ਮਮੀਆਂ ਤੇ ਓਗਰੇ ਨੂੰ ਰਸਤੇ ਵਿਚ
ਗੰਢੀ ਟੁੱਟੀ ਟੁੱਟੀ ਗੰਢੀ, ਗੰਢ ਆਪਣੀ ਆਪ ਫੇਰ ਪਾਈਆ। ਇਹ ਭਾਗਾਂ ਵਾਲੀ ਉਹ ਡੰਡੀ, ਜਿਥੇ ਬਾਲਮੀਕ ਬਹਿ ਕੇ ਨੌ ਦਿਨ ਡੰਡੌਤ ਕਰਾਈਆ। ਉਸ ਮੰਗ ਇਕ ਮੰਗੀ, ਮੂੰਹ ਦੇ ਭਾਰ ਹੋ ਕੇ ਅੱਖ ਜ਼ਿਮੀਂ ਉਤੇ ਟਿਕਾਈਆ। ਮੈਨੂੰ ਤੇਰੀ ਇਕ ਮੁਛੰਦਗੀ, ਮਨਸਾ ਆਪਣੀ ਦਿਆਂ ਜਣਾਈਆ। ਜਿਸ ਵੇਲੇ ਸ੍ਰਿਸ਼ਟੀ ਭਰੇ ਨਾਲ ਪਖੰਡੀ, ਤੇਰਾ ਨਾਉਂ ਜਾਣ ਭੁਲਾਈਆ। ਮੈਂ ਬਹੱਤਰ ਸਾਲ ਗੁਜਾਰੇ ਰਾਵੀ ਕੰਢੀ, ਜਿਸ ਦੀ ਇਤਿਹਾਸ ਦੇਵੇ ਨਾ ਕੋਇ ਗਵਾਹੀਆ। ਪੰਦਰਾਂ ਪੋਹ ਮੈਨੂੰ ਇਹ ਭੂਮਿਕਾ ਲੱਗੀ ਚੰਗੀ, ਮੈਂ ਬਿਨਾਂ ਆਸਣ ਆਸਣ ਲਿਆ ਵਿਛਾਈਆ। ਤੇਰੇ ਨਾਮ ਦੀ ਉਠੀ ਤਰੰਗੀ, ਤੁਰਤ ਤੇਰਾ ਹੁਕਮ ਸੁਣਾਈਆ। ਜਿਸ ਵੇਲੇ ਲੋਕਮਾਤ ਮੇਰੇ ਭਗਤਾਂ ਆਏ ਤੰਗੀ, ਮੈਂ ਵੇਖਾਂ ਚਾਈਂ ਚਾਈਂਆ। ਏਸ ਦਾ ਲੇਖ ਗੋਬਿੰਦ ਨੇ ਲਿਖਿਆ ਵਿਚ ਵਾਰ ਚੰਡੀ, ਚਲਿਤ੍ਰਾਂ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲੇ ਲੇਖੇ ਰਿਹਾ ਮੁਕਾਈਆ। ਬਾਲਮੀਕ ਕਿਹਾ ਪ੍ਰਭ ਤੇਰੀ ਕਿਥੇ ਪੈਂਦੀ ਗੰਢ, ਬਿਨ ਡੋਰੀ ਤੰਦ ਬੰਧਾਈਆ। ਜਿਥੇ ਆਪਣਾ ਨਾਮ ਰਿਹਾ ਵੰਡ, ਉਹ ਮੰਦਰ ਦੇ ਸਮਝਾਈਆ। ਅਬਿਨਾਸ਼ੀ ਕਰਤੇ ਸ਼ਬਦੀ ਮਾਰ ਕੇ ਇਕ ਚੰਡ, ਡੰਡਾ ਮੁੰਡੀ ਵਿਚ ਲਗਾਈਆ। ਮੈਂ ਪਹਿਲੋਂ ਮਾਣ ਅਭਿਮਾਣ ਤੋੜ ਕੇ ਘਮੰਡ, ਵਿਕਾਰ ਖੰਡ ਖੰਡ ਕਰਾਈਆ। ਫੇਰ ਬਖ਼ਸ਼ਾਂ ਆਪਣਾ ਅਨੰਦ, ਚਰਨ ਕਵਲ ਸਰਨਾਈਆ। ਜਿਸ ਵੇਲੇ ਸਤਿਜੁਗ ਤ੍ਰੇਤਾ ਦੁਆਪਰ ਵੀ ਜਾਵੇ ਲੰਘ, ਵੇਲਾ ਵਕਤ ਸਚ ਸੁਹਾਈਆ। ਓਸ ਵੇਲੇ ਮੇਰੀ ਨਾ ਕੋਈ ਸੇਜ ਨਾ ਪਲੰਘ, ਦੁਸ਼ਾਲਾ ਨਜ਼ਰ ਕੋਇ ਨਾ ਆਈਆ। ਮਿਹਰਵਾਨ ਹੋ ਕੇ ਤੇਰੇ ਆਸਣ ਦੇ ਉਤੋਂ ਦੀ ਜਾਵਾਂ ਲੰਘ, ਬਣ ਕੇ ਪਾਂਧੀ ਰਾਹੀਆ। ਓਥੇ ਤੇਰਿਆਂ ਪਿਛਲਿਆਂ ਸੰਗੀਆਂ ਸਾਥੀਆਂ ਮੰਗਣੀ ਇਕ ਮੰਗ, ਜੋ ਡਾਕੇ ਮਾਰਨ ਵਾਲੇ ਨਜ਼ਰੀ ਆਈਆ। ਉਹਨਾਂ ਨੂੰ ਦੱਸਣਾ ਇਕ ਛੰਦ, ਪਿਛਲਾ ਚੇਤਾ ਦਿਆਂ ਕਰਾਈਆ। ਉਹ ਨੇਤਰ ਰੋ ਕੇ ਕਹਿਣ ਕੀ ਸਾਡੀ ਝੋਲੀ ਪਾਈ ਵੰਡ, ਇਹ ਵੰਡ ਨਾ ਸਾਨੂੰ ਭਾਈਆ। ਜਿਵੇਂ ਆਪਣੇ ਭਗਤਾਂ ਦਾ ਆਦਿ ਜੁਗਾਦਿ ਜੁਗਾਦਿ ਆਦਿ ਰੱਖਿਆ ਅਨੰਦ, ਓਹੋ ਅਨੰਦ ਸਦਾ ਦੇ ਬਣਾਈਆ। ਕਿਰਪਾਲ ਹੋ ਕੇ ਆਵਾਂ ਬਖ਼ਸ਼ੰਦ, ਬਖ਼ਸ਼ਿਸ਼ ਮਿਹਰ ਨਜ਼ਰ ਨਾਲ ਤਰਾਈਆ। ਤੇਰੀ ਭੂਮਿਕਾ ਤੇ ਆ ਕੇ ਪਿਛਲਾ ਲੇਖ ਚੁਕਾ ਕੇ ਅੱਗੇ ਦਇਆ ਕਮਾ ਕੇ ਚਾੜ੍ਹ ਜਾਵਾਂ ਉਹ ਰੰਗ, ਜਿਸ ਰੰਗ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੀ ਆਪਣੇ ਸਿਰ ਤੇ ਕਰਮਾਂ ਜਨਮਾਂ ਵਾਲੀ ਚੁੱਕ ਕੇ ਪੰਡ, ਜੁਗ ਚੌਕੜੀ ਬੈਠਾ ਰਿਹਾ ਭਾਰ ਉਠਾਈਆ। ਅੱਜ ਓਸ ਦਾ ਆਪ ਕਰ ਸਨਬੰਧ, ਲੇਖਾ ਸਭ ਦਾ ਲੇਖੇ ਵਿਚ ਲਗਾਈਆ। ਉਠੋ ਚਲੋ ਹੁਣ ਅੱਗੇ ਜੇ ਗਾਉ ਛੰਦ, ਇਕ ਹੋਰ ਬੈਠਾ ਰਾਹ ਤਕਾਈਆ। ਜਿਸ ਨੇ ਪੂਜਾ ਕੀਤੀ ਸੂਰਜ ਚੰਦ, ਪ੍ਰੀਤ ਸ਼ਿਵਾਂ ਨਾਲ ਲਗਾਈਆ। ਉਹ ਕਹੇ ਮੈਨੂੰ ਵੀ ਪਾਉਣੀ ਠੰਡ, ਨੌ ਕਦਮ ਤੇ ਡੇਰਾ ਲਾਈਆ। ਮੇਰੇ ਉਤੋਂ ਦੀ ਬੇਖ਼ਬਰ ਹੋ ਕੇ ਨਾ ਜਾਈਂ ਲੰਘ, ਚਰਨ ਛਾਤੀ ਉਤੇ ਟਿਕਾਈਆ। ਮੈਨੂੰ ਰੋਗ ਇਕ ਬਲਗ਼ਮ ਵਾਲਾ ਖੰਘ, ਤੇਰਾ ਨਾਮ ਜਪਣ ਦੀ ਸਤਿਆ ਦਿਤੀ ਗਵਾਈਆ। ਸੁਖਾਲਾ ਜਿਹਾ ਦੱਸ ਕੋਈ ਢੰਗ, ਬਹੁਤੀ ਭਗਤੀ ਕੀਤਿਆਂ ਹੱਥ ਕਿਛ ਨਾ ਆਈਆ। ਓਸ ਵੇਲੇ ਕਿਹਾ ਸੂਰੇ ਸਰਬੰਗ, ਸਹਿਜ ਨਾਲ ਸੁਣਾਈਆ। ਕਲਜੁਗ ਅੰਤਮ ਜਿਸ ਵੇਲੇ ਮੇਰੇ ਭਗਤ
