ਪੁਸਤਕਾਲਾਭਾਗ ੧੭

੨ ਮੱਘਰ ੨੦੨੧ ਬਿਕ੍ਰਮੀ ਜੇਠੂਵਾਲ

ਸਤਿਗੁਰ ਪਰਸਾਦ ਜਿਨ੍ਹਾਂ ਮਿਲਿਆ ਕਾਇਆ ਚੋਲੀ, ਝਲਕ ਝੱਲਿਆਂ ਦਏ ਵਖਾਈਆ। ਅੰਦਰੇ ਅੰਦਰ ਬਦਲ ਦੇਵੇ ਆਪਣੀ ਬੋਲੀ, ਅਨਬੋਲਤ ਰਾਗ ਸੁਣਾਈਆ। ਸਚ ਦਵਾਰਾ ਦੇਵੇ ਖੋਲ੍ਹੀ, ਪੜਦਾ ਸਤਿ ਉਠਾਈਆ। ਬਦਲ ਦੇਵੇ ਕਾਇਆ ਚੋਲੀ, ਚੋਲਾ ਸਾਚਾ ਤਨ ਪਹਿਨਾਈਆ। ਵੇਖ ਵਖਾਣੇ ਸਾਢੇ ਤਿੰਨ ਹੱਥ ਡੋਲੀ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਵਡਿਆਈਆ। ਪਰਸਾਦ ਕਹੇ ਮੇਰਾ ਲੇਖਾ ਲੱਗਾ, ਮਿਲੀ ਮਾਣ ਵਡਿਆਈਆ। ਜਨ ਭਗਤਾਂ ਵਧੇ ਅੱਗਾ, ਪਿਛਲੀ ਰੀਤ ਚੁਕਾਈਆ। ਪੁਰਖ ਅਕਾਲ ਸੱਜਣ ਸਕਾ, ਇਕੋ ਘਰ ਵਖਾਈਆ। ਭੱਜਣਾ ਪਏ ਨਾ ਮਦੀਨਾ ਮੱਕਾ, ਕਾਅਬਾ ਘਰ ਘਰ ਦਏ ਦਰਸਾਈਆ। ਲੇਖ ਚੁਕਾ ਕੇ ਅੱਠਾਂ ਸੱਠਾਂ, ਤੀਰਥ ਤਟਾਂ ਪੰਧ ਮੁਕਾਈਆ। ਪੰਧ ਮੁਕਾ ਕੇ ਚੌਦਾਂ ਹੱਟਾਂ, ਵਿਦਿਆ ਚੌਦਾਂ ਡੇਰਾ ਢਾਹੀਆ। ਹਰਿ ਮਿਲਣ ਦੀਆਂ ਖੋਲ੍ਹ ਕੇ ਅੱਖਾਂ, ਆਖਰ ਭੇਵ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਵਡਿਆਈਆ। ਮਿਲੀ ਵਡਿਆਈ ਚਾਉ ਘਨੇਰਾ, ਪ੍ਰਭ ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਅੰਦਰ ਮੇਰਾ ਡੇਰਾ, ਘਰ ਸਾਚੇ ਦਿਤਾ ਬਹਾਈਆ। ਜਿਥੇ ਢੋਲਾ ਇਕੋ ਤੇਰਾ, ਤੂੰਹੀ ਤੂੰਹੀ ਰਾਗ ਅਲਾਈਆ। ਨਾ ਕੋਈ ਸੰਝ ਨਾ ਸਵੇਰਾ, ਸੰਧਿਆ ਰੂਪ ਨਾ ਕੋਇ ਵਟਾਈਆ। ਨਜ਼ਰੀ ਆਇਆ ਨੇਰਨ ਨੇਰਾ, ਨਿਜ ਘਰ ਬੈਠਾ ਸੋਭਾ ਪਾਈਆ। ਵਸਦਾ ਵੇਖਿਆ ਸਾਚਾ ਖੇੜਾ, ਖਿੜਕੀ ਆਪ ਖੁਲ੍ਹਾਈਆ। ਚੁਕਦਾ ਵੇਖਿਆ ਝੂਠਾ ਝੇੜਾ, ਝਗੜਾ ਦਏ ਮਿਟਾਈਆ। ਗੁਆਂਦਾ ਵੇਖਿਆ ਜਗਤ

ਅੰਧੇਰਾ, ਸਚ ਪਰਕਾਸ਼ ਕਰਾਈਆ। ਸਤਿ ਧਰਮ ਦਾ ਆਇਆ ਵੇਲਾ, ਗੁਰ ਚੇਲਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਪਰਸਾਦ ਕਹੇ ਮੇਰਾ ਅੰਦਰ ਖਾਤ, ਖਾਤਾ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀਆਂ ਗਾਂਦੇ ਗਾਥ, ਢੋਲਿਆਂ ਰਾਗ ਅਲਾਈਆ। ਸਤਿਗੁਰ ਕਿਰਪਾ ਸਤਿ ਆਵੇ ਸਵਾਦ, ਰਸਨਾ ਜਿਹਵਾ ਸਮਝ ਸਕੇ ਨਾ ਰਾਈਆ। ਜਿਸ ਨੇ ਰਚਨਾ ਰਚੀ ਆਦਿ, ਮਧ ਅੰਤ ਵੇਖੇ ਥਾਉਂ ਥਾਈਂਆ। ਸ਼ਬਦ ਅਗੰਮੀ ਵੱਜੇ ਨਾਦ, ਵਿਜੇ ਆਪਣੀ ਲਏ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਪਰਸਾਦ ਕਹੇ ਮੋਹੇ ਮਿਲਿਆ ਅਸਥਾਨ, ਭੂਮਿਕਾ ਇਕ ਵਡਿਆਈਆ। ਜਿਸ ਘਰ ਵਸੇ ਸ੍ਰੀ ਭਗਵਾਨ, ਨਿਰਗੁਣ ਡੇਰਾ ਲਾਈਆ। ਸੋ ਮੰਦਰ ਸਚ ਮਕਾਨ, ਗੁਰੂਦਵਾਰ ਇਕ ਸਮਝਾਈਆ। ਜਿਥੇ ਝੁਲਦਾ ਧਰਮ ਨਿਸ਼ਾਨ, ਕੂੜ ਕੁੜਿਆਰ ਇਕ ਮਿਟਾਈਆ। ਉਥੇ ਮਿਲਦਾ ਇਕ ਗਿਆਨ, ਵਰਨਾਂ ਚਾਰ ਪੜ੍ਹਾਈਆ। ਚੜ੍ਹਾਉਂਦਾ ਸਚ ਬਿਬਾਨ, ਸ਼ਬਦੀ ਰਾਹ ਵਖਾਈਆ। ਭਗਤਾਂ ਦੇਂਦਾ ਦਾਨ, ਸੰਤਾਂ ਗਲੇ ਲਗਾਈਆ। ਗੁਰਮੁਖਾਂ ਕਰ ਪਰਵਾਨ, ਗੁਰਸਿਖਾਂ ਵੇਖ ਵਖਾਈਆ। ਸਖ਼ੀਆਂ ਮਿਲੇ ਸੱਚਾ ਕਾਹਨ, ਬੰਸਰੀ ਨਾਮ ਸੁਣਾਈਆ। ਸਈਆਂ ਸੁਹੇਲਾ ਇਕੋ ਰਾਮ, ਰਮਤਾ ਹੋ ਕੇ ਆਇਆ ਧੁਰ ਦਾ ਮਾਹੀਆ। ਗੁਰਮੁਖ ਵੇਖੇ ਬਾਲ ਅੰਞਾਣ, ਬਾਲੀ ਬੁਧ ਦਏ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਕਰਾਈਆ। ਪਰਸਾਦ ਕਹੇ ਮੈਂ ਵੜ ਕੇ ਅੰਦਰ, ਘਰ ਘਰ ਖ਼ੁਸ਼ੀ ਮਨਾਈਆ। ਸੱਯਦੇ ਕਰਦੇ ਵੇਖੇ ਸੂਰੀਆ ਚੰਦਰ, ਰਵ ਸਸ ਸੀਸ ਨਿਵਾਈਆ। ਭੈ ਵਿਚ ਵੇਖਿਆ ਹੁੰਦਾ ਮਨੂਆ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਦੀਵਾ ਜਗਦਾ ਵੇਖਿਆ ਅੰਧੇਰੀ ਕੰਦਰ, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਸ਼ਰਅ ਦਾ ਤੁਟਦਾ ਵੇਖਿਆ ਸੰਗਲ, ਦੀਨ ਮਜ਼੍ਹਬ ਨਾ ਕੋਇ ਚਤੁਰਾਈਆ। ਝੁਕਦਾ ਵੇਖਿਆ ਮੰਡਲ, ਅੱਖ ਨੈਣ ਸ਼ਰਮਾਈਆ। ਭਗਤਾਂ ਸੁਣਿਆਂ ਇਕੋ ਮੰਗਲ, ਸੋਹੰ ਢੋਲਾ ਰਹੇ ਗਾਈਆ। ਅੱਗੇ ਲੋੜ ਰਹੀ ਨਾ ਜਾਣ ਦੀ ਜੰਗਲ, ਉਜਾੜ ਪਰਬਤ ਨਾ ਕੋਇ ਭੁਆਈਆ। ਸਤਿਗੁਰ ਪ੍ਰੀਤੀ ਸਾਚਾ ਬੰਧਨ, ਬੰਦਗੀ ਵਾਲਾ ਬੰਦਿਆਂ ਵਿਚ ਪਾਈਆ। ਨਾਮ ਭਬੂਤੀ ਲਾ ਕੇ ਚੰਦਨ, ਨੂਰ ਚੰਦ ਕਰੇ ਰੁਸ਼ਨਾਈਆ। ਜੁਗ ਜਨਮ ਦੀ ਟੁਟੀ ਆਇਆ ਗੰਢਣ, ਡੋਰੀ ਆਪਣਾ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਦਇਆ ਕਮਾਈਆ। ਪਰਸ਼ਾਦ ਕਹੇ ਮੈਂ ਪਾਇਆ ਪਿਰ, ਪ੍ਰੀਤਮ ਦਿਤੀ ਵਡਿਆਈਆ। ਜਿਸ ਦੀ ਉਡੀਕ ਰੱਖੀ ਚਿਰ, ਚਰਿਤਰਾਂ ਵਿਚ ਵਕਤ ਲੰਘਾਈਆ। ਦਹਿ ਦਿਸ਼ਾ ਵੇਖਿਆ ਫਿਰ, ਭੱਜ ਭੱਜ ਵਾਹੋ ਦਾਹੀਆ। ਰੂਪ ਨਜ਼ਰ ਨਾ ਆਇਆ ਨਿਰਵੈਰ ਨਿਰ, ਨਿਰੰਕਾਰ ਨਾ ਕੋਇ ਮਿਲਾਈਆ। ਘਰ ਨਾ ਦਿਸਿਆ ਕਿਸੇ ਥਿਰ, ਸਚ ਦਵਾਰ ਨਾ ਕੋਇ ਬਹਾਈਆ। ਕੁਸੰਭੜੇ ਫੁੱਲ ਰਹੇ ਖਿੜ, ਪੰਖੜੀਆਂ ਜੋੜ ਜੁੜਾਈਆ। ਬਿਨ ਸਤਿਗੁਰ ਪੂਰੇ ਦੋ ਜਹਾਨਾਂ ਕੋਈ ਨਾ ਆਵੇ ਧੁਰ ਦੇ ਪਿੜ, ਪਿੰਡਾ ਖ਼ਾਲੀ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ । ਪਰਸਾਦਿ ਕਹੇ ਮੇਰਾ ਅਨੋਖਾ ਲੁਤਫ਼, ਲਤੀਫ਼ਿਆਂ ਵਿਚ ਨਾ ਕੋਇ ਗਿਣਾਈਆ। ਪੁਰਖ ਅਬਿਨਾਸ਼ੀ ਵੰਡਿਆਂ ਮੁਫ਼ਤ, ਮਰਦਿਆਂ ਰਿਹਾ ਜਿਵਾਈਆ । ਗੁਰਮੁਖ ਸਭ ਤੋਂ ਉੱਤਮ ਸ੍ਰੇਸ਼ਟ ਚੁਸਤ, ਜੋ ਬਣਿਆ ਪਾਂਧੀ ਰਾਹੀਆ। ਜਿਸ ਦੀ ਮਹਿੰਮਾ ਅਥਵਾ ਉਸਤ, ਉਸਤਤ ਕਰੇ

