ਪੁਸਤਕਾਲਾਭਾਗ ੧੭

ਪਹਿਲੀ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਪੁੱਤਰ, ਪੁਰਖ ਅਕਾਲ ਦੀਨ ਦਿਆਲ ਵੱਡੀ ਵਡਿਆਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋਤੀ ਧਾਰੋਂ ਆਇਆ ਉਤਰ, ਜੋਤੀ ਜਾਤਾ ਪੁਰਖ ਬਿਧਾਤਾ ਨਾ ਕੋਈ ਜਨਮੇ ਪਿਤਾ ਮਾਈਆ। ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਕਰੇ ਸ਼ੁਕਰ, ਸੁਰਪਤ ਇੰਦ ਨਿਉਂ ਨਿਉਂ ਲਾਗੇ ਪਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜਨ ਭਗਤਾਂ ਚੁੱਕੇ ਆਪਣੇ ਕੁੱਛੜ, ਸੰਤ ਸੁਹੇਲੇ ਕਰ ਕਰ ਮੇਲੇ ਗੋਦ ਉਠਾਈਆ। ਆਦਿ ਜੁਗਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਕੀਤਾ ਕੌਲ ਨਾ ਜਾਏ ਮੁੱਕਰ, ਬੇਪਰਵਾਹ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਦਰ ਘਰ ਸਾਚਾ ਇਕ ਸੁਹਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਮੰਨਦੇ ਰਹੇ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਸਨਾ ਜਿਹਵਾ ਬੱਤੀ ਦੰਦ ਜਿਸ ਦਾ ਜਪਦੇ ਰਹੇ ਜਾਪ, ਸ਼ਬਦ ਅਨਾਦੀ ਬੋਧ ਅਗਾਧੀ ਢੋਲਾ ਗਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਿਰਗੁਣ ਸਰਗੁਣ ਜਿਸ ਦਾ ਵਡ ਪਰਤਾਪ, ਜਲ ਥਲ ਮਈਅਲ ਘਟ ਘਟ ਆਪਣਾ ਖੇਲ ਖਿਲਾਈਆ। ਨਿਤ ਨਵਿਤ ਵੇਖੇ ਖੇਲ ਦਿਵਸ ਰਾਤ, ਅਨਦਿਨ ਆਪਣੀ ਕਾਰ ਕਮਾਈਆ। ਦੋ ਜਹਾਨਾਂ ਸ੍ਰੀ ਭਗਵਾਨਾ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਵੇਖਣਹਾਰਾ ਮਾਰ ਝਾਤ, ਉਤਭੁਜ ਸੇਤਜ ਪੜਦਾ ਆਪ ਖੁਲ੍ਹਾਈਆ। ਸ੍ਰੀ ਭਗਵਾਨਾ ਮਿਹਰਵਾਨਾ ਮਰਦ ਮਰਦਾਨਾ ਨੌਜਵਾਨਾ ਪੂਰਾ ਆਪਣਾ ਕਰਨਹਾਰਾ ਵਾਕ, ਭਵਿਖ ਭਾਖਿਆ ਵੇਖ ਵਖਾਈਆ। ਗੁਰਮੁਖ ਮੀਤਾ ਠਾਂਡਾ ਸੀਤਾ ਸੱਜਣ ਸੁਹੇਲਾ ਧੁਰ ਦਾ ਸਾਕ, ਬੰਧਨ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਕਹਿੰਦੇ ਗਏ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਰਾਕਾਰ ਕਰੇ ਆਪਣਾ ਹਿਤਾ, ਹਿਤਕਾਰੀ ਆਪਣਾ ਵੇਸ ਵਟਾਈਆ। ਜੋਤੀ ਨੂਰ ਜਗ ਨੇਤਰ ਨਜ਼ਰ ਨਾ ਆਏ ਸਭ ਤੋਂ ਨਿੱਕਾ, ਨਿੱਕੇ ਵਡ ਵੱਡਾ ਸਮਝ ਕੋਇ ਨਾ ਪਾਈਆ। ਵਸਣਹਾਰਾ ਚਾਰ ਕੁੰਟ ਦਹਿ ਦਿਸ਼ਾਂ, ਜ਼ਿਮੀਂ ਆਸਮਾਨਾਂ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਨ ਮਜ਼੍ਹਬ ਜ਼ਾਤ ਪਾਤ ਵਰਨ ਗੋਤ ਪੌਂਦਾ ਰਿਹਾ ਹਿੱਸਾ, ਵੰਡ ਆਪਣੇ ਹੱਥ ਰਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਗਾਉਂਦੇ ਗਏ ਕਿੱਸਾ, ਹਰਿ ਕੀ ਕਿਸਮ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਕਰੇ ਖੇਲ ਅਨਡਿਠ, ਅਨਡਿਠੜੀ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਕਹਿੰਦੇ ਗਏ ਮਾਲਕ, ਬੇਪਰਵਾਹ ਇਕ ਅਖਵਾਇੰਦਾ। ਆਦਿ ਜੁਗਾਦੀ ਜੋ ਸਦਾ ਸਦਾ ਬਣੇ ਪ੍ਰਿਤਪਾਲਕ, ਬਣ ਸੇਵਕ ਸੇਵ ਕਮਾਇੰਦਾ। ਜੋ ਲੱਖ ਚੁਰਾਸੀ ਜੀਵ ਜੰਤ ਹੋਵੇ ਖ਼ਾਲਕ, ਖ਼ਾਲਕ ਮਖ਼ਲੂਕ ਆਪਣਾ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਬਣੇ ਸਾਲਸ, ਸਾਹਿਬ ਸਵਾਮੀ ਆਪਣਾ ਵੇਸ ਵਟਾਇੰਦਾ। ਗੁਰਮੁਖਾਂ ਗੁਰਸਿਖਾਂ ਮੇਟਣਹਾਰਾ ਨਿੰਦਰਾ ਆਲਸ, ਸੁਰਤੀ ਸ਼ਬਦ ਸ਼ਬਦ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲੱਭੇ ਖਾਲਸ਼, ਖ਼ਾਹਿਸ਼ ਆਪਣੀ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਉਠਾਏ ਇਕੋ ਬਾਲਕ, ਸ਼ਬਦੀ ਸੁਤ ਆਪ ਜਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਮੰਨਦੇ ਗਏ ਕਹਿਣਾ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਦਾ ਦੋ ਜਹਾਨਾਂ ਭਾਣਾ ਸਹਿਣਾ, ਪੁਰੀ ਲੋਅ ਬ੍ਰਹਿਮੰਡ ਖੰਡ ਸਕੇ ਨਾ ਕੋਇ ਮਿਟਾਈਆ। ਜਿਸ ਦੇ ਹੁਕਮੇ ਅੰਦਰ ਸਮੁੰਦ ਸਾਗਰ ਜਲ ਧਾਰ ਬਹਿਣਾ, ਟਿੱਲੇ ਪਰਬਤ ਬੈਠੇ ਸੀਸ ਨਿਵਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਦਰਸ਼ਨ ਦੇਵੇ ਅੰਤਰ ਨੈਣਾਂ, ਨਿਜ ਨੇਤਰ ਕਰ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਥਾਹ, ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਸੱਯਦਾ, ਦਰ ਠਾਂਡੇ ਸੀਸ ਨਿਵਾਈਆ। ਸੋ ਪਰਵਰਦਿਗਾਰ ਸਾਂਝਾ ਯਾਰ ਖੇਲ ਅਗੰਮਾ ਕਰਦਾ, ਪਤਿਪਰਮੇਸ਼ਵਰ ਬੇਪਰਵਾਹੀਆ। ਨਿਰਭੈ ਹੋ ਕਦੇ ਨਾ ਡਰਦਾ, ਭੈ ਸਭ ਨੂੰ ਇਕ ਜਣਾਈਆ। ਜੁਗ ਚੌਕੜੀ ਵੇਸ ਅਵੱਲਾ ਕਰਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਸਕੇ ਨਾ ਰਾਈਆ। ਨਾਮ ਨਿਧਾਨ ਨਿਤ ਨਵਿਤ ਰਿਹਾ ਪੜ੍ਹਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਕਰਦੇ ਗਏ ਸਲਾਮ, ਕਦਮਾਂ ਉਪਰ ਸੀਸ ਝੁਕਾਈਆ। ਸੋ ਮੁਕਾਮੇ ਹਕ ਵਸੇ ਅਮਾਮ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਜਲਵਾ ਨੂਰ ਦੋ ਜਹਾਨ, ਚੌਦਾਂ ਤਬਕ ਕਰੇ ਰੁਸ਼ਨਾਈਆ। ਜਿਸ ਦਾ ਕਲਮਾ ਇਲਾਹੀ ਕਲਾਮ, ਈਸਾ ਮੂਸਾ ਮੁਹੰਮਦ ਕਰੇ ਪੜ੍ਹਾਈਆ। ਜਿਸ ਦਾ ਮਹੱਲ ਅਟਲ ਉਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਜਿਸ ਦਾ ਨਾਦ ਧੁਨ ਅਗੰਮੀ ਗਾਣ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਖੇਲ ਕਰੇ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਗਏ ਸਤਿਗੁਰ, ਗੁਰ ਗੁਰ ਸੀਸ ਨਿਵਾਈਆ। ਸੋ ਸਾਹਿਬ ਸਵਾਮੀ ਪੁਰਖ ਅਕਾਲ ਜੋਤੀ ਧਾਰ ਆਇਆ ਮੁੜ, ਬੇਪਰਵਾਹ ਆਪਣਾ ਫੇਰਾ ਪਾਈਆ। ਪੁਰਖ ਬਿਧਾਤਾ ਵੇਖਣ ਆਇਆ ਖੇਲ ਤਮਾਸ਼ਾ, ਲੋਕਮਾਤ ਜਨ ਭਗਤਾਂ ਗਿਆ ਬੌਹੜ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਵਾਰੇ ਬੈਠੇ ਹੱਥ ਜੋੜ, ਸੀਸ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਕਰਦੇ ਗਏ ਅਰਦਾਸਾ, ਅਰਜ਼ ਅਰਜ਼ੋਈ ਇਕ ਸੁਣਾਈਆ। ਸਰਗੁਣ ਹੋ ਕੇ ਰੱਖਦੇ ਗਏ ਭਰਵਾਸਾ, ਨਿਰਗੁਣ ਓਟ ਤਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਅੰਦਰ ਦੱਸਦੇ ਗਏ ਖ਼ਲਾਸਾ, ਖਾਣੀ ਬਾਣੀ ਨਾਲ ਮਿਲਾਈਆ। ਵਾਕ ਭਵਿਖਤਾਂ ਅੰਦਰ ਰੱਖਦੇ ਗਏ ਆਸਾ, ਤ੍ਰਿਸਨਾ ਵਿਚ ਸਮਾਈਆ । ਜਿਸ ਦੇ ਹੁਕਮੇ

