੧੮ ਪੋਹ ੨੦੨੧ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਹੁਕਮ ਦੇਵੇ ਪੁਰਖ ਅਕਾਲ ਗ਼ਰੀਬ ਨਿਵਾਜ਼ੇ, ਵਾਜਬ ਆਪਣਾ ਹੁਕਮ ਸੁਣਾਈਆ। ਸੁਤ ਦੁਲਾਰੇ ਥਿਰ ਘਰ ਦੇ ਪਿਆਰੇ ਖੋਲ੍ਹ ਚਾਰੇ ਦਰਵਾਜ਼ੇ, ਉੱਤਰ ਪੂਰਬ ਪੱਛਮ ਦੱਖਣ ਦਿਸ਼ਾ ਬੰਦ ਰਹਿਣ ਕੋਇ ਨਾ ਪਾਈਆ। ਸੱਤ ਰੰਗ ਨਿਸ਼ਾਨਾ ਮਾਰੇ ਵਾਜੇ, ਕੂਕ ਕੂਕ ਸੁਣਾਈਆ। ਪੀਰ ਪੈਗ਼ੰਬਰੋ ਛਡ ਕੇ ਆ ਜਾਓ ਮੱਕੇ ਕਾਅਬੇ, ਆਪਣਾ ਪੰਧ ਮੁਕਾਈਆ। ਗੁਰ ਅਵਤਾਰੋ ਮੰਦਰਾਂ ਵਾਲੇ ਤੋੜ ਦਿਓ ਨਾਤੇ, ਨਾਤਵਾਂ ਸਾਰੇ ਨਜ਼ਰੀ ਆਈਆ। ਜਨ ਭਗਤ ਸੁਹੇਲੇ ਟਿਕੌਣੇ ਛੱਡੋ ਮਾਥੇ, ਸੀਸ ਇਕੋ ਇਕ ਨਿਵਾਈਆ। ਸਾਚੇ ਸੰਤੋ ਭੁਲ ਜਾਓ ਰਕਤ ਬੂੰਦ ਵਾਲੇ ਮਾਪੇ, ਪਿਤਾ ਪੁਰਖ ਅਕਾਲ ਇਕ ਮਨਾਈਆ। ਗੁਰਮੁਖੋ ਪੂਰੇ ਕਰ ਲਓ ਘਾਟੇ, ਦੇਵਣਹਾਰ ਸਦਾ ਵਡਿਆਈਆ। ਗੁਰਸਿਖੋ ਗੋਬਿੰਦ ਵੇਖੋ ਸਾਥੇ, ਸਗਲਾ ਸੰਗ ਬਣਾਈਆ। ਜੋ ਵੜਿਆ ਨਿਰਗੁਣ ਹੋ ਕੇ ਜਨ ਭਗਤਾਂ ਦੇ ਅਹਾਤੇ, ਚਾਰ ਦੀਵਾਰੀ ਗੁਰਮੁਖਾਂ ਦੀ ਨਜ਼ਰੀ ਆਈਆ। ਜੋਧੇ ਸੂਰਬੀਰ ਵੱਡੇ ਬੈਠੇ ਰਾਠੇ, ਆਪਣਾ ਬਲ ਧਰਾਈਆ। ਹੁਣ ਅਸਾਂ ਰਹਿਣ ਨਹੀਂ ਦੇਣੇ ਆਪਣੇ ਚੀਥੜ ਪਾਟੇ, ਪਿਛਲੇ ਤੇਰੀ ਝੋਲੀ ਭਰਾਈਆ। ਚਲਣਾ ਅਗੇ ਪਿਛੇ ਨਹੀਂ ਅਧਵਾਟੇ, ਮੰਜ਼ਲ ਤੇਰੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਜਣਾਈਆ। ਸ਼ਬਦ ਸੁਤ ਕਹੇ ਮੇਰੇ ਭਗਵਾਨ, ਚਰਨ ਕਵਲ ਸਰਨਾਈਆ। ਮੈਂ ਵੇਖ ਕੇ ਤੇਰਾ ਨਿਸ਼ਾਨ, ਚਾਰੋਂ ਕੁੰਟ ਦਿਆਂ ਦੁਹਾਈਆ। ਜਨ ਭਗਤੋ ਤੁਹਾਡਾ ਖੁਲ੍ਹ ਗਿਆ ਮਕਾਨ, ਜਿਸ ਦਾ ਕ਼ੁਫ਼ਲ ਬੰਦ ਨਾ ਕੋਇ ਕਰਾਈਆ । ਨਾਲੇ ਇਛਿਆ ਨਾਲੇ ਭਿਛਿਆ ਨਾਲੇ ਦਾਨ, ਨਾਲੇ ਸਿਖਿਆ ਰਿਹਾ ਸੁਣਾਈਆ। ਨਾਲੇ ਪ੍ਰੀਤੀ ਨਾਲੇ ਮਾਣ, ਨਾਲੇ ਨੀਤੀ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰ ਦਰਵਾਜ਼ੇ ਕਹਿਣ ਅਸੀਂ ਗਏ ਖੁਲ੍ਹ, ਸ਼ਬਦ ਸੁਤ ਦਿਤੀ ਵਡਿਆਈਆ। ਜਨ ਭਗਤਾਂ ਜਿਸ ਨੇ ਪੌਣਾ ਮੁਲ, ਓਸੇ ਦੀ ਸੇਵ ਕਮਾਈਆ। ਅਸਾਂ ਵੇਖਿਆ ਮਾਲਕ ਖ਼ਾਲਕ ਬੇਪਰਵਾਹ ਸੁਲਹਕੁਲ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਖਵਾਈਆ। ਜੋ ਤੋਲ ਕੇ ਆਪਣਾ ਤੋਲ, ਗੁਰਮੁਖ ਗੁਰਸਿਖ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਜਨ ਭਗਤ ਕਹਿਣ ਵੇਖੋ ਘਰ ਆਇਆ ਪ੍ਰਭ ਸੂਮ, ਜਿਸ ਨੇ ਗੰਢ ਨਾ ਕਦੇ ਖੁਲ੍ਹਾਈਆ। ਜੁਗ ਚੌਕੜੀ ਬੱਚੇ ਰੋਂਦੇ ਗਏ ਮਾਸੂਮ, ਥੋੜ੍ਹੀ ਥੋੜ੍ਹੀ ਵਸਤ ਮਾਮੂਲੀ ਮਾਤ ਵਰਤਾਈਆ। ਬਾਕੀ ਸਭ ਨੂੰ ਕਰ ਕੇ ਮਹਿਰੂਮ, ਖ਼ਾਲੀ ਹੱਥ ਰਿਹਾ ਫਿਰਾਈਆ। ਰਵਿਦਾਸ ਕਹੇ ਮੈਨੂੰ ਰੀਤੀ ਇਹਦੀ ਮਾਲੂਮ, ਬਿਨਾ ਮੰਗਿਆਂ ਕਿਸੇ ਨੂੰ ਦੇਵੇ ਕੁਛ
ਨਾ ਰਾਈਆ। ਇਹਦਾ ਸਭ ਤੋਂ ਵਖਰਾ ਕ਼ਾਨੂੰਨ, ਜਿਸ ਦਾ ਲਾਅ ਨਾ ਕੋਇ ਸਮਝਾਈਆ। ਅੱਖਰਾਂ ਵਾਲਾ ਨਹੀਂ ਮਜ਼ਮੂਨ, ਰਸਨਾ ਵਾਲੀ ਨਾ ਕੋਇ ਪੜ੍ਹਾਈਆ। ਗੁਰੂਆਂ ਵਾਲਾ ਨਹੀਂ ਅਸੂਲ, ਪੀਰਾਂ ਵਾਲੀ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਦਰਵਾਜ਼ੇ ਕਹਿਣ ਅਸੀਂ ਵੇਖਿਆ ਦਰ, ਦਰਦੀ ਬੇਪਰਵਾਹੀਆ। ਸਾਰੇ ਰਹੇ ਬੈਠੇ ਡਰ, ਸਿਰ ਨਾ ਕੋਇ ਉਠਾਈਆ । ਪਤਾ ਨਹੀਂ ਕੀ ਕੁਛ ਕਰਨੀ ਦਏ ਕਰ, ਕਰਤਾ ਨਿਹਕਰਮੀ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਸਮਝਾਈਆ। ਜਨ ਭਗਤ ਕਹਿਣ ਵੇਖੋ ਘੇਰਾ, ਗੁਰਮੁਖ ਲਿਆ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਖੁੱਲ੍ਹਾ ਵੇਖ ਕੇ ਵਿਹੜਾ, ਅੰਤਰ ਆਪਣਾ ਆਸਣ ਲਾਈਆ। ਨਾਲੇ ਕਟਦਾ ਜਾਏ ਚੁਰਾਸੀ ਦਾ ਗੇੜਾ, ਨਾਲੇ ਆਪਣੇ ਨਾਲ ਮਿਲਾਈਆ। ਨਾਲੇ ਬੰਨ੍ਹਦਾ ਜਾਏ ਬੇੜਾ, ਭਾਰ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਚਾਰ ਦਰਵਾਜ਼ੇ ਰਹੇ ਬੋਲ, ਚਾਰ ਕੁੰਟ ਜਣਾਈਆ। ਭਗਤ ਸੁਹੇਲੇ ਆ ਜਾ ਭਗਤਾਂ ਕੋਲ, ਭਗਵਨ ਆਪਣੀ ਦਇਆ ਕਮਾਈਆ। ਜੇ ਤੂੰ ਕਰੇਂ ਟਾਲ ਮਟੋਲ, ਤੇਰਾ ਨਿਸ਼ਾਨਾ ਕੰਮ ਕਿਸੇ ਨਾ ਆਈਆ। ਅਗੇ ਮਾਰਨ ਦੇਣਾ ਨਹੀਂ ਰੋਲ, ਵਲ ਛਲ ਤੇਰੀ ਚਲੇ ਨਾ ਕੋਇ ਚਤੁਰਾਈਆ। ਹੁਣ ਬਹਿਣ ਨਹੀਂ ਦੇਣਾ ਤੈਨੂੰ ਅਡੋਲ, ਚਾਰੋਂ ਕੁੰਟ ਦੇਣਾ ਭੁਆਈਆ। ਨਹੀਂ ਤੇ ਸਾਡੀਆਂ ਅੰਦਰੋਂ ਘੁੰਡੀਆਂ ਖੋਲ੍ਹ, ਕਿਉਂ ਬੈਠਾ ਮੁਖ ਭਵਾਈਆ। ਰਵਿਦਾਸ ਹਨੋਰੇ ਨਾਲ ਕਹੇ ਤੇਰੇ ਸਭ ਕੁਛ ਕੋਲ, ਮੇਰੀ ਕਾਇਆ ਕੁੱਲੀ ਦੇ ਵਡਿਆਈਆ। ਜੇ ਆਇਆ ਉਪਰ ਧਰਨੀ ਧੌਲ, ਭਾਗਾਂ ਵਾਲੇ ਸਾਰੇ ਦੇ ਬਣਾਈਆ। ਤੈਨੂੰ ਚੰਗਾ ਨਹੀਂ ਲਗਦਾ ਕਰਨਾ ਮਖ਼ੌਲ, ਮਸਖ਼ਰਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਭਗਤ ਕਹਿਣ ਕੀ ਹੋਇਆ ਜੇ ਮੰਗੀਆਂ ਮੰਗਾਂ, ਮੰਗਣ ਦੀ ਆਦਤ ਤੇਰੀ ਨਜ਼ਰੀ ਆਈਆ। ਇਹ ਸਭ ਤੋਂ ਹੋਇਆ ਚੰਗਾਂ, ਤੂੰ ਫਿਰਦਾ ਫਿਰਦਾ ਘਰ ਗ਼ਰੀਬਾਂ ਫੇਰਾ ਪਾਈਆ। ਏਥੇ ਲੋੜ ਰਹੀ ਨਾ ਮਾਈ ਗੰਗਾ, ਤੇਰੀ ਧੂੜ ਬੇਪਰਵਾਹੀਆ। ਤੇਰਾ ਸ਼ਬਦੀ ਇਕੋ ਡੰਡਾ, ਬ੍ਰਹਿਮੰਡਾਂ ਰਿਹਾ ਡਰਾਈਆ। ਰਵਿਦਾਸ ਦੇ ਕੋਲ ਉਹਵੀ ਹੈ ਨਹੀਂ ਸੁੱਕਾ ਮੰਡਾ, ਜਿਹੜਾ ਝੋਲੇ ਵਿਚ ਰਖਾਈਆ। ਨਾ ਕੋਈ ਸੁੱਕਾ ਹੋਇਆ ਗੰਡਾ, ਜੋ ਲਾਜ਼ਮਾ ਦਏ ਬਣਾਈਆ। ਨਾ ਕੋਈ ਭੇਖ ਨਾ ਪਖੰਡਾ, ਨਾ ਚਲੇ ਕੋਈ ਚਤੁਰਾਈਆ। ਜੇ ਬਖ਼ਸ਼ੇਂ ਤੇ ਇਕ ਅਨੰਦਾ, ਆਨੰਦ ਆਤਮ ਦੇ ਵਖਾਈਆ। ਜੇ ਚਾੜ੍ਹੇ ਤੇ ਨੂਰੀ ਚੰਦਾ, ਚੰਦ ਵਾਂਗ ਰੁਸ਼ਨਾਈਆ। ਜੇ ਹੋਵੇ ਆਪ ਬਖ਼ਸ਼ੰਦਾ, ਫਿਰ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਜਿੰਦਾ ਰਿਹਾ ਖੁਲ੍ਹਾਈਆ। ਜਨ ਭਗਤ ਕਹਿਣ ਆਏ ਨੂਰ ਰੱਬੀ, ਕੁਛ ਲੇਖਾ ਦੇ ਜਣਾਈਆ। ਤੇਰੀ ਵਸਤ ਸਾਨੂੰ ਹੱਥਾਂ ਵਿਚ ਨਾ ਲੱਭੀ, ਤੱਤਾਂ ਵਾਲੀ ਨਜ਼ਰ ਕੋਇ ਨਾ ਆਈਆ। ਦੋਏ ਖਲੋਤੇ ਹੱਥ ਬੱਧੀ, ਦੋਏ ਜੋੜ ਚਰਨ ਸਰਨਾਈਆ। ਰਵਿਦਾਸ ਕਿਹਾ ਇਕ ਦਿਨ ਮਾਂ ਮੇਰੀ ਸੀ ਅੱਕੀ, ਮੇਰੇ ਸਿਰ ਵਿਚ ਲਫੜ ਦਿਤਾ ਲਗਾਈਆ। ਮੈਂ ਓਸ ਵੇਲੇ ਚਬਦਾ ਸਾਂ ਦਾਣੇ ਮੱਕੀ, ਦੰਦਾਂ ਨਾਲ ਦਬਾਈਆ। ਫੇਰ ਓਸ ਮੇਰੀ ਘੁੱਟੀ ਸੰਘੀ, ਕਿੱਥੋਂ ਮੇਰਾ ਜੰਮਿਆ ਪੁਤ ਸ਼ੁਦਾਈਆ। ਮੈਂ ਰੋ ਕੇ ਉਚੀ ਭੁੱਬੀਂ, ਦਿਤੀ ਹਾਲ ਦੁਹਾਈਆ। ਉਸ ਨੇ ਮੈਨੂੰ ਹੋਰ ਮਾਰ ਮਾਰੀ ਗੁਝੀ, ਵੱਖੀ ਖੱਬੀ ਵਿਚ ਸੱਟ ਟਿਕਾਈਆ। ਮੈਂ ਕਿਹਾ ਡੁੱਬ
ਮਰਾਂ ਕਿਸੇ ਵਿਚ ਨਦੀ, ਜੀਵਣ ਨਾਲੋਂ ਮਰਨਾ ਚੰਗਾ ਆਈਆ। ਜੇ ਕੋਈ ਟੁੱਟ ਜਾਂਦੀ ਹੱਡੀ, ਮੇਰਾ ਸਾਥੀ ਸਾਥ ਨਾ ਕੋਇ ਰਖਾਈਆ। ਜੇ ਕੋਈ ਮੈਨੂੰ ਸਿਖਿਆ ਦੇਵੇ ਚੰਗੀ, ਮੈਂ ਆਪਣੀ ਕਾਰ ਕਰਕੇ ਝਟ ਲਵਾਂ ਲੰਘਾਈਆ। ਮੈਨੂੰ ਘਰ ਦੇ ਰੋਟੀ ਨਹੀਂ ਦੇਂਦੇ ਮੰਗੀ, ਦਬਕਿਆਂ ਨਾਲ ਦੁਰਕਾਈਆ। ਮੈਥੋਂ ਝੱਲੀ ਨਹੀਂ ਜਾਂਦੀ ਤੰਗੀ, ਦੁਖੀਆ ਹੋ ਕੇ ਰਿਹਾ ਸੁਣਾਈਆ। ਫੇਰ ਵੀਚਾਰ ਆਈ ਮੈਂ ਸੁਣਦਾ ਖ਼ੁਦਾ ਪਰਮਾਤਮ ਬੜਾ ਢੰਗੀ, ਉਹ ਸਭ ਨੂੰ ਦੇਵੇ ਰਿਜ਼ਕ ਸਬਾਈਆ। ਗ਼ਰੀਬਾਂ ਦੀ ਕਟੇ ਤੰਗੀ, ਦੁਖੀਆਂ ਦਾ ਦਰਦ ਵੰਡਾਈਆ। ਪਿਠ ਹੋਣ ਨਾ ਦੇਵੇ ਨੰਗੀ, ਸਿਰ ਆਪਣਾ ਹੱਥ ਟਿਕਾਈਆ। ਤੋੜ ਕੇ ਕੂੜੀ ਕਿਰਿਆ ਖ਼ਾਨਾਬੰਦੀ, ਆਪਣੀ ਬੰਦਗੀ ਦਏ ਸਮਝਾਈਆ। ਇਹਵੀ ਕਿਰਪਾ ਕਰਕੇ ਜੇ ਮੇਰੀ ਆਤਮਾ ਵਿਚ ਭਰ ਦੇਵੇ ਸੁਗੰਧੀ, ਸੋਹਣਾ ਰਸ ਚਖਾਈਆ। ਓਨੇਂ ਚਿਰ ਨੂੰ ਇਕ ਪੈ ਗਿਆ ਟੇਡੀ ਡੰਡੀ, ਤਿੰਨ ਸੌ ਕਰਮ ਨਗਰ ਤੋਂ ਬਾਹਰ ਡੇਰਾ ਲਾਈਆ। ਓਥੇ ਇਕ ਸਾਧ ਮਿਲਿਆ ਪਖੰਡੀ, ਜਿਸ ਨੇ ਮਾਲਾ ਦਿਤੀ ਫੜਾਈਆ। ਇਸ ਦੇ ਵਿਚ ਇਕੋ ਧਾਰ ਚੰਗੀ, ਜੋ ਘਰ ਦੇ ਲੜਿਆਂ ਬੱਚਿਆਂ ਨੂੰ ਮੇਰੀ ਸੇਵਾ ਵਿਚ ਲਗਾਈਆ। ਅਗੋਂ ਰਵਿਦਾਸ ਨੇ ਮੂੰਹ ਵਿੰਗਾ ਕਰ ਕੇ ਕੱਢ ਕੇ ਕਿਹਾ ਦੰਦੀ, ਤੇਰੇ ਵਰਗਿਆਂ ਦੀ ਮੈਨੂੰ ਲੋੜ ਰਹੀ ਨਾ ਰਾਈਆ। ਤੂੰ ਭੁੱਖਾ ਮੈਂ ਨੰਗਾ ਸਾਡਾ ਕਿਸ ਤਰਾ ਬਣੇ ਸੰਗੀ, ਸੱਜਣਾ ਤੇਰੀ ਮੇਰੀ ਬਣਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਰਵਿਦਾਸ ਕਹੇ ਕਿਉਂ ਮੈਨੂੰ ਪਈ ਮਾਰ, ਅੰਦਰੇ ਅੰਦਰ ਰਿਹਾ ਪਛਤਾਈਆ। ਜੇ ਕੋਈ ਮੈਂ ਸਿੱਖ ਲਵਾਂ ਵਿਹਾਰ, ਆਪਣਾ ਬਲ ਧਰਾਈਆ। ਕਿਉਂ ਮੈਂ ਜੰਮਿਆ ਘਰ ਚਮਿਆਰ, ਚਮਰੇਟਾ ਮੇਰਾ ਪਿਤਾ ਮਾਈਆ। ਜਿਹੜਾ ਢੋਰਾਂ ਦਾ ਠੇਕੇਦਾਰ, ਸਾਢੇ ਤਿੰਨ ਰੁਪਈਏ ਦਿਹਾੜੀ ਰੋਜ਼ ਕਮਾਈਆ। ਅਸੀਂ ਛੇ ਭੈਣ ਭਰਾ ਤੇ ਸਾਡਾ ਸਤਵਾਂ ਇਕ ਹੋਰ ਯਾਰ, ਜੋ ਬਾਲਿਆਂ ਵਾਂਗੂ ਬਾਲਾ ਹੋ ਕੇ ਸੋਹਣਾ ਪਿਆਰ ਵਖਾਈਆ। ਬਹੁਤਾ ਟੱਬਰ ਕਰ ਕੇ ਸਾਨੂੰ ਦੇਂਦਾ ਨਹੀਂ ਕੋਈ ਉਧਾਰ, ਭੁੱਖੇ ਰਹਿ ਰਹਿ ਝਟ ਲੰਘਾਈਆ। ਇਕ ਦਿਨ ਕੋਲ ਚਲਿਆ ਗਿਆ ਲੁਹਾਰ, ਜਾ ਕੇ ਅਰਜ਼ ਦਿਤੀ ਸੁਣਾਈਆ। ਜੇ ਕੋਈ ਮੈਨੂੰ ਰੰਬੀ ਬਣਾ ਦਏਂ ਆਰ, ਤੇਰਾ ਧੰਨ ਧੰਨ ਕਹਿ ਕਹਿ ਸ਼ੁਕਰ ਮਨਾਈਆ। ਓਹਨੇ ਘਰੋਂ ਦਿਤਾ ਦੁਰਕਾਰ, ਫੜ ਬਾਹੋਂ ਬਾਹਰ ਕਢਾਈਆ। ਕਿੱਥੋਂ ਕਮਲਾ ਆ ਗਿਆ ਚਮਿਆਰ, ਐਵੇਂ ਰਿਹਾ ਸਤਾਈਆ। ਨਿਰਾਸਾ ਹੋ ਕੇ ਉਦਾਸੀ ਵਿਚ ਘਰੋਂ ਚਲਿਆ ਗਿਆ ਬਾਹਰ, ਟੁੱਟੀ ਚਾਦਰ ਹੇਠਾਂ ਲਈ ਵਿਛਾਈਆ। ਪਹਿਲੋਂ ਦੱਖਣ ਦਿਸ਼ਾ ਡਿੱਗਾ ਮੂੰਹ ਦੇ ਭਾਰ, ਫੇਰ ਉੱਤਰ ਆਪਣੇ ਨੈਣ ਉਪਰ ਉਠਾਈਆ। ਫੇਰ ਪੂਰਬ ਹੋਇਆ ਵੱਖੀ ਭਾਰ, ਪੱਛਮ ਹੋ ਕੇ ਆਪਣੇ ਹੱਥ ਲਏ ਫੈਲਾਈਆ। ਜੇ ਤੂੰ ਗ਼ਰੀਬਾਂ ਦਾ ਯਾਰ, ਦੁਖੀਆਂ ਦਾ ਦਿਲਦਾਰ, ਨਿਮਾਣਿਆਂ ਦਾ ਸਹਾਰ, ਧੁਰ ਦਾ ਕਰਤਾਰ ਕ਼ੁਦਰਤ ਦਾ ਮਾਲਕ ਇਕ ਅਖਵਾਈਆ। ਮੈਨੂੰ ਬਖ਼ਸ਼ ਕੋਈ ਰੁਜ਼ਗਾਰ, ਮੈਂ ਜ਼ਿੰਦਗੀ ਦੇ ਦਿਨ ਕਟ ਲਵਾਂ ਚਾਰ, ਇਹੋ ਮੇਰੇ ਅੰਦਰ ਭਾਈਆ । ਥੱਲਿਉਂ ਚਾਦਰ ਖਿਚ ਕੇ ਉਪਰ ਲਈ ਤਾਣ, ਨਾਲੇ ਰੋਵੇ ਨਾਲੇ ਕਹੇ ਮੇਰੇ ਭਗਵਾਨ, ਕਿਉਂ ਮੇਰੀ ਬਣਤ ਬਣਾਈਆ । ਜੇ ਤੂੰ ਮੈਨੂੰ ਬਣਾਇਆ ਇਨਸਾਨ, ਕੁਝ ਦੇ ਦੇ ਪੀਣ ਖਾਣ, ਦੇਂਦਿਆਂ ਤੈਨੂੰ ਤੋਟ ਰਹੇ ਨਾ ਰਾਈਆ । ਉਸ ਨੇ ਕਿਹਾ ਰਵਿਦਾਸ ਤੂੰ ਅਜੇ ਅੰਞਾਣ, ਤੇਰਾ ਲਹਿਣਾ ਦੇਣਾ ਫੇਰ ਵਿਚ ਜਹਾਨ, ਜਿਸ ਵੇਲੇ ਬਣ ਕੇ ਮਹਿਮਾਨ ਤੇਰੇ ਦਰ ਤੇ ਆਈਆ। ਆਹ ਲੈ ਮੇਰਾ ਨਿਸ਼ਾਨ, ਇਕ ਰੰਬੀ ਤੇ ਇਕ ਆਰ, ਜਿਸ ਨਾਲ ਚਲੇ ਤੇਰਾ ਵਿਹਾਰ, ਇਹਨੂੰ ਬਦਲ ਨਾ ਲਈਂ ਜ਼ਿੰਦਗੀ ਵਿਚ
ਦੂਜੀ ਵਾਰ, ਬਿਨ ਇਸ ਦੇ ਤੇਰਾ ਕੰਮ ਨਾ ਕੋਇ ਚਲਾਈਆ। ਉਸ ਫੜ ਕੇ ਚਾਰ ਚੁਫੇਰੇ ਵੇਖਿਆ ਕਿਸ ਘੜੀ ਲੁਹਾਰ, ਕਿਸ ਹੱਥਾ ਬਣਾਇਆ ਤਰਖਾਣ, ਕਿਸ ਮੁੱਠੀ ਦਿਤੀ ਲਗਾਈਆ। ਓਹਦੇ ਵਿਚੋਂ ਇਕ ਅੱਖਰ ਮਿਲਿਆ ਜਿਸ ਉਤੇ ਲਿਖਿਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਤੇਰੇ ਉਤੇ ਦਇਆ ਕਮਾਈਆ। ਉਸ ਨੇ ਕਿਹਾ ਧੰਨ ਮਿਹਰਵਾਨ ਮਿਹਰਵਾਨ ਮਿਹਰਵਾਨ, ਤੇਰੀ ਬੇਪਰਵਾਹੀਆ। ਜਿਸ ਵੇਲੇ ਰੰਬੀ ਚੁਕ ਕੇ ਹੱਥ ਵਿਚ ਲੱਗਾ ਉਠਾਣ, ਓਹਨੂੰ ਆਇਆ ਇਕ ਗਿਆਨ, ਸੁਰਤੀ ਆਪਣੀ ਆਪ ਲਏ ਅੰਗੜਾਈਆ । ਅੰਦਰੋਂ ਆਵਾਜ਼ ਆਈ ਬਿਨਾ ਜ਼ਬਾਨ, ਉਚੀ ਉਚੀ ਕਰੇ ਕਲਾਮ, ਤੂੰ ਹੀ ਤੂੰ ਹੀ ਰਾਗ ਅਲਾਈਆ। ਰਵਿਦਾਸ ਚਾਰੋਂ ਕੁੰਟ ਮਾਰੇ ਧਿਆਨ, ਕੌਣ ਗਾਣਾ ਗਾਵੇ ਗਾਣ, ਨਜ਼ਰ ਨਾ ਆਵੇ ਕੋਈ ਇਨਸਾਨ, ਜੋ ਮੈਨੂੰ ਰਿਹਾ ਸੁਣਾਈਆ। ਓਨੇਂ ਚਿਰ ਨੂੰ ਹੌਲੀ ਜਿਹੀ ਸਿਰ ਵਿਚ ਇੰਞ ਕਰ ਕੇ ਧੱਪੜ ਮਾਰਿਆ ਪ੍ਰਭ ਨੇ ਆਣ, ਉਸ ਨੂੰ ਦਿਸ ਪਿਆ ਦੋ ਜਹਾਨ, ਅੰਦਰੋਂ ਖ਼ੁਸ਼ੀ ਤੇ ਬਾਹਰੋਂ ਨੇਤਰ ਨੀਰ ਵਹਾਣ, ਵਾਹ ਵਾਹ ਤੇਰੀ ਬੇਪਰਵਾਹੀਆ। ਪ੍ਰਭੂ ਨੇ ਕਿਹਾ ਚੁੱਪ ਨਾ ਬੋਲੀਂ ਜ਼ਬਾਨ, ਜੇ ਬੋਲਿਉਂ ਤੇ ਸ੍ਰਿਸ਼ਟੀ ਤੇ ਆ ਜਾਊ ਤੁਫ਼ਾਨ, ਦ੍ਰਿਸ਼ਟੀ ਕਿਸੇ ਦੀ ਸਾਬਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਸਦਾ ਆਪਣੀ ਵਡਿਆਈਆ। ਜਿਸ ਵੇਲੇ ਰਵਿਦਾਸ ਹੱਥ ਵਿਚ ਫੜੀ ਰੰਬੀ, ਰਾਮ ਰਹੀਮ ਨਜ਼ਰੀ ਆਈਆ । ਓਧਰੋਂ ਭੱਜੀ ਆ ਗਈ ਉਹਦੀ ਅੰਮੀਂ, ਜਿਸ ਨੇ ਧੱਕਾ ਦਿਤਾ ਲਾਈਆ। ਉਸਨੂੰ ਬੈਠਾ ਅਡੋਲ ਵੇਖ ਕੇ ਕੰਬੀ, ਹਾਏ ਸ਼ੁਦਾਈਆਂ ਤੋਂ ਪਰੇ ਹੋ ਗਿਆ ਸ਼ੁਦਾਈਆ। ਉਸਨੂੰ ਵੇਖ ਕੇ ਰਵਿਦਾਸ ਨੇ ਆਪਣਿਆਂ ਗੋਡਿਆਂ ਉਤੋਂ ਪਾੜ ਦਿਤੀ ਤੰਬੀ, ਜਾਮਾ ਲੀਰੋ ਲੀਰ ਵਖਾਈਆ । ਓਸ ਦੀ ਮਾਂ ਨੇ ਕਿਹਾ ਅੱਜ ਇਹਨੂੰ ਕੋਈ ਹੋਰ ਮਿਲ ਗਿਆ ਪਖੰਡੀ, ਜਿਹੜਾ ਉਲਟਾ ਰਾਹ ਗਿਆ ਵਖਾਈਆ। ਉਸ ਨੇ ਆਪਣੀ ਪਿਠ ਕਰ ਕੇ ਨੰਗੀ, ਪੁੱਠੇ ਹੱਥਾਂ ਦੀ ਪਿਛੇ ਦੁਹੱਥੜ ਦਿਤੀ ਲਾਈਆ। ਮੇਰੇ ਪ੍ਰਭ ਦੀ ਮੇਰੀ ਪਿਠ ਉਤੇ ਮੰਜੀ, ਸਿੰਘਾਸਣ ਸੋਹਣਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਰਵਿਦਾਸ ਹੱਥ ਵਿਚ ਫੜ ਲਈ ਆਰ, ਆਰ ਪਾਰ ਵੇਖ ਵਖਾਈਆ । ਜਿਸ ਦੀ ਨੋਕ ਉਤੇ ਸੋਹੰ ਧਾਰ, ਪਾਰਬ੍ਰਹਮ ਬ੍ਰਹਮ ਰਹੀ ਸਮਝਾਈਆ। ਓਸ ਉਲਟਾ ਕਰ ਕੇ ਤਕਿਆ ਨਜ਼ਰ ਆਇਆ ਨਿਹਕਲੰਕ ਕਲ ਕਲਕੀ ਅਵਤਾਰ, ਜੋ ਕਾਲਖ ਟਿੱਕੇ ਦਏ ਧਵਾਈਆ। ਰਵਿਦਾਸ ਨੇ ਓਸੇ ਵੇਲੇ ਰੰਬੀ ਨੂੰ ਕਰ ਕੇ ਨਿਮਸਕਾਰ, ਓਸ ਆਰ ਨਾਲ ਧੂੜੀ ਟਿੱਕਾ ਮਸਤਕ ਲਾਈ ਛਾਰ, ਥੋੜ੍ਹੀ ਜਿਹੀ ਅੰਦਰ ਦਿਤੀ ਖੁਭਾਈਆ। ਲਹੂ ਦੀ ਥਾਂ ਜੋਤ ਜਗੀ ਨਿਰੰਕਾਰ, ਨੂਰੋ ਨੂਰ ਡਗਮਗਾਈਆ। ਅੰਦਰੇ ਗੁਲਸ਼ਨ ਅੰਦਰੇ ਬਹਾਰ, ਅੰਦਰੇ ਮੁਰੀਦ ਅੰਦਰੇ ਮੁਰਸ਼ਦ ਦਏ ਦੀਦਾਰ, ਬਾਹਰੋਂ ਮਿਲਣ ਦੀ ਫ਼ੁਰਸਤ ਰਹੀ ਨਾ ਰਾਈਆ। ਫੇਰ ਸੋਚਿਆ ਕਿਸ ਕੰਮ ਆਵੇ ਰੰਬੀ ਇਹ ਆਰ, ਖ਼ਾਲੀ ਹੱਥਾਂ ਉਤੇ ਰਿਹਾ ਟਿਕਾਈਆ। ਓਨੇਂ ਚਿਰ ਨੂੰ ਅਬਿਨਾਸ਼ੀ ਕਰਤੇ ਕੰਨ ਤੋਂ ਫੜ ਕੇ ਹਲੂਣਾ ਦਿਤਾ ਮਾਰ, ਕਰ ਕੇ ਖ਼ਬਰਦਾਰ, ਉਠ ਵੇਖ ਦਿਲਦਾਰ, ਦਿਲ ਦਾ ਜਾਨੀ ਦਇਆ ਕਮਾਈਆ। ਔਹ ਆਦਿ ਸ਼ਕਤ ਖੜੀ ਨਾਰ ਮੁਟਿਆਰ, ਦੁਰਗਾ ਦੋਵੇਂ ਹੱਥ ਬੰਧੇ ਨੇਤਰ ਨੀਰ ਵਹਾਵੇ ਜ਼ਾਰੋ ਜ਼ਾਰ, ਲਾਲ ਭੂਸਣ ਤਨ ਪਹਿਨਾਈਆ। ਮੇਰੇ ਕੱਚੇ ਤੰਦ ਦੇ ਨਾਲ ਕਰ ਪਿਆਰ, ਜਿਸ ਦੀ ਗੰਢ ਪਵੇ ਜੁਗ ਚਾਰ, ਨੇਤਰ ਵੇਖ ਨਾ ਸਕੇ ਕੋਈ ਸੰਸਾਰ, ਬੰਧਨ ਧੁਰ ਦਾ ਦੇਵੇ ਪਾਈਆ। ਰਵਿਦਾਸ ਕਿਹਾ ਇਹਦੀ ਕੀ ਕ਼ੀਮਤ ਕਿਤਨਾ ਤੋਲਿਆਂ ਵਿਚ ਭਾਰ,
