੈਂ ਕੀ ਦੱਸਾਂ, ਦੱਸਣ ਜੋਗ ਨਜ਼ਰ ਕੋਇ ਨਾ ਆਈਆ। ਇਕੋ ਉਸ ਦੇ ਚਰਨਾਂ ਹੇਠਾਂ ਢੱਠਾਂ, ਜਿਸ ਦੇ ਅੱਗੇ ਮਾਣ ਨਾ ਕੋਇ ਵਡਿਆਈਆ। ਮੇਰੀਆਂ ਰੋਂਦੀਆਂ ਉਹ ਅੱਖਾਂ, ਜਿਨ੍ਹਾਂ ਵਿਚੋਂ ਨੀਰ ਸੁੱਕ ਕਦੇ ਨਾ ਜਾਈਆ। ਜਿਸ ਵੇਲੇ ਮਾਛੂਵਾੜੇ ਗੋਬਿੰਦ ਸਾਹਿਬ ਨਿਰਾਲਾ ਸੁੱਤਾ, ਪੁਰਖ ਅਕਾਲਾ ਪਿਤਾ ਕਰ ਬੁਲਾਈਆ। ਓਸ ਵੇਲੇ ਗੋਬਿੰਦ ਤਿਨਕਾ ਚੁਕ ਕੇ ਆਪਣੇ ਸਿਰ ਨਾਲੋਂ ਉਚਾ, ਅਬਿਨਾਸ਼ੀ ਕਰਤੇ ਦਿਤਾ ਵਖਾਈਆ। ਮੇਰੇ ਨਾਲੋਂ ਗੁਰਮੁਖ ਸੁੱਚਾ, ਜਿਸ ਦੀ ਸੂਚੀ ਮੇਰੇ ਅੰਦਰ ਆਈਆ। ਮੈਂ ਓਨ੍ਹਾਂ ਦੇ ਪ੍ਰੇਮ ਦਾ ਭੁੱਖਾ, ਜੋ ਭੁੱਖੇ ਤਿਹਾਏ ਰਹਿ ਕੇ ਤੇਰਾ ਧਿਆਨ ਲਗਾਈਆ। ਮੈਂ ਬਿਰਹੋਂ ਵੈਰਾਗ ਓਨ੍ਹਾਂ ਦਾ ਕੁੱਠਾ, ਪੱਲੇ ਕੁਛ ਨਾ ਗੰਢ ਬੰਧਾਈਆ। ਏਥੇ ਓਥੇ ਮੇਰਾ ਲੇਖਾ ਮੁਕਾ, ਸੋਹਣੀ ਤਰਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੁਣ ਸੰਦੇਸ਼ਾ ਗੋਬਿੰਦ ਹਰਿ, ਹਰਿ ਜੂ ਆਪ ਜਣਾਇੰਦਾ। ਤੇਰੀ ਸੱਥਰ ਸੇਜ ਵੇਖ ਕੇ ਆਵੇ ਮੈਨੂੰ ਡਰ, ਭੌ ਮੇਰੇ ਗਿਰਦ ਫੇਰਾ ਪਾਇੰਦਾ। ਗੋਬਿੰਦ ਕਹੇ ਮੇਰੇ ਪ੍ਰਭ ਐਸਾ ਦਰਦ ਵੇਖਿਆ ਏਸ ਤੇ ਚੜ੍ਹ, ਤੇਰੇ ਸਿੰਘਾਸਣ ਨਾਲੋਂ ਰਸ ਅੱਛਾ ਨਜ਼ਰੀ ਆਇੰਦਾ। ਸ੍ਰੀ ਭਗਵਾਨ ਹੌਲੀ ਜੇਹੀ ਅੰਦਰ ਵੜ, ਸ਼ਬਦ ਇਸ਼ਾਰੇ ਨਾਲ ਸਮਝਾਇੰਦਾ। ਤੂੰ ਬੱਚਿਆ ਲਾ ਕੇ ਜਾਏਂ ਜੜ੍ਹ, ਮੈਂ ਬੂਟਾ ਵੇਖਣ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਇੰਦਾ। ਗੋਬਿੰਦ ਕਹੇ ਸੂਲਾਂ ਸੱਥਰ, ਸੋਹਣੀ ਸੇਜ ਸੁਹਾਈਆ। ਪ੍ਰਭੂ ਤੇਰੇ ਕੋਲ ਕੋਈ ਲਿਖਣ ਵਾਲਾ ਨਹੀਂ ਅੱਖਰ, ਜੋ ਇਸ ਦੀ ਕਰੇ ਵਡਿਆਈਆ। ਅਬਿਨਾਸ਼ੀ ਕਰਤੇ ਕਿਹਾ ਮੈਂ ਵੀਹ ਸੌ ਇੱਕੀ ਬਿਕ੍ਰਮੀ ਪਹਿਲੋਂ ਦੱਸਕੇ ਲੇਖਾ ਢਾਈ ਸਤਰ, ਸਤਰਾਂ ਵਿਚੋਂ ਅਗਲੀ ਨੋਕ ਧਾਰ ਸਮਝਾਈਆ। ਧੁਰ ਦਾ ਸੰਦੇਸ਼ਾ ਦੇ ਕੇ ਪੱਤਰ, ਪਤਿਪਰਮੇਸ਼ਵਰ ਹੋ ਕੇ ਆਪ ਸਮਝਾਈਆ। ਨਿਰਗੁਣ ਨਿਰਵੈਰ ਕਰ ਕੇ ਆਪਣਾ ਯਤਨ, ਯਥਾ ਯੋਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਕਾਇਆ ਵੇਖ ਕੇ ਵਤਨ, ਵੱਤ ਆਪਣਾ ਫੇਰਾ ਪਾਈਆ। ਸੋਹਣਾ ਵੇਖ ਕਿਨਾਰਾ ਪਤਣ, ਘਾਟ ਕੰਢੀ ਬੈਠੇ ਡੇਰਾ ਲਾਈਆ। ਓਨ੍ਹਾਂ ਦੀ ਪੱਤ ਆਏ ਰੱਖਣ, ਜਿਨ੍ਹਾਂ ਪਿਛੇ ਬੱਚੇ ਭੇਟ ਚੜ੍ਹਾਈਆ। ਚਾਰ ਵਰਨ ਦਾ ਵਰੋਲ ਕੇ ਮੱਖਣ, ਭਗਤ ਭਗਵਾਨ ਲਏ ਪਰਗਟਾਈਆ। ਤੇਰੀ ਸੇਜ ਦਾ ਤੀਲਾ ਤਿਨਕਾ

ਉਹ ਸਾਂਭ ਕੇ ਰੱਖਣ, ਧੁਰ ਦੇ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਦ੍ਰਿੜਾਈਆ। ਗੋਬਿੰਦ ਅੰਦਰੋਂ ਖੋਲ੍ਹ ਕੇ ਅੱਖ, ਉਪਰ ਧਿਆਨ ਲਗਾਈਆ। ਸਮਰਥ ਵੇਖ ਪ੍ਰਤਖ, ਨੂਰ ਨੁਰਾਨਾ ਜੋਤ ਰੁਸ਼ਨਾਈਆ। ਸੁਤ ਦੁਲਾਰੇ ਕਿਹਾ ਝਟ, ਸਹਿਜ ਨਾਲ ਸਮਝਾਈਆ। ਅਬਿਨਾਸ਼ੀ ਕਰਤੇ ਸਚ ਸਿੰਘਾਸਣ ਆਪਣਾ ਦੱਸ, ਜਿਸ ਉਪਰ ਡੇਰਾ ਲਾਈਆ। ਸ੍ਰੀ ਭਗਵਾਨ ਕਿਹਾ ਹੱਸ, ਖ਼ੁਸ਼ੀਆਂ ਨਾਲ ਸਮਝਾਈਆ। ਜਿਥੇ ਮੇਰਾ ਗੋਬਿੰਦ ਰਿਹਾ ਵਸ, ਉਹ ਸਿੰਘਾਸਣ ਸਭ ਤੋਂ ਅੱਛਾ ਦੋ ਜਹਾਨਾਂ ਨਜ਼ਰੀ ਆਈਆ। ਗੋਬਿੰਦ ਕਿਹਾ ਮੈਂ ਨਾ ਮੰਨਾਂ ਸਚ, ਦੋਏ ਜੋੜ ਸੀਸ ਝੁਕਾਈਆ। ਅਬਿਨਾਸ਼ੀ ਕਰਤਾ ਦੂਰੋਂ ਆਇਆ ਨੱਠ, ਨੇੜੇ ਆ ਕੇ ਰਿਹਾ ਹਿਲਾਈਆ। ਗੋਬਿੰਦ ਓਸ ਵੇਲੇ ਕਿਹਾ ਆਪਣੇ ਨਾਲ ਹੱਥ, ਗੁਰਮੁਖਾਂ ਵਲ ਇਸ਼ਾਰਾ ਦਿਤਾ ਕਰਾਈਆ। ਜਿੰਨਾਂ ਚਿਰ ਏਨ੍ਹਾਂ ਦੀ ਪਤ ਲਈਂ ਨਾ ਰੱਖ, ਪਰਮੇਸ਼ਵਰ ਤੇਰੀ ਨਾ ਕੋਇ ਵਡਿਆਈਆ। ਸ੍ਰੀ ਭਗਵਾਨ ਓਸੇ ਵੇਲੇ ਕਿਹਾ ਝਟ, ਹੁਕਮੀ ਧੁਰ ਫ਼ਰਮਾਨ ਸੁਣਾਈਆ। ਕਲਜੁਗ ਅੰਤਮ ਤੇਰਾ ਦਵਾਰਾ ਖੋਲ੍ਹ ਕੇ ਹੱਟ, ਬਣ ਵਣਜਾਰਾ ਵੇਖ ਵਖਾਈਆ। ਤਿਨਕੇ ਤਿਨਕੇ ਦੇ ਕੇ ਵਟ, ਸੋਹਣਾ ਵਾਣ ਦਿਆਂ ਗੰਢਾਈਆ। ਚਾਰ ਜੁਗ ਦਾ ਖਾਤਾ ਆਪਣੀ ਝੋਲੀ ਘਤ, ਅਗਲਾ ਲੇਖਾ ਦਿਆਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਸ਼ਾਰੇ ਨਾਲ ਰਿਹਾ ਸਮਝਾਈਆ। ਗੋਬਿੰਦ ਕਹੇ ਪ੍ਰਭ ਪ੍ਰੇਮ ਵਿਛੌਣਾ, ਗੁਰਮੁਖ ਨਾੜੀ ਅੰਤੜੀਆਂ ਨਜ਼ਰੀ ਆਈਆ। ਉਸ ਦੇ ਉਤੇ ਜੇ ਭਾਵੇ ਸੌਣਾ, ਸੋਹਣੀ ਸੇਜ ਹੰਢਾਈਆ। ਏਹੋ ਜਿਹਾ ਪਿਰ ਮੇਰੇ ਗੁਰਮੁਖ ਰੌਣਾ, ਜੋ ਨਰ ਹਰਿ ਕੰਤ ਹੋ ਕੇ ਸੇਜੇ ਆਈਆ। ਦੂਸਰ ਸੰਗ ਨਾ ਅੰਗ ਲਗੌਣਾ, ਅੰਗੀਕਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਸ੍ਰੀ ਭਗਵਾਨ ਕਹੇ ਸੁਣ ਗੋਬਿੰਦ ਪੁੱਤਰ, ਬਿਨ ਪਤਰਿਆਂ ਤੇਰਾ ਹਿਸਾਬ ਲਿਖਾਈਆ। ਜਿਸ ਵੇਲੇ ਨਿਰਗੁਣ ਧਾਰੋਂ ਆਵਾਂ ਉਤਰ, ਉੱਤਰ ਪੂਰਬ ਪੱਛਮ ਦੱਖਣ ਵੇਖਣ ਸਮਝ ਕਿਸੇ ਨਾ ਆਈਆ। ਤੇਰੇ ਗੁਰਮੁਖਾਂ ਜਨ ਭਗਤਾਂ ਪਤ ਆਵਾਂ ਰੱਖਣ, ਰਾਖਾ ਹੋ ਕੇ ਸੇਵ ਕਮਾਈਆ। ਕੂੜੀ ਕਿਰਿਆ ਜੜ੍ਹ ਆਵਾਂ ਪੁੱਟਣ, ਚਾਰੋਂ ਕੁੰਟ ਵੇਖ ਵਖਾਈਆ। ਧੁਰ ਦਾ ਮਾਰਗ ਆਵਾਂ ਦੱਸਣ, ਚਾਰ ਜੁਗ ਚਾਰ ਵਰਨਾਂ ਕਰਾਂ ਪੜ੍ਹਾਈਆ। ਤੇਰੇ ਸੰਗ ਮਿਲ ਕੇ ਆਵਾਂ ਹੱਸਣ, ਹਸਤੀ ਤੇਰੇ ਵਿਚ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਲਏ ਲਗਾਈਆ। ਗੋਬਿੰਦ ਕਹੇ ਮੇਰਾ ਕੌਲ ਇਕਰਾਰ, ਬਿਨ ਅੱਖਰਾਂ ਸਤਰਾਂ ਲੇਖ ਲਿਖਾਈਆ। ਸਚ ਵੇਲੇ ਦਾ ਸਚ ਵਿਹਾਰ, ਬਿਵਹਾਰੀ ਦਏ ਸਮਝਾਈਆ। ਗੁਰਮੁਖਾਂ ਸੇਜ ਕਰੇਂ ਪਿਆਰ, ਸੋਹਣਾ ਵੇਸ ਵਟਾਈਆ। ਤੇਰਾ ਲੇਖਾ ਮੋਹੇ ਪਰਵਾਨ, ਪਰਵਾਨਗੀ ਤੇਰੇ ਹੱਥ ਫੜਾਈਆ। ਓਸ ਵੇਲੇ ਤੇਗ਼ ਬਹਾਦਰ ਦਾ ਸੇਵਾਦਾਰ ਹੋਵੇ ਮੇਰੇ ਨਾਲ, ਜਿਸ ਦਾ ਨਾਮ ਤੇਰੇ ਨਾਲ ਪਰਨਾਈਆ। ਕਿਉਂ ਪਟਨੇ ਕੀਤੀ ਮੇਰੀ ਓਸ ਸੰਭਾਲ, ਗੁਜਰੀ ਨਾਲ ਮਿਲ ਕੇ ਸੇਵ ਕਮਾਈਆ। ਦਿਵਸ ਰੈਣ ਰਾਖਾ ਬਣ ਕੇ ਫਿਰੇ ਨਾਲ ਨਾਲ, ਅੱਠੇ ਪਹਿਰ ਮਸਤਕ ਵੇਖ ਵੇਖ ਖ਼ੁਸ਼ੀ ਮਨਾਈਆ। ਲੋਕੀ ਸਾਰੇ ਕਹਿਣ ਓਨੂੰ ਕਮਲਾ ਕੰਗਾਲ, ਕਿਥੋਂ ਤੇਗਾ ਆਪਣੇ ਨਾਲ ਗਿਆ ਰਲਾਈਆ। ਇਕ ਵੇਰਾਂ ਮੈਂ ਮਿੱਟੀ ਵਿਚ ਡਿੱਗਾ ਮੇਰਾ ਉਸ ਨੇ ਮੁਖ ਪੂੰਝਿਆ ਨਾਲ ਰੁਮਾਲ, ਪ੍ਰੇਮ ਨਾਲ ਆਪਣੀ ਗੋਦ ਉਠਾਈਆ। ਮੈਂ ਹੌਲੀ ਜੇਹੀ ਕੀਤਾ ਇਕ ਸਵਾਲ, ਢਾਈ ਸਾਲ ਦੀ ਉਮਰ ਵਿਚ ਸਮਝਾਈਆ । ਜੇ ਕੋਈ ਤੈਥੋਂ ਖੋਹ ਕੇ ਮੈਨੂੰ ਲੈ ਜਾਏ ਸ਼ੈਤਾਨ, ਗੰਗਾ ਵਿਚ ਸੁਟਾਈਆ।

ਓਸ ਵੇਲੇ ਏਸ ਕਮਲੇ ਕਿਹਾ ਮੈਂ ਬੜਾ ਬਲਵਾਨ, ਮੇਰੇ ਵਰਗਾ ਸੂਰਮਾ ਨਜ਼ਰ ਕੋਇ ਨਾ ਆਈਆ। ਮੈਂ ਬੱਚੇ ਹੁੰਦਿਆਂ ਕੀਤੀ ਜ਼ਬਾਨ, ਹੌਲੀ ਜੇਹੀ ਸੁਣਾਈਆ। ਜਿਸ ਵੇਲੇ ਮੈਂ ਨਾਲ ਆਵਾਂ ਆਪਣੇ ਭਗਵਾਨ, ਭਾਗ ਤੇਰਾ ਵੰਡ ਵੰਡਾਈਆ। ਜੇ ਤੂੰ ਸੂਰਮਾ ਸ਼ਸਤਰਾਂ ਵਾਲਾ ਜਵਾਨ, ਸ਼ਸਤਰ ਮੇਰਾ ਤੇਰਾ ਇਕੋ ਨਜ਼ਰੀ ਆਈਆ। ਜੇ ਪਿਛੇ ਨਹੀਂ ਆਈ ਪਹਿਚਾਨ, ਹੁਣ ਅੱਗੇ ਦਿਤਾ ਸਮਝਾਈਆ। ਹੁਣ ਗੋਬਿੰਦ ਨਹੀਂ ਬਾਲ ਅੰਞਾਣ, ਬਾਲ ਅੰਞਾਣੇ ਗੋਦੀਆਂ ਵਿਚ ਟਿਕਾਈਆ। ਏਹ ਮੰਜੀ ਨਹੀਂ ਟੁਟਿਆ ਵਾਣ, ਗੁਰਮੁਖਾਂ ਸੇਜ ਸੁਹਾਈਆ। ਏਹ ਦੁਸ਼ਾਲਾ ਤੁਹਾਡੇ ਲਈ ਹੋਇਆ ਪਰਵਾਨ, ਜਿਸ ਦਾ ਪਰਵਾਨਾ ਆਸਾਮ ਵਾਲੇ ਰਾਜੇ ਦਿਤਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਗੋਦ ਉਠਾਈਆ। ਟੁੱਟੇ ਵਾਣ ਦੀ ਬੋਲੇ ਮੰਜੀ, ਮਜਲਸ ਵਿਚ ਸੁਣਾਈਆ । ਜਨ ਭਗਤੋ ਮੈਂ ਸਭ ਤੋਂ ਚੰਗੀ, ਚੰਗਿਆਂ ਖ਼ਾਕ ਮਿਲਾਈਆ। ਤੁਹਾਡੀ ਜਨਮ ਮਰਨ ਦੀ ਕੱਟੀ ਗਈ ਤੰਗੀ, ਭੀੜੀ ਗਲੀ ਨਾ ਕੋਇ ਫਿਰਾਈਆ । ਕੁੱਖ ਫੇਰ ਨਹੀਂ ਵੇਖਣੀ ਕੋਈ ਗੰਦੀ, ਧੰਨ ਜਣੇਂਦੀ ਹੋਵੇ ਮਾਈਆ। ਸੁਰਤੀ ਫੇਰ ਨਾ ਹੋਵੇ ਰੰਡੀ, ਹਰਿ ਕੰਤ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਜੀ ਟੁੱਟੀ ਦਏ ਸਮਝਾਈਆ। ਮੰਜੀ ਟੁੱਟੇ ਤੇਰਾ ਸੋਹਣਾ ਆਸਣ, ਅਸਲਾਂ ਵਿਚ ਅਸਲੀ ਨਜ਼ਰੀ ਆਈਆ । ਜਿਸ ਉਤੇ ਬੈਠ ਪੁਰਖ ਅਬਿਨਾਸ਼ਨ, ਆਪਣੀ ਸ਼ਰਅ ਰਿਹਾ ਸਮਝਾਈਆ। ਲੇਖੇ ਮੇਟ ਕੇ ਜ਼ਾਤ ਪਾਤਨ, ਊਚਾਂ ਨੀਚਾਂ ਜੋੜ ਜੁੜਾਈਆ। ਪੱਤਣ ਚਾੜ੍ਹ ਕੇ ਅਪਣੇ ਘਾਟਣ, ਨਈਆ ਨੌਕਾ ਨਾਮ ਬਿਠਾਈਆ। ਧੁਰ ਦਾ ਬਣ ਕੇ ਸੰਗੀ ਸਾਥਨ, ਸਗਲਾ ਸੰਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਵੇਖ ਵਖਾਈਆ। ਮੰਜੀ ਕਹੇ ਮੇਰੇ ਧੰਨ ਭਾਗ, ਭਾਗਾਂ ਭਰੀ ਨਜ਼ਰੀ ਆਈਆ। ਮੇਰਾ ਲਹਿਣਾ ਮੁੱਕਿਆ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਜਿਸ ਦੇ ਸੀਸ ਸੋਹਵਣਾ ਤਾਜ, ਸੋ ਤਖ਼ਤ ਨਿਵਾਸੀ ਮੇਰੇ ਉਪਰ ਚਰਨ ਟਿਕਾਈਆ। ਧੰਨ ਵਡਿਅਈ ਓਨ੍ਹਾਂ ਸਿੱਖਾਂ ਸ਼ਾਬਾਸ, ਜਿਨ੍ਹਾਂ ਸ਼ਬਦੀ ਸੇਜ ਸੁਹਾਈਆ। ਜਿਸ ਉਤੇ ਦੋਵੇਂ ਮਿਲ ਕੇ ਕਰਨ ਨਿਵਾਸ, ਅਸਥਾਨ ਭੂਮਿਕਾ ਸੋਭਾ ਪਾਈਆ । ਇਹ ਟੁੱਟਿਆਂ ਨੂੰ ਗੰਢਣ ਵਾਲੀ ਮੰਜੀ ਖ਼ਾਸ, ਖ਼ਾਲਸ ਆਪਣੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮੰਜੀ ਕਹੇ ਮੈਂ ਹੋ ਮਜਾਜੀ, ਮੌਜੂਦਾ ਦਿਆਂ ਸੁਣਾਈਆ। ਜਿਸ ਵੇਲੇ ਮੇਰੀ ਨਿੱਕੀ ਜੇਹੀ ਉਤੇ ਨਿੱਕਾ ਜੇਹਾ ਗੋਬਿੰਦ ਰੱਖਿਆ ਗੁਜਰੀ ਦਾਦੀ, ਦਾਅ ਆਪਣਾ ਓਸ ਵੇਲੇ ਲਿਆ ਲਗਾਈਆ। ਮੈਂ ਛਾਤੀ ਚੁੱਕ ਕੇ ਹੌਲੀ ਜੇਹੀ ਆਵਾਜ਼ ਇਕ ਆਖੀ, ਹਵਾ ਵਿਚ ਸੁਣਾਈਆ। ਗੋਬਿੰਦ ਕਿਹਾ ਫੇਰ ਚੜ੍ਹਾਂ ਤੇਰੇ ਉਤੇ ਨਾਲ ਲੈ ਕੇ ਆਪਣੇ ਸਾਥੀ, ਸੱਥਰ ਵਾਲਾ ਲੇਖਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਮੰਜੀ ਕਹੇ ਸੁਣੋ ਸਭ ਸੱਜਣ, ਸੱਜਰਾ ਹਾਲ ਸੁਣਾਈਆ। ਮੈਂ ਘਰ ਘਰ ਗਈ ਸੱਦਣ, ਸੱਦੇ ਦੇ ਕੇ ਆਈ ਜਣਾਈਆ। ਜਿਨ੍ਹਾਂ ਦਾ ਵਿਛੋੜਾ ਹੋਇਆ ਸਰਸੇ ਪਤਣ, ਵਹਿੰਦੀ ਧਾਰ ਵਹਾਈਆ। ਤਿਨ੍ਹਾਂ ਦੀ ਪਤ ਆਇਆ ਰੱਖਣ, ਪਤਤ ਪਾਪੀ ਪਾਰ ਕਰਾਈਆ। ਧੁਰ ਦੀ ਗੋਦੀ ਆਇਆ ਚੁੱਕਣ, ਚਕਨਾ ਚੂਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ। ਮੰਜੀ ਕਹੇ ਸਾਰੇ ਵੱਡੇ ਛੋਟੇ, ਗ਼ਰੀਬ ਨਿਮਾਣਿਆਂ ਰੰਗ ਰੰਗਾਈਆ। ਪਾਰ ਉਤਾਰੇ ਮਾਪਿਆਂ ਨਾਲ ਪੁੱਤ ਪੋਤੇ, ਪੁਤਲੇ ਕਾਇਆ ਤਤ ਦਿਤੇ ਤਰਾਈਆ।