ਲੋਕਾਈਆ। ਉਸ ਦੇ ਹੱਥ ਰਖਿਆ ਪੁਸ਼ਤ, ਪਨਾਹ ਦਿਤੀ ਸ਼ਰਨਾਈਆ। ਅੰਦਰੋਂ ਹੰਕਾਰੀ ਮੇਟ ਕੇ ਦੁਸ਼ਟ, ਦ੍ਰਿਸ਼ਟ ਦਏ ਖੁਲ੍ਹਾਈਆ। ਲਹਿਣਾ ਚੁੱਕੇ ਬਾਲਿਸ਼ਤ ਅੰਗੁਸ਼ਤ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦਿਤੀ ਆਪ ਵਡਿਆਈਆ। ਪਰਸ਼ਾਦਿ ਕਹੇ ਮੇਰਾ ਚੁੱਕਿਆ ਲੇਖਾ, ਅਲਖ ਦਿਤੀ ਸਰਨਾਈਆ। ਤਿੰਨਾਂ ਮਿਲ ਕੇ ਕੀਤਾ ਏਕਾ, ਉਸ ਏਕੰਕਾਰ ਵਿਚ ਸਮਾਈਆ। ਸਭ ਦਾ ਅੱਗੋਂ ਮੁਕੇ ਠੇਕਾ, ਬੋਲੀ ਮਾਤ ਨਾ ਕੋਇ ਚੜ੍ਹਾਈਆ। ਨਜ਼ਰੀ ਆਏ ਸੌਹਰਾ ਪੇਕਾ, ਪੇਈਆ ਸੌਹਰਾ ਵੰਡ ਨਾ ਕੋਇ ਵੰਡਾਈਆ। ਹੁਕਮਰਾਨ ਧੁਰ ਦਾ ਨੇਤਾ, ਨਰ ਨਿਰੰਕਾਰ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਭੁੱਲਿਆ ਸ੍ਰਿਸ਼ਟੀ ਚੇਤਾ, ਦ੍ਰਿਸ਼ਟ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪਰਸ਼ਾਦ ਕਹੇ ਮੇਰੀ ਆਸਾ ਪੁੰਨੀ, ਪੂਰਨ ਸਤਿਗੁਰ ਪਾਇਆ। ਗੁਰਮੁਖ ਮਿਲਿਆ ਧੁਰ ਦਾ ਗੁਣੀ, ਗਹਿਰ ਗੰਭੀਰ ਜੋੜ ਜੁੜਾਇਆ। ਜਿਸ ਦੀ ਕਹਾਣੀ ਜੁਗ ਜੁਗ ਸੁਣੀ, ਸੋ ਸਾਹਿਬ ਹੋਏ ਸਹਾਇਆ। ਜਿਸ ਨੂੰ ਗਾਉਂਦੇ ਰਿਖੀ ਮੁਨੀ, ਗੁਰ ਅਵਤਾਰ ਧਿਆਨ ਲਗਾਇਆ। ਜਿਸ ਦੀ ਰਾਗਾਂ ਨਾਦਾਂ ਅੰਦਰ ਧੁਨੀ, ਸ਼ਬਦੀ ਤਾਲ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਹੋਇਆ ਸਹਾਇਆ। ਪਰਸ਼ਾਦਿ ਕਹੇ ਮੇਰਾ ਗਿਆ ਹਉਕਾ, ਹਉਂ ਭਾਵ ਇਕ ਜਣਾਈਆ। ਸਹਾਰਾ ਮਿਲਿਆ ਸਾਚੇ ਨਾਉਂ ਕਾ, ਨਈਆ ਨਾਮ ਦ੍ਰਿਸ਼ਟਾਈਆ। ਭੁਲੇਖਾ ਚੁੱਕਿਆ ਦੂਜੇ ਭਾਉ ਕਾ, ਭਰਮ ਗੜ੍ਹ ਤੁੜਾਈਆ। ਦਰਸ਼ਨ ਕੀਤਾ ਪੂਰੇ ਸ਼ਾਹੋ ਕਾ, ਸ਼ਹਿਨਸ਼ਾਹ ਨਜ਼ਰੀ ਆਈਆ। ਅੱਗੇ ਲੇਖਾ ਰਹੇ ਨਾ ਕਿਸੇ ਕੇ ਦਾਉ ਕਾ, ਕੂੜੀ ਕਿਰਿਆ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਸਮਝਾਈਆ। ਪਰਸਾਦ ਕਹੇ ਮੈਂ ਹੋਇਆ ਪਰਸੰਨ, ਪਰਸੰਤਾ ਨਜ਼ਰੀ ਆਈਆ। ਅੱਖੀ ਵੇਖ ਕੇ ਭਗਤਾਂ ਚਿੰਨ੍ਹ, ਮੇਰੀ ਚਿੰਤਾ ਮੁਖ ਛੁਪਾਈਆ। ਵੱਖਰਾ ਵਿਹਾਰ ਕੀਤਾ ਤਿੰਨ, ਤ੍ਰੈਲੋਕ ਰਹੇ ਜਸ ਗਾਈਆ। ਲੇਖਾ ਕੋਈ ਨਾ ਜਾਣੇ ਭਿੰਨ ਭਿੰਨ, ਭਿੰਨੜੀ ਰੈਣ ਵੱਜੇ ਵਧਾਈਆ। ਕਰ ਕੇ ਖੇਲ ਅਗੰਮੀ ਛਿੰਨ, ਸ਼ਹਿਨਸ਼ਾਹ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਪਰਸ਼ਾਦ ਕਹੇ ਉਹ ਆਇਆ ਅਖ਼ੀਰ, ਆਖ਼ਰ ਮਿਲੀ ਵਡਿਆਈਆ। ਹਰਿ ਜੂ ਬਦਲ ਦਿਤੀ ਤਕਦੀਰ, ਮਿਹਰ ਨਜ਼ਰ ਉਠਾਈਆ। ਬਿਰਹੋਂ ਵਿਛੋੜਾ ਕੱਟ ਕੇ ਪੀੜ, ਧੁਰ ਦਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖ ਤਦਬੀਰ।

੨ ਮੱਘਰ ੨੦੨੧ ਬਿਕ੍ਰਮੀ ਇੰਦਰਪ੍ਰਸਤ ਮਾਰਗ ਅੰਮ੍ਰਿਤਸਰ

ਸੁਣੋ ਸਾਚਾ ਸਚ ਅਭਿਆਸ, ਅੰਤਰ ਆਤਮ ਧਿਆਨ ਲਗਾਈਆ। ਸੇਵਾ ਲਾ ਕੇ ਪਵਣ ਸਵਾਸ, ਸਾਹ ਸਾਹ ਸਮਝਾਈਆ। ਪਰਮ ਪੁਰਖ ਦੀ ਰੱਖ ਕੇ ਆਸ, ਤ੍ਰਿਸਨਾ ਜਗਤ ਮਿਟਾਈਆ। ਨਿਰਗੁਣ ਸਮਝਿਆ ਸਰਗੁਣ ਸਾਥ, ਨਿਰਵੈਰ ਵੇਖ ਵਖਾਈਆ। ਨਾਤਾ ਤੋੜ ਕੇ ਪ੍ਰਿਥਮੀ ਅਕਾਸ਼, ਗਗਨ ਮੰਡਲ ਪੰਧ ਚੁਕਾਈਆ। ਸਦਾ ਸੁਹੇਲਾ ਵਸ ਕੇ ਸਾਥ, ਸੰਗੀ ਇਕ ਜਣਾਈਆ। ਬਿਨ ਮਾਲਾ ਮਣਕੇ ਕੀਤਾ ਜਾਪ,

ਮਨ ਕਾ ਮਣਕਾ ਦਿਤਾ ਭੁਆਈਆ। ਨਾਤਾ ਤੋੜ ਕੇ ਤੀਨੋਂ ਤਾਪ, ਤ੍ਰੈਗੁਣ ਲੇਖ ਮੁਕਾਈਆ। ਸਚ ਦਵਾਰਿਉਂ ਸਿਖੀ ਇਕ ਜਾਚ, ਜਿਸ ਦੀ ਜਾਚਕ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਗ ਅਭਿਆਸ ਇਕੋ ਇਕ ਰਖਾਈਆ। ਅਭਿਆਸ ਕੀਤਾ ਕਾਇਆ ਅੰਤਰ, ਆਤਮ ਰੰਗ ਰੰਗਾਈਆ। ਪਾਰਬ੍ਰਹਮ ਦਾ ਗਾਵਣ ਮੰਤਰ, ਸੋਹਲਾ ਸੱਚਾ ਗਾਈਆ। ਲੇਖ ਚੁਕਾ ਕੇ ਗਗਨ ਗਗਨੰਤਰ ਕੂੜਾ ਪੰਧ ਮੁਕਾਈਆ। ਘਰ ਸਚ ਬਣਾ ਕੇ ਸਾਚੀ ਬਣਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਭਿਆਸ ਇਕੋ ਇਕ ਕਰਾਈਆ । ਸਚ ਅਭਿਆਸ ਰੰਗ ਨਵੇਲਾ, ਘਰ ਵੱਖਰੇ ਆਪ ਕਰਾਈਆ। ਲੇਖ ਚੁਕਾ ਕੇ ਗੁਰੂ ਚੇਲਾ, ਭੇਖ ਨਾ ਕੋਇ ਬਦਲਾਈਆ। ਜਿਸ ਅਭਿਆਸ ਵਿਚੋਂ ਮਿਲਿਆ ਸੱਜਣ ਸੁਹੇਲਾ, ਸਹਿਜ ਸੁਭਾਉ ਨਜ਼ਰੀ ਆਈਆ। ਕਲਜੁਗ ਸੰਤਾਂ ਨਾਲੋਂ ਹੋ ਕੇ ਵੇਹਲਾ, ਪ੍ਰੇਮੀਆਂ ਨਾਲ ਪ੍ਰੇਮ ਵਧਾਈਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਸਚ ਅਭਿਆਸ ਦਾ ਸੱਚਾ ਵੇਲਾ, ਸੋਹਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਭਿਆਸ ਦਿਤਾ ਸਮਝਾਈਆ। ਇਕ ਅਭਿਆਸ ਧੁਰ ਦਰਗਾਹੋਂ ਸਿਖਿਆ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਦਏ ਗਵਾਹੀਆ। ਜਿਸ ਦਾ ਲੇਖ ਸਿਫ਼ਤਾਂ ਵਿਚ ਕਿਸੇ ਨਾ ਲਿਖਿਆ, ਨਿਰਅੱਖਰ ਦਏ ਵਡਿਆਈਆ। ਅਗੰਮੀ ਅਗੰਮ ਪਾਈ ਭਿਛਿਆ, ਮਾਰਗ ਸਚ ਦਿਤਾ ਸਮਝਾਈਆ। ਮੇਰਾ ਮਾਰਗ ਕਿਸੇ ਨਾ ਦਿਸਿਆ, ਜਗ ਨੇਤਰ ਰੋਵਣ ਦੇਣ ਦੁਹਾਈਆ। ਭਗਤਾਂ ਮਾਰਗ ਸਦਾ ਅਨਡਿਠਿਆ, ਰਹਿਬਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਭਿਆਸ ਇਕੋ ਇਕ ਕਰਾਈਆ। ਸਚ ਅਭਿਆਸ ਅੰਦਰ ਕਰਿਆ, ਬਾਹਰੋਂ ਕਰੀ ਨਾ ਕੋਇ ਪੜ੍ਹਾਈਆ। ਪੰਚ ਵਿਕਾਰਾ ਕਾਮ ਕਰੋਧ ਲੋਭ ਮੋਹ ਹੰਕਾਰ ਡਰਿਆ, ਆਸਾ ਤ੍ਰਿਸਨਾ ਮਾਇਆ ਮਮਤਾ ਹਉਮੇ ਹੰਗਤਾ ਮੁਖ ਛੁਪਾਈਆ। ਈੜਾ ਪਿੰਗਲ ਸੁਖਮਨ ਟੇਢੀ ਬੰਕ ਵੇਖੀ ਕਿਰਿਆ, ਸਰ ਸਰੋਵਰ ਖ਼ੁਸ਼ੀਆਂ ਤਾਲ ਸੁਹਾਈਆ। ਕਵਲ ਕਵਲਾ ਫੁੱਲ ਖਿੜਿਆ, ਮਹਿਰਾਬੀ ਮਹਿਤਾਬੀ ਜੋਤ ਰੁਸ਼ਨਾਈਆ। ਨਾਦ ਅਨਾਦੀ ਅਗੰਮੀ ਸੁਣਿਆ, ਤਾਲ ਤਲਵਾੜਾ ਇਕ ਵਖਾਈਆ। ਜਿਸ ਅਭਿਆਸ ਨੂੰ ਕਰਕੇ ਪਿਛੇ ਕੋਇ ਨਾ ਮੁੜਿਆ, ਸਚ ਦਵਾਰੇ ਜਾਵਣ ਚਾਈਂ ਚਾਈਂਆ। ਜਿਸ ਅਭਿਆਸ ਵਿਚ ਰਹੇ ਨਾ ਕੋਇ ਨਿਗੁਰਿਆ, ਪੁਰਖ ਅਕਾਲ ਸਤਿਗੁਰ ਬੇਪਰਵਾਹੀਆ। ਜਿਸ ਦਾ ਮਨ ਇਕੋ ਫ਼ੁਰਨਾ ਫ਼ੁਰਿਆ, ਫ਼ੁਰਨੇ ਵਿਚ ਵੇਖੇ ਸਰਬ ਲੋਕਾਈਆ। ਜਿਸ ਅਭਿਆਸ ਦਾ ਮਾਰਗ ਸਭ ਤੋਂ ਨਿਰਾਲਾ ਤੁਰਿਆ, ਤੁਰੀਆ ਤੁਰਤ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਭਿਆਸ ਇਕ ਵਖਾਈਆ । ਸਚ ਅਭਿਆਸ ਜਗਤ ਕੀਤਾ, ਕਰਮਾਂ ਕਰਨੀ ਨਾਲ ਮਿਲਾਈਆ। ਬਿਨ ਅੱਖਰਾਂ ਵਾਲੀ ਪੜ੍ਹੀ ਗੀਤਾ, ਅੱਠ ਦਸ ਵੱਜੀ ਵਧਾਈਆ। ਬਿਨ ਕੁੰਡਲਾਂ ਵਾਲੀ ਵੇਖੀ ਸੀਤਾ, ਬਿਨ ਮੁੰਦਰਾਂ ਰਾਮ ਨਜ਼ਰੀ ਆਈਆ। ਸਚ ਅਭਿਆਸ ਇਕੋ ਡੀਠਾ, ਜਿਸ ਦੀ ਮੁਰਲੀ ਧੁਨਾਂ ਰਾਗਾਂ ਬਾਹਰ ਰਹੀ ਗਾਈਆ। ਓਸ ਵਿਚੋਂ ਮਿਲਿਆ ਇਕ ਅਤੀਤਾ, ਤ੍ਰੈਗੁਣ ਤ੍ਰੈਭਵਨ ਧਨੀ ਸੋਭਾ ਪਾਈਆ। ਚਾਰ ਵੇਦ ਜਸ ਜਿਸ ਨੇ ਕੀਤਾ, ਛੇ ਸ਼ਾਸਤਰ ਕਰ ਪੜ੍ਹਾਈਆ। ਓਸ ਦਾ ਅਭਿਆਸ ਇਕ ਅਣਡੀਠਾ, ਮਾਰਗ ਨਿੱਕਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਭਿਆਸ ਘਰ ਸਿਖਣ ਕਿਸੇ ਨਾ ਜਾਈਆ। ਸਚ ਅਭਿਆਸ ਮਿਲਿਆ ਕਾਇਆ ਤਨ, ਤਤਵ ਤਤ ਬੂਝ ਬੁਝਾਈਆ।

ਜਗਤ ਵਾਸਨਾ ਮੇਟ ਕੇ ਮਨ, ਮਨੂਆ ਮਣਕਾ ਦਿਤਾ ਉਲਟਾਈਆ। ਪੰਚ ਵਿਕਾਰੇ ਦੇ ਕੇ ਡੰਨ, ਸ਼ਬਦ ਅਗੰਮੀ ਦਿਤਾ ਸੁਣਾਈਆ। ਆਤਮ ਪਰਮਾਤਮ ਮੇਲ ਮਿਲਾ ਕੇ ਕਿਹਾ ਧੰਨ ਧੰਨ, ਵੱਜੀ ਸਚ ਵਧਾਈਆ। ਜਿਸ ਅਭਿਆਸ ਉਤੇ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਬੰਨ੍ਹ, ਪੰਡਤ ਪਾਂਧੇ ਮੁੱਲਾ ਸ਼ੇਖ਼ ਮੁਸਾਇਕ ਜੋਗੀ ਅਭਿਆਸੀ ਜਪੀ ਤਪੀ ਹਠੀ ਸਤੀ ਬੈਠੇ ਧਿਆਨ ਲਗਾਈਆ। ਓਸ ਅਭਿਆਸ ਦੀ ਕਰੇ ਨਾ ਕੋਇ ਅਜ਼ਮਾਇਸ਼, ਪੈਮਾਇਸ਼ ਵਿਚ ਕਦੇ ਨਾ ਆਈਆ। ਜਿਸ ਘਰ ਪਰਮ ਪੁਰਖ ਦੀ ਰਿਹਾਇਸ਼, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਬੈਠਾ ਆਸਣ ਲਾਈਆ। ਓਸ ਮਾਰਗ ਦੀ ਓਸੇ ਤੋਂ ਸਿਖੀ ਹਦਾਇਤ, ਜਿਸ ਦੀ ਹੱਦ ਹਦੂਦ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਿਤੀ ਜਣਾਈਆ। ਸਚ ਅਭਿਆਸ ਪਾਇਆ ਤਨ ਕਾਇਆ, ਚੋਲੀ ਪੰਜ ਤਤ ਰੰਗਾਈਆ। ਕੂੜੀ ਕਿਰਿਆ ਛੁੱਟੀ ਮਾਇਆ, ਮਮਤਾ ਮੋਹ ਮਿਟਾਈਆ। ਅਬਿਨਾਸ਼ੀ ਕਰਤਾ ਨਜ਼ਰੀ ਆਇਆ, ਨਰ ਨਰਾਇਣ ਨੇਤਰ ਅੱਖ ਖੁਲ੍ਹਾਈਆ। ਇਕੋ ਅਭਿਆਸ ਘਰ ਸਾਚੇ ਪਾਇਆ, ਜਿਸ ਦਾ ਲੇਖਾ ਵੇਦ ਵਿਆਸ ਬਿਨਾ ਵਿਦਿਆ ਗਿਆ ਦ੍ਰਿੜਾਈਆ। ਜੋ ਬਿਨ ਪਾਵਾ ਚੂਲ ਖਾਟ ਉਤੇ ਡੇਰਾ ਲਾਇਆ, ਸਚ ਸਿੰਘਾਸਣ ਸੋਭਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅਭਿਆਸ ਇਕ ਵਖਾਈਆ। ਬਹੁਤਾ ਕਹਿਣਾ ਬਹੁਤਾ ਚੰਗਾ, ਚੰਗਿਆਂ ਕੋਲ ਚੰਗੀ ਮਿਲੀ ਵਡਿਆਈਆ। ਜਿਉਂ ਰਵਿਦਾਸੇ ਕਸੀਰਾ ਮਿਲਿਆ ਗੰਗਾ, ਕਬੀਰਾ ਸੋਭਾ ਪਾਈਆ। ਸੰਤ ਸਾਜਣ ਧੁਰ ਦੇ ਚੰਦਾ, ਜੋਤ ਨੂਰ ਰੁਸ਼ਨਾਈਆ । ਬੇਸ਼ਕ ਬਾਹਰੋਂ ਪੰਜ ਤਤ ਦਾ ਬੰਦਾ, ਅੰਦਰ ਬੇਪਰਵਾਹੀਆ। ਜੇਕਰ ਖੋਲ੍ਹ ਕੇ ਵੇਖੇ ਆਪਣਾ ਜੰਦਾ, ਕੁੰਜੀ ਸਾਚਾ ਨਾਮ ਲਗਾਈਆ। ਓਥੇ ਇਕੋ ਢੋਲਾ ਇਕੋ ਛੰਦਾ, ਇਕੋ ਗੀਤ ਇਕੋ ਢੋਲਾ ਰਾਮ ਸੁਣਾਈਆ। ਵਿਚ ਸਮਾਵੇ ਪਰਮਾਨੰਦਾ, ਨਿਜਾਨੰਦ ਅਨੰਦ ਵਿਚ ਰਖਾਈਆ। ਸਾਧਾਂ ਨੂੰ ਮਿਲਣਾ ਸਦਾ ਚੰਗਾ, ਮਨਮੁਖਾਂ ਕੋਲੋਂ ਪੱਲੂ ਲੈਣਾ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਖੇਲ ਖਿਲਾਈਆ । ਬਹੁਤਾ ਬੋਲਿਆ ਲਿਖੇ ਚਾਰ ਵੇਦ, ਬਹੁਤੀ ਵਿਦਿਆ ਜਗਤ ਟਿਕਾਈਆ। ਜਿਨ੍ਹਾਂ ਦੇ ਅੰਦਰ ਲੱਖ ਚੁਰਾਸੀ ਦਾ ਭੇਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਚਾਰੇ ਖਾਣੀ ਚਾਰੇ ਬਾਣੀ ਬੈਠੀ ਮੁਖ ਛੁਪਾਈਆ। ਉਹਨਾਂ ਅੰਦਰ ਆਤਮ ਪਰਮਾਤਮ ਦਾ ਜਲਵਾ ਨੂਰੀ ਤੇਜ, ਪਾਰਬ੍ਰਹਮ ਬ੍ਰਹਮ ਵੇਖੇ ਚਾਈਂ ਚਾਈਂਆ। ਬੋਲਣ ਕਾਰਨ ਸਾਧ ਸੰਤ ਲੋਕਮਾਤ ਦੇਵੇ ਭੇਜ, ਭਜਨ ਬੰਦਗੀ ਦੇਣ ਸੁਣਾਈਆ। ਉਹ ਸੌਣ ਨਹੀਂ ਔਂਦੇ ਬਿਸਤਰਿਆਂ ਵਾਲੀ ਸੇਜ, ਤਕੀਆਂ ਨਾਲ ਆਸਣ ਲਾਈਆ। ਉਹ ਦੱਸਣ ਨੇਤਨ ਨੇਤ, ਦੂਰ ਦੁਰਾਡਾ ਘਰ ਘਰ ਵਸੇ ਮਾਹੀਆ। ਇਹੋ ਸੰਤ ਜੀ ਅਨੋਖਾ ਵੱਖਰਾ ਭੇਤ, ਜੋ ਕਾਇਆ ਭਾਂਡੇ ਅੰਦਰ ਦਿਤਾ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਹੁਤਾ ਬੋਲਣਾ ਬੋਲ ਸਚ, ਸਚਿਆਂ ਦਿਤੀ ਵਡਿਆਈਆ। ਬਹੁਤਾ ਬੋਲੋ ਜੇ ਜਗ ਸਚ, ਕੂੜੀ ਰੀਤੀ ਰਹਿਣ ਨਾ ਪਾਈਆ। ਕਲਜੁਗ ਸ੍ਰਿਸ਼ਟ ਜੋ ਰਹੀ ਮੱਚ, ਅਗਨੀ ਤਤ ਜਲਾਈਆ। ਸਚ ਬੋਲਿਆਂ ਮਿਲੇ ਅੰਮ੍ਰਿਤ ਰਸ, ਅੰਮ੍ਰਿਤ ਬਾਣੀ ਨਿਜਰ ਧਾਰ ਵਹਾਈਆ। ਸਚ ਬੋਲਿਆਂ ਮਿਲੇ ਸਮਰਥ, ਜਿਸਦੀ ਮਹਿੰਮਾ ਅਕਥ, ਸ਼ਾਸਤਰ ਸਿਮਰਤ ਵੇਦ ਰਹੇ ਜਸ ਗਾਈਆ। ਓਥੇ ਨਹੀਂ ਬੋਲਣਾ ਜਿਥੇ ਬੰਦਾ ਨਹੀਂ ਜਿਸਦਾ ਨੱਕ ਮੂੰਹ ਨਹੀਂ ਹੱਥ, ਬਿਨ ਤੱਤਾਂ ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਪੁੱਛਣਹਾਰਾ ਸਚ ਦਰ, ਘਰ ਸਾਚਾ ਦਿਓ ਜਣਾਈਆ। ਸਭ ਕੁਛ ਇਸ ਵਿਚ ਜੋ ਗਿਆ ਆ, ਅੱਗੇ ਹੋਰ ਵੀ ਨਜ਼ਰੀ ਆਈਆ। ਜੁਗ ਚੌਕੜੀ ਸੰਤ ਸਤਿਗੁਰ ਬਣੇ ਮਲਾਹ, ਬੇੜਾ ਲੋਕਮਾਤ ਤਰਾਈਆ। ਚੱਪੂ ਨਾਮ ਸਹਾਰਾ ਦੇਵੇ ਲਾ, ਵੰਝ ਮੁਹਾਣਾ ਇਕ ਵਖਾਈਆ। ਸਾਚੇ ਪੌੜੇ ਦੇਵੇ ਚੜ੍ਹਾ, ਮੰਜ਼ਲ ਪਿਛਲੀ ਪੰਧ ਚੁਕਾਈਆ। ਜਿਸ ਦੇ ਵੇਦ ਸ਼ਾਸਤਰ ਬਣਨ ਗਵਾਹ, ਸ਼ਹਾਦਤ ਆਪਣੀ ਰਹੇ ਭੁਗਤਾਈਆ। ਉਸ ਨਾਲ ਚਲੋ ਮਿਲੀਏ ਜਾ, ਜਿਸ ਵਿਚੋਂ ਲੱਖ ਚੁਰਾਸੀ ਵਿਸ਼ਨ ਬ੍ਰਹਮਾ ਸ਼ਿਵ ਰਿਹਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਅਗਲੇ ਘਰ ਵਖਾਈਆ। ਮਾਰਫ਼ਤ ਵਿਚ ਮਿਲੇ ਮਹਿਬੂਬ, ਮੁਹੱਬਤ ਇਕ ਜਣਾਈਆ। ਜਿਸ ਦਾ ਅਰਸ਼ ਕੁਰਸ਼ ਤੋਂ ਉਚਾ ਅਰੂਜ, ਆਸ਼ਰਮ ਇਕ ਸੁਹਾਈਆ। ਜਿਸ ਦਾ ਲੇਖਾ ਆਪਣੀ ਮੰਜ਼ਲੇ ਮਕਸੂਦ, ਸਚ ਦਵਾਰੇ ਦਏ ਵਡਿਆਈਆ। ਸੋ ਸਾਹਿਬ ਸਵਾਮੀ ਸਦਾ ਸਦਾ ਮੌਜੂਦ, ਘਰ ਘਰ ਡੇਰਾ ਲਾਈਆ। ਆਓ ਰਲ ਮਿਲ ਕੇ ਦੋਵੇਂ ਲਈਏ ਢੂੰਡ, ਕਿਥੇ ਬੈਠਾ ਮੁਖ ਛੁਪਾਈਆ। ਕੀ ਉਹ ਲੜਨ ਵਾਲਾ ਭਰਿੰਡ ਹੈ ਕੇ ਭੂੰਡ, ਡੰਗ ਕਿਥੋਂ ਦੇਵੇ ਚੁਭਾਈਆ। ਕਿਥੋਂ ਆਪਣਾ ਬਦਲ ਦੇਵੇ ਖ਼ੂਨ, ਕਤਲਗਾਹ ਪਰਗਟਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਗੌਂਦੇ ਮਜ਼ਮੂਨ, ਮੁਜੱਸਮ ਚਸ਼ਮ ਕਸਮ ਖਾ ਕੇ ਦਿਓ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਕਾਇਆ ਮੰਦਰ ਖੋਜ ਖੁਜਾਈਆ। ਸੰਸਾਰੀ ਨਾਮ ਜਗਤ ਪੂਰਨ, ਸਿੰਘ ਮਿਲੀ ਵਡਿਆਈਆ। ਦੂਜਾ ਨਾਮ ਦੂਰ ਦੂਰਨ, ਜ਼ਿਮੀਂ ਆਸਮਾਨਾਂ ਪਰੇ ਡੇਰਾ ਲਾਈਆ। ਸੱਚਾ ਨਾਮ ਹਾਜ਼ਰ ਹਜ਼ੂਰਨ, ਸਨਮੁਖ ਹੋ ਕੇ ਆਪਣਾ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਾਲ ਨਾਮ ਦਏ ਵਡਿਆਈਆ।

