ਪੁਸਤਕਾਲਾਭਾਗ ੧੭

੧੫ ਪੋਹ ੨੦੨੧ ਬਿਕ੍ਰਮੀ ਗਿਆਨ ਸਿੰਘ ਦੇ ਘਰ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਗੁੜ ਕਹੇ ਮੈਂ ਸਿਫ਼ਤ ਕਰਾਂ ਪੂਰੇ ਸਤਿਗੁਰ ਦੀ, ਜੋ ਮਿਠਿਆਂ ਵਿਚੋਂ ਮਿੱਠਾ ਨਜ਼ਰੀਂ ਆਈਆ। ਜੋ ਰਾਵੀ ਪਾਰ ਕਰਕੇ ਆਇਆ ਪੈਰੀਂ ਮੁੜਦੀ, ਮੁੜ ਆਪਣੀ ਦਇਆ ਕਮਾਈਆ। ਖੇਲ ਦੱਸ ਕੇ ਸਾਚੀ ਧੁਰ ਦੀ, ਧੁਰ ਮਸਤਕ ਲੇਖ ਵੇਖ ਵਖਾਈਆ। ਹਰਿ ਸੰਗਤ ਪਾਰ ਉਤਾਰੇ ਸ੍ਰਿਸ਼ਟੀ ਵੇਖੇ ਰੁੜ੍ਹਦੀ, ਅੱਗੇ ਹੋ ਨਾ ਕੋਇ ਬਚਾਈਆ। ਜਿਹੜੀ ਸੰਗਤ ਕਦਮ ਕਦਮ ਇਹਦੇ ਨਾਲ ਤੁਰਦੀ, ਉਹ ਕਾਇਦੇ ਕਾਨੂੰਨ ਪਹਿਲੇ ਗਈ ਭੁਲਾਈਆ । ਉਹ ਲੋਕਮਾਤ ਪਰਗਟ ਹੋਈ ਮੁਰਦੀ, ਜ਼ਿੰਦਗੀ ਵਿਚੋਂ ਜ਼ਿੰਦਗਾਨੀ ਦਿਤੀ ਬਦਲਾਈਆ। ਉਹਨਾਂ ਦੀ ਕਲਾ ਵੇਖੀ ਚੜ੍ਹਦੀ, ਚੜ੍ਹਦਿਉਂ ਗਿਆ ਲਹਿੰਦੇ ਲਹਿੰਦਿਉਂ ਚੜ੍ਹਦੇ ਫੇਰ ਆਈਆ। ਕਿੱਡੀ ਸੋਹਣੀ ਪ੍ਰੀਤ ਸੱਚੇ ਹਰਿ ਦੀ, ਜੋ ਹਿਰਦੇ ਸਾਂਤ ਕਰਾਈਆ। ਧੰਨ ਆਤਮ ਜੋ ਪਰਮਾਤਮ ਵਰਦੀ, ਘਰ ਲੋੜੀਂਦਾ ਕੰਤ ਹੰਢਾਈਆ। ਆਪ ਦਾ ਜੀਵਣ ਓਸ ਦੇ ਅੱਗੇ ਧਰਦੀ, ਮਨ ਦੀ ਮਰਜ਼ੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁੜ ਕਹੇ ਮੈਂ ਸਤਿਗੁਰ ਦੀ ਵੇਖੀ ਮਿਠਾਸ, ਜੋ ਸ਼ਬਦੀ ਸ਼ਬਦ ਨਾਲ ਜਣਾਈਆ। ਰਾਹੀ ਪਾਂਧੀ ਬਣ ਕੇ ਸਭ ਦੀ ਪੂਰੀ ਕਰਦਾ ਆਇਆ ਆਸ, ਆਸਰਾ ਇਕ ਜਣਾਈਆ। ਧੀਰਜ ਧੀਰ ਧਰਾਉਂਦਾ ਆਇਆ ਧਰਵਾਸ, ਸਤਿ ਧਰਮ ਜੜ੍ਹ ਲਗਾਈਆ। ਵਿਛੜਿਆਂ ਮਿਲੌਂਦਾ ਆਇਆ ਮਿਲਾਪ, ਮੇਲੇ ਕਰ ਕਰ ਜੋੜ ਜੁੜਾਈਆ। ਸੋਹੰ ਢੋਲਾ ਜਪੌਂਦਾ ਆਇਆ ਜਾਪ, ਪਿਛਲੇ ਸੁੱਤਿਆਂ ਅੱਖ ਖੁਲ੍ਹਾਈਆ। ਪੂਰਾ ਕਰਦਾ ਆਇਆ ਭਵਿਖਤ ਵਾਕ, ਰਾਮਾ ਕ੍ਰਿਸ਼ਨਾ ਦਏ ਵਡਿਆਈਆ। ਅਰਸ਼ ਫ਼ਰਸ਼ ਵੇਖਣ ਤਾਰਿਆਂ ਭਰੀ ਰਾਤ, ਚਮਕ ਨੂਰ ਨਾਲ ਰੁਸ਼ਨਾਈਆ। ਖ਼ੁਸ਼ੀ ਮਨਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਸੰਗ ਰਖਾਈਆ। ਕਿਧਰੋਂ ਭਗਤਾਂ ਦੇ ਘਰ ਇਹ ਵੱਖਰੀ ਆ ਗਈ ਪਰਭਾਤ, ਆਪਣਾ ਰੂਪ ਬਦਲਾਈਆ। ਸ੍ਰੀ ਭਗਵਾਨ ਦੇਵਣ ਆ ਗਿਆ ਦਾਤ, ਦੌਲਤਮੰਦ ਫੇਰਾ ਪਾਈਆ। ਪਿਛੇ ਕਿਸੇ ਦੇ ਚੱਬੇ ਚਨੇ ਕਿਸੇ ਦੀ ਖਾਧੀ ਭਾਤ, ਕਿਸੇ ਦਿਆਂ ਗੰਨਿਆਂ ਕਿਸੇ ਦਿਆਂ ਛੰਨਿਆਂ ਭੋਗ ਲਗਾਈਆ। ਉਹ ਪਿਛਲੀ ਪਿਛੇ ਰਹਿ ਗਈ ਬਾਤ, ਅਗੇ ਖੇਲ ਇਕ ਵਖਾਈਆ। ਜਲਾਂ ਥਲਾਂ ਵਿਚ ਸਾਥ, ਜੂਹਾਂ ਜੰਗਲਾਂ ਵਿਚ ਆਪਣਾ ਸੰਗ ਨਿਭਾਈਆ। ਭਗਤਾਂ ਦੀ ਪੂਰੀ ਕਰਨ ਆਇਆ ਆਸ, ਅਸਲ ਆਪਣਾ ਹੁਕਮ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਘਰ ਔਂਦਿਆਂ ਨੂੰ ਦੇਵੇ ਸੱਚੀ ਸੁਗਾਤ, ਸੀਤ ਪਰਸਾਦਿ ਆਪਣਾ ਗੁਰਮੁਖਾਂ ਦੇ ਮੁਖ ਲਗਾਈਆ।

ਥਕਾਵਟ ਵਾਲੀ ਕਰੇ ਨਾ ਕੋਈ ਬਾਤ, ਸਖ਼ਾਵਤ ਵਾਲੀ ਵਸਤ ਝੋਲੀ ਪਾਈਆ। ਨਾਲੇ ਤੁਹਾਡੇ ਕੋਲੋਂ ਪ੍ਰੇਮ ਕਰਨ ਦੀ ਸਿੱਖੀ ਜਾਚ, ਭਗਤਾਂ ਨਾਲ ਭਗਵਾਨ ਚਲਕੇ ਆਪਣੀ ਖ਼ੁਸ਼ੀ ਮਨਾਈਆ। ਤੁਹਾਡੇ ਕੋਲੋਂ ਸਿਖੀ ਪ੍ਰੇਮ ਦੀ ਵਜੌਣ ਵਾਲੀ ਰਬਾਬ, ਅਹਿਬਾਬ ਹੋ ਕੇ ਵੇਖੇ ਚਾਈਂ ਚਾਈਂਆ । ਤੁਹਾਥੋਂ ਪ੍ਰੇਮ ਵਾਲਾ ਸਿਖਿਆ ਆਦਾਬ, ਕਿਸ ਬਿਧ ਨਿਉਂ ਨਿਉਂ ਸੀਸ ਝੁਕਾਈਆ। ਤੁਹਾਡੇ ਕੋਲੋਂ ਸਿਖਿਆ ਸੱਚਾ ਕਰਨਾ ਵਿਸ਼ਵਾਸ, ਇਕੋ ਓਟ ਤਕਾਈਆ। ਏਸੇ ਕਾਰਨ ਤੁਹਾਡੇ ਆਇਆ ਪਾਸ, ਪਾਸਾ ਆਪਣਾ ਰਿਹਾ ਉਲਟਾਈਆ। ਗੁਰਮੁਖੋ ਤੁਸਾਂ ਖਾਣਾ ਨਾਲ ਇਹ ਸਵਾਦ, ਜਿਸ ਦਾ ਸਵਾਦ ਸਾਧ ਸਮਝ ਕੋਇ ਨਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਵਿਚ ਗੁਰਮੁਖ, ਗੁਰਸਿਖਾਂ ਵਿਚ ਗੁਰਸਿਖ, ਭਗਤਾਂ ਵਿਚ ਭਗਤ, ਸੰਤਾਂ ਵਿਚ ਸੰਤ ਆਪਸ ਵਿਚ ਰਹਿਣ ਨਾ ਦੇਵੇ ਕੋਈ ਨਾਰਾਜ਼, ਜਗਤ ਨਰਾਜ਼ਗੀ ਕੰਮ ਕਿਸੇ ਨਾ ਆਈਆ। ਨਾ ਕੋਈ ਤੁਹਾਥੋਂ ਕਲਮਾ ਪੜ੍ਹਾਏ ਨਾ ਨਿਮਾਜ਼, ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਤੀਰਥ ਨਹੌਣ ਜਾਏ ਘਾਟ, ਇਕੋ ਦੱਸੇ ਅਗੰਮੀ ਆਵਾਜ਼, ਸੋਹੰ ਢੋਲਾ ਦਿਤਾ ਸੁਣਾਈਆ। ਤੁਸੀਂ ਆਕੜ ਨਾਲ ਫਿਰੋ ਆਪਣੀ ਮਜਾਜ, ਤੁਹਾਥੋਂ ਕਿਸੇ ਨਹੀਂ ਲੈਣਾ ਖ਼ਰਾਜ, ਹਰਜਾਨਾ ਭਰਨ ਕੋਇ ਨਾ ਆਈਆ। ਜਿਧਰ ਵੇਖੋ ਉਧਰ ਸਾਥ, ਸੇਵਾ ਵੱਲੋਂ ਤੁਹਾਡਾ ਦਾਸ, ਮੇਵਾ ਦੇਣ ਵੱਲੋਂ ਪੁਰਖ ਅਬਿਨਾਸ਼, ਵਸਤ ਅਮੋਲਕ ਤੁਹਾਡੀ ਝੋਲੀ ਪਾਈਆ। ਜੇ ਤੁਸੀਂ ਪ੍ਰੇਮ ਦੀ ਇਕ ਸੁਣਾਓ ਬਾਤ, ਮੈਂ ਸੁਣਾਵਾਂ ਸਾਰੀ ਰਾਤ, ਖ਼ੁਸ਼ੀਆਂ ਵਿਚ ਗੁਰਮੁਖਾਂ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਦੇ ਦੇ ਖ਼ੁਸ਼ੀ ਮਨਾਈਆ। ਗੁੜ ਕਹੇ ਮੈਂ ਗੁਰ ਦਾ ਦੱਸਾਂ ਭੇਤ, ਜੋ ਗੁਰਮੁਖ ਰਿਹਾ ਬਣਾਈਆ। ਜਿਸ ਨੇ ਤ੍ਰੇਤੇ

ਜੁਗ ਦੀ ਲੇਖੇ ਲਾਈ ਰੇਤ, ਚਰਨ ਕਵਲਾਂ ਨਾਲ ਛੁਹਾਈਆ। ਬਾਲਮੀਕ ਦੀ ਅੱਡੀ ਦਾ ਵੇਖ ਕੇ ਛੇਕ, ਕੰਡਾ ਸੂਲ ਦਿਤੀ ਵਡਿਆਈਆ। ਜੋਗਣ ਦਾ ਜੋਗੀਆਂ ਵਾਲਾ ਵੇਖ ਕੇ ਭੇਸ, ਸਿਰ ਮਸਤਕ ਹੱਥ ਰਖਾਈਆ। ਜਿਸਨੇ ਪੱਟੀ ਇਕ ਦਿਤੀ ਲਪੇਟ, ਓਢਣ ਉਸ ਦੇ ਉਪਰ ਪਾਈਆ। ਜਨ ਭਗਤਾਂ ਇਨਾਮ ਵਿਚ ਆਪਣਾ ਆਪ ਦਿਤਾ ਵੇਚ, ਕੀਮਤ ਅੱਗੇ ਨਾ ਕੋਇ ਰਖਾਈਆ। ਇਹ ਸਭ ਕੁਛ ਵੇਖ ਭੱਜਾ ਆਇਆ ਸਹੰਸ ਫਨ ਸ਼ੇਸ਼, ਆਪਣਾ ਪੰਧ ਮੁਕਾਈਆ। ਮੈਂ ਦਿਵਸ ਰੈਣ ਦੋਏ ਸਹੰਸਰ ਜਪਾਂ ਨਾਮ ਤੇਰਾ ਵਿਸ਼ੇਸ਼, ਵਿਸ਼ਨੂੰ ਮੇਰੀ ਸਾਂਗੋ ਪਾਂਗ ਸੇਜ ਹੰਢਾਈਆ। ਮੈਂ ਹੋਇਆ ਹੈਰਾਨ ਪ੍ਰਭੂ ਇਹ ਕੀ ਤੇਰਾ ਭੇਤ, ਪੜਦਾ ਦੇ ਉਠਾਈਆ। ਜਿਹੜੇ ਬੁਕਲਾਂ ਮਾਰ ਕੇ ਬੈਠੇ ਸੂਤਰੀ ਖੇਸ, ਉਹਨਾਂ ਦੀ ਸੁੱਤੀ ਸੁਰਤੀ ਦਿਤੀ ਜਗਾਈਆ। ਨਾਲੇ ਪਤਤ ਪਾਪੀ ਕੀਤੇ ਨੇਕ, ਦੁਰਮਤ ਮੈਲ ਧੁਆਈਆ। ਇਸ਼ਟਾਂ ਦੇ ਵਿਚੋਂ ਇਸ਼ਟ ਆਪਣੀ ਦੱਸੀ ਚਰਨ ਟੇਕ, ਮਸਤਕ ਟਿੱਕਾ ਦਿਤਾ ਲਗਾਈਆ । ਜਿਹੜੀ ਰਾਮ ਦੇ ਸਿਰ ਵਿਚ ਪੈ ਗਈ ਸੀ ਰੇਤ, ਉਸ ਨੂੰ ਆਪਣਾ ਚਰਨ ਛੁਹਾਈਆ। ਉਹਦੇ ਪੰਜ ਕਤਰੇ ਅੰਗੂਠੇ ਥੱਲੇ ਲਿਆਂਦੇ ਲਪੇਟ, ਹੌਲੀ ਜਿਹੀ ਬਾਹਰ ਲਏ ਕਢਾਈਆ। ਇਸ ਦੀ ਕੀਮਤ ਨਾ ਕੋਈ ਰੇਟ, ਜਗਤ ਖ਼ਜ਼ਾਨਿਆਂ ਵਿਚੋਂ ਹੱਥ ਕਿਸੇ ਨਾ ਆਈਆ। ਗੁਰਮੁਖ ਜਿਸ ਵੇਲੇ ਰਾਤੀਂ ਸੌਣਗੇ ਆਪਣੀ ਸੇਜ, ਬਿਸਤਰੇ ਜ਼ਿਮੀਂ ਉਤੇ ਵਿਛਾਈਆ। ਤੁਹਾਡੇ ਚਰਨਾਂ ਕੋਲ ਇਹਨੂੰ ਦੇਵਾਂ ਭੇਜ, ਆਪਣੀ ਮੁੱਠੀ ਵਿਚੋਂ ਬਾਹਰ ਕਢਾਈਆ। ਤੁਸੀਂ ਭਾਵੇਂ ਕਿੰਨਾ ਘੁੱਟ ਕੇ ਰੱਖਿਉਂ ਲੇਫ, ਫਿਰ ਵੀ ਤੁਹਾਡੇ ਅੰਦਰ ਹੋ ਕੇ ਚਰਨ ਛੋਹ ਖ਼ੁਸ਼ੀ ਮਨਾਈਆ। ਹੱਥ ਜੋੜ ਕੇ ਕਹੇ ਗੁਰਮੁਖੋ ਮੈਨੂੰ ਦੱਸੋ ਇਸ ਦਾ ਭੇਤ, ਜੋ ਭੱਜਿਆ ਫਿਰੇ ਵਾਹੋ ਦਾਹੀਆ। ਪਤਾ ਨਹੀਂ ਕਿਧਰੋਂ ਆ ਗਿਆ ਅਚਨ ਚੇਤ, ਅਚਾਨਕ ਆਪਣਾ ਚਰਨ ਛੁਹਾਈਆ। ਪਹਿਲੋਂ ਮੈਂ ਜਾਣਿਆਂ ਕੋਈ ਜੱਟ ਹਲ ਵਾਹਣ ਵਾਲਾ ਖੇਤ, ਪਾਂਧੀ ਹੋ ਕੇ ਪੰਧ ਮੁਕਾਈਆ। ਜਿਸ ਵੇਲੇ ਓਸ ਨੇ ਮੈਨੂੰ ਚਰਨ ਨਾਲ ਦਿਤਾ ਛੇੜ, ਹੌਲੀ ਜਿਹੀ ਉਤੇ ਟਿਕਾਈਆ। ਮੇਰੇ ਜਨਮ ਜਨਮ ਦਾ ਮੁਕ ਗਿਆ ਗੇੜ, ਇਕੋ ਦਾਤਾ ਨਜ਼ਰੀ ਆਈਆ। ਜਿਸ ਨੂੰ ਤਾਰਦਿਆਂ ਕੋਈ ਨਾ ਲਗੇ ਦੇਰ, ਸ਼ਬਦ ਇਸ਼ਾਰੇ ਨਾਲ ਪਾਰ ਕਰਾਈਆ। ਬ੍ਰਹਿਮੰਡ ਖੰਡ ਕਹਿਣ ਵੇਖੋ ਕੀ ਪਿਆ ਹਨੇਰ, ਹਨੇਰੇ ਵਿਚੋਂ ਗੁਰਮੁਖ ਰਿਹਾ ਜਗਾਈਆ। ਨਾਲੇ ਸਿੰਘ ਤੇ ਨਾਲੇ ਸ਼ੇਰ, ਬੱਬਰਾਂ ਦਾ ਬੱਬਰ ਟੱਬਰਾਂ ਦੇ ਟੱਬਰ ਪਾਰ ਲੰਘਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਕਿਸ ਤਰ੍ਹਾਂ ਕਰੀਏ ਸਬਰ, ਬੇਸਬਰੀ ਵਿਚ ਸਰਬ ਲੋਕਾਈਆ। ਪੈਗ਼ੰਬਰ ਹੁੰਗਾਰੇ ਦੇਣ ਵਿਚੋਂ ਕਬਰ, ਕਾਅਬਿਆਂ ਕਰਨ ਜਣਾਈਆ। ਇਹ ਉਹਨਾਂ ਨੂੰ ਆਇਆ ਸੱਦਣ, ਜਿਨ੍ਹਾਂ ਨੂੰ ਸੱਦਾ ਪਿਆ ਧੁਰਦਰਗਾਹੀਆ। ਉਹ ਸਭ ਤੋਂ ਅੱਗੇ ਵਧਣ, ਆਪਣਾ ਬਲ ਵਧਾਈਆ। ਕਿਉਂ, ਉਹ ਓਸ ਦੀ ਚਰਨੀਂ ਲੱਗਣ, ਜਿਸ ਨਾਲੋਂ ਹੋਏ ਨਾ ਕਦੇ ਜੁਦਾਈਆ। ਸਦਾ ਪੰਜਾਬੀਆਂ ਦਾ ਵਿਹਾਰ ਤੇ ਗੁੜ ਦਾ ਸਗਨ, ਲਗਨ ਇਕੋ ਦਏ ਵਖਾਈਆ। ਗੁਰਮੁਖਾਂ ਨੂੰ ਆਪ ਆਇਆ ਮੰਗਣ, ਨਾਰੀ ਕੰਤ ਇਕੋ ਰੂਪ ਵਟਾਈਆ। ਅਗਲੀ ਪਿਛਲੀ ਕੱਟ ਕੇ ਮੰਜ਼ਲ, ਮੰਜ਼ਲ ਆਪਣੀ ਦਏ ਵਖਾਈਆ। ਪਹਿਲੋਂ ਦੋ ਜਹਾਨਾਂ ਕਰ ਕੇ ਵਜ਼ਨ, ਆਪਣੇ ਤਰਾਜ਼ੂ ਵਿਚ ਟਿਕਾਈਆ। ਲੱਖ ਚੁਰਾਸੀ ਜੀਵ ਜੰਤ ਥੋੜੇ ਜਿਹੇ ਲੱਗਣ, ਭਾਰ ਮਣਾਂ ਵਿਚ ਨਾ ਕੋਇ ਰਖਾਈਆ। ਗੁਰਮੁਖ ਗੁਰਸਿਖ ਆਪਣੇ ਪ੍ਰੇਮ ਦੇ ਭਾਰ ਨਾਲ ਪ੍ਰਭੂ ਨੂੰ ਦੱਬਣ, ਆਤਮਾ ਸਿੰਘ ਵਰਗੇ ਉਤੇ ਡੇਰਾ ਲਾਈਆ । ਵੇਖੋ ਕਿੱਡੇ ਸੋਹਣੇ ਫਬਣ, ਨਾਲੇ ਰਾਵੀ ਨਾਲੇ ਭਾਵੀ ਨਾਲੇ ਬੇੜੀ ਨਾਲੇ ਬੇੜਾ, ਕੱਟਣਹਾਰਾ ਅਗਲਾ ਪਿਛਲਾ ਗੇੜਾ, ਗੇੜੇ ਵਿਚੋਂ ਪਾਰ ਕਰਾਈਆ।

ਜਿਹੜਾ ਦਸਰਥ ਦੇ ਘਰ ਦਾ ਵਛੇਰਾ, ਉਹ ਵੀ ਨਾਲ ਤਰਾਈਆ। ਜਿਸ ਮੈਂਡਕ ਨੇ ਮੱਛੀ ਰੂਪ ਬਣ ਕੇ ਪਾਇਆ ਫੇਰਾ, ਗੁਰ ਚਰਨ ਮਿਲੀ ਸਰਨਾਈਆ। ਓਸੇ ਦਾ ਨਾਲ ਭਗਤਾਂ ਡੇਰਾ, ਲੇਖਾ ਡਿਉਡਾ ਕਰ ਕੇ ਝੋਲੀ ਪਾਈਆ। ਜਿਹੜੇ ਕਰਦੇ ਆਏ ਮੇਰਾ ਮੇਰਾ, ਉਹਨਾ ਦਾ ਹੋ ਕੇ ਦਏ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਨਾਲ ਕਰੇ ਬਖੇੜਾ, ਗੁਰਮੁਖ ਅਨਗੁਝੇ ਭੇਵ ਖੁਲ੍ਹਾਈਆ। ਬਖੇੜੇ ਵਿਚ ਸ੍ਰਿਸ਼ਟੀ, ਬਿਖੜੇ ਰਾਹ ਲਗਾਈਆ। ਡੂੰਘੀ ਖੁੱਭਣ ਖੁਭ ਗਈ ਚਿਕੜੀ, ਚਿੱਕੜ ਗਾਰਾ ਨਾ ਕੋਇ ਟਪਾਈਆ। ਜਨ ਭਗਤਾਂ ਇਕੋ ਵਾਰ ਦੇ ਕੇ ਨਾ ਫ਼ਿਕਰੀ, ਫ਼ਿਕਰ ਸਾਰੇ ਦਿਤੇ ਹਟਾਈਆ। ਜਿਹੜਾ ਗੋਬਿੰਦ ਬਾਜ ਕੋਲੋਂ ਮਰਵਾਇਆ ਸੀ ਤਿੱਤਰ ਉਸਦੇ ਨਾਲ ਇਕ ਤਿੱਤਰੀ, ਤਿਰੀਆ ਹੋ ਕੇ ਪੀਆ ਦੇ ਵੈਰਾਗ ਵਿਚ ਕੁਰਲਾਈਆ। ਉਸਨੇ ਢੋਲਾ ਗਾਇਆ ਫ਼ਿਕਰੀ, ਸਾਹਿਬ ਤੇਰੀ ਵਡਿਆਈਆ। ਮੈਂ ਉਸ ਦੇ ਨਾਲੋਂ ਵਿਛੜੀ, ਜਿਸ ਦੇ ਨਾਲ ਮੇਰੀ ਜੋੜੀ ਦਿਤੀ ਬਣਾਈਆ। ਗੋਬਿੰਦ ਕਿਹਾ ਯਾਦ ਕਰ ਜਿਸ ਵੇਲੇ ਮੇਰੇ ਗੁਰਸਿਖ ਦੇ ਲੰਗਰ ਵਿਚੋਂ ਸੀ ਖਾਧੀ ਖਿਚੜੀ, ਜੋ ਨੌ ਮੀਲ ਅਨੰਦ ਪੁਰੀ ਤੋਂ ਬਾਹਰ ਬਣਾਈਆ। ਓਸ ਵੇਲੇ ਤੈਨੂੰ ਫੜ ਕੇ ਇਕ ਮਾਰੀ ਸੀ ਨਿੱਕੀ ਜਿਹੀ ਠੀਕਰੀ, ਜੋ ਘੜੇ ਨਾਲੋਂ ਭੰਨਾਈਆ। ਉਹ ਘੜਾ ਜਣਾਵੇ ਆਪਣੀ ਕਹਾਣੀ ਬੀਤੜੀ, ਪਿਛਲਾ ਹਾਲ ਜਣਾਈਆ। ਮੈਂ ਰਵਿਦਾਸ ਦੀ ਨਿਕੀ ਜਿਹੀ ਸੀਧੜੀ, ਜਿਸ ਦਾ ਸਿੱਧਾ ਮੂੰਹ ਸਵਾ ਗਿਠ ਨਜ਼ਰੀ ਆਈਆ। ਉਸਨੂੰ ਇਕ ਦਿਨ ਮੂੰਹ ਲਾ ਗਈ ਸੀ ਗਿਦੜੀ, ਹਲਕੀ ਹੋ ਕੇ ਦੰਦ ਛੁਹਾਈਆ। ਓਸ ਦੀ ਸਵਾਣੀ ਕਿਹਾ ਹੋਈ ਪਲੀਤੜੀ, ਪਰੇ ਭੰਨ ਵਖਾਈਆ। ਓਸ ਦੇ ਵਿਚੋਂ ਰਵਿਦਾਸ ਨੇ ਚੁੱਕ ਕੇ ਇਕ ਠੀਕਰੀ, ਆਪਣੀ ਸਿਲਾ ਉਤੇ ਘਸਾਈਆ। ਓਸ ਨੇ ਕਿਹਾ ਮੈਨੂੰ ਵਡਿਆਈ ਦੇ ਕੋਈ ਤਾਰੀਖਲੀ, ਤਾਰੀਖਾਂ ਨਾਲ ਰਖਾਈਆ। ਰਵਿਦਾਸ ਨੇ ਓਸੇ ਵੇਲੇ ਆਪਣੇ ਕੱਚੇ ਧਾਗੇ ਦੀ ਗੰਢ ਪੀਚਲੀ, ਘੁੱਟ ਕੇ ਲਈ ਬੰਧਾਈਆ। ਨਾਲ ਇਕ ਵਸੀਹਤ ਲਿਖ ਲਈ, ਲੇਖਾ ਲਿਖਿਆ ਬਿਨ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਲਹਿਣਾ ਰਿਹਾ ਮੁਕਾਈਆ। ਗੁਰਮੁਖਾਂ ਲਹਿਣਾ ਵੇਖ ਬੇੜੀ ਰੋਈ ਲਕੜੀ ਕਾਠ, ਨੇਤਰ ਦਏ ਦੁਹਾਈਆ। ਜਿਸ ਵੇਲੇ ਗੋਬਿੰਦ ਸੂਰਾ ਚੜ੍ਹਿਆ ਸੀ ਮੇਰੇ ਉਤੇ ਰਾਠ, ਇੱਕੀਆਂ ਪਾਰ ਲੰਘਾਈਆ। ਮੈਂ ਓਸ ਵੇਲੇ ਕੀਤੀ ਸੀ ਇਕ ਬਾਤ, ਹੌਲੀ ਜਿਹੀ ਸੁਣਾਈਆ। ਮੈਨੂੰ ਦੱਸ ਓਸ ਦੀ ਜ਼ਾਤ, ਜਿਸ ਤੈਨੂੰ ਦਿਤੀ ਵਡਿਆਈਆ। ਗੋਬਿੰਦ ਕਿਹਾ ਸਾਫ਼, ਉਹ ਮੇਰਾ ਧੁਰ ਦਾ ਮਾਹੀਆ। ਜਿਸ ਵੇਲੇ ਆਵੇ ਆਪ, ਆਪਣਾ ਫੇਰਾ ਪਾਈਆ। ਉਹ ਵੇਖੇ ਜਗਤ ਕਿਨਾਰਾ ਘਾਟ, ਪੱਤਣ ਖੋਜੇ ਥਾਉਂ ਥਾਈਂਆ। ਤੇਰੀ ਉਸ ਵੇਲੇ ਪੁੱਛੇ ਵਾਤ, ਮਿਹਰ ਨਜ਼ਰ ਇਕ ਉਠਾਈਆ । ਉਸਦੇ ਨਾਲ ਧੁਰ ਦੇ ਭਗਤ ਦੇਵਣ ਸਾਥ, ਦੂਜਾ ਸੰਗੀ ਨਾ ਕੋਇ ਰਖਾਈਆ। ਜੇ ਇਕ ਦੂਜੇ ਨੂੰ ਤੱਕਣ ਨਾਤਾ ਦਿਸੇ ਓਹ ਪੁੱਤ ਤੇ ਉਹ ਬਾਪ, ਭਗਤ ਭਗਵਾਨ ਇਕੋ ਨਜ਼ਰੀ ਆਈਆ। ਜੇ ਬੋਲਣ ਤੇ ਓਸੇ ਦਾ ਜਾਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਨਾਲ ਭਿੰਨੜੀ ਸੁਹੰਜਣੀ ਹੋਵੇ ਰਾਤ, ਆਪਣੇ ਨੇਤਰ ਨੈਣ ਲਏ ਖੁਲ੍ਹਾਈਆ। ਨਾਲੇ ਯਾਦ ਆ ਜਾਵੇ ਉਹ ਰਾਖ, ਜਿਹੜੀ ਲਾਲੋ ਘਰ ਦਿਤੀ ਵਖਾਈਆ। ਫੇਰ ਅੱਗੋਂ ਬੋਲ ਪਏ ਉਹ ਭਾਤ, ਜਿਹੜੀ ਆਪਣੀ ਹੱਥੀਂ ਦਿਤੀ ਵਰਤਾਈਆ। ਉਧਰੋਂ ਜਮਨਾ ਸੁਰਸਤੀ ਗੰਗਾ ਗੋਦਾਵਰੀ ਰਹੀ ਆਖ, ਉਚੀ ਕੂਕ ਕੂਕ ਜਣਾਈਆ । ਜਿਸ ਵੇਲੇ ਕਸੀਰਾ ਲਿਆ ਸੀ ਪੰਡਤ ਉਹ ਮਹੀਨਾ ਸੀ ਵਿਸਾਖ, ਵਿਸਾਖੀ ਉਤੋਂ ਪੰਜ ਦਿਨ ਬਾਹਰੋਂ ਦਿਤੇ ਗਿਣਾਈਆ। ਹੁਣ ਤੇਰਾ ਖੇਲ ਤਮਾਸ਼,

ਪ੍ਰਭ ਤੇਰੇ ਹੱਥ ਵਡਿਆਈਆ। ਧੰਨ ਵਡਿਆਈ ਜੇ ਸਭ ਦੀ ਪੂਰੀ ਕੀਤੀ ਆਸ, ਆਹਿਸਤਾ ਆਹਿਸਤਾ ਸਾਰੇ ਰਿਹਾ ਮਿਲਾਈਆ। ਅਗੋਂ ਹੱਸ ਕੇ ਕਹਿੰਦੀ ਰਵਿਦਾਸ ਦੀ ਕਲਮ ਦਵਾਤ, ਮੇਰੇ ਬਿਨਾ ਤੇਰੀ ਦੇਵੇ ਨਾ ਕੋਇ ਗਵਾਹੀਆ। ਮੈਨੂੰ ਸਦਾ ਰਖੀਂ ਭਗਤਾਂ ਸਾਥ, ਅਗਲਾ ਸੰਗ ਬਣਾਈਆ । ਇਹ ਚੰਗੀ ਲੱਗੇ ਜਮਾਤ, ਜਿਥੇ ਡਿਗਰੀ ਇਕੋ ਵਾਰ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸੇਵ ਰਿਹਾ ਕਮਾਈਆ।

ਜਨ ਭਗਤ ਓਹਲੇ ਓਹਲੇ ਕਰਨ ਸਲਾਹ, ਹੌਲੀ ਹੌਲੀ ਇਕ ਦੂਜੇ ਨੂੰ ਕੰਨਾਂ ਵਿਚ ਸੁਣਾਈਆ। ਇਹ ਚੰਗਾ ਮਿਲਿਆ ਮਲਾਹ, ਜਿਹੜਾ ਮੱਲੋ ਮੱਲੀ ਪਾਰ ਲੰਘਾਈਆ। ਅੱਗੇ ਵੇਖੇ ਪਿਛੇ ਵੇਖੇ ਸੱਜੇ ਖੱਬੇ ਨਾ ਕਰੇ ਵਸਾਹ, ਵਿਚਕਾਰ ਬੈਠਾ ਬੇਪਰਵਾਹੀਆ। ਜਿਥੇ ਧੰਨੇ ਵਰਗੇ ਜੱਟ ਦਾ ਲਗ ਗਿਆ ਦਾਅ, ਮੋਢਿਆਂ ਉਤੇ ਚੜ੍ਹਕੇ ਆਪਣੀ ਖ਼ੁਸ਼ੀ ਮਨਾਈਆ। ਨਾਲੇ ਪੰਡਤ ਲਿਆ ਨਹਾ, ਜੋੜਾ ਆਪਣੇ ਚਰਨ ਟਿਕਾਈਆ। ਲਾਲੋ ਬਣਾਇਆ ਗਵਾਹ, ਗੁੱਝੀ ਰਮਜ਼ ਰਹੀ ਨਾ ਰਾਈਆ। ਇਹ ਪ੍ਰਭ ਨੂੰ ਪਿਛਲੀ ਅਦਾ, ਅਦਲ ਬਦਲ ਸਦਾ ਰਿਹਾ ਕਰਾਈਆ। ਜਿਸ ਨੇ ਵਹਿਣ ਦਿਤੇ ਵਹਾ, ਉਹ ਪਾਰ ਦਏ ਲੰਘਾ, ਜਨ ਭਗਤਾਂ ਫੜ ਕੇ ਬਾਹਾਂ ਸਚ ਦਵਾਰੇ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਤੁਹਾਡਾ ਕੀ ਕਰਾਂ ਸਵਾਗਤ, ਸਵਾ ਸਵਾ ਪਹਿਰ ਤੁਹਾਡੀ ਸੇਵ ਕਮਾਈਆ। ਮੇਰੇ ਕੋਲ ਇਹੋ ਤੁਹਾਡੀ ਆਓ ਭਗਤ, ਤੁਹਾਡਾ ਦਰਸ਼ਨ ਕਰਕੇ ਖ਼ੁਸ਼ੀ ਮਨਾਈਆ। ਤੁਹਾਡੇ ਪ੍ਰੇਮ ਦੀ ਕਰਕੇ ਅਬਾਦਤ, ਅੱਵਲ ਇਕੋ ਰੰਗ ਰੰਗਾਈਆ। ਮਾਤਲੋਕ ਤੁਸੀਂ ਮੇਰੀ ਕਰੋ ਸਫ਼ਾਰਸ਼, ਸ੍ਰਿਸ਼ਟੀ ਦਿਓ ਜਣਾਈਆ। ਮੈਂ ਤੁਹਾਡਾ ਤੁਹਾਡੇ ਅੰਦਰ ਟਿਕੀ ਅਮਾਨਤ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਦ ਵੇਖੋ ਤੇ ਸਹੀ ਸਲਾਮਤ, ਸਾਹਿਬ ਸੁਲਤਾਨ ਹੋ ਕੇ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਲੇਖੇ ਰਿਹਾ ਚੁਕਾਈਆ। ਲੇਖਾ ਚੁੱਕਦਾ ਵੇਖ ਆਈ ਗੋਬਿੰਦ ਦੀ ਗਵਾਂਢਣ ਕੁਲਾਲਣ, ਜਿਹੜੀ ਪਟਨੇ ਘਰ ਤੋਂ ਪੰਜਵੇਂ ਘਰ ਡੇਰਾ ਲਾਈਆ । ਉਹ ਸ਼ਰਅ ਵਿਚ ਸ਼ੈਤਾਨਣ, ਮੁਸਲਿਮ ਸੁੰਨੀ ਜ਼ਾਤ ਅਖਵਾਈਆ। ਜਾਂ ਵੇਖਿਆ ਉਸਨੂੰ ਨਜ਼ਰੀ ਆਇਆ ਇਕ ਚਾਨਣ, ਚੰਦ ਗੁਜਰੀ ਨੂਰ ਚਮਕਾਈਆ । ਉਹ ਝੱਟ ਬਦਲ ਕੇ ਬਣ ਗਈ ਮਾਲਣ, ਪਿਛੇ ਭੱਜੀ ਵਾਹੋ ਦਾਹੀਆ। ਮੈਂ ਤੋੜਾਂ ਫੁੱਲ ਗੁਲਾਲਨ, ਸੋਹਣਾ ਹਾਰ ਗੁੰਦਾਈਆ। ਮੈਂ ਪਾਵਾਂ ਓਸ ਬਾਲਣ, ਜਿਸਨੂੰ ਬੱਲੇ ਬੱਲੇ ਕਹੇ ਲੋਕਾਈਆ। ਨਾਲੇ ਦਰ ਤੇ ਹੋਵਾਂ ਸਵਾਲਣ, ਅੱਗੇ ਆਪਣੀ ਝੋਲੀ ਡਾਹੀਆ। ਫਿਰ ਉਠ ਕੇ ਆਈ ਭਾਲਣ, ਆਪਣਾ ਪੰਧ ਮੁਕਾਈਆ। ਅੱਗੋਂ ਹੁਕਮ ਦਿਤਾ ਜੋਤ ਅਕਾਲਣ, ਸ਼ਬਦ ਨਾਲ ਸੁਣਾਈਆ। ਜਿਸ ਵੇਲੇ ਅਬਿਨਾਸ਼ੀ ਕਰਤਾ ਲੋਕਮਾਤ ਜਨ ਭਗਤਾਂ ਆਵੇ ਸੰਭਾਲਣ, ਤੇਰਾ ਲਹਿਣਾ ਲੇਖੇ ਦਏ ਚੁਕਾਈਆ। ਮੁਰਦੇ ਆਵੇ ਜਵਾਲਣ, ਜੀਂਵਦਿਆਂ ਗੋਦ ਉਠਾਈਆ। ਸਭ ਦਾ ਬਣੇ ਰਖਵਾਲਣ, ਰੱਖਿਆ ਕਰੇ ਥਾਉਂ ਥਾਈਂਆ। ਆਪਣੀ ਗੋਦ ਆਏ ਸਵਾਲਣ, ਸਿਰ ਆਪਣਾ ਹੱਥ ਟਿਕਾਈਆ। ਤੇਰਾ ਨਾਤਾ ਜੋੜੇ ਵਿਚ ਜਹਾਨਣ, ਬੱਧਕ ਨਾਲ ਵਡਿਆਈਆ। ਬੱਚੀ ਜਾਣ ਕੇ ਕਰੇ ਤੇਰੀ ਪ੍ਰਿਤਪਾਲਣ, ਪਿਤਾ ਹੋ ਕੇ ਤੇਰੀ ਸੇਵ ਕਮਾਈਆ। ਫੇਰ ਤੇਰੀ ਪ੍ਰਭੂ ਕਰੇ ਭਾਲਣ, ਖੋਜਣਹਾਰਾ

ਖੋਜ ਖੁਜਾਈਆ। ਤੂੰ ਬਣ ਕੇ ਫੇਰ ਆਵੀਂ ਮਾਲਣ, ਨਵਾਂ ਰੰਗਾਂ ਦਾ ਫੁੱਲਾਂ ਦਾ ਹਾਰ ਇਕ ਨਾਲ ਇਕ ਲੈਣਾ ਜੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਚੁਕਾਵੇ ਆਣ, ਵਾਲੀ ਦੋ ਜਹਾਨ, ਸਚ ਤਸਵੀਰ ਜਸਬੀਰ ਆਪਣੀ ਦਏ ਵਖਾਈਆ।

ਪੰਦਰਾਂ ਪੋਹ ਖ਼ੁਸ਼ੀਆਂ ਨਾਲ ਆਖਦਾ, ਸਚ ਕਹਾਣੀ ਰਿਹਾ ਦ੍ਰਿੜਾਈਆ। ਮੈਂ ਖੇਲ ਵੇਖਿਆ ਭਗਤ ਭਗਵਾਨ ਵੈਰਾਗ ਦਾ, ਆਪਣਾ ਧਿਆਨ ਲਗਾਈਆ। ਸੰਤ ਸੁਹੇਲਾ ਵੇਖਿਆ ਜਾਗਦਾ, ਜੋ ਬੈਠਾ ਅੱਖ ਖੁਲ੍ਹਾਈਆ। ਪੜਦਾ ਵੇਖਿਆ ਅਗਲੇ ਰਿਵਾਜ ਦਾ, ਰਸਮ ਸਚ ਰਿਹਾ ਕਰਾਈਆ । ਹੁਕਮ ਵੇਖਿਆ ਸਤਿਗੁਰ ਮਹਾਰਾਜ ਦਾ, ਜੋ ਸ਼ਬਦ ਨਾਦ ਵਿਚ ਸੁਣਾਈਆ। ਪਿਆਰ ਵੇਖਿਆ ਗੁਰਮੁਖ ਵਿਸਮਾਦ ਦਾ, ਜੋ ਬਿਸਮਿਲ ਆਪਣਾ ਆਪ ਕਰਾਈਆ। ਸੁਣਿਆ ਸੰਦੇਸ਼ਾ ਧੁਰ ਆਵਾਜ਼ ਦਾ, ਸਚਖੰਡ ਸਾਚੇ ਵੱਜੇ ਵਧਾਈਆ। ਸਿੰਘ ਮਨਜੀਤ ਉਠ ਕੇ ਭਾਖਦਾ, ਆਪਣਾ ਧਿਆਨ ਲਗਾਈਆ। ਵਕਤ ਸੁਹੇਲਾ ਆਇਆ ਪ੍ਰਭ ਸਵਾਂਗੀ ਦੇ ਸਵਾਂਗ ਦਾ, ਅਵੱਲੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਵਰਤਾਈਆ। ਪੰਦਰਾਂ ਪੋਹ ਕਹੇ ਮੈਂ ਦੇਵਾਂ ਸੰਦੇਸ਼ਾ, ਦੋ ਜਹਾਨ ਸੁਣਾਈਆ। ਕਰੇ ਖੇਲ ਨਰ ਨਰੇਸ਼ਾ, ਹਰਿ ਕਰਤਾ ਬੇਪਰਵਾਹੀਆ। ਜਿਸ ਦਾ ਭਗਤਾਂ ਨਾਲ ਲੇਖਾ, ਭਗਵਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਰਿਹਾ ਬੰਧਾਈਆ। ਪੰਦਰਾਂ ਪੋਹ ਕਹੇ ਸੁਣ ਮਨਜੀਤ, ਮਨਸਾ ਪ੍ਰਭ ਦੀ ਦਿਆਂ ਜਣਾਈਆ। ਜੋ ਸਤਿਜੁਗ ਚਲਾਏ ਰੀਤ, ਕਲਜੁਗ ਕੂੜ ਮਿਟਾਈਆ। ਉਹ ਖੇਲੇ ਖੇਲ ਆਪ ਅਨਡੀਠ, ਧੁਰ ਦਾ ਹੁਕਮ ਰਿਹਾ ਜਣਾਈਆ। ਗੁਰਮੁਖ ਸੱਜਣ ਬਣ ਕੇ ਮੀਤ, ਪੜਦਾ ਓਹਲਾ ਰਿਹਾ ਚੁਕਾਈਆ। ਮੈਂ ਇਕ ਅਗੰਮੀ ਸੁਣੀ ਚੀਕ, ਜੋ ਥਲਾਂ ਵਿਚੋਂ ਨਜ਼ਰੀਂ ਆਈਆ। ਓਥੇ ਇਕ ਇਕੱਲਾ ਰਿਹਾ ਉਡੀਕ, ਆਪਣੀ ਅੱਖ ਖੁਲ੍ਹਾਈਆ । ਜਿਸ ਨੇ ਅਰਜਨ ਵਾਲੀ ਲੱਕੜੀ ਲਿਆਂਦੀ ਘਸੀਟ, ਜਿਹੜੀ ਭੱਠੀ ਹੇਠ ਤਪਾਈਆ। ਉਹ ਦੁਹੱਥੜ ਮਾਰ ਕੇ ਰਿਹਾ ਪੀਟ, ਬੌਹੜੀ ਹਾਏ ਹਾਏ ਸੁਣਾਈਆ। ਮੈਂ ਨੀਚਾਂ ਦਾ ਨੀਚ, ਪਾਪੀਆਂ ਵਿਚੋਂ ਪਾਪੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੰਦਰਾਂ ਪੋਹ ਕਹੇ ਕਰ ਧਿਆਨ, ਮਨਜੀਤ ਧਿਆਨ ਜਣਾਈਆ। ਤੀਜੇ ਦਿਨ ਵਾਰੀ ਤੇਰੀ ਆਈ ਵਿਚ ਜਹਾਨ, ਤ੍ਰੈਲੋਕਾਂ ਆਪਣਾ ਪੰਧ ਮੁਕਾਈਆ। ਜਨ ਭਗਤ ਦਵਾਰੇ ਫੜਨਾ ਇਕ ਨਿਸ਼ਾਨ, ਸਤਿ ਸਤਿਵਾਦੀ ਦਏ ਵਖਾਈਆ। ਜਿਸ ਦੀ ਸਭ ਨੇ ਮੰਨਣੀ ਆਨ, ਚਲਣਾ ਹੁਕਮ ਰਜ਼ਾਈਆ। ਜਿਸ ਦਾ ਮਾਲਕ ਇਕ ਭਗਵਾਨ, ਸ਼ਹਿਨਸ਼ਾਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮਨਜੀਤ ਕਹੇ ਮੈਨੂੰ ਹੋਈ ਖ਼ੁਸ਼ੀ, ਆਪਣੀ ਖ਼ੁਸ਼ੀ ਜਣਾਈਆ। ਮੈਂ ਹਰਿ ਸੰਗਤ ਵੇਖਾਂ ਸੁੱਚੀ, ਸੁਘੜ ਸੁਚੱਜੀ ਨਜ਼ਰੀ ਆਈਆ। ਜਿਨ੍ਹਾਂ ਦਾ ਮਾਣ ਤਾਣ ਉਹ ਫਿਰਦੇ ਅੱਡੀ ਉਚੀ, ਪੈਰ ਜ਼ਮੀਨ ਉਤੋਂ ਉਠਾਈਆ। ਉਹਨਾਂ ਦੀ ਓਸ ਨਾਲ ਰੁਚੀ, ਜੋ ਰਚਨਾ ਆਪਣੀ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮਨਜੀਤ ਕਹੇ ਮੈਂ ਨਿਸ਼ਾਨ ਚੁੱਕਾਂ, ਮੋਢੇ ਕੰਧ ਉਠਾਈਆ। ਨੌ ਖੰਡ ਪ੍ਰਿਥਮੀ ਪੁੱਛਾਂ, ਦੀਪਾਂ ਸੱਤਾਂ ਲਵਾਂ ਉਠਾਈਆ। ਤੁਹਾਡਾ ਕਿਹੜੀ ਗੱਲੋਂ

ਪ੍ਰਭ ਨਾਲ ਗ਼ੁੱਸਾ, ਦੀਨ ਦਿਆਲ ਗਏ ਭੁਲਾਈਆ। ਵੇਖੋ ਕਲਜੁਗ ਪੈਂਡਾ ਮੁੱਕਾ, ਲੋਕਮਾਤ ਨਜ਼ਰ ਨਾ ਪਾਈਆ। ਓਸਦਾ ਸੜਨ ਵਾਲਾ ਵਿਚੋਂ ਜੁੱਸਾ, ਜਿਸਮ ਆਪਣਾ ਰਿਹਾ ਗਵਾਈਆ। ਪੀਰਾਂ ਕੋਲੋਂ ਛੁਟਣ ਵਾਲਾ ਮੋੜ੍ਹੇ ਵਰਗਾ ਹੁੱਕਾ, ਹਕੂਮਤ ਸਭ ਦੀ ਰਿਹਾ ਬਦਲਾਈਆ। ਆਪਣੀ ਧਾਰ ਵਿਚੋਂ ਲੰਘਾ ਕੇ ਜਿਉਂ ਮਿਸਲ ਮਸ਼ਹੂਰ ਸੂਈ ਨੱਕਾ, ਨਿਕਿਉਂ ਵੱਡੇ ਬਣਾਈਆ। ਸ਼ਬਦੀ ਖੰਡਾ ਨੇਜ਼ਾ ਫੜ ਕੇ ਤਿੱਖਾ, ਦੋ ਜਹਾਨਾਂ ਰਿਹਾ ਜਣਾਈਆ। ਮੈਂ ਵੇਖਾਂ ਜਿਸ ਵੇਲੇ ਗੋਬਿੰਦ ਚਾਲੀਆਂ ਵਿਚੋਂ ਮਹਾਂ ਸਿੰਘ ਨੂੰ ਕਿਹਾ ਉਠ ਸਿੱਖਾ, ਸਾਚੀ ਸਿਖਿਆ ਦਿਆਂ ਸਮਝਾਈਆ। ਓਸ ਕਿਹਾ ਵਾਹ ਮੇਰਿਆ ਪਿਤਾ, ਤੁਧ ਬਿਨ ਦੂਜੀ ਓਟ ਨਾ ਕੋਇ ਰਖਾਈਆ। ਗੋਬਿੰਦ ਫੜ ਕੇ ਕਿਹਾ ਕੋਲੋਂ ਗਿੱਟਾ, ਚਿੱਟਾ ਰੁਮਾਲ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮਨਜੀਤ ਕਹੇ ਮੈਂ ਫੜ ਕੇ ਨਿਸ਼ਾਨਾ, ਨਿਸ਼ਾ ਸਭ ਦੀ ਦਿਆਂ ਕਰਾਈਆ। ਭੁੱਲਾ ਰਹੇ ਨਾ ਜੀਵ ਜਹਾਨਾ, ਭੁਲੇਖਾ ਭਰਮ ਦਿਆਂ ਕਢਾਈਆ। ਸਾਚਾ ਦੇਵਾਂ ਇਕ ਫ਼ਰਮਾਨਾ, ਧੁਰ ਸੰਦੇਸ ਸੁਣਾਈਆ। ਉਠੋ ਵੇਖੋ ਭੂਪਤ ਭੂਪ ਸੁਲਤਾਨਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਹੁਕਮ ਇਕ ਮਹਾਨਾ, ਧੁਰ ਸੰਦੇਸਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਧੁਰ ਦੀ ਕਰਨੀ ਕਰਦਾ ਤੱਕਿਆ, ਤਕਦੀਰ ਤਦਬੀਰ ਨਾਲ ਬਦਲਾਈਆ। ਭਗਤਾਂ ਅੰਦਰ ਵੇਖਿਆ ਵਸਿਆ, ਨਿਰਗੁਣ ਹੋ ਕੇ ਡੇਰਾ ਲਾਈਆ। ਪਾਂਧੀ ਹੋ ਕੇ ਫਿਰੇ ਨੱਠਿਆ, ਭੱਜੇ ਵਾਹੋ ਦਾਹੀਆ। ਸੇਵਾ ਕਰਨ ਤੋਂ ਕਦੇ ਨਾ ਹਟਿਆ, ਨਾ ਕੋਈ ਰੋਕੇ ਰੋਕ ਰੁਕਾਈਆ। ਜਲ ਪਾਨਨ ਸਾਰੇ ਕਰਕੇ ਕੱਠਿਆ, ਪੂਰਬ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਿਸ਼ਾਨਾ ਕਹੇ ਮੈਨੂੰ ਜਨ ਭਗਤ ਫੜਿਆ, ਵੇਲਾ ਵਕਤ ਸੁਹਾਈਆ। ਮੈਂ ਇਕੋ ਸੋਹੰ ਢੋਲਾ ਪੜ੍ਹਿਆ, ਪ੍ਰਭੂ ਤੇਰੇ ਨਾਲ ਵੱਜੇ ਵਧਾਈਆ। ਜਿਸ ਮੰਜ਼ਲ ਤੂੰ ਆਪ ਚੜ੍ਹਿਆ, ਉਸ ਦਵਾਰੇ ਗੁਰਮੁਖ ਦੇਣੇ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਨਿਸ਼ਾਨਾ ਕਹੇ ਮੈਂ ਸਚ ਸੁਣਾਇਆ, ਜੋ ਹਰਿ ਹਰਿ ਦਿਤਾ ਸਮਝਾਈਆ। ਵੇਖੋ ਕਲਜੁਗ ਅੰਤਮ ਵੇਲਾ ਆਇਆ, ਚਾਰ ਕੁੰਟ ਅੰਧੇਰਾ ਛਾਈਆ। ਸਾਚਾ ਰੰਗ ਨਾ ਕੋਇ ਰੰਗਾਇਆ, ਕਸੁੰਭੇ ਰੰਗ ਰੰਗੀ ਲੋਕਾਈਆ। ਨਾਮ ਮਰਦੰਗ ਨਾ ਕੋਇ ਸੁਣਾਇਆ, ਧੁਰ ਦਾ ਨਾਦ ਨਾ ਕੋਇ ਜਣਾਈਆ। ਪਾਰ ਕਿਨਾਰਾ ਲੰਘ ਕਿਸੇ ਨਾ ਡੇਰਾ ਲਾਇਆ, ਪਤਣ ਮੇਲ ਨਾ ਸਾਚੇ ਮਾਹੀਆ । ਆਤਮ ਅਨੰਦ ਕਿਸੇ ਹੱਥ ਨਾ ਆਇਆ, ਪਾਂਧੀਆਂ ਪੰਧ ਨਾ ਕੋਇ ਮੁਕਾਈਆ। ਦੀਨਾਂ ਨਾਥ ਬਖ਼ਸ਼ੰਦ ਜਨ ਭਗਤਾਂ ਵੇਖਿਆ ਦਇਆ ਕਮਾਇਆ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਵਡਿਆਈਆ। ਸੱਤ ਨਿਸ਼ਾਨਾ ਕਹੇ ਮੈਂ ਓਸ ਘਰ ਚੜ੍ਹਦਾ, ਜਿਸ ਘਰ ਇਕੋ ਠਾਕਰ ਨਜ਼ਰੀ ਆਈਆ। ਜਿਨ੍ਹਾਂ ਦੇ ਹਰਿ ਜੂ ਪੱਲੂ ਫੜਦਾ, ਉਹਨਾਂ ਨਾਲ ਮੇਰੀ ਵਡਿਆਈਆ। ਮੈਂ ਸੇਵਕ ਓਸ ਦਰ ਦਾ, ਜੋ ਮੇਰਾ ਪੁਰਖ ਅਕਾਲ ਮਨਾਈਆ। ਮੈਂ ਓਸ ਦੇ ਸਾਮ੍ਹਣੇ ਖੜਦਾ, ਜੋ ਕੰਢੀਆਂ ਵਾਲੇ ਰਿਹਾ ਪਰਗਟਾਈਆ। ਮੈਂ ਮੇਲਾ ਕਰਾਵਾਂ ਸਾਚੇ ਯਾਰ ਦਾ, ਜੋ ਸਭ ਦਾ ਮਾਲਕ ਬੇਪਰਵਾਹੀਆ। ਆਪਣਾ ਹੁਕਮ ਜਣਾਵਾਂ ਸੱਚਾ ਗੁਫ਼ਤਾਰ ਦਾ, ਜੋ ਗੁਫ਼ਤ ਸ਼ਨੀਦ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲੇਖੇ ਰਿਹਾ ਮੁਕਾਈਆ। ਸਚ

ਨਿਸ਼ਾਨਾ ਕਹੇ ਮੇਰੀ ਆਈ ਵਾਰੀ, ਵਰਿਆਮ ਹੋ ਕੇ ਸੇਵ ਕਮਾਈਆ। ਸਚ ਦਵਾਰੇ ਬਣ ਕੇ ਸੱਚਾ ਦਰਬਾਰੀ, ਧੁਰ ਦਾ ਹੁਕਮ ਇਕ ਮਨਾਈਆ। ਨਾਲ ਮਿਲਾ ਕੇ ਏਕਾ ਏਕੰਕਾਰੀ, ਅਕਲ ਕਲ ਦਿਆਂ ਵਖਾਈਆ। ਜਿਹੜਾ ਖੇਲ ਵੇਖਿਆ ਸਰਬ ਦਿਹਾੜੀ, ਘੜੀ ਪਲ ਦਏ ਗਵਾਹੀਆ। ਭਗਤਾਂ ਨਾਲ ਸੁਹੰਦੀ ਵੇਖੀ ਯਾਰੀ, ਸਾਹਿਬ ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਰਨਾਈ ਕਹੇ ਮੈਂ ਦੇਵਾਂ ਉਹਨੂੰ ਸਰਨ, ਆਸਰਾ ਇਕ ਰਖਾਈਆ। ਜੋ ਪੁਰਖ ਅਕਾਲ ਨੂੰ ਯਾਦ ਕਰਨ, ਦਿਵਸ ਰੈਣ ਵਿਸਰ ਕਦੇ ਨਾ ਜਾਈਆ। ਓਸੇ ਦਾ ਜੀਵਨ ਓਸੇ ਦਾ ਮਰਨ, ਜੋ ਮਰਿਆਂ ਜੀਵਤ ਰੂਪ ਦਏ ਬਣਾਈਆ। ਓਸੇ ਦਾ ਢੋਲਾ ਓਸੇ ਦੇ ਪੜ੍ਹਨ, ਓਸੇ ਦਾ ਰਾਗ ਨਾਦ ਹੋ ਆਪ ਅਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਖਾਈਆ। ਸੱਤ ਨਿਸ਼ਾਨਾ ਕਹੇ ਮੈਂ ਚੜ੍ਹਦਾ ਰਾਤੀਂ, ਦਿਨੇ ਆਪਣਾ ਆਪ ਛੁਪਾਈਆ। ਇਹ ਮੇਰੀ ਅਗਲੀ ਰਿਵਾਜੀ, ਜਿਸ ਦਾ ਰਵਾਦਾਰ ਨਾ ਕੋਇ ਅਖਵਾਈਆ। ਰਮਜ਼ ਸਮਝੇ ਨਾ ਕੋਇ ਸਮਾਜੀ, ਸਮਾਜਾਂ ਵਿਚ ਨਾ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਇਕ ਸੁਣਾਈਆ। ਸਚ ਨਿਸ਼ਾਨਾ ਕਹੇ ਮੈਂ ਸਦਾ ਝੁਲਦਾ, ਆਪਣਾ ਆਪ ਹਿਲਾਈਆ। ਮੈਂ ਲਹਿਣਾ ਦੇਣਾ ਚੁਕਾਵਾਂ ਭਗਤਾਂ ਦੀ ਕੁੱਲ ਦਾ, ਕੁੱਲ ਮਾਲਕ ਹੋ ਕੇ ਵਸਤ ਅਮੋਲਕ ਇਕ ਵਰਤਾਈਆ । ਉਹਨਾਂ ਦਾ ਅੰਮ੍ਰਿਤ ਕਦੇ ਨਾ ਡੁਲ੍ਹਦਾ, ਜਿਹੜੇ ਅੰਤਰ ਮੇਲਾ ਗਏ ਮਿਲਾਈਆ। ਉਹਨਾਂ ਰਸ ਭੁੱਲ ਗਿਆ ਹੋਂਠ ਬੁੱਲ ਦਾ, ਆਤਮ ਰਸ ਵਿਚ ਸਮਾਈਆ । ਉਹ ਸੰਤ ਸੁਹੇਲਾ ਫਲਦਾ ਫੁਲਦਾ, ਪੱਤ ਟਹਿਣੀ ਨਾਲ ਮਹਿਕਾਈਆ। ਕਲਜੁਗ ਕੂੜਾ ਅੰਧੇਰਾ ਮੇਟੇ ਝੁਲਦਾ, ਮਾਇਆ ਮਮਤਾ ਪਰੇ ਕਰਾਈਆ । ਹੁਣ ਜਨ ਭਗਤਾਂ ਵੇਲਾ ਲਹਿਣਾ ਵਸੂਲਣ ਦਾ, ਵਸੂਲੀ ਭਗਤਾਂ ਹੱਥ ਫੜਾਈਆ। ਪ੍ਰਭ ਦਾ ਵੇਲਾ ਗ਼ਰੀਬ ਨਿਮਾਣਿਆਂ ਕਬੂਲਣ ਦਾ, ਕੋਝਿਆਂ ਕਮਲਿਆਂ ਗਲੇ ਲਗਾਈਆ। ਜਨ ਭਗਤਾਂ ਵੇਲਾ ਨਹੀਂ ਭੂਲਣ ਦਾ, ਭੁੱਲਿਆਂ ਰਿਹਾ ਸਮਝਾਈਆ। ਪ੍ਰਭ ਦਾ ਵੇਲਾ ਜਨ ਭਗਤਾਂ ਪੰਘੂੜਾ ਝੂਲਣ ਦਾ, ਅੰਦਰ ਵੜ ਕੇ ਡੇਰਾ ਲਾਈਆ। ਗੁਰਮੁਖਾਂ ਵੇਲਾ ਨਹੀਂ ਕੁਛ ਸੋਚਣ ਦਾ, ਸੋਚ ਸਮਝ ਨਾ ਕੋਇ ਚਤੁਰਾਈਆ। ਪ੍ਰਭ ਦਾ ਵੇਲਾ ਮੇਲ ਕਰੌਣਾ ਆਪਣੇ ਲੋਚਣ ਦਾ, ਜੋ ਲੋਚਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ । ਸੱਤ ਰੰਗ ਕਹੇ ਮੈਂ ਵੇਖਿਆ ਲੇਖਾ ਲਿਖਦਾ, ਲਿਖਾਰੀ ਆਪਣਾ ਨਾਲ ਮਿਲਾਈਆ। ਬਾਹਰੋਂ ਭੇਖ ਕਰੇ ਸਿਖ ਦਾ, ਇਨਸਾਨਾਂ ਵਰਗਾ ਇਨਸਾਨ ਬੰਦਿਆਂ ਵਰਗਾ ਬੰਦਾ ਨਜ਼ਰੀ ਆਈਆ। ਅੰਤਰ ਨੂਰ ਪਰਕਾਸ਼ ਸਾਚੀ ਜੋਤ ਦਾ, ਸਤਿ ਸਤਿ ਰੂਪ ਪਰਗਟਾਈਆ। ਹੁਣ ਵੇਲਾ ਭਗਤਾਂ ਦੀ ਮੌਜ ਦਾ, ਮੌਜੂਦਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲਏ ਮਿਲਾਈਆ। ਸਤਿ ਨਿਸ਼ਾਨਾ ਕਹੇ ਪੰਦਰ੍ਹਵਾਂ ਦਿਨ ਰਿਹਾ ਬੀਤ, ਰੈਣ ਘੜੀਆਂ ਪਲਾਂ ਉਤੇ ਆਈਆ। ਸੋਲਾਂ ਪੋਹ ਰਿਹਾ ਉਡੀਕ, ਆਪਣੀ ਅੱਖ ਖੁਲ੍ਹਾਈਆ। ਜਿਸ ਵੇਲੇ ਗ੍ਰਹਿ ਔਣਾ ਸਿੰਘ ਦਲੀਪ, ਦੀਪਕ ਘਰ ਘਰ ਹੋਏ ਰੁਸ਼ਨਾਈਆ। ਹਰਿ ਸੰਗਤ ਸੋਹਣੀ ਦਿਸੇ ਪ੍ਰੀਤ, ਪ੍ਰੀਤਮ ਮੇਲ ਮਿਲਾਈਆ। ਏਕਾ ਵਸਤ ਨਾਲ ਲੈ ਕੇ ਜਾਏ ਅਗੰਮੀ ਚੀਜ਼, ਨੇਤਰ ਅੱਖ ਨਜ਼ਰ ਕਿਸੇ ਨਾ ਆਈਆ। ਛੁਪਾ ਕੇ ਰੱਖੇ ਵਿਚ ਕਮੀਜ਼, ਪੜਦਾ ਇਕ ਰਖਾਈਆ। ਜਿਸ ਵੇਲੇ ਚਰਨ ਦਵਾਰੇ ਧਰੇ ਆਪ ਦਹਿਲੀਜ਼, ਦਹਿ ਦਿਸ਼ਾ ਦੇਣ ਗਵਾਹੀਆ। ਓਸ ਵੇਲੇ ਕਰੇ