ਲੰਮਾਂ ਕਿੰਨਾਂ ਲਿਆ ਬਣਾਈਆ। ਉਹਨਾਂ ਕਿਹਾ ਇਹ ਧੁਰ ਦੀ ਸਵਾਣੀ ਲਿਆਈ ਕਰ ਕੇ ਤਿਆਰ, ਜਿਸ ਦਾ ਤੰਦ ਟੁੱਟੇ ਨਾ ਵਿਚ ਸੰਸਾਰ, ਜੋੜੇ ਗੰਢਦਾ ਰਹੋ ਜੁਗ ਚਾਰ, ਪਾਨਹੀ ਸਭ ਦੀ ਠੀਕ ਕਰਾਈਆ । ਇਹ ਓਨਾਂ ਚਿਰ ਰਹੇ ਤੇਰੇ ਨਾਲ, ਜਿੰਨਾਂ ਚਿਰ ਨਿਰਗੁਣ ਹੋ ਕੇ ਆਏ ਨਾ ਦੀਨ ਦਿਆਲ, ਤੇਰੇ ਮੰਦਰ ਅੰਦਰ ਬਹਿ ਕੇ ਵੇਖੇ ਤੇਰਾ ਹਾਲ, ਹਾਲਤ ਪਿਛਲੀ ਦਏ ਜਣਾਈਆ। ਅਗੋਂ ਫੇਰ ਰਵਿਦਾਸ ਨੇ ਕੀਤਾ ਸਵਾਲ, ਆਪਣੀ ਆਸ਼ਾ ਦਿਤੀ ਪਰਗਟਾਈਆ। ਇਹਨੂੰ ਮੈਂ ਰਖਣਾ ਕਿਥੇ ਸੰਭਾਲ, ਮੈਥੋਂ ਚੋਰ ਯਾਰ ਠਗ ਲੁਟ ਕੋਇ ਨਾ ਜਾਈਆ। ਆਦਿ ਸ਼ਕਤ ਕਿਹਾ ਤੂੰ ਆਪਣੇ ਖੱਬੇ ਚਰਨ ਦੇ ਅੰਗੂਠੇ ਨਾਲ ਮਾਰੀਂ ਵਲ ਚਾਰ, ਸਵਾ ਗਿਠ ਖਿੱਚ ਕੇ ਫੇਰ ਆਪਣੇ ਨਾਲ ਮੁਖ ਲਗਾਈਆ। ਇਹ ਦਿਵਸ ਰੈਣ ਵਧਦਾ ਰਹੇ ਦੁਗਣੇ ਤੋਂ ਚੌਗੁਣਾ ਜਿਸ ਦੀ ਗਿਣਤੀ ਦਾ ਨਹੀਂ ਸ਼ੁਮਾਰ, ਨਾਪਾਂ ਵਿਚ ਨਾਪ ਨਾ ਕੋਇ ਕਰਾਈਆ। ਦੁਰਗਾ ਕਿਹਾ ਮੈਂ ਆਪਣੀ ਹੱਥੀਂ ਵਟ ਦਿਉਂ ਚਾੜ੍ਹ, ਪਾਣੀ ਪਾਨਹੇ ਵਾਲਾ ਨਾਲ ਲਗਾਈਆ। ਓਧਰੋਂ ਆਵਾਜ਼ ਆਈ ਹਰਿ ਕਰਤਾਰ, ਸ਼ਬਦੀ ਰਾਗ ਸੁਣਾਈਆ। ਇਸ ਦੀ ਸੇਵਾ ਦੱਸਾਂ ਅਪਾਰ, ਹੁਕਮ ਨਾਲ ਲਗਾਈਆ । ਦਸਾਂ ਦਾ ਲੇਖਾ ਵੀਹਾਂ ਦਾ ਉਧਾਰ, ਝਟ ਇਸੇ ਨਾਲ ਲੰਘਾਈਆ। ਜਿਸ ਵੇਲੇ ਤੇਰਾ ਖੇੜਾ ਬੇੜਾ ਹੋਵੇ ਤਿਆਰ, ਵਿਹੜਾ ਖੁਲ੍ਹਾ ਦਿਆਂ ਵਖਾਈਆ । ਸਾਰੇ ਇਕੱਠੇ ਕਰ ਕੇ ਯਾਰ, ਯਰਾਨਾ ਨੁਰਾਨਾ ਜ਼ਿਮੀਂ ਅਸਮਾਨਾਂ ਤੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਜਿਸ ਵੇਲੇ ਰਵਿਦਾਸ ਨੇ ਰੰਬੀ ਦਾ ਉਤਲਾ ਵੇਖਿਅ ਹੱਥਾ, ਚੌੜੇ ਸਿਰ ਵਾਲਾ ਨਜ਼ਰੀ ਆਈਆ। ਉਸ ਦੇ ਵਿਚ ਨੌ ਸੌ ਚੁਰਾਨਵੇ ਅੱਖਾਂ, ਜੁਗ ਚੌਕੜੀ ਦਾ ਲੇਖਾ ਰਹੀਆਂ ਸਮਝਾਈਆ। ਨਾਲੇ ਦੱਸਣ ਉਹ ਰਵਿਦਸ ਤੂੰ ਅਜੇ ਨਿੱਕਾ ਜਿਹਾ ਬੱਚਾ, ਤਨ ਮਾਟੀ ਦਾ ਕੱਚਾ, ਤੈਨੂੰ ਨਹੀਂ ਪਤਾ ਕੀ ਕਰੇ ਤੇਰਾ ਬੇਪਰਵਾਹੀਆ । ਤੂੰ ਪਿਛਲਾ ਚੇਤਾ ਯਾਦ ਨਹੀਂ ਰੱਖਾ, ਜਿਸ ਵੇਲੇ ਹੋਇਆ ਸੈਂ ਸਨਮੁਖਾ, ਬ੍ਰਹਮੇਂ ਦਾ ਬੇਟਾ ਨਜ਼ਰੀ ਆਈਆ। ਹੁਣ ਮਿਲ ਗਿਉਂ ਫੇਰ ਮਸਾਂ ਮਸਾਂ, ਮੱਠ ਕਹੇ ਮੈਂ ਨਾਲ ਖ਼ੁਸ਼ੀਆਂ ਦੇ ਹੱਸਾਂ, ਦਿਲੋਂ ਜਾਣੀਂ ਮੈਂ ਤੇਰੇ ਨਾਲ ਵਸਾਂ, ਵਿਛੋੜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡੀ ਵਡਿਆਈਆ । ਹੱਥਾ ਕਹੇ ਇਸ ਰੰਬੀ ਦੀ ਵੇਖ ਪਿਛਲੀ ਤਰਫ਼, ਰਵਿਦਾਸ ਪਿਛੇ ਹੋ ਕੇ ਧਿਆਨ ਲਗਾਈਆ। ਜਿਸ ਦੇ ਉਤੇ ਲਿਖਿਆ ਇਕੋ ਹਰਫ਼, ਹੂਬਹੂ ਸੋਹੰ ਨਜ਼ਰੀ ਆਈਆ। ਉਸ ਦੇ ਉਤੇ ਲੱਗਾ ਸੀ ਇਕ ਸੋਹਣਾ ਜਿਹਾ ਵਰਕ, ਨਾ ਚਾਂਦੀ ਨਾ ਸੁਵਰਨ ਬਣੌਣ ਵਾਲਾ ਸੁਨਿਆਰ ਨਜ਼ਰ ਕੋਇ ਨਾ ਆਈਆ। ਨਾਲੇ ਲਿਖੀ ਸੀ ਓਸ ਦੇ ਉਤੇ ਇਹ ਸ਼ਰਤ, ਜਿਸ ਵੇਲੇ ਪਰਮ ਪੁਰਖ ਪਰਮੇਸ਼ਵਰ ਆਵੇ ਪਰਤ, ਮਾਣ ਵਡਿਆਈ ਦੇਵੇ ਉਤੇ ਧਰਤ, ਧਰਨੀ ਹੌਲਾ ਭਾਰ ਕਰਾਈਆ । ਜਨ ਭਗਤ ਸੁਹੇਲੇ ਹੁਕਮ ਨਾਲ ਲਏ ਵਰਜ, ਪੁੱਠੀ ਨਰਦ ਸਿੱਧੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਆਰ ਕਹੇ ਰਵਿਦਾਸ ਵੇਖ ਮੇਰੇ ਅਧ, ਅਧਵਾਟੇ ਬੈਠਾ ਧੁਰਦਰਗਾਹੀਆ। ਜਿਸ ਵੇਲੇ ਤੂੰ ਉਤੋਂ ਲਾਵੇਂ ਸੱਟ, ਥੱਲਿਉਂ ਦਏਂ ਦਬਾਈਆ। ਓਸ ਵੇਲੇ ਉਹਦੀ ਖੁਲ੍ਹੇ ਅੱਖ, ਤੇਰੇ ਵਲ ਧਿਆਨ ਲਗਾਈਆ। ਜੇ ਡੋਲਣ ਲਗੇਂ ਤੈਨੂੰ ਦੱਸ ਦੇਵੇ ਸਚ, ਝੂਠ ਕੰਮ ਕਿਸੇ ਨਾ ਆਈਆ। ਜੇ ਤੇਰਾ ਅੰਦਰੋਂ ਮਨ ਪਏ ਨਚ, ਫੜ ਕੇ ਮੂੰਹ ਦੇ ਭਾਰ ਸੁਟਾਈਆ। ਸਿਰ ਤੇ ਰਖ ਆਪਣਾ ਹੱਥ, ਹਥੇਲੀ ਤੇਰੇ ਨਾਲ ਘਸਾਈਆ। ਤੂੰ ਮੇਰਾ ਮੈਂ ਤੇਰੇ ਵਸ, ਜਹਾਨਾਂ ਮੈਦਾਨਾਂ ਪਵੇ ਨਾ ਕਦੇ ਜੁਦਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪਣੀ ਆਪ ਉਠਾਈਆ। ਦਸਤਾ ਕਹੇ ਮੇਰੇ ਉਤੇ ਵੇਖੋ ਚੜ੍ਹਿਆ ਛੱਲਾ, ਚਾਰ ਕੁੰਟ ਬੈਠਾ ਘੇਰਾ ਪਾਈਆ। ਉਹਦੇ ਅੰਦਰ ਵੇਖੀ ਉਹਦੀ ਰਾਣੀ ਅੱਲਾ, ਖੁਲ੍ਹੀ ਗੁੱਤ ਦੇਵੇ ਹਾਲ ਦੁਹਾਈਆ। . . . . . . . . . ਦਾਤਾ ਬੇਪਰਵਾਹੀਆ। ਉਸ ਨੇ ਸੱਤ ਰੰਗ ਨਿਸ਼ਾਨੇ ਦਾ ਮੇਰੇ ਵਲ ਸੁਟ ਦਿਤਾ ਪੱਲਾ, ਕੰਨੀ ਮੇਰੇ ਹੱਥ ਫੜਾਈਆ। ਓਧਰੋਂ ਆਦਿ ਸ਼ਕਤ ਪ੍ਰੇਮ ਦਾ ਪਾਣੀ ਲੈ ਆਈ ਛੰਨਾ, ਚਰਨੋਦਕ ਪ੍ਰਭ ਦਾ ਮੰਗ ਮੰਗਾਈਆ । ਤੇਰਾ ਵੀ ਹੋ ਜਾਏ ਭਲਾ, ਭਲਿਆ ਮਾਣਸਾ ਤੇਰੇ ਮੁਖ ਲਗਾਈਆ। ਰਵਿਦਾਸ ਕਿਹਾ ਇਸ ਦਾ ਕੀ ਫਲਾ, ਮੈਨੂੰ ਦੇ ਸਮਝਾਈਆ। ਓਨੇਂ ਚਿਰ ਨੂੰ ਪ੍ਰਭ ਦੇ ਚਰਨ ਕਵਲ ਦਾ ਨਜ਼ਰੀ ਆਇਆ ਤਲਾ, ਜਿਸ ਦੀ ਪਾਨਹੀ ਪਾਨਹੀ ਦਾ ਰੂਪ ਸਕੇ ਨਾ ਕੋਇ ਸਮਝਾਈਆ। ਨਾ ਕੋਈ ਜਾਣੇ ਢੋਰੀ ਬਣੇ ਕਿ ਖੱਲਾ, ਢੋਰਾਂ ਦਾ ਢੋਰ ਨਜ਼ਰ ਕੋਇ ਨਾ ਆਈਆ। ਰਵਿਦਾਸ ਕਿਹਾ ਇਹਵੀ ਕੂੜ ਛਲਾ, ਵਲ ਛਲਧਾਰੀ ਆਪਣੀ ਖੇਲ ਖਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਲੇਖੇ ਵਿਚ ਰਖਾਈਆ। ਰੰਬੀ ਕਹੇ ਉਹ ਵੇਖ ਆਪਣੀ ਫਟੀ ਚਾਦਰ, ਜਿਹੜੀ ਸੱਤਾਂ ਗੰਢਾਂ ਨਾਲ ਜੋੜ ਜੁੜਾਈਆ। ਸੱਤ ਰੰਗ ਦਾ ਮਾਲਕ ਉਤੇ ਬੈਠਾ ਕਰੀਮ ਕ਼ਾਦਰ, ਕਰਤਾ ਬੇਪਰਵਾਹੀਆ। ਤੈਨੂੰ ਦੇਵਣ ਆਇਆ ਆਦਰ, ਮਿਹਰ ਨਜ਼ਰ ਇਕ ਉਠਾਈਆ। ਫਿਰ ਆਵਾਜ਼ ਆਈ ਇਹ ਰਵੀ ਤੇਰੀ ਨਹੀਂ ਇਹ ਤੇਗ਼ ਬਹਾਦਰ ਦੀ ਚਾਦਰ, ਜਿਸ ਦਾ ਰਾਹ ਚਾਂਦਨੀ ਚੌਕ ਤਕਾਈਆ । ਜਿਸ ਦਾ ਸੁਤ ਹੋਣਾ ਉਜਾਗਰ, ਗੋਬਿੰਦ ਮਿਲੇ ਵਡਿਆਈਆ। ਉਸ ਨੇ ਮੰਨਣਾ ਮੇਰਾ ਆਰਡਰ, ਹੁਕਮੇ ਸੀਸ ਨਿਵਾਈਆ। ਲੇਖਾ ਚੁਕੌਣਾ ਮਕ਼ਤੂਲ ਕ਼ਾਤਲ, ਦੋ ਜਹਾਨਾਂ ਵੇਖ ਵਖਾਈਆ। ਫਿਰ ਦਰਸ਼ਨ ਦੇਵਾਂ ਬਾਤਨ, ਜ਼ਾਹਰ ਕਰਾਂ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਢੋਲੇ ਸਿਫ਼ਤੀ ਆਖਣ, ਆਖ਼ਰ ਓਹੋ ਰੂਪ ਵਟਾਈਆ । ਤੇਰਾ ਕਰ ਕੇ ਆਪਣਾ ਸਾਥਣ, ਧੁਰ ਦਾ ਸੰਗੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਗੰਮਾ ਆਪਣੇ ਹੱਥ ਰਖਾਈਆ। ਰਵਿਦਾਸ ਕਿਹਾ ਕਿਸ ਬਿਧ ਆਰ ਨਾਲ ਕਢਾਂ ਮੋਰੀ, ਉਤੇ ਭਾਰ ਰਖਾਈਆ। ਕਿਸ ਬਿਧ ਵੱਟਾਂ ਡੋਰੀ, ਸੋਹਣਾ ਵਟ ਚੜ੍ਹਾਈਆ। ਕਿਸ ਬਿਧ ਟੁੱਟਿਆਂ ਲਵਾਂ ਜੋੜੀ, ਮੇਲਾ ਦਿਆਂ ਮਿਲਾਈਆ। ਕਿਸ ਬਿਧ ਲਾਵਾਂ ਉਤੇ ਕੋਰੀ, ਆਪਣੀ ਸੇਵ ਕਮਾਈਆ। ਆਵਾਜ਼ ਆਈ ਐਵੇਂ ਨਾ ਕਰ ਬਹੁੜੀ ਬਹੁੜੀ, ਤੇਰਾ ਲੇਖਾ ਆਪੇ ਦਏ ਭੁਗਤਾਈਆ। ਕਿਸੇ ਆਏ ਨੂੰ ਨਾ ਮੋੜੀਂ, ਦਰ ਤੋਂ ਨਾ ਹੋੜੀਂ, ਪ੍ਰੇਮ ਨਾਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ । ਜਿਸ ਵੇਲੇ ਪਹਿਲੀ ਵਾਰ ਰਵਦਾਸ ਨੇ ਆਰ ਦੱਬੀ, ਸੁੱਕਾ ਚੰਮ ਪਿਆ ਕੁਰਲਾਈਆ। ਓਹ ਤੇਰੇ ਅੰਦਰ ਚਮਿਆਰਾ ਨੂਰ ਰੱਬੀ, ਕਿਉਂ ਮੋਇਆਂ ਨੂੰ ਮਾਰ ਮੁਕਾਈਆ। ਉਹ ਥਾਂ ਸੀ ਪਿਛਲਾ ਹਿਸਾ ਵਾਲਾ ਅੱਡੀ, ਜੋ ਸਖ਼ਤੀ ਨਾਲ ਸੁਣਾਈਆ। ਮੇਰੀ ਵਿਨ੍ਹ ਦਿਤੀ ਤਿੰਨਾਂ ਤਹਿਵਾਂ ਵਾਲੀ ਹੱਡੀ, ਦੁਖ ਨਾਲ ਦੁਖ ਦਿਤਾ ਮਿਲਾਈਆ। ਰਵਿਦਾਸ ਹੈਰਾਨ ਹੋ ਕੇ ਓਥੇ ਆਰ ਛੱਡੀ, ਇਹ ਸੇਵਾ ਨਾ ਮੈਨੂੰ ਭਾਈਆ। ਮੈਂ ਗੁਜ਼ਾਰਾ ਕਰ ਲਾਂ ਖਾ ਕੇ ਅੱਧੀ, ਅੱਧੀ ਨਾਲੋਂ ਅੱਧੀ ਆਪਣੇ ਨਾਲ ਰਖਾਈਆ। ਓਧਰੋਂ ਜੋਤ ਅਕਾਲਣ ਧਾਰ ਸ਼ਬਦ ਹੋ ਕੇ ਆਈ ਭੱਜੀ, ਹੌਲੀ ਜਿਹੀ ਕੰਨ ਵਿਚ ਦਿਤਾ ਸੁਣਾਈਆ। ਵੇਖੀਂ ਇਹ ਕਾਰ ਨਾ ਛੱਡੀਂ, ਇਹ ਸਾਹਿਬ ਹੁਕਮ ਗੁਸਾਈਂਆ। ਤੂੰ ਉਹਨੂੰ ਕਹਿ ਮੈਂ ਟੁੱਟਿਆਂ ਰਿਹਾ ਗੰਢੀ, ਦੁਖੀਆਂ ਦਾ ਦੁਖ ਪ੍ਰਭ ਦੀ ਝੋਲੀ ਪਾਈਆ। ਇਹ ਬਚਨ ਸੁਣ ਕੇ ਉਹ ਟੁੱਟੀ
ਪਾਨਹੀ ਹਸੀ, ਖ਼ੁਸ਼ੀ ਹੋ ਕੇ ਅੰਦਰ ਖ਼ੁਸ਼ੀ ਮਨਾਈਆ। ਇਹ ਗੱਲ ਸੱਚੀ ਜਿਹੜੀ ਓਸ ਸਵਾਣੀ ਦੱਸੀ, ਰਵਿਦਾਸ ਬੰਨ੍ਹੇ ਡੋਰੀ ਨਾਲ ਰੱਸੀ, ਹੱਥਾਂ ਨਾਲ ਖਿਚ ਕੇ ਜਾਵੇ ਕਸੀ, ਧੁਰ ਦੀ ਗੰਢ ਪਵਾਈਆ। ਓਨੇ ਚਿਰ ਨੂੰ ਉਹਦੀ ਪੀੜ ਹੋ ਗਈ ਮੱਠੀ, ਫੇਰ ਚਰਨਾਂ ਉਤੇ ਢੱਠੀ, ਮੈਨੂੰ ਦੱਸ ਉਹ ਕਿਹੜੀ ਸੂਤਰ ਵਾਲੀ ਅੱਟੀ, ਜਿਸ ਦੇ ਵਿਚੋਂ ਤੰਦ ਖਿਚਾਈਆ। ਮੈਂ ਵੇਖਾਂ ਉਹ ਹੱਟੀ, ਜਿਥੋਂ ਮਿਲਦੀ ਇਹ ਖੱਟੀ, ਜਿਸ ਦੇ ਨਾਲ ਆਪਣੀ ਕਾਰ ਕਮਾਈਆ। ਰਵਿਦਾਸ ਕਿਹਾ ਓਹ ਕਮਲੀਏ ਇਹ ਪ੍ਰਭ ਦੀ ਰਤੀ ਸਮਝ ਨਾ ਸਕੇ ਮਤੀ, ਤੂੰ ਸਮਝ ਨਾ ਸਕੀ ਸਖ਼ੀ, ਕਿਉਂ ਤੇਰਾ ਕਾਹਨ ਤੈਨੂੰ ਨਜ਼ਰ ਨਾ ਆਈਆ। ਜਿਸ ਵੇਲੇ ਮੇਰੇ ਪ੍ਰਭ ਦਾ ਦਰਸ਼ ਪਾਵੇਂ ਅੱਖੀਂ, ਤੂੰ ਨੰਗੇ ਪੈਰੀਂ ਆਵੇਂ ਨੱਠੀ, ਤੈਨੂੰ ਭੁਲ ਜਾਏ ਆਪਣੀ ਖੱਟੀ, ਤੇਰੇ ਹਿਰਦੇ ਉਤੋਂ ਆਪੇ ਪਾਗ਼ਲਾਂ ਵਾਲੀ ਖੁਲ੍ਹ ਜਾਏ ਪੱਟੀ, ਦੁਹਾਗਣ ਵੈਰਾਗਣ ਹੋ ਕੇ ਦਏ ਦੁਹਾਈਆ। ਇਹ ਗੱਲ ਸੱਚੀ ਪਾਨਹੀ ਕਹੇ ਕਿ ਪੱਕੀ, ਉਸ ਨੇ ਕਿਹਾ ਹਾਂ ਹੋਰ ਕਿਸੇ ਨਾ ਦੱਸੀਂ, ਤੇਰਾ ਦੱਸਿਆ ਕੰਮ ਕਿਸੇ ਨਾ ਆਈਆ। ਜਿੰਨਾਂ ਚਿਰ ਮੈਂ ਨਾ ਦੇਵਾਂ ਮਤੀ, ਉਨਾ ਚਿਰ ਵਾ ਨਾ ਲਗੇ ਤੱਤੀ, ਕੋਈ ਦਰਸ ਪਾਵੇ ਨਾ ਅੱਖੀਂ, ਹਕ਼ੀਕ਼ਤ ਮਿਲੇ ਕਿਸੇ ਨਾ ਹਕੀ, ਹਾਕਮ ਰੋਂਦੇ ਮਾਰਨ ਧਾਹੀਆ। ਜਿਨ੍ਹਾਂ ਦਾ ਮਾਲਕ ਬਣਿਆ ਧੁਰ ਦਾ ਪਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰਵਿਦਾਸ ਨੇ ਜਿਸ ਵੇਲੇ ਰੰਬੀ ਦਾ ਪਾਇਆ ਚੀਰ, ਟੁਕੜਾ ਢਾਈ ਉਂਗਲਾ ਦਾ ਪਰੇ ਹਟਾਈਆ। ਉਹ ਗ਼ਰੀਬਾਂ ਦੀ ਜੁੱਤੀ ਕਹੇ ਹਾਏ ਮੈਨੂੰ ਹੋਈ ਪੀੜ, ਹੋਕਾ ਦੇ ਕੇ ਰਹੀ ਸੁਣਾਈਆ। ਓਹ ਗ਼ਰੀਬਾਂ ਨੂੰ ਦੇ ਕੇ ਅੱਧ ਵਿਚੋਂ ਚੀਰ, ਦੋ ਟੁਕੜੇ ਦਿਤੇ ਕਰਾਈਆ। ਨਹੀਂ, ਤਲੇ ਕਿਹਾ ਕੋਈ ਸੂਫ਼ੀਆਂ ਵਰਗਾ ਫ਼ਕੀਰ, ਸੁਫ਼ਨੇ ਵਿਚ ਪਾਰ ਲੰਘਾਈਆ। ਪਤਾ ਨਹੀਂ ਇਸ ਮੈਨੂੰ ਕਰਨਾਂ ਲੀਰੋ ਲੀਰ, ਮੇਰਾ ਅੰਗ ਅੰਗ ਕਟਾਈਆ । ਨਾਲੇ ਰੋਵੇ ਨਾਲੇ ਨੇਤਰ ਵਹਾਵੇ ਨੀਰ, ਹੰਝੂਆਂ ਜਲਧਾਰ ਬੰਧਾਈਆ। ਰਵਿਦਾਸ ਨੇ ਓਸੇ ਵੇਲੇ ਜੁੱਤੀ ਦੇ ਚਾਰ ਤਰਫ਼ ਮਾਰ ਦਿਤੀ ਲਕੀਰ, ਰੰਬੀ ਚਾਰੋਂ ਤਰਫ਼ ਘੁੰਮਾਈਆ। ਓਸੇ ਵੇਲੇ ਆ ਗਈ ਧੀਰ, ਕਹੇ, ਹੈਂ ! ਇਹ ਕੀ ਤੇਰੀ ਵਡਿਆਈਆ। ਓਸ ਨੇ ਕਿਹਾ ਗ਼ਰੀਬਾਂ ਨੂੰ ਵੇਖ ਕੇ ਮੇਰਾ ਪ੍ਰਭੂ ਹੋਵੇ ਦਿਲਗੀਰ, ਨਿਰਾਲੇ ਕਰ ਕੇ ਸੇਵ ਕਮਾਈਆ। ਮੈਂ ਨੀਚਾਂ ਦਾ ਨੀਚ, ਜ਼ਾਤ ਕਮੀਨੀ ਵਿਚ ਜਨਮ ਆਪਣਾ ਲਿਆ ਬਦਲਾਈਆ । ਬਿਨਾ ਮੇਰੇ ਪ੍ਰਭ ਤੋਂ ਸੁਣੀ ਨਹੀਂ ਜਾਂਦੀ ਦੁਖੀਆ ਦੀ ਚੀਕ, ਜੋ ਓਸ ਦੇ ਦੁਖ ਵਿਚ ਰਹੇ ਕੁਰਲਾਈਆ। ਉਹ ਭਗਤਾਂ ਨੂੰ ਸਦਾ ਰਿਹਾ ਉਡੀਕ, ਨੇਤਰ ਨੈਣ ਅੱਖ ਖੁਲ੍ਹਾਈਆ। ਕੋਈ ਕਰਕੇ ਵੇਖੋ ਪ੍ਰੀਤ, ਅੰਦਰੋਂ ਬਾਹਰੋਂ ਕਰ ਦਏ ਠਾਂਡਾ ਸੀਤ, ਸਤਿ ਸਤਿ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੀਰਜ ਧੀਰ ਰਿਹਾ ਵਖਾਈਆ। ਜਿਸ ਵੇਲੇ ਰੰਬੀ ਦੀ ਅਗਲੀ ਲੱਗੀ ਨੋਕ, ਥੋੜ੍ਹਾ ਮੁਖ ਛੁਹਾਈਆ। ਓਸ ਵੇਲੇ ਜਾਗ ਪਏ ਚੌਦਾਂ ਲੋਕ, ਚੌਦਾਂ ਤਬਕ ਲੈਣ ਅੰਗੜਾਈਆ। ਰਵਿਦਾਸ ਨੇ ਗਾਇਆ ਅੰਦਰੋਂ ਸੋਹੰ ਸਲੋਕ, ਤੂੰ ਮੇਰਾ ਮੈਂ ਤੇਰਾ ਸਦਾ ਚਲਾਂ ਤੇਰੀ ਰਜ਼ਾਈਆ। ਪੁਰਖ ਅਕਾਲ ਕਿਹਾ ਤੂੰ ਨਾ ਜਾਣੇਂ ਤੂੰ ਮੇਰਾ ਮੈਂ ਤੇਰੀ ਜੋਤ, ਜੋਤ ਨਾਲ ਮੇਰੀ ਰੁਸ਼ਨਾਈਆ। ਅੰਦਰ ਵੜ ਕੇ ਵੇਖ ਤੇਰੀ ਮੇਰੀ ਇਕੋ ਗੋਤ, ਦੂਜਾ ਬਰਨ ਨਾ ਕੋਈ ਬਣਾਈਆ। ਮੈਨੂੰ ਐਂ ਜਾਪਦਾ ਰਵਿਦਾਸਾ ਕਦੇ ਤੇਰੇ ਨਾਲ ਮਿਲ ਕੇ ਮਾਨਣੀ ਮੌਜ, ਮਜਲਸ ਭਗਤਾਂ ਵਿਚ ਲਗਾਈਆ। ਫੇਰ ਓਥੇ ਕਰਾਂਗੇ ਕੋਈ ਹੋਰ ਸੋਚ, ਜਿਸ ਬਿਧ ਨਾਲ ਕਲਜੁਗ ਸਤਿਜੁਗ ਰੂਪ ਵਟਾਈਆ। ਰਵਿਦਾਸ ਕਿਹਾ ਮੈਂ ਕੀ ਜਾਣਾਂ ਤੇਰੀ ਖੋਜ, ਤੂੰ ਖੋਜਿਆਂ ਹੱਥ ਕਿਸੇ
ਨਾ ਆਈਆ। ਪੁਰਖ ਅਕਾਲ ਕਿਹਾ ਮੈਂ ਨਿਤ ਦਰਸ਼ਨ ਦੇਵਾਂ ਰੋਜ਼, ਤੇਰੇ ਦਰਸ ਦੀ ਰੋਜ਼ੀ ਆਪਣਾ ਉਧਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜਿਸ ਵੇਲੇ ਰੰਬੀ ਨੇ ਕੀਤਾ ਟੁਕੜਾ, ਹਿੱਸਾ ਦਿਤਾ ਵੰਡਾਈਆ। ਓਸ ਵੇਲੇ ਆਵਾਜ਼ ਆਈ ਚਾਰੇ ਨੁੱਕਰਾ, ਨੁਕ਼ਤਿਆਂ ਨਾਲ ਸਮਝਾਈਆ। ਵਾਹ ਮੇਰੇ ਪੁੱਤਰਾ, ਮੇਰੀ ਪਤ ਰਖਣੀ, ਬੋਲਿਆ ਧੁਰਦਰਗਾਹੀਆ। ਰਵਿਦਾਸ ਕਿਹਾ ਮੈਂ ਤੇਰੇ ਕੁਛੜੋਂ ਕਦੇ ਨਾ ਉਤਰਾਂ, ਬਾਲਕ ਹੋ ਕੇ ਗੋਦੀ ਵਿਚ ਸੋਭਾ ਪਾਈਆ। ਪੁਰਖ ਅਕਾਲ ਕਿਹਾ ਮੈਂ ਵੀ ਕੀਤੇ ਇਕ਼ਰਾਰ ਤੋਂ ਕਦੇ ਨਾ ਮੁਕਰਾਂ, ਲਹਿਣਾ ਜੁਗ ਜੁਗ ਝੋਲੀ ਪਾਈਆ। ਸਮੇਂ ਸਿਰ ਇਹੋ ਜਿਹਾਂ ਪੁੱਤਰਾਂ, ਪੁਖ਼ਤਾ ਆਪਣਾ ਰੰਗ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਆਪਣੇ ਹੱਥ ਰਖਾਈਆ। ਇਕ ਦਿਨ ਰੰਬੀ ਨੇ ਟੁਕੜੇ ਕੀਤੇ ਤਿੰਨ, ਤਿੰਨੇ ਰਹੇ ਕੁਰਲਾਈਆ। ਜੇ ਸਾਨੂੰ ਰੱਬ ਦਾ ਨਜ਼ਰ ਆਵੇ ਚਿੰਨ੍ਹ, ਉਸ ਨੂੰ ਫੜ ਕੇ ਦਈਏ ਸਮਝਾਈਆ। ਕਿਉਂ ਸਾਨੂੰ ਰੰਬੀਆਂ ਆਰਾਂ ਨਾਲ ਰਿਹਾਂ ਵਿੰਨ੍ਹ, ਦੁਖੀਆਂ ਨੂੰ ਦੁਖ ਨਾਲ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ । ਰੰਬੀ ਆਰ ਕਹੇ ਮੈਨੂੰ ਐਂ ਜਾਪਦੀ, ਪ੍ਰਭ ਕੁਛ ਅਗਲਾ ਲੇਖਾ ਰਿਹਾ ਜਣਾਈਆ। ਜਿਸ ਵੇਲੇ ਕਲਜੁਗ ਸ੍ਰਿਸ਼ਟੀ ਭਰਨੀ ਪਾਪ ਦੀ, ਦੁਰਮਤ ਰੰਗ ਰੰਗਾਈਆ । ਮਦਦ ਮੁਕਣੀ ਗੁਰ ਅਵਤਾਰ ਪੀਰ ਪੈਗ਼ੰਬਰ ਸਾਥ ਦੀ, ਸਗਲਾ ਸੰਗ ਨਾ ਕੋਇ ਬਣਾਈਆ। ਪਤ ਰਹਿਣੀ ਨਾ ਤੀਰਥ ਤਾਟ ਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪਰਦਾ ਰਹਿਣ ਕੋਈ ਨਾ ਪਾਈਆ। ਸਮਝ ਮੁਕਣੀ ਰਸੂਲ ਪਾਕ ਦੀ, ਖ਼ਾਕੀ ਬੰਦੇ ਦੇਣ ਦੁਹਾਈਆ। ਨਿਮਾਜ਼ ਮੁਕਣੀ ਸਚ ਮਹਿਰਾਬ ਦੀ, ਮਹਿਬੂਬ ਮਿਲਣ ਕੋਇ ਨਾ ਆਈਆ। ਮੁਲਾਕਾਤ ਚੁਕਣੀ ਵਾਹਦ ਜਨਾਬ ਦੀ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਵਡਿਆਈ ਮੁਕਣੀ ਸਚ ਆਦਾਬ ਦੀ, ਧੁਰ ਸਲਾਮ ਨਾ ਕੋਇ ਕਰਾਈਆ। ਲੜੀ ਟੁਟਣੀ ਸਾਚੇ ਸਤਿਨਾਮ ਦੀ, ਰਾਮ ਰਾਮ ਹਿਰਦੇ ਨਾ ਕੋਇ ਵਸਾਈਆ। ਖੇਲ ਮੁਕਣੀ ਦੀਨ ਮਜ਼੍ਹਬ ਸ਼ੈਤਾਨ ਦੀ, ਜ਼ਾਤ ਪਾਤ ਦਏ ਗਵਾਈਆ। ਐਉਂ ਭਾਸੇ, ਰਵਿਦਾਸਾ, ਓਸ ਵੇਲੇ ਲੋੜ ਪੈਣੀ ਸੋਹੰ ਜਾਪ ਦੀ, ਤੇਰੇ ਅੰਦਰ ਦੀ ਧਾਰ ਤੇਰੀ ਕ਼ਲਮ ਦਾ ਪਿਆਰ ਤੇਰੇ ਅੱਖਰਾਂ ਦਾ ਵਿਸਥਾਰ ਰਿਹਾ ਜਣਾਈਆ। ਰਵਿਦਾਸ ਕਿਹਾ ਚੁਪ ਰੌਲਾ ਨਾ ਪਾ ਵਿਚ ਸੰਸਾਰ, ਇਹ ਹੁਕਮ ਦਿਤਾ ਮੇਰੇ ਯਾਰ, ਜਿਸ ਵੇਲੇ ਖੇਲ ਕਰਾਂ ਬਣ ਕਰਤਾਰ, ਨਿਰੰਕਾਰ ਹੋ ਕੇ ਤੇਰਾ ਆਕਾਰ ਦੇਵਾਂ ਪਰਗਟਾਈਆ। ਮੇਰੇ ਸ਼ਬਦਾਂ ਦਾ ਇਸ਼ਤਿਹਾਰ, ਦੋ ਜਹਾਨ ਕਰੇ ਖ਼ਬਰਦਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਿਆਂ ਜਗਾਈਆ। ਭਗਤ ਸੁਹੇਲੇ ਉਠਾ ਕੇ ਵਾਰੋ ਵਾਰ, ਖਿਚ ਕੇ ਲਿਆਵਾਂ ਚਰਨ ਦਵਾਰ, ਜਿਥੇ ਬੈਠਾ ਸਰਦਾਰਾਂ ਦਾ ਸਰਦਾਰ, ਤਖ਼ਤ ਨਿਵਾਸੀ ਗਹਿਰ ਗੰਭੀਰ ਬੇਨਜ਼ੀਰ ਆਸਣ ਲਾਈਆ। ਜਿਸ ਦਾ ਕਿਸੇ ਨਹੀਂ ਕੀਤਾ ਇਤਬਾਰ, ਅਗੇ ਗੁਰਮੁਖ ਕਰ ਕੇ ਜਾਏ ਹੁਸ਼ਿਆਰ, ਹੁਸ਼ਿਆਰੀ ਆਪਣੇ ਨਾਲ ਰਖਾਈਆ। ਚਰਨ ਪ੍ਰੀਤੀ ਬਖ਼ਸ਼ ਪਿਆਰ, ਆਤਮ ਅਤੀਤੀ ਕਰੇ ਆਧਾਰ, ਨੀਤੀ ਵਿਚੋਂ ਨੀਤੀ ਦਏ ਬਦਲਾਈਆ। ਰੰਬੀ ਕਹੇ ਫੇਰ ਸਾਡਾ ਕੀ ਵਿਹਾਰ, ਜੇ ਤੂੰ ਨਾ ਰਿਹੋਂ ਚਮਿਆਰ, ਅਸੀਂ ਕਿਹੜੀ ਕਰੀਏ ਕਾਰ, ਸਾਨੂੰ ਦੇ ਸਮਝਾਈਆ । ਰਵਿਦਾਸ ਕਿਹਾ ਮੇਰਾ ਪ੍ਰਭੂ ਹੋਵੇ ਦਿਆਲ, ਤੁਹਾਨੂੰ ਮਾਰਗ ਦਏ ਸਿਖਾਲ, ਪ੍ਰਤੱਖ ਵਖਾ ਕੇ ਆਪਣੇ ਲਾਲ, ਨੇਤਰ ਨੈਣ ਅੱਖ ਖੁਲ੍ਹਾਈਆ। ਤੁਸਾਂ ਸੇਵਾ ਕਰਨੀ ਵਾਰੋ ਵਾਰ, ਅੰਦਰ ਵੜ ਕੇ ਚੋਭੇ ਦੇਣੇ ਮਾਰ, ਆਰ ਤੇਰੀ ਇਹ ਵਡਿਆਈਆ। ਰੰਬੀ ਤੂੰ ਕੂੜ ਕੁੜਿਆਰਾ