੨ ਮੱਘਰ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਵਿਸ਼ਨੂੰ ਉਠ ਸ਼ਬਦੀ ਮੁੰਡੇ, ਆਪਣੀ ਅੱਖ ਖੁਲ੍ਹਾਈਆ। ਸਚ ਭੰਡਾਰ ਦੇ ਖੋਲ੍ਹ ਕੁੰਡੇ, ਭਗਤਾਂ ਦੇ ਵਰਤਾਈਆ। ਪਹਿਲੇ ਭਗਤ ਬਣੇ ਰਹੇ ਗੁੰਗੇ, ਹੁਣ ਕੂਕ ਕੂਕ ਸੁਣਾਈਆ। ਸਾਥੋਂ ਦਿਤੇ ਨਹੀਂ ਜਾਣੇ ਤੇਰੇ ਭੁੱਗੇ, ਹਿੱਸੇ ਵੰਡ ਨਾ ਕੋਇ ਵੰਡਾਈਆ। ਜਗਤ ਤ੍ਰਿਸ਼ਨਾ ਨੰਗੇ ਭੁੱਖੇ, ਦੁਖੀ ਰਹੇ ਕੁਰਲਾਈਆ। ਜੇ ਤੇਰੇ ਘਰ ਨਾ ਮਿਲੇ ਸੁਖੇ, ਸਾਂਤਕ ਸਤਿ ਨਾ ਕੋਇ ਵਰਤਾਈਆ। ਕਾਹਨੂੰ ਪਾਇਆ ਜਨਣੀ ਕੁੱਖੇ, ਮਾਣਸ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਰਿਹਾ ਸੁਣਾਈਆ। ਵਿਸ਼ਨੂੰ ਵੇਖ ਭਗਤ ਕੀ ਕਹਿਣ, ਤੇਰੀ ਕਰਨੀ ਰਹੇ ਜਣਾਈਆ। ਜਗਤ ਦੁੱਖ ਦਾ ਭਾਣਾ ਸਹਿਣ, ਸੁਖ ਸਤਿ ਬੈਠੇ ਵਿਚ ਛੁਪਾਈਆ। ਮੈਂ ਵੀ ਵੇਖ ਕੇ ਆਪਣੇ ਨੈਣ, ਕੰਨੀ ਰਿਹਾ ਕਤਰਾਈਆ। ਉਹ ਮੰਗਣ ਆਪਣਾ ਲਹਿਣ, ਲਹਿਣੇਦਾਰ ਝੋਲੀ ਡਾਹੀਆ। ਹੁਣ ਦੇਣਾ ਪੈਣਾ ਦੇਣ, ਦੇਵਣਹਾਰ ਰਿਹਾ ਸਮਝਾਈਆ। ਸੁਣ ਕੇ ਸੁਨੇਹਾ ਚੌਦਾਂ ਰਤਨਾਂ ਵਿਚੋਂ ਰੋ ਪਈ ਕਾਮਧੇਨ, ਨੇਤਰ ਨੈਣਾਂ ਨੀਰ ਵਹਾਈਆ। ਦੁਹਾਈ ਪੌਂਦਾ ਆ ਗਿਆ ਸੈਣ, ਕਬੀਰਾ ਨਾਲ ਕੁਰਲਾਈਆ । ਬੈਣੀ ਨੇਤਰ ਨੀਰ ਵਹਾਵੇ ਨੈਣ, ਛਹਿਬਰ ਇਕੋ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਰਿਹਾ ਸੁਣਾਈਆ ।

ਸ੍ਰੀ ਭਗਵਾਨ ਮਾਰੇ ਦਾਬਾ, ਵਿਸ਼ਨੂੰ ਅੱਖ ਖੁਲ੍ਹਾਈਆ। ਉਠ ਵੇਖ ਆਪਣਾ ਅਗਲਾ ਛਾਬਾ, ਪਿਛਲਾ ਪਿਛੇ ਦੇ ਹਟਾਈਆ। ਸੂਮਾਂ ਵਿਚੋਂ ਸੂਮ ਦੁਆਬਾ, ਅੱਗੇ ਸ਼ਾਹ ਦੇ ਵਖਾਈਆ। ਸ਼ਾਹਾਂ ਵਿਚੋਂ ਸ਼ਾਹ ਮਾਝਾ, ਮਜਲਸ ਇਕ ਲਗਾਈਆ। ਮਜਲਸ ਵਿਚੋਂ ਆਈ ਆਵਾਜ਼ਾ, ਗੋਬਿੰਦ ਰਾਗ ਅਲਾਈਆ। ਗੋਬਿੰਦ ਦਾ ਉਹ ਸੱਚਾ ਸਾਕਾ, ਸੱਜਣ ਇਕ ਅਖਵਾਈਆ। ਜਿਸ ਨੂੰ ਲੋਕੀਂ ਕਹਿੰਦੇ ਆਕਾ, ਰਾਜ ਰਾਜਾਨ ਵਡਿਆਈਆ। ਜਿਸ ਦੇ ਘਰ ਗਿਆ ਬਣ ਕੇ ਨਿੱਕਾ ਕਾਕਾ, ਗੇਂਦ ਇਕ ਸੁਟਾਈਆ। ਪਿਆਰ ਨਾਲ ਮਿਲੀ ਰਾਣੀ ਬਣਕੇ ਮਾਤਾ, ਮਤਾ ਆਪਣੇ ਨਾਲ ਪਕਾਈਆ। ਇਹੋ ਜੇਹੀ ਮਿਲ ਜਾਏ ਦਾਤਾ, ਵਸਤ ਅਮੋਲਕ ਹੱਥ ਫੜਾਈਆ। ਅੰਤਰ ਆਤਮ ਓਸ ਪਛਾਤਾ, ਅੰਤਰਜਾਮੀ ਵੇਖ ਵਖਾਈਆ। ਸਾਚਾ ਹੁਕਮ ਸੁਣਾਏ ਗਾਥਾ, ਅਗੰਮ ਅਥਾਹ ਦ੍ਰਿੜਾਈਆ। ਸਚ ਪਕਵਾਨ ਜੋ ਤੁਸਾਂ ਖਾਦਾ, ਖ਼ਾਲਸ ਦਿਓ ਵਖਾਈਆ। ਚਨਿਆਂ ਭਰਿਆ ਇਕੋ ਬਾਟਾ, ਰਾਜਿਆਂ ਘਰੋਂ ਵਸਤ ਇਕੋ ਨਜ਼ਰੀ ਆਈਆ। ਗੋਬਿੰਦ ਕਿਹਾ ਨਾਲ ਹਾਸਾ, ਹੌਲੀ ਜਹੀ ਸਮਝਾਈਆ। ਮੈਂ ਵਿਚੋਂ ਖਾਣਾ ਇਕੋ ਮਾਸ਼ਾ, ਤੋਲਾ ਛਟਾਂਕ ਹੱਥ ਨਾ ਕੋਈ ਉਠਾਈਆ। ਇਸਦੇ ਵਿਚ ਖੇਲ ਤਮਾਸ਼ਾ, ਅਜਬ ਗਿਆ ਸਮਝਾਈਆ। ਰਾਣੀ ਕਹੇ ਮਿੱਠੀਆਂ ਬਾਤਾਂ, ਪ੍ਰੇਮ ਪਿਆਰ ਵਡਿਆਈਆ । ਗੋਬਿੰਦ ਕਿਹਾ ਸੁਣ ਮਾਤਾ, ਸਚ ਦਿਆਂ ਸਮਝਾਈਆ। ਸ਼ਬਦੀ ਹੋ ਕੇ ਜੋੜਾਵਾਂ ਨਾਤਾ, ਮਾਤਾ ਕੁੱਖ ਗੁਜਰੀ ਇਕੋ ਵਾਰ ਇਕ ਸੁਹਾਈਆ। ਕਲਜੁਗ ਅੰਤਮ ਬਦਲਾਂ ਸਾਕਾ, ਸਾਕੀ ਆਪਣੀ ਨਾਲ ਮਿਲਾਈਆ। ਪੰਜ ਤਤ ਖੇਲ ਕਾਇਆ ਮਾਟੀ ਖ਼ਾਕਾ, ਖ਼ਾਲਸ ਆਪਣਾ ਰੰਗ ਵਖਾਈਆ। ਤੇਰੇ ਚਣਿਆਂ ਪਿਛੇ ਅੱਗੇ ਭਗਤਾਂ ਦਾ ਕਟ ਦਏ ਫ਼ਾਕਾ, ਫੱਕੇ ਮਾਰਨ ਵਾਲੇ ਸਾਰੇ ਦਏ ਬਣਾਈਆ। ਕਿਰਪਾ ਕਰੇ ਬਹੁ ਬਿਧ ਭਾਂਤਾ, ਭਾਗ ਸੁਭਾਗ ਸਭਦੀ ਝੋਲੀ ਪਾਈਆ। ਅੰਦਰ ਬਾਹਰ ਗੁਪਤ ਜ਼ਾਹਰ ਦੂਰ ਨੇੜੇ ਸੁਣਨਹਾਰਾ ਆਵਾਜ਼ਾਂ, ਆਦਿ ਜੁਗਾਦਿ ਜੁਗ ਚੌਕੜੀ ਧਿਆਨ ਲਗਾਈਆ। ਅੱਗੇ ਪੈਣ ਨਾ ਦੇਵੇ ਨਾਗਾ, ਵਸਤ ਅਮੋਲਕ ਘਰ ਘਰ ਗੋਲਕ ਵਿਚ ਟਿਕਾਈਆ। ਸ਼ਬਦ ਡੋਰ ਦਾ ਸੱਚਾ ਤਾਗਾ, ਸਾਚੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਿਸ਼ ਆਪਣੀ ਦਏ ਕਰਾਈਆ। ਬਖ਼ਸ਼ਿਸ਼ ਵਿਚ ਰਾਜਨ ਰਾਜ, ਰਾਜ ਨਰਾਇਣ ਦਇਆ ਕਮਾਇੰਦਾ। ਜਿਸ ਨੇ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਦਲ ਦੇਣਾ ਸਮਾਜ, ਸਾਜਣ ਆਪਣਾ ਫੇਰਾ ਪਾਇੰਦਾ। ਜਿਸ ਭੁੱਖੇ ਨੰਗੇ ਕੋਝੇ ਕਮਲੇ ਕਰਨੇ ਆਪ ਆਬਾਦ, ਸਾਚੇ ਮੰਦਰ ਤੇਰੇ ਹੁਜਰੇ ਦਏ ਸੁਹਾਈਆ। ਜਿਸ ਨੇ ਰਸਨਾ ਜੇਹਵਾ ਬੱਤੀ ਦੰਦ ਦੇਣੇ ਸਵਾਦ, ਭੋਜਨ ਯੋਜਨ ਵਿਚ ਨਜ਼ਰੀ ਆਈਆ। ਵਿਸ਼ਨੂੰ ਕੋਲੋਂ ਭੰਡਾਰੇ ਲੇਵੇ ਕਾਢ, ਹੁਕਮੀ ਹੁਕਮ ਸੁਣਾਈਆ। ਗ਼ਰੀਬ ਨਿਮਾਣਿਆਂ ਦੇ ਕੇ ਦਾਤ, ਝੋਲੀ ਲੋਕਮਾਤ ਭਰਾਈਆ। ਪਰਲੋਕ ਵੱਖਰੀ ਇਕ ਸੁਗ਼ਾਤ, ਜੋ ਮਿਹਰਵਾਨ ਮਿਹਰ ਨਜ਼ਰ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਅਖਵਾਈਆ। ਭੁੱਖ ਨੰਗ ਉਠ ਉਠ ਨੱਠੇ, ਸਚ ਦਵਾਰੇ ਰਹਿਣ ਨਾ ਪਾਈਆ। ਵਾਹੋ ਦਾਹੀ ਜਾਂਦੀ ਡਿੱਗੇ ਢੱਠੇ, ਨੇਤਰ ਨੈਣਾਂ ਨੀਰ ਵਹਾਈਆ । ਕਿਧਰੋਂ ਜੁਗ ਜਨਮ ਦੇ ਵਿਛੜੇ ਹੋਏ ਇਕੱਠੇ, ਪਟਨੇ ਵਾਲੇ ਪਟੇ ਰਹੇ ਲਿਖਾਈਆ। ਪਿਛਲੇ ਲੇਖੇ ਸਭ ਦੇ ਡੂੰਘੇ ਖਾਤੇ ਸੁੱਟੇ, ਅੱਗੇ ਧੁਰ ਦਾ ਹੱਟ ਖੁਲ੍ਹਾਈਆ। ਸਤਿਗੁਰ ਦਾ ਤੋਲ ਕੋਈ ਨਾ ਤੋਲੇ ਵੱਟੇ, ਧੜੀ ਸੇਰ ਪਸੇਰੀ ਪਾਸਾ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਕਹੇ ਵੇਖ ਵਿਸ਼ਨ ਭੰਡਾਰੀ, ਵਿਸ਼ਨ ਹਰਿ ਜਣਾਇੰਦਾ।

ਚਾਰੋਂ ਕੁੰਟ ਦਿਸੇ ਖੁਆਰੀ, ਹਾਹਾਕਾਰ ਸਰਬ ਸੁਣਾਇੰਦਾ। ਨੇਤਰ ਰੋਵੇ ਨਰ ਨਾਰੀ, ਧੀਰਜ ਧੀਰ ਨਾ ਕੋਇ ਰਖਾਇੰਦਾ। ਭੁਖਿਆਂ ਭੁੱਖ ਨਾ ਜਾਏ ਸਹਾਰੀ, ਦੁਖੀਆਂ ਦੁੱਖ ਨਾ ਕੋਇ ਮਿਟਾਇੰਦਾ। ਸਾਚਾ ਮਿਲੇ ਨਾ ਕੋਈ ਵਣਜਾਰਾ ਹੱਟ ਪਸਾਰੀ, ਅਤੋਟ ਅਤੁਟ ਵਸਤ ਝੋਲੀ ਕੋਇ ਨਾ ਪਾਇੰਦਾ। ਜਨ ਭਗਤ ਸੁਹੇਲੇ ਰਹੇ ਪੁਕਾਰੀ, ਕੂਕਾਂ ਨਾਲ ਸਰਬ ਸੁਣਾਇੰਦਾ। ਪ੍ਰਭੂ ਜਿਨ੍ਹਾਂ ਦੀ ਲੱਗੀ ਤੇਰੇ ਨਾਲ ਯਾਰੀ, ਯਰਾਨਾ ਇਕੋ ਘਰ ਵਖਾਇੰਦਾ। ਉਨ੍ਹਾਂ ਦੇ ਅੰਦਰੋਂ ਕੱਟ ਉਹ ਬੀਮਾਰੀ, ਜਿਸ ਦਾ ਬੀਮਾ ਸਮਝ ਕੋਇ ਨਾ ਆਇੰਦਾ। ਜੇ ਬਖ਼ਸ਼ੇ ਤੇ ਪ੍ਰੇਮ ਖ਼ੁਮਾਰੀ, ਪ੍ਰੀਤਮ ਆਪਣਾ ਰੰਗ ਵਖਾਇੰਦਾ। ਤੂੰ ਦਾਤਾ ਵਡ ਦਰਬਾਰੀ, ਨਰ ਨਿਰੰਕਾਰੀ ਸੋਭਾ ਪਾਇੰਦਾ। ਤੇਰਾ ਖੰਡਾ ਸ਼ਬਦ ਤੇਜ ਕਟਾਰੀ, ਸਾਚਾ ਘਾਉ ਘਾਇਲਾਂ ਤਿੱਖਾ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਧੁਰ ਦਾ ਲੇਖਾ ਆਪ ਜਣਾਇੰਦਾ। ਵਿਸ਼ਨੂੰ ਕਹੇ ਪ੍ਰਭ ਦੇ ਉਹ ਕੁੰਜੀ, ਜਿਹੜੀ ਕੰਜੂਸ ਬਣ ਕੇ ਆਪਣੇ ਹੱਥ ਛੁਪਾਈਆ। ਮੈਂ ਦੇਵਾਂ ਉਹ ਪੂੰਜੀ, ਜਿਸ ਦੀ ਪੁਜਾਰਨ ਜਗਤ ਲੋਕਾਈਆ। ਖੇਲ ਚੁੱਕੇ ਤੂੰ ਮੈਂ ਦੀ, ਮੈਂ ਤੂੰ ਇਕੋ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਵਿਸ਼ਨੂੰ ਸੁਣ ਇਹ ਕੁੰਜੀ ਰੱਖੀ, ਚਾਰ ਜੁਗ ਹੱਥ ਨਾ ਕਿਸੇ ਫੜਾਈਆ। ਕਾਹਨ ਰਾਸਾਂ ਪਾ ਕੇ ਗਿਆ ਨਾਲ ਸਖ਼ੀ, ਸਖ਼ੀਆਂ ਮੰਗਲਾਚਾਰ ਸੁਣਾਈਆ। ਰਾਮ ਸੀਤਾ ਦਾ ਬਣ ਕੇ ਪਤੀ, ਜੰਗਲਾਂ ਵਿਚ ਭੁਆਈਆ। ਮੂਸਾ ਮੂੰਹ ਦੇ ਭਾਰ ਸੁੱਟੀ, ਮਦਹੋਸ਼ ਦਿਤਾ ਕਰਾਈਆ। ਯੂਸਫ਼ ਵਿਕਾ ਕੇ ਉਤੋਂ ਅੱਟੀ, ਕੀਮਤ ਨਾ ਕੋਇ ਪਾਈਆ। ਈਸਾ ਮੰਗ ਮੰਗੇ ਦਰਸ ਦੇਣਾ ਅੱਖੀਂ, ਫੱਟਾ ਫਾਂਸੀ ਗਲ ਲਟਕਾਈਆ। ਮੁਹੰਮਦ ਕਿਹਾ ਮੇਰੀ ਨਰਦ ਨਾ ਪਵੇ ਨੱਟੀ, ਸਾਰ ਪਾਸ਼ਾ ਤੇਰੇ ਹੱਥ ਫੜਾਈਆ । ਨਾਨਕ ਗੋਬਿੰਦ ਕਿਹਾ ਅਸਾਂ ਵੇਖਣਾ ਅਖੀਂ, ਅੱਖ ਪ੍ਰਤੱਖ ਰੂਪ ਵਟਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕਹਿਣ ਸਾਥੋਂ ਭਰੀ ਨਹੀਂ ਜਾਂਦੀ ਚੱਟੀ, ਡੰਨ ਸਹਿਣ ਕੋਇ ਨਾ ਪਾਈਆ। ਤੇਰੀ ਪੜ੍ਹਨੀ ਇਕੋ ਪੱਟੀ, ਪੱਟੇਦਾਰੀ ਦੂਜੀ ਦੇਣੀ ਗਵਾਈਆ। ਪਤਿਪਰਮੇਸ਼ਵਰ ਤੇਰੀ ਕਮਾਈ ਦੀ ਖਾਣੀ ਅਸਾਂ ਖੱਟੀ, ਸਾਨੂੰ ਖੱਟੀ ਕਮਾਉਂਣ ਦੀ ਲੋੜ ਰਹੇ ਨਾ ਰਾਈਆ। ਜੇ ਤੈਥੋਂ ਚਲਣੀ ਨਹੀਂ ਇਹ ਹੱਟੀ, ਕਿਉਂ ਲੱਖ ਚੁਰਾਸੀ ਦਿਤੀ ਬਣਾਈਆ। ਕੀ ਲੋੜ ਸੀ ਇਹ ਘਰ ਘਰ ਜਗਾਉਂਣ ਦੀ ਦੀਵਾ ਬੱਤੀ, ਤੇਰਾ ਨੂਰ ਇਕੋ ਤੇਰੇ ਘਰ ਕਰੇ ਰੁਸ਼ਨਾਈਆ। ਹੁਣ ਵੇਖ ਲੈ ਆਪਣੀ ਅੱਖੀਂ, ਪਲਕਾਂ ਅਪਣੀਆਂ ਉਪਰ ਰਖਾਈਆ। ਤੇਰੇ ਭਗਤਾਂ ਦਾ ਵਾਸ ਕੁਲੀ ਕੱਖੀਂ, ਕੁੱਲੀ ਕੱਖ ਰਹੇ ਕੁਰਲਾਈਆ। ਸਾਨੂੰ ਨਹੀਂ ਪਤਾ ਅੱਗੇ ਕਿਹੋ ਜਿਹੀ ਦੇਵੇ ਗਤੀ, ਏਥੇ ਭਗਤਾਂ ਨੀਂਦ ਨਾ ਆਈਆ। ਕਿਸੇ ਘਰ ਰੋਟੀ ਪੱਕੀ ਕਿਸੇ ਘਰ ਨਹੀਂ ਪੱਕੀ, ਪਕਵਾਨ ਪਿਛੇ ਤੇਰਾ ਨਾਮ ਬੈਠੇ ਭੁਲਾਈਆ। ਤੇਰੇ ਪਿਛੇ ਲੋਈ ਚੱਕੀ ਪੀਹ ਕੇ ਅੱਕੀ, ਰਸੋਈ ਤੇਰੀ ਬੇਪਰਵਾਹੀਆ। ਹੁਣ ਤੇਰੀ ਜੋਤ ਅਕਾਲਣ ਹੋਣੀ ਜੱਟੀ, ਜੱਟਾਂ ਦੇ ਵਸ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਓਹ ਵਿਸ਼ਨੂੰ ਵੇਖ ਜੱਟ ਕਿਰਸਾਣ, ਤੈਨੂੰ ਦਿਆਂ ਸਮਝਾਈਆ। ਜੋਧੇ ਸੂਰਬੀਰ ਬਲਵਾਨ, ਬਲ ਆਪਣਾ ਰਹੇ ਪਰਗਟਾਈਆ। ਨਾਲ ਰਲਾਇਆ ਓਹ ਤਰਖਾਣ, ਜਿਸ ਦਾ ਰੂਪ ਰੰਗ ਨਾ ਕੋਇ ਵਖਾਈਆ। ਵਿਸ਼ਨੂੰ ਤੇਰਾ ਨਾਂ ਲੈ ਕੇ ਫੇਰ ਕਹਿਣ ਭਗਵਾਨ, ਭਾਗਾਂ ਵਾਲਿਆ ਆਪਣੀ ਗੰਢ ਦੇ ਖੁਲ੍ਹਾਈਆ। ਭਗਤਾਂ ਵਰਗੇ ਲੱਭਣੇ ਫੇਰ ਨਹੀਂ ਮਹਿਮਾਨ, ਜੋ ਆਵਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਦੇਵਣਹਾਰ ਵਡਿਆਈਆ। ਵਿਸ਼ਨੂੰ ਕਹੇ ਮੈਨੂੰ ਆਈ ਯਾਦ, ਪ੍ਰਭ ਸਚ ਦਿਆਂ ਸੁਣਾਈਆ। ਨੌ ਸੌ ਚੁਰਾਨਵੇਂ ਚੌਕੜੀ ਪਹਿਲੋਂ ਮਾਰ ਕੇ ਇਕ ਆਵਾਜ਼, ਸਹਿਜ ਨਾਲ ਸਮਝਾਈਆ। ਬੀਸ ਇਕੀਸਾ ਹਰਿ ਜਗਦੀਸਾ ਹੋ ਕੇ ਦੇਵਾਂ ਦਾਜ, ਦੌਲਤ ਇਕ ਵਰਤਾਈਆ। ਜਗਤ ਸਹਾਰਾ ਬਖ਼ਸ਼ ਕੇ ਖਾਜ, ਭੁੱਖ ਨੰਗ ਮਿਟਾਈਆ। ਭੂਪਤ ਭੂਪ ਬਣ ਕੇ ਸ਼ਾਹ ਨਵਾਬ, ਨੌਬਤ ਇਕ ਵਜਾਈਆ। ਜਿਸ ਵਸਤ ਦਾ ਗੁਰਮੁਖ ਲੈਣ ਖ਼ਵਾਬ, ਸੋ ਖ਼ਾਹ ਮਖਾਹ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਬਖ਼ਸ਼ੇ ਦਾਤ, ਪਰਭਾਤ ਪਹਿਲੀ ਚੇਤ ਨਾਲ ਰਲਾਈਆ।

