ਪੁਸਤਕਾਲਾਭਾਗ ੧੮

੨੭ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਰਾਤ ਦੇ ਸਮੇਂ

ਪੁਰਖ ਅਕਾਲ ਗਿਆ ਤੁਠ, ਦਇਆਵਾਨ ਦਇਆ ਕਮਾਇੰਦਾ। ਗੋਬਿੰਦ ਸੁਤ ਦੁਲਾਰੇ ਉਠ, ਧੁਰ ਦਾ ਹੁਕਮ ਸੁਣਾਇੰਦਾ। ਚਲ ਵੇਖੀਏ ਤੇਰੇ ਗੁਰਸਿਖ ਸੁਤ, ਜਿਨ੍ਹਾਂ ਪੂਰਬ ਮੇਲ ਮਿਲਾਇੰਦਾ। ਜਿਨ੍ਹਾਂ ਅੰਮ੍ਰਿਤ ਪੀਤਾ ਘੁਟ, ਰਸਨਾ ਮੁਖ ਨਾਲ ਛੁਹਾਇੰਦਾ। ਉਹਨਾਂ ਕੋਲੋਂ ਦੋਵੇਂ ਲਈਏ ਪੁਛ, ਭੇਵ ਅਭੇਦ ਆਪ ਸੁਣਾਇੰਦਾ। ਗੁਰਮੁਖੋ ਬੋਲ ਕੇ ਦੱਸੋ ਆਪਣਾ ਦੁਖ, ਦੁਖੀਆਂ ਦੁਖ ਆਪ ਵੰਡਾਇੰਦਾ। ਜੇ ਅਗਨੀ ਲਗੀ ਮਾਤ ਕੁੱਖ, ਜਨਮ ਕਰਮ ਦਾ ਰੋਗ ਮਿਟਾਇੰਦਾ। ਜੇ ਤ੍ਰਿਸ਼ਨਾ ਦੀ ਲਗੀ ਭੁਖ, ਮਮਤਾ ਮੋਹ ਚੁਕਾਇੰਦਾ। ਜੇ ਕੋਈ ਘਾਟਾ ਧੀ ਪੁਤ, ਉਹ ਵੀ ਝੋਲੀ ਪਾਇੰਦਾ। ਜੇ ਬੂਟਾ ਰਿਹਾ ਸੁਕ, ਉਹ ਵੀ ਹਰਾ ਕਰਾਇੰਦਾ। ਜੇ ਸਤਿਗੁਰ ਨਾਲੋਂ ਗਏ ਰੁਠ, ਰੁਠਿਆਂ ਫੇਰ ਮਨਾਇੰਦਾ। ਜੇ ਓਹਲੇ ਹੋ ਕੇ ਗਏ ਲੁਕ, ਲੁਕਿਆਂ ਆ ਕੇ ਬਾਹਰ ਕਢਾਇੰਦਾ। ਜੇ ਭੁਲ ਕੇ ਬਣ ਗਏ ਕਪੁਤ, ਫਿਰ ਵੀ ਪੁਤਰ ਬਣਾ ਕੇ ਗੋਦ ਉਠਾਇੰਦਾ। ਜੇ ਪ੍ਰੀਤੀ ਕਰਨੋਂ ਗਏ ਛੁਟ, ਉਹ ਵੀ ਪ੍ਰੀਤਮ ਹੋ ਕੇ ਜੋੜ ਜੁੜਾਇੰਦਾ। ਜੇ ਗ਼ੁੱਸੇ ਵਿਚ ਆ ਕੇ ਗਏ ਰੁੁਸ, ਉਹ ਵੀ ਰੁਸਿਆਂ ਫੇਰ ਮਨਾਇੰਦਾ। ਜੇ ਰਸਤੇ ਜਾਂਦਿਆਂ ਗਏ ਘੁੱਸ, ਉਹ ਵੀ ਫੜ ਕੇ ਰਾਹੇ ਪਾਇੰਦਾ। ਜੇ ਬਿਰਹੋਂ ਵਿਛੋੜੇ ਵਿਚ ਹੋਏ ਚੁਪ, ਉਹ ਵੀ ਸ਼ਬਦੀ ਨਾਦ ਵਜਾਇੰਦਾ। ਜੇ ਪੈਂਡਾ ਕਰ ਕਰ ਗਏ ਥੱਕ, ਉਹ ਵੀ ਥਕਾਵਟ ਦੂਰ ਕਰਾਇੰਦਾ। ਜੇ ਦਰਸ ਕਰ ਕਰ ਗਏ ਅੱਕ, ਉਹ ਵੀ ਨੇਤਰ ਨੈਣ ਨਾਲ ਮਿਲਾਇੰਦਾ । ਜੇ ਸੇਵਾ ਕਰ ਕਰ ਗਏ ਘਸ ਤੁਹਾਡੇ ਹੱਥ, ਆਪਣੇ ਹੱਥ ਤੁਹਾਡਿਆਂ ਪੈਰਾਂ ਹੇਠਾਂ ਵਿਛਾਇੰਦਾ। ਜੇ ਦਮ ਚੜ੍ਹ ਗਿਆ ਨਠ ਨਠ, ਅਗਲ ਵਾਢੀ ਹੋ ਕੇ ਮੇਲ ਮਿਲਾਇੰਦਾ। ਜੇ ਕੋਈ ਤੁਹਾਡੇ ਅੰਦਰ ਝਗੜਾ ਅਠਸਠ, ਉਹ ਵੀ ਕਿਰਤੀ ਕਿਰਿਆ ਬਾਹਰ ਕਢਾਇੰਦਾ। ਗੁਰਮੁਖ ਸੰਤ ਸੁਹੇਲਿਓ ਅੰਤਰ ਖ਼ਾਹਿਸ਼ ਦੇਣੀ ਸਚ ਦੱਸ, ਦਹਿ ਦਿਸ਼ਾ ਆਪ ਜਣਾਇੰਦਾ। ਜੇ ਪ੍ਰਭ ਨਾਲੋਂ ਹੋ ਗਏ ਵਖ, ਵਿਛੜੇ ਫੜ ਕੇ ਫੇਰ ਜੁੜਾਇੰਦਾ। ਜੇ ਤੁਹਾਡੀ ਵੇਖਣ ਵਾਲੀ ਰਹਿ ਨਹੀਂ ਗਈ ਅੱਖ, ਉਹ ਵੀ ਨਿਜ ਨੇਤਰ ਨੈਣ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਉਠ

ਗੋਬਿੰਦ ਕੁਛ ਪਿਛਲੀ ਕਰ ਯਾਦ, ਤੈਨੂੰ ਦਿਆਂ ਵਖਾਈਆ। ਜਿਨ੍ਹਾਂ ਕੀਤੀ ਅੰਤਮ ਫ਼ਰਿਆਦ, ਅੰਤਮ ਲੇਖੇ ਦਿਆਂ ਲਗਾਈਆ । ਉਹਨਾਂ ਦਾ ਖੇੜਾ ਹੋਣ ਨਹੀਂ ਦਿਤਾ ਬਰਬਾਦ, ਉਜੜੇ ਫੇਰ ਲਏ ਵਸਾਈਆ। ਸਤਿ ਸਰੂਪ ਵਿਚ ਕਰ ਕੇ ਵਿਸਮਾਦ, ਬਿਸਮਲ ਇਕੋ ਰੰਗ ਰੰਗਾਈਆ। ਲੱਖ ਚੁਰਾਸੀ ਵਿਚੋਂ ਕਰ ਕੇ ਆਜ਼ਾਦ, ਬੰਦੀਖ਼ਾਨਾ ਦਿਤਾ ਤੁੜਾਈਆ। ਧੁਰ ਦਰਗਾਹੀ ਬਖ਼ਸ਼ ਕੇ ਰਾਜ, ਦਰਗਾਹ ਸਾਚੀ ਦੇ ਰਾਜੇ ਦਿਤੇ ਬਣਾਈਆ। ਤੇਰੇ ਸਿਰ ਤੇ ਰਖ ਕੇ ਤਾਜ, ਤਖ਼ਤ ਸਾਰੇ ਦਿਤੇ ਉਲਟਾਈਆ। ਭਗਤੋ ਤੁਹਾਡੀ ਰਖੇ ਲਾਜ, ਸਿਰ ਆਪਣਾ ਹੱਥ ਰਖਾਈਆ । ਗੋਬਿੰਦ ਤੁਹਾਡਾ ਮੁਹਤਾਜ, ਆਤਮ ਦਰਸੀ ਨਜ਼ਰੀ ਆਈਆ। ਇਹਦਾ ਅਗਲਾ ਵੇਖੋ ਰਿਵਾਜ, ਸੋਹਣੀ ਬਣਤ ਬਣਾਈਆ। ਦਾਸਾਂ ਦਾ ਦਾਸ, ਸੇਵਕਾਂ ਦਾ ਸੇਵਕ ਨਜ਼ਰੀ ਆਈਆ। ਪਾਕਾਂ ਦਾ ਪਾਕ, ਰਸੂਲਾਂ ਦਾ ਰਸੂਲ ਨੂਰ ਖ਼ੁਦਾਈਆ। ਆਸਾਂ ਦਾ ਆਸ, ਆਸਾ ਮਨਸਾ ਪੂਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਗੋਬਿੰਦ ਮੈਨੂੰ ਐਉਂ ਜਾਪਦਾ ਜਿਵੇਂ ਗੁਰਸਿਖ ਅੰਦਰ ਕਰਦੇ ਘੁਸ ਘੁਸ, ਉਚੀ ਆਵਾਜ਼ ਨਾ ਕੋਇ ਸੁਣਾਈਆ। ਬਹੁਤੇ ਕਹਿੰਦੇ ਸਾਨੂੰ ਮਿਲਿਆ ਨਹੀਂ ਕੁਛ, ਲਾਰੇ ਲੱਪਿਆਂ ਵਿਚ ਲੰਘਾਈਆ। ਵੀਹ ਸੌ ਇੱਕੀ ਰਹੀ ਮੁਕ, ਪ੍ਰਭ ਦੀ ਸਮਝ ਕੋਇ ਨਾ ਆਈਆ। ਕੋਈ ਕਹੇ ਐਵੇਂ ਦੂਰ ਦੁਰਾਡੇ ਆਏ ਪੁਜ, ਆਪਣਾ ਪੰਧ ਮੁਕਾਈਆ। ਕੋਈ ਕਹੇ ਸਾਨੂੰ ਕੁਛ ਨਹੀਂ ਗਿਆ ਸੁਝ, ਸਮਝ ਵਿਚ ਨਾ ਕੋਇ ਸਮਝਾਈਆ। ਕੋਈ ਕਹੇ ਪਤਾ ਨਹੀਂ ਕਿੱਥੇ ਬੈਠਾ ਲੁਕ, ਜਗਤ ਨੇਤਰ ਨਜ਼ਰ ਨਾ ਆਈਆ। ਕੋਈ ਕਹੇ ਐਵੇਂ ਦੱਸੇ ਗੋਬਿੰਦ ਦਾ ਬੁਤ, ਸੰਬਲ ਨਗਰੀ ਨਾਉਂ ਧਰਾਈਆ। ਗੋਬਿੰਦ ਕਹੇ ਮੈਂ ਠੀਕ ਉਸੇ ਦਾ ਸੁਤ, ਜੋ ਦਾਤਾ ਇਕ ਅਖਵਾਈਆ । ਜਨ ਭਗਤੋ ਗੁਰਮੁਖੋ ਸਾਚੇ ਸੰਤੋ ਮੈਂ ਤੁਹਾਡੇ ਅਗੇ ਗਿਆ ਝੁਕ, ਦੋ ਜਹਾਨ ਆਪਣੇ ਅਗੇ ਝੁਕਾਈਆ। ਲੱਖ ਚੁਰਾਸੀ ਵਿਚੋਂ ਲੱਭੇ ਮੈਨੂੰ ਥੋੜ੍ਹੇ ਮੁਠ, ਜਿਨ੍ਹਾਂ ਦੀ ਗਿਣਤੀ ਇੱਕੀ ਵਿਚ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਤੂੰ ਵੇਖੇਂ ਚੜ੍ਹਦੇ ਲਹਿੰਦੇ, ਦੱਖਣ ਪਹਾੜ ਫੇਰਾ ਪਾਈਆ। ਮੈਨੂੰ ਐਂ ਭਾਸਦਾ ਸੰਤ ਸੁਹੇਲੇ ਵਿਚੋਂ ਥੋੜ੍ਹੇ ਨੀਤੀ ਨਾਲ ਚਰਨੀਂ ਢਹਿੰਦੇ, ਬਹੁਤੇ ਵੇਖੋ ਵੇਖੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਵਰਤਾਈਆ। ਪੁਰਖ ਅਕਾਲ ਕਹੇ ਗੋਬਿੰਦ ਤੈਨੂੰ ਕੁਛ ਹੋਰ ਦੱਸਾਂ, ਅਗਲੀ ਕਹਾਣੀ ਦਿਆਂ ਜਣਾਈਆ। ਮੇਰੀਆਂ ਤੇਰੀਆਂ ਹੋਈਆਂ ਪੱਕੀਆਂ ਗੱਠਾਂ, ਅੰਦਰ ਲੇਖਾ ਸਭ ਕੁਛ ਦਿਆਂ ਜਣਾਈਆ। ਲੱਖ ਚੁਰਾਸੀ ਦੀ ਪੌਣ ਆਇਆ ਅੱਖੀਂ ਘੱਟਾ, ਓਹਲਾ ਪੜਦਾ ਇਕ ਜਣਾਈਆ। ਨਾਲੇ ਲਾਵਣ ਆਇਆ ਵੱਟਾ, ਮਾਣਸ ਮਾਨੁਖ ਦਿਤੇ ਭੁਲਾਈਆ । ਨਾਲੇ ਘਰ ਘਰ ਪਾਇਆ ਰੱਟਾ, ਦੀਨ ਮਜ਼੍ਹਬ ਛੇੜ ਛਿੜਾਈਆ। ਨਾਲੇ ਕੂੜੀ ਕਿਰਿਆ ਨਾਲ ਫਟਾ, ਪੱਟੀ ਸਕੇ ਨਾ ਕੋਇ ਬੰਧਾਈਆ। ਖੇਲ ਕਰ ਕੇ ਬਾਜ਼ੀਗਰ ਨਟਾ, ਸਵਾਂਗੀ ਸਾਂਗ ਦਿਤਾ ਵਰਤਾਈਆ। ਨਾਲੇ ਹੋ ਕੇ ਤੀਰਥ ਤਟਾ, ਜਮਨਾ ਗੋਦਾਵਰੀ ਸੁਰਸਤੀ ਗੰਗਾ ਮੀਂਢੀ ਦਿਤੀ ਖੁਲ੍ਹਾਈਆ। ਨਾਲੇ ਹੋ ਕੇ ਮੰਦਰ ਮਸਜਿਦ ਸ਼ਿਵਦਵਾਲੇ ਮੱਠਾ, ਸਾਧਾਂ ਸੰਤਾਂ ਸੁਰਤ ਦਿਤੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਗੋਬਿੰਦ ਕਹੇ ਪ੍ਰਭ ਕੁਛ ਗੁਰਸਿਖ ਆਏ ਦੱਸਣ, ਆਪਣਾ ਹਾਲ ਸੁਣਾਈਆ। ਬਹੁਤੇ ਵੀਹ ਸੌ ਇੱਕੀ ਤੋਂ ਬਾਅਦ ਆਏ ਨੱਸਣ, ਪੱਲੂ ਲਏ ਛੁਡਾਈਆ। ਬਹੁਤੇ ਚਰਨੀ ਢਠ ਪਿੱਛੇ ਹਟਣ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਬਿੰਦ ਕਹੇ ਇਹ ਕਿਹੜੀ ਗੱਲ, ਪ੍ਰਭ ਮੈਨੂੰ ਦਿਤੀ ਸੁਣਾਈਆ। ਮੈਂ ਅਜੇ ਇਕ ਖੇਲ ਵੇਖਿਆ ਕਲ੍ਹ, ਕਲਮੇ ਵਾਲੇ ਤੇਰੇ ਦਰ ਤੇ ਸੀਸ ਨਿਵਾਈਆ। ਤੇਰਾ ਵਰਤੇ ਸਵਾਂਗ ਤੇ ਵਡਾ ਛਲ, ਘੜੀ ਪਲ ਸਮਝ ਕਿਸੇ ਨਾ ਆਈਆ । ਤੇਰਾ ਖੇਲ ਜਲ ਥਲ, ਮਹੀਅਲ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਕਹੇ ਸੁਣੋ ਗੁਰਸਿੱਖੋ, ਸਚ ਸਚ ਦੇਵਾਂ ਸਮਝਾਈਆ। ਪ੍ਰਭ ਮਿਲਣਾ ਤੁਹਾਨੂੰ ਕਿੱਥੋਂ, ਉਹ ਖੇੜਾ ਦਿਓ ਦਰਸਾਈਆ। ਉਹ ਨਿਕਲਣਾ ਕਿਹੜੀ ਵਿੱਥੋਂ, ਆਪਣਾ ਰੂਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਸੁਣਾਈਆ। ਗੋਬਿੰਦ ਕਹੇ ਪ੍ਰਭ ਇਹ ਮੈਨੂੰ ਦਿਸਦੇ ਚਾਰ ਜੁਗ ਦੇ ਵਿਛੜੇ, ਗ਼ੌਰ ਨਾਲ ਤਕ ਕੇ ਰਿਹਾ ਜਣਾਈਆ । ਜਿਨ੍ਹਾਂ ਵਿਚੋਂ ਬਹੁਤੇ ਚੜ੍ਹੇ ਚੋਟੀ ਸਿਖ਼ਰੇ, ਥੋੜ੍ਹੇ ਅਧ ਵਿਚਕਾਰ ਡੇਰਾ ਲਾਈਆ। ਵੇਖਣ ਕੋਟਨ ਕੋਟਾਂ ਵਿਚੋਂ ਥੋੜ੍ਹੇ ਨਿਤਰੇ, ਜੋ ਆਪਣਾ ਆਪ ਸਾਫ਼ ਕਰਾਈਆ। ਜਿਨ੍ਹਾਂ ਤੇਰੇ ਮੇਰੇ ਪੜ੍ਹੇ ਫ਼ਿਕਰੇ, ਫ਼ਿਕਰ ਸਾਚੇ ਗਏ ਗਵਾਈਆ। ਮੈਂ ਨਹੀਂ ਜਾਣਦਾ ਪੁਰਖ ਅਕਾਲ ਤੂੰ ਕਿਵੇਂ ਇਨ੍ਹਾਂ ਦੇ ਚਿਤ੍ਰ ਚਿਤਰੇ, ਸੋਹਣੇ ਮੁਖੜੇ ਦਿਤੇ ਬਣਾਈਆ। ਤੇਰੀ ਪ੍ਰੇਮ ਪ੍ਰੀਤੀ ਧਾਰ ਵਿਚੋਂ ਨਿਕਲੇ, ਸੋਹਣਾ ਆਪਣਾ ਰੰਗ ਵਖਾਈਆ। ਮੈਂ ਹੈਰਾਨ ਹੋਵਾਂ ਜਿਸ ਵੇਲੇ ਬਿਸ਼ਨ ਸਿੰਘ ਨੇ ਮਾਰੀ ਵਿਸਲੇ, ਆਵਾਜ਼ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਬਿੰਦ ਕਹੇ ਮੈਂ ਪਹਿਲੀ ਵਾਰ ਵਜਦੀ ਵੇਖੀ ਵਿਸਲ, ਲੋਕਮਾਤ ਗੁਰਮੁਖਾਂ ਹੱਥ ਫੜਾਈਆ। ਜਿਸ ਦੇ ਵਿਚੋਂ ਤੇਰਾ ਰੂਪ ਨਜ਼ਰੀ ਆਇਆ ਅਸਲ, ਅਸਲੀਅਤ ਦਿਤੀ ਸਮਝਾਈਆ। ਹੁਣ ਅਗੇ ਵਾਸਤੇ ਮੈਨੂੰ ਐਂ ਜਾਪਦਾ ਜਿਵੇਂ ਤੂੰ ਭਗਤਾਂ ਦੀ ਸੇਜੇ ਚੜ੍ਹ ਕੇ ਕਰਨਾ ਵਸਲ, ਆਤਮ ਅੰਤਰ ਡੇਰਾ ਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਭਗਤਾਂ ਨੂੰ ਦਵਾ ਕੇ ਦਖ਼ਲ, ਮਲਕੀਅਤ ਸਾਚੀ ਦੇਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇਂ ਮਾਣ ਵਡਿਆਈਆ। ਪੁਰਖ ਅਕਾਲ ਕਹੇ ਸੁਣ ਮੇਰੇ ਗੋਬਿੰਦ, ਖ਼ਾਲਸ ਤੈਨੂੰ ਦਿਆਂ ਵਡਿਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਭ ਦੇ ਕੋਲੋਂ ਲੈ ਲੈ ਚਾਰਜ, ਖ਼ਾਲੀ ਸਭ ਨੂੰ ਦੇ ਕਰਾਈਆ। ਸਚ ਮਲਕੀਅਤ ਤੇਰੇ ਨਾਂ ਕਰਾ ਦਿਆਂ ਦਾਖ਼ਲ, ਖ਼ਾਰਜ ਹੁਕਮ ਇਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਦੂਜਾ ਹੋਰ ਨਾ ਕੋਇ ਵਾਰਸ, ਵਾਅਦਾ ਤੇਰੇ ਨਾਲ ਰਖਾਈਆ। ਜੇ ਤੂੰ ਇਨ੍ਹਾਂ ਦੀ ਕੀਤੀ ਸਫ਼ਾਰਸ਼, ਜੋ ਬੈਠੇ ਡੇਰਾ ਲਾਈਆ। ਮੈਂ ਕਰ ਕੇ ਸਚ ਅਦਾਲਤ, ਸਭ ਨੂੰ ਪਾਰ ਕਰਾਈਆ। ਵੇਖੋ ਕਿਹੜੀ ਲਿਖੀ ਇਬਾਰਤ, ਕਲਮਿਆਂ ਦੀ ਲੋੜ ਰਹੀ ਨਾ ਰਾਈਆ । ਜਿਨ੍ਹਾਂ ਨੇਤਰ ਨੈਣਾਂ ਇਕੋ ਵਾਰ ਕੀਤੀ ਜ਼ਿਆਰਤ, ਜ਼ਾਹਰ ਜ਼ਹੂਰ ਏਕਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਗੋਬਿੰਦ ਕਹੇ ਪ੍ਰਭ ਆਦਿ ਜੁਗਾਦਿ ਤੇਰਾ ਹਕੂਕ, ਮੈਨੂੰ ਇਕੋ ਨਜ਼ਰੀ ਆਈਆ। ਜਿਧਰ ਵੇਖਾਂ ਓਧਰ ਮੌਜੂਦ, ਖ਼ਾਲੀ ਥਾਂ ਨਾ ਕੋਇ ਵਖਾਈਆ। ਤੂੰ ਸਾਡੀ ਆਇਉਂ ਹਦੂਦ, ਲੋਕਮਾਤ ਫੇਰਾ ਪਾਈਆ। ਤੈਨੂੰ ਕੋਈ ਨਾ ਸਕੇ ਬੂਝ, ਸਮਝ ਸਕੇ ਨਾ ਕੋਇ ਚਤੁਰਾਈਆ। ਜਿਸ ਦੀ ਸੇਵਾ ਪਿੱਛੇ ਬੰਸ ਸਰਬੰਸ ਗਿਆ ਝੂਜ, ਆਪ ਆਪਾ ਭੇਟ ਚੜ੍ਹਾਈਆ। ਉਹ ਲੇਖਾ ਤੁੜਾਏ ਏਕਾ ਦੂਜ, ਦੂਆ ਏਕੇ ਨਾਲ ਮਿਲਾਈਆ। ਮਾਲਕ ਬਣ ਕੇ ਹਰਿ ਮਹਿਬੂਬ, ਮੁਹੱਬਤ ਖ਼ਾਨਾ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਗੁਰਮੁਖ ਵੇਖੇ ਚਾਈਂ ਚਾਈਂਆ। ਗੁਰਮੁਖੋ ਦੱਸੋ ਆਪਣਾ ਹਾਲ, ਹਾਲਤ ਤੁਹਾਡੀ ਵੇਖ ਵਖਾਈਆ। ਕੋਟ ਜਨਮ ਤੁਹਾਨੂੰ ਖਾਂਦਾ ਰਿਹਾ ਕਾਲ, ਲਾੜੀ ਮੌਤ ਕਰਦੀ ਰਹੀ ਕੁੜਮਾਈਆ। ਜਨਮ ਜਨਮ ਦੀ ਘਾਲਦੇ ਰਹੇ ਘਾਲ, ਜੂਨ ਅਜੂਨੀ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਅਗੇ ਕਰਦੇ ਰਹੇ ਸਵਾਲ, ਆਪਣੀ ਝੋਲੀ ਡਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਜਾਂਦੇ ਰਹੇ ਧਰਮਸਾਲ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਸੀਸ ਨਿਵਾਈਆ। ਤੀਰਥ ਤੱਟਾਂ ਉਤੇ ਵਹਿਣ ਵਹਿੰਦੇ ਵੇਂਹਦੇ ਰਹੇ ਤਾਲ, ਜਲ ਧਾਰਾ ਨਾਲ ਰਲਾਈਆ। ਸਰਦੀ ਵਿਚ ਠਰਦੇ ਰਹੇ ਸਿਆਲ, ਗਰਮੀ ਵਿਚ ਅਗਨੀ ਤੱਤ ਤਪਾਈਆ। ਜੰਗਲਾਂ ਵਿਚ ਫਿਰਦੇ ਰਹੇ ਮਿਰਗਾਂ ਵਾਲੀ ਚਾਲ, ਮਿਰਗਸ਼ਾਲਾ ਹੇਠ ਵਛਾਈਆ। ਪਹਾੜਾਂ ਉਤੇ ਘਾਲਦੇ ਰਹੇ ਘਾਲ, ਚੋਟੀਆਂ ਉਤੇ ਡੇਰੇ ਜਮਾਈਆ। ਬ੍ਰਾਹਮਣ ਸਾਧ ਬਣ ਕੇ ਪਰੌਂਠੇ ਰਖੌਂਦੇ ਰਹੇ ਵਿਚ ਥਾਲ, ਖੀਰਾਂ ਭੋਗ ਲਗਾਈਆ। ਫ਼ਕੀਰ ਫੱਕਰ ਹੋ ਕੇ ਨਿਆਜ਼ਾਂ ਦਾ ਲਭਦੇ ਰਹੇ ਸੁਵਾਦ, ਜਿਹਵਾ ਰਸ ਵਧਾਈਆ। ਬੈਰਾਗੀ ਹੋ ਕੇ ਸੁਣੌਂਦੇ ਰਹੇ ਆਵਾਜ਼, ਢੋਲੇ ਨਾਦ ਵਜਾਈਆ। ਸੰਗਤਾਂ ਵਿਚ ਖੋਲ੍ਹਦੇ ਰਹੇ ਰਾਜ਼, ਬੱਤੀ ਦੰਦ ਸਿਫ਼ਤ ਸਾਲਾਹੀਆ। ਲੇਖੇ ਲਿਖਦੇ ਰਹੇ ਨਾਲ ਕ਼ਲਮ ਦਵਾਤ, ਸ਼ਾਹੀ ਨਾਤਾ ਜੋੜ ਜੁੜਾਈਆ। ਨਹੌਂਦੇ ਰਹੇ ਉਠ ਕੇ ਪਰਭਾਤ, ਸੰਧਿਆ ਮੱਠਾਂ ਵਿਚ ਲੰਘਾਈਆ। ਧਿਆਨ ਰਖਦੇ ਰਹੇ ਇਸ਼ਟ ਦੁਰਗਾ ਮਾਤ, ਸਿੰਘ ਸਵਾਰ ਧਿਆਨ ਲਗਾਈਆ। ਹੱਥ ਜੋੜਦੇ ਰਹੇ ਉਤੇ ਆਕਾਸ਼, ਦੇਵਤਾ ਸੂਰਜ ਚੰਦ ਮਨਾਈਆ । ਧਰਤੀ ਦੀ ਖੋਜਦੇ ਰਹੇ ਖ਼ਾਕ, ਤਨ ਵਜੂਦ ਉਤੇ ਰਮਾਈਆ। ਜਟਾ ਜੂਟ ਵਧੌਂਦੇ ਰਹੇ ਝਾਟ, ਭਸਮ ਭਸਮ ਤਨ ਰੰਗਾਈਆ। ਸਾਧਾਂ ਨੂੰ ਮਿਲਣ ਪਿੱਛੇ ਕਟਦੇ ਰਹੇ ਵਾਟ, ਰਾਤੀਂ ਉਠ ਉਠ ਦੂਰ ਦੁਰਾਡੇ ਨੇੜੇ ਆਈਆ। ਤਨ ਵੇਸ ਵਟੌਂਦੇ ਰਹੇ ਜਨੇਊ ਨਾਲ, ਕੱਪੜ ਕੱਛ ਤਹਿਮਤ ਵੇਸ ਵਟਾਈਆ। ਕਲਮਿਆਂ ਨਾਮਾਂ ਨਗ਼ਮਿਆਂ ਦਾ ਲੈਂਦੇ ਰਹੇ ਸਵਾਦ, ਢੋਲਿਆਂ ਵਿਚ ਵਜਦੀ ਰਹੀ ਵਧਾਈਆ। ਗਿਆਨਾਂ ਵਿਚ ਹੁੰਦੇ ਰਹੇ ਬਰਬਾਦ, ਕਾਇਆ ਚੋਲੇ ਕੋਟ ਬਦਲਾਈਆ। ਕਿਸੇ ਦੀ ਦੱਸ ਸੰਖਾਂ ਵਾਲੀ ਆਵਾਜ਼, ਕੋਈ ਬੰਸਰੀ ਦਿਤੀ ਸੁਣਾਈਆ। ਕਿਸੇ ਨੇ ਦੱਸਿਆ ਉਹਦਾ ਖੇਲ ਤਮਾਸ਼, ਜੋ ਅੰਦਰੇ ਅੰਦਰ ਵਖਾਈਆ। ਕਿਸੇ ਨੇ ਗੋਪੀਆਂ ਵਾਲਾ ਕਰ ਕੇ ਨਾਚ, ਨਟੂਆਂ ਵਰਗਾ ਸਾਂਗ ਬਦਲਾਈਆ। ਕਿਸੇ ਨੇ ਬਣਾ ਕੇ ਜਗਤ ਸਮਾਜ, ਹਿੱਸੇ ਦਿਤੇ ਵੰਡਾਈਆ। ਕਿਸੇ ਨੇ ਗਾ ਕੇ ਛੱਤੀ ਰਾਗ, ਢੋਲੇ ਦਿਤੇ ਸੁਣਾਈਆ। ਕਿਸੇ ਨੇ ਧੋ ਕੇ ਦੁਰਮਤ ਦਾਗ਼, ਦੋ ਚਾਰ ਦਿਤੇ ਤਰਾਈਆ। ਕਿਸੇ ਨੇ ਕੱਪੜ ਲਾਹ ਕੇ ਹੋਏ ਨਾਂਗ, ਤਨ ਲੰਗੋਟ ਨਾ ਕੋਇ ਰਖਾਈਆ। ਕਿਸੇ ਨੇ ਹੱਥ ਵਿਚ ਫੜ ਮਤੈਹਰੇ ਡਾਂਗ, ਮੁੱਛਾਂ ਵੱਟ ਲਏ ਚੜ੍ਹਾਈਆ। ਕਿਸੇ ਦਾ ਤਨ ਪਾਕਨ ਪਾਕ, ਕਿਸੇ ਪਲੀਤ ਦਿਤਾ ਜਣਾਈਆ। ਕਿਸੇ ਦਾ ਥੋੜ੍ਹਾ ਜਿਹਾ ਖੋਲ੍ਹ ਕੇ ਤਾਕ, ਨਿੱਕੀ ਜਿਹੀ ਬੱਤੀ ਦਿਤੀ ਜਗਾਈਆ। ਕਿਸੇ ਨੂੰ ਦੱਸ ਕੇ ਭਵਿਖਤ ਵਾਕ, ਅਗਲਾ ਖੇਲ ਸਮਝਾਈਆ। ਕਿਸੇ ਨੂੰ ਸੂਰਬੀਰ ਬਣਾ ਕੇ ਰਾਠ, ਹੱਥ ਖੜਗ ਦਿਤੀ ਉਠਾਈਆ। ਕਿਸੇ ਦੇ ਹੱਥ ਫੜਾ ਕੇ ਨਾਦ, ਤੰਬੂਰੇ ਦਿਤੇ ਵਜਾਈਆ। ਕਿਸੇ ਦੀ ਰਾਤੀਂ ਸੁੱਤਿਆਂ ਖੋਲ੍ਹ ਕੇ ਜਾਗ, ਜੁਗਤ ਇਕ ਦ੍ਰਿੜਾਈਆ। ਕਿਸੇ ਦੀ ਆਪਣੇ ਹੱਥ ਵਿਚ ਫੜ ਕੇ ਵਾਗ, ਚਾਰੋਂ ਕੁੰਟ ਭਵਾਈਆ। ਕਿਸੇ ਦਾ ਨਿਮ੍ਹਾਂ ਜਿਹਾ ਜਗਾ ਕੇ ਚਿਰਾਗ਼, ਸਾਢੇ ਤਿੰਨ ਹੱਥ ਕੀਤੀ ਰੁਸ਼ਨਾਈਆ। ਕਿਸੇ ਨੂੰ ਹੌਲੀ ਜਿਹੀ ਵਿਚੋਂ ਕਾਢ, ਆਪਣੀ ਗੋਦ ਉਠਾਈਆ। ਕਿਸੇ ਨੂੰ ਲਡਾ ਕੇ ਧੁਰ ਦਾ ਲਾਡ, ਸੁਤ ਦੁਲਾਰਾ ਲਿਆ ਬਣਾਈਆ। ਸਚ ਪੁੱਛੇਂ ਗੋਬਿੰਦ ਤੇਰੇ ਬਿਨਾ ਕਿਸੇ ਨੂੰ ਦਿਤਾ ਨਹੀਂ ਤਾਜ, ਮਹਾਰਾਜ ਹੋ ਕੇ ਤਖ਼ਤ

