੨੫ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਅਗੰਮ ਅਥਾਹ ਖੇਲ ਪੁਰਖ ਅਬਿਨਾਸ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿੱਛੋਂ ਭਿੰਨੜੀ ਆਈ ਰੈਣ ਰਾਤ, ਦਿਵਸ ਘੜੀਆਂ ਪਲਾਂ ਵਿਚ ਪੰਧ ਮੁਕਾਈਆ। ਚਾਰ ਜੁਗ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਜਾਗ, ਸਚਖੰਡ ਦਵਾਰੇ ਅੱਖ ਖੁਲ੍ਹਾਈਆ। ਵੇਖੋ ਖੇਲ ਪੁਰਖ ਅਬਿਨਾਸ਼, ਕਰਤਾ ਕਰਨੀ ਆਪਣੀ ਕਾਰ ਕਮਾਈਆ। ਜਿਸ ਦੀ ਨਿਤ ਨਵਿਤ ਰਸਨਾ ਜਿਹਵਾ ਬੱਤੀ ਦੰਦ ਕਰਦੇ ਰਹੇ ਯਾਦ, ਖਾਣੀ ਬਾਣੀ ਰਾਗਾਂ ਨਾਦਾਂ ਵਿਚ ਰਾਗ ਅਲਾਈਆ। ਜਿਸ ਦਾ ਵੇਸ ਅਨੇਕਾ ਬ੍ਰਹਿਮੰਡ ਖੰਡ ਵਿਚ ਬ੍ਰਹਿਮਾਦ, ਬ੍ਰਹਿਮਾਂਡ ਕਰੇ ਰੁਸ਼ਨਾਈਆ। ਜਿਸ ਦਾ ਨਾਮ ਨਗਾਰਾ ਨੌਬਤ ਵਜੇ ਆਦਿ ਜੁਗਾਦਿ, ਜੁਗ ਚੌਕੜੀ ਹੁਕਮ ਸੁਣਾਈਆ। ਏਥੇ ਓਥੇ ਦੋ ਜਹਾਨਾਂ ਸਤਿ ਸਤਿਵਾਦੀ ਸਚਾ ਰਾਜ, ਸ਼ਬਦ ਹਕੂਮਤ ਇਕ ਸਮਝਾਈਆ। ਜਿਸ ਦੇ ਸੀਸ ਸੁਹੰਜਣਾ ਸਚਾ ਧੁਰ ਦਾ ਤਾਜ, ਤਖ਼ਤ ਨਿਵਾਸੀ ਵੱਡੀ ਵਡਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਇਕ ਅਕੇਲਾ ਖੋਲ੍ਹਣ ਆਇਆ ਰਾਜ਼, ਬੇਪਰਵਾਹ ਪਰਦਾ ਆਪ ਉਠਾਈਆ। ਪੀਰ ਪੈਗ਼ੰਬਰ ਸਜਦੇ ਕਰਕੇ ਅਰਸ਼ਾਂ ਫ਼ਰਸ਼ਾਂ ਜਿਸ ਦੇ ਕ਼ਦਮਾਂ ਪੜ੍ਹਨ ਨਿਮਾਜ਼, ਰੋਜ਼ਾ ਹਕ਼ੀਕ਼ਤ ਹਕ ਵਿਚ ਜਣਾਈਆ। ਜੋ ਸਦਾ ਸੁਹੇਲਾ ਭਗਤਨ ਮੀਤਾ ਦੇਵਣਹਾਰਾ ਸਾਥ, ਨਿਰਗੁਣ ਸਰਗੁਣ ਆਪਣਾ ਜੋੜ ਜੁੜਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਗਾਵੇ ਗਾਥ, ਅੰਜੀਲ ਕ਼ੁਰਾਨ ਸਿਫ਼ਤ ਸਾਲਾਹੀਆ । ਜਿਸ ਨੂੰ ਖਾਣੀ ਬਾਣੀ ਕਹੇ ਪੁਰਖ ਸਮਰਾਥ, ਅਲਖ ਅਗੋਚਰ ਅਗੰਮ ਅਥਾਹ ਵਡ ਵਡਾ ਇਕ ਅਖਵਾਈਆ। ਜਿਸ ਦਾ ਆਤਮ ਪਰਮਾਤਮ ਲੱਖ ਚੁਰਾਸੀ
ਨਾਲ ਨਾਤ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਵਡੀ ਵਡਿਆਈਆ । ਭਿੰਨੜੀ ਰੈਣ ਕਹੇ ਮੈਂ ਵੇਖਾਂ ਵਕ਼ਤ ਸੁਹੇਲਾ, ਹਰਿ ਕਰਤਾ ਖੇਲ ਰਚਾਈਆ। ਪਤਿਪਰਮੇਸ਼ਵਰ ਇਕ ਅਕੇਲਾ, ਨਿਰਗੁਣ ਹੋ ਕੇ ਵੇਸ ਵਟਾਈਆ। ਲੇਖਾ ਜਾਣ ਗੁਰੂ ਗੁਰ ਚੇਲਾ, ਗੁਰ ਗੋਬਿੰਦ ਮੇਲ ਮਿਲਾਈਆ। ਦੋ ਜਹਾਨ ਵਾਲੀ ਜੋਤ ਅਕਾਲੀ ਬਣ ਕੇ ਸੱਜਣ ਸੁਹੇਲਾ, ਸਾਖ਼ਿਆਤ ਸਤਿ ਸਰੂਪੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਰੈਣ ਕਹੇ ਮੈਂ ਵੇਖਾਂ ਗੋਬਿੰਦ ਮੀਤ, ਮਿਤਰ ਪਿਆਰਾ ਇਕੋ ਨਜ਼ਰੀ ਆਈਆ। ਜਿਸ ਦੀ ਵਖਰੀ ਨਿਰਾਲੀ ਸਭ ਤੋਂ ਵਖਰੀ ਰੀਤ, ਧਾਰ ਅਗੰਮੀ ਰਿਹਾ ਦ੍ਰਿੜਾਈਆ। ਆਤਮ ਪਰਮਾਤਮ ਜੋੜ ਕੇ ਸਚ ਪ੍ਰੀਤ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਧਾਮ ਵਖਾ ਕੇ ਇਕ ਅਨਡੀਠ, ਸਚਖੰਡ ਸਾਚਾ ਰਿਹਾ ਸਮਝਾਈਆ। ਧੁਰ ਦਾ ਢੋਲਾ ਗਾ ਕੇ ਗੀਤ, ਦੇਵਣਹਾਰ ਵਡੀ ਵਡਿਆਈਆ। ਲੇਖਾ ਚੁਕਾ ਕੇ ਹਸਤ ਕੀਟ, ਊਚ ਨੀਚ ਰੰਗ ਰੰਗਾਈਆ। ਘਰ ਮਿਟਾ ਕੇ ਮੰਦਰ ਮਸੀਤ, ਮਸਲਾ ਇਕੋ ਹਕ ਸੁਣਾਈਆ। ਜੋ ਪੁਰਖ ਅਕਾਲ ਦੀਨ ਦਿਆਲ ਗੋਬਿੰਦ ਕਰ ਕੇ ਗਿਆ ਵਸੀਅਤ, ਉਹ ਪਰਦਾ ਦਏ ਉਠਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅਗੇ ਰਖੇ ਇਕ ਅਸਲੀਅਤ, ਅਸਲ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਿੰਨੜੀ ਰੈਣ ਕਹੇ ਮੋਹੇ ਚਾਓ ਘਨੇਰਾ, ਅੰਦਰ ਬਾਹਰ ਵਜੀ ਵਧਾਈਆ। ਹਰਿ ਠਾਕਰ ਸਵਾਮੀ ਮਿਲਿਆ ਮੇਰਾ, ਗਹਿਰ ਗੰਭੀਰ ਬੇਪਰਵਾਹੀਆ। ਜਿਸ ਨੇ ਦੋ ਜਹਾਨ ਚੁਕੌਣਾ ਝੇੜਾ, ਝਗੜਾ ਮੇਟੇ ਜਗਤ ਲੋਕਾਈਆ। ਭਗਤਾਂ ਬੰਨ੍ਹਣਾ ਬੇੜਾ, ਸੰਤਾਂ ਹੋਏ ਸਹਾਈਆ। ਗੁਰਮੁਖਾਂ ਵਸੌਣਾ ਖੇੜਾ, ਕਾਇਆ ਮਾਟੀ ਸਾਢੇ ਤਿੰਨ ਹੱਥ ਡੇਰਾ ਲਾਈਆ। ਗੁਰਸਿਖਾਂ ਨਜ਼ਰੀ ਔਣਾ ਨੇਰਨ ਨੇਰਾ, ਨਿਜ ਨੇਤਰ ਕਰ ਰੁਸ਼ਨਾਈਆ। ਸਚ ਸੁਹੇਲਾ ਜਾਨਣਹਾਰਾ ਆਪਣਾ ਵੇਲਾ, ਵਾਰ ਥਿਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਰਿਹਾ ਦ੍ਰਿੜਾਈਆ। ਭਿੰਨੜੀ ਰੈਣ ਕਹੇ ਮੈਂ ਵੇਖ ਵੇਖ ਥੱਕੀ, ਜੁਗ ਚੌਕੜੀ ਗਏ ਵਿਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਮਿਲਿਆ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੇ ਹੱਥ ਲਹਿਣਾ ਦੇਣਾ ਸਵਾ ਰਤੀ, ਕੇਸਰ ਆਪਣਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਇਕ ਅਖਵਾਈਆ । ਭਿੰਨੜੀ ਰੈਣ ਕਹੇ ਮੈਂ ਦੇਵਾਂ ਸੰਦੇਸ਼ਾ, ਨੇਤਰ ਅੱਖ ਸਰਬ ਖੁਲ੍ਹਾਈਆ। ਫੜ ਉਠਾਵਾਂ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਗਣਪਤ ਗ਼ਫ਼ਲਤ ਵਿਚ ਨਜ਼ਰ ਕੋਇ ਨਾ ਆਈਆ। ਭੇਵ ਅਭੇਦਾ ਅਛਲ ਅਛੇਦਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸਾਂ ਕਰ ਕੇ ਹੇਤਾ, ਹਿਤਕਾਰੀ ਦਇਆ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਿਛਲਾ ਕਰ ਲਉ ਚੇਤਾ, ਭਵਿਖਤ ਵਾਕਾਂ ਨਾਲ ਸਮਝਾਈਆ । ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਰੇ ਮੰਨਦੇ ਨੇਤਾ, ਮਾਲਕ ਦੋ ਜਹਾਨ ਅਖਵਾਈਆ। ਜਿਸ ਦੇ ਕੋਲੋਂ ਦੀਨ ਮਜ਼੍ਹਬ ਦਾ ਲੋਕਮਾਤ ਪੰਜਾਂ ਤੱਤਾਂ ਵਾਲਾ ਮਿਲਦਾ ਠੇਕਾ, ਚਾਰ ਕੁੰਟ ਦਹਿ ਦਿਸ਼ਾ ਆਪਣੀ ਵੰਡ ਵੰਡਾਈਆ। ਸੋ ਸਵਾਮੀ ਅੰਤਰਜਾਮੀ ਅੰਦਰ ਵੜ ਕੇ ਮੰਦਰ ਚੜ੍ਹ ਕੇ ਦੱਸਣਹਾਰਾ ਭੇਤਾ, ਅਨੁਭਵ ਆਪਣੀ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਚੁਕਾਈਆ । ਭਿੰਨੜੀ ਰੈਣ ਕਹੇ
ਮੈਂ ਕੀ ਦੱਸਾਂ, ਮੇਰੇ ਉਤੇ ਹੈਰਾਨੀ ਆਈਆ। ਸਦੀ ਵੀਹਵੀਂ ਇਕੋ ਓਟ ਤੱਕਾਂ, ਪ੍ਰਭ ਚਰਨ ਸਰਨ ਸਰਨਾਈਆ। ਦੋਵੇਂ ਮੀਟ ਕੇ ਆਪਣੀਆਂ ਅੱਖਾਂ, ਨਿਜ ਨੇਤਰ ਰਾਹ ਤਕਾਈਆ। ਕਵਣ ਦਵਾਰੇ ਮਿਲੇ ਪੁਰਖ ਸਮਰਥਾ, ਸਚ ਸਿੰਘਾਸਣ ਡੇਰਾ ਲਾਈਆ। ਵਾਹੋ ਦਾਹੀ ਉਠ ਕੇ ਨੱਠਾਂ, ਭੱਜਾਂ ਪੰਧ ਮੁਕਾਈਆ । ਸੀਸ ਉਹਦੇ ਕਦਮਾਂ ਉਤੇ ਸੁੱਟਾਂ, ਜੋ ਸਗਲੀ ਚਿੰਦ ਮਿਟਾਈਆ। ਜਿਸ ਗੋਬਿੰਦ ਨਾਲ ਸੁਹੌਣੀਆਂ ਰੁੱਤਾਂ, ਰੁਤੜੀ ਆਪਣੇ ਰੰਗ ਰੰਗਾਈਆ। ਜਿਸ ਮਾਣ ਰਖੌਣਾ ਗੁਰਮੁਖ ਪੁੱਤਾਂ, ਪਿਤਾ ਆਪਣੀ ਦਏ ਵਡਿਆਈਆ। ਉਸ ਦੇ ਕੋਲੋਂ ਸਚ ਦੀ ਨਿਸ਼ਾਨੀ ਇਕੋ ਪੁੱਛਾਂ, ਜਿਸਦੀ ਸਮਝ ਨਾ ਕੋਇ ਸਮਝਾਈਆ। ਜਿਹੜਾ ਅੰਮ੍ਰਿਤ ਦਿਤਾ ਨਾਲ ਘੁੱਟਾਂ, ਪੰਚਮ ਮੁਖ ਲਗਾਈਆ। ਜਿਸ ਦੇ ਨਾਲ ਬਦਲ ਗਿਆ ਜੁੱਸਾ, ਜਿਸਮ ਇਸਮ ਆਪਣਾ ਦਿਤਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਭਿੰਨੜੀ ਰੈਣ ਕਹੇ ਮੈਂ ਪੁਛਣੀ ਬਾਤ, ਪ੍ਰਭੂ ਅਗੇ ਕਰ ਅਰਜ਼ੋਈਆ। ਸਾਹਿਬ ਸਵਾਮੀ ਗੋਬਿੰਦ ਤੇਰੇ ਸਾਥ, ਸ਼ਬਦੀ ਬੇਟਾ ਸੇਵ ਕਮਾਈਆ। ਥਿਰ ਘਰ ਨਿਵਾਸੀ ਤੇਰਾ ਖੇਲ ਤਮਾਸ਼, ਸਚਖੰਡ ਤੇਰੀ ਬੇਪਰਵਾਹੀਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿੱਛੋਂ ਇਹ ਸੁਹੰਜਣੀ ਆਈ ਰਾਤ, ਜਿਸ ਦੀ ਰੁਤੜੀ ਇਕ ਮਹਿਕਾਈਆ। ਮੈਂ ਰਾਹ ਤਕਦੇ ਵੇਖੇ ਪ੍ਰਿਥਮੀ ਆਕਾਸ਼, ਗਗਨ ਮੰਡਲ ਬ੍ਰਹਿਮੰਡ ਖੰਡ ਅੱਖ ਖੁਲ੍ਹਾਈਆ। ਜਿਸ ਦੀ ਪੀਰ ਪੈਗ਼ੰਬਰ ਕਰਦੇ ਗਏ ਤਲਾਸ਼, ਚੌਦਾਂ ਤਬਕਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਮਾਈਆ। ਭਿੰਨੜੀ ਰੈਣ ਕਹੇ ਜਿਸ ਵੇਲੇ ਈਸਾ ਮੂਸਾ ਮੁਹੰਮਦ ਪਰਵਰਦਿਗਾਰ ਮਾਰੀ ਰਮਜ਼, ਮਹੀਨਾ ਰਮਜ਼ਾਨ ਦਿਤਾ ਜਣਾਈਆ। ਅੰਦਰੇ ਅੰਦਰ ਥੋੜ੍ਹੀ ਦੇ ਕੇ ਸਮਝ, ਭੇਵ ਅਭੇਦਾ ਦਿਤਾ ਖੁਲ੍ਹਾਈਆ। ਜਿਸ ਵੇਲੇ ਸਦੀ ਚੌਧਵੀਂ ਹੋਵੇ ਗ਼ਜ਼ਬ, ਚਾਰੋਂ ਕੁੰਟ ਹੈਰਾਨੀ ਛਾਈਆ । ਝਗੜਾ ਹੋਵੇ ਦੀਨ ਮਜ਼੍ਹਬ, ਜ਼ਾਤ ਪਾਤ ਕਰੇ ਲੜਾਈਆ। ਖਾਣੀ ਬਾਣੀ ਰਹੇ ਕੋਈ ਨਾ ਅਦਬ, ਸਤਿਗੁਰ ਸੀਸ ਨਾ ਕੋਈ ਨਿਵਾਈਆ। ਧਰਮ ਦਵਾਰੇ ਚੁਕੇ ਕੋਈ ਨਾ ਕ਼ਦਮ, ਅਧਰਮ ਰੂਪ ਲੋਕਾਈਆ। ਬਾਹਰੋਂ ਮਾਟੀ ਪੋਚਿਆ ਦਿਸੇ ਬਦਨ, ਅੰਤਰ ਕਾਮ ਕਰੋਧ ਲੋਭ ਮੋਹ ਹਲਕਾਈਆ। ਸੋਹਣੀ ਤੱਤਾਂ ਵਾਲੀ ਨਜ਼ਰੀ ਆਵੇ ਸ਼ਕਲ, ਅੰਦਰੋਂ ਬੇਅਕਲ ਭੁਲਿਆ ਬੇਪਰਵਾਹੀਆ। ਆਸ਼ਾ ਕਾਰਨ ਪੂਰਾ ਕਰਨ ਮਤਲਬ, ਤੁਅੱਲਕ ਪ੍ਰਭ ਦੇ ਨਾਲ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਖੇ ਖੇਲ ਬੇਪਰਵਾਹੀਆ। ਭਿੰਨੜੀ ਰੈਣ ਕਹੇ ਜਿਸ ਵੇਲੇ ਪੀਰ ਪੈਗ਼ੰਬਰ ਪ੍ਰਭ ਸੁਣਾਈ ਅਗੰਮੀ ਆਵਾਜ਼, ਅਵਲ ਨੂਰ ਕਰ ਜਣਾਈਆ। ਸਜਦਿਆਂ ਵਿਚ ਦੱਸੀ ਨਿਮਾਜ, ਹੁਕਮੇਂ ਅੰਦਰ ਵਡਿਆਈਆ। ਭੇਵ ਅੰਦਰ ਖੋਲ੍ਹ ਕੇ ਰਾਜ਼, ਰਹਿਮਤ ਦਿਤੀ ਕਮਾਈਆ। ਬਖ਼ਸ਼ਿਸ਼ ਦੀ ਮੁਖ ਲਗਾ ਕੇ ਨਿਆਜ਼, ਨਿਆਮਤ ਇਕ ਵਰਤਾਈਆ। ਮੁਹੰਮਦ ਦੋਵੇਂ ਜੋੜ ਕੇ ਹਾਥ, ਚਰਨ ਪਿਆ ਸਰਨਾਈਆ । ਪਰਵਰਦਿਗਾਰ ਸਾਂਝੇ ਯਾਰ ਲਾਸ਼ਰੀਕ ਤੇਰਾ ਸਾਥ, ਸਭ ਤੋਂ ਚੰਗਾ ਨਜ਼ਰੀ ਆਈਆ। ਆਪਣੇ ਮਿਲਣ ਦਾ ਕੀਤਾ ਆਪ ਇਤਫ਼ਾਕ, ਮਿਹਰ ਨਜ਼ਰ ਅੱਖ ਖੁਲ੍ਹਾਈਆ। ਮੇਰਾ ਇਕੋ ਤੇਰੇ ਨਾਲ ਵਾਕ, ਅਗਲਾ ਵਾਕਿਆ ਦੇ ਸਮਝਾਈਆ। ਜਿਸ ਵੇਲੇ ਪਰਗਟ ਹੋ ਕੇ ਆਵੇਂ ਆਪ, ਪੀਰਾਂ ਦੇ ਪੀਰ ਪੈਗ਼ੰਬਰਾਂ ਦੇ ਪੈਗ਼ੰਬਰ ਅਮਾਮਾਂ ਦੇ ਅਮਾਮ, ਜਲਵਾ ਨੂਰ ਕਰ ਰੁਸ਼ਨਾਈਆ। ਕਿਸ ਦਾ ਦੇਵੇਂ ਸਚਾ ਸਾਥ, ਮੁਰਸ਼ਦ ਮੁਰੀਦ ਕਵਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਜਣਾਈਆ। ਭੇਵ ਅਭੇਦਾ ਦੱਸ
ਦੇ ਮਾਲਕ, ਪੈਗ਼ੰਬਰ ਬੈਠੇ ਸੀਸ ਨਿਵਾਈਆ । ਤੂੰ ਆਦਿ ਜੁਗਾਦੀ ਖ਼ਾਲਕ, ਗਹਿਰ ਗੰਭੀਰ ਤੇਰੀ ਵਡਿਆਈਆ। ਤੂੰ ਨਿਤ ਨਵਿਤ ਬਣੇਂ ਸਾਲਸ, ਦੋ ਜਹਾਨਾਂ ਅਦਲ ਕਮਾਈਆ। ਤੂੰ ਭਗਤ ਭਗਵਾਨ ਤੂੰ ਸੂਫ਼ੀਆਂ ਦੀ ਸਿਫ਼ਤ ਕਰੇਂ ਖ਼ਾਲਸ, ਆਲਸ ਨਿੰਦਰਾ ਜਗਤ ਚੁਕਾਈਆ। ਤੂੰ ਲਾਵੇਂ ਸਚ ਅਦਾਲਤ, ਸਚ ਸਿੰਘਾਸਣ ਸੋਭਾ ਪਾਈਆ । ਮੁਹੰਮਦ ਕਿਹਾ ਤੇਰੇ ਦਰ ਤੇ ਲੰਘੇ ਨਾ ਕੋਈ ਬਿਨਾ ਇਜਾਜ਼ਤ, ਦੂਰ ਦੁਰਾਡੇ ਸਾਰੇ ਡੇਰਾ ਲਾਈਆ। ਤੇਰਾ ਦਰਸ ਅਪਾਰਾ ਧੁਰਦਰਗਾਹੀ ਨਿਆਮਤ, ਰਸ ਇਕੋ ਇਕ ਵਖਾਈਆ। ਸਦੀ ਚੌਧਵੀਂ ਜਿਸ ਵੇਲੇ ਆਈ ਕ਼ਿਆਮਤ, ਆਪਣੀ ਕ਼ਿਆਮਗਾਹ ਦੇ ਸਮਝਾਈਆ। ਜਿਥੇ ਆਪਣਿਆਂ ਦੀ ਦਏਂ ਜ਼ਮਾਨਤ, ਬਰੀਖ਼ਾਨਾ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਭਿੰਨੜੀ ਰੈਣ ਕਹੇ ਪ੍ਰਭ ਧੁਰਦਰਗਾਹੀ ਦਇਆ ਕਮੌਂਦਾ ਏ। ਆਦਿ ਪੁਰਖ ਅਬਿਨਾਸ਼ੀ ਕਰਤਾ, ਸ਼ਬਦ ਅਗੰਮੀ ਹੁਕਮ ਸੁਣੌਂਦਾ ਏ। ਕਲਮਾ ਕਾਇਨਾਤ ਦਾ ਬਰਦਾ, ਚੌਦਾਂ ਤਬਕ ਵੇਖ ਵਖੌਂਦਾ ਏ। ਸਚ ਸੰਦੇਸ਼ਾ ਇਕੋ ਘਲਦਾ, ਨਰ ਨਰੇਸ਼ਾ ਹੁਕਮ ਵਰਤੌਂਦਾ ਏ। ਲੇਖਾ ਜਾਣੇ ਨਿਹਚਲ ਧਾਮ ਅਟਲ ਦਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮਹਿਫ਼ਲ ਆਪਣੇ ਘਰ ਲਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਉਂਦਾ ਏ। ਮਿਹਰ ਨਜ਼ਰ ਆਪ ਉਠੌਂਦਾ ਏ। ਪਤਿਪਰਮੇਸ਼ਵਰ ਵੇਖ ਵਖੌਂਦਾ ਏ। ਧੁਰ ਸੰਦੇਸ਼ ਇਕ ਸੁਣੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠੌਂਦਾ ਏ। ਗੁਰ ਅਵਤਾਰ ਪੈਗ਼ੰਬਰ ਦੇ ਸੰਦੇਸ਼, ਆਲਸ ਨਿੰਦਰਾ ਦੂਰ ਕਰੌਂਦਾ ਏ। ਉਠੋ ਨੇਤਰ ਤਕੋ, ਸਚ ਦਵਾਰਾ ਲੈਣਾ ਪੇਖ, ਜੋ ਲੋਕਮਾਤ ਵਡਿਔਂਦਾ ਏ। ਨਿਰਗੁਣ ਧਰ ਕੇ ਆਇਆ ਭੇਖ, ਜੋਤੀ ਜਾਮਾ ਵੇਸ ਵਟੌਂਦਾ ਏ। ਸੰਬਲ ਵਸਿਆ ਆਪਣੇ ਦੇਸ, ਗੋਬਿੰਦ ਮੇਲਾ ਮੇਲ ਕਰੌਂਦਾ ਏ। ਧੁਰਦਰਗਾਹੀ ਨਰ ਨਰੇਸ਼, ਨਿਰੰਕਾਰਾ ਇਕੋ ਇਕ ਅਖਵੌਂਦਾ ਏ। ਜੋ ਕਲਜੁਗ ਅੰਤਮ ਖੇਲੇ ਅਗੰਮੀ ਖੇਡ, ਜਿਸ ਦਾ ਭੇਵ ਕੋਇ ਨਾ ਪੌਂਦਾ ਏ। ਜੋਤੀ ਜਲਵਾ ਕਰਕੇ ਤੇਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪ ਜਗੌਂਦਾ ਏ। ਜਨ ਭਗਤਾਂ ਕਰਕੇ ਧੁਰ ਦਾ ਹੇਤ, ਹਿਤਕਾਰੀ ਹੋ ਕੇ ਮੇਲ ਮਿਨੌਦਾ ਏ। ਨਿਜ ਆਤਮ ਪਰਮਾਤਮ ਲਏ ਵੇਖ, ਲੋਚਨ ਇਕੋ ਅੱਖ ਖੁਲੌਂਦਾ ਏ। ਲਹਿਣਾ ਦੇਣਾ ਗੁਰ ਦਸਮੇਸ਼, ਦਹਿ ਦਿਸ਼ਾ ਝੋਲੀ ਪੌਂਦਾ ਏ। ਜਿਸ ਦੀ ਸ਼ਬਦ ਅਗੰਮੀ ਦੋ ਧਾਰੀ ਦਿਸੇ ਤੇਗ਼, ਖੰਡਾ ਖੜਗ ਨਾਮ ਚਮਕੌਂਦਾ ਏ। ਜਿਸ ਮਾਛੂਵਾੜੇ ਹੰਢਾਈ ਸੇਜ, ਸੂਲਾਂ ਸੱਥਰ ਡੇਰਾ ਲੌਂਦਾ ਏ। ਓਹਦਾ ਮਾਲਕ ਪ੍ਰਿਤਪਾਲਕ ਖ਼ਾਲਕ ਸਭ ਕੁਛ ਰਿਹਾ ਵੇਖ, ਅਨਡਿਠੜੀ ਕਾਰ ਕਮੌਂਦਾ ਏ। ਜਿਸ ਦੇ ਪਿਛੇ ਅਰਜਨ ਤੱਤੀ ਪਵਾਈ ਸੀਸ ਰੇਤ, ਅਗਨੀ ਮਠ ਤਪੌਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਕਰਨੀ ਕਾਰ ਕਮੌਂਦਾ ਏ। ਭਿੰਨੜੀ ਰੈਣ ਕਹੇ ਪ੍ਰਭ ਕਾਰ ਕਮੌਂਦਾ ਏ। ਨਿਹਕਲੰਕਾ ਨਾਉਂ ਰਖੌਂਦਾ ਏ। ਕਾਲ ਮਹਾਕਾਲ ਚਰਨਾਂ ਨਾਲ ਰਖੌਂਦਾ ਏ। ਦੋ ਜਹਾਨਾਂ ਪਾਵੇ ਸਾਰ, ਬ੍ਰਹਿਮੰਡ ਖੰਡ ਖੋਜ ਖੁਜੌਂਦਾ ਏ। ਜੁਗ ਚੌਕੜੀ ਪਿੱਛੋਂ ਨਿਰਗੁਣ ਕਰਨ ਆਇਆ ਵਿਹਾਰ, ਵਿਵਹਾਰੀ ਆਪਣੀ ਰਚਨ ਰਚੌਂਦਾ ਏ। ਕਲਜੁਗ ਕੂੜੀ ਕਿਰਿਆ ਦਏ ਨਿਵਾਰ, ਸਤਿਗੁਰ ਸਾਚਾ ਮਾਰਗ ਲੌਂਦਾ ਏ। ਜਿਸ ਇੱਕੀ ਦੀ ਗੋਬਿੰਦ ਕਰਕੇ ਗਿਆ ਪੁਕਾਰ, ਉਹ ਇੱਕੀ ਏਕੰਕਾਰ ਆਪ ਬਣੌਂਦਾ ਏ। ਚਾਰ ਵਰਨ ਦੀ ਸਿੱਖੀ ਕਰ ਤਿਆਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜੋੜ ਜੁੜੌਂਦਾ ਏ। ਸਾਚਾ ਗੁਲਸ਼ਨ ਖਿਲੇ ਬਹਾਰ, ਬੂਟਾ ਗੁਰਮੁਖ ਆਪ ਪਰਗਟੌਂਦਾ ਏ। ਭਗਤ ਸੁਹੇਲਾ ਮੀਤ ਮੁਰਾਰ, ਇਕ ਅਕੇਲਾ
ਵੇਖ ਵਖੌਂਦਾ ਏ। ਜਿਸ ਦਾ ਰਾਹ ਤਕਦੇ ਰਹੇ ਜੁਗ ਚਾਰ, ਚੌਕੜੀ ਆਪਣਾ ਹੁਕਮ ਵਰਤੌਂਦਾ ਏ। ਸੋ ਪਰਗਟ ਹੋ ਕੇ ਆਏ ਵਿਚ ਸੰਸਾਰ, ਕਲ ਕਲਕੀ ਨਾਮ ਪਰਗਟੌਂਦਾ ਏ। ਬੀਸ ਇਕੀਸਾ ਹਰਿ ਜਗਦੀਸਾ ਹੋ ਕੇ ਖ਼ਬਰਦਾਰ, ਖ਼ਬਰ ਸੰਦੇਸ਼ਾ ਇਕ ਸੁਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠੌਂਦਾ ਏ। ਬੇਖ਼ਬਰ ਦੇਵੇ ਧੁਰ ਦੀ ਖ਼ਬਰ, ਸ਼ਬਦ ਸੰਦੇਸ਼ ਸੁਣੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਬੈਠੇ ਰਹੇ ਕਰਕੇ ਸਬਰ, ਸਬਰ ਸਬੂਰੀ ਸਭ ਦੀ ਲੇਖੇ ਲੌਦਾ ਏ। ਵੀਹ ਸੌ ਇੱਕੀ ਬਿਕ੍ਰਮੀ ਕਰਨ ਆਇਆ ਅਦਲ, ਅਦਾਲਤ ਇਕੋ ਇਕ ਜਣੌਂਦਾ ਏ। ਜਿਸ ਨੇ ਕਲਜੁਗ ਕੂੜੀ ਕਿਰਿਆ ਦੇਣੀ ਬਦਲ, ਸਤਿਜੁਗ ਸਾਚਾ ਰਾਹ ਵਖੌਂਦਾ ਏ। ਮਾਇਆ ਮਮਤਾ ਮੋਹ ਹੰਕਾਰ ਕਰਕੇ ਕ਼ਤਲ, ਸ਼ਬਦ ਖੰਡਾ ਇਕ ਚਮਕੌਂਦਾ ਏ। ਭਗਤ ਸੁਹੇਲੇ ਮੇਲ ਕੇ ਪਤਣ, ਗੋਬਿੰਦ ਤੇਰੇ ਨਾਮ ਰੰਗੌਂਦਾ ਏ। ਸੰਤ ਸੁਹੇਲੇ ਆਇਆ ਰਖਣ, ਸਿਰ ਆਪਣਾ ਹੱਥ ਟਿਕੌਂਦਾ ਏ। ਸ਼ਬਦ ਅਗੰਮੀ ਕਰ ਕੇ ਯਤਨ, ਯਥਾ ਯੋਗ ਆਪਣੀ ਸੇਵ ਕਮੌਂਦਾ ਏ। ਪੁਰਖ ਅਬਿਨਾਸ਼ੀ ਹੋ ਕੇ ਬੇਵਤਨ, ਵਤਨ ਗੁਰਮੁਖਾਂ ਆਪ ਸੁਹੌਂਦਾ ਏ। ਸੰਤ ਸੁਹੇਲੇ ਗੁਰਮੁਖ ਅਨਮੋਲ ਕੱਢਕੇ ਰਤਨ, ਰਤੀ ਰਤ ਰੰਗ ਨਾਲ ਰੰਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਆਪ ਬਣੌਂਦਾ ਏ। ਸਾਚੀ ਬਣਤ ਬਣਾਵਣ ਆਇਆ, ਪਾਰਬ੍ਰਹਮ ਕਰਤਾਰ। ਭਗਤ ਸੁਹੇਲੇ ਲਏ ਉਠਾਇਆ, ਗੁਰ ਚੇਲੇ ਮੀਤ ਮੁਰਾਰ। ਗੋਬਿੰਦ ਮੇਲਾ ਸਹਿਜ ਸੁਭਾਇਆ, ਅੰਦਰ ਬਾਹਰ ਕਰੇ ਪਿਆਰ। ਸਾਚਾ ਮੰਦਰ ਇਕ ਵਡਿਆਇਆ, ਸਾਢੇ ਤਿੰਨ ਹੱਥ ਮਨਾਰ। ਜੋਤੀ ਜਾਤਾ ਡਗਮਗਾਇਆ, ਨੂਰੋ ਨੂਰ ਕਰੇ ਚਮਤਕਾਰ। ਸ਼ਬਦ ਅਗੰਮੀ ਰਾਗ ਸੁਣਾਇਆ, ਅਨਹਦ ਵਜੀ ਇਕ ਧੁਨਕਾਰ। ਅੰਮ੍ਰਿਤ ਆਤਮ ਜਾਮ ਪਿਲਾਇਆ, ਨਿਝਰ ਝਿਰਨਾ ਝਿਰੇ ਠੰਡਾ ਠਾਰ। ਬੂੰਦ ਸਵਾਂਤੀ ਮੁਖ ਚੁਆਇਆ, ਅੰਮ੍ਰਿਤ ਰਸ ਦੇਵੇ ਅਪਰ ਅਪਾਰ। ਵੇਲਾ ਵਕ਼ਤ ਜਿਸ ਸੁਹਾਇਆ, ਥਿਤ ਵਾਰ ਰਲਾਈ ਨਾਲ। ਭਗਤਨ ਮੀਤਾ ਚਲ ਕੇ ਆਇਆ, ਸਚਖੰਡ ਨਿਵਾਸੀ ਵਿਚ ਸੰਸਾਰ। ਜਗਤ ਜਗਦੀਸ਼ਾ ਫੇਰਾ ਪਾਇਆ, ਕਲ ਕਲਕੀ ਹੋ ਮਿਹਰਵਾਨ। ਨਾਮ ਹਦੀਸਾ ਇਕ ਸੁਣਾਇਆ, ਗਾਥਾ ਗਾਏ ਦੋ ਜਹਾਨ। ਮੰਦਰ ਮਸੀਤਾਂ ਵਕ਼ਤ ਚੁਕਾਇਆ, ਆਤਮ ਪਰਮਾਤਮ ਮੇਲਾ ਮੇਲ ਮਿਲਾਏ ਆਣ। ਊਚਾਂ ਨੀਚਾਂ ਰਾਓ ਰੰਕਾਂ ਇਕੋ ਰੰਗ ਰੰਗਾਇਆ, ਇਕੋ ਸਮਝਾਏ ਸਚਾ ਗਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਆਇਆ ਤਰਾਣ। ਭਿੰਨੜੀ ਰੈਣ ਕਹੇ ਜੁਗ ਚੌਕੜੀ ਪਿੱਛੋਂ ਆਈ ਪੋਹ ਛੱਬੀ, ਸ਼ਾਹ ਪਾਤਸ਼ਾਹ ਵੇਖ ਵਖਾਈਆ। ਜਿਸ ਦੇ ਹੁਕਮੇਂ ਅੰਦਰ ਬੱਧੀ, ਲੱਖ ਚੁਰਾਸੀ ਦਿਸੇ ਲੋਕਾਈਆ। ਇਹ ਜੋਤ ਅਗੰਮੀ ਰੱਬੀ, ਰਹਿਮਤ ਵਿਚ ਸਮਾਈਆ। ਜਿਹੜੀ ਜੰਗਲ ਜੂਹ ਉਜਾੜ ਪਹਾੜਾਂ ਵਿਚੋਂ ਕਿਸੇ ਨਾ ਲਭੀ, ਮੱਠਾਂ ਵਿਚੋਂ ਹੱਥ ਕਿਸੇ ਨਾ ਆਈਆ। ਭਗਤ ਪ੍ਰੇਮਣ ਸੰਤ ਸੁਹੇਲਣ ਪ੍ਰੀਤੀ ਅੰਦਰ ਬੱਧੀ, ਜੁਗ ਜੁਗ ਆਪਣਾ ਫੇਰਾ ਪਾਈਆ। ਕਲਜੁਗ ਵੇਖ ਕੇ ਵੀਹਵੀਂ ਸਦੀ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਭਗਤਾਂ ਦੇ ਪ੍ਰੇਮ ਵਿਚ ਰੰਗੀ, ਰੰਗਤ ਆਪਣੀ ਰਹੀ ਵਖਾਈਆ। ਸੰਤ ਸੁਹੇਲੇ ਬਣ ਗਏ ਸੰਗੀ, ਧੁਰ ਦਾ ਸੰਗ ਇਕ ਜਣਾਈਆ। ਕੂੜਾ ਨਾਤਾ ਤੁੱਟਾ ਜਗਤ ਪਖੰਡੀ, ਭੇਖਾਧਾਰੀ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਸਤਿ ਧਰਮ ਦੀ ਲੌਣੀ ਇਕੋ ਡੰਡੀ, ਡੰਡੌਤ ਸਾਚੀ ਦਏ ਜਣਾਈਆ। ਸੁਰਤ ਸਵਾਣੀ ਰਹਿਣੀ ਕੋਈ ਨਾ ਰੰਡੀ, ਗੋਬਿੰਦ ਮੇਲਾ ਸਹਿਜ ਸੁਭਾਈਆ। ਆਤਮ ਪਰਮਾਤਮ ਮਿਲਣਾ ਇਕ ਅਨੰਦੀ,
ਪੁਰੀ ਅਨੰਦ ਵਾਲਾ ਦੇਵੇ ਸਚਾ ਮਾਹੀਆ। ਜੁਗ ਜਨਮ ਦੇ ਵਿਛੜਿਆਂ ਰਹੀ ਗੰਢੀ, ਡੋਰੀ ਸ਼ਬਦੀ ਤੰਦ ਜੁੜਾਈਆ। ਵੀਹ ਸੌ ਇੱਕੀ ਬਿਕ੍ਰਮੀ ਆਈ ਸਭ ਤੋਂ ਚੰਗੀ, ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀ ਮਨਾਈਆ। ਭਗਤ ਦਵਾਰੇ ਔਣਾ ਚਲ ਕੇ ਪੈਰੀਂ ਨੰਗੀ, ਜੋੜਾ ਚਰਨ ਨਾ ਕੋਇ ਛੁਹਾਈਆ। ਢੋਲਾ ਗੌਣਾ ਇਕੋ ਸੋਹੰ ਛੰਦੀ, ਨਾਨਕ ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਗਿਆ ਸਮਝਾਈਆ। ਜੋ ਗੋਬਿੰਦ ਮੰਗ ਅੰਤਮ ਵੇਲੇ ਮੰਗੀ, ਪੁਰਖ ਅਕਾਲ ਅਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਵੇਲਾ ਵਕ਼ਤ ਸੁਹਾਈਆ। ਵੇਲਾ ਵਕ਼ਤ ਸੁਹਾਵਣਾ, ਸੋਹਣੀ ਮਿਲੇ ਵਡਿਆਈਆ। ਪੋਹ ਛੱਬੀ ਰੁਤ ਸੁਹਾਵਣਾ, ਰੁਤੜੀ ਨਾਲ ਮਹਿਕਾਈਆ। ਹਰਿ ਭਗਤਾਂ ਰੰਗ ਰੰਗਾਵਣਾ, ਸਤਿ ਮਜੀਠੀ ਦਏ ਚੜ੍ਹਾਈਆ। ਗੋਬਿੰਦ ਮੇਲਾ ਮੇਲ ਕਰਾਵਣਾ, ਵਿਛੋੜਾ ਪਿਛਲਾ ਮੇਟੇ ਜੁਦਾਈਆ । ਇੱਕੀਆਂ ਇੱਕੀਆਂ ਸੰਗ ਨਿਭਾਵਣਾ, ਸਗਲਾ ਸੰਗ ਬਣਾਈਆ। ਪ੍ਰੇਮ ਡੋਰੀ ਨਾਲ ਬੰਧਾਵਣਾ, ਨਾਤਾ ਸਕੇ ਨਾ ਕੋਇ ਤੁੜਾਈਆ। ਮਸਤਕ ਟਿੱਕਾ ਇਕੋ ਲਾਵਣਾ, ਸਵਾ ਰਤੀ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਿੰਨੜੀ ਰੈਣ ਕਹੇ ਮੈਂ ਵੇਖੀ ਵੀਹ ਸੌ ਇੱਕੀ ਦੀ ਆਸ, ਆਸਾ ਭਰੀ ਖ਼ੁਸ਼ੀ ਮਨਾਈਆ। ਮੈਂ ਦਰਸ਼ਨ ਤਕ ਕੇ ਪੁਰਖ ਅਬਿਨਾਸ਼, ਆਪ ਆਪਣਾ ਗਈ ਭੁਲਾਈਆ। ਮੈਨੂੰ ਪਿਛਲੇ ਭਗਤ ਦੀ ਆਈ ਯਾਦ, ਮੇਰੀ ਅੱਖ ਪਰਤਖ ਲਈ ਅੰਗੜਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਲੱਖ ਚੁਰਾਸੀ ਸੁਣੇ ਨਾ ਕੋਇ ਫ਼ਰਿਆਦ, ਇਕੋ ਦਾਤਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਟ ਕੇ ਗਏ ਆਪਣੀ ਵਾਟ, ਜੁਗ ਚੌਕੜੀ ਪਾਂਧੀ ਹੋ ਕੇ ਫੇਰਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗੀਤਾ ਵਾਲੀ ਲਿਖ ਕੇ ਗਾਥ, ਸ੍ਰਿਸ਼ਟ ਸਬਾਈ ਦ੍ਰਿਸ਼ਟੀ ਗਏ ਜਣਾਈਆ । ਮੰਜ਼ਲ ਚੜ੍ਹਨ ਵਾਲੀ ਦੱਸ ਕੇ ਬਾਤ, ਕਹਾਣੀਆਂ ਵਾਲੀ ਕਹਾਵਤ ਗਏ ਬਣਾਈਆ। ਅੰਤ ਕੂਕ ਪੁਕਾਰ ਕਰਦੇ ਰਹੇ ਦਿਵਸ ਰਾਤ, ਪੁਰਖ ਅਬਿਨਾਸ਼ੀ ਅਗੇ ਸੀਸ ਝੁਕਾਈਆ। ਜਿਸ ਵੇਲੇ ਕਲਜੁਗ ਅੰਤ ਹੋਵੇ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਤੁਧ ਬਿਨ ਸਹਾਈ ਹੋਵੇ ਨਾ ਪੁਰਖ ਅਬਿਨਾਸ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ । ਗੋਬਿੰਦ ਮੀਤਾ ਠਾਂਡਾ ਸੀਤਾ ਅੰਤਮ ਗਿਆ ਆਖ, ਸ਼ਬਦ ਸੰਦੇਸ਼ਾ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਵੀਹ ਸੌ ਇੱਕੀ ਕਹੇ ਮੈਂ ਆਈ ਏਕ, ਏਕੰਕਾਰ ਦੇਵੇ ਵਡਿਆਈਆ। ਮੈਂ ਸਾਚੀ ਬਖ਼ਸ਼ਣੀ ਇਕ ਟੇਕ, ਭਗਤ ਭਗਵਾਨ ਦੇਣੀ ਸਰਨਾਈਆ। ਗੋਬਿੰਦ ਲੇਖਾ ਧੁਰ ਸੰਦੇਸ਼, ਸੰਤ ਸੁਹੇਲੇ ਦੇਣਾ ਜਣਾਈਆ। ਕਲਜੁਗ ਕੂੜੀ ਮਿਟਣੀ ਖੇਡ, ਲੋਕਮਾਤ ਰਹਿਣ ਨਾ ਪਾਈਆ । ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸੰਤ ਸੁਹੇਲਾ ਇਕ ਅਕੇਲਾ ਭਗਤਾਂ ਮਿਲ ਕੇ ਦਏ ਸੰਦੇਸ਼, ਧੁਰ ਦਾ ਢੋਲਾ ਇਕ ਜਣਾਈਆ। ਸਚ ਦਵਾਰੇ ਹਰਿ ਨਿਰੰਕਾਰਾ ਲੈਣਾ ਪੇਖ, ਨੇਤਰ ਨੈਣ ਅੱਖ ਖੁਲ੍ਹਾਈਆ। ਜੋਤੀ ਜਾਮਾ ਸ੍ਰੀ ਭਗਵਾਨ ਧਰ ਕੇ ਆਇਆ ਭੇਖ, ਬਿਨ ਰੰਗ ਰੂਪੀ ਆਪਣਾ ਫੇਰਾ ਪਾਈਆ। ਗੁਰਮੁਖ ਗੁਰਸਿਖ ਲਿਖਣ ਆਇਆ ਲੇਖ, ਲੇਖਾ ਆਪਣੇ ਹੱਥ ਜਣਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਮੰਨਦੇ ਸੰਬਲ ਦੇਸ, ਸੋ ਸਾਢੇ ਤਿੰਨ ਹੱਥ ਕਾਇਆ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ । ਧੁਰ ਦੀ ਕਰਨੀ ਕਰੇ ਕਰਤਾ ਪੁਰਖ, ਪਾਰਬ੍ਰਹਮ ਵਡੀ ਵਡਿਆਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ
ਗ਼ਮ ਨਾ ਕੋਇ ਰਖਾਈਆ। ਲੱਖ ਚੁਰਾਸੀ ਨਾਮ ਕਸਵੱਟੀ ਪਰਖ, ਗੁਰਮੁਖ ਥੋੜ੍ਹੇ ਬਾਹਰ ਕਢਾਈਆ । ਦੀਨ ਦੁਨੀ ਦੋਵੇਂ ਕਰ ਕੇ ਤਰਕ, ਤੁਰਤ ਆਪਣਾ ਮੇਲ ਮਿਲਾਈਆ। ਜਿਹੜੀ ਗੋਬਿੰਦ ਨਾਲ ਸ਼ਰਤ, ਉਹ ਸ਼ਰਅ ਵਿਚ ਪੂਰ ਕਰਾਈਆ। ਪਿੱਛੇ ਰਹਿਣ ਨਾ ਦੇਵੇ ਫ਼ਰਕ਼, ਅਗਲਾ ਨਾਤਾ ਜੋੜੇ ਬੇਪਰਵਾਹੀਆ। ਜਿਸ ਦੇ ਵੈਰਾਗ ਅੰਦਰ ਵੈਰਾਗੀ ਹੋ ਕੇ ਤਿਆਗੀ ਹੋ ਕੇ ਬੈਰਾਗੀ ਰਹੇ ਤੜਪ, ਸੋ ਤੜਪਣਾ ਦਏ ਬੁਝਾਈਆ। ਨਿਰਗੁਣ ਨਿਰਵੈਰ ਨਿਰੰਕਾਰ ਹੋ ਕੇ ਆਵੇ ਪਰਤ, ਪਰਤੀਨਿਧ ਹੋ ਕੇ ਫੇਰਾ ਪਾਈਆ। ਵੀਹ ਸੌ ਇੱਕੀ ਬਿਕ੍ਰਮੀ ਦਾ ਸੋਹਣਾ ਬਰਸ, ਬਰਸੀ ਗੁਰ ਅਵਤਾਰ ਪੀਰ ਪੈਗ਼ੰਬਰ ਮਿਲ ਕੇ ਰਹੇ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਇਕ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹ ਕੇ ਅੱਖ, ਪਰਤਖ ਵੇਖਣ ਹਰਿ ਗੁਸਾਈਆ । ਇਕ ਦੂਜੇ ਨੂੰ ਰਹੇ ਦੱਸ, ਖ਼ੁਸ਼ੀਆਂ ਢੇਲੇ ਗਾਈਆ। ਚਲੋ ਚਲੀਏ ਓਥੇ ਨਠ, ਆਪਣਾ ਪੰਧ ਮੁਕਾਈਆ। ਪੋਹ ਛੱਬੀ ਨੂੰ ਜਿਥੇ ਭਗਤਾਂ ਹੋਣਾ ਇਕੱਠ, ਪੁਰਖ ਅਕਾਲ ਦਏ ਵਡਿਆਈਆ। ਜਿਥੇ ਗੋਬਿੰਦ ਦੀ ਲੇਖੇ ਲਗੀ ਰਤ, ਰਤੀ ਰਤ ਨੂਰ ਚਮਕਾਈਆ। ਤੇਈ ਅਵਤਾਰ ਕਹਿਣ ਸਿਰ ਕ਼ਦਮਾਂ ਉਤੇ ਦਈਏ ਸਟ, ਮਿਟੇ ਮਾਣ ਵਡਿਆਈਆ । ਈਸਾ ਮੂਸਾ ਮੁਹੰਮਦ ਕਹਿਣ ਬੋਲੀਏ ਨਾਅਰਾ ਹਕ, ਜੋ ਹਕ਼ੀਕ਼ਤ ਦਏ ਜਣਾਈਆ। ਨਾਨਕ ਗੋਬਿੰਦ ਕਹਿਣ ਪੁਰਖ ਅਕਾਲ ਇਕੋ ਸਚ, ਜੋ ਸਭ ਦਾ ਪਿਤਾ ਮਾਈਆ। ਭਗਤ ਅਠਾਰਾਂ ਕਹਿਣ ਚਰਨੀ ਜਾਈਏ ਢਠ, ਧੂੜੀ ਟਿੱਕਾ ਮਸਤਕ ਲਾਈਆ। ਸਤਿਜੁਗ ਕਹੇ ਮੈਨੂੰ ਲੋਕਮਾਤ ਰਖ, ਵੇਲਾ ਵਕ਼ਤ ਦਏ ਗਵਾਹੀਆ । ਕਲਜੁਗ ਕਹੇ ਮੈਨੂੰ ਕਰ ਵਖ, ਕੂੜ ਕੁੜਿਆਰਿਆਂ ਕੋਲੋਂ ਪੱਲੂ ਦੇ ਛੁਡਾਈਆ। ਸਤਿ ਧਰਮ ਕਹੇ ਮੈਨੂੰ ਸਾਰੇ ਗਏ ਛਡ, ਸੰਗੀ ਨਜ਼ਰ ਕੋਇ ਨਾ ਆਈਆ। ਨੇਤਰ ਰੋਵਣ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ । ਮੇਰੀ ਰਹੀ ਕੋਈ ਨਾ ਪਤਿ, ਪਤਿਪਰਮੇਸ਼ਵਰ ਤੇਰੇ ਅਗੇ ਦੁਹਾਈਆ। ਧਾਹਾਂ ਮਾਰਨ ਮੰਦਰ ਸ਼ਿਵਦਵਾਲੇ ਮਠ, ਗੁਰੂਦਵਾਰ ਹਾਹਾਕਾਰ ਕਰ ਸੁਣਾਈਆ। ਪ੍ਰਭੂ ਤੇਰੇ ਮਿਲਣ ਦੀ ਸਾਫ਼ ਰਹੀ ਨਾ ਕਿਸੇ ਦੀ ਅੱਖ, ਨੇਤਰ ਨੈਣ ਨਾ ਕੋਇ ਰੁਸ਼ਨਾਈਆ। ਧਰਮ ਦਵਾਰਿਆਂ ਉਤੇ ਧੀਆਂ ਭੈਣਾਂ ਰਹੇ ਤਕ, ਗੁਰ ਕਾ ਭੈ ਸੀਸ ਨਾ ਕੋਇ ਰਖਾਈਆ। ਧੁਰ ਦਾ ਇਸ਼ਟ ਸਾਰੇ ਗਏ ਛਡ, ਦ੍ਰਿਸ਼ਟ ਸਚ ਨਾ ਕਿਸੇ ਖੁਲ੍ਹਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਜਗਤ ਵਾਸਨਾ ਹੋਏ ਹਲਕਾਈਆ। ਗੋਬਿੰਦ ਸੂਰਾ ਸੂਰਬੀਰ ਬੋਲੇ ਸਰਬਗ, ਧੁਰ ਦਾ ਹੁਕਮ ਸੁਣਾਈਆ। ਪ੍ਰਭੂ ਦੇ ਹੁਕਮੇਂ ਅੰਦਰ ਇਹ ਲਗੀ ਚਾਰੇ ਕੁੰਟ ਅੱਗ, ਦਹਿ ਦਿਸ਼ਾ ਰਹੀ ਤਪਾਈਆ। ਕਾਅਬੇ ਵਾਲਿਆਂ ਭੁੱਲਿਆ ਹੱਜ, ਮੱਕੇ ਵਾਲਿਆਂ ਮਸਲਾ ਹਲ ਨਾ ਕੋਇ ਕਰਾਈਆ। ਕੂੜੀ ਮਾਇਆ ਕੂੜਾ ਲਬ, ਲੁਬੇ-ਲੁਆਬ ਰਹੇ ਕੁਰਲਾਈਆ । ਪਰਵਰਦਿਗਾਰ ਸਾਂਝਾ ਯਾਰ ਮਿਲੇ ਨਾ ਕਿਸੇ ਰੱਬ, ਰੱਬੀ ਨੂਰ ਨਾ ਕੋਇ ਰੁਸ਼ਨਾਈਆ। ਸਚ ਸਵਾਮੀ ਅੰਤਰਜਾਮੀ ਕਾਇਆ ਗਰਾਮੀ ਘਰ ਲਏ ਕੋਈ ਨਾ ਸੱਦ, ਬੰਕ ਦਵਾਰੇ ਮਾਤ ਬਹਾਈਆ। ਅਬਿਨਾਸ਼ੀ ਕਰਤੇ ਤੇਰੇ ਤੋਂ ਹੋ ਗਏ ਸਾਰੇ ਅੱਡ, ਵਖਰਾ ਬੈਠੇ ਰਾਹ ਜਣਾਈਆ। ਇਸੇ ਕਾਰਨ ਬੀਸ ਇਕੀਸਾ ਕਹੇ ਸਦੀ ਚੌਧਵੀਂ ਹੋਈ ਹਦ, ਹਜ਼ਰਤ ਹਜ਼ਰਤਾਂ ਲੇਖਾ ਦੇ ਮੁਕਾਈਆ। ਅਗੇ ਚਾੜ੍ਹ ਕੇ ਆਪਣਾ ਰੰਗ, ਸਾਚਾ ਕਲਮਾ ਦੇ ਸਮਝਾਈਆ । ਤੇਰੇ ਨਾਮ ਦਾ ਵਜੇ ਮਰਦੰਗ, ਨਗ਼ਮਾ ਇਕ ਸ਼ਨਵਾਈਆ। ਭਗਤ ਸੁਹੇਲਾ ਹੋ ਕੇ ਰਹਿਣਾ ਸੰਗ, ਧੁਰ ਦਾ ਸੰਗ ਨਿਭਾਈਆ। ਇਹ ਅੰਤ ਅਖ਼ੀਰੀ ਤੇਰੀ ਵੰਡ, ਬ੍ਰਹਿਮੰਡ ਰਾਹ ਤਕਾਈਆ। ਕੀ ਹੋਇਆ ਜੇ ਪੁਰੀ ਛਡ
