ਪੁਸਤਕਾਲਾਭਾਗ ੧੮

੧੯ ਪੋਹ ੨੦੨੧ ਬਿਕ੍ਰਮੀ ਜੇਠੂਵਾਲ

ਭਗਤੀ ਕਹੇ ਹੁਕਮ ਮੰਨਿਆ ਪ੍ਰਭ ਦਾ, ਦੇਵੇ ਮਾਣ ਵਡਿਆਈਆ। ਮੈਂ ਨਾਤਾ ਤੋੜ ਕੇ ਸਭ ਦਾ, ਸਗਲੀ ਚਿੰਤ ਗਵਾਈਆ। ਪਿਛਲੇ ਲੇਖਾਂ ਦਾ ਬੰਨ੍ਹ ਕੇ ਬਸਤਾ, ਆਪਣੇ ਸੀਸ ਉਠਾਈਆ। ਸ਼ਬਦੀ ਧਾਰ ਪੁਛ ਕੇ ਰਸਤਾ, ਪਾਂਧੀ ਹੋ ਕੇ ਪੰਧ ਮੁਕਾਈਆ। ਬੋਲ ਜੈਕਾਰਾ ਇਕ ਅਲਖ ਦਾ, ਨਾਅਰਾ ਦਿਤਾ ਸੁਣਾਈਆ। ਖੇਲ ਵੇਖਾਂ ਪੁਰਖ ਸਮਰਥ ਦਾ, ਜੋ ਸਚ ਦਵਾਰੇ ਰਿਹਾ ਕਰਾਈਆ। ਜਨ ਭਗਤਾਂ ਪੈਜ ਜੋ ਰਖਦਾ, ਸਿਰ ਆਪਣਾ ਹੱਥ ਟਿਕਾਈਆ। ਗ਼ਰੀਬਾਂ ਨੂੰ ਵੇਖ ਕੇ ਹਸਦਾ, ਖ਼ੁਸ਼ੀਆਂ ਵਿਚ ਸਮਾਈਆ। ਭੇਵ ਖੁਲ੍ਹਾਵੇ ਆਪਣੀ ਹਦ ਦਾ, ਪੜਦਾ ਦਏ ਉਠਾਈਆ । ਮੇਲ ਮਿਲਾਵੇ ਆਪਣੀ ਅੱਖ ਦਾ, ਨਿਜ ਨੇਤਰ ਜੋੜ ਜੁੜਾਈਆ। ਸੌਦਾ ਵਖਾਵੇ ਆਪਣੇ ਹੱਟ ਦਾ, ਜੋ ਨਿਰਗੁਣ ਹੋ ਕੇ ਰਿਹਾ ਵਰਤਾਈਆ। ਮੈਂ ਲਾਹਾ ਲਵਾਂ ਉਹਦੇ ਸਖ਼ਾਵਤ ਵਾਲੇ ਹੱਥ ਦਾ, ਜੋ ਮਿਹਰ ਰਿਹਾ ਵਰਤਾਈਆ। ਮੇਰੇ ਕੋਲ ਕਿਰਾਇਆ ਨਹੀਂ ਸੀ ਬਸ ਦ, ਭੱਜੀ ਵਾਹੋ ਦਾਹੀਆ । ਖ਼ਾਲੀ ਬਾਈਸਿਕਲ ਵੇਖਿਆ ਕਿਸ਼ਨ ਸਿੰਘ ਜੱਟ ਦਾ, ਮਗਰ ਚੜ੍ਹ ਗਈ ਚਾਈਂ ਚਾਈਂਆ। ਜੋ ਅੰਤਰ ਆਤਮ ਮਾਲਾ ਰਟਦਾ, ਰੱਟਾ ਕੂੜ ਦਿਤਾ ਸਰਬ ਮਿਟਾਈਆ। ਜੋ ਭਾਣੇ ਅੰਦਰ ਵਸਦਾ, ਧੁਰ ਦਾ ਰਾਣਾ ਰਿਹਾ ਰਿਝਾਈਆ। ਸਿਰ ਕ਼ਦਮਾਂ ਉਤੇ ਸਟਦਾ, ਧੂੜੀ ਖ਼ਾਕ ਰਮਾਈਆ । ਕਰਮਾਂ ਦੀ ਗਠੜੀ ਉਲਟਦਾ, ਜਨਮਾਂ ਦਾ ਡੇਰਾ ਢਾਹੀਆ। ਸੰਸਾਰ ਤੋਂ ਪਾਸਾ ਵਟਦਾ, ਪਿਆਰ ਦੇ ਵਿਚ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਵਡਿਆਈਆ। ਭਗਤੀ ਕਹੇ ਮੈਂ ਹੌਲੀ ਆਈ ਨਿਕਲ, ਆਪਣਾ ਆਪ ਛੁਪਾਈਆ। ਜਿਸ ਵੇਲੇ ਚੜ੍ਹੀ ਉਪਰ ਬਾਈਸਿਕਲ, ਕਲਜੁਗ ਸਾਧ ਵਾਜਾਂ ਰਹੇ ਲਗਾਈਆ। ਮੈਂ ਆਖਿਆ ਮੈਂ ਨਾਤਾ ਛਡਿਆ ਮੁਲੱਮਾ ਪਿੱਤਲ, ਸੁਵਰਨ ਹੋ ਕੇ ਪਾਰਸ ਅੰਗ ਲਗਾਈਆ। ਓਸ ਨੂੰ ਮਿਲਣਾ ਜਿਸ ਦਾ ਰੂਪ ਕੋਈ ਨਾ ਸਕੇ ਚਿਤਰ, ਚਲਿਤ੍ਰ ਸਕੇ ਨਾ ਕੋਇ ਜਣਾਈਆ। ਮੈਂ ਸਾਰੇ ਛਡ ਕੇ ਫ਼ਿਕਰ, ਖ਼ਾਕਿਆਂ ਵਾਲਿਆਂ ਨਾਲੋਂ ਪੱਲੇ ਗਈ ਛੁਡਾਈਆ। ਮੇਰੀ ਸੁੱਤੀ ਉਠੀ ਅਕਲ, ਰਮਜ਼ ਰਹੀ ਲਗਾਈਆ। ਜਿਸ ਦਾ ਭਗਤਾਂ ਨਾਲ ਤੁਅਲਕ, ਓਸੇ ਨਾਲ ਆਪਣਾ ਜੋੜ ਜੁੜਾਈਆ। ਜੋ ਸਿੱਧਾ ਆਇਆ ਗੁਰਮੁਖਾਂ ਮੁਤਅੱਲਕ, ਮੁਤਾਲਾ ਕਰਕੇ ਰਿਹਾ ਜਣਾਈਆ। ਜਿਸ ਨੂੰ ਪੀਰ ਪੈਗ਼ੰਬਰਾਂ ਮੰਨਿਆ ਮੁਤਬਰਕ, ਪਾਕੀਜ਼ਾ ਰੂਪ ਨੂਰ ਇਲਾਹੀਆ। ਓਸ ਦੇ ਚਰਨ ਦਵਾਰੇ ਬਹਿਣਾ ਕਰਕੇ ਸਫ਼ਰ, ਸਫ਼ਾ-ਏ-ਹਸਤੀ ਆਪਣੀ ਆਪ ਮਿਟਾਈਆ। ਜਿਸ ਦਾ ਦਰਦੀਆਂ ਵਾਲਾ ਸੋਹਣਾ ਟੱਬਰ, ਬਿਨ ਭਗਤੀ ਭਗਤ ਨਜ਼ਰੀ ਆਈਆ। ਜਿਨ੍ਹਾਂ ਦਾ ਮਾਲਕ ਸ਼ੇਰ ਬੱਬਰ, ਸੂਰਬੀਰ ਬੇਪਰਵਾਹੀਆ। ਜਿਨ੍ਹਾਂ ਦਾ ਲੇਖਾ ਚੁੱਕਣਾ ਮੜ੍ਹੀ ਕਬਰ, ਕਾਅਬਿਆਂ ਵਿਚ ਨਾ ਸੀਸ ਨਿਵਾਈਆ। ਓਸ ਦਾ ਸੋਹਣਾ ਵੇਖ ਕੇ ਅਦਲ, ਆਦਤ ਪਿਛਲੀ ਰਹੀ ਬਦਲਾਈਆ । ਮੈਂ ਹੁਣ ਭਗਤਾਂ ਦੀ ਲੈਣੀ ਮਦਦ, ਮਦਦ ਦੇਣ ਵਾਲੀ ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰੇਮ ਪਿਆਰ ਦੀ ਮੈਨੂੰ ਦੇਵਣ ਵਸਤ, ਰਸਦ ਧੁਰ ਦੀ ਝੋਲੀ ਪਾਈਆ। ਮੈਂ ਵੀ ਮਾਲਕ ਤੱਕਾਂ ਜਿਸ ਦਾ ਵਸੇਰਾ ਉਤੇ ਅਰਸ਼, ਫ਼ਰਸ਼ ਧਰਨੀ ਦਏ ਵਡਿਆਈਆ। ਮੈਂ ਨਿਮਾਣੀ ਕਰ ਕੇ ਤਰਸ, ਹਰਿਜਨ ਸਾਚੇ ਜੋੜ ਜੁੜਾਈਆ। ਕਿਤੇ ਪਿੱਛਾ ਨਾ ਦੇਵੇ ਪਰਤ, ਅਭਾਗਣ ਦਰ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਭਗਤੀ ਕਹੇ ਮੈਂ ਆ ਕੇ ਹੀਰਾ ਘਾਟ ਕੰਢੇ, ਆਪਣਾ ਨੱਕ ਲਿਆ ਡੁਬਾਈਆ। ਮਾਰ ਕੇ ਛਾਲ ਉਪਰੋਂ ਡੰਡੇ,

ਸਿੱਧੀ ਨਹਾਵਣ ਤੀਰਥ ਜਾਈਆ। ਓਥੇ ਬੈਠੀ ਵੇਖੀ ਰੋਂਦੀ ਮਾਤਾ ਗੰਗੇ, ਗੰਗਾ ਆਪਣਾ ਨੀਰ ਵਹਾਈਆ। ਮੈਨੂੰ ਦੱਸਣ ਲਗੀ ਇਹ ਸਾਰੇ ਹੋ ਗਏ ਸਾਥੋਂ ਚੰਗੇ, ਜੋ ਨਿਤ ਪ੍ਰਭ ਦਾ ਦਰਸ਼ਨ ਪਾਈਆ। ਅਗੇ ਸਾਡੇ ਅੰਮ੍ਰਿਤ ਕਿੱਲੀਆਂ ਉਤੇ ਰਹਿ ਜਾਣੇ ਟੰਗੇ, ਰਸ ਰਹਿਣ ਕੋਇ ਨਾ ਪਾਈਆ। ਸਾਡੇ ਚੂੰਡੇ ਹੋਣੇ ਨੰਗੇ, ਓਢਣ ਸੀਸ ਨਾ ਕੋਇ ਰਖਾਈਆ। ਜਨ ਭਗਤ ਸੁਹੇਲੇ ਪ੍ਰਭੂ ਨਾਲ ਰਹੇ ਹੰਢੇ, ਧੁਰ ਦਾ ਜੋੜ ਜੁੜਾਈਆ । ਜੋ ਨਾਮ ਨਿਧਾਨਾ ਇਕੋ ਵੰਡੇ, ਵਸਤ ਅਮੋਲਕ ਝੋਲੀ ਪਾਈਆ। ਚਲ ਬੇਨੰਤੀ ਕਰੀਏ ਜੇ ਤੇਰੇ ਨਾਲ ਸਾਡੀ ਮੰਨੇ, ਮਿੰਨਤਾਂ ਨਾਲ ਲਈਏ ਮਨਾਈਆ । ਜਿਸ ਉਧਾਰੇ ਜਟ ਧੰਨੇ, ਰਵਿਦਾਸੇ ਰੰਗ ਰੰਗਾਈਆ। ਜਿਸ ਨਾਮੇ ਦੇ ਫੜ ਕੇ ਛੰਨੇ, ਦੁਧ ਕਟੋਰਾ ਭੋਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ੇ ਸਚ ਸਰਨਾਈਆ। ਭਗਤੀ ਕਹੇ ਮੈਂ ਤਿੰਨ ਵੇਰਾਂ ਰਾਹ ਵਿਚ ਡਿੱਗੀ, ਆਪਣੀਆਂ ਰਗੜਾਂ ਰਹੀ ਵਖਾਈਆ। ਮੇਰੀ ਪਾਟ ਗਈ ਸੋਲਾਂ ਤਣੀਆਂ ਵਾਲੀ ਝੱਗੀ, ਲਹਿੰਗਾ ਲੀਰੋ ਲੀਰ ਵਖਾਈਆ। ਮੇਰੇ ਸਿਰ ਵਿਚੋਂ ਡਿੱਗ ਪਈ ਕੰਘੀ, ਦੰਦਾਸੇ ਵਾਲੀ ਦਾਤਨ ਆਈ ਗਵਾਈਆ। ਮੈਂ ਹੋ ਗਈ ਪੈਰੀਂ ਨਗੀ, ਮਸਤਕ ਟਿੱਕਾ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੇ ਲਾ ਕੇ ਬੈਠਾ ਪਾਬੰਦੀ, ਬਿਨ ਭਗਤਾਂ ਦਰ ਠਾਂਡੇ ਲੰਘਣ ਕੋਇ ਨਾ ਪਾਈਆ। ਭਗਤੀ ਕਹੇ ਕੁਛ ਕਰਾਂ ਮਿੰਨਤ, ਦੋਏ ਜੋੜ ਸਰਨਾਈਆ। ਮੈਂ ਵੇਖਿਆ ਚਾਰੋਂ ਸਿੰਮਤ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਮੇਰੀ ਮੇਟ ਖ਼ੁਆਰੀ ਜ਼ਿੱਲਤ, ਜ਼ਾਹਰ ਜ਼ਹੂਰ ਦਇਆ ਕਮਾਈਆ । ਜਨ ਭਗਤਾਂ ਬਖ਼ਸ਼ ਮਿੱਲਤ, ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੰਗਾ ਕਹੇ ਸੁਣ ਭੈਣ ਅੜੀਏ, ਤੈਨੂੰ ਦਿਆਂ ਜਣਾਈਆ। ਉਠ ਦੋਵੇਂ ਢੋਲਾ ਇਕੋ ਪੜ੍ਹੀਏ, ਸੋਹੰ ਜੈ ਜੈਕਾਰ ਕਰਾਈਆ। ਅੰਦਰ ਅਰਜ਼ੋਈ ਇਕ ਕਰੀਏ, ਆਸਾ ਸਚ ਰਖਾਈਆ। ਕਿਸ ਬਿਧ ਤੇਰੇ ਦਵਾਰੇ ਵੜੀਏ, ਪ੍ਰਭੂ ਭੇਦ ਦੇ ਖੁਲ੍ਹਾਈਆ। ਸਚ ਸਰਨਾਈ ਇਕੋ ਪੜੀਏ, ਢਹਿ ਢਹਿ ਮਾਣ ਮਿਟਾਈਆ। ਪ੍ਰਭੂ ਆਪਣੇ ਮਿਲਣ ਦੇ ਆਪੇ ਦੱਸ ਦੇਵੇ ਜ਼ਰੀਏ, ਜੋ ਜ਼ੱਰੇ ਜ਼ੱਰੇ ਵਿਚ ਸਮਾਈਆ। ਸਾਨੂੰ ਕਟਣੇ ਨਾ ਪੈਣ ਤਸੀਹੇ, ਤਸਬੀ ਮਾਲਾ ਬਾਹਰ ਆਈ ਸੁਟਾਈਆ। ਭਗਤਾਂ ਸੰਗ ਮਿਲ ਕੇ ਰਹੀਏ, ਨਾਤਾ ਸਚ ਜੁੜਾਈਆ। ਜੋ ਕਹਿਣ ਓਹੋ ਕੁਛ ਕਹੀਏ, ਆਪਣੀ ਦੱਸੀਏ ਨਾ ਕੋਈ ਚਤੁਰਾਈਆ। ਜਿਥੇ ਕਹਿਣ ਓਥੇ ਬਹੀਏ, ਭੂਮਿਕਾ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਭਗਤੀ ਕਹੇ ਮੇਰੇ ਹਰਿ ਨਰਾਇਣ, ਨਰ ਅਵਤਾਰ ਤੇਰੀ ਸਰਨਾਈਆ। ਕੁਛ ਬੇਨੰਤੀ ਆਈ ਕਹਿਣ, ਸਚ ਦਿਆਂ ਸੁਣਾਈਆ । ਮੈਂ ਮੰਨਿਆ ਤੇਰਾ ਕਹਿਣ, ਹੁਕਮੇਂ ਅੰਦਰ ਦੁਹਾਈਆ। ਕੁਛ ਦੇ ਦੇ ਮੇਰਾ ਦੇਣ, ਖ਼ਾਲੀ ਝੋਲੀ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਅਗੇ ਆ ਨੇੜੇ, ਪਰਦਾ ਦਿਆਂ ਉਠਾਈਆ। ਭਗਤਾਂ ਵੇਖ ਵਸਦੇ ਖੇੜੇ, ਕੁੰਡੀ ਖਿੜਕੀ ਦਿਆਂ ਖੁਲ੍ਹਾਈਆ। ਜਿਨ੍ਹਾਂ ਮੇਰੇ ਪ੍ਰੇਮ ਪਿਆਰ ਅੰਦਰ ਚਰਨੀ ਲਾ ਲਏ ਡੇਰੇ, ਚਰਨ ਚਰਨੋਦਕ ਮੁਖ ਛੁਹਾਈਆ। ਉਹਨਾਂ ਦੇ ਬਾਹਰ ਅੰਦਰ ਦੇ ਮੁਕ ਗਏ ਗੇੜੇ, ਜੰਗਲਾਂ ਵਾਲੇ ਝੇੜੇ ਰਹਿਣ ਨਾ ਪਾਈਆ। ਜੇ ਤੂੰ ਆਈ ਉਹਨਾਂ ਦੇ ਵਿਹੜੇ, ਤੇਰਾ ਵਿਲਕਣਾ ਦਿਆਂ ਗਵਾਈਆ। ਉਠ ਵੇਖ ਸਵਾਣੀ ਉਹ ਢੋਲੇ ਗੌਂਦੇ ਮੇਰੇ ਮੇਰੇ, ਦੂਜੀ ਓਟ ਨਾ ਕੋਇ ਰਖਾਈਆ। ਲੱਖ

ਚੁਰਸੀ ਵਿਚੋਂ ਥੋੜੇ ਬਥੇਰੇ, ਜਿਨ੍ਹਾਂ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਾਰ ਆਪ ਕਮਾਈਆ। ਪ੍ਰਭੂ ਜਿਸ ਵੇਲੇ ਮੈਂ ਪਹਿਲੋਂ ਉਠ ਕੇ ਭੱਜੀ, ਜਨ ਭਗਤ ਰਾਹ ਤਕਾਈਆ। ਮੇਰੇ ਕੰਡਾ ਚੁੱਭ ਗਿਆ ਸੱਜੀ ਅੱਡੀ, ਹੇਠੋਂ ਉਪਰ ਮੁਖ ਰਖਾਈਆ। ਮੈਂ ਹੋ ਗਈ ਭਾਰ ਪੱਬੀਂ, ਕੁਛ ਅਗੇ ਨੇੜੇ ਆਈਆ। ਮੈਨੂੰ ਦਰਦ ਡਾਢੀ ਲਗੀ, ਮੈਂ ਰੋ ਕੇ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਇਕ ਪੈਰ ਵਿਚ ਕੰਡਾ ਗਿਆ ਚੁਭ, ਅਗਲਾ ਦੁਖ ਵਖਾਈਆ। ਦੂਜਾ ਚਿੱਕੜ ਵਿਚ ਗਿਆ ਖੁਭ, ਜ਼ੋਰ ਬਥੇਰਾ ਲਾਈਆ। ਫੇਰ ਹਉਕੇ ਨਾਲ ਨਿਕਲੀ ਮੇਰੀ ਭੁੱਬ, ਉਚੀ ਕੂਕ ਦਿਤਾ ਜਣਾਈਆ। ਕੂਕ ਨਾਲ ਮੈਨੂੰ ਆਈ ਸੁਝ, ਕਿਸੇ ਅੰਦਰੋਂ ਪਰਦਾ ਦਿਤਾ ਉਠਾਈਆ। ਮੈਂ ਨਾ ਸਕਾਂ ਬੁੱਝ, ਕਵਣ ਰਿਹਾ ਜਣਾਈਆ। ਅਚਾਨਕ ਵੱਜੀ ਹੁੱਝ, ਮੇਰੀ ਵੱਖੀ ਦਿਤੀ ਭੰਨਾਈਆ। ਧੌਣੋਂ ਫੜ ਕੇ ਦਿਤਾ ਟੁੰਬ, ਅੱਖ ਦਿਤੀ ਖੁਲ੍ਹਾਈਆ। ਜਾਂ ਵੇਖਿਆ ਤੇ ਸ਼ਾਹ ਸੁਵਾਰ ਦੇ ਘੋੜੇ ਦਾ ਵੱਜਾ ਸੁੰਬ, ਜਿਸ ਸੁਰਤੀ ਦਿਤੀ ਬਦਲਾਈਆ। ਜਿਸ ਦੀ ਸੁਨਿਹਰੀ ਦਿਸੀ ਦੁੰਬ, ਨੇਤਰ ਨੈਣ ਅੱਖ ਵੇਖ ਸ਼ਰਮਾਈਆ। ਮੈਂ ਕੁਰਲਾਈ ਵਾਂਗ ਕੂੰਜ, ਕੂਕ ਕੇ ਸੁਣਾਈਆ। ਮੇਰੇ ਹੰਝੂ ਕਿਸੇ ਨਹੀਂ ਦਿਤੇ ਪੂੰਝ, ਮਾਣਕ ਮੋਤੀ ਰੂਪ ਵਟਾਈਆ। ਓਸ ਵਖਾਇਆ ਮੈਨੂੰ ਆਪਣਾ ਇਕ ਅਰੂਜ, ਜੋ ਅਚਰਜ ਨਜ਼ਰੀ ਆਈਆ। ਜਿਥੇ ਨਾ ਕੋਈ ਏਕ ਨਾ ਦੂਜ, ਦੁਤੀਆ ਰੂਪ ਨਾ ਕੋਇ ਵਟਾਈਆ। ਇਕ ਮੰਜ਼ਲ ਤੇ ਇਕ ਮਕ਼ਸੂਦ, ਇਕ ਬੈਠਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਭਗਤੀ ਕਹੇ ਸੁੰਬ ਨਾਲ ਮੈਂ ਵੇਖਿਆ ਘੋੜਾ, ਹੱਕ ਦਿਆਂ ਜਣਾਈਆ। ਮੈਨੂੰ ਨਜ਼ਰੀ ਆਇਆ ਜੋੜਾ, ਇਕ ਗੋਬਿੰਦ ਦੂਜਾ ਗੋਬਿੰਦ ਦਾ ਮਾਹੀਆ। ਜਿਨ੍ਹਾਂ ਦਾ ਫ਼ਰਕ ਰੁਹਾਨੀ ਥੋੜ੍ਹਾ, ਅਸਮਾਨੀ ਨੂਰ ਇਕ ਰੁਸ਼ਨਾਈਆ। ਓਸ ਦੀ ਧੂੜ ਦਾ ਮੇਰੇ ਮਸਤਕ ਲਗ ਗਿਆ ਭੋਰਾ, ਮੇਰਾ ਭਰਮ ਰਿਹਾ ਨਾ ਰਾਈਆ। ਮੈਂ ਸਮਝ ਗਈ ਇਹ ਓਹੋ ਜੋਧਾ ਸੂਰਾ, ਬੀਰਤਾ ਜਿਸ ਦੀ ਕਰੇ ਵਡਿਆਈਆ। ਇਸ ਦੇ ਚਰਨਾ ਬਿਨਾ ਹੋਰ ਨਾਤਾ ਦਿਸੇ ਕੂੜਾ, ਜੀਵਣ ਜਗਤ ਨਾ ਕੋਇ ਵਡਿਆਈਆ। ਫੇਰ ਵੇਖਿਆ ਭਗਤਾਂ ਦਾ ਦਿਸਿਆ ਮਜ਼ਦੂਰਾ, ਜੋ ਪ੍ਰੇਮ ਅੰਦਰ ਨੇਮ ਅੰਦਰ ਰਾਮ ਹੋ ਕੇ ਸੇਵ ਕਮਾਈਆ। ਹੋਰ ਤਕਿਆ ਉਹ ਬਖ਼ਸ਼ ਜਾਏ ਜਨਮ ਕਰਮ ਦੇ ਕੀਤੇ ਕ਼ਸੂਰਾ, ਸਿਰ ਆਪਣਾ ਹੱਥ ਰਖਾਈਆ। ਓਸ ਵੇਲੇ ਭਗਤੀ ਕਹੇ ਮੈਂ ਆਖਿਆ ਹੁਣ ਮੇਰਾ ਮਤਲਬ ਹੋ ਜਾਏ ਪੂਰਾ, ਅਧੂਰਾ ਰਹਿਣ ਕੋਇ ਨਾ ਪਾਈਆ। ਮੇਰੇ ਨਾਲੋਂ ਮੇਰੇ ਉਤੇ ਚਾੜ੍ਹ ਦੇਵੇ ਰੰਗ ਗੂੜ੍ਹਾ, ਜਿਸ ਦਾ ਰੰਗ ਲਲਾਰੀ ਰੰਗਣ ਵਾਲਾ ਨਜ਼ਰ ਕੋਇ ਨਾ ਆਈਆ। ਫੇਰ ਮੈਂ ਕਹਾਂ ਮੇਰੀ ਹੱਥੀਂ ਬਾਹੀਂ ਸਗਨਾਂ ਵਾਲਾ ਸੋਹੇ ਚੂੜਾ, ਜਿਸ ਦੀ ਬਣਤ ਕਿਸੇ ਸੁਨਿਆਰ ਨਾ ਕਦੇ ਬਣਾਈਆ। ਫੇਰ ਵੇਖਾਂ ਰਵਿਦਾਸ ਮਾਰੀ ਫਿਰੇ ਬੁਕਲ ਇਕ ਭੂਰਾ, ਹੌਲੀ ਹੌਲੀ ਆਪਣਾ ਕ਼ਦਮ ਉਠਾਈਆ। ਮੈਨੂੰ ਖ਼ੁਸ਼ੀ ਹੋਈ ਮੈਂ ਹੁਣ ਭਗਤ ਦਵਾਰੇ ਦਾ ਹੂੰਝਾਂ ਕੂੜਾ, ਸੋਹਣੀ ਸੁਚੱਜੀ ਸੇਵ ਕਮਾਈਆ। ਜੋ ਸ੍ਰੀ ਭਗਵਾਨ ਦਾ ਸਚ ਦਸਤੂਰਾ, ਚਲਾਂ ਓਸ ਰਜ਼ਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਸਾ ਮਨਸਾ ਕਰੇ ਪੂਰਾ, ਪੂਰੀ ਪ੍ਰਭ ਪੂਰਨ ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਸਗਲਾ ਮੇਟੇ ਦੁਖ ਵਸੂਰਾ, ਵਿਛੋੜਾ ਅਗਲਾ ਦਏ ਚੁਕਾਈਆ।