ਦੇਣਾ ਪਾੜ, ਅੰਦਰ ਸਾਫ਼ ਕਰਨੀ ਬਹੱਤਰ ਨਾੜ, ਬਾਹਰ ਕਢਣਾ ਕਰੋਧ ਹੰਕਾਰ, ਸ਼ੈਤਾਨ ਤੇਰੇ ਹੁੰਦਿਆ ਰਹਿਣ ਕੋਇ ਨਾ ਪਾਈਆ। ਡੋਰੀ ਤੂੰ ਮਿਲੌਣਾ ਓਸ ਸਾਂਝੇ ਯਾਰ, ਜਿਸ ਦੀ ਗੰਢ ਰਹੇ ਜੁਗ ਚਾਰ, ਜਿਸ ਦਾ ਵਿਛੋੜਾ ਮਿਲ ਕੇ ਵਿਛੋੜਿਆਂ ਵਿਚੋਂ ਬਾਹਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣੇ ਨਾਲ ਸਮਝਾਈਆ। ਰੰਬੀ ਕਿਹਾ ਕਿਸ ਬਿਧ ਵੜਾਂ ਅੰਦਰ, ਗੁਰਮੁਖਾਂ ਡੇਰਾ ਲਾਈਆ। ਆਰ ਕਿਹਾ ਕਿਸ ਬਿਧ ਜਾਵਾਂ ਅੰਧੇਰੀ ਕੰਦਰ, ਆਪਣਾ ਫੇਰਾ ਪਾਈਆ। ਰਵਿਦਾਸ ਕਿਹਾ ਜਿਸ ਵੇਲੇ ਉਹ ਸਮਾਂ ਆਇਆ ਮੇਰਾ ਸਾਹਿਬ ਚਾਰ ਤਰਫ਼ ਦੇ ਖੋਲ੍ਹ ਦੇਵੇ ਜੰਦਰ, ਗੁਰਮੁਖਾਂ ਦਾ ਸਿੱਧਾ ਰਾਹ ਚਾਰੋਂ ਕੁੰਟ ਰਖਾਈਆ। ਸਚਖੰਡ ਕੀ ਪ੍ਰਭੂ ਨੇ ਵਾੜਨੇ ਡੰਗਰ, ਕੀ ਢੋਰਾਂ ਖਲ ਟੰਗਾਈਆ। ਕੀ ਪ੍ਰਭੂ ਨੇ ਉਥੇ ਕੋਈ ਨਚੌਣੇ ਬੰਦਰ, ਜੋ ਮਨ ਵਾਸਨਾ ਵਿਚ ਭੱਜਣ ਵਾਹੋ ਦਾਹੀਆ। ਕੀ ਓਥੇ ਲਟਕੌਣੇ ਸੂਰਜ ਚੰਦਰ, ਜੋ ਹੁਕਮੇ ਅੰਦਰ ਦੇਣ ਰੁਸ਼ਨਾਈਆ। ਸਚ ਪੁਛੋ, ਓਥੇ ਭਗਤ ਸੁਹੇਲੇ ਸਦਾ ਦਵਾਰ ਤੇ ਮੰਗਣ, ਪ੍ਰੇਮ ਝੋਲੀ ਅਗੇ ਡਾਹੀਆ। ਜਿਨ੍ਹਾਂ ਨੂੰ ਲੋਕਮਾਤ ਆਏ ਸੱਦਣ, ਸੱਦਾ ਹੁਕਮ ਸੁਣਾਈਆ। ਫੇਰ ਉਹ ਇਸ ਡੋਰੀ ਵਿਚ ਬੱਝਣ, ਜਿਹੜੀ ਰਵਿਦਾਸ ਚੁਮਾਰੇ ਹੱਥ ਫੜਾਈਆ। ਅੱਠੇ ਪਹਿਰ ਰਹਿਣ ਮਗਨ, ਅੰਤਰ ਆਤਮ ਇਕ ਲਿਵ ਲਾਈਆ । ਜੇ ਕੋਈ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਰਾਜਿਆਂ ਦਾ ਰਾਜਾ ਮੇਰੇ ਭਗਤ ਨੂੰ ਆਪਣੀ ਬੇਟੀ ਦਾ ਦੇਣ ਆਵੇ ਸਗਣ, ਮੇਰਾ ਭਗਤ ਧੱਕੇ ਨਾਲ ਪਰੇ ਸੁਟਾਈਆ । ਮੈਨੂੰ ਓਸ ਦੀ ਲਗੀ ਲਗਨ, ਜਿਹੜਾ ਅੰਦਰ ਬਾਹਰ ਸੇਜ ਹੰਢਾਈਆ। ਮੈਂ ਆ ਕੇ ਓਸ ਮਾਹੀ ਦੇ ਪਤਣ, ਆਪਣਾ ਪਤਾ ਦਿਤਾ ਗਵਾਈਆ। ਭਗਤ ਕਹੇ ਮੈਂ ਇਕੋ ਜਾਣਿਆ ਇਕੋ ਮੇਰਾ ਸੱਜਣ, ਬਾਕੀ ਝੂਠੀ ਜਗਤ ਲੋਕਾਈਆ। ਜੋ ਭਗਤਾਂ ਭੱਜਾ ਆਇਆ ਲੱਭਣ, ਦਾਤਾ ਦਾਨ ਆਇਆ ਵੰਡਣ, ਚਾਰੋਂ ਕੁੰਟ ਵੇਖ ਵਖਾਈਆ। ਟੁੱਟੀ ਆਇਆ ਗੰਢਣ, ਆਪਣੀ ਪਿਠ ਬਦਲਾਈਆ। ਕਰਵਟ ਲੈ ਕੇ ਗੁਰਮੁਖਾਂ ਦੇ ਅੰਦਰ ਆਇਆ ਲੰਘਣ, ਵੱਡਿਉਂ ਨਿੱਕਾ ਰੂਪ ਵਟਾਈਆ। ਜਨਮ ਕਰਮ ਦੇ ਤੋੜਨ ਆਇਆ ਬੰਧਨ, ਬੰਦੀਖ਼ਾਨਾ ਦਏ ਗਵਾਈਆ । ਪ੍ਰੇਮ ਰਸ ਦਾ ਦੇਵੇ ਅਨੰਦਨ, ਅਨੰਦ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਦਾਤਾ ਬੇਪਰਵਾਹੀਆ। ਰੰਬੀ ਕਹੇ ਮੈਂ ਹੁੰਗਾਰਾ ਦੇਵਾਂ ਨਾਲ ਹੂੰ, ਹੌਲੀ ਜਿਹੀ ਸੁਣਾਈਆ। ਜਿਸ ਵੇਲੇ ਆਵੇਂ ਪ੍ਰਭ ਤੂੰ, ਤੂੰਹੀ ਤੂੰਹੀ ਰਾਗ ਸਰਬ ਸੁਣਾਈਆ। ਭਗਤਾਂ ਦੀ ਲੰਘੇ ਬਿਨਾ ਸਰਦਲ ਵਾਲੀ ਬਰੂਹ, ਜਿਸ ਦਾ ਦਰਵਾਜ਼ਾ ਆਪਣੇ ਹੁਕਮ ਨਾਲ ਖੁਲ੍ਹਾਈਆ। ਓਸ ਮੰਦਰ ਅੰਦਰ ਵੜ ਕੇ ਪਏਂ ਕੂ, ਜਿਥੇ ਕੂਕ ਫ਼ਰਿਆਦ ਸੁਣਨ ਵਾਲਾ ਨਜ਼ਰ ਕੋਇ ਨਾ ਆਈਆ। ਜੇ ਭਗਤ ਲੱਭਣ ਤੇ ਨਜ਼ਰ ਆਵੇਂ ਹੂਬਹੂ, ਹੁਲੀਆ ਆਪਣਾ ਫੇਰ ਬਦਲਾਈਆ। ਪਾਕ ਕਰ ਕੇ ਬੁਤ ਰੂਹ, ਦੇਵੇਂ ਮਾਣ ਵਡਿਆਈਆ। ਭਗਤ ਉਧਾਰਨਾ ਪੰਜਾਬੀ ਲੱਛਣ ਕਰਨਾ ਛੂਹ, ਇਸ਼ਾਰੇ ਨਾਲ ਪਾਰ ਲੰਘਾਈਆ। ਅਸਾਂ ਵੇਖਿਆ ਤੂੰ ਝਟ ਬਦਲ ਦਿਤਾ ਧਰੂ, ਸਵਰਨ ਦਿਤੀ ਵਡਿਆਈਆ। ਬ੍ਰਹਮਾ ਪਾ ਕੇ ਆਪਣੇ ਵੱਡੇ ਖੂਹ, ਪਾਲ ਸਿੰਘ ਪਾਲਕੀ ਦਿਤਾ ਚੜ੍ਹਾਈਆ। ਸ਼ੰਕਰ ਆਪਣੀ ਧਾਰ ਪਰੋ, ਜਗਤ ਜਗਦੀਸ਼ ਹੁਕਮ ਮਨਾਈਆ। ਇੰਦ ਇੰਦਰਾਸਣ ਰਹੀ ਨਾ ਲੋ, ਸਿੰਘਾਸਣ ਗਿਆ ਤਜਾਈਆ। ਹੁਕਮੇਂ ਅੰਦਰ ਬਿਠਾਏ ਓਹ, ਜਿਸ ਬਾਲੇ ਮਿਲੀ ਵਡਿਆਈਆ। ਭਗਤਾਂ ਬਖ਼ਸ਼ ਕੇ ਮੋਹ, ਮੁਹੱਬਤ ਨਾਤੇ ਰਿਹਾ ਜੁੜਾਈਆ। ਪਾਲ ਸਿੰਘਾ ਯਾਦ ਈ ਸੋਲਾਂ ਮੱਘਰ
ਓਹ, ਵੀਹ ਸੌ ਦਸ ਬਿਕ੍ਰਮੀ ਜਿਸ ਵੇਲੇ ਆਦਿ ਸ਼ਕਤ ਦੁਰਗਾ ਅਸ਼ਟਮ ਕਾਲਕਾ ਕਮਲੀ ਤੇਰੇ ਸਾਹਮਣੇ ਹੋ ਕੇ ਰੋ ਰੋ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚਾਦਰ ਟੁੱਟੀ ਹੋਈ ਕਹੇ ਮੈਂ ਬਣ ਗਈ ਫੂੜ੍ਹੀ, ਰਵਿਦਾਸ ਹੱਥਾਂ ਲਈ ਦਬਾਈਆ। ਇਕ ਦਿਨ ਮੈਂ ਉਹਦੇ ਤੋਂ ਮੰਗੀ ਮਜ਼ਦੂਰੀ, ਮੇਰਾ ਲੇਖਾ ਦੇ ਮੁਕਾਈਆ। ਓਸ ਨੇ ਕਿਹਾ ਮੈਂ ਦੇਵਾਂ ਜ਼ਰੂਰੀ, ਕ਼ਰਜ਼ਾ ਪਿਛਲਾ ਦਿਆਂ ਮੁਕਾਈਆ। ਇਕ ਦਿਨ ਉਹ ਢਿੱਡੋਂ ਭੁੱਖਾ ਓਹਦੇ ਮੋਢੇ ਉਤੇ ਕਾਲੀ ਸੀ ਭੂਰੀ, ਉਹ ਵੀ ਉਤੋਂ ਲਾਹ ਕੇ ਮੇਰੇ ਉਤੇ ਦਿਤੀ ਪਾਈਆ। ਨੰਗਾ ਹੋ ਕੇ ਪੈਰੋਂ ਬਹਿ ਗਿਆ ਇਹ ਵੀ ਮੇਰੀ ਮਜ਼ਬੂਰੀ, ਖ਼ਾਲੀ ਹੱਥ ਦਏ ਵਖਾਈਆ। ਓਨੇ ਚਿਰ ਨੂੰ ਇਹ ਹਾਲਤ ਵੇਖ ਕੇ ਰੋ ਪਈ ਫੂੜ੍ਹੀ, ਫੁਰਨਿਆਂ ਵਿਚ ਦਏ ਦੁਹਾਈਆ। ਰਵਿਦਾਸਾ ਤੇਰੀ ਕਿਹਦੇ ਨਾਲ ਯਾਰੀ ਗੂੜ੍ਹੀ, ਜਿਸ ਨੇ ਸਬਰ ਪਿਆਲਾ ਦਿਤਾ ਪਿਆਈਆ। ਓਸੇ ਵੇਲੇ ਪ੍ਰਭ ਨੇ ਦਰਸ਼ਨ ਦਿਤਾ ਹਾਜ਼ਰ ਹਜ਼ੂਰੀ, ਸਨਮੁਖ ਹੋ ਕੇ ਨਜ਼ਰੀ ਆਈਆ। ਸ੍ਰੀ ਭਗਵਾਨ ਨੇ ਇਸੇ ਤਰਾ ਥੱਲਿਉਂ ਫੜ ਕੇ ਚਰਨ ਦੀ ਧੂੜੀ, ਆਪਣੇ ਮਸਤਕ ਲਈ ਘਸਾਈਆ। ਜਨ ਭਗਤੋ ਤੁਹਾਡੀ ਫੇਰ ਦੇਵਾਂ ਮਜ਼ਦੂਰੀ, ਹਰਿ ਸੰਗਤ ਲੇਖੇ ਆਪਣਾ ਨਾਮ ਲਗਾਈਆ। ਰਵਿਦਾਸ ਨੇ ਰੋ ਕੇ ਕਿਹਾ ਪ੍ਰਭੂ ਤੇਰੀ ਇਹ ਖੇਲ ਮੈਂ ਨਾ ਜਾਣਾ ਕੂੜੀ, ਤੂੰ ਕੂੜਿਆਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਉਹ ਫੂੜ੍ਹੀ ਕਹੇ ਇਕ ਦਿਨ ਰਵਿਦਾਸ ਭੁੱਖਾ ਸੀ ਤਿੰਨ ਦਿਨ ਦਾ, ਖ਼ੁਸ਼ੀਆਂ ਨਾਲ ਗੰਢ ਪੁਆਈਆ। ਬਿਨ ਮਣਕਿਆਂ ਮਾਲਾ ਆਪਣੀ ਗਿਣਦਾ, ਹਿਰਦੇ ਹਰਿ ਹਰਿ ਰਿਹਾ ਧਿਆਈਆ । ਜਾਂ ਪਾਸਾ ਵੱਟਿਆ ਉਹਦੇ ਗੋਡੇ ਤੋਂ ਸੱਤ ਉਂਗਲਾਂ ਉਪਰ ਚੁਭਿਆ ਇਕ ਤਿਨਕਾ, ਆਪਣਾ ਜ਼ੋਰ ਲਗਾਈਆ। ਉਸ ਦਾ ਥੋੜ੍ਹਾ ਜਿਹਾ ਅੰਦਰ ਰਹਿ ਗਿਆ ਛਿਲਕਾ, ਜੋ ਖ਼ੂਨ ਨਾਲ ਮਿਲਕੇ ਆਪਣਾ ਰੰਗ ਰੰਗਾਈਆ। ਓਸ ਅੰਦਰ ਵੜ ਕੇ ਵੇਖਿਆ ਖੇਲ ਓਸ ਦੇ ਦਿਲ ਦਾ, ਅਜਬ ਕਹਾਣੀ ਨਜ਼ਰੀ ਆਈਆ। ਜਿਸ ਵੇਲੇ ਲੋਕ ਕਹਿਣ ਰਵਿਦਾਸ ਹੁਣ ਭੁੱਖਾ ਓਸੇ ਦਿਨ ਪ੍ਰਭੂ ਮਿਲਦਾ, ਇਸੇ ਕਰ ਕੇ ਤ੍ਰਿਪਤ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖਾ ਲੇਖਾ ਆਪਣੇ ਹੱਥ ਰਖਾਈਆ। ਫੂੜ੍ਹੀ ਕਹੇ ਮੈਂ ਇਕ ਦਿਨ ਇਕੱਲੀ ਹੱਸਾਂ, ਏਧਰ ਓਧਰ ਸਾਥੀ ਨਜ਼ਰ ਕੋਇ ਨਾ ਆਈਆ। ਮੈਂ ਆਖਿਆ ਮੈਂ ਆਪਣੀ ਖ਼ੁਸ਼ੀ ਕਿਹਨੂੰ ਦੱਸਾਂ, ਕਿਹਨੂੰ ਦਿਆਂ ਸੁਣਾਈਆ। ਨਾ ਮੇਰੀਆਂ ਅੱਖਾਂ, ਕਿਹੜੇ ਮੱਥੇ ਉਤੇ ਹੱਥ ਰਖਾਈਆ। ਚਾਰੋਂ ਕੁੰਟ ਧਿਆਨ ਮਾਰਿਆ ਨਾ ਪੈਰਾਂ ਨਾ ਲੱਤਾਂ, ਮੈਂ ਕਿਧਰ ਉਠ ਕੇ ਨੱਠਾਂ, ਬਣ ਪਾਂਧੀ ਪੰਧ ਮੁਕਾਈਆ। ਸਬਰ ਕਰ ਕੇ ਕਹਿੰਦੀ ਮੈਂ ਓਸ ਦੀਆਂ ਆਸਾਂ ਰੱਖਾਂ, ਜੋ ਹਰ ਘਟ ਹਰ ਥਾਂ ਹੋਏ ਸਹਾਈਆ। ਓਧਰੋਂ ਪਰਮ ਪੁਰਖ ਪਰਮਾਤਮ ਰਵਦਾਸ ਨੂੰ ਮਿਲਣ ਆਇਆ ਨੱਠਾ, ਬਹੁਰੂਪੀਆ ਆਪਣਾ ਰੂਪ ਵਟਾਈਆ। ਹੱਥ ਵਿਚ ਦੋ ਡੰਡੇ ਸੁਥਰੇ ਵਾਂਗ ਮਾਰੇ ਸੱਟਾਂ, ਸੋਹਣਾ ਤਾਲ ਬਣਾਈਆ। ਪੈਰਾਂ ਨਾਲ ਨੱਚ ਕੇ ਉਡਾਇਆ ਘੱਟਾ, ਰਵਿਦਾਸ ਦੇ ਮੁਖ ਦੇ ਉਤੇ ਪਾਈਆ। ਫੂੜ੍ਹੀ ਕਿਹਾ ਮੈਂ ਓਸ ਨੂੰ ਜਾ ਕੇ ਚੱਟਾਂ, ਜਿਸ ਦਾ ਰਸ ਅੰਮ੍ਰਿਤ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਕਮਲੀਏ ਆ ਤੈਨੂੰ ਹੋਰ ਕੁਛ ਦੱਸਾਂ, ਅਗਲੀ ਕਹਾਣੀ ਸੁਣਾਈਆ। ਜਿਸ ਵੇਲੇ ਮੈਂ ਨਿਰਗੁਣ ਜੋਤੀ ਜਾਮਾ ਧਰ ਕੇ ਵੇਸ ਵਟਾਵਾਂ ਵਿਚ ਜੱਟਾਂ, ਜੱਟ ਤੇਰਾ ਭਗਤ ਲਵਾਂ ਬਣਾਈਆ। ਤੈਨੂੰ ਇਹੋ ਰਵਿਦਾਸ ਫੇਰ ਵਖਾਵਾਂ ਅੱਖਾਂ, ਆਖ਼ਰ ਆਪਣਾ ਰੰਗ ਰੰਗਾਈਆ। ਖ਼ੁਸ਼ੀਆਂ ਨਾਲ ਬਹਿ ਕੇ ਰਾਹ ਦੱਸੇ ਚਰਨਾਂ ਵਿਚ ਕੱਖਾਂ, ਕਾਮਲ ਮੁਰਸ਼ਦ ਹੋ ਕੇ ਆਪਣੀ ਦਇਆ
ਕਮਾਈਆ। ਮਨਮੁਖਾਂ ਤੋਂ ਦੋ ਜਹਾਨਾਂ ਬਾਹਰ ਨੱਠਾਂ, ਲੱਭਿਆਂ ਹੱਥ ਕਿਸੇ ਨਾ ਆਈਆ। ਓਨੇ ਚਿਰ ਨੂੰ ਰਵਿਦਾਸ ਆਪਣਾ ਹੱਥ ਮਾਰਿਆ ਓਤੇ ਪੱਟਾਂ, ਥੋੜ੍ਹੀ ਜਿਹੀ ਧਾਰ ਲਹੂ ਦੀ ਨਜ਼ਰੀ ਆਈਆ। ਓਸ ਨੇ ਕਿਹਾ ਇਸ ਨੂੰ ਪ੍ਰਭੂ ਵਾਸਤੇ ਸਾਂਭ ਕੇ ਰੱਖਾਂ, ਜਿਸ ਵੇਲੇ ਆਵੇ ਉਹਨੂੰ ਮਸਤਕ ਦਿਆਂ ਲਗਾਈਆ। ਫਿਰ ਕਲਜੁਗ ਭਗਤਾਂ ਨੂੰ ਦੱਸਾਂ, ਸਚ ਦਿਆਂ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਦਾ ਮਾਲਕ ਕ਼ੁਦਰਤੀ ਮੇਲ ਮਿਲਾਈਆ। ਫੂੜ੍ਹੀ ਕਹੇ ਇਕ ਦਿਨ ਮੇਰੇ ਵਿਚ ਪੈ ਗਿਆ ਵਟ, ਵਿਚੋਂ ਉਚੀ ਨਜ਼ਰੀ ਆਈਆ। ਜਿਸ ਵੇਲੇ ਰਵਿਦਾਸ ਕਰਨ ਲਗਾ ਸੀ ਸਾਫ਼, ਉਤੇ ਆਪਣਾ ਹੱਥ ਫਿਰਾਈਆ। ਮੇਰੇ ਜਰਮ ਕਰਮ ਦਾ ਉਤਰ ਗਿਆ ਤਾਪ, ਦੁਖ ਰੋਗ ਰਿਹਾ ਨਾ ਰਾਈਆ। ਜਿਸ ਵੇਲੇ ਓਨ੍ਹ ਕੰਨੀ ਖਿੱਚੀ ਆਪ, ਸਿੱਧਾ ਦਿਤਾ ਕਰਾਈਆ। ਮੇਰੇ ਮੂੰਹ ਵਿਚੋਂ ਨਿਕਲਿਆ ਸੋਹੰ ਜਾਪ, ਵਾਹ ਵਾਹ ਤੇਰੀ ਵਡ ਵਡਿਆਈਆ। ਓਸੇ ਵੇਲੇ ਰਵਿਦਾਸ ਨੇ ਕਿਹਾ ਮੈਂ ਨਹੀਂ ਉਹ ਮੇਰਾ ਬਾਪ, ਜਿਹੜਾ ਦੋਹਾਂ ਦਾ ਨਾਤਾ ਰਿਹਾ ਜੁੜਾਈਆ। ਦੂਜੀ ਕੰਨੀ ਖਿਚ ਕੇ ਕਿਹਾ ਉਠ ਉਹਦੇ ਵਲ ਝਾਕ, ਆਪਣੀ ਅੱਖ ਖੁਲ੍ਹਾਈਆ। ਤੀਜੀ ਕੰਨੀ ਨੂੰ ਮਾਰਕੇ ਹਾਥ, ਸੁੱਤੀ ਨੂੰ ਲਿਆ ਉਠਾਈਆ। ਚੌਥੀ ਆਪੇ ਪਈ ਜਾਗ, ਆਲਸ ਨਿੰਦਰਾ ਦੂਰ ਕਰਾਈਆ। ਰਵਿਦਾਸ ਉਹ ਕਿਥੇ ਤੇਰਾ ਰਸੂਲ ਪਾਕ, ਓਸ ਦਾ ਇਸਮ ਦੇ ਵਖਾਈਆ। ਰਵਿਦਾਸ ਨੇ ਹੌਲੀ ਜਿਹੀ ਆਪਣੇ ਥਲਿਉਂ ਚੁਕ ਕੇ ਸਾਫ਼, ਪੜਦਾ ਦਿਤਾ ਉਠਾਈਆ। ਇਕ ਮਾਰ ਕੇ ਮੱਥੇ ਤੇ ਹਾਥ, ਫੇਰ ਦਿਤਾ ਸਮਝਾਈਆ। ਜਾਂ ਤੱਕਿਆ ਨਿਰਗੁਣ ਨੂਰ ਜੋਤ ਪਰਕਾਸ਼, ਨੂਰੋ ਨੂਰ ਕਰੇ ਰੁਸ਼ਨਾਈਆ। ਸਫ਼ ਕਹੇ ਵੇ ਰਵਿਦਾਸ ਇਹ ਕੀ ਤੇਰੇ ਮਾਥ, ਜਿਸ ਦਾ ਨੂਰ ਮੈਥੋਂ ਨਾ ਝਲਿਆ ਜਾਈਆ। ਵੇਖ ਕੇ ਜਲਵਾ ਥੱਲੇ ਡਿੱਗੀ ਸਾਫ਼, ਹੋਸ਼ ਹਵਾਸ ਰਹੀ ਨਾ ਰਾਈਆ। ਉਤੋਂ ਰਵਿਦਾਸ ਨੇ ਹੌਲੀ ਜਿਹੀ ਲਾਈ ਥਾਪ, ਥਪਕੀ ਨਾਲ ਉਠਾਈਆ। ਇਹ ਸਾਰਿਆਂ ਦਾ ਸੱਜਣ ਸਾਕ, ਡਰੌਂਦਾ ਨਹੀਂ ਡਰਦਿਆਂ ਨੂੰ ਆਪਣੇ ਗਲੇ ਲਗਾਈਆ। ਤੂੰ ਸੁਣਿਆ ਈ ਇਹਦਾ ਕੋਈ ਭਖਿਵਤ ਵਾਕ, ਇਹ ਕੀ ਰਿਹਾ ਜਣਾਈਆ। ਦੱਸਦਾ ਜਿਸ ਵੇਲੇ ਆਵਾਂ ਲੋਕਮਾਤ, ਨਿਹਕਲੰਕ ਰੂਪ ਵਟਾਈਆ। ਜਨ ਭਗਤਾਂ ਸਾਰਿਆਂ ਦਾ ਇਕੇ ਵਾਰ ਬਣਾਂ ਬਾਪ, ਇਕੱਠੇ ਗੋਦੀ ਲਵਾਂ ਉਠਾਈਆ। ਜਨਮ ਕਰਮ ਦੀ ਬਦਲ ਕੇ ਜ਼ਾਤ, ਜ਼ਾਤ ਆਪਣੀ ਵਿਚ ਮਿਲਾਈਆ। ਏਥੇ ਓਥੇ ਦੋ ਜਹਾਨਾਂ ਦੇ ਕੇ ਸਾਥ, ਸਗਲਾ ਸੰਗ ਬਣਾਈਆ। ਚਾਰ ਕੁੰਟ ਦਾ ਖੋਲ੍ਹ ਕੇ ਤਾਕ, ਕ਼ੁਫ਼ਲ ਸਾਰੇ ਦਿਆਂ ਤੁੜਾਈਆ । ਚਲਾ ਕੇ ਸਚ ਰਿਵਾਜ, ਰਿਆਇਤ ਰਵਾਇਤ ਝੋਲੀ ਪਾਈਆ। ਮੇਰਾ ਭਗਤ ਕਿਸੇ ਦਾ ਨਾ ਹੋਵੇ ਮੁਹਤਾਜ, ਦੂਜੇ ਦਰ ਨਾ ਮੰਗਣ ਜਾਈਆ। ਜਿਸ ਦਾ ਧਨਾਢ ਹੋਵੇ ਬਾਪ, ਕਿਉਂ ਚਾਚਿਆਂ ਅਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਧੁਰ ਦੇ ਧਨੀ ਲਏ ਬਣਾਈਆ। ਸਫ਼ ਕਹੇ ਰਵਿਦਾਸ ਤੂੰ ਕਿਸ ਤਰਾ ਉਲਟਿਆ ਮੇਰਾ ਸਫ਼ਾ, ਫਿਰ ਦੇ ਵਖਾਈਆ। ਉਹਦੇ ਅੰਦਰ ਬੇਪਰਵਾਹ ਦਾ ਗੱਫ਼ਾ, ਅਤੋਟ ਅਤੁਟ ਜਣਾਈਆ। ਉਹ ਕਹਿੰਦੀ ਹਾਏ ਮੇਰਿਆ ਰੱਬਾ, ਕਿਉਂ ਬੈਠਾ ਛੁਪਾ ? ਇਹ ਭੁੱਖਾ ਤੇਰੇ ਪਿਆਰ ਦਾ ਬੱਧਾ, ਤੇਰੀ ਸੇਵ ਕਮਾਈਆ। ਪਤਾ ਨਹੀਂ ਕਿਸ ਦੇ ਨਾਲ ਰੱਜਾ, ਤਿੰਨ ਤਿੰਨ ਦਿਨ ਰੋਟੀ ਖਾਣ ਵਾਲਾ ਮੁਖ ਮੁਖ ਨਾ ਕਦੇ ਖੁਲ੍ਹਾਈਆ। ਔਹ ਵੇਖ ਜਿਹੜਾ ਉਹਦੀ ਸਵਾਣੀ ਰਖ ਗਈ ਡੱਬਾ, ਸੁੱਕੇ ਟੁਕੜੇ ਉਹਦੇ ਵਿਚੋਂ ਚੂਹੇ ਗਏ ਚੁਰਾਈਆ। ਗ਼ਰੀਬਣੀ ਕੋਲ ਪੜਦਾ ਨਹੀਂ ਸੀ ਜਿਸ
ਦੇ ਨਾਲ ਉਹਨੂੰ ਕੱਜਾ, ਖ਼ਾਲੀ ਹੱਥ ਗਈ ਫੜਾਈਆ। ਰਵਿਦਾਸ ਕਿਹਾ ਚੁਪ ਕਰ ਸਫ਼ੇ, ਤੂੰ ਕੀ ਜਾਣੇ, ਮੈਨੂੰ ਕਿਹੜਾ ਮਿਲਦਾ ਮਜ਼ਾ, ਰਸੀਆ ਦਾ ਰਸ ਮੇਰੇ ਅੰਦਰ ਗਿਆ ਵਸ, ਹਸ ਹਸ ਆਪਣੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਖੇਲ ਰਿਹਾ ਵਖਾਈਆ। ਫੂੜ੍ਹੀ ਕਹੇ ਰਵਿਦਾਸ ਮੇਰੇ ਵੇਖ ਤਾਣੇ ਪੇਟੇ ਵਾਲੇ ਧਾਗੇ, ਆਰ ਪਾਰ ਸਭ ਨੇ ਦਿਤੇ ਲੰਘਾਈਆ। ਵਿਚੋਂ ਬਹੁਤੇ ਸੋਏ ਥੋੜ੍ਹੇ ਜਾਗੇ, ਜਾਗਦਿਆਂ ਨੂੰ ਜਗਤ ਦਾ ਮਾਲਕ ਨਜ਼ਰੀ ਆਈਆ। ਰਵਿਦਾਸ ਕਿਹਾ ਨਹੀਂ ਇਹ ਵੀ ਵਡਭਾਗੇ, ਜੋ ਤੇਰੇ ਮੇਰੇ ਨਾਲ ਮਿਲ ਕੇ ਖ਼ੁਸ਼ੀ ਮਨਾਈਆ। ਅਜੇ ਤੂੰ ਹੋਰ ਵੇਖਣੇ ਕਲਜੁਗ ਵਾਧੇ, ਸਦੀ ਵੀਹਵੀਂ ਰਾਹ ਤਕਾਈਆ । ਓਸ ਵੇਲੇ ਘਰ ਘਰ ਪੈਣੇ ਸਿਆਪੇ, ਬਿਨ ਹਰਿ ਨਾਮੇ ਰੋਵੇ ਕੁਰਲਾਈਆ। ਪੁੱਤਰਾਂ ਨੇ ਮਾਰਨੇ ਮਾਪੇ, ਮਾਪੇ ਧੀਆਂ ਕੋਲੋਂ ਦੋਹਰੇ ਖ਼ਸਮ ਕਰਾਈਆ। ਕਵਾਰੀਆਂ ਪਹਿਨਣ ਕੰਗਣ ਛੱਲਾ ਛਾਪੇ, ਕਜਲ ਨੈਣਾਂ ਧਾਰ ਵਖਾਈਆ। ਰਵਿਦਾਸ ਵਰਗੇ ਕਿਸੇ ਦੇ ਲੱਭਣੇ ਨਹੀਂ ਚੀਥੜ ਪਾਟੇ, ਜਗਤ ਲਿਬਾਸ ਲਏ ਬਦਲਾਈਆ। ਇਸੇ ਕਰਕੇ ਪੈਣੇ ਘਾਟੇ, ਕਲਜੁਗ ਸ਼ਾਹ ਪਾਤਸ਼ਾਹ ਹੱਥ ਕਿਸੇ ਨਾ ਆਈਆ। ਇਕ ਸਚੀ ਦੱਸਾਂ ਬਾਤੇ, ਅਗਲੀ ਕਹਾਣੀ ਦਿਆਂ ਸੁਣਾਈਆ। ਪ੍ਰਭ ਨੇ ਕਿਰਪਾ ਕਰ ਕੇ ਸਭ ਤੋਂ ਵਖਰੀ ਬਣੌਣੀ ਇਕ ਜਮਾਤੇ, ਇਕੋ ਅੱਖਰ ਦੇਣਾ ਪੜ੍ਹਾਈਆ। ਜਿਨ੍ਹਾਂ ਮਿਲ ਕੇ ਗੌਣੀ ਸੋਹੰ ਗਾਥੇ, ਗਾ ਗਾ ਸ਼ੁਕਰ ਮਨਾਈਆ । ਓਥੇ ਮੰਗਣ ਅਨਾਥ ਅਨਾਥੇ, ਦੀਨਾਂ ਦੁਖੀਆਂ ਦਰਦ ਵੰਡਾਈਆ । ਫੇਰ ਸਭ ਦੇ ਪੂਰੇ ਕਰੇ ਘਾਟੇ, ਘਾਟੀ ਆਪਣੀ ਲਏ ਚੜ੍ਹਾਈਆ। ਗੁਰਮੁਖ ਗੁਰਸਿਖ ਭੁਲ ਜਾਣ ਆਪਣੇ ਮਾਪੇ, ਜਿਨ੍ਹਾਂ ਨੂੰ ਆਪਣੀ ਗੋਦ ਬਹਾਈਆ। ਚਰਨ ਪ੍ਰੀਤੀ ਜੋੜ ਕੇ ਨਾਤੇ, ਸਗਲਾ ਸੰਗ ਦਏ ਵਖਾਈਆ। ਕੌਣ, ਰਵਿਦਾਸ ਕਹੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ, ਦੂਜਾ ਸੰਗ ਨਾ ਕੋਇ ਰਖਾਈਆ। ਰਵਿਦਾਸ ਤੇਰਾ ਸਦਾ ਸਾਥੇ, ਸੰਗ ਆਪਣਾ ਲਏ ਬਣਾਈਆ। ਅਜੇ ਗੋਬਿੰਦ ਦੇ ਦੋਂਹ ਪੁੱਤਰਾਂ ਦੇ ਹੋਰ ਤੁਹਾਡੇ ਨਾਲ ਜੁੜਨੇ ਨਾਤੇ, ਜਿਨ੍ਹਾਂ ਦਾ ਲੇਖਾ ਹਿਸਾਬ ਵਿਚ ਨਾ ਅਜੇ ਲਿਆਈਆ। ਛੱਬੀ ਪੋਹ ਉਹਨਾਂ ਦੇ ਫੋਲਣੇ ਖਾਤੇ, ਕਿਉਂ ਵੇਲਾ ਵਕ਼ਤ ਦਏ ਗਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਕੇ ਨਾਲੇ ਅੰਮ੍ਰਿਤ ਪਿਆਏ ਆਪਣੇ ਓਸ ਸਚੇ ਬਾਟੇ, ਜਿਸ ਦੇ ਉਤੇ ਸੱਤ ਰੰਗ ਨਿਸ਼ਾਨਾ ਝੁਲ ਕੇ ਖ਼ੁਸ਼ੀ ਮਨਾਈਆ। ਬਾਟਾ ਕਹਿੰਦਾ ਮੈਂ ਨਹੀਂ ਬਣਨਾ ਬਰਤਨ, ਮੈਨੂੰ ਠਠਿਆਰ ਨਾ ਕੋਇ ਬਣਾਈਆ। ਮੈਂ ਭਗਤਾਂ ਦੇ ਨਾਲ ਰਖਣਾ ਮਿਲਵਰਤਣ, ਅੰਦਰ ਬਹਿ ਕੇ ਡੇਰਾ ਲਾਈਆ । ਜਿਨ੍ਹਾਂ ਦੇ ਨੇਤਰ ਅੰਦਰੋਂ ਫਰਕਣ, ਬਾਹਰੋਂ ਪ੍ਰਭ ਦੇ ਨਾਲ ਰਖਾਈਆ। ਆਪੇ ਮਿਲਾਂ ਉਹਨਾਂ ਦੀ ਸਾਰੀ ਮੇਟਾਂ ਧੜਕਣ, ਦਰਦੀਆਂ ਦਰਦ ਵੰਡਾਈਆ। ਅਗੇ ਜਾਦਿਆਂ ਰਹੇ ਕੋਈ ਨਾ ਅੜਚਣ, ਸਿੱਧਾ ਰਸਤਾ ਦਿਆਂ ਬਣਾਈਆ। ਜਿਹੜੇ ਤੇਰੇ ਵਿਛੋੜੇ ਵਿਚ ਪ੍ਰਭੂ ਤੜਫਣ, ਉਹਨਾਂ ਗਲੇ ਦਿਆਂ ਮਿਲਾਈਆ। ਮੈਨੂੰ ਮਿਲ ਕੇ ਫੇਰ ਲੋਕਮਾਤ ਨਾ ਪਰਤਣ, ਜੋ ਤੇਰੇ ਭਗਤ ਤੇਰੇ ਵਿਚ ਸਮਾਈਆ। ਬੇਸ਼ਕ ਗੁਰ ਅਵਤਾਰ ਪੀਰ ਪੈਗ਼ੰਬਰ ਮੈਨੂੰ ਵਰਜਣ, ਮੈਂ ਕਿਸੇ ਦੇ ਰੋਕਿਆਂ ਪਿਛੇ ਹਟ ਕਦੇ ਨਾ ਜਾਈਆ। ਜੇ ਯਾਦ ਕੀਤਾ ਰਾਵੀ ਦੇ ਕੰਢੇ ਅਰਜਨ, ਉਸ ਦਾ ਲੇਖਾ ਆਇਆ ਮੁਕਾਈਆ। ਉਹ ਮੱਛੀ ਨਾ ਦਿਤੀ ਤੜਫਨ, ਚਰਨ ਛੋਹ ਨਾਲ ਪਾਰ ਲੰਘਾਈਆ। ਬਾਲਮੀਕ ਦੀ ਪੂਰੀ ਕੀਤੀ ਹਰਸਣ, ਪਿਛਲਾ ਲੇਖਾ ਫੋਲ ਫੁਲਾਈਆ। ਸਵਾਧਾਨ ਹੋ ਕੇ ਮਰਦ ਮਰਦਨ, ਮਦਦ ਕਰੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਕਰੇ ਸਚਾ ਅਦਲ,
