੧੩ ਪੋਹ ੨੦੨੧ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ
ਤੇਰਾਂ ਪੋਹ ਕਹੇ ਸੁਣੋ ਫ਼ਰਮਾਨ, ਸੋ ਸਾਹਿਬ ਸਵਾਮੀ ਅੰਤਰਜਾਮੀ ਆਪ ਸੁਣਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਬ੍ਰਹਿਮੰਡ ਖੰਡ ਲੋਕ ਪਰਲੋਕ ਕਰੋ ਧਿਆਨ, ਜ਼ਿਮੀਂ ਅਸਮਾਨ ਰਿਹਾ ਹਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਵੋ ਸਾਵਧਾਨ, ਨੇਤਰ ਲੋਚਨ ਨੈਣ ਸਰਬ ਅੱਖ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ ਦੇਵਤ ਸੁਰ ਸੁਣੋ ਲਾ ਕਰ ਕਾਨ, ਬਚਿਆ ਕੋਇ ਰਹਿਣ ਨਾ ਪਾਈਆ। ਪੜਦੇ ਲਾਹੋ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਭੇਵ ਚੁਕਾਈਆ। ਅਠਸਠ ਤੀਰਥ ਕਰੋ ਪਹਿਚਾਨ, ਚਾਰ ਕੁੰਟ ਦਹਿ ਦਿਸ਼ਾ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਡੂੰਗਰ ਖਾਈ ਹੁਕਮ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਕਰੋ ਪਰਵਾਨ, ਧੁਰ ਪਰਵਾਨਾ ਸ੍ਰੀ ਭਗਵਾਨਾ ਆਪ ਇਕ ਸੁਣਾਈਆ । ਬੀਸ ਬੀਸਾ ਹਰਿ ਜਗਦੀਸਾ ਖੇਲੇ ਖੇਲ ਨੌਜਵਾਨ, ਜੋਧਾ ਸੂਰਬੀਰ ਵੱਡੀ ਵਡਿਆਈਆ। ਭਗਤ ਸੁਹੇਲਾ ਇਕ ਇਕੇਲਾ ਲੇਖਾ ਜਾਣੇ ਜੀਵ ਜਹਾਨ, ਲੱਖ ਚੁਰਾਸੀ ਜੀਵ ਜੰਤ ਅੰਡਜ਼ ਜੇਰਜ ਉਤਭੁਜ ਸੇਤਜ ਖੋਜ ਖੁਜਾਈਆ। ਏਥੇ ਉਥੇ ਦੋ ਜਹਾਨਾਂ ਹੁਕਮਰਾਨ, ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਸੰਦੇਸ਼ਾ ਇਕ ਸੁਣਾਈਆ। ਅੰਦਰ ਬਾਹਰ ਗੁਪਤ ਜਾਹਰ ਨਿਰਗੁਣ ਸਰਗੁਣ ਖੇਲੇ ਖੇਲ ਮਹਾਨ, ਖ਼ਾਲਕ ਖ਼ਲਕ ਅਰਸ਼ ਫ਼ਰਸ਼ ਪਲਕ ਆਪਣਾ ਹੁਕਮ ਵਰਤਾਈਆ। ਰਵ ਸਸ ਸੂਰਜ ਚੰਦ ਮੰਡਲ ਮੰਡਪ ਵੇਖੋ ਇਕ ਨਿਸ਼ਾਨ, ਸ਼ਾਹ ਸੁਲਤਾਨਾਂ ਨੌਜਵਾਨਾ ਮਰਦ ਮਰਦਾਨਾ ਹਰਿ ਕਰਤਾ ਆਪ
ਜਣਾਈਆ। ਆਦਿ ਜੁਗਾਦਿ ਨਵ ਨੌ ਚਾਰ ਜਿਸ ਦਾ ਮੰਗਦੇ ਗਏ ਦਾਨ, ਖ਼ਾਲੀ ਝੋਲੀ ਅੱਗੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਆਪਣੀ ਖੇਲ ਖਿਲਾਈਆ। ਤੇਰਾਂ ਪੋਹ ਕਹੇ ਉਠੋ ਜਨ ਭਗਤ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਵਕਤ ਸੁਹੰਜਣਾ ਵੇਲਾ ਆਇਆ ਜਗਤ, ਚਾਰ ਕੁੰਟ ਵੱਜੇ ਵਧਾਈਆ। ਨਾਮ ਖ਼ੁਮਾਰੀ ਵਿਚ ਰਹਿਣਾ ਮਸਤ, ਆਲਸ ਨਿੰਦਰਾ ਦੂਰ ਕਰਾਈਆ। ਨਾਤਾ ਤੋੜ ਕੇ ਕੀਟ ਹਸਤ, ਊਚ ਨੀਚ ਰਾਉ ਰੰਕ ਨਜ਼ਰ ਕੋਇ ਨਾ ਆਈਆ। ਪਰਵਰਦਿਗਾਰ ਨਾਲ ਮਿਲਾਓ ਹਸਤ, ਦਸਤ ਆਪਣਾ ਅੱਗੇ ਟਿਕਾਈਆ । ਝੋਲੀ ਪਾਓ ਅਮੋਲਕ ਵਸਤ, ਜਿਸ ਨੂੰ ਜੁਗ ਚੌਕੜੀ ਮੰਗਦੇ ਗਏ ਨੇਤਰ ਨੈਣਾਂ ਨੀਰ ਵਹਾਈਆ। ਜਿਸ ਸਾਹਿਬ ਸੁਲਤਾਨ ਦਾ ਖਾਣੀ ਬਾਣੀ ਕਰੇ ਨਾ ਕੋਇ ਅਰਥ, ਅਥਵਾ ਸਚ ਨਾ ਕੋਇ ਸਮਝਾਈਆ। ਜਿਸ ਦੀ ਮਨ ਮਤ ਬੁਧ ਕਰ ਨਾ ਸਕੇ ਪਰਖ, ਕਸਵਟੀ ਰਗੜ ਨਾ ਕੋਇ ਲਗਾਈਆ । ਜੋ ਮਾਲਕ ਮਾਲਕ ਉਤੇ ਅਰਸ਼, ਅਰਸ਼ੀ ਪ੍ਰੀਤਮ ਬੇਪਰਵਾਹੀਆ। ਉਸ ਦਾ ਕਰੋ ਇਕ ਦਰਸ, ਦੂਜੀ ਲੋੜ ਰਹੇ ਨਾ ਰਾਈਆ। ਜੋ ਨਿਰਗੁਣ ਹੋ ਕੇ ਸਰਗੁਣ ਉਤੇ ਕਰੇ ਤਰਸ, ਰਹਿਮਤ ਰਹਿਮਾਨ ਆਪ ਕਮਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਮੁਖ ਚੁਆਈਆ। ਚਿੰਤਾ ਗਵਾ ਕੇ ਰੋਗ ਹਰਖ਼, ਸੋਗ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਤੇਰਾਂ ਪੋਹ ਕਹੇ ਗੁਰ ਅਵਤਾਰ ਪੀਰ ਪੈਗ਼ੰਬਰੋ ਮਾਰੋ ਝਾਤੀ, ਹਰਿ ਕਰਤਾ ਖੇਲ ਕਰਾਈਆ। ਅਰਜ਼ਾਂ ਅਰਜ਼ੋਈਆਂ ਦੀ ਮੰਨ ਕੇ ਆਖੀ, ਬੇਨੰਤੀਆਂ ਝੋਲੀ ਪਾਈਆ। ਧੁਰ ਦਾ ਬਣ ਕੇ ਆਇਆ ਸਾਕੀ, ਭਰ ਪਿਆਲਾ ਨਾਮ ਜਾਮ ਪਿਆਈਆ। ਨਿਰਮਲ ਜੋਤ ਇਕ ਪਰਕਾਸ਼ੀ, ਨੂਰੋ ਨੂਰ ਕਰੇ ਰੁਸ਼ਨਾਈਆ। ਬ੍ਰਹਿਮੰਡ ਖੰਡ ਮੰਡਲ ਪਾਵੇ ਆਪਣੀ ਰਾਸੀ, ਨਿਰਗੁਣ ਸਰਗੁਣ ਗੋਪੀ ਕਾਹਨ ਨਚਾਈਆ। ਲੇਖਾ ਸਭ ਦਾ ਜਾਣੇ ਕਮਲਾਪਾਤੀ, ਪਤਿਪਰਮੇਸ਼ਵਰ ਵਡ ਵਡਿਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਈ ਸੁਹੰਜਣੀ ਰਾਤੀ, ਜੋ ਰੁਤੜੀ ਆਪਣਾ ਰੰਗ ਵਖਾਈਆ। ਗੁਰਮੁਖ ਗੁਰਸਿਖ ਸਤਿ ਦਵਾਰੇ ਰਹੇ ਕੋਇ ਨਾ ਪਾਪੀ, ਦੁਰਮਤ ਮੈਲ ਦਏ ਧੁਆਈਆ। ਏਕਾ ਕਥਾ ਸੁਣਾਏ ਸਾਚੀ, ਐਹਨੁਲ ਆਪਣਾ ਨਾਉਂ ਜਣਾਈਆ । ਲੇਖਾ ਰਹੇ ਕੋਇ ਨਾ ਬਾਕੀ, ਲਹਿਣਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਤੇਰਾਂ ਪੋਹ ਕਹੇ ਗੋਬਿੰਦ ਖੋਲ੍ਹ ਆਪਣੀ ਚਿੱਠੀ, ਸੱਤਾਂ ਸਤਰਾਂ ਵਾਲੀ ਆਪਣਾ ਪੜਦਾ ਦੇ ਉਠਾਈਆ। ਜਿਹੜੀ ਬਿਨ ਕਲਮ ਸ਼ਾਹੀ ਹਰਫ਼ਾਂ ਲਿਖੀ, ਅਬਾਰਤ ਨਜ਼ਰ ਕਿਸੇ ਨਾ ਆਈਆ। ਨੈਣਾਂ ਲੋਚਨਾਂ ਕਿਸੇ ਨਾ ਦਿਸੀ, ਅੰਦਰ ਬਾਹਰ ਸਮਝ ਕੋਇ ਨਾ ਪਾਈਆ। ਕੋਈ ਜਾਣ ਨਾ ਸਕਿਆ ਮੁਨੀ ਰਿਖੀ, ਪੀਰ ਫ਼ਕੀਰ ਹਰਫ ਨਾ ਕੋਇ ਦ੍ਰਿੜਾਈਆ। ਜਿਸਦੀ ਧਾਰ ਵੱਖਰੀ ਰੱਖੀ, ਹਰਿ ਕਰਤੇ ਆਪ ਜਣਾਈਆ। ਸਤਿਜੁਗ ਦੀ ਸਭ ਤੋਂ ਨਿਰਾਲੀ ਬਣਾਉਣੀ ਸਿੱਖੀ, ਧੁਰ ਦੀ ਸਿਖਿਆ ਕਰ ਪੜ੍ਹਾਈਆ। ਉਸ ਦੀ ਪਹਿਲੀ ਥਿਤ ਪਹਿਲੀ ਮਿਤੀ, ਤੇਰਾਂ ਪੋਹ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੋਬਿੰਦ ਚਿੱਠੀ ਹੌਲੀ ਹੌਲੀ ਦਿਤੀ ਖੋਲ੍ਹ, ਧੁਰ ਦਾ ਲੇਖ ਆਪ ਵਖਾਈਆ। ਬਿਨ ਹੱਥਾਂ ਫੜ ਅਡੋਲ, ਬਿਨ ਨੈਣਾਂ ਧਿਆਨ ਲਗਾਈਆ। ਜਾਂ ਵੇਖਿਆ ਪਰਮ ਪੁਰਖ ਪਰਮਾਤਮ ਪੁਰਖ ਅਕਾਲ ਨਜ਼ਰੀ ਆਇਆ ਕੋਲ, ਦੂਰ ਦੁਰਾਡਾ ਪੰਧ ਨਾ ਕੋਇ ਮੁਕਾਈਆ। ਉਸ ਦਾ ਵੱਜਾ ਇਕੋ ਢੋਲ, ਮਰਦੰਗਾ ਦਏ
ਸ਼ਨਵਾਈਆ। ਤੂੰ ਮੇਰਾ ਮੈਂ ਤੇਰੇ ਨਾਲ ਕੀਤਾ ਕੌਲ, ਇਕਰਾਰ ਦਿਆਂ ਸਮਝਾਈਆ। ਜਿਸ ਵੇਲੇ ਮੇਰੀ ਲੋੜ ਪਵੇ ਉਪਰ ਧੌਲ, ਧਰਨੀ ਉਤੇ ਧਿਆਨ ਲਗਾਈਆ । ਮੈਂ ਤੇਰੇ ਅੰਦਰ ਜਾਵਾਂ ਮੌਲ, ਮੌਲਾ ਹੋ ਕੇ ਖੇਲ ਵਖਾਈਆ। ਕੋਈ ਨਾ ਸਮਝੇ ਪੰਡਤ ਪਾਂਧਾ ਰੌਲ, ਜਗਤ ਵਿਦਿਆ ਨਾ ਕੋਇ ਵਡਿਆਈਆ। ਤੈਨੂੰ ਰੱਖਾਂ ਆਪ ਅਡੋਲ, ਸਿਰ ਆਪਣਾ ਹੱਥ ਟਿਕਾਈਆ। ਗੋਬਿੰਦ ਹੱਸ ਕੇ ਕਿਹਾ ਨਾਲ ਮਖ਼ੌਲ, ਵੇਖੀਂ ਕਿਤੇ ਪਿਛਲੀ ਕਹਾਣੀ ਯਾਦ ਨਾ ਫੇਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚਿੱਠੀ ਦੀ ਪਹਿਲੀ ਸਤਰ ਦਾ ਇਹ ਬਿਆਨ, ਪਰਮ ਪੁਰਖ ਬੇਪਰਵਾਹੀਆ। ਸਦੀ ਵੀਹਵੀਂ ਜਿਸ ਵੇਲੇ ਹੋਵੇ ਮਿਹਰਵਾਨ, ਜਨ ਭਗਤਾਂ ਦਇਆ ਕਮਾਈਆ। ਜੀਂਵਦਿਆਂ ਜੀਵਣ ਦਾ ਦੇ ਕੇ ਦਾਨ, ਮੋਇਆਂ ਦਾ ਮਹਿਰਮ ਬਣ ਕੇ ਆਪਣੇ ਗਲੇ ਲਗਾਈਆ। ਸਤਿਗੁਰ ਦਾ ਸਾਚਾ ਖੇਲ ਕਰ ਮਹਾਨ, ਈਮਾਨ ਸਾਚਾ ਦਏ ਸਮਝਾਈਆ । ਜਿਸ ਦਾ ਸਭ ਤੋਂ ਪਹਿਲੋਂ ਰਖਿਆ ਮਾਣ, ਸਿੰਘ ਪਾਲ ਅੰਗ ਲਗਾਈਆ। ਉਹ ਮੰਗੇ ਇਕੋ ਚਰਨ ਧਿਆਨ, ਸਚ ਪ੍ਰੀਤੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਤੇਰਾਂ ਪੋਹ ਕਹੇ ਭਗਤੋ ਵੇਖੋ ਖੇਲ ਆਪਣੀ ਕੁਲ ਦਾ, ਕੁਲਵੰਤਾ ਆਪ ਕਰਾਈਆ। ਪਤਿਪਰਮੇਸ਼ਵਰ ਕਦੇ ਨਾ ਭੁੱਲਦਾ, ਅਭੁੱਲ ਵੱਡੀ ਵਡਿਆਈਆ। ਜੋ ਸੰਤ ਸੁਹੇਲਾ ਹੋ ਕੇ ਤਰਾਜ਼ੂ ਕੰਡੇ ਤੋਲ ਤੁਲਦਾ, ਤਿਸ ਦਾ ਅੰਤ ਲਏ ਬਣਾਈਆ। ਉਹ ਕੂੜੀ ਕਿਰਿਆ ਵਿਚ ਕਦੇ ਨਾ ਰੁਲਦਾ, ਮਾਟੀ ਖ਼ਾਕ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪਹਿਲੀ ਸਤਰ ਦਾ ਅੱਖਰ ਚੌਥਾ, ਚੌਥੇ ਜੁਗ ਰਿਹਾ ਜਣਾਈਆ। ਪਰਮ ਪੁਰਖ ਦਾ ਮਾਰਗ ਸੌਖਾ, ਸਦੀ ਵੀਹਵੀਂ ਮਿਲੇ ਵਡਿਆਈਆ। ਜਨ ਭਗਤਾਂ ਪੜ੍ਹਨਾ ਪਏ ਕੋਈ ਨਾ ਪੋਥਾ ਪੁਸਤਕ ਬਗਲ ਨਾ ਕੋਇ ਉਠਾਈਆ। ਮਿਹਰਵਾਨ ਹੋ ਕੇ ਆਪਣੇ ਮਿਲਣ ਦਾ ਦੇਵੇ ਆਪ ਮੌਕਾ, ਫੜ ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪਹਿਲੀ ਸਤਰ ਕਹੇ ਵੇਖੋ ਮੇਰੀ ਕਤਾਰ, ਇਕੋ ਵਾਰ ਨਜ਼ਰ ਟਿਕਾਈਆ। ਭਗਤ ਸੁਹੇਲਾ ਏਕਾ ਏਕੰਕਾਰ, ਅਕਲ ਕਲਧਾਰੀ ਬੇਪਰਵਾਹੀਆ। ਜੋ ਨਿਤ ਨਵਿਤ ਜੁਗਾ ਜੁਗੰਤ ਕਰੇ ਪਿਆਰ, ਪੀਆ ਪ੍ਰੀਤਮ ਪ੍ਰੀਤੀ ਸਚ ਕਮਾਈਆ। ਜਿਸ ਨੇ ਵਿਸ਼ਨ ਬ੍ਰਹਮਾ ਸ਼ਿਵ ਤਖ਼ਤੋਂ ਦਿਤੇ ਉਤਾਰ, ਸ਼ਾਹੀ ਰਹਿਣ ਕੋਇ ਨਾ ਪਾਈਆ। ਗੁਰਮੁਖ ਸੰਤ ਸੁਹੇਲੇ ਸਾਚੇ ਦਿਤੇ ਬਿਠਾਲ, ਸਿਰ ਆਪਣਾ ਹੱਥ ਟਿਕਾਈਆ। ਜਲਵਾ ਵੇਖ ਨੂਰੀ ਜਲਾਲ, ਗਹਿਰ ਗੰਭੀਰ ਵਿਚ ਸਮਾਈਆ। ਉਹਨਾਂ ਮੰਗੀ ਮੰਗ ਇਕ ਕੋਲੋਂ ਸ੍ਰੀ ਭਗਵਾਨ, ਆਪਣੀ ਝੋਲੀ ਅੱਗੇ ਡਾਹੀਆ। ਸਾਚੇ ਭਗਤਾਂ ਕਰ ਪਰਵਾਨ, ਅੰਤਰ ਆਤਮ ਮੇਲ ਮਿਲਾਈਆ। ਆਦਿ ਜੁਗਾਦਿ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਤੇਰੇ ਨਾਮ ਦਾ ਝੁਲਾਇਆ ਨਿਸ਼ਾਨ, ਤੇਰੀ ਕਰ ਕਰ ਗਏ ਵਡਿਆਈਆ। ਗ਼ਰੀਬ ਨਿਮਾਣਿਆਂ ਕਿਸੇ ਨਾ ਦਿਤਾ ਮਾਣ, ਏਸੇ ਕਾਰਨ ਦਰ ਦਰ ਧੱਕੇ ਖਾਈਆ। ਕੀ ਹੋਇਆ ਜੇ ਇਕ ਦੋ ਚਾਰ ਤਾਰ ਦਿਤੇ ਵਿਚ ਦੋ ਜਹਾਨ, ਜੁਗ ਚੌਕੜੀ ਆਪਣੀ ਦਇਆ ਕਮਾਈਆ। ਸਦੀ ਚੌਧਵੀਂ ਵੇਖ ਹੋਏ ਹੈਰਾਨ, ਹੈਰਾਨੀ ਘਰ ਘਰ ਨਜ਼ਰੀ ਆਈਆ। ਸ੍ਰਿਸ਼ਟ ਸਬਾਈ ਅੰਦਰ ਵੜਿਆ ਸ਼ੈਤਾਨ, ਕੂੜੀ ਸ਼ਰਅ ਕਰੇ ਲੜਾਈਆ। ਪਿਤਾ ਪੁੱਤ ਹੋਏ ਬੇਈਮਾਨ, ਸਤਿ ਸੰਤੋਖ ਨਜ਼ਰ ਕੋਇ ਨਾ ਆਈਆ। ਸਖ਼ੀ ਮਿਲੇ ਨਾ ਕੋਈ ਕਾਹਨ, ਸੀਤਾ ਸੁਰਤੀ ਰਾਮ ਨਾ ਕੋਈ ਪਰਨਾਈਆ। ਚਾਰ
ਕੁੰਟ ਦਹਿ ਦਿਸ਼ਾ ਤੇਰੀ ਕਰੇ ਨਾ ਕੋਇ ਪਹਿਚਾਨ, ਭਾਂਡਾ ਭਰਮ ਨਾ ਕੋਇ ਭੰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੱਯਦਿਆਂ ਅੰਦਰ ਮੰਗਣ ਦਾਨ, ਝੋਲੀ ਆਪਣੀ ਅੱਗੇ ਡਾਹੀਆ । ਮੰਦਰ ਮਸਜਿਦ ਸ਼ਿਵਦਵਾਲੇ ਮਠ ਖ਼ਾਲੀ ਵੇਖੇ ਮਕਾਨ, ਮਕਬਰਿਆਂ ਵਿਚੋਂ ਹਕ ਆਵਾਜ਼ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇ ਮਾਣ ਵਡਿਆਈਆ। ਤੇਰਾਂ ਪੋਹ ਕਹੇ ਜਨ ਭਗਤ ਮੰਗ ਲੋ ਦਾਤ, ਹਰਿ ਕਰਤਾ ਦਇਆ ਕਮਾਇੰਦਾ। ਉਠ ਵੇਖੋ ਆਇਆ ਸਾਥ, ਸਿੰਘ ਪਾਲ ਵੇਸ ਵਟਾਇੰਦਾ। ਜਿਸ ਨੇ ਅੱਗੇ ਕਰਿਆ ਸੱਜਾ ਹਾਥ, ਪੰਜੇ ਉਂਗਲਾਂ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਸੱਜਾ ਹੱਥ ਕਰਕੇ ਅੱਗੇ, ਇਕੋ ਵਾਰ ਮਸਤਕ ਲਾਈਆ। ਤੇਰਾ ਨੂਰ ਦੀਪਕ ਇਕੋ ਜਗੇ, ਦੂਜੀ ਅਵਰ ਨਾ ਕੋਇ ਰੁਸ਼ਨਾਈਆ। ਸ੍ਰੀ ਭਗਵਾਨ ਤੇਰਾ ਸਚਖੰਡ ਦਵਾਰਾ ਸੋਹਣਾ ਲੱਗੇ, ਜਿਥੇ ਜਨ ਭਗਤ ਬੈਠੇ ਖ਼ੁਸ਼ੀ ਮਨਾਈਆ। ਬਿਨ ਖਾਧਿਆਂ ਪੀਤਿਆਂ ਸਦਾ ਰੱਜੇ, ਤ੍ਰਿਸਨਾ ਭੁੱਖ ਨਾ ਕੋਇ ਵਧਾਈਆ। ਬਿਨ ਮੱਕੇ ਕਾਅਬਿਉਂ ਹੋਏ ਹੱਜੇ, ਬਿਨ ਮੰਦਰ ਮਸੀਤਾਂ ਤੇਰਾ ਦਰਸ਼ਨ ਪਾਈਆ। ਬਿਨ ਹੱਥਾਂ ਪੈਰਾਂ ਫਿਰਨ ਨੱਠੇ, ਭੱਜਣ ਵਾਹੋ ਦਾਹੀਆ। ਸਚ ਜਮਾਤ ਬਹਿ ਇਕੱਠੇ, ਇਕੋ ਕਰਨ ਪੜ੍ਹਾਈਆ। ਓਥੇ ਦੀਨ ਮਜ਼੍ਹਬ ਦੇ ਨਹੀਂ ਕੋਈ ਰੱਟੇ, ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਨਾ ਕੋਈ ਖਾਵੇ ਵੱਛੇ ਕੱਟੇ, ਸੂਰਾਂ ਸੀਸ ਨਾ ਕੋਇ ਕਟਾਈਆ। ਨਾ ਕੋਈ ਧੀਆਂ ਪੁੱਤਰ ਮੰਗੇ ਬੱਚੇ, ਨਾ ਕੋਈ ਨਾਰੀ ਖੌਂਤ ਸੇਜ ਹੰਢਾਈਆ। ਨਾ ਕੋਈ ਰਸਨਾ ਜਿਹਵਾ ਬੱਤੀ ਦੰਦ ਪੜ੍ਹਨ ਦੇ ਰੱਟੇ, ਸ਼ਾਸਤਰ ਸਿਮਰਤ ਵੇਦ ਪੁਰਾਨ ਨਜ਼ਰ ਕੋਇ ਨਾ ਆਈਆ। ਨਾ ਕੋਈ ਨੇਤਰ ਲੋਚਨ ਨੈਣ ਅੱਖੇ, ਜਗਤ ਨਜ਼ਰ ਨਾ ਕੋਇ ਕਰਾਈਆ। ਇਕੋ ਸਾਹਿਬ ਸਵਾਮੀ ਘਟ ਘਟ ਤੂੰ ਹੀ ਵਸੇ, ਸਚ ਸਿੰਘਾਸਣ ਡੇਰਾ ਲਾਈਆ। ਗੁਰਮੁਖ ਤੇਰਾ ਤੇਰੇ ਨਾਲ ਹੱਸੇ, ਹਸਤੀ ਆਪਣੀ ਤੇਰੇ ਵਿਚ ਮਿਲਾਈਆ। ਤੇਰਾਂ ਪੋਹ ਦੋਵੇਂ ਰਲਕੇ ਨਿਰਗੁਣ ਸਰਗੁਣ ਧਾਰ ਆਏ ਨੱਠੇ, ਬਣਕੇ ਪਾਂਧੀ ਪੰਧ ਮੁਕਾਈਆ। ਭਗਤ ਪਿਆਰੇ ਵੇਖ ਕੇ ਬੱਚੇ, ਬਚਪਨ ਆਪਣੀ ਝੋਲੀ ਪਾਈਆ। ਫੱਲ ਟੁੱਟਣ ਨਾ ਦਿਤੇ ਕੱਚੇ, ਕੱਚਿਉਂ ਪੱਕੇ ਦਏ ਬਣਾਈਆ। ਪ੍ਰੇਮ ਰੰਗਣ ਇਕੋ ਰੱਤੇ, ਰੰਗ ਰੰਗੀਲਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਿਰ ਹੱਥ ਰੱਖੇ ਨਿਰੰਕਾਰਾ, ਹਰਿਜਨ ਸਾਚੇ ਦਇਆ ਕਮਾਇੰਦਾ । ਸਤਿ ਸਤਿਵਾਦੀ ਕਰ ਵਿਹਾਰਾ, ਸਾਚਾ ਰੰਗ ਇਕ ਲਗਾਇੰਦਾ। ਅੱਗੇ ਜਨ ਭਗਤਾਂ ਬਣਿਆ ਰਹੇ ਰਖਵਾਰਾ, ਭੈ ਭਉ ਸਰਬ ਮਿਟਾਇੰਦਾ। ਦਰਸ਼ਨ ਦਿੰਦਾ ਰਹੇ ਆਪ ਕਰਤਾਰਾ, ਕਰਨੀ ਕਰਤਾ ਆਪ ਕਰਾਇੰਦਾ। ਦਰ ਸੁਹੌਂਦਾ ਰਹੇ ਦਵਾਰਾ, ਜਿਸ ਗ੍ਰਹਿ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਤੇਰਾਂ ਪੋਹ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਤੱਕ, ਚੌਂਹ ਤਰਫ ਧਿਆਨ ਲਗਾਈਆ। ਜਨ ਭਗਤਾਂ ਲਹਿਣਾ ਮਿਲਦਾ ਵੇਖੋ ਅੱਜ, ਧੁਰ ਦਾ ਹਾਕਮ ਝੋਲੀ ਪਾਈਆ। ਜਿਸ ਦੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਖ ਕੇ ਗਏ ਆਸ, ਤ੍ਰਿਸ਼ਨਾ ਆਪਣੀ ਅੱਗੇ ਵਧਾਈਆ। ਸੋ ਮਾਲਕ ਆਇਆ ਖ਼ਾਸ, ਖ਼ਾਲਸ ਆਪਣਾ ਹੁਕਮ ਵਰਤਾਈਆ। ਸੰਤ ਸੁਹੇਲੇ ਰਿਹਾ ਰਾਖ, ਗੁਰਮੁਖ ਦਏ ਵਡਿਆਈਆ। ਤਨ ਮਾਟੀ ਖ਼ਾਕੀ ਖੋਲ੍ਹ ਤਾਕ, ਨੂਰ ਜ਼ਹੂਰ ਦਏ ਦਰਸਾਈਆ। ਆਪਣੇ ਵਿਚ ਮਿਲਾ ਕੇ ਆਪਣੀ ਜ਼ਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣੇ ਹੱਥ ਟਿਕਾਈਆ। ਤੇਰਾਂ ਪੋਹ
ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਸੱਯਦਾ, ਕਾਅਬਾ ਸਭ ਨੂੰ ਇਕੋ ਨਜ਼ਰੀ ਆਈਆ। ਜੋ ਮਾਲਕ ਖ਼ਾਲਕ ਘਰ ਘਰ ਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੋ ਰੂਪ ਅਨੂਪਾ ਵੇਸ ਧਰਦਾ, ਧਰਨੀ ਧਰਤ ਧਵਲ ਦਏ ਵਡਿਆਈਆ। ਜੋ ਲੱਖ ਚੁਰਾਸੀ ਜੀਵ ਜੰਤ ਘਾੜਨ ਘੜਦਾ, ਭੰਨਣਹਾਰ ਵੱਡੀ ਵਡਿਆਈਆ । ਜੋ ਖੇਲ ਕਰੇ ਨਰਾਇਣ ਨਰ ਦਾ, ਨਰ ਹਰਿ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਕਹਿੰਦੇ, ਸਚ ਦਵਾਰੇ ਸਰਬ ਜਣਾਈਆ। ਇਕੋ ਵੇਖੀਏ ਚੜ੍ਹਦੇ ਲਹਿੰਦੇ, ਦੱਖਣ ਪਹਾੜ ਅੱਖ ਖੁਲ੍ਹਾਈਆ। ਕਿਹੜੇ ਸੰਤ ਭਗਤ ਭਗਵੰਤ ਚਰਨੀ ਢਹਿੰਦੇ, ਸਰਗੁਣ ਹੋ ਕੇ ਨਿਰਗੁਣ ਰਹੇ ਮਨਾਈਆ। ਜਿਹੜੇ ਜੀਵ ਮਾਇਆ ਮਮਤਾ ਕੂੜੇ ਵਹਿਣ ਵਹਿੰਦੇ, ਰੁੜ੍ਹਦੀ ਜਾਏ ਲੋਕਾਈਆ। ਕਵਣ ਗੁਰਮੁਖ ਹਰਿ ਕਾ ਭਾਣਾ ਸਹਿੰਦੇ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਸਮਝਾਈਆ। ਗੁਰੂਆਂ ਵਿਚੋਂ ਉਠਿਆ ਗੁਰੂ, ਗੋਬਿੰਦ ਲਏ ਅੰਗੜਾਈਆ । ਪੁਰਖ ਅਕਾਲ ਦੀ ਸਿੱਖੀ ਹੋਣੀ ਸ਼ੁਰੂ, ਸ਼ਰਅ ਪਿਛਲੀ ਦਏ ਬਦਲਾਈਆ। ਜਿਸ ਦਾ ਮੰਤਰ ਇਕੋ ਫੁਰੂ, ਫ਼ੁਰਨੇ ਸਭ ਦੇ ਬੰਦ ਕਰਾਈਆ। ਜਿਸ ਦੀ ਤੋਰ ਦਸਮ ਦਵਾਰੀ ਤੋਂ ਅੱਗੇ ਤੁਰੂ, ਥੱਲੇ ਰਹਿਣ ਕੋਇ ਨਾ ਪਾਈਆ। ਜੋ ਸਤਿਗੁਰ ਦਵਾਰੇ ਗਿਆ ਪਿਛੇ ਨਾ ਮੁੜੂ, ਘਰ ਆਪਣੇ ਜਾਏ ਵਾਹੋ ਦਾਹੀਆ। ਆਤਮ ਪਰਮਾਤਮ ਨਾਲ ਜੁੜੂ, ਜੋੜੀ ਧੁਰਦੀ ਦਏ ਵਖਾਈਆ। ਸ਼ੌਹ ਦਰਿਆ ਕਦੇ ਨਾ ਰੁੜੂ, ਲੱਖ ਚੁਰਾਸੀ ਨਾ ਕੋਇ ਭੁਆਈਆ । ਗੁਰਮੁਖ ਅਣਤਾਰੂ ਆਪੇ ਤਰੂ, ਵੰਝ ਮੁਹਾਣਾ ਲੋੜ ਰਹੇ ਨਾ ਰਾਈਆ। ਰਾਏ ਧਰਮ ਦੀ ਮੌਤ ਕਦੇ ਨਾ ਮਰੂ, ਸਤਿਗੁਰ ਸ਼ਬਦ ਸ਼ਹੀਦ ਕਰਾਈਆ । ਅੰਮ੍ਰਿਤ ਧਾਰ ਏਕਾ ਵਰੂ, ਕੂੜੀ ਕਿਰਿਆ ਦਏ ਰੁੜ੍ਹਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਥੋੜੇ ਆਪੇ ਫੜੂ, ਦਰ ਦਰ ਘਰ ਘਰ ਫੇਰੀਆਂ ਪਾਈਆ । ਕਲਜੁਗ ਅੰਤਮ ਚਾਰ ਕੁੰਟ ਦਹਿ ਦਿਸ਼ਾ ਆਪੇ ਲੜੂ, ਸੰਤ ਸੁਹੇਲਾ ਲੜਨ ਕੋਇ ਨਾ ਜਾਈਆ। ਨਾਮ ਡੰਡਾ ਸਭ ਦੇ ਸੀਸ ਜੜੂ, ਬਲ ਅੱਗੇ ਨਾ ਕੋਇ ਰਖਾਈਆ। ਸ਼ਾਹ ਸੁਲਤਾਨ ਕੋਇ ਨਾ ਅੜੂ, ਸਭ ਦੀਆਂ ਕੰਡਾਂ ਦਏ ਵਢਾਈਆ। ਰਾਏ ਧਰਮ ਨੂੰ ਦੇ ਕੇ ਹੁਕਮ ਹੱਥਾਂ ਪੈਰਾਂ ਵਿਚ ਪਵਾਵੇ ਕੜੂ, ਜਗਤ ਦੁਹਾਗਣ ਲੱਖ ਚੁਰਾਸੀ ਦਏ ਬਣਾਈਆ। ਜਨ ਸੰਤ ਸੁਹੇਲੇ ਸਭ ਦੇ ਸਾਹਮਣੇ ਆਪਣੇ ਨਾਲ ਖੜੂ, ਪੜਦਾ ਓਹਲਾ ਨਾ ਕੋਇ ਰਖਾਈਆ। ਰਾਤੀ ਸੁੱਤਿਆਂ ਅੰਦਰ ਵੜੂ, ਗ਼ਫ਼ਲਤ ਵਿਚ ਹੋਏ ਸਹਾਈਆ। ਆਪਣੀ ਕਰਨੀ ਕਰਕੇ ਕਦੇ ਨਾ ਹਰੂ, ਹਾਰ ਜਿੱਤ ਵਿਚ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਗੁਰੂਆਂ ਵਿਚੋਂ ਉਠਿਆ ਗੁਰ ਬਲਕਾਰੀ, ਬਲਧਾਰੀ ਦਏ ਜਣਾਈਆ। ਸਭ ਤੋਂ ਵੱਡੀ ਪਰਮ ਪੁਰਖ ਦੀ ਯਾਰੀ, ਜਗਤ ਯਰਾਨੇ ਕੰਮ ਕਿਸੇ ਨਾ ਆਈਆ। ਜਿਸ ਦੀ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਈ ਵਾਰੀ, ਵਾਰਤਾ ਸਭ ਦੀ ਰਿਹਾ ਦੁਹਰਾਈਆ। ਜੁਗ ਚੌਕੜੀ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਬੌਹੜੀ ਉਸ ਦੀ ਬਣ ਗਏ ਸਭ ਨਾਰੀ, ਨਰ ਰਹਿਣ ਕੋਇ ਨਾ ਪਾਈਆ। ਦੋਏ ਦੋਏ ਜੋੜ ਚਰਨ ਕਵਲ ਕਰੀਏ ਨਿਮਸਕਾਰੀ, ਧੂੜੀ ਟਿੱਕਾ ਮਸਤਕ ਲਾਈਆ। ਧੰਨਭਾਗ ਜੋ ਲੋਕਮਾਤ ਦੀ ਮਜ਼ਦੂਰੀ ਸਾਡੀ ਲੇਖੇ ਲਾ ਲਏ ਦਿਹਾੜੀ, ਜੋ ਜੀਵਾਂ ਜੰਤਾਂ ਭਾਰ ਸਿਰ ਚੁੱਕ ਕੇ ਖਾਰੀ ਛੋਟੀ ਉਠਾਈਆ। ਮਿਹਰਵਾਨ ਹੋ ਕੇ ਜੇ ਪੱਤ ਰੱਖ ਲੈ ਦਾਹੜੀ, ਦਾਦੇ ਪੋਤਰੇ ਨਾਲ ਤਰਾਈਆ। ਗੋਬਿੰਦ
ਕਹੇ ਮੈਂ ਸਭ ਤੋਂ ਪਹਿਲੋਂ ਆਪਣੇ ਪਿਤਾ ਦੀ ਲਾਵਾਂ ਵਾਰੀ, ਵਾਹਵਾ ਸਾਚੀ ਸੇਵ ਕਮਾਈਆ। ਜਨ ਭਗਤਾਂ ਦੇ ਦਰ ਦਾ ਬਣ ਦਰਬਾਰੀ, ਦਰ ਦਰਵਾਜ਼ੇ ਸੋਭਾ ਪਾਈਆ। ਮੇਰੀ ਪੁਰਖ ਅਕਾਲ ਨਾਲ ਯਾਰੀ, ਤੇਰਾ ਪ੍ਰੇਮ ਓਹੋ ਰਿਹਾ ਨਿਭਾਈਆ। ਤੇਰੇ ਭਗਤਾਂ ਦੀ ਹੋਏ ਨਾ ਖੁਆਰੀ, ਸਚ ਸੰਦੇਸ਼ਾ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ। ਗੋਬਿੰਦ ਕਿਹਾ ਮੈਂ ਕੀ ਉਠਾਂ, ਵੇਲਾ ਵਕਤ ਦਏ ਗਵਾਹੀਆ। ਕੀ ਉਹਦੇ ਕੋਲੋਂ ਪੁਛਾਂ, ਜੋ ਘਟ ਘਟ ਵੇਖ ਵਖਾਈਆ। ਮੈਂ ਇਕੋ ਸਚ ਸੁਨੇਹੜਾ ਦੱਸਾਂ, ਹੌਲੀ ਜਹੀ ਜਣਾਈਆ। ਜਿਸ ਵੇਲੇ ਮਾਛੂਵਾੜੇ ਤੇਰੇ ਸਿਰ ਧਰਿਆ ਸੀ ਪੱਟਾਂ, ਆਪਣਾ ਆਪ ਭੇਟ ਚੜ੍ਹਾਈਆ। ਤੂੰ ਓਸ ਵੇਲੇ ਮੇਰੀ ਸਿਫ਼ਤ ਗਾਈ ਸੀ ਵਾਂਗ ਭੱਟਾਂ, ਬਿਨਾਂ ਬਨਾਸਪਤ ਸੁਣਨ ਕੋਇ ਨਾ ਪਾਈਆ। ਮੈਂ ਅੱਗੋਂ ਪਾ ਕੇ ਬਹਿ ਗਿਆ ਰੱਟਾ, ਝਗੜਾ ਇਕ ਰਖਾਈਆ। ਤੇਰੇ ਅੱਗੇ ਵਾਸਤਾ ਇਕ ਘੱਤਾਂ, ਨਿਉਂ ਨਿਉਂ ਸੀਸ ਨਿਵਾਈਆ। ਦੂਜੀ ਵਾਰੀ ਗੁਰਸਿਖਾਂ ਦੁੱਖ ਨਾ ਦੇਵੀਂ ਮੇਰੇ ਸਾਹਮਣੇ ਅੱਖਾਂ, ਸੱਥਰਾਂ ਵਾਲੀ ਸੇਜ ਏਸੇ ਕਾਰਨ ਹੰਢਾਈਆ। ਪੁਰਖ ਅਕਾਲ ਕਿਹਾ ਮੈਂ ਤੇਰੇ ਨਾਲ ਤੇਰੇ ਸਿੱਖਾਂ ਦੀ ਪਤ ਰੱਖਾਂ, ਰੱਖਿਆ ਕਰਾਂ ਥਾਈਂ ਥਾਈਂਅ। ਦਿਵਸ ਰੈਣ ਉਠ ਉਠ ਨੱਠਾਂ, ਭੱਜਾਂ ਵਾਹੋ ਦਾਹੀਆ। ਸਾਚਾ ਲਾਹਾ ਉਹਨਾਂ ਤੋਂ ਖੱਟਾਂ, ਖੱਟੀ ਆਪਣੀ ਝੋਲੀ ਪਾਈਆ । ਲਾਗਿਉਂ ਕ੍ਰਿਸ਼ਨ ਕਹੇ ਅੱਛਾ, ਸੋਹਣੀ ਆਖ ਸੁਣਾਈਆ। ਨਾਮੇ ਕਿਹਾ ਮੈਨੂੰ ਲੋੜ ਨਹੀਂ ਮੇਰੀ ਗਾਂ ਚੁਆਏਂ ਵੱਛਾ, ਦੇਵੇਂ ਜਗਤ ਵਡਿਆਈਆ। ਕਾਹਨ ਕਿਹਾ ਮੈਨੂੰ ਚੇਤੇ ਆਇਆ ਪਿਛਲਾ ਤੀਰ ਲੱਗਾ, ਗੋਬਿੰਦ ਤੈਨੂੰ ਦਿਆਂ ਸਮਝਾਈਆ। ਗੋਬਿੰਦ ਭੱਥੇ ਵਿਚੋਂ ਖਿੱਚ ਕੇ ਨਾਲ ਛੁਹਾਇਆ ਦੱਸ ਕੀ ਉਹ ਇਹਦੇ ਨਾਲੋਂ ਚੰਗਾ, ਚੰਗੀ ਤਰ੍ਹਾਂ ਜਣਾਈਆ। ਉਸੇ ਵੇਲੇ ਲਹੂ ਦੇ ਬਦਲੇ ਅੰਮ੍ਰਿਤ ਧਾਰ ਵਹੀ ਗੰਗਾ, ਰਸ ਇਕੋ ਨਜ਼ਰੀ ਆਈਆ । ਗੋਬਿੰਦ ਕਿਹਾ ਜੇ ਪੁਰਖ ਅਕਾਲ ਹੋਵੇ ਸਾਡੇ ਵਰਗਾ ਬੰਦਾ, ਉਹਨੂੰ ਰਸ ਦਿਆਂ ਚਖਾਈਆ। ਕਿਹੜੇ ਕਾਰਨ ਸਾਨੂੰ ਪਾਇਆ ਇਹ ਧੰਦਾ, ਦਿਤੀ ਜਗਤ ਲੜਾਈਆ। ਤੇਰੇ ਕੋਲ ਮੇਰੇ ਵਰਗਾ ਸ਼ਬਦੀ ਡੰਡਾ, ਜੋ ਬਿਨ ਤੱਤਾਂ ਲਏ ਪਰਗਟਾਈਆ। ਤੇਰੇ ਕੋਲ ਅਗੰਮਾ ਸੋਹਣਾ ਖੰਡਾ, ਜਿਸ ਦੀ ਧਾਰ ਨਾ ਕੋਇ ਬਣਾਈਆ। ਕ੍ਰਿਸ਼ਨ ਕਿਹਾ ਗੋਬਿੰਦ ਮੈਂ ਵੀ ਮੰਗਾਂ ਤੇਰਾ ਸੰਗਾ, ਅਗਲਾ ਸੰਗ ਬਣਾਈਆ। ਹੌਲੀ ਜਿਹੀ ਮੈਨੂੰ ਦੱਸ ਦੇ ਢੰਗਾ, ਅਗਲੀ ਬਿਧ ਦ੍ਰਿੜਾਈਆ। ਗੋਬਿੰਦ ਕਿਹਾ ਉਹ ਮਾਲਕ ਮੇਰਾ ਸਰਬੰਗਾ, ਸੂਰਬੀਰ ਅਖਵਾਈਆ। ਤੂੰ ਯਾਦ ਕਰ ਉਹ ਅਨੰਦਾ, ਜਿਸ ਵੇਲੇ ਬੱਧਕ ਬਾਣ ਲਗਾਈਆ। ਕ੍ਰਿਸ਼ਨ ਕਿਹਾ ਉਹ ਮੈਨੂੰ ਲੱਗਾ ਸਭ ਤੋਂ ਚੰਗਾ, ਫੜ ਸੀਨੇ ਨਾਲ ਛੁਹਾਈਆ। ਓਸ ਵੇਲੇ ਓਸ ਕੋਲ ਆਇਆ ਇਕ ਪਰਿੰਦਾ, ਪੰਖੇਰੂ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਵੇਖ ਵਖਾਈਆ। ਚਿੱਠੀ ਕਹੇ ਮੈਂ ਉਹ ਪਾਤਰ, ਜੋ ਪਤ ਪਤਨੀ ਰੂਪ ਨਾ ਕਦੇ ਵਟਾਈਆ। ਜੇ ਪਰਗਟ ਹੋਵਾਂ ਤੇ ਭਗਤਾਂ ਖ਼ਾਤਰ, ਖਾਹਿਸ ਅਵਰ ਨਾ ਕੋਇ ਰਖਾਈਆ । ਜੇ ਬਣਾਂ ਤੇ ਸਤਿਗੁਰ ਦਾਸੀ ਵੱਡੀ ਚਾਕਰ, ਦੂਜੀ ਚਲੇ ਨਾ ਕੋਇ ਚਤੁਰਾਈਆ। ਜੇ ਹੋਵਾਂ ਤੇ ਪਰਮ ਪੁਰਖ ਦੀ ਸਾਥਣ, ਦੂਜਾ ਸੰਗੀ ਨਾ ਕੋਇ ਬਣਾਈਆ। ਜੇ ਬੋਲਾਂ ਤੇ ਢੋਲਾ ਇਕੋ ਭਾਸ਼ਨ, ਸੋਹੰ ਰਾਗ ਅਲਾਹੀਆ। ਜੇ ਪੜ੍ਹਨ ਜਾਣਾ ਤੇ ਭਗਤਾਂ ਬਣਾਂ ਜਮਾਤਣ, ਦੂਜੀ ਪੱਟੀ ਨਾ ਕੋਇ ਵਖਾਈਆ। ਜੇ ਕੋਈ ਮੈਨੂੰ ਪੁੱਛਣ ਆਵੇ ਮੈਂ ਪਰਮ ਪੁਰਖ ਦਾ ਦੱਸਾਂ ਮਹਾਤਮ, ਜਿਸ ਦੀ ਮਹਿੰਮਾ ਵੇਦ ਪੁਰਾਨ ਨਾ ਕੋਇ ਜਣਾਈਆ। ਇਹ ਜੋਤ ਅਕਾਲਣ ਵੱਡੀ ਨਾਗਣ, ਲੱਖ ਚੁਰਾਸੀ ਵਿਸ ਨਾਲ ਭਰਾਈਆ।
ਥੋੜੇ ਬਣਾ ਕੇ ਆਪਣੇ ਆਪ ਸੁਹਾਗਣ, ਸੋਭਾਵੰਤ ਆਪਣੇ ਨਾਲ ਰਲਾਈਆ। ਸਤਿ ਸਰੂਪ ਮਾਰ ਆਵਾਜ਼ਣ, ਸੁੱਤਿਆਂ ਲਏ ਉਠਾਈਆ। ਸਚਖੰਡ ਦਾ ਸਚ ਰਿਵਾਜਨ, ਸਚ ਰਸਮ ਇਕ ਦ੍ਰਿੜਾਈਆ। ਜਿਥੇ ਪਰਮ ਪੁਰਖ ਅਬਿਨਾਸ਼ੀ ਲਾਏ ਆਸਣ, ਸਿੰਘਾਸਣ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਜ਼ਰਾਂ ਵਿਚੋਂ ਨਜ਼ਰ ਆਈ ਇਕ, ਗੁਰਮੁਖ ਨਜ਼ਰ ਮਿਲੇ ਵਡਿਆਈਆ। ਜਿਸਦੀ ਪਰਮ ਪੁਰਖ ਨੂੰ ਸਿਕ, ਸਿਖ਼ਰ ਚੋਟੀ ਚੜ੍ਹ ਕੇ ਵੇਖ ਵਖਾਈਆ। ਜਿਸ ਦੇ ਨਾਲ ਗੁਰ ਅਵਤਾਰਾਂ ਪੈਗ਼ੰਬਰਾਂ ਦਾ ਪੂਰਾ ਹੋਣਾ ਭਵਿਖ, ਭਵਿਸ਼ ਆਪਣਾ ਦਏ ਜਣਾਈਆ । ਜਿਸ ਦੇ ਵਿਚੋਂ ਪਰਗਟ ਹੋਣੇ ਗੁਰਮੁਖ ਸਾਚੇ ਸਿੱਖ, ਸਿੱਖੀ ਸਿਖਿਆ ਸਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤੇਰਾਂ ਪੋਹ ਕਹੇ ਮੈਂ ਜਾਣਾ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਧਿਆਂ, ਬਿਨ ਅੱਖਾਂ ਰਾਹ ਤਕਾਇੰਦਾ। ਇਕ ਇਕੱਲਾ ਏਕੰਕਾਰਾ ਬਣ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਇੰਦਾ। ਜਿਸ ਦੀ ਭਗਤ ਦੇਵੇ ਸਲਾਹ, ਸਾਚਾ ਰਾਹ ਇਕ ਦ੍ਰਿੜਾਇੰਦਾ। ਬੀਸ ਇਕੀਸਾ ਹਰਿ ਜਗਦੀਸ਼ਾ ਵੇਖੇ ਆ, ਨਿਰਗੁਣ ਆਪਣਾ ਫੇਰਾ ਪਾਇੰਦਾ। ਡੁੱਬਦੇ ਪਾਥਰ ਲਏ ਤਰਾ, ਕਵਲ ਫੁੱਲ ਜਗਤ ਮਹਿਕਾਇੰਦਾ। ਸਾਚਾ ਹੁਕਮ ਇਕ ਵਰਤਾ, ਧੁਰ ਸੰਦੇਸ਼ਾ ਆਪ ਜਣਾਇੰਦਾ। ਧਰਮ ਵਿਚੋਲਾ ਇਕ ਬਣਾ, ਸਿੰਘ ਪਾਲ ਵਡਿਆਇੰਦਾ। ਤੇਰਾਂ ਪੋਹ ਰੁੱਤ ਸੁਹਾ, ਵਦੀ ਸੁਦੀ ਨਾ ਕੋਇ ਜਣਾਇੰਦਾ। ਸਚ ਨਿਸ਼ਾਨਾ ਹੱਥ ਫੜਾ, ਸੱਤ ਰੰਗ ਆਪ ਹਿਲਾਇੰਦਾ । ਜਨ ਭਗਤੋ ਅੱਗੇ ਜਨਮ ਮਰਨ ਦਾ ਲੇਖਾ ਰਿਹਾ ਨਾ ਰਾ, ਆਵਣ ਜਾਵਣ ਰਹਿਣ ਕੋਇ ਨਾ ਪਾਇੰਦਾ। ਸ਼ਹਾਦਤ ਦੇਣ ਵਾਲਾ ਗੋਬਿੰਦ ਸੱਚਾ ਗਵਾਹ, ਜੋ ਏਥੇ ਉਥੇ ਮੁਕਰ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸੁਣਾਇੰਦਾ। ਸਚ ਨਿਸ਼ਾਨ ਫੜ ਕੇ ਗੁਰਮੁਖ ਗ੍ਰਹਿ, ਖ਼ੁਸ਼ੀ ਇਕ ਮਨਾਈਆ। ਦੋ ਜਹਾਨਾਂ ਇਕੋ ਹੁਕਮ ਰਹੇ, ਰਹਿਬਰ ਇਕ ਅਖਵਾਈਆ। ਨਿਰਭਉ ਜਣਾਏ ਆਪਣਾ ਭੈ, ਕੂੜੀ ਕਿਰਿਆ ਗੜ੍ਹ ਤੁੜਾਈਆ। ਜਗਤ ਸ੍ਰਿਸ਼ਟੀ ਹੋਣੀ ਲੈ, ਲਹਿਣੇ ਸਭ ਦੇ ਦੇਣੇ ਵਿਚ ਮੁਕਾਈਆ। ਜਨ ਭਗਤਾਂ ਕੋਲ ਸਚਖੰਡ ਦਵਾਰਾ ਅੱਜ ਤੋਂ ਕੀਤਾ ਬੈਅ, ਗਿਰਵੀ ਵਾਲਾ ਲੇਖਾ ਰਿਹਾ ਨਾ ਰਾਈਆ। ਇਸ ਤੋਂ ਚੰਗੀ ਹੋਰ ਕਿਹੜੀ ਸ਼ੈਅ, ਜੋ ਸ਼ਹਿਨਸ਼ਾਹ ਦਏ ਵਰਤਾਈਆ । ਭਗਤ ਭਗਵਾਨ ਮਿਲ ਕੇ ਇਕੋ ਅੰਦਰ ਬਹੇ, ਮੰਦਰ ਆਪ ਸੁਹਾਈਆ। ਜਨ ਭਗਤ ਸੁਹੇਲਾ ਹਰਿ ਸਰਨਾਈ ਢਏ, ਢੱਠਿਆਂ ਫੜ ਬਾਹੋਂ ਗਲੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਨਾਮ ਵਡਿਆਈਆ। ਗੋਬਿੰਦ ਕਹੇ ਵਖਾਓ ਬੈ ਨਾਮਾ, ਜੋ ਭਗਤੋ ਲਿਆ ਲਿਖਾਈਆ। ਸ਼ਹਾਦਤ ਨਾਲ ਦਿਓ ਕ੍ਰਿਸ਼ਨਾ ਰਾਮਾ, ਦੋਵੇਂ ਮੇਲ ਮਿਲਾਈਆ। ਮੈਂ ਪ੍ਰਭ ਦਾ ਵੇਖਾਂ ਅਗਲਾ ਕੀ ਨਿਜ਼ਾਮਾ, ਬਦਲੀ ਕੀ ਕਰਾਈਆ। ਅਗੋਂ ਆਇਆ ਇਕ ਫ਼ਰਮਾਨਾ, ਧੁਰ ਦਾ ਹੁਕਮ ਸੁਣਾਈਆ। ਬੇਸ਼ਕ ਗੁਰਮੁਖ ਗੁਰਸਿਖ ਜਨ ਭਗਤ ਹੋਵੇ ਬਾਲ ਅੰਞਾਣਾ, ਮੈਂ ਸੁਘੜ ਸਿਆਣਾ ਦਿਆਂ ਬਣਾਈਆ। ਏਸੇ ਕਾਰਨ ਜਨ ਭਗਤ ਦਵਾਰੇ ਝੁਲੌਣ ਲੱਗਾ ਨਿਸ਼ਾਨਾ, ਜਿਸ ਨਿਸ਼ਾਨ ਦੇ ਹੇਠਾਂ ਗੁਰ ਪੀਰ ਅਵਤਾਰ ਸੇਵ ਕਮਾਈਆ। ਉਹਨਾਂ ਮਿਲੇ ਆਪ ਭਗਵਾਨਾ, ਦੂਜੀ ਲੋੜ ਰਹੇ ਨਾ ਰਾਈਆ। ਜਨ ਭਗਤ ਖ਼ੁਸ਼ੀਆਂ ਨਾਲ ਗਾਵਣ ਗਾਣਾ, ਤੂੰਹੀ ਤੂੰਹੀ ਰਾਗ ਅਲਾਈਆ। ਸਚ ਦਾ ਮਿਲਿਆ ਇਕ ਟਿਕਾਣਾ, ਮੰਦਰ ਇਕ ਸੁਹਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਗੋਬਿੰਦ ਕਹੇ ਪ੍ਰਭ ਆਪਣਾ ਲਾ ਅੰਗੂਠਾ, ਇਕੋ ਵਾਰ ਜਣਾਈਆ। ਜੁਗ ਚੌਕੜੀ ਤੂੰ ਅਛਲ ਅਛੱਲ ਝੂਠਿਆਂ ਨਾਲ ਮਿਲ ਕੇ ਹੋ ਜਾਏਂ ਝੂਠਾ, ਸੱਚਿਆਂ ਨਾਲ ਮਿਲ ਕੇ ਬੇਸ਼ਕ ਬੋਲੇਂ ਸੱਚਾ, ਸਚ ਬੋਲਣ ਵਾਲੇ ਥੋੜੇ ਨਜ਼ਰੀ ਆਈਆ। ਪੁਰਖ ਅਕਾਲ ਕਹੇ ਗੋਬਿੰਦ ਤੈਨੂੰ ਕਿਉਂ ਨਹੀਂ ਚੜ੍ਹਦਾ ਗ਼ੁੱਸਾ, ਜੋ ਮੇਰਾ ਨਾਮ ਭੁਲਾਈਆ। ਗੋਬਿੰਦ ਕਿਹਾ ਮੈਂ ਹੁਣ ਬੰਦਿਆਂ ਵਰਗਾ ਨਹੀਂ ਰੱਖਣਾ ਜੁੱਸਾ, ਫੜਿਆਂ ਹੱਥ ਕਿਸੇ ਨਾ ਆਈਆ। ਮੇਰੀਆਂ ਨਜ਼ਰ ਨਾ ਆਵਣ ਮੁੱਛਾਂ, ਸੀਸ ਕੇਸ ਨਾ ਕੋਇ ਜਣਾਈਆ। ਮੈਂ ਮਾਰਿਆਂ ਢਾਹਿਆਂ ਨਾ ਤੈਥੋਂ ਨਾ ਤੇਰੀ ਲੋਕਾਈ ਕੋਲੋਂ ਮੁਕਾਂ, ਮੁਕੰਮਲ ਤੇਰਾ ਰੂਪ ਨਜ਼ਰੀ ਆਈਆ। ਮੈਨੂੰ ਲੋੜ ਕੋਈ ਨਾ ਪੁੱਤਾਂ, ਜੇ ਪੁੱਤ ਵੇਖਾਂ ਤੇ ਗੁਰਮੁਖ ਨਜ਼ਰੀ ਆਈਆ। ਮੈਂ ਪ੍ਰਭੂ ਇਕੋ ਤੈਨੂੰ ਪੁਛਾਂ, ਪਿਛਲੀ ਯਾਦ ਕਰਾਈਆ। ਜਿਸ ਵੇਲੇ ਮੈਨੂੰ ਨੌ ਬਰਸ ਦੇ ਨੂੰ ਅੰਦਰ ਮਾਰੀਆਂ ਗੁੱਝਾਂ, ਹੌਲੀ ਜਿਹੀ ਉਠਾਈਆ। ਭੇਵ ਦੱਸ ਕੇ ਗੁੱਝਾ, ਇਕੋ ਰਮਜ਼ ਲਗਾਈਆ। ਜਿਸ ਦੇ ਹੁਕਮ ਨਾਲ ਮੇਰਾ ਪਿਤਾ ਤੇਗ਼ ਬਹਾਦਰ ਝੂਝਾ, ਆਪ ਆਪਣਾ ਭੇਟ ਕਰਾਈਆ। ਮੈਨੂੰ ਖ਼ੁਸ਼ੀ ਹੋਈ ਉਹ ਫੇਰ ਹੋਇਆ ਅੱਜ ਮੌਜੂਦਾ, ਨਿਰਗੁਣ ਹੋ ਕੇ ਫੇਰਾ ਪਾਈਆ। ਜਨ ਭਗਤਾਂ ਨੂੰ ਦੇਣ ਆਇਆ ਸਬੂਤਾ, ਸਾਖਿਆਤ ਮਰਦੇ ਲਏ ਬਚਾਈਆ। ਨਾਲੇ ਮੇਲ ਮਿਲਾ ਕੇ ਨਾਲ ਮਹਿਬੂਬਾ, ਮੁਹੱਬਤ ਵਿਚ ਰਖਾਈਆ। ਮੈਂ ਉਸ ਵੇਲੇ ਇਹ ਬਣਾਇਆ ਸੀ ਮਨਸੂਬਾ, ਜਿਸ ਵੇਲੇ ਪਿਤਾ ਅੱਗੇ ਸੀਸ ਨਿਵਾਈਆ। ਕਦੀ ਪ੍ਰਭੂ ਵੀ ਆਵੇਗਾ ਸਾਡੀ ਹੱਦ ਅੰਦਰ ਹਦੂਦਾ, ਦਾਇਰਿਆਂ ਵਿਚ ਰਖਾਈਆ। ਮੈਂ ਆਪਣੇ ਅੰਦਰ ਬੰਦ ਕਰਾਂ ਜਿਉਂ ਮਿਸ਼ਰੀ ਅੰਦਰ ਕੂਜਾ, ਕੁਛ ਮੇਰੇ ਬਿਨਾ ਉਸ ਦਾ ਵਸ ਨਾ ਚਲੇ ਰਾਈਆ। ਕਿਸੇ ਨੂੰ ਹੱਥ ਨਾ ਆਵੇ ਢੂੰਡਾ, ਖੋਜਿਆਂ ਖੋਜ ਨਾ ਕੋਇ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਮੇਰੀ ਝੋਲੀ ਪਾਈਆ। ਗੋਬਿੰਦ ਕਹੇ ਮੈਨੂੰ ਯਾਦ ਨੌ ਸਾਲ ਦੀ ਅਵਸਥਾ, ਅਭੁੱਲ ਤੇਰੀ ਵਡਿਆਈਆ। ਤੇਰੇ ਪ੍ਰੇਮ ਨਾਲੋਂ ਆਪਣਾ ਤਨ ਕਰਕੇ ਸਸਤਾ, ਪਿਤਾ ਤੇਰੀ ਝੋਲੀ ਪਾਈਆ। ਮੈਨੂੰ ਅੱਜ ਖ਼ੁਸ਼ੀ ਉਹ ਭਗਤਾਂ ਦੱਸਣ ਆਇਆ ਰਸਤਾ, ਸ਼ਬਦ ਨਾਲ ਜਣਾਈਆ। ਜਨ ਭਗਤੋ ਤੁਹਾਡਾ ਸਭ ਤੋਂ ਵੱਖਰਾ ਪ੍ਰਭ ਦੇ ਕੋਲ ਬੰਨ੍ਹਾ ਕੇ ਆਇਆ ਬਸਤਾ, ਫ਼ਾਈਲ ਦੂਜੇ ਹੱਥ ਨਾ ਕੋਇ ਫੜਾਈਆ। ਤੁਹਾਡਾ ਹਾਲ ਰਹਿਣ ਨਹੀਂ ਦੇਣਾ ਖਸਤਾ, ਖ਼ਾਲਸ ਆਪਣੇ ਰੰਗ ਰੰਗਾਈਆ। ਗੁਰਮੁਖ ਭਗਤ ਕੂੜੀ ਕਿਰਿਆ ਦਾ ਲੜਾਕਾ ਸੋਹਣਾ ਦਸਤਾ, ਬਲਕਾਰੀ ਨਜ਼ਰੀ ਆਈਆ। ਜੋ ਹਰਿ ਸਰਨਾਈ ਵਸਦਾ, ਵੱਖਰਾ ਧਾਮ ਨਾ ਕੋਇ ਬਣਾਈਆ। ਉਹ ਮੇਲ ਕਰਾਏ ਆਪਣੀ ਅੱਖ ਦਾ, ਪ੍ਰਤਖ ਨਜ਼ਰੀ ਆਈਆ। ਜਦ ਵੇਖੋ ਤੇ ਤੁਹਾਡੇ ਅੰਦਰ ਵਸਦਾ, ਵਸਲ ਆਪਣਾ ਸਚ ਕਰਾਈਆ। ਪਿਛਾ ਦੇ ਕਦੇ ਨਾ ਨੱਸਦਾ, ਪੱਲੂ ਗੰਢ ਨਾ ਕੋਇ ਛੁਡਾਈਆ। ਗੋਬਿੰਦ ਵੇਸ ਅਵੱਲੜੇ ਜੱਟ ਦਾ, ਜੱਟ ਸ਼ਬਦ ਨਾਉਂ ਪਰਗਟਾਈਆ। ਸ਼ਬਦ ਸਤਿਗੁਰ ਕਿਸੇ ਦਾ ਨਾਮ ਕਦੇ ਨਾ ਰਟਦਾ, ਰੱਟਿਆਂ ਵਿਚ ਰੱਖੇ ਲੋਕਾਈਆ। ਜੋ ਚਾਹੇ ਸੋ ਆਪਣੀ ਕੀਮਤ ਵੱਟਦਾ, ਆਪਣੇ ਹੱਟ ਵਿਕਾਈਆ। ਉਹ ਕਦੇ ਮੇਲ ਨਹੀਂ ਹੁੰਦਾ ਬੂੰਦ ਰੱਤ ਦਾ, ਮਾਤ ਗਰਭ ਨਾ ਡੇਰਾ ਲਾਈਆ। ਉਹ ਜੋਤ ਸਰੂਪ ਜੋਤੀ ਨੂਰ ਲਟ ਲਟ ਜਗਦਾ, ਦੋ ਜਹਾਨ ਕਰੇ ਰੁਸ਼ਨਾਈਆ। ਸੰਤ ਭਗਤ ਭਗਵਾਨ ਆਪਣੀ ਖਾਹਿਸ਼ ਨਾਲ ਸੱਦਦਾ, ਲੋੜ ਆਪਣੀ ਨਾਲ ਮਿਲਾਈਆ। ਮਿਹਰਵਾਨ ਹੋ ਕੇ ਪੜਦਾ ਕਜਦਾ, ਦਇਆਵਾਨ ਹੋ ਕੇ ਹੋਏ ਸਹਾਈਆ। ਤੁਹਾਨੂੰ ਬਣਾਕੇ ਮਾਲਕ ਘਰ ਅੱਧ ਦਾ, ਅੱਧਾ ਹਿੱਸਾ ਤੁਹਾਡੀ ਝੋਲੀ
ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਓਸ ਦਵਾਰ ਬਹਿ ਕੇ ਸਜਦਾ, ਜਿਸ ਦਵਾਰੇ ਆਦਿ ਜੁਗਾਦਿ ਜੁਗ ਚੌਕੜੀ ਸੱਤ ਰੰਗ ਨਿਸ਼ਾਨ ਇਕੋ ਨਜ਼ਰੀ ਆਈਆ। ਸਤਿ ਨਿਸ਼ਾਨ ਕਹੇ ਮੇਰੀ ਰੱਖੀਂ ਲਾਜ, ਅਭੁੱਲ ਭੁੱਲ ਕਦੇ ਨਾ ਜਾਈਆ। ਮੈਂ ਵੇਖ ਕੇ ਤੇਰਾ ਤਾਜ, ਤਖ਼ਤ ਨਿਵਾਸੀ ਖ਼ੁਸ਼ੀ ਮਨਾਈਆ। ਮੈਂ ਵੇਖਣਾ ਤੇਰੇ ਭਗਤਾਂ ਦਾ ਬੇੜਾ ਤਰਦਾ ਜਹਾਜ਼, ਜੋ ਤੇਰੀ ਛਾਤੀ ਉਪਰ ਆਸਣ ਲਾਈਆ। ਮੈਂ ਦੱਸਣਾ ਉਹ ਰਿਵਾਜ, ਜਿਸ ਦੀ ਰਸਮ ਅਦਾ ਨਾ ਕਿਸੇ ਕਰਾਈਆ। ਉਹ ਗੁਰਮੁਖੋ ਜਨ ਭਗਤੋ ਨਾ ਕੋਈ ਰੋਜ਼ਾ ਨਾ ਨਿਮਾਜ਼, ਨਾ ਕੋਈ ਬੰਦਗੀ ਨਾ ਕੋਈ ਮੰਤਰ ਵੇਦ ਪਾਠ ਪੁਰਾਨ ਕਰੇ ਪੜ੍ਹਾਈਆ । ਸਿੱਧਾ ਨਜ਼ਰੀ ਆਵਾਂ ਸਾਖਿਆਤ, ਸਵੱਛ ਸਰੂਪ ਹੋ ਕੇ ਦਰਸ ਦਿਖਾਈਆ। ਪਹਿਲੀ ਮੰਗ ਪਹਿਲੀ ਵਾਰ ਆਜ, ਸ੍ਰੀ ਭਗਵਾਨ ਸੱਚੇ ਮਹਾਰਾਜ, ਤੇਰੀ ਇਕ ਸਰਨਾਈਆ।
੧੪ ਪੋਹ ੨੦੨੧ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ
ਸੱਚ ਨਿਸ਼ਾਨ ਕਹੇ ਪ੍ਰਭ ਬਖ਼ਸ਼ ਸਚ ਧਰਮ, ਚਾਰ ਵਰਨ ਅਠਾਰਾਂ ਬਰਨ ਦੇ ਸਮਝਾਈਆ। ਕੂੜੀ ਕਿਰਿਆ ਮੇਟ ਕਾਂਡ ਕਰਮ, ਨਿਹਕਰਮੀ ਆਪਣਾ ਕਰਮ ਦੇ ਸਮਝਾਈਆ। ਪੁਰਖ ਅਕਾਲ ਸਭ ਨੂੰ ਮਿਲੇ ਸਾਚੀ ਸ਼ਰਨ, ਆਤਮ ਪਰਮਾਤਮ ਇਸ਼ਟ ਸਰਬ ਮਨਾਈਆ। ਗੁਰ ਸ਼ਬਦੀ ਪੱਲੂ ਸਾਰੇ ਫੜਨ, ਪੰਜ ਤਤ ਗੁਰੂ ਨਾ ਕੋਇ ਮਨਾਈਆ। ਕਾਇਆ ਮੰਦਰ ਅੰਦਰ ਆਪਣੀ ਮੰਜ਼ਲ ਚੜ੍ਹਨ, ਮਹੱਲ ਅਟਲ ਦਰਸ਼ਨ ਪਾਈਆ। ਸਤਿ ਸਰੂਪੀ ਤੇਰਾ ਦਰਸ਼ਨ ਕਰਨ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਨੇਤਰ ਖੋਲ੍ਹ ਦੇ ਹਰਨ ਫਰਨ, ਨਿਜ ਨੈਣ ਕਰ ਰੁਸ਼ਨਾਈਆ । ਤੂੰ ਦਾਤਾ ਦਾਨੀ ਕਰਨੀ ਕਰਨ, ਕਰਤਾ ਪੁਰਖ ਤੇਰੀ ਵਡਿਆਈਆ। ਕੂੜੀ ਕਿਰਿਆ ਹਉਮੇ ਰੋਗ ਸਭ ਦੇ ਝੜ੍ਹਨ, ਮਾਇਆ ਮਮਤਾ ਰਹਿਣ ਨਾ ਪਾਈਆ। ਗੁਰਸਿਖ ਗੁਰਸਿਖ ਨਾਲ ਮੂਲ ਨਾ ਲੜਨ, ਗੁਰਮਤ ਗੁਰ ਗੁਰ ਦੇ ਬੁਝਾਈਆ। ਚਰਨ ਪ੍ਰੀਤੀ ਬਖ਼ਸ਼ ਉਪਰ ਧਰਨੀ ਧਰਨ, ਧਵਲ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸਚ ਨਿਸ਼ਾਨਾ ਕਹੇ ਪ੍ਰਭ ਦੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਸਤਿ ਸੰਤੋਖ ਧੀਰਜ ਦੇ ਸਤਿ, ਅਗਨੀ ਤਤ ਗਵਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਅੰਮ੍ਰਿਤ ਮੇਘ ਇਕ ਬਰਸਾਈਆ। ਆਪਣੇ ਮਿਲਣ ਦੀ ਖੋਲ੍ਹ ਦੇ ਅੱਖ, ਪ੍ਰਤਖ ਰੂਪ ਨਜ਼ਰ ਆਏ ਗੁਸਾਈਂਆ। ਸਾਚੇ ਸੰਤਾਂ ਝੋਲੀ ਪਾ ਦੇ ਹਕ, ਪੂਰਬ ਲਹਿਣਾ ਵੇਖ ਵਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨਾਤਾ ਜਾਵਣ ਛੱਡ, ਕੂੜੀ ਕਿਰਿਆ ਪਰੇ ਸੁਟਾਈਆ। ਜਗਤ ਜਹਾਨੋਂ ਹੋ ਜਾਣ ਅੱਡ, ਇਕੋ ਤੇਰੀ ਓਟ ਤਕਾਈਆ। ਲੇਖੇ ਲਾ ਦੇ ਸਾਢੇ ਤਿੰਨ ਹੱਥ ਕਾਇਆ ਮਾਟੀ ਹੱਡ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਤ੍ਰੈਗੁਣ ਮਾਇਆ ਲੱਗੀ ਬੁਝਾਦੇ ਅੱਗ, ਸਾਂਤਕ ਸਤਿ ਕਰਾਈਆ। ਬਿਨ ਮੱਕੇ ਕਾਅਬਿਉਂ ਕਰਾ ਦੇ ਹੱਜ, ਹੁਜਰਾ ਕਾਇਆ ਹਕ ਵਖਾਈਆ। ਸ਼ਬਦ ਅਗੰਮੀ ਵਜਾ ਦੇ ਨਾਦ, ਢੋਲਕ ਛੈਣਾ ਲੋੜ ਰਹੇ ਨਾ ਰਾਈਆ। ਨਾਮ ਸੁਣਾ ਦੇ ਬੋਧ ਅਗਾਧ, ਰਸਨਾ ਜਿਹਵਾ ਚੁੱਕੇ ਸਰਬ ਪੜ੍ਹਾਈਆ। ਆਤਮ ਪਰਮਾਤਮ ਬਣਾ ਦੇ ਇਕ ਸਮਾਜ, ਦੂਜੀ ਰਸਮ ਨਾ ਕੋਇ ਜਣਾਈਆ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦੇ ਗਵਾਈਆ।
ਅੰਮ੍ਰਿਤ ਬਖ਼ਸ਼ ਬੂੰਦ ਸਵਾਂਤ, ਨਿਜਰ ਝਿਰਨਾ ਆਪ ਝਿਰਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਰਾਹ ਵਖਾਈਆ। ਤੇਰੇ ਨਾਉਂ ਦੀ ਸਾਰੇ ਗਾਵਣ ਇਕੋ ਗਾਥ, ਨਾਮ ਕਲਮਾ ਇਕੋ ਰੂਪ ਸਮਾਈਆ। ਤੇਰਾ ਜੈਕਾਰਾ ਇਕੋ ਆਏ ਆਵਾਜ਼, ਤੂੰ ਹੀ ਤੂੰ ਹੀ ਰਾਗ ਅਲਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦੀ ਵਾਹਦ, ਲਾਸ਼ਰੀਕ ਤੇਰੀ ਸਰਨਾਈਆ। ਆਪਣਾ ਹੁਕਮ ਕਰ ਆਇਦ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਸਚ ਕਾਨੂੰਨ ਬਣਾ ਕਵਾਇਦ, ਧਾਰਾ ਆਪਣੀ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਹਿਜ ਸਹਿਜ ਤੇਰੀ ਸਰਨਾਈਆ। ਨਿਸ਼ਾਨ ਕਹੇ ਪ੍ਰਭ ਬਖ਼ਸ਼ ਦੇ ਧੀਰਜ ਸਤਿ ਸੰਤੋਖ, ਜੀਵਾਂ ਜੰਤਾਂ ਦੇ ਸਮਝਾਈਆ। ਆਪਣੇ ਨਾਮ ਦੀ ਬਖ਼ਸ਼ ਚੋਗ, ਕੂੜੀ ਤ੍ਰਿਸ਼ਨਾ ਦੇ ਮਿਟਾਈਆ। ਹਉਮੇ ਕੱਟ ਦੇ ਰੋਗ, ਹੰ ਬ੍ਰਹਮ ਇਕ ਸਮਝਾਈਆ। ਜਨਮ ਜਨਮ ਨਾ ਹੋਏ ਵਿਜੋਗ, ਅਗਲਾ ਵਿਛੋੜਾ ਦੇ ਕਟਾਈਆ। ਆਪਣੇ ਨਾਲ ਕਰ ਧੁਰ ਸੰਜੋਗ, ਧੁਰ ਸੰਜੋਗੀ ਮੇਲ ਮਿਲਾਈਆ। ਭਾਗ ਲਗਾ ਦੇ ਕਾਇਆ ਕੋਟ, ਸਾਢੇ ਤਿੰਨ ਹੱਥ ਮੰਦਰ ਵੱਜੇ ਵਧਾਈਆ। ਅਨਹਦ ਨਾਦੀ ਵੱਜੇ ਚੋਟ, ਧੁਨ ਰਾਗ ਇਕ ਸ਼ਨਵਾਈਆ। ਸਤਿ ਸਰੂਪੀ ਨਜ਼ਰੀ ਆਏ ਜੋਤ, ਪਰਕਾਸ਼ਵਾਨ ਤੇਰੀ ਬੇਪਰਵਾਹੀਆ । ਲਹਿਣਾ ਦੇਣਾ ਮੁੱਕ ਜਾਏ ਹਰਖ਼ ਸੋਗ, ਚਿੰਤਾ ਗ਼ਮ ਨਾ ਕੋਇ ਸਤਾਈਆ। ਨਿਤ ਨਵਿਤ ਤੇਰਾ ਦਰਸ਼ਨ ਕਰੀਏ ਅਮੋਘ, ਸਵੱਛ ਸਰੂਪੀ ਤੂੰਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਸ੍ਰਿਸ਼ਟ ਸਬਾਈ ਦੇ ਸਮਝਾਈਆ। ਧਰਮ ਨਿਸ਼ਾਨਾ ਕਹੇ ਸੁਣ ਮੇਰੇ ਠਾਕਰ, ਪ੍ਰਭ ਅਬਿਨਾਸ਼ੀ ਤੇਰੀ ਓਟ ਤਕਾਈਆ। ਤੂੰ ਗਹਿਰ ਗੰਭੀਰ ਡੂੰਘਾ ਸਾਗਰ, ਬੇਅੰਤ ਤੇਰੀ ਵਡਿਆਈਆ। ਤੂੰ ਜੋਧਾ ਸੂਰਬੀਰ ਬਹਾਦਰ, ਬਲਧਾਰੀ ਇਕ ਅਖਵਾਈਆ। ਕਿਰਪਾ ਕਰ ਕਰੀਮ ਕਾਦਰ, ਕੁਦਰਤ ਤੇਰਾ ਰਾਹ ਤਕਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬਣ ਆਦਲ, ਅਦਾਲਤ ਇਕੋ ਇਕ ਲਗਾਈਆ। ਝਗੜਾ ਮੁਕਾ ਦੇ ਮਕਤੂਲ ਕਾਤਲ, ਛੁਰੀ ਵਿਚ ਹੱਥ ਨਾ ਕੋਇ ਰਖਾਈਆ। ਆਪਣਾ ਜਲਵਾ ਨੂਰ ਦੇ ਦੇ ਬਾਤਨ, ਜ਼ਾਹਰ ਜਹੂਰ ਤੂੰ ਹੀ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਮਿਆਂ ਅੰਦਰ ਜਿਸ ਨੂੰ ਆਖਣ, ਨਾਮਾਂ ਵਿਚ ਸਲਾਹੀਆ। ਕਲਾਮਾਂ ਵਿਚ ਦੇਵਣ ਭਾਸ਼ਣ, ਸਲਾਮਾਂ ਵਿਚ ਨਿਉਂ ਨਿਉਂ ਸੀਸ ਝੁਕਾਈਆ। ਤੂੰ ਸ਼ਾਹੋ ਭੂਪ ਵਡ ਰਾਜ ਰਾਜਨ, ਸ਼ਹਿਨਸ਼ਾਹ ਇਕ ਅਖਵਾਈਆ। ਲੱਖ ਚੁਰਾਸੀ ਤੇਰੀ ਮੁਹਤਾਜਣ, ਲੋੜੀਂਦੀ ਵਸਤ ਜਨ ਭਗਤਾਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਮ ਨਿਸ਼ਾਨਾ ਕਹੇ ਪ੍ਰਭ ਕਰ ਦੇ ਰਹਿਮਤ, ਰਹਿਮਾਨ ਤੇਰੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਨਾਲ ਸਹਿਮਤ, ਫ਼ਿਰਕਾ ਨਜ਼ਰ ਕੋਇ ਨਾ ਆਈਆ। ਕਲਜੁਗ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਅਹਿਮਕ, ਸਾਚੀ ਸਿਖਿਆ ਹੱਥ ਕਿਸੇ ਨਾ ਆਈਆ । ਕਿਸੇ ਨੇ ਬੱਧੀ ਧੋਤੀ ਕਿਸੇ ਨੇ ਬੱਧੀ ਤਹਿਮਤ, ਕੋਈ ਤੰਬਿਆਂ ਪੜਦਾ ਬਦਨ ਰਿਹਾ ਪਾਈਆ। ਪੁਰਖ ਅਕਾਲ ਦੀਨ ਦਿਆਲ ਆਪਣੇ ਸ਼ਬਦ ਦੀ ਮਾਰ ਇਕੋ ਸੈਨਤ, ਸਚ ਇਸ਼ਾਰੇ ਨਾਲ ੳਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਾਤੀ ਵੇਖ ਵਖਾਈਆ। ਸਤਿ ਨਿਸ਼ਾਨਾ ਕਹੇ ਮੈਂ ਵੇਖਿਆ ਕਲਜੁਗ ਸਦੀ ਬੀਸ, ਚਾਰੋਂ ਕੁੰਟ ਧਿਆਨ ਲਗਾਈਆ। ਮੁੱਲਾ ਸ਼ੇਖ਼ ਮੁਸਾਇਕ ਭੁੱਲੇ ਕਲਮਾ ਹਕ ਹਦੀਸ, ਹਜ਼ਰਤ ਕਰੇ ਨਾ ਕੋਇ ਪੜ੍ਹਾਈਆ। ਝਗੜਾ ਪਿਆ ਜ਼ਾਤ ਪਾਤ ਊਚ ਨੀਚ, ਰਾਓ ਰੰਕ ਖਹਿ ਖਹਿ ਮਰੇ ਲੋਕਾਈਆ। ਪੰਡਤ
ਪਾਂਧੇ ਕਾਇਆ ਹੋਈ ਨਾ ਕਿਸੇ ਠੰਡੀ ਸੀਤ, ਗੰਗਾ ਗੋਦਾਵਰੀ ਜਮਨਾ ਸੁਰਸਤੀ ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਗ੍ਰੰਥੀ ਪੰਥੀ ਤੇਰੀ ਸੱਚੀ ਨਜ਼ਰ ਨਾ ਆਈ ਪ੍ਰੀਤ, ਹਉਮੇ ਹੰਗਤਾ ਮਾਇਆ ਮਮਤਾ ਬੈਠੇ ਗੜ੍ਹ ਬਣਾਈਆ। ਪਰਮ ਪੁਰਖ ਪਰਮਾਤਮ ਜਨ ਭਗਤਾਂ ਆਤਮ ਤੇਰੀ ਕਰੇ ਉਡੀਕ, ਅੰਤਰ ਅੰਤਰ ਧਿਆਨ ਲਗਾਈਆ। ਤੂੰ ਵਾਹਦ ਲਾਸ਼ਰੀਕ, ਸਚ ਤੌਫ਼ੀਕ ਨੂਰ ਖ਼ੁਦਾਈਆ। ਤੇਰੀ ਧਾਰ ਅਜ਼ਬ ਬਾਰੀਕ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਤੂੰ ਰਹਿਮਤ ਕਰ ਬਖ਼ਸ਼ੀਸ਼, ਰਹਿਮਾਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਧਰਮ ਨਿਸ਼ਾਨਾ ਕਹੇ ਪ੍ਰਭ ਖੋਲ੍ਹ ਦੇ ਪੜਦਾ, ਭਰਮ ਭੁਲੇਖਾ ਸਰਬ ਕਢਾਈਆ। ਜਨ ਭਗਤ ਗੋਲਾ ਬਣਾ ਆਪਣੇ ਦਰ ਦਾ, ਦਰਵੇਸ਼ ਹੋ ਕੇ ਅਲਖ ਜਗਾਈਆ। ਤੂੰ ਮਾਲਕ ਘਰ ਘਰ ਦਾ, ਲੱਖ ਚੁਰਾਸੀ ਵਿਚ ਸਮਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਕੋਲੋਂ ਡਰਦਾ, ਭੈ ਵਿਚ ਸਰਬ ਲੋਕਾਈਆ । ਤੇਰੇ ਅੱਗੇ ਕੋਈ ਨਾ ਅੜਦਾ, ਜੋ ਘੜਿਆ ਭੰਨ ਵਖਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਤੇਰੇ ਚਰਨ ਦਵਾਰੇ ਸੇਵ ਕਰਦਾ, ਆਦਿ ਜੁਗਾਦਿ ਜੁਗ ਚੌਕੜੀ ਨਿਉਂ ਨਿਉਂ ਸੀਸ ਨਿਵਾਈਆ। ਤੂੰ ਮਾਲਕ ਖ਼ਾਲਕ ਮਿਹਰਵਾਨ ਆਪਣੀ ਕਿਰਪਾ ਕਰਦਾ, ਮਹਿਬੂਬ ਤੇਰੀ ਵਡ ਬੇਪਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਉਠ ਵੇਖ ਅਗਨੀ ਸੜਦਾ, ਸਦੀ ਚੌਧਵੀਂ ਤਤ ਅੱਗ ਨਾ ਕੋਇ ਬੁਝਾਈਆ। ਹੁਜਰੇ ਹਕ ਕੋਈ ਨਾ ਵੜਦਾ, ਮੰਦਰ ਸਾਚੇ ਆਸਣ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਜਣਾਈਆ। ਸਤਿ ਨਿਸ਼ਾਨਾ ਕਹੇ ਪ੍ਰਭ ਵੇਖ ਕਲਜੁਗ ਮਾਇਆ, ਲੱਖ ਚੁਰਾਸੀ ਬੰਧਨ ਪਾਈਆ। ਘਰ ਘਰ ਤੇਰਾ ਨਾਉਂ ਭੁਲਾਇਆ, ਵੱਜੇ ਸਚ ਨਾ ਕੋਇ ਵਧਾਈਆ। ਕੂੜੀ ਕਿਰਿਆ ਵਿਚ ਭਰਮਾਇਆ, ਭਾਂਡਾ ਭਰਮ ਨਾ ਕੋਇ ਭੰਨਾਈਆ। ਸਾਚਾ ਸਤਿਗੁਰ ਕਿਸੇ ਨਜ਼ਰ ਨਾ ਆਇਆ, ਪੁਰਖ ਅਕਾਲ ਤੇਰਾ ਦਰਸ ਕੋਇ ਨਾ ਪਾਈਆ। ਕੋਟਨ ਕੋਟ ਗੁਰੂ ਕਲਜੁਗ ਰਹੇ ਅਖਵਾਇਆ, ਸਤਿਗੁਰ ਤੇਰਾ ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਕਿਰਪਾ ਕਰ ਬੇਪਰਵਾਹਿਆ, ਲੋਕਮਾਤ ਹੋ ਸਹਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਆਪਣਾ ਵੇਸ ਵਟਾਇਆ, ਭੇਵ ਅਭੇਦਾ ਦੇ ਖੁਲ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਪੁਰੀ ਲੋਅ ਆਕਾਸ਼ ਤੇਰਾ ਰਾਹ ਤਕਾਇਆ, ਜਲ ਥਲ ਬੈਠੇ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਬਿਨਾਸ਼ੀ ਕਰਤੇ ਹੋ ਸਹਾਈਆ। ਸਚ ਨਿਸ਼ਾਨਾ ਕਹੇ ਮੈਂ ਤੇਰਾ ਨਿਸ਼ਾਨ, ਤੁਧ ਬਿਨ ਸਕੇ ਨਾ ਕੋਇ ਝੁਲਾਈਆ। ਤੂੰ ਮਾਲਕ ਖ਼ਾਲਕ ਦੋ ਜਹਾਨ, ਸਤਿ ਸਤਿਵਾਦੀ ਇਕ ਅਖਵਾਈਆ। ਮੈਂ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਇਆ ਵਿਚ ਜਹਾਨ, ਲੋਕਮਾਤ ਫੇਰਾ ਪਾਈਆ। ਤੇਰਾ ਬਣਾਵਾਂ ਸਚ ਵਿਧਾਨ, ਸਾਚੀ ਧਾਰਾ ਇਕ ਪਰਗਟਾਈਆ। ਚਾਰ ਵਰਨ ਦਾ ਇਕ ਗਿਆਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਿਆਂ ਸਮਝਾਈਆ। ਭੇਵ ਚੁਕਾ ਕੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਗੀਤਾ ਗਿਆਨ ਪੜਦਾ ਲਾਹੀਆ। ਖਾਣੀ ਬਾਣੀ ਵੇਖਾਂ ਮਾਰ ਧਿਆਨ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੁਕਮਰਾਨ, ਮੈਂ ਹੁਕਮੇ ਵਿਚ ਰੱਖਾਂ ਲੋਕਾਈਆ। ਨੌ ਖੰਡ ਸੱਤ ਦੀਪ ਮੰਨਣ ਤੇਰੀ ਆਨ, ਸਿਰ ਸਕੇ ਨਾ ਕੋਇ ਉਠਾਈਆ। ਪਹਿਲੋਂ ਭਗਤਾਂ ਦੇਵਾਂ ਗਿਆਨ, ਸਾਚੇ ਸੰਤਾਂ ਬਖ਼ਸ਼ਾਂ ਮਾਣ, ਗੁਰਮੁਖਾਂ ਕਰਾਂ ਪਹਿਚਾਣ, ਗੁਰਸਿਖਾਂ ਦਰ ਘਰ ਮਿਲਾਂ ਆਣ, ਸਤਿ
ਸਤਿਵਾਦੀ ਤੇਰੀ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨ ਕਵਲ ਮਿਲੇ ਵਡਿਆਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਸਭ ਤੋਂ ਵੱਖਰਾ, ਮੇਰੀ ਬਣਤ ਨਾ ਕਿਸੇ ਬਣਾਈਆ। ਨਾ ਕਿਸੇ ਹਿਸਾਬ ਕਿਤਾਬ ਲਿਖਾਇਆ ਵਿਚ ਅੱਖਰਾਂ, ਚਾਰ ਜੁਗ ਗਣਤ ਨਾ ਕੋਇ ਗਿਣਾਈਆ। ਨਾ ਪ੍ਰਭੂ ਤੇਰੀ ਕਿਤਾਬ ਦਾ ਉਲਟਾਇਆ ਕਿਸੇ ਪੱਤਰਾ, ਸੱਤਾਂ ਸਤਰਾਂ ਵਾਲੀ ਸਮਝ ਕਿਸੇ ਨਾ ਆਈਆ। ਜਿਸ ਵੇਲੇ ਮੈਂ ਭਗਤਾਂ ਘਰ ਚੜ੍ਹਿਆ ਲੱਖ ਚੁਰਾਸੀ ਪੈਣਾ ਖ਼ਤਰਾ, ਖ਼ਤਰੇ ਵਿਚ ਲੋਕਾਈਆ। ਖ਼ੂਨ ਉਬਲੇ ਕਤਰਾ ਕਤਰਾ, ਬੂੰਦ ਬੂੰਦ ਆਪਣਾ ਰੰਗ ਵਖਾਈਆ । ਜਿੰਨਾਂ ਚਿਰ ਮੈਂ ਹੋਇਆ ਰਿਹਾ ਮਕਰਾ, ਆਪਣੀ ਨਾ ਲਈ ਅੰਗੜਾਈਆ। ਕਿਸੇ ਨੇ ਖਾਧੀ ਗਾਂ ਕਿਸੇ ਨੇ ਖਾਧਾ ਬੱਕਰਾ, ਪ੍ਰਭ ਨੂੰ ਦੋਵੇਂ ਗਏ ਭੁਲਾਈਆ । ਪੈਗ਼ੰਬਰਾਂ ਕੋਲੋਂ ਭੇਟਾ ਲੈ ਕੇ ਛਤਰਾ, ਸ਼ਰਅ ਦਿਤੀ ਬਣਾਈਆ। ਹੁਣ ਕਲਜੁਗ ਅੰਤਮ ਹੋ ਕੇ ਆਵਾਂ ਅਥਰਾ, ਜ਼ਿੱਦ ਵਿਚ ਆਇਆ ਮੰਨ ਕਦੇ ਨਾ ਜਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੇ ਹੁਕਮ ਦਾ ਝੁੱਲੇ ਅੰਧੇਰਾ ਝੱਖੜਾ, ਕੂੜੀ ਕਿਰਿਆ ਜੜ੍ਹ ਦੇ ਉਖੜਾਈਆ । ਤੇਰਾ ਹੁਕਮ ਕੋਈ ਨਾ ਮਿਸਾਲ ਦੇਵੇ ਲਕੀਰ ਉਤੇ ਪੱਥਰਾ, ਪੱਥਰਾਂ ਵਾਲੀ ਲਕੀਰ ਅੰਤਮ ਮਿਟ ਜਾਈਆ। ਜਿਸ ਗੋਬਿੰਦ ਨੇ ਤੇਰਾ ਹੰਢਾਇਆ ਇਕ ਸਥਰਾ, ਉਹ ਤੇਰੀ ਦਏ ਗਵਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਅੱਗੇ ਖੇਲ ਕਰਨ ਨਹੀਂ ਦੇਣਾ ਕੋਈ ਮਸਖ਼ਰਾ, ਭੰਡਾਂ ਵਾਂਗ ਭੰਡੀ ਭਗਤਾਂ ਨਾਲ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਦਰਦੀ ਹੋ ਕੇ ਮੰਗ ਮੰਗਾਈਆ।
੧੪ ਪੋਹ ੨੦੨੧ ਬਿਕ੍ਰਮੀ ਹਰਜੀਤ ਸਿੰਘ ਦੇ ਗ੍ਰਹਿ
ਸਤਿ ਨਿਸ਼ਾਨ ਕਹੇ ਪ੍ਰਭ ਮੇਰੀ ਅਰਦਾਸ, ਤਖ਼ਤ ਨਿਵਾਸੀ ਬੇਨੰਤੀ ਇਕ ਸੁਣਾਈਆ। ਤੇਰੇ ਭਗਤ ਸੰਤ ਸਦ ਵਸਣ ਤੇਰੇ ਪਾਸ, ਜੁਗ ਚੌਕੜੀ ਨਾ ਹੋਏ ਜੁਦਾਈਆ। ਤੇਰੇ ਮਿਲਣ ਦੀ ਰੱਖਣ ਆਸ, ਦੂਜੀ ਓਟ ਨਾ ਕੋਇ ਰਖਾਈਆ। ਲੋਕਮਾਤ ਨਾ ਹੋਵਣ ਉਦਾਸ, ਹੈਰਾਨੀ ਮਨ ਕੋਇ ਨਾ ਪਾਈਆ। ਤੇਰੇ ਗੀਤ ਅੰਦਰ ਗਾਵਣ ਸਵਾਸ ਸਵਾਸ, ਪਵਣ ਪਵਣੀ ਸੇਵ ਕਮਾਈਆ। ਚਰਨ ਕਵਲ ਸੇਵਾ ਕਰਨ ਬਣਕੇ ਦਾਸੀ ਦਾਸ, ਨਿਉਂ ਨਿਉਂ ਲਾਗਣ ਪਾਈਆ। ਬਿਨ ਕੀਮਤ ਵਿਕਣ ਤੇਰੇ ਹਾਟ, ਦੂਜਾ ਹਿੱਸਾ ਨਾ ਕੋਇ ਵੰਡਾਈਆ। ਪਤਿ ਪਰਮੇਸ਼ਵਰ ਪਤ ਉਹਨਾਂ ਲੈਣੀ ਰਾਖ, ਪਤਵੰਤਾ ਹੋ ਕੇ ਦਇਆ ਕਮਾਈਆ। ਸਦਾ ਤੇਰੀ ਮੰਜ਼ਲ ਚੜ੍ਹਨ ਘਾਟ, ਸਨਮੁਖ ਤੇਰਾ ਦਰਸ਼ਨ ਪਾਈਆ। ਕਲਜੁਗ ਵੇਖ ਅੰਧੇਰੀ ਰਾਤ, ਨੇਤਰ ਨੈਣ ਆਪਣਾ ਆਪ ਖੁਲ੍ਹਾਈਆ। ਅਬਿਨਾਸ਼ੀ ਕਰਤੇ ਉਹਨਾਂ ਪੁਛ ਵਾਤ, ਜੋ ਜੁਗ ਜਨਮ ਦੇ ਤੇਰੀ ਆਸ ਰਖਾਈਆ। ਦੀਵਾ ਬਾਤੀ ਕਮਲਾਪਾਤੀ ਨਿਜ ਘਰ ਕਰ ਪਰਕਾਸ਼, ਬੂੰਦ ਸਵਾਂਤੀ ਮੁਖ ਚੁਆਈਆ। ਨਾਮ ਪਦਾਰਥ ਬਖ਼ਸ਼ ਦਾਤ, ਸਚ ਸੁਗਾਤ ਸੁਗੰਧੀ ਵਾਲੀ ਝੋਲੀ ਪਾਈਆ । ਅੱਠੇ ਪਹਿਰ ਰੱਖ ਪਰਭਾਤ, ਅਨਦਿਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਸਚ ਨਿਸ਼ਾਨਾ ਕਹੇ ਕਰ ਕਿਰਪਾ, ਦੀਨ ਦਿਆਲ ਕਿਰਪਾਲ ਤੇਰੀ ਵਡਿਆਈਆ। ਜਨ ਭਗਤਾਂ ਕੂੜੀ ਰਹੇ ਕੋਈ ਨਾ
ਬਿਪਤਾ, ਰੋਗ ਸੰਤਾਪ ਨਾ ਕੋਇ ਸਤਾਈਆ। ਪੂਰਬ ਪੂਰੀਆਂ ਕਰ ਦੇ ਲਿਖਤ ਭਵਿਖਤਾ, ਭੇਵ ਅਭੇਦਾ ਆਪ ਖੁਲ੍ਹਾਈਆ। ਆਪਣੇ ਘਰ ਦਾ ਦੱਸ ਦੇ ਇਕੋ ਹਿੰਦਸਾ, ਜਿਸਦਾ ਅੰਕੜਾ ਸਮਝ ਕੋਇ ਨਾ ਪਾਈਆ। ਤੂੰ ਮਾਲਕ ਜੀਵ ਜਨ ਕਾ, ਹਰਿਜਨ ਤੇਰੀ ਆਸ ਰਖਾਈਆ। ਤੂੰ ਪਾਰਖੂ ਸਾਚੇ ਮਨ ਕਾ, ਮਨ ਕਾ ਮਣਕਾ ਦੇ ਬਦਲਾਈਆ। ਤੂੰ ਦਾਤਾ ਸਾਚੇ ਦਾਨ ਕਾ, ਨਾਮ ਨਿਧਾਨਾ ਦੇ ਵਰਤਾਈਆ। ਤੂੰ ਰੂਪ ਅਗੰਮੀ ਕਾਹਨ ਕਾ, ਕੋਟਨ ਕੋਟ ਕਾਹਨ ਕ੍ਰਿਸ਼ਨ ਤੇਰੇ ਚਰਨਾਂ ਹੇਠਾਂ ਸੀਸ ਟਿਕਾਈਆ। ਤੂੰ ਰਾਮ ਦਸਰਥ ਬੇਟੇ ਰਾਮ ਕਾ, ਕੋਟਨ ਕੋਟ ਤੱਤਾਂ ਵਾਲੇ ਰਾਮ ਤੇਰੀ ਸੇਵ ਕਮਾਈਆ। ਤੂੰ ਸਤਿ ਸਰੂਪ ਸਾਹਿਬ ਸੁਲਤਾਨ ਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਚ ਨਿਸ਼ਾਨਾ ਕਹੇ ਮੇਰੇ ਮਹਿਬੂਬ, ਮੁਹੱਬਤ ਤੇਰੀ ਮੰਗ ਮੰਗਾਈਆ। ਸੂਫ਼ੀਆਂ ਦੱਸ ਦੇ ਆਪਣਾ ਊਚ ਅਰੂਜ, ਜਿਥੇ ਮਹਿਫ਼ਲ ਬੇਪਰਵਾਹੀਆ। ਚੌਦਾਂ ਤਬਕਾਂ ਨਾਲੋਂ ਰੱਖ ਮਹਿਫ਼ੂਜ਼, ਹਿਫ਼ਾਜ਼ਤ ਆਪਣੀ ਵਿਚ ਟਿਕਾਈਆ। ਕਿਲਾ ਕੋਟ ਬਣਾ ਦੇ ਸਚ ਮਜ਼ਬੂਤ, ਜਗਤ ਸ਼ੱਤਰੂ ਢਾਹ ਸਕੇ ਕੋਈ ਨਾ ਰਾਈਆ । ਸਦਾ ਸਦਾ ਸਦ ਰਹਿਣਾ ਮੌਜੂਦ, ਹਾਜ਼ਰ ਹਜ਼ੂਰ ਨਜ਼ਰੀ ਆਈਆ। ਤੇਰਾ ਨਾਮ ਨਾ ਹੋਵੇ ਨੇਸਤੋ ਨਾਬੂਦ, ਵਜੂਦ ਨਜ਼ਰ ਕਿਸੇ ਨਾ ਆਈਆ। ਆਪਣਾ ਦੇ ਦੇ ਸਚ ਸਬੂਤ, ਸਬਰ ਸਬੂਰੀ ਇਕ ਦ੍ਰਿੜਾਈਆ। ਤੂੰ ਸਾਹਿਬ ਭਗਤਾਂ ਸਦਾ ਮਕਰੂਜ਼, ਕਰਜਾ ਆਪਣਾ ਦੇ ਚੁਕਾਈਆ। ਗੋਬਿੰਦ ਏਸੇ ਕਰਕੇ ਲਿਖ ਕੇ ਗਿਆ ਤੈਨੂੰ ਸਤਿ ਖ਼ਤੂਤ, ਖ਼ਤੋ ਕਿਤਾਬਤ ਬਿਨ ਅੱਖਰਾਂ ਤੇਰੇ ਨਾਲ ਰਖਾਈਆ। ਤੇਰਾ ਖੇਲ ਕੋਈ ਨਾ ਜਾਣ ਸਕੇ ਮਹਿਦੂਦ, ਆਰ ਪਾਰ ਹੱਦ ਨਾ ਕੋਈ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਸਤਿ ਨਿਸ਼ਾਨ ਪ੍ਰਭ ਕਰ ਮਨਜ਼ੂਰ, ਬੇਨੰਤੀ ਸਾਚੇ ਦਰ ਸੁਣਾਈਆ। ਦਰਸ਼ ਵਖੌਣਾ ਹਾਜਰ ਹਜੂਰ, ਜੋਤ ਸਰੂਪੀ ਜੋਤ ਰੁਸ਼ਨਾਈਆ। ਜਨ ਭਗਤਾਂ ਬਖ਼ਸ਼ ਦੇਣੇ ਕਸੂਰ, ਕਸਰ ਅਸ਼ਾਰੀਏ ਨਾਲ ਉਡਾਈਆ। ਤੇਰੇ ਬਰਦੇ ਹੋਏ ਮਜ਼ਦੂਰ, ਦਰ ਠਾਂਡੇ ਸੇਵ ਕਮਾਈਆ। ਇਹਨਾਂ ਨੂੰ ਸੂਲੀ ਚੜ੍ਹਨਾ ਨਾ ਪਏ ਵਾਂਗ ਮਨਸੂਰ, ਪੁੱਠੀ ਖੱਲ ਨਾ ਕੋਇ ਲੁਹਾਈਆ। ਤਖ਼ਤ ਨਿਵਾਸੀ ਸਾਚੇ ਆਦਲ ਤੇਰਾ ਸਚ ਸੱਚਾ ਦਸਤੂਰ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦਈਂ ਵਡਿਆਈਆ। ਪਰਮ ਪੁਰਖ ਪਰਮਾਤਮ ਤੇਰਾ ਭੰਡਾਰ ਸਦਾ ਭਰਪੂਰ, ਪੁਰਖ ਅਕਾਲ ਦੇ ਵਰਤਾਈਆ। ਆਪਣੇ ਚਰਨ ਦਾ ਬਖ਼ਸ਼ ਦੇ ਸਰਬ ਸਰੂਰ, ਰਸ ਇਕੋ ਇਕ ਵਖਾਈਆ। ਮਾਨਸ ਜਨਮ ਲੱਖ ਚੁਰਾਸੀ ਵਿਚੋਂ ਨਾ ਜਾਏ ਫ਼ਜੂਲ, ਫ਼ਾਜ਼ਲ ਫ਼ਜ਼ਲ ਰਹਿਮਤ ਦੇ ਕਰਾਈਆ । ਤੇਰੇ ਮਿਲਣ ਦਾ ਪੀਰ ਪੈਗ਼ੰਬਰ ਦੱਸ ਕੇ ਗਏ ਅਸੂਲ, ਅਸਲੀਅਤ ਦੇ ਜਣਾਈਆ। ਤੇਰਾ ਹੁਕਮ ਸਦਾ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਚੇ ਸੰਤਾਂ ਬਖ਼ਸ਼ ਦੇ ਚਰਨ ਧੂੜ, ਧੂੜੀ ਟਿੱਕਾ ਖ਼ਾਕ ਰਮਾਈਆ। ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹ, ਮੂਰਖ ਮੂੜ੍ਹੇ ਆਪਣੇ ਰੰਗ ਰੰਗਾਈਆ। ਨਾਤਾ ਤੋੜ ਦੇ ਕੂੜੋ ਕੂੜ, ਸਚ ਸੁਚ ਦੇ ਵਰਤਾਈਆ। ਭਗਤਾਂ ਕੋਲੋਂ ਚੰਗਾ ਰਹਿਣਾ ਨਹੀਂ ਦੂਰ, ਨੇਰਨ ਨੇਰਾ ਹੋ ਕੇ ਫੇਰਾ ਪਾਈਆ। ਕਲਜੁਗ ਚਾਰ ਕੁੰਟ ਦਹਿ ਦਿਸ਼ਾ ਪਾਇਆ ਫ਼ਤੂਰ, ਫਤਵੇ ਵਿਚ ਸਰਬ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਅਮਾਮ ਤੇਰਾ ਨਾਮ ਕਰਕੇ ਗਏ ਮਸ਼ਹੂਰ, ਕਲ ਕਲਕੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਇਕ ਵਰ, ਜੋ ਨਾਨਕ ਅੰਗਦ ਬਖ਼ਸ਼ਿਸ਼ ਕੀਤੀ ਖਡੂਰ, ਕਾਇਆ ਖੁੱਡਾ ਵੇਖ ਵਖਾਈਆ। ਤ੍ਰੈਗੁਣ ਅਗਨੀ ਤਤ ਬੁਝੇ ਤੰਦੂਰ, ਤਪਸ਼ ਹਵਸ ਦੇ ਮਿਟਾਈਆ। ਮਨ
ਵਾਸਨਾ ਭੱਜੇ ਨਾ ਬੰਦਰ ਵਾਂਗ ਲੰਗੂਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਤੇਰੀ ਸਿਫ਼ਤ ਦਾ ਇਕੋ ਮਿਲੇ ਸ਼ਅਊਰ, ਸ਼ਹਿਨਸ਼ਾਹ ਤੇਰਾ ਢੋਲਾ ਗਾਈਆ। ਜੋਤੀ ਜਾਤੇ ਸਾਚਾ ਬਖ਼ਸ਼ ਦੇ ਨੂਰ, ਨੂਰ ਨੁਰਾਨਾ ਨਜ਼ਰੀ ਆਈਆ। ਮਾਣ ਤੁੱਟ ਜਾਏ ਕੋਹਤੂਰ, ਜੋ ਮੂਸਾ ਮੂੰਹ ਦੇ ਭਾਰ ਸੁਟਾਈਆ। ਈਸਾ ਵੇਖ ਕੇ ਕਹੇ ਹਾਜ਼ਰ ਹੋਇਆ ਹਜ਼ੂਰ, ਮੁਰੀਦਾਂ ਮੁਰਸ਼ਦ ਪਾਰ ਲੰਘਾਈਆ। ਮੁਹੰਮਦ ਕਹੇ ਮੇਰਾ ਰਿਹਾ ਨਾ ਕੋਈ ਗ਼ਰੂਰ, ਗ਼ੁਰਬਤ ਦਏ ਚੁਕਾਈਆ। ਕਲਜੁਗ ਅੰਤਮ ਸਦੀ ਚੌਧਵੀਂ ਪਰਵਰਦਿਗਾਰ ਸਾਂਝਾ ਯਾਰ ਗ਼ਰੀਬ ਨਿਮਾਣਿਆਂ ਅਰਜ਼ ਕਰੇ ਮਨਜ਼ੂਰ, ਸਚ ਤੌਫ਼ੀਕ ਆਪਣੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਚ ਨਿਸ਼ਾਨਾ ਹਰਿ ਆਪ ਜਣਾਈਆ। ਧਰਮ ਨਿਸ਼ਾਨ ਕਹੇ ਪ੍ਰਭ ਆਪਣੀ ਕਿਰਪਾ ਨਾਲ ਕਰ ਦਸਖ਼ਤ, ਮਨਜ਼ੂਰੀ ਦੇ ਕੇ ਹੁਕਮ ਸੁਣਾਈਆ। ਲੋਕਮਾਤ ਮੁੜਕੇ ਆਇਆ ਵਤ, ਵਤਨ ਬੇਵਤਨ ਹੋ ਕੇ ਫੇਰਾ ਪਾਈਆ। ਕਦੇ ਚੋਲਾ ਹੰਢਾਇਆ ਕਾਇਆ ਤੱਤ, ਹੁਣ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਨ ਭਗਤਾਂ ਆਪਣੇ ਮਿਲਨ ਦੀ ਦੇ ਦੇ ਅੱਖ, ਜਗਤ ਅੱਖੀਆਂ ਨਜ਼ਰ ਕਿਸੇ ਨਾ ਆਈਆ। ਹਿਰਦੇ ਅੰਦਰ ਸਮਾ ਦੇ ਸਚ, ਜੂਠ ਝੂਠ ਬਾਹਰ ਕਢਾਈਆ। ਕਾਇਆ ਮਾਟੀ ਕੰਚਨ ਬਣਾ ਦੇ ਕੱਚ, ਕਾਚੀ ਗਗਰੀਆ ਲੇਖੇ ਲਾਈਆ। ਨੌ ਦਵਾਰੇ ਮੁਕ ਜਾਏ ਹੱਦ, ਸੁਖਮਨ ਟੇਡੀ ਬੰਕ ਰਾਹ ਵਿਚ ਨਾ ਕੋਈ ਅਟਕਾਈਆ। ਤੇਰੇ ਭਗਤ ਸੁਣਨ ਤੇਰਾ ਛੰਦ, ਅੰਦਰ ਅਨਹਦ ਨਾਦੀ ਨਾਦ ਵਜਾਈਆ। ਆਤਮ ਸੇਜਾ ਸੌਣਾ ਸਦਾ ਪਲੰਘ, ਭਗਤ ਸਿੰਘਾਸਣ ਡੇਰਾ ਲਾਈਆ। ਸੁਰਤ ਸਵਾਣੀ ਨਾ ਹੋਵੇ ਰੰਡ, ਘਰ ਸ਼ਬਦੀ ਮੇਲ ਮਿਲਾਈਆ। ਲੇਖਾ ਚੁਕ ਜਾਏ ਸੂਰਜ ਚੰਦ, ਨਿਰਗੁਣ ਜੋਤ ਕਰ ਰੁਸ਼ਨਾਈਆ । ਪੜਦਾ ਲਹਿ ਜਾਏ ਬ੍ਰਹਿਮੰਡ ਖੰਡ, ਚੌਦਾਂ ਲੋਕ ਇਕੋ ਨੂਰ ਨਜ਼ਰੀ ਆਈਆ। ਭੇਵ ਮੁਕਾ ਦੇ ਹੰ ਬ੍ਰਹਮ, ਪਾਰਬ੍ਰਹਮ ਆਪਣੀ ਦਇਆ ਕਮਾਈਆ । ਤੇਰੇ ਭਗਤ ਸੁਹੇਲੇ ਤੇਰੇ ਘਰ ਪੈਣ ਜੰਮ, ਜਨਮ ਜਨਮ ਵਿਚੋਂ ਬਦਲਾਈਆ। ਤ੍ਰਿਸਨਾ ਮਿਟਾ ਦੇ ਕੂੜੀ ਤਮ, ਤਮੰਨਾ ਆਪਣੇ ਨਾਲ ਰਲਾਈਆ । ਰੁੜ੍ਹਦਾ ਬੇੜਾ ਦੇ ਬੰਨ੍ਹ, ਖੇਵਟ ਖੇਟਾ ਹੋ ਕੇ ਦਇਆ ਕਮਾਈਆ। ਵੇਖੀਂ ਆਪਣੇ ਭਗਤਾਂ ਕਦੀ ਨਾ ਦੇਵੀ ਡੰਨ, ਡੰਨਣ ਵਾਲੀ ਹੋਰ ਬਹੁਤ ਲੋਕਾਈਆ । ਸਚ ਨਿਸ਼ਾਨਾ ਕਹੇ ਜਿਨ੍ਹਾਂ ਮਿਲ ਗਈ ਪ੍ਰਭੂ ਤੇਰੀ ਸਰਨ, ਸਰਨਾਈ ਇਕ ਰਖਾਈਆ। ਉਹ ਦੱਸ ਹੋਰ ਕਿਹੜੀ ਤਰਨੀ ਤਰਨ, ਬਿਨ ਤੇਰੇ ਸਰੋਵਰ ਦੂਜਾ ਨਜ਼ਰ ਕੋਇ ਨਾ ਆਈਆ। ਉਹ ਕਿਹੜੀ ਮਰਨੀ ਮਰਨ, ਜੋ ਮਰਕੇ ਤੇਰੀ ਜੋਤ ਵਿਚ ਸਮਾਈਆ। ਉਹ ਕਿਹੜੀ ਪੌੜੀ ਚੜ੍ਹਨ, ਜਿਸ ਦੇ ਡੰਡੇ ਚੜ੍ਹਿਆਂ ਤੇਰਾ ਨੂਰ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਉਹ ਮੇਰੀ ਸਰਨੀ ਪੜਨ, ਨਿਉਂ ਨਿਉਂ ਲਾਗਣ ਪਾਈਆ । ਸਿੱਧੇ ਸਚਖੰਡ ਦਵਾਰੇ ਵੜਨ, ਰਾਹ ਵਿਚ ਨਾ ਕੋਇ ਅਟਕਾਈਆ। ਇਹੋ ਜਿਹਾਂ ਭਗਤਾਂ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸਿਰ ਤੇ ਚੌਰ ਕਰਨ, ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਕੇ ਵਾਸਤਾ ਰਹੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਜਣ ਸਾਚੀ ਦਇਆ ਆਪ ਕਮਾਈਆ।