ਪਹਿਲੀ ਮਾਘ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਸ਼ਬਦ ਸੁਤ ਸਾਚੇ ਝੁਕ, ਸਚਖੰਡ ਦਵਾਰੇ ਪੁਰਖ ਅਕਾਲ ਸੀਸ ਨਿਵਾਈਆ। ਕਰੇ ਬੇਨੰਤੀ ਪ੍ਰਭ ਤੇਰੇ ਕੋਲੋਂ ਕੁਛ ਲਏ ਪੁੱਛ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਸ੍ਰੀ ਭਗਵਾਨ ਕਿਹਾ ਮੇਰੇ ਲਾਡਲੇ ਪੁਤ, ਮਿਹਰ ਨਜ਼ਰ ਦੇਵਾਂ ਟਿਕਾਈਆ। ਸੁਤ ਦੁਲਾਰਾ ਹੋ ਗਿਆ ਖ਼ੁਸ਼, ਖ਼ੁਸ਼ੀ ਆਪਣੀ ਆਪਣੇ ਵਿਚੋਂ ਪਰਗਟਾਈਆ। ਓਸੇ ਵੇਲੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਲ ਕਰਕੇ ਮੁਖ, ਨੇਤਰ ਨੈਣ ਇਸ਼ਾਰਾ ਦਿਤਾ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜਾਓ ਉਠ, ਹੁਕਮ ਇਕ ਦ੍ਰਿੜਾਈਆ। ਵੇਲਾ ਵਕ਼ਤ ਵੇਖੋ ਸੁਹੰਜਣੀ ਰੁਤ, ਦਰਗਾਹ ਸਾਚੀ ਵਜੀ ਵਧਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਪਰਦਾ ਰਿਹਾ ਮੁਖ, ਸੋ ਨਕ਼ਾਬ ਪਰੇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ਼ਬਦ ਸੁਤ ਕਹੇ ਮੈਂ ਤੇਰਾ ਬਰਦਾ, ਸੋ ਪੁਰਖ ਨਿਰੰਜਣ ਦਏ ਵਡਿਆਈਆ। ਮੈਂ ਲੇਖਾ ਪੁਛਿਆ ਤੇਰੇ ਘਰ ਦਾ, ਪਰਦਾ ਓਹਲਾ ਦੇ ਚੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੈਥੋਂ ਰਿਹਾ ਡਰਦਾ, ਚਾਰ ਕੁੰਟ ਸਿਰ ਨਾ ਕੋਇ ਉਠਾਈਆ। ਨਮੋ ਨਮੋ ਨਿਉਂ ਨਿਉਂ ਸਜਦੇ ਸਰਬ ਤੈਨੂੰ ਰਿਹਾ ਕਰਦਾ, ਨਿਉਂ ਨਿਉਂ ਲਗਾਂ ਪਾਈਆ। ਤੇਰਾ ਸਿਫ਼ਤ ਸਾਲਾਹੀ ਢੋਲਾ ਰਿਹਾ ਪੜ੍ਹਦਾ, ਕਾਇਆ ਕਾਅਬਾ ਨਾਲ ਜਣਾਈਆ। ਤੇਰੀ ਚਰਨ ਧੂੜੀ ਟਿੱਕਾ ਮਸਤਕ ਲਾ ਲਾ ਖ਼ੁਸ਼ੀਆਂ ਰਿਹਾ ਕਰਦਾ, ਆਪਣਾ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਜਣਾਈਆ। ਪੁਰਖ ਅਕਾਲ ਕਿਹਾ ਸੁਣ ਸੁਤ ਦੁਲਾਰ, ਤੈਨੂੰ ਦਿਆਂ ਜਣਾਈਆ। ਜੋ ਕੁਛ ਪੁਛਣਾ ਦੱਸਾਂ ਨਾਲ ਪਿਆਰ, ਭੇਵ ਸਚ ਦਿਆਂ ਖੁਲ੍ਹਾਈਆ। ਕਿਉਂ, ਤੇਰਾ ਮੇਰਾ ਇਕ ਵਿਹਾਰ, ਦੂਜਾ ਨਜ਼ਰ ਕੋਇ ਨਾ ਆਈਆ। ਉਠ ਵੇਖ ਮੇਰਾ ਸਚਖੰਡ ਦਰਬਾਰ, ਬਿਨ ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰੇ ਰੁਸ਼ਨਾਈਆ। ਇਕ ਇਕੱਲਾ ਏਕੰਕਾਰ, ਅਕਲ ਕਲਧਾਰੀ ਬੈਠਾ ਸੋਭਾ ਪਾਈਆ। ਸ਼ਾਹੋ ਭੂਪ
ਸੱਚੀ ਸਰਕਾਰ, ਸ਼ਹਿਨਸ਼ਾਹ ਇਕ ਅਖਵਾਈਆ। ਅਗੰਮ ਅਥਾਹ ਨਿਸ਼ਾਨਾ ਝੁੱਲੇ ਸਾਂਝੇ ਯਾਰ, ਪਰਵਰਦਿਗਾਰ ਨੂਰ ਖ਼ੁਦਾਈਆ। ਰੂਪ ਰੰਗ ਨਾ ਕੋਇ ਸੁਮਾਰ, ਚਕਰ ਚਿਹਨ ਨਾ ਕੋਇ ਵਡਿਆਈਆ । ਮੈਂ ਤੇਰਾ ਤੂੰ ਮੇਰੀ ਧਾਰ, ਧੁਰ ਦੀ ਧਾਰ ਸਮਝ ਕੋਇ ਨਾ ਪਾਈਆ। ਬਿਨ ਨੇਤਰ ਅੱਖਾਂ ਤੈਨੂੰ ਦਿਆਂ ਵਖਾਲ, ਪੜਦਾ ਓਹਲਾ ਆਪ ਚੁਕਾਈਆ। ਬਿਨ ਛੱਪਰ ਛੰਨ ਚਾਰ ਦੀਵਾਰ ਵੇਖ ਧਰਮਸਾਲ, ਭਗਤ ਦੁਲਾਰ ਇਕੋ ਨਜ਼ਰੀ ਆਈਆ। ਸੁਤ ਦੁਲਾਰ ਹੋ ਖ਼ੁਸ਼ਹਾਲ, ਬਹਿ ਬਹਿ ਸੀਸ ਨਿਵਾਈਆ। ਪੁਰਖ ਅਕਾਲ ਕਿਹਾ ਉਠ ਮੇਰੇ ਲਾਡਲੇ ਲਾਲ, ਤੈਨੂੰ ਆਪਣੀ ਗੋਦ ਲਵਾਂ ਬਹਾਈਆ। ਸੁਤ ਸ਼ਬਦ ਕਿਹਾ ਮੈਨੂੰ ਪਹਿਲੋਂ ਕਰ ਲੈਣ ਦੇ ਪਰਨਾਮ, ਪ੍ਰਭ ਚਰਨਾਂ ਸੀਸ ਨਿਵਾਈਆ। ਦੀਨ ਦਿਆਲ ਕਿਹਾ ਮੈਂ ਬਖ਼ਸ਼ਾਂ ਮਾਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੁਤ ਕਿਹਾ ਪ੍ਰਭੂ ਕੁਛ ਦੱਸ ਹਾਲ, ਆਪਣੀ ਹਾਲਤ ਦੇ ਜਣਾਈਆ। ਪੁਰਖ ਅਕਾਲ ਕਿਹਾ ਇਹ ਮਿਸਲ ਬੇਮਿਸਾਲ, ਅਸਲ ਸਮਝ ਕੋਇ ਨਾ ਪਾਈਆ। ਤੂੰ ਮੇਰਾ ਨੱਢਾ ਬਾਲ ਅੰਞਾਣ, ਤੈਨੂੰ ਬਖ਼ਸ਼ਾਂ ਚਰਨ ਕਵਲ ਸੱਚੀ ਸਰਨਾਈਆ। ਇਸ ਤੋਂ ਉਤੇ ਤੇਰਾ ਕਦੇ ਨਾ ਜਾਏ ਧਿਆਨ, ਸੇਵਾ ਕਰਨੀ ਸਾਚੀ ਸਿਖਿਆ ਦੇਵਾਂ ਦ੍ਰਿੜਾਈਆ। ਓਸ ਹਸ ਕੇ ਕਿਹਾ ਬਾਪ ਤੂੰ ਦਾਤਾ ਦਾਨੀ ਮੈਂ ਤੈਥੋਂ ਮੰਗਾਂ ਦਾਨ, ਆਪਣੀ ਝੋਲੀ ਡਾਹੀਆ। ਮੈਨੂੰ ਸਚ ਦੱਸ ਪ੍ਰਭੂ ਤੂੰ ਮੈਨੂੰ ਕਿਸ ਤਰਾ ਜੰਮਿਆਂ ਬਾਲ, ਕਿਹੜਾ ਪਿਤਾ ਕਿਹੜੀ ਮੇਰੀ ਮਾਈਆ। ਸ੍ਰੀ ਭਗਵਾਨ ਹਸ ਕੇ ਕਿਹਾ ਵਾਹ ਮੇਰੇ ਲਾਲ, ਤੇਰੀ ਖ਼ੁਸ਼ੀ ਮੇਰੀ ਖ਼ੁਸ਼ੀ ਵਿਚ ਸਮਾਈਆ। ਕੁਛ ਤੇਰੇ ਨਾਲ ਮੇਰਾ ਅਗਲਾ ਹੋਰ ਅਹਿਵਾਲ, ਜੋ ਆਪਣੇ ਵਿਚ ਰਖਾਈਆ। ਮੈਂ ਖੇਲਣਾ ਖੇਲ ਤੇਰੇ ਨਾਲ ਮਿਲ ਕੇ ਕਮਾਲ, ਦੇਣੀ ਮਾਣ ਵਡਿਆਈਆ। ਸੁਤ ਦੁਲਾਰੇ ਤੇਰਾ ਧਾਮ ਸੁਹਾ ਕੇ ਥਿਰ ਘਰ ਸੱਚੀ ਧਰਮਸਾਲ, ਪਰਦਾ ਉਹਲਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ਼ਬਦ ਸੁਤ ਕਿਹਾ ਮੇਰੇ ਸਾਹਿਬ ਵਾਹ, ਵਾਹ ਤੇਰੀ ਵਡਿਆਈਆ। ਤੂੰ ਪਰਵਰਦਿਗਾਰ ਬੇਪਰਵਾਹ, ਸਚ ਤੌਫ਼ੀਕ਼ ਇਕ ਖ਼ੁਦਾਈਆ। ਮੁਕਾਮੇ ਹਕ ਡੇਰਾ ਲਾ, ਜਲਵਾ ਨੂਰ ਰੁਸ਼ਨਾਈਆ। ਚਰਨ ਕਵਲ ਦੇ ਥਾਂ, ਇਹੋ ਮੰਗ ਧੁਰਦਰਗਾਹੀ ਝੋਲੀ ਪਾਈਆ। ਆਦਿ ਜੁਗਾਦਿ ਰਹਾਂ ਤੇਰੇ ਸੰਗ, ਸਗਲਾ ਸੰਗ ਨਿਭਾਈਆ। ਸਾਹਿਬ ਸੁਲਤਾਨ ਕਿਹਾ ਚਾੜ੍ਹਾਂ ਅਗੰਮੀ ਰੰਗ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸ਼ਬਦ ਸੁਤ ਕਿਹਾ ਪ੍ਰਭੂ ਇਹ ਠੀਕ, ਜੋ ਕੁਛ ਤੇਰੇ ਦਰ ਤੇ ਮੰਗ ਮੰਗਾਈਆ। ਪੁਰਖ ਅਕਾਲ ਕਿਹਾ ਹਾਂ, ਮੈਂ ਕਰਾਂ ਤਸਦੀਕ਼, ਅਭੁਲ ਹੋ ਕੇ ਭੁਲ ਕਦੇ ਨਾ ਜਾਈਆ । ਜਿਸ ਵੇਲੇ ਨਵ ਨੌ ਚਾਰ ਚੌਕੜੀ ਜਾਵੇ ਬੀਤ, ਲੋਕਮਾਤ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰੇ ਨਾਮ ਦਾ ਗਾ ਕੇ ਜਾਣ ਗੀਤ, ਸੋਹਲੇ ਢੋਲੇ ਰਾਗ ਸੁਣਾਈਆ। ਸ਼ਬਦ ਸੁਤ ਤੇਰੀ ਨਿਰਗੁਣ ਸਰਗੁਣ ਬੰਨ੍ਹਾਂ ਪ੍ਰੀਤ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਅੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦਿਤਾ ਸੁਣਾਈਆ। ਸ਼ਬਦ ਸੁਤ ਅੱਗੋਂ ਕਹਿੰਦਾ ਹਸ, ਪ੍ਰਭੂ ਪਿਛਲੀ ਕਹਾਣੀ ਮੈਨੂੰ ਸਾਰੀ ਨਜ਼ਰੀ ਆਈਆ। ਮੈਂ ਚਾਹੁੰਦਾ ਅੱਜ ਦਾ ਖੇਲ ਦੱਸ, ਜਿਸ ਵਾਸਤੇ ਬੇਨੰਤੀ ਰਿਹਾ ਸੁਣਾਈਆ। ਜੁਗ ਚੌਕੜੀ ਮੈਂ ਨਿਰਗੁਣ ਸਰਗੁਣ ਹੋ ਕੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਆਇਆ ਵਸ, ਭਗਤਾਂ ਨਾਲ ਮਿਲ ਮਿਲ ਤੇਰਾ ਰਾਗ ਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਆਇਆ
ਲਖ, ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਆਪਣਾ ਹੁਕਮ ਵਰਤਾਈਆ। ਸਿਫ਼ਤ ਸਾਲਾਹੀ ਰਸਨਾ ਜਿਹਵਾ ਬੱਤੀ ਦੰਦ ਜਣਾ ਕੇ ਆਇਆ ਜਸ, ਆਤਮ ਪਰਮਾਤਮ ਸੁਰਤੀ ਸ਼ਬਦੀ ਢੋਲੇ ਨਾਦ ਵਜਾਈਆ। ਤੀਰ ਅਣਿਆਲਾ ਬਿਰਹੋਂ ਵਿਛੋੜੇ ਅੰਦਰ ਮਾਰ ਕੇ ਆਇਆ ਕਸ, ਚਿੱਲਾ ਕਮਾਨ ਖੰਡਾ ਇਕੋ ਇਕ ਉਠਾਈਆ। ਭੇਵ ਖੁਲ੍ਹਾ ਕੇ ਆਇਆ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਹੁਕਮੇ ਅੰਦਰ ਭਵਾਈਆ । ਖੇਲ ਖਿਲਾ ਕੇ ਆਇਆ ਬੁਧਿ ਮਨ ਮਤਿ, ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਹੋ ਕੇ ਫੇਰਾ ਪਾਈਆ। ਭਾਗ ਲਗਾ ਕੇ ਆਇਆ ਪੰਜ ਤਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਧੁਰ ਦਾ ਬੰਧਨ ਪਾਈਆ। ਬਖ਼ਸ਼ਦਾ ਰਿਹਾ ਸਦਾ ਤ੍ਰੈਗੁਣ ਮਾਇਆ ਦਾਤ, ਰਜੋ ਤਮੋ ਸਤੋ ਧੁਰ ਦੇ ਹੁਕਮ ਭਵਾਈਆ। ਜੁਗ ਚੌਕੜੀ ਵੇਂਹਦਾ ਰਿਹਾ ਖੇਲ ਤਮਾਸ਼, ਗੋਪੀ ਕਾਹਨ ਮੰਡਲ ਮੰਡਪ ਰਾਸ ਵਖਾਈਆ। ਪਰਮ ਪੁਰਖ ਪਤਿਪਰਮੇਸ਼ਵਰ ਇਕ ਅਗੰਮੀ ਉਪਜੀ ਆਸ, ਸੋ ਸਾਹਿਬ ਦੇਣੀ ਸਮਝਾਈਆ । ਕਿਸ ਬਿਧ ਮੇਰਾ ਕੀਤਾ ਪਰਕਾਸ਼, ਨੂਰ ਵਿਚੋਂ ਨੂਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਪੁਰਖ ਅਕਾਲ ਕਿਹਾ ਸੁਣ ਮੇਰੇ ਬੱਚੇ, ਧੁਰ ਦੀ ਧਾਰ ਦਿਆਂ ਜਣਾਈਆ। ਮੇਰੇ ਕੋਲ ਕੋਈ ਲੋਹਾਰ ਤਰਖਾਣ ਦੇ ਬਣੇ ਹੋਏ ਨਹੀਂ ਸੱਚੇ, ਰਕਤ ਬੂੰਦ ਨਜ਼ਰ ਕੋਇ ਨਾ ਆਈਆ । ਮੇਰੇ ਕੋਲ ਮਹਲ ਅਟਲ ਮੁਨਾਰ ਨਹੀਂ ਕੋਈ ਪੱਕੇ, ਛੱਪਰ ਛੰਨ ਨਾ ਕੋਈ ਛੁਹਾਈਆ। ਮੇਰੇ ਕੋਲ ਕੋਈ ਦੂਜੀ ਜਨਨੀ ਨਹੀਂ ਜਿਹੜੀ ਬਣੇ ਨਾਰ ਜੱਚੇ, ਜੱਚਾ ਬੱਚਾ ਆਪਣੀ ਗੋਦ ਉਠਾਈਆ। ਮੈਂ ਆਦਿ ਪੁਰਖ ਅਬਿਨਾਸ਼ੀ ਕਰਤਾ ਮੇਰੇ ਕਿਸੇ ਨੂੰ ਨਹੀਂ ਕੁਛ ਪਤੇ, ਪਤਿਪਰਮੇਸ਼ਵਰ ਕਹਿ ਕੇ ਸਾਰੇ ਸ਼ੁਕਰ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਹੁਕਮੇ ਅੰਦਰ ਰੱਖੇ, ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਜੇ ਦੱਸਿਆ ਤੇ ਚਰਨ ਕਵਲ ਓਸੇ ਸਰਨਾਈ ਢੱਠੇ, ਸਿਰ ਆਪਣਾ ਹੱਥ ਟਿਕਾਈਆ। ਉਪਰ ਅੱਖ ਕੋਈ ਨਾ ਤੱਕੇ, ਕਵਣ ਰੂਪ ਬੇਪਰਵਾਹ ਬੈਠਾ ਆਸਣ ਲਾਈਆ। ਹੁਣ ਵੇਖ ਬੀਸ ਇਕੀਸਾ ਹਰਿ ਜਗਦੀਸ਼ਾ ਸਚ ਦਵਾਰੇ ਕਰ ਕੇ ਕੱਠੇ, ਤੇਰੇ ਨਾਲ ਦਿਤੇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਬੇਪਰਵਾਹੀਆ। ਪੁਰਖ ਅਕਾਲ ਕਿਹਾ ਕੁਛ ਇਨ੍ਹਾਂ ਤੋਂ ਪੁਛ, ਜਿਹੜੇ ਚਾਰ ਜੁਗ ਦੇ ਜਗਤ ਮਾਲਕ ਨਜ਼ਰੀ ਆਈਆ। ਇਨ੍ਹਾਂ ਕੋਲ ਕੀ ਕੁਛ, ਦੇਵਣ ਤੈਨੂੰ ਸਮਝਾਈਆ। ਸ਼ਬਦ ਸੁਤ ਬਲਕਾਰੀ ਹੁਕਮੇ ਅੰਦਰ ਗਿਆ ਉਠ, ਧੁਰ ਸੰਦੇਸ਼ ਸੁਣਾਈਆ। ਵਿਸ਼ਨੂੰ ਕੁਛ ਤੁਠ, ਮੈਨੂੰ ਦੇ ਦ੍ਰਿੜਾਈਆ। ਉਹ ਓਸੇ ਵੇਲੇ ਗਿਆ ਝੁਕ, ਪ੍ਰਭ ਦਾ ਭੇਵ ਕੋਈ ਨਾ ਪਾਈਆ। ਓ ਬ੍ਰਹਮੇ ਤੂੰ ਕਿਉਂ ਬੈਠਾ ਚੁੱਪ, ਵੇਦਾਂ ਦੇ ਵੇਦਾਂਤੀ ਕੁਛ ਮੈਨੂੰ ਦੇ ਸਮਝਾਈਆ। ਬਿਨ ਹਰਿ ਕਿਰਪਾ ਮੈਨੂੰ ਸਾਰਾ ਦਿਸਦਾ ਅੰਧੇਰਾ ਘੁੱਪ, ਮੇਰੀ ਅੱਖ ਉਪਰ ਨਜ਼ਰ ਨਾ ਕੋਇ ਉਠਾਈਆ। ਮੇਰੀ ਤੇਰੇ ਚਰਨਾਂ ਵਿਚ ਬਸ, ਅਗੇ ਵਾਸਤਾ ਨਾ ਕੋਇ ਰਖਾਈਆ। ਸ਼ਬਦ ਕਿਹਾ ਸ਼ੰਕਰ ਖੋਲ੍ਹ ਅੱਖ, ਕੁਛ ਮੈਨੂੰ ਦੇ ਜਣਾਈਆ। ਓਸ ਕਿਹਾ ਮੈਂ ਸਿਰਫ਼ ਤੇਰੇ ਚਰਨਾਂ ਜਾਵਾਂ ਢੱਠ, ਇਹੋ ਮੇਰੀ ਵਡਿਆਈਆ। ਅਗੇ ਕੀ ਸਕਾਂ ਦੱਸ, ਭੇਵ ਪ੍ਰਭ ਆਪਣੇ ਵਿਚ ਰਿਹਾ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਬਦ ਕਿਹਾ ਉਠ ਬ੍ਰਹਮੇ ਸੁਤ ਕੁਮਾਰ, ਸੰਤ ਕੁਛ ਪਰਦਾ ਦੇ ਉਠਾਈਆ। ਪਰਮ ਪੁਰਖ ਦਾ ਦੱਸ ਹਾਲ, ਕਿਸ ਬਿਧ ਇਸ ਤੁਹਾਡੀ ਬਣਤ ਬਣਾਈਆ । ਉਹ ਕਰ ਕੇ ਨਿਮਸਕਾਰ, ਬੈਠਾ ਸੀਸ ਝੁਕਾਈਆ। ਸੁਤ ਫੇਰ ਮਾਰੀ ਆਵਾਜ਼, ਬਰਾਹ ਆਪਣੀ ਲਏ ਅੰਗੜਾਈਆ। ਕੁਛ ਖੋਲ੍ਹ ਕੇ ਦੱਸ ਰਾਜ਼,
ਕਵਣ ਤੇਰੀ ਧਾਰ ਚਲਾਈਆ। ਓਸ ਕਿਹਾ ਇਹ ਮੇਰੇ ਦੱਸਣ ਤੋਂ ਬਾਹਰ, ਮੇਰੀ ਚਲੇ ਨਾ ਕੋਇ ਚਤੁਰਾਈਆ। ਸ਼ਬਦ ਫੇਰ ਕਿਹਾ ਯਗੇਪੁਰਸ਼ ਖੋਲ੍ਹ ਰਾਜ਼, ਪਰਦਾ ਇਕ ਉਠਾਈਆ। ਓਸ ਕਿਹਾ ਮੈਂ ਦਾਸਾਂ ਦਾ ਦਾਸ, ਸ਼ਹਿਨਸ਼ਾਹ ਦਾ ਭੇਵ ਕੋਇ ਨਾ ਆਈਆ। ਹੁਕਮ ਹੋਇਆ ਅੰਗੜਾਈ ਲੈ ਹਾਵ-ਗਰੀਬ, ਕਰਵਟ ਲੈ ਬਦਲਾਈਆ। ਪੁਰਖ ਅਕਾਲ ਦੇ ਖੇਲ ਦੀ ਦੱਸ ਤਰਤੀਬ, ਕਿਸ ਬਿਧ ਆਪਣੀ ਰਚਨ ਰਚਾਈਆ। ਓਸ ਕਿਹਾ ਮੈਂ ਗ਼ਰੀਬ, ਪ੍ਰਭੂ ਦਾ ਭੇਵ ਕੋਇ ਨਾ ਆਈਆ। ਹੁਕਮ ਹੋਇਆ ਉਠ ਨਰਾਇਣ, ਕੁਛ ਪਰਦਾ ਦੇ ਉਠਾਈਆ। ਓਸ ਨੇ ਕਿਹਾ ਮੈਂ ਕੁਛ ਨਾ ਸਕਾਂ ਕਹਿਣ, ਮੇਰਾ ਦਾਤਾ ਬੇਪਰਵਾਹੀਆ। ਧੰਨ ਵਡਿਆਈ ਜੇ ਓਸ ਆਪਣਿਆਂ ਚਰਨਾਂ ਦਿਤਾ ਬਹਿਣ, ਧੂੜੀ ਟਿੱਕਾ ਮਸਤਕ ਲਾਈਆ । ਫ਼ਰਮਾਣ ਹੋਇਆ ਉਠ ਕਪਲ ਮੁਨੀ, ਆਪਣੀ ਮਨਸਾ ਦੇ ਜਣਾਈਆ। ਕਿਥੇ ਪ੍ਰਭ ਦੀ ਧੁੰਨੀ, ਜਿਥੋਂ ਤੁਹਾਨੂੰ ਲਏ ਪਰਗਟਾਈਆ। ਓਸ ਕਿਹਾ ਉਹ ਵੱਡਾ ਗਹਿਰ ਗੰਭੀਰ ਗੁਣ ਗੁਣੀ, ਬੇਨਜ਼ੀਰ ਅਖਵਾਈਆ। ਸੰਦੇਸ਼ਾ ਦਿਤਾ ਉਠ ਦੱਤਾ ਤ੍ਰੈ, ਤ੍ਰੈਗੁਣੀ ਅਤੀਤਾ ਦੇ ਜਣਾਈਆ। ਜਿਸ ਦਾ ਖੇਲ ਅਗੰਮਾ ਧਾਰ ਅਨੋਖੀ ਵਹੇ, ਆਦਿ ਜੁਗਾਦਿ ਜੁਗ ਚੌਕੜੀ ਖੇਲ ਰਿਹਾ ਖਿਲਾਈਆ। ਓਸ ਕਿਹਾ ਮੈਂ ਨਿਮਾਣਾ ਕਿਹੜੀ ਸ਼ੈ, ਜੋ ਪ੍ਰਭ ਦਾ ਪਰਦਾ ਦਿਆਂ ਉਠਾਈਆ। ਹੁਕਮ ਹੋਇਆ ਰਿਖਪ ਦੇਵ, ਕੁਛ ਲੇਖਾ ਦੇ ਜਣਾਈਆ। ਜਿਸ ਦੀ ਕਰੇਂ ਤੂੰ ਸੇਵ, ਉਸ ਦਾ ਖੇਲ ਦੇ ਸਮਝਾਈਆ। ਓਸ ਕਿਹਾ ਉਹ ਵਸਣਹਾਰਾ ਨਿਹਚਲ ਧਾਮ ਸਦਾ ਨਿਹਕੇਵ, ਸਚ ਸਿੰਘਾਸਣ ਸੋਭਾ ਪਾਈਆ। ਮੈਂ ਕੀ ਜਾਣਾ ਉਸਦਾ ਭੇਵ, ਨਿਉਂ ਨਿਉਂ ਬੈਠਾ ਸੀਸ ਨਿਵਾਈਆ। ਸ਼ਬਦ ਕਿਹਾ ਪਿਰਥੂ ਲੈ ਅੰਗੜਾਈ, ਕੁਛ ਮੈਨੂੰ ਦੇ ਜਣਾਈਆ। ਜਿਸ ਤੇਰੀ ਮੇਰੀ ਬਣਤ ਬਣਾਈ, ਕਿਸ ਬਿਧ ਰਿਹਾ ਪਰਗਟਾਈਆ। ਓਸ ਨੇ ਕਿਹਾ ਮੈਂ ਨਾ ਜਾਣਾ ਰਾਈ, ਉਹ ਬੇਅੰਤ ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਫੜ ਉਠਾਇਆ ਮੱਤਸ, ਹੁਕਮ ਇਕ ਜਣਾਈਆ। ਸ਼ਬਦ ਸੁਤ ਕਿਹਾ ਜਿਸ ਦਾ ਨੂਰ ਤੇਰੇ ਵਿਚ ਅਕਸ, ਅਕਲ ਦਿਤੀ ਵਡਿਆਈਆ। ਓਸ ਦਾ ਦੱਸ ਕਿਹੜਾ ਤਖ਼ੱਲਸ, ਕਵਣ ਨਾਮ ਕਹਿ ਕੇ ਸਿਫ਼ਤ ਸਾਲਾਹੀਆ। ਓਸ ਕਿਹਾ ਮੈਂ ਬੇਅਕਲ, ਮੈਨੂੰ ਸਮਝ ਕੁਛ ਨਾ ਆਈਆ। ਮੇਰਾ ਉਸ ਦੀ ਕਿਰਪਾ ਨਾਲ ਤਅੱਲੁਕ, ਜੋ ਮਿਹਰ ਨਜ਼ਰ ਨਾਲ ਦੇਵੇ ਮਾਣ ਵਡਿਆਈਆ। ਸ਼ਬਦ ਨੇ ਫੇਰ ਆਖਿਆ ਉਠ ਕਛਪ, ਜਲ ਨਿਵਾਸੀ ਅੱਖ ਖੁਲ੍ਹਾਈਆ। ਤੇਰਾ ਪ੍ਰਭ ਦੇ ਨਾਲ ਕੀ ਬੰਧਪ, ਮੈਨੂੰ ਦੇ ਜਣਾਈਆ। ਕੀ ਤੇਰੇ ਕੋਲ ਸਨਦ, ਆਪਣਾ ਲੇਖਾ ਦੇ ਦ੍ਰਿੜਾਈਆ। ਤੂੰ ਨਹੀਂ ਜਾਣਦਾ ਉਹਦਾ ਕਿਥੇ ਹੁੰਦਾ ਅੰਤ, ਹਦ ਮਹਿਦੂਦ ਰਖਾਈਆ। ਓਸ ਨੇ ਕਿਹਾ ਬੇਅੰਤ, ਮੈਂ ਸਮਝ ਸਕਾਂ ਨਾ ਰਾਈਆ। ਸ਼ਬਦ ਨੇ ਕਿਹਾ ਓਏ ਵੇਖ ਧਨੰਤਰ, ਇਧਰ ਧਿਆਨ ਲਗਾਈਆ। ਜਿਸ ਦਾ ਤੂੰ ਪੜ੍ਹਦਾ ਮੰਤਰ, ਉਸ ਦੀ ਕੁਛ ਗੱਲ ਦੇ ਸਮਝਾਈਆ। ਓਸ ਕਿਹਾ ਉਹ ਸਭ ਦਾ ਕੰਤਨ, ਕੰਤੂਹਲ ਇਕ ਅਖਵਾਈਆ। ਅਸੀਂ ਸਾਰੇ ਓਸੇ ਦੇ ਦਰ ਦੇ ਮੰਗਤਣ, ਖ਼ਾਲੀ ਝੋਲੀ ਅਗੇ ਡਾਹੀਆ। ਸ਼ਬਦ ਨੇ ਕਿਹਾ ਉਹ ਕੁਛ ਦੱਸ ਭੇਖੀ ਬਾਵਨ, ਬਿਰਧ ਬ੍ਰਾਹਮਣ ਰੂਪ ਵਟਾਈਆ। ਜਿਸ ਤੇਰਾ ਖੇਲ ਖੇਲਿਆ ਬਲ ਦਵਾਰੇ ਪਕੜਾ ਕੇ ਆਪਣਾ ਦਾਮਨ, ਦਾਮਨਗੀਰ ਦੇ ਜਣਾਈਆ। ਕਿਸ ਬਿਧ ਪਰਗਟੇ ਪਰਗਟਾਏ ਖੇਲ ਦੋ ਜਹਾਨਣ, ਨਿਰਗੁਣ ਸਰਗੁਣ ਧਾਰ ਚਲਾਈਆ। ਓਸ ਕਿਹਾ ਉਹ ਸਾਹਿਬ ਸਦਾ ਬੇਪਛਾਨਣ, ਨਜ਼ਰ ਵਿਚ ਨਜ਼ਰ ਕਿਸੇ ਨਾ ਆਈਆ। ਜ਼ੋਰ ਨਾਲ ਕਿਹਾ ਦੱਸ ਹੰਸ, ਕੀ ਹਸਤੀ ਬੇਪਰਵਾਹੀਆ। ਜਿਸ ਸਰਬ ਬਣਾਇਆ ਬੰਸ, ਲੱਖ ਚੁਰਾਸੀ ਜੋੜ ਜੁੜਾਈਆ। ਓਸ ਕਿਹਾ ਮੈਨੂੰ ਕੁਛ ਨਹੀਂ ਔਂਦਾ
ਅੰਤ, ਢਹਿ ਕੇ ਪਿਆ ਸਰਨਾਈਆ। ਸ਼ਬਦ ਨੇ ਕਿਹਾ ਵੇਖ ਨਰਸਿੰਘ, ਆਪਣਾ ਬਲ ਧਰਾਈਆ। ਜਿਸ ਨੇ ਨਿਰਗੁਣ ਤੋਂ ਮੈਨੂੰ ਸਰਗੁਣ ਦਿਤਾ ਜੀਓ ਪਿੰਡ, ਥੋੜ੍ਹੇ ਸਮੇਂ ਲਈ ਤੱਤਾਂ ਵਾਲਾ ਰੂਪ ਵਟਾਈਆ। ਉਹ ਕਿਹੜੇ ਰੂਪ ਰਹੇ ਬਖ਼ਸ਼ੰਦ, ਉਸ ਦਾ ਪੂਰਾ ਲੇਖਾ ਦੇ ਜਣਾਈਆ। ਓਸ ਕਿਹਾ ਓਹ ਗਹਿਰ ਗੰਭੀਰ ਗੁਣੀ ਗਹਿੰਦ, ਆਪਣੀ ਖੇਲ ਸਦ ਆਪਣੇ ਵਿਚ ਲੁਕਾਈਆ। ਫੜ ਉਠਾਇਆ ਹਰੀ, ਹੁਕਮ ਇਕ ਜਣਾਈਆ। ਤੂੰ ਕਿਸ ਬਿਧ ਭਗਤਾਂ ਆਤਮ ਵਰੀ, ਮੇਲਾ ਲਿਆ ਮਿਲਾਈਆ। ਓਸ ਦੀ ਦੱਸ ਉਹ ਸੁਹੰਜਣੀ ਘੜੀ, ਜਿਸ ਵੇਲੇ ਓਸ ਆਪਣਾ ਆਪ ਲਿਆ ਪਰਗਟਾਈਆ। ਓਨ ਓਸੇ ਵੇਲੇ ਹੱਥ ਜੋੜ ਕੇ ਕਿਹਾ ਮੈਂ ਇਸ ਲੇਖੇ ਵਿਚੋਂ ਬਰੀ, ਸਚ ਸਕਾਂ ਨਾ ਕੋਇ ਜਣਾਈਆ। ਸ਼ਬਦ ਨੇ ਕਿਹਾ ਨਰਾਇਣ ਸਚ ਦੱਸ, ਭੇਵ ਦੇ ਖੁਲ੍ਹਾਈਆ। ਜਿਸ ਨੇ ਤੈਨੂੰ ਭੇਜ ਕੇ ਰਛਿਆ ਕਰਾਈ ਗਜ, ਮਾਣ ਮਿਲੀ ਵਡਿਆਈਆ। ਓਸ ਦਾ ਖੇਲ ਦੱਸ ਸਚ, ਭੇਵ ਅਭੇਵ ਖੁਲ੍ਹਾਈਆ। ਓਸ ਨੇ ਓਸੇ ਵੇਲੇ ਆਪਣਾ ਫੜ ਕੇ ਨਕ, ਤਿੰਨ ਵਾਰ ਦਿਤਾ ਹਲਾਈਆ। ਉਹ ਪ੍ਰਭੂ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਸਮਰਥ, ਮਹਿੰਮਾ ਅਕਥ ਨਾ ਕੋਇ ਜਣਾਈਆ। ਸ਼ਬਦ ਸੁਤ ਚਾਰ ਕੁੰਟ ਫੇਰ ਵੇਖਿਆ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਉਹਨੂੰ ਨਜ਼ਰੀ ਆਇਆ ਇਕ ਨਿੱਕਾ ਜਿਹਾ ਪਰਸ ਰਾਮ, ਜਿਉਂ ਖਲੌਣਿਆਂ ਨਾਲ ਖੇਲਣ ਵਾਲਾ ਬਾਲ ਆਪਣੀ ਖ਼ੁਸ਼ੀ ਮਨਾਈਆ। ਉਹਨੂੰ ਪੁੱਛਿਆ ਦੱਸ ਉਹ ਅਗੰਮੀ ਰਾਮ, ਜਿਸ ਦੀ ਨਾ ਕੋਈ ਪਿਤਾ ਨਾ ਕੋਈ ਮਾਈਆ। ਓਨੇ ਚਿਰ ਨੂੰ ਓਥੇ ਆ ਗਿਆ ਓਹੀ ਰਾਮ, ਜੋ ਬੇਟਾ ਦਸਰਥ ਅਖਵਾਈਆ । ਉਹਨੂੰ ਸ਼ਬਦ ਸੁਤ ਨੇ ਕਿਹਾ ਕੀ ਤੈਨੂੰ ਕੋਈ ਪਹਿਚਾਨ, ਕਿਸ ਬਿਧ ਮੇਰੇ ਰਾਮ ਮੇਰੀ ਬਣਤ ਬਣਾਈਆ। ਓਸ ਹੋ ਕੇ ਹੈਰਾਨ ਕਿਹਾ ਮੇਰੇ ਵਰਗੇ ਕੋਟਨ ਕੋਟ ਰਾਮ, ਓਥੇ ਬੈਠੇ ਸੀਸ ਝੁਕਾਈਆ। ਸ਼ਬਦ ਸੁਤ ਫੇਰ ਉਠਿਆ ਬਲਵਾਨ, ਆਪਣਾ ਬਲ ਪਰਗਟਾਈਆ। ਹੁਕਮ ਦਿਤਾ ਇਧਰ ਆ ਬੰਸਰੀ ਵਾਲੇ ਕਾਹਨ, ਮੁਰਲੀ ਵਾਲੇ ਮੁਕੰਦ ਕੁਛ ਮੈਨੂੰ ਦੇ ਜਣਾਈਆ। ਜਿਸ ਤੇਰਾ ਤੱਤਾਂ ਵਾਲਾ ਬਣਾਇਆ ਨਿਸ਼ਾਨ, ਉਸਦਾ ਨਿਸ਼ਾਨਾ ਦੇ ਸਮਝਾਈਆ। ਕਿੱਡਾ ਵੱਡਾ ਓਸ ਦਾ ਅਸਥਾਨ, ਜਿਥੇ ਬਹਿ ਕੇ ਡੇਰਾ ਲਾਈਆ। ਓਸ ਕਿਹਾ ਮੈਂ ਓਸ ਤੋਂ ਲੈ ਕੇ ਆਇਆ ਤ੍ਰੈਲੋਕੀ ਦਾ ਦਾਨ, ਅਗੇ ਸਮਝ ਕੁਛ ਨਾ ਪਾਈਆ। ਸ਼ਬਦ ਸੁਤ ਨੇ ਫੇਰ ਗ਼ੁੱਸੇ ਨਾਲ ਕਿਹਾ ਵੇਦ ਵਿਆਸਾ ਜ਼ਰਾ ਇਧਰ ਕਰ ਧਿਆਨ, ਕੁਛ ਤੈਥੋਂ ਮੈਂ ਪੁਛ ਪੁਛਾਈਆ । ਕੀ ਹੋਇਆ ਕੁਵਾਰੀ ਨੂੰ ਜੰਮਿਆ ਆਣ, ਪ੍ਰਭ ਨੇ ਬਣਤ ਦਿਤੀ ਬਣਾਈਆ। ਉਹ ਦੱਸ ਮੇਰਾ ਕਿਹੜਾ ਭਗਵਾਨ, ਕਿਸ ਬਿਧ ਸੁਤ ਸ਼ਬਦ ਕਹੇ ਓਸ ਮੈਨੂੰ ਲਿਆ ਉਪਜਾਈਆ। ਵੇਦ ਵਿਆਸ ਕਿਹਾ ਮੈਂ ਕਰਨ ਵਾਲਾ ਕਲਿਆਣ, ਅੱਖਰਾਂ ਵਾਲੇ ਢੋਲੇ ਗਾਈਆ। ਸ਼ਬਦ ਸੁਤ ਠੋਕਰ ਮਾਰੀ ਉਠਾ ਦਿਤਾ ਬੁੱਧ, ਬੁਧੀ ਦਿਤੀ ਹਲਾਈਆ। ਕੀ ਕੁਛ ਤੈਨੂੰ ਆਈ ਸੁਧ, ਸਿੱਧਾ ਦੇ ਦ੍ਰਿੜਾਈਆ । ਜਿਸ ਨੇ ਤੈਨੂੰ ਬਣਾਇਆ ਪੁਤ, ਉਸ ਦਾ ਭੇਵ ਦੇ ਖੁਲ੍ਹਾਈਆ। ਓਸ ਨੇ ਕਿਹਾ ਮੈਂ ਨਾ ਜਾਣਾ ਕੁਛ, ਉਸ ਦੇ ਹੁਕਮੇ ਅੰਦਰ ਮਿਲੀ ਮਾਤ ਵਡਿਆਈਆ। ਓਧਰੋਂ ਸ਼ਬਦ ਸੁਤ ਨੇ ਚਾਰੋਂ ਤਰਫ਼ ਮਾਰ ਕੇ ਗੇੜਾ, ਚੱਕਰ ਆਪਣਾ ਲਿਆ ਲਗਾਈਆ। ਮੂਸੇ ਨੂੰ ਹੌਲੀ ਜਿਹੀ ਦੋ ਉਂਗਲਾਂ ਦਾ ਮਾਰ ਲਫੇੜਾ, ਅੱਖ ਦਿਤੀ ਖੁਲ੍ਹਾਈਆ। ਮੂੰਹ ਦੇ ਭਾਰ ਡਿੱਗਣ ਵਾਲਿਆ ਕਦੀ ਉਤੇ ਵੀ ਵੇਖਿਆ ਈ ਵਿਹੜਾ, ਜਿਸ ਘਰ ਬੈਠਾ ਬੇਪਰਵਾਹੀਆ। ਜਿਹੜਾ ਪਿਤਾ ਮੇਰਾ, ਉਸ ਦਾ ਲੇਖਾ ਦੇ ਜਣਾਈਆ। ਓਸ ਨੇ ਕਿਹਾ ਉਸ ਦਾ ਭੇਵ ਜਾਣੇ ਕਿਹੜਾ, ਮੈਂ ਝਲਕ ਪਲਕ ਝਲ ਨਾ ਸਕਾਂ ਰਾਈਆ। ਸ਼ਬਦ ਹੁਕਮ ਨਾਲ ਉਠਾ ਲਿਆ
ਈਸਾ ਉਲ ਸਲਾਮ, ਇਸ਼ਾਰਾ ਇਕ ਜਣਾਈਆ। ਮੈਨੂੰ ਸਚ ਦੱਸ ਕਿੱਡਾ ਵੱਡਾ ਤੇਰਾ ਅਮਾਮ, ਕਿਸ ਬਿਧ ਰਿਹਾ ਬਣਤ ਬਣਾਈਆ। ਓਸ ਨੇ ਕਿਹਾ ਮੈਂ ਓਸ ਦੀ ਸੁਣਨ ਵਾਲਾ ਅਗੰਮੀ ਕਲਾਮ, ਜੋ ਨਗ਼ਮੇ ਨਾਲ ਜਣਾਈਆ। ਓਸ ਦਾ ਅਗਲਾ ਖੇਲ ਬੇਪਛਾਣ, ਮੇਰੀ ਸਮਝ ਵਿਚ ਨਾ ਆਈਆ। ਸ਼ਬਦ ਸੁਤ ਚਾਰੋਂ ਕੁੰਟ ਵੇਖ ਕੇ ਇਕ ਆਪਣੀ ਮਾਰੀ ਰਮਜ਼, ਰਹਿਮਤ ਸਚ ਕਮਾਈਆ। ਝਟ ਉਠਿਆ ਮੁੰਹਮਦ, ਆਪਣੀ ਲਈ ਅੰਗੜਾਈਆ। ਉਧਰੋਂ ਸ਼ਬਦ ਨੇ ਮਾਰੀ ਚਮਕ, ਕਲਮਾ ਨੂਰ ਰੁਸ਼ਨਾਈਆ। ਨਾਲ ਪੁਛਿਆ ਕੁਛ ਮਹਿਬੂਬ ਦੀ ਦੱਸ ਸਮਝ, ਕਿਸ ਅਰੂਜ ਅੰਦਰ ਬੈਠਾ ਆਸਣ ਲਾਈਆ। ਮੁਹੰਮਦ ਕਿਹਾ ਹਾਏ ਇਹ ਐਡਾ ਵੱਡਾ ਗ਼ਜ਼ਬ, ਓਹ ਸੱਚੇ ਪੀਰਾਂ ਦੇ ਪੀਰ ਦਾ ਮੈਂ ਕੀ ਸਕਾਂ ਸਮਝਾਈਆ। ਮੈਂ ਇਕੋ ਜਾਣਦਾ ਬਰਦਾ ਹੋ ਕੇ ਸਜਦਿਆਂ ਵਿਚ ਕਰਾਂ ਅਦਬ, ਸੀਸ ਨਿਵਾ ਨਿਵਾ ਖ਼ੁਸ਼ੀ ਮਨਾਈਆ। ਸ਼ਬਦ ਸੁਤ ਕਿਹਾ ਵੇਖੋ ਅਵਤਾਰਾਂ ਪੈਗ਼ੰਬਰਾਂ ਦਾ ਕਿੱਡਾ ਵੱਡਾ ਵਫ਼ਦ, ਭੇਵ ਸਕੇ ਨਾ ਕੋਇ ਖੁਲ੍ਹਾਈਆ। ਮੇਰਾ ਉਨ੍ਹਾਂ ਦੇ ਕੋਲ ਸ਼ਬਦ ਸੁਤ ਨੇ ਅਗੇ ਪੁੱਟਿਆ ਕ਼ਦਮ, ਆਪਣਾ ਚਰਨ ਟਿਕਾਈਆ । ਜਾਂ ਵੇਖਿਆ ਤਕਿਆ ਨਾਨਕ ਨਿਰਗੁਣ ਪ੍ਰਭ ਦੀ ਲੱਗਾ ਸਰਨ, ਚਰਨ ਕਵਲ ਸੀਸ ਟਿਕਾਈਆ। ਸ਼ਬਦ ਕਿਹਾ ਤੇਰਾ ਕਵਣ ਵਰਨ, ਮੈਨੂੰ ਦੇ ਜਣਾਈਆ। ਨਾਨਕ ਨਿਰਗੁਣ ਕਿਹਾ ਤੂੰ ਨਹੀਂ ਜਾਣਦਾ ਤੇਰਾ ਮੇਰਾ ਦਾਤਾ ਕਰਨੀ ਕਰਨ, ਦੋਹਾਂ ਦੀ ਜਿਸ ਨੇ ਬਣਤ ਬਣਾਈਆ। ਸ਼ਬਦ ਨੇ ਕਿਹਾ ਕੋਈ ਦੱਸ ਨਿਸ਼ਾਨੀ ਓਸ ਦੀ ਸਗਣ, ਪੜਦਾ ਦੇ ਉਠਾਈਆ। ਨਾਨਕ ਕਿਹਾ ਆਦਿ ਜੁਗਾਦਿ ਆਪਣੇ ਸਤਿ ਸਰੂਪ ਵਿਚ ਮਗਨ, ਸਚਖੰਡ ਨਿਵਾਸੀ ਸਚ ਸਿੰਘਾਸਣ ਬੈਠਾ ਸੋਭਾ ਪਾਈਆ। ਨਿਤ ਨਵਿਤ ਦੋ ਜਹਾਨਾਂ ਕਰੇ ਅਦਲ, ਅਦਾਲਤ ਇਕੋ ਇਕ ਸਮਝਾਈਆ। ਜੋਤੀ ਧਾਰੋਂ ਕਦੇ ਨਾ ਜਾਵੇ ਬਦਲ, ਤੱਤਾਂ ਵਾਲੇ ਗੁਰੂ ਅਵਤਾਰ ਪੈਗ਼ੰਬਰ ਕੋਟਾਂ ਮਾਤ ਦੇਵੇ ਬਦਲਾਈਆ। ਓਸ ਦਾ ਨਾ ਵਜੂਦ ਨਾ ਬਦਨ, ਤਤਵ ਤੱਤ ਨਾ ਕੋਇ ਰਖਾਈਆ। ਜੋਤੀ ਧਾਰ ਸ਼ਬਦੀ ਰੰਗਣ, ਸ਼ਬਦੀ ਧਾਰ ਨਾਨਕ ਨਜ਼ਰੀ ਆਈਆ। ਸ਼ਬਦ ਕਿਹਾ ਇਹ ਕੀ ਦੱਸਿਆ, ਮੈਨੂੰ ਦੇ ਦ੍ਰਿੜਾਈਆ। ਨਾਨਕ ਕਿਹਾ ਸ਼ਬਦ ਤੂੰ ਮੇਰੇ ਵਿਚ ਵਸਿਆ, ਤੇਰਾ ਮੇਰਾ ਇਕੋ ਬੇਪਰਵਾਹੀਆ। ਜਿਸ ਦਾ ਲੇਖਾ ਲੇਖੇ ਵਿਚ ਕਿਸੇ ਨਾ ਲਿਖਿਆ, ਅਗੰਮ ਅਥਾਹ ਵੱਡੀ ਵਡਿਆਈਆ। ਜਿਸ ਨੇ ਤੈਨੂੰ ਅਜੇ ਤਕ ਭੇਤ ਨਹੀਂ ਦੱਸਿਆ, ਦੱਸ ਤੇਰੇ ਪਰਗਟਾਏ ਅਸੀਂ ਕੀ ਤੈਨੂੰ ਦਈਏ ਜਣਾਈਆ। ਓਸ ਵੇਲੇ ਸ਼ਬਦ ਖ਼ੁਸ਼ੀਆਂ ਨਾਲ ਹੱਸਿਆ, ਤਾੜੀ ਦਿਤੀ ਲਗਾਈਆ। ਨਾਨਕ ਕਿਹਾ ਮੇਰੀ ਧਾਰ ਤੇਰੀ ਧਾਰ ਰਹਿਣ ਇਕੱਠਿਆ, ਕੁਛ ਪਰਦਾ ਦਿਆਂ ਉਠਾਈਆ। ਜਿਸ ਵੇਲੇ ਗੋਬਿੰਦ ਪੁਰਖ ਅਕਾਲ ਬਣਾਇਆ ਬੱਚਿਆ, ਰੰਗ ਆਪਣਾ ਦਏ ਰੰਗਾਈਆ। ਸ਼ਬਦ ਕਿਹਾ ਮੈਨੂੰ ਆਇਆ ਦਲਾਸਾ, ਥਿਰ ਘਰ ਵਜੀ ਵਧਾਈਆ। ਇਹ ਵੇਖਣਾ ਜ਼ਰੂਰ ਤਮਾਸ਼ਾ, ਲੋਕਮਾਤ ਖ਼ੁਸ਼ੀ ਮਨਾਈਆ। ਨਿਰਗੁਣ ਧਾਰ ਨਾਨਕ ਕਿਹਾ ਇਹ ਨਿੱਕੀ ਜਿਹੀ ਆਸਾ, ਵੱਡੀ ਕਹਾਣੀ ਨਾ ਕੋਇ ਜਣਾਈਆ। ਇਸ ਤੋਂ ਪਰੇ ਅਪਰੰਪਰ ਜਿਸ ਦੇ ਉਤੇ ਸਰਬ ਭਰਵਾਸਾ, ਦੇਵੇ ਮਾਣ ਵਡਿਆਈਆ। ਓਸ ਦੇ ਅੰਦਰ ਇਕ ਹੋਰ ਖ਼ਾਹਸ਼ਾ, ਸਾਚੀ ਦਿਆਂ ਜਣਾਈਆ। ਓਸ ਜਨ ਭਗਤਾਂ ਦੇਣਾ ਸਾਥਾ, ਸਗਲਾ ਸੰਗ ਨਿਭਾਈਆ। ਨਿਰਗੁਣ ਹੋ ਕੇ ਅੰਦਰ ਕਰਨਾ ਵਾਸਾ, ਸਰਗੁਣ ਭੇਵ ਚੁਕਾਈਆ । ਗੋਬਿੰਦ ਧਾਰ ਸ਼ਬਦੀ ਪਿਆਰ ਓਸੇ ਦਾ ਸਾਥਾ, ਸਾਥੀ ਇਕ ਅਖਵਾਈਆ। ਸ਼ਬਦ ਕਿਹਾ ਮੈਨੂੰ ਆਈ ਧੀਰਜ, ਮੇਰੀ ਧਾਰ ਨੇ ਧਾਰ ਦਿਤੀ ਬਣਾਈਆ। ਮੇਰਾ ਰੂਪ ਗੋਬਿੰਦ ਸੁਤ ਪ੍ਰਭ ਦਾ ਹੋਣਾ ਬੀਰਜ, ਪੁਰਖ ਅਕਾਲ ਓਸੇ ਦੀ ਮਾਈਆ। ਇਹ ਖੇਲ ਅਗੰਮੀ
ਸਦਾ ਅਖ਼ੀਰਤ, ਆਖ਼ਰ ਦਿਆਂ ਜਣਾਈਆ। ਸ਼ਬਦ ਸੁਤ ਇਹ ਸਭ ਕੁਛ ਸੁਣਿਆ, ਆਪਣੇ ਅੰਦਰ ਖ਼ੁਸ਼ੀ ਮਨਾਈਆ। ਪ੍ਰਭ ਗਹਿਰ ਗੰਭੀਰ ਵਡ ਗੁਣ ਗੁਣਿਆ, ਅਗੰਮ ਅਥਾਹ ਅਖਵਾਈਆ । ਜਿਸ ਗੋਬਿੰਦ ਸ਼ਬਦ ਦੁਲਾਰਾ ਸੁਤ ਚੁਣਿਆ, ਮੇਰਾ ਰੂਪ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਸੁਤ ਦੀ ਸੁਣ ਕੇ ਗਾਥਾ, ਆਦਿ ਸ਼ਕਤ ਭਵਾਨੀ ਗਈ ਆਈਆ । ਓਸ ਕਿਹਾ ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਦੱਸ ਨਾ ਸਕੇ ਖ਼ਲਾਸਾ, ਭੇਵ ਅਭੇਦ ਜਣਾਈਆ । ਮੈਨੂੰ ਹੁਕਮ ਮਿਲਿਆ ਤੂੰ ਵੇਖ ਜਾ ਤਮਾਸ਼ਾ, ਸੋਹਣਾ ਰੰਗ ਵਟਾਈਆ। ਹੁਣ ਕਰਨ ਆਈ ਹਾਸਾ, ਖ਼ੁਸ਼ੀਆਂ ਵਿਚ ਵਧਾਈਆ। ਸ਼ਬਦ ਆ ਤੈਨੂੰ ਦੱਸਾਂ ਜਿਥੇ ਤੇਰਾ ਵਾਸਾ, ਵਾਸਤਾ ਜਿਸਦੇ ਨਾਲ ਰਖਾਈਆ। ਸ਼ਬਦ ਸੁਤ ਕਿਹਾ ਮੈਨੂੰ ਇਕ ਹੋਰ ਆਈ ਵਿਚਾਰ, ਪੂਰਬ ਵੇਖ ਵਖਾਈਆ। ਮੇਰੇ ਰੂਪ ਨਾਨਕ ਨਿਰਗੁਣ ਨੇ ਗਾਇਆ ਵਿਚ ਸੰਸਾਰ, ਢੋਲੇ ਗਿਆ ਸੁਣਾਈਆ। ਓਸ ਨੇ ਮੇਰੀ ਧਾਰ ਸ਼ਬਦ ਨਾਲ ਕਿਹਾ ਉਹ ਆਪੇ ਪੁਰਖ ਆਪੇ ਨਾਰ, ਨਾਰ ਪੁਰਖ ਦਾ ਵਿਹਾਰ ਦੋਹਾਂ ਹੱਥਾਂ ਵਾਲਾ ਰਿਹਾ ਵਖਾਈਆ। ਇਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਸੱਚੀ ਸਰਕਾਰ, ਇਹ ਖ਼ਾਦਮਾਂ ਦਾ ਖ਼ਾਦਮ ਸੇਵਕਾਂ ਦਾ ਸੇਵਾਦਾਰਾ ਨਾਰੀ ਰੂਪ ਵਟਾਈਆ। ਦੋਹਾਂ ਦਾ ਇਕੋ ਜਿਹਾ ਵਿਹਾਰ, ਕੋਈ ਸਮਝ ਸਕੇ ਨਾ ਰਾਈਆ। ਇਹ ਜੋਬਨਵੰਤਾ ਸਰਦਾਰ, ਜਿਸ ਨੇ ਅਗੰਮੀ ਖੇਲ ਰਚਾਈਆ। ਇਹ ਆਦਿ ਪੁਰਖ ਦਾ ਵਿਹਾਰ, ਆਪਣਾ ਸਗਣ ਆਪ ਮਨਾਈਆ। ਇਹ ਜੋਤ ਅਕਾਲਣ ਨਾਰ ਮੁਟਿਆਰ, ਹੱਥ ਸ਼ਕੰਗਣ ਰਹੀ ਵਖਾਈਆ। ਇਹਨਾਂ ਦੋਹਾਂ ਦਾ ਸਰੂਪ ਇਕ ਇਕ ਦੇ ਵਿਚੋਂ ਨਿਕਲ ਸ਼ਬਦ ਦੀ ਧਾਰ, ਬੇਪਰਵਾਹ ਆਪਣੀ ਦਇਆ ਕਮਾਈਆ । ਓਸ ਧਾਰ ਦਾ ਰੂਪ ਸਰਬ ਸੰਸਾਰ, ਆਦਿ ਜੁਗਾਦਿ ਨਜ਼ਰੀ ਆਈਆ। ਜੋਧਾ ਸੂਰਬੀਰ ਬਲਕਾਰ, ਬਲਧਾਰੀ ਇਕ ਅਖਵਾਈਆ। ਜਿਸ ਦੇ ਹੱਥ ਨਾ ਖੰਡਾ ਨਾ ਕਟਾਰ, ਸ਼ਸਤਰ ਤੀਰ ਕਮਾਨ, ਬਾਣ ਨਾ ਕੋਇ ਚਲਾਈਆ। ਓਸ ਦਾ ਹੁਕਮ ਆਦਿ ਜੁਗਾਦਿ ਸੱਚਾ ਫ਼ਰਮਾਣ, ਦੋ ਜਹਾਨ ਨਾ ਕੋਈ ਮੇਟੇ ਮੇਟ ਮਿਟਾਈਆ । ਸੋ ਸਾਹਿਬ ਸਵਾਮੀ ਅੰਤਰਜਾਮੀ ਕਰੇ ਖੇਲ ਮਹਾਨ, ਮਹਾਵਾਕ ਮੁਖਵਾਕ ਵਾਲਾ ਗਾ ਨਾ ਸਕੇ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਦਵਾਰੇ ਬੈਠੇ ਸਾਰੇ ਹੋ ਗਏ ਹੈਰਾਨ, ਨੇਤਰ ਅੱਖ ਨਾ ਕੋਇ ਉਠਾਈਆ। ਸ਼ਬਦ ਨੇ ਕਿਹਾ ਮੇਰਾ ਸ਼ਬਦ ਰੂਪ ਗੋਬਿੰਦ ਨੌਜਵਾਨ, ਬਿਰਧ ਬਾਲ ਨਜ਼ਰ ਕੋਇ ਨਾ ਆਈਆ। ਜਿਸ ਦੀ ਸੇਵਾ ਲਗੀ ਮਹਾਨ, ਪ੍ਰੀਤਮ ਪ੍ਰੀਤੀ ਇਕ ਜਣਾਈਆ। ਉਹਨਾਂ ਭਗਤਾਂ ਦੀ ਕਰ ਪਹਿਚਾਣ, ਜਿਹੜੇ ਜੁਗ ਚੌਕੜੀ ਦੇ ਬੈਠੇ ਰਾਹ ਤਕਾਈਆ। ਦਰਗਾਹ ਸਾਚੀ ਦੇ ਬਣਾ ਮਹਿਮਾਨ, ਸਚਖੰਡ ਦਵਾਰੇ ਦੇਣੇ ਸੁਹਾਈਆ। ਜਿਥੇ ਕੋਈ ਨਾ ਜਗਾਵੇ ਆਣ, ਸੁੱਤਿਆਂ ਆਵਾਜ਼ ਨਾ ਕੋਇ ਲਗਾਈਆ। ਉਹਨਾਂ ਦਾ ਮੇਲਾ ਸ਼ਬਦ ਕਰ ਦੇ ਨਾਲ ਭਗਵਾਨ, ਭਾਗ ਉਹਨਾਂ ਦਾ ਉਹਨਾਂ ਦੀ ਝੋਲੀ ਪਾਈਆ। ਵੇਲਾ ਸੋਹਣਾ ਖ਼ੁਸ਼ੀਆਂ ਨਾਲ ਦੇ ਦੇ ਦਾਨ, ਦਾਤਾ ਦਾਨੀ ਹੋਏ ਸਹਾਈਆ। ਓਧਰੋਂ ਇਕ ਹੋਰ ਆ ਗਿਆ ਫ਼ਰਮਾਣ, ਧੁਰ ਦਾ ਹੁਕਮ ਸਮਝਾਈਆ। ਸੁਣੋ ਜਿਸ ਵੇਲੇ ਇਕ ਸਾਲ ਦਾ ਸੀ ਗੋਬਿੰਦ ਬਾਲ ਅੰਞਾਣ, ਗੁਜਰੀ ਗੋਦ ਸੁਹਾਈਆ। ਓਸ ਵੇਲੇ ਲਤੋਂ ਲੰਙੀ ਇਕ ਵਣਜਾਰਨ ਆਈ ਚੂੜੀਆਂ ਚੜ੍ਹਾਣ, ਖ਼ੁਸ਼ੀਆਂ ਨਾਲ ਉਂਗਲੀ ਉਤੇ ਭੁਆਈਆ। ਚਾਉ ਘਨੇਰਾ ਮੈਂ ਦਰਸ ਕਰਾਂ ਓਸ ਜਿਸ ਦਾ ਮੇਰੇ ਅੰਦਰ ਧਿਆਨ, ਮੇਰੀ ਸੁਰਤੀ ਖਿਚ ਵਖਾਈਆ। ਮੈਂ ਦੱਸ ਕੇ ਆਈ ਮੇਰੇ ਕਾਹਨ ਤੋਂ ਚੰਗਾ ਕਾਹਨ, ਜਿਸ