ਗਿਉਂ ਅਨੰਦ, ਅਨੰਦ ਭਗਤਾਂ ਵਿਚ ਸਦਾ ਰਖਾਈਆ। ਉਹਨਾਂ ਪਿੱਛੇ ਨਿਰਗੁਣ ਹੋ ਕੇ ਮਾਰਿਆ ਪੰਧ, ਮੰਜ਼ਲ ਪਿਛਲੀ ਦੂਰ ਰਖਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਸੁਣਾ ਕੇ ਛੰਦ, ਸੋਹੰ ਸਚ ਸਰੂਪ ਸਮਾਈਆ । ਵਾਹਵਾ ਗੁਰੂ ਗੁਰਦੇਵ ਸਵਾਮੀ ਪਾਏ ਠੰਡ, ਧੁਰ ਦਾ ਜੋੜਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਰਨੀ ਕਹੇ ਮੈਂ ਕਰਨੀ ਕਾਰ ਇਕ, ਏਕਾ ਇੱਕੀ ਦਿਆਂ ਵਡਿਆਈਆ। ਜਿਸ ਵੇਲੇ ਪਰਮ ਪਿਆਰੇ ਪ੍ਰਭ ਦੇ ਮਿਤਰ ਵੇਖਾਂ ਸਿੱਖ, ਜਿਨ੍ਹਾਂ ਦੇ ਅੰਤਰ ਸਿਖਿਆ ਸਾਚੀ ਭਾਈਆ। ਓਸੇ ਵੇਲੇ ਦੋ ਜਹਾਨਾਂ ਵਾਲੀ ਮੈਨੂੰ ਆਵੇ ਦਿਸ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਮੈਂ ਵਡਿਆਵਾਂ ਕਿਸ ਕਿਸ, ਸਿਫ਼ਤਾਂ ਕੀ ਸਲਾਹੀਆ। ਪੁਰਖ ਅਕਾਲ ਜਿਸ ਦੇ ਹੱਥ ਰਖਿਆ ਪਿਠ, ਸੋ ਮੂਰਖ ਮੂੜ੍ਹਾ ਮੁਗਧ ਅੰਞਾਣ ਗੁਰਮੁਖ ਰੂਪ ਵਟਾਈਆ। ਜਿਸ ਵੇਲੇ ਤੇਈ ਪੋਹ ਗੋਬਿੰਦ ਖੋਲ੍ਹ ਕੇ ਪੜ੍ਹੀ ਆਪਣੀ ਚਿਟ, ਜੋ ਚਿੱਠੀ ਪੁਰਖ ਅਕਾਲ ਆਪਣੀ ਹੱਥ ਫੜਾਈਆ। ਓਸ ਵਿਚ ਅਗੰਮ ਦਾ ਲੇਖਾ ਦਿਤਾ ਲਿਖ, ਜਿਸ ਦੀ ਅੱਜ ਤਕ ਸਮਝ ਕਿਸੇ ਨਾ ਆਈਆ। ਜਗ ਨੇਤਰ ਨਾ ਆਏ ਦਿਸ, ਦੋਏ ਲੋਚਨ ਜਗਤ ਸ਼ਰਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਚਿੱਠੀ ਕਹੇ ਮੇਰਾ ਗੋਬਿੰਦ ਚੁਕਣਾ ਪੜਦਾ, ਪੜਦਿਆਂ ਵਾਲਿਉ ਦਿਆਂ ਜਣਾਈਆ । ਜਿਸ ਜਗਤ ਜਹਾਨ ਬਚੌਣਾ ਸੜਦਾ, ਅੰਮ੍ਰਿਤ ਮੇਘ ਬਰਸਾਈਆ। ਜਿਸ ਦੇ ਅਗੇ ਕੋਈ ਨਾ ਅੜਦਾ, ਭੈ ਵਿਚ ਸਰਬ ਲੋਕਾਈਆ। ਜੋ ਪੁਰਖ ਅਕਾਲ ਦਾ ਬਰਦਾ, ਸੁਤ ਦੁਲਾਰਾ ਨਜ਼ਰੀ ਆਈਆ। ਉਹਦਾ ਨਾਤਾ ਪਿਛਲਾ ਚਿਰ ਦਾ, ਨਵੀਂ ਕਹਾਣੀ ਨਾ ਕੋਇ ਸੁਣਾਈਆ। ਉਹ ਮਾਲਕ ਦਿਲਾਂ ਦੇ ਦਿਲ ਦਾ, ਦਿਲਬਰ ਬੇਪਰਵਾਹੀਆ। ਜਿਸ ਦੇ ਹੁਕਮ ਅੰਦਰ ਦੋ ਜਹਾਨ ਕਦੇ ਨਾ ਹਿਲਦਾ, ਬ੍ਰਹਿਮੰਡ ਖੰਡ ਰਿਹਾ ਭੁਆਈਆ। ਉਹ ਭਗਤਾਂ ਸੰਤਾਂ ਗੁਰਮੁਖਾਂ ਗੁਰਸਿਖਾਂ ਦਿਨੇ ਜਾਗਦਿਆਂ ਰਾਤੀਂ ਸੁੱਤਿਆਂ ਸੁਫ਼ਨ ਸਖੋਪਤ ਜਾਗਰਤ ਤੁਰੀਆ ਵਿਚ ਮਿਲਦਾ, ਤੁਰਤ ਆਪਣਾ ਮੇਲ ਮਿਲਾਈਆ। ਲੇਖਾ ਚੁਕਾਏ ਅੰਬਰ ਨੀਲ ਦਾ, ਨੀਲੇ ਵਾਲਾ ਆਪਣਾ ਫੇਰਾ ਪਾਈਆ। ਓਥੇ ਲੇਖਾ ਨਹੀਂ ਕਿਸੇ ਦਲੀਲ ਦਾ, ਮਨ ਮਤਿ ਬੁਧਿ ਨਾ ਕੋਇ ਚਤੁਰਾਈਆ। ਓਥੇ ਝਗੜਾ ਨਹੀਂ ਕਿਸੇ ਵਕੀਲ ਦਾ, ਵੁਕਲਾ ਦੇਵੇ ਨਾ ਕੋਇ ਸਫ਼ਾਈਆ। ਓਥੇ ਵਕ਼ਤ ਨਹੀਂ ਕਿਸੇ ਅਪੀਲ ਦਾ, ਧੁਰ ਫ਼ਰਮਾਣਾ ਇਕੋ ਵਾਰ ਸੁਣਾਈਆ । ਇਹ ਲੇਖਾ ਛੈਲ ਛਬੀਲ ਦਾ, ਜੋ ਧੁਰ ਦਾ ਬਾਂਕਾ ਦਿਸੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਕਹੇ ਮੇਰਾ ਗੋਬਿੰਦ ਸੁਤ, ਪੁਰਖ ਅਕਾਲ ਦੇਵੇ ਵਡਿਆਈਆ । ਜਿਸ ਨਾਲ ਮੌਲਣੀ ਦੋ ਜਹਾਨਾਂ ਰੁਤ, ਕਲਜੁਗ ਵੱਜੇ ਅੰਤ ਵਧਾਈਆ। ਗੁਰਮੁਖ ਗੁਰਸਿਖ ਹੋਏ ਖ਼ੁਸ਼, ਮਨਮੁਖ ਨੇਤਰ ਨੈਣਾਂ ਨੀਰ ਵਹਾਈਆ । ਕੂੜੀ ਕਿਰਿਆ ਸਚ ਦਵਾਰਿਉਂ ਕੱਢੇ ਕੁੱਟ, ਭੇਖ ਪਾਖੰਡ ਨਾਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵਡਿਆਈ ਦੇਵੇ ਇਕ ਇਕੱਲਾ, ਅਕਲ ਕਲ ਬੇਪਰਵਾਹੀਆ। ਗੁਰਮੁਖਾਂ ਵਸਾ ਕੇ ਸਚ ਮਹੱਲਾ, ਮਹਿਫ਼ਲ ਆਪਣੇ ਨਾਲ ਲਗਾਈਆ। ਇੱਕੀਆਂ ਦਾ ਇਕ ਇਕ ਨਾਲ ਬੰਨ੍ਹੌਣਾ ਪੱਲਾ, ਪੱਲੂ ਆਪਣੀ ਗੰਢ ਜੁੜਾਈਆ। ਦੂਈ ਦਵੈਤੀ ਮੇਟ ਕੇ ਸੱਲਾ, ਸਲਲ ਆਪਣਾ ਰੰਗ ਰੰਗਾਈਆ। ਧਾਮ ਵਖਾ ਕੇ ਨਿਹਚਲ ਇਕ ਅਟੱਲਾ, ਉਚ ਮਨਾਰਾ ਦੇਣਾ ਸਮਝਾਈਆ। ਲੇਖਾ ਚੁਕਾਏ ਜਲਾਂ ਥਲਾਂ, ਮਹੀਅਲ ਬੇੜਾ ਪਾਰ ਲੰਘਾਈਆ। ਸ਼ਬਦ ਸਰੂਪੀ ਬੋਲ ਕੇ ਇਕੋ ਹੱਲਾ, ਹਾਲਤ ਸਭ ਦੀ ਦੇਣੀ ਬਦਲਾਈਆ।
ਕੋਈ ਨਹੀਂ ਕਰਨਾਂ ਵਲਾ ਛਲਾ, ਸਾਖ਼ਿਆਤ ਹੋ ਕੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਦਾ ਖੇਲ ਅਗੰਮ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਭਗਤਾਂ ਨਾਲ ਭਗਤਾਂ ਬੰਨ੍ਹ, ਕੰਨ ਨਾਲ ਮਿਲਾਏ ਕੰਨ, ਮਨ ਨਾਲ ਮਨ ਦਏ ਮਿਲਾਈਆ । ਇਕੋ ਰਾਗ ਸੁਣਾਏ ਕੰਨ, ਕਮਲਿਆਂ ਕੋਝਿਆਂ ਸੋਝੀ ਦੇਵੇ ਪਾਈਆ। ਸ਼ਬਦ ਅਗੰਮੀ ਪਦਾਰਥ ਝੋਲੀ ਪਾਏ ਧਨ, ਧੁਰ ਦੇ ਧਨੀ ਦਏ ਬਣਾਈਆ। ਧਰਤਮਾਤ ਦੇ ਸੋਹਣੇ ਚਾੜ੍ਹਨੇ ਚੰਦ, ਚੌਧਵੀਂ ਚੰਦ ਨੈਣ ਸ਼ਰਮਾਈਆ। ਅੰਦਰੋਂ ਬਾਹਰੋਂ ਖ਼ੁਸ਼ੀ ਕਰਕੇ ਬੰਦ ਬੰਦ, ਬੰਦਗੀ ਇਕੋ ਦਏ ਵਖਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਅਨੰਦ, ਅਨੰਦਪੁਰੀ ਵਾਲਾ ਗੁਰਮੁਖ ਗੁਰਸਿਖ ਆਪਣੀ ਗੋਦ ਬਹਾਈਆ। ਅਖ਼ੀਰ ਨੰਗੀ ਹੋਣ ਨਾ ਦੇਵੇ ਕੰਡ, ਬ੍ਰਹਿਮੰਡ ਖੰਡ ਬੈਠੇ ਸੀਸ ਨਿਵਾਈਆ। ਜਿਸ ਦੀ ਤਿੱਖੀ ਧਾਰ ਵਾਲੀ ਚੰਡ ਪਰਚੰਡ, ਚੰਡਕਾ ਆਪਣਾ ਨੂਰ ਰਹੀ ਚਮਕਾਈਆ। ਲੇਖਾ ਜਾਣ ਕੇ ਜੇਰਜ ਅੰਡ, ਉਤਭੁਜ ਸੇਤਜ ਖੋਜ ਖੁਜਾਈਆ। ਸੋ ਭਗਤ ਸੁਹੇਲਾ ਬਣਕੇ ਆਇਆ ਸੰਗ, ਧੁਰ ਦਾ ਸੰਗ ਵਖਾਈਆ। ਦਿਨ ਦੀਵੀਂ ਸਨਮੁਖ ਹੋ ਕੇ ਨੇਤਰਾਂ ਅੰਦਰ ਪਾਵੇ ਠੰਡ, ਮੰਤਰ ਆਪਣਾ ਇਕ ਸਮਝਾਈਆ। ਦਾਤਾ ਹੋ ਕੇ ਦਾਤ ਦੇਵੇ ਵੰਡ, ਭਿਖਾਰੀ ਹੋ ਕੇ ਭਿਛਿਆ ਪ੍ਰੇਮ ਦੀ ਆਪਣੀ ਝੋਲੀ ਪਾਈਆ । ਬਖ਼ਸ਼ਿਸ਼ਾਂ ਦਾ ਮਾਲਕ ਹੋ ਕੇ ਬਖ਼ਸ਼ੰਦ, ਰਹਿਮਤਾਂ ਦਾ ਮਾਲਕ ਰਹੀਮ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਜਾਣੇ ਸੂਰਾ ਸਰਬੰਗ, ਦੂਜਾ ਹਿੱਸਾ ਨਾ ਕੋਇ ਵੰਡਾਈਆ। ਓਧਰੋਂ ਬੋਲ ਪਿਆ ਸਤਾਈ ਪੋਹ ਦਾ ਦਿਨ, ਆਪਣੀ ਕਹਾਣੀ ਰਿਹਾ ਜਣਾਈਆ। ਜਿਸ ਦਾ ਲੇਖਾ ਹਿਸਾਬ ਲਿਆ ਮਿਣ, ਮਿਣਤੀ ਹੱਥਾਂ ਵਿਚ ਵੰਡਾਈਆ। ਓਸ ਗੋਬਿੰਦ ਦੇ ਦੱਸਣੇ ਚਿੰਨ੍ਹ, ਚਿੰਤਾ ਸਾਰੀ ਦੇਣੀ ਗਵਾਈਆ । ਜਿਸ ਦਾ ਲੇਖਾ ਤਿੰਨ ਦਿਨ, ਪੰਝੀ ਪੋਹ ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਸਮਰਥ ਪੁਰਖ ਵੱਡੀ ਵਡਿਆਈਆ। ਧਰਨੀ ਧਰਤ ਧਵਲ ਕਹੇ ਪ੍ਰਭੂ ਮਿਹਰਵਾਨ, ਮੈਂ ਨਿਮਾਣੀ ਆਸ਼ਾਵੰਤੀ ਆਸਾ ਪੂਰ ਕਰਾਈਆ। ਦਾਤੇ ਦਾਨੀ ਦਇਆਵਾਨ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਨਵ ਨੌ ਚਾਰ ਚੌਕੜੀ ਜੁਗ ਪਿੱਛੋਂ ਵੇਖਿਆ ਤੇਰਾ ਸੱਤ ਰੰਗ ਨਿਸ਼ਾਨ, ਸੱਤਾਂ ਦੀਪਾਂ ਇਕੋ ਹੁਕਮ ਮਨਾਈਆ। ਜਿਸ ਦੇ ਥੱਲੇ ਪਰਮ ਪੁਰਖ ਦਾ ਚਲਣਾ ਇਕ ਵਿਧਾਨ, ਨੌ ਖੰਡ ਪ੍ਰਿਥਮੀ ਇਕੋ ਰਾਹ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਚਾਰ ਵਰਨ ਜਿਸ ਨੂੰ ਸਜਦੇ ਕਰਨ ਆਣ, ਨਿਉਂ ਨਿਉਂ ਬੰਦਨਾ ਡੰਡੌਤ ਵਿਚ ਸੀਸ ਝੁਕਾਈਆ । ਜਿਸ ਦਾ ਮਾਲਕ ਦੋ ਜਹਾਨਾਂ ਹੁਕਮਰਾਨ, ਸ਼ਬਦ ਸੰਦੇਸ਼ਾ ਇਕੋ ਰਿਹਾ ਦ੍ਰਿੜਾਈਆ। ਉਸ ਦਾ ਪੈਮਾਨਾ ਨਾ ਜਾਣੇ ਕੋਈ ਵਿਚ ਜਹਾਨ, ਜਗਤ ਬੁੱਧੀ ਚਲੇ ਨਾ ਕੋਇ ਵਡਿਆਈਆ। ਮੈਂ ਝੋਲੀ ਅੱਡ ਕੇ ਚਰਨੀਂ ਢੱਠਕੇ ਮੰਗਾਂ ਧੁਰ ਦਾ ਦਾਨ, ਦਰ ਤੇਰੇ ਅਲਖ ਜਗਾਈਆ। ਤੂੰ ਕਾਹਨਾਂ ਦਾ ਕਾਹਨ ਰਾਮਾਂ ਦਾ ਰਾਮ, ਪੁਰਖ ਅਬਿਨਾਸ਼ੀ ਤੇਰੀ ਸਚ ਸਰਨਾਈਆ। ਕਿਰਪਾ ਕਰ ਇਕ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਧਰਨੀ ਕਹੇ ਮੈਂ ਦਰ ਤੇ ਮਾਂਗਤ, ਭਿਖਾਰਨ ਨਜ਼ਰੀ ਆਈਆ। ਮੇਰੀ ਤੇਰੇ ਕੋਲ ਅਮਾਨਤ, ਨਵ ਨੌ ਚਾਰ ਦੇਣ ਗਵਾਹੀਆ। ਜਿਨ੍ਹਾਂ ਮੇਰੀ ਭਰੀ ਜ਼ਮਾਨਤ, ਆਪ ਆਪਾ ਭੇਟ ਚੜ੍ਹਾਈਆ । ਉਹਨਾਂ ਦਾ ਲੇਖਾ ਸਹੀ ਸਲਾਮਤ, ਤੇਰੇ ਦਰ ਤੇ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ
ਵਡਿਆਈਆ। ਧਰਨੀ ਕਹੇ ਮੇਰੇ ਪੁਰਖ ਸਮਰਥ, ਮਾਲਕਾਂ ਦੇ ਮਾਲਕ ਖ਼ਾਲਕਾਂ ਦੇ ਖ਼ਾਲਕ ਤੇਰੀ ਇਕ ਸਰਨਾਈਆ। ਤੇਰੇ ਭਗਤਾਂ ਮੇਰੀ ਖੋਲ੍ਹੀ ਅੱਖ, ਸੁੱਤੀ ਲਈ ਜਗਾਈਆ। ਮੈਨੂੰ ਦਿਤਾ ਦੱਸ, ਸ਼ਬਦੀ ਢੋਲਾ ਗਾਈਆ । ਪੁਰਖ ਅਕਾਲਾ ਦੀਨ ਦਿਆਲਾ ਹੋਇਆ ਪਰਗਟ, ਜੋਤੀ ਜਾਤਾ ਵੇਸ ਵਟਾਈਆ। ਸਚ ਦਵਾਰਾ ਖੋਲ੍ਹ ਕੇ ਹੱਟ, ਭਗਤ ਦਵਾਰੇ ਸੋਭਾ ਪਾਈਆ। ਸਾਚੀ ਸਿਖਿਆ ਦੇ ਕੇ ਮਤਿ, ਬ੍ਰਹਮ ਵਿਦਿਆ ਰਿਹਾ ਪੜ੍ਹਾਈਆ। ਕੂੜਾ ਤੋੜ ਕੇ ਜਗਤ ਨਤ, ਸਾਚਾ ਮੇਲਾ ਆਪ ਮਿਲਾਈਆ। ਗੁਰਮੁਖਾਂ ਖੋਲ੍ਹ ਕੇ ਅੰਤਰ ਅੱਖ, ਨਿਜ ਨੇਤਰ ਕਰੇ ਰੁਸ਼ਨਾਈਆ। ਇੱਕੀਆਂ ਇੱਕੀਆਂ ਦੀ ਪਾ ਕੇ ਵੰਡ, ਬ੍ਰਹਿਮੰਡ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਕਰਾਈਆ। ਧਰਨੀ ਕਹੇ ਪ੍ਰਭੂ ਪਾ ਦੇ ਗੰਢ, ਗੰਢਣਹਾਰ ਗੋਪਾਲ ਸੁਵਾਮੀ ਤੇਰੀ ਬੇਪਰਵਾਹੀਆ। ਤੇਰੇ ਭਗਤ ਸੁਹੇਲੇ ਲੋਕਮਾਤ ਦੇ ਅਗੰਮੀ ਚੰਦ, ਬਿਨ ਚੰਦ ਸਤਾਰ ਕਰਨ ਰੁਸ਼ਨਾਈਆ। ਮੇਰੀ ਓਹਨਾਂ ਨਾਲ ਮਿਲ ਕੇ ਪ੍ਰੇਮ ਵਾਲੀ ਮੰਗ, ਮਾਂਗਤ ਹੋ ਕੇ ਰਹੀ ਸੁਣਾਈਆ। ਤੇਰਾ ਨਿਸ਼ਾਨਾ ਸ੍ਰੀ ਭਗਵਾਨਾ ਉਚਾ ਹੋਵੇ ਸਾਢੇ ਤਿੰਨ ਹੱਥ, ਕਮਰ ਆਪਣੀ ਨਾਲ ਬੰਧਾਈਆ । ਨਾ ਵੱਧ ਨਾ ਘੱਟ, ਪੈਮਾਨਾ ਇਕੋ ਇਕ ਜਣਾਈਆ। ਸਭ ਕੁਛ ਤੇਰੇ ਵਸ, ਵਾਸਤਾ ਕਰ ਕੇ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਪੁਰਖ ਸਮਰਥ, ਭਗਤ ਨਿਸ਼ਾਨਾ ਫੜਾ ਕੇ ਸਾਢੇ ਤਿੰਨ ਹੱਥ, ਹਦ ਅਗਲੀ ਇਕ ਜਣਾਈਆ।