ਨਾ ਕੋਇ ਸੁਹਾਈਆ । ਹੁਣ ਉਠ ਵੇਖ ਸਿੱਖਾਂ ਦੇ ਹਾਲਾਤ, ਪੁਛਦੇ ਥਾਉਂ ਥਾਈਂਆ। ਜੇ ਕਿਸੇ ਨੇ ਪਿੱਛੇ ਜਨਮ ਵਿਚ ਕੱਟੀ ਹਵਾਲਾਤ, ਓਨ੍ਹਾਂ ਦਾ ਲੇਖਾ ਪੂਰ ਕਰਾਈਆ । ਉਹਦਾ ਲੇਖਾ ਮੁਕਾਵਾਂ ਨਾਲ ਕ਼ਲਮ ਦਵਾਤ, ਅਗੇ ਫੜਨ ਵਾਲਾ ਨੇੜ ਕੋਇ ਨਾ ਆਈਆ। ਜੇ ਕੋਈ ਹੋਰ ਡੂੰਘੀ ਰਾਜ਼ ਵਾਲੀ ਬਾਤ, ਉਹ ਵੀ ਦੇ ਜਣਾਈਆ। ਗੋਬਿੰਦ ਕਹੇ ਪ੍ਰਭ ਤੇਰਾ ਮੇਲਾ ਹੋਇਆ ਨਾਲ ਇਤਫ਼ਾਕ, ਤੂੰ ਲੱਭਿਆਂ ਹੱਥ ਕਿਸੇ ਨਾ ਆਈਆ। ਕੀ ਹੋਇਆ ਹੀਰ ਪਿੱਛੇ ਰੋਂਦੇ ਗਏ ਚਾਕ, ਇਹ ਤੇਰੇ ਚਾਕਰ ਮੈਨੂੰ ਨਜ਼ਰੀ ਆਈਆ। ਅਗੇ ਮੇਟ ਦੇ ਇਨ੍ਹਾਂ ਦੀ ਵਾਟ , ਪਿਛਲਾ ਪੰਧ ਮੁਕਾਈਆ। ਫੜ ਕੇ ਚਾੜ੍ਹਦੇ ਆਪਣੇ ਘਾਟ, ਘਾਟੇ ਪੂਰ ਵਖਾਈਆ। ਇਹ ਸੁਹੰਜਣੀ ਆ ਗਈ ਰਾਤ, ਜਿਹੜੀ ਦਿਨ ਦੀ ਖ਼ੁਸ਼ੀ ਨਾਲ ਨੱਚੇ ਟੱਪੇ ਕ਼ੁੱਦੇ ਚਾਈਂ ਚਾਈਂਆ। ਜੇ ਤੂੰ ਮੇਰਾ ਇਨ੍ਹਾਂ ਦੀ ਆਪਣੇ ਨਾਲ ਮਿਲਾਵੇਂ ਜ਼ਾਤ, ਫ਼ਰਕ਼ ਰਹਿਣ ਕੋਇ ਨਾ ਪਾਈਆ। ਜੇ ਤੇਰੇ ਮੇਰੇ ਹੁੰਦਿਆਂ ਇਨ੍ਹਾਂ ਨੂੰ ਕਰਨਾ ਪਏ ਪਾਠ, ਪੂਜਾ ਕੰਮ ਕਿਸੇ ਨਾ ਆਈਆ। ਤੂੰ ਸੂਰਬੀਰ ਗੋਬਿੰਦ ਕਹੇ ਮੈਂ ਜੱਟ ਤੇ ਦੋਵੇਂ ਰਾਠ, ਰੱਟਾ ਦਿਆਂ ਮੁਕਾਈਆ। ਮੇਰੀ ਤੇਰੇ ਅੰਦਰ ਆਈ ਗਾਂਠ, ਲੋਕਮਾਤ ਖੋਲ੍ਹ ਨਾ ਕੋਇ ਵਖਾਈਆ। ਜਗਤ ਕਹੇ ਜਿਹੜੀ ਪੀਚੀ ਜਾਏ ਉਹ ਖੁਲ੍ਹੇ ਨਾਲ ਦਾਂਤ, ਦੰਦੀਆਂ ਨਾਲ ਤੁੜਾਈਆ। ਗੋਬਿੰਦ ਕਹੇ ਤੇਰਾ ਮੇਰਾ ਲੇਖਾ ਲਿਖਦੇ ਨਾਲ ਕ਼ਲਮ ਦਵਾਤ, ਬਿਨ ਕ਼ਲਮ ਕਦੇ ਹੋਰ ਨਾ ਕੋਇ ਜਣਾਈਆ। ਉਹ ਵੀ ਵੇਖੇ ਭਗਤਾਂ ਨਾਲ ਕੀ ਸਵਾਦ, ਅੰਦਰ ਵੜ ਕੇ ਖ਼ੁਸ਼ੀ ਮਨਾਈਆ। ਨਾਲੇ ਮੈਂ ਤੈਥੋਂ ਹੋਰ ਸਿਖ ਲਵਾਂ ਜਾਚ, ਕਿਉਂ ਭਗਤਾਂ ਦਿਤੀ ਵਡਿਆਈਆ। ਅਗੋਂ ਹਸ ਕੇ ਕਿਹਾ ਪੁਰਖ ਅਬਿਨਾਸ਼, ਓਹ ਕੁਛ ਤੈਨੂੰ ਦਿਆਂ ਸਮਝਾਈਆ। ਕਿਉਂ, ਇਨ੍ਹਾਂ ਨੇ ਗਾਈ ਮੇਰੀ ਗਾਥ, ਆਪ ਆਪਣਾ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੋਬਿੰਦ ਲਾਹ ਦੇ ਪਿਛਲਾ ਆਲਸ, ਜਗਤ ਦਲਿਦਰ ਰਹਿਣ ਕੋਇ ਨਾ ਪਾਈਆ। ਗੋਬਿੰਦ ਕਹੇ ਬਣ ਤੂੰ ਮੇਰਾ ਸਾਲਸ, ਸਾਚਾ ਲੇਖਾ ਦੇ ਮੁਕਾਈਆ। ਪੁਰਖ ਅਕਾਲ ਕਹੇ ਉਠ ਵੇਖ ਆਪਣੇ ਖ਼ਾਲਸ, ਖ਼ਾਲਸ ਤੈਨੂੰ ਦੇਵਾਂ ਜਣਾਈਆ। ਜਿਨ੍ਹਾਂ ਨੂੰ ਬਿਨ ਤੇਰੇ ਮੇਰੇ ਹੋਰ ਨਹੀਂ ਕੋਈ ਲਾਲਚ, ਦਰਸ ਪਿਆਸੇ ਬੈਠੇ ਆਸਣ ਲਾਈਆ। ਇਹ ਕੋਈ ਕਹਾਣੀ ਨਹੀਂ ਰਸਨਾ ਵਾਲੀ ਵਾਚਕ, ਸ਼ਬਦ ਅਗੰਮੀ ਧਾਰ ਜਣਾਈਆ। ਇਹ ਬੱਚੇ ਨੱਢੇ ਮੇਰੇ ਤੇਰੇ ਯਾਚਕ, ਯਥਾਰਥ ਇਕੋ ਆਸ ਰਖਾਈਆ। ਮੇਰਾ ਹੁਕਮ ਤੂੰ ਬਣ ਜਾ ਕਾਤਬ, ਤੇਰੀ ਲੇਖਣੀ ਕ਼ਲਮ ਸ਼ਾਹੀ ਦਏ ਵਡਿਆਈਆ। ਹੁਣ ਇਕ ਦੂਜੇ ਦੇ ਹੋ ਕੇ ਮੁਖ਼ਾਤਬ, ਮੁਫ਼ਤ ਭਗਤਾਂ ਦਈਏ ਤਰਾਈਆ। ਕਿਉਂ ਤੂੰ ਮੇਰਾ ਮੈਂ ਤੇਰਾ ਵਾਕ਼ਫ਼, ਇਹ ਪੁਰਾਣੀ ਰੀਤੀ ਚਲੀ ਆਈਆ। ਭਗਤ ਤਾਰਨਾ ਸਾਨੂੰ ਦੋਹਾਂ ਨੂੰ ਵਾਜਬ, ਗ਼ਰੀਬ ਨਿਮਾਣੇ ਗਲੇ ਲਗਾਈਆ। ਇਨ੍ਹਾਂ ਨੂੰ ਕਿਹੜੀ ਲੋੜ ਲਭਣ ਦੀ ਗੀਤਾ ਵਾਲੇ ਮਹਾਤਮ, ਜਿਹੜੇ ਅਠਾਰਾਂ ਧਿਆਇਆਂ ਵਿਚ ਸੁਣਾਈਆ। ਮੈਂ ਜ਼ਾਹਰ ਤੂੰ ਅੰਦਰ ਹੋ ਜਾ ਬਾਤਨ, ਦੋਵੇਂ ਇਕੋ ਰੰਗ ਤੇਰਾ ਮੇਰਾ ਨਜ਼ਰੀ ਆਈਆ। ਸੰਤ ਸੁਹੇਲੇ ਸੋਹੰ ਢੋਲਾ ਆਖਣ, ਵਜੇ ਸਚ ਵਧਾਈਆ। ਉਹ ਅਸੀਂ ਕੋਈ ਨਹੀਂ ਕਰਨਾ ਹਾਜਨ, ਸ਼ਾਹਾਂ ਦੇ ਸ਼ਾਹ ਦਿਤੀ ਸਰਨਾਈਆ। ਅਸੀਂ ਕੋਈ ਨਹੀਂ ਦੁਰਗਾ ਵਾਲੀ ਕਰਨੀ ਦਾਤਨ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਅਸਾਂ ਲਭਣਾ ਨਹੀਂ ਹੋਰ ਕੋਈ ਸਾਥਨ, ਦੋਹਾਂ ਮਿਲ ਕੇ ਸਿੱਧਾ ਦੋ ਜਹਾਨ ਪਾਰ ਲੰਘਾਈਆ। ਜੇ ਕੋਈ ਸਾਡੀ ਕਹਾਣੀ ਆਵੇ ਵਾਚਣ, ਓਸ ਦੀ ਸੋਚ ਸਮਝ ਚਲੇ ਕੋਈ ਨਾ ਰਾਈਆ। ਉਠ ਸੂਰਬੀਰ ਆਪਣੇ ਘੋੜੇ ਉਤੇ ਪਾ ਪਾਖਰ, ਜ਼ੀਨ ਸ਼ਬਦੀ ਤੰਗ ਕਸਾਈਆ। ਸਾਹਿਬ ਸੁਲਤਾਨ ਨਾਲ ਮਿਲ ਕੇ

