੧੭ ਕੱਤਕ ੨੦੨੧ ਬਿਕ੍ਰਮੀ ਦਲੀਪ ਸਿੰਘ ਦੇ ਘਰ ਪਿੰਡ ਬਾਬੂ ਪੁਰਾ
ਪੂਰਬ ਤੁਟਾ ਪਿਛਲਾ ਮਾਣ, ਅਠਸਠ ਸੀਸ ਨਿਵਾਈਆ। ਤਟ ਕਿਨਾਰਾ ਨਾ ਅਭਿਮਾਨ, ਨੱਠ ਨੱਠ ਬੈਠੇ ਮੁਖ ਛੁਪਾਈਆ। ਪੰਡਤਾਂ ਵਾਲਾ
ਨਾ ਕੋਇ ਗਿਆਨ, ਵਿਦਿਆ ਜਗਤ ਨਾ ਕੋਇ ਪੜ੍ਹਾਈਆ। ਮੈਂਡਕ ਵਾਲਾ ਨਾ ਕੋਇ ਇਸ਼ਨਾਨ, ਮੀਨ ਜਲ ਨਾ ਤਾਰੀਆਂ ਲਾਈਆ। ਤੇਰਾ ਖੇਲ ਵੇਖ ਭਗਵਾਨ, ਸ੍ਰੀ ਸ੍ਰੀ ਸਾਰੇ ਰਹੇ ਸੁਣਾਈਆ। ਸਾਹਿਬ ਵੱਡੇ ਬਲਵਾਨ, ਬਲਧਾਰੀ ਤੇਰੀ ਚਤੁਰਾਈਆ। ਸਾਰੇ ਬਣੇ ਰਹੇ ਨਾਦਾਨ, ਬਾਲੀ ਬੁੱਧ ਰਖਾਈਆ। ਤੇਰਾ ਭੇਵ ਨਾ ਆਇਆ ਵਿਚ ਜਹਾਨ, ਜ਼ਾਹਰਾ ਕਲ ਨਾ ਕੋਇ ਪਰਗਟਾਈਆ। ਲੇਖਾ ਲਿਖ ਲਿਖ ਦੇਂਦੇ ਗਏ ਬਿਆਨ, ਰਾਗਾਂ ਨਾਦਾਂ ਸਿਫ਼ਤ ਸਾਲਾਹੀਆ। ਇਸ਼ਾਰਿਆਂ ਨਾਲ ਦੱਸਦੇ ਗਏ ਨਿਸ਼ਾਨ, ਨਿਸ਼ਾਨਾ ਸਚ ਨਾ ਕੋਇ ਚਲਾਈਆ। ਅੰਮ੍ਰਿਤ ਬੂੰਦ ਸਵਾਂਤੀ ਕਰੌਂਦੇ ਗਏ ਪਾਨ, ਧੁਰ ਦੀ ਧਾਰ ਨਾ ਕੋਇ ਵਹਾਈਆ। ਤੱਟਾਂ ਉਤੇ ਰਾਸ ਪੌਂਦੇ ਗਏ ਕਾਹਨ, ਜਮਨਾ ਵਿਚ ਸੀਸ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਾਰੇ ਕਹਿਣ ਰਹੇ ਭੁਲਦੇ, ਅਭੁਲ ਤੇਰੀ ਸਰਨਾਈਆ। ਅੰਤਮ ਤੋਲ ਕਿਸੇ ਨਾ ਤੁਲਦੇ, ਅਤੁਲ ਤੇਰੀ ਵਡਿਆਈਆ। ਬਿਨ ਤੇਰੀ ਕਿਰਪਾ ਰਹੇ ਨਾ ਕਿਸੇ ਮੁੱਲ ਦੇ, ਕੀਮਤ ਸਕੇ ਨਾ ਕੋਇ ਚੁਕਾਈਆ। ਰਸ ਕੁੜਾਵੇ ਹੋਏ ਮਿੱਠੇ ਬੁੱਲ ਦੇ, ਰਸਨਾ ਸੀਰ ਨਾ ਕੋਇ ਚਖਾਈਆ। ਜੁਗ ਚੌਕੜੀ ਬੂਟੇ ਵੇਖੇ ਹੁਲਦੇ, ਸਿਮਲ ਰੁੱਖ ਮਾਤ ਲਹਿਰਾਈਆ। ਕੋਟਾਂ ਵਿਚੋਂ ਗੁਰਮੁਖ ਤੇਰੀ ਚਰਨ ਪ੍ਰੀਤੀ ਵੇਖੇ ਘੁਲਦੇ, ਬਹੁਤਿਆਂ ਵਿਚੋਂ ਥੋੜੇ ਨਜ਼ਰੀ ਆਈਆ। ਏਥੇ ਉਥੇ ਦੋ ਜਹਾਨ ਗੁਲਸ਼ਨ ਤੇਰੇ ਵਿਚੋਂ ਫੁਲਦੇ, ਪੱਤ ਡਾਲ੍ਹੀ ਆਪ ਮਹਿਕਾਈਆ। ਜਿਸ ਵੇਲੇ ਸਚ ਦਵਾਰੇ ਵੇਖੇ ਖੁਲ੍ਹਦੇ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਅਠਸਠ ਕਹਿਣ ਪਏ ਵਿਚ ਭਵਰ, ਘੁੰਮਣ ਘੇਰ ਨਜ਼ਰ ਕੋਇ ਨਾ ਆਈਆ। ਲੋਕਮਾਤ ਵੇਖਿਆ ਕਬਰ, ਮਕਬਰਾ ਦਿਤਾ ਸਮਝਾਈਆ। ਬਿਨ ਤੇਰੀ ਕਿਰਪਾ ਕਿਤੇ ਨਾ ਆਇਆ ਸਬਰ, ਸਾਹਿਬ ਮਿਲਿਆ ਨਾ ਬੇਪਰਵਾਹੀਆ। ਕੋਟਨ ਕੋਟ ਸ਼ਾਹ ਸੁਲਤਾਨ ਸਾਡੇ ਵਿਚ ਸੁਟਾਕੇ ਟੱਬਰ, ਹੱਡੀਆਂ ਅਸਤੀਆਂ ਰੂਪ ਵਟਾਈਆ। ਅਸੀਂ ਵੇਖਿਆ ਕਿਸੇ ਦੀ ਰੇਖ ਸਕੇ ਨਾ ਕੋਈ ਬਦਲ, ਬਦਲਾ ਅੱਗੇ ਨਾ ਕੋਈ ਚੁਕਾਈਆ। ਬਿਨ ਤੇਰੇ ਕਰੇ ਕੋਇ ਨਾ ਅਦਲ, ਇਨਸਾਫ਼ ਹੱਥ ਨਾ ਕੋਇ ਰਖਾਈਆ। ਜਾਂ ਚੜ੍ਹਕੇ ਵੇਖਿਆ ਗਗਨ, ਗਹਿਰ ਗੰਭੀਰ ਨਜ਼ਰੀ ਆਈਆ। ਜਿਸ ਦਾ ਤਨ ਵਜੂਦ ਨਾ ਬਦਨ, ਬਦਲੀ ਸਭ ਦੀ ਰਿਹਾ ਕਰਾਈਆ। ਦੀਪਕ ਅਗੰਮੀ ਓਥੇ ਜਗਨ, ਨਿਰਗੁਣ ਨੂਰ ਜੋਤ ਰੁਸ਼ਨਾਈਆ । ਸੰਤ ਸੁਹੇਲੇ ਬੈਠੇ ਮਗਨ, ਮੂਰਖ ਮੁਗਧ ਨਜ਼ਰ ਕੋਇ ਨਾ ਆਈਆ। ਲੋੜ ਰਹੀ ਨਿਸ਼ਾਨੀ ਕੋਈ ਨਾ ਪਦਮ, ਪਰਮਾਤਮ ਤੇਰੀ ਬੇਪਰਵਾਹੀਆ। ਜੁਗ ਚੌਕੜੀ ਖੇਲ ਕੀਤਾ ਮਧਮ, ਆਹਿਸਤਾ ਆਹਿਸਤਾ ਦਿਤਾ ਸਮਝਾਈਆ। ਕਲਜੁਗ ਅੰਤਮ ਚਰਨ ਕਵਲ ਉਠਾ ਕੇ ਕਦਮ, ਕਦੀਮ ਦਾ ਲੇਖਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਨਿਤ ਨਵਿਤ ਰਹੇ ਭੌਂਦੇ, ਵਹਿਣਾਂ ਧਾਰ ਵਹਾਈਆ। ਧਰਤੀ ਉਪਰ ਰਹੇ ਸੌਂਦੇ, ਆਪਣਾ ਆਸਣ ਲਾਈਆ। ਜਗਤ ਤਾਂਈ ਰਹੇ ਭਲੌਂਦੇ, ਇਸ਼ਾਰਿਆਂ ਨਾਲ ਵਡਿਆਈਆ । ਕੱਲਰ ਕੰਧਾਂ ਰਹੇ ਢਾਹੁੰਦੇ, ਆਪਣੀ ਢਾਹ ਵਖਾਈਆ। ਏਕਾ ਤੇਰਾ ਨਾਮ ਰਹੇ ਧਿਔਂਦੇ, ਚਰਨ ਕਵਲ ਸਰਨਾਈਆ। ਜੁਗ ਚੌਕੜੀ ਨੈਣ ਉਠੌਂਦੇ, ਨੇਤਰ ਤੱਕਣ ਧੁਰ ਦਾ ਮਾਹੀਆ। ਗੁਰ ਅਵਤਾਰ ਵੇਖ ਵਖੌਂਦੇ, ਨਾਤਾ ਤੋੜ ਕਲਮ ਸ਼ਾਹੀਆ। ਪੰਡਤ ਪਾਂਧੇ ਗਾਇਤਰੀ ਮੰਤਰ ਆਪ ਸੁਣੌਂਦੇ, ਅਕਸ਼ਰ ਬਾਰਾਂ ਨਾਲ ਰਲਾਈਆ। ਹਰੀ ਓਮ ਤਤ ਸਤਿ ਦ੍ਰਿੜੌਂਦੇ, ਓਮ ਓਅੰਕਾਰ ਤੇਰੀ ਸਰਨਾਈਆ। ਬੋਦੀ ਜੰਞੂ ਖੂਬ