ਮੇਰੇ ਨਾਲ ਗੌਣਗੇ ਸੋਹੰ ਛੰਦ, ਤੂੰ ਵੀ ਮੇਰਾ ਢੋਲਾ ਲੈਣਾ ਗਾਈਆ। ਤੇਰਾ ਬੇੜਾ ਰਹੇ ਨਾ ਵਿਚ ਧਾਰ ਮੰਝ, ਉਰਾਰ ਤੋਂ ਪਾਰ ਪਾਰ ਤੋਂ ਉਰਾਰ ਫੜ ਕੇ ਪਾਰ ਲੰਘਾਈਆ। ਪੰਦਰਾਂ ਪੋਹ ਦੀ ਉਤੋਂ ਵੇਖ ਆਈ ਸੰਝ, ਆਪਣੀ ਰੁੱਤ ਰਹੀ ਬਦਲਾਈਆ। ਉਠ ਬਲਧਾਰ ਤੇਰਾ ਕੱਟਿਆ ਜਾਏ ਪੰਧ, ਪਾਂਧੀ ਗੁਰਮੁਖ ਤੈਨੂੰ ਆਪਣੇ ਨਾਲ ਲੈ ਕੇ ਜਾਣ ਚਾਈਂ ਚਾਈਂਆ। ਓਸ ਦੀ ਆਸਾ ਕਹੇ ਮੈਨੂੰ ਰਾਤ ਨੂੰ ਲੱਗਣ ਨਾ ਦਿਉ ਠੰਡ, ਪ੍ਰਭ ਚਰਨਾਂ ਕੋਲ ਦੇਣਾ ਟਿਕਾਈਆ। ਜਿਸ ਵੇਲੇ ਮੈਂ ਪੰਜ ਵਾਰ ਸੁਣ ਲਏ ਤੁਹਾਡੇ ਛੰਦ, ਸ਼ਹਿਨਸ਼ਾਹ ਦੇ ਚਰਨਾਂ ਵਿਚ ਆਪਣਾ ਆਪ ਮਿਟਾਈਆ। ਜਿਸ ਵੇਲੇ ਵੇਖਾਂ ਬੈਠਾ ਉਤੇ ਪਲੰਘ, ਸੱਤ ਰੰਗ ਨਿਸ਼ਾਨਾ ਰਿਹਾ ਝੁਲਾਈਆ। ਫੇਰ ਮੰਗਾਂ ਅਗਲੀ ਮੰਗ, ਜਿਸ ਦੇ ਨਾਲ ਨਾ ਹੋਏ ਜੁਦਾਈਆ। ਮੈਂ ਆਪਣੀ ਤਸਬੀ ਮਾਲਾ ਪਾਤਾਲਾਂ ਦੇ ਥੱਲੇ ਆਇਆ ਰੱਖ, ਆਕਾਸ਼ਾਂ ਵਿਚ ਧਿਆਨ ਨਾ ਕੋਇ ਲਗਾਈਆ। ਕਿਉਂ ਮੇਰਾ ਸਾਹਿਬ ਤ੍ਰੇਤੇ ਵਿਚ ਗਿਆ ਦੱਸ, ਕਲਜੁਗ ਅੰਤਮ ਲਵਾਂ ਮਿਲਾਈਆ। ਦੁਆਪਰ ਲੰਘ ਗਿਆ ਹੱਸ ਹੱਸ, ਮੇਰੀ ਆਸਾ ਅੱਗੇ ਨਾਲੋਂ ਦੂਣ ਸਵਾਈਆ। ਅਚਾਨਕ ਅਸੁਤੇ ਉਤੇ ਆਣ ਚੜ੍ਹਿਆ ਝਟ, ਚਰਨ ਨਾਲ ਦਿਤਾ ਹਿਲਾਈਆ। ਮੇਰੀ ਉਸੇ ਵੇਲੇ ਖੁਲ੍ਹ ਗਈ ਅੱਖ, ਵੇਖਿਆ ਬੇਪਰਵਾਹਾਂ ਦਾ ਬੇਪਰਵਾਹ, ਜੋਤੀ ਜਾਤਾ ਨਜ਼ਰੀਂ ਆਈਆ। ਮੈਨੂੰ ਵਲੇਟ ਲੈਣ ਦਿਉ ਆਪਣੀ ਸਫ, ਬਗ਼ਲੀ ਲਵਾਂ ਟਿਕਾਈਆ। ਜੇ ਗੁਰਮੁਖੋ ਤੁਸੀਂ ਗਏ ਥੱਕ, ਇਕ ਵੇਰਾਂ ਬਹਿ ਕੇ ਉਠੋ ਮੇਰੀ ਖ਼ੁਸ਼ੀ ਖ਼ੁਸ਼ੀ ਵਿਚ ਮਨਾਈਆ। ਮੈਂ ਤੁਹਾਡੇ ਨਾਲ ਪਵਾਂ ਨੱਠ, ਭੱਜਾਂ ਵਾਹੋ ਦਾਹੀਆ। ਅੱਗੇ ਮੇਰੇ ਮਾਂ ਪਿਉ ਭੈਣ ਭਰਾ ਦਾ ਇਕੱਠ, ਚਾਲੀਆਂ ਕਦਮਾਂ ਉਤੇ ਰਾਹ ਤਕਾਈਆ। ਆਹ ਥਾਂ ਸੀ ਜਿਥੇ ਰਹੇ ਵਸ, ਝੁੱਗੀ ਕੰਡਿਆਂ ਵਾਲੀ ਬਣਾਈਆ। ਉਹ ਵੀ ਝੱਖੜ ਵਿਚ ਗਈ ਸੀ ਢੱਠ, ਆਂਧੀ ਦਿਤੀ ਉਲਟਾਈਆ। ਮੇਰੀ ਮਾਤਾ ਰੋ ਪਈ ਝੱਟ, ਨੇਤਰ ਨੈਣਾਂ ਨੀਰ ਵਹਾਈਆ। ਹੇ ਪ੍ਰਭੂ ਜੇ ਸਾਡੇ ਹੋਵੇ ਵਸ, ਤੈਨੂੰ ਸਾਰੀ ਰਾਤ ਬੰਨ੍ਹ ਕੇ ਬਾਹਰ ਪਾਲੇ ਵਿਚ ਰਖਾਈਆ। ਸਾਡੇ ਖ਼ਾਲੀ ਵੇਖ ਹੱਥ, ਖਾਣ ਨੂੰ ਅੰਨ ਦਾਣਾ ਘਰ ਰਹਿਣ ਕੋਇ ਨਾ ਪਾਈਆ। ਜੇ ਸਾਨੂੰ ਪਤਾ ਜਾਵੇਂ ਦੱਸ, ਤੈਨੂੰ ਮਿਲ ਕੇ ਹਾਲ ਦਈਏ ਸੁਣਾਈਆ। ਓਸ ਵਕਤ ਇਕ ਆਵਾਜ਼ ਆਈ ਝੱਟ, ਧੁਰ ਦੀ ਧਾਰ ਕਰੇ ਜਣਾਈਆ। ਤੁਸੀਂ ਮਰਨ ਦੇ ਪਿਛੋਂ ਵੀ ਆਪਣਾ ਸੱਥਰ ਲੈਣਾ ਘੱਤ, ਆਪਣਾ ਡੇਰਾ ਜਮਾਈਆ। ਕਲਜੁਗ ਅੰਤਮ ਪਰਮ ਪੁਰਖ ਆਵੇ ਵਤ, ਬੇਵਤਨ ਹੋ ਕੇ ਆਪਣਾ ਫੇਰਾ ਪਾਈਆ। ਨਾਲ ਭਗਤਾਂ ਦਾ ਸੋਹਣਾ ਸਾਥ, ਸੰਗੀਆਂ ਨਾਲ ਖ਼ੁਸ਼ੀ ਮਨਾਈਆ। ਜਿਸ ਵੇਲੇ ਆਵੇ ਤੁਹਾਡੀ ਨੇੜੇ ਵਾਟ, ਯਾਦ ਪਿਛਲੀ ਦਏ ਸਤਾਈਆ। ਨਾਲ ਲੈ ਕੇ ਜਾਏ ਤੁਹਾਡੀ ਆਸ, ਚਰਨਾਂ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦਏ ਮੁਕਾਈਆ। ਉਹ ਆਸ ਪਿਛਲੀ ਪੁਰਾਣੀ, ਤੈਨੂੰ ਦਿਆਂ ਜਣਾਈਆ। ਆਹ ਵੇਖ ਤੇਰੇ ਸੱਜਣ ਹਾਣੀ, ਆਂਢੀ ਗੁਆਂਢੀ ਲਏ ਬੁਲਾਈਆ। ਚਲ ਤੈਨੂੰ ਪਿਆਵਾਂ ਓਸੇ ਦਾ ਠੰਡਾ ਪਾਣੀ, ਜਿਸ ਕੰਢੇ ਡੇਰਾ ਲਾਈਆ। ਕੰਨੀਂ ਸੁਣ ਓਸੇ ਦੀ ਬਾਣੀ, ਜਿਹੜਾ ਬਾਣ ਨਿਰਾਲੇ ਤੀਰ ਚਲਾਈਆ। ਆਸਾ ਕਹੇ ਮੈਂ ਨਿਮਾਣੀ, ਨਿਉਂ ਨਿਉਂ ਲਾਗਾਂ ਪਾਈਆ। ਜਨ ਭਗਤੋ ਗੁਰਮੁਖੋ ਸਾਚੇ ਸਿੱਖੋ ਮੈਨੂੰ ਨਾਲ ਲੈ ਕੇ ਜਾਣਾ ਮੇਰੀ ਵਾਟ ਪੁਰਾਣੀ, ਬੇਪ੍ਰਾਣ ਹੋ ਕੇ ਪ੍ਰਾਣੀਆਂ ਵਾਂਗ ਵਾਸਤੇ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਹਾ ਉਠ ਸੁਘੜ ਸੁਚੱਜੀ ਸਵਾਣੀ, ਤੇਰਾ ਲੇਖਾ ਦਿਆਂ ਚੁਕਾਈਆ। ਅੱਗੇ ਦੇਵਾਂ ਪਦ ਨਿਰਬਾਣੀ, ਸਚ ਦਵਾਰੇ ਆਪ ਟਿਕਾਈਆ। ਅਜੇ ਭੁੱਲਿਆਂ ਨਹੀਂ ਕਹਾਣੀ, ਕਹਾਵਤ ਆਪਣੇ