ਲਾ ਆਸਨ, ਸ਼ਾਹਸਵਾਰ ਆਪਣੀ ਲੈ ਅੰਗੜਾਈਆ। ਤੈਨੂੰ ਕਿਹੜੀ ਲੋੜ ਦੇਣ ਦੀ ਭਾਸ਼ਣ, ਜਿਨ੍ਹਾਂ ਦੇ ਅੰਦਰ ਵੜ ਜਾਏਂ ਉਹਨਾਂ ਨੂੰ ਲਏਂ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਹੇ ਗੁਰਮੁਖੋ ਦੱਸੋ ਤੁਹਾਨੂੰ ਕੀ ਤੰਗੀ, ਆਪਣਾ ਹਾਲ ਰਿਹਾ ਜਣਾਈਆ। ਅੱਜ ਵਸਤ ਮਿਲੇ ਮੂੰਹੋਂ ਮੰਗੀ, ਸਚ ਨਾਲ ਸਮਝਾਈਆ। ਜਿਹੜੀ ਕਦੀ ਕਿਸੇ ਨੂੰ ਨਹੀਂ ਵੰਡੀ, ਤੁਹਾਡੀ ਝੋਲੀ ਦੇਵਾਂ ਪਾਈਆ। ਤੁਹਾਡੀ ਆਤਮ ਨਾ ਹੋਵੇ ਰੰਡੀ, ਮਾਲਕ ਹੋ ਕੇ ਆਪਣੇ ਨਾਲ ਮਿਲਾਈਆ। ਤੁਹਾਡੀ ਜਨਮ ਜਨਮ ਦੀ ਕਟੀ ਗਈ ਤੰਗੀ, ਉਹ ਵੇਖੋ ਤੁਹਾਡੇ ਮੁਖ ਸਲਾਹੀਆ। ਸ੍ਰਿਸ਼ਟ ਸਬਾਈ ਕਹੇ ਪਖੰਡੀ, ਮੈਂ ਪਖੰਡਾਂ ਦਾ ਪਖੰਡ ਕਰ ਕੇ ਰਿਹਾ ਵਖਾਈਆ। ਪਰ ਤੁਹਾਨੂੰ ਲਾ ਸਿੱਧੀ ਡੰਡੀ, ਡੰਡੌਤ ਇਕੋ ਦਿਤੀ ਜਣਾਈਆ। ਅਗੇ ਰਹੀ ਨਾ ਕੋਈ ਪਾਬੰਦੀ, ਸ਼ਰਅ ਵਾਲੇ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਤੁਹਾਡਾ ਦਰਸ਼ਨ ਕਰ ਕੇ ਖ਼ੁਸ਼ੀ ਮਨਾਈਆ। ਸਾਰੇ ਕਹਿਣ ਇਹ ਸਾਥੋਂ ਚੰਗੀ, ਜਿਹੜੀ ਤੇਰੇ ਹੁਕਮ ਅੰਦਰ ਖੇਲ ਨਜ਼ਰੀ ਆਈਆ। ਅਸੀਂ ਇਸ ਕਰ ਕੇ ਖ਼ੁਸ਼ੀ ਏਥੇ ਕੋਈ ਸਾਧਾਂ ਸੰਤਾਂ ਵਾਲੀ ਨਹੀਂ ਮੰਡੀ, ਇਕੋ ਦਾਤਾ ਬੇਪਰਵਾਹੀਆ। ਨਾ ਕੋਈ ਹੰਕਾਰੀ ਨਾ ਕੋਈ ਘੁਮੰਡੀ, ਆਤਮ ਰਸੀਏ ਬੈਠੇ ਡੇਰੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਦੀਨ ਦਿਆਲ ਇਹਨਾਂ ਨੂੰ ਚੱਕ ਲੈ ਆਪਣੀ ਕੰਧੀਂ, ਭਾਰ ਆਪਣੇ ਉਤੇ ਉਠਾਈਆ। ਪੁਰਖ ਅਕਾਲ ਕਿਹਾ ਸੁਣ ਗੋਬਿੰਦ ਪੁਤਰ, ਵਾਹਵਾ ਦਿਤੀ ਜਣਾਈਆ। ਇਹਨਾਂ ਨੂੰ ਚੁਕ ਕੇ ਆਪਣੇ ਕੁਛੜ, ਲੋਰੀਆਂ ਨਾਲ ਲਵਾਂ ਪਰਚਾਈਆ। ਜੇ ਮੈਥੋਂ ਬਦੋਬਦੀ ਜਾਣ ਉਤਰ, ਫੜ ਕੇ ਉਪਰ ਲਵਾਂ ਉਠਾਈਆ। ਜਿਸ ਆਪਣਾ ਕੀਤਾ ਸ਼ੁਕਰ, ਧੰਨ ਭਾਗ ਜੇ ਚਾਰ ਜੁਗ ਦੇ ਵਿਛੜੇ ਮੈਨੂੰ ਮਿਲੇ ਆਈਆ। ਜੇ ਮੈਨੂੰ ਇਹ ਪੁੱਛਣ, ਮੈਂ ਸਭ ਕੁਛ ਦਿਆਂ ਸਮਝਾਈਆ। ਜੇ ਭੁਲ ਕੇ ਸੱਚਾ ਰਾਹ ਘੁੱਸਣ, ਫਿਰ ਵੀ ਅੰਦਰ ਵੜ ਕੇ ਮੂਹਰੇ ਦਿਆਂ ਲਗਾਈਆ। ਜੇ ਡਾਗਾਂ ਸੋਟੇ ਫੜ ਕੇ ਮੈਨੂੰ ਕੁੱਟਣ, ਫਿਰ ਵੀ ਹੌਸਲਾ ਕਰ ਕੇ ਛਾਤੀ ਅਗੇ ਦਿਆਂ ਡਾਹੀਆ। ਜੇ ਮੇਰੇ ਨੇੜੇ ਲੱਗਣ ਢੁੱਕਣ, ਨਾਲ ਲੈ ਕੇ ਆਪਣੀ ਛਾਤੀ ਲਵਾਂ ਲਗਾਈਆ। ਜੇ ਸ਼ੇਰ ਬਘੇਲੇ ਹੋ ਕੇ ਲੱਗਣ ਬੁੱਕਣ, ਪੁਸ਼ਤ ਪਨਾਹ ਆਪਣਾ ਹੱਥ ਰਖਾਈਆ । ਜੇ ਕੋਈ ਜਨਮ ਕਰਮ ਦਾ ਦੱਸਣ ਦੁਖਣ, ਦੁਖੜੇ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੋਬਿੰਦ ਕਹੇ ਪ੍ਰਭੂ ਇਹ ਕੋਝੇ ਕਮਲੇ, ਆਪਣੀ ਬੁੱਧੀ ਨਾ ਕੋਇ ਰਖਾਈਆ। ਇਹ ਬਾਵਰ ਦਿਸਦੇ ਬਵਲੇ, ਚਤੁਰ ਨਾ ਕੋਇ ਵਡਿਆਈਆ। ਕੁਛ ਦਿਸਦਾ ਇਹਨਾਂ ਨੂੰ ਇਕੋ ਚੜ੍ਹਿਆ ਅਮਲੇ, ਜਗਤ ਅਮਲਾਂ ਤੋਂ ਆਪਣਾ ਕ਼ਦਮ ਬਾਹਰ ਰਖਾਈਆ। ਇਹ ਜੱਟ ਸਿਰਾਂ ਤੇ ਰੱਖਣ ਵਾਲੇ ਸ਼ਮਲੇ, ਟੌਹਰ ਆਪਣਾ ਰਹੇ ਵਖਾਈਆ। ਇਹਨਾਂ ਨੂੰ ਕਿਉਂ ਪ੍ਰਭ ਕਰਦਾ ਬੰਦ ਵਿਚ ਕਾਇਆ ਗਮਲੇ, ਪੱਥਰ ਪਾੜਨ ਵਾਲੇ ਮੈਨੂੰ ਨਜ਼ਰੀ ਆਈਆ। ਮੇਰੇ ਘਰ ਜੰਮ ਪਏ, ਪਿਤਾ ਇਕੋ ਲਿਆ ਬਣਾਈਆ। ਇਹਨਾਂ ਨੂੰ ਤਾਰਨ ਬਿਨਾ ਹੋਰ ਕਿਹੜਾ ਕੰਮ ਬਾਕੀ ਰਹੇ, ਲੇਖਾ ਅਵਰ ਤੂੰ ਜਣਾਈਆ। ਜੇ ਪ੍ਰਭੂ ਤੂੰ ਇਹਨਾਂ ਦੇ ਕੋਲ ਸਦਾ ਰਹੇਂ, ਅੰਦਰ ਮੇਰਾ ਡੇਰਾ ਲਾਈਆ। ਫੇਰ ਇਹਨਾਂ ਕੀ ਕੋਈ ਕੁਛ ਕਹੇ, ਧਰਮ ਰਾਏ ਵਰਗੇ ਨਿਉਂ ਨਿਉਂ ਲੱਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦਾਤਾ ਇਕ ਅਖਵਾਈਆ। ਗੋਬਿੰਦ ਕਿਹਾ ਪ੍ਰਭੂ ਇਹ ਨਿੱਕੇ ਅਜੇ ਬੱਚੇ, ਬੱਚਿਆਂ ਵਾਲੀ ਬੁੱਧੀ ਇਹਨਾਂ ਵਿਚ ਰਖਾਈਆ। ਪੁਰਖ ਅਕਾਲ ਕਿਹਾ ਨਹੀਂ,

ਇਹ ਸਭ ਦੇ ਨਾਲੋਂ ਚੰਗੇ, ਚੰਗੀ ਇਹਨਾਂ ਦੀ ਵਡਿਆਈਆ। ਜਿਨ੍ਹਾਂ ਮਿਲਿਆ ਤੇਰਾ ਸੰਗੇ, ਸਾਥੀ ਬਣ ਕੇ ਸੋਭਾ ਪਾਈਆ। ਇਹਨਾਂ ਚੜ੍ਹਨਾ ਓਸ ਡੰਡੇ, ਜਿਸ ਦੀ ਮੰਜ਼ਲ ਨਾ ਕੋਇ ਸਮਝਾਈਆ। ਪੁਰਖ ਅਕਾਲ ਉਠੌਣਾ ਆਪਣੇ ਕੰਧੇ, ਮਿਹਰਵਾਨ ਹੋ ਕੇ ਸੇਵਾ ਸਚ ਕਮਾਈਆ। ਦੋ ਜਹਾਨ ਚਰਨਾਂ ਹੇਠ ਲਤਾੜ ਕੇ ਲੰਘੇ, ਬ੍ਰਹਿਮੰਡ ਖੰਡ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਮਾਈਆ। ਗੋਬਿੰਦ ਕਿਹਾ ਕਰਨੀ ਦੇ ਕਰਤੇ, ਕੁਛ ਮੈਨੂੰ ਦੇ ਜਣਾਈਆ। ਕਿਸ ਬਿਧ ਉਪਰ ਆਏ ਧਰਤੇ, ਧਰਨੀ ਉਪਰ ਫੇਰਾ ਪਾਈਆ। ਪੀਰ ਪੈਗ਼ੰਬਰ ਤੈਥੋਂ ਡਰਦੇ, ਸਜਦੇ ਕਰ ਕਰ ਸੀਸ ਨਿਵਾਈਆ। ਸੂਫ਼ੀ ਤੇਰਾ ਕਲਮਾ ਪੜ੍ਹਦੇ, ਇਸ਼ਟ ਤੇਰਾ ਇਕ ਜਣਾਈਆ। ਗੁਰ ਅਵਤਾਰ ਤੇਰੇ ਬਰਦੇ, ਦੋਏ ਜੋੜ ਪੈਣ ਸਰਨਾਈਆ। ਦੋ ਜਹਾਨ ਪਾਣੀ ਤੇਰਾ ਭਰਦੇ, ਅਠਸਠ ਚਰਨ ਰਹੇ ਧੁਆਈਆ। ਬ੍ਰਹਿਮੰਡ ਖੰਡ ਅਗੇ ਨਾ ਖੜ੍ਹਦੇ, ਸਿਰ ਸਕੇ ਨਾ ਕੋਇ ਉਠਾਈਆ। ਤੇਰੇ ਖੇਲ ਅਗੰਮੀ ਨਰ ਦੇ, ਨਰ ਨਰਾਇਣ ਤੇਰੀ ਬੇਪਰਵਾਹੀਆ। ਪਰਦੇ ਲਾਹਦੇ ਓਸ ਘਰ ਦੇ, ਜਿਸ ਘਰ ਬੈਠਾ ਆਸਣ ਲਾਈਆ। ਗੁਰਸਿੱਖਾਂ ਨੂੰ ਹੁਣ ਹੋਰ ਕੋਈ ਵਰ ਦੇ, ਪਿਛਲੀ ਕੀਤੀ ਸਾਰੇ ਗਏ ਭੁਲਾਈਆ। ਪ੍ਰਭੂ ਤੂੰ ਹੁਣ ਆਪਣੀ ਰੀਤੀ ਛਡ ਦੇ, ਮੈਂ ਤੈਨੂੰ ਸਚੀ ਰਿਹਾ ਸੁਣਾਈਆ। ਜੇ ਮੇਰੇ ਪਿੱਛੇ ਇਹ ਲੜ ਕੇ ਮਰ ਗਏ, ਆਪਣਾ ਆਪ ਮਿਟਾਈਆ। ਹੁਣ ਇਹਨਾਂ ਦੇ ਭੰਡਾਰ ਭਰਦੇ, ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦੇ ਵਡਿਆਈਆ। ਗੋਬਿੰਦ ਕੀ ਦਿਤਾ ਆਖ, ਮੈਨੂੰ ਫਿਰ ਦੇ ਸਮਝਾਈਆ । ਪ੍ਰਭੂ ਜੇ ਸੱਚ ਦੱਸਾਂ ਤੂੰ ਆਖਣਾ ਗੁਸਤਾਖ, ਕਿਉਂ ਤੈਨੂੰ ਸਕੇ ਨਾ ਕੋਇ ਜਣਾਈਆ। ਤੂੰ ਮੇਰਾ ਪਿਤਾ ਮਾਤ, ਮੈਂ ਤੇਰਾ ਪੂਤ ਅਖਵਾਈਆ। ਜੇ ਤੂੰ ਮੈਨੂੰ ਨਾ ਦੇਵੇਂ ਆਪ, ਦੱਸ ਕਿਹਦੀ ਝੋਲੀ ਪਾਈਆ। ਦੱਸ ਮੇਰੇ ਬਿਨਾ ਕਿਹੜਾ ਨਾਥ, ਸੱਜਣ ਸਚ ਅਖਵਾਈਆ। ਤੇਰੇ ਹੁਕਮੇਂ ਅੰਦਰ ਮੈਂ ਚਰਨਾਂ ਹੇਠ ਦਬਾਏ ਪ੍ਰਿਥਮੀ ਆਕਾਸ਼, ਪਰਕਾਸ਼ ਤੇਰਾ ਨੂਰ ਰੁਸ਼ਨਾਈਆ। ਜੇ ਮੇਰੇ ਭਗਤਾਂ ਦੀ ਨਾ ਪੁੱਛੀ ਵਾਤ, ਪੁਰਖ ਅਕਾਲ ਤੇਰੀ ਮੇਰੀ ਹੋਵੇ ਸਦਾ ਲੜਾਈਆ। ਇਹ ਆਏ ਮੇਰੇ ਘਾਟ, ਪਤਣ ਆਪਣਾ ਦੇ ਵਖਾਈਆ। ਨਹੀਂ ਤੇ ਮੈਂ ਤੇਰੇ ਨਾਲ ਕਦੀ ਨਹੀਂ ਕਰਨੀ ਬਾਤ, ਰੁੱਸ ਕੇ ਪਿੱਛਾ ਲਵਾਂ ਭਵਾਈਆ। ਪੁਰਖ ਅਕਾਲ ਕਿਹਾ ਵਾਹ ਗੋਬਿੰਦ ਸ਼ਾਬਾਸ਼, ਏਹੋ ਤੇਰੀ ਵਡਿਆਈਆ। ਫ਼ਿਕਰ ਨਾ ਕਰੀਂ ਸਾਰਿਆਂ ਦਾ ਖੋਲ੍ਹ ਦੇਵਾਂ ਤਾਕ, ਅੰਦਰ ਵੜ ਕੇ ਕਰਾਂ ਰੁਸ਼ਨਾਈਆ। ਪਿੱਛੇ ਐਵੇਂ ਕਹਿੰਦੇ ਰਹੇ ਬਾਤ, ਸਾਧਾਂ ਹੱਥ ਕੁੰਜੀ ਆਈਆ। ਜਿਸ ਕਾਰਨ ਉਹ ਲਿਖਣ ਵਾਲੇ ਲਿਖਾਇਆ ਇਹ ਵਾਕ, ਉਹ ਅੱਜ ਤਕ ਸਮਝ ਕਿਸੇ ਨਾ ਆਈਆ। ਐਵੇਂ ਬਣਦੇ ਰਹੇ ਰਾਠ, ਅੱਖਰਾਂ ਨਾਲ ਕਰ ਕਰ ਪੜ੍ਹਾਈਆ। ਦੂਰੋਂ ਸੁਣਦੇ ਰਹੇ ਬਾਤ, ਸਾਹਮਣੇ ਖੜਾ ਕਰਕੇ ਕਿਸੇ ਸਮਝ ਨਾ ਦਏ ਸਮਝਾਈਆ। ਪਿੱਛੋਂ ਕਹਾਣੀ ਪੌਂਦੇ ਬਾਤ, ਉਂਗਲਾਂ ਸਤਰਾਂ ਉਤੇ ਫਿਰਾਈਆ। ਸਭ ਕੁਛ ਓਸ ਦੇ ਹਾਥ, ਓਹ ਦਾਤਾ ਬੇਪਰਵਾਹੀਆ। ਜਿਸ ਦੇ ਚਰਨ ਚੁੰਮਦੇ ਕੋਟਨ ਕੋਟ ਤ੍ਰੈਲੋਕੀ ਨਾਥ, ਰਾਮ ਦਸਰਥ ਬੈਠੇ ਸੀਸ ਨਿਵਾਈਆ। ਝੁਕਦੇ ਵੇਖੇ ਪ੍ਰਿਥਮੀ ਆਕਾਸ਼, ਗਗਨ ਮੰਡਲ ਦੇਣ ਦੁਹਾਈਆ। ਨਾਤਾ ਨਹੀਂ ਜੁੜਿਆ ਕਿਸੇ ਦਾ ਸਾਕ, ਜੋ ਸੱਜਣ ਹੋ ਕੇ ਗਲੇ ਲਗਾਈਆ। ਗੋਬਿੰਦ ਕਿਹਾ ਮੈਂ ਮੰਨਦਾ ਤੂੰ ਸਾਂਝਾ ਸਾਰਿਆਂ ਦਾ ਬਾਪ, ਇਹ ਤੇਰੀ ਬੇਪਰਵਾਹੀਆ। ... ... ... ... ... ... ... ... ... ... ... ... ... ... ... ... ... ... ... ... ... ... ... ... ... ... ... ... ... ... ... ... (ਤਕਰੀਬਨ ੨੦ ਪੰਨੇ)।

੨੮ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਦੁਆਬੇ ਦੇ ਦਿਨ ਪੰਜ, ਪੰਜਾਂ ਪੰਜਾਂ ਜੋੜ ਜੁੜਾਈਆ। ਬਾਕੀ ਉਹਨਾਂ ਨਾਲ ਮਿਲਕੇ ਕਰਨ ਸੰਗ, ਪਲੂ ਗੰਢ ਬੰਧਾਈਆ। ਇੱਕੀ ਮਾਘ ਜਿਥੇ ਮਰਜ਼ੀ ਡਾਹ ਲਿਉ ਪਲੰਘ, ਮਿਲਕੇ ਖ਼ੁਸ਼ੀ ਮਨਾਈਆ। ਪਾ ਕੇ ਆਵਾਂ ਸਭ ਨੂੰ ਠੰਡ, ਅੰਮ੍ਰਿਤ ਮੇਘ ਬਰਸਾਈਆ। ਦੇ ਕੇ ਆਵਾਂ ਅਨੰਦ, ਸਾਂਤਕ ਸਤਿ ਵਰਤਾਈਆ। ਤੁਹਾਡੇ ਕਰਮਾਂ ਕੁਕਰਮਾਂ ਦੀ ਚੁਕ ਕੇ ਆਵਾਂ ਪੰਡ, ਸਿਰ ਆਪਣੇ ਭਾਰ ਉਠਾਈਆ। ਕੁਛ ਹੋਰ ਦੱਸ ਕੇ ਆਵਾਂ ਛੰਦ, ਕਿਸ ਬਿਧ ਸਾਰਿਆਂ ਦਾ ਨਾਤਾ ਜੋੜ ਜੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਪੂਰੀ ਕਰੇ ਆਪ ਮੰਗ, ਮੰਗਤਿਆਂ ਅਗੇ ਮਾਂਗਤ ਹੋ ਕੇ ਆਪਣੀ ਝੋਲੀ ਡਾਹੀਆ।