ਸ਼ੌਹ ਦਰਿਆਏ ਕੋਈ ਨਾ ਖਾਵੇ ਗੋਤੇ, ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਅਗਲਾ ਫ਼ਿਕਰ ਕੋਈ ਨਾ ਸੋਚੇ, ਸਾਰੇ ਅੰਤਮ ਆਪਣੇ ਵਿਚ ਰਲਾਈਆ। ਬਾਹਰ ਕੱਢ ਕੁੜਾਵੇ ਖੋਟੇ, ਗੁਰਮੁਖ ਆਪਣੇ ਅੰਗ ਲਗਾਈਆ। ਵਿਛੜਨ ਜਨਮ ਦੇ ਮਿਟ ਗਏ ਰੋਸੇ, ਰਸਤੇ ਆਪੇ ਲਾਈਆ। ਪ੍ਰਭ ਮਿਲਣ ਦੇ ਜਿਨ੍ਹਾਂ ਨੂੰ ਮਿਲ ਗਏ ਮੌਕੇ, ਮੁਕੰਮਲ ਆਪਣਾ ਆਪ ਗਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਮੰਜੀ ਮੰਜ਼ਲਾਂ ਉਤੇ ਚੜ੍ਹਾਈਆ। ਟੁੱਟੀ ਮੰਜੀ ਕਹੇ ਮੇਰੀ ਮੰਜ਼ਲ ਮੁੱਕੀ, ਦੋ ਜਹਾਨ ਪੰਧ ਮੁਕਾਈਆ। ਮੈਂ ਅੱਗੇ ਵੇਖਾਂ ਹਰਿ ਸੰਗਤ ਸੁਖੀ, ਸੁਖ ਸਾਗਰ ਰੂਪ ਵਟਾਈਆ। ਉਜਲ ਮਾਤ ਹੋਵੇ ਮੁਖੀ, ਮੁਖ ਸਿਫ਼ਤਾਂ ਨਾਲ ਸਾਲਾਹੀਆ । ਪੰਦਰਾਂ ਕੱਤਕ ਚਰਨ ਕਵਲ ਦੀ ਸਭ ਨੂੰ ਦੇ ਕੇ ਰੁਚੀ, ਰੁਚੀ ਆਤਮ ਪਰਮਾਤਮ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣੇ ਦੀ ਪੁੱਛਣ ਪੁੱਛੀ, ਜਿਸ ਦੀ ਸਮਝ ਸਮਝੌਣ ਕੋਇ ਨਾ ਆਈਆ। ਗੁਰਮੁਖ ਮੰਜੀ ਤੇਰੀ ਸਚ ਨਿਸ਼ਾਨੀ, ਨਸ਼ੇ ਧੁਰ ਦੇ ਰਹੀ ਚੜ੍ਹਾਈਆ। ਏਹੋ ਜੇਹੀ ਅਜੇ ਤਕ ਲੱਭੀ ਕਦੇ ਨਾ ਗਾਨੀ, ਮਣਕਿਆਂ ਵਾਲੀ ਕੰਮ ਕਿਸੇ ਨਾ ਆਈਆ। ਇਸ ਦੇ ਤੀਲਿਆਂ ਤਿਨਕਿਆਂ ਵਿਚ ਉਹ ਬਾਣੀ, ਜੋ ਬਾਣ ਨਿਰਾਲੇ ਰਹੀ ਚਲਾਈਆ। ਇਹ ਗੋਬਿੰਦ ਦੀ ਪਿਛਲੀ ਕਹਾਣੀ, ਕਹਾਵਤ ਅਗਲੀ ਰਹੀ ਸਮਝਾਈਆ। ਸਚਖੰਡ ਨਿਵਾਸੀ ਲੈ ਕੇ ਜਾਵੇ ਓਸ ਮਕਾਨੀ, ਮੁਕਾਮੇ ਹਕ ਜਿਸ ਦੀ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦੇਵੇ ਵਡਿਆਈਆ। ਗਾਨੀ ਕਹੇ ਮੈਂ ਪਈ ਗਲ, ਗਲਵਕੜੀ ਆਪਣੀ ਪਾਈਆ। ਭਗਤੋ ਤੁਹਾਡੇ ਨਾਲ ਨਾ ਕਰੇ ਛਲ, ਮੈਂ ਵਟ ਦਿਤਾ ਚੜ੍ਹਾਈਆ। ਜੋ ਵਿਛੋੜਾ ਦੇਵੇ ਪਲ, ਹਲੂਣੇ ਨਾਲ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਸ੍ਰੀ ਭਗਵਾਨ ਕਹੇ ਇਹ ਗਾਨੀ ਅੱਛੀ, ਅੱਛੀ ਤਰਾ ਸਮਝਾਈਆ। ਵੇਲਾ ਮਤਸ ਯਾਦ ਜਿਸ ਵੇਲੇ ਰੂਪ ਧਾਰਿਆ ਮੱਛੀ, ਸਮੁੰਦ ਸਾਗਰ ਡੇਰਾ ਲਾਈਆ। ੳਸ ਵੇਲੇ ਪ੍ਰੇਮ ਪਿਆਰ ਦੀ ਪਾ ਕੇ ਰੱਸੀ, ਤੰਦ ਆਪਣੇ ਨਾਲ ਖਿਚਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਪਿਛਲਾ ਲੇਖਾ ਰਿਹਾ ਸਮਝਾਈਆ। ਰੱਸੀ ਕਹੇ ਮੈਂ ਦੱਸਾਂ ਰਸਤਾ, ਮਾਰਗ ਇਕ ਜਣਾਈਆ। ਜਨ ਭਗਤੋ ਪ੍ਰਭ ਨੂੰ ਮਿਲਣ ਵਾਸਤੇ ਬੰਨ੍ਹਣਾ ਪਏ ਕੋਈ ਨਾ ਬਸਤਾ, ਪੋਥੀ ਕੰਮ ਕਿਸੇ ਨਾ ਆਈਆ। ਇਕੋ ਮਾਰਗ ਸਭ ਤੋਂ ਸਸਤਾ, ਨਿਉਂ ਨਿਉਂ ਲਾਗੋ ਪਾਈਆ। ਤੁਹਾਡੇ ਨਾਲ ਗੰਢ ਪਾ ਜਾਏ ਪੁਖ਼ਤਾ, ਜਿਸ ਨਾਲ ਯਸੂ ਫਾਂਸੀ ਦਿਤਾ ਲਟਕਾਈਆ। ਵਿਚ ਰਹਿਣ ਨਾ ਦੇਵੇ ਕੋਈ ਨੁਕਤਾ, ਮੁਕਤੇ ਸਾਰੇ ਦਏ ਵਡਿਆਈਆ। ਇਹ ਵੇਲਾ ਨਹੀਂ ਕੋਈ ਪੁਛ ਦਾ, ਪੁਛਣ ਦੀ ਸਮਝ ਕੋਇ ਨਾ ਪਾਈਆ। ਜੋ ਪ੍ਰੇਮ ਕਰਕੇ ਇਕ ਵਾਰ ਝੁਕਦਾ, ਤਿਸ ਨੂੰ ਕੋਟਨ ਕੋਟਨ ਵਾਰ ਆਪਣੀ ਗੋਦ ਬਹਾਈਆ। ਏਸ ਮੰਜੀ ਪਿਛੇ ਸਭ ਦਾ ਲੇਖਾ ਮੁੱਕਦਾ, ਜਿਸ ਦੀ ਡੋਰੀ ਗਲ ਵਿਚ ਸੋਭਾ ਪਾਈਆ। ਨਾਤਾ ਜੁੜ ਗਿਆ ਪਿਓ ਪੁੱਤ ਦਾ, ਅੱਗੇ ਹੋਏ ਨਾ ਕੋਇ ਜੁਦਾਈਆ। ਜੇ ਕੋਈ ਜਗਤ ਵਿਹਾਰ ਕਰਕੇ ਰੁਸਦਾ, ਅੰਤਮ ਓਹਨੂੰ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਲਹਿਣੇ ਰਿਹਾ ਚੁਕਾਈਆ। ਰੱਸੀ ਕਹੇ ਮੈਂ ਦੱਸਾਂ ਰਸਮ, ਹਰਿ ਸੰਗਤ ਸਚ ਸਮਝਾਈਆ। ਤੁਹਾਡੇ ਨਾਲ ਪੈ ਗਈ ਏਸ ਦੀ ਕਸਮ, ਜਿਸ ਦੀ ਕਿਸਮਤ ਸਮਝ ਕਿਸੇ ਨਾ ਆਈਆ । ਸਚ ਪੁੱਛੋ ਤੁਹਾਡੇ ਪਿਛੇ ਬੱਚਿਆਂ ਦੀ ਲਿਆਕੇ ਭਸਮ, ਭਾਓ ਕੀਮਤ

ਆਪਣੀ ਆਪੇ ਪਾਈਆ। ਜਿਸ ਘਰ ਗੁਰ ਅਵਤਾਰ ਪੀਰ ਪੈਗ਼ੰਬਰ ਕਬੀਰ ਜੁਲਾਹੇ ਜਹੇ ਵਸਣ, ਉਨ੍ਹਾਂ ਤੋਂ ਅੱਗੇ ਤੁਹਾਨੂੰ ਲਏ ਬਹਾਈਆ। ਤੁਹਾਡੇ ਕੋਲੋਂ ਜੁਦਾ ਹੋ ਕੇ ਆਇਆ ਨਹੀਂ ਪ੍ਰਭੂ ਨੱਠਣ, ਭੱਜੇ ਜਾਂਦਿਆਂ ਆਪਣੇ ਨਾਲ ਮਿਲਾਈਆ। ਇਹ ਰਾਵੀ ਨਹੀਂ ਰਹਿਬਰ ਦਾ ਪੱਤਣ, ਪਤਿਪਰਮੇਸ਼ਵਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਗਾਨੀ ਗਲ ਲਟਕਾਈਆ। ਗਾਨੀ ਕਹੇ ਮੈਨੂੰ ਆਇਆ ਚੇਤਾ, ਪਿਛਲੀ ਕਹਾਣੀ ਦਿਆਂ ਜਣਾਈਆ। ਜਿਸ ਵੇਲੇ ਬ੍ਰਾਹਮਣ ਖਾਣ ਆਇਆ ਨੇਂਦਾ, ਆਪਣਾ ਫੇਰਾ ਪਾਈਆ। ਉਹ ਚਾਰੋਂ ਤਰਫ਼ ਵੇਂਹਦਾ, ਗੋਬਿੰਦ ਅੱਖ ਉਠਾਈਆ। ਮੌਲੀ ਤੰਦ ਕਰਕੇ ਭੇਟਾ, ਗਲ ਗਾਨੀ ਇਕ ਲਟਕਾਈਆ। ਗੋਬਿੰਦ ਤੋੜ ਕੇ ਕਿਹਾ ਮੇਰੀ ਅਵੱਲੜੀ ਖੇਡਾ, ਅਗਲੀ ਸਮਝ ਦਿਆਂ ਸਮਝਾਈਆ। ਮੈਨੂੰ ਸਭ ਤੋਂ ਚੰਗੀ ਲੱਗਣੀ ਸੂਲਾਂ ਕਾਹੀ ਵਾਲੀ ਸੇਜਾ, ਸੱਜਣਾ ਤੈਨੂੰ ਦਿਆਂ ਜਣਾਈਆ। ਜਿਸ ਨੇ ਮੈਨੂੰ ਪਿਛੋਂ ਭੇਜਾ, ਉਸ ਦੀ ਭਾਜੀ ਦਿਆਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਮੌਲੀ ਤੰਦ ਜਿਸ ਵੇਲੇ ਤੋੜੀ, ਟੁੱਟੀ ਦਏ ਦੁਹਾਈਆ। ਗੋਬਿੰਦ ਮੇਰੀ ਬੌਹੜੀ ਬੌਹੜੀ, ਹੌਕੇ ਦੇ ਰਹੀ ਸੁਣਾਈਆ। ਮੈਂ ਚੜ੍ਹਕੇ ਤੇਰੀ ਪੌੜੀ, ਫਿਰ ਖ਼ਾਕੀ ਖ਼ਾਕ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣੇ ਦੇਣੇ ਸਭ ਦੇ ਵੇਖ ਵਖਾਈਆ। ਗੋਬਿੰਦ ਕਿਹਾ ਸੁਣ ਰੀ ਮੌਲੀ, ਸਖ਼ੀਏ ਤੈਨੂੰ ਦਿਆਂ ਜਣਾਈਆ। ਮੇਰੇ ਸਾਹਿਬ ਦਾ ਖੇਲ ਹੌਲੀ ਹੌਲੀ, ਜੋ ਹਰਿ ਹਰਿ ਆਪਣਾ ਨਾਮ ਪਰਗਟਾਈਆ। ਮੈਂ ਫੇਰ ਆਵਾਂ ਉਪਰ ਧੌਲੀ, ਧਰਨੀ ਧਰਤ ਵੇਖ ਵਖਾਈਆ । ਮੈਨੂੰ ਵਸਤ ਇਕੋ ਭਉਣੀ, ਜੋ ਸਭ ਤੋਂ ਚੰਗੀ ਚੰਗੀ ਤਰਾ ਸਮਝਾਈਆ। ਮੇਰੀ ਸੇਜ ਗੁਰਮੁਖਾਂ ਕਾਨੇ ਕਾਹੀ ਬਣੌਣੀ, ਆਪਣੀ ਵੰਡ ਵੰਡਾਈਆ। ਫੇਰ ਮੇਰੇ ਪਿਆਰ ਅੰਦਰ ਸੋਹਣੀ ਮੰਜੀ ਇਕ ਡਾਹੁਣੀ, ਚਾਰ ਪਾਵੇ ਨਾਲ ਜੁੜਾਈਆ। ਉਸ ਦੇ ਵਿਚੋਂ ਮੈਂ ਪ੍ਰੇਮ ਪਿਆਰ ਦੀ ਰੱਸੀ ਇਕ ਖਿਸਕੌਣੀ, ਜਿਸ ਨੂੰ ਆਪਣੇ ਗਲ ਲਟਕਾਈਆ। ਓਸ ਵੇਲੇ ਤੇਰੀ ਪੂਰੀ ਕਰਾਂ ਭਾਉਣੀ, ਭਾਣਾ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਮੌਲੀ ਕਹੇ ਮੈਂ ਰੱਸੀ ਬਣ ਕੇ, ਰਾਹ ਤੱਕਾਂ ਤੇਰਾ ਮਾਹੀਆ। ਕਿਸ ਮਾਰਗ ਆਵੇਂ ਚਲ ਕੇ, ਆਪਣਾ ਪੰਧ ਮੁਕਾਈਆ। ਮੈਂ ਰਸਤਾ ਬਹਿਵਾਂ ਮੱਲ ਕੇ, ਨੇਤਰ ਅੱਖ ਖੁਲ੍ਹਾਈਆ। ਗੋਬਿੰਦ ਕਿਹਾ ਹੱਸ ਕੇ, ਖ਼ੁਸ਼ੀਆਂ ਨਾਲ ਜਣਾਈਆ। ਮੈਂ ਨਿਰਗੁਣ ਨਾਲ ਆਵਾਂ ਨੱਸ ਕੇ, ਸ਼ਬਦੀ ਰੂਪ ਵਟਾਈਆ। ਤੈਨੂੰ ਸਚ ਜਾਵਾਂ ਦੱਸ ਕੇ, ਧੁਰ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮਾਲਕ ਇਕੋ ਬੇਪਰਵਾਹੀਆ। ਮੌਲੀ ਕਹੇ ਦੱਸ ਸਬੂਤ, ਸਚ ਦੇ ਜਣਾਈਆ। ਕੀ ਪੰਜ ਤਤ ਮਾਣ ਦੇਵੇਂ ਕਲਬੂਤ, ਕਾਇਆ ਗੜ੍ਹ ਸੁਹਾਈਆ। ਕਵਣ ਦਵਾਰੇ ਹੋਏਂ ਮੌਜੂਦ, ਹਾਜ਼ਰ ਹੋ ਕੇ ਹਾਜ਼ਰੀ ਲਏਂ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੇ ਲੇਖੇ ਰਿਹਾ ਜਣਾਈਆ। ਗੋਬਿੰਦ ਕਿਹਾ ਆ ਜਾ ਨੇੜੇ, ਸਚ ਦਿਆਂ ਸਮਝਾਈਆ । ਅੰਤਮ ਆਵਾਂ ਗੁਰਮੁਖਾਂ ਦੇ ਖੇੜੇ, ਖਹਿੜਾ ਸਭ ਤੋਂ ਲਵਾਂ ਛੁਡਾਈਆ। ਪੰਜ ਤਤ ਦੇ ਛੱਡ ਕੇ ਝੇੜੇ, ਸ਼ਬਦੀ ਆਪਣਾ ਨਾਉਂ ਰਖਾਈਆ। ਭਗਤਾਂ ਉਤੇ ਕਰਕੇ ਮਿਹਰੇ, ਮੁਹੱਬਤ ਆਪਣੇ ਨਾਲ ਪਾਈਆ। ਉਹ ਦੂਰ ਦੁਰਾਡੇ ਇਕੱਠੇ ਹੋਣ ਨੇੜੇ, ਘਰ ਇਕੋ ਇਕ ਸੁਹਾਈਆ। ਕਰਕੇ ਵੱਡੇ ਜੇਰੇ, ਟੁੱਟੀ ਮੰਜੀ ਦੇਣ ਵਿਛਾਈਆ। ਸਭ ਦੇ ਅੰਤਰ ਹੋਵਣ ਚਾਓ

