੨੨ ਮਾਘ ੨੦੨੧ ਬਿਕ੍ਰਮੀ ਸੰਸਾਰ ਸਿੰਘ ਦੇ ਗ੍ਰਹਿ ਡਵਿਡਾ ਰਿਹਾਣਾ
ਧਰਨੀ ਕਹੇ ਕਿਉਂ ਮੇਲ ਹੋਇਆ ਪੰਜਾਂ, ਪੰਜ ਪੰਜਾਹ ਦੇ ਸਮਝਾਈਆ। ਮੈਂ ਲੇਖਾ ਲਿਖ ਥੱਕੀ ਇਕਵੰਜਾ ਬਵੰਜਾ, ਬਾਵਨ ਅੱਖਰੀ ਸਿਫ਼ਤ ਸਾਲਾਹੀਆ। ਜੁਗ ਚੌਕੜੀ ਧਾਰ ਵੇਖੀ ਸ਼ਤਰੰਜਾ, ਸ਼ਾਹ ਸੁਲਤਾਨ ਆਪਣੀ ਆਪ ਬਣਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਿੰਘਾਸਣ ਲੌਂਦੇ ਰਹੇ ਉਤੇ ਮੰਜਾ, ਪੰਜ ਤੱਤ ਕਾਇਆ ਚੋਲੀ ਦੇ ਵਡਿਆਈਆ। ਮਨ ਮਤਿ ਬਿੁਧ ਧਾਰ ਖੇਲਦੇ ਰਹੇ ਖ਼ਾਕੀ ਬੰਦਾ, ਬੰਦਗੀ ਅਗੰਮੀ ਇਕ ਦ੍ਰਿੜਾਈਆ । ਜੋਤੀ ਨੂਰੀ ਚਾੜ੍ਹਦੇ ਗਏ ਚੰਦਾ, ਘਟ ਮੰਦਰ ਕਰ ਰੁਸ਼ਨਾਈਆ। ਸੰਤ ਸੁਹੇਲਿਆਂ ਲੌਂਦੇ ਗਏ ਅੰਗਾ, ਅੰਗੀਕਾਰ ਅਖਵਾਈਆ। ਤੀਰਥ ਤਟ ਸੁਹੌਂਦੇ ਗਏ ਜਮਨਾ ਸੁਰਸਤੀ ਗੋਦਾਵਰੀ ਗੰਗਾ, ਗਹਿਰ ਗੰਭੀਰ ਹੁਕਮ ਸੁਣਾਈਆ। ਢੋਲਾ ਸੋਹਲਾ ਰਾਗ ਸੁਣੌਂਦੇ ਗਏ ਛੰਦਾ, ਮੰਤਰ ਰਸਨਾ ਨਾਲ ਪੜ੍ਹਾਈਆ। ਭੇਵ ਖੁਲ੍ਹੌਂਦੇ ਗਏ ਜੀਉ ਪਿੰਡਾ, ਬ੍ਰਹਿਮੰਡ ਖੰਡ ਦ੍ਰਿੜਾਈਆ । ਲੇਖ ਚੁਕੌਂਦੇ ਗਏ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦਾ, ਇੰਦ ਇੰਦਰਾਸਨ ਖੋਜ ਖੁਜਾਈਆ। ਗੁਰਮੁਖਾਂ ਅੰਦਰ ਨਾਮ ਕੁੰਜੀ ਲਾ ਕੇ ਖੋਲ੍ਹਦੇ ਗਏ ਜਿੰਦਾ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਸ਼ਬਦ ਅਨਾਦੀ ਦੱਸ ਕੇ ਗਏ ਬਿੰਦਾ, ਮਾਤ ਪਿਤ ਨਾ ਕੋਇ ਵਡਿਆਈਆ। ਹੁਕਮ ਸੰਦੇਸ਼ਾ ਦੇਂਦੇ ਗਏ ਗੁਣੀ ਗਹਿੰਦਾ, ਧੁਰ ਦੀ ਧਾਰ ਇਕ ਦ੍ਰਿੜਾਈਆ। ਅੰਮ੍ਰਿਤ ਰਸ ਵਹੌਂਦੇ ਗਏ ਸਾਗਰ ਸਿੰਧਾ, ਜਲ ਥਲ ਮਹੀਅਲ ਵੇਖ ਵਖਾਈਆ। ਤੰਦ ਸਤਾਰ ਵਜੌਂਦੇ ਗਏ ਸਰੰਗਾ, ਮਰਦੰਗਾ ਹੱਥ ਉਠਾਈਆ। ਕੂੜੀ ਕਿਰਿਆ ਹਉਮੇ ਹੰਗਤਾ ਮੇਟਦੇ ਗਏ ਚਿੰਦਾ, ਸਤਿ ਸਤਿਵਾਦੀ ਧੀਰਜ ਇਕ ਧਰਾਈਆ। ਪਰਮਾਤਮ ਆਤਮ ਦੱਸਦੇ ਗਏ ਸਾਢੇ ਤਿੰਨ ਹੱਥ ਅੰਦਰ ਰਹਿੰਦਾ, ਨਿਰਗੁਣ ਹੋ ਕੇ ਸੋਭਾ ਪਾਈਆ। ਵਡਿਆਂ ਛੋਟਿਆਂ ਮਾਰਗ ਦੱਸਦੇ ਗਏ ਚੰਗਾ, ਚਾਰ ਕੁੰਟ ਦਹਿ ਦਿਸ਼ਾ ਕਰ ਪੜ੍ਹਾਈਆ। ਮਨ ਮਨੂਏ ਨਾਲ ਕਰਦੇ ਗਏ ਦੰਗਾ, ਘਰ ਘਰ ਵਿਚ ਵੇਖ ਲੜਾਈਆ। ਸੰਤ ਸਾਜਨ ਗੁਰਮੁਖਾਂ ਚੜ੍ਹੌਂਦੇ ਗਏ ਰੰਗਾ, ਰੰਗ ਅਗੰਮੀ ਇਕ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਧਰਨੀ ਕਹੇ ਮੈਂ ਵੇਖੇ ਪੰਜ ਅੱਖੀਂ, ਹਰਿ ਕਰਤਾ ਮੇਲ ਮਿਲਾਈਆ। ਕੋਈ ਸਮਝ ਨਾ ਸਕੇ ਸੁਰਤ ਸਵਾਣੀ ਸਖ਼ੀ, ਸਾਖ਼ਿਆਤ ਵੱਜੀ ਵਧਾਈਆ। ਜਿਸ ਦੀ ਕਹਾਣੀ ਆਦਿ ਜੁਗਾਦਿ ਕਿਸੇ ਨਾ ਦੱਸੀ,
ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਓਸ ਦੇ ਚਰਨਾਂ ਹੇਠਾਂ ਢੱਠੀ, ਏਥੇ ਓਥੇ ਦੋ ਜਹਾਨ ਮਿਲੀ ਵਡਿਆਈਆ। ਸਚ ਸਵਾਮੀ ਅੰਤਰਜਾਮੀ ਸ਼ਬਦ ਜਣਾਈ ਇਕੋ ਪੱਟੀ, ਪੱਟਾ ਧੁਰ ਦਾ ਦਿਤਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਧਰਨੀ ਕਹੇ ਕੁਛ ਪੁੱਛੋ ਮੈਥੋਂ ਸਖ਼ੀਓ, ਸਤਿ ਸਚ ਦਿਆਂ ਦ੍ਰਿੜਾਈਆ। ਜਿਸ ਪ੍ਰਭੂ ਦੇ ਚਰਨ ਕਵਲ ਸ਼ਰਨਾਈ ਸਾਚੀ ਵਸੀਓ, ਵਾਸਤਾ ਵਸਲ ਇਕੋ ਨਾਲ ਜਣਾਈਆ। ਲੋਕਮਾਤ ਦੀ ਨਿੱਕੀ ਨਿੱਕੀ ਬਤੀਓ, ਜੋਤ ਨਿਰੰਜਣ ਨੂਰੀ ਡਗਮਗਾਈਆ। ਸਾਢੇ ਤਿੰਨ ਹੱਥ ਕਾਇਆ ਅੰਦਰ ਵਿਕ ਗਈ ਹੱਟੀਓ, ਸਚ ਵਣਜਾਰਾ ਨਜ਼ਰ ਕੋਇ ਨਾ ਆਈਆ। ਜਿਸ ਦੇ ਵੈਰਾਗ ਤਿਆਗ ਅੰਦਰ ਫਿਰੋ ਨੱਸੀਓ, ਜੂਨ ਅਜੂਨੀ ਲੱਖ ਚੁਰਾਸੀ ਫੇਰਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਧਰਨੀ ਕਹੇ ਮੈਂ ਦੱਸਾਂ ਪਿਛਲੀ ਕਹਾਣੀ, ਪ੍ਰਭ ਦੇਵੇ ਮਾਣ ਵਡਿਆਈਆ। ਜਿਸ ਵੇਲੇ ਏਥੇ ਆਈ ਪੰਚਾਲੀ ਪੰਜਾਂ ਦੀ ਰਾਣੀ, ਨੰਗੇ ਪੈਰਾਂ ਫੇਰਾ ਪਾਈਆ। ਐਸ ਧਾਮ ਬੈਠ ਗਈ ਸੀ ਉਹ ਸਵਾਣੀ, ਆਸਣ ਸਿੰਘਾਸਣ ਇਕ ਵਛਾਈਆ। ਉਸ ਦੇ ਕੋਲ ਸੀ ਠੰਡਾ ਪਾਣੀ, ਜਲ ਪਿਛਲਾ ਨਾਲ ਰਖਾਈਆ। ਓਧਰੋਂ ਖੇਲ ਕਰੇ ਭਗਵਾਨੀ, ਭਗਵਨ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਚਾਈਂ ਚਾਈਂਆ। ਧਰਨੀ ਕਹੇ ਜਿਸ ਵੇਲੇ ਲੱਗਾ ਆਸਣ, ਆਸਾ ਅੰਦਰੋਂ ਇਕ ਵਧਾਈਆ। ਜਿਸ ਨੂੰ ਮਿਲਿਆ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਬੇਪਰਵਾਹੀਆ। ਉਹ ਹੌਲੀ ਹੌਲੀ ਕਰਨ ਲਗੀ ਅੰਤਰ ਆਤਮ ਬਾਤਨ, ਨਿਰਗੁਣ ਨਿਰਗੁਣ ਆਪਣਾ ਮੇਲ ਮਿਲਾਈਆ। ਤੂੰ ਮੇਰਾ ਮੈਂ ਤੇਰਾ ਗਹਿਰ ਗੰਭੀਰ ਇਸ ਤੋਂ ਵਖਰਾ ਕਿਹੜਾ ਪਾਠਨ, ਪੂਜਾ ਪਾਠ ਇਸ਼ਟ ਦੇਵ ਸਵਾਮੀ ਦੇ ਸਮਝਾਈਆ। ਚਾਰ ਕੁੰਟ ਉਠ ਕੇ ਲਗੀ ਝਾਕਣ, ਨੇਤਰ ਨੈਣ ਅੱਖ ਖੁਲ੍ਹਾਈਆ। ਪਿਛਲੀ ਪੋਥੀ ਲਗੀ ਵਾਚਣ, ਜੋ ਦਰੋਪਦ ਘਰ ਦੀ ਵਾਚ ਲਿਆਈਆ। ਉਸ ਦਾ ਪਹਿਲਾ ਅੰਕ ਇਕੋ ਭਾਸ਼ਣ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ । ਦਰੋਪਦ ਸੁਤ ਪੜ੍ਹ ਕੇ ਪੋਥੀ, ਆਪਣਾ ਅੰਚਲ ਦਿਤਾ ਉਠਾਈਆ। ਓਸ ਵਿਚ ਧਾਰ ਮਿਲੀ ਸੌਖੀ, ਸੋਹਣੀ ਮਿਲੀ ਵਡਿਆਈਆ। ਪੁਰਖ ਅਕਾਲ ਲੱਖ ਚੁਰਾਸੀ ਅੰਦਰ ਸਭ ਦੀ ਜੋਤੀ, ਜੋਤੀ ਜ਼ਾਤਾ ਇਕੋ ਨਜ਼ਰੀ ਆਈਆ। ਜਿਸ ਨੂੰ ਲੱਭਦੇ ਕੋਟਨ ਕੋਟੀ, ਬ੍ਰਹਿਮੰਡ ਖੰਡ ਖੋਜਣ ਥਾਉਂ ਥਾਈਂਆ। ਉਹ ਠਾਕਰ ਸਵਾਮੀ ਧੁਰ ਦਾ ਮੌਜੀ, ਮਜਲਸ ਭਗਤਾਂ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ । ਪਹਿਲੀ ਸਤਰ ਦਾ ਵੇਖਿਆ ਸਤਾਰਾ, ਸਤਾਰਾਂ ਅੱਖਰਾਂ ਵਿਚ ਵਡਿਆਈਆ । ਜਿਸ ਦਾ ਪਹਿਲਾ ਅੰਕ ਨਿਹਕਲੰਕ ਨਰ ਅਵਤਾਰਾ, ਜੋਤੀ ਜਾਤਾ ਬੇਪਰਵਾਹੀਆ। ਨੂਰੋ ਨੂਰ ਚਮਕੇ ਅਗੰਮ ਅਪਾਰਾ, ਤਤ ਵਜੂਦ ਨਾ ਕੋਇ ਰਖਾਈਆ । ਓਸ ਦਾ ਭਗਤਾਂ ਨਾਲ ਪਿਆਰਾ, ਪ੍ਰੀਤਮ ਹੋ ਕੇ ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਵੇਲੇ ਕਲਜੁਗ ਹੋਵੇ ਅੰਤ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਚਾਰ ਜੁਗ ਦਾ ਕੰਮ ਨਾ ਆਏ ਵੰਝ ਮੁਹਾਣਾ, ਪਤਣ ਖੇਵਟ ਖੇਟਾ ਬੈਠੇ ਮੁਖ ਭੁਆਈਆ। ਭਰਮੇ ਭੁੱਲੇ ਰਾਜਾ ਰਾਣਾ, ਸ਼ਾਹ ਸੁਲਤਾਨ ਨਾ ਕੋਇ ਵਡਿਆਈਆ। ਓਸ ਵੇਲੇ ਕਿਰਪਾ ਕਰੇ ਸ੍ਰੀ ਭਗਵਾਨਾ, ਭਗਵਨ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਦਰੋਪਦ ਕਿਹਾ ਇਹ ਕੀ ਆਏ ਭਗਵੰਤ, ਆਪਣਾ
ਫੇਰਾ ਪਾਈਆ। ਓਧਰੋਂ ਫਿਰਦਾ ਫਿਰਦਾ ਨਾਰਦ ਮੁਨ ਆ ਗਿਆ ਸੰਤ, ਬੋਦੀ ਆਪਣੀ ਰਿਹਾ ਹਿਲਾਈਆ। ਕਿੰਗ ਨਾਲ ਵਜਾ ਕੇ ਪੜ੍ਹੇ ਮੰਤ, ਢੋਲਾ ਧੁਰ ਦਾ ਰਿਹਾ ਸੁਣਾਈਆ। ਓਸ ਦੀ ਮਹਿੰਮਾ ਸਦਾ ਅਗਣਤ, ਬੇਪਰਵਾਹੀ ਵਿਚ ਸਮਾਈਆ। ਜਿਸ ਤੇਰੀ ਬਣਾਈ ਬਣਤ, ਦਿਤੀ ਮਾਣ ਵਡਿਆਈਆ। ਉਹ ਸਭ ਦਾ ਵੱਡਾ ਬੋਧ ਅਗਾਧਾ ਪੰਡਤ, ਆਦਿ ਜੁਗਾਦਿ ਜੁਗ ਚੌਕੜੀ ਕਰੇ ਪੜ੍ਹਾਈਆ। ਨਿਤ ਨਵਿਤ ਕਰਨਹਾਰਾ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਕੂੜੀ ਕਿਰਿਆ ਗੜ੍ਹ ਤੋੜਨਹਾਰਾ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਓਸੇ ਵੇਲੇ ਦਰੋਪਤ ਉਠ ਕੇ ਕੀਤੀ ਮਿੰਨਤ, ਨੇਤਰ ਨੈਣਾਂ ਨੀਰ ਵਹਾਈਆ । ਵੇਖੀਂ ਕੋਈ ਕਰ ਕੇ ਨਾ ਜਾਈਂ ਇੱਲਤ, ਦਗ਼ਾ ਮੇਰੇ ਨਾਲ ਕਮਾਈਆ। ਨਾਰਦ ਕਿਹਾ, ਨਹੀਂ, ਮੈਂ ਲੌਣ ਆਇਆ ਤਿਲਕ, ਸਾਚੀ ਸੇਵ ਕਮਾਈਆ । ਕਲਜੁਗ ਅੰਤ ਸ੍ਰੀ ਭਗਵੰਤ ਦੋਹਾਂ ਦਾ ਵਖਰਾ ਨਿਰਾਲਾ ਸਭ ਤੋਂ ਹੋਣਾ ਇਸ਼ਕ, ਆਸ਼ਕ ਮਾਸ਼ੂਕ ਦੋਵੇਂ ਬੈਠਣ ਨੈਣ ਸ਼ਰਮਾਈਆ। ਬੀਸ ਇਕੀਸੇ ਤੇਰੀ ਕੱਢਣ ਫੇਰ ਫ਼ਰਿਸਤ, ਪੂਰਬ ਲੇਖਾ ਵੇਖ ਵਖਾਈਆ। ਜਨ ਭਗਤਾਂ ਖੋਲ੍ਹ ਕੇ ਦ੍ਰਿਸ਼ਟ, ਇਸ਼ਟ ਆਪਣਾ ਦਏ ਮਿਲਾਈਆ। ਸਬਰ ਸਬੂਰੀ ਦੇ ਕੇ ਭਰੋਸਾ ਸਿਦਕ, ਮਨ ਮਮਤਾ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਦਰੋਪਤ ਕਿਹਾ ਨਾਰਦ ਹੋਵੀਂ ਨਾ ਝੂਠਾ, ਝੂਠੀ ਕਹਾਣੀ ਸੁਣਾਈਆ। ਓਸ ਕਿਹਾ ਮੈਂ ਪੰਜੇ ਵਾਲਾ ਲਾਵਾਂ ਅੰਗੂਠਾ, ਉਂਗਲਾਂ ਚਾਰੇ ਨਾਲ ਮਿਲਾਈਆ । ਉਹ ਸਾਹਿਬ ਸੱਚਾ ਮਹਿਬੂਬਾ, ਸਚ ਮੁਹੱਬਤ ਵਿਚ ਸਮਾਈਆ। ਆਦਿ ਜੁਗਾਦਿ ਸਦਾ ਮੌਜੂਦਾ, ਵਿਛੜ ਕਦੇ ਨਾ ਜਾਈਆ। ਉਸ ਨੇ ਅੱਗੋਂ ਮਾਰ ਕੇ ਕਿਹਾ ਹੂੰਗਾ, ਹੂੰ ਹੂੰ ਕਰ ਕੇ ਦਿਤਾ ਸੁਣਾਈਆ। ਹੌਲੀ ਜਿਹੀ ਓਹਦੇ ਸਿਰ ਵਿਚ ਮਾਰ ਕੇ ਠੂੰਗਾ, ਬੋਦੀ ਦਿਤੀ ਹਿਲਾਈਆ। ਨਾਰਦ ਓਸੇ ਵੇਲੇ ਆਪਣਾ ਮੂਧਾ ਕਰ ਕੇ ਤੂੰਬਾ, ਕਿੰਗ ਵਿਚੋਂ ਕਿੱਲੀ ਦਿਤੀ ਕਢਾਈਆ। ਜਿਸ ਪ੍ਰਭ ਨੂੰ ਸਾਰੇ ਕਹਿੰਦੇ ਗੂੰਗਾ, ਸੋ ਕਲਜੁਗ ਅੰਤ ਜਨ ਭਗਤਾਂ ਢੋਲੇ ਏਥੇ ਗਾਈਆ। ਪੰਜਾਂ ਮੇਲ ਮਿਲਾ ਕੇ ਤੇਰੇ ਕੰਤਾਂ ਨਾਲੋਂ ਚੰਗਾ ਹੋਵੇ ਕੰਤ, ਹਰਿ ਕਰਤਾ ਬੇਪਰਵਾਹੀਆ। ਸਾਚੀ ਰੁੱਤ ਬਹਾਰ ਮੌਲੇ ਬਸੰਤ, ਪੱਤ ਡਾਲ੍ਹੀ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਾਰਦ ਦੇ ਕੇ ਹਟਿਆ ਉਪਦੇਸ਼, ਕਹਾਣੀ ਸਚ ਸੁਣਾਈਆ। ਓਧਰੋਂ ਇਕ ਸਾਧੂ ਬਦਲ ਕੇ ਆ ਗਿਆ ਭੇਸ, ਲੰਗੋਟੀ ਇਕੋ ਤਨ ਛੁਹਾਈਆ। ਖ਼ਾਕ ਉਡਾਵੇ ਮਿੱਟੀ ਨਾਲ ਰਿਹਾ ਖੇਲ, ਧੂੜੀ ਧੂੜ ਰਮਾਈਆ। ਨੇੜੇ ਆ ਕੇ ਕਹਿੰਦਾ ਦਰੋਪਤੀ ਮੈਨੂੰ ਦੇ ਦੇ ਸੇਜ, ਜਿਸ ਓਤੇ ਆਸਣ ਲਿਆ ਲਗਾਈਆ । ਮੈਨੂੰ ਕੁੱਲ ਮਾਲਕ ਦਿਤਾ ਭੇਜ, ਭਜਨ ਬੰਦਗੀ ਇਕੋ ਇਕ ਸਿਖਾਈਆ। ਉਠ ਵੇਖ ਮੇਰਾ ਤੇਜ, ਜੋਤੀ ਨੂਰ ਰੁਸ਼ਨਾਈਆ। ਓਸ ਨੇ ਕਿਹਾ ਕਿਉਂ ਧਰ ਕੇ ਆਇਆ ਭੇਖ, ਪਾਖੰਡੀ ਰੂਪ ਵਟਾਈਆ। ਮੇਰੇ ਨਾਲ ਕਰਦਾਂ ਝੇੜ, ਝਗੜਾ ਰਿਹਾ ਜਣਾਈਆ। ਜਾ ਕੇ ਵਸ ਆਪਣੇ ਦੇਸ, ਜਿਥੇ ਕੋਝੇ ਕਮਲੇ ਡੇਰਾ ਲਾਈਆ। ਓਸ ਕਿਹਾ ਮੇਰਾ ਓਸੇ ਨਾਲ ਹੇਤ, ਜੋ ਸੁਚਜਿਆਂ ਮੇਲਾ ਰਿਹਾ ਮਿਲਾਈਆ। ਇਸ ਦੇ ਅੰਦਰ ਕੋਈ ਭੇਤ, ਡੂੰਘਾ ਰਾਜ਼ ਦਿਆਂ ਵਖਾਈਆ। ਜਿਸ ਵੇਲੇ ਕਲਜੁਗ ਅੰਤ ਜਨ ਭਗਤਾਂ ਬਦਲਣ ਆਇਆ ਰੇਖ, ਰੇਖਾ ਆਪਣੀ ਨਾਲ ਬਦਲਾਈਆ। ਓਸ ਵੇਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗਹਿਰ ਗੰਭੀਰ ਵੱਡੀ ਵਡਿਆਈਆ। ਸਾਧੂ ਕਹੇ ਮੈਂ ਅਵਧੂਤ, ਸਾਧਨਾ ਨਜ਼ਰ ਕੋਇ ਨਾ ਆਈਆ। ਮੇਰੀ ਕਾਇਆ ਪੰਜ ਤੱਤ
ਭੂਤ, ਪੰਜ ਭੂਤਕ ਰਿਹਾ ਸਮਾਈਆ। ਏਥੋਂ ਸਭ ਨੇ ਕਰ ਕੇ ਜਾਣਾ ਕੂਚ, ਥਿਰ ਰਹਿਣ ਕੋਇ ਨਾ ਪਾਈਆ। ਝਗੜਾ ਮਿਟ ਜਾਏ ਇਕ ਦੂਜ, ਦੂਆ ਏਕੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਉਠਾਈਆ। ਦਰੋਪਤੀ ਕਿਹਾ ਸੁਣ ਅਛਲ ਅਛੱਲ, ਤੈਨੂੰ ਦਿਆਂ ਜਣਾਈਆ। ਨਾਰਦ ਕਹੇ ਮੈਂ ਸਚ ਦੱਸਾਂ ਅੰਤਮ ਕਲਜੁਗ ਕਲ, ਹਰਿ ਕਰਤਾ ਰਿਹਾ ਦ੍ਰਿੜਾਈਆ । ਜਿਸ ਵੇਲੇ ਨਰ ਨਰਾਇਣ ਨਿਰਗੁਣ ਨਿਰਵੈਰ ਆਵੇ ਚਲ, ਅਚਲਤ ਆਪਣੀ ਖੇਲ ਖਿਲਾਈਆ। ਸੋ ਆਪਣੇ ਤੋਂ ਪਹਿਲੋਂ ਇਸੇ ਅਵਧੂਤ ਨੂੰ ਦੇਵੇ ਘਲ, ਧੁਰ ਦਾ ਹੁਕਮ ਇਕ ਮਨਾਈਆ। ਓਹਦੇ ਅੰਤਰ ਵਸੇਰਾ ਕਰਕੇ ਘੜੀ ਪਲ, ਡੇਰਾ ਸਾਚਾ ਲਏ ਜਮਾਈਆ। ਜੋਤੀ ਸ਼ਬਦੀ ਧਾਰ ਜਾਏ ਰਲ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਪੂਰਬ ਜਨਮ ਦਾ ਦੇ ਕੇ ਫਲ, ਫਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਅਵਧੂਤ ਕਹੇ ਮੇਰਾ ਉਹ ਕਰਤਾਰ, ਮਾਲਕ ਕ਼ੁਦਰਤ ਇਕ ਅਖਵਾਈਆ। ਜਿਸ ਦਾ ਹੁਕਮ ਸਦਾ ਜੁਗ ਚਾਰ, ਨਾ ਕੋਇ ਮੇਟੇ ਮੇਟ ਮਿਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਕਰੇ ਅਪਾਰ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਲੇਖਾ ਜਾਣ ਗੁਰੂ ਅਵਤਾਰ, ਪੈਗ਼ੰਬਰਾਂ ਪੜਦਾ ਲਾਹੀਆ। ਦਰੋਪਤ ਸੁਣ ਲੈ ਸਚ ਗੁਫ਼ਤਾਰ, ਅਗਲੀ ਦਿਆਂ ਜਣਾਈਆ। ਸਾਹਿਬ ਸਵਾਮੀ ਸਾਚਾ ਕਰੇ ਪਿਆਰ, ਅੰਤਰਜਾਮੀ ਵੇਖ ਵਖਾਈਆ। ਜਿਸ ਦਾ ਕੋਈ ਨਾ ਬਣੇ ਸਹਾਰ, ਸਿਰ ਓਸ ਦੇ ਆਪਣਾ ਹੱਥ ਟਿਕਾਈਆ। ਕੂੜੀ ਕਿਰਿਆ ਵਿਚੋਂ ਕੱਢ ਕੇ ਬਾਹਰ, ਚਰਨ ਪ੍ਰੀਤੀ ਇਕ ਸਮਝਾਈਆ। ਅੰਮ੍ਰਿਤ ਆਤਮ ਚਰਨ ਚਰਨੋਦਕ ਦਏ ਪਿਆਲ, ਦੁਖੀਆਂ ਦੁੱਖ ਗਵਾਈਆ। ਪੂਰਬ ਜਨਮ ਦੀ ਲੇਖੇ ਲਾ ਕੇ ਘਾਲ, ਮਿਹਰ ਨਜ਼ਰ ਨਾਲ ਤਰਾਈਆ। ਉਹ ਭੋਲਾ ਭਾਲਾ ਹੋਵੇ ਵਿਚ ਸੰਸਾਰ, ਸੰਸਾਰ ਨਹੀਂ ਸੰਸਾਰ ਸਿੰਘ ਓਸੇ ਦਾ ਨਾਂ ਰਖਾਈਆ। ਇਹ ਕਥਾ ਜਗਤ ਸ਼ਾਸਤਰ ਸਿਮਰਤ ਵੇਦ ਪੁਰਾਨ ਤੋਂ ਬਾਹਰ, ਇਤਹਾਸਕ ਕ਼ਲਮ ਨਾ ਕੋਇ ਚਲਾਈਆ। ਜਿਸ ਦਾ ਲਹਿਣਾ ਓਸੇ ਨੂੰ ਦੇਣਾ ਦੇਵਣਹਾਰ ਆਪ ਨਿਰੰਕਾਰ, ਨਿਰਗੁਣ ਵੱਡਾ ਵੱਡੀ ਵਡਿਆਈਆ। ਧਰਨੀ ਧਰਤ ਧਵਲ ਤੇਰਾ ਲੱਥਾ ਉਧਾਰ, ਪਿਛਲਾ ਕ਼ਰਜ਼ਾ ਮਕ਼ਰੂਜ਼ ਤੇਰੀ ਝੋਲੀ ਪਾਈਆ। ਧਰਨੀ ਕਹੇ ਮੈਨੂੰ ਕਰ ਲੈਣ ਦਿਓ ਨਿਮਸਕਾਰ, ਏਥੇ ਪੰਜਾਂ ਦਾ ਮਾਲਕ ਬੈਠਾ ਬੇਪਰਵਾਹੀਆ। ਜਿਸ ਦਾ ਜੋਤੀ ਨੂਰ ਆਦਿ ਅੰਤ ਏਕਾ ਏਕੰਕਾਰ, ਅਕਲ ਕਲ ਆਪਣੀ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਦ੍ਰਿੜਾਈਆ। ਧਰਨੀ ਕਹੇ ਮੈਂ ਵਾਰੀ ਘੋਲ ਘੋਲੀ, ਆਪਣਾ ਆਪ ਦਿਆਂ ਮਿਟਾਈਆ । ਉਸਦੇ ਦਰ ਦੀ ਹੋਵਾਂ ਗੋਲੀ, ਜੋ ਪਿਛਲੀ ਖ਼ਾਲੀ ਗੋਲਕ ਰਿਹਾ ਭਰਾਈਆ। ਜਿਸ ਦੀ ਰਮਜ਼ ਵਿਚ ਅਗੰਮੀ ਬੋਲੀ, ਹਰਫ਼ਾਂ ਵਾਲੀ ਨਾ ਕੋਇ ਪੜ੍ਹਾਈਆ। ਮੈਂ ਓਸ ਦੇ ਚਰਨ ਕਵਲ ਉਪਰ ਧਵਲ ਧਰਨੀ ਕਹੇ ਮੌਲੀ, ਮਵਲ ਆਪਣਾ ਆਪ ਮਿਟਾਈਆ। ਜੋ ਚਲ ਕੇ ਆਇਆ ਦੂਰ ਦੁਰਾਡਾ ਹੌਲੀ ਹੌਲੀ, ਦੋ ਜਹਾਨਾਂ ਪੰਧ ਮੁਕਾਈਆ। ਜਗਤ ਨਾਦ ਬ੍ਰਹਮ ਬ੍ਰਹਿਮਾਦ ਪਾਏ ਕੋਈ ਨਾ ਰੌਲੀ, ਕੂੜ ਵਿਵਾਦ ਨਾ ਕੋਇ ਰਖਾਈਆ। ਜਨ ਭਗਤਾਂ ਦੀ ਚੁੱਕਣ ਆਇਆ ਡੋਲੀ, ਸਾਢੇ ਤਿੰਨ ਹੱਥ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਧਰਨੀ ਕਹੇ ਮੈਂ ਵੇਖਿਆ ਗੁਰਮੁਖ ਤਰਦਾ, ਤਾਰਨਹਾਰ ਦਏ ਵਡਿਆਈਆ। ਜੋ ਲੱਖ ਚੁਰਾਸੀ ਜੀਵ ਜੰਤ ਘਾੜਨ ਘੜਦਾ, ਖਾਣੀ ਬਾਣੀ ਆਪਣਾ ਹੁਕਮ ਵਰਤਾਈਆ।
ਸੋ ਮਾਲਕ ਦਰਵੇਸ਼ ਹੋ ਕੇ ਬਰਦਾ, ਨਿਰਗੁਣ ਨਿਰਵੈਰ ਆਪਣਾ ਵੇਸ ਵਟਾਈਆ। ਲੇਖਾ ਚੁਕਾਵੇ ਭਗਤਨ ਘਰ ਦਾ, ਗ੍ਰਹਿ ਮੰਦਰ ਖੋਜ ਖੁਜਾਈਆ। ਬਿਨ ਡਿੱਠਿਆਂ ਬਿਨ ਵੇਖਿਆਂ ਸਾਚੇ ਮੰਦਰ ਚੜ੍ਹਦਾ, ਮੰਜ਼ਲ ਬਹਿ ਕੇ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਰਿਹਾ ਵਖਾਈਆ। ਧਰਨੀ ਕਹੇ ਕਿਉਂ ਹੋਏ ਪੰਜ ਇਕੱਠੇ, ਪੰਜ ਗਰਾਂ ਖੇੜੇ ਦਿਤੇ ਜਗਤ ਵਸਾਈਆ। ਭਗਤ ਕਹੇ ਅਗੇ ਕੂੜੇ ਮੇਟਣੇ ਰੱਟੇ, ਕਾਇਆ ਮੰਦਰ ਅੰਦਰ ਪੰਜਾਂ ਦਾ ਝਗੜਾ ਰਹੇ ਨਾ ਰਾਈਆ। ਪ੍ਰੇਮ ਪ੍ਰੀਤੀ ਅੰਦਰ ਜਾਣ ਰਤੇ, ਕੂੜੀ ਕਿਰਿਆ ਬਾਹਰ ਕਢਾਈਆ। ਜਿਸ ਨੇ ਧੰਨੇ ਦੇ ਚਾਰੇ ਵੱਛੇ, ਉਹ ਦਰਸ ਦਿਖਾਏ ਸਰੂਪ ਸਵੱਛੇ, ਮਾੜਿਆਂ ਤੋਂ ਅੱਛੇ ਅੱਛਿਆਂ ਤੋਂ ਚੰਗੇ ਆਪਣੇ ਨਾਲ ਮਿਲਾਈਆ। ਜਮ ਕੀ ਫ਼ਾਸੀ ਤੋੜ ਕੇ ਰੱਸੇ, ਪ੍ਰੇਮ ਪ੍ਰੀਤੀ ਡੋਰੀ ਨਾਲ ਫੜਕੇ ਕਸੇ, ਦੋ ਜਹਾਨ ਨਾਤਾ ਸਕੇ ਨਾ ਕੋਇ ਤੁੜਾਈਆ। ਇਹ ਖੇਲ ਵੇਖ ਕੇ ਗੁਰ ਅਵਤਾਰ ਪੈਗ਼ੰਬਰ ਹੱਸੇ, ਭਗਤ ਜਨ ਤਾੜੀਆਂ ਰਹੇ ਵਜਾਈਆ। ਜਿਨ੍ਹਾਂ ਦੇ ਚੀਥੜ ਪਾਟੇ ਫਿਰਦੇ ਨੰਗੇ, ਤਨ ਵਜੂਦ ਓਢਣ ਨਾ ਕੋਇ ਵਖਾਈਆ। ਓਹਨਾਂ ਦਾ ਠਾਕਰ ਬਣਿਆ ਧੁਰ ਦਾ ਸੰਗੇ, ਸਗਲਾ ਸੰਗ ਨਿਭਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੇ ਲੇਖੇ ਲਹਿਣੇ ਹਿਸਾਬ ਸਭ ਦੇ ਕੱਢੇ ਜੋ ਸਚ ਦਵਾਰੇ ਟੰਗੇ, ਦੂਜੇ ਹੱਥ ਨਾ ਕਿਸੇ ਫੜਾਈਆ।