ਹਲੌਂਦੇ, ਮਸਤਕ ਟਿੱਕਿਆਂ ਨਾਲ ਚਮਕਾਈਆ। ਧੋਤੀ ਪੱਲੂ ਉਤੇ ਸੁਟੌਂਦੇ, ਦੋਹਰੀ ਗੰਢ ਬੰਧਾਈਆ। ਸੂਰਜ ਦੇਵਤਾ ਪਾਣੀ ਚੜ੍ਹੌਂਦੇ, ਚੂਲੀਆਂ ਨਾਲ ਭਰਾਈਆ । ਬਾਹਰੋਂ ਮਲ ਮਲ ਪਿੰਡਾ ਨਹੋੌਦੇ, ਅੰਤਰ ਸਾਫ਼ ਨਾ ਕੋਇ ਵਖਾਈਆ। ਕਲਜੁਗ ਅੰਤਮ ਤੇਰੀ ਕਿਰਪਾ ਵੇਖ ਪ੍ਰਭੂ ਸ਼ਰਮੌਂਦੇ, ਸ਼ਰਮਸਾਰ ਸੀਸ ਨਾ ਕੋਇ ਉਠੌਂਦੇ, ਜਿਸਦੇ ਪਿਛੇ ਲੋਕਮਾਤ ਵਡਿਆਈ ਪੌਂਦੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਚ ਦਵਾਰੇ ਤੇਰੀ ਆਸ ਰਖਾਈਆ। ਅਠਸਠ ਕਹਿਣ ਚਾਰ ਜੁਗ ਫਿਰੇ ਭੱਜੇ, ਨੱਠੇ ਵਾਹੋ ਦਾਹੀਆ। ਤਟ ਕਿਨਾਰੇ ਵੇਖੇ ਸੱਜੇ ਖੱਬੇ, ਅੱਗਾ ਪਿੱਛਾ ਯਾਦ ਕੋਇ ਨਾ ਆਈਆ। ਜਲ ਦੀ ਧਾਰ ਵਹਿਣ ਵਗੇ, ਫਿਰ ਮੁੜ ਕੋਇ ਨਾ ਆਈਆ। ਨਾਰੀ ਪੁਰਖ ਹੁੰਦੇ ਨੰਗੇ, ਪਤ ਪੜਦਾ ਗਏ ਮੁਕਾਈਆ। ਬਗ ਬਪੜੇ ਦਿਸਦੇ ਬੱਗੇ, ਹੰਸ ਕਾਗ ਰੂਪ ਵਟਾਈਆ। ਸ੍ਰਿਸ਼ਟੀ ਮਾਇਆ ਅੰਦਰ ਦਗੇ, ਅਗਨੀ ਤਤ ਤਪਾਈਆ । ਕਾਮ ਖ਼ੁਮਾਰੀ ਅੰਦਰ ਮਧੇ, ਨਾਮ ਰਸ ਨਾ ਕੋਇ ਚਖਾਈਆ। ਸਾਚੇ ਪੜਦੇ ਕੋਇ ਨਾ ਕੱਜੇ, ਓਢਨ ਸੀਸ ਨਾ ਕੋਇ ਟਿਕਾਈਆ। ਸ਼ਾਸਤਰ ਸਿਮਰਤ ਵੇਦ ਕੁਰਾਨ ਬੋਝੇ ਲੱਦੇ, ਹੌਲਾ ਭਾਰ ਨਾ ਕੋਇ ਵਖਾਈਆ। ਅੰਤਮ ਸਾਰੇ ਪਏ ਡੂੰਘੀ ਖੱਡੇ, ਬਾਹਰ ਸਕੇ ਨਾ ਕੋਈ ਕਢਾਈਆ। ਬਲਵਾਨ ਰਹੇ ਨਾ ਵੱਡੇ ਵੱਡੇ, ਜੋਧੇ ਜੋਰ ਗਏ ਤਜਾਈਆ। ਮਾਣਸ ਜੂਨੀ ਵੇਖੇ ਗਧੇ, ਕੂਕਰ ਸੂਕਰ ਰੂਪ ਵਟਾਈਆ। ਅਠਸਠ ਤੀਰਥ ਜਿਨ੍ਹਾਂ ਪਾਣੀ ਲੱਭੇ, ਪਰਮੇਸ਼ਵਰ ਕਹਿਕੇ ਸ਼ੁਕਰ ਮਨਾਈਆ। ਉਨ੍ਹਾਂ ਦੇ ਪੱਲੇ ਕੁਛ ਨਹੀਂ ਫੱਕੇ, ਫਾਂਸੀ ਜਮ ਦੀ ਗਲ ਲਟਕਾਈਆ। ਅਸੀਂ ਧੋਵਣ ਵਾਲੇ ਵੱਟੇ, ਪੱਥਰਾਂ ਸਾਫ਼ ਕਰਾਈਆ। ਅਸੀਂ ਵਹਿਣ ਵਹਾਵਨ ਵਾਲੇ ਘੱਟੇ, ਮਿੱਟੀ ਖ਼ਾਕ ਰੁਲਾਈਆ। ਸਾਨੂੰ ਨਹੀਂ ਕੋਈ ਓਸ ਦੇ ਪਤੇ, ਪੱਤਣ ਬਹਿ ਨਾ ਕੋਈ ਸਮਝਾਈਆ। ਸਾਡੀ ਪੂਜਾ ਹੋਈ ਵਿਚ ਸ਼ੱਕੇ, ਸ਼ਹਿਨਸ਼ਾਹ ਆਪਣਾ ਪੜਦਾ ਪਾਈਆ। ਕਲਜੁਗ ਅੰਤਮ ਖੇਲ ਅਨੋਖੇ ਤੱਕੇ, ਨੇਤਰ ਅੱਖ ਖੁਲ੍ਹਾਈਆ। ਜਿਸ ਨੂੰ ਪੀਰ ਪੈਗ਼ੰਬਰ ਲੱਭਦੇ ਮਦੀਨੇ ਮੱਕੇ, ਮਕਤਬਾਂ ਵਿਚ ਮੁਤਾਲੇ ਰਹੇ ਕਰਾਈਆ। ਜਿਸ ਨੂੰ ਗੁਰੂ ਅਵਤਾਰ ਕਹਿੰਦੇ ਸਦਾ ਸਮਰਥੇ, ਸਵਾਮੀ ਅਕਥ ਵੱਡੀ ਵਡਿਆਈਆ। ਤਿਸ ਦਾ ਖੇਲ ਵੇਖ ਕੇ ਅੱਖੇ, ਨੇਤਰ ਨੈਣ ਰਹੇ ਸ਼ਰਮਾਈਆ। ਸਾਨੂੰ ਭੁੱਲ ਗਏ ਕਿਨਾਰੇ ਤੱਟੇ, ਤੀਰਥ ਰੂਪ ਨਾ ਕੋਇ ਰਖਾਈਆ। ਸਾਡੇ ਚੀਥੜ ਪੁਰਾਨੇ ਫਟੇ, ਰਵਿਦਾਸ ਚਮਾਰਾ ਦਏ ਗਵਾਹੀਆ। ਇਕ ਚਵੱਨੀ ਪਿਛੇ ਚਾਰੇ ਜੁਗ ਰੱਖੇ, ਚਾਰ ਕੁੰਟ ਵੱਜੇ ਵਧਾਈਆ। ਪੂਰਬ ਜਨਮ ਦੇ ਅਨੋਖੇ ਲੇਖ ਲਿਖੇ, ਨਾਤਾ ਜੋੜ ਕਲਮ ਸ਼ਾਹੀਆ। ਸਚ ਪ੍ਰੀਤਮ ਮਾਰਗ ਦੱਸੇ, ਭਗਵਨ ਦਏ ਸਮਝਾਈਆ। ਉਹ ਤਿੰਨੇ ਕਰ ਇਕੱਠੇ, ਗਿਰਧਾਰਾ ਪਾਲ ਦੀਦਾਰ ਰੰਗ ਚੜ੍ਹਾਈਆ। ਪਹਿਲੀ ਮੱਘਰ ਬਸਤਰ ਪੁਆ ਕੇ ਚਿੱਟੇ, ਚਿੱਟੀ ਚਾਦਰ ਉਤੇ ਦਏ ਬਹਾਈਆ। ਤਿੰਨਾਂ ਦਾ ਪਰਸ਼ਾਦ ਰੱਖ ਕੇ ਅੱਗੇ, ਅਗਲਾ ਲੇਖਾ ਦਏ ਸਮਝਾਈਆ। ਸੀਸ ਬੰਨ੍ਹ ਕੇ ਧੁਰ ਦੀ ਪੱਗੇ, ਪਗੜੀ ਪਿਛਲੀ ਦਏ ਚੁਕਾਈਆ। ਸਤਿਜੁਗ ਦੀ ਧਾਰ ਵਿਚੋਂ ਸਤਿ ਸਤਿਵਾਦੀ ਕੱਢੇ, ਜਿਨ੍ਹਾਂ ਗੋਤਮ ਨਾਲੋਂ ਹੋਈ ਜੁਦਾਈਆ। ਗੋਦਾਵਰੀ ਕੰਢਾ ਵੇਖ ਹੱਸੇ, ਛੋਟੀ ਗੁਫ਼ਾ ਰਹੀ ਸਮਝਾਈਆ। ਜਿਹਨੂੰ ਇੱਕੀ ਵੇਖ ਕੇ ਆਏ ਅੱਖੇ, ਨੇਤਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਅਠਸਠ ਕਹੇ ਸਾਨੂੰ ਯਾਦ ਆਈ ਗੋਦ, ਵਰੀ ਵਰਿਆਮ ਦਏ ਵਡਿਆਈਆ। ਜਿਸ ਦਾ ਭੇਵ ਅਗੰਮੜਾ ਗੋਝ, ਗੁਜਰੀ ਚੰਦ ਅੰਗ ਲਗਾਈਆ। ਉਸ ਦਾ ਲੇਖਾ ਅਗਾਧ ਬੋਧ, ਬੁਧ ਮਤ ਮਨ ਨਾ ਕੋਇ ਸਮਝਾਈਆ। ਜਿਸ
ਦਾ ਲੇਖਾ ਲੋਕ ਪਰਲੋਕ, ਦੋ ਜਹਾਨ ਦਏ ਵਡਿਆਈਆ। ਜਿਸ ਦਾ ਵਖਰਾ ਨਿਰਾਲਾ ਸਭ ਤੋਂ ਸਲੋਕ, ਅੱਖਰਾਂ ਵਿਚੋਂ ਵੱਖਰੀ ਕਰੇ ਪੜ੍ਹਾਈਆ। ਉਸ ਦੇ ਘਰ ਦੀ ਵੇਖਣੀ ਮੌਜ, ਮਜਲਸ ਲਾ ਕੇ ਖ਼ੁਸ਼ੀ ਮਨਾਈਆ। ਸਚ ਪ੍ਰੀਤਮ ਅਨਡਿਠੜੇ ਕਰੇ ਚੋਜ, ਚੋਲੀ ਸਭ ਦੀ ਰਿਹਾ ਬਦਲਾਈਆ। ਪੂਰਬ ਜਨਮਾਂ ਦੀ ਕਰ ਕੇ ਖੋਜ, ਖ਼ੁਸ਼ੀਆਂ ਨਾਲ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਤੀਰਥ ਤਟ ਕਹਿਣ ਸਾਡਾ ਹੋਵੇ ਪਰਸਾਦ, ਪਰਸਾਦੀ ਦਇਆ ਕਮਾਈਆ। ਜਿਸ ਦੇ ਹੱਥ ਸਭ ਦੀ ਲਾਜ, ਲਾਜਾਵੰਤ ਵੱਡੀ ਵਡਿਆਈਆ। ਸੋ ਭਗਤਾਂ ਨਾਲ ਕਰ ਕੇ ਕਾਜ, ਆਪਣਾ ਨਾਤਾ ਲਏ ਜੁੜਾਈਆ। ਸਤਿ ਧਰਮ ਦਾ ਚਲਾ ਕੇ ਇਕ ਰਿਵਾਜ, ਰਵਾਦਾਰੀ ਦਏ ਮਿਟਾਈਆ। ਲੇਖੇ ਲਾ ਕੇ ਲੰਗੜੇ ਲੂਲ੍ਹੇ ਅਪਾਹਜ, ਨੇਤਰਹੀਣ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹੇ ਸਤਿ, ਸਤਿ ਸਤਵਾਦੀ ਦਇਆ ਕਮਾਇੰਦਾ। ਲੇਖਾ ਜਾਣੇ ਬ੍ਰਹਮ ਮਤ, ਵਿਦਿਆ ਬ੍ਰਹਮ ਆਪ ਪੜ੍ਹਾਇੰਦਾ। ਹਕੀਕਤ ਵਿਚੋਂ ਦੇ ਕੇ ਹਕ, ਝੋਲੀ ਖ਼ਾਲੀ ਆਪ ਭਰਾਇੰਦਾ। ਲੇਖਾ ਜਾਣੇ ਪੁਰਖ ਸਮਰਥ, ਦੂਜਾ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਹੱਥ ਰੱਖੇ ਸਵਾਮੀ, ਸਾਹਿਬ ਵੱਡੀ ਵਡਿਆਈਆ । ਆਦਿ ਜੁਗਾਦੀ ਅੰਤਰਜਾਮੀ, ਅੰਤਰ ਆਤਮ ਖੋਜ ਖੁਜਾਈਆ। ਅਠਸਠ ਵਰੋਲ ਕੇ ਠੰਡਾ ਪਾਣੀ, ਤੀਰਥ ਤਟ ਵੇਖ ਵਖਾਈਆ। ਪਹਿਲੀ ਮੱਘਰ ਰੁੱਤ ਸੁਹਾਨੀ, ਇੱਕੀ ਮਾਲਕ ਬੇਪਰਵਾਹੀਆ। ਘਰ ਘਰ ਦੇਵੇ ਦਾਤ ਦਾਨੀ, ਰਾਰਾ ਰਾਮ ਰੂਪ ਵਟਾਈਆ। ਇਹ ਮਿਸਲ ਚਾਰ ਜੁਗ ਦੀ ਪੁਰਾਣੀ, ਸਚ ਅਦਾਲਤ ਲਏ ਕਢਾਈਆ। ਗੋਤਮ ਦੱਸ ਉਹ ਨਿਸ਼ਾਨੀ, ਅਹਲਿਆ ਸਿਲਾ ਵੇਖ ਵਖਾਈਆ। ਰਾਮ ਚੰਦ ਚੜ੍ਹਾਈ ਬਬਾਣੀ, ਚਰਨ ਕਵਲ ਵਡਿਆਈਆ। ਪਾਲ ਦੀਦਾਰ ਉਸ ਵੇਲੇ ਵੇਖਣ ਇਹ ਕਹਾਣੀ, ਨੇਤਰ ਨੈਣ ਨੈਣ ਉਠਾਈਆ। ਧੁਰ ਦੇ ਰਾਮ ਸੁਣਾ ਕੇ ਬਾਣੀ, ਅੰਤਰ ਅੰਦਰੋਂ ਦਿਤਾ ਜਣਾਈਆ। ਸਚ ਪ੍ਰੇਮ ਦੀ ਸਚ ਨਿਸ਼ਾਨੀ, ਨਿਸ਼ਾਨਿਆਂ ਵਿਚੋਂ ਵਖਾਈਆ। ਕਲਜੁਗ ਅੰਤਮ ਮੇਲਾ ਫੇਰ ਵਿਚ ਜਹਾਨੀ, ਜਹਾਂ ਤਹਾਂ ਲਏ ਮਿਲਾਈਆ। ਸੋਲਾਂ ਕੱਤਕ ਪਿਛਲੀ ਰੁਤ ਵਖਾਨੀ, ਪਿਛਾ ਯਾਦ ਕਰਾਈਆ। ਇਹ ਪ੍ਰਭ ਦੀ ਵੱਡੀ ਮਿਹਰਵਾਨੀ, ਜੋ ਸੁੱਤਿਆਂ ਰਿਹਾ ਉਠਾਈਆ । ਪਹਿਲੀ ਮੱਘਰ ਜਗਤ ਲਿਖਤ ਭਵਿਖਤ ਤੋਂ ਵੱਖਰੀ ਲਿਖਾਏ ਬਾਣੀ, ਵੱਖਰਾ ਹਾਲ ਸੁਣਾਈਆ। ਗੁਰਮੁਖਾਂ ਦੇ ਚਰਨਾਂ ਉਤੇ ਅੱਠ ਸੱਠ ਦਾ ਪਾ ਕੇ ਠੰਡਾ ਪਾਣੀ, ਕੂੜੀ ਕਿਰਿਆ ਸਾਫ਼ ਕਰਾਈਆ। ਰਾਜ ਨਰੈਣ ਗ਼ੁੱਸਾ ਨਹੀਂ ਇਹ ਉਹ ਹੈਰਾਨੀ, ਜੇਹੜੀ ਦਾਅਵੇ ਦੀਵਾਨੀ ਵਿਚ ਜੁਗ ਜੁਗ ਚਲੀ ਆਈਆ। ਗੋਬਿੰਦ ਚਿੱਲਾ ਚਾੜ੍ਹ ਕੇ ਤੀਰ ਕਾਨੀ, ਗੋਦਾਵਰੀ ਕੰਢੇ ਕਮਾਨ ਖਿਚਾਈਆ। ਓਸ ਵੇਲੇ ਆਈ ਸ਼ਬਦ ਅਗੰਮੀ ਬਾਣੀ, ਪੁਰਖ ਅਕਾਲ ਦਿਤੀ ਸਮਝਾਈਆ। ਜਿਸ ਵੇਲੇ ਮੇਰਾ ਚੰਦ ਚਮਕੇ ਨੂਰ ਨੁਰਾਨੀ, ਦੋ ਜਹਾਨ ਹੋਏ ਰੁਸ਼ਨਾਈਆ। ਜੁਗ ਜਨਮ ਦਿਆਂ ਵਿਛੜਿਆਂ ਇਕੱਠਾ ਕਰ ਕੇ ਅੰਮ੍ਰਿਤ ਪਿਆਵਾਂ ਧੁਰ ਦਾ ਪਾਣੀ, ਪਾਣ ਆਪਣਾ ਨਾਮ ਚੜ੍ਹਾਈਆ। ਦੇਵਤ ਸੁਰ ਰਿਖ ਮੁਨ ਗੁਰ ਅਵਤਾਰ ਪੈਗ਼ੰਬਰ ਪੀਰ ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨੀ, ਧਿਆਨ ਵਿਚੋਂ ਧਿਆਨ ਆਪਣਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਸੋਲਾਂ ਕੱਤਕ ਦੀ ਰਾਤ ਕਹੇ ਕਿਉਂ ਕੱਢੇ ਤਿੰਨ, ਕੀ ਤੇਰੀ
ਚਤੁਰਾਈਆ। ਪੁਰਖ ਅਕਾਲ ਕਹੇ ਮੇਰੇ ਵੱਖਰੇ ਸਭ ਤੋਂ ਚਿੰਨ੍ਹ, ਚਿੰਤਾ ਵਿਚੋਂ ਪਰਗਟਾਈਆ। ਮੇਰਾ ਲੇਖਾ ਕੋਈ ਨਾ ਸਕੇ ਮਿਣ, ਗਿਣਤੀਆਂ ਵਿਚ ਨਾ ਕੋਇ ਸਮਝਾਈਆ। ਕਰਾਂ ਖੇਲ ਛਿੰਨ ਛਿੰਨ, ਅਛਲ ਛਲ ਧਾਰੀ ਵੇਸ ਧਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਲੇਖਾ ਰੱਖੇ ਇੱਕੀ ਦਿਨ, ਦੋ ਇਕ ਇਕ ਨਾਲ ਵਡਿਆਈਆ। ਹਰਿ ਸੰਗਤ ਸਦਾ ਰਹਿਣਾ ਖ਼ੁਸ਼ਹਾਲ, ਖ਼ੁਸ਼ੀਆਂ ਵਿਚ ਵਡਿਆਈਆ। ਤੁਸੀਂ ਜਗ ਜੀਵ ਨਹੀਂ ਏਹ ਗੋਬਿੰਦ ਲਾਲ, ਲਾਲਨ ਅੰਦਰ ਲਾਲ ਰੰਗ ਰੰਗਾਈਆ। ਪਿਛਲੇ ਵਿਛੋੜੇ ਦਾ ਹਲ ਹੋਇਆ ਸਵਾਲ, ਵਿਛੋੜਾ ਅੱਗੇ ਨਾ ਕੋਇ ਵਖਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਰਹੇ ਨਾਲ, ਸਨਮੁਖ ਹੋ ਕੇ ਦਰਸ ਦਿਖਾਈਆ। ਜਿਥੇ ਵਸੋਂ ਓਥੇ ਕਰੇ ਪ੍ਰਿਤਪਾਲ, ਦੂਰ ਨੇੜਾ ਪੰਧ ਚੁਕਾਈਆ। ਦੋ ਜਹਾਨਾਂ ਦਾ ਬਖ਼ਸ਼ ਪਿਆਰ, ਨਾਤਾ ਪ੍ਰੇਮ ਲਏ ਜੁੜਾਈਆ। ਤੁਹਾਡੇ ਕਾਇਆ ਮੰਦਰ ਅੰਦਰ ਬਣਾ ਕੇ ਸੱਚੀ ਧਰਮਸਾਲ, ਧਰਮ ਦਵਾਰਾ ਦਏ ਵਖਾਈਆ । ਤੁਹਾਡੇ ਨਾਲੋਂ ਬਹੁਤਾ ਤੁਹਾਡਾ ਪ੍ਰਭੂ ਨੂੰ ਖ਼ਿਆਲ, ਜੋ ਅੰਦਰ ਵੜ ਵੜ ਰਿਹਾ ਹਿਲਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਅੱਠੇ ਪਹਿਰ ਹੋਵੇ ਸਹਾਈਆ । ਤੁਹਾਡੀ ਕਰ ਕੇ ਆਪ ਭਾਲ, ਲੱਭ ਲੱਭ ਆਪਣੀ ਗੋਦ ਬਿਠਾਈਆ। ਸਦ ਵੇਖਣਹਾਰਾ ਮੁਰੀਦਾਂ ਹਾਲ, ਮੁਰਸ਼ਦ ਸ਼ਹਿਨਸ਼ਾਹੀਆ। ਸਾਚੀ ਸਿਖਿਆ ਦਏ ਸਿਖਾਲ, ਧੀਰਜ ਜਤ ਜਣਾਈਆ। ਸਦਾ ਸੁਖੀ ਵਸਿਓ ਨਿੱਕੇ ਬਾਲ, ਵੱਡਿਆਂ ਰੰਗ ਰੰਗਾਈਆ। ਤੁਹਾਨੂੰ ਪੋਹ ਨਾ ਸਕੇ ਕਾਲ, ਜਮ ਜੰਦਾਰ ਨਾ ਕੋਇ ਸਤਾਈਆ। ਜਿਧਰ ਵੇਖੋ ਵਸਾਂ ਨਾਲ, ਅੱਗੇ ਪਿਛੇ ਹੋ ਹੋ ਸੇਵ ਕਮਾਈਆ। ਮਾਤਾ ਪਿਤਾ ਨਾਲੋਂ ਬਹੁਤਾ ਬਖ਼ਸ਼ ਪਿਆਰ, ਪੁੱਤਰਾਂ ਵਿਚੋਂ ਗੁਰਸਿਖ ਪੁੱਤਰ ਲਏ ਪਰਗਟਾਈਆ। ਚਰਨ ਪ੍ਰੀਤੀ ਦੇ ਕੇ ਦਾਨ, ਦਾਤੇ ਧੁਰ ਦੇ ਦਿਤਾ ਬਣਾਈਆ। ਤੁਹਾਨੂੰ ਮੇਰੀ ਸੁਗੰਦ, ਤੁਹਾਡੀ ਮੈਨੂੰ ਆਨ, ਕਸਮ ਖਾ ਕੇ ਰਿਹਾ ਜਣਾਈਆ। ਜਿਸ ਭੁੱਲਿਆਂ ਭਟਕਿਆਂ ਦੀ ਕੀਤੀ ਆਣ ਪਹਿਚਾਨ, ਬੇਪਹਿਚਾਨ ਦਇਆ ਕਮਾਈਆ। ਮਾਰ ਵੱਖਰਾ ਨਿਰਾਲਾ ਬਾਣ, ਸੋਈ ਸੁਰਤੀ ਟੁੰਬ ਉਠਾਈਆ। ਸ਼ਬਦ ਬਿਠਾ ਕੇ ਸਚ ਬਬਾਣ, ਦਿਵਸ ਰੈਣ ਰਿਹਾ ਉਡਾਈਆ। ਆਪਣਾ ਬਖ਼ਸ਼ ਕੇ ਸੱਚਾ ਮਾਣ, ਨਿਮਾਣਿਆਂ ਗਲੇ ਲਗਾਈਆ। ਇਹੋ ਆਦਿ ਜੁਗਾਦੀ ਸ੍ਰੀ ਭਗਵਾਨ, ਜਿਸ ਨੂੰ ਭਗਵਨ ਕਹਿ ਕੇ ਸਾਰੇ ਸੀਸ ਨਿਵਾਈਆ। ਸੋ ਮਿਹਰਵਾਨ ਹੋ ਕੇ ਤੁਹਾਡੇ ਅੰਦਰ ਵੜਿਆ ਆਣ, ਸਾਢੇ ਤਿੰਨ ਹੱਥ ਮੰਦਰ ਦਿਤਾ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸੱਚਾ ਮਾਣ, ਨਿਮਾਣਿਆਂ ਆਪਣੇ ਘਰ ਵਸਾਈਆ। ਹਰਿ ਸੰਗਤ ਤੇਰੀ ਪ੍ਰੇਮ ਛਹਿਬਰ, ਦੋ ਜਹਾਨਾਂ ਸ਼ਮਾਂ ਗੁੱਲ ਕਰਾਈਆ। ਵੇਖਣਹਾਰਾ ਧੁਰ ਦਾ ਰਹਿਬਰ, ਰਹਿਮਤ ਵਿਚ ਖ਼ੁਦਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨਾਲ ਬਹਿਸਣ, ਮਸ਼ਵਰੇ ਕਰ ਕਰ ਰਹੇ ਸੁਣਾਈਆ। ਚਾਰ ਜੁਗ ਦੇ ਵੇਖਣ ਲੇਖਨ, ਪੁਸਤਕ ਫੋਲ ਫੁਲਾਈਆ। ਬਿਨ ਭਗਤਾਂ ਕਿਸੇ ਹੱਥ ਨਾ ਆਇਆ ਧੁਰ ਦਾ ਹੇਤਨ, ਹਿਤਕਾਰੀ ਰੂਪ ਨਾ ਕੋਇ ਵਟਾਈਆ । ਸਾਰੇ ਕਹਿਣ ਅਬਿਨਾਸ਼ੀ ਕਰਤੇ ਗੁਰਮੁਖਾਂ ਦੀ ਸੁਰਤੀ ਕੀਤੀ ਚੇਤਨ, ਚਾਤ੍ਰਕ ਵਾਂਗ ਰਹੇ ਬਿਲਲਾਈਆ। ਤਨ ਮਨ ਆਪਣਾ ਕਰ ਕੇ ਭੇਟਨ, ਧਨ ਚਰਨਾਂ ਹੇਠ ਦਬਾਈਆ। ਸਚ ਨਜ਼ਾਰਾ ਧੁਰ ਦਾ ਵੇਖਣ, ਨਗਾਰਾ ਨਾਮ ਵੱਜੇ ਸਚ ਸ਼ਨਵਾਈਆ। ਜੋ ਮਾਲਕ ਛੱਡ ਕੇ ਆਇਆ ਦੇਸ ਪਰਦੇਸਨ, ਦੋ ਜਹਾਨ ਤਜਾਈਆ। ਸੋ ਦਰ ਦਰ ਘਰ ਘਰ ਗ਼ਰੀਬ ਨਿਮਾਣਿਆਂ ਬਦਲ ਕੇ ਰੇਖਨ, ਰਿਖੀਆਂ ਮੁਨੀਆਂ ਨਾਲੋਂ ਵੱਡੇ ਰਿਹਾ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿਰ ਆਪਣਾ ਹੱਥ ਟਿਕਾਈਆ।
ਹਰਿ ਸੰਗਤ ਇਹ ਖੇਲ ਅਜੀਬ, ਅਜਬ ਨਿਰਾਲਾ ਰਿਹਾ ਕਰਾਈਆ। ਦੂਰ ਦੁਰਾਡਾ ਆ ਕਰੀਬ, ਕੁਦਰਤ ਰਿਹਾ ਉਠਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਤੁਹਾਡੇ ਜਾਗੇ ਨਸੀਬ, ਨਿਸਬਤ ਵਿਚ ਹਿਸਾਬ ਨਾ ਕੋਇ ਲਗਾਈਆ। ਕਿਸੇ ਨੇ ਪੱਥਰਾਂ ਨਾਲ ਲਗਾਈ ਪ੍ਰੀਤ, ਕੋਈ ਜੰਗਲਾਂ ਵਿਚ ਧਿਆਨ ਲਗਾਈਆ। ਕਿਸੇ ਦੀ ਗਾਏ ਜਵਾਈ ਮੋਈ ਠੀਕ, ਕਿਸੇ ਦਾ ਛੰਨਿਆਂ ਦੁੱਧ ਭਰਾਈਆ। ਤੁਹਾਡੇ ਸਨਮੁਖ ਹੋ ਕੇ ਤੁਹਾਡੀ ਬਿਰਹੋਂ ਦੀ ਨਿਕਲਦੀ ਵੇਖੇ ਚੀਕ, ਚਾਰੋਂ ਕੁੰਟ ਖੋਜ ਖੁਜਾਈਆ । ਤੁਹਾਡੀ ਕਲਮਿਆਂ ਨਾਲੋਂ ਚੰਗੀ ਹਦੀਸ, ਹਜ਼ਰਤਾਂ ਨਾਲੋਂ ਪੜ੍ਹਾਈਆ। ਇਹ ਧਾਰ ਉਹ ਬਾਰੀਕ, ਜਿਸ ਨੂੰ ਗੋਬਿੰਦ ਗਿਆ ਲਿਖਾਈਆ। ਤੁਹਾਨੂੰ ਮਿਲਣ ਵਿਛੜਨ ਦੀ ਅੱਗੇ ਕੋਈ ਰਹੇ ਨਾ ਤਕਲੀਫ, ਤਾਕਤ ਆਪਣੀ ਨਾਲ ਗਵਾਈਆ। ਤੁਸੀਂ ਬੱਚੇ ਬਾਲੇ ਨੱਢੇ ਉਹ ਸ਼ਰੀਫ਼, ਜਿਨ੍ਹਾਂ ਦਾ ਸ਼ੁਰਫ਼ਾ ਉਰਫ਼ਾ ਗਏ ਜਸ ਗਾਈਆ। ਸਭ ਤੋਂ ਵੱਡੀ ਕਰ ਕੇ ਜਾਵਾਂ ਬਖ਼ਸ਼ੀਸ਼, ਰਹਿਮਤ ਤੁਹਾਡੀ ਝੋਲੀ ਪਾਈਆ। ਤੁਸੀਂ ਪ੍ਰੀਤਮ ਕਰ ਕੇ ਕਰਨੀ ਪ੍ਰੀਤ, ਮੈਂ ਪੁੱਤਰਾਂ ਵਾਂਗ ਗੋਦ ਉਠਾਈਆ। ਜਨਮ ਕਰਮ ਦੀ ਵੇਖ ਕੇ ਨੀਤ, ਨੀਤੀਵਾਨ ਹੋਇਆ ਸਹਾਈਆ। ਤੁਸਾਂ ਘਰ ਬੈਠਣਾ ਸਦਾ ਅਤੀਤ, ਮੈਂ ਰਾਤੀਂ ਸੁਤਿਆਂ ਫੜ ਫੜ ਲਵਾਂ ਉਠਾਈਆ। ਨਾਮ ਸੁਣਾ ਕੇ ਆਪਣਾ ਗੀਤ, ਤੂੰ ਮੇਰਾ ਮੈਂ ਤੇਰਾ ਕਰਾਂ ਜਣਾਈਆ। ਸਦਾ ਮਿਲਣ ਦੀ ਦੇ ਨਸੀਹਤ, ਵਸੀਅਤ ਸਾਚੀ ਦਿਆਂ ਕਰਾਈਆ। ਸਚ ਪ੍ਰੇਮ ਦੀ ਇਹ ਅਸਲੀਅਤ, ਅਸਲ ਵਿਚੋਂ ਪਰਗਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੀ ਵਲਦੀਅਤ, ਵਾਲਦ ਵਾਹਦ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
੧੭ ਕੱਤਕ ੨੦੨੧ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਨਇਆਸ਼ਾਲਾ
