੩ ਮੱਘਰ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਹਰਿ ਭਗਤਾਂ ਦੇ ਆਦੀ ਮਿਤਰ, ਪ੍ਰਭ ਆਪਣੀ ਲੈ ਅੰਗੜਾਈਆ। ਸਾਚੀ ਧਾਰੋਂ ਆਪੇ ਨਿਕਲ, ਤੁਧ ਜਨਮੇ ਕੋਇ ਨਾ ਪਿਤਾ ਮਾਈਆ। ਰਾਹ ਤੱਕਦੇ ਤੇਰਾ ਇਤਲ ਬਿਤਲ ਸਿਤਲ, ਚਾਰੋਂ ਕੁੰਟ ਧਿਆਨ ਲਗਾਈਆ। ਚੌਦਾਂ ਚੌਦਾਂ ਕਰਕੇ ਜ਼ਿਕਰ, ਜ਼ਾਹਰ ਕਰਨ ਵਡਿਆਈਆ। ਜਗਤ ਅੰਧੇਰੇ ਸਭ ਨੂੰ ਪਿਆ ਫ਼ਿਕਰ, ਫ਼ਿਕਰਾਂ ਵਿਚ ਧਿਆਨ ਲਗਾਈਆ। ਭਗਤ ਕਹਿਣ ਕਿਉਂ ਗਿਆ ਵਿਛੜ, ਸਦ ਵਿਛੜਿਆਂ ਮੇਲ ਮਿਲਾਈਆ । ਤੇਰਾ ਪ੍ਰੇਮ ਸਦਾ ਨਿਰਇੱਛਕ, ਇਛਿਆ ਜਗਤ ਨਾ ਕੋਇ ਵਖਾਈਆ। ਖੜੇ ਸਵਾਲੀ ਦਰ ਤੇ ਭਿਖਿਕ, ਭਿਛਿਆ ਦੇ ਵਰਤਾਈਆ। ਤੱਤਾਂ ਵਾਲਾ ਛੱਡ ਕੇ ਇਸ਼ਟ, ਤੇਰਾ ਨਾਮ ਸਾਲਾਹੀਆ। ਕਿਰਪਾ ਨਿਧਾਨ ਖੋਲ੍ਹ ਦੇ ਦ੍ਰਿਸ਼ਟ, ਦਰਦੀ ਦਰਦ ਵੰਡਾਈਆ। ਤੇਰੇ ਪ੍ਰੇਮ ਪਿਆਰ ਦਾ ਸਾਚਾ ਗ੍ਰਿਹਸਤ, ਆਤਮ ਸੇਜਾ ਮਿਲ ਕੇ ਲਈਏ ਹੰਢਾਈਆ। ਚਰਨਾਂ ਹੇਠਾਂ ਦਬ ਕੇ ਸਵਰਗ ਬਹਿਸ਼ਤ, ਉਪਰ ਤੇਰਾ ਰਾਹ ਤਕਾਈਆ। ਕੀ ਤੈਨੂੰ ਆਦਤ ਸਦਾ ਕਰਾਉਣ ਦੀ ਮਿੰਨਤ, ਖ਼ੁਸ਼ਾਮਦਾਂ ਵਿਚ ਖ਼ੁਸ਼ੀ ਮਨਾਈਆ। ਤੇਰੇ ਵਿਚ ਅਗੰਮੀ ਹਿੰਮਤ, ਹਮ ਸਾਜਨ ਹੋ ਕੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਦੇ ਉਠਾਈਆ। ਪੜਦਾ ਖੋਲ੍ਹ ਠਾਕਰ ਸਵਾਮੀ, ਜਨ ਭਗਤ ਰਹੇ ਜਣਾਈਆ। ਹਰ ਘਟ ਬੈਠਾ ਅੰਤਰਜਾਮੀ, ਅੰਤਸ਼ਕਰਨ ਵੇਖ ਵਖਾਈਆ। ਜੁਗ ਚੌਕੜੀ ਸਿਫ਼ਤਾਂ ਵਾਲੀ ਦੱਸਦਾ ਰਿਹੋਂ ਬਾਣੀ, ਅੱਖਰਾਂ ਨਾਮ ਵਡਿਆਈਆ। ਸੁਰਤੀ ਕਾਇਆ ਮੰਦਰ ਵਿਚ ਬਣਾ ਕੇ ਰਾਣੀ, ਕਰਦਾ ਰਿਹੋਂ ਸਦਾ ਕੁੜਮਾਈਆ। ਅੰਮ੍ਰਿਤ ਬਖ਼ਸ਼ਦਾ ਰਿਹੋਂ ਠੰਡਾ ਪਾਣੀ, ਨਿਜਰ ਧਾਰ ਵਹਾਈਆ। ਸ਼ਬਦ ਮਿਲਾਉਂਦਾ ਰਿਹੋਂ ਹਾਣੀ, ਸੋਹਣੀ ਸੇਜ ਸੁਹਾਈਆ। ਹੁਣ ਭਗਤ ਸੁਹੇਲਾ ਸਖੀ ਰਿਹਾ ਨਹੀਂ ਬਾਲ ਅੰਞਾਣੀ, ਬਾਲੀ ਬੁਧ ਨਾ ਕੋਇ ਵਖਾਈਆ। ਸਾਡੇ ਤੇ ਆਈ ਤਰਲ ਜੁਆਨੀ, ਤਰਾ ਤਰਾ ਰਹੇ ਸਮਝਾਈਆ। ਤੇਰੀ ਰਸਨਾ ਵਾਲੀ ਛੱਡਣੀ ਕਹਾਣੀ, ਬੱਤੀ ਦੰਦ ਨਾ ਕੋਇ ਪੜ੍ਹਾਈਆ ਤੂੰ ਮਾਲਕ ਧੁਰ ਦਾ ਸਾਚਾ ਦਿਲਜਾਨੀ, ਰਹਿਬਰ ਇਕ ਅਖਵਾਈਆ। ਤੇਰਾ ਮੇਲਾ ਵਿਚ ਪੇਸ਼ਾਨੀ, ਚਸ਼ਮ ਤੇਰੀ ਰੁਸ਼ਨਾਈਆ। ਤੇਰਾ ਘਰ ਇਕ ਨੁਰਾਨੀ, ਜੋਤੀ ਜੋਤ ਡਗਮਗਾਈਆ। ਤੇਰਾ ਨਾਉਂ ਸ਼ਹਿਨਸ਼ਾਹ ਸੁਲਤਾਨੀ, ਭੂਪਤ ਭੂਪ ਭੂਪ ਅਖਵਾਈਆ। ਤੇਰਾ ਖੇਲ ਸਦਾ ਕਰਨੀ ਮਿਹਰਵਾਨੀ, ਕਿਉਂ ਬੈਠਾ ਦੇਰ ਲਗਾਈਆ। ਨੇਤਰ ਤੱਕੇ ਅਸ਼ਟਭੁਜ ਆਦਿ ਭਵਾਨੀ, ਅੱਖ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਜਨ ਭਗਤ ਕਹੇ ਕਿਉਂ ਬੈਠਾ ਲੁਕ, ਆਪਣਾ ਆਪ ਛੁਪਾਈਆ। ਜੇ ਤੇਰਾ ਨਾਤਾ ਪਿਉ ਪੁੱਤ, ਪਿਤਾ ਪੂਤ ਲੈ ਬਣਾਈਆ। ਆਪਣੇ ਅੰਗਣ ਓਸ ਗੋਦੀ ਚੁੱਕ, ਜਿਥੇ ਭਾਰ ਲੱਗੇ ਨਾ ਰਾਈਆ। ਝਿੜਕ ਝੰਬ ਕੇ ਪਰੇ ਦੇਵੀਂ ਨਾ ਸੁੱਟ, ਗ਼ੁੱਸੇ ਨਾਲ ਨਾ ਕਦੇ ਡਰਾਈਆ। ਸਾਡੇ ਨਾਲ ਕਦੀ ਨਾ ਬਹੀਂ ਚੁੱਪ, ਭੇਵ ਖੁਲ੍ਹਾਉਂਣਾ ਚਾਈਂ ਚਾਈਂਆ। ਤੇਰੇ ਮਿਲਣ ਦੀ ਲੱਗੀ ਭੁੱਖ, ਅੰਮ੍ਰਿਤ ਜਾਮ ਦੇਣਾ ਪਿਆਈਆ। ਜੇ ਪ੍ਰਭੂ ਤੇਰੇ ਕੋਲ ਨਹੀਂ ਹੈ ਕੁਛ, ਕਿਉਂ ਸ੍ਰੀ ਭਗਵਾਨ ਨਾਮ ਧਰਾਈਆ। ਸੱਚਖੰਡ ਦਵਾਰਿਉਂ ਜਾਹ ਉਠ, ਤੇਰੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇ ਵਡਿਆਈਆ। ਜਨ ਭਗਤ ਕਹੇ ਜੇ ਤੂੰ ਭੁੱਖਾ ਨੰਗਾ, ਕਿਉਂ ਆਪਣੀ ਰੀਤ ਚਲਾਈਆ। ਜੇ ਤੂੰ ਮੰਦਿਉਂ ਬਣਾ ਨਹੀਂ ਸਕਦਾ ਚੰਗਾ, ਚੰਗੀ ਕੀ ਤੇਰੀ ਵਡਿਆਈਆ। ਜੇ ਤੂੰ ਬਿਨਾ ਬੰਦਗੀਉਂ
ਤਾਰ ਨਹੀਂ ਸਕਦਾ ਆਪਣਾ ਬੰਦਾ, ਬੰਧਨ ਨਾ ਸਕੇਂ ਤੁੜਾਈਆ। ਫੇਰ ਤੂੰ ਆਦਿ ਜੁਗਾਦਿ ਰਹੋ ਰੰਡਾ, ਤੇਰਾ ਸੁਹਾਗ ਸੋਭਾ ਕੋਇ ਨਾ ਪਾਈਆ । ਜੇ ਤੂੰ ਦੇ ਨਹੀਂ ਸਕਦਾ ਅੰਤਰ ਆਤਮ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦੇ ਜਣਾਈਆ। ਜਨ ਭਗਤ ਕਹੇ ਵੇਖ ਸਚਖੰਡ ਨਿਵਾਸੀ, ਚਾਰ ਕੁੰਟ ਧਿਆਨ ਲਗਾਈਆ। ਸਾਡੇ ਉਤੇ ਆਈ ਉਦਾਸੀ, ਧੀਰਜ ਧੀਰ ਨਾ ਕੋਇ ਧਰਾਈਆ। ਮਿਲਿਆ ਕੋਈ ਨਾ ਪੰਡਤ ਕਾਸ਼ੀ, ਕਛਿਹਰਿਆਂ ਵਾਲਾ ਪੰਧ ਪਾਰ ਨਾ ਕੋਇ ਕਰਾਈਆ। ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਵਾਟੀ ਪੰਧ ਨਾ ਕੋਇ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਥੱਕੇ ਗਾਥੀ, ਗਾਇਤਰੀ ਮੰਤਰ ਨਾਲ ਮਿਲਾਈਆ। ਬਾਵਨ ਅਖਸ਼ਰ ਬਣਾਂਦੇ ਰਹੇ ਸਵਾਰਥੀ, ਸਵਾਧਾਨ ਨਾ ਕੋਇ ਕਰਾਈਆ। ਧੂਪ ਦੀਪ ਘਿਰਤ ਵਾਲੀ ਕਰਦੇ ਰਹੇ ਆਰਤੀ, ਪਵਣਾਂ ਹਵਣ ਜਣਾਈਆ । ਤੇਰੀ ਸਿਫ਼ਤ ਸੁਣਦੇ ਰਿਹੇ ਹਿੰਦੀ ਉਰਦੂ ਅੰਗਰੇਜ਼ੀ ਫ਼ਾਰਸੀ, ਗੁਰਮੁਖੀ ਜੋੜ ਜੁੜਾਈਆ। ਮੁੱਲਾ ਸ਼ੇਖ਼ ਮੁਸਾਇਕ ਤੇਰੇ ਬਣੇ ਵੇਖੇ ਆੜ੍ਹਤੀ, ਧੜਤ ਵੱਟਿਆਂ ਰਹੇ ਲਗਾਈਆ। ਤੇਰੀ ਸਿਫ਼ਤ ਸੁਣੀ ਲਿਖੀ ਇਬਾਰਤੀ, ਅੱਖਰਾਂ ਨਾਲ ਰਲਾਈਆ। ਗੁਰ ਚੇਲੇ ਤਰਦੇ ਵੇਖੇ ਸਫ਼ਾਰਸ਼ੀ, ਜੁਗ ਜੁਗ ਕਾਰ ਕਮਾਈਆ। ਇਹ ਖੇਲ ਅਗੰਮੀ ਧਾਰ ਦੀ, ਜੋ ਭਗਤਾਂ ਮੰਗ ਮੰਗਾਈਆ। ਇਕ ਸਿਕ ਤੇਰੇ ਦੀਦਾਰ ਦੀ, ਦੂਜੀ ਲੋੜ ਰਹੇ ਨਾ ਰਾਈਆ । ਸਾਨੂੰ ਪ੍ਰੀਤ ਚਾਹੀਏ ਓਸ ਯਾਰ ਦੀ, ਯਾਰਾਨਾ ਲਾ ਨਾ ਮੁਖ ਭੁਆਈਆ। ਮੁਹੱਬਤ ਮਿਲ ਜਾਏ ਓਸ ਗ਼ਮਖ਼ਾਰ ਦੀ, ਜੋ ਗ਼ਮੀ ਖ਼ੁਸ਼ੀ ਵਿਚ ਬਦਲਾਈਆ । ਵਸਤ ਮਿਲ ਜਾਏ ਓਸ ਪਿਆਰ ਦੀ, ਜਿਸ ਪਿਆਰ ਵਿਚੋਂ ਮੁਹੱਬਤ ਲਈ ਪਰਗਟਾਈਆ। ਤੇਰੀ ਗੁਰਮੁਖ ਸਵਾਣੀ ਆਪਣਾ ਆਪ ਸਵਾਰਦੀ, ਸੋਹਣਾ ਰੂਪ ਧਰਾਈਆ। ਮੈਂ ਸੇਜ ਸੁਹਾਉਣੀ ਉਸ ਕੰਤ ਭਤਾਰ ਦੀ, ਜਿਸ ਦਾ ਝੂਲਾ ਨਜ਼ਰ ਕਿਸੇ ਨਾ ਆਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਤੈਨੂੰ ਵਾਜਾਂ ਮਾਰਦੀ, ਤਰਾ ਤਰਾ ਜਣਾਈਆ। ਇਹ ਗੱਲ ਨਹੀਂ ਵਿਚਾਰ ਦੀ, ਬੁਧੀ ਸਮਝ ਨਾ ਸਕੇ ਰਾਈਆ। ਜੇ ਮਿਲਣੀ ਹੋਵੇ ਨਿਰੰਕਾਰ ਦੀ, ਨਾਤੇ ਸਾਰੇ ਦਈਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਜਨ ਭਗਤ ਕਹੇ ਮੈਂ ਤੇਰਾ ਬੱਚਾ, ਬਚਪਨ ਤੇਰੀ ਝੋਲੀ ਪਾਈਆ। ਜੇ ਤੂੰ ਪਿਤਾ ਪੁਰਖ ਅਕਾਲ ਮੇਰਾ ਸੱਚਾ, ਸਚਖੰਡ ਬੈਠਾ ਡੇਰਾ ਲਾਈਆ। ਆ ਕੇ ਚੁੱਕ ਆਪਣੇ ਹੱਥਾਂ, ਸੋਹਣਾ ਪ੍ਰੇਮ ਵਧਾਈਆ। ਫੇਰ ਤੈਨੂੰ ਆਪਣਾ ਦੁਖੜਾ ਹਾਲ ਦੱਸਾਂ, ਦਰਦੀਆ ਦਰਦ ਦਿਆਂ ਜਣਾਈਆ। ਮੈਂ ਰੋਵਾਂ ਬਿਨ ਅੱਖਾਂ, ਬਿਨ ਮੁਖੋਂ ਹੱਸ ਵਖਾਈਆ। ਤੇਰੇ ਭਗਤ ਸਦਾ ਰੁਲੇ ਵਿਚ ਕੱਖਾਂ, ਗੋਦੜੀਆਂ ਡੇਰਾ ਲਾਈਆ। ਫਿਰ ਵੀ ਤੇਰਾ ਗਾਉਂਦੇ ਰਹੇ ਜਸਾ, ਸਿਫ਼ਤੀ ਸਿਫ਼ਤ ਤੇਰੀ ਵਡਿਆਈਆ। ਤੂੰ ਹੋ ਕੇ ਲਾ ਪਤਾ, ਪਤਿਪਰਮੇਸ਼ਵਰ ਆਪਣਾ ਮੁਖ ਛੁਪਾਈਆ। ਜਗਤ ਖੁਆਰੀ ਦੇਂਦਾ ਰਿਹੋਂ ਧੱਕਾ, ਧੱਕੇ ਨਾਲ ਆਪਣੀ ਕਾਰ ਕਮਾਈਆ। ਅਗਲਾ ਬਚਨ ਸੁਣਾਈਏ ਸੱਚਾ, ਸਚ ਦਈਏ ਦ੍ਰਿੜਾਈਆ। ਜੇ ਤੂੰ ਹੈਂ ਪੁਰਖ ਸਮਰਥਾ, ਕਿਉਂ ਕੱਚਿਆਂ ਨਾਲ ਰਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਛੱਡ ਕੇ ਤੈਨੂੰ ਇਕੋ ਟੇਕਿਆ ਮੱਥਾ, ਮਸਤਕ ਭਾਗ ਦੇ ਬਦਲਾਈਆ। ਜਿਹੜਾ ਖ਼ਜ਼ਾਨਾ ਚਾਰ ਜੁਗ ਦਾ ਢਕਾ, ਕੁੰਜੀ ਆਪਣੇ ਹੱਥ ਰਖਾਈਆ। ਸਾਨੂੰ ਸਦਾ ਪਿਆ ਵਿਸ਼ਨੂੰ ਉਤੇ ਸ਼ੱਕਾ, ਸਚ ਦਈਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤ ਕਹਿਣ ਪ੍ਰਭ ਦੇ ਦੇ ਕੁੰਜੀ, ਕੁਫ਼ਲ ਆਪਣਾ ਦੇ ਖੁਲ੍ਹਾਈਆ। ਸਤਿ ਸਚ ਦੀ ਬਖ਼ਸ਼
ਪੂੰਜੀ, ਕਿਉਂ ਬੈਠਾ ਆਪ ਦਬਾਈਆ। ਤੈਨੂੰ ਤਰਸ ਨਹੀਂ ਆਉਂਦਾ ਅਸੀਂ ਥੱਕ ਗਏ ਖਾ ਖਾ ਦਾਲ ਮੂੰਗੀ, ਜਗਤ ਜੁਗ ਤੇਰਾ ਧਿਆਨ ਲਗਾਈਆ । ਹੁਣ ਰਸਨਾ ਸਾਡੀ ਰਹਿਣੀ ਨਹੀਂ ਗੂੰਗੀ, ਗਹਿਰ ਗਵਰ ਦਈਏ ਜਣਾਈਆ। ਸਾਥੋਂ ਸਾਭੀਂ ਨਹੀਂ ਜਾਂਦੀ ਮਿਰਚਾਂ ਵਾਲੀ ਕੂੰਡੀ, ਤੇਰੇ ਅੱਗੇ ਦਈਏ ਟਿਕਾਈਆ। ਸਾਨੂੰ ਨਹੀਂ ਕੋਈ ਲੋੜ ਸਵਾਦ ਲੈਣ ਦੀ ਬੂੰਦੀ, ਮਿੱਠੇ ਰਸ ਨਾ ਕੋਇ ਲੁਭਾਈਆ। ਅਸਾਂ ਵਸਤ ਲੈਣੀ ਉਹ ਜੇਹੜੀ ਹੱਥ ਕਿਸੇ ਨਾ ਆਏ ਢੂੰਡੀ, ਚਾਰ ਕੁੰਟ ਦਹਿ ਦਿਸ਼ਾ ਲੱਖ ਚੁਰਾਸੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਝੋਲੀ ਪਾਈਆ। ਜਨ ਭਗਤ ਕਹਿਣ ਪ੍ਰਭ ਖੋਲ੍ਹ ਖ਼ਜ਼ੀਨਾ, ਖ਼ੁਸ਼ੀਆਂ ਨਾਲ ਵਰਤਾਈਆ। ਨਹੀਂ ਤੇ ਤੈਨੂੰ ਕਿਸੇ ਨਹੀਂ ਕਹਿਣਾ ਦਾਨਾ ਬੀਨਾ, ਢੋਲਾ ਸਿਫ਼ਤ ਨਾ ਕੋਇ ਸੁਣਾਈਆ। ਹਉਂ ਬਾਲਕ ਖ਼ਾਲਕ ਤੇਰੇ ਮਸਕੀਨਾ, ਮੁਸ਼ਕਲ ਹੱਲ ਦੇ ਕਰਾਈਆ। ਛੱਡ ਕੇ ਮੱਕਾ ਮਦੀਨਾ, ਕਾਅਬਾ ਤੇਰਾ ਵੇਖ ਵਖਾਈਆ। ਰਹਿਮਤ ਕਰਕੇ ਠਾਂਡਾ ਕਰਦੇ ਸੀਨਾ, ਸੀਤਲ ਧਾਰ ਵਹਾਈਆ। ਸਾਥੋਂ ਖਾਧਾ ਨਾ ਜਾਏ ਚੀਨਾ, ਚਿੰਨ੍ਹ ਤੇਰਾ ਇਕੋ ਨਜ਼ਰੀ ਆਈਆ। ਨਾਮ ਖ਼ੁਮਾਰੀ ਰੰਗ ਚਾੜ੍ਹ ਦੇ ਭੀਨਾ, ਭਿੰਨੜੀ ਰੈਣ ਮਿਲੇ ਵਡਿਆਈਆ। ਨਾਤਾ ਤੁੱਟ ਜਾਏ ਲੋਕ ਤੀਨਾਂ, ਤ੍ਰੈਗੁਣ ਲੇਖਾ ਦੇ ਮੁਕਾਈਆ। ਸਭ ਤੋਂ ਵੱਡਾ ਜਾਣ ਕੇ ਤੇਰਾ ਵਸੀਲਾ, ਵਾਸਤਾ ਤੇਰੇ ਨਾਲ ਰਖਾਈਆ। ਤੇਰੇ ਦਵਾਰੇ ਹੋ ਅਧੀਨਾ, ਅਦਨੇ ਹੋ ਕੇ ਰਹੇ ਜਣਾਈਆ। ਲੱਭਦਿਆਂ ਲੱਭਦਿਆਂ ਸਾਡਾ ਅਜੇ ਨਾ ਸੁੱਕਿਆ ਪਸੀਨਾ, ਠੰਡਾ ਸੀਤ ਨਾ ਕੋਇ ਰਖਾਈਆ। ਸਾਨੂੰ ਦੇ ਦੇ ਅਗੰਮੀ ਉਹ ਨਗੀਨਾ, ਜਿਸ ਦੀ ਜ਼ੌਹਰੀ ਕੀਮਤ ਕੋਇ ਨਾ ਪਾਈਆ। ਤੂੰ ਸਾਹਿਬ ਸਵਾਮੀ ਨਾ ਨਰ ਨਾ ਮਦੀਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਭਗਤ ਕਹਿਣ ਅਸੀਂ ਹੋ ਗਏ ਵੱਡੇ, ਰੀਤੀ ਨਿੱਕਿਆਂ ਵਾਲੀ ਭੁਲਾਈਆ। ਪ੍ਰੇਮ ਪਿਆਰ ਨਿਸ਼ਾਨੇ ਗੱਡੇ, ਤੇਰੇ ਦਵਾਰ ਝੁਲਾਈਆ। ਪ੍ਰਭੂ ਕਿਉਂ ਪਿਆਰ ਅਸਾਡੇ ਛੱਡੇ, ਪ੍ਰੀਤੀ ਪਰਤ ਨਾ ਕਿਉਂ ਲਗਾਈਆ। ਅਸੀਂ ਤੇਰੇ ਹੁਕਮੇ ਅੰਦਰ ਬੱਧੇ, ਬੰਦਨਾ ਕਰਕੇ ਸੀਸ ਝੁਕਾਈਆ। ਜੇ ਨਹੀਂ ਆਪਣੇ ਭੰਡਾਰ ਦੇ ਖੋਲ੍ਹਣੇ ਜਿੰਦੇ, ਫਿਰ ਕੀ ਜਮ ਜੰਦਾਰ ਤੋਂ ਲਏਂ ਬਚਾਈਆ। ਤੇਰੇ ਨਾਲੋਂ ਵੱਖਰੇ ਚੰਗੇ, ਜੇ ਆਸਾ ਨਾ ਪੂਰ ਕਰਾਈਆ। ਜੇ ਤੇਰੇ ਨਾਲ ਮਿਲਕੇ ਰਹਿਣਾ ਭੁੱਖੇ ਨੰਗੇ, ਫਿਰ ਕੀ ਤੇਰੀ ਕੁੜਮਾਈਆ। ਅਸੀਂ ਬੰਦਿਆਂ ਵਰਗੇ ਬੰਦੇ, ਬੰਧਨ ਸਾਰੇ ਜਾਈਏ ਤੁੜਾਈਆ। ਜੇ ਕਿਰਪਾ ਕਰਕੇ ਟੁੱਟੀ ਗੰਢੇਂ, ਆਤਮ ਪਰਮਾਤਮ ਮੇਲ ਮਿਲਾਈਆ। ਫਿਰ ਸ਼ੌਹ ਬਣ ਕੇ ਨਾਲ ਹੰਢੇਂ, ਸ਼ੌਹਰ ਇਕੋ ਇਕ ਅਖਵਾਈਆ। ਘਰ ਦੇ ਕੇ ਪਰਮਾਨੰਦੇ, ਪਰਮਾਰਥ ਆਪਣਾ ਦਏਂ ਸਮਝਾਈਆ। ਪਾਟੇ ਚੀਥੜ ਜਾਵਣ ਰੰਗੇ, ਰੰਗ ਮਜੀਠੀ ਇਕ ਚੜ੍ਹਾਈਆ। ਸਾਚੇ ਪੌੜੇ ਚਾੜ੍ਹ ਕੇ ਡੰਡੇ, ਦੰਡ ਦੂਤਾਂ ਦਏਂ ਤਜਾਈਆ। ਗੋਦੀ ਚੁੱਕਕੇ ਆਪਣੇ ਕੰਧੇ, ਮੰਜ਼ਲ ਅਗਲੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲਹਿਣਾ ਝੋਲੀ ਪਾਈਆ। ਲਹਿਣਾ ਦੇ ਦੇ ਧੁਰ ਦੇ ਠਾਕਰ, ਕਿਉਂ ਠੋਕਰਾਂ ਨਾਲ ਠੁਕਰਾਇੰਦਾ । ਬੇਸ਼ਕ ਤੂੰ ਗਹਿਰ ਗੰਭੀਰ ਵੱਡਾ ਗੁਣ ਸਾਗਰ, ਬਿਨ ਭਗਤਾਂ ਕੰਮ ਕਿਸੇ ਨਾ ਆਇੰਦਾ। ਬੇਸ਼ਕ ਤੂੰ ਜੋਧਾ ਸੂਰਬੀਰ ਬਹਾਦਰ, ਬਿਨ ਭਗਤਾਂ ਤੇਰਾ ਨਿਸ਼ਾਨਾ ਸੀਨੇ ਵਿਚ ਨਾ ਕੋਇ ਲਗਾਇੰਦਾ। ਬੇਸ਼ਕ ਤੂੰ ਵਣਜ ਵਪਾਰੀ ਬੜਾ ਸੌਦਾਗਰ, ਬਿਨ ਭਗਤਾਂ ਤੇਰਾ ਹੱਟ ਨਾ ਕੋਇ ਚਲਾਇੰਦਾ । ਬੇਸ਼ਕ ਤੂੰ ਕਰਤਾ ਕਰੀਮ ਕਾਦਰ, ਬਿਨ ਭਗਤਾਂ ਤੇਰੀ ਕੁਦਰਤ ਭੇਵ ਨਾ ਕੋਇ ਖੁਲ੍ਹਾਇੰਦਾ। ਬੇਸ਼ਕ ਤੂੰ ਆਦਿ ਜੁਗਾਦੀ ਧੁਰ ਦਾ ਆਦਲ, ਬਿਨ
ਭਗਤਾਂ ਤੇਰੀ ਕਚਹਿਰੀ ਭੁਗਤਣ ਕੋਇ ਨਾ ਆਇੰਦਾ। ਬੇਸ਼ਕ ਤੇਰਾ ਖੇਲ ਅੰਦਰ ਬਾਹਰ ਗੁਪਤ ਜ਼ਾਹਰ ਬਾਤਨ, ਬਿਨ ਭਗਤਾਂ ਤੇਰੇ ਨਾਲ ਨਾਤਾ ਨਾ ਕੋਇ ਜੁੜਾਇੰਦਾ। ਅਸੀਂ ਸਾਰੇ ਰਲਕੇ ਤੈਨੂੰ ਆਏ ਆਖਣ, ਅੱਖ ਨੈਣ ਨਾ ਕੋਇ ਸ਼ਰਮਾਇੰਦਾ। ਜੇ ਵਡਿਆਈ ਦੇਵੇਂ ਕਰ ਕਰ ਭਾਸ਼ਣ, ਸਿਫ਼ਤਾਂ ਨਾਲ ਸਾਲਾਹਿੰਦਾ। ਜਿੰਨਾਂ ਚਿਰ ਆਪਣਾ ਦੇਵੇਂ ਨਾ ਸਾਚਾ ਰਾਸ਼ਨ, ਰਛਿਆ ਸਚ ਨਾ ਮਾਤ ਕਰਾਇੰਦਾ। ਅਸੀਂ ਨਹੀਂ ਕਹਿਣਾ ਤੈਨੂੰ ਪੁਰਖ ਅਬਿਨਾਸ਼ਨ, ਅਬਿਨਾਸ਼ੀ ਤੇਰਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰਾ ਸੱਚਾ ਨਜ਼ਰੀ ਆਇੰਦਾ। ਜਨ ਭਗਤ ਕਹਿਣ ਪ੍ਰਭ ਅੱਖ ਉਘਾੜ, ਬਿਨ ਨੈਣਾਂ ਨੈਣ ਖੁਲ੍ਹਾਈਆ। ਅਸੀਂ ਮੰਗੀਏ ਦਿਨ ਦਿਹਾੜ, ਰੈਣ ਅੰਧੇਰੀ ਨਾ ਕੋਇ ਰਲਾਈਆ। ਸਾਡਾ ਤੇਰੇ ਅੱਗੇ ਹਾੜ, ਹਾੜਾ ਕੱਢਕੇ ਰਹੇ ਸੁਣਾਈਆ। ਜੇ ਜਗ ਨਾਲੋਂ ਵੱਖਰੇ ਕਰਕੇ ਸਾਨੂੰ ਦਿਤਾ ਉਜਾੜ, ਜਗ ਉਜੜਿਆਂ ਘਰ ਆਪਣੇ ਲਏਂ ਵਸਾਈਆ। ਬਿਨ ਭਗਤਾਂ ਤੈਨੂੰ ਕਦੀ ਕੋਈ ਨਾ ਕਰੇ ਜ਼ਾਹਰ, ਤੇਰਾ ਨਾਮ ਨਾ ਕੋਇ ਧਿਆਈਆ। ਕਿਉਂ ਬੈਠਾ ਬਣ ਕੇ ਕਾਇਰ, ਸੂਰਬੀਰ ਨਾ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਲਏ ਨਿਭਾਈਆ । ਜਨ ਭਗਤ ਕਹੇ ਪ੍ਰਭ ਆਦਤ ਛੱਡ ਦੇ ਪੁੱਠੀ, ਨਿਰਭੈ ਹੋ ਰਿਹਾ ਜਣਾਈਆ। ਹੁਣ ਕਿਉਂ ਲੁਕ ਕੇ ਬੈਠਾ ਗੁੱਠੀ, ਯਾਰੀ ਭਗਤਾਂ ਨਾਲ ਲਗਾਈਆ । ਜਿਨ੍ਹਾਂ ਦੀ ਤੇਰੇ ਵਿਚ ਰੁਚੀ, ਉਹ ਰੋ ਰੋ ਦੇਣ ਦੁਹਾਈਆ। ਉਹਨਾਂ ਦੀ ਆਤਮ ਤੇਰੇ ਪਿਆਰ ਦੀ ਭੁੱਖ਼ੀ, ਪਰਮਾਤਮ ਹੋ ਸਹਾਈਆ। ਵਿਛੋੜੇ ਅੰਦਰ ਹੋ ਕੇ ਦੁਖੀ, ਬਿਹਬਲ ਹੋਏ ਨੈਣਾਂ ਨੀਰ ਵਹਾਈਆ। ਬਿਰਹੋਂ ਵਿਛੋੜੇ ਪ੍ਰੇਮਣ ਸੁਰਤੀ ਕੁੱਠੀ, ਅਗੰਮੀ ਸੱਟ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਜਣ ਵੇਖ ਵਖਾਈਆ। ਜਨ ਭਗਤ ਕਹਿਣ ਆ ਕੇ ਤੱਕ, ਤਾਕਤਵਰ ਫੇਰਾ ਪਾਈਆ। ਝੋਲੀ ਪਾ ਗ਼ਰੀਬਾਂ ਹਕ, ਹਕੀਕਤ ਵੇਖ ਵਖਾਈਆ। ਪਿਛਲਾ ਲਹਿਣਾ ਪਿਛੇ ਛੱਡ, ਅੱਗੇ ਦੇ ਵਡਿਆਈਆ। ਤੈਨੂੰ ਰਹਿਣ ਨਹੀਂ ਦੇਣਾ ਅੱਡ, ਵੱਖਰਾ ਘਰ ਨਾ ਕੋਇ ਬਣਾਈਆ। ਤੈਨੂੰ ਆਪਣੇ ਦਵਾਰੇ ਰਹੇ ਸੱਦ, ਸੱਦਾ ਪ੍ਰੇਮ ਜਣਾਈਆ। ਜੇ ਲਾ ਕੇ ਯਾਰੀ ਜਾਏਂ ਭੱਜ, ਭਗਵਨ ਆਪਣਾ ਮੁਖ ਭੁਆਈਆ। ਫਿਰ ਤੇਰੀ ਅੱਗੇ ਵਧੇ ਨਾ ਕੋਈ ਯੱਦ, ਬੰਸ ਸਰਬੰਸ ਨਾ ਕੋਈ ਬਣਾਈਆ। ਤੇਰੀ ਸ੍ਰਿਸ਼ਟੀ ਦੀ ਓਥੇ ਹੋ ਜਾਏ ਹੱਦ, ਬ੍ਰਹਿਮੰਡ ਨਾ ਕੋਇ ਸ਼ਨਵਾਈਆ। ਜੇ ਭਗਤਾਂ ਜਾਵੇਂ ਛੱਡ, ਪੱਲੂ ਗੰਢ ਖੁਲ੍ਹਾਈਆ। ਫਿਰ ਤੇਰੀ ਕਰਨੀ ਸਾਰੀ ਹੋ ਜਾਏ ਰੱਦ, ਕੀਮਤ ਕੋਇ ਨਜ਼ਰ ਨਾ ਆਈਆ। ਤੈਨੂੰ ਅਸੀਂ ਕਹੀਏ ਗੱਜ, ਜਨ ਭਗਤ ਰਹੇ ਜਣਾਈਆ। ਜੇ ਨਾ ਰੱਖੇਂ ਸਾਡੀ ਲਜ, ਮਿਹਰ ਨਜ਼ਰ ਉਠਾਈਆ। ਤੈਨੂੰ ਛਟੀਏ ਪਾ ਕੇ ਵਿਚ ਛੱਜ, ਹੱਥਾਂ ਨਾਲ ਫਟਕਾਰਾ ਦਈਏ ਲਗਾਈਆ। ਫਿਰ ਕਿਥੇ ਜਾਵੇਂ ਭੱਜ, ਪ੍ਰਭ ਆਪਣਾ ਆਪ ਛੁਪਾਈਆ। ਸਚ ਸਚ ਦਈਏ ਦੱਸ, ਬਿਨ ਦੱਸਿਆਂ ਰਹਿਣ ਨਾ ਪਾਈਆ। ਸਾਡੇ ਬਿਰਹੋਂ ਦੀ ਹੋ ਗਈ ਬਸ, ਬਸਤੇ ਸਾਰੇ ਦਿਤੇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮਿਲਣਾ ਚਾਈਂ ਚਾਈਂਆ। ਜਨ ਭਗਤ ਕਹੇ ਤੂੰ ਦੇਂਦਾ ਰਿਹੋਂ ਧੋਖੇ, ਜੁਗ ਜੁਗ ਵੇਸ ਵਟਾਈਆ। ਅਸੀਂ ਸਾਰੇ ਤੈਥੋਂ ਔਖੇ, ਬੋਲਣ ਵਿਚ ਕੋਇ ਨਾ ਆਈਆ। ਧੰਨ ਭਾਗ ਜੇ ਦਿਤੇ ਮੌਕੇ, ਧੁਰ ਦਾ ਹੁਕਮ ਸੁਣਾਈਆ। ਭਗਤ ਸੁਹੇਲੇ ਵੇਖ ਕੇ ਰੋਂਦੇ, ਦੁਖੀਆਂ ਦਰਦ ਵੰਡਾਈਆ। ਤੂੰ ਆਇਆ ਮੁੜ ਕੇ ਉਹਨਾਂ ਪੈਰੀਂ ਭੌਂਦੇ, ਭਵਜਲ ਵਿਚੋਂ ਲਏ ਤਰਾਈਆ। ਜੋ ਆਪਣੀ ਨੀਂਦੇ ਸੌਂਦੇ,
ਉਹਨਾਂ ਗ਼ਫ਼ਲਤ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤ ਕਹਿਣ ਤੈਨੂੰ ਦਈਏ ਅਲਾਮਾ, ਸਿੱਧੇ ਸਾਦੇ ਰਹੇ ਜਣਾਈਆ। ਅਸੀਂ ਕੀ ਜਾਣੀਏ ਤੂੰ ਧੁਰ ਦਾ ਰਾਮਾ, ਰਾਮਾ ਜਗਤ ਸੀਤਾ ਲਏ ਪਰਨਾਈਆ। ਅਸੀਂ ਕੀ ਜਾਣੀਏ ਤੂੰ ਕ੍ਰਿਸ਼ਨਾ ਕਾਹਨਾ, ਗੋਪੀਆਂ ਰਾਸ ਰਚਾਈਆ। ਅਸੀਂ ਕੀ ਜਾਣੀਏ ਤੂੰ ਵਡ ਬਲਵਾਨਾ, ਚਿਲਿਆਂ ਤੀਰ ਚਲਾਈਆ। ਅਸੀਂ ਕੀ ਜਾਣੀਏ ਤੂੰ ਵਡ ਵਿਦਵਾਨਾ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇਂ ਲਿਖਾਈਆ। ਅਸੀਂ ਕੀ ਜਾਣੀਏ ਤੂੰ ਵਡ ਅਮਾਮਾ, ਈਸਾ ਮੂਸਾ ਮੁਹੰਮਦ ਬਣਤ ਬਣਾਈਆ । ਅਸੀਂ ਕੀ ਜਾਣੀਏ ਤੂੰ ਸ੍ਰੀ ਭਗਵਾਨਾ, ਨਾਨਕ ਗੋਬਿੰਦ ਧਾਰ ਚਲਾਈਆ। ਅਸੀਂ ਕੀ ਜਾਣੀਏ ਤੇਰਾ ਝੁਲਦਾ ਸਦਾ ਨਿਸ਼ਾਨਾ, ਦੋ ਜਹਾਨਾਂ ਵੱਜੇ ਵਧਾਈਆ। ਅਸੀਂ ਕੀ ਜਾਣੀਏ ਤੂੰ ਮਰਦ ਮਰਦਾਨਾ, ਬੇਪਰਵਾਹ ਅਖਵਾਈਆ। ਅਸੀਂ ਕੀ ਜਾਣੀਏ ਤੂੰ ਆਦਿ ਜੁਗਾਦੀ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਜਿੰਨਾਂ ਚਿਰ ਭਗਤ ਗੋਦੀ ਨਾ ਚੁੱਕੇਂ ਬਾਲ ਨਿਧਾਨਾ, ਅੰਞਾਣਾ ਆਪਣੀ ਉਂਗਲੀ ਲਾਈਆ। ਮੂਰਖ ਮੁਗਧ ਬਣਾ ਦੇ ਸੁਘੜ ਸਿਆਣਾ, ਇਕੋ ਪੱਟੀ ਨਾਮ ਪੜ੍ਹਾਈਆ। ਫਿਰ ਤੈਨੂੰ ਕਹੀਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਜਿਸ ਸੁਰਤ ਦਿਤੀ ਬਦਲਾਈਆ। ਸਨਮੁਖ ਨਜ਼ਰੀ ਆਏਂ ਤਾਂ ਜਾਣਾਂ, ਸਵੱਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੂੰ ਕਰਨਹਾਰ ਸਰਬ ਕਲਿਆਣਾ, ਕਲਾ ਤੇਰੀ ਕਲਜੁਗ ਵਿਚ ਬਿਨ ਕਲਮਿਉਂ ਪਾਰ ਕਰਾਈਆ। ਜਨ ਭਗਤ ਕਹਿਣ ਕੀ ਕਰੀਏ ਤੇਰਾ ਕਲਮਾ, ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਜਨ ਭਗਤ ਕਹਿਣ ਕੀ ਕਰੀਏ ਤੇਰਾ ਕਰਮਾ, ਕਰਮ ਕਾਂਡ ਦੀ ਸਾਰ ਕਿਸੇ ਨਾ ਪਾਈਆ। ਜਨ ਭਗਤ ਕਹਿਣ ਕੀ ਕਰੀਏ ਤੇਰੇ ਧਰਮਾ, ਜਗਤ ਧਰਮਾਂ ਕਰੀ ਲੜਾਈਆ। ਜਨ ਭਗਤ ਕਹਿਣ ਕੀ ਕਰੀਏ ਤੇਰੇ ਵਰਨਾ, ਵਰਨਾਂ ਵਿਚੋਂ ਤੇਰੀ ਪ੍ਰੀਤ ਨਾ ਨਜ਼ਰੀ ਆਈਆ। ਜਨ ਭਗਤ ਕਹਿਣ ਕੀ ਕਰੀਏ ਗੁਰੂਆਂ ਚਰਨਾਂ, ਜਿਹੜੇ ਗੁਰੂ ਤੇਰੇ ਚਰਨਾਂ ਧਿਆਨ ਲਗਾਈਆ। ਜਨ ਭਗਤ ਕਹਿਣ ਕੀ ਕਰੀਏ ਉਹਨਾਂ ਨੇਤਰਾਂ ਹਰਨਾਂ ਫਰਨਾਂ, ਜਿਨ੍ਹਾਂ ਨੇਤਰਾਂ ਵਿਚੋਂ ਤੇਰੀ ਨਿੱਕੀ ਧਾਰ ਇਕ ਚਮਕਾਈਆ। ਸੇਜ ਸੁਹੰਜਣੀ ਤੇ ਸਿੱਧੇ ਤੈਨੂੰ ਮਿਲਣਾ, ਦੂਜੀ ਲੋੜ ਰਹੇ ਨਾ ਰਾਈਆ। ਤੇਰੇ ਦਵਾਰੇ ਤੋਂ ਖ਼ਾਲੀ ਕਦੀ ਨਾ ਮੁੜਨਾ, ਖ਼ਾਹ ਮਖ਼ਾਹ ਕਰੀਏ ਲੜਾਈਆ। ਜੇ ਤੂੰ ਮਾਲਕ ਤੇ ਤੇਰੇ ਨਾਲ ਜੁੜਨਾ, ਕਿਉਂ ਕੱਟੀਏ ਮਾਤ ਜੁਦਾਈਆ। ਸਾਡੇ ਨਹੀਂ ਇਹ ਵਸ ਇਹ ਤੇਰਾ ਫ਼ੁਰਨਾਂ, ਜਿਹੜਾ ਫ਼ੁਰਨਿਆਂ ਵਿਚ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਈਆ। ਜਨ ਭਗਤ ਕਹੇ ਸੁੱਤਾ ਉਠ, ਵੇਲਾ ਗਿਆ ਆਈਆ। ਸਾਨੂੰ ਨਵਿਆਂ ਨੂੰ ਆ ਕੇ ਪੁੱਛ, ਜੋ ਰੋ ਰੋ ਦੇਣ ਦੁਹਾਈਆ। ਖ਼ਾਲੀ ਹੱਥ ਕੋਲ ਨਹੀਂ ਕੁਛ, ਕਛਹਿਰਾ ਲੰਗੋਟੀ ਤੇੜ ਨਾ ਕੋਇ ਬੰਧਾਈਆ। ਜਗਤ ਨਾਲੋਂ ਅਸੀਂ ਗਏ ਰੁੱਸ, ਜੇ ਤੂੰ ਰੁਸਿਆ ਸਾਨੂੰ ਥਾਂ ਲੱਭੇ ਨਾ ਰਾਈਆ। ਜਾਂ ਕਹਿ ਦੇ ਨਹੀਂ ਤੁਸੀਂ ਮੇਰੇ ਪੁੱਤ, ਪਿਤਾ ਪੁਰਖ ਅਕਾਲ ਨਾ ਮੈਂ ਅਖਵਾਈਆ । ਫਿਰ ਕਾਹਨੂੰ ਤੇਰੇ ਅੱਗੇ ਜਾਈਏ ਝੁਕ, ਆਪਣਾ ਸੀਸ ਤੇਰੀ ਭੇਟ ਚੜ੍ਹਾਈਆ। ਅਸੀਂ ਭਵਾ ਕੇ ਆਪਣਾ ਮੁਖ, ਤੈਨੂੰ ਆਪਣੀ ਪਿਠ ਦਈਏ ਵਖਾਈਆ । ਤੈਨੂੰ ਕਿਤੋਂ ਨਹੀਂ ਮਿਲਣਾ ਸਾਡੇ ਵਾਲਾ ਸੁਖ, ਸ੍ਰੀ ਭਗਵਾਨ ਤੇਰਾ ਗਿਆਨ ਸੁਣਨ ਕੋਇ ਨਾ ਆਈਆ। ਪਹਿਲੋਂ ਜੰਮ ਕੇ ਮਾਂ ਦੀ ਕੁੱਖ, ਹੁਣ ਤੇਰੀ ਗੋਦੀ ਬੈਠੇ ਸੁਖ ਮਨਾਈਆ। ਆਪਣਾ ਤੇਰੀ ਝੋਲੀ ਪਾ ਕੇ ਦੁੱਖ, ਭਾਰ ਤੇਰੇ ਉਤੇ ਚੁਕਾਈਆ। ਵੇਖਾਂਗੇ