੨੩ ਮਾਘ ੨੦੨੧ ਬਿਕ੍ਰਮੀ ਡਵਿਡਾ ਪਿੰਡ
ਕਰਮ ਕਹੇ ਮੈਂ ਜਨਮ ਦਾ ਸਾਥੀ, ਜੁਗ ਜੁਗ ਸੰਗ ਨਿਭਾਇੰਦਾ। ਜਨਮ ਕਹੇ ਮੈਂ ਕਰਮ ਦੀ ਜਾਣਾ ਸਾਖੀ, ਭੇਵ ਅਭੇਦ ਹਰਿ ਆਪਣਾ ਆਪ ਸਮਝਾਇੰਦਾ। ਕਰਮ ਕਹੇ ਮੈਂ ਨਿਹਕਰਮੀ ਦੀ ਮੰਨਾ ਆਖੀ, ਜੋ ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਜਨਮ ਕਹੇ ਮੈਂ ਵੇਖਾਂ ਧੁਰ ਦਾ ਸਾਥੀ, ਜੋ ਨਾਮ ਪਿਆਲਾ ਜਾਮ ਪਿਆਇੰਦਾ। ਦੋਵੇਂ ਮਿਲਕੇ ਕਹਿਣ ਸਾਡੀ ਪੂਰੀ ਹੋਈ ਆਸੀ, ਆਸਾ ਤ੍ਰਿਸ਼ਨਾ ਵੇਖ ਵਖਾਇੰਦਾ। ਜੋ ਸੰਦੇਸ਼ਾ ਨਾਰਦ ਗਿਆ ਆਖੀ, ਧੁਰ ਫ਼ਰਮਾਨਾ ਹੁਕਮ ਅਲਾਇੰਦਾ। ਪੰਚਾਲੀ ਦੀ ਓਹ ਪਾਤਰ ਪਾਤੀ, ਪਤਿਪਰਮੇਸ਼ਵਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਕਰਮ ਕਹੇ ਜਨਮ ਮੈਂ ਤੈਥੋਂ ਵੱਡਾ, ਜਿਹੜਾ ਜੁਗ ਜੁਗ ਜਗਤ ਭੁਆਈਆ। ਜਨਮ ਕਹੇ ਤੂੰ ਮੇਰਾ ਬੱਚਾ, ਬਿਨ ਮੇਰੇ ਤੇਰੀ ਲੋੜ ਰਹੀ ਨਾ ਰਾਈਆ। ਕਰਮ ਕਹੇ ਮੈਂ ਬੋਲ ਦੱਸਾਂ ਸੱਚਾ, ਬਿਨ ਮੇਰੇ ਤੈਨੂੰ ਲੋਕਮਾਤ ਨਾ ਕੋਇ ਭੁਆਈਆ । ਜਨਮ ਕਹੇ ਤੂੰ ਅਜੇ ਕੱਚਾ, ਪੁਖ਼ਤਾ ਰੂਪ ਨਾ ਕੋਇ ਵਟਾਈਆ। ਕਰਮ ਕਹੇ ਮੈਂ ਤੈਥੋਂ ਅੱਛਾ, ਮੇਰੀ ਸਮਝ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਰਮ ਕਹੇ ਤੂੰ ਪਿਛਲਾ ਹਵਦੂਤ, ਔਧ ਜਗਤ ਰਹਿਣ ਨਾ ਪਾਈਆ। ਮੇਰਾ ਕਰਮਾਂ ਦਾ ਇਹ ਸਬੂਤ, ਮੈਂ ਤੇਰਾ ਮਾਣਸ ਜਨਮ ਦਿਤਾ ਬਦਲਾਈਆ। ਬੇਸ਼ਕ ਮੇਰਾ ਨਹੀਂ ਕੋਈ ਵਜੂਦ, ਹੱਡ ਮਾਸ ਨਾੜੀ ਵੰਡ ਨਾ ਕੋਇ ਵੰਡਾਈਆ। ਬਿਨ ਮੇਰੀ ਕਿਰਪਾ ਮਿਲੇ ਨਾ ਕੋਈ ਨਾਲ ਮਹਿਬੂਬ, ਮੁਹੱਬਤ ਕੋਟਨ ਕੋਟ ਗਏ ਜਗਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨਮ ਕਹੇ ਮੈਂ ਜੇ ਜਨਮ ਨਾ ਧਰਦਾ, ਆਪਣਾ ਆਪ ਪਰਗਟਾਈਆ। ਕਰਮ ਤੂੰ
ਕਿਹਨੂੰ ਵਰਦਾ, ਕਿਸ ਦਾ ਸੰਗ ਰਖਾਈਆ। ਕਿਸ ਦੇ ਘਰ ਵੜਦਾ, ਬਹਿ ਕੇ ਡੇਰਾ ਲਾਈਆ। ਕਿਸ ਦਾ ਪਲੂ ਫੜਦਾ, ਆਪਣਾ ਸੰਗ ਬਣਾਈਆ । ਕਿਸ ਦੀ ਮੰਜ਼ਲ ਚੜ੍ਹਦਾ, ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਕਰਮ ਕਹੇ ਜੇ ਨਾ ਮੈਂ ਬਣੌਦਾ ਤੇਰੀ ਬਣਤ, ਦੇਂਦਾ ਮਾਣ ਵਡਿਆਈਆ। ਓਧਰੋਂ ਤੈਨੂੰ ਨਾਰਦ ਨਾ ਮਿਲਦਾ ਸੰਤ, ਸੱਜਣ ਨਾ ਮਿਲੇ ਵਡਿਆਈਆ । ਦਰੋਪਤ ਯਾਦ ਨਾ ਕਰਦੀ ਪੰਜੇ ਕੰਤ, ਪੰਜਾਂ ਦਾ ਜੋੜ ਨਾ ਕੋਇ ਜੁੜਾਈਆ। ਤੂੰ ਮੇਰੀ ਕਰ ਮਿੰਨਤ, ਦੋਏ ਜੋੜ ਲਗ ਸਰਨਾਈਆ। ਵੇਖ ਮੇਰੀ ਹਿੰਮਤ, ਮੈਂ ਵਿਛੜੇ ਦਿਤੇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦਏ ਚੁਕਾਈਆ। ਕਰਮ ਕਹੇ ਵੇਖ ਮੇਰਾ ਬਲ, ਤੈਨੂੰ ਆਪਣਾ ਦਿਆਂ ਜਣਾਈਆ। ਜੋ ਕਰਦਾ ਅਛਲ ਛਲ, ਵਲ ਛਲਧਾਰੀ ਬੇਪਰਵਾਹੀਆ। ਉਹ ਮੇਰੇ ਕਾਰਨ ਤੇਰੇ ਦਵਾਰੇ ਆਇਆ ਚਲ, ਅਸਲੀਅਤ ਰੂਪ ਰਿਹਾ ਵਖਾਈਆ। ਤੇਰਾ ਮੇਟਕੇ ਪਿਛਲਾ ਸਲ, ਜਨਮ ਦਾ ਰੋਗ ਗਵਾਈਆ। ਕਰਮ ਕਹੇ ਜੇ ਕਰਮ ਕਰ ਕੇ ਹੋ ਜਾਏ ਵਿਛੋੜਾ ਪਲ, ਝਲੀ ਨਾ ਜਾਏ ਜੁਦਾਈਆ। ਜਿਸ ਤਰਾ ਮੈਂ ਤੇਰੇ ਅੰਦਰ ਗਿਆ ਰਲ, ਇਸੇ ਤਰਾ ਮੇਰਾ ਮਾਲਕ ਤੇਰੇ ਵਿਚ ਸਮਾਈਆ। ਪਰਬਤਾਂ ਨਾਲੋਂ ਪਰਬਲ, ਦੋ ਜਹਾਨ ਨਾ ਕੋਇ ਹਿਲਾਈਆ। ਇਹ ਮੇਰੀ ਕਿਰਪਾ ਮੈਂ ਪ੍ਰਭ ਦੇ ਮਿਲਣ ਦਾ ਦੱਸਾਂ ਵਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਵੇਖ ਵਖਾਈਆ। ਜਨਮ ਕਹੇ ਮੈਂ ਪਿਆ ਜੰਮ, ਜਨਨੀ ਮਿਲੀ ਵਡਿਆਈਆ। ਪੰਜ ਤੱਤ ਕਾਇਆ ਮਾਟੀ ਵੇਖਕੇ ਤਨ, ਤਤਵ ਤਤ ਰੰਗ ਰੰਗਾਈਆ। ਅੰਦਰ ਰਖ ਭੰਡਾਰਾ ਨਾਮ ਧਨ, ਬੈਠਾ ਕੁੰਡਾ ਲਾਈਆ। ਕਰ ਵਸੇਰਾ ਛਪਰ ਛੰਨ, ਆਸਣ ਇਕ ਸੁਹਾਈਆ। ਜੋਤ ਰਵ ਸਸ ਚਾੜ੍ਹ ਚੰਨ, ਅੰਧ ਅੰਧੇਰ ਗਵਾਈਆ। ਰਾਹ ਤਕ ਸ੍ਰੀ ਭਗਵੰਨ, ਆਸਾ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਕਰਮ ਕਹੇ ਕੋਟ ਜਨਮ ਕੀਟਾਂ ਆਸਾ ਬੱਧੀ, ਬੈਠੇ ਧਿਆਨ ਲਗਾਈਆ। ਰਾਹ ਤਕਦੇ ਸੁਦੀ ਵਦੀ, ਕਿਸ਼ਨਾ ਸੁਖਲਾ ਪਖ ਵੰਡ ਵੰਡਾਈਆ। ਕੋਟਨ ਕੋਟ ਆਰ ਪਾਰ ਕਿਨਾਰਾ ਤਕਦੇ ਰਹੇ ਜਗਤ ਨਦੀ, ਸੰਸਾਰ ਸਾਗਰ ਪੰਧ ਨਾ ਕੋਇ ਚੁਕਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਛਡ ਕੇ ਗੱਦੀ, ਗਦਾਗਰ ਹੋ ਕੇ ਘਰ ਘਰ ਫੇਰੀਆਂ ਪਾਈਆ। ਸਾਚੀ ਧਾਰ ਕਿਸੇ ਨਾ ਲੱਭੀ, ਬਨ ਖੋਜਣ ਥਾਉਂ ਥਾਈਂਆ। ਕਰਮ ਕਹੇ ਜਿਸ ਵੇਲੇ ਮੇਰੀ ਪ੍ਰੇਮ ਸਤਾਰ ਵੱਜੀ, ਵਜਹ ਸਾਚੀ ਦਿਤੀ ਸਮਝਾਈਆ। ਆਤਮ ਪਰਮਾਤਮ ਪ੍ਰੀਤੀ ਲਗੀ, ਲਗਾਂ ਮਾਤਰ ਸਿਫ਼ਤ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਗੀਕਾਰ ਇਕ ਹੋ ਜਾਈਆ। ਕਰਮ ਕਹੇ ਮੈਨੂੰ ਸਤਿਗੁਰ ਦਿਤਾ ਜਨਮ, ਜਨਮ ਕਰਮ ਨਾਲ ਮਿਲਾਈਆ। ਮੇਰਾ ਨਾ ਕੋਈ ਮਜ਼੍ਹਬ ਨਾ ਕੋਈ ਬਰਨ, ਜ਼ਾਤ ਵਿਚ ਨਾ ਵੰਡ ਵੰਡਾਈਆ। ਮੈਂ ਕਰਨੀ ਦਾ ਕਰਤਾ ਕਰਤੇ ਦੀ ਕਰਨੀ ਜਿਨ ਭਗਤਾਂ ਬਖ਼ਸ਼ੀ ਸਾਚੀ ਸਰਨ, ਸਰਨਗਤ ਇਕ ਜਣਾਈਆ। ਇਕ ਵੇਰਾਂ ਬਨਵਾਸ ਜਾਂਦਿਆਂ ਮੈਨੂੰ ਰਾਮ ਲੱਗਾ ਸੀ ਫੜਨ, ਕਿਉਂ ਮੇਰੇ ਨਾਲ ਚਲੇਂ ਵਾਹੋ ਦਾਹੀਆ। ਸੀਤਾ ਲਗੀ ਸੀ ਡਰਨ, ਘੂੰਗਟ ਅੱਖਾਂ ਉਤੇ ਟਿਕਾਈਆ। ਲਛਮਣ ਮੇਰੇ ਉਤੇ ਲੱਗਾ ਚੜ੍ਹਨ, ਆਪਣਾ ਬਲ ਵਧਾਈਆ। ਮੈਂ ਕਿਹਾ ਮੈਂ ਬਣ ਕੇ ਹਰਨ, ਸਭ ਨੂੰ ਦੇਣਾ ਹਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਰਮ ਕਹੇ ਇਕ ਦਿਨ ਮੈਂ
ਆ ਗਿਆ ਭੀਲਣੀ ਕੋਲ, ਰਾਤੀਂ ਸੁੱਤਿਆਂ ਲਿਆ ਉਠਾਈਆ। ਸਵਾਂਗੀ ਹੋ ਕੇ ਵਜਾਇਆ ਢੋਲ, ਡੱਗਾ ਅਗੇ ਪਿਛੇ ਲਗਾਈਆ । ਜਿਸ ਵੇਲੇ ਉਸ ਨੇ ਰਾਮ ਲਿਆ ਬੋਲ, ਆਪਣਾ ਧਿਆਨ ਲਗਾਈਆ। ਮੈਂ ਹਸ ਕੇ ਕਿਹਾ ਨਾਲ ਮਖ਼ੌਲ, ਕੀ ਰੌਲਾ ਰਹੀ ਪਾਈਆ। ਓਸ ਨੇ ਕਿਹਾ ਤੂੰ ਕੌਣ ਉਹ ਮੇਰਾ ਮੇਰੇ ਕੋਲ, ਝਲੀ ਨਾ ਜਾਏ ਜੁਦਾਈਆ। ਮੈਂ ਓਸੇ ਵੇਲੇ ਬਣ ਕੇ ਪੰਡਤ ਪਾਂਧਾ ਰੌਲ, ਪਤਰੀ ਉਹਨੂੰ ਦਿਤੀ ਵਖਾਈਆ। ਮੈਨੂੰ ਢਾਈ ਦੇ ਚੌਲ ਤੈਨੂੰ ਅਗਲਾ ਲੇਖਾ ਦਿਆਂ ਸਮਝਾਈਆ। ਓਸ ਨੇ ਪੰਜਾਂ ਰੰਗਾਂ ਵਾਲੀ ਆਪਣੀ ਅੰਗੀ ਲਈ ਫੋਲ, ਵਿਚੋਂ ਦਾਣਾ ਚੌਲ ਇਕ ਬਾਹਰ ਕਢਾਈਆ। ਕਹਿੰਦੀ ਡੇਢ ਦੀ ਅਜੇ ਨਹੀਂ ਲੋੜ, ਵੇਲਾ ਬਾਕੀ ਬਹੁਤਾ ਨਜ਼ਰੀ ਆਈਆ। ਕਰਮ ਕਹੇ ਮੈਂ ਓਸ ਨੂੰ ਕਿਹਾ ਕੋਈ ਆਪਣੇ ਅੰਦਰੋਂ ਅੱਖ ਖੋਲ੍ਹ, ਦੋਵੇਂ ਅੱਖਾਂ ਉਂਗਲਾਂ ਨਾਲ ਦਬਾਈਆ। ਜਿਸ ਵੇਲੇ ਤੇਰਾ ਰਾਮ ਤੇਰਾ ਤੋਲ ਦੇਵੇ ਤੋਲ, ਕੰਡਾ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭੀਲਣੀ ਕਿਹਾ ਤੂੰ ਪੰਡਤ ਕੌਣ, ਆਪਣਾ ਟਿਕਾਣਾ ਦੇ ਜਣਾਈਆ। ਮੈਂ ਕਿਹਾ ਮੈਂ ਸਦਾ ਰਵਿਆ ਵਿਚ ਪੌਣ, ਆਸਣ ਸਿੰਘਾਸਣ ਨਾ ਕੋਇ ਬਣਾਈਆ। ਮੈਂ ਭਗਤਾਂ ਨੂੰ ਨਹੀਂ ਦੇਂਦਾ ਸੌਣ, ਸੁੱਤਿਆਂ ਰਿਹਾ ਜਗਾਈਆ। ਮਨਮੁਖਾਂ ਨੂੰ ਚੁੱਕਣ ਨਹੀਂ ਦੇਂਦਾ ਧੌਣ, ਮੂੰਹ ਦੇ ਭਾਰ ਸੁਟਾਈਆ। ਤੇਰਾ ਰਾਮ ਤੈਨੂੰ ਆਇਆ ਮਿਲੌਣ, ਸ਼ਹਾਦਤ ਦੇਵਾਂ ਨਾਲ ਗਵਾਹੀਆ। ਮੈਨੂੰ ਹੁਕਮ ਦਿਤਾ ਕਰਨੀ ਕਰਤੇ ਕਰੌਣ, ਜੋ ਕਰਤਾ ਪੁਰਖ ਬੇਪਰਵਾਹੀਆ। ਮੈਂ ਤੇਰਾ ਉਜੜਿਆ ਖੇੜਾ ਆਇਆ ਵਸੌਣ, ਵੇਖ ਮੇਰਾ ਰੂਪ ਸਤਿ ਸਰੂਪ ਜੋ ਤੇਰੇ ਵਿਚ ਸਮਾਈਆ। ਭੀਲਣੀ ਉਚੀ ਚੁੱਕਕੇ ਵੇਖਿਆ ਧੌਣ, ਹੱਥ ਮੱਥੇ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬ੍ਰਾਹਮਣ ਦਏ ਸੰਦੇਸ਼ਾ ਇਕ, ਕਰਮ ਆਪਣਾ ਰੂਪ ਵਟਾਈਆ। ਓਧਰੋਂ ਇਕ ਭਿਖਾਰੀ ਆ ਗਿਆ ਮੰਗਦਾ ਭਿਖ, ਚਾਰ ਤਣੀਆਂ ਵਾਲੀ ਗੋਦੜੀ ਹੱਥ ਉਠਾਈਆ। ਓਸ ਨੇ ਕਿਹਾ ਕੁਛ ਇਹਦੇ ਵਿਚ ਸਿੱਟ, ਮੇਰਾ ਭੰਡਾਰਾ ਦੇ ਭਰਾਈਆ। ਓਸ ਬ੍ਰਾਹਮਣ ਨੇ ਕਰਮ ਰੂਪ ਨੇ ਇਕ ਨਿੱਕੀ ਜਿਹੀ ਫੜ ਕੇ ਇੱਟ, ਉਹਦੇ ਵਿਚ ਦਿਤੀ ਟਿਕਾਈਆ। ਉਹ ਦੁਹੱਥੜ ਮਾਰ ਕੇ ਪਿਆ ਪਿਟ, ਉਚੀ ਕੂਕ ਸੁਣਾਈਆ। ਓਧਰੋਂ ਭੀਲਣੀ ਨੂੰ ਆ ਗਈ ਛਿਕ, ਛਿਕ ਦੇ ਨਾਲ ਰਾਮ ਲਿਆ ਧਿਆਈਆ। ਤਿੰਨਾਂ ਦਾ ਵਿਚੋਲਾ ਬਣ ਗਿਆ ਇਕ, ਏਕੰਕਾਰ ਬੇਪਰਵਾਹੀਆ। ਨਾਮ ਅਗੰਮੀ ਮਿਲੀ ਚਿਟ, ਮਾਂਗਤ ਹੱਥ ਫੜਾਈਆ। ਨੇਤਰ ਖੋਲ੍ਹ ਤੈਨੂੰ ਦੁਆਪਰ ਦਾ ਲੇਖਾ ਪਏ ਦਿਸ, ਵਾਰਤਾ ਦੁਹਰੀ ਦਿਤੀ ਦੁਹਰਾਈਆ। ਓਸ ਅੱਗੋਂ ਬੋਲ ਕੇ ਕਿਹਾ ਖਿਝ, ਗ਼ੁੱਸੇ ਨਾਲ ਸੁਣਾਈਆ। ਇਹ ਕੀ ਤੇਰੀ ਬਿਧ, ਮੈਨੂੰ ਦੇ ਬਤਾਈਆ। ਹੁਕਮ ਹੋਇਆ ਨਾ ਕਰ ਜ਼ਿਦ, ਕਲਜੁਗ ਹੋਰ ਨਵਾਂ ਨਜ਼ਰੀ ਆਈਆ । ਤੇਰਾ ਲਹਿਣਾ ਦੇਣਾ ਜਿਸ, ਸੋ ਮਾਲਕ ਰਿਹਾ ਸਮਝਾਈਆ। ਧਰਨੀ ਧਰਤ ਧੌਲ ਮਾਣ ਵਡਿਆਈ ਸਵਾ ਗਿਠ, ਜਿਸ ਉਪਰ ਚਰਨ ਟਿਕਾਈਆ। ਤੇਰੀ ਨੰਗੀ ਨਾ ਹੋਵੇ ਪਿਠ, ਪੁਸ਼ਤ ਪਨਾਹ ਆਪਣਾ ਹੱਥ ਰਖਾਈਆ। ਭਗਤ ਭਗਵਾਨ ਦਾ ਲੇਖਾ ਦੇਵੇ ਲਿਖ, ਦੂਜਾ ਸੰਗ ਨਾ ਕੋਇ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰਬ ਜਨਮ ਦਾ ਲਹਿਣਾ ਦੇਣਾ ਦੇਵਣਹਾਰਾ ਸੰਸਾਰ ਵਿਚ, ਸੰਸਾਰੀਆਂ ਵਿਚੋਂ ਸੰਸਾਰ ਆਪਣਾ ਲਏ ਵਸਾਈਆ।
੨੩ ਮਾਘ ੨੦੨੧ ਬਿਕ੍ਰਮੀ ਹਰਭਜਨ ਸਿੰਘ ਦੇ ਗ੍ਰਹਿ ਪਿੰਡ ਡਾਂਡੀਆ
ਵੇਲਾ ਵਕ਼ਤ ਹੱਥ ਨਿਰੰਕਾਰ, ਆਦਿ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਸੋ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਨਿਰਗੁਣ ਨਿਰਾਕਾਰ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਖੇਲ ਅਪਾਰ, ਅਲਖ ਅਗੋਚਰ ਆਪਣੇ ਵਿਚ ਸਮਾਈਆ। ਏਕੰਕਾਰ ਜਾਣੇ ਆਪਣੀ ਧਾਰ, ਜਿਸ ਨੂੰ ਜਨਮੇ ਕੋਈ ਪਿਤਾ ਨਾ ਮਾਈਆ। ਆਦਿ ਨਿਰੰਜਣ ਜੋਤ ਉਜਾਲਾ ਨੂਰ ਅਪਾਰ, ਨੂਰੋ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਆਪੇ ਹੋਇਆ ਖ਼ਬਰਦਾਰ, ਆਪ ਆਪਣਾ ਲਏ ਪਰਗਟਾਈਆ। ਸ੍ਰੀ ਭਗਵਾਨ ਆਪ ਉਪਾ ਕੇ ਆਪਣਾ ਸਚ ਨਿਸ਼ਾਨ, ਸਤਿ ਸਤਿਵਾਦੀ ਨਾਉਂ ਧਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪੇ ਕਰ ਕੇ ਆਪਣੀ ਕਾਰ, ਕਰਨੀ ਕਰਤੇ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੀ ਸਕਣ ਜਾਣ, ਬੇਪਹਿਚਾਣ ਸਮਝ ਕੋਇ ਨਾ ਪਾਈਆ। ਜੋ ਖੇਲੇ ਖੇਲ ਨਿਰਗੁਣ ਸਰਗੁਣ ਵਿਚ ਜਹਾਨ, ਜੁਗ ਚੌਕੜੀ ਆਪਣਾ ਵੇਸ ਵਟਾਈਆ। ਜਿਸ ਨੇ ਸੁਤ ਦੁਲਾਰਾ ਸ਼ਬਦੀ ਜੰਮਿਆ ਇਕ ਬਲਵਾਨ, ਸਚਖੰਡ ਨਿਵਾਸੀ ਥਿਰ ਘਰ ਦਏ ਮਾਣ ਵਡਿਆਈਆ। ਸੋ ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਹੁਕਮੀ ਹੁਕਮ ਕਰ ਫ਼ਰਮਾਣ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਆਪਣੀ ਇਛਿਆ ਆਪੇ ਕਰ ਪਰਵਾਨ, ਵੇਖਣਹਾਰਾ ਚਾਈਂ ਚਾਈਂਆ। ਚਰਨ ਕਵਲ ਸਚਖੰਡ ਦਵਾਰ, ਹਰਿ ਪਰਗਟਾਈਆ। ਛੱਪਰ ਛੰਨ ਨਾ ਚਾਰ ਦੀਵਾਰ, ਦੀਵਾ ਬਾਤੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਕੋਈ ਜਾਣੇ ਨਾ ਵੇਲਾ ਕਵਣ, ਰੁੱਤ ਮਾਹ ਥਿਤ ਸਮਝ ਕਿਸੇ ਨਾ ਆਈਆ। ਜਿਸ ਖੇਲ ਖਿਲਾਇਆ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪਵਣ, ਸੋ ਸਾਹਿਬ ਬੇਪਰਵਾਹੀਆ। ਗੁਰ ਅਵਤਾਰ ਜਿਸ ਦੀ ਧਾਰੋਂ ਜੰਮਣ, ਜੋਤੀ ਜੋਤ ਜੋਤ ਪਰਗਟਾਈਆ। ਜਿਸ ਦੀ ਪ੍ਰੀਤੀ ਪ੍ਰੇਮ ਸੇਵਾ ਕਰਨ ਹਵਨ, ਅਹੂਤੀ ਆਪਣਾ ਆਪ ਟਿਕਾਈਆ । ਜਿਸ ਦਾ ਮੇਲ ਆਦਿ ਜੁਗਾਦਿ ਜੁਗ ਚੌਕੜੀ ਅਵਣ ਗਵਣ, ਪੁਰੀ ਲੋਅ ਆਕਾਸ਼ ਪਾਤਾਲ ਆਪਣਾ ਰੰਗ ਵਖਾਈਆ। ਜਿਸ ਦਾ ਦੋ ਜਹਾਨ ਚਮਨ, ਲੱਖ ਚੁਰਸੀ ਫੁਲ ਫੁਲਵਾੜੀ ਆਪ ਮਹਿਕਾਈਆ। ਓਸ ਦਾ ਲੇਖਾ ਜਾਣੇ ਕਵਣ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਵੇਲਾ ਅੰਤ ਥਿਤ ਨਾ ਜਾਣੇ ਮਾਹ, ਬਰਖ਼ ਮਿਲੇ ਨਾ ਕੋਇ ਵਡਿਆਈਆ। ਪੁਰਖ ਅਬਿਨਾਸ਼ੀ ਜਿਸ ਧਾਰੋਂ ਆਪਣਾ ਆਪ ਲਿਆ ਪਰਗਟਾ, ਸੋ ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਜਿਸ ਦਾ ਮਹਲ ਅਟਲ ਸਦਾ ਰੁਸ਼ਨਾ, ਦਰਗਾਹ ਸਾਚੀ ਵਜਦੀ ਰਹੇ ਵਧਾਈਆ। ਕਿਸੇ ਨੇ ਸਿਫ਼ਤੀ ਨਾਮ ਕਿਹਾ ਖ਼ੁਦਾ, ਕੋਈ ਰਾਮ ਵਾਹਿਗੁਰੂ ਕਹਿ ਕੇ ਰਿਹਾ ਮਨਾਈਆ। ਕਿਸੇ ਨੇ ਹਰਫ਼ਾਂ ਵਿਚ ਲੇਖਾ ਦਿਤਾ ਲਿਖਾ, ਕਾਗ਼ਜ਼ ਕ਼ਲਮ ਸ਼ਾਹੀ ਜੋੜ ਜੁੜਾਈਆ। ਕਿਸੇ ਨੇ ਕਹਿ ਕੇ ਬੇਪਰਵਾਹ, ਪਲੂ ਲਿਆ ਛੁਡਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਆਪਣਾ ਲੇਖਾ ਆਪਣੇ ਹੱਥ ਰਿਹਾ ਰਖਾ, ਦੂਸਰ ਮਿਲੇ ਨਾ ਕੋਇ ਵਡਿਆਈਆ। ਜੋ ਪੰਜ ਤੱਤ ਕਾਇਆ ਚੋਲਾ ਲੋਕਮਾਤ ਗਏ ਹੰਢਾ, ਤਨ ਮਾਟੀ ਜੋੜ ਜੁੜਾਈਆ। ਤਿਨ੍ਹਾਂ ਸ਼ਬਦ ਸੰਦੇਸ਼ਾ ਦੇਂਦਾ ਰਿਹਾ ਥਾਉਂ ਥਾਂ, ਨਿਤ ਨਵਿਤ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਪੁਰਖ ਬੇਪਰਵਾਹੀਆ। ਕਵਣ ਵੇਲਾ ਕਵਣ ਵਕ਼ਤ, ਪ੍ਰਭ ਆਪਣੇ
ਵਿਚ ਸਮਾਈਆ। ਸ੍ਰਿਸ਼ਟ ਸਬਾਈ ਕੀ ਜਾਣੇ ਜਗਤ, ਜਾਗਰਤ ਜੋਤ ਸਮਝ ਕਿਸੇ ਨਾ ਆਈਆ। ਹੁਕਮੇਂ ਅੰਦਰ ਲੋਕਮਾਤ ਸਾਰੇ ਆਏ ਪਰਤ, ਤਨ ਮਾਟੀ ਖ਼ਾਕੀ ਰਹੇ ਹੰਢਾਈਆ। ਕਿਸੇ ਭੇਵ ਜਣਾਇਆ ਥੋੜ੍ਹਾ ਥੋੜ੍ਹਾ ਅਰਸ਼ ਫ਼ਰਸ਼, ਖ਼ਾਲਕ ਖ਼ਲਕ ਮਖ਼ਲੂਕ ਦਿਤਾ ਦ੍ਰਿੜਾਈਆ। ਜਿਸ ਉਤੇ ਕਰੇ ਆਪਣਾ ਪ੍ਰਭੂ ਤਰਸ, ਅੰਤਰ ਆਤਮ ਪਰਦਾ ਦਿਤਾ ਉਠਾਈਆ। ਪ੍ਰੇਮ ਪ੍ਰੀਤੀ ਮੇਘ ਦਿਤਾ ਬਰਸ, ਅਗਨੀ ਤਤ ਬੁਝਾਈਆ। ਕੂੜੀ ਕਿਰਿਆ ਮੇਟ ਕੇ ਸੋਗ ਹਰਖ਼, ਚਿੰਤਾ ਦਿਤੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਆਪਣੀ ਖੇਲ ਖਿਲਾਈਆ । ਵੇਲਾ ਵਕ਼ਤ ਸੁਹੰਜਣਾ, ਸੋਭਾਵੰਤ ਆਪ ਕਰਤਾਰ। ਕਰੇ ਖੇਲ ਆਦਿ ਨਿਰੰਜਣਾ, ਦੂਸਰ ਨਾ ਕੋਈ ਮੀਤ ਮੁਰਾਰ। ਸੂਰਜ ਚੰਦ ਰਵ ਸਸ ਮੰਡਲ ਮੰਡਪ ਜਿਸ ਦਾ ਰੂਪ ਨਾ ਕੋਈ ਰੇਖਨਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਨਾ ਕੋਇ ਅਧਾਰ। ਪੁਰਖ ਅਬਿਨਾਸ਼ੀ ਸਰਬ ਨਿਵਾਸੀ ਜਿਸ ਵੇਲੇ ਆਪਣਾ ਧਰਿਆ ਭੇਸਣਾ, ਭੇਖਾਧਾਰੀ ਹੋਇਆ ਆਪ ਉਜਿਆਰ। ਸਚ ਦਵਾਰੇ ਵਸੇ ਆਪਣੇ ਦੇਸਣਾ, ਦਹਿ ਦਿਸ਼ਾ ਨਾ ਪਾਵੇ ਕੋਈ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਅਗੰਮ ਅਥਾਹ ਏਕ ਪ੍ਰਭ ਏਕਾ, ਏਕਾ ਏਕ ਹੱਥ ਵਡਿਆਈਆ। ਦੂਸਰ ਉਸ ਦਾ ਕਿਆ ਕੋਈ ਲਿਖੇ ਲੇਖਾ, ਵੇਲਾ ਵਕ਼ਤ ਕਵਣ ਸਮਝਾਈਆ। ਬਿਨ ਹਰਿ ਕਿਰਪਾ ਆਪਣਾ ਆਪ ਨਾ ਆਵੇ ਕਿਸੇ ਚੇਤਾ, ਸੁਰਤੀ ਸੁਰਤ ਨਾ ਕੋਇ ਖੁਲ੍ਹਾਈਆ। ਪੁਰਖ ਅਕਾਲ ਦੀਨ ਦਿਆਲ ਗਹਿਰ ਗੰਭੀਰ ਬੇਨਜ਼ੀਰ ਜਗਤ ਜੁਗ ਚੌਕੜੀ ਖੇਲੇ ਖੇਡਾਂ, ਰਾਗ ਨਾਦ ਸ਼ਬਦ ਧੁਨ ਬ੍ਰਹਮ ਬ੍ਰਹਿਮਾਦ ਰਿਹਾ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਧੁਰ ਦੀ ਸੁਣੀ ਆਵਾਜ਼, ਆਸ਼ਾ ਅੰਦਰ ਪੂਰੀ ਹੋਈ ਖਾਹਿਸ਼, ਸਵਾਸ ਸਵਾਸ ਓਸੇ ਦਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਲਾ ਵਕਤ ਆਦਿ ਜੁਗਾਦਿ ਆਪਣੇ ਹੱਥ ਰਖਾਈਆ।