੩ ਮੱਘਰ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਵਡਿਆਈ ਨਾਲੋਂ ਦਰਸ਼ਨ ਚੰਗਾ, ਸਨਮੁਖ ਹੋ ਕੇ ਨਜ਼ਰੀ ਆਈਆ। ਬਿਨਾ ਬੰਦਗੀਉਂ ਤੇਰਾ ਬੰਦਾ, ਬੰਦਨਾ ਵਿਚ ਸੀਸ ਨਿਵਾਈਆ। ਬਖ਼ਸ਼ਿਸ਼ ਕਰ ਉਹ ਅਨੰਦਾ, ਸਚ ਅਨੰਦ ਸਹਿਜ ਸੁਭਾਈਆ। ਤੇਰਾ ਲਾਲ ਕਿਉਂ ਫਿਰੇ ਅੰਧਾ, ਜਗਤ ਅੰਧੇਰ ਜਣਾਈਆ। ਘਰ ਚਾੜ੍ਹ ਦੇ ਆਪਣਾ ਚੰਦਾ, ਜੋਤ ਨੂਰ ਰੁਸ਼ਨਾਈਆ। ਨਿਤ ਨਹੀਂ ਹੁੰਦਾ ਸਾਥੋਂ ਪੈਂਡਾ, ਮੰਜ਼ਲ ਇਕੋ ਵਾਰ ਦੇ ਮੁਕਾਈਆ। ਜੇ ਤੂੰ ਹਰ ਘਟ ਅੰਦਰ ਰਹਿੰਦਾ, ਸਨਮੁਖ ਹੋ ਕੇ ਕੱਟ ਜੁਦਾਈਆ। ਚਰਨ ਕਵਲ ਸਰਨਾਈ ਢਹਿੰਦਾ, ਧੂੜੀ ਖ਼ਾਕ ਰਮਾਈਆ। ਜਿਸ ਪੁਲੀ ਦੇ ਉਤੇ ਬਹਿੰਦਾ, ਉਹ ਸਤਰਾਂ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਾਣ ਵਡਿਆਈਆ। ਉਹ ਪੁਲੀ ਨਹੀਂ ਦੋ ਜਹਾਨਾਂ ਪੁਲ, ਪਤਣ ਬੇਪਰਵਾਹੀਆ। ਜਿਸ ਦੇ ਉਤੇ ਬਹਿ ਕੇ ਤੇਰੇ ਹਿਲਦੇ ਬੁੱਲ, ਰਸਨਾ ਢੋਲਾ ਗਾਈਆ। ਉਸ ਵੇਲੇ ਹੁੰਦਾ ਤੇਰੇ ਕੋਲ, ਸਾਢੇ ਤਿੰਨ ਹੱਥ ਚਾਰੋਂ ਕੁੰਟ ਆਪਣਾ ਪੰਧ ਰਖਾਈਆ। ਸਦ ਵੇਖਦਾ ਰਹਾਂ ਅਡੋਲ, ਗੁਰਮੁਖ ਡੁਲ ਕਦੇ ਨਾ ਜਾਈਆ। ਨਿਰਗੁਣ ਹੋ ਕੇ ਅੰਦਰ ਜਾਵਾਂ ਮੌਲ, ਸਰਗੁਣ ਮੁਖ ਛੁਪਾਈਆ। ਅੱਗੇ ਤੇਰੇ ਨਾਲ ਕੌਲ, ਇਕਰਾਰਨਾਮਾ ਦਿਆਂ ਲਿਖਾਈਆ। ਜਿਸ ਦੀ ਸਮਝ ਨਾ ਪਾਏ ਪੰਡਤ ਪਾਂਧਾ ਰੌਲ, ਖਾਣੀ ਬਾਣੀ ਸਮਝ ਨਾ ਸਕੀ ਰਾਈਆ। ਤੇਰੀ ਜਿੰਦੜੀ ਜੋ ਚਰਨਾਂ ਉਤੋਂ ਦਿਤੀ ਘੋਲ, ਹਉਂ ਵਾਰੀ ਘੋਲ ਘੁਮਾਈਆ। ਬੂਟਾ ਫੁਲਵਾੜੀ ਗੁਲਸ਼ਨ ਜਾਏ ਮੌਲ, ਰੁੱਤ ਬਸੰਤ ਸੁਹਾਈਆ। ਗੱਲਾਂ ਬਾਤਾਂ ਵਾਲਾ ਜਗਤ ਸੱਜਣਾਂ ਨਾਲ ਮਖ਼ੌਲ, ਮੁਖਵਾਕ ਮੁਖਾਰਬਿੰਦ ਲੇਖਾ ਮੁਖ ਵਖਾਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਪੁਲੀ ਕਹੇ ਮੇਰੀ ਇੱਟ ਇੱਟ, ਖ਼ੁਸ਼ੀਆਂ ਰੰਗ ਵਖਾਈਆ। ਰਵਿਦਾਸ ਵੇਲੇ ਦੀ ਉਹ ਚਿਟ, ਤੇਰਾ ਲਹਿਣਾ ਰਹੀ ਮੁਕਾਈਆ। ਜਿਸ ਵੇਲੇ ਨੌ ਕਦਮ ਤੇ ਬੈਠਾ ਵੇਂਹਦਾ ਰਿਹੋਂ ਬਿਟ ਬਿਟ, ਮੱਥੇ ਉਤੇ ਹੱਥ ਟਿਕਾਈਆ। ਓਸ ਵੇਲੇ ਰਵਿਦਾਸ ਨੇ ਦੂਰੋਂ ਪਾਨਹੀ ਤੇਰੇ ਉਤੇ ਦਿਤੀ ਸਿੱਟ, ਟਕਾ ਇਕੋ ਮੰਗ ਮੰਗਾਈਆ। ਨਾਲੇ ਹੌਲੀ ਜਿਹੀ ਫੂੜ੍ਹੀ ਦੇ ਥੱਲੇ ਲੇਖ ਦਿਤਾ ਲਿਖ, ਅੱਖਰ ਇਕੋ ਨਾਲ ਰਲਾਈਆ। ਮੇਰੇ ਬਿਨਾ ਤੈਨੂੰ ਅੱਗੇ ਅਗਲੀ ਮਿਲੇ ਨਾ ਬਿਧ, ਬਿਧਨਾ ਲੇਖ ਨਾ ਕੋਇ ਚੁਕਾਈਆ। ਏਸੇ ਕਰਕੇ ਲਾਲਨ ਤੇਰੀ ਜਿਦ, ਹਰਿ ਕਰਤਾ ਦਏ ਸਮਝਾਈਆ। ਵੇਖ ਬਹਾਨੇ ਨਾਲ ਬਣਾਈ ਬਿਧ, ਚਵਾਨੀ ਇਕੋ ਨਾਲ ਰਲਾਈਆ। ਘਰ ਵਸੇਰਾ ਕਰ ਕੇ

ਤੇਰੇ ਨਿਜ, ਨਿਜ ਆਤਮ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਰਿਹਾ ਟਿਕਾਈਆ। ਇੱਟ ਕਹੇ ਓਏ ਤੂੰ ਕਿਉਂ ਰੋਇਆ, ਮੈਂ ਆਪਣੀ ਕਹਾਣੀ ਦਿਆਂ ਸੁਣਾਈਆ। ਪੂਰਬ ਜਨਮ ਦਾ ਬੀਜ ਬੋਇਆ, ਪੱਥਰਾਂ ਵਿਚੋਂ ਰਿਹਾ ਉਗਾਈਆ। ਲਾਲ ਸਿੰਘ ਨਹੀਂ ਲਾਲ ਸੋਇਆ, ਲਾਲਨ ਸੁੱਤਾ ਆਪ ਉਠਾਈਆ। ਜਗ ਜਨਮਿਆ ਨਹੀਂ ਜਗ ਮੋਇਆ, ਮੋਇਆਂ ਜਨਮ ਰਿਹਾ ਬਦਲਾਈਆ । ਅੱਗੇ ਬੂਟਾ ਅਰਸ਼ੀ ਬੋਇਆ, ਫ਼ਰਸ਼ੀ ਵੇਖ ਵਖਾਈਆ। ਸਨਮੁਖ ਸਾਹਿਬ ਤੇਰੇ ਹੋਇਆ, ਹੋਕਾ ਦੇ ਜਣਾਈਆ। ਮੁਹੱਬਤ ਵਿਚ ਪਿਆਰ ਮੋਹਿਆ, ਮਹਿਬੂਬ ਕਰੀ ਕੁੜਮਾਈਆ। ਕਰੇ ਪਰਕਾਸ਼ ਸਾਚੀ ਲੋਇਆ, ਸਾਢੇ ਤਿੰਨ ਕਰੋੜ ਦਏ ਗਵਾਹੀਆ। ਦੂਰ ਨੇੜੇ ਆਪੇ ਹੋਇਆ, ਕੱਟੇ ਜਗਤ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਣ ਪੜ੍ਹਨ ਦਾ ਝਗੜਾ ਦਏ ਮੁਕਾਈਆ। ਲਿਖਣ ਪੜ੍ਹਨ ਦੀ ਲੋੜ ਰਹੇ ਨਾ ਚਿੱਠੀ, ਚਿੱਠੀ ਰਸੈਣ ਇਕੋ ਦਏ ਵਡਿਆਈਆ। ਖੇਲ ਵਖਾਏ ਉਹ ਅਨਡਿਠੀ, ਘਰ ਬੈਠਿਆਂ ਦੂਰ ਦੁਰਾਡਾ ਨਜ਼ਰੀ ਆਈਆ। ਤੂੰ ਨਾ ਜਾਣਿਆ ਕੀ ਨਾਤਾ ਸੁਰਸਤੀ ਬੀਬੀ, ਬੀਬਿਆਂ ਵਾਂਗ ਦਿਆਂ ਸਮਝਾਈਆ। ਕਿਸੇ ਵੇਲੇ ਉਹ ਮੇਰੀ ਭਤੀਜੀ, ਭਈਆ ਬੇਟੀ ਸੋਭਾ ਪਾਈਆ । ਜਿਸ ਵੇਲੇ ਗੋਬਿੰਦ ਦੀ ਕੀਤੀ ਰੀਝੀ, ਗੋਦੀ ਲਿਆ ਟਿਕਾਈਆ। ਮੈਂ ਉਹਦਾ ਸਦਾ ਕਰੀਬੀ, ਜੋ ਕਿਬਲਿਆਂ ਕਾਅਬਿਆਂ ਵਿਚੋਂ ਬਾਹਰ ਡੇਰਾ ਲਾਈਆ। ਮੇਰਾ ਨਾਮ ਸ਼ਬਦ ਉਹ ਕੁਰਾਨ ਮਜੀਦੀ, ਜਿਸ ਦੀ ਅਲਫ਼ ਹਰਫ਼ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਵਖਾਈਆ। ਬੀਬੀ ਨਹੀਂ ਉਹ ਮੇਰਾ ਬਾਬਲ, ਬਾਵਾ ਨੌ ਜਨਮ ਦਾ ਨਜ਼ਰੀ ਆਇੰਦਾ। ਜਿਸ ਵੇਲੇ ਰੂਪ ਸੀ ਸੁੰਦਰ ਸਾਵਲ, ਕਾਹਨ ਬੰਸਰੀ ਇਕ ਵਜਾਇੰਦਾ। ਜਿਸ ਵੇਲੇ ਰਾਮ ਨੇ ਦਰਸ਼ਨ ਪਾਇਆ ਰਾਵਣ, ਰਾਵਣ ਦਰਸ ਰਾਮ ਆਪਣੇ ਨੈਣ ਤਕਾਇੰਦਾ। ਉਸ ਵੇਲੇ ਏਸ ਨੇ ਪਕੜਿਆ ਦਾਮਨ, ਜੋ ਰਾਵਣ ਦਾ ਨਫ਼ਰ ਅਖਵਾਇੰਦਾ। ਮਿਲਿਆ ਮੇਲ ਪਤਤ ਪਾਵਨ, ਮਿਹਰ ਨਜ਼ਰ ਇਕ ਟਿਕਾਇੰਦਾ। ਸਰਗੁਣ ਬਣਿਆ ਧੁਰ ਦਾ ਜ਼ਾਮਨ, ਨਿਰਗੁਣ ਜੋੜ ਜੁੜਾਇੰਦਾ। ਏਸੇ ਕਰਕੇ ਦਰਸ਼ਨ ਆਹਮਣੋ ਸਾਹਮਣ, ਵਿਛੋੜਾ ਕੋਇ ਰਹਿਣ ਨਾ ਪਾਇੰਦਾ। ਵਿਛੋੜੇ ਅੰਦਰ ਤੇਰਾ ਤੁਰੰਗ, ਪੀਆ ਭੱਜੇ ਵਾਹੋ ਦਾਹੀਆ। ਬੀਬੀ ਨਾਲ ਮਿਲ ਕੇ ਤੈਨੂੰ ਮਿਲੇ ਉਹ ਅਨੰਦ, ਜੋ ਅਨੰਦ ਪਟਣੇ ਵਾਲਿਆਂ ਦਿਤਾ ਵਖਾਈਆ। ਕਿਉਂ ਇਹ ਮਾਲਕ ਖ਼ਾਲਕ ਗੁਜਰੀ ਚੰਦ, ਚੰਦਾਂ ਤੋਂ ਬਾਹਰ ਡੇਰਾ ਲਾਈਆ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਰਿਹਾ ਵਰਤਾਈਆ। ਮੇਰੇ ਪਿਛੇ ਨਹੀਂ ਆਪਣੇ ਕਾਰਨ ਮਾਰਿਆ ਪੰਧ, ਤੇਰਾ ਲਹਿਣਾ ਤੈਨੂੰ ਖਿੱਚ ਲਿਆਈਆ। ਹੁਣ ਤੂੰ ਕਿਉਂ ਨਾ ਪਾਵੇਂ ਡੰਡ, ਤੇਰੇ ਅੰਦਰ ਵੜਿਆ ਬੇਪਰਵਾਹੀਆ। ਜਿੰਨਾਂ ਚਿਰ ਨਾ ਆਉਂਦੀ, ਸੁਰਸਤੀ ਦੇ ਕਿਥੋਂ ਲਿਖੇ ਜਾਂਦੇ ਛੰਦ, ਜਨਮ ਜਨਮ ਦਾ ਭੇਵ ਕੌਣ ਚੁਕਾਈਆ। ਏਹੋ ਸਤਿਗੁਰ ਦਾ ਵੱਡਾ ਫੰਦ, ਬਣ ਕੇ ਫਾਂਦਕੀ ਸਾਰੇ ਰਿਹਾ ਫਸਾਈਆ। ਭੁੱਲ ਕੇ ਨਾ ਕਹਿਣਾ ਜੇਠੂਵਾਲ ਵਿਚ ਬੰਦ, ਬੰਦੀਆਂ ਸਭ ਦੀਆਂ ਰਿਹਾ ਤੁੜਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸਾਰੇ ਜਾਵੇ ਲੰਘ, ਦੋ ਜਹਾਨਾਂ ਚਰਨਾਂ ਹੇਠ ਦਬਾਈਆ। ਜਿਸ ਵੇਲੇ ਦਰਸ਼ਨ ਮੰਗੋ ਨਿਸ਼ੰਗ, ਸਨਮੁਖ ਹੋ ਕੇ ਦਰਸ ਦਿਖਾਈਆ। ਇਹ ਨਿੱਕੀ ਘੁੰਡੀ ਪਹਿਲੋਂ ਤੁੱਟਿਆਂ ਲਏ ਗੰਢ, ਆਪਣਾ ਜੋੜ ਜੁੜਾਈਆ । ਫੇਰ ਵਸੇ ਸਦਾ ਸੰਗ, ਧੁਰ ਮਾਲਕ ਖ਼ੈਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਪੁਲੀ ਵਲੇ ਪੁਲਸਦਾਰ,