ਦਾ ਨਾਮ ਗੋਬਿੰਦ ਰਹੇ ਗਾਈਆ। ਜਿਸ ਵੇਲੇ ਘਰ ਆਈ ਓਹਨ ਖ਼ੁਸ਼ੀ ਨਾਲ ਗਾਇਆ ਰਾਗ ਤਰਾਨ, ਨਚ ਟਪ ਕੇ ਰੌਲਾ ਦਿਤਾ ਪਾਈਆ। ਓਧਰੋਂ ਗੋਬਿੰਦ ਦਾ ਮਾਮਾ ਆਇਆ ਕਿਰਪਾਲ, ਉਹ ਧੱਕੇ ਮਾਰ ਕੇ ਬਾਹਰ ਕਢਾਈਆ। ਕਿਥੋਂ ਆ ਗਈ ਸ਼ੈਤਾਨ, ਐਵੇਂ ਘੱਟਾ ਰਹੀ ਉਡਾਈਆ। ਉਸ ਨੇ ਕਿਹਾ ਮੇਰੇ ਅੰਦਰ ਸਧਰਾਂ ਦਾ ਇਕ ਮਾਣ, ਉਹ ਗੋਬਿੰਦ ਤੇਰੀ ਭੇਟ ਕਰਾਈਆ। ਗੋਬਿੰਦ ਬੱਚਾ ਜਾਣੀਜਾਣ, ਇਸ਼ਾਰੇ ਨਾਲ ਸਮਝਾਈਆ। ਚੁਪ ਕਰ ਜਿਸ ਵੇਲੇ ਮੈਂ ਤੇ ਮੇਰੇ ਨਾਲ ਆਵੇ ਭਗਵਾਨ, ਤੇਰਾ ਲੇਖਾ ਦਿਆਂ ਮੁਕਾਈਆ। ਨਾਲੇ ਚਾਰ ਜੁਗ ਦਾ ਕਰਾਂ ਕਲਿਆਣ, ਚੌਥੇ ਜੁਗ ਦਾ ਡੇਰਾ ਢਾਹੀਆ। ਨਾਲੇ ਭਗਤਾਂ ਕਰਾਂ ਪਰਵਾਨ, ਪੱਲੇ ਧੁਰ ਦਰਗਾਹੀ ਦਿਆਂ ਫੜਾਈਆ। ਅੰਮ੍ਰਿਤ ਆਤਮ ਪਿਆ ਕੇ ਜਾਮ, ਨਾਮ ਖ਼ੁਮਾਰੀ ਦਿਆਂ ਚੜ੍ਹਾਈਆ। ਸਚ ਪ੍ਰੇਮ ਪਿਆਰ ਨਾਲ ਉਹਨਾਂ ਮੇਲ ਕੇ ਕਰਾਂ ਇਸ਼ਨਾਨ, ਏਕਾ ਇੱਕੀ ਸੇਵਾ ਲਾਈਆ। ਇਹ ਖੇਲ ਖ਼ਾਲਕ ਖ਼ਲਕ ਕਰੇ ਵਿਚ ਜਹਾਨ, ਮਹਿਬੂਬ ਮੁਹੱਬਤ ਵਿਚ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਏਨੇਂ ਚਿਰ ਨੂੰ ਭੱਜੀ ਆਈ ਨੂਰ ਇਲਾਹੀ ਰੱਬੀ, ਕੂਕ ਕੂਕ ਦਏ ਦੁਹਾਈਆ। ਮੈਂ ਪੰਧ ਮੁਕਾਇਆ ਉਚੀ ਅੱਡੀ, ਨੱਠੀ ਵਾਹੋ ਦਾਹੀਆ। ਮੈਨੂੰ ਪਤਾ ਲਗ ਗਿਆ ਬੀਤਦੀ ਜਾਏ ਚੌਧਵੀਂ ਸਦੀ, ਸੱਦੇ ਘਰ ਘਰ ਰਹੀ ਸੁਣਾਈਆ। ਜਿਸ ਨੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖੇ ਲਾ ਲਈ ਪਿਛਲੀ ਗੱਦੀ, ਗ੍ਰਹਿ ਆਪਣੇ ਲਿਆ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚੂੜੀ ਕਹੇ ਕਿਉਂ ਮੈਨੂੰ ਕਹਿੰਦੇ ਕੰਗਣ, ਸਚ ਸਚ ਦੇ ਦ੍ਰਿੜਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਸ਼ਬਦ ਸੁਤ ਲੱਗਾ ਸੀ ਮੰਗਣ, ਆਪਣੀ ਝੋਲੀ ਅਗੇ ਡਾਹੀਆ। ਓਸ ਵੇਲੇ ਮੈਂ ਭਗਤਾਂ ਸੰਤਾਂ ਵਾਸਤੇ ਇਹ ਦਿਤਾ ਸੀ ਸਗਣ, ਨਾਤਾ ਸਤਿਗੁਰ ਨਾਲ ਜੁੜਾਈਆ। ਚੌਥੇ ਪਦ ਵਾਸਤੇ ਸੱਦਣ, ਸਦਾ ਇਕੋ ਵਾਰ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਚੂੜੀ ਕਹੇ ਨੀ ਵੇਖੋ ਸਾਡੇ ਨਾਲੋਂ ਚੰਗਾ ਤਵੀਤ, ਭਗਤੋ ਜਿਹਨੂੰ ਮਿਲੀ ਵਡਿਆਈਆ। ਉਹ ਪ੍ਰਭੂ ਦੇ ਸੀਨੇ ਨਾਲ ਲਗ ਕੇ ਠੀਕ, ਸ਼ਾਂਤ ਗਿਆ ਕਰਾਈਆ। ਤਵੀਤ ਕਿਹਾ ਸਖੀਏ ਮੈਨੂੰ ਐਉਂ ਜਾਪੇ ਤੁਹਾਡੀ ਮੇਰੇ ਨਾਲੋਂ ਜ਼ਿਆਦਾ ਪ੍ਰੀਤ, ਜੋ ਹੱਥਾਂ ਉਤੇ ਚੜ੍ਹ ਕੇ ਪ੍ਰਭ ਦੇ ਚਰਨਾਂ ਨਾਲ ਲਗ ਕੇ ਮਿਲੀ ਵੱਡੀ ਵਡਿਆਈਆ। ਚੂੜੀ ਕਿਹਾ ਨੀ ਇਹ ਕੌਣ ਸਾਡਾ ਸ਼ਰੀਕ, ਜਿਹੜਾ ਤਾਹਨੇ ਰਿਹਾ ਸੁਣਾਈਆ। ਤਵੀਤ ਕਿਹਾ ਮੈਂ ਦੱਸਿਆ ਠੀਕ, ਬਿਨਾ ਸੇਵਾ ਕਿਸੇ ਨੂੰ ਫਲ ਹੱਥ ਕਿਛ ਨਾ ਆਈਆ । ਜਿਸ ਨੇ ਗੋਬਿੰਦ ਦੇ ਨਾਲ ਕਰਨੀ ਪ੍ਰੀਤ, ਉਹ ਬੈਠੇ ਧਾਮ ਅਤੀਤ, ਤ੍ਰੈਗੁਣ ਨਾਤਾ ਗਏ ਤੁੜਾਈਆ। ਮੈਂ ਸਚ ਦੱਸਾਂ ਜਿਥੇ ਗੁਰ ਅਵਤਾਰ ਪੈਗ਼ੰਬਰ ਹੋਏ ਵਸਨੀਕ, ਉਹ ਧਾਮ ਉਹਨਾਂ ਲਈ ਨਜ਼ਰੀ ਆਈਆ। ਇਕ ਹੋਰ ਦੱਸਾਂ ਹੁਣ ਭਗਤਾਂ ਦੀ ਪ੍ਰਭ ਨੂੰ ਸਭ ਦੇ ਨਾਲੋਂ ਚੰਗੀ ਉਡੀਕ, ਬਿਨ ਅੱਖਾਂ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਖੇਲੇ ਖੇਲ ਆਪ ਅਨਡੀਠ, ਅਨਡਿੱਠੜੀ ਕਾਰ ਕਮਾਈਆ।
੨ ਮਾਘ ੨੦੨੧ ਬਿਕ੍ਰਮੀ ਹਰਭਜਨ ਸਿੰਘ ਦੇ ਗ੍ਰਹਿ ਜੇਠੂਵਾਲ
ਚੂੜੀ ਕਹੇ ਮੈਂ ਭਾਗਾਂਵੰਤ, ਚੂੜਾ ਕੰਗਣ ਰੂਪ ਨਜ਼ਰੀ ਆਈਆ। ਕਿਰਪਾ ਕਰੀ ਆਪ ਭਗਵੰਤ, ਸ੍ਰੀ ਭਗਵਾਨ ਦਿਤੀ ਵਡਿਆਈਆ।
ਜਿਸ ਵੇਲੇ ਦੁਰਗਾ ਦੀ ਬਣਾਈ ਬਣਤ, ਅਸ਼ਟਭੁਜ ਰੂਪ ਦਿਤਾ ਵਖਾਈਆ। ਓਸ ਵੇਲੇ ਦੱਸਿਆ ਇਕ ਮੰਤ, ਸਿਖਿਆ ਸਚ ਸਮਝਾਈਆ। ਤੂੰ ਮੇਰਾ ਮੈਂ ਤੇਰਾ ਸੰਖ ਵਿਚੋਂ ਨਾਦ ਵਜੌਣਾ ਵੰਤ, ਧੁਰ ਦੀ ਆਵਾਜ਼ ਸੁਣਾਈਆ। ਜਿਸ ਨਾਲ ਉਠਣ ਸਾਰੇ ਸੰਤ, ਸੁਰਤੀ ਲਏ ਅੰਗੜਾਈਆ। ਓਸ ਨੇ ਕਿਹਾ ਕੀ ਇਸੇ ਨਾਲ ਅੰਤ, ਅੰਤਮ ਦੇ ਜਣਾਈਆ। ਅਬਿਨਾਸ਼ੀ ਕਰਤੇ ਕਿਹਾ ਨਹੀਂ ਇਹ ਖੇਲ ਅਗੰਮੀ ਕੰਤ, ਜੋ ਮਾਲਕ ਕੁੱਲ ਅਖਵਾਈਆ। ਜਿਸ ਨੂੰ ਸਾਰੇ ਕਰਨ ਡੰਡਾਵਤ, ਨਿਉਂ ਨਿਉਂ ਸੀਸ ਝੁਕਾਈਆ। ਦੁਰਗਾ ਕਿਹਾ ਮੈਂ ਵੀ ਓਸੇ ਦੀ ਕਰਾਂ ਮਨਾਵਤ, ਮਨਸਾ ਓਸੇ ਨਾਲ ਰਖਾਈਆ । ਪੁਰਖ ਅਕਾਲ ਕਿਹਾ ਮੇਰੀ ਆਦਿ ਜੁਗਾਦੀ ਰੌਂਸ, ਰਸਤਾ ਦਿਆਂ ਵਖਾਈਆ। ਬਿਨ ਮੇਰੀ ਕਿਰਪਾ ਵੱਜੇ ਨਾ ਕਿਸੇ ਦੀ ਧੌਂਸ, ਲੋਕਮਾਤ ਨਾ ਕੋਇ ਵਡਿਆਈਆ। ਮੇਰੀ ਮਿਹਰ ਦੇ ਤੋਲ ਵਿਚ ਨਾ ਆਏ ਰਤੀ ਤੋਲੇ ਮਾਸੇ ਔਂਸ, ਸੇਰਾਂ ਧੜੀਆਂ ਨਾਲ ਨਾ ਕੋਇ ਮਿਣਾਈਆ। ਜਿਸ ਦੇ ਸਿਰ ਉਤੇ ਹੱਥ ਰੱਖਾਂ ਓਸੇ ਦੇ ਵਿਚ ਹੋਵੇ ਪਹੁੰਚ, ਪਹੁੰਚਾਣ ਵਾਲਾ ਸਿਰ ਹੇਠਾਂ ਦਿਆਂ ਬਣਾਈਆ। ਹੁਕਮ ਸੁਣਾ ਕੇ ਕੋਟਨ ਕੋਟ, ਕੋਟੀ ਕੋਟ ਲੇਖ ਚੁਕਾਈਆ। ਹੁਕਮ ਜਣਾ ਕੇ ਚੋਟ, ਨਗਾਰੇ ਦਿਆਂ ਵਜਾਈਆ। ਹੁਕਮੇ ਅੰਦਰ ਤੇਰੇ ਅੰਦਰ ਰਖ ਕੇ ਜੋਤ, ਸੋਹਣੀ ਸਵਾਣੀ ਦਿਤਾ ਬਣਾਈਆ । ਫੇਰ ਵੇਖੀਂ ਮੇਰੇ ਬਿਨਾ ਹੋਰ ਲੱਭਣੀ ਨਹੀਂ ਕਿਤੇ ਮੌਜ, ਮਜਲਸ ਹੋਰ ਨਾ ਕੋਇ ਬਣਾਈਆ। ਫਿਰ ਨਾਲ ਖੇਲ ਕਰਨਾ ਸ੍ਰਿਸ਼ਟੀ ਮੌਜ, ਮੌਜਦਾਰ ਹੁਕਮ ਸੁਣਾਈਆ। ਓਸ ਕਿਹਾ ਕੁਛ ਮੈਨੂੰ ਆਈ ਹੋਸ਼, ਮੈਂ ਆਪਣੀ ਅੱਖ ਖੁਲ੍ਹਾਈਆ। ਮੇਰੇ ਤੱਕਣ ਲਗੇ ਲੋਚ, ਨੈਣ ਚਾਈਂ ਚਾਈਂਆ । ਤੇਰਾ ਕਦੇ ਨਾ ਹੋਏ ਵਿਜੋਗ, ਪੁਰਖ ਅਕਾਲ ਤੇਰੀ ਸਰਨਾਈਆ। ਮੈਨੂੰ ਬਖ਼ਸ਼ ਆਪਣਾ ਧੁਰ ਸੰਜੋਗ, ਧੁਰ ਸੰਜੋਗੀ ਵਿਛੜ ਕਦੇ ਨਾ ਜਾਈਆ। ਸ੍ਰੀ ਭਗਵਾਨ ਕਿਹਾ ਤੂੰ ਜਾਣਾ ਮਾਤਲੋਕ, ਤਤ ਰੂਪ ਵਟਾਈਆ। ਤੂੰ ਗੌਣਾ ਸੋਹੰ ਸਲੋਕ, ਤੇਰਾ ਮੇਰਾ ਰਾਗ ਅਲਾਈਆ। ਤੈਨੂੰ ਕੋਈ ਨਾ ਸਕੇ ਰੋਕ, ਅਗੇ ਪਿਛੇ ਨਾ ਕੋਇ ਅਟਕਾਈਆ। ਓਸ ਕਿਹਾ ਪ੍ਰਭੂ ਮੈਨੂੰ ਖ਼ੁਸ਼ੀ ਨਾਲ ਔਂਦਾ ਜੋਸ਼, ਮਸੱਰਤ ਵਿਚ ਅੰਗੜਾਈਆ। ਮੇਰਾ ਕਾਇਆ ਮਾਟੀ ਹੋਵੇ ਪੋਸ਼, ਜਗਤ ਸਵਾਣੀ ਰੂਪ ਧਰਾਈਆ। ਮੈਂ ਰਹਿਣਾ ਨਹੀਂ ਖ਼ਾਮੋਸ਼, ਆਪਣਾ ਬਲ ਵਡਿਆਈਆ। ਮੈਨੂੰ ਕੁਛ ਹੋਰ ਦੱਸ ਅਗਲੀ ਸੋਚ, ਭੇਵ ਅਭੇਦਾ ਦੇ ਖੁਲ੍ਹਾਈਆ। ਪੁਰਖ ਅਕਾਲ ਕਿਹਾ ਇਕ ਮੇਰੀ ਰੱਖੀਂ ਓਟ, ਦੂਜਾ ਰੂਪ ਨਾ ਕੋਇ ਦਿਸਾਈਆ। ਦੁਰਗਾ ਕਿਹਾ ਮੇਰਾ ਪਰਦਾ ਦੇ ਖੋਲ੍ਹ, ਆਪ ਆਪਣੇ ਰੰਗ ਰੰਗਾਈਆ। ਸਚ ਦੱਸ ਪ੍ਰਭੂ ਕੀ ਆਵੇਂ ਮੇਰੇ ਕੋਲ, ਆਪਣਾ ਫੇਰਾ ਪਾਈਆ। ਸਾਹਿਬ ਕਿਹਾ ਜਿਸ ਵੇਲੇ ਮਰਦੰਗਾ ਵਜਾਵੇਂ ਢੋਲ, ਸੰਖ ਨਾਦ ਸੁਣਾਈਆ। ਓਸ ਵੇਲੇ ਅਗੰਮੀ ਧਾਰੋਂ ਪਵਾਂ ਬੋਲ, ਧੁਰ ਦਾ ਹੁਕਮ ਜਣਾਈਆ। ਤੂੰ ਆਪਣੇ ਨੇਤਰ ਲੈਣੇ ਖੋਲ੍ਹ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਅਸ਼ਟਭੁਜ ਕਿਹਾ ਪ੍ਰਭ ਤੇਰੀ ਮਿਹਰਬਾਨੀ, ਸ੍ਰੀ ਭਗਵਾਨ ਤੇਰੀ ਸਰਨਾਈਆ। ਕੋਈ ਆਪਣੀ ਦੇ ਨਿਸ਼ਾਨੀ, ਤੇਰੇ ਅਗੇ ਝੋਲੀ ਡਾਹੀਆ। ਮੈਂ ਤੇਰਾ ਨੂਰ ਨੁਰਾਨੀ, ਜਲਵੇ ਵਿਚ ਸਮਾਈਆ। ਚਰਨ ਸਰਨ ਇਕ ਧਿਆਨੀ, ਕਵਲ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਦੀਨ ਦਿਆਲ ਪਕੜ ਕੇ ਖੱਬੀ ਬਾਂਹ, ਹੌਲੀ ਜਿਹੀ ਹਲੂਣਾ ਦਿਤਾ ਲਗਾਈਆ। ਉਠ ਨਿਮਾਣੀ ਕਰ ਧਿਆਂ, ਸਵਾਣੀ ਦਿਆਂ ਬਣਾਈਆ । ਇਕ ਲੈ ਮੇਰਾ ਨਿਸ਼ਾਂ, ਤੇਰੇ ਹੱਥ ਦਿਆਂ ਫੜਾਈਆ। ਤੇਰੀ ਸੋਹੇ ਨਾਲ ਬਾਂਹ, ਬਾਜ਼ੂ ਮਿਲੇ ਵਡਿਆਈਆ। ਚਾਰ ਜੁਗ ਰਹੇ ਨਾਂ, ਸਤਿਜੁਗ
ਤ੍ਰੇਤਾ ਦੁਆਪਰ ਕਲਜੁਗ ਆਪਣਾ ਰੰਗ ਰੰਗਾਈਆ। ਜਿਸ ਵੇਲੇ ਧੂੜ ਉਡੇ ਜ਼ਿਮੀਂ ਅਸਮਾਂ, ਗਰਦੋ ਗੁਬਾਰ ਦਿਸੇ ਲੋਕਾਈਆ। ਨਾਤਾ ਤੁਟ ਜਾਏ ਪੁਤਰਾਂ ਮਾਂ, ਪਿਤਾ ਪੂਤ ਮੇਲ ਨਾ ਕੋਇ ਮਿਲਾਈਆ । ਨਾਰੀ ਕੰਤ ਦਏ ਤਜਾ, ਵੇਸਵਾ ਰੂਪ ਵਖਾਈਆ। ਸਾਧ ਸੰਤ ਭਗਵੰਤ ਨਾਲ ਮਿਲੇ ਕੋਈ ਨਾ, ਆ ਬੈਠਣ ਮੁਖ ਭਵਾਈਆ। ਧਰਨੀ ਧਰਤ ਰੋਵੇ ਮਾਰੇ ਧਾ, ਨੇਤਰ ਨੈਣਾਂ ਨੀਰ ਵਹਾਈਆ। ਸੂਰਜ ਚੰਦ ਨੈਣ ਕੁਰਲਾ, ਮੰਡਲ ਮੰਡਪ ਹਾਹਾਕਾਰ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਲੂ ਜਾਣ ਛੁਡਾ, ਲੋਕਮਾਤ ਨਾ ਕੋਇ ਸਹਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਕਾਮ ਕਰੋਧ ਲੋਭ ਮੋਹ ਹੰਕਾਰ ਹੋਵੇ ਹਲਕਾ, ਆਸਾ ਤ੍ਰਿਸ਼ਨਾ ਭੱਜੇ ਵਾਹੋ ਦਾਹੀਆ। ਤੀਰਥ ਤੱਟਾਂ ਇਸਤਰੀ ਪੁਰਸ਼ ਨੰਗੇ ਲੈਣ ਨਹਾ, ਪਰਦਾ ਉਤੇ ਨਾ ਕੋਇ ਰਖਾਈਆ। ਮਨ ਵਾਸਨਾ ਸ੍ਰਿਸ਼ਟੀ ਬੁੱਧੀ ਹੋਵੇ ਕਾਂ, ਗੁਰਮਤ ਬੈਠੇ ਮੁਖ ਛੁਪਾਈਆ। ਭਾਈ ਭੈਣਾਂ ਲੈਣ ਤਕਾ, ਨੇਤਰ ਅੱਖ ਨਾ ਕੋਇ ਸ਼ਰਮਾਈਆ। ਚਾਰੋਂ ਕੁੰਟ ਅੰਧੇਰਾ ਜਾਏ ਛਾ, ਸਾਚਾ ਚੰਦ ਨਾ ਕੋਇ ਚਮਕਾਈਆ। ਹਰਿ ਹਿਰਦੇ ਨਾ ਲਏ ਕੋਈ ਵਸਾ, ਗੁਰ ਮੰਤਰ ਨਾ ਕੋਇ ਪੜ੍ਹਾਈਆ। ਭਰਮੇ ਭੁਲੇ ਸਰਬ ਲੁਕਾ, ਲੁਕਿਆ ਭੇਤ ਨਾ ਕੋਇ ਖੁਲ੍ਹਾਈਆ। ਸ਼ਰੀਅਤ ਵਿਚੋਂ ਨਜ਼ਰ ਨਾ ਆਏ ਖ਼ੁਦਾ, ਤੌਫ਼ੀਕ਼ ਜਾਣੇ ਨਾ ਕੋਇ ਬੇਪਰਵਾਹੀਆ। ਵਾਹਿਦ ਜਲਵਾ ਵੇਖੇ ਨਾ ਕੋਇ ਰੁਸ਼ਨਾ, ਪਰਵਰਦਿਗਾਰ ਸਜਦਾ ਨਾ ਕੋਇ ਕਰਾਈਆ। ਸਾਚਾ ਰਾਮ ਲਏ ਨਾ ਕੋਈ ਮਨਾ, ਰਾਮ ਰੂਪ ਨਾ ਕੋਇ ਸਮਾਈਆ । ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨਾਂ ਮਿਲੇ ਨਾ ਕੋਈ ਥਾਂ, ਭੂਮਿਕਾ ਸਤਿ ਨਾ ਕੋਇ ਵਡਿਆਈਆ। ਦਿਵਸ ਰੈਣ ਘੜੀ ਪਲ ਵੈਰਾਗੀ ਹੋ ਕੇ ਮਾਰਨ ਧਾ, ਬਹੁੜੀ ਬਹੁੜੀ ਕਰ ਸੁਣਾਈਆ। ਜਗਤ ਅਦਾਲਤ ਸਚ ਦਿਸੇ ਨਾ ਕੋਈ ਗਵਾਹ, ਸ਼ਹਾਦਤ ਹਕ ਨਾ ਕੋਇ ਭੁਗਤਾਈਆ। ਰਾਜ ਰਾਜਾਨ ਕੂੜੀ ਕਿਰਿਆ ਮੁਖ ਲਗਾਵਣ ਛਾਹ, ਦੁਰਮਤ ਮੈਲ ਨਾ ਕੋਇ ਧਵਾਈਆ। ਧੀਆਂ ਮਾਵਾਂ ਦਾ ਧਨ ਲੈਣ ਚੁਰਾ, ਚੋਰੀ ਯਾਰੀ ਘਰ ਘਰ ਨਜ਼ਰੀ ਆਈਆ। ਅਸ਼ਟਭੁਜ ਤੈਨੂੰ ਦਿਆਂ ਸੁਣਾ, ਸਹਿਜ ਨਾਲ ਸਮਝਾਈਆ। ਤੂੰ ਕਿਸੇ ਦੀ ਨਹੀਂ ਰਹਿਣਾ ਮਾਂ, ਮਈਆ ਆਖਣ ਵਾਲੇ ਸਾਰੇ ਮੁਖ ਭਵਾਈਆ। ਫੇਰ ਓਸੇ ਵੇਲੇ ਇਕ ਰੁਸ਼ਨਾਈ ਤੈਨੂੰ ਦੇਵਾਂ ਵਖਾ, ਚੂੜਾ ਤੇਰੇ ਹੱਥਾਂ ਨਾਲ ਪਹਿਨਾਈਆ। ਚਾਰ ਜੁਗ ਦੇ ਵੇਲੇ ਅੰਤ ਤੇਰਾ ਲਹਿਣਾ ਦਿਆਂ ਮੁਕਾ, ਗਹਿਣਾ ਆਪਣੇ ਤਨ ਪਹਿਨਾਈਆ। ਓਸ ਕਿਹਾ ਪ੍ਰਭੂ ਨਾ, ਇਹ ਮੌਜ ਵੱਡੀ ਬੇਪਰਵਾਹੀਆ। ਸ੍ਰੀ ਭਗਵਾਨ ਕਿਹਾ ਹਾਂ, ਤੈਨੂੰ ਭਗਤਾਂ ਨਾਲ ਲਵਾਂ ਮਲਾ, ਦਰ ਆਪਣੇ ਲਵਾਂ ਬਹਾਈਆ। ਤੇਰੇ ਮੰਗਣ ਵਾਸਤੇ ਜਨ ਭਗਤਾਂ ਵਾਲਾ ਸਗਣ ਝੋਲੀ ਦੇਵਾਂ ਪਾ, ਜਿਹੜਾ ਤੇਰੇ ਮਸਤਕ ਟਿੱਕਾ ਇਹੋ ਭਗਤਾਂ ਮਸਤਕ ਲਾਈਆ। ਤੂੰ ਇਕ ਇਕੱਲੀ ਤੂੰ ਵੇਖੀਂ ਮੈਂ ਕਿਤਨੇ ਲੈਣੇ ਪਰਨਾ, ਜੋ ਦਰ ਤੇ ਆ ਕੇ ਸਦਾ ਖ਼ੁਸ਼ੀ ਮਨਾਈਆ। ਉਨ੍ਹਾਂ ਖੰਡਾ ਖੜਗ ਸੰਖ ਚਕਰ ਗਦਾ ਕੁਛ ਨਹੀਂ ਲੈਣਾ ਉਠਾ, ਚਾਰ ਕੁੰਟ ਨਾ ਭੱਜਣ ਵਾਹੋ ਦਾਹੀਆ। ਇਕੋ ਓਟ ਲੈਣੀ ਤਕਾ, ਪ੍ਰਭ ਮਿਲੇ ਸਰਨ ਸਰਨਾਈਆ। ਅਸ਼ਟਭੁਜ ਕਿਹਾ ਪ੍ਰਭੂ ਤੂੰ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ । ਤੇਰੇ ਹੁਕਮ ਅੰਦਰ ਕੋਈ ਨਾ ਕਰੇ ਨਾ, ਅਗੇ ਅੜ ਸਿਰ ਨਾ ਕੋਇ ਉਠਾਈਆ। ਜੇ ਤੇਰੇ ਭਗਤਾਂ ਮਿਲੇ ਮੈਨੂੰ ਥਾਂ, ਓਥੇ ਆ ਕੇ ਖ਼ੁਸ਼ੀ ਮਨਾਈਆ । ਫੇਰ ਮੈਂ ਵੇਖਾਂ ਪ੍ਰਭੂ ਆਪਣੇ ਨਾਲੋਂ ਚੰਗੀ ਤੇਰੀ ਚੂੜੀ ਵਾਲੀ ਬਾਂਹ, ਚੌਕੜੀ ਜੁਗ ਜਾਏ ਵਿਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਹਾ ਇਹ ਖੇਲ ਮੇਰਾ ਦੂਸਰ ਜਾਣੇ ਕੋਈ ਨਾ, ਅਨਜਾਣਤ ਚਾਰ ਜੁਗ ਸਰਗੁਣ ਸਾਰੀ ਸ੍ਰਿਸ਼ਟੀ ਨਜ਼ਰੀ ਆਈਆ। ਦੁਰਗਾ ਕਿਹਾ ਪੁਰਖ ਸਮਰਥ, ਮੈਨੂੰ
ਪਿਛਲੀ ਯਾਦ ਆਈਆ। ਤੈਨੂੰ ਪਤਾ ਜਿਸ ਵੇਲੇ ਕੰਗਣ ਪੌਣ ਲਗਿਆਂ ਮੇਰੇ ਹੱਥ ਨੂੰ ਲਾਇਆ ਸੀ ਹੱਥ, ਉਂਗਲਾਂ ਨਾਲ ਉਂਗਲਾਂ ਦਿਤੀਆਂ ਛੁਹਾਈਆ। ਓਸ ਵੇਲੇ ਮੈਂ ਤੇਰੇ ਹੋ ਗਈ ਵਸ, ਦੂਜਾ ਨਜ਼ਰ ਕੋਇ ਨਾ ਆਈਆ। ਪਰ ਇਕ ਗੱਲ ਰਹੀ ਜਿਹੜਾ ਮੈਂ ਖ਼ੁਸ਼ੀ ਨਾਲ ਤਕਿਆ ਨਹੀਂ ਅੱਖ, ਸ਼ਰਮ ਦੀ ਮਾਰੀ ਨੀਵੀਂ ਅੱਖ ਰਖਾਈਆ। ਤੂੰ ਓਸ ਵੇਲੇ ਹੌਲੀ ਜਿਹੀ ਇਕ ਨਿੱਕੀ ਜਿਹੀ ਚੁਟਕੀ ਮਾਰੀ ਚਟਕ, ਮੇਰੇ ਮੱਥੇ ਬਿੰਦੀ ਦਿਤੀ ਲਾਈਆ। ਮੈਂ ਡਰਦੀ ਪਿੱਛੇ ਗਈ ਹਟ, ਤੂੰ ਹੌਲੀ ਜਿਹੀ ਮੇਰੇ ਸੀਨੇ ਉਤੇ ਠੋਕਰ ਦਿਤੀ ਲਾਈਆ। ਮੈਂ ਹੋ ਗਈ ਬੇਵਸ, ਆਪਣਾ ਆਪ ਗਈ ਭੁਲਾਈਆ। ਤੂੰ ਹੌਲੀ ਜਿਹੀ ਮੇਰੇ ਸਿਰ ਉਤੇ ਹੱਥ ਦਿਤਾ ਰਖ, ਮੈਂ ਚਰਨ ਦਵਾਰੇ ਢਹਿ ਕੇ ਖ਼ੁਸ਼ੀ ਮਨਾਈਆ। ਤੇਰੇ ਚਰਨਾਂ ਦੀ ਧੂੜ ਲਈ ਚਟ, ਬਲ ਆਇਆ ਬੇਪਰਵਾਹੀਆ। ਫੇਰ ਮੈਂ ਕਿਹਾ ਹੁਣ ਲੋਕਮਾਤ ਜਾਵਾਂ ਡਟ, ਚਾਰ ਕੁੰਟ ਆਪਣਾ ਹੁਕਮ ਵਰਤਾਈਆ। ਪ੍ਰਭੂ ਔਹ ਵੇਖ ਮੈਨੂੰ ਨਜ਼ਰੀ ਔਂਦੀ ਤੇਰੀ ਉਹ ਢਾਈ ਇੰਚ ਗੋਲ ਨੱਥ, ਨੌ ਬਲਾਕਾਂ ਨਾਲ ਜੁੜਾਈਆ। ਉਹ ਪਾਈ ਨਹੀਂ ਮੇਰੇ ਨੱਕ, ਜੇ ਨੱਕ ਪਾ ਦੇਂਦੋ ਫੇਰ ਤੇਰੀ ਮੇਰੀ ਹੋਣੀ ਨਹੀਂ ਸੀ ਕਦੇ ਜੁਦਾਈਆ। ਵੇਖ ਮੈਂ ਗੁੱਤ ਨਾਲ ਛੱਡੀ ਬੰਨ੍ਹ, ਪਿੱਛੇ ਹਾਰ ਬਣਾਈਆ। ਓਸ ਨੇ ਕਿਹਾ ਦੁਰਗਾ ਤੇਰੇ ਨਾਲੋਂ ਸੋਹਣਾ ਮੇਰਾ ਇਕ ਹੋਰ ਚੰਨ, ਜਿਹੜਾ ਗੋਬਿੰਦ ਦੇਣਾ ਚੜ੍ਹਾਈਆ। ਤੇਰੀ ਗੁੱਤ ਪਿੱਛੋਂ ਕੱਢ ਉਹਦੇ ਗਲ ਨਾਲ ਦੇਣਾ ਬੰਨ੍ਹ, ਸੋਹਣਾ ਰੰਗ ਵਖਾਈਆ। ਦੁਰਗਾ ਨੇ ਦੋਵੇਂ ਫੜ ਲਏ ਕੰਨ, ਮੈਂ ਤੇ ਜਾਣਦੀ ਮੈਥੋਂ ਵੱਡਾ ਹੋਰ ਕੋਈ ਨਹੀਂ ਇਹ ਵੀ ਤੇਰੀ ਬੇਪਰਵਾਹੀਆ। ਸ੍ਰੀ ਭਗਵਾਨ ਕਿਹਾ ਤੂੰ ਆਪੇ ਜਾਈਂ ਮੰਨ, ਜਿਸ ਵੇਲੇ ਤੈਨੂੰ ਦਰ ਤੇ ਸੱਦ ਕੇ ਆਪਣੇ ਦਵਾਰੇ ਲਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਦੁਰਗਾ ਕਹੇ ਪ੍ਰਭੂ ਮੈਨੂੰ ਯਾਦ ਜਿਸ ਵੇਲੇ ਢਾਈ ਗਜ਼ ਦੁਪੱਟਾ ਦਿਤਾ ਦੁਸ਼ਾਲ, ਓਢਣ ਮੇਰੇ ਉਤੇ ਟਿਕਾਈਆ। ਮੈਂ ਰਖਿਆ ਉਹ ਸੰਭਾਲ, ਆਪਣੇ ਅੰਗਣ ਵਿਚ ਛੁਪਾਈਆ। ਤੇਰਾ ਹੁਕਮ ਸੁਣਦੀ ਰਹੀ ਫ਼ਰਮਾਣ, ਜੁਗ ਚੌਕੜੀ ਧਿਆਨ ਲਗਾਈਆ। ਮੈਂ ਭੁੱਲੀ ਨਹੀਂ ਅੰਞਾਣ, ਤੇਰੀ ਓਟ ਰਖਾਈਆ। ਚਰਨ ਕਵਲ ਰਖ ਧਿਆਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲਿਆ ਲੰਘਾਈਆ। ਜਿਸ ਵੇਲੇ ਤੂੰ ਕਿਰਪਾ ਕੀਤੀ ਲਾਲੋ ਤਰਖਾਣ, ਮਿਹਰ ਨਜ਼ਰ ਉਠਾਈਆ । ਜਨਮ ਦੇ ਪਿੱਛੇ ਜਨਮ ਦਾ ਦੇ ਕੇ ਦਾਨ, ਕਰਮ ਆਪਣੇ ਨਾਲ ਮਿਲਾਈਆ। ਮੇਰੇ ਕੋਲੋਂ ਲੈ ਕੇ ਵਸਤ ਮਹਾਨ, ਓਸ ਦੇ ਹੱਥ ਫੜਾਈਆ। ਤੂੰ ਸਭ ਦਾ ਜਾਣੀ ਜਾਣ, ਤੇਰੇ ਹੱਥ ਵਡਿਆਈਆ। ਜੇ ਕਿਸ਼ਨ ਸਿੰਘ ਨਹੀਂ ਸੀ ਸਕਿਆ ਪਹਿਚਾਣ, ਅੱਖ ਓਸੇ ਦੀ ਆਪ ਖੁਲ੍ਹਾਈਆ। ਓਸੇ ਦੀ ਸਵਾਣੀ ਇਕ ਨਾਦਾਨ, ਜਿਸਨੂੰ ਰਵਦਾਸ ਦਿਤੀ ਵਡਿਆਈਆ। ਓਸੇ ਦਾ ਸ਼ਿੰਗਾਰ ਇਕ ਮਹਾਨ, ਜੋ ਖ਼ੁਸ਼ੀਆਂ ਨਾਲ ਵਖਾਈਆ। ਓਸ ਦਾ ਲੇਖਾ ਇਕ ਨਾਲ ਨਾਦਾਨ, ਜੋ ਰਵਿਦਾਸ ਦਾ ਮਿਤਰ ਨਜ਼ਰੀ ਆਈਆ। ਇਸ ਤੋਂ ਪਹਿਲੋਂ ਦੁਰਗਾ ਦੇ ਵੇਲੇ ਇਹ ਦੋਵੇਂ ਸੀ ਦਰਬਾਨ, ਦਰ ਠਾਂਡੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਪੂਰਬ ਨਸੀਬ, ਦੁਰਗਾ ਦਾ ਲਹਿਣਾ ਗੋਬਿੰਦ ਦਾ ਤਵੀਤ, ਮੁਰਸ਼ਦ ਦਾ ਕਹਿਣਾ ਮੰਨਣਾ ਮੁਰੀਦ, ਕੋਈ ਨਾ ਜਾਣੇ ਪ੍ਰਭ ਨੇ ਕੀ ਕੀ ਕਿਸ ਨਾਲ ਕੀਤੀ ਵਸੀਅਤ, ਅਸਲੀਅਤ ਸਮਝ ਸਕੇ ਨਾ ਕੋਈ ਰਾਈਆ।
੩ ਮਾਘ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਕਲਜੁਗ ਕੂੜ ਕੁੜਿਆਰ ਕਹੇ ਵਾਹ ਪੁਰਖ ਸਮਰਥੇ, ਬੇਪਰਵਾਹ ਤੇਰੀ ਵਡਿਆਈਆ। ਮਾਇਆ ਮਮਤਾ ਕੂੜਾ ਮੋਹ ਕਹੇ ਮੈਂ ਹੱਥ ਰਖਿਆ ਮੱਥੇ, ਭਾਗ ਨਸੀਬ ਆਪਣਾ ਵੇਖ ਵਖਾਈਆ। ਜਿਸ ਵੇਲੇ ਤਕਿਆ ਜਨ ਭਗਤ ਹੋਏ ਇਕੱਠੇ, ਸਚ ਦਵਾਰੇ ਡੇਰਾ ਲਾਈਆ। ਮੇਰੀ ਸ਼ਰਮੌਣ ਲਗੀ ਅੱਖੇ, ਨੇਤਰ ਨੈਣ ਬੈਠੇ ਆਪਣਾ ਆਪ ਭੁਆਈਆ। ਇਸ ਦੇ ਕੋਲੋਂ ਕਿਹੜਾ ਬਚੇ, ਜੋ ਦੋ ਜਹਾਨਾਂ ਵੇਖ ਵਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਹੇ ਅਸੀਂ ਉਠ ਨੱਠੇ, ਭੱਜੀਏ ਵਾਹੋ ਦਾਹੀਆ। ਪਤਾ ਨਹੀਂ ਹੁਣ ਕਿਹੜੇ ਖ਼ਾਨੇ ਘੱਤੇ, ਗੁਰਮੁਖਾਂ ਅੰਦਰੋਂ ਬਾਹਰ ਕਢਾਈਆ। ਕਲਜੁਗ ਵਾਲੇ ਝੂਠੇ ਲੈਣ ਨਹੀਂ ਦੇਣੇ ਇਸ ਰਸੇ, ਜਿਹੜਾ ਰਸ ਆਤਮਕ ਰਿਹਾ ਜਣਾਈਆ। ਜੋ ਇਸਦੇ ਪ੍ਰੇਮ ਪਿਆਰ ਵਿਚ ਫਸੇ, ਸਾਡੀ ਮੁਹੱਬਤ ਗਏ ਤੁੜਾਈਆ। ਤੇਰੇ ਚਰਨਾਂ ਨਾਲੋਂ ਜਨ ਭਗਤ ਕਦੇ ਨਾ ਹਟੇ, ਜਗਤ ਹਟਵਾਣੇ ਡੇਰਾ ਢਾਹੀਆ। ਰੰਗ ਅਗੰਮੀ ਇਕੋ ਰੱਤੇ, ਗੂੜ੍ਹਾ ਆਪ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਕੂੜ ਕੁੜਿਆਰ ਕਹੇ ਮੈਂ ਹੋ ਗਿਆ ਅੰਧਾ, ਨੇਤਰ ਨਜ਼ਰ ਕੁਛ ਨਾ ਆਈਆ। ਮੈਂ ਭੁਲ ਕੇ ਸਮਝ ਬੈਠਾ ਪ੍ਰਭੂ ਕੋਈ ਬੰਦਿਆਂ ਵਰਗਾ ਬੰਦਾ, ਤੱਤਾਂ ਵਾਲਾ ਰੂਪ ਵਟਾਈਆ। ਨੇੜੇ ਆ ਕੇ ਵੇਖਿਆ ਸਭ ਦੇ ਸਿਰ ਵਿਚ ਮਾਰੀ ਜਾਏ ਡੰਡਾ, ਸਿਰ ਸਕੇ ਨਾ ਕੋਇ ਉਠਾਈਆ। ਇਕੋ ਢੋਲਾ ਸੁਣਾ ਕੇ ਛੰਦਾ, ਸੰਸੇ ਰਿਹਾ ਮੁਕਾਈਆ। ਜੋ ਜਨਮ ਕਰਮ ਦਾ ਗੰਦਾ, ਫੜ ਬਾਹੋਂ ਗਲੇ ਲਗਾਈਆ। ਨਾਮ ਨਿਧਾਨਾ ਫੜਾ ਕੇ ਡੰਡਾ, ਪੌੜ੍ਹੇ ਆਪਣੇ ਲਏ ਚੜ੍ਹਾਈਆ। ਜਿਥੇ ਨਾ ਕੋਈ ਕੁੰਜੀ ਨਾ ਕੋਈ ਜੰਦਾ, ਦਰਬਾਨ ਨਜ਼ਰ ਕੋਇ ਨਾ ਆਈਆ। ਇਕੋ ਇਕ ਇਕੱਲਾ ਸਾਹਿਬ ਬਖ਼ਸ਼ੰਦਾ, ਸਤਿ ਦਵਾਰੇ ਡੇਰਾ ਲਾਈਆ। ਜਿਸ ਨੂੰ ਚਾਹੇ ਆਪਣੀ ਕਿਰਪਾ ਨਾਲ ਚਰਨ ਪ੍ਰੀਤੀ ਦੇਂਦਾ, ਦੂਸਰ ਮਿਲੇ ਨਾ ਕੋਇ ਵਡਿਆਈਆ। ਪ੍ਰੇਮ ਪਿਆਰ ਮੁਹੱਬਤ ਵਿਚ ਨਿਉਂਦਾ, ਨਿਵ ਨਿਵ ਸੀਸ ਝੁਕਾਈਆ। ਹੁਕਮ ਸੰਦੇਸ਼ ਸਤਿ ਜਨ ਭਗਤਾਂ ਕਹਿੰਦਾ, ਕਹਿ ਕਹਿ ਆਪ ਸਮਝਾਈਆ। ਆਦਿ ਜੁਗਾਦਿ ਜੁਗ ਚੌਕੜੀ ਆਪਣਾ ਭਾਣਾ ਆਪ ਸਹਿੰਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਵਹਿਣ ਵੇਖ ਕੇ ਵਹਿੰਦਾ, ਵਾਹਵਾ ਆਪਣਾ ਫੇਰਾ ਪਾਈਆ। ਤਖ਼ਤ ਨਿਵਾਸੀ ਸਾਚੇ ਤਖ਼ਤ ਬਹਿੰਦਾ, ਧੁਰ ਫ਼ਰਮਾਣਾ ਹੁਕਮ ਜਣਾਈਆ। ਵੇਖੋ ਖੇਲ ਜੋ ਹੋਣਾ ਆਇੰਦਾ, ਭੇਵ ਅਭੇਦ ਖੁਲ੍ਹਾਈਆ। ਚਾਰ ਜੁਗ ਦਾ ਜੋ ਥੱਕਾ ਮਾਂਦਾ, ਦੇਵੇ ਸਚ ਸਰਨਾਈਆ । ਕੂੜ ਕੁੜਿਆਰਾ ਕਹੇ ਮੈਂ ਕੀ ਕਰਾਂ ਜਿਧਰ ਵੇਖਾਂ ਗੁਰਮੁਖ ਸੋਹੰ ਢੋਲਾ ਗਾਂਦਾ, ਮੇਰਾ ਤੇਰਾ ਰਾਗ ਅਲਾਈਆ। ਜਿਸ ਦਾ ਗੋਬਿੰਦ ਨਾਲ ਵਾਅਦਾ, ਵਾਹਿਦ ਇਕੋ ਗਿਆ ਆਈਆ। ਗੁਰਮੁਖਾਂ ਤਕੇ ਫ਼ਾਇਦਾ, ਬਾਕੀ ਫਾਕੇ ਵਿਚ ਲੋਕਾਈਆ। ਜਿਸ ਦਾ ਕ਼ਾਨੂੰਨ ਇਕ ਕ਼ਾਇਦਾ, ਹੁਕਮ ਇਕ ਜਣਾਈਆ। ਉਹ ਖੇਲ ਕਰੇ ਬਾਕ਼ਾਇਦਾ, ਤਰਤੀਬ ਆਪਣੇ ਹੱਥ ਰਖਾਈਆ। ਕੂੜੀ ਕਿਰਿਆ ਕਰ ਕੇ ਅਲਿਹਦਾ, ਦਰ ਦਵਾਰਿਉਂ ਦਿਤੀ ਦੁਰਕਾਈਆ। ਜਿਹੜਾ ਆਤਮ ਪਰਮਾਤਮ ਨਾਲ ਕੀਤਾ ਮੁਆਇਦਾ, ਓਸੇ ਨੂੰ ਤੋੜ ਚੜ੍ਹਾਈਆ। ਗੁਰਮੁਖਾਂ ਦੇ ਕੇ ਰਿਆਇਤਾ, ਰਵਾਇਤ ਨਾਲ ਪਾਰ ਰਿਹਾ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੂੜ ਕੁੜਿਆਰ ਕਹੇ ਜਿਸ ਵੇਲੇ ਮਸਤਕ ਹੱਥ ਧਰਿਆ, ਉਂਗਲਾਂ ਮੁਖ ਨਾਲ ਛੁਹਾਈਆ। ਓਸ ਵੇਲੇ ਅੰਦਰੇ ਅੰਦਰ ਕੂੜ ਕੁੜਿਆਰਾ ਡਰਿਆ, ਭੈ ਭਉ ਸਿਰ ਮਨਾਈਆ।