ਇਨਸਾਫ਼ ਆਪਣਾ ਹੁਕਮ ਵਰਤਾਈਆ। ਫੂੜ੍ਹੀ ਕਹੇ ਇਕ ਦਿਨ ਰਵਿਦਾਸ ਨੇ ਮੇਰੇ ਹੱਥ ਰਖਿਆ ਛਾਤੀ, ਹੌਲੀ ਜਿਹੀ ਉਤੇ ਟਿਕਾਈਆ। ਮੇਰੀ ਸਹਿਜ ਨਾਲ ਖੁਲ੍ਹ ਗਈ ਤਾਕੀ, ਅਵਰ ਦਾ ਅਵਰਾ ਰੂਪ ਵਟਾਈਆ। ਨਜ਼ਰ ਆਇਆ ਉਹ ਕਮਲਾਪਾਤੀ, ਜਿਹੜਾ ਤੁਹਾਡੇ ਸਾਹਮਣੇ ਬਹਿ ਕੇ ਦਰਸ ਦਿਖਾਈਆ। ਮੈਨੂੰ ਨੁਹਾਰ ਤੋਂ ਨਜ਼ਰ ਆਇਆ ਉਹ ਸਾਥੀ, ਪਿਛਲਾ ਅਗੇ ਹੋ ਕੇ ਫੇਰਾ ਪਾਈਆ। ਮੈਂ ਤੁਹਾਨੂੰ ਨਹੀਂ ਤਕਦੀ ਮੈਂ ਅੰਦਰੋਂ ਵੇਖਾਂ ਉਹਦੀ ਜ਼ਾਤੀ, ਜੋ ਜ਼ਾਹਰ ਜ਼ਹੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਜੋ ਆਪਣੀ ਦਇਆ ਕਮਾਈਆ। ਫੂੜ੍ਹੀ ਕਹੇ ਇਕ ਦਿਨ ਮੈਨੂੰ ਰਵਿਦਾਸ ਨੇ ਲਿਆ ਲਪੇਟ, ਆਪਣੀ ਬਗ਼ਲ ਵਿਚ ਟਿਕਾਈਆ। ਮੈਂ ਪੁਛਿਆ ਇਹ ਕੀ ਖੇਡ, ਮੈਨੂੰ ਦੇ ਸਮਝਾਈਆ। ਉਸਨੇ ਕਿਹਾ ਅਜੇ ਮੇਰਾ ਮਾਹੀ ਔਣਾ ਮੈਂ ਉਹਦੀ ਵਿਛੌਣੀ ਸੇਜ, ਖ਼ੁਸ਼ੀਆਂ ਨਾਲ ਉਤੇ ਬਹਾਈਆ। ਮੈਂ ਸੁੱਕੇ ਟੁਕੜਿਆਂ ਦੀ ਉਹਦੇ ਲਈ ਰਖਣੀ ਦੇਗ਼, ਕੱਚਿਆਂ ਚਨਿਆਂ ਨਾਲੋਂ ਸਖ਼ਤ ਨਜ਼ਰੀ ਆਈਆ। ਫਿਰ ਵਖੌਣੀ ਉਹਨੂੰ ਆਪਣੀ ਜੇਬ, ਕਿਤੇ ਜੇਬਕਤਰਾ ਬਣ ਕੇ ਮੇਰਾ ਪ੍ਰੇਮ ਨਾ ਲਏ ਚੁਰਾਈਆ। ਫੂੜ੍ਹੀ ਕਿਹਾ ਰਵਿਦਾਸ ਮੈਨੂੰ ਕੁਛ ਹੋਰ ਨਜ਼ਰੀ ਆਇਆ ਉਹਦਾ ਲੇਖਾ ਕੁਛ ਕੁੰਟ ਹੇਮ, ਭੇਵ ਰਿਹਾ ਜਣਾਈਆ। ਓਸ ਨੇ ਕਿਸੇ ਨਾਲ ਨਿਭੌਣਾ ਨੇਮ, ਜਿਸਦਾ ਇਕ਼ਰਾਰ ਨੇੜੇ ਆਈਆ। ਰਵਿਦਾਸ ਕਿਹਾ ਚੁਪ ਕਰ ਇਹ ਉਹਦਾ ਲੈਣ ਦੇਣ, ਉਹ ਆਪੇ ਵੇਖ ਵਖਾਈਆ। ਫੂੜ੍ਹੀ ਕਹੇ ਮੈਨੂੰ ਐਂ ਨਜ਼ਰ ਆਉਂਦਾ ਜਿਵੇਂ ਸਭ ਦਾ ਸਾਂਝਾ ਸੈਣ, ਸੱਜਣ ਇਕ ਅਖਵਾਈਆ। ਜਿਨ ਮਾਵਾਂ ਨੂੰ ਹਟੌਣਾ ਪੁੱਤਰਾਂ ਮਰਿਆਂ ਪਿਛੋਂ ਕੋਈ ਨਾ ਪਾਵੇ ਵੈਣ, ਉਹ ਗੋਬਿੰਦ ਰੂਪ ਵਟਾਈਆ। ਰਵਿਦਾਸ ਮੈਂ ਇਹੋ ਲਗੀ ਤੈਨੂੰ ਕਹਿਣ, ਉਹ ਕਿਹੋ ਜਿਹਾ, ਰਵਿਦਾਸ ਕਿਹਾ ਛਡ ਠਾਂਹ ਉਹ ਕਲਗੀ ਵਾਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਫ਼ ਕਹੇ ਮੇਰੇ ਲਪੇਟ ਆਏ ਢਾਈ ਵਲ, ਸਿੱਧੀ ਤੋਂ ਗੋਲਮੋਲ ਦਿਤਾ ਬਣਾਈਆ। ਇੰਜ ਜਾਪੇ ਇਹਦਾ ਕੁਛ ਮੈਨੂੰ ਮਿਲਣਾ ਫਲ, ਲਾਭ ਲੈਣਾ ਝੋਲੀ ਪਾਈਆ। ਰਵਿਦਾਸ ਕਿਹਾ ਤੈਨੂੰ ਪਤਾ ਨਹੀਂ ਅਜੇ ਤੂੰ ਜਾਣਾ ਮਾਛੂਵਾੜੇ ਦੀ ਝਲ, ਕੱਖ ਕਾਹੀ ਰੂਪ ਵਟਾਈਆ। ਜਿਸ ਵੇਲੇ ਗੋਬਿੰਦ ਨੂੰ ਪ੍ਰਭ ਮਿਲਣ ਦਾ ਵਜਣਾ ਸਲ, ਜਲ ਥਲ ਸਾਰੇ ਦੇਣ ਦੁਹਾਈਆ। ਓਨ ਤਕਣਾ ਉਹਦੇ ਵਲ, ਸਿੱਧੀ ਅੱਖ ਕਰਾਈਆ। ਓਸ ਕਹਿਣਾ ਦੂਜੀ ਵਾਰ ਮੇਰੇ ਸੁਤ ਤੂੰ ਮਾਤ ਚਲ, ਮੈਂ ਤੇਰੇ ਅੰਦਰ ਵੜ ਕੇ ਡੇਰਾ ਲਾਈਆ। ਪਰਬਤਾਂ ਦਾ ਪਰਬਤ ਕਿਸੇ ਕੋਲੋਂ ਨਾ ਜਾਵਾਂ ਹਲ, ਜ਼ਿਮੀਂ ਅਸਮਾਨਾਂ ਵਿਚ ਮੇਰਾ ਭਾਰ ਨਾ ਕੋਇ ਉਠਾਈਆ । ਜਿਸ ਵੇਲੇ ਕਿਰਪਾ ਕਰ ਕੇ ਮਿਹਰ ਨਜ਼ਰ ਨਾਲ ਤਕਾਂ ਭਗਤਾਂ ਵਲ, ਵਲਵਲੇ ਸਾਰੇ ਦਿਆਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਿਹਚਲ ਧਾਮ ਅਟਲ, ਅਟਲ ਪਦਵੀਂ ਦਿਆਂ ਬਣਾਈਆ। ਸਫ਼ ਕਹੇ ਰਵਿਦਾਸ ਮੈਨੂੰ ਬਗ਼ਲ ਵਿਚ ਨਾ ਘੁਟ, ਕਿਉਂ ਰਿਹਾ ਦਬਾਈਆ। ਮੈਂ ਤੇਰੇ ਹੱਥੋਂ ਨਹੀਂ ਜਾਂਦੀ ਛੁਟ, ਤੇਰੇ ਨਾਲ ਪ੍ਰੇਮ ਲਿਆ ਪਾਈਆ। ਰਵਿਦਾਸ ਕਿਹਾ ਤੂੰ ਕਰ ਚੁਪ, ਤੈਨੂੰ ਦਿਆਂ ਸਮਝਾਈਆ । ਇਸੇ ਤਰਾ ਪ੍ਰਭੂ ਨੇ ਭਗਤ ਚੁਕਣੇ ਆਪਣੀ ਕੁੱਖ, ਜਿਸ ਤਰਾ ਮੈਂ ਤੈਨੂੰ ਆਪਣੇ ਰੰਗ ਰੰਗਾਈਆ। ਸਫ਼ ਕਹੇ ਮੈਂ ਤੈਨੂੰ ਕੁਛ ਹੋਰ ਲਵਾਂ ਪੁਛ, ਬੇਨੰਤੀ ਇਕ ਸੁਣਾਈਆ। ਰਵਿਦਾਸ ਕਿਹਾ ਕੀ ਲੋੜ, ਉਹ ਬਾਪ ਭਗਤ ਉਹਦੇ ਪੁਤ, ਫ਼ਰਕ ਰਿਹਾ ਨਾ ਰਾਈਆ। ਜਿਹਨਾਂ ਨੇ ਉਹਨੂੰ ਜਾਣਾ ਝੁਕ, ਝੁਕਿਆਂ ਲਏ ਉਠਾਈਆ। ਰੰਬੀ ਉਠ ਕੇ ਭੱਜੀ ਕਹਿਣ ਲਗੀ ਨੀ ਸਫ਼ੇ, ਮੇਰੀਏ ਭੈਣੇ, ਉਹਨਾਂ
ਬੋਲਣੀ ਇਕ ਤੁਕ, ਅੰਦਰ ਵੇਖ ਜੋ ਮੇਰੇ ਵਿਚ ਦਿਤੀ ਟਿਕਾਈਆ। ਉਹਨਾਂ ਦਾ ਪੈਂਡਾ ਅਗੇ ਜਾਣਾ ਮੁਕ, ਫੇਰ ਅਗੇ ਜਨਮ ਕੋਇ ਨਾ ਪਾਈਆ। ਸਫ਼ ਕਹੇ ਕੀ ਭਗਤਾਂ ਨੂੰ ਪ੍ਰਭ ਨੇ ਦੇਣਾ ਸਭ ਕੁਛ, ਬਿਨ ਮੰਗਿਆਂ ਝੋਲੀ ਪਾਈਆ। ਰਵਿਦਾਸ ਕਹੇ ਪਿਤਾ ਦੇ ਘਰ ਦਾ ਮਾਲਕ ਹੋਵੇ ਪੁਤ, ਪੁੱਤਰਾਂ ਬਿਨਾ ਧਨ ਦੌਲਤ ਕੰਮ ਕਿਸੇ ਨਾ ਆਈਆ। ਭਗਤਾਂ ਬਿਨਾ ਪ੍ਰਭ ਨੂੰ ਲੋਕਮਾਤ ਕੋਈ ਨਾ ਲਏ ਪੁਛ, ਔਂਤਰਾ ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਰਵਿਦਾਸ ਕਹੇ ਸਫੇ ਛਡ ਅੱਜ ਦੀ ਕਹਾਣੀ ਏਥੇ ਜਾਏ ਮੁਕ, ਮੇਰਾ ਲਹਿਣਾ ਦੇਣਾ ਪ੍ਰਭ ਦੇ ਘਰੋਂ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖੋ ਗੁਰਸਿਖੋ ਸਾਚੇ ਸੰਤੋ ਸਾਚੇ ਭਗਤੋ ਪਿਆਰ ਨਾਲ ਤੁਹਾਡੇ ਅਗੇ ਜਾਵੇ ਝੁਕ, ਵਿਹਾਰ ਨਾਲ ਅਰਸ਼ਾਂ ਤੋਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਰ ਦੁਰਾਡਾ ਨੇੜੇ ਆਇਆ ਢੁਕ, ਪਾਂਧੀ ਬਣ ਕੇ ਆਪਣਾ ਪੰਧ ਮੁਕਾਈਆ।
੧੮ ਪੋਹ ੨੦੨੧ ਬਿਕ੍ਰਮੀ ਪਾਲ ਸਿੰਘ ਦੇ ਨਵਿਤ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ
ਸਫ਼ ਕਹੇ ਮੈਨੂੰ ਇਕ ਦਿਨ ਕਿਸੇ ਨੇ ਕਿਹਾ ਨੀ ਤੂੰ ਤਪੜੀ, ਕੱਚੇ ਤੰਦਾਂ ਵਾਲੀ ਨਜ਼ਰੀ ਆਈਆ। ਮੈਂ ਕਿਹਾ ਮੈਂ ਓਸ ਥਾਂ ਅੱਪੜੀ, ਜਿਥੇ ਮੰਜ਼ਲ ਬੇਪਰਵਾਹੀਆ। ਓਥੇ ਨਾ ਕੋਈ ਬ੍ਰਾਹਮਣ ਨਾ ਕੋਈ ਖਤਰੀ, ਸ਼ੂਦਰ ਵੈਸ਼ ਰੂਪ ਨਾ ਕੋਇ ਵਟਾਈਆ। ਓਥੇ ਨਾ ਕੋਈ ਪੰਡਤ ਵਾਚੇ ਪਤਰੀ, ਨਾ ਕੋਈ ਮੁਲਾ ਸ਼ੇਖ਼ ਮੁਸਾਇਕ ਮਸਲੇ ਰਿਹਾ ਸੁਣਾਈਆ। ਨਾ ਕੋਈ ਮੱਝ ਗਾਂ ਲਵੇਰੀ ਬਕਰੀ, ਨਾ ਕੋਈ ਚਰਵਾਹਾ ਨਜ਼ਰੀ ਆਈਆ। ਨਾ ਕੋਈ ਧੜੀ ਵੱਟਾ ਜਗਤ ਤਰਾਜ਼ੂ ਤੱਕੜੀ, ਇਕੋ ਕੰਡਾ ਬੇਪਰਵਾਹੀਆ। ਨਾ ਰੰਬੀ ਆਰ ਨਾ ਸਥਰੀ, ਜਗਤ ਸਮੱਗਰੀ ਵੇਖਣ ਕੋਇ ਨਾ ਪਾਈਆ। ਕੀ ਦੱਸਾਂ ਓਥੇ ਇਕੋ ਨਿਰਮਲ ਜੋਤ ਇਕੱਗਰੀ, ਏਕੰਕਾਰਾ ਇਕੋ ਸੋਭਾ ਪਾਈਆ। ਜਿਸ ਦੇ ਕੋਲ ਪ੍ਰੇਮ ਪ੍ਰੀਤੀ ਭਗਤਾਂ ਦੀ ਸਮੱਗਰੀ, ਜੁਗ ਜੁਗ ਰਿਹਾ ਵਰਤਾਈਆ। ਪਾਤਸ਼ਾਹਾਂ ਦਾ ਪਾਤਸ਼ਾਹ ਆਦਲਾਂ ਦਾ ਅਦਲੀ, ਅਦਾਲਤ ਇਕ ਲਗਾਈਆ। ਜਿਸ ਵੇਲੇ ਚਾਹੇ ਜੁਗਾਂ ਦੀ ਕਰ ਦੇਵੇ ਬਦਲੀ, ਤਬਾਦਲੇ ਆਪਣੇ ਹੱਥ ਰਖਾਈਆ। ਜਗਤ ਵਿਦਿਆ ਜਿਸ ਵਿਚ ਪਗ਼ਲੀ, ਮਨ ਮਤਿ ਬੁਧਿ ਦੀ ਕਰਦੇ ਰਹੇ ਲੜਾਈਆ। ਕੋਈ ਸਮਝ ਨਾ ਜਾਣੇ ਅਗਲੀ, ਅੱਖਰਾਂ ਵਾਲੀ ਡਿਗਰੀ ਕੰਮ ਕਿਸੇ ਨਾ ਆਈਆ। ਮੈਂ ਮੰਜ਼ਲ ਉਹ ਲੰਘ ਗਈ, ਆਪਣਾ ਪੰਧ ਮੁਕਾਈਆ । ਮੈਂ ਦਰਸ਼ਨ ਕਰਨ ਨੰਦ ਚੰਦ ਲਈ, ਜੋ ਨੂਰੀ ਜੋਤ ਰੁਸ਼ਨਾਈਆ। ਮੈਂ ਭੱਜੀ ਓਸ ਦੇ ਸੰਗ ਲਈ, ਜੋ ਧੁਰ ਦਾ ਨਾਤਾ ਰਿਹਾ ਬਣਾਈਆ। ਮੈਂ ਪਿਆਸੀ ਓਸ ਦੀ ਠੰਡ ਲਈ, ਜੋ ਤਪਦਿਆਂ ਹਿਰਦਿਆਂ ਸ਼ਾਂਤ ਕਰਾਈਆ। ਜਿਸ ਨੇ ਸਦਾ ਸਦਾ ਆਪਣੀ ਬਖ਼ਸ਼ਿਸ਼ ਭਗਤਾਂ ਨੂੰ ਵੰਡ ਲਈ, ਗੁਰਮੁਖਾਂ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਰਿਹਾ ਵਖਾਈਆ। ਤਪੜੀ ਕਹੇ ਮੈਨੂੰ ਇਕ ਦਿਨ ਪੁੱਛਣ ਆਈ ਸਹੇਲੀ, ਸਖ਼ੀ ਸਚ ਦੇ ਸੁਣਾਈਆ। ਤੂੰ ਕਿਸ ਤਰਾ ਰਹੇਂ ਅਕੇਲੀ, ਮਿੱਟੀ ਉਤੇ ਆਸਣ ਲਾਈਆ। ਮੈਂ ਕਿਹਾ ਮੇਰੇ ਮਾਲਕ ਦਾ ਇਕ ਹੋਰ ਮਾਲਕ ਜੋ ਸਭਨਾ ਦਾ ਬੇਲੀ, ਬੇਲਿਆਂ ਵਿਚ ਆਪਣੀ ਦਇਆ ਕਮਾਈਆ। ਦਿਵਸ ਰੈਣ ਮੈਨੂੰ ਕੋਈ ਨਾ ਸਮਝਿਓ ਵੇਲ੍ਹੀ, ਮੈਂ ਓਸੇ ਪੀਰ ਦੇ ਪੈਰਾਂ ਹੇਠਾਂ ਆਪਣਾ ਆਪ ਵਿਛਾਈਆ। ਇਹੋ ਖੇਲ ਭਗਤਾਂ ਨਾਲ ਪ੍ਰਭ ਨੇ ਖੇਲੀ, ਖ਼ਲਕ਼ਤ ਵਾਲਿਓ ਖ਼ਾਲਕ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਤਪੜੀ ਕਹੇ ਇਕ ਦਿਨ ਮੈਨੂੰ ਕਿਸੇ ਪੁੱਛਿਆ ਆਣ, ਮੈਨੂੰ ਚੋਰੀ
ਚੋਰੀ ਦੇ ਸਮਝਾਈਆ। ਨੀ ਉਹ ਕਿਹੋ ਜਿਹਾ ਭਗਵਾਨ, ਜਿਹੜਾ ਭਗਤਾਂ ਅੰਦਰ ਡੇਰਾ ਲਾਈਆ। ਮੈਂ ਹਸ ਕੇ ਕਿਹਾ ਤੁਸੀਂ ਕੀ ਸਮਝੋ ਉਹਨੂੰ ਅੰਞਾਣ, ਅੱਖਾਂ ਦਿਓ ਅੰਧਿਓ, ਖ਼ੁਦਾ ਦਿਓ ਬੰਦਿਓ, ਵਿਕਾਰ ਦਿਓ ਗੰਦਿਓ, ਮਨ ਮਮਤਾ ਦੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਖੇਲ ਖਿਲਾਈਆ। ਫੂੜ੍ਹੀ ਕਹੇ ਇਕ ਦਿਨ ਮੇਰੀ ਆਈ ਸਾਥਣ, ਨੇੜੇ ਆ ਕੇ ਰਹੀ ਸੁਣਾਈਆ । ਉਠ ਛਡ ਇਹ ਥਾਂ ਤੇਰਾ ਮਹਲਾਂ ਵਿਚ ਕਰਾਂ ਆਸਣ, ਸੋਹਣਾ ਰੂਪ ਵਟਾਈਆ। ਜਿਥੇ ਮਹਾਰਾਜਿਆਂ ਦੀ ਰਾਣੀ ਮਾਇਆ ਤ੍ਰੈਗੁਣ ਬਹਵੇ ਕਰ ਕੇ ਦਾਤਣ, ਦੰਦਾਸਾ ਰੂਪ ਚੜ੍ਹਾਈਆ। ਸੋਹਣੇ ਸਾਫ਼ ਸੁਥਰੇ ਭੂਸ਼ਣ ਪਾ ਕੇ ਬਣੇ ਫੁਲ ਗੁਲਾਬਣ ਜੋਬਨਵੰਤੀ ਆਪਣਾ ਜੋਬਨ ਰਹੀ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਵਿਚੋਂ ਲਏ ਪਰਗਟਾਈਆ। ਮੈਂ ਕਿਹਾ ਸੁਣ ਮੇਰੀ ਭੈਣ, ਤੈਨੂੰ ਦਿਆਂ ਜਣਾਈਆ। ਮੈਨੂੰ ਚੰਗਾ ਮੰਦਰਾਂ ਨਾਲੋਂ ਏਥੇ ਰਹਿਣ, ਇਹ ਭੂਮਿਕਾ ਸੋਹਣੀ ਨਜ਼ਰੀ ਆਈਆ। ਜਿਸ ਉਤੇ ਭਗਤ ਭਗਵਾਨ ਇਕੱਠੇ ਹੋ ਕੇ ਬਹਿਣ, ਓਥੇ ਜਗਤ ਦੁਸ਼ਾਲਿਆਂ ਦੀ ਲੋੜ ਰਹੇ ਨਾ ਰਾਈਆ। ਉਹਨਾਂ ਨੂੰ ਤਕ ਕੇ ਮੇਰੇ ਖ਼ੁਸ਼ੀ ਹੁੰਦੇ ਨੈਣ, ਮੇਰਾ ਅੰਤਰ ਮਰਦੰਗ ਇਕ ਵਜਾਈਆ। ਮੈਂ ਕੂੜੇ ਵਹਿਣ ਵਿਚ ਨਹੀਂ ਜਾਣਾ ਵਹਿਣ, ਆਪਣਾ ਆਪ ਰੁੜ੍ਹਾਈਆ। ਮੇਰਾ ਮਾਲਕ ਆਪੇ ਦੇਵੇ ਮੇਰਾ ਦੇਣ, ਲੇਖਾ ਧੁਰ ਦਾ ਝੋਲੀ ਪਾਈਆ। ਓਸ ਦੇ ਕੋਲ ਸਾਚੇ ਨਾਮ ਦੀ ਵਡੀ ਰਸੈਣ, ਜਿਸ ਰਸੈਣ ਨਾਲ ਭਗਤਾਂ ਦੇ ਸੁਵਰਨਾਂ ਦੇ ਮੰਦਰ ਰਿਹਾ ਬਣਾਈਆ। ਮੈਂ ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਨਹੀਂ ਜਾਣਾ ਖਹਿਣ, ਆਸਾ ਮਨਸਾ ਨਾਲ ਕਰਨੀ ਨਾ ਕੋਇ ਲੜਾਈਆ। ਕਿਉਂ ਮੈਨੂੰ ਇਕੋ ਆਸਾ ਭਰਵਾਸਾ ਪਰਮ ਪੁਰਖ ਮੇਰਾ ਮੈਨੂੰ ਮਿਲੇ ਨਰਾਇਣ, ਜਿਸ ਦੇ ਨੈਣ ਮੇਰੇ ਨੈਣਾਂ ਗਏ ਚੁਰਾਈਆ। ਜਿਸ ਵੇਲੇ ਉਹ ਮੈਨੂੰ ਆਵੇ ਲੈਣ, ਮੈਂ ਭੱਜਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਤਪੜੀ ਕਹੇ ਇਕ ਦਿਨ ਰਵਿਦਾਸ ਆ ਗਿਆ ਚੁਪ ਚੁਪੀਤਾ, ਹੱਥ ਮੱਥੇ ਉਤੇ ਰਖਾਈਆ । ਕੋਲ ਢਾਈਆਂ ਹੱਥਾਂ ਦਾ ਫ਼ੀਤਾ, ਧਰਤੀ ਦਿਤੀ ਮਿਣਾਈਆ। ਉਹਦੇ ਅੰਦਰ ਪ੍ਰੇਮ ਦਾ ਲਾਇਆ ਬਾਗ਼ੀਚਾ, ਚਾਰੋਂ ਕੁੰਟ ਲਕੀਰ ਖਿਚਾਈਆ । ਫੇਰ ਵੇਖਿਆ ਤਕ ਕੇ ਨਾਲ ਰੀਝਾਂ, ਨੇਤਰ ਨੈਣ ਮਿਲਾਈਆ। ਅਗੋਂ ਨਜ਼ਰੀ ਆਇਆ ਮਾਰਗ ਸਿੱਧਾ, ਜੋ ਸਿੱਧਾ ਰਸਤਾ ਰਿਹਾ ਵਖਾਈਆ। ਮੰਦਰ ਦਿਸਿਆ ਨਿੱਘਾ, ਸਰਦੀ ਗਰਮੀ ਦੋਵੇਂ ਗਿਆ ਭੁਲਾਈਆ। ਪ੍ਰਭ ਨੂੰ ਵੇਖਿਆ ਪਿੰਡਿਉਂ ਨੰਗਾ ਨਾ ਕੋਈ ਝੱਗਾ, ਝੌਂਪੜੀ ਨਜ਼ਰ ਕੋਇ ਨਾ ਆਈਆ । ਨਾ ਕਾਲਾ ਨਾ ਦਿਸੇ ਬੱਗਾ, ਇਕੋ ਰੰਗ ਸਮਾਈਆ। ਨਾ ਨਜ਼ਰ ਆਏ ਅੱਗਾ ਨਾ ਪਿੱਛਾ, ਕਿੰਨਾਂ ਲੰਮਾਂ ਕਿੰਨਾਂ ਚੌੜਾ ਕਿਹੜੇ ਧਾਮ ਆਸਣ ਲਾਈਆ । ਓਸੇ ਵੇਲੇ ਚਰਨੀ ਢਹਿ ਕੇ ਡਿੱਗਾ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਮ ਪੁਰਖ ਪਤਿਪਰਮੇਸ਼ਵਰ ਬਣ ਕੇ ਪਿਤਾ, ਪਤਵੰਤਾ ਹੋ ਕੇ ਸਤਵੰਤਿਆਂ ਆਪਣੀ ਗੋਦ ਉਠਾਈਆ। ਰਵਿਦਾਸ ਇਕ ਦਿਨ ਆਪਣੀ ਪੁਰਾਣੀ ਗਠੜੀ, ਗੋਡੇ ਹੇਠਾਂ ਲਈ ਟਿਕਾਈਆ। ਉਹ ਰਗੜ ਦੇ ਨਾਲ ਸੀ ਗਈ ਰਗੜੀ, ਹੇਠੋਂ ਰਹੀ ਕੁਰਲਾਈਆ। ਓਨੇ ਚਿਰ ਨੂੰ ਇਕ ਜੋਕਾਂ ਲੌਂਣ ਵਾਲੀ ਕੋਲ ਆ ਗਈ ਗਗੜੀ, ਮਿੱਟੀ ਦਾ ਕੁੱਜਾ ਹੱਥ ਉਠਾਈਆ। ਓਸ ਨੇ ਕਿਹਾ ਇਹ ਕੋਈ ਪਾਗ਼ਲ ਬੈਠਾ ਜੰਗਲੀ, ਆਪਣਾ ਆਸਣ ਲਾਈਆ। ਇਸ ਤੋਂ ਵਸਤ ਕੀ ਮੰਗਣੀ, ਭੁੱਖਿਆਂ ਵਾਲਾ ਵੇਸ ਧਰਾਈਆ। ਗਠੜੀ ਬੋਲੀ ਮੇਰੀ ਗੱਲ ਸੁਣ ਅਗਲੀ, ਤੈਨੂੰ ਦਿਆਂ
ਜਣਾਈਆ। ਇਹ ਪ੍ਰੇਮੀ ਪਿਆਰਾ ਆਇਆ ਜਗ ਲਈ, ਇਹਨੂੰ ਆਪਣੀ ਲੋੜ ਨਾ ਰਾਈਆ। ਕੁਛ ਇਸ ਦੇ ਕੋਲੋਂ ਮੰਗ ਲਈਂ, ਭਗਤਾਂ ਝੋਲੀ ਰਿਹਾ ਭਰਾਈਆ। ਉਹ ਅਗੋਂ ਦੀ ਨੀਵੀਂ ਅੱਖੀਂ ਲੰਘ ਗਈ, ਹਿਰਦੇ ਵਿਚ ਇਕੋ ਆਸ ਤਕਾਈਆ। ਜੇ ਬਖ਼ਸ਼ੇਂ ਤੇ ਆਪਣਾ ਸੰਗ ਦਈਂ, ਹੋਰ ਲੋੜ ਨਾ ਕੋਇ ਜਣਾਈਆ। ਚੁਰਾਸੀ ਦੇ ਗੇੜ ਵਿਚੋਂ ਕੱਢ ਲਈਂ, ਆਪਣਾ ਪ੍ਰਭੂ ਦੇਣਾ ਮਿਲਾਈਆ। ਭੈਣ ਭਰਾਵਾਂ ਵਾਂਗੂ ਮਿਲ ਕੇ ਵਸਤ ਵੰਡ ਲਈਂ, ਹਿੱਸਾ ਮੇਰਾ ਮੇਰੀ ਝੋਲੀ ਪਾਈਆ । ਰਵਿਦਾਸ ਨੇ ਓਸੇ ਵੇਲੇ ਇਕ ਲਕੀਰ ਆਪਣੀ ਛਾਤੀ ਉਤੇ ਕੱਢ ਲਈ, ਹੌਲੀ ਜਿਹੀ ਦਿਤਾ ਸੁਣਾਈਆ। ਤੂੰ ਆਪਣਾ ਅੱਧ ਮੇਰੇ ਕੋਲੋਂ ਵੰਡ ਲਈਂ, ਪਰਦਾ ਉਹਲਾ ਨਾ ਕੋਈ ਰਖਾਈਆ। ਇਸੇ ਕਾਰਨ ਪਾਲ ਸਿੰਘ ਤੇਰੀ ਭਰਾ ਵਾਲੀ ਗੰਢ ਪਈ, ਮਾਲਕ ਦੋਹਾਂ ਦਾ ਇਕੋ ਨਜ਼ਰੀ ਆਈਆ। ਹਰਿਸੰਗਤ ਹਰਿਭਗਤ ਇਸੇ ਰੰਗਣ ਵਿਚ ਰੰਗ ਲਈ, ਰੰਗ ਆਪਣਾ ਦਿਤਾ ਚੜ੍ਹਾਈਆ। ਮਹਾਰਾਜ ਆਇਆ ਕਿਸੇ ਕਾਰਨ ਮਾਰਨ ਪੰਧ ਨਹੀਂ, ਪਾਂਧੀਆਂ ਨੂੰ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਰੇ ਆਪਣੇ ਅਨੰਦ ਲਈ, ਬਿਨ ਭਗਤਾਂ ਦੇ ਪ੍ਰਭ ਨੂੰ ਅਨੰਦ ਨਾ ਕੋਇ ਵਖਾਈਆ। ਜੇ ਹੋਰ ਕੁਛ ਹੋਇਆ ਤੇ ਉਹ ਗੁਜਰੀ ਦੇ ਚੰਦ ਲਈ, ਨਿਰਗੁਣ ਸਰਗੁਣ ਅਪਣੀ ਖੇਲ ਵਖਾਈਆ । ਜਿਸ ਜੁਗ ਜਨਮ ਦੀ ਟੁੱਟੀ ਗੰਢ ਲਈ, ਰੁੱਸਿਆਂ ਲਿਆ ਮਨਾਈਆ। ਜੇ ਆਇਆ ਤੇ ਪ੍ਰੇਮ ਪ੍ਰੀਤੀ ਦੇ ਫੰਦ ਲਈ, ਜਮ ਦੀ ਫ਼ਾਸੀ ਰਿਹਾ ਕਟਾਈਆ । ਸੋਹਣਾ ਹੋਇਆ ਸੋਹਣੀ ਮੰਗ ਮੰਗ ਲਈ, ਪ੍ਰਭ ਖ਼ਾਲੀ ਝੋਲੀ ਦਏ ਭਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਸੇ ਕਾਰਨ ਹਰਿ ਸੰਗਤ ਸਦ ਲਈ, ਬਿਨਾ ਕਾਰਨੋਂ ਕਿਸੇ ਦੇ ਕੰਮ ਦਾ ਹਰਜਾਨਾ ਨਾ ਕੋਇ ਕਰਾਈਆ। ਪ੍ਰੇਮ ਡੋਰੀ ਅੰਦਰ ਬੰਧ ਲਈ, ਚਾਰੋਂ ਕੁੰਟ ਗੰਢ ਦਿਤੀ ਪਵਾਈਆ । ਹੁਣ ਅੰਦਰ ਉਹਲਾ ਨਾ ਕੰਧ ਰਹੀ, ਪਰਦਾ ਦਿਤਾ ਉਠਾਈਆ। ਨਾ ਕਰਮਾਂ ਵਾਲੀ ਤੁਹਾਡੇ ਸਿਰ ਤੇ ਪੰਡ ਰਹੀ, ਝਗੜਾ ਦਿਤਾ ਮੁਕਾਈਆ। ਨਾ ਸੁਰਤ ਤੁਹਾਡੀ ਰੰਡ ਰਹੀ, ਕੰਤ ਸੁਹਾਗੀ ਹਰਿ ਆਪਣਾ ਜੋੜ ਜੁੜਾਈਆ। ਨਾ ਬ੍ਰਹਿਮੰਡਾਂ ਵਾਲੀ ਵੰਡ ਰਹੀ, ਸਚਖੰਡ ਸਾਚੇ ਧਾਮ ਬਹਾਈਆ । ਨਾ ਕੁਆਰੀਆਂ ਵਾਲੀ ਕੱਚੀ ਵੰਗ ਰਹੀ, ਨਾਮ ਕੰਗਣ ਹੱਥ ਵਿਚ ਦਿਤਾ ਪਾਈਆ। ਨਾ ਰੁਸ਼ਨਾਈ ਵਾਲੀ ਸੂਰਜ ਚੰਦ ਰਹੀ, ਜੋਤੀ ਜੋਤ ਵਿਚ ਮਿਲਾਈਆ। ਨਾ ਅੰਮ੍ਰਿਤ ਧਾਰ ਪਾਣੀ ਵਾਲੀ ਠੰਡ ਰਹੀ, ਸਾਚੇ ਸੋਮੇ ਵਿਚ ਦਿਤਾ ਨੁਹਾਈਆ। ਓ ਗੁਰਮੁਖੋ ਤੁਹਾਡੇ ਚਰਨਾਂ ਦੀ ਸੇਵਾ ਕਰਨ ਵਾਲੀ ਨਾ ਮਾਈ ਗੰਗ ਰਹੀ, ਗੋਦਾਵਰੀ ਸੁਰਸਤੀ ਜਮਨਾ ਦੂਰ ਦੁਰਾਡੀਆਂ ਵੇਖੋ ਰੋਵਣ ਮਾਰਨ ਧਾਈਂਆ। ਵੇਖ ਕੇ ਪ੍ਰਭ ਦੀ ਖੇਲ ਅਸ਼ਟਭੁਜ ਦੁਰਗਾ ਦੰਗ ਰਹੀ, ਜਿਸ ਨੇ ਦੰਗਾ ਸੁੰਭ ਨਸੁੰਭ ਨਾਲ ਦਿਤਾ ਕਰਾਈਆ। ਬ੍ਰਹਮਾ ਵਿਸ਼ਨ ਸ਼ਿਵ ਕਹਿਣ ਭਗਤਾਂ ਦੀ ਆਸ਼ਾ ਐਥੋਂ ਦੀ ਲੰਘ ਗਈ, ਜਾਂਦੀ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਫ਼ ਕਿਹਾ ਲੋਕਮਾਤ ਇਕ ਪ੍ਰੀਤੀ ਭਗਤਾਂ ਦੀ ਭਗਵਾਨ ਨਾਲ ਹੰਢ ਗਈ, ਬਾਕੀ ਕੂੜੇ ਨਾਤੇ ਸਾਰੇ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤੋ ਤੁਹਾਨੂੰ ਮਾਣ ਤਾਣ ਦੇ ਕੇ ਭਗਵਾਨ ਫੇਰ ਚੜ੍ਹੇ ਸ਼ਬਦ ਸਰੂਪੀ ਜੰਗ ਲਈ, ਜੰਗਜੂ ਬਹਾਦਰ ਇਕੋ ਇਕ ਅਖਵਾਈਆ। ਹੁਕਮ ਦੇਵੇ ਅਸਵ ਦੇ ਤੰਗ ਲਈ, ਸ਼ਾਹ ਅਸਵਾਰਾ ਆਪਣੀ ਦਇਆ ਕਮਾਈਆ। ਹੁਕਮ ਦੇਵੇ ਨਾਮ ਦੇ ਮਰਦੰਗ ਲਈ, ਸਚ ਨਗਾਰਾ ਇਕ ਵਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਮਿਲ ਭਗਤਾਂ ਨਾਲ ਵੰਡ ਲਈ, ਵਖਰੀ ਰਖੀ ਨਾ ਕੋਇ ਲੁਕਾਈਆ।