ਅੰਦਰ ਖੇਲੇ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਬੈਠੇ ਡੇਰਾ ਲਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਵੇਖਣ ਆਏ ਜਗਤ ਤਮਾਸ਼ਾ, ਨਿਰਾਕਾਰ ਆਪਣਾ ਰੂਪ ਧਰਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਪਿਛਲਾ ਵੇਖੇ ਡੂੰਘਾ ਖਾਤਾ, ਨਿਰ ਅੱਖਰ ਵਾਲੀ ਕੱਢ ਪੜ੍ਹਾਈਆ। ਜਿਥੇ ਨਾ ਕੋਈ ਏਕਾ ਨਾ ਕੋਈ ਸਾਤਾ, ਦੂਆ ਤੀਆ ਪਾਂਜਾ ਵੰਡ ਨਾ ਕੋਇ ਵੰਡਾਈਆ। ਨਾ ਕੋਈ ਕਾਤਬ ਤੁਲਬਾ ਪੜ੍ਹੇ ਜਮਾਤਾ, ਪੱਟੀ ਕਲਮ ਦਵਾਤ ਨਾ ਕੋਇ ਸ਼ਾਹੀਆ। ਨਾ ਕੋਈ ਟੀਚਰ ਨਾ ਉਸਤਾਦਾ, ਨਾ ਕੋਈ ਅਲਫ਼ ਯੇ ਵੰਡ ਵੰਡਾਈਆ। ਨਾ ਕੋਈ ਪੁਸਤਕ ਨਾ ਕਿਤਾਬਾ, ਬਸਤਾ ਬੰਨ੍ਹ ਸੀਸ ਨਾ ਕੋਇ ਉਠਾਈਆ। ਨਾ ਕੋਈ ਮੰਦਰ ਮੱਠ ਸ਼ਿਵਦਵਾਲਾ ਮਸਜਿਦ ਦਿਸੇ ਮਹਿਰਾਬਾ, ਮਹਿਬੂਬ ਇਕੋ ਬੇਪਰਵਾਹੀਆ । ਜਿਸ ਨੂੰ ਬਿਨ ਹੱਥਾਂ ਬਿਨ ਸਿਰ ਹੋਵੇ ਆਦਾਬਾ, ਬਿਨ ਅੱਖਾਂ ਦ੍ਰਿਸ਼ਟੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰ ਘਟ ਥਾਈਂਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਝੁਕਦੇ, ਹੁਜਰਿਆਂ ਵਿਚ ਸੀਸ ਨਿਵਾਈਆ। ਜਿਸ ਦਾ ਅੰਤਰ ਆਤਮ ਰਾਹ ਰਹੇ ਪੁਛਦੇ, ਸੁੰਨ ਸਮਾਧੀ ਵਿਚ ਸਮਾਈਆ। ਜਿਸ ਦਾ ਹੁਕਮ ਮੰਨ ਕੇ ਚੋਟੀਆਂ ਰਹੇ ਮੁੰਨਦੇ, ਲਬਾਂ ਸੀਸ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਰਹੇ ਗ਼ਰੀਬ ਨਿਵਾਜ਼, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਬਿਨ ਨਾਨਕ ਤੱਕਿਆ ਕਿਸੇ ਨਾ ਤਾਜ, ਤਖ਼ਤ ਨਿਵਾਸੀ ਨਜ਼ਰ ਕੋਇ ਨਾ ਪਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਾਚਾ ਰਾਜ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਵਿਸ਼ਨ ਬ੍ਰਹਮਾ ਸ਼ਿਵ ਰਚਨਾ ਰਚੀ ਧੁਰ ਦਾ ਕਾਜ, ਕੋਟਨ ਕੋਟ ਆਪਣਾ ਖੇਲ ਵਖਾਈਆ। ਜਿਸ ਦਾ ਲੱਖ ਚੁਰਾਸੀ ਘੜਨ ਭੰਨਣ ਆਪਣਾ ਸਾਜ, ਸੱਜਣ ਹੋ ਕੇ ਵੇਖ ਵਖਾਈਆ। ਜਿਸ ਦਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਰਨ ਕਵਲ ਦਿਤਾ ਸਾਥ, ਸਗਲਾ ਸੰਗ ਨਿਭਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਦੀ ਵੀਹਵੀਂ ਇਕੱਠੇ ਕੀਤੇ ਅੰਤ, ਅੰਤਰ ਸਭ ਦਾ ਵੇਖ ਵਖਾਈਆ। ਉਠੋ ਵੇਖੋ ਨੇਤਰ ਨੈਣ ਪੁਰਖ ਅਬਿਨਾਸ਼ੀ ਸਭ ਦਾ ਕੰਤ, ਪਤਿਪਰਮੇਸ਼ਵਰ ਬੇਪਰਵਾਹੀਆ। ਆਪਣਾ ਕਲਮਾ ਪੜ੍ਹੋ ਨਾਮ ਮੰਤ, ਅੱਖਰੀ ਸ਼ਬਦੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਹੁਕਮ ਰਹੇ ਮੰਨਦੇ, ਲੋਕਮਾਤ ਸੇਵ ਕਮਾਈਆ। ਵੇਖੋ ਖੇਲ ਉਸ ਭਗਵਨ ਦੇ, ਜੋ ਭੇਵ ਅਭੇਦਾ ਰਿਹਾ ਜਣਾਈਆ। ਲੇਖੇ ਦੇਣੇ ਆ ਗਏ ਗੁਜਰੀ ਚੰਨ ਦੇ, ਦੋ ਜਹਾਨ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆ ਵੇਖੋ ਪੱਟੀ, ਜਿਹੜੀ ਬਿਨ ਅੱਖਰਾਂ ਆਪ ਲਿਖਾਈਆ। ਜਿਸ ਦੇ ਵਿਚੋਂ ਨਾਨਕ ਚਲਾਈ ਹੱਟੀ, ਭੰਡਾਰਾ ਇਕ ਵਰਤਾਈਆ। ਜਿਸ ਦੀ ਗੋਬਿੰਦ ਖਟੀ ਖੱਟੀ, ਲਾਹਾ ਆਪਣਾ ਗੁਰਮੁਖਾਂ ਝੋਲੀ ਪਾਈਆ। ਲੇਖੇ ਲਾ ਕੇ ਆਪਣੀ ਰੱਤ ਦੀ ਰਤੀ, ਰੱਤਨ ਅਮੋਲਕ ਹੀਰੇ ਗੁਰਸਿਖ ਗਿਆ ਬਣਾਈਆ। ਸੰਦੇਸਾ ਦੇ ਕੇ ਗਿਆ ਸਭ ਦਾ ਮਾਲਕ ਧੁਰ ਦਾ ਪੁਰਖ ਅਕਾਲ ਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਗੁਰਮੁਖੋ ਦੂਜਾ ਇਸ਼ਟ ਨਾ ਵੇਖਣਾ ਅੱਖੀਂ, ਬਿਨ ਹਰਿ ਕੰਤ ਨਾ ਕੋਇ ਹੰਢਾਈਆ। ਜਿਸ ਦੇ ਚਰਨ ਦਵਾਰ ਲੱਖ ਚੁਰਾਸੀ ਸਦਾ ਇਕੱਠੀ, ਵਿਛੋੜਾ ਆਪਣਾ ਖੇਲ ਬਣਾਈਆ। ਜਿਸ ਦੀ ਸ਼ਬਦ ਅਗੰਮੀ ਧੁਰ ਦੀ

ਸੱਚੀ ਮਿਤੀ, ਅੱਗੇ ਮਤ ਭੇਦ ਨਾ ਕੋਇ ਰਖਾਈਆ। ਜਿਸ ਦੇ ਦਵਾਰੇ ਆਦਿ ਜੁਗਾਦਿ ਗੁਰ ਅਵਤਾਰ ਰਹੇ ਢੱਠੀ, ਸਿਰ ਸਕੇ ਨਾ ਕੋਇ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਵੇਖੋ ਜਲਵਾ, ਜਲਵਾਗਰ ਜਣਾਇੰਦਾ। ਕੂੜੀ ਕਿਰਿਆ ਕਲਜੁਗ ਹੋਇਆ ਬਲਵਾ, ਭੈ ਭਉ ਨਾ ਕੋਇ ਵਖਾਇੰਦਾ। ਪੀਰ ਫ਼ਕੀਰ ਖਾਏ ਕੋਈ ਨਾ ਹਲਵਾ, ਹਾਲਤ ਸਭ ਦੀ ਆਪ ਦਰਸਾਇੰਦਾ। ਅੱਖਰਾਂ ਵਾਲਾ ਕੰਮ ਨਾ ਆਇਆ ਕਲਮਾ, ਸਦੀ ਚੌਧਵੀਂ ਢੋਲਾ ਇਕ ਜਣਾਇੰਦਾ। ਸਦੀ ਵੀਹਵੀਂ ਸਭ ਦੇ ਉਤੋਂ ਪੜਦੇ ਵਾਲਾ ਲਾਹ ਦੇ ਮੁਲੰਮਾ, ਕੂੜੀ ਕਿਰਿਆ ਪਰੇ ਹਟਾਇੰਦਾ। ਮਮਤਾ ਮੋਹ ਮਿਟਾ ਕੇ ਤਮਾਂ, ਤਾਮਸ ਤ੍ਰਿਸਨਾ ਦੂਰ ਕਰਾਇੰਦਾ। ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਸ਼ਬਦੀ ਧਾਰ ਘਰ ਪੁਰਖ ਅਕਾਲ ਜੰਮਾ, ਪਿਤਾ ਮਾਤ ਇਕੋ ਨਜ਼ਰੀ ਆਇੰਦਾ। ਜੋ ਏਥੇ ਓਥੇ ਦੋ ਜਹਾਨ ਆਦਿ ਜੁਗਾਦਿ ਨਾ ਹੋਏ ਨਿਕੰਮਾ, ਨਿਕਰਮਣ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਖਿਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਮੰਗਦੇ ਰਹੇ ਇੱਕੀ, ਵੀਹ ਇੱਕੀ ਧਿਆਨ ਲਗਾਈਆ। ਵੀਹ ਇਕ ਇੱਕੀ ਗੁਰਦਾਸ ਇੱਕੀ ਵਾਰ ਲਿਖੀ, ਇੱਕੀ ਵੀਹ ਵੀਹ ਇੱਕੀ ਇਕੀ ਇੱਕੀ ਭਾਵ ਜਣਾਈਆ। ਇਹ ਸਮਝ ਨਾ ਆਈ ਕਿਸੇ ਨੂੰ ਸਿੱਖੀ, ਸਿਖਿਆ ਵਿਚ ਜਗਤ ਲੋਕਾਈਆ। ਉਹ ਪੁਰਖ ਅਕਾਲ ਦੀ ਅਗੰਮੀ ਚਿੱਠੀ, ਜਿਹੜੀ ਅੱਖਰਾਂ ਬਿਨਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਉਹ ਚਿੱਠੀ ਅਵੱਲੀ, ਸਾਨੂੰ ਸਮਝ ਕਿਸੇ ਨਾ ਆਈਆ। ਜਿਹੜੀ ਸੁਤ ਦੁਲਾਰੇ ਹੱਥ ਘੱਲੀ, ਸ਼ਬਦੀ ਰਿਹਾ ਪੜ੍ਹਾਈਆ। ਜਿਸ ਦੀ ਲੇਖਣੀ ਕਦੇ ਨਾ ਟਲੀ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਰੋਂਦੇ ਗਏ ਅਲੀ, ਅੱਲਾ ਹੂ ਨਾਅਰਾ ਲਾਈਆ। ਕੁਤਬ ਗੌਂਸ ਰਿਹਾ ਕੋਈ ਨਾ ਵਲੀ, ਵਲਦੀਅਤ ਸਭ ਦੀ ਆਪਣੇ ਹੱਥ ਰਖਾਈਆ। ਉਹ ਨਿਰਅੱਖਰ ਦਾ ਮਾਲਕ ਇਕੋ ਬਲੀ, ਬਲਧਾਰੀ ਸੱਚਾ ਸ਼ਹਿਨਸ਼ਾਹੀਆ। ਜਿਸ ਦੀ ਕਿਰਨ ਪਰਕਾਸ਼ ਹੋ ਕੇ ਗੋਬਿੰਦ ਅੰਦਰ ਜਲੀ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਵਜੌਂਦੇ ਗਏ ਰਬਾਬ, ਨਾੜ ਬਹੱਤਰ ਸਤਾਰ ਬਣਾਈਆ। ਜਿਸ ਨੂੰ ਮੰਨਦੇ ਗਏ ਅਹਿਬਾਬ, ਦੋ ਸੱਤ ਨੂਰ ਖ਼ੁਦਾਈਆ। ਜਿਸ ਦਾ ਤੱਕਦੇ ਗਏ ਤਮਾਸ਼, ਖ਼ਾਲਕ ਖ਼ਲਕ ਵਿਚ ਸਮਾਈਆ। ਜਿਸ ਦਾ ਜਲਵਾ ਉਪਰ ਆਕਾਸ਼, ਮੁਕਾਮੇ ਹਕ ਸੋਭਾ ਪਾਈਆ। ਜਿਸ ਦੀ ਕਰਦੇ ਗਏ ਤਲਾਸ਼, ਨੇਤਰ ਨੈਣ ਲੋਚਣ ਅੱਖ ਉਠਾਈਆ। ਜਿਸ ਦਾ ਲਿਖਦੇ ਗਏ ਭਵਿਖਤ ਵਾਕ, ਕਲਮਿਆਂ ਵਿਚ ਵਡਿਆਈਆ। ਸੋ ਸਾਹਿਬ ਸਵਾਮੀ ਕਲਜੁਗ ਅੰਤਮ ਪਰਗਟ ਹੋਇਆ ਸਾਖਿਆਤ, ਸਦਾ ਸੁਹੇਲਾ ਇਕ ਅਕੇਲਾ ਫੇਰਾ ਪਾਈਆ। ਪੂਰਬ ਲੇਖਾ ਸਭ ਦਾ ਵੇਖੇ ਹਿਸਾਬ ਕਿਤਾਬ, ਲਹਿਣਾ ਦੇਣਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਹੁਕਮ ਆਪ ਵਰਤਾਈਆ। ਅਗਲਾ ਹੁਕਮ ਸੁਣੋ ਗੁਰ ਅਵਤਾਰ ਪੈਗ਼ੰਬਰ ਪੀਰ, ਪਤਿਪਰਮੇਸ਼ਵਰ ਆਪ ਜਣਾਈਆ। ਕੂੜੀ ਕਿਰਿਆ ਅੰਤ ਅਖ਼ੀਰ, ਆਖ਼ਰ ਅੱਖਾਂ ਦਿਆਂ ਵਖਾਈਆ। ਆਪਣੇ ਦੀਨ ਮਜ਼੍ਹਬ ਦੀ ਵੇਖੋ ਮਾਤ ਤਸਵੀਰ, ਤਸਬੀ ਘਰ ਘਰ ਮਣਕੇ ਰਹੇ ਲਟਕਾਈਆ। ਸ਼ਰਅ ਵੱਝਾ ਕੂੜ ਜ਼ੰਜੀਰ, ਹਕ ਹਕੀਕਤ ਨਾ ਕੋਇ ਸਮਝਾਈਆ ।

ਕਿਸੇ ਨਜ਼ਰ ਨਾ ਆਵੇ ਬੇਨਜ਼ੀਰ, ਨਗ਼ਮਾ ਨਾਮ ਨਾ ਕੋਇ ਸੁਣਾਈਆ। ਤਮਾਂ ਪਿਛੇ ਫਿਰਨ ਫ਼ਕੀਰ, ਮਾਇਆ ਸਾਧਾਂ ਕਰਿਆ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਦਏ ਵਖਾਈਆ। ਨੇਤਰ ਨੈਣ ਵਖਾਵਾਂ ਅੰਤ, ਕਲਜੁਗ ਵੇਲਾ ਵਕਤ ਦੁਹਾਈਆ । ਵੇਖੋ ਲੋਕਮਾਤ ਜੀਵ ਜੰਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਕੂੜੀ ਕਿਰਿਆ ਮਾਇਆ ਪਈ ਬੇਅੰਤ, ਮਮਤਾ ਮੋਹ ਨਾ ਕੋਇ ਮਿਟਾਈਆ। ਗੜ੍ਹ ਤੁੱਟੇ ਨਾ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਸਾਚਾ ਦਿਸੇ ਨਾ ਕੋਈ ਪੰਡਤ, ਧੁਰ ਦੀ ਵਿਦਿਆ ਨਾ ਕੋਇ ਸਿਖਾਈਆ। ਨਾਰੀ ਮਿਲੇ ਨਾ ਨਰ ਹਰਿ ਕੰਤ, ਸੁਹੰਜਣੀ ਸੇਜ ਦਏ ਦੁਹਾਈਆ। ਆਤਮ ਪਰਮਾਤਮ ਗਾਵੇ ਕੋਈ ਨਾ ਮੰਤ, ਮਨ ਵਾਸਨਾ ਸਰਬ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣਾਂ ਰਿਹਾ ਦਰਸਾਈਆ। ਅਵਤਾਰ ਪੈਗ਼ੰਬਰ ਵੇਖੋ ਗੁਰ, ਹਰਿ ਕਰਤਾ ਆਪ ਜਣਾਈਆ । ਮਿਲਿਆ ਮੇਲ ਨਾ ਕਿਸੇ ਧੁਰ, ਮਸਤਕ ਰੇਖ ਨਾ ਕੋਇ ਮਿਟਾਈਆ। ਆਤਮ ਪਰਮਾਤਮ ਗਈ ਕੋਈ ਨਾ ਜੁੜ, ਬ੍ਰਹਮ ਪਾਰਬ੍ਰਹਮ ਨਾ ਕੋਇ ਸਮਾਈਆ । ਸ਼ਬਦ ਸਰੂਪੀ ਚੜ੍ਹੇ ਨਾ ਕੋਇ ਘੋੜ, ਅਵਣ ਗਵਣ ਪੰਧ ਨਾ ਕੋਇ ਮੁਕਾਈਆ। ਨਾਤਾ ਤੁੱਟਾ ਨਾ ਪੰਜ ਚੋਰ, ਸ਼ਬਦ ਪੰਜ ਨਾ ਕੋਇ ਸ਼ਨਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਵੇਖੋ ਆਪਣੀ ਪਰਭਾਤੀ, ਸੁਬਹ ਸੁਹਾਵਣੀ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਧੁਰ ਦਾ ਢੋਲਾ ਗਾਵੇ ਨਾ ਕੋਇ ਗਾਥੀ, ਵਿਦਿਆ ਹਕ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਮਿਲੇ ਕੋਇ ਨਾ ਪਾਠੀ, ਰਸਨਾ ਜਿਹਵਾ ਹੋਈ ਹਲਕਾਈਆ। ਅੰਮ੍ਰਿਤ ਬੂੰਦ ਦੇਵੇ ਨਾ ਕੋਇ ਸਵਾਂਤੀ, ਨਿਜਰ ਝਿਰਨਾ ਨਾ ਕੋਇ ਝਿਰਾਈਆ। ਤੀਰ ਨਿਰਾਲਾ ਮਾਰੇ ਨਾ ਕੋਇ ਛਾਤੀ, ਆਰ ਪਾਰ ਨਾ ਕੋਇ ਵਖਾਈਆ । ਘਰ ਵਿਚ ਘਰ ਜਗਾਏ ਨਾ ਕੋਇ ਦੀਵਾ ਬਾਤੀ, ਅੰਧ ਅੰਧੇਰ ਨਾ ਕੋਇ ਮਿਟਾਈਆ। ਮੰਜ਼ਲ ਪੰਧ ਮੁਕਾਏ ਨਾ ਕੋਇ ਵਾਟੀ, ਸਾਚੀ ਘਾਟੀ ਨਾ ਕੋਇ ਚੜ੍ਹਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਸਦੀ ਵੀਹਵੀਂ ਤੁਹਾਡੀ ਮੰਨੇ ਨਾ ਕੋਇ ਆਖੀ, ਅੰਦਰੋਂ ਬਾਹਰੋਂ ਸਾਰੇ ਗਏ ਭੁਲਾਈਆ। ਪੁਰਖ ਅਬਿਨਾਸ਼ੀ ਸਭ ਦਾ ਲਹਿਣਾ ਦੇਣਾ ਦੇਵੇ ਬਾਕੀ, ਅੱਗੇ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਆਪਣਾ ਦੀਨ ਮਜ਼੍ਹਬ, ਨੇਤਰ ਨੈਣਾਂ ਆਪ ਵਖਾਈਆ। ਸਤਿ ਸਚ ਨਾ ਕੋਇ ਅਦਬ, ਜੂਠ ਝੂਠ ਕਰੇ ਲੜਾਈਆ। ਗੁਰੂਦਵਾਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹੋਇਆ ਗ਼ਜ਼ਬ, ਨੇਤਰ ਨੈਣਾਂ ਧੀਆਂ ਭੈਣਾਂ ਰਹੇ ਤਕਾਈਆ । ਸਚ ਦਵਾਰੇ ਕੋਈ ਨਾ ਜਾਏ ਚਲ ਕੇ ਆਪਣੇ ਕਦਮ, ਸੱਯਦਾ ਸੀਸ ਨਾ ਕੋਇ ਨਿਵਾਈਆ। ਧੁਰ ਸੰਦੇਸਾ ਨਾਮ ਕਲਮਾ ਪੜ੍ਹੇ ਕੋਈ ਨਾ ਨਜ਼ਮ, ਸ਼ਬਦ ਅਨਾਦੀ ਰਾਗ ਨਾ ਕੋਇ ਸੁਣਾਈਆ। ਲੇਖੇ ਲੱਗੇ ਨਾ ਕਾਇਆ ਮਾਟੀ ਖ਼ਾਕ ਕਿਸੇ ਬਦਨ, ਅੰਤਰ ਬਦਲੀ ਨਾ ਕੋਇ ਕਰਾਈਆ। ਮਾਇਆ ਕਾਰਨ ਸਾਰੇ ਭੱਜਣ, ਨੱਠਣ ਵਾਹੋ ਦਾਹੀਆ। ਸਤਿਗੁਰ ਕਿਸੇ ਨਾ ਮਿਲਿਆ ਸੱਜਣ, ਪੁਰਖ ਅਕਾਲ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਆਪਣੇ ਮੰਦਰ ਮੱਠ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਨਾ ਕੋਈ ਧੀਰਜ ਦਿਸੇ ਸਤਿ, ਯਤਿ ਬੈਠਾ ਮੁਖ ਛੁਪਾਈਆ।

ਦੂਰ ਦੁਰਾਡੀ ਹੋ ਗਈ ਗੁਰਮਤ, ਮਨਮਤ ਕਰੇ ਲੜਾਈਆ। ਹਕੀਕਤ ਜਾਣੇ ਨਾ ਕੋਈ ਹਕ, ਧੁਰ ਦਾ ਸੰਗ ਨਾ ਕੋਇ ਵਖਾਈਆ। ਮਨ ਵਾਸਨਾ ਸ੍ਰਿਸ਼ਟੀ ਰਹੀ ਨੱਠ, ਦ੍ਰਿਸ਼ਟੀ ਦਿਬ ਨਾ ਕੋਇ ਖੁਲ੍ਹਾਈਆ। ਜੋ ਮਾਰਗ ਲੋਕਮਾਤ ਆਏ ਦੱਸ, ਦਹਿ ਦਿਸ਼ਾ ਕਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸੁਣ ਕੇ ਸ਼ਬਦ ਅਗੰਮਾ ਹਰਿ ਸਵਾਮੀ, ਸ਼ਬਦੀ ਗੁਰ ਲਏ ਅੰਗੜਾਈਆ। ਪਰਮ ਪੁਰਖ ਪ੍ਰਭ ਤੂੰ ਠਾਕਰ ਅੰਤਰਜਾਮੀ, ਘਟ ਘਟ ਵੇਖੇਂ ਥਾਉਂ ਥਾਈਂਆ। ਤੇਰੇ ਹੁਕਮੇ ਅੰਦਰ ਸ਼ਬਦ ਅਨਾਦ ਰਚੀ ਬਾਣੀ, ਸਿਮਰਤ ਸ਼ਾਸਤਰ ਕਰੀ ਪੜ੍ਹਾਈਆ। ਤੇਰਾ ਖੇਲ ਵੇਖਿਆ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਡੇਰਾ ਲਾਈਆ। ਤੇਰਾ ਹੁਕਮ ਸੁਣਾਇਆ ਦੋ ਜਹਾਨੀ, ਨਿਰਗੁਣ ਸਰਗੁਣ ਪੜਦਾ ਲਾਹੀਆ। ਤੇਰੇ ਹੁਕਮ ਦੀ ਦੇ ਕੇ ਆਏ ਨਿਸ਼ਾਨੀ, ਜੀਵ ਜੰਤ ਜਗਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸ਼ਬਦ ਕਹੇ ਮੈਂ ਤੇਰਾ ਗੋਬਿੰਦ ਰੂਪ, ਪਿਤਾ ਪੁਰਖ ਅਕਾਲ ਮਨਾਇਆ। ਮੈਂ ਵੇਖਾਂ ਚਾਰੇ ਕੂਟ, ਤੇਰਾ ਖੇਲ ਬੇਪਰਵਾਹਿਆ। ਲਹਿਣਾ ਤੂੰ ਕਲਜੁਗ ਦਿਤਾ ਜੂਠ ਝੂਠ, ਦਵਾਰੇ ਸਾਚੇ ਝੋਲੀ ਭਰਾਇਆ। ਮਿਹਰਵਾਨ ਹੋ ਕੇ ਗਿਉਂ ਤੁਠ, ਸਿਰ ਆਪਣਾ ਹੱਥ ਟਿਕਾਇਆ। ਇਕੋ ਨਾਮ ਦੀ ਸੁਣਾ ਕੇ ਅਗੰਮੀ ਤੁਕ, ਬਿਨ ਅੱਖਰਾਂ ਦਿਤਾ ਪੜ੍ਹਾਇਆ। ਜਿਸ ਵੇਲੇ ਕਲਜੁਗ ਨਿਉਂ ਕੇ ਕਿਹਾ ਝੁਕ, ਮੈਂ ਤੇਰਾ ਚੌਥਾ ਪੁੱਤ ਛੋਟਾ ਇਕ ਅਖਵਾਇਆ। ਸ੍ਰੀ ਭਗਵਾਨ ਕਿਹਾ ਮੈਂ ਤੇਰਾ ਵੇਖਾਂ ਅੰਤਮ ਦੁੱਖ, ਦੁਖੀਆਂ ਦਰਦ ਆਪ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਦਰਸਾਇਆ। ਸੁਣ ਕੇ ਬਚਨ ਸ਼ਬਦ ਗੁਰ ਏਕ, ਗੁਰ ਗੁਰ ਲਏ ਅੰਗੜਾਇਆ । ਕੀ ਹੋਇਆ ਗੁਰ ਅਵਤਾਰ ਪੀਰ ਪੈਗ਼ੰਬਰ ਰੱਖ ਕੇ ਗਏ ਤੇਰੀ ਟੇਕ, ਟਿੱਕਾ ਤੇਰਾ ਨਾਮ ਮਸਤਕ ਧੂੜੀ ਲਾਇਆ। ਤੂੰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੁਗ ਜੁਗ ਰਿਹਾ ਵੇਖ, ਅਨਡਿਠੜੇ ਧਾਮ ਬੈਠਾ ਸੋਭਾ ਪਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਟਨ ਕੋਟ ਵਾਰ ਦਿਤੇ ਮੇਟ, ਧੁਰ ਫ਼ਰਮਾਨਾ ਹੁਕਮ ਸੁਣਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਗੋਬਿੰਦ ਹੋ ਕੇ ਖੇਵਟ ਖੇਟ, ਧੁਰ ਦਾ ਹੁਕਮ ਇਕ ਵਰਤਾਇਆ। ਤੂੰ ਪਿਤਾ ਮੈਂ ਤੇਰਾ ਬੇਟ, ਦੂਜਾ ਨਾਤਾ ਨਾ ਕੋਇ ਜੁੜਾਇਆ। ਗੁਰ ਅਵਤਾਰ ਤੇਰੀ ਖੇਡ, ਪੀਰ ਪੈਗ਼ੰਬਰ ਤੇਰੀ ਸੇਵ ਕਮਾਇਆ। ਤੂੰ ਸਦਾ ਸੁਹੇਲਾ ਨੇਤਨ ਨੇਤ, ਨਿਜ ਘਰ ਬੈਠਾ ਸੋਭਾ ਪਾਇਆ। ਮੈਂ ਲਿਖਿਆ ਤੇਰਾ ਉਹ ਲੇਖ , ਜੋ ਬਿਨ ਰਸਨਾ ਜਿਹਵਾ ਦਿਤਾ ਸਮਝਾਇਆ। ਮੈਂ ਦਿਤਾ ਤੇਰਾ ਸੰਦੇਸ਼, ਧੁਰ ਦਾ ਨਾਦ ਵਜਾਇਆ। ਮੈਂ ਕਰ ਕੇ ਸੱਚਾ ਵੇਸ, ਮੁੱਛ ਦਾਹੜੀ ਕੇਸ ਰੂਪ ਵਟਾਇਆ। ਮੈਂ ਹੋ ਕੇ ਦਸ ਦਸਮੇਸ, ਦਹਿ ਦਿਸ਼ਾ ਇਕੋ ਰੰਗ ਰੰਗਾਇਆ। ਮੈਂ ਆਖਿਆ ਇਕ ਨਰੇਸ਼, ਨਰ ਨਿਰੰਕਾਰ ਬੇਪਰਵਾਹਿਆ। ਜਿਸ ਦੇ ਅੱਗੇ ਕਲਜੁਗ ਅੰਤਮ ਚਲੇ ਨਾ ਕੋਈ ਕਿਸੇ ਦੀ ਪੇਸ਼, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖਾ ਦਏ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇਆ। ਗੋਬਿੰਦ ਕਹੇ ਸੁਣੋ ਗੁਰ ਅਵਤਾਰ ਪੀਰ ਪੈਗ਼ੰਬਰ ਏਕ, ਏਕਾ ਵਾਰ ਜਣਾਈਆ। ਸਾਰੇ ਉਠ ਕੇ ਕਹੋ ਪ੍ਰਭ ਕੱਢ ਆਪਣਾ ਲੇਖ, ਜਿਸ ਲੇਖੇ ਵਿਚੋਂ ਸਾਨੂੰ ਮਾਤ ਘਲਾਈਆ। ਜੇ ਕਿਸੇ ਨੂੰ ਪਹਿਲੋਂ ਨਹੀਂ ਆਇਆ ਭੇਤ, ਨਾਨਕ ਨਿਰਗੁਣ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਰਤਾਈਆ। ਗੁਰ ਅਵਤਾਰ ਪੀਰ

ਪੈਗ਼ੰਬਰ ਪੈਣ ਸੋਚ, ਸੋਚ ਵਿਚ ਆਪਣੀ ਸੋਚ ਲਗਾਈਆ। ਕਿਸ ਦੇ ਉਪਰ ਦੇਈਏ ਦੋਸ਼, ਨਿਰਦੋਸ਼ ਆਪਣਾ ਆਪ ਬਣਾਈਆ। ਪਰਵਰਦਿਗਾਰ ਸਾਂਝਾ ਯਾਰ ਜਿਸ ਦੇ ਹੁਕਮੇ ਅੰਦਰ ਮਾਣੀਏ ਮੌਜ, ਸਦ ਮਜਲਸ ਬੇਪਰਵਾਹੀਆ। ਬੇਸ਼ਕ ਅਸੀਂ ਲੋਕਮਾਤ ਉਸ ਦੀ ਥੋੜੀ ਥੋੜੀ ਦੱਸਕੇ ਆਏ ਖੋਜ, ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਸ਼ਬਦ ਕਹੇ ਸੁਣੋ ਇਕ ਬਾਤ, ਧੁਰ ਦੀ ਦਿਆਂ ਸੁਣਾਈਆ। ਬੇਸ਼ਕ ਤੁਸੀਂ ਉਸ ਦੀ ਜ਼ਾਤ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਮੈਂ ਉਹਨੂੰ ਕਿਹਾ ਬਾਪ, ਪਿਤਾ ਪੁਰਖ ਅਕਾਲ ਜਣਾਈਆ। ਗੁਜਰੀ ਨਾਲ ਝੂਠਾ ਸਾਕ, ਨਾਤਾ ਤੱਤਾਂ ਆਇਆ ਤੁੜਾਈਆ। ਮੇਰੀ ਮਿੱਟੀ ਉਡ ਗਈ ਹੱਡੀਆਂ ਵਾਲੀ ਰਾਖ, ਨਾੜੀ ਕੰਮ ਕਿਸੇ ਨਾ ਆਈਆ। ਮੈਂ ਖੋਲ੍ਹ ਕੇ ਅਗਲਾ ਤਾਕ, ਪੜਦਾ ਪਰੇ ਹਟਾਈਆ। ਪੁਰਖ ਅਕਾਲ ਵੇਖਿਆ ਸਾਖਿਆਤ, ਸਚ ਸਿੰਘਾਸਣ ਬੈਠਾ ਧੁਰ ਦਾ ਮਾਹੀਆ। ਉਹਦੇ ਚਰਨਾਂ ਮਿਲੀ ਨਜਾਤ, ਸਾਂਤਕ ਸਤਿ ਸਤਿ ਵਰਤਾਈਆ। ਹੌਲੀ ਜਿਹੀ ਉਸ ਮੈਨੂੰ ਦਿਤਾ ਆਖ, ਇਸ਼ਾਰੇ ਨਾਲ ਸਮਝਾਈਆ। ਤੇਰਾ ਵੇਖਾਂ ਭਵਿਖਤ ਵਾਕ, ਜੋ ਬੀਸ ਇਕੀਸਾ ਦਏ ਵਡਿਆਈਆ। ਕਲਜੁਗ ਮੇਟਾਂ ਅੰਧੇਰੀ ਰਾਤ, ਸਤਿਜੁਗ ਸੱਚਾ ਚੰਦ ਚਮਕਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੜ੍ਹਾਵਾਂ ਆਪਣੀ ਗਾਥ, ਇਕੋ ਨਾਮ ਸੁਣਾਈਆ। ਲੇਖਾ ਚੁੱਕੇ ਦੀਨ ਮਜ਼੍ਹਬ ਜ਼ਾਤ ਪਾਤ, ਝਗੜਾ ਕੋਇ ਰਹਿਣ ਨਾ ਪਾਈਆ। ਇਕੋ ਮੰਦਰ ਘਰ ਵਖਾਵਾਂ ਸਚ ਦਵਾਰੇ ਧੁਰ ਦਾ ਪਾਠ, ਪਾਠਸ਼ਾਲਾ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਆਖੇ ਮੈਂ ਵੇਖਿਆ ਨਰਾਇਣ, ਘਰ ਸੱਚਾ ਬੇਪਰਵਾਹੀਆ। ਜਿਥੇ ਭਗਤ ਸੁਹੇਲੇ ਬਹਿਣ, ਬਹਿ ਬਹਿ ਖ਼ੁਸ਼ੀ ਮਨਾਈਆ। ਇਕੋ ਢੋਲਾ ਤੇਰਾ ਮੇਰਾ ਕਹਿਣ, ਸੋਹੰ ਰੂਪ ਸਮਾਈਆ। ਉਹ ਸਵਾਮੀ ਠਾਕਰ ਸਭ ਦਾ ਬਣੇ ਸੈਣ, ਸੱਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਬਿੰਦ ਕਹੇ ਮੈਂ ਪ੍ਰਭ ਦਾ ਵੇਖਿਆ ਚਰਨਾਂ ਕੋਲ ਇਕ ਗੁਟਕਾ, ਅੱਖਰ ਨਜ਼ਰ ਕੋਇ ਨਾ ਆਈਆ। ਨਾ ਕੋਈ ਕੰਨਾਂ ਨਾ ਕੋਈ ਮੁਕਤਾ, ਏ ਲਾਂਵ ਨਾ ਕੋਇ ਬਣਾਈਆ। ਦੋਲਾਂਵ ਨਾ ਕੋਇ ਨੁਕਤਾ, ਔਕੁੜ ਦੁਲੈਕੜ ਰੂਪ ਨਾ ਕੋਇ ਵਖਾਈਆ। ਹੋੜਾ ਕਨੌੜਾ ਰੂਪ ਨਾ ਕੋਇ ਦਿਸਦਾ, ਟਿੱਪੀ ਬਿੰਦੀ ਕਰੇ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਕਹੇ ਮੈਂ ਵੇਖਿਆ ਤਖ਼ਤ ਨਿਵਾਸੀ, ਬੇਨਜ਼ੀਰ ਨਜ਼ਰ ਆਇਆ। ਨਿਰਗੁਣ ਨੂਰ ਜੋਤ ਪਰਕਾਸ਼ੀ, ਦੀਵਾ ਬਾਤੀ ਨਾ ਕੋਇ ਜਗਾਇਆ। ਨਾ ਕੋਈ ਸੰਗੀ ਨਾ ਕੋਈ ਸਾਥੀ, ਇਕ ਇਕੱਲਾ ਸੋਭਾ ਪਾਇਆ। ਨਾ ਕੋਈ ਰੂਪ ਰੰਗ ਰੇਖ ਚੱਕਰ ਚਿੰਨ੍ਹ ਨਾ ਜ਼ਾਤੀ, ਪਾਤਸ਼ਾਹ ਇਕੋ ਇਕ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਇਆ। ਗੋਬਿੰਦ ਕਹੇ ਮੈਂ ਤੱਕਿਆ ਅਕਾਲ, ਅਕਲ ਕਲਧਾਰੀ ਨਜ਼ਰੀ ਆਈਆ। ਜਿਸ ਦਾ ਇਕੋ ਸ਼ਬਦ ਅਗੰਮਾ ਲਾਲ, ਪੂਤ ਸਪੂਤੇ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਸੇ ਦਾ ਪੱਤ ਡਾਲ੍ਹ, ਫੁੱਲ ਫੁਲਵਾੜੀ ਲੋਕਮਾਤ ਮਹਿਕਾਈਆ। ਜਿਸ ਵੇਲੇ ਮੁਰਸ਼ਦ ਮੇਰਾ ਮੁਰੀਦ ਦਾ ਤੱਕਿਆ ਹਾਲ, ਹਾਲਤ ਮੇਰੀ ਦਿਤੀ ਬਦਲਾਈਆ। ਮੈਂ ਉਸ ਵੇਲੇ ਕੀਤਾ ਇਕ ਸਵਾਲ, ਬਿਨ ਰਸਨਾ ਜਿਹਵਾ ਬੱਤੀ ਦੰਦ ਸੁਣਾਈਆ। ਮੇਰੇ ਗੁਰਮੁਖ ਗੁਰਸਿਖ

ਲੋਕਮਾਤ ਖਾਏ ਕਦੇ ਨਾ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਤ੍ਰੈਗੁਣ ਮਾਇਆ ਨਾ ਰਹੇ ਜੰਜਾਲ, ਪੰਜ ਤਤ ਨਾ ਕੋਇ ਲੜਾਈਆ। ਜਿਨ੍ਹਾਂ ਪਿਛੇ ਨਿਰਗੁਣ ਪ੍ਰਭੂ ਤੇਰੀ ਘਾਲੀ ਘਾਲ, ਕੀਤੀ ਘਾਲ ਲੇਖੇ ਪਾਈਆ। ਮੈਨੂੰ ਪੁੱਤਰਾਂ ਨਾਲੋਂ ਗੁਰਮੁਖ ਚੰਗੇ ਲਾਲ, ਜੋ ਮਾਣਕ ਮੋਤੀ ਦਿਤੇ ਬਣਾਈਆ। ਕਲਜੁਗ ਅੰਤ ਉਨ੍ਹਾਂ ਦਾ ਸ੍ਰਿਸ਼ਟ ਸਬਾਈ ਦੇਵਾਂ ਅਹਿਵਾਲ, ਨੌ ਖੰਡ ਪ੍ਰਿਥਮੀ ਸੱਤ ਦੀਪ ਦਿਆਂ ਜਣਾਈਆ। ਉਠੋ ਵੇਖੋ ਤੱਕੋ ਜਿਨ੍ਹਾਂ ਦਾ ਪਿਤਾ ਇਕੋ ਪੁਰਖ ਅਕਾਲ, ਸੋ ਬੇਅਕਲ ਅਕਲਾਂ ਵਾਲਿਆਂ ਨਾਲੋਂ ਚੰਗੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਣੀ ਇਕ ਵਡਿਆਈਆ। ਗੋਬਿੰਦ ਕਹੇ ਮੈਂ ਵੇਖਿਆ ਅਗੰਮ, ਸਚਖੰਡ ਨਿਵਾਸੀ ਇਕੋ ਮੇਰਾ ਮਾਹੀਆ। ਜਿਸ ਦੀ ਧਾਰੋਂ ਪਿਆ ਜੰਮ, ਦੂਜੀ ਗੋਦ ਨਾ ਕੋਇ ਸੁਹਾਈਆ। ਉਹ ਨਿਹਕਰਮੀ ਮੇਰਾ ਜਾਣੇ ਕੰਮ, ਕਰਨੀ ਆਪਣੀ ਦਏ ਸਮਝਾਈਆ। ਦੋ ਜਹਾਨਾਂ ਬੇੜਾ ਬੰਨ੍ਹ, ਆਪਣੇ ਹੁਕਮੇ ਵਿਚ ਫਿਰਾਈਆ। ਮੈਂ ਵੇਖਾਂ ਧਾਮ ਨਿਹਚਲ ਅਟਲ, ਜਿਸ ਦਾ ਮੰਡਲ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਵਖਾਈਆ । ਗੋਬਿੰਦ ਕਹੇ ਮੇਰੀ ਆਸਾ ਇਕ, ਪੁਰਖ ਅਕਾਲ ਜਣਾਈਆ। ਜੋ ਚੌਥੀ ਸਤਰ ਵਿਚ ਦਿਤਾ ਲਿਖ, ਉਹ ਲੇਖਾ ਪੂਰ ਕਰਾਈਆ। ਪਹਿਲੀ ਸਤਰ ਤੇਈ ਅਵਤਾਰ ਸਕੇ ਨਾ ਵੇਖ, ਅੱਗੇ ਪੜ੍ਹਨ ਕੋਇ ਨਾ ਜਾਈਆ। ਈਸਾ ਮੂਸਾ ਮੁਹੰਮਦ ਦਵਾਰੇ ਬੈਠੇ ਹੇਠ, ਸੰਦੇਸ਼ੇ ਸੁਣਨ ਚਾਈਂ ਚਾਈਂਆ। ਸਤਿਜੁਗ ਤ੍ਰੇਤਾ ਦੁਆਪਰ ਜੋ ਹੁਕਮ ਸੁਨੇਹੜੇ ਦਿਤੇ ਭੇਜ, ਭਜਨ ਬੰਦਗੀ ਨਾਉਂ ਧਰਾਈਆ। ਗੋਬਿੰਦ ਕਿਹਾ ਮੈਂ ਉਨ੍ਹਾਂ ਨੂੰ ਆਇਆ ਲਪੇਟ, ਮੈਨੂੰ ਲੋੜ ਰਹੀ ਨਾ ਰਾਈਆ। ਜਿਸ ਕਾਰਨ ਤੇਰੀ ਸੱਥਰ ਸੂਲਾਂ ਵਾਲੀ ਹੰਡਾਈ ਸੇਜ, ਸੋਹਣਾ ਇਕੋ ਇਕ ਰਾਹ ਤਕਾਈਆ। ਸੋ ਆਪਣਾ ਦੱਸ ਦੇ ਭੇਤ, ਭੇਵ ਅਭੇਦਾ ਦੇ ਖੁਲ੍ਹਾਈਆ। ਕੀ ਹੋਇਆ ਜੇ ਤੇਰੇ ਨਾਮ ਦੀ ਮਹਿੰਮਾ ਕਰਕੇ ਗੁਰ ਅਰਜਨ ਸੀਸ ਪਵਾਈ ਰੇਤ, ਅਗਨੀ ਤਤ ਤਪਾਈਆ। ਕੀ ਹੋਇਆ ਤੇਰਾ ਬਰਦਾ ਬਣਕੇ ਨਾਨਕ ਧਰਿਆ ਭੇਖ, ਸੇਲੀ ਟੋਪੀ ਸੀਸ ਬੰਧਾਈਆ। ਕੀ ਹੋਇਆ ਗੁਰ ਤੇਗ ਬਹਾਦਰ ਸੀਸ ਲਗਾਈ ਤੇਗ, ਦੋ ਧਾਰੀ ਧਾਰ ਚਲਾਈਆ। ਕੀ ਹੋਇਆ ਬਾਲੇ ਕੀਤੇ ਭੇਟ, ਤੇਰੀ ਖ਼ੁਸ਼ੀ ਮਨਾਈਆ। ਕੀ ਹੋਇਆ ਦੱਬੇ ਨੀਂਹਾ ਹੇਠ, ਤੇਰੀ ਬੇਪਰਵਾਹੀਆ। ਕੀ ਹੋਇਆ ਤੂੰ ਵਸਿਉਂ ਸਚਖੰਡ ਦੇਸ, ਮੈਂ ਲੋਕਮਾਤ ਤੇਰਾ ਹੁਕਮ ਸੁਣਾਈਆ। ਜਿੰਨਾਂ ਚਿਰ ਪੁਰਖ ਅਕਾਲ ਆਪਣਾ ਨਿਰਗੁਣ ਹੋ ਨਾ ਬਦਲੇ ਵੇਸ, ਧਰਨੀ ਧਰਤ ਧਵਲ ਉਤੇ ਫੇਰਾ ਪਾਈਆ। ਉਨ੍ਹਾਂ ਚਿਰ ਮੇਰੇ ਗੁਰਮੁਖਾਂ ਦਾ ਵਸਣਾ ਨਹੀਂ ਦੇਸ, ਧਰਨੀ ਧਰਤ ਧਵਲ ਖ਼ੁਸ਼ੀ ਨਾ ਕੋਇ ਮਨਾਈਆ। ਕੀ ਹੋਇਆ ਤੇਰਾ ਨਾਮ ਗੌਂਦਾ ਸਹੰਸਰ ਮੁਖ ਫਨ ਸ਼ੇਸ਼, ਆਦਿ ਅੰਤ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇਣਾ ਚੁਕਾਈਆ। ਗੋਬਿੰਦ ਕਿਹਾ ਮੈਂ ਵੇਖਾਂ ਜਲਵਾ ਨੂਰ ਨੁਰਾਨੀ, ਪਰਵਰਦਿਗਾਰ ਮੁਖ ਪੜਦਾ ਦਿਤਾ ਉਠਾਈਆ। ਜਿਹੜਾ ਭੇਡੂਆਂ ਛਤਰਿਆਂ ਦੀ ਲੈਂਦਾ ਰਿਹਾ ਕੁਰਬਾਨੀ, ਉਹਦੇ ਉਤੇ ਆਪਣਾ ਸਰਬੰਸ ਦਿਤਾ ਲੁਟਾਈਆ। ਪੁਰਖ ਅਕਾਲ ਤੈਥੋਂ ਮੰਗਣੀ ਇਕ ਨਿਸ਼ਾਨੀ, ਝੋਲੀ ਆਪਣੀ ਲੈਣੀ ਭਰਾਈਆ। ਜਿਸ ਵੇਲੇ ਕਲਜੁਗ ਅੰਤਮ ਸ੍ਰਿਸ਼ਟੀ ਹੋਏ ਦੀਵਾਨੀ, ਗੁਰਮਤ ਨਜ਼ਰ ਕੋਇ ਨਾ ਆਈਆ। ਅਠਸਠ ਤੀਰਥ ਉਬਲੇ ਪਾਣੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਹੋਵੇ ਹਾਨੀ, ਹਰਿ ਕਾ ਨਾਮ ਨਾ ਕੋਇ ਧਿਆਈਆ । ਚਾਰ ਕੁੰਟ ਦਹਿ ਦਿਸ਼ਾ ਜੀਵ ਜੰਤ ਹੋਣ ਹਰਾਮੀ, ਸਤਿ ਧਰਮ ਨਜ਼ਰ ਕੋਇ ਨਾ ਆਈਆ।