ਹੱਥ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਉਂਦਾ ਜਾਂਦਾ ਲੇਖਿਆਂ ਵਿਚੋਂ ਲੇਖੇ ਰਿਹਾ ਕਢਾਈਆ।
ਆਸਾ ਕਹੇ ਮੇਰੇ ਭਗਵਾਨਾ, ਤੈਨੂੰ ਦਿਆਂ ਜਣਾਈਆ। ਇਸ ਤੋਂ ਅੱਗੇ ਮੇਰਾ ਰਹਿੰਦਾ ਸੀ ਨਾਨਾ, ਜਿਸ ਨੇ ਤੇਰੀ ਯਾਦ ਕਰਾਈਆ। ਉਹਦੇ ਹੱਥ ਵਿਚ ਹੁੰਦਾ ਸੀ ਇਕ ਕਾਨਾ, ਜਿਸ ਦੀਆਂ ਕਲਮਾਂ ਰਿਹਾ ਘੜਾਈਆ। ਉਹ ਧਰਤੀ ਉਤੇ ਲੌਂਦਾ ਰਿਹਾ ਨਿਸ਼ਾਨਾ, ਗੋਡੇ ਆਪਣੇ ਉਤੇ ਟਿਕਾਈਆ। ਜਿਸ ਵੇਲੇ ਆਵੇ ਸ੍ਰੀ ਭਗਵਾਨਾ, ਮੇਰਾ ਪਿਛਲਾ ਲੇਖਾ ਲੇਖੇ ਵਿਚ ਰਖਾਈਆ। ਅੱਗੇ ਚੁੱਕਾ ਦੇ ਆਵਣ ਜਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ।
ਗੁਰਮੁਖ ਸਿੰਘ ਇਹ ਡੱਬਾਂ ਵਾਲਾ ਕੁੱਤਾ, ਪਿਛਲਾ ਲੇਖ ਦਿਆਂ ਜਣਾਈਆ। ਇਕ ਦਿਨ ਤੇਰੀ ਪਾਨਹੀ ਕੋਲ ਸੁੱਤਾ, ਟੁੱਟੀ ਜੁੱਤੀ ਆਪਣੇ ਮੁਖ ਲਗਾਈਆ। ਉਸ ਨੂੰ ਰਸ ਆਇਆ ਜਿਉਂ ਅੰਗੂਰ ਗੁੱਛਾ, ਮੁਖ ਸਵਾਦ ਬਣਾਈਆ। ਵਿਚਾਰ ਆਈ ਕਿਵੇਂ ਰਵਿਦਾਸ ਨੂੰ ਪੁੱਛਾਂ, ਕੀ ਰਸ ਇਹਦੇ ਵਿਚ ਟਿਕਾਈਆ। ਜ਼ਬਾਨ ਬੋਲ ਨਾ ਸਕੀ ਫਿਰ ਅੰਦਰੇ ਖਾਧਾ ਗ਼ੁੱਸਾ, ਗ਼ੁੱਸੇ ਵਿਚ ਪੁਰਖ ਅਬਿਨਾਸ਼ੀ ਲਿਆ ਮਨਾਈਆ। ਪ੍ਰਭੂ ਜੇ ਮੇਰਾ ਮਨੁੱਖਾਂ ਵਰਗਾ ਬਣੌਂਦਾ ਜੁੱਸਾ, ਮੈਂ ਚਮਿਆਰ ਕੋਲੋਂ ਪੁੱਛਾਂ, ਜੋ ਵਿਥਿਆ ਗਏ ਸੁਣਾਈਆ। ਜਿਸ ਦਾ ਚੰਮ ਮੁਖ ਨੂੰ ਲੱਗਾ ਸੁੱਕਾ, ਸੁੱਕਿਆਂ ਹਰੇ ਕਰਾਈਆ। ਓਧਰੋਂ ਇਕ ਸੁਣੀ ਅਗੰਮੀ ਤੁਕਾ, ਜੋ ਸੋਹੰ ਧਾਰਾ ਰਹੀ ਜਣਾਈਆ। ਓ ਸਵਾਣ ਜਿਸ ਵੇਲੇ ਆਵੇ ਅਬਿਨਾਸ਼ੀ ਅਚੁਤਾ, ਨਿਰਗੁਣ ਹੋ ਕੇ ਫੇਰਾ ਪਾਈਆ। ਤੂੰ ਜਨਮ ਵਿਚੋਂ ਬਦਲ ਕੇ ਹੋਵੇਂ ਫੇਰ ਕੁੱਤੇ ਦਾ ਕੁੱਤਾ, ਨੌ ਜਨਮ ਕੁਤਬਾਂ ਵਿਚ ਲੰਘਾਈਆ। ਉਸ ਵੇਲੇ ਮਿਹਰਵਾਨ ਮਿਹਰ ਕਰ ਕੇ ਤੇਰਾ ਉਜਲ ਕਰੇ ਮੁਖਾ, ਜਿਸ ਮੁਖ ਨਾਲ ਚੁਮਿਆਰ ਪਾਨਹੀ ਰਸਨ ਲਗਾਈਆ। ਨਾਲੇ ਦੇਵੇ ਜਨਮ ਮਨੁੱਖਾ, ਮਨੁੱਖਤਾ ਵਿਚ ਗਿਣਾਈਆ। ਸਤਾਰਾਂ ਸਾਲ ਦੀ ਉਮਰ ਵਿਚ ਤੂੰ ਭੁੰਨਣਾ ਇਕ ਭੁੱਟਾ, ਜਿਸ ਨੂੰ ਪੰਜਾਬੀ ਵਿਚ ਛੱਲੀ ਕਹਿਕੇ ਗਾਈਆ। ਤੂੰ ਉਸ ਦਾ ਦਾਣਾ ਉਤਾਰਨਾ ਨਾਲ ਅੰਗੂਠਾ, ਸੱਜੇ ਹੱਥ ਦਬਾਈਆ। ਇਕ ਆਉਂਣਾ ਫ਼ਕੀਰ ਜਿਸ ਦੇ ਹੱਥ ਵਿਚ ਹੋਣਾ ਠੂਠਾ, ਭੇਖਾਧਾਰੀ ਭੇਖ ਵਟਾਈਆ। ਉਹਨੇ ਮੰਗਣਾ ਖੈਰ ਕਰਕੇ ਮੂਧਾ, ਹੇਠਲਾ ਪਾਸਾ ਉਤੇ ਆਪ ਉਲਟਾਈਆ। ਤੂੰ ਨੌ ਦਾਣੇ ਦੇਣੇ ਉਹਦੇ ਵਿਚ ਕੇਰ, ਯਕੇ ਬਾਦ ਦੀਗਰੇ ਦੇਣੇ ਸੁਟਾਈਆ । ਉਸ ਵੇਲੇ ਫੇਰ ਹੋਵੇ ਇਕ ਮਿਹਰ, ਮੁਹੱਬਤ ਵਿਚ ਬਣਾਈਆ। ਚੜ੍ਹਦੀ ਦਿਸ਼ਾ ਤੈਨੂੰ ਨਜ਼ਰ ਆਵੇ ਇਕ ਸ਼ੇਰ, ਚਿੱਟੀਆਂ ਮੁੱਛਾਂ ਵਾਲਾ ਨੌਂ ਵਾਲ ਲੰਮੇ ਲੰਮੇ ਵਧਾਈਆ। ਜਿਸ ਦੇ ਅੱਗੇ ਹੋਵੇ ਹੱਡੀਆਂ ਦਾ ਢੇਰ, ਮੁਖ ਲਾਲ ਖ਼ੂਨ ਰੰਗ ਰੰਗਾਈਆ। ਤੂੰ ਓਸ ਨੂੰ ਦੇਣਾ ਛੇੜ, ਉਹ ਭਬਕ ਦੇ ਡਰਾਈਆ। ਤੂੰ ਬਣਨਾ ਫੇਰ ਦਲੇਰ, ਮੇਰਾ ਨਾਮ ਧਿਆਈਆ। ਓ ਸਵਾਨ ਤੈਨੂੰ ਕੋਈ ਨਾ ਸਕੇ ਘੇਰ, ਘੇਰੇ ਇਕੇ ਦੇ ਵਿਚ ਆਈਆ। ਬੇਸ਼ਕ ਜਨਮ ਜਨਮ ਰਹਿੰਦਾ ਫੇਰ, ਕਰਮ ਕਰਮ ਆਪਣੇ ਹੱਥ ਰਖਾਈਆ। ਅੰਤਮ ਲੇਖਾ ਦਏ ਨਬੇੜ, ਨਿਰਗੁਣ ਹੋ ਕੇ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਖੇਲ, ਖ਼ਲਕ ਦਾ ਖ਼ਾਲਕ ਹੋ ਕੇ ਹਰ ਘਟ ਵੇਖ ਵਖਾਈਆ।