ਮੈਂ ਕਿੱਥੇ ਗਿਆ ਫੜਿਆ, ਛੁਡਾਵਣ ਵਾਲਾ ਨਜ਼ਰ ਕੋਇ ਨਾ ਆਈਆ। ਓਸ ਵੇਲੇ ਇਕੋ ਤਰਲਾ ਕਰਿਆ, ਤ੍ਰਿਸ਼ਨਾ ਲਈ ਵਧਾਈਆ । ਤੂੰ ਅਬਿਨਾਸ਼ੀ ਕਰਤਾ ਆਦਿ ਜੁਗਾਦਿ ਕਦੇ ਨਾ ਮਰਿਆ, ਸਦ ਜੀਵਣ ਰੂਪ ਵਖਾਈਆ। ਹੇ ਪ੍ਰਭੂ ਤੇਰੇ ਦਵਾਰੇ ਆ ਕੇ ਜੇ ਕੂੜ ਵਿਕਾਰ ਨਾ ਤਰਿਆ, ਹੋਰ ਦੱਸ ਕਿਹੜੇ ਦਵਾਰੇ ਜਾਈਆ। ਕਿਰਪਾ ਕਰ ਨਰਾਇਣ ਨਰਿਆ, ਸ਼ਹਿਨਸ਼ਾਹ ਤੇਰੀ ਸਰਨਾਈਆ। ਤੂੰ ਸਚ ਦੱਸ ਕੀ ਤੂੰ ਸਾਡਾ ਨਹੀਂ ਘਾੜਨ ਘੜਿਆ, ਜਗਤ ਨਾਤਾ ਲਿਆ ਜੁੜਾਈਆ। ਕਿਉਂ ਸਾਨੂੰ ਕੁਕਰਮੀ ਕਰਕੇ ਫੜਿਆ, ਤੇਰੇ ਹੁਕਮੇਂ ਅੰਦਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਵਡਿਆਈਆ। ਕੁਕਰਮ ਕਹੇ ਮੈਂ ਬੇਸ਼ਕ ਕੂੜ, ਕੁੜਿਆਰਾ ਨਜ਼ਰੀ ਆਈਆ। ਜਗਤ ਵਿਦਿਆ ਵਲੋਂ ਮੂੜ੍ਹ, ਮੂਰਖ ਰੂਪ ਵਟਾਈਆ। ਪ੍ਰਭੂ ਤੇਰੇ ਭਗਤਾਂ ਨਾਲ ਮਿਲ ਕੇ ਮੈਂ ਵੀ ਲਾ ਲਈ ਮਸਤਕ ਧੂੜ, ਧੂੜੀ ਟਿੱਕਾ ਇਕ ਰਮਾਈਆ। ਕਿਉਂ ਨਹੀਂ ਮੇਰੇ ਮੁਆਫ਼ ਕਰਦਾ ਕ਼ਸੂਰ, ਰਹਿਮਤ ਇਕ ਵਖਾਈਆ। ਮੈਂ ਜਾਣਦਾ ਤੂੰ ਭਗਤ ਵਛਲ ਜ਼ਰੂਰ, ਸੰਤਾਂ ਹੋਏਂ ਸਹਾਈਆ। ਹੁਣ ਕਿਹੜਾ ਤੂੰ ਦੂਰ, ਸਨਮੁਖ ਬੈਠਾ ਨਜ਼ਰੀ ਆਈਆ। ਤੇਰਾ ਭੰਡਾਰਾ ਸਦਾ ਭਰਪੂਰ, ਦੇਂਦਿਆਂ ਤੋਟ ਰਹੇ ਨਾ ਰਾਈਆ। ਕੂੜ ਕੁੜਿਆਰਾ ਕਹੇ ਹੇ ਪ੍ਰਭੂ ਜੇ ਅਸੀਂ ਨਾ ਹੋਈਏ ਤੂੰ ਕਿਸ ਦਾ ਬਖ਼ਸ਼ੇਂ ਕ਼ਸੂਰ, ਰਹਿਮਤ ਕਿਸ ਦੇ ਉਤੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਲੈਣਾ ਤਰਾਈਆ। ਕੂੜ ਕੁੜਿਆਰਾ ਕਹੇ ਜੇ ਮੈਂ ਨਾ ਹੁੰਦਾ, ਭਗਵਨ ਸਚ ਦਿਆਂ ਜਣਾਈਆ। ਫੇਰ ਤੈਨੂੰ ਕਿਹੜਾ ਧਿਔਂਦਾ, ਤੇਰੀ ਲੋੜ ਰਹਿੰਦੀ ਨਾ ਰਾਈਆ। ਜੇ ਤੂੰ ਸਭ ਨੂੰ ਇਕੋ ਜਿਹਾ ਬਣੌਂਦਾ, ਇਕੋ ਘਰ ਵਖਾਈਆ। ਫੇਰ ਕਿਹੜਾ ਤੇਰੇ ਚਰਨੀ ਸੀਸ ਨਿਵੌਂਦਾ, ਟਿੱਕੇ ਮਸਤਕਾਂ ਨਾਲ ਛੁਹਾਈਆ। ਬਿਨਾ ਮੇਰੇ ਤੇਰੇ ਸਤਿ ਸਚ ਨੂੰ ਕੌਣ ਪਰਗਟੌਂਦਾ, ਉਸ ਦਾ ਰੂਪ ਕਵਣ ਸਮਝਾਈਆ । ਮੈਂ ਤੇਰੇ ਅਗੇ ਝੋਲੀ ਡਾਹੁੰਦਾ, ਭਿਛਿਆ ਇਕੋ ਮੰਗ ਮੰਗਾਈਆ। ਜੋ ਤੇਰਾ ਦਰਸ਼ਨ ਪੌਂਦਾ, ਉਸ ਦਾ ਲਹਿਣਾ ਦੇਣਾ ਪੂਰਬ ਪਾਪ ਕੁਕਰਮ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਕੂੜ ਕੁੜਿਆਰ ਕਹੇ ਪ੍ਰਭੂ ਹੋਇਆ ਚੰਗਾ, ਤੂੰ ਸਾਹਿਬ ਸਵਾਮੀ ਸਹਿਜੇ ਮਿਲਿਆ ਆਈਆ। ਜਾਣਾ ਪਿਆ ਨਾ ਕੋਲ ਗੰਗਾ, ਆਪਣਾ ਪੰਧ ਮੁਕਾਈਆ। ਵਜੌਂਣਾ ਪਿਆ ਨਾ ਕੋਇ ਸੁਰੰਗਾ, ਕਿੱਲੀ ਤੰਦ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੂੜ ਕੁੜਿਆਰਾ ਕਹੇ ਬੇਸ਼ਕ ਮੈਂ ਕੁਕਰਮ, ਅਭੁਲ ਤੇਰੀ ਸਰਨਾਈਆ। ਪ੍ਰਭੂ ਜੇ ਮੈਂ ਚੰਗਾ ਨਹੀਂ ਸਾਂ ਤੇ ਮੈਨੂੰ ਕਾਹਨੂੰ ਦਿਤਾ ਜਨਮ, ਘਰ ਘਰ ਵਿਚ ਦਿਤਾ ਵਸਾਈਆ। ਮੈਨੂੰ ਇਸ ਦੇ ਵਿਚ ਭਰਮ, ਮੇਰਾ ਭੁਲੇਖਾ ਦੂਰ ਕਰਾਈਆ। ਮੈਨੂੰ ਸਾਰੇ ਉਠੇ ਫੜਨ, ਆਪਣੇ ਹੱਥ ਫੈਲਾਈਆ। ਮੈਂ ਮੰਗੀ ਤੇਰੀ ਸਰਨ, ਸਚ ਮਿਲੇ ਵਡਿਆਈਆ। ਬਖ਼ਸ਼ ਦੇ ਆਪਣਾ ਚਰਨ, ਚਰਨੋਦਕ ਮੁਖ ਚਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਪਾਈਆ। ਕੂੜ ਕੁੜਿਆਰਾ ਕਹੇ ਮੇਰਾ ਖੇਲ ਸੁਹੰਜਣਾ, ਘਰ ਘਰ ਆਪ ਵਖਾਈਆ। ਮੈਂ ਕਿਸੇ ਦੇ ਉਤੇ ਚੜ੍ਹਨ ਨਹੀਂ ਦਿਤੀ ਤੇਰੀ ਰੰਗਣਾ, ਆਪਣਾ ਬਲ ਵਧਾਈਆ । ਹੁਣ ਤੇਰੇ ਕੋਲੋਂ ਦਾਨ ਇਕ ਮੰਗਣਾ, ਆਪਣੀ ਝੋਲੀ ਡਾਹੀਆ। ਮੈਂ ਜਨ ਭਗਤਾਂ ਨੂੰ ਜਾਂਦੀ ਵਾਰ ਕਰ ਲਵਾਂ ਬੰਦਨਾ, ਨਿਉਂ ਕੇ ਸੀਸ ਨਿਵਾਈਆ । ਮੁੜ ਕੇ ਫੇਰ ਭਗਤ ਦਵਾਰਾ ਨਹੀਂ ਲੰਘਣਾ, ਤੇਰਾ ਰੂਪ ਅਨੂਪ ਨਾ ਕੋਇ ਵਖਾਈਆ। ਤੇਰਾ
ਟੁਟਿਆ ਨਾਤਾ ਆਪਣੇ ਨਾਲ ਗੰਢਣਾ, ਸਾਚਾ ਮੇਲਾ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਕੂੜ ਕੁੜਿਆਰਾ ਕਹੇ ਮੈਂ ਕਲਜੁਗ ਕੀਤੀ ਸੇਵਾ, ਚਾਕਰ ਰੂਪ ਵਟਾਈਆ। ਕਿਸੇ ਨੂੰ ਨਜ਼ਰ ਨਹੀਂ ਔਣ ਦਿਤਾ ਦੇਵੀ ਦੇਵਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ । ਸਭ ਦੇ ਮਸਤਕ ਲਾ ਕੇ ਥੇਵਾ, ਕੂੜੀ ਕਿਰਿਆ ਦਿਤੀ ਜਣਾਈਆ। ਸਾਚਾ ਮੰਤਰ ਜਪਿਆ ਨਹੀਂ ਗਿਆ ਕਿਸੇ ਕੋਲੋਂ ਜਿਹਵਾ, ਆਤਮ ਰੰਗ ਨਾ ਕੋਇ ਰੰਗਾਈਆ। ਤੇਰੇ ਕੋਲ ਪ੍ਰਭੂ ਇਕ ਬੜਾ ਤਿੱਖਾ ਦਿਸਦਾ ਸੰਧੇਵਾ, ਜਿਸ ਦੇ ਨਾਲ ਜੜ੍ਹਾਂ ਦਏਂ ਉਖੜਾਈਆ। ਅਬਿਨਾਸ਼ੀ ਕਰਤੇ ਤੇਰਾ ਨੌਜਵਾਨਾਂ ਵਰਗਾ ਭਰੇਵਾ, ਬਸਤਰ ਭੂਸ਼ਣ ਸੋਹਣੇ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੂੜ ਕੁੜਿਆਰਾ ਕਹੇ ਮੈਂ ਗਿਆ ਪੁਠਾ, ਸ਼ਬਦੀ ਚੋਟ ਲਗਾਈਆ। ਮੈਂ ਲੰਮਾ ਰਹਿ ਗਿਆ ਇਕ ਮੁੱਠਾ, ਆਪਣਾ ਆਪ ਮਿਟਾਈਆ । ਹੁਣ ਮੈਂ ਚਲਿਆ ਲਹਿੰਦੀ ਗੁੱਠਾ, ਪੱਲਾ ਭਗਤਾਂ ਨਾਲੋਂ ਲੈਣਾ ਛੁਡਾਈਆ। ਮੈਂ ਵੇਖਣਾ ਜਾ ਕੇ ਉਹ ਅੰਗੂਠਾ, ਜੋ ਕਾਗ਼ਜ਼ ਕੋਰੇ ਉਤੇ ਟਿਕਾਈਆ । ਦਰਸ਼ਨ ਕਰਨਾ ਤੇਰੇ ਗੋਬਿੰਦ ਪੁੱਤਾ, ਜੋ ਪਤਿਪਰਮੇਸ਼ਵਰ ਤੇਰੇ ਵਿਚ ਸਮਾਈਆ। ਉਸ ਦੇ ਹੁਕਮ ਅੰਦਰ ਸਾਡੀ ਬਦਲ ਕੇ ਰੁੱਤਾ, ਰੁਤੜੀ ਆਪਣਾ ਮੁਖ ਭਵਾਈਆ। ਸਭ ਦਾ ਪੰਧ ਮੁੱਕਾ, ਬੈਠੇ ਢੇਰੀਆਂ ਢਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਬਿਨਾਸ਼ੀ ਅਚੁਤਾ, ਭਗਤ ਸੁਹੇਲੇ ਪਾਰ ਲੰਘਾਈਆ। ਕੂੜ ਕੁੜਿਆਰ ਕਹੇ ਪ੍ਰਭੂ ਔਹ ਵੇਖ ਕਾਮ ਕਰੋਧ ਮੇਰੇ ਆਏ ਕੁੜਮ, ਦੋਵੇਂ ਇਕ ਦੂਜੇ ਨਾਲ ਪੱਗਾਂ ਰਹੇ ਬਦਲਾਈਆ। ਭੁਲੇਖਾ ਪਾਈਏ ਸਾਡੇ ਉਤੇ ਕੋਈ ਨਾ ਲਗੇ ਜੁਰਮ, ਵੇਸ ਆਪਣਾ ਰਹੇ ਬਦਲਾਈਆ। ਹੌਲੀ ਜਿਹੀ ਚੋਰੀ ਚੋਰੀ ਪਿੱਛੇ ਲਗੇ ਮੁੜਨ, ਆਪਣੀ ਅੱਖ ਚੁਰਾਈਆ। ਅਜੇ ਪਹਿਲਾ ਪੈਰ ਚੁਕ ਕੇ ਲਗੇ ਸੀ ਤੁਰਨ, ਤੁਰਤ ਉਪਰੋਂ ਹੁਕਮ ਗਿਆ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹੁਕਮ ਹੋਇਆ ਇਧਰ ਆਉ ਕੁੜਮ ਕੁੜਮੇਟੇ, ਤੁਹਾਡੀ ਮਿਲਣੀ ਦਿਆਂ ਕਰਾਈਆ। ਪਿਛਲੇ ਪੂਰੇ ਕਰ ਕੇ ਠੇਕੇ, ਅਗੇ ਦਾ ਲੇਖਾ ਦਿਆਂ ਚੁਕਾਈਆ। ਕਾਮ ਕਰੋਧ ਕੂੜ ਕੁੜਿਆਰ ਅੱਖ ਚੁਕ ਕੇ ਵੇਖੇ, ਸਾਨੂੰ ਕੌਣ ਰਿਹਾ ਸੁਣਾਈਆ। ਹੁਕਮ ਹੋਇਆ ਤੁਸੀਂ ਨਹੀਂ ਜਾਣਦੇ ਜਿਸ ਭਗਵਾਨ ਦੇ ਭਗਤ ਬੇਟੇ, ਉਹੋ ਰਿਹਾ ਡਰਾਈਆ। ਜੋ ਜੁਗ ਚੌਕੜੀ ਲੋਕਮਾਤ ਸਭ ਨੂੰ ਭੇਜੇ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸੋ ਸਾਹਿਬ ਸੁਵਾਮੀ ਅੰਤਰ ਵੇਖੇ, ਅੰਤਮ ਕਲਜੁਗ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣੇਦਾਰ ਇਕ ਅਖਵਾਈਆ। ਕੂੜ ਕੁੜਿਆਰ ਕਹੇ ਨਾ ਕੁੜਮ ਰਹੇ ਨਾ ਕੁੜਮਾਈ, ਕੁੜਮੇਟਾ ਬੈਠਾ ਮੁਖ ਭਵਾਈਆ । ਨਾ ਧੀ ਰਹੀ ਨਾ ਜਵਾਈ, ਨਾਤਾ ਬੰਧਨ ਨਾ ਕੋਇ ਬੰਧਾਈਆ। ਇਕੋ ਮਿਲਿਆ ਬੇਪਰਵਾਹੀ, ਜੋ ਸਤਿ ਸਤਿਵਾਦੀ ਨਜ਼ਰੀ ਆਈਆ। ਦਰਸ਼ਨ ਕਰ ਕੇ ਪਿਛਲੀ ਮਿਟੀ ਜੁਦਾਈ, ਦੁਖ ਦਲਿਦਰ ਡੇਰਾ ਢਾਹੀਆ। ਤੇਰੇ ਭਗਤਾਂ ਅੰਦਰੋਂ ਨਿਕਲ ਕੇ ਜਾਈਏ ਚਾਈਂ ਚਾਈਂ, ਮੁਆਫ਼ ਕਰ ਕੇ ਸਾਡੀ ਭੁਲ ਦੇਣੀ ਬਖ਼ਸ਼ਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਸਰਨਾਈ, ਤੂੰ ਸਭ ਦਾ ਮਾਲਕ ਇਕੋ ਨਜ਼ਰੀ ਆਈਆ।