ਬਖ਼ਸ਼ੀਸ਼, ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਪੰਦਰਾਂ ਪੋਹ ਕਹੇ ਮੈਂ ਵੇਖਿਆ ਦਿਵਸ ਵਿਹਾਰਾ, ਵਿਵਹਾਰੀ ਆਪ ਕਰਾਈਆ । ਨਾਲੇ ਮਿਤਰ ਨਾਲੇ ਯਾਰਾ, ਦੋਸਤਾਂ ਵਰਗਾ ਦੋਸਤ ਸਤਿਗੁਰ ਵਰਗਾ ਸਤਿਗੁਰ ਨਜ਼ਰੀ ਆਈਆ। ਮੈਦਾਨਾਂ ਵਿਚ ਅਖਾੜਾ, ਰਸਤਿਆਂ ਵਿਚ ਸੁਣੇ ਰਾਹੀਆਂ ਹਾੜਾ, ਜੋ ਬੈਠੇ ਧਿਆਨ ਲਗਾਈਆ। ਨਾਲ ਸੁਆਨ ਦਾ ਲੱਥਾ ਉਧਾਰਾ, ਰਵਿਦਾਸ ਦੀ ਪਾਨਹੀ ਲੇਖਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਸਾਚੀ ਰਿਹਾ ਕਰਾਈਆ। ਪੰਦਰਾਂ ਪੋਹ ਕਹੇ ਔਂਦਾ ਜਾਂਦਾ ਸੋਲਾਂ ਦਿਨ, ਆਪਣਾ ਰੂਪ ਵਟਾਈਆ। ਸੋਹਣੇ ਲਗਦੇ ਉਹਦੇ ਚਿੰਨ੍ਹ, ਜੋ ਚਿੰਤਾ ਰਿਹਾ ਗਵਾਈਆ। ਕਰੇ ਖੇਲ ਭਿੰਨ ਭਿੰਨ, ਭਿੰਨੜੀ ਰੈਣ ਨਾਲ ਮਿਲਾਈਆ। ਜਿਸ ਦਾ ਲੇਖਾ ਲਿਖਿਆ ਗਿਣ ਗਿਣ, ਜੁਗ ਚੌਕੜੀ ਬੈਠੇ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਨਾਲ ਮਿਲਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਨੂੰ ਆਇਆ ਖ਼ਿਆਲ, ਪਿਛਲਾ ਹਿਸਾਬ ਜਣਾਈਆ। ਹਮੇਸ਼ਾ ਇਹ ਗੋਬਿੰਦ ਸੱਤਾਂ ਰੰਗਾਂ ਦੇ ਰੱਖਦਾ ਸੀ ਰੁਮਾਲ, ਅਪਣੀਆਂ ਜੇਬਾਂ ਵਿਚ ਟਿਕਾਈਆ। ਇਕ ਨਾਲੋਂ ਦੂਜੇ ਦੀ ਚੰਗੀ ਕਰਦਾ ਸੰਭਾਲ, ਦੂਜੇ ਨਾਲੋਂ ਤੀਜਾ ਤੀਜੇ ਨਾਲੋਂ ਚੌਥਾ ਚੰਗਾ ਬਣਾਈਆ। ਪੰਜਵੇਂ ਦਾ ਪੁਛ ਕੇ ਆਪੇ ਹਾਲ, ਛੇਵੇਂ ਦਾ ਲਹਿਣਾ ਮੂਲ ਚੁਕਾਈਆ। ਸੱਤਵੇਂ ਨੂੰ ਸਮਝਾ ਕੇ ਆਪਣਾ ਇਕ ਸਵਾਲ, ਧੁਰ ਦਾ ਹੁਕਮ ਸੁਣਾਈਆ। ਤੁਹਾਡੀ ਸੇਵਾ ਕਰਨ ਗੋਬਿੰਦ ਬਾਲ, ਪਹਿਲੋਂ ਆਪਣਾ ਆਪ ਭੇਟ ਚੜ੍ਹਾਈਆ। ਜਿਨ੍ਹਾਂ ਨੂੰ ਨੀਹਾਂ ਹੇਠਾਂ ਦੇਣਾ ਸਵਾਲ, ਫੇਰ ਮਾਣ ਤਾਣ ਵਡਿਆਈਆ। ਮੇਲ ਮਿਲਾ ਕੇ ਨਾਲ ਪੁਰਖ ਅਕਾਲ, ਸਚਖੰਡ ਦਵਾਰੇ ਦੇਵਾਂ ਵਡਿਆਈਆ। ਉਹ ਕਲਜੁਗ ਅੰਤਮ ਸੇਵਾ ਕਰਨ ਵਿਚ ਜਹਾਨ, ਲੋਕਮਾਤ ਫੇਰਾ ਪਾਈਆ। ਸਚ ਨਿਸ਼ਾਨ ਬਣਾ ਕੇ ਵਿਧਾਨ, ਧਰਮ ਧਾਰਾ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਉਠਾਈਆ। ਸੱਤ ਰੰਗ ਨਿਸ਼ਾਨਾ ਕਹੇ ਭੀਲਣੀ ਦੇ ਏਨ੍ਹਾਂ ਵਿਚੋਂ ਪੰਜ ਰੰਗ, ਜਿਸ ਦੀ ਅੰਗੀ ਲਈ ਬਣਾਈਆ। ਓਨ੍ਹਾਂ ਵਿਚੋਂ ਦੋ ਰਾਮ ਦੀ ਆਏ ਵੰਡ, ਜੋ ਆਪਣੇ ਹੱਥ ਰਖਾਈਆ। ਲਾਲ ਧਨੁਸ਼ ਨਾਲ ਰੱਖਿਆ ਸੀ ਬੰਨ੍ਹ, ਚਿੱਟਾ ਆਪਣੇ ਸੱਜੇ ਗੁਟ ਨਾਲ ਰਖਾਈਆ। ਓਸ ਵੇਲੇ ਔਂਦਾ ਇਕ ਅਨੰਦ, ਜਿਸ ਵੇਲੇ ਭਗਤ ਭਗਵਾਨ ਦੋਵੇਂ ਮਿਲ ਕੇ ਆਪਣੇ ਨਾਲ ਛੁਹਾਈਆ। ਇਕ ਦਿਨ ਅਸਾਂ ਸੱਤਾਂ ਮੰਗ ਲਈ ਮੰਗ, ਝੋਲੀ ਅੱਗੇ ਢਾਹੀਆ। ਸਾਡੀ ਕੱਠੀ ਕਰ ਦਿਓ ਗੰਢ, ਕੁਤਰਾਂ ਦੀ ਰਹੇ ਨਾ ਕੋਇ ਜੁਦਾਈਆ। ਰਾਮ ਨੇ ਕਿਹਾ ਤੁਹਾਡੀ ਆਸਾ ਪੂਰੀ ਹੋਵੇ ਨਿਸ਼ੰਗ, ਨਿਸਚੇ ਨਾਲ ਲੈਣਾ ਧਿਆਨ ਲਗਾਈਆ। ਜਿਸ ਵੇਲੇ ਆਵੇ ਸੂਰਾ ਸਰਬੰਗ, ਲੋਕਮਾਤ ਵੇਸ ਵਟਾਈਆ। ਉਸ ਦੇ ਕੋਲ ਤੁਹਾਡੇ ਕੱਠਿਆਂ ਕਰਨ ਦਾ ਹੋਵੇ ਢੰਗ, ਸਾਢੇ ਤਿੰਨ ਹੱਥ ਤੁਹਾਡਾ ਰੂਪ ਲਏ ਬਣਾਈਆ। ਜਿਹੜਾ ਗਿਆ ਛੱਡ ਪੁਰੀ ਅਨੰਦ, ਓਸੇ ਚੰਦ ਲਏ ਚਮਕਾਈਆ। ਤੁਹਾਨੂੰ ਆਪਣੇ ਹੱਥਾਂ ਨਾਲ ਲਏ ਟੰਗ, ਚਵੀ ਹੱਥ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸੱਤਾਂ ਵਿਚੋਂ ਇਕ ਰੁਮਾਲ, ਜੋ ਗੋਬਿੰਦ ਹੱਥ ਉਠਾਈਆ। ਜਿਸ ਨਾਲ ਮੁਖ ਪੂੰਝਿਆ ਸੀ ਮਹਾਂ ਸਿੰਘ ਲਾਲ, ਪ੍ਰੇਮ ਪ੍ਰੀਤ ਜਣਾਈਆ। ਓਸ ਕੀਤਾ ਅੱਗੋਂ ਇਕ ਸਵਾਲ, ਗੋਬਿੰਦ ਸੀਸ ਨਿਵਾਈਆ। ਅਸੀਂ ਤੇਰੇ ਤਨ ਨਾਲ ਛੋਹਣ ਵਾਲੇ ਵਿਚ ਜਹਾਨ, ਲੋਕਮਾਤ ਕੀ ਸਾਨੂੰ ਮਿਲੇ ਵਡਿਆਈਆ। ਸਾਡੀ ਫੇਰ ਕਿਸ ਤਰਾ ਹੋਵੇ

ਪਛਾਣ, ਜਿਨ੍ਹਾਂ ਨੂੰ ਗੋਬਿੰਦ ਆਪਣੇ ਕੋਲ ਰਖਾਈਆ। ਗੋਬਿੰਦ ਕਿਹਾ ਮੇਰਾ ਸ੍ਰੀ ਭਗਵਾਨ, ਤੁਹਾਡਾ ਲੇਖਾ ਲੇਖੇ ਲਏ ਲਗਾਈਆ। ਜਿਸ ਵੇਲੇ ਕਲ ਕਲਕੀ ਆਏ ਨੌਜਵਾਨ, ਨਿਰਗੁਣ ਆਪਣਾ ਵੇਸ ਵਟਾਈਆ। ਤੁਹਾਨੂੰ ਸਭ ਨੂੰ ਕੱਠਾ ਕਰੇ ਆਣ, ਧੁਰ ਦਾ ਜੋੜ ਜੁੜਾਈਆ। ਫਿਰ ਗੋਬਿੰਦ ਦੇ ਸਿਰ ਤੇ ਤਾਜ ਤੁਸਾਂ ਝੁਲਣਾ ਨਾਲ ਜਹਾਨ, ਦੋਹਾਂ ਦਾ ਨਿਸ਼ਾਨ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ । ਸੱਤ ਰੰਗ ਕਹਿਣ ਜਿਸ ਵੇਲੇ ਬਲ ਕੀਤਾ ਸੀ ਜੱਗ, ਅਸਮੇਧ ਮਾਤ ਰਚਾਈਆ। ਓਸ ਵਿਚ ਸਾਡੇ ਸਮਗਰੀ ਬੱਧੀ ਸੀ ਅੱਡ ਅੱਡ, ਵੰਡਾਂ ਸੱਤ ਸੱਤ ਕਰਾਈਆ। ਜਿਸ ਵੇਲੇ ਬ੍ਰਹਿਮਣ ਬਾਵਨ ਹੋ ਕੇ ਬੈਠਾ ਆਪਣਾ ਨਿਸ਼ਾਨਾ ਗੱਡ, ਦਰ ਦਵਾਰਿਉਂ ਬਾਹਰ ਡੇਰਾ ਲਾਈਆ। ਓਸ ਨੇ ਮੰਗੀ ਇਕ ਮੰਗ, ਧਰਤ ਢਾਈ ਕਰਮ ਮਿਣਾਈਆ। ਬਲ ਨੇ ਉਸ ਵੇਲੇ ਸਭ ਕੁਛ ਦਿਤਾ ਛੱਡ, ਸਾਡੀ ਵਸਤ ਵਿਚੋਂ ਕਿਸੇ ਨਾ ਭੇਟ ਚੜ੍ਹਾਈਆ। ਅਸਾਂ ਸਭ ਨੂੰ ਮਿਲ ਕੇ ਦਿਤਾ ਆਖ, ਇਕ ਆਵਾਜ਼ ਲਗਾਈਆ। ਸਾਡਾ ਕੀਹਦੇ ਨਾਲ ਸਾਥ, ਸਚ ਦਿਓ ਸਮਝਾਈਆ। ਓਸ ਨੇ ਕਿਹਾ ਤੁਹਾਡਾ ਮਾਲਕ ਪੁਰਖ ਸਮਰਾਥ, ਜੋ ਕਲਜੁਗ ਅੰਤਮ ਫੇਰਾ ਪਾਈਆ। ਉਹ ਤੁਹਾਡਾ ਪੜਦਾ ਲਵੇ ਢਾਕ, ਸਿਰ ਆਪਣਾ ਹੱਥ ਰਖਾਈਆ। ਇਕ ਦੂਜੇ ਨਾਲ ਜੋੜ ਕੇ ਤੁਹਾਡਾ ਨਾਤ, ਕੱਠਿਆਂ ਦਏ ਕਰਾਈਆ। ਫੇਰ ਵਖਾਵੇ ਭਗਤਾਂ ਇਕ ਜਮਾਤ, ਜੋ ਇਕੋ ਨਾਮ ਧਿਆਈਆ। ਫਿਰ ਨਜ਼ਰੀ ਆਏ ਸਾਖਿਆਤ, ਜੋਤੀ ਜਾਤਾ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡਾ ਲੇਖਾ ਦਏ ਚੁਕਾਈਆ। ਸੱਤ ਰੰਗ ਕਹਿਣ ਸਾਨੂੰ ਪਹਿਲੋਂ ਰੰਗਿਆ ਆਦਿ ਸ਼ਕਤ, ਆਪਣੀ ਸੇਵਾ ਲਾਈਆ। ਸਾਡੇ ਵਿਚ ਪਾ ਕੇ ਆਪਣੀ ਬਰਕਤ, ਦਿਤੀ ਮਾਣ ਵਡਿਆਈਆ । ਫੇਰ ਅਸੀਂ ਕਰ ਕੇ ਆਪਣੀ ਹਰਕਤ, ਹੌਲੀ ਹੌਲੀ ਭੱਜੇ ਵਾਹੋ ਦਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦੇ ਰਹੇ ਕਸਰਤ, ਬਲਧਾਰੀ ਹੋ ਕੇ ਆਪਣਾ ਨਾਉਂ ਪਰਗਟਾਈਆ। ਲੋਕਮਾਤ ਕਰਦੇ ਰਹੇ ਐਸ਼ੋ ਇਸ਼ਰਤ, ਅਯਾਸ਼ਗਾਹ ਵਿਚ ਸਮਾਈਆ। ਜਿਸ ਦੀ ਕਰਨੀ ਓਸੇ ਤੋਂ ਗਏ ਬਿਛਰਤ, ਆਪਣਾ ਆਪ ਭੁਲਾਈਆ। ਜਿਸ ਵੇਲੇ ਰਾਮ ਬੇਟਾ ਦਸਰਥ, ਜਨਕ ਸਪੁੱਤਰੀ ਗਿਆ ਪਰਨਾਈਆ। ਓਸ ਵੇਲੇ ਸਾਨੂੰ ਆਈ ਇਕ ਹਸਰਤ, ਆਪਣਾ ਖ਼ਿਆਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੱਤ ਰੰਗ ਕਹਿਣ ਸਾਨੂੰ ਜਨਕ ਸਪੁੱਤਰੀ ਬੱਧਾ ਨਾਲ ਧਨੁਸ਼, ਅੱਡੋ ਅੱਡ ਦਿਤਾ ਰੰਗਾਈਆ। ਲਾਗੇ ਰੱਖ ਕੇ ਛੋਟਾ ਜਿਹਾ ਸੰਖ, ਆਪਣੀ ਖੇਲ ਵਖਾਈਆ । ਜਿਸ ਵੇਲੇ ਰਾਮ ਨੂੰ ਆਈ ਅਣਖ, ਉਠਿਆ ਬਲ ਪਰਗਟਾਈਆ। ਹੌਲੀ ਜਿਹੀ ਲਾਈ ਤਨਕ, ਅਸੀਂ ਸੁੱਤੇ ਹਿੱਲੇ ਵਾਹੋ ਦਾਹੀਆ। ਓਸ ਦੀ ਅੱਖ ਦਾ ਨਿਸ਼ਾਨਾ ਸਾਡੇ ਉਤੇ ਪਿਆ ਇਕ ਪਲਕ, ਜੋ ਮਿਹਰ ਨਜ਼ਰ ਤਕਾਈਆ। ਅਸਾਂ ਹੋ ਕੇ ਕਿਹਾ ਤਲਖ਼, ਕਿਉਂ ਸਾਨੂੰ ਦਿਤੀ ਜੁਦਾਈਆ । ਓਸ ਤੱਕ ਕੇ ਕਿਹਾ ਉਤੇ ਫ਼ਲਕ, ਇਸ਼ਾਰੇ ਨਾਲ ਸਮਝਾਈਆ। ਜਿਸ ਵੇਲੇ ਮੇਰਾ ਕੁਲ ਮਾਲਕ ਆਇਆ ਖ਼ਲਕ, ਹਰਿ ਖ਼ਾਲਕ ਵੇਸ ਵਟਾਈਆ । ਓਸ ਦੀ ਨੂਰੀ ਰੂਪ ਵਾਲੀ ਆ ਜਾਏ ਡਲਕ, ਜੋਤੀ ਜਾਤਾ ਇਕ ਅਖਵਾਈਆ। ਤੁਹਾਨੂੰ ਕੱਠਿਆਂ ਨੂੰ ਕੱਠਾ ਕਰ ਕੇ ਆਪ ਬਣੇ ਬੰਧਪ, ਸੱਜਣ ਇਕ ਅਖਵਾਈਆ। ਨਾਲ ਮਿਲਾ ਕੇ ਆਪਣੀ ਸੰਗਤ, ਹਰਿ ਸੰਗੀ ਦਏ ਜਣਾਈਆ। ਦੇ ਕੇ ਮਾਣ ਵਿਚ ਜੇਰਜ ਅੰਡਜ, ਉਤਭੁਜ ਸੇਤਜ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਰੰਗ ਦੇਵੇ

ਮਾਣ ਵਡਿਆਈਆ। ਸੱਤ ਰੰਗ ਕਹਿਣ ਜਿਸ ਵੇਲੇ ਨਾਨਕ ਗਿਆ ਬਗ਼ਦਾਦ, ਬਗ਼ਦਾਦੀ ਰੂਪ ਵਟਾਈਆ। ਓਥੇ ਪੀਰਾਂ ਨੇ ਸੱਤੇ ਰੰਗ ਏਨੂੰ ਦਿਤੀ ਦਾਤ, ਵਾਰੋ ਵਾਰੀ ਟੱਲੀਆਂ ਟਾਕੀਆਂ ਹੱਥ ਗਏ ਫੜਾਈਆ । ਓਸ ਨੇ ਕਿਹਾ ਇਨ੍ਹਾਂ ਦਾ ਮਾਲਕ ਰਸੂਲ ਪਾਕ, ਜੋ ਇਤਫਾਕ ਨਾਲ ਲਏ ਮਿਲਾਈਆ। ਆਪ ਬਣੇ ਸ਼ਾਹ ਨਵਾਬ, ਸ਼ਹਿਨਸ਼ਾਹ ਅਖਵਾਈਆ । ਸਿਰ ਰੱਖੇ ਅਗੰਮਾ ਤਾਜ, ਪੰਚਮ ਮੁਖ ਮਿਲੇ ਵਡਿਆਈਆ। ਸੱਤਾਂ ਦਾ ਮਾਲਕ ਬਣ ਕੇ ਆਪ, ਕੱਠਿਆਂ ਦਏ ਕਰਾਈਆ। ਜਿਸ ਦਾ ਹੁਕਮ ਓਸੇ ਦਾ ਰਾਜ, ਨਿਸ਼ਾਨਾ ਆਪਣਾ ਲਏ ਬਣਾਈਆ। ਨਾਨਕ ਕਿਹਾ ਜੋ ਮੇਰੇ ਅੰਗਨ ਗਏ ਲਾਗ, ਦੂਜੇ ਦਰ ਨਾ ਮੰਗਣ ਜਾਈਆ। ਏਹ ਸਤਿਜੁਗ ਦਾ ਸੱਚਾ ਰਿਵਾਜ, ਜੋ ਹਿੰਦੂ ਮੁਸਲਿਮ ਇਕੋ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਸੱਤ ਰੰਗ ਕਹਿਣ ਜਿਸ ਵੇਲੇ ਗੁਰੂ ਅਰਜਨ ਰੱਖੀ ਟੇਕ, ਗੁਰੂ ਗ੍ਰੰਥ ਰਿਹਾ ਲਿਖਾਈਆ। ਓਸ ਵੇਲੇ ਅਸੀਂ ਸੱਤੇ ਹੋਏ ਉਸ ਦੇ ਪੇਸ਼, ਦਰ ਆਪਣਾ ਆਪ ਭੇਟ ਚੜ੍ਹਾਈਆ। ਸਾਡੇ ਸੱਤਾਂ ਅੰਦਰ ਓਸ ਨੇ ਸਤਿਨਾਮ ਲਿਖ ਕੇ ਰੱਖਿਆ ਲਪੇਟ, ਸੱਤ ਦਿਨ ਬਾਹਰ ਨਾ ਫੇਰ ਕਢਾਈਆ। ਫੇਰ ਇਕ ਵਣਜਾਰੇ ਕੋਲ ਦਿਤਾ ਵੇਚ, ਸਾਢੇ ਤਿੰਨ ਤਿੰਨ ਟੱਕੇ ਕੀਮਤ ਸਾਡੀ ਪਾਈਆ। ਉਹ ਵਣਜਾਰਾ ਸੀ ਇਕ ਸ਼ੇਖ਼, ਜਿਸ ਦਾ ਜਨਮ ਜਾਗੀਰ ਸਿੰਘ ਰੂਪ ਵਟਾਈਆ। ਇਸ ਦੇ ਵਿਚ ਕੋਈ ਭੇਤ, ਜਿਸ ਨੇ ਤੱਤੀ ਰੇਤ ਸੀਸ ਟਿਕਾਈਆ। ਓਸੇ ਦੀ ਅੱਜ ਖੇਡ, ਖਿਲਾੜੀ ਹੋ ਕੇ ਵੇਖ ਵਖਾਈਆ । ਸੱਤ ਰੰਗ ਨਿਸ਼ਾਨਾ ਕਹੇ ਮੈਂ ਸਭ ਦੇ ਕੋਲ ਹੁੰਦਾ ਰਿਹਾ ਪੇਸ਼, ਵੱਡਾ ਛੋਟਾ ਆਪਣਾ ਰੂਪ ਬਣਾਈਆ। ਬਿਨ ਪੁਰਖ ਅਕਾਲ ਮੇਰਾ ਕਿਸੇ ਨਾ ਲਿਖਿਆ ਲੇਖ, ਮੇਰਾ ਸੱਚਾ ਜੋੜ ਨਾ ਕੋਇ ਜੁੜਾਈਆ। ਮੈਂ ਓਸੇ ਕਰ ਕੇ ਉਹਦੇ ਭਗਤਾਂ ਨਾਲ ਕਰਾਂ ਹੇਤ, ਜਿਸ ਮੇਰੀ ਬਣਤ ਬਣਾਈਆ। ਚਾਰ ਜੁਗ ਮੇਰੀ ਗਈ ਨਾ ਕੋਈ ਪੇਸ਼, ਦੂਰ ਦੁਰਾਡਾ ਬਹਿ ਕੇ ਮੁਖ ਛੁਪਾਈਆ। ਕਿਸੇ ਨੇ ਮੰਨਿਆ ਸ਼ੰਕਰ ਕਿਸੇ ਨੇ ਗਣੇਸ਼, ਕਿਸੇ ਨੇ ਬ੍ਰਹਮਾ ਕਿਸੇ ਨੇ ਵਿਸ਼ਨੂੰ ਕਿਸੇ ਨੇ ਦੇਵਤਿਆਂ ਦਿਤਾ ਸੀਸ ਨਿਵਾਈਆ। ਮੈਂ ਸਭ ਨੂੰ ਜੁਗ ਜੁਗ ਰਿਹਾ ਵੇਖ, ਪ੍ਰਭ ਏਹ ਕੀ ਰਚਨ ਰਚਾਈਆ। ਜਿਨ੍ਹਾਂ ਨੂੰ ਤੂੰ ਆਪ ਦੇਵੇਂ ਭੇਜ, ਲੋਕਮਾਤ ਤੇਰੀ ਕਰਨ ਵਡਿਆਈਆ। ਜੇ ਤੂੰ ਮਾਲਕ ਕੁਲ ਦਾ ਭਗਤਾਂ ਦੀ ਮਾਣ ਸੇਜ, ਆਤਮ ਅੰਤਰ ਆਸਣ ਲਾਈਆ । ਪੜਦਾ ਲਾਹ ਕੇ ਆਪਣੇ ਦੇਸ, ਪਰਦੇਸੀਆਂ ਆਪਣੇ ਘਰ ਵਸਾਈਆ। ਮਾਲਕ ਹੋ ਕੇ ਧੁਰ ਦਾ ਨਰੇਸ਼, ਨਰ ਨਰਾਇਣ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੱਤ ਰੰਗ ਕਹਿਣ ਅਸੀਂ ਸਭ ਦੇ ਸਾਂਝੇ, ਕਹਾਣੀ ਸਚ ਦਈਏ ਸੁਣਾਈਆ। ਸਾਡੇ ਵਿਚੋਂ ਚਾਰ ਰੰਗ ਹੰਢਾਏ ਹੀਰ ਤੇ ਰਾਂਝੇ, ਆਸ਼ਕ ਮਾਸ਼ੂਕ ਖ਼ੁਸ਼ੀਆਂ ਵਿਚ ਸਮਾਈਆ। ਦੋਹਾਂ ਰੰਗਾਂ ਵਿਚ ਚੇਲੇ ਗੁਰ ਸਮਾਂਦੇ, ਚੈਲੰਜ ਕਰਨ ਲੋਕਾਈਆ। ਸੱਤਵੇਂ ਰੰਗ ਵਿਚ ਜੁਗ ਜਨਮ ਦੇ ਥੱਕੇ ਮਾਂਦੇ, ਬਹਿ ਬਹਿ ਡੇਰਾ ਲਾਈਆ। ਜਿਸ ਵੇਲੇ ਸੱਤ ਰੰਗ ਅੱਲਾ ਰਾਣੀ ਬੰਨ੍ਹੇ ਆਪਣੇ ਨਾਲ ਪਰਾਂਦੇ, ਮਹਿੰਦੀ ਹੱਥਾਂ ਨਾਲ ਰੰਗਾਈਆ। ਓਸ ਦੇ ਨੈਣ ਦੋਵੇਂ ਸ਼ਰਮਾਂਦੇ, ਅੱਖ ਪਲਕ ਨਾ ਕੋਇ ਉਠਾਈਆ। ਚੌਦਾਂ ਤਬਕ ਇਹ ਰਾਗ ਗਾਂਦੇ, ਵਾਹਵਾ ਪਰਵਰਦਿਗਾਰ ਤੇਰੀ ਵਡਿਆਈਆ। ਤਾਰੇ ਚੰਦ ਨੈਣ ਸ਼ਰਮਾਂਦੇ, ਸੂਰੀਆ ਬੈਠਾ ਮੁਖ ਭੁਆਈਆ। ਵੇਖੇ ਖੇਲ ਦੋ ਜਹਾਂ ਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਲਾਲ ਰੰਗ ਕਹੇ ਜਿਸ ਵੇਲੇ ਅੱਲਾ ਰਾਣੀ ਮੈਨੂੰ ਬੱਧਾ ਨਾਲ ਗੁੱਤ, ਵਾਲਾਂ ਵਿਚ ਦਿਤਾ