ਆਸਾਵੰਤੀ ਚਰਨ ਚੁੰਮ, ਮਨਸਾ ਪੂਰ ਕਰਾਈਆ। ਜਿਸ ਨੂੰ ਯਾਦ ਕੀਤਾ ਸੀ ਹੁਣ, ਓਸੇ ਵੇਲੇ ਗਿਆ ਆਈਆ। ਅੱਜੇ ਤੇਰੇ ਮੀਟੇ ਗਏ ਨਹੀਂ ਬੁੱਲ੍ਹ, ਦੂਰ ਦੁਰਾਡਾ ਪੰਧ ਨਾ ਕੋਇ ਮੁਕਾਈਆ। ਤੇਰਾ ਲੇਖਾ ਲੇਖੇ ਵਿਚ ਲਗਾਵੇ ਜੋ ਪਿਛੇ ਗਿਆ ਰੁਲ, ਰਹਿਮਤ ਨਾਲ ਤਰਾਈਆ । ਉਡੀਕ ਦੀ ਕੀਮਤ ਪਾਏ ਮੁੱਲ, ਕਰਤਾ ਆਪ ਚੁਕਾਈਆ। ਦਸਰਥ ਦਾ ਵੇਲਾ ਗਿਆ ਨਹੀਂ ਭੁੱਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਘਰ ਦੀ ਗੋਲੀ ਬਾਲੂ ਰੇਤ, ਬਰਤਨ ਸਾਫ਼ ਕਰਾਈਆ। ਇਕ ਦਿਨ ਰਾਮ ਉਤੇ ਰਿਹਾ ਸੀ ਖੇਡ, ਤੀਲਿਆਂ ਨਾਲ ਰਿਹਾ ਉਡਾਈਆ। ਮੈਂ ਉਹਦੇ ਸਿਰ ਵਿਚ ਹੋ ਗਈ ਭੇਟ, ਸੀਸ ਚੜ੍ਹ ਕੇ ਬੜੀ ਸ਼ਰਮਾਈਆ। ਇਹ ਕੀ ਪ੍ਰਭ ਨੇ ਵਰਤੀ ਖੇਡ, ਚਰਨਾਂ ਦੀ ਦਾਸੀ ਤਾਜਾਂ ਵਾਲੇ ਦੇ ਉਪਰ ਡੇਰਾ ਲਾਈਆ। ਉਸ ਨੇ ਕਿਹਾ ਮੈਂ ਤੇਰੀ ਬਦਲਣੀ ਰੇਖ, ਅਗਲਾ ਲੇਖਾ ਦਿਆਂ ਜਣਾਈਆ । ਜਿਸ ਵੇਲੇ ਨਰ ਨਿਰੰਕਾਰ ਕਲਜੁਗ ਅੰਤਮ ਧਰ ਕੇ ਆਵੇ ਭੇਖ, ਜੋਤੀ ਜਾਮਾ ਵੇਸ ਵਟਾਈਆ। ਪਹਿਲੋਂ ਬਾਲਮੀਕ ਦਾ ਲਹਿਣਾ ਆਏ ਨਬੇੜ, ਫੇਰ ਅਗਲਾ ਪੰਧ ਮੁਕਾਈਆ। ਹੁਣ ਤੇਰਾ ਲੱਗਾ ਢੇਰ, ਫੇਰ ਕਿਨਕਾ ਕਿਨਕਾ ਰੂਪ ਵਟਾਈਆ। ਸਿੰਘ ਰੂਪ ਹੋ ਕੇ ਆਪ ਆਵੇ ਫੇਰ ਸ਼ੇਰ, ਜੰਗਲ ਬੇਲੇ ਕਾਹੀ ਪਾਰ ਕਰਾਈਆ। ਰਹਿਮਤ ਵਿਚ ਆ ਕੇ ਕਰੇ ਮਿਹਰ, ਚਰਨ ਆਪਣਾ ਤੇਰੇ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਬਾਲੂ ਕਿਹਾ ਉਹ ਚਰਨ ਕਿਹੜਾ, ਜੋ ਮੇਰੇ ਉਪਰ ਟਿਕਾਈਆ। ਰਾਮ ਕਿਹਾ ਉਹ ਕਰਨਹਾਰਾ ਮਿਹਰਾ, ਮੇਰਾ ਰਾਮ ਇਕ ਗੁਸਾਈਂਆ। ਜਿਸ ਵੇਲੇ ਆਰ ਪਾਰ ਰਾਵੀ ਮਾਰੇ ਫੇਰਾ, ਜਾਂਦਿਆਂ ਭਗਤਾਂ ਪਾਰ ਲੰਘਾਈਆ। ਬ੍ਰਾਹਮਣ ਦਾ ਕਰਕੇ ਜਾਏ ਨਬੇੜਾ, ਲਾਲੋ ਦਾ ਲਹਿਣਾ ਲੇਖ ਮੁਕਾਈਆ। ਚਰਨ ਛੋਹ ਨਾਲ ਸਾਰਿਆਂ ਸ਼ਹੀਦਾਂ ਦਾ ਪਾਰ ਹੋ ਜਾਏ ਡੇਰਾ, ਜਿਹੜੇ ਰਾਵੀ ਕੰਡੇ ਆਪਣਾ ਡੇਰਾ ਬੈਠੇ ਜਮਾਈਆ। ਤੈਨੂੰ ਵਕਤ ਫੇਰ ਦੇਵੇ ਬਥੇਰਾ, ਸਾਰੀ ਰਾਤ ਤੇਰੀ ਕਹਾਣੀ ਆਪਣੇ ਨਾਲ ਜਣਾਈਆ। ਰਾਮ ਨੇ ਕਿਹਾ ਮੇਰਾ ਵੇਖ ਇਕ ਭਰਾ ਮਤਰੇਰਾ, ਜਿਸ ਦੀ ਮਾਂ ਜਣੇਦੀ ਕੇਕਈ ਨਜ਼ਰੀ ਆਈਆ। ਐਧਰ ਵੇਖ ਹੋਰ ਨਿੱਕਾ ਜਿਹਾ ਵਛੇਰਾ, ਢਾਈ ਸਾਲ ਦੀ ਉਮਰ ਜਣਾਈਆ। ਜਿਸ ਨੇ ਤੇਰੇ ਨਾਲ ਤੇਰਾ ਬੰਨ੍ਹੋਣਾ ਬੇੜਾ, ਅਬਿਨਾਸ਼ੀ ਕਰਤਾ ਆਪਣੀ ਪੀਠ ਉਠਾਈਆ। ਤੂੰ ਬੈਠੀ ਰਹੀਂ ਕਰਕੇ ਜੇਰਾ, ਤ੍ਰੇਤਾ ਦੁਆਪਰ ਕਲਜੁਗ ਅੱਖ ਨਾ ਆਪ ਖੁਲ੍ਹਾਈਆ। ਉਹ ਵੇਖਣਹਾਰਾ ਇਕੋ ਬਥੇਰਾ, ਲੱਖ ਚੁਰਾਸੀ ਭੁੱਲ ਕਦੇ ਨਾ ਜਾਈਆ। ਜਿਸ ਵੇਲੇ ਆਪਣੇ ਭਗਤਾਂ ਨਾਲ ਲੈ ਕੇ ਆਰ ਪਾਰ ਸ਼ਬਦ ਸਰੂਪੀ ਲਾਵੇ ਡੇਰਾ, ਝੇੜਾ ਪਿਛਲਾ ਦਏ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਨੇਰਨ ਨੇਰਾ, ਦੂਰ ਦੁਰਾਡਾ ਪਿਛਾ ਪਿਛੇ ਦਿਤਾ ਹਟਾਈਆ। ਰੇਤ ਕਹੇ ਮੇਰੀ ਸਦਾ ਰਤੀਲੀ, ਮੇਰਾ ਕਤਰਾ ਰਤੀਆਂ ਤੋਲਿਆਂ ਵਿਚ ਭਾਰ ਨਾ ਕੋਇ ਰਖਾਈਆ। ਮੈਂ ਵੇਂਹਦੀ ਘਰ ਵਿਚ ਮਾਂ ਸੌਤੀਲੀ, ਜੋ ਰਾਮ ਨਾਲ ਧਰੋ ਰਹੀ ਕਮਾਈਆ। ਮੈਂ ਜਨ ਭਗਤੋ ਤੁਹਾਡੀ ਭਗਵਾਨ ਅੱਗੇ ਕਰਨੀ ਵਕੀਲੀ, ਸਚ ਵਕਾਲਤ ਆਪਣਾ ਫੇਰਾ ਪਾਈਆ। ਪ੍ਰਭੂ ਲਾਰਾ ਦੇ ਕੇ ਰੱਖੀਂ ਨਾ ਨਾਲ ਦਲੀਲੀ, ਦਿਲਦਾਰ ਹੋ ਕੇ ਪਾਰ ਲੰਘਾਈਆ । ਤੇਰੇ ਭਗਤਾਂ ਅੰਦਰ ਵੇਖਾਂ ਇਕ ਅਸੂਲੀ, ਜੋ ਤੇਰਾ ਅਸਲ ਰਾਹ ਤਕਾਈਆ। ਇਕ ਦਿਨ ਕੇਕਈ ਨੇ ਮੇਰੇ ਨਾਲ ਮਾਂਜ ਦਿਤੀ ਪਤੀਲੀ, ਮੈਂ ਸੜ ਬਲ ਕੋਲਾ ਹੋ ਕੇ ਦਿਤੀ ਦੁਹਾਈਆ। ਜੇ ਤੂੰ ਮਾਲਕ ਮੇਰਾ ਵਸਦਾ ਅੰਬਰ ਉਪਰ ਨੀਲੀ, ਦਰਗਾਹ ਸਾਚੀ ਆਸਣ ਲਾਈਆ। ਕਿਉਂ ਮੇਰੇ
ਨਾਲ ਕਰਦਾ ਬਖੀਲੀ, ਕਿਥੇ ਰਾਮ ਪਿਆਰਾ ਕਿਥੇ ਕੇਕਈ ਦਾ ਹੁਨਾਰਾ, ਦੋਹਾਂ ਵਿਚੋਂ ਕਿਹੜਾ ਚੰਗਾ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਇਹ ਵੀ ਮੇਰਾ ਖੇਲ ਅਪਾਰਾ, ਜਿਉਂ ਭਾਵੇ ਤਿਉਂ ਰਹੇ ਕਰਾਈਆ। ਏਸੇ ਕਾਰਨ ਮੈਨੂੰ ਔਣਾ ਪਏ ਵਿਚ ਸੰਸਾਰਾ, ਜੁਗ ਜੁਗ ਲਹਿਣੇ ਮਾਤ ਚੁਕਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧ ਅੰਧਿਆਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਉਸ ਵੇਲੇ ਮਹਾਂਬਲੀ ਹੋ ਕੇ ਆਵਾਂ ਲੈ ਅਵਤਾਰਾ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਸਾਚੀ ਸਖ਼ੀਆਂ ਮਿਲਕੇ ਲਾਵਾਂ ਅਖਾੜਾ, ਧੁਰ ਦਾ ਰਾਗ ਅਲਾਈਆ। ਤੇਰਾ ਕਤਰਾ ਕਤਰਾ ਕਰਾਂ ਪਿਆਰਾ, ਗੁਰਮੁਖ ਆਪਣੇ ਨਾਲ ਖ਼ੁਸ਼ੀਆਂ ਨਾਲ ਚਲਾਈਆ। ਤੇਰੀ ਧੂੜ ਚਰਨਾਂ ਨਾਲ ਛੋਹੇ ਪਰਵਰਦਿਗਾਰਾ, ਪਤਿਪਰਮੇਸ਼ਵਰ ਦੇਵਣਹਾਰ ਵਡਿਆਈਆ । ਤੂੰ ਵੇਖੀਂ ਮੇਰਿਆਂ ਸੰਤਾਂ ਦੇ ਅੰਦਰ ਨਜ਼ਾਰਾ, ਜਿਨ੍ਹਾਂ ਦਾ ਅੰਦਰੋਂ ਨਿਜ਼ਾਮ ਦਿਆਂ ਬਦਲਾਈਆ। ਤੈਨੂੰ ਫੇਰ ਦੱਸਾਂ ਇਕ ਇਸ਼ਾਰਾ, ਸੈਨਤ ਨਾਲ ਸਮਝਾਈਆ । ਕਿਸੇ ਆਸ਼ਕ ਮਾਸ਼ੂਕ ਮਾਣਿਆ ਨਹੀਂ ਤੇਰਾ ਕਿਨਾਰਾ, ਝਨਾਂ ਵਾਲੇ ਤੇਰੇ ਦਰ ਤੇ ਫੇਰਾ ਪਾਈਆ। ਕਿਉਂ ਇਹ ਗੁਰ ਅਰਜਨ ਦਾ ਮੰਗਣ ਵਾਲਾ ਦਵਾਰਾ, ਜੋ ਜਲਧਾਰਾ ਵਿਚ ਝੋਲੀ ਡਾਹੀਆ। ਉਸ ਦੇ ਨਾਲੋਂ ਇਕ ਹੋਰ ਵਹਿਣ ਜਿਸ ਨੂੰ ਗਹਿਣ ਕਰਕੇ ਜਗਤ ਪੁਕਾਰਾ, ਆਪਣੀ ਅੱਖ ਰਿਹਾ ਉਠਾਈਆ। ਕੰਢੇ ਚੜ੍ਹਦਿਆਂ ਮੈਨੂੰ ਕਰ ਲੈਣ ਦਿਉ ਨਿਮਸਕਾਰਾ, ਦਸਰਥ ਦੀ ਗੋਲੀ ਦੋਏ ਜੋੜ ਵਾਸਤਾ ਪਾਈਆ। ਜਨ ਭਗਤੋ ਮੈਨੂੰ ਨਾਲ ਲੈ ਕੇ ਜਾਇਉ ਦੇਣਾ ਸਚ ਸਹਾਰਾ, ਸਾਥਣ ਹੋ ਕੇ ਤੁਹਾਡਾ ਸੰਗ ਬਣਾਈਆ। ਜੇ ਇੱਕੀ ਵਾਰ ਬੋਲੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ, ਮੈਨੂੰ ਪਿਛਲਾ ਚੇਤਾ ਫੇਰ ਨਜ਼ਰੀ ਆਈਆ। ਰੇਤ ਕਹੇ ਭਗਤੋ ਮੈਂ ਤੁਹਾਡੇ ਅੱਗੇ ਰੋਵਾਂ ਮਾਰ ਭੁੱਬੀ, ਹੌਕੇ ਲੈ ਲੈ ਦਿਆਂ ਜਣਾਈਆ। ਜਿਸ ਵੇਲੇ ਬਾਲਮੀਕ ਦੀ ਅੱਡੀ ਸੀ ਏਥੇ ਖੁੱਭੀ, ਅੱਠ ਉਂਗਲਾਂ ਜ਼ਮੀਨ ਵਿਚ ਬਦਲਾਈਆ। ਥੱਲਿਉਂ ਉਸ ਨੂੰ ਇਕ ਤ੍ਰਿਸੂਲ ਚੁਭੀ, ਜਿਸ ਖ਼ੂਨ ਦਿਤਾ ਵਹਾਈਆ। ਉਹਦੀ ਸੋਚਣ ਲੱਗੀ ਬੁੱਧੀ, ਥੱਲਿਉ ਕਿਹੜਾ ਡੰਗ ਚਲਾਈਆ। ਸੂਲ ਨੇ ਕੂਕ ਪੁਕਾਰ ਕਿਹਾ ਉਚੀ, ਦੇਵਣ ਲੱਗੀ ਦੁਹਾਈਆ। ਵੇਖੀਂ ਆਪਣੇ ਹੱਥਾਂ ਨਾਲ ਨਾ ਕੁੱਟੀਂ, ਬਿਨ ਤੇਰੇ ਮੇਰਾ ਦਰਦੀ ਨਜ਼ਰ ਕੋਇ ਨਾ ਆਈਆ। ਮੈਨੂੰ ਵਹਿੰਦੇ ਵਹਿਣ ਵਿਚ ਨਾ ਸੁੱਟੀਂ, ਜੇ ਆਇਆ ਕੰਢੇ ਨਾਲ ਲੈ ਕੇ ਪਾਰ ਲੰਘਾਈਆ। ਉਸ ਵੇਲੇ ਬਾਲਮੀਕ ਨੇ ਆਪਣੇ ਪਿਛੋਂ ਖੋਲ੍ਹ ਕੇ ਵਾਲਾਂ ਦੀ ਗੁੱਟੀ, ਦੋਹਾਂ ਹੱਥਾਂ ਨਾਲ ਹਿਲਾਈਆ। ਉਥੋਂ ਇਕ ਆਵਾਜ਼ ਆਈ ਤੂੰ ਓਸ ਮਾਲਕ ਤੋਂ ਪੁੱਛੀਂ, ਜਿਸ ਨੇ ਦੋਹਾਂ ਬਣਤ ਬਣਾਈਆ। ਓਧਰੋਂ ਇਕ ਨਾਈ ਸੰਤਾਂ ਸਿੰਘ ਲਈ ਆਉਂਦਾ ਸੀ ਗਲ ਵਿਚ ਪਾ ਕੇ ਗੁਛੀ, ਮੋਚਨੇ ਨੇਰਨੇ ਆਪਣੇ ਨਾਲ ਰਖਾਈਆ। ਕਹਿੰਦਾ ਜਜਮਾਨ ਮੈਨੂੰ ਵੀ ਕੋਈ ਕਰ ਲੈਣ ਦਿਉ ਬੁੱਤੀ, ਤੁਹਾਡਾ ਕੰਡਾ ਬਾਹਰ ਰਖਾਈਆ। ਓਸ ਕਿਹਾ ਖ਼ਬਰਦਾਰ ਮੈਂ ਭਗਤ ਦੇ ਚਰਨ ਨਾਲ ਛੋਹ ਕੇ ਹੋ ਗਈ ਸੁੱਚੀ, ਦੂਜਾ ਹੱਥ ਨਾ ਕੋਇ ਲਾਈਆ । ਮੈਂ ਫਿਰਨਾ ਅੱਡੀ ਉਚੀ, ਜਿਸ ਦੀ ਅੱਡੀ ਚੱਪਾ ਲਾ ਕੇ ਦਿਤੀ ਖੁਭਾਈਆ। ਬਾਲਮੀਕ ਮਾਰਕੇ ਧਿਆਨ ਵੇਖਿਆ ਜਿਸ ਵੇਲੇ ਆਵੇ ਵੀਹਵੀਂ ਸਦੀ, ਲੋਕਮਾਤ ਵੱਜੇ ਵਧਾਈਆ। ਪੁਰਖ ਅਕਾਲ ਦੋ ਜਹਾਨਾਂ ਦੀ ਸਾਂਭ ਕੇ ਗੱਦੀ, ਨਿਰਗੁਣ ਹੋ ਕੇ ਫੇਰਾ ਪਾਈਆ। ਏਸ ਰਾਹ ਪੈ ਕੇ ਆਵੇ ਡੰਡੀ, ਡੰਡੇ ਵਾਲਾ ਬੁੱਢਾ ਆਤਮਾ ਸਿੰਘ ਨਾਲ ਮਿਲਾਈਆ। ਜਿਹੜੇ ਓਸ ਵੇਲੇ ਖੇਡ ਰਹੇ ਸੀ ਕਬੱਡੀ, ਇੱਕੀ ਕਦਮਾਂ ਉਤੇ ਭੱਜਣ ਵਾਹੋ ਦਾਹੀਆ। ਅੱਜੇ ਇੱਕੀ ਹੱਥ ਡੂੰਘੀ ਓਥੇ ਹੱਡੀ ਦੱਬੀ, ਜਿਹੜੀ ਨਿਸ਼ਾਨੀ ਗਿਆ ਟਿਕਾਈਆ। ਜਿਸ ਵੇਲੇ ਪਰਮ ਪੁਰਖ ਦੇ ਨਾਮ ਦੀ ਚੋਟ ਇਕੋ ਲੱਗੀ, ਦੋ ਜਹਾਨਾਂ ਹੋਵੇ
ਰੁਸ਼ਨਾਈਆ। ਗੁਰਮੁਖ ਸਵਾਣੀ ਬਣੇ ਸੁਚੱਜੀ, ਸੋਹਣਾ ਰੂਪ ਵਟਾਈਆ। ਹਰਿਜਨ ਦਵਾਰੇ ਆਵੇ ਭੱਜੀ, ਆਪਣਾ ਪੰਧ ਮੁਕਾਈਆ । ਦਰਸ਼ਨ ਕਰਕੇ ਅੱਖੀਂ, ਆਖਰ ਆਪਣਾ ਆਪ ਭੇਟ ਚੜ੍ਹਾਈਆ। ਓਨੇ ਚਿਰ ਨੂੰ ਬਾਲਮੀਕ ਦੇ ਦਰਦ ਪਈ ਵਿਚ ਵੱਖੀ, ਹੌਲੀ ਜਹੀ ਦੋਂਹਾਂ ਹੱਥਾਂ ਨਾਲ ਦਿਤਾ ਦਬਾਈਆ। ਓਧਰੋਂ ਇਕ ਚਲਦੀ ਚਲਦੀ ਜੋਬਨਵੰਤੀ ਆਈ ਜਿਸ ਦੇ ਹੱਥ ਵਿਚ ਪੱਖੀ, ਨੇੜੇ ਹੋ ਕੇ ਸੇਵ ਕਮਾਈਆ। ਬਾਲਮੀਕ ਕਿਹਾ ਦੱਸ ਸਖੀ, ਕੀ ਤੇਰੀ ਨਾਮ ਸਿਫ਼ਤ ਵਡਿਆਈਆ। ਉਸ ਨੇ ਕਿਹਾ ਤੇਰਾ ਮਾਲਕ ਮਿਲਿਆ ਨਾਲ ਪਤੀ, ਜੋ ਪਤੀ ਸਭ ਦਾ ਮਾਲਕ ਅਖਵਾਈਆ । ਮੈਂ ਆਪਣੇ ਜਨਮ ਕਰਮ ਵਿਚ ਕਿਸੇ ਨਾਲ ਅੰਗ ਨਹੀਂ ਲਾਇਆ ਰਤੀ, ਗ੍ਰਿਹਸਤੀਆਂ ਵਿਚ ਕਦਮ ਨਾ ਕੋਇ ਟਿਕਾਈਆ। ਮੇਰੇ ਅੰਦਰ ਅੱਜੇ ਥੋੜੀ ਜਿਹੀ ਜਗੀ ਮੋਮਬੱਤੀ, ਜਿਹਦੀ ਨਿਮ੍ਹੀ ਨਿਮ੍ਹੀ ਰੁਸ਼ਨਾਈਆ। ਮੈਂ ਓਸ ਵੇਲੇ ਖ਼ੁਸ਼ ਹੋਵਾਂ ਜਿਸ ਵੇਲੇ ਪਰਮਾਤਮਾ ਦਾ ਦਰਸ਼ਨ ਪਾਵਾਂ ਅੱਖੀਂ, ਚਰਨ ਕਵਲ ਬਹਿ ਬਹਿ ਸਾਚੀ ਸੇਵ ਕਮਾਈਆ। ਬਾਲਮੀਕ ਕਿਹਾ ਇਹ ਮੰਗ ਮੰਗੀ ਹਕੀ, ਹਕੀਕਤ ਵਿਚੋਂ ਦਿਆਂ ਵਡਿਆਈਆ। ਅਗਲੀ ਖੇਲ ਦੱਸਾਂ ਸੱਚੀ, ਸੁਨੇਹੜੇ ਨਾਲ ਸਮਝਾਈਆ। ਕਲਜੁਗ ਅੰਤਮ ਜਿਸ ਵੇਲੇ ਪਰਮ ਪੁਰਖ ਆਵੇ ਕਮਲਾਪਤੀ, ਪਤਿਪਰਮੇਸ਼ਵਰ ਫੇਰਾ ਪਾਈਆ। ਜਿਸ ਗੋਬਿੰਦ ਨਾਲ ਯਾਰੀ ਰੱਖੀ, ਯਰਾਨਾ ਆਪਣੇ ਘਰ ਜਣਾਈਆ। ਤੈਨੂੰ ਅਗਲਾ ਭੇਵ ਖੁਲਾਵਾਂ ਬੱਚੀ, ਕੰਨ ਵਿਚ ਦਿਤਾ ਸਮਝਾਈਆ। ਤੂੰ ਓਸੇ ਡੱਲੇ ਦੀ ਹੋਣਾ ਬੱਚੀ, ਜਿਸ ਦਾ ਪਿਤਾ ਗੋਬਿੰਦ ਸਹਿਜ ਸੁਭਾਈਆ। ਤੈਨੂੰ ਬੀਸ ਇਕੀਸੇ ਮਿਲਣੀ ਏਸ ਦੀ ਖੱਟੀ, ਓਨਾਂ ਚਿਰ ਸੌਂ ਜਾ ਦੇ ਬਾਂਹ ਸਰਾਹਣੇ ਅੱਖ ਨਾ ਕੋਇ ਖੁਲ੍ਹਾਈਆ। ਉਹਨੇ ਹੌਲੀ ਜਿਹੀ ਆਪਣੇ ਦੁਪੱਟੇ ਦੀ ਪਾੜ ਕੇ ਪੱਟੀ, ਮਾਰ ਕੇ ਫੂਕ ਉਤੇ ਦਿਤੀ ਟਿਕਾਈਆ। ਬਾਲਮੀਕ ਕਿਹਾ ਮੇਰੀ ਪੀੜ ਗਈ ਨੱਠੀ, ਫੜ ਕੇ ਗਲੇ ਲਗਾਈਆ। ਬੇਟੀ ਤੂੰ ਫੇਰ ਦਈਂ ਨਾ ਕਿਸੇ ਦੀ ਚੱਟੀ, ਤੇਰਾ ਮਾਲਕ ਇਕ ਅਖਵਾਈਆ । ਓਸੇ ਦੇ ਚਰਨਾਂ ਵਿਚ ਵਸੀਂ, ਜਿਹੜਾ ਗੋਬਿੰਦ ਡੱਲਾ ਆਪਣੇ ਵਿਚ ਸਮਾਈਆ। ਓਧਰੋਂ ਹਾਲ ਪੁਕਾਰ ਕਰਕੇ ਬੋਲ ਪਈ ਮੱਛੀ, ਆਪਣਾ ਦੁਖੜਾ ਰਹੀ ਜਣਾਈਆ। ਮੈਨੂੰ ਪ੍ਰਭੂ ਓਸੇ ਚਰਨਾਂ ਵਿਚ ਰੱਖੀਂ, ਜਿਸਦਾ ਵਿਛੋੜਾ ਰਹਿਣ ਕੋਇ ਨਾ ਪਾਈਆ। ਸ਼ਬਦ ਆਇਆ ਹੁਕਮ ਸੁਣਾਇਆ ਹਰਿ ਸੰਗਤ ਸਾਰੀ ਮੈਨੂੰ ਸਭ ਤੋਂ ਅੱਛੀ, ਨਿੱਕੇ ਵੱਡੇ ਛੋਟੇ ਸਾਰੇ ਇਕੋ ਰੰਗ ਰੰਗਾਈਆ। ਸੂਲ ਕਹੇ ਮੈਨੂੰ ਉਹ ਵੇਲਾ ਦੱਸੀਂ, ਮੈਂ ਤੇਰਾ ਰਾਹ ਤਕਾਈਆ । ਜਿਸ ਵੇਲੇ ਤੇਰਾ ਭਗਤ ਸੰਤ ਗੁਰਮੁਖ ਗੁਰਸਿਖ ਏਥੋਂ ਜਾਏ ਲੰਘੀ, ਆਪਣਾ ਪੰਧ ਮੁਕਾਈਆ। ਮੈਂ ਓਸ ਵੇਲੇ ਆਵਾਂ ਭੰਨੀ, ਭੱਜਾਂ ਵਾਹੋ ਦਾਹੀਆ। ਕਿਉਂ ਉਹਨਾਂ ਸੋਹੰ ਢੋਲਾ ਸੁਣਾਇਆ ਮੇਰੀ ਕੰਨੀਂ, ਕਲਮਾ ਇਕ ਖ਼ੁਦਾਈਆ। ਮੈਂ ਰਜ਼ਾ ਉਹਨਾਂ ਦੀ ਮੰਨੀ, ਜੋ ਪ੍ਰਭ ਦੇ ਭਾਣੇ ਵਿਚ ਸਮਾਈਆ। ਬੇਸ਼ਕ ਸ੍ਰਿਸ਼ਟੀ ਸਾਰੀ ਬੈਠੀ ਅੰਨ੍ਹੀ, ਗੁਰਮੁਖ ਬੈਠੇ ਅੱਖ ਖੁਲ੍ਹਾਈਆ। ਜੇ ਵੱਛੇ ਚਾਰ ਧੰਨੇ ਦੀ ਮੰਨੀ, ਉਹੋ ਧੰਨਾ ਤੁਹਾਡਾ ਵਾਗੀ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਤੇਰੀ ਕਹਿਣੀ ਰਿਹਾ ਮੰਨੀ, ਨੈਣੀ ਸਭ ਕੁਛ ਰਿਹਾ ਵਖਾਈਆ।
ਪ੍ਰੀਤਮ ਸਿੰਘ ਆ ਬੱਧਕ ਨੂੰ ਦਈਏ ਇਨਾਮ, ਗੁਰਮੁਖ ਸਿੰਘ ਲੇਖਾ ਦੇ ਲਿਖਾਈਆ। ਕਿਸ਼ਨ ਸਿੰਘ ਆ ਕਰਾਈਏ ਪਹਿਚਾਨ, ਨੌ ਜਨਮ ਦਾ ਪਿਛਲਾ ਬ੍ਰਾਹਮਣ ਨਾਲ ਰਲਾਈਆ। ਕਾਹਨ ਉਠ ਕ੍ਰਿਸ਼ਨ ਵੇਖ ਉਹ ਸੰਗਰਾਮ, ਇਹੋ ਜਿਹਾ ਬਨ ਬਾਨ ਜਿਥੇ ਤੇਰਾ ਚਰਨ ਤੀਰ ਨਾਲ
ਵਿਨ੍ਹਾਈਆ। ਤੱਕ ਓਸੇ ਦਾ ਛੋਟਾ ਜਿਹਾ ਸਵਾਨ, ਜੋ ਆਇਆ ਪੰਧ ਮੁਕਾਈਆ। ਉਨੀ ਸਾਲ ਦਾ ਨੌਜਵਾਨ, ਲਈ ਸਚ ਅੰਗੜਾਈਆ। ਜਿਸ ਗਰੜ ਦਾ ਲੇਖਾ ਲਿਖਿਆ ਮਹਾਨ, ਓਸ ਦਾ ਲੇਖਾ ਆਇਆ ਝੋਲੀ ਪਾਈਆ। ਜਿਹੜੇ ਨੈਣ ਵੇਂਹਦੇ ਸੀ ਮਾਰ ਧਿਆਨ, ਤ੍ਰੇਤਾ ਦੁਆਪਰ ਕਲਜੁਗ ਅੱਖ ਖੁਲ੍ਹਾਈਆ। ਜੋ ਵਿਛੜੇ ਸੀ ਬਾਲ ਅੰਞਾਣ, ਅੰਞਾਣੇ ਗੋਦ ਉਠਾਈਆ। ਨਾਲੇ ਕਰੌਂਦਾ ਆਇਆ ਯਾਦ, ਨਾਲੇ ਸੁਣਦਾ ਆਇਆ ਫ਼ਰਿਆਦ, ਨਾਲੇ ਦੇਂਦਾ ਆਇਆ ਦਾਦ, ਦਾਤਾ ਹੋ ਕੇ ਦਇਆ ਕਮਾਈਆ। ਅੱਗੇ ਵਰ ਦੇਵੇ ਆਪ, ਬੱਧਕ ਤੇਰੇ ਪਿਛਲੇ ਕੱਟੇ ਗਏ ਪਾਪ, ਅੱਗੇ ਮਿਲਿਆ ਇਕੋ ਬਾਪ, ਜਿਸ ਦਾ ਪੁੱਤ ਗੁਰਮੁਖ ਨਜ਼ਰੀ ਆਈਆ। ਰਾਵੀ ਕੰਢੇ ਕਰਾਈ ਵਾਟ, ਤੇਰਾ ਖੋਲ੍ਹਾਂ ਬੰਦ ਤਾਕ, ਏਥੇ ਓਥੇ ਬਣਾ ਸਾਕ, ਸੱਜਣ ਹੋ ਕੇ ਸੰਗ ਨਿਭਾਈਆ। ਆਰ ਪਾਰ ਕਰਨਾ ਤੇਰਾ ਘਾਟ, ਅੱਗੇ ਰਹੇ ਕੋਈ ਨਾ ਵਾਟ, ਜਿਧਰ ਵੇਖੋ ਓਧਰੇ ਮੁਲਾਕਾਤ, ਸਾਹਮਣੇ ਬੈਠਾ ਨਜ਼ਰੀ ਆਈਆ। ਤੁਹਾਡੀ ਸਭ ਦੀ ਜਮਾਂ ਵਾਲੀ ਕੱਟ ਦਿਤੀ ਹਵਾਲਾਤ, ਹਵਾਲੇ ਆਪਣੇ ਲਿਆ ਕਰਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਪੁੱਤ ਪੋਤਰੇ ਪੜਪੋਤਰੇ ਨਾਤਿਆਂ ਵਾਲੇ ਦਿਤਾ ਬਣਾਈਆ। ਅੱਗੇ ਭਗਤਾਂ ਦੀ ਚਲਦੀ ਰਹੇ ਸ਼ਾਖ਼, ਪੈਂਡਾ ਮੁਕ ਕਦੇ ਨਾ ਜਾਈਆ। ਸਚ ਪੁੱਛੋ ਤੁਹਾਡੇ ਅੰਦਰ ਹੁਣ ਕਰ ਲੈਣਾ ਵਾਸ, ਨਿਵਾਸਾ ਤੁਹਾਡੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ । ਪ੍ਰੀਤਮ ਸਿੰਘ ਆ ਵੰਡੀਏ ਇਨਾਮ, ਅਨਾਮੀ ਦਇਆ ਕਮਾਇੰਦਾ। ਬੱਧਕ ਤੇਰੇ ਕੋਲ ਵਸੇ ਭਗਵਾਨ, ਭਾਗਾਂ ਭਰਿਆ ਵੇਖ ਵਖਾਇੰਦਾ। ਜੋ ਭਗਤਾਂ ਦਾ ਲੈ ਕੇ ਆਇਆ ਸਚ ਨਿਸ਼ਾਨ, ਨਿਸ਼ਾਨਾ ਦੋ ਜਹਾਨ ਝੁਲਾਇੰਦਾ। ਰਾਵੀ ਲੰਘਦਿਆਂ ਮਾਰੀ ਇਕ ਆਵਾਜ਼, ਮਨਜੀਤ ਬਾਲ ਨਿਧਾਨੇ ਦਿਤੀ ਜਣਾਈਆ। ਮੈਂ ਵੇਖ ਕੇ ਹੋਇਆ ਹੈਰਾਨ, ਹਰਿ ਜੂ ਅਚਰਜ ਖੇਲ ਵਰਤਾਈਆ। ਕਰੋੜ ਤੇਤੀਸਾ ਦੇਵਤ ਸੁਰ ਇੰਦਰ ਫਨਿੰਦਰ ਸਰਬ ਕੁਰਲਾਣ, ਨੇਤਰ ਨੈਣਾਂ ਨੀਰ ਵਹਾਈਆ। ਔਹ ਵੇਖੋ ਕਿਸ ਬਿਧ ਬਾਲੂ ਰੇਤ ਕੰਢੇ ਮਿਲਿਆ ਆਣ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਧੁਰ ਦਾ ਆਪ ਸੁਣਾਈਆ। ਬੱਧਕ ਲੈ ਲਏ ਪਿਛਲਾ ਇਨਾਮ, ਵਸਤ ਅਮੋਲਕ ਝੋਲੀ ਪਾਇੰਦਾ। ਅੱਗੇ ਹੋਣਾ ਨਹੀਂ ਕਿਸੇ ਦਾ ਗ਼ੁਲਾਮ, ਸਲਾਮ ਇਕੋ ਸੀਸ ਝੁਕਾਇੰਦਾ। ਤੈਨੂੰ ਮਿਲ ਗਿਆ ਕਾਹਨਾਂ ਦਾ ਕਾਹਨ, ਰਾਮਾਂ ਦਾ ਰਾਮ, ਨਿਮਾਣਿਆਂ ਦਾ ਮਾਣ ਆਪ ਅਖਵਾਇੰਦਾ। ਜੋ ਤੈਨੂੰ ਨਹੀਂ ਸੀ ਪਤਾ ਆਪ ਕੀਤੀ ਪਹਿਚਾਨ, ਸੋਏ ਸੁੱਤੇ ਆਪ ਜਗਾਇੰਦਾ। ਤੁਹਾਡੇ ਲਹਿਣੇ ਪਿਛੇ ਲੰਘਾਇਆ ਇਹ ਗਾਹਣ, ਵਰਨਾ ਪੁਰਖ ਅਬਿਨਾਸ਼ੀ ਚਰਨ ਨਾ ਕਦੇ ਟਿਕਾਇੰਦਾ। ਤੇਰਾ ਕਿੱਡਾ ਸੋਹਣਾ ਚੰਗਾ ਉਹ ਬਾਣ, ਜਿਹੜਾ ਚਰਨ ਵਿਚ ਟਿਕਾਇੰਦਾ। ਮੈਂ ਉਹ ਲੇਖਾ ਆਇਆ ਸੁਨਾਣ, ਅਨਸੁਣੀ ਤੁਹਾਡੇ ਕੰਨਾਂ ਵਿਚ ਪਾਇੰਦਾ। ਇਹ ਭਗਤਾਂ ਦਾ ਭਗਵਾਨ, ਸੰਤਾਂ ਦਾ ਮਿਹਰਵਾਨ, ਗੁਰਮੁਖਾਂ ਦਾ ਨਿਸ਼ਾਨ, ਗੁਰਸਿਖਾਂ ਦਾ ਧਿਆਨ ਆਪਣੇ ਵਿਚ ਰਖਾਇੰਦਾ। ਜੇ ਚਲਦੇ ਫਿਰਦੇ ਔਂਦੇ ਜਾਂਦੇ ਗਏ ਥੱਕ, ਉਹ ਥਕਾਵਟ ਦਾ ਮੰਗੇ ਦਾਨ, ਆਪਣੀ ਝੋਲੀ ਆਪੇ ਪਾਈਆ। ਇਕ ਭਗਤ ਤੇ ਇਕ ਭਗਵਾਨ, ਥਰਡ ਪਰਸਨ ਵਿਚ ਰਲੇ ਕੋਇ ਨਾ ਆਣ, ਬਰਡ ਪਰਿੰਦਾ ਦਏ ਤਰਾਈਆ । ਇਹ ਇਨਾਮਾਂ ਦਾ ਇਨਾਮ, ਕਲਾਮਾਂ ਦਾ ਕਲਾਮ, ਨਿਸ਼ਾਨਾਂ ਦਾ ਨਿਸ਼ਾਨ, ਦਾਨਾਂ ਦਾ ਦਾਨ, ਆਪਣੇ ਚਰਨ ਦੀ ਧੂੜੀ ਤੁਹਾਡੇ ਟਿੱਕਾ ਮਸਤਕ ਲਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੱਜ ਭੱਜ ਤੁਹਾਡਾ ਪੰਧ ਮੁਕਾਈਆ। ਪ੍ਰੀਤਮ ਸਿੰਘਾ ਇਕ
ਵਾਰਾਂ ਮਸਤਕ ਲਾ ਦੇ ਉਂਗਲੀ, ਪੋਟਾ ਅਗਲਾ ਸਿੱਧਾ ਦੇ ਖੁਭਾਈਆ। ਇਹ ਰੀਤ ਪੁਰਾਣੀ ਮੁਢਲੀ, ਮੁੜਕੇ ਰਿਹਾ ਦੁਹਰਾਈਆ। ਜਨ ਭਗਤਾਂ ਨਾਲ ਭਗਵਾਨ ਪ੍ਰੇਮ ਪ੍ਰੀਤੀ ਗੁੰਨ੍ਹ ਲਈ, ਪਾਣੀ ਆਟੇ ਵਿਚ ਸਮਾਈਆ। ਭਗਤਾਂ ਦੀ ਜਮਾਤ ਲੱਖ ਚੁਰਾਸੀ ਵਿਚੋਂ ਚੁਣ ਲਈ, ਪੱਟੀ ਆਪਣਾ ਨਾਮ ਪੜ੍ਹਾਈਆ। ਇਹ ਨਹੀਂ ਲੇਖਾ ਅੱਜ ਹੁਣ ਲਈ, ਅੱਗੇ ਸਦਾ ਤੁਹਾਡੇ ਨਾਲ ਰਖਾਈਆ। ਇਹ ਵਡਿਆਈ ਭਗਤਾਂ ਦੀ ਕੁਲ ਲਈ, ਕੁੱਲੀਆਂ ਕੱਖਾਂ ਵਾਲੇ ਪਾਰ ਲੰਘਾਈਆ। ਜੋ ਸ੍ਰਿਸ਼ਟੀ ਪ੍ਰਭ ਨੂੰ ਭੁੱਲ ਗਈ, ਭੁੱਲਿਆਂ ਸ਼ੌਹ ਦਰਿਆ ਰੁੜ੍ਹਾਈਆ। ਜਨ ਭਗਤੋ ਤੁਹਾਡੀ ਅਨਮੁੱਲੜੀ ਵਸਤ ਦਾਤ ਖੁਲ੍ਹ ਗਈ, ਖ਼ਾਲਕ ਹੋ ਕੇ ਰਿਹਾ ਵਰਤਾਈਆ । ਜੋ ਗੁਰਸਿਖ ਸਹੇਲੀ ਪ੍ਰੇਮ ਪ੍ਰੀਤੀ ਅੰਦਰ ਤੁਲ ਗਈ, ਓਸਨੂੰ ਆਪਣਾ ਤੁਲ੍ਹਾ ਬਣਾ ਕੇ ਪਾਰ ਦੇਵੇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੁਲਵਾੜੀ ਵੇਖੇ ਆਪਣੀ ਫੁਲਦੀ, ਮਹਿਕ ਦੋ ਜਹਾਨ ਸੁਗੰਧੀ ਦਏ ਵਰਤਾਈਆ। ਭਗਤ ਇਹ ਇਨਾਮ ਉਹ ਤਗ਼ਮਾਂ, ਜਗਤ ਸ਼ਹਿਨਸ਼ਾਹ ਜਿਹੜਾ ਹੱਥ ਨਾ ਕੋਇ ਫੜਾਇੰਦਾ। ਇਹ ਨਾਮ ਨਿਧਾਨ ਉਹ ਨਗ਼ਮਾ, ਜਿਸ ਨੂੰ ਨਜ਼ਮ ਵਿਚ ਨਾ ਕੋਇ ਸੁਣਾਇੰਦਾ। ਇਹ ਦਰਸ ਦੀਦ ਚਸ਼ਮਾ, ਚਸ਼ਮ ਦੀਦ ਆਪਣਾ ਨੂਰ ਪਰਗਟਾਇੰਦਾ। ਲੇਖੇ ਲਾਏ ਸਿਰ ਝੁਕਿਆ ਵਿਚ ਕਦਮਾਂ, ਕਦਮ ਬੋਸੀ ਵਿਚ ਨਮੋਸ਼ੀ, ਲਬੇ ਰਾਜ ਰਸ ਆਪਣਾ ਇਕ ਚਖਾਇੰਦਾ। ਨਾ ਕੋਈ ਜਗਤ ਦਾ ਮੇਹਣਾ ਨਾ ਕੋਈ ਨਮੋਸ਼ੀ, ਦੋਸ਼ੀ ਨਿਰਦੋਸ਼ੀ ਇਕੋ ਰੰਗ ਰੰਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰ ਕਰਾਕੇ ਘਾਟੀ ਔਖੀ, ਸੌਖੀ ਮੰਜ਼ਲ ਆਪ ਚੜ੍ਹਾਇੰਦਾ । ਜਨ ਭਗਤਾਂ ਘਰ ਕਿਸੇ ਕਾਰਨ ਖਾਣ ਆਵੇ ਰੁੱਖੀ ਸੁੱਖੀ ਰੋਟੀ, ਇਕ ਇਕ ਟੁਕੜਾ ਟੁਕ ਟੁਕ ਆਪਣੇ ਲੇਖੇ ਲਾਇੰਦਾ। ਭੁੱਖ ਤੇਹ ਦੀ ਪਿਆਸੀ ਨਹੀਂ ਜੋਤੀ, ਜੋਤਾਂ ਦਾ ਮਾਲਕ ਘਰ ਘਰ ਦਰ ਦਰ ਦੀਵੇ ਆਪ ਜਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿੱਕੀ ਜਿਹੀ ਇਹ ਮਿਸਾਲ ਦਿਤੀ ਮੋਟੀ, ਡੂੰਘਾ ਰਾਜ਼ ਆਪਣੇ ਵਿਚ ਛੁਪਾਇੰਦਾ। ਕਿਉਂ ਉਸ ਦਾ ਲੇਖਾ ਲਿਖਣ ਵਾਲਾ ਰਵਿਦਾਸ ਮੋਚੀ, ਜੋ ਦਿਵਸ ਰੈਣ ਸੇਵਾ ਵਿਚ ਸਮਾਇੰਦਾ।