ਪੁਸਤਕਾਲਾਭਾਗ ੧੭

੬ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਰੈਣ ਸਬਾਈ ਰਹੇ ਫਿਰਦੇ, ਗੁਰ ਅਵਤਾਰ ਪੈਗ਼ੰਬਰ ਰਹੇ ਜਣਾਈਆ। ਦਰਸ਼ਨ ਕੀਤੇ ਸਾਚੇ ਪਿਰ ਦੇ, ਪਤਿਪਰਮੇਸ਼ਵਰ ਸੀਸ ਨਿਵਾਈਆ । ਸੁਣੇ ਸੰਦੇਸੇ ਪੂਰਬ ਚਿਰਦੇ, ਅੰਤਰ ਅੰਤਰ ਧਿਆਨ ਰਖਾਈਆ। ਜਨ ਭਗਤਾਂ ਰੱਖੇ ਪ੍ਰਭ ਸਾਚਾ ਬਿਰਦੇ, ਮਿਹਰ ਨਜ਼ਰ ਇਕ ਉਠਾਈਆ। ਜਾਂ ਤੱਕਿਆ ਗੁਰਮੁਖਾਂ ਵਸਿਆ ਹਿਰਦੇ, ਸਚ ਦਵਾਰਾ ਇਕ ਸੁਹਾਈਆ। ਮਾਲਕ ਬਣ ਕੇ ਘਰ ਥਿਰ ਦੇ, ਘਰ ਸਾਚੇ ਦਏ ਵਡਿਆਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਵੇ ਸਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰੈਣ ਸਬਾਈ ਰਹੇ ਤੱਕਦੇ, ਦੋ ਜਹਾਨਾਂ ਅੱਖ ਖੁਲ੍ਹਾਈਆ। ਖੇਲ ਵੇਖੀਏ ਪੁਰਖ ਸਮਰਥ ਦੇ, ਸਾਹਿਬ ਸੁਲਤਾਨ ਕੀ ਕੀ ਰਚਨ ਰਚਾਈਆ। ਨਾਅਰੇ ਸੁਣੀਏ ਸਚ ਅਲੱਖ ਦੇ, ਦੋ ਜਹਾਨਾਂ ਵੱਜੇ ਵਧਾਈਆ। ਰਸ ਮਾਣੀਏ ਓਸ ਜਸ ਦੇ, ਜੋ ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਦਰਸ਼ਨ ਪਾਈਏ ਅਗੰਮੀ ਨੇਤਰ ਅੱਖ ਦੇ, ਜੋ ਆਖ਼ਰ ਫ਼ੈਸਲੇ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਰੈਣ ਸਬਾਈ ਫਿਰ ਫਿਰ ਥੱਕੇ, ਭੱਜੇ ਵਾਹੋ ਦਾਹੀਆ। ਖ਼ਾਲੀ ਵੇਖੇ ਮਦੀਨੇ ਮੱਕੇ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੇਣ ਦੁਹਾਈਆ। ਚਾਰ ਕੁੰਟ ਦਹਿ ਦਿਸ਼ਾ ਪਤ ਕੋਇ ਨਾ ਰੱਖੇ, ਸਿਰ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦਏ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰੈਣ ਸਬਾਈ ਲਿਆ ਨੱਠ, ਬਣ ਬਣ ਪਾਂਧੀ ਪੰਧ ਮੁਕਾਈਆ। ਖੋਜ ਖੋਜ ਵੇਖੇ ਅੱਠ ਸੱਠ, ਤੀਰਥ ਤਟ ਫੇਰਾ ਪਾਈਆ। ਜਗਤ ਵਣਜਾਰੇ ਵੇਖੇ ਹੱਟ, ਨਵ ਨੌ ਚਾਰ ਪੜਦਾ ਲਾਹੀਆ। ਨੌ ਦਵਾਰੇ ਵੇਖੇ ਰਸ, ਕੂੜੀ ਕਿਰਿਆ ਸ੍ਰਿਸ਼ਟ ਹਲਕਾਈਆ। ਜੀਵਾਂ ਜੰਤਾਂ ਵੇਖੀ ਮਤ, ਸਾਧ ਸੰਤ ਰਹੇ ਕੁਰਲਾਈਆ। ਮਿਲੇ ਮੇਲ ਨਾ ਕੋਇ ਪੁਰਖ ਸਮਰਥ, ਧੁਰ ਦਾ ਸੰਗ ਨਾ ਕੋਇ ਨਿਭਾਈਆ । ਸਭ ਦਾ ਖੇੜਾ ਹੁੰਦਾ ਦਿਸੇ ਭੱਠ, ਅੱਗੇ ਹੋ ਨਾ ਕੋਇ ਬਚਾਈਆ। ਰਸਨਾ ਜਿਹਵਾ ਬੱਤੀ ਦੰਦ ਮਣਕਿਆਂ ਵਾਲਾ ਨਾਮ ਰਹੇ ਰਟ, ਅੰਤਰ ਆਤਮ ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਿਤਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਰੈਣ ਸਬਾਈ ਫਿਰੇ ਭੱਜੇ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਥੋੜੇ ਲੱਭੇ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਨਾਮ ਪਿਆਲੇ ਪੀ ਕੇ ਰਸ ਮਧੇ, ਮਧੁਰ ਧੁਨ ਰਹੇ ਜਸ ਗਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਕਲਜੁਗ ਤੱਤੀ ਵਾ ਵਗੇ, ਸਾਂਤਕ ਸਤਿ ਨਾ ਕੋਇ ਕਰਾਈਆ। ਮਾਨਸ ਮਨੁੱਖ ਹੋਏ ਹੰਸ ਜੀਵ ਕੱਗੇ, ਸੋਹੰ ਹੰਸਾ ਰੂਪ ਨਾ ਕੋਇ ਵਟਾਈਆ। ਨਾਰੀ ਪੁਰਸ਼ ਵੇਖੇ ਨੰਗੇ, ਧੀਰਜ ਧੀਰ ਸਤਿ ਸੰਤੋਖ ਸਤਿ ਸਤਿਵਾਦ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਤੇਰੇ ਹੱਥ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੀ ਮਾਰ ਕੇ ਨਜ਼ਰ, ਬੇਨਜ਼ੀਰ ਤੇਰੀ ਸਰਨਾਈਆ। ਗੁਰ ਅਵਤਾਰਾਂ ਰਹੀ ਕੋਈ ਨਾ ਕਦਰ, ਮਾਣ ਤਾਣ ਨਾ ਕੋਇ ਵਡਿਆਈਆ। ਗੁਰਮੁਖਾਂ ਪੂਰੀ ਹੋਵੇ ਨਾ ਸਧਰ, ਸਿਰ ਹੱਥ ਨਾ ਕੋਇ ਟਿਕਾਈਆ। ਚਾਰ ਕੁੰਟ ਕੂੜੀ ਕਿਰਿਆ ਪਿਆ ਗ਼ਦਰ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਸ਼ਾਹ ਸੁਲਤਾਨ ਕਮਾਵੇ ਕੋਈ ਨਾ ਅਦਲ, ਇਨਸਾਫ਼ ਹੱਥ ਕਿਸੇ ਨਾ ਆਈਆ। ਰੈਣ ਅੰਧੇਰੀ ਘਟਾ ਵੇਖੀ ਬੱਦਲ, ਸੂਰੀਆ ਸਚ ਨਾ ਕੋਇ ਰੁਸ਼ਨਾਈਆ। ਪੌੜੀ ਚੜ੍ਹੇ ਕੋਈ ਨਾ ਮੰਜ਼ਲ, ਦਰਗਾਹ ਸਚ ਨਾ ਕੋਇ ਸਮਾਈਆ। ਮਨ ਵਾਸਨਾ ਕਰੇ ਕੋਈ ਨਾ ਕਤਲ, ਖੰਡਾ ਨਾਮ ਨਾ ਹੱਥ ਉਠਾਈਆ। ਮੁੜ ਕੇ ਜਾਏ ਕੋਈ ਨਾ ਆਪਣੇ ਵਤਨ, ਜਗਤ ਵਿਛੋੜਾ ਪੰਧ ਮੁਕਾਈਆ। ਗੁਰਮੁਖ ਥੋੜੇ ਸੱਜਣ ਸੁਹੇਲੇ ਮੱਲ ਕੇ ਬੈਠੇ ਧੁਰ ਦਾ ਪਤਨ, ਖੇਵਟ ਖੇਟਾ ਇਕੋ ਨਜ਼ਰੀਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਣੀ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸਾਂ ਤੱਕਿਆਂ ਜਲ ਥਲ, ਮਹੀਅਲ

ਖੋਜ ਖੁਜਾਈਆ। ਬਿਨ ਭਗਤਾਂ ਦੀਪਕ ਜੋਤੀ ਕੋਈ ਨਾ ਰਿਹਾ ਬਲ, ਸੁੰਞ ਮਸਾਣ ਦਿਸੀ ਲੋਕਾਈਆ। ਵੇਖ ਕੇ ਆਏ ਡੂੰਘੀ ਡਲ, ਉਜਾੜ ਪਹਾੜ ਸਮੁੰਦ ਸਾਗਰ ਫੋਲ ਫੁਲਾਈਆ। ਉਚੇ ਟਿੱਲੇ ਪਰਬਤ ਵੇਖੇ ਥਲ, ਵਹਿੰਦੀ ਧਾਰ ਖੋਜ ਖੁਜਾਈਆ। ਬਿਨ ਜਨ ਭਗਤਾਂ ਸਾਚਾ ਦਰ ਕੋਈ ਨਾ ਬੈਠਾ ਮੱਲ, ਸਤਿ ਦਵਾਰੇ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਦਿਤਾ ਦਰਸਾਈਆ। ਰੈਣ ਸਬਾਈ ਰਹੇ ਲੱਭਦੇ, ਨਿਰਗੁਣ ਤੇਰੀ ਖੋਜ ਖੁਜਾਈਆ। ਪੈਂਡੇ ਮੁਕਾਂਦੇ ਰਹੇ ਜਗਤ ਜਹਾਨ ਹੱਦ ਦੇ, ਦੂਰ ਦੁਰਾਡੇ ਨੇੜੇ ਆਈਆ। ਸੰਤ ਸੁਹੇਲੇ ਰਹੇ ਸੱਦਦੇ, ਹੋਕਾ ਨਾਮ ਜਣਾਈਆ। ਵੇਖੋ ਕਲਜੁਗ ਅੰਗਿਆਰੇ ਅੱਗ ਦੇ, ਅਗਨੀ ਤਤ ਤਪਾਈਆ। ਕੂੜੀ ਕਿਰਿਆ ਪਿਆਲੇ ਮਦਿ ਦੇ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਕੋਟਾਂ ਵਿਚੋਂ ਗੁਰਮੁਖ ਸੰਤ ਸੁਹੇਲੇ ਸਚ ਦਵਾਰੇ ਸਜਦੇ, ਜਿਨ੍ਹਾਂ ਮਿਲਿਆ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰੈਣ ਸਬਾਈ ਆਏ ਭੌਂ, ਹਰਿ ਜੂ ਪਿਛਲਾ ਪੰਧ ਮੁਕਾਈਆ। ਮਾਨਵ ਮਾਨੁਖ ਸਾਰੇ ਰਹੇ ਸੌਂ, ਸੁੱਤਿਆਂ ਰੈਣ ਵਿਹਾਈਆ। ਭਗਤ ਸੁਹੇਲੇ ਤੇਰਾ ਜਪਦੇ ਨਾਉਂ, ਨਿਰੰਕਾਰ ਇਕ ਧਿਆਈਆ। ਅਰਬਾਂ ਖਰਬਾਂ ਵਿਚੋਂ ਥੋੜੇ ਵਸਦੇ ਵੇਖੇ ਗਾਉਂ, ਸਾਢੇ ਤਿੰਨ ਹੱਥ ਨਗਰ ਜਿਥੇ ਤੇਰੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇਣਾ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰੈਣ ਸਬਾਈ ਮੁਕਿਆ ਪੰਧ, ਪਾਂਧੀ ਰਹੇ ਸੁਣਾਈਆ। ਲੱਖ ਚੁਰਾਸੀ ਰਸਨਾ ਜਿਹਵਾ ਕੂੜੀ ਕਿਰਿਆ ਲੱਗਾ ਵੇਖਿਆ ਗੰਦ, ਸੱਚੀ ਧਾਰ ਨਾ ਕੋਇ ਵਹਾਈਆ। ਗੁਰਮੁਖ ਥੋੜੇ ਸੰਤ ਸੁਹੇਲੇ ਜਨ ਭਗਤ ਗੌਂਦੇ ਸੋਹੰ ਛੰਦ, ਸਹਿੰਸਾ ਰੋਗ ਸਰਬ ਚੁਕਾਈਆ। ਜਿਨ੍ਹਾਂ ਦੇ ਅੰਦਰ ਵੇਖਿਆ ਅਨੰਦ, ਅਨੰਦ ਅਨੰਦ ਵਿਚੋਂ ਪਰਗਟ ਹੋ ਕੇ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਤੇਰਾ ਨਜ਼ਰੀ ਆਈਆ। ਰੈਣ ਸਬਾਈ ਰਹੇ ਖੋਜਦੇ, ਖੋਜਤ ਖੋਜਤ ਵੇਖ ਵਖਾਈਆ। ਵੇਖੇ ਨਜ਼ਾਰੇ ਤੇਰੀ ਮੌਜ ਦੇ, ਮਜਲਸ ਭਗਤਾਂ ਨਾਲ ਲਗਾਈਆ। ਲਹਿਣੇ ਚੁਕਾ ਕੇ ਲੋਕ ਪਰਲੋਕ ਦੇ, ਚਰਨ ਕਵਲ ਦਿਤੀ ਸਰਨਾਈਆ। ਪਿਆ ਪਿਆਲੇ ਨਾਮ ਖ਼ੁਮਾਰੀ ਮਦਹੋਸ਼ ਦੇ, ਮਸਤ ਮਸਤਾਨੇ ਦਏ ਬਣਾਈਆ। ਉਹ ਦਰਸ ਤੇਰਾ ਪ੍ਰਭ ਲੋਚਦੇ, ਲੋਚਨ ਨੇਤਰ ਨੈਣ ਅੱਖ ਉਠਾਈਆ। ਜਨ ਭਗਤਾਂ ਲੇਖੇ ਮੁਕੇ ਅਫ਼ਸੋਸ ਦੇ, ਚਿੰਤਾ ਰੋਗ ਗਵਾਈਆ। ਇਕੋ ਦਰਸ਼ਨ ਤੇਰਾ ਲੋਚਦੇ, ਦੂਜੀ ਲੋੜ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰੈਣ ਪਿਛੋਂ ਵੇਖਿਆ ਦਿਵਸ ਚੜ੍ਹਦਾ, ਲੋਕਮਾਤ ਵੱਜੀ ਵਧਾਈਆ। ਭਗਤ ਸੁਹੇਲਾ ਇਕ ਅਕੇਲਾ ਸਚ ਦਵਾਰੇ ਵੇਖਿਆ ਖੜ੍ਹਦਾ, ਬਲਧਾਰੀ ਆਪਣਾ ਬਲ ਧਰਾਈਆ। ਦੋ ਜਹਾਨ ਵੇਖਿਆ ਡਰਦਾ, ਭੈ ਭਉ ਸਿਰ ਰਖਾਈਆ। ਖੇਲ ਵੇਖਿਆ ਨਰਾਇਣ ਨਰ ਦਾ, ਨਰ ਹਰਿ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦਿਵਸ ਵੇਖਿਆ ਵੇਲਾ ਸੁਹੰਜਣਾ ਸਾਢੇ ਦਸ, ਦਸਤਗੀਰ ਮਿਲੀ ਵਡਿਆਈਆ। ਸਾਡੀ ਪਲਕ ਨਾ ਖੁਲ੍ਹੀ ਅੱਖ, ਪ੍ਰਤਖ ਰੂਪ ਗੁਸਾਈਂਆ। ਜਨ ਭਗਤਾਂ ਦੇਵਣਹਾਰਾ ਹਕ, ਹਿਕਮਤ ਆਪਣੇ ਹੱਥ ਰਖਾਈਆ। ਜਿਸ ਵਕਤ ਸੁਹੇਲੇ ਭਗਤ ਦਵਾਰੇ ਨੀਂਹ ਦਿਤੀ ਰੱਖ, ਨੀਵਿਆਂ ਉਚੇ ਰਿਹਾ ਬਣਾਈਆ । ਓਸ ਦਾ ਨਿਸ਼ਾਨਾ ਚੜ੍ਹਿਆ ਝੱਟ,

ਫੱਟ ਦੋ ਜਹਾਨ ਲਗਾਈਆ। ਅੱਗੇ ਜਾ ਕੇ ਰਿਹਾ ਦੱਸ, ਜਨ ਭਗਤਾਂ ਆਪ ਜਣਾਈਆ। ਉਠੋ ਵੇਖੇ ਲੋਕਮਾਤ, ਧਰਨੀ ਧਰਤ ਧਵਲ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਠਾਕਰ ਸਵਾਮੀ ਪੁਰਖ ਪੁਰਖੋਤਮ ਖੇਲ ਕਰੇ ਸਾਖਿਆਤ, ਬੰਦ ਤਾਕ ਨਾ ਕੋਇ ਰਖਾਈਆ । ਲੇਖਾ ਜਾਣੇ ਭਵਿਖਤ ਵਾਕ, ਵੇਲਾ ਵਕਤ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਸਾਢੇ ਦਸ ਵੇਖਿਆ ਨਿਸ਼ਾਨਾ, ਨਿਸ਼ਾ ਸਭ ਦੀ ਰਿਹਾ ਕਰਾਈਆ। ਜਿਸ ਦਾ ਦੇ ਕੇ ਗਿਆ ਬਿਆਨਾ, ਤਿਸ ਦਾ ਹਕ ਝੋਲੀ ਪਾਈਆ। ਲੇਖਾ ਜਾਣ ਸ੍ਰੀ ਭਗਵਾਨਾ, ਭਾਗ ਭਗਤਾਂ ਰਿਹਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਅਗੰਮ ਅਥਾਹੀਆ। ਸੱਤ ਰੰਗ ਨਿਸ਼ਾਨਾ ਵੇਖ ਬ੍ਰਹਮ, ਬ੍ਰਹਮਾ ਸੀਸ ਨਿਵਾਈਆ। ਕਰੇ ਖੇਲ ਸ੍ਰੀ ਭਗਵਨ, ਭਗਤਾਂ ਦਏ ਵਡਿਆਈਆ। ਲੱਖ ਚੁਰਾਸੀ ਦੇਵੇ ਡੰਨ, ਬਚਿਆ ਕੋਇ ਰਹਿਣ ਨਾ ਪਾਈਆ। ਸੰਤ ਸੁਹੇਲੇ ਸਾਚੇ ਚੰਨ, ਬਿਨ ਚੰਦ ਕਰੇ ਰੁਸ਼ਨਾਈਆ। ਸਤਿ ਸਤਿਵਾਦੀ ਬੇੜਾ ਬੰਨ੍ਹ, ਬੰਨੇ ਅਗਲੇ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੋ ਕੇ ਖ਼ੁਸ਼ਹਾਲ, ਖ਼ੁਸ਼ੀਆਂ ਰੰਗ ਰੰਗਾਈਆ। ਜਨ ਭਗਤਾਂ ਹੋਇਆ ਆਪ ਦਿਆਲ, ਦੀਨਣ ਗਲੇ ਲਗਾਈਆ। ਸਚ ਦਵਾਰੇ ਵੇਖੀ ਸੱਚੀ ਧਰਮਸਾਲ, ਧਰਮੀ ਇਕੋ ਬੇਪਰਵਾਹੀਆ। ਜਿਸ ਦਾ ਹੁਕਮ ਸਦਾ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਓਸ ਨੂੰ ਦੱਸੀਏ ਅੱਖੀਂ ਵੇਖਿਆ ਹਾਲ, ਪੜਦਾ ਓਹਲਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ । ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਵੇਖਿਆ ਪੋਹ ਛੇ, ਬ੍ਰਹਿਮੰਡ ਖੰਡ ਧਿਆਨ ਲਗਾਈਆ। ਲੱਖ ਚੁਰਾਸੀ ਕਾਇਆ ਮਾਟੀ ਸਭ ਦੀ ਦਿਸੇ ਥੇਹ, ਸਚ ਮਨਾਰ ਨਾ ਕੋਇ ਸੁਹਾਈਆ। ਕੋਟਨ ਕੋਟ ਕੋਟਾਂ ਵਿਚੋਂ ਜਨ ਭਗਤਾਂ ਲੱਗਾ ਤੇਰੇ ਨਾਲ ਨੇਂਹਉਂ, ਨਿਉਂ ਨਿਉਂ ਬੈਠਣ ਸੀਸ ਝੁਕਾਈਆ । ਤੈਨੂੰ ਮਾਲਕ ਖ਼ਾਲਕ ਪ੍ਰਿਤਪਾਲਕ ਮੰਨ ਕੇ ਧੁਰ ਦਾ ਪਿਉ, ਪਿਤਾ ਇਕੋ ਇਕ ਬਣਾਈਆ। ਅਸਾਂ ਵੇਖਿਆ ਸਚਖੰਡ ਮਾਰ ਧਿਆਨ ਪਤਾ ਨਹੀਂ ਕਿਸ ਵੇਲੇ ਕਿਥੇ ਗਿਉਂ, ਗਹਿਰ ਗੰਭੀਰ ਆਪਣੀ ਖੇਲ ਖਿਲਾਈਆ। ਸਾਨੂੰ ਗੋਬਿੰਦ ਦੱਸਿਆ ਭਗਤਾਂ ਅੰਦਰ ਰਿਹੋਂ, ਦੂਜਾ ਘਰ ਨਾ ਕੋਇ ਵਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਦੇਣਾ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦਿਵਸ ਦਿਨ ਰਹੇ ਲੱਭਦੇ, ਥਾਨ ਥਨੰਤਰ ਖੋਜ ਖੁਜਾਈਆ। ਬਿਨ ਪੈਰਾਂ ਰਹੇ ਭੱਜਦੇ, ਅਗਲਾ ਪਿਛਲਾ ਪੰਧ ਮੁਕਾਈਆ । ਕੂਕਾਂ ਮਾਰ ਮਾਰ ਰਹੇ ਸੱਦਦੇ, ਹੋਕੇ ਹਕ ਜਣਾਈਆ। ਵਾਹੋ ਦਾਹੀ ਅੱਗੇ ਰਹੇ ਵਧਦੇ, ਬਲ ਆਪਣਾ ਆਪ ਪਰਗਟਾਈਆ। ਜਿਸ ਵੇਲੇ ਵੇਖਿਆ ਭਗਤ ਦਵਾਰਾ ਲੰਘ ਕੇ, ਆਪਣੀ ਅੱਖ ਖੁਲ੍ਹਾਈਆ। ਅਬਿਨਾਸ਼ੀ ਕਰਤਾ ਬੈਠਾ ਕੋਲ ਪਲੰਘ ਦੇ, ਸਾਢੇ ਤਿੰਨ ਹੱਥ ਮੰਦਰ ਇਕ ਸੁਹਾਈਆ। ਜਿਥੇ ਨਾਦ ਅਗੰਮੀ ਵਜਦੇ, ਸ਼ਬਦ ਧੁਨ ਕਰਨ ਸ਼ਨਵਾਈਆ। ਜਨ ਭਗਤ ਸੁਹੇਲੇ ਸੱਜਣ ਉਥੇ ਸਜਦੇ, ਸਜਦਿਆਂ ਵਾਲਾ ਨਜ਼ਰ ਕੋਇ ਨਾ ਆਈਆ। ਇਕੋ ਨਾਮ ਨਿਧਾਨਾ ਜਪਦੇ, ਜਪ ਜੀਵਣ ਖ਼ੁਸ਼ੀ ਵਖਾਈਆ। ਝਗੜੇ ਛੱਡ ਕੇ ਦੀਨ ਮਜ਼੍ਹਬ ਦੇ, ਮਜਲਸ ਇਕੋ ਰਹੇ ਵਖਾਈਆ । ਕਾਇਆ ਚੋਲੀ ਆਪਣੀ ਰੰਗਦੇ, ਕੂੜੀ ਕਿਰਿਆ ਮੈਲ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਤੇਰੀ ਸੇਵ ਕਮਾਈਆ। ਗੁਰ ਅਵਤਾਰ ਪੈਗ਼ੰਬਰ

ਕਹਿਣ ਛੇ ਪੋਹ ਦੀ ਛੇਵੀਂ ਰਾਤ, ਗੋਬਿੰਦ ਰਿਹਾ ਜਣਾਈਆ। ਪੁਰਖ ਅਬਿਨਾਸ਼ੀ ਜਨ ਭਗਤਾਂ ਦੇਵਣ ਜਾਣਾ ਨਾਮ ਸੁਗਾਤ, ਗਿਆਰਾਂ ਸਦ ਸੌ ਇਕੋ ਵਾਰ ਦਰਸ ਦਿਖਾਈਆ। ਅਗਲੀ ਖ਼ੁਸ਼ੀਆਂ ਵਾਲੀ ਚੜ੍ਹੇ ਪਰਭਾਤ, ਗੁਰਮੁਖ ਪਰਭਾਤੀ ਘਰ ਵੱਜੇ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੰਡਣ ਜਾਏ ਆਪ ਸੁਗਾਤ, ਸੁਗੰਦ ਖਾ ਕੇ ਗੁਰਮੁਖਾਂ ਝੋਲੀ ਦਏ ਭਰਾਈਆ।

੭ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸਿਆ, ਦੋ ਜਹਾਨ ਬ੍ਰਹਿਮੰਡ ਖੰਡ ਖੋਜ ਖੁਜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੂੰ ਭਗਤਾਂ ਅੰਦਰ ਵਸਿਆ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਡੇਰਾ ਲਾਈਆ। ਕਲਜੁਗ ਕੂੜ ਕੁੜਿਆਰ ਮੇਟੀ ਰੈਣ ਅੰਧੇਰੀ ਮੱਸਿਆ, ਦੀਆ ਬਾਤੀ ਕਮਲਾਪਾਤੀ ਜੋਤੀ ਜੋਤ ਕਰ ਰੁਸ਼ਨਾਈਆ। ਸਚ ਜੈਕਾਰਾ ਬੋਲਿਆ ਇਕ ਅਲੱਖਿਆ, ਧੁਰ ਦਾ ਢੋਲਾ ਸੋਹਲਾ ਰਾਗ ਅਲਾਈਆ। ਸਾਚਾ ਮਾਰਗ ਸਤਿ ਸਤਿਵਾਦੀ ਪਾਰਬ੍ਰਹਮ ਬ੍ਰਹਮ ਏਕਾ ਦੱਸਿਆ, ਅੰਤਰ ਆਤਮ ਪੜਦਾ ਲਾਹੀਆ। ਨਿਜ ਨੇਤਰ ਲੋਚਨ ਨੈਣ ਦਰਸ ਕਰਾਇਆ ਆਪਣੀ ਅੱਖਿਆ, ਦੂਈ ਦਵੈਤੀ ਪੜਦਾ ਆਪ ਉਠਾਈਆ। ਅੰਮ੍ਰਿਤ ਆਤਮ ਰਸ ਨਿਜਰ ਝਿਰਨਾ ਬੂੰਦ ਸਵਾਂਤੀ ਦਿਤੀ ਰਸਿਆ, ਕੂੜ ਕੁੜਿਆਰਾ ਰਸ ਰਹਿਣ ਕੋਇ ਨਾ ਪਾਈਆ। ਨਾਮ ਰੰਗਣ ਪੰਜ ਤਤ ਕਾਇਆ ਚੋਲਾ ਰੰਗਿਆ, ਦੁਰਮਤ ਮੈਲ ਧੁਆਈਆ। ਘਰ ਨਾਦ ਸੁਣਾਇਆ ਸ਼ਬਦ ਅਨਹੱਦਿਆ, ਭੇਵ ਅਭੇਦਾ ਆਪ ਖੁਲ੍ਹਾਈਆ। ਨਾਮ ਖ਼ੁਮਾਰੀ ਰਸ ਚਾੜ੍ਹਿਆ ਮੱਧਿਆ, ਦਿਵਸ ਰੈਣ ਉਤਰ ਕਦੇ ਨਾ ਜਾਈਆ। ਤ੍ਰੈਗੁਣ ਮਾਇਆ ਮੇਟੀ ਅੱਗਿਆ, ਪੰਚਮ ਨਾਤਾ ਮੋਹ ਮੁਕਾਈਆ। ਸਚ ਦਰਬਾਰ ਸੰਤ ਸੁਹੇਲਾ ਸੱਦਿਆ, ਸ਼ਬਦ ਸੁਨੇਹੜਾ ਇਕ ਜਣਾਈਆ। ਧਰਮ ਨਿਸ਼ਾਨਾ ਧੁਰ ਦਾ ਗੱਡਿਆ, ਪੁਰੀ ਲੋਅ ਆਪ ਵਖਾਈਆ। ਸ਼ਾਹ ਸੁਲਤਾਨ ਮਹਿਬੂਬ ਮੁਹੱਬਤ ਵਿਚ ਗੱਜਿਆ, ਨਰ ਨਿਰੰਕਾਰ ਆਪਣੀ ਦਇਆ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਖੇਲੇ ਖੇਲ ਸੂਰਾ ਸਰਬਗਿਆ, ਨਿਰਗੁਣ ਆਪਣੀ ਕਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲਣ ਸਚ, ਸਤਿ ਸਤਿਵਾਦੀ ਇਕ ਜਣਾਈਆ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਜੀਵ ਜੰਤ ਵੇਖ ਨੱਠ, ਨਵ ਨੌ ਆਪਣਾ ਪੰਧ ਮੁਕਾਈਆ। ਅੰਦਰ ਵੜ ਕੇ ਵੇਖਿਆ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੋਜ ਖੁਜਾਈਆ। ਗ੍ਰਹਿ ਮੰਦਰ ਵੇਖਿਆ ਸ਼ਿਵਦਵਾਲਾ ਮੰਦਰ ਮਸਜਿਦ ਮੱਠ, ਗੁਰੂਦਵਾਰਾ ਪੜਦਾ ਲਾਹੀਆ। ਸ੍ਰਿਸ਼ਟ ਸਬਾਈ ਕੂੜੀ ਕਿਰਿਆ ਜਗਤ ਮਾਇਆ ਰਹੀ ਮੱਚ, ਅਗਨੀ ਤਤ ਨਾ ਕੋਇ ਬੁਝਾਈਆ। ਮਨ ਵਾਸਨਾ ਸਾਰੇ ਰਹੇ ਨੱਚ, ਸਤਿਗੁਰ ਸ਼ਬਦ ਨਾ ਕੋਇ ਕਮਾਈਆ। ਰਸਨਾ ਜਿਹਵਾ ਬੱਤੀ ਦੰਦ ਮਣਕਿਆਂ ਵਾਲੀ ਮਾਲਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭੁਆਈਆ। ਜਗਤ ਵਣਜਾਰੇ ਖੋਲ੍ਹ ਕੇ ਬੈਠੇ ਹੱਟ, ਹਰਿ ਕਾ ਨਾਮ ਝੋਲੀ ਕੋਇ ਨਾ ਪਾਈਆ। ਬਿਨ ਭਗਤਾਂ ਤੇਰੇ ਮਿਲਣ ਦੀ ਖੁਲ੍ਹੀ ਕਿਸੇ ਨਾ ਅੱਖ, ਪ੍ਰਤਖ ਦਰਸ ਕੋਇ ਨਾ ਪਾਈਆ। ਕਲਜੁਗ ਖੇਲ ਬਾਜੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਪੁਰਖ ਅਕਾਲ ਤੇਰੇ ਅੱਗੇ ਜੋੜ ਕੇ ਹੱਥ, ਨਮਸਤੇ ਕਹਿ ਕੇ ਸੀਸ ਝੁਕਾਈਆ। ਤੇਰਾ

ਜੈਕਾਰਾ ਬੋਲ ਕੇ ਅਲੱਖ, ਧੁਰ ਦਾ ਹੋਕਾ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸੀ ਸਚ ਸਲਾਹ, ਧੁਰ ਦਾ ਹੁਕਮ ਇਕ ਜਣਾਈਆ। ਅਬਿਨਾਸ਼ੀ ਕਰਤਾ ਲੱਖ ਚੁਰਾਸੀ ਸਦਾ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਜਿਸ ਦੇ ਢੋਲੇ ਰਹੇ ਗਾ, ਗਿਆਨ ਗੀਤਾ ਖਾਣੀ ਬਾਣੀ ਸਿਫ਼ਤ ਸਲਾਹੀਆ। ਜੋ ਆਦਿ ਜੁਗਾਦੀ ਰਹਿਬਰ ਜਲਵਾ ਨੂਰੀ ਇਕ ਖ਼ੁਦਾ, ਮਾਲਕ ਮੁਕਾਮੇ ਹਕ ਇਕ ਅਖਵਾਈਆ। ਜੋ ਸਚਖੰਡ ਦਵਾਰੇ ਸਚ ਸਿੰਘਾਸਣ ਡੇਰਾ ਬੈਠਾ ਲਾ, ਰੂਪ ਰੰਗ ਰੇਖ ਨਜ਼ਰ ਕੋਇ ਨਾ ਪਾਈਆ। ਜੋ ਲੇਖਾ ਜਾਨਣਹਾਰਾ ਦੋ ਜਹਾਂ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਹਿਰਦੇ ਭਗਤਾਂ ਅੰਦਰ ਵਸਦਾ, ਦੂਜੇ ਦਰ ਨਜ਼ਰ ਕੋਇ ਨਾ ਆਈਆ। ਪਿਆਰ ਦੇ ਕੇ ਆਪਣੇ ਰਸ ਦਾ, ਰਸਤਾ ਸਾਚਾ ਦਏ ਜਣਾਈਆ । ਜਿਸ ਗ੍ਰਹਿ ਮੰਦਰ ਮਹੱਲ ਅਟਲ ਪਰਵਰਦਿਗਾਰ ਵਸਦਾ, ਪਰਮ ਪੁਰਖ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਆਪਣਾ ਖੇਲ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੇ ਜਨ ਭਗਤ, ਭਾਉ ਇਕੋ ਨਜ਼ਰੀ ਆਈਆ। ਨਾਤਾ ਤੋੜ ਕੇ ਸ੍ਰਿਸ਼ਟੀ ਜਗਤ, ਜਗਜੀਵਣ ਦਾਤਾ ਇਕ ਧਿਆਈਆ। ਰਾਹ ਤੱਕ ਕੇ ਅਰਸ਼ ਫ਼ਰਸ਼, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਮਾਇਆ ਮਮਤਾ ਮੋਹ ਕਰਕੇ ਤਰਕ, ਆਸਾ ਮਨਸਾ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਸਭ ਦੇ ਰਿਹਾ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੇ ਜਨ ਭਗਤ ਧਿਔਂਦੇ, ਅੰਤਰ ਆਤਮ ਇਕ ਆਵਾਜ਼ ਲਗਾਈਆ। ਤੂੰ ਮੇਰਾ ਮੈਂ ਤੇਰਾ ਸਾਚਾ ਢੋਲਾ ਗੌਂਦੇ, ਸੋਹੰ ਸਚ ਪੜ੍ਹਾਈਆ। ਘਰ ਸਵਾਮੀ ਆਪਣਾ ਪੌਂਦੇ, ਬਾਹਰ ਖੋਜਣ ਕੋਇ ਨਾ ਜਾਈਆ। ਸਚ ਸਰੋਵਰ ਅੰਤਰ ਤੀਰਥ ਨਹੌਂਦੇ, ਦੁਰਮਤ ਮੈਲ ਧੁਆਈਆ। ਅਨਹਦ ਰਾਗੀ ਰਾਗ ਸੁਣੌਂਦੇ, ਅਗੰਮੀ ਸੁਰ ਤਾਲ ਵਜਾਈਆ। ਨਿਜ ਘਰ ਨਿਜ ਨੇਤਰ ਹਰਿ ਸਤਿਗੁਰ ਦਰਸ਼ਨ ਪੌਂਦੇ, ਸਚ ਸਰੂਪੀ ਨਜ਼ਰੀ ਆਈਆ। ਦੋਏ ਜੋੜ ਚਰਨ ਕਵਲ ਸੀਸ ਝੁਕੌਂਦੇ, ਬੰਦਨਾ ਕਹਿ ਕਹਿ ਸ਼ੁਕਰ ਮਨਾਈਆ। ਵੇਲਾ ਵਕਤ ਮਾਤ ਸੁਹੌਂਦੇ, ਘੜੀ ਸੁਹੰਜਣੀ ਮਿਲੀ ਵਡਿਆਈਆ। ਦਿਨੇ ਜਾਗਦਿਆਂ ਰਾਤੀ ਸੁੱਤਿਆਂ ਆਸਾ ਮਨਸਾ ਇਕ ਰਖੌਂਦੇ, ਦੂਜੀ ਤ੍ਰਿਖਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਗਿਆਰਾਂ ਸੌ ਵੇਖਿਆ ਰਾਤੀਂ, ਰੰਗ ਰੰਤੜਾ ਦਏ ਵਡਿਆਈਆ। ਜਿਨ੍ਹਾਂ ਦੇ ਅੰਦਰ ਮਾਰ ਕੇ ਝਾਤੀ, ਝਾਕੀ ਆਪਣੀ ਦਿਤੀ ਵਖਾਈਆ। ਨਾਮ ਸੁਨੇਹੜਾ ਦੇ ਕੇ ਗਾਥੀ, ਸਾਚਾ ਸੋਹਲਾ ਦਿਤਾ ਜਣਾਈਆ। ਕਰ ਪਰਕਾਸ਼ ਬਿਨ ਦੀਆ ਬਾਤੀ, ਜੋਤੀ ਜੋਤ ਜੋਤ ਰੁਸ਼ਨਾਈਆ। ਨਾਮ ਪਿਆਲਾ ਦਿਤਾ ਬਣ ਕੇ ਸਾਕੀ, ਸਗਲੀ ਚਿੰਤ ਗਵਾਈਆ। ਮਨ ਮਨੂਆ ਨਾ ਰਹੇ ਆਕੀ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਘਰ ਵਿਚ ਘਰ ਵਖਾਈ ਸਚ ਪਰਭਾਤੀ, ਪ੍ਰਭ ਆਪਣਾ ਮੇਲ ਮਿਲਾਈਆ। ਚਾਰ ਜੁਗ ਦੀ ਸੱਚੀ ਸਾਖੀ, ਸਾਹਿਬ ਸਵਾਮੀ ਦਿਤੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਭਗਤ ਸੁਹੇਲੇ, ਕੋਟਨ ਕੋਟਾਂ ਵਿਚੋਂ ਨਜ਼ਰੀ ਆਈਆ। ਜਿਨ੍ਹਾਂ

ਦੇ ਅੰਤਰ ਆਤਮ ਪਰਮਾਤਮ ਨਾਲ ਮੇਲੇ, ਬਾਹਰੋਂ ਕਰਨ ਨਾ ਕੋਇ ਪੜ੍ਹਾਈਆ। ਇਕੇ ਮੰਦਰ ਅੰਦਰ ਵਸਣ ਗੁਰੂ ਗੁਰ ਚੇਲੇ, ਸਾਢੇ ਤਿੰਨ ਹੱਥ ਸੋਭਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਵੇਖੇ ਕਰਦੇ ਧਿਆਨ, ਚਰਨ ਕਵਲ ਕਵਲ ਸਰਨਾਈਆ। ਸਾਚਾ ਤੱਕਦੇ ਉਹ ਨਿਸ਼ਾਨ, ਜਿਸ ਦਾ ਮਾਲਕ ਬੇਪਰਵਾਹੀਆ। ਨਿਜ ਨੇਤਰ ਦਰਸ਼ਨ ਆਪਣੇ ਪਾਣ, ਕੂੜੀ ਕਿਰਿਆ ਰਿਹਾ ਮਿਟਾਈਆ। ਨਾਤਾ ਤੋੜ ਕੇ ਕੂੜ ਜਹਾਨ, ਪ੍ਰੀਤੀ ਪ੍ਰੀਤਮ ਸਚ ਕਮਾਈਆ। ਚਰਨ ਧੂੜ ਕਰ ਇਸ਼ਨਾਨ, ਦੁਰਮਤ ਮੈਲ ਧੁਆਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਗਾਣ, ਖ਼ੁਸ਼ੀਆਂ ਆਪਣਾ ਰੰਗ ਰੰਗਾਈਆ। ਅਸੀਂ ਵੇਖ ਕੇ ਹੋਏ ਹੈਰਾਨ, ਹੈਰਾਨੀ ਸਭ ਦੇ ਉਤੇ ਛਾਈਆ। ਕਲਜੁਗ ਜੀਵ ਭੁੱਲੇ ਵੇਖੇ ਸਰਬ ਨਾਦਾਨ, ਗੁਰ ਕਾ ਭੈ ਨਾ ਕੋਇ ਜਣਾਈਆ। ਭਗਤ ਸੁਹੇਲੇ ਵੇਖੇ ਜੋ ਨਿਉਂ ਨਿਉਂ ਮੰਗਣ ਦਾਨ, ਆਪਣੀ ਝੋਲੀ ਅੱਗੇ ਡਾਹੀਆ। ਤੂੰ ਸਾਹਿਬ ਸਵਾਮੀ ਸਖ਼ੀਆਂ ਵਾਲਾ ਕਾਹਨ, ਬੰਸਰੀ ਸਾਚਾ ਨਾਮ ਸੁਣਾਈਆ। ਤੂੰ ਸਾਖਿਆਤ ਸੀਤਾ ਵਾਲਾ ਸਈਆ ਰਾਮ, ਰਮਈਆ ਹਰ ਘਟ ਨਜ਼ਰੀ ਆਈਆ। ਤੂੰ ਪੈਗ਼ੰਬਰਾਂ ਸੁਨਾਵਣਹਾਰਾ ਪੈਗ਼ਾਮ, ਕਲਮਾ ਅਗੰਮ ਅਥਾਹ ਜਣਾਈਆ। ਤੂੰ ਨਿਰਗੁਣ ਸਰਗੁਣ ਝੁਲਾਵਣਹਾਰ ਨਿਸ਼ਾਨ, ਨਾਨਕ ਗੋਬਿੰਦ ਭੇਵ ਖੁਲ੍ਹਾਈਆ। ਤੂੰ ਸਾਹਿਬ ਸਵਾਮੀ ਬਣ ਕੇ ਹੁਕਮਰਾਨ, ਧੁਰ ਦਾ ਹੁਕਮ ਇਕ ਮਨਾਈਆ। ਲੱਖ ਚੁਰਾਸੀ ਦੇਵਣਹਾਰ ਗਿਆਨ, ਬੋਧ ਅਗਾਧ ਕਰੇਂ ਪੜ੍ਹਾਈਆ। ਜਨ ਭਗਤਾਂ ਬਖ਼ਸ਼ਣਹਾਰਾ ਚਰਨ ਧਿਆਨ, ਚਰਨ ਚਰਨੋਦਕ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੇ ਜਨ ਭਗਤ ਮੰਗਦੇ, ਸਚ ਦਵਾਰ ਅਲਖ ਜਗਾਈਆ। ਸਾਚੀ ਝੋਲੀ ਕਾਇਆ ਰੰਗਦੇ, ਰੰਗ ਮਜੀਠੀ ਇਕ ਚੜ੍ਹਾਈਆ। ਰਸ ਦੇ ਅਗੰਮੀ ਅਨੰਦ ਦੇ, ਨਿਜਾਨੰਦ ਵੱਜੇ ਵਧਾਈਆ। ਜਨਮ ਕਰਮ ਦੀ ਟੁੱਟੀ ਪ੍ਰਭ ਆਪਣੇ ਨਾਲ ਗੰਢ ਦੇ, ਏਥੇ ਓਥੇ ਅੱਗੇ ਨਾ ਹੋਵੇ ਜੁਦਾਈਆ। ਅਸੀਂ ਤੇਰਾ ਢੋਲਾ ਸੋਹਲਾ ਇਕੋ ਮੰਗਦੇ, ਸ਼ਬਦ ਅਨਾਦੀ ਦੇ ਦ੍ਰਿੜਾਈਆ। ਝਗੜੇ ਮੁਕ ਜਾਣ ਵਿਛੋੜੇ ਰੰਡ ਦੇ, ਕੰਤ ਸੁਹਾਗੀ ਇਕ ਹੰਢਾਈਆ। ਰਾਗ ਮੁਕ ਜਾਣ ਸਤਾਰ ਤੰਦ ਦੇ, ਇਕੋ ਤੂੰ ਹੀ ਤੂੰ ਹੀ ਨਜ਼ਰੀ ਆਈਆ। ਪੜਦੇ ਲਾਹ ਦੇ ਅੰਧੇਰੇ ਅੰਧ ਦੇ, ਨਿਜ ਨੇਤਰ ਹੋਵੇ ਰੁਸ਼ਨਾਈਆ। ਝਗੜੇ ਮੁਕਾ ਦੇ ਸੂਰਜ ਚੰਦ ਦੇ, ਜੋਤ ਨਿਰੰਜਣ ਡਗਮਗਾਈਆ। ਲੇਖੇ ਛੁਟ ਜਾਣ ਅਗਲੇ ਪੰਧ ਦੇ, ਮੰਜ਼ਲ ਅਵਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਵੇਖ ਕੇ ਆਏ ਅੱਖੀਆਂ, ਆਖ਼ਰ ਆਪਣਾ ਪੰਧ ਮੁਕਾਈਆ। ਤੇਰੇ ਭਗਤ ਸੁਹੇਲੇ ਸਾਚੀ ਸਖ਼ੀਆਂ, ਦਿਵਸ ਰੈਣ ਤੇਰਾ ਰਾਹ ਤਕਾਈਆ। ਕਾਇਆ ਮੰਦਰ ਅੰਦਰ ਵੜਕੇ ਛੱਡ ਗਏ ਜਗਾਉਂਣੀਆ ਬੱਤੀਆਂ, ਇਕੋ ਤੇਰਾ ਨੂਰ ਨਜ਼ਰੀ ਆਈਆ। ਤੂੰ ਸਾਹਿਬ ਸਵਾਮੀ ਮਾਲਕ ਧੁਰ ਦਾ ਪਤੀ ਪਤੀਆ, ਪਤਿਪਰਮੇਸ਼ਵਰ ਤੇਰੀ ਓਟ ਰਖਾਈਆ। ਜਿਸ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਪੈਜਾਂ ਰੱਖੀਆਂ, ਨਿਰਗੁਣ ਸਰਗੁਣ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤਾਂ ਅੰਦਰ ਇਕੋ ਆਸ, ਪ੍ਰਭ ਮਿਲਣ ਦੀ ਸਦਾ ਤਕਾਈਆ। ਕਿਰਪਾ ਨਿਧਾਨ ਮੇਟ ਦੇ ਅੰਤ ਪਿਆਸ, ਤ੍ਰਿਸਨਾ ਰਹੇ ਨਾ ਰਾਈਆ। ਅੰਦਰ ਵੜਕੇ ਹੋ ਸਾਥ, ਧੁਰ ਦਾ ਸੰਗ ਨਿਭਾਈਆ।

ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਬਣ ਜਾਏ ਪਾਠ, ਸਿਮਰਨ ਪੂਜਾ ਜੋਗ ਅਭਿਆਸ ਤੇਰਾ ਚਰਨ ਨਜ਼ਰੀ ਆਈਆ। ਮੰਜ਼ਲ ਪੌੜੀ ਪੰਧ ਮੁਕ ਜਾਏ ਅਗਲੇ ਘਾਟ, ਵਾਟ ਨੇੜੇ ਦੇ ਵਖਾਈਆ। ਜਨ ਭਗਤ ਸੁਹੇਲੇ ਤੇਰੀ ਰਖਦੇ ਯਾਦ, ਦਿਵਸ ਰੈਣ ਧਿਆਨ ਲਗਾਈਆ। ਉਨ੍ਹਾਂ ਮਾਰ ਆਪਣੀ ਆਵਾਜ਼, ਕਲਜੁਗ ਸੁਤਿਆਂ ਲਏ ਜਗਾਈਆ। ਅੰਦਰ ਵੜ ਕੇ ਖੋਲ੍ਹ ਰਾਜ਼, ਪੜਦਾ ਓਹਲਾ ਮੇਟ ਮਿਟਾਈਆ। ਸਾਚਾ ਦੱਸਦੇ ਇਕ ਸਮਾਜ, ਜਿਸ ਦੀ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਤੇਰੇ ਭਗਤ ਸੁਹੇਲੇ ਵੇਖੇ ਗੁਣਵੰਤ, ਵੱਜੇ ਸਚ ਵਧਾਈਆ। ਉਹ ਸੰਤਾਂ ਵਿਚੋਂ ਸਾਚੇ ਸੰਤ, ਜੋ ਸਤਿ ਪੁਰਖ ਨਿਰੰਜਣ ਤੇਰੀ ਆਸ ਤਕਾਈਆ। ਤੂੰ ਉਹਨਾਂ ਬਣ ਕੇ ਧੁਰ ਦਾ ਕੰਤ, ਸਦ ਦੇਣੀ ਮਾਣ ਵਡਿਆਈਆ। ਹਉਂ ਜਾਚਕ ਦਰ ਤੇ ਮੰਗਤ, ਭਿਖਾਰੀ ਝੋਲੀ ਡਾਹੀਆ। ਤੂੰ ਬੋਧ ਅਗਾਧਾ ਧੁਰ ਦਾ ਪੰਡਤ, ਚੌਦਾਂ ਵਿਦਿਆ ਸਮਝ ਨਾ ਰਾਈਆ। ਤੇਰਾ ਲੇਖਾ ਜੇਰਜ ਅੰਡਜ, ਉਤਭੁਜ ਸੇਤਜ ਰਿਹਾ ਸਮਾਈਆ। ਸਚ ਦਵਾਰਾ ਤੇਰਾ ਆਏ ਮੰਗਤ, ਵਸਤ ਅਮੋਲਕ ਦੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੇ ਭਗਤ ਜਨ ਸੁੱਤੇ, ਖਟੀਆ ਸੋਹਣੀ ਨਜ਼ਰੀ ਆਈਆ। ਪੁਰਖ ਅਬਿਨਾਸ਼ੀ ਜੋ ਉਹਨਾਂ ਜਾ ਕੇ ਪੁਛੇ, ਜਿਨ੍ਹਾਂ ਅੱਗਾ ਪਿਛਾ ਰਿਹਾ ਕੋਇ ਨਾ ਰਾਈਆ। ਆਪਣੇ ਕਰਮ ਧਰਮ ਜਨਮ ਲੇਖ ਪ੍ਰਭ ਦੀ ਝੋਲੀ ਸੁੱਟੇ, ਕਿਰਿਆ ਕਾਂਡ ਨਾ ਕੋਇ ਵਰਤਾਈਆ। ਇਕੋ ਵਾਰ ਹਰਿ ਨਿਰੰਕਾਰ ਸ੍ਰੀ ਭਗਵਾਨ ਸੀਸ ਝੁਕੇ, ਦੂਜੀ ਵਾਰ ਪਰੇ ਨਾ ਕੋਇ ਹਟਾਈਆ। ਤਿਨ੍ਹਾਂ ਦੇ ਕਲਜੁਗ ਅੰਤਮ ਪੈਂਡੇ ਵੇਖੇ ਮੁਕੇ, ਪਾਂਧੀ ਰਹੇ ਖ਼ੁਸ਼ੀ ਮਨਾਈਆ। ਸੰਤ ਸੁਹੇਲੇ ਸੁੱਚਿਆਂ ਨਾਲੋਂ ਸੁੱਚੇ, ਮਾਣਕਾਂ ਨਾਲੋਂ ਮਾਣਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦੇ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਭਗਤਾਂ ਵੇਖਿਆ ਓਹਲਾ, ਕਾਇਆ ਮਾਟੀ ਪੜਦਾ ਪਾਈਆ। ਅੰਤਰ ਤੇਰੇ ਪ੍ਰੇਮ ਦਾ ਬੋਲਾ, ਅਨਬੋਲਤ ਰਹੇ ਜਣਾਈਆ। ਜੋ ਗਾਵਣ ਸੋਹੰ ਢੋਲਾ, ਤੂੰ ਮੇਰਾ ਮੈਂ ਤੇਰਾ ਹੋਵੇ ਨਾ ਕਦੇ ਜੁਦਾਈਆ। ਓਥੇ ਸ਼ਬਦ ਗੁਰੂ ਗੁਰਦੇਵ ਸਵਾਮੀ ਬਣੇ ਵਿਚੋਲਾ, ਜੁਗ ਵਿਛੜਿਆਂ ਲਏ ਮਨਾਈਆ। ਬਿਨ ਹਰਿ ਭਗਤਾਂ ਸ੍ਰਿਸ਼ਟੀ ਦ੍ਰਿਸ਼ਟੀ ਜਗਤ ਵਾਸਨਾ ਪੌਂਦੀ ਵੇਖੀ ਰੌਲਾ, ਹਾਹਾਕਾਰ ਸੁਣਾਈਆ। ਤੇਰਾ ਭਗਤ ਸੁਹੇਲਾ ਨਾਤਾ ਤੋੜ ਕੇ ਸਵਰਗ ਬਹਿਸ਼ਤੀ, ਇਕੋ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੋ ਆਣ ਅਗਲੀ ਰੈਣ, ਸਪਤਮ ਪੋਹ ਮਿਲੇ ਵਡਿਆਈਆ। ਜਨ ਭਗਤਾਂ ਹਰਿ ਦਰਸ਼ਨ ਜਾਵੇ ਦੇਣ, ਦੂਰ ਦੁਰਾਡਾ ਪੰਧ ਮੁਕਾਈਆ। ਆਪਣਾ ਨਾਮ ਸੰਦੇਸ਼ਾ ਜਾਏ ਕਹਿਣ, ਸ਼ਬਦੀ ਆਵਾਜ਼ ਲਗਾਈਆ। ਪੜਦਾ ਲਾਹ ਕੇ ਅੰਤਰ ਨੈਣ, ਲੋਚਨ ਇਕੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਆਈ ਰੁਤੜੀ, ਭਿੰਨੜੀ ਰੈਣ ਰਹੀ ਜਸ ਗਾਈਆ। ਜਿਸ ਦਾ ਲੇਖਾ ਪਿਤਾ ਪੁੱਤਰੀ, ਸੋ ਵੇਖਣਹਾਰਾ ਬਣਿਆ ਆਪ ਗੁਸਾਈਂਆ। ਜਿਸ ਦੇ ਕੋਲੋਂ ਕਦੇ ਨਾ ਹੋਵੇ ਨਾਸ਼ੁਕਰੀ, ਜਨ ਭਗਤਾਂ ਦਏ ਵਡਿਆਈਆ। ਉਹ ਲੇਖਾ ਜਾਣੇ ਪੱਛਮ ਦੱਖਣ ਪੂਰਬ ਉੱਤਰੀ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦਏ ਚੁਕਾਈਆ। ਜਨ ਭਗਤ ਸੁਹੇਲੇ

ਗੌਂਦੇ ਵੇਖੀਏ ਅੰਤਰ ਗੀਤ, ਗਹਿਰ ਗੰਭੀਰ ਤੇਰਾ ਨਾਮ ਧਿਆਈਆ। ਸਾਢੇ ਤਿੰਨ ਹੱਥ ਕਾਇਆ ਕਾਅਬਾ ਬਣ ਕੇ ਮੰਦਰ ਮਸੀਤ, ਸ਼ਿਵਦਵਾਲਾ ਮੱਠ ਗੁਰੂਦਵਾਰ ਇਕ ਸੁਹਾਈਆ। ਨਾਤਾ ਤੋੜ ਕੇ ਊਚ ਨੀਚ, ਰਾਓ ਰੰਕਾਂ ਡੇਰਾ ਢਾਹੀਆ। ਮਨ ਮਨੂਆ ਕਰਕੇ ਠਾਂਡਾ ਸੀਤ, ਸੁਰਤੀ ਸ਼ਬਦ ਨਾਲ ਮਿਲਾਈਆ। ਸੱਜਣ ਹੋ ਕੇ ਵਸੀਂ ਚੀਤ, ਜਗਤ ਠਗੌਰੀ ਨਾ ਕੋਇ ਵਖਾਈਆ। ਸਚ ਦਵਾਰੇ ਬੈਠਾ ਰਹੀਂ ਅਤੀਤ, ਤ੍ਰੈਭਵਣ ਧਨੀ ਤੇਰੀ ਸਰਨਾਈਆ। ਸਾਡਾ ਲੇਖਾ ਮੁੱਕਿਆ ਕਲਮਾ ਹਦੀਸ, ਰਾਗ ਛਤੀਸ ਅੱਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੇ ਤੇਰੇ ਭਗਤ ਸਾਥੀ, ਲੱਖ ਚੁਰਾਸੀ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਦੀ ਮਿਲ ਗਈ ਤੇਰੇ ਨਾਲ ਜ਼ਾਤੀ, ਦੂਜੀ ਜ਼ਾਤ ਨਾ ਕੋਇ ਬਣਾਈਆ। ਉਹ ਅੱਠੇ ਪਹਿਰ ਤੇਰੇ ਨਾਮ ਦੀ ਸਮਝਣ ਇਕ ਪਰਭਾਤੀ, ਸੰਧਿਆ ਰੂਪ ਨਾ ਕੋਇ ਵਖਾਈਆ। ਜਿਨ੍ਹਾਂ ਤੀਰ ਨਿਰਾਲਾ ਲੱਗਾ ਕਾਤੀ, ਸੋ ਅੱਖਰਾਂ ਵਾਲਾ ਕਲਮਾ ਗਏ ਭੁਲਾਈਆ। ਉਨ੍ਹਾਂ ਤੁਟ ਗਈ ਬਜਰ ਕਪਾਟੀ, ਪੜਦਾ ਓਹਲਾ ਰਹੇ ਨਾ ਰਾਈਆ। ਉਹ ਸਾਚੀ ਦਰਗਾਹ ਦੇ ਬਣ ਗਏ ਹਕੀਕਤ ਵਾਲੇ ਨਿਮਾਜ਼ੀ, ਵੁਜ਼ੂ ਹਕ ਇਕੋ ਵਾਰ ਕਰਾਈਆ। ਜਿਨ੍ਹਾਂ ਦਾ ਮੇਲ ਮਿਲਿਆ ਤੇਰੇ ਨਾਲ ਇਤਫ਼ਾਕੀ, ਸੋ ਫ਼ਿਕਰਾ ਢੋਲਾ ਤੇਰਾ ਨਾਮ ਗਾਈਆ। ਤੇਰਾ ਦਰਸ਼ਨ ਪਾ ਕੇ ਸਾਂਝੇ ਯਾਰ ਬਦਲ ਜਾਏ ਹਯਾਤੀ, ਜੀਵਣ ਜੀਵਣ ਵਿਚੋਂ ਪਰਗਟਾਈਆ। ਤੇਰਾ ਖੇਲ ਵੇਖ ਪੁਰਖ ਅਬਿਨਾਸ਼ੀ, ਗੁਰ ਅਵਤਾਰ ਪੈਗ਼ੰਬਰ ਸਾਰੇ ਖ਼ੁਸ਼ੀ ਮਨਾਈਆ। ਧੰਨ ਵਡਿਆਈ ਜੇ ਲਹਿਣਾ ਦੇਣਾ ਸਭ ਦਾ ਦੇਵੇਂ ਬਾਕੀ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸਾਚਾ ਸੰਗ ਰਖਾਈਆ। ਧੁਰ ਦਾ ਸੰਗ ਰੱਖਿਆ ਜਨ ਭਗਤਾਂ ਆਪ, ਪ੍ਰਭ ਆਪਣੀ ਦਏ ਵਡਿਆਈਆ । ਦੁਰਮਤ ਮੈਲ ਕਲੇਵਰ ਧੋ ਕੇ ਪਾਪ, ਪਤਤ ਪੁਨੀਤ ਦਏ ਬਣਾਈਆ। ਸਤਿ ਸਤਿਵਾਦੀ ਜਪਾ ਕੇ ਸੱਚਾ ਜਾਪ, ਜੀਵਣ ਜੁਗਤ ਦਏ ਦ੍ਰਿੜਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਦਰ ਠਾਂਡੇ ਸਤਿ ਸਚ ਰਹੇ ਆਖ, ਨਾ ਕੋਈ ਮੇਟੇ ਮੇਟ ਮਿਟਾਈਆ। ਜਨ ਭਗਤਾਂ ਤੇਰੇ ਚਰਨ ਕਵਲ ਪੈਂਦੀ ਵੇਖੀ ਰਾਸ, ਗੋਪੀ ਕਾਹਨ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਦੇਣਾ ਇਕ ਘਰ, ਜਿਸ ਗ੍ਰਹਿ ਇਕੋ ਤੂ ਹੀ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਤੇਰਾ ਵਰ, ਵਰ ਦਾਤੇ ਤੇਰੀ ਬੇਪਰਵਾਹੀਆ।