ਕਿਸ ਤਰਾ ਸਾਥੋਂ ਜਾਵੇਂ ਛੁੱਟ, ਆਪਣਾ ਪੱਲੂ ਛੁੜਾਈਆ। ਅਸਾਂ ਦਾਮਨ ਫੜਿਆ ਉਹ ਘੁੱਟ, ਜਿਹੜਾ ਕਮਰਕਸੇ ਵੇਲੇ ਗੋਬਿੰਦ ਆਪਣੇ ਨਾਲ ਜੁੜਾਈਆ। ਜਿਸ ਦੇ ਅਗਲੇ ਹਿੱਸੇ ਦੋਵੇਂ ਢਾਈ ਢਾਈ ਫੁੱਟ, ਗੋਬਿੰਦ ਗੋਡਿਆਂ ਹੇਠਾਂ ਤਾਈਂ ਰਖਾਈਆ। ਓਸ ਵੇਲੇ ਇਕ ਦਿਨ ਅਜੀਤ ਵੱਡੇ ਪੁੱਤ ਲਿਆ ਪੁੱਛ, ਸਾਹਿਬ ਕੀ ਇਹਦੀ ਵਡਿਆਈਆ। ਗੋਬਿੰਦ ਕਿਹਾ ਆ ਲਾਡਲੇ ਸੁਤ, ਤੈਨੂੰ ਹੌਲੀ ਹੌਲੀ ਦਿਆਂ ਸਮਝਾਈਆ। ਜਿਹੜਾ ਗੁਰਸਿਖ ਮੇਰੇ ਕਮਰਕਸੇ ਤੋਂ ਨੀਚੇ ਜਾਵੇ ਝੁਕ, ਮੁਖ ਵੇਖਣ ਤੋਂ ਪਹਿਲੋਂ ਚਰਨਾਂ ਸੀਸ ਨਿਵਾਈਆ। ਚਰਨ ਡਿਗਦੇ ਨੂੰ ਪੁਰਖ ਅਕਾਲ ਲਏ ਚੁੱਕ, ਆਪਣੀ ਗੋਦ ਲਏ ਬਠਾਈਆ। ਮੈਂ ਵੇਖਾਂ ਗੁਰਮੁਖਾਂ ਦਾ ਸਾਚਾ ਸੁਖ, ਜਿਸ ਸੁਖ ਨਾਲ ਤੇਰੀ ਭੇਟਾ ਰਿਹਾ ਚੜ੍ਹਾਈਆ। ਅਜੀਤ ਕਿਹਾ ਮੈਂ ਵੇਖਾਂ ਉਹ ਅਬਿਨਸ਼ੀ ਅਚੁਤ, ਜੋ ਅਚਨ ਅਚੇਤ ਆਪਣੀ ਖੇਲ ਖਲਾਈਆ। ਗੋਬਿੰਦ ਕਿਹਾ ਉਹ ਸ਼ਬਦੀ ਮੌਲੇ ਰੁੱਤ, ਤੱਤਾਂ ਵਾਲੀ ਛਡੇ ਲੜਾਈਆ। ਖੰਡਾ ਖੜਗ ਚਿੱਲਾ ਤੀਰ ਕਮਾਨ ਸਾਰੇ ਦੇਵੇ ਸੁੱਟ, ਸੋਟਾ ਡਾਂਗ ਹੱਥ ਨਾ ਕੋਇ ਉਠਾਈਆ। ਹੌਲੀ ਜਹੀ ਗੁਰਮੁਖਾਂ ਦੇ ਅੰਦਰ ਵੜ ਜਾਏ ਚੁੱਪ, ਪੜਦਾ ਆਪੇ ਲਾਹੀਆ। ਪ੍ਰੇਮ ਪਿਆਰ ਨਾਲ ਕਹੇ ਤੁਸੀਂ ਗੋਬਿੰਦ ਦੇ ਸੱਚੇ ਪੁੱਤ, ਪੋਤਰੇ ਮੇਰੇ ਦੋ ਜਹਾਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟਣਹਾਰਾ ਸਦਾ ਦੁੱਖ, ਦਰਦੀਆਂ ਦਰਦ ਵੰਡਾਈਆ। ਅਜੀਤ ਕਿਹਾ ਸਾਹਿਬ ਉਹ ਹੈਂ ਕੌਣ, ਜਿਨ੍ਹਾਂ ਦੀ ਕਰੇਂ ਵਡਿਆਈਆ। ਗੋਬਿੰਦ ਕਿਹਾ ਉਹ ਮੇਰੇ ਪੁਰਖ ਅਕਾਲ ਨਾਲ ਔਣ, ਆ ਕੇ ਲੋਕਮਾਤ ਖ਼ੁਸ਼ੀ ਮਨਾਈਆ। ਇਕੋ ਧੁਰ ਦਾ ਢੋਲਾ ਗੌਣ, ਦੂਜੀ ਕਰਨ ਨਾ ਕੋਇ ਪੜ੍ਹਾਈਆ। ਉਹ ਆਤਮ ਸੇਜਾ ਸੌਣ, ਜਗਤ ਲੇਫ ਤਲਾਈ ਕੰਮ ਕਿਸੇ ਨਾ ਆਈਆ। ਵੈਰਾਗਾਂ ਅੰਦਰ ਗੌਣ, ਖ਼ੁਸ਼ੀਆਂ ਅੰਦਰ ਭੌਣ, ਪਕਵਾਨ ਦੀ ਪਕਾ ਕੇ ਤੌਣ, ਕੱਠੇ ਲੈਣ ਖਾਈਆ। ਉਨ੍ਹਾਂ ਦਾ ਮੁੱਕ ਜਾਏ ਅਵਣ ਗਵਣ, ਮਨ ਹੰਕਾਰੀ ਕੋਲ ਨਾ ਰਹੇ ਰੌਣ, ਸੇਵਾ ਕਰੇ ਉਣੰਜਾ ਪੌਣ, ਦੋ ਜਹਾਨ ਨਿਉਂ ਨਿਉਂ ਸੀਸ ਝੁਕਾਈਆ। ਉਨ੍ਹਾਂ ਦੇ ਦੁਖੜੇ ਆਪ ਆਏ ਮਿਟੌਣ, ਦਰਗਾਹ ਸਾਚੀ ਸਚ ਬਹੌਣ, ਸਚਖੰਡ ਦਵਾਰ ਵਖੌਣ, ਵੱਖਰਾ ਰਾਹ ਚਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਾਧਾ ਆਪੇ ਆਏ ਵਧੌਣ, ਵਧੀਆ ਆਪਣਾ ਖੇਲ ਕਰਾਈਆ। ਖੇਲ ਕਰਾਏ ਆਪਣਾ ਵਧੀਆ, ਵਾਹਵਾ ਵੱਡੀ ਵਡਿਆਈਆ। ਜਿਸ ਦਾ ਰਾਹ ਤਕਦਿਆਂ ਬੀਤੀਆਂ ਪਿਛਲੀਆਂ ਸਦੀਆਂ, ਸੱਦੇ, ਦੇ ਦੇ ਦੋ ਜਹਾਨ ਸਦਾਈਆ। ਹੋਕੇ ਦੇਂਦੀਆਂ ਰਹੀਆਂ ਵਦੀਆਂ ਸੁਦੀਆਂ, ਸੁਖਲਾ ਕਿਸ਼ਨਾ ਪੱਖ ਗਾਈਆ। ਜਿਸ ਦੇ ਵੇਂਹਦਿਆਂ ਕੋਟਨ ਕੋਟ ਰੈਣਾਂ ਰਾਤਾਂ ਲੰਘੀਆਂ, ਆਪਣਾ ਪੰਧ ਮੁਕਾਈਆ। ਜਿਸ ਦੇ ਪਿਛੇ ਕੋਟਨ ਕੋਟ ਸਵਾਣੀਆਂ ਪੱਟੀਆਂ ਵਾਹੀਆਂ ਕੰਘੀਆਂ, ਨੇਤਰ ਨੈਣਾ ਕੱਜਲ ਧਾਰ ਬਣਾਈਆ। ਜਿਸ ਦੇ ਪਿਛੇ ਸਾੜ੍ਹੀਆਂ ਪਹਿਨ ਕੇ ਲਾਈਆ ਅੰਗੀਆਂ, ਤਣੀ ਨਾਲ ਤਣੀ ਦਿਤੀ ਗੰਢਾਈਆ। ਜਿਸ ਦੇ ਵੇਖਣ ਨੂੰ ਪਿਆਰ ਅੰਦਰ ਸੁਹਾਗਣਾਂ ਹੋਈਆਂ ਰੰਡੀਆਂ, ਜਗਤ ਕੰਤ ਹੰਢਾਈਆ। ਏਹੋ ਜਿਹੀਆਂ ਮੰਗਾਂ ਗੁਰਮੁਖਾਂ ਮੰਗੀਆਂ, ਕਬੀਰ ਜੁਲਾਹਾ ਦਏ ਗਵਾਹੀਆ। ਉਹ ਸੁਹਾਗਣ ਜਿਨ੍ਹਾਂ ਦੇ ਕੰਨੀਂ ਪਈਆਂ ਧੁਰ ਦੀਆਂ ਡੰਡੀਆਂ, ਮਾਣਕ ਮੋਤੀ ਨਾਲ ਮਿਲਾਈਆ। ਉਹ ਮੰਦੀਆਂ ਹੋਈਆਂ ਚੰਗੀਆਂ, ਜਿਨ੍ਹਾਂ ਨੂੰ ਆਪਣੇ ਨਾਲ ਮਿਲਾਈਆ। ਉਹ ਸਚ ਸੇਜ ਸੁਹੰਦੀਆਂ, ਸੋਭਾਵੰਤ ਕਰੀ ਕੁੜਮਾਈਆ। ਉਹ ਪ੍ਰੀਤਮ ਦੇ ਰੰਗ ਰੰਗੀਆਂ, ਜਿਸ ਦਾ ਰੰਗ ਉਤਰ ਕਦੇ ਨਾ ਜਾਈਆ। ਉਹ ਆਦਿ ਜੁਗਾਦਿ ਕਦੇ ਨਾ ਹੋਵਣ ਨੰਗੀਆਂ, ਓਢਨ ਇਕੋ ਦਿਤਾ ਪਾਈਆ। ਉਹ ਛੱਡ ਜਾਣ ਸੁਣਨਾ ਰਾਗ ਸੁਰੰਗੀਆਂ,