੨੯ ਪੋਹ ੨੦੨੧ ਬਿਕ੍ਰਮੀ ਬੀਬੀ ਪਿਆਰੋ ਦੇ ਗ੍ਰਹਿ

ਅੰਮ੍ਰਿਤ ਕਹੇ ਮੈਂ ਦੱਸਾਂ ਕੀ, ਅਮਰਾਪਦ ਮਿਲੇ ਵਡਿਆਈਆ। ਬਲਿਹਾਰੀ ਹਰਿ ਚਰਨ ਕਵਲ ਜਾਵਾਂ ਥੀ, ਸਚਖੰਡ ਨਿਵਾਸੀ ਦਿਤੀ ਮਾਣ ਵਡਿਆਈਆ। ਜੁਗ ਚੌਕੜੀ ਬਦਲ ਕੇ ਲੀਹ, ਲੇਖਾ ਆਪਣੇ ਹੱਥ ਰਖਾਈਆ। ਸਤਿ ਧਰਮ ਦੀ ਰਖਕੇ ਨੀਂਹ, ਹੁਕਮ ਆਪਣਾ ਇਕ ਸੁਣਾਈਆ । ਭਾਗ ਲਗਾ ਕੇ ਸਾਢੇ ਤਿੰਨ ਹੱਥ ਸੀਂ, ਪੜਦਾ ਓਹਲਾ ਵੇਖ ਵਖਾਈਆ। ਜਨ ਭਗਤ ਬਣਾ ਕੇ ਪੁਤਰ ਧੀ, ਨਾਤਾ ਬਣਿਆ ਬੇਪਰਵਾਹੀਆ। ਮੈਂ ਖ਼ੁਸ਼ ਹੋਇਆ ਮੈਨੂੰ ਭਗਤਾਂ ਲਿਆ ਪੀ, ਪਿਆਲਾ ਹੱਥਾਂ ਵਾਲਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਅੰਮ੍ਰਿਤ ਕਹੇ ਜਿਸ ਵੇਲੇ ਹੱਥਾਂ ਦਾ ਬਣਿਆ ਪਿਆਲਾ, ਮੇਰੀ ਪਲਕ ਲਈ ਅੰਗੜਾਈਆ। ਵੇਖਿਆ ਖੇਲ ਦੀਨ ਦਿਆਲਾ, ਦਇਆਨਿਧ ਦਇਆ ਕਮਾਈਆ। ਮੇਰਾ ਅੰਤਰ ਹੋਇਆ ਖ਼ੁਸ਼ਹਾਲਾ, ਖ਼ੁਸ਼ੀ ਗ਼ਮੀ ਇਕੋ ਰੰਗ ਸਮਾਈਆ। ਕਰਿਆ ਖੇਲ ਸ੍ਰੀ ਭਗਵਾਨਾ, ਮਿਹਰ ਨਜ਼ਰ ਉਠਾਈਆ। ਜਿਨ੍ਹਾਂ ਹੱਥਾਂ ਨਾਲ ਭਗਤਾਂ ਕਰਾਇਆ ਇਸ਼ਨਾਨਾ, ਆਪਣੀ ਸੇਵ ਕਮਾਈਆ। ਉਹਨਾਂ ਹੱਥਾਂ ਨਾਲ ਮੁਖ ਸੁਹਾਨਾ, ਰਸ ਜਾਮ ਲਬ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅੰਮ੍ਰਿਤ ਕਹੇ ਚੰਗਾ ਹੋਇਆ ਮੈਨੂੰ ਹੱਥਾਂ ਨਾਲ ਪੀਤਾ, ਬਰਤਨ ਅਗੇ ਨਾ ਕੋਇ ਰਖਾਈਆ। ਹੱਥ ਕਹਿਣ ਸਾਡਾ ਅੰਤਰ ਹੋਇਆ ਠਾਂਡਾ ਸੀਤਾ, ਜਿਸ ਵੇਲੇ ਤਲੀ ਉਪਰ ਟਿਕਾਈਆ। ਤਲੀ ਕਹੇ ਮੈਂ ਤਕ ਕੇ ਵੇਖਿਆ ਨਾਲ ਨੀਝਾਂ, ਆਪਣੀ ਅੱਖ ਖੁਲ੍ਹਾਈਆ। ਸਚ ਦਿਸਿਆ ਜਿਵੇਂ ਇਹ ਹੱਥ ਪ੍ਰਭ ਚਰਨ ਛੋਹ ਕੇ ਕਰਨ ਪ੍ਰੀਤਾ, ਧੂੜੀ ਖ਼ਾਕ ਇਹਨਾਂ ਨਾਲ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਵਖਾਈਆ । ਅੰਮ੍ਰਿਤ ਕਹੇ ਜਿਹੜੇ ਹੱਥ ਭਗਤਾਂ ਪ੍ਰਭ ਚਰਨ ਲਗੇ, ਸੀਸ ਨਾਲ ਮਿਲਾਈਆ। ਓਹੋ ਹੱਥ ਗੁਰਮੁਖਾਂ ਡਾਹੇ ਅਗੇ, ਪਿਆਰ ਨਾਲ ਮੈਨੂੰ ਵਿਚ ਲਿਆ ਟਿਕਾਈਆ। ਓਸ ਵੇਲੇ ਮੇਰੇ ਸਾਰੇ ਸੰਸੇ ਲੱਥੇ, ਸੋਗ ਰਿਹਾ ਨਾ ਰਾਈਆ। ਜਿਸ ਵੇਲੇ ਗੁਰਮੁਖ ਪੀਣ ਲਗੇ ਅੰਦਰੋਂ ਹੱਸੇ, ਖ਼ੁਸ਼ੀ ਮੇਰੇ ਉਤੇ ਆਈਆ। ਮੈਂ ਉਠ ਕੇ ਵੇਖਿਆ ਪ੍ਰੇਮ ਦੀ ਖ਼ਾਤਰ ਇਕ ਦੂਜੇ ਨੂੰ ਪੈਂਦੇ ਧੱਕੇ, ਵੱਡੇ ਛੋਟੇ ਇਕ ਦੂਜੇ ਦੇ ਹੇਠਾਂ ਉਤੋਂ ਥੱਲੇ ਦੀ ਹੱਥ ਲੰਘਾਈਆ। ਕਈ ਗੋਡਿਆਂ

ਭਾਰ ਢੱਠੇ, ਬਹੁਤਿਆਂ ਜ਼ੋਰ ਦਿਤਾ ਵਖਾਈਆ । ਮੈਨੂੰ ਬੜੀ ਖ਼ੁਸ਼ੀ ਔਂਦੀ ਜਿਸ ਵੇਲੇ ਗੁਰਮੁਖ ਅਗੇ ਹੱਥ ਵਖੌਂਦੇ ਇਕੱਠੇ, ਇਕ ਦੇ ਦੋ ਦੋ ਨਜ਼ਰੀ ਆਈਆ। ਮੈਂ ਓਸ ਵੇਲੇ ਪ੍ਰਭੂ ਅਗੇ ਵਾਸਤੇ ਘੱਤੇ, ਬੇਨੰਤੀ ਕਰ ਸੁਣਾਈਆ। ਹੇ ਪ੍ਰਭੂ ਜਿਹੜਾ ਗੁਰਮੁਖ ਅੱਜ ਮੇਰਾ ਰਸ ਚੱਟੇ, ਉਹ ਤੇਰੇ ਵਿਚ ਸਮਾਈਆ। ਜਨਮ ਕਰਮ ਦੇ ਰਹਿਣ ਨਾ ਰੱਟੇ, ਝਗੜਾ ਅਗੇ ਨਾ ਕੋਇ ਵਖਾਈਆ। ਇਨ੍ਹਾਂ ਦੇ ਲੇਖੇ ਲੌਣੇ ਟੇਕੇ ਮੱਥੇ, ਮਸਤਕ ਆਪਣਾ ਤਿਲਕ ਛੁਹਾਈਆ। ਬਿਨ ਤੇਰੀ ਕਿਰਪਾ ਕਦੇ ਕੋਈ ਭਾਂਡੇ ਨਾ ਹੋਏ ਪੱਕੇ, ਕੱਚੇ ਸਾਰੇ ਨਜ਼ਰੀ ਆਈਆ। ਮੈਨੂੰ ਐਂ ਦਿਸਦਾ ਜਿਵੇਂ ਇਹ ਸਾਰੇ ਮੇਰੇ ਨਾਲੋਂ ਅੱਛੇ, ਜਿਨ੍ਹਾਂ ਦੇ ਪਿੱਛੇ ਮੈਨੂੰ ਮਿਲੀ ਵਡਿਆਈਆ। ਪ੍ਰਭੂ ਇਹ ਰਸ ਬਿਨ ਤੇਰਿਆਂ ਭਗਤਾਂ ਹੋਰ ਕਦੀ ਕਿਸੇ ਨੂੰ ਨਾ ਪਚੇ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਅੰਮ੍ਰਿਤ ਕਹੇ ਚੰਗਾ ਹੋਇਆ, ਪ੍ਰਭ ਚੰਗੀ ਦਿਤੀ ਵਡਿਆਈਆ। ਮੈਂ ਸਮਝ ਚੁਕਾ ਸਾਂ ਕਿ ਮੈਂ ਵੀਹਵੀਂ ਸਦੀ ਅਖ਼ੀਰੀ ਮੋਇਆ, ਮੇਰਾ ਸਾਥੀ ਨਜ਼ਰ ਕੋਇ ਨਾ ਆਈਆ। ਕਿਉਂ ਗੋਬਿੰਦ ਵਰਗਾ ਸਿੱਖ ਮੁੜ ਕੇ ਗੋਬਿੰਦ ਰੂਪ ਨਾ ਹੋਇਆ, ਕਾਇਆ ਗੋਰ ਦਰਸ ਕੋਇ ਨਾ ਪਾਈਆ। ਧੰਨ ਭਾਗ ਤੂੰ ਮੁੜ ਕੇ ਫੇਰ ਲੈ ਕੇ ਆਇਉਂ ਢੋਆ, ਧੁਰਦਰਗਾਹੀ ਆਪਣਾ ਫੇਰਾ ਪਾਈਆ। ਹੁਣ ਕੋਈ ਮੈਨੂੰ ਪੁੱਛੇ ਮੈਂ ਫੇਰ ਨਵਾਂ ਨਰੋਇਆ, ਅਗੇ ਨਾਲੋਂ ਵੱਡਾ ਨਜ਼ਰੀ ਆਈਆ। ਜਿਸ ਵੇਲੇ ਗੁਰਮੁਖਾਂ ਨੇ ਮੈਨੂੰ ਆਪਣੇ ਮੁਖ ਅੰਦਰ ਚੋਇਆ, ਮੈਂ ਚੁਸਤੀ ਚਲਾਕੀ ਨਾਲ ਥੱਲੇ ਦੀ ਬਜਾਏ ਕੁਛ ਉਤੇ ਚੜ੍ਹ ਕੇ ਆਪਣਾ ਆਸਣ ਲਾਈਆ। ਮੇਰਾ ਭੇਤ ਤੇਰੇ ਬਿਨਾ ਜਾਣੇ ਨਾ ਕੋਇਆ, ਕਾਇਆ ਕ਼ੁਫ਼ਲ ਨਾ ਕੋਇ ਖੁਲ੍ਹਾਈਆ। ਮੈਂ ਪ੍ਰਭੂ ਸੇਵਾ ਕਰ ਕੇ ਦੁਰਮਤ ਮੈਲ ਨੂੰ ਬਾਹਰੋਂ ਕਰ ਕੇ ਆਇਆ ਵਿਛੋਇਆ, ਹੌਲੀ ਹੌਲੀ ਦਿਤਾ ਵਹਾਈਆ। ਇਸੇ ਕਰ ਕੇ ਅਠਾਈ ਦੀ ਰਾਤ ਖ਼ੁਸ਼ੀ ਨਾਲ ਸੋਇਆ, ਪ੍ਰਭੂ ਨੇ ਮੈਨੂੰ ਥਾਪੜ ਕੇ ਦਿਤਾ ਸਵਾਈਆ। ਹੁਣ ਫੇਰ ਉਠ ਖਲੋਇਆ, ਭੱਜਾਂ ਵਾਹੋ ਦਾਹੀਆ। ਜਿਸ ਦੇ ਰਸਨਾ ਨਾਲ ਛੋਇਆ, ਉਸਨੂੰ ਛੋਹਰ ਬਾਂਕਾ ਦਿਤਾ ਬਣਾਈਆ। ਸੂਤਰ ਸਾਚੇ ਤੁਹਾਡੇ ਨਾਲ ਪਰੋਇਆ, ਰਵਦਾਸ ਦੇ ਪਾਣੇ ਵਾਲੀ ਚਸ ਦਿਤੀ ਜਣਾਈਆ। ਭੇਵ ਚੁਕਾ ਕੇ ਏਕਾ ਦੋਇਆ, ਦੁਤੀਆ ਭਾਉ ਦਿਤਾ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹੈਰਾਨ ਹੋ ਕੇ ਕਹਿਣ ਇਹ ਕੀ ਹੋਇਆ, ਅਨਹੋਣੀ ਖੇਲ ਪ੍ਰਭ ਨੇ ਦਿਤੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਅੰਮ੍ਰਿਤ ਕਿਹਾ ਜਿਸ ਵੇਲੇ ਭਰੇ ਪੰਜ ਘੁੱਟ, ਗੁਰਮੁਖ ਮੁਖ ਲਗਾਈਆ। ਮੈਂ ਓਸੇ ਵੇਲੇ ਹੋ ਕੇ ਖ਼ੁਸ਼, ਖ਼ੁਸ਼ਹਾਲੀ ਆਪਣੀ ਦਿਤੀ ਜਣਾਈਆ। ਤੁਹਾਡੀ ਮੌਲੇ ਸੋਹਣੀ ਰੁੱਤ, ਪੱਤ ਡਾਲ੍ਹੀ ਰੰਗ ਰੰਗਾਈਆ। ਸਚ ਫੁਲਵਾੜੀ ਆਵੇ ਫੁੱਟ, ਧੁਰ ਦੀ ਮਹਿਕ ਮਹਿਕਾਈਆ। ਏਥੇ ਓਥੇ ਤੁਹਾਨੂੰ ਲਏ ਪੁੱਛ, ਪੁਸ਼ਤ ਪਨਾਹ ਪ੍ਰਭ ਆਪਣਾ ਹੱਥ ਟਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਤਾ ਜੋੜ ਕੇ ਸਾਚੇ ਸੁਤ, ਸਤਿ ਸਤਿਵਾਦੀ ਲਿਆ ਬਣਾਈਆ। ਅੰਮ੍ਰਿਤ ਆਖੇ ਪ੍ਰਭੂ ਮੈਨੂੰ ਇਕ ਵੇਰਾਂ ਵਿਚੋਂ ਆ ਗਿਆ ਰੋਣ, ਮੈਂ ਅੱਖਾਂ ਉਤੇ ਹੱਥ ਲਏ ਟਿਕਾਈਆ। ਕਿਉਂ ਵਿਸ਼ਨ ਬ੍ਰਹਮਾ ਸ਼ਿਵ ਥੋੜ੍ਹਾ ਜਿਹਾ ਆਏ ਸੀ ਵਿਚੋਂ ਖੋਹਣ, ਮੈਂ ਆਪਣਾ ਆਪ ਆਪਣੇ ਵਿਚ ਲਿਆ ਲੁਕਾਈਆ। ਫੇਰ ਕਰ ਕੇ ਉਚੀ ਧੌਣ, ਤੇਰੇ ਵਲ ਲਈ ਉਠਾਈਆ। ਪ੍ਰਭੂ ਇਹ ਕੌਣ, ਮੈਨੂੰ ਦੇ ਸਮਝਾਈਆ। ਓਸੇ ਵੇਲੇ ਤੇਰਾ ਗੋਬਿੰਦ ਪਿੱਛੇ ਆ ਗਿਆ ਹਟੌਣ, ਅਗਿਉਂ ਪਿੱਛੇ ਦਿਤੇ ਹਟਾਈਆ। ਫੇਰ ਪ੍ਰੇਮ ਨਾਲ ਪਿਆਰਾ ਹੋ ਕੇ ਲੱਗਾ ਆਪ ਵਰਤੌਣ, ਕਿਉਂ ਆਪਣਾ

ਆਪ ਪੰਜਾਂ ਪਿਆਰਿਆਂ ਦੀ ਭੇਟ ਚੜ੍ਹਾਈਆ। ਮੈਂ ਓਸੇ ਵੇਲੇ ਲੱਗਾ ਗੌਣ, ਗੋਬਿੰਦ ਢੋਲਾ ਬੇਪਰਵਾਹੀਆ। ਨਾਲੇ ਕਹਾਂ ਧੰਨ ਵਡਿਆਈ ਜਿਹੜਾ ਉਜੜੇ ਆਇਆ ਵਸੌਣ, ਸੋਹਣੇ ਮੰਦਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਓਨੇ ਚਿਰ ਨੂੰ ਅੰਮ੍ਰਿਤ ਦਾ ਬੋਲ ਪਿਆ ਨਿੱਕਾ ਜਿਹਾ ਡਿੱਗਾ ਹੋਇਆ ਤੁਬਕਾ, ਕਰੇ ਹਾਲ ਦੁਹਾਈਆ। ਬੌਹੜੀ ਮੈਂ ਹੋ ਗਿਆ ਮੁਰਦਾ, ਗੁਰਮੁਖ ਮੈਨੂੰ ਹੱਥ ਨਾ ਕੋਇ ਲਗਾਈਆ। ਮੈਥੋਂ ਨਾਤਾ ਤੁਟ ਗਿਆ ਸਤਿਗੁਰ ਦਾ, ਭਗਤਾਂ ਨਾਲੋਂ ਹੋਈ ਜੁਦਾਈਆ। ਓਹਦਾ ਦੁਖ ਸੁਣ ਕੇ ਵੇਖ ਕੇ ਝੁਰਦਾ, ਪ੍ਰਭ ਰਹਿਮਤ ਆਪ ਕਮਾਈਆ। ਓਸੇ ਵੇਲੇ ਇੱਕੀ ਮਿੰਟ ਦਾ ਵਕ਼ਫ਼ਾ ਦੇ ਕੇ ਆਇਆ ਤੁਰਦਾ, ਚਰਨ ਛੁਹਾ ਕੇ ਲੇਖਾ ਲਿਆ ਮੁਕਾਈਆ। ਇੱਕੀਆਂ ਇੱਕੀਆਂ ਇੱਕੀਆਂ ਦਾ ਮਾਲਕ ਕਿਉਂ ਨਾ ਸਭ ਨੂੰ ਪੁਛਦਾ, ਜੋ ਦਰ ਤੇ ਆਸ ਰਖਾਈਆ। ਜਿਨ ਕਤਰੇ ਦਾ ਲਹਿਣਾ ਬਣੌਣਾ ਇਕ ਘੁਟ ਦਾ, ਘੁਟ ਤੋਂ ਅਤੁਟ ਦਿਤਾ ਵਰਤਾਈਆ। ਅੰਮ੍ਰਿਤ ਕਹੇ ਮੇਰੀ ਜੇ ਬੂੰਦ ਕੋਲੋਂ ਓਸ ਵੇਲੇ ਪੁਛਦਾ, ਉਹ ਆਪਣੀ ਅਗੰਮੀ ਕਹਾਣੀ ਦਏ ਸੁਣਾਈਆ। ਜਨ ਭਗਤੋ ਇਹ ਪਿਆਰਾ ਦੁਖੀਆਂ ਦੇ ਦੁਖ ਦਾ, ਦਰਦੀਆਂ ਦਾ ਦਰਦ ਵੰਡਾਈਆ। ਜੇ ਇਹਨੂੰ ਮੇਰਾ ਦਰਦ ਨਾ ਹੁੰਦਾ ਕਿਉਂ ਸਿੰਘਾਸਣ ਉਤੋਂ ਉਠਦਾ, ਆਪਣਾ ਪੰਧ ਮੁਕਾਈਆ। ਮੈਂ ਖ਼ੁਸ਼ ਹੋਈ ਇਸ ਦੇ ਕੋਲ ਭੰਡਾਰਾ ਉਹ ਸੁਖ ਦਾ, ਜਿਹੜਾ ਸੁਖਣਾ ਲੈਣ ਵਾਲਿਆਂ ਹੱਥ ਕਿਸੇ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਉਜਲ ਮੁਖ ਦਾ, ਜੋ ਮੁਖ ਮੁਖ ਆਪਣੇ ਅੰਮ੍ਰਿਤ ਲਾਈਆ।

੨੯ ਪੋਹ ੨੦੨੧ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਨਵਿਤ ਜੇਠੂਵਾਲ

ਇਕ ਦਿਨ ਬਾਲੇ ਨਾਨਕ ਨੂੰ ਗੰਨਾ ਦਿਤਾ ਜਿਸ ਦੀ ਇੱਕੀ ਪੋਰੀ, ਢਾਈ ਹੱਥ ਉਤਲਾ ਹਿੱਸਾ ਬਾਕੀ ਦਿਤਾ ਰਖਾਈਆ। ਹੱਥ ਨਾਲ ਦਿਤਾ ਮਰੋੜੀ, ਹਿੱਸਾ ਅੱਡ ਵੰਡਾਈਆ। ਉਸ ਓਸ ਵੇਲੇ ਕੀਤਾ ਬਹੁੜੀ, ਦਿਤੀ ਹਾਲ ਦੁਹਾਈਆ। ਬਾਲਿਆ ਬਾਕੀ ਨਾਨਕ ਨਾਲ ਮਿਲ ਕੇ ਹੁੰਦੇ ਜੋੜੀ ਜੋੜੀ, ਮੈਨੂੰ ਵਖਰਾ ਦਿਤਾ ਬਹਾਈਆ। ਬਾਲੇ ਕਿਹਾ ਅੱਜ ਦਿਨ ਲੋਹੜੀ, ਰਸ ਚਖਣ ਨੂੰ ਸਾਡਾ ਵੀ ਜੀ ਕਰ ਆਈਆ। ਗੰਨੇ ਕਿਹਾ ਮੇਰਾ ਨਹੀਂ ਕੋਈ ਜ਼ੋਰੀ, ਪਰ ਅਧੀਨ ਰਿਹਾ ਕੁਰਲਾਈਆ। ਓਧਰੋਂ ਨਾਨਕ ਬੋਲ ਪਿਆ ਹੌਲੀ, ਹੌਲੀ ਜਿਹੀ ਆਖ ਸੁਣਾਈਆ। ਇਹ ਕੀ ਗੱਲ ਕਿਹੜੀ ਘੁੰਡੀ ਖੋਲ੍ਹੀ, ਮੈਨੂੰ ਦਿਉ ਜਣਾਈਆ। ਬਾਲੇ ਕਿਹਾ ਇਹ ਐਵੇਂ ਪੌਂਦਾ ਰੌਲੀ, ਗੰਨਾ ਦੇਵੇ ਪਿਆ ਦੁਹਾਈਆ। ਓਸ ਕਿਹਾ ਮੇਰੀ ਰੁੱਤ ਅਜੇ ਪੂਰੀ ਨਹੀਂ ਮੌਲੀ, ਆਪਣਾ ਰੰਗ ਵਖਾਈਆ। ਓਧਰੋਂ ਬਾਲੇ ਨੇ ਜੇਬ ਵਿਚੋਂ ਕੱਢ ਲਈ ਕੌਲੀ, ਪੈਰ ਹੇਠਾਂ ਦੱਬ ਕੇ ਜ਼ੋਰ ਨਾਲ ਵਟ ਦਿਤਾ ਚੜ੍ਹਾਈਆ। ਓਸ ਗੰਨੇ ਨੇ ਆਪਣੀ ਰਤ ਰਸ ਧਾਰ ਡੋਲ੍ਹੀ, ਹਾਏ ਸੀ ਨਾ ਕੋਇ ਸੁਣਾਈਆ। ਉਧਰੋਂ ਗੁਰੂ ਨਾਨਕ ਨੇ ਸੱਜੇ ਹੱਥ ਦੀ ਉਂਗਲੀ ਵਿਚ ਡੁਬੋ ਲਈ, ਪੋਟੇ ਨੂੰ ਲਾ ਕੇ ਆਪਣੇ ਮੁਖ ਵਿਚ ਲਾਈਆ। ਓਸ ਵੇਲੇ ਉਸ ਨੇ ਕਿਹਾ ਮੈਂ ਘੋਲ ਘੋਲੀ, ਆਪਣਾ ਆਪ ਗਵਾਈਆ । ਸਤਿਗੁਰ ਮੈਨੂੰ ਰਖ ਲੈ ਆਪਣੀ ਕਾਇਆ ਅੰਦਰ ਚੋਲੀ, ਮੇਰਾ ਦੁਖੜਾ ਦੇ ਮਿਟਾਈਆ। ਗੁਰੂ ਨਾਨਕ ਕਿਹਾ ਬਹੁਤਾ ਨਾ ਬੋਲੀਂ, ਤੈਨੂੰ ਦਿਆਂ ਸਮਝਾਈਆ। ਤੇਰੇ ਪਿਆਰ ਰਸ ਦੀ ਰਸ ਬਣਨਾ ਵਿਚੋਲੀ, ਭਗਵਨ ਰਿਹਾ ਜਣਾਈਆ। ਓਸ ਕਿਹਾ ਇਹ ਧਾਰ ਵਖਰੀ ਨਿਰੋਲੀ, ਸਮਝ

ਕੋਇ ਨਾ ਪਾਈਆ। ਨਾਨਕ ਕਿਹਾ ਜਿਸ ਵੇਲੇ ਮੇਰਾ ਮਾਲਕ ਆਪਣਿਆਂ ਭਗਤਾਂ ਦੀ ਚੁਕਣ ਆਵੇ ਡੋਲੀ, ਲੋਕਮਾਤ ਫੇਰਾ ਪਾਈਆ। ਓਸੇ ਵੇਲੇ ਤੇਰੀ ਗੰਢ ਫੇਰ ਲਵੇ ਖੋਲ੍ਹੀ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ । ਇੱਕੀ ਗੰਢਾਂ ਪਾ ਬੈਠੀਆਂ ਝਗੜਾ, ਇਕੱਠੀਆਂ ਰਹੀਆਂ ਜਣਾਈਆ। ਕੁਛ ਸਾਨੂੰ ਦੱਸ ਭੇਦ ਅਗਲਾ, ਤੇਰੇ ਅਗੇ ਵਾਸਤਾ ਪਾਈਆ। ਜਿਸ ਵੇਲੇ ਉਹ ਮਾਲਕ ਆਇਆ ਸਗਲਾ, ਮਿਤਰ ਬੇਪਰਵਾਹੀਆ। ਉਹ ਇੱਕੀਆਂ ਵਿਚੋਂ ਕਿਹਨੂੰ ਚੰਗਾ ਲਗਣਾ, ਕਿਸ ਨਾਲ ਪ੍ਰੇਮ ਵਧਾਈਆ। ਨਾਨਕ ਕਿਹਾ ਉਸ ਸਭ ਦਾ ਇਕੋ ਜਿਹਾ ਹਿੱਸਾ ਰਖਣਾ, ਵੱਡੀ ਛੋਟੀ ਨਾ ਕੋਇ ਵਡਿਆਈਆ। ਓਸ ਦਾ ਹਿਸਾਬ ਓਸੇ ਨੂੰ ਜਚਣਾ, ਓਸੇ ਦੇ ਹੱਥ ਵਡਿਆਈਆ। ਉਹਨਾਂ ਕਿਹਾ ਕਿਤਨਾ ਕਿ ਕਿਤਨਾ, ਸਾਨੂੰ ਦੇ ਸਮਝਾਈਆ। ਨਾਨਕ ਹਸ ਦੇ ਕਿਹਾ ਨਿੱਕੀਉਂ ਇਤਨਾ, ਜਿਹਨੂੰ ਇੱਕੀ ਸੇਰ ਦਿਤਾ ਬਣਾਈਆ। ਤੁਸਾਂ ਭਗਤਾਂ ਦੇ ਦਵਾਰੇ ਵਿਕਣਾ, ਇੱਕੀ ਇੱਕੀ ਗੰਢ ਪਵਾਈਆ। ਮੈਂ ਤੁਹਾਡੀਆਂ ਸਿਫ਼ਤਾਂ ਦਾ ਲੇਖ ਲਿਖਣਾ, ਸ਼ਬਦੀ ਦੇਵਾਂ ਗਵਾਹੀਆ। ਤੁਹਾਡਾ ਪ੍ਰੇਮ ਪਿਆਰ ਰਸ ਮਿਠਣਾ, ਗੁਰਮੁਖਾਂ ਦਿਆਂ ਚਖਾਈਆ। ਤੁਸਾਂ ਕਿਸੇ ਹੋਰ ਉਤੇ ਨਹੀਂ ਵਿਸਣਾ, ਥੋੜ੍ਹਾ ਜਿਹਾ ਪੜਦਾ ਦਿਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

੨੯ ਪੋਹ ੨੦੨੧ ਬਿਕ੍ਰਮੀ ਸੰਤੋਖ ਸਿੰਘ ਦੇ ਨਵਿਤ ਜੇਠੂਵਾਲ

ਇੱਕੀ ਗੰਢ ਵਾਲੀ ਇੱਕੀ ਮੱਟੀ, ਮਟਕੀ ਆਪਣੀ ਲਈ ਭਰਾਈਆ। ਨਿੱਕੀ ਤੋਂ ਹੋ ਕੇ ਵੱਡੀ, ਵੱਡੀ ਖੇਲ ਵਖਾਈਆ। ਸਦੀਆਂ ਪਿੱਛੋਂ ਖਟੀ ਖਟੀ, ਵਾਧਾ ਸਤਿਗੁਰਾਂ ਹੱਥ ਨਜ਼ਰੀ ਆਈਆ। ਪ੍ਰੇਮ ਪਿਆਰ ਦੀ ਖੋਲ੍ਹ ਕੇ ਹੱਟੀ, ਭਗਤ ਦਵਾਰੇ ਆਪਣੀ ਵਸਤ ਵਿਕਾਈਆ। ਸੇਵਾ ਕਰਨ ਵਿਚ ਹੋ ਗਈ ਅੱਛੀ, ਆਪਾ ਭੇਟ ਕਰਾਈਆ। ਇੱਕੀ ਸੇਰ ਜਲ ਵਿਚ ਗਈ ਝੱਸੀ, ਆਪਣਾ ਵਜੂਦ ਗਈ ਮਿਟਾਈਆ। ਫੇਰ ਖ਼ੁਸ਼ੀਆਂ ਨਾਲ ਹੱਸੀ, ਸਾਹਿਬ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖ ਆਪਣੇ ਹੱਥ ਰਖਾਈਆ।

੨੯ ਪੋਹ ੨੦੨੧ ਬਿਕ੍ਰਮੀ ਮਿਲਖਾ ਸਿੰਘ ਦੇ ਨਵਿਤ ਜੇਠੂਵਾਲ

ਇੱਕੀ ਸੇਰ ਆਖਿਆ ਪ੍ਰਭੂ ਮੇਰੀ ਵੇਖ ਮਿਠਾਸ, ਮਿੱਠਤ ਤੇਰਾ ਰੂਪ ਸਮਾਈਆ। ਮੈਨੂੰ ਆਇਆ ਇਕ ਕਿਆਸ, ਅੰਦਰੋਂ ਦਲੀਲ ਦਿਤੀ ਗਵਾਈਆ। ਜੇ ਤੂੰ ਵਸਣਾ ਭਗਤਾਂ ਸਾਥ, ਪਹਿਲੋਂ ਆਪਣਾ ਆਪ ਦੇ ਮਿਟਾਈਆ। ਮੈਂ ਸਮਝਿਆ ਇਹ ਠੀਕ ਬਾਤ, ਜਿਹੜੀ ਮੈਨੂੰ ਦਿਤੀ ਜਣਾਈਆ। ਜਿੰਨਾਂ ਚਿਰ ਨਾ ਮਿਟੇ ਆਪ, ਓਨਾਂ ਚਿਰ ਬਾਪ ਨਾ ਗੋਦ ਉਠਾਈਆ। ਫੇਰ ਮੈਂ ਸੋਚਿਆ ਕਿਹਦੇ ਨਾਲ ਬਣਾਵਾਂ ਸਾਕ, ਕਿਸ ਵਿਚ ਆਪਣਾ ਆਪ ਮਿਲਾਈਆ। ਓਧਰੋਂ ਆਈ ਇਕ ਆਵਾਜ਼, ਸ਼ਬਦ ਸੰਦੇਸ਼ਾ ਦਿਤਾ ਸੁਣਾਈਆ। ਉਠ ਵੇਖ ਚਰਨ ਚਰਨੋਦਕ ਪ੍ਰਭ ਦਾ ਸਾਫ਼, ਪਵਿਤ ਰੂਪ ਵਟਾਈਆ। ਜੇ ਇਸ ਦੇ ਵਿਚ ਮਿਲ ਜਾਏਂ ਤੇਰੇ ਪਿਛਲੇ ਜਨਮ ਕਰਮ ਕਰ ਦੇਵੇ ਮੁਆਫ਼, ਮਾਫ਼ੀ ਅਗਲੀ ਤੇਰੀ ਝੋਲੀ ਪਾਈਆ।

ਓਸ ਵੇਲੇ ਮੈਂ ਹੈਰਾਨੀ ਵਿਚ ਹੋ ਗਈ ਲਾਜਵਾਬ, ਚਾਰੋਂ ਕੁੰਟ ਅੱਖ ਉਠਾਈਆ। ਕੀ ਇਹ ਸਚ ਕਿ ਕੋਈ ਖ਼ਵਾਬ, ਕਿ ਖ਼ਾਹਮਖ਼ਾਹ ਕੋਈ ਮੈਨੂੰ ਰਿਹਾ ਭੁਲਾਈਆ। ਓਨੇ ਚਿਰ ਨੂੰ ਮੇਰੀ ਖੁਲ੍ਹ ਗਈ ਜਾਗ, ਮੈਂ ਆਪਣੀ ਅੱਖ ਖੁਲ੍ਹਾਈਆ। ਜਾਂ ਤਕਿਆਂ ਤੇ ਨਜ਼ਰੀ ਆਇਆ ਖ਼ੁਦਾਵੰਦ ਪਾਕ, ਨੂਰੋ ਨੂਰ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਓਸੇ ਵੇਲੇ ਮੈਨੂੰ ਦਿਤਾ ਆਖ, ਉਠ ਆਪਣੀ ਸੇਵ ਕਮਾਈਆ। ਮੈਂ ਜੋੜ ਕੇ ਦੋਵੇਂ ਹਾਥ, ਚਰਨ ਕਵਲ ਸੀਸ ਨਿਵਾਈਆ। ਪ੍ਰਭੂ ਮੈਨੂੰ ਨਹੀਂ ਕੋਈ ਜਾਚ, ਕੁਛ ਆਪ ਦੇ ਸਮਝਾਈਆ। ਓਸ ਕਿਹਾ ਇਹਨਾਂ ਭਗਤਾਂ ਦਾ ਦੇ ਸਾਥ, ਜੋ ਸਾਥੀ ਧੁਰ ਦੇ ਨਜ਼ਰੀ ਆਈਆ। ਜਿਨ੍ਹਾਂ ਇੱਕੀ ਸੇਰ ਵਰਤੌਣਾ ਆਪਣੇ ਹਾਥ, ਮੇਰੀ ਝੋਲੀ ਪਾਈਆ। ਮੈਂ ਓਸੇ ਵੇਲੇ ਕਿਹਾ ਮੈਨੂੰ ਮਨਜ਼ੂਰ ਇਹ ਨਾਤ, ਰਿਸ਼ਤਾ ਇਹਨਾਂ ਨਾਲ ਰਖਾਈਆ। ਕੁਛ ਪਿਛਲੀ ਦੱਸ ਯਾਦ, ਮੈਨੂੰ ਸਮਝ ਕੁਛ ਨਾ ਆਈਆ। ਸ਼ਬਦੀ ਨਾਦ ਵਜਿਆ ਨਾਨਕ ਅਗੇ ਕੀਤੀ ਫ਼ਰਿਆਦ, ਨਾਨਕ ਦਾ ਦਾਦਕ ਦੇਵਣਹਾਰਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਆਸਾ ਤ੍ਰਿਸ਼ਨਾ ਪੂਰਬ ਪ੍ਰਭ ਪੂਰਨ ਵੇਖ ਵਖਾਈਆ। ਪੋਰੀ ਕਹੇ ਇਕ ਦਿਨ ਨਚੋੜ ਕੇ ਮੇਰੇ ਰਸ ਦੀ ਭਰ ਲਈ ਮਟਕੀ, ਅਮਰਦਾਸ ਆਪਣੇ ਸਿਰ ਉਪਰ ਉਠਾਈਆ। ਗੁਰ ਅੰਗਦ ਦੇ ਅਗੇ ਰਖ ਦੀ, ਰੱਖਣ ਲਗੇ ਗਾਗਰ ਦਿਤੀ ਭਵਾਈਆ। ਮੈਂ ਓਸ ਵੇਲੇ ਜਿਹੜੀ ਹਾਲਤ ਵੇਖੀ ਅਮਰੂ ਦੀ ਅੱਖ ਦੀ, ਦੱਸ ਸਕਾਂ ਨਾ ਰਾਈਆ। ਮੈਂ ਜਾਣਿਆ ਇਹ ਸੇਵਾ ਕਰੇ ਹਕ ਦੀ, ਜਿਹੜਾ ਮੈਨੂੰ ਆਪਣੇ ਸਿਰ ਤੇ ਚੁਕ ਕੇ ਲਿਆਈਆ। ਮੈਂ ਸ਼ਰਮ ਨਾਲ ਅੰਦਰ ਲੁਕ ਗਾਗਰ ਦੇ ਬਚਦੀ, ਨਾਲੇ ਵੇਖਾਂ ਕੌਣ ਛੇਤੀ ਨਾਲ ਮੇਰੇ ਉਤੇ ਪਰਦਾ ਦੇਵੇ ਪਾਈਆ। ਉਨੇ ਚਿਰ ਨੂੰ ਇਕ ਸਠ ਸਾਲ ਦੀ ਬੁਢੜੀ ਆ ਗਈ ਡਿਗਦੀ ਢਠਣੀ, ਡੰਗੋਰੀ ਆਪਣੇ ਹੱਥ ਉਠਾਈਆ। ਮੇਰੇ ਆ ਕੇ ਕੋਲ ਉਹ ਹੌਲੀ ਜਿਹੀ ਪਾਸਾ ਵਟ ਦੀ, ਮੇਰਾ ਪਾਸਾ ਦਿਤਾ ਬਦਲਾਈਆ । ਮੈਂ ਆਪਣੀ ਵੱਖੀ ਠਾਂਹ ਰਖਦੀ, ਟੇਢੀ ਹੋ ਗਈ ਮੈਨੂੰ ਸਕੇ ਨਾ ਕੋਇ ਉਠਾਈਆ। ਫੇਰ ਮੇਰੇ ਅੰਦਰੋਂ ਆਵਾਜ਼ ਆਈ ਗਟ ਗਟ ਦੀ, ਥੋੜ੍ਹੀ ਡੁਲ੍ਹ ਕੇ ਅੰਗਦ ਦੇ ਚਰਨਾਂ ਲਗ ਕੇ ਖ਼ੁਸ਼ੀ ਮਨਾਈਆ। ਓਸ ਹਸ ਕੇ ਕਿਹਾ ਕਿਥੋਂ ਆ ਗਈ ਪਿਆਰੀ ਜੱਟ ਦੀ, ਖੇਤਾਂ ਵਿਚੋਂ ਸਾਧਾਂ ਵਿਚ ਡੇਰਾ ਲਾਈਆ। ਮੈਂ ਓਸੇ ਵੇਲੇ ਹਸ ਪਈ, ਦੋਵੇਂ ਹੱਥ ਚਰਨਾਂ ਉਤੇ ਦਿਤੇ ਘਸਾਈਆ। ਇਹ ਗੱਲ ਨਹੀਂ ਮੇਰੇ ਵਸ ਦੀ, ਮੈਨੂੰ ਕੋਈ ਹੋਰ ਰਿਹਾ ਮਿਲਾਈਆ। ਅੰਗਦ ਕਿਹਾ ਇਹਦੀ ਆਵਾਜ਼ ਸਚ ਦੀ, ਜੋ ਸਚ ਰਹੀ ਦ੍ਰਿੜਾਈਆ। ਓਸ ਕਿਹਾ ਮੇਰੀ ਪਤ ਰਖ ਲਈਂ, ਤੇਰੇ ਦਰ ਤੇ ਆਈਆ। ਅੰਗਦ ਕਿਹਾ ਮੈਨੂੰ ਐਂ ਦਿਸਦਾ ਤੂੰ ਮੇਰੇ ਭਗਵਾਨ ਕੋਲੋਂ ਜਸ ਲਈਂ, ਜਿਸ ਦੀ ਸਿਫ਼ਤ ਬੇਪਰਵਾਹੀਆ। ਮੈਂ ਓਸ ਵੇਲੇ ਓਹਦੇ ਪੱਟਾਂ ਉਤੇ ਢੱਠ ਪਈ, ਕਿਉਂ ਕਿਸੇ ਬੱਚੇ ਨੇ ਮੇਰੇ ਉਤੇ ਸੋਟੀ ਦਿਤੀ ਲਾਈਆ। ਮੈਂ ਤੁਬਕਾ ਹੋ ਕੇ ਟਪ ਪਈ, ਗਿਆਰਾਂ ਉਂਗਲਾਂ ਉਭਰ ਕੇ ਆਪਣਾ ਅੰਗ ਲਿਆ ਛੁਹਾਈਆ। ਜਿਥੇ ਮੈਂ ਲਗੀ ਓਥੇ ਹੀ ਅੰਗਦ ਨੇ ਉਂਗਲ ਰਖ ਲਈ, ਉਤੋਂ ਭਾਰ ਦਿਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰੱਖੀ ਉਂਗਲ ਦਿਤੀ ਚੋਭ, ਹੌਲੀ ਜਿਹੀ ਦਿਤੀ ਦਬਾਈਆ। ਮੈਂ ਕਿਹਾ ਖ਼ੂਬ, ਮੈਨੂੰ ਆਪਣੇ ਵਿਚ ਲਿਆ ਮਿਲਾਈਆ। ਅੰਗਦ ਕਿਹਾ ਨਹੀਂ ਅਜੇ ਔਣਾ ਮੇਰਾ ਮਹਿਬੂਬ, ਇਹ ਮੁਹੱਬਤ ਉਹਦੇ ਨਾਲ ਰਖਾਈਆ। ਜਿਸ ਦਾ ਆਪਣਾ ਨਹੀਂ ਹੋਣਾ ਵਜੂਦ, ਫੇਰ ਤੇਰਾ ਵਜੂਦ ਦਏ ਗਵਾਈਆ। ਓਸ ਨੇ ਕਿਹਾ ਕੋਈ ਸਬੂਤ, ਅੰਗਦ ਨੇ ਕਿਹਾ ਭਗਤ ਤੇ ਭਗਵਾਨ ਦੇਣ ਗਵਾਹੀਆ।

ਜਿਨ੍ਹਾਂ ਨੇ ਤੇਰਾ ਰਸ ਲੈਣਾ ਚੂਪ, ਇੱਕੀਆਂ ਇੱਕੀਆਂ ਦਾ ਜੋੜ ਜੁੜਾਈਆ। ਓਹਨੇ ਕਿਹਾ ਇਹ ਤੇ ਹੋਇਆ ਮੇਰਾ ਅਸਲ ਹੋਰ ਕਿਹੜਾ ਦੇਵੇਂ ਸੂਦ, ਮੈਨੂੰ ਦੇ ਸਮਝਾਈਆ। ਅੰਗਦ ਕਿਹਾ ਤੇਰੇ ਪਿੱਛੇ ਦਰ ਆਇਆਂ ਦਾ ਕਟ ਦਏ ਸੋਗ ਦੂਖ, ਦੁਖੀਆਂ ਦੁਖੜੇ ਆਪਣੀ ਝੋਲੀ ਪਾਈਆ। ਭਗਤਾਂ ਨੂੰ ਚਾੜ੍ਹ ਕੇ ਮੰਜ਼ਲੇ ਮਕ਼ਸੂਦ, ਮਕ਼ਸਦ ਤੇਰਾ ਹਲ ਕਰਾਈਆ। ਓਸੇ ਵੇਲੇ ਸਾਫ਼ ਕਰਨ ਵਾਲਿਆਂ ਅਗੋਂ ਰਸ ਦਿਤੀ ਹੂੰਝ, ਸਾਫ਼ ਸੁਥਰੇ ਬਸਤਰ ਅੰਗਦ ਦੇ ਚਰਨਾਂ ਹੇਠਾਂ ਦਿਤੇ ਵਿਛਾਈਆ। ਰਸ ਕਹੇ ਮੈਂ ਰੋ ਪਈ ਵਾਂਗ ਕੂੰਜ, ਦੇਂਦੀ ਰਹੀ ਦੁਹਾਈਆ। ਫੇਰ ਮੈਨੂੰ ਆਈ ਸੂਝ, ਕਿਸੇ ਵਿਚੋਂ ਦਿਤਾ ਸਮਝਾਈਆ। ਸਬਰ ਕਰ ਤੇਰਾ ਵਕ਼ਤ ਔਣਾ ਜਿਸ ਵੇਲੇ ਜਾਣਾ ਝੂਜ, ਭਗਵਨ ਦਿਆਂ ਚਰਨਾਂ ਵਿਚ ਆਪਣਾ ਆਪ ਲਿਆ ਮਿਲਾਈਆ। ਬੀਸ ਇਕੀਸਾ ਹੋਏ ਮੌਜੂਦ, ਲੇਖਾ ਆਪਣਾ ਲੈਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਵੇ ਅਸਲ ਦਾ ਜ਼ਰ ਸੂਦ ਨਾਲ ਸੂਦ, ਕੁਲਜ਼ਰ ਸਭ ਦੀ ਝੋਲੀ ਪਾਈਆ।