ਤੇਰਾ ਪ੍ਰੇਮ ਨਾ ਕਰੇ ਕੋਈ ਸ਼ਬਦਾਂ ਨਾਲ ਬਾਣੀ, ਕਲਮਿਆਂ ਵਿਚ ਕਾਇਮ ਨਜ਼ਰ ਕੋਇ ਨਾ ਆਈਆ। ਘਰ ਘਰ ਨਾਚ ਕਰੇ ਨਟੂਆ ਬਣ ਕੇ ਮਾਇਆ ਰਾਣੀ, ਮੁਖ ਘੁੰਗਟ ਲਏ ਉਠਾਈਆ । ਸਾਧਾਂ ਸੰਤਾਂ ਹੋਏ ਹੈਰਾਨੀ, ਪਰੇਸ਼ਾਨੀ ਨਾ ਕੋਇ ਮੁਕਾਈਆ। ਓਸ ਵੇਲੇ ਪ੍ਰਭ ਤੂੰ ਕਿਰਪਾ ਕਰੀਂ ਆਪ ਮਹਾਨੀ, ਮਿਹਰ ਨਜ਼ਰ ਉਠਾਈਆ। ਵੇਸ ਵਟੌਣਾ ਜੋਤ ਨੂਰਾਨੀ, ਨੂਰੋ ਨੂਰ ਨੂਰ ਦਰਸਾਈਆ। ਏਹੋ ਤੇਰੀ ਵੱਡੀ ਮਿਹਰਵਾਨੀ, ਸਿਰ ਮੇਰੇ ਅਹਿਸਾਨ ਚੜ੍ਹਾਈਆ। ਮੇਰੇ ਗ੍ਰਹਿ ਕੱਟਣ ਆਵੀਂ ਮਹਿਮਾਨੀ, ਅੰਦਰ ਵੜ ਕੇ ਡੇਰਾ ਲਾਈਆ। ਫੇਰ ਮੈਂ ਮੰਨਾਂ ਕਿ ਤੂੰ ਵੀ ਦੇਵੇਂ ਕੁਰਬਾਨੀ, ਆਪਾ ਛੱਡ ਮਾਪਾ ਹੋ ਕੇ ਫੇਰਾ ਪਾਈਆ। ਤੇਰੀ ਮੇਰੀ ਮਿਸਲ ਬਣੇ ਅੱਗੇ ਲਾਸਾਨੀ, ਜਿਸ ਦੀ ਸਮਝ ਕੋਇ ਨਾ ਪਾਈਆ। ਕੋਟਨ ਕੋਟ ਵਾਰ ਤੇਰੀ ਸ੍ਰਿਸ਼ਟੀ ਹੋਈ ਫ਼ਾਨੀ, ਅੰਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਧੁਰ ਦਾ ਸੰਗ ਨਿਭਾਈਆ। ਗੋਬਿੰਦ ਕਹੇ ਮੈਂ ਸੱਚਖੰਡ ਵੇਖਿਆ, ਨੇਤਰ ਨੈਣਾਂ ਅੱਖ ਖੁਲ੍ਹਾਈਆ। ਪੁਰਖ ਅਗੰਮਾ ਇਕੋ ਬੈਠਿਆ, ਸਚ ਸਿੰਘਾਸਣ ਡੇਰਾ ਲਾਈਆ। ਮੈਨੂੰ ਹੌਲੀ ਜਿਹੀ ਦੇਣ ਲੱਗਾ ਸੰਦੇਸ਼ਿਆ, ਆਪਣਾ ਹੁਕਮ ਵਰਤਾਈਆ। ਮੈਂ ਉਸੇ ਵੇਲੇ ਚਰਨਾਂ ਵਿਚ ਲੇਟਿਆ, ਨੇਤਰ ਨੈਣਾਂ ਨੀਰ ਵਹਾਈਆ। ਜੇ ਤੂੰ ਦੁਸ਼ਟ ਦਮਨ ਤੋਂ ਬਣਾਇਆ ਆਪਣਾ ਬੇਟਿਆ, ਪਿਤਾ ਹੋ ਕੇ ਗੋਦ ਉਠਾਈਆ। ਅੱਗੇ ਫੇਰ ਜੇ ਕੱਲਾ ਭੇਜਿਆ, ਲੋਕਮਾਤ ਕਦੇ ਨਾ ਜਾਈਆ। ਪੁਰਖ ਅਕਾਲ ਕਿਹਾ ਮੇਰਾ ਇਹ ਵੇਸਿਆ, ਜੁਗ ਜੁਗ ਖੇਲ ਕਰਾਈਆ। ਗੋਬਿੰਦ ਕਿਹਾ ਜੇ ਮਾਣਾਂ ਤੇ ਤੇਰੀ ਸੇਜਿਆ, ਦੂਜੀ ਵੇਰਾਂ ਸੱਥਰ ਯਾਰ ਨਾ ਕੋਇ ਹੰਢਾਈਆ। ਪੁਰਖ ਅਕਾਲ ਕਿਹਾ ਤੂੰ ਮੇਰਾ ਨਰ ਨਰੇਸ਼ਿਆ, ਸ਼ਾਹ ਪਾਤਸ਼ਾਹ ਅਖਵਾਈਆ। ਗੋਬਿੰਦ ਕਿਹਾ ਤੂੰ ਰਹੇਂ ਸਦਾ ਹਮੇਸ਼ਿਆ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਗੋਬਿੰਦ ਕਿਹਾ ਮੈਂ ਵੇਖਿਆ ਸਚਖੰਡ ਚੜ੍ਹ ਕੇ, ਪੌੜਾ ਨਾਨਕ ਇਕ ਲਗਾਈਆ। ਦਰਸ਼ਨ ਕਰਿਆ ਦਵਾਰੇ ਖੜ੍ਹ ਕੇ, ਨੂਰ ਨੂਰ ਵਿਚ ਸਮਾਈਆ। ਮਾਣ ਗਵਾਇਆ ਚਰਨ ਫੜ ਕੇ, ਮੁਹੱਬਤ ਵਿਚ ਟਿਕਾਈਆ । ਵਰ ਮੰਗਿਆ ਅੱਗੇ ਅੜ ਕੇ, ਮਿੰਨਤ ਕਰੀ ਕੋਈ ਨਾ ਰਾਈਆ। ਮੈਂ ਤੇਰੇ ਹੁਕਮੇ ਅੰਦਰ ਲੋਕਮਾਤ ਸਾਚਾ ਘਾੜਨ ਆਇਆ ਘੜ ਕੇ, ਚਾਰ ਵਰਨਾਂ ਇਕੋ ਰੰਗ ਰੰਗਾਈਆ। ਅੰਮ੍ਰਿਤ ਆਤਮ ਗੁਰਮੁਖਾਂ ਅੰਦਰ ਆਇਆ ਧਰ ਕੇ, ਸਚ ਪਿਆਲਾ ਜਾਮ ਪਿਆਈਆ। ਤੇਰਾ ਨਾਮ ਸਨੇਹੜਾ ਆਇਆ ਦੱਸ ਕੇ, ਭਵਿਖਤਾਂ ਵਿਚ ਜਣਾਈਆ। ਸਾਢੇ ਤਿੰਨ ਹੱਥ ਵਿਚੋਂ ਨਦੇੜੋਂ ਆਇਆ ਨੱਠ ਕੇ, ਲੱਭਿਆਂ ਹੱਥ ਕਿਸੇ ਨਾ ਆਈਆ। ਚਰਨ ਦਵਾਰੇ ਪ੍ਰਭ ਤੇਰੇ ਢੱਠ ਕੇ, ਇਕੋ ਮੰਗ ਮੰਗਾਈਆ। ਕਲਜੁਗ ਅੰਤਮ ਤੇਰੇ ਬਿਨਾ ਮੂਲ ਨਹੀਂ ਬਚਦੇ, ਜੋ ਗੁਰਮੁਖ ਤੇਰਾ ਨਾਮ ਧਿਆਈਆ। ਪੁਰਖ ਅਕਾਲ ਇਹ ਬਚਨ ਮੇਰੇ ਸਚ ਦੇ, ਨਾ ਕੋਈ ਮੇਟੇ ਮੇਟ ਮਿਟਾਈਆ। ਉਹ ਤਲਬਗਾਰ ਤੇਰੀ ਉਸ ਅੱਖ ਦੇ, ਜਿਸ ਨੇਤਰ ਆਪਣਾ ਰੂਪ ਦਰਸਾਈਆ। ਉਹ ਮਾਲਕ ਉਸ ਹਕ ਦੇ, ਜਿਹੜੀ ਹਕੀਕਤ ਸਮਝ ਕੋਇ ਨਾ ਪਾਈਆ। ਉਹ ਬੱਚੇ ਮੇਰੀ ਰੱਤ ਦੇ, ਕੂੜੀ ਰੱਤ ਨਾ ਕੋਇ ਰੰਗਾਈਆ। ਉਹ ਪੁਤਲੇ ਬ੍ਰਹਮ ਮਤ ਦੇ, ਦੂਜੀ ਕਰਨ ਨਾ ਕੋਇ ਪੜ੍ਹਾਈਆ। ਉਹ ਬਿਨ ਮੇਰੇ ਤੇਰੇ ਦੂਜੇ ਨਾਲ ਕਦੇ ਨਾ ਹੱਸਦੇ, ਖ਼ੁਸ਼ੀ ਵਿਚ ਖ਼ੁਸ਼ੀ ਨਾ ਕੋਇ ਜਣਾਈਆ। ਸ੍ਰੀ ਭਗਵਾਨ ਤੇਰੇ ਕਦਮਾਂ ਉਪਰ ਢੱਠਦੇ, ਸੀਸ ਜਗਦੀਸ ਇਕ ਝੁਕਾਈਆ। ਤੂੰ ਮੇਰਾ ਮੈਂ ਤੇਰਾ ਨਾਮ ਰਟਦੇ, ਜੋ ਨਾਨਕ ਨਿਰਗੁਣ ਸਰਗੁਣ ਗਿਆ ਸਮਝਾਈਆ। ਕਿਸੇ ਦੇ ਹਟਾਇਆਂ ਪਿਛੇ ਮੂਲ ਨਹੀਂ

ਹਟਦੇ, ਧੱਕੇ ਦੇਵੇ ਜਗਤ ਲੋਕਾਈਆ। ਉਨ੍ਹਾਂ ਦੇ ਲੇਖੇ ਮੁਕੇ ਸ਼ੱਕ ਦੇ, ਸੰਸਾ ਰਹਿਣ ਕੋਇ ਨਾ ਪਾਈਆ। ਮੈਂ ਵੀ ਬਿਆਨ ਦੇਣੇ ਉਨ੍ਹਾਂ ਦੇ ਹਕ ਦੇ, ਏਥੇ ਓਥੇ ਦਿਆਂ ਸਫ਼ਾਈਆ। ਜੋ ਮੇਰੇ ਨਾਲ ਵਸਦੇ, ਓਨ੍ਹਾਂ ਤੇਰੇ ਕੋਲ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਪੁਰਖ ਅਕਾਲ ਕਿਹਾ ਸੁਣ ਨਿਰਗੁਣ, ਸਰਗੁਣ ਦੂਆ ਇਕ ਜਣਾਇਆ। ਗੁਰ ਅਵਤਾਰ ਪੈਗ਼ੰਬਰ ਚੁਣ, ਆਪਣਾ ਖੇਲ ਵਖਾਇਆ। ਗੋਬਿੰਦ ਪੁਕਾਰ ਤੇਰੀ ਸੁਣ, ਸਾਹਿਬ ਸਵਾਮੀ ਇਕੋ ਢੋਲਾ ਗਾਇਆ। ਕਲਜੁਗ ਅੰਤਮ ਵੇਖੇ ਗੁਣ, ਅਵਗੁਣ ਲੱਖ ਚੁਰਾਸੀ ਫੋਲ ਫੁਲਾਇਆ। ਲੇਖਾ ਜਾਣੇ ਰਿਖ ਮੁਨ, ਸੁੰਨ ਸਮਾਧੀ ਪੜਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਗੋਬਿੰਦ ਕਿਹਾ ਨਿਰਗੁਣ ਸਰਗੁਣ ਦੂਆ ਅੰਤਮ ਹੋਵੇ ਸਿਫ਼ਰਾਂ, ਲੋਕਮਾਤ ਰਹਿਣ ਨਾ ਪਾਈਆ। ਤੇਰੇ ਨਾਮ ਦਾ ਗਾ ਕੇ ਫ਼ਿਕਰਾ, ਜਗਤ ਜਹਾਨ ਦਏ ਜਣਾਈਆ। ਮੈਂ ਚੋਟੀ ਚੜ੍ਹ ਕੇ ਵੇਖਿਆ ਸਿਖ਼ਰਾ, ਅਗੰਮ ਅਥਾਹ ਤੇਰੀ ਵਡਿਆਈਆ। ਏਥੇ ਪ੍ਰਭੂ ਲੋੜ ਰਹੀ ਨਾ ਬਾਜਾਂ ਤਿੱਤਰਾਂ, ਖੰਡਾ ਖੜਗ ਤੀਰ ਤਰਕਸ਼ ਕੰਮ ਕਿਸੇ ਨਾ ਆਈਆ। ਜਿਧਰ ਵੇਖਾਂ ਓਧਰ ਤੂੰ ਹੀ ਇਕੋ ਮੇਰਾ ਮਿਤਰਾ, ਮੀਤ ਪਿਆਰਾ ਬੇਪਰਵਾਹੀਆ। ਅੰਦਰ ਵੜ ਕੇ ਵੇਖਿਆ ਮੈਂ ਏਸੇ ਧਾਰੋਂ ਨਿੱਕਲਾਂ, ਕਿਰਨ ਨੂਰ ਜੋਤ ਰੁਸ਼ਨਾਈਆ। ਪਹਿਲੋਂ ਲੇਖਾ ਆਇਆ ਯਾਦ ਪਿਛਲਾ, ਜੋ ਪਿਛੇ ਦਿਤਾ ਸਮਝਾਈਆ। ਏਸੇ ਕਾਰਨ ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਆਪਣਾ ਲੇਖਾ ਪੁਛ ਲਾ, ਡੋਰੀ ਤੇਰੇ ਹੱਥ ਫੜਾਈਆ। ਮੈਂ ਤੇਰਾ ਭਾਣਾਂ ਮੰਨਾਂ ਮਿੱਠੜਾ, ਖ਼ੁਸ਼ੀਆਂ ਗੀਤ ਅਲਾਈਆ। ਤੇਰਾ ਖੇਲ ਸਦਾ ਅਨਡਿਠੜਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਿਰਗੁਣ ਨਿਰਗੁਣ ਕਿਹਾ ਗੋਬਿੰਦ ਤੇਰਾ ਮੇਰਾ ਰੂਪ ਬੀਸ, ਬਿਸਤਰ ਸੇਜਾ ਸੁੱਤਾ ਨਜ਼ਰ ਕਿਸੇ ਨਾ ਆਈਆ। ਬੀਸ ਕਿਹਾ ਮੇਰਾ ਸਾਹਿਬ ਜਗਦੀਸ਼, ਜਗਤ ਈਸ਼ਰ ਵਡ ਵਡਿਆਈਆ। ਜਗਦੀਸ਼ਰ ਕਿਹਾ ਮੇਰੀ ਧਾਰ ਇਕੀਸ, ਏਕੰਕਾਰ ਹੁਕਮ ਸੁਣਾਈਆ । ਏਕੰਕਾਰ ਕਹੇ ਮੇਰੀ ਆਪਣੀ ਹਦੀਸ, ਜਿਹੜੀ ਹਜ਼ਰਤ ਸਮਝ ਕੋਇ ਨਾ ਪਾਈਆ। ਧਾਰ ਕਹੇ ਮੈਂ ਉਹ ਅਗੰਮੀ ਠੀਕ, ਜਿਸਦਾ ਠੀਕਰ ਨਾ ਕੋਇ ਭੰਨਾਈਆ। ਜਿਸ ਦੀ ਵੱਖਰੀ ਨਿਰਾਲੀ ਸਭ ਤੋਂ ਤਾਰੀਖ, ਤਵਾਰੀਖ ਵਿਚ ਲਿਖ ਕੇ ਸਮਝਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਰਹੇ ਉਡੀਕ, ਨਿਰਗੁਣ ਹੋ ਕੇ ਰਾਹ ਤਕਾਈਆ। ਸੋ ਸਾਹਿਬ ਸਤਿਗੁਰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਮਿਹਰ ਕਰੇ ਬਖ਼ਸ਼ੀਸ਼, ਰਹਿਮਤ ਇਕ ਵਰਤਾਈਆ। ਗੋਬਿੰਦ ਮੇਲਾ ਖੇਲ ਗੁਰੂ ਗੁਰ ਚੇਲਾ ਘਰ ਠਾਂਡੇ ਕਰੇ ਠੀਕ, ਠਾਕਰ ਆਪਣਾ ਵੇਸ ਵਟਾਈਆ। ਨਾਮ ਢੋਲਾ ਬਣ ਵਿਚੋਲਾ ਗਾਏ ਅਤੀਤ, ਤ੍ਰੈਗੁਣ ਲੇਖਾ ਰਿਹਾ ਵਖਾਈਆ। ਵੇਖ ਵਖਾਏ ਹਸਤ ਕੀਟ, ਊਚ ਨੀਚ ਆਪਣਾ ਰੰਗ ਰੰਗਾਈਆ। ਪੁਰਖ ਅਕਾਲ ਪਾਵੇ ਭੀਖ, ਭਿਛਿਆ ਆਪਣਾ ਨਾਮ ਵਰਤਾਈਆ। ਗੁਰਮੁਖ ਗੁਰਸਿਖ ਦੇ ਕੇ ਸਚ ਹਦੀਸ, ਧੁਰ ਦੀ ਸਿਖਿਆ ਦਏ ਸਮਝਾਈਆ। ਤੂੰ ਮੇਰਾ ਮੈਂ ਤੇਰਾ ਗੌਣਾ ਗੀਤ, ਗੁਰਮੁਖ ਗੁਰਸਿਖ ਗੁਰ ਗੋਬਿੰਦ ਵਿਚ ਸਮਾਈਆ। ਗੋਬਿੰਦ ਕਹੇ ਮੇਰਾ ਪੁਰਖ ਅਕਾਲ ਜਿਸ ਨਾਲ ਸਚ ਪ੍ਰੀਤ, ਪ੍ਰੀਤੀ ਪ੍ਰੀਤਮ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਗੋਬਿੰਦ ਕਹੇ ਉਠ ਵੇਖ ਅਬਿਨਾਸ਼ੀ, ਆਪਣਾ ਧਿਆਨ ਲਗਾਈਆ। ਰੋਂਦੇ ਫਿਰਦੇ ਪੰਡਤ ਕਾਸ਼ੀ, ਜਗਤ ਵਿਦਿਆ ਹੋਈ