ਬਣ ਕੇ ਧਿਆਨ ਲਗਾਈਆ। ਪੁਲੀ ਕਹੇ ਮੈਂ ਦੱਸਾਂ ਗੱਲ, ਪਿਛਲੀ ਕਹਾਣੀ ਦਿਆਂ ਜਣਾਈਆ। ਇਕ ਵਾਰ ਏਥੇ ਰਾਮ ਆਇਆ ਸੀ ਚੱਲ, ਨੇਤਰ ਨੈਣਾਂ ਨੀਰ ਵਹਾਈਆ। ਓਸ ਵੇਲੇ ਇਹਦੇ ਕੋਲ ਸੀ ਵੱਡੀ ਡਲ, ਜਿਸ ਵਿਚ ਬਸੀਅਰ ਡੇਰਾ ਲਾਈਆ। ਇਕ ਪਾਸੇ ਭਰਿਆ ਸੀ ਜਲ, ਜਿਸ ਵਿਚ ਭੀਲਣੀ ਰੂਪ ਸਮਾਈਆ। ਓਥੇ ਨਿਗਾਹ ਮਾਰ ਕੇ ਵੇਖਿਆ ਥੋੜਾ ਪਲ, ਰਾਮ ਅੱਖ ਉਠਾਈਆ। ਓਥੇ ਨਜ਼ਰੀ ਆਇਆ ਕਲਜੁਗ ਕਲ, ਚੌਥਾ ਜੁਗ ਆਪਣਾ ਰੂਪ ਵਟਾਈਆ। ਅੰਧੇਰੇ ਕਿਹਾ ਤੇਰੇ ਮਿਲਣ ਦਾ ਕੀ ਫੱਲ, ਸਚ ਦੇ ਸਮਝਾਈਆ। ਰਾਮ ਕਿਹਾ ਜਿਸ ਵੇਲੇ ਮੇਰੇ ਰਾਮ ਦਾ ਲਾਲ ਆਵੇ ਚੱਲ, ਤੁਹਾਡੇ ਦੁਖੜੇ ਦਏ ਗਵਾਈਆ। ਮੈਂ ਓਸ ਦੇ ਪਿਛੇ ਪਿਛੇ ਓਹਦੇ ਵੱਲ, ਚਾਰੋਂ ਕੁੰਟ ਆਪਣਾ ਫੇਰਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣੇ ਦੇਣੇ ਸਭ ਦੇ ਰਿਹਾ ਚੁਕਾਈਆ। ਪੁਲੀ ਨਹੀਂ ਉਹ ਰਾਮ ਦੀ ਚਰਨ ਧੂੜੀ, ਗੱਦੀਆਂ ਨਾਲੋਂ ਚੰਗੀ ਨਜ਼ਰੀ ਆਈਆ। ਏਸੇ ਕਰ ਕੇ ਤੇਰੇ ਲਈ ਜ਼ਰੂਰੀ, ਜਿਸ ਉਤੇ ਬਹਿ ਕੇ ਨਾਮ ਧਿਆਈਆ। ਇਹਦੀ ਬਿਨ ਕੀਮਤੋਂ ਪੂਰੀ ਕਰਾ ਮਜ਼ਦੂਰੀ, ਵਸਤ ਅਮੋਲਕ ਝੋਲੀ ਪਾਈਆ। ਕੋਈ ਨਾ ਸਮਝਿਉ ਲਾਲ ਸਿੰਘ ਦੀ ਮਗ਼ਰੂਰੀ, ਪਿਛਲਾ ਲਹਿਣਾ ਰਿਹਾ ਮੁਕਾਈਆ। ਇਹ ਦਾਤਨ ਉਹ ਜ਼ਰੂਰੀ, ਜਿਹੜੀ ਰਾਮ ਨਿਸ਼ਾਨੀ ਗਿਆ ਟਿਕਾਈਆ। ਏਸ ਦੀ ਵੇਖੋ ਸਬਰ ਸਬੂਰੀ, ਜੋ ਬਨਾਸਪਤ ਵਿਚ ਹੋ ਕੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਆਸਾ ਕਰੇ ਪੂਰੀ, ਨਿਰਾਸਾ ਰਹਿਣ ਕੋਇ ਨਾ ਪਾਈਆ। ਪੁਲੀ ਕਹੇ ਮੇਰੇ ਥੱਲੇ ਵੇਖੀਂ ਉਹ ਝਾੜੀ, ਲਾਲ ਵੇਖੀ ਧਿਆਨ ਲਗਾਈਆ। ਜਿਸ ਦੇ ਵਿਚ ਇਕ ਉਹ ਅਗੰਮੀ ਧਾਰੀ, ਲਾਲ ਪੀਲੇ ਦੋਵੇਂ ਰੰਗ ਵਟਾਈਆ। ਇਕ ਵਿਆਹੀ ਇਕ ਕਵਾਰੀ, ਸੁਰਤੀ ਸ਼ਬਦੋਂ ਬਾਹਰ ਟਿਕਾਈਆ। ਸ਼ਬਦ ਨਾਲ ਫੇਰ ਸ਼ਬਦੀ ਯਾਰੀ, ਸੁਰਤੀ ਆਪੇ ਅੰਦਰ ਬਹਿ ਬਹਿ ਖ਼ੁਸ਼ੀ ਮਨਾਈਆ । ਤੁਹਾਡੇ ਨਾਲੋਂ ਕਿਹੜੀ ਚੰਗੀ ਯਾਰੀ, ਯਰਾਨੇ ਸਭ ਦੇ ਦਿਤੇ ਤਜਾਈਆ। ਲੇਖਾ ਮੁਕਾ ਕੇ ਗੁਰ ਅਵਤਾਰੀ, ਪੀਰ ਪੈਗ਼ੰਬਰਾਂ ਸਫ਼ਾ ਦਿਤੀ ਉਠਾਈਆ । ਭੱਜਾ ਫਿਰਦਾ ਵਿਸ਼ਨੂੰ ਭੰਡਾਰੀ, ਕੁਮੇਰ ਬੈਠਾ ਧਿਆਨ ਲਗਾਈਆ। ਬ੍ਰਹਮਾ ਕਰੇ ਦੋਏ ਜੋੜ ਨਿਮਸਕਾਰੀ, ਨਿਉਂ ਨਿਉਂ ਲਾਗੇ ਪਾਈਆ। ਸ਼ੰਕਰ ਕਹੇ ਤੇਰੀ ਖ਼ਾਕਸਾਰੀ, ਅੰਗ ਭਬੂਤ ਰਮਾਈਆ। ਤ੍ਰੈਗੁਣ ਮਾਇਆ ਕਹੇ ਮੈਂ ਪਨਿਹਾਰੀ, ਜੁਗ ਜੁਗ ਸੇਵ ਕਮਾਈਆ। ਜਨ ਭਗਤ ਕਹਿਣ ਤੇਰੇ ਨਾਮ ਦੀ ਚੜ੍ਹੇ ਖ਼ੁਮਾਰੀ, ਦੂਜੀ ਲੋੜ ਰਹੇ ਨਾ ਰਾਈਆ। ਵਿਛੋੜਾ ਕੱਟਿਆ ਨਾ ਜਾਵੇ ਬਣ ਕੇ ਵਿਚ ਸੰਸਾਰੀ, ਸੰਸਾਰ ਦੇ ਮਾਲਕ ਤੈਨੂੰ ਲਜਿਆ ਜ਼ਰਾ ਨਾ ਆਈਆ। ਬਿਰਹੋਂ ਵੈਰਾਗਣ ਫਿਰਦੀ ਜੰਗਲ ਜੂਹ ਪਹਾੜੀ, ਟਿੱਲੇ ਪਰਬਤ ਵੇਖੇ ਥਾਉਂ ਥਾਈਂਆ। ਸੁਣ ਪੁਕਾਰ ਹਰਿ ਮੀਤ ਮੁਰਾਰੀ, ਸੱਜਣ ਬੇਪਰਵਾਹੀਆ। ਤੇਰੇ ਨਾਲ ਜੇ ਲੱਗ ਗਈ ਯਾਰੀ, ਕਿਉਂ ਖ਼ੁਆਰੀ ਰਿਹਾ ਜਣਾਈਆ। ਤੂੰ ਧੁਰਦਰਗਾਹੀ ਸੱਚਾ ਦਰਬਾਰੀ, ਦੋ ਜਹਾਨਾਂ ਵੇਖ ਵਖਾਈਆ। ਜੁਗ ਚੌਕੜੀ ਬਣਿਆ ਰਿਹੋਂ ਬੇਇਤਬਾਰੀ, ਤੇਰਾ ਇਤਬਾਰ ਨਾ ਕੋਇ ਰਖਾਈਆ। ਅਛਲ ਛਲ ਤੇਰੀ ਖੇਲ ਨਿਆਰੀ, ਵਲ ਛਲ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਨਿਤ ਨਵਿਤ ਤੇਰਾ ਦਰਸ਼ਨ ਪਾਈਆ । ਪੁਲੀ ਕਹੇ ਵੇਖ ਰੋਂਦੇ ਖਟ ਦਰਸ਼ਨ, ਅੱਠ ਦੱਸ ਧਿਆਨ ਲਗਾਈਆ। ਲਾਲ ਤੇਰੇ ਅੰਤਰ ਵੀ ਉਹ ਤੜਪਣ, ਦਰਦੀਆਂ ਦਰਦ ਰਹੀ ਉਠਾਈਆ । ਪੂਰਬ ਜਨਮ ਦੀ ਸਾਚੀ ਭਟਕਣ, ਭਟਕਿਆਂ ਰਹੀ ਜਲਾਈਆ। ਅੱਗੇ ਰਹੇ ਕੋਇ ਨਾ ਅਟਕਣ,

ਅਟਕ ਵਾਲਾ ਬੰਧ ਦਏ ਤੁੜਾਈਆ। ਆਪ ਆਇਆ ਖੋਟੇ ਖਰੇ ਪਰਖਣ, ਪਰੀਖਿਆ ਆਪਣੇ ਹੱਥ ਜਣਾਈਆ। ਸਤਿ ਸਤਿਵਾਦੀ ਦੇ ਕੇ ਦਰਸ਼ਨ, ਦੀਦ ਈਦ ਚੰਦ ਰੁਸ਼ਨਾਈਆ। ਵਿਛੋੜੇ ਵਾਲੀ ਕੱਟ ਕੇ ਮਰਜ਼ਨ, ਮਰੀਜ਼ ਤਬੀਬ ਆਪਣੇ ਲਏ ਉਠਾਈਆ। ਲੇਖਾ ਜਾਣੇ ਸਰਧਨ ਨਿਰਧਨ, ਨਿਰਵੈਰ ਸਦਾ ਸਹਾਈਆ। ਨਾਤਾ ਜੋੜਿਆ ਪਿਰ ਧਨ, ਸੇਜ ਸੁਹੰਜਣੀ ਦੋਹਾਂ ਇਕੋ ਰੰਗ ਰੰਗਾਈਆ। ਜਿੰਨਾਂ ਚਿਰ ਨਾ ਲਏ ਮੰਨ, ਮਨਸਾ ਮਨ ਹੀ ਵਿਚ ਖਪਾਈਆ। ਏਸੇ ਕਾਰਨ ਬਖ਼ਸ਼ਿਆ ਤਨ, ਤਾਰਨਹਾਰ ਦਇਆ ਕਮਾਈਆ। ਕੋਟ ਜਨਮ ਦਾ ਪਿਛਲਾ ਧਨ, ਦੌਲਤ ਸਾਰੀ ਵੇਖ ਵਖਾਈਆ। ਭੁੱਖਿਆਂ ਨਾਲ ਸੀ ਪਹਿਲੋਂ ਕੰਮ, ਦੁਖੀਆਂ ਨਾਤਾ ਜੋੜ ਜੁੜਾਈਆ। ਇਕੋ ਵਾਰ ਚਾੜ੍ਹ ਦਏ ਸੱਚਾ ਚੰਨ, ਦੋ ਜਹਾਨ ਕਰੇ ਰੁਸ਼ਨਾਈਆ। ਸਭ ਦਾ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਰਸ਼ਨ ਕਹੇ ਪ੍ਰਭ ਬਣ ਵਿਚੋਲਾ, ਵਿਚਲੀ ਘੁੰਡੀ ਦੇ ਖੁਲ੍ਹਾਈਆ। ਸਾਰੇ ਤੈਨੂੰ ਕਹਿੰਦੇ ਗੋਲਾ, ਗੁਝੀ ਰਮਜ਼ ਨਾ ਕਿਸੇ ਸਮਝਾਈਆ। ਜੇ ਕਿਸੇ ਨੂੰ ਸੁਣਾਇਆ ਅੱਖਰਾਂ ਵਾਲਾ ਢੋਲਾ, ਕੋਈ ਓਮ ਕੋਈ ਰਾਮ ਕੋਈ ਕ੍ਰਿਸ਼ਨ ਕੋਈ ਅੱਲਾ ਕੋਈ ਸਤਿਨਾਮ ਕੋਈ ਵਾਹਿਗੁਰੂ ਰਹੇ ਜਣਾਈਆ। ਸਭ ਤੋਂ ਰੱਖ ਕੇ ਆਪਣਾ ਓਹਲਾ, ਪੜਦਾ ਲਿਆ ਛੁਪਾਈਆ । ਪੋਚ ਪਾਚ ਕੇ ਸੋਹਣਾ ਭੜੋਲਾ, ਕੁੰਜੀ ਹੱਥ ਨਾ ਕਿਸੇ ਫੜਾਈਆ। ਵਿਸ਼ਨੂੰ ਕਹੇ ਮੈਂ ਬਾਹਰੋਂ ਬਣਿਆ ਰਿਹਾ ਤੇਰਾ ਤੋਲਾ, ਬਣ ਸੇਵਕ ਸੇਵ ਕਮਾਈਆ । ਅਬਿਨਾਸ਼ੀ ਕਰਤੇ ਹੌਲੀ ਜਿਹੀ ਸੁਣਾਇਆ ਬੋਲਾ, ਅਨਬੋਲਤ ਰਾਗ ਜਣਾਈਆ। ਵਿਸ਼ਨੂੰ ਸੁਣ ਤੇਰਾ ਮੇਰਾ ਅੱਜ ਤੱਕ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਸੇ ਨਾ ਗਾਇਆ ਢੋਲਾ, ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ ਦੇਣ ਦੁਹਾਈਆ। ਹੁਣ ਭਗਤਾਂ ਕੋਲੋਂ ਪਵਾਣਾਂ ਰੌਲਾ, ਹੌਲੀ ਹੌਲੀ ਰਿਹਾ ਉਠਾਈਆ। ਉਹ ਰਵਿਦਾਸ ਦੇ ਘਰ ਦਾ ਇਕ ਚੌਲਾ, ਜਗਤ ਭੰਡਾਰਾ ਵਰਤਾਈਆ। ਅੱਗੇ ਖੇਲ ਕਰੇ ਪ੍ਰਭ ਮੌਲਾ, ਮਿਹਰਵਾਨ ਹੋਏ ਸਹਾਈਆ। ਸੰਕਟ ਕੱਟ ਕੇ ਧਰਨੀ ਧੌਲਾ, ਧਵਲ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਮੇਲ ਮਿਲਾਈਆ। ਪਟਣਾ ਨਹੀਂ ਪ੍ਰਭੂ ਸੁਰਸਤੀ, ਸੁਰਤੀ ਸ਼ਬਦ ਮਿਲਾਈਆ। ਇਕ ਵਾਰ ਰਾਮ ਨੇ ਚੁੱਕੀ ਸੀ ਓਸ ਦੀ ਅਸਥੀ, ਅਰਥੀ ਆਪਣੇ ਕੰਧ ਉਠਾਈਆ। ਏਸੇ ਕਾਰਨ ਬਖ਼ਸ਼ੀ ਧੁਰ ਦੀ ਮਸਤੀ, ਖ਼ੁਮਾਰੀ ਨਾਮ ਚੜ੍ਹਾਈਆ। ਪ੍ਰਭ ਦੀ ਦਾਤ ਸਭ ਤੋਂ ਸਸਤੀ, ਜੋ ਬਿਨ ਪੈਸਿਉਂ ਧੇਲਿਉਂ ਝੋਲੀ ਪਾਈਆ। ਤੇਰੀ ਓਸੇ ਤਰਾ ਬਣਾ ਕੇ ਬਸਤੀ, ਨਗਰ ਖੇੜਾ ਸੋਭਾ ਪਾਈਆ। ਇਹ ਵਿਹਾਰ ਜੁਗਾ ਜੁਗਾਂ ਦਾ ਜੁਗਤੀ, ਜੁਗਤ ਨਾਲ ਵਖਾਈਆ। ਇਸ ਤੋਂ ਵੱਖਰੀ ਪ੍ਰਭੂ ਦੀ ਭਗਤੀ, ਜੋ ਭਗਤਾਂ ਦਿਤੀ ਸਮਝਾਈਆ। ਪ੍ਰਭੂ ਵੀ ਬਣ ਕੇ ਇਨਸਾਨਾਂ ਵਰਗਾ ਵਿਅਕਤੀ, ਵਕਤ ਆਪਣੇ ਹੱਥ ਰਖਾਈਆ। ਆਪਣੀ ਦਾਤ ਹੌਲੀ ਹੌਲੀ ਸਭ ਨੂੰ ਰਿਹਾ ਵਰਤੀ, ਬੇਵਤਨ ਹੋ ਕੇ ਵਤਨ ਵਾਲੀ ਸਭ ਨੂੰ ਰਿਹਾ ਬਣਾਈਆ। ਇਹ ਖੇਲ ਓਸੇ ਘਰ ਦੀ, ਜਿਸ ਦਾ ਮਾਲਕ ਇਕ ਅਖਵਾਈਆ। ਜਿਸ ਦੇ ਕੋਲੋਂ ਦੋ ਜਹਾਨ ਸ੍ਰਿਸ਼ਟੀ ਦ੍ਰਿਸ਼ਟੀ ਡਰਦੀ, ਭੈ ਭਉ ਸਰਬ ਰਖਾਈਆ। ਸਿਰਫ਼ ਗੁਰਮੁਖਾਂ ਆਤਮ ਸੋਹੰ ਢੋਲਾ ਪੜ੍ਹਦੀ, ਤੂੰ ਹੀ ਤੂੰ ਰਾਗ ਅਲਾਈਆ। ਏਸੇ ਕਾਰਨ ਤੁਹਾਡਾ ਦਰਦੀ, ਦਾਦੂ ਦਿਹੁਰੇ ਵਾਲਾ ਦੁਖੀਆਂ ਦੁੱਖ ਮਿਟਾਈਆ। ਚਾਰ ਜੁਗ ਜੇ ਪਿਛਲੇ ਗਵਾਹੀ ਦੇਣ ਪ੍ਰਭੂ ਦੀ ਨਾਮਰਦੀ, ਅੱਗੇ ਮਰਦ ਬਣ ਕੇ ਦਏ ਵਖਾਈਆ। ਉਹ ਪੁਲੀ ਪੁਲੀਆਂ ਨਹੀਂ ਵਰਗੀ, ਵਲਗਣ ਪਿਛਲਾ ਰਹੀ ਪਾਈਆ। ਇਹ ਖੇਲ ਨਰਾਇਣ ਨਰ ਦੀ, ਸਮਝ

