੬ ਮੱਘਰ ੨੦੨੧ ਬਿਕ੍ਰਮੀ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ
ਜਨ ਭਗਤ ਬਹਿਣਾ ਸਾਚੀ ਗੋਦੀ, ਸ੍ਰੀ ਭਗਵਾਨ ਦਏ ਵਡਿਆਈਆ। ਜਿਸ ਵਿਚ ਬਹਿੰਦੇ ਰਹੇ ਬੇਦੀ ਸੋਡੀ, ਆਪਣਾ ਆਸਣ ਲਾਈਆ । ਤੂੰ ਵੀ ਉਸ ਬਾਗ਼ ਦੀ ਡੋਡੀ, ਗੁਲਸ਼ਨ ਵਿਚੋਂ ਗ਼ੁੰਚਾ ਫੁੱਲ ਰੂਪ ਵਟਾਈਆ। ਮੇਲ ਮਿਲਾਇਆ ਬਣਕੇ ਧੁਰ ਸੰਜੋਗੀ, ਵਿਛੋੜਾ ਪੰਧ ਚੁਕਾਈਆ । ਅੰਤਰ ਆਤਮ ਆਪੇ ਸੋਧੀ, ਬੁਧ ਬਿਬੇਕ ਕਰਾਈਆ। ਦੀਨ ਦਿਆਲ ਬਣਕੇ ਚੋਜੀ, ਹਰਿਜਨ ਸਾਚੇ ਵੇਖ ਵਖਾਈਆ। ਜਨਮ ਜਨਮ ਦੇ ਜਾਣੇ ਰੋਗੀ, ਦੁਖੜਾ ਰਿਹਾ ਮਿਟਾਈਆ। ਲੱਭਦੇ ਫਿਰਦੇ ਕੋਟਨ ਕੋਟੀ, ਲੱਭਿਆਂ ਹੱਥ ਕਿਸੇ ਨਾ ਆਈਆ। ਤਾਲ ਵਜੌਂਦੇ ਕਾਰਨ ਰੋਟੀ, ਚਾਰੋਂ ਕੁੰਟ ਦੁਹਾਈਆ। ਬਿਨ ਭਗਤਾਂ ਮੰਜ਼ਲ ਚੜ੍ਹੇ ਕੋਇ ਨਾ ਚੋਟੀ, ਘਰ ਸਚ ਨਾ ਕੋਇ ਸੁਹਾਈਆ। ਸਤਿਗੁਰ ਪੂਰਾ ਵਾਸਨਾ ਕੱਢੇ ਖੋਟੀ, ਸਚ ਸੁਚ ਸਮਝਾਈਆ। ਤੇਰਾ ਨੂਰ ਨਿਰਮਲ ਨਿਰਾਲਾ ਜੋਤੀ, ਜੋਤੀ ਜੋਤ ਜੋਤ ਸਮਾਈਆ। ਸਾਚੀ ਮੰਜ਼ਲ ਦੱਸੇ ਸੌਖੀ, ਪੌੜੀ ਡੰਡੇ ਆਪ ਚੜ੍ਹਾਈਆ। ਪੜ੍ਹਨੀ ਪਏ ਨਾ ਕੋਇ ਪੋਥੀ, ਪੁਸਤਕ ਹੱਥ ਨਾ ਕੋਇ ਵਖਾਈਆ। ਭਾਵੇਂ ਤਾਅਨੇ ਦੇਵਣ ਲੋਕੀਂ, ਪਰਲੋਕ ਵੱਜੇ ਵਧਾਈਆ। ਗੁਰਮੁਖ ਹੀਰਾ ਮਾਣਕ ਮੋਤੀ, ਰਤਨ ਜਵਾਹਰ ਇਕੋ ਨਜ਼ਰੀ ਆਈਆ। ਜਿਸ ਦੀ ਸੁਰਤ ਉਠਾਈ ਸੋਤੀ, ਸੁੱਤਿਆਂ ਲਿਆ ਜਗਾਈਆ। ਮੇਲ ਮਿਲਾਕੇ ਨਾਲ ਰਵਿਦਾਸ ਚਮਾਰੇ ਮੋਚੀ, ਬ੍ਰਹਿਮਣ ਰੰਗ ਰੰਗਾਈਆ। ਕਸੀਰੇ ਵਾਲਾ ਬਣ ਕੇ ਖੋਜੀ, ਰਾਜਨ ਆਪਣਾ ਫੇਰਾ ਪਾਈਆ। ਭਾਈਆਂ ਨਾਲ ਮੇਲ ਮਿਲਾ ਕੇ ਵੱਖਰੀ ਅਨੋਖੀ ਕਹਾਣੀ ਸੋਚੀ, ਸਚ ਸੁਚ ਆਪ ਜਣਾਈਆ। ਜਿਸ ਦਵਾਰੇ ਤਰਦੇ ਦੋਸ਼ੀ ਨਿਰਦੋਸ਼ੀ, ਪਾਪੀਆਂ ਪੁਨੀਤ ਦਏ ਬਣਾਈਆ । ਸੋਹਣੀ ਸੁਹੰਜਣੀ ਉੱਤਮ ਸ੍ਰੇਸ਼ਟ ਜਿਸ ਦੀ ਇਕੋ ਗੋਦੀ, ਗੋਦਾਵਰੀ ਕੰਢੇ ਗੋਬਿੰਦ ਗਿਆ ਸੁਣਾਈਆ। ਸਚ ਦਵਾਰ ਦਾ ਠਾਕਰ ਮੌਜੀ, ਮਜਲਸ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭਗਤ ਸੁਹੇਲੇ ਗੋਦੀ ਬਹਿਣਾ, ਹਰਿ ਕਰਤਾ ਆਪ ਜਣਾਇੰਦਾ। ਦਰਸ਼ਨ ਕਰਨਾ ਸਨਮੁਖ ਨੈਣਾਂ, ਨੇਤਰ ਨੈਣਾਂ ਅੱਖ ਖੁਲ੍ਹਾਇੰਦਾ। ਪ੍ਰੇਮ ਪਿਆਰ ਦਾ ਭੂਸ਼ਣ ਗਹਿਣਾ, ਤਨ ਚੋਲਾ ਇਕ ਵਖਾਇੰਦਾ। ਹਰਿ ਸਰਨਾਈ ਸਾਚੀ ਰਹਿਣਾ, ਦੂਜਾ ਇਸ਼ਟ ਨਾ ਕੋਇ ਵਡਿਆਇੰਦਾ। ਚਰਨ ਦਵਾਰੇ ਧੁਰ ਦੇ ਬਹਿਣਾ, ਅਸਥਾਨ ਭੂਮਿਕਾ ਇਕੋ ਇਕ ਸੁਹਾਇੰਦਾ। ਜੁਗ ਜਨਮ ਦਾ ਲਹਿਣਾ ਦੇਣਾ, ਪੁਰਖ ਅਕਾਲਾ ਝੋਲੀ ਪਾਇੰਦਾ। ਕੂੜੀ ਕਿਰਿਆ ਮਾਤ ਨਾ ਵਹਿਣਾ, ਸ਼ੌਹ ਦਰਿਆਏ ਨਾ ਕੋਇ ਰੁੜ੍ਹਾਇੰਦਾ। ਸਰਬ ਸਵਾਮੀ ਮਿਲੇ ਸੱਜਣ ਸੈਣਾ, ਸਾਕ ਇਕੋ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਰੰਗ ਰੰਗਾਇੰਦਾ। ਪ੍ਰਭ ਦੀ ਗੋਦੀ ਸਭ ਤੋਂ ਚੰਗੀ, ਗੁਰ ਅਵਤਾਰ ਧਿਆਨ ਲਗਾਈਆ। ਦਏ ਸ਼ਹਾਦਤ ਮਾਤਾ ਗੰਗੀ, ਜਮਨਾ ਸੁਰਸਤੀ ਨਾਲ ਰਲਾਈਆ। ਸ੍ਰਿਸ਼ਟ ਸਬਾਈ ਕਲਜੁਗ ਅੰਧੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜਗਤ ਵਾਸਨਾ ਹੋਈ ਗੰਦੀ, ਸੁਗੰਧੀ ਨਜ਼ਰ ਕੋਇ ਨਾ ਪਾਈਆ। ਫਿਰੀ ਦਰੋਹੀ ਵਿਚ ਵਰਭੰਡੀ, ਬ੍ਰਹਿਮੰਡ ਰਹੇ ਕੁਰਲਾਈਆ। ਜਗਤ ਦੁਹਾਗਣ ਬਣਕੇ ਰੰਡੀ, ਆਸਾ ਤ੍ਰਿਸ਼ਨਾ ਮਾਰੇ ਧਾਹੀਂਆ। ਚੜ੍ਹਿਆ ਚੰਦ ਨਾ ਕੋਇ ਨਵਚੰਦੀ, ਮੱਸਿਆ ਰੈਣ ਨਾ ਕੋਇ ਮਿਟਾਈਆ। ਤੁਟਾ ਖ਼ਾਨਾ ਮੂਲ ਨਾ ਬੰਦੀ, ਬੰਦਨਾ ਹਕ ਨਾ ਕੋਇ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਾ ਕੇ ਗਏ ਡੰਡੀ, ਆਪੋ ਆਪਣਾ ਰਾਹ ਜਣਾਈਆ। ਪੁਰਖ ਅਕਾਲ ਦੀਨ ਦਿਆਲ ਸਰਬ
ਬਖ਼ਸ਼ੰਦੀ, ਲੱਖ ਚੁਰਾਸੀ ਹੋਇ ਸਹਾਈਆ। ਜਿਸ ਦੀ ਗੋਦ ਸੁਹੰਜਣੀ ਇਕ ਸੁਹੰਦੀ, ਜਨ ਭਗਤ ਬਹਿ ਬਹਿ ਖ਼ੁਸ਼ੀ ਮਨਾਈਆ। ਵੱਜੇ ਤਨ ਰਬਾਬ ਅਗੰਮੀ ਤੰਦੀ, ਰਾਗ ਤਾਲ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਪ੍ਰਭ ਦੀ ਗੋਦ ਕਹੇ ਮੈਂ ਕੀ ਕੀ ਦੱਸਾਂ, ਧੁਰ ਦਾ ਹਾਲ ਸੁਣਾਈਆ। ਜਨ ਭਗਤ ਵੇਖਾਂ ਆਪਣੀ ਅੱਖਾਂ, ਆਖ਼ਰ ਪੜਦਾ ਲਾਹੀਆ। ਸਚ ਸਰਨਾਈ ਓਨ੍ਹਾਂ ਢੱਠਾ, ਜੋ ਢਹਿ ਢਹਿ ਰਹੇ ਮਨਾਈਆ। ਨਾਤਾ ਤੋੜਕੇ ਤੱਤਾਂ ਅੱਠਾਂ, ਨੌ ਦਰ ਪੰਧ ਚੁਕਾਈਆ। ਖ਼ੁਸ਼ੀਆਂ ਨਾਲ ਬਹਿ ਬਹਿ ਹੱਸਾਂ, ਹੰਸ ਮੁਖ ਆਪਣਾ ਰੂਪ ਵਟਾਈਆ। ਸਚ ਸੁਨੇਹੜਾ ਇਕੋ ਦੱਸਾਂ, ਧੁਰ ਦਾ ਹਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹੇ ਪ੍ਰਭ ਗੋਦੀ ਇਕ, ਏਕੰਕਾਰ ਆਪ ਜਣਾਈਆ। ਜਿਥੇ ਠਾਕਰ ਸਵਾਮੀ ਆਏ ਦਿਸ, ਦਹਿ ਦਿਸ਼ਾ ਹੋਏ ਰੁਸ਼ਨਾਈਆ। ਆਤਮ ਪਰਮਾਤਮ ਕਰੇ ਹਿਤ, ਨਾਤਾ ਤੱਤਾਂ ਦਏ ਤੁੜਾਈਆ। ਨਿਰਗੁਣ ਹੋ ਕੇ ਸਰਗੁਣ ਲਏ ਖਿੱਚ, ਅਧ ਵਿਚ ਮੇਲ ਮਿਲਾਈਆ। ਧੁਰ ਦਾ ਮਾਲਕ ਬਣ ਕੇ ਪਿਤ, ਪੂਤ ਸਪੂਤੇ ਹੋਏ ਸਹਾਈਆ। ਕਰੇ ਖੇਲ ਆਪ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਤਰਾਈਆ। ਗੋਦ ਬਹਿਣ ਦਾ ਜਿਨ੍ਹਾਂ ਚਾਅ, ਚਾਓ ਘਨੇਰਾ ਦਏ ਜਣਾਈਆ। ਪੁਰਖ ਅਬਿਨਾਸ਼ੀ ਬਣਾਓ ਇਕ ਮਲਾਹ, ਬੇੜਾ ਦੋ ਜਹਾਨ ਤਰਾਈਆ। ਸ਼ਬਦ ਅਗੰਮੀ ਦਏ ਸਲਾਹ, ਕਰੇ ਸਚ ਪੜ੍ਹਾਈਆ। ਗੋਦ ਉਠਾਏ ਜਿਉਂ ਪੁੱਤਰਾਂ ਮਾਂ, ਬਾਲਕ ਅੰਗ ਲਗਾਈਆ। ਖ਼ਾਲਕ ਖ਼ਲਕ ਰੂਪ ਖ਼ੁਦਾ, ਖ਼ੁਦ ਮਿਲੇ ਬੇਪਰਵਾਹੀਆ। ਪਰਵਰਦਿਗਾਰ ਸੱਚਾ ਸ਼ਹਿਨਸ਼ਾਹ, ਜਲਵਾ ਨੂਰ ਨੂਰ ਖ਼ੁਦਾਈਆ। ਮੁਰੀਦਾਂ ਮੁਰਸ਼ਦ ਵੇਖੇ ਆ, ਭਗਤਾਂ ਭਗਵਨ ਜੋੜ ਜੁੜਾਈਆ। ਰਹਿਬਰ ਹੋ ਕੇ ਦੱਸੇ ਰਾਹ, ਮਾਰਗ ਇਕੋ ਇਕ ਸਮਝਾਈਆ। ਸਿਰ ਆਪਣਾ ਹੱਥ ਟਿਕਾ, ਜਗਤ ਜਗਦੀਸ਼ ਵੇਖ ਵਖਾਈਆ। ਹਰਿ ਕਾ ਲੇਖਾ ਲਿਖੇ ਨਾ ਕੋਈ ਕਲਮ ਸ਼ਾਹ, ਕਾਗ਼ਜ਼ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਜਨ ਭਗਤ ਕਹੇ ਪ੍ਰਭ ਤੇਰੀ ਗੋਦੀ ਵੇਖ, ਵੇਖ ਵੇਖ ਬਿਗਸਾਈਆ। ਜਿਸ ਦਾ ਸਮਝ ਨਾ ਸਕੇ ਕੋਈ ਭੇਤ, ਭੇਵ ਸਕੇ ਨਾ ਕੋਇ ਖੁਲ੍ਹਾਈਆ। ਜਿਸ ਦੇ ਅੰਦਰ ਭਗਤ ਸੁਹੇਲੇ ਰਹੇ ਲੇਟ, ਤੇਰੀ ਖ਼ੁਸ਼ੀ ਮਨਾਈਆ। ਇਹੋ ਜੇਹੀ ਵਿਸ਼ਨੂੰ ਲੱਭੀ ਕੋਈ ਨਾ ਸੇਜ, ਸਾਂਗੋ ਪਾਂਗ ਦਏ ਦੁਹਾਈਆ। ਤੇਰੇ ਘਰ ਵਿਚ ਜੋਤੀ ਜਲਵਾ ਤੇਜ, ਦੀਵਾ ਬੱਤੀ ਨਾ ਕੋਇ ਜਗਾਈਆ। ਨਾ ਕੋਈ ਮੁੱਲਾ ਨਾ ਕੋਈ ਸ਼ੇਖ਼, ਪੰਡਤ ਪਾਂਧਾ ਨਜ਼ਰ ਕੋਇ ਨਾ ਆਈਆ । ਵੱਖਰਾ ਨਿਰਾਲਾ ਅਗੰਮੜਾ ਤੇਰਾ ਦੇਸ, ਛੱਪਰ ਛੰਨ ਨਾ ਕੋਇ ਛੁਹਾਈਆ। ਸੂਰਜ ਚੰਦ ਨਾ ਕੋਈ ਤੇਜ, ਜਲਵਾਗਰ ਤੇਰੀ ਰੁਸ਼ਨਾਈਆ। ਭਗਤ ਸੁਹੇਲੇ ਓਥੇ ਭੇਜ, ਜਿਥੇ ਭਜਨ ਬੰਦਗੀ ਦੀ ਲੋੜ ਰਹੇ ਨਾ ਰਾਈਆ। ਜਿਧਰ ਚਾਹੇ ਤੈਨੂੰ ਲਈਏ ਵੇਖ, ਚਾਰੋਂ ਕੁੰਟ ਨਜ਼ਰੀ ਆਈਆ। ਦਰ ਸੱਯਦਾ ਕਰੀਏ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਦੇਣਾ ਸੁਹਾਈਆ । ਜਨ ਭਗਤ ਕਹਿਣ ਪ੍ਰਭ ਤੇਰੀ ਗੋਦ ਵੱਖਰੀ, ਬਿਨ ਭਗਤਾਂ ਹੱਥ ਕਿਸੇ ਨਾ ਆਈਆ। ਕਿਸੇ ਨੂੰ ਹੱਥ ਨਾ ਆਵੇ ਪੜ੍ਹਿਆਂ ਅੱਖਰੀ, ਅਲਿਫ਼ ਯੇ ਨਾ ਕੋਇ ਸਮਝਾਈਆ। ਕੋਈ ਪੰਡਤ ਪਾਂਧਾ ਲੱਭ ਨਾ ਸਕੇ ਵਿਚੋਂ ਪੱਤਰੀ, ਹਿਸਾਬ ਕਿਤਾਬ ਨਾ ਕੋਇ ਦ੍ਰਿੜਾਈਆ। ਕਿਸੇ ਸਮਝ ਨਾ ਆਵੇ
ਬ੍ਰਹਿਮਣ ਸ਼ੱਤਰੀ, ਸ਼ੂਦਰ ਵੈਸ਼ ਨਾ ਕੋਇ ਜਣਾਈਆ। ਕੋਈ ਭੇਵ ਨਾ ਪਾਵੇ ਗ੍ਰਹਿ ਨਛੱਤਰੀ, ਕੁੰਡਲੀਆਂ ਵਿਚ ਨਾ ਬੰਦ ਕਰਾਈਆ। ਹੱਥਾਂ ਨਾਲ ਕਿਸੇ ਨਾ ਪਕੜੀ, ਲੇਫ ਨਿਹਾਲੀ ਨਾਲ ਨਾ ਕਿਸੇ ਸੁਹਾਈਆ। ਗੋਬਿੰਦ ਦੱਸਿਆ ਉਹ ਸੇਜ ਅਗੰਮੀ ਸਥਰੀ, ਜੇਹੜੀ ਸੂਲਾਂ ਨਾਲ ਵਿਛਾਈਆ । ਉਹ ਰੋੜਿਆਂ ਵਾਲੀ ਪੱਥਰੀ, ਪੱਥਰ ਹਿਰਦੇ ਦਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਓਟ ਇਕ ਤਕਾਈਆ। ਜਨ ਭਗਤ ਕਹਿਣ ਗੋਦ ਪ੍ਰਭ ਦੇ ਉਹ, ਜਿਸ ਦਾ ਮਾਲਕ ਤੂੰ ਅਖਵਾਈਆ। ਜਿਸ ਉਤੇ ਸੁੱਤਾ ਛੱਬੀ ਪੋਹ, ਸਤਿ ਸਰੂਪੀ ਡੇਰਾ ਲਾਈਆ। ਜਗਤ ਜਹਾਨੋਂ ਹੋ ਨਿਰਮੋਹ, ਨਾਤਾ ਭਗਤਾਂ ਨਾਲ ਜੁੜਾਈਆ। ਕਰ ਪਰਕਾਸ਼ ਸਾਚੀ ਲੋ, ਦੀਆ ਬਾਤੀ ਦਿਤਾ ਜਲਾਈਆ । ਆਪਣੇ ਜੇਹਾ ਆਪੇ ਹੋ, ਹੋਕਾ ਧੁਰ ਦਾ ਇਕ ਸੁਣਾਈਆ। ਪੁਰਖ ਅਕਾਲ ਦੀ ਸੁਣੋ ਸੋ, ਹੰ ਬ੍ਰਹਮ ਆਪ ਸਮਝਾਈਆ। ਜਨ ਭਗਤਾਂ ਅੰਮ੍ਰਿਤ ਆਤਮ ਦਿਤਾ ਚੋ, ਨਿਜਰ ਝਿਰਨਾ ਧਾਰ ਵਹਾਈਆ। ਧੁਰ ਦਾ ਢੋਆ ਦਿਤਾ ਢੋ, ਜੁਗ ਵਿਛੜੇ ਮੇਲ ਮਿਲਾਈਆ। ਗੁਰਮੁਖ ਵਿਰਲਾ ਜਾਣੇ ਕੋ, ਲੱਖ ਚੁਰਾਸੀ ਸਮਝ ਨਾ ਰਾਈਆ। ਜਿਹੜਾ ਤੇਰੇ ਨਾਲ ਜਾਏ ਛੋਹ, ਛੋਹਰਾ ਬਾਂਕਾ ਦੋ ਜਹਾਨਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਗੋਦੀ ਇਕ ਟਿਕਾਈਆ। ਸਾਚੀ ਗੋਦੀ ਲਏ ਟਿਕਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਸੰਤ ਸੁਹੇਲੇ ਲਏ ਬਹਾ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਸਾਚੀ ਸਿਖਿਆ ਦਏ ਦ੍ਰਿੜਾ, ਏਕੰਕਾਰ ਆਪ ਪੜ੍ਹਾਇੰਦਾ। ਜੋਤ ਨਿਰੰਜਣ ਦਏ ਜਗਾ, ਆਦਿ ਨਿਰੰਜਣ ਵੇਖ ਵਖਾਇੰਦਾ। ਦੋ ਜਹਾਨਾਂ ਹੋਏ ਸਹਾ, ਸ੍ਰੀ ਭਗਵਾਨ ਦਇਆ ਕਮਾਇੰਦਾ। ਸਾਚਾ ਮਾਰਗ ਦਏ ਜਣਾ, ਅਬਿਨਾਸ਼ੀ ਕਰਤਾ ਪੜਦਾ ਲਾਹਿੰਦਾ। ਪਾਰਬ੍ਰਹਮ ਪ੍ਰਭ ਮੇਲਾ ਲਏ ਮਿਲਾ, ਦੂਰ ਵਿਛੋੜਾ ਪੰਧ ਚੁਕਾਇੰਦਾ। ਸਚ ਸਿੰਘਾਸਣ ਦਏ ਵਖਾ, ਸਚਖੰਡ ਨਿਵਾਸੀ ਆਪਣਾ ਭੇਵ ਖੁਲ੍ਹਾਇੰਦਾ। ਸੰਤ ਸੁਹੇਲੇ ਭਗਤ ਭਗਵਾਨ ਲਏ ਉਠਾ, ਆਲਸ ਨਿੰਦਰਾ ਜਗਤ ਮਿਟਾਇੰਦਾ। ਫੜ ਬਾਹੋਂ ਗਲੇ ਲਗਾ, ਗਲਵਕੜੀ ਇਕੋ ਪਾਇੰਦਾ। ਦਰਦੀਆਂ ਦਰਦ ਵੰਡਾ, ਰੋਗੀਆਂ ਰੋਗ ਚੁਕਾਇੰਦਾ। ਵਿਛੜਿਆਂ ਮੇਲ ਮਿਲਾ, ਧੁਰ ਸੰਜੋਗ ਕਰਾਇੰਦਾ। ਸਾਚੀ ਸੇਜਾ ਇਕ ਸੁਹਾ, ਸੋਹਣਾ ਰੰਗ ਰੰਗਾਇੰਦਾ। ਧੁਰ ਦੀ ਗੋਦੀ ਦਏ ਵਖਾ, ਵੱਖਰਾ ਧਾਮ ਵਡਿਆਇੰਦਾ। ਜਿਥੇ ਵਸੇ ਬੇਪਰਵਾਹ ਰਾਮ ਆਪਣਾ ਆਸਣ ਲਾਇੰਦਾ। ਕੋਟ ਜਨਮ ਦੇ ਬਖ਼ਸ਼ ਗੁਨਾਹ, ਮਿਹਰ ਨਜ਼ਰ ਟਿਕਾਇੰਦਾ। ਕਰ ਪਿਆਰ ਜਿਉਂ ਪੁੱਤਰਾਂ ਮਾਂ, ਬਾਲਕ ਆਪਣੇ ਘਰ ਵਸਾਇੰਦਾ । ਸਦਾ ਸੁਹੇਲਾ ਦੇਵੇ ਠੰਡੀ ਛਾਂ, ਓਢਨ ਇਕੋ ਇਕ ਟਿਕਾਇੰਦਾ। ਜਿਨ੍ਹਾਂ ਜਪਾਇਆ ਆਪਣਾ ਨਾਂ, ਨਰ ਨਿਰੰਕਾਰ ਵੇਖ ਵਖਾਇੰਦਾ। ਸੋ ਸੰਤ ਸੁਹੇਲੇ ਗੋਦੀ ਬੈਠੇ ਆ, ਧੁਰ ਦਾ ਮੰਦਰ ਇਕ ਵਖਾਇੰਦਾ। ਕਿਰਪਾ ਕਰੇ ਸੱਚਾ ਸ਼ਹਿਨਸ਼ਾਹ, ਪੁਰਖ ਅਕਾਲ ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤਾਂ ਪੂਰਾ ਕਰਕੇ ਚਾ, ਜੁਗ ਜੁਗ ਆਪਣੇ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਲਿਆ ਧਿਆ, ਧੀਰਜ ਸਭ ਦੀ ਆਪ ਬੰਧਾਇੰਦਾ। ਧੀਰਜ ਅੰਦਰ ਪੁੱਤਰ ਧੀਆਂ, ਬੰਸ ਸਰਬੰਸ ਦਏ ਵਡਿਆਈਆ। ਗੋਬਿੰਦ ਜਣਾਏ ਮਾਲਕ ਪੀਆ, ਪ੍ਰੀਤਮ ਹੱਥ ਵਡਿਆਈਆ। ਜਿਸ ਨੇ ਬਾਲਕ ਰੱਖੇ ਹੇਠਾਂ ਨੀਹਾਂ, ਗੁਰਮੁਖ ਗੋਦ ਉਠਾਈਆ। ਲਹਿਣਾ ਦੇਣਾ ਚੁਕਾਏ ਸਾਢੇ ਤਿੰਨ ਹੱਥ ਸੀਂਆ, ਰਵਿਦਾਸੇ ਨਾਲ ਮਿਲਾਈਆ। ਨਿਰਮਲ ਕਰਕੇ ਆਤਮ ਜੀਆ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਮਿਲਦਾ ਆਪੇ ਕਰਕੇ ਹੀਆ,
ਹਰਿ ਜੂ ਆਪਣੇ ਨਾਲ ਮਿਲਾਈਆ। ਕਿਆ ਕੋਈ ਜਾਣੇ ਪ੍ਰਭ ਕਾ ਕੀਆ, ਕਰਨੀ ਸਮਝ ਕਿਸੇ ਨਾ ਆਈਆ। ਪੂਰਬ ਜਨਮ ਕਰਮ ਫਲ ਜੋ ਬੀਆ, ਸੋ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵਨ ਭਗਵਾਨ ਵੇਖ ਵਖਾਈਆ।