ਤੀਰਥ ਤਟ ਕਿਨਾਰ ਭਰਨ ਹਾਵਾ, ਹੌਕਿਆਂ ਨਾਲ ਰਹੇ ਕੁਰਲਾਈਆ। ਸਦੀ ਵੀਹਵੀਂ ਚੁਕਿਆ ਸਭ ਦਾ ਦਾਅਵਾ, ਮਾਲਕ ਰਹਿਣ ਕੋਇ ਨਾ ਪਾਈਆ। ਲੋਕਮਾਤ ਵਿਚੋਂ ਉਠਿਆ ਨਾਵਾਂ, ਨੌ ਖੰਡ ਨਾ ਕੋਇ ਵਡਿਆਈਆ। ਮਿਲੇ ਮਾਣ ਨਾ ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਂਵਾਂ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਸਭ ਦੇ ਦਿਤੇ ਚੁਕਾਈਆ। ਤਟ ਕਿਨਾਰੇ ਵਹਾਵਣ ਨੀਰ, ਆਪਣੀ ਛਹਿਬਰ ਲਾਈਆ। ਸਾਡੀ ਮੰਜ਼ਲ ਹੋਈ ਅਖ਼ੀਰ, ਵੇਲਾ ਵਕਤ ਦਏ ਗਵਾਹੀਆ। ਸਾਡੀ ਬਦਲ ਦਿਤੀ ਤਕਦੀਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਅੱਗੇ ਕੱਟੇ ਨਾ ਕੋਇ ਜ਼ੰਜੀਰ, ਕਬੀਰ ਜੁਲਾਹਾ ਰਿਹਾ ਸਮਝਾਈਆ। ਸਾਚੀ ਦੇਵੇ ਨਾ ਕੋਇ ਧੀਰ, ਧੀਰਜ ਸਤਿ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣੇ ਅੰਤਮ ਵੇਖ ਵਖਾਈਆ। ਲਹਿਣਾ ਅੰਤਮ ਵੇਖੇ ਹਰਿ, ਹਰਿ ਕਰਤਾ ਖੇਲ ਖਿਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਲਏ ਫੜ, ਦੋ ਜਹਾਨਾਂ ਹੁਕਮ ਵਰਤਾਇੰਦਾ। ਸਚਖੰਡ ਨਿਵਾਸੀ ਸਚ ਦਵਾਰੇ ਸੱਦੇ ਘਰ, ਹੁਕਮੀ ਹੁਕਮ ਮਨਾਇੰਦਾ। ਨਿਰਗੁਣ ਸਰਗੁਣ ਖੇਲ ਰਿਹਾ ਕਰ, ਕਰਨੀ ਕਰਤਾ ਕਾਰ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵਣਹਾਰਾ ਵਰ, ਲੇਖਾ ਸਭ ਦਾ ਫੋਲ ਫੁਲਾਇੰਦਾ। ਤਟ ਕਿਨਾਰੇ ਅਠਸਠ ਬਿਨ ਤੱਤਾਂ ਲਏ ਫੜ, ਡੋਰੀ ਸ਼ਬਦੀ ਤੰਦ ਬੰਧਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਇੰਦਾ। ਤੱਟ ਕਿਨਾਰੇ ਰੋਵਣ ਬੱਧੇ, ਬੰਦਨਾ ਸੀਸ ਝੁਕਾਈਆ। ਧੁਰ ਦਰਬਾਰੇ ਆਏ ਸੱਦੇ, ਹੁਕਮ ਬੇਪਰਵਾਹੀਆ। ਧਰਨੀ ਉਤੋਂ ਮਾਣ ਛੱਡੇ, ਧਵਲ ਲੇਖ ਚੁਕਾਈਆ। ਦੁਰਮਤ ਮੈਲ ਧੋ ਨਾ ਸਕੇ ਧੱਬੇ, ਕੂੜੀ ਕਿਰਿਆ ਨਾ ਸਾਫ਼ ਕਰਾਈਆ। ਕਲਜੁਗ ਸਾਧ ਸਾਡੇ ਅੰਦਰ ਡੁੱਬੇ, ਵਹਿੰਦੀ ਧਾਰ ਵਹਾਈਆ। ਸਾਚੇ ਦਰ ਕਿਸੇ ਨਾ ਸੁਝੇ, ਮੰਦਰ ਚੜ੍ਹ ਨਾ ਖ਼ੁਸ਼ੀ ਮਨਾਈਆ। ਜੁਗ ਚੌਕੜੀ ਰਹੇ ਲੁਕੇ, ਬਿਨ ਹਰਿ ਪਰਮੇਸ਼ਵਰ ਪੜਦਾ ਨਾ ਕੋਇ ਉਠਾਈਆ। ਸਾਨੂੰ ਅੰਤ ਕੋਈ ਨਾ ਪੁਛੇ, ਪਿਛਲਾ ਵੇਲਾ ਗਿਆ ਆਈਆ। ਸਰਬ ਸਵਾਮੀ ਇਕੋ ਉਠੇ, ਨਿਰਗੁਣ ਨਿਰਵੈਰ ਨਿਰੰਕਾਰ ਲਏ ਅੰਗੜਾਈਆ। ਅੰਮ੍ਰਿਤ ਜਾਮ ਜਨ ਭਗਤਾਂ ਪਿਆ ਕੇ ਘੁਟੇ, ਘਰ ਘਰ ਵਿਚ ਬੂਝ ਬੁਝਾਈਆ। ਸਤਿ ਸੁਹਾਵਣੀ ਸੁਹਾਏ ਰੁੱਤੇ, ਰੁਤ ਰੁਤੜੀ ਨਾਲ ਮਹਿਕਾਈਆ। ਸਦੀ ਵੀਹਵੀਂ ਸਾਡੇ ਪੈਂਡੇ ਮੁਕੇ, ਅੱਗੇ ਪੰਧ ਨਾ ਕੋਇ ਜਣਾਈਆ। ਕਲਜੁਗ ਜੀਵਾਂ ਭਾਰ ਨਾ ਜਾਏ ਚੁੱਕੇ, ਗਠੜੀ ਸੀਸ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਮੁਕਾਈਆ। ਲਹਿਣਾ ਦੇਣਾ ਰਿਹਾ ਮੁਕਾ, ਮੁਕੰਮਲ ਹੁਕਮ ਸੁਣਾਈਆ। ਜਲਵਾਗਰ ਨੂਰੀ ਖ਼ੁਦਾ, ਖ਼ੁਦ ਆਪਣੀ ਖੇਲ ਰਚਾਈਆ। ਜਿਸ ਨੂੰ ਪੀਰ ਪੈਗ਼ੰਬਰ ਗਏ ਗਾ, ਈਸਾ ਮੂਸਾ ਮੁਹੰਮਦ ਸਿਫ਼ਤ ਸਾਲਾਹੀਆ। ਸੋ ਮਾਲਕ ਖ਼ਾਲਕ ਬੇਪਰਵਾਹ, ਪਰਦਾ ਆਪਣਾ ਰਿਹਾ ਉਠਾਈਆ। ਸਾਚਾ ਕਲਮਾ ਦਏ ਸੁਣਾ, ਧੁਰ ਫ਼ਰਮਾਨਾ ਇਕ ਅਲਾਈਆ। ਅਮਾਮ ਅਮਾਮਾਂ ਵੇਸ ਵਟਾ, ਦਮਾਮਾ ਸੱਚਾ ਦਏ ਵਜਾਈਆ। ਜਗਤ ਨਜ਼ਾਮਾਂ ਦਏ ਬਦਲਾ, ਨਜ਼ਮ ਨਗ਼ਮਾ ਆਪਣਾ ਨਾਮ ਸੁਣਾਈਆ। ਵਤਨਾਂ ਤੋਂ ਬੇਵਤਨ ਦਏ ਬਣਾ, ਵਤ ਫੇਰ ਕੋਇ ਨਾ ਆਈਆ। ਮੈਂਡੀ ਤੈਂਡੀ ਲੇਖਾ ਦਏ ਚੁਕਾ, ਦਿਸ਼ਾ ਲਹਿੰਦੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਤਟ ਕਿਨਾਰੇ ਮਾਰਨ ਨਾਅਰਾ, ਅੰਤਮ ਦੇਣ ਦੁਹਾਈਆ। ਲੇਖਾ ਚੁੱਕਿਆ ਵਿਚ ਸੰਸਾਰਾ, ਮਿਲੇ ਨਾ ਮਾਣ ਵਡਿਆਈਆ। ਸਰ ਸਰੋਵਰ ਚੁਕਿਆ ਠੰਡਾ ਠਾਰਾ, ਰਸ ਅੰਮ੍ਰਿਤ ਨਾ ਕੋਇ ਭਰਾਈਆ। ਹੁਕਮੇ ਅੰਦਰ ਕਰ ਖੇਲ ਅਪਾਰਾ, ਹਰਿ ਕਰਤਾ ਰਿਹਾ ਸਮਝਾਈਆ। ਦਰ ਦਰਵੇਸ਼ ਬਣਾ ਗੁਰੂ ਅਵਤਾਰਾ, ਪੀਰ ਪੈਗ਼ੰਬਰ ਰਿਹਾ ਸਮਝਾਈਆ। ਕਰੇ ਖੇਲ ਆਪ ਨਿਰੰਕਾਰਾ, ਨਿਰਗੁਣ ਨਿਰਵੈਰ ਨੂਰ ਖ਼ੁਦਾਈਆ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਗੁਰ ਅਵਤਾਰ ਕਹਿਣ ਚਵ੍ਹੀਆਂ ਅਵਤਾਰਾ, ਚਾਰ ਜੁਗ ਦਾ ਮਾਲਕ ਇਕ ਅਖਵਾਈਆ। ਕਾਗਦ ਕਲਮ ਸ਼ਾਹੀ ਲੇਖ ਲਿਖਤ ਤੋਂ ਬਾਹਰਾ, ਗ੍ਰੰਥਾਂ ਪੰਥਾਂ ਵਿਚ ਨਾ ਬੰਦ ਕਰਾਈਆ। ਦੋ ਜਹਾਨ ਜੁਗ ਚੌਕੜੀ ਸੁਣਾਏ ਆਪਣਾ ਨਾਮ ਜੈਕਾਰਾ, ਨਾਅਰਾ ਹਕ ਖ਼ੁਦਾਈਆ। ਕਾਤਬ ਬਣ ਕੇ ਇਕ ਲਿਖਾਰਾ, ਲੇਖ ਲੇਖਣੀ ਦਏ ਵਡਿਆਈਆ। ਸਾਚਾ ਖੋਲ੍ਹ ਭਗਤ ਦਵਾਰਾ, ਦਰਵਾਜ਼ਾ ਇਕੋ ਦਏ ਜਣਾਈਆ। ਜਿਸ ਦੇ ਅੰਦਰ ਧੁਰ ਨਜ਼ਾਰਾ, ਬਿਨ ਨਜ਼ਰਾਂ ਦਏ ਵਖਾਈਆ। ਜੋਤੀ ਦੀਪ ਹੋਏ ਉਜਿਆਰਾ, ਬਿਨ ਬਾਤੀ ਤੇਲ ਡਗਮਗਾਈਆ । ਵੇਖੇ ਵਿਗਸੇ ਵੇਖਣਹਾਰਾ, ਹਰਿ ਕਰਤਾ ਸ਼ਹਿਨਸ਼ਾਹੀਆ। ਜਿਸ ਦੇ ਪ੍ਰੇਮ ਦਾ ਇਕ ਫੁਹਾਰਾ, ਅੰਮ੍ਰਿਤ ਰੂਪ ਵਟਾਈਆ। ਜਿਸ ਦਾ ਗੁਰ ਅਵਤਾਰਾਂ ਮਿਲਿਆ ਸਹਾਰਾ, ਪੀਰ ਪੈਗ਼ੰਬਰ ਓਟ ਰਖਾਈਆ। ਜਿਸ ਦਾ ਭਗਤਾਂ ਤੱਕਿਆ ਨਜ਼ਾਰਾ, ਬੇਨਜ਼ੀਰ ਦਿਤਾ ਸਮਝਾਈਆ। ਓਸ ਦਾ ਤਟ ਨਾ ਕੋਇ ਕਿਨਾਰਾ, ਕੰਢੀ ਵਾਟ ਨਾ ਕੋਇ ਬਣਾਈਆ। ਬਾਲੂ ਰੇਤ ਨਾ ਕੋਈ ਗਾਰਾ, ਕਾਨਾ ਕਾਹੀ ਨਾ ਸੰਗ ਵਖਾਈਆ। ਓਥੇ ਇਕੋ ਸਮਰਥ
ਪੁਰਖ ਦਾ ਚਲੇ ਸਚ ਫੁਹਾਰਾ, ਅੰਮ੍ਰਿਤ ਅਮਿਉਂ ਆਪ ਬਰਸਾਈਆ। ਅੱਠਾਂ ਸੱਠਾਂ ਤੀਰਥਾਂ ਪਾਈ ਕੋਈ ਨਾ ਸਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਬੇਅੰਤ ਬੇਅੰਤ ਬੇਅੰਤ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਅਠਸਠ ਕਹਿਣ ਸਾਡੀ ਸਮਝੇ ਨਾ ਕੋਇ ਬਨਾਵਟ, ਘਾੜਤ ਨਜ਼ਰ ਕਿਸੇ ਨਾ ਆਈਆ। ਕਿਸ ਦਵਾਰਿਉਂ ਹੋਈ ਸਖ਼ਾਵਤ, ਪ੍ਰਭੂ ਵਸਤ ਦਿਤੀ ਵਰਤਾਈਆ। ਗ੍ਰੰਥਾਂ ਉਤੇ ਲਿਖੀ ਇਬਾਰਤ, ਅੱਖਰਾਂ ਨਾਲ ਪੜ੍ਹਾਈਆ। ਸਿਫ਼ਤਾਂ ਨਾਲ ਸਫ਼ਾਰਸ਼, ਰਸਨਾ ਨਾਲ ਜਣਾਈਆ। ਬਿਨ ਹਰਿ ਨਿਰੰਕਾਰ ਕਰੇ ਨਾ ਕੋਈ ਵਜ਼ਾਹਤ, ਵਜਹ ਸਚ ਨਾ ਕੋਇ ਸਮਝਾਈਆ। ਆਦਿ ਪੁਰਖ ਅਬਿਨਾਸ਼ੀ ਕਰਤੇ ਸ਼ੰਕਰ ਦੇ ਕੇ ਇਕ ਹਦਾਇਤ, ਹਾਸਲ ਜ਼ਰਬ ਦਿਤਾ ਸਮਝਾਈਆ । ਜਗਤ ਸ੍ਰਿਸ਼ਟੀ ਵੇਖਣੀ ਆਦਤ, ਅਦਲ ਬਦਲ ਲੋਕਾਈਆ। ਜਿਸ ਵੇਲੇ ਪਰਮ ਪੁਰਖ ਪਰਮਾਤਮ ਆਪਣੀ ਸਚ ਲਗਾਏ ਅਦਾਲਤ, ਅਦਲੀ ਹੋ ਕੇ ਵੇਸ ਵਟਾਈਆ। ਚਾਰ ਕੁੰਟ ਕਰਨ ਬਗ਼ਾਵਤ, ਦਹਿ ਦਿਸ਼ਾ ਸ਼ੋਰ ਮਚਾਈਆ। ਕੂੜੀ ਕਿਰਿਆ ਘਰ ਘਰ ਨਜ਼ਰੀਂ ਆਏ ਬਨਾਵਟ, ਸੱਚਾ ਰੰਗ ਨਾ ਕੋਇ ਰੰਗਾਈਆ। ਬਿਨ ਮੰਜ਼ਲੋਂ ਸਾਧਾਂ ਹੋਏ ਥਕਾਵਟ, ਪੈਂਡਾ ਸਕੇ ਨਾ ਕੋਇ ਚੁਕਾਈਆ। ਸਹੀ ਦੇਵੇ ਨਾ ਕੋਈ ਸ਼ਹਾਦਤ, ਸਚ ਸਕੇ ਨਾ ਕੋਇ ਸੁਣਾਈਆ। ਬਾਣੀ ਖਾਣੀ ਦੀ ਹੋਏ ਮਿਲਾਵਟ, ਸਾਬਤ ਰੂਪ ਨਾ ਕੋਇ ਬਣਾਈਆ। ਹਰਿ ਕੀ ਕਰੇ ਨਾ ਕੋਈ ਸ਼ਨਾਖ਼ਤ, ਸ਼ਖ਼ਸੀਅਤ ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖੇ ਥਾਉਂ ਥਾਈਂਆ। ਅਠਸਠ ਤਟ ਤੀਰਥ ਰਹੇ ਰੋ, ਨੀਰ ਵਿਚੋਂ ਨੀਰ ਵਹਾਈਆ। ਬੌਹੜੀ ਸਾਡਾ ਟੁੱਟਾ ਮੋਹ, ਮੁਹੱਬਤ ਚੁੱਕੀ ਲੋਕਾਈਆ। ਸਭ ਕਿਛ ਹਰਿ ਜੀ ਲਿਆ ਖੋਹ, ਖ਼ਾਲੀ ਭਾਂਡੇ ਦਿਤੇ ਕਰਾਈਆ। ਸਦੀ ਵੀਹਵੀਂ ਹੋਇਆ ਧਰੋਹ, ਦਰੋਹੀ ਨਾਮ ਖ਼ੁਦਾਈਆ। ਅੰਦਰ ਵੜ ਦਰਵਾਜ਼ਾ ਲਿਆ ਢੋ, ਪੜਦਾ ਸਕੇ ਨਾ ਕੋਇ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਤੀਰਥ ਤਟ ਕੱਢਣ ਤਰਲਾ, ਆਪਣਾ ਸੀਸ ਨਿਵਾਈਆ । ਲੋਕਮਾਤ ਦਾ ਭੋਂ ਮਰਲਾ, ਬੀਸ ਇਕੀਸਾ ਵੇਖ ਵਖਾਈਆ। ਸਾਚਾ ਅੱਖਰ ਜਿਸ ਕਲਮਿਉਂ ਬਾਹਰ ਪੜ੍ਹਨਾ, ਸਿਫ਼ਤੀ ਨਾਮਾਂ ਵਿਚੋਂ ਵਡਿਆਈਆ। ਸਾਚੇ ਤਖ਼ਤ ਜਿਸ ਚੜ੍ਹਨਾ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਧੁਰ ਦਾ ਖੇਲ ਜਿਸ ਕਰਨਾ, ਕਰਨੀ ਕਰਤਾ ਕਾਰ ਕਮਾਈਆ। ਜਿਸ ਦੇ ਹੱਥ ਲੱਖ ਚੁਰਾਸੀ ਜੀਣਾ ਮਰਨਾ, ਮਰ ਜੀਵਤ ਰੂਪ ਵਟਾਈਆ। ਜਿਸ ਨੇ ਖਹਿੜਾ ਛੁਡਾਣਾ ਵਰਨਾਂ ਬਰਨਾਂ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਜਿਸ ਨੇ ਕਾਇਆ ਮੰਦਰ ਅੰਦਰ ਵੜਨਾ, ਸਾਢੇ ਤਿੰਨ ਹੱਥ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਅਠਸਠ ਕਹੇ ਮੇਰਾ ਚੁੱਕਿਆ ਪੜਦਾ, ਓਢਨ ਨਜ਼ਰ ਕੋਇ ਨਾ ਆਈਆ। ਕਲਜੁਗ ਅਗਨੀ ਵੇਖ ਸੜਦਾ, ਸਾਂਤਕ ਸਤਿ ਨਾ ਕੋਇ ਬਣਾਈਆ। ਵਹਿੰਦੀ ਧਾਰ ਵੇਖੋ ਹੜ ਦਾ, ਚਪੂ ਲਾ ਨਾ ਕੋਇ ਅਟਕਾਈਆ। ਚਾਰੋਂ ਕੁੰਟ ਤਰਲੇ ਕਰਦਾ, ਤਰਾ ਤਰਾ ਸਮਝਾਈਆ। ਵੇਖੋ ਅੰਤਮ ਕਿਵੇਂ ਮਰਦਾ, ਮੁਰਦੇ ਤਾਰਨਹਾਰਾ ਆਪਣਾ ਮੁਰਦਾ ਰੂਪ ਵਟਾਈਆ। ਲੇਖਾ ਚੁਕਾਵੇ ਲੋਕਮਾਤ ਘਰ ਦਾ, ਖਿੜਕੀ ਕੁੰਡਾ ਬੰਦ ਵਖਾਈਆ। ਅਨੋਖਾ ਖੇਲ ਨਰਾਇਣ ਨਰ ਦਾ, ਨਾਰੀ ਨਰ ਸਮਝ ਸਕੇ ਨਾ ਰਾਈਆ। ਆਦਿ ਜੁਗਾਦਿ ਜੁਗ ਚੌਕੜੀ ਜੋ ਚਾਹੇ ਸੋ ਕਰਦਾ, ਕਰਨਹਾਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਸਮਝਾਈਆ।
ਅਠਸਠ ਕਹਿਣ ਕਾਹਦਾ ਝਗੜਾ, ਸੰਗੀ ਨਜ਼ਰ ਕੋਇ ਨਾ ਆਈਆ। ਜਗਤ ਜੀਵ ਜਹਾਨ ਹੋਇਆ ਪਗ਼ਲਾ, ਮਨ ਮਤ ਬੁਧ ਹੋਈ ਹਲਕਾਈਆ। ਸਾਧ ਸੰਤ ਭੇਵ ਨਾ ਜਾਣੇ ਅਗਲਾ, ਗ੍ਰੰਥ ਪੜ੍ਹ ਪੜ੍ਹ ਰਹੇ ਸੁਣਾਈਆ। ਰਿਖੀ ਮੁਨੀ ਨੇਤਰ ਅੰਧਲਾ, ਲੋਚਣ ਅੱਖ ਨਾ ਕੋਇ ਖੁਲ੍ਹਾਈਆ। ਜਗਤ ਜੋਗੀਸ਼ਰ ਡੰਡੌਤ ਕਰੇ ਕੋਈ ਨਾ ਬੰਦਨਾ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਖੋਲ੍ਹੇ ਭੇਵ ਨਾ ਕੋਈ ਬ੍ਰਹਿਮੰਡਨਾ, ਜੇਰਜ ਅੰਡ ਨਾ ਡੇਰਾ ਢਾਹੀਆ । ਮਹਲ ਵਖਾਵੇ ਨਾ ਕੋਈ ਰੰਗਲਾ, ਕਾਇਆ ਬੰਕ ਜੋਤ ਰੁਸ਼ਨਾਈਆ। ਸ਼ਰਅ ਤੋੜੇ ਕੋਈ ਨਾ ਸੰਗਲਾ, ਪ੍ਰੇਮ ਡੋਰ ਨਾ ਤੰਦ ਬੰਧਾਈਆ। ਕਲਜੁਗ ਅੰਤਮ ਸਭ ਦਾ ਨੀਰ ਪਾਣੀ ਗੰਧਲਾ, ਸਵੱਛ ਸਰੂਪ ਨਾ ਕੋਇ ਬਣਾਈਆ। ਸਦੀ ਚੌਧਵੀਂ ਚਲਦਾ ਫਿਰਦਾ ਹੋਇਆ ਬੰਗਲਾ, ਪੌੜੀ ਡੰਡਾ ਨਾ ਕੋਇ ਉਠਾਈਆ। ਘਨਈਆ ਮਿਲਿਆ ਨਾ ਰਾਸਾਂ ਪਾਵਣਹਾਰਾ ਬਿੰਦਰਾ, ਗੋਪੀਆਂ ਵਾਲਾ ਗੋਪ ਨਜ਼ਰ ਨਾ ਆਈਆ। ਰਾਜਾ ਮਿਲਿਆ ਨਾ ਰਾਜਨ ਇੰਦਰਾ, ਗੌਤਮ ਦਏ ਗਵਾਹੀਆ। ਸਭ ਦਾ ਖ਼ਾਲੀ ਹੋਇਆ ਕਾਇਆ ਪਿੰਜਰਾ, ਤੋਤਾ ਗਨਕਾ ਕਰੇ ਨਾ ਕੋਇ ਪੜ੍ਹਾਈਆ। ਸ੍ਰਿਸ਼ਟ ਸਬਾਈ ਗ਼ਫ਼ਲਤ ਵਿਚ ਆਈ ਗੂੜ੍ਹੀ ਨਿੰਦਰਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਭੇਵ ਜਾਣੇ ਨਾ ਕੋਈ ਜੀਉ ਪਿੰਡ ਦਾ, ਬ੍ਰਹਿਮੰਡ ਨਾ ਕੋਇ ਖੁਜਾਈਆ। ਸਤਿਗੁਰ ਰੂਪ ਅੰਮ੍ਰਿਤ ਸਾਗਰ ਸਿੰਧ ਦਾ, ਸਾਖਿਆਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅਠਸਠ ਲੇਖਾ ਲੋਕਮਾਤ ਮੁਕਾਈਆ।