੨੯ ਪੋਹ ੨੦੨੧ ਬਿਕ੍ਰਮੀ ਠਾਕਰ ਸਿੰਘ ਦੇ ਨਵਿਤ ਜੇਠੂਵਾਲ

ਜਿਸ ਵੇਲੇ ਮੈਂ ਆਪਣਾ ਆਪ ਕੀਤਾ ਭੇਟ, ਭੇਟਾ ਪ੍ਰਭ ਦੇ ਚਰਨ ਰਖਾਈਆ। ਮੈਨੂੰ ਦਿਸਿਆ ਇਕ ਨਰੇਸ਼, ਨਰ ਨਿਰੰਕਾਰ ਬੇਪਰਵਾਹੀਆ । ਜਿਸ ਦਾ ਅਗੰਮ ਅਗੰਮੜਾ ਦੇਸ, ਸਚਖੰਡ ਬੈਠਾ ਡੇਰਾ ਲਾਈਆ। ਨਿਰਗੁਣ ਹੋ ਕੇ ਸਰਗੁਣ ਲੱਖ ਚੁਰਾਸੀ ਰਿਹਾ ਵੇਖ, ਬ੍ਰਹਿਮੰਡ ਖੰਡ ਫੋਲ ਫੁਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਓਸ ਨੂੰ ਕਰਦੇ ਵੇਖੇ ਆਦੇਸ, ਨਿਉਂ ਨਿਉਂ ਸੀਸ ਨਿਵਾਈਆ। ਓਸ ਨੇ ਆਪਣਾ ਰਾਜ਼ ਖੋਲ੍ਹ ਕੇ ਭੇਤ, ਭਾਂਡਾ ਭਰਮ ਦਿਤਾ ਭੰਨਾਈਆ। ਹੁਕਮ ਦਿਤਾ ਉਠ ਕੇ ਵੇਖ, ਨੇਤਰ ਲੋਚਨ ਅੱਖ ਖੁਲ੍ਹਾਈਆ। ਜਿਨ੍ਹਾਂ ਦਾ ਪੂਰਬ ਜਨਮ ਦਾ ਲੇਖ, ਓਹਨਾਂ ਦਾ ਲੇਖਾ ਵੇਖਣ ਆਈਆ। ਜੋਤੀ ਜਾਮਾ ਬਦਲ ਕੇ ਭੇਸ, ਭੇਖਾਧਾਰੀ ਆਪਣੀ ਕਲ ਧਰਾਈਆ । ਕਿਸੇ ਨਜ਼ਰ ਨਾ ਆਏ ਰੂਪ ਰੰਗ ਰੇਖ, ਚਕਰ ਚੇਹਨ ਨਾ ਕੋਇ ਜਣਾਈਆ। ਭਗਤਾਂ ਨਾਲ ਮਿਲ ਕੇ ਖੇਡੇ ਖੇਡ, ਵਡ ਖਿਲਾਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਚਰਨੀ ਡਿਗ ਕੇ ਤਕਿਆ ਅਸਾਂ ਨਜ਼ਾਰਾ, ਦੋ ਜਹਾਨ ਹੋਈ ਰੁਸ਼ਨਾਈਆ। ਸਤਿ ਸਤਿਵਾਦੀ ਨਜ਼ਰੀ ਆਇਆ ਇਕ ਨਿਰੰਕਾਰਾ, ਨਿਰਵੈਰ ਬੇਪਰਵਾਹੀਆ। ਜਿਸ ਦਾ ਸ਼ਬਦੀ ਇਕ ਇਸ਼ਾਰਾ, ਆਦਿ ਜੁਗਾਦਿ ਰਿਹਾ ਉਠਾਈਆ। ਉਹ ਭਗਤਾਂ ਦਾ ਬਣ ਕੇ ਪਿਆਰਾ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਚਰਨਾਂ ਦਾ ਦੇ ਸਹਾਰਾ, ਸਿਦਕ ਭਰੋਸਾ ਇਕ ਵਖਾਈਆ। ਅੰਮ੍ਰਿਤ ਦਾ ਖੋਲ੍ਹ ਭੰਡਾਰਾ, ਰਸ ਆਪਣੇ ਵਿਚ ਰਲਾਈਆ। ਮੈਨੂੰ ਯਾਦ ਆ ਗਿਆ ਅੰਗਦ ਵਾਲਾ ਲਾਰਾ, ਜੋ ਪ੍ਰੇਮ ਨਾਲ ਦਿਤਾ ਦ੍ਰਿੜਾਈਆ। ਮੈਨੂੰ ਦਿਸ ਪਿਆ ਨਾਨਕ ਵਾਲਾ ਉਧਾਰਾ, ਲਹਿਣਾ ਪਿਛਲਾ ਰਿਹਾ ਮੁਕਾਈਆ। ਮੈਂ ਕਰਕੇ ਨਿਮਸਕਾਰਾ, ਆਪਣੀ ਖ਼ੁਸ਼ੀ ਪ੍ਰਭ ਦੇ ਦਰ ਤੋਂ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮਿੱਠਾ ਕਹੇ ਮੈਂ ਘੁਲ ਕੇ ਆਪਣਾ ਆਪ ਲਿਆ ਗਵਾ, ਗਹਿਰ ਗੰਭੀਰ ਵਿਚ ਸਮਾਈਆ। ਰਸ ਸੋਹਣਾ ਲਿਆ ਬਣਾ, ਧੁਰ ਦੀ ਵੰਡ ਵੰਡਾਈਆ। ਜਨ ਭਗਤਾਂ ਮੁਖ ਲਿਆ

ਲਗਾ, ਲਾਗਤ ਲਗੀ ਕੋਇ ਨਾ ਰਾਈਆ। ਜਿਹੜਾ ਰੁਪਈਆ ਭਗਤ ਦਵਾਰੇ ਥੱਲੇ ਦਿਤਾ ਦਬਾ, ਵੀਹ ਸੌ ਅਠਾਰਾਂ ਬਿਕ੍ਰਮੀ ਉਹ ਖ਼ੁਸ਼ੀਆਂ ਨਾਲ ਬਾਹਰ ਆਈਆ । ਓਸ ਕਿਹਾ ਮੈਂ ਇਕ ਤੋਂ ਹੋਇਆ ਸਵਾ, ਸਵਾਏ ਤੋਂ ਡਿਉਢੇ ਡਿਉਢੇ ਤੋਂ ਦੁਗਣੇ ਦੁਗਣੇ ਤੋਂ ਚੌਗਣੇ ਗੁਰਮੁਖ ਦਿਆਂ ਬਣਾਈਆ। ਇਹ ਇੱਕੀ ਇੱਕੀ ਗੋਬਿੰਦ ਦੇ ਪਿਛਲੇ ਗਵਾਹ, ਇਕ ਇੱਕੀ ਨਾਲ ਇੱਕੀ ਇੱਕੀ ਹੋਰ ਦਿਤੇ ਰਲਾਈਆ। ਰਸ ਅਗੰਮਾ ਇਕ ਪਿਆ, ਆਬੇਹਯਾਤ ਦਿਤਾ ਵਖਾਈਆ। ਦਮ ਦਮ ਦੇ ਵਿਚ ਰਲਾ, ਸਾਹ ਸਾਹ ਵਿਚ ਸਮਾਈਆ। ਰਗ ਰਗ ਦੇ ਵਿਚ ਛੁਪਾ, ਖ਼ੂਨ ਖ਼ੂਨ ਵਿਚ ਟਪਕਾਈਆ। ਮਧ ਮਧ ਦੇ ਵਿਚ ਪਿਆ, ਰੰਗ ਆਪਣਾ ਇਕ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀਤੀ ਖੇਲ ਬੇਪਰਵਾਹੀਆ। ਰਸ ਕਹੇ ਮੈਂ ਵੇਖਿਆ ਰਸੀਆ, ਰਸਮ ਓਸ ਦੀ ਬੇਪਰਵਾਹੀਆ। ਭਗਤ ਸੁਹੇਲੇ ਬੰਧੇ ਪ੍ਰੇਮ ਡੋਰੀ ਨਾਲ ਰੱਸੀਆ, ਰਸਤਾ ਏਕਾ ਦਿਤਾ ਵਖਾਈਆ। ਸਚ ਦਵਾਰ ਖੋਲ੍ਹ ਕੇ ਹੱਟੀਆ, ਅੰਮ੍ਰਿਤ ਭੰਡਾਰਾ ਦਿਤਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੁਹੇਲਾ ਹੋਇਆ ਸਹਾਈਆ। ਮਿੱਠਾ ਕਹੇ ਮੇਰੇ ਨਾਲੋਂ ਚੰਗਾ ਜਲ, ਮੈਨੂੰ ਨਜ਼ਰੀ ਆਈਆ। ਜਿਹੜਾ ਉਪਰੋਂ ਆਇਆ ਚਲ, ਚਰਨ ਛੂਹ ਕੇ ਖ਼ੁਸ਼ੀ ਮਨਾਈਆ। ਕੋਈ ਨਹੀਂ ਜਾਣਦਾ ਵਿਸ਼ਨੂੰ ਨੂੰ ਕਿਸ ਤਰਾ ਇਹਦਾ ਮਿਲਿਆ ਫਲ, ਜਿਸਨੇ ਬ੍ਰਹਮਾ ਲਿਆ ਪਰਗਟਾਈਆ। ਕੋਈ ਨਾ ਜਾਣੇ ਓਹ ਕਿਹੜਾ ਫੁਲ ਕਵਲ, ਜਿਸ ਵਿਚੋਂ ਨੂਰੀ ਜੋਤ ਕਰੇ ਰੁਸ਼ਨਾਈਆ। ਜਿਸ ਨੇ ਬੋਲਿਆ ਪ੍ਰਭ ਕਹੇ ਓਹਨੂੰ ਥੋੜ੍ਹਾ ਕਮਲ, ਪੂਰਾ ਭੇਵ ਨਾ ਕੋਇ ਜਣਾਈਆ। ਜੇ ਨਾਨਕ ਕਬੀਰ ਕਿਹਾ ਲੇਖਾ ਨੂਰ ਅਵਲ, ਅੱਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਪਾਣੀ ਕਹੇ ਮੈਂ ਨਹੀਂ ਜਲ, ਨਾ ਮੇਰੀ ਕੋਈ ਵਡਿਆਈਆ। ਇਹ ਪ੍ਰਭ ਦਾ ਵਲ ਛਲ, ਜਿਸ ਸਭ ਦੀ ਬਣਤ ਬਣਾਈਆ। ਕੀ ਹੋਇਆ ਜੇ ਤੂੰ ਮੇਰੇ ਵਿਚ ਗਿਉਂ ਰਲ, ਆਪਣਾ ਆਪ ਛੁਪਾਈਆ। ਮੈਂ ਪ੍ਰਭ ਦੇ ਚਰਨ ਸੇਵਾ ਕਰਾਂ ਸਦਾ ਧਰਤੀ ਤੋਂ ਥੱਲੇ ਪਹਾੜਾਂ ਤੋਂ ਉਤੇ ਦੂਰ ਦੁਰਾਡਾ ਆਵਾਂ ਚਲ, ਕੋਈ ਪ੍ਰੇਮੀ ਮੈਨੂੰ ਚੁਕ ਕੇ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਸਭ ਦੀ ਰਖੇ ਵਡਿਆਈਆ । ਜਲ ਕਹੇ ਮੈਂ ਨਹੀਂ ਚੰਗਾ, ਸਚ ਦਿਆਂ ਸਮਝਾਈਆ। ਹੁਣ ਦਸ ਕਿਉਂ ਨਹੀਂ ਮਾਣ ਗੰਗਾ, ਗੋਦਾਵਰੀ ਦਏ ਦੁਹਾਈਆ। ਜਮਨਾ ਦਾ ਚਲੇ ਨਾ ਕੋਈ ਢੰਗਾ, ਸੁਰਸਤੀ ਰਹੀ ਕੁਰਲਾਈਆ। ਤੀਰਥ ਤਟ ਹੋਇਆ ਨੰਗਾ, ਪਰਦਾ ਨਾ ਕੋਇ ਪਾਈਆ। ਜਿਧਰ ਵੇਖਾਂ ਮੈਂ ਰੰਡੇ ਦਾ ਰੰਡਾ, ਸਾਥੀ ਸੰਗ ਨਾ ਕੋਇ ਬਣਾਈਆ। ਜਿਸ ਵਿਚ ਗੋਬਿੰਦ ਫੇਰ ਕੇ ਗਿਆ ਸੱਚਾ ਖੰਡਾ, ਓਸ ਨੇ ਆਪਣਾ ਖੰਡਾ ਬਾਹਰ ਲਿਆ ਕਢਾਈਆ। ਪ੍ਰਭ ਨਾਲ ਮਿਲਕੇ ਓਹ ਦਰ ਦੇਵੇ ਸੰਗਾ, ਧੁਰ ਹੁਕਮ ਸੀਸ ਟਿਕਾਈਆ। ਉਹ ਸਵਾਮੀ ਸਾਹਿਬ ਬਖ਼ਸ਼ੰਦਾ, ਰਹਿਮਤ ਕਰਕੇ ਪਾਣੀ ਕਹੇ ਮੈਨੂੰ ਭਗਤਾਂ ਹੱਥ ਫੜਾਈਆ। ਇੱਕੀ ਇੱਕੀ ਪਾ ਕੇ ਵੰਡਾਂ, ਇਕ ਇਕ ਸੇਰ ਗੰਢ ਤੇਰੇ ਨਾਲ ਰਖਾਈਆ। ਹੁਣ ਨਾ ਤੂੰ ਮੈਨੂੰ ਕਹੀਂ ਨਾ ਮੈਂ ਤੈਨੂੰ ਕਹਾਂ ਕਵਣ ਚੰਗਾ ਤੇ ਕਵਣ ਮੰਦਾ, ਦੋਹਾਂ ਰਲਮਿਲ ਭਗਤਾਂ ਦੇ ਅੰਦਰ ਸੇਵਾ ਲਈ ਕਮਾਈਆ। ਪਿੱਛੋਂ ਖਾ ਕੇ ਸ਼ੁਕਰ ਮਨਾਇਆ ਗੋਬਿੰਦ ਦੇ ਅਧਾਰ ਦਾ ਪੂਰਬ ਮੰਡਾ, ਜਿਸ ਨੇ ਤ੍ਰਿਪਤ ਦਿਤਾ ਕਰਾਈਆ। ਖ਼ੁਸ਼ੀਆਂ ਨਾਲ ਗੁਰਮੁਖਾਂ ਮਸਤਕ ਲਾ ਕੇ ਬਿੰਦਾ, ਬਿੰਦਰਾਬਨ ਵਾਲਾ ਆਪਣੇ ਨਾਲ ਮਿਲਾਈਆ। ਅਗੇ ਵੇਖਿਆ ਭਗਤ ਭਗਵਾਨ ਨੂੰ ਪਕਵਾਨ ਡੱਬੇ ਵਿਚ ਦੇਂਦਾ, ਰੋਟੀ ਅੱਧੀ ਹੱਥ ਫੜਾਈਆ। ਫੇਰ ਵੀ ਉਹ ਸ਼ੁਕਰ ਕਹਿੰਦਾ, ਖ਼ੁਸ਼ੀਆਂ ਨਾਲ

ਖਾਈਆ । ਅੰਦਰ ਬਾਹਰ ਹਰਿਸੰਗਤ ਸਾਰੀ ਵੇਂਹਦਾ, ਭੁੱਖਾ ਰਹਿਣ ਕੋਇ ਨਾ ਪਾਈਆ। ਕਿਉਂ ਅੰਮ੍ਰਿਤ ਕਹੇ ਭਗਤਾਂ ਨੂੰ ਸੱਦਿਆ ਸੀ ਵਰਜ ਕੇ ਨੇਂਦਾ, ਛੱਬੀ ਪੋਹ ਰੁਤ ਸੁਹਾਈਆ। ਅਗੇ ਭਗਤ ਕਿਉਂ ਖਾਂਦੇ ਠੇਡਾ, ਰਾਹ ਵਿਚ ਕੋਈ ਹੋਰ ਲਏ ਅਟਕਾਈਆ। ਬੇਸ਼ਕ ਜਨ ਭਗਤ ਜਗਤ ਵਿਚ ਚਲੇ ਕਰਕੇ ਧੌਣ ਟੇਢਾ, ਆਕੜ ਨਾਲ ਮੁੱਛਾਂ ਵੱਟ ਚੜ੍ਹਾਈਆ। ਕਹੇ ਮੈਂ ਪੁੱਤ ਓਸ ਪੇ ਦਾ, ਜਿਹੜਾ ਭਗਤਾਂ ਦਏ ਵਡਿਆਈਆ। ਅੰਮ੍ਰਿਤ ਕਹੇ ਸਾਨੂੰ ਮਜ਼ਾ ਆ ਗਿਆ ਗੋਬਿੰਦ ਦੇ ਨੇਂਹ ਦਾ, ਜਿਸ ਨਾਤਾ ਅਗੇ ਲਿਆ ਜੁੜਾਈਆ। ਰਸ ਮਾਣ ਲਿਆ ਭਗਤਾਂ ਦੇ ਥੇਂ ਦਾ, ਥਾਨ ਥਨੰਤਰ ਵਜੀ ਵਧਾਈਆ । ਪਿਆਰ ਲੈ ਲਿਆ ਜੋਤ ਅਕਾਲਣ ਮਾਈ ਦਾ, ਜੋ ਖ਼ੁਸ਼ੀਆਂ ਨਾਲ ਆਈਆ। ਗੀਤ ਸੁਣ ਲਿਆ ਸੋਹਣਾ ਵਧਾਈ ਦਾ, ਜੋ ਭਗਤਾਂ ਮੁਖ ਸਲਾਹੀਆ। ਨਾਤਾ ਜੁੜ ਗਿਆ ਬੇਪਰਵਾਹੀ ਦਾ, ਜੋ ਪਿਛਲਾ ਵਿਛੋੜਾ ਪੰਧ ਮੁਕਾਈਆ। · ਜਿਸ ਨੇ ਇਕੱਠਾ ਜਾਮ

ਦਿਤਾ ਪਿਆ, ਪੀ ਕੇ ਗੁਰਮੁਖ ਉਸ ਦੇ ਵਿਚ ਸਮਾਈ ਦਾ। ਰਲ ਮਿਲ ਇਕੱਠਿਆਂ ਦਏ ਵਡਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰਾ ਮੇਲਾ ਹੋਇਆ ਸੱਚੇ ਸ਼ਹਿਨਸ਼ਾਹੀ ਦਾ।