੨੦ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਭਗਤੀ ਕਹੇ ਮੈਂ ਵੇਖਿਆ ਖੇਲ ਪ੍ਰਭ ਦਾ ਸੰਗ ਭਗਤਾਂ, ਸਾਜਣ ਹੋ ਕੇ ਦਇਆ ਕਮਾਈਆ। ਸੁਹੰਜਣੀ ਰੈਣ ਸੁਹਾਵੇ ਵੇਲਾ ਵਕ਼ਤਾ, ਵਾਹਵਾ ਆਪਣਾ ਰੰਗ ਰੰਗਾਈਆ। ਸ਼ਹਿਨਸ਼ਾਹ ਹੋ ਕੇ ਵੇਖਿਆ ਬਣਿਆ ਮੰਗਤਾ, ਦਰ ਦਰਵੇਸ਼ ਫੇਰਾ ਪਾਈਆ। ਵੱਡਾ ਮਾਣ ਦੇਵੇ ਗੁਰਸਿਖ ਸਾਚੀ ਸੰਗਤਾ, ਸੰਗ ਆਪਣਾ ਨਾਲ ਰਖਾਈਆ। ਗਿਆਨ ਦੇਵੇ ਬੋਧ ਅਗਾਧਾ ਬਣ ਕੇ ਪੰਡਤਾ, ਧੁਰ ਦਾ ਸੋਹਲਾ ਆਪ ਸੁਣਾਈਆ। ਕੂੜੀ ਕਿਰਿਆ ਗੜ੍ਹ ਤੋੜ ਕੇ ਹਉਮੇ ਹੰਗਤਾ, ਹੰ ਬ੍ਰਹਮ ਦਏ ਜਣਾਈਆ। ਨਾਤਾ ਜੋੜਕੇ ਨਾਰ ਕੰਤਾ, ਕ਼ਦਰ ਕਰੇ ਥਾਉਂ ਥਾਈਂਆ। ਮੇਲ ਮਿਲਾ ਕੇ ਸਾਚੇ ਸੰਤਾ, ਸਤਿ ਸਤਿਵਾਦੀ ਧਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਤਰਾਈਆ। ਭਗਤੀ ਕਹੇ ਰਾਤੀਂ ਮੂਲ ਨਾ ਸੁੱਤੀ, ਭੱਜੀ ਵਾਹੋ ਦਾਹੀਆ। ਪਹਿਲੀ ਵੇਰ ਕਟ ਕੇ ਆਪਣੀ ਬੁੱਤੀ, ਚਾਰ ਕੁੰਟ ਗੁਰਮੁਖ ਵੇਖ ਖ਼ੁਸ਼ੀ ਮਨਾਈਆ। ਸਭ ਦੀ ਅੰਤਰ ਪਰਮਾਤਮ ਆਤਮ ਲਗੀ ਵੇਖੀ ਰੁੱਚੀ, ਨੀਂਦਰ ਵਿਚ ਰਹੇ ਧਿਆਈਆ। ਇਹਨਾਂ ਬੁੱਧੀ ਹੋਈ ਸੁੱਚੀ, ਸੁਰਤੀ ਸੂਖ਼ਮ ਰੂਪ ਵਟਾਈਆ। ਉਜਲ ਵੇਖੇ ਮੁਖੀ, ਨੂਰ ਜ਼ਹੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਭਗਤੀ ਕਹੇ ਮੈਂ ਫਿਰਦੀ ਰਹੀ ਰੈਣ ਭੌਂਦੀ, ਆਪਣਾ ਪੰਧ ਮੁਕਾਈਆ। ਭਗਤਾਂ ਤਾਲ ਰਹੀ ਵਜੌਂਦੀ, ਧੁਰ ਦਾ ਰਾਗ ਸੁਣਾਈਆ। ਸੋਹੰ ਢੋਲਾ ਰਹੀ ਗੌਂਦੀ, ਭੈਣ ਭਾਈਆਂ ਰਹੀ ਜਣਾਈਆ। ਸਾਚਾ ਦਰ ਰਹੀ ਸੁਹੌਂਦੀ, ਘਰ ਆਪਣੇ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦੇਵਣਹਾਰ ਵਡਿਆਈਆ। ਭਗਤੀ ਕਹੇ ਮੈਂ ਵੇਖਿਆ ਰੈਣ ਸਬਾਈ, ਸਭਨਾ ਧਿਆਨ ਲਗਾਈਆ। ਅੰਤਰ ਯਾਦ ਇਕੋ ਆਈ, ਹਿਰਦੇ ਹਰਿ ਰਹੇ ਵਸਾਈਆ। ਜਗਤ ਕੁਰੀਤੀ ਪ੍ਰੀਤੀ ਨਾਤਾ ਗਏ ਤੁੜਾਈ, ਸਾਚੀ ਰੀਤੀ ਇਕ ਅਪਨਾਈਆ। ਮੰਦਰ ਮਸੀਤੀ ਗਏ ਤਜਾਈ, ਢੋਲਾ ਗੀਤੀ ਇਕੋ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਿਹਰਵਾਨ ਦਇਆ ਕਮਾਈਆ। ਭਗਤੀ ਕਹੇ ਮੈਂ ਵੇਖਿਆ ਭਜ ਭਜ, ਰੈਣ ਸਬਾਈ ਵਾਹੋ ਦਾਹੀਆ। ਭਗਤ ਸੁਹੇਲੇ ਭਗਵਨ ਰਹੇ ਸੱਦ, ਅੰਤਰ ਆਤਮ ਖ਼ਾਹਿਸ਼ ਵਧਾਈਆ। ਸਾਹਿਬ ਸਵਾਮੀ ਲੰਘ ਆ ਹੱਦ, ਜਗਤ ਹਦੂਦ ਪਰੇ ਹਟਾਈਆ। ਸਾਚਾ ਢੋਲਾ ਸੁਣਾ ਛੰਦ, ਸੋਹਣਾ ਰਾਗ ਅਲਾਈਆ। ਭਗਤਾਂ ਵਾਲਾ ਦੇ ਅਨੰਦ, ਸੰਤਾਂ ਵਾਲਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭਗਤੀ ਕਹੇ ਮੇਰਾ ਚੁਕਿਆ ਭੌ, ਭੈ ਦੂਜਾ ਰਹਿਣ ਕੋਇ ਨਾ ਪਾਈਆ। ਏਕਾ ਨਈਆ ਨੌਕਾ ਨਾਉਂ, ਨਾਮ ਨਿਧਾਨਾ ਲਏ ਤਰਾਈਆ। ਏਕਾ ਸਾਹਿਬ ਸਵਾਮੀ ਪਕੜੇ ਬਾਹੋਂ, ਜਗਤ ਚੁਰਾਸੀ ਵਿਚੋਂ ਬਾਹਰ ਕਢਾਈਆ। ਨਿਥਾਵਿਆਂ ਦੇਵੇ ਥਾਉਂ, ਨਿਆਸਰਿਆਂ ਆਸ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਭਗਤੀ ਕਹੇ ਮੈਂ ਵੇਖਿਆ ਮਿਹਰਵਾਨ, ਮਹਿਬੂਬ ਬੇਪਰਵਾਹੀਆ। ਜਿਸ ਦਾ ਝੁਲਦਾ ਇਕ ਨਿਸ਼ਾਨ, ਦੋ ਜਹਾਨਾਂ ਆਪ ਉਡਾਈਆ। ਜਿਸ ਦਾ ਹੁਕਮ ਇਕ ਤਮਾਮ, ਸਕੇ ਨਾ ਕੋਇ ਮਿਟਾਈਆ। ਜਿਸ ਦਾ ਨਾਉਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਭਗਤਾਂ ਪਾਰ ਲੰਘਾਈਆ। ਸੋਹੰ ਦੇ ਕੇ ਆਪਣਾ ਦਾਨ, ਦਾਤੇ ਰਿਹਾ ਬਣਾਈਆ। ਓਸੇ ਦੀ ਚਰਨੀ ਡਿੱਗੀ ਆਣ,

ਨਿਉਂ ਨਿਉਂ ਸੀਸ ਨਿਵਾਈਆ। ਚਰਨ ਕਵਲ ਉਪਰ ਧਵਲ ਦੇ ਮਾਣ, ਮਿਹਰ ਨਜ਼ਰ ਟਿਕਾਈਆ। ਅਬਿਨਾਸ਼ੀ ਕਰਤੇ ਦੇ ਫ਼ਰਮਾਣ, ਸੁਖਨ ਸਚ ਦਿਤਾ ਜਣਾਈਆ । ਸਦ ਵਸਣਾ ਭਗਤਾਂ ਨਾਲ, ਧੁਰ ਦਾ ਨਾਤਾ ਦਿਆਂ ਬਣਾਈਆ। ਇਹਨਾਂ ਨਾਲ ਹੋਵੇ ਕਲਿਆਣ, ਕਰਮਾਂ ਕਾਂਡਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਮਰਥ ਹੱਥ ਆਪਣਾ ਆਪ ਰਖਾਈਆ।