ਕਿਸੇ ਨਾ ਆਈਆ। ਗੱਲਾਂ ਬਾਤਾਂ ਨਾਲ ਭੁੱਖ ਮਿਟੇ ਨਾ ਸਰਦੀ, ਗੁਰਮੁਖ ਸਚ ਰਹੇ ਸੁਣਾਈਆ। ਪੂਜਾ ਹੋਵੇ ਨਾ ਸੰਧਿਆ ਸਰਘੀ, ਢੋਲਕ ਛੈਣਾ ਨਾ ਕੋਇ ਖੜਕਾਈਆ। ਪ੍ਰਭੂ ਜੇ ਤੇਰੇ ਘਰ ਵਿਚ ਅੰਧੇਰ ਗਰਦੀ, ਦੁਖੀਆਂ ਦੁੱਖ ਨਾ ਕੋਇ ਵੰਡਾਈਆ। ਸਾਨੂੰ ਲੋੜ ਨਹੀਂ ਏਹੋ ਜੇਹੇ ਪਿਰ ਦੀ, ਜੋ ਸੇਜ ਸੁਹੰਜਣੀ ਨਾ ਦਏ ਸੁਹਾਈਆ। ਇਹ ਮੰਗ ਪੁਰਾਣੀ ਚਿਰਦੀ, ਅੱਜ ਦੀ ਘੜੀ ਦਏ ਗਵਾਹੀਆ। ਏਹੋ ਸੇਜ ਸੱਚੇ ਘਰ ਥਿਰ ਦੀ, ਜਿਥੇ ਪੁਰਖ ਅਕਾਲ ਚਰਨ ਟਿਕਾਈਆ। ਅੰਦਰੇ ਅੰਦਰ ਲੱਠ ਵੇਖੋ ਗਿੜਦੀ, ਗੇੜੇ ਆਪਣੇ ਨਾਲ ਭੁਆਈਆ। ਲਾਲ ਸਿੰਘ ਦੀ ਬੁੱਧੀ ਨਹੀਂ ਸੀ ਭਿੜਦੀ, ਬੁਧੀ ਦਾ ਮਾਲਕ ਆਪਣਾ ਹੁਕਮ ਮਨਾਈਆ । ਅੰਦਰੋਂ ਇਕੋ ਧਾਰ ਕਿਰਦੀ, ਜੋ ਹੌਲੀ ਹੌਲੀ ਰਹੀ ਉਠਾਈਆ। ਉਹ ਬਜਰ ਕਪਾਟੀ ਵਾਲੀ ਗੀਟੀ ਅੱਗੇ ਕਿਵੇਂ ਰਿੜ੍ਹਦੀ, ਸਾਚੇ ਪੜਦੇ ਦਏ ਉਠਾਈਆ । ਜਨਮ ਕਰਮ ਦੀ ਵਿਛੜੀ ਆ ਗਈ ਫਿਰਦੀ ਫਿਰਦੀ, ਫੇਰੀਆਂ ਵਿਚੋਂ ਆਪਣੀ ਫੇਰੀ ਪਾਈਆ। ਇਹ ਕੋਈ ਮਿਸਲ ਮਿਸਾਲ ਨਹੀਂ ਰਾਂਝੇ ਹੀਰ ਦੀ, ਜੋ ਜਗਤ ਯਰਾਨੇ ਯਾਰ ਹੰਢਾਈਆ। ਇਹ ਮੰਗ ਉਸ ਦਰਸ਼ਨ ਤਸਵੀਰ ਦੀ, ਲਾਸ਼ਰੀਕ ਇਕੋ ਨਜ਼ਰੀ ਆਈਆ। ਇਹ ਆਸ ਲਾਲ ਗ਼ਰੀਬ ਦੀ, ਗ਼ਰੀਬਾਂ ਦੇ ਉਠਾਈਆ। ਜੇ ਤੇਰੇ ਕੋਲ ਲੇਖਣੀ ਨਹੀਂ ਨਸੀਬ ਦੀ, ਫਿਰ ਤੇਰੀ ਕੀ ਵਡਿਆਈਆ। ਇਹੋ ਖੇਲ ਪ੍ਰਭੂ ਅਜੀਬ ਦੀ, ਅੰਦਰ ਵੜ ਕੇ ਅਜੇ ਤੱਕ ਨਾ ਦਿਤੀ ਸਮਝਾਈਆ। ਸਾਡੇ ਵੇਂਹਦਿਆਂ ਵੇਂਹਦਿਆਂ ਇਹ ਵੀਹਵੀਂ ਇਕੀਵੀਂ ਸਦੀ ਜਾਏ ਬੀਤਦੀ, ਪਿਛਲੇ ਅਗਲੇ ਚੇਤੇ ਰਹੀ ਕਰਾਈਆ। ਹੁਣ ਲੋੜ ਨਹੀਂ ਗਾਉਣ ਗੀਤ ਦੀ, ਢੋਲਿਆਂ ਰਾਗ ਅਲਾਈਆ। ਚਿੰਤਾ ਚੁੱਕ ਗਈ ਮੰਦਰ ਮਸੀਤ ਦੀ, ਸ਼ਿਵਦਵਾਲੇ ਮੱਠ ਗੁਰੂਦਵਾਰ ਨਜ਼ਰ ਕੋਇ ਨਾ ਆਈਆ। ਇਕੋ ਮੰਗੀ ਮੰਗ ਪ੍ਰੀਤ ਦੀ, ਪ੍ਰੀਤਮ ਆਪਣੇ ਨਾਲ ਜੁੜਾਈਆ। ਮੈਨੂੰ ਲੋੜ ਨਹੀਂ ਆਪਣੇ ਸੀਸ ਦੀ, ਸਤਿਗੁਰ ਤੇਰਾ ਸੀਸ ਤੇਰੀ ਝੋਲੀ ਪਾਈਆ। ਜੇ ਤੇਰੇ ਕੋਲ ਰਹਿਮਤ ਨਹੀਂ ਬਖ਼ਸ਼ੀਸ਼ ਦੀ, ਕਿਉਂ ਸਾਨੂੰ ਲਿਆ ਮਿਲਾਈਆ। ਸਾਨੂੰ ਲੋੜ ਨਹੀਂ ਕਲਮੇ ਹਦੀਸ ਦੀ, ਹਜ਼ਰਤ ਮਿਲ ਆ ਕੇ ਚਾਈਂ ਚਾਈਂਆ। ਇਹ ਮੰਗ ਇਕੋ ਵਾਰ ਪੂਰੀ ਕਰ ਦੇ ਮੰਗੀ ਜੁਝਾਰ ਅਜੀਤ ਦੀ, ਅਜਿੱਤ ਤੇਰੀ ਵਡਿਆਈਆ। ਝੋਲੀ ਭਰ ਦੇ ਭਿਛਿਆ ਭੀਖ ਦੀ, ਭਿਖਿਅਕ ਰਹੇ ਸੁਣਾਈਆ। ਹੁਣ ਲੋੜ ਨਹੀਂ ਤੇਰੀ ਕੋਈ ਵਸੀਅਤ ਦੀ, ਮਿਸਲ ਸਾਚੀ ਦੇ ਵਖਾਈਆ। ਇਹ ਮੰਗ ਅਸਲੀਅਤ ਨੀਚ ਦੀ, ਨੀਚੋਂ ਊਚ ਦੇ ਬਣਾਈਆ। ਤੇਰੇ ਹੁੰਦਿਆਂ ਲੋੜ ਰਹੇ ਕਿਉਂ ਕਿਸੇ ਤਬੀਬ ਦੀ, ਨਾਲ ਰਾਜ ਨਰਾਇਣ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਦਰਸ਼ਨ ਦੇਣ ਦਾ ਚਾਓ ਰਖਾਈਆ। ਬਿਨਾ ਦਰਸ਼ਨ ਦੇ ਦੱਸ ਕਿਹੜਾ ਕੰਮ, ਕੀ ਹਰਿ ਜੂ ਖੇਲ ਕਰਾਇੰਦਾ। ਕੀ ਉਹ ਹੱਡ ਨਾੜ ਮਾਸ ਵਿਚ ਬੰਦ, ਤੱਤਾਂ ਵਿਚ ਡੇਰਾ ਲਾਇੰਦਾ। ਜੋ ਵੇਖ ਨਹੀਂ ਸਕਦਾ ਆਪਣੇ ਚੰਦ, ਪੁਰਖ ਅਕਾਲ ਕਿਉਂ ਅਖਵਾਇੰਦਾ। ਕਿਉਂ ਉਹ ਇੱਟਾਂ ਵਿਚ ਹੋਵੇ ਬੰਦ, ਜੋ ਮਾਲਕ ਘਟ ਘਟ ਅੰਦਰ ਡੇਰਾ ਲਾਇੰਦਾ। ਮਨਸਾ ਵਿਚੋਂ ਆਸਾ ਮੰਗ, ਮਨਸਾ ਵਿਚੋਂ ਭਰਵਾਸਾ ਆਪ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਨੱਚੇ ਵਾਂਗ ਮਲੰਗ, ਮੁਖ ਘੁੰਗਟ ਨਾ ਕੋਇ ਰਖਾਇੰਦਾ।