ਘਨੇਰੇ, ਖ਼ੁਸ਼ੀ ਗ਼ਮੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਇਕ ਹੋ ਆਈਆ। ਮੌਲੀ ਕਹੇ ਦੱਸ ਮਿਲਾਪ, ਵੇਲਾ ਵਕਤ ਸੁਹਾਈਆ। ਗੋਬਿੰਦ ਕਿਹਾ ਮੇਰਾ ਭਗਤਾਂ ਨਾਲ ਸਾਕ, ਗੁਰਮੁਖਾਂ ਜੋੜ ਜੁੜਾਈਆ। ਬੀਸ ਇਕੀਸਾ ਹੋ ਕੇ ਸਾਖਿਆਤ, ਪੁਰਖ ਅਕਾਲ ਨੂਰ ਕਰੇ ਰੁਸ਼ਨਾਈਆ। ਗੁਰਮੁਖਾਂ ਦੀ ਬੈਠ ਕੇ ਉਤੇ ਖਾਟ, ਖਟਕੇ ਸਾਰੇ ਦਿਆਂ ਗਵਾਈਆ। ਤਾਣੇ ਪੇਟੇ ਵਿਚੋਂ ਮਾਰ ਕੇ ਝਰਾਟ, ਡੋਰੀ ਤੰਦ ਇਕ ਖਿਚਾਈਆ। ਵੀਹ ਸੌ ਇੱਕੀ ਪੰਦਰਾਂ ਕੱਤਕ ਦੀ ਸੁਹੰਜਣੀ ਕਰਕੇ ਰਾਤ, ਰੁਤਬਾ ਤੇਰਾ ਦਿਆਂ ਵਧਾਈਆ। ਆਪਣੇ ਗਲ ਵਿਚ ਪਾ ਕੇ ਸਾਖਿਆਤ, ਗੁਰਸਿਖਾਂ ਦਿਆਂ ਵਖਾਈਆ। ਪੂਰਬ ਲਹਿਣਾ ਦੇਣ ਦੀ ਏਸ ਨੂੰ ਜਾਚ, ਅਭੁਲ ਭੁਲ ਵਿਚ ਨਾ ਆਈਆ। ਸਭ ਦੀ ਸੁਣ ਆਪ ਫ਼ਰਿਆਦ, ਫ਼ਰਦ ਪਿਛਲੀ ਫੋਲ ਫੁਲਾਈਆ। ਚਰਨ ਪ੍ਰੀਤੀ ਜੋੜ ਕੇ ਆਜ, ਆਜਜ਼ ਲਏ ਤਰਾਈਆ। ਭਗਤ ਭਗਵਾਨ ਦਾ ਇਕ ਸਮਾਜ, ਸਭਨਾਂ ਦਿਤਾ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਣਕੇ ਮਾਲੇ ਸਾਰੇ ਦਿਤੇ ਤਿਆਗ, ਵੈਰਾਗ ਆਪਣਾ ਇਕ ਉਪਜਾਈਆ। ਮਾਲਾ ਕਹੇ ਪ੍ਰਭ ਕੀ ਵੈਰਾਗ, ਕਿਸ ਬਿਧ ਦਏਂ ਪਰਗਟਾਈਆ। ਅਬਿਨਾਸ਼ੀ ਕਰਤਾ ਕਹੇ ਅੰਦਰ ਵੜ ਕੇ ਮਾਰ ਆਵਾਜ਼, ਸੁਰਤੀ ਸੋਈ ਲਵਾਂ ਜਗਾਈਆ। ਆਪਣੇ ਸੀਸ ਤੋਂ ਲਾਹ ਕੇ ਤਾਜ, ਗ਼ਰੀਬ ਨਿਮਾਣਿਆਂ ਵਿਚ ਬਹਿ ਕੇ ਖ਼ੁਸ਼ੀ ਮਨਾਈਆ। ਵਸਤ ਅਮੋਲਕ ਨਾਮ ਭੰਡਾਰਾ ਦੇ ਕੇ ਦਾਤ, ਦਾਨੀ ਹੋ ਕੇ ਹੋਵਾਂ ਸਹਾਈਆ। ਜਨਮ ਕਰਮ ਦੀ ਪੂਰਬ ਪੂਰੀ ਕਰਕੇ ਖ਼ਾਹਿਸ਼, ਖ਼ਾਲਸ ਆਪਣੇ ਨਾਲ ਮਿਲਾਈਆ। ਰੱਸੀ ਪਿਛੇ ਤੁਹਾਡੀ ਕੱਟ ਕੇ ਜਮ ਕੀ ਫਾਸ, ਫ਼ੈਸਲੇ ਧੁਰ ਕੇ ਦਏ ਮੁਕਾਈਆ। ਓਥੇ ਲੈ ਕੇ ਜਾਏ ਜਿਥੇ ਵਸੇ ਪਾਸ, ਵਿਛੋੜਾ ਵਿਛੜਿਆਂ ਕੋਲੋਂ ਆਪਣੀ ਝੋਲੀ ਪਾਈਆ। ਮਿਹਰਵਾਨ ਹੋ ਕੇ ਦਾਸੀ ਦਾਸ, ਦਸਤ ਬਦਸਤ ਸੇਵ ਕਮਾਈਆ। ਚਰਨ ਕਵਲਾਂ ਰੱਖੇ ਸਾਥ, ਕਰਮ ਕਾਂਡ ਲੇਖਾ ਦਏ ਮੁਕਾਈਆ। ਮੰਜੀ ਦਾ ਮਾਲਕ ਸਦਾ ਵਸੇ ਸਾਥ, ਸੋਹਣਾ ਸੰਗ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੀ ਰੱਖੀ ਯਾਦ, ਯਾਦ ਪਿਛੇ ਫਿਰੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਆਇਆ ਮਾਤ, ਮੁਤਾਲਿਆ ਸਭ ਦਾ ਕਰੇ ਥਾਉਂ ਥਾਈਂਆ।