ਟਿਕਾਈਆ। ਮੈਂ ਉਸੇ ਵੇਲੇ ਲਿਆ ਪੁਛ, ਕੀ ਤੇਰੀ ਚਤੁਰਾਈਆ। ਓਸ ਨੇ ਕਿਹਾ ਏਹ ਖੇਲ ਅਬਿਨਾਸ਼ੀ ਅਚੁਤ, ਜੋ ਮੈਨੂੰ ਰਿਹਾ ਸਮਝਾਈਆ। ਸਦੀ ਚੌਧਵੀਂ ਤੈਨੂੰ ਆਪਣੇ ਨਾਲ ਲਏ ਚੁਕ, ਜ਼ਿਮੀਂ ਤੋਂ ਆਸਮਾਨਾਂ ਉਪਰ ਚੜ੍ਹਾਈਆ । ਜਗਤ ਜਹਾਨ ਦਾ ਬਦਲ ਦੇਵੇ ਰੁਖ਼, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰੁਖ਼ਸਤ ਦੇ ਕੇ ਆਪਣੇ ਘਰ ਛੁੱਟੀ ਦੇਵੇ ਮਨਾਈਆ। ਭਗਤਾਂ ਨਾਮ ਭੰਡਾਰਾ ਦੇ ਕੇ ਮੁਫ਼ਤ, ਸੂਫ਼ੀਆਂ ਆਪਣਾ ਰੰਗ ਚੜ੍ਹਾਈਆ। ਵੇਖੀਂ ਓਸ ਵੇਲੇ ਨਾ ਹੋਵੀਂ ਸੁਸਤ, ਝੁੱਲੀਂ ਵਾਹੋ ਦਾਹੀਆ। ਤੈਨੂੰ ਫੜਨਾਂ ਛੋਟੇ ਬਾਲੇ ਚੁਸਤ, ਜੋ ਸੱਤ ਮਹੀਨੇ ਤਿੰਨ ਦਿਨ ਲੋਕਮਾਤ ਗਿਆ ਹੰਢਾਈਆ। ਇਹ ਪ੍ਰਭ ਦਾ ਹੁਕਮ ਦਰੁਸਤ, ਨਾ ਕੋਈ ਮੇਟੇ ਮੇਟ ਮਿਟਾਈਆ। ਸਭ ਨੇ ਆਪਣੀ ਕਰਨੀ ਲੈਣੀ ਭੁਗਤ, ਬਿਨ ਭਗਤਾਂ ਭਗਵਨ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਸਰਨਾਈਆ। ਸੱਤ ਰੰਗ ਕਹਿਣ ਜਿਸ ਵੇਲੇ ਤੇਗ਼ ਬਹਾਦਰ ਗਿਆ ਦਿੱਲੀ, ਦਲੀਲ ਆਪਣੀ ਇਕ ਬਣਾਈਆ। ਓਸ ਵੇਲੇ ਔਰੰਗੇ ਦਾ ਮਜੌਰ ਆਇਆ ਇਕ ਸ਼ੇਖ਼ ਚਿੱਲੀ, ਸੱਤਾਂ ਰੰਗਾਂ ਵਾਲੀ ਚੋਲੀ ਗਲ ਵਿਚ ਪਾਈਆ। ਥੱਲਿਉਂ ਤੰਬੀ ਰੱਖੀ ਢਿੱਲੀ, ਪੈਰਾਂ ਵਿਚ ਖਿਚਾਈਆ। ਹੱਥ ਵਿਚ ਫੜ ਕੇ ਚਿੱਟੇ ਰੰਗ ਦੀ ਬਿੱਲੀ, ਆਇਆ ਨਾਚ ਕਰਾਈਆ। ਨੱਚੇ ਟੱਪੇ ਕੁੱਦੇ ਪਾਵੇ ਜੱਲੀ, ਢਾਈ ਹੱਥ ਦੀ ਮਤੈਹਰ ਰਿਹਾ ਭੁਆਈਆ। ਨਾਲੇ ਬੋਲੇ ਅਲੀ ਅਲੀ, ਅੱਲਾ ਤੇਰੀ ਬੇਪਰਵਾਹੀਆ। ਤੇਗ਼ ਬਹਾਦਰ ਗੋਬਿੰਦ ਤੇਰੇ ਬਾਗ਼ ਦੀ ਨਿੱਕੀ ਜਿਹੀ ਕਲੀ, ਕਿਉਂ ਕਰਨ ਲਗਾ ਜੁਦਾਈਆ । ਪਰਵਰਦਿਗਾਰ ਤੇਰਾ ਵਲੀ ਛਲੀ, ਜੋ ਤੇਰੇ ਨਾਲ ਧੋਖਾ ਰਿਹਾ ਵਖਾਈਆ। ਤੂੰ ਸ਼ਹਿਨਸ਼ਾਹ ਦਵਾਰੇ ਮਾਣੀਂ ਆਪਣੀ ਰੰਗ ਰਲੀ, ਈਮਾਨ ਆਪਣਾ ਲੈਣਾ ਬਣਾਈਆ। ਫੇਰ ਤੈਨੂੰ ਸਾਰੇ ਕਹਿਣਗੇ ਬੜਾ ਵਲੀ, ਵਲੀ ਅਹਿਦ ਤੇਰੀ ਸੇਵ ਕਮਾਈਆ। ਓਧਰੋਂ ਬਿੱਲੀ ਹੋ ਕੇ ਝੱਲੀ, ਅਗਲੇ ਪੰਜੇ ਮੱਥੇ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਤੇਗ਼ ਬਹਾਦਰ ਕਿਹਾ ਓ ਮਲੰਗ ਸੱਤ ਰੰਗੇ, ਤੈਨੂੰ ਦਿਆਂ ਜਣਾਈਆ। ਔਹ ਵੇਖ ਭੱਜੇ ਔਂਦੇ ਫ਼ਰੰਗੇ, ਆਪਣਾ ਪੰਧ ਮੁਕਾਈਆ। ਤੁਹਾਡੇ ਮਤੈਹਰ ਰਹਿ ਜਾਣ ਟੰਗੇ, ਭੱਜੋ ਆਪਣੀ ਪਿਠ ਵਖਾਈਆ। ਤੇਰੇ ਫ਼ਰੇਬਾਂ ਵਾਲੇ ਰੰਗ ਜੋ ਕਮਰ ਉਤੇ ਬੰਨ੍ਹੇ, ਏਹ ਰੋ ਰੋ ਦੇਣ ਦੁਹਾਈਆ। ਏਹ ਰੋਂਦੇ ਮੈਨੂੰ ਲੱਗੇ ਚੰਗੇ, ਜੇਹੜੇ ਬਿਰਹੋਂ ਵਿਚ ਕੁਰਲਾਈਆ। ਮੈਨੂੰ ਐਂ ਦਿਸਦਾ ਜਿਸ ਤਰ੍ਹਾ ਸਤਿਜੁਗ ਵਿਚ ਸ੍ਰੀ ਭਗਵਾਨ ਨੇ ਏਹ ਬਣੌਂਣੇ ਸਤਿ ਧਰਮ ਦੇ ਝੰਡੇ, ਝੰਡਾ ਆਪਣੇ ਸੰਗ ਰਖਾਈਆ । ਤੁਸਾਂ ਰਹਿਣਾਂ ਰੰਡਿਆਂ ਦੇ ਰੰਡੇ, ਸੁੱਕੀ ਰੋਟੀ ਤੇ ਖਾਣ ਨੂੰ ਗੰਢੇ, ਏਹੋ ਵਸਤ ਤੁਹਾਡੇ ਹਿੱਸੇ ਆਈਆ। ਜਿਸ ਵੇਲੇ ਆਵੇ ਰਾਵੀ ਕੰਢੇ, ਰਾਵੀਉਂ ਪਰੇ ਤੁਹਾਡਾ ਮੁਖ ਭਗਤਾਂ ਦਾ ਦੁੱਖ ਆਪਣੀ ਝੋਲੀ ਪਾਈਆ। ਪ੍ਰੇਮ ਭਗਤਾਂ ਕੋਲੋਂ ਲਵੇ ਧੁਰ ਦੀ ਦਾਤ ਮੰਗੇ, ਭਗਤਾਂ ਦੇਵੇ ਆਪਣਾ ਖੇਲ ਵਖਾਈਆ । ਫੇਰ ਬਹਿ ਕੇ ਇਕ ਖਟੀਆ ਉਤੇ ਮੰਜੇ, ਮਜਲਸ ਆਪ ਲਏ ਲਗਾਈਆ। ਜੇਹੜੀ ਅੱਖ ਥੋੜੇ ਸਮੇਂ ਵਾਸਤੇ ਮਿਲੀ ਸੀ ਸੰਜੇ, ਮਹਾਂਭਾਰਤ ਵੇਖੇ ਆਪਣਾ ਨੈਣ ਉਠਾਈਆ। ਓਸ ਦੇ ਨਾਲੋਂ ਗੁਰਮੁਖ ਕਰ ਲਏ ਚੰਗੇ, ਨੇਤਰ ਦੋਹਾਂ ਦੇ ਵਿਚੋਂ ਨੈਣ ਨੈਣਾਂ ਨਾਲ ਮਿਲਾਈਆ । ਰਾਹ ਵਿਚ ਔਂਦਿਆਂ ਨਾਲੇ ਤੋੜੇ ਨਾਲੇ ਗੰਢੇ, ਪਾ ਕੇ ਗੰਢ ਠੰਡ ਫੇਰ ਵਰਤਾਈਆ। ਨਾਲ ਗੁਰਮੁਖ ਨੂੰ ਕਹੇ ਸਾਨੂੰ ਰਾਹ ਲਾ ਚੰਗੇ, ਰਸਤਾ ਇਕ ਜਣਾਈਆ। ਆ ਕੇ ਰਾਵੀ ਦੇ ਉਰਾਰ ਕੰਢੇ, ਕੰਢੀ ਵਾਲਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ ।

ਸੱਤ ਰੰਗ ਕਹਿਣ ਅਸੀਂ ਰਹੇ ਰੁੜ੍ਹਦੇ, ਫੜ ਕੇ ਕੱਠਾ ਨਾ ਕੋਇ ਕਰਾਈਆ। ਸਾਡੇ ਅੰਦਰ ਫ਼ੁਰਨੇ ਰਹੇ ਫੁਰਦੇ, ਜੁਗ ਚੌਕੜੀ ਧਿਆਨ ਲਗਾਈਆ । ਕਈਆਂ ਨੇ ਸਾਡੇ ਵਿਚ ਦੱਬੇ ਮੁਰਦੇ, ਕਫ਼ਨ ਬਣਾ ਕੇ ਉਤੇ ਦਿਤਾ ਟਿਕਾਈਆ। ਬਿਨ ਪ੍ਰਭ ਦੀ ਕਿਰਪਾ ਅਸੀਂ ਕੱਠੇ ਹੋ ਨਾ ਜੁੜਦੇ, ਇਕ ਗੰਢ ਨਾ ਕੋਇ ਪੁਆਈਆ। ਕਿਰਪਾ ਕਰੀ ਜਿਸ ਵੇਲੇ ਮਾਲਕ ਧੁਰ ਦੇ, ਸਾਡਾ ਮੇਲਾ ਲਿਆ ਮਿਲਾਈਆ। ਹੁਣ ਅਸੀਂ ਦੋ ਜਹਾਨਾਂ ਫਿਰੀਏ ਉਡਦੇ, ਸ਼ਾਹ ਸੁਲਤਾਨਾਂ ਦਈਏ ਜਗਾਈਆ। ਜਨ ਭਗਤੋ ਤੁਸੀਂ ਕਿਉਂ ਨਹੀਂ ਕੱਠੇ ਹੋ ਕੇ ਤੁਰਦੇ, ਵੇਖੋ ਤੁਹਾਡੇ ਸਾਮ੍ਹਣੇ ਅਸੀਂ ਖਲੋ ਕੇ ਦਈਏ ਗਵਾਹੀਆ । ਅਸੀਂ ਪੂਰਬ ਵਿਛੜੇ ਚਿਰ ਦੇ, ਪ੍ਰਭ ਮੇਲਾ ਲਿਆ ਮਿਲਾਈਆ। ਜਿਸ ਤਰ੍ਹਾਂ ਅਸੀਂ ਮਾਲਕ ਬਣ ਗਏ ਧੁਰ ਦੇ, ਜਗਤ ਚੀਥੜ ਮਿਲੀ ਮਾਣ ਵਡਿਆਈਆ । ਤੁਸੀਂ ਤੇ ਮਾਣਸ ਤੁਰਦੇ ਫਿਰਦੇ, ਕਿਉਂ ਨਾ ਚਲ ਕੇ ਦਰਸ਼ਨ ਪਾਈਆ। ਏਹੋ ਜਿਹੇ ਸਮੇਂ ਮੌਕੇ ਫੇਰ ਨਹੀਂ ਜੁੜਦੇ, ਨਾਲੇ ਗੋਬਿੰਦ ਨਾਲੇ ਹਰਿ ਜੂ ਘਰ ਹਰਿ ਮੰਦਰ ਦਏ ਬਣਾਈਆ। ਜਿਹੜੇ ਦਰ ਤੇ ਆਏ ਉਹ ਖ਼ਾਲੀ ਕਦੇ ਨਹੀਂ ਮੁੜਦੇ, ਖ਼ਾਲੀ ਭਾਂਡੇ ਦਏ ਭਰਾਈਆ। ਜਿਸ ਵੇਲੇ ਗੁਰਮੁਖ ਆਪਣੇ ਕਦਮਾਂ ਨਾਲ ਹੋਣ ਤੁਰਦੇ, ਓਸ ਵੇਲੇ ਸਤਿਗੁਰ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰੇ ਆਪਣੀ ਲੋੜ ਦੇ, ਆਪਣੀ ਗ਼ਰਜ਼ ਖ਼ਾਤਰ ਤੁਹਾਡੀ ਸੇਵ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਮੁਕਾਏ ਅੰਧਘੋਰ ਦੇ, ਇਕੋ ਨੂਰ ਕਰ ਰੁਸ਼ਨਾਈਆ।।

❋