ਤਬਲਿਆਂ ਵਿਚ ਨਾ ਮਨ ਲਗਾਈਆ। ਉਹ ਕਰਕੇ ਪਾਰ ਹੱਦਾਂ ਲੰਘੀਆਂ, ਆਰ ਪਾਰ ਆਪਣਾ ਡੇਰਾ ਲਾਈਆ। ਸਾਚੇ ਮੰਦਰ ਬਹਿਕੇ ਗੌਂਦੀਆਂ ਛੰਦੀਆਂ, ਸ਼ਹਿਨਸ਼ਾਹ ਤੇਰੀ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਬਣੇ ਧੁਰ ਦਾ ਸੰਗੀਆ। ਜੇ ਸੰਗੀ ਬਣੇ ਨਾ ਸਗਲਾ, ਭਗਤ ਭਗਵਾਨ ਤੈਨੂੰ ਕੋਈ ਨਾ ਗਾਈਆ। ਜੇ ਲੇਖਾ ਨਾ ਚੁਕਾਵੇ ਅਗਲਾ, ਖ਼ਬਰ ਅਗੰਮ ਸੁਣਾਈਆ। ਫਿਰ ਤੈਨੂੰ ਸਾਰੇ ਕਹੀਏ ਪਗਲਾ, ਸਾਹਮਣੇ ਹੋ ਕੇ ਦਈਏ ਜਣਾਈਆ। ਜੇ ਤੂੰ ਲੇਖਾ ਰਖੇਂ ਗੰਧਲਾ, ਗੁੰਝਲਾਂ ਵਿਚ ਫਿਰਾਈਆ। ਕੀ ਤੇਰਾ ਗੌਣਾ ਚਾਰ ਮੰਗਲਾ, ਧੁਨੀਆਂ ਵਿਚ ਸ਼ਨਵਾਈਆ। ਤੇਰੇ ਕਿਸੇ ਕੰਮ ਨਹੀਂ ਔਣਾ ਪ੍ਰਭੂ ਬੰਗਲਾ, ਜਿੰਨਾਂ ਚਿਰ ਭਗਤ ਮਿਲਣ ਨਾ ਆਈਆ। ਕਿਉਂ ਲੱਭੇਂ ਵਿਚੋਂ ਜਾ ਕੇ ਜੰਗਲਾਂ, ਜੰਗਲੀ ਫਿਰਦੇ ਚੌਪਾਏ ਪੰਖੇਰੂ ਭੱਜਣ ਵਾਹੋ ਦਾਹੀਆ। ਬਿਨਾ ਭਗਤਾਂ ਤੈਨੂੰ ਕਿਸੇ ਨਹੀਂ ਕਰਨੀ ਬੰਦਨਾ, ਕਿਹਦੇ ਕੋਲੋਂ ਆਪਣੀ ਕਰਾਏਂ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਰਹੇ ਸੁਣਾਈਆ।
੩ ਮੱਘਰ ੨੦੨੧ ਬਿਕ੍ਰਮੀ ਅਮਰ ਸਿੰਘ ਦੇ ਘਰ ਪਿੰਡ ਜੇਠੂਵਾਲ
ਜਨ ਭਗਤ ਕਹੇ ਚੰਗਾ ਅਸਥਾਨ, ਹਰਿ ਚਰਨ ਮਿਲੇ ਵਡਿਆਈਆ। ਜਨ ਭਗਤ ਕਹੇ ਚੰਗਾ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ । ਜਨ ਭਗਤ ਕਹੇ ਚੰਗਾ ਨਿਸ਼ਾਨ, ਨਿਰਗੁਣ ਨਿਰਵੈਰ ਇਕ ਝੁਲਾਈਆ। ਜਨ ਭਗਤ ਕਹੇ ਚੰਗਾ ਹੁਕਮਰਾਨ, ਨਰ ਹਰਿ ਬੈਠਾ ਸੋਭਾ ਪਾਈਆ । ਜਨ ਭਗਤ ਕਹੇ ਚੰਗਾ ਦੀਪ ਮਹਾਨ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜਨ ਭਗਤ ਕਹੇ ਚੰਗਾ ਇਕ ਮੈਦਾਨ, ਜਨ ਭਗਤ ਭੱਜਣ ਵਾਹੋ ਦਾਹੀਆ। ਜਨ ਭਗਤ ਕਹੇ ਚੰਗਾ ਸ੍ਰੀ ਭਗਵਾਨ, ਬਿਨ ਭਾਗਾਂ ਭਾਗ ਰਖਾਈਆ। ਜਨ ਭਗਤ ਕਹੇ ਚੰਗਾ ਰਾਮ, ਸਚ ਸਿੰਘਾਸਣ ਦਏ ਸੁਹਾਈਆ। ਜਨ ਭਗਤ ਕਹੇ ਚੰਗਾ ਨਿਜ਼ਾਮ, ਸਿਰ ਸਕੇ ਨਾ ਕੋਇ ਉਠਾਈਆ। ਜਨ ਭਗਤ ਕਹੇ ਚੰਗਾ ਜਵਾਨ, ਸੂਰਬੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਵਡਿਆਈਆ। ਜਨ ਭਗਤ ਕਹੇ ਚੰਗਾ ਦਵਾਰਾ, ਇਕੋ ਨਜ਼ਰੀ ਆਈਆ। ਜਨ ਭਗਤ ਕਹੇ ਚੰਗਾ ਘਰਬਾਰਾ, ਪੁਰਖ ਅਬਿਨਾਸ਼ੀ ਬਣਤ ਬਣਾਈਆ। ਜਨ ਭਗਤ ਕਹੇ ਉਚਾ ਮਨਾਰਾ, ਮਹੱਲ ਅਟਲ ਵੇਖ ਵਖਾਈਆ। ਜਨ ਭਗਤ ਕਹੇ ਜਲਵਾ ਨੂਰ ਪਰਵਰਦਿਗਾਰਾ, ਮੁਰਸ਼ਦ ਬੈਠਾ ਬੇਪਰਵਾਹੀਆ। ਜਨ ਭਗਤ ਕਹੇ ਹੋਵੇ ਉਜਾਲਾ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਜਨ ਭਗਤ ਕਹੇ ਚੰਗਾ ਧਰਮਸਾਲਾ, ਸੋਹਣੀ ਬਣਤ ਬਣਾਈਆ। ਜਨ ਭਗਤ ਕਹੇ ਚੰਗਾ ਹਵਾਲਾ, ਬਿਆਨਾਂ ਨਾਲ ਨਾ ਕੋਇ ਸਮਝਾਈਆ। ਜਨ ਭਗਤ ਕਹੇ ਚੰਗਾ ਪ੍ਰਿਤਪਾਲਾ, ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਖਿਲਾਈਆ। ਜਨ ਭਗਤ ਕਹੇ ਚੰਗਾ ਰਾਜ, ਰਾਜਨ ਇਕ ਅਖਵਾਈਆ। ਜਨ ਭਗਤ ਕਹੇ ਚੰਗਾ ਤਾਜ, ਪੰਚਮ ਮੁਖ ਸੁਹਾਈਆ। ਜਨ ਭਗਤ ਕਹੇ ਚੰਗਾ ਨਵਾਬ, ਨੌਬਤ ਇਕ ਵਜਾਈਆ। ਜਨ ਭਗਤ ਕਹੇ ਚੰਗਾ ਰਿਵਾਜ, ਭਗਤਾਂ ਮੇਲ ਮਿਲਾਈਆ । ਜਨ ਭਗਤ ਕਹੇ ਚੰਗਾ ਅਹਿਬਾਬ, ਮੁਹੱਬਤ ਵਿਚ ਸਮਾਈਆ। ਜਨ ਭਗਤ ਕਹੇ ਚੰਗਾ ਆਦਾਬ, ਪ੍ਰੀਤੀ ਅੰਦਰ ਸੀਸ ਝੁਕਾਈਆ। ਜਨ ਭਗਤ ਕਹੇ ਚੰਗਾ
ਮਹਾਰਾਜ, ਮਹਿੰਮਾ ਅਕਥ ਕਥਾਈਆ। ਜਨ ਭਗਤ ਕਹੇ ਚੰਗਾ ਮਹਿਤਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਜਨ ਭਗਤ ਕਹੇ ਚੰਗਾ ਮਹੱਲਾ, ਮਹਿਫ਼ਲ ਇਕ ਲਗਾਇੰਦਾ। ਜਨ ਭਗਤ ਕਹੇ ਚੰਗਾ ਇਹ ਕੱਲਾ, ਅਕਲ ਕਲਧਾਰੀ ਸੋਭਾ ਪਾਇੰਦਾ। ਜਨ ਭਗਤ ਕਹੇ ਚੰਗਾ ਸਚ ਸਿੰਘਾਸਣ ਮੱਲਾ, ਸਤਿ ਦਵਾਰੇ ਡੇਰਾ ਲਾਇੰਦਾ। ਜਨ ਭਗਤ ਕਹੇ ਅਛੱਲ ਅਛੱਲਾ, ਵਲ ਛਲ ਧਾਰੀ ਖੇਲ ਖਿਲਾਇੰਦਾ। ਜਨ ਭਗਤ ਕਹੇ ਜੋਤੀ ਦੀਪਕ ਬਲਾ, ਨੂਰ ਇਕੋ ਡਗਮਗਾਇੰਦਾ। ਜਨ ਭਗਤ ਕਹੇ ਫੜਾਵੇ ਪੱਲਾ, ਪੱਲੂ ਆਪਣੇ ਨਾਲ ਬੰਧਾਇੰਦਾ। ਜਨ ਭਗਤ ਕਹੇ ਬੱਲਾ ਬੱਲਾ, ਵਾਹਵਾ ਸਿਫ਼ਤ ਸਲਾਹਿੰਦਾ। ਜਨ ਭਗਤ ਕਹੇ ਮੀਆਂ ਉਹ ਅੱਲਾ, ਜੋ ਅਲੈਹਦਗੀ ਵਿਚ ਡੇਰਾ ਲਾਇੰਦਾ। ਜਨ ਭਗਤ ਕਹੇ ਉਹ ਧੁਰ ਦਾ ਧਨਾ, ਧਨਾਢ ਇਕੋ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਇੰਦਾ। ਜਨ ਭਗਤ ਕਹੇ ਚੰਗਾ ਮਹਿਬੂਬ, ਮੁਹੱਬਤ ਵਿਚ ਸਮਾਈਆ। ਜਨ ਭਗਤ ਕਹੇ ਚੰਗਾ ਅਰੂਜ, ਸੋਹਣੀ ਬਣਤ ਬਣਾਈਆ। ਜਨ ਭਗਤ ਕਹੇ ਚੰਗਾ ਮਹਿਫੂਜ਼, ਢਾਹ ਸਕੇ ਕੋਈ ਨਾ ਰਾਈਆ। ਜਨ ਭਗਤ ਕਹੇ ਚੰਗਾ ਮਕਸੂਦ, ਮੰਜ਼ਲ ਇਕ ਦਰਸਾਈਆ। ਜਨ ਭਗਤ ਕਹੇ ਚੰਗਾ ਹਦੂਦ, ਹੱਦਾਂ ਵਿਚ ਨਾ ਕੋਇ ਵੰਡਾਈਆ। ਜਨ ਭਗਤ ਕਹੇ ਚੰਗਾ ਮੌਜੂਦ, ਸਚ ਦਵਾਰੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਜਨ ਭਗਤ ਕਹੇ ਚੰਗਾ ਗਹਿਰ ਗੰਭੀਰ, ਗਵਰ ਨਜ਼ਰੀ ਆਇੰਦਾ। ਜਨ ਭਗਤ ਕਹੇ ਚੰਗਾ ਬਿਨ ਸਰੀਰ, ਸਤਿ ਸਰੂਪੀ ਹਰਿ ਅਖਵਾਇੰਦਾ। ਜਨ ਭਗਤ ਕਹੇ ਚੰਗਾ ਚੋਟੀ ਚੜ੍ਹ ਬੈਠਾ ਅਖ਼ੀਰ, ਆਖ਼ਰ ਆਪਣਾ ਡੇਰਾ ਲਾਇੰਦਾ। ਜਨ ਭਗਤ ਕਹੇ ਚੰਗਾ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਇੰਦਾ। ਜਨ ਭਗਤ ਕਹੇ ਚੰਗਾ ਲਾਤਸਵੀਰ, ਰੂਪ ਰੰਗ ਰੇਖ ਨਾ ਕੋਇ ਬਣਾਇੰਦਾ। ਜਨ ਭਗਤ ਕਹੇ ਚੰਗਾ ਮਸ਼ੀਰ, ਮਸ਼ਵਰਾ ਆਪਣੇ ਨਾਲ ਜੁੜਾਇੰਦਾ। ਜਨ ਭਗਤ ਕਹੇ ਚੰਗਾ ਮੁਨੀਰ, ਜੋਤੀ ਨੂਰ ਡਗਮਗਾਇੰਦਾ। ਜਨ ਭਗਤ ਕਹੇ ਚੰਗਾ ਮਦਦਗੀਰ, ਮੁੱਦਾ ਸਭ ਦਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪਾਇੰਦਾ। ਜਨ ਭਗਤ ਕਹੇ ਚੰਗਾ ਸ਼ਹਿਨਸ਼ਾਹ, ਸ਼ਾਹਾਂ ਸਿਰ ਅਖਵਾਈਆ। ਜਨ ਭਗਤ ਕਹੇ ਚੰਗਾ ਪਾਵੇ ਰਾਹ, ਰਹਿਬਰ ਇਕ ਸਮਝਾਈਆ। ਜਨ ਭਗਤ ਕਹੇ ਚੰਗਾ ਇਕ ਮਲਾਹ, ਬੇੜਾ ਕੰਧ ਉਠਾਈਆ। ਜਨ ਭਗਤ ਕਹੇ ਚੰਗਾ ਦੇਵੇ ਇਕ ਸਲਾਹ, ਸਾਚੀ ਸਿਖਿਆ ਸਚ ਸਮਝਾਈਆ। ਜਨ ਭਗਤ ਕਹੇ ਚੰਗਾ ਇਕੋ ਨਾਂ, ਨਾਉਂ ਨਿਰੰਕਾਰਾ ਦਏ ਦ੍ਰਿੜਾਈਆ। ਜਨ ਭਗਤ ਕਹੇ ਚੰਗਾ ਇਕੋ ਪਿਓ ਮਾਂ, ਆਦਿ ਜੁਗਾਦਿ ਨਾ ਮਰੇ ਨਾ ਜਾਈਆ। ਜਨ ਭਗਤ ਕਹੇ ਚੰਗਾ ਪਕੜੇ ਬਾਂਹ, ਫੜ ਬਾਹੋਂ ਗਲੇ ਲਗਾਈਆ। ਜਨ ਭਗਤ ਕਹੇ ਚੰਗਾ ਨਿਥਾਵਿਆਂ ਦੇਵੇ ਥਾਂ, ਸਚ ਦਵਾਰਾ ਆਪ ਸੁਹਾਈਆ। ਜਨ ਭਗਤ ਕਹੇ ਹੰਸ ਬਣਾਏ ਕਾਂ, ਕਾਗੋਂ ਹੰਸ ਬਣਾਈਆ। ਜਨ ਭਗਤ ਕਹੇ ਚੰਗਾ ਸਿਰ ਦੇਵੇ ਠੰਡੀ ਛਾਂ, ਛਹਿਬਰ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਆਪ ਪਰਗਟਾਈਆ। ਜਨ ਭਗਤ ਕਹੇ ਚੰਗਾ ਚੰਗੇਰਾ, ਚੰਗੀ ਤਰਾ ਜਣਾਈਆ। ਜਨ ਭਗਤ ਕਹੇ ਚੰਗਾ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜਨ ਭਗਤ ਕਹੇ ਚੰਗਾ ਖੇੜਾ, ਸੋਹਣਾ ਘਰ ਵਖਾਈਆ। ਜਨ ਭਗਤ ਕਹੇ ਚੰਗਾ ਕਰੇ ਨਿਬੇੜਾ, ਫ਼ੈਸਲਾ ਹਕੋ ਹਕ ਸੁਣਾਈਆ । ਜਨ ਭਗਤ ਕਹੇ ਚੰਗਾ
ਬੰਨ੍ਹੇ ਬੇੜਾ, ਡੁਬਦੇ ਪਾਰ ਲੰਘਾਈਆ। ਜਨ ਭਗਤ ਕਹੇ ਨਾਤਾ ਜੋੜੇ ਤੇਰਾ ਮੇਰਾ, ਇਕੋ ਘਰ ਵਸਾਈਆ। ਜਨ ਭਗਤ ਕਹੇ ਚੰਗਾ ਸਭ ਤੋਂ ਵੱਡਾ ਰੱਖੇ ਜੇਰਾ, ਗੰਭੀਰ ਗਹਿਰ ਗਵਰ ਅਖਵਾਈਆ। ਜਨ ਭਗਤ ਕਹੇ ਚੰਗਾ ਮੇਟੇ ਅੰਧੇਰਾ, ਅੰਧ ਕੂਪ ਦਏ ਗਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਜਨ ਭਗਤ ਕਹੇ ਚੰਗਾ ਅਬਿਨਾਸ਼ੀ, ਜੋ ਆਪਣਿਆਂ ਲਏ ਮਿਲਾਈਆ। ਜਿਸ ਦੀ ਜੋਤ ਇਕ ਪਰਕਾਸ਼ੀ, ਪਰਕਾਸ਼ਵਾਨ ਅਖਵਾਈਆ। ਜੋ ਮੇਟਣਹਾਰਾ ਅੰਤਰ ਉਦਾਸੀ, ਧੀਰਜ ਧੀਰ ਬੰਧਾਈਆ। ਆਦਿ ਜੁਗਾਦਿ ਕਰੇ ਰਾਖੀ, ਰੱਖਕ ਹੋ ਕੇ ਸੇਵ ਕਮਾਈਆ। ਜਨ ਭਗਤਾਂ ਚੁਕਾ ਕੇ ਲਹਿਣਾ ਬਾਕੀ, ਦੇਣਾ ਝੋਲੀ ਪਾਈਆ। ਘਰ ਮੰਦਰ ਖੋਲ੍ਹ ਕੇ ਤਾਕੀ, ਤਕਵਾ ਆਪਣਾ ਦਏ ਜਣਾਈਆ। ਸਾਹਿਬ ਸੰਗੀ ਸਾਥੀ ਦੇਵੇ ਦਾਤੀ, ਦਾਤਾ ਹੋ ਕੇ ਦਏ ਵਰਤਾਈਆ। ਧਰਮ ਦਵਾਰ ਦੀ ਖੋਲ੍ਹ ਕੇ ਹਾਟੀ, ਬਣ ਬਣਜਾਰਾ ਦਏ ਲੁਟਾਈਆ। ਪੰਧ ਮੁਕਾ ਕੇ ਪਿਛਲੀ ਵਾਟੀ, ਅਗਲੇ ਮਾਰਗ ਲਾਈਆ। ਮੇਲ ਮਿਲਾ ਕੇ ਕਮਲਾਪਾਤੀ, ਕਵਲ ਨੈਣ ਰੰਗ ਰੰਗਾਈਆ। ਧੁਰ ਦਾ ਸੱਜਣ ਬਣਕੇ ਸਾਥੀ, ਸਗਲਾ ਸੰਗ ਰਖਾਈਆ। ਬਣ ਸਹਾਰਾ ਨਾਥ ਅਨਾਥੀ, ਅਨਾਥਾਂ ਦਏ ਵਡਿਆਈਆ। ਜਨ ਭਗਤਾਂ ਸਦਾ ਪੁੱਛੇ ਵਾਤੀ, ਵਤਨਾਂ ਵਾਲੇ ਵੇਖ ਵਖਾਈਆ। ਸਚ ਸੁਨੇਹੜਾ ਦੇ ਕੇ ਪਾਤੀ, ਪਤ੍ਰਕਾ ਆਪਣੀ ਦਏ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਖ਼ੁਸ਼ੀ ਮਨਾਈਆ। ਜਨ ਭਗਤ ਕਹੇ ਚੰਗਾ ਉਹ ਗ੍ਰਹਿ, ਜਿਸ ਘਰ ਡੇਰਾ ਲਾਇੰਦਾ । ਸਦਾ ਸਵਾਮੀ ਇਕੋ ਰਹੇ, ਰਹਿਬਰ ਇਕ ਅਖਵਾਇੰਦਾ। ਜੋ ਆਦਿ ਜੁਗਾਦਿ ਜੁਗ ਚੌਕੜੀ ਸ੍ਰਿਸ਼ਟੀ ਕਰਦਾ ਲੈ, ਉਤਪਤ ਆਪ ਉਪਾਇੰਦਾ। ਸੋ ਸਚ ਸੰਦੇਸ਼ਾ ਧੁਰ ਦਾ ਕਹੇ, ਹਰਿਜਨ ਆਪ ਜਣਾਇੰਦਾ। ਸਚ ਦਵਾਰੇ ਜਾਣਾ ਬਹਿ, ਸਵਰਗ ਬਹਿਸ਼ਤ ਨਾਤਾ ਦੋਹਾਂ ਤੁੜਾਇੰਦਾ। ਜਿਥੇ ਪਰਲੋ ਕਦੇ ਕਰੇ ਨਾ ਲੈ, ਮਹਾਂਪਰਲੋ ਧਾਰ ਨਾ ਕੋਇ ਰੁੜ੍ਹਾਇੰਦਾ। ਉਹ ਦਵਾਰਾ ਜਨ ਭਗਤਾਂ ਦਏ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਜਨ ਭਗਤ ਕਿਉਂ ਕਰੇ ਹਾਏ ਹਾਏ, ਜਿਸਦਾ ਹਾਸਲ ਜ਼ਰਬਾਂ ਨਾਲ ਵਧਾਇੰਦਾ। ਸਾਹਿਬ ਸਵਾਮੀ ਬੇਪਰਵਾਹੇ, ਬੇਪਰਵਾਹੀ ਵਿਚ ਰਖਾਇੰਦਾ। ਧੁਰ ਦਾ ਨਾਤਾ ਤੋੜ ਨਿਭਾਏ, ਅਧਵਿਚਕਾਰ ਨਾ ਕੋਇ ਤੁੜਾਇੰਦਾ। ਸਾਚੇ ਮੰਦਰ ਲੈ ਕੇ ਜਾਏ, ਮੰਜ਼ਲ ਪੰਧ ਚੁਕਾਇੰਦਾ। ਧਰਮ ਦਵਾਰੇ ਲਏ ਟਿਕਾਏ, ਟਿੱਕਾ ਮਸਤਕ ਨਾਮ ਲਗਾਇੰਦਾ। ਸੱਤ ਪਦਾਰਥ ਗੁਰਮੁਖ ਖਾਏ, ਚਾਰ ਪਦਾਰਥ ਪੰਧ ਮੁਕਾਇੰਦਾ। ਪਰਮਾਰਥ ਪਿਛੇ ਸਵਾਰਥ ਰਖਾਏ, ਸਵਾਰਥ ਵਿਚ ਸਫ਼ਾਰਸ਼ ਅਗੇ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿ ਭਗਤ ਕਹੇ ਚੰਗਾ ਭਗਵੰਤ, ਭਾਵੀ ਮੇਟ ਮਿਟਾਈਆ। ਮੇਲ ਮਿਲਾਏ ਬਣ ਕੇ ਕੰਤ, ਕੰਤੂਹਲ ਖ਼ੁਸ਼ੀ ਵਖਾਈਆ। ਸੋ ਗੁਰਮੁਖ ਕਹੀਏ ਸੱਚਾ ਸੰਤ, ਜਿਸ ਸਤਿ ਮਿਲੀ ਵਡਿਆਈਆ। ਸਤਿਗੁਰ ਘਰ ਬਣਾਈ ਬਣਤ, ਘੜਨ ਭੰਨਣਹਾਰ ਵੇਖ ਵਖਾਈਆ। ਨਾਮ ਦਸ ਕੇ ਆਪਣਾ ਮੰਤ, ਮਤਲਬ ਸਭ ਦੇ ਵੇਖ ਵਖਾਈਆ। ਦੇ ਵਡਿਆਈ ਵਿਚੋਂ ਜੀਵ ਜੰਤ, ਜੰਤਾ ਵਿਚੋਂ ਬਾਹਰ ਕਢਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਸਮਝਾਈਆ। ਜੇ ਕੋਈ ਪ੍ਰਭ ਦਾ ਪਾਉਣਾ ਚਾਹੇ ਅੰਤ, ਅੰਤ ਵਿਚ ਕਿਸੇ ਨਾ ਆਈਆ। ਸੋ ਤਰਿਆ ਜੋ ਕਰੇ ਮਿੰਨਤ, ਮਿੰਨਤ ਵਿਚ ਸਰਨਾਈਆ । ਬਿਨ ਭਗਤਾਂ ਪ੍ਰਭ ਮਿਲਣ ਦੀ ਕਿਸੇ ਕੋਲ ਨਹੀਂ ਕੋਈ ਹਿੰਮਤ, ਹੌਸਲਾ ਸਕੇ ਨਾ ਕੋਇ ਵਧਾਈਆ। ਚਾਰੇ ਕੁੰਟਾਂ ਵੇਖ ਲਉ ਸਿੰਮਤ, ਸਮੇਰੂ ਵਰਗੇ
ਰੋਂਦੇ ਮਾਰਨ ਧਾਈਂਆ। ਕੋਟਨ ਕੋਟ ਲੱਭਦੇ ਅਣਗਿਣਤ, ਗਿਣਤੀਆਂ ਵਿਚ ਨਾ ਕੋਇ ਗਿਣਾਈਆ। ਪ੍ਰਭ ਸਭ ਨਾਲ ਕਰਕੇ ਥੋੜੀ ਥੋੜੀ ਇੱਲਤ, ਆਲ੍ਹਣਿਉਂ ਬੋਟ ਭੁੰਜੇ ਦੇਵੇ ਸੁਟਾਈਆ। ਜੇ ਕਿਸੇ ਨੂੰ ਧਾਰ ਬਖ਼ਸ਼ ਦੇਵੇ ਕਿਣਕ, ਕਿਣਕਾ ਵਿਚ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਜਨ ਭਗਤ ਕਹੇ ਚੰਗਾ ਜਗ ਮੋਹਣ, ਮੋਹਣੀ ਨਜ਼ਰੀ ਆਇੰਦਾ। ਜਿਸ ਨੂੰ ਵੇਖ ਕੇ ਆਵੇ ਰੋਣ, ਰੋਂਦਿਆਂ ਗਲੇ ਲਗਾਇੰਦਾ। ਜਿਹੜਾ ਦੁਰਮਤ ਮੈਲ ਆਇਆ ਧੋਣ, ਧੋਬੀ ਬਣ ਕੇ ਸੇਵ ਕਮਾਇੰਦਾ । ਜਿਹੜਾ ਟੁੱਟਿਆਂ ਮੰਜਿਆਂ ਉਤੇ ਆਇਆ ਸੌਣ, ਪਲੰਘ ਰੰਗੀਲੇ ਪਰਾਂ ਹਟਾਇੰਦਾ। ਜਿਹੜਾ ਭਗਤਾਂ ਢੋਲਾ ਆਇਆ ਗੌਣ, ਆਪਣਾ ਰਾਗ ਨਾ ਕੋਇ ਅਲਾਇੰਦਾ । ਜਿਹੜਾ ਆਪਣਾ ਵਾਧਾ ਆਇਆ ਵਧੌਣ, ਵੇਲ ਭਗਤਾਂ ਝੋਲੀ ਪਾਇੰਦਾ। ਜਿਹੜਾ ਗੁਰਮੁਖ ਨਾਰੀ ਆਇਆ ਪਰਨੌਣ, ਪਰਾਹੁਣਾ ਦੋ ਜਹਾਨਾਂ ਇਕੋ ਨਜ਼ਰੀ ਆਇੰਦਾ। ਜਿਹੜਾ ਕੋਝੀ ਕਮਲੀ ਘਰ ਆਇਆ ਵਸੌਣ, ਵਾਸਤਾ ਆਪਣੇ ਨਾਲ ਰਖਾਇੰਦਾ। ਜਿਹੜਾ ਆਪਣੇ ਭਗਤਾਂ ਦੀ ਭੇਟੇ ਚੜ੍ਹੌਣ ਆਇਆ ਧੌਣ, ਤਤ ਨਾ ਕੋਇ ਰਖਾਈਆ। ਜਿਹੜਾ ਉਜੜੇ ਆਇਆ ਵਸੌਣ, ਸਾਚੇ ਮੰਦਰ ਦਏ ਬਹਾਈਆ। ਓਸ ਦਾ ਖੇਲ ਜਾਣੇ ਕੌਣ, ਕਵਣ ਸਕੇ ਸਮਝਾਈਆ। ਲੱਖ ਚੁਰਾਸੀ ਨਾਲ ਦਗ਼ਾ ਆਇਆ ਕਮੌਣ, ਦਾਗ਼ੀ ਕਰੇ ਥਾਉਂ ਥਾਈਂਆ। ਜਨ ਭਗਤਾਂ ਮਜ਼ਾ ਆਇਆ ਚਖੌਣ, ਮਜ਼੍ਹਬਾਂ ਵਿਚੋਂ ਬਾਹਰ ਕਢਾਈਆ। ਕੂੜੀ ਕਿਰਿਆ ਆਇਆ ਦੁਰਕੌਣ, ਨਾਮ ਖੰਡਾ ਹੱਥ ਉਠਾਈਆ। ਵਿਛੜਿਆਂ ਆਇਆ ਮਿਲੌਣ, ਮਿਲ ਮਿਲ ਖ਼ੁਸ਼ੀ ਮਨਾਈਆ। ਨਾਦ ਅਗੰਮੀ ਆਇਆ ਵਜੌਣ, ਧੁਰ ਦਾ ਤਾਲ ਸੁਣਾਈਆ। ਜਗਤ ਗ਼ਰੀਬੀ ਆਇਆ ਗਵੌਣ, ਗਵਾਹ ਸ਼ਹਾਦਤ ਗੁਰ ਅਵਤਾਰ ਪੈਗ਼ੰਬਰ ਦਏ ਭੁਗਤਾਈਆ। ਆਪਣਾ ਦਰਸ ਆਇਆ ਦਖੌਣ, ਪੜਦਾ ਆਪ ਉਠਾਈਆ। ਰੁਲਦੇ ਬਾਲੇ ਲਾਲੇ ਆਇਆ ਪਰਚੌਣ, ਲਾਲਚ ਆਪਣਾ ਨਾਮ ਝੋਲੀ ਪਾਈਆ। ਭਗਤਾਂ ਦੇ ਅੰਦਰੋਂ ਕੂੜੀ ਕਿਰਿਆ ਆਇਆ ਡਰੌਣ, ਭੈੜੀ ਨਿਕੰਮੀ ਬਾਹਰ ਕਢਾਈਆ। ਸਾਚੀ ਤਰਨੀ ਆਇਆ ਤਰੌਣ, ਚਪੂ ਆਪਣਾ ਨਾਮ ਇਕ ਲਗਾਈਆ। ਆਪਣਾ ਨਾਮ ਪੂਰਾ ਪੂਰਨ ਹੋ ਕੇ ਆਇਆ ਅਖਵੌਣ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵੱਜੇ ਵਧਾਈਆ। ਜਨ ਭਗਤਾਂ ਸਚਖੰਡ ਦਵਾਰੇ ਆਇਆ ਬਹੌਣ, ਬੈਠਾ ਸੋਹਣ ਸਿੰਘ ਖ਼ੁਸ਼ੀ ਮਨਾਈਆ। ਪਿਛਲਾ ਉਲ੍ਹਾਮਾ ਆਇਆ ਲੌਹਣ, ਰਾਮ ਰਮਿਆ ਬੇਪਰਵਾਹੀਆ। ਜਨ ਭਗਤਾਂ ਸੁਤਿਆਂ ਆਇਆ ਜਗੌਣ, ਜੁਗ ਵਿਛੜਿਆਂ ਰਿਹਾ ਉਠਾਈਆ। ਪਿਛਲੇ ਲੇਖੇ ਆਇਆ ਕਢੌਣ, ਵਹੀ ਖਾਤਾ ਨਾਲ ਬੰਧਾਈਆ। ਰੁਸਿਆਂ ਆਇਆ ਮਨੌਣ, ਰਸਤੇ ਰਿਹਾ ਪਾਈਆ। ਗੁੱਸਿਆਂ ਆਇਆ ਗਵੌਣ, ਗਿਲੇ ਰਿਹਾ ਚੁਕਾਈਆ । ਡਿਗਿਆਂ ਆਇਆ ਉਠੌਣ, ਢੱਠਿਆਂ ਦਏ ਤਕੜਾਈਆ। ਆਪਣੀ ਗੋਦ ਵਿਚ ਜਗਤ ਠਰਿਆਂ ਨਿੱਘੇ ਆਇਆ ਕਰੌਣ, ਕੂੜੀ ਵਾ ਨਾ ਲਾਗੇ ਰਾਈਆ। ਪ੍ਰੇਮ ਪ੍ਰੀਤੀ ਅੰਦਰ ਆਇਆ ਹਸੌਣ, ਹਸਤੀ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਦਰਸ ਆਇਆ ਦਰਸੌਣ, ਦਰਸ ਨਾਲ ਹਰਸ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੱਚਿਆਂ ਬਾਲਿਆਂ ਨਨ੍ਹਿਆਂ ਆਇਆ ਪਰਚੌਣ, ਸਿਰ ਆਪਣਾ ਹੱਥ ਟਿਕਾਈਆ।