ਹਲਕਾਈਆ। ਚਾਰੋਂ ਕੁੰਟ ਹੋਈ ਉਦਾਸੀ, ਧੀਰਜ ਧੀਰ ਨਾ ਕੋਇ ਰਖਾਈਆ। ਮਨ ਮਨੂਆ ਸਭ ਨੂੰ ਕਰੇ ਦਾਗ਼ੀ, ਦੁਰਮਤ ਮੈਲ ਨਾ ਕੋਇ ਧੁਆਈਆ। ਸਦੀ ਵੀਹਵੀਂ ਸੋਈ ਸੁਰਤ ਕਿਸੇ ਨਾ ਜਾਗੀ, ਕਲਜੁਗ ਸੰਤ ਅੱਖ ਨਾ ਕੋਇ ਖੁਲ੍ਹਾਈਆ। ਹੰਸ ਰੂਪ ਹੋਏ ਕਾਗੀ, ਸੋਹੰ ਹੰਸਾ ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਜੋ ਬਣੇ ਵਾਗੀ, ਅੰਤਮ ਪੱਲੂ ਗਏ ਛੁਡਾਈਆ। ਆਤਮ ਤੇਰੀ ਪਰਮਾਤਮ ਦਿਸਦਾ ਕੋਈ ਨਾ ਸਾਥੀ, ਸਗਲਾ ਸੰਗ ਨਾ ਕੋਇ ਨਿਭਾਈਆ। ਸਦੀ ਵੀਹਵੀਂ ਸਭ ਦੀ ਪੂਰੀ ਕਰ ਦੇ ਆਖੀ, ਆਖ਼ਰ ਆਪਣਾ ਹੁਕਮ ਵਰਤਾਈਆ। ਲਹਿਣਾ ਦੇਣਾ ਮੁਕਾ ਦੇ ਬਾਕੀ, ਬਾਬਲ ਤੇਰੀ ਓਟ ਤਕਾਈਆ। ਗੁਰਮੁਖ ਵੇਖ ਖੋਲ੍ਹ ਕੇ ਤਾਕੀ, ਬਜਰ ਕਪਾਟੀ ਕੁੰਡਾ ਲਾਹੀਆ। ਭਰ ਪਿਆਲਾ ਜਾਮ ਦੇ ਦੇ ਧੁਰ ਦੇ ਸਾਕੀ, ਆਬੇ ਹਯਾਤ ਮੁਖ ਚੁਆਈਆ। ਜੀਵਣ ਵਿਚੋਂ ਬਦਲ ਦੇ ਹਯਾਤੀ, ਆਪ ਆਪਣੇ ਘਰ ਵਸਾਈਆ। ਗੁਰਮੁਖ ਗੁਰਸਿਖ ਹਰਿਜਨ ਤੇਰੀ ਹੋਵੇ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਤੂੰ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਸ਼ਾਹ ਪਾਤਸ਼ਾਹ ਤੇਰੀ ਸ਼ਹਿਨਸ਼ਾਹੀਆ। ਬੀਸ ਇਕੀਸ ਤੇਰੀ ਸੱਚੀ ਦਾਤੀ, ਦਾਤੇ ਦਾਨੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲੇਖੇ ਦਏ ਲਗਾਈਆ। ਪੁਰਖ ਅਕਾਲ ਕਿਹਾ ਉਠ ਵੇਖ ਹਸਤੀ, ਹਰਿ ਜੂ ਹਰਿ ਹਰਿ ਆਪ ਦ੍ਰਿੜਾਇੰਦਾ। ਕਰੇ ਖੇਲ ਪ੍ਰਭ ਅਰਸ਼ੀ ਫਰਸ਼ੀ, ਦੋ ਜਹਾਨਾਂ ਪੰਧ ਮੁਕਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਬਣੇ ਗ਼ਰਜ਼ੀ, ਫ਼ਰਜ਼ੀ ਖੇਲ ਨਾ ਕੋਇ ਖਿਲਾਇੰਦਾ। ਗੋਬਿੰਦ ਤੇਰੀ ਮਨਜ਼ੂਰ ਕਰੇ ਅਰਜ਼ੀ, ਆਰਜ਼ੂ ਆਪਣੇ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਇੰਦਾ। ਸਿਰ ਤੇਰੇ ਹੱਥ ਰੱਖੇ ਆਪ ਨਿਰੰਕਾਰ, ਹਰਿ ਕਰਤਾ ਸਚ ਦ੍ਰਿੜਾਈਆ। ਸਭ ਦਾ ਲੇਖਾ ਦਏ ਨਿਵਾਰ, ਬਾਕੀ ਕੋਈ ਰਹਿਣ ਨਾ ਪਾਈਆ। ਵੀਹ ਸੌ ਇੱਕੀ ਬਿਕ੍ਰਮੀ ਦਾ ਅੱਗੇ ਜਾਣੇ ਨਾ ਕੋਈ ਅਹਿਵਾਲ, ਲੇਖਾ ਸਕਿਆ ਨਾ ਕੋਇ ਸਮਝਾਈਆ। ਸਤਿਜੁਗ ਮਾਰਗ ਸਕੇ ਨਾ ਕੋਇ ਵਖਾਲ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਕਵਣ ਬਿਧ ਸੰਮਤ ਚਲੇ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੋਬਿੰਦ ਤੇਰਾ ਲੇਖਾ ਪੂਰ, ਪੁਰਖ ਅਕਾਲ ਦਏ ਕਰਾਈਆ। ਛੱਬੀ ਪੋਹ ਨੇੜੇ ਨਹੀਂ ਦੂਰ, ਦੂਰ ਦੁਰਾਡਾ ਵੇਖ ਵਖਾਈਆ। ਕੂੜੀ ਕਿਰਿਆ ਨਾਤਾ ਤੋੜ ਕੇ ਕੂੜ, ਸਚ ਸੁਚ ਇਕ ਸਮਝਾਈਆ । ਸਤਿਜੁਗ ਦਾ ਸਚ ਦੱਸੇ ਦਸਤੂਰ, ਹੁਕਮੀ ਹੁਕਮ ਇਕ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਚਰਨ ਦਵਾਰੇ ਹੋਣ ਮਜਬੂਰ, ਨਿਉਂ ਨਿਉਂ ਸਾਰੇ ਸੀਸ ਝੁਕਾਈਆ। ਤੂੰ ਸਾਹਿਬ ਸਦਾ ਹਾਜ਼ਰ ਹਜ਼ੂਰ, ਹਜ਼ਰਤ ਇਕ ਅਖਵਾਈਆ। ਤੇਰਾ ਜਲਵਾ ਤੱਕ ਕੇ ਕੋਹਤੂਰ, ਮੂਸਾ ਅੱਖ ਨਾ ਸਕੇ ਉਠਾਈਆ। ਮੁਹੰਮਦ ਮੰਗੇ ਤੇਰੀ ਧੂੜ, ਖ਼ਾਕ ਪਾਖ਼ਾਕ ਚਰਨ ਰਮਾਈਆ। ਈਸਾ ਸੂਲੀ ਚੜ੍ਹਨ ਕੀਤਾ ਮਨਜ਼ੂਰ, ਫਾਂਸੀ ਗਲ ਲਟਕਾਈਆ । ਤੇਰਾ ਆਉਣਾ ਦੱਸ ਕੇ ਗਿਆ ਜ਼ਰੂਰ, ਮੇਰਾ ਪਿਤਾ ਆਵੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੋਬਿੰਦ ਤੇਰਾ ਦੱਸਾਂ ਸੰਮਤ ਸਚ, ਚਾਰ ਜੁਗ ਸਮਝ ਕਿਸੇ ਨਾ ਆਈਆ। ਜਿਸ ਵਿਚ ਇਕੋ ਚਲੇ ਮਤ, ਭੇਦ ਰਹੇ ਨਾ ਰਾਈਆ। ਇਕੋ ਦੀਨ ਇਕੋ ਮਜ਼੍ਹਬ ਇਕੋ ਮੰਦਰ ਮਸਜਿਦ ਮੱਠ, ਸ਼ਿਵਦਵਾਲਾ ਇਕ ਅਖਵਾਈਆ। ਇਕੋ ਤੀਰਥ ਇਕੋ ਤਟ, ਇਕੋ ਸ਼ਬਦ ਗੁਰੂ ਵਣਜਾਰਾ ਹੱਟ, ਇਕੋ ਸੌਦਾ ਦਏ

ਵਿਕਾਈਆ। ਇਕੋ ਨੇਤਰ ਇਕੋ ਅੱਖ, ਇਕੋ ਪ੍ਰਤਖ ਨਜ਼ਰੀ ਆਏ ਗੁਸਾਈਂਆ। ਇਕੋ ਮਹਿੰਮਾ ਸਿਫ਼ਤ ਸਾਲਾਹ ਜਸ, ਇਕੋ ਕਰੇ ਪੜ੍ਹਾਈਆ। ਇਕ ਤੋਂ ਅੱਗੇ ਸਭ ਦਾ ਖੋਹ ਕੇ ਹਕ, ਹੁਕਮ ਇਕੋ ਆਪਣਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰਾ ਵਡਿਆਈਆ। ਗੋਬਿੰਦ ਕਹੇ ਮੈਂ ਮੰਗੀ ਇੱਕੀ, ਇਕੱਲੇ ਝੋਲੀ ਡਾਹੀਆ। ਜਿਸ ਵਿਚ ਦੋ ਜਹਾਨਾਂ ਸਿੱਖੀ, ਦੇਵਤ ਸੁਰ ਬਚਿਆ ਰਹਿਣ ਕੋਇ ਨਾ ਪਾਈਆ। ਮੈਂ ਖੋਲ੍ਹਾਂ ਪਹਿਲੀ ਚੇਤਰ ਉਹ ਚਿੱਠੀ, ਜਿਸ ਦਾ ਹਿਸਾਬ ਕਿਤਾਬ ਪੁਰਖ ਅਕਾਲ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਆਪੇ ਝੋਲੀ ਪਾਈਆ। ਪੁਰਖ ਅਕਾਲ ਕਹੇ ਮੈਂ ਦੱਸਾਂ ਰਾਹ, ਰਹਿਬਰ ਇਕ ਬਣਾਈਆ। ਵਰਨਾਂ ਬਰਨਾਂ ਸਚ ਸਲਾਹ, ਚਾਰ ਅਠਾਰਾਂ ਦਿਆਂ ਸਮਝਾਈਆ। ਇਕੋ ਇਸ਼ਟ ਦੇਵ ਸਵਾਮੀ ਆਤਮ ਪਰਮਾਤਮ ਲੈਣਾ ਮਨਾ, ਦੂਜਾ ਨਜ਼ਰ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤ ਸਲਾਹੀ ਰਹੇ ਗਾ, ਧੁਰ ਸੁਨੇਹੜਾ ਜਗਤ ਜਣਾਈਆ। ਸਭ ਤੋਂ ਵੱਖਰਾ ਨੂਰ ਨੁਰਾਨਾ ਵਸੇ ਖ਼ੁਦਾ, ਸਚ ਦਵਾਰੇ ਡੇਰਾ ਲਾਈਆ। ਜਿਸ ਦੇ ਨਾਲੋਂ ਹੁਕਮੇ ਅੰਦਰ ਹੋ ਜੁਦਾ, ਤਤਵ ਤਤ ਗਿਆ ਸਮਾਈਆ। ਅੰਤਮ ਓਸੇ ਮਿਲਣਾ ਆ, ਜੋ ਆਦਿ ਜੁਗਾਦਿ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਵਖਾਈਆ। ਸਾਚਾ ਲੇਖਾ ਵਖੌਣਾ ਜੱਗ, ਜਾਗਰਤ ਜੋਤ ਕਰ ਰੁਸ਼ਨਾਈਆ। ਕੂੜੀ ਕਿਰਿਆ ਮੇਟ ਕੇ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਬਿਨ ਮੱਕਿਉਂ ਕਾਅਬਿਉਂ ਕਰਾ ਕੇ ਹੱਜ, ਕਾਇਆ ਹੁਜਰਾ ਦੇਣਾ ਵਖਾਈਆ। ਸਾਢੇ ਤਿੰਨ ਹੱਥ ਸੋਹਣਾ ਮੱਠ, ਗੁਰੂਦਵਾਰਾ ਸੋਭਾ ਪਾਈਆ। ਜਿਸ ਅੰਦਰ ਪੁਰਖ ਅਕਾਲ ਰਿਹਾ ਵਸ, ਦਿਵਸ ਰੈਣ ਡੇਰਾ ਲਾਈਆ। ਗੁਰਮੁਖਾਂ ਵਖਾ ਕੇ ਆਪਣੀ ਅੱਖ, ਆਖ਼ਰ ਪੜਦਾ ਦੇਣਾ ਉਠਾਈਆ। ਦਰਸ਼ਨ ਪਾ ਕੇ ਗੁਰਮੁਖ ਆਪੇ ਕਹਿਣ ਤੂੰ ਸਾਹਿਬ ਪੁਰਖ ਸਮਰਥ, ਸੱਚੀ ਤੇਰੀ ਸ਼ਹਿਨਸ਼ਾਹੀਆ। ਤੂੰ ਮੇਰਾ ਮੈਂ ਤੇਰਾ ਗਾਵਾਂ ਜਸ, ਸੋਹੰ ਢੋਲਾ ਜੋ ਨਾਨਕ ਗਿਆ ਗਾਈਆ। ਤੂੰ ਮੇਰਾ ਮੈਂ ਤੇਰੇ ਵਸ, ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਹਕ, ਹਾਕਮ ਇਕੋ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਦੇਸ਼ਾ ਇਕ ਸੁਣਾਈਆ। ਧੁਰ ਦਾ ਸੰਦੇਸ਼ਾ ਸੁਣ ਕੇ ਗੁਰ ਅਵਤਾਰ, ਪੀਰ ਪੈਗ਼ੰਬਰ ਖ਼ੁਸ਼ੀ ਮਨਾਈਆ। ਵਾਹ ਵਾਹਵਾ ਕਿਰਪਾ ਕਰੇ ਪਰਵਰਦਿਗਾਰ, ਬੇਪਰਵਾਹ ਫੇਰਾ ਪਾਈਆ। ਨਿਰਗੁਣ ਹੋ ਕੇ ਸਾਚਾ ਯਾਰ, ਸਾਚੀ ਸਿਖਿਆ ਦਏ ਪੜ੍ਹਾਈਆ। ਜਿਸ ਦਾ ਕਰਦੇ ਆਏ ਇਜ਼ਹਾਰ, ਅਲਫ਼ ਯੇ ਨਾਲ ਵਡਿਆਈਆ। ਜੋ ਸਾਖਿਆਤ ਨਜ਼ਰੀ ਆਏ ਨਿਰੰਕਾਰ, ਨਿਰਗੁਣ ਦਾਤਾ ਆਪ ਅਖਵਾਈਆ। ਜੇ ਲੱਭੋ ਕਲਮਿਉਂ ਦਿਸੇ ਬਾਹਰ, ਅੱਖਰਾਂ ਵਿਚ ਬੰਦ ਨਾ ਕੋਇ ਕਰਾਈਆ। ਜੇ ਚਰਨੀ ਢੱਠੋ ਸਦਾ ਸਦਾ ਸਦ ਨਾਲ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜੇ ਓਸ ਦੇ ਬਣੋ ਲਾਲ, ਲਾਲ ਗੋਬਿੰਦ ਪੁਰਖ ਅਕਾਲ ਝੋਲੀ ਪਾਈਆ । ਗੁਰਮੁਖੋ ਗੁਰਸਿਖੋ ਤੁਹਾਡੀ ਉਹ ਸਚ ਸੱਚੀ ਧਰਮਸਾਲ, ਜਿਥੇ ਕਾਲ ਪੋਹ ਨਾ ਸਕੇ ਰਾਈਆ। ਕਲਜੁਗ ਅੰਤਮ ਲੱਖ ਚੁਰਾਸੀ ਵਿਚੋਂ ਭਾਲ, ਬਹੁਤਿਆਂ ਵਿਚੋਂ ਥੋੜੇ ਥੋੜਿਆਂ ਵਿਚੋਂ ਜੋਤੀ ਧਾਰ ਜੋੜੇ, ਸ਼ਬਦੀ ਨਾਦ ਸੁਣਾਈਆ। ਜਿਨ੍ਹਾਂ ਦੀ ਪੁਰਖ ਅਕਾਲ ਨੂੰ ਪਈ ਲੋੜੇ, ਸੋ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵਿਚੋਂ ਬਾਹਰ ਕਢਾਈਆ। ਜਿਨ੍ਹਾਂ ਦੇ ਪਿਛੇ ਗੋਬਿੰਦ ਵਾਰੇ ਜੋੜੇ ਜੋੜੇ, ਸੋ ਜੋੜੀਆਂ ਵਿਚ ਆਪਣੇ ਰੰਗ ਰੰਗਾਈਆ। ਬੇਸ਼ਕ ਮਾਨਸ ਜਨਮ ਲੋਕਮਾਤ ਕਿਸੇ ਦੇ ਬਹੁਤੇ ਕਿਸੇ ਦੇ ਥੋੜੇ,

ਅੰਤਮ ਜੋਤੀ ਜੋਤ ਵਿਚ ਮਿਲਾਈਆ। ਗੁਰਮੁਖਾਂ ਬੇੜਾ ਸ਼ੌਹ ਦਰਿਆ ਕੋਈ ਨਾ ਰੋੜ੍ਹੇ, ਡੁਬਦੇ ਪਾਹਨ ਪਾਰ ਕਰਾਈਆ। ਗੁਰ ਸ਼ਬਦ ਸਵਾਮੀ ਚਾੜ੍ਹ ਕੇ ਆਪਣੇ ਘੋੜੇ, ਲੇਖਾ ਆਰ ਪਾਰ ਆਪ ਮੁਕਾਈਆ। ਉਥੇ ਭਗਤ ਭਗਵਾਨ ਮਿਲ ਕੇ ਗਾਉਂਦੇ ਢੋਲੇ, ਤੂੰ ਮੇਰਾ ਮੈਂ ਤੇਰਾ ਸੋਹੰ ਰਾਗ ਅਲਾਈਆ। ਗੁਰਮੁਖ ਕਹਿਣ ਅਸੀਂ ਤੇਰੇ ਘਰ ਦੇ ਗੋਲੇ, ਚਾਕਰ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਵੇਖੇ ਚਾਈਂ ਚਾਈਂਆ। ਗੋਬਿੰਦ ਕਿਹਾ ਮੈਂ ਨਾ ਜਾਣਾਂ ਪ੍ਰਭ ਤੇਰਾ ਚਾਓ, ਕੀ ਤੇਰੀ ਵਡਿਆਈਆ । ਜਿੰਨਾਂ ਚਿਰ ਮੇਰੇ ਗੁਰਮੁਖ ਨਾ ਪਕੜੇਂ ਬਾਹੋਂ, ਫੜ ਆਪਣੇ ਗਲੇ ਲਗਾਈਆ। ਓਨਾਂ ਚਿਰ ਨਾ ਮੰਨਾਂ ਨਿਆਉਂ, ਸਚ ਸਚ ਦਿਆਂ ਸੁਣਾਈਆ । ਜਿੰਨਾਂ ਚਿਰ ਹੰਸ ਬਣਾਏਂ ਨਾ ਫੜ ਕੇ ਕਾਉਂ, ਕਾਗੋਂ ਹੰਸ ਉਡਾਈਆ। ਮੈਂ ਦੱਸ ਕੇ ਆਇਆ ਇਕੋ ਤੇਰਾ ਨਾਉਂ, ਪੁਰਖ ਅਕਾਲ ਤੇਰੀ ਓਟ ਜਣਾਈਆ । ਤੂੰ ਹੀ ਪਿਤਾ ਤੂੰ ਹੀ ਮਾਉਂ, ਦੂਜੀ ਜਨਣੀ ਗੋਦ ਨਾ ਕੋਇ ਬਹਾਈਆ। ਤੂੰ ਹੀ ਖੇੜਾ ਤੂੰ ਹੀ ਨਗਰ ਗਰਾਉਂ, ਤੂੰ ਹੀ ਆਸਣ ਸੇਜਾ ਸੋਭਾ ਪਾਈਆ । ਤੂੰ ਹੀ ਰੰਕ ਤੂੰ ਹੀ ਰਾਓ, ਤੂੰ ਸ਼ਹਿਨਸ਼ਾਹ ਅਖਵਾਈਆ। ਵੇਖੀਂ ਕਿਤੇ ਮੇਰਿਆਂ ਗੁਰਮੁਖਾਂ ਨਾਲ ਨਾ ਲਾਵੀਂ ਦਾਉ, ਅਛਲ ਛਲ ਤੇਰੀ ਚਾਲ ਅਜੇ ਤੱਕ ਨਾ ਕਿਸੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਦੇਣਾ ਚੁਕਾਈਆ। ਗੋਬਿੰਦ ਕਿਹਾ ਪੁਰਖ ਅਕਾਲ ਮੈਂ ਤੇਰਾ ਸੂਰਬੀਰ, ਬੀਰਤਾ ਵਿਚ ਅਖਵਾਈਆ। ਇਹ ਗੁਰਮੁਖ ਮੇਰੀ ਤਸਵੀਰ, ਤੇਰੇ ਰੂਪ ਵਿਚ ਸਮਾਈਆ। ਇਹ ਮੇਰਾ ਮਿਲਖ ਜਾਗੀਰ, ਜਿਨ੍ਹਾਂ ਦੇ ਅੰਦਰ ਵੜ ਕੇ ਡੇਰਾ ਲਾਈਆ। ਮੇਰੀ ਮੰਜ਼ਲ ਇਨ੍ਹਾਂ ਨਾਲ ਅਖ਼ੀਰ, ਚੋਟੀ ਚੜ੍ਹ ਕੇ ਖ਼ੁਸ਼ੀ ਵਖਾਈਆ। ਇਨ੍ਹਾਂ ਮੇਰਾ ਅੰਮ੍ਰਿਤ ਪੀਤਾ ਸੱਚਾ ਸੀਰ, ਸੀਰਖ਼ਾਰ ਬੱਚੇ ਨਜ਼ਰੀਂ ਆਈਆ। ਜੇ ਤੂੰ ਪੁਰਖ ਅਕਾਲ ਪਾਤਸ਼ਾਹ ਮੈਂ ਤੇਰਾ ਵਜ਼ੀਰ, ਦੋਹਾਂ ਬਿਨਾ ਰਈਅਤ ਕੰਮ ਕਿਸੇ ਨਾ ਆਈਆ। ਜੇ ਤੂੰ ਮਾਲਕ ਤੇ ਮੈਂ ਤੇਰੀ ਤਕਦੀਰ, ਬਿਨ ਤਕਦੀਰ ਤਦਬੀਰ ਚਲੇ ਨਾ ਕੋਇ ਚਤੁਰਾਈਆ। ਜੇ ਤੂੰ ਆਕਾ ਤੇ ਮੈਂ ਤੇਰਾ ਫ਼ਕੀਰ, ਬਿਨ ਦਰਵੇਸ਼ ਤੇਰੇ ਦਰ ਤੇ ਅਲਖ ਨਾ ਕੋਇ ਜਗਾਈਆ। ਜੇ ਤੂੰ ਬੇਨਜ਼ੀਰ, ਮੈਂ ਤੇਰੀ ਨਜ਼ਰ ਲੋਕਮਾਤ ਗੁਰਮੁਖਾਂ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗੀ ਬਣਕੇ ਸੰਗ ਨਿਭਾਈਆ। ਗੋਬਿੰਦ ਕਿਹਾ ਵੇਖ ਮੇਰਾ ਗੁਰਮੁਖ, ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਜਿਸ ਦੇ ਅੰਦਰ ਮੇਰਾ ਸੁਖ, ਬਿਨ ਗੁਰਮੁਖ ਮੇਰਾ ਘਰ ਕੋਇ ਰਹਿਣ ਨਾ ਪਾਈਆ। ਉਹਨਾਂ ਆ ਕੇ ਪ੍ਰਭ ਆਪ ਆਪਣੀ ਗੋਦੀ ਚੁੱਕ, ਧੁਰ ਦਾ ਮਾਲਕ ਹੋ ਕੇ ਸੇਵ ਕਮਾਈਆ। ਫੇਰ ਮੈਂ ਕਹਾਂ ਮੇਰੀ ਸਫ਼ਲ ਹੋਈ ਕੁੱਖ, ਗੁਰਮੁਖਾਂ ਦੁੱਖ ਨਾ ਲਾਗੇ ਰਾਈਆ । ਉਹ ਵੇਲਾ ਆਇਆ ਢੁਕ, ਸਦੀ ਵੀਹਵੀਂ ਦਏ ਦੁਹਾਈਆ। ਇਕੀਸੇ ਲੇਖਾ ਰਿਹਾ ਚੁੱਕ, ਬਾਕੀ ਸਭ ਦੀ ਹੱਥ ਫੜਾਈਆ। ਛੱਬੀ ਪੋਹ ਮੈਂ ਆਪਣਾ ਹਿਸਾਬ ਕਿਤਾਬ ਸਤਾਰਾਂ ਸੌਂ ਛਪੰਜਾ ਵਾਲਾ ਲੈਣਾ ਪੁਛ, ਪੈਂਸਠ ਵਾਲਾ ਫੇਰ ਅੱਗੇ ਟਿਕਾਈਆ।