੬ ਮੱਘਰ ੨੦੨੧ ਬਿਕ੍ਰਮੀ ਨਛੱਤਰ ਸਿੰਘ ਦੇ ਗ੍ਰਹਿ ਸ਼ਾਹਵਾਲਾ
ਸਭ ਤੋਂ ਅੱਛੀ ਗੁਰਮੁਖ ਇਛਿਆ, ਨਿਰਇੱਛਕ ਦਏ ਜਣਾਈਆ। ਜੋ ਆਦਿ ਜੁਗਾਦਿ ਨਾਮ ਦੀ ਮੰਗੇ ਭਿਛਿਆ, ਦੂਜੀ ਵਸਤ ਨਾ ਮੰਗ ਮੰਗਾਈਆ। ਸਚ ਦਵਾਰੇ ਸਾਚੀ ਸਿੱਖੇ ਸਿਖਿਆ, ਮੰਤਰ ਗੁਰ ਪੜ੍ਹਾਈਆ। ਪੂਰਬ ਲਹਿਣਾ ਵੇਖੇ ਲਿਖਿਆ, ਨਿਜ ਨੇਤਰ ਅੱਖ ਖੁਲ੍ਹਾਈਆ। ਧਾਮ ਜਾਣੇ ਇਕ ਅਨਡਿਠਿਆ, ਮੰਜ਼ਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਇਕ ਸਮਝਾਈਆ । ਸਾਚੀ ਇਛਿਆ ਹਰਿ ਭਗਵੰਤ, ਜਨ ਭਗਤ ਦਏ ਜਣਾਈਆ। ਘਰ ਵਿਛੋੜਾ ਨਾਰ ਕੰਤ, ਸੁਰਤੀ ਸ਼ਬਦੀ ਮੇਲ ਮਿਲਾਈਆ। ਚੋਲੀ ਰੰਗ ਚਾੜ੍ਹੇ ਬਸੰਤ, ਕੂੜੀ ਕਿਰਿਆ ਦੁਰਮਤ ਮੈਲ ਧੁਆਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਇਕੋ ਕਰੇ ਪੜ੍ਹਾਈਆ । ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਜਨ ਭਗਤਾਂ ਕਰਨੀ ਅੱਛੀ ਸੰਗਤ, ਸਗਲਾ ਸੰਗ ਨਿਭਾਈਆ। ਲੇਖਾ ਮੁੱਕੇ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਈਆ। ਮਾਣਸ ਜਨਮ ਬਣੇ ਬਣਤ, ਲੱਖ ਚੁਰਾਸੀ ਡੇਰਾ ਢਾਹੀਆ। ਹਰਿ ਮਿਲਾਵਾ ਹੋਵੇ ਅੰਤ, ਅੰਤਸ਼ਕਰਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦੇਵਣਹਾਰ ਵਡਿਆਈਆ। ਸਾਚੀ ਇਛਿਆ ਹਰਿ ਨਿਰੰਕਾਰ, ਆਦਿ ਜੁਗਾਦਿ ਰਖਾਇੰਦਾ। ਖੇਲੇ ਖੇਲ ਸਦਾ ਜੁਗ ਚਾਰ, ਚੌਕੜੀ ਆਪਣਾ ਹੁਕਮ ਵਰਤਾਇੰਦਾ। ਸਚ ਦਵਾਰਾ ਖੋਲ੍ਹ ਕਿਵਾੜ, ਸਚ ਸਿੰਘਾਸਣ ਸੋਭਾ ਪਾਇੰਦਾ। ਭੂਪਤ ਭੂਪ ਬਣ ਰਾਜ ਰਾਜਾਨ, ਸ਼ਹਿਨਸ਼ਾਹ ਅਖਵਾਇੰਦਾ। ਨਾਮ ਸੰਦੇਸਾ ਧੁਰ ਫ਼ਰਮਾਨ, ਨਿਰਗੁਣ ਨਿਰਵੈਰ ਆਪ ਜਣਾਇੰਦਾ । ਲੱਖ ਚੁਰਾਸੀ ਵੇਖੇ ਮਾਰ ਧਿਆਨ, ਘਟ ਘਟ ਪੜਦਾ ਲਾਹਿੰਦਾ। ਸ਼ਬਦ ਅਗੰਮੀ ਦੇਵਣਹਾਰਾ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਆਤਮ ਪਰਮਾਤਮ ਬਖ਼ਸ਼ ਗਿਆਨ, ਅੰਧ ਅੰਧੇਰ ਚੁਕਾਇੰਦਾ। ਸਾਚਾ ਮੰਦਰ ਇਕ ਮਕਾਨ, ਘਰ ਘਰ ਵਿਚ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਇਕ ਸਮਝਾਇੰਦਾ। ਸਾਚੀ ਇਛਿਆ ਸ੍ਰੀ ਭਗਵਾਨ, ਭਗਤਾਂ ਆਪ ਜਣਾਈਆ। ਕਾਇਆ ਮੰਦਰ ਸਚ ਭੂਮਿਕਾ ਅਸਥਾਨ, ਆਤਮ ਸੇਜਾ ਦਏ ਵਖਾਈਆ। ਦੀਆ ਬਾਤੀ ਕਮਲਾਪਾਤੀ ਜਗਾਏ ਜੋਤ ਮਹਾਨ, ਨਿਰਗੁਣ ਨੂਰ ਜ਼ਹੂਰ ਕਰੇ ਰੁਸ਼ਨਾਈਆ । ਅੰਮ੍ਰਿਤ ਆਤਮ ਰਸ ਦੇਵੇ ਪੀਣ ਖਾਣ, ਤ੍ਰਿਸਨਾ ਭੁੱਖ ਗਵਾਈਆ। ਸ਼ਬਦ ਅਗੰਮੀ ਨਾਮ ਸੁਣਾਏ ਸੱਚੀ ਧੁਨਕਾਨ, ਅਨਹਦ ਰਾਗੀ ਰਾਗ ਅਲਾਈਆ । ਕੂੜੀ ਕਿਰਿਆ ਪੰਚ ਵਿਕਾਰਾ ਮੇਟੇ ਨਿਸ਼ਾਨ, ਧੀਰਜ ਸਤਿ ਇਕ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਿਛਿਆ ਇਕ ਵਰਤਾਈਆ। ਸਾਚੀ ਭਿਛਿਆ ਆਤਮ ਰਸ, ਜਨ ਭਗਤਾਂ ਝੋਲੀ ਪਾਇੰਦਾ। ਆਤਮ ਪਰਮਾਤਮ
ਕਰਕੇ ਵਸ, ਵਸਲ ਇਕੋ ਆਪ ਵਖਾਇੰਦਾ। ਨਿਰਗੁਣ ਨੂਰ ਕਰ ਪਰਗਟ, ਅੰਧ ਅੰਧੇਰਾ ਮੇਟ ਮਿਟਾਇੰਦਾ। ਨਾਦ ਅਗੰਮੀ ਮਾਰ ਕੇ ਸੱਟ, ਸੋਈ ਸੁਰਤੀ ਆਪ ਉਠਾਇੰਦਾ । ਲਹਿਣਾ ਚੁਕਾ ਕੇ ਚੌਦਾਂ ਲੋਕ ਚੌਦਾਂ ਤਬਕ ਹੱਟ, ਘਰ ਮੰਦਰ ਇਕ ਵਡਿਆਇੰਦਾ। ਜਿਸ ਘਰ ਬੈਠਾ ਪੁਰਖ ਸਮਰਥ, ਸਚ ਸਿੰਘਾਸਣ ਸੋਭਾ ਪਾਇੰਦਾ। ਸ਼ਬਦ ਅਗੰਮੀ ਮਹਿੰਮਾ ਅਕਥ, ਛੱਤੀ ਰਾਗਾਂ ਬਾਹਰ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਇਕ ਦ੍ਰਿੜਾਇੰਦਾ। ਗੁਰਮੁਖ ਇਛਿਆ ਸਦਾ ਅਤੀਤ, ਤ੍ਰੈਭਵਣ ਧਨੀ ਆਪ ਜਣਾਈਆ। ਸਤਿਗੁਰ ਇਛਿਆ ਸਦਾ ਬਖ਼ਸ਼ੀਸ਼, ਰਹਿਮਤ ਝੋਲੀ ਪਾਈਆ। ਗੁਰਮੁਖ ਇਛਿਆ ਪ੍ਰਭ ਮਿਲਣ ਦੀ ਉਡੀਕ, ਦੂਜੀ ਓਟ ਨਾ ਕੋਇ ਤਕਾਈਆ। ਸਤਿਗੁਰ ਇਛਿਆ ਜਨ ਭਗਤਾਂ ਦੇਵੇ ਸਚ ਪ੍ਰੀਤ, ਪ੍ਰੇਮੀ ਹੋ ਕੇ ਮੇਲ ਮਿਲਾਈਆ। ਗੁਰਮੁਖ ਇਛਿਆ ਲੇਖਾ ਚੁਕੇ ਊਚ ਨੀਚ, ਰਾਓ ਰੰਕ ਨਾ ਕੋਇ ਸਮਝਾਈਆ। ਸਤਿਗੁਰ ਇਛਿਆ ਲਹਿਣਾ ਦੇਣਾ ਚੁਕਾਏ ਹਸਤ ਕੀਟ, ਹਸਤੀ ਆਪਣੀ ਇਕ ਸਮਝਾਈਆ। ਗੁਰਮੁਖ ਇਛਿਆ ਕਾਇਆ ਚੋਲੀ ਚੜ੍ਹੇ ਰੰਗ ਮਜੀਠ, ਦੁਰਮਤ ਮੈਲ ਧੁਆਈਆ। ਸਤਿਗੁਰ ਇਛਿਆ ਨਾਮ ਨਿਧਾਨਾ ਦੇਵੇ ਗੀਤ, ਗਹਿਰ ਗੰਭੀਰ ਗੁਣ ਇਕ ਸਮਝਾਈਆ। ਗੁਰਮੁਖ ਇਛਿਆ ਕਾਇਆ ਹੋਵੇ ਠਾਂਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਸਤਿਗੁਰ ਇਛਿਆ ਲਹਿਣਾ ਦੇਣਾ ਚੁਕਾਏ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਇਕ ਵਡਿਆਈਆ। ਸਾਚੀ ਇਛਿਆ ਕਹੇ ਸੁਣ ਗੁਰਮੁਖ ਸੱਚੇ, ਸਚ ਦਿਆਂ ਜਣਾਈਆ। ਜੁਗ ਜੁਗ ਭਗਤਾਂ ਰਾਹ ਦੱਸੇ, ਮਾਰਗ ਇਕ ਵਖਾਈਆ। ਨਿਤ ਨਿਤ ਸ੍ਰੀ ਭਗਵਾਨ ਹਿਰਦੇ ਵਸੇ, ਹਰਿ ਜੂ ਡੇਰਾ ਲਾਈਆ। ਬਿਨ ਇਛਿਆ ਸਚ ਪ੍ਰੀਤੀ ਕੋਈ ਨਾ ਫਸੇ, ਭਗਤ ਭਗਵਾਨ ਮੇਲ ਨਾ ਕੋਇ ਮਿਲਾਈਆ। ਬਿਨ ਇਛਿਆ ਗੁਰ ਚੇਲਾ ਹੋਣ ਨਾ ਕਦੇ ਇਕੱਠੇ, ਧੁਰ ਦਾ ਜੋੜ ਨਾ ਕੋਇ ਜੁੜਾਈਆ। ਬਿਨ ਇਛਿਆ ਹਰਿ ਕਾ ਨਾਮ ਕੋਈ ਨਾ ਰਟੇ, ਹਿਰਦੇ ਹਰਿ ਨਾ ਕੋਇ ਵਸਾਈਆ। ਬਿਨ ਇਛਿਆ ਨਾਮੇ ਦੇ ਪ੍ਰੇਮ ਅੰਦਰ ਨਾ ਫਸੇ, ਧੰਨੇ ਵੱਛੇ ਨਾ ਕੋਇ ਚਰਾਈਆ। ਬਿਨ ਇਛਿਆ ਹੋੜਾ ਲਾਵੇ ਨਾ ਉਪਰ ਸੱਸੇ, ਹੰ ਬ੍ਰਹਮ ਨਾ ਕੋਇ ਦ੍ਰਿੜਾਈਆ। ਬਿਨ ਇਛਿਆ ਸਚ ਸਵਾਮੀ ਨਾ ਕਿਸੇ ਦਿਸੇ, ਨਿਜ ਨੇਤਰ ਨਾ ਕੋਇ ਰੁਸ਼ਨਾਈਆ। ਬਿਨ ਇਛਿਆ ਕਦੇ ਨਾ ਬਣਾਏ ਵੱਡਿਉਂ ਨਿੱਕੇ, ਨਿੱਕਿਉਂ ਵੱਡੇ ਰੂਪ ਵਟਾਈਆ। ਬਿਨ ਇਛਿਆ ਭਗਤਾਂ ਲੇਖ ਕੋਈ ਨਾ ਲਿਖੇ, ਲਿਖਾਰੀ ਕਾਤਬ ਨਾਤਾ ਜੋੜੇ ਨਾ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਛਿਆ ਆਪਣੀ ਆਪਣੇ ਵਿਚ ਰਖਾਈਆ। ਗੁਰਮੁਖ ਇਛਿਆ ਧੁਰ ਸੰਜੋਗ, ਹਰਿ ਕਰਤਾ ਮੇਲ ਮਿਲਾਈਆ। ਆਤਮ ਰਸ ਦੇਵੇ ਸਾਚਾ ਭੋਗ, ਸੇਜ ਸੁਹੰਜਣੀ ਸੋਭਾ ਪਾਈਆ। ਅਗੰਮ ਅਥਾਹ ਜਣਾ ਸਲੋਕ, ਢੋਲਾ ਰਾਗ ਅਲਾਈਆ। ਮੇਲ ਮਿਲਾ ਕੇ ਨਿਰਮਲ ਜੋਤ, ਜੋਤ ਜੋਤ ਰੁਸ਼ਨਾਈਆ। ਬਖ਼ਸ਼ਿਸ਼ ਕਰਕੇ ਇਕੋ ਓਟ, ਸਿਰ ਆਪਣਾ ਹੱਥ ਟਿਕਾਈਆ । ਕੂੜੀ ਕਿਰਿਆ ਕੱਢ ਕੇ ਖੋਟ, ਸਾਚੀ ਭਿਛਿਆ ਝੋਲੀ ਪਾਈਆ। ਗੁਰ ਚੇਲਾ ਘਰ ਸਾਚੇ ਮਾਣੇ ਇਕੋ ਮੌਜ, ਮਜਲਸ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇਛਿਆ ਅੰਦਰ ਸੱਦਿਆ ਲਾਲ, ਸ਼ਬਦੀ ਹੁਕਮ ਜਣਾਈਆ। ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਕੋਈ ਸਮਝ ਨਾ ਸਕੇ ਜੀਵ ਜਹਾਨ, ਬੁੱਧੀ ਕੰਮ
ਕਿਸੇ ਨਾ ਆਈਆ। ਕਰਨੀ ਕਰਤਾ ਨੌਜਵਾਨ, ਨਰ ਨਿਰੰਕਾਰ ਵੱਡੀ ਵਡਿਆਈਆ। ਜਨ ਭਗਤਾਂ ਇਛਿਆ ਕਰੇ ਪਰਵਾਨ, ਸਿਰ ਆਪਣਾ ਹੱਥ ਟਿਕਾਈਆ। ਅਨਪੜ੍ਹਿਆਂ ਦੇ ਕੇ ਸ਼ਬਦ ਗਿਆਨ, ਗੁਰਮੰਤਰ ਇਕ ਸਮਝਾਈਆ। ਹਰਿ ਚਰਨ ਕਵਲ ਬਖ਼ਸ਼ ਧਿਆਨ, ਅਵਲ ਜਣਾਏ ਨੂਰ ਇਲਾਹੀਆ। ਭੇਵ ਖੁਲ੍ਹਾ ਕੇ ਹਕ ਮੁਕਾਮ, ਪਰਵਰਦਿਗਾਰ ਵੇਖ ਵਖਾਈਆ। ਇਛਿਆ ਅੰਤਰ ਕਰ ਪਰਵਾਨ, ਧੁਰ ਪਰਵਾਨਾ ਇਕ ਦ੍ਰਿੜਾਈਆ। ਸ਼ਾਹੋ ਭੂਪ ਹਰਿ ਵਡ ਅਮਾਮ, ਮਿਹਰਵਾਨ ਅਖਵਾਈਆ। ਸਾਚਾ ਕਲਮਾ ਦੇ ਕਲਾਮ, ਨੌਬਤ ਨਾਮ ਵਜਾਈਆ। ਹਰ ਘਟ ਸਵਾਮੀ ਜਾਣੀ ਜਾਣ, ਲੱਖ ਚੁਰਾਸੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇਛਿਆ ਅੰਦਰ ਭਗਤ ਵਿਜੋਗਾ, ਜਗਤ ਜੋਗੀਸ਼ਰ ਆਪ ਜਣਾਇੰਦਾ। ਇਛਿਆ ਅੰਦਰ ਦੇ ਕੇ ਹੋਕਾ, ਹੁਕਮ ਧੁਰ ਦਾ ਆਪ ਸੁਣਾਇੰਦਾ। ਇਛਿਆ ਅੰਦਰ ਦੱਸ ਕੇ ਮਾਰਗ ਸੌਖਾ, ਭਗਤ ਭਗਵਾਨ ਮੇਲ ਮਿਲਾਇੰਦਾ। ਇਛਿਆ ਅੰਦਰ ਦੇ ਕੇ ਮੌਕਾ, ਜੁਗ ਵਿਛੜੇ ਜੋੜ ਜੁੜਾਇੰਦਾ। ਇਛਿਆ ਅੰਦਰ ਗੋਬਿੰਦ ਲਾ ਕੇ ਢਈਆ ਢੌਂਕਾ, ਨੇਤਰ ਅੱਖ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਾਰ ਕਮਾਇੰਦਾ। ਇਛਿਆ ਅੰਦਰ ਖੇਲ ਨਿਰੰਕਾਰ, ਨਿਰਗੁਣ ਸਰਗੁਣ ਧਾਰ ਚਲਾਈਆ। ਇਛਿਆ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਰਿਹਾ ਉਧਾਰ, ਮਿਹਰ ਨਜ਼ਰ ਉਠਾਈਆ । ਇਛਿਆ ਅੰਦਰ ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤਤ ਦਿਤੀ ਵਡਿਆਈਆ। ਇਛਿਆ ਅੰਦਰ ਚਾਰੇ ਖਾਣੀ ਕਰ ਤਿਆਰ, ਉਤਭੁਜ ਸੇਤਜ ਅੰਡਜ ਜੇਰਜ ਜੋੜ ਜੁੜਾਈਆ। ਇਛਿਆ ਅੰਦਰ ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਰਾਗ ਅਲਾਈਆ। ਇਛਿਆ ਅੰਦਰ ਚਾਰੇ ਜੁਗ ਕਰ ਪਿਆਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਇਛਿਆ ਅੰਦਰ ਪੰਜ ਤਤ ਖੇਲ ਕੀਤਾ ਆਕਾਰ, ਹੱਡ ਮਾਸ ਨਾੜੀ ਜੋੜ ਜੁੜਾਈਆ। ਇਛਿਆ ਅੰਦਰ ਖੋਲ੍ਹ ਨੌ ਦਵਾਰ, ਨਵ ਰਸ ਮੇਲਾ ਸਹਿਜ ਸੁਭਾਈਆ। ਇਛਿਆ ਅੰਦਰ ਆਸਾ ਤ੍ਰਿਸਨਾ ਭਰ ਭੰਡਾਰ, ਮਾਇਆ ਮਮਤਾ ਨਾਲ ਰਲਾਈਆ। ਇਛਿਆ ਅੰਦਰ ਕਾਇਆ ਬੰਕ ਖੋਲ੍ਹ ਕਿਵਾੜ, ਸੁਖਮਣ ਟੇਢੀ ਧਾਰ ਸੁਹਾਈਆ। ਇਛਿਆ ਅੰਦਰ ਈੜਾ ਪਿੰਗਲ ਕਰਕੇ ਖ਼ਬਰਦਾਰ, ਧੁਰ ਦਾ ਹੁਕਮ ਰਿਹਾ ਵੰਡਾਈਆ। ਇਛਿਆ ਅੰਦਰ ਅੰਤਰ ਆਤਮ ਭਰ ਭੰਡਾਰ, ਰਸ ਸਾਚਾ ਦਿਤਾ ਟਿਕਾਈਆ। ਇਛਿਆ ਅੰਦਰ ਸ਼ਬਦ ਨਾਦ ਸੱਚੀ ਧੁਨਕਾਰ, ਘਰ ਘਰ ਰਾਗ ਸੁਣਾਈਆ। ਇਛਿਆ ਅੰਦਰ ਜੋਤ ਨਿਰੰਜਣ ਕਰ ਉਜਿਆਰ, ਦੀਵਾ ਬਾਤੀ ਕਮਲਾਪਾਤੀ ਆਪ ਟਿਕਾਈਆ। ਇਛਿਆ ਅੰਦਰ ਆਤਮ ਬ੍ਰਹਮ ਕਰ ਪਸਾਰ, ਘਰ ਘਰ ਅੰਦਰ ਦਿਤਾ ਟਿਕਾਈਆ। ਇਛਿਆ ਅੰਦਰ ਸਾਚੀ ਸੇਜਾ ਕਰ ਤਿਆਰ, ਸਚ ਸਿੰਘਾਸਣ ਵੇਖ ਵਖਾਈਆ। ਇਛਿਆ ਅੰਦਰ ਬਣ ਕੇ ਸਾਂਝਾ ਯਾਰ, ਸਗਲੀ ਚਿੰਤ ਮਿਟਾਈਆ। ਇਛਿਆ ਅੰਦਰ ਦੂਰ ਦੁਰਾਡਾ ਕਰਕੇ ਧੂੰਆਂਧਾਰ, ਸੁੰਨ ਅਗੰਮ ਖੋਜ ਖੁਜਾਈਆ। ਇਛਿਆ ਅੰਦਰ ਲੇਖਾ ਜਾਣ ਸੂਰਜ ਚੰਦ, ਵੇਖਣਹਾਰਾ ਬੇਪਰਵਾਹੀਆ। ਇਛਿਆ ਅੰਦਰ ਬੇੜਾ ਬੰਨ੍ਹ, ਦੋ ਜਹਾਨਾਂ ਰਿਹਾ ਚਲਾਈਆ। ਇਛਿਆ ਅੰਦਰ ਨਾਮ ਧਨ, ਸਚ ਖ਼ਜ਼ਾਨਾ ਆਪ ਵਰਤਾਈਆ। ਇਛਿਆ ਅੰਦਰ ਬਣਕੇ ਜਨਨੀ ਜਨ, ਭਗਤ ਸੁਹੇਲੇ ਲਏ ਪਰਗਟਾਈਆ। ਇਛਿਆ ਅੰਦਰ ਦੇਵਣਹਾਰਾ ਡੰਨ, ਡੰਕਾ ਡੌਰੂ ਹੱਥ ਉਠਾਈਆ। ਇਛਿਆ ਅੰਦਰ ਕਰੇ ਪਰਕਾਸ਼, ਇਛਿਆ ਅੰਦਰ ਅਨ੍ਹੇਰਾ ਅੰਨ੍ਹ, ਇਛਿਆ ਅੰਦਰ ਜੋਤ ਜੋਤ ਰੁਸ਼ਨਾਈਆ। ਇਛਿਆ ਅੰਦਰ ਮਨਸਾ ਮਨ, ਇਛਿਆ ਅੰਦਰ
ਤ੍ਰਿਸਨਾ ਦਏ ਬੁਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਇਛਿਆ ਇਕ ਵਖਾਈਆ। ਇਛਿਆ ਅੰਦਰ ਜਾਣਾ ਆਉਣਾ, ਜੁਗ ਚੌਕੜੀ ਖੇਲ ਖਿਲਾਇੰਦਾ। ਇਛਿਆ ਅੰਦਰ ਹਰਿ ਜੂ ਗਾਉਣਾ, ਧੁਰ ਦਾ ਢੋਲਾ ਰਾਗ ਸੁਣਾਇੰਦਾ। ਇਛਿਆ ਅੰਦਰ ਵੇਸ ਵਟੌਣਾ, ਗੁਰ ਅਵਤਾਰ ਰੂਪ ਵਟਾਇੰਦਾ। ਇਛਿਆ ਅੰਦਰ ਸ੍ਰਿਸ਼ਟ ਸਬਾਈ ਮਾਰਗ ਲਾਉਣਾ, ਧੁਰ ਫ਼ਰਮਾਨਾ ਆਪ ਦ੍ਰਿੜਾਇੰਦਾ। ਇਛਿਆ ਅੰਦਰ ਆਤਮ ਪੜਦਾ ਭੇਵ ਖੁਲ੍ਹੌਣਾ, ਮੁਖ ਨਕਾਬ ਨਾ ਕੋਇ ਜਣਾਇੰਦਾ। ਇਛਿਆ ਅੰਦਰ ਸਚ ਸਲੋਕ ਇਕ ਸੁਣੌਂਣਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਜਗਾਇੰਦਾ । ਇਛਿਆ ਅੰਦਰ ਜਨ ਭਗਤਾਂ ਨਾਤਾ ਜੋੜ ਜੁੜੌਂਣਾ, ਜੁੜਿਆ ਜੋੜ ਨਾ ਕੋਇ ਤੁੜਾਇੰਦਾ। ਬਿਨ ਇਛਿਆ ਖੇਲ ਨਾ ਕੋਇ ਵਖੌਂਣਾ, ਹਰਿ ਕਰਤਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਇਛਿਆ ਅੰਦਰ ਹੋਇਆ ਜਨਮ, ਪੰਜ ਤਤ ਮਿਲੀ ਵਡਿਆਈਆ। ਇਛਿਆ ਅੰਦਰ ਬਣਿਆ ਕਰਮ, ਨਿਹਕਰਮੀ ਦਏ ਸਮਝਾਈਆ। ਇਛਿਆ ਅੰਦਰ ਮਿਲਿਆ ਧਰਮ, ਅਧਰਮੀ ਪੰਧ ਚੁਕਾਈਆ। ਇਛਿਆ ਅੰਦਰ ਮਿਲਿਆ ਵਰਨ, ਅਵਰਨ ਡੇਰਾ ਢਾਹੀਆ। ਇਛਿਆ ਅੰਦਰ ਮਿਲੇ ਸਤਿਗੁਰ ਚਰਨ, ਸਤਿ ਮਿਲੇ ਸਰਨਾਈਆ । ਇਛਿਆ ਅੰਦਰ ਹੋਵੇ ਮਰਨ, ਭੈ ਭੌ ਇਕ ਵਖਾਈਆ। ਇਛਿਆ ਅੰਦਰ ਗੁਰਮੁਖ ਸਾਚੇ ਪੌੜੇ ਚੜ੍ਹਨ, ਜਿਸ ਘਰ ਬੈਠਾ ਬੇਪਰਵਾਹੀਆ। ਇਛਿਆ ਅੰਦਰ ਸਤਿ ਸਤਿਵਾਦੀ ਢੋਲਾ ਪੜ੍ਹਨ, ਹਰਿ ਕਾ ਨਾਮ ਧਿਆਈਆ। ਇਛਿਆ ਅੰਦਰ ਹਰੀ ਦਵਾਰੇ ਖੜ੍ਹਨ, ਮੰਜ਼ਲ ਆਪਣੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਇਛਿਆ ਅੰਦਰ ਭੌਂਦਾ ਜਗ, ਚਾਰੋਂ ਕੁੰਟ ਵਾਹੋ ਦਾਹੀਆ । ਇਛਿਆ ਅੰਦਰ ਰਹੇ ਮਘ, ਅਗਨੀ ਤਤ ਜਲਾਈਆ। ਇਛਿਆ ਅੰਦਰ ਲੱਭਦੇ ਸ਼ਿਵਦਵਾਲੇ ਮੱਠ, ਮੰਦਰ ਮਸੀਤਾਂ ਫੋਲ ਫੁਲਾਈਆ। ਇਛਿਆ ਅੰਦਰ ਮੱਕੇ ਕਾਅਬੇ ਕਰਦੇ ਹੱਜ, ਹੁਜਰਿਆਂ ਸੀਸ ਨਿਵਾਈਆ। ਇਛਿਆ ਅੰਦਰ ਖੋਜ ਕੇ ਅੱਠ ਸੱਠ, ਤੀਰਥ ਤੱਟ ਦੇਣ ਗਵਾਹੀਆ। ਇਛਿਆ ਅੰਦਰ ਖੋਲ੍ਹ ਦੇ ਹੱਟ, ਬਣ ਵਣਜਾਰੇ ਜਗਤ ਤੁਲਾਈਆ। ਇਛਿਆ ਅੰਦਰ ਮਣਕਾ ਮਣਕਾ ਮਾਲਾ ਰਹੇ ਰੱਟ, ਅਠੋਤਰੀ ਹੱਥ ਉਠਾਈਆ। ਇਛਿਆ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਦੱਸ, ਅੰਜੀਲ ਕੁਰਾਨਾਂ ਨਾਲ ਮਿਲਾਈਆ। ਇਛਿਆ ਅੰਦਰ ਬਚਨ ਬਲਾਸ ਹੁੰਦੇ ਹੱਸ ਹੱਸ, ਰਸਨਾ ਜਿਹਵਾ ਬੱਤੀ ਦੰਦ ਮਿਲੀ ਵਡਿਆਈਆ। ਇਛਿਆ ਅੰਦਰ ਤਪੀ ਕਰਕੇ ਹੱਠ, ਬੈਠੇ ਧਿਆਨ ਲਗਾਈਆ। ਇਛਿਆ ਅੰਦਰ ਜੋਗੀਆਂ ਸੁਕਾ ਲਏ ਹੱਡ, ਅਗਨੀ ਭੇਟ ਚੜ੍ਹਾਈਆ। ਇਛਿਆ ਅੰਦਰ ਘਰ ਬਾਰ ਜਾਵਣ ਛੱਡ, ਨਾਤਾ ਮੋਹ ਤੁੜਾਈਆ। ਇਛਿਆ ਅੰਦਰ ਚਾਰੋਂ ਕੁੰਟ ਵੇਖਣ ਲੱਭ, ਲੋਚਣ ਨੈਣ ਜਗਤ ਉਠਾਈਆ। ਇਛਿਆ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ ਹੋ ਕੇ ਵਸ, ਕੂੜੀ ਕਿਰਿਆ ਨਾਲ ਪਰਨਾਈਆ । ਇਛਿਆ ਅੰਦਰ ਰੱਖ ਕੇ ਧੀਰਜ ਜਤ, ਸਤਿ ਸੰਤੋਖ ਝੋਲੀ ਪਾਈਆ। ਇਛਿਆ ਅੰਦਰ ਫਿਰੇ ਮਨ ਮਤ, ਮਨਸਾ ਮੂਲ ਨਾ ਕੋਇ ਮਿਟਾਈਆ। ਇਛਿਆ ਅੰਦਰ ਮਿਲੇ ਪੁਰਖ ਸਮਰਥ, ਸ੍ਰੀ ਭਗਵਾਨ ਸੱਚਾ ਸ਼ਹਿਨਸ਼ਾਹੀਆ। ਇਛਿਆ ਅੰਦਰ ਲਹਿਣਾ ਦੇਣਾ ਦੇਵੇ ਹੱਥੋ ਹੱਥ, ਜਗਤ ਉਧਾਰ ਨਾ ਕੋਇ ਕਰਾਈਆ। ਇਛਿਆ ਅੰਦਰ ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਿਜ ਨੇਤਰ ਕਰੇ ਰੁਸ਼ਨਾਈਆ। ਬਿਨ ਇਛਿਆ ਜਗਤ ਜਹਾਨ ਖੇੜਾ ਹੋਵੇ ਭੱਠ, ਥਿਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਭਗਤ ਇਛਿਆ ਰਿਹਾ ਵਡਿਆਈਆ । ਭਗਤ ਇਛਿਆ ਸਭ ਤੋਂ ਨਿਆਰੀ, ਨਿਰਗੁਣ ਰਾਹ ਤਕਾਈਆ। ਸਤਿ ਪੁਰਖ ਨਿਰੰਜਣ ਲਾਈ ਯਾਰੀ, ਯਾਰ ਮਿਲੇ ਬੇਪਰਵਾਹੀਆ। ਜੁਗ ਜਨਮ ਜੋ ਵਿਛੜ ਕੇ ਰਹੀ ਕਵਾਰੀ, ਅੰਤ ਲਏ ਪਰਨਾਈਆ। ਪ੍ਰੇਮ ਪਿਆਰ ਦੀ ਦੇ ਖ਼ੁਮਾਰੀ, ਖ਼ੁਸ਼ੀਆਂ ਰਾਗ ਵਖਾਈਆ। ਘਰ ਵਿਚ ਘਰ ਕਰੇ ਕਾਰੀ, ਦਿਲਦਾਰੀ ਆਪਣੀ ਦਏ ਜਣਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਮਿਲਣ ਦੀ ਵਾਰੀ, ਵੇਲਾ ਗਿਆ ਹੱਥ ਨਾ ਆਈਆ। ਆਸਾ ਤ੍ਰਿਸਨਾ ਕਰ ਕਰ ਸ੍ਰਿਸ਼ਟ ਸਬਾਈ ਹਾਰੀ, ਦ੍ਰਿਸ਼ਟ ਸਕੇ ਨਾ ਕੋਇ ਖੁਲ੍ਹਾਈਆ। ਹੋਏ ਪਰਕਾਸ਼ ਨਾ ਬਹੱਤਰ ਨਾੜੀ, ਦੀਵਾ ਬਾਤੀ ਨਾ ਡਗਮਗਾਈਆ । ਕਲਜੁਗ ਅਗਨੀ ਰਹੀ ਸਾੜੀ, ਸੀਤਲ ਧਾਰ ਨਾ ਕੋਇ ਵਹਾਈਆ। ਲੱਭਿਆਂ ਹੱਥ ਨਾ ਆਏ ਉਜਾੜੀਂ, ਜੰਗਲਾਂ ਵਿਚੋਂ ਮਿਲੇ ਨਾ ਸੱਚਾ ਮਾਹੀਆ । ਜਿਨ੍ਹਾਂ ਦੀ ਇਛਿਆ ਮਿਲੀਏ ਮੇਲ ਜੋਤ ਨਿਰੰਕਾਰੀ, ਨਿਰਗੁਣ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇਛਿਆ ਅੰਦਰ ਬਣਾਏ ਭਗਤ, ਭਗਵਨ ਆਪਣੀ ਦਇਆ ਕਮਾਈਆ। ਇਛਿਆ ਅੰਦਰ ਵਡਿਆਏ ਜਗਤ, ਜੁਗਤ ਜੀਵਣ ਇਕ ਦਰਸਾਈਆ। ਇਛਿਆ ਅੰਦਰ ਦੇਵੇ ਸ਼ਕਤ, ਸ਼ਿਵ ਸ਼ਕਤੀ ਮਾਤ ਕਹਾਈਆ। ਇਛਿਆ ਅੰਦਰ ਵੇਖੇ ਬੂੰਦ ਰਕਤ, ਨਾਤਾ ਧੁਰ ਦਾ ਆਪ ਬੰਧਾਈਆ। ਇਛਿਆ ਅੰਦਰ ਪੰਧ ਮੁਕਾਏ ਅਰਸ਼ ਫ਼ਰਸ਼, ਸਚ ਦਵਾਰ ਇਕ ਸੁਹਾਈਆ। ਇਛਿਆ ਅੰਦਰ ਕਰਕੇ ਤਰਸ, ਰਹਿਮਤ ਹਕ ਕਮਾਈਆ। ਇਛਿਆ ਅੰਦਰ ਜੋ ਰਹੇ ਭਟਕ, ਅੰਤਰ ਆਤਮ ਧਿਆਨ ਲਗਾਈਆ। ਇਛਿਆ ਅੰਦਰ ਉਹਨਾਂ ਦਾ ਸੁਹੰਜਣਾ ਕਰੇ ਵਕਤ, ਵੇਲਾ ਘੜੀ ਥਿਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਛਿਆ ਪੂਰਨ ਸਦ ਅਖਵਾਈਆ । ਇਛਿਆ ਕਹੇ ਮੈਂ ਬੜੀ ਬਲਵਾਨ, ਵੱਡੀ ਸਭ ਤੋਂ ਨਜ਼ਰੀ ਆਈਆ। ਬਿਨਾ ਮੇਰੇ ਕਿਸੇ ਨਾ ਮਿਲਿਆ ਭਗਵਾਨ, ਸਤਿਗੁਰ ਜੋੜ ਨਾ ਕੋਇ ਜੁੜਾਈਆ। ਲੋਕਮਾਤ ਨਾ ਹੋਈ ਕਲਿਆਣ, ਚੁਰਾਸੀ ਪੰਧ ਨਾ ਕੋਇ ਮੁਕਾਈਆ। ਚਰਨ ਕਵਲ ਨਾ ਮਿਲਿਆ ਧਿਆਨ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਭਾਗ ਲੱਗਾ ਨਾ ਕਿਸੇ ਮਕਾਨ, ਦੀਵਾ ਬੱਤੀ ਨਾ ਕੋਇ ਰੁਸ਼ਨਾਈਆ। ਮੂਰਖ ਹੋਇਆ ਨਾ ਸੁਘੜ ਸਿਆਣ, ਚਤੁਰ ਨਾ ਕੋਇ ਚਤੁਰਾਈਆ। ਅੰਤਰ ਆਇਆ ਨਾ ਕਿਸੇ ਗਿਆਨ, ਅਗਿਆਨ ਨਾ ਕੋਇ ਮਿਟਾਈਆ। ਦਰਗਾਹ ਮਿਲਿਆ ਨਾ ਕਿਸੇ ਮਾਣ, ਸਿਰ ਹੱਥ ਨਾ ਕੋਇ ਰਖਾਈਆ। ਜੁਗ ਚੌਕੜੀ ਮੇਰਾ ਸਹਾਰਾ ਸਰਬ ਤਕਾਣ, ਆਸਰਾ ਇਕ ਵਖਾਈਆ। ਜਨ ਭਗਤਾਂ ਇਛਿਆ ਕਹੇ ਮੈਂ ਹੋਈ ਪਰਵਾਨ, ਪ੍ਰਭ ਸਾਚੇ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਰੰਗ ਰੰਗਾਈਆ। ਇਛਿਆ ਕਹੇ ਮੈਨੂੰ ਕਹਿੰਦੇ ਕੋਝੀ ਕਮਲੀ, ਨਿਹਕਰਮਣ ਸਰਬ ਸਮਝਾਈਆ। ਮੈਂ ਪ੍ਰਭ ਦੀ ਲੱਗੀ ਸਰਨੀ, ਸਰਨਗਤ ਇਕ ਰਖਾਈਆ। ਮੇਰੀ ਆਸ਼ਾ ਆਸ਼ਾ ਵਿਚ ਮਰਨੀ, ਜੀਵਣ ਵਿਚ ਨਾ ਕੋਇ ਵਡਿਆਈਆ। ਮੈਂ ਇਕੋ ਪੌੜੀ ਚੜ੍ਹਨੀ, ਜਿਸ ਦਾ ਡੰਡਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਦਿਤੀ ਬਣਾਈਆ। ਆਸ਼ਾ ਕਹੇ ਮੇਰਾ ਘਾੜਨ ਘੜਿਆ, ਪ੍ਰਭ ਦਿਤੀ ਮਾਣ ਵਡਿਆਈਆ। ਉਸ ਦੇ ਕੋਲੋਂ ਨਿਰਅੱਖਰ ਪੜ੍ਹਿਆ, ਜਿਸਦਾ ਭੇਵ ਕਿਸੇ ਨਾ ਆਈਆ। ਜਨ ਭਗਤਾਂ ਅੰਦਰ ਵਸੇਰਾ ਆਦਿ ਜੁਗਾਦਿ ਕਰਿਆ, ਘਰ ਵਿਚ ਆਪਣਾ ਡੇਰਾ ਲਾਈਆ। ਤੇਰਾ ਮੇਰਾ ਚੁਕਾ ਕੇ ਡਰਿਆ, ਭਉ ਇਕੋ ਇਕ ਸਮਝਾਈਆ। ਭਗਤਾਂ ਮੇਲ ਮਿਲਾ
ਕੇ ਨਾਲ ਅੜਿਆ, ਆਦਤ ਪਿਛਲੀ ਦਿਤੀ ਬਦਲਾਈਆ। ਮੇਰੀ ਇਛਿਆ ਨਾਲ ਮਿਲ ਕੇ ਗੁਰਮੁਖ ਪੌੜੀ ਚੜ੍ਹਿਆ, ਸਾਚੇ ਮੰਦਰ ਸੋਭਾ ਪਾਈਆ। ਪੁਰਖ ਅਕਾਲ ਦੀਨ ਦਿਆਲ ਸਚ ਸਵਾਮੀ ਇਕੋ ਵਰਿਆ, ਦੂਜਾ ਕੰਤ ਨਾ ਕੋਇ ਹੰਢਾਈਆ। ਜੋ ਆਦਿ ਜੁਗਾਦਿ ਜੁਗਾ ਜੁਗੰਤਰ ਸਨਮੁਖ ਸਦਾ ਖੜ੍ਹਿਆ, ਨੇਤਰ ਅੱਖ ਨਾ ਕੋਇ ਛੁਪਾਈਆ। ਬਿਨ ਇਛਿਆ ਖੇਲ ਕੋਇ ਨਾ ਕਰਿਆ, ਭਗਤਾਂ ਪ੍ਰਭ ਰਿਹਾ ਦ੍ਰਿੜਾਈਆ। ਇਛਿਆ ਅੰਤਰ ਤੁਹਾਡਾ ਪੱਲੂ ਫੜਿਆ, ਧੁਰ ਦੀ ਸਾਚੀ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਛਿਆ ਇਕੋ ਇਕ ਸਮਝਾਈਆ । ਇਛਿਆ ਕਹੇ ਮੈਂ ਧੁਰ ਦੀ ਰਾਣੀ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਪਤਿਪਰਮੇਸ਼ਵਰ ਮੇਰਾ ਹਾਣੀ, ਸੋਹਣਾ ਜੋੜ ਜੁੜਾਈਆ। ਜਨ ਭਗਤਾਂ ਦੀ ਮੈਂ ਸੇਵ ਕਮਾਣੀ, ਚਾਕਰ ਖ਼ਾਕ ਰੂਪ ਵਟਾਈਆ। ਸੁਘੜ ਸੁਚੱਜੀ ਬਣ ਸਵਾਣੀ, ਘਰ ਘਰ ਵੇਖ ਵਖਾਈਆ। ਅੰਮ੍ਰਿਤ ਲੈ ਕੇ ਠੰਡਾ ਪਾਣੀ, ਗੁਰਮੁਖਾਂ ਜਾਮ ਪਿਆਈਆ। ਪ੍ਰੇਮ ਪਿਆਰ ਦੀ ਦੇ ਕੇ ਜਾਵਾਂ ਨਿਸ਼ਾਨੀ, ਤੀਰ ਨਿਸ਼ਾਨਾ ਇਕ ਚਲਾਈਆ। ਜਿਸ ਦੀ ਸੁਣਦੇ ਰਹੇ ਕਹਾਣੀ, ਸੋ ਮਿਲਿਆ ਬੇਪਰਵਾਹੀਆ। ਜਿਸ ਦੀ ਸਿਫ਼ਤ ਕਰੇ ਚਾਰੇ ਬਾਣੀ, ਰਾਗਾਂ ਨਾਦਾਂ ਵਿਚ ਅਲਾਈਆ। ਜਿਸ ਦਾ ਖੇਲ ਖ਼ਲਕ ਮਹਾਨੀ, ਖ਼ਾਲਕ ਮਾਲਕ ਇਕ ਅਖਵਾਈਆ। ਜਿਸ ਦਾ ਪਦ ਇਕ ਨਿਰਬਾਣੀ, ਸਚ ਦਵਾਰੇ ਸੋਭਾ ਪਾਈਆ। ਜੋ ਹਰ ਘਟ ਜਾਣ ਜਾਣੀ, ਲੱਖ ਚੁਰਾਸੀ ਰਿਹਾ ਸਮਝਾਈਆ। ਜਿਸ ਦੀ ਮਹਿੰਮਾ ਅਕਥ ਕਹਾਣੀ, ਸ਼ਾਸਤਰ ਸਿਮਰਤ ਵੇਦ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇਛਿਆ ਕਹੇ ਮੈਂ ਸਭ ਤੋਂ ਉਚੀ, ਉਚਿਆਂ ਵਿਚੋਂ ਪਰਗਟ ਹੋ ਕੇ ਆਈਆ। ਮੈਂ ਪ੍ਰਭ ਦਵਾਰੇ ਹੋ ਕੇ ਸੁੱਚੀ, ਨਹਾਵਣ ਇਕੋ ਲਿਆ ਨੁਹਾਈਆ। ਮੈਂ ਗੁਰਮੁਖਾਂ ਦੇ ਹਿਰਦਿਉਂ ਉਠੀ, ਮੈਨੂੰ ਜਨਮੇ ਕੋਈ ਨਾ ਪਿਤਾ ਮਾਈਆ। ਮੈਂ ਲੋਕਮਾਤ ਲਾਗਣ ਬਣ ਕੇ ਜਨ ਭਗਤਾਂ ਦੀ ਕਰਾਂ ਬੁੱਤੀ, ਨਿਮਾਣੀ ਹੋ ਕੇ ਘਰ ਘਰ ਫੇਰਾ ਪਾਈਆ। ਜਿਨ੍ਹਾਂ ਦੀ ਆਤਮ ਸੁੱਤੀ, ਫੜ ਹਲੂਣੇ ਦਿਆਂ ਉਠਾਈਆ । ਉਹਨਾਂ ਦੀ ਪਰਮਾਤਮਾ ਨਾਲ ਲਾਵਾਂ ਰੁਚੀ, ਜੋ ਰੁਸਿਆਂ ਰਿਹਾ ਮਨਾਈਆ। ਮਨ ਵਾਸਨਾ ਕੱਢ ਕੇ ਵਿਚੋਂ ਕੁੱਤੀ, ਸਵਾਨ ਕੂਕਰ ਸੂਕਰ ਹੰਸ ਰੂਪ ਵਟਾਈਆ। ਮੈਂ ਅੰਦਰ ਵੜ ਕੇ ਉਹਨਾਂ ਦੇ ਸੁਫ਼ਲ ਕਰਾਂ ਮੁਖੀ, ਜਿਨ੍ਹਾਂ ਦੇ ਹਿਰਦਿਉਂ ਹਰਿ ਕਾ ਨਾਮ ਪਰਗਟਾਈਆ। ਮੇਰੇ ਨਾਲ ਮਿਲ ਕੇ ਕਿਹੜਾ ਰਹਿ ਜਾਏ ਦੁਖੀ, ਦੁੱਖ ਸਾਗਰ ਕਾਇਆ ਗਾਗਰ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇਛਿਆ ਕਹੇ ਮੈਂ ਡੰਮ੍ਹੀ, ਮੇਰੀ ਸਮਝ ਕਿਸੇ ਨਾ ਆਈਆ। ਬਿਨਾਂ ਭਗਤਾਂ ਮੈਨੂੰ ਸਾਰੇ ਕਹਿਣ ਨਕੰਮੀ, ਬੈਠਣ ਮੁਖ ਭੁਆਈਆ। ਜਨ ਭਗਤ ਕਹਿਣ ਇਹ ਸਾਡੀ ਅੰਮੀਂ, ਅੰਮੜੀ ਕਹਿ ਕੇੋ ਖ਼ੁਸ਼ੀ ਮਨਾਈਆ। ਮੈਂ ਉਹਨਾਂ ਦੇ ਪਿਛੇ ਫਿਰਾਂ ਭੰਨੀ, ਭੱਜ ਭੱਜ ਆਪਣਾ ਪੰਧ ਮੁਕਾਈਆ। ਜਾ ਕੇ ਹੁਕਮ ਸੁਣਾਵਾਂ ਕੰਨੀਂ, ਮਿਲੋ ਪੁਰਖ ਬੇਪਰਵਾਹੀਆ। ਜੋ ਮਾਲਕ ਸਭ ਦਾ ਧਨੀ, ਦੌਲਤ ਨਾਮ ਸਦਾ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਇਛਿਆ ਕਹੇ ਮੈਂ ਭਗਤਾਂ ਕਰਾਂ ਤਲਾਸ਼, ਕਾਇਆ ਤਤ ਫੋਲ ਫੁਲਾਈਆ। ਜਿਨ੍ਹਾਂ ਪ੍ਰਭ ਮਿਲਣ ਦੀ ਆਸ, ਤਿਨ੍ਹਾਂ ਮੇਲੇ ਦਿਆਂ ਮਿਲਾਈਆ। ਮੇਟ ਅੰਧੇਰੀ ਰਾਤ, ਸਾਚਾ ਚੰਦ ਕਰਾਂ ਰੁਸ਼ਨਾਈਆ। ਭਰਮ ਚੁਕਾ ਕੇ ਕੂੜੀ ਜ਼ਾਤ, ਦਰਸ ਦੀ ਦਾਤ ਦਿਆਂ ਵਖਾਈਆ। ਜਿਸ ਦੇ ਵਿਚ ਅਨੋਖੀ ਕਰਾਮਾਤ,
ਕਰਮਾਂ ਡੇਰਾ ਢਾਹੀਆ। ਜਿਸ ਦਾ ਅੱਖਰ ਲੱਭੇ ਨਾ ਵਿਚੋਂ ਕਿਸੇ ਲੁਗਾਤ, ਅਲਫ਼ ਯੇ ਨਾ ਸਿਫ਼ਤ ਸੁਣਾਈਆ। ਜਿਸ ਦੀ ਆਦਿ ਜੁਗਾਦਿ ਇਕੋ ਜਿਹੀ ਪਰਭਾਤ, ਸੰਧਿਆ ਰੂਪ ਨਾ ਕੋਇ ਵਟਾਈਆ। ਜੋ ਦਿਸੇ ਕਾਇਨਾਤ, ਕਲਮਾ ਨਬੀ ਰਸੂਲ ਪੜ੍ਹਾਈਆ। ਜਿਸ ਦੀ ਕਦੇ ਨਾ ਹੋਵੇ ਵਫ਼ਾਤ, ਫ਼ਾਤਿਆ ਅੰਤ ਨਾ ਕੋਇ ਜਣਾਈਆ । ਮੈਂ ਉਸ ਦੀ ਦਾਸੀ ਦਾਸ, ਜਨ ਭਗਤ ਦਵਾਰੇ ਸੇਵ ਕਮਾਈਆ। ਜਨ ਭਗਤੋ ਪ੍ਰਭ ਮਿਲਣ ਦੀ ਰੱਖੋ ਖ਼ਾਹਿਸ਼, ਖ਼ਾਲਸ ਮਿਲੇ ਸ਼ਹਿਨਸ਼ਾਹੀਆ। ਬਾਕੀ ਕੂੜੀ ਸਰਬ ਤਲਾਸ਼, ਤਬਅ ਸਕੇ ਨਾ ਕੋਇ ਬਦਲਾਈਆ। ਮੇਰਾ ਵਸੇਰਾ ਅੰਦਰ ਹੱਡ ਮਾਸ, ਕਾਇਆ ਮੰਦਰ ਡੇਰਾ ਲਾਈਆ। ਪ੍ਰਭ ਮਿਲਣ ਦੀ ਸਿੱਖ ਲਓ ਜਾਚ, ਨਿਵਣ ਸੁ ਅੱਖਰ ਦਿਆਂ ਸਮਝਾਈਆ। ਚਰਨ ਕਵਲ ਸਚ ਸਰਨ ਮੰਗੋ ਅਬਿਨਾਸ਼, ਧੂੜੀ ਖ਼ਾਕ ਰਮਾਈਆ। ਸਦਾ ਸਵਾਮੀ ਵਸਣਹਾਰਾ ਪਾਸ, ਹਰ ਘਟ ਪਰਗਟ ਹੋ ਕੇ ਦਰਸ ਦਿਖਾਈਆ। ਸ੍ਰੀ ਭਗਵਾਨ ਭਗਤਾਂ ਮਿਲਣ ਦੀ ਰੱਖੇ ਸਦਾ ਖ਼ਾਹਸ਼, ਬਿਨ ਭਗਤਾਂ ਸ੍ਰੀ ਭਗਵਾਨ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ । ਖ਼ਾਹਿਸ਼ ਕਹੇ ਮੈਂ ਬਹੁਢੰਗੀ, ਠੱਗਾਂ ਚੋਰਾਂ ਯਾਰਾਂ ਵਿਚ ਆਪਣਾ ਰਾਹ ਜਣਾਈਆ। ਸਿਰ ਤੋਂ ਚੋਟੀ ਕਰਕੇ ਨੰਗੀ, ਚਾਰੋਂ ਕੁੰਟ ਭੁਆਈਆ। ਓਧਰ ਮੂਰਖ ਪਾ ਕੇ ਵੰਡੀ, ਭੁਲਾਵਾਂ ਨਾਮ ਗੁਸਾਈਂਆ। ਆਤਮ ਕਰਕੇ ਰੰਡੀ, ਘਰ ਘਰ ਦੁਹਾਗਣ ਦਿਆਂ ਬਣਾਈਆ। ਓਹ ਸਵਾਣੀ ਕਿਸੇ ਨਾ ਲੱਗੇ ਚੰਗੀ, ਜੋ ਧੁਰ ਦਾ ਹੁਕਮ ਗਈ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਵਿਚ ਦਿਤੀ ਸਰਬ ਵਡਿਆਈਆ । ਖ਼ਾਹਿਸ਼ ਕਹੇ ਮੈਂ ਵੇਖੇ ਜੋਗੀ, ਜਗਤ ਧਿਆਨ ਲਗਾਈਆ। ਖ਼ਾਹਿਸ਼ ਕਹੇ ਮੈਂ ਵੇਖੇ ਭੋਗੀ, ਕਾਮ ਕਰੋਧ ਹਲਕਾਈਆ। ਖ਼ਾਹਿਸ਼ ਕਹੇ ਮੈਂ ਵੇਖੇ ਰੋਗੀ, ਜਿਨ੍ਹਾਂ ਬਿਰਹੋਂ ਰੋਗ ਸਤਾਈਆ। ਖ਼ਾਹਿਸ਼ ਕਹੇ ਮੈਂ ਵੇਖੇ ਸੰਜੋਗੀ, ਜਿਨ੍ਹਾਂ ਪ੍ਰਭ ਆਪਣੀ ਸੇਜ ਬਹਾਈਆ। ਖਾਹਿਸ਼ ਕਹੇ ਮੈਂ ਵੇਖੇ ਵਿਜੋਗੀ, ਜਿਨ੍ਹਾਂ ਦਾ ਮੇਲ ਅੰਤ ਨਾ ਕੋਇ ਕਰਾਈਆ। ਖ਼ਾਹਿਸ਼ ਕਹੇ ਮੈਂ ਵੇਖੀ ਚੋਟੀ, ਘਰ ਘਰ ਡੇਰਾ ਲਾਈਆ। ਖ਼ਾਹਿਸ਼ ਕਹੇ ਮੈਂ ਵੇਖਿਆ ਵਾਸਨਾ ਖੋਟੀ, ਜੋ ਕੂੜਿਆਂ ਨਾਲ ਕਰੇ ਕੁੜਮਾਈਆ। ਖ਼ਾਹਿਸ਼ ਕਹੇ ਮੇਰੀ ਖ਼ਾਹਿਸ਼ ਬਹੁਤੀ, ਤ੍ਰਿਸਨਾ ਪੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ਾਹਿਸ਼ ਆਪਣੇ ਨਾਲ ਮਿਲਾਈਆ। ਖ਼ਾਹਿਸ਼ ਕਹੇ ਮੈਂ ਪ੍ਰਭੂ ਦਵਾਰੇ, ਆਪਣਾ ਆਪ ਮਿਟਾਈਆ। ਸੰਤ ਸੁਹੇਲੇ ਬਣੇ ਸਰਬ ਵਣਜਾਰੇ, ਸੌਦਾ ਇਕੋ ਹੱਟ ਵਿਕਾਈਆ। ਜਿਸ ਘਰ ਗੁਰੂ ਅਵਤਾਰ ਦਿਸਣ ਭਿਖਾਰੇ, ਝੋਲੀ ਆਪਣੀ ਅੱਗੇ ਡਾਹੀਆ। ਉਸ ਦਾ ਹੁਕਮ ਸਦਾ ਜੁਗ ਚਾਰੇ, ਨਾ ਕੋਈ ਮੇਟੇ ਮੇਟ ਮਿਟਾਈਆ। ਪੀਰ ਪੈਗ਼ੰਬਰ ਨੱਚਦੇ ਓਸ ਇਸ਼ਾਰੇ, ਸ਼ਰਅ ਸਰਬ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਕਰਨ ਨਿਮਸਕਾਰੇ, ਸਿਰ ਸਕੇ ਨਾ ਕੋਇ ਉਠਾਈਆ। ਆਦਿ ਅੰਤ ਅਤੋਟ ਅਤੁਟ ਭੰਡਾਰੇ, ਖ਼ਾਹਿਸ਼ਾਂ ਭਰਿਆ ਬੇਪਰਵਾਹੀਆ । ਜਨ ਭਗਤੋ ਚੜ੍ਹ ਕੇ ਵੇਖੋ ਓਸ ਦੇ ਮਨਾਰੇ, ਜਿਸ ਦੀ ਚਾਰ ਦੀਵਾਰ ਨਾ ਕੋਇ ਬਣਾਈਆ। ਜਿਥੇ ਨਾ ਕੋਈ ਸੂਰਜ ਚੰਦ ਦਿਸੇ ਸਤਾਰੇ, ਮੰਡਲ ਮੰਡਪ ਨਾ ਕੋਇ ਵਡਿਆਈਆ। ਨਾ ਕੋਈ ਨੌਬਤ ਵੱਜਣ ਨਗਾਰੇ, ਤਾਲ ਤਲਵਾੜਾ ਨਾ ਕੋਇ ਵਖਾਈਆ। ਨਾ ਕੋਈ ਦੀਨ ਮਜ਼੍ਹਬ ਪੁਆੜੇ, ਝਗੜਾ ਕੌਮ ਨਾ ਕੋਇ ਰਖਾਈਆ। ਓਥੇ ਗੁਰਮੁਖ ਸੋਹਣੇ ਬੈਠੇ ਲਾੜੇ, ਜਿਨ੍ਹਾਂ ਪੁਰਖ ਅਕਾਲ ਸਗਣ ਲਿਆ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਦਿਤਾ ਸਮਝਾਈਆ। ਇਛਿਆ ਕਹੇ ਮੈਂ
ਆਈ ਦੱਸਣ, ਦਹਿ ਦਿਸ਼ਾ ਜਣਾਈਆ। ਭਗਤ ਸੁਹੇਲੇ ਉਠ ਉਠ ਨੱਠਣ, ਬਣ ਕੇ ਪਾਂਧੀ ਰਾਹੀਆ। ਚਰਨ ਕਵਲ ਸਰਨਾਈ ਹਰਿ ਕੀ ਲੱਗਣ, ਇਸ਼ਟ ਦੇਵ ਇਕ ਮਨਾਈਆ। ਪ੍ਰੇਮ ਪ੍ਰੀਤੀ ਇਕੋ ਰਹਿਣ ਮਗਨ, ਮੰਗਲਾਚਾਰ ਸੁਣਾਈਆ। ਨੌ ਦਵਾਰੇ ਮੰਜ਼ਲ ਪੰਧ ਲੰਘਣ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤ ਲਲਾਟ ਲਗਾ ਕੇ ਚੰਦਨ, ਮਸਤਕ ਟਿੱਕਾ ਇਕ ਵਖਾਈਆ। ਮਿਲਕੇ ਮੇਲ ਸਚ ਮੁਕੰਦਨ, ਅਨੰਦ ਇਕੋ ਝੋਲੀ ਪਾਈਆ। ਢੋਲਾ ਗਾਵਣ ਧੁਰ ਦਾ ਛੰਦਨ, ਸੋਹੰ ਰਾਗ ਅਲਾਈਆ। ਇਛਿਆ ਵਿਚ ਪਰਮਾਨੰਦਣ, ਆਸਾ ਪੂਰ ਕਰਾਈਆ। ਜਨ ਭਗਤਾਂ ਮਿਲਾਵਾਂ ਧੁਰ ਦਾ ਸੱਜਣ, ਜੋ ਸੱਜਣ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਰਿਹਾ ਪਾਈਆ। ਇਛਿਆ ਕਹੇ ਸੱਜਣ ਗਹਿਰ ਗਵਰਾ, ਇਕ ਇਕੱਲਾ ਨਜ਼ਰੀ ਆਈਆ। ਧੰਨ ਵਡਿਆਈ ਜਿਨ੍ਹਾਂ ਦਾ ਜਨਮ ਸਵਰਾ, ਸਵਾਰਥ ਪਰਮਾਰਥ ਇਕੋ ਰੰਗ ਰੰਗਾਈਆ। ਉਹ ਮੂਰਖ ਮੁਗਧ ਜਗਤ ਜਹਾਨ ਕਹੇ ਬਵਰਾ, ਭੋਲਾ ਭਾਉ ਸਮਝ ਕਿਸੇ ਨਾ ਆਈਆ। ਉਹ ਗੁਰਮੁਖ ਪ੍ਰਭ ਮਿਲਣ ਵਾਸਤੇ ਜਨਮਾ, ਜਗਤ ਕਰਮ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਛਿਆ ਅੰਦਰ ਮੇਟ ਕੇ ਭਰਮਾ, ਭਾਂਡਾ ਭਰਮ ਭਉ ਭੰਨਾਈਆ। ਇਛਿਆ ਕਹੇ ਮੈਂ ਸਭ ਦੀ ਸਖ਼ੀ, ਵਿਛੜਿਆ ਕਾਹਨ ਦਿਆਂ ਮਿਲਾਈਆ। ਦਰਸ ਵਖਾਵਾਂ ਨਿਜ ਅੱਖੀਂ, ਨੇਤਰ ਇਕ ਖੁਲ੍ਹਾਈਆ। ਨਾਮ ਪੜ੍ਹਾਵਾਂ ਧੁਰ ਦੀ ਪੱਟੀ, ਸਚ ਸੰਦੇਸ਼ ਸੁਣਾਈਆ। ਪ੍ਰੇਮ ਪਿਆਰ ਅੰਦਰ ਸੁਕਾਵਾਂ ਰੱਤੀ, ਰੱਤੀ ਰੱਤ ਨਜ਼ਰ ਨਾ ਆਈਆ। ਜਿਨ੍ਹਾਂ ਆਸ ਪ੍ਰਭ ਮਿਲਣ ਦੀ ਰੱਖੀ, ਤਿਨ੍ਹਾਂ ਮੇਲਾਂ ਸਹਿਜ ਸੁਭਾਈਆ। ਇਛਿਆ ਕਹੇ ਮੈਂ ਜੋੜ ਜੁੜਾਵਾਂ ਕਮਲਾਪਤੀ, ਪਤਿਪਰਮੇਸ਼ਵਰ ਨਾਲ ਮਿਲਾਈਆ। ਜਨ ਭਗਤੋ ਗੁਰਮੁਖੋ ਗੁਰਸਿਖੋ ਸਾਚੇ ਸੰਤੋ ਮੁਰੀਦੋ ਮੁਰਸ਼ਦ ਨਾਲ ਮਿਲ ਕੇ ਖੱਟੋ ਖੱਟੀ, ਅੱਗੇ ਖਟਕਾ ਕੋਇ ਰਹਿਣ ਨਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਛਿਆ ਪਤ ਆਪੇ ਰੱਖੀ, ਰਖਿਅਕ ਰੱਖਿਆ ਕਰੇ ਥਾਉਂ ਥਾਈਂਆ।
ਇਛਿਆ ਅੰਦਰ ਗੁਰਮੁਖ ਝੋਲਾ, ਆਪਣੀ ਆਸ ਤਕਾਈਆ। ਪੁਰਖ ਅਬਿਨਾਸ਼ੀ ਤੇਰੇ ਕੰਧ ਉਠਾਣਾ ਡੋਲਾ, ਜਗਤ ਕੁਹਾਰ ਰੂਪ ਵਟਾਈਆ । ਰਸਨਾ ਨਾਲ ਨਹੀਂ ਪਾਉਣਾ ਰੌਲਾ, ਇਸ਼ਾਰਿਆਂ ਨਾਲ ਸਮਝਾਈਆ। ਤੂੰ ਆਦਿ ਜੁਗਾਦੀ ਮੌਲਾ, ਹਰ ਘਟ ਰਵਿਆ ਬੇਪਰਵਾਹੀਆ। ਮੇਰਾ ਚੁੱਕ ਕੇ ਪੜਦਾ ਓਹਲਾ, ਸਵੱਛ ਸਰੂਪੀ ਦਰਸ ਦਿਖਾਈਆ। ਪੂਰਾ ਕਰ ਇਕਰਾਰ ਕੌਲਾ, ਕਵਲ ਨਾਭੀ ਉਲਟੀ ਮੁਖੀ ਅੰਮ੍ਰਿਤ ਰਸ ਮੁਖ ਚੁਆਈਆ। ਤੇਰਾ ਖੇਲ ਵੇਖਾਂ ਉਪਰ ਧੌਲਾ, ਧਰਨੀ ਧਰਤ ਧਵਲ ਵਡਿਆਈਆ। ਤੂੰ ਨੂਰ ਖ਼ੁਦਾਈ ਅਵਲਾ, ਆਲਮੀਨ ਤੇਰੀ ਸਰਨਾਈਆ । ਤੇਰੇ ਪਿਛੇ ਹੋ ਕੇ ਬਵਲਾ, ਭੱਜਾਂ ਵਾਹੋ ਦਾਹੀਆ। ਤੂੰ ਰੂਪ ਸਾਂਵਲ ਸਵਲਾ, ਮੁਕੰਦ ਮਨੋਹਰ ਲਖਮੀ ਨਰਾਇਣ ਇਕ ਅਖਵਾਈਆ। ਤੂੰ ਆਦਿ ਜੁਗਾਦੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇਂ ਤਗ਼ਮਾ, ਸਮਰਥ ਸਿਰ ਆਪਣਾ ਹੱਥ ਟਿਕਾਈਆ। ਮੈਨੂੰ ਵੀ ਸੁਣਾ ਦੇ ਉਹ ਨਗ਼ਮਾ, ਜਿਸ ਦੀ ਸ਼ਾਇਰੀ ਸ਼ਾਇਰ ਕਰਨ ਕੋਇ ਨਾ ਪਾਈਆ। ਮੈਂ ਦਰਸ਼ਨ ਪਾਵਾਂ ਦੀਦ ਚਸ਼ਮਾਂ, ਈਦ ਚੰਦ ਰੁਸ਼ਨਾਈਆ। ਮੈਂ ਖਾ ਕੇ ਆਇਆ ਕਸਮਾਂ, ਮੈਥੋਂ ਝੱਲੀ ਨਾ ਜਾਏ ਜੁਦਾਈਆ। ਮੈਂ ਧੂੜੀ ਮੰਗੀ ਭਸਮਾ, ਤਨ ਮਾਟੀ ਖ਼ਾਕ ਰਮਾਈਆ । ਮੈਂ ਨਹੀਂ ਜਾਣਦਾ ਪਿਛਲੀਆਂ ਰਸਮਾਂ, ਗੁਰਮੁਖ ਆਪਣੀ ਝੋਲੀ
ਡਾਹੀਆ। ਬਿਨ ਤੇਰੇ ਮੂਲ ਨਹੀਂ ਬਚਣਾ, ਲੋਕਮਾਤ ਰਹਿਣਾ ਮੂਲ ਨਾ ਭਾਈਆ । ਮੈਂ ਹਾਲ ਤੈਨੂੰ ਦੱਸਣਾ, ਖੋਲ੍ਹ ਕੇ ਦਿਤਾ ਸੁਣਾਈਆ । ਜੇ ਵਸਾਂ ਤੇ ਤੇਰੇ ਚਰਨ ਵਸਣਾ, ਕੋਠੇ ਮੰਡਪ ਮਾੜੀ ਕੰਮ ਕਿਸੇ ਨਾ ਆਈਆ। ਨਾਲੇ ਰੋਵਾਂ ਨਾਲੇ ਹੱਸਣਾ, ਖ਼ੁਸ਼ੀਆਂ ਵਿਚ ਨੇਤਰ ਨੈਣਾਂ ਨੀਰ ਵਹਾਈਆ। ਜੇ ਤੂੰ ਸਾਡੇ ਪ੍ਰੇਮ ਪਿਆਰ ਵਿਚ ਨਹੀਂ ਫਸਣਾ, ਕਿਉਂ ਭਗਤਾਂ ਦਾ ਅਖਵਾਵੇਂ ਮਾਹੀਆ। ਜਿੰਨਾਂ ਚਿਰ ਤੂੰ ਸਾਡੇ ਹਿਰਦੇ ਵਿਚ ਨਾ ਵਸਣਾ, ਓਨਾਂ ਚਿਰ ਤੇਰੇ ਚਰਨਾਂ ਉਤੇ ਨਹੀਂ ਢੱਠਣਾ ਮਸਤਕ ਸੀਸ ਨਾ ਕਿਸੇ ਝੁਕਾਈਆ। ਜਿੰਨਾਂ ਚਿਰ ਪ੍ਰੇਮ ਪਿਆਰ ਦਾ ਚਾੜ੍ਹੇ ਨਾ ਵਟਨਾ, ਸਚ ਖਾਰੇ ਦਏ ਬਹਾਈਆ। ਓਨਾਂ ਚਿਰ ਤੇਰਾ ਨਾਮ ਕਦੀ ਨਹੀਂ ਰਟਣਾ, ਤੈਥੋਂ ਬੈਠਣਾ ਮੁਖ ਭੁਆਈਆ। ਬਿਨ ਭਗਤਾਂ ਤੇਰਾ ਨਾਮ ਕਿਸੇ ਨਹੀਂ ਜਪਣਾ, ਸ੍ਰੀ ਭਗਵਾਨ ਤੈਨੂੰ ਕਹਿ ਨਾ ਕੋਇ ਸੁਣਾਈਆ। ਜੇ ਤੂੰ ਸਾਥੋਂ ਵਸਿਉਂ ਵੱਖਰਾ, ਤੇਰੀ ਛੱਪਰ ਛੰਨ ਮਿਲੇ ਨਾ ਕੋਇ ਵਡਿਆਈਆ । ਜੇ ਤੂੰ ਪਰਗਟ ਹੋਇਉਂ ਵਿਚੋਂ ਪੱਥਰਾਂ, ਫਿਰ ਵੀ ਭਗਤਾਂ ਨਜ਼ਰੀ ਆਈਆ । ਜੇ ਤੂੰ ਲੇਖ ਲਿਖਿਆ ਨਾਲ ਅੱਖਰਾਂ, ਉਹ ਵੀ ਤਿਨ੍ਹਾਂ ਦੀ ਸਿਫ਼ਤ ਸਾਲਾਹੀਆ। ਪ੍ਰਭੂ ਆਪਣਾ ਪਰਤ ਕੇ ਵੇਖ ਪੱਤਰਾ, ਵਰਕਾ ਅੰਦਰੋਂ ਲਏ ਉਲਟਾਈਆ । ਤੈਨੂੰ ਭਗਤਾਂ ਬਿਨਾਂ ਸਦਾ ਖ਼ਤਰਾ, ਸਦਾ ਭਗਤ ਤੇਰਾ ਮਾਣ ਵਧਾਈਆ। ਅਸੀਂ ਛੱਡ ਕੇ ਆਪਣਾ ਵਤਨਾ, ਬੇਵਤਨ ਹੋ ਕੇ ਲੋਕਮਾਤ ਫੇਰਾ ਪਾਈਆ । ਹੁਣ ਆ ਕੇ ਮਿਲ ਆਪਣੇ ਪਤਣਾ, ਯਥਾਰਥ ਰਹੇ ਸਮਝਾਈਆ। ਅਸਾਂ ਤੇਰੇ ਕੋਲੋਂ ਨਹੀਂ ਨੱਠਣਾ, ਭੱਜਿਆਂ ਪੱਲੂ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਦਇਆ ਕਮਾਈਆ। ਝੋਲਾ ਕਹੇ ਮੈਂ ਕਾਇਆ ਕੱਪੜ, ਕੱਚੇ ਤੰਦ ਡੋਰ ਬੰਧਾਈਆ । ਤੇਰੇ ਦਰ ਨਾ ਸਕਾਂ ਅੱਪੜ, ਮੰਜ਼ਲ ਪੰਧ ਨਾ ਕੋਇ ਚੁਕਾਈਆ। ਤੇਰਾ ਵਸੇਰਾ ਉਪਰ ਛੱਪਰ, ਸ਼ਹਿਨਸ਼ਾਹ ਅਖਵਾਈਆ। ਮੈਂ ਖ਼ਾਕ ਦੀ ਸੇਜਾ ਸੁੱਤਾ ਸੱਥਰ, ਸੂਲਾਂ ਸੇਜ ਹੰਢਾਈਆ। ਤੂੰ ਸਿਖਿਆ ਰਹਿਣਾ ਸਦਾ ਵੱਖਰ, ਸਚਖੰਡ ਡੇਰਾ ਲਾਈਆ। ਮੈਂ ਆ ਕੇ ਤੇਰੇ ਪਤਣ, ਆਸਣ ਲਿਆ ਜਮਾਈਆ। ਜਿੰਨਾਂ ਚਿਰ ਨਾ ਆਵੇਂ ਅੰਗਣ, ਨਿਰਗੁਣ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ । ਝੋਲਾ ਕਹੇ ਮੇਰੇ ਅੰਦਰ ਵਸਤ, ਗੁਰਮੁਖ ਆਪ ਟਿਕਾਈਆ। ਜਿਨ੍ਹਾਂ ਨੂੰ ਲੱਗ ਗਏ ਕਰ ਹਸਤ, ਹੱਥਾਂ ਰੰਗ ਰੰਗਾਈਆ। ਨਾਮ ਖ਼ੁਮਾਰੀ ਦੇ ਦੇ ਮਸਤ, ਮਤਵਾਲੇ ਦੇ ਕਰਾਈਆ। ਤੇਰਾ ਨਜ਼ਰੀ ਆਵੇ ਇਸ਼ਟ, ਦ੍ਰਿਸ਼ਟ ਦੇ ਵਡਿਆਈਆ। ਨਾਤਾ ਛੱਡ ਕੇ ਸਾਰੀ ਸ੍ਰਿਸ਼ਟ, ਪ੍ਰਭ ਤੇਰਾ ਧਿਆਨ ਲਗਾਈਆ। ਤੇਰੇ ਨਾਲ ਮਿਲ ਕੇ ਭੋਗਣ ਗ੍ਰਿਹਸਤ, ਦੂਜੀ ਸੇਜ ਨਾ ਕੋਇ ਹੰਢਾਈਆ। ਚਰਨਾਂ ਹੇਠਾਂ ਦੱਬ ਕੇ ਸਵਰਗ ਬਹਿਸ਼ਤ, ਉਤੇ ਅੱਡੀ ਦੇਣੀ ਲਗਾਈਆ। ਤੇਰੇ ਉਤੇ ਕਰਕੇ ਆਪਣਾ ਨਿਸਚ, ਨਿਸਚਾ ਆਪਣਾ ਲਿਆ ਜਮਾਈਆ। ਸਾਡੀ ਕਦੇ ਨਾ ਉਕੇ ਨਿਸ਼ਾਨੇ ਵਾਲੀ ਸ਼ਿਸਤ, ਜੋ ਗੋਬਿੰਦ ਚਿੱਲੇ ਤੀਰ ਦਿਤਾ ਚੜ੍ਹਾਈਆ। ਕੀ ਹੋਇਆ ਜੇ ਰਾਮ ਨੇ ਗੁਰੂ ਬਣਾਇਆ ਵਸ਼ਿਸ਼ਟ, ਵਿਸ਼ਿਆਂ ਵਾਲੇ ਗੁਰੂ ਦੀ ਸਾਨੂੰ ਲੋੜ ਰਹੀ ਨਾ ਰਾਈਆ। ਤੇਰਾ ਦਰਸ ਵੇਖਣਾ ਸਦਾ ਅਨਦ੍ਰਿਸ਼ਟ, ਨਿਜ ਨੇਤਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲੈਣਾ ਮਿਲਾਈਆ। ਝੋਲਾ ਕਹੇ ਮੇਰੀ ਵੇਖ ਝਲਕ, ਪੱਟੀਆਂ ਰੰਗ ਰੰਗਾਈਆ। ਮੈਂ ਨਾਤਾ ਤੋੜ ਕੇ ਖ਼ਲਕ, ਖ਼ਾਲੀ ਤੇਰੇ ਦਰ ਤੇ ਆਈਆ। ਮੈਂ ਵੇਖ ਕੇ ਅਰਸ਼ ਫ਼ਰਸ਼, ਤੇਰੇ ਚਰਨਾਂ ਧੂੜ ਰਮਾਈਆ। ਮੇਰੇ ਉਤੇ ਕਰ ਦੇ ਤਰਸ, ਰਹਿਮਤ ਹਕ ਕਮਾਈਆ। ਮੈਂ
ਜਨਮ ਜਨਮ ਦਾ ਰਿਹਾ ਭਟਕ, ਅਗਨੀ ਦੇ ਬੁਝਾਈਆ। ਬਿਰਹੋਂ ਵਿਛੋੜੇ ਵਿਚ ਰਿਹਾ ਤਰਸ, ਅੰਮ੍ਰਿਤ ਜਾਮ ਇਕ ਪਿਆਈਆ । ਮੇਰਾ ਮੇਟ ਦੇ ਸੋਗ ਹਰਖ਼, ਚਿੰਤਾ ਗ਼ਮ ਰਹੇ ਨਾ ਰਾਈਆ। ਆਪਣੇ ਦਰ ਤੇ ਕੀਮਤ ਪਾ ਦੇ ਨਿਰਖ਼, ਦੂਜੀ ਹੱਟੀ ਨਾ ਕੋਇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਝੋਲਾ ਕਹੇ ਗੁਰਮੁਖ ਦੇ ਬਸਤਰ, ਬਸਤੀ ਆਪਣੀ ਵਿਚ ਲੋਕਾਈਆ । ਆਪਣੇ ਆਪ ਦਾ ਕਰ ਕੇ ਸ਼ਸਤਰ, ਲੇਖਾ ਕਰਾਂ ਥਾਉਂ ਥਾਈਂਆ। ਪਿਛਲੀ ਰਾਤੀ ਉਸਨੇ ਮਾਰੀ ਤੈਨੂੰ ਨਸ਼ਤਰ, ਡੂੰਘਾ ਘਾਓ ਲਗਾਈਆ। ਮੇਰੇ ਅੰਦਰ ਹੋਈ ਧੜਕਨ, ਧੀਰਜ ਧੀਰ ਨਾ ਕੋਇ ਧਰਾਈਆ। ਮੈਂ ਉਠਕੇ ਲਗਾ ਤੜਪਨ, ਚਾਰੋਂ ਕੁੰਟ ਧਿਆਨ ਲਗਾਈਆ। ਜਿਸ ਘਰ ਬੈਠਾ ਮਾਹੀ ਮਰਦਨ, ਮਰਦਾਨ ਸੋਭਾ ਪਾਈਆ। ਗ਼ਰੀਬਾਂ ਵੰਡੇ ਦਰਦਨ, ਦੁਖੀਆਂ ਦੁੱਖ ਗਵਾਈਆ। ਚਲਕੇ ਓਸ ਕੋਲ ਕਰਾਂ ਅਰਜ਼ਨ, ਆਰਜ਼ੂ ਓਸ ਕੋਲ ਸੁਣਾਈਆ। ਉਹ ਪੂਰਾ ਕਰੇ ਫ਼ਰਜ਼ਨ, ਫ਼ੈਸਲਾ ਹਕ ਦ੍ਰਿੜਾਈਆ। ਜਿਸ ਦਾ ਖੇਲ ਸਦਾ ਅਸਚਰਜਨ, ਅਚਰਜ ਲੀਲਾ ਰਿਹਾ ਵਰਤਾਈਆ । ਜੁਗ ਜਨਮ ਦਾ ਪਿਛਲਾ ਲਾਹਵੇ ਕਰਜ਼ਨ, ਮਕਰੂਜ਼ ਹਿਸਾਬ ਬੇਬਾਕ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਚੁਕਾਈਆ। ਝੋਲਾ ਕਹੇ ਮੈਨੂੰ ਉਤੋਂ ਕਰਦੇ ਬੰਦ, ਬਹੁਤੀਆਂ ਗੰਢਾਂ ਪਵਾਈਆ। ਮੇਰੇ ਮੁਖ ਵਿਚ ਨਹੀਂ ਬੱਤੀ ਦੰਦ, ਰਸਨਾ ਜਿਹਵਾ ਪ੍ਰਭੂ ਨਾ ਕੋਇ ਲਗਾਈਆ। ਮੈਂ ਨਾ ਜਾਣਾ ਤੂੰ ਸਾਹਿਬ ਸਦਾ ਬਖ਼ਸ਼ੰਦ, ਰਹਿਮਤ ਸਰਬ ਕਮਾਈਆ। ਗੁਰਮੁਖ ਦੇ ਬਸਤਰ ਛੋਹਕੇ ਮੈਨੂੰ ਆਇਆ ਅਨੰਦ, ਜਿਸ ਵਿਚ ਪਗੜੀ ਦਿਤੀ ਟਿਕਾਈਆ। ਮੈਨੂੰ ਨਜ਼ਰੀ ਆਇਆ ਤੇਰਾ ਚੰਦ, ਜੋ ਨੂਰ ਕਰੇ ਰੁਸ਼ਨਾਈਆ। ਮੈਂ ਨੇਤਰ ਪਾਵਾਂ ਠੰਡ, ਅੱਖੀਆਂ ਤਪਸ਼ ਬੁਝਾਈਆ। ਮੈਂ ਓਸ ਨਾਲ ਪਾਵਾਂ ਗੰਢ, ਜਿਸ ਨਾਲੋਂ ਨਾ ਹੋਏ ਜੁਦਾਈਆ। ਰਾਤੀਂ ਸੁੱਤਿਆਂ ਸੁੱਤਿਆਂ ਏਹੋ ਮੰਗਦਾ ਰਿਹਾ ਮੰਗ, ਦੋਏ ਜੋੜ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਚੁਕਾਈਆ। ਝੋਲਾ ਕਹੇ ਮੈਂ ਚੁਕਣਹਾਰਾ ਬੋਝਾ, ਭਾਰ ਆਪਣੇ ਵਿਚ ਰਖਾਈਆ। ਵੇਖਣ ਵਿਚ ਕਮਲਾ ਕੋਝਾ, ਤੰਦ ਤੰਦ ਜੁੜਾਈਆ। ਭਗਤ ਹੱਥ ਵਿਚ ਆ ਕੇ ਮੈਨੂੰ ਮਿਲ ਗਈ ਸੋਭਾ, ਮਿਲੀ ਮਾਣ ਵਡਿਆਈਆ। ਅੱਗੇ ਹੋ ਗਿਆ ਤੇਰੇ ਜੋਗਾ, ਜਗਤ ਜੁਗ ਦਿਤਾ ਤਜਾਈਆ। ਮੈਂ ਸੁਣਾਵਣ ਆਇਆ ਹੋਕਾ, ਉਚੀ ਦੇ ਦ੍ਰਿੜਾਈਆ । ਪ੍ਰਭ ਮਿਲਣ ਦਾ ਇਕੋ ਮੌਕਾ, ਲੱਖ ਚੁਰਾਸੀ ਵਿਚੋਂ ਮਾਣਸ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਮੇਰੀ ਬਣਤ ਬਣਾਈਆ। ਝੋਲਾ ਕਹੇ ਜਿਸ ਵੇਲੇ ਫੜਿਆ ਲਾਲ, ਆਪਣੀਆਂ ਉਂਗਲਾਂ ਨਾਲ ਮਿਲਾਈਆ। ਮੈਨੂੰ ਨਜ਼ਰੀ ਆਈ ਤੇਰੀ ਸੱਚੀ ਧਰਮਸਾਲ, ਧਰਮ ਦਵਾਰਾ ਬੇਪਰਵਾਹੀਆ। ਜਿਥੇ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਲਾੜੀ ਮੌਤ ਨਾ ਚਲੇ ਨਾਲ, ਚਿਤ੍ਰਗੁਪਤ ਨਾ ਹਿਸਾਬ ਵਖਾਈਆ। ਇਕੋ ਤੇਰੇ ਨਾਮ ਦਾ ਵੱਜੇ ਤਾਲ, ਦੂਸਰ ਕਰੇ ਨਾ ਕੋਇ ਪੜ੍ਹਾਈਆ। ਭਗਤ ਸੁਹੇਲੇ ਮਿਲ ਮਿਲ ਤੇਰਾ ਢੋਲਾ ਗਾਨ, ਗਾਵਤ ਖ਼ੁਸ਼ੀਆਂ ਰੈਣ ਵਿਹਾਈਆ। ਗੁਰਮੁਖਾਂ ਮਿਲ ਕੇ ਮੈਨੂੰ ਆਵੇ ਅਰਾਮ, ਹਰਾਮ ਦਿਸੇ ਜਗਤ ਲੋਕਾਈਆ। ਮੈਂ ਸਾਰਾ ਦਿਨ ਸੰਦੇਸ਼ਾ ਦਿੰਦਾ ਰਿਹਾ ਪੈਗ਼ਾਮ, ਬੌਹੜੀ ਬੌਹੜੀ ਕਰ ਦੁਹਾਈਆ। ਕਿਸ ਵੇਲੇ ਮਿਲਾਂ ਸਾਹਿਬ ਸੁਲਤਾਨ, ਜੋ ਦੁਖੜੇ ਰਿਹਾ ਗਵਾਈਆ । ਗੁਰਮੁਖ ਤੈਨੂੰ ਝੁਕ ਝੁਕ ਕਰਾਂ ਸਲਾਮ, ਸੱਯਦਾ ਇਕ ਝੁਕਾਈਆ। ਜਿਸ ਸਚ ਦਵਾਰੇ ਪਹੁੰਚਾਇਆ ਆਣ, ਆਪਣਾ ਪੰਧ ਮੁਕਾਈਆ। ਤੇਰੀ
ਛੋਹ ਨਾਲ ਮੈਨੂੰ ਮਿਲਿਆ ਗਿਆਨ, ਗਿਆਨ ਵਿਚ ਮਿਹਰਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਝੋਲਾ ਕਹੇ ਮੇਰੀ ਉੱਤਮ ਤਣੀ, ਤਾਣਾ ਪੇਟਾ ਰਹੀ ਜਣਾਈਆ। ਜਿਸਦੀ ਪਹਿਲੋਂ ਗੁਰਮੁਖ ਨਾਲ ਬਣੀ, ਫਿਰ ਸਤਿਗੁਰ ਦਏ ਵਡਿਆਈਆ। ਮੈਂ ਬਣ ਗਿਆ ਧੁਰ ਦਾ ਧਨੀ, ਖ਼ਜ਼ਾਨਾ ਹਰਿ ਜੀ ਅੰਦਰ ਪਾਈਆ। ਮੇਰੀ ਇਕੋ ਅਰਜ਼ ਮੰਨੀ, ਬਹੁਤੀਆਂ ਮਿੰਨਤਾਂ ਨਾ ਕੋਇ ਕਢਾਈਆ। ਜਿਸ ਵੇਲੇ ਹੱਥ ਲਗਾਇਆ ਸੀ ਬੀਬੀ ਚੰਨੀ, ਚਰਨ ਧਿਆਨ ਰਖਾਈਆ। ਓਸ ਵੇਲੇ ਮੈਂ ਓਨ੍ਹਾਂ ਦੇ ਵਿਚ ਆ ਗਿਆ ਸਨੀ, ਗੱਭੇ ਹੋ ਕੇ ਡੇਰਾ ਲਾਈਆ । ਵਿਚਾਲੇ ਬਹਿ ਕੇ ਵੇਖੀ ਛੱਪਰ ਛੰਨੀ, ਅੱਧ ਵਿਚਕਾਰ ਸੋਹਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਝੋਲਾ ਕਹੇ ਮੈਨੂੰ ਅੰਦਰੋਂ ਫੋਲ, ਖ਼ਾਲੀ ਨਜ਼ਰੀ ਆਈਆ। ਜਿਸ ਉਤੇ ਕੀਤਾ ਕੌਲ, ਉਹ ਕਿਤਾਬ ਦੇ ਵਡਿਆਈਆ । ਤੇਰਾ ਬਚਨ ਨਾਮ ਅਨਮੋਲ, ਭੁੱਲ ਕਦੇ ਨਾ ਜਾਈਆ। ਜਿਸ ਤਰਾ ਮੇਰਾ ਮੁਖ ਦਿਤਾ ਖੋਲ੍ਹ, ਏਸੇ ਤਰਾ ਗੁਰਮੁਖਾਂ ਦੇ ਅੰਦਰੋਂ ਪੜਦੇ ਦੇ ਖੁਲ੍ਹਾਈਆ । ਜੇ ਦੂਰ ਦੁਰਾਡਾ ਆ ਕੇ ਵਸ ਕੋਲ, ਪ੍ਰਭੂ ਆਪਣਾ ਪੰਧ ਮੁਕਾਈਆ। ਸਾਚੀ ਸੇਜਾ ਬਹਿ ਕੇ ਕਰ ਅੱਗੇ ਚੋਹਲ, ਸਾਚੀ ਚੋਲੀ ਦੇ ਬਦਲਾਈਆ। ਤੇਰੇ ਪ੍ਰੇਮ ਪਿਆਰ ਅੰਦਰ ਗਏ ਮੌਲ, ਰੁੱਤ ਬਸੰਤੀ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਝੋਲਾ ਕਹੇ ਪ੍ਰਭ ਚੁੱਕ ਦੇ ਪੜਦਾ, ਸਤਿ ਤੇਰੀ ਵਡਿਆਈਆ। ਗੁਰਮੁਖ ਬਣਾ ਲੈ ਆਪਣਾ ਬਰਦਾ, ਬੰਦੀਖਾਨਾ ਦੇ ਤੁੜਾਈਆ। ਇਹ ਆਤਮ ਪਰਮਾਤਮ ਤੇਰੇ ਵਰਗਾ, ਜੇ ਤੂੰ ਆਪਣੇ ਨਾਲ ਮਿਲਾਈਆ। ਤੇਰਾ ਕੁਛ ਨਾ ਹੋਵੇ ਹਰਜਾ, ਹਾਜ਼ਰ ਹੋ ਕੇ ਦਰਸ ਵਖਾਈਆ। ਗੁਰਮੁਖਾਂ ਦਾ ਪਿਛਲਾ ਦੇ ਦੇ ਕਰਜ਼ਾ, ਅਸਲ ਸੂਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਝੋਲਾ ਕਹੇ ਮੇਰਾ ਡੂੰਘਾ ਰਾਜ਼, ਕੋਈ ਸਮਝ ਸਕੇ ਨਾ ਰਾਈਆ। ਵੇਖੋ ਮੈਂ ਪੜ੍ਹੀ ਨਹੀਂ ਕੋਈ ਨਮਾਜ਼, ਹੁਜਰਿਆਂ ਵਿਚ ਨਾ ਸੀਸ ਝੁਕਾਈਆ। ਹੱਥ ਜੋੜ ਨਾ ਕਰੀ ਅਰਦਾਸ, ਬੇਨੰਤੀ ਕੂਕ ਨਾ ਕੋਇ ਜਣਾਈਆ। ਹਵਨ ਕੀਤਾ ਕੋਈ ਨਾ ਪਾਠ, ਧੂਪ ਦੀਪ ਘਿਰਤ ਨਾ ਕੋਇ ਜਲਾਈਆ। ਜਿਸ ਵੇਲੇ ਭਗਤ ਦਾ ਮਿਲਿਆ ਸਾਥ, ਗੁਰਮੁਖ ਉਂਗਲੀ ਲਾਈਆ। ਮੇਰੇ ਅੰਦਰੋਂ ਉਠੀ ਉਹ ਖ਼ਾਹਿਸ਼, ਜਿਸ ਖ਼ਾਹਿਸ਼ ਦੇ ਸਾਰੇ ਰਹੇ ਗੁਣ ਗਾਈਆ । ਕਿਸ ਵੇਲੇ ਚੱਲਾਂ ਪ੍ਰਭ ਦੇ ਪਾਸ, ਆਪਣਾ ਪੰਧ ਮੁਕਾਈਆ। ਬਣ ਕੇ ਦਾਸੀ ਦਾਸ, ਸੋਹਣੀ ਸੇਵ ਕਮਾਈਆ। ਇਕ ਵਾਰੀ ਦੇਵਾਂ ਆਖ, ਬੇਨੰਤੀ ਸਚ ਸੁਣਾਈਆ। ਪ੍ਰਭ ਆਪਣਿਆਂ ਭਗਤਾਂ ਦੀ ਪਤ ਰਾਖ, ਰੱਖਿਆ ਕਰ ਥਾਉਂ ਥਾਈਂਆ। ਘਰ ਘਰ ਦਰਸ਼ਨ ਦੇ ਪਰਗਟ ਹੋ ਕੇ ਸਾਖਿਆਤ, ਸਨਮੁਖ ਹੋ ਕੇ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਲੇਖਾ ਲਿਖ ਕੇ ਗਏ ਕਲਮ ਦਵਾਤ, ਖਾਣੀ ਬਾਣੀ ਦੇਵੇ ਮਾਤ ਗਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਝੋਲੀ ਪਾਈਆ। ਝੋਲਾ ਕਹੇ ਮੈਂ ਕਰਨ ਨਹੀਂ ਆਇਆ ਝਗੜਾ, ਬੀਤੀ ਕਹਾਣੀ ਰਿਹਾ ਸੁਣਾਈਆ। ਜੇ ਮਾਰਗ ਮਿਲ ਜਾਏ ਅਗਲਾ, ਪਿਛਲਾ ਦਿਆਂ ਤਜਾਈਆ। ਲੋੜ ਪਵੇ ਨਾ ਜਾਣ ਦੀ ਜੰਗਲਾਂ, ਪਰਬਤ ਬਨ ਨਾ ਖੋਜ ਖੁਜਾਈਆ। ਦੂਜਾ ਘਰ ਪਏ ਨਾ ਮੰਗਣਾ, ਝੋਲੀ ਖ਼ਾਲੀ ਨਾ ਕਿਤੇ ਡਾਹੀਆ। ਜੇ ਸਤਿਗੁਰ ਲਾ ਲਏ ਅੰਗਣਾ, ਆਪਣੀ ਗੋਦ ਉਠਾਈਆ । ਪ੍ਰੇਮ ਪਿਆਰ ਦੀ ਚਾੜ੍ਹ ਦਏ
ਰੰਗਣਾ, ਇਕੋ ਰੰਗ ਰੰਗਾਈਆ। ਫੇਰ ਕਿਲੀਆਂ ਨਾਲ ਮੈਨੂੰ ਕਿਸੇ ਨਹੀਂ ਟੰਗਣਾ, ਗੁਰਮੁਖ ਦੇ ਹੱਥ ਆਇਆ ਮੇਰੀ ਕਟੀ ਜਾਏ ਜੁਦਾਈਆ। ਮੈਂ ਓਸ ਪਾਰ ਕਿਨਾਰੇ ਲੰਘਣਾ, ਜਿਸ ਦਾ ਵੰਝ ਮੁਹਾਣਾ ਇਕੋ ਨਜ਼ਰੀ ਆਈਆ। ਸਚ ਦਵਾਰਿਉਂ ਮੰਗ ਮੰਗਦਿਆਂ ਕਦੇ ਨਾ ਸੰਗਣਾ, ਨੇਤਰ ਰੋ ਕੇ ਦੇਵਾਂ ਹਾਲ ਦੁਹਾਈਆ। ਪ੍ਰਭੂ ਜੇ ਤੂੰ ਭਗਤਾਂ ਦਾ ਬਣਿਉਂ ਸੱਜਣਾ, ਕਿਉਂ ਨਾ ਸਾਨੂੰ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਮਰਥ ਵੱਡੀ ਵਡਿਆਈਆ। ਸੁਣ ਝੋਲੇ ਕਰ ਆਪਣੀ ਝੋਲੀ, ਧੁਰ ਦੀ ਝਲਕ ਦਿਆਂ ਵਖਾਈਆ। ਤੂੰ ਸਮਝੀ ਭਗਤਾਂ ਦੀ ਬੋਲੀ, ਅਨਬੋਲਤ ਰਾਗ ਅਲਾਈਆ। ਸਾਰਾ ਦਿਨ ਬਸਤਰਾਂ ਵਾਲੀ ਚੁੱਕੀ ਰੱਖੀ ਡੋਲੀ, ਸਿਰ ਆਪਣੇ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਸੇ ਕਾਰਨ ਤੇਰਾ ਹੋਏ ਸਹਾਈਆ। ਝੋਲੇ ਰੱਖ ਯਾਦ ਪਿਛਲੀ ਗੱਲ, ਪਿਛਾ ਰਿਹਾ ਜਣਾਈਆ। ਜਿਸ ਵੇਲੇ ਗੋਬਿੰਦ ਵੜਿਆ ਸੀ ਝੱਲ, ਮਾਛੀਵਾੜੇ ਫੇਰਾ ਪਾਈਆ। ਉਸ ਵੇਲੇ ਤੇਰੇ ਵਿਚ ਸੀ ਇਕ ਛੋਟਾ ਜੇਹਾ ਫਲ, ਜੇਹੜਾ ਬਸਤਰ ਵਿਚ ਬੰਦ ਕਰਾਈਆ। ਉਸ ਦੇ ਉਤੇ ਲੇਖ ਸੀ ਅਬਚਲ, ਨਿਹਚਲ ਧਾਮ ਦਿਤਾ ਜਣਾਈਆ। ਜਿਸ ਵੇਲੇ ਗੋਬਿੰਦ ਤੱਕਿਆ ਓਹਦੇ ਵੱਲ, ਓਹਦੇ ਵਲਵਲੇ ਦੇਣ ਦੁਹਾਈਆ। ਤੂੰ ਸੂਲਾਂ ਸੇਜ ਬੈਠੋਂ ਮੱਲ, ਮੇਰੀ ਸਾਰ ਕਿਸੇ ਨਾ ਪਾਈਆ। ਜੇ ਸਭ ਨੂੰ ਛੱਡ ਕੇ ਮੇਰੇ ਕੋਲ ਆਇਉਂ ਚੱਲ, ਕਿਉਂ ਚਲਿਤ੍ਰ ਰਿਹਾ ਵਖਾਈਆ। ਕਿਥੇ ਤੇਰਾ ਗਿਆ ਦਲ, ਸੰਗੀ ਸਾਥੀ ਨਜ਼ਰ ਕੋਇ ਨਾ ਪਾਈਆ । ਇਕ ਵੇਰੀਂ ਮਿਹਰ ਨਜ਼ਰ ਕਰਕੇ ਪਲਕ ਵਿਚੋਂ ਬਖ਼ਸ਼ ਪਲ, ਆਪਣਾ ਧਿਆਨ ਲਗਾਈਆ। ਕੀ ਹੋਇਆ ਜੇ ਬੱਚਿਆਂ ਨੂੰ ਨਹੀਂ ਦਿਤਾ ਜਲ, ਮੈਂ ਵੀ ਤੇਰੀ ਓਟ ਤਕਾਈਆ। ਜਿੰਨਾਂ ਚਿਰ ਮੇਰਾ ਨਾ ਮਿਟਿਆ ਸਲ, ਦੁਖੜਾ ਦਰਦ ਵੰਡਾਈਆ। ਗੋਬਿੰਦ ਕਿਹਾ ਜਿਸ ਵੇਲੇ ਆਵਾਂ ਅੰਤਮ ਕਲ, ਨਿਰਗੁਣ ਰੂਪ ਜੋਤ ਰੁਸ਼ਨਾਈਆ। ਤੇਰਾ ਭਗਤਾਂ ਨਾਲ ਮਿਲ ਕੇ ਵਧਾਵਾਂ ਬਲ, ਬਲਧਾਰੀ ਦਿਆਂ ਬਣਾਈਆ। ਤੂੰ ਪਾਂਧੀ ਬਣ ਕੇ ਮੇਰੇ ਦਰਸ਼ਨ ਨੂੰ ਆਵੇਂ ਚਲ, ਆਪਣੀ ਇਛਿਆ ਨਾਲ ਵਧਾਈਆ। ਫੇਰ ਤੈਨੂੰ ਏਸੇ ਫਲ ਦਾ ਦੇਵਾਂ ਫਲ, ਵਾਧਾ ਅੱਗੇ ਹੋਰ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਦੇਣਾ ਸਭ ਦਾ ਝੋਲੀ ਪਾਈਆ। ਲਹਿਣਾ ਦੇਣਾ ਆਇਆ ਮਕੌਣ, ਪਿਛਲਾ ਪੰਧ ਮੁਕਾਈਆ। ਅਗਲਾ ਘਰ ਆਇਆ ਦਸੌਣ, ਪਿਛਲਾ ਰਿਹਾ ਢਾਹੀਆ। ਜਿਥੇ ਇਕੋ ਮਿਲੇ ਅਗੰਮੀ ਪੌਣ, ਹਵਾ ਵਿਚੋਂ ਹਵਾ ਬਾਹਰ ਵਖਾਈਆ । ਓਥੇ ਸੇਜ ਸੂਲਾਂ ਵਾਲੀ ਕਹੇ ਮੈਂ ਆਈ ਖ਼ੁਸ਼ੀ ਮਨੌਣ, ਖ਼ੁਸ਼ੀਆਂ ਰੰਗ ਰੰਗਾਈਆ। ਮੈਂ ਉਹ ਤੱਕਾਂ ਵੇਖਾਂ ਅੱਖਾਂ ਕਿਸ ਵੇਲੇ ਗੋਬਿੰਦ ਮੇਰੇ ਉਤੇ ਆਏ ਸੌਣ, ਸੋਹਣਾ ਰੂਪ ਵਟਾਈਆ। ਮੈਂ ਲੰਮੀਂ ਕੀਤੀ ਧੌਣ, ਪ੍ਰੇਮ ਵਿਛਾਇਆ ਵਿਛੌਣ, ਸੋਹਣੀ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਝੋਲਾ ਕਹੇ ਮੈਂ ਤੱਕ ਕੇ ਝਲਕ ਨੂਰਾਨੀ, ਨਿਰਵੈਰ ਦਰਸ਼ਨ ਪਾਈਆ। ਪਰਵਰਦਿਗਾਰ ਮਿਲਿਆ ਜਿਹੜਾ ਵਸੇ ਉਤੇ ਅਸਮਾਨੀਂ, ਆਸਰਾ ਇਕੋ ਰਿਹਾ ਰਖਾਈਆ। ਜਿਸ ਦੀ ਮਹਿੰਮਾ ਅਕਥ ਕਹਾਣੀ, ਆਦਿ ਜੁਗਾਦਿ ਰਹੇ ਜਸ ਗਾਈਆ । ਜਨ ਭਗਤਾਂ ਕੋਲੋਂ ਮਿਲੀ ਉਹਦੀ ਨਿਸ਼ਾਨੀ, ਜੋ ਨਿਸ਼ਾਨੇ ਤੀਰ ਰਿਹਾ ਲਗਾਈਆ। ਦਰ ਘਰ ਮਿਲ ਕੇ ਮੁੱਕ ਗਈ ਆਵਣ ਜਾਣੀ, ਸੂਤਰ ਤਾਗਾ ਕਪਾਸ ਰੂਪ ਨਾ ਕੋਇ ਵਟਾਈਆ। ਇਕ ਲਾਲ ਸਿੰਘ ਦੀ ਮਿਹਰਵਾਨੀ, ਜਿਸ ਵਿਛੜਿਆਂ ਦਿਤਾ ਮਿਲਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਵਖਾਈਆ। ਝੋਲਾ ਕਹੇ ਮੈਂ ਮਾਰੀ ਝਾਕੀ, ਆਪਣੀ ਅੱਖ ਖੁਲ੍ਹਾਈਆ। ਨਜ਼ਰੀ ਆਈ ਇਕੋ ਤਾਕੀ, ਜਿਸ ਦਾ ਭੇਵ ਕੋਇ ਨਾ ਪਾਈਆ। ਜਿਸ ਨੂੰ ਲੱਭਦੇ ਬੰਦੇ ਖ਼ਾਕੀ, ਭੱਜਣ ਵਾਹੋ ਦਾਹੀਆ। ਉਹ ਭਗਵਨ ਬਣਿਆ ਮੇਰਾ ਸਾਥੀ, ਬੇਜਾਨ ਦਿਤੀ ਵਡਿਆਈਆ। ਇਛਿਆ ਅੰਦਰ ਪੂਰੀ ਆਸੀ, ਤ੍ਰਿਸਨਾ ਦਿਤੀ ਬੁਝਾਈਆ। ਸਚ ਦਵਾਰੇ ਦਾ ਜਾਵਾਂ ਬਣ ਕੇ ਵਾਸੀ, ਵਾਸਤਾ ਇਕੋ ਨਾਲ ਜੁੜਾਈਆ । ਮੰਜ਼ਲ ਚੜ੍ਹ ਕੇ ਔਖੀ ਘਾਟੀ, ਘਾਟਾ ਪਿਛਲਾ ਪੂਰ ਕਰਾਈਆ। ਮੈਨੂੰ ਯਾਦ ਮਾਛੂਵਾੜੇ ਦੀ ਉਹ ਰਾਤੀ, ਜਿਸ ਰਾਤੀਂ ਪਰਭਾਤੀ ਪ੍ਰਭ ਮਿਲਿਆ ਬੇਪਰਵਾਹੀਆ। ਜਿਸ ਦਾ ਹੁਕਮ ਜ਼ਾਤ ਸਫ਼ਾਤੀ, ਆਫ਼ਤਾਬੀ ਮਹਿਤਾਬੀ ਨੂਰ ਰੁਸ਼ਨਾਈਆ। ਜਿਸ ਦੇ ਅੱਗੇ ਸਾਰੇ ਲਾਜਵਾਬੀ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਉਹ ਭਗਤਾਂ ਨਾਲ ਪੰਜਾਂ ਤੱਤਾਂ ਵਾਲਾ ਬਣਿਆ ਪੰਜਾਬੀ, ਪੰਜੇ ਨਾਲ ਪੰਜਾਂ ਰਿਹਾ ਭਜਾਈਆ। ਭਗਤ ਉਧਾਰਨ ਧੁਰ ਦੀ ਵਾਦੀ, ਅਛਲ ਛਲ ਆਪਣੀ ਖੇਲ ਖਿਲਾਈਆ। ਪ੍ਰੇਮ ਪਿਆਰ ਦਾ ਬਣ ਕੇ ਸਾਕੀ, ਗੁਰਮੁਖਾਂ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਇਛਿਆ ਸਭ ਦੀ ਵੇਖ ਵਖਾਈਆ। ਝੋਲਾ ਕਹੇ ਮੈਂ ਇਛਿਆ ਕਾਰਨ, ਜਨਮ ਲਿਆ ਵਟਾਈਆ। ਆਪਣਾ ਲੇਖਾ ਆਇਆ ਨਿਵਾਰਨ, ਨਿਉਂ ਨਿਉਂ ਸੀਸ ਝੁਕਾਈਆ। ਬੇੜਾ ਪਾਰ ਆਇਆ ਉਤਾਰਨ, ਬੇੜੇ ਸਚ ਚੜ੍ਹਾਈਆ । ਗੁਰਮੁਖਾਂ ਆਇਆ ਵੰਗਾਰਨ, ਉਚੀ ਕੂਕ ਕੂਕ ਸੁਣਾਈਆ। ਏਹੋ ਜੇਹਾ ਫੇਰ ਨਹੀਂ ਲੱਭਣਾ ਯਾਰਨ, ਜੇਹੜਾ ਯਾਰੜੇ ਵਾਲਾ ਸੱਥਰ ਚੰਗੇ ਫੇਰ ਰਿਹਾ ਕਰਾਈਆ। ਕੱਚੇ ਤੰਦ ਨੂੰ ਆਇਆ ਤਾਰਨ, ਬੰਦੀ ਬੰਦ ਬੰਦ ਤੁੜਾਈਆ। ਲਾਲ ਨਾਲ ਕਰਕੇ ਲਾਲ ਪਿਆਰਨ, ਪਿਆਰ ਪਿਆਰ ਵਿਚੋਂ ਪਰਗਟਾਈਆ। ਜਨ ਭਗਤਾਂ ਆਇਆ ਪੈਜ ਸੁਆਰਨ, ਸਿਰ ਆਪਣਾ ਹੱਥ ਰਖਾਈਆ। ਦੁਸ਼ਟ ਹੰਕਾਰੀ ਆਇਆ ਮਾਰਨ, ਖੰਡਾ ਇਕੋ ਨਾਮ ਚਮਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਦੇ ਖੇੜੇ ਵਸਦੇ ਆਇਆ ਉਜਾੜਨ, ਸਚ ਸੁੱਚ ਸਤਿ ਧਰਮ ਦੇ ਉਜੜੇ ਖੇੜੇ ਫੇਰ ਵਸਾਈਆ। ਕੋਝੇ ਕਮਲਿਆਂ ਗ਼ਰੀਬ ਨਿਮਾਣਿਆਂ ਆਇਆ ਤਾਰਨ, ਡੁੱਬਦੇ ਪਾਥਰ ਪਾਹਨ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੇ ਪਾਟੇ ਚੀਥੜ ਆਇਆ ਉਤਾਰਨ, ਅਗਲਾ ਜਾਮਾ ਰਾਮਾ ਇਕੋ ਇਕ ਵਖਾਈਆ।
ਪ੍ਰੇਮ ਪਿਆਰ ਦੀ ਅਗੰਮੀ ਚਿੱਠੀ, ਅੱਖਰੀ ਦਿਤੀ ਲਿਖਾਈਆ। ਆਪਣੇ ਮਿਲਣ ਦੀ ਸਾਚੀ ਬਿਧੀ, ਬਿਧ ਆਤਮ ਵਿਚ ਟਿਕਾਈਆ। ਸੁਰਤੀ ਹੋਵੇ ਸਹਿਜ ਸੁਭਾਓ ਸਿੱਧੀ, ਸੱਚਾ ਰਾਹ ਤਕਾਈਆ। ਔਕੜ ਔਝੜ ਹੋਵੇ ਕਿੱਡੀ, ਦੂਰ ਦੁਰਾਡਾ ਪੰਧ ਮੁਕਾਈਆ। ਭਗਤਨ ਕਰੇ ਸਾਚੀ ਰੀਝੀ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖ ਤੇਰੀ ਲੱਗੀ ਰਹੇ ਪ੍ਰੀਤੀ, ਦੋ ਜਹਾਨ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਤਾ ਬਿਧਾਤਾ ਆਪ ਬੰਧਾਈਆ। ਪੜਦਾ ਕਹੇ ਓਢਨ ਕੋਪਨ, ਹਿਸਿਆਂ ਵਿਚੋਂ ਹਿੱਸਾ ਨਜ਼ਰੀ ਆਈਆ। ਇਹ ਅੰਚਲ ਓਹ ਦਰੋਪਤ, ਜੋ ਬਸਤਰ ਤਨ ਪਹਿਨਾਈਆ। ਜਿਸ ਦਾ ਸਹਾਰਾ ਲੋਕ ਪਰਲੋਕਨ, ਦੋ ਜਹਾਨ ਓਟ ਤਕਾਈਆ। ਜਿਸ ਦਵਾਰੇ ਸਾਚੀ ਮੌਜਨ,
ਮੌਜੂਦਾ ਹੋ ਕੇ ਵੇਖ ਵਖਾਈਆ। ਉਹ ਭਗਤ ਸੁਹੇਲੇ ਆਇਆ ਖੋਜਣ, ਖੋਜੀ ਬਣ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਕੱਪੜਾ ਕਹੇ ਮੇਰਾ ਤਾਣਾ ਪੇਟਾ, ਡੋਰੀ ਤੰਦ ਤੰਦ ਜੁੜਾਈਆ। ਮੈਂ ਹੱਥ ਆਇਆ ਖੇਵਟ ਖੇਟਾ, ਜੋ ਮਲਾਹ ਧੁਰ ਦਰਗਾਹ ਅਖਵਾਈਆ। ਜਿਸ ਨੇ ਭਗਤ ਬਣਾਇਆ ਬੇਟਾ, ਗੁਰਮੁਖ ਗੋਦ ਉਠਾਈਆ। ਨੇਤਰ ਦਰਸ਼ਨ ਆ ਕੇ ਪੇਖਾ, ਖ਼ੁਸ਼ੀਆਂ ਰੰਗ ਚੜ੍ਹਾਈਆ। ਮੈਨੂੰ ਯਾਦ ਆਇਆ ਚੇਤਾ, ਸਚ ਸਚ ਦਿਆਂ ਦ੍ਰਿੜਾਈਆ। ਜਿਸ ਵੇਲੇ ਨਾਨਕ ਸੁੱਤਾ ਵਣ ਹੇਠਾਂ, ਬਾਸ਼ਕ ਤਸ਼ਕਾ ਸੇਵ ਕਮਾਈਆ। ਓਸ ਵੇਲੇ ਪ੍ਰੇਮ ਨਾਲ ਮੈਨੂੰ ਉਤੇ ਮੁਖ ਲਪੇਟਾ, ਬਾਂਹ ਸਿਰਹਾਣੇ ਹੇਠ ਦਬਾਈਆ। ਨਾਨਕ ਦੇ ਨੇਤਰਾਂ ਵਿਚੋਂ ਪੁਰਖ ਅਕਾਲ ਪੇਖਾ, ਜੋਤੀ ਜੋਤ ਕਰੇ ਰੁਸ਼ਨਾਈਆ। ਓਸ ਵੇਲੇ ਮੈਂ ਮੰਗਿਆ ਆਪਣਾ ਲੇਖਾ, ਝੋਲੀ ਅੱਗੇ ਡਾਹੀਆ। ਧੁਰ ਫ਼ਰਮਾਨ ਆਇਆ ਮੇਰੀ ਆਦਿ ਜੁਗਾਦੀ ਖੇਡਾ, ਅਗਲਾ ਅੱਗੇ ਹੋਰ ਦਰਸਾਈਆ। ਜਿਸ ਵੇਲੇ ਨਿਰਵੈਰ ਪੁਰਖ ਧਾਰੇ ਵੇਸਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤ ਸਰੂਪੀ ਧਾਰੇ ਭੇਸਾ, ਪੰਜ ਤਤ ਨਾ ਕੋਇ ਸਮਝਾਈਆ। ਤੇਰੀ ਯਾਦ ਦਾ ਰੱਖੇ ਚੇਤਾ, ਅਭੁਲ ਭੁਲ ਕਦੇ ਨਾ ਜਾਈਆ। ਗੁਰਮੁਖਾਂ ਦੇ ਕੋਲੋਂ ਲੈ ਕੇ ਨੇਂਦਾ, ਨੀਂਦਰ ਅੱਖ ਦਏ ਖੁਲ੍ਹਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਸਭ ਨੂੰ ਵੇਂਹਦਾ, ਗ਼ਫ਼ਲਤ ਆਪਣੇ ਵਿਚ ਨਾ ਕੋਇ ਰਖਾਈਆ । ਤੇਰੇ ਪਿਛੇ ਭਗਤ ਕੋਲੋਂ ਮਰਾਵੇ ਪੈਂਡਾ, ਕਦਮ ਕਦਮ ਆਪਣੇ ਲੇਖੇ ਲਾਈਆ। ਪਿਛਲਾ ਲਹਿਣਾ ਤ੍ਰਿਬੈਣੀ ਨੈਣੀ ਦਾ, ਰਾਮ ਸੀਆ ਦਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਸਰਬ ਚੁਕਾਈਆ। ਓਢਨ ਕਹੇ ਮੈਂ ਕੱਚਾ ਤੰਦ ਸੂਤ, ਸੂਤਰ ਧਾਰੀ ਸਮਝ ਕੋਇ ਨਾ ਪਾਈਆ। ਮੇਰਾ ਤਨ ਵਜੂਦ ਵੇਖੋ ਕਲਬੂਤ, ਕਾਲਾ ਕੱਪੜ ਰੂਪ ਵਟਾਈਆ। ਮੈਂ ਭਗਤ ਦਿਆਂ ਹੱਥਾਂ ਵਿਚ ਮਹਿਫ਼ੂਜ਼, ਜਗਤ ਕੁੜਿਆਰ ਹੱਥ ਨਾ ਕੋਇ ਲਗਾਈਆ। ਕਲਜੁਗ ਅੰਤ ਮੇਰਾ ਅਸਲ ਨਾਲ ਮਿਲਣ ਲੱਗਾ ਸੂਦ, ਕੁਲ ਜ਼ਰ ਆਪਣਾ ਰੂਪ ਵਟਾਈਆ। ਹੱਥ ਲੱਗਾ ਉਸ ਮਹਿਬੂਬ, ਜੋ ਮੁਹੱਬਤ ਧੁਰ ਦੀ ਰਿਹਾ ਕਮਾਈਆ। ਮੈਂ ਚੜ੍ਹ ਕੇ ਮੰਜ਼ਲੇ ਮਕਸੂਦ, ਫ਼ੈਸਲਾ ਆਪਣਾ ਹਲ ਕਰਾਈਆ। ਖ਼ੁਸ਼ੀ ਮਨਾਵਾਂ ਚਾਰੇ ਕੂਟ, ਦਹਿ ਦਿਸ਼ਾ ਦਿਆਂ ਸੁਣਾਈਆ। ਹਰਿ ਕਾ ਨਾਮ ਧੁਰ ਕਾ ਸ਼ਬਦ ਕਦੇ ਨਾ ਹੋਵੇ ਝੂਠ, ਝੂਠਿਆਂ ਖਰੇ ਦਏ ਬਣਾਈਆ। ਜਿਸ ਦੇ ਉਪਰ ਸਾਹਿਬ ਜਾਏ ਤੁਠ, ਕੋਝੇ ਕਮਲੇ ਗਲੇ ਲਗਾਈਆ। ਮੈਂ ਪਿਛੇ ਵੇਂਹਦਾਂ ਰਿਹਾ ਬਹਿ ਕੇ ਚੁੱਪ, ਕਿਹੜਾ ਰੋ ਰੋ ਦਏ ਦੁਹਾਈਆ। ਜਿਸ ਵੇਲੇ ਪ੍ਰੇਮ ਦੀ ਮਿਲਣ ਵਾਲੀ ਲੱਗੀ ਭੁੱਖ, ਉਠ ਕੇ ਭੱਜਾ ਵਾਹੋ ਦਾਹੀਆ। ਆ ਕੇ ਚਰਨਾਂ ਗਿਆ ਝੁਕ, ਕਰ ਬੰਦਨਾ ਸੀਸ ਨਿਵਾਈਆ। ਪੁਰਖ ਅਬਿਨਾਸ਼ੀ ਹਰ ਘਟ ਵਾਸੀ ਮੈਨੂੰ ਪੁੱਛ, ਪਸਚਾਤਾਪ ਦੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਕੱਪੜਾ ਕਹੇ ਮੈਂ ਕਾਇਆ ਤਤ, ਤਤਵ ਇਕ ਜਣਾਈਆ। ਬਿਨ ਰਸਨਾ ਜਿਹਵਾ ਬੋਲਾਂ ਸਚ, ਸਚ ਦਿਆਂ ਸਮਝਾਈਆ। ਮੈਂ ਕਰਾਂ ਸੇਵਾ ਬਿਨ ਅੱਖਾਂ ਹੱਥ, ਆਪਣੀ ਆਸ ਰਖਾਈਆ। ਚਲ ਕੇ ਆਵਾਂ ਬਿਨ ਪੈਰਾਂ ਪਗ, ਆਪਣਾ ਪੰਧ ਮੁਕਾਈਆ। ਜਨ ਭਗਤ ਦੇ ਨਾਲ ਮਿਲ ਕੇ ਕੀਤਾ ਸੱਚਾ ਹੱਜ, ਹਾਜਤ ਅਵਰ ਰਹੀ ਨਾ ਰਾਈਆ। ਮੈਂ ਤੇਰਿਆਂ ਭਗਤਾਂ ਦੇ ਪੜਦੇ ਰਿਹਾ ਕੱਜ, ਤੂੰ ਮੇਰੀ ਲਾਜ ਰਖਾਈਆ। ਮੈਂ ਦਰਸ਼ਨ ਕਰਾਂ ਰੱਜ, ਆਪਣੀ ਤ੍ਰਿਖਾ ਬੁਝਾਈਆ। ਦੋਹਾਂ ਦਾ ਤਾਲ ਇਕੋ ਜਾਏ ਵੱਜ, ਨਗਾਰਾ ਸੁਣਾਂ ਚਾਈਂ ਚਾਈਂਆ। ਮੈਂ ਸੁਣਿਆ ਤੂੰ
ਆਇਉਂ ਭਗਤਾਂ ਦੇ ਅੰਦਰ ਹੱਦ, ਦੂਰ ਦੁਰਾਡਾ ਪੰਧ ਮੁਕਾਈਆ। ਮੇਰੇ ਪਿਛੇ ਗੁਰਮੁਖ ਲਾਲ ਲਿਆ ਸੱਦ, ਸੁੱਤਿਆਂ ਲਿਆ ਜਗਾਈਆ। ਭਾਵੇਂ ਹੱਸੇ ਸਾਰਾ ਜਗ, ਗੁਰਮੁਖ ਨੇਤਰ ਖ਼ੁਸ਼ੀਆਂ ਨੀਰ ਵਹਾਈਆ। ਤੇਰੇ ਪ੍ਰੇਮ ਪਿਆਰ ਦੀ ਪੀ ਕੇ ਮਧ, ਖ਼ੁਮਾਰੀ ਇਕੋ ਨਾਮ ਚੜ੍ਹਾਈਆ। ਬੇਸ਼ਕ ਸੰਗੀ ਸਾਥੀ ਸਾਰੇ ਜਾਵਣ ਛੱਡ, ਤੇਰਾ ਵਿਛੋੜਾ ਝੱਲਿਆ ਨਾ ਜਾਈਆ। ਤੇਰੀ ਆਤਮ ਤੈਥੋਂ ਨਾ ਹੋਵੇ ਅੱਡ, ਪਰਮਾਤਮ ਤੇਰੇ ਵਿਚ ਸਮਾਈਆ। ਬ੍ਰਹਮ ਪਾਰਬ੍ਰਹਮ ਤੇਰੀ ਯਦ, ਵਿਸ਼ਵ ਰੂਪ ਦੇ ਵਖਾਈਆ। ਤੇਰੇ ਨਿਉਂ ਨਿਉਂ ਲਾਗੇ ਪਗ, ਚਰਨ ਕਵਲ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੂਤਰ ਤੰਦ ਕਹੇ ਮੈਨੂੰ ਲੋਕੀ ਕਹਿਣ ਪਗੜੀ, ਜਗਤ ਦਸਤਾਰ ਕਹਿ ਸੁਣਾਈਆ। ਮੈਂ ਪੰਜਾਂ ਨਾਲ ਜਾਵਾਂ ਜਕੜੀ, ਚਾਰੋਂ ਕੁੰਟ ਵਾਹੋ ਦਾਹੀਆ। ਮੈਂ ਮਾਣ ਦੇਵਾਂ ਸ੍ਰਿਸ਼ਟ ਸਗਲੀ, ਸ਼ਾਹ ਸੁਲਤਾਨਾਂ ਦੇ ਸਿਰ ਤੇ ਆਸਣ ਲਾਈਆ। ਪ੍ਰਭ ਬਿਨ ਤੇਰੇ ਹੋਵਾਂ ਪਗ਼ਲੀ, ਆਪਣਾ ਆਪ ਮਿਟਾਈਆ। ਮੇਰਾ ਲੇਖਾ ਚੁਕਾ ਦੇ ਕਾਇਆ ਬਦਨੀ, ਅਗਲਾ ਤਤ ਦੇ ਬਦਲਾਈਆ। ਮੈਂ ਇਕੋ ਵਸਤ ਮੰਗਣੀ, ਝੋਲੀ ਤੇਰੇ ਅੱਗੇ ਡਾਹੀਆ। ਜੇ ਤੂੰ ਭਗਤਾਂ ਦੀ ਕਾਇਆ ਰੰਗਣੀ, ਕਿਉਂ ਨਾ ਮੇਰੇ ਉਤੇ ਰੰਗ ਚੜ੍ਹਾਈਆ। ਮੈਂ ਦਰ ਤੇ ਆਈ ਬਣ ਕੇ ਮੰਗਤੀ, ਮੁਖ ਘੁੰਗਟ ਦਿਤਾ ਉਠਾਈਆ। ਮੇਰੀ ਅੱਖ ਰਹੇ ਨਾ ਅੰਧਲੀ, ਨੇਤਰ ਨੈਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਲਗਾਈਆ। ਪੱਗ ਕਹਿੰਦੀ ਮੈਨੂੰ ਕਹਿੰਦੇ ਥਿਗੜੀ, ਦੁਪੱਟਿਆਂ ਨਾਲ ਪਰਨਾਈਆ। ਜੇ ਤੂੰ ਭਗਤਾਂ ਦੀ ਜਨਮ ਕਰਮ ਦੀ ਬਿਗੜੀ, ਆਪਣੇ ਲੇਖੇ ਲਾਈਆ। ਮੈਂ ਹੋ ਜਾਵਾਂ ਨਫ਼ਿਕਰੀ, ਦਰ ਤੇਰੇ ਸੀਸ ਝੁਕਾਈਆ। ਚੋਟੀ ਚਾੜ੍ਹ ਦੇ ਓਸ ਸਿਖ਼ਰੀ, ਜਿਸ ਘਰ ਆਪਣਾ ਡੇਰਾ ਲਾਈਆ। ਮੈਂ ਖੋਜਾਂ ਵਿਚ ਇਸ਼ਕੀ, ਮਾਸ਼ੂਕ ਰੂਪ ਵਟਾਈਆ। ਜਾਂ ਵੇਖਿਆ ਭਗਤ ਦੀ ਤੇਰੇ ਚਰਨਾਂ ਲੱਗੀ ਬਿਰਤੀ, ਸੁਰਤੀ ਨਿਰਤੀ ਦੋਵੇਂ ਰਾਹ ਤਕਾਈਆ। ਦਵਾਰੇ ਆ ਗਈ ਫਿਰਦੀ ਫਿਰਦੀ, ਆਪਣਾ ਪੰਧ ਮੁਕਾਈਆ। ਇਹ ਆਸ ਚਰੋਕੀ ਚਿਰਦੀ, ਚਿਰੀ ਵਿਛੁੰਨੇ ਰਿਹਾ ਮਿਲਾਈਆ। ਮਿਲਣੀ ਹੋਣੀ ਸਾਚੇ ਪਿਰ ਦੀ, ਪੀਆ ਪ੍ਰੀਤਮ ਦਏ ਵਡਿਆਈਆ। ਮੈਂ ਮਾਲਕ ਬਣਾਂ ਘਰ ਥਿਰ ਦੀ, ਜਿਸ ਘਰੋਂ ਫੇਰ ਨਾ ਕੋਇ ਹਿਲਾਈਆ। ਮਹਾਰਾਜ ਸ਼ੇਰ ਸੰਘ ਵਿਸ਼ਨੂੰ ਭਗਵਾਨ, ਇਕੋ ਲੋੜ ਤੇਰੀ ਮਿਹਰ ਦੀ, ਮਿਹਰਵਾਨ ਮਹਿਬਾਨ ਬੀਦੋ ਬੀਖੈਰ ਯਾ ਅਲਾਹ ਇਲਾਹੀ ਨੂਰ ਤੇਰੀ ਰੁਸ